ਮੈਂ ਲੰਕਾਪਤੀ ਰਾਵਣ ਬੋਲਦਾਂ।

0
764

ਮੈਂ ਲੰਕਾਪਤੀ ਰਾਵਣ ਬੋਲਦਾਂ।

! ! ਜੈ ਸ਼੍ਰੀ ਹਰੀ ! !

ਹਾਂ ਜੀ, ਮੈਂ ਲੰਕਾਪਤੀ ਰਾਵਣ ਬੋਲਦਾਂ।

ਮੈਨੂੰ ਪਤੈ ਕਿ ਅੱਜ ਤੁਸੀਂ ਸਾਰੇ ਮੈਨੂੰ ਹਰ ਪਿੰਡ ਅਤੇ ਹਰੇਕ ਸ਼ਹਿਰ ਵਿੱਚ ਸਾੜੋਂਗੇ ਤੇ ਨਾਲ ਇਹ ਵੀ ਕਹੋਂਗੇ ਕਿ ‘ਬੁਰਿਆਈ ਉੱਪਰ ਚੰਗਿਆਈ ਦੀ ਜਿੱਤ।’ ਪਰੰਤੂ ਜਰਾ ਇਹ ਵੀ ਸੋਚੋ ਕਿ ਵਾਕਈ ਮੈਂ ਇੰਨਾ ਬੁਰਾ ਸੀ… ? ਜਿੰਨਾ ਬੁਰਾ ਅੱਜ ਦਾ ਇਨਸਾਨ ਹੋ ਚੁੱਕਿਐ ! ਜੇਕਰ ਲਛਮਣ ਮੇਰੀ ਭੈਣ ਦਾ ਬਲਾਤਕਾਰ ਨਾ ਕਰਦਾ ਤਾਂ ਫਿਰ ਮੈਂ ਵੀ ਉਹਦੀ ਭਾਬੀ ਨਾ ਚੱਕਦਾ।

ਖੈਰ, ਰਾਮ ਚੰਦਰ ਦੀ ਘਰਵਾਲੀ ਨੂੰ ਲਿਆਉਣ ਤੋਂ ਬਾਅਦ ਮੈਂ ਉਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਤੇ ਨਾ ਹੀ ਮੈਂ ਉਹਦਾ ਅਪਮਾਨ ਕੀਤਾ। ਮੈਂ ਸਿਰਫ ਆਪਣੀ ਭੈਣ ਦੀ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਹੀ ਸੀਤਾ ਨੂੰ ਚੱਕਿਆ ਸੀ।ਤਿੰਨਾਂ ਲੋਕਾਂ ’ਚ ਮੇਰੇ ਬਰਾਬਰ ਦਾ ਕੋਈ ਵੀ ਬਲਵਾਨ ਅਤੇ ਤਾਕਤਵਰ ਨਹੀਂ ਸੀ, ਪਰ ਮੈਂ ਫੇਰ ਵੀ ਆਪਣੀ ਮਰਿਆਦਾ ਵਿੱਚ ਹੀ ਰਿਹਾ। ਮੈਂ ਤਾਂ ਸਗੋਂ ਸੀਤਾ ਦੇ ਦਾਮਨ ’ਤੇ ਕੋਈ ਆਂਚ ਤੱਕ ਨਹੀਂ ਆਉਣ ਦਿੱਤੀ। ਜੇ ਮੈਂ ਚਾਹੁੰਦਾ ਤਾਂ ਸੀਤਾ ਨੂੰ ਆਪਣੇ ਮਹਿਲ ਵਿੱਚ ਜਬਰਦਸਤੀ ਰੱਖ ਸਕਦਾ ਸੀ ਲੇਕਿਨ ਮੈਂ ਜਾਣਦਾ ਸੀ ਕਿ ਅਜਿਹਾ ਕਰਨ ਨਾਲ ਸੀਤਾ ਦੇ ਆਚਰਣ ’ਤੇ ਵਿਅਰਥ ਦਾ ਸ਼ੱਕ ਪੈਦਾ ਹੋਵੇਗਾ। ਇਸ ਲਈ ਮੈਂ ਸੀਤਾ ਨੂੰ ਆਪਣੇ ਮਹਿਲ ਤੋਂ ਦੂਰ ਆਪਣੀ ਅਸ਼ੋਕ ਵਾਟਕਾ (ਹਰਿਆਲੀ ਨਾਲ ਲਹਿਰਾਉਂਦੇ ਹੋਏ ਸੁਹਾਵਣੇ ਬਾਗ) ਵਿੱਚ ਰੱਖਿਆ।

ਹੋਰ ਤਾਂ ਹੋਰ ਸੀਤਾ ਦੀ ਸੇਵਾ ਵਿੱਚ ਮੈਂ ਆਪਣੀਆਂ ਦਾਸੀਆਂ ਨੂੰ ਵੀ ਰੱਖਿਆ, ਤਾਂ ਕਿ ਇਸ ਸਤੀ ਔਰਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਰਾਮ ਚੰਦਰ ਨੂੰ ਸਾਰੇ ਹੀ ਮਰਿਆਦਾ ਪੁਰਸ਼ੋਤਮ ਕਹਿੰਦੇ ਹਨ। ਮੇਰੇ ਪੁੱਤਰ, ਭਰਾ ਅਤੇ ਮੇਰੇ ਸਾਰੇ ਰਿਸ਼ਤੇਦਾਰ ਮਾਰੇ ਗਏ, ਪਰ ਮੈਂ ਕਦੇ ਵੀ ਆਪਣੇ ਅੰਦਰਲੇ ਇਸ ਰੋਸ਼ ਦਾ ਬਦਲਾ ਬੇਗੁਨਾਹ ਔਰਤ (ਸੀਤਾ) ਨਾਲ ਨਹੀਂ ਲਿਆ ਕਿਉਂਕਿ ਮੈਂ ਕੇਵਲ ਦੋਸ਼ੀਆਂ ਨੂੰ ਹੀ ਸਜ਼ਾ ਦਿੰਦਾ ਸੀ, ਜਿਵੇਂ ਕਿ ਅੱਜ ਥੋਡੇ ਰਾਮਰਾਜ ਵਿੱਚ ਗੁਨਾਹਗਾਰਾਂ ਦੀ ਸਜ਼ਾ ਬੇਗੁਨਾਹਾਂ ਨੂੰ ਦਿੱਤੀ ਜਾਂਦੀ ਹੈ ਤੇ ਉਹ ਵੀ ਦੰਗੇ ਅਤੇ ਸਰਕਾਰੀ ਕਤਲੇਆਮ ਕਰਵਾ ਕੇ। ਮੈਂ ਤਾਂ ਸਗੋਂ ਆਖਰੀ ਦੰਮ ਤੱਕ ਆਪਣੀ ਮਰਿਆਦਾ ਵਿੱਚ ਹੀ ਰਿਹਾ ਤਾਂ ਫਿਰ ਦੱਸੋ ਮਰਿਆਦਾ ਪੁਰਸ਼ੋਤਮ ਕੌਣ ਹੋਇਆ…… ? ? ?

