ਗੁਰੂ ਪੀਰਾਂ ਦੀ ਧਰਤੀ ਉੱਤੇ ਵਧ ਰਿਹਾ ਲਚਰਪੁਣਾ

0
461

ਗੁਰੂ ਪੀਰਾਂ ਦੀ ਧਰਤੀ ਉੱਤੇ ਵਧ ਰਿਹਾ ਲਚਰਪੁਣਾ

ਦਾਸ -ਭਾਈ ਸਮਸੇਰ ਸਿੰਘ ਢੱਡਰੀਆਂ 92464-00006

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦੀ ਗਾਇਕੀ ਦੇ ਬੋਲ ਪੰਜਾਬੀ ਗੱਭਰੂਆਂ ਦੇ ਡੌਲੇ ਫਰਕਣ ਲਾ ਦਿੰਦੇ ਸਨ। ਸਾਫ-ਸੁਥਰੀ ਤੇ ਨਿੱਗਰ ਗਾਇਕੀ ਦੇ ਬੋਲ ਕਿਸਾਨਾਂ ਦੇ ਖੇਤਾਂ ਨੂੰ ਝੂਮਣ ਲਾ ਦਿੰਦੇ ਸਨ। ਅੱਜ ਵੀ ਕਈ ਕਈ ਵਾਰੀ ਬਾਪੂ ਸੋਹਣ ਸਿੰਘ ਸੀਤਲ ਜੀ ਦੀਆਂ ਕਵਿਤਾਵਾਂ ਪੜ੍ਹ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਉਹਨਾਂ ਦੇ ਬੋਲ ਮੈਂ ਪੜ੍ਹ ਰਿਹਾ ਸੀ, ਜੋ ਉਹਨਾਂ ਪੰਜਾਬ ਦੀ ਸਿਫਤ ਵਿੱਚ ਲਿਖੇ ਹਨ:

ਇਹ ਧਰਤੀ ਪੰਜ ਦਰਿਆਵਾਂ ਦੀ, ਇਹ ਯੋਧਿਆਂ ਦਾ ਅਸਥਾਨ। ਏਥੇ ਪੀਰ ਪੈਗੰਬਰ ਔਲੀਏ, ਕਈ ਹੋਏ ਬਲੀ ਮਹਾਨ।

ਉਹਨਾਂ ਪੁਰਾਣੇ ਪੰਜਾਬ ਦੀ ਸਿਫਤ ਲਿਖੀ ਪਰ ਅੱਜ ਉਸੇ ਪੰਜਾਬ ਨੂੰ ਵੇਖ ਕਿ ਰੋਣਾ ਆ ਰਿਹਾ ਹੈ ਕਿ ਜੋਧਿਆਂ ਦੀ ਇਸ ਧਰਤੀ ਨੂੰ ਹੀਰ ਰਾਝੇ, ਸੱਸੀ ਪੁੰਨੂ ਦੀ ਧਰਤੀ ਕਿਹਨੇ ਬਣਾ ਦਿੱਤਾ ? ਅੱਜ ਦੇ ਕਲਾਕਾਰ ਕਿਉਂ ਭੁੱਲ ਗਏ ਯੋਧਿਆਂ ਦੀਆਂ ਵਾਰਾਂ ਗਾਉਣੀਆਂ। ਇਹਨਾਂ ਨੂੰ ਕਿਉਂ ਭੁੱਲ ਗਿਆ ਸਰਦਾਰ ਹਰੀ ਸਿੰਘ ਨਲੂਆ, ਕਿਉਂ ਭੁੱਲ ਗਿਆ ਸਾਮ ਸਿੰਘ ਅਟਾਰੀਵਾਲਾ, ਅਕਾਲੀ ਫੂਲਾ ਸਿੰਘ ਕਿਉਂ ਭੁੱਲ ਗਏ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਰਗੇ ਯੋਧੇ ? ਇਹ ਹੀਰ ਰਾਝੇ ਈ ਕਿਉਂ ਚੇਤੇ ਰਹਿ ਗਏ। ਇਸ ਪਿੱਛੇ ਜੋ ਕਸੂਰ ਇਹਨਾਂ ਗਾਉਣ ਵਾਲਿਆਂ ਤੇ ਲਿਖਣ ਵਾਲਿਆਂ ਦਾ ਹੈ ਓਹੀ ਕਸੂਰ ਯੂਨੀਵਰਸਿਟੀਆਂ ਦਾ ਵੀ ਹੈ ਜਿੱਥੇ ਹੀਰ ਰਾਝਿਆਂ ਦੇ ਕਿੱਸੇ ਪੜ੍ਹਾ ਕਿ ਉਹਨਾਂ ਉੱਤੇ ਪੀ ਐੱਚ ਡੀ ਕਰਾ ਕਿ ਆਸਕੀ ਕਰਨ ਦੇ ਤਰੀਕੇ ਬਹੁਤ ਹੀ ਚੰਗੇ ਢੰਗ ਨਾਲ ਦੱਸੇ ਜਾਂਦੇ ਹਨ, ਪਰ ਗੌਰ ਕਰੀਏ ਕਿ ਇਹ ਸਭ ਕੁਝ 47 ਤੋਂ ਬਾਅਦ ਈ ਗੰਦ ਵਾੜਿਆ ਗਿਆ ਪਹਿਲਾਂ ਐਹੋ ਜਿਹਾ ਕੁੱਝ ਨਹੀਂ ਸੀ। ਪਹਿਲਾਂ ਗਿਆਨੀ ਕਰਵਾਈ ਜਾਂਦੀ ਸੀ, ਪਰ ਅੱਜ ਜਿਉਂ ਪੜ੍ਹਨ ਲੱਗਦੇ ਆਂ ਇਹਨਾਂ ਨੂੰ ਮੇਰੇ ਖਿਆਲ ’ਚ ਸਤਵੀਂ ਤੋਂ ਲੱਗਦੇ ਆਂ ਪੜ੍ਹਨ ਇਹ ਐਮ ਏ, ਪੀ ਐਚ ਡੀ ਤੱਕ ਖਹਿੜਾ ਈ ਨੀ ਛੱਡਦੇ। ਵਿਦਿਆਰਥੀ ਨੂੰ ਪੂਰਾ ਮਿਰਜਾ ਬਣਾ ਦਿੱਤਾ ਜਾਂਦੈ ਫਿਰ ਉਹ ਕੰਮ ਵੀ ਮਿਰਜਿਆਂ ਸਾਹਿਬਾਂ ਵਾਲੇ ਹੀ ਕਰਦੇ ਨੇ ਤੇ ਫਿਰ ਘਰ ਦੇ ਵੀ ਮੂੰਹ ਢਿੱਲਾ ਜਿਹਾ ਕਰ ਕੇ ਕਹਿ ਦੇਂਦੇ ਨੇ ਮੂੰਡਾ ਤਾਂ ਸਾਡਾ ਸਰੀਫ ਸੀ ਆ ਚੰਨ ਪਤਾ ਨੀ ਕਿਵੇਂ ਚਾੜਤਾ। ਬੰਦਾ ਪੁੱਛੇ ਚੰਨ ’ਤੇ ਚਾੜਨਾ ਈ ਸੀ ਅਗਲੇ ਨੇ ਮਿਰਜਾ ਸਾਹਿਬਾ ਦੀ ਪੜ੍ਹਾਈ ਪੂਰੀ ਰੀਝ ਲਾ ਕੇ ਕੀਤੀ ਹੁੰਦੀ ਆ। ਅੱਛਾ ਫਿਰ ਰਹਿੰਦੀ ਖੂਹਦੀ ਕਸਰ ਮੁੰਡੇ ਦੀ ਆ ਗਾਉਣ ਵਾਲੇ ਕੱਢ ਦੇਂਦੇ ਨੇ। ਇਹ ਵੀ ਦੱਸ ਦੇਂਦੇ ਨੇ ਕਿ ਮਾਂ ਪਿਉ ਨਾ ਰਾਜੀ ਹੋਣ ਕੋਈ ਗੱਲ ਨੀ ਰਫਲਾਂ ਦੀ ਛਾਵੇਂ ਲੈ ਜਿਆ ਕਰੋ। ਬਾਕੀ ਫੈਰ ਫੂਰ ਕਰਨੇ ਹਥਿਆਰਾਂ ਨਾਲ ਖੇਡਨਾ ਬੁਲਟ ਦੇ ਪਟਾਕੇ ਪਾਉਣੇ। ਪਾਬੰਦੀ ਦੇ ਬਾਵਜੂਦ ਵੀ ਫੈਰ ਕਰਨੇ ਇਹ ਬਹੁਤ ਵਧੀਆ ਸਿਖਾ ਦੇਂਦੇ ਨੇ। ਪਤਾ ਨੀ ਕਿੱਦਣ ਸਾਡੀਆਂ ਯੂਨੀਵਰਸਿਟੀਆਂ ’ਚੋਂ ਸਕੂਲਾਂ ਕਾਲਜਾਂ ’ਚੋਂ ਆ ਗੰਦ ਨਿੱਕਲੂ। ਕਦੋਂ ਸਾਡੇ ਨੌਜਵਾਨਾਂ ਨੂੰ ਸਾਡੇ ਜੋਧਿਆਂ ਤੇ ਸੂਰਬੀਰਾਂ ਦਾ ਇਤਿਹਾਸ ਪੜ੍ਹਾਇਆ ਜਾਊ। ਜੇ ਐਵੇ ਈ ਹੁੰਦਾ ਰਿਹਾ ਤਾਂ ਮਾਫ ਕਰਦਿਓ ਇੱਕ ਦਿਨ ਕਹਿਣਾ ਪੈ ਜਾਵੇਗਾ ਕਿ

ਇਹ ਧਰਤੀ ਲੁਚਿਆਂ ਲਫੰਗਿਆਂ ਦੀ, ਏਥੇ ਹੈ ਨੀ ਧੀ ਭੈਣ ਦਾ ਸਤਿਕਾਰ ।

ਸਮਾਂ ਰਹਿੰਦੇ ਜਾਗ ਜਾਈਏ ਤੇ ਇਹਨਾਂ ਗੰਦੇ ਗਾਣੇ ਗਾਉਣ ਵਾਲੇ ਅਤੇ ਇਹੋ ਜਿਹਾ ਗੰਦ ਪੜ੍ਹਾਉਣ ਵਾਲਿਆਂ ਦਾ ਬਾਈਕਾਟ ਕਰੀਏ ਤਾਂ ਕਿ ਮੁੜ ਇਹ ਧਰਤੀ ਬਹਾਦਰਾਂ ਸੂਰਬੀਰਾਂ ਦੀ ਬਣ ਸਕੇ। ਨਹੀ ਤੇ ਇਹ ਪੰਜਾਬ ਨੂੰ, ਸਾਡੇ ਘਰ ਨੂੰ ਅਸੀਂ ਆਪਣੇ ਹੱਥੀ ਖਤਮ ਕਰ ਦੇਵਾਂਗੇ। ਜਿਵੇਂ

