ਭੇਡ ਮਾਨਸਿਕਤਾ ਅਤੇ ਸ਼ੈਤਾਨ ਦੀ ਚਾਲਾਕੀ

0
412

ਭੇਡ ਮਾਨਸਿਕਤਾ ਅਤੇ ਸ਼ੈਤਾਨ ਦੀ ਚਾਲਾਕੀ

ਹਰਲਾਜ ਸਿੰਘ ਬਹਾਦਰਪੁਰ-94170-23911

ਇੱਕ ਜੰਗਲ ਵਿੱਚ ਬਹੁਤ ਸਾਰੀਆਂ ਭੇਡਾਂ ਇੱਕ ਝੁੰਡ ਵਿੱਚ ਇਕੱਠੀਆਂ ਰਹਿੰਦੀਆਂ ਸਨ। ਜੋ ਰੰਗ ਦੀਆਂ ਚਿੱਟੀਆਂ, ਕਾਲੀਆਂ, ਡੱਬ ਖੜੱਬੀਆਂ ਅਤੇ ਕੱਦ ਵਿੱਚ ਛੋਟੀਆਂ ਵੱਡੀਆਂ ਵੀ ਸਨ, ਪਰ ਸਾਰੀਆਂ ਇੱਕ ਨਸਲ ਦੀਆਂ ਹੋਣ ਕਾਰਨ ਅਤੇ ਇੱਕ ਸਾਂਝੇ ਜੰਗਲ ਵਿੱਚ ਰਹਿਣ ਕਾਰਨ ਬਿਨਾਂ ਵਿਤਕਰੇ ਤੋਂ ਇੱਕੋ ਪਰਿਵਾਰ ਦੇ ਜੀਆਂ ਵਾਂਗ ਖ਼ੁਸ਼ੀ-ਖ਼ੁਸ਼ੀ ਪਿਆਰ ਨਾਲ ਰਹਿੰਦੀਆਂ ਸਨ। ਉਹਨਾਂ ਦੇ ਇੱਕ ਵੱਡੇ ਝੁੰਡ ਵਿੱਚ ਰਹਿਣ ਕਾਰਨ ਉਹਨਾਂ ਉੱਤੇ ਹਮਲੇ ਵੀ ਘੱਟ ਹੁੰਦੇ ਸਨ। ਜੇ ਕਿਤੇ ਹਮਲਾ ਹੋ ਵੀ ਜਾਂਦਾ ਤਾਂ ਉਹ ਸਾਰੀਆਂ ਇਕੱਠੀਆਂ ਹੋ ਕੇ ਉਸ ਦਾ ਮੁਕਾਬਲਾ ਕਰਦੀਆਂ ਜਿਸ ਕਾਰਨ ਜਿੱਥੇ ਉਹਨਾਂ ਦਾ ਨੁਕਸਾਨ ਬਹੁਤ ਘੱਟ ਹੁੰਦਾ ਉੱਥੇ ਹਮਲਾਵਰ ਨੂੰ ਵੀ ਆਪਣੀ ਜਾਨ ਬਚਾਉਣੀ ਮੁਸ਼ਕਿਲ ਹੋ ਜਾਂਦੀ ਸੀ। ਸਾਂਝੇ ਜੰਗਲ ਵਿੱਚ ਸੁਖੀ ਵਸਦੇ ਇਸ ਵੱਡੇ ਝੁੰਡ ਉੱਤੇ ਇੱਕ ਦਿਨ ਕੁੱਝ ਸੈਤਾਨਾਂ ਦੀ ਨਜ਼ਰ ਪੈ ਗਈ। ਉਹਨਾਂ ਸੋਚਿਆ ਕਿ ਕਿਉਂ ਨਾ ਇਹਨਾਂ ਦੀ ਕੀਮਤੀ ਉਨ ਲਾਹ ਕੇ ਵੇਚੀ ਜਾਵੇ ਅਤੇ ਇਹਨਾਂ ਦੇ ਲੇਲਿਆਂ ਨੂੰ ਖ਼ੁਰਾਕ ਦੇ ਰੂਪ ਵਿੱਚ ਵੇਚ ਕੇ ਮੋਟੀ ਕਮਾਈ ਕੀਤੀ ਜਾਵੇ, ਵੱਡਾ ਝੁੰਡ ਹੋਣ ਕਾਰਨ ਉਹਨਾਂ ਦਾ ਇਹ ਹੌਂਸਲਾ ਨਾ ਪਵੇ, ਪਰ ਉਹ ਇਸ ਕਮਾਈ ਨੂੰ ਛੱਡਣਾ ਵੀ ਨਹੀਂ ਸੀ ਚਾਹੁੰਦੇ। ਇਸ ਲਈ ਉਹਨਾਂ ਨੇ ਇੱਕ ਵਿਚਾਰ ਕਰ ਕੇ ਫ਼ੈਸਲਾ ਕੀਤਾ ਕਿ ਉਨ੍ਹਾਂ ਇੱਕ ਤਾਂ ਇਸ ਝੁੰਡ ਉੱਤੇ ਹਮਲਾਵਰ ਹੋ ਕੇ ਕਦੇ ਵੀ ਹਮਲਾ ਨਹੀਂ ਕਰਨਾ, ਦੂਜਾ ਆਪਣੀ ਕਮਾਈ ਨੂੰ ਕਮਾਈ ਦੀ ਥਾਂ ਭਲਾਈ ਦਾ ਨਾਮ ਦੇ ਕੇ ਕੁੱਝ ਕੁ ਸਮੇਂ ਲਈ ਭਲਾਈ ਦੇ ਕੰਮ ਕੀਤੇ ਜਾਣ, ਬਿਨਾਂ ਲੋੜ ਤੋਂ ਭੇਡਾਂ ਨੂੰ ਖਾਣ ਲਈ ਘਾਹ, ਪੀਣ ਲਈ ਪਾਣੀ ਅਤੇ ਰਹਿਣ ਲਈ ਛੱਤ ਜਾਂ ਵਾੜਿਆਂ ਦਾ ਪ੍ਰਬੰਧ ਕੀਤਾ ਜਾਵੇ। ਅਗਲੇ ਦਿਨ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ। ਉਹ ਇਕੱਠੇ ਇੱਕੋ ਰੂਪ ਵਿੱਚ ਇੱਕੋ ਪਾਸੇ ਦੀ ਹਮਲਾਵਰ ਹੋ ਕੇ ਜਾਣ ਦੀ ਬਜਾਏ ਵੱਖਰੇ-ਵੱਖਰੇ ਪਾਸਿਆਂ ਤੋਂ ਵੱਖਰੇ-ਵੱਖਰੇ ਰੂਪਾਂ ਵਿੱਚ ਸੇਵਾਦਾਰ ਬਣ ਕੇ ਸ਼ਾਂਤ ਵਸਦੇ ਝੁੰਡ ਕੋਲ ਜਾ ਪਹੁੰਚੇ। ਰੋਜ ਆਪਣੀ ਲੋੜ ਅਨੁਸਾਰ ਰੱਜ ਕੇ ਖਾਂਦੀਆਂ ਪੀਦੀਆਂ ਅਤੇ ਸੁਰੱਖਿਅਤ ਰਹਿੰਦੀਆਂ ਭੇਡਾਂ ਨੂੰ ਕਹਿਣ ਲੱਗੇ ਅਸੀਂ ਤੁਹਾਡੇ ਹੀ ਭੈਣ ਭਰਾ ਹਾਂ, ਤੁਹਾਡੀ ਭਲਾਈ ਲਈ ਤੁਹਾਨੂੰ ਮਿਲਣ ਆਏ ਹਾਂ, ਤੁਹਾਡਾ ਪਰਿਵਾਰ ਬਹੁਤ ਵੱਡਾ ਹੈ ਇਸ ਲਈ ਤੁਹਾਨੂੰ ਖਾਣ ਪੀਣ ਅਤੇ ਰਹਿਣ ਲਈ ਸਮੱਸਿਆ ਆਉਂਦੀ ਹੋਵੇਗੀ। ਅਸੀਂ ਤੁਹਾਡੇ ਲਈ ਖਾਣ ਲਈ ਕੁੱਝ ਘਾਹ, ਪੀਣ ਲਈ ਸਾਫ਼ ਪਾਣੀ ਲੈ ਕੇ ਆਏ ਹਾਂ। ਬੇਸ਼ੱਕ ਇਹ ਬਹੁਤ ਘੱਟ ਹੈ ਪਰ ਤੁਸੀਂ ਸਾਡੀ ਇਹ ਸੇਵਾ ਮਨਜੂਰ ਕਰੋ, ਕੱਲ ਨੂੰ ਅਸੀਂ ਇਸ ਤੋਂ ਹੋਰ ਵੱਧ ਲੈ ਕੇ ਆਵਾਂਗੇ।

ਭੇਡਾਂ ਦੀ ਏਕਤਾ ਨੇ ਰਸਤਾ ਵੀ ਜਾਮ ਕਰ ਦਿੱਤਾ ।

ਰੋਜ਼ਾਨਾ ਆਪਣਾ ਖਾਣ ਵਾਲੀਆਂ ਭੋਲੀਆਂ ਭੇਡਾਂ ਸੈਤਾਨਾਂ ਦੀ ਚਾਲ ਨੂੰ ਸਮਝ ਨਾ ਸਕੀਆਂ, ਉਹਨਾਂ ਨੇ ਆਪਣਾ ਖਾਣ ਦੀ ਥਾਂ ਸੈਤਾਨਾਂ ਦਾ ਖਾਣਾ ਸ਼ੁਰੂ ਕਰ ਦਿੱਤਾ। ਆਲਸੀ ਹੋਈਆਂ ਭੇਡਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਸੁਰੱਖਿਆ ਦੇ ਨਾਮ ਹੇਠ ਉਹਨਾਂ ਦੇ ਦੁਆਲੇ ਵਾੜ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਰਾਖੀ ਆਪ ਕਰਨ ਵਾਲੀਆਂ ਭੇਡਾਂ ਸੁਰੱਖਿਆ ਦੇ ਨਾਂ ਹੇਠ ਸ਼ੈਤਾਨਾਂ ਵੱਲੋਂ ਕੀਤੀ ਗੁਲਾਮੀ ਦੀ ਵਾੜ ਵਿੱਚ ਬੇਫ਼ਿਕਰ ਹੋ ਕੇ ਸੌਣ ਲੱਗ ਗਈਆਂ। ਤਾਂ ਸ਼ੈਤਾਨਾਂ ਨੂੰ ਪਤਾ ਲੱਗ ਗਿਆ ਕਿ ਉਹ ਹੁਣ ਆਪਣੀ ਕਮਾਈ ਸ਼ੁਰੂ ਕਰ ਸਕਦੇ ਹਨ। ਆਪਣੀ ਕਮਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਾਲ ਨੂੰ ਵੰਡਣ ਲਈ ਉਹਨਾਂ ਕਿਹਾ ਕਿ ਇੰਨੇ ਵੱਡੇ ਪਰਿਵਾਰ ਨੂੰ ਇੱਕ ਵਾੜੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਇਸ ਲਈ ਅਸੀਂ ਤੁਹਾਡੇ ਲਈ ਵੱਖ ਵੱਖ ਵਾੜਿਆਂ ਦਾ ਪ੍ਰਬੰਧ ਕੀਤਾ ਹੈ, ਜਿੱਥੇ ਤੁਹਾਡੀ ਸੰਭਾਲ਼ ਹੋਰ ਵੀ ਚੰਗੀ ਤਰਾਂ ਹੋ ਸਕੇਗੀ। ਇਸ ਦਾ ਕੁੱਝ ਕੁ ਭੇਡਾਂ ਨੇ ਵਿਰੋਧ ਕੀਤਾ ਕਿ ਅਸੀਂ ਵੰਡੇ ਜਾਣ ਨੂੰ ਪਸੰਦ ਨਹੀਂ ਕਰਦੀਆਂ, ਇਸ ਲਈ ਅਸੀਂ ਇਕੱਠੀਆਂ ਹੀ ਰਹਾਂਗੀਆਂ। ਤਾਂ ਸ਼ੈਤਾਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਵੰਡ ਨਹੀਂ ਰਹੇ ਇਹ ਤਾਂ ਸਿਰਫ ਤੁਹਾਡੀ ਭਲਾਈ ਲਈ ਹੀ ਹੈ। ਆਪਣੀ ਭਲਾਈ ਅਤੇ ਸਹੂਲਤਾਂ ਦੀ ਗੱਲ ਸੁਣ ਕੇ ਭੇਡਾਂ ਨੇ ਵੰਡੇ ਜਾਣ ਨੂੰ ਵੀ ਹਾਂ ਕਰ ਦਿੱਤੀ। ਇੱਕੋ ਨਸਲ ਦੀਆਂ ਭੇਡਾਂ ਨੂੰ ਆਪੋ ਆਪਣੇ ਵਾੜਿਆਂ ਵਿੱਚ ਕੈਦ ਕਰ ਕੇ ਸ਼ੈਤਾਨਾਂ ਨੇ ਉਹਨਾਂ ਉੱਤੇ ਵੱਖਰਾ ਵੱਖਰਾ ਰੰਗ ਲਗਾ ਕੇ ਪੱਕਾ ਕਬਜ਼ਾ ਕਰ ਲਿਆ। ਬੱਸ ਫਿਰ ਕੀ ਸੀ ਸਾਂਝੇ ਪਰਿਵਾਰ ਵਿੱਚ ਰਹਿਣ ਵਾਲੀਆਂ ਭੇਡਾਂ ਆਪਣੀ ਸਾਂਝ ਵਾਲੀ ਅਸਲੀ ਅਜ਼ਾਦ ਜਿੰਦਗੀ ਛੱਡ ਕੇ ਵੱਖਰੇ ਵਾੜਿਆਂ (ਸ਼ੈਤਾਨਾਂ ਦੀਆਂ ਦੁਕਾਨਾਂ) ਦੀ ਗੁਲਾਮੀ ਨੂੰ ਹੀ ਅਜ਼ਾਦੀ ਸਮਝਣ ਲੱਗ ਪਈਆਂ। ਆਪਣੇ ਵਾੜਿਆਂ ਨੂੰ ਹੀ ਆਪਣੇ-ਆਪਣੇ ਦੇਸ਼ (ਘਰ) ਮੰਨਣ ਲੱਗ ਗਈਆਂ, ਸ਼ੈਤਾਨਾਂ ਵੱਲੋਂ ਆਪਣੀ ਮਾਲਕੀ ਦੀ ਨਿਸ਼ਾਨੀ ਲਈ ਲਾਏ ਗਏ ਰੰਗ ਕਾਰਨ ਆਪਣੇ ਰੰਗ ਨੂੰ ਉੱਤਮ ਅਤੇ ਦੂਜੇ ਦੇ ਰੰਗ ਨੂੰ ਨੀਚ ਸਮਝ ਕੇ ਇਹ ਇੱਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ। ਸ਼ੈਤਾਨ ਵੀ ਇਹੀ ਕੁੱਝ ਚਾਹੁੰਦਾ ਸੀ। ਹੁਣ ਉਹ ਜਦੋਂ ਮਰਜ਼ੀ ਉਹਨਾਂ ਦੀ ਉਨ ਲਾਹ ਕੇ ਵੇਚ ਦਿੰਦਾ, ਜਦੋਂ ਮਰਜ਼ੀ ਉਹਨਾਂ ਦੇ ਲੇਲਿਆਂ ਨੂੰ ਕਸਾਈ ਕੋਲ ਵੇਚ ਦਿੰਦਾ। ਜਿਹੜੇ ਲੇਲਿਆਂ ਨੂੰ ਉਹ ਸ਼ੇਰਾਂ ਬਘਿਆੜਾਂ ਤੋਂ ਵੀ ਬਚਾ ਲੈਦੀਆਂ ਸਨ ਹੁਣ ਕਸਾਈ ਇਕੱਲਾ ਹੀ ਮੌਜ ਨਾਲ ਉਹਨਾਂ ਦੇ ਸਾਹਮਣੇ ਹੀ ਤਿੰਨ ਚਾਰ ਲੇਲ਼ੇ ਚੁੱਕ ਕੇ ਤੁਰ ਜਾਂਦਾ, ਉਹ ਵਾੜੇ ਵਿੱਚ ਖੜੀਆਂ ਵੇਖਦੀਆਂ ਤੇ ਬਿਆ-ਬਿਆ ਕਰਦੀਆਂ ਰਹਿ ਜਾਂਦੀਆਂ ਪਰ ਕਰ ਕੁੱਝ ਵੀ ਨਹੀਂ ਸੀ ਸਕਦੀਆਂ ਕਿਉਂਕਿ ਉਹ ਹੁਣ ਏਕਤਾ ਦੀ ਥਾਂ ਅਨੇਕਤਾ ਵਿੱਚ ਵੰਡੀਆਂ ਜਾ ਚੁੱਕੀਆਂ ਸਨ ਅਤੇ ਕਿਸੇ ਦੇ ਕਬਜ਼ੇ ਵਿੱਚ ਸਨ। ਉਹਨਾਂ ਨੇ ਅਜ਼ਾਦ ਜੀਵਨ ਨੂੰ ਭੁੱਲ ਕੇ ਗੁਲਾਮੀ ਨੂੰ ਹੀ ਅਜ਼ਾਦੀ ਮੰਨ ਲਿਆ ਹੋਇਆ ਸੀ। ਸ਼ੈਤਾਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗੀ । ਉਹਨਾਂ ਨੇ ਅੱਗੇ ਤੋਂ ਇਹਨਾਂ ਦੋ ਸ਼ਬਦਾਂ (ਕਮਾਈ ਨੂੰ ਭਲਾਈ ਅਤੇ ਗੁਲਾਮੀ ਨੂੰ ਅਜ਼ਾਦੀ ਪ੍ਰਚਾਰਨ) ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਬੱਸ ਇਹਨਾਂ ਦੋ ਸ਼ਬਦਾਂ ਨੇ ਜਿੱਥੇ ਸੈਤਾਨ ਸੋਚ ਨੂੰ ਪੂਰੇ ਜੰਗਲ ਦੀ ਮਾਲਕ ਬਣਾ ਦਿੱਤਾ, ਉੱਥੇ ਭੇਡ ਸੋਚ ਨੂੰ ਸਦਾ ਲਈ ਸ਼ੈਤਾਨਾ ਦੀ ਗੁਲਾਮ ਅਤੇ ਕਮਾਈ ਦਾ ਸਾਧਨ ਬਣਾ ਦਿੱਤਾ। ਜਿਸ ਤਰ੍ਹਾਂ ਮਾਨਸਿਕ ਤੌਰ ’ਤੇ ਭੇਡ ਸੋਚ ਨੇ ਗੁਲਾਮੀ ਨੂੰ ਭਲਾਈ ਸਮਝ ਲਿਆ ਉਸੇ ਤਰ੍ਹਾਂ ਸ਼ੈਤਾਨ ਸੋਚ ਨੇ ਵੀ ਭੇਡਾਂ ਨੂੰ ਗੁਲਾਮ ਬਣਾ ਕੇ ਰੱਖਣ ਨੂੰ ਹੀ ਆਪਣਾ ਹੱਕ ਸਮਝ ਲਿਆ। ਭੇਡਾਂ ਅਤੇ ਸ਼ੈਤਾਨਾਂ ਦੀ ਪਰਪੱਕ ਹੋਈ ਅਜਿਹੀ ਮਾਨਸਿਕਤਾ ਨੂੰ ਵੇਖ ਕੇ ਸੱਚ ਦੇ ਆਸ਼ਕ (ਰੱਬੀ ਭਗਤ) ਦੁਖੀ ਹਨ। ਦੁਖੀ ਹੋਏ ਭਗਤਾਂ ਨੇ ਸੋਚਿਆ ਕਿ ਵਿਚਾਰੀਆਂ ਭੇਡਾਂ ਨੂੰ ਸ਼ੈਤਾਨਾਂ ਤੋਂ ਅਜ਼ਾਦ ਕਰਵਾ ਕੇ ਪਹਿਲਾਂ ਵਰਗਾ ਕੁਦਰਤੀ ਜੀਵਨ ਜਿਉਣਾ ਸਿਖਾਈਏ, ਇਹਨਾਂ ਨੂੰ ਸ਼ੈਤਾਨਾਂ ਵੱਲੋਂ ਬਣਾਈ ਗਈ ਜੇਲ੍ਹ (ਵਾੜਿਆਂ) ਵਿੱਚੋਂ ਅਜ਼ਾਦ ਕਰਵਾ ਕੇ ਆਪਣਾ ਕਮਾ ਕੇ ਖਾਣਾ, ਇਕੱਠੇ ਅਤੇ ਅਜ਼ਾਦ ਰਹਿਣਾ ਸਿਖਾਈਏ। ਭਗਤ ਨੇ ਸ਼ੈਤਾਨਾਂ ਵਾਙ ਦਾਣਾ ਦੇਣ ਵਾਲੇ ਰੂਪ ਵਿੱਚ ਆ ਕੇ ਭੇਡਾਂ ਨੂੰ ਕਿਹਾ ਕਿ ਤੁਸੀਂ ਅਜ਼ਾਦ ਨਹੀਂ ਹੋਂ, ਇਹ ਜੋ ਲੋਕ ਤੁਹਾਨੂੰ ਸੁੱਖ ਸਹੂਲਤਾਂ ਦੇਣ ਅਤੇ ਵਾੜਿਆਂ ਵਿੱਚ ਸੁਰੱਖਿਅਤ ਅਜ਼ਾਦ ਰੱਖਣ ਦੇ ਨਾਹਰੇ ਮਾਰ ਰਹੇ ਹਨ ਇਹ ਸੱਭ ਲੁਟੇਰੇ ਹਨ, ਤੁਸੀਂ ਹਿੰਮਤ ਕਰ ਕੇ ਇਹਨਾਂ ਦੀਆਂ ਜੇਲ੍ਹਾਂ ਵਿੱਚੋਂ ਬਾਹਰ ਆਓ, ਤੁਹਾਨੂੰ ਕੁੱਝ ਨਹੀਂ ਹੋਵੇਗਾ। ਇਹਨਾਂ ਦਾ ਦਿੱਤਾ ਘਾਹ ਪਾਣੀ ਖਾਣਾ ਬੰਦ ਕਰ ਕੇ ਆਪਣਾ ਕਮਾ ਕੇ ਖਾਓ, ਇਹਨਾਂ ਤੋਂ ਸੁਰੱਖਿਆ ਲੈਣ ਦੀ ਥਾਂ ਆਪਣੀ ਰਾਖੀ ਆਪ ਕਰੋ, ਤੁਸੀਂ ਸਭ ਇੱਕ ਬਰਾਬਰ ਹੋ ਤੁਹਾਡੇ ਵਿੱਚ ਵੱਖਰੇ ਵਾੜਿਆਂ ਅਤੇ ਰੰਗਾਂ ਕਾਰਨ ਕੋਈ ਉਤਮ ਜਾਂ ਨੀਚ ਨਹੀਂ ਹੈ, ਇਹ ਵਾੜੇ ਅਤੇ ਰੰਗ ਤੁਹਾਨੂੰ ਗੁਮਰਾਹ ਕਰਨ ਲਈ ਬਣਾਏ ਗਏ ਹਨ। ਤੁਹਾਡੇ ਵਡੇਰੇ ਇੱਕ ਵੱਡੇ ਝੁੰਡ ਵਿੱਚ ਰਹਿੰਦੇ ਸਨ, ਉਹ ਖ਼ੁਦ ਕਮਾ ਕੇ ਖਾਂਦੇ ਸੀ, ਆਪਣੀ ਰਾਖੀ ਵੀ ਖ਼ੁਦ ਹੀ ਕਰਦੇ ਸੀ, ਉਹਨਾਂ ਦਾ ਜੀਵਨ ਖ਼ੁਸ਼ ਅਤੇ ਅਸਲ ਵਿੱਚ ਅਜ਼ਾਦ ਸੀ। ਕੋਈ ਉਹਨਾਂ ਦੀ ਉੱਨ ਨਹੀਂ ਸੀ ਲਾਹੁੰਦਾ, ਵੱਡਾ ਸਾਂਝਾ ਪਰਿਵਾਰ ਹੋਣ ਕਰ ਕੇ ਸ਼ੇਰ ਤੇ ਬਘਿਆੜ ਵੀ ਉਹਨਾਂ ਤੋਂ ਡਰਦੇ ਸਨ। ਸੱਚ ਦਾ ਸੇਵਕ (ਭਗਤ, ਗੁਰੂ) ਤਾਂ ਸੈਤਾਨਾਂ ਵੱਲੋਂ ਵੱਖਰੇ-ਵੱਖਰੇ ਵਾੜਿਆਂ ਅਤੇ ਵੱਖੋ ਵੱਖਰੇ ਰੰਗਾਂ ਵਿੱਚ ਰੰਗੀਆਂ, ਆਪਣੀ ਹੀ ਨਸਲ ਦੀਆਂ ਦੁਸ਼ਮਣ ਬਣੀਆਂ ਭੇਡਾਂ ਨੂੰ ਜਗਾਉਣ ਲਈ ਸਾਂਝੀਵਾਲਤਾ ਦਾ ਹੋਕਾ ਦੇ ਕੇ ਚਲਿਆ ਗਿਆ। ਇੱਕ ਦੋ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ ਉਹ ਤਾਂ ਆਪਣੀ ਜ਼ਿੰਦਗੀ ਆਪ ਜਿਉਣ ਲਈ ਝੱਟ ਵਾੜੇ ਵਿੱਚੋਂ ਬਾਹਰ (ਬਾਗੀ) ਹੋ ਗਈਆਂ, ਪਰ ਮਾਨਸਿਕ ਤੌਰ ’ਤੇ ਗੁਲਾਮੀ ਦੀ ਮੌਤ ਵਰਗੀ ਨੀਂਦ ਵਿੱਚ ਸੁਤੀਆਂ ਬਹੁਤੀਆਂ ਭੇਡਾਂ ਨੇ ਗੁਰੂ (ਭਗਤ) ਦੇ ਬੋਲਾਂ ਨੂੰ ਸੁਣ ਤਾਂ ਲਿਆ ਪਰ ਉਨ੍ਹਾਂ ਨੂੰ ਵਿਚਾਰ ਕੇ ਅਮਲ ਕਰਨ ਵਾਰੇ ਸੋਚਿਆ ਤੱਕ ਨਹੀਂ। ਉਲਟਾ ਕੁੱਝ ਸਿਆਣੀਆਂ ਭੇਡਾਂ ਭਗਤ ਵੱਲੋਂ ਦਿੱਤੀ ਸਿੱਖਿਆ ਦੀਆਂ ਕਹਾਣੀਆਂ ਸ਼ੈਤਾਨਾਂ ਨੂੰ ਸੁਣਾਉਣ ਲੱਗ ਪਈਆਂ ਕਿ ਅੱਜ ਭਗਤ ਆਇਆ ਸੀ ਉਹ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਗਿਆ ਹੈ, ਕੁੱਝ ਭੇਡਾਂ ਉਸ ਦੀ ਗੱਲ ਸੁਣ ਕੇ ਵਾੜੇ ਨੂੰ ਛੱਡ ਕੇ ਚਲੀਆਂ ਵੀ ਗਈਆਂ ਹਨ। ਇਹ ਸੁਣ ਕੇ ਸ਼ੈਤਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੂੰ ਆਪਣਾ ਰਾਜ ਖੁੰਝਦਾ ਨਜ਼ਰ ਆਇਆ। ਉਹਨਾਂ ਨੇ ਤੁਰੰਤ ਇਕੱਠੇ ਹੋ ਕੇ ਇਸ ਮਸਲੇ ਦਾ ਹੱਲ ਕੱਢਿਆ ਕਿ ਭਗਤ ਪਾਸੋਂ ਕਹਾਣੀਆਂ ਸੁਣਨ ਦੇ ਬਾਵਜੂਦ ਵੀ ਵਾੜੇ ਵਿੱਚ ਰਹਿਣ ਵਾਲੀਆਂ ਭੇਡਾਂ ਅਸਲ ਵਫ਼ਾਦਾਰ ਹਨ ਅਤੇ ਵਾੜੇ ਨੂੰ ਛੱਡ ਕੇ ਜਾਣ ਵਾਲੀਆਂ ਭੇਡਾਂ ਬਾਗੀ ਹਨ, ਅੱਤਵਾਦੀ ਹਨ, ਦੇਸ਼-ਧ੍ਰੋਹੀ ਹਨ ਅਤੇ ਅੰਦਰ ਖਾਤੇ ਇਨ੍ਹਾਂ ਬਾਗੀ ਭੇਡਾਂ ਨੂੰ ਵੀ ਮੁੜ ਵਾਪਸ ਲਿਆਉਣ ਲਈ ਥੋੜ੍ਹਾ ਵਧੇਰੇ ਆਜ਼ਾਦੀ ਵਾਲਾ, ਰੱਬ ਦੇ ਨਾਂ ’ਤੇ ਹੀ ਇੱਕ ਹੋਰ ਵਾੜਾ ਬਣਾਇਆ ਗਿਆ, ਇਹ ਵੇਖ ਕੇ ਕੁਝ ਬਾਗੀ ਭੇਡਾਂ ਵਾਪਸ ਆਉਣ ਲੱਗੀਆਂ, ਜਿਨ੍ਹਾਂ ਲਈ ਇੱਕ ਵੱਖਰਾ ਰੰਗ ਬਣਾ ਕੇ ਉਨ੍ਹਾਂ ਉੱਤੇ ਵੀ ਲਗਾ ਦਿੱਤਾ ਗਿਆ ਤੇ ਉਸ ਰੰਗ ਵਿੱਚ ਰੰਗ ਕੇ ਵੱਖਰੇ ਵਾੜੇ ਵਿੱਚ ਕੈਦ ਕਰ ਲਿਆ।

ਭੇਡਾਂ ਦੀ ਏਕਤਾ ਨਾ ਰਹੀ, ਜਿਸ ਦਾ ਇਹ ਨਤੀਜਾ ਹੋਈਆ।

ਬੱਸ ਫਿਰ ਕੀ ਸੀ, ਸੱਚ ਦੇ ਭਗਤ, ਜਿੰਨੀ ਵਾਰੀਂ ਗੁਲਾਮ ਭੇਡਾਂ ਨੂੰ ਸਮਝਾਉਣ ਲਈ ਆਉਂਦੇ, ਸ਼ੈਤਾਨ ਓਨੇ ਹੀ ਵੱਖਰੇ ਵਾੜੇ ਅਤੇ ਰੰਗ ਸਿਰਜ ਕੇ ਆਪਣੀਆਂ ਨਵੀਆਂ ਦੁਕਾਨਾਂ (ਜੇਲ੍ਹਾਂ) ਦੀ ਗਿਣਤੀ ਵਧਾਉਂਦੇ ਰਹੇ। ਨਿਰਾਸ ਹੋਏ ਭਗਤਾਂ ਨੇ ਜੰਗਲ ਵਿੱਚ ਆਉਣਾ ਅਤੇ ਭੇਡਾਂ ਨੂੰ ਸਮਝਾਉਣਾ ਹੀ ਬੰਦ ਕਰ ਦਿੱਤਾ ਕਿਉਂਕਿ ਸ਼ੈਤਾਨਾਂ ਨੇ ਕੇਵਲ ਇੱਕ ਰੱਬ ਦੇ ਨਾਂ ’ਤੇ ਹੋਰ ਹੀ ਇੰਨੇ ਵਾੜੇ ਅਤੇ ਰੰਗ ਪੈਦਾ ਕਰ ਦਿੱਤੇ, ਜੋ ਭੇਡਾਂ ਤਾਂ ਕੀ ਭਗਤਾਂ ਦੀ ਵੀ ਸਮਝ ਤੋਂ ਬਾਹਰ ਹੋ ਗਏ। ਸ਼ਕਤੀਹੀਣ ਹੋਈਆਂ ਭੇਡਾਂ ਕਦੇ ਕਦੇ ਭਗਤ (ਗੁਰੂ) ਨੂੰ ਯਾਦ ਕਰਦੀਆਂ ਕਿ ਉਹ ਆ ਕੇ ਉਹਨਾਂ ਨੂੰ ਅਜ਼ਾਦ ਕਰਵਾਏਗਾ, ਪਰ ਭਗਤ ਤਾਂ ਆਪਣੀ ਨਾਕਾਮੀ ਕਾਰਨ ਮੁੜ ਨਾ ਆਉਣ ਦਾ ਫੈਂਸਲਾ ਕਰ ਚੁੱਕਿਆ ਸੀ, ਕਿਉਂਕਿ ਉਹ ਸ਼ੈਤਾਨਾਂ ਵੱਲੋਂ ਰੱਬ ਦੇ ਨਾਂ ’ਤੇ ਫੈਲਾਏ ਗਏ ਜਾਲ਼ ਨੂੰ ਵੇਖ ਚੁੱਕਿਆ ਸੀ, ਪਰ ਭੇਡਾਂ ਦੀ ਮਾਨਸਿਕਤਾ ਨੂੰ ਸਮਝਦਾ-ਸਮਝਦਾ ਸ਼ੈਤਾਨ ਹੁਣ ਇੰਨਾ ਚਲਾਕ ਹੋ ਗਿਆ ਸੀ ਕਿ ਗੁਰੂ (ਭਗਤ) ਦੇ ਨਾ ਆਉਣ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਹੁਣ ਭਗਤ ਦੀ ਆਸ ਵਿੱਚ ਬੈਠੀਆਂ ਭੇਡਾਂ ਨੂੰ ਵੀ ਨਿਰਾਸ ਨਹੀਂ ਹੋਣ ਦੇਣਾ ਚਾਹੁੰਦਾ ਸੀ। ਉਸ ਨੇ ਹੁਣ ਕੁੱਝ ਕੁ ਸਮੇਂ ਬਾਅਦ ਭਗਤ ਦੇ ਨਾਂ ’ਤੇ ਆਪ ਹੀ ਭੇਸ ਬਦਲ ਕੇ ਆਉਣਾ ਸ਼ੁਰੂ ਕਰ ਲਿਆ ਤੇ ਹੌਲ਼ੀ-ਹੌਲ਼ੀ ਆਪ ਨੂੰ ਹੀ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ।

ਹੁਣ ਉਹ ਨਵਾਂ ਰੰਗ ਅਤੇ ਨਵੇਂ ਵਾੜੇ ਦਾ ਪ੍ਰਬੰਧ ਕਰ ਕੇ ਆਉਂਦਾ ਹੈ, ਪੁਰਾਣੇ ਵਾੜਿਆਂ ਵਿੱਚ ਉਦਾਸ ਬੈਠੀਆਂ ਭੇਡਾਂ ਖ਼ੁਦ ਹੀ ਨਵਾਂ ਰੰਗ ਲਵਾ ਕੇ ਨਵੇਂ ਵਾੜੇ ਵਿੱਚ ਖ਼ੁਸ਼ੀ ਖ਼ੁਸ਼ੀ ਕੈਦ ਹੋ ਜਾਂਦੀਆਂ ਹਨ। ਜਿੱਥੇ ਭੇਡਾਂ ਦੀ ਗੁਲਾਮ ਮਾਨਸਿਕਤਾ ਅਤੇ ਸ਼ੈਤਾਨਾਂ ਦੀਆਂ ਸ਼ੈਤਾਨੀਆਂ ਤੋਂ ਭਗਤ ਵੀ ਦੁਖੀ ਹੈ, ਉੱਥੇ ਸ਼ੈਤਾਨ ਖ਼ੁਦ ਗੁਰੂ ਬਣ ਕੇ ਭੇਡਾਂ ਦੀ ਉੱਨ ਲਾਹੁਣ, ਲੇਲ਼ੇ ਕਸਾਈਆਂ ਨੂੰ ਵੇਚਣ, ਆਪਣੀ ਮੌਤ ਮਰੀਆਂ ਭੇਡਾਂ ਦੇ ਸਰੀਰਾਂ ਦੇ ਅੰਗ ਵੇਚਣ, ਰੰਗਾਂ ਅਤੇ ਵਾੜਿਆਂ ਦੇ ਨਾਂ ’ਤੇ ਦੰਗੇ ਭੜਕਾਅ ਕੇ ਮਰਵਾੳਣ ਤੋਂ ਇਲਾਵਾ ਭੇਡਾਂ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਇੱਜ਼ਤਾਂ ਨਾਲ ਵੀ ਖੇਡਣ ਲੱਗ ਜਾਂਦਾ ਹੈ। ਆਪਣੇ ਨਾਂ ’ਤੇ ਮਜ਼ਲੂਮਾਂ ਉੱਤੇ ਹੁੰਦੇ ਅਜਿਹੇ ਜ਼ੁਲਮ ਵੇਖ ਕੇ ਭਗਤ ਵੀ ਹੁਣ ਬੇਚੈਨ ਰਹਿਣ ਲੱਗ ਜਾਂਦਾ ਹੈ, ਪਰ ਅਫ਼ਸੋਸ ਕਿ ਇਸ ਸਾਰੇ ਕੁੱਝ ਨੂੰ ਭੇਡਾਂ ਗੁਰੂ ਦੀ ਮਿਹਰ ਅਤੇ ਆਪਣੇ ਕਰਮ ਸਮਝ ਕੇ ਸ਼ੈਤਾਨਾਂ ਅੱਗੇ ਸੀਸ ਝੁਕਾਅ ਰਹੀਆਂ ਹਨ। ਜੇ ਕਿਤੇ ਅਸੀਂ ਭੇਡ ਸੋਚ, ਰੰਗਾਂ, ਵਾੜਿਆਂ ਦੇ ਭੇਦਭਾਵ ਨੂੰ ਛੱਡ ਕੇ ਸਾਂਝੇ ਪਰਿਵਾਰ ਵਾਂਗ ਪਿਆਰ ਨਾਲ ਬਰਾਬਰਤਾ ਦਾ ਜੀਵਨ ਅਜ਼ਾਦ ਜਿਉਣਾ ਸਿੱਖ ਲਈਏ ਤਾਂ ਕੋਈ ਵੀ ਸ਼ੈਤਾਨ ਸਾਡੇ ਨਾਲ ਅਜਿਹਾ ਨਹੀਂ ਕਰ ਸਕਦਾ।