ਮੇਰੇ ਸੋਨੇ ਦੀ ਲੰਕਾ ਵਿੱਚ ਕੋਈ ਗਰੀਬ, ਮਜ਼ਲੂਮ, ਬੇਸਹਾਰਾ ਅਤੇ ਲਾਚਾਰ ਨਹੀਂ ਸੀ। ਸਾਰਿਆਂ ਨੂੰ ਪੂਰਾ ਇਨਸਾਫ਼ ਮਿਲਦਾ ਸੀ। ਮੇਰੀ ਪਰਜਾ ਸੁੱਖੀ ਸਾਂਦੀ ਅਤੇ ਬੜੇ ਆਰਾਮ ਨਾਲ ਰਹਿੰਦੀ ਸੀ। ਜਦੋਂ ਹਨੂੰਮਾਨ ਨੇ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ ਤਾਂ ਵੀ ਮੈਂ ਰਾਜ ਧਰਮ ਦੀ ਪਾਲਣਾ ਕਰਦੇ ਹੋਏ ਸਿਰਫ ਉਹਦੀ ਪੂਛ ਨੂੰ ਹੀ ਅੱਗ ਲਾਉਣ ਦੀ ਸਜ਼ਾ ਦਿੱਤੀ ਹਾਲਾਂਕਿ ਇਹਦੇ ਨਾਲ ਮੇਰਾ ਪੂਰਾ ਨਗਰ ਸੜ ਗਿਆ। ਜਦੋਂ ਅੰਗਦ ਮੇਰੇ ਕੋਲ ਆਇਆ ਤਾਂ ਫਿਰ ਮੈਂ ਆਪਣੇ ਮਿੱਤਰ ਦਾ ਪੁੱਤ ਹੋਣ ਦਾ ਉਹਨੂੰ ਪੂਰਾ ਪਿਆਰ, ਸਤਿਕਾਰ ਅਤੇ ਸਨਮਾਨ ਦਿੱਤਾ। ਜੇ ਮੈਂ ਚਾਹੁੰਦਾ ਤਾਂ ਫਿਰ ਉਹਨੂੰ ਉਸੇ ਵੇਲੇ ਬੰਦੀ ਬਣਾ ਕੇ ਮਾਰ ਸਕਦਾ ਸੀ। ਕੁੰਭਕਰਨ ਦੇ ਨਾਲ-ਨਾਲ ਮੇਰੇ ਸਾਰੇ ਵੀਰ ਮੈਨੂੰ ਮੁਹੱਬਤ ਕਰਦੇ ਸਨ। ਸਿਰਫ ਇੱਕ ਭਭੀਖਣ ਹੀ ਮੇਰੀਆਂ ਭਾਵਨਾਵਾਂ ਨੂੰ ਸਮਝ ਨਾ ਸਕਿਆ। ਮੈਂ ਕਹਿੰਦਾ ਸੀ ਕਿ ਮੇਰੇ ਰਾਜ ’ਚ ਸਿਰਫ ਉਸੇ ਦੀ ਪੂਜਾ ਭਗਤੀ ਹੋਵੇਗੀ, ਜਿਸ ਨੇ ਇਹ ਪੂਰਾ ਸੰਸਾਰ ਸਿਰਜਿਆ ਹੈ। ਵਿਨਾਸ਼ਕਾਰੀ ਜੀਵ ਦੀ ਕਦੇ ਵੀ ਪੂਜਾ ਨਹੀਂ ਹੋ ਸਕਦੀ ਲੇਕਿਨ ਉਹ ਰਾਮਚੰਦਰ ਅਤੇ ਵਿਸ਼ਨੂੰ ਦਾ ਪੁਜਾਰੀ ਸੀ, ਪਰ ਫੇਰ ਵੀ ਮੈਂ ਉਹਦੇ ’ਤੇ ਕੋਈ ਅੱਤਿਆਚਾਰ ਨਹੀਂ ਕੀਤਾ, ਕੋਈ ਜੁਲਮ ਨਹੀਂ ਕੀਤਾ। ਮੈਂ ਇਹ ਵੀ ਜਾਣਦਾ ਸੀ ਕਿ ਭਭੀਖਣ ਰਾਮਚੰਦਰ ਦੇ ਪ੍ਰਤੀ ਪ੍ਰੇਮ ਰੱਖਦਾ ਹੈ। ਫੇਰ ਵੀ ਮੈਂ ਉਹਨੂੰ ਰਾਮਚੰਦਰ ਦੀ ਸ਼ਰਨ ਵਿੱਚ ਜਾਣ ਦਿੱਤਾ। ਆਪਣੇ ਵੱਡੇ ਭਰਾ ਨੂੰ ਅਤੇ ਆਪਣੀ ਮਾਤ ਭੂਮੀ ਨੂੰ ਸੰਕਟ ਵਿੱਚ ਘਿਰਿਆ ਹੋਇਆ ਦੇਖਣ ਦੇ ਬਾਵਜੂਦ ਵੀ ਦੁਸ਼ਮਣ ਦੀ ਝੋਲੀ ਵਿੱਚ ਜਾ ਕੇ ਬੈਠ ਜਾਣਾ, ਇਹ ਭਭੀਖਣ ਦਾ ਕਿਹੜਾ ਧਰਮ ਸੀ… ?

ਜੇ ਮੈਂ ਚਾਹੁੰਦਾ ਤਾਂ ਭਭੀਖਣ ਨੂੰ ਬੰਦੀ ਬਣਾ ਸਕਦਾ ਸੀ। ਉਹਨੂੰ ਦੇਸ਼ ਧ੍ਰੋਹ ਦੇ ਆਰੋਪ ਵਿੱਚ ਸਜ਼ਾ-ਏ-ਮੌਤ ਦੇ ਸਕਦਾ ਸੀ, ਪਰ ਮੈਂ ਅਜਿਹਾ ਨਹੀਂ ਕੀਤਾ ਤੇ ਉਹਨੂੰ ਰਾਮ ਕੋਲ ਜਾਣ ਦਿੱਤਾ ਕਿਉਂਕਿ ਉਹ ਸ਼ਾਂਤ ਸੁਭਾਅ ਅਤੇ ਧਾਰਮਕ ਕਿਸਮ ਦਾ ਬੰਦਾ ਸੀ। ਮੇਰੀ ਧੁੰਨੀ ਵਿੱਚ ਅੰਮਿ੍ਰਤ ਹੈ, ਇਹ ਗੱਲ ਕੇਵਲ ਭਭੀਖਣ ਨੂੰ ਹੀ ਪਤਾ ਸੀ। ਉਹਨੂੰ ਰਾਮ ਕੋਲ ਮੈਂ ਜਾਣ ਦਿੱਤਾ, ਇਹ ਮੇਰੀ ਇੱਕ ਰਣਨੀਤੀ ਸੀ। ਕਈ ਸਦੀਆਂ ਤੋਂ ਮੇਰਾ ਪੁਤਲਾ ਸਾੜਿਆ ਜਾ ਰਿਹੈ, ਪਰ ਇਸ ਦੇਸ਼ ਦੇ ਬਲਾਤਕਾਰੀ ਨੇਤਾ, ਬਲਾਤਕਾਰੀ ਸਾਧ ਬੂਬਣੇ ਅਤੇ ਬਲਾਤਕਾਰੀ ਮੰਢੀਰ ਨੂੰ ਕਿਉਂ ਨਹੀਂ ਸਾੜਦੇ ਤੁਸੀਂ ਲੋਕ ?

ਇਸ ਦੇਸ਼ ਵਿੱਚ ਔਰਤ ਜਾਤ ਨਾਲ ਕਿੰਨਾ ਅਮਾਨਵੀ ਵਿਹਾਰ ਹੋ ਰਿਹੈ। ਇੱਕ ਔਰਤ ਦਾ ਉਹਦੇ ਪਤੀ ਅਤੇ ਉਹਦੇ ਬੱਚਿਆਂ ਦੇ ਮੂਹਰੇ ਹੀ ਬਲਾਤਕਾਰ ਕਰ ਦਿੱਤਾ ਜਾਂਦਾ ਹੈ। ਇੱਕ ਆਦਮੀ ਦਾਰੂ ਪੀ ਕੇ ਆਪਣੀ ਹੀ ਘਰਵਾਲੀ ਨੂੰ ਮਾਰਦਾ ਕੁੱਟਦਾ ਹੈ। ਚੱਲਦੀ ਹੋਈ ਬੱਸ ਵਿੱਚ ਇੱਕ ਕੁੜੀ ਦਾ ਬਲਾਤਕਾਰ ਚਾਰ ਬੰਦੇ ਮਿਲ ਕੇ ਕਰਦੇ ਹਨ ਅਤੇ ਬਲਾਤਕਾਰ ਕਰਨ ਤੋਂ ਬਾਅਦ ਉਸ ਬੇਬਸ ਕੁੜੀ ਦੇ ਗੁਪਤ ਅੰਗ ਵਿੱਚ ਲੋਹੇ ਦੀ ਰਾਡ ਧੱਕ ਦਿੰਦੇ ਹਨ ਅਤੇ ਫਿਰ ਉਹਨੂੰ ਚੱਲਦੀ ਹੋਈ ਬੱਸ ’ਚੋਂ ਹੇਠਾਂ ਸੁੱਟ ਦਿੰਦੇ ਹਨ। ਇਨ੍ਹਾਂ ਦੁਸ਼ਟ ਹਤਿਆਰਿਆਂ ਨੂੰ ਕਿਉਂ ਨਹੀਂ ਜਿਊਂਦਾ ਸਾੜਦੇ ਤੁਸੀਂ ਲੋਕ ?

ਹੁਣੇ ਕੁੱਝ ਦਿਨ ਪਹਿਲਾਂ ਇੱਕ ਕੁੜੀ ਦਾ ਬਲਾਤਕਾਰ ਉਹਦੇ ਮਾਤਾ-ਪਿਤਾ ਦੀਆਂ ਅੱਖਾਂ ਦੇ ਸਾਹਮਣੇ ਕੀਤਾ ਗਿਆ। ਤੁਹਾਡੇ ਅਜ਼ਾਦ ਭਾਰਤ ਵਿੱਚ ਔਰਤਾਂ ਨੂੰ ਨੰਗੀਆਂ ਕਰ ਕੇ ਅਤੇ ਅਸਤਨਾਂ ਤੋਂ ਫੜ ਕੇ ਸ਼ਰੇ ਬਾਜ਼ਾਰ ਵਿੱਚ ਘੁੰਮਾਇਆ ਜਾ ਰਿਹੈ ਤੇ ਉਨ੍ਹਾਂ ਨੂੰ ਮਾਰਿਆ ਕੁੱਟਿਆ ਜਾ ਰਿਹੈ। ਇਨ੍ਹਾਂ ਹਵਸ਼ੀ ਦਰਿੰਦਿਆਂ ਨੂੰ ਕਿਉਂ ਨਹੀਂ ਸਾੜਦੇ ਤੁਸੀਂ ਲੋਕ ?

ਕੀ ਇਹ ਸਭ ਤੁਹਾਨੂੰ (ਲੋਕਾਂ ਨੂੰ) ਦਿਖਾਈ ਨਹੀਂ ਦੇ ਰਿਹਾ ? ਨਿੱਕੀ-ਨਿੱਕੀ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਮਾਰ ਦੇਣਾ ਅਤੇ ਫਿਰ ਉਸ ਤੋਂ ਬਾਅਦ ਮੇਰਾ ਪੁਤਲਾ ਫੂਕਣਾ ! ਕੀ ਇਹੀ ਹੈ ਥੋਡੇ ਰਾਮਰਾਜ ਦੀ ਮਰਿਆਦਾ ? ਜਾਂ ਤਾਂ ਆਪਣੀਆਂ ਇਹ ਗੰਦੀਆਂ ਆਦਤਾਂ ਛੱਡ ਦੋ ਤੇ ਜਾਂ ਫਿਰ ਮੈਨੂੰ ਜਲਾਉਣ ਦਾ ਪਖੰਡ ਕਰਨਾ ਬੰਦ ਕਰੋ।

ਮੈਂ ਮੂਰਖ ਸੀ ਲੇਕਿਨ ਦੁਰਾਚਾਰੀ ਨਹੀਂ ਸੀ, ਪਰ ਅੱਜ ਮਰਿਆਦਾ ਪੁਰਸ਼ੋਤਮ ਦੀ ਵੰਸ਼ ਦੁਰਾਚਾਰੀ ਵੀ ਹੈ ਅਤੇ ਬਲਾਤਕਾਰੀ ਵੀ ਹੈ। ਮੈਨੂੰ ਜਲਾਓ ! ਖ਼ੁਸ਼ੀ ਖ਼ੁਸ਼ੀ ਜਲਾਓ !  ਪਰ ਮੇਰੇ ਨਾਲ ਉਨ੍ਹਾਂ ਗੁਨਾਹਗਾਰਾਂ ਨੂੰ ਵੀ ਜਲਾਓ, ਜਿਨ੍ਹਾਂ ਨੇ ਤੁਹਾਡੇ ਦੇਸ਼ ਨੂੰ ਤਬਾਹ ਕਰ ਰੱਖਿਆ ਹੈ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਹੜੇ ਬੇਗੁਨਾਹ ਲੋਕਾਂ ਦਾ ਕਤਲ ਕਰਵਾ ਕੇ ਅਤੇ ਹਜਾਰਾਂ ਧੀਆਂ, ਭੈਣਾਂ ਦੇ ਬਲਾਤਕਾਰ ਕਰਵਾ ਕੇ ਅੱਜ ਸੰਸਦ ਦੀ ਪਾਰਲੀਮੈਂਟ ਵਿੱਚ ਲੀਡਰ ਬਣ ਕੇ ਮੌਜਾਂ ਲੁੱਟਦੇ ਫਿਰਦੇ ਹਨ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਹਨਾਂ ਨੇ ਸੱਤਾ ਦੇ ਲਾਲਚ ਵਿੱਚ ਆਪਣੇ ਹੀ ਪ੍ਰਾਂਤ ਤੇ ਆਪਣੀ ਹੀ ਕੌਮ ਨੂੰ ਚਿੱਟੇ ’ਤੇ ਲਾ ਰੱਖਿਐ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਨ੍ਹਾਂ ਨੇ ਧਰਮਕ ਅਸਥਾਨਾਂ ’ਤੇ ਟੈਂਕਾਂ, ਤੋਪਾਂ ਤੇ ਮਾਰੂ ਹਥਿਆਰਾਂ ਨਾਲ ਹਮਲੇ ਕੀਤੇ ਹਨ। ਜੇ ਜਲਾਉਣਾ ਤਾਂ ਉਨ੍ਹਾਂ ਨੂੰ ਜਲਾਓ, ਜਿਹੜੇ ਤੁਹਾਡੇ ਆਪਣੇ ਹੀ ਦੇਸ਼ ਦੀਆਂ ਕੁੜੀਆਂ ਅਤੇ ਔਰਤਾਂ ਨਾਲ ਆਏ ਦਿਨ ਬਲਾਤਕਾਰ ਕਰਦੇ ਹਨ। ਜੇ ਜਲਾਉਣਾ ਤਾਂ ਉਨ੍ਹਾਂ ਲੋਕਾਂ ਨੂੰ ਜਲਾਓ, ਜਿਹੜੇ ਦਾਜ-ਦਹੇਜ ਦੀ ਖਾਤਰ ਆਪਣੀਆਂ ਨੂੰਹਾਂ ਦਾ ਕਤਲ ਕਰ ਰਹੇ ਹਨ। ਜੇ ਜਲਾਉਣਾ ਤਾਂ ਫਿਰ ਉਨ੍ਹਾਂ ਨੂੰ ਜਲਾਓ, ਜਿਹੜੇ ਕੁੱਖਾਂ ’ਚ ਆਪਣੀਆਂ ਧੀਆਂ ਨੂੰ ਮਾਰਦੇ ਹਨ। ਵਰਨਾ ਕਿਸੇ ਨੂੰ ਕੋਈ ਹੱਕ ਨਹੀਂ ਮੈਨੂੰ ਜਲਾਉਣ ਦਾ !

‘ਸਦੀਆਂ ਪੁਰਾਣਾ ਤੁਹਾਡਾ ਦੁਸ਼ਮਣ ! ਲੰਕਾਪਤੀ ਰਾਵਣ ਰਾਜਾ ਲੰਕੇਸ਼ !’

(ਇਹ ਸਟੇਟਸ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ।)