ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

0
1606

ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਕਿਰਪਾਲ ਸਿੰਘ ਬਠਿੰਡਾ 98554-80797

ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਹੋਏ ਹਨ ਜਿਨ੍ਹਾਂ ਵਿੱਚੋਂ ਵੱਡੇ ਦਾ ਨਾਮ ਬਾਬਾ ਧੀਰ ਮੱਲ ਅਤੇ ਛੋਟੇ ਦਾ ਨਾਮ ਗੁਰੂ ਹਰਿਰਾਇ ਸਾਹਿਬ ਜੀ ਸੀ। ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਵੱਡੇ ਦਾ ਨਾਮ ਰਾਮਰਾਇ ਅਤੇ ਛੋਟੇ ਦਾ ਨਾਮ (ਗੁਰੂ) ਹਰਿਕ੍ਰਿਸ਼ਨ ਜੀ ਸੀ; ਜਿਨ੍ਹਾਂ ਦਾ ਪ੍ਰਕਾਸ਼ ਮਾਤਾ ਸੁਲੱਖਣੀ ਜੀ ਦੀ ਕੁੱਖੋਂ 20 ਜੁਲਾਈ ਸੰਨ 1652 ਨੂੰ ਕੀਰਤਪੁਰ ਜਿਲ੍ਹਾ ਹੁਸ਼ਿਆਰਪੁਰ ਵਿਚਲੇ ਗੁਰੂ ਜੀ ਦੇ ਨਿਵਾਸ ਅਸਥਾਨ ‘ਸ਼ੀਸ਼ ਮਹਿਲ’ ਵਿੱਚ ਹੋਇਆ। ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਜੀ ਜਿਨ੍ਹਾਂ ਨੇ ਅੱਠਵੇਂ ਗੁਰੂ ਦੇ ਤੌਰ ’ਤੇ ਗੁਰੂ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਦੀ ਤਕਰੀਬਨ ਢਾਈ ਸਾਲ ਸੇਵਾ ਨਿਭਾਈ ਉਹ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੜਪੋਤਰੇ, ਸਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦੇ ਪੁੱਤਰ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਦੇ ਪੋਤਰੇ ਅਤੇ ਗੁਰੂ ਘਰ ਦੇ ਵਿਰੋਧੀਆਂ ਵਜੋਂ ਵਿਚਰੇ ਰਾਮਰਾਇ ਦੇ ਛੋਟੇ ਭਰਾਤਾ ਤੇ ਧੀਰ ਮੱਲ ਦੇ ਸਕੇ ਭਤੀਜੇ ਸਨ। ਰਾਮਰਾਇ ਬੜਾ ਚਲਾਕ, ਸਿਆਣਾ, ਹੁਸ਼ਿਆਰ, ਨੀਤੀ-ਨਿਪੁੰਨ ਅਤੇ ਸਿੱਖ ਸੰਗਤਾਂ ਤੇ ਮਸੰਦਾਂ ਵਿੱਚ ਚੰਗੇ ਅਸਰ-ਰਸੂਖ਼ ਵਾਲਾ ਸੀ । ਉਹ ਹਰ ਤਰ੍ਹਾਂ ਆਪਣੇ ਆਪ ਨੂੰ ਗੁਰਤਾ ਦੇ ਯੋਗ ਸਮਝਦਾ ਸੀ । ਗੁਰੂ ਜੀ ਦਾ ਵੱਡਾ ਸਾਹਿਬਜ਼ਾਦਾ ਹੋਣ ਕਰ ਕੇ ਉਹ ਆਪਣੇ ਆਪ ਨੂੰ ਗੁਰ-ਗੱਦੀ ਦਾ ਹੱਕਦਾਰ ਵੀ ਸਮਝਦਾ ਸੀ । ਇਸੇ ਸਮੇਂ ਦੌਰਾਨ ਔਰੰਗਜ਼ੇਬ ਆਪਣੇ ਭਰਾਵਾਂ ਨੂੰ ਕਤਲ ਕਰ ਕੇ ਅਤੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਕੇ ਆਪ ਰਾਜਗੱਦੀ ’ਤੇ ਬੈਠ ਗਿਆ। ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਇੱਕ ਵਾਰ ਬਿਮਾਰ ਹੋਣ ’ਤੇ ਜਦੋਂ ਕਿਸੇ ਪਾਸੋਂ ਵੀ ਠੀਕ ਨਾ ਹੋਇਆ ਤਾਂ ਉਹ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖ਼ਾਨੇ ਵਿੱਚੋਂ ਦਵਾਈ ਲੈ ਕੇ ਠੀਕ ਹੋਇਆ ਸੀ ਜਿਸ ਕਾਰਨ ਉਹ ਗੁਰੂ ਹਰਿਰਾਇ ਸਾਹਿਬ ਜੀ ਦਾ ਸਤਿਕਾਰ ਕਰਦਾ ਸੀ। ਗੁਰੂ ਘਰ ਦੇ ਵਿਰੋਧੀਆਂ ਨੇ ਔਰੰਗਜ਼ੇਬ ਦੇ ਕੰਨ ਭਰੇ ਕਿ ਰਾਜਗੱਦੀ ਪ੍ਰਾਪਤ ਕਰਨ ਲਈ ਹੋਏ ਗ੍ਰਿਹ ਯੁੱਧ ਦੌਰਾਨ ਗੁਰੂ ਹਰਿਰਾਇ ਸਾਹਿਬ ਜੀ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ; ਇਸ ਲਈ ਔਰੰਗਜ਼ੇਬ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਤਲਬ ਕੀਤਾ, ਤਾਂ ਉਨ੍ਹਾ ਨੇ ਆਪਣੇ ਥਾਂ ਰਾਮਰਾਇ ਨੂੰ ਭੇਜਿਆ । ਭੇਜਣ ਸਮੇਂ ਉਸ ਨੂੰ ਪੱਕਾ ਕੀਤਾ ਗਿਆ ਕਿ ਕੋਈ ਗੱਲ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਦੇ ਉਲਟ ਨਹੀਂ ਕਹਿਣੀ ਜਾਂ ਕਰਨੀ । ਔਰੰਗਜ਼ੇਬ ਦੇ ਦਰਬਾਰ ਵਿੱਚ ਬਾਬਾ ਰਾਮਰਾਇ ਜੀ ਨੇ ਉਨ੍ਹਾਂ ਦੇ ਹਰ ਸਵਾਲ ਦਾ ਬਾਦਲੀਲ ਜਵਾਬ ਦਿੱਤਾ ਜਿਸ ਤੋਂ ਔਰੰਗਜ਼ੇਬ ਬਹੁਤ ਹੀ ਪ੍ਰਭਾਵਤ ਹੋ ਕੇ ਰਾਮਰਾਇ ਦਾ ਸਤਿਕਾਰ ਕਰਨ ਲੱਗ ਪਿਆ। ਚੁਗਲਖੋਰਾਂ ਵੱਲੋਂ ਆਪਣੀ ਦਾਲ਼ ਨਾ ਗਲਦੀ ਵੇਖ ਕੇ ਆਖਰ ਔਰੰਗਜ਼ੇਬ ਦੇ ਕੰਨ ਵਿੱਚ ਇਹ ਗੱਲ ਪਾਈ ਗਈ ਕਿ ਗੁਰੂ ਅਰਜਨ ਸਾਹਿਬ ਜੀ ਵੱਲੋਂ ਤਿਆਰ ਕੀਤੇ ਗ੍ਰੰਥ ਵਿੱਚ ‘‘ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮ੍ਹ੍ਹਿਆਰ ਘੜਿ ਭਾਂਡੇ ਇਟਾ ਕੀਆ, ਜਲਦੀ ਕਰੇ ਪੁਕਾਰ ॥’’ (ਮ: ੧/੪੬੬) ਲਿਖ ਕੇ ਇਸਲਾਮ ਦੀ ਤੌਹੀਨ ਕੀਤੀ ਹੈ। ਆਸਾ ਕੀ ਵਾਰ ਵਿੱਚ ਦਰਜ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਹੋਏ ਇਸ ਸਲੋਕ ਦਾ ਭਾਵ ਤਾਂ ਇਸਲਾਮ ਦੇ ਇਸ ਗਲਤ ਵਿਸ਼ਵਾਸ ਦਾ ਖੰਡਨ ਕਰਨਾ ਸੀ ਕਿ ਜਿਨ੍ਹਾਂ ਦਾ ਸਰੀਰ ਅੱਗ ਵਿੱਚ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ। ਗੁਰੂ ਜੀ ਨੇ ਇਸ ਗਲਤ ਵੀਚਾਰ ਦਾ ਖੰਡਨ ਕਰਦਿਆਂ ਲਿਖਿਆ ਹੈ ਕਿ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ ਉਸ ਥਾਂ ਦੀ ਮਿੱਟੀ ਚੀਕਣੀ ਹੋਣ ਕਰ ਕੇ ਕਈ ਵਾਰੀ ਕੁਮ੍ਹਿਆਰ ਉਹ ਮਿੱਟੀ ਭਾਂਡੇ ਬਣਾਉਣ ਲਈ ਲੈ ਆਉਂਦਾ ਹੈ ਅਤੇ ਘੜ ਕੇ ਉਸ ਦੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ, ਇਸ ਲਈ ਆਵੀ ਵਿਚ ਪੈ ਕੇ ਉਹ ਮਿੱਟੀ, ਮਾਨੋ ਸੜਦੀ ਹੋਈ ਪੁਕਾਰ ਕਰਦੀ ਹੈ, ਵਿਚਾਰੀ ਰੋਂਦੀ ਹੈ ਤੇ ਉਸ ਵਿੱਚੋਂ ਅੰਗਿਆਰੇ ਝੜ ਝੜ ਕੇ ਡਿੱਗਦੇ ਹਨ ਭਾਵ ਨਿਜ਼ਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ। ਜਦ ਔਰੰਗਜ਼ੇਬ ਨੇ ਇਸ ਪ੍ਰਤੀ ਰਾਮਰਾਇ ਦਾ ਪੱਖ ਜਾਣਨਾ ਚਾਹਿਆ ਤਾਂ ਉਹ ਇਸ ਭ੍ਰਮ ਵਿੱਚ ਫਸ ਗਿਆ ਕਿ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਨਾਲ ਕਦੀ ਔਰੰਗਜ਼ੇਬ ਨਰਾਜ ਹੀ ਨਾ ਹੋ ਜਾਵੇ ਇਸ ਲਈ ਉਸ ਨੇ ਬਾਦਸ਼ਾਹ ਦੀ ਖੁਸ਼ਾਮਦ ਖਾਤਰ ਅਤੇ ਬਣਿਆ ਸਤਿਕਾਰ ਕਾਇਮ ਰੱਖਣ ਲਈ ਚਤੁਰਾਈ ਅਤੇ ਨਾਵਾਜਬ ਗੱਲਾਂ ਕਰ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਤੁਕ ਹੀ ਬਦਲ ਕੇ ਸੁਣਾ ਦਿੱਤੀ ਕਿ ਅਸਲ ਵਿੱਚ ‘ਮਿੱਟੀ ਬੇਈਮਾਨ ਕੀ’ ਲਿਖਿਆ ਸੀ ਜਿਸ ਨੂੰ ਲਿਖਾਰੀਆਂ ਦੀ ਗਲਤੀ ਨਾਲ ‘ਮਿੱਟੀ ਮੁਸਲਮਾਨ ਕੀ’ ਲਿਖਿਆ ਗਿਆ। ਜਦੋਂ ਰਾਮਰਾਇ ਵੱਲੋਂ ਕੀਤੀ ਇਸ ਕੌਤਾਹੀ ਦਾ ਪਤਾ ਗੁਰੂ ਹਰਿਰਾਇ ਸਾਹਿਬ ਜੀ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਹਮੇਸ਼ਾਂ ਲਈ ਤਿਆਗ ਦਿੱਤਾ ਅਤੇ ਆਪਣੇ ਮੱਥੇ ਲੱਗਣੋ ਮਨ੍ਹਾ ਕਰ ਦਿੱਤਾ । ਜਦ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਸਮਾਂ ਆਇਆ ਤਾਂ ਆਪ ਨੇ ਆਪਣੇ ਛੋਟੇ ਸਾਹਿਬਜ਼ਾਦੇ, ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਰ ਤਰ੍ਹਾਂ ਯੋਗ ਸਮਝ ਕੇ ਗੁਰ-ਗੱਦੀ ਲਈ ਨੀਅਤ ਕੀਤਾ । ਸਭ ਸਿੱਖ ਸੰਗਤਾਂ ਨੂੰ ਆਪ ਨੇ ਆਗਿਆ ਕੀਤੀ ਕਿ ਸਾਡੇ ਮਗਰੋਂ ਗੁਰੂ ਨਾਨਕ ਦੇਵ ਨਿਰੰਕਾਰੀ ਜੋਤਿ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਬਿਰਾਜ ਕੇ ਜਗੇਗੀ ਤੇ ਸੰਸਾਰ ਦੇ ਜੀਵਾਂ ਨੂੰ ਰੱਬੀ-ਗਿਆਨ ਦਾ ਚਾਨਣ ਦੇਵੇਗੀ। ਸੰਗਤਾਂ ਨੂੰ ਹੁਕਮ ਹੋਇਆ ਕਿ ਹਰਿਕ੍ਰਿਸ਼ਨ ਸਾਹਿਬ ਨੂੰ ਹੀ ਗੁਰੂ ਸਮਝਣਾ ਅਤੇ ਰਾਮਰਾਇ ਦੀਆਂ ਚਾਲਾਂ ਚਲਾਕੀਆਂ ਦੇ ਜਾਲ਼ ਤੋਂ ਬਚ ਕੇ ਰਹਿਣਾ ।

ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਇਸ ਆਗਿਆ ਮੂਜਬ ਆਪ ਦੇ ਜੋਤੀ-ਜੋਤਿ ਸਮਾਉਣ ਵਾਲੇ ਦਿਨ ਥੋਹੜਾ ਸਮਾਂ ਪਹਿਲਾਂ ਕੱਤਕ ਵਦੀ 9, 6 ਕੱਤਕ ਬਿਕ੍ਰਮੀ ਸੰਮਤ 1718 (ਨਾਨਕਸ਼ਾਹੀ ਸੰਮਤ 193) ਮੁਤਾਬਕ 6 ਅਕਤੂਬਰ ਸੰਨ 1661 ਨੂੰ ਸੋਮਵਾਰ ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰ-ਗੱਦੀ ਉੱਤੇ ਬਿਠਾਇਆ ਅਤੇ ਗੁਰਤਾ ਦਾ ਤਿਲਕ ਲਗਾਇਆ ਗਿਆ । ਨਾਨਕਸ਼ਾਹੀ ਕੈਲੰਡਰ ਅਨੁਸਾਰ 6 ਕੱਤਕ ਅੱਜ ਕੱਲ੍ਹ 20 ਅਕਤੂਬਰ ਨੂੰ ਆਉਂਦਾ ਹੈ ਜੋ ਹਮੇਸ਼ਾਂ ਲਈ ਇਸੇ ਤਰੀਖ ਨੂੰ ਆਉਂਦਾ ਰਹੇਗਾ। ਉਸ ਵੇਲੇ ਆਪ ਦੀ ਉਮਰ ਕੇਵਲ ਸਵਾ ਪੰਜ ਸਾਲ ਸੀ, ਪਰ ਆਪ ਵਿਚ ਜੋਤਿ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਸੀ; ਇਸ ਲਈ ਕੰਮ ਬੜੇ ਸੋਹਣੇ ਸੁਚੱਜੇ ਢੰਗ ਨਾਲ ਚਲਦਾ ਰਿਹਾ । ਆਪ ਸੰਗਤਾਂ ਨੂੰ ਗੁਰ-ਆਸ਼ੇ ਬਾਰੇ ਉਪਦੇਸ਼ ਦੇਂਦੇ, ਉਨ੍ਹਾਂ ਦੇ ਸ਼ੰਕੇ ਨਵਿਰਤ ਕਰਦੇ ਅਤੇ ਨਾਮ ਦਾਨ ਬਖਸ਼ ਕੇ ਨਿਹਾਲ ਕਰਦੇ ਸਨ । ਆਪ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਧੇ ਲਈ ਹਰ ਪਾਸੇ ਪ੍ਰਚਾਰਕ ਭੇਜਣੇ ਸ਼ੁਰੂ ਕਰ ਦਿੱਤੇ।

ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦਾ ਤਿਲਕ ਲੱਗਾ, ਉਸ ਵੇਲੇ ਰਾਮਰਾਇ ਦਿੱਲੀ (ਬਾਦਸ਼ਾਹ) ਦੇ ਦਰਬਾਰ ਵਿਚ ਸੀ । ਜਦ ਉਸ ਨੂੰ ਇਸ ਗੱਲ ਦਾ ਪਤਾ ਲੱਗਾ, ਉਹ ਬਹੁਤ ਔਖਾ ਹੋਇਆ । ਉਹ ਸਮਝਦਾ ਸੀ ਕਿ ਗੁਰ-ਗੱਦੀ ਮੇਰਾ ਮੌਲਿਕ ਅਧਿਕਾਰ ਹੈ । ਉਸ ਨੇ ਆਪਣੇ ਤਾਏ ਧੀਰਮੱਲ ਨਾਲ ਸਲਾਹ ਕਰ ਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਅਤੇ ਗੁਰੂ ਬਣ ਬੈਠਾ । ਉਸ ਨੇ ਆਪਣੇ ਮਸੰਦ ਤੇ ਕਰਿੰਦੇ ਚਾਰ ਚੁਫੇਰੇ ਭੇਜੇ, ਤਾਂ ਜੋ ਸਭ ਥਾਈਂ ਉਸ ਦੇ ਗੁਰੂ ਬਣਨ ਦੀ ਖ਼ਬਰ ਦੇਣ ਅਤੇ ਸੰਗਤਾਂ ਪਾਸੋਂ ਦਸਵੰਧ ਉਗਰਾਹ ਕੇ ਲਿਆਉਣ, ਪਰ ਆਮ ਸਿੱਖਾਂ ਨੂੰ ਗੁਰੂ ਹਰਿਰਾਇ ਸਹਿਬ ਜੀ ਦੇ ਫੈਸਲੇ ਅਤੇ ਹੁਕਮ ਦਾ ਪਤਾ ਸੀ ਇਸ ਲਈ ਉਹ ਰਾਮਰਾਇ ਦੀਆਂ ਚਾਲਾਂ ਵਿੱਚ ਨਾ ਫਸੇ । ਉਸ ਦੇ ਕੁਝ ਮਸੰਦਾਂ ਆਦਿ ਤੋਂ ਬਿਨਾਂ ਉਸ ਨੂੰ ਕਿਸੇ ਹੋਰ ਨੇ ਗੁਰੂ ਨਾ ਮੰਨਿਆ । ਏਧਰੋਂ ਮੂੰਹ ਦੀ ਖਾ ਕੇ ਉਹ ਔਰੰਗਜ਼ੇਬ ਪਾਸ ਜਾ ਫ਼ਰਿਆਦੀ ਹੋਇਆ । ਬਾਦਸ਼ਾਹ ਉਸ ਉੱਤੇ ਖੁਸ਼ ਸੀ ਇਸ ਕਰ ਕੇ ਉਸ ਨੂੰ ਨਿਸ਼ਚਾ ਸੀ ਕਿ ਉਹ ਜ਼ਰੂਰ ਮੇਰੀ ਸਹਾਇਤਾ ਕਰੇਗਾ। ਉਸ ਨੇ ਬਾਦਸ਼ਾਹ ਪਾਸ ਅਰਜ਼ੀ ਦਿੱਤੀ ਤੇ ਕਿਹਾ: ‘ਮੈਂ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਪੁੱਤਰ ਹਾਂ । ਉਨ੍ਹਾਂ ਮਗਰੋਂ ਗੁਰ-ਗੱਦੀ ਮੈਨੂੰ ਮਿਲਣੀ ਚਾਹੀਦੀ ਸੀ, ਉਹ ਮੇਰਾ ਹੱਕ ਸੀ, ਪਰ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰੂ ਬਣਾ ਦਿੱਤਾ ਗਿਆ ਹੈ । ਮੇਰਾ ਕਸੂਰ ਇਹੋ ਹੈ ਕਿ ਮੈਂ ਆਪ ਜੀ ਦਾ ਅਗਿਆਕਾਰ ਹਾਂ । ਮੇਰੇ ਪਿਤਾ ਜੀ ਆਪ ਦੇ ਵਿਰੁੱਧ ਸਨ, ਉਨ੍ਹਾਂ ਨੇ ਜੋਤੀ-ਜੋਤਿ ਸਮਾਉਣ ਵੇਲੇ ਮੇਰੇ ਛੋਟੇ ਭਰਾ ਨੂੰ ਹੁਕਮ ਦਿੱਤਾ ਕਿ ਉਹ ਤੁਹਾਡੇ ਮੱਥੇ ਨਾ ਲੱਗੇ ਅਤੇ ਤੁਹਾਡੇ ਨਾਲ ਕਿਸੇ ਪ੍ਰਕਾਰ ਦਾ ਮਿਲਵਰਤਨ ਨਾ ਕਰੇ । ਮੇਰੀ ਬੇਨਤੀ ਹੈ ਕਿ ਮੇਰੇ ਭਰਾ ਨੂੰ ਏਥੇ ਤਲਬ ਕੀਤਾ ਜਾਵੇ ਅਤੇ ਉਸ ਨੂੰ ਮੇਰਾ ਬਣਦਾ ਹੱਕ ਦੇਣ ਲਈ ਮਜ਼ਬੂਰ ਕੀਤਾ ਜਾਵੇ ।

ਔਰੰਗਜ਼ੇਬ ਹੈ ਤਾਂ ਬੜਾ ਚਾਲਬਾਜ਼ ਤੇ ਫ਼ਰੇਬੀ ਸੀ ਇਸ ਲਈ ਪਹਿਲਾਂ ਉਸ ਦੇ ਹਿਰਦੇ ਨੇ ਉਸ ਨੂੰ ਨੇਕ ਸਲਾਹ ਦੇਣ ਲਈ ਪ੍ਰੇਰਿਆ । ਉਸ ਨੇ ਰਾਮਰਾਇ ਨੂੰ ਕਿਹਾ : ‘ਤੇਰੇ ਪਾਸ ਸਾਡੀ ਦਿੱਤੀ ਜਾਗੀਰ ਹੈ । ਤੈਨੂੰ ਕਿਸੇ ਸ਼ੈ ਦਾ ਘਾਟਾ ਨਹੀਂ । ਤੂੰ ਆਪਣੇ ਛੋਟੇ ਭਰਾ ਨੂੰ ਕਾਹਦੇ ਲਈ ਤੰਗ ਕਰਦਾ ਹੈਂ  ?’ ਪਰ ਰਾਮਰਾਇ ਆਪਣੇ ਹਠ ਉੱਤੇ ਡਟਿਆ ਰਿਹਾ । ਔਰੰਗਜ਼ੇਬ ਨੇ ਸੋਚਿਆ ਕਿ ‘ਜੇ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਆਪਣੇ ਹੱਥ ਆ ਜਾਵੇ, ਤਾਂ ਏਧਰੋਂ ਹਕੂਮਤ ਨੂੰ ਕੋਈ ਖ਼ਤਰਾ ਨਾ ਰਹੇ ਅਤੇ ਨਾਲੇ ਪੰਜਾਬ ਵਿਚ ਇਸਲਾਮ ਵੀ ਵਧੇਰੇ ਸੌਖਾ ਫੈਲ ਸਕੇਗਾ ਕਿਉਂਕਿ ਵੱਡਾ ਭਰਾ ਤਾਂ ਮੇਰੀ ਮੁੱਠ ਵਿਚ ਹੀ ਹੈ । ਛੋਟੇ ਨੂੰ ਸੱਦ ਕੇ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਅਧੀਨ ਕੀਤਾ ਜਾਵੇ, ਤਾਂ ਰੰਗ ਲੱਗ ਜਾਵੇ । ਜੇ ਉਹ ਨਾ ਮੰਨਿਆ ਤਾਂ ਦੋਹਾਂ ਭਰਾਵਾਂ ਨੂੰ ਆਪੋ ਵਿੱਚ ਟਕਰਾ ਦਿਆਂਗੇ । ਆਪੇ ਲੜ ਮਰਨਗੇ ਅਤੇ ਇਸਲਾਮ ਦੇ ਪ੍ਰਚਾਰ ਦਾ ਰਾਹ ਸਾਫ਼ ਹੋ ਜਾਵੇਗਾ ।’ ਇਹ ਸੋਚ ਕੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਣ ਦਾ ਫੈਸਲਾ ਕਰ ਲਿਆ ।

ਗੁਰੂ ਹਰਿਰਾਇ ਸਾਹਿਬ ਜੀ ਨੇ ਔਰੰਗਜ਼ੇਬ ਬਾਰੇ ਇਹ ਨੀਤੀ ਬਣਾਈ ਸੀ ਕਿ ‘ਨਹਿ ਮਲੇਛ ਕੋ ਦਰਸ਼ਨ ਦੈਹੈਂ ।’ ਆਪ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੀ ਇਸੇ ਨੀਤੀ ਉੱਤੇ ਕਾਇਮ ਰਹਿਣ ਦੀ ਆਗਿਆ ਕੀਤੀ ਸੀ । ਰਾਮਰਾਇ ਨੂੰ ਇਸ ਦਾ ਪਤਾ ਸੀ । ਉਸ ਦੀ ਚਾਲ ਇਹ ਸੀ ਕਿ ‘ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪਹੁੰਚ ਕੇ ਔਰੰਗਜ਼ੇਬ ਨੂੰ ਮਿਲਣਗੇ, ਤਾਂ ਮੈਂ ਇਹ ਰੌਲ਼ਾ ਪੁਆ ਦਿਆਂਗਾ ਕਿ ਉਨ੍ਹਾਂ ਨੇ ਪਿਤਾ-ਗੁਰੂ ਦੀ ਆਗਿਆ ਭੰਗ ਕਰ ਦਿੱਤੀ ਹੈ, ਇਸ ਤਰ੍ਹਾਂ ਸਿੱਖਾਂ ਵਿੱਚ ਉਨ੍ਹਾਂ ਦਾ ਸਤਿਕਾਰ ਘਟ ਜਾਵੇਗਾ ਅਤੇ ਮੇਰਾ ਦਾਅ ਲੱਗ ਸਕੇਗਾ । ਜੇ ਉਹ ਨਾ ਆਏ, ਤਾਂ ਮੈ ਔਰੰਗਜ਼ੇਬ ਨੂੰ ਭੜਕਾਵਾਂਗਾ ਕਿ ਉਹ ਆਕੀ ਤੇ ਬਾਗੀ ਹੈ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੰਗਵਾਇਆ ਜਾਵੇ ਅਤੇ ਬਾਗੀਆਂ ਵਾਲੀ ਸਜ਼ਾ ਦਿੱਤੀ ਜਾਵੇ । ਫੇਰ ਮੇਰਾ ਰਾਹ ਸਾਫ ਹੋ ਜਾਵੇਗਾ । ਜੇ ਉਹ ਡਰ ਕੇ ਨੱਸ ਗਏ ਤਾਂ ਮੈਂ ਜਾ ਕੇ ਗੁਰੂ ਬਣ ਜਾਵਾਂਗਾ ਅਤੇ ਕੀਰਤਪੁਰ ਉੱਤੇ ਕਬਜ਼ਾ ਕਰ ਲਵਾਂਗਾ ।’

ਉਧਰੋਂ ਔਰੰਗਜ਼ੇਬ ਨੂੰ ਵੀ ਉੱਪਰ ਦੱਸੀ ਗੁਰੂ ਹਰਿਰਾਇ ਸਾਹਿਬ ਜੀ ਦੀ ਨੀਤੀ ਅਤੇ ਅੱਠਵੇਂ ਗੁਰੂ ਜੀ ਨੂੰ ਕੀਤੀ ਆਗਿਆ ਦਾ ਪਤਾ ਸੀ । ਉਸ ਨੇ ਸੋਚਿਆ : ‘ਗੁਰੂ ਜੀ ਸ਼ਾਹੀ ਸੱਦਾ ਮੰਨ ਕੇ ਨਹੀਂ ਆਉਣ ਲੱਗੇ , ਕੋਈ ਹੋਰ ਢੰਗ ਵਰਤਣਾ ਚਾਹੀਦਾ ਹੈ ।’ ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਗੁਰੂ ਸਾਹਿਬ ਨੂੰ ਤੁਸੀਂ ਆਪਣੇ ਵੱਲੋਂ ਆਪਣੇ ਘਰ ਸੱਦੋ, ਰਾਜਾ ਜੈ ਸਿੰਘ ਨੇ ਗੁਰੂ ਜੀ ਵੱਲ ਸਦਾ-ਪੱਤ੍ਰ ਲਿਖਿਆ ਤੇ ਆਪਣੇ ਇਕ ਵੱਡੇ ਅਹਿਲਕਾਰ ਦੇ ਹੱਥ ਦੇ ਕੇ ਕੀਰਤਪੁਰ ਭੇਜਿਆ । ਨਾਲ ਹੀ ਦਿੱਲੀ ਦੀ ਸਿੱਖ-ਸੰਗਤ ਨੇ ਵੀ ਬਿਨੈ-ਪੱਤਰ ਲਿਖ ਭੇਜਿਆ ਕਿ ਰਾਮਰਾਇ ਕਈ ਪ੍ਰਕਾਰ ਦੀਆਂ ਗੋਂਦਾ ਗੋਂਦ ਰਿਹਾ ਹੈ, ਇਨ੍ਹਾਂ ਦਾ ਭਾਂਡਾ ਭੰਨਣ ਲਈ ਆਪ ਜ਼ਰੂਰ ਦਿੱਲੀ ਆਓ ।

