19.7 C
Jalandhar
Monday, April 13, 2026
spot_img
Home Blog Page 130

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

0

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

-ਰਮੇਸ਼ ਬੱਗਾ ਚੋਹਲਾ ਡਬਲ ਐਮ. ਏ, ਐਮ. ਐਡ. 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਰਿਸ਼ੀ ਮੁਨੀ ਕਈ ਮੰਨਦੇ ਰਹੇ, ਬੁਰਿਆਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਕਿਸੇ ਕਿਹਾ ਬਘਿਆੜੀ ਇਸ ਨੂੰ, ਕਿਸੇ ਨੇ ਜੁੱਤੀ ਪੈਰਾਂ ਦੀ,

ਇਸ ਦੇ ਹੱਕ ਵਿਚ ਕਲਮ ਕਦੇ ਨਾ, ਭੁਗਤੀ ਸ਼ਾਇਰਾਂ ਦੀ,

ਬਖਸ਼ੀ ਨਹੀਂ ਵਿਦਵਾਨਾਂ ਨੇ, ਚੰਗਿਆਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਸਮਝਦੇ ਕਈ ਖਿਡੌਣਾ ਇਸ ਨੂੰ, ਮਨ ਪ੍ਰਚਾਵੇ ਦਾ,

ਲੈਂਦੇ ਸੀ ਕਈ ਕੰਮ ਇਸ ਤੋਂ, ਲੋਕ ਦਿਖਾਵੇ ਦਾ,

ਠੱਗਿਆ ਕਈ ਚਲਾਕਾਂ ਨਾਲ, ਚਤਰਾਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਇਸ ਦੀ ਕੁੱਖ ’ਚੋਂ ਜਨਮ ਲਿਆ, ਰਾਜੇ ਮਹਾਂ ਰਾਜਿਆਂ ਨੇ,

ਫਿਰ ਵੀ ਲਿਹਾਜ਼ ਨਾ ਕੀਤਾ, ਇਸ ਦਾ ਬੇਲਿਹਾਜ਼ਿਆਂ ਨੇ,

ਨਫ਼ਰਤ ਕਰਦੀ ਰਹੀ ਹੈ, ਕੁੱਝ ਲੁਕਾਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਬੀਰ, ਬਹਾਦਰ ਆਪਣੀ ਗੋਦ ਖਿਡਾਏ ਔਰਤ ਨੇ,

ਬੰਦੇ ਤਾਈਂ ਜਿਉਣ ਦੇ ਵੱਲ, ਸਿਖਾਏ ਔਰਤ ਨੇ,

ਮਿਲਦੀ ਫਿਰ ਵੀ ਇੱਜ਼ਤ ਨਾ, ਮਨ ਚਾਹੀ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਘਰ ਪਰਿਵਾਰ ਦਾ ਭਲਾ ਹਮੇਸ਼ਾਂ, ਚਾਹਿਆ ਔਰਤ ਨੇ,

ਭੁੱਖੀ ਰਹਿ ਕੇ ਟੱਬਰ ਤਾਈਂ, ਰਜਾਇਆ ਔਰਤ ਨੇ,

ਅਕਾਲ ਪੁਰਖ ਨੇ ਭੇਜਿਆ, ਕਰਨ ਭਲਾਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਬਹੁਤੇ ਵਲ-ਛਲ ਕਰਨੇ ਨਹੀਂ ਹਨ, ਆਉਂਦੇ ਔਰਤ ਨੂੰ,

ਦਗੇਬਾਜ਼ ਫ਼ਰੇਬੀ ਕਦੇ ਨਹੀਂ, ਜੇ ਭਾਉਂਦੇ ਔਰਤ ਨੂੰ,

ਚੰਗੀ ਲੱਗਦੀ ਹੁੰਦੀ, ਸਿਰਫ਼ ਸਚਾਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਕਿਹਾ ਬਾਬੇ ਨੇ ਮੰਦੇ ਬੋਲ ਨਾ, ਬੋਲੋ ਇਨ੍ਹਾਂ ਨੂੰ,

ਢੋਰ ਗਵਾਰਾਂ ਨਾਲ ਕਦੇ ਨਾ, ਤੋਲੋ ਇਨ੍ਹਾਂ ਨੂੰ,

ਮਾਂ ਭੈਣ ਜਿਹੀ ਜਾਣੋ, ਦੇਖ ਪਰਾਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

ਜਿਸ ਘਰ ਦੇ ਵਿਚ ਔਰਤ ਦਾ ਸਤਿਕਾਰ ਨਹੀਂ ਹੁੰਦਾ,

‘ਬੱਗਾ’ ਕਹਿੰਦਾ ਉਸ ਘਰ ਦੇ ਵਿਚ ਪਿਆਰ ਨਹੀਂ ਹੁੰਦਾ,

‘ਚੋਹਲੇ’ ਵਾਲਾ ਜਾਵੇ, ਸੀਸ ਝੁਕਾਈ ਔਰਤ ਨੂੰ।

ਗੁਰੂ ਨਾਨਕ ਜੀ ਨੇ ਦਿੱਤੀ ਹੈ, ਵਡਿਆਈ ਔਰਤ ਨੂੰ।

—-0—-

ਸਕੂਲਾਂ ਵਿਚ ਲੱਗਣ ਵਾਲੀ ਬਾਲ-ਸਭਾ ਦੀ ਵੀ ਰਹੀ ਹੈ ਇੱਕ ਵੱਡਮੁੱਲੀ ਦੇਣ

0

ਸਕੂਲਾਂ ਵਿਚ ਲੱਗਣ ਵਾਲੀ ਬਾਲ-ਸਭਾ ਦੀ ਵੀ ਰਹੀ ਹੈ ਇੱਕ ਵੱਡਮੁੱਲੀ ਦੇਣ

-ਰਮੇਸ਼ ਬੱਗਾ ਚੋਹਲਾ ਡਬਲ ਐਮ. ਏ, ਐਮ. ਐਡ. 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਵਿਚ ਪੜ੍ਹਣ-ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਦਾ ਵਕਤ ਵੀ ਨਿਰਧਾਰਿਤ ਹੋਇਆ ਕਰਦਾ ਸੀ। ਹਫ਼ਤੇ ਦੇ ਛੇਕੜਲੇ ਦਿਨ (ਜਿਹੜਾ ਕਿ ਆਮ ਤੌਰ ’ਤੇ ਸ਼ਨੀਵਾਰ ਹੁੰਦਾ ਸੀ) ਕੁੱਝ ਪੀਰੀਅਡ ਰਾਖਵੇਂ ਰੱਖ ਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕਿਸੇ ਹਾਲ ਜਾਂ ਪੰਡਾਲ ਵਿਚ ਇਕੱਠੇ ਕਰ ਲਿਆ ਜਾਂਦਾ ਸੀ। ਇਸ ਇਕੱਠ ਨੂੰ ਬਾਲ-ਸਭਾ ਦਾ ਨਾਂ ਦਿੱਤਾ ਜਾਂਦਾ ਸੀ ਜਿਸ ਵਿਚ ਤਾਲਿਬਇਲਮਾਂ ਨੂੰ ਆਪਾ ਪ੍ਰਗਟਾਉਣ/ਚਮਕਾਉਣ ਦੇ ਅਵਸਰ ਪ੍ਰਾਪਤ ਹੁੰਦੇ ਸਨ। ਇਸ ਬਾਲ ਸਭਾ ਵਿਚ ਸਕੂਲ ਦੇ ਅਧਿਆਪਕਾਂ ਦੀ ਨਾ ਸਿਰਫ਼ ਸਰਗਰਮ ਭਾਗੇਦਾਰੀ ਹੀ ਹੁੰਦੀ ਸੀ ਸਗੋਂ ਕੁੱਝ ਰਚਨਾਤਮਿਕ ਅਤੇ ਕਲਾਤਮਿਕ ਸੋਚ ਵਾਲੇ ਅਧਿਆਪਕਾਂ ਵੱਲੋਂ ਵਿਸ਼ੇਸ਼ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਂਦਾ ਸੀ।

ਸਕੂਲ ਵਿਚ ਨਿਯਮਿਤ ਰੂਪ ਵਿਚ ਲਗਾਈ ਜਾਣ ਵਾਲੀ ਬਾਲ-ਸਭਾ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਪ੍ਰਚਾਵੇ ਦਾ ਸਬੱਬ ਬਣਦੀ ਸੀ, ਉਥੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਅਤੇ ਕਲਾਤਮਿਕ ਪਹੁੰਚ ਨੂੰ ਉਭਾਰਣ, ਨਿਖਾਰਣ ਅਤੇ ਸੰਵਾਰਣ ਵਿਚ ਵੀ ਵਿਸ਼ੇਸ਼ ਸਹਾਈ ਹੁੰਦੀ ਸੀ। ਇਸ ਸਭਾ ਰਾਹੀਂ ਵਿਲੱਖਣ ਪ੍ਰਤਿਭਾ ਵਾਲੇ ਵਿਦਿਅਰਥੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ ਜਾਂਦਾ ਸੀ, ਜਿਹੜਾ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰ ਕੇ ਉਨ੍ਹਾਂ ਦੁਆਰਾ ਮਿਥੀ ਹੋਈ ਮੰਜ਼ਿਲ ਦੇ ਨਜਦੀਕ ਲੈ ਜਾਂਦਾ ਸੀ।

ਜੇਕਰ ਰਸਮੀ ਸਿਖਿਆ ਦੇ ਉਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਉਦੇਸ਼ ਕੇਵਲ ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਆਪਕ ਪੈਦਾ ਕਰਨਾ ਹੀ ਨਹੀਂ ਸਗੋਂ ਅਜਿਹੇ ਕਲਾਕਾਰ, ਸਾਹਿਤਕਾਰ ਅਤੇ ਬੁਲਾਰੇ ਪੈਦਾ ਕਰਨਾ ਵੀ ਹੈ, ਜੋ ਆਪਣੀ ਅਗਾਂਹਵਧੂ ਸੋਚਣੀ, ਲੇਖਣੀ ਅਤੇ ਬੋਲਣੀ ਨਾਲ ਸਾਹਿਤ, ਸਭਿਆਚਾਰ ਅਤੇ ਸਮਾਜ ਨੂੰ ਅਮੀਰ ਬਣਾ ਸਕਣ। ਕਾਫੀ ਹੱਦ ਤੱਕ ਇਹ ਅਮੀਰੀ ਵੀ ਸਕੂਲ ਦੀ ਬਾਲ-ਸਭਾ ਦੀ ਹੀ ਦੇਣ ਰਹੀ ਹੈ। ਜਦੋਂ ਕਦੇ ਸਥਾਪਿਤ/ਕਾਮਯਾਬ ਕਲਾਕਾਰਾਂ ਵਿਸ਼ੇਸ਼ ਕਰ ਕੇ ਗਾਇਕਾਂ ਜਾਂ ਅਭਿਨੇਤਾਵਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਵੀ ਆਪਣੀ ਸਥਾਪਤੀ/ਕਾਮਯਾਬੀ ਦਾ ਬਹੁਤਾ ਸਿਹਰਾ ਪੜ੍ਹਾਈ ਦੌਰਾਨ ਸਕੂਲ ਵਿਚ ਲੱਗਣ ਵਾਲੀ ਬਾਲ-ਸਭਾ ਨੂੰ ਹੀ ਦਿੰਦੇ ਹਨ।

ਸਕੂਲ ਦੁਆਰਾ ਨਿਯਮਿਤ ਰੂਪ ਵਿਚ ਕੀਤੀ ਜਾਣ ਵਾਲੀ ਬਾਲ-ਸਭਾ ਜਿੱਥੇ ਵਿਦਿਆਰਥੀ ਨੂੰ ਆਪਣਿਆਂ ਵਿਚ ਆਪਣੀ ਗੱਲ ਕਹਿ ਕੇ ਮਾਣ ਮਹਿਸੂਸ ਕਰਵਾਉਂਦੀ ਸੀ ਉੱਥੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਕੇ ਬਿਗਾਨਿਆਂ (ਬਾਹਰਲੇ ਵਿਸ਼ਾਲ ਇਕੱਠਾਂ) ਦੇ ਸਨਮੁੱਖ ਹੋਣ ਦੇ ਸਮਰੱਥ ਵੀ ਬਣਾਉਂਦੀ ਸੀ। ਇਸ ਸਭਾ ਵਿਚ ਹੀ ਪਹਿਲਾਂ ਸਕੂਲ ਦੇ ਗੁਣਵਾਨ ਬੱਚਿਆਂ ਨੂੰ ਤਲਾਸ਼ਿਆ ਜਾਂਦਾ ਸੀ ਅਤੇ ਇਸ ਤਲਾਸ਼ੀ ਤੋਂ ਬਾਅਦ ਯੋਗ ਅਧਿਆਪਕਾਂ ਦੁਆਰਾ ਤਰਾਸ਼ਿਆ ਜਾਂਦਾ ਸੀ। ਇਸ ਤਰ੍ਹਾਂ ਸਕੂਲ-ਸਭਾਵਾਂ ਵਿਚੋਂ ਤਲਾਸ਼ੇ ਅਤੇ ਅਧਿਆਪਕਾਂ ਦੁਆਰੇ ਤਰਾਸ਼ੇ ਵਿਦਿਆਰਥੀ ਜ਼ਿੰਦਗੀ ਵਿਚ ਕਈ ਵੱਡ-ਅਕਾਰੀਆਂ ਅਤੇ ਨਿਆਰੀਆਂ ਪ੍ਰਾਪਤੀ ਦੇ ਹੱਕਦਾਰ ਬਣ ਜਾਂਦੇ ਸਨ।

ਸਕੂਲ ਦੀ ਬਾਲ-ਸਭਾ ਦਾ ਇਕ ਹਾਸਲ ਇਹ ਵੀ ਰਿਹਾ ਹੈ ਕਿ ਇਹ ਵਿਦਿਆਰਥੀਆਂ ਵਿਚਲੀ ਹਫ਼ਤਾ ਭਰ (ਜੋ ਅਕਸਰ ਬੋਝਲ ਅਤੇ ਔਖਿਆਲੇ ਪਾਠਕ੍ਰਮ ਕਰ ਕੇ ਪੈਦਾ ਹੁੰਦੀ ਹੈ) ਦੀ ਉਕਤਾਹਟ ਨੂੰ ਕੁਝ ਸਮੇਂ ਲਈ ਰੋਚਿਕ ਅਤੇ ਹੁਸੀਨ ਪਲਾਂ ਵਿਚ ਬਦਲ ਦਿੰਦੀ ਸੀ। ਇਸ ਸਭਾ ਵਿਚ ਹਾਜ਼ਰੀ ਭਰ ਕੇ ਸਕੂਲ ਦੇ ਪਾੜ੍ਹੇ-ਪਾੜ੍ਹੀਆਂ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਸਨ। ਇਹ ਤਾਜ਼ਗੀ ਉਨ੍ਹਾਂ ਨੂੰ ਅਗਲੇ ਹਫ਼ਤੇ ਲੱਗਣ ਵਾਲੀਆਂ ਜਮਾਤਾਂ ਵਿਚ ਗਿਆਨ-ਵਿਗਿਆਨ ਦੀਆਂ ਗੱਲਾਂ ਨੂੰ ਸੁਣਨ ਅਤੇ ਸਮਝਣ ਲਈ ਊਰਜਾ ਪ੍ਰਦਾਨ ਕਰਦੀ ਸੀ। ਇਸ ਊਰਜਾ ਦੀ ਬਦੌਲਤ ਹੀ ਉਹ ਵਿਦਿਆ ਨੂੰ ਵੀਚਾਰਨ ਅਤੇ ਪਰਉਪਕਾਰਨ ਲਈ ਤੱਤਪਰ ਰਹਿੰਦੇ ਸਨ।

ਸਕੂਲ ਦੀ ਬਾਲ-ਸਭਾ ਵਿਦਿਆਰਥੀ ਵਰਗ ਨੂੰ ਇੱਕ ਅਪਣਤਮਈ ਮਹੌਲ ਪ੍ਰਾਦਾਨ ਕਰਦੀ ਸੀ ਜਿਹੜਾ ਉਨ੍ਹਾਂ ਦੇ ਬਿਆਨਾਤਮਿਕ ਅਤੇ ਪ੍ਰਦਰਸ਼ਨਾਤਮਿਕ ਪੱਖ ਨੂੰ ਮਜ਼ਬੂਤ ਕਰਦਾ ਸੀ। ਇਹ ਪੱਖ ਜਿੱਥੇ ਉਨ੍ਹਾਂ ਦੇ ਸਤਿਕਾਰ ਵਿਚ ਵਾਧਾ ਕਰਦਾ ਸੀ ਉਥੇ ਉਨ੍ਹਾਂ ਦੀ ਪਹਿਚਾਣ ਨੂੰ ਵੀ ਅੱਡਰਿਉਂਦਾ ਸੀ। ਇਸ ਅੱਡਰੀ ਪਹਿਚਾਣ ਸਦਕਾ ਹੀ ਉਹ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ ਕਈ ਰਿਆਇਤਾਂ/ਸਹੂਲਤਾਂ ਦੇ ਭਾਗੀਦਾਰ ਵੀ ਬਣ ਜਾਂਦੇ ਸਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਵੀ ਆਮ ਤੌਰ ’ਤੇ ਸਕੂਲ ਵਿਚ ਲਗਾਤਾਰਤਾ ਨਾਲ ਲਗਾਈ ਜਾਣ ਵਾਲੀ ਬਾਲ-ਸਭਾ ਦੀ ਹੀ ਪੈਦਾਵਾਰ ਹੁੰਦੇ ਸਨ ਜੋ ਇਨ੍ਹਾਂ ਮੁਕਾਬਲਿਆਂ ਵਿਚ ਆਪਣੀਆਂ ਬੇਹਤਰੀਨ ਪੇਸ਼ਕਾਰੀਆਂ ਲਈ ਮਾਨ-ਸਨਮਾਨ ਹਾਸਲ ਕਰ ਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਦੇ ਸਨ। ਇਸ ਸਭਾ ਵਿਚੋਂ ਲੱਗੀ ਹੋਈ ਜਾਗ ਹੀ ਵਿਦਿਆਰਥੀਆਂ ਨੂੰ ਮਹਾਂ ਵਿਦਿਆਲਿਆਂ ਅਤੇ ਵਿਸ਼ਵ-ਵਿਦਿਆਲਿਆਂ ਦੇ ਯੁਵਕ-ਮੇਲਿਆਂ ਵਿਚ ਸ਼ਲਾਘਾਯੋਗ ਭੂਮਿਕਾ ਅਦਾ ਕਰਨ ਦੇ ਕਾਬਲ ਬਣਾ ਦਿੰਦੀ ਸੀ ਅਤੇ ਉਹ ਟਰਾਫੀਆਂ, ਸ਼ੀਲਡਾਂ ਅਤੇ ਗੋਲਡ ਮੈਡਲਾਂ ਨਾਲ ਨਿਵਾਜ਼ੇ ਜਾਂਦੇ ਸਨ।

ਅਜੋਕੇ ਸਮੇਂ ਸਕੂਲਾਂ (ਵਿਸ਼ੇਸ਼ ਕਰ ਕੇ ਸਰਕਾਰੀ) ਵਿਚ ਬਾਲ-ਸਭਾ ਦਾ ਰਿਵਾਜ ਬਿਲਕੁਲ ਖ਼ਤਮ ਹੋ ਕੇ ਰਹਿ ਗਿਆ ਹੈ। ਹੁਣ ਸਕੂਲ ਦੀ ਸਮਾਂ-ਸਾਰਣੀ ਵਿਚ ਇਸ ਸਭਾ ਦੀ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਜਾਂਦੀ। ਅਧਿਆਪਕ ਗ਼ੈਰ-ਵਿਦਿਅਕ ਕੰਮਾਂ ਦੇ ਬੋਝ ਥੱਲੇ ਦੱਬੇ ਹੋਏ ਹਨ ਅਤੇ ਵਿਦਿਆਰਥੀ ਨਵੀਂ ਟੈਕਨਾਲੌਜੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਇਸ ਤਰ੍ਹਾਂ ਦੇ ਅਣਸੁਖਾਵੇਂ ਅਤੇ ਘੁਟਵੇਂ ਮਹੌਲ ਵਿਚ ਭਲਾ ਕੋਈ ਸਕੂਲ ਕਲਾਕਾਰ, ਨਾਟਕਕਾਰ ਅਤੇ ਸਾਹਿਤਕਾਰ ਕਿਵੇਂ ਪੈਦਾ ਕਰ ਸਕਦਾ ਹੈ ?

—–0—-

ਰਾਜਨੀਤੀ

0

(ਕਾਵਿ ਵਿਅੰਗ)

ਰਾਜਨੀਤੀ

ਗੁੱਟਕੇ, ਗ੍ਰੰਥ ਨੇ ਜੀਵਨ ਦੀ ਸੇਧ ਦਿੰਦੇ, ਕਸਮਾਂ ਖਾਣ ਲਈ ਨਹੀਂ ਬਣਾਏ ਬਾਬੇ।

ਰੱਬ ਦੇ ਨਾਲ ਮਨੁੱਖ ਨੂੰ ਜੋੜਦੇ ਨੇ, ਜਿਹੜੇ ਇਨ੍ਹਾਂ ਵਿੱਚ ਰਾਹ ਰੁਸ਼ਨਾਏ ਬਾਬੇ।

ਲੈ ਕੇ ਇਨ੍ਹਾਂ ਦੀ ਓਟ ਹੁਣ ਰਾਜਨੀਤੀ, ਵੋਟਰ ਵਰਗ ਨੂੰ ਪਈ ਭਰਮਾਏ ਬਾਬੇ।

ਕਰੇ ਚੁਸਤ ਚਲਾਕੀਆਂ ਬਹੁਤ ‘ਚੋਹਲਾ’, ਖ਼ੌਫ਼ ਤੇਰਾ ਉਹ ਰੱਤਾ ਨਾ ਖਾਏ ਬਾਬੇ।

——0——

-ਰਮੇਸ਼ ਬੱਗਾ ਚੋਹਲਾ

(ਕਾਵਿ-ਵਿਅੰਗ)   

 ਜਹਾਨ

ਘੁੰਮ ਕੇ ਦੇਖੀਏ ਜੇ ਜਹਾਨ ਤਾਈਂ, ਮਿਲ ਜਾਂਦੇ ਕਈ ਪਰੇ ਤੋਂ ਪਰੇ ਬੰਦੇ।

ਕਈ ਅੱਗ ਤੋਂ ਵੱਧ ਕੇ ਗਰਮ ਹੁੰਦੇ, ਵੱਧ ਬਰਫ਼ ਦੇ ਹੁੰਦੇ ਕੁੱਝ ਠਰੇ ਬੰਦੇ।

ਭਰੀ ਉਨ੍ਹਾਂ ਦੇ ਅੰਦਰ ਹੈ ਖ਼ੋਟ ਹੁੰਦੀ, ਜਿਹੜੇ ਦਿੱਸਦੇ ਬਾਹਰ ਤੋਂ ਖ਼ਰੇ ਬੰਦੇ।

ਪੀਂਦੇ ਲੱਸੀ ਨੂੰ ਮਾਰ ਕੇ ਫੂਕ ‘ਚੋਹਲਾ’, ਗਰਮ ਦੁੱਧ ਦੇ ਹੁੰਦੇ ਜੋ ਡਰੇ ਬੰਦੇ।

—–0—-

-ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਬੈਠੇ ਰਹਿਣ ਦੇ ਨੁਕਸਾਨ

0

ਬੈਠੇ ਰਹਿਣ ਦੇ ਨੁਕਸਾਨ 

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਹੁਣ ਤਕ ਦੀਆਂ ਹੋਈਆਂ ਸਾਰੀਆਂ ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਹਰ ਹਫ਼ਤੇ 150 ਮਿੰਟ ਦੀ ਕਸਰਤ ਕਰਨੀ ਬਹੁਤ ਜ਼ਰੂਰੀ ਹੈ, ਪਰ ਇਸ ਤੋਂ ਇਲਾਵਾ ਬਾਕੀ ਦਾ ਸਮਾਂ ਵੀ ਬੈਠਣ ਲਈ ਨਹੀਂ ਹੈ।

ਅੱਜ ਕੱਲ੍ਹ ਦੀ ਜ਼ਿੰਦਗੀ ਵਿਚਲੇ ਰੁਝੇਵੇਂ ਵੇਖਦੇ ਹੋਏ ਤੇ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਬੱਚੇ ਤੇ ਵੱਡਿਆਂ ਲਈ ਇਹ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਕਿਵੇਂ ਹੌਲੀ-ਹੌਲੀ ਸਿਰਫ਼ ਜ਼ਿਆਦਾ ਬੈਠਣ ਕਰ ਕੇ ਛੇਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

ਖੋਜਾਂ ਅਨੁਸਾਰ, ਸ਼ੱਕਰ ਰੋਗ ਟਾਈਪ-2, ਮੋਟਾਪਾ, ਕੈਂਸਰ ਤੇ ਹਾਰਟ ਅਟੈਕ ਦਾ ਖ਼ਤਰਾ ਸਿਰਫ਼ ਬੈਠ ਕੇ ਕੰਮ ਕਰਨ ਵਾਲਿਆਂ ਵਿਚ ਕਈ ਗੁਣਾ ਵੱਧ ਹੋ ਚੁੱਕਿਆ ਹੈ।

ਹੁੰਦਾ ਕੀ ਹੈ ?

