ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ

0
1803

ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ

ਸ. ਕਿਰਪਾਲ ਸਿੰਘ (ਬਠਿੰਡਾ)-98554-80797

ਸੰਨ 2003 ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਰਹੇ ਸਨ ਪਰ ਇਸ ਵਿੱਚ ਵੱਡਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਸੂਰਜੀ ਅਤੇ ਚੰਦ੍ਰਮਾਂ ਦੋ ਪ੍ਰਣਾਲੀਆਂ ’ਤੇ ਅਧਾਰਿਤ ਹੈ। ਆਮ ਚੰਦ੍ਰ ਸਾਲ 354/355 ਦਿਨਾਂ ਦਾ ਅਤੇ ਹਰ ਦੂਜਾ ਜਾਂ ਤੀਜਾ ਸਾਲ 384/385 ਦਿਨਾਂ ਦਾ ਹੋ ਜਾਂਦਾ ਹੈ ਜਦੋਂ ਕਿ ਸੂਰਜੀ ਸਾਲ ਜਿਸ ਅਨੁਸਾਰ ਰੁੱਤਾਂ ਬਦਲਦੀਆਂ ਹਨ, ਉਹ 365/366 ਦਿਨਾਂ ਦਾ ਹੁੰਦਾ ਹੈ। ਇਸ ਲਈ ਆਮ ਚੰਦਰ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੋਣ ਕਰ ਕੇ ਚੰਦਰ ਸਾਲ ਅਨੁਸਾਰ ਮਨਾਏ ਜਾਂਦੇ ਗੁਰਪੁਰਬ ਇਸ ਸਾਲ ਨਾਲੋਂ ਅਗਲੇ ਸਾਲ 11 ਦਿਨ ਪਹਿਲਾਂ ਆਉਣਗੇ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ। ਤੀਜੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ ਪਰ ਇਸ ਵਾਰ ਇੱਕ ਵਾਧੂ ਮਹੀਨਾ ਜੋੜਨ ਨਾਲ ਸਾਲ ਦੇ 12 ਦੀ ਬਜਾਏ 13 ਚੰਦਰ ਮਹੀਨੇ ਬਣ ਜਾਂਦੇ ਹਨ। 19 ਸਾਲਾਂ ਵਿੱਚ 7 ਸਾਲ ਐਸੇ ਹੁੰਦੇ ਹਨ ਜਦੋਂ ਸਾਲ ਦੇ 13 ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਪਿੱਛੋਂ ਆੳਣ ਵਾਲੇ ਸਾਰੇ ਗੁਰਪੁਰਬ 29/30 ਦਿਨ ਪਛੜ ਕੇ ਆਉਣ ਕਾਰਨ ਉਸ ਸਾਲ ਉਹੀ ਗੁਰਪੁਰਬ 11 ਦਿਨ ਪਹਿਲਾਂ ਆਉਣ ਦੀ ਬਜਾਏ 18/19 ਦਿਨ ਪਛੜ ਕੇ ਆਵੇਗਾ। ਇਸ ਹਿਸਾਬ ਕੋਈ ਵੀ ਗੁਰਪੁਰਬ ਕਦੀ ਵੀ ਨਿਸ਼ਚਿਤ ਤਰੀਖਾਂ ਨੂੰ ਨਹੀਂ ਆ ਸਕਦਾ।

ਇਹ ਵੇਖਣ ਲਈ ਕਿ ਬਿਕ੍ਰਮੀ ਕੈਲੰਡਰ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਵਿੱਚੋਂ ਸਿੱਖਾਂ ਲਈ ਕਿਹੜਾ ਕੈਲੰਡਰ ਵੱਧ ਢੁੱਕਵਾਂ ਹੈ ਆਓ, ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਬਿਕ੍ਰਮੀ ਕੈਲੰਡਰ ਅਨੁਸਾਰ ਜਾਰੀ ਕੀਤੇ ਗਏ ਪਿਛਲੇ ਪੰਜ ਕੁ ਸਾਲਾਂ ਦੇ ਕੈਲੰਡਰਾਂ ’ਤੇ ਪੰਛੀ ਝਾਤ ਮਾਰੀਏ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਨੂੰ ਮਨਾਏ ਜਾਣ ਕਰ ਕੇ 2014 ’ਚ 7 ਜਨਵਰੀ/ 24 ਪੋਹ ਨੂੰ ਆਇਆ ਸੀ ਅਤੇ ਦੁਬਾਰਾ 28 ਦਸੰਬਰ/ 13 ਪੋਹ ਨੂੰ ਫਿਰ ਆ ਗਿਆ ਸੀ, 2015 ਵਿੱਚ ਆਇਆ ਹੀ ਨਹੀਂ, 2016 ਵਿੱਚ 16 ਜਨਵਰੀ/ 3 ਮਾਘ, 2017 ਵਿੱਚ 5 ਜਨਵਰੀ/ 22 ਪੋਹ ਨੂੰ ਆਇਆ ਸੀ ਅਤੇ ਦੁਬਾਰਾ ਫਿਰ 25 ਦਸੰਬਰ/ 11 ਪੋਹ ਨੂੰ ਆ ਰਿਹਾ ਹੈ। 2018 ਵਿੱਚ ਇੱਕ ਫਾਲਤੂ ਮਹੀਨਾ ਜੁੜਨ ਸਦਕਾ 11 ਦਿਨ ਪਹਿਲਾਂ ਆਉਣ ਦੀ ਬਜਾਏ 19 ਦਿਨ ਬਾਅਦ ਵਿੱਚ ਆਵੇਗਾ, ਜੋ ਕਿ ਸੰਨ 2019 ਹੋਵੇਗਾ ਤੇ 2018 ਵਿੱਚ ਆਵੇਗਾ ਹੀ ਨਹੀਂ ਅਤੇ 2019 ’ਚ 13 ਜਨਵਰੀ/ 1 ਮਾਘ ਨੂੰ ਆਵੇਗਾ। ਇਸ ਵੇਰਵੇ ਤੋਂ ਪਤਾ ਲੱਗਦਾ ਹੈ ਕਿ ਕਿਤਨੀ ਅਜੀਬ ਸਥਿਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਅੰਗਰੇਜ਼ੀ ਮਹੀਨੇ ਦਸੰਬਰ ਅਤੇ ਕਦੀ ਜਨਵਰੀ ਵਿੱਚ/ ਦੇਸੀ ਮਹੀਨਿਆਂ ਮੁਤਾਬਕ ਕਦੀ ਪੋਹ ਵਿੱਚ ਅਤੇ ਕਦੀ ਮਾਘ ਵਿੱਚ ਆ ਜਾਂਦਾ ਹੈ। 2014 ਤੋਂ 2019 ਤੱਕ ਭਾਵ 6 ਸਾਲਾਂ ਵਿੱਚੋਂ ਦੋ ਸਾਲਾਂ ਵਿੱਚ ਦੋ-ਦੋ ਵਾਰ, ਦੋ ਸਾਲਾਂ ਵਿੱਚ ਇੱਕ ਵਾਰ ਅਤੇ ਦੋ ਸਾਲਾਂ ਵਿੱਚ ਆਇਆ ਹੀ ਨਹੀਂ। ਵਿਗਾੜੇ ਗਏ ਕੈਲੰਡਰ ਜਿਸ ਨੂੰ ਸ਼੍ਰੋਮਣੀ ਕਮੇਟੀ, ਜਥੇਦਾਰ ਅਤੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧੀ ਧਿਰ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਦੱਸ ਰਹੀ ਹੈ, ਨੇ ਸਾਡੀ ਸਥਿਤੀ ਦੁਨੀਆਂ ਵਿੱਚ ਕਿਤਨੀ ਹਾਸੋਹੀਣੀ ਬਣਾ ਛੱਡੀ ਹੈ ਕਿ ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਨੂੰ ਹੋਇਆ ਸੀ। ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਆਉਣ ਪਿੱਛੋਂ ਉਨ੍ਹਾਂ ਨੇ ਇਨ੍ਹਾਂ ਦੇਸੀ ਤਰੀਕਾਂ ਨੂੰ ਜੂਲੀਅਨ ਕੈਲੰਡਰ ਦੀਆਂ ਤਰੀਕਾਂ ਵਿੱਚ ਬਦਲ ਕੇ ਇਤਿਹਾਸ ਲਿਖਵਾਇਆ ਤਾਂ 22 ਦਸੰਬਰ ਸੰਨ 1666 ਈ: ਲਿਖਿਆ ਗਿਆ। ਸ਼੍ਰੋਮਣੀ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਦੇ ਸਾਰੇ ਵਿਰੋਧੀ ਇਨ੍ਹਾਂ ਤਰੀਕਾਂ ਨਾਲ ਸਹਿਮਤ ਹਨ ਅਤੇ ਸਮੁੱਚੇ ਪੰਥ ਵਿੱਚ ਇਸ ਸਬੰਧੀ ਕੋਈ ਵੀ ਮੱਤਭੇਦ ਨਹੀਂ ਹੈ ਪਰ (ਕੁ) ਸੋਧੇ ਕੈਲੰਡਰ ਵਿੱਚ 2014 ਤੋਂ 2017 ਤੱਕ ਦੇ 4 ਸਾਲਾਂ ਦੇ ਕੈਲੰਡਰ ਵੇਖਣ ਤੋਂ ਪਤਾ ਲਗਦਾ ਹੈ ਕਿ ਪ੍ਰਕਾਸ਼ ਦਿਹਾੜੇ ਦੀ ਤਰੀਕ ਕਰਮਵਾਰ 24 ਪੋਹ, 13 ਪੋਹ, 3 ਮਾਘ, 22 ਪੋਹ ਅਤੇ 11 ਪੋਹ ਲਿਖਿਆ ਹੋਇਆ ਹੈ ਭਾਵ ਪੰਜ ਸਾਲਾਂ ਵਿੱਚ ਕਿਸੇ ਵੀ ਕੈਲੰਡਰ ਦੀ ਤਰੀਕ ਸਰਬ ਪ੍ਰਵਾਣਿਤ ਇਤਿਹਾਸ ਵਿੱਚ ਦਰਜ ਤਰੀਕ ਨਾਲ ਨਹੀਂ ਮਿਲਦੀ। ਪੁੱਛਣ ’ਤੇ ਜਵਾਬ ਮਿਲਦਾ ਹੈ ਕਿ ਇਨ੍ਹਾਂ ਤਰੀਕਾਂ ਨੂੰ ਪੋਹ ਸੁਦੀ 7 ਆਉਂਦੀ ਹੈ, ਇਸ ਕਾਰਨ ਇਹ ਲਿਖੀ ਹੈ। ਕਿੰਨੀ ਅਜੀਬ ਗੱਲ ਹੈ ਕਿ ਜਿਹੜੀਆਂ ਤਿਥਾਂ ਮੁਤਾਬਕ ਗੁਰਪੁਰਬ ਨਿਸ਼ਚਿਤ ਕੀਤੇ ਜਾਂਦੇ ਹਨ ਉਹ ਤਿਥਾਂ ਕੈਲੰਡਰ ਵਿੱਚ ਦਰਜ ਨਹੀਂ ਹਨ ਅਤੇ ਜਿਹੜੀਆਂ ਤਰੀਕਾਂ ਦੇ ਗੁਰਪੁਰਬ ਲਿਖੇ ਹੋਏ ਹਨ ਉਨ੍ਹਾਂ ਵਿੱਚੋਂ ਕਿਸੇ ਵੀ ਸਾਲ, ਨਾ ਹੀ ਈਸਵੀ ਕੈਲੰਡਰ ਅਤੇ ਨਾ ਹੀ ਬਿਕ੍ਰਮੀ ਕੈਲੰਡਰ ਦੀ ਇੱਕ ਵੀ ਤਰੀਕ ਇਤਿਹਾਸ ਵਿੱਚ ਦਰਜ ਨਹੀਂ ਮਿਲਦੀ ਤੇ ਹਰ ਸਾਲ ਬਦਲ ਵੀ ਜਾਂਦੀ ਹੈ। ਹੁਣ ਅਸੀਂ ਆਪਣੇ ਬੱਚਿਆਂ ਅਤੇ ਦੁਨੀਆਂ ਦੇ ਲੋਕਾਂ ਨੂੰ ਕੀ ਦੱਸੀਏ ਕਿ ਸਾਡੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਕਿਸ ਤਰੀਕ ਦਾ ਹੈ। ਗੁਰੂ ਗੋਬਿੰਦ ਸਿੰਘ ਜੇ ਦੇ ਗੁਰਪੁਰਬ ਦੀ ਕੇਵਲ ਉਦਾਹਰਨ ਦਿੱਤੀ ਹੈ, ਬਾਕੀ ਦੇ ਸਾਰੇ ਗੁਰਪੁਰਬਾਂ ਦਾ ਵੀ ਇਹੀ ਹਾਲ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਕੱਤਕ ਵਿੱਚ ਆਉਂਦਾ ਹੈ ਤੇ ਕਦੀ ਮੱਘਰ ਵਿੱਚ। ਬੰਦੀ ਛੋੜ ਦਿਵਸ ਕਦੀ ਅਕਤੂਬਰ ਵਿੱਚ ਅਤੇ ਕਦੀ ਨਵੰਬਰ ਮਹੀਨੇ ਵਿੱਚ ਆਉਂਦਾ ਹੈ। ਗਾਂਧੀ ਦਾ ਜਨਮ ਦਿਨ 2 ਅਕਤੂਬਰ ਅਤੇ ਨਹਿਰੂ ਦਾ ਜਨਮ ਦਿਨ 14 ਨਵੰਬਰ ਤਾਂ ਸਾਡੇ ਬੱਚੇ ਬੱਚੇ ਨੂੰ ਯਾਦ ਹੈ ਪਰ ਆਪਣੇ ਗੁਰੂ ਸਾਹਿਬਾਨਾਂ ਦੇ ਦਿਨ ਬੱਚਿਆਂ ਨੂੰ ਤਾਂ ਕੀ; ਕਿਸੇ ਵਿਦਵਾਨ, ਇੱਥੋਂ ਤੱਕ ਕਿ ਬਿਕ੍ਰਮੀ ਕੈਲੰਡਰ ਦੇ ਸਮਰਥਕਾਂ ਨੂੰ ਵੀ ਯਾਦ ਨਹੀਂ ਰਹਿ ਸਕਦੇ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਹਰ ਸਾਲ ਵਿੱਚ ਕੇਵਲ ਇੱਕ ਵਾਰ ਮਨਾਉਂਦੇ ਹਾਂ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਮੇਂ ਕਿਉਂ ਕਦੀ ਸਾਲ ਵਿੱਚ ਦੋ ਵਾਰ ਅਤੇ ਕਦੀ ਮਨਾਇਆ ਹੀ ਨਹੀਂ ਜਾਂਦਾ ? ਇਸ ਦੇ ਜਵਾਬ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਵਾਲੇ ਕਹਿੰਦੇ ਹਨ ਕਿ ਈਸਵੀ ਕੈਲੰਡਰ ਨਾਲ ਸਾਡਾ ਕੀ ਸਬੰਧ ਹੈ ਬਿਕ੍ਰਮੀ ਕੈਲੰਡਰ ਵਿੱਚ ਇਹ ਹਰ ਸਾਲ ਇੱਕ ਵਾਰ ਹੀ ਆਉਂਦਾ ਹੈ। ਇਹ ਵੀਰ ਕਿੰਨੇ ਭੋਲ਼ੇ ਹਨ ਜਾਂ ਆਪਣੇ ਆਪ ਨੂੰ ਬਹੁਤ ਹੀ ਚਤੁਰ ਚਲਾਕ ਸਮਝਦੇ ਹੋਏ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਤੋਂ ਪੁੱਛਣਾ ਬਣਦਾ ਹੈ ਕਿ ਇਨ੍ਹਾਂ ਦਾ ਬਿਕ੍ਰਮੀ ਕੈਲੰਡਰ 354 ਦਿਨਾਂ ਹੈ ਜਾਂ 385 ਦਿਨਾਂ ਦਾ ? ਕਿਉਂਕਿ ਕਦੀ ਗੁਰਪੁਰਬ 354/355 ਪਿੱਛੋਂ ਆਉਂਦਾ ਹੈ ਅਤੇ ਕਦੀ 384/385 ਦਿਨਾਂ ਪਿੱਛੋਂ। ਹੋਰ ਦੱਸਣ ਕਿ ਇਨ੍ਹਾ ਦਾ ਸਾਲ ਕਿਹੜੀ ਤਰੀਕ ਨੂੰ ਸ਼ੁਰੂ ਹੋ ਕੇ ਕਿਹੜੀ ਤਰੀਕ ਨੂੰ ਖ਼ਤਮ ਹੁੰਦਾ ਹੈ ? ਜੇ ਇਹ ਮੰਨਦੇ ਹਨ ਕਿ 1 ਚੇਤ ਤੋਂ ਸ਼ੁਰੂ ਹੋ ਕੇ 30 ਫੱਗਣ ਨੂੰ ਸਮਾਪਤ ਹੁੰਦਾ ਹੈ ਤਾਂ ਹੋਲਾ ਮਹੱਲਾ ਕਿਸੇ ਸਾਲ ਫੱਗਣ ਮਹੀਨੇ ਵਿੱਚ ਅਤੇ ਕਿਸੇ ਸਾਲ ਚੇਤ ਵਿੱਚ ਆਏਗਾ। ਕਿਸੇ ਸਾਲ, ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ; ਜਿਵੇਂ ਕਿ ਨਾਨਕਸ਼ਾਹੀ ਸੰਮਤ 547 (2015-16) ਵਿੱਚ ਆਇਆ ਹੀ ਨਹੀਂ ਅਤੇ ਨਾਨਕਸ਼ਾਹੀ ਸੰਮਤ 548 (2016-17) ਵਿੱਚ ਦੋ ਵਾਰ ਪਹਿਲਾਂ 11 ਚੇਤ/ 24 ਮਾਰਚ ਸੰਨ 2016 ਵਿੱਚ ਅਤੇ ਦੂਜੀ ਵਾਰ 30 ਫੱਗਣ/ 13 ਮਾਰਚ ਸੰਨ 2017 ਨੂੰ ਕਿਵੇਂ ਆ ਗਿਆ ?

ਦੂਸਰਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਧਾਰਿਮਕ ਅਤੇ ਸ਼ੁਭ ਦਿਹਾੜੇ ਚੰਦ੍ਰਮਾਂ ਸਾਲ ਅਤੇ ਇਤਿਹਾਸਕ ਦਿਹਾੜੇ ਸੂਰਜੀ ਸਾਲ ਮੁਤਾਬਕ ਨਿਸ਼ਚਿਤ ਕੀਤੇ ਜਾਂਦੇ ਹਨ; ਭਾਵ ਦੋ ਬੇੜੀਆਂ ਵਿੱਚ ਪੈਰ ਰੱਖੇ ਹੋਏ ਹਨ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਪੋਹ ਸੁਦੀ 7; ਵੱਡੇ ਸਾਹਬਿਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੂਰਜੀ ਤਰੀਖਾਂ ਅਨੁਸਾਰ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਅਤੇ ਕਦੀ ਬਾਅਦ ਵਿੱਚ ਆਉਂਦਾ ਹੈ ਪਰ ਸੰਨ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰ ਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ। 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰ ਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ। ਗੁਰੂ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਣ ਵੇਲੇ ਕੁਦਰਤੀ ਤੌਰ ’ਤੇ ਹਰ ਸਿੱਖ ਦੇ ਮਨ ਵਿੱਚ ਭਾਵਨਾ ਅਤੇ ਸਮਾਗਮ ਦਾ ਮਹੌਲ ਵੱਖ ਵੱਖ ਤਰ੍ਹਾਂ ਦਾ ਬਣਿਆ ਹੋਣ ਕਰ ਕੇ ਸਿੱਖ ਦੁਬਿਧਾ ਵਿੱਚ ਰਹਿੰਦੇ ਹਨ ਕਿ ਇਹ ਦੋਵੇਂ ਦਿਹਾੜੇ ਇੱਕੋ ਦਿਨ ਕਿਸ ਮਹੌਲ ਵਿੱਚ ਮਨਾਏ ਜਾਣ ? ਇਸ ਗਲਤੀ ਦਾ ਅਹਿਸਾਸ ਕਰਾਉਣ ਲਈ ਹੀ 27 ਦਸੰਬਰ 2014 ਨੂੰ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਤਖ਼ਤ ਦਮਦਮਾ ਸਹਿਬ ਵਿਖੇ ਨਗਰ ਕੀਰਤਨ ਕੱਢਿਆ ਗਿਆ ਸੀ ਤਾਂ ਉਥੋਂ ਦੇ ਮੁਕਾਮੀ ਜਥੇਦਾਰ ਗਿਆਨੀ ਨੰਦਗੜ੍ਹ ਸ਼ਾਮਲ ਨਹੀਂ ਹੋਏ ਸਨ ਤਾਂ ਸੱਤਾ ਦੇ ਨਸ਼ੇ ਵਿੱਚ ਆਏ ਸਿਆਸਤਦਾਨਾਂ ਨੇ ਜਥੇਦਾਰ ਦੇ ਇਸ ਸਹੀ ਇਤਰਾਜ਼ ’ਤੇ ਗੰਭੀਰਤਾ ਨਾਲ ਸੋਚ ਵੀਚਾਰ ਕਰ ਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਦੀ ਥਾਂ ਉਨ੍ਹਾਂ ਨੂੰ ਜਥੇਦਾਰੀ ਦੇ ਅਹੁੱਦੇ ਤੋਂ ਹੀ ਹਟਾ ਦਿੱਤਾ। ਇਸ ਘਟੀਆ ਕਾਰਵਾਈ ਰਾਹੀਂ ਸੱਤਾ ਦੇ ਨਸ਼ੇ ਵਿੱਚ ਮੱਤੇ ਸਿਆਸੀ ਨੇਤਾਵਾਂ ਨੇ ਕੌਮ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਜ਼ਮੀਰ ਦੀ ਅਵਾਜ਼ ਉਠਾਉਣ ਵਾਲੇ ਆਮ ਸਿੱਖ ਤਾਂ ਕੀ; ਆਪਣੇ ਹੀ ਵੱਲੋਂ ਸਰਬਉਚ ਕਹਿ ਕੇ ਵਰਤੇ ਜਾਂਦੇ ਜਥੇਦਾਰਾਂ ਨੂੰ ਵੀ ਕਿਸ ਤਰ੍ਹਾਂ ਬੇਇੱਜ਼ਤ ਕਰ ਸਕਦੇ ਹਨ !

ਇਸ ਸਾਲ 2017 ਵਿੱਚ ਫਿਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਗੁਰੂ ਗੋਗਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 11 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਦਰਸਾਇਆ ਗਿਆ ਹੈ। ਸਿੱਖ ਸੰਗਤਾਂ ਦੀ ਮੰਗ ’ਤੇ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 11 ਪੋਹ/ 25 ਦਸੰਬਰ ਦੀ ਬਜਾਏ 23 ਪੋਹ/ 5 ਜਨਵਰੀ ਨੂੰ ਮਨਾਉਣ ਲਈ ਸਿੱਖ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਜਾਵੇ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰ ਕੇ ਪ੍ਰਕਾਸ਼ ਦਿਹਾੜੇ ਦੀ ਤਰੀਕ ਬਦਲਣ ਦੀ ਕੀਤੀ ਅਪੀਲ ਅਤੇ ਜਥੇਦਾਰਾਂ ਦੇ ਬਿਆਨ ਅਖ਼ਬਾਰਾਂ ਵਿੱਚ ਆਉਂਦੇ ਰਹੇ ਸਨ ਇਸ ਤੋਂ ਜਾਪਦਾ ਸੀ ਕਿ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਹੁਣ ਸੁਧਾਰ ਵੱਲ ਕਦਮ ਪੁੱਟਣਾ ਸ਼ੁਰੂ ਹੋ ਗਿਆ ਹੈ ਪਰ ਜਿਸ ਤਰ੍ਹਾਂ 13 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੰਜਾਂ ਦੀ ਹੋਈ ਮੀਟਿੰਗ ਵਿੱਚ ਫੈਸਲਾ 11 ਪੋਹ/ 25 ਦਸੰਬਰ ਦੇ ਹੱਕ ਵਿੱਚ ਹੀ ਹੋਇਆ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਿੱਖਾਂ ਦੇ ਕੌਮੀ ਦਿਹਾੜੇ ਨਿਸ਼ਚਿਤ ਕਰਨੇ ਸਾਡੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਦੇ ਹੱਥ ਵਿੱਚ ਵੀ ਨਹੀਂ ਹਨ ਫੈਸਲੇ ਕਿਤੋਂ ਹੋਰ ਹੀ ਹੁੰਦੇ ਹਨ ਤੇ ਕੇਵਲ ਐਲਾਨ ਹੀ ਤਖ਼ਤ ਸਾਹਿਬ ਤੋਂ ਕਰਵਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਵੀ ਇਨ੍ਹਾਂ ਨੇ ਮਿੱਟੀ ਵਿੱਚ ਰੋਲ ਦਿੱਤਾ ਹੈ। ਇਸ ਸਬੰਧੀ ਲਿਖਣ ਦੀ ਲੋੜ ਨਹੀਂ, ਸਭ ਨੂੰ ਪਤਾ ਹੀ ਹੈ ਕਿ ਫੈਸਲੇ ਅਸਲ ਵਿੱਚ ਹੁੰਦੇ ਕਿੱਥੋਂ ਹਨ (ਸਿਰਸੇ ਵਾਲੇ ਬਲਾਤਕਾਰੀ ਸਾਧ ਨੂੰ ਬਿਨਾਂ ਮੁਆਫੀ ਮੰਗੇ, ਮੁਆਫ ਕਰਨ ਦੀ ਘਟਨਾ ਅਤੇ ਬਾਅਦ ਵਿੱਚ ਇੱਕ ਜਥੇਦਾਰ ਵੱਲੋਂ ਇਸ ਦਾ ਖੁਲਾਸਾ ਕਰਨ ਪਿੱਛੋਂ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ।)

ਬਿਕ੍ਰਮੀ ਕੈਲੰਡਰ ਵਿੱਚ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਇਕੱਠੇ ਆਉਣ ਦੀ ਪਹਿਲਾਂ ਵੀ ਐਸੀ ਸਮੱਸਿਆ ਕਈ ਵਾਰ ਆ ਚੁੱਕੀ ਹੈ ਅਤੇ ਅੱਗੋਂ ਵੀ ਆਉਂਦੀ ਰਹੇਗੀ ਜਿਹੜੀ ਕਿ ਕੇਵਲ ਨਾਨਕਸ਼ਾਹੀ ਕੈਲੰਡਰ ਰਾਹੀਂ ਹੀ ਹੱਲ ਹੋ ਸਕਦੀ ਹੈ।

ਇਸੇ ਤਰ੍ਹਾਂ ਦੀ ਦੂਸਰੀ ਵੱਡੀ ਘਟਨਾ 1984 ਈ: ਵਿੱਚ ਵਾਪਰੀ ਜਦੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 3 ਜੂਨ ਨੂੰ ਸੀ। 3 ਜੂਨ ਨੂੰ ਹੀ ਭਾਰਤ ਸਰਕਾਰ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰ ਕੇ 4 ਜੂਨ ਨੂੰ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ 6 ਜੂਨ ਦੀ ਸਵੇਰ ਤੱਕ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਜਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਰਨਲ ਸੁਬੇਗ ਸਿੰਘ ਸਮੇਤ ਹਜਾਰਾਂ ਸਿੰਘ ਸ਼ਹੀਦ ਕਰ ਦਿੱਤੇ, ਜਿਨ੍ਹਾਂ ਵਿੱਚ ਵੱਡੀ ਗਿਣਤੀ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਵਿੱਚੋਂ ਬਜ਼ੁਰਗਾਂ, ਬੀਬੀਆਂ ਤੇ ਬੱਚਿਆਂ ਦੀ ਸੀ, ਜੋ ਫੌਜ ਦੇ ਘੇਰੇ ਕਾਰਨ ਬਾਹਰ ਨਹੀਂ ਨਿੱਕਲ ਸਕੇ। 1984 ਤੋਂ ਬਾਅਦ ਅੱਜ ਤੱਕ ਕਦੀ ਵੀ ਇਹ ਤਰੀਖਾਂ ਇਕੱਠੀਆਂ ਨਹੀਂ ਆਈਆਂ ਜਿਸ ਕਾਰਨ ਸਾਡੇ ਲਈ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਸਿੱਖਾਂ ਦਾ ਵੱਧ ਨੁਕਸਾਨ ਕਰਨ ਲਈ ਹੀ ਭਾਰਤ ਸਰਕਾਰ ਨੇ ਹਮਲੇ ਲਈ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤਦ ਚੁਣਿਆ ਜਦੋਂ ਸ਼ਰਧਾਵਾਨ ਸੰਗਤਾਂ ਆਪਣੇ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸਨ।

ਹੁਣ ਸਾਡੇ ਬੱਚੇ ਪੁੱਛਦੇ ਹਨ ਕਿ 1984 ਵਿੱਚ ਇਹ ਦਿਹਾੜੇ ਇੱਕਠੇ ਕਿਵੇਂ ਆ ਗਏ; ਜਦੋਂ ਕਿ ਉਸ ਤੋਂ ਬਾਅਦ ਹੁਣ ਤੱਕ ਤਾਂ ਕਦੀ ਵੀ ਨਹੀਂ ਆਏ ! ਇਸੇ ਮੁਸ਼ਕਲ ਨੂੰ ਹੱਲ ਕਰਨ ਹਿੱਤ ਸਿੱਖ ਜਗਤ ਵਿੱਚ ਇਹ ਲੋੜ ਮਹਿਸੂਸ ਹੋਣ ਲੱਗੀ ਕਿ ਸਿੱਖਾਂ ਦਾ ਕੋਈ ਐਸਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਨਿਸ਼ਚਿਤ ਤਰੀਖਾਂ ਨੂੰ ਹੀ ਆਉਣ ਜਿਨ੍ਹਾਂ ਨੂੰ ਯਾਦ ਰੱਖਣ ਵਿੱਚ ਅਸਾਨੀ ਵੀ ਰਹੇ। ਇਹ ਜ਼ਿੰਮੇਵਾਰੀ ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਨੇ ਲਈ ਅਤੇ ਸ਼੍ਰੋਮਣੀ ਕਮੇਟੀ ਨੇ ਹੋਰ ਵਿਦਵਾਨਾਂ ਦੀ ਕਮੇਟੀ ਸ: ਪੁਰੇਵਾਲ ਦੀ ਸਹਾਇਤਾ ਅਤੇ ਸਜਿਯੋਗ ਕਰਨ ਲਈ ਬਣਾ ਦਿੱਤੀ।

ਸ: ਪੁਰੇਵਾਲ ਨੇ ਆਪਣੀਆਂ ਖੋਜਾਂ ਰਾਹੀਂ ਦੱਸਿਆ ਕਿ ਭਾਰਤ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਡਾ ਹੋਣ ਕਰ ਕੇ ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਗੁਰਬਾਣੀ ਵਿੱਚ ਵਰਣਨ ਕੀਤੇ ਮੌਸਮਾਂ ਤੋਂ ਅਲਹਿਦਾ ਹੋ ਜਾਣਗੇ। ਉਪਰੋਕਤ ਕਾਰਨਾਂ ਕਰ ਕੇ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਰੀਖਾਂ ਤੋਂ ਭਲੀਭਾਂਤ ਸਪਸ਼ਟ ਹੋ ਜਾਂਦਾ ਹੈ ; ਜਿਵੇਂ ਕਿ

ਈਸਵੀ 1699 ਦੀ ਵੈਸਾਖੀ 29 ਮਾਰਚ (ਯੂਲੀਅਨ) ਨੂੰ ਸੀ। 1699 ਵਿੱਚ ਕਿਉਂਕਿ ਅੰਗਰੇਜ਼ੀ ਕੈਲੰਡਰ ਤਾਂ ਲਾਗੂ ਨਹੀਂ ਸੀ ਇਸ ਲਈ ਇਹ ਤਰੀਖ ਸ: ਪਾਲ ਸਿੰਘ ਪੁਰੇਵਾਲ ਦੇ ਗਣਿਤ ਮੁਤਾਬਕ ਕੈਲਕੂਲੇਟ ਕੀਤੀ ਗਈ ਹੈ ਜਦੋਂ ਕਿ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਪੰਜਾਬ ਦਾ ਇਤਿਹਾਸ ਲਿਖਵਾਉਣ ਸਮੇਂ 30 ਮਾਰਚ ਕੈਲਕੂਲੇਟ ਕੀਤੀ ਗਈ ਸੀ ਅਤੇ ਇਸ ਪਿੱਛੋਂ ਬਹੁਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੀ ਨਕਲ ਕਰ ਕੇ 30 ਮਾਰਚ ਹੀ ਲਿਖੀ ਹੈ, ਪਰ ਕੈਲੰਡਰ ਵਿਗਿਆਨ ਦੀ ਹੋਰਨਾਂ ਨਾਲੋਂ ਵੱਧ ਸੂਝ ਰੱਖਣ ਸਦਕਾ ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੈਲਕੂਲੇਟ ਕੀਤੀ ਗਈ ਤਰੀਖ 29 ਮਾਰਚ ਹੀ ਵੱਧ ਮੰਨਣਯੋਗ ਹੈ, ਇਸ ਦਾ ਕਾਰਨ ਇਹ ਹੈ ਕਿ ਵੈਸਾਖ ਦਾ ਪਹਿਲਾ ਪ੍ਰਵਿਸ਼ਟਾ (ਤਾਰੀਖ) ਕਿਸ ਦਿਨ ਹੋਵੇਗਾ, ਇਹ ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਨਿਯਮ ਹਨ। ਪੰਜਾਬ ਵਿੱਚ ਦਿਨ, ਸੂਰਜ ਚੜ੍ਹਨ ਤੋਂ ਅਗਲੇ ਦਿਨ ਸੂਰਜ ਚੜ੍ਹਨ ਤੱਕ ਮੰਨਿਆ ਜਾਂਦਾ ਹੈ। 1 ਵੈਸਾਖ 1756 ਬਿਕ੍ਰਮੀ ਨੂੰ ਭਾਰਤੀ ਸਮੇਂ ਮੁਤਾਬਕ ਸੂਰਜ ਨੇ 29 ਮਾਰਚ 1699 ਈ: ਦਿਨ ਬੁੱਧਵਾਰ ਨੂੰ ਰਾਤ ਦੇ 9 ਵੱਜ ਕੇ 6 ਮਿੰਟ ’ਤੇ ਰਾਸ਼ੀ ਬਦਲੀ ਕੀਤੀ ਸੀ। ਪੰਜਾਬ ਦੇ ਨਿਯਮ ਮੁਤਾਬਕ ਤਾਂ 29 ਮਾਰਚ ਦਿਨ ਬੁੱਧਵਾਰ ਨੂੰ 1 ਵੈਸਾਖ ਸੀ। ਕੰਨੂਪਿਲੇ ਤਮਿਲਨਾਡੂ ਦਾ ਵਸਨੀਕ ਸੀ। ਉਥੋਂ ਦੇ ਨਿਯਮ ਮੁਤਾਬਕ ਜੇ ਸੂਰਜ ਛਿਪਣ ਤੋਂ ਪਿਛੋਂ ਰਾਸ਼ੀ ਬਦਲੀ ਕਰੇ ਤਾਂ ਮਹੀਨੇ ਦਾ ਪਹਿਲਾ ਪ੍ਰਵਿਸ਼ਟਾ ਅਗਲੇ ਦਿਨ ਹੋਵੇਗਾ। ਇਸ ਕਾਰਨ ਤਮਿਲਨਾਡੂ ਵਿੱਚ ਅਗਲੇ ਦਿਨ ਭਾਵ 30 ਮਾਰਚ ਦਿਨ ਵੀਰਵਾਰ ਨੂੰ 1 ਵੈਸਾਖ ਸੀ। ਡਾ: ਗੰਡਾ ਸਿੰਘ ਨੇ ਕੰਨੂਪਿਲੇ ਵਾਲੀ ਜੰਤਰੀ ਵਰਤੀ ਹੈ, ਪਰ ਉਨ੍ਹਾਂ ਨੇ ਜੰਤਰੀ ਦੀ ਭੂਮਿਕਾ ਵਿਚ ਲਿਖੇ ਇਸ ਨੋਟ ਨੂੰ ਨਾ ਪੜ੍ਹਿਆ ਜਾਂ ਸਮਝਿਆ :-

‘ਇਹ ਜੰਤਰੀ ਤਮਿਲਨਾਡੂ ਦੇ ਨਿਯਮ ਅਨੁਸਾਰ ਹੈ’।

325 ਏਡੀ ਵਿੱਚ Nicaea (ਨੀਸੀਆ) ਸ਼ਹਿਰ ਵਿੱਚ ਈਸਾਈ ਪਾਦਰੀਆਂ, ਪਾਸਟਰਾਂ ਅਤੇ ਵਿਦਵਾਨਾਂ ਦੀ ਹੋਈ ਮੀਟਿੰਗ ਵਿੱਚ ਉਹ ਇਸ ਨਤੀਜੇ ’ਤੇ ਪੁੱਜੇ ਕਿ 21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਹਨ। ਇਸ ਪਿੱਛੋਂ ਈਸਾਈ ਜਗਤ 21 ਮਾਰਚ ਨੂੰ ਦਿਨ ਰਾਤ ਬਰਾਬਰ ਮੰਨ ਕੇ ਆਪਣੇ ਧਾਰਮਿਕ ਦਿਹਾੜੇ ਗੁੱਡ ਫਰਾਈਡੇ ਅਤੇ ਈਸਟਰ ਸੰਡੇ ਨਿਸ਼ਚਿਤ ਕਰਦਾ ਰਿਹਾ ਹੈ। ਯੂਲੀਅਨ ਸਾਲ (365.25 ਦਿਨ) ਰੁੱਤੀ ਸਾਲ 365.2422 ਦਿਨ) ਤੋਂ ਥੋੜ੍ਹਾ ਵੱਧ ਹੋਣ ਕਰ ਕੇ 16ਵੀਂ ਸਦੀ ਤੱਕ Equinox (ਦਿਨ ਰਾਤ ਬਰਾਬਰ ਹੋਣ ਦਾ ਦਿਨ) 21 ਮਾਰਚ ਤੋਂ ਖਿਸਕ ਕੇ 11 ਮਾਰਚ ਹੋ ਗਿਆ। ਆਪਣੇ ਧਾਰਮਿਕ ਦਿਹਾੜੇ ਰੁੱਤਾਂ ਨਾਲ ਜੋੜੀ ਰੱਖਣ ਲਈ ਪੋਪ ਗ੍ਰੈਗੋਰੀਅਨ ਨੇ 1582 ਵਿੱਚ ਸੋਧ ਕੀਤੀ ਜਿਸ ਕਾਰਨ ਵਧੇ ਹੋਏ 10 ਦਿਨ, ਖ਼ਤਮ ਕਰ ਕੇ 4 ਅਕਤੂਬਰ ਦਿਨ ਵੀਰਵਾਰ ਤੋਂ ਪਿਛੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ।

ਪਹਿਲਾਂ ਤਾਂ ਪ੍ਰੋਟੈਸਟੈਂਟ ਈਸਾਈ ਜਗਤ ਨੇ ਇਸ ਸੋਧ ਨੂੰ ਨਹੀਂ ਮੰਨਿਆ ਪਰ ਆਖ਼ਿਰ ਅਸਲੀਅਤ ਨੂੰ ਵੇਖਦੇ ਹੋਏ 170 ਸਾਲ ਬਾਅਦ ਉਨ੍ਹਾਂ ਵੱਲੋਂ ਵੀ ਇਹ ਸੋਧ ਸਵੀਕਾਰੀ ਗਈ। ਬ੍ਰਿਟਿਸ਼ ਕੈਲੰਡਰ ਐਕਟ 1751 ਅਨੁਸਾਰ ਇੰਗਲੈਂਡ ਨੇ 2 ਸਤੰਬਰ 1752 ਵਿੱਚ ਕੁੱਲ 11 ਦਿਨਾਂ ਦਾ ਫਰਕ ਕੱਢ ਕੇ ਇਸ ਨੂੰ ਅਪਣਾ ਲਿਆ ਭਾਵ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ 1752 ਐਲਾਨ ਦਿੱਤਾ।

ਭਾਰਤ, ਅੰਗਰੇਜ਼ਾਂ ਦੇ ਅਧੀਨ ਆਉਣ ਕਰ ਕੇ ਭਾਰਤ ਵਿੱਚ ਵੀ ਇਹ ਸੋਧ 1752 ਤੋਂ ਲਾਗੂ ਹੋਈ। ਇਹ ਸੋਧ ਲਾਗੂ ਹੋਣ ਪਿੱਛੋਂ 11 ਦਿਨਾਂ ਦੀ ਸੋਧ ਹੋਣ ਕਾਰਨ ਅਗਲੀਆਂ ਵੈਸਾਖੀਆਂ ਹੇਠ ਲਿਖੀਆਂ ਤਾਰੀਖਾਂ ਨੂੰ ਆਈਆਂ :

ਈ: ਸਾਲ         ਤਰੀਕ ਅਤੇ ਮਹੀਨਾ  

1699           29 ਮਾਰਚ (ਜੂਲੀਅਨ)        

1753             29+11=40-31= 9 ਅਪ੍ਰੈਲ (ਗ੍ਰੈਗੋਰੀਅਨ)

1799              10 ਅਪ੍ਰੈਲ (ਗ੍ਰੈਗੋਰੀਅਨ)       

1899               12 ਅਪ੍ਰੈਲ (ਗ੍ਰੈਗੋਰੀਅਨ)       

1999              14 ਅਪ੍ਰੈਲ (ਗ੍ਰੈਗੋਰੀਅਨ)       

2100                15 ਅਪ੍ਰੈਲ (ਗ੍ਰੈਗੋਰੀਅਨ) ਨੂੰ ਆਏਗੀ

2199                16 ਅਪ੍ਰੈਲ (ਗ੍ਰੈਗੋਰੀਅਨ) ਨੂੰ ਆਏਗੀ

ਉਪਰੋਕਤ ਦ੍ਰਿਸ਼ਟੀ ਤੋਂ ਤਕਰੀਬਨ 1100 ਸਾਲ ਬਾਅਦ ਬਿਕ੍ਰਮੀ ਸਾਲ ਦੇ ਵੈਸਾਖ ਮਹੀਨੇ ਦੀ ਪਹਿਲੀ ਤਾਰੀਖ ਭਾਵ ਵੈਸਾਖੀ, ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 13,000 ਸਾਲ ਬਾਅਦ ਇਹ ਵੈਸਾਖੀ, ਅਕਤੂਬਰ ਦੇ ਅੱਧ ਵਿੱਚ ਆ ਜਾਵੇਗੀ। ਜਿਸ ਸਦਕਾ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਦੇ ਮਹੀਨਿਆਂ ਦੇ ਮੌਸਮਾਂ ਦਾ ਸਬੰਧ ਬਿਲਕੁਲ ਹੀ ਜ਼ਮੀਨੀ ਹਕੀਕਤ ਤੋਂ ਟੁੱਟ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਹਾੜ ਦੇ ਮਹੀਨੇ ਦੇ ਵਿੱਚ ਅੱਗ ਵਾਙ ਤਪ ਰਹੇ ਦਿਨਾਂ ਵਿੱਚ ਗੁਰੂ ਅਰਜੁਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉਪਰ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਪਰ 13000 ਸਾਲ ਬਾਅਦ ਤਾਂ ਹਾੜ ਦੇ ਮਹੀਨੇ ਵਿੱਚ ਪੋਹ ਦੇ ਮਹੀਨੇ ਵਰਗੀ ਕੜਾਕੇ ਦੀ ਠੰਡ ਪੈਂਦੀ ਹੋਵੇਗੀ। ਇਸੇ ਤਰ੍ਹਾਂ ਇਤਿਹਾਸ ਵਿੱਚ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਸੀ, ਪਰ 13000 ਸਾਲ ਬਾਅਦ ਤਾਂ ਪੋਹ ਦੇ ਮਹੀਨੇ ਠੰਡ ਪੈਣ ਦੀ ਬਜਾਏ ਹਾੜ ਦੇ ਮਹੀਨੇ ਵਰਗੀ ਗਰਮੀ ਪੈਂਦੀ ਹੋਵੇਗੀ। ਇਸ ਦੇ ਜਵਾਬ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਇਸ ਦਾ ਬੇਹੂਦਾ ਜਵਾਬ ਦਿੰਦੇ ਹਨ ਕਿ ਪੰਜਾਬ ਵਿੱਚ ਤਾਂ 13000 ਸਾਲ ਬਾਅਦ ਮੌਸਮ ਅੱਜ ਦੇ ਮੌਸਮ ਨਾਲੋਂ ਬਿਲਕੁਲ ਉਲਟ ਹੋਣਗੇ ਪਰ ਆਸਟ੍ਰੇਲੀਆ ਵਿੱਚ ਤਾਂ ਹੁਣ ਹੀ ਮੌਸਮ ਉਲਟ ਹਨ ! ਕੀ ਇਨ੍ਹਾਂ ਵੀਰਾਂ ਨੂੰ ਨਹੀਂ ਪਤਾ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਬਾਰਹ ਮਾਹਾ ਤੁਖਾਰੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਬਾਰਹ ਮਾਹ ਮਾਂਝ ਤੇ ਰਾਮਕਲੀ ਰਾਗ ਵਿੱਚ ਰੁਤੀ ਸਲੋਕ ਉਚਾਰਨ ਕੀਤੇ ਸਨ ਉਹ ਪੰਜਾਬ ਦੇ ਮੌਸਮ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤੇ ਗਏ ਸਨ ਜਾਂ ਆਸਟ੍ਰੇਲੀਆ ਦੇ ਮੌਸਮ ਨੂੰ ? ਇਤਿਹਾਸ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਸਾਹਿਬ ਜੀ ਨੂੰ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ ਪੰਜਾਬ ਦਾ ਮੌਸਮ ਵਰਣਨ ਕੀਤਾ ਗਿਆ ਹੈ ਜਾਂ ਆਸਟ੍ਰੇਲੀਆ ਦਾ ?

ਇਸ ਸਮੱਸਿਆ ਤੋਂ ਬਚਣ ਲਈ ਨਾਨਕਸ਼ਾਹੀ ਕੈਲੰਡਰ ਦਾ ਖਾਕਾ ਤਿਆਰ ਕੀਤਾ ਗਿਆ ਜਿਸ ਵਿੱਚ ਸਿਰਫ ਸੂਰਜੀ ਕੈਲੰਡਰ ਨੂੰ ਅਪਣਾਇਆ ਗਿਆ ਹੈ। ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨਜ਼ਦੀਕ (ਭਾਵ ਸਿਰਫ 26-27 ਕੁ ਸੈਕੰਡ ਦਾ ਫ਼ਰਕ) ਅਤੇ ਦੁਨੀਆਂ ਭਰ ਵਿੱਚ ਪ੍ਰਚਲਿਤ ਸਾਂਝੇ ਸਾਲ ਦੇ ਬਿਲਕੁਲ ਬਰਾਬਰ ਰੱਖੀ ਗਈ ਹੈ। ਇਸ ਕਰ ਕੇ ਮੌਸਮਾਂ ਦੇ ਇੰਨਾ ਨੇੜੇ ਜੁੜਿਆ ਰਹੇਗਾ ਕਿ 3300 ਸਾਲ ਵਿੱਚ ਕੇਵਲ ਇੱਕ ਦਿਨ ਦਾ ਹੀ ਫ਼ਰਕ ਪਏਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸ਼ਚਿਤ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਸਾਲ ਦੇ ਪਹਿਲੇ 5 ਮਹੀਨੇ ਭਾਵ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ। ਉਸ ਤੋਂ ਪਿਛਲੇ 6 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ ਫੱਗਣ ਆਮ ਸਾਲਾਂ ਵਿੱਚ 30 ਦਿਨਾਂ ਦਾ ਪਰ ਲੀਪ ਦੇ ਸਾਲ (ਜਿਸ ਵਿੱਚ ਫਰਵਰੀ ਮਹੀਨਾ 29 ਦਾ ਹੋਵੇਗਾ) ਫੱਗਣ ਮਹੀਨਾ ਵੀ 31 ਦਿਨਾਂ ਦਾ ਹੋ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ ਦਾ ਆਰੰਭ ਨਿਸ਼ਚਿਤ ਤਾਰੀਖਾਂ ਨੂੰ ਹੀ ਹੋਵੇਗਾ, ਜਿਵੇਂ ਕਿ ਇਸ ਚਾਰਟ ਰਾਹੀਂ ਸਪਸ਼ਟ ਹੁੰਦਾ ਹੈ:

ਮਹੀਨਾ ਅਰੰਭ ਹੋਣ ਦੀ ਤਰੀਕ           ਦਿਨਾਂ ਦੀ ਗਿਣਤੀ

               ਚੇਤ 14 ਮਾਰਚ                 31 ਦਿਨ                  

ਵੈਸਾਖ  14 ਅਪ੍ਰੈਲ                   31 ਦਿਨ       

ਜੇਠ  15 ਮਈ                          31 ਦਿਨ       

ਹਾੜ     15 ਜੂਨ                  31 ਦਿਨ

ਸਾਵਣ 16 ਜੁਲਾਈ              31 ਦਿਨ

ਭਾਦੋਂ   16 ਅਗਸਤ          30 ਦਿਨ

ਅੱਸੂ  15 ਸਤੰਬਰ            30 ਦਿਨ

ਕੱਤਕ 15 ਅਕਤੂਬਰ              30 ਦਿਨ       

ਮੱਘਰ   14 ਨਵੰਬਰ            30 ਦਿਨ       

ਪੋਹ      14 ਦਸੰਬਰ                30 ਦਿਨ       

ਮਾਘ     13 ਜਨਵਰੀ           30 ਦਿਨ

ਫੱਗਣ   12 ਫਰਵਰੀ   30 ਦਿਨ; ਲੀਪ ਦੇ ਸਾਲ ਵਿੱਚ 31 ਦਿਨ

ਇਸ ਤਰ੍ਹਾਂ ਜਿੱਥੇ ਇਹ ਕੈਲੰਡਰ ਮੌਸਮੀ ਸਾਲ ਦੇ ਨੇੜੇ ਤੇੜੇ ਰਹੇਗਾ ਉਥੇ ਸਾਂਝੇ ਸਾਲ ਨਾਲ ਹਮੇਸ਼ਾਂ ਲਈ ਜੁੜਿਆ ਰਹੇਗਾ ਜਿਸ ਕਾਰਨ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖਾਂ ਨੂੰ ਆਉਣਗੀਆਂ। ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੇ ਮਹੀਨੇ ਦਾ ਅਰੰਭ ਭਾਵ ਸੰਗਰਾਂਦ ਵਾਲਾ ਦਿਨ, ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਦਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆਂ ਸੰਗਰਾਂਦਾਂ ਵੀ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ; ਜਿਵੇਂ ਕਿ ਪਿਛਲੇ ਕੈਲੰਡਰਾਂ ਨੂੰ ਵੇਖ ਕੇ ਹੇਠਾਂ ਬਣਾਏ ਚਾਰਟ ਤੋਂ ਵੇਖ ਸਕਦੇ ਹਾਂ :-

ਸਾਲ       ਤਾਰੀਖ         ਮਹੀਨਾ

1999     14      ਅਪ੍ਰੈਲ 

2000    12      ਅਪ੍ਰੈਲ 

2001     13      ਅਪ੍ਰੈਲ 

2002    13      ਅਪ੍ਰੈਲ 

2003     14      ਅਪ੍ਰੈਲ 

2004      13      ਅਪ੍ਰੈਲ 

2005      13      ਅਪ੍ਰੈਲ 

2006     14      ਅਪ੍ਰੈਲ 

2007     14      ਅਪ੍ਰੈਲ 

2008     13      ਅਪ੍ਰੈਲ 

2009    13      ਅਪ੍ਰੈਲ 

2010    14      ਅਪ੍ਰੈਲ 

2011     14      ਅਪ੍ਰੈਲ 

2012     13      ਅਪ੍ਰੈਲ 

2013     13      ਅਪ੍ਰੈਲ 

2014     14      ਅਪ੍ਰੈਲ 

2015     14      ਅਪ੍ਰੈਲ 

2016    13      ਅਪ੍ਰੈਲ 

2017    13      ਅਪ੍ਰੈਲ 

ਇਸੇ ਤਰ੍ਹਾਂ ਬਾਕੀ ਮਹੀਨਿਆਂ ਦੀਆਂ ਸੰਗਰਾਂਦਾਂ ਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਵੀ ਬਦਲਦੀ ਰਹਿੰਦੀ ਹੈ, ਜਿਵੇਂ ਕਿ ਚੇਤ ਦਾ ਮਹੀਨਾ 2015 ਵਿੱਚ 31 ਦਿਨਾਂ ਦਾ; 2016 ਅਤੇ 2017 ਵਿੱਚ 30-30 ਦਿਨਾਂ ਦਾ ਸੀ, ਜੇਠ ਦਾ ਮਹੀਨਾ 2015 ਅਤੇ 2016 ਵਿੱਚ 31-31 ਦਿਨਾਂ ਦਾ ਅਤੇ 2017 ਵਿੱਚ 32 ਦਿਨਾਂ ਦਾ ਹੈ।

ਕਾਫੀ ਲੰਬੀ ਸੋਚ ਵੀਚਾਰ ਪਿੱਛੋਂ ਇਸ ਤਿਆਰ ਕੀਤੇ ਗਏ ਖਾਕੇ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ 2003 ਈਸਵੀ ਦੀ ਵੈਸਾਖੀ ਤੋਂ ਲਾਗੂ ਕਰਨ ਦਾ ਮਤਾ ਪਾਸ ਹੋਇਆ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੈਸਾਖੀ ਮੌਕੇ ਸਜੇ ਪੰਡਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਮੁਕਾਮੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਅਕਾਲ ਤਖ਼ਤ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਆਦਿ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹੋਰਨਾਂ ਆਗੂਆਂ ਦੀ ਹਾਜਰੀ ਵਿੱਚ ਜਾਰੀ ਕੀਤਾ, ਜੋ ਕਿ 2010 ਤੱਕ ਲਗਾਤਾਰ 7 ਸਾਲ ਕੁਝ ਸੰਪ੍ਰਦਾਇ ਸੰਸਥਾਵਾਂ ਨੂੰ ਛੱਡ ਕੇ ਸਮੁੱਚੇ ਪੰਥ ਨੇ ਖੁਸ਼ੀ ਖੁਸ਼ੀ ਅਪਣਾਇਆ। ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ ਵੈਸਾਖੀ 1 ਵੈਸਾਖ/ 14 ਅਪ੍ਰੈਲ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ/ 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਂਦੇ ਰਹਿਣਗੇ। ਇਸੇ ਤਰ੍ਹਾਂ ਬਾਕੀ ਦੇ ਸਾਰੇ ਹੀ ਗੁਰ ਪੁਰਬ ਨਿਸ਼ਚਿਤ ਤਾਰੀਖਾਂ ਨੂੰ ਆਉਂਦੇ ਰਹਿਣਗੇ ਜਦ ਕਿ ਬਿਕ੍ਰਮੀ ਕੈਲੰਡਰ ਵਿੱਚ ਇਹ ਤਰੀਖਾਂ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ, ਪਰ ਜਿਹੜੇ ਸੰਪ੍ਰਦਾਈ ਵੀਰ ਕੈਲੰਡਰ ਵਿਗਿਆਨ, ਤਾਰਾ ਵਿਗਿਆਨ ਤੇ ਇਤਿਹਾਸ ਪੱਖ ਤੋਂ ਅਣਜਾਣ ਹਨ ਤੇ ਸਿਰਫ਼ ਸੰਗ੍ਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੇ ਪਵਿੱਤਰ ਦਿਹਾੜੇ ਹੋਣ ਦੇ ਭ੍ਰਮ ਪਾਲ ਰਹੇ ਹਨ ਉਹ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਬਚਨ: ‘‘ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥’’ ਭਾਵ ਸੱਚੇ ਗੁਰਾਂ ਦੇ ਬਾਝੋਂ, ਘੁੱਪ ਅਨ੍ਹੇਰਾ ਹੈ। ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਅਪਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ। ਅਤੇ ‘‘ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥’’ ਭਾਵ ਚਉਦੇਂ ਤੇ ਮੱਸਿਆ (ਆਦਿਕ ਥਿੱਤਾਂ ਬਣਾਵਟੀ ਤੌਰ ’ਤੇ ਸ਼ੁਭ ਅਤੇ ਪਵਿੱਤਰ) ਥਾਪ-ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।, ਦਾ ਪਾਵਨ ਉਪਦੇਸ਼ ਵੀ ਸੁਣਨ ਸਮਝਣ ਨੂੰ ਤਿਆਰ ਨਹੀਂ ਹਨ ਕਿ ਸਿੱਖਾਂ ਦਾ ਸੰਗ੍ਰਾਂਦਾਂ ਨਾਲ ਕੋਈ ਸਬੰਧ ਹੀ ਨਹੀਂ ਹੈ। ਸਿੱਖਾਂ ਦਾ ਸੰਗ੍ਰਾਂਦ ਨਾਲ ਕੋਈ ਸਬੰਧ ਨਾ ਹੋਣ ਕਰ ਕੇ ਹੀ ਸ: ਪੁਰੇਵਾਲ ਨੇ ਇਨ੍ਹਾਂ ਦਾ ਤਿਆਗ ਕਰ ਕੇ ਹਰ ਨਾਨਕਸ਼ਾਹੀ ਮਹੀਨੇ ਦੇ ਅਰੰਭ ਹੋਣ ਦੀਆਂ ਭਾਵ ਪਹਿਲੀਆਂ ਤਾਰੀਖਾਂ ਸਾਂਝੇ ਕੈਲੰਡਰ ਦੇ ਮਹੀਨੇ ਦੀਆਂ ਤਾਰੀਖਾਂ ਨਾਲ ਪੱਕੇ ਤੌਰ ’ਤੇ ਜੋੜ ਦਿੱਤੀਆਂ। ਇਹ ਵੀਰ ਜਾਂ ਤਾਂ ਇਸ ਗੱਲ ਤੋਂ ਅਣਜਾਣ ਹਨ ਜਾਂ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ ਕਿ ਸੂਰਜੀ ਸਿਧਾਂਤ ਵਾਲਾ ਜੋ ਬਿਕ੍ਰਮੀ ਕੈਲੰਡਰ ਗੁਰੂ ਕਾਲ ਸਮੇਂ ਲਾਗੂ ਸੀ ਉਸ ਨੂੰ ਉਤਰੀ ਭਾਰਤ ਦੇ ਵਿਦਾਵਾਨਾਂ ਨੇ 1964 ਵਿੱਚ ਵੀ ਸੋਧ ਕੇ ਦ੍ਰਿਕ ਗਣਿਤ ਅਨੁਸਾਰ ਤਿਆਰ ਕਰ ਲਿਆ ਜਿਸ ਦੇ ਸਾਲ ਦੀ ਲੰਬਾਈ ਸੂਰਜੀ ਸਿਧਾਂਤ ਵਾਲੇ ਕੈਲੰਡਰ ਨਾਲੋਂ ਥੋੜ੍ਹੀ ਘੱਟ ਕਰਨ ਨਾਲ ਜਿੱਥੇ ਪਹਿਲਾਂ ਇਸ ਦਾ ਮੌਸਮੀ ਸਾਲ ਨਾਲੋਂ 24 ਕੁ ਮਿੰਟ ਦਾ ਫ਼ਰਕ ਸੀ ਹੁਣ ਕੇਵਲ 20 ਕੁ ਮਿੰਟ ਦਾ ਰਹਿ ਗਿਆ ਹੈ। ਇਸ ਸੋਧ ਨੂੰ ਦੱਖਣੀ ਭਾਰਤ ਦੇ ਪੰਡਿਤਾਂ ਨੇ ਨਹੀਂ ਮੰਨਿਆਂ ਜਿਸ ਕਾਰਨ ਉਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਛਪੀਆਂ ਵੱਖ ਵੱਖ ਜੰਤਰੀਆਂ ਵੇਖਣ ਤੋਂ ਪਤਾ ਚਲਦਾ ਹੈ ਕਿ 50 ਸਾਲਾਂ ਦੇ ਵਕਫੇ ਦੌਰਾਨ ਦੋਵਾਂ ਕੈਲੰਡਰਾਂ ਦੀਆਂ ਤਕਰੀਬਨ 4 ਕੁ ਸੰਗ੍ਰਾਂਦਾਂ ਦਾ ਆਪਸ ਵਿੱਚ ਇੱਕ ਦਿਨ ਦਾ ਫ਼ਰਕ ਪੈ ਗਿਆ ਹੈ। ਬਿਕ੍ਰਮੀ ਸੰਮਤ 2072 (2015-2016 ਈ:) ਵਿੱਚ ਸਾਵਣ, ਕੱਤਕ ਅਤੇ ਮੱਘਰ ਤਿੰਨ ਮਹੀਨਿਆਂ ਦੀਆਂ ਸੰਗ੍ਰਾਂਦਾਂ ਦਾ ਇੱਕ ਦਿਨ ਦਾ ਫ਼ਰਕ ਹੈ। ਇਸ ਤੋਂ ਪਿਛਲੇ ਸਾਲ ਸੰਮਤ 2071 (2014-2015 ਈ.) ਵਿੱਚ ਚਾਰ ਸੰਗ੍ਰਾਂਦਾਂ ਦਾ ਫਰਕ ਸੀ। ਆਉਣ ਵਾਲੇ ਸਾਲਾਂ ਵਿੱਚ ਕਿੰਨੀਆਂ ਸੰਗ੍ਰਾਂਦਾਂ ਦਾ ਫ਼ਰਕ ਹੋਵੇਗਾ ਕੋਈ ਪਤਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਮਤਿ ਅਨੁਸਾਰ ਸਿੱਖਾਂ ਦਾ ਸੰਗ੍ਰਾਂਦਾ ਨਾਲ ਸਬੰਧ ਹੀ ਕੋਈ ਨਹੀਂ ਪਰ ਜੇ ਕਰਮਕਾਂਡੀ ਹੋਣ ਦੇ ਨਾਤੇ ਕੁਝ ਸਿੱਖ ਮੰਨਦੇ ਵੀ ਹਨ ਤਾਂ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਬਣਦਾ ਹੈ ਕਿ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਕਾਰਨ 1964 ਵਿੱਚ ਬਣੀਆਂ ਦੋ ਦੋ ਸੰਗ੍ਰਾਂਦਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਤਾਂ ਸਿੱਖਾਂ ਵੱਲੋਂ ਕੀਤੀ ਸੋਧ ਦਾ ਵਿਰੋਧ ਕਿਉਂ ?

ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਾਜਨੀਤਕ ਸਿੱਖ ਆਗੂਆਂ, ਜਿਨ੍ਹਾਂ ਨੇ ਖ਼ੁਦ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ, ਲਾਗੂ ਕਰਨ ਅਤੇ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਕੁਝ ਵੋਟਾਂ ਦੀ ਲਾਲਸਾ ਅਧੀਨ ਸੰਤ ਸਮਾਜ ਨਾਲ ਗਠਜੋੜ ਦੀ ਸ਼ਰਤ ਅਧੀਨ ਖੁਦ ਹੀ 2010 ਵਿੱਚ ਉਸ ਦਾ ਹੁਲੀਆ ਵਿਗਾੜਨ ਵਿੱਚ ਮੌਹਰੀ ਰਿਹਾ ਤੇ ਅਖੀਰ 2014 ਵਿੱਚ ਪੂਰੀ ਤਰ੍ਹਾਂ ਇਸ ਦਾ ਕਤਲ ਕਰ ਕੇ ਮੁੜ ਬਿਕ੍ਰਮੀ ਕੈਲੰਡਰ ਦੀਆਂ ਭੁੱਲ ਭੁਲਈਆਂ ਵਿੱਚ ਕੌਮ ਨੂੰ ਫਸਾ ਦਿੱਤਾ।

ਹੁਣ ਇਹ ਕੌਮ ਨੇ ਸੋਚਣਾ ਹੈ ਕਿ ਇਸ ਭੁੱਲ ਭੁਲਈਆਂ ਵਿੱਚੋਂ ਕਿਸ ਤਰ੍ਹਾਂ ਨਿਕਲ ਕੇ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਉਣਾ ਹੈ। ਜੇ ਰੋਮ ਵਾਸੀਆਂ ਵੱਲੋਂ 1582 ਵਿੱਚ ਕੀਤੀ ਸੋਧ ਅੰਤ ਇੰਗਲੈਂਡ ਨੂੰ 1752 ਵਿੱਚ ਲਾਗੂ ਕਰਨੀ ਹੀ ਪਈ ਤਾਂ ਉਸੇ ਅਧਾਰ ’ਤੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰ ਕੇ ਨਾਨਕਸ਼ਾਹੀ ਕੈਲੰਡਰ ਆਖ਼ਿਰ ਸੰਤ ਸਮਾਜ ਅਤੇ ਸਾਡੇ ਇਨ੍ਹਾਂ ਸੁਆਰਥੀ ਰਾਜਨੀਤਕ ਆਗੂਆਂ ਨੂੰ ਕਦੀ ਨਾ ਕਦੀ ਮੰਨਣਾ ਹੀ ਪਏਗਾ। ਇਸ ਲਈ ਸੂਝਵਾਨ ਗੁਰਸਿੱਖਾਂ ਵੱਲੋਂ ਯਤਨ ਜਾਰੀ ਰਹਿਣੇ ਚਾਹੀਦੇ ਹਨ।