ਮੁਕਤੀ ! ਕਿਸ ਦੀ ? ਆਤਮਾ ਦੀ ਜਾਂ ਮਨੁੱਖ ਦੀ ?
ਗੁਰਦੇਵ ਸਿੰਘ ਸੱਧੇਵਾਲੀਆ
ਆਤਮਾ ਕਿੱਥੇ ਰਹਿੰਦੀ, ਕਿਵੇਂ ਰਹਿੰਦੀ, ਕੀ ਕਰਦੀ, ਇਹ ਇਕ ਅਲਹਿਦਾ ਵਿਸ਼ਾ ਹੈ ਪਰ ਆਤਮਾ ਜਿਵੇਂ ਅਤੇ ਜਿਥੇ ਵੀ ਰਹਿੰਦੀ ਹੋਵੇ ਉਸ ਦਾ ਸਬੰਧ ਤਾਂ ਜੀਉਂਦੇ ਮਨੁੱਖ ਨਾਲ ਹੀ ਹੈ ਨਾ। ਜੇ ਮਨੁੱਖ ਗੁਲਾਮ ਹੋਵੇਗਾ ਤਾਂ ਉਸ ਦੇ ਅੰਦਰ ਵੱਸਦੀ ਆਤਮਾ ਅਜਾਦ ਕਿਵੇਂ ਹੋਈ ? ਮਨੁੱਖ ਤਾਂ ਇਕ ਪੀੜਾ ਵਿਚ ਤੜਫ ਰਿਹਾ ਹੈ ਪਰ ਲੁਟੇਰਾ ਨਿਜਾਮ ਆਤਮਾ ਦੀ ਸ਼ਾਂਤੀ ਦੀ ਗੱਲ ਕਰ ਰਿਹਾ ਹੈ। ਆਤਮਾ ਲਈ ਕੁਝ ਕਰਨ ਵਿਚ ਫਾਇਦਾ ਬੜਾ ਹੈ, ਨੁਕਸਾਨ ਧੇਲਾ ਵੀ ਨਹੀਂ। ਦੱਸੋ ਕੀ ਨੁਕਸਾਨ ਹੈ ਆਤਮਾ ਲਈ ਕੁਝ ਕਰਨ ’ਚ ? ਹੁਣ ਵਾਲਾ ‘ਧਰਮ ਗੁਰੂ’ ਆਤਮਾ ਲਈ ਕੋਈ ਪੁੰਨ ਦਾਨ ਕਰਵਾਏਗਾ, ਆਤਮਾ ਲਈ ਕੋਈ ਭਜਨ-ਪਾਠ ਕਰਵਾਏਗਾ, ਆਤਮਾ ਦੀ ਅਜਾਦੀ ਦੀ ਗੱਲ ਕਰੇਗਾ, ਆਤਮਾ ਨੂੰ ਪ੍ਰਮਾਤਮਾ ਨਾਲ ਮਿਲਣ ਦਾ ਭਾਸ਼ਣ ਝਾੜੇਗਾ, ਦਕਸ਼ਣਾ (ਭੇਟਾ) ਲਏਗਾ ਤੇ ਗੱਲ ਖਤਮ। ਹੋ ਗਈ ਆਤਮਾ ਅਜਾਦ ? ਆਤਮਾ ਨੂੰ ਨਾ ਭੁੱਖ ਲੱਗੇ, ਨਾ ਤੇਹ! ਨਾ ਕੋਈ ਆਤਮਾ ਨੂੰ ਕਿਸੇ ਚੀਜ ਦੀ ਲੋੜ। ਜਿਸ ਦੀ ਲੋੜ ਹੀ ਕੋਈ ਨਹੀਂ ਉਸ ਦੇ ਹੱਥ ਹੱਕਾਂ ਵੱਲ ਕਿਵੇਂ ਉੱਠਣਗੇ। ਲੜੋਗੇ ਤਾਂ ਤੁਸੀਂ ਤਾਂ ਹੀ ਨਾ, ਜੇ ਤੁਹਾਡੀ ਕੋਈ ਲੋੜ ਹੋਊ। ਅਮੀਰ ਕਿਉਂ ਨਹੀਂ ਲੜਦਾ ? ਉਸ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ। ਉਸ ਤਾਂ ਭੁੱਖ ਦੇਖੀ ਹੀ ਨਹੀਂ। ਇਨਕਲਾਬ ਕਿਉਂ ਝੁੱਗੀਆਂ ਵਿਚੋਂ ਉੱਠਦੇ ਨੇ!
