25.8 C
Jalandhar
Sunday, April 12, 2026
spot_img
Home Blog Page 126

ਸੂਰਜੁ ਏਕੋ ਰੁਤਿ ਅਨੇਕ

0

ਸੂਰਜੁ ਏਕੋ ਰੁਤਿ ਅਨੇਕ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ, ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- ੯੯੧੫੫-੧੫੪੩੬

ੴ ਸਤਿ ਗੁਰ ਪ੍ਰਸਾਦਿ

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦਿੱਬ ਦ੍ਰਿਸ਼ਟੀ ਨਾਲ ਜਿੱਥੇ ਅਨੇਕਾਂ ਹੀ ਸੂਰਜ ਮੰਡਲਾਂ ਦਾ ਆਪਣੀ ਬਾਣੀ ਵਿੱਚ ਜਿਕਰ ਕੀਤਾ ਹੈ, ਉਥੇ ਇਸ ਧਰਤੀ ਤੋਂ ਦਿਸਣ ਵਾਲੇ ਇੱਕ ਸੂਰਜ ਬਾਰੇ ਰਾਗ ਆਸਾ ਦੇ ਇੱਕ ਸ਼ਬਦ ਵਿੱਚ ਇਸ ਦਾ ਸਬੰਧ ਸਮੇਂ ਅਤੇ ਰੁੱਤਾਂ ਨਾਲ ਬਿਆਨ ਕਰਦੇ ਹਨ। ਆਪ ਜੀ ਦਾ ਫੁਰਮਾਨ ਹੈ :

ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ॥ ਸੂਰਜੁ ਏਕੋ, ਰੁਤਿ ਅਨੇਕ ॥ ਨਾਨਕ  ! ਕਰਤੇ ਕੇ ਕੇਤੇ ਵੇਸ॥ (ਸੋਹਿਲਾ ਗਉੜੀ/ਮ: ੧/੧੩)

ਇੱਥੇ ਸਮਾਂ ਮਾਪਣ ਦੀ ਸਭ ਤੋਂ ਛੋਟੀ ਇਕਾਈ ਨੂੰ ‘ਵਿਸੁਆ’ ਦੱਸਿਆ ਗਿਆ ਹੈ। ਅੱਖ ਦੇ 15 ਫੋਰ ਦਾ ਇੱਕ ਵਿੱਸਾ ਹੈ ਅਤੇ 15 ਵਿਸੁਏ ਮਿਲ ਕੇ ਇੱਕ ਚਸਾ ਬਣਦਾ ਹੈ; 30 ਚੱਸਿਆਂ ਦਾ ਇੱਕ ਪਲ ਅਤੇ 60 ਪਲਾਂ ਦੀ ਇੱਕ ਘੜੀ ਅਤੇ ਸਾਢੇ ਸੱਤ ਘੜੀਆਂ ਦਾ ਇੱਕ ਪਹਿਰ ਅਤੇ 8 ਪਹਿਰ ਦਾ ਇੱਕ ਦਿਨ ਰਾਤ ਬਣਦਾ ਹੈ। ਇਸ ਤੋਂ ਇਲਾਵਾ 15 ਥਿਤਾਂ, 7 ਵਾਰ, 12 ਮਹੀਨੇ ਅਤੇ 6 ਰੁੱਤਾਂ ਵੱਲ ਵੀ ਸੰਕੇਤ ਕੀਤਾ ਗਿਆ ਹੈ। ਸਾਇੰਸਦਾਨਾਂ ਨੇ ਵੀ ਖੋਜ ਕਰ ਕੇ ਦੱਸਿਆ ਹੈ ਕਿ ਧਰਤੀ ਦੀਆਂ ਦੋ ਗਤੀਆਂ ਹਨ। ਇੱਕ ਗਤੀ ਆਪਣੇ ਧੁਰੇ ਦੇ ਦੁਆਲੇ, ਜਿਸ ਨਾਲ ਦਿਨ ਤੇ ਰਾਤ ਬਣਦੇ ਹਨ ਅਤੇ ਦੂਜੀ ਗਤੀ ਸੂਰਜ ਦੇ ਦੁਆਲੇ ਜਿਸ ਨਾਲ ਰੁੱਤਾਂ ਬਦਲਦੀਆਂ ਹਨ, ਇਸ ਤਰ੍ਹਾਂ ਸੂਰਜ, ਚੰਦ ਅਤੇ ਧਰਤੀ ਲੱਖਾਂ ਵਰਿਆਂ ਤੋਂ ਇੱਕੋ ਚਾਲ ਨਾਲ ਗਤੀਸ਼ੀਲ ਹਨ। ਗੁਰੂ ਨਾਨਕ ਦੇਵ ਜੀ ਨੇ ਇਹ ਭੇਦ ਸਭ ਤੋਂ ਪਹਿਲਾਂ ਆਸਾ ਕੀ ਵਾਰ ਬਾਣੀ ਵਿੱਚ ਪ੍ਰਗਟ ਕੀਤਾ ਸੀ। ਉਹਨਾਂ ਦਾ ਫੁਰਮਾਨ ਹੈ:

ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥ ਕੋਹ ਕਰੋੜੀ, ਚਲਤ ਨ ਅੰਤੁ ॥ (ਆਸਾ ਕੀ ਵਾਰ /ਮ: ੧/੪੬੪)

ਪ੍ਰਮਾਤਮਾ ਦੀ ਪੈਦਾ ਕੀਤੀ ਕੁਦਰਤ ਵਿੱਚ ਮਨੁੱਖ ਦੀ ਹੋਂਦ ਰੇਤ ਦੇ ਇੱਕ ਵੱਡੇ ਢੇਰ ਵਿੱਚੋਂ ਇੱਕ ਕਿਣਕੇ ਦੇ ਬਰਾਬਰ ਹੈ। ਉਸ ਪ੍ਰਭੂ ਦੀ ਬਣਾਈ ਹੋਈ ਕੁਦਰਤ ਵਿੱਚ ਕਈ ਐਸੀਆਂ ਵਿਸਮਾਦਿਕ ਖੇਡਾਂ ਹਨ, ਜਿਨ੍ਹਾਂ ਨੂੰ ਮਨੁੱਖ ਸਮਝਣ ਦੇ ਅਸਮਰਥ ਹੈ, ਪਰ ਜਦੋਂ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਹ ਕੁਦਰਤ ਦੇ ਇਹਨਾਂ ਗੁੱਝੇ ਭੇਤਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ ਅਤੇ ਸਮਝਦਿਆਂ ਹੋਇਆਂ ਉਸ ਦੀ ਸੋਚ ਕਿਸੇ ਡੂੰਘੇ ਆਲਮ ਵਿੱਚ ਚਲੀ ਜਾਂਦੀ ਹੈ। ਉਂਝ ਤਾਂ ਇਸ ਤਰ੍ਹਾਂ ਦੇ ਕਈ ਰਹੱਸ ਹਨ, ਪਰ ਇਹਨਾਂ ਵਿੱਚ ਇੱਕ ਡੂੰਘਾ ਰਹੱਸ ਹੈ, ਰੁੱਤਾਂ ਦਾ ਬਦਲਣਾ। ਬੜੀ ਹੈਰਾਨੀ ਹੁੰਦੀ ਹੈ ਤੇ ਉਸ ਕਾਦਰ ਦੇ ਅੱਗੇ ਸਿਰ ਵੀ ਝੁਕਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਕਦੀ ਗਰਮੀ, ਕਦੀ ਸਰਦੀ, ਕਦੀ ਪੱਤਝੜ ਤੇ ਕਦੀ ਬਹਾਰ ਤੇ ਕਦੇ ਬਰਸਾਤਾਂ ਤੇ ਕਦੀ ਸੋਕਾ। ਉਹੀ ਇੱਕੋ ਸੂਰਜ ਤੇ ਉਹੀ ਇੱਕੋ ਗ੍ਰਹਿ, ਜਿਸ ’ਤੇ ਅਸੀਂ ਰਹਿੰਦੇ ਹਾਂ। ਬਾਰ ਬਾਰ ਮੌਸਮਾਂ ਵਿੱਚ ਤਬਦੀਲੀ ਆਉਂਦੀ ਹੈ। ਕੇਵਲ ਮੌਸਮ ਹੀ ਨਹੀਂ ਬਦਲਦੇ ਸਾਡੇ ਰਹਿਣ ਸਹਿਣ ਦੇ ਜੀਵਨ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਸਾਡੇ ਖਾਣ ਪੀਣ ਦੇ ਤੌਰ ਤਰੀਕੇ, ਕੱਪੜੇ ਪਹਿਨਣ ਦਾ ਢੰਗ ਅਤੇ ਜੀਵਨ ਨਿਰਬਾਹ ਦੇ ਸਾਰੇ ਤੌਰ ਤਰੀਕੇ ਬਦਲ ਜਾਂਦੇ ਹਨ। ਰੁੱਤਾਂ ਦੀ ਤਬਦੀਲੀ ਦਾ ਪ੍ਰਭਾਵ ਕੇਵਲ ਮਨੁੱਖੀ ਜੀਵਨ ’ਤੇ ਹੀ ਨਹੀਂ ਸਗੋਂ ਪਸ਼ੂ, ਪੰਛੀਆਂ ਅਤੇ ਬਨਸਪਤੀ ਦੇ ਵੱਖ ਵੱਖ ਕਿਸਮ ਦੇ ਫੁੱਲਾਂ, ਫਲ਼ਾਂ ’ਤੇ ਵੀ ਪੈਂਦਾ ਹੈ।

ਪ੍ਰਮਾਤਮਾ ਵੱਲੋਂ ਸਾਜੀ ਸ੍ਰਿਸ਼ਟੀ ਅਤੇ ਇਸ ਦੇ ਗੁੱਝੇ ਭੇਦਾਂ ਨੂੰ ਪੂਰੀ ਤਰ੍ਹਾਂ ਜਾਣਨਾ ਭਾਵੇਂ ਮਨੁੱਖ ਦੇ ਵੱਸ ਦੀ ਗੱਲ ਨਹੀਂ ਪਰ ਲਗਾਤਾਰ ਵਿਕਾਸ ਅਤੇ ਪ੍ਰਮਾਤਮਾ ਵੱਲੋਂ ਪੂਰਨ ਵਿਕਸਤ ਕੀਤੇ ਹੋਏ ਦਿਮਾਗ ਦੀ ਬਖ਼ਸ਼ਿਸ਼ ਨਾਲ ਇਹ ਕੁਦਰਤ ਦੀਆਂ ਪਾਈਆਂ ਹੋਈਆਂ ਗੁੰਝਲਾਂ ਨੂੰ ਖੋਲ੍ਹਣ ਦੇ ਸਮਰੱਥ ਹੋ ਰਿਹਾ ਹੈ। ਮੌਸਮ ਕਿਉਂ ਤੇ ਕਿਵੇਂ ਬਦਲਦੇ ਹਨ ਅਤੇ ਅਗਾਊਂ ਮੌਸਮ ਬਾਰੇ ਅੱਜ ਦਾ ਮਨੁੱਖ ਜਾਣਨ ਵਿੱਚ ਸਮਰੱਥ ਹੋ ਗਿਆ ਹੈ। ਅਸੀਂ ਆਪਣੇ ਕਾਰ ਵਿਹਾਰ ਵਿੱਚ ਏਨੇ ਰੁੱਝੇ ਰਹਿੰਦੇ ਹਾਂ ਕਿ ਅਸੀਂ ਕਦੀ ਇਹ ਅਨੁਭਵ ਹੀ ਨਹੀਂ ਕੀਤਾ ਕਿ ਜਿਸ ਧਰਤੀ ਉੱਤੇ ਅਸੀਂ ਜੀਵਨ ਬਸਰ ਕਰ ਰਹੇ ਹਾਂ ਉਹ ਇੱਕ ਤੇਜ਼ ਤੋਂ ਤੇਜ਼ ਹਵਾਈ ਜਹਾਜ਼ ਨਾਲੋਂ ਵੱਧ ਗਤੀ ਨਾਲ ਚੱਲ ਰਹੀ ਹੈ ਅਤੇ ਅਸੀਂ ਨਿਰੰਤਰ ਉਸ ਉੱਤੇ ਸਫ਼ਰ ਕਰ ਰਹੇ ਹਾਂ। ਫਿਰ ਵੀ ਨਾ ਕੋਈ ਹਿਚਕੋਲੇ, ਨਾ ਘਬਰਾਹਟ, ਨਾ ਕੋਈ ਐਕਸੀਡੈਂਟ ਦਾ ਡਰ ਤੇ ਨਾ ਹੀ ਕੋਈ ਥਕਾਵਟ ਹੁੰਦੀ ਹੈ। ਜੇ ਏਨਾ ਸਫ਼ਰ ਅਸੀਂ ਕਿਤੇ ਬੱਸ, ਗੱਡੀ ਜਾਂ ਹੋਰ ਸਾਧਨ ਰਾਹੀਂ ਕਰੀਏ ਤਾਂ ਥੱਕ ਕੇ ਚੂਰ ਹੋ ਜਾਂਦੇ ਹਾਂ, ਪਰ ਕੁਦਰਤ ਵਿੱਚ ਇਹ ਗਤੀ ਕਰੋੜਾਂ ਸਾਲਾਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਇੱਕ ਸਾਰ ਹੋ ਰਹੀ ਹੈ। ਮਨੁੱਖ ਨੇ ਖੋਜ ਕੀਤੀ ਹੈ ਕਿ ਇਹ ਗਤੀ ਸੂਰਜ ਦੇ ਦੁਆਲੇ 29.3 ਕਿਲੋ ਮੀਟਰ ਪ੍ਰਤੀ ਸੈਕਿੰਡ ਨਾਲ ਹੋ ਰਹੀ ਹੈ ਅਤੇ 365.25 ਦਿਨਾਂ ਵਿੱਚ ਧਰਤੀ ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ। ਇਸ ਗਤੀ ਦੇ ਕਾਰਨ ਹੀ ਮੌਸਮ ਬਦਲੇ ਹਨ।

ਪ੍ਰਮਾਤਮਾ ਨੇ ਧਰਤੀ ਦੇ ਚਾਰੇ ਪਾਸੇ ਕਈ ਸੌ ਕਿਲੋ ਮੀਟਰ ਤੱਕ ਹਵਾ ਦਾ ਇੱਕ ਉਛਾੜ ਜਿਹਾ ਚੜ੍ਹਾਇਆ ਹੋਇਆ ਹੈ, ਜਿਸ ਨੂੰ ਅਸੀਂ ਵਾਯੂ ਮੰਡਲ ਕਹਿੰਦੇ ਹਾਂ, ਧਰਤੀ ਦੇ ਨੇੜੇ ਵਾਯੂ ਮੰਡਲ ਦੀ ਤਹਿ ਜ਼ਿਆਦਾ ਮੋਟੀ ਤੇ ਸੰਘਣੀ ਹੁੰਦੀ ਹੈ, ਪਰ ਜਿਉਂ ਜਿਉਂ ਅਸੀਂ ਉੱਪਰ ਜਾਂਦੇ ਹਾਂ, ਇਹ ਤਹਿ ਹਲਕੀ ਤੇ ਪਤਲੀ ਹੁੰਦੀ ਜਾਂਦੀ ਹੈ।

ਇਸ ਵਾਯੂ ਮੰਡਲ ਦੀ ਭਾਵੇਂ ਕੋਈ ਖਾਸ ਹੱਦ ਬੰਦੀ ਨਹੀਂ ਕੀਤੀ ਜਾ ਸਕਦੀ, ਫਿਰ ਵੀ ਇਸ ਨੂੰ ਤਿੰਨ ਖੰਡਾਂ ਵਿੱਚ ਵੰਡਿਆ ਗਿਆ ਹੈ; ਜਿਵੇਂ ਅਧੋ ਮੰਡਲ, ਸਮਤਾਪ ਮੰਡਲ ਤੇ ਆਇਨੀ ਮੰਡਲ। ਵਾਯੂ ਮੰਡਲ ਦੇ ਸਭ ਤੋਂ ਹੇਠਲੇ ਭਾਗ ਨੂੰ ‘ਅਧੋ ਮੰਡਲ’ ਕਹਿੰਦੇ ਹਨ। ਇਸ ਮੰਡਲ ਦੀ ਪਿ੍ਰਥਵੀ ਤੋਂ ਔਸਤ ਉਚਾਈ 11 ਕਿਲੋ ਮੀਟਰ ਦੇ ਲਗਭਗ ਹੈ। ਇਹ ਉਚਾਈ ਭੂ ਮੱਧ ਰੇਖਾ ਵੱਲ ਵਧੇਰੇ ਤੇ ਧਰੁਵਾਂ ਵੱਲ ਘੱਟ ਹੈ। ਇਸ ਖੰਡ ਵਿੱਚ ਜਿਉਂ ਜਿਉਂ ਉੱਪਰ ਵੱਲ ਜਾਈਏ ਤਾਪਮਾਨ ਤੇ ਹਵਾ ਦਾ ਦਬਾਅ ਘਟਦਾ ਜਾਂਦਾ ਹੈ। ਇਸ ਭਾਗ ਵਿੱਚ ਕਈ ਵਾਰ ਬੜੀ ਤੇਜ਼ੀ ਨਾਲ ਤਬਦੀਲੀਆਂ ਆਉਂਦੀਆਂ ਹਨ। ਮੀਂਹ, ਹਨੇਰੀ, ਬੱਦਲ, ਤੂਫਾਨ, ਬਿਜਲੀ ਦੀ ਚਮਕ ਵਰਗੀਆਂ ਕਿਰਿਆਵਾਂ ਵਾਯੂ ਮੰਡਲ ਦੇ ਇਸ ਭਾਗ ਵਿੱਚ ਹੀ ਹੁੰਦੀਆਂ ਹਨ। ਇਹਨਾਂ ਕਿਰਿਆਵਾਂ ਕਰ ਕੇ, ਇਸ ਨੂੰ ‘ਅਸ਼ਾਂਤ ਮੰਡਲ’ ਵੀ ਕਿਹਾ ਜਾਂਦਾ ਹੈ।

ਵਾਯੂ ਮੰਡਲ ਦਾ ਤਾਪਮਾਨ ਦੁਪਹਿਰ ਦੇ ਪਿੱਛੋਂ ਆਮ ਕਰ ਕੇ ਅਧਿਕਤਮ ਅਤੇ ਅੱਧੀ ਰਾਤ ਪਿੱਛੋਂ ਨਿਊਤਮ ਹੋ ਜਾਂਦਾ ਹੈ। ਤਾਪਮਾਨ ਦੇ ਇਸ ਅੰਤਰ ਨੂੰ ਅਸੀਂ ਦੈਨਿਕ ਤਾਪ ਅੰਤਰ ਕਹਿੰਦੇ ਹਾਂ। ਕੁਦਰਤ ਦੇ ਨਿਯਮ ਅਨੁਸਾਰ ਸਮੁੰਦਰੀ ਤੱਟ ਦੇ ਨੇੜੇ ਦੈਨਿਕ ਤਾਪ ਅੰਤਰ ਬਹੁਤ ਘੱਟ ਪਰ ਮਾਰੂਥਲੀ ਤੇ ਮੈਦਾਨੀ ਇਲਾਕਿਆਂ ਵਿੱਚ ਤਾਪ ਅੰਤਰ ਕਾਫੀ ਵੱਧ ਹੁੰਦਾ ਹੈ। ਇਸ ਦਾ ਕਾਰਨ ਸੂਰਜ ਦੀਆਂ ਕਿਰਨਾਂ ਦਾ ਧਰਤੀ ਉੱਤੇ ਖਾਸ ਦਿਸ਼ਾ ਵਿੱਚ ਤੇ ਖਾਸ ਹਿੱਸੇ ਵਿੱਚ ਪੈਣਾ ਹੈ। ਇਸੇ ਕਾਰਨ ਹੀ ਮੌਸਮਾਂ ਵਿੱਚ ਤਬਦੀਲੀ ਆਉਂਦੀ ਹੈ। ਕੁੱਝ ਖਾਸ ਮਹੀਨਿਆਂ ਵਿੱਚ ਗਰਮੀ ਤੇ ਕੁੱਝ ਖਾਸ ਮਹੀਨਿਆਂ ਵਿੱਚ ਸਰਦੀ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਾਡੀ ਧਰਤੀ ਸੂਰਜ ਦੇ ਸਾਹਮਣੇ 66.5 (66½) ਦਰਜੇ ’ਤੇ ਝੁਕੀ ਹੋਈ ਹੈ ਅਤੇ ਸੂਰਜ ਦੇ ਦੁਆਲੇ ਲਗਾਤਾਰ ਘੁੰਮ ਰਹੀ ਹੈ। ਇਸ ਤਰ੍ਹਾਂ ਘੁੰਮਦਿਆਂ ਹੋਇਆਂ ਕਦੇ ਉਤਰੀ ਅਰਧ ਗੋਲਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਤੇ ਕਦੇ ਦੱਖਣੀ ਅਰਧ ਗੋਲਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ।

21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ ਜਿਸ ਕਾਰਨ ਉੱਥੇ ਹਵਾ ਦਾ ਦਬਾਅ ਘੱਟ ਜਾਂਦਾ ਹੈ। ਦੱਖਣੀ ਅਰਧ ਗੋਲਾ ਸੂਰਜ ਤੋਂ ਦੂਰ ਹੋਣ ਕਾਰਨ, ਉੱਥੇ ਹਵਾ ਦਾ ਦਬਾਅ ਵੱਧ ਜਾਂਦਾ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਹਵਾ ਵੱਧ ਦਬਾਅ ਤੋਂ ਘੱਟ ਦਬਾਅ ਵੱਲ ਚੱਲਦੀ ਹੈ, ਇਸ ਤਰ੍ਹਾਂ ਪੌਣਾ ਜਦੋਂ ਦੱਖਣੀ ਅਰਧ ਗੋਲੇ ਵੱਲੋਂ ਆਉਂਦੀਆਂ ਹਨ ਤਾਂ ਰਸਤੇ ਵਿੱਚ ਉਹ ਸਮੁੰਦਰ ਨੂੰ ਪਾਰ ਕਰਦੀਆਂ ਹਨ, ਜਿਸ ਨਾਲ ਆਪਣੇ ਵਿੱਚ ਅਥਾਹ ਜਲਵਾਸ਼ਪ ਸਮਾ ਲੈਂਦੀਆਂ ਹਨ। ਇਹ ਪੌਣਾ ਅਰਬ ਸਾਗਰ ਅਤੇ ਖਾੜੀ ਬੰਗਾਲ ਤੋਂ ਲੰਘਦੀਆਂ ਹੋਈਆਂ ਭਾਰਤ ਵਿੰਚ ਪਰਵੇਸ਼ ਕਰਦੀਆਂ ਹਨ। ਇਹ ਭਾਰਤ ਦੇ ਅੰਦਰੂਨੀ ਪਰਬਤਾਂ ਨਾਲ ਟਕਰਾ ਕੇ ਵਰਖਾ ਪੈਦਾ ਕਰਦੀਆਂ ਹਨ ਅਤੇ ਧਰਤੀ ਦਾ ਤਾਪਮਾਨ ਘਟਾ ਦਿੰਦੀਆਂ ਹਨ। ਮੌਸਮ ਦੀ ਇਹ ਸਥਿਤੀ ਆਮ ਕਰ ਕੇ ਜੁਲਾਈ ਤੋਂ ਸਤੰਬਰ ਤੱਕ ਬਣੀ ਰਹਿੰਦੀ ਹੈ।

ਧਰਤੀ ਦੇ ਲਗਾਤਾਰ ਘੁੰਮਣ ਨਾਲ 21 ਜੂਨ ਤੋਂ ਬਾਅਦ ਸੂਰਜ ਦੀਆਂ ਕਿਰਨਾਂ, ਜੋ ਸਿੱਧੀਆਂ ਕਰਕ ਰੇਖਾ ’ਤੇ ਪੈਂਦੀਆਂ ਸਨ, ਉਹ ਭੂ ਮੱਧ ਰੇਖਾ ਵੱਲ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੌਲੀ ਹੌਲੀ 22 ਦਸੰਬਰ ਨੂੰ ਇਹ ਕਿਰਨਾਂ ਮਕਰ ਰੇਖਾ ’ਤੇ ਸਿੱਧੀਆਂ ਚਮਕਣ ਲੱਗਦੀਆਂ ਹਨ। ਇਸ ਤਰ੍ਹਾਂ ਸਥਿਤੀ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਉਲਟ ਹੋ ਜਾਂਦੀ ਹੈ। ਉਤਰੀ ਅਰਧ ਗੋਲੇ ’ਤੇ ਵੱਧ ਦਬਾਅ ਵਾਲੀ ਸਥਿਤੀ ਬਣ ਜਾਂਦੀ ਹੈ। ਇਸ ਤਰ੍ਹਾਂ ਉਤਰੀ ਅਰਧ ਗੋਲੇ ਵਿਚਲੀਆਂ ਖੁਸ਼ਕ ਅਤੇ ਵੱਧ ਦਬਾਅ ਵਾਲੀਆਂ ਪੌਣਾਂ ਘੱਟ ਦਬਾਅ ਵਾਲੇ ਦੱਖਣੀ ਅਰਧ ਗੋਲੇ ਵੱਲ ਸਰਕਣਾ ਸ਼ੁਰੂ ਕਰ ਦਿੰਦੀਆਂ ਹਨ, ਇਸ ਤਰ੍ਹਾਂ ਉਤਰੀ ਅਰਧ ਗੋਲਾ ਮੌਨਸੂਨ ਪੌਣਾ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਅਕਤੂਬਰ ਤੋਂ ਬਾਅਦ ਲਗਾਤਾਰ ਧਰਤੀ ਦੇ ਘੁੰਮਣ ਨਾਲ ਸੂਰਜ ਦੀਆਂ ਕਿਰਨਾ ਦੱਖਣੀ ਅਰਧ ਗੋਲੇ ਵੱਲ ਵਧਣਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਉਤਰੀ ਅਰਧ ਗੋਲੇ ’ਤੇ ਵੱਧ ਦਬਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਸਰਦੀ ਦਾ ਮੌਸਮ ਅਰੰਭ ਹੋ ਜਾਂਦਾ ਹੈ।

23 ਸਤੰਬਰ ਅਤੇ 21 ਮਾਰਚ ਨੂੰ ਉਤਰੀ ਧਰੁਵ ਅਤੇ ਦੱਖਣੀ ਧਰੁਵ ਇੱਕੋ ਜਿਹੇ ਹੀ ਸੂਰਜ ਵੱਲ ਝੁਕੇ ਹੁੰਦੇ ਹਨ। ਇਸ ਸਮੇਂ ਸੂਰਜ ਦੀਆਂ ਕਿਰਨਾਂ ਭੂ ਮੱਧ ਰੇਖਾ ’ਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ ਹਨ, ਇਸ ਕਾਰਨ 23 ਸਤੰਬਰ ਨੂੰ ਉਤਰੀ ਅਰਧ ਗੋਲੇ ਵਿੱਚ ਪੱਤਝੜ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ ਅਤੇ ਦੱਖਣੀ ਅਰਧ ਗੋਲੇ ’ਚ ਬਸੰਤ ਦੀ ਰੁੱਤ ਹੁੰਦੀ ਹੈ। 21 ਮਾਰਚ ਨੂੰ ਇਹ ਸਥਿਤੀ ਉਲਟ ਹੋ ਜਾਂਦੀ ਹੈ। ਉਤਰੀ ਅਰਧ ਗੋਲੇ ਵਿੱਚ ਬਸੰਤ ਦੀ ਰੁੱਤ ਅਤੇ ਦੱਖਣੀ ਅਰਧ ਗੋਲੇ ਵਿੱਚ ਪੱਤਝੜ ਦੀ ਰੁੱਤ ਆ ਜਾਂਦੀ ਹੈ।

ਮੌਸਮਾਂ ਦੀ ਇਸ ਸਥਾਈ ਤਬਦੀਲੀ ਤੋਂ ਇਲਾਵਾ ਕਈ ਵਾਰ ਕੁਝ ਪ੍ਰਤੀ ਕਿਰਿਆਵਾਂ ਸਥਾਨਕ ਜਾਂ ਇਲਾਕਾਈ ਤੌਰ ’ਤੇ ਵੀ ਵਾਪਰਦੀਆਂ ਹਨ, ਜਿਸ ਕਾਰਨ ਮੌਸਮ ਵਿੱਚ ਕੁੱਝ ਸਮੇਂ ਲਈ ਅਚਾਨਕ ਤਬਦੀਲੀ ਆ ਜਾਂਦੀ ਹੈ।

ਭਾਵੇਂ ਮਨੁੱਖ ਨੇ ਅੱਜ ਏਨੀ ਤਰੱਕੀ ਕਰ ਲਈ ਹੈ ਕਿ ਉਹ ਕੁਦਰਤ ਦੇ ਡੂੰਘੇ ਰਹੱਸਾਂ ਨੂੰ ਲਗਾਤਾਰ ਸਮਝ ਰਿਹਾ ਹੈ ਅਤੇ ਮੌਸਮ ਬਾਰੇ ਵੀ ਅਗਾਊਂ ਜਾਣਕਾਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਹੈ, ਫਿਰ ਵੀ ਕੁਦਰਤ ਦੇ ਬਹੁਤ ਸਾਰੇ ਗੁੱਝੇ ਭੇਦ ਤੇ ਰਹੱਸ ਉਸ ਲਈ ਇੱਕ ਬੁਝਾਰਤ ਹੀ ਬਣੇ ਰਹਿਣਗੇ। ਮੌਸਮ ਵਿੱਚ ਅਚਾਨਕ ਤਬਦੀਲੀ ਆਉਣ ਨਾਲ ਉਸ ਦੇ ਅੰਦਾਜ਼ੇ ਗਲਤ ਸਾਬਤ ਵੀ ਹੋ ਜਾਂਦੇ ਹਨ। ਕੁਦਰਤੀ ਆਫ਼ਤਾਂ ਮਨੁੱਖ ਲਈ ਹਮੇਸ਼ਾਂ ਹੀ ਰਹੱਸ ਦਾ ਵਿਸ਼ਾ ਬਣੀਆਂ ਰਹਿਣਗੀਆਂ। ਭੁਚਾਲ ਦੇ ਆਉਣ ਬਾਰੇ ਪਤਾ ਲਗਾਉਣਾ, ਸੁਨਾਮੀ ਲਹਿਰਾਂ ਦਾ ਅਲਾਰਮ, ਵਾ-ਵਰੋਲਿਆਂ ਦਾ ਉੱਡਣਾ, ਇਹਨਾਂ ਬਾਰੇ ਅਗਾਊਂ ਜਾਣਕਾਰੀ ਹਾਸਲ ਕਰਨਾ ਸ਼ਾਇਦ ਅਜੇ ਮਨੁੱਖ ਦੇ ਵੱਸ ਦੀ ਗੱਲ ਨਹੀਂ। ਉਹ ਕੁਦਰਤ ਦੇ ਅੱਗੇ ਹਮੇਸ਼ਾਂ ਹੀ ਬੋਣਾ ਬਣਿਆ ਰਹੇਗਾ। ਗੁਰਬਾਣੀ ਦਾ ਫੁਰਮਾਨ ਹੈ :

ਤੇਰੀ ਕੁਦਰਤਿ, ਤੂਹੈ ਜਾਣਹਿ; ਅਉਰੁ ਨ ਦੂਜਾ ਜਾਣੈ ॥

ਜਿਸ ਨੋ ਕ੍ਰਿਪਾ ਕਰਹਿ; ਮੇਰੇ ਪਿਆਰੇ ! ਸੋਈ ਤੁਝੈ ਪਛਾਣੈ॥ (ਬਸੰਤੁ/ਮ: ੫/੧੧੮੫)

ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ

0

ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ

ਸ. ਕਿਰਪਾਲ ਸਿੰਘ (ਬਠਿੰਡਾ)-98554-80797

ਸੰਨ 2003 ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਰਹੇ ਸਨ ਪਰ ਇਸ ਵਿੱਚ ਵੱਡਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਸੂਰਜੀ ਅਤੇ ਚੰਦ੍ਰਮਾਂ ਦੋ ਪ੍ਰਣਾਲੀਆਂ ’ਤੇ ਅਧਾਰਿਤ ਹੈ। ਆਮ ਚੰਦ੍ਰ ਸਾਲ 354/355 ਦਿਨਾਂ ਦਾ ਅਤੇ ਹਰ ਦੂਜਾ ਜਾਂ ਤੀਜਾ ਸਾਲ 384/385 ਦਿਨਾਂ ਦਾ ਹੋ ਜਾਂਦਾ ਹੈ ਜਦੋਂ ਕਿ ਸੂਰਜੀ ਸਾਲ ਜਿਸ ਅਨੁਸਾਰ ਰੁੱਤਾਂ ਬਦਲਦੀਆਂ ਹਨ, ਉਹ 365/366 ਦਿਨਾਂ ਦਾ ਹੁੰਦਾ ਹੈ। ਇਸ ਲਈ ਆਮ ਚੰਦਰ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੋਣ ਕਰ ਕੇ ਚੰਦਰ ਸਾਲ ਅਨੁਸਾਰ ਮਨਾਏ ਜਾਂਦੇ ਗੁਰਪੁਰਬ ਇਸ ਸਾਲ ਨਾਲੋਂ ਅਗਲੇ ਸਾਲ 11 ਦਿਨ ਪਹਿਲਾਂ ਆਉਣਗੇ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ। ਤੀਜੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ ਪਰ ਇਸ ਵਾਰ ਇੱਕ ਵਾਧੂ ਮਹੀਨਾ ਜੋੜਨ ਨਾਲ ਸਾਲ ਦੇ 12 ਦੀ ਬਜਾਏ 13 ਚੰਦਰ ਮਹੀਨੇ ਬਣ ਜਾਂਦੇ ਹਨ। 19 ਸਾਲਾਂ ਵਿੱਚ 7 ਸਾਲ ਐਸੇ ਹੁੰਦੇ ਹਨ ਜਦੋਂ ਸਾਲ ਦੇ 13 ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਪਿੱਛੋਂ ਆੳਣ ਵਾਲੇ ਸਾਰੇ ਗੁਰਪੁਰਬ 29/30 ਦਿਨ ਪਛੜ ਕੇ ਆਉਣ ਕਾਰਨ ਉਸ ਸਾਲ ਉਹੀ ਗੁਰਪੁਰਬ 11 ਦਿਨ ਪਹਿਲਾਂ ਆਉਣ ਦੀ ਬਜਾਏ 18/19 ਦਿਨ ਪਛੜ ਕੇ ਆਵੇਗਾ। ਇਸ ਹਿਸਾਬ ਕੋਈ ਵੀ ਗੁਰਪੁਰਬ ਕਦੀ ਵੀ ਨਿਸ਼ਚਿਤ ਤਰੀਖਾਂ ਨੂੰ ਨਹੀਂ ਆ ਸਕਦਾ।

