32.2 C
Jalandhar
Sunday, April 12, 2026
spot_img
Home Blog Page 122

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 6)

0

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 6)

ਕਿਰਪਾਲ ਸਿੰਘ (ਬਠਿੰਡਾ)-98554-80797

ਸਤਿਗੁਰਾਂ ਨੇ ਸਾਨੂੰ ਸੇਧ ਦੇਣ ਲਈ ਗੁਰਬਾਣੀ ਦੀ ਲਿਖਾਈ ਅੰਦਰ ਇਹ ਨਿਯਮ ਵਰਤਿਆ ਹੈ ਕਿ ਕੁਝ ਸ਼ਬਦਾਂ ਨੂੰ ਇੱਕ ਥਾਂ ’ਤੇ ਬਿੰਦੀ ਲਾ ਕੇ ਸਾਹਿਤਕਾਰੀ ਅਨੁਸਾਰ ਬਿਲਕੁਲ ਸਹੀ ਲਿਖ ਦਿੱਤਾ ਗਿਆ ਹੈ ਪਰ ਜਦੋਂ ਉਹੀ ਸ਼ਬਦ ਦੁਬਾਰਾ ਹੋਰ ਥਾਂ ਵਰਤੇ ਗਏ ਹਨ ਤਾਂ ਉਨ੍ਹਾਂ ’ਚ ਬਿੰਦੀ ਦੀ ਵਰਤੋਂ ਨਹੀਂ ਕੀਤੀ ਗਈ।  ਅਜੇਹੇ ਹੀ ਸ਼ਬਦਾਂ ਦੀਆਂ ਕੁਝ ਕੁ ਉਦਾਹਰਨਾਂ ਹੇਠਾਂ ਲਿਖੀਆਂ ਜਾ ਰਹੀਆਂ ਹਨ :-

ਕਾਂਯਾਂ, ਕਾਯਾ, ਕਾਂਇਆ, ਕਾਇਆਂ, ਕਾਇਆ

(੧). ‘ਕਾਂਯਾਂ’ ਲਾਹਣਿ, ਆਪੁ ਮਦੁ ; ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ ॥ (ਬਿਹਾਗੜੇ ਕੀ ਵਾਰ /ਮ: ੧ – ਮਰਦਾਨਾ/ ੫੫੩)  ਕਾਂਯਾਂ= ਸਰੀਰ, ਦੇਹ।, ਲਾਹਣਿ= ਉਹ ਭਾਂਡਾ ਜਿਸ ਵਿੱਚ ਲਾਹਣ ਪਾ ਕੇ ਸ਼ਰਾਬ ਕੱਢੀ ਜਾਂਦੀ ਹੈ, ਮੱਟੀ। ਅਰਥ :-(ਜੇ) ਸਰੀਰ ਸ਼ਰਾਬ ਕੱਢਣ ਵਾਲੀ ਮੱਟੀ ਹੋਵੇ, ਆਪਣੇ ਆਪ ਦੀ ਪਛਾਣ ਕਰਨੀ ਸ਼ਰਾਬ ਬਣੇ ਤੇ ਉਸ ਦੀ ਧਾਰ ਅਮਰ ਕਰਨ ਵਾਲੀ (ਅੰਮ੍ਰਿਤਬੂੰਦ) ਹੋਵੇ, ਸਤਸੰਗਤ ਨਾਲ ਮੇਲ਼ ਹੋਵੇ, ਨਾਮ ਰੂਪੀ ਅੰਮ੍ਰਿਤ ਦੀ ਭਰੀ ਹੋਈ ਲਿਵ ਰੂਪੀ ਕਟੋਰੀ ਹੋਵੇ (ਤਾਂ ਮਨੁੱਖ, ਇਸ ਕਟੋਰੀ ’ਚੋਂ ਸ਼ਰਾਬ ਰੂਪੀ ਅੰਮ੍ਰਿਤ) ਪੀ ਪੀ ਕੇ ਸਾਰੇ ਵਿਕਾਰ-ਪਾਪ ਦੂਰ ਕਰ ਸਕਦੇ ਹਨ।

(੨). ਸਿਰ ਮਸ੍ਤਕ ਰਖੵਾ ਪਾਰਬ੍ਰਹਮੰ; ਹਸ੍ਤ ‘ਕਾਯਾ’ ਰਖੵਾ ਪਰਮੇਸ੍ਵਰਹ॥ (ਸਲੋਕ ਸਹਸ/ਮ: ੫/੧੩੫੮) ਅਰਥ :- ਸਿਰ, ਮੱਥਾ, ਹੱਥ, ਸਰੀਰ ਆਦਿਕ ਹਰ ਤਰ੍ਹਾਂ ਦੀ ਰੱਖਿਆ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਆਪ ਹੈ।

(੩). ‘ਕਾਂਇਆ’ ਸਾਧੈ, ਉਰਧ ਤਪੁ ਕਰੈ ; ਵਿਚਹੁ ਹਉਮੈ ਨ ਜਾਇ ॥ (ਮ: ੩/੩੩) ਅਰਥ :-  ਸਰੀਰ ਨੂੰ (ਭਾਵ ਗਿਆਨ-ਇੰਦ੍ਰਿਆਂ ਨੂੰ ਮਨੁੱਖ) ਆਪਣੇ ਵੱਸ ਵਿਚ ਰੱਖਣ ਦੇ ਯਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ।

(੪). ਪਵਣੈ ਪਾਣੀ ਜਾਣੈ ਜਾਤਿ ॥ ‘ਕਾਇਆਂ’ ਅਗਨਿ ਕਰੇ ਨਿਭਰਾਂਤਿ ॥ ਜੰਮਹਿ ਜੀਅ; ਜਾਣੈ ਜੇ ਥਾਉ ॥ ਸੁਰਤਾ ਪੰਡਿਤੁ ਤਾ ਕਾ ਨਾਉ ॥ (ਮ : ੧/ ੧੨੫੬) ਅਰਥ:- ਜੋ ਮਨੁੱਖ ਹਵਾ, ਪਾਣੀ ਆਦਿਕ ਤੱਤਾਂ ਦੇ ਮੂਲ (ਹਰੀ) ਨੂੰ ਜਾਣ ਲਏ (ਭਾਵ ਜੋ ਇਹ ਸਮਝੇ ਕਿ ਸਾਰੇ ਤੱਤਾਂ ਨੂੰ ਬਣਾਉਣ ਵਾਲਾ ਪਰਮਾਤਮਾ ਆਪ ਹੈ), ਜੋ ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ, ਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ, ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ,

(੫). ਖਿੰਥਾ ਕਾਲੁ, ਕੁਆਰੀ ‘ਕਾਇਆ’ ਜੁਗਤਿ, ਡੰਡਾ ਪਰਤੀਤਿ॥  (ਜਪੁ) ਅਰਥ :  ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।

(ਨੋਟ : ਉਕਤ ਤੁਕ ਨੰ: (੧) ਵਿੱਚ ‘ਕਾਂਯਾਂ’ ਦੇ ਦੋਵੇਂ ਹੀ ਅੱਖਰਾਂ ਨੂੰ ਲੱਗੇ ਕੰਨਿਆਂ ’ਤੇ ਬਿੰਦੀ ਲੱਗੀ ਹੋਈ ਹੈ।  ਅਰਥ ਹੈ ‘ਸਰੀਰ’।, ਤੁਕ ਨੰ: (੩) ਵਿੱਚ ‘ਕ’ ਕੰਨਾਂ ਬਿੰਦੀ ਸਹਿਤ ਅਤੇ ਤੁਕ ਨੰ: (੪) ਵਿੱਚ ‘ਅ’ ਕੰਨਾਂ ਬਿੰਦੀ ਸਹਿਤ ਆਇਆ ਹੈ ਜਦੋਂ ਕਿ ਤੁਕ ਨੰ: (੨) ਅਤੇ (੫) ਵਿੱਚ ਦੋਵੇਂ ਸ਼ਬਦ (ਕਾਯਾ, ਕਾਇਆ) ਬਿੰਦੀ ਰਹਿਤ ਆਏ ਹਨ ਪਰ ਅਰਥ ਸਾਰੀਆਂ ਹੀ ਤੁਕਾਂ ਵਿੱਚ ‘ਸਰੀਰ’ ਹੈ, ਇਸ ਲਈ ਤੁਕ ਨੰ: (੧) ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ਸ਼ਬਦ ‘ਕਾਯਾ, ਕਾਂਇਆ, ਕਾਇਆਂ ਜਾਂ ਕਾਇਆ’, ‘ਸਰੀਰ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਉੱਥੇ ਦੋਵੇਂ ਅੱਖਰਾਂ ਨੂੰ ਲੱਗੇ ਕੰਨਿਆਂ ’ਤੇ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ ਭਾਵੇਂ ਕਿ ਅੱਜ ਕੱਲ੍ਹ ਦੀ ਪੰਜਾਬੀ ਵਿੱਚ ‘ਕਾਇਆ’ ਬਿਨਾਂ ਬਿੰਦੀ ਤੋਂ ਹੀ ਲਿਖਿਆ ਅਤੇ ਉਚਾਰਿਆ ਜਾਂਦਾ ਹੈ।)

ਗੁਸਾਂਈਂ, ਗੁਸਾਂਈ, ਗੁਸਾਈਂ, ਗੁਸਾਈ

(੧). ਸੁਧ ਰਸ ਨਾਮੁ ਮਹਾ ਰਸੁ ਮੀਠਾ ; ਨਿਜ ਘਰਿ ਤਤੁ ‘ਗੁਸਾਂਈਂ’॥ ਤਹ ਹੀ ਮਨੁ, ਜਹ ਹੀ ਤੈ ਰਾਖਿਆ ; ਐਸੀ ਗੁਰਮਤਿ ਪਾਈ ॥  (ਮ : ੧/੧੨੩੨)  ਅਰਥ:-ਹੇ ਧਰਤੀ ਦੇ ਮਾਲਕ ਪ੍ਰਭੂ ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਮਿੱਠਾ ਲੱਗ ਰਿਹਾ ਹੈ, ਤੂੰ ਜਗਤ ਦਾ ਮੂਲ, ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।

(੨). ‘ਗੁਸਾਂਈ’ ਗਰਿਸ੍ਟ ਰੂਪੇਣ; ਸਿਮਰਣੰ ਸਰਬਤ੍ਰ ਜੀਵਣਹ ॥ (ਸਲੋਕ ਸਹਸ/ਮ: ੫/੧੩੫੯) ਅਰਥ :-  ਧਰਤੀ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਵਾਲਾ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ।

(੩). ‘ਗੁਸਾੲਂੀ’  ! ਪਰਤਾਪੁ ਤੁਹਾਰੋ ਡੀਠਾ ॥ ਕਰਨ ਕਰਾਵਨ, ਉਪਾਇ ਸਮਾਵਨ ; ਸਗਲ ਛਤ੍ਰਪਤਿ ਬੀਠਾ ॥ (ਮ : ੫/੧੨੩੫) ਅਰਥ :- ਹੇ ਜਗਤ ਦੇ ਖਸਮ ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ। ਤੂੰ ਸਭ ਕੁਝ ਕਰਨ-ਜੋਗਾ ਹੈਂ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ।  ਤੂੰ ਸਭ ਜੀਵਾਂ ਉੱਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ।

(੪). ਸੋ ਮੂਰਤੁ ਭਲਾ ਸੰਜੋਗੁ ਹੈ ; ਜਿਤੁ, ਮਿਲੈ ‘ਗੁਸਾਈ’ ॥  (ਮ : ੫/੭੦੯)  ਅਰਥ:- ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈਂ ਮਿਲਦਾ ਹੈ।

(ਨੋਟ : ਤੁਕ ਨੰ: (੧) ਵਿੱਚ ‘ਗੁਸਾਂਈਂ’ ਸ਼ਬਦ ‘ਸਾ’ ਅਤੇ ‘ਈ’ ਦੋਵੇਂ ਹੀ ਬਿੰਦੀ ਸਹਿਤ ਲਿਖੇ ਹੋਏ ਹਨ ਜਦੋਂ ਕਿ ਤੁਕ ਨੰ: (੨) ਵਿੱਚ ‘ਸਾ’ ਬਿੰਦੀ ਸਹਿਤ ਅਤੇ ‘ਈ’ ਬਿੰਦੀ ਰਹਿਤ ਲਿਖਿਆ ਹੈ; ਤੁਕ ਨੰ: (੩) ਵਿੱਚ ‘ਸਾ’ ਬਿੰਦੀ ਰਹਿਤ ਅਤੇ ‘ਈ’ ਬਿੰਦੀ ਸਹਿਤ ਲਿਖਿਆ ਹੈ ਅਤੇ ਤੁਕ ਨੰ: (੪) ਵਿੱਚ ‘ਸ’ ਕੰਨਾਂ ਅਤੇ ‘ਈ’ ਦੋਵੇਂ ਹੀ ਬਿੰਦੀ ਰਹਿਤ ਲਿਖੇ ਹੋਏ ਹਨ ਪਰ ਅਰਥ ਇੱਕੋ ਜਿਹੇ ਹਨ= ਧਰਤੀ ਦਾ ਮਾਲਕ ਪ੍ਰਭੂ ; ਇਸ ਲਈ ਸਭ ਥਾਂਈਂ ਉਚਾਰਨ ਵੀ ਇੱਕੋ ਜਿਹਾ ਹੀ ਹੋਵੇਗਾ= ਗੁਸਾਂਈਂ।)

ਸਾਂਈਂ, ਸਾਂਈ, ਸਾਈਂ, ਸਾਈ

(੧). ਕਿਝੁ ਨ ਬੁਝੈ, ਕਿਝੁ ਨ ਸੁਝੈ; ਦੁਨੀਆ ਗੁਝੀ ਭਾਹਿ ॥ ‘ਸਾਂਈਂ’ ਮੇਰੈ ਚੰਗਾ ਕੀਤਾ ; ਨਾਹੀ ਤ, ਹੰ ਭੀ ਦਝਾਂ ਆਹਿ ॥ (ਸਲੋਕ ਫਰੀਦ ਜੀ/੧੩੭੮) ਅਰਥ :- ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ/ਫੁਲਵਾੜੀ ਹੈ, ਪਰ ਇਸ ਦਾ ਮੋਹ, ਅਸਲ ’ਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿੱਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ। ਮੇਰੇ ਸਾਂਈਂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮਿਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ ‘ਪੋਟਲੀ’ ਸਿਰੋਂ ਲਾਹ ਕੇ ਸੁੱਟ ਦੇਈਏ)।

(੨). ਜੋ ਸਿਰੁ, ‘ਸਾਂਈ’ ਨਾ ਨਿਵੈ ; ਸੋ ਸਿਰੁ ਦੀਜੈ ਡਾਰਿ ॥  (ਮ : ੨/ ੮੯) ਅਰਥ:- ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ ਉਸ ’ਚ ਕੋਈ ਗੁਣ ਨਹੀਂ)।

(੩). ਜੇ ਭੁਲੀ, ਜੇ ਚੁਕੀ, ‘ਸਾੲਂੀ’  ! ਭੀ ਤਹਿੰਜੀ ਕਾਢੀਆ ॥ (ਮ : ੫/ ੭੬੧) ਅਰਥ :- ਹੇ ਮੇਰੇ ਖਸਮ-ਪ੍ਰਭੂ !  ਜੇ ਮੈਂ ਭੁੱਲਾਂ ਕਰਦੀ ਹਾਂ, ਜੇ ਮੈਂ ਉਕਾਈਆਂ ਕਰਦੀ ਹਾਂ ਤਾਂ ਭੀ ਮੈਂ ਤੇਰੀ ਹੀ ਅਖਵਾਂਦੀ ਹਾਂ (ਇਸ ਲਈ ਮੈਂ ਤੇਰਾ ਦਰ ਛੱਡ ਕੇ ਹੋਰ ਕਿਧਰੇ ਭੀ ਜਾਣ ਨੂੰ ਤਿਆਰ ਨਹੀਂ ਹਾਂ)

(੪). ‘ਸਾਈ’ ਨਾਮੁ ਅਮੋਲੁ ; ਕੀਮ ਨ ਕੋਈ ਜਾਣਦੋ ॥ ਜਿਨਾ ਭਾਗ ਮਥਾਹਿ ; ਸੇ, ਨਾਨਕ  ! ਹਰਿ ਰੰਗੁ ਮਾਣਦੋ ॥  (ਮ : ੫/ ੮੧) ਅਰਥ:- ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ, ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ।  ਹੇ ਨਾਨਕ  !  ਜਿਨ੍ਹਾਂ ਮਨੁੱਖਾਂ ਦੇ ਮੱਥੇ ’ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ।

(੫). ਜੋ ਤੁਧੁ ਭਾਵੈ ; ‘ਸਾਈ’ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ  ! ॥ (ਜਪੁ)  ਅਰਥ :- ਹੇ ਨਿਰੰਕਾਰ  !  ਤੂੰ ਸਦਾ ਅਟੱਲ ਰਹਿਣ ਵਾਲਾ ਹੈਂ।  ਜੋ ਤੈਨੂੰ ਚੰਗਾ ਲੱਗਦਾ ਹੈ (ਮਿਹਰ ਕਰ ਮੈਨੂੰ ਵੀ) ਉਹ ਕੰਮ ਭਲਾ ਲੱਗੇ (ਭਾਵ ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।

(ਨੋਟ : ਉਕਤ ਤੁਕ ਨੰ: (੧) ਵਿੱਚ ‘ਸਾਂਈਂ’ ਸ਼ਬਦ ‘ਸਾ’ ਅਤੇ ‘ਈ’ ਦੋਵੇਂ ਹੀ ਬਿੰਦੀ ਸਹਿਤ ਲਿਖੇ ਹੋਏ ਹਨ ਜਦੋਂ ਕਿ ਤੁਕ ਨੰ: (੨) ਵਿੱਚ ‘ਸਾ’ ਬਿੰਦੀ ਸਹਿਤ ਅਤੇ ‘ਈ’ ਬਿੰਦੀ ਰਹਿਤ ਹੈ।, ਤੁਕ ਨੰ: (੩) ਵਿੱਚ ‘ਸਾ’ ਬਿੰਦੀ ਰਹਿਤ ਅਤੇ ‘ਈ’ ਬਿੰਦੀ ਸਹਿਤ ਹੈ ਅਤੇ ਤੁਕ ਨੰ: (੪) ਵਿੱਚ ‘ਸਾ’ ਅਤੇ ‘ਈ’ ਦੋਵੇਂ ਹੀ ਬਿੰਦੀ ਰਹਿਤ ਲਿਖੇ ਹੋਏ ਹਨ ਪਰ ਅਰਥ ਇੱਕੋ ਜਿਹੇ ਹਨ= ਮਾਲਕ ਪ੍ਰਭੂ।  ਇਸ ਲਈ ਸਭ ਥਾਂਈਂ ਉਚਾਰਨ ਵੀ ਇੱਕੋ ਜਿਹਾ ਹੀ ਹੋਵੇਗਾ= ਸਾਂਈਂ ਪਰ ਤੁਕ ਨੰ: ੫ ਵਿੱਚ ‘ਸਾਈ’ ਦਾ ਅਰਥ ਹੈ= ਉਹ ਹੀ (ਪੜਨਾਵੀ ਵਿਸ਼ੇਸ਼ਣ), ਇਸ ਲਈ ਇਸ ਦਾ ਉਚਾਰਨ ਬਿੰਦੀ ਸਹਿਤ ‘ਸਾਂਈਂ’ ਨਹੀਂ ਬਲਕਿ ਬਿਨਾਂ ਬਿੰਦੀ ਤੋਂ ਹੋਵੇਗਾ= ਸਾਈ ।)

ਈਹਾਂ, ਊਹਾਂ ; ਈਹਾਂ, ਊਹਾ ; ਈਹਾ, ਊਹਾਂ ; ਈਹਾ, ਊਹਾ

(੧). ਜਹਾ ਜਾਈਐ, ਤਹ ਜਲ ਪਖਾਨ ॥ ਤੂ, ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ‘ਊਹਾਂ’ ਤਉ ਜਾਈਐ ; ਜਉ ‘ਈਹਾਂ’ ਨ ਹੋਇ ॥  (ਭਗਤ ਰਾਮਾਨੰਦ/੧੧੯੫)  ਅਰਥ:- (ਤੀਰਥਾਂ ਉੱਤੇ ਜਾਈਏ, ਚਾਹੇ ਮੰਦਿਰਾਂ ਵਿਚ ਜਾਈਏ) ਜਿੱਥੇ ਭੀ ਜਾਈਏ ਉੱਥੇ ਪਾਣੀ ਹੈ ਜਾਂ ਮੂਰਤੀ-ਪੱਥਰ ਹਨ, ਪਰ ਹੇ ਪ੍ਰਭੂ ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ, ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।  ਸੋ ਤਰੀਥਾਂ ਅਤੇ ਮੰਦਿਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇੱਥੇ (ਮੇਰੇ ਮਨ ਵਿਚ) ਨਾ ਵੱਸਦਾ ਹੋਵੇ।

(੨). ਆਗਿਆ ਮਾਨਿ, ਜਾਨਿ, ਸੁਖੁ ਪਾਇਆ ; ਸੁਨਿ ਸੁਨਿ ਨਾਮੁ ਤੁਹਾਰੋ, ਜੀਓ ॥ ‘ਈਹਾਂ ਊਹਾ’ ਹਰਿ ਤੁਮ ਹੀ, ਤੁਮ ਹੀ ; ਇਹੁ, ਗੁਰ ਤੇ ਮੰਤ੍ਰੁ ਦ੍ਰਿੜੀਓ ॥ (ਮ: ੫/੯੭੮) ਅਰਥ:- ਹੇ ਪ੍ਰਭੂ ! ਤੇਰੀ ਰਜ਼ਾ ਨੂੰ (ਮਿੱਠੀ) ਮੰਨ ਕੇ, ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸੁਖ ਹਾਸਲ ਕਰ ਲਿਆ ਹੈ, ਤੇਰਾ ਨਾਮ ਸੁਣ ਸੁਣ ਕੇ ਮੈਂ ਉੱਚਾ ਆਤਮਕ ਜੀਵਨ ਹਾਸਲ ਕਰ ਲਿਆ ਹੈ। ਮੈਂ ਗੁਰੂ ਪਾਸੋਂ ਇਹ ਉਪਦੇਸ਼ (ਲੈ ਕੇ ਆਪਣੇ ਮਨ ਵਿਚ) ਪੱਕਾ ਕਰ ਲਿਆ ਹੈ ਕਿ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਹੀ ਸਿਰਫ਼ ਤੂੰ ਹੀ (ਮੇਰਾ ਸਹਾਈ ਹੈਂ)।

(੩). ਜੀਅ ਪ੍ਰਾਨ ਧਨੁ, ਹਰਿ ਕੋ ਨਾਮੁ ॥ ‘ਈਹਾ ਊਹਾਂ’, ਉਨ ਸੰਗਿ ਕਾਮੁ ॥ (ਮ: ੫/੩੭੬) ਅਰਥ:- (ਹੇ ਭਾਈ !) ਜਿੰਦ ਵਾਸਤੇ, ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ, (ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਆਉਂਦਾ ਹੈ)।

(੪). ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ ‘ਈਹਾ ਊਹਾ’ ਸਰਬ ਸੁਖਦਾਤਾ ; ਸਗਲ ਘਟਾ ਪ੍ਰਤਿਪਾਰੇ ॥ (ਮ: ੫/੨੧੦) ਅਰਥ : (ਹੇ ਭਾਈ !) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ। ਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ ਸਭ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ।

(ਨੋਟ : ਤੁਕ ਨੰ: (੧) ਵਿੱਚ ‘ਈਹਾਂ, ਊਹਾਂ’ ਦੋਵੇਂ ਹੀ ਸ਼ਬਦ ਬਿੰਦੀ ਸਹਿਤ ਹਨ ਜਦੋਂ ਕਿ ਤੁਕ ਨੰ: (੨) ਵਿੱਚ ‘ਈਹਾਂ’ ਬਿੰਦੀ ਸਹਿਤ ਅਤੇ ‘ਊਹਾ’ ਬਿੰਦੀ ਰਹਿਤ ਹੈ; ਤੁਕ ਨੰ: (੩) ਵਿੱਚ ‘ਈਹਾ’ ਬਿੰਦੀ ਰਹਿਤ ਅਤੇ ‘ਊਹਾਂ’ ਬਿੰਦੀ ਸਹਿਤ ਲਿਖਿਆ ਹੈ ਅਤੇ ਤੁਕ ਨੰ: (੪) ਵਿੱਚ ‘ਈਹਾ’ ਅਤੇ ‘ਊਹਾ’ ਦੋਵੇਂ ਹੀ ਸ਼ਬਦ ਬਿੰਦੀ ਰਹਿਤ ਹਨ ਪਰ ਅਰਥ ਇੱਕੋ ਜਿਹੇ ਹਨ= ਇੱਥੇ, ਉੱਥੇ (ਸਥਾਨ ਵਾਚਕ ਪੜਨਾਵ), ਇਸ ਲਈ ਸਭ ਥਾਂਈਂ ਉਚਾਰਨ ਵੀ ਬਿੰਦੀ ਸਹਿਤ ਇੱਕੋ ਜਿਹਾ ਹੀ ਹੋਵੇਗਾ= ‘ਈਹਾਂ, ਊਹਾਂ’।)

ਊਂਘ, ਊਂਘੈ, ਊਘੈ, ਉਘਾ

(੧). ਗੁਰਮੁਖਿ ਅੰਤਰਿ ਸਹਜੁ ਹੈ ; ਮਨੁ ਚੜਿਆ ਦਸਵੈ ਆਕਾਸਿ ॥ ਤਿਥੈ, ‘ਊਂਘ’ ਨ ਭੁਖ ਹੈ ; ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਨਾਨਕ  ! ਦੁਖੁ ਸੁਖੁ ਵਿਆਪਤ ਨਹੀ ; ਜਿਥੈ, ਆਤਮ ਰਾਮ ਪ੍ਰਗਾਸੁ ॥ (ਮ: ੩/੧੪੧੪) ਪਦ ਅਰਥ: ਤਿਥੈ = ਉਸ ਅਵਸਥਾ ਵਿਚ। ਊਂਘ = ਨੀਂਦ। ਅਰਥ:- ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦਵਾਰ ਵਿਚ ਟਿਕਿਆ ਰਹਿੰਦਾ ਹੈ (ਜਿੱਥੇ ਸਰੀਰ ਉੱਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ) ਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ।, ਆਤਮਕ ਆਨੰਦ ਬਣਿਆ ਰਹਿੰਦਾ ਹੈ।

(੨). ਰੂਪੈ, ਕਾਮੈ ਦੋਸਤੀ ; ਭੁਖੈ, ਸਾਦੈ ਗੰਢੁ ॥ ਲਬੈ, ਮਾਲੈ ਘੁਲਿ ਮਿਲਿ ਮਿਚਲਿ ; ‘ਊਂਘੈ’, ਸਉੜਿ ਪਲੰਘੁ ॥ (ਮ:੧/੧੨੮੮) ਅਰਥ :-ਰੂਪ ਦੀ ਕਾਮ (-ਵਾਸ਼ਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ।, ਲੋਭ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ, (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ (ਤੰਗ) ਥਾਂ ਹੀ ਪਲੰਘ ਵਰਗੀ ਹੈ।

(੩). ਸਾਰਾ ਦਿਨੁ ਲਾਲਚਿ ਅਟਿਆ ; ਮਨਮੁਖਿ, ਹੋਰੇ ਗਲਾ ॥ ਰਾਤੀ, ‘ਊਘੈ’ ਦਬਿਆ ; ਨਵੇ ਸੋਤ ਸਭਿ ਢਿਲਾ ॥ (ਮ: ੪/੩੦੪) ਪਦ ਅਰਥ:- ਊਘੈ = ਊਂਘੈ= ਨੀਂਦਰ ਵਿਚ।, ਸੋਤ = ਇੰਦਰੇ।

ਅਰਥ:- ਮਨਮੁਖ ਬੰਦਾ ਸਾਰਾ ਦਿਨ ਲਾਲਚ ਵਿਚ ਭਰਿਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ। (ਮੋਹ-ਮਾਯਾ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਦੱਬ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ ਭਾਵ ਚੰਗਾ ਕੰਮ ਕਰਨ ਵੱਲੋਂ ਜਵਾਬ ਦੇ ਜਾਂਦੇ ਹਨ।

(੪). ਮੈ ਨਾਹੀ, ਪ੍ਰਭ  ! ਸਭੁ ਕਿਛੁ ਤੇਰਾ ॥ ਈਘੈ ਨਿਰਗੁਨ,  ‘ਊਘੈ’ ਸਰਗੁਨ ; ਕੇਲ ਕਰਤ, ਬਿਚਿ, ਸੁਆਮੀ ਮੇਰਾ ॥  (ਮ: ੫/੮੨੭) ਪਦ ਅਰਥ:- ਈਘੈ = ਇਕ ਪਾਸੇ।, ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ।, ਊਘੈ = ਦੂਜੇ ਪਾਸੇ।, ਸਰਗੁਨ = ਮਾਇਆ ਦੇ ਤਿੰਨ ਗੁਣਾਂ ’ਚ। ਕੇਲ = ਜਗਤ-ਤਮਾਸ਼ਾ। ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ।

ਅਰਥ:- ਹੇ ਪ੍ਰਭੂ  ! ਮੇਰੀ (ਆਪਣੇ ਆਪ ਵਿਚ) ਕੋਈ ਪਾਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ। ਹੇ ਭਾਈ  ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ’ਚ (ਜੀਵ ਰੂਪ ਬਣ ਕੇ) ਹੈ। ਇਨ੍ਹਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ।

(੫). ਬਾਹਰਿ ਬਹੈ, ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ, ਤਪਾ ਪਾਪ ਕਮਾਏ ॥ ਹਰਿ, ਅੰਦਰਲਾ ਪਾਪੁ, ਪੰਚਾ ਨੋ ‘ਉਘਾ’ ਕਰਿ ਵੇਖਾਲਿਆ ॥ (ਮ : ੪/੩੧੬)  ਅਰਥ:- ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ (ਉੱਚੇ ਕਿਰਦਾਰ ਵਾਲਾ) ਅਖਵਾਉਂਦਾ ਹੈ ਅਤੇ ਅੰਦਰ ਬਹਿ ਕੇ (ਭਾਵ ਲੁਕ ਕੇ) ਤਪਾ ਮੰਦੇ ਕਰਮ ਕਰਦਾ ਹੈ, ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ, (ਬਾਹਰ) ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।

(ਨੋਟ: ਉਕਤ ਤੁਕ ਨੰ: (੧) ਵਿੱਚ ‘ਊਂਘ’ ਸ਼ਬਦ ਬਿੰਦੀ ਸਹਿਤ ਆਇਆ ਹੈ, ਜਿਸ ਦਾ ਅਰਥ ਹੈ = ਨੀਂਦ।, ਤੁਕ ਨੰ: (੨) ਵਿੱਚ ‘ਊਂਘੈ’ ਵੀ ਬਿੰਦੀ ਸਹਿਤ ਹੈ, ਜਿਸ ਦਾ ਅਰਥ ਹੈ= ਨੀਂਦ ਵਿਚ ਜਾਂ ਨੀਂਦਰ ਨਾਲ।, ਤੁਕ ਨੰ: (੩) ਵਿੱਚ ‘ਊਘੈ’ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਅਰਥ ਇੱਥੇ ਵੀ ਹੈ: ਊਂਘੈ= ਨੀਂਦਰ ਵਿਚ। ਇਸ ਲਈ ਸਾਰੀਆਂ ਤੁਕਾਂ ’ਚ ਪਾਠ ਹੋਵੇਗਾ ਬਿੰਦੀ ਸਹਿਤ ‘ਊਂਘੈ’, ਪਰ ਤੁਕ ਨੰ: (੪) ‘ਊਘੈ’ ਬਿਨਾਂ ਬਿੰਦੀ ਤੋਂ ਆਇਆ ਹੈ, ਜਿਸ ਦਾ ਅਰਥ ‘ਨੀਂਦਰ ਵਿਚ’ ਨਹੀਂ, ਸਗੋਂ ਅਰਥ ਹੈ= ਦੂਜੇ ਪਾਸੇ (ਸਥਾਨ ਵਾਚਕ, ਨਾ ਕਿ ‘ਨੀਂਦਰ’ ਭਾਵ ‘ਨਾਂਵ’), ਇਸ ਲਈ ਇਸ ਤੁਕ ’ਚ ਬਿੰਦੀ ਸਹਿਤ ਪਾਠ ਕਰਨਾ ਗਲਤ ਹੋਵੇਗਾ। ਸਹੀ ਪਾਠ ਹੈ ਬਿਨਾਂ ਬਿੰਦੀ ਤੋਂ ‘ਊਘੈ’ ਅਤੇ ਤੁਕ ਨੰਬਰ (੫) ਵਿੱਚ ‘ਉਘਾ’ ਦਾ ਅਰਥ ਹੈ ‘ਪਰਗਟ ; ਮਸ਼ਹੂਰ’ ਇਸ ਲਈ ਇੱਥੇ ਸਹੀ ਉਚਾਰਨ ਹੋਵੇਗਾ ਬਿਨਾਂ ਬਿੰਦੀ ਤੋਂ ਪਰ ਅਧਕ ਸਹਿਤ, ‘ਉੱਘਾ’।)

ਸਉ,  ਸਉਦੇ (ਬਹੁ ਅਰਥਾਂ ਵਿੱਚ)

(੧). ਮਲੁ ਹਉਮੈ, ਧੋਤੀ ਕਿਵੈ ਨ ਉਤਰੈ ; ਜੇ, ‘ਸਉ’ ਤੀਰਥ ਨਾਇ ॥ (ਮ: ੩/੩੯) ਅਰਥ:- ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।

(੨). ਝਗਰਾ ਏਕੁ ਨਿਬੇਰਹੁ, ਰਾਮ  !॥ ਜਉ, ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ‘ਸਉ’ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥ (ਭਗਤ ਕਬੀਰ ਜੀਉ/੩੩੧) ਅਰਥ:- ਹੇ ਪ੍ਰਭੂ ! ਜੇ ਤੈਨੂੰ ਆਪਣੇ ਸੇਵਕ ਨਾਲ ਵਾਸਤਾ ਹੈ (ਭਾਵ ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ ਤਾਂ) ਇਹ ਇਕ (ਵੱਡਾ) ਸ਼ੰਕਾ ਦੂਰ ਕਰ (ਕਿ) ਕੀ ਇਹ ਮਨ ਸ਼ਕਤੀਸ਼ਾਲੀ ਹੈ ਜਾਂ (ਇਸ ਤੋਂ ਵਧੀਕ ਉਹ ਪ੍ਰਭੂ ਤਾਕਤਵਰ ਹੈ) ਜਿਸ ਨਾਲ ਮਨ ਸੰਤੁਸ਼ਟ ਹੋ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)  ?  ਕੀ ਦਸਰਥ ਦਾ ਪੁੱਤਰ ਰਾਮ ਵੱਡਾ ਹੈ ਜਾਂ ਜਿਸ ਨੇ ਕਣ -ਕਣ ਵਿੱਚ ਵਿਆਪਕ ਰਾਮ (ਪਰਮਾਤਮਾ) ਨੂੰ ਪਛਾਣ ਲਿਆ, ਉਹ ਵੱਡਾ ਹੈ ?

(੩). ਹਰਿ, ਭਗਤਾ ਕਾ ਮੇਲੀ ਸਰਬਤ; ‘ਸਉ’ ਨਿਸੁਲ ਜਨ ਟੰਗ ਧਰਿ ॥ (ਮ: ੪/੮੪੯) ਅਰਥ:- ਹੇ ਭਾਈ !  ਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉੱਤੇ ਲੱਤ ਰੱਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ।

(੪). ‘ਸਉਦੇ’, ਵਾਹੁ ਵਾਹੁ ਉਚਰਹਿ ; ਉਠਦੇ ਭੀ, ਵਾਹੁ ਕਰੇਨਿ ॥  (ਮ: ੪/੩੧੩) ਅਰਥ:- (ਭਗਤ-ਜਨ) ਸੌਣ ਲੱਗੇ ਭੀ ਸਿਫ਼ਤ-ਸਾਲਾਹ ਕਰਦੇ ਹਨ ਤੇ ਉੱਠਣ ਵੇਲੇ ਭੀ।

(੫). ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ‘ਸਉਦੇ’ ਕਉ ਧਾਵੈ ਬਿਨੁ ਪੂੰਜੀ ॥ (ਮ: ੫/੧੯੮) ਅਰਥ:- (ਹੇ ਭਾਈ !) ਹਰੀ ਦੇ ਭਗਤ ਤੇ ਸਾਕਤ ਦਾ ਕਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਨੂੰ ਲੈ ਕੇ ਉਸ ਨੂੰ ਕਾਮਧੇਨ (ਗਾਂ) ਮਿਥ ਕੇ ਪੂਜਣ ਲੱਗ ਪਏ ਅਤੇ ਜਿਵੇਂ ਕੋਈ ਮਨੁੱਖ ਰੁਪਏ ਤੋਂ ਬਿਨਾਂ ਹੀ ਸੌਦਾ ਖ਼ਰੀਦਣ ਉੱਠ ਦੌੜੇ।

(ਨੋਟ : ਉਕਤ ਤੁਕ ਨੰ: (੧) ਵਿੱਚ ‘ਸਉ’ ਦਾ ਅਰਥ ਹੈ,  ਸੌ, ਸੈਂਕੜਾ ਇਸ ਲਈ ਉਚਾਰਨ ਹੈ, ਬਿਨਾਂ ਬਿੰਦੀ ਤੋਂ= ਸਉ, ਸੌ।,  ਤੁਕ ਨੰ: (੨) ਵਿੱਚ ‘ਜਾ ਸਉ’ ਦਾ ਅਰਥ ਹੈ= ਜਾ ਸਿਉਂ, ਜਿਸ ਨਾਲ। ਉਚਾਰਨ ਹੈ= ਜਾ ਸਉਂ,  ਜਾ ਸੌਂ।,  ਤੁਕ ਨੰ: (੩,੪) ਵਿੱਚ ‘ਸਉ/ਸਉਦੇ’ ਦਾ ਅਰਥ ਹੈ= ਸੌਂ। ਉਚਾਰਨ ਹੈ= ਸਉਂ, ਸੌਂ/ਸਉਂਣਾ, ਸੌਂਣਾ (ਸੌਂ ਜਾਣਾ)।, ਪਰ ਤੁਕ ਨੰ: (੫) ਵਿੱਚ ‘ਸਉਦੇ’ ਦਾ ਅਰਥ ਹੈ= ਲੈਣ ਦੇਣ, ਖ੍ਰੀਦਣ ਯੋਗ ਵਸਤੂ। ਉਚਾਰਨ ਬਿਨਾਂ ਬਿੰਦੀ ਤੋਂ ਹੈ = ਸਉਦੇ, ਸੌਦੇ।

—–ਚਲਦਾ—

ਦੀਜੈ ਬੁਧਿ ਬਿਬੇਕਾ ॥

0

ਦੀਜੈ ਬੁਧਿ ਬਿਬੇਕਾ ॥

ਗਿਆਨੀ ਬਲਜੀਤ ਸਿੰਘ (ਰੋਪੜ)

ਗੁਰੂ ਨਾਨਕ ਸਾਹਿਬ ਜੀ ਨੇ ‘‘ਕੂੜੁ ਅਮਾਵਸ’’ ਵਿੱਚ ਫਸੇ ਹੋਏ ਜਗਤ ਨੂੰ ‘‘ਸਚੁ ਚੰਦ੍ਰਮਾ’’ ਦਾ ਪ੍ਰਕਾਸ਼ ਦੇਣ ਲਈ ਤੇ ਮਨੁੱਖਾ ਦੇਹੀ ਨੂੰ ਪਵਿਤ੍ਰਤਾ ਨਾਲ ਜੀਉਣ ਲਈ ‘ਸਬਦੁ ਗੁਰੂ’ ਦੀ ਬਖ਼ਸ਼ਸ਼ ਕੀਤੀ, ‘‘ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥’’ (ਮ: ੧/੬੮੭), ਨਾਲ ਖ਼ਾਸ ਕਰ ਸਿੱਖ ਜਗਤ ਨੂੰ ਬਿਪਰਨ ਰੀਤਾਂ ਤੋਂ ਮੁਕਤ ਕੀਤਾ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥  ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ) ਦਾ ਸਰਲ-ਸੁਹੇਲਾ ਮਾਰਗ ਪ੍ਰਦਾਨ ਕੀਤਾ, ਜਿਸ ਨਾਲ ਮਨੁੱਖ ਮਾਨਸਿਕ ਆਜ਼ਾਦੀ ਮਾਣਦਾ ਹੋਇਆ, ਆਤਮਿਕ ਅਨੰਦ ਦੇ ਹੁਲਾਰੇ ਲੈਂਦਾ ਹੋਇਆ, ਨਾਮ ਰਸ ਵਿਚ ਭਿੱਜੀ ਰਸਨਾ ਨਾਲ, ਝੂਮ-ਝੂਮ ਕੇ ਨਿਡਰਤਾ ਸਹਿਤ ਗਾ ਉੱਠੇ ‘‘ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਨ ਆਵੈ ॥’’ (ਮ: ੪/੫੫੫)  ਜਾਂ ‘‘ਧਰਮ ਰਾਇ ਕੀ ਕਾਣਿ ਚੁਕਾਈ; ਸਭਿ ਚੂਕੇ ਜਮ ਕੇ ਛੰਦੇ ॥’’ (ਮ: ੪/੮੦੦)

ਗੁਰੂ ਜੀ ਨੇ ਦਸ ਸਰੀਰਾਂ ਰਾਹੀਂ ‘‘ਜੋਤਿ ਓਹਾ ਜੁਗਤਿ ਸਾਇ.. ॥’’ (ਬਲਵੰਡ ਸਤਾ/੯੬੬) ਦੀ ਪਰਪੱਕਤਾ ਅਤੇ ਘਾਲਣਾ ਘਾਲ ਕੇ ਉਹ ਮਨੁੱਖ ਪੈਦਾ ਕੀਤਾ, ਜੋ ਮੌਤ ਦੇ ਡਰ ਤੋਂ ਮੁਕਤ ਹੋ ਕੇ ਚੜ੍ਹਦੀ ਕਲਾ ਨਾਲ ਇਹ ਕਹਿ ਸਕੇ, ਮੰਨ ਸਕੇ, ‘‘ਜਿਹ ਮਰਨੈ; ਸਭੁ ਜਗਤੁ ਤਰਾਸਿਆ ॥  ਸੋ ਮਰਨਾ; ਗੁਰ ਸਬਦਿ ਪ੍ਰਗਾਸਿਆ ॥੧॥  ਅਬ ਕੈਸੇ ਮਰਉ   ?  ਮਰਨਿ ਮਨੁ ਮਾਨਿਆ ॥  ਮਰਿ ਮਰਿ ਜਾਤੇ; ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥’’ (ਭਗਤ ਕਬੀਰ/੩੨੭)

ਗੁਰੂ ਨਾਨਕ ਸਾਹਿਬ ਜੀ ਨੇ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਦਾ ਸਿਧਾਂਤ ਮਾਨਵਤਾ ਨੂੰ ਦਿੱਤਾ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ‘‘ਸਾਚੀ ਲਿਵੈ; ਬਿਨੁ ਦੇਹ ਨਿਮਾਣੀ ॥’’ (ਮ: ੩/੯੧੭) ਦਰਸਾਉਂਦਿਆਂ ਹੋਇਆਂ ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥ (ਮ: ੩/੯੧੭)  ਦਾ ਹੀ ਨਿਰਣਾ ਸਿੱਖ ਜਗਤ ਨੂੰ (ਮਨੁੱਖਤਾ ਨੂੰ) ਦਿੱਤਾ।

ਚਲਦੀ ਪਰੰਪਰਾ ਅਨੁਸਾਰ ਹਿੰਦੂ ਘਰਾਣਿਆਂ ਵਿੱਚ ਪ੍ਰੋਹਿਤ, ਸਮੇਂ-ਸਮੇਂ ਧਾਰਮਿਕ ਰੀਤਾਂ-ਰਸਮਾਂ ਨਿਭਾਉਣ ਲਈ ਸ਼ਰਧਾਲੂਆਂ (ਜਜਮਾਨਾਂ) ਦੇ ਘਰੀਂ ਪਧਾਰਦਾ ਰਹਿੰਦਾ ਹੈ; ਜਿਵੇਂ ਕਿ ਜਨਮ, ਜਨੇਊ ਧਾਰਨ, ਵਿਆਹ ਤੇ ਮ੍ਰਿਤਕ ਸੰਸਕਾਰ ਆਦਿ ਸਮੇਂ, ਪਰ ਗੁਰਮਤ ਨੇ ਮਨੁੱਖਤਾ ਨੂੰ ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥  ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥ (ਮ: ੧/੪੭੨), ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥ (ਮ: ੧/੪੭੧), ਆਦਿ ਦੈਵੀ ਗੁਣਾਂ ਦਾ ਧਾਰਨੀ ਬਣਾ ਕੇ ਪਹਿਲੇ ਜਾਮੇ ਵਿੱਚ ਹੀ ਪ੍ਰੋਹਿਤਵਾਦ ਦਾ ਜੂਲ਼ਾ ਸਿੱਖ ਸਮਾਜ, ਸਿੱਖ ਸਿਧਾਂਤ ਤੋਂ ਲਾਹ ਦਿੱਤਾ ਸੀ।

ਵਿਆਹ ਸੰਸਕਾਰ ਲਈ ਚੌਥੇ ਜਾਮੇ ਗੁਰੂ ਰਾਮਦਾਸ ਜੀ ਨੇ ‘‘ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ॥  ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ॥ (ਮ: ੪/੯੧) ਦਾ ਉਪਦੇਸ਼ ਕਰ ਕੇ ਪੁਜਾਰੀ ਸ਼੍ਰੇਣੀ ਨੂੰ ਆਪਣੇ ਕਿਸੇ ਕਾਰਜ ਵਿੱਚ ਸ਼ਾਮਲ ਕਰਨ ਤੋਂ ਵਰਜਿਤ ਕਰ ਦਿੱਤਾ।  ਗੁਰੂ ਬਚਨ ਹਨ ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥, ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥, ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ, ਬਲਿ ਰਾਮ ਜੀਉ ॥, ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ ਹਰਿ ਪਾਇਆ, ਬਲਿ ਰਾਮ ਜੀਉ ॥’’ (ਮ: ੪/੭੭੪), ਆਦਿ ਗੁਰਮਤਿ ਪੜਾਵਾਂ ਵਿੱਚੋਂ ਲੰਘਦਿਆਂ ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ॥  ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮ: ੩/੭੮੮) ਦਾ ਸੰਕਲਪ ਬਖ਼ਸ਼ਿਆ।

ਇਸ ਲੇਖ ਵਿਚ ਅਸੀਂ ਮ੍ਰਿਤਕ ਸੰਸਕਾਰ ਸਬੰਧੀ ਵਿਚਾਰਾਂ ਦੀ ਸਾਂਝ ਕਰਨ ਦਾ ਯਤਨ ਕਰਾਂਗੇ। ਤੀਜੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਸਮੇਂ ‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥’’ (ਬਾਬਾ ਸੁੰਦਰ/੯੨੩)  ਭਾਵ ਸਮੂਹ ਪਰਿਵਾਰ, ਸਬੰਧੀ ਤੇ ਸਿੱਖਾਂ ਨੂੰ ਸੰਗਤੀ ਰੂਪ ਵਿੱਚ ਇਕੱਤਰ ਕਰ ਕੇ, ਜੋ ਉਪਦੇਸ਼ ਦਿੱਤਾ ਉਸ ਨੂੰ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ‘ਸਦੁ’ ਬਾਣੀ ਅਧੀਨ ਕਲਮਬੰਦ ਕੀਤਾ ਜੋ ਰਾਮਕਲੀ ਰਾਗ ਅੰਦਰ ਪੰਨਾ ਨੰ: ੯੨੩-੯੨੪ ’ਤੇ ਦਰਜ ਹੈ, ਇਸ ਬਾਣੀ ਦੇ ਕੁਲ ਛੇ ਬੰਦ ਹਨ ਭਾਵੇਂ ਸਿੱਖ ਰਹਿਤ ਮਰਯਾਦਾ ਦੇ ਵਿਧਾਨ ਅੰਦਰ ਮ੍ਰਿਤਕ ਸੰਸਕਾਰ ਸਮੇਂ ਇਸ ਬਾਣੀ ਨੂੰ ਪੜ੍ਹਨ ਦੀ ਕੋਈ ਵਿਸ਼ੇਸ਼ ਤਾਗੀਦ (ਤਾਕੀਦ, ਜ਼ਰੂਰੀ) ਨਹੀਂ ਕੀਤੀ ਪਰ ਫਿਰ ਵੀ ਸਿੱਖ ਜਗਤ ਵਿੱਚ ਅਲਾਹਣੀਆਂ ਅਤੇ ‘ਸਦੁ’ ਬਾਣੀ ਦਾ ਪਾਠ ਕਰਨ ਦੀ ਪਰੰਪਰਾ ਪ੍ਰਚਲਿਤ ਹੈ।  ਇਸ ‘ਸਦੁ’ ਬਾਣੀ ਦਾ ਪੰਜਵਾਂ ਬੰਦ ਵਿਚਾਰ ਕਰਨ ਲਈ ਖਾਸ ਧਿਆਨ ਮੰਗਦਾ ਹੈ ਕਿਉਂਕਿ ‘ਸਦੁ’ ਬਾਣੀ ਨੇ ਜਿਨ੍ਹਾਂ ਫੋਕਟ ਕਰਮਕਾਡਾਂ ਤੋਂ ਸਾਨੂੰ ਰੋਕਿਆ ਹੈ, ਲਗਭਗ ਓਹੀ ਕਰਮਕਾਂਡ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ  ਵਿੱਚ ਕਰੀ ਜਾਂਦੇ ਹੁੰਦੇ ਹਾਂ।

 ਕਰਤਾਰ (ਪ੍ਰਭੂ) ਦੇ ਬਣੇ ਨਿਯਮ ਅਧੀਨ ਕੋਈ ਪ੍ਰਾਣੀ (ਜੀਵ ਜੰਤੂ) ਮੌਤ ਦੇ ਚੁੰਗਲ ਤੋਂ ਬਚ ਨਹੀਂ ਸਕਦਾ, ਇਸ ਲਈ ਹਰ ਪ੍ਰਾਣੀ, ਗਰੀਬ ਅਮੀਰ, ਰਾਣਾ ਰੰਕ, ਪੜ੍ਹਿਆ ਅਣਪੜ੍ਹਿਆ ਮੌਤ ਤੋਂ ਡਰਦਾ ਹੈ, ਇਸ ਮੌਤ ਦੇ ਭੈ ਤੋਂ ਮੁਕਤ ਹੋਣ ਲਈ ਅਨੇਕਾਂ ਤਰ੍ਹਾਂ ਦੇ ਕਰਮਕਾਂਡ, ਯਤਨ  ਮਨੁੱਖ ਆਦਿ ਕਾਲ ਤੋਂ ਕਰਦਾ ਆ ਰਿਹਾ ਹੈ ਤਾਂ ਕਿ ਮੌਤ ਤੋਂ ਲੁਕ-ਛਿਪ ਕੇ ਆਪਣੀ ਜਾਨ ਬਚਾਈ ਜਾ ਸਕੇ।  ਸੰਸਾਰ ਦੀ ਇਹ ਦਸ਼ਾ ਵੇਖਦਿਆਂ ਹੀ ਸਾਹਿਬ ਜੀ ਨੇ ਬਚਨ ਕੀਤਾ, ‘‘ਜਗਿ ਮਰਣੁ ਨ ਭਾਇਆ, ਨਿਤ ਆਪੁ ਲੁਕਾਇਆ; ਮਤ ਜਮੁ ਪਕਰੈ ਲੈ ਜਾਇ ਜੀਉ ॥’’ (ਮ: ੪/੪੪੭)

ਪੁਜਾਰੀ ਸ਼੍ਰੇਣੀ ਨੇ ਮੁਕਤੀ ਲਈ ਇਹ ਸਾਧਨ ਪ੍ਰਚਲਿਤ ਕੀਤੇ ਹਨ ਕਿ ਮਰਨ ਲੱਗੇ ਪ੍ਰਾਣੀ ਨੂੰ ਮੰਜੇ ਜਾਂ ਬਿਸਤਰੇ ਤੋਂ ਭੁੰਜੇ ਲਾਹ ਦਿਉ। ਹੱਥ ਦੀ ਤਲੀ ’ਤੇ ਆਟੇ ਦਾ ਦੀਵਾ ਬਾਲ ਕੇ ਰੱਖ ਦਿਉ, ਜਿਸ ਵਿਚ ਕਿਰਿਆ ਕਰਨ ਵਾਲੇ ਪ੍ਰੋਹਿਤ ਜੀ ਹਿਤ ਯਥਾ ਸ਼ਕਤਿ ਸੋਨੇ, ਚਾਂਦੀ ਜਾਂ  ਮਾਇਆ ਦੇ ਰੂਪ ਵਿਚ ਕੋਈ ਸਿੱਕਾ ਪਾ ਦਿਉ, ਇਹ ਦੀਵਾ ਪ੍ਰਾਣੀ ਨੂੰ ਹਨ੍ਹੇਰੇ ਪੈਂਡਿਆਂ ’ਚੋਂ ਲੰਘਣ ਸਮੇਂ ਚਾਨਣ ਦਿੰਦਾ ਹੈ। ਸਸਕਾਰ ਤੋਂ ਪਹਿਲਾਂ ਜੌਂ ਦੇ ਆਟੇ ਦੇ ਪੇੜੇ, ਪੱਤਲਾਂ ’ਤੇ ਰੱਖ ਕੇ ਮਣਸੇ ਜਾਂਦੇ ਹਨ, ਸੂਰਜ ਵੱਲ ਮੂੰਹ ਕਰ ਕੇ ਪਾਣੀ ਦੀਆਂ ਚੂਲੀਆਂ ਕੀਤੀਆਂ ਜਾਂਦੀਆਂ ਹਨ।  ਇਹ ਵਿਛੜੀ ਹੋਈ ਆਤਮਾ ਨੂੰ ਖ਼ੁਰਾਕ ਭੇਜੀ ਜਾਂਦੀ ਹੈ। ਸਸਕਾਰ ਨੂੰ ਜਾਂਦੇ ਸਮੇਂ ਅਧਵਾਟਾ ਕੀਤਾ ਜਾਂਦਾ ਹੈ।  ਦਾਹ ਸਸਕਾਰ ਪਿੱਛੋਂ ਅਸਥੀਆਂ (ਹੱਡੀਆਂ) ਹਰਿਦੁਆਰ ਗੰਗਾ (ਨਦੀ) ਵਿੱਚ ਪਾਈਆਂ ਜਾਂਦੀਆਂ ਹਨ।  ਮਰਨ ਪਿੱਛੋਂ 13 ਦਿਨਾਂ ਤੱਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਇਸ ਲਈ 13 ਦਿਨ ਲਗਾਤਾਰ ਸਵੇਰੇ ਉੱਠਦੇ ਹੀ ਭਿਆਨਕ ਡਰਾਉਣੀਆਂ ਧਾਹਾਂ ਮਾਰੀਆਂ ਜਾਂਦੀਆਂ ਹਨ, ਫਿਰ ਤੇਰ੍ਹਵੇਂ ਦਿਨ ਮ੍ਰਿਤਕ ਸੰਬੰਧੀ ਕਿਰਿਆ ਕੀਤੀ ਜਾਂਦੀ ਹੈ, ਕਿਰਿਆ ਦੀ ਰਸਮ ਵਿਸ਼ੇਸ਼ ਪੰਡਿਤ ਆ ਕੇ ਕਰਦਾ ਹੈ, ਗਰੁੜ ਪੁਰਾਣ ਦੀ ਕਥਾ ਸੁਣਾਈ ਜਾਂਦੀ ਹੈ ਕਿ ਪ੍ਰਾਣੀ ਨੂੰ ਪ੍ਰਲੋਕ ਤੱਕ ਪੁੱਜਣ ਲਈ 360 ਦਿਨ ਲਗਦੇ ਹਨ ਕਿਉਂਕਿ ਉਸ ਨੇ (88000 ਯੋਜਨ, ਗੁਣਾਂ 4=352000 ਮੀਲ ਜਾਂ 8,80,000 ਕਿਲੋਮੀਟਰ) ਲੰਬਾ ਰਸਤਾ, ਸਮੇਤ ਵੈਤਰਣੀ ਨਦੀ (ਜੋ ਗੰਦਗੀ ਮਿਝ ਨਾਲ ਭਰੀ, ਗਊ ਦੀ ਮਦਦ ਨਾਲ ਪਾਰ ਹੁੰਦੀ ਹੈ) ਨੂੰ ਪਾਰ ਕਰ ਕੇ ਪ੍ਰਲੋਕ ਪੁੱਜਣਾ ਹੈ, ਇਸ ਲਈ 360 ਦੀਵੇ ਬਾਲੇ ਜਾਂਦੇ ਹਨ।  ਇਸ ਤੋਂ ਇਲਾਵਾ ਸ਼ਨੀ ਦੇਵਤੇ ਦੇ ਮੰਦਰ ਵਿੱਚ ਸਾਲਾਂ ਬੱਧੀ ਰੋਜ਼ ਦੀਵੇ  ਜਗਾਉਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆਂ ਵਾਲੇ ਦਿਨ ਵੀ ਪਿੰਡ ਭਰਾਏ ਜਾਂਦੇ ਹਨ।  ਪ੍ਰੋਹਿਤ ਨੂੰ ਛਤਰੀ, ਕੱਪੜੇ, ਭਾਂਡੇ ਆਦਿ ਦਾਨ ਕੀਤੇ ਜਾਂਦੇ ਹਨ।  ਫਿਰ ਸਾਲ ਪਿੱਛੋਂ ਮ੍ਰਿਤਕ ਸੰਬੰਧੀ ਵਰ੍ਹੀਣਾ (ਬਰਸੀ) ਕੀਤਾ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਫੋਕਟ ਧਰਮ ਦਾ ਭਾਰ ਲਾਉਂਦਿਆਂ, ‘‘ਆਇਆ ਗਇਆ, ਮੁਇਆ ਨਾਉ ॥  ਪਿਛੈ ਪਤਲਿ ਸਦਿਹੁ ਕਾਵ ॥  ਨਾਨਕ  !  ਮਨਮੁਖਿ ਅੰਧੁ ਪਿਆਰੁ ॥  ਬਾਝੁ ਗੁਰੂ; ਡੁਬਾ ਸੰਸਾਰੁ ॥’’ (ਮ: ੧/੧੩੮)  ਦਾ ਉਪਦੇਸ਼ ਦੇ ਕੇ ਕਰਮਕਾਂਡੀ ਫੋਕਟ ਲੋਟੂ ਬ੍ਰਾਹਮਣੀ ਮਰਯਾਦਾ ਨੂੰ ਅਪ੍ਰਵਾਨ ਕਰ ਦਿੱਤਾ।

ਗਇਆ ਤੀਰਥ ’ਤੇ ਪਾਂਡਿਆਂ ਨਾਲ ਜੋ ਵੀਚਾਰ ਚਰਚਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ, ਉਸ ਰਾਹੀਂ ਗੁਰਮਤਿ ਸੰਬੰਧੀ ਪੱਖ ਨੂੰ ਇੰਝ ਉਜਾਗਰ ਕੀਤਾ, ‘‘ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥  ਉਨਿ ਚਾਨਣਿ, ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥੧॥  ਲੋਕਾ  ! ਮਤ ਕੋ ਫਕੜਿ ਪਾਇ ॥  ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥  ਪਿੰਡੁ, ਪਤਲਿ, ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥  ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ ॥੨॥  ਗੰਗ ਬਨਾਰਸਿ ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥  ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥੩॥  ਇਕ ਲੋਕੀ, ਹੋਰੁ ਛਮਿਛਰੀ; ਬ੍ਰਾਹਮਣੁ ਵਟਿ, ਪਿੰਡੁ ਖਾਇ ॥  ਨਾਨਕ  ! ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥੪॥’’ (ਮ: ੧/੩੫੮)

ਗੁਰੂ ਅਮਰਦਾਸ ਜੀ ਦੁਆਰਾ ਦਰਸਾਇਆ ਗਿਆ ਮਾਰਗ ‘‘ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ, ਜੀਉ ॥  ਗੁਰ ਸਬਦਿ ਸਮਾਵਏ; ਅਵਰੁ ਨ ਜਾਣੈ ਕੋਇ, ਜੀਉ ॥  ਅਵਰੋ ਨ ਜਾਣਹਿ, ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ॥  ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ॥’’ (ਰਾਮਕਲੀ ਸਦ/ਬਾਬਾ ਸੁੰਦਰ/੯੨੩) ਅਪਨਾਇਆ ਤੇ ਪ੍ਰਭੂ ਦੇ ਦਰ ’ਤੇ ਬੇਨਤੀ ਕਰ ਕੇ ‘‘ਪੈਜ ਰਾਖਹੁ, ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥ ਅੰਤਿ ਚਲਦਿਆ, ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ ॥’’ (ਰਾਮਕਲੀ ਸਦ/ਬਾਬਾ ਸੁੰਦਰ/੯੨੩) ਦੀ ਮੰਗ ਕੀਤੀ, ‘‘ਆਇਆ ਹਕਾਰਾ, ਚਲਣਵਾਰਾ.. .॥’’ (ਬਾਬਾ ਸੁੰਦਰ)  ਭਾਵ ਹੇ ਪੁਤਰੋ ! ਹੇ ਗੁਰਮੁਖ ਪਿਆਰਿਓ  !  ਇਸ ਗੱਲ ਨੂੰ ਸਮਝੋ ਤੇ ਚੇਤੇ ਰੱਖੋ ਕਿ ‘‘ਧੁਰਿ ਲਿਖਿਆ ਪਰਵਾਣਾ, ਫਿਰੈ ਨਾਹੀ; ਗੁਰੁ ਜਾਇ, ਹਰਿ ਪ੍ਰਭ ਪਾਸਿ ਜੀਉ ॥’’ (ਬਾਬਾ ਸੁੰਦਰ/੯੨੩) ਦਾ ਨਿਯਮ ਅਟੱਲ ਹੈ।  ਫਿਰ ‘‘ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ॥  ਮਤ, ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ ॥’’ (ਬਾਬਾ ਸੁੰਦਰ/੯੨੩) ਕਿਉਂਕਿ ਸੰਸਾਰ ਕੇਵਲ ਸੁਆਰਥੀ ਮਤਲਬ ਕਾਰਨ ਹੀ ਰੋ ਰਿਹਾ ਹੈ, ਜੋ ‘‘ਝੂਠਾ ਰੁਦਨੁ ਹੋਆ ਦੁੋਆਲੈ; ਖਿਨ ਮਹਿ ਭਇਆ ਪਰਾਇਆ ॥’’ (ਮ: ੧/੭੫) ਵਾਲਾ ਝੂਠਾ ਵਿਖਾਵਾ ਕਰਦਾ ਹੈ, ‘‘ਵਾਲੇਵੇ ਕਾਰਣਿ ਬਾਬਾ ਰੋਈਐ; ਰੋਵਣੁ ਸਗਲ ਬਿਕਾਰੋ ॥  ਰੋਵਣੁ ਸਗਲ ਬਿਕਾਰੋ, ਗਾਫਲੁ ਸੰਸਾਰੋ; ਮਾਇਆ ਕਾਰਣਿ ਰੋਵੈ ॥’’ (ਅਲਾਹਣੀਆ/ਮ: ੧/੫੭੯) ਜਾਂ ‘‘ਬਾਲਕੁ ਮਰੈ; ਬਾਲਕ ਕੀ ਲੀਲਾ ॥  ਕਹਿ ਕਹਿ ਰੋਵਹਿ; ਬਾਲੁ ਰੰਗੀਲਾ ॥ ਜਿਸ ਕਾ ਸਾ, ਸੋ ਤਿਨ ਹੀ ਲੀਆ; ਭੂਲਾ ਰੋਵਣਹਾਰਾ ਹੇ ॥ (ਮ: ੧/੧੦੨੭), ਤੁਮ ਰੋਵਹੁਗੇ ਓਸ ਨੋ; ਤੁਮ੍ ਕਉ ਕਉਣੁ ਰੋਈ  ? ॥’’ (ਮ: ੧/੪੧੮) ਇਸ ਲਈ ਗੁਰੂ ਅਮਰਦਾਸ ਜੀ ਨੇ ਲੋਕ ਪ੍ਰਲੋਕ ਸੁਹੇਲਾ ਕਰਨ ਲਈ ਇਹ ਅੰਮ੍ਰਿਤ ਬਚਨ ਕਹੇ, ‘‘ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ ਕੀਰਤਨੁ ਕਰਿਅਹੁ, ਨਿਰਬਾਣੁ ਜੀਉ ॥  ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥ ਹਰਿ ਕਥਾ ਪੜੀਐ; ਹਰਿ ਨਾਮੁ ਸੁਣੀਐ; ਬੇਬਾਣੁ ਹਰਿ ਰੰਗੁ; ਗੁਰ ਭਾਵਏ ॥  ਪਿੰਡੁ, ਪਤਲਿ, ਕਿਰਿਆ, ਦੀਵਾ; ਫੁਲ ਹਰਿ ਸਰਿ ਪਾਵਏ ॥’’ (ਰਾਮਕਲੀ ਸਦ/ਬਾਬਾ ਸੁੰਦਰ/੯੨੩)

ਜੋਤੀ ਜੋਤੀ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਹੇ ਭਾਈ  !  ਮੇਰੇ ਪਿੱਛੋਂ ਨਿਰੋਲ ਕੀਰਤਨ ਕਰਨਾ ਕਿਉਂਕਿ, ‘‘ਜੋ ਜਨੁ ਕਰੈ; ਕੀਰਤਨੁ ਗੋਪਾਲ ॥ ਤਿਸ ਕਉ ਪੋਹਿ ਨ ਸਕੈ; ਜਮਕਾਲੁ ॥’’ (ਮ: ੫/੮੬੭) ਜਾਂ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥  ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਮ: ੫/੭੪੭) ਫਿਰ ਪਰਮਾਤਮਾ ਦੇ ਸਤਸੰਗੀ ਗੁਰਮੁਖਾਂ, ‘‘ਕੇਸੋ ਗੋਪਾਲ ਪੰਡਿਤ ਸਦਿਅਹੁ…॥’’ (ਬਾਬਾ ਸੁੰਦਰ/੯੨੩) ਨੂੰ ਸੱਦਣਾ ਹੈ, ਜੋ ਪ੍ਰਭੂ ਭਗਤੀ ਦੀ ਕਥਾ ਵੀਚਾਰ ਕਰਨ, ‘‘ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥’’ (ਬਾਬਾ ਸੁੰਦਰ/੯੨੩) ਭਾਵ ਹਰਿ ਨਾਮ ਰੂਪ ‘ਪੁਰਾਣੁ’ ਨੂੰ ਵੀਚਾਰਨਾ ਹੈ। (ਵਿਸਥਾਰ ਸਮਝਣ ਲਈ ‘ਸਦੁ’ ਬਾਣੀ ਟੀਕਾ ਪ੍ਰੋ: ਸਾਹਿਬ ਸਿੰਘ ਜੀ ਪੜ੍ਹੋ, ਜੀ।)

ਹਰੀ ਨਾਮ ਨੂੰ ਜਪਣਾ, ਸੁਣਨਾ ਤੇ ਹਰੀ ਪਿਆਰ ਨੂੰ ਹਿਰਦੇ ਵਿੱਚ ਪੈਦਾ ਕਰਨਾ ਹੀ ‘ਬੇਬਾਣ’ (ਵਿਮਾਨ ਦੀ ਨਕਲ ਕਰ ਲੰਬੀ ਉਮਰ ਭੋਗ ਕੇ ਗੁਜਰੇ ਬਜ਼ੁਰਗ-ਮੁਰਦੇ ਲਈ ਬਣਾਈ ਅਰਥੀ) ਹੈ ਭਾਵ ਪਰਮਾਤਮਾ ਦਾ ਪਿਆਰ ਰੂਪ ‘ਬੇਬਾਣ’ ਹੀ ਚੰਗਾ ਲਗਦਾ ਹੈ। ਗੁਰਮਤਿ ਨੇ ਜਿੱਥੇ ਸਾਨੂੰ ਧਾਰਮਿਕ, ਅਧਿਆਤਮਿਕ ਗਿਆਨ ਬਖ਼ਸ਼ਿਆ ਹੈ, ਉੱਥੇ ਸਮਾਜ ਪ੍ਰਤੀ ਆਪਣੇ ਮਾਤਾ ਪਿਤਾ (ਬਜ਼ੁਰਗਾਂ) ਪ੍ਰਤੀ ਫ਼ਰਜ਼ ਲਈ ਵੀ ਬੜਾ ਸੁਚੇਤ ਕੀਤਾ ਹੈ; ਜਿਵੇਂ ਕਿ ਭਗਤ ਕਬੀਰ ਜੀ ਨੇ ਫ਼ੁਰਮਾਣ ਕੀਤਾ, ‘‘ਜੀਵਤ ਪਿਤਰ ਨ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ  ?   ਕਊਆ ਕੂਕਰ ਖਾਹੀ ॥’’ (ਭਗਤ ਕਬੀਰ/੩੩੨)

ਭਾਈ ਗੁਰਦਾਸ ਜੀ ਨੇ ਮਾਤਾ ਪਿਤਾ ਦੀ ਸੇਵਾ ਦੇ ਮਹਾਨ ਫ਼ਰਜ਼ ਨੂੰ ਸਮਝਣ ਲਈ ਇੰਜ ਬਿਆਨ ਕੀਤਾ :

ਮਾਂ ਪਿਉ ਪਰਹਰਿ, ਸੁਣੈ ਵੇਦੁ; ਭੇਦੁ ਨ ਜਾਣੈ, ਕਥਾ ਕਹਾਣੀ।

ਮਾਂ ਪਿਉ ਪਰਹਰਿ, ਕਰੈ ਤਪੁ; ਵਣਖੰਡਿ ਭੁਲਾ, ਫਿਰੈ ਬਿਬਾਣੀ।

ਮਾਂ ਪਿਉ ਪਰਹਰਿ, ਕਰੈ ਪੂਜੁ; ਦੇਵੀ ਦੇਵ ਨ ਸੇਵ ਕਮਾਣੀ।

ਮਾਂ ਪਿਉ ਪਰਹਰਿ, ਨ੍ਹਾਵਣਾ; ਅਠਸਠਿ ਤੀਰਥ ਘੁੰਮਣ ਵਾਣੀ।

ਮਾਂ ਪਿਉ ਪਰਹਰਿ, ਕਰੈ ਦਾਨ; ਬੇਈਮਾਨ ਅਗਿਆਨ ਪਰਾਣੀ।

ਮਾਂ ਪਿਉ ਪਰਹਰਿ, ਵਰਤ ਕਰਿ; ਮਰਿ ਮਰਿ ਜੰਮੈ ਭਰਮਿ ਭੁਲਾਣੀ।

ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥ (ਭਾਈ ਗੁਰਦਾਸ ਜੀ/ਵਾਰ ੩੭ ਪਉੜੀ ੧੩)

ਇਸ ਲਈ ‘ਬੇਬਾਣ’, ਆਦਿ ਵਿਖਾਵੇ ਦੇ ਕਰਮ ਫੋਕਟ ਕਰਮ ਹਨ, ਗੁਰਮਤਿ ਨਹੀਂ, ਸਗੋਂ ਗੁਰੂ ਦਾ ਹੁਕਮ ਤਾਂ ਇਹ ਹੈ, ‘‘ਜੇ ਮਿਰਤਕ ਕਉ; ਚੰਦਨੁ ਚੜਾਵੈ ॥  ਉਸ ਤੇ ਕਹਹੁ   ?  ਕਵਨ ਫਲ ਪਾਵੈ ॥  ਜੇ ਮਿਰਤਕ ਕਉ; ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ; ਕਿਆ ਘਟਿ ਜਾਈ  ? ॥’’ (ਮ: ੫/੧੧੬੦)

‘‘ਪਿੰਡੁ, ਪਤਲਿ, ਕਿਰਿਆ, ਦੀਵਾ; ਫੁਲ ਹਰਿ ਸਰਿ ਪਾਵਏ ॥’’ (ਭਗਤ ਸੁੰਦਰ/੯੨੩) ਦਾ ਅਰਥ ਇਹ ਕਦਾਚਿਤ ਨਹੀਂ ਕਿ ਅਸਥੀਆਂ ਇਕੱਤਰ ਕਰ ਹਰਿਦੁਆਰ, ਕੀਰਤਪੁਰ ਸਾਹਿਬ ਜਾਂ ਗੋਦਾਵਰੀ ਕੰਢੇ ਪਾਈਆਂ ਜਾਣ, ਕਿਉਂਕਿ ਮਨੁੱਖ ਦੀ ਨੇੜਤਾ ਪਰਮਾਤਮਾ ਨਾਲ ਸ਼ੁੱਭ  ਅਮਲਾਂ ਕਰ ਕੇ ਹੋਣੀ ਹੈ, ‘‘ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ॥ (ਜਪੁ), ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ॥’’ (ਮ: ੧/੪੬੪) ਦਾ ਨਿਯਮ ਹਰ ਪ੍ਰਾਣੀ ਮਾਤਰ (ਅਮੀਰ ਗ਼ਰੀਬ ਸਭ) ਲਈ ਸਪੱਸ਼ਟ ਰੂਪ ਵਿਚ ਦਰਸਾਇਆ ਗਿਆ ਹੈ। ਫਿਰ ਗੁਰਬਾਣੀ ਨੇ ਇਹ ਵੀ ਸਮਝਾਇਆ ਹੈ ਕਿ ਆਪਣੇ ਆਪਣੇ ਤਰੀਕੇ ਨਾਲ ਸਸਕਾਰ ਕੀਤੇ ਜਾਣ।  ਦੇਹੀ ਨੂੰ ਸੰਭਾਲ਼ਦਿਆਂ ਕੋਈ ਵਿਤਕਰਾ ਕਰਨਾ, ਇਸ ਦਾ ਮਨੁੱਖੀ ਮੌਤ ਨਾਲ ਜਾਂ ਆਤਮਾ ਨਾਲ ਕੋਈ ਸੰਬੰਧ ਨਹੀਂ।  ਕਿਸੇ ਨੂੰ ਕੋਈ ਪਤਾ ਨਹੀਂ ਕਿ ਦਫ਼ਨਾਇਆ, ਸਾੜਿਆ, ਜਲ ਪ੍ਰਵਾਹ ਕੀਤਾ ਜਾਂ ਸ਼ਾਂਤੀ ਦੇ ਖੂਹ ਵਿੱਚ ਸੰਭਾਲ਼ਿਆ ਪ੍ਰਾਣੀ, ਆਤਮਾ ਰੂਪ ਵਿੱਚ ਨਰਕਾਂ ਵਿੱਚ ਗਿਆ ਜਾਂ ਸਵਰਗਾਂ ਵਿੱਚ  ?   ਸਭ ਮਨੋਕਲਪਿਤ ਭਰਮ ਭੁਲੇਖੇ ਹਨ।  ਗੁਰੂ ਫ਼ੁਰਮਾਨ ਹੈ, ‘‘ਇਕ ਦਝਹਿ, ਇਕ ਦਬੀਅਹਿ; ਇਕਨਾ ਕੁਤੇ ਖਾਹਿ ॥  ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ ਫਿਰਿ ਹਸਣਿ ਪਾਹਿ ॥  ਨਾਨਕ  ! ਏਵ ਨ ਜਾਪਈ; ਕਿਥੈ ਜਾਇ ਸਮਾਹਿ  ? ॥’’ (ਮ: ੧/੬੪੮)

ਪੁਰਾਤਨ ਗੁਰਸਿੱਖਾਂ ਦੇ ਜੀਵਨ ਤੋਂ (ਭਾਵ ਗੁਰੂ ਕਾਲ ਤੋਂ) ਅਜਿਹਾ ਕੋਈ ਪ੍ਰਮਾਣ ਮੌਜੂਦ ਨਹੀਂ, ਜਿੱਥੇ ਪੁਜਾਰੀਵਾਦ ਦਾ ਕਰਮਕਾਂਡ ਜਾਂ  ਫੋਕਟ ਕਿਰਿਆ ਦਾ ਵਿਖਾਵਾ ਹੁੰਦਾ ਹੋਵੇ, ਓਥੇ ਸਿੱਖਾਂ ਬਾਰੇ ਜਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਇਵੇਂ ਜਾਣਕਾਰੀ ਦਿੱਤੀ ਮਿਲਦੀ ਹੈ, ‘ਕਿਰਿਆ ਕਰਮ ਕਰਾਵਤ ਨਾਹੀ॥ ਹਡੀ ਪਾਏ ਨਾ ਗੰਗਾ ਮਾਹੀ॥’ (ਪ੍ਰਾਚੀਨ ਪੰਥ ਪ੍ਰਕਾਸ਼)

ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਪੇਜ ਨੰਬਰ 25-26 ’ਤੇ ਮਿਰਤਕ ਸਸਕਾਰ ਸੰਬੰਧੀ ‘ੳ’ ਤੋਂ ‘ਖ’ ਤੱਕ ਲਿਖਿਆ ਹੈ, ਜਿਨ੍ਹਾਂ ਵਿੱਚੋਂ ਭਾਵ ‘ਕ’ ਤੇ ‘ਖ’ ’ਚ ਜੋ ਹੂ-ਬਹੂ ਦਰਜ ਹੈ, ਉਹ ਇੱਥੇ ਲਿਖਿਆ ਜਾ ਰਿਹਾ ਹੈ ਤਾਂ ਜੋ ਉਪਰੋਕਤ ਵੀਚਾਰ ਦੀ ਵਧੀਕ ਪੁਸ਼ਟੀ ਹੋ ਸਕੇ।

(ਕ) ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਢਾ ਹੋਣ ’ਤੇ ਸਾਰੀ ਦੇਹ ਦੀ ਭਸਮ, ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿਤੀ ਜਾਵੇ।  ਸਸਕਾਰ ਅਸਥਾਨ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ।

(ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋਂ  ਫੁੱਲ ਚੁਗ ਕੇ ਗੰਗਾ, ਪਾਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿਚ ਜਾ ਕੇ ਪਾਉਣੇ ਮਨਮਤ ਹੈ।

ਇਸ ਲਈ ਗੁਰੂ ਅਮਰਦਾਸ ਜੀ ਦੁਆਰਾ ਬਖ਼ਸ਼ੇ ਉਪਦੇਸ਼ ਨੂੰ ਮੰਨਣਾ, ਗੁਰਮਤਿ ਰਹਿਣੀ ਦੀ ਪਾਲਣਾ ਕਰਨਾ, ਸਾਡਾ ਨੈਤਿਕ ਫ਼ਰਜ਼ ਹੋਣਾ ਚਾਹੀਦਾ ਹੈ, ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ  ! ਜਿ, ਗੁਰ ਕੇ ਭਾਣੇ ਵਿਚਿ ਆਵੈ ॥  ਆਪਣੈ ਭਾਣੈ, ਜੋ ਚਲੈ ਭਾਈ  ! ਵਿਛੁੜਿ, ਚੋਟਾ ਖਾਵੈ ॥’’  (ਮ: ੩/੬੦੧)

ਜੇ ਅਸੀਂ ਗੁਰਮਤਿ ਰਹਿਣੀ ਦੀ ਪਾਲਣਾ ਕਰਾਂਗੇ ਤਾਂ ਸਾਡੇ ’ਤੇ ਕਿਰਪਾ (ਬਖ਼ਸ਼ਸ਼) ਹੋਵੇਗੀ ਫਿਰ ਅਸੀਂ ਸੁਖੈਨ ਤਰੀਕੇ ਨਾਲ ਸੰਸਾਰ ਸਾਗਰ ਤੋਂ ਪਾਰ ਹੋਣ ਦੇ ਸਮਰੱਥ ਹੋਵਾਂਗੇ, ਜਿੱਥੇ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥’’ (ਮ: ੫/੭੪੭) ਓਥੇ, ‘‘ਗੁਰ ਕੇ ਚਰਨ; ਜੀਅ ਕਾ ਨਿਸਤਾਰਾ ॥ ਸਮੁੰਦੁ ਸਾਗਰੁ; ਜਿਨਿ ਖਿਨ ਮਹਿ ਤਾਰਾ ॥’’ (ਮ: ੫/੬੮੪) ਸੁਖੈਨ ਮਾਰਗ ਹੈ, ‘‘.. ਨਿਮਖ ਸਿਮਰਤ ਜਿਤੁ ਛੂਟੈ ॥’’ (ਮ: ੫/੭੪੭) ਗੁਰੂ ਬਖ਼ਸ਼ਸ਼ ਦੀ ਬਰਕਤ ਹੈ। ਸਿੱਖ ਆਪਣੇ ਸ਼ਬਦ ਗੁਰੂ ’ਤੇ ਵਿਸ਼ਵਾਸ ਕਰਦਾ ਹੈ, ਜਿਸ ਨੇ ਇਹ ਉਪਦੇਸ਼ ਬਖ਼ਸ਼ਿਆ, ‘‘ਸਤਿਗੁਰ ਪੂਰੈ; ਸਾਚੁ ਕਹਿਆ ॥  ਨਾਮ ਤੇਰੇ ਕੀ ਮੁਕਤੇ ਬੀਥੀ; ਜਮ ਕਾ ਮਾਰਗੁ ਦੂਰਿ ਰਹਿਆ ॥’’ (ਮ: ੫/੩੯੩)

ਗੁਰਮਤਿ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ, ਸਿੱਖ ਜਗਤ ਨੂੰ ਗੁਰੂ ਚਰਨਾਂ ਦੀ ਸ਼ਕਤੀ (ਸਮਰੱਥਾ), ਗੁਰੂ ਦਾ ਪਿਆਰ ਇਨ੍ਹਾਂ ਸ਼ਬਦਾਂ  ਨਾਲ ਦ੍ਰਿੜ੍ਹ ਕਰਵਾਂਦੇ ਹਨ ਕਿ ਜਿਵੇਂ ਕੀੜੀ ਦਰਖ਼ਤ ’ਤੇ ਚੜ੍ਹਨ ਦਾ ਯਤਨ ਕਰਦੀ ਹੈ ਪਰ ਨਹੀਂ ਚੜ੍ਹ ਸਕਦੀ ਜਦਕਿ ਪੰਛੀ ਉੱਡ ਕੇ ਸਿੱਧਾ ਫਲ਼ ਤੱਕ ਪੁੱਜ ਜਾਂਦਾ ਹੈ।  ਸਿੱਖ ਦੀ ਆਤਮਿਕ ਉਡਾਰੀ ਚੀਟੀ ਵਰਗੀ ਨਹੀਂ, ਪੰਛੀ ਵਾਂਗਰ ਹੈ। ਬੈਲ ਗੱਡੀ ਕੇਵਲ ਘੁੰਮਦੀ-ਘੁੰਮਾਉਦੀ ਧੀਰੇ ਧੀਰੇ ਚੱਲ ਕੇ ਮੰਜ਼ਲ ’ਤੇ ਪੁੱਜਦੀ ਹੈ ਪਰ ਘੋੜ ਸਵਾਰ ਸੱਜਿਓ, ਖੱਬਿਓ ਨਿਕਲ ਕੇ ਮੰਜ਼ਲ ਜਲਦੀ ਸਰ ਕਰ ਲੈਂਦੇ ਹਨ।  ਮਨੁੱਖ ਪੈਦਲ ਤੁਰਦਿਆਂ ਜਲਦੀ ਥੱਕ ਜਾਂਦਾ ਹੈ ਪਰ ਆਤਮਾ (ਮਨ) ਛਿਨ ਭਰ ਵਿੱਚ ਹੀ ਚਤੁਰ ਕੁੰਟ ਦੀ ਯਾਤਰਾ ਕਰਨ ਦੇ ਸਮਰੱਥ ਹੈ; ਇਵੇਂ ਹੀ ਕਰਮਕਾਂਡ (ਵਿਖਾਵੇ ਦੇ ਧਾਰਮਿਕ ਰਿਵਾਜ) ਕੇਵਲ ਚੀਟੀ, ਬੈਲ ਗੱਡੀ ਜਾਂ ਪੈਦਲ ਤੁਰਨ ਵਾਂਗ ਹਨ ਪਰ ਸਤਿਗੁਰੂ ਦੀ ਸ਼ਰਨ ‘‘ਖਿਨ ਮਹਿ ਤਾਰਾ’’ ਵਾਲੀ ਜੁਗਤੀ ਹੈ। ਬਚਨ ਹਨ:

ਜੈਸੇ ਚੀਟੀ ਕ੍ਰਮ ਕ੍ਰਮ ਕੈ ਬਿਰਖ ਚੜੈ; ਪੰਛੀ ਉਡਿ ਜਾਇ, ਬੈਸੇ ਨਿਕਟਿ ਹੀ ਫਲ ਕੈ।

ਜੈਸੇ ਗਾਡੀ ਚਲੀ ਜਾਤਿ, ਲੀਕਨ ਮਹਿ ਧੀਰਜ ਸੈ; ਘੋਰੋ ਦਉਰਿ ਜਾਇ, ਬਾਏ ਦਾਹਨੇ ਸਬਲ ਕੈ।

ਜੈਸੇ ਕੋਸ ਭਰਿ ਚਲਿ ਸਕੀਐ ਨ ਪਾਇਨ ਕੈ; ਆਤਮਾ ਚਤੁਰ ਕੁੰਟ, ਧਾਇ ਆਵੈ ਪਲ ਕੈ।

ਤੈਸੇ ਲੋਗ ਬੇਦ ਭੇਦ ਗਿਆਨ ਉਨਮਾਨ ਪਛ; ਗੰਮ ਗੁਰ ਚਰਨ ਸਰਨ ਅਸਥਲ ਕੈ ॥੪੦੪॥ (ਭਾਈ ਗੁਰਦਾਸ ਜੀ : ਕਬਿੱਤ ੪੦੪)

ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ‘‘ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ, ਸੁ ਕਾਰ ਕਮਾਇ ਜੀਉ ॥  ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ॥  ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ ਤਤੀ ਵਾਉ ਜੀਉ ॥’’ (ਮ: ੧/੭੬੩)

ਜੇ ਅਸੀਂ ਸਿੱਖ ਕਹਾਉਣ ਵਾਲਿਆਂ ਨੇ ਹੀ ਅਨਮਤ ਜਾਂ ਬ੍ਰਾਹਮਣੀ (ਬਿਪਰਨ) ਰੀਤਾਂ ਵਿੱਚ ਗ੍ਰਸੇ ਰਹਿਣਾ ਹੈ ਤਾਂ ਫਿਰ ਕੌਮ ਦੀ ਰਾਖੀ ਕੌਣ ਕਰੇਗਾ।  ਕਬੀਰ ਜੀ ਦਾ ਬਚਨ ਬੜਾ ਭਾਵ ਅਰਥ ਰੱਖਦਾ ਹੈ ਕਿ ਜਿਸ ਬੱਚੇ ਦੀ ਮਾਤਾ ਹੀ ਉਸ ਨੂੰ ਜ਼ਹਿਰ ਦੇ ਕੇ ਮਾਰ ਦੇਵੇ ਉਸ ਨੂੰ ਕੌਣ ਬਚਾ ਸਕਦਾ ਹੈ, ‘‘ਕਹੁ ਕਬੀਰ  ! ਇਕ ਬੁਧਿ ਬੀਚਾਰੀ ॥’’  ਕਿਆ ਬਸੁ   ?  ਜਉ ਬਿਖੁ ਦੇ ਮਹਤਾਰੀ ॥’’ (ਭਗਤ ਕਬੀਰ/੩੨੮)

ਸੋ, ਆਓ ਪਰਮਾਤਮਾ ਅੱਗੇ ਬੇਨਤੀ ਕਰੀਏ ਕਿ ‘‘ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ॥ ਰਹਾਉ ॥’’ (ਮ: ੫/੬੪੧) ਤਾਂ ਕਿ ਆਪਣੇ ਨਿਆਰੇਪਣ, ਨਿਰਮਲਤਾ, ਸਰਬਤ ਦਾ ਭਲਾ, ਆਦਿ ਦੀ ਪਾਲਣਾ ਕਰਦਿਆਂ, ‘‘ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ॥’’ (ਮ: ੩/੯੧੯)  ਦੇ ਸਿਧਾਂਤ ’ਤੇ ਚੱਲਣ ਦੇ ਸਮਰੱਥ ਹੋ ਸਕੀਏ।

ਧਰਮਾਂ ਦੇ ਨਾਂ ’ਤੇ

0

ਧਰਮਾਂ ਦੇ ਨਾਂ ’ਤੇ

ਧਰਮਾਂ ਦੇ ਨਾਂ ਹੇਠ ਚੱਲ ਰਿਹਾ ਦੋਖੋ, ਅੱਜ ਕੱਲ੍ਹ ਬਹੁਤਾ ਹੀ ਹੈ ਧੰਦਾ ਜੀ।

ਬਹੁਤੇ ਇਸ ਚੱਕਰ ਵਿੱਚ ਫਸ ਗਏ, ਬਚਿਆ ਨਾ ਕੋਈ ਬੰਦੀ ਚਾਹੇ ਬੰਦਾ ਜੀ।

ਮੋਟੀਆਂ ਰਕਮਾਂ ’ਕੱਠੀਆਂ ਉਹ ਕਰ ਗਏ, ਮੰਗਦੇ ਸੀ ਜੋ ਥੋੜ੍ਹਾ-ਥੋੜ੍ਹਾ ਚੰਦਾ ਜੀ।

ਕੋਈ ਹੀ ਚੰਗੀ ਸੋਚ ਵਾਲਾ ਹੈ ਬਚਿਆ, ਬਹੁਤਿਆਂ ਦੇ ਗਲ ਪਿਆ ਇਹ ਫੰਦਾ ਜੀ।

ਜਿੱਧਰ ਦੇਖੋ ਉੱਧਰ ਹੋ ਰਹੇ ਨੇ ਪਾਖੰਡ, ਪਾਠ-ਪੂਜਾ ਦੇ ਨਾਂ ਹੇਠ ਚੱਲਦਾ ਰੰਦਾ ਜੀ।

ਧਰਮ ਗੁਰੂ, ਬਾਬਿਆਂ ਦੇ ਚੁੱਕ ਗਏ ਪਰਦੇ, ਕੰਮ ਜੋ ਕਰਦੇ ਸੀ ਡਿੱਗੇ ਹੋਏ ਗੰਦਾ ਜੀ।

ਬਣ ਧਰਮੀ ਕਹਾ ਰਹੇ ਨੇ ਨੰਦ ਲਾਲ ਹੁਣ, ਜੋ ਸੀ ਕਦੇ ਇਹ ਨੰਦੂ ਤੇ ਨੰਦਾ ਜੀ।

ਮੁਨੱਖਤਾ ਦੀ ਸਾਰ ਨਾ ਲੈਂਦਾ ਕੋਈ, ਕਰਨੀਆਂ ਕੀ ਨੇ ਸੋਨੇ ਦੀਆਂ ਕੰਧਾਂ ਜੀ।

ਕਈ ਧਰਮੀ ਬਣੇ ਅੱਜ ਹਨ ਕਰੋੜਪਤੀ, ਪਰ ਬੱਬੀ ਵਰਗਿਆਂ ਦਾ ਚੱਲ ਰਿਹਾ ਮੰਦਾ ਜੀ।

ਬਲਬੀਰ ਸਿੰਘ ਬੱਬੀ-92175-92531

ਹਿੰਦੂ ਚਾਣਕੀਆ ਨੀਤੀ ਦੇ ਪਿੰਜਰੇ ‘ਚ ਇੱਕ ਸਾਧ ਤੋਤਾ ਵੀ ਫਸਿਆ

0

ਚਾਣਕੀਆ ਨੀਤੀ ਦੇ ਪਿੰਜਰੇ ਵਿੱਚ ਇੱਕ ਸਾਧ ਤੋਤਾ ਵੀ ਫਸਿਆ

ਕਿਰਪਾਲ ਸਿੰਘ (ਬਠਿੰਡਾ) 98554-80797

ਮੈਨੂੰ ਅੱਜ ਇਹ ਲਿਖਣ ਵਿੱਚ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਚਾਣਕੀਆ ਨੀਤੀ ਦੇ ਪਿੰਜਰੇ ਵਿੱਚ ਇੱਕ ਹੋਰ ਤੋਤਾ ਫਸ ਚੁੱਕਾ ਹੈ। ਹਰ ਕੋਈ ਚਾਣਕੀਆ ਨੀਤੀ ਦੇ ਪਿੰਜਰੇ ਅਤੇ ਉਸ ਵਿੱਚ ਫਸੇ ਤੋਤੇ ਸਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੋਵੇਗਾ ਕਿ ਉਹ ਕਿਹੜਾ ਪਿੰਜਰਾ ਹੈ ਜਿਸ ਵਿੱਚ ਤੋਤੇ ਅਨਭੋਲ ਹੀ ਫਸ ਜਾਂਦੇ ਹਨ। ਵੀਰੋ ! ਸ਼ਾਇਦ ਤੁਹਾਨੂੰ ਚੇਤਾ ਹੋਵੇਗਾ ਕਿ ਗੁਰਮਤਿ ਅਨੁਸਾਰੀ ਜਾਗਰੂਕ ਲਹਿਰ ਦੇ ਪ੍ਰਮੁੱਖ ਪ੍ਰਚਾਰਕਾਂ ਵਿੱਚ ਫੁੱਟ ਦਾ ਬੀ ਬੀਜ਼ ਰਹੇ ਵਿਰਸਾ ਰੇਡੀਓ ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਤੋਂ ਸੁਚੇਤ ਕਰਨ ਲਈ 22 ਅਗਸਤ 2017 ਨੂੰ ਮੈਂ ਇੱਕ ਲੇਖ “ਕੌਮੀ ਦਰਦ ਨੂੰ ਸਮਝਣ ਵਾਲੇ ਗੁਰਸਿੱਖ ਇਤਿਹਾਸ ਤੋਂ ਕੁਝ ਸਿੱਖਣ” ਸਿਰਲੇਖ ਹੇਠ ਲਿਖਿਆ ਸੀ ਜੋ ਕਿ ਅੱਜ ਵੀ ਕਈ ਪੰਥਕ ਵੈੱਬਸਾਈਟਾਂ ’ਤੇ ਪੜ੍ਹਿਆ ਜਾ ਸਕਦਾ ਹੈ। ਅਗਲੇ ਦਿਨ 23 ਅਗਸਤ ਨੂੰ ਹਰਨੇਕ ਸਿੰਘ ਨੇ ਆਪਣੇ ਰੇਡੀਓ ’ਤੇ ਵੀ ਇਸ ਲੇਖ ਦੀ ਤਿੰਨ ਘੰਟੇ ਤੱਕ ਵੀਚਾਰ ਚਰਚਾ ਕੀਤੀ ਸੀ ਜਿਸ ਦੌਰਾਨ ਇੱਕ ਘੰਟੇ ਲਈ ਮੈਨੂੰ ਵੀ ਔਨ ਲਾਈਨ ਲੈ ਕੇ ਸਵਾਲ ਜਵਾਬ ਕੀਤੇ ਸਨ। ਉਸ ਉਪ੍ਰੰਤ ਵੀ ਮੈਂ ਤਕਰੀਬਨ ਹਰ ਹਫਤੇ ਲਗਾਤਾਰ 3-4 ਲੇਖ ਇਸੇ ਸਬੰਧ ’ਚ ਲਿਖੇ ਜਿਨ੍ਹਾਂ ਸਾਰਿਆਂ ਦਾ ਕੇਂਦਰੀ ਭਾਵ ਇਹੀ ਸੀ ਕਿ ਬਿੱਪਰਵਾਦ ਵੱਲੋਂ ਗੁਰਮਤਿ ਨੂੰ ਢਾਹ ਲਾਉਣ ਲਈ ਉਹ ਮਹਾਨ ਕੂਟਨੀਤਕ ਆਚਾਰੀਆ ਚਾਣੱਕਯ ਦੇ 4 ਅਸਤਰ-ਸਾਮਦਾਮਦੰਡ ਤੇ ਭੇਦ; ਵਿੱਚੋਂ ‘ਭੇਦ’ ਭਾਵ ਪ੍ਰਚਾਰਕਾਂ ਵਿੱਚ ਦੁਫੇੜ ਪਾਉਣ ਦੀ ਨੀਤੀ ਵਰਤ ਕਰ ਕੇ ਗੁਰਮਤਿ ਅਤੇ ਪੰਥ ਦਾ ਵੱਡਾ ਨੁਕਸਾਨ ਕਰ ਰਹੇ ਹਨ।  ਮੈਂ ਸੁਚੇਤ ਕਰਦਾ ਰਿਹਾਂ ਹਾਂ ਕਿ ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਇਸ ਸਮੇਂ ਦੇ ਗੁਰਮਤਿ ਦੇ ਚੋਟੀ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਵਿਚਕਾਰ ‘ਭੇਦ’ ਅਸਤਰ ਬੜੀ ਤੇਜੀ ਨਾਲ ਚਲਾ ਰਿਹਾ ਹੈ ਜਿਸ ਤੋਂ ਬਚਣ ਦੀ ਸਖਤ ਜਰੂਰਤ ਹੈ। ਹਰਨੇਕ ਸਿੰਘ ਭਾਵੇਂ ਮੇਰੇ ਲੇਖਾਂ ਤੋਂ ਬਹੁਤ ਪ੍ਰੇਸ਼ਾਨ ਸੀ ਪਰ ਮੇਰੇ ਕਿਸੇ ਵੀ ਸਵਾਲ ਦਾ ਢੁੱਕਵਾਂ ਜਵਾਬ ਨਾ ਦੇ ਸਕਿਆ।

ਇਸੇ ਦੌਰਾਨ ਚਾਰ ਹੋਰ ਸਾਥੀਆਂ ਸਮੇਤ ਸਾਡੀ ਟੀਮ ਨੇ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਇਹ ਹਰਨੇਕ ਸਿੰਘ ਤੁਹਾਡੇ ਵਿੱਚ ਦੂਰੀਆਂ ਵਧਾਉਣ ਦੀ ਪੂਰੀ ਵਾਹ ਲਾ ਰਿਹਾ ਹੈ ਪਰ ਤੁਸੀਂ ਸਾਰੇ ਮਿਲ ਕੇ ਸਮੁੱਚੇ ਪੰਥ ਨੂੰ ਇਹ ਯਕੀਨ ਦਿਵਾਓ ਕਿ ਤੁਹਾਡੇ ਵਿੱਚ ਕੋਈ ਵੀਚਾਰ ਧਾਰਕ ਮਤਭੇਦ ਜਾਂ ਨਿੱਜੀ ਵਿਰੋਧ ਨਹੀਂ ਹੈ ਅਤੇ ਸਾਰੇ ਮਿਲ ਕੇ ਗੁਰਮਤਿ ਦੇ ਗਾਡੀ ਰਾਹ ’ਤੇ ਤੁਰ ਰਹੇ ਹੋ; ਤਾਂ ਕਿ ਹਰਨੇਕ ਸਿੰਘ ਦਾ ਹਥਿਆਰ ਖੁੰਡਾ ਹੋ ਜਾਵੇ। ਭਾਈ ਪੰਥਪ੍ਰੀਤ ਸਿੰਘ ਜੀ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਦੱਸ ਦਿੱਤਾ ਸੀ ਕਿ “ਮੈਂ ਤੁਹਾਡੀਆਂ ਭਾਵਨਾਵਾਂ ਦੀ ਪੂਰੀ ਕਦਰ ਕਰਦਾ ਹਾਂ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅੱਜ ਤੱਕ ਮੈਂ ਭਾਈ ਢੱਡਰੀਆਂ ਵਾਲੇ ਦੇ ਵਿਰੋਧ ਵਿੱਚ ਕੋਈ ਵੀ ਸ਼ਬਦ ਨਹੀਂ ਬੋਲਿਆ, ਛਬੀਲ ਬ੍ਰਿਗੇਡ ਵੱਲੋਂ ਭਾਈ ਸਾਹਿਬ ਜੀ ’ਤੇ ਕੀਤੇ ਹਮਲੇ ਪਿੱਛੋਂ ਪੂਰੀ ਤਰ੍ਹਾਂ ਡਟ ਕੇ ਉਨ੍ਹਾਂ ਦੇ ਨਾਲ ਖੜ੍ਹੇ ਸੀ ਤੇ ਕਈ ਵਾਰ ਪ੍ਰਮੇਸ਼ਰਦੁਆਰ ਜਾ ਕੇ ਤਿੰਨ ਤਿੰਨ ਘੰਟੇ ਉਨ੍ਹਾਂ ਕੋਲ ਬੈਠ ਕੇ ਸਲਾਹ ਮਸ਼ਵਰਾ ਵੀ ਕਰਦੇ ਰਹੇ ਹਾਂ, ਭਾਈ ਭੂਪਿੰਦਰ ਸਿੰਘ ਜੀ ਦੇ ਭੋਗ ਸਮਾਗਮ ’ਤੇ ਸੰਗਤ ਸਮੇਤ ਪਹੁੰਚੇ ਸੀ, ਕਾਤਲਾਂ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਦਾ ਮੈਮੋਰੰਡਮ ਦੇਣ ਲਈ ਉਹ ਖ਼ੁਦ ਡੀਸੀ ਬਠਿੰਡਾ ਦੇ ਦਫਤਰ ਪਹੁੰਚਿਆ ਸੀ ਅਤੇ ਆਪਣੀ ਸਟੇਜ਼ ’ਤੇ ਕਈ ਵਾਰ ਭਾਈ ਰਣਜੀਤ ਸਿੰਘ ਨੂੰ ਆਪਣਾ ਭਾਈ ਕਹਿ ਕੇ ਸੰਬੋਧਨ ਕਰਦਾ ਰਿਹਾ ਹਾਂ ਪਰ ਭਾਈ ਰਣਜੀਤ ਸਿੰਘ ਨੇ ਆਪਣੀ ਕਿਸੇ ਇੱਕ ਵੀ ਸਟੇਜ਼ ’ਤੇ ਮੇਰਾ ਨਾਮ ਤੱਕ ਨਹੀਂ ਲਿਆ,  ਮੇਰੇ ’ਤੇ ਜਰਮਨ ਵਿਖੇ ਹਮਲਾ ਹੋਇਆ ਤਾਂ ਭਾਈ ਸਾਹਿਬ ਜੀ ਨੇ ਨਾ ਕੋਈ ਹਮਲੇ ਦੀ ਨਿਖੇਧੀ ਆਪਣੇ ਕਿਸੇ ਬਿਆਨ ਰਾਹੀਂ ਕੀਤੀ ਅਤੇ ਨਾ ਹੀ ਮੈਨੂੰ ਕਦੀ ਫ਼ੋਨ ਕੀਤਾ, ਸਾਡੇ ਲਈ ਹਰਨੇਕ ਸਿੰਘ ਹਰ ਰੋਜ ਆਪਣੇ ਰੇਡੀਓ ਤੋਂ ਬੇਈਮਾਨ, ਮੰਗਖਾਣੇ, ਹਰਾਮਜ਼ਾਦੇ ਵਰਗੇ ਘਟੀਆ ਸ਼ਬਦ ਵਰਤ ਰਿਹਾ ਹੈ ਅਤੇ ਭਾਈ ਢੱਡਰੀਆਂ ਵਾਲੇ ਦੇ ਜਥੇ ਦੇ ਖਾਸ ਬੰਦੇ ਹਰਨੇਕ ਸਿੰਘ ਦੀਆਂ ਉਹ ਸਾਰੀਆਂ ਆਡੀਓ ਕਲਿੱਪਾਂ ਸੋਸ਼ਲ ਮੀਡੀਆ ’ਤੇ ਬੜੇ ਜੋਰ ਸ਼ੋਰ ਨਾਲ ਸ਼ੇਅਰ ਕਰ ਰਹੇ ਹਨ ਜਿਸ ਤੋਂ ਸਿੱਧਾ ਭਾਵ ਇਹੀ ਨਿਕਲਦਾ ਹੈ ਕਿ ਹਰਨੇਕ ਸਿੰਘ ਦੇ ਮੂੰਹੋਂ ਇਹ ਸ਼ਬਦ ਢੱਡਰੀਆਂ ਵਾਲਾ ਹੀ ਕਢਵਾ ਰਿਹਾ ਹੈ।” ਇੱਕ ਗੱਲ ਉਨ੍ਹਾਂ ਹੋਰ ਕਹੀ ਕਿ “ਆਪਣੇ ਜਣੇ ਨਵਾਂ ਨਜ਼ਰੀਆ ਜਿਹੜਾ ਕਿ ਅਸਲ ਵਿੱਚ ਪਹਿਲਾਂ ਹੀ ਕਈ ਪ੍ਰਚਾਰਕ ਅਤੇ ਲੇਖਕ ਆਪਣੇ ਢੰਗ ਨਾਲ ਕਰ ਚੁੱਕੇ ਹੁੰਦੇ ਹਨ ; ਉਹੀ ਗੱਲ ਹਰਨੇਕ ਸਿੰਘ ਆਪਣੇ ਰੇਡੀਓ ਤੋਂ ਆਪਣੇ ਢੰਗ ਨਾਲ ਕਹਿੰਦਾ ਹੈ ਤੇ ਉਸ ਤੋਂ ਅਗਲੇ ਦਿਨ ਹੀ ਭਾਈ ਰਣਜੀਤ ਸਿੰਘ ਜੀ ਉਹੀ ਗੱਲਾਂ ਆਪਣੇ ਦੀਬਾਨ ਵਿੱਚ ਸੁਣਾ ਦਿੰਦਾ ਹੈ ਜਿਸ ਦਾ ਭਾਵ ਇਹੋ ਨਿਕਲਦਾ ਹੈ ਕਿ ਹਰਨੇਕ ਸਿੰਘ ਅਤੇ ਭਾਈ ਢੱਡਰੀਆਂ ਵਾਲੇ, ਅੰਦਰੋਂ ਘਿਉ ਖਿਚੜੀ ਹਨ ਇਸ ਲਈ ਇਸ ਅਵਸਥਾ ਵਿੱਚ ਉਨ੍ਹਾਂ ਨਾਲ ਮਿਲ ਕੇ ਚੱਲਣਾ ਸੰਭਵ ਨਹੀਂ ਹੈ।” ਭਾਈ ਪੰਥਪ੍ਰੀਤ ਸਿੰਘ ਜੀ ਦੀਆਂ ਇਨ੍ਹਾਂ ਗੱਲਾਂ ਦੇ ਕੋਈ ਸਬੂਤ ਮੰਗਣ ਦੀ ਲੋੜ ਹੀ ਨਾ ਰਹੀ ਕਿਉਂਕਿ ਬਠਿੰਡਾ ਦਾ ਵਾਸੀ ਹੋਣ ਦੇ ਨਾਤੇ ਮੈਂ ਖ਼ੁਦ ਵੀ ਡੀਸੀ ਬਠਿੰਡਾ ਨੂੰ ਮੈਮੋਰੰਡਮ ਦੇਣ ਸਮੇਂ ਭਾਈ ਪੰਥਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੀ ਗੁਰਮਤਿ ਸੇਵਾ ਲਹਿਰ ਦੇ ਹੋਰ ਪ੍ਰਚਾਰਕਾਂ ਨਾਲ ਹੀ ਸ਼ਾਮਲ ਸੀ, ਭਾਈ ਭੂਪਿੰਦਰ ਸਿੰਘ ਜੀ ਦੇ ਭੋਗ ਸਮਾਗਮ ਮੌਕੇ ਵੀ ਉਨ੍ਹਾਂ ਨੂੰ ਸਟੇਜ਼ ’ਤੇ ਬੈਠਿਆ ਆਪਣੇ ਅੱਖੀਂ ਵੇਖਿਆ ਸੀ ਅਤੇ ਭਾਈ ਰਣਜੀਤ ਸਿੰਘ ਤੇ ਭਾਈ ਪੰਥਪ੍ਰੀਤ ਸਿੰਘ ਜੀ ਦੀਆਂ ਮਿਲਣੀਆਂ ਦੀਆਂ ਖ਼ਬਰਾਂ ਅਤੇ ਉਨ੍ਹਾਂ ਵੱਲੋਂ ਆਪਣੇ ਦੀਵਾਨਾਂ ਵਿੱਚ ਪ੍ਰਗਟ ਕੀਤੇ ਜਾਂਦੇ ਵੀਚਾਰਾਂ ਦੀਆਂ ਲਗਪਗ ਸਾਰੀਆਂ ਹੀਆਡੀਓ ਵੀਡੀਓ ਕਲਿਪਾਂ ਅਕਸਰ ਹੀ ਸੁਣਦੇ ਰਹਿੰਦੇ ਸੀ। ਇਸ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਕਈ ਵਾਰ ਅਸੀਂ ਸ਼ੱਕ ਦੇ ਅਧਾਰ ’ਤੇ ਹੀ ਆਪਸੀ ਦੂਰੀਆਂ ਵਧਾ ਬੈਠਦੇ ਹਾਂ ਇਸ ਲਈ ਕਿਉਂ ਨਹੀਂ ਤੁਸੀਂ ਮਿਲ ਬੈਠ ਕੇ ਆਪਣੇ ਸ਼ੱਕ ਦੂਰ ਕਰ ਲੈਂਦੇ। ਭਾਈ ਪੰਥਪ੍ਰੀਤ ਸਿੰਘ ਜੀ ਨੇ ਤੁਰੰਤ ਜਵਾਬ ਦਿੱਤਾ ਕਿ “ਚਲੋ ਇਹ ਗੱਲਾਂ ਮੈਂ ਸਾਰੀਆਂ ਹੀ ਛੱਡੀਆਂ, ਤੁਹਾਡੇ ਕੋਲ ਕਰ ਦਿੱਤੀਆਂ ਉਨ੍ਹਾਂ ਕੋਲ ਇਨ੍ਹਾਂ ਦਾ ਜ਼ਿਕਰ ਵੀ ਨਹੀਂ ਕਰਾਂਗਾ; ਜੇ ਭਾਈ ਢੱਡਰੀਆਂ ਵਾਲੇ ਮੈਨੂੰ ਫੋਨ ਕਰ ਕੇ ਮੀਟਿੰਗ ਕਰਨ ਨੂੰ ਕਹਿਣਗੇ ਤਾਂ ਮੈਂ ਤਿਆਰ ਹਾਂ

ਭਾਈ ਪੰਥਪ੍ਰ੍ਰ੍ਰ੍ਰੀਤ ਸਿੰਘ ਜੀ ਤੋਂ ਇਹ ਵਾਅਦਾ ਲੈ ਕੇ ਅਸੀਂ ਸਿੱਧੇ ਭਾਈ ਰਣਜੀਤ ਸਿੰਘ ਜੀ ਕੋਲ ਪਹੁੰਚੇ ਕਿਉਂਕਿ ਉਨ੍ਹਾਂ ਨੂੰ ਮਿਲਣ ਦਾ ਸਮਾਂ ਪਹਿਲਾਂ ਹੀ ਤੈਅ ਸੀ। ਉਨਾਂ ਨੂੰ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਇਸ ਸਮੇਂ ਗੁਰਮਤਿ ਪੱਖੋਂ ਜਾਗਰੂਕ ਪ੍ਰਚਾਰਕਾਂ ਦੀ ਏਕਤਾ ਦਾ ਸਬੱਬ ਬਣਿਆ ਹੈ ਜਿਸ ਸਦਕਾ ਪ੍ਰਚੰਡ ਗੁਰਮਤਿ ਦੀ ਲਹਿਰ ਹਰ ਥਾਂ ਝੁਲ ਰਹੀ ਹੈ ਤੇ ਮਨਮਤੀ ਡੇਰਾਦਾਰਾਂ ਨੂੰ ਭੱਜਣ ਦਾ ਕੋਈ ਰਾਹ ਨਹੀਂ ਮਿਲ ਰਿਹਾ। ਇਸ ਲਈ ਤੁਹਾਡੇ ਵਿੱਚ ਹਰਨੇਕ ਸਿੰਘ ਵੱਲੋਂ ਪਾਏ ਜਾ ਰਹੇ ਫੁੱਟ ਦੇ ਬੀਜ਼ ਨੂੰ ਪੁੰਗਰਣ ਤੋਂ ਪਹਿਲਾਂ ਹੀ ਇਸ ਦੀ ਖੁੰਭ ਠੱਪ ਕੇ ਏਕਤਾ ਦੀ ਲੜੀ ਵਿੱਚ ਬੱਝੇ ਰਹਿਣਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਨੂੰ ਤਿੰਨ ਸੁਝਾਉ ਦਿੱਤੇ ਗਏ –

ਪਹਿਲਾ ਇਹ ਸੀ ਕਿ ਤੁਸੀਂ ਤਿੰਨੇ ਮੁੱਖ ਪ੍ਰਚਾਰਕ ਇੱਕ ਥਾਂ ਬੈਠ ਕੇ ਸਾਂਝਾ ਵੀਡੀਓ ਬਿਆਨ ਜਾਰੀ ਕਰੋ ਕਿ ਸਾਡੇ ਆਪਸੀ ਕੋਈ ਮਤਭੇਦ ਨਹੀਂ ਹਨ ਇਸ ਲਈ ਜਿਹੜਾ ਵੀ ਵਿਅਕਤੀ ਸਾਡੇ ਇੱਕ ਦੀ ਸਿਫਤ ਕਰਦਾ ਹੈ ਅਤੇ ਦੂਸਰੇ ਨੂੰ ਸਿੱਧੇ ਰੂਪ ਵਿੱਚ ਗਾਲ੍ਹਾਂ ਕਢਦਾ ਹੈ ਉਹ ਪੰਥਕ ਹਿਤਾਂ ਵਿੱਚ ਨਹੀਂ ਹੈ ਇਸ ਲਈ ਉਸ ਨੂੰ ਇਸ ਕੋਝੀ ਹਰਕਤ ਤੋਂ ਬਾਜ਼ ਆ ਜਾਣਾ ਚਾਹੀਦਾ ਹੈ।

ਦੂਸਰਾ ਸੁਝਾਉ ਸੀ ਕਿ ਤੁਹਾਡੇ ਸਮਰਥਕ ਹਰਨੇਕ ਸਿੰਘ ਦੀਆਂ ਉਹ ਸਾਰੀਆਂ ਵੀਡੀਓ ਕਲਿਪਾਂ ਵੱਡੀ ਪੱਧਰ ’ਤੇ ਸ਼ੇਅਰ ਕਰ ਰਹੇ ਹਨ ਜਿਨ੍ਹਾਂ ਵਿੱਚ ਤੁਹਾਡੀ ਰੱਜ ਕੇ ਤਰੀਫ਼ ਕੀਤੀ ਗਈ ਹੁੰਦੀ ਹੈ ਅਤੇ ਬਾਕੀ ਪ੍ਰਚਾਰਕਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਹੁੰਦੀਆਂ ਗਨਤੁਹਾਡੇ ਸਮਰਥਕਾਂ ਦੀਆਂ ਇਨ੍ਹਾਂ ਗਤੀਵਿਧੀਆਂ ਤੋਂ ਆਮ ਲੋਕਾਂ ਨੂੰ ਇਹ ਜਾਪਦਾ ਹੈ ਕਿ ਤੁਹਾਡੇ ਤਿੰਨਾਂ ਵਿਚਕਾਰ ਮਤਭੇਦ ਵਧ ਚੁੱਕੇ ਹਨਹਰਨੇਕ ਸਿੰਘ ਵੱਲੋਂ ਬਿਨਾਂ ਕਿਸੇ ਸਬੂਤਾਂ ਤੋਂ ਹਰ ਰੋਜ ਹੀ ਇਹ ਤੋਤਾ ਰਟਨੀ, ਰੱਟੀ ਜਾਂਦੀ ਹੈ ਕਿ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕਾਂ ਦੀ ਮੀਟਿੰਗ ਵਿੱਚ ਪੰਥਪ੍ਰੀਤ ਸਿੰਘ ਨੇ ਕਿਹਾ ਹੈ ਕਿ ਢੱਡਰੀਆਂ ਵਾਲਾ ਤਾਂ ਹੀ ਸਾਡਾ ਭਾਈ ਹੈ ਜੇ ਉਹ ਡੇਰਾ ਛੱਡ ਕੇ ਅਪਣੇ ਘਰ ਆ ਕੇ ਗ੍ਰਹਿਸਤੀ ਜੀਵਨ ਧਾਰਨ ਕਰਦਾ ਹੈ; ਕਿਉਂਕਿ  ਕੋਈ ਵੀ ਡੇਰੇਦਾਰ ਸਾਡਾ ਭਾਈ ਨਹੀਂ ਹੋ ਸਕਦਾ। ਰੇਡੀਓ ’ਤੇ ਬੈਠੀ ਮਰਾਸੀਪੁਣਾ ਕਰ ਰਹੀ ਉਸ ਦੀ ਟੀਮ ਦੇ ਸਾਰੇ ਮੈਂਬਰ ਵੀ ਵਾਰ-ਵਾਰ ਇਹੋ ਦੁਹਰਾਉਂਦੇ ਰਹਿੰਦੇ ਹਨ ਕਿ ਜਿਹੜਾ ਪੰਥਪ੍ਰੀਤ, ਢੱਡਰੀਆਂ ਵਾਲੇ ਨੂੰ ਕਿਸੇ ਸਮੇਂ ਭਾਈ ਕਹਿੰਦਾ ਸੀ ਉਹ ਅੱਜ ਉਸ ਦੇ ਨਾਲ ਨਹੀਂ ਚੱਲ ਸਕਦਾ ਤਾਂ ਘੱਟ ਤੋਂ ਘੱਟ ਵਿਰੋਧ ਤਾਂ ਨਾ ਕਰੇ। ਉਨ੍ਹਾਂ ਦੀਆਂ ਇਹ ਸਟੇਟਮੈਂਟਾਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀਆਂ ਕਿ ਤੁਸੀਂ ਆਪਸ ’ਚ ਵਿਰੋਧੀ ਬਣ ਚੁੱਕੇ ਹੋਇਸ ਲਈ ਤੁਹਾਡਾ ਇਹ ਫਰਜ ਬਣਦਾ ਹੈ ਕਿ ਹਰਨੇਕ ਸਿੰਘ ਨੂੰ ਇਸ ਕੋਝੀ ਹਰਕਤ ਤੋਂ ਰੋਕਿਆ ਜਾਵੇ ਜਾਂ ਆਪਣੇ ਸਮਰਥਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਹਰਨੇਕ ਸਿੰਘ ਦੀ ਕੋਈ ਵੀ ਵੀਡੀਓ ਜਿਸ ਵਿੱਚ ਬਾਕੀ ਦੇ ਪ੍ਰਚਾਰਕਾਂ ਸਬੰਧੀ ਅਪਸ਼ਬਦ ਵਰਤੇ ਗਏ ਹੋਣ, ਉਹ ਸ਼ੇਅਰ ਨਾ ਕੀਤੀ ਜਾਵੇ ਭਾਈ  ਢੱਡਰੀਆਂ ਵਾਲੇ ਨੇ  ਕਿਹਾ ਕਿ ਉਨ੍ਹਾਂ ਕੱਲ੍ਹ ਜਾਂ ਪਰਸੋਂ ਹੀ ਅਮਰੀਕਾ ਚਲੇ ਜਾਣਾ ਹੈ। ਜੇ ਕਰ ਵੀਜ਼ੇ ਵਿੱਚ ਕੋਈ ਅੜਚਨ ਪੈਣ ਸਦਕਾ ਨਾ ਗਏ ਤਾਂ ਉਹ ਛੇਤੀ ਹੀ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਫੋਨ ਕਰ ਕੇ ਮੀਟਿੰਗ ਤੈਅ ਕਰ ਲੈਣਗੇ ਪਰ ਜੇ ਚਲੇ ਗਏ ਤਾਂ ਆ ਕੇ ਮੀਟਿੰਗ ਰੱਖ ਲਈ ਜਾਵੇਗੀ, ਨਾਲੇ ਉਸ ਸਮੇਂ ਤੱਕ ਭਾਈ ਧੂੰਦਾ ਜੀ ਵਿਦੇਸ਼ ਤੋਂ ਵਾਪਸ ਆ ਜਾਣਗੇ।

ਦੂਸਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵੇਖੋ ਜੀ, ਅਸੀਂ ਆਪਣੇ ਸਮਰਥਕਾਂ ਨੂੰ ਕੋਈ ਅਪੀਲ ਤਾਂ ਕੀਤੀ ਨਹੀਂ ਕਿ ਉਸ ਦੀਆਂ ਵੀਡੀਓ ਸ਼ੇਅਰ ਕੀਤੀਆਂ ਜਾਣ, ਬਾਕੀ ਸਮਰਥਕਾਂ ਦਾ ਦਾਇਰਾ ਬੜਾ ਲੰਬਾ ਹੈ, ਕਿਸ ਕਿਸ ਨੂੰ ਜਾ ਕੇ ਰੋਕੀਏ ਕਿ ਭਾਈ ਇਹ ਸ਼ੇਅਰ ਨਾ ਕਰੋ। ਹਰਨੇਕ ਸਿੰਘ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਤਾਂ ਨਾ ਅੱਜ ਤੱਕ ਨਿਊਜ਼ੀਲੈਂਡ ਗਿਆ ਹਾਂ, ਨਾ ਉਨ੍ਹਾਂ ਨੂੰ ਅੱਜ ਤੱਕ ਮਿਲਿਆ ਹਾਂ ਅਤੇ ਨਾ ਹੀ ਕਦੀ ਫ਼ੋਨ ’ਤੇ ਗੱਲ ਹੋਈ ਹੈ, ਨਾ ਮੇਰੇ ਕੋਲ ਉਸ ਦਾ ਕੋਈ ਫ਼ੋਨ ਨੰਬਰ ਹੈ, ਇਸ ਲਈ ਜੇ ਉਹ ਮੇਰੀ ਸਿਫਤ ਕਰ ਰਿਹਾ ਹੈ, ਤਾਂ ਮੈਂ ਉਸ ਨੂੰ ਕਿਸ ਤਰ੍ਹਾਂ ਰੋਕ ਸਕਦਾ ਹਾਂ ? ਭਾਈ ਪੰਥਪ੍ਰੀਤ ਸਿੰਘ ਤੇ ਧੂੰਦਾ ਜੀ (ਦੋਵੇਂ ਹੀ) ਉਸ ਦੇ ਗੁਰਦੁਆਰੇ ਵਿੱਚ ਪ੍ਰਚਾਰ ਵੀ ਕਰ ਕੇ ਆਉਂਦੇ ਰਹੇ ਹਨ, ਫ਼ੋਨ ’ਤੇ ਗੱਲਾਂ ਵੀ ਕਰਦੇ ਰਹੇ ਹਨ, ਇਸ ਲਈ ਉਹ ਖ਼ੁਦ ਉਸ ਨੂੰ ਫ਼ੋਨ ਕਰ ਕੇ ਕਹਿਣ ਵੀ ਸਾਡੇ ਸਬੰਧੀ ਅਪਸ਼ਬਦ ਨਾ ਬੋਲੇ ਜਾਣ।”

ਭਾਵੇਂ ਭਾਈ ਢੱਡਰੀਆਂ ਵਾਲੇ ਦੇ ਜਵਾਬ ਸਪਸ਼ਟ ਨਹੀਂ ਸਨ ਪਰ ਫਿਰ ਵੀ ਅਸੀਂ ਬੜੇ ਖੁਸ਼ ਸੀ ਕਿ ਇਹ ਮਾਮੂਲੀ ਗੱਲਾਂ ਹਨ ਜਦੋਂ ਤਿੰਨੇ ਪ੍ਰਚਾਰਕ ਮਿਲ ਬੈਠਣਗੇ ਤਾਂ ਇਹ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਸਾਡੀ ਮੁਲਾਕਾਤ ਤੋਂ ਅਗਲੇ ਜਾਂ ਤੀਸਰੇ ਦਿਨ ਹੀ ਭਾਈ ਰਣਜੀਤ ਸਿੰਘ ਜੀ ਇਕ ਮਹੀਨੇ ਦੀ ਅਮਰੀਕਾ ਫੇਰੀ ਕਰ ਕੇ, ਜਿਸ ਦੌਰਾਨ ਉਨ੍ਹਾਂ ਨੇ ਉਥੇ ਕੋਈ ਦੀਵਾਨ ਨਹੀਂ ਲਾਇਆ; ਵਾਪਸ ਆ ਗਏ ਤੇ ਇੱਕ ਹਫਤੇ ਉਪ੍ਰੰਤ ਫਿਰ ਦੁਬਾਰਾ ਚਲੇ ਗਏ ਤੇ ਕੁਝ ਦੀਵਾਨ ਲਾ ਕੇ ਵਾਪਸ ਮੁੜ ਆਏ ਪਰ ਅੱਜ ਤੱਕ ਨਾ ਕਦੀ ਪੰਥਪ੍ਰੀਤ ਸਿੰਘ ਅਤੇ ਨਾ ਹੀ ਧੂੰਦਾ ਜੀ ਨੂੰ ਕੋਈ ਫੋਨ ਕਰ ਕੇ ਕਿਸੇ ਮੀਟਿੰਗ ਸਬੰਧੀ ਕਿਹਾ ਜਾਂ ਸਲਾਹ ਹੀ ਕੀਤੀ ਹੈ। ਮੀਟਿੰਗ ਲਈ ਚੇਤਾ ਕਰਵਾਉਣ ਲਈ ਮੇਰੇ ਵੱਲੋਂ ਕੀਤੇ ਫੋਨ ਸੁਣਨੇ ਵੀ ਬੰਦ ਕਰ ਦਿੱਤੇ, ਆਖਰ ਇਨ੍ਹਾਂ ਦਾ ਇੱਕ ਨਿਕਟਵਰਤੀ ਸ਼ਾਇਦ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ; ਦੇ ਰਾਹੀਂ ਮੈਨੂੰ ਸੁਨੇਹਾ ਮਿਲ ਗਿਆ ਕਿ ਭਾਈ ਸਾਹਿਬ ਜੀ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਉਪ੍ਰੰਤ ਸਾਡੇ ਵੱਲੋਂ ਮੁਹਿੰਮ ਤਾਂ ਠੱਪ ਹੋਣੀ ਹੀ ਸੀ ਪਰ ਇਸੇ ਦੌਰਾਨ ਮੋਗੇ ਵਾਲੀ ਟੀਮ ਸਰਗਰਮ ਹੋ ਗਈ ਸੀ ਤੇ ਉਨ੍ਹਾਂ ਨਾਲ ਜੋ ਬੀਤਿਆ ਉਹ ਉਨ੍ਹਾਂ ਜਨਤਕ ਕਰ ਹੀ ਦਿੱਤਾ ਹੈ।

ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਵੱਲੋਂ ਬਾਬਾ ਰਾਮ ਰਾਇ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਪੇਸ਼ ਕਰਨ ਲਈ ਭੇਜੇ ਜਾਣ ਸਬੰਧੀ ਭਾਈ ਰਣਜੀਤ ਸਿੰਘ ਵੱਲੋਂ ਬਹੁਤ ਹੀ ਅਸਪਸ਼ਟ ਰੂਪ ਵਿੱਚ ਦਿੱਤੇ ਬਿਆਨ ਨੂੰ ਹਰਨੇਕ ਸਿੰਘ ਨੇ ਆਪਣੇ ਵੱਲੋਂ ਗੁਰੂ ਰਾਮਦਾਸ ਜੀ ਅਤੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗਲਤ ਫੈਸਲੇ ਲੈਣ ਵਾਲੇ ਦੱਸਣ ਵਾਲੀ ਸਟੇਟਮੈਂਟ ਦੇ ਹੱਕ ਵਿੱਚ ਵਰਤੇ ਜਾਣ ਪਿੱਛੋਂ ਦੇਸ਼ ਵਿਦੇਸ਼ ਵਿੱਚ ਵਸ ਰਹੇ ਸੈਂਕੜੇ ਗੁਰਸਿੱਖਾਂ ਵੱਲੋਂ ਨਿਜੀ ਰੂਪ ਵਿੱਚ ਮਿਲ ਕੇ ਅਤੇ ਕਈਆਂ ਨੇ ਆਪਣੀਆਂ ਲਿਖਤਾਂ ਰਾਹੀਂ ਭਾਈ ਰਾਣਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਜਾਂ ਤਾਂ ਤੁਹਾਡੇ ਵੱਲੋਂ ਸਧਾਰਨ ਤੌਰ ’ਤੇ ਬੋਲੇ ਗਏ ਸ਼ਬਦਾਂ ਨੂੰ ਹਰਨੇਕ ਸਿੰਘ ਵੱਲੋਂ ਗੁਰੂ ਸਾਹਿਬਾਨ ਨੂੰ ਆਮ ਵਿਅਕਤੀਆਂ ਵਾਙ ਗਲਤੀਆਂ ਕਰਨ ਵਾਲੇ ਦੱਸਣ ਵਾਲੀ ਸਟੇਟਮੈਂਟ ਦਾ ਸਪਸ਼ਟ ਰੂਪ ਵਿੱਚ ਖੰਡਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਹਿਜ ਸੁਭਾਅ ਤੁਹਾਡੇ ਵੱਲੋਂ ਕਹੇ ਸ਼ਬਦਾਂ ਨੂੰ ਆਪਣੀ ਸਟੇਟਮੈਂਟ ਦੇ ਹੱਕ ਵਿੱਚ ਭੁਗਤਾ ਰਿਹਾ ਹੈ ਜਾਂ ਤੁਸੀਂ ਕਬੂਲ ਕਰ ਲਵੋ ਕਿ ਤੁਸੀਂ ਵੀ ਮੰਨਦੇ ਹੋ ਕਿ ਗੁਰੂ ਸਾਹਿਬਾਨ ਵੀ ਆਪਣੇ ਜੀਵਨ ਵਿੱਚ ਆਮ ਮਨੁੱਖਾਂ ਵਾਙ ਗਲਤੀਆਂ ਕਰਦੇ ਰਹੇ ਹਨ।

ਭਾਈ ਢੱਡਰੀਆਂ ਵਾਲੇ ਨੂੰ ਮਿਲਣ ਗਏ ਹਰ ਵਿਅਕਤੀ ਪਾਸ ਉਹ ਸਪਸ਼ਟ ਰੂਪ ਵਿੱਚ ਕਹਿੰਦੇ ਰਹੇ ਹਨ ਕਿ ਹਰਨੇਕ ਸਿੰਘ ਦੀ ਸਟੇਟਮੈਂਟ ਨਾਲ ਉਹ ਸਹਿਮਤ ਨਹੀਂ ਹਨ ਅਤੇ ਅਗਲੇ ਦੀਬਾਨ ਵਿੱਚ ਇਸ ਸਬੰਧੀ ਸਪਸ਼ਟ ਕਰ ਦੇਣਗੇ ਪਰ ਅੱਜ ਤੱਕ ਸਪਸ਼ਟ ਨਹੀਂ ਕੀਤਾ ਭਾਵੇਂ ਕਿ ਭਾਈ ਰਣਜੀਤ ਸਿੰਘ ਜੀ ਵੱਲੋਂ ਧਾਰੀ ਚੁੱਪ ਵੀ ਮਨ ਵਿੱਚ ਸ਼ੰਕੇ ਖੜ੍ਹੇ ਕਰਦੀ ਰਹੀ ਸੀ ਪਰ ਸਿੰਘ ਨਾਦ ਰੇਡੀਓ ’ਤੇ ਇੱਕ ਪ੍ਰੋਗਰਾਮ ਵਿੱਚ ਭਾਈ ਪ੍ਰਭਦੀਪ ਸਿੰਘ ਵੱਲੋਂ ਭਾਈ ਪੰਥਪ੍ਰੀਤ ਸਿੰਘ ਨੂੰ ਹਰਨੇਕ ਸਿੰਘ ਸਬੰਧੀ ਆਪਣਾ ਨਜ਼ਰੀਆ ਦੱਸੇ ਜਾਣ ਦੇ ਜਵਾਬ ਵਿੱਚ ਉਨ੍ਹਾਂ ਹਰਨੇਕ ਸਿੰਘ ਬਾਬਤ ਫੰਡਰ ਗਾਂ ਸ਼ਬਦ ਵਰਤੇ ਸਨ ਪਰ ਜਿਸ ਤਰ੍ਹਾਂ ਆਪਣੇ ਇੱਕ ਦੀਵਾਨ ਵਿੱਚ ਭਾਈ ਰਣਜੀਤ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਦੁਆਰਾ ਕਹੇ ਹੋਏ (ਫੰਡਰ ਗਾਂ) ਸ਼ਬਦਾਂ ਨੂੰ ਆਪਣੇ ਲਈ ਵਰਤੇ ਹੋਏ ਪੇਸ਼ ਕੀਤਾ ਇਸ ਨੇ ਸ਼ੱਕ ਹੋਰ ਵਧਾ ਦਿੱਤਾ ਸੀ ਕਿ ਹਰਨੇਕ ਸਿੰਘ ਅਤੇ ਭਾਈ ਢੱਡਰੀਆਂ ਵਾਲੇ ਅੰਦਰੋਂ ਇੱਕ-ਮਿੱਕ ਹੀ ਹਨ, ਇਸੇ ਲਈ ਇਨ੍ਹਾਂ ਵਿੱਚੋਂ ਇੱਕ ਨੂੰ ਕਹੇ ਹੋਏ ਸ਼ਬਦ, ਦੂਸਰਾ ਆਪਣੇ ਲਈ ਢੁਕਾ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾ ।

ਭਾਈ ਪੰਥਪ੍ਰੀਤ ਸਿੰਘ ਜੀ ਅਤੇ ਭਾਈ ਢੱਡਰੀਆਂ  ਵਾਲੇ ਦੋਵਾਂ ਦੀਆਂ ਹੀ ਸਟੇਟਮੈਂਟਾਂ ਤੁਸੀਂ ਇਸ ਲਿੰਕ https://www.youtube.com/watch?v=cXECNfhHPhc ਤੋਂ ਸੁਣ ਕੇ ਖ਼ੁਦ ਅੰਦਾਜ਼ਾ ਲਾ ਸਕਦੇ ਹੋ ਕਿ ਕੌਣ ਗਲਤ ਅਤੇ ਕੌਣ ਸਹੀ ਹੈ ?  ਪਰ ਫਿਰ ਵੀ ਆਪਣੇ ਆਪ ਹੋਰ ਸਪਸ਼ਟ ਹੋ ਜਾਣ ਦੀ ਉਮੀਦ ਵਿੱਚ ਮੈਂ ਸ਼ੱਕ ਨੂੰ ਸੱਚ ਕਹਿਣ ਲਈ ਮਨੋ ਤਿਆਰ ਨਹੀਂ ਸੀ। ਹੁਣ ਮੋਗੇ ਵਾਲਿਆਂ ਵਲੋਂ ਏਕਤਾ ਮੁਹਿੰਮ ਦਾ ਪੂਰਾ ਖੁਲਾਸਾ ਕੀਤੇ ਜਾਣ ਬਾਅਦ ਭਾਈ ਬਲਰਾਜ ਸਿੰਘ ਸਪੋਕਨੇ ਵੱਲੋਂ ਪਾਈ ਇੱਕ ਪੋਸਟ ਵਿੱਚ ਇਨ੍ਹਾਂ ਦੋਵਾਂ ਦੀ ਨਿਊਜ਼ੀਲੈਂਡ ਵਿਖੇ ਭਾਈ ਅਵਤਾਰ ਸਿੰਘ (ਤਾਰੀ) ਦੇ ਘਰ ਹੋਈ ਮੀਟਿੰਗ ਦਾ ਪਰਦਾ ਫਾਸ਼ ਕਰਨ ਉਪ੍ਰੰਤ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਇਹ ਦੋਵੇਂ ਹਸਤੀਆਂ ਇੱਕ ਦੂਜੇ ਦੇ ਬੁਲਾਰੇ ਬਣ ਕੇ ਸਿੱਖੀ ਦਾ ਨੁਕਸਾਨ ਕਰਨ ’ਤੇ ਤੁਲੇ ਹੋਏ ਹਨ।

ਭਾਈ ਅਜੈਬ ਸਿੰਘ ਤੇ ਭਾਈ ਗੁਲਜ਼ਾਰ ਸਿੰਘ ਸ਼ਿਆਟਲ ਵੱਲੋਂ ਆਡੀਓ ਰਾਹੀਂ ਕੀਤੇ ਇਸ ਖੁਲਾਸਾ ਕਿ ਉਨ੍ਹਾਂ ਕੋਲ ਭਾਈ ਰਣਜੀਤ ਸਿੰਘ ਸਾਫ ਮੁਕਰਦਾ ਰਿਹਾ ਹੈ ਕਿ ਉਸ ਦੇ ਹਰਨੇਕ ਸਿੰਘ ਜਾਂ ਉਸ ਦੀਆਂ ਸਟੇਟਮੈਂਟਾਂ ਨਾਲ ਕੋਈ ਸਬੰਧ ਨਹੀਂ ਹਨ, ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਭਾਈ ਢੱਡਰੀਆਂ ਵਾਲਾ ਝੂਠ ਵੀ ਬੋਲਦਾ ਰਿਹਾ ਹੈ ਅਤੇ ਅੰਦਰੋਂ ਬੇਈਮਾਨ ਵੀ ਹੈ, ਨਹੀਂ ਤਾਂ ਸੱਚ ਦਾ ਪ੍ਰਚਾਰ ਕਰਨ ਵਾਲੇ ਨੂੰ ਕੀ ਲੋੜ ਪਈ ਹੈ ਕਿ ਹਰਨੇਕ ਸਿੰਘ ਨਾਲ ਆਪਣੇ ਸਬੰਧਾਂ ਨੂੰ ਗੁਪਤ ਰੱਖੇ।

ਬਾਬਾ ਪ੍ਰਿਥੀ ਚੰਦ, ਬਾਬਾ ਰਾਮ ਰਾਇ, ਧੀਰ ਮੱਲੀਏ, ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ ਅਤੇ ਹੋਰ ਅਨੇਕਾਂ ਡੇਰੇਦਾਰ ਸ਼ਬਦ ਗੁਰੂ ਦਾ ਵਿਰੋਧ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਸਿੱਖੀ ਭੇਖ ’ਚ ਡੋਗਰਿਆਂ ਦਾ ਰੋਲ ਵੀ ਬਹੁਤੇਰਿਆਂ ਨੇ ਨਿਭਾਇਆ ਹੈ ਉਸੇ ਤਰ੍ਹਾਂ ਢੱਡਰੀਆਂ ਵਾਲਾ ਅਤੇ ਹਰਨੇਕ ਸਿੰਘ ਵੀ ਨਿਭਾਉਂਦੇ ਆ ਰਹੇ ਹਨ, ਇਸ ਨਾਲ਼ ਕੋਈ ਫਰਕ ਨਹੀਂ ਪੈਂਦਾ ਪਰ ਢੱਡਰੀਆਂ ਵਾਲੇ ਵੱਲੋਂ ਝੂਠ ਬੋਲਣ ਦਾ ਕਲੰਕ ਲਵਾ ਕੇ ਪ੍ਰਚਾਰਕ ਸ਼੍ਰੇਣੀ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਨਾ, ਅਤਿ ਨਿੰਦਣਯੋਗ ਹੈ

ਮੇਰੇ ਇਸ ਲੇਖ ਨੂੰ ਭਾਈ ਢੱਡਰੀਆਂ ਵਾਲੇ ਅਤੇ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਸਮੇਤ ਉਨ੍ਹਾਂ ਦੇ ਸਮਰਥਕ ਭਾਈ ਪੰਥਪ੍ਰੀਤ ਸਿੰਘ ਦੇ ਹੱਕ ਵਿੱਚ ਅਤੇ ਭਾਈ ਢੱਡਰੀਆਂ ਵਾਲੇ ਦੇ ਵਿਰੋਧ ਵਿੱਚ ਇੱਕ ਪਾਸੜ ਕਹਿ ਸਕਦੇ ਹਨ ਅਤੇ ਕਹਿਣਗੇ ਵੀ, ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਾਤੀ ਤੌਰ ’ਤੇ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਅੰਨ੍ਹਾਂ ਸਮਰਥਕ ਜਾਂ ਅੰਨ੍ਹਾਂ ਵਿਰੋਧੀ ਨਹੀਂ ਕਰਦਾ ਹਾਂ। ਜਿਹੜਾ ਵੀ ਵਿਅਕਤੀ ਸਿਧਾਂਤਕ ਤੌਰ ’ਤੇ ਸ਼ਬਦ ਗੁਰੂ ਦੇ ਸਿਧਾਂਤ ਦਾ ਲਿਖ ਕੇ ਜਾਂ ਬੋਲ ਕੇ ਪ੍ਰਚਾਰ ਕਰਦਾ ਹੈ, ਮੈਂ ਉਸ ਦਾ ਹਮੇਸ਼ਾਂ ਸਮਰਥਕ ਰਿਹਾ ਹਾਂ ਅਤੇ ਸਮਰਥਣ ਕਰਦਾ ਰਹਾਂਗਾ ਪਰ ਮਨਮਤ ਦਾ ਪ੍ਰਚਾਰ ਕਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਕਿਸੇ ਹੋਰ ਗ੍ਰੰਥ ਜਾਂ ਵਿਅਕਤੀ ਵਿਸ਼ੇਸ਼ ਨੂੰ ਮਹੱਤਤਾ ਦੇਣ ਵਾਲੇ, ਦੇ ਵਿਰੋਧ ਵਿੱਚ ਖੜ੍ਹਨਾ ਮੇਰਾ ਸਿਧਾਂਤਿਕ ਫ਼ਰਜ਼ ਬਣਦਾ ਹੈ ।

ਭਾਈ ਰਣਜੀਤ ਸਿੰਘ ਤੇ ਹਰਨੇਕ ਸਿੰਘ ਸਮੇਤ ਅਨੇਕਾਂ ਹੋਰ ਵਿਅਕਤੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ ਜਿਸ ਸਮੇਂ ਭਾਈ ਰਣਜੀਤ ਸਿੰਘ ਜੀ, ਪੰਜ ਪਿਆਰਿਆਂ ਦੇ ਰੂਪ ਵਿੱਚ ਸਜੇ ਸਿੰਘਾਂ ਤੋਂ ਪੈਰੀਂ ਹੱਥ ਲਵਾਉਣ ਦਾ ਪਾਖੰਡ ਕਰਦਾ ਸੀ ਤੇ ਗੁਰਮਤਿ ਦੀ ਥਾਂ ਮਨਮਤਿ ਦਾ ਪ੍ਰਚਾਰ ਕਰਦਾ ਸੀ, ਉਸ ਸਮੇਂ ਮੈਂ ਇਨ੍ਹਾਂ ਦੇ ਵਿਰੋਧ ਵਿੱਚ ਵੀ ਲਿਖਦਾ ਰਿਹਾ ਹਾਂ ਅਤੇ ਗੁਰਮਤਿ ਵੱਲ ਮੁੜਨ ਉਪਰੰਤ ਇਨ੍ਹਾਂ ਦੀ ਪ੍ਰਸੰਸਾ ਵਿੱਚ ਵੀ ਮੈ ਲਿਖਿਆ ਹੈ, ਪਰ ਹੁਣ ਗੁਰਮਤਿ ਦੇ ਪ੍ਰਚਾਰਕਾਂ ਦਾ ਚਰਿੱਤਰ ਘਾਤ ਕਰਵਾਉਣ ਲਈ ਅਤੇ ਗੁਰੂ ਸਾਹਿਬਾਨਾਂ ਨੂੰ ਆਮ ਵਿਅਕਤੀ ਵਾਙ ਭੁੱਲੜ ਦੱਸਣ ਦੇ ਬਾਵਜੂਦ ਵੀ ਹਰਨੇਕ ਸਿੰਘ ਦਾ ਸਾਥ ਦੇਣ ਵਾਲੇ ਵਿਅਕਤੀ, ਦੇ ਕਿਰਦਾਰ ਦੀ ਅਸਲੀਅਤ ਦੱਸਣ ਲਈ ਵੀ ਮੈ ਮਜ਼ਬੂਰ ਹੋ ਗਿਆ ਹਾਂ।

ਮੈਨੂੰ ਕੰਵਰ ਗਰੇਵਾਲ ਵੱਲੋਂ ਸਿਰਸੇ ਵਾਲੇ ਸਾਧ ਦੇ ਜਨਮ ਦਿਨ ਮੌਕੇ ਜਾ ਕੇ ਪ੍ਰੋਗਰਾਮ ਦੇਣ ’ਤੇ ਭਾਈ ਢੱਡਰੀਆਂ ਵਾਲੇ ਵੱਲੋਂ ਕੀਤੀ ਗਈ ਟਿੱਪਣੀ ਪੂਰੀ ਤਰ੍ਹਾਂ ਯਾਦ ਹੈ, ਜਿਸ ਵਿੱਚ ਉਨ੍ਹਾਂ ਨੇ ਸਿੱਖਾਂ ਨੂੰ ਸਲਾਹ ਦਿੱਤੀ ਸੀ ਕਿ ਕਿਸੇ ਗਾਇਕ ਵੱਲੋਂ ਇੱਕ ਦੋ ਕਵਿਤਾਵਾਂ ਸਿੱਖੀ ਦੇ ਪੱਖ ਵਿੱਚ ਸੁਣ ਕੇ ਯਕੀਨ ਨਾ ਕਰ ਲਿਆ ਕਰੋ ਕਿ ਇਹ ਸਿੱਖ ਬਣ ਗਿਆ ਹੈ; ਐਸਾ ਕਰਨ ਤੋਂ ਪਹਿਲਾਂ ਉਸ ਦੀ ਪਰਖ ਕਰ ਲੈਣੀ ਜਰੂਰੀ ਹੈ। ਹੁਣ ਭਾਈ ਢੱਡਰੀਆਂ ਵਾਲਿਆਂ ਦੀ ਆਪਣੀ ਹੀ ਟਿੱਪਣੀ ਉਨ੍ਹਾਂ ਆਪਣੇ ਉੱਤੇ ਵੀ ਪੂਰੀ ਢੁਕਦੀ ਹੈ ਕਿ ਇੱਕ ਦੋ ਸਾਲ ਗੁਰਮਤਿ ਦੇ ਪੱਖ ਵਿੱਚ ਅਤੇ ਮਨਮਤ ਦੇ ਵਿਰੋਧ ਵਿੱਚ ਕੀਤੇ ਗਏ ਪ੍ਰਚਾਰ ਨਾਲ ਸਿੱਖੋ ! ਇਹ ਨਾ ਸਮਝ ਲਇਓ, ਕਿ ਇਹ ਡੇਰੇਦਾਰਾਂ ਦਾ ਪ੍ਰਭਾਵ ਉਤਾਰ ਕੇ ਗੁਰਮਤਿ ਦਾ ਜਾਗਰੂਕ ਪ੍ਰਚਾਰਕ ਬਣ ਗਿਆ ਹੈ। ਇਸ ਲਈ ਯਕੀਨ ਕਰਨ ਤੋਂ ਪਹਿਲਾਂ ਪਰਖ ਲਿਆ ਕਰਿਓ ਕਿ ਕੇਵਲ ਭਾਈ ਅਖਵਾਉਣ ਨਾਲ ਕਿਸੇ ਸੰਤ ਅਖਵਾਉਣ ਵਾਲੇ ਵਿਚੋਂ ਸਾਧਪੁਣਾ ਨਿਕਲ ਸਕਦਾ ਹੈ ਜਾਂ ਆਪਣੀ ਸੱਚੀ ਝੂਠੀ ਜੈ ਜੈਕਾਰ ਕਰਵਾਉਣ ਦਾ ਭੁੱਸ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਰਹਿੰਦਾ ਹੈ। ਮੇਰੇ ਅਨੁਸਾਰ ਤਾਂ ਇਹ ਭੁੱਸ ਪੂਰਾ ਕਰਨ ਲਈ ਹੀ ਭਾਵ ਢੱਡਰੀਆਂ ਵਾਲੇ ਨੂੰ ਸੁਚੇਤ ਕੀਤੇ ਜਾਣ ਦੇ ਬਾਵਜੂਦ ਵੀ ਤੋਤਾ ਬਣ ਕੇ ਨਿਊਜ਼ੀਲੈਂਡ ਵਾਲੇ ਦੇ ਪਿੰਜਰੇ ਵਿੱਚ ਕੈਦ ਹੋਣਾ ਪਸੰਦ ਹੈ

ਜਦੋਂ ਮੈਂ ਭਾਈ ਸਰਬਜੀਤ ਸਿੰਘ ਜੀ ਧੂੰਦਾ ਨੂੰ ਇੱਕ ਲੇਖ ਰਾਹੀਂ ਨਿਊਜ਼ੀਲੈਂਡ ਵਾਲੇ ਪਿੰਜਰੇ ਵਿੱਚੋਂ ਅਜਾਦ ਹੋ ਜਾਣ ਦੀ ਸਲਾਹ ਦਿੱਤੀ ਸੀ ਉਸ ਸਮੇਂ ਵੀ ਹਰਨੇਕ ਸਿੰਘ ਨੇ ਮੇਰੇ ’ਤੇ ਧੂੰਦਾ ਵਿਰੋਧੀ ਅਤੇ ਪ੍ਰੋ: ਦਰਸ਼ਨ ਸਿੰਘ ਪੱਖੀ ਹੋਣ ਦਾ ਦੋਸ਼ ਲਾਇਆ ਸੀ, ਪਰ ਧੂੰਦਾ ਜੀ ਅਤੇ ਉਨ੍ਹਾਂ ਦਾ ਸਮੁੱਚਾ ਕਾਲਜ ਸਟਾਫ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਨਾਲ ਮੇਰੇ ਉਸ ਸਮੇਂ ਵੀ ਨਿੱਘੇ ਸਬੰਧ ਰਹੇ ਸਨ ਅਤੇ ਅੱਜ ਵੀ ਹਨ; ਅਸੀਂ ਇੱਕ ਦੂਜੇ ਦਾ ਦਿਲੋਂ ਸਤਿਕਾਰ ਵੀ ਕਰਦੇ ਹਾਂ। ਅੱਜ ਮੈਂ ਧੂੰਦਾ ਜੀ ਨੂੰ ਦਾਦ ਦਿੰਦਾ ਹਾਂ ਕਿ ਭਾਵੇਂ ਉਹ ਵੀ ਕੁਝ ਸਮਾਂ ਨਿਊਜ਼ੀਲੈਂਡ ਵਾਲਿਆਂ ਦੇ ਪਿੰਜਰੇ ਵਿੱਚ ਬੰਦ ਰਿਹਾ ਪਰ ਹਰਨੇਕ ਸਿੰਘ ਦੀ ਬੋਲੀ ਬੋਲਣ ਤੋਂ ਦੂਰ ਹੀ ਰਿਹਾ ਅਤੇ ਜਦੋਂ ਪਾਣੀ ਸਿਰ ਉਪਰੋਂ ਲੰਘਦਾ ਵੇਖਿਆ ਤਾਂ ਝੱਟ ਉਡਾਰੀ ਮਾਰ ਕੇ ਪਿੰਜਰੇ ’ਚੋਂ ਅਜਾਦ ਹੋ ਗਿਆ ਪਰ ਇਹ ਨਵਾਂ ਤੋਤਾ ਤਾਂ ਆਪਣੀ ਹੀ ਵਾਹ-ਵਾਹ ਕਰਾਉਣ ਵਿਚ ਮਸਤ ਹੈ ਭਾਵੇਂ ਗੁਰੂ ਸਾਹਿਬ ਨੂੰ ਵੀ ਕੋਈ ਭੁੱਲੜ ਕਹਿ ਰਿਹਾ ਹੋਵੇ ।

ਭਾਈ ਗੁਰਮੀਤ ਸਿੰਘ ਕਪੂਰਥਲਾ ਨੇ ਫੇਸ ਬੁੱਕ ’ਤੇ ਇੱਕ ਕੁਮੈਂਟ ਦੇ ਕੇ ਦਾਅਵਾ ਕੀਤਾ ਹੈ ਕਿ ਮੋਗੇ ਵਾਲੀ ਟੀਮ ਦੇ ਇੱਕ ਮੈਂਬਰ ਨੂੰ ਫ਼ੋਨ ਕਰ ਕੇ ਪੁੱਛਿਆ ਗਿਆ ਤਾਂ ਉਸ ਮੈਂਬਰ ਨੇ ਦੱਸਿਆ ਕਿ ਭਾਈ ਢੱਡਰੀਆਂ ਵਾਲੇ ਨੇ ਏਕਤਾ ਕਰਨ ਤੋਂ ਨਾਂਹ ਨਹੀਂ ਕੀਤੀ ਇਸ ਲਈ ਭਾਈ ਸਾਹਿਬ ਨੂੰ ਬਦਨਾਮ ਕਰਨ ਦੀ ਵਿੱਢੀ ਮੁਹਿੰਮ ਗਲਤ ਹੈਮੈਂ ਭਾਈ ਗੁਰਮੀਤ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪ੍ਰਚਾਰਕਾਂ ਨਾਲ ਬੈਠਣ ਤੋਂ ਪਹਿਲਾਂ ਹੀ ਇਹ ਸ਼ਰਤ ਰੱਖ ਦੇਣੀ ਅਸਿੱਧੇ ਰੂਪ ਵਿੱਚ ਏਕਤਾ ਕਰਨ ਤੋਂ ਨਾਂਹ ਨਹੀਂ ਹੈ ਕਿ “ਜੇ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਧੂੰਦਾ ਜੀ ਪਹਿਲਾਂ ਹਰਨੇਕ ਸਿੰਘ ਨੂੰ ਫੋਨ ਕਰ ਕੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮਨਾਉਣਗੇ ਤਾਂ ਹੀ ਉਹ (ਢੱਡਰੀਆਂ ਵਾਲੇ) ਉਨ੍ਹਾਂ ਨਾਲ ਏਕਤਾ ਨਾਲ ਕਿਸੇ ਮੀਟਿੰਗ ਵਿੱਚ ਬੈਠਣ ਲਈ ਹਾਮੀ ਭਰਨਗੇ”।  ਉਸ ਨੂੰ ਭਲੀ ਭਾਂਤ ਪਤਾ ਹੈ ਕਿ ਜਿਸ ਹਰਨੇਕ ਸਿੰਘ ਨੂੰ ਬੋਲਣ ਦੀ ਵੀ ਅਕਲ ਨਹੀਂ ਅਤੇ ਜੋ ਗੁਰੂ ਸਹਿਬਾਨਾਂ ਨੂੰ ਭੁੱਲੜ ਦੱਸ ਕੇ ਆਪਣੇ ਆਪ ਨੂੰ ਗੁਰੂਆਂ ਤੋਂ ਵੀ ਵੱਧ ਸਿਆਣਾ ਦੱਸਣ ਦੀ ਬੱਜਰ ਗਲਤੀ ਕਰ ਰਿਹਾ ਹੋਵੇ ਉਸ ਨਾਲ ਗੁਰੂ ਦੇ ਸਿੱਖ ਕਦੀ ਵੀ ਬੈਠਣ ਨੂੰ ਤਿਆਰ ਨਹੀਂ ਹੋਣਗੇ। ਇਸੇ ਲਈ ਸਿੱਧੇ ਰੂਪ ਵਿੱਚ ਨਾਂਹ ਕਰਨ ਨਾਲੋਂ ਅਸਿੱਧੇ ਰੂਪ ਵਿੱਚ ਨਾਂਹ ਕਰਨੀ ਹੀ ਇੱਕ ਹੋਰ ਬੇਈਮਾਨੀ ਹੁੰਦੀ ਹੈ। ਮੈਂ ਭਾਈ ਗੁਰਮੀਤ ਸਿੰਘ ਕਪੂਰਥਲਾ ਤੋਂ ਆਸ ਕਰਦਾ ਹਾਂ ਕਿ ਜੇ ਉਨ੍ਹਾਂ ਮੁਤਾਬਿਕ ਭਾਈ ਢੱਡਰੀਆਂ ਵਾਲੇ ਸੱਚਮੁਚ ਹੀ ਦਿਲੋਂ ਏਕਤਾ ਲਈ ਤਿਆਰ ਹਨ ਤਾਂ ਗੁਰੂ ਸਹਿਬਾਨਾਂ ਨੂੰ ਭੁੱਲੜ ਦੱਸ ਕੇ ਆਪਣੇ ਆਪ ਨੂੰ ਗੁਰੂਆਂ ਤੋਂ ਵੀ ਵੱਧ ਸਿਆਣਾ ਦੱਸਣ ਵਾਲੇ ਹਰਨੇਕ ਸਿੰਘ, ਜਿਸ ਨੂੰ ਆਪਣੀਆਂ ਮਾਵਾਂ, ਭੈਣਾਂ ਅਤੇ ਧੀਆਂ ਸਮਾਨ ਬੀਬੀਆਂ ਨਾਲ ਬੋਲਣ ਦੀ ਵੀ ਅਕਲ ਨਹੀਂ ਹੈ; ਉਸ ਨਾਲੋਂ ਨਾਤਾ ਤੋੜਨ ਦਾ ਐਲਾਨ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ “ਜੈਸਾ, ਬਾਲਕੁ ਭਾਇ ਸੁਭਾਈ ; ਲਖ ਅਪਰਾਧ ਕਮਾਵੈ ਕਰਿ ਉਪਦੇਸੁ, ਝਿੜਕੇ ਬਹੁ ਭਾਤੀ ; ਬਹੁੜਿ, ਪਿਤਾ ਗਲਿ ਲਾਵੈ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ; ਆਗੈ ਮਾਰਗਿ ਪਾਵੈ ”  (ਮਃ ੫/ ੬੨੪) ਦੀ ਅਰਦਾਸ ਕਰਦਾ ਹੈ ਤਾਂ ਪੰਥਕ ਹਿੱਤਾਂ ਵਿੱਚ ਏਕਤਾ ਦੀ ਗੱਲ ਦੁਬਾਰਾ ਵੀ ਤੁਰ ਸਕਦੀ ਹੈ, ਨਹੀਂ ਤਾਂ ਹੁਣ  ਏਕਤਾ ਮੁਹਿੰਮ ਦਾ ਭੋਗ ਹੀ ਪੈ ਚੁੱਕਾ ਸਮਝਣਾ ਚਾਹੀਦਾ ਹੈ।

ਬਸੰਤ ਪੰਚਮੀ ਬਨਾਮ ‘ਸਰਸਵਤੀ ਦੇਵੀ’ ਦਿਵਸ

0

ਬਸੰਤ ਪੰਚਮੀ ਬਨਾਮ ਸਰਸਵਤੀ ਦੇਵੀ ਦਿਵਸ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ- ਸੰਪਰਕ ਇੰਡੀਆ : 83600-19175

ਪ੍ਰਾਚੀਨ ਕਾਲ ਤੋਂ ਸੰਸਾਰ ਭਰ ਦੇ ਲੋਕ ਹਰੇਕ ਰੁੱਤ ਦੇ ਪਲਟੇ ਉੱਤੇ ਆਪਣੇ ਦਿਲੀ-ਭਾਵ ਤੇ ਹੁਲਾਸ ਪ੍ਰਗਟਾਉਣ ਲਈ ਕੋਈ-ਨ-ਕੋਈ ਤਿਉਹਾਰ ਮਨਾਉਂਦੇ ਆ ਰਹੇ ਹਨ ਕਿਉਂਕਿ ਕੁਦਰਤੀ ਨਿਯਮ ਅਧੀਨ ਮਨੁੱਖੀ ਤਨ ਤੇ ਮਨ ਰੁੱਤੀ ਪ੍ਰਭਾਵ ਕਬੂਲ ਕੇ ਦੁਖੀ ਤੇ ਸੁਖੀ ਹੁੰਦੇ ਹੋਏ ਢਲਦੇ ਤੇ ਬਦਲਦੇ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ‘‘ਜੇਹੀ ਰੁਤਿ ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ’’ (ਮਹਲਾ /੧੨੫੪) ਪਰ, ਦੇਵੀ-ਦੇਵਤਿਆਂ ਦੇ ਉਪਾਸ਼ਕ ਤੇ ਸੰਪਰਦਾਈ ਲੋਕਾਂ ਨੇ ਆਪਣੇ ਆਪਣੇ ਇਸ਼ਟ ਨੂੰ ਲੋਕਾਂ ਦੇ ਦਿਲ-ਦਿਮਾਗ਼ ਵਿੱਚ ਬੈਠਾਉਣ ਅਤੇ ਪ੍ਰਸਿੱਧੀ ਲਈ ਸਰਬ-ਸਾਂਝੇ ਰੁੱਤੀ ਤਿਉਹਾਰਾਂ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਰ ਘੋਲ ਦਿੱਤਾ। ਸਿੱਟਾ ਇਹ ਨਿਕਲਿਆ ਕਿ ਜਿਹੜੇ ਤਿਉਹਾਰ ਸਦੀਆਂ ਤੋਂ ਮਨੁੱਖੀ ਭਾਈਚਾਰੇ ਦੀਆਂ ਸਾਂਝਾ ਪੱਕੀਆਂ ਕਰਨ ਦਾ ਸਾਧਨ ਬਣਦੇ ਆ ਰਹੇ ਸਨ, ਉਨ੍ਹਾਂ ਦੀ ਵਰਣ ਵੰਡ ਹੋ ਗਈ ਤੇ ਇਸ ਪ੍ਰਕਾਰ ਉਹ ਸਮਾਜਕ ਊਚ-ਨੀਚ ਤੇ ਨਸਲੀ ਵਿਤਕਰਿਆਂ ਦੀਆਂ ਵਿੱਥਾਂ ਮਿਟਾਉਣ ਦੀ ਥਾਂ ਹੌਲੀ ਹੌਲੀ ਦੀਵਾਰਾਂ ਵਾਂਗ ਖੜੇ ਦਿਸਣ ਲੱਗੇ ।

ਮਾਘ ਸੁਦੀ ਪੰਚਮੀ ਦੀ ਥਿੱਤ, ਜਿਸ ਨੂੰ ਬਸੰਤ ਪੰਚਮੀ ਪ੍ਰਚਾਰਿਆ ਜਾਂਦਾ ਹੈ, ਇਹ ਵੀ ਤਾਂ ਅਸਲ ਵਿੱਚ ਸਰਸਵਤੀ ਦੇਵੀ ਦਾ ਪ੍ਰਗਟ ਦਿਵਸ ਹੈ, ਜਿਸ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਦੇਵੀ ਉਪਾਸ਼ਕਾਂ ਨੇ ਚਲਾਕੀ ਦੁਆਰਾ ਬਸੰਤ ਦੇ ਤਿਉਹਾਰ ਨਾਲ ਜੋੜ ਦਿੱਤਾ ਹੈ ਕਿਉਂਕਿ ਇੱਕ ਤਾਂ ਪੁਰਾਣਿਕ ਕਥਾਵਾਂ ਮੁਤਾਬਕ ਇਹ ਓਹੀ ਦਿਨ ਹੈ, ਜਦੋਂ ਸ੍ਰਿਸ਼ਟੀ ਰਚਨਾ ਕਰਨ ਉਪਰੰਤ ਬ੍ਰਹਮਾ ਜੀ ਨੇ ਵੇਖਿਆ ਕਿ ਸਾਰੇ ਪਾਸੇ ਸੁੰਨਸਾਨ ਹੈ । ਸਭ ਜੀਵ-ਜੰਤੂ ਚੁੱਪ-ਚਾਪ ਤੇ ਉਦਾਸ ਹਨ । ਕੋਈ ਸੰਗੀਤਕ ਖੇੜਾ ਨਹੀਂ ਹੈ । ਐਸਾ ਵੇਖ ਕੇ ਉਨ੍ਹਾਂ ਨੇ ਆਪਣੇ ਕਰਮੰਡਲ ਦਾ ਜਲ ਚਿੱਟੇ ਕਮਲ ਫੁੱਲ ’ਤੇ ਛਿੜਕਿਆ, ਜਿਸ ’ਤੇ ਫੁੱਲ ਵਿਚੋਂ ਇੱਕ ਅਤਿ ਸੁੰਦਰ ਦੇਵੀ ਪ੍ਰਗਟ ਹੋਈ, ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ । ਇਸ ਦੇ ਚਾਰ ਹੱਥਾਂ ਵਿੱਚੋਂ ਇੱਕ ਹੱਥ ਵਿੱਚ ਕਿਤਾਬ ਤੇ ਇੱਕ ਵਿੱਚ ਮਾਲਾ ਸੀ ਅਤੇ ਦੋ ਹੱਥਾਂ ਨਾਲ ਵੀਣਾ ਵਜਾ ਰਹੀ ਸੀ । ਇਸੇ ਲਈ ਸਰਸਵਤੀ ਦੇਵੀ ਨੂੰ ਵੀਣਾ-ਵਾਦਿਨੀ, ਬਾਣੀ ਤੇ ਸ਼ਾਰਦਾ ਵੀ ਆਖਿਆ ਜਾਂਦਾ ਹੈ, ਜਿਸ ਨੇ ਸੰਸਾਰ ਨੂੰ ਵਿਦਿਆ ਤੇ ਬਾਣੀ (ਕਾਵਿਕ ਬੋਲਾਂ) ਦੀ ਬਖਸ਼ਸ਼ ਕੀਤੀ ।

ਜੇ ਹਿੰਦੂ ਪ੍ਰਚਾਰਕਾਂ ਨੂੰ ਪੁੱਛੋ ਕਿ ਬਸੰਤ ਪੰਚਮੀ ਦੀ ਥਿੱਤ, ਬਸੰਤ ਰੁੱਤ ਤੋਂ 40 ਦਿਨ ਪਹਿਲਾਂ ਮਾਘ ਮਹੀਨੇ ਵਿੱਚ ਕਿਵੇਂ ਆ ਗਈ  ? ਭਾਰਤ ਦੇ ਸੰਸਕ੍ਰਿਤ ਸਾਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ ’’  (ਮਹਲਾ /੯੨੭) ਗੁਰਵਾਕ ਮੁਤਾਬਕ ‘ਚੇਤ ਤੇ ਵੈਸਾਖ’ ਹੀ ਬਸੰਤ ਰੁੱਤ ਦੇ ਮਹੀਨੇ ਮੰਨੇ ਗਏ ਹਨ । ‘ਮਾਘ’ ਮਹੀਨੇ ਨੂੰ ਤਾਂ ‘ਹਿਮਕਰ’ (ਬਰਫ਼ਾਨੀ) ਨਾਂ ਦੇ ਕੇ ਸ਼ਰਦੀ ਦੀ ਪਤਝੜੀ, ਠੰਡੀ ਰੁੱਤ ਹੀ ਮੰਨਿਆ ਹੈ; ਜਿਵੇਂ ਕਿ ਗੁਰਵਾਕ ਹੈ ‘‘ਹਿਮਕਰ ਰੁਤਿ ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ’’ (ਮਹਲਾ /੯੨੯) ਵੈਸੇ ਵੀ ‘ਭਾਰਤੀ ਪਰੰਪਰਾ ਵਿੱਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫੱਗਣ ਮਹੀਨੇ ਦਾ ਆਖ਼ਰੀ ਦਿਨ ‘ਹੋਲੀ’ ਹੈ ਅਤੇ ਖ਼ਾਲਸਈ ਪਰੰਪਰਾ ਵਿੱਚ ‘ਹੋਲਾ ਮਹੱਲਾ’ ਕਿਉਂਕਿ ਗੁਰਬਾਣੀ ਪੁਕਾਰ ਰਹੀ ਹੈ ‘‘ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ’’ (ਮਹਲਾ /੧੧੦੭) ਤਾਂ ਫਿਰ ਵੀ ਪੁਰਾਣਿਕ ਕਥਾ ਦੱਸ ਕੇ ਮਨਘੜਤ ਉੱਤਰ ਮਿਲਦਾ ਹੈ ਕਿ ਬਾਕੀ ਦੀਆਂ ਪੰਜ ਰੁੱਤਾਂ ਨੇ ਬਸੰਤ ਨੂੰ ਆਪਣੀ ਰਾਣੀ ਮੰਨ ਕੇ 8-8 ਦਿਨ ਭੇਟ ਕਰ ਦਿੱਤੇ, ਜਿਸ ਕਰ ਕੇ ਇਸ ਦੀ ਉਮਰ ਦੂਜੀਆਂ ਰੁੱਤਾਂ ਨਾਲੋਂ 40 ਦਿਨ ਵਧੇਰੇ ਹੋ ਗਈ, ਜਿਵੇਂ ਕਿ ਉਪਰੋਕਤ ਦੋਵੇਂ ਕਥਾਵਾਂ ਦਾ ਹਵਾਲਾ ਦਿੱਤਾ ਹੈ। (ਸ੍ਰੀ ਸੱਤ ਪ੍ਰਕਾਸ ਸਿੰਗਲਾ ਨੇ 1 ਫਰਵਰੀ 2017 ਦੀ ਜਗਬਾਨੀ (ਜਲੰਧਰ) ਦੀ ਪੰਜਾਬੀ ਐਡੀਸ਼ਨ ਵਿੱਚ।)

ਪ੍ਰੰਤੂ ਦੁਖਦਾਈ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਸ੍ਰੀ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਰਗੇ ਇਤਿਹਾਸਕ ਗੁਰਦੁਆਰਿਆਂ ਵਿਖੇ ਬਸੰਤ-ਪੰਚਮੀ ਦੇ ਮੇਲੇ ਮਨਾਏ ਜਾਂਦੇ ਹਨ । ਕਈ ਗੁਰਦੁਆਰਾ ਸਾਹਿਬਾਨ ਵਿਖੇ ਇਸ ਦਿਹਾੜੇ ਬਸੰਤ ਰਾਗ ’ਤੇ ਆਧਾਰਿਤ ਵਿਸ਼ੇਸ਼ ਕੀਰਤਨ ਦਰਬਾਰ ਹੁੰਦੇ ਹਨ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਮਾਘੀ ਤੋਂ ਹੀ ਬਸੰਤ ਰਾਗ ਦਾ ਗਾਇਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਦ ਕਿ ਗੁਰਬਾਣੀ ਦੇ ਉਪਰੋਕਤ ਗੁਰਵਾਕਾਂ ਦੀ ਰੌਸ਼ਨੀ ਵਿੱਚ ਮਾਘ ਫਗਣ (ਹਿਮਕਰ) ਰੁੱਤ ਦੇ ਮਹੀਨੇ ਹਨ, ਬਸੰਤ ਰੁੱਤ ਦੇ ਨਹੀਂ । ਬਸੰਤ ਸ਼ੁਰੂ ਹੁੰਦੀ ਹੈ ਪਹਿਲੀ ਚੇਤ੍ਰ ਤੋਂ । ਇਹੀ ਕਾਰਨ ਸੀ ਕਿ ਸ੍ਰ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਹੋਲੇ ਮਹੱਲੇ ਦਾ ਦਿਹਾੜਾ ਪਹਿਲੀ ਚੇਤ੍ਰ ਹੀ ਨਿਸ਼ਚਿਤ ਕੀਤਾ, ਜੋ ਕਿ ‘‘ਸੂਰਜੁ ਏਕੋ ਰੁਤਿ ਅਨੇਕ ’’ (ਮਹਲਾ /੧੨) ਗੁਰਵਾਕ ਤੋਂ ਇਲਾਵਾ ਵਿਗਿਆਨਕ ਦ੍ਰਿਸ਼ਟੀਕੋਨ ਤੋਂ ਵੀ ਸਹੀ ਹੈ ਕਿਉਂਕਿ ਸਾਰੇ ਸੰਸਾਰ ਦੇ ਖਗੋਲ ਵਿਗਿਆਨੀ ਮੰਨਦੇ ਹਨ ਕਿ ਰੁੱਤਾਂ ਦਾ ਸੰਬੰਧ ਸੂਰਜ ਨਾਲ ਹੈ, ਚੰਦ੍ਰਮਾ ਨਾਲ ਨਹੀਂ ।

ਗੁਰਸਿੱਖਾਂ ਲਈ ਹੋਰ ਚਿੰਤਾਜਨਕ ਸਥਿਤੀ ਇਹ ਹੈ ਕਿ 1 ਫਰਵਰੀ 2017 ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲ਼ਡ ਯੂਨੀਵਰਸਿਟੀ’ ਵਿੱਚ ਵੀ ‘ਸਰਸਵਤੀ ਉਤਸ਼ਵ’ ਦੀ ਮਾਘ ਸੁਦੀ ਪੰਚਮੀ (ਬਸੰਤ ਪੰਚਮੀ) ਨੂੰ ਬਸੰਤ ਰੁੱਤ ਦਾ ਤਿਉਹਾਰ ਦੱਸ ਕੇ ਵਿਦਿਆਰਥੀਆਂ ਪਾਸੋਂ ਪਤੰਗਬਾਜ਼ੀ ਕਰਵਾਈ ਗਈ ਸੀ। ਇਹ ਖ਼ਬਰ ਪੜ੍ਹ ਕੇ ਤਾਂ ਮੈਨੂੰ ਸੁਭਾਵਕ ਹੀ ਮੌਲਾਨਾ ਇਕਬਾਲ ਦੀ ਉਹ ਸ਼ਿਕਾਇਤ ਭਰੀ ਫ਼ਰਿਆਦ ਯਾਦ ਆ ਗਈ, ਜਿਸ ਵਿੱਚ ਉਹ ਆਖਦਾ ਹੈ ‘ਸ਼ਿਕਾਇਤ ਹੈ ਮੁਝੇ ਯਾ ਰੱਬ  ! ਖ਼ੁਦਾਵੰਦਾਨਿ ਮਕਤਬ ਸੇ; ਕਿ ਸਬਕ ਸ਼ਾਹੀਂ (ਬਾਜ਼ਾਂ) ਕੇ ਬੱਚੋਂ ਕੋ ਦੇ ਰਹੇ ਹੈਂ ਖ਼ਾਕਬਾਜ਼ੀ ਕਾ ।’ ਕਿਉਂਕਿ ਇਹ ਯੂਨੀਵਰਸਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਉਹ ਪ੍ਰਮੁੱਖ ਵਿਦਿਅਕ ਅਦਾਰਾ ਹੈ, ਜਿਸ ਦਾ ਮੁੱਖ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੋਜ-ਕਾਰਜਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਵਿਦਿਆ ਦਿੰਦਿਆਂ ਗੁਰਬਾਣੀ ਦੇ ਸਰਬੋਤਮ ਫ਼ਲਸਫ਼ੇ ਤੋਂ ਜਾਣੂ ਕਰਾਉਣਾ ਹੁੰਦਾ ਹੈ ।

ਇਸ ਲਈ ਚਾਹੀਦਾ ਤਾਂ ਇਹ ਸੀ ਕਿ ਅਧਿਆਪਕ; ਵਿਦਿਆਰਥੀਆਂ ਨੂੰ ਸਮਝਾਉਂਦੇ ਕਿ ਖੁਸ਼ੀਆਂ ਖੇੜੇ ਜਾਂ ਮਨੋਰੰਜਨ ਲਈ ਸਿੱਖ ਕਿਸੇ ਬਸੰਤ ਪੰਚਮੀ ਵਰਗੇ ਦਿਹਾੜੇ ਜਾਂ ਰੁੱਤ ਦਾ ਮੁਥਾਜ ਨਹੀਂ ਕਿਉਂਕਿ ਸਿੱਖੀ ਵਿੱਚ ਸਦਾ-ਬਸੰਤ ਦਾ ਸੰਕਲਪ ਹੈ ‘‘ਸਦਾ ਬਸੰਤੁ ਗੁਰ ਸਬਦੁ ਵੀਚਾਰੇ   ਰਾਮ ਨਾਮੁ; ਰਾਖੈ ਉਰ ਧਾਰੇ (ਮਹਲਾ /੧੧੭੬) ਇਸ ਲਈ ਉਹ ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਆਪਣੀ ਹਿਰਦੇ ਰੂਪ ਧਰਤੀ ਅੰਦਰ ਰੱਬੀ-ਨਾਮ ਦਾ ਅਜਿਹਾ ਬੀਜ ਬੋ ਲੈਂਦਾ ਹੈ, ਜਿਹੜਾ ਉੱਗ ਕੇ ਬਾਰ੍ਹਾਂ ਮਹੀਨੇ ਹੀ ਫਲ਼ਿਆ ਫੁੱਲਿਆ ਰਹਿੰਦਾ ਹੈ । ਉਸ ਦੀ ਠੰਡੀ ਛਾਂ ਤੇ ਵੈਰਾਗਮਈ ਗਹਿਰ-ਗੰਭੀਰੇ ਫਲ਼ ਮਾਨਵੀ ਗਿਆਨ ਇੰਦ੍ਰਿਆਂ ਲਈ ਸਦਾ ਦੀ ਬਸੰਤ ਬਣਾਈ ਰੱਖਦੇ ਹਨ; ਜਿਵੇਂ ਕਿ ਬਚਨ ਹਨ ‘‘ਕਬੀਰ  ! ਐਸਾ ਬੀਜੁ ਬੋਇ; ਬਾਰਹ ਮਾਸ ਫਲੰਤ   ਸੀਤਲ ਛਾਇਆ ਗਹਿਰ ਫਲ; ਪੰਖੀ ਕੇਲ ਕਰੰਤ ’’ (ਭਗਤ ਕਬੀਰ/੧੩੭੬) ਕਿਉਂਕਿ ਬਸੰਤ ਰੁੱਤ ਤਾਂ ਉਨ੍ਹਾਂ ਦੇ ਹੀ ਭਾਅ ਦੀ ਹੈ, ਜਿਨ੍ਹਾਂ ਜੀਵ ਰੂਪ ਇਸਤ੍ਰੀਆਂ ਦੇ ਹਿਰਦੇ ਰੂਪੀ ਘਰਾਂ ਵਿੱਚ ਪ੍ਰਭੂ-ਕੰਤ ਜੀ ਵੱਸਦੇ ਹਨ । ਬਾਕੀ ਵਿਜੋਗਣਾਂ ਤਾਂ ਦਿਨ ਰਾਤ ਸੜਦੀਆਂ ਹੀ ਰਹਿੰਦੀਆਂ ਹਨ, ਬਾਹਰ ਭਾਵੇਂ ਕਿਨ੍ਹਾਂ ਵੀ ਸੁਹਾਵਣਾ ਮੌਸਮ ਹੋਵੇ  ‘‘ਨਾਨਕ  ! ਤਿਨਾ ਬਸੰਤੁ ਹੈ; ਜਿਨ੍ ਘਰਿ ਵਸਿਆ ਕੰਤੁ   ਜਿਨ ਕੇ ਕੰਤ ਦਿਸਾਪੁਰੀ; ਸੇ ਅਹਿਨਿਸਿ ਫਿਰਹਿ ਜਲੰਤ ’’ (ਮਹਲਾ /੭੯੧)

ਇਹ ਵੀ ਜਾਣਨਾ ਬਣਦਾ ਹੈ ਕਿ ਸਿਧਾਂਤਕ ਦ੍ਰਿਸ਼ਟੀ ਤੋਂ ਗੁਰਬਾਣੀ ਦੇਵੀ ਦੇਵਤਿਆਂ ਦੀ ਹੋਂਦ ਨੂੰ ਪ੍ਰਵਾਨ ਹੀ ਨਹੀਂ ਕਰਦੀ । ਹਾਂ, ਜੇ ਕਿਧਰੇ ਰੱਬੀ ਵਡਿਆਈ ਦਰਸਾਉਣ ਲਈ ਇਨ੍ਹਾਂ ਦਾ ਹਵਾਲਾ ਦਿੱਤਾ ਹੈ ਤਾਂ ਦਾਸ ਦਾਸੀਆਂ ਦੇ ਰੂਪ ਵਿੱਚ, ਮਾਲਕ ਕਰਤੇ ਅਤੇ ਦਾਤੇ ਦੇ ਤੌਰ ’ਤੇ ਬਿਲਕੁਲ ਨਹੀਂ; ਜਿਵੇਂ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਂਦੇ ਹਨ ਕਿ ਹੇ ਪ੍ਰਭੂ  ! ਇਸ ਤ੍ਰਿਭਵਣੀ ਸੰਸਾਰ ਵਿੱਚ ਨਾਰਦ ਆਦਿਕ ਵੱਡੇ ਵੱਡੇ ਰਿਸ਼ੀ ਤੇ ਸ਼ਾਰਦਾ (ਸਰਸਵਤੀ ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ ਹੀ ਦਰ ਦੇ ਸੇਵਕ ਹਨ । ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ । ਹਰੇਕ ਜੀਵ ਦੇ ਸਿਰ ਉੱਤੇ ਰਾਜ਼ਕ ਕੇਵਲ ਤੂੰ ਹੀ ਹੈਂ  ‘‘ਨਾਰਦ ਸਾਰਦ ਸੇਵਕ ਤੇਰੇ   ਤ੍ਰਿਭਵਣਿ ਸੇਵਕ ਵਡਹੁ ਵਡੇਰੇ   ਸਭ ਤੇਰੀ ਕੁਦਰਤਿ, ਤੂ ਸਿਰਿ ਸਿਰਿ ਦਾਤਾ; ਸਭੁ ਤੇਰੋ ਕਾਰਣੁ ਕੀਨਾ ਹੇ ’’ (ਮਹਲਾ /੧੦੨੮) ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਜਿਹੜਾ ਪ੍ਰਭੂ ਮੇਰੇ ਹਿਰਦੇ ਤੀਰਥ ’ਤੇ ਵੱਸਦਾ ਹੈ, ਨਾਰਦੁ ਮੁਨੀ ਤੇ ਸਰਸਵਤੀ (ਸ਼ਾਰਦਾ) ਦੇਵੀ ਉਸ ਦੀ ਸੇਵਾ ਕਰਦੇ ਹਨ ਅਤੇ ਲੱਛਮੀ ਉਸ ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੁੰਦੀ ਹੈ ‘‘ਨਾਰਦ ਸਾਰਦ ਕਰਹਿ ਖਵਾਸੀ   ਪਾਸਿ ਬੈਠੀ ਬੀਬੀ ਕਵਲਾ ਦਾਸੀ ’’ (ਭਗਤ ਕਬੀਰ/੪੭੯) ਪ੍ਰੰਤੂ ਬਾਣੀਕਾਰ ਗੁਰੂ ਸਾਹਿਬਾਨ ਤੇ ਭਗਤ-ਜਨ ਇੰਨੇ ਚੇਤੰਨ ਹਨ ਕਿ ਕਾਵਿਕ ਅਲੰਕਾਰ ਵਜੋਂ ਅਜਿਹੇ ਪੌਰਾਣਿਕ ਹਵਾਲੇ ਦੇ ਕੇ ਨਾਲ ਹੀ ਤਨਜ਼ ਸਹਿਤ ਸੁਚੇਤ ਵੀ ਕਰਦੇ ਹਨ ਕਿ ਜਿਹੜੇ ਲੋਕ ਮਾਲਕ ਪ੍ਰਭੂ ਨੂੰ ਛੱਡ ਕੇ ਦਾਸ ਦਾਸੀਆਂ ਨੂੰ ਪੂਜਦੇ ਹਨ, ਉਹ ਮਨਮੁਖ ਤੇ ਅੰਧ-ਅਗਿਆਨੀ ਹਨ ‘‘ਠਾਕੁਰੁ ਛੋਡਿ, ਦਾਸੀ ਕਉ ਸਿਮਰਹਿ; ਮਨਮੁਖ ਅੰਧ ਅਗਿਆਨਾ ’’ (ਮਹਲਾ /੧੧੩੮) ਿਉਂਕਿ ਇਨ੍ਹਾਂ ਕੋਲ਼ ਦੇਣ ਲਈ ਕੁੱਝ ਨਹੀਂ ਹੁੰਦਾ । ਜਿਹੜੇ ਲੋਕ ਮੂਰਤੀਆਂ ਦੇ ਰੂਪ ਵਿੱਚ ਦੇਵੀ ਦੇਵਤਿਆਂ ਨੂੰ ਪੂਜਦੇ ਹਨ, ਉਨ੍ਹਾਂ ਨੂੰ ਸੋਚਣਾ ਬਣਦਾ ਹੈ ਕਿ ਜਿਹੜੇ ਪੱਥਰ (ਮੂਰਤੀਆਂ) ਪਾਣੀ ਨਾਲ ਨਿੱਤ ਧੋਂਦਿਆਂ ਵੀ ਪਾਣੀ ਵਿੱਚ ਡੁੱਬ ਜਾਂਦੇ ਹਨ, ਉਹ ਆਪਣੇ ਪੁਜਾਰੀਆਂ ਨੂੰ ਸੰਸਾਰ-ਸਮੁੰਦਰ ਤੋਂ ਕਿਵੇਂ ਤਾਰ ਸਕਦੇ ਹਨ ‘‘ਦੇਵੀ ਦੇਵਾ ਪੂਜੀਐ ਭਾਈ ! ਕਿਆ ਮਾਗਉ ਕਿਆ ਦੇਹਿ  ?  ਪਾਹਣੁ ਨੀਰਿ ਪਖਾਲੀਐ ਭਾਈ ! ਜਲ ਮਹਿ ਬੂਡਹਿ ਤੇਹਿ ’’ (ਮਹਲਾ /੬੩੭)

ਮੇਰਾ ਨਿਸ਼ਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਤਿਹਾਸਕ ਗੁਰਦੁਆਰਿਆਂ ਵਿੱਚ ਮਾਘ ਸੁਦੀ ਪੰਚਮੀ ਦਾ ਸਰਸਵਤੀ ਦਿਵਸ ਬਸੰਤ-ਪੰਚਮੀ ਦੇ ਨਾਂ ਹੇਠ ਮਨਾਉਣਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ-ਕਾਲ ਵੇਲੇ ਸ਼ੁਰੂ ਹੋਇਆ ਹੈ ਕਿਉਂਕਿ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪੁਜਾਰੀ ਸਨ ‘ਗਿਆਨੀ ਸੰਤ ਸਿੰਘ ਨਿਰਮਲੇ’, ਜੋ ਬਿਪਰਵਾਦੀ ਵਿਚਾਰਧਾਰਾ ਤੋਂ ਇੰਨੇ ਪ੍ਰਭਾਵਤ ਸਨ ਕਿ ਉਨ੍ਹਾਂ ਨੇ ਆਪਣੇ ਘਰ ਦੇ ਮੁਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਲਗਾ ਰੱਖੀ ਸੀ । ਗਿਆਨੀ ਜੀ ਦੇ ਸਰਸਵਤੀ ਉਪਾਸ਼ਕ ਹੋਣ ਦਾ ਹੋਰ ਪੱਕਾ ਸਬੂਤ ਇਹ ਹੈ ਕਿ ਉਨ੍ਹਾਂ ਦਾ ਸ਼ਗਿਰਦ ਭਾਈ ਸੰਤੋਖ ਸਿੰਘ, ਜਿਸ ਨੇ 19ਵੀਂ ਸਦੀ ਦੇ ਅੰਤ ਵਿੱਚ ਗੁਰ ਪ੍ਰਤਾਪ ਸੂਰਜ (ਸੂਰਜ ਪ੍ਰਕਾਸ਼) ਲਿਖਿਆ, ਉਹ ਇਸ ਇਤਿਹਾਸਕ ਗ੍ਰੰਥ ਦੇ ਹਰੇਕ ਅਧਿਆਇ ਦਾ ਆਰੰਭ ਸਰਸਵਤੀ ਦੇ ਮੰਗਲ ਨਾਲ ਕਰਦਾ ਹੈ ਕਿਉਂਕਿ ਬ੍ਰਾਹਮਣੀ ਵਿਸ਼ਵਾਸ ਮੁਤਾਬਕ ਗਣੇਸ਼ ਨੂੰ ਬੁੱਧੀ ਦਾਤਾ, ਵਿਘਨ ਵਿਨਾਸ਼ਕ ਤੇ ਸਭ ਤੋਂ ਤੇਜ਼ ਲਿਖਾਰੀ ਮੰਨਿਆ ਜਾਂਦਾ ਹੈ ਅਤੇ ਸਰਸਵਤੀ ਦੇਵੀ ਨੂੰ ਵਿਦਿਆ ਅਤੇ ਬਾਣੀ ਦੀ ਦਾਤੀ ਤੇ ਸਭ ਤੋਂ ਵਧੀਆ ਵਕਤਾ । ਇਸ ਲਈ ਆਸ ਹੈ ਕਿ ਸ਼੍ਰੋਮਣੀ ਕਮੇਟੀ, ਇਸ ਬਿਪਰਵਾਦੀ ਦਿਹਾੜੇ ਬਾਰੇ ਗੰਭੀਰਤਾ ਸਹਿਤ ਵਿਚਾਰੇਗੀ ਕਿਉਂਕਿ ਅਜਿਹਾ ਵਰਤਾਰਾ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹੈ। ਹਾਂ  ! ਅੱਛਾ ਹੋਵੇ ਜੇ ਇਸ ਦਿਨ ਨੂੰ ਗੁਰਦੁਆਰਿਆਂ ਵਿੱਚ ਭਾਈ ਹਕੀਕਤ ਰਾਇ ਸਿਆਲਕੋਟੀ ਦੀ ਸ਼ਹਾਦਤ ਵਜੋਂ ਮਨਾਇਆ ਜਾਏ, ਕਿਉਂਕਿ ਨਵਾਬ ਜ਼ਕਰੀਆ ਖ਼ਾਨ ਦੇ ਹੁਕਮ ਨਾਲ ਇਸ ਨੌਜਵਾਨ ਗੁਰਸਿੱਖ ਨੂੰ ਸਿੱਖੀ ਵਿਚ ਅਡੋਲ ਰਹਿਣ ਕਾਰਨ ਸੰਨ 1841 ਵਿਖੇ ਬਸੰਤ ਪੰਚਮੀ ਵਾਲੇ ਦਿਨ ਹੀ ਲਹੌਰ ਵਿੱਚ ਸ਼ਹੀਦ ਕੀਤਾ ਸੀ ।

ਅਦਬੀ ਬੋਲੀ

0

ਅਦਬੀ ਬੋਲੀ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ-95920-93472

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਖਾਲਸਾ ਪੰਥ ਦੇ ਸਮੂਹ ਸਤਿਕਾਰਤ ਸੇਵਕ ਜਨੋ ! ਵਰਤਮਾਨ ਸਮੇਂ ਖਾਲਸਾ ਪੰਥ ਦਾ ਦੇਸ਼ਾਂ ਵਿਦੇਸ਼ਾਂ ਵਿਚ ਵੱਸਦਾ ਭਾਈਚਾਰਾ ਸਿੱਖ ਕੌਮ ਅੰਦਰ ਪੈਦਾ ਹੋ ਚੁੱਕੇ ਤੇ ਹੋਰ ਹੋ ਰਹੇ ਵਖਰੇਵਿਆਂ ਤੇ ਵੀਚਾਰ-ਅੰਤਰਾਂ ਕਰ ਕੇ ਬਹੁਤ ਵੱਡੀ ਨਿਰਾਸ਼ਤਾ ਦਾ ਸਾਹਮਣਾ ਕਰ ਰਿਹਾ ਹੈ। ਸਿੱਖ ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ ਦੇ ਪ੍ਰਬੰਧਕੀ ਸੇਵਾਦਾਰ ਅਤੇ ਧਾਰਮਿਕ ਪਦਵੀਆਂ ਦੇ ਵਾਰਸ ਸੇਵਕ, ਖਾਲਸਾ-ਪੰਥ ਦੀ ਇਕਸੁਰਤਾ ਅਤੇ ਇਕਸਾਰਤਾ ਨੂੰ ਸੰਭਾਲਣ ਲਈ ਬਣਦੀ ਜ਼ਿੰਮੇਵਾਰੀ ਨੂੰ ‘ਨਿਰਭਉ ਨਿਰਵੈਰ ਤੇ ਨਿਰਪੱਖਤਾ’ ਦਾ ਸਬੂਤ ਦੇਂਦਿਆਂ ਨਿਬਾਹੁੰਦੇ ਦਿਖਾਈ ਨਹੀਂ ਦੇਂਦੇ। ਨਤੀਜਾ ਇਹ ਹੈ ਗੁਰਬਾਣੀ ਕਸੌਟੀ ’ਤੇ ਪਰਖ ਕੇ ਖਾਲਸਾ ਪੰਥ ਦੇ ਸਰੂਪ, ਸਿਧਾਂਤ ਅਤੇ ਮਾਣ ਮਰਯਾਦਾ ਬਾਰੇ ਬੋਲਣ ਅਤੇ ਲਿਖਣ ਦੀ ਆਦਤ, ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਕੌਮ ਦੀ ਬਹੁਤ ਵੱਡੀ ਗਿਣਤੀ ਗਵਾ ਚੁੱਕੀ ਹੈ। ਹੁਣ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਹਨ। ਬੋਲਣ ਲਿਖਣ ਦੇ ਪਿੱਛੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਰਹਿਮਤ ਨੂੰ ਪਾਸੇ ਰੱਖ ਕੇ ਧੜਾ-ਧਿਰ ਅਤੇ ਜਾਤੀ ਰਾਏ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਸੀਂ ਗੁਰਬਾਣੀ ਨੂੰ ਛੱਡ ਕੇ ਖੁਦ ਜੱਜ ਹੋਣ ਦਾ ਭਰਮ ਬਹੁਤੇ ਪਾਲ ਰਹੇ ਹਾਂ। ਜੇਕਰ ਅਸੀਂ ਆਪਣੇ ਆਪ ਨੂੰ, ਗੁਰੂ ਤੇ ਪ੍ਰਭੂ ਦੀ ਭਉ-ਭਾਵਨੀ ਦੇ ਅਧੀਨ ਨਾ ਲਿਆ ਸਕੇ, ਜੋ ਕੁਝ ਅਸੀਂ ਬੋਲ ਜਾਂ ਲਿਖ ਰਹੇ ਹਾਂ ਇਸ ਨਾਲ ਖਾਨਾਜੰਗੀ ਦਾ ਮਾਹੌਲ ਸਿਰਜ ਕੇ ਆਪਸ ਵਿਚ ਲੜ ਮਰਾਂਗੇ।

ਆਓ, ਗੁਰੂ ਪਿਆਰਿਓ ! ਖੁਦ ਆਪਣੇ ਅੰਦਰ ਝਾਤ ਮਾਰੀਏ ਤੇ ਉਸ ਸਿੱਖ ਦੀ ਤਲਾਸ਼ ਕਰੀਏ, ਜਿਹੜਾ ਗੁਰੂ ਜੀ ਦੇ ਅਦੁੱਤੀ ਮਾਣ-ਸਨਮਾਨ ਨੂੰ ਸਮਝਦਾ ਵੀ ਹੈ ਅਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਮਨ-ਬਚਨ ਕਰਮ ਕਰ ਕੇ ਪੰਥ ਪ੍ਰਸਤੀ ਲਈ ਜੀਊਦਿਆਂ ਫ਼ਖ਼ਰ ਵੀ ਮਹਿਸੂਸ ਕਰਦਾ ਹੈ। ਐਸੇ ਗੁਰੂ ਪਿਆਰੇ ਆਪਣੇ ਸਿੱਖ ਭਰਾਵਾਂ ਤੋਂ ਘੋਲ ਘੁਮਾਈ ਜਾਂਦੇ ਹਨ। ਉਹ ਜਾਣਦੇ ਹਨ, ‘‘ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥’’ (ਮ: ੪/੬੪੮)

ਗੁਰ ਇਤਿਹਾਸ ਅਤੇ ਸਿੱਖ ਇਤਿਹਾਸ, ਗੁਰੂ ਨਿਵਾਜ਼ਿਆਂ ਵੱਲੋਂ ਗੁਰੂ ਕਾਲ ਅਤੇ ਸੰਘਰਸ਼ਾਂ ਦੇ ਸਮੇਂ ਨਹੀਂ ਲਿਖਿਆ ਜਾ ਸਕਿਆ। ਬਹੁਤਾ ਇਤਿਹਾਸ ਗ਼ੈਰ ਮਜ਼ਹਬੀ ਸੱਜਣਾਂ ਵੱਲੋਂ ਵਕਤ ਦੀਆਂ ਹਕੂਮਤਾਂ ਦੇ ਪ੍ਰਭਾਵ ਹੇਠ ਜਾਂ ਆਪਣੇ-ਆਪਣੇ ਮਜ਼ਹਬੀ ਸੰਸਕਾਰਾਂ ਦੇ ਅਸਰ ਹੇਠ ਲਿਖਿਆ ਗਿਆ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਜੰਝੂ ਪਾਉਣ ਤੋਂ ਮਨ੍ਹਾ ਕਰਨ ਵਾਲੀ ਘਟਨਾ ਤੇ ‘‘ਰਾਜੇ ਸੀਹ ਮੁਕਦਮ ਕੁਤੇ ॥  ਜਾਇ ਜਗਾਇਨਿ੍, ਬੈਠੇ ਸੁਤੇ ॥’’  (ਮ: ੧/੧੨੮੮) ਵਾਲੇ ਬੋਲਾਂ ਕਰ ਕੇ, ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥  ਬ੍ਰਾਹਮਣੁ ਨਾਵੈ, ਜੀਆ ਘਾਇ ॥  ਜੋਗੀ, ਜੁਗਤਿ ਨ ਜਾਣੈ, ਅੰਧੁ ॥  ਤੀਨੇ, ਓਜਾੜੇ ਕਾ ਬੰਧੁ ॥’’ (ਮ: ੧/੬੬੨) ਆਖੇ ਗਏ ਬੋਲ ਵਕਤ ਦੀਆਂ ਸਾਰੀਆਂ ਮਜ਼ਹਬੀ ਅਤੇ ਰਾਜਸੀ ਤਾਕਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਤੇ ਇਨਕਲਾਬੀ ਵੀਚਾਰਧਾਰਾ ਦਾ ਰਾਹ ਰੋਕਣ ਲਈ ਲਾਮਬੰਦ ਕਰ ਗਏ। ਸਾਨੂੰ ਕੌਮੀ ਦੁਬਿਧਾ ਨੂੰ ਲੈ ਕੇ ਆਪਸ ਵਿਚ ਉਲਝਣ ਤੋਂ ਪਹਿਲਾਂ, ਉਪਰੋਕਤ ਲਾਮਬੰਦੀ ਵਾਲੀਆਂ ਤਾਕਤਾਂ ਦੀ ਆਪਸੀ ਭਾਈਵਾਲੀ ਅਤੇ ਅਲੱਗ-ਅਲੱਗ ਤੌਰ ’ਤੇ ਸਿੱਖ ਸਿਧਾਤਾਂ ਦਾ ਘਾਣ ਕਰਨ ਦੀ ਵਿਧੀਵਤ ਵਿਉਂਤਬੰਦੀ ਸਮਝਣ ਲਈ ਸਿਰਜੋੜ ਕੇ ਬੈਠ ਜਾਣਾ ਚਾਹੀਦਾ ਹੈ।

ਵਰਤਮਾਨ ਮੌਕੇ ਹੀ ਨਹੀਂ ਸਗੋਂ ਸਦੀਆਂ ਪਹਿਲਾਂ ਤੋਂ ਖਾਲਸਾ ਪੰਥ ਵੀਚਾਰ ਅੰਤਰਾਂ ਜਾਂ ਪੈਦਾ ਹੋਏ ਮਤਭੇਦਾਂ ਕਰ ਕੇ ਉਨ੍ਹਾਂ ਦੇ ਹੱਲ ਲਈ ਨਿਰੰਤਰ ਸਿਰਜੋੜ ਯਤਨ ਕਰਨ ਦਾ ਹੀਆ ਕਰਦਾ ਆ ਰਿਹਾ ਹੈ। ਠੀਕ ਹੈ ਅੱਜ ਤੱਕ ਪੂਰੀ ਤਰ੍ਹਾਂ ਕਾਮਯਾਬੀ ਨਹੀਂ ਮਿਲੀ। ਇਕ ਖ਼ੂਬਸੂਰਤੀ ਸਾਡੇ ਵੱਡੇ ਵਡੇਰਿਆਂ ਦੀ ਵੀ ਰਹੀ ਹੈ ਕਿ ਉਹ ਆਪਸ ਵਿਚ ਇਕ ਦੂਜੇ ਦਾ ਜ਼ਾਤੀ ਜਾਂ ਜਮਾਤੀ ਰੂਪ ਵਿਚ ਨੁਕਸਾਨ ਕਰਨ ਤੋਂ ਗੁਰੇਜ ਕਰਦੇ ਰਹੇ ਹਨ। ਇਸ ਗੱਲ ਦਾ ਪ੍ਰਤੱਖ ਸਬੂਤ ਸਿੱਖ ਰਹਿਤ ਮਰਯਾਦਾ ਦਾ ਕੌਮੀ ਸਰੂਪ ਤਿਆਰ ਕਰਨ ਦਾ ਸਮਾਂ ਹੈ। ਕਿੰਨੀ ਤੇ ਕਿਵੇਂ ਵਾਰ ਵਾਰ ਆਪਸ ਵਿਚ ਬੈਠਣ ਦੀ ਮਿਹਨਤ ਹੈ ਜੋ ਕੀਤੀ ਗਈ। ਇਹ ਮਤਭੇਦ ਤੇ ਵੀਚਾਰ ਅੰਤਰ ਉਹੀ ਹਨ ਜੋ ਸਾਡੇ ਵੱਡਿਆਂ ਦੇ ਸਾਹਮਣੇ ਵੀ ਸਨ। ਫਰਕ ਹੁਣ ਏਨਾ ਕੁ ਹੈ ਕਿ ਸਾਡੇ ਪਾਸ ਆਪਣੇ ਗੁਰੂ ਜੀ ਵੱਲੋਂ ਸਥਾਪਿਤ ਸਿਧਾਂਤਾਂ ਅਤੇ ਲਏ ਗਏ ਨਿਰਣਿਆਂ ’ਤੇ ਸਹਜ ਅਤੇ ਆਪਸੀ ਭਰੋਸੇ ਨਾਲ ਵੀਚਾਰ ਕਰਨ ਦੀ ਹੌਸਲਾ ਸ਼ਕਤੀ ਨਹੀਂ ਹੈ। ਅਸੀਂ ਇਕ ਦੂਜੇ ਨੂੰ ਧੜ੍ਹਿਆਂ ਵਿਚ ਵੰਡ ਕੇ ਆਪੋ ਆਪਣੀ ਬਣਾਈ ਹੋਈ ਧਾਰਨਾ ਨਾਲ ਦੁਸ਼ਮਣ ਗਰਦਾਨਣ ਦੀ ਬੱਜਰ ਭੁੱਲ ਕਰ ਰਹੇ ਹਾਂ। ਅਸੀਂ ਇਕੋ ਗੁਰੂ ਜੀ ਦੇ ਸਿੱਖ-ਸੇਵਕ ਹਾਂ ਅਤੇ ਸਦਾ ਰਹਿਣਾ ਹੈ। ਸਾਡਾ ‘‘ਗੁਰੁ ਗ੍ਰੰਥ-ਗੁਰੂ ਪੰਥ’’ ਦਾ ਸਿਧਾਂਤ ਇਕ ਹੈ ਅਤੇ ਇਸ ਲਈ ਅਸੀਂ ਇਕ ਹੀ ਰਹਿਣਾ ਹੈ ਅਤੇ ਆਪਾਂ ਇਸ ਨੂੰ ਇਕ ਹੀ ਰੱਖਣਾ ਹੈ।

ਵੇਖਣ ਵਾਲੀ ਗੱਲ ਹੈ ਕਿ ਸਾਡੀਆਂ ਕੌਮੀ ਸੰਸਥਾਵਾਂ ਜਿਨ੍ਹਾਂ ਨੇ ਕੋਈ ਇਕਸੁਰਤਾ ਤੇ ਇਕਸਾਰਤਾ ਨੂੰ ਆਪਸੀ ਵਖਰੇਵਿਆਂ, ਮੱਤਭੇਦਾਂ ਦੇ ਪ੍ਰਭਾਵ ਤੋਂ ਮੁਕਤ ਰੱਖ ਕੇ, ਵਿਸ਼ਵ ਪੱਧਰ ’ਤੇ ਖਾਲਸਾਈ ਹੋਂਦ ਅਤੇ ਹਸਤੀ ਦੇ ਨਿਰਮਲ ਨਿਆਰੇਪਣ ਨੂੰ ਸਥਾਪਿਤ ਕਰਨਾ ਸੀ, ਉਨ੍ਹਾਂ ਦੇ ਵਾਰਸ ਖੁਦ-ਬ-ਖੁਦ ਆਪਣੀਆਂ ਕੌਮੀ ਜ਼ਿੰਮੇਵਾਰੀਆਂ ਦੇ ਅਹਿਸਾਸ ਤੋਂ ਅਣਜਾਣ ਬਣ ਕੇ ਧਿਰ ਅਤੇ ਧੜਾ ਹੋਣ ਦੀ ਭੁੱਲ ਕਰ ਬੈਠੇ ਹਨ। ਇੱਥੋਂ ਤੱਕ ਕਿ ਅਸੀਂ ਆਪਣੇ ਆਪ ਤੋਂ ਵਿਸ਼ਵਾਸ ਗਵਾ ਕੇ ਹਾਸੋ ਹੀਣੀ ਦਸ਼ਾ ਨੂੰ ਪੈਦਾ ਕਰ ਲਿਆ ਹੈ।

ਹੁਣ ਜੋ ਕੁਝ ਆਪਾਂ ਨੂੰ ਕਰਨਾ ਚਾਹੀਦਾ ਹੈ ਉਸ ’ਤੇ ਆਪਾਂ ਬਤੌਰੇ ਸਿੱਖ, ਇਕ ਦੂਜੇ ਨੂੰ ਪਿਆਰ ਵੀ ਦੇਈਏ ਅਤੇ ਸਤਿਕਾਰ ਵੀ ਕਰੀਏ। ਕਿਸੇ ਵੀ ਸੂਰਤ ਵਿਚ ਅਸੀਂ ਆਪਣੇ ਅੰਦਰ ਦਾ ਸਹਜ ਤੇ ਸੰਜਮ ਨ ਖੋਈਏ।  ਰਲ ਬੈਠ ਕੇ ਸਿੱਖ ਕੌਮ ਦੇ ਆਦਿ ਤੋਂ ਚੱਲੇ ਆ ਰਹੇ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰੀਏ। ਦੁਸ਼ਮਣ ਨੇ ਹੁਣ ਤੱਕ ਕਿਹੜੇ-ਕਿਹੜੇ ਢੰਗ ਤਰੀਕਿਆਂ ਨਾਲ ਖਾਲਸਾ ਪੰਥ ਦੇ ਸਿਧਾਤਾਂ ’ਤੇ ਵਾਰ ਕੀਤਾ, ਖੋਰਾ ਲਾਇਆ ਅਤੇ ਪੰਥਕ ਇਕਸੁਰਤਾ ਅਤੇ ਇਕਸਾਰਤਾ ਲਈ ਚਣੌਤੀਆਂ ਖੜ੍ਹੀਆਂ ਕੀਤੀਆਂ ਹਨ ਤੇ ਕਰ ਰਿਹਾ ਹੈ ਅਤੇ ਹੋਰ ਖੜ੍ਹੀਆਂ ਹੋਣਗੀਆਂ।

ਗੁਰਸਿੱਖ ਵੀਰੋ !  ਨਾ ਖੋਈਏ ਆਪਣਾ ਆਪਾ। ਨਾ ਬੋਲੀਏ ਇਕ ਦੂਜੇ ਬਾਰੇ ਕਿਸੇ ਪ੍ਰਕਾਰ ਦੇ ਬੋਲ ਕੁਬੋਲ। ਨਾ ਲਿਖੀਏ ਮਾੜੀ ਸ਼ਬਦਾਵਲੀ ਆਪਣੇ ਹੀ ਸਿੱਖ ਭਰਾਵਾਂ ਬਾਰੇ। ਮੰਨ ਲਈਏ ਬੀਤੇ ਦੀ ਬੁੱਕਲ ਅੰਦਰ ਕੁਝ ਓਹਲਾ ਰਹਿ ਗਿਆ ਹੈ ਜਾਂ ਸਮਝਣ ਵਿਚ ਕਮੀ ਰਹਿਣ ਕਰ ਕੇ ਭਰਮ-ਭੁਲੇਖਿਆਂ ਦੇ ਬੱਦਲ, ਸੱਚ ਨੂੰ ਛੁਪਾਉਣ ਦੀ ਕੂੜੀ ਕੋਸ਼ਿਸ ਕਰ ਰਹੇ ਹਨ। ਸੱਚ ਸਾਡਾ ਸਤਿਗੁਰੂ ਹੈ, ਸਾਡੇ ਸਤਿਗੁਰੂ ਜੀ ਦਾ ਨਿਰਣਾ ਜੋ ਹਮੇਸ਼ਾ ਹੀ ਸੱਚ ਰਹੇਗਾ।  ਉਸ ਨੂੰ ਗੁਰਬਾਣੀ, ਗੁਰੂ ਜੀ ਰਾਹੀਂ ਸੁਣੀਏ, ਮੰਨੀਏ।

ਅੱਜ ਜਦੋਂ ਆਪਾਂ ਆਪਸ ਵਿਚ ਵੱਧ ਘੱਟ ਬੋਲਦੇ ਜਾਂ ਮਾੜਾ ਚੰਗਾ ਲਿਖ ਕੇ ਬਹਿਸ ਆਦਿ ਕਰਦੇ ਹਾਂ ਤਾਂ ਦੁਸ਼ਮਣ ਦੇ ਘਰ ਘਿਓ ਦੇ ਦੀਵੇ ਬਲਦੇ ਹਨ, ਖੁਸ਼ੀ ਵਿਚ ਤਾੜੀਆਂ ਵੱਜਦੀਆਂ ਹਨ। ਇਕ ਸਿੱਖ ਦੂਜੇ ਸਿੱਖ ਭਰਾ ਦੀ ਦਸਤਾਰ (ਪੱਗ) ਉਛਾਲਦਾ ਹੈ। ਸੋਚੀਏ ਤਾਂ ਸਹੀ, ਇਹ ਤਾਂ ਆਪਣੇ ਸਤਿਗੁਰੂ ਜੀ ਦੀ ‘ਦਸਤਾਰ’ ਹੈ। ਪਤਾ ਨਹੀਂ ਇਤਿਹਾਸ ਅੰਦਰ ਬੀਤੇ ਵਿਚ ਸਾਡੇ ਬਾਰੇ ਕੀ ਕੁਝ ਲਿਖਿਆ ਗਿਆ, ਬੋਲਿਆ ਗਿਆ। ਵਕਤ ਦੇ ਸਿੱਖਾਂ ਦੀ ਉੱਚ-ਕਰਣੀ ਨੇ ਸਭ ਕੁਝ ਖ਼ਾਕ ਕਰ ਕੇ ਰੱਖ ਦਿੱਤਾ। ਕੀ ਹੋਇਆ ਜੇ ਸਾਡੇ ਸਿੱਖੀ ਵਿਹੜੇ ’ਚ ਕੁਝ ਵਖਰੇਵੇਂ-ਮਤਭੇਦ ਕਿਸੇ ਕਾਰਨ ਆਣ ਵੜੇ ਜਾਂ ਵਾੜੇ ਗਏ ਹਨ। ਕੀ ਅਸੀਂ ਬੈਠ ਕੇ ਆਪਣੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਅਗਵਾਈ ਵਿਚ ਠੀਕ ਨਹੀਂ ਕਰ ਸਕਦੇ  ?  ਗੁਰਸਿੱਖ ਵੀਰੋ  !  ਆਪਾਂ, ਗੁਰੂ ਜੀ ਦੀ ਰਹਿਮਤ ਸਦਕਾ ਵੱਡੇ ਤੋਂ ਵੱਡੇ ਮਸਲੇ ਹੱਲ ਕਰਨ ਦੇ ਸਮਰੱਥ ਹਾਂ। ਉਹ ਕਿਹੜੀ ਜਾਂਚ ਜਾਂ ਅਗਵਾਈ ਹੈ, ਜੋ ਸਾਡੇ ਸਤਿਗੁਰੂ ਜੀ ਅੱਜ ਨਹੀਂ ਦੇ ਸਕਦੇ। 

ਭਲਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈਸਾ ਸਮਰੱਥ ਗਿਆਨ ਸਾਗਰ ਗੁਰੂ ਸੰਸਾਰ ਵਿਚ ਦੂਜਾ ਕੋਈ ਹੋਰ ਨਹੀਂ ਹੈ, ਨਾ ਹੀ ਦੁਨੀਆਂ ਵਿਚ ਹੋ ਸਕਦਾ ਹੈ। ਆਪਾਂ ਸਿਆਣੇ ਬਣ ਕੇ ਆਪਸੀ ਪਿਆਰ-ਵਿਸ਼ਵਾਸ ਤੇ ਇਤਫਾਕ ਨੂੰ ਮੁੜ ਇਕ ਦੂਜੇ ਗੁਰਸਿੱਖ ਪ੍ਰਤੀ ਰੂਹਾਂ ’ਚੋਂ ਉਜਾਗਰ ਕਰੀਏ। ਬਣ ਗਈਆਂ ਜਾਂ ਬਣਾ ਦਿੱਤੀਆਂ ਵੱਖ-ਵੱਖ ਸੰਪਰਦਾਵਾਂ ਗੁਰੂ ਖਾਲਸਾ ਪੰਥ ਦੀ ਏਕਤਾ-ਇਕਸੁਰਤਾ ਤੋਂ ਨਿਛਾਵਰ ਕਰ ਦੇਈਏ। ਖਾਲਸਾ ਪੰਥ, ਵਿਸ਼ਵ ਅਤੇ ਮਨੁੱਖਤਾ ਦੀ ਅਗਵਾਈ ਕਰਨ ਦੀ ਪੂਰਨ ਸਮਰੱਥਾ ਦਾ ਮਾਲਕ ਹੈ। ਸਾਰਾ ਵਿਸ਼ਵ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਵੱਲ ਟਿੱਕ-ਟਿਕੀ ਲਾ ਕੇ ਵੇਖ ਰਿਹਾ ਹੈ। ਕਦੋਂ ਇਸ ਨੂੰ ‘ਸਤਿਗੁਰੂ ਜੀ’ ਕਹਿਣ ਵਾਲੀ ਕੌਮ ਆਪਣੀਆਂ ਖੁਦਗਰਜ਼ੀਆਂ ਦੀ ਕੈਦ ਵਿੱਚੋਂ ਛੁਟਕਾਰਾ ਪਾ ਕੇ ਅਤੇ ਮਤਭੇਦਾਂ ਤੇ ਵੀਚਾਰ ਅੰਤਰਾਂ ਤੋਂ ਬਾਹਰ ਨਿਕਲ ਕੇ, ਸਾਰੇ ਵਿਸ਼ਵ ਦੇ ਮਨੁੱਖ ਨੂੰ ਉੱਚੀ-ਉੱਚੀ ਸੱਦਾ ਦੇਣ ਯੋਗ ਹੋਵੇਗੀ। ‘‘ਭੂਲੇ, ਮਾਰਗੁ ਜਿਨਹਿ ਬਤਾਇਆ ॥  ਐਸਾ ਗੁਰੁ, ਵਡਭਾਗੀ ਪਾਇਆ ॥’’ (ਮ: ੫/੮੦੩), ਗੁਰ ਜੈਸਾ, ਨਾਹੀ ਕੋ ਦੇਵ ॥  ਜਿਸੁ ਮਸਤਕਿ ਭਾਗੁ, ਸੁ ਲਾਗਾ ਸੇਵ ॥’’ (ਮ: ੫/੧੧੪੨), ਆਦਿ।

ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ

0

ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ

ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਕਵਿਤਾ ਭਵਨ ਮਾਛੀਵਾੜਾ ਰੋਡ, ਸਮਰਾਲਾ, 141114, ਮੋਬਾ: 94638-08697

ਸਵਾਮੀ ਬਾਬਾ ਜੀ ਕੀ ਜੈ ਹੋ।

ਮੈਂ ਇਕ ਦਮ ਸੰਭਲਿਆ-ਜੀਤੇ ਰਹੋ ਬੇਟਾ। ਕਹਾਂ ਸੇ ਆਏ ਹੋ। ਹਮਾਰੀ ਕੁਟੀਆਂ ਮੇਂ ਕੈਸੇ ਆਨਾ ਹੂਆ। ਓਮ ਸ਼ਾਂਤੀ। ਬਾਬਾ ਅਭੀ ਕੰਨਿਆਉਂ ਕੇ ਸਾਥ ਗੁਫ਼ਾ ਮੇ ਹੈਂ।

ਮੈਂ ਪਟਿਆਲਾ ਤੋਂ ਆਇਆ ਹਾਂ ਪ੍ਰੋ: ਨੌਸ਼ਹਿਰਵੀ ਨੂੰ ਮਿਲਣਾ ਸੀ।

ਆਈਏ, ਸ਼ਾਂਤੀ ਕੁੰਜ ਮੇਂ ਬੈਠੀਏ। ਬਾਬਾ ਜੀ ਆਤੇ ਹੀ ਹੋਂਗੇ।

ਡਾ. ਬਲ ਮੈਨੂੰ ਕਦੀ ਨਹੀਂ ਸੀ ਮਿਲਿਆ। ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤੋਂ ਰੀਟਾਇਰ ਹੋ ਕੇ, ਪੰਜਾਬੀ ਵਿਚ ਸਿਹਤ ਸਬੰਧੀ ਲਿਖਣਾ ਸ਼ੁਰੂ ਕੀਤਾ ਸੀ। ਮੈਨੂੰ ਡਾ. ਬਲ ਨੇ ਕਿਤੇ ਪੜ੍ਹਿਆ ਜ਼ਰੂਰ ਸੀ, ਪਰ ਦੇਖਿਆ ਨਹੀਂ ਸੀ। ਸ਼ਾਇਦ ਕਿਸੇ ਅਖ਼ਬਾਰ-ਰਸਾਲੇ ਵਿਚ ਮੇਰੀ ਤਸਵੀਰ ਵੀ ਨਹੀਂ ਸੀ ਵੇਖੀ।

ਹਫਤਾ ਕੁ ਪਹਿਲਾਂ ਮੈਂ ਆਪਣੇ ਵਾਸ਼ਰੂਮ ਦੇ ਦਰਵਾਜ਼ੇ ਵਿਚ ਡਿੱਗ ਪਿਆ ਸਾਂ। ਪੈਰ ਤਿਲਕ ਗਿਆ ਸੀ। ਦੋਹਾਂ ਅੱਖਾਂ ਦੇ ਵਿਚਾਲੇ ਮੇਰੇ ਮੱਥੇ ਉੱਤੇ ਸੱਟ ਲੱਗ ਗਈ ਸੀ। ਕਾਫ਼ੀ ਖੂਨ ਨਿਕਲਿਆ ਸੀ। ਮੱਥੇ ਵਿਚ ਡੂੰਘ ਪੈ ਗਿਆ ਸੀ, ਪਰ ਮੇਰੀਆਂ ਅੱਖਾਂ ਦਾ ਬਚਾ ਹੋ ਗਿਆ ਸੀ।

ਸਮਾਂ ਪੈਣ ਨਾਲ ਜ਼ਖਮ ਠੀਕ ਹੋ ਗਿਆ ਸੀ, ਪਰ ਮੱਥੇ ਦੇ ਐਨ ਵਿਚਾਲੇ ਡੂੰਘ ਨਾ ਭਰ ਸਕਿਆ। ਓਨਾ ਥਾਂ ਕਾਲਾ ਹੋ ਗਿਆ।

ਅਕਸਰ ਲੇਖਕ ਮਿਤਰ, ਪੁਰਾਣੇ ਵਿਦਿਆਰਥੀ ਮੇਰੇ ਨਿਵਾਸ ਵਿਖੇ ਆਇਆ ਕਰਦੇ ਸਨ।

– ਪ੍ਰੋਫੈਸਰ ਸਾਹਿਬ ਮੱਥੇ ਵਿਚਾਲੇ ਤਿਲਕ ਤਾਂ ਚੰਦਨ ਦਾ ਹੁੰਦਾ ਹੈ ਜਾਂ ਸੰਧੂਰ ਦਾ, ਪਰ ਤੁਸੀਂ ਕਾਲਾ ਟਿੱਕਾ ਲਾਇਆ ਹੋਇਆ ਹੈ।

ਗਰਮੀ ਬਹੁਤ ਸੀ। ਮੈਂ ਕਛਹਿਰਾ ਪਾਇਆ ਹੋਇਆ ਸੀ। ਉਪਰੋਂ ਦੀ ਚੋਲਾ-ਨੁਮਾ ਖੁੱਲ੍ਹਾ ਚਿੱਟਾ ਕਮੀਜ਼ ਪਹਿਨਿਆ ਹੋਇਆ ਸੀ। ਪੈਰੀ ਭੂਰੀਆਂ ਚਪਲਾਂ ਸਨ। ਲੱਤਾਂ ਨੰਗੀਆਂ ਸਨ। ਵਕਤ ਬੀਤਣ ਨਾਲ ਮੇਰੇ ਸਿਰ ਦੇ ਵਾਲ ਝੜ ਗਏ ਸਨ। ਗਿੱਚੀ ਨੇੜੇ ਕੁਝ ਸਫੈਦ ਵਾਲ ਬਾਕੀ ਸਨ। ਖੋਪਰੀ ਬਿਲਕੁਲ ਗੰਜੀ ਸੀ। ਸਾਬਤ ਸਫੈਦ ਦਾਹੜੀ ਮੇਰੀ ਖੁੱਲ੍ਹੀ ਸੀ। ਚਿਹਰੇ ਉੱਤੇ ਸੂਰਜ ਦਾ ਪ੍ਰਕਾਸ਼ ਸੀ- ਪਰ ਮੱਥੇ ਵਿਚਾਲੇ ਕਾਲਾ ਦਾਗ ਸੀ।

ਮਿਲਣ ਆਏ ਕਿਸੇ ਮਨਚਲੇ ਸੱਜਣ ਨੇ ਆਪਣੇ ਮੋਬਾਇਲ ਉੱਤੇ ਮੇਰੀ ਤਸਵੀਰ ਖਿੱਚ ਲਈ ਸੀ। ਆਪਣੇ ਵਟਸਐਪ ਅਤੇ ਫੇਸਬੁੱਕ ਉੱਤੇ ਮੇਰੀ ਤਸਵੀਰ ਪੋਸਟ ਕਰ ਦਿੱਤੀ ਸੀ-ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ। ਉਸ ਸੱਜਣ ਦੀ ਸੂਚੀ ਵਿਚ ਸ਼ਾਮਲ ਮਿੱਤਰਾਂ ਨੇ ਅੱਗੇ ਆਪਣੇ ਵਟਸਐਪ ਅਤੇ ਫੇਸਬੁੱਕ ਉੱਤੇ ਮੇਰੀ ਤਸਵੀਰ ਪਾ ਦਿੱਤੀ ਸੀ। ਸੋਸ਼ਲ ਮੀਡੀਆ ਵਿੱਚ ਬਾਬਾ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ ਦੀ ਤਸਵੀਰ ਦੂਰ ਤੱਕ ਵਾਇਰਲ ਹੋ ਗਈ ਸੀ।

ਪਾਣੀਆਂ ਉੱਤੇ ਸਫਰ ਕਰਦੀ ਹੋਈ ਬਾਬੇ ਦੀ ਇਹ ਤਸਵੀਰ ਕੈਨੇਡਾ ਵਿਖੇ ਮੇਰੇ ਬੇਟੇ ਸਫਰ ਪਾਸ ਵੀ ਪਹੁੰਚ ਗਈ ਸੀ। ਪਿਤਾ ਜੀ-ਤੁਸੀਂ ਤਾ ਡੇਰਿਆਂ ਨੂੰ ਬਦਫੈਲੀ ਤੇ ਜਹਾਲਤ ਦੇ ਅੱਡੇ ਕਹਿੰਦੇ ਸੋ। ਤਸਕਰੀ, ਮਨੀ, ਮਜ਼ਲ, ਬਲਾਤਕਾਰ ਤੇ ਸੈਕਸ ਦੀਆਂ ਕਾਲੀਆਂ ਗੁਫਾਵਾਂ ਤੇ ਹੁਣ ਤੁਸੀਂ ਵੀ ਡੇਰਾ ਖੋਲ੍ਹ ਕੇ ਬਹਿ ਗਏ ਹੋ।

ਬਾਬਾ ਓਮ ਅਲੀ ਸਿੰਘ ਦੀ ਤਸਵੀਰ ਨੂੰ ਸੈਂਕੜੇ ਵਿਅਕਤੀਆਂ ਨੇ ਲਾਈਕ ਕੀਤਾ-ਟਿੱਪਣੀਆਂ ਲਿਖੀਆਂ। ਬਾਬੇ ਦੇ ਸੈਂਕੜੇ ਚੇਲੇ ਬਣ ਗਏ।

ਮੈਂ ਸੋਚ ਰਿਹਾ ਸਾਂ, ਬਨਾਵਟੀ, ਪਾਖੰਡੀ, ਢੌਂਗੀ, ਫਰੇਬੀ, ਅਖੌਤੀ ਬਾਬੇ ਦੀ ਏਨੀ ਛੇਤੀ ਮਾਨਤਾ ! ਲੱਗਦਾ ਹੈ ਵੱਡੀ ਬਹੁਮਤ ਲੋਕਾਈ ਪਾਸੋਂ ਤਰਕ, ਦਲੀਲ, ਗਿਆਨ, ਸੋਚ, ਬੌਧਿਕਤਾ, ਜਵਾਬ ਦੇ ਗਈ ਸੀ। ਬਾਬਾ ਗੁਰਮੁਖ ਗਿਆਨੀ, ਭਾਈ, ਬਾਬਾ ਦੇ ਬਹੁਤ ਸਤਿਕਾਰੀ ਤੇ ਪਵਿੱਤਰ ਸ਼ਬਦ ਬਹੁਤ ਹੀ ਸਤਿਕਾਰਯੋਗ ਮਾਣਯੋਗ ਹਸਤੀ ਦੇ ਨਾਮ ਨਾਲ ਬਾਬਾ ਲੱਗਦਾ ਹੈ-ਬਾਬਾ ਬੁੱਢਾ ਜੀ, ਬਾਬਾ ਲਹਿਣਾ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਬਾਬਾ ਗੁਰਦਿੱਤ ਸਿੰਘ ਕਾਮਗਾਟਾਮਾਰੂ, ਬਾਬਾ ਸੋਹਣ ਸਿੰਘ ਭਕਨਾ ਅਤੇ ਬਹਾਦਰ ਗਦਰੀ ਬਾਬੇ, ਬਾਬਾ ਬੂਝਾ ਸਿੰਘ, ਆਦਿ।

ਪ੍ਰਥਮ ਗੁਰੂ ਸਾਹਿਬ ਫ਼ੁਰਮਾਉਂਦੇ ਹਨ-

ਆਦੇਸੁ, ਬਾਬਾ  ! ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥ (ਮ: ੧/੪੧੭)

ਅਜੋਕੇ ਮਾਇਆਧਾਰੀ, