ਸਾਹ ਬਿਨਾਂ ਰੂਹ

0
350

ਸਾਹ ਬਿਨਾਂ ਰੂਹ

                     – ਗੁਰਪ੍ਰੀਤ ਸਿੰਘ, ਵਸ਼ਿੰਗਟਨ ਸਟੇਟ

 

ਵਿਆਹ ਦੋ ਸਰੀਰਾਂ ਦੇ ਮੇਲ ਦਾ ਨਾਂ ਨਹੀਂ,

ਨਾ ਹੀ ਦੋ ਮਨਾਂ ਦੇ ਮੇਲ ਦਾ ਹੈ ਕੋਈ ਖੇਲ।

ਇਹ ਤਾਂ ਹੈ ਦੋ ਆਤਮਾਵਾਂ ਦਾ ਇੱਕ ਹੋਣਾ।

ਮੋਮਬੱਤੀ ਦੀ ਤਰ੍ਹਾਂ ਆਪਣਾ ਆਪ ਗਵਾ ਕੇ,

ਇਸ਼ਕ ਦੀ ਲੋਅ ਨੂੰ ਜ਼ਰਾ ਹੋਰ ਰੁਸ਼ਨਾਉਣਾ।

 

ਮਾਰਨ ਔੜ ਵਿੱਚ ਵਿਰਲੇ ਹੀ ਚਿੱਤ ਚੁੱਭੀਆਂ,

ਬਹੁਤੇ ਗੰਢਣ ਤੰਦਾਂ ਬਾਹਰੀ ਦਿੱਖ ਦਿਆਰ ਦੀਆਂ।

ਮੈਨੂੰ ਬਦਲਣ ਦੀ ਚਾਹ ਰੱਖ ਕੇ ਨਾਂਹ ਅਪਨਾਉਣਾ,

ਆਵੇ ਨਦੀ ਦੇ ਰਸਤੇ ‘ਚ ਭਾਵੇਂ ਮਾਰੂਥਲ ਕੋਈ,

ਇੱਕ ਦਿਨ ਅਖੀਰ ਸਮੁੰਦਰੀ ਹੀ ਜਾ ਸਮਾਉਣਾ।

 

ਨਿਯਤਾਂ ਚੰਗੀਆਂ ਨੂੰ ਮਿਲਣ ਨਾ ਮੁਰਾਦਾਂ ਮਿੱਸੀਆਂ।

ਹੋਵੇ ਨਜ਼ਰ ਸਵੱਲੀ ਤਾਂ ਕੰਡੇ ਵੀ ਬਖੇਰਨ ਸੁਗੰਧੀਆਂ।

ਹੇਰ-ਫੇਰ, ਮੇਰ-ਤੇਰ ਦੇ ਡੰਗਿਆਂ, ਸਭ ਢੇਰੀ ਹੋ ਜਾਣਾ।

ਔਗੁਣਾਂ ਦੀ ਗਾਨੀ ਦੇ ਔਖੇ ਨੇ ਤੋੜ ਨੇ ਮਣਕੇ ਸਾਰੇ।

ਛੱਡਿਆ ਨਾ ਜੇ ਕੂੜ, ਤਾਂ ਫਿਰ ਕੀ ਇੱਕ ਧਿਆਉਣਾ !

 

ਢਲਦੇ ਪਰਛਾਂਵੇ, ਸਾਵੋ ਸਾਵੀਂ ਰੂਪ ਉੱਡ ਜਾਣਾ।

ਲੱਭਣੇ ਨਹੀਂ ਨਿੱਤ ਦਸਤਗੀਰੀ ਮੇਲੇ ਮੁੜ ਛੇਤੀ,

ਅੱਜ ਨਹੀਂ ਤੇ ਕੱਲ੍ਹ, ਸੱਜਣਾਂ ਵੀ ਤੁਰ ਜਾਣਾ।

ਸਾਹ ਬਿਨਾਂ ਵੀ ਰਹਿ ਸਕਦੀ ਰੂਹ ਰੂਪੇਣ ਸਦਾ,

ਜੇ ਸੱਚੇ ਨਾਲ ਆ ਜਾਏ “ਪ੍ਰੀਤ” ਦਿਲ ਲਗਾਉਣਾ।