ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥

0
2036

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥

ਭਗਤ ਪੂਰਨ ਸਿੰਘ ਜੀ

ਬੱਚਾ ਕਹਾਣੀ ਨੂੰ ਸੁਣਦਾ ਹੈ ਤੇ ਆਦਰਸ਼ਕ ਜੀਵਨ ਦੀ ਘਾੜਤ ਘੜਨ ਵਾਲੀਆਂ ਕਹਾਣੀਆਂ ਬੱਚਿਆਂ ਦੇ ਮਨਾਂ ਵਿੱਚ ਬੈਠ ਜਾਂਦੀਆਂ ਹੁੰਦੀਆਂ ਹਨ; ਉਨ੍ਹਾਂ ਨੂੰ ਜੀਵਨ ਲਈ ਠੀਕ ਸੇਧ ਦਿੰਦੀਆਂ ਹਨ ਤੇ ਉਨ੍ਹਾਂ ਦੇ ਜੀਵਨ ਨੂੰ ਆਪਣੇ ਸਾਂਚੇ ਵਿੱਚ ਢਾਲਦੀਆਂ ਰਹਿੰਦੀਆਂ ਹਨ। ਬੱਚਿਆਂ ਦੀ ਇੱਕ ‘ਸੁਫਨਿਆਂ ਦੀ ਦੁਨੀਆਂ’ ਹੁੰਦੀ ਹੈ, ਉਨ੍ਹਾਂ ਦੀਆਂ ਦੁਨੀਆਂ ਵਾਲੀਆਂ ਕਹਾਣੀਆਂ ਉਹਨਾਂ ਨੂੰ ਸੁਣਾਉਣੀਆਂ ਚਾਹੀਦੀਆਂ ਹਨ।

ਪੱਥਰ ਦੇ ਕੋਲੇ, ਡੀਜਲ ਤੇ ਪੈਟਰੌਲ ਨਾਲ ਜਿਹੜੀ ਮਸ਼ੀਨਰੀ ਚੱਲਦੀ ਹੈ, ਉਸ ਦੇ ਅਨੇਕਾਂ ਰੂਪ ਹਨ, ਜਿਵੇਂ -ਰੇਲ ਦਾ ਇੰਞਣ, ਸੜਕਾਂ ਦੀ ਟ੍ਰੈਫਿਕ, ਆਦਿ । ਵੱਖ-ਵੱਖ ਰੂਪਾਂ ਦੀਆਂ ਇਨ੍ਹਾਂ ਮਸ਼ੀਨਾਂ ਨੂੰ ਹੋਂਦ ਵਿੱਚ ਆਈਆਂ ਨੂੰ ਢਾਈ ਸੌ ਸਾਲਾਂ ਦਾ ਸਮਾਂ ਨਹੀਂ ਹੋਇਆ । ਸਵਾ ਦੋ ਸੌ ਸਾਲ ਵਿੱਚ ਜਿਹੜੀ ਤਬਾਹੀ ਹਵਾ, ਪਾਣੀ ਤੇ ਧਰਤੀ ਦੀ ਇਨ੍ਹਾਂ ਮਸ਼ੀਨਾਂ ਨੇ ਕੀਤੀ ਉਹ ਦਿਲ ਹਿਲਾ ਦੇਣ ਵਾਲੀ ਹੈ, ਪਰ ਇਨ੍ਹਾਂ ਮਸ਼ੀਨਾਂ ਤੋਂ ਪੈਦਾ ਹੋਣ ਵਾਲੀਆਂ ਤਬਾਹੀਆਂ ਤੋਂ ਬਚਣ ਦਾ ਗਿਆਨ ਦੁਨੀਆਂ ਦੇ ਬੰਦਿਆਂ ਨੂੰ ਦੇਣ ਲਈ ਨਾ ਲੋੜ ਅਨੁਸਾਰ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ ਤੇ ਨਾ ਹੀ ਲੋੜ ਅਨੁਸਾਰ ਬੰਦੇ ਖੜ੍ਹੇ ਹੋਏ ਹਨ। ਅਜਿਹਾ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਣਗਿਣਤ ਬੰਦਿਆਂ ਦੀ ਲੋਣ ਹੈ। ਮੋਟਰਕਾਰਾਂ, ਮੋਟਰਸਾਈਕਲਾਂ ਦੀ ਸਵਾਰੀ ਨਾ ਕੇਵਲ ਆਰਾਮ-ਤਲਬੀ ਲਈ ਕੀਤੀ ਜਾ ਰਹੀ ਹੈ ਬਲਕਿ ਹੰਕਾਰ ਦੇ ਪ੍ਰਗਟਾਵਿਆਂ ਲਈ ਵੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਅਨੇਕਾਂ ਚੀਜਾਂ ਦੇ ਨਾਮ ਲਏ ਜਾ ਸਕਦੇ ਹਨ ਜਿਹੜੀਆਂ ਆਰਾਮ-ਤਲਬੀ, ਆਯਾਸ਼ੀ ਤੇ ਹੰਕਾਰ ਦੇ ਪ੍ਰਗਟਾਵਿਆਂ ਲਈ ਵਰਤੀਆਂ ਜਾ ਰਹੀਆਂ ਹਨ। ਲੋਕੀਂ ਆਪਣੀ ਮੂਰਖਤਾ ਨਾਲ ਮੋਟਰਕਾਰਾਂ, ਮੋਟਰਸਾਈਕਲਾਂ ਜੈਸੀਆਂ ਚੀਜਾਂ ਨੂੰ ਵਰਤਦੇ ਹੋਏ ਪ੍ਰਾਣੀ-ਮਾਤਰ ਲਈ ਸੰਸਾਰ ਵਿਚ ਅਨੇਕਾਂ ਤਬਾਹੀਆਂ ਪੈਦਾ ਕਰ ਰਹੇ ਹਨ। ਗੁਰਦੁਆਰੇ, ਧਰਮ-ਅਸਥਾਨ ਤਾਂ ਰੱਬ ਦੀ ਹੋਂਦ ਨੂੰ ਯਾਦ ਕਰਾਉਂਦੇ ਹਨ ਤੇ ਰੱਬ ਦੀ ਹੋਂਦ ਦਾ ਸਬੂਤ ਵੀ ਦੇਂਦੇ ਹਨ। ਦੁਨੀਆਂ ਵਿੱਚ ਅਜਿਹੀਆਂ ਇਸਤਰੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਆਪਣੇ ਪੁੱਤਰਾਂ ਧੀਆਂ ਦੀਆਂ ਤੰਦਰੁਸਤੀਆਂ, ਲੰਮੀਆਂ ਉਮਰਾਂ ਤੇ ਜੀਵਨ ਦੀ ਪ੍ਰਫੁਲਿਤਾ ਲਈ ਰੱਬ ਅੱਗੇ ਅਰਦਾਸ ਕਰਨ ਦੀ ਲੋੜ ਪੈਂਦੀ ਹੈ ਕਿ ਰੱਬਾ ਮੇਰੇ ਬੱਚੇ ਨੂੰ ਤੂੰ ਸਾਰੀਆਂ ਦਾਤਾਂ ਬਖਸ਼ੀਂ ਜਿਹੜੀਆਂ ਦਾਤਾਂ ਤੇਰੇ ਖ਼ਜ਼ਾਨੇ ਵਿਚ ਤੇਰੇ ਕੰਮ ਲਈ ਜੀਵਨ ਅਰਪਣ ਕਰਨ ਵਾਲੇ ਬੰਦਿਆਂ ਲਈ ਹੁੰਦੀਆਂ ਹਨ। ਜਿਨ੍ਹਾਂ ਦਾਤਾਂ ਨਾਲ ਉਨ੍ਹਾਂ ਨੇ ਸੰਸਾਰ ਦੀ ਵਿਗੜੀ ਬਣਾਉਣੀ ਹੁੰਦੀ ਹੈ, ਦੁੱਖਾਂ ਵਿੱਚੋਂ ਕੱਢਣਾ ਤੇ ਮੁਸੀਬਤਾਂ ’ਚੋਂ ਬਚਾ ਕੇ ਸਫਲਤਾ ਦੇ ਰਾਹ ’ਤੇ ਤੋਰਨਾ ਹੁੰਦਾ ਹੈ। ਮੈਂ ਆਪਣੀ ਮਾਂ ਦਾ ਇਕੱਲਾ ਬੱਚਾ ਸਾਂ। ਜਦੋਂ ਮੈਂ ਸੱਤਾਂ ਕੁ ਸਾਲਾਂ ਦਾ ਸਾਂ ਤਾਂ ਮੈਨੂੰ ਬੁਖਾਰ ਚੜ੍ਹ ਗਿਆ ਸੀ। ਬੁਖਾਰ ਚੜ੍ਹੇ ਨੂੰ ਸ਼ਾਇਦ ਚੌਥਾ ਦਿਨ ਹੀ ਹੋਇਆ ਹੋਵੇਗਾ ਕਿ ਮਾਂ ਭਾਰੀ ਚਿੰਤਾ ਵਿਚ ਪੈ ਗਈ ਸੀ। ਉਸ ਨੇ ਬਿਹਬਲ ਹੋ ਕੇ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਰੱਬਾ ਮੇਰੇ ਪੁੱਤ ਦਾ ਬੁਖਾਰ ਹਟਾ, ਇਸ ਨੂੰ ਰਾਜ਼ੀ ਕਰ, ਰਾਜ਼ੀ ਹੋ ਕੇ ਇਹ ਸਾਰੀ ਉਮਰ ਤੇਰੇ ਹੀ ਕੰਮ ਕਰੇਗਾ। ਮੇਰੀ ਮਾਂ ਨੇ ਤੰਦਰੁਸਤੀ ਲਈ ਸੁੱਖਣਾ ਸੁੱਖਣ ਲਈ ਕੋਈ ਢਿੱਲ ਨਾ ਦਿਖਾਈ ਤੇ ਮਨ ਵਿਚ ਚਿੰਤਾ ਪੈਦਾ ਹੁੰਦਿਆਂ ਹੀ ਤੁਰੰਤ ਇਹ ਵੱਡੀ ਤੋਂ ਵੱਡੀ ਸੁੱਖਣਾ ਸੁੱਖੀ। ਉਹ ਚਾਹੁੰਦੀ ਸੀ ਕਿ ਬੱਚੇ ਦੀ ਤੰਦਰੁਸਤੀ ਜ਼ਰੂਰੀ ਹੈ ਤੇ ਉਸ ਦੀ ਪ੍ਰਾਪਤੀ ਲਈ ਕੋਈ ਵੀ ਸੁੱਖਣਾ ਵੱਡੀ ਨਹੀਂ ਹੋ ਸਕਦੀ। ਮੇਰੀ ਮਾਂ ਨੂੰ ਮੇਰੇ ਤੋਂ ਬਿਨਾਂ ਕੁਝ ਹੋਰ ਪਿਆਰਾ ਨਹੀਂ ਸੀ ਤੇ ਨਾ ਹੀ ਵਧੇਰੇ ਮਹੱਤਤਾ ਵਾਲਾ ਸੀ। ਮੈਂ ਹੀ ਉਸ ਦੀ ਵੱਡੀ ਤੋਂ ਵੱਡੀ ਮੁਰਾਦ ਸੀ। ਉਸ ਅਰਦਾਸ ਦੇ ਪਰਛਾਵੇਂ ਵਿੱਚ ਪਲੇ ਹੋਏ ਨੇ ਮੈਂ ਧਰਤੀ ਉੱਤੇ ਰੱਬ ਦੀਆਂ ਸ਼ਕਤੀਆ ਦੇ ਪ੍ਰਤੀਨਿਧ ਕਿਸੇ ਆਦਰਸ਼ਕ ਧਰਮ ਅਸਥਾਨ ਨੂੰ ਲੱਭਣਾ ਹੀ ਸੀ ਜਿਸ ਦੀ ਛਤਰ ਛਾਇਆ ਹੇਠ ਜੀਵਨ ਅਰਪਣ ਕਰ ਕੇ ਮੈਂ ਰੱਬ ਦੇ ਕੰਮਾਂ ਨੂੰ ਕਰਨ ਦੀ ਜਾਚ ਸਿੱਖਦਾ ਤੇ ਰੱਬ ਦੇ ਕੰਮਾਂ ਨੂੰ ਕਰਨ ਦਾ ਅਵਸਰ ਵੀ ਮਿਲਦਾ। ਉਹ ਧਰਮ ਅਸਥਾਨ ਮੈਨੂੰ ਪਾਕਿਸਤਾਨ ਵਿੱਚ ਜਾ ਚੁੱਕੇ ਸ਼ਹਿਰ ਲਾਹੌਰ ਦਾ ਗੁਰਦੁਆਰਾ ਡੇਹਰਾ ਸਾਹਿਬ ਲੱਭਿਆ ਸੀ, ਜਿਹੜਾ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸੀ੍ਰ ਗੁਰੂ ਅਰਜੁਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ। ਮੇਰੇ ਬਚਪਨ ਦੇ ਸਮੇਂ ਰਾਤ ਨੂੰ ਸੌਣ ਲੱਗਿਆਂ ਮੇਰੀ ਮਾਂ ਧ੍ਰੂ ਤਾਰੇ ਵੱਲ ਉਂਗਲੀ ਕਰ ਕੇ ਕਿਹਾ ਕਰਦੀ ਸੀ ਕਿ ਧ੍ਰੂ ਤਾਰਾ ਪੰਜ ਸਾਲ ਦਾ ਮੁੰਡਾ ਹੈ ਜਿਸ ਦੀ ਉਮਰ ਸਦਾ ਪੰਜ ਸਾਲ ਦੀ ਹੀ ਰਹਿੰਦੀ ਹੈ, ਵਧਦੀ ਨਹੀਂ। ਜਦ ਇਹ ਪੰਜ ਸਾਲ ਦਾ ਹੋਇਆ ਸੀ ਤਾ ਰੱਬ ਪਾਸ ਗਿਆ ਸੀ ਤੇ ਇਸ ਨੇ ਰੱਬ ਨੂੰ ਕਿਹਾ ਸੀ ਕਿ ਰੱਬਾ ! ਮੈਂ ਤੇਰਾ ਭਗਤ ਬਣਨਾ ਹੈ। ਰੱਬ ਨੇ ਕਿਹਾ ਚੰਗਾ ਮੈਂ ਤੈਨੂੰ ਆਪਣਾ ਅਰਦਲੀ ਬਣਾ ਲੈਂਦਾ ਹਾਂ। ਧ੍ਰੂ ਰੱਬ ਦੇ ਦਰਬਾਰ ਵਿਚ ਰੱਬ ਦਾ ਅਰਦਲੀ ਬਣ ਕੇ ਖੜ੍ਹਾ ਹੈ। ਮੇਰੇ ਬਚਪਨ ਦੇ ਸਮੇ ਵਿੱਚ ਜਿਹੜੇ ਧਰਮ ਦੇ ਸੰਸਕਾਰ ਮੇਰੇ ਮਨ ਵਿੱਚ ਪਏ ਉਹਨਾਂ ਵਿੱਚੋਂ ਜਿਸ ਸੰਸਕਾਰ ਨੇ ਮੇਰੇ ਮਨ ਵਿੱਚ ਸਭ ਤੋਂ ਵੱਧ ਥਾਂ ਮੱਲੀ ਤੇ ਮੇਰੇ ਮਨ ਵਿੱਚ ਹਮੇਸ਼ਾਂ ਛਾਇਆ ਰਿਹਾ ਹੈ, ਉਹ ਧ੍ਰੂ ਭਗਤ ਦੀ ਕਹਾਣੀ ਸੀ। ਮੈਂ ਪਿੰਡ ਵਿੱਚ ਜੰਮਿਆ ਪਲਿਆ ਹਾਂ। ਪਿੰਡ ਵਿਚ ਚੁਬਾਰਾ ਕੋਈ ਵਿਰਲਾ ਹੁੰਦਾ ਹੈ। ਰਾਤ ਨੂੰ ਮੰਜਿਆਂ ਤੇ ਲੋਕਾਂ ਨੂੰ ਅਸਮਾਨ ਤੇ ਤਾਰੇ ਨਜ਼ਰ ਆ ਰਹੇ ਹੁੰਦੇ ਹਨ। ਮੇਰੀ ਮਾਂ ਧ੍ਰੂ ਤਾਰੇ ਦਾ ਧਿਆਨ ਕਰਾਉਂਦੀ ਰਹਿੰਦੀ ਸੀ। ਮੈਨੂੰ ਵੀ ਰਾਤ ਦੇ ਸਮੇਂ ਮੰਜੇ ’ਤੇ ਪਏ ਨੂੰ ਧ੍ਰੂ ਤਾਰਾ ਦਿਸਦਾ ਰਹਿੰਦਾ ਸੀ। ਇਸ ਤਰ੍ਹਾਂ ਮੇਰੇ ਬਚਪਨ ਦੇ ਲੜਕਪਨ ਦੇ ਲੰਮੇ ਸਮੇਂ ਤੱਕ ਧ੍ਰੂ ਤਾਰਾ ਰੋਜ਼ ਮੇਰੀ ਨਿਗ੍ਹਾ ਵਿੱਚ ਆਉਂਦਾ ਰਿਹਾ ਤੇ ਮੈਂ ਆਪਣੇ ਵਿਚ ਰੱਬ ਦੀ ਦਰਗਾਹ ਦਾ ਅਰਦਲੀ ਬਣਨ ਦਾ ਨਕਸ਼ਾ ਵਸਾਉਂਦਾ ਗਿਆ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਮੇਰੇ ਲਈ ਰੱਬ ਦਾ ਘਰ ਸਾਬਤ ਹੋਇਆ। ਰੱਬ ਦੇ ਪਾਸ ਸਾਰੀ ਦੁਨੀਆ ਦੇ ਫਰਿਆਦੀ ਜਾਂਦੇ ਹਨ ਤੇ ਉਸ ਅੱਗੇ ਆਪਣੀਆਂ ਆਪਣੀਆਂ ਚਿੰਤਾਜਨਕ ਸਮੱਸਿਆਵਾਂ ਨੂੰ ਬਿਆਨ ਕਰਦੇ ਹਨ। ਰੱਬ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹਨਾਂ ਨੂੰ ਰਾਹ ਦੱਸਦਾ ਰਹਿੰਦਾ ਹੈ, ਧ੍ਰੂ ਉਹਨਾਂ ਸਾਰੀਆਂ ਗੱਲਾਂ ਨੂੰ ਸੁਣ ਸੁਣ ਕੇ ਸਾਰੀਆਂ ਸਮੱਸਿਆਵਾਂ ਨੂੰ ਸਮਝਣ ਲੱਗ ਪੈਂਦਾ ਹੈ । ਜਿਹੜੇ ਬੰਦੇ ਨਿਆਸਰੇ ਤੇ ਅਪਾਹਿਜ ਹੋਣ ਤੇ ਰੋਗੀ ਹੋਣ ਉਹਨਾਂ ਦੀ ਸੇਵਾ ਲਈ ਰੱਬ ਸੇਵਾਦਾਰ ਭੇਜਦਾ ਹੈ; ਜਿਵੇਂ ਕਿ 1934 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਬੂਹੇ ਅੱਗੇ ਲਾਵਾਰਸੀ ਦੀ ਹਾਲਤ ਵਿੱਚ ਛੱਡਿਆ ਹੋਇਆ ਲੂਲ੍ਹਾ, ਮੈਂ ਸਾਂਭਿਆ ਹੈ। ਮੈਂ ਉਸ ਛੱਡੇ ਹੋਏ ਲੂਲ੍ਹੇ ਨੂੰ ਪਿਛਲੇ 59 ਸਾਲਾਂ ਤੋਂ ਸਾਂਭ ਰਿਹਾ ਹਾਂ। ਉਸ ਬੱਚੇ ਤੋਂ ਤੀਹ ਹਜ਼ਾਰ ਰੁਪਏ ਰੋਜ ਦੇ ਖਰਚ ਨਾਲ਼ ਚੱਲਣ ਵਾਲੀ ਪਿੰਗਲਵਾੜਾ ਸੰਸਥਾ ਹੋਂਦ ਵਿੱਚ ਆਈ ਹੈ। ਰੱਬ ਦਇਆਵਾਨ ਹੈ ਉਸ ਨੇ ਦੁਨੀਆ ਪੈਦਾ ਕੀਤੀ ਹੈ। ਉਸ ਨੂੰ ਦੁਨੀਆ ਦਾ ਫਿਕਰ ਕਰਨਾ ਪੈਂਦਾ ਹੈ। ਉਸ ਨੂੰ ਉੱਪਰ ਲਿਖੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਭਗਤਾਂ ਦੀ ਲੋੜ ਹੁੰਦੀ ਹੈ ਜਿਹੜੇ ਉਸ ਦੇ ਕਾਰਜ ਲਈ ਆਪਣਾ ਜੀਵਨ ਅਰਪਣ ਕਰਨ । ਰੱਬ ਨੂੰ ਇਹ ਲੋੜ ਕਿੰਨੀ ਕੁ ਹੈ, ਇਸ ਲੋੜ ਦਾ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠ ਲਿਖੇ ਸ਼ਬਦ ਤੋਂ ਲੱਗਦਾ ਹੈ :

ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ॥ (ਮ: ੫/੫੩੨) ਅਰਥਾਤ – ਹਰਿ ਜਨ ਨੇ ਆਪਣਾ ਜਨਮ ਸਫਲ ਕਰ ਲਿਆ ਹੈ ਕਿਉਂਕਿ ਉਸ ਨੇ ਰੱਬ ਦਾ ਪੁੱਤਰ ਬਣ ਕੇ ਰੱਬ ਨੂੰ ਔਂਤਰਾ (ਬੇਉਲ਼ਾਦ) ਹੋਣ ਤੋਂ ਬਚਾਇਆ ਹੈ । ਗੁਰਦੁਆਰਾ ਡੇਹਰਾ ਸਾਹਿਬ ਵਿਖੇ ਬੇਕਾਰੀ ਦੇ ਮਾਰੇ ਗਰੀਬ ਪਰਿਵਾਰ ਆਉਂਦੇ ਸਨ । ਹੋਰਨਾਂ ਅਨੇਕਾਂ ਚਿੰਤਾਜਨਕ ਸਮੱਸਿਆਵਾਂ ਵਾਲੇ ਬੰਦੇ ਆਉਂਦੇ ਸਨ । ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਗਿਆਨ ਪ੍ਰਾਪਤ ਕਰਨ ਲਈ ਮੈਨੂੰ ਉਸ ਵੇਲੇ ਦੇ ਸਾਂਝੇ ਪੰਜਾਬ ਦੀ ਰਾਜਧਾਨੀ ਦੇ ਉਸ ਸ਼ਹਿਰ ਦੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਵਿੱਚ ਜਾ ਕੇ ਪੁਸਤਕਾਂ, ਮਾਸਿਕ ਪੱਤਰ ਤੇ ਸਪਤਾਹਿਕ ਪਰਚੇ ਪੰਜਾਬੀ, ਅੰਗਰੇਜ਼ੀ, ਹਿੰਦੀ ਤੇ ਉਰਦੂ ’ਚ ਪੜ੍ਹਨੇ ਪੈਂਦੇ ਸਨ । ਸਿੱਖ ਪੰਥ ਦੇ ਵਿਦਵਾਨ ਜੋਗਿੰਦਰ ਸਿੰਘ ਸਵਰਗਵਾਸੀ ਨੇ ਪੰਜਾਬ ਯੂਨੀਵਰਸਿਟੀ, ਲਾਹੋਰ ਦੀ ਸਾਲਾਨਾ ਇਕੱਤਰਤਾ (ਕਾਨਵੋਕੇਸ਼ਨ) ਦੇ ਅਵਸਰ ’ਤੇ ਬੋਲਦਿਆਂ ਕਿਹਾ ਸੀ ਕਿ ਪਿਛਲੇ ਜ਼ਮਾਨੇ ਵਿੱਚ ਮਾਵਾਂ ਸੌਣ ਲੱਗਿਆਂ ਬੱਚਿਆਂ ਨੂੰ ਸੰਤਾਂ ਭਗਤਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਸਨ, ਜਿਨ੍ਹਾਂ ਕਹਾਣੀਆਂ ਦੇ ਸੰਸਕਾਰਾਂ ਨਾਲ ਬੱਚੇ ਸੇਵਾ ਭਾਵ ਵਾਲੇ, ਦਇਆਵਾਨ ਤੇ ਸੰਤੋਖੀ ਬਣਦੇ ਰਹਿੰਦੇ ਸਨ । ਇਹ ਵਿਆਖਿਆਨ 1926 ਵਿੱਚ ਹੋਇਆ ਹੋਵੇਗਾ । ਡਾਕਟਰ ਹਰਭਜਨ ਸਿੰਘ ਗੁਰਮਤਿ ਦਾ ਇੱਕ ਸਿਰਕੱਢ ਵਿਦਵਾਨ ਹੋਇਆ ਹੈ ਜਿਸ ਨੇ ਇੰਗਲੈਂਡ ਦੇ ਸਿਰਕੱਢ ਵਿਦਵਾਨਾਂ ਅੱਗੇ ਗੁਰਮਤਿ ਦੇ ਵਿਆਖਿਆਨ ਦੇ ਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਸੀ । ਉਸ ਦੇ ਉਹਨਾਂ ਵਿਆਖਿਆਨਾਂ ਨੂੰ ਮੈਂ ਅੰਗਰੇਜ਼ੀ ਵਿੱਚ ਛਾਪ ਕੇ ਮੁਫਤ ਵੰਡ ਰਿਹਾ ਹਾਂ । ਜਦੋਂ ਉਹ ਬੱਚਾ ਸੀ, ਉਸ ਸਮੇਂ ਉਸ ਦੀ ਮਾਂ ਸਿੱਖ ਪੰਥ ਦੇ ਸਭ ਤੋਂ ਵੱਡੇ ਇਤਿਹਾਸਕ ਗ੍ਰੰਥ ‘ਸੂਰਜ ਪ੍ਰਕਾਸ਼’ ਨੂੰ ਰਾਤ ਦੇ ਵੇਲੇ ਸੌਣ ਤੋਂ ਪਹਿਲਾਂ ਪੜ੍ਹਦੀ ਹੁੰਦੀ ਸੀ ਤੇ ਪਿਤਾ ਅਰਥ ਕਰਿਆ ਕਰਦਾ ਸੀ। ਇਕ ਦੂਜੀ ਕਹਾਣੀ, ਜੋ ਮੇਰੇ ਬਚਪਨ ਦੇ ਸਮੇਂ ਮੇਰੇ ਮਨ ਵਿੱਚ ਵਸੀ, ਉਹ ਸ਼ਿਵ ਜੀ ਮਹਾਰਾਜ ਦੀ ਕਹਾਣੀ ਸੀ ਕਿ ਸ਼ਿਵ ਜੀ ਮਹਾਰਾਜ ਰਾਤ ਨੂੰ ਤਦ ਸੌਂਦੇ ਹਨ ਜਦ ਉਹ ਦੇਖ ਲੈਣ ਕਿ ਸੰਸਾਰ ਦਾ ਕੋਈ ਵੀ ਜੀਵ ਭੁੱਖਾ ਤਾਂ ਨਹੀਂ ਰਹਿ ਗਿਆ।

ਜਵਾਨੀ ਵਿਚ ਬੰਦੇ ਨੂੰ ਅਨੇਕ ਪ੍ਰਕਾਰ ਦੇ ਸੇਵਾ ਦੇ ਕੰਮ ਕਰਨ ਲਈ ਹੋਣੇ ਚਾਹੀਦੇ ਹਨ ਜਿਨ੍ਹਾਂ ਕੰਮਾਂ ਨੂੰ ਕਰਨ ਲਈ ਸਰੀਰ ਨੂੰ ਪੂਰੀ ਦੌੜ ਕਰਨੀ ਪਵੇ; ਹਿਰਦੇ ’ਤੇ ਦਇਆ ਤੇ ਪ੍ਰੇਮ ਦੇ ਸੰਸਕਾਰਾਂ ਦੀ ਤ੍ਰਿਪਤੀ ਹੋਵੇ ਤੇ ਬੁੱਧੀ ਦਾ ਪੂਰਾ-ਪੂਰਾ ਤਾਣ ਲਾਉਣਾ ਪਵੇ। ਅਜਿਹੇ ਕੰਮ ਮੈਨੂੰ ਗੁਰਦਵਾਰਾ ਡੇਹਰਾ ਸਾਹਿਬ ਦੀ ਛਤ੍ਰ ਛਾਇਆ ਹੇਠ, ਦਿਨ ਰਾਤ ਕਰਨੇ ਪੈਂਦੇ ਸਨ; ਜਿਨ੍ਹਾਂ ਨੂੰ ਕਰਦਾ ਹੋਇਆ ਮੈਂ ਰੱਬ ਦੇ ਬੂਹੇ ਦਾ ਅਰਦਲੀ ਮਹਿਸੂਸ ਕਰਿਆ ਕਰਦਾ ਸਾਂ। ਡੇਹਰਾ ਸਾਹਿਬ ਦੀ ਛਤਰ-ਛਾਇਆ ਹੇਠ, ਮੈਂ ਸੰਸਾਰ ਦੀਆਂ ਚਿੰਤਾਜਨਕ ਸਮੱਸਿਆਵਾਂ ਦਾ ਗਿਆਨ, ਲਾਇਬ੍ਰੇਰੀਆਂ ਦੀ ਪੜ੍ਹਾਈ ਨਾਲ ਪ੍ਰਾਪਤ ਕਰਨਾ ਆਰੰਭ ਕੀਤਾ ਹੋਇਆ ਸੀ। ਉਹ ਮੇਰੀ ਪੜ੍ਹਾਈ 1992 ਦੀ 88 ਸਾਲਾਂ ਦੀ ਉਮਰ ਤੱਕ ਚਲਦੀ ਆ ਰਹੀ ਹੈ ਤੇ ਉਸ ਨੇ ਮੈਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬੂਹੇ ਦਾ ਅਰਦਲੀ ਬਣਾ ਕੇ ਬਿਠਾ ਦਿੱਤਾ ਹੈ; ਜਿੱਥੇ ਬੈਠ ਕੇ ਮੈਂ ਆਪਣੇ ਛਾਪੇ ਹੋਏ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਇਸ਼ਤਿਹਾਰਾਂ ਤੇ ਕਿਤਾਬਚਿਆਂ ਦੀ ਮੁਫਤ ਵੰਡਾਈ ਨਾਲ ਸਾਰੇ ਸੰਸਾਰ ਵਿਚ ਸ੍ਰੀ ਦਰਬਾਰ ਸਾਹਿਬ ਦਾ ਜੱਸ ਫੈਲਾਅ ਰਿਹਾ ਹਾਂ। ਉਹ ਇਸ਼ਤਿਹਾਰ ਤੇ ਕਿਤਾਬਚੇ ਸੰਸਾਰ ਦੇ ਪ੍ਰਾਣੀ-ਮਾਤਰ ਦੀਆਂ ਸਾਰੀਆਂ ਚਿੰਤਾਜਨਕ ਸਮੱਸਿਆਵਾਂ ਬਾਰੇ ਹਨ। ਮੈਂ ਦਸਵੀਂ ਫੇਲ੍ਹ ਦੀ ਪੂੰਜੀ ਨਾਲ ਆਪਣੀ ਅਖ਼ਬਾਰਾਂ, ਮਾਸਿਕ ਤੇ ਸਪਤਾਹਿਕ ਪੱਤਰਾਂ ਤੇ ਪੁਸਤਕਾਂ ਦੀ ਪੜ੍ਹਾਈ ਆਰੰਭ ਕੀਤੀ ਸੀ, ਉੁਹ ਪੜ੍ਹਾਈ ਅੱਜ ਦੇਸ਼ ਦੇ ਵੱਡੇ ਵੱਡੇ ਸਿਰਕੱਢ ਵਿਦਵਾਨਾਂ ਨੂੰ ਹੈਰਾਨ ਕਰ ਰਹੀ ਹੈ। ਇਹ ਸਾਰਾ ਫਲ਼, ਮੇਰੀ ਮਾਂ ਪਾਸੋਂ ਮੇਰੇ ਬਚਪਨ ਦੀਆਂ ਸੁਣੀਆਂ ਕਹਾਣੀਆਂ ਦਾ ਹੈ।