ਆਤਮਾ ਦੀ ਅਜਾਦੀ ਦੀ ਗੱਲ ਸੌਖੀ ਬੜੀ ਹੈ, ਪਰ ਜੇ ਕੋਈ ਮਨੁੱਖ ਦੀ ਅਜਾਦੀ ਦੀ ਗੱਲ ਕਰੇਗਾ ਤਾਂ ਅਗਲਿਆਂ ਧੁੱਪੇ ਪੁੱਠਾ ਦੇਣਾ ਪਾ, ਤੇ ਲੱਤਾਂ ਚੌੜੀਆਂ ਦੇਣੀਆਂ ਕਰ ? ਹਿੰਦੋਸਤਾਨ ਦੇ ਪੋਲੜ ਜਿਹੇ ਗੁਰੂ, ਪੰਜਾਬ ਵਾਲੇ ਖਰਗੋਸ਼ਾਂ ਵਰਗੇ ਲੋਗੜ ਜਿਹੇ ਸਾਧ! ਇਹ ਮਨੁੱਖ ਦੀ ਅਜਾਦੀ ਦੀ ਗੱਲ ਕਿਉਂ ਨਹੀਂ ਕਰਦੇ ? ਤੁਸੀਂ ਦੱਸੋ ਮਨੁੱਖ ਦੀ ਗੱਲ ਇਹ ਕਰ ਸਕਣਯੋਗ ਹਨ ? ਇਨ੍ਹਾਂ ਦੀਆਂ ਪਿਲ ਪਿਲ ਕਰਦੀਆਂ ਦੇਹਾਂ ਜੇਲ ਦੇ ਮੱਛਰਾਂ ਦੇ ਧੱਫੜ ਝੱਲ ਲੈਣਗੀਆਂ ? ਘੋਟਨੇ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਲਈ ਜਿਹੜਾ ਵੀ ਆਤਮਾ ਦੀ ਅਜਾਦੀ ਦੀ ਗੱਲ ਤਾਂ ਕਰਦਾ, ਪਰ ਮਨੁੱਖ ਦੀ ਅਜਾਦੀ ਦੀ ਨਹੀਂ, ਸਮਝੋ ਉਹ ਲੋਕਾਂ ਨੂੰ ਧੋਖਾ ਦੇ ਰਿਹਾ ਹੈ।
ਗੋਰਖਾਂ-ਸਿੱਧਾਂ-ਜੋਗੀਆਂ ਨੂੰ ਕੋਈ ਖਰੋਚ ਕਿਉਂ ਨਾ ਆਈ ਪਰ ਗੁਰੂ ਨਾਨਕ ਸਾਹਿਬ ਨੂੰ ਕਿਉਂ ਚੱਕੀਆਂ ਪੀਹਣੀਆਂ ਪਈਆਂ ? ਗੁਰੂ ਅਰਜੁਨ ਪਾਤਿਸ਼ਾਹ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਵੇਲੇ ਕੀ ਕੋਈ ਸਾਧ ਸੰਤ ਨਹੀਂ ਸਨ ? ਸਨ! ਪਰ ਆਤਮਾ ਦੀ ਗੱਲ ਕਰਨ ਵਾਲੇ। ਮਨੁੱਖ ਦੀ ਗੱਲ ਜਿਹਨੇ ਵੀ ਕੀਤੀ ਉਹ ਫਾਹੇ ਲਾਇਆ ਗਿਆ। ਆਤਮਾ ਕਿਸੇ ਨੂੰ ਕੀ ਦੁੱਖ ਦਿੰਦੀ ? ਦਿੰਦੀ ਕੋਈ ? ਆਤਮਾ ਨੇ ਕਿਹੜਾ ਹਥਿਆਰ ਚੁੱਕਣਾ। ਇਸ ਦੀ ਅਜਾਦੀ ਤੋਂ ਕਿਸੇ ਹਕੂਮਤ ਨੂੰ ਕਦੇ ਵੀ ਕੋਈ ਵੀ ਖਤਰਾ ਨਹੀਂ ਹੋਇਆ, ਕਿ ਹੋਇਆ ?
ਤਾਜਾ ਇਤਿਹਾਸ ਹੈ। ਬਾਬਾ ਜਰਨੈਲ ਸਿੰਘ ਨੂੰ ਕਿਉਂ ਟੈਂਕ ਡਾਹ ਕੇ ਉਡਾ ਦਿੱਤਾ। ਠਾਕਰ ਸਿੰਘ ਵੀ ਤਾਂ ਉਸੇ ਸੰਸਥਾ ਦਾ ਸੀ। ਉਸ ਤੋਂ ਵੀ ਪਹਿਲਿਆਂ ਨੂੰ ਕਦੇ ਕੁਝ ਨਹੀਂ ਹੋਇਆ। ਰਾੜੇ ਵਾਲੇ, ਰਤਵਾੜੇ ਵਾਲੇ, ਨਾਨਕਸਰੀਏ, ਇਹਨਾਂ ਨੂੰ ਨਾ ਅੰਗੇਰਜਾਂ ਕਿਹਾ ਕੁਝ, ਨਾ ਹਿੰਦੂ ਨੇ। ਪਰ ਉੱਧਰ ਮਾਲ ਮੰਡੀ ਵਿਚ ਪਾੜੇ ਗਏ! ਨਹਿਰਾਂ-ਰੋਹੀਆਂ ਵਿਚ ਮਾਰ-ਮਾਰ ਸੁੱਟੇ ਗਏ। ਦੋਹਾਂ ਵਿਚ ਫਰਕ ਕਿੱਥੇ ਹੈ ? ਇੱਕ ਆਤਮਾ ਵਾਲਾ ਛੁਣਛੁਣਾ ਵਜਾ ਰਿਹਾ ਦੂਜਾ ਹੱਥ ਵਿਚ ਨੰਗੀ ਮੌਤ ਲੈ ਕੇ ਘੁੰਮ ਰਿਹਾ ਮਨੁੱਖੀ ਅਜਾਦੀ ਲਈ।
ਤੁਸੀਂ ਜਦ ਬੱਚਾ ਛੋਟਾ ਹੋਵੇ ਅਤੇ ਤੁਹਾਡੀਆਂ ਚੀਜਾਂ ਨੂੰ ਹੱਥ-ਪੈਰ ਮਾਰਦਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ। ਉਸ ਦੇ ਹੱਥ ਛੁਣਛੁਣਾ ਫੜਾ ਦਿੰਦੇ ਹੋ ਤਾਂ ਕਿ ਉਸ ਵਿਚ ਰੁੱਝ ਜਾਵੇ ਜੇ ਫਿਰ ਵੀ ਨਾ ਰੁੱਝੇ ਤਾਂ ਤੁਸੀਂ ਖੁਦ ਹੀ ਉਸ ਛੁਣਛੁਣੇ ਨੂੰ ਉਸ ਨੂੰ ਵਿਖਾ ਵਿਖਾ ਛੁਣਕਾਉਂਦੇ ਹੋ, ਬੱਚਿਆਂ ਵਰਗੀਆਂ ਅਵਾਜਾਂ ਕੱਢਦੇ ਹੋ ਤਾਂ ਕਿ ਉਸ ਦਾ ਧਿਆਨ ਛੁਣਛੁਣੇ ਵਲ ਹੋ ਜਾਏ, ਤੇ ਇੰਝ ਹੁੰਦਾ ਵੀ ਹੈ। ਬੱਚਾ ਤੁਹਾਡੇ ਵਲ ਵੇਖ ਖੁਸ਼ ਹੁੰਦਾ ਹੈ, ਤੁਹਾਡੇ ਵਲ ਬਾਹਾਂ ਉਲਾਰਦਾ ਹੋਇਆ ਉਸ ਛੁਣਛੁਣੇ ਨੂੰ ਪਕੜਨ ਵਲ ਆਹੁਲਦਾ ਹੈ, ਉਸ ਦਾ ਧਿਆਨ ਬਾਕੀ ਸ਼ਰਾਰਤਾਂ ਵੱਲੋਂ ਹੱਟ ਜਾਂਦਾ ਹੈ ਕਿਉਂਕਿ ਹੁਣ ਉਸ ਦੇ ਹੱਥ ਵਿਹਲੇ ਨਹੀਂ ਰਹਿੰਦੇ। ਇੰਝ ਹੀ ਹੁੰਦਾ ਹੈ ਨਾ!
‘ਆਮ ਧਰਮ ਗੁਰੂਆਂ’ ਅਤੇ ‘ਸਾਧਾਂ’ ਨੇ ਕੀ ਕੀਤਾ। ਆਤਮਾ ਨੂੰ ਵਰਾਉਣ ਦੇ ਨਾਂ ’ਤੇ, ਤੁਹਾਡੇ ਹੱਥ ਛੁਣਛੁਣੇ, ਚਿਮਟੇ ਅਤੇ ਮਾਲਾਵਾਂ ਪਕੜਾ ਦਿੱਤੀਆਂ। ਤੁਸੀਂ ਵਜਾਈ ਜਾਂਦੇ ਹੋ ਅਗਲਾ ਅਪਣਾ ਕੰਮ ਕਰੀ ਜਾਂਦਾ ਹੈ। ਫਿਰ ਉਹ ਅਵਾਜਾਂ ਕੱਢਦੇ ਹਨ, ਤੁਹਾਡੇ ਵਰਗੀਆਂ ਬਚਕਾਨਾ! ਪਿਹੋਵਾ, ਜਗਾਧਰੀ, ਰੰਗੀਲੇ ਕੀ ਕਰਦੇ ਹਨ ? ਉਹ ਜੋ ਕਹਿੰਦੇ ਜਾਂ ਬੋਲਦੇ ਹਨ ਬਚਕਾਨਾ ਅਵਾਜਾਂ ਹੀ ਤਾਂ ਹਨ ਤੁਹਾਨੂੰ ਵਰ੍ਹਾਉਣ ਲਈ। ਤੁਸੀਂ ਬਚਕਾਨਾ ਕਹਾਣੀਆਂ ਸੁਣ ਕੇ, ਚਿਮਟਿਆਂ ਦੇ ਛੁਣਛੁਣੇ ਸੁਣ ਕੇ ਖੁਸ਼ ਹੋ ਜਾਂਦੇ ਹੋ ਕਿ ਵਾਹ ! ਬਾਬਾ ਜੀ ਕਿਤੇ ਕੀਰਤਨ ਕਰਦੇ ਹਨ ?
ਕਹਿੰਦੇ ਜਦ ੧026 ਵਿਚ ਗਜ਼ਨਵੀ ਆਇਆ ਤਾਂ ਉਸ ਨੇ ਸੋਮਨਾਥ ਉੱਪਰ ਹਮਲਾ ਕੀਤਾ ਤਾਂ ਹਿੰਦੂਆਂ ਦੀ ਫੌਜ ਲੜਨ ਦੀ ਬਜਾਇ ਮੁਸਲਮਾਨ ਫੌਜਾਂ ਉੱਪਰ ਹੱਸ ਰਹੀ ਸੀ ਕਿ ਸੋਮ ਭਗਵਾਨ ਉਨ੍ਹਾਂ ਨੂੰ ਜੜ੍ਹ ਤੋਂ ਉਖੇੜ ਦੇਵੇਗਾ। ਜਦੋਂ ਮੁਸਲਮਾਨਾਂ ਨੇ ਹਿੰਦੂ ਫੌਜਾਂ ਦਾ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਮੁਕਾਬਲਾ ਕਰਨ ਦੀ ਬਜਾਇ ਮੂਰਤੀ ਅੱਗੇ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ। ਜਦੋਂ ਪ੍ਰਾਰਥਨਾ ਕਰ ਕੇ ਬਾਹਰ ਆਉਂਦੇ ਤਾਂ ਅਗਲੇ ਗਾਟਾ ਲਾਹ ਕੇ ਔਹ ਮਾਰਦੇ। ਗਜ਼ਨਵੀ ਨੇ ਸੋਮਨਾਥ ਮੰਦਰ ਵਿੱਚੋਂ ਅਥਾਹ ਸਰਮਾਇਆ ਲੁੱਟਿਆ। ਮੰਦਰ 56 ਥੰਮਲਿਆਂ ਉੱਪਰ ਖੜ੍ਹਾ ਸੀ ਜਿਸ ਉੱਪਰ ਅਣਗਿਣਤ ਹੀਰੇ ਰਤਨ ਜੜੇ ਹੋਏ ਸਨ। 49 ਮਣ ਸੋਨੇ ਦੀ ਜੰਜੀਰ ਦਾ ਤਾਂ ਘੰਟਾ ਹੀ ਲਟਕ ਰਿਹਾ ਸੀ ਜਿਸ ਨੂੰ ਉਹ ਲਾਹ ਕੇ ਲੈ ਗਿਆ। 700 ਮਣ ਸੋਨੇ ਚਾਂਦੀ ਦੇ ਭਾਂਡੇ, 740 ਮਣ ਸੋਨਾ ਤੇ 2000 ਮਣ ਚਾਂਦੀ ਲੁੱਟ ਲੈ ਗਿਆ। ਮਥਰਾ ਤੋਂ ਉਹ ਇੰਨੇ ਜਿਆਦਾ ਹਿੰਦੂ ਗੁਲਾਮ ਬਣਾ ਕੇ ਲੈ ਗਿਆ ਕਿ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਵੇਚਣਾ ਪਿਆ। ਉੱਥੇ ਰਤਨਾਂ ਨਾਲ ਜੜਿਆ ਪੰਜ ਗੱਜ ਦਾ ਸ਼ਿਵਲਿੰਗ ਸੀ ਜਿਸ ਨੂੰ ਉਸ ਨੇ ਅਪਣੇ ਹੱਥਾਂ ਨਾਲ ਤੋੜਿਆ ਅਤੇ ਉਸ ਦੇ ਟੁੱਕੜੇ ਕਰ ਕੇ ਗਜ਼ਨੀ ਵਿਚ ਅਪਣੇ ਮਹਿਲ ਦੀਆਂ ਪੌੜੀਆਂ ਵਿਚ ਲਾਇਆ ਅਤੇ ਬਾਕੀ ਬਚਦੇ ਮਸੀਤ ਦੀਆਂ ਪੌੜੀਆਂ ਵਿਚ ਜੁੱਤੀਆਂ ਵਾਲੀ ਥਾਂ ਗੱਡ ਦਿੱਤੇ !
ਇਹ ਹਿੰਦੂਆਂ ਦੇ ਧਾਰਮਿਕ ਗੁਰੂਆਂ ਦੀ ਦੇਣ ਸੀ ਕਿ ਜਿਸ ਮਨੁੱਖ ਨੂੰ ਤਗੜਿਆਂ ਕਰਨਾ ਸੀ ਉਸ ਨੂੰ ਤਾਂ ਸ਼ੂਦਰ ਕਹਿ ਕਹਿ ਕੁੱਤਿਆਂ ਵਾਂਗ ਦੁਰਕਾਰਦਾ ਰਿਹਾ ਪਰ ਜਿਹੜੀ ਆਤਮਾ ਦਿੱਸਦੀ ਹੀ ਨਹੀਂ ਉਸ ਖਾਤਰ 40-40 ਮਣ ਸੋਨੇ ਦੀਆਂ ਜੰਜੀਰਾਂ ਵਾਲੇ ਘੰਟੇ ਖੜਕਾਉਂਦਾ ਰਿਹਾ। ਲੁਟੇਰਾ ਨਿਜਾਮ ਹਮੇਸ਼ਾਂ ਅਣਦਿੱਸਦੀ ਗੱਲ ਉੱਪਰ ਜੋਰ ਦਿੰਦਾ ਰਿਹਾ ਚਾਹੇ ਉਹ ਅਗਲਾ-ਪਿੱਛਲਾ ਜਨਮ ਹੋਵੇ ਤੇ ਚਾਹੇ ਆਤਮਾ ਤੇ ਚਾਹੇ ਰੱਬ! ਜੇ ਉਸ ਰੱਬ ਨੂੰ ਸਾਖਯਾਤ ਦਿੱਸਣ ਵਾਲੇ ਮਨੁੱਖ ਵਿਚ ਕਹਿ ਦਿੱਤਾ ਤਾਂ ਮੁਸ਼ਕਲ ਕਿੰਨੀ ਹੈ ? ਫਿਰ ਕੌਣ ਚੂਹੜਾ ਤੇ ਕੌਣ ਚਮਾਰ, ਕਿਹੜਾ ਬ੍ਰਾਹਮਣ ਤੇ ਕਿਹੜਾ ਸ਼ੂਦਰ ? ਲੁੱਟੂ ਕਿਸ ਨੂੰ ? ਰੱਬ ਨੂੰ ?
ਇਹੀ ਗੱਲ ਸਿੱਖਾਂ ਦੇ ਬ੍ਰਾਹਮਣ ਨੇ ਕੀਤੀ। ਉਸ ਆਤਮਾ ਦੇ ਨਾਂ ’ਤੇ, ਪਿੱਛਲੇ ਜਾਂ ਅਗਲੇ ਜਨਮ ਦੇ ਨਾਂ ’ਤੇ, ਜਾਂ ਅਣਦਿੱਸਦੇ ਰੱਬ ਦੇ ਨਾਂ ’ਤੇ; ਲੁਕਾਈ ਨੂੰ ਲੁੱਟਿਆ ਤੇ ਹੁਣ ਤੱਕ ਲੁੱਟ ਰਿਹਾ ਹੈ। ਜਿਹੜਾ ਰੱਬ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਦਿਖਾਇਆ ਸੀ ਉਸ ਰੱਬ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ‘‘ਘਟ ਘਟ ਮੈ ਹਰਿ ਜੂ ਬਸੈ.. ॥’’ (ਮ: ੯/੧੪੨੭) ਵਾਲਾ ਰੱਬ ਕਿੱਥੇ ਹੈ ? ਕਿਤੇ ਲੱਭਦਾ ਕਿਸੇ ਸਾਧ ਕੋਲੋਂ ? ਘਟ ਘਟ ਵਾਲੇ ਦੀ ਗੱਲ ਕਰੇਗਾ ਤਾਂ ਉਹਨਾਂ ਦੇ ਠੰਡੇ ਭੋਰਿਆਂ ’ਤੇ ਕੁੱਤੇ ਵੀ ਨਾ ਮੂਤਣਗੇ, ਮੱਥੇ ਟੇਕਣੇ ਤਾਂ ਇਕ ਪਾਸੇ ਰਹੇ।
ਮੁਕਤੀ ਆਤਮਾ ਦੀ ਨਹੀਂ, ਮਨੁੱਖ ਦੀ ਹੋਣੀ ਚਾਹੀਦੀ। ਤੇ ਸਾਰੇ ਹਿੰਦੋਸਤਾਨ ਦੇ ‘ਧਰਮ ਗੁਰੂ’ ਆਤਮਾ ਦੀ ਗੱਲ ਕਰਦੇ ਨੇ, ਮਨੁੱਖ ਦੀ ਨਹੀਂ। ਇਸ ਮੁਲਕ ਨੂੰ ਪਹਿਲਾਂ ਵੀ ਆਤਮਾ ਵਾਲੇ ‘ਧਰਮ ਗੁਰੂਆਂ’ ਨੇ ਮਾਰਿਆ ਸੀ ਭਵਿੱਖ ਵਿਚ ਫਿਰ ਤੋਂ ਇਸ ਮੁਲਕ ਨੂੰ ਗੁਲਾਮ ਹੋਣੋ ਕੋਈ ਨਹੀਂ ਬਚਾ ਸਕਦਾ! ਕਿ ਬਚਾ ਸਕਦਾ ?
ਦੁਖਾਂਤ ਪਰ ਇਹ ਕਿ ਓਨ੍ਹੇ ਚਿਰ ਨੂੰ ਸਿੱਖਾਂ ਦੇ ਬ੍ਰਾਹਮਣ ਇਸ ਕੌਮ ਨੂੰ ਵੀ ਲੈ ਡੁੱਬਣਗੇ ਜੇ ਇਹ ਆਤਮਾ ਵਾਲੇ ਗੋਰਖ ਧੰਦੇ ਵਿਚੋਂ ਬਾਹਰ ਨਾ ਆਈ !