ਰਾਜਾ ਜੈ ਸਿੰਘ ਦੀ ਚਿੱਠੀ ਵਿਚਾਰਨ ਮਗਰੋਂ ਪਹਿਲਾਂ ਤਾਂ ਗੁਰੂ ਜੀ ਨੇ ਜਾਣੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਅਸੀਂ ਔਰੰਗਜ਼ੇਬ ਨੂੰ ਕਦਾਚਿਤ ਨਹੀਂ ਮਿਲਣਾ । ਰਾਜਾ ਜੈ ਰਾਮ ਦੇ ਅਹਿਲਕਾਰ ਨੇ ਅਰਜ਼ ਕੀਤੀ ਕਿ ਆਪ ਬੇਸ਼ੱਕ ਬਾਦਸ਼ਾਹ ਨੂੰ ਨਾ ਮਿਲਣਾ; ਨਾਲ ਹੀ ਉਸ ਨੇ ਦਿੱਲੀ ਦੀ ਸੰਗਤ ਦਾ ਬਿਨੈ-ਪੱਤਰ ਦੇ ਕੇ ਕਿਹਾ ਕਿ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ, ਰਾਜਾ ਸਾਹਿਬ ਵੀ ਆਪ ਦੇ ਦਰਸ਼ਨਾਂ ਦੇ ਅਤੀ ਚਾਹਵਾਨ ਹਨ । ਦਿੱਲੀ ਦੇ ਸਿੱਖਾਂ ਦੀ ਚਿੱਠੀ ਪੜ੍ਹ ਕੇ ਆਪ ਜੀ ਨੇ ਕਿਹਾ : ‘ਜਿਥੇ ਸੰਗਤ ਯਾਦ ਕਰੇਗੀ, ਉੱਥੇ ਅਸੀਂ ਜ਼ਰੂਰ ਪੁੱਜਾਂਗੇ ।’ ਅਗਲੇ ਦਿਨ ਤਿਆਰੀ ਕੀਤੀ ਗਈ । ਮਾਤਾ ਜੀ ਵੀ ਨਾਲ ਤੁਰੇ ਪਏ ਸਨ। ਬਹੁਤ ਸਾਰੀ ਸੰਗਤ ਵੀ ਜਾਣ ਲਈ ਤਿਆਰ ਹੋ ਗਈ। ਰਾਹ ਵਿੱਚ ਥਾਂ-ਥਾਂ ਸੰਗਤਾਂ ਨੇ ਹੁੰਮ-ਹੁੰਮਾ ਕੇ ਆਪ ਦਾ ਸੁਆਗਤ ਕੀਤਾ । ਇਸ ਤਰ੍ਹਾਂ ਆਪ ਜੀ ਦੇ ਨਾਲ ਜਾ ਰਹੀ ਸੰਗਤ ਦੀ ਗਿਣਤੀ ਬਹੁਤ ਵਧ ਗਈ ਅਤੇ ਸਫ਼ਰ ਬੜਾ ਹੌਲੀ-ਹੌਲੀ ਕਰਨਾ ਪਿਆ ਪਰ ਅੰਬਾਲੇ ਨਜ਼ਦੀਕ ਪੰਜੋਖਰੇ ਪਿੰਡ ਪਹੁੰਚ ਕੇ ਆਪ ਜੀ ਨੇ ਆਪਣੀ ਹਜ਼ੂਰੀ ਸੰਗਤ ਅਤੇ ਪਰਵਾਰ ਤੋਂ ਬਿਨਾਂ ਬਾਕੀ ਸਭ ਨੂੰ ਮੁੜਨ ਦਾ ਹੁਕਮ ਦਿੱਤਾ । ਗੁਰੂ ਜੀ ਰਾਤ ਪੰਜੋਖਰੇ ਠਹਿਰੇ । ਉੱਥੇ ਇਕ ਹੰਕਾਰੀ ਬ੍ਰਾਹਮਣ ਲਾਲ ਚੰਦ, ਆਪ ਜੀ ਨੂੰ ਮਿਲਿਆ ਅਤੇ ਕਹਿਣ ਲੱਗਾ : ‘ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ । ਸ੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਰਚੀ ਸੀ, ਤੁਸੀਂ ਉਸ ਦੇ ਅਰਥ ਹੀ ਕਰ ਕੇ ਹੀ ਵਿਖਾਓ । ਨਾਲੇ ਸ਼ਾਸਤਰਾਂ ਦੇ ਅਰਥ ਕਰਨ ਵਿਚ ਮੇਰੇ ਨਾਲ ਮੁਕਾਬਲਾ ਕਰ ਲਵੋ ।’ ਹੰਕਾਰੀ ਪੰਡਿਤ ਦੀ ਇਹ ਗੱਲ ਸੁਣ ਕੇ ਬ੍ਰਹਮ ਗਿਆਨ ਦੇ ਪੁੰਜ ਤੇ ਸਰਬ-ਕਲਾ ਸਮਰੱਥ ਗੁਰੂ ਜੀ ਨੇ ਉਸ ਨੂੰ ਕਿਹਾ : ‘ਅਸੀਂ ਤਾਂ ਰੱਬ ਦੇ ਸੇਵਕ ਹਾਂ। ਵੱਡੇ ਬਣ-ਬਣ ਕੇ ਬਹਿਣਾ ਅਸੀਂ ਨਹੀਂ ਜਾਣਦੇ ਪਰ ਸਾਡੇ ਨਾਲ ਸ਼ਸਤਰਾਰਥ ਤੁਸੀਂ ਫੇਰ ਕਰਿਓ, ਪਹਿਲਾਂ ਤੁਸੀਂ ਆਪਣੀ ਮਰਜ਼ੀ ਨਾਲ ਚੁਣੇ ਹੋਏ ਕਿਸੇ ਸਿੱਖ ਨਾਲ ਵਿਚਾਰ ਕਰ ਵੇਖੋ । ਜਾਓ, ਪਿੰਡ ਵਿੱਚੋਂ ਕੋਈ ਬੰਦਾ ਲੈ ਆਓ, ਉਹ ਤੁਹਾਨੂੰ ਉੱਤਰ ਦੇ ਕੇ ਤੁਹਾਡੀ ਨਿਸ਼ਾ ਕਰਾ ਦੇਵੇਗਾ !’