ਇਹ ਵੇਖਣ ਲਈ ਕਿ ਬਿਕ੍ਰਮੀ ਕੈਲੰਡਰ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਵਿੱਚੋਂ ਸਿੱਖਾਂ ਲਈ ਕਿਹੜਾ ਕੈਲੰਡਰ ਵੱਧ ਢੁੱਕਵਾਂ ਹੈ ਆਓ, ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਬਿਕ੍ਰਮੀ ਕੈਲੰਡਰ ਅਨੁਸਾਰ ਜਾਰੀ ਕੀਤੇ ਗਏ ਪਿਛਲੇ ਪੰਜ ਕੁ ਸਾਲਾਂ ਦੇ ਕੈਲੰਡਰਾਂ ’ਤੇ ਪੰਛੀ ਝਾਤ ਮਾਰੀਏ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਨੂੰ ਮਨਾਏ ਜਾਣ ਕਰ ਕੇ 2014 ’ਚ 7 ਜਨਵਰੀ/ 24 ਪੋਹ ਨੂੰ ਆਇਆ ਸੀ ਅਤੇ ਦੁਬਾਰਾ 28 ਦਸੰਬਰ/ 13 ਪੋਹ ਨੂੰ ਫਿਰ ਆ ਗਿਆ ਸੀ, 2015 ਵਿੱਚ ਆਇਆ ਹੀ ਨਹੀਂ, 2016 ਵਿੱਚ 16 ਜਨਵਰੀ/ 3 ਮਾਘ, 2017 ਵਿੱਚ 5 ਜਨਵਰੀ/ 22 ਪੋਹ ਨੂੰ ਆਇਆ ਸੀ ਅਤੇ ਦੁਬਾਰਾ ਫਿਰ 25 ਦਸੰਬਰ/ 11 ਪੋਹ ਨੂੰ ਆ ਰਿਹਾ ਹੈ। 2018 ਵਿੱਚ ਇੱਕ ਫਾਲਤੂ ਮਹੀਨਾ ਜੁੜਨ ਸਦਕਾ 11 ਦਿਨ ਪਹਿਲਾਂ ਆਉਣ ਦੀ ਬਜਾਏ 19 ਦਿਨ ਬਾਅਦ ਵਿੱਚ ਆਵੇਗਾ, ਜੋ ਕਿ ਸੰਨ 2019 ਹੋਵੇਗਾ ਤੇ 2018 ਵਿੱਚ ਆਵੇਗਾ ਹੀ ਨਹੀਂ ਅਤੇ 2019 ’ਚ 13 ਜਨਵਰੀ/ 1 ਮਾਘ ਨੂੰ ਆਵੇਗਾ। ਇਸ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਕਿਤਨੀ ਅਜੀਬ ਸਥਿਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਅੰਗਰੇਜ਼ੀ ਮਹੀਨੇ ਦਸੰਬਰ ਅਤੇ ਕਦੀ ਜਨਵਰੀ ਵਿੱਚ/ ਦੇਸੀ ਮਹੀਨਿਆਂ ਮੁਤਾਬਕ ਕਦੀ ਪੋਹ ਵਿੱਚ ਅਤੇ ਕਦੀ ਮਾਘ ਵਿੱਚ ਆ ਜਾਂਦਾ ਹੈ। 2014 ਤੋਂ 2019 ਤੱਕ ਭਾਵ 6 ਸਾਲਾਂ ਵਿੱਚੋਂ ਦੋ ਸਾਲਾਂ ਵਿੱਚ ਦੋ-ਦੋ ਵਾਰ, ਦੋ ਸਾਲਾਂ ਵਿੱਚ ਇੱਕ ਵਾਰ ਅਤੇ ਦੋ ਸਾਲਾਂ ਵਿੱਚ ਆਇਆ ਹੀ ਨਹੀਂ। ਵਿਗਾੜੇ ਗਏ ਕੈਲੰਡਰ ਜਿਸ ਨੂੰ ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧੀ ਧਿਰ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਦੱਸ ਰਹੀ ਹੈ, ਨੇ ਸਾਡੀ ਸਥਿਤੀ ਦੁਨੀਆਂ ਵਿੱਚ ਕਿਤਨੀ ਹਾਸੋਹੀਣੀ ਬਣਾ ਛੱਡੀ ਹੈ ਕਿ ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਨੂੰ ਹੋਇਆ ਸੀ। ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਆਉਣ ਪਿੱਛੋਂ ਉਨ੍ਹਾਂ ਨੇ ਇਨ੍ਹਾਂ ਦੇਸੀ ਤਰੀਕਾਂ ਨੂੰ ਜੂਲੀਅਨ ਕੈਲੰਡਰ ਦੀਆਂ ਤਰੀਕਾਂ ਵਿੱਚ ਬਦਲ ਕੇ ਇਤਿਹਾਸ ਲਿਖਵਾਇਆ ਤਾਂ 22 ਦਸੰਬਰ ਸੰਨ 1666 ਈ: ਲਿਖਿਆ ਗਿਆ। ਸ਼੍ਰੋਮਣੀ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਦੇ ਸਾਰੇ ਵਿਰੋਧੀ ਇਨ੍ਹਾਂ ਤਰੀਕਾਂ ਨਾਲ ਸਹਿਮਤ ਹਨ ਅਤੇ ਸਮੁੱਚੇ ਪੰਥ ਵਿੱਚ ਇਸ ਸਬੰਧੀ ਕੋਈ ਵੀ ਮੱਤਭੇਦ ਨਹੀਂ ਹੈ ਪਰ (ਕੁ) ਸੋਧੇ ਕੈਲੰਡਰ ਵਿੱਚ 2014 ਤੋਂ 2017 ਤੱਕ ਦੇ 4 ਸਾਲਾਂ ਦੇ ਕੈਲੰਡਰ ਵੇਖਣ ਤੋਂ ਪਤਾ ਲਗਦਾ ਹੈ ਕਿ ਪ੍ਰਕਾਸ਼ ਦਿਹਾੜੇ ਦੀ ਤਰੀਕ ਕਰਮਵਾਰ 24 ਪੋਹ, 13 ਪੋਹ, 3 ਮਾਘ, 22 ਪੋਹ ਅਤੇ 11 ਪੋਹ ਲਿਖਿਆ ਹੋਇਆ ਹੈ ਭਾਵ ਪੰਜ ਸਾਲਾਂ ਵਿੱਚ ਕਿਸੇ ਵੀ ਕੈਲੰਡਰ ਦੀ ਤਰੀਕ ਸਰਬ ਪ੍ਰਵਾਣਿਤ ਇਤਿਹਾਸ ਵਿੱਚ ਦਰਜ ਤਰੀਕ ਨਾਲ ਨਹੀਂ ਮਿਲਦੀ। ਪੁੱਛਣ ’ਤੇ ਜਵਾਬ ਮਿਲਦਾ ਹੈ ਕਿ ਇਨ੍ਹਾਂ ਤਰੀਕਾਂ ਨੂੰ ਪੋਹ ਸੁਦੀ 7 ਆਉਂਦੀ ਹੈ, ਇਸ ਕਾਰਨ ਇਹ ਲਿਖੀ ਹੈ। ਕਿੰਨੀ ਅਜੀਬ ਗੱਲ ਹੈ ਕਿ ਜਿਹੜੀਆਂ ਤਿਥਾਂ ਮੁਤਾਬਕ ਗੁਰਪੁਰਬ ਨਿਸ਼ਚਿਤ ਕੀਤੇ ਜਾਂਦੇ ਹਨ ਉਹ ਤਿਥਾਂ ਕੈਲੰਡਰ ਵਿੱਚ ਦਰਜ ਨਹੀਂ ਹਨ ਅਤੇ ਜਿਹੜੀਆਂ ਤਰੀਕਾਂ ਦੇ ਗੁਰਪੁਰਬ ਲਿਖੇ ਹੋਏ ਹਨ ਉਨ੍ਹਾਂ ਵਿੱਚੋਂ ਕਿਸੇ ਵੀ ਸਾਲ, ਨਾ ਹੀ ਈਸਵੀ ਕੈਲੰਡਰ ਅਤੇ ਨਾ ਹੀ ਬਿਕ੍ਰਮੀ ਕੈਲੰਡਰ ਦੀ ਇੱਕ ਵੀ ਤਰੀਕ ਇਤਿਹਾਸ ਵਿੱਚ ਦਰਜ ਨਹੀਂ ਮਿਲਦੀ ਤੇ ਹਰ ਸਾਲ ਬਦਲ ਵੀ ਜਾਂਦੀ ਹੈ। ਹੁਣ ਅਸੀਂ ਆਪਣੇ ਬੱਚਿਆਂ ਅਤੇ ਦੁਨੀਆਂ ਦੇ ਲੋਕਾਂ ਨੂੰ ਕੀ ਦੱਸੀਏ ਕਿ ਸਾਡੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਕਿਸ ਤਰੀਕ ਦਾ ਹੈ। ਗੁਰੂ ਗੋਬਿੰਦ ਸਿੰਘ ਜੇ ਦੇ ਗੁਰਪੁਰਬ ਦੀ ਕੇਵਲ ਉਦਾਹਰਨ ਦਿੱਤੀ ਹੈ, ਬਾਕੀ ਦੇ ਸਾਰੇ ਗੁਰਪੁਰਬਾਂ ਦਾ ਵੀ ਇਹੀ ਹਾਲ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਕੱਤਕ ਵਿੱਚ ਆਉਂਦਾ ਹੈ ਤੇ ਕਦੀ ਮੱਘਰ ਵਿੱਚ। ਬੰਦੀ ਛੋੜ ਦਿਵਸ ਕਦੀ ਅਕਤੂਬਰ ਵਿੱਚ ਅਤੇ ਕਦੀ ਨਵੰਬਰ ਮਹੀਨੇ ਵਿੱਚ ਆਉਂਦਾ ਹੈ। ਗਾਂਧੀ ਦਾ ਜਨਮ ਦਿਨ 2 ਅਕਤੂਬਰ ਅਤੇ ਨਹਿਰੂ ਦਾ ਜਨਮ ਦਿਨ 14 ਨਵੰਬਰ ਤਾਂ ਸਾਡੇ ਬੱਚੇ ਬੱਚੇ ਨੂੰ ਯਾਦ ਹੈ ਪਰ ਆਪਣੇ ਗੁਰੂ ਸਾਹਿਬਾਨਾਂ ਦੇ ਦਿਨ ਬੱਚਿਆਂ ਨੂੰ ਤਾਂ ਕੀ; ਕਿਸੇ ਵਿਦਵਾਨ, ਇੱਥੋਂ ਤੱਕ ਕਿ ਬਿਕ੍ਰਮੀ ਕੈਲੰਡਰ ਦੇ ਸਮਰਥਕਾਂ ਨੂੰ ਵੀ ਯਾਦ ਨਹੀਂ ਰਹਿ ਸਕਦੇ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਹਰ ਸਾਲ ਵਿੱਚ ਕੇਵਲ ਇੱਕ ਵਾਰ ਮਨਾਉਂਦੇ ਹਾਂ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਮੇਂ ਕਿਉਂ ਕਦੀ ਸਾਲ ਵਿੱਚ ਦੋ ਵਾਰ ਅਤੇ ਕਦੀ ਮਨਾਇਆ ਹੀ ਨਹੀਂ ਜਾਂਦਾ ? ਇਸ ਦੇ ਜਵਾਬ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੇ ਕਹਿੰਦੇ ਹਨ ਕਿ ਈਸਵੀ ਕੈਲੰਡਰ ਨਾਲ ਸਾਡਾ ਕੀ ਸਬੰਧ ਹੈ ਬਿਕ੍ਰਮੀ ਕੈਲੰਡਰ ਵਿੱਚ ਇਹ ਹਰ ਸਾਲ ਇੱਕ ਵਾਰ ਹੀ ਆਉਂਦਾ ਹੈ। ਇਹ ਵੀਰ ਕਿੰਨੇ ਭੋਲ਼ੇ ਹਨ ਜਾਂ ਆਪਣੇ ਆਪ ਨੂੰ ਬਹੁਤ ਹੀ ਚਤੁਰ ਚਲਾਕ ਸਮਝਦੇ ਹੋਏ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਇਨ੍ਹਾਂ ਦਾ ਬਿਕ੍ਰਮੀ ਕੈਲੰਡਰ 354 ਦਿਨਾਂ ਹੈ ਜਾਂ 385 ਦਿਨਾਂ ਦਾ ? ਕਿਉਂਕਿ ਕਦੀ ਗੁਰਪੁਰਬ 354/355 ਪਿੱਛੋਂ ਆਉਂਦਾ ਹੈ ਅਤੇ ਕਦੀ 384/385 ਦਿਨਾਂ ਪਿੱਛੋਂ। ਹੋਰ ਦੱਸਣ ਕਿ ਇਨ੍ਹਾ ਦਾ ਸਾਲ ਕਿਹੜੀ ਤਰੀਕ ਨੂੰ ਸ਼ੁਰੂ ਹੋ ਕੇ ਕਿਹੜੀ ਤਰੀਕ ਨੂੰ ਖ਼ਤਮ ਹੁੰਦਾ ਹੈ ? ਜੇ ਇਹ ਮੰਨਦੇ ਹਨ ਕਿ 1 ਚੇਤ ਤੋਂ ਸ਼ੁਰੂ ਹੋ ਕੇ 30 ਫੱਗਣ ਨੂੰ ਸਮਾਪਤ ਹੁੰਦਾ ਹੈ ਤਾਂ ਹੋਲਾ ਮਹੱਲਾ ਕਿਸੇ ਸਾਲ ਫੱਗਣ ਮਹੀਨੇ ਵਿੱਚ ਅਤੇ ਕਿਸੇ ਸਾਲ ਚੇਤ ਵਿੱਚ ਆਏਗਾ। ਕਿਸੇ ਸਾਲ, ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ; ਜਿਵੇਂ ਕਿ ਨਾਨਕਸ਼ਾਹੀ ਸੰਮਤ 547 (2015-16) ਵਿੱਚ ਆਇਆ ਹੀ ਨਹੀਂ ਅਤੇ ਨਾਨਕਸ਼ਾਹੀ ਸੰਮਤ 548 (2016-17) ਵਿੱਚ ਦੋ ਵਾਰ ਪਹਿਲਾਂ 11 ਚੇਤ/ 24 ਮਾਰਚ ਸੰਨ 2016 ਵਿੱਚ ਅਤੇ ਦੂਜੀ ਵਾਰ 30 ਫੱਗਣ/ 13 ਮਾਰਚ ਸੰਨ 2017 ਨੂੰ ਕਿਵੇਂ ਆ ਗਿਆ ?

ਦੂਸਰਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਧਾਰਿਮਕ ਅਤੇ ਸ਼ੁਭ ਦਿਹਾੜੇ ਚੰਦ੍ਰਮਾਂ ਸਾਲ ਅਤੇ ਇਤਿਹਾਸਕ ਦਿਹਾੜੇ ਸੂਰਜੀ ਸਾਲ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ; ਭਾਵ ਦੋ ਬੇੜੀਆਂ ਵਿੱਚ ਪੈਰ ਰੱਖੇ ਹੋਏ ਹਨ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਪੋਹ ਸੁਦੀ 7; ਵੱਡੇ ਸਾਹਬਿਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੂਰਜੀ ਤਰੀਖਾਂ ਅਨੁਸਾਰ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਅਤੇ ਕਦੀ ਬਾਅਦ ਵਿੱਚ ਆਉਂਦਾ ਹੈ ਪਰ ਸੰਨ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰ ਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ। 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰ ਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ। ਗੁਰੂ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਣ ਵੇਲੇ ਕੁਦਰਤੀ ਤੌਰ ’ਤੇ ਹਰ ਸਿੱਖ ਦੇ ਮਨ ਵਿੱਚ ਭਾਵਨਾ ਅਤੇ ਸਮਾਗਮ ਦਾ ਮਹੌਲ ਵੱਖ ਵੱਖ ਤਰ੍ਹਾਂ ਦਾ ਬਣਿਆ ਹੋਣ ਕਰ ਕੇ ਸਿੱਖ ਦੁਬਿਧਾ ਵਿੱਚ ਰਹਿੰਦੇ ਹਨ ਕਿ ਇਹ ਦੋਵੇਂ ਦਿਹਾੜੇ ਇੱਕੋ ਦਿਨ ਕਿਸ ਮਹੌਲ ਵਿੱਚ ਮਨਾਏ ਜਾਣ ? ਇਸ ਗਲਤੀ ਦਾ ਅਹਿਸਾਸ ਕਰਾਉਣ ਲਈ ਹੀ 27 ਦਸੰਬਰ 2014 ਨੂੰ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਤਖ਼ਤ ਦਮਦਮਾ ਸਹਿਬ ਵਿਖੇ ਨਗਰ ਕੀਰਤਨ ਕੱਢਿਆ ਗਿਆ ਸੀ ਤਾਂ ਉਥੋਂ ਦੇ ਮੁਕਾਮੀ ਜਥੇਦਾਰ ਗਿਆਨੀ ਨੰਦਗੜ੍ਹ ਸ਼ਾਮਲ ਨਹੀਂ ਹੋਏ ਸਨ ਤਾਂ ਸੱਤਾ ਦੇ ਨਸ਼ੇ ਵਿੱਚ ਆਏ ਸਿਆਸਤਦਾਨਾਂ ਨੇ ਜਥੇਦਾਰ ਦੇ ਇਸ ਸਹੀ ਇਤਰਾਜ਼ ’ਤੇ ਗੰਭੀਰਤਾ ਨਾਲ ਸੋਚ ਵੀਚਾਰ ਕਰ ਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਦੀ ਥਾਂ ਉਨ੍ਹਾਂ ਨੂੰ ਜਥੇਦਾਰੀ ਦੇ ਅਹੁੱਦੇ ਤੋਂ ਹੀ ਹਟਾ ਦਿੱਤਾ। ਇਸ ਘਟੀਆ ਕਾਰਵਾਈ ਰਾਹੀਂ ਸੱਤਾ ਦੇ ਨਸ਼ੇ ਵਿੱਚ ਮੱਤੇ ਸਿਆਸੀ ਨੇਤਾਵਾਂ ਨੇ ਕੌਮ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਜ਼ਮੀਰ ਦੀ ਅਵਾਜ਼ ਉਠਾਉਣ ਵਾਲੇ ਆਮ ਸਿੱਖ ਤਾਂ ਕੀ; ਆਪਣੇ ਹੀ ਵੱਲੋਂ ਸਰਬਉਚ ਕਹਿ ਕੇ ਵਰਤੇ ਜਾਂਦੇ ਜਥੇਦਾਰਾਂ ਨੂੰ ਵੀ ਕਿਸ ਤਰ੍ਹਾਂ ਬੇਇੱਜ਼ਤ ਕਰ ਸਕਦੇ ਹਨ !

ਇਸ ਸਾਲ 2017 ਵਿੱਚ ਫਿਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਗੁਰੂ ਗੋਗਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 11 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਦਰਸਾਇਆ ਗਿਆ ਹੈ। ਸਿੱਖ ਸੰਗਤਾਂ ਦੀ ਮੰਗ ’ਤੇ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 11 ਪੋਹ/ 25 ਦਸੰਬਰ ਦੀ ਬਜਾਏ 23 ਪੋਹ/ 5 ਜਨਵਰੀ ਨੂੰ ਮਨਾਉਣ ਲਈ ਸਿੱਖ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਜਾਵੇ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰ ਕੇ ਪ੍ਰਕਾਸ਼ ਦਿਹਾੜੇ ਦੀ ਤਰੀਕ ਬਦਲਣ ਦੀ ਕੀਤੀ ਅਪੀਲ ਅਤੇ ਜਥੇਦਾਰਾਂ ਦੇ ਬਿਆਨ ਅਖ਼ਬਾਰਾਂ ਵਿੱਚ ਆਉਂਦੇ ਰਹੇ ਸਨ ਇਸ ਤੋਂ ਜਾਪਦਾ ਸੀ ਕਿ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਹੁਣ ਸੁਧਾਰ ਵੱਲ ਕਦਮ ਪੁੱਟਣਾ ਸ਼ੁਰੂ ਹੋ ਗਿਆ ਹੈ ਪਰ ਜਿਸ ਤਰ੍ਹਾਂ 13 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੰਜਾਂ ਦੀ ਹੋਈ ਮੀਟਿੰਗ ਵਿੱਚ ਫੈਸਲਾ 11 ਪੋਹ/ 25 ਦਸੰਬਰ ਦੇ ਹੱਕ ਵਿੱਚ ਹੀ ਹੋਇਆ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਿੱਖਾਂ ਦੇ ਕੌਮੀ ਦਿਹਾੜੇ ਨਿਸ਼ਚਿਤ ਕਰਨੇ ਸਾਡੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦੇ ਹੱਥ ਵਿੱਚ ਵੀ ਨਹੀਂ ਹਨ ਫੈਸਲੇ ਕਿਤੋਂ ਹੋਰ ਹੀ ਹੁੰਦੇ ਹਨ ਤੇ ਕੇਵਲ ਐਲਾਨ ਹੀ ਤਖ਼ਤ ਸਾਹਿਬ ਤੋਂ ਕਰਵਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਵੀ ਇਨ੍ਹਾਂ ਨੇ ਮਿੱਟੀ ਵਿੱਚ ਰੋਲ ਦਿੱਤਾ ਹੈ। ਇਸ ਸਬੰਧੀ ਲਿਖਣ ਦੀ ਲੋੜ ਨਹੀਂ, ਸਭ ਨੂੰ ਪਤਾ ਹੀ ਹੈ ਕਿ ਫੈਸਲੇ ਅਸਲ ਵਿੱਚ ਹੁੰਦੇ ਕਿੱਥੋਂ ਹਨ (ਸਿਰਸੇ ਵਾਲੇ ਬਲਾਤਕਾਰੀ ਸਾਧ ਨੂੰ ਬਿਨਾਂ ਮੁਆਫੀ ਮੰਗੇ, ਮੁਆਫ ਕਰਨ ਦੀ ਘਟਨਾ ਅਤੇ ਬਾਅਦ ਵਿੱਚ ਇੱਕ ਜਥੇਦਾਰ ਵੱਲੋਂ ਇਸ ਦਾ ਖੁਲਾਸਾ ਕਰਨ ਪਿੱਛੋਂ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ।)

ਬਿਕ੍ਰਮੀ ਕੈਲੰਡਰ ਵਿੱਚ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਇਕੱਠੇ ਆਉਣ ਦੀ ਪਹਿਲਾਂ ਵੀ ਐਸੀ ਸਮੱਸਿਆ ਕਈ ਵਾਰ ਆ ਚੁੱਕੀ ਹੈ ਅਤੇ ਅੱਗੋਂ ਵੀ ਆਉਂਦੀ ਰਹੇਗੀ ਜਿਹੜੀ ਕਿ ਕੇਵਲ ਨਾਨਕਸ਼ਾਹੀ ਕੈਲੰਡਰ ਰਾਹੀਂ ਹੀ ਹੱਲ ਹੋ ਸਕਦੀ ਹੈ।

ਇਸੇ ਤਰ੍ਹਾਂ ਦੀ ਦੂਸਰੀ ਵੱਡੀ ਘਟਨਾ 1984 ਈ: ਵਿੱਚ ਵਾਪਰੀ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 3 ਜੂਨ ਨੂੰ ਸੀ। 3 ਜੂਨ ਨੂੰ ਹੀ ਭਾਰਤ ਸਰਕਾਰ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰ ਕੇ 4 ਜੂਨ ਨੂੰ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ 6 ਜੂਨ ਦੀ ਸਵੇਰ ਤੱਕ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਜਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਰਨਲ ਸੁਬੇਗ ਸਿੰਘ ਸਮੇਤ ਹਜਾਰਾਂ ਸਿੰਘ ਸ਼ਹੀਦ ਕਰ ਦਿੱਤੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਵਿੱਚੋਂ ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਦੀ ਸੀ, ਜੋ ਫੌਜ ਦੇ ਘੇਰੇ ਕਾਰਨ ਬਾਹਰ ਨਹੀਂ ਨਿੱਕਲ ਸਕੇ। 1984 ਤੋਂ ਬਾਅਦ ਅੱਜ ਤੱਕ ਕਦੀ ਵੀ ਇਹ ਤਰੀਖਾਂ ਇਕੱਠੀਆਂ ਨਹੀਂ ਆਈਆਂ ਜਿਸ ਕਾਰਨ ਸਾਡੇ ਲਈ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਸਿੱਖਾਂ ਦਾ ਵੱਧ ਨੁਕਸਾਨ ਕਰਨ ਲਈ ਹੀ ਭਾਰਤ ਸਰਕਾਰ ਨੇ ਹਮਲੇ ਲਈ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤਦ ਚੁਣਿਆ ਜਦੋਂ ਸ਼ਰਧਾਵਾਨ ਸੰਗਤਾਂ ਆਪਣੇ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸਨ।

ਹੁਣ ਸਾਡੇ ਬੱਚੇ ਪੁੱਛਦੇ ਹਨ ਕਿ 1984 ਵਿੱਚ ਇਹ ਦਿਹਾੜੇ ਇੱਕਠੇ ਕਿਵੇਂ ਆ ਗਏ; ਜਦੋਂ ਕਿ ਉਸ ਤੋਂ ਬਾਅਦ ਹੁਣ ਤੱਕ ਤਾਂ ਕਦੀ ਵੀ ਨਹੀਂ ਆਏ ! ਇਸੇ ਮੁਸ਼ਕਲ ਨੂੰ ਹੱਲ ਕਰਨ ਹਿੱਤ ਸਿੱਖ ਜਗਤ ਵਿੱਚ ਇਹ ਲੋੜ ਮਹਿਸੂਸ ਹੋਣ ਲੱਗੀ ਕਿ ਸਿੱਖਾਂ ਦਾ ਕੋਈ ਐਸਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਨਿਸ਼ਚਿਤ ਤਰੀਖਾਂ ਨੂੰ ਹੀ ਆਉਣ ਜਿਨ੍ਹਾਂ ਨੂੰ ਯਾਦ ਰੱਖਣ ਵਿੱਚ ਅਸਾਨੀ ਵੀ ਰਹੇ। ਇਹ ਜ਼ਿੰਮੇਵਾਰੀ ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਨੇ ਲਈ ਅਤੇ ਸ਼੍ਰੋਮਣੀ ਕਮੇਟੀ ਨੇ ਹੋਰ ਵਿਦਵਾਨਾਂ ਦੀ ਕਮੇਟੀ ਸ: ਪੁਰੇਵਾਲ ਦੀ ਸਹਾਇਤਾ ਅਤੇ ਸਜਿਯੋਗ ਕਰਨ ਲਈ ਬਣਾ ਦਿੱਤੀ।

ਸ: ਪੁਰੇਵਾਲ ਨੇ ਆਪਣੀਆਂ ਖੋਜਾਂ ਰਾਹੀਂ ਦੱਸਿਆ ਕਿ ਭਾਰਤ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਡਾ ਹੋਣ ਕਰ ਕੇ ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਗੁਰਬਾਣੀ ਵਿੱਚ ਵਰਣਨ ਕੀਤੇ ਮੌਸਮਾਂ ਤੋਂ ਅਲਹਿਦਾ ਹੋ ਜਾਣਗੇ। ਉਪਰੋਕਤ ਕਾਰਨਾਂ ਕਰ ਕੇ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਰੀਖਾਂ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ; ਜਿਵੇਂ ਕਿ

ਈਸਵੀ 1699 ਦੀ ਵੈਸਾਖੀ 29 ਮਾਰਚ (ਯੂਲੀਅਨ) ਨੂੰ ਸੀ। 1699 ਵਿੱਚ ਕਿਉਂਕਿ ਅੰਗਰੇਜ਼ੀ ਕੈਲੰਡਰ ਤਾਂ ਲਾਗੂ ਨਹੀਂ ਸੀ ਇਸ ਲਈ ਇਹ ਤਰੀਖ ਸ: ਪਾਲ ਸਿੰਘ ਪੁਰੇਵਾਲ ਦੇ ਗਣਿਤ ਮੁਤਾਬਕ ਕੈਲਕੂਲੇਟ ਕੀਤੀ ਗਈ ਹੈ ਜਦੋਂ ਕਿ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਪੰਜਾਬ ਦਾ ਇਤਿਹਾਸ ਲਿਖਵਾਉਣ ਸਮੇਂ 30 ਮਾਰਚ ਕੈਲਕੂਲੇਟ ਕੀਤੀ ਗਈ ਸੀ ਅਤੇ ਇਸ ਪਿੱਛੋਂ ਬਹੁਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਨਕਲ ਕਰ ਕੇ 30 ਮਾਰਚ ਹੀ ਲਿਖੀ ਹੈ, ਪਰ ਕੈਲੰਡਰ ਵਿਗਿਆਨ ਦੀ ਹੋਰਨਾਂ ਨਾਲੋਂ ਵੱਧ ਸੂਝ ਰੱਖਣ ਸਦਕਾ ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੈਲਕੂਲੇਟ ਕੀਤੀ ਗਈ ਤਰੀਖ 29 ਮਾਰਚ ਹੀ ਵੱਧ ਮੰਨਣਯੋਗ ਹੈ, ਇਸ ਦਾ ਕਾਰਨ ਇਹ ਹੈ ਕਿ ਵੈਸਾਖ ਦਾ ਪਹਿਲਾ ਪ੍ਰਵਿਸ਼ਟਾ (ਤਾਰੀਖ) ਕਿਸ ਦਿਨ ਹੋਵੇਗਾ, ਇਹ ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਨਿਯਮ ਹਨ। ਪੰਜਾਬ ਵਿੱਚ ਦਿਨ, ਸੂਰਜ ਚੜ੍ਹਨ ਤੋਂ ਅਗਲੇ ਦਿਨ ਸੂਰਜ ਚੜ੍ਹਨ ਤੱਕ ਮੰਨਿਆ ਜਾਂਦਾ ਹੈ। 1 ਵੈਸਾਖ 1756 ਬਿਕ੍ਰਮੀ ਨੂੰ ਭਾਰਤੀ ਸਮੇਂ ਮੁਤਾਬਕ ਸੂਰਜ ਨੇ 29 ਮਾਰਚ 1699 ਈ: ਦਿਨ ਬੁੱਧਵਾਰ ਨੂੰ ਰਾਤ ਦੇ 9 ਵੱਜ ਕੇ 6 ਮਿੰਟ ’ਤੇ ਰਾਸ਼ੀ ਬਦਲੀ ਕੀਤੀ ਸੀ। ਪੰਜਾਬ ਦੇ ਨਿਯਮ ਮੁਤਾਬਕ ਤਾਂ 29 ਮਾਰਚ ਦਿਨ ਬੁੱਧਵਾਰ ਨੂੰ 1 ਵੈਸਾਖ ਸੀ। ਕੰਨੂਪਿਲੇ ਤਮਿਲਨਾਡੂ ਦਾ ਵਸਨੀਕ ਸੀ। ਉਥੋਂ ਦੇ ਨਿਯਮ ਮੁਤਾਬਕ ਜੇ ਸੂਰਜ ਛਿਪਣ ਤੋਂ ਪਿਛੋਂ ਰਾਸ਼ੀ ਬਦਲੀ ਕਰੇ ਤਾਂ ਮਹੀਨੇ ਦਾ ਪਹਿਲਾ ਪ੍ਰਵਿਸ਼ਟਾ ਅਗਲੇ ਦਿਨ ਹੋਵੇਗਾ। ਇਸ ਕਾਰਨ ਤਮਿਲਨਾਡੂ ਵਿੱਚ ਅਗਲੇ ਦਿਨ ਭਾਵ 30 ਮਾਰਚ ਦਿਨ ਵੀਰਵਾਰ ਨੂੰ 1 ਵੈਸਾਖ ਸੀ। ਡਾ: ਗੰਡਾ ਸਿੰਘ ਨੇ ਕੰਨੂਪਿਲੇ ਵਾਲੀ ਜੰਤਰੀ ਵਰਤੀ ਹੈ, ਪਰ ਉਨ੍ਹਾਂ ਨੇ ਜੰਤਰੀ ਦੀ ਭੂਮਿਕਾ ਵਿਚ ਲਿਖੇ ਇਸ ਨੋਟ ਨੂੰ ਨਾ ਪੜ੍ਹਿਆ ਜਾਂ ਸਮਝਿਆ :-

‘ਇਹ ਜੰਤਰੀ ਤਮਿਲਨਾਡੂ ਦੇ ਨਿਯਮ ਅਨੁਸਾਰ ਹੈ’।

325 ਏਡੀ ਵਿੱਚ Nicaea (ਨੀਸੀਆ) ਸ਼ਹਿਰ ਵਿੱਚ ਈਸਾਈ ਪਾਦਰੀਆਂ, ਪਾਸਟਰਾਂ ਅਤੇ ਵਿਦਵਾਨਾਂ ਦੀ ਹੋਈ ਮੀਟਿੰਗ ਵਿੱਚ ਉਹ ਇਸ ਨਤੀਜੇ ’ਤੇ ਪੁੱਜੇ ਕਿ 21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਹਨ। ਇਸ ਪਿੱਛੋਂ ਈਸਾਈ ਜਗਤ 21 ਮਾਰਚ ਨੂੰ ਦਿਨ ਰਾਤ ਬਰਾਬਰ ਮੰਨ ਕੇ ਆਪਣੇ ਧਾਰਮਿਕ ਦਿਹਾੜੇ ਗੁੱਡ ਫਰਾਈਡੇ ਅਤੇ ਈਸਟਰ ਸੰਡੇ ਨਿਸ਼ਚਿਤ ਕਰਦਾ ਰਿਹਾ ਹੈ। ਯੂਲੀਅਨ ਸਾਲ (365.25 ਦਿਨ) ਰੁੱਤੀ ਸਾਲ 365.2422 ਦਿਨ) ਤੋਂ ਥੋੜ੍ਹਾ ਵੱਧ ਹੋਣ ਕਰ ਕੇ 16ਵੀਂ ਸਦੀ ਤੱਕ Equinox (ਦਿਨ ਰਾਤ ਬਰਾਬਰ ਹੋਣ ਦਾ ਦਿਨ) 21 ਮਾਰਚ ਤੋਂ ਖਿਸਕ ਕੇ 11 ਮਾਰਚ ਹੋ ਗਿਆ। ਆਪਣੇ ਧਾਰਮਿਕ ਦਿਹਾੜੇ ਰੁੱਤਾਂ ਨਾਲ ਜੋੜੀ ਰੱਖਣ ਲਈ ਪੋਪ ਗ੍ਰੈਗੋਰੀਅਨ ਨੇ 1582 ਵਿੱਚ ਸੋਧ ਕੀਤੀ ਜਿਸ ਕਾਰਨ ਵਧੇ ਹੋਏ 10 ਦਿਨ, ਖ਼ਤਮ ਕਰ ਕੇ 4 ਅਕਤੂਬਰ ਦਿਨ ਵੀਰਵਾਰ ਤੋਂ ਪਿਛੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ।

ਪਹਿਲਾਂ ਤਾਂ ਪ੍ਰੋਟੈਸਟੈਂਟ ਈਸਾਈ ਜਗਤ ਨੇ ਇਸ ਸੋਧ ਨੂੰ ਨਹੀਂ ਮੰਨਿਆ ਪਰ ਆਖ਼ਿਰ ਅਸਲੀਅਤ ਨੂੰ ਵੇਖਦੇ ਹੋਏ 170 ਸਾਲ ਬਾਅਦ ਉਨ੍ਹਾਂ ਵੱਲੋਂ ਵੀ ਇਹ ਸੋਧ ਸਵੀਕਾਰੀ ਗਈ। ਬ੍ਰਿਟਿਸ਼ ਕੈਲੰਡਰ ਐਕਟ 1751 ਅਨੁਸਾਰ ਇੰਗਲੈਂਡ ਨੇ 2 ਸਤੰਬਰ 1752 ਵਿੱਚ ਕੁੱਲ 11 ਦਿਨਾਂ ਦਾ ਫਰਕ ਕੱਢ ਕੇ ਇਸ ਨੂੰ ਅਪਣਾ ਲਿਆ ਭਾਵ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ 1752 ਐਲਾਨ ਦਿੱਤਾ।

ਭਾਰਤ, ਅੰਗਰੇਜ਼ਾਂ ਦੇ ਅਧੀਨ ਆਉਣ ਕਰ ਕੇ ਭਾਰਤ ਵਿੱਚ ਵੀ ਇਹ ਸੋਧ 1752 ਤੋਂ ਲਾਗੂ ਹੋਈ। ਇਹ ਸੋਧ ਲਾਗੂ ਹੋਣ ਪਿੱਛੋਂ 11 ਦਿਨਾਂ ਦੀ ਸੋਧ ਹੋਣ ਕਾਰਨ ਅਗਲੀਆਂ ਵੈਸਾਖੀਆਂ ਹੇਠ ਲਿਖੀਆਂ ਤਾਰੀਖਾਂ ਨੂੰ ਆਈਆਂ :

ਈ: ਸਾਲ         ਤਰੀਕ ਅਤੇ ਮਹੀਨਾ  

1699           29 ਮਾਰਚ (ਜੂਲੀਅਨ)        

1753             29+11=40-31= 9 ਅਪ੍ਰੈਲ (ਗ੍ਰੈਗੋਰੀਅਨ)

1799              10 ਅਪ੍ਰੈਲ (ਗ੍ਰੈਗੋਰੀਅਨ)       

1899               12 ਅਪ੍ਰੈਲ (ਗ੍ਰੈਗੋਰੀਅਨ)       

1999              14 ਅਪ੍ਰੈਲ (ਗ੍ਰੈਗੋਰੀਅਨ)       

2100                15 ਅਪ੍ਰੈਲ (ਗ੍ਰੈਗੋਰੀਅਨ) ਨੂੰ ਆਏਗੀ

2199                16 ਅਪ੍ਰੈਲ (ਗ੍ਰੈਗੋਰੀਅਨ) ਨੂੰ ਆਏਗੀ

ਉਪਰੋਕਤ ਦ੍ਰਿਸ਼ਟੀ ਤੋਂ ਤਕਰੀਬਨ 1100 ਸਾਲ ਬਾਅਦ ਬਿਕ੍ਰਮੀ ਸਾਲ ਦੇ ਵੈਸਾਖ ਮਹੀਨੇ ਦੀ ਪਹਿਲੀ ਤਾਰੀਖ ਭਾਵ ਵੈਸਾਖੀ, ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 13,000 ਸਾਲ ਬਾਅਦ ਇਹ ਵੈਸਾਖੀ, ਅਕਤੂਬਰ ਦੇ ਅੱਧ ਵਿੱਚ ਆ ਜਾਵੇਗੀ। ਜਿਸ ਸਦਕਾ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਦੇ ਮਹੀਨਿਆਂ ਦੇ ਮੌਸਮਾਂ ਦਾ ਸਬੰਧ ਬਿਲਕੁਲ ਹੀ ਜ਼ਮੀਨੀ ਹਕੀਕਤ ਤੋਂ ਟੁੱਟ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਹਾੜ ਦੇ ਮਹੀਨੇ ਦੇ ਵਿੱਚ ਅੱਗ ਵਾਙ ਤਪ ਰਹੇ ਦਿਨਾਂ ਵਿੱਚ ਗੁਰੂ ਅਰਜੁਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉਪਰ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਪਰ 13000 ਸਾਲ ਬਾਅਦ ਤਾਂ ਹਾੜ ਦੇ ਮਹੀਨੇ ਵਿੱਚ ਪੋਹ ਦੇ ਮਹੀਨੇ ਵਰਗੀ ਕੜਾਕੇ ਦੀ ਠੰਡ ਪੈਂਦੀ ਹੋਵੇਗੀ। ਇਸੇ ਤਰ੍ਹਾਂ ਇਤਿਹਾਸ ਵਿੱਚ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਸੀ, ਪਰ 13000 ਸਾਲ ਬਾਅਦ ਤਾਂ ਪੋਹ ਦੇ ਮਹੀਨੇ ਠੰਡ ਪੈਣ ਦੀ ਬਜਾਏ ਹਾੜ ਦੇ ਮਹੀਨੇ ਵਰਗੀ ਗਰਮੀ ਪੈਂਦੀ ਹੋਵੇਗੀ। ਇਸ ਦੇ ਜਵਾਬ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਇਸ ਦਾ ਬੇਹੂਦਾ ਜਵਾਬ ਦਿੰਦੇ ਹਨ ਕਿ ਪੰਜਾਬ ਵਿੱਚ ਤਾਂ 13000 ਸਾਲ ਬਾਅਦ ਮੌਸਮ ਅੱਜ ਦੇ ਮੌਸਮ ਨਾਲੋਂ ਬਿਲਕੁਲ ਉਲਟ ਹੋਣਗੇ ਪਰ ਆਸਟ੍ਰੇਲੀਆ ਵਿੱਚ ਤਾਂ ਹੁਣ ਹੀ ਮੌਸਮ ਉਲਟ ਹਨ ! ਕੀ ਇਨ੍ਹਾਂ ਵੀਰਾਂ ਨੂੰ ਨਹੀਂ ਪਤਾ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਬਾਰਹ ਮਾਹਾ ਤੁਖਾਰੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਬਾਰਹ ਮਾਹ ਮਾਂਝ ਤੇ ਰਾਮਕਲੀ ਰਾਗ ਵਿੱਚ ਰੁਤੀ ਸਲੋਕ ਉਚਾਰਨ ਕੀਤੇ ਸਨ ਉਹ ਪੰਜਾਬ ਦੇ ਮੌਸਮ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤੇ ਗਏ ਸਨ ਜਾਂ ਆਸਟ੍ਰੇਲੀਆ ਦੇ ਮੌਸਮ ਨੂੰ ? ਇਤਿਹਾਸ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਸਾਹਿਬ ਜੀ ਨੂੰ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਪੰਜਾਬ ਦਾ ਮੌਸਮ ਵਰਣਨ ਕੀਤਾ ਗਿਆ ਹੈ ਜਾਂ ਆਸਟ੍ਰੇਲੀਆ ਦਾ ?

ਇਸ ਸਮੱਸਿਆ ਤੋਂ ਬਚਣ ਲਈ ਨਾਨਕਸ਼ਾਹੀ ਕੈਲੰਡਰ ਦਾ ਖਾਕਾ ਤਿਆਰ ਕੀਤਾ ਗਿਆ ਜਿਸ ਵਿੱਚ ਸਿਰਫ ਸੂਰਜੀ ਕੈਲੰਡਰ ਨੂੰ ਅਪਣਾਇਆ ਗਿਆ ਹੈ। ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨਜ਼ਦੀਕ (ਭਾਵ ਸਿਰਫ 26-27 ਕੁ ਸੈਕੰਡ ਦਾ ਫ਼ਰਕ) ਅਤੇ ਦੁਨੀਆਂ ਭਰ ਵਿੱਚ ਪ੍ਰਚਲਿਤ ਸਾਂਝੇ ਸਾਲ ਦੇ ਬਿਲਕੁਲ ਬਰਾਬਰ ਰੱਖੀ ਗਈ ਹੈ। ਇਸ ਕਰ ਕੇ ਮੌਸਮਾਂ ਦੇ ਇੰਨਾ ਨੇੜੇ ਜੁੜਿਆ ਰਹੇਗਾ ਕਿ 3300 ਸਾਲ ਵਿੱਚ ਕੇਵਲ ਇੱਕ ਦਿਨ ਦਾ ਹੀ ਫ਼ਰਕ ਪਏਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸ਼ਚਿਤ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਸਾਲ ਦੇ ਪਹਿਲੇ 5 ਮਹੀਨੇ ਭਾਵ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ। ਉਸ ਤੋਂ ਪਿਛਲੇ 6 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ ਫੱਗਣ ਆਮ ਸਾਲਾਂ ਵਿੱਚ 30 ਦਿਨਾਂ ਦਾ ਪਰ ਲੀਪ ਦੇ ਸਾਲ (ਜਿਸ ਵਿੱਚ ਫਰਵਰੀ ਮਹੀਨਾ 29 ਦਾ ਹੋਵੇਗਾ) ਫੱਗਣ ਮਹੀਨਾ ਵੀ 31 ਦਿਨਾਂ ਦਾ ਹੋ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ ਦਾ ਆਰੰਭ ਨਿਸ਼ਚਿਤ ਤਾਰੀਖਾਂ ਨੂੰ ਹੀ ਹੋਵੇਗਾ, ਜਿਵੇਂ ਕਿ ਇਸ ਚਾਰਟ ਰਾਹੀਂ ਸਪਸ਼ਟ ਹੁੰਦਾ ਹੈ:

ਮਹੀਨਾ ਅਰੰਭ ਹੋਣ ਦੀ ਤਰੀਕ           ਦਿਨਾਂ ਦੀ ਗਿਣਤੀ

               ਚੇਤ 14 ਮਾਰਚ                 31 ਦਿਨ                  

ਵੈਸਾਖ  14 ਅਪ੍ਰੈਲ                   31 ਦਿਨ       

ਜੇਠ  15 ਮਈ                          31 ਦਿਨ       

ਹਾੜ     15 ਜੂਨ                  31 ਦਿਨ

ਸਾਵਣ 16 ਜੁਲਾਈ              31 ਦਿਨ

ਭਾਦੋਂ   16 ਅਗਸਤ          30 ਦਿਨ

ਅੱਸੂ  15 ਸਤੰਬਰ            30 ਦਿਨ

ਕੱਤਕ 15 ਅਕਤੂਬਰ              30 ਦਿਨ       

ਮੱਘਰ   14 ਨਵੰਬਰ            30 ਦਿਨ       

ਪੋਹ      14 ਦਸੰਬਰ                30 ਦਿਨ       

ਮਾਘ     13 ਜਨਵਰੀ           30 ਦਿਨ

ਫੱਗਣ   12 ਫਰਵਰੀ   30 ਦਿਨ; ਲੀਪ ਦੇ ਸਾਲ ਵਿੱਚ 31 ਦਿਨ

ਇਸ ਤਰ੍ਹਾਂ ਜਿੱਥੇ ਇਹ ਕੈਲੰਡਰ ਮੌਸਮੀ ਸਾਲ ਦੇ ਨੇੜੇ ਤੇੜੇ ਰਹੇਗਾ ਉਥੇ ਸਾਂਝੇ ਸਾਲ ਨਾਲ ਹਮੇਸ਼ਾਂ ਲਈ ਜੁੜਿਆ ਰਹੇਗਾ ਜਿਸ ਕਾਰਨ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖਾਂ ਨੂੰ ਆਉਣਗੀਆਂ। ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੇ ਮਹੀਨੇ ਦਾ ਅਰੰਭ ਭਾਵ ਸੰਗਰਾਂਦ ਵਾਲਾ ਦਿਨ, ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਦਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆਂ ਸੰਗਰਾਂਦਾਂ ਵੀ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ; ਜਿਵੇਂ ਕਿ ਪਿਛਲੇ ਕੈਲੰਡਰਾਂ ਨੂੰ ਵੇਖ ਕੇ ਹੇਠਾਂ ਬਣਾਏ ਚਾਰਟ ਤੋਂ ਵੇਖ ਸਕਦੇ ਹਾਂ :-

ਸਾਲ       ਤਾਰੀਖ         ਮਹੀਨਾ

1999     14      ਅਪ੍ਰੈਲ 

2000    12      ਅਪ੍ਰੈਲ 

2001     13      ਅਪ੍ਰੈਲ 

2002    13      ਅਪ੍ਰੈਲ 

2003     14      ਅਪ੍ਰੈਲ 

2004      13      ਅਪ੍ਰੈਲ 

2005      13      ਅਪ੍ਰੈਲ 

2006     14      ਅਪ੍ਰੈਲ 

2007     14      ਅਪ੍ਰੈਲ 

2008     13      ਅਪ੍ਰੈਲ 

2009    13      ਅਪ੍ਰੈਲ 

2010    14      ਅਪ੍ਰੈਲ 

2011     14      ਅਪ੍ਰੈਲ 

2012     13      ਅਪ੍ਰੈਲ 

2013     13      ਅਪ੍ਰੈਲ 

2014     14      ਅਪ੍ਰੈਲ 

2015     14      ਅਪ੍ਰੈਲ 

2016    13      ਅਪ੍ਰੈਲ 

2017    13      ਅਪ੍ਰੈਲ 

ਇਸੇ ਤਰ੍ਹਾਂ ਬਾਕੀ ਮਹੀਨਿਆਂ ਦੀਆਂ ਸੰਗਰਾਂਦਾਂ ਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਵੀ ਬਦਲਦੀ ਰਹਿੰਦੀ ਹੈ, ਜਿਵੇਂ ਕਿ ਚੇਤ ਦਾ ਮਹੀਨਾ 2015 ਵਿੱਚ 31 ਦਿਨਾਂ ਦਾ; 2016 ਅਤੇ 2017 ਵਿੱਚ 30-30 ਦਿਨਾਂ ਦਾ ਸੀ, ਜੇਠ ਦਾ ਮਹੀਨਾ 2015 ਅਤੇ 2016 ਵਿੱਚ 31-31 ਦਿਨਾਂ ਦਾ ਅਤੇ 2017 ਵਿੱਚ 32 ਦਿਨਾਂ ਦਾ ਹੈ।

ਕਾਫੀ ਲੰਬੀ ਸੋਚ ਵੀਚਾਰ ਪਿੱਛੋਂ ਇਸ ਤਿਆਰ ਕੀਤੇ ਗਏ ਖਾਕੇ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ 2003 ਈਸਵੀ ਦੀ ਵੈਸਾਖੀ ਤੋਂ ਲਾਗੂ ਕਰਨ ਦਾ ਮਤਾ ਪਾਸ ਹੋਇਆ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੈਸਾਖੀ ਮੌਕੇ ਸਜੇ ਪੰਡਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਮੁਕਾਮੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਅਕਾਲ ਤਖ਼ਤ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਆਦਿ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹੋਰਨਾਂ ਆਗੂਆਂ ਦੀ ਹਾਜਰੀ ਵਿੱਚ ਜਾਰੀ ਕੀਤਾ, ਜੋ ਕਿ 2010 ਤੱਕ ਲਗਾਤਾਰ 7 ਸਾਲ ਕੁਝ ਸੰਪ੍ਰਦਾਇ ਸੰਸਥਾਵਾਂ ਨੂੰ ਛੱਡ ਕੇ ਸਮੁੱਚੇ ਪੰਥ ਨੇ ਖੁਸ਼ੀ ਖੁਸ਼ੀ ਅਪਣਾਇਆ। ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ ਵੈਸਾਖੀ 1 ਵੈਸਾਖ/ 14 ਅਪ੍ਰੈਲ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ/ 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਂਦੇ ਰਹਿਣਗੇ। ਇਸੇ ਤਰ੍ਹਾਂ ਬਾਕੀ ਦੇ ਸਾਰੇ ਹੀ ਗੁਰ ਪੁਰਬ ਨਿਸ਼ਚਿਤ ਤਾਰੀਖਾਂ ਨੂੰ ਆਉਂਦੇ ਰਹਿਣਗੇ ਜਦ ਕਿ ਬਿਕ੍ਰਮੀ ਕੈਲੰਡਰ ਵਿੱਚ ਇਹ ਤਰੀਖਾਂ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ, ਪਰ ਜਿਹੜੇ ਸੰਪ੍ਰਦਾਈ ਵੀਰ ਕੈਲੰਡਰ ਵਿਗਿਆਨ, ਤਾਰਾ ਵਿਗਿਆਨ ਤੇ ਇਤਿਹਾਸ ਪੱਖ ਤੋਂ ਅਣਜਾਣ ਹਨ ਤੇ ਸਿਰਫ਼ ਸੰਗ੍ਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੇ ਪਵਿੱਤਰ ਦਿਹਾੜੇ ਹੋਣ ਦੇ ਭ੍ਰਮ ਪਾਲ ਰਹੇ ਹਨ ਉਹ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਬਚਨ: ‘‘ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥’’ ਭਾਵ ਸੱਚੇ ਗੁਰਾਂ ਦੇ ਬਾਝੋਂ, ਘੁੱਪ ਅਨ੍ਹੇਰਾ ਹੈ। ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਅਪਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ। ਅਤੇ ‘‘ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥’’ ਭਾਵ ਚਉਦੇਂ ਤੇ ਮੱਸਿਆ (ਆਦਿਕ ਥਿੱਤਾਂ ਬਣਾਵਟੀ ਤੌਰ ’ਤੇ ਸ਼ੁਭ ਅਤੇ ਪਵਿੱਤਰ) ਥਾਪ-ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।, ਦਾ ਪਾਵਨ ਉਪਦੇਸ਼ ਵੀ ਸੁਣਨ ਸਮਝਣ ਨੂੰ ਤਿਆਰ ਨਹੀਂ ਹਨ ਕਿ ਸਿੱਖਾਂ ਦਾ ਸੰਗ੍ਰਾਂਦਾਂ ਨਾਲ ਕੋਈ ਸਬੰਧ ਹੀ ਨਹੀਂ ਹੈ। ਸਿੱਖਾਂ ਦਾ ਸੰਗ੍ਰਾਂਦ ਨਾਲ ਕੋਈ ਸਬੰਧ ਨਾ ਹੋਣ ਕਰ ਕੇ ਹੀ ਸ: ਪੁਰੇਵਾਲ ਨੇ ਇਨ੍ਹਾਂ ਦਾ ਤਿਆਗ ਕਰ ਕੇ ਹਰ ਨਾਨਕਸ਼ਾਹੀ ਮਹੀਨੇ ਦੇ ਅਰੰਭ ਹੋਣ ਦੀਆਂ ਭਾਵ ਪਹਿਲੀਆਂ ਤਾਰੀਖਾਂ ਸਾਂਝੇ ਕੈਲੰਡਰ ਦੇ ਮਹੀਨੇ ਦੀਆਂ ਤਾਰੀਖਾਂ ਨਾਲ ਪੱਕੇ ਤੌਰ ’ਤੇ ਜੋੜ ਦਿੱਤੀਆਂ। ਇਹ ਵੀਰ ਜਾਂ ਤਾਂ ਇਸ ਗੱਲ ਤੋਂ ਅਣਜਾਣ ਹਨ ਜਾਂ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ ਕਿ ਸੂਰਜੀ ਸਿਧਾਂਤ ਵਾਲਾ ਜੋ ਬਿਕ੍ਰਮੀ ਕੈਲੰਡਰ ਗੁਰੂ ਕਾਲ ਸਮੇਂ ਲਾਗੂ ਸੀ ਉਸ ਨੂੰ ਉਤਰੀ ਭਾਰਤ ਦੇ ਵਿਦਾਵਾਨਾਂ ਨੇ 1964 ਵਿੱਚ ਵੀ ਸੋਧ ਕੇ ਦ੍ਰਿਕ ਗਣਿਤ ਅਨੁਸਾਰ ਤਿਆਰ ਕਰ ਲਿਆ ਜਿਸ ਦੇ ਸਾਲ ਦੀ ਲੰਬਾਈ ਸੂਰਜੀ ਸਿਧਾਂਤ ਵਾਲੇ ਕੈਲੰਡਰ ਨਾਲੋਂ ਥੋੜ੍ਹੀ ਘੱਟ ਕਰਨ ਨਾਲ ਜਿੱਥੇ ਪਹਿਲਾਂ ਇਸ ਦਾ ਮੌਸਮੀ ਸਾਲ ਨਾਲੋਂ 24 ਕੁ ਮਿੰਟ ਦਾ ਫ਼ਰਕ ਸੀ ਹੁਣ ਕੇਵਲ 20 ਕੁ ਮਿੰਟ ਦਾ ਰਹਿ ਗਿਆ ਹੈ। ਇਸ ਸੋਧ ਨੂੰ ਦੱਖਣੀ ਭਾਰਤ ਦੇ ਪੰਡਿਤਾਂ ਨੇ ਨਹੀਂ ਮੰਨਿਆਂ ਜਿਸ ਕਾਰਨ ਉਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਛਪੀਆਂ ਵੱਖ ਵੱਖ ਜੰਤਰੀਆਂ ਵੇਖਣ ਤੋਂ ਪਤਾ ਚਲਦਾ ਹੈ ਕਿ 50 ਸਾਲਾਂ ਦੇ ਵਕਫੇ ਦੌਰਾਨ ਦੋਵਾਂ ਕੈਲੰਡਰਾਂ ਦੀਆਂ ਤਕਰੀਬਨ 4 ਕੁ ਸੰਗ੍ਰਾਂਦਾਂ ਦਾ ਆਪਸ ਵਿੱਚ ਇੱਕ ਦਿਨ ਦਾ ਫ਼ਰਕ ਪੈ ਗਿਆ ਹੈ। ਬਿਕ੍ਰਮੀ ਸੰਮਤ 2072 (2015-2016 ਈ:) ਵਿੱਚ ਸਾਵਣ, ਕੱਤਕ ਅਤੇ ਮੱਘਰ ਤਿੰਨ ਮਹੀਨਿਆਂ ਦੀਆਂ ਸੰਗ੍ਰਾਂਦਾਂ ਦਾ ਇੱਕ ਦਿਨ ਦਾ ਫ਼ਰਕ ਹੈ। ਇਸ ਤੋਂ ਪਿਛਲੇ ਸਾਲ ਸੰਮਤ 2071 (2014-2015 ਈ.) ਵਿੱਚ ਚਾਰ ਸੰਗ੍ਰਾਂਦਾਂ ਦਾ ਫਰਕ ਸੀ। ਆਉਣ ਵਾਲੇ ਸਾਲਾਂ ਵਿੱਚ ਕਿੰਨੀਆਂ ਸੰਗ੍ਰਾਂਦਾਂ ਦਾ ਫ਼ਰਕ ਹੋਵੇਗਾ ਕੋਈ ਪਤਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਮਤਿ ਅਨੁਸਾਰ ਸਿੱਖਾਂ ਦਾ ਸੰਗ੍ਰਾਂਦਾ ਨਾਲ ਸਬੰਧ ਹੀ ਕੋਈ ਨਹੀਂ ਪਰ ਜੇ ਕਰਮਕਾਂਡੀ ਹੋਣ ਦੇ ਨਾਤੇ ਕੁਝ ਸਿੱਖ ਮੰਨਦੇ ਵੀ ਹਨ ਤਾਂ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਬਣਦਾ ਹੈ ਕਿ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਕਾਰਨ 1964 ਵਿੱਚ ਬਣੀਆਂ ਦੋ ਦੋ ਸੰਗ੍ਰਾਂਦਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਸਿੱਖਾਂ ਵੱਲੋਂ ਕੀਤੀ ਸੋਧ ਦਾ ਵਿਰੋਧ ਕਿਉਂ ?

ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਾਜਨੀਤਕ ਸਿੱਖ ਆਗੂਆਂ, ਜਿਨ੍ਹਾਂ ਨੇ ਖ਼ੁਦ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ, ਲਾਗੂ ਕਰਨ ਅਤੇ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਕੁਝ ਵੋਟਾਂ ਦੀ ਲਾਲਸਾ ਅਧੀਨ ਸੰਤ ਸਮਾਜ ਨਾਲ ਗਠਜੋੜ ਦੀ ਸ਼ਰਤ ਅਧੀਨ ਖੁਦ ਹੀ 2010 ਵਿੱਚ ਉਸ ਦਾ ਹੁਲੀਆ ਵਿਗਾੜਨ ਵਿੱਚ ਮੌਹਰੀ ਰਿਹਾ ਤੇ ਅਖੀਰ 2014 ਵਿੱਚ ਪੂਰੀ ਤਰ੍ਹਾਂ ਇਸ ਦਾ ਕਤਲ ਕਰ ਕੇ ਮੁੜ ਬਿਕ੍ਰਮੀ ਕੈਲੰਡਰ ਦੀਆਂ ਭੁੱਲ ਭੁਲਈਆਂ ਵਿੱਚ ਕੌਮ ਨੂੰ ਫਸਾ ਦਿੱਤਾ।

ਹੁਣ ਇਹ ਕੌਮ ਨੇ ਸੋਚਣਾ ਹੈ ਕਿ ਇਸ ਭੁੱਲ ਭੁਲਈਆਂ ਵਿੱਚੋਂ ਕਿਸ ਤਰ੍ਹਾਂ ਨਿਕਲ ਕੇ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਉਣਾ ਹੈ। ਜੇ ਰੋਮ ਵਾਸੀਆਂ ਵੱਲੋਂ 1582 ਵਿੱਚ ਕੀਤੀ ਸੋਧ ਅੰਤ ਇੰਗਲੈਂਡ ਨੂੰ 1752 ਵਿੱਚ ਲਾਗੂ ਕਰਨੀ ਹੀ ਪਈ ਤਾਂ ਉਸੇ ਅਧਾਰ ’ਤੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰ ਕੇ ਨਾਨਕਸ਼ਾਹੀ ਕੈਲੰਡਰ ਆਖ਼ਿਰ ਸੰਤ ਸਮਾਜ ਅਤੇ ਸਾਡੇ ਇਨ੍ਹਾਂ ਸੁਆਰਥੀ ਰਾਜਨੀਤਕ ਆਗੂਆਂ ਨੂੰ ਕਦੀ ਨਾ ਕਦੀ ਮੰਨਣਾ ਹੀ ਪਏਗਾ। ਇਸ ਲਈ ਸੂਝਵਾਨ ਗੁਰਸਿੱਖਾਂ ਵੱਲੋਂ ਯਤਨ ਜਾਰੀ ਰਹਿਣੇ ਚਾਹੀਦੇ ਹਨ।

ਆਖਰੀ ਟਰੇਨ ਨਿਕਲ ਜਾਣ ਤੋਂ ਬਾਅਦ

0

ਆਖਰੀ ਟਰੇਨ ਨਿਕਲ ਜਾਣ ਤੋਂ ਬਾਅਦ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ ਸਮਰਾਲਾ-141114 ਮੋਬਾ: 94638-08697

ਆਖਰੀ ਟਰੇਨ (ਰੇਲ) ਵੀ ਨਿਕਲ ਗਈ ਸੀ। ਮੈਂ ਸਟੇਸ਼ਨ ਉੱਤੇ ਇਕੱਲਾ ਹੀ ਖੜਾ ਸਾਂ। ਹਨੇਰਾ ਹੋ ਗਿਆ ਸੀ। ਮੇਰਾ ਪਰਛਾਵਾਂ ਵੀ ਮੇਰਾ ਸਾਥ ਛੱਡ ਕੇ ਜਾ ਚੁੱਕਾ ਸੀ। ਟਿਕਟ ਮੇਰੇ ਹੱਥ ਵਿਚ ਸੀ। ਜਾ ਰਹੀ ਗੱਡੀ ਦੀ ਪਿੱਠ ਵੀ ਹਨੇਰੇ ਵਿਚ ਅਲੋਪ ਹੋ ਗਈ ਸੀ।

ਮੈਂ ਰੇਲਵੇ ਪਲੈਟਫਾਰਮ ਤੋਂ ਬਾਹਰ ਨਿਕਲਿਆ। ਰੈਮਪ-ਢਲਾਨ ਤੋਂ ਹੌਲੀ ਹੌਲੀ ਹੇਠਾਂ ਉੱਤਰ ਰਿਹਾ ਸਾਂ। ਮੇਰੀ ਸਹਾਇਕ ਸਟਿਕ ਮੇਰੇ ਹੱਥੋਂ ਖਿਸਕ ਗਈ। ਉਤਰਾਈ ਤੋਂ ਰਿੜਕੇ ਕਾਫੀ ਦੂਰ ਚਲੀ ਗਈ ਸੀ। ਮੈਂ ਦੋ ਕੁ ਕਦਮ ਹੇਠਾਂ ਨੂੰ ਪੁੱਟੇ। ਤਿਲਕਵੀਂ ਸਤਿਹ ਉੱਤੇ ਟੋਏ ਬਹੁਤ ਸਨ। ਮੇਰਾ ਪੈਰ ਟੋਏ ਵਿਚ ਪੈ ਗਿਆ। ਮੈਂ ਆਪਣਾ ਸੰਤੁਲਨ ਕਾਇਮ ਨਾ ਰੱਖ ਸਕਿਆ, ਡਿੱਗ ਪਿਆ। ਮੈਂ ਇੱਕ ਪਾਸੇ ਪਿਆ ਉਡੀਕਦਾ ਰਿਹਾ, ਕੋਈ ਆਵੇਗਾ। ਪਰ ਕੌਣ ਆਉਂਦਾ। ਪਿੰਡ ਦਾ ਨਿੱਕਾ ਜਿਹਾ ਰੇਲਵੇ ਸਟੇਸ਼ਨ ਸੀ। ਅਗਲੀ ਰੇਲ ਗੱਡੀ ਸਵੇਰੇ ਛੇ ਵਜੇ ਆਉਣੀ ਸੀ।

ਕੁਝ ਦਿਨ ਪਹਿਲਾਂ, ਅੱਧੀ ਰਾਤ ਨੂੰ ਮੈਨੂੰ ਆਪਣੇ ਵਾਸ਼ਰੂਮ ਜਾਣ ਦੀ ਲੋੜ ਪਈ। ਵਾਸ਼ਰੂਮ ਵਿਚ ਮੈਂ ਤਿਲਕ ਕੇ ਸੱਜੇ ਚੂਲੇ ਭਾਰ ਡਿੱਗ ਪਿਆ। ਵਾਸ਼ਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ। ਗਲੀ ਵਿੱਚ ਵਾਸ਼ਰੂਮ ਦਾ ਰੌਸ਼ਨਦਾਨ ਖੁੱਲ੍ਹਦਾ ਸੀ। ਮੈਂ ਬਹੁਤ ਆਵਾਜ਼ਾਂ ਦਿੱਤੀਆਂ, ਪਰ ਕੋਈ ਹੁੰਗਾਰਾ ਨਾ ਆਇਆ। ਘਰ ਵਿੱਚ ਮੈਂ ਇਕੱਲਾ ਸਾਂ। ਰਾਤ ਦੇ ਤਿੰਨ ਵੱਜੇ। ਗੁਆਂਢੀ ਸੁੱਤੇ, ਕੌਣ ਆਵਾਜ਼ ਸੁਣਦਾ। ਕੌਣ ਆਉਂਦਾ। ਕੁੱਤਿਆਂ ਦੇ ਰੋਣ ਦੀ ਆਵਾਜ਼ ਜ਼ਰੂਰ ਆ ਰਹੀ ਸੀ। ਮੈਂ ਸਵੇਰ ਹੋਣ ਦੀ ਇੰਤਜ਼ਾਰ ਕਰਨ ਲੱਗਾ।

ਕਾਫੀ ਦਿਨ ਤੋਂ ਮੇਰੀ ਪਿੱਠ ਦਰਦ ਕਰ ਰਹੀ ਹੈ। ਇਕ ਵਾਰ ਤਾਂ ਹਰਜਿੰਦਰਪਾਲ ਮੱਲ੍ਹਮ ਮਲ ਗਿਆ ਸੀ। ਰੋਜ਼ ਮੈਂ ਕਿਸ ਨੂੰ ਕਹਾਂ। ਮੇਰਾ ਤਾਂ ਪਿੱਠ ਉੱਤੇ ਹੱਥ ਨਹੀਂ ਪਹੁੰਚਦਾ। ਮਲ੍ਹਮ ਕੌਣ ਮਲੇ। ਹੌਲੀ ਹੌਲੀ ਵਿਹੜੇ ਵਿਚ ਤੁਰਦਿਆਂ, ਮੇਰੇ ਹੱਥ ਵਿਚ ਫੜੀ ਕੋਈ ਚੀਜ਼, ਗਿਲਾਸ ਆਦਿ ਡਿੱਗ ਪਵੇ ਤਾਂ ਉਹ ਚੀਜ਼ ਉਥੇ ਹੀ ਪਈ ਰਹਿੰਦੀ ਹੈ। ਜਿਨ੍ਹਾਂ ਚਿਰ ਅਗਲੇ ਦਿਨ ਆ ਕੇ ਮੇਰੀ ਸੇਵਾਦਾਰਨੀ ਨਹੀਂ ਚੁੱਕਦੀ। ਮੇਰੇ ਪਾਸੋਂ ਝੁਕਿਆ ਜਾਂਦਾ ਹੀ ਨਹੀਂ।

ਹਾਕਰ ਸਵੇਰੇ ਅਖ਼ਬਾਰ ਗੇਟ ਦੇ ਉੱਪਰ ਦੀ ਅੰਦਰ ਸੁੱਟ ਜਾਂਦਾ ਹੈ। ਸੇਵਾਦਾਰਨੀ ਅਖ਼ਬਾਰ ਚੁੱਕ ਕੇ ਮੈਨੂੰ ਫੜਾ ਦਿੰਦੀ ਹੈ। ਮੈਂ ਕਿਸੇ ਹੈਂਕੜਬਾਜ਼, ਅਫਸਰ, ਆਗੂ ਸਾਹਮਣੇ ਸਿਰ ਨਹੀਂ ਸੀ ਝੁਕਾਇਆ। ਹਾਂ ਸ਼ੁਕਰਾਨੇ ਵੇਲੇ ਮੇਰਾ ਮਸਤਕ ਆਪਣੇ ਇਸ਼ਟ ਸਾਹਮਣੇ ਜ਼ਰੂਰ ਝੁਕਦਾ ਸੀ।

ਕਈ ਸਾਲ ਮੈਂ ਰੋਜ਼ਾਨਾ ਕਈ ਕਈ ਘੰਟੇ ਕੁਰਸੀ ਉੱਤੇ ਬੈਠਾ ਪੜ੍ਹਦਾ ਰਹਿੰਦਾ ਸਾਂ। ਲਿਖਦਾ ਰਹਿੰਦਾ ਸਾਂ, ਸੋਚਦਾ ਰਹਿੰਦਾ ਸਾਂ। ਪਿੱਠ ਵਿੱਚ ਦਰਦ ਘਰ ਬਣਾ ਬੈਠਾ ਸੀ। ਹੁਣ ਨਹੀਂ ਲੰਮਾ ਸਮਾਂ ਮੇਰੇ ਪਾਸੋਂ ਕੁਰਸੀ ਉੱਤੇ ਬੈਠਿਆਂ ਜਾਂਦਾ। ਕੁਝ ਉਸਾਰੂ ਤੇ ਨਵਾਂ ਨਕੋਰ ਲਿਖਣ ਲਈ ਕਈ ਕਈ ਦਿਨ ਮੈਂ ਸੋਚਦਾ ਸਾਂ, ਪਰ ਮੇਰੀਆਂ ਸੋਚਾਂ ਨੇ ਜਗਾੜੂ, ਵਿਗਾੜੂ, ਲਿਤਾੜੂ, ਮਾਰੂ ਪਾਸੇ ਵੱਲ ਮੂੰਹ ਨਹੀਂ ਸੀ ਕੀਤਾ। ਚਲਾਕੀ, ਹੁਸ਼ਿਆਰੀ, ਮੱਕਾਰੀ, ਚਾਪਲੂਸੀ ਦੀ ਦੁਰ-ਕਲਾ ਮੈਂ ਨਾ ਸਿੱਖ ਸਕਿਆ।

ਕੁਰਸੀ ਉੱਤੇ ਜਾਂ ਚਾਰ ਪਾਈ ਉੱਤੇ ਬੈਠਾ, ਮੈਂ ਇਕ ਦੰਮ ਨਹੀਂ ਉੱਠ ਸਕਦਾ। ਤੀਜੀ ਕੋਸ਼ਿਸ਼ ਨਾਲ ਉੱਠਦਾ ਹਾਂ। ਸਿੱਧਾ ਖੂੰਡੀ ਨੂੰ ਹੱਥ ਪਾਉਂਦਾ ਹਾਂ। ਹੁਣ ਮੈਂ ਛਾਲ ਮਾਰ ਕੇ ਨਹੀਂ ਉੱਠ ਸਕਦਾ। ਪਰਵਾਜ਼ (ਉਡਾਰੀ) ਨਹੀਂ ਭਰ ਸਕਦਾ। ਕਾਸ਼  ! ਮੇਰੇ ਖਾਸ ਗਗਨੀ-ਖੰਭ ਹੁੰਦੇ।

ਗਮਲਿਆਂ ਵਿੱਚ ਲੱਗੇ ਫੁੱਲ ਜਦੋਂ ਪਾਣੀ ਮੰਗਦੇ ਹਨ। ਮੈਂ ਉਦਾਸ ਹੋ ਜਾਂਦਾ ਹਾਂ। ਫੁੱਲਾਂ ਦੀ ਪਿਆਸ ਮੈਂ ਕਿਵੇਂ ਮਿਟਾਵਾਂ ? ਮੇਰੀ ਅਜ਼ਲੀ (ਪਹਿਲਾਂ) ਪਿਆਸ ਕੌਣ ਮਿਟਾਵੇ ?

ਸ਼ਹਿਰ ਵਿਚ ਕੋਈ ਸਾਹਿਤਕ, ਸਮਾਜਿਕ, ਟਰੇਡ ਯੂਨੀਅਨ ਦਾ ਕੋਈ ਜਲਸਾ, ਜਲੂਸ, ਧਰਨਾ, ਮੁਜ਼ਾਹਰਾ ਐਸਾ ਨਹੀਂ ਸੀ ਜਿਸ ਵਿੱਚ ਮੇਰੀ ਸਰਗਰਮ ਸ਼ਮੂਲੀਅਤ ਨਾ ਹੋਵੇ। ਕਈ ਵਾਰ ਪੁਲਿਸ ਦੀਆਂ ਲਾਠੀਆਂ ਵੀ ਪੈਂਦੀਆਂ, ਪਰ ਪਿੱਠ ਦਿਖਾ ਕੇ ਭੱਜਦਾ ਨਹੀਂ ਸਾਂ। ਚਾਲੀ ਸਾਲ ਸੀ. ਆਈ. ਡੀ. ਦੀਆਂ ਫਾਈਲਾਂ ਵਿੱਚ ਮੇਰਾ ਨਾਮ ਜ਼ਿੰਦਾ ਰਿਹਾ। ਸਾਲ ਵਿੱਚ ਇਕ ਵਾਰ ਪੜਤਾਲੀਆ ਕਾਗਜ਼ ਮੇਰੇ ਕਾਲਜ ਜਾਂ ਘਰ ਆਉਂਦਾ। ਮੈਂ ਕੀ ਪੜ੍ਹਾਉਂਦਾ ਹਾਂ ? ਕੀ ਲਿਖਦਾ ਹਾਂ ? ਕਿਹੜੀ ਕਿਹੜੀ ਖੁਫੀਆਂ ਕਰਾਂਤੀਕਾਰੀ ਸਭਾ ਵਿੱਚ ਸ਼ਾਮਲ ਹੁੰਦਾ ਹਾਂ ?

ਭਾਰਤੀ ਹਵਾਈ ਸੈਨਾ ਵਿੱਚ ਜੇ ਮੈਂ ਪੰਦਰਾਂ ਸਾਲ ਸੇਵਾ ਕਰਦਾ ਤਾਂ ਪੈਨਸ਼ਨ ਮਿਲ ਜਾਣੀ ਸੀ। ਮੈਂ ਦਸ ਸਾਲਾਂ ਬਾਅਦ ਹੀ ਹਵਾਈ ਸੈਨਾ ਵਿੱਚੋਂ ਬਾਹਰ ਆ ਗਿਆ। ਸਿਵਲ ਦੀ ਨੌਕਰੀ ਲਈ ਕਿਤੇ ਓਵਰ ਏਜ ਨਾ ਹੋ ਜਾਵਾਂ।

ਮਾਣਤਾ ਪ੍ਰਾਪਤ ਗੈਰ-ਸਰਕਾਰੀ ਕਾਲਜ, ਵਿੱਚ ਮੈਂ ਪੂਰੇ ਦਿਲ ਨਾਲ, ਪੂਰੀ ਲਗਨ ਨਾਲ ਤਿੰਨ ਦਹਾਕੇ ਤੋਂ ਵੱਧ ਸਮਾਂ ਸੇਵਾ ਕੀਤੀ। ਵਿਦਿਆਰਥੀਆਂ ਵੱਲੋਂ ਸਦਾ ਇੱਜ਼ਤ ਤੇ ਸਤਿਕਾਰ ਮਿਲਿਆ। ਮੇਰੀ ਸੇਵਾ ਦੇ ਸਮੇਂ ਵਿੱਚ ਹੌਲੀ-ਹੌਲੀ ਕਾਲਜ ਉਸਰਿਆ। ਕਾਲਜ ਦੀ ਇਮਾਰਤ ਐਲ ਟਾਇਪ ਤੋਂ ਐਚ ਟਾਈਪ ਬਣੀ। ਇਲਾਕੇ ਦੇ ਪਿੰਡਾਂ ਵਿੱਚ, ਘਰ-ਘਰ ਜਾ ਕੇ ਕਾਲਜ ਵਿੱਚ ਵਧੀਆ ਪੜ੍ਹਾਈ, ਵਧੀਆ ਇਮਾਰਤ, ਵਧੀਆ ਲਾਇਬਰੇਰੀ, ਲੇਬਾਰਟਰੀ ਬਾਰੇ ਦੱਸਿਆ। ਮਾਪਿਆਂ ਨੂੰ ਪ੍ਰੇਰਿਆ ਕਿ ਆਪਣੇ ਬੱਚੇ ਬੱਚੀਆਂ ਨੂੰ ਉੱਚੇ ਤੇ ਮਿਆਰੀ ਪੜ੍ਹਾਈ ਲਈ ਕਾਲਜ ਭੇਜਣ। ਸਟਾਫ ਦੇ ਕੁਝ ਮੈਂਬਰਾਂ ਨਾਲ ਜੀਪ ਵਿੱਚ ਬੈਠਾ, ਲਾਊਡ ਸਪੀਕਰ ਨਾਲ ਹਰ ਸਾਲ ਦਾਖਲਿਆਂ ਬਾਰੇ ਮੈਂ ਹੀ ਸੱਦਾ ਦਿਆ ਕਰਦਾ ਸਾਂ। ਦਾਖ਼ਲਾ ਇਸ਼ਤਿਹਾਰ ਵੰਡਦਾ ਸਾਂ।

60 ਸਾਲ ਦੀ ਉਮਰ ਤੋਂ ਬਾਅਦ ਮੈਂ ਸੇਵਾ ਮੁਕਤ ਹੋ ਗਿਆ। ਕਾਲਜ ਨੇ ਆਪਣੀ ਉਮਰ ਦੇ 50 ਸਾਲ ਪੂਰੇ ਕਰ ਲਏ ਸਨ। ਇਸ ਵਿੱਚ 31 ਸਾਲ ਮੇਰੀ ਨਿਸ਼ਕਾਮ ਤੇ ਮਿਹਨਤ ਭਰਪੂਰ ਸੇਵਾ ਵੀ ਸ਼ਾਮਲ ਸੀ। ਕਾਲਜ ਦੀ ਗੋਲਡਨ ਜੁਬਲੀ ਆਈ। ਵੱਡਾ ਸਮਾਗਮ ਹੋਇਆ। ਮੈਂ ਘਰ ਬੈਠਾ ਮੋਹ ਭਰਿਆ ਸੱਦਾ ਪੱਤਰ ਉਡੀਕਦਾ ਰਿਹਾ, ਪਰ ਸੱਦਾ ਨਾ ਆਇਆ। ਘੱਟਾ ਉਡਾਉਂਦੀ, ਆਪਣੇ ਸਿਰ ਵਿਚਿ ਪਾਉਂਦੀ, ਆਖਰੀ ਟਰੇਨ ਲੰਘ ਗਈ ਸੀ।

ਗੈਰ ਸਰਕਾਰੀ ਮਾਨਤਾ ਪ੍ਰਾਪਤ ਕਾਲਜ ਅਧਿਆਪਕਾਂ ਲਈ ਪੈਨਸ਼ਨ ਤੇ ਗਰੈਚੂਟੀ ਦਾ ਨੋਟੀਫਿਕੇਸ਼ਨ ਸਾਰੇ ਗੈਰ ਸਰਕਾਰੀ ਕਾਲਜਾਂ ਵਿਚਿ ਭੇਜਿਆ ਗਿਆ ਸੀ, ਪਰ ਕਰੈਡਿਟ ਲੈਣ ਲਈ ਕਾਲਜ ਯੂਨੀਅਨ ਦੇ ਦੋ ਗਰੁੱਪ ਆਪਸ ਵਿੱਚ ਉਲਝੇ ਰਹੇ। ਗਜ਼ਟਿੰਗ ਨਾ ਕਰਵਾ ਸਕੇ। ਸਰਕਾਰ ਬਦਲ ਗਈ। ਪੈਨਸ਼ਨ ਕੇਸ ਖੱਡੇ ਵਿੱਚ ਡਿੱਗ ਪਿਆ। ਪ੍ਰਿੰਸੀਪਲ ਤੁਲੀ ਦੀ ਅਗਵਾਈ ਵਿੱਚ, ਮੇਰੇ ਸਮੇਤ ਕੁਝ ਕਾਲਜਾਂ ਤੋਂ ਸੇਵਾ ਮੁਕਤ ਪ੍ਰੋਫੈਸਰਾਂ ਨੇ, ਪੈਨਸ਼ਨ ਲਈ ਕੋਰਟ ਵਿੱਚ ਕੇਸ ਕਰ ਦਿੱਤਾ। ਚਾਰ ਸਾਲਾਂ ਬਾਅਦ ਆਖਰੀ ਫੈਸਲਾ ਜਿਹੜਾ ਕਿ ਸਾਡੇ ਹੱਕ ਵਿਚਿ ਲਿਖਿਆ ਜਾਣ ਹੀ ਵਾਲਾ ਸੀ। ਹੁਸ਼ਿਆਰਪੁਰ ਦੇ ਇਕ ਕਾਲਜ ਵੱਲੋਂ ਵਕੀਲ ਅਨੂਪਮ ਗੁਪਤਾ, ਜੱਜ ਸਾਹਿਬ ਨਾਲ ਬਹਿਸਣ ਲੱਗ ਪਿਆ। ਪ੍ਰੋਫੈਸਰਾਂ ਦੇ ਹੱਕ ਵਿਚਿ ਫੈਸਲਾ ਲਿਖ ਰਹੇ ਜੱਜ ਨੇ ਆਪਣੀ ਕਲਮ ਰੋਕ ਲਈ। ਇਹ ਫੈਸਲਾ ਹੁਣ ਅਗਲਾ ਬੈਂਚ ਕਰੇਗਾ। ਕੋਰਟ ਉੱਠਾ ਦਿੱਤੀ ਗਈ।

ਪੈਨਸ਼ਨ ਕੇਸ ਦਾ ਅੱਜ ਤੱਕ ਫੈਸਲਾ ਨਹੀਂ ਹੋਇਆ- ਵੀਹ ਸਾਲ ਬੀਤ ਗਏ ਹਨ।

ਆਖਰੀ ਟਰੇਨ ਨਿਕਲ ਚੁੱਕੀ ਸੀ। ਹੁਣ ਤਾਂ ਟਿਕਟ ਜੋਗੇ ਪੈਸੇ ਵੀ ਨਹੀਂ ਬਚੇ।

ਸੀਨੀਅਰ ਲੇਖਕ ਹੋਣ ਕਰ ਕੇ ਕੁਝ ਸਾਲਾਂ ਤੋਂ ਮੇਰਾ ਨਾਮ ਪੰਜਾਬੀ ਸਾਹਿਤ ਅਕਾਡਮੀ ਦੇ ਧਾਲੀਵਾਲ ਪੁਰਸਕਾਰ ਲਈ ਵਿਚਾਰ ਅਧੀਨ ਸੀ, ਪਰ ਹਰ ਵਾਰ ਮੇਰੇ ਨਾਲੋਂ ਕਿਤੇ ਜੂਨੀਅਰ, ਕੁਝ ਚੱਲਦੇ ਪੁਰਜ਼ੇ ਲੇਖਕ, ਕਹਿ ਸੁਣ ਕੇ, ਪੁਰਸਕਾਰ ਲੈ ਜਾਂਦੇ ਸਨ। ਹਰ ਵਾਰ ਮੇਰਾ ਨਾਮ ਖਿਸਕ ਕੇ ਹੇਠਾਂ ਆ ਜਾਂਦਾ ਸੀ। ਇਸ ਵਾਰ ਮੈਨੂੰ ਪੱਕੀ ਉਮੀਦ ਸੀ ਕਿ ਧਾਲੀਵਾਲ ਪੁਰਸਕਾਰ ਮੇਰੇ ਹਿੱਸੇ ਆ ਜਾਵੇਗਾ, ਪਰ ਧਾਲੀਵਾਲ ਪਰਿਵਾਰ ਨੇ ਅਕੈਡਮੀ ਨੂੰ ਫੰਡ ਦੇਣੇ ਹੀ ਬੰਦ ਕਰ ਦਿੱਤੇ। ਉਸੇ ਫੰਡ ਵਿੱਚੋਂ ਪੰਜਾਬੀ ਸਾਹਿਤ ਅਕਾਡਮੀ ਲੇਖਕਾਂ ਨੂੰ ਸਾਲਾਨਾ ਪੁਰਸਕਾਰ ਦਿਆ ਕਰਦੀ ਸੀ। ਮੇਰੇ ਲਈ ਆਖਰੀ ਟਰੇਨ ਸਦਾ ਲਈ ਨਿਕਲ ਚੁੱਕੀ ਸੀ।

ਕਈ ਸਾਲਾਂ ਤੋਂ ਸੁਣਨ ਵਿੱਚ ਆ ਰਿਹਾ ਸੀ ਕਿ ਇਸ ਵਾਰ ਹੇਮਜਯੋਤੀ ਪੁਰਸਕਾਰ ਮੈਨੂੰ ਦਿੱਤਾ ਜਾਵੇਗਾ। ਸਾਰੀ ਉਮਰ ਮੈਂ ਅਗਾਂਹਵਧੂ, ਸਮਾਜਵਾਦੀ ਨਜ਼ਰੀਏ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਇਆ ਸੀ, ਲਿਖਿਆ ਸੀ, ਬੋਲਿਆ ਸੀ। ਹੇਮਜਯੋਤੀ ਸਾਲਾਨਾ ਪੁਰਸਕਾਰ ਸਮਾਗਮ ਵਿਚਿ ਦੋ ਵਾਰ ਮੈਨੂੰ ਪਰਧਾਨਗੀ ਮੰਡਲ ਵਿਚਿ ਥਾਂ ਦਿੱਤੀ ਗਈ ਸੀ। ਇਸ ਵਾਰ ਮੈਨੂੰ ਇਹ ਪੁਰਸਕਾਰ ਦਿੱਤਾ ਜਾਣਾ ਸੀ, ਪਰ ਪੁਰਸਕਾਰ ਦੇਣ ਦਾ ਫੈਸਲਾ ਡੇ ਅਤੇ ਨਾਈਟ ਟੀ. ਵੀ. ਚੈਨਲ ਦੇ ਇੱਕ ਨੌਜਵਾਨ ਕਰਤਾ-ਧਰਤਾ ਨੂੰ ਦੇਣ ਦਾ ਫੈਸਲਾ ਹੋ ਗਿਆ। ਨੌਜਵਾਨ ਪਰੋਡਿਊਸਰ ਨੇ ਯੋ ਯੋ ਉੱਤੇ ਤਿੰਨ ਘੰਟੇ ਭਾਸ਼ਨ ਦਿੱਤਾ। ਭਾਸ਼ਨ ਸੁਣਨਾ ਹੀ ਪੈਣਾ ਸੀ ਕਿਉਂਕਿ ਉਸ ਦੇ ਹੱਥ ਵਿਚ ਟੀ. ਵੀ. ਚੈਨਲ ਉੱਤੇ ਸਮਾਂ ਦੇਣ ਦੀ ਡੋਰ ਸੀ।

ਕਰਾਂਤੀਕਾਰੀ ਅਹੁਦੇਦਾਰਾਂ ਨੂੰ ਨਿੱਜੀ ਚੈਨਲ ਤੋਂ ਕੋਈ ਵੀ ਬੁਲਾਵਾ ਆਉਣ ਦੀ ਪੂਰੀ ਆਸ ਸੀ। ਭਿ੍ਰਸ਼ਟਾਚਾਰ, ਭੂਮੀ ਮਾਫੀਆ, ਡਰੱਗ ਮਾਫੀਆ ਉੱਤੇ ਬਹਿਸ ਹੋਣੀ ਸੀ। ਮੋਟਾ ਚੈੱਕ ਤੇ ਸ਼ੋਹਰਤ। ਮੈ ਭਲਾ ਕਿਹੜੇ ਬਾਗ ਦੀ ਮੂਲੀ ਸਾਂ। ਮੇਰੇ ਲਈ ਆਖਰੀ ਟਰੇਨ ਨਿਕਲ ਗਈ ਸੀ। ਸਟੇਸ਼ਨ ਉੱਤੇ ਫੇਰ ਮੁੜ ਕੇ ਟਰੇਨ ਹਾਲੀ ਤੱਕ ਨਹੀਂ ਆਈ।

ਜਿਹਨਾਂ ਨੇ ਦੋ ਚਾਰ ਕਵਿਤਾਵਾਂ, ਗ਼ਜ਼ਲਾਂ ਲਿਖ ਕੇ ਫੇਰ 30-35 ਸਾਲਾਂ ਤੱਕ ਇਕ ਸਤਰ ਤੱਕ ਨਹੀਂ ਲਿਖੀ ਹੰੁਦੀ। ਜਿਹੜੇ ਤਿੰਨ ਚਾਰ ਮਹੀਨਿਆਂ ਬਾਅਦ, ਵਿਦੇਸ਼ੀ ਡਾਲਰਾਂ ਜਾਂ ਪਾਊਡਾਂ ਦੀ ਡੰਗੋਰੀ ਨਾਲ ਪਰਚਾ ਪ੍ਰਕਾਸ਼ਤ ਕਰਦੇ ਸਨ। ਵਕਤੀ ਸੰਪਾਦਕੀਆਂ ਤੋਂ ਵਧ ਕੁਝ ਵੀ ਮੌਲਿਕ ਨਹੀਂ ਲਿਖਿਆ ਹੁੰਦਾ। ਉਹ ਵੀ ਸ੍ਰੋਮਣੀ ਸਾਹਿਤ ਪੁਰਸਕਾਰ ਹੜੱਪ ਕਰ ਗਏ।

ਕਈ ਸਾਲਾਂ ਤੋਂ ਮੈਨੂੰ ਕਰੀਬ ਹਰ ਅੰਕ ਵਿੱਚ ਬੜੀ ਇੱਜ਼ਤ ਤੇ ਮਾਣ ਨਾਲ ਛਾਪਣ ਵਾਲਾ ਪਰਚਾ ਹਰਕਾਰਾ ਲਈ ਮੈਂ ਕੁਝ ਵਿਸ਼ੇਸ਼ ਲਿਖ ਰਿਹਾ ਸਾਂ। ਸ਼ੁਕਰਾਨਾ ਕਰਨਾ ਚਾਹੁੰਦਾ ਸਾਂ ਕਿ ਹਰਕਾਰਾ ਦਾ ਨਵਾਂ ਅੰਕ ਮਿਲਿਆ। ਟਾਈਟਲ ਸਫੇ ਉੱਤੇ ਐਲਾਨ ਸੀ। ਤੁਹਾਡੇ ਹੱਥਾਂ ਵਿੱਚ ਇਹ ਅੰਕ ਹਰਕਾਰਾ ਦਾ ਆਖਰੀ ਅੰਕ ਹੋਵੇਗਾ। ਹਰਕਾਰਾ ਤੁਹਾਡੇ ਪਾਸੋਂ ਵਿਦਾ ਹੰੁਦਾ ਹੈ। ਸਲਾਹਕਾਰਾਂ ਦੀ ਲੰਮੀ ਧਾੜ ਮੌਨ ਹੋ ਗਈ ਸੀ। ਹਰਕਾਰਾ ਨੇ ਹੋਕਾ ਦੇਣਾ ਬੰਦ ਕਰ ਦਿੱਤਾ ਸੀ। ਮੇਰਾ ਸਾਹਿਤ-ਮਿੱਤਰ ਵਿਛੋੜਾ ਦੇ ਗਿਆ ਸੀ। ਆਖਰੀ ਟਰੇਨ ਡੀ-ਰੇਲ ਹੋ ਗਈ ਸੀ।

ਦਰਸ਼ਨ ਸਿੰਘ ਮੇਰੀ ਕੋਈ ਰਚਨਾ ਪੜ੍ਹਦਾ। ਜ਼ਰੂਰ ਫੋਨ ਕਰਦਾ। ਮੈਂ ਤੁਹਾਡੇ ਪਾਸ ਆਵਾਂਗਾ। ਆਪਣੇ ਬੋਲਾਂ ਨਾਲ ਤੁਹਾਡੀ ਤਨਹਾਈ ਦੂਰ ਕਰਾਂਗਾ। ਕੈਨੇਡਾ ਤੋਂ ਮੈਂ ਵਧੀਆ ਵਿਸਕੀ ਦੀ ਬੋਤਲ ਲਈ ਆਵਾਂਗਾ। ਮੈਂ ਤੇ ਪੀਂਦਾ ਨਹੀਂ। ਤੁਸੀਂ ਤਾਂ ਪੀਂਦੇ ਹੋ। ਮੈਨੂੰ ਮੇਰੀਆਂ ਸਹੇਲੀਆਂ ਮਿਲਣ ਆਇਆ ਕਰਨਗੀਆਂ। ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਵੱਖ ਵੱਖ ਸਮੇਂ ਟੈਲੀਫੋਨ ਉੱਤੇ ਦਰਸ਼ਨ ਨੇ ਘੱਟੋਂ ਘੱਟ ਅੱਠ ਦਸ ਵਾਰ ਏਹੋ ਸ਼ਬਦ ਕਹੇ-ਮੈਂ ਵਿਸਕੀ ਦੀ ਬੋਤਲ ਲਈ ਆਵਾਂਗਾ। ਮੈਂ ਤਾਂ ਪੀਂਦਾ ਨਹੀਂ। ਤੁਸੀਂ ਤਾਂ ਪੀਂਦੇ ਹੋ।

ਆਖਰ ਦਰਸ਼ਨ ਟੈਕਸੀ ਲੈ ਕੇ ਮੇਰੇ ਪਾਸ ਆਇਆ। ਮੁਸ਼ਕਲ ਨਾਲ ਖੂੰਡੀ ਨਾਲ ਤੁਰਦਾ ਸੀ। ਅੱਸੀ ਸਾਲਾਂ ਤੋਂ ਵਧ ਉਮਰ। ਚਿਪਕਿਆ ਚਿਹਰਾ। ਖੁਰੀਆਂ ਅੱਖਾਂ।

ਦਰਸ਼ਨ ਸਿੰਘ ਜੀ ਕਿੱਥੇ ਹੈ ਉਹ ਤੁਹਾਡੀ ਬੇਸ਼ਕੀਮਤੀ ਵਿਸਕੀ ਦੀ ਬੋਤਲ। ਨਾਯਾਬ ਤੋਹਫਾ ! ਕਾਰੂੰ ਦਾ ਖਜ਼ਾਨਾ ! ਭਾਵੇਂ ਮੈਨੂੰ ਪੀਣ ਦਾ ਰੱਤਾ ਭਰ ਵੀ ਸ਼ੌਕ ਨਹੀਂ। ਕਿੱਥੇ ਹਨ ਉਹ ਅਪਸ਼ਰਾਂ, ਪਰੀਆਂ ਜਿਹੜੀਆਂ ਤੁਹਾਨੂੰ ਮਿਲਣ ਆਉਂਦੀਆਂ ਹਨ ਤੇ ਫੇਰ ਦਰਸ਼ਨ ਸਿੰਘ ਦਾ ਕੋਈ ਫੋਨ ਨਹੀਂ ਆਇਆ। ਸ਼ਾਇਦ ਉਹ ਆਖਰੀ ਟਰੇਨ ਉੱਤੇ ਸਵਾਰ ਹੋ ਕੇ ਪਰੀਆਂ ਪਾਸ ਚਲਾ ਗਿਆ ਸੀ। ਖਿਆਲ ਹੈ ਦਰਸ਼ਨ ਸਿੰਘ ਉਹ ਦੁਰਲਭ ਵਿਸਕੀ ਦੀ ਬੋਤਲ ਵੀ ਨਾਲ ਹੀ ਲੈ ਕੇ ਗਿਆ ਹੋਵੇਗਾ।

ਚੁਮਾਸਾ ਹੈ। ਘੁਟਨ ਹੈ। ਸਹਾਰਾ ਥਲ ਮੇਰੇ ਵਲ ਵਧ ਰਿਹਾ ਹੈ। ਕਿੱਧਰ ਚੱਲੀਆਂ ਗਈਆਂ ਛਾਵਾਂ – ਪਿੱਪਲਾਂ ਬੋਹੜਾਂ ਦੀਆਂ। ਕਿੱਥੇ ਗਈਆਂ ਪੀਂਘਾਂ – ਕੁੜੀਆਂ ਮੁਟਿਆਰਾਂ ਦੀਆਂ। ਕਿੱਥੇ ਗਏ ਬੱਦਲਾਂ ਦੇ ਝਝਕਾਰੇ, ਹਵਾ ਦੇ ਹੁਲਾਰੇ।

ਨਾ ਮੋਹ ਭਿੱਜੇ ਬੋਲ਼। ਨਾ ਗੋਡੀ ਹੱਥ। ਨਾ ਅਸ਼ੀਰਵਾਦੀ ਚਾਹਤ। ਨਾ ਪਿਆਰ ਸਾਥ ਦੀ ਰਾਹਤ।

ਮੈਂ ਜੰਗਲ ਦਾ ਫੁੱਲ ਹਾਂ। ਕੋਈ ਦੇਖੇ, ਨਾ ਦੇਖੇ, ਮੈਂ ਖਿੜਦਾ ਰਹਾਂਗਾ। ਹਵਾ ਵਿਚ ਖ਼ੁਸ਼ਬੂ ਮਿਲਾਂਦਾ ਰਹਾਂਗਾ। ਮੈਂ ਸੱਚੀ ਕਿਰਤ ਦਾ ਪਰਚਮ ਲਹਿਰਾਦਾਂ ਰਹਾਂਗਾ। ਮੈਂ ਰੇਲ ਗੱਡੀ ਦਾ ਆਖਰੀ ਸਟੇਸ਼ਨ ਹਾਂ।

ਔਲਾਦ (ਕਾਵਿ-ਵਿਅੰਗ)

0

(ਕਾਵਿ-ਵਿਅੰਗ)

ਔਲਾਦ 

ਰਮੇਸ਼ ਬੱਗਾ ਚੋਹਲਾ, ਡਬਲ ਐਮ.ਏ, ਐਮ.ਐਡ #1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਹੀਰ ਆਖਦੀ ਜੋਗੀਆ ਸੱਚ ਆਖਾਂ, ਬਣਦਾ ਕੋਈ ਨਹੀਂ ਕਿਸੇ ਦਾ ਮਿੱਤ ਇੱਥੇ।

ਔਲਾਦ ਆਪਣੀ ਹੋਈ ਬੇਮੁੱਖ ਜਾਂਦੀ, ਡਾਂਗ ਭਾਈਆਂ ’ਚ ਖੜ੍ਹਕਦੀ ਨਿੱਤ ਇੱਥੇ।

ਮੰਗਦੇ ਭਲਾ ਸਰਬਤ ਦਾ ਲੋਕ ਵਿਰਲੇ, ਬਹੁਤੇ ਆਪਣਾ ਹੀ ਪਾਲ਼ਦੇ ਹਿੱਤ ਇੱਥੇ।

ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ‘ਚੋਹਲਾ’, ਲੋੜ ਪਈ ਤੋਂ ਬੋਲਦੇ ਤਿੱਤ ਇੱਥੇ।

—-0—- –

ਦੂਜੇ ਦੀ ਦਾਲ

ਕ੍ਰਿਤਘਣਾਂ ਦੀ ਵਧੀ ਤਦਾਦ ਜਾਵੇ, ਕੀਤੀ ਦੂਜੇ ਦੀ ਜਾਣਦਾ ਕੋਈ ਕੋਈ।

ਸੌਖੇ ਸਮੇਂ ਦੇ ਸਾਕ-ਸੰਬੰਧ ਬਹੁਤੇ, ਔਖੇ ਵਕਤ ’ਤੇ ਸਿਆਣਦਾ ਕੋਈ ਕੋਈ।

ਰੋੜ ਦੂਜੇ ਦੀ ਦਾਲ ’ਚੋਂ ਚੁਣਨ ਲੋਕੀ, ਆਪਣੇ ਪੀਸੇ ਨੂੰ ਛਾਣਦਾ ਕੋਈ ਕੋਈ।

ਹਾਣੀ ਉਮਰ ਦੇ ਮਿਲਣ ਬੇਅੰਤ ‘ਚੋਹਲਾ’, ਮਿਲੇ ਰੂਹ ਦੇ ਹਾਣਦਾ ਕੋਈ ਕੋਈ।

—–0——

ਕਾਵਿ-ਵਿਅੰਗ 

ਬੁਰੇ ਬੰਦੇ

ਭਲਾ ਬੰਦਾ ਹੈ ਭਲੇ ਦੀ ਗੱਲ ਕਰਦਾ, ਬੁਰੇ ਬੰਦੇ ਦੀ ਬਾਤ ਵੀ ਬੁਰੀ ਹੁੰਦੀ।

ਮੁੱਖੋਂ ਜਪਦੇ ਰਾਮ ਦਾ ਨਾਮ ਜਿਹੜੇ, ਬਗਲ ਵਿਚ ਹੈ ਉਨ੍ਹਾਂ ਦੇ ਛੁਰੀ ਹੁੰਦੀ।

ਉਸ ਚੱਕੇ ਨੇ ਲੀਹ ਤੋਂ ਲਹਿ ਜਾਣਾ, ਛੱਡੀ ਜਿਸ ਨੇ ਆਪਣੀ ਧੁਰੀ ਹੁੰਦੀ।

ਕੀਤੇ ਹੁੰਦੇ ‘ਰਮੇਸ਼’ ਜੇ ਕੰਮ ਚੱਜ ਦੇ, ਗੱਲ ਉਸ ਦੀ ਵੀ ਕੋਈ ਤੁਰੀ ਹੁੰਦੀ।

—-0—-

ਲਿਸ਼ਕ

ਜਿਹੜੇ ਕਹਿੰਦੇ ਨੇ ਮਰਾਂਗੇ ਨਾਲ ਤੇਰੇ, ਔਖੇ ਵਕਤ ’ਤੇ ਜਾਂਦੇ ਉਹ ਖਿਸਕ ਮੀਆਂ।

ਛੇਤੀ ਕੀਤਿਆਂ ਕਦੇ ਨਾ ਰਾਸ ਆਵੇ, ਲੱਗਾ ਪਿਛਲੀ ਉਮਰ ਵਿਚ ਇਸ਼ਕ ਮੀਆਂ।

ਪੁਰਾਣੀ ਚੀਜ਼ ਦਾ ਪੈਂਦਾ ਪ੍ਰਭਾਵ ਫਿੱਕਾ, ਪੈਂਦੀ ਨਵੀਂ ਦੀ ਦੂਰ ਤੋਂ ਲਿਸ਼ਕ ਮੀਆਂ।

ਕੱਚੇ ਘੜੇ ਲਗਾਉਣ ਨਾ ਪਾਰ ‘ਚੋਹਲਾ’, ਲੈ ਬੈਠੀਂ ਤੂੰ ਕਿਤੇ ਨਾ ਰਿਸਕ ਮੀਆਂ।

—-0—-

ਅੱਤ

ਅੱਤ ਚੱਕ ਲਈ ਪਿਆਜ਼ ਟਮਾਟਰਾਂ ਨੇ, ਲਾਉਣ ਦਿੰਦੇ ਨਹੀਂ ਕਿਸੇ ਨੂੰ ਹੱਥ ਮੀਆਂ।

ਮਿਲੇ ਕੋਈ ਨਾ ਪੰਜਾਹ ਤੋਂ ਘੱਟ ਸਬਜ਼ੀ, ਮੱਚੀ ਮੰਡੀ ਦੇ ਵਿਚ ਤਰਤੱਥ ਮੀਆਂ।

ਇਹੋ ਜਿਹੇ ਹੀ ਆਉਣੇ ਸਨ ਦਿਨ ਅੱਛੇ, ਕਹਿੰਦੀ ਪਈ ਗ਼ਰੀਬਾਂ ਦੀ ਸੱਥ ਮੀਆਂ।

ਮੱਠੀ ਸੀਟੀ ਦੀ ਹੋਈ ਆਵਾਜ਼ ‘ਚੋਹਲਾ’, ਕੂਕਰ ਚੁੱਲਿਆਂ ਤੋਂ ਗਏ ਲੱਥ ਮੀਆਂ

————0————-

ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੂੰ

0

ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੂੰ

ਪ੍ਰਿੰਸੀਪਲ ਕਰਮਜੀਤ ਸਿੰਘ ਗਠਵਾਲਾ

ਵਾਹ ਓਏ ਜੋਗੀਆ  ! ਆਪਣੇ ਨਾਂ ਤਾਈਂ,

ਹਰ ਪਾਸਿਓਂ ਠੀਕ ਠਹਿਰਾਇਆ ਤੂੰ ।

‘ਅੱਲ੍ਹਾ ਯਾਰ’ ਸੀ ਅੱਲ੍ਹਾ ਦਾ ਯਾਰ ਬਣਿਓਂ,

ਭੇਦ ਦੂਈ-ਦਵੈਤ ਮਿਟਾਇਆ ਤੂੰ ।

ਤੇਰੀ ਰੂਹ ਨੂੰ ਕੋਈ ਨਾ ਫ਼ਰਕ ਲੱਗਾ,

ਹਜ਼ਰਤ ਸਾਹਿਬ ਤੇ ਗੁਰੂ ਗੋਬਿੰਦ ਦੇ ਵਿੱਚ ।

ਪੂਜਣ ਲੱਗਿਆਂ ਤੂੰ ਨਾ ਫ਼ਰਕ ਪਾਇਆ,

‘ਚਮਕੌਰ’ ‘ਕਰਬਲਾ’ ਤੇ ‘ਸਰਹਿੰਦ’ ਦੇ ਵਿੱਚ ।

ਹਜ਼ਰਤ ਅਲੀ ਦੇ ਹਸਨ-ਹੁਸੈਨ ਦਾ ਸੀ,

ਤੇਰੀ ਨਜ਼ਰ ਵਿੱਚ ਮਰਤਬਾ ਬਹੁਤ ਉੱਚਾ ।

ਅਜੀਤ-ਜੁਝਾਰ, ਜ਼ੋਰਾਵਰ-ਫ਼ਤਹਿ ਦਾ ਵੀ,

ਤੂੰ ਸਮਝਿਆ ਓਨ੍ਹਾਂ ਹੀ ਨਾਂ ਸੁੱਚਾ ।

ਵੱਡੇ ਪਾਪੀਆਂ ਦੀ ਕਤਾਰ ਅੰਦਰ,

ਖੜ੍ਹੇ ਕੀਤੇ ਤੂੰ ਜ਼ਿਆਦ ਯਜ਼ੀਦ ਦੋਵੇਂ ।

ਉਨ੍ਹਾਂ ਨਾਲ ਹੀ ਤੂੰ ਮਿਲਾ ਦਿੱਤੇ,

ਸੁੱਚਾ ਨੰਦ ਤੇ ਸੂਬਾ ਵਜ਼ੀਦ ਦੋਵੇਂ ।

ਤੇਰੀ ਕਲਮ ਨੇ ਉਹ ਤਸਵੀਰ ਖਿੱਚੀ,

ਸਾਹਵੇਂ ਅੱਖਾਂ ਦੇ ਜੰਗ ਘਮਸਾਨ ਹੋਵੇ ।

ਸੁੱਤੇ ਸਿੰਘਾਂ ਨੂੰ ਤੱਕ ਕੇ ਗੁਰੂ ਸੋਚਣ,

ਜਿਵੇਂ ਪੁੱਤਾਂ ਤੋਂ ਪਿਤਾ ਕੁਰਬਾਨ ਹੋਵੇ ।

ਹਰ ਇੱਕ ਸ਼ਿਅਰ ਹੈ ਪੁਰ ਤਾਸੀਰ ਤੇਰਾ,

ਪੱਥਰ ਦਿਲ ਵੀ ਮੋਮ ਬਣਾਈ ਜਾਵੇ ।

ਦਰਦ ਕਿੰਨਾ ਵੀ ਭਾਵੇਂ ਮਹਿਸੂਸ ਹੋਵੇ,

ਮੱਲ੍ਹਮ ਸ਼ਰਧਾ ਦੀ ਓਸ ’ਤੇ ਲਾਈ ਜਾਵੇ ।

ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਤੇ ਇਸ ਦੀ ਹੁੰਦੀ ਦੁਰਵਰਤੋਂ

0

ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਤੇ ਇਸ ਦੀ ਹੁੰਦੀ ਦੁਰਵਰਤੋਂ

ਅਮਰਜੀਤ ਸਿੰਘ (ਵਾਇਸ ਚੇਅਰਮੈਨ)-098157-03806

ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇੱਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਸਿੱਖਾਂ ਵਾਸਤੇ ਇਸ ਤਰ੍ਹਾਂ ਦੇ ਚਾਰ ਤਖ਼ਤ ਹੋਰ ਹਨ, ਉਨ੍ਹਾਂ ਦੇ ਨਾਂ ਹਨ:-

(1). ਸ੍ਰੀ ਪਟਨਾ ਸਾਹਿਬ (ਬਿਹਾਰ)

(2). ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ)

(3). ਸ੍ਰੀ ਹਜੂਰ ਸਾਹਿਬ (ਨੰਦੇੜ, ਮਹਾਰਾਸਟਰ)

(4). ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ)

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਠੀਕ ਸਾਹਮਣੇ 15 ਜੂਨ 1606 ਨੂੰ ਕੀਤੀ, ਜਿਸ ਨਾਲ ਸਿੱਖ ਇਤਹਾਸ ’ਚ ਇੱਕ ਨਵਾਂ ਮੋੜ ਆਇਆ ਤੇ ਸਿੱਖਾਂ ਨੇ ਸ਼ਸਤਰ ਧਾਰਨੇ ਵੀ ਸ਼ੁਰੂ ਕਰ ਦਿੱਤੇ। 17ਵੀਂ ਅਤੇ 18ਵੀਂ ਸਦੀ ਦੇ ਸ਼ਾਸਕਾਂ ਦੇ ਜ਼ੁਲਮ ਅਤੇ ਬੇਰਹਿਮੀ ਦੇ ਖਿਲਾਫ ਰਾਜਨੀਤਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇਹ ਖੜ੍ਹਾ ਰਿਹਾ। 18ਵੀਂ ਸਦੀ ਵਿੱਚ, ਅਹਿਮਦ ਸ਼ਾਹ ਅਬਦਾਲੀ ਅਤੇ ਮੱਸੇ ਰੰਘੜ ਨੇ ਅਕਾਲ ਤਖ਼ਤ ਉੱਤੇ ਹਮਲਿਆਂ ਦੀ ਇੱਕ ਲੜੀ ਦੀ ਅਗਵਾਈ ਕੀਤੀ ਸੀ। ਗੁਰੂ ਹਰਗੋਬਿੰਦ ਸਾਹਿਬ ਦੇ 1635 ਵਿੱਚ ਸ੍ਰੀ ਕੀਰਤਪੁਰ ਸਾਹਿਬ ਚਲੇ ਜਾਣ ਉਪਰੰਤ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪਿ੍ਰਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ। ਉਨ੍ਹਾਂ ਦੇ ਪੋਤੇ ਹਰ ਜੀ 1696 ਤੱਕ (55 ਸਾਲ ਲਈ) ਤਖ਼ਤ ਦੇ ਸੰਚਾਲਕ ਰਹੇ। 1699 ਵਿੱਚ ਖਾਲਸਾ ਪੰਥ ਦੀ ਸਿਰਜਨਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ। 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹਰਿਮੰਦਰ ਸਾਹਿਬ ਦਾ ਸਰੋਵਰ ਤੇ ਅਕਾਲ ਤਖ਼ਤ ਸਿੱਖਾਂ ਲਈ ਆਕਰਸ਼ਿਤ ਤੇ ਰੂਹਾਨੀ ਆਨੰਦ ਦੇ ਮੁੱਖ ਸਰੋਤ ਵਜੋਂ ਰਹੇ ਹਨ। ਦਿਵਾਲੀ ਤੇ ਵਿਸਾਖੀ ਨੂੰ ਇੱਥੇ ਸਰਬੱਤ ਖਾਲਸਾ ਦੀਵਾਨ ਸਜਦੇ ਤੇ ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ ’ਤੇ ਫੈਸਲੇ ਲਏ ਜਾਂਦੇ। ਉਦਾਹਰਨ ਦੇ ਤੌਰ ’ਤੇ 4 ਅਕਤੂਬਰ 1745 ਨੂੰ ਗੁਰਮਤਾ ਕਰ ਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ।

19 ਮਾਰਚ 1748 ਦੀ ਵਿਸਾਖੀ ਵਾਲੇ ਦਿਨ 11 ਮਿਸਲਾਂ ਬਣਾਉਣ ਦਾ ਗੁਰਮਤਾ ਕੀਤਾ ਗਿਆ। 10 ਅਪ੍ਰੈਲ 1673 ਨੂੰ ਗੁਰਮਤਾ ਕਰ ਕੇ ਇੱਕ ਬ੍ਰਾਹਮਣ ਦੀ ਅਗਵਾ ਕਰ ਲਈ ਗਈ ਪਤਨੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ। ਦਸੰਬਰ 1674 ’ਚ ਭਾਈ ਗੁਰਬਖਸ ਸਿੰਘ 30 ਸਿੱਖਾਂ ਦੀ ਅਗਵਾਈ ਵਿੱਚ ਅਹਿਮਦ ਸ਼ਾਹ ਦੁਰਾਨੀ ਤੋਂ ਅਕਾਲ ਬੁੰਗੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਬੁਰਜੀ ਤੇ ਇਮਾਰਤ ਪੂਰੀ ਤਰ੍ਹਾਂ ਢਾਹ ਦਿੱਤੀ ਗਈ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤੱਕ ਜ਼ਮੀਨੀ ਤਲ ਤੱਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ। ਬਾਕੀ ਦੀ ਪੰਜ ਮੰਜ਼ਲਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ। ਤੀਸਰੀ ਮੰਜ਼ਲ ’ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਜੂਨ 1984 ਵਿੱਚ ਅਕਾਲ ਬੁੰਗੇ ਦਾ ਮੱਥਾ ਇੱਕ ਵਾਰ ਫਿਰ ਬਲਿਊਸਟਾਰ ਆਪ੍ਰੇਸਨ ਦੌਰਾਨ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ। 1986 ਵਿੱਚ ਸਰਕਾਰੀ ਇਮਾਰਤ ਨੂੰ ਢਾਹ ਕੇ ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ ਉਸਾਰੀ ਕੀਤੀ ਗਈ ਹੈ, ਜੋ ਕਿ ਅਜੋਕੀ ਇਮਾਰਤ ਹੈ।

1920 ਤੱਕ ਦਰਬਾਰ ਸਾਹਿਬ ਦੇ ਪੁਜਾਰੀ, ਅਖੌਤੀ-ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਨਹੀਂ ਸਨ ਕਬੂਲ ਕਰਦੇ। ਜਲਿਆਂ ਵਾਲੇ ਬਾਗ ਵਿਚ, 11 ਅਕਤੂਬਰ ਨੂੰ ਰਾਤ ਵੇਲੇ, ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ-ਪਛੜੀਆਂ ਜਾਤਾਂ ਦੇ ਸਿੱਖ, ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਅਖੌਤੀ-ਪਛੜੀਆਂ ਜਾਤਾਂ ਦੇ ਕਈ ਸਿੰਘਾਂ ਨੇ ਖੰਡੇ ਦੀ ਪਾਹੁਲ ਲਈ (ਅੰਮ੍ਰਿਤ ਛਕਿਆ)। ਦੀਵਾਨ ਖ਼ਤਮ ਹੋਣ ਤੋਂ ਬਾਅਦ, ਇਹ ਸਾਰੇ ਸਿੱਖ, ਇਕੱਠੇ ਹੋ ਕੇ, ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ, ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿੱਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ, ਪਰ ਪੁਜਾਰੀ ਨਾ ਕਰਦੇ ਰਹੇ । ਏਨੇ ਚਿਰ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵੀ ਪੁੱਜ ਗਏ। ਹੁਣ ਸੰਗਤ ਦੀ ਗਿਣਤੀ ਬਹੁਤ ਹੋ ਚੁੱਕੀ ਸੀ। ਅਖੀਰ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ : ‘‘ਨਿਗੁਣਿਆ ਨੋ ਆਪੇ ਬਖਸਿ ਲਏ ਭਾਈ  ! ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ  ! ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ, ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ  ! ਪੂਰੈ ਸਤਿਗੁਰਿ ਲਏ ਰਲਾਇ॥ ਰਹਾਉ ॥’’ (ਮ: ੩/੬੩੮)

ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਸੁਣ ਕੇ ਸੰਗਤ ਵਿਸਮਾਦ ਵਿਚ ਆ ਗਈ। ਅਖੀਰ, ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਬਾਅਦ ਸੰਗਤ ਅਕਾਲ ਤਖ਼ਤ ਸਾਹਿਬ ਵੱਲ ਗਈ। ਸੰਗਤ ਨੂੰ ਆਉਂਦਿਆਂ ਵੇਖ ਕੇ ਪੁਜਾਰੀ, ਤਖ਼ਤ ਸਾਹਿਬ ਨੂੰ ਸੁੰਨਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸੰਗਤ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ਼ ਆਪਣੇ ਹੱਥ ਲੈ ਲਈ। ਅਕਾਲ ਤਖ਼ਤ ਸਾਹਿਬ ਉੱਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿਚ ਹਾਜ਼ਰ ਸੰਗਤ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ਼ ਵਾਸਤੇ 25 ਸਿੰਘਾਂ ਦਾ ਇੱਕ ਜੱਥਾ ਬਣਾਉਣ ਦਾ ਫੈਸਲਾ ਕੀਤਾ।

ਉਕਤ ਅਕਾਲ ਤਖ਼ਤ ਸਾਹਿਬ ਜੀ ਦਾ ਸੰਖੇਪ ਇਤਿਹਾਸ ਵਰਣਨ ਕਰਨ ਦਾ ਮਤਲਬ ਇਹੀ ਹੈ, ਕਿ ਮਹੰਤ ਸੋਚ ਸਮੇਂ ਸਮੇਂ ਆਪਣਾ ਰੂਪ ਬਦਲ ਕੇ ਗੋਲਕ ’ਤੇ ਕਾਬਜ਼ ਹੁੰਦੀ ਰਹੀ ਹੈ, ਜਿਸ ਨੂੰ ਕਦੇ ਮਸੰਦ ਪ੍ਰਥਾ ਵੀ ਕਿਹਾ ਜਾਂਦਾ ਸੀ। ਹੁਣ ਵੀ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਫ਼ਰਕ ਕੇਵਲ ਇਹੀ ਹੈ ਕਿ ਅੱਜ ਅਸੀਂ ਆਪ ਹੀ ਇਸ ਮਹੰਤ ਪ੍ਰਥਾ ਨੂੰ ਵੋਟ ਸ਼ਕਤੀ ਰਾਹੀਂ ਗੁਰਦੁਆਰਿਆਂ ਉੱਤੇ ਕਾਬਜ਼ ਕਰਵਾ ਦਿੰਦੇ ਹਾਂ, ਜੋ ਸਦਾ ਗੁਰੂ ਦੀ ਗੋਲਕ ਦਾ ਦੁਰਪ੍ਰਯੋਗ ਕਰਦੇ ਹੀ ਹਨ। ਗੁਰਦੁਆਰਾ ਪ੍ਰਬੰਧ ਜੇ ਚੁਣਾਵ ਲਈ ਵੰਡੀ ਜਾਂਦੀ ਸ਼ਰਾਬ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਨਹੀਂ ਪਿਲਾਉਂਦਾ ਹੈ, ਇਸ ਲਈ ਇਹ ਸੇਵਾ ਲੈਣ ਲਈ ਗੁਰੂ ਘਰਾਂ ’ਚ ਲੜਾਈਆਂ ਹੁੰਦੀਆਂ ਵੀ ਵੇਖਦੇ ਹੀ ਰਹਿੰਦੇ ਹਾਂ। ਗੁਰੂ ਸੁਮੱਤ ਬਖ਼ਸ਼ਣ।

ਸਾਹ ਬਿਨਾਂ ਰੂਹ

0

ਸਾਹ ਬਿਨਾਂ ਰੂਹ

                     – ਗੁਰਪ੍ਰੀਤ ਸਿੰਘ, ਵਸ਼ਿੰਗਟਨ ਸਟੇਟ

 

ਵਿਆਹ ਦੋ ਸਰੀਰਾਂ ਦੇ ਮੇਲ ਦਾ ਨਾਂ ਨਹੀਂ,

ਨਾ ਹੀ ਦੋ ਮਨਾਂ ਦੇ ਮੇਲ ਦਾ ਹੈ ਕੋਈ ਖੇਲ।

ਇਹ ਤਾਂ ਹੈ ਦੋ ਆਤਮਾਵਾਂ ਦਾ ਇੱਕ ਹੋਣਾ।

ਮੋਮਬੱਤੀ ਦੀ ਤਰ੍ਹਾਂ ਆਪਣਾ ਆਪ ਗਵਾ ਕੇ,

ਇਸ਼ਕ ਦੀ ਲੋਅ ਨੂੰ ਜ਼ਰਾ ਹੋਰ ਰੁਸ਼ਨਾਉਣਾ।

 

ਮਾਰਨ ਔੜ ਵਿੱਚ ਵਿਰਲੇ ਹੀ ਚਿੱਤ ਚੁੱਭੀਆਂ,

ਬਹੁਤੇ ਗੰਢਣ ਤੰਦਾਂ ਬਾਹਰੀ ਦਿੱਖ ਦਿਆਰ ਦੀਆਂ।

ਮੈਨੂੰ ਬਦਲਣ ਦੀ ਚਾਹ ਰੱਖ ਕੇ ਨਾਂਹ ਅਪਨਾਉਣਾ,

ਆਵੇ ਨਦੀ ਦੇ ਰਸਤੇ ‘ਚ ਭਾਵੇਂ ਮਾਰੂਥਲ ਕੋਈ,

ਇੱਕ ਦਿਨ ਅਖੀਰ ਸਮੁੰਦਰੀ ਹੀ ਜਾ ਸਮਾਉਣਾ।

 

ਨਿਯਤਾਂ ਚੰਗੀਆਂ ਨੂੰ ਮਿਲਣ ਨਾ ਮੁਰਾਦਾਂ ਮਿੱਸੀਆਂ।

ਹੋਵੇ ਨਜ਼ਰ ਸਵੱਲੀ ਤਾਂ ਕੰਡੇ ਵੀ ਬਖੇਰਨ ਸੁਗੰਧੀਆਂ।

ਹੇਰ-ਫੇਰ, ਮੇਰ-ਤੇਰ ਦੇ ਡੰਗਿਆਂ, ਸਭ ਢੇਰੀ ਹੋ ਜਾਣਾ।

ਔਗੁਣਾਂ ਦੀ ਗਾਨੀ ਦੇ ਔਖੇ ਨੇ ਤੋੜ ਨੇ ਮਣਕੇ ਸਾਰੇ।

ਛੱਡਿਆ ਨਾ ਜੇ ਕੂੜ, ਤਾਂ ਫਿਰ ਕੀ ਇੱਕ ਧਿਆਉਣਾ !

 

ਢਲਦੇ ਪਰਛਾਂਵੇ, ਸਾਵੋ ਸਾਵੀਂ ਰੂਪ ਉੱਡ ਜਾਣਾ।

ਲੱਭਣੇ ਨਹੀਂ ਨਿੱਤ ਦਸਤਗੀਰੀ ਮੇਲੇ ਮੁੜ ਛੇਤੀ,

ਅੱਜ ਨਹੀਂ ਤੇ ਕੱਲ੍ਹ, ਸੱਜਣਾਂ ਵੀ ਤੁਰ ਜਾਣਾ।

ਸਾਹ ਬਿਨਾਂ ਵੀ ਰਹਿ ਸਕਦੀ ਰੂਹ ਰੂਪੇਣ ਸਦਾ,

ਜੇ ਸੱਚੇ ਨਾਲ ਆ ਜਾਏ “ਪ੍ਰੀਤ” ਦਿਲ ਲਗਾਉਣਾ।

ਅਕਾਲ ਤਖ਼ਤ ਦੇ ਜਥੇਦਾਰ ਕੌਮ ਦੇ ਸਿਰਫ ਬੁਲਾਰੇ ਹਨ, ਨਾ ਕਿ ਫੈਸਲੇ ਕਰਨ ਵਾਲੇ : ਭਾਈ ਪੰਥਪ੍ਰੀਤ ਸਿੰਘ

0

ਅਕਾਲ ਤਖ਼ਤ ਦੇ ਜਥੇਦਾਰ ਕੌਮ ਦੇ ਸਿਰਫ ਬੁਲਾਰੇ ਹਨ, ਨਾ ਕਿ ਫੈਸਲੇ ਕਰਨ ਵਾਲੇ : ਭਾਈ ਪੰਥਪ੍ਰੀਤ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਪੰਥ ਦੀਆਂ ਸਮੁੱਚੀਆਂ ਧਿਰਾਂ ਦੇ ਵਿਦਵਾਨਾਂ ਨੇ ਫੈਸਲੇ ਕਰਨੇ ਹੁੰਦੇ ਹਨ ਅਤੇ ਪਾਸ ਹੋਏ ਮਤੇ ਜਥੇਦਾਰ ਨੇ ਸਿਰਫ ਪੜ੍ਹ ਕੇ ਹੀ ਸੁਣਾਉਣੇ ਹੁੰਦੇ ਹਨ

ਸਮੁੱਚੀ ਕੌਮ ਨੂੰ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸ਼ਚਿਤ ਤਰੀਖਾਂ ਨੂੰ ਹੀ ਮਨਾਉਣੇ ਚਾਹੀਦੇ ਹਨ

ਸੰਗਤ/ਬਠਿੰਡਾ, 26 ਨਵੰਬਰ (ਕਿਰਪਾਲ ਸਿੰਘ): ਸਿੱਖਾਂ ਲਈ ਸਰਬਉੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮ ਹੀ ਹਨ, ਨਾ ਕਿ ਅਕਾਲ ਤਖ਼ਤ ’ਤੇ ਇਕੱਤਰ ਹੋਏ ਪੰਜ ਜਥੇਦਾਰ/ਗ੍ਰੰਥੀਆਂ ਵੱਲੋਂ ਆਪਣੇ ਨਿਯੁਕਤੀਕਾਰਾਂ ਦੇ ਇਸ਼ਾਰਿਆਂ ’ਤੇ ਕੀਤੇ ਫੈਸਲੇ; ਜਿਸ ਨੂੰ ਗਲਤ ਤੌਰ ’ਤੇ ਅਕਾਲ ਤਖ਼ਤ ਦੇ ਹੁਕਮਨਾਮੇ ਕਹਿ ਕੇ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅੱਜ ਇੱਥੇ ਸੰਸਥਾ ਦੀ ਛਿਮਾਹੀ ਮੀਟਿੰਗ ਅਤੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਮਿਸਲਾਂ ਦੇ ਸਮੇਂ ਤੋਂ ਹੀ ਇਹ ਰਿਵਾਇਤ ਚਲਦੀ ਆ ਰਹੀ ਸੀ ਕਿ ਸਾਰੀਆਂ ਮਿਸਲਾਂ ਤੇ ਹੋਰ ਧਿਰਾਂ ਦੇ ਵਿਦਵਾਨ ਨੁੰਮਾਇੰਦੇ ਸਾਲ ਵਿੱਚ ਦੋ ਵਾਰ ਵੈਸਾਖੀ ਤੇ ਦੀਵਾਲੀ ਮੌਕੇ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੁੰਦੇ ਸਨ ਤੇ ਆਪਣੇ ਸਾਰੇ ਮਤਭੇਦ ਭੁਲਾ ਕੇ ਕੇਵਲ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਲੱਭਣ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਧਾਂਤਕ ਅਗਵਾਈ ਲੈ ਕੇ ਫੈਸਲੇ ਲੈਂਦੇ ਸਨ ਅਤੇ ਇਸ ਤਰ੍ਹਾਂ ਲਏ ਸਰਬ ਪ੍ਰਵਾਣਿਤ ਫੈਸਲਿਆਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਕੇਵਲ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ, ਜਿਸ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਕਿਹਾ ਜਾਂਦਾ ਸੀ, ਪਰ ਅੱਜ ਕੱਲ ਪੰਥ ਨੂੰ ਦਰਪੇਸ਼ ਚੁਣੌਤੀਆਂ ’ਤੇ ਵੀਚਾਰਾਂ ਕਰਨ ਦੀ ਥਾਂ ਸਿਆਸੀ ਲੋਕਾਂ ਵੱਲੋਂ ਬਿਨਾਂ ਕਿਸੇ ਯੋਗਤਾ ਤੋਂ ਨਿਯੁਕਤ ਕੀਤੇ ਤਨਖਾਹਦਾਰ ਮੁਲਾਜਮ ਇਹ ਫੈਸਲੇ ਕਰਦੇ ਹਨ ਕਿ ਕਿਸ ਨੂੰ ਪੰਥ ਵਿੱਚੋਂ ਛੇਕਣਾਂ ਹੈ; ਕਿਸ ਨੂੰ ਮੁਆਫੀ ਦੇਣੀ ਹੈ ਅਤੇ ਕਿਸ ਦੇ ਦੀਵਾਨ ਬੰਦ ਕਰਾਉਣੇ ਹਨ। ਪਿਛਲੇ ਸਮੇਂ ਵਿੱਚ ਬਲਾਤਕਾਰੀ ਅਤੇ ਸੁਆਂਗਧਾਰੀ ਸੌਦਾ ਸਾਧ ਨੂੰ ਬਿਨਾਂ ਮੁਆਫੀ ਮੰਗੇ ਮੁਆਫ ਕਰਨਾ, ਪੰਥਕ ਸਖ਼ਸ਼ੀਅਤਾਂ ਨੂੰ ਪੰਥ ਵਿੱਚੋਂ ਛੇਕਣਾਂ ਜਾਂ ਛੇਕਣ ਦੇ ਡਰਾਵੇ ਦੇਣਾ ਅਤੇ ਕੌਮ ਦੀ ਵਿਲੱਖਣ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨਾ ਆਦਿਕ ਇਨ੍ਹਾਂ ਜਥੇਦਾਰਾਂ ਵੱਲੋਂ ਕੀਤੇ ਗਲਤ ਫੈਸਲਿਆਂ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਐਸੇ ਗਲਤ ਫੈਸਲੇ ਕਦੀ ਵੀ ਮੰਨਣਯੋਗ ਨਹੀਂ ਹਨ ਇਸ ਲਈ ਮੌਜੂਦਾ ਜਥੇਦਾਰੀ ਸਿਸਟਮ ਨੂੰ ਰੱਦ ਕੀਤੇ ਬਿਨਾਂ ਗੁਰਮਤਿ ਸਿਧਾਂਤਾਂ ਨੂੰ ਬਚਾਈ ਰੱਖਣਾ ਸੰਭਵ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਮੁਲਾਜਮ ਜਥੇਦਾਰਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ਸੁਦੀ 7 ਮੁਤਾਬਿਕ 25 ਦਸੰਬਰ ਨੂੰ ਮਨਾਉਣ ਦੀ ਕੀਤੀ ਹਦਾਇਤ ਨੂੰ ਰੱਦ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਗੁਰਪੁਰਬ 23 ਪੋਹ ਜੋ ਹਰ ਸਾਲ 5 ਜਨਵਰੀ ਨੂੰ ਹੀ ਆਉਂਦਾ ਹੈ; ਨੂੰ ਮਨਾਉਣ ਲਈ ਕਿਹਾ ਜਿਸ ਦਾ ਸਮੂਹ ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਅਤੇ ਜੈਕਾਰੇ ਛੱਡ ਕੇ ਸਹਿਮਤੀ ਦਿੱਤੀ।

ਗੁਰਮਤਿ ਪ੍ਰਚਾਰਕਾਂ ਵੱਲੋਂ ਕੀਤੇ ਜਾ ਰਹੇ ਗੁਰਮਤਿ ਅਨੁਸਾਰੀ ਪ੍ਰਚਾਰ ਨੂੰ ਰੋਕਣ ਲਈ ਉਨ੍ਹਾਂ ਦੇ ਸਮਾਗਮਾਂ ਵਿੱਚ ਖ਼ਲਲ ਪਾਉਣ ਵਾਲੇ, ਹਮਲੇ ਕਰਨ ਵਾਲੇ ਅਤੇ ਅਕਾਲ ਤਖ਼ਤ ਦੀ ਦੁਰਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਤੁਲਨਾ ਔਰੰਗਜ਼ੇਬੀ ਨੀਤੀ ਨਾਲ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਧਰਮ ਵਾਲਿਆਂ ਦੀ ਧਾਰਮਿਕ ਅਜਾਦੀ ਦੀ ਖ਼ਾਤਰ ਸ਼ਹੀਦੀ ਦੇ ਕੇ ਸਿਧਾਂਤ ਦ੍ਰਿੜ ਕਰਵਾਇਆ ਸੀ ਕਿ ਵੀਚਾਰਾਂ ਦੀ ਅਜਾਦੀ ’ਤੇ ਰੋਕ ਲਾਉਣੀ ਧਰਮ ਨਹੀਂ ਹੈ ਪਰ ਇਹ ਭਾਈ ਗੁਰੂ ਸਿਧਾਂਤਾਂ ਦੀ ਵਿਆਖਆ ਹੀ ਆਪਣੇ ਅਨੁਸਾਰ ਕਰਵਾਉਣ ’ਤੇ ਤੁਲੇ ਹੋਏ ਹਨ ਜੋ ਗੁਰਮਤਿ ਸਿਧਾਂਤਾਂ ਦਾ ਘਾਣ ਕਰਨ ਅਤੇ ਸਿੱਖਾਂ ਨੂੰ ਅੰਤਰਾਸ਼ਟਰੀ ਪੱਧਰ ’ਤੇ ਬਦਨਾਮ ਕਰਨ ਦੇ ਤੁਲ ਹੈ।

ਗੁਰਦੁਆਰਿਆਂ ਵਿੱਚ ਗੁਰਮਤਿ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਭਾਈ ਸਾਹਿਬ ਜੀ ਨੇ ਰਾਜਨੀਤਕ ਲੋਕਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਦਾ ਵੀ ਸੱਦਾ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ ਅਤੇ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਤਕਰੀਬਨ ਹਰ ਬੁਲਾਰੇ ਤੇ ਸਮੁੱਚੀ ਸੰਗਤ ਨੇ ਭਾਈ ਪੰਥਪ੍ਰੀਤ ਸਿੰਘ ਦੇ ਵੀਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਜੈਕਾਰੇ ਛੱਡ ਕੇ ਇੱਕ-ਮੁਠਤਾ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ ਅਤੇ ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦਿੱਤੇ ਗਏ ਤੇ ਸਨਮਾਨਿਤ ਕੀਤੇ ਗਏ।      —-0—-

ਗਾਵਹਿ, ਖੰਡ ਮੰਡਲ ਵਰਭੰਡਾ.. ॥

0

ਗਾਵਹਿ, ਖੰਡ ਮੰਡਲ ਵਰਭੰਡਾ.. ॥

ਗਿਆਨੀ ਅਵਤਾਰ ਸਿੰਘ-94650-40032

ਵਿਚਾਰ ਅਧੀਨ ਤੁਕ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’, ‘ਜਪੁ’ ਬਾਣੀ ਦੀ 27ਵੀਂ ਪਉੜੀ ਤੋਂ ਇਲਾਵਾ ‘ਸੋ ਦਰੁ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 9 ਅਤੇ 347 ਉੱਤੇ ‘‘ਗਾਵਨਿ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥ (ਸੋ ਦਰੁ/ ਆਸਾ/੯), ਗਾਵਨਿ੍ ਤੁਧ ਨੋ, ਖੰਡ ਮੰਡਲ ਬ੍ਰਹਮੰਡਾ.. ॥’’ (ਰਾਗ ਆਸਾ/ਸੋ ਦਰੁ/੩੪੭) ਉੱਤੇ ਵੀ ਸੁਸ਼ੋਭਿਤ ਹੈ। ਲਗਭਗ ਸਾਰੇ ਹੀ ਟੀਕਾਕਾਰਾਂ ਨੇ ਇਨ੍ਹਾਂ ਪਾਵਨ ਪੰਕਤੀਆਂ ਦੇ ਅਰਥ ਕੀਤੇ ਹਨ ਕਿ ‘ਖੰਡ, ਮੰਡਲ, ਬ੍ਰਹਿਮੰਡ’ ਅਕਾਲ ਪੁਰਖ ਨੂੰ ਗਾਉਂਦੇ ਹਨ ਭਾਵ ਉਸ ਦੇ ਹੁਕਮ ਵਿੱਚ ਚੱਲਦੇ ਹਨ।

ਹਥਲੇ ਵਿਸ਼ੇ ਦੀ ਵਿਚਾਰ ਲਈ ‘ਜਪੁ’ ਬਾਣੀ ਦੀ ਇਸ ਮੁਕੰਮਲ ਪਉੜੀ ਦੇ ਸ਼ਬਦਾਰਥਾਂ ਨੂੰ ਤਿੰਨ ਭਾਗਾਂ ’ਚ ਵੰਡਣਾ ਲਾਭਕਾਰੀ ਰਹੇਗੀ, ਜੋ ਕਿ ਇਸ ਪ੍ਰਕਾਰ ਹੈ :

(1). (ੳ). ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥

ਭਾਵ ਹੇ ਅਕਾਲ ਪੁਰਖ ! ਤੇਰਾ ਉਹ ਘਰ (ਸਥਾਈ ਨਿਵਾਸ) ਤੇ ਉਸ ਦਾ ਦਰਵਾਜ਼ਾ ਕਿਹੋ ਜਿਹਾ ਅਦਭੁਤ ਹੈ, ਜਿੱਥੇ ਬੈਠ ਕਰ ਤੂੰ ਕੁਦਰਤ ਦੀ ਸੰਭਾਲ਼ ਕਰਦਾ ਹੈਂ ! (ਮਹਿਸੂਸ ਹੁੰਦਾ ਹੈ ਕਿ ਉੱਥੇ) ਅਣਗਿਣਤ ਸੰਗੀਤ ਰਸ ਤੇ ਉਨ੍ਹਾਂ ਨੂੰ ਪ੍ਰਗਟ ਕਰਨ ਵਾਲ਼ੇ ਕਈ ਸਾਜ਼ ਹਨ, ਜਿਨ੍ਹਾਂ ਨੂੰ ਵਜਾਉਣ ਵਾਲ਼ੇ (ਆਗਿਆਕਾਰੀ ਭਗਤ-ਜਨ) ਵੀ ਬੇਅੰਤ ਹਨ। ਕਿਤਨੇ ਹੀ ਗਵੱਈਏ; ਇਨ੍ਹਾਂ ਰਾਗ, ਰਾਗਣੀਆਂ ਰਾਹੀਂ ਤੇਰੀ ਉਸਤਤ ਕਰਦੇ ਹਨ (ਭਾਵ ਬੇਗ਼ਮਪੁਰਾ ਜਾਂ ਸਚ ਖੰਡਿ ਅਵਸਥਾ ਵਿੱਚ ਸੰਗੀਤ ਧੁਨੀ ਵਾਲ਼ਾ ਅਨੰਦ ਹੀ ਅਨੰਦ ਹੈ, ਮਾਨੋ ਇਸ ਅਨੰਦ ਨੂੰ ਅਣਗਿਣਤ ਭਗਤ-ਜਨ ਮਾਣ ਰਹੇ ਹਨ)।

(ਅ). ਸੋਈ ਸੋਈ, ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ॥ ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥

ਭਾਵ ਕੇਵਲ ਉਹੀ ਸਦਾ ਸਥਿਰ ਜਗਤ ਦਾ ਅਸਲ ਮਾਲਕ ਹੈ ਤੇ ਉਸ ਦੀ ਵਡਿਆਈ ਵੀ ਇਕ ਸਮਾਨ ਸਥਿਰ ਹੈ, ਉਹ ਹੁਣ (ਵਰਤਮਾਨ) ’ਚ ਵੀ ਹੈ ਕਿਉਂਕਿ ਨਾ ਜੰਮਦਾ, ਨਾ ਮਰਦਾ ਹੈ, ਜਿਸ ਨੇ ਜਗਤ ਰਚਨਾ ਰਚੀ ਹੈ। ਰੰਗਾਂ-ਰੰਗਾਂ ਦੀ, ਭਾਂਤ-ਭਾਂਤ ਦੀ, ਕਈ ਕਿਸਮਾਂ ਦੀ ਬਣਾ ਕੇ ਜਿਸ ਨੇ ਮਾਇਆ ਵੀ ਪੈਦਾ ਕੀਤੀ ਹੈ। ਜਿਸ ਤਰ੍ਹਾਂ ਦੀ ਉਸ ਦੀ ਪ੍ਰਸਿੱਧੀ (ਸੁਭਾਅ, ਆਚਰਣ) ਹੈ, ਵੈਸਾ ਹੀ ਇਸ ਰਚੇ ਹੋਏ ਆਪਣੇ ਪਸਾਰੇ (ਪਰਵਾਰ) ਨੂੰ ਬਣਾ ਬਣਾ ਕੇ ਸੰਭਾਲ਼ਦਾ ਹੈ। ਜੋ ਉਸ ਨੂੰ ਪਸੰਦ ਹੈ, ਉਹੀ (ਜਗਤ ’ਚ) ਹੋਏਗਾ, (ਇਸ ਸਥਾਈ ਪਰੰਪਰਾ ਵਿਰੁਧ ਕੋਈ ਰੁਕਾਵਟ ਜਾਂ) ਆਦੇਸ਼ ਨਹੀਂ ਕੀਤਾ ਜਾ ਸਕਦਾ।

(2). ਗਾਵਹਿ ਤੁਹ ਨੋ, ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥.. .. . ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ  ?॥

ਭਾਵ ਹੇ ਸਥਾਈ ਅਕਾਲ ਪੁਰਖ ! (ਤੇਰੀ ਰਚੀ ਹੋਈ ਇਸ ਚਲਾਇਮਾਨ ਰਚਨਾ ’ਚ ਪੂਜਨੀਕ ਮੰਨੇ ਜਾਂਦੇ, ਜਿਵੇਂ ਕਿ) ਹਵਾ, ਪਾਣੀ, ਅੱਗ, ਧਰਮਰਾਜ, ਚਿੱਤਰ-ਗੁਪਤ, ਸ਼ਿਵ ਜੀ, ਬ੍ਰਹਮਾ, ਦੇਵੀਆਂ, ਆਪਣੇ ਦੇਵਤਿਆਂ ਸਮੇਤ ਸਿੰਘਾਸਣ ’ਤੇ ਬਿਰਾਜਮਾਨ ਇੰਦ੍ਰ, ਸਮਾਧੀ ਲੀਨ ਜੋਗੀ, ਜਤੀ, ਸਤੀ (ਦਾਨੀ), ਸਬਰ-ਸੰਤੋਖੀ, ਤਕੜੇ ਯੋਧੇ, ਵੇਦਾਂ ਰਾਹੀਂ ਬਣੇ ਵਿਦਵਾਨ ਪੰਡਿਤ, ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਦੀਆਂ ਸੁੰਦਰ ਇਸਤ੍ਰੀਆਂ, 68 ਤੀਰਥਾਂ ਸਮੇਤ 14 ਰਤਨ, ਮਹਾਂਬਲੀ ਸੂਰਮੇ, ਆਦਿ ਸਭ ਤੇਰੇ ਹੀ ਗੁਣ ਗਾਉਂਦੇ ਹਨ। ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ ਤੋਂ ਪੈਦਾ ਹੋਣ ਵਾਲ਼ੇ ਜੀਵ), ਖੰਡ, ਮੰਡਲ, ਵਰਭੰਡ, ਆਦਿ ਸਾਰੇ ਹੀ ਤੇਰੀ ਸਿਫ਼ਤ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਅਣਗਿਣਤ ਤੈਨੂੰ ਗਾਉਂਦੇ ਹਨ, ਜੋ ਮੇਰੇ ਖ਼ਿਆਲ ਵਿੱਚ ਨਹੀਂ ਆ ਰਹੇ, ਨਾਨਕ (ਤੇਰੇ ਵਿਸ਼ਾਲ ਪਸਾਰੇ ਦੀ ਹੋਰ) ਕਿੰਨੀ ਕੁ ਵਿਚਾਰ ਕਰ ਸਕਦਾ ਹੈ ?

(3). ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥…… ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! ਰਹਣੁ ਰਜਾਈ ॥੨੭॥ (ਜਪੁ)

ਭਾਵ ਹੇ ਨਾਨਕ ! ਆਖ, ਕਿ ਹੇ ਅਕਾਲ ਪੁਰਖ ! (ਅਸਲ ’ਚ) ਉਹੀ ਭਗਤ-ਜਨ ਤੈਨੂੰ ਗਾਉਂਦੇ ਹਨ, ਜੋ ਤੈਨੂੰ ਪਸੰਦ ਆ ਜਾਂਦੇ ਹਨ ਭਾਵ (ਜੋ ਰਾਗ ਰਾਗਣੀਆਂ ਸਮੇਤ) ਤੇਰੇ ਸੰਗੀਤ ਰਸ ਵਿੱਚ ਰੰਗੇ ਰਹਿੰਦੇ ਹਨ। ਜੋ ਤੇਰੀ ਰਜ਼ਾ ਵਿੱਚ ਰਹਿਣਾ ਸਮਝ ਲੈਂਦੇ ਹਨ, ਉਹ ਪਾਤਿਸ਼ਾਹਾਂ ਦੇ ਅਸਲ ਪਾਤਿਸ਼ਾਹ (ਭਾਵ ਲੋਕਾਂ ਦੇ ਦਿਲਾਂ ’ਤੇ ਦੀਰਘ ਕਾਲ ਤੱਕ ਪ੍ਰਭਾਵ ਪਾਉਣ ਵਾਲ਼ੇ) ਬਣ ਜਾਂਦੇ ਹਨ।

ਉਕਤ ਕੀਤੇ ਗਏ ਸੰਖੇਪ ਸ਼ਬਦਾਰਥਾਂ ’ਚ ਪ੍ਰਚਲਿਤ ਟੀਕਾਕਾਰਾਂ ਨੇ ‘ਗਾਵਹਿ’ ਜਾਂ ‘ਗਾਵਨਿ’ ਸ਼ਬਦਾਂ ਦਾ ਭਾਵਾਰਥ ‘ਤੇਰੇ ਹੁਕਮ ਵਿੱਚ ਚੱਲਦੇ ਹਨ।’, ਮੰਨ ਲਿਆ ਗਿਆ ਹੈ ਕਿਉਂਕਿ ‘ਖੰਡ, ਮੰਡਲ, ਵਰਭੰਡਾ’, ਆਦਿ ਨਿਰਜਿੰਦ (ਪੱਥਰ) ਹਨ ਤੇ ‘ਹਵਾ, ਪਾਣੀ, ਅੱਗ’, ਆਦਿ ਤੱਤ ਵੀ ਨਹੀਂ ਗਾ ਸਕਦੇ। ਆਪੂੰ ਬਣੇ ਰੱਬ, ‘ਬ੍ਰਹਮਾ (ਸਭ ਨੂੰ ਪੈਦਾ ਕਰਨ ਵਾਲ਼ਾ), ਵਿਸ਼ਨੂੰ (ਸਭ ਨੂੰ ਰਿਜ਼ਕ ਦੇਣ ਵਾਲ਼ਾ), ਸ਼ਿਵਜੀ (ਸਭ ਨੂੰ ਨਾਸ਼ ਕਰਨ ਵਾਲ਼ਾ)’, ਆਦਿ ਵੀ ਗੁਰਬਾਣੀ ਤੋਂ ਇਲਾਵਾ ਕਿਸੇ ਸਨਾਤਨੀ ਗ੍ਰੰਥ ਵਿੱਚ ਕਿਸੇ ਅਦ੍ਰਿਸ਼ ਰੱਬੀ ਸ਼ਕਤੀ ਨੂੰ ਆਪਣੇ ਤੋਂ ਉੱਪਰ ਨਹੀਂ ਮੰਨਦੇ ਤਾਂ ਜੋ ਉਸ ਦੇ ਗੁਣ ਗਾਉਂਦੇ ਹੋਣ, ਆਦਿ।

ਦਰਅਸਲ, ਸਵਾਲ ਪੈਦਾ ਹੁੰਦਾ ਹੈ ਕਿ ਹਰ ਗੁਰੂ ਘਰ ਵਿੱਚ ਅੰਮ੍ਰਿਤ ਵੇਲ਼ੇ ਤੋਂ ਲੈ ਕੇ ਦੇਰ ਰਾਤ ਤੱਕ ਸੰਗਤਾਂ ਗੁਰਬਾਣੀ ਨੂੰ ਭਿੰਨ-ਭਿੰਨ ਰਚਨਾਵਾਂ ਰਾਹੀਂ ਗਾਉਂਦੀਆਂ ਹਨ, ਬਾਣੀ ਨੂੰ ਉਚਾਰਦੀਆਂ ਹਨ, ਜੋ ਕਿ ਕਰਤਾਰ ਦੀ ਉਸਤਤ ਕਰਨਾ ਹੈ। ਕੀ ਇਸ (ਗਾਉਣ) ਦਾ ਮਤਲਬ ਵੀ ਇਹ ਮੰਨ ਲਿਆ ਜਾਏ ਕਿ ਉਹ ਸਾਰੇ ਹੀ ਹੁਕਮ ਵਿੱਚ ਚੱਲਦੇ ਹਨ ਕਿਉਂਕਿ ਵਿਚਾਰ ਅਧੀਨ ਤੁਕ ’ਚ ‘ਗਾਉਣ’ ਤੋਂ ਭਾਵ ‘ਹੁਕਮ ਵਿੱਚ ਚੱਲਣਾ’ ਕੀਤਾ ਜਾਂਦਾ ਹੈ ? ਮੇਰੇ ਕਹਿਣ ਦਾ ਮਤਲਬ ਹੈ ਕਿ ‘ਗਾਉਣਾ’ ਰੂਹਾਨੀਅਤ ਜੀਵਨ ਦਾ ਪਹਿਲਾ ਪੜਾਅ ਹੈ ਜਦ ਕਿ ‘ਹੁਕਮ ਵਿੱਚ ਚੱਲਣਾ’ ਅੰਤਿਮ ਪੜਾਅ ਜਾਂ ਮੰਜ਼ਿਲ ਪ੍ਰਾਪਤੀ, ਇਸ ਲਈ ‘ਪਹਿਲੇ ਪੜਾਅ’ ਦਾ ਭਾਵਾਰਥ ‘ਅੰਤਲੇ ਪੜਾਅ’ ਵੱਲ ਕਿਵੇਂ ਕੀਤਾ ਜਾ ਸਕਦਾ ਹੈ ?

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਸਵਾਲ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ?॥’’, ਜਿਸ ਦਾ ਜਵਾਬ ਵੀ ਨਾਲ਼ ਹੀ ਦਿੱਤਾ ਗਿਆ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ‘ਕੂੜ ਦੀ ਕੰਧ’ ਢਹਿ ਜਾਂਦੀ ਹੈ ਤੇ ‘ਸਚਿਆਰ ਜੀਵਨ’ ਬਣ ਜਾਂਦਾ ਹੈ।

ਅਗਰ ਹੁਕਮ ਵਿੱਚ ਚੱਲ ਕੇ ‘ਸਚਿਆਰ’ ਜੀਵਨ ਬਣਦਾ ਹੈ ਤਾਂ ਹੁਕਮ ਵਿੱਚ ਚੱਲਣ ਵਾਲ਼ਿਆਂ (ਸਚਿਆਰਾਂ) ਦਾ ਸਤਿਕਾਰ ਵੀ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕੁਝ ਅਜਿਹਾ ਹੀ ਬਿਆਨ ਕਰ ਰਹੇ ਹਨ ‘‘ਹਉ ਤਿਨ ਕੈ ਬਲਿਹਾਰਣੈ; ਦਰਿ+ਸਚੈ (’ਤੇ) ਸਚਿਆਰ ॥’’ (ਮ: ੧/੫੫) ਭਾਵ ਜੋ ਅਕਾਲ ਪੁਰਖ ਦੇ ਪਰਖ ਨਿਰਣੇ ਉੱਤੇ ਸਚਿਆਰ ਹੁੰਦੇ ਹਨ, ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ ਕਿਉਂਕਿ ਇਸੇ ਜੀਵਨ ਮਨੋਰਥ ਦੀ ਵਿਆਖਿਆ ਕਰਨ ਅਤੇ ਪ੍ਰਾਪਤੀ ਕਰਵਾਉਣ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਮਨੁੱਖਾ ਜੀਵਨ ਧਾਰਨ ਕਰਨਾ ਪਿਆ ਹੈ।

ਜਦ ਹੁਕਮ ਵਿੱਚ ਚੱਲਣ ਵਾਲ਼ਾ ‘ਸਚਿਆਰ’ ਹੈ ਤਾਂ ‘ਖੰਡ, ਮੰਡਲ, ਵਰਭੰਡ’ ਦਾ ਪ੍ਰਚਲਿਤ ਭਾਵਾਰਥ ‘ਹੁਕਮ ਵਿੱਚ ਚੱਲਣਾ’, ਸਵੀਕਾਰ ਕਰ ਕੇ ਇਨ੍ਹਾਂ (ਖੰਡ, ਮੰਡਲ, ਵਰਭੰਡਾ) ਨੂੰ ਵੀ ‘ਸਚਿਆਰ’ ਮੰਨਣਾ ਪਵੇਗਾ, ਜਿਸ ਕਾਰਨ ਇਨ੍ਹਾਂ ਦਾ ਸਤਿਕਾਰ ਕਰਨਾ ਬਣਦਾ ਹੈ ਭਾਵ ਇਨ੍ਹਾਂ ਦੇ ਰੁਤਬੇ ਤੋਂ ਮਨੁੱਖ ਨੂੰ ਪ੍ਰਭਾਵਤ ਹੋਣਾ ਚਾਹੀਦਾ ਹੈ ਜਦ ਕਿ ‘ਸੋ ਦਰੁ’ ਸ਼ਬਦ ਨੂੰ ਗੁਰਬਾਣੀ ਵਿੱਚ ਤਿੰਨ ਵਾਰ ਦਰਜ ਕਰਨਾ ਅਤੇ ਸੁਬ੍ਹਾ-ਸ਼ਾਮ (ਜਪੁ ਤੇ ਰਹਰਾਸਿ) ਰਾਹੀਂ ਨਿਤਨੇਮ ਦਾ ਭਾਗ ਬਣਾਉਣ ਦਾ ਮਨੋਰਥ, ਲੁਕਾਈ ਨੂੰ ਇਨ੍ਹਾਂ ਦੇ ਕਾਲਪਨਿਕ ਪ੍ਰਭਾਵ ਤੋਂ ਮੁਕਤ ਕਰਵਾਉਣਾ ਸੀ, ਜੋ ਆਦਿ ਕਾਲ ਤੋਂ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਪੂਜਦੇ ਆ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਕਾਲਪਨਿਕ ਸ਼ਕਤੀਆਂ ਦੇ ਮੁਕਾਬਲੇ ਵੱਡੀ ਲਕੀਰ ਖਿੱਚੀ ਹੈ ਕਿ ਅਕਾਲ ਪੁਰਖ ਹੀ ਸਿ੍ਰਸ਼ਟੀ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ਼ ਕਰਨ ਵਾਲ਼ਾ ਹੈ, ਜਿਸ ਦੇ ਅਧੀਨ ਇਹ ਸਭ ਵਿਚਰਦੇ ਵਿਖਾਏ ਗਏ ਹਨ; ਜਿਵੇਂ ਕਿ ‘‘ਗਾਵਹਿ ਤੁਹ ਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥, ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥, ਗਾਵਹਿ ਈਸਰੁ ਬਰਮਾ ਦੇਵੀ.. ॥, ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥, ਗਾਵਹਿ ਸਿਧ ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥, ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ ॥, ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ॥’’, ਆਦਿ; ਤਾਂ ’ਤੇ ਇਨ੍ਹਾਂ ਸਭ ਪੰਕਤੀਆਂ ਦਾ ਭਾਵਾਰਥ ਇਉਂ ਲੈਂਣਾ ਚਾਹੀਦਾ ਹੈ ਕਿ ‘ਹਵਾ, ਪਾਣੀ, ਅੱਗ, ਆਦਿ ਤੱਤ, ਧਰਮਰਾਜ, ਚਿੱਤ੍ਰ-ਗੁਪਤ, ਸ਼ਿਵ, ਬ੍ਰਹਮਾ, ਸਭ ਦੇਵੀਆਂ, ਦੇਵਤਿਆਂ ਸਮੇਤ ਇੰਦਰ, ਪੂਰਨ ਕਰਾਮਾਤੀ ਯੋਗੀ, ਸੂਰਮੇ ਰਾਜੇ-ਯੋਧੇ, ਆਦਿਕ, ਧਰਤੀ ਦੀ ਰਚਨਾ (ਚਾਰੇ ਖਾਣੀਆਂ), ਬ੍ਰਹਿਮੰਡ ’ਚ ਖੰਡ, ਮੰਡਲ ਤੇ ਵਰਭੰਡਾ, ਆਦਿ ਸਾਰੇ ਹੀ ਕਰਤਾਰ ਦੀ ਸ਼ਕਤੀ ਨੂੰ ਵੱਡਾ ਮੰਨਦੇ ਹਨ, ਇਸ ਲਈ ਇਨ੍ਹਾਂ ਕਾਲਪਨਿਕ ਕੁਦਰਤੀ ਸ਼ਕਤੀਆਂ ਨੂੰ ਮੂਲ ਸ਼ਕਤੀ (ਰੱਬ) ਮੰਨ ਕੇ ਇਨ੍ਹਾਂ ਤੋਂ ਪ੍ਰਭਾਵਤ ਹੋਣਾ ਵਿਅਰਥ ਹੈ।

ਉਕਤ ਬਣਾਏ ਗਏ ਭਾਵਾਰਥਾਂ ਦੀ ਬਜਾਇ ‘ਗਾਉਣ’ ਦਾ ਪ੍ਰਚਲਿਤ ਭਾਵਾਰਥ ਕਿ ‘ਹੁਕਮ ਵਿੱਚ ਚੱਲਦੇ ਹਨ’, ਆਮ ਸ਼ਰਧਾਲੂ ਲਈ ਦੁਬਿਧਾ ਪੈਦਾ ਕਰ ਸਕਦਾ ਹੈ ਕਿਉਂਕਿ ‘‘ਕਿਵ ਕੂੜੈ ਤੁਟੈ ਪਾਲਿ  ?॥’’ ਸਵਾਲ ਦਾ ਵੀ ਜਵਾਬ ਹੈ ਕਿ ‘‘ਹੁਕਮਿ ਰਜਾਈ ਚਲਣਾ.. ॥’’ ਭਾਵ ‘ਰਜ਼ਾ ਦੇ ਮਾਲਕ ਦੇ ਹੁਕਮ ਵਿੱਚ ਚੱਲਣ ਨਾਲ਼’ ਕੂੜੈ ਪਾਲਿ (ਝੂਠ ਦਾ ਪਰਦਾ ਜਾਂ ਕੰਧ, ਅਰਥਹੀਣ ਦੀ ਲਈ ਗਈ ਟੇਕ) ਢਹਿ ਜਾਂਦੀ ਹੈ। ਆਮ ਸ਼ਰਧਾਲੂ ਸਮਝਦਾ ਹੋਏਗਾ ਕਿ ਹੁਕਮ ਵਿੱਚ ਚੱਲਣ ਵਾਲ਼ੇ ‘ਖੰਡ, ਮੰਡਲ, ਵਰਭੰਡ’ ਦੀ ‘ਕੂੜੈ ਪਾਲਿ’ ਟੁੱਟ ਗਈ ਹੋਏਗੀ, ਇਸ ਲਈ ਉਹ ਪੂਜਨੀਕ ਹਨ।

ਦੂਸਰਾ ਪੱਖ ਵੀ ਵਿਚਾਰਨਯੋਗ ਹੈ ਕਿ ਜਦ ਸਾਰੀ ਕਾਇਨਾਤ (ਬ੍ਰਹਿਮੰਡ), ਹੁਕਮ ਵਿੱਚ ਵਿਚਰਦੀ ਹੈ ਤਾਂ ਇਨ੍ਹਾਂ ਨੂੰ ਹੁਕਮ ਵਿੱਚ ਚੱਲਦੇ, ਨਾ ਮੰਨਣਾ ਕਿੱਥੋਂ ਤੱਕ ਸਹੀ ਹੈ ? ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਰਾਹੀਂ ਫ਼ੁਰਮਾ ਰਹੇ ਹਨ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’

ਅਜੋਕੇ ਕੁਝ ਸਿੱਖ ਪ੍ਰਚਾਰਕ ਮਨਮੁਖ ਤੇ ਕਰਮਕਾਂਡੀ ਦਾ ਕਿਰਦਾਰ ਵੇਖ ਇਨ੍ਹਾਂ ਨੂੰ ਰੱਬੀ ਹੁਕਮ ਵਿੱਚ ਚੱਲਦਾ ਨਹੀਂ ਸਵੀਕਾਰਦੇ, ਜਿਸ ਕਾਰਨ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਭਾਵਾਰਥ ਕਰਦੇ ਹਨ ਕਿ ‘ਰੱਬੀ ਹੁਕਮ ਵਿੱਚ ਚੱਲਣ ਵਾਲ਼ਾ ਸੁੱਖੀ ਜੀਵਨ ਬਤੀਤ ਕਰਦਾ ਹੈ ਜਦ ਕਿ ‘ਬਾਹਰਿ ਹੁਕਮ’ ਵਾਲ਼ਾ ਮਨਮੁਖੀ ਤੇ ਕਰਮਕਾਂਡੀ ਦੁੱਖੀ ਰਹਿੰਦਾ ਹੈ।’ ਇਨ੍ਹਾਂ ਸੱਜਣਾਂ ਨੇ ‘ਦੁਖੀ-ਸੁਖੀ’ ਸ਼ਬਦ ਆਪਣੇ ਵੱਲੋਂ ਨਿਰਧਾਰਿਤ ਕੀਤੇ ਹਨ, ਜੋ ਕਿ ਸੰਬੰਧਿਤ ਤੁਕ ਵਿੱਚ ਨਹੀਂ ਅਤੇ ਇਸੇ ਪਉੜੀ ਦੀ ਪੰਕਤੀ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥’’ ਭਾਵ ਹੁਕਮ ਵਿੱਚ ਦੁੱਖ-ਸੁੱਖ ਪ੍ਰਾਪਤ ਹੁੰਦੇ ਹਨ, ਦਾ ਖੰਡਨ-ਮੰਡਨ ਕਰ ਆਪ ਹੀ ਮਨਮਤ ਦੇ ਧਾਰਨੀ ਹੋਣ ਦਾ ਸਬੂਤ ਦੇ ਜਾਂਦੇ ਹਨ।

ਚੱਲਦੇ ਵਿਸ਼ੇ ਪ੍ਰਸੰਗ ਦੀ ਮਦਦ ਲਈ ਗੁਰਬਾਣੀ ’ਚੋਂ ਮਨਮੁਖ ਤੇ ਕਰਮਕਾਂਡੀ ਸਮੇਤ ਹਰ ਵਸਤੂ ਰੱਬੀ ਹੁਕਮ ’ਚ ਚੱਲਦੀ ਹੈ, ਬਾਰੇ ਕੁਝ ਪ੍ਰਮਾਣ ਇਸ ਤਰ੍ਹਾਂ ਦਰਜ ਹਨ :

(ੳ). ਸਭਿ ਆਏ ਹੁਕਮਿ (’ਚ) ਖਸਮਾਹੁ (ਖ਼ਸਮ ਦਰ ਤੋਂ); ਹੁਕਮਿ (’ਚ) ਸਭ ਵਰਤਨੀ ॥ (ਮ: ੪/੭੨੩) ਭਾਵ ਮਾਲਕ ਦੇ ਦਰ ਤੋਂ ਸਾਰੇ ਉਸੇ ਦੇ ਹੁਕਮ ’ਚ ਆਏ (ਜੰਮੇ) ਹਨ ਤੇ ਹੁਕਮ ਵਿੱਚ ਹੀ ਵਿਚਰਦੇ ਹਨ।

(ਅ). ਸਭੇ ਸੁਰਤੀ ਜੋਗ ਸਭਿ; ਸਭੇ ਬੇਦ ਪੁਰਾਣ ॥ ਸਭੇ ਕਰਣੇ ਤਪ ਸਭਿ; ਸਭੇ ਗੀਤ ਗਿਆਨ ॥ ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ॥ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ॥ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ॥ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ॥ ਹੁਕਮਿ ਚਲਾਏ ਆਪਣੈ ; ਕਰਮੀ ਵਹੈ ਕਲਾਮ ॥ ਨਾਨਕ ! ਸਚਾ ਸਚਿ+ਨਾਇ; ਸਚੁ ਸਭਾ ਦੀਬਾਨੁ ॥ (ਮ: ੧/੧੨੪੧) ਅਖ਼ੀਰਲੀਆਂ ਦੋ ਤੁਕਾਂ ਦਾ ਅਰਥ ਹੈ ਕਿ ‘ਸਭ ਨੂੰ (ਮਾਲਕ) ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ (ਹੁਕਮ ਵਿੱਚ ਚੱਲ ਰਹੇ ਜੀਵਾਂ ਦੇ ਕੀਤੇ) ਕੰਮਾਂ ਮੁਤਾਬਕ (ਉਨ੍ਹਾਂ ਦੀ ਮੁੜ ਤਕਦੀਰ (ਨਸੀਬ) ਲਿਖਣ ਲਈ, ਰੱਬੀ) ਕਲਮ ਚੱਲਦੀ ਹੈ। ਹੇ ਨਾਨਕ ! ਆਖ ਕਿ ਸੱਚ ਨੂੰ ਖ਼ਰੀਦਣ ਵਾਲ਼ੀ ਸੰਗਤ (ਸਭਾ) ’ਚ ਕੇਵਲ ਸੱਚੇ ਨਾਮ ਦੀ ਰਾਹੀਂ ਹੀ ਸੱਚਾ ਦਰਬਾਰ (ਸੋ ਦਰੁ) ਮਿਲਦਾ ਹੈ (ਸਤਸੰਗਤਿ ਕੈਸੀ ਜਾਣੀਐ  ? ॥ ਜਿਥੈ, ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ, ਨਾਨਕ ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ॥ (ਮ: ੧/੭੨), ਆਦਿ।

ਸੋ, ਅਸਾਂ ਨੂੰ ‘‘ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥ ਖੋਟੇ ਠਵਰ ਨ ਪਾਇਨੀ; ਰਲੇ ਜੂਠਾਨੈ (ਝੂਠ ’ਚ)॥’’ (ਮ: ੧/੪੨੧) ਜਾਂ ‘‘ਹੁਕਮੀ ਆਇਆ, ਹੁਕਮੁ ਨ ਬੂਝੈ; ਹੁਕਮਿ (ਰਾਹੀਂ) ਸਵਾਰਣਹਾਰਾ ॥ (ਮ: ੧/੬੮੮), ਆਦਿ ਤੁਕਾਂ ਦਾ ਭਾਵਾਰਥ ਵਿਚਾਰਨਾ ਪਏਗਾ ਤਾਂ ਜੋ ਸਭ ਦਾ ਹੁਕਮ ਵਿੱਚ ਚੱਲਣਾ ਅਤੇ ‘‘ਕਿਵ ਸਚਿਆਰਾ ਹੋਈਐ ? ॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਦੇ ਭਾਵਾਰਥ ’ਚ ਅੰਤਰ ਸਮਝ ਆ ਜਾਏ, ਜੋ ਕਿ ‘‘ਗਾਵਹਿ ਖੰਡ ਮੰਡਲ ਵਰਭੰਡਾ..॥’’ ਦੇ ਪ੍ਰਚਲਿਤ ਭਾਵਾਰਥ ਤੋਂ ਭਿੰਨ ਹੋਵੇਗਾ।

ਗੁਰਬਾਣੀ ਦੇ ਸਿਧਾਂਤ ਮੁਤਾਬਕ ਕਰਤਾਰ ਦੀ ਰਚਨਾ (ਭਾਵ ਕੁਦਰਤ) ਇੱਕ ਖੇਡ ਹੈ, ਇਸ ‘ਖੇਡ’ ਦੇ ਅਰਥ ਬੱਚੇ ਤੋਂ ਵਧ ਕੇ ਕੋਈ ਨਹੀਂ ਜਾਣਦਾ, ਜੋ ਆਪਣੀ ਖੇਡ ਰਾਹੀਂ ਦੋ ਨਕਲੀ ਪਾਤਰ ਬਣਾ ਯੁੱਧ ਕਰਦਾ-ਕਰਾਉਂਦਾ ਆਪਣੀ ਖੇਡ ਦੀ ਸਮਾਪਤੀ ਉਪਰੰਤ ਦੋਵੇਂ ਦੁਸ਼ਮਣ ਪਾਤਰਾਂ ਨੂੰ ਆਪਣੀ ਅਗਲੀ ਖੇਡ ਤੱਕ ਆਪਣੇ ਪਾਸ ਹੀ ਸੰਭਾਲ਼ ਕੇ ਰੱਖਦਾ ਹੈ। ਕੁਦਰਤ ਦਾ ਹਰ ਸੁਭਾਅ, ਇਸ ਦੇ ਮਾਲਕ (ਕਰਤਾਰ) ਦਾ ਸੁਭਾਅ ਹੁੰਦਾ ਹੈ, ਜਿਸ ਨੂੰ ਕਰਤਾਰ ਦੇ ਭਗਤ ਹੀ ਸਮਝ ਸਕਦੇ ਹਨ। ਮਨਮੁਖਤਾ ਤੇ ਗੁਰਮੁਖਤਾ ਭਾਸ਼ਾਈ ਦ੍ਰਿਸ਼ਟੀ ਤੋਂ ਕੇਵਲ ਮਨੁੱਖਾ ਸੋਚ ਦੀ ਉਪਜ (ਪੈਦਾਇਸ਼) ਹਨ, ਨਾ ਕਿ (ਬੱਚੇ ਦੀ ਸੋਚ ਵਾਙ) ਕਰਤਾਰ ਦੀ ਸੋਚ ਵਿੱਚ ਅਜਿਹਾ ਕੋਈ ਅੰਤਰ ਹੈ ਕਿਉਂਕਿ ਉਹ ਗੁਰਮੁਖਤਾ ਦੇ ‘ਗਾਵਹਿ’ ਕਾਰਨ ‘‘ਵਡਾ ਨ ਹੋਵੈ..॥’’ ਅਤੇ ਮਨਮੁਖਤਾ ਦੇ ‘ਨਾ ਗਾਵਹਿ’ ਕਾਰਨ ‘‘ਘਾਟਿ ਨ ਜਾਇ ॥’’ (ਸੋ ਦਰੁ, ਆਸਾ/ਮ: ੧/੯) ਅਜਿਹੀ ਬਾਲ ਅਵਸਥਾ (ਭਾਵ ਦਵੈਤ ਰਹਿਤ ਬਚਪਨ ਬਿਰਤੀ) ਦੇ ਹੀ ਗੁਰੂ ਜੀ ਹਮਾਇਤੀ ਬਣਦੇ ਹਨ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਵਚਨ ਹਨ, ‘‘ਸਿਖ ਸੰਤ ਬਾਲਕ, ਸ੍ਰੀ ਗੁਰ ਪ੍ਰਤਿਪਾਲਕ ਹੁਇ; ਜੀਵਨ ਮੁਕਤਿ ਗਤਿ, ਬ੍ਰਹਮ ਬਿਚਾਰੀ ਹੈ ॥੪੪੮॥’’ (ਕਬਿੱਤ ੪੪੮)

ਗੁਰੂ ਨਾਨਕ ਸਾਹਿਬ ਜੀ ਇਸ ਬਾਲਕ ਅਵਸਥਾ ਨੂੰ ਜਿੰਦਗੀ ਦੇ ਪਹਿਲੇ ਪੜਾਅ (ਦਵੈਤ ਰਹਿਤ) ’ਚ ਵਿਚਰਦੇ ਜੀਵਨ ਦੀ ਮਿਸਾਲ ਰਾਹੀਂ) ਸਮਝਾਉਂਦੇ ਹਨ, ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਬਾਲਕ ਬੁਧਿ ਅਚੇਤੁ ॥’’ (ਮ: ੧/੭੫) ਅਜਿਹੀ ਬਾਲਕ ਅਵਸਥਾ ਭੋਗਣ ਉਪਰੰਤ ਨੌਜਵਾਨ ਹਰ ਕਾਰਜ ਦਾ ਮਹੱਤਵ ਆਪਣੀ ਯੋਗਤਾ ਉੱਪਰ ਲੈਣ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਵੀ ਇਹੀ ਸਮਝਾਉਂਦੇ ਹਨ ਕਿ ਬਾਲਕ ਦੀ ਅਵਸਥਾ, ਦਵੈਤ ਰਹਿਤ ਖੇਡਦੀ ਲੰਘ ਜਾਣ ਉਪਰੰਤ, ਮਨੁੱਖ ਆਪਣੀ ਸੁਰਤ ਦੀ ਦੁਰਵਰਤੋਂ (ਮਾਣ, ਹਉਮੈ) ਕਰਨ ਲੱਗ ਜਾਂਦਾ ਹੈ ਭਾਵ ਰੱਬੀ ਹੁਕਮ ਵਿੱਚ ਵਿਚਰ ਕੇ ਕੀਤੇ ਜਾਣ ਵਾਲ਼ੇ ਸਾਰੇ ਗੁਣਕਾਰੀ ਕੰਮਾਂ ਦਾ ਮਹੱਤਵ ਆਪ ਲੈ ਰਿਹਾ ਹੁੰਦਾ ਹੈ, ‘‘ਬਾਲਕ ਅਚੇਤ ਜੈਸੇ ਕਰਤ ਅਨੇਕ ਲੀਲਾ (ਖੇਡ); ਸੁਰਤ ਸਮਾਰ (ਸੰਭਾਲਦਿਆਂ), ਬਾਲ ਬੁਧਿ ਬਿਸਰਾਤ ਹੈ (ਬਚਪਨ ਭੁੱਲਾ ਦਿੰਦਾ ਹੈ)।’’ (ਕਬਿੱਤ ੬੦੪) ਗੁਰੂ ਨਾਨਕ ਸਾਹਿਬ ਜੀ ਵੀ ਅਜਿਹੀ ਸੋਚ ਦੀ ਪੁਸ਼ਟੀ ਕਰਦੇ ਹਨ ਕਿ ਇਹ ਗੱਲ ਕਿਸ (ਮਨਮੱਤੀਏ) ਨੂੰ ਸਮਝਾਈਏ ਕਿ ਕਰਤਾਰ ਸਭ ਨੂੰ ਆਪਣੇ ਹੁਕਮ ਵਿੱਚ ਰੱਖਦਾ ਹੈ ਪਰ ਇਸ ਸਚਾਈ ਦੇ ਵਿਪਰੀਤ ਮੂਰਖ ਆਪਣੇ ਆਪ ਨੂੰ ਹੀ ਸਰਬੋਤਮ ਮੰਨਦਾ ਹੈ, ‘‘ਕਿਸ ਨੋ ਕਹੀਐ ਨਾਨਕਾ! ਕਿਸ ਨੋ ਕਰਤਾ (ਮੂਰਖ ਮੱਤ) ਦੇਇ  ? ॥ ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ॥’’ (ਮ: ੧/੧੨੪੧) ਅਖ਼ੀਰਲੀ ਤੁਕ ਦੇ ਅਰਥ ਹਨ ਕਿ ‘ਕੁਦਰਤ ਦਾ ਰਚੇਤਾ, ਆਪਣੇ ਹੁਕਮ ਵਿੱਚ ਸਭ ਨੂੰ ਰੱਖਦਾ ਹੈ ਪਰ ਫਿਰ ਵੀ ਹਰ ਥਾਂ ਆਪਣਾ ਮੂੰਹ ਰੱਖਣ ਵਾਲ਼ਾ (ਮੂਰਖ) ਆਪਣੇ ਆਪ ਨੂੰ ਹੀ ਵੱਡਾ ਗਿਣਦਾ ਹੈ ਕਿ ਆ ਮੈਂ ਕੀਤਾ, ਓਹ ਮੈਂ ਕੀਤਾ (ਨਾ ਕਿ ਇਹ ਮੈਥੋਂ ਕਰਵਾਇਆ ਓਹ ਮੈਥੋਂ ਕਰਵਾਇਆ, ਆਖਦਾ ਹੈ), ਆਦਿ ਜਦ ਕਿ ਅਜਿਹੀ ਮੂਰਖ ਭਾਵਨਾ, ਬਾਲਕ ਬਿਰਤੀ ’ਚ ਨਹੀਂ ਹੁੰਦੀ, ਇਸ ਲਈ ਕਬੀਰ ਜੀ ਬਾਲਕ ਭਾਵਨਾ ਜਾਂ ਬੱਚਾ ਬਿਰਤੀ ਨੂੰ ‘ਭੋਲੇ ਭਾਇ’ ਸ਼ਬਦਾਂ ’ਚ ਪ੍ਰਗਟ ਕਰ ਅਕਾਲ ਪੁਰਖ ਦਾ ਮਿਲਾਪ ਕਰਵਾਉਂਦੇ ਹਨ, ‘‘ਕਹੁ ਕਬੀਰ ! ਭਗਤਿ ਕਰਿ ਪਾਇਆ ॥ ‘ਭੋਲੇ ਭਾਇ’ ਮਿਲੇ ਰਘੁਰਾਇਆ ॥’’ (ਭਗਤ ਕਬੀਰ/੩੨੪)

ਸੋ, ਰੱਬੀ ਹੁਕਮ ਵਿੱਚ ਸਾਰਾ ਬ੍ਰਹਿਮੰਡ ਵਿਚਰਦਾ ਹੈ, ਪਰ ਇਸ ਦੀ ਸਮਝ ਕੇਵਲ ਉਸ ਦੇ ਭਗਤ ਨੂੰ ਹੀ ਹੁੰਦੀ ਹੈ, ਜੋ ਹਰ ਕੰਮ ਦਾ ਮਹੱਤਵ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਣਾ ਆਰੰਭ ਕਰ ਦਿੰਦਾ ਹੈ, ਇਹੀ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਹੈ, ਜਦ ਮਨੁੱਖ ਹਰ ਕੰਮ ਦਾ ਮਹੱਤਵ ਆਪਣੇ ਉੱਪਰ ਨਹੀਂ ਲਏਗਾ ਤੇ ਜਿਸ ਦੇ ਹੁਕਮ ’ਚ ਵਿਚਰਦਾ ਹੈ, ਉਸ ਨੂੰ ਦੇਵੇਗਾ ਤਾਂ ‘‘ਕੂੜੈ ਪਾਲਿ ॥’’ ਤੁੱਟ ਜਾਂਦੀ ਹੈ ਤੇ ਜੀਵਨ ‘‘ਸਚਿਆਰਾ’’ ਬਣ ਜਾਂਦਾ ਹੈ। ਅਜਿਹੇ ਹੀ ਜੀਵਨ ਤੋਂ ਗੁਰੂ ਨਾਨਕ ਪਾਤਿਸ਼ਾਹ ਕੁਰਬਾਨ ਜਾਂਦੇ ਹਨ, ਪਰ ਇਹ ਅਵਸਥਾ ਜਾਂ ਹੁਕਮ ’ਚ ਚੱਲ ਰਹੇ ਹਾਂ, ਦੀ ਸਮਝ ‘‘ਖੰਡ ਮੰਡਲ ਵਰਭੰਡਾ’’ ਨੂੰ ਕਦਾਚਿਤ (ਉੱਕਾ ਹੀ) ਨਹੀਂ ਆ ਸਕਦੀ ਕਿਉਂਕਿ ਇਹ ਰਾਜ਼ (ਭੇਤ, ਰਹੱਸ) ਸਮਝਾਉਣ ਵਾਲ਼ਾ ਗੁਰੂ ਇਨ੍ਹਾਂ ਨਿਰਜਿੰਦਾਂ ਦੀ ਅਗਵਾਈ ਨਹੀਂ ਕਰਦਾ। ‘ਨਿਰਜਿੰਦ’ ਸ਼ਬਦ ਦੀ ਵਰਤੋਂ, ਬਾਬਾ ਕਬੀਰ ਜੀ ਦੇ ਉਸ ਵਚਨ ਤੋਂ ਲਈ ਗਈ ਜਿਸ ਅਨੁਸਾਰ ਮਾਲਨੀ, ਜਿੰਦ ਵਾਲ਼ੇ ਪੌਦੇ ਦੇ ਪੱਤੇ ਤੋੜ ਕੇ ਖ਼ੁਸ਼ ਕਰਨ ਲਈ ਨਿਰਜਿੰਦ ਪੱਥਰ ਉੱਪਰ ਚੜਾਉਂਦੀ ਹੈ, ‘‘ਪਾਤੀ ਤੋਰੈ ਮਾਲਿਨੀ; ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ; ਸੋ ਪਾਹਨ ਨਿਰਜੀਉ ॥’’ (ਭਗਤ ਕਬੀਰ/੪੭੯) ਇਸ ਲਈ ਪੱਥਰ ਰੂਪ ’ਚ ‘ਖੰਡ, ਮੰਡਲ, ਵਰਭੰਡ’ ਨਿਰਜਿੰਦ ਹਨ।

ਉਕਤ ਸਾਰੀ ਵਿਚਾਰ ਦਾ ਸਾਰ ਇਹੀ ਹੈ ਕਿ (ਮਨਮੁਖ, ਕਰਮਕਾਂਡੀ ਸਮੇਤ) ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦੇ ਪ੍ਰਚਲਿਤ ਭਾਵਾਰਥ ਅਤੇ ‘‘ਹੁਕਮਿ ਰਜਾਈ ਚਲਣਾ.. ॥’’ ਦਾ ਅਸਲ ਭਾਵਾਰਥ ਇੱਕ ਸਮਾਨ ਨਹੀਂ ਹੈ ਤਾਂ ਜੋ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਪ੍ਰਚਲਿਤ ਸ਼ਬਦਾਰਥ ਬਦਲਣ ਦੀ ਨੌਬਤ ਆ ਜਾਵੇ।

ਗੁਰਬਾਣੀ ਲਿਖਤ ਦਾ ਇਹ ਅੰਦਾਜ਼ ਵੀ ਵਿਚਾਰਨਯੋਗ ਹੈ ਕਿ ਨਿਰਜਿੰਦ ਪਦਾਰਥਾਂ (ਪੱਥਰ, ਖੰਡ, ਮੰਡਲ, ਵਰਭੰਡ) ਵਾਙ ਮਨਮੁਖ ਜਾਂ ਕਰਮਕਾਂਡੀ ਵੀ ਹੁਕਮ ਵਿੱਚ ਹੀ ਚੱਲਦਾ ਹੈ ਪਰ ਹੁਕਮ ਵਿੱਚ ਜੀਵਨ ਬਤੀਤ ਹੁੰਦਾ ਜਾ ਰਿਹਾ ਹੈ, ਇਹ ਰਾਜ਼ ਗੁਰੂ ਦੀ ਰਾਹੀਂ ਕੇਵਲ ਅਕਾਲ ਪੁਰਖ ਦਾ ਜਿੰਦ-ਜਾਨ ਵਾਲ਼ਾ ਸੇਵਕ (ਭਗਤ) ਹੀ ਸਮਝਦਾ ਹੈ। ਬਾਲਕ ਦੁਆਰਾ ਆਪਣੀ ਖੇਡ ਸਮੇਟਣ ਵਾਙ ਗੁਰੂ ਜੀ ਨੇ ਵੀ ਗੁਰਬਾਣੀ ’ਚ ਮਨਮੁਖ ਤੇ ਗੁਰਮੁਖ ਵਾਲ਼ੇ ‘‘ਰਾਹ ਦੋਵੈ (ਦਾ); ਖਸਮੁ ਏਕੋ ਜਾਣੁ ॥’’ (ਮ: ੧/੨੨੩) ਵਿਸ਼ੇ ਨੂੰ ਹਰ ਲੰਮੀ ਰਚਨਾ ਦੇ ਅੰਤ ’ਚ ਕੁਝ ਇਉਂ ਬਿਆਨ (ਸਪਸ਼ਟ) ਕੀਤਾ ਹੈ :

(1). ਆਖਣਿ ਜੋਰੁ; ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ; ਦੇਣਿ ਨ ਜੋਰੁ ॥ ਜੋਰੁ ਨ ਜੀਵਣਿ; ਮਰਣਿ ਨਹ ਜੋਰੁ ॥… ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ॥ ਨਾਨਕ ! ਉਤਮੁ ਨੀਚੁ ਨ ਕੋਇ ॥੩੩॥ ਭਾਵ ਮਨਮੁਖ ਹੋਵੇ ਜਾਂ ਗੁਰਮੁਖ, ਕਿਸੇ ਦੇ ਹੱਥ ਵਿੱਚ ਕੁਝ ਨਹੀਂ, ਜਿਸ ਦੇ ਹੱਥ ’ਚ ਇਹ ਸਭ ਸ਼ਕਤੀ ਹੈ ਉਹੀ ਇਨ੍ਹਾਂ ਨੂੰ ਪ੍ਰੇਰਦਾ (ਦਿਸ਼ਾ ਦਿੰਦਾ) ਹੈ, ਆਪਣੇ ਆਪ ’ਚ ਕੋਈ ਉੱਚਾ-ਨੀਵਾਂ ਨਹੀਂ ਹੈ, ‘‘ਨਕਿ ਨਥ, ਖਸਮ ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ! ਸਚੁ ਹੇ ॥’’ (ਮ: ੨/੬੫੩)

(ਨੋਟ: ਧਿਆਨ ਰਹੇ ਕਿ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਇਹ ਭਾਵ (ਰਚਨਾ ਦੀ ਸਮਾਪਤੀ ਤੋਂ ਕੁਝ ਪਹਿਲਾਂ) ਇਸ ਲਈ ਦਰਜ ਕੀਤਾ ਗਿਆ ਕਿਉਂਕਿ ਅਗਲੀਆਂ ਪਉੜੀਆਂ ’ਚ ਪਿਛਲੇ ਪੜਾਅ ਤੋਂ ਅਗਲੇ ਪੜਾਅ (ਰੂਹਾਨੀਅਤ ਨਾਲ਼ ਸਬੰਧਿਤ ਵਿਸ਼ਾ) ‘ਧਰਮ ਖੰਡ’ ਤੋਂ ‘ਸਚ ਖੰਡਿ’ ਵੱਲ ਆਰੰਭ ਹੁੰਦਾ ਹੈ।)

(2). ਵਡੇ ਕੀਆ ਵਡਿਆਈਆ (ਭਾਵ ਖੇਡਾਂ, ਜਿਨ੍ਹਾਂ ਬਾਰੇ); ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ॥(ਜੀਵਾਂ ਨੇ ਤਾਂ) ਸਾਈ (ਉਹੀ) ਕਾਰ ਕਮਾਵਣੀ; (ਜੋ) ਧੁਰਿ (ਤੋਂ) ਛੋਡੀ ਤਿੰਨੈ (ਉਸ ਰੱਬ ਨੇ) ਪਾਇ (ਪਾ ਕੇ)॥ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ (ਭਾਵ ਥਾਂ, ਟਿਕਾਣਾ)॥ ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ (ਆਸਾ ਕੀ ਵਾਰ/ਮ: ੧/੪੭੫)

(3). ਆਪੇ ਹਰਿ ਇਕ ਰੰਗੁ ਹੈ; ਆਪੇ ਬਹੁ ਰੰਗੀ ॥ (ਜੀਵਾਂ ਲਈ ਤਾਂ) ਜੋ ਤਿਸੁ ਭਾਵੈ ਨਾਨਕਾ! ਸਾਈ ਗਲ ਚੰਗੀ ॥੨੨॥੨॥ (ਮ: ੪/੭੨੬)

(4). ਆਪੇ ਕੀਤੋ ਰਚਨੁ (ਪਸਾਰਾ); ਆਪੇ ਹੀ ਰਤਿਆ (ਮਾਇਆਧਾਰੀ)॥ ਆਪੇ ਹੋਇਓ ਇਕੁ; ਆਪੇ ਬਹੁ ਭਤਿਆ (ਭਾਵ ਕਈ ਭਾਂਤ ’ਚ ਮਾਇਆਵੀ)॥ ਆਪੇ ਸਭਨਾ ਮੰਝਿ (ਵਿੱਚ); ਆਪੇ ਬਾਹਰਾ ॥ (ਮਨਮੁਖ ਬਣ) ਆਪੇ ਜਾਣਹਿ ਦੂਰਿ; ਆਪੇ ਹੀ ਜਾਹਰਾ (ਰੱਬ ਨੂੰ ਅੰਗ-ਸੰਗ ਜਾਣਹਿ)॥ ਆਪੇ ਹੋਵਹਿ ਗੁਪਤੁ (ਭਾਵ ਮਨਮੁਖ ਲਈ ਅਣਡਿੱਠ); ਆਪੇ ਪਰਗਟੀਐ (ਭਾਵ ਭਗਤ ਲਈ ਪ੍ਰਤੱਖ)॥ ਕੀਮਤਿ ਕਿਸੈ ਨ ਪਾਇ; ਤੇਰੀ ਥਟੀਐ (ਤੇਰੀ ਕੁਦਰਤ ਦੀ)॥ ਗਹਿਰ ਗੰਭੀਰੁ ਅਥਾਹੁ; ਅਪਾਰੁ ਅਗਣਤੁ ਤੂੰ ॥ ਨਾਨਕ ! ਵਰਤੈ ਇਕੁ; ਇਕੋ ਇਕੁ ਤੂੰ (ਭਾਵ ਮਨਮੁਖ ਤੇ ਗੁਰਮੁਖ ਵਿੱਚ ਕੇਵਲ ਇੱਕ ਤੂੰ ਹੀ ਵਿਚਰਦਾ ਹੈਂ।)॥੨੨॥੧॥੨॥ ਸੁਧੁ ॥ (ਰਾਮਕਲੀ ਕੀ ਵਾਰ:੨/ਮ: ੫/੯੬੬)

(5). ਕਿਥਹੁ ਉਪਜੈ  ? ਕਹ ਰਹੈ  ? ਕਹ ਮਾਹਿ ਸਮਾਵੈ  ? ॥ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ  ?॥..॥੩॥੧॥ (ਬਸੰਤੁ ਕੀ ਵਾਰ/ਮ: ੫/੧੧੯੩) ਭਾਵ ਮਨੁੱਖ ਕਿਸੇ ਵੀ ਹੋਰ ਥਾਂ ਤੋਂ ਪੈਦਾ ਨਹੀਂ ਹੁੰਦਾ ਕੇਵਲ ਕਰਤਾਰ ’ਚੋਂ ਬਣਿਆ ਉਸੇ ’ਚ ਲੀਨ ਹੋ ਗਿਆ, ਇਸ ਲਈ ਸਾਰੇ ਜੀਵ ਉਸੇ ਦੇ ਹਨ ਅਜਿਹੀ ਸਮਝ (ਰਵਾਇਤ) ਉੱਤੇ ਕੌਣ ਕਿੰਤੂ-ਪਰੰਤੂ ਕਰ ਸਕਦਾ ਹੈ ? ਜਾਂ ਕੀਮਤ ਪਾ ਸਕਦਾ ਹੈ ?

(6). ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ (ਭਾਵ ਖੇਡ) ॥ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ !॥ ਆਪਿ ਨਾਥੁ, ਸਭ ਨਥੀਅਨੁ (ਉਸ ਨੇ ਨੱਥੀ); ਸਭ ਹੁਕਮਿ (’ਚ) ਚਲਾਈ ॥ ਨਾਨਕ ! ਹਰਿ ਭਾਵੈ, ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥ (ਸਾਰੰਗ ਕੀ ਵਾਰ/ਮ: ੪/੧੨੫੧)

(ਨੋਟ: ਇਸ ਤੁਕ ਦੇ ਅੰਤ ’ਚ ਦਰਜ ਹੈ ‘ਸਭ ਚਲੈ ਰਜਾਈ’ ਤਾਂ ਫਿਰ ਮਨਮੁਖ ਲਈ ‘‘ਕਿਵ ਕੂੜੈ ਤੁਟੈ ਪਾਲਿ  ?॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ.. ॥’’ ਭੁਲੇਖਾ ਹੀ ਪਾਏਗਾ ਭਾਵ ਉਸ ਨੂੰ ਜਾਪੇਗਾ ਕਿ ਸਾਰੇ ਹੁਕਮ ਵਿੱਚ ਚੱਲਦੇ ਹਨ ਤਾਂ ਸਾਡੇ ਹੱਥ ’ਚ ਕੀ ਹੈ ਕਿ ਅਸੀਂ ਇੱਧਰ ਤੋਂ ਓਧਰ ਚੱਲ ਸਕੀਏ ?।)

(7). ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥.. .. ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ (ਖ਼ਤਮ ਹੋਏਗਾ)॥੨੬॥ (ਮਲਾਰ ਕੀ ਵਾਰ (ਮ: ੧/੧੨੯੦)

(ਨੋਟ: ‘ਮਲਾਰ ਕੀ ਵਾਰ’ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਹੈ, ਜਿਸ ਦੇ ਅੰਤ ’ਚ ਉਕਤ ਵਿਸ਼ਾ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ‘‘ਪਉੜੀ ਨਵੀ ਮ: ੫ ॥’’ ਸਿਰਲੇਖ ਵਿੱਚ ਦਰਜ ਕਰ ਕੇ ਵਾਰ ਦੀ ਸਮਾਪਤੀ ਆਪਣੀ ਇਸ ਪਉੜੀ ਉਪਰੰਤ ਕੀਤੀ :

ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥ ਜਿਤੁ, ਤੂ ਲਾਇਹਿ ਸਚਿਆ ! ਤਿਤੁ, ਕੋ ਲਗੈ; ਨਾਨਕ ! ਗੁਣ ਗਾਈ ॥੨੮॥੧॥ ਸੁਧੁ (ਮਲਾਰ ਕੀ ਵਾਰ/ਮ: ੧/੧੨੯੧), ਆਦਿ।

ਸੋ, ‘‘ਗਾਵਹਿ, ਖੰਡ ਮੰਡਲ ਵਰਭੰਡਾ ॥’’ ਦਾ ਭਾਵਾਰਥ ਗੁਰਮਤਿ ਅਨੁਸਾਰੀ ਤੇ ਭੁਲੇਖਾ ਰਹਿਤ ਇਹੀ ਹੋਏਗਾ ਕਿ (ਮਨਮੁਖ ਤੇ ਕਰਮਕਾਂਡੀ ਦੀ ਜੀਵਨ ਯਾਤਰਾ ਵਾਙ) ‘ਰੱਬੀ ਸ਼ਕਤੀ ਅਧੀਨ; ਖੰਡ, ਮੰਡਲ, ਬ੍ਰਹਿਮੰਡ ਚੱਲਦੇ ਹਨ’ ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਤੁਕ ਦਾ ਭਾਵਾਰਥ ‘ਮਾਲਕ ਦੇ ਹੁਕਮ ਵਿੱਚ ਚੱਲਣ ਨੂੰ ਸਦਾ ਚੇਤੇ ਰੱਖਣਾ, ਜੋ ਹਰ ਜੂਨੀ ਦੀ ਬੁਨਿਆਦ ਤੋਂ ਜੀਵਨ ਦੇ ਸਦਾ ਨਾਲ਼ ਚੱਲਦਾ ਹੈ’ ਭਾਵ ਅਸੀਂ ਪੈਦਾਇਸ਼ ਤੋਂ ਹੀ (ਮਨਮੁਖ, ਕਰਮਕਾਂਡੀ, ਖੰਡ, ਮੰਡਲ, ਵਰਭੰਡ ਵਾਙ) ਹੁਕਮ ਵਿੱਚ ਵਿਚਰ ਰਹੇ ਹਾਂ, ਨੂੰ ਯਾਦ ਰੱਖਣਾ।

ਮਨਮੁਖ ਤੇ ਕਰਮਕਾਂਡੀ ਦੇ ਜੀਵਨ ਨੂੰ ਰੱਬ ਦੇ ਹੁਕਮ ਤੋਂ ਆਕੀ ਮੰਨ ਕੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਤੁਕ ਦੇ ਪ੍ਰਚਲਿਤ ਅਰਥ (ਕਿ ਹਰ ਕੋਈ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ) ਦਰੁਸਤ ਜਾਪਦੇ ਹਨ।

ਵਿਚਾਰ ਅਧੀਨ ਪਉੜੀ ’ਚ ‘ਗਾਵਹਿ’ ਸ਼ਬਦ ‘ਖੰਡ, ਮੰਡਲ, ਵਰਭੰਡਾ’ ਤੁਕ ’ਚ ਵੀ ਦਰਜ ਹੈ ਤੇ ‘‘ਸੇਈ ਤੁਧੁਨੋ ‘ਗਾਵਹਿ’, ਜੋ ਤੁਧੁ ਭਾਵਨਿ..॥’’ ਤੁਕ ’ਚ ਵੀ, ਇਸ ਲਈ ਇਨ੍ਹਾਂ ਦੇ ਭਾਵਾਰਥ ਇੱਕ ਸਮਾਨ ਕਿਵੇਂ ਹੋ ਸਕਦੇ ਹਨ ? ਉਕਤ ਪਉੜੀ ਵੰਡ ਦੇ ਨੰਬਰ (3). ਭਾਗ ’ਚ ਵਿਚਾਰੇ ਗਏ ਗੁਰੂ ਉਪਦੇਸ਼ ‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’, ਦੀ ਕਮਾਈ ਕਰਨ ਵਾਲ਼ਾ ਜੀਵਨ ਰੁਤਬਾ (ਆਚਰਣ, ਰੂਹਾਨੀਅਤ ਸਫ਼ਰ) ਅਤੇ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ॥੧॥’’ ਉਪਦੇਸ਼ ਨੂੰ ਕਮਾਉਣ ਵਾਲ਼ਾ ਜੀਵਨ ਇੱਕ ਸਮਾਨ ਹੈ ਕਿਉਂਕਿ ਉਹ ‘‘ਨਾਨਕ ! ਰਹਣੁ ਰਜਾਈ ॥੨੭॥’’ ਭਾਵ ਸਦਾ ਰੱਬੀ ਸ਼ਕਤੀ ਨੂੰ ਚੇਤੇ ਰੱਖਦਾ ਹੈ, ਇਸ ਲਈ ‘‘ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ..॥’’ ਬਣ ਜਾਂਦਾ ਹੈ।

ਦੂਸਰੇ ਪਾਸੇ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦਾ ਭਾਵਾਰਥ ਅਤੇ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਦਾ ਭਾਵਾਰਥ ਇੱਕ ਸਮਾਨ ਹੈ। ‘ਰੱਬੀ ਹੁਕਮ ਵਿੱਚ ਇਸ ਦੀ ਸਮਝ ਤੋਂ ਬਿਨਾਂ ਚੱਲਣਾ ਅਤੇ ਹੁਕਮ ਨੂੰ ਸਮਝ ਕੇ ਅਤੇ ਕਰਤਾਰ ਦੇ ਮੁਕਾਬਲੇ ਆਪਣੀ ਹੈਸੀਅਤ ਨੂੰ ਨਾਪ ਕੇ (ਡਰ-ਅਦਬ ਵਿੱਚ ਰਹਿ ਕੇ) ਚੱਲਣ ਵਿੱਚ ਫ਼ਰਕ ਹੁੰਦਾ ਹੈ। ਆਮ ਗੁਰਸਿੱਖ ਨੂੰ ਇਸ ਸੂਖਮ ਅੰਤਰ ਦੀ ਸਮਝ ਨਾ ਹੋਣ ਕਾਰਨ ਉਸ ਲਈ ਕੋਈ ਦੁਬਿਧਾ ਨਾ ਬਣੇ, ਇਸ ਲਈ ‘‘ਗਾਵਹਿ, ਖੰਡ ਮੰਡਲ ਵਰਭੰਡਾ.. ॥’’ ਦਾ ਭਾਵ ‘ਖੰਡ, ਮੰਡਲ, ਵਰਭੰਡ, ਆਦਿ ਵੀ ਰੱਬੀ ਸ਼ਕਤੀ ਦੇ ਮੁਕਾਬਲੇ ਅਪੂਰਨ ਹਨ, ਕਰਨਾ ਵਧੇਰੇ ਯੋਗ ਹੈ, ਸਿਵਾਏ ਇਸ ਦੇ ਕਿ ‘ਖੰਡ, ਮੰਡਲ, ਵਰਭੰਡ’ ਹੁਕਮ ਵਿੱਚ ਚੱਲਦੇ ਹਨ।

ਰੱਬੀ ਡਰ-ਅਦਬ ਵਿੱਚ ਰਹਿ ਕੇ ਵਿਕਾਰ ਮੁਕਤ ਹੋਇਆ ਜੀਵਨ ਅਤੇ ਉਸ ਦੀ ਨਾ-ਸਮਝੀ ਜਾਂ ਵਿਸ਼ਵਾਸ ਨਾ ਧਾਰਨ ਵਾਲ਼ਾ ਜੀਵਨ ਜਾਂ ਵਸਤੂ; ਨਿਰੰਤਰ ਨਿਡਰ, ਚਲਾਕੀ, ਸੁਆਰਥ ਭਾਵਨਾ ਨੂੰ ਨਹੀਂ ਤਿਆਗ ਸਕਦੀ, ਜਿਸ ਕਾਰਨ ਬੁਰੇ ਵਕਤ ’ਚ ਹੱਦੋਂ ਵੱਧ ਪਰੇਸ਼ਾਨ ਰਹਿੰਦੀ ਹੈ, ‘‘ਸੋ ਡਰੈ, ਜਿ ਪਾਪ ਕਮਾਵਦਾ; ਧਰਮੀ ਵਿਗਸੇਤੁ ॥’’ (ਮ: ੪/੮੪) ਜਦ ਕਿ ਭਗਤ ਦੁੱਖ-ਤਕਲੀਫ਼ ਨੂੰ ‘‘ਏਹਿ ਭਿ ਦਾਤਿ ਤੇਰੀ; ਦਾਤਾਰ ! ॥’’ ਮੰਨਦਾ ਹੋਇਆ ਬੁਰੇ ਵਕਤ ਨੂੰ ਵੀ ਆਸਾਨੀ ਨਾਲ਼ ਲੰਘਾ ਲੈਂਦਾ ਹੈ।

ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ ! ਹੋਇ ਨਿਚਿੰਦ, ਨਿਸਲੁ (ਬੇਫ਼ਿਕਰ) ਹੋਇ ਰਹੀਐ ॥’’ (ਮ: ੪/੫੯੪) ਉਪਦੇਸ਼ ਨੂੰ ਜੀਵਨ ਦਾ ਆਧਾਰ ਬਣਾਉਣ ਵਾਲ਼ਾ ਬੰਦਾ, ਕੇਵਲ ਸਰੀਰਕ ਦੁੱਖਾਂ ਦੀ ਨਿਵਿਰਤੀ ਲਈ ਗੁਰਬਾਣੀ ਪੜ੍ਹ ਕੇ ਹਾਲਾਤਾਂ ਨਾਲ਼ ਸਮਝੌਤਾ ਕਰ ਬੁਜ਼ਦਿਲ ਨਹੀਂ ਹੋਏਗਾ ਬਲਕਿ ਜੁਝਾਰੂ ਬਿਰਤੀ ਅਪਣਾਏਗਾ। ਬੱਚੇ ਦੀ ਖੇਡ ਵਾਲ਼ੇ ਸੰਘਰਸ਼ ਨੂੰ ਹੀ ਜਗਤ ਖੇਡ ਬਿਆਨਿਆ ਗਿਆ।

ਪਾਠਕਾਂ ਦੇ ਉਸਾਰੂ ਸੁਝਾਵਾਂ ਦਾ ਸਵਾਗਤ ਹੈ।

ਤੇ ਸਿੱਖ ਪੰਜਾਬ ਛੱਡ ਜਾਣਗੇ ?

0

ਤੇ ਸਿੱਖ ਪੰਜਾਬ ਛੱਡ ਜਾਣਗੇ ?

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ-095920-93472

ਜਦੋਂ ਅਸੀਂ ਪੰਜਾਬ ਅਤੇ ਸਿੱਖ ਕੌਮ ਦੇ ਸਬੰਧਾਂ ਦੇ ਇਤਿਹਾਸ ਦੇ ਵਰਕੇ ਫੋਲਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਸਿੱਖੀ, ਪੰਜਾਬ ਵਿਚ ਜੰਮੀ, ਪੰਜਾਬ ਵਿਚ ਪਲ਼ੀ, ਜਵਾਨ ਹੋਈ ਤੇ ਪ੍ਰਵਾਨ ਚੜ੍ਹੀ ਹੈ। ਇੱਥੇ ਹੀ ਆਪਣੇ ਗੁਰੂ ਬਖ਼ਸ਼ੇ ਬਾਹੂ ਬੱਲ ਨਾਲ ਮੱਲਾਂ ਮਾਰੀਆਂ ਅਤੇ ਆਪਣੇ ਤਪ ਤੇਜ ਦੇ ਝੰਡੇ ਬੁਲੰਦ ਕੀਤੇ। ਜੇਕਰ ਇਸ ਤਰ੍ਹਾਂ ਕਹਿ ਲਈਏ ਕਿ ਸਿੱਖ ਕੌਮ ਪੰਜਾਬ ਦੀ ਮਿੱਟੀ ’ਚੋਂ ਪੈਦਾ ਹੋਈ ਹੈ ਅਤੇ ਇਸ ਦੀ ਅਸਲੀ ਵਾਰਸ ਹੈ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੈ। ਇਸਲਾਮ ਦੇ ਧੁਰੰਤਰ ਵਿਦਵਾਨ ਡਾ: ਇਲਾਮਾ ਇਕਬਾਲ ਜੀ ਆਪਣੇ ਕਲਾਮ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਇਨਕਲਾਬੀ ਬੁਲੰਦ ਅਵਾਜ਼ ਨੂੰ, ਪੰਜਾਬ ’ਚੋਂ ਉੱਠੀ ਆਵਾਜ਼ ਕਹਿ ਕੇ ਸਿੱਖ ਕੌਮ ਦੇ ਪੰਜਾਬ ਨਾਲ ਅਨਿਖੱੜਵੇਂ ਸਬੰਧਾਂ ਦੀ ਹਾਮੀ ਭਰਦੇ ਹਨ। ਨਾਲ ਹੀ ਉਹ ਧੰਨ ਗੁਰੂ ਨਾਨਕ ਜੀ ਨੂੰ ਮਰਦ ਕਾਮਿਲ (ਯੋਗ੍ਯ, ਪੂਰਾ) ਦਾ ਰੁਤਬਾ ਦੇਂਦੇ ਹੋਏ ਪੂਰੇ ਭਾਰਤ (ਹਿੰਦੋਸਤਾਨੀਆਂ) ਨੂੰ ਗੁਰੂ ਜੀ ਵੱਲੋਂ ਜਗ੍ਹਾ ਦੇਣ ਦੀ ਵਡੇਰੀ ਗੱਲ ਵੀ ਕਰਦੇ ਹਨ। ਉਨ੍ਹਾਂ ਦੇ ਬੋਲ ਹਨ ‘ਫਿਰ ਆਖਿਰ ਉਠੀ ਸਦਾਅ ਤੌਹੀਦ ਕੀ ਪੰਜਾਬ ਸੇ। ਹਿੰਦ ਕਉ ਮਰਦ ਕਾਮਿਲ ਨੇ ਜਗਾਇਆ ਖਵਾਬ ਸੇ।’

ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਤੱਕ ਦੀ ਸਰੀਰਕ ਆਮਦ ਵੀ ਪੰਜਾਬ ਦੀ ਧਰਤੀ ’ਤੇ ਹੈ। ਦਸਵੇਂ ਜਾਮੇ ਨੇ ਪਟਨਾ ਸਾਹਿਬ ਅਵਤਾਰ ਧਾਰਨ ਦੇ ਬਾਵਜੂਦ ਉਨ੍ਹਾਂ ਦੀ ਕਰਮ ਭੂਮੀ ਵਧੇਰੇ ਕਰਕੇ ਪੰਜਾਬ ਹੀ ਹੈ। ਦਸਵੇਂ ਜਾਮੇ ਵਿਚ ਵੀ, ਗੁਰੂ ਨਾਨਕ ਜੀ ਦੀ ਕਰਮ ਭੂਮੀ ਵਧੇਰੇ ਕਰ ਕੇ ਪੰਜਾਬ ਹੀ ਹੈ। ਚੱਪੇ ਚੱਪੇ ’ਤੇ ਸਿੱਖ ਗੁਰੂ ਸਾਹਿਬਾਨ ਦੇ ਮੁਬਾਰਕ ਚਰਨਾਂ ਦੀ ਛੋਹ ਹੈ। ਕੀਤੇ ਕਰਣੀ ਨਾਮੇ ਦੇ ਅਮੀਰ ਇਤਿਹਾਸ ਦੇ ਯਾਦਗਾਰੀ ਵੇਰਵੇ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ ਇਸੇ ਹੀ ਪੰਜਾਬ ਤੋਂ ਵਕਤ ਦੀਆਂ ਜ਼ੋਰ ਜ਼ੁਲਮ ਕਰਨ ਵਾਲੀਆਂ ਸਲਤਨਤਾ ਨਾਲ ਲੋਹਾ ਲੈਣ ਦੇ ਵੇਰਵੇ ਜੁੜੇ ਹੋਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਲਈ ਜੀਊਣਾ ਤੇ ਪੰਜਾਬ ਲਈ ਮਰਣ ਨੂੰ ਗੁਰੂ ਬਖਸ਼ਿਆ ਖਾਲਸਾ ਹੈ। ਇਸ ਨੂੰ ਪੰਜਾਬ ਤੋਂ ਵੱਖ ਕਰ ਕੇ ਵੇਖਣਾ ਹੀ ਅਪਰਾਧ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਪੰਜਾਬ, ਸਿੱਖ ਕੌਮ ਤੋਂ ਬਗੈਰ ਅਧੂਰਾ ਹੈ।

ਪੰਦਰਵੀਂ ਸਦੀ ਤੋਂ 20ਵੀਂ ਸਦੀ ਦੇ ਅੱਧ ਤੱਕ ਪੰਜਾਬ ਦੀ ਧਰਤੀ, ਸਿੱਖ ਕੌਮ ਦੀ ਦੇਗ ਅਤੇ ਤੇਗ ਦੇ ਜਲਵੇ, ਇਸ ਦੀ ਅਜ਼ਾਦ ਹਸਤੀ, ਸਵੈ ਮਾਣ ਤੇ ਅਣਖ ਦੇ ਬੋਲ ਬਾਲੇ ਦੀ ਹਾਮੀ ਭਰਦੇ ਹਨ। ਸਮੇਂ ਦੇ ਗੇੜ ਨਾਲ ਇਸ (ਸਿੱਖ) ਦਾ ਵਿਦੇਸ਼ਾਂ ਦੀ ਧਰਤੀ ਦਾ ਰੁੱਖ ਸਿੱਧਾ ਰੋਜ਼ੀ ਰੋਟੀ ਦੇ ਨਜ਼ਰੀਏ ਨਾਲ ਨਹੀਂ ਹੈ। ‘ਸਿੱਖ ਰਾਜ’ ਦੇ ਚਲੇ ਤੇ ਖੋਏ ਜਾਣ ਉਪਰੰਤ, ਅੰਗ੍ਰੇਜੀ ਹਕੂਮਤ ਨੇ ਸਿੱਖਾਂ ਨੂੰ, ਇਨ੍ਹਾਂ ਦੇ ਗੁਣ ਅਤੇ ਸੁਭਾਅ ਕਰ ਕੇ ਆਪਣੀ ਫੌਜ ਦਾ ਅਹਿਮ ਹਿੱਸਾ ਬਣਾ ਕੇ, ਇਨ੍ਹਾਂ ਦੀ ਵਫਾ ਨੂੰ ਆਪਣੀ ਹਕੂਮਤ ਦੇ ਝੰਡੇ ਬੁਲੰਦ ਰੱਖਣ ਲਈ, ਥਾਂ ਥਾਂ ਦੇਸ਼ ਵਿਦੇਸ਼ਾਂ ਅੰਦਰ ਰੱਜ ਕੇ ਮੋਹਰਾ ਬਣਾਇਆ। ਵਿਸ਼ਵਭਰ ਦੀਆਂ ਕੌਮਾਂ ਅੰਦਰ ਸਿੱਖਾਂ ਦੀ ਦਲੇਰੀ ਅਤੇ ਵਫਾਦਾਰੀ ਦਾ ਕੋਈ ਬਦਲ ਨਹੀਂ ਰਿਹਾ।

ਗਦਰੀ ਸਿੱਖ ਬਾਬਿਆਂ ਦੀ ਵਿਥਿਆ, ਸਿੱਖਾਂ ਅੰਦਰਲੀ ਅਜ਼ਾਦੀ ਦੀ ਫ਼ਿਜ਼ਾ (ਖੁਲ੍ਹਦਿਲੀ) ਦਾ ਸਪਸ਼ਟ ਪ੍ਰਮਾਣ ਹੈ ਕਿ ਉਹ ਪਦਾਰਥਕ ਤੇ ਪਰਿਵਾਰਕ ਸੁੱਖਾਂ ਨੂੰ ਠੋਕਰਾਂ ਮਾਰ ਕੇ ਜੂਝਦੇ ਹੋਏ ਮਿਲਦੇ ਹਨ। ਇਸੇ ਤਰ੍ਹਾਂ ਬੱਬਰ ਅਕਾਲੀ ਲਹਿਰ ਦੇ ਆਸ਼ਿਕ ਗੁਰਸਿੱਖ ਗਦਾਰਾਂ ਤੇ ਝੋਲੀ ਚੁੱਕਾਂ ਨੂੰ ਸੋਧ ਕੇ ਖੁਦ ਫਾਂਸੀ ਦੇ ਰੱਸੇ ਚੁੰਮਦੇ ਵੇਖੇ ਜਾਂਦੇ ਹਨ। ਪੰਜਾਬ ਦੀ ਧਰਤੀ ਦੀ ਵਾਰਸ (ਸਿੱਖ ਕੌਮ) ਨੇ ਕਿਹੜਾ ਦੁੱਖ ਜਾਂ ਜ਼ੁਲਮ ਹੈ ਜੋ ਇਸ ਨੇ ਆਪਣੇ ਪਿੰਡੇ ’ਤੇ ਨਹੀਂ ਜਰਿਆ। ਭਾਰਤ ਅਜ਼ਾਦ ਕਰਵਾਉਣ ਲਈ ਇਸੇ ਵਿੱਚੋਂ ਆਪਣੀ ਅਸਲੀ ਅਜ਼ਾਦੀ ਦੇ ਸੁਪਨੇ ਸਾਕਾਰ ਕਰਨ ਦੀ ਤਾਂਘ ਲਾਈ ਬੈਠੀ ਸਿੱਖ ਕੌਮ, 1947 ਵਿਚ ਭਾਰਤੀ ਚਾਲਬਾਜ਼ ਆਗੂਆਂ ਦੀ ਬਦਨਿਯਤੀ ਦੇ ਛਲਾਵੇ ਨਾਲ ਛਲੀ ਵੀ ਗਈ ਤੇ ਠੱਗੀ ਵੀ ਗਈ। ਸਿੱਖ ਕੌਮ ਲਈ ਅਜ਼ਾਦੀ ਆਈ ਹੀ ਨਹੀਂ ਬਲਕਿ ਨਵੀਂ ਕਿਸਮ ਦੀ ਤਬਾਹੀ ਤੇ ਸੰਤਾਪ ਦੀਆਂ ਡਾਢੀਆਂ ਪੀੜ੍ਹਾਂ ਨਾਲ ਇਸ ਦੀ ਝੋਲੀ ਏਨੀ ਤੁੰਨ ਤੁੰਨ ਭਰੀ ਗਈ ਕਿ ਜੋ ਨਾ ਮੁੱਕੀਆਂ ਹਨ ਅਤੇ ਨਾ ਹੀ ਮੁੱਕਣੀਆਂ ਹਨ। ਨਵੀਂ ਹਕੂਮਤ ਨੇ ਇਸ ਨੂੰ ਗੈਰ ਮੰਨ ਕੇ ਵਿਵਹਾਰ ਕਰਨਾ ਐਸਾ ਆਰੰਭਿਆ ਜਿਸ ਕਰ ਕੇ ਇਸ ਦੀਆਂ ਸਧਰਾਂ ਅਤੇ ਅਜ਼ਾਦ ਹਸਤੀ ਨੂੰ ਸਦਾ ਸਦਾ ਮਲੀਆ ਮੇਟ ਕਰਨ ਦਾ ਦੌਰ ਮੁੱਕਣ ਦਾ ਨਾਂ ਨਹੀਂ ਲੈਂਦਾ।

ਭਾਰਤੀ ਹਾਕਮਾਂ ਦੇ ਮਨਸੂਬਿਆਂ ਕਰ ਕੇ ਸਿੱਖ ਕੌਮ ਦੀ ਆਪਣੀ ਹੋਂਦ ਹਸਤੀ ਵਾਲੀ ਆਪਣੀ ਕੌਮੀ ਸਿੱਖ ਜਥੇਬੰਦੀ ਟੁੱਟਣ ਲਗੀ। ਸਹੀ ਆਗੂ ਇਸ ਨੂੰ ਆਪਣੇ ਵਿੱਚੋਂ ਨਾ ਮਿਲ ਪਾਏ। ਨਤੀਜਾ, ਇਸ ਦੇ ਵਾਰਸਾਂ ਨੇ ਆਪਣੇ ਸਿੱਖ ਹੋਣ ਦਾ ਮਾਣ ਅਤੇ ਪੰਜਾਬ ਦੇ ਵਾਰਸ ਵਾਲਾ ਗੌਰਵ, ਆਪਣੀ ਜਾਤੀ ਜ਼ਿੰਦਗੀ ਦੀਆਂ ਗਰਜਾਂ, ਕੁਟੰਬ ਦੇ ਮੋਹ ਤੋਂ ਵਾਰ ਦਿੱਤਾ। ਰੋਜ਼ਗਾਰ ਜਾਂ ਮਾਇਆ ਦੀ ਖਾਤਰ, ਵਿਦੇਸ਼ਾਂ ਦੀ ਧਰਤੀ ’ਤੇ ਜਾਣ ਦਾ ਜਨੂਨ ਦਿਲ ਦਿਮਾਗ ਉੱਤੇ ਭਾਰੂ ਹੋ ਗਿਆ। ਸਿੱਖ ਕੌਮ ਦੇ ਕੋਲ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖ ਤੋਂ ਗੁਰੂ ਸੋਚ ਦੇ ਧਾਰਨੀ ਆਗੂਆਂ ਦੀ ਥੁੜ ਕਰ ਕੇ ਇਸ ਦੇ ਅੰਦਰ ਪੰਜਾਬ ਦੇ ਵਾਰਸ ਹੋਣ ਅਤੇ ਭਵਿੱਖ ਦੇ ਰਾਖੇ ਹੋਣ ਦਾ ਮਾਣ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਭਰਨ ਦਾ ਸਿਲਸਿਲਾ ਆਏ ਦਿਨ ਮਰਦਾ ਹੀ ਮਰਦਾ ਜਾ ਰਿਹਾ ਹੈ।

ਅੱਜ ਦੀ ਤਰੀਕ ਵਿੱਚ ਜੇਕਰ ਪੂਰੇ ਪੰਜਾਬ ਅੰਦਰ ਘੁੰਮ ਕੇ ਸਰਵੇਖਣ ਕੀਤਾ ਜਾਵੇ ਤਾਂ ਬਹੁ ਗਿਣਤੀ ਸਿੱਖ ਘਰਾਣਿਆਂ ਦੀ ਪੰਜਾਬ ਦੇ ਮਾਹੌਲ ਨੂੰ ਨਫ਼ਰਤ ਕਰਦੀ ਪਾਈ ਜਾਵੇਗੀ। ਪੰਜਾਬ ਤੋਂ ਬਾਹਰ ਜਾਣ ਲਈ ਤਮੰਨਾ ਰੱਖਦੀ ਜਾਂ ਬਾਹਰ ਜਾਣ ਦੇ ਕੰਮੇ ਲਗੀ ਮਿਲੇਗੀ। ਐਸਾ ਹੋ ਜਾਣ ਦੇ ਕਾਰਨ ਨੂੰ ਉਪਰ (ਪਿਛਲੇ) ਇਸ਼ਾਰੇ ਮਾਤਰ ਵਰਣਨ ਕੀਤਾ ਹੈ। ਥੋੜ੍ਹਾ ਗਹੁ ਨਾਲ ਸੋਚੀਏ ਕਿ ਕੀ ਬਹੁਤ ਸਿੱਖਾਂ ਦਾ ਪੰਜਾਬ ਨੂੰ ਛੱਡ ਕੇ ਚਲੇ ਜਾਣ ਦਾ ਵੀਚਾਰ ਸਿੱਖ ਕੌਮ ਦੇ ਭਵਿੱਖ ਲਈ ਠੀਕ ਹੈ ਜਾਂ ਗਲਤ ? ਕੀ ਪੰਜਾਬ ਨੂੰ ਛੱਡ ਕੇ ਚਲੇ ਜਾਣ ਉਪਰੰਤ ਵਿਸ਼ਵ ਦੀ ਧਰਤੀ ਦੀ ਕਿਸੇ ਨੁਕਰੇ ਸਾਡਾ ਭਵਿੱਖ ਸਦੀਵੀ ਅਜ਼ਾਦ ਹੋਂਦ ਵਾਲਾ ਟਿਕਾਣਾ ਬਣ ਸਕੇਗਾ ? ਇਕ ਗੱਲ ਤੇ ਬੜੀ ਹੀ ਸਪਸ਼ਟ ਹੈ ਕਿ 1947 ਤੋਂ ਭਾਰਤੀ ਪੰਜਾਬ ਦੀ ਵਾਰਸ ਸਿੱਖ ਕੌਮ ਪੰਜਾਬ ਉੱਤੇ ਆਪਣੇ ਹੱਕਾਂ ਲਈ ਲਗਾਤਾਰ ਆਪਣਾ ਫਰਜ਼ ਨਿਭਾਉਣ ਦਾ ਯਤਨ ਕਰਦੀ ਆ ਰਹੀ ਹੈ। ਭਾਰਤੀ ਹਾਕਮਾਂ ਨੇ ਜਿਵੇਂ ਸਹੁੰ ਖਾਧੀ ਹੁੰਦੀ ਹੈ ਕਿ ਅਸੀਂ ਇਸ ਅਣਖ ਤੇ ਸਵੈਮਾਣ ਦੀ ਵਾਰਸ ਕੌਮ ਨੂੰ ਹਰ ਪੱਖੋਂ ਜ਼ਲੀਲ ਕਰ ਕੇ ਕੱਖੋਂ ਹੌਲ਼ਾ ਕਰ ਦੇਣਾ ਹੈ। ਇਸੇ ਹੀ ਦਾਅ ਨਾਲ ਸਿੱਖ ਕੌਮ ਨੂੰ ਵਾਰ ਵਾਰ ਜ਼ਲੀਲ ਕੀਤਾ ਗਿਆ ਹੈ। ਸਿੱਖ ਬਹੁ-ਗਿਣਤੀ ਨੂੰ ਭਾਵੇਂ ਕਿਸਾਨ ਜਾਂ ਮਜ਼ਦੂਰ ਹੈ, ਰੋਟੀ ਤੋਂ ਆਤਰ (ਵਿਆਕੁਲ) ਕਰ ਦਿੱਤਾ ਗਿਆ। ਕਿਸਾਨੀ ਦਾ ਗਲਾ ਘੁੱਟ ਦਿੱਤਾ। ਪੰਜਾਬ ਦਾ ਵਿਦਿਅਕ ਮਿਆਰ, ਢਿੱਲੜ ਵਿਦਿਅਕ ਸੋਚ ਕਰ ਕੇ ਖਤਮ ਕੀਤਾ ਗਿਆ। ਅਨਪੜ੍ਹਤਾ ਨੂੰ ਪੈਦਾ ਕੀਤਾ ਗਿਆ। ਪੂਰੇ ਭਾਰਤ ਅਤੇ ਵਿਸ਼ਵ ਦੇ ਭਾਈਚਾਰੇ ਸਾਹਮਣੇ ਇਸ ਨੂੰ 1947 ਤੋਂ ਲਗਾਤਾਰ ਬਦਨਾਮ ਕਰਨ ਦੀ ਕਾਰਵਾਈ ਨਿਰੰਤਰ ਚਲਾ ਕੇ ਪੂਰੀ ਤਰ੍ਹਾ ਭੰਡਿਆ ਗਿਆ। 1984 ਦੇ ਕਾਰੇ ਇਸ ਦੀ ਨਸਲਕੁਸ਼ੀ ਦੇ ਪ੍ਰਤੱਖ ਪ੍ਰਮਾਣ ਹਨ। 1984 ਤੋਂ 1992-1994 ਤੱਕ ਪੂਰੇ ਪੰਜਾਬ ਵਿੱਚੋਂ ਸਿੱਖ ਗੱਭਰੂਆ ਦਾ ਇਕ ਪੂਰ ਹੀ ਮੌਤ ਦੇ ਘਾਟ ਉਤਾਰ ਕੇ ਪੰਜਾਬ ਸਿੱਖਾਂ ਤੋਂ ਖਾਲੀ ਕਰਵਾਉਣ ਵਾਲੀ ਤਵਾਰੀਖ ਦਾ ਬਾਨਣੂੰ ਬੰਨਿਆ ਗਿਆ। ਅੱਜ ਪੰਜਾਬ ਦੇ ਅੰਦਰ ਬਹੁ ਗਿਣਤੀ ਸਿੱਖ, ਬਿਲਕੁਲ ਰਹਿਣਾ ਪਸੰਦ ਨਹੀਂ ਕਰਦੇ। 10ਵੀ ਤੇ ਬਾਰਵੀਂ ਤੋਂ ਬਾਅਦ ਸਾਰੇ ਬੱਚੇ ਵਿਦੇਸ਼ ਜਾਣ ਵਾਲੀ ਕਤਾਰ ਵਿੱਚ ਖਲੋਤੇ ਦਿਸ ਰਹੇ ਹਨ। ਅਮੀਰ ਗਰੀਬ ਸਭ ਇੱਕੋ ਸੋਚ ਦੇ ਪਿੱਛ ਲੱਗੇ ਹਨ; ਜਿਵੇਂ ਕਿਵੇਂ ਬਾਹਰ ਚਲੇ ਜਾਣ ਲਈ।

ਕੀ ਆਖੀਏ ਕਿ ਸਿੱਖਾਂ ਨੇ ਪੰਜਾਬ ਖਾਲੀ ਕਰ ਕੇ ਇਸ ਦੇ ਵਾਰਸ ਹੋਣ ਦਾ ਦਾਹਵਾ ਖਤਮ ਕਰਨ ਦਾ ਫ਼ੈਸਲਾ ਕਰ ਲਿਆ ਹੈ ? ਜਾਂ ਭਾਰਤੀ ਹਕੂਮਤ ਦੀ 1947 ਤੋਂ ਪਹਿਲਾਂ ਤੇ ਬਾਅਦ ਵਿੱਚ ਸਿੱਖਾਂ ਪ੍ਰਤੀ ਧਾਰਨ ਕੀਤੀ ਨੀਤੀ ਨੂੰ ਬੂਰ ਪੈ ਰਿਹਾ ਹੈ। ਸਿੱਖ ਪੰਜਾਬ ’ਚੋਂ ਬਾਹਰ ਜਾਣਗੇ ਭਾਰਤ ਵਿਚ ਹਕੂਮਤੀ, ਧੱਕਿਆਂ ਨੂੰ ਵੰਗਾਰਨ ਵਾਲੀ ਇਕ ਧਿਰ ਤੋਂ ਖਹਿੜਾ ਛੁੱਟ ਜਾਵੇਗਾ। ਸਿੱਖ ਕੌਮ ਨੂੰ ਆਪਣੇ ਵਰਤਮਾਨ ਤੇ ਭਵਿੱਖ ਬਾਰੇ ਬੜਾਂ ਗੰਭੀਰ ਚਿੰਤਨ ਕਰ ਕੇ ਪੰਜਾਬ ਦੀ ਵਿਰਾਸਤ ਦੀ ਦਾਹਵੇਦਾਰੀ ਬਰਕਰਾਰ ਰੱਖਣ ਲਈ ਨਵੇਂ ਢੁਕਵੇਂ ਦੂਰ ਰਸੀ ਢੰਗ ਤਲਾਸ਼ ਕਰਨ ਲਈ ਪਹਿਲ ਕਦਮੀ ਕਰਨੀ ਬੜੀ ਜ਼ਰੂਰੀ ਹੈ। ਸਿੱਖ ਕੌਮ ਹੀ ਪੰਜਾਬ ਦੀ ਵਾਰਸ ਸੀ, ਵਾਰਸ ਹੈ ਤੇ ਵਾਰਸ ਰਹੇਗੀ। ਸਿੱਖਾਂ ਨੂੰ ਪੰਜਾਬ ਛੱਡ ਕੇ ਨਹੀਂ ਭੱਜਣਾ ਚਾਹੀਦਾ। ਇਸ ਧਰਤੀ ਦਾ ਕਰਜ਼ਾ ਸਾਡੇ ਸਿਰ ਹੈ। ਇਹ ਗੁਰੂਆਂ ਦਾ ਪੰਜਾਬ ਹੈ ਇਸ ਦੀ ਮਹੱਤਤਾ, ਵਡਿਆਈ ਗੁਰੂ ਕੇ (ਸਿੱਖਾਂ) ਨਾਲ ਹੈ। ਵਿਦੇਸ਼ਾਂ ’ਚੋਂ ਪੜ੍ਹ ਕੇ ਗਿਆਨ ਸਮਝ ਦਾ ਲੰਮਾ ਅਨੁਭਵ ਲੈ ਕੇ ਪੰਜਾਬ ਵਿੱਚ ਵੰਡਣਾ ਹੈ। ਪੰਜਾਬ ਅਤੇ ਮਨੁੱਖੀ ਹੱਕਾਂ ਲਈ ਸੰਘਰਸ਼ ਜਾਰੀ ਰੱਖ ਕੇ ਜਿੱਤਣਾ ਹੀ ਜਿੱਤਣਾ ਹੈ। ਹਾਂ ਅਸੀਂ ਆਪਣੇ ਗੁਰੂ ਜੀ ਦੀ ਬਖ਼ਸ਼ੀ ਹੋਈ ਚੇਤਨ ਲਿਆਕਤ ਨਾਲ ਵਿਸ਼ਵ ਦੇ ਦੂਜੇ ਦੇਸ਼ਾਂ ਵਿੱਚ ਸਿੱਖ ਸੋਚ ਅਤੇ ਵਿਰਾਸਤੀ-ਅਮੀਰੀ ਦੇ ਝੰਡੇ ਉੱਚੇ ਤੋਂ ਉੱਚੇ ਗੱਡ ਕੇ ਵਿਸ਼ਵ ਦੀ ਅਗਾਂਹ-ਵਧੂ ਉਸਾਰੂ ਸੋਚ ਵਾਲੀ ਕੌਮ ਹੋਣ ਦਾ ਮਾਣ ਆਪਣੀ ਕੌਮੀ ਝੋਲੀ ਵਿੱਚ ਪਵਾਉਣ ਲਈ ਕਾਮਯਾਬ ਹੋ ਸਕਦੇ ਹਾਂ।

Most Viewed Posts