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ।

ਮੇਰੀ ਕਲਾਕਾਰਾਂ ਨਾਲ ਕੋਈ ਦੁਸਮਣੀ ਨਹੀਂ ਹੈ, ਦੁਸਮਣੀ ਹੈ ਉਹਨਾਂ ਦੀ ਲੱਚਰਤਾ ਨਾਲ, ਉਹਨਾਂ ਦੇ ਗਾਣਿਆਂ ’ਚ ਦਿਖਾਏ ਜਾਂਦੇ ਗੰਦ ਨਾਲ, ਪਰ ਮੈਂ ਦੇਖਿਆ ਕਿ ਬਹੁਤੇ ਲੋਕ ਉਹਨਾਂ ਕਲਾਕਾਰਾਂ ਦਾ ਸਾਥ ਦੇਂਦੇ ਨੇ ਜਿਨ੍ਹਾਂ ਕਲਾਕਾਰਾਂ ਵੇ ਸਰੇਆਮ ਧੀਆਂ ਭੈਣਾਂ ਨੂੰ ਬਦਨਾਮ ਕੀਤਾ ਹੈ, ਪਰ ਮੈਂ ਓਦੋਂ ਬੜਾ ਹੈਰਾਨ ਹੋਇਆ ਜਦੋਂ ਇੱਕ ਗਾਉਣ ਵਾਲੀ ਖੁਦ ਹੀ ਸਟੇਜ ’ਤੇ ਆਪਣੇ ਆਪ ਨੂੰ ਪਟੋਲਾ ਕਹਿ ਰਹੀ ਹੈ। ਮਾਫ ਕਰਿਓ ਮੈਨੂੰ ਤਾਂ ਏਹੋ ਜਿਹੇ ਸਬਦ ਲਿਖਣ ਲੱਗਿਆਂ ਵੀ ਸ਼ਰਮ ਆਉਂਦੀ ਐ ਤੇ ਸੋਚਦਾ ਵੀ ਲੋਕ ਕੀ ਕਹਿਣਗੇ ਕਿ ਕਿਹੋ ਜਿਹੀ ਭਾਸ਼ਾ ਵਰਤ ਰਿਹਾ ਏ, ਪਰ ਧੰਨ ਜਿਗਰਾ ਉਸ ਕੁੜੀ ਦਾ, ਜਿਹੜੀ ਸਾਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਕਹਿ ਰਹੀ ਐ। ਮੰਨ ਗੇ ਵੀ ਗਾਉਣ ਵਾਲਿਓ ਤੇ ਗਾਉਣ ਵਾਲੀਓ ਥੋਡੀ ਸਰਦਾਰੀ ਨੂੰ, ਸੋਚ ਬਹੁਤ ਉੱਚੀ ਆ ਬਾਈ ਥੋਡੀ। ਮੈਂ ਤਾਂ ਪੜ੍ਹਿਆ ਤੇ ਸੁਣਿਆ ਵੀ ਸੰਗੀਤ ਰੂਹ ਦੀ ਖੁਰਾਕ ਐ ਤੇ ਰੱਬ ਨੂੰ ਮਿਲਣ ਦਾ ਇੱਕ ਜਰੀਆ ਹੈ, ਪਰ ਥੋਡੀ ਗਾਇਕੀ ਤੇ ਰੱਬ ਦੇ ਨੇੜੇ ਤੇੜੇ ਵੀ ਨਹੀਂ। ਚੱਲੋ, ਰੱਬ ਦੀ ਗੱਲ ਵੀ ਛੱਡੀਏ ਥੋਡੀ ਗਾਇਕੀ ਤਾਂ ਸਮਾਜਿਕ ਰਹੁ ਰੀਤਾਂ ਦੇ ਵੀ ਨੇੜੇ ਤੇੜੇ ਨਹੀਂ ਤੁਸੀਂ ਤਾਂ ਉਹਨਾਂ ਨੂੰ ਵੀ ਤੋੜੀ ਜਾਂਦੇ ਓ। 

ਵੀਰੋ ! ਕਦੇ ਸਮਾਂ ਸੀ ਜਦੋਂ ਇੱਕ ਧੀ ਬਾਬਲ ਦੇ ਤੇ ਵੀਰਾਂ ਦੇ ਸਾਹਮਣੇ ਨੰਗੇ ਸਿਰ ਨਹੀਂ ਸੀ ਜਾਂਦੀ ਪਰ ਅੱਜ ਉਹੀ ਧੀ ਬਾਬਲਾਂ ਦੇ ਸਾਹਮਣੇ ਸਟੇਜ ’ਤੇ ਖੜ੍ਹ ਕੇ ਗਾ ਰਹੀ ਐ ਬੀ ‘ਮੇਰੀ ਗੁੱਤ ਨੇ ਸੱਪਾਂ ਨੂੰ ਵੀ ਡੰਗ ਸਿਖਾਏ ਨੇ’। ਓ ਭੈਣੇ ! ਕਦੀ ਸੋਚ ਕੇ ਦੇਖ ਬੀ ਗੁਰੂ ਗੋਬਿੰਦ ਸਿੰਘ ਨੇ ਏਸੇ ਕਰ ਕੇ ਕੇਸ ਰੱਖਣ ਨੂੰ ਕਿਹਾ ਸੀ  ? ਤੂੰ ਚਾਰ ਪੈਸਿਆਂ ਲਈ ਗੁੱਤ ਨੂੰ ਵੀ ਬਦਨਾਮ ਕਰਤਾ। ਕੀ ਕਰਾਂ ਮਜਬੂਰ ਆਂ ਲਿਖਣ ਲਈ। ਜੇ ਨਾ ਜਾਗੇ ਉਹ ਸਮਾਂ ਦੂਰ ਨਹੀਂ ਜਦੋਂ ਏਹ ਸਰੇਆਮ ਧੀਆਂ ਭੈਣਾਂ ਨੂੰ ਸਟੇਜਾਂ ’ਤੇ ਨਿਰਬਸਤਰ ਨਚਾਉਣਗੇ ਤੇ ਅਸੀ ਅੱਜ ਵਾਂਗੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਟੀ ਵੀ ਮੂਹਰੇ ਬੈਠ ਕੇ ਅੱਖਾਂ ਪਾੜ ਪਾੜ ਕੇ ਇਹਨਾਂ ਨੂੰ ਵੇਖ ਰਹੇ ਹੋਵਾਂਗੇ। ਕਈ ਵੀਰ ਵਿਰੋਧ ਵੀ ਕਰਦੇ ਨੇ ਪਰ ਕੋਈ ਪਰਵਾਹ ਨਹੀਂ ਅਕਸਰ ਜਿਹੜੇ ਲੋਕ ਕੂੜ ਦਾ ਬਾਈਕਾਟ ਕਰਦੇ ਨੇ ਉਹ ਲੋਕਾਂ ਨੂੰ ਵੈਸੇ ਵੀ ਘੱਟ ਈ ਚੰਗੇ ਲੱਗਦੇ, ਪਰ ਹੁਣ ਪਿੱਛੇ ਨੀ ਹਟਣਾ ਤੁਹਾਨੂੰ ਭਰਾ ਤੇ ਭੈਣ ਕਹਿ ਕੇ ਸਮਝਾ ਰਿਹਾਂ, ਸਮਝ ਜਾਵੋ, ਚੰਗਾ ਗਾਵੋ, ਚੰਗਾ ਦਿਖਾਵੋ, ਚੰਗਾ ਪਹਿਨੋ। ਹਾਂ, ਜਿਹੜੇ ਚੰਗਾ ਗਾਉਂਦੇ ਨੇ ਉਹ ਵਧਾਈ ਦੇ ਪਾਤਰ ਨੇ। ਜਿਹੜੇ ਨਹੀਂ ਸਮਝਣ ਗੇ ਉਹਨਾਂ ਦਾ ਥਾਂ ਥਾਂ ’ਤੇ ਵਿਰੋਧ ਕਰਾਂਗਾ। ਗੁਰੂ ਕਿਰਪਾ ਕਰੇ ਪੰਜਾਬ ਵਿੱਚੋਂ ਲੱਚਰਤਾ ਖ਼ਤਮ ਹੋਏ ਧੀਆਂ ਭੈਣਾਂ ਦਾ ਸਤਿਕਾਰ ਵਧੇ।

ਆਓ, ਹੰਭਲਾ ਮਾਰੀਏ ਘਰਾਂ ’ਚੋਂ ਹੀ ਸ਼ੁਰੂ ਕਰੀਏ ਬੱਚਿਆਂ ਦੇ ਮੋਬਾਇਲਾਂ ਵਿੱਚੋਂ ਲੱਚਰਤਾ ਬਾਹਰ ਕੱਢੀਏ, ਲੱਚਰ ਗਾਇਕੀ ਨੂੰ ਭਜਾਈਏ ਸਿੱਖ ਵਿਰਸੇ ਨੂੰ ਬਚਾਈਏ।

ਭੁੱਲ ਚੁੱਕ ਲਈ ਖਿਮਾਂ।