ਪੰਡਿਤ ਲਾਲ ਚੰਦ ਆਪਣੇ ਵੱਲੋਂ ਸਮਝੇ ਜਾ ਰਹੇ ਮਹਾਂ ਮੂਰਖ ਛੱਜੂ ਨਾਂ ਦੇ ਇੱਕ ਬੰਦੇ ਨੂੰ ਲੈ ਆਇਆ ਜੋ ਉਸ ਪਿੰਡ ਦਾ ਝਿਊਰ (ਮਹਿਰਾ) ਜਾਤੀ ਨਾਲ ਸੰਬੰਧਿਤ ਸੀ । ਗੁਰੂ ਜੀ ਨੇ ਛੱਜੂ (ਮਹਿਰੇ) ਦੀਆਂ ਅੱਖਾਂ ਵੱਲ ਤੱਕ ਕੇ ਕਿਹਾ : ‘ਛੱਜੂ ਜੀ ! ਤੁਸੀਂ ਧਾਰਮਿਕ ਵਿਦਵਾਨ ਹੋ, ਇਸ ਪੰਡਿਤ ਨਾਲ ਸ਼ਾਸਤਰ-ਅਰਥ ਕਰ ਕੇ ਇਸ ਦੀ ਨਿਸ਼ਾ ਕਰਾ ਦਿਓ ।’ ਦੰਦਕਥਾ ਹੈ ਕਿ ਛੱਜੂ ਇੱਕ ਗੂੰਗਾ ਤੇ ਬਹਿਰਾ ਵੀ ਸੀ ਜਿਸ ਦੇ ਸਿਰ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਛੜੀ ਰੱਖੀ ਅਤੇ ਬ੍ਰਾਹਮਣ ਨੂੰ ਕਿਹਾ : ‘ਪੁੱਛੋ ਜੋ ਪੁੱਛਣਾ ਹੈ ।’ ਪਰ ਅਸਲ ਗੱਲ ਇਉਂ ਜਾਪਦੀ ਹੈ ਕਿ ਬ੍ਰਾਹਮਣ ਵੱਲੋਂ ਕੀਤੀ ਵਰਨ ਵੰਡ ਅਨੁਸਾਰ ਛੱਜੂ ਝਿਊਰ ਸ਼ੂਦਰ ਜਾਤੀ ਨਾਲ ਸੰਬੰਧਿਤ ਸੀ। ਮੰਨੂ ਸਿਮ੍ਰਿਤੀਆਂ ਦੇ ਸਖ਼ਤ ਕਾਨੂੰਨਾਂ ਮੁਤਾਬਕ ਸ਼ੂਦਰ ਨੂੰ ਨਾ ਤਾਂ ਧਾਰਮਿਕ ਪੁਸਤਕਾਂ ਪੜ੍ਹਨ ਦੀ ਅਤੇ ਨਾ ਹੀ ਸੁਣਨ ਦੀ ਇਜਾਜ਼ਤ ਸੀ ਕਿਉਂਕਿ ਵੇਦ ਪੜ੍ਹਨ ਵਾਲੇ ਸ਼ੂਦਰ ਦੀ ਜ਼ਬਾਨ ਕੱਟਣ ਅਤੇ ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕਾ ਢਾਲ਼ ਕੇ ਪਾਉਣ ਦਾ ਹੁਕਮ ਹੁੰਦਾ ਸੀ। ਇਸ ਲਈ ਬ੍ਰਾਹਮਣ ਸਮਾਜ ਦੀ ਸੋਚ ਮੁਤਾਬਕ ਤਾਂ ਛੱਜੂ ਝਿਊਰ ਗੂੰਗਾ ਬਹਿਰਾ ਹੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਵਰਨ ਵੰਡ ਅਤੇ ਜਾਤੀ ਵੰਡ ਨੂੰ ਸਿਰੇ ਤੋਂ ਨਕਾਰ ਕੇ ਸਭ ਨੂੰ ਬਰਾਬਰ ਦੇ ਮਨੁੱਖੀ ਅਧਿਕਾਰ ਦੇ ਦਿੱਤੇ ਸਨ। ਛੱਜੂ ਝਿਊਰ ਗੁਰੂ ਘਰ ਦਾ ਸ਼ਰਧਾਲੂ ਹੋਣ ਕਰ ਕੇ ਆਮ ਹੀ ਸੰਗਤ ਕਰਦਾ ਰਹਿੰਦਾ ਸੀ। ਸੋ, ਉਨ੍ਹਾਂ ਗੁਰੂ ਬਖ਼ਸ਼ਿਸ਼ ਦੁਆਰਾ ਪੜ੍ਹਨਾ ਅਤੇ ਬਿਬੇਕ ਬੁੱਧੀ ਨਾਲ ਵੀਚਾਰਨਾਂ ਪਹਿਲਾਂ ਤੋਂ ਹੀ ਸਿੱਖ ਲਿਆ ਹੋਇਆ ਸੀ। ਪੰਡਿਤ ਲਾਲ ਚੰਦ ਨੇ ਛੱਜੂ ਤੋਂ ਗੀਤਾ ਦੇ ਔਖੇ ਤੋਂ ਔਖੇ ਵਾਕਾਂ ਦੇ ਅਰਥ ਪੁੱਛੇ ਤਾਂ ਛੱਜੂ ਨੇ ਗੁਰੂ ਦੀ ਬਖ਼ਸ਼ੀ ਅਸੀਸ ਸਦਕਾ ਫਟਾ-ਫਟ ਅਰਥ ਸਪਸ਼ਟ ਕਰ ਦਿੱਤੇ। ਪੰਡਿਤ ਲਾਲ ਚੰਦ ਬੜਾ ਹੈਰਾਨ ਹੋਇਆ ਤੇ ਗੁਰੂ ਜੀ ਦੀ ਚਰਨੀਂ ਢਹਿ ਪਿਆ। ਇਸ ਅਦੁੱਤੀ ਕੌਤਕ ਤੋਂ ਪ੍ਰਭਾਵਤ ਹੋ ਕੇ ਜਾਤ ਅਭਿਮਾਨੀ ਬ੍ਰਾਹਮਣ ਵੀ ਗੁਰੂ ਦਾ ਸਿੱਖ ਬਣ ਗਿਆ ।

ਪੜਾਅ ਦਰ ਪੜਾਅ ਸਫਰ ਕਰਦੇ ਅਤੇ ਥਾਂ-ਥਾਂ ਸਤਿਨਾਮੁ ਦਾ ਉਪਦੇਸ਼ ਦਿੰਦੇ, ਗੁਰੂ ਜੀ ਦਿੱਲੀ ਜਾ ਪਹੁੰਚੇ । ਮਿਰਜ਼ਾ ਰਾਜਾ ਜੈ ਸਿੰਘ ਨੇ ਆਪ ਜੀ ਦਾ ਉਤਾਰਾ ਰਾਏਸੀਨਾ ਵਿੱਚ ਆਪਣੇ ਬੰਗਲੇ ਵਿਚ ਕਰਵਾਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸੁਭਾਇਮਾਨ ਹੈ । ਦਿੱਲੀ ਦੀ ਸੰਗਤ ਉੱਥੇ ਆ ਕੇ ਹਰ ਰੋਜ਼ ਦਰਸ਼ਨ ਕਰਦੀ ਰਹੀ, ਸਤਿਸੰਗ ਲੱਗਦਾ ਰਿਹਾ । ਔਰੰਗਜ਼ੇਬ ਨੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਤੇ ਭੋਜਨ ਛੱਕਣ ਲਈ ਬੁਲਾਵਾ ਭੇਜਿਆ, ਪਰ ਗੁਰੂ ਜੀ ਨੇ ਪਿਤਾ ਜੀ ਦੀ ਆਗਿਆ ਅਨੁਸਾਰ ਮਨ੍ਹਾ ਕਰ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਆ ਗਿਆ ਇੱਕ ਸ਼ਬਦ ਲਿਖ ਕੇ ਭੇਜ ਦਿੱਤਾ ‘‘ਕਿਆ ਖਾਧੈ  ? ਕਿਆ ਪੈਧੈ ਹੋਇ  ? ॥ ਜਾ ਮਨਿ ਨਾਹੀ; ਸਚਾ ਸੋਇ ॥’’ (ਮ: ੧/੧੪੨)

ਅਗਲੇ ਦਿਨ ਔਰੰਗਜ਼ੇਬ ਨੇ ਆਪਣੇ ਪੁੱਤਰ ਸਹਿਜ਼ਾਦਾ ਮੁਅੱਜਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਨਿਹਾਲ ਕੀਤਾ । ਜਦ ਉਸ ਨੇ ਗੁਰ-ਗੱਦੀ ਬਾਰੇ ਰਾਮਰਾਇ ਦੇ ਦਾਹਵੇ ਦੀ ਗੱਲ ਕੀਤੀ, ਤਾਂ ਆਪ ਜੀ ਨੇ ਸਹਿਜ਼ਾਦਾ ਮੁਅੱਜਮ ਰਾਹੀਂ ਬਾਦਸ਼ਾਹ ਨੂੰ ਇਹ ਕਹਿ ਭੇਜਿਆ ਕਿ ‘ਗੁਰ-ਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਦੀ ਸ਼ੈ ਨਹੀ’ । ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ (ਸਿੱਖ ਭਾਈ ਲਹਿਣਾਂ ਜੀ) ਨੂੰ ਗੱਦੀ ਦਿੱਤੀ ਸੀ, ਗੁਰੂ ਅੰਗਦ ਦੇਵ ਜੀ ਨੇ ਅਤੇ ਗੁਰੂ ਅਮਰਦਾਸ ਜੀ ਨੇ ਵੀ ਪੁੱਤਰਾਂ ਨੂੰ ਗੱਦੀ ਨਹੀਂ ਸੀ ਦਿੱਤੀ । ਗੁਰੂ ਰਾਮਦਾਸ ਜੀ ਨੇ ਵੱਡੇ ਦੋ ਪੁੱਤਰਾਂ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੁਰਿਆਈ ਬਖ਼ਸ਼ੀ ਸੀ । ਗੁਰੂ ਹਰਿਗੋਬਿੰਦ ਸਾਹਿਬ ਨੇ, ਪੁੱਤਰਾਂ ਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਗੁਰ-ਗੱਦੀ ਲਈ ਚੁਣਿਆ ਸੀ । ਰਾਮਰਾਇ ਨੇ ਗੁਰੂ ਨਾਨਕ ਜੀ ਦੀ ਬਾਣੀ (ਸਿਧਾਂਤ) ‘ਮਿਟੀ ਮੁਸਲਮਾਨ ਕੀ’ ਨੂੰ ਬਦਲ ਕੇ ‘ਮਿਟੀ ਬੇਈਮਾਨ ਕੀ’ ਕਹਿ ਕੇ ਵੱਡੀ ਅਵੱਗਿਆ ਕੀਤੀ ਹੈ, ਜਿਸ ਕਾਰਨ ਪਿਤਾ ਜੀ ਨੇ ਉਸ ਨੂੰ ਸਿੱਖੀ ’ਚੋਂ ਤਿਆਗ ਦਿੱਤਾ । ਜਿਸ ਨੂੰ ਗੁਰੂ ਸਾਹਿਬ ਨੇ ਸਭ ਤੋਂ ਵਧੇਰੇ ਯੋਗ ਸਮਝਿਆ, ਉਸ ਨੂੰ ਹੀ ਉਨ੍ਹਾਂ ਗੁਰ-ਗੱਦੀ ਦੀ ਦਾਤ ਬਖ਼ਸ਼ੀ, ਇਸ ਕਰ ਕੇ ਪਿਤਾ (ਗੁਰੂ) ਜੀ ਲਈ ਇਹ ਜ਼ਰੂਰੀ ਨਹੀਂ ਸੀ ਕਿ ਵੱਡੇ ਪੁੱਤਰ ਰਾਮਰਾਇ ਨੂੰ ਹੀ ਗੁਰ-ਗੱਦੀ ਦਿੰਦੇ । ਉਨ੍ਹਾਂ ਨੇ ਵੱਡੇ ਪੁੱਤਰ ਨੂੰ ਛੱਡ ਕੇ ਛੋਟੇ ਪੁੱਤਰ ਨੂੰ ਗੱਦੀ ਲਈ ਚੁਣਿਆ । ਇਸ ਵਿਚ ਕੋਈ ਵਧੀਕੀ ਜਾਂ ਧੱਕਾ ਨਹੀਂ, ਕੋਈ ਬੇਇਨਸਾਫ਼ੀ ਨਹੀਂ । ਇਹ ਕੋਈ ਅਨੋਖੀ ਜਾਂ ਅਲੌਕਾਰੀ ਗੱਲ ਨਹੀਂ । ਰਾਮਰਾਇ ਦਾ ਦਾਅਵਾ ਝੂਠਾ ਹੈ ।’

ਗੁਰੂ ਜੀ ਦੇ ਇਹ ਬਚਨ ਸੁਣ ਕੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਰਾਮਰਾਇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ, ਪਰ ਬਾਦਸ਼ਾਹ ਨੇ ਗੁਰੂ ਜੀ ਦੀ ਸਮਝ ਸਿਆਣਪ ਦੀ ਪਰਖ ਕਰਨੀ ਚਾਹੀ । ਉਸ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਕਿਹਾ ਕਿ ਇਨ੍ਹਾਂ ਦੀ ਕਰਾਮਾਤੀ ਸ਼ਕਤੀ ਦੀ ਪਰਖ ਕੀਤੀ ਜਾਏ । ਰਾਜੇ ਜੈ ਸਿੰਘ ਨੇ ਇਕ ਸਕੀਮ ਬਣਾਈ ਉਹ ਗੁਰੂ ਜੀ ਨੂੰ ਆਪਣੇ ਮਹਿਲਾਂ ਵਿਚ ਇਹ ਕਹਿ ਕੇ ਲੈ ਗਿਆ ਕਿ ਪਟਰਾਣੀ ਤੇ ਹੋਰ ਪਰਵਾਰ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਨ । ਜਦ ਗੁਰੂ ਜੀ ਮਹਿਲ ’ਚ ਪੁੱਜੇ ਤਾਂ ਰਾਜੇ ਦੇ ਦੁਆਲੇ ਉਨ੍ਹਾਂ ਦੀਆਂ ਇਸਤਰੀਆਂ ਤੇ ਪਟਰਾਣੀ ਵੀ ਸੀ, ਜਿਨ੍ਹਾਂ ਨਾਲ ਕਈ ਹੋਰ ਰਾਣੀਆਂ ਤੇ ਗੋਲੀਆਂ ਵੀ ਸਨ। ਸਭ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸੀ । ਗੁਰੂ ਜੀ ਅੱਗੇ ਸਭ ਰਾਣੀਆਂ ਵਿੱਚ ਛੁਪੀ ਖੜ੍ਹੀ ਪਟਰਾਣੀ ਦੀ ਦਿਲੀ ਉਮੰਗ ਪੂਰੀ ਕਰਨ ਲਈ ਕਿਹਾ ਗਿਆ। ਗੁਰੂ ਜੀ ਨੇ ਵਾਰੀ ਵਾਰੀ ਸਭ ਰਾਣੀਆਂ ਨੂੰ ਤੱਕਦਿਆਂ ਕਿਹਾ ਕਿ ‘ਇਹ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ’, ਅੰਤ ’ਚ ਪਟਰਾਣੀ ਦੇ ਚਿਹਰੇ ਨੂੰ ਗਹੁ ਨਾਲ ਤੱਕਿਆ ਤੇ ਕਿਹਾ, ਪਟਰਾਣੀ ਜੀ ! ਤੁਹਾਡੀ ਪੁੱਤਰ ਪ੍ਰਾਪਤੀ ਦੀ ਕਾਮਨਾ ਅਕਾਲ ਪੁਰਖ ਜ਼ਰੂਰ ਪੂਰੀ ਕਰਨਗੇ, ਉਨ੍ਹਾਂ ਨੂੰ ਯਾਦ ਕਰਿਆ ਕਰੋ।’ ਬਾਦਸ਼ਾਹ ਨੇ ਹੋਰ ਵੀ ਪ੍ਰਤਾਵੇ ਲੈਣ ਦਾ ਯਤਨ ਕੀਤਾ ਤੇ ਉਸ ਨੂੰ ਯਕੀਨ ਹੋ ਗਿਆ ਕਿ ਗੁਰ-ਗੱਦੀ ਲਈ ਗੁਰੂ ਹਰਿਕ੍ਰਿਸ਼ਨ ਜੀ ਦੀ ਚੋਣ ਗ਼ਲਤ ਨਹੀਂ ਕੀਤੀ ਗਈ। ਉਸ ਨੇ ਰਾਮ ਰਾਇ ਦੀ ਅਰਜ਼ੀ ਖਾਰਜ ਕਰ ਦਿੱਤੀ ਤੇ ਕਿਹਾ : ‘ਹਕੂਮਤ ਕਿਸੇ ਨੂੰ ਗੁਰਿਆਈ ਨਹੀਂ ਦਿਵਾ ਸਕਦੀ, ਜੋ ਫੈਸਲਾ ਤੁਹਾਡੇ ਪਿਤਾ ਜੀ ਕਰ ਗਏ ਹਨ, ਉਸ ਨੂੰ ਬਦਲਣਾ ਸਾਡਾ ਅਧਿਕਾਰ ਨਹੀਂ ।’

ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਮਈ 1662 ਦੇ ਅਖੀਰ ਵਿਚ ਉਸ ਸਮੇਂ ਮਿਲੀ ਜਦੋਂ ਉਹ ਪੂਰਬ ਦੇਸ਼ ਦੇ ਪ੍ਰਚਾਰ ਦੌਰੇ ’ਤੇ ਸਨ। ਪਹਿਲਾਂ ਉਲੀਕੇ ਪ੍ਰਚਾਰਕ ਦੌਰੇ ਸਮੇਟ ਕੇ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕਰ ਲਈ। ਰਸਤੇ ਵਿੱਚ ਵੱਖ-ਵੱਖ ਥਾਂਵਾਂ ਦਾ ਪ੍ਰਚਾਰ ਦੌਰਾ ਕਰਦੇ ਆਪ 21 ਮਾਰਚ 1664 ਦੇ ਦਿਨ ਦਿੱਲੀ ਪੁੱਜੇ ਜਿੱਥੇ ਆਪ ਦਿਲਵਾਲੀ ਮੁਹੱਲੇ ਵਿਚ ਭਾਈ ਕਲਿਆਣਾ ਦੀ ਧਰਮਸਾਲਾ ਵਿਚ ਠਹਿਰੇ। ਅਗਲੇ ਦਿਨ 22 ਮਾਰਚ ਨੂੰ (ਗੁਰੂ) ਤੇਗ਼ ਬਹਾਦਰ ਸਾਹਿਬ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ’ਤੇ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੜੇ ਪਿਆਰ ਨਾਲ ਆਪ ਨੂੰ ਮਿਲੇ। ਆਪ ਨੇ ਪੰਥ ਦੀ ਵਕਤੀ ਹਾਲਾਤ ਤੇ ਹੋਰ ਨੁਕਤਿਆਂ ਬਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ’ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਸੰਭਾਲ਼ਨ ਦੀ ਸੇਵਾ ਤੁਹਾਨੂੰ ਹੀ ਕਰਨੀ ਪਵੇਗੀ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਚੁੱਪ ਤੇ ਗੰਭੀਰ ਹੋ ਗਏ। (ਗੁਰੂ) ਤੇਗ਼ ਬਹਾਦਰ ਸਾਹਿਬ ਜੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਹੋਰ ਵੀਚਾਰਾਂ ਕਰਨ ਲਈ ਰੋਕ ਲਿਆ ਇਸ ਕਾਰਨ 22 ਤੇ 23 ਮਾਰਚ ਦੋ ਦਿਨ ਗੁਰੂ ਜੀ ਦੇ ਨਾਲ ਰਾਜਾ ਜੈ ਸਿੰਘ ਮਿਰਜ਼ਾ ਦੇ ਬੰਗਲੇ ਵਿਚ ਹੀ ਰਹੇ ਤੇ ਵਿਚਾਰਾਂ ਕਰਦੇ ਰਹੇ। ਆਪ 24 ਮਾਰਚ 1664 ਦੇ ਦਿਨ ਆਪਣੇ ਪਰਿਵਾਰ ਅਤੇ ਜਥੇ ਦੇ ਬਾਕੀ ਸਿੱਖਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ ਜਿੱਥੋਂ ਅੱਗੇ ਉਹ ਬਕਾਲਾ ਚਲੇ ਗਏ।

ਓਨ੍ਹੀਂ ਦਿਨੀਂ ਦਿੱਲੀ ਵਿੱਚ ਬੁਖ਼ਾਰ ਤੇ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਇਸ ਕਾਰਜ ਲਈ ਵਰਤਿਆ। ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ’ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’, ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਆਪ ਜੀ ਚੇਤ ਸੁਦੀ 14, 3 ਵੈਸਾਖ ਬਿਕ੍ਰਮੀ ਸੰਮਤ 1721 (ਨਾਨਕਸ਼ਾਹੀ ਸੰਮਤ 196) ਮੁਤਾਬਕ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ। ਆਪ ਜੀ ਨੇ ਆਪਣੀ ਸੰਸਾਰਕ ਯਾਤਰਾ 11 ਸਾਲ 8 ਮਹੀਨੇ 10 ਦਿਨਾਂ ਵਿੱਚ ਸੰਪੂਰਨ ਕੀਤੀ ਅਤੇ 2 ਸਾਲ 5 ਮਹੀਨੇ 24 ਦਿਨ ਗੁਰਿਆਈ ਦੀ ਸੇਵਾ ਬਾਖ਼ੂਬੀ ਨਿਭਾਈ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ’ਤੇ (ਦਿੱਲੀ ਵਿਚ) ਕੀਤਾ ਗਿਆ, ਜਿੱਥੇ ਹੁਣ ‘ਗੁਰਦੁਆਰਾ ਬਾਲਾ ਪ੍ਰੀਤਮ’ ਸੁਸ਼ੋਭਿਤ ਹੈ। ਬਹੁਤ ਹੀ ਛੋਟੀ ਉਮਰ ਵਿੱਚ ਗੁਰਿਆਈ ਦੀ ਬਹੁਤ ਵੱਡੀ ਜ਼ਿੰਮੇਵਾਰ ਨਿਭਾਉਣ ਸਦਕਾ ਆਪ ਜੀ ਨੂੰ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਹੈ।