ਸਕੂਲਾਂ ਵਿਚ ਲੱਗਣ ਵਾਲੀ ਬਾਲ-ਸਭਾ ਦੀ ਵੀ ਰਹੀ ਹੈ ਇੱਕ ਵੱਡਮੁੱਲੀ ਦੇਣ

0
535

ਸਕੂਲਾਂ ਵਿਚ ਲੱਗਣ ਵਾਲੀ ਬਾਲ-ਸਭਾ ਦੀ ਵੀ ਰਹੀ ਹੈ ਇੱਕ ਵੱਡਮੁੱਲੀ ਦੇਣ

-ਰਮੇਸ਼ ਬੱਗਾ ਚੋਹਲਾ ਡਬਲ ਐਮ. ਏ, ਐਮ. ਐਡ. 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਵਿਚ ਪੜ੍ਹਣ-ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਦਾ ਵਕਤ ਵੀ ਨਿਰਧਾਰਿਤ ਹੋਇਆ ਕਰਦਾ ਸੀ। ਹਫ਼ਤੇ ਦੇ ਛੇਕੜਲੇ ਦਿਨ (ਜਿਹੜਾ ਕਿ ਆਮ ਤੌਰ ’ਤੇ ਸ਼ਨੀਵਾਰ ਹੁੰਦਾ ਸੀ) ਕੁੱਝ ਪੀਰੀਅਡ ਰਾਖਵੇਂ ਰੱਖ ਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕਿਸੇ ਹਾਲ ਜਾਂ ਪੰਡਾਲ ਵਿਚ ਇਕੱਠੇ ਕਰ ਲਿਆ ਜਾਂਦਾ ਸੀ। ਇਸ ਇਕੱਠ ਨੂੰ ਬਾਲ-ਸਭਾ ਦਾ ਨਾਂ ਦਿੱਤਾ ਜਾਂਦਾ ਸੀ ਜਿਸ ਵਿਚ ਤਾਲਿਬਇਲਮਾਂ ਨੂੰ ਆਪਾ ਪ੍ਰਗਟਾਉਣ/ਚਮਕਾਉਣ ਦੇ ਅਵਸਰ ਪ੍ਰਾਪਤ ਹੁੰਦੇ ਸਨ। ਇਸ ਬਾਲ ਸਭਾ ਵਿਚ ਸਕੂਲ ਦੇ ਅਧਿਆਪਕਾਂ ਦੀ ਨਾ ਸਿਰਫ਼ ਸਰਗਰਮ ਭਾਗੇਦਾਰੀ ਹੀ ਹੁੰਦੀ ਸੀ ਸਗੋਂ ਕੁੱਝ ਰਚਨਾਤਮਿਕ ਅਤੇ ਕਲਾਤਮਿਕ ਸੋਚ ਵਾਲੇ ਅਧਿਆਪਕਾਂ ਵੱਲੋਂ ਵਿਸ਼ੇਸ਼ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਂਦਾ ਸੀ।

ਸਕੂਲ ਵਿਚ ਨਿਯਮਿਤ ਰੂਪ ਵਿਚ ਲਗਾਈ ਜਾਣ ਵਾਲੀ ਬਾਲ-ਸਭਾ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਪ੍ਰਚਾਵੇ ਦਾ ਸਬੱਬ ਬਣਦੀ ਸੀ, ਉਥੇ ਵਿਦਿਆਰਥੀਆਂ ਦੀ ਸਿਰਜਣਾਤਮਿਕ ਅਤੇ ਕਲਾਤਮਿਕ ਪਹੁੰਚ ਨੂੰ ਉਭਾਰਣ, ਨਿਖਾਰਣ ਅਤੇ ਸੰਵਾਰਣ ਵਿਚ ਵੀ ਵਿਸ਼ੇਸ਼ ਸਹਾਈ ਹੁੰਦੀ ਸੀ। ਇਸ ਸਭਾ ਰਾਹੀਂ ਵਿਲੱਖਣ ਪ੍ਰਤਿਭਾ ਵਾਲੇ ਵਿਦਿਅਰਥੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ ਜਾਂਦਾ ਸੀ, ਜਿਹੜਾ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰ ਕੇ ਉਨ੍ਹਾਂ ਦੁਆਰਾ ਮਿਥੀ ਹੋਈ ਮੰਜ਼ਿਲ ਦੇ ਨਜਦੀਕ ਲੈ ਜਾਂਦਾ ਸੀ।

ਜੇਕਰ ਰਸਮੀ ਸਿਖਿਆ ਦੇ ਉਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਉਦੇਸ਼ ਕੇਵਲ ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਆਪਕ ਪੈਦਾ ਕਰਨਾ ਹੀ ਨਹੀਂ ਸਗੋਂ ਅਜਿਹੇ ਕਲਾਕਾਰ, ਸਾਹਿਤਕਾਰ ਅਤੇ ਬੁਲਾਰੇ ਪੈਦਾ ਕਰਨਾ ਵੀ ਹੈ, ਜੋ ਆਪਣੀ ਅਗਾਂਹਵਧੂ ਸੋਚਣੀ, ਲੇਖਣੀ ਅਤੇ ਬੋਲਣੀ ਨਾਲ ਸਾਹਿਤ, ਸਭਿਆਚਾਰ ਅਤੇ ਸਮਾਜ ਨੂੰ ਅਮੀਰ ਬਣਾ ਸਕਣ। ਕਾਫੀ ਹੱਦ ਤੱਕ ਇਹ ਅਮੀਰੀ ਵੀ ਸਕੂਲ ਦੀ ਬਾਲ-ਸਭਾ ਦੀ ਹੀ ਦੇਣ ਰਹੀ ਹੈ। ਜਦੋਂ ਕਦੇ ਸਥਾਪਿਤ/ਕਾਮਯਾਬ ਕਲਾਕਾਰਾਂ ਵਿਸ਼ੇਸ਼ ਕਰ ਕੇ ਗਾਇਕਾਂ ਜਾਂ ਅਭਿਨੇਤਾਵਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਵੀ ਆਪਣੀ ਸਥਾਪਤੀ/ਕਾਮਯਾਬੀ ਦਾ ਬਹੁਤਾ ਸਿਹਰਾ ਪੜ੍ਹਾਈ ਦੌਰਾਨ ਸਕੂਲ ਵਿਚ ਲੱਗਣ ਵਾਲੀ ਬਾਲ-ਸਭਾ ਨੂੰ ਹੀ ਦਿੰਦੇ ਹਨ।

ਸਕੂਲ ਦੁਆਰਾ ਨਿਯਮਿਤ ਰੂਪ ਵਿਚ ਕੀਤੀ ਜਾਣ ਵਾਲੀ ਬਾਲ-ਸਭਾ ਜਿੱਥੇ ਵਿਦਿਆਰਥੀ ਨੂੰ ਆਪਣਿਆਂ ਵਿਚ ਆਪਣੀ ਗੱਲ ਕਹਿ ਕੇ ਮਾਣ ਮਹਿਸੂਸ ਕਰਵਾਉਂਦੀ ਸੀ ਉੱਥੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਕੇ ਬਿਗਾਨਿਆਂ (ਬਾਹਰਲੇ ਵਿਸ਼ਾਲ ਇਕੱਠਾਂ) ਦੇ ਸਨਮੁੱਖ ਹੋਣ ਦੇ ਸਮਰੱਥ ਵੀ ਬਣਾਉਂਦੀ ਸੀ। ਇਸ ਸਭਾ ਵਿਚ ਹੀ ਪਹਿਲਾਂ ਸਕੂਲ ਦੇ ਗੁਣਵਾਨ ਬੱਚਿਆਂ ਨੂੰ ਤਲਾਸ਼ਿਆ ਜਾਂਦਾ ਸੀ ਅਤੇ ਇਸ ਤਲਾਸ਼ੀ ਤੋਂ ਬਾਅਦ ਯੋਗ ਅਧਿਆਪਕਾਂ ਦੁਆਰਾ ਤਰਾਸ਼ਿਆ ਜਾਂਦਾ ਸੀ। ਇਸ ਤਰ੍ਹਾਂ ਸਕੂਲ-ਸਭਾਵਾਂ ਵਿਚੋਂ ਤਲਾਸ਼ੇ ਅਤੇ ਅਧਿਆਪਕਾਂ ਦੁਆਰੇ ਤਰਾਸ਼ੇ ਵਿਦਿਆਰਥੀ ਜ਼ਿੰਦਗੀ ਵਿਚ ਕਈ ਵੱਡ-ਅਕਾਰੀਆਂ ਅਤੇ ਨਿਆਰੀਆਂ ਪ੍ਰਾਪਤੀ ਦੇ ਹੱਕਦਾਰ ਬਣ ਜਾਂਦੇ ਸਨ।

ਸਕੂਲ ਦੀ ਬਾਲ-ਸਭਾ ਦਾ ਇਕ ਹਾਸਲ ਇਹ ਵੀ ਰਿਹਾ ਹੈ ਕਿ ਇਹ ਵਿਦਿਆਰਥੀਆਂ ਵਿਚਲੀ ਹਫ਼ਤਾ ਭਰ (ਜੋ ਅਕਸਰ ਬੋਝਲ ਅਤੇ ਔਖਿਆਲੇ ਪਾਠਕ੍ਰਮ ਕਰ ਕੇ ਪੈਦਾ ਹੁੰਦੀ ਹੈ) ਦੀ ਉਕਤਾਹਟ ਨੂੰ ਕੁਝ ਸਮੇਂ ਲਈ ਰੋਚਿਕ ਅਤੇ ਹੁਸੀਨ ਪਲਾਂ ਵਿਚ ਬਦਲ ਦਿੰਦੀ ਸੀ। ਇਸ ਸਭਾ ਵਿਚ ਹਾਜ਼ਰੀ ਭਰ ਕੇ ਸਕੂਲ ਦੇ ਪਾੜ੍ਹੇ-ਪਾੜ੍ਹੀਆਂ ਆਪਣੇ ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਸਨ। ਇਹ ਤਾਜ਼ਗੀ ਉਨ੍ਹਾਂ ਨੂੰ ਅਗਲੇ ਹਫ਼ਤੇ ਲੱਗਣ ਵਾਲੀਆਂ ਜਮਾਤਾਂ ਵਿਚ ਗਿਆਨ-ਵਿਗਿਆਨ ਦੀਆਂ ਗੱਲਾਂ ਨੂੰ ਸੁਣਨ ਅਤੇ ਸਮਝਣ ਲਈ ਊਰਜਾ ਪ੍ਰਦਾਨ ਕਰਦੀ ਸੀ। ਇਸ ਊਰਜਾ ਦੀ ਬਦੌਲਤ ਹੀ ਉਹ ਵਿਦਿਆ ਨੂੰ ਵੀਚਾਰਨ ਅਤੇ ਪਰਉਪਕਾਰਨ ਲਈ ਤੱਤਪਰ ਰਹਿੰਦੇ ਸਨ।

ਸਕੂਲ ਦੀ ਬਾਲ-ਸਭਾ ਵਿਦਿਆਰਥੀ ਵਰਗ ਨੂੰ ਇੱਕ ਅਪਣਤਮਈ ਮਹੌਲ ਪ੍ਰਾਦਾਨ ਕਰਦੀ ਸੀ ਜਿਹੜਾ ਉਨ੍ਹਾਂ ਦੇ ਬਿਆਨਾਤਮਿਕ ਅਤੇ ਪ੍ਰਦਰਸ਼ਨਾਤਮਿਕ ਪੱਖ ਨੂੰ ਮਜ਼ਬੂਤ ਕਰਦਾ ਸੀ। ਇਹ ਪੱਖ ਜਿੱਥੇ ਉਨ੍ਹਾਂ ਦੇ ਸਤਿਕਾਰ ਵਿਚ ਵਾਧਾ ਕਰਦਾ ਸੀ ਉਥੇ ਉਨ੍ਹਾਂ ਦੀ ਪਹਿਚਾਣ ਨੂੰ ਵੀ ਅੱਡਰਿਉਂਦਾ ਸੀ। ਇਸ ਅੱਡਰੀ ਪਹਿਚਾਣ ਸਦਕਾ ਹੀ ਉਹ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ ਕਈ ਰਿਆਇਤਾਂ/ਸਹੂਲਤਾਂ ਦੇ ਭਾਗੀਦਾਰ ਵੀ ਬਣ ਜਾਂਦੇ ਸਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀ ਵੀ ਆਮ ਤੌਰ ’ਤੇ ਸਕੂਲ ਵਿਚ ਲਗਾਤਾਰਤਾ ਨਾਲ ਲਗਾਈ ਜਾਣ ਵਾਲੀ ਬਾਲ-ਸਭਾ ਦੀ ਹੀ ਪੈਦਾਵਾਰ ਹੁੰਦੇ ਸਨ ਜੋ ਇਨ੍ਹਾਂ ਮੁਕਾਬਲਿਆਂ ਵਿਚ ਆਪਣੀਆਂ ਬੇਹਤਰੀਨ ਪੇਸ਼ਕਾਰੀਆਂ ਲਈ ਮਾਨ-ਸਨਮਾਨ ਹਾਸਲ ਕਰ ਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਦੇ ਸਨ। ਇਸ ਸਭਾ ਵਿਚੋਂ ਲੱਗੀ ਹੋਈ ਜਾਗ ਹੀ ਵਿਦਿਆਰਥੀਆਂ ਨੂੰ ਮਹਾਂ ਵਿਦਿਆਲਿਆਂ ਅਤੇ ਵਿਸ਼ਵ-ਵਿਦਿਆਲਿਆਂ ਦੇ ਯੁਵਕ-ਮੇਲਿਆਂ ਵਿਚ ਸ਼ਲਾਘਾਯੋਗ ਭੂਮਿਕਾ ਅਦਾ ਕਰਨ ਦੇ ਕਾਬਲ ਬਣਾ ਦਿੰਦੀ ਸੀ ਅਤੇ ਉਹ ਟਰਾਫੀਆਂ, ਸ਼ੀਲਡਾਂ ਅਤੇ ਗੋਲਡ ਮੈਡਲਾਂ ਨਾਲ ਨਿਵਾਜ਼ੇ ਜਾਂਦੇ ਸਨ।

ਅਜੋਕੇ ਸਮੇਂ ਸਕੂਲਾਂ (ਵਿਸ਼ੇਸ਼ ਕਰ ਕੇ ਸਰਕਾਰੀ) ਵਿਚ ਬਾਲ-ਸਭਾ ਦਾ ਰਿਵਾਜ ਬਿਲਕੁਲ ਖ਼ਤਮ ਹੋ ਕੇ ਰਹਿ ਗਿਆ ਹੈ। ਹੁਣ ਸਕੂਲ ਦੀ ਸਮਾਂ-ਸਾਰਣੀ ਵਿਚ ਇਸ ਸਭਾ ਦੀ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਜਾਂਦੀ। ਅਧਿਆਪਕ ਗ਼ੈਰ-ਵਿਦਿਅਕ ਕੰਮਾਂ ਦੇ ਬੋਝ ਥੱਲੇ ਦੱਬੇ ਹੋਏ ਹਨ ਅਤੇ ਵਿਦਿਆਰਥੀ ਨਵੀਂ ਟੈਕਨਾਲੌਜੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ। ਇਸ ਤਰ੍ਹਾਂ ਦੇ ਅਣਸੁਖਾਵੇਂ ਅਤੇ ਘੁਟਵੇਂ ਮਹੌਲ ਵਿਚ ਭਲਾ ਕੋਈ ਸਕੂਲ ਕਲਾਕਾਰ, ਨਾਟਕਕਾਰ ਅਤੇ ਸਾਹਿਤਕਾਰ ਕਿਵੇਂ ਪੈਦਾ ਕਰ ਸਕਦਾ ਹੈ ?

—–0—-