ਜ਼ਿਆਦਾ ਬੈਠਣ ਨਾਲ ਸਰੀਰ ਦਾ ਕੰਮ ਕਾਰ ਹੌਲੀ ਹੋ ਜਾਂਦਾ ਹੈ, ਹਾਜ਼ਮਾ ਘੱਟ ਜਾਂਦਾ ਹੈ, ਲਹੂ ਵਿਚਲੀ ਸ਼ੱਕਰ ਦੀ ਮਾਤਰਾ ਲੰਮੇ ਸਮੇਂ ਤੱਕ ਵਧੀ ਰਹਿ ਜਾਂਦੀ ਹੈ, ਬਲੱਡ ਪ੍ਰੈੱਸ਼ਰ ਵਧਣ ਲੱਗ ਪੈਂਦਾ ਹੈ ਤੇ ਸਰੀਰ ਅੰਦਰਲਾ ਥਿੰਦਾ ਖੁਰਦਾ ਨਹੀਂ।

ਇੰਗਲੈਂਡ ਵਿਚ ਹੋਈ ਖੋਜ ਅਨੁਸਾਰ 80 ਫੀਸਦੀ ਬਾਲਗ ਰੋਜ਼ ਸੱਤ ਘੰਟਿਆਂ ਤੋਂ ਵੱਧ ਬੈਠ ਕੇ ਕੰਮ ਕਰ ਰਹੇ ਹਨ। ਇਸ ਵਿਚ ਦਫ਼ਤਰੀ ਕੰਮ ਕਾਰ, ਕਾਲਜ ਦੀ ਪੜ੍ਹਾਈ ਤੇ ਟਿਊਸ਼ਨ, ਟੀ.ਵੀ., ਕੰਪਿਊਟਰ, ਆਦਿ ਸਭ ਸ਼ਾਮਲ ਹਨ। ਇਸ ਦੇ ਨਾਲੋ-ਨਾਲ ਬੱਸਾਂ, ਕਾਰਾਂ ਤੇ ਟੈਕਸੀਆਂ ਵਿਚ ਬਹਿ ਕੇ ਕੀਤਾ ਗਿਆ ਸਫ਼ਰ ਵੀ ਸ਼ਾਮਲ ਹੈ। ਸੌਣਾ ਇਸ ਸਮੇਂ ਵਿਚ ਸ਼ਾਮਲ ਨਹੀਂ ਕੀਤਾ ਗਿਆ।

ਪ੍ਰੋ. ਸਟੂਆਰਟ ਨੇ ਅਨੇਕ ਖੋਜਾਂ ਬਾਅਦ ਇਹ ਤੱਤ ਕੱਢਿਆ ਹੈ ਕਿ ਹਰ ਅੱਧੇ ਘੰਟੇ ਬੈਠਣ ਬਾਅਦ ਇਕ ਜਾਂ ਦੋ ਮਿੰਟ ਦਾ ਤੁਰਨਾ ਜ਼ਰੂਰੀ ਹੈ। ਇਸੇ ਖੋਜ ਦੇ ਆਧਾਰ ਉੱਤੇ ਅਸਟ੍ਰੇਲੀਆ, ਅਮਰੀਕਾ ਤੇ ਫਿਨਲੈਂਡ ਵਿਚ ਬੱਚਿਆਂ ਨੂੰ ਟੀ. ਵੀ. ਜਾਂ ਵੀਡੀਓ ਖੇਡਾਂ ਲਈ ਵੱਧੋ ਵੱਧ ਪੂਰੇ ਦਿਨ ਵਿਚ, ਸਮਾਂ ਵੰਡ ਕੇ, ਇਕ ਜਾਂ ਦੋ ਘੰਟੇ ਹੀ ਖੇਡਣ ਲਈ ਕਿਹਾ ਗਿਆ ਹੈ।

ਦੂਜੀ ਗੱਲ ਇਹ ਸਾਹਮਣੇ ਆਈ ਕਿ ਜਿਸ ਕਿੱਤੇ ਵਿਚ ਉੱਠਣਾ ਸੰਭਵ ਹੀ ਨਾ ਹੋਵੇ, ਜਿਵੇਂ ਬੱਸ ਡਰਾਈਵਰ ਜਾਂ ਕੋਈ ਹੋਰ, ਤਾਂ ਉਸ ਨੂੰ ਰੋਜ਼ ਇਕ ਘੰਟਾ ਤਗੜੀ ਕਸਰਤ ਕਰਨੀ ਪੈਣੀ ਹੈ ਤਾਂ ਜੋ ਬੈਠੇ ਰਹਿਣ ਦੇ ਮਾੜੇ ਅਸਰਾਂ ਤੋਂ ਬਚਿਆ ਜਾ ਸਕੇ।

ਸੰਨ 1950 ਵਿਚ ਇਹ ਗੱਲ ਹਸਪਤਾਲਾਂ ਦੇ ਰਿਕਾਰਡ ਰਾਹੀਂ ਸਾਹਮਣੇ ਆਈ ਕਿ ਲੰਡਨ ਦੇ ਬਸ ਡਰਾਈਵਰਾਂ ਦੇ, ਬਸ ਦੇ ਕੰਡਕਟਰਾਂ ਨਾਲੋਂ ਦੁਗਣੇ ਕੇਸ ਹਾਰਟ ਅਟੈਕ ਨਾਲ ਦਾਖ਼ਲ ਹੋਏ। ਫੇਰ ਹੋਰਨਾਂ ਕਿੱਤਿਆਂ ਵਿਚ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਜਾਂਚਿਆ ਗਿਆ। ਇਹ ਵੇਖਣ ਵਿਚ ਆਇਆ ਕਿ ਉਨ੍ਹਾਂ ਸਾਰਿਆਂ ਦੀਆਂ ਹੱਡੀਆਂ ਤੇ ਪੱਠੇ ਕਾਫ਼ੀ ਕਮਜ਼ੋਰ ਸਨ ਤੇ ਬਹੁਤਿਆਂ ਨੂੰ ਬਲੱਡ ਪ੍ਰੈੱਸ਼ਰ ਜਾਂ ਸ਼ੱਕਰ ਰੋਗ ਸੀ।

ਇਸ ਦਾ ਇੱਕ ਸਪਸ਼ਟ ਮਤਲਬ ਨਿਕਲਿਆ ਕਿ ਬੈਠੇ ਰਹਿਣ ਨਾਲ ਸਰੀਰ ਦਾ ਕਾਰਖ਼ਾਨਾ ਇਕ ਤਰ੍ਹਾਂ ਬੰਦ ਜਿਹਾ ਹੋ ਜਾਂਦਾ ਹੈ ਤੇ ਗੰਦਗੀ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਾਰ ਵੀ ਠੱਪ ਹੋ ਜਾਂਦਾ ਹੈ।

ਪੁਲਾੜ ਵਿਚ ਜਾਣ ਵਾਲੇ ਐਸਟਰੋਨੌਟ ਉੱਤੇ ਵੀ 1970 ਵਿਚ ਖੋਜ ਕੀਤੀ ਗਈ ਤਾਂ ਲੱਭਿਆ ਕਿ ਉਨ੍ਹਾਂ ਦੀਆਂ ਹੱਡੀਆਂ ਬਹੁਤ ਜ਼ਿਆਦਾ ਖੁਰ ਗਈਆਂ ਸਨ ਤੇ ਪੱਠੇ ਵੀ ਕਮਜ਼ੋਰ ਪੈ ਗਏ ਸਨ। ਇਕ ਤਰ੍ਹਾਂ ਨਾਲ ਉਨ੍ਹਾਂ ਦਾ ਸਰੀਰ ਉਮਰ ਨਾਲੋਂ ਦੁਗਣਾ ਬੁੱਢਾ ਹੋ ਗਿਆ ਸੀ।

ਮੈਲਬੋਰਨ, ਅਸਟ੍ਰੇਲੀਆ ਦੇ ‘ਹਾਰਟ ਐਂਡ ਡਾਇਆਬੀਟੀਜ਼ ਇੰਸਟੀਚਿਊਟ’ ਦੇ ਪ੍ਰੋ. ਡੇਵਿਡ ਡੰਸਟਨ ਨੇ ਖੋਜ ਰਾਹੀਂ ਸਪਸ਼ਟ ਕੀਤਾ ਹੈ ਕਿ ਨਾਸਾ ਦੇ ਐਸਟਰੋਨੌਟ ਜਦੋਂ ਪੁਲਾੜ ਤੋਂ ਵਾਪਸ ਆ ਕੇ ਕਸਰਤ ਕਰਨ ਲੱਗੇ ਤਾਂ ਉਨ੍ਹਾਂ ਦੀਆਂ ਹੱਡੀਆਂ ਫਿਰ ਤਗੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਵੇਂ ਸਰੀਰ ਦਾ ਇੰਜਨ ਚਾਲੂ ਹੋ ਗਿਆ ਹੋਵੇ।

ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ :-

ਬੱਚਿਆਂ ਲਈ ਟੀ. ਵੀ., ਕੰਪਿਊਟਰ, ਖੇਡਾਂ ਇਕ ਜਾਂ ਦੋ ਘੰਟੇ ਪ੍ਰਤੀ ਦਿਨ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਵੱਧ ਬੈਠਣ ਵਾਲੇ ਬੱਚਿਆਂ ਵਿਚ ਮੋਟਾਪਾ ਹੋਣ ਲੱਗ ਪੈਂਦਾ ਹੈ ਤੇ ਉਨ੍ਹਾਂ ਦੀ ਸਮਝ ਘੱਟ ਜਾਂਦੀ ਹੈ।

ਏਸੇ ਲਈ ਕੰਮ ਕਾਜੀ ਮਾਪਿਆਂ ਨੂੰ ਬੱਚਿਆਂ ਨੂੰ ਟੀ. ਵੀ. ਅੱਗੇ ਬਿਠਾ ਕੇ ਆਪਣੇ ਕੰਮ ਨਹੀਂ ਲੱਗੇ ਰਹਿਣਾ ਚਾਹੀਦਾ। ਸਿਰਫ਼ ਪਰੈਮ ਵਿਚ ਬਿਠਾਉਣ ਨਾਲੋਂ ਥੱਲੇ ਰਿੜ੍ਹਨ ਲਈ ਛੱਡਣਾ ਜ਼ਰੂਰੀ ਹੈ। ਤੁਰਦੇ ਹੋਏ ਵੀ, ਨਿੱਕੇ ਬੱਚੇ ਨੂੰ ਪਰੈਮ ਵਿਚ ਪਾਉਣ ਨਾਲੋਂ ਢਿੱਡ ਜਾਂ ਪਿੱਠ ਉੱਤੇ ਬੰਨ੍ਹ ਕੇ ਲਿਜਾਉਣਾ ਬਿਹਤਰ ਹੈ।

5 ਤੋਂ 18 ਸਾਲ ਦੇ ਬੱਚੇ :-

ਟੀ. ਵੀ., ਕੰਪਿਊਟਰ ਤੋਂ ਇਲਾਵਾ ਮੋਬਾਈਲ ਖੇਡਾਂ, ਕਲਾਸਾਂ ਵਿਚ ਬੈਠਣਾ, ਟਿਊਸ਼ਨ ਪੜ੍ਹਨੀ ਆਦਿ ਕਾਫ਼ੀ ਸਮਾਂ ਬੱਚਿਆਂ ਨੂੰ ਬਦੋਬਦੀ ਬੈਠਣ ਉੱਤੇ ਮਜਬੂਰ ਕਰ ਦਿੰਦਾ ਹੈ। ਇਸੇ ਲਈ :-

(1). ਟੀ.ਵੀ. ਅੱਗੇ ਬੈਠਣਾ ਘਟਾਉਣ ਦੀ ਲੋੜ ਹੈ।

(2). ਸੌਣ ਵਾਲੇ ਕਮਰੇ ਵਿਚ ਟੀ. ਵੀ. ਤੇ ਕੰਪਿਊਟਰ ਨਹੀਂ ਹੋਣਾ ਚਾਹੀਦਾ।

(3). ਸ਼ਾਮ ਵੇਲੇ ਖੇਡਣਾ ਜਾਂ ਕਸਰਤ ਕਰਨੀ ਜ਼ਰੂਰੀ ਹੈ।

(4). ਬੈਠੇ ਜਾਂ ਲੇਟੇ ਹੋਏ ਨੂੰ ਉਠਾਉਣ ਲਈ ਬਹਾਨੇ ਨਾਲ ਹੀ ਸਹੀ, ਖਾਣੇ ਦੀ ਮੇਜ਼ ਉੱਤੇ ਪਲੇਟਾਂ ਲਗਵਾਉਣੀਆਂ, ਪਾਣੀ ਦੇ ਗਿਲਾਸ ਰੱਖਣੇ, ਖਾਣਾ ਪਰੋਸਣਾ ਤੋਂ ਲੈ ਕੇ ਪੌੜੀਆਂ ਚੜ੍ਹ ਕੇ ਉੱਤੋਂ ਸਮਾਨ ਲਿਆਉਣਾ, ਆਦਿ ਜ਼ਰੂਰ ਕਰਵਾਉਣੇ ਚਾਹੀਦੇ ਹਨ।

(5). ਖੇਡਾਂ ਵਿਚ ਸਮਾਂ ਵਧਾਉਣ ਲਈ ਫੁੱਟਬਾਲ, ਪਤੰਗ, ਸਕੇਟ ਬੋਰਡ, ਆਦਿ ਬੱਚੇ ਨੂੰ ਲੈ ਕੇ ਦੇਣੀਆਂ ਚਾਹੀਦੀਆਂ ਹਨ।

ਵੱਡਿਆਂ ਲਈ (19-64 ਸਾਲ ਤੱਕ)

(6). ਬਸ ਜਾਂ ਗੱਡੀ ਵਿਚ ਆਉਂਦੇ ਜਾਂਦੇ ਖੜ੍ਹੇ ਹੋਣਾ ਚਾਹੀਦਾ ਹੈ ਤੇ ਲੱਤਾਂ ਦੇ ਜੋੜ ਹਿਲਾਉਂਦੇ ਰਹਿਣੇ ਚਾਹੀਦੇ ਹਨ।

(7). ਕਲਾਸ ਵੱਲ ਜਾਂਦਿਆਂ ਜਾਂ ਦਫ਼ਤਰ ਜਾਂਦਿਆਂ ਲਿਫਟ ਲੈਣ ਦੀ ਥਾਂ ਪੌੜੀਆਂ ਚੜ੍ਹ ਕੇ ਜਾਣਾ ਚਾਹੀਦਾ ਹੈ

(8). ਘਰ ਵਿਚ ਕੁਰਸੀ ਜਾਂ ਮੰਜੇ ਉੱਤੇ ਬਹਿ ਕੇ ਪੜ੍ਹਨ ਨਾਲੋਂ ਤੁਰ ਫਿਰ ਕੇ ਪੜ੍ਹ ਲੈਣਾ ਚਾਹੀਦਾ ਹੈ।

(9). ਹਰ ਅੱਧੇ ਘੰਟੇ ਬਾਅਦ ਕੁਰਸੀ ਜਾਂ ਸੀਟ ਤੋਂ ਖੜ੍ਹੇ ਹੋ ਕੇ ਇਕ ਛੋਟਾ ਚੱਕਰ ਲਾ ਲੈਣਾ ਚਾਹੀਦਾ ਹੈ, ਭਾਵੇਂ ਪਾਣੀ ਪੀਣ ਜਾਂ ਗੁਸਲਖਾਨੇ ਜਾਣ ਲਈ ਹੀ ਸਹੀ।

(10). ਖੜ੍ਹੇ ਹੋ ਕੇ ਤੁਰਦੇ ਫਿਰਦੇ ਮੋਬਾਈਲ ਸੁਣ ਲਵੋ।

(11). ਕੰਪਿਊਟਰ ਜਾਂ ਲੈਪਟਾਪ ਉੱਚੀ ਥਾਂ ਉੱਤੇ ਰੱਖ ਕੇ, ਖਲੋ ਕੇ ਕੁੱਝ ਚਿਰ ਕੰਮ ਕਰ ਲਵੋ।

(12). ਕੌਫ਼ੀ ਜਾਂ ਚਾਹ ਪੀਣ ਲੱਗਿਆਂ ਖਲੋ ਕੇ ਪੀ ਲਵੋ।

(13). ਇੰਟਰਕੌਮ ਉੱਤੇ ਗੱਲ ਕਰਨ ਨਾਲੋਂ ਤੁਰ ਕੇ ਗੱਲ ਕਰ ਲਵੋ।

(14). ਰੋਜ਼ਾਨਾ ਸੈਰ, ਬਾਗ਼ਬਾਨੀ, ਦੋਸਤਾਂ ਨਾਲ ਮੇਲ-ਜੋਲ, ਬਜ਼ਾਰੋਂ ਸਬਜ਼ੀ ਲਿਆਉਣਾ, ਵਰਗੇ ਕੰਮ ਤੁਰ ਫਿਰ ਕੇ ਕਰਨ ਨਾਲ ਫ਼ਾਇਦਾ ਹੁੰਦਾ ਹੈ।

65 ਸਾਲ ਤੋਂ ਵੱਧ ਉਮਰ ਲਈ :-

ਕਾਫ਼ੀ ਜਣੇ 65 ਤੋਂ 90 ਸਾਲਾਂ ਦੇ ਵਿਚ ਲਗਭਗ 10 ਘੰਟੇ ਬੈਠਣ ਜਾਂ ਲੇਟਣ ਵਿਚ ਸਮਾਂ ਬਤੀਤ ਕਰਨ ਲੱਗ ਪੈਂਦੇ ਹਨ।

ਪਹਿਲਾਂ ਤੋਂ ਹੀ ਬੁਢੇਪਾ ਜੱਫਾ ਪਾ ਕੇ ਬੈਠਾ ਹੁੰਦਾ ਹੈ ਤੇ ਹੁਣ ਹੋਰ ਬਹਿ ਜਾਣ ਨਾਲ ਦੁਗਣੀ ਤੇਜ਼ੀ ਨਾਲ ਹੱਡੀਆਂ ਖੁਰਨ ਲੱਗ ਪੈਂਦੀਆਂ ਹਨ ਅਤੇ ਵੱਖੋ-ਵੱਖ ਅੰਗ ਵੀ ਕੰਮ ਕਾਰ ਘਟਾ ਦਿੰਦੇ ਹਨ ਜਿਸ ਨਾਲ ਸਰੀਰਕ ਕਮਜ਼ੋਰੀ ਤੇਜ਼ੀ ਨਾਲ ਹੋਣ ਲੱਗ ਪੈਂਦੀ ਹੈ ਤੇ ਉਮਰ ਵੀ ਛੋਟੀ ਕਰ ਦਿੰਦੀ ਹੈ।

ਪ੍ਰੋ. ਬਿਡਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਉਮਰ ਵਿਚ ਉੱਕਾ ਹੀ ਬੈਠਣਾ ਨਹੀਂ ਚਾਹੀਦਾ। ਪੈਰਾਂ ਭਾਰ ਖੜ੍ਹੇ ਹੋਣਾ ਤੇ ਤੁਰਨਾ ਇਸ ਉਮਰ ਵਿਚ ਸਭ ਤੋਂ ਵਧ ਲੋੜੀਂਦਾ ਹੈ। ਇਸ ਉਮਰ ਵਿਚ ਹਾਣੀਆਂ ਨੂੰ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਖੜ੍ਹੇ ਹੋ ਕੇ ਟੀ. ਵੀ. ਵੇਖਣਾ ਜਾਂ ਕਮਰੇ ਅੰਦਰ ਹੀ ਤੁਰ ਕੇ ਅਲਮਾਰੀ ਵਿੱਚੋਂ ਚੀਜ਼ਾਂ ਕੱਢਣੀਆਂ ਤੇ ਫੇਰ ਵਾਪਸ ਰੱਖਣੀਆਂ ਵੀ ਚੰਗੀ ਕਸਰਤ ਹੈ।

(1). ਕਿਤਾਬ ਚੁੱਕ ਕੇ ਕਮਰੇ ਅੰਦਰ ਘੁੰਮਣਾ ਜਾਂ ਏਨੀ ਕੁ ਹੀ ਕੁੱਝ ਹੋਰ ਭਾਰੀ ਚੀਜ਼ ਚੁੱਕ ਕੇ ਤੁਰਨਾ ਠੀਕ ਰਹਿੰਦਾ ਹੈ।

(2). ਟੀ. ਵੀ. ਵਿਚ ਫ਼ਿਲਮ ਵੇਖਦੇ ਹੋਏ ਇਸ਼ਤਿਹਾਰ ਮੌਕੇ ਉੱਠ ਕੇ ਕਮਰੇ ਵਿੱਚੋਂ ਬਾਹਰ ਜਾ ਆਉਣਾ ਚਾਹੀਦਾ ਹੈ।

(3). ਫ਼ੋਨ ਸਿਰਫ਼ ਤੁਰ ਫਿਰ ਕੇ ਹੀ ਸੁਣਨਾ ਚਾਹੀਦਾ ਹੈ।

(4). ਪੌੜੀਆਂ ਦਿਨ ਵਿਚ ਦੋ ਵਾਰ ਜ਼ਰੂਰ ਚੜ੍ਹਨੀਆਂ ਚਾਹੀਦੀਆਂ ਹਨ।

(5). ਸਵੇਰੇ ਤੇ ਸ਼ਾਮ ਦੀ ਸੈਰ ਜ਼ਰੂਰੀ ਹੈ।

(6). ਗ਼ਮਲਿਆਂ ਵਿਚ ਗੋਡੀ ਜ਼ਰੂਰ ਕਰਨੀ ਚਾਹੀਦੀ ਹੈ।

(7). ਹਲਕਾ ਨੱਚਣਾ ਜਾਂ ਪੋਤਰਿਆਂ ਦੋਹਤਰਿਆਂ ਨਾਲ ਬੌਲ ਖੇਡਣਾ ਜ਼ਰੂਰੀ ਹੈ।

(8). ਬਾਹਰੋਂ ਸਬਜ਼ੀ ਜਾਂ ਫਲ਼ ਲਿਆਉਣ ਦਾ ਕੰਮ ਜ਼ਿੰਮੇ ਲੈ ਲੈਣਾ ਚਾਹੀਦਾ ਹੈ।

(9). ਪੋਤਰਿਆਂ ਦੋਹਤਰਿਆਂ ਨੂੰ ਸਕੂਲ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਚੁੱਕ ਲੈਣੀ ਚਾਹੀਦੀ ਹੈ।

ਇਨ੍ਹਾਂ ਸਾਰੇ ਕੰਮਾਂ ਨਾਲ ਹੱਡੀਆਂ ਤੇ ਪੱਠਿਆਂ ਦੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਤੇ ਸਾਰੇ ਅੰਗਾਂ ਦੇ ਕੰਮ ਕਾਰ ਵਿਚ ਵੀ ਚੁਸਤੀ ਆ ਜਾਂਦੀ ਹੈ।

ਬੈਠੇ ਰਹਿਣ ਨਾਲ ਘੇਰਦੀਆਂ ਬੀਮਾਰੀਆਂ :-

(1). ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ।

(2). ਕਬਜ਼ ਹੋਣ ਲੱਗ ਪੈਣੀ।

(3). ਯਾਦਾਸ਼ਤ ਘਟਣੀ।

(4). ਇਕੱਲਾਪਨ ਮਹਿਸੂਸ ਹੋਣਾ।

(5). ਢਹਿੰਦੀ ਕਲਾ ਮਹਿਸੂਸ ਹੋਣੀ।

(6). ਢਿੱਡ ਦਾ ਵਧਣਾ।

(7). ਸਰੀਰ ਵਿਚ ਪੀੜਾਂ ਹੁੰਦੀਆਂ ਰਹਿਣੀਆਂ।

(8). ਸਿਰ ਪੀੜ ਹੁੰਦੀ ਰਹਿਣੀ।

(9). ਮਾੜੇ ਖ਼ਿਆਲਾਂ ਨਾਲ ਦਿਮਾਗ਼ ਦਾ ਜਕੜਿਆ ਜਾਣਾ।

(10). ਮੌਤ ਬਾਰੇ ਸੋਚਣ ਲੱਗ ਪੈਣਾ।

(11). ਹਾਰਟ ਅਟੈਕ ਨਾਲ ਛੇਤੀ ਮੌਤ ਹੋ ਜਾਣੀ। ਇਹ ਤੱਥ ਢਾਈ ਲੱਖ ਅਸਟ੍ਰੇਲੀਅਨ ਲੋਕਾਂ ਦਾ ਮੈਡੀਕਲ ਰਿਕਾਰਡ ਵਾਚ ਕੇ ਸਾਬਤ ਹੋਇਆ ਹੈ।

(12). ਮੈਟਾਬੌਲਿਕ ਸਿੰਡਰੋਮ।

(13). ਦਿਲ ਦੇ ਰੋਗ।

(14). ਸ਼ੱਕਰ ਰੋਗ।

(15). ਲਹੂ ਵਿੱਚੋਂ ਵਾਧੂ ਥਿੰਦੇ ਦਾ ਛੇਤੀ ਸਾਫ਼ ਨਾ ਹੋਣਾ।

(16). ਇਨਸੂਲਿਨ ਦਾ ਅਸਰ ਘਟਣਾ।

(17). ਮੋਢਿਆਂ ਦਾ ਅਗਾਂਹ ਨੂੰ ਝੁਕਣਾ।

(18). ਰੀੜ੍ਹ ਦੀ ਹੱਡੀ ਦਾ ਹੇਠਲਾ ਕੁਦਰਤੀ ਘੁਮਾਓ ਦਾ ਸਿੱਧਾ ਹੋ ਜਾਣਾ ਤੇ ਪੀੜ੍ਹ ਕਰਨ ਲੱਗ ਪੈਣਾ।

(19). ਮਨੋਰੋਗੀ ਬਣ ਜਾਣਾ।

(20). ਵਿਟਾਮਿਨ ਡੀ ਦੀ ਘਾਟ ਹੋਣ ਨਾਲ ਨਕਾਰਾਤਮਕ ਸੋਚ ਬਣ ਜਾਣੀ।

(21). ਹੱਥਾਂ ਪੈਰਾਂ ਦਾ ਸੁੰਨ ਹੋਣਾ।

(22). ਓਸਟੀਓਆਰਥਰਾਈਟਿਸ ਵਿਚ ਵਾਧਾ।

(23). ਰਿਊਮੈਟਾਇਡ ਆਰਥਰਾਈਟਿਸ ਵਿਚ ਵਾਧਾ।

(24). ਅੱਡੀਆਂ ਵਿਚ ਪੀੜ ਹੋਣ ਲੱਗ ਪੈਣੀ।

(25). ਬੈਠੀਆਂ ਰਹਿਣ ਵਾਲੀਆਂ ਸ਼ੰਘਾਈ ਦੀਆਂ ਔਰਤਾਂ ਵਿਚ ਛਾਤੀ, ਬੱਚੇਦਾਨੀ ਤੇ ਅੰਡਕੋਸ਼ ਦਾ ਕੈਂਸਰ ਕਈ ਗੁਣਾਂ ਵਧਿਆ ਲੱਭਿਆ।

(26). ਦਿਲ ਦੇ ਰੋਗ 64 ਫੀਸਦੀ ਵੱਧ ਗਏ।

(27). 6.9 ਫੀਸਦੀ ਮੌਤਾਂ ਸਿਰਫ਼ ਬੈਠੇ ਰਹਿਣ ਨਾਲ ਹੋ ਰਹੀਆਂ ਹਨ।

(28). ਨਿਊਰੋਪੈਥੀ।

(29). ਕੋਲੈਸਟਰੋਲ ਵਿਚ ਤਿੰਨ ਗੁਣਾਂ ਵਾਧਾ।

(30). ਐਨਜਾਈਨਾ ਵਿਚ 125 ਫੀਸਦੀ ਵਾਧਾ।

(31). ਵੈਰੀਕੋਜ਼ ਵੇਨ।

(32). ਪੈਰਾਂ ਉੱਤੇ ਸੋਜਾ ਆਉਣਾ।

ਸਿਰਫ਼ ਇਕ ਸਾਲ ਦੇ ਅੰਦਰ, ਵਾਧੂ ਬੈਠੇ ਰਹਿਣ ਨਾਲ ਸਰੀਰ ਅੰਦਰ ਟਰਾਈਗਲਿਸਰਾਈਡ ਵਧਣ ਲੱਗ ਪੈਂਦੇ ਹਨ।

ਸਿਰਫ਼ ਏਨੇ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੈਠੇ ਰਹਿਣਾ ਕਿਵੇਂ ਸਾਡੀ ਜ਼ਿੰਦਗੀ ਨੂੰ ਛੋਟੀ ਕਰ ਰਿਹਾ ਹੈ।

ਹੋਰ ਤੱਥ ਸਭ ਕੁੱਝ ਸਪਸ਼ਟ ਕਰ ਦੇਣਗੇ :-

  1. ਚੰਗਾ ਕੋਲੈਸਟਰੋਲ ਸਿਰਫ਼ ਦੋ ਘੰਟੇ ਲਗਾਤਾਰ ਬੈਠਣ ਨਾਲ ਹੀ 20 ਫੀਸਦੀ ਘੱਟ ਜਾਂਦਾ ਹੈ।
  2. ਸਿਰਫ਼ ਇਕ ਦਿਨ ਲੋੜੋਂ ਵੱਧ ਬੈਠੇ ਰਹਿਣ ਨਾਲ ਸਰੀਰ ਅੰਦਰ ਇਨਸੂਲਿਨ ਦਾ ਅਸਰ ਘਟਿਆ ਵੇਖਿਆ ਗਿਆ ਹੈ।
  3. 9 ਘੰਟੇ ਰੋਜ਼ ਲਗਾਤਾਰ ਬੈਠੇ ਰਹਿਣ ਬਾਅਦ ਇਕ ਘੰਟਾ ਰੋਜ਼ ਦੀ ਕਸਰਤ ਵੀ ਸਾਰੇ ਮਾੜੇ ਅਸਰ ਵਾਪਸ ਨਹੀਂ ਕਰ ਸਕਦੀ। ਏਸੇ ਲਈ ਵਿੱਚੋਂ ਹਿਲਜੁਲ ਕਰਦੇ ਰਹਿਣ ਦੀ ਲੋੜ ਹੈ।
  4. ਤਿੰਨ ਘੰਟੇ ਲਗਾਤਾਰ ਬੈਠੇ ਰਹਿਣ ਬਾਅਦ ਦਿਮਾਗ਼ ਦਾ ਕੰਮ ਕਾਰ ਹੌਲੀ ਹੋਣ ਲੱਗ ਪੈਂਦਾ ਹੈ ਤੇ ਉਹ ਘੱਟ ਆਕਸੀਜਨ ਲੈਣ ਲੱਗ ਪੈਂਦਾ ਹੈ।
  5. ਹਰ ਹਫ਼ਤੇ 23 ਘੰਟੇ ਬੈਠੇ ਰਹਿਣ ਵਾਲੇ 88 ਫੀਸਦੀ ਲੋਕਾਂ ਨੂੰ ਦਿਲ ਦੇ ਰੋਗ ਹੋ ਚੁੱਕੇ ਹਨ।

ਕੀ ਇਹ ਸਭ ਜਾਣ ਲੈਣ ਬਾਅਦ ਹੁਣ ਖਲੋ ਕੇ ਕੰਮ ਕਰਨ ਦੀ ਆਦਤ ਨਹੀਂ ਪਾ ਲੈਣੀ ਚਾਹੀਦੀ ? ਜੇ ਉਮਰ ਲੰਮੀ ਕਰਨੀ ਹੈ ਤੇ ਢੇਰਾਂ ਦੀਆਂ ਢੇਰ ਬੀਮਾਰੀਆਂ ਤੋਂ ਬਚਣਾ ਹੈ ਤਾਂ ਬੈਠਣਾ ਹਰ ਹਾਲ ਵਿਚ ਘਟਾਉਣਾ ਪੈਣਾ ਹੈ !

ਭਾਰਤ ਸਰਕਾਰ ਨੇ ਸੰਨ 2012 ਵਿੱਚ ‘ਅਨੰਦ ਮੈਰਿਜ ਐਕਟ 1909’ ਨੂੰ ਹਿੰਦੂ ਮੈਰਿਜ ਐਕਟ ਅਧੀਨ ਕਰ ਕੇ ਸਿੱਖਾਂ ਨੂੰ ਬੇਵਕੂਫ ਬਣਾਇਆ ਹੈ : ਗਿ. ਜਾਚਕ

0

ਭਾਰਤ ਸਰਕਾਰ ਨੇ ਸੰਨ 2012 ਵਿੱਚ ‘ਅਨੰਦ ਮੈਰਿਜ ਐਕਟ 1909’ ਨੂੰ ਹਿੰਦੂ ਮੈਰਿਜ ਐਕਟ ਅਧੀਨ ਕਰ ਕੇ ਸਿੱਖਾਂ ਨੂੰ ਬੇਵਕੂਫ ਬਣਾਇਆ ਹੈ : ਗਿ. ਜਾਚਕ

ਨਿਊਯਾਰਕ (ਮਨਜੀਤ ਸਿੰਘ) ਅੰਗਰੇਜ਼ ਹਕੂਮਤ ਵੱਲੋਂ ਬਣਾਇਆ ਇੱਕ ਅਜ਼ਾਦ ਤੇ ਵੈਲੇਡਿਟੀ  ‘ਅਨੰਦ ਮੈਰਿਜ ਐਕਟ 1909’ ਸਿੱਖਾਂ ਦੀ ਆਨ ਤੇ ਸ਼ਾਨ ਸੀ ਕਿਉਂਕਿ ਇਹ ਐਕਟ ਮੌਜੂਦਾ ਪਾਕਿਸਤਾਨ ਤੇ ਬੰਗਲਾ ਦੇਸ਼ ਸਮੇਤ ਭਾਰਤ ਵਿੱਚ ਸਿੱਖਾਂ ਨੂੰ ਇੱਕ ਵੱਖਰੇ ਧਰਮ ਤੇ ਕੌਮ ਵਜੋਂ ਮਾਨਤਾ ਦਿੰਦਾ ਸੀ । ਇਹ ਪੱਖ ਗਾਂਧੀ ਤੇ ਪਟੇਲ ਵਰਗੇ ਹਿੰਦੂ ਲੀਡਰਾਂ ਨੂੰ ਤਦੋਂ ਹੀ ਚੁਭ ਰਿਹਾ ਸੀ । ਇਸ ਲਈ ਉਨ੍ਹਾਂ ਨੇ ਸੰਨ 2012 ਵਿੱਚ ਉਪਰੋਕਤ ਐਕਟ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਕਰਦਿਆਂ ਉਸ ਦੀ ਅਜ਼ਾਦ ਹਸਤੀ ਖ਼ਤਮ ਕਰ ਕੇ ਸਿੱਖਾਂ ਨੂੰ ਮੂਲੋਂ ਹੀ ਬੇਵਕੂਫ਼ ਬਣਾਇਆ ਹੈ, ਕਿਉਂਕਿ ਇਸ ਵਿੱਚ ਕਾਇਮ ਕੀਤੇ ਨਵੇਂ ਸੈਕਸ਼ਨ 6 ਦੁਆਰਾ ਸਿੱਖਾਂ ਨੂੰ ਅਨੰਦ ਮੈਰਿਜ ਐਕਟ ਦੇ ਅੰਤਰਗਤ ਕੇਵਲ ਵਿਆਹ ਰਜਿਸਟਰਡ ਕਰਵਾਉਣ ਦਾ ਅਧਿਕਾਰ ਹੀ ਮਿਲਿਆ ਹੈ,  ਬਾਕੀ ਵਿਆਹ ਨਾਲ ਸਬੰਧਿਤ ਬੱਚਿਆਂ ਦੀ ਦੇਖ-ਭਾਲ, ਬੱਚਾ ਗੋਦ ਲੈਣ, ਤਲਾਕ, ਜਾਇਦਾਦ ਅਤੇ ਕ੍ਰਿਪਾਨ ਰੱਖਣ ਆਦਿਕ ਦੇ ਹੱਕ ਲੈਣ ਲਈ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਦੀ ਸ਼ਰਨ ਵਿੱਚ ਹੀ ਜਾਣਾ ਪਵੇਗਾ । ਉਸ ਦਾ ਮੁੱਖ ਕਾਰਨ ਇਹ ਹੈ ਕਿ ਸੰਵਿਧਾਨ ਦੀ ਧਾਰਾ 25 ਸਿੱਖਾਂ ਨੂੰ ਹਿੰਦੂ ਮਤ ਦਾ ਹੀ ਇੱਕ ਅੰਗ ਮੰਨਦੀ ਹੈ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਦਿੱਲੀ ਦੇ ਸਿੱਖ ਆਗੂ ਸ੍ਰ. ਮਨਜਿੰਦਰ ਸਿੰਘ ਸਿਰਸਾ ਦੇ ਕੁਝ ਅਖ਼ਬਾਰਾਂ ਵਿੱਚ ਛਪੇ ਉਸ ਬਿਆਨ ਦੇ ਪ੍ਰਤੀਕਰਮ ਵਜੋਂ ਕਹੇ, ਜਿਸ ਵਿੱਚ ਉਸ ਨੇ ਸਿੱਕਮ ਦੀ ਸੂਬਾ ਸਰਕਾਰ ਨੂੰ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਲਈ ਢੁੱਕਵਾਂ ਕਾਨੂੰਨ ਬਨਾਉਣ ਲਈ ਬੇਨਤੀ ਕੀਤੀ ਹੈ ।

ਉਨਾਂ ਸਪਸ਼ਟ ਕੀਤਾ ਕਿ ਅਮਰੀਕਨ ਸਿੱਖ ਗੁਰਦੁਆਰਾ ਕਮੇਟੀ ਦੇ ਮੁੱਖੀ ਡਾ. ਪਰਿਤਪਾਲ ਸਿੰਘ ਤੇ ਪਾਕਸਤਾਨੀ ਸਿੱਖ ਆਗੂਆਂ ਦੇ ਉਦਮ ਸਦਕਾ 2008 ਵਿੱਚ ਜਦੋਂ ਪਾਕਿਸਤਾਨ ਸਰਕਾਰ ਨੇ ਅਨੰਦ ਮੈਰਿਜ ਐਕਟ 1909 ਨੂੰ ਆਧਾਰ ਬਣਾ ਕੇ ਸਿੱਖਾਂ ਲਈ ਇੱਕ ਸੰਪੂਰਨ ਤੇ ਅਜ਼ਾਦ ਐਕਟ ਲਾਗੂ ਕਰ ਦਿੱਤਾ, ਜਿਹੜਾ ਸਿੱਖਾਂ ਨੂੰ ਉਥੇ ਇੱਕ ਵੱਖਰੇ ਧਰਮ ਵਜੋਂ ਮਾਨਤਾ ਦਿੰਦਾ ਹੈ ਤਾਂ ਦਿੱਲੀ ਤੇ ਪੰਜਾਬ ਸਿੱਖ ਆਗੂਆਂ ਨੇ ਆਵਾਜ਼ ਉਠਾਈ ਕਿ ਭਾਰਤ ਸਰਕਾਰ ਵੀ ਮੁਸਲਮਾਨਾਂ, ਈਸਾਈਆਂ ਤੇ ਪਾਰਸੀਆਂ ਵਾਂਗ ਸਿੱਖਾਂ ਲਈ ਪਾਕਿਸਤਾਨ ਵਰਗਾ ਸੰਪੂਰਨ ਐਕਟ ਬਣਾਵੇ ਤੇ ਲਾਗੂ ਕਰੇ, ਕਿਉਂਕਿ ਸਾਡੀ ਕੌਮ ਨੂੰ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਹੀ ਰਜਿਸਟਰਡ ਕਰਵਾਉਣੇ ਪੈਂਦੇ ਹਨ । ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਹਿੰਦੂ ਹੀ ਮੰਨਿਆ ਜਾ ਰਿਹਾ ਹੈ । ਆਖ਼ਿਰ ਭਾਰਤੀ ਹਕੂਮਤ ਨੂੰ ਮਜ਼ਬੂਰਨ ਕਹਿਣਾ ਪਿਆ ਕਿ ਸਿੱਖ ਆਗੂ ਅਨੰਦ ਮੈਰਿਜ ਐਕਟ ਦਾ ਖਰੜਾ ਬਣਾ ਕੇ ਪਾਰਲੀਮੈਂਟ ਵਿੱਚ ਪੇਸ਼ ਕਰਨ । ਸਿੱਟੇ ਵਜੋਂ ਪਰਮਜੀਤ ਸਿੰਘ ਸਰਨੇ ਨੇ ਚੰਡੀਗੜ ਅਤੇ ਦਿੱਲੀ ਦੇ ਕੁਝ ਸਿੱਖ ਸਕਾਲਰਾਂ ਤੇ ਸੰਵਿਧਾਨਕ ਮਾਹਰਾਂ ਪਾਸੋਂ ਖਰੜਾ ਬਣਵਾ ਕੇ ਰਾਜ ਸਭਾ ਮੈਂਬਰ ਡਾ. ਤ੍ਰਿਲੋਚਨ ਸਿੰਘ, ਢੀਂਡਸੇ ਤੇ ਭੂੰਦੜ ਹੁਰਾਂ ਭਾਰਤ ਸਰਕਾਰ ਨੂੰ ਸਉਂਪਿਆ, ਜਿਹੜਾ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਦੀ ਕੈਦ ਵਿੱਚੋਂ ਬਾਹਰ ਕੱਢਦਾ ਸੀ, ਪਰ ਬੇਈਮਾਨ ਹਿੰਦੂਤਵੀ ਹਕੂਮਤ ਨੇ ਸਿੱਖਾਂ ਲਈ ਵੱਖਰਾ ਐਕਟ ਬਣਾਉਣ ਦੀ ਥਾਂ ਅਨੰਦ ਮੈਰਿਜ ਐਕਟ ਵਿੱਚ ਨਵਾਂ ਸੈਕਸ਼ਨ 6 ਲਿਖ ਕੇ ਉਸ ਦੇ ਅੰਤਰਗਤ ਕੇਵਲ ਵਿਆਹ ਰਜਿਸਟਰਡ ਕਰਵਾਉਣ ਦਾ ਹੀ ਅਧਿਕਾਰ ਦਿੱਤਾ ਤੇ ਉਹ ਵੀ ਲਾਗੂ ਹੋ ਸਕਦਾ ਹੈ, ਜੇ ਸੂਬਾ ਸਰਕਾਰਾਂ ਦੀ ਮਰਜ਼ੀ ਹੋਵੇ । ਅਜਿਹਾ ਧੋਖਾ ਕਰਦਿਆਂ ਵੀ ਭਾਰਤ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਜੋ ਸਰਕੂਲਰ ਜਾਰੀ ਕੀਤਾ,  ਉਸ ਵਿੱਚ ਖਾਸ ਹਦਾਇਤ ਕੀਤੀ ਗਈ ਕਿ ਕਾਨੂੰਨ ਬਣਾਉਣ ਸਮੇਂ ਹਿੰਦੂ ਮੈਰਿਜ ਐਕਟ ਨਾਲ ਕੋਈ ਛੇੜ-ਛਾੜ ਕਰਨ ਵਾਲਾ ਨਫ਼ਰਤ-ਮਈ ਵਿਹਾਰ ਨਾ ਕੀਤਾ ਜਾਵੇ ਭਾਵ ਇਹ ਨਾ ਲਿਖਿਆ ਜਾਵੇ ਕਿ ਹੁਣ ਸਿੱਖਾਂ ਉੱਤੇ ਹਿੰਦੂ ਮੈਰਿਜ ਐਕਟ ਲਾਗੂ ਨਹੀਂ ਹੋਵੇਗਾ ਕਿਉਂਕਿ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੀ ਸੰਵਿਧਾਨਕ ਧਾਰਾ 25 (ਜਿਸ ਨੂੰ 1984 ਵਿੱਚ ਦਿੱਲੀ ਵਿਖੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਾੜਨ ਦਾ ਡਰਾਮਾ ਕੀਤਾ ਗਿਆ ਸੀ)  ਦੀ ਸੋਧ ਕੀਤੇ ਬਗੈਰ ਸਿੱਖ ਕੌਮ ਲਈ ਕੋਈ ਵੱਖਰਾ ਸੰਪੂਰਨ ਤੇ ਅਜ਼ਾਦ ਐਕਟ ਲਾਗੂ ਹੋ ਸਕਣਾ ਅਸੰਭਵ ਹੈ । ਇਹੀ ਅਸਲ ਕਾਰਨ ਸੀ, ਜਿਸ ਕਰ ਕੇ ਹਰਿਆਣਾ ਸਰਕਾਰ ਨੇ ਤਾਂ ਛੇਤੀ ਹੀ ਉਪਰੋਕਤ ਕਾਨੂੰਨ ਬਣਾ ਕੇ ਸਿੱਖਾਂ ਦੇ ਵਿਆਹ ਦਰਜ ਕਰਨੇ ਸ਼ੁਰੂ ਕਰ ਦਿੱਤੇ, ਪਰ ਬਾਦਲ ਸਰਕਾਰ ਇਸ ਪੱਖੋਂ ਦੜ ਵੱਟਦੀ ਗਈ ਕਿਉਂਕਿ ਪ੍ਰੋ. ਹਰਬੰਸ ਸਿੰਘ ਔਜਲਾ ਟ੍ਰਾਂਟੋ ਵਾਲਿਆਂ ਨੇ ਚੰਡੀਗੜੀਏ ਸਕਾਲਰਾਂ ਦੀ ਸਹਾਇਤਾ ਨਾਲ ਭਾਰਤ ਸਰਕਾਰ ਦੀ ਬੇਈਮਾਨੀ ਨੂੰ ਨਸ਼ਰ ਕਰ ਕੇ ਪ੍ਰਾਪਤੀ ਦੇ ਭੰਗੜੇ ਪਾਉਣ ਵਾਲੇ ਤਤਕਾਲੀ ਸਿੱਖ ਆਗੂਆਂ ਨੂੰ ਲਾਹਨਤਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਹੁਣ ਜਦੋਂ ਬਾਦਲ ਹਕੂਮਤ ਨਹੀਂ ਰਹੀ ਤਾਂ ਉਸ ਦੇ ਬੁਲਾਰੇ ਬਣੇ ਭਾਜਪਾਈ ਸਿੱਖ ਆਗੂ ਆਪਣੀ ਸ਼ਾਖ ਬਚਾਉਣ ਲਈ ਨਿੱਤ ਦਿਹਾੜੇ ਪ੍ਰੈਸ ਵਿੱਚ ਪੇਡ ਖ਼ਬਰਾਂ ਲਵਾਉਂਦੇ ਰਹਿੰਦੇ ਹਨ ਕਿ ਫਲਾਣੀ ਫਲਾਣੀ ਸਟੇਟ ਵਿੱਚ ਅਸੀਂ ਅਨੰਦ ਮੈਰਿਜ ਐਕਟ ਲਾਗੂ ਕਰਵਾ ਦਿੱਤਾ ਹੈ ।

ਅੰਤ ਵਿੱਚ ਗਿਆਨੀ ਜਾਚਕ ਨੇ ਉਪਰੋਕਤ ਕਿਸਮ ਦੇ ਭਾਜਪਾਈ ਸਿੱਖ ਆਗੂਆਂ ਨੂੰ ਚੈਲਿੰਜ ਕੀਤਾ ਹੈ ਕਿ ਉਪਰੋਕਤ ਵਿਸ਼ੇ ‘ਤੇ ਉਹ ਆਪਣੀ ਸੰਵਿਧਾਨਕ ਮਾਹਰਾਂ ਦੀ ਟੀਮ ਸਮੇਤ ਟੀ. ਵੀ. ਜਾਂ ਕਿਸੇ ਵੀ ਜਨਤਕ ਮੰਚ ਉਪਰ ਵਿਚਾਰ ਚਰਚਾ ਕਰਨ ਲਈ ਤਿਆਰ ਹਨ। ਜੇ ਹਿੰਮਤ ਹੈ ਤਾਂ ਉਹ ਪ੍ਰਵਾਨਗੀ ਦੇਣ ਜਾਂ ਇਸ ਪੱਖੋਂ ਆਪਣੀ ਫੋਕੀ ਬਿਆਨਬਾਜ਼ੀ ਬੰਦ ਕਰ ਕੇ ਧਾਰਾ 25 ਦੀ ਸੋਧ ਕਰਾਉਣ ਵਾਲੇ ਪਾਸੇ ਤੁਰਨ ਅਤੇ ਸਿੱਖ ਕੌਮ ਨਾਲ ਹੋਰ ਧ੍ਰੋਹ ਨਾ ਕਮਾਉਣ, ਕਿਉਂਕਿ 2002 ਵਿੱਚ ਬਾਜਪਾਈ ਸਰਕਾਰ ਵੇਲੇ ਸੰਵਿਧਾਨ ਰੀਵਿਊ ਕਰਨ ਵਾਲੇ ਜਸਟਿਸ ਵਿਨਕਟਚਾਲੀਆ ਕਮਿਸ਼ਨ ਨੇ 11 ਸੁਪਰੀਮ ਕੋਰਟ ਦੇ ਜੱਜਾਂ ਰਾਹੀਂ ਸਿਫਾਰਸ਼ ਕੀਤੀ ਸੀ ਕਿ ਸਿੱਖ,ਜੈਨ ਅਤੇ ਬੁੱਧ ਧਰਮ ਭਾਰਤ ਦੇ ਅਜਾਦ, ਸੁਤੰਤਰ ਧਰਮ ਹਨ । ਇਹ ਹਿੰਦੂ ਧਰਮ ਦੇ ਕਿਸੇ ਕਲਾਸ, ਸੈਕਸ਼ਨ ਵਿੱਚ ਨਹੀਂ ਆਉਂਦੇ । ਇਸ ਲਈ ਕਲਾਜ ਬੀ ਦੀ ਰੀਵਰਡਿੰਗ ਕਰੋ ਤੇ ਸੰਕਲਨ (Compilation) 2 ਦੀ ਡਲੀਸ਼ਨ ਕਰੋ । ਇਸ ਸੰਵਿਧਾਨਕ ਸੋਧ ਤੋਂ ਬਗੈਰ ਵਿਆਹ ਦੀ ਰਜਿਸਟੇਸ਼ਨ ਬਾਰੇ ਉਪਰੋਕਤ ਕਿਸਮ ਦੇ ਕਾਨੂੰਨ ਦਾ ਸਿੱਖ ਭਾਈਚਾਰੇ ਨੂੰ ਕੋਈ ਲਾਭ ਨਹੀਂ ਹੋਣ ਵਾਲਾ ।

ਕੀ ਆਪਣੀ ਹੁੰਦੀ ਪ੍ਰਸ਼ੰਸਾ ਵੇਖ ਕੇ ਗੁਰੂ ਜੀ ਦੀ ਕੀਤੀ ਗਈ ਨਿੰਦਿਆ ਨੂੰ ਅਣਗੌਲਿਆ ਕੀਤਾ ਜਾਣਾ ਦਰੁਸਤ ਹੈ ?

0

ਕੀ ਆਪਣੀ ਹੁੰਦੀ ਪ੍ਰਸ਼ੰਸਾ ਵੇਖ ਕੇ ਗੁਰੂ ਜੀ ਦੀ ਕੀਤੀ ਗਈ ਨਿੰਦਿਆ ਨੂੰ ਅਣਗੌਲਿਆ ਕੀਤਾ ਜਾਣਾ ਦਰੁਸਤ ਹੈ ?

ਕਿਰਪਾਲ ਸਿੰਘ (ਬਠਿੰਡਾ)

ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਆਪਣੀ ਪੁਸਤਕ “ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ” (ਭਾਗ ਪਹਿਲਾ) ਵਿੱਚ ਲਿਖਿਆ ਹੈ ਕਿ ਪੁਜਾਰੀ ਵਰਗ ਨੇ ਜਿਸ ਤਰ੍ਹਾਂ ਦੇ ਵਿਕਾਰ ਆਪ ਭੋਗਣੇ ਹੁੰਦੇ ਸਨ ਭਾਵ ਜਿਸ ਤਰ੍ਹਾਂ ਦੀਆਂ ਕਮਜੋਰੀਆਂ ਉਨ੍ਹਾਂ ਦੇ ਆਪਣੇ ਸਮਾਜਿਕ ਜੀਵਨ ਵਿੱਚ ਹੁੰਦੀਆਂ ਸਨ; ਉਸੇ ਤਰ੍ਹਾਂ ਦੇ ਵਿਕਾਰ ਭੋਗ ਰਹੇ ਰਾਜਿਆਂ ਨੂੰ ਆਪਣੇ ਦੇਵਤੇ ਸਿਰਜ ਕੇ ਉਨ੍ਹਾਂ ਦੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ ਤਾਂ ਜੋ ਪੁਜਾਰੀਆਂ ਦੀਆਂ ਕਮਜੋਰੀਆਂ ਉੱਤੇ ਉਂਗਲ ਚੁੱਕਣ ਵਾਲਿਆਂ ਨੂੰ ਨਿਰੁੱਤਰ  ਕੀਤਾ ਜਾ ਸਕੇ ਕਿ ਅਜਿਹੇ ਕੰਮ ਤਾਂ ਵੱਡੇ ਵੱਡੇ ਦੇਵੀ ਦੇਵਤੇ ਵੀ ਕਰਦੇ ਰਹੇ ਸਨ।

ਭਗਤ ਨਾਮਦੇਵ ਜੀ ਦੁਆਰਾ ਰਚਿਆ ਗਿਆ ਬਿਲਾਵਲੁ ਗੋਂਡ (ਰਾਗੁ) ਵਿੱਚ ਇੱਕ ਸ਼ਬਦ ਵੀ ਐਸੇ ਹੀ ਪੁਜਾਰੀ ਪਾਂਡੇ ਨੂੰ ਰੇਖਾਂਕਿਤ ਕਰਦਾ ਸਮਝਾਉਂਦਾ ਹੈ ਕਿ ਮੈਨੂੰ ਤਾਂ ਇਸ ਜਨਮ ’ਚ ਹੀ ਆਪਣੇ ਪ੍ਰਭੂ ਦੇ ਦਰਸ਼ਨ ਹੋ ਗਏ ਹਨ; ਤੈਨੂੰ ਕਿਉਂ ਦਰਸ਼ਨ ਨਹੀਂ ਹੋਏ, ਇਸ ਬਾਰੇ ਆ ਤੈਨੂੰ ਮੂਰਖ ਨੂੰ ਮੈਂ ਸਮਝਾਵਾਂ ! 

ਭਗਤ ਜੀ ਨੇ ਪਾਂਡੇ ਦੀ ਸੋਚ ਨੂੰ ਆਧਾਰ ਬਣਾ ਕੇ ਦੱਸਿਆ ਕਿ ਜਿਸ ਦੀ ਵੀ ਤੂੰ ਪੂਜਾ ਕਰਦਾ ਹੈਂ ਉਸ ਵਿੱਚ ਤੁਹਾਡੀ ਆਪਣੀ ਹੀ ਕੋਈ ਸ਼ਰਧਾ ਨਹੀਂ ਹੁੰਦੀ ਇਸੇ ਲਈ ਤੁਸੀਂ ਉਨ੍ਹਾਂ ਵਿੱਚ ਨੁਕਸ ਕੱਢਦੇ ਹੋ। ਮਿਸਾਲ ਵਜੋਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਅਸ਼ਰਧਾ ਵੀ ਹੈ ਕਿਉਂਕਿ ਤੇਰੇ ਅਨੁਸਾਰ ਗਾਇਤ੍ਰੀ ਉਹ ਹੈ ਜੋ ਇਕ ਵਾਰੀ ਕਿਸੇ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਕ ਲੋਧੇ ਜੱਟ ਦੀ ਪੈਲ਼ੀ ਚਰਨ ਲੱਗ ਪਈ ਤੇ ਜੱਟ ਨੇ ਸੋਟਾ ਮਾਰ ਕੇ ਉਸ ਦੀ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ। ਫਿਰ ਜਿਸ ਸ਼ਿਵ ਜੀ ਦੀ ਤੂੰ ਅਰਾਧਨਾ ਕਰਦਾ ਹੈਂ ਉਸ ਨੂੰ ਕ੍ਰੋਧੀ ਵੀ ਦੱਸਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਤੇਰੇ ਹੀ ਇਸ਼ਟ ਸ਼ਿਵ ਉੱਤੇ ਤੇਰਾ ਇਹ ਵੀ ਆਰੋਪ ਹੈ ਕਿ ਇੱਕ ਵਾਰ ਕਿਸੇ ਦਾਨੀ ਦੇ ਘਰ ਸ਼ਿਵ ਲਈ ਭੋਜਨ ਤਿਆਰ ਕੀਤਾ ਗਿਆ, ਜੋ ਸ਼ਿਵ ਨੂੰ ਪਸੰਦ ਨਾ ਆਇਆ ਤੇ ਉਸ ਨੇ ਸ੍ਰਾਪ ਦੇ ਕੇ ਉਸ (ਜਜਮਾਨ) ਦਾ ਲੜਕਾ ਮਾਰ ਦਿੱਤਾ। ਜਿਸ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਸ ਬਾਰੇ ਭੀ ਤੈਥੋਂ ਇਹੀ ਕੁਝ ਸੁਣਿਆ ਹੈ ਕਿ ਉਹ ਆਪਣੀ ਵਹੁਟੀ (ਸੀਤਾ ਜੀ) ਨੂੰ ਗਵਾ ਬੈਠਾ ਸੀ ਜਿਸ ਕਾਰਨ ਰਾਵਣ ਨਾਲ ਲੜਾਈ ਕਰਨੀ ਪਈ ਭਾਵ ਇਹ ਜੰਗ ਕਿਸੇ ਸਮਾਜ ਦੇ ਕਿਸੇ ਹਿੱਸੇ ਨਾਲ ਹੋਈ ਬੇਇਨਸਾਫੀ ਦਾ ਨਤੀਜਾ ਨਹੀਂ ਸੀ। ਇਉਂ ਤੇਰੀ ਸ਼ਰਧਾ ਵਾਲੀ ਇੱਕ ਅੱਖ ਤਾਂ ਤਦੋਂ ਫੁੱਟ ਗਈ ਜਦੋਂ ਤੂੰ ਆਪਣੇ ਇਸ਼ਟ ਬਾਰੇ ਸੰਦੇਹਜਨਕ ਕਹਾਣੀਆਂ ਘੜਨੀਆਂ ਸ਼ੁਰੂ ਕਰ ਲਈਆਂ ਤੇ ਦੂਜੀ ਅੱਖ ਤਦ ਚਲੀ ਗਈ ਜਦੋਂ ਤੂੰ ਨਿਰਾਕਾਰ (ਪਰਮਾਤਮਾ) ਦੀ ਹੋਂਦ ਨੂੰ ਮੰਨਣ ਦੀ ਬਜਾਇ ਉਸ ਨੂੰ ਆਕਾਰ (ਮੂਰਤੀ) ਰੂਪ ਵਿੱਚ ਮੰਦਰ ਵਿਚ ਹੀ ਟਿਕਾਅ ਲਿਆ ਭਾਵ ਧਰਮੀ ਅਖਵਾਉਣ ਦੇ ਬਾਵਜੂਦ ਵੀ ਤੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਬਣ ਬੈਠਾ । ਤੇਰੇ ਮੁਕਾਬਲੇ ਤਾਂ ਮੁਸਲਮਾਨ ਹੀ ਚੰਗਾ ਹੈ ਜਿਸ ਪਾਸ ਆਪਣੇ ਇਸ਼ਟ (ਪੈਗੰਬਰ ਹਜ਼ਰਤ ਮੁਹੰਮਦ ਸਾਹਿਬ) ਪ੍ਰਤੀ ਪੂਰੀ ਸ਼ਰਧਾ ਤਾਂ ਹੈ ਭਾਵੇਂ ਕਿ ਉਸ ਦੀ ਵੀ ਇੱਕ ਅੱਖ ਨਾ ਰਹੀ ਜਦ ਉਸ ਨੇ ਸੱਤ ਆਕਾਸ ਉੱਪਰ ਮੰਨੀ ਬੈਠੇ ਰੱਬ ਦਾ ਘਰ ਹੇਠਾਂ ਕੇਵਲ ਮਸਜਿਦ ਵਿਚ ਹੀ ਮੰਨ ਲਿਆ।

ਸੋ, ਹਿੰਦੂ ਅੰਨ੍ਹੇ ਤੇ ਮੁਸਲਮਾਨ ਕਾਣੇ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ (ਨਿਰਾਕਾਰ) ਦਾ ਸਹੀ-ਸਹੀ ਗਿਆਨ ਹੋਵੇ, ਕਿ ਉਹ ਰੱਬ ਕਿਸੇ ਵਿਸ਼ੇਸ਼ ਜਗ੍ਹਾ ਤੱਕ ਸੀਮਤ ਨਹੀਂ ਤੇ ਅਜਿਹਾ ਗਿਆਨ ਦੇਣ ਵਾਲੇ ਗੁਰੂ ਉੱਤੇ ਪੂਰਨ ਵਿਸ਼ਵਾਸ ਰੱਖਦਾ ਹੋਵੇ। ਮੈਂ ਨਾਮਦੇਵ (ਆਪਣੇ ਗੁਰੂ ਦੇ ਕਹੇ ਬਚਨਾਂ ਉੱਤੇ ਅਟੁੱਟ ਵਿਸ਼ਵਾਸ ਬਣਾ ਕੇ) ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ (ਹੇਠਾਂ, ਜਗਤ ਵਿਚ) ਖ਼ਾਸ ਮੰਦਰ ਹੈ ਤੇ ਨਾ ਹੀ ਕੋਈ ਖਾਸ ਮਸਜਿਦ। ਪਾਵਨ ਬਚਨ ਹਨ :-

“ਆਜੁ ਨਾਮੇ ਬੀਠਲੁ ਦੇਖਿਆ ;  ਮੂਰਖ ਕੋ ਸਮਝਾਊ ਰੇ ॥ ਰਹਾਉ ॥ 

ਪਾਂਡੇ !  ਤੁਮਰੀ ਗਾਇਤ੍ਰੀ ; ਲੋਧੇ ਕਾ ਖੇਤੁ ਖਾਤੀ ਥੀ ॥   ਲੈ ਕਰਿ ਠੇਗਾ, ਟਗਰੀ ਤੋਰੀ ;  ਲਾਂਗਤ ਲਾਂਗਤ ਜਾਤੀ ਥੀ ॥੧॥ 

ਪਾਂਡੇ ! ਤੁਮਰਾ ਮਹਾਦੇਉ ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥  ਮੋਦੀ ਕੇ ਘਰ ਖਾਣਾ ਪਾਕਾ ;  ਵਾ ਕਾ ਲੜਕਾ ਮਾਰਿਆ ਥਾ ॥੨॥ 

ਪਾਂਡੇ ! ਤੁਮਰਾ ਰਾਮਚੰਦੁ ;  ਸੋ ਭੀ ਆਵਤੁ ਦੇਖਿਆ ਥਾ ॥  ਰਾਵਨ ਸੇਤੀ ਸਰਬਰ (ਲੜਾਈ) ਹੋਈ ; ਘਰ ਕੀ ਜੋਇ (ਪਤਨੀ) ਗਵਾਈ ਥੀ ॥੩॥ 

ਹਿੰਦੂ ਅੰਨ੍ਹਾ , ਤੁਰਕੂ ਕਾਣਾ ॥  ਦੁਹਾਂ ਤੇ ਗਿਆਨੀ ਸਿਆਣਾ ॥ 

ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ ॥  ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ ॥੪॥”    (੮੭੫)

ਜੋ ਅਸ਼ਰਧਾ ਭਗਤ ਨਾਮਦੇਵ ਜੀ ਨੇ ਪੁਜਾਰੀ ਪਾਂਡਿਆਂ ਦੀ ਸੋਚ ਵਿੱਚ ਵੇਖੀ ਉਹ ਕੇਵਲ ਉਨ੍ਹਾਂ ਵਿੱਚ ਹੀ ਨਹੀਂ ਬਲਕਿ ਹਰ ਧਰਮ ਦੇ ਬਹੁਗਿਣਤੀ ਪੁਜਾਰੀਆਂ ਅਤੇ ਇੱਥੋਂ ਤੱਕ ਕਿ ਸਿੱਖ ਧਰਮ ਦੇ ਆਪੂੰ ਬਣੇ ਵਿਦਵਾਨ ਹਰਨੇਕ ਸਿੰਘ ਨਿਊਜ਼ੀਲੈਂਡ ਵਰਗਿਆਂ ਵਿੱਚ ਵੀ ਵੇਖੀ ਜਾ ਸਕਦੀ ਹੈ ਜਿਨ੍ਹਾਂ ਦੀ ਆਪਣੇ ਗੁਰੂ ਸਾਹਿਬਾਂ ਪ੍ਰਤੀ ਦਿਲੀ ਅਸ਼ਰਧਾ ਉਨ੍ਹਾਂ ਦੇ ਬੋਲਾਂ ਰਾਹੀਂ ਕਦੇ ਕਦਾਈਂ ਪ੍ਰਗਟ ਵੀ ਹੋ ਹੀ ਜਾਂਦੀ ਹੈ, ਜਿਵੇਂ ਕਿ 13 ਸਤੰਬਰ ਦੇ ਆਪਣੇ ਨਿਜੀ ਰੇਡੀਓ (ਪ੍ਰੋਗਰਾਮ) ਰਾਹੀਂ ਗੁਰੂ ਹਰਿਰਾਇ ਸਾਹਿਬ ਜੀ ਦੇ ਅਭੁੱਲ ਫੈਸਲਿਆਂ ’ਤੇ ਉਂਗਲ ਉਠਾਉਂਦੇ ਹੋਏ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਦੀ ਜੋ ਬਾਣੀ ਦਰਜ ਹੈ ਗੁਰੂ ਸਾਹਿਬਾਂ ਦੇ ਪੂਰਨ ਜੀਵਨ ਦੌਰਾਨ ਕਹੇ ਤਮਾਮ ਬਚਨਾਂ ਵਿਚੋਂ ਸਿਰਫ ਉਹੀ ਯੂਨੀਵਰਸਲ ਟਰੁੱਥ ਹੈ ਜਿਸ ਨੂੰ ਗੁਰਬਾਣੀ ਕਿਹਾ ਜਾਂਦਾ ਹੈ (ਪਰ ਸੰਦੇਹ ਕਰਨ ਵਾਲੇ ਲਈ ਇਸ ਦਾ ਵੀ ਕੀ ਪੈਮਾਨਾ ਹੋ ਸਕਦਾ ਹੈ ? ਖੈਰ) ਅਤੇ ਇਸ ਤੋਂ ਬਾਹਰ ਜੋ ਕੁਝ ਉਨ੍ਹਾਂ (ਗੁਰੂ ਸਾਹਿਬਾਂ) ਨੇ ਨਿਜੀ ਜੀਵਨ ਵਿੱਚ ਕਿਹਾ ਜਾਂ ਫੈਸਲੇ ਕੀਤੇ ਉਹ ਗੁਰ ਇਤਿਹਾਸ ਹੈ ਜੋ ਆਮ ਮਨੁੱਖਾਂ ਦੀ ਤਰ੍ਹਾਂ ਹੀ (ਕੁਝ ਗ਼ਲਤੀ ਭਰਪੂਰ ਵੀ ਰਿਹਾ) ਹੈ। ਹਰਨੇਕ ਸਿੰਘ ਅਨੁਸਾਰ ਮਨੁੱਖਾ ਸਰੀਰ ਵਿੱਚ ਗੁਰੂ ਸਾਹਿਬਾਂ ਵੱਲੋਂ ਲਏ ਗਏ ਸਾਰੇ ਹੀ ਫੈਸਲਿਆਂ ਨੂੰ ਸ਼ਰਧਾਵੱਸ ਸਹੀ ਮੰਨ ਲੈਣਾ, ਠੀਕ ਨਹੀਂ ਹੈ, ਵੱਡੀ ਭੁੱਲ ਹੈ।

13 ਸਤੰਬਰ ਨੂੰ ਹਰਨੇਕ ਸਿੰਘ ਨੇ ਜੋ ਉਕਤ ਕਿਹਾ ਉਹ ਇਨਾਂ (ਆਪਣੇ ਜਾਣੇ) ਬੜੇ ਹੀ ਸੰਕੋਚਵੇਂ ਸ਼ਬਦਾਂ ਵਿੱਚ ਕਿਹਾ ਹੈ ਜਦੋਂ ਕਿ ਉਹ ਕਹਿਣਾ ਇਸ ਤੋਂ ਵੀ ਕਿਤੇ ਵੱਧ ਚਾਹ ਰਹੇ ਸਨ; ਪਰ ਫਿਰ ਵੀ ਉਹ ਇਹ ਤਾਂ ਸਪਸ਼ਟ ਤੌਰ ’ਤੇ ਕਹਿ ਹੀ ਗਏ ਕਿ ਚੌਥੇ ਪਾਤਸ਼ਾਹ ਵੱਲੋਂ ਪ੍ਰਿਥੀਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪਣਾ, ਸੱਤਵੇ ਪਾਤਸ਼ਾਹ ਵੱਲੋਂ ਰਾਮਰਾਇ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖਣ ਲਈ ਭੇਜਣਾ ਅਤੇ ਅੱਠਵੇਂ ਪਾਤਸ਼ਾਹ ਨੂੰ ਬਹੁਤ ਛੋਟੀ ਉਮਰ ਵਿੱਚ ਗੁਰਗੱਦੀ ਦੀ ਜਿੰਮੇਵਾਰੀ ਦੇਣੀ, ਆਦਿ ਗਲਤ ਫੈਸਲੇ ਤਾਂ ਹਨ ਹੀ।

ਗੁਰੂ ਸਾਹਿਬਾਨ ਦੇ ਇਨ੍ਹਾਂ ਫੈਸਲਿਆਂ ’ਤੇ ਕਿੰਤੂ ਖੜ੍ਹਾ ਕਰਨ ਦੀ ਗਲਤੀ ਸਵੀਕਾਰਨ ਦੀ ਬਜਾਏ ਬਾਅਦ ਦੇ ਇੱਕ ਹੋਰ ਪ੍ਰੋਗਰਾਮ ਵਿੱਚ ਇਸ ਨੇ ਖ਼ੁਦ ਹੀ ਖ਼ੁਲਾਸਾ ਕਰ ਦਿੱਤਾ ਕਿ ਜੋ ਕੁਝ ਮੈਂ ਕਿਹਾ ਹੈ ਇਹ ਤਾਂ ਹਾਲੀ ਪੂਰਨ ਸਚਾਈ ਦਾ ਇੱਕ ਹਿੱਸਾ ਮਾਤਰ ਹੀ ਹੈ ਜਦੋਂ ਕਿ ਹੋਰ ਬਹੁਤ ਕੁਝ ਉਹ ਕਹਿਣਾ ਚਾਹੁੰਦੇ ਹਨ, ਜਿਸ ਬਾਰੇ ਇਸ ਨੂੰ ਵੱਧ ਜਾਗਰੂਕ ਹੋਣ ਕਾਰਨ ਵਧੇਰੇ ਗਿਆਨ ਹੋ ਚੁੱਕਾ ਹੈ।

ਹੁਣ ਜੇ ਹਰਨੇਕ ਸਿੰਘ ਦੇ ਕਥਨ ਅਨੁਸਾਰ ਇਹ ਮੰਨ ਲਈਏ ਕਿ ਗੁਰੂ ਸਾਹਿਬਾਨ ਖ਼ੁਦ ਹੀ ਆਪਣੀ ਉਚਾਰੀ ਗਈ ਬਾਣੀ ਮੁਤਾਬਕ ਆਪਣਾ ਜੀਵਨ ਨਹੀਂ ਜੀਵੇ ਸਨ ਜਾਂ ਸਿੱਖਾਂ ਨੂੰ ਆਪਣੇ ਧਰਮ ਅੰਦਰ ਪਰਪੱਕ ਰਹਿਣ ਲਈ ਕੀਤੇ ਗਏ ਉਪਦੇਸ਼ਾਂ ਉੱਤੇ ਆਪ ਹੀ ਪੂਰਾ ਅਮਲ ਨਹੀਂ ਕਰਦੇ ਸਨ ਭਾਵ “ਉਪਦੇਸੁ ਕਰੇ ਕਰਿ, ਲੋਕ ਦ੍ਰਿੜਾਵੈ ਅਪਨਾ ਕਹਿਆ, ਆਪਿ ਨ ਕਮਾਵੈ (ਮਃ ੫/ ੮੮੭) ਬਚਨਾਂ ਦਾ ਗੁਰੂ ਸਾਹਿਬਾਂ ਦੇ ਸਮਾਜਿਕ ਜੀਵਨ ਵਿੱਚ ਕੋਈ ਮਾਅਨਾ ਨਹੀਂ । ਜੋ ਹੋਰਨਾਂ ਲਈ ਪਰੇਰਨਾ ਸਰੋਤ ਹੋਵੇ ਪਰ ਆਪ ਉਸ (ਯੂਨੀਵਰਸਲ ਟਰੁੱਥ) ’ਤੇ ਪੂਰਨ ਅਮਲ ਨਾ ਕਰੇ, ਉਸ ਨੂੰ ਗੁਰਬਾਣੀ ਆਵਾਗਮਣ ਦਾ ਪਾਂਧੀ ਮੰਨਦੀ ਹੈ “ਅਵਰ ਉਪਦੇਸੈ, ਆਪਿ ਨ ਕਰੈ ਆਵਤ ਜਾਵਤ, ਜਨਮੈ ਮਰੈ (ਮਃ ੫/੨੬੯)

ਗੁਰਬਾਣੀ ਦੇ ਬਚਨ ਹਨ ਕਿ ਗੁਰੂ ਸਾਹਿਬਾਂ “ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ(ਮਃ ੫/ ੭੯) ਭਾਵ ਗੁਰੂ ਜੀ, ਸਾਡੇ ਕਲਿਆਣ ਲਈ ਸਮਾਜਿਕ ਜੀਵਨ ਵਿਚ ਦੁੱਖ-ਸੁੱਖ ਭੋਗਦੇ ਰਹੇ ਹਨ, ਪਰ ਇਨਾਂ ਉਪਦੇਸਾਂ ਉੱਤੇ ਸ਼ੱਕ-ਸੰਦੇਹ ਪੈਦਾ ਕਰਨ ਵਾਲਾ ਸਿੱਖ ਗੁਰੂ ਨੂੰ ਸਧਾਰਨ ਭੁੱਲਣ ਅੰਦਰ ਵਿਅਕਤੀ ਮੰਨ ਕੇ ਉਨ੍ਹਾਂ ਦੀ ਹੀ ਬਾਣੀ ਪੜ੍ਹ ਕੇ ਕੋਈ ਲਾਹਾ ਕਿਵੇਂ ਖੱਟ ਸਕਦਾ ਹੈ ?  ਇਸੇ ਲਈ ਸਾਡੇ ਬਚਨਾਂ ਵਿੱਚ ਕੁੜੱਤਣ ਵਧ ਰਹੀ ਹੈ, ਜੋ ਕੌਮੀ ਏਕਤਾ ਦਾ ਕੇਵਲ ਢੌਂਗ ਹੀ ਕਰ ਰਹੀ ਹੈ।

ਗੁਰਬਾਣੀ ਦੇ ਉਪਰੋਕਤ ਅਮੋਲਕ ਬਚਨਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਬਦ ਨੂੰ ਗੁਰੂ ਮੰਨਣ ਦਾ ਦਾਹਵਾ ਕਰਨ ਵਾਲੇ ਹਰਨੇਕ ਸਿੰਘ ਵਰਗੇ ਕਿਸੇ ਮਨੁੱਖ ਦਾ ਜੇ ਮੰਨਣਾ ਹੈ ਕਿ ਗੁਰੂ ਸਾਹਿਬ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਆਪਣੇ ਵੱਲੋਂ ਉਚਾਰੀ ਗਈ ਬਾਣੀ (ਯੂਨੀਵਰਸਲ ਟਰੁੱਥ) ਅਨੁਸਾਰ ਜੀਵਨ ਨਹੀਂ ਜੀਵੇ ਹਨ ਤਾਂ ਇਹ ਉਨ੍ਹਾਂ ਪਾਂਡਿਆਂ ਵਰਗੀ ਮੂਰਖਤਾ ਦੀ ਸਿਖਰ ਹੈ ਜਿਹੜੇ ਆਪਣੀਆਂ ਅੰਦਰੂਨੀ ਕਮਜੋਰੀਆਂ ਨੂੰ ਛੁਪਾਉਣ ਲਈ ਆਪਣੇ ਪੂਜਣਯੋਗ ਦੇਵੀ ਦੇਵਤਿਆਂ ਪ੍ਰਤੀ ਵੀ ਸ਼ਰਧਾਹੀਣ ਕਹਾਣੀਆਂ ਜੋੜ ਕੇ ਲੋਕਾਂ ਨੂੰ ਧਰਮ ਦੇ ਨਾਮ ’ਤੇ ਮੂਰਖ ਬਣਾਉਂਦੇ ਆ ਰਹੇ ਹਨ ਭਾਵੇਂ ਇਹ ਪੰਡਿਤ ਕੇਸਾਧਾਰੀ ਅਤੇ ਪਗੜੀਧਾਰੀ ਹੋਣ ਕਰ ਕੇ ਵੇਖਣ ਨੂੰ ਸਿੱਖ ਲਗਦੇ ਹੋਣ ਅਤੇ ਦਾਹਵਾ ਵੀ ਇਹੀ ਕਰਦੇ ਹੋਣ ਕਿ ਇਸ ਵੇਲੇ ਉਹ ਹੀ ਸਭ ਤੋਂ ਵੱਧ ਜਾਗਰੂਕ ਹਨ ਪਰ ਅਸਲ ਵਿੱਚ ਦਿਲੀ ਅਸ਼ਰਧਾ ਪਾਂਡਿਆਂ ਵਾਙ ਪ੍ਰਗਟ ਹੋ ਹੀ ਜਾਂਦੀ ਹੈ। ਅਭੁੱਲ ਗੁਰੂ ਸਾਹਿਬਾਨ ਨੂੰ ਭੁੱਲੜ ਮਨੁੱਖ ਨਾਲ ਤੁਲਨਾਉਣਾ ਅਤਿ ਨਿੰਦਣਯੋਗ ਹੈ, ਜਿਸ ਕਾਰਨ ਗੁਰੂ ਦੇ ਹਰ ਸ਼ਰਧਾਵਾਨ ਸਿੱਖ ਨੇ ਸਖ਼ਤ ਸ਼ਬਦਾਂ ਵਿੱਚ ਅਜਿਹੀ ਸੋਚ ਦੀ ਨਿਖੇਧੀ ਕੀਤੀ ਹੈ ਪਰ ਜਿਹੜੇ ਤਕਰੀਬਨ ਪਿਛਲੇ 20 ਦਿਨਾਂ ਤੋਂ ਇਸ ਸਬੰਧੀ ਚੁੱਪ ਧਾਰਨ ਕਰੀ ਬੈਠੇ ਹਨ ਉਹ ਆਪਣੇ ਗੁਰੂ ਸਾਹਿਬਾਂ ਦਾ ਧਿਆਨ ਧਰਦੇ ਹੋਏ ਜਰਾ ਸੋਚਣ ਕਿ ਕੀ ਆਪਣੀ ਹੁੰਦੀ ਪ੍ਰਸ਼ੰਸਾ ਵੇਖ ਕੇ ਜਾਂ ਕਿਸੇ ਕੁਬੋਲਾਂ ਦੇ ਡਰ ਕਾਰਨ ਗੁਰੂ ਜੀ ਬਾਰੇ ਕੀਤੀ ਗਈ ਨਿੰਦਿਆ ਨੂੰ ਅਣਗੌਲਿਆ ਕਰਨਾ, ਦਰੁਸਤ ਹੈ ?

ਹਰਨੇਕ ਸਿੰਘ ਦੇ ਮੂਰਖਤਾ ਭਰੇ ਕਥਨ ਸਬੰਧੀ ਚੁੱਪ ਧਾਰਨ ਕਰਨ ਵਾਲਿਆਂ ਵਿੱਚੋਂ ਵਿਸ਼ੇਸ਼ ਤੌਰ ’ਤੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਾ ਨਾਮ ਜ਼ਿਕਰਯੋਗ ਹੈ। ਉਹ ਇਸ ਕਾਰਨ ਕਿ ਉਨ੍ਹਾਂ ਵੱਲੋਂ ਸਿੱਖ ਗੁਰਦੁਆਰਾ ਸੈਨ ਜੋਸੇ (ਅਮਰੀਕਾ) ਵਿਖੇ ਧਾਰਮਿਕ ਦੀਵਾਨ ਵਿੱਚ ਇਸ ਵਿਸ਼ੇ ਬਾਰੇ ਬੋਲੇ ਗਏ ਸ਼ਬਦਾਂ ਦੀ ਤਿੰਨ ਕੁ ਮਿੰਟ ਦੀ ਵੀਡੀਓ ਕਲਿੱਪ ਨੂੰ ਹਰਨੇਕ ਸਿੰਘ ਨੇ 18 ਸਤੰਬਰ ਨੂੰ ਆਪਣੀ ਫੇਸ-ਬੁੱਕ https://goo.gl/ESTTte ’ਤੇ ਪਾ ਕੇ ਆਪਣੇ ਮੂਰਖਤਾ ਭਰੇ ਕਥਨ ਦੇ ਹੱਕ ਵਿੱਚ ਭੁਗਤਾਇਆ ਹੈ।

ਜਿਹੜਾ ਭਾਈ ਰਣਜੀਤ ਸਿੰਘ, ਇੱਕ (ਸੂਫ਼ੀ) ਗਾਇਕ ਕੰਵਰ ਗਰੇਵਾਲ ਵੱਲੋਂ ਸੌਦਾ ਸਾਧ ਦੇ ਜਨਮ ਦਿਨ ਸਮਾਗਮ ਵਿੱਚ ਜਾਣ ’ਤੇ ਉਸੇ ਦਿਨ ਹੀ ਟਿੱਪਣੀ ਕਰਨ ਤੋਂ ਨਹੀਂ ਉੱਕਿਆ, ਐਸਾ ਨਹੀਂ ਹੋ ਸਕਦਾ ਕਿ ਉਸ ਭਾਈ ਰਣਜੀਤ ਸਿੰਘ ਨੂੰ ਹਰਨੇਕ ਸਿੰਘ ਦੀ ਇਸ ਘਟੀਆ ਕਰਤੂਤ ਦਾ ਦੋ ਹਫਤੇ ਦਾ ਸਮਾਂ ਬੀਤ ਜਾਣ ’ਤੇ ਵੀ ਪਤਾ ਨਾ ਲੱਗਿਆ ਹੋਵੇ ਅਤੇ ਉਹ ਵੀ ਉਸ ਕੇਸ ਵਿੱਚ ਜਦੋਂ ਭਾਈ ਰਣਜੀਤ ਸਿੰਘ ਦੇ ਬੋਲਾਂ ਨੂੰ ਹੀ ਹਰਨੇਕ ਸਿੰਘ ਆਪਣੀ ਮੂਰਖਤਾ ਨੂੰ ਸਹੀ ਸਿੱਧ ਕਰਨ ਲਈ ਵਰਤ ਰਿਹਾ ਹੋਵੇ !  ਫਿਰ ਕੀ ਕਾਰਨ ਹੈ ਕਿ ਕੌਮ ਦੇ ਭਲੇ ਲਈ ਹਰ ਮੁੱਦੇ ’ਤੇ ਆਪਣਾ ਨਜ਼ਰੀਆ ਪੇਸ਼ ਕਰਨ ਵਾਲੇ ਭਾਈ ਰਣਜੀਤ ਸਿੰਘ ਇਸ ਕੇਸ ਵਿੱਚ ਚੁੱਪ ਧਾਰਨ ਲਈ ਮਜ਼ਬੂਰ ਹਨ ? ਤਾਂ ਪੁੱਛਣਾ ਵਾਜਬ ਹੈ ਕਿ  “ਬੋਲਿ ਸੁਧਰਮੀੜਿਆ !  ਮੋਨਿ ਕਤ ਧਾਰੀ ਰਾਮ ?(ਮਃ ੫/ ੫੪੭)

ਕੀ ਇਸ ਸਵਾਲ ਦਾ ਜਵਾਬ ਇਹ ਮੰਨੀਏ ਕਿ ਭਾਈ ਸਾਹਿਬ ਜੀ ਦੀ ਹਰਨੇਕ ਸਿੰਘ, ਜੋ ਆਏ ਦਿਨ ਤਾਰੀਫ਼ ਕਰਨੀ ਨਹੀਂ ਭੁੱਲਦਾ, ਉਹ ਖੁੱਸਣ ਦਾ ਖਤਰਾ ਹੈ ਜਾਂ ਇਸ ਦੇ ਬਦਲੇ ਨਿੰਦਣਯੋਗ ਸ਼ਬਦ ਨਾ ਸੁਣ ਸਕਣ ਵਾਲੀ ਕਮਜੋਰੀ ਹੈ, ਜੋ ਹਰਨੇਕ ਸਿੰਘ ਆਏ ਦਿਨ ਬਾਕੀ ਵਿਚਾਰਕ ਵਿਰੋਧੀਆਂ ਲਈ ਬੋਲਦਾ ਰਹਿੰਦਾ ਹੈ, ਜਿਵੇਂ ਕਿ ਹਰਨੇਕ ਸਿੰਘ ਦੁਆਰਾ ਸਰਕਾਰੀ ਏਜੰਟ, ਹਰਾਮਜ਼ਾਦਾ, ਮਿਰਾਸੀ, ਭਾਟੜਾ, ਮੰਗਖਾਣੀ ਜਾਤ ਆਦਿਕ ਬੋਲ ਪ੍ਰੋ: ਦਰਸ਼ਨ ਸਿੰਘ, ਗਿਆਨੀ ਰਣਯੋਧ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਭਾਈ ਪੰਥਪ੍ਰੀਤ ਸਿੰਘ, ਗਿਆਨੀ ਅਮਰੀਕ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ ਆਦਿਕ ਪ੍ਰਚਾਰਕਾਂ ਨੂੰ ਬੋਲੇ ਜਾਂਦੇ ਹਨ। ਧਿਆਨ ਰਹੇ ਕਿ ਇਨ੍ਹਾਂ ਸਾਰਿਆਂ ਪ੍ਰਚਾਰਕਾਂ ਦੀ ਵੀ ਹਰਨੇਕ ਸਿੰਘ ਕਿਸੇ ਸਮੇਂ ਭਾਈ ਢੱਡਰੀਆਂ ਵਾਲੇ ਵਾਙ ਹੀ ਉਸਤਤ ਕਰਦਿਆਂ ਥੱਕਦਾ ਨਹੀਂ ਸੀ ਹੁੰਦਾ।

ਜਿਸ ਸਮੇਂ ਤੋਂ ਭਾਈ ਢੱਡਰੀਆਂ ਵਾਲੇ ਨੇ ਡੇਰਾਵਾਦੀ ਭਰਮ ਭੁਲੇਖਿਆਂ ਅਤੇ ਪਾਖੰਡਾਂ ਦਾ ਤਿਆਗ ਕਰ ਕੇ ਗੁਰਮਤਿ ਦਾ ਪੱਧਰਾ (ਗਾਡੀ) ਰਾਹ ਫੜਿਆ ਹੈ ਉਸ ਸਮੇਂ ਤੋਂ ਸ਼ਬਦ ਗੁਰੂ ਬਾਰੇ ਸਮਝ ਰੱਖਣ ਵਾਲੇ ਹਰ ਗੁਰਸਿੱਖ ਦੇ ਮਨ ਵਿੱਚ ਉਨ੍ਹਾਂ ਦਾ ਸਤਿਕਾਰ ਬੇਹੱਦ ਵਧਿਆ ਹੈ। ਜਿਸ ਭਾਈ ਢੱਡਰੀਆਂ ਵਾਲੇ ਨੂੰ ਕੌਮ ਵੱਲੋਂ ਇਤਨਾ ਮਾਨ ਸਤਿਕਾਰ ਮਿਲ ਰਿਹਾ ਹੋਵੇ ਕਿ ਕਿਸੇ ਸਮੇਂ ਉਨ੍ਹਾਂ ਦਾ ਵਿਰੋਧ ਕਰ ਰਹੇ ਸਿੱਖ ਵੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹ ਕੇ ਉਨ੍ਹਾਂ ਦੀਆਂ ਤਾਰੀਫਾਂ ਕਰਨ ਲੱਗ ਜਾਣ, ਉਨ੍ਹਾਂ ਦੇ ਸਮਾਗਮਾਂ ਵਿੱਚ ਖਲਲ ਪਾਉਣ ਵਾਲਿਆਂ ਨਾਲ ਲੜਨ ਮਰਨ ਨੂੰ ਤਿਆਰ ਹੋ ਜਾਣ, ਜਿਹੜਾ ਭਾਈ ਰਣਜੀਤ ਸਿੰਘ ਧੁੰਮੇ ਵਰਗਿਆਂ ਦੀਆਂ ਧਮਕੀਆਂ ਅੱਗੇ ਨਾ ਝੁਕਿਆ ਹੋਵੇ, ਉਸ ਵੱਲੋਂ ਛਬੀਲ ਲਵਾ ਕੇ ਕਰਵਾਏ ਗਏ ਜਾਨਲੇਵਾ ਹਮਲੇ ਦੌਰਾਨ ਮਾਰੇ ਗਏ ਆਪਣੇ ਇੱਕ ਸਾਥੀ (ਭਾਈ ਭੂਪਿੰਦਰ ਸਿੰਘ) ਦੀ ਕਾਰ ਵਿੱਚ ਪਈ ਲਾਸ਼ ਨੂੰ ਵੇਖ ਕੇ ਵੀ ਜਿਸ ਢੱਡਰੀਆਂ ਵਾਲੇ ਨੇ ਸੱਚ ਦਾ ਪੱਲਾ ਨਾ ਛੱਡਿਆ ਹੋਵੇ; ਉਹੀ ਭਾਈ ਢੱਡਰੀਆਂ ਵਾਲਾ ਸਿਰਫ ਇੱਕ ਸਿਰਫਿਰੇ (ਹਰਨੇਕ ਸਿੰਘ) ਦੇ ਕੁਬੋਲਾਂ ਤੋਂ ਡਰਦਾ ਗੁਰੂ ਨਿੰਦਾ ਬਾਰੇ ਕਹੇ ਮੰਦ ਸ਼ਬਦਾਂ ਨੂੰ ਸੁਣ ਕੇ ਚੁੱਪ ਰਹੇ ਅਤੇ ਇੱਥੋਂ ਤੱਕ ਕਿ ਲਿਬੜੀ ਹੋਈ ਮੱਝ ਵੱਲੋਂ ਦੂਸਰੀ ਮੱਝ ਨੂੰ ਪੂਛ ਮਾਰ ਕੇ ਲਬੇੜਨ ਦੀ ਕਹਾਵਤ ਵਾਙ ਭਾਈ ਰਣਜੀਤ ਸਿੰਘ ਨੂੰ ਵੀ ਆਪਣੇ ਹੱਕ ਵਿੱਚ ਖੜ੍ਹਾ ਕੇ ਗੁਰੂ ਨਿੰਦਕਾਂ ਦੀ ਕਤਾਰ ਨੂੰ ਵਧਾ ਰਿਹਾ ਹੋਵੇ, ਬਾਰੇ ਗੋਲ ਮੋਲ ਗੱਲ ਕਰ ਕੇ ਵਿਸ਼ੇ ਨੂੰ ਇਤਨਾ ਹਲਕੇ ਵਿਚ ਲੈਣਾ; ਸਮਝ ਤੋਂ ਬਾਹਰ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸੋ, ਸਮੇਂ ਦੀ ਅਤਿ ਸੰਵੇਦਨਸ਼ੀਲ ਤੇ ਮੁੱਖ ਮੰਗ ਹੈ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਹ ਸਪਸ਼ਟ ਕਰਨ ਕਿ

(1). ਕੀ ਗੁਰੂ ਹਰਿਰਾਇ ਸਾਹਿਬ ਦੁਆਰਾ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪਣਾ ਗ਼ਲਤ ਨਿਰਣਾ ਸੀ ?

(2). ਕੀ ਬਾਬਾ ਪ੍ਰਿਥੀਚੰਦ ਜੀ ਤੇ ਬਾਬਾ ਰਾਮਰਾਇ ਜੀ ਨੂੰ ਗੁਰੂ ਘਰ ਵਿਚ ਸੇਵਾ ਵਜੋਂ ਵਿਸ਼ੇਸ਼ ਜਿੰਮੇਵਾਰੀ ਸੌਂਪਣਾ ਗ਼ਲਤ ਨਿਰਣਾ ਰਿਹਾ ਹੈ ?, ਆਦਿ।

ਨੋਟ :– ਮੇਰਾ ਇਸ ਵਿਸ਼ੇ ਉੱਤੇ ਵਾਰ-ਵਾਰ ਲੇਖ ਲਿਖਣ ਦਾ ਮਤਲਬ ਸਿਰਫ਼ ਏਹੀ ਹੈ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਮੇਤ ਕੋਈ ਵੀ ਪੰਥ ਦਰਦੀ, ਸਿੱਖ ਕੌਮ ਦੇ ਵਿਚਾਰਕ ਤਾਲਮੇਲ ਨੂੰ ਇਕੱਠਾ ਕਰਨ ਵਿੱਚ ਅਗਰ ਸਹਾਇਕ ਬਣਦਾ ਹੈ, ਤਾਂ ਇਸ ਦਾ ਲਾਭ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਜ਼ਰੂਰ ਮਿਲੇਗਾ, ਪਰ ਜੇ ਕਰ ਹਰਨੇਕ ਸਿੰਘ ਵਰਗੇ ਗੁਰੂ ਨਿੰਦਕ ਬੰਦੇ ਪਿੱਛੇ ਲੱਗ ਕੇ ਅਸੀਂ ਇਸ ਸੁਨਹਿਰੇ ਮੌਕੇ ਨੂੰ ਗਵਾ ਲੈਂਦੇ ਹਾਂ ਤਾਂ ਇਹ ਬਹੁਤੀ ਸਮਝਦਾਰੀ ਨਹੀਂ ਕਹੀ ਜਾਏਗੀ ਅਤੇ ਆਉਣ ਵਾਲੀ ਪੀੜ੍ਹੀ ਮੌਜੂਦਾ ਆਗੂਆਂ ਨੂੰ ਕੋਸੇਗੀ ਕਿ ਪੁਰਾਤਨ ਸਿੱਖ ਆਗੂਆਂ ਵਾਙ 21ਵੀਂ ਸਦੀ ਦੇ ਆਗੂ ਪ੍ਰਚਾਰਕ ਵੀ ਆਪਣੀ ਨਿਜੀ ਹਊਮੈ ਤੇ ਮਾਨ-ਅਪਮਾਨ ਨੂੰ ਪੰਥਕ ਹਿਤਾਂ ਤੋਂ ਵੱਧ ਪ੍ਰਮੁਖਤਾ ਦੇ ਕੇ ਆਪਣੀ ਸ਼ਖ਼ਸੀਅਤ ਨੂੰ ਖੋਰਾ ਤਾਂ ਲਾਇਆ ਹੀ, ਸਗੋਂ ਪੰਥ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਗਏ।

ਮੈਂ ਲੰਕਾਪਤੀ ਰਾਵਣ ਬੋਲਦਾਂ।

0

ਮੈਂ ਲੰਕਾਪਤੀ ਰਾਵਣ ਬੋਲਦਾਂ।

! ! ਜੈ ਸ਼੍ਰੀ ਹਰੀ ! !

ਹਾਂ ਜੀ, ਮੈਂ ਲੰਕਾਪਤੀ ਰਾਵਣ ਬੋਲਦਾਂ।

ਮੈਨੂੰ ਪਤੈ ਕਿ ਅੱਜ ਤੁਸੀਂ ਸਾਰੇ ਮੈਨੂੰ ਹਰ ਪਿੰਡ ਅਤੇ ਹਰੇਕ ਸ਼ਹਿਰ ਵਿੱਚ ਸਾੜੋਂਗੇ ਤੇ ਨਾਲ ਇਹ ਵੀ ਕਹੋਂਗੇ ਕਿ ‘ਬੁਰਿਆਈ ਉੱਪਰ ਚੰਗਿਆਈ ਦੀ ਜਿੱਤ।’ ਪਰੰਤੂ ਜਰਾ ਇਹ ਵੀ ਸੋਚੋ ਕਿ ਵਾਕਈ ਮੈਂ ਇੰਨਾ ਬੁਰਾ ਸੀ… ? ਜਿੰਨਾ ਬੁਰਾ ਅੱਜ ਦਾ ਇਨਸਾਨ ਹੋ ਚੁੱਕਿਐ ! ਜੇਕਰ ਲਛਮਣ ਮੇਰੀ ਭੈਣ ਦਾ ਬਲਾਤਕਾਰ ਨਾ ਕਰਦਾ ਤਾਂ ਫਿਰ ਮੈਂ ਵੀ ਉਹਦੀ ਭਾਬੀ ਨਾ ਚੱਕਦਾ।

ਖੈਰ, ਰਾਮ ਚੰਦਰ ਦੀ ਘਰਵਾਲੀ ਨੂੰ ਲਿਆਉਣ ਤੋਂ ਬਾਅਦ ਮੈਂ ਉਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਤੇ ਨਾ ਹੀ ਮੈਂ ਉਹਦਾ ਅਪਮਾਨ ਕੀਤਾ। ਮੈਂ ਸਿਰਫ ਆਪਣੀ ਭੈਣ ਦੀ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਹੀ ਸੀਤਾ ਨੂੰ ਚੱਕਿਆ ਸੀ।ਤਿੰਨਾਂ ਲੋਕਾਂ ’ਚ ਮੇਰੇ ਬਰਾਬਰ ਦਾ ਕੋਈ ਵੀ ਬਲਵਾਨ ਅਤੇ ਤਾਕਤਵਰ ਨਹੀਂ ਸੀ, ਪਰ ਮੈਂ ਫੇਰ ਵੀ ਆਪਣੀ ਮਰਿਆਦਾ ਵਿੱਚ ਹੀ ਰਿਹਾ। ਮੈਂ ਤਾਂ ਸਗੋਂ ਸੀਤਾ ਦੇ ਦਾਮਨ ’ਤੇ ਕੋਈ ਆਂਚ ਤੱਕ ਨਹੀਂ ਆਉਣ ਦਿੱਤੀ। ਜੇ ਮੈਂ ਚਾਹੁੰਦਾ ਤਾਂ ਸੀਤਾ ਨੂੰ ਆਪਣੇ ਮਹਿਲ ਵਿੱਚ ਜਬਰਦਸਤੀ ਰੱਖ ਸਕਦਾ ਸੀ ਲੇਕਿਨ ਮੈਂ ਜਾਣਦਾ ਸੀ ਕਿ ਅਜਿਹਾ ਕਰਨ ਨਾਲ ਸੀਤਾ ਦੇ ਆਚਰਣ ’ਤੇ ਵਿਅਰਥ ਦਾ ਸ਼ੱਕ ਪੈਦਾ ਹੋਵੇਗਾ। ਇਸ ਲਈ ਮੈਂ ਸੀਤਾ ਨੂੰ ਆਪਣੇ ਮਹਿਲ ਤੋਂ ਦੂਰ ਆਪਣੀ ਅਸ਼ੋਕ ਵਾਟਕਾ (ਹਰਿਆਲੀ ਨਾਲ ਲਹਿਰਾਉਂਦੇ ਹੋਏ ਸੁਹਾਵਣੇ ਬਾਗ) ਵਿੱਚ ਰੱਖਿਆ।

ਹੋਰ ਤਾਂ ਹੋਰ ਸੀਤਾ ਦੀ ਸੇਵਾ ਵਿੱਚ ਮੈਂ ਆਪਣੀਆਂ ਦਾਸੀਆਂ ਨੂੰ ਵੀ ਰੱਖਿਆ, ਤਾਂ ਕਿ ਇਸ ਸਤੀ ਔਰਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਰਾਮ ਚੰਦਰ ਨੂੰ ਸਾਰੇ ਹੀ ਮਰਿਆਦਾ ਪੁਰਸ਼ੋਤਮ ਕਹਿੰਦੇ ਹਨ। ਮੇਰੇ ਪੁੱਤਰ, ਭਰਾ ਅਤੇ ਮੇਰੇ ਸਾਰੇ ਰਿਸ਼ਤੇਦਾਰ ਮਾਰੇ ਗਏ, ਪਰ ਮੈਂ ਕਦੇ ਵੀ ਆਪਣੇ ਅੰਦਰਲੇ ਇਸ ਰੋਸ਼ ਦਾ ਬਦਲਾ ਬੇਗੁਨਾਹ ਔਰਤ (ਸੀਤਾ) ਨਾਲ ਨਹੀਂ ਲਿਆ ਕਿਉਂਕਿ ਮੈਂ ਕੇਵਲ ਦੋਸ਼ੀਆਂ ਨੂੰ ਹੀ ਸਜ਼ਾ ਦਿੰਦਾ ਸੀ, ਜਿਵੇਂ ਕਿ ਅੱਜ ਥੋਡੇ ਰਾਮਰਾਜ ਵਿੱਚ ਗੁਨਾਹਗਾਰਾਂ ਦੀ ਸਜ਼ਾ ਬੇਗੁਨਾਹਾਂ ਨੂੰ ਦਿੱਤੀ ਜਾਂਦੀ ਹੈ ਤੇ ਉਹ ਵੀ ਦੰਗੇ ਅਤੇ ਸਰਕਾਰੀ ਕਤਲੇਆਮ ਕਰਵਾ ਕੇ। ਮੈਂ ਤਾਂ ਸਗੋਂ ਆਖਰੀ ਦੰਮ ਤੱਕ ਆਪਣੀ ਮਰਿਆਦਾ ਵਿੱਚ ਹੀ ਰਿਹਾ ਤਾਂ ਫਿਰ ਦੱਸੋ ਮਰਿਆਦਾ ਪੁਰਸ਼ੋਤਮ ਕੌਣ ਹੋਇਆ…… ? ? ?

ਮੇਰੇ ਸੋਨੇ ਦੀ ਲੰਕਾ ਵਿੱਚ ਕੋਈ ਗਰੀਬ, ਮਜ਼ਲੂਮ, ਬੇਸਹਾਰਾ ਅਤੇ ਲਾਚਾਰ ਨਹੀਂ ਸੀ। ਸਾਰਿਆਂ ਨੂੰ ਪੂਰਾ ਇਨਸਾਫ਼ ਮਿਲਦਾ ਸੀ। ਮੇਰੀ ਪਰਜਾ ਸੁੱਖੀ ਸਾਂਦੀ ਅਤੇ ਬੜੇ ਆਰਾਮ ਨਾਲ ਰਹਿੰਦੀ ਸੀ। ਜਦੋਂ ਹਨੂੰਮਾਨ ਨੇ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ ਤਾਂ ਵੀ ਮੈਂ ਰਾਜ ਧਰਮ ਦੀ ਪਾਲਣਾ ਕਰਦੇ ਹੋਏ ਸਿਰਫ ਉਹਦੀ ਪੂਛ ਨੂੰ ਹੀ ਅੱਗ ਲਾਉਣ ਦੀ ਸਜ਼ਾ ਦਿੱਤੀ ਹਾਲਾਂਕਿ ਇਹਦੇ ਨਾਲ ਮੇਰਾ ਪੂਰਾ ਨਗਰ ਸੜ ਗਿਆ। ਜਦੋਂ ਅੰਗਦ ਮੇਰੇ ਕੋਲ ਆਇਆ ਤਾਂ ਫਿਰ ਮੈਂ ਆਪਣੇ ਮਿੱਤਰ ਦਾ ਪੁੱਤ ਹੋਣ ਦਾ ਉਹਨੂੰ ਪੂਰਾ ਪਿਆਰ, ਸਤਿਕਾਰ ਅਤੇ ਸਨਮਾਨ ਦਿੱਤਾ। ਜੇ ਮੈਂ ਚਾਹੁੰਦਾ ਤਾਂ ਫਿਰ ਉਹਨੂੰ ਉਸੇ ਵੇਲੇ ਬੰਦੀ ਬਣਾ ਕੇ ਮਾਰ ਸਕਦਾ ਸੀ। ਕੁੰਭਕਰਨ ਦੇ ਨਾਲ-ਨਾਲ ਮੇਰੇ ਸਾਰੇ ਵੀਰ ਮੈਨੂੰ ਮੁਹੱਬਤ ਕਰਦੇ ਸਨ। ਸਿਰਫ ਇੱਕ ਭਭੀਖਣ ਹੀ ਮੇਰੀਆਂ ਭਾਵਨਾਵਾਂ ਨੂੰ ਸਮਝ ਨਾ ਸਕਿਆ। ਮੈਂ ਕਹਿੰਦਾ ਸੀ ਕਿ ਮੇਰੇ ਰਾਜ ’ਚ ਸਿਰਫ ਉਸੇ ਦੀ ਪੂਜਾ ਭਗਤੀ ਹੋਵੇਗੀ, ਜਿਸ ਨੇ ਇਹ ਪੂਰਾ ਸੰਸਾਰ ਸਿਰਜਿਆ ਹੈ। ਵਿਨਾਸ਼ਕਾਰੀ ਜੀਵ ਦੀ ਕਦੇ ਵੀ ਪੂਜਾ ਨਹੀਂ ਹੋ ਸਕਦੀ ਲੇਕਿਨ ਉਹ ਰਾਮਚੰਦਰ ਅਤੇ ਵਿਸ਼ਨੂੰ ਦਾ ਪੁਜਾਰੀ ਸੀ, ਪਰ ਫੇਰ ਵੀ ਮੈਂ ਉਹਦੇ ’ਤੇ ਕੋਈ ਅੱਤਿਆਚਾਰ ਨਹੀਂ ਕੀਤਾ, ਕੋਈ ਜੁਲਮ ਨਹੀਂ ਕੀਤਾ। ਮੈਂ ਇਹ ਵੀ ਜਾਣਦਾ ਸੀ ਕਿ ਭਭੀਖਣ ਰਾਮਚੰਦਰ ਦੇ ਪ੍ਰਤੀ ਪ੍ਰੇਮ ਰੱਖਦਾ ਹੈ। ਫੇਰ ਵੀ ਮੈਂ ਉਹਨੂੰ ਰਾਮਚੰਦਰ ਦੀ ਸ਼ਰਨ ਵਿੱਚ ਜਾਣ ਦਿੱਤਾ। ਆਪਣੇ ਵੱਡੇ ਭਰਾ ਨੂੰ ਅਤੇ ਆਪਣੀ ਮਾਤ ਭੂਮੀ ਨੂੰ ਸੰਕਟ ਵਿੱਚ ਘਿਰਿਆ ਹੋਇਆ ਦੇਖਣ ਦੇ ਬਾਵਜੂਦ ਵੀ ਦੁਸ਼ਮਣ ਦੀ ਝੋਲੀ ਵਿੱਚ ਜਾ ਕੇ ਬੈਠ ਜਾਣਾ, ਇਹ ਭਭੀਖਣ ਦਾ ਕਿਹੜਾ ਧਰਮ ਸੀ… ?

ਜੇ ਮੈਂ ਚਾਹੁੰਦਾ ਤਾਂ ਭਭੀਖਣ ਨੂੰ ਬੰਦੀ ਬਣਾ ਸਕਦਾ ਸੀ। ਉਹਨੂੰ ਦੇਸ਼ ਧ੍ਰੋਹ ਦੇ ਆਰੋਪ ਵਿੱਚ ਸਜ਼ਾ-ਏ-ਮੌਤ ਦੇ ਸਕਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ ਤੇ ਉਹਨੂੰ ਰਾਮ ਕੋਲ ਜਾਣ ਦਿੱਤਾ ਕਿਉਂਕਿ ਉਹ ਸ਼ਾਂਤ ਸੁਭਾਅ ਅਤੇ ਧਾਰਮਕ ਕਿਸਮ ਦਾ ਬੰਦਾ ਸੀ। ਮੇਰੀ ਧੁੰਨੀ ਵਿੱਚ ਅੰਮਿ੍ਰਤ ਹੈ, ਇਹ ਗੱਲ ਕੇਵਲ ਭਭੀਖਣ ਨੂੰ ਹੀ ਪਤਾ ਸੀ। ਉਹਨੂੰ ਰਾਮ ਕੋਲ ਮੈਂ ਜਾਣ ਦਿੱਤਾ, ਇਹ ਮੇਰੀ ਇੱਕ ਰਣਨੀਤੀ ਸੀ। ਕਈ ਸਦੀਆਂ ਤੋਂ ਮੇਰਾ ਪੁਤਲਾ ਸਾੜਿਆ ਜਾ ਰਿਹੈ, ਪਰ ਇਸ ਦੇਸ਼ ਦੇ ਬਲਾਤਕਾਰੀ ਨੇਤਾ, ਬਲਾਤਕਾਰੀ ਸਾਧ ਬੂਬਣੇ ਅਤੇ ਬਲਾਤਕਾਰੀ ਮੰਢੀਰ ਨੂੰ ਕਿਉਂ ਨਹੀਂ ਸਾੜਦੇ ਤੁਸੀਂ ਲੋਕ ?

ਇਸ ਦੇਸ਼ ਵਿੱਚ ਔਰਤ ਜਾਤ ਨਾਲ ਕਿੰਨਾ ਅਮਾਨਵੀ ਵਿਹਾਰ ਹੋ ਰਿਹੈ। ਇੱਕ ਔਰਤ ਦਾ ਉਹਦੇ ਪਤੀ ਅਤੇ ਉਹਦੇ ਬੱਚਿਆਂ ਦੇ ਮੂਹਰੇ ਹੀ ਬਲਾਤਕਾਰ ਕਰ ਦਿੱਤਾ ਜਾਂਦਾ ਹੈ। ਇੱਕ ਆਦਮੀ ਦਾਰੂ ਪੀ ਕੇ ਆਪਣੀ ਹੀ ਘਰਵਾਲੀ ਨੂੰ ਮਾਰਦਾ ਕੁੱਟਦਾ ਹੈ। ਚੱਲਦੀ ਹੋਈ ਬੱਸ ਵਿੱਚ ਇੱਕ ਕੁੜੀ ਦਾ ਬਲਾਤਕਾਰ ਚਾਰ ਬੰਦੇ ਮਿਲ ਕੇ ਕਰਦੇ ਹਨ ਅਤੇ ਬਲਾਤਕਾਰ ਕਰਨ ਤੋਂ ਬਾਅਦ ਉਸ ਬੇਬਸ ਕੁੜੀ ਦੇ ਗੁਪਤ ਅੰਗ ਵਿੱਚ ਲੋਹੇ ਦੀ ਰਾਡ ਧੱਕ ਦਿੰਦੇ ਹਨ ਅਤੇ ਫਿਰ ਉਹਨੂੰ ਚੱਲਦੀ ਹੋਈ ਬੱਸ ’ਚੋਂ ਹੇਠਾਂ ਸੁੱਟ ਦਿੰਦੇ ਹਨ। ਇਨ੍ਹਾਂ ਦੁਸ਼ਟ ਹਤਿਆਰਿਆਂ ਨੂੰ ਕਿਉਂ ਨਹੀਂ ਜਿਊਂਦਾ ਸਾੜਦੇ ਤੁਸੀਂ ਲੋਕ ?

ਹੁਣੇ ਕੁੱਝ ਦਿਨ ਪਹਿਲਾਂ ਇੱਕ ਕੁੜੀ ਦਾ ਬਲਾਤਕਾਰ ਉਹਦੇ ਮਾਤਾ-ਪਿਤਾ ਦੀਆਂ ਅੱਖਾਂ ਦੇ ਸਾਹਮਣੇ ਕੀਤਾ ਗਿਆ। ਤੁਹਾਡੇ ਅਜ਼ਾਦ ਭਾਰਤ ਵਿੱਚ ਔਰਤਾਂ ਨੂੰ ਨੰਗੀਆਂ ਕਰ ਕੇ ਅਤੇ ਅਸਤਨਾਂ ਤੋਂ ਫੜ ਕੇ ਸ਼ਰੇ ਬਾਜ਼ਾਰ ਵਿੱਚ ਘੁੰਮਾਇਆ ਜਾ ਰਿਹੈ ਤੇ ਉਨ੍ਹਾਂ ਨੂੰ ਮਾਰਿਆ ਕੁੱਟਿਆ ਜਾ ਰਿਹੈ। ਇਨ੍ਹਾਂ ਹਵਸ਼ੀ ਦਰਿੰਦਿਆਂ ਨੂੰ ਕਿਉਂ ਨਹੀਂ ਸਾੜਦੇ ਤੁਸੀਂ ਲੋਕ ?

ਕੀ ਇਹ ਸਭ ਤੁਹਾਨੂੰ (ਲੋਕਾਂ ਨੂੰ) ਦਿਖਾਈ ਨਹੀਂ ਦੇ ਰਿਹਾ ? ਨਿੱਕੀ-ਨਿੱਕੀ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਮਾਰ ਦੇਣਾ ਅਤੇ ਫਿਰ ਉਸ ਤੋਂ ਬਾਅਦ ਮੇਰਾ ਪੁਤਲਾ ਫੂਕਣਾ ! ਕੀ ਇਹੀ ਹੈ ਥੋਡੇ ਰਾਮਰਾਜ ਦੀ ਮਰਿਆਦਾ ? ਜਾਂ ਤਾਂ ਆਪਣੀਆਂ ਇਹ ਗੰਦੀਆਂ ਆਦਤਾਂ ਛੱਡ ਦੋ ਤੇ ਜਾਂ ਫਿਰ ਮੈਨੂੰ ਜਲਾਉਣ ਦਾ ਪਖੰਡ ਕਰਨਾ ਬੰਦ ਕਰੋ।

ਮੈਂ ਮੂਰਖ ਸੀ ਲੇਕਿਨ ਦੁਰਾਚਾਰੀ ਨਹੀਂ ਸੀ, ਪਰ ਅੱਜ ਮਰਿਆਦਾ ਪੁਰਸ਼ੋਤਮ ਦੀ ਵੰਸ਼ ਦੁਰਾਚਾਰੀ ਵੀ ਹੈ ਅਤੇ ਬਲਾਤਕਾਰੀ ਵੀ ਹੈ। ਮੈਨੂੰ ਜਲਾਓ ! ਖ਼ੁਸ਼ੀ ਖ਼ੁਸ਼ੀ ਜਲਾਓ !  ਪਰ ਮੇਰੇ ਨਾਲ ਉਨ੍ਹਾਂ ਗੁਨਾਹਗਾਰਾਂ ਨੂੰ ਵੀ ਜਲਾਓ, ਜਿਨ੍ਹਾਂ ਨੇ ਤੁਹਾਡੇ ਦੇਸ਼ ਨੂੰ ਤਬਾਹ ਕਰ ਰੱਖਿਆ ਹੈ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਹੜੇ ਬੇਗੁਨਾਹ ਲੋਕਾਂ ਦਾ ਕਤਲ ਕਰਵਾ ਕੇ ਅਤੇ ਹਜਾਰਾਂ ਧੀਆਂ, ਭੈਣਾਂ ਦੇ ਬਲਾਤਕਾਰ ਕਰਵਾ ਕੇ ਅੱਜ ਸੰਸਦ ਦੀ ਪਾਰਲੀਮੈਂਟ ਵਿੱਚ ਲੀਡਰ ਬਣ ਕੇ ਮੌਜਾਂ ਲੁੱਟਦੇ ਫਿਰਦੇ ਹਨ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਹਨਾਂ ਨੇ ਸੱਤਾ ਦੇ ਲਾਲਚ ਵਿੱਚ ਆਪਣੇ ਹੀ ਪ੍ਰਾਂਤ ਤੇ ਆਪਣੀ ਹੀ ਕੌਮ ਨੂੰ ਚਿੱਟੇ ’ਤੇ ਲਾ ਰੱਖਿਐ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਨ੍ਹਾਂ ਨੇ ਧਰਮਕ ਅਸਥਾਨਾਂ ’ਤੇ ਟੈਂਕਾਂ, ਤੋਪਾਂ ਤੇ ਮਾਰੂ ਹਥਿਆਰਾਂ ਨਾਲ ਹਮਲੇ ਕੀਤੇ ਹਨ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਹੜੇ ਤੁਹਾਡੇ ਆਪਣੇ ਹੀ ਦੇਸ਼ ਦੀਆਂ ਕੁੜੀਆਂ ਅਤੇ ਔਰਤਾਂ ਨਾਲ ਆਏ ਦਿਨ ਬਲਾਤਕਾਰ ਕਰਦੇ ਹਨ। ਜੇ ਜਲਾਉਣਾ ਤਾਂ ਉਨ੍ਹਾਂ ਲੋਕਾਂ ਨੂੰ ਜਲਾਓ, ਜਿਹੜੇ ਦਾਜ-ਦਹੇਜ ਦੀ ਖਾਤਰ ਆਪਣੀਆਂ ਨੂੰਹਾਂ ਦਾ ਕਤਲ ਕਰ ਰਹੇ ਹਨ। ਜੇ ਜਲਾਉਣਾ ਤਾਂ ਫਿਰ ਉਨ੍ਹਾਂ ਨੂੰ ਜਲਾਓ, ਜਿਹੜੇ ਕੁੱਖਾਂ ’ਚ ਆਪਣੀਆਂ ਧੀਆਂ ਨੂੰ ਮਾਰਦੇ ਹਨ। ਵਰਨਾ ਕਿਸੇ ਨੂੰ ਕੋਈ ਹੱਕ ਨਹੀਂ ਮੈਨੂੰ ਜਲਾਉਣ ਦਾ !

‘ਸਦੀਆਂ ਪੁਰਾਣਾ ਤੁਹਾਡਾ ਦੁਸ਼ਮਣ ! ਲੰਕਾਪਤੀ ਰਾਵਣ ਰਾਜਾ ਲੰਕੇਸ਼ !’

(ਇਹ ਸਟੇਟਸ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ।)

ਭਾਈ ਰਣਜੀਤ ਸਿੰਘ ਜੀ ਦੀ ਇਸ ਵਿਚਾਰ ਨਾਲ ਕੀ ਤੁਸੀਂ ਸੰਤੁਸ਼ਟ ਹੋ ਗਏ ?

0

ਦਰਅਸਲ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਸ ਵੀਡੀਓ ਰਾਹੀਂ ਹਰਨੇਕ ਸਿੰਘ ਨਿਊਜੀਲੈਂਡ ਦੁਆਰਾ ਉੱਠਾਏ ਗਏ ਗੁਰੂ ਰੁਤਬੇ ਉੱਤੇ ਸੰਦੇਹ ਨੂੰ ਸਪਸ਼ਟ ਕਰਨ ਦੀ ਬਜਾਇ ਉਸ ਦੇ ਵਿਚਾਰਾਂ ਦੀ ਹੀ ਪੁਸ਼ਟੀ ਕਰ ਰਹੇ ਹਨ, ਇਸ ਬਦਲੇ ਹਰਨੇਕ ਸਿੰਘ ਵੀ ਭਾਈ ਸਾਹਿਬ ਦੀ ਤਾਰੀਫ਼ ਕਰ ਰਿਹਾ ਹੈ।  ਕੀ ਉਕਤ ਦਲੀਲ ਨਾਲ ਇਹ ਸਵਾਲ ਜਾਂ ਸੰਦੇਹ ਖ਼ਤਮ ਹੋ ਗਏ, ਜਿਨਾਂ ਬਾਰੇ ਭਾਈ ਸਾਹਿਬ ਗੁਰਸਿੱਖਾਂ ਅੰਦਰ ਹਮੇਸਾਂ ਲਈ ਦੁਬਿਧਾ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ :

(1). ਗੁਰੂ ਹਰਿਰਾਇ ਜੀ ਨੇ ਬਾਬਾ ਰਾਮਰਾਇ ਜੀ ਨੂੰ ਬਾਦਸ਼ਾਹ ਪਾਸ ਭੇਜ ਕੇ ਗਲਤੀ ਕੀਤੀ ਭਾਵ ਗੁਰੂ ਸਾਹਿਬਾਂ ਵੀ ਗਲਤ ਫ਼ੈਸਲੇ ਲੈਂਦੇ ਰਹੇ ਹਨ ?

(2). ਭਾਈ ਸਾਹਿਬ ਗੁਰੂ ਜੀ ਦਾ ਕਿਹਡ਼ਾ ਫ਼ੈਸਲਾ ਗੁਰਸਿੱਖਾਂ ਨੂੰ ਵਿਖਾਉਣਾ ਚਾਹੁੰਦੇ ਹਨ ?  ਬਾਬਾ ਰਾਮਰਾਇ ਜੀ ਨੂੰ ਮੁੜ ਮੱਥੇ ਨਾ ਲਾਉਣਾ ਜਾਂ ਬਾਦਸ਼ਾਹ ਪਾਸ ਬਾਬਾ ਰਾਮਰਾਇ ਜੀ ਦਾ ਡੋਲਣਾ ?

(3). ਕੀ ਬਾਦਸ਼ਾਹ ਦੇ ਮਨ ਵਿਚ ਸਿੱਖਾਂ ਪ੍ਰਤੀ ਸ਼ੱਕ ਪੈਦਾ ਹੋਇਆ ਸੀ ਜਾਂ ਗੁਰੂ ਸਿਧਾਂਤ ਪ੍ਰਤੀ ?

(4) ਹਰਨੇਕ ਸਿੰਘ ਦੁਆਰਾ ਪੈਦਾ ਕੀਤੇ ਗਏ ਸੰਦੇਹ ਨੂੰ ਭਾਈ ਸਾਹਿਬ ਪੂਰਨ ਸਪਸ਼ਟ ਕਿਉਂ ਨਹੀਂ ਕਰ ਰਹੇ ?  ਭਾਵ ਹਰਨੇਕ ਸਿੰਘ ਨੇ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੂੰ ਦਿੱਤੀ ਗਈ ਗੁਰਗੱਦੀ ਦੀ ਜ਼ਿੰਮੇਵਾਰੀ ਪ੍ਰਤੀ ਵੀ ਉਠਾਏ ਗਏ ਸਵਾਲਾਂ ਬਾਰੇ ਭਾਈ ਸਾਹਿਬ ਕਿਉਂ ਖ਼ਾਮੋਸ਼ ਹਨ ?

(5). ਕੀ ਭਾਈ ਰਣਜੀਤ ਸਿੰਘ ਅਜਿਹੇ ਅਧੂਰੇਪਣ ਨੂੰ ਬਿਆਨ ਕਰ ਕੇ ਆਪਣੀ ਹਰਨੇਕ ਸਿੰਘ ਨਾਲ ਨਜਦੀਕੀ ਸਬੰਧਾਂ ਨੂੰ ਛੁਪਾਉਣਾ ਚਾਹੁੰਦੇ ਹਨ ਕਿਉਂਕਿ ਇਸ ਵੀਡੀਓ ਨੂੰ ਹਰਨੇਕ ਸਿੰਘ ਨੇ ਆਪਣੇ ਹੱਕ ਵਿਚ ਭੁਗਤਾਇਆ ਹੈ, ਜਿਸ ਨੇ ਆਪਣੇ ਫੇਸ ਬੁੱਕ ਪੇਜ ਤੇ ਜੋ ਲਿਖਾ ਹੈ ਉਹ ਮਿਸਾਲ ਹੇਠਾਂ ਦਿੱਤੀ ਗਈ ਹੈ।

(6). ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਜਾਪਦਾ ਹੈ ਕਿ ਇਨਾਂ ਦੁਆਰਾ ਟਕਸਾਲੀ ਤੇ ਅਕਾਲੀ ਰਾਜਨੀਤੀ ਵਿਰੁਧ ਬੋਲਣਾ ਇੱਕ ਰਾਜਨੀਤਿਕ ਸਟੰਟ ਹੈ, ਨਹੀਂ ਤਾਂ ਗੁਰੂ ਸ਼ਖ਼ਸੀਅਤ ਬਾਰੇ ਕੀਤੀ ਗਈ ਹਰਨੇਕ ਸਿੰਘ ਦੁਆਰਾ ਭੱਦੀ ਟਿਪਣੀ ਨੂੰ ਇੰਨਾ ਹਲਕੇ ਵਿਚ ਨਾ ਲੈਂਦੇ।

(7). ਭਾਈ ਸਾਹਿਬ ਜੀ ਦੁਆਰਾ ਬੋਲੇ ਗਏ ਉਕਤ ਸ਼ਬਦਾਂ ਨੂੰ ਸੁਣਨ ਉਪਰੰਤ ਜਾਪਦਾ ਹੈ ਕਿ ਜਿਸ ਤਰਾਂ ਸਿੱਖ ਕੌਮ ਨੇ ਸਪੋਕਸਮੈਨ ਉੱਤੇ ਭਰੋਸਾ ਕਰ ਕੇ ਗਲਤੀ ਖਾਂਧੀ ਸੀ ਵੈਸੇ ਹੀ ਭਾਈ ਰਣਜੀਤ ਸਿੰਘ ਉੱਪਰ ਕੀਤਾ ਜਾ ਰਿਹਾ ਭਰੋਸਾ ਕੋਈ ਸ਼ੁੱਭ ਸੰਕੇਤ ਨਹੀਂ ਜਾਪਦਾ ਹੈ।

ਇਹ ਵਿਸ਼ਾ ਸਪਸ਼ਟ ਕਰਨਾ ਜਿੰਨਾ ਮਹੱਤਵ ਪੂਰਨ ਹੈ, ਉਤਨਾ ਹੀ ਇਸ ਨੂੰ ਬਾਬਾ ਰਾਮਰਾਇ ਜੀ ਦੁਆਰਾ ਬਾਦਸ਼ਾਹ ਸਾਹਮਣੇ ਗੁਰਬਾਣੀ ਦੀ ਤੁਕ ਬਦਲਣਾ ਤੇ ਗੁਰੂ ਜੀ ਦੁਆਰਾ ਉਨਾਂ ਨੂੰ ਗੁਰੂ ਘਰੋਂ ਬੇਦਖ਼ਲ ਕਰਨਾ, ਕਹਿ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ, ਜੋ ਕਿ ਨਿਦਣਯੋਗ ਹੈ ਕਿਉਂਕਿ ਵਾਰ-ਵਾਰ ਕਹੇ ਜਾਂਦੇ ਇਹੀ ਸ਼ਬਦ ਗੁਰੂ ਸਾਹਿਬਾਂ ਦੁਆਰਾ ਆਪਣੇ ਜੀਵਨ ਕਾਲ ਵਿਚ ਲਏ ਗਏ ਫ਼ੈਸਲੇ ਗੁਰਮਤਿ ਅਨੁਸਾਰੀ ਸਨ ਜਾਂ ਨਹੀਂ, ਵਿਸ਼ੇ ਨੂੰ ਸਪਸ਼ਟ ਨਹੀਂ ਹੋਣ ਦਿੰਦੇ। ਇਸ ਲਈ ਚੰਗਾ ਹੋਵੇ ਕਿ ਬਾਬਾ ਰਾਮਰਾਇ ਜੀ ਦੀ ਘਟਨਾ ਤੋਂ ਬਾਹਰ ਨਿਕਲ ਕੇ ਵਿਚਾਰਿਆ ਜਾਏ ਕਿ ਗੁਰੂ ਫ਼ੈਸਲੇ ਅਭੁੱਲ ਸਨ ਜਾਂ ਆਮ ਬੰਦੇ ਵਾਙ ਕੁਝ ਗ਼ਲਤੀਆਂ ਵੀ ਹੋਈਆਂ ਸਨ।

ਮੇਰੇ ਇਸ ਵਿਸ਼ੇ ਬਾਰੇ ਵਿਚਰ ਇਸ ਲਿੰਕ ਉਤੇ ਵੇਖੇ ਜਾ ਸਕਦੇ ਹਨ :

http://gurparsad.com/ki-sikh-guru-sahiban-ne-kujh-ajehe-faisle-bhi-lay-jo-ke-afsosnak-sn/

ਕੀ ਸਿੱਖ ਗੁਰੂ ਸਾਹਿਬਾਂ ਨੇ ਕੁਝ ਅਜਿਹੇ ਫ਼ੈਸਲੇ ਵੀ ਲਏ ਜੋ ਕਿ ਅਫ਼ਸੋਸਨਾਕ ਸਨ ?

ਗਿਆਨੀ ਅਵਤਾਰ ਸਿੰਘ

ਇਹ ਹੈ ਹਰਨੇਕ ਸਿੰਘ ਦੀ ਸੋਚ, ਜਿਸ ਬਾਰੇ ਭਾਈ ਰਣਜੀਤ ਸਿੰਘ ਨੂੰ ਉਕਤ ਦੋ ਸ਼ਬਦ ਬੋਲਣ ਲਈ ਮਜਬੂਰ ਹੋਣਾ ਪਿਆ :

ਭੇਡ ਮਾਨਸਿਕਤਾ ਅਤੇ ਸ਼ੈਤਾਨ ਦੀ ਚਾਲਾਕੀ

0

ਭੇਡ ਮਾਨਸਿਕਤਾ ਅਤੇ ਸ਼ੈਤਾਨ ਦੀ ਚਾਲਾਕੀ

ਹਰਲਾਜ ਸਿੰਘ ਬਹਾਦਰਪੁਰ-94170-23911

ਇੱਕ ਜੰਗਲ ਵਿੱਚ ਬਹੁਤ ਸਾਰੀਆਂ ਭੇਡਾਂ ਇੱਕ ਝੁੰਡ ਵਿੱਚ ਇਕੱਠੀਆਂ ਰਹਿੰਦੀਆਂ ਸਨ। ਜੋ ਰੰਗ ਦੀਆਂ ਚਿੱਟੀਆਂ, ਕਾਲੀਆਂ, ਡੱਬ ਖੜੱਬੀਆਂ ਅਤੇ ਕੱਦ ਵਿੱਚ ਛੋਟੀਆਂ ਵੱਡੀਆਂ ਵੀ ਸਨ, ਪਰ ਸਾਰੀਆਂ ਇੱਕ ਨਸਲ ਦੀਆਂ ਹੋਣ ਕਾਰਨ ਅਤੇ ਇੱਕ ਸਾਂਝੇ ਜੰਗਲ ਵਿੱਚ ਰਹਿਣ ਕਾਰਨ ਬਿਨਾਂ ਵਿਤਕਰੇ ਤੋਂ ਇੱਕੋ ਪਰਿਵਾਰ ਦੇ ਜੀਆਂ ਵਾਂਗ ਖ਼ੁਸ਼ੀ-ਖ਼ੁਸ਼ੀ ਪਿਆਰ ਨਾਲ ਰਹਿੰਦੀਆਂ ਸਨ। ਉਹਨਾਂ ਦੇ ਇੱਕ ਵੱਡੇ ਝੁੰਡ ਵਿੱਚ ਰਹਿਣ ਕਾਰਨ ਉਹਨਾਂ ਉੱਤੇ ਹਮਲੇ ਵੀ ਘੱਟ ਹੁੰਦੇ ਸਨ। ਜੇ ਕਿਤੇ ਹਮਲਾ ਹੋ ਵੀ ਜਾਂਦਾ ਤਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਉਸ ਦਾ ਮੁਕਾਬਲਾ ਕਰਦੀਆਂ ਜਿਸ ਕਾਰਨ ਜਿੱਥੇ ਉਹਨਾਂ ਦਾ ਨੁਕਸਾਨ ਬਹੁਤ ਘੱਟ ਹੁੰਦਾ ਉੱਥੇ ਹਮਲਾਵਰ ਨੂੰ ਵੀ ਆਪਣੀ ਜਾਨ ਬਚਾਉਣੀ ਮੁਸ਼ਕਿਲ ਹੋ ਜਾਂਦੀ ਸੀ। ਸਾਂਝੇ ਜੰਗਲ ਵਿੱਚ ਸੁਖੀ ਵਸਦੇ ਇਸ ਵੱਡੇ ਝੁੰਡ ਉੱਤੇ ਇੱਕ ਦਿਨ ਕੁੱਝ ਸੈਤਾਨਾਂ ਦੀ ਨਜ਼ਰ ਪੈ ਗਈ। ਉਹਨਾਂ ਸੋਚਿਆ ਕਿ ਕਿਉਂ ਨਾ ਇਹਨਾਂ ਦੀ ਕੀਮਤੀ ਉਨ ਲਾਹ ਕੇ ਵੇਚੀ ਜਾਵੇ ਅਤੇ ਇਹਨਾਂ ਦੇ ਲੇਲਿਆਂ ਨੂੰ ਖ਼ੁਰਾਕ ਦੇ ਰੂਪ ਵਿੱਚ ਵੇਚ ਕੇ ਮੋਟੀ ਕਮਾਈ ਕੀਤੀ ਜਾਵੇ, ਵੱਡਾ ਝੁੰਡ ਹੋਣ ਕਾਰਨ ਉਹਨਾਂ ਦਾ ਇਹ ਹੌਂਸਲਾ ਨਾ ਪਵੇ, ਪਰ ਉਹ ਇਸ ਕਮਾਈ ਨੂੰ ਛੱਡਣਾ ਵੀ ਨਹੀਂ ਸੀ ਚਾਹੁੰਦੇ। ਇਸ ਲਈ ਉਹਨਾਂ ਨੇ ਇੱਕ ਵਿਚਾਰ ਕਰ ਕੇ ਫ਼ੈਸਲਾ ਕੀਤਾ ਕਿ ਉਨ੍ਹਾਂ ਇੱਕ ਤਾਂ ਇਸ ਝੁੰਡ ਉੱਤੇ ਹਮਲਾਵਰ ਹੋ ਕੇ ਕਦੇ ਵੀ ਹਮਲਾ ਨਹੀਂ ਕਰਨਾ, ਦੂਜਾ ਆਪਣੀ ਕਮਾਈ ਨੂੰ ਕਮਾਈ ਦੀ ਥਾਂ ਭਲਾਈ ਦਾ ਨਾਮ ਦੇ ਕੇ ਕੁੱਝ ਕੁ ਸਮੇਂ ਲਈ ਭਲਾਈ ਦੇ ਕੰਮ ਕੀਤੇ ਜਾਣ, ਬਿਨਾਂ ਲੋੜ ਤੋਂ ਭੇਡਾਂ ਨੂੰ ਖਾਣ ਲਈ ਘਾਹ, ਪੀਣ ਲਈ ਪਾਣੀ ਅਤੇ ਰਹਿਣ ਲਈ ਛੱਤ ਜਾਂ ਵਾੜਿਆਂ ਦਾ ਪ੍ਰਬੰਧ ਕੀਤਾ ਜਾਵੇ। ਅਗਲੇ ਦਿਨ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਉਹ ਇਕੱਠੇ ਇੱਕੋ ਰੂਪ ਵਿੱਚ ਇੱਕੋ ਪਾਸੇ ਦੀ ਹਮਲਾਵਰ ਹੋ ਕੇ ਜਾਣ ਦੀ ਬਜਾਏ ਵੱਖਰੇ-ਵੱਖਰੇ ਪਾਸਿਆਂ ਤੋਂ ਵੱਖਰੇ-ਵੱਖਰੇ ਰੂਪਾਂ ਵਿੱਚ ਸੇਵਾਦਾਰ ਬਣ ਕੇ ਸ਼ਾਂਤ ਵਸਦੇ ਝੁੰਡ ਕੋਲ ਜਾ ਪਹੁੰਚੇ। ਰੋਜ ਆਪਣੀ ਲੋੜ ਅਨੁਸਾਰ ਰੱਜ ਕੇ ਖਾਂਦੀਆਂ ਪੀਦੀਆਂ ਅਤੇ ਸੁਰੱਖਿਅਤ ਰਹਿੰਦੀਆਂ ਭੇਡਾਂ ਨੂੰ ਕਹਿਣ ਲੱਗੇ ਅਸੀਂ ਤੁਹਾਡੇ ਹੀ ਭੈਣ ਭਰਾ ਹਾਂ, ਤੁਹਾਡੀ ਭਲਾਈ ਲਈ ਤੁਹਾਨੂੰ ਮਿਲਣ ਆਏ ਹਾਂ, ਤੁਹਾਡਾ ਪਰਿਵਾਰ ਬਹੁਤ ਵੱਡਾ ਹੈ ਇਸ ਲਈ ਤੁਹਾਨੂੰ ਖਾਣ ਪੀਣ ਅਤੇ ਰਹਿਣ ਲਈ ਸਮੱਸਿਆ ਆਉਂਦੀ ਹੋਵੇਗੀ। ਅਸੀਂ ਤੁਹਾਡੇ ਲਈ ਖਾਣ ਲਈ ਕੁੱਝ ਘਾਹ, ਪੀਣ ਲਈ ਸਾਫ਼ ਪਾਣੀ ਲੈ ਕੇ ਆਏ ਹਾਂ। ਬੇਸ਼ੱਕ ਇਹ ਬਹੁਤ ਘੱਟ ਹੈ ਪਰ ਤੁਸੀਂ ਸਾਡੀ ਇਹ ਸੇਵਾ ਮਨਜੂਰ ਕਰੋ, ਕੱਲ ਨੂੰ ਅਸੀਂ ਇਸ ਤੋਂ ਹੋਰ ਵੱਧ ਲੈ ਕੇ ਆਵਾਂਗੇ।

ਭੇਡਾਂ ਦੀ ਏਕਤਾ ਨੇ ਰਸਤਾ ਵੀ ਜਾਮ ਕਰ ਦਿੱਤਾ ।

ਰੋਜ਼ਾਨਾ ਆਪਣਾ ਖਾਣ ਵਾਲੀਆਂ ਭੋਲੀਆਂ ਭੇਡਾਂ ਸੈਤਾਨਾਂ ਦੀ ਚਾਲ ਨੂੰ ਸਮਝ ਨਾ ਸਕੀਆਂ, ਉਹਨਾਂ ਨੇ ਆਪਣਾ ਖਾਣ ਦੀ ਥਾਂ ਸੈਤਾਨਾਂ ਦਾ ਖਾਣਾ ਸ਼ੁਰੂ ਕਰ ਦਿੱਤਾ। ਆਲਸੀ ਹੋਈਆਂ ਭੇਡਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਸੁਰੱਖਿਆ ਦੇ ਨਾਮ ਹੇਠ ਉਹਨਾਂ ਦੇ ਦੁਆਲੇ ਵਾੜ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਰਾਖੀ ਆਪ ਕਰਨ ਵਾਲੀਆਂ ਭੇਡਾਂ ਸੁਰੱਖਿਆ ਦੇ ਨਾਂ ਹੇਠ ਸ਼ੈਤਾਨਾਂ ਵੱਲੋਂ ਕੀਤੀ ਗੁਲਾਮੀ ਦੀ ਵਾੜ ਵਿੱਚ ਬੇਫ਼ਿਕਰ ਹੋ ਕੇ ਸੌਣ ਲੱਗ ਗਈਆਂ। ਤਾਂ ਸ਼ੈਤਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਆਪਣੀ ਕਮਾਈ ਸ਼ੁਰੂ ਕਰ ਸਕਦੇ ਹਨ। ਆਪਣੀ ਕਮਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਲ ਨੂੰ ਵੰਡਣ ਲਈ ਉਹਨਾਂ ਕਿਹਾ ਕਿ ਇੰਨੇ ਵੱਡੇ ਪਰਿਵਾਰ ਨੂੰ ਇੱਕ ਵਾੜੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਇਸ ਲਈ ਅਸੀਂ ਤੁਹਾਡੇ ਲਈ ਵੱਖ ਵੱਖ ਵਾੜਿਆਂ ਦਾ ਪ੍ਰਬੰਧ ਕੀਤਾ ਹੈ, ਜਿੱਥੇ ਤੁਹਾਡੀ ਸੰਭਾਲ਼ ਹੋਰ ਵੀ ਚੰਗੀ ਤਰਾਂ ਹੋ ਸਕੇਗੀ। ਇਸ ਦਾ ਕੁੱਝ ਕੁ ਭੇਡਾਂ ਨੇ ਵਿਰੋਧ ਕੀਤਾ ਕਿ ਅਸੀਂ ਵੰਡੇ ਜਾਣ ਨੂੰ ਪਸੰਦ ਨਹੀਂ ਕਰਦੀਆਂ, ਇਸ ਲਈ ਅਸੀਂ ਇਕੱਠੀਆਂ ਹੀ ਰਹਾਂਗੀਆਂ। ਤਾਂ ਸ਼ੈਤਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੰਡ ਨਹੀਂ ਰਹੇ ਇਹ ਤਾਂ ਸਿਰਫ ਤੁਹਾਡੀ ਭਲਾਈ ਲਈ ਹੀ ਹੈ। ਆਪਣੀ ਭਲਾਈ ਅਤੇ ਸਹੂਲਤਾਂ ਦੀ ਗੱਲ ਸੁਣ ਕੇ ਭੇਡਾਂ ਨੇ ਵੰਡੇ ਜਾਣ ਨੂੰ ਵੀ ਹਾਂ ਕਰ ਦਿੱਤੀ। ਇੱਕੋ ਨਸਲ ਦੀਆਂ ਭੇਡਾਂ ਨੂੰ ਆਪੋ ਆਪਣੇ ਵਾੜਿਆਂ ਵਿੱਚ ਕੈਦ ਕਰ ਕੇ ਸ਼ੈਤਾਨਾਂ ਨੇ ਉਹਨਾਂ ਉੱਤੇ ਵੱਖਰਾ ਵੱਖਰਾ ਰੰਗ ਲਗਾ ਕੇ ਪੱਕਾ ਕਬਜ਼ਾ ਕਰ ਲਿਆ। ਬੱਸ ਫਿਰ ਕੀ ਸੀ ਸਾਂਝੇ ਪਰਿਵਾਰ ਵਿੱਚ ਰਹਿਣ ਵਾਲੀਆਂ ਭੇਡਾਂ ਆਪਣੀ ਸਾਂਝ ਵਾਲੀ ਅਸਲੀ ਅਜ਼ਾਦ ਜਿੰਦਗੀ ਛੱਡ ਕੇ ਵੱਖਰੇ ਵਾੜਿਆਂ (ਸ਼ੈਤਾਨਾਂ ਦੀਆਂ ਦੁਕਾਨਾਂ) ਦੀ ਗੁਲਾਮੀ ਨੂੰ ਹੀ ਅਜ਼ਾਦੀ ਸਮਝਣ ਲੱਗ ਪਈਆਂ। ਆਪਣੇ ਵਾੜਿਆਂ ਨੂੰ ਹੀ ਆਪਣੇ-ਆਪਣੇ ਦੇਸ਼ (ਘਰ) ਮੰਨਣ ਲੱਗ ਗਈਆਂ, ਸ਼ੈਤਾਨਾਂ ਵੱਲੋਂ ਆਪਣੀ ਮਾਲਕੀ ਦੀ ਨਿਸ਼ਾਨੀ ਲਈ ਲਾਏ ਗਏ ਰੰਗ ਕਾਰਨ ਆਪਣੇ ਰੰਗ ਨੂੰ ਉੱਤਮ ਅਤੇ ਦੂਜੇ ਦੇ ਰੰਗ ਨੂੰ ਨੀਚ ਸਮਝ ਕੇ ਇਹ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ। ਸ਼ੈਤਾਨ ਵੀ ਇਹੀ ਕੁੱਝ ਚਾਹੁੰਦਾ ਸੀ। ਹੁਣ ਉਹ ਜਦੋਂ ਮਰਜ਼ੀ ਉਹਨਾਂ ਦੀ ਉਨ ਲਾਹ ਕੇ ਵੇਚ ਦਿੰਦਾ, ਜਦੋਂ ਮਰਜ਼ੀ ਉਹਨਾਂ ਦੇ ਲੇਲਿਆਂ ਨੂੰ ਕਸਾਈ ਕੋਲ ਵੇਚ ਦਿੰਦਾ। ਜਿਹੜੇ ਲੇਲਿਆਂ ਨੂੰ ਉਹ ਸ਼ੇਰਾਂ ਬਘਿਆੜਾਂ ਤੋਂ ਵੀ ਬਚਾ ਲੈਦੀਆਂ ਸਨ ਹੁਣ ਕਸਾਈ ਇਕੱਲਾ ਹੀ ਮੌਜ ਨਾਲ ਉਹਨਾਂ ਦੇ ਸਾਹਮਣੇ ਹੀ ਤਿੰਨ ਚਾਰ ਲੇਲ਼ੇ ਚੁੱਕ ਕੇ ਤੁਰ ਜਾਂਦਾ, ਉਹ ਵਾੜੇ ਵਿੱਚ ਖੜੀਆਂ ਵੇਖਦੀਆਂ ਤੇ ਬਿਆ-ਬਿਆ ਕਰਦੀਆਂ ਰਹਿ ਜਾਂਦੀਆਂ ਪਰ ਕਰ ਕੁੱਝ ਵੀ ਨਹੀਂ ਸੀ ਸਕਦੀਆਂ ਕਿਉਂਕਿ ਉਹ ਹੁਣ ਏਕਤਾ ਦੀ ਥਾਂ ਅਨੇਕਤਾ ਵਿੱਚ ਵੰਡੀਆਂ ਜਾ ਚੁੱਕੀਆਂ ਸਨ ਅਤੇ ਕਿਸੇ ਦੇ ਕਬਜ਼ੇ ਵਿੱਚ ਸਨ। ਉਹਨਾਂ ਨੇ ਅਜ਼ਾਦ ਜੀਵਨ ਨੂੰ ਭੁੱਲ ਕੇ ਗੁਲਾਮੀ ਨੂੰ ਹੀ ਅਜ਼ਾਦੀ ਮੰਨ ਲਿਆ ਹੋਇਆ ਸੀ। ਸ਼ੈਤਾਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ । ਉਹਨਾਂ ਨੇ ਅੱਗੇ ਤੋਂ ਇਹਨਾਂ ਦੋ ਸ਼ਬਦਾਂ (ਕਮਾਈ ਨੂੰ ਭਲਾਈ ਅਤੇ ਗੁਲਾਮੀ ਨੂੰ ਅਜ਼ਾਦੀ ਪ੍ਰਚਾਰਨ) ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਬੱਸ ਇਹਨਾਂ ਦੋ ਸ਼ਬਦਾਂ ਨੇ ਜਿੱਥੇ ਸੈਤਾਨ ਸੋਚ ਨੂੰ ਪੂਰੇ ਜੰਗਲ ਦੀ ਮਾਲਕ ਬਣਾ ਦਿੱਤਾ, ਉੱਥੇ ਭੇਡ ਸੋਚ ਨੂੰ ਸਦਾ ਲਈ ਸ਼ੈਤਾਨਾ ਦੀ ਗੁਲਾਮ ਅਤੇ ਕਮਾਈ ਦਾ ਸਾਧਨ ਬਣਾ ਦਿੱਤਾ। ਜਿਸ ਤਰ੍ਹਾਂ ਮਾਨਸਿਕ ਤੌਰ ’ਤੇ ਭੇਡ ਸੋਚ ਨੇ ਗੁਲਾਮੀ ਨੂੰ ਭਲਾਈ ਸਮਝ ਲਿਆ ਉਸੇ ਤਰ੍ਹਾਂ ਸ਼ੈਤਾਨ ਸੋਚ ਨੇ ਵੀ ਭੇਡਾਂ ਨੂੰ ਗੁਲਾਮ ਬਣਾ ਕੇ ਰੱਖਣ ਨੂੰ ਹੀ ਆਪਣਾ ਹੱਕ ਸਮਝ ਲਿਆ। ਭੇਡਾਂ ਅਤੇ ਸ਼ੈਤਾਨਾਂ ਦੀ ਪਰਪੱਕ ਹੋਈ ਅਜਿਹੀ ਮਾਨਸਿਕਤਾ ਨੂੰ ਵੇਖ ਕੇ ਸੱਚ ਦੇ ਆਸ਼ਕ (ਰੱਬੀ ਭਗਤ) ਦੁਖੀ ਹਨ। ਦੁਖੀ ਹੋਏ ਭਗਤਾਂ ਨੇ ਸੋਚਿਆ ਕਿ ਵਿਚਾਰੀਆਂ ਭੇਡਾਂ ਨੂੰ ਸ਼ੈਤਾਨਾਂ ਤੋਂ ਅਜ਼ਾਦ ਕਰਵਾ ਕੇ ਪਹਿਲਾਂ ਵਰਗਾ ਕੁਦਰਤੀ ਜੀਵਨ ਜਿਉਣਾ ਸਿਖਾਈਏ, ਇਹਨਾਂ ਨੂੰ ਸ਼ੈਤਾਨਾਂ ਵੱਲੋਂ ਬਣਾਈ ਗਈ ਜੇਲ੍ਹ (ਵਾੜਿਆਂ) ਵਿੱਚੋਂ ਅਜ਼ਾਦ ਕਰਵਾ ਕੇ ਆਪਣਾ ਕਮਾ ਕੇ ਖਾਣਾ, ਇਕੱਠੇ ਅਤੇ ਅਜ਼ਾਦ ਰਹਿਣਾ ਸਿਖਾਈਏ। ਭਗਤ ਨੇ ਸ਼ੈਤਾਨਾਂ ਵਾਙ ਦਾਣਾ ਦੇਣ ਵਾਲੇ ਰੂਪ ਵਿੱਚ ਆ ਕੇ ਭੇਡਾਂ ਨੂੰ ਕਿਹਾ ਕਿ ਤੁਸੀਂ ਅਜ਼ਾਦ ਨਹੀਂ ਹੋਂ, ਇਹ ਜੋ ਲੋਕ ਤੁਹਾਨੂੰ ਸੁੱਖ ਸਹੂਲਤਾਂ ਦੇਣ ਅਤੇ ਵਾੜਿਆਂ ਵਿੱਚ ਸੁਰੱਖਿਅਤ ਅਜ਼ਾਦ ਰੱਖਣ ਦੇ ਨਾਹਰੇ ਮਾਰ ਰਹੇ ਹਨ ਇਹ ਸੱਭ ਲੁਟੇਰੇ ਹਨ, ਤੁਸੀਂ ਹਿੰਮਤ ਕਰ ਕੇ ਇਹਨਾਂ ਦੀਆਂ ਜੇਲ੍ਹਾਂ ਵਿੱਚੋਂ ਬਾਹਰ ਆਓ, ਤੁਹਾਨੂੰ ਕੁੱਝ ਨਹੀਂ ਹੋਵੇਗਾ। ਇਹਨਾਂ ਦਾ ਦਿੱਤਾ ਘਾਹ ਪਾਣੀ ਖਾਣਾ ਬੰਦ ਕਰ ਕੇ ਆਪਣਾ ਕਮਾ ਕੇ ਖਾਓ, ਇਹਨਾਂ ਤੋਂ ਸੁਰੱਖਿਆ ਲੈਣ ਦੀ ਥਾਂ ਆਪਣੀ ਰਾਖੀ ਆਪ ਕਰੋ, ਤੁਸੀਂ ਸਭ ਇੱਕ ਬਰਾਬਰ ਹੋ ਤੁਹਾਡੇ ਵਿੱਚ ਵੱਖਰੇ ਵਾੜਿਆਂ ਅਤੇ ਰੰਗਾਂ ਕਾਰਨ ਕੋਈ ਉਤਮ ਜਾਂ ਨੀਚ ਨਹੀਂ ਹੈ, ਇਹ ਵਾੜੇ ਅਤੇ ਰੰਗ ਤੁਹਾਨੂੰ ਗੁਮਰਾਹ ਕਰਨ ਲਈ ਬਣਾਏ ਗਏ ਹਨ। ਤੁਹਾਡੇ ਵਡੇਰੇ ਇੱਕ ਵੱਡੇ ਝੁੰਡ ਵਿੱਚ ਰਹਿੰਦੇ ਸਨ, ਉਹ ਖ਼ੁਦ ਕਮਾ ਕੇ ਖਾਂਦੇ ਸੀ, ਆਪਣੀ ਰਾਖੀ ਵੀ ਖ਼ੁਦ ਹੀ ਕਰਦੇ ਸੀ, ਉਹਨਾਂ ਦਾ ਜੀਵਨ ਖ਼ੁਸ਼ ਅਤੇ ਅਸਲ ਵਿੱਚ ਅਜ਼ਾਦ ਸੀ। ਕੋਈ ਉਹਨਾਂ ਦੀ ਉੱਨ ਨਹੀਂ ਸੀ ਲਾਹੁੰਦਾ, ਵੱਡਾ ਸਾਂਝਾ ਪਰਿਵਾਰ ਹੋਣ ਕਰ ਕੇ ਸ਼ੇਰ ਤੇ ਬਘਿਆੜ ਵੀ ਉਹਨਾਂ ਤੋਂ ਡਰਦੇ ਸਨ। ਸੱਚ ਦਾ ਸੇਵਕ (ਭਗਤ, ਗੁਰੂ) ਤਾਂ ਸੈਤਾਨਾਂ ਵੱਲੋਂ ਵੱਖਰੇ-ਵੱਖਰੇ ਵਾੜਿਆਂ ਅਤੇ ਵੱਖੋ ਵੱਖਰੇ ਰੰਗਾਂ ਵਿੱਚ ਰੰਗੀਆਂ, ਆਪਣੀ ਹੀ ਨਸਲ ਦੀਆਂ ਦੁਸ਼ਮਣ ਬਣੀਆਂ ਭੇਡਾਂ ਨੂੰ ਜਗਾਉਣ ਲਈ ਸਾਂਝੀਵਾਲਤਾ ਦਾ ਹੋਕਾ ਦੇ ਕੇ ਚਲਿਆ ਗਿਆ। ਇੱਕ ਦੋ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ ਉਹ ਤਾਂ ਆਪਣੀ ਜ਼ਿੰਦਗੀ ਆਪ ਜਿਉਣ ਲਈ ਝੱਟ ਵਾੜੇ ਵਿੱਚੋਂ ਬਾਹਰ (ਬਾਗੀ) ਹੋ ਗਈਆਂ, ਪਰ ਮਾਨਸਿਕ ਤੌਰ ’ਤੇ ਗੁਲਾਮੀ ਦੀ ਮੌਤ ਵਰਗੀ ਨੀਂਦ ਵਿੱਚ ਸੁਤੀਆਂ ਬਹੁਤੀਆਂ ਭੇਡਾਂ ਨੇ ਗੁਰੂ (ਭਗਤ) ਦੇ ਬੋਲਾਂ ਨੂੰ ਸੁਣ ਤਾਂ ਲਿਆ ਪਰ ਉਨ੍ਹਾਂ ਨੂੰ ਵਿਚਾਰ ਕੇ ਅਮਲ ਕਰਨ ਵਾਰੇ ਸੋਚਿਆ ਤੱਕ ਨਹੀਂ। ਉਲਟਾ ਕੁੱਝ ਸਿਆਣੀਆਂ ਭੇਡਾਂ ਭਗਤ ਵੱਲੋਂ ਦਿੱਤੀ ਸਿੱਖਿਆ ਦੀਆਂ ਕਹਾਣੀਆਂ ਸ਼ੈਤਾਨਾਂ ਨੂੰ ਸੁਣਾਉਣ ਲੱਗ ਪਈਆਂ ਕਿ ਅੱਜ ਭਗਤ ਆਇਆ ਸੀ ਉਹ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਗਿਆ ਹੈ, ਕੁੱਝ ਭੇਡਾਂ ਉਸ ਦੀ ਗੱਲ ਸੁਣ ਕੇ ਵਾੜੇ ਨੂੰ ਛੱਡ ਕੇ ਚਲੀਆਂ ਵੀ ਗਈਆਂ ਹਨ। ਇਹ ਸੁਣ ਕੇ ਸ਼ੈਤਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੂੰ ਆਪਣਾ ਰਾਜ ਖੁੰਝਦਾ ਨਜ਼ਰ ਆਇਆ। ਉਹਨਾਂ ਨੇ ਤੁਰੰਤ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕੱਢਿਆ ਕਿ ਭਗਤ ਪਾਸੋਂ ਕਹਾਣੀਆਂ ਸੁਣਨ ਦੇ ਬਾਵਜੂਦ ਵੀ ਵਾੜੇ ਵਿੱਚ ਰਹਿਣ ਵਾਲੀਆਂ ਭੇਡਾਂ ਅਸਲ ਵਫ਼ਾਦਾਰ ਹਨ ਅਤੇ ਵਾੜੇ ਨੂੰ ਛੱਡ ਕੇ ਜਾਣ ਵਾਲੀਆਂ ਭੇਡਾਂ ਬਾਗੀ ਹਨ, ਅੱਤਵਾਦੀ ਹਨ, ਦੇਸ਼-ਧ੍ਰੋਹੀ ਹਨ ਅਤੇ ਅੰਦਰ ਖਾਤੇ ਇਨ੍ਹਾਂ ਬਾਗੀ ਭੇਡਾਂ ਨੂੰ ਵੀ ਮੁੜ ਵਾਪਸ ਲਿਆਉਣ ਲਈ ਥੋੜ੍ਹਾ ਵਧੇਰੇ ਆਜ਼ਾਦੀ ਵਾਲਾ, ਰੱਬ ਦੇ ਨਾਂ ’ਤੇ ਹੀ ਇੱਕ ਹੋਰ ਵਾੜਾ ਬਣਾਇਆ ਗਿਆ, ਇਹ ਵੇਖ ਕੇ ਕੁਝ ਬਾਗੀ ਭੇਡਾਂ ਵਾਪਸ ਆਉਣ ਲੱਗੀਆਂ, ਜਿਨ੍ਹਾਂ ਲਈ ਇੱਕ ਵੱਖਰਾ ਰੰਗ ਬਣਾ ਕੇ ਉਨ੍ਹਾਂ ਉੱਤੇ ਵੀ ਲਗਾ ਦਿੱਤਾ ਗਿਆ ਤੇ ਉਸ ਰੰਗ ਵਿੱਚ ਰੰਗ ਕੇ ਵੱਖਰੇ ਵਾੜੇ ਵਿੱਚ ਕੈਦ ਕਰ ਲਿਆ।

