ਰਾਜਨੀਤੀ

0
334

(ਕਾਵਿ ਵਿਅੰਗ)

ਰਾਜਨੀਤੀ

ਗੁੱਟਕੇ, ਗ੍ਰੰਥ ਨੇ ਜੀਵਨ ਦੀ ਸੇਧ ਦਿੰਦੇ, ਕਸਮਾਂ ਖਾਣ ਲਈ ਨਹੀਂ ਬਣਾਏ ਬਾਬੇ।

ਰੱਬ ਦੇ ਨਾਲ ਮਨੁੱਖ ਨੂੰ ਜੋੜਦੇ ਨੇ, ਜਿਹੜੇ ਇਨ੍ਹਾਂ ਵਿੱਚ ਰਾਹ ਰੁਸ਼ਨਾਏ ਬਾਬੇ।

ਲੈ ਕੇ ਇਨ੍ਹਾਂ ਦੀ ਓਟ ਹੁਣ ਰਾਜਨੀਤੀ, ਵੋਟਰ ਵਰਗ ਨੂੰ ਪਈ ਭਰਮਾਏ ਬਾਬੇ।

ਕਰੇ ਚੁਸਤ ਚਲਾਕੀਆਂ ਬਹੁਤ ‘ਚੋਹਲਾ’, ਖ਼ੌਫ਼ ਤੇਰਾ ਉਹ ਰੱਤਾ ਨਾ ਖਾਏ ਬਾਬੇ।

——0——

-ਰਮੇਸ਼ ਬੱਗਾ ਚੋਹਲਾ

(ਕਾਵਿ-ਵਿਅੰਗ)   

 ਜਹਾਨ

ਘੁੰਮ ਕੇ ਦੇਖੀਏ ਜੇ ਜਹਾਨ ਤਾਈਂ, ਮਿਲ ਜਾਂਦੇ ਕਈ ਪਰੇ ਤੋਂ ਪਰੇ ਬੰਦੇ।

ਕਈ ਅੱਗ ਤੋਂ ਵੱਧ ਕੇ ਗਰਮ ਹੁੰਦੇ, ਵੱਧ ਬਰਫ਼ ਦੇ ਹੁੰਦੇ ਕੁੱਝ ਠਰੇ ਬੰਦੇ।

ਭਰੀ ਉਨ੍ਹਾਂ ਦੇ ਅੰਦਰ ਹੈ ਖ਼ੋਟ ਹੁੰਦੀ, ਜਿਹੜੇ ਦਿੱਸਦੇ ਬਾਹਰ ਤੋਂ ਖ਼ਰੇ ਬੰਦੇ।

ਪੀਂਦੇ ਲੱਸੀ ਨੂੰ ਮਾਰ ਕੇ ਫੂਕ ‘ਚੋਹਲਾ’, ਗਰਮ ਦੁੱਧ ਦੇ ਹੁੰਦੇ ਜੋ ਡਰੇ ਬੰਦੇ।

—–0—-

-ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719