ਭੇਡਾਂ ਦੀ ਏਕਤਾ ਨਾ ਰਹੀ, ਜਿਸ ਦਾ ਇਹ ਨਤੀਜਾ ਹੋਈਆ।

ਬੱਸ ਫਿਰ ਕੀ ਸੀ, ਸੱਚ ਦੇ ਭਗਤ, ਜਿੰਨੀ ਵਾਰੀਂ ਗੁਲਾਮ ਭੇਡਾਂ ਨੂੰ ਸਮਝਾਉਣ ਲਈ ਆਉਂਦੇ, ਸ਼ੈਤਾਨ ਓਨੇ ਹੀ ਵੱਖਰੇ ਵਾੜੇ ਅਤੇ ਰੰਗ ਸਿਰਜ ਕੇ ਆਪਣੀਆਂ ਨਵੀਆਂ ਦੁਕਾਨਾਂ (ਜੇਲ੍ਹਾਂ) ਦੀ ਗਿਣਤੀ ਵਧਾਉਂਦੇ ਰਹੇ। ਨਿਰਾਸ ਹੋਏ ਭਗਤਾਂ ਨੇ ਜੰਗਲ ਵਿੱਚ ਆਉਣਾ ਅਤੇ ਭੇਡਾਂ ਨੂੰ ਸਮਝਾਉਣਾ ਹੀ ਬੰਦ ਕਰ ਦਿੱਤਾ ਕਿਉਂਕਿ ਸ਼ੈਤਾਨਾਂ ਨੇ ਕੇਵਲ ਇੱਕ ਰੱਬ ਦੇ ਨਾਂ ’ਤੇ ਹੋਰ ਹੀ ਇੰਨੇ ਵਾੜੇ ਅਤੇ ਰੰਗ ਪੈਦਾ ਕਰ ਦਿੱਤੇ, ਜੋ ਭੇਡਾਂ ਤਾਂ ਕੀ ਭਗਤਾਂ ਦੀ ਵੀ ਸਮਝ ਤੋਂ ਬਾਹਰ ਹੋ ਗਏ। ਸ਼ਕਤੀਹੀਣ ਹੋਈਆਂ ਭੇਡਾਂ ਕਦੇ ਕਦੇ ਭਗਤ (ਗੁਰੂ) ਨੂੰ ਯਾਦ ਕਰਦੀਆਂ ਕਿ ਉਹ ਆ ਕੇ ਉਹਨਾਂ ਨੂੰ ਅਜ਼ਾਦ ਕਰਵਾਏਗਾ, ਪਰ ਭਗਤ ਤਾਂ ਆਪਣੀ ਨਾਕਾਮੀ ਕਾਰਨ ਮੁੜ ਨਾ ਆਉਣ ਦਾ ਫੈਂਸਲਾ ਕਰ ਚੁੱਕਿਆ ਸੀ, ਕਿਉਂਕਿ ਉਹ ਸ਼ੈਤਾਨਾਂ ਵੱਲੋਂ ਰੱਬ ਦੇ ਨਾਂ ’ਤੇ ਫੈਲਾਏ ਗਏ ਜਾਲ਼ ਨੂੰ ਵੇਖ ਚੁੱਕਿਆ ਸੀ, ਪਰ ਭੇਡਾਂ ਦੀ ਮਾਨਸਿਕਤਾ ਨੂੰ ਸਮਝਦਾ-ਸਮਝਦਾ ਸ਼ੈਤਾਨ ਹੁਣ ਇੰਨਾ ਚਲਾਕ ਹੋ ਗਿਆ ਸੀ ਕਿ ਗੁਰੂ (ਭਗਤ) ਦੇ ਨਾ ਆਉਣ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਹੁਣ ਭਗਤ ਦੀ ਆਸ ਵਿੱਚ ਬੈਠੀਆਂ ਭੇਡਾਂ ਨੂੰ ਵੀ ਨਿਰਾਸ ਨਹੀਂ ਹੋਣ ਦੇਣਾ ਚਾਹੁੰਦਾ ਸੀ। ਉਸ ਨੇ ਹੁਣ ਕੁੱਝ ਕੁ ਸਮੇਂ ਬਾਅਦ ਭਗਤ ਦੇ ਨਾਂ ’ਤੇ ਆਪ ਹੀ ਭੇਸ ਬਦਲ ਕੇ ਆਉਣਾ ਸ਼ੁਰੂ ਕਰ ਲਿਆ ਤੇ ਹੌਲ਼ੀ-ਹੌਲ਼ੀ ਆਪ ਨੂੰ ਹੀ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ।

ਹੁਣ ਉਹ ਨਵਾਂ ਰੰਗ ਅਤੇ ਨਵੇਂ ਵਾੜੇ ਦਾ ਪ੍ਰਬੰਧ ਕਰ ਕੇ ਆਉਂਦਾ ਹੈ, ਪੁਰਾਣੇ ਵਾੜਿਆਂ ਵਿੱਚ ਉਦਾਸ ਬੈਠੀਆਂ ਭੇਡਾਂ ਖ਼ੁਦ ਹੀ ਨਵਾਂ ਰੰਗ ਲਵਾ ਕੇ ਨਵੇਂ ਵਾੜੇ ਵਿੱਚ ਖ਼ੁਸ਼ੀ ਖ਼ੁਸ਼ੀ ਕੈਦ ਹੋ ਜਾਂਦੀਆਂ ਹਨ। ਜਿੱਥੇ ਭੇਡਾਂ ਦੀ ਗੁਲਾਮ ਮਾਨਸਿਕਤਾ ਅਤੇ ਸ਼ੈਤਾਨਾਂ ਦੀਆਂ ਸ਼ੈਤਾਨੀਆਂ ਤੋਂ ਭਗਤ ਵੀ ਦੁਖੀ ਹੈ, ਉੱਥੇ ਸ਼ੈਤਾਨ ਖ਼ੁਦ ਗੁਰੂ ਬਣ ਕੇ ਭੇਡਾਂ ਦੀ ਉੱਨ ਲਾਹੁਣ, ਲੇਲ਼ੇ ਕਸਾਈਆਂ ਨੂੰ ਵੇਚਣ, ਆਪਣੀ ਮੌਤ ਮਰੀਆਂ ਭੇਡਾਂ ਦੇ ਸਰੀਰਾਂ ਦੇ ਅੰਗ ਵੇਚਣ, ਰੰਗਾਂ ਅਤੇ ਵਾੜਿਆਂ ਦੇ ਨਾਂ ’ਤੇ ਦੰਗੇ ਭੜਕਾਅ ਕੇ ਮਰਵਾੳਣ ਤੋਂ ਇਲਾਵਾ ਭੇਡਾਂ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਇੱਜ਼ਤਾਂ ਨਾਲ ਵੀ ਖੇਡਣ ਲੱਗ ਜਾਂਦਾ ਹੈ। ਆਪਣੇ ਨਾਂ ’ਤੇ ਮਜ਼ਲੂਮਾਂ ਉੱਤੇ ਹੁੰਦੇ ਅਜਿਹੇ ਜ਼ੁਲਮ ਵੇਖ ਕੇ ਭਗਤ ਵੀ ਹੁਣ ਬੇਚੈਨ ਰਹਿਣ ਲੱਗ ਜਾਂਦਾ ਹੈ, ਪਰ ਅਫ਼ਸੋਸ ਕਿ ਇਸ ਸਾਰੇ ਕੁੱਝ ਨੂੰ ਭੇਡਾਂ ਗੁਰੂ ਦੀ ਮਿਹਰ ਅਤੇ ਆਪਣੇ ਕਰਮ ਸਮਝ ਕੇ ਸ਼ੈਤਾਨਾਂ ਅੱਗੇ ਸੀਸ ਝੁਕਾਅ ਰਹੀਆਂ ਹਨ। ਜੇ ਕਿਤੇ ਅਸੀਂ ਭੇਡ ਸੋਚ, ਰੰਗਾਂ, ਵਾੜਿਆਂ ਦੇ ਭੇਦਭਾਵ ਨੂੰ ਛੱਡ ਕੇ ਸਾਂਝੇ ਪਰਿਵਾਰ ਵਾਂਗ ਪਿਆਰ ਨਾਲ ਬਰਾਬਰਤਾ ਦਾ ਜੀਵਨ ਅਜ਼ਾਦ ਜਿਉਣਾ ਸਿੱਖ ਲਈਏ ਤਾਂ ਕੋਈ ਵੀ ਸ਼ੈਤਾਨ ਸਾਡੇ ਨਾਲ ਅਜਿਹਾ ਨਹੀਂ ਕਰ ਸਕਦਾ।

ਕਿਉਂ ਲੱਭਦੇ ਹਨ ਲੋਕ ‘ਬਾਬੇ ਤੇ ਸੰਤ’ ?

0

ਕਿਉਂ ਲੱਭਦੇ ਹਨ ਲੋਕ ‘ਬਾਬੇ ਤੇ ਸੰਤ’  ?

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਕਿਸੇ ਡਾਕਟਰ ਲਈ ਮਰੀਜ਼ ਸਿਰਫ਼ ਮਰੀਜ਼ ਹੁੰਦਾ ਹੈ। ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਨਹੀਂ। ਬਿਲਕੁਲ ਇੰਜ ਹੀ ਕਿਸੇ ਬਾਬੇ ਜਾਂ ਸੰਤ ਨੂੰ ਮੰਨਣ ਵਾਲੇ ਵੀ ਡਾਕਟਰ ਲਈ ਸਿਰਫ਼ ਮਰੀਜ਼ ਹੀ ਹੁੰਦੇ ਹਨ। ਉਨ੍ਹਾਂ ਦੇ ਵਿਅਕਤੀਗਤ ਮਸਲਿਆਂ ਬਾਰੇ ਡਾਕਟਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ।

ਜਦੋਂ ਕਿਸੇ ਵਹਿਮ ਭਰਮ ਨਾਲ ਜਾਂ ਆਪੇ ਲਈਆਂ ਗ਼ਲਤ ਦਵਾਈਆਂ ਦੇ ਸੇਵਨ ਨਾਲ ਮਰੀਜ਼ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਜਾਵੇ ਜਾਂ ਕਿਸੇ ਨੀਮ ਹਕੀਮ ਦੇ ਚੱਕਰ ਵਿਚ ਕੋਈ ਆਪਣੀ ਉਮਰ ਦੇ ਵੀਹ ਸਾਲ ਛੋਟੇ ਕਰ ਲਵੇ ਤਾਂ ਡਾਕਟਰ ਉਸ ਮਰੀਜ਼ ਨੂੰ ਉਸੇ ਤਰ੍ਹਾਂ ਹੀ ਸਮਝਾਉਂਦਾ ਜਾਂ ਝਿੜਕਦਾ ਹੈ ਜਿਵੇਂ ਅਧਿਆਪਕ ਆਪਣੇ ਵਿਦਿਆਰਥੀ ਨੂੰ ਸਹੀ ਸੇਧ ਦੇਣ ਸਮੇਂ ਕਰਦਾ ਹੈ ਜਾਂ ਫੇਰ ਮਾਲੀ ਕਿਸੇ ਬੂਟੇ ਨੂੰ ਸਿੱਧਾ ਉਗਾਉਣ ਲਈ ਉਸ ਦੀਆਂ ਟਾਹਣੀਆਂ ਛਾਂਗਦਾ ਹੈ।

ਕੁੱਝ ਇਸੇ ਹੀ ਤਰ੍ਹਾਂ ਦੇ ਵਿਚਾਰ ਅਧੀਨ ਮੈਂ ਹਸਪਤਾਲ ਵਿਚ ਚੈਕਅੱਪ ਕਰਵਾਉਣ ਪੁੱਜੀ ਇਕ 16 ਵਰ੍ਹਿਆਂ ਦੀ ਬੱਚੀ ਨਾਲ ਗੱਲ ਸ਼ੁਰੂ ਕੀਤੀ ਜਿਸ ਦੇ ਗਲੇ ਦੁਆਲੇ ਇਕ ਬਾਬੇ ਦੀ ਤਸਵੀਰ ਪਾਈ ਹੋਈ ਸੀ।

ਮੈਂ ਜਦੋਂ ਉਸ ਨੂੰ ਪੁੱਛਿਆ ਕਿ ਉਹ ਕਿਵੇਂ ਉਸ ਦੇ ਲੜ ਲੱਗੀ ਤਾਂ ਉਸ ਦੇ ਜਵਾਬ ਨੇ ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਦੱਸਿਆ, ‘ਮੈਂ ਦੋ ਸਾਲ ਨਰਕ ਭੋਗਿਆ ਸੀ। ਜਦੋਂ ਮੈਨੂੰ ਮਾਹਵਾਰੀ ਆਉਂਦੀ ਸੀ ਤਾਂ ਘਰੋਂ ਬਾਹਰ ਖੇਤ ’ਚ ਡੰਗਰਾਂ ਦੇ ਨਾਲ ਮੈਨੂੰ ਸੁੱਟ ਦਿੱਤਾ ਜਾਂਦਾ ਸੀ। ਆਪੇ ਰੋਟੀ ਬਣਾਓ, ਆਪੇ ਖਾਓ ਤੇ ਖੇਤ ’ਚ ਕੰਮ ਵੀ ਕਰੋ। ਨਾ ਕੋਈ ਚੱਜ ਦਾ ਕੱਪੜਾ, ਨਾ ਕੋਈ ਮੇਰੀ ਵਾਤ ਪੁੱਛਣ ਵਾਲਾ। ਮੈਨੂੰ ਇੰਜ ਪਰ੍ਹਾਂ ਸੁੱਟਿਆ ਜਾਂਦਾ ਸੀ ਜਿਵੇਂ ਮੈਂ ਕੂੜਾ ਕਰਕਟ ਜਾਂ ਅਸ਼ੁੱਧ ਹੋਵਾਂ।

ਜਦੋਂ ਦੋ ਸਾਲਾਂ ਬਾਅਦ ਮੈਨੂੰ ਬਾਬਾ ਜੀ ਦੇ ਆਸ਼ਰਮ ਲੈ ਕੇ ਗਏ ਤਾਂ ਮੈਂ ਆਪਣੀ ਤਕਲੀਫ਼ ਸੁਣਾਈ। ਉਨ੍ਹਾਂ ਦੇ ਕਹੇ ਅਨੁਸਾਰ ਹੁਣ ਮੈਨੂੰ ਮਾਹਵਾਰੀ ਵੇਲੇ ਵੀ ਘਰ ਅੰਦਰ ਰੱਖਿਆ ਜਾਂਦਾ ਹੈ ਤੇ ਮੈਂ ਹੁਣ ਆਪਣੇ ਆਪ ਨੂੰ ਕੂੜਾ ਕਰਕਟ ਜਾਂ ਅਸ਼ੁੱਧ ਨਹੀਂ ਮੰਨਦੀ। ਮੈਂ ਆਪਣੇ ਆਪ ਨੂੰ ਇਨਸਾਨ ਸਮਝਣ ਲੱਗ ਗਈ ਹਾਂ।’

ਉਸ ਦੇ ਬੋਲਣ ਦੇ ਲਹਿਜੇ ਵਿਚ ਤਲਖ਼ੀ ਸੀ। ਸਮਾਜ ਪ੍ਰਤੀ ਗੁੱਸਾ, ਆਪਹੁਦਰਾਪਣ, ਅਣਖ, ਜੋਸ਼ ਤੇ ਸਵੈ-ਵਿਸ਼ਵਾਸ ਡੁੱਲ-ਡੁੱਲ ਬਾਹਰ ਆ ਰਿਹਾ ਸੀ।

ਇਕ ਹੋਰ ਅਜਿਹੇ ਹੀ ਮਰੀਜ਼ ਨਾਲ ਜਦੋਂ ਗੱਲ ਕੀਤੀ ਤਾਂ ਉਸ ਦਾ ਜਵਾਬ ਸੀ, ‘ਸਾਨੂੰ ਇਸ ਸਮਾਜ ਕੋਲੋਂ ਸਿਰਫ਼ ਤਿਰਸਕਾਰ ਮਿਲਿਆ ਹੈ। ਨੀਵੀਂ ਜਾਤ ਹੋਣ ਕਾਰਨ ਇਕ ਸੜਕ ਕਿਨਾਰੇ ਰੁਲਦੇ ਪੱਥਰ ਤੋਂ ਵੱਧ ਕਦੇ ਵੁਕਤ ਨਹੀਂ ਪਈ। ਬਾਬਾ ਜੀ ਨੇ ਸਾਨੂੰ ਸਭ ਨੂੰ ਇੱਜ਼ਤ ਦਿੱਤੀ ਹੈ ਤੇ ਇਨਸਾਨ ਹੋਣ ਦਾ ਇਹਸਾਸ ਦਵਾਇਆ ਹੈ। ਡਾਕਟਰ ਸਾਹਿਬਾ  ! ਧਿਆਨ ਨਾਲ ਖ਼ਬਰਾਂ ਪੜ੍ਹਿਆ ਕਰੋ। ਚਾਰ ਕੁ ਦਿਨ ਪਹਿਲਾਂ ਦੀ ਖ਼ਬਰ ਹੈ ਕਿ ਇਕ ਮੁਟਿਆਰ ਸਕੂਲੀ ਵਿਦਿਆਰਥਣ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਉਸ ਦਾ ਸਤਭੰਗ ਕੀਤਾ। ਬਥੇਰੇ ਧਰਮ ਪ੍ਰਚਾਰਕਾਂ ਤੇ ਮੁਲਾਜ਼ਮਾਂ ਕੋਲੋਂ ਨਸ਼ਿਆਂ ਦੀ ਖੇਪ ਫੜੀ ਜਾ ਚੁੱਕੀ ਹੈ। ਇਨ੍ਹਾਂ ਦੀਆਂ ਰੰਗ-ਰਲੀਆਂ ਕਿਹੜੀ ਨੈਤਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ ? ਇਹ ਸਾਰੇ ਤਾਂ ਸਿਆਸਤਦਾਨਾਂ ਦੇ ਪੈਰਾਂ ਥੱਲੇ ਵਿਛੇ ਪਏ ਹਨ। ਧਰਮ ਦਾ ਤਾਂ ਇਨ੍ਹਾਂ ਅਖੌਤੀ ਠੇਕੇਦਾਰਾਂ ਨੇ ਮਜ਼ਾਕ ਬਣਾ ਦਿੱਤਾ ਹੋਇਐ। ਸਾਨੂੰ ਨੀਵੀਂ ਜਾਤ ਵਾਲਿਆਂ ਨੂੰ ਤਾਂ ਇਨ੍ਹਾਂ ਨੇ ਛੇਕਿਆ ਪਿਐ। ਬਾਬਾ ਜੀ ਨੇ ਸਾਨੂੰ ਘੱਟੋ-ਘੱਟ ਇੱਜ਼ਤ ਤਾਂ ਦੁਆਈ ਹੈ। ਅਸੀਂ ਤਾਂ ਇੱਥੇ ਹੀ ਠੀਕ ਹਾਂ।’

ਇਹ ਦੋਵੇਂ ਜਵਾਬ ਸਮਾਜ ਲਈ ਸ਼ੀਸ਼ਾ ਹਨ ਕਿ ਕਿਉਂ ਢੇਰਾਂ ਦੇ ਢੇਰ ਸਮਰਥਕ ਬਾਬਿਆਂ ਜਾਂ ਸੰਤਾਂ ਕੋਲ ਜਾਂਦੇ ਹਨ। ਬੀਮਾਰੀ ਨਾਲ ਜੁੜੀ ਮਾਨਸਿਕ ਪ੍ਰੇਸ਼ਾਨੀ ਜਦੋਂ ਪਿਆਰ ਨਾਲ ਦੂਰ ਕਰ ਦਿੱਤੀ ਜਾਵੇ ਜਾਂ ਪੈਸੇ ਦੀ ਤੰਗੀ ਦੌਰਾਨ ਸਹਾਇਤਾ ਮਿਲ ਜਾਏ, ਢਿੱਡ ਭਰਨ ਨੂੰ ਅੰਨ੍ਹ ਮਿਲ ਜਾਏ, ਆਪਣੇ ਅੰਦਰਲੀ ‘ਮੈਂ’ ਸਹਿਲਾ ਦਿੱਤੀ ਜਾਏ ਤਾਂ ਅਜਿਹੇ ਲੋਕ ਅੰਨ੍ਹੀ ਸ਼ਰਧਾ ਪਾਲ ਲੈਂਦੇ ਹਨ। ਉਹ ਵੇਖਦੇ ਹਨ ਕਿ ਉਹ ਨੀਵੀਂ ਜ਼ਾਤ ਦੇ ਵੀ ਹਨ ਤੇ ਗ਼ਰੀਬ ਵੀ ਹਨ, ਪਰ ਲੋੜ ਪੈਣ ਉੱਤੇ ਜਿਸ ਬਾਬੇ ਨਾਲ ਉਹ ਜੁੜੇ ਹਨ, ਉਸੇ ਹੀ ਬਾਬੇ ਜਾਂ ਸੰਤ ਅੱਗੇ ਮੁਲਕ ਦੀ ਉੱਚੀ ਤੋਂ ਉੱਚੀ ਪਦਵੀ ਉੱਤੇ ਬੈਠੇ ਸਿਆਸਤਦਾਨ, ਸਰਕਾਰੀ ਮੁਲਾਜ਼ਮ, ਫਿਲਮੀ ਸਿਤਾਰੇ, ਗੱਲ ਕੀ ਹਰ ਅਮੀਰ ਤੋਂ ਅਮੀਰ ਬੰਦਾ ਵੀ ਸੀਸ ਝੁਕਾਉਣ ਪਹੁੰਚ ਰਿਹਾ ਹੈ ਤਾਂ ਉਨ੍ਹਾਂ ਦੇ ਮਨ ਅੰਦਰਲੀ ਸੋਚ ਪਕਿਆਈ ਫੜ ਲੈਂਦੀ ਹੈ ਕਿ ਉਹ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੀ ਸ਼ਰਨ ਵਿਚ ਬੈਠੇ ਹਨ।

ਦੁਨੀਆ ਭਰ ਵਿਚ ਕ੍ਰਾਂਤੀ ਲਿਆਉਣ ਵਾਲੇ ਗ਼ਰੀਬ ਲੋਕ ਹੀ ਸਨ। ਇਨ੍ਹਾਂ ਵਿਚ ਹੀ ਤਬਦੀਲੀ ਲਿਆਉਣ ਦੀ ਤਾਕਤ ਹੁੰਦੀ ਹੈ। ਅਮੀਰੀ ਗ਼ਰੀਬੀ ਦੇ ਨਿਤ ਵਧਦੇ ਜਾਂਦੇ ਪਾੜ ਸਦਕਾ ਭਰੀ ਕੌੜ ਹੀ ਗੁੱਸਾ, ਤਣਾਓ ਤੇ ਢਹਿੰਦੀ ਕਲਾ ਨੂੰ ਜਨਮ ਦਿੰਦੀ ਹੈ।

ਜਿਸ ਕਿਸੇ ਨੂੰ ਅਜਿਹੇ ਲੋਕਾਂ ਦੇ ਮਨਾਂ ਨੂੰ ਵਸ ਕਰਨ ਦਾ ਢੰਗ ਆ ਜਾਏ, ਉਹ ਉਨ੍ਹਾਂ ਲਈ ਰਾਹ ਦਸੇਰਾ ਜਾਂ ਰੱਬ ਬਣ ਜਾਂਦਾ ਹੈ ਤੇ ਸਾਰੇ ਮੰਤਰ ਮੁਗਧ ਹੋ ਕੇ ਉਸ ਦੇ ਪਿੱਛੇ ਲੱਗ ਜਾਂਦੇ ਹਨ। ਫੇਰ ਉਨ੍ਹਾਂ ਨੂੰ ਆਪਣੇ ਰੱਬ ਵਿਚ ਖ਼ਾਮੀਆਂ ਵੀ ਦਿਸਣੀਆਂ ਬੰਦ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਰੱਬ ਦੇ ਖੁੱਸਣ ਦਾ ਡਰ ਹੁੰਦਾ ਹੈ ਕਿ ਕਿਤੇ ਫੇਰ ਵਾਪਸ ਹਨ੍ਹੇਰੀ ਜ਼ਿੰਦਗੀ ਵੱਲ ਨਾ ਧੱਕੇ ਜਾਣ  !

ਭਾਰਤ ਵਿਚ ਸਿਰਫ਼ ਵਹਿਮ ਭਰਮ ਹੀ ਨਹੀਂ ਬਲਕਿ ਤਿਰਸਕਾਰ, ਊਚ-ਨੀਚ, ਜਾਤ-ਪਾਤ, ਅਮੀਰੀ-ਗ਼ਰੀਬੀ ਦਾ ਏਨਾ ਜ਼ਿਆਦਾ ਪਾੜ ਹੈ ਤੇ ਮਾਨਸਿਕ ਪ੍ਰੇਸ਼ਾਨੀਆਂ ਏਨੀਆਂ ਵੱਧ ਹਨ ਕਿ ਹਰ ਜਣਾ ਆਪਣਾ ‘ਰੱਬ’ ਭਾਲਦਾ ਫਿਰਦਾ ਹੈ ਜੋ ਸਾਰੀਆਂ ਮੁਸ਼ਕਲਾਂ ਸਾਹਮਣੇ ਬਹਿ ਕੇ ਸੁਣ ਲਵੇ ਤੇ ਫੇਰ ਕਿਸੇ ਜਾਦੂਈ ਢੰਗ ਨਾਲ ਸਭ ਕੁੱਝ ਝਟਪਟ ਠੀਕ ਕਰ ਦੇਵੇ। ਜੇ ਅਜਿਹੀ ਕੋਈ ਬਾਂਹ ਜਾਂ ਸਹਾਰਾ ਨਾ ਮਿਲੇ ਤਾਂ ਕਈ ਜਣਿਆਂ ਦਾ ਨਸ਼ਿਆਂ ਵਲ ਝੁਕਾਓ ਹੋ ਜਾਂਦਾ ਹੈ।

ਔਰਤਾਂ ਹਮੇਸ਼ਾ ਤੋਂ ਹੀ ਦੱਬੀਆਂ-ਕੁਚਲੀਆਂ, ਹੇਠਲੇ ਦਰਜੇ ਦੀਆਂ ਮੰਨ ਕੇ ਤਿਰਸਕਾਰ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਜੇ ਗ਼ਰੀਬ ਦੀ ਧੀ ਭੈਣ ਹੋਵੇ, ਫੇਰ ਤਾਂ ਸਾਂਝੀ ਜਾਇਦਾਦ ਮੰਨ ਕੇ ਵਰਤੀਆਂ ਜਾਂਦੀਆਂ ਹਨ। ਆਖ਼ਰੀ ਸਾਹ ਤਕ ਨਰਕ ਭੋਗਦੀਆਂ ਇਹ ਬੱਚੀਆਂ ਤੇ ਔਰਤਾਂ ਜੇ ਕਿਤੋਂ ਪਿਆਰ, ਸਹਾਰਾ ਜਾਂ ਆਸਰਾ ਮਿਲਦਾ ਦਿੱਸੇ ਤਾਂ ਉਸੇ ਦੇ ਲੜ ਲੱਗ ਜਾਂਦੀਆਂ ਹਨ।

ਤਿਰਸਕਾਰ ਦੀਆਂ ਸ਼ਿਕਾਰ ਅਜਿਹੀਆਂ ਔਰਤਾਂ ਬਾਬਿਆਂ ਦੀਆਂ ਜ਼ਿਆਦਾ ਭਗਤ ਬਣ ਜਾਂਦੀਆਂ ਹਨ ਕਿਉਂਕਿ ਉੱਥੋਂ ਉਨ੍ਹਾਂ ਨੂੰ ਦੋ ਬੋਲ ਪਿਆਰ ਦੇ ਸੁਣ ਜਾਂਦੇ ਹਨ। ਬਾਬੇ ਇਸ ਦਾ ਰੱਜ ਕੇ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ।

ਸੱਚਾਈ ਇਹ ਹੈ ਕਿ ਭਾਵੇਂ ਕਿੰਨੇ ਹੀ ਬਾਬੇ ਜੇਲ੍ਹਾਂ ਅੰਦਰ ਸੁੱਟ ਦਿੱਤੇ ਜਾਣ ਜਾਂ ਫਾਹੇ ਟੰਗ ਦਿੱਤੇ ਜਾਣ, ਜਦ ਤਕ ਲੋਕਾਂ ਦੀ ਮਾਨਸਿਕਤਾ ਨਹੀਂ ਸਮਝੀ ਜਾਂਦੀ, ਉਹ ਦੁਬਾਰਾ ਕਿਸੇ ਹੋਰ ਬਾਬੇ ਦੇ ਲੜ ਲੱਗਣ ਨੂੰ ਤਿਆਰ ਹੋਣਗੇ।

ਸਾਡਾ ਸਮਾਜ ਨਾ ਗ਼ਰੀਬਾਂ ਨੂੰ ਤੇ ਨਾ ਹੀ ਨੀਵੀਂ ਜਾਤ ਵਾਲਿਆਂ ਨੂੰ ਇੱਜ਼ਤ ਦੇ ਸਕਿਆ ਹੈ। ਉਨ੍ਹਾਂ ਨੂੰ ਵਰਤ ਕੇ ਸੁੱਟ ਦੇਣ ਦੀ ਸੋਚ ਜਦ ਤਕ ਪਨਪਦੀ ਰਹੇਗੀ, ਬਾਬੇ ਖ਼ਤਮ ਨਹੀਂ ਕੀਤੇ ਜਾ ਸਕਦੇ।

ਔਰਤ ਅੰਦਰ ਹੀਣ ਭਾਵਨਾ ਭਰ ਕੇ, ਉਸ ਦਾ ਜਿਸਮਾਨੀ ਸ਼ੋਸ਼ਣ ਕਰ ਕੇ, ਉਸ ਕੋਲੋਂ ਆਵਾਜ਼ ਕੱਢਣ ਦਾ ਹੱਕ ਖੋਹ ਕੇ ਜਦ ਤਕ ਉਸ ਨੂੰ ਦੋਇਮ (ਦੂਜੇ ਦਰਜੇ ਦਾ) ਨਾਗਰਿਕ ਹੋਣ ਦਾ ਇਹਸਾਸ ਦਵਾਇਆ ਜਾਏਗਾ, ਉਹ ਹਮੇਸ਼ਾ ਪਿਆਰ ਤੇ ਇੱਜ਼ਤ ਦੀ ਭਾਲ ਕਰਦੀ, ਆਪਣੇ ਆਪ ਲਈ ਇਨਸਾਨ ਦਾ ਦਰਜਾ ਮੰਗਦੀ, ਵਹਿਸ਼ੀ ਤੇ ਪਸ਼ੂਆਂ ਵਾਲੇ ਵਿਹਾਰ ਤੋਂ ਬਚਦੀ ਕਿਸੇ ਬਾਬੇ ਦੀ ਭਾਲ ਕਰਦੀ ਰਹੇਗੀ।

ਜਦੋਂ ਤਕ ਸਾਡੇ ਸਿਆਸਤਦਾਨ ਵੋਟਾਂ ਲਈ ਬਾਬਿਆਂ ਅੱਗੇ ਮੱਥੇ ਰਗੜਦੇ ਰਹਿਣਗੇ, ਧਰਮ ਦੇ ਉੱਚ ਅਸਥਾਨਾਂ ਨੂੰ ਜੱਫਾ ਮਾਰ ਕੇ ਬਹਿਣ ਵਾਲੇ ਲੋਕ, ਸਿਆਸਤਦਾਨਾਂ ਦੇ ਤਲਵੇ ਚੱਟਦੇ ਰਹਿਣਗੇ, ਗ਼ਰੀਬਾਂ ਨੂੰ ਮਿੱਝਣ ਵਾਲੀ ਸੋਚ ਪਨਪਦੀ ਰਹੇਗੀ, ਲੋੜਵੰਦਾਂ ਨੂੰ ਵਰਤ ਕੇ ਸੁੱਟਣ ਵਾਲੀ ਪ੍ਰਥਾ ਜਾਰੀ ਰਹੇਗੀ, ਬਾਬੇ ਪੈਦਾ ਹੁੰਦੇ ਰਹਿਣਗੇ ਤੇ ਉਨ੍ਹਾਂ ਲਈ ਜਾਨ ਵਾਰਨ ਵਾਲੇ ਵੀ ਪੈਦਾ ਹੁੰਦੇ ਰਹਿਣਗੇ।

ਹੁਣ ਸਵਾਲ ਉੱਠਦਾ ਹੈ ਕਿ ਅਮੀਰਾਂ ਨੂੰ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ ?

‘ਬਈ ਗ਼ਰੀਬਾਂ ਨੂੰ ਬੱਚੇ ਜੰਮਣ ਦੀ ਲੋੜ ਕੀ ਹੈ। ਇਕ ਹੋਰ ਗ਼ਰੀਬ ਪੈਦਾ ਕਰ ਕੇ ਧਰਤੀ ਉੱਤੇ ਭਾਰ ਹੀ ਜਮਾਂ ਕਰ ਰਹੇ ਹਨ, ਉਹ ਗ਼ਰੀਬ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਰ ਕੇ ਹਨ,’ ਆਦਿ ਕਹਿਣ ਵਾਲੇ ਅਮੀਰ ਸ਼ਾਇਦ ਗ਼ਰੀਬਾਂ ਦੀ ਦੋ ਵੇਲੇ ਦੀ ਰੋਟੀ ਦੇ ਫ਼ਿਕਰ ਤੋਂ ਕਿਤੇ ਵੱਧ ਫ਼ਿਕਰ ਪਾਲਦੇ ਹਨ। ਬੱਚਿਆਂ ਦਾ ਆਪਹੁਦਰੇ ਹੋਣਾ, ਪਤਨੀ ਦਾ ਹੋਰ ਪਾਸੇ ਵੱਲ ਵੱਧ ਰੁਝਾਣ ਹੋਣਾ, ਕੰਮਕਾਰ ਵਿਚ ਘਾਟਾ, ਵਾਧੂ ਆਮਦਨ ਸਾਂਭਣੀ, ਇਕੱਲਾਪਣ, ਬੀਮਾਰੀ, ਸੱਚਾ ਦੋਸਤ ਨਾ ਹੋਣਾ, ਮਾਨਸਿਕ ਤਣਾਓ, ਮਾਨਸਿਕ ਨਿਤਾਣਾਪਣ, ਕਿਸੇ ਹੋਰ ਦਾ ਆਪਣੇ ਤੋਂ ਅਗਾਂਹ ਵਧਣਾ, ਅੰਧ ਵਿਸ਼ਵਾਸ ਵਿਚ ਪੈ ਕੇ ਮੁੰਦਰੀਆਂ, ਬੂਟੇ, ਗਮਲੇ, ਫੁੱਲ, ਕੱਪੜਿਆਂ ਦੇ ਰੰਗ ਚੁਣਨੇ, ਦੁਸ਼ਮਣਾਂ ’ਚ ਵਾਧਾ, ਆਦਿ ਅਨੇਕ ਕਾਰਨਾਂ ਕਰ ਕੇ ਅਮੀਰਾਂ ਨੂੰ ਵੀ ਕਿਸੇ ਰੱਬ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਘਟਾ ਕੇ ਉਨ੍ਹਾਂ ਦੇ ਨਿਤਾਣੇਪਣ ਦਾ ਸਮਾਂ ਕਢਾ ਦੇਵੇ ਤੇ ਕੁੱਝ ਪਲ ਮਾਨਸਿਤ ਸ਼ਾਂਤੀ ਪ੍ਰਦਾਨ ਕਰ ਦੇਵੇ।

ਯਾਨੀ ਜਿਨ੍ਹਾਂ ਕੋਲ ਕੁੱਝ ਨਹੀਂ, ਉਨ੍ਹਾਂ ਨੂੰ ਵੀ ਤੇ ਜਿਨ੍ਹਾਂ ਕੋਲ ਸਭ ਕੁੱਝ ਹੈ, ਉਨ੍ਹਾਂ ਨੂੰ ਵੀ ਬੇਚੈਨੀ ਤੇ ਅਸੰਤੁਸ਼ਟੀ ਤੋਂ ਬਚਣ ਲਈ ਕਿਸੇ ਨਾ ਕਿਸੇ ਆਸਰੇ ਦੇਣ ਵਾਲੇ ‘ਰੱਬ’ ਦੀ ਲੋੜ ਮਹਿਸੂਸ ਹੁੰਦੀ ਹੈ।

ਗ਼ਰੀਬਾਂ ਲਈ ‘ਪ੍ਰਵਚਨ’ ਤੇ ਅਮੀਰਾਂ ਲਈ ‘ਮੈਡੀਟੇਸ਼ਨ’ ਵਾਲੇ ਬਾਬੇ ਉਦੋਂ ਤੱਕ ਲੋੜੀਂਦੇ ਹਨ ਜਦੋਂ ਤਕ ਇਨਸਾਨ ਦੀ ‘ਭੁੱਖ’ ਕਾਇਮ ਹੈ। ਇਹ ਭੁੱਖ ਮਾਨਸਿਕ, ਸਰੀਰਕ ਜਾਂ ਢਿੱਡ ਦੀ ਹੋ ਸਕਦੀ ਹੈ। ਜਿੱਥੇ ਪੂਰਤੀ ਹੁੰਦੀ ਦਿੱਸੇ, ਉਸੇ ਨੂੰ ਆਪਣਾ ਰੱਬ ਬਣਾ ਕੇ ਲੋਕ ਹਮੇਸ਼ਾ ਤੋਂ ਆਪਣਾ ਦਿਲ ਹਲਕਾ ਕਰਨ ਲਈ ਪੂਜਦੇ ਆਏ ਹਨ ਤੇ ਅਜਿਹੀ ਅੰਨ੍ਹੀ ਭਗਤੀ ‘ਰੱਬ’ ਬਣੇ ਬੰਦਿਆਂ ਨੂੰ ਰਾਸ ਆਉਂਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਐਸ਼ੋ ਆਰਾਮ, ਇਸੇ ਜ਼ਿੰਦਗੀ ਵਿਚ ਪੂਰੇ ਕਰਨੇ ਹੁੰਦੇ ਹਨ।

ਦੁਨੀਆ ਭਰ ਦੇ ਮਨੋਵਿਗਿਆਨੀਆਂ ਅਨੁਸਾਰ ਮੌਤ ਦਾ ਭੈ, ਗੁਣਾਹਾਂ ਦਾ ਇਹਸਾਸ ਤੇ ਅਨਹੋਣੀ ਦਾ ਫ਼ਿਕਰ ਹੀ ਲੱਖਾਂ ਸਾਲਾਂ ਤੋਂ ਇਨਸਾਨ ਨੂੰ ਕਿਸੇ ਓਪਰੀ ਤਾਕਤ ਦੀ ਹੋਂਦ ਦਾ ਇਹਸਾਸ ਕਰਵਾਉਂਦੇ ਰਹੇ ਹਨ। ਅੱਜ ਦੇ ਦਿਨ ਵੀ ਦੁਨੀਆ ਭਰ ਦੇ 85 ਫੀਸਦੀ ਲੋਕ ਗ਼ੈਬੀ ਤਾਕਤ ਜਾਂ ਰੱਬ ਦੀ ਹੋਂਦ ਮੰਨਦੇ ਹਨ।

ਜਿਵੇਂ ਜਿਵੇਂ ਭੈ ਵਧਦਾ ਹੈ, ਉਵੇਂ ਹੀ ਅਜਿਹੀ ਗ਼ੈਬੀ ਤਾਕਤ ਵੱਲ ਉਲਾਰ ਵਧਦਾ ਹੈ। ਏਸੇ ਉਲਾਰ ਦੇ ਸਮੇਂ ਹੀ ਗ਼ੈਬੀ ਤਾਕਤ ਨਾਲ ਰਾਬਤਾ ਜੋੜਨ ਵਾਲੇ ਦੀ ਭਾਲ ਸ਼ੁਰੂ ਹੋ ਜਾਂਦੀ ਹੈ। ਕਿਸੇ ਲਈ ਇਹ ਰਾਬਤਾ ਪੱਥਰ ਹੋ ਸਕਦਾ ਹੈ, ਕਿਸੇ ਲਈ ਦਰਖ਼ਤ ਤੇ ਕਿਸੇ ਲਈ ਜੀਊਂਦਾ ਜਾਗਦਾ ਇਨਸਾਨ, ਜੋ ਸਾਰੀ ਤਕਲੀਫ਼ ਸੁਣ ਕੇ ਸਿਰਫ਼ ਇੰਨਾ ਹੌਸਲਾ ਦੇ ਦੇਵੇ ਕਿ ‘ਸਭ ਕੁੱਝ ਠੀਕ ਹੋ ਜਾਵੇਗਾ’।

ਇਨਸਾਨੀ ਮਨ ਸਿਰਫ਼ ‘ਸਭ ਕੁੱਝ ਠੀਕ ਹੋ ਜਾਵੇਗਾ’ ਸੁਣ ਕੇ ਹੀ ਆਪਣਾ ਰਿਵਾਰਡ ਸਿਸਟਮ ਦਾ ਚੱਕਰਵਿਊ ਸ਼ੁਰੂ ਕਰ ਦਿੰਦਾ ਹੈ ਤੇ ਬੰਦਾ ਬਦੋਬਦੀ ਅਜਿਹਾ ਕਹਿਣ ਵਾਲੇ ਦਾ ਮੁਰੀਦ ਬਣ ਜਾਂਦਾ ਹੈ। ਜੇ ਡਾਕਟਰ ਅਜਿਹਾ ਕਹਿ ਦੇਵੇ ਤਾਂ ਡਾਕਟਰ ਹੀ ਉਸ ਸਮੇਂ ਰੱਬ ਦਾ ਰੂਪ ਜਾਪਣ ਲੱਗ ਪੈਂਦਾ ਹੈ, ਪਰ ਜੇ ਘਰੇਲੂ ਕਾਰਨਾਂ ਕਰ ਕੇ ਚਿੰਤਾ ਜਕੜੀ ਬੈਠੀ ਹੋਵੇ ਤਾਂ ‘ਬਾਬੇ’ ਦਾ ਗੋਡਾ ਫੜ ਕੇ ਇਹੀ ਇਹਸਾਸ ਹੋਣ ਲੱਗ ਪੈਂਦਾ ਹੈ। ਸਪਸ਼ਟ ਹੈ ਕਿ ਤਕਲੀਫ਼ ਨਹੀਂ ਘਟਦੀ, ਓਨੀ ਹੀ ਰਹਿੰਦੀ ਹੈ, ਪਰ ਦਿਮਾਗ਼ ਦੇ ਰਿਵਾਰਡ ਸਿਸਟਮ ਦੇ ਰਵਾਂ ਹੋਣ ਨਾਲ ਉਸ ਨੂੰ ਜਰ ਜਾਣ ਦਾ ਇਹਸਾਸ ਪੈਦਾ ਹੋ ਜਾਂਦਾ ਹੈ। ਇਸ ਇਕ ਨੁਕਤੇ ਉੱਤੇ ਸਾਰੇ ਸੰਤਾਂ ਤੇ ਬਾਬਿਆਂ ਦੀ ਹੋਂਦ ਟਿਕੀ ਹੈ।

ਜਿਉਂ ਜਿਉਂ ਭੈ ਹੋਰ ਵਧਾ ਦਿੱਤਾ ਜਾਵੇ, ਆਸਥਾ ਵੱਧ ਮਜ਼ਬੂਤ ਹੁੰਦੀ ਜਾਂਦੀ ਹੈ। ਜੇ ਕੰਮ ਸਿਰੇ ਲੱਗ ਗਿਆ ਤਾਂ ਬਾਬੇ ਦੀ ਫੁੱਲ ਕਿਰਪਾ। ਜੇ ਨਾ ਲੱਗਿਆ ਤਾਂ ਸਾਡੀ ਆਪਣੀ ਸ਼ਰਧਾ ਵਿਚ ਖੋਟ !

ਕਿਸੇ ਵੀ ਗ਼ਲਤ ਕੰਮ ਦਾ ਇਹਸਾਸ ਮਨ ਵਿਚ ਗੁਨਾਹ ਹੋ ਜਾਣ ਦਾ ਡਰ ਪੈਦਾ ਕਰਦਾ ਹੈ। ਇਸ ਡਰ ਤੋਂ ਨਿਜਾਤ ਪਾਉਣ ਲਈ ਵੱਖੋ-ਵੱਖ ਧਰਮਾਂ ਵਿਚ ਵੱਖ-ਵੱਖ ਤਰੀਕਿਆਂ ਨਾਲ ਗ਼ੈਬੀ ਤਾਕਤ ਤੋਂ ਖਿਮਾਂ ਮੰਗ ਕੇ ਗੁਨਾਹ ਦੇ ਇਹਸਾਸ ਤੋਂ ਮੁਕਤੀ ਪਾਈ ਜਾਂਦੀ ਹੈ, ਜੋ ਮਨ ਦੇ ਨਾਰਮਲ ਕੰਮ ਕਾਰ ਲਈ ਜ਼ਰੂਰੀ ਹੁੰਦਾ ਹੈ। ਇਸ ਨੂੰ ‘ਅਡੈਪਟਿਵ ਮੈੱਥਡ ਔਫ ਸਰਵਾਈਵਲ’ ਕਿਹਾ ਜਾਂਦਾ ਹੈ।

ਇਹੀ ਕਿਸੇ ਵੀ ਪੜ੍ਹੇ ਲਿਖੇ ਤਰਕਸ਼ੀਲ ਇਨਸਾਨ ਨੂੰ ਵੀ ਕਦੇ ਕਦਾਈਂ ਅਕਲੋਂ ਅੰਨ੍ਹਾ ਕਰ ਕੇ ਮਨ ਅੰਦਰਲਾ ਜੰਮਿਆ ਭਾਰ ਕੱਢਣ ਵੇਲੇ ‘ਰੱਬ’ ਅੱਗੇ ਬਦੋਬਦੀ ਮੱਥਾ ਝੁਕਾਉਣ ਜਾਂ ਰਗੜਨ, ਮੁੰਦਰੀਆਂ ਪਾਉਣ, ਮਹੂਰਤ ਕਢਵਾਉਣ, ਟੇਵੇ ਬਣਾਉਣ, ਧਾਗੇ ਬੰਨਣ, ਦੀਵੇ ਬਾਲਣ, ਸੁੱਖਾਂ ਸੁੱਖਣ ਆਦਿ ਉੱਤੇ ਮਜਬੂਰ ਕਰ ਦਿੰਦਾ ਹੈ। ਜਦੋਂ ਮੌਤ ਸਾਹਮਣੇ ਦਿੱਸੇ, ਉਸ ਸਮੇਂ ਇਹ ਡਰ ਚਰਮ ਸੀਮਾ ਉੱਤੇ ਹੁੰਦਾ ਹੈ। ਉਹ ਸਮਾਂ ਟਲ ਜਾਣ ਉੱਤੇ ਫਿਰ ਉਹੀ ਚੱਕਰਵਿਊ ਸ਼ੁਰੂ ਹੋ ਜਾਂਦਾ ਹੈ।

ਜਿਸ ਕਿਸੇ ਨੂੰ ਸੰਤੁਸ਼ਟੀ ਕਰਨੀ ਆ ਗਈ, ਉਸ ਨੂੰ ਕਿਸੇ ਬਾਬੇ ਜਾਂ ਸੰਤ ਦੀ ਲੋੜ ਨਹੀਂ ਰਹਿੰਦੀ, ਪਰ ਅਫ਼ਸੋਸ, ਸੰਤੁਸ਼ਟੀ ਹੁੰਦੀ ਬੜੇ ਥੋੜ੍ਹਿਆਂ ਨੂੰ ਹੈ !

ਗੁਰੂ ਸਾਹਿਬ ਨੇ ਬਹੁਤ ਖ਼ੂਬਸੂਰਤ ਤਰੀਕੇ ਸਮਝਾਇਆ ਹੈ ਕਿ ਜਿਸ ਨੂੰ ਹਰ ਹਾਲ ਵਿਚ ਖ਼ੁਸ਼ ਰਹਿਣਾ ਆ ਜਾਏ ਅਤੇ ਜੋ ਈਰਖਾ, ਕ੍ਰੋਧ, ਲੋਭ, ਮੋਹ ਤੇ ਹੰਕਾਰ ਛੱਡ ਸਕੇ ਤੇ ਜਿਸ ਨੂੰ ਸ਼ੁਕਰਾਨਾ ਕਰਨ ਦੀ ਜਾਚ ਆ ਜਾਏ, ਉਸ ਨੂੰ ਕਿਸੇ ‘ਏਜੰਟ’ ਜਾਂ ਦੇਹਧਾਰੀ ਗੁਰੂ ਦੀ ਕਦੇ ਲੋੜ ਨਹੀਂ ਰਹਿੰਦੀ। ਸੋ, ਬਾਬਿਆਂ ਤੇ ਸੰਤਾਂ ਦੇ ਚੱਕਰਾਂ ਵਿੱਚ ਪਇਆਂ ਦਾ ‘ਰੱਬ’ ਹੀ ਰਾਖਾ ! !

Most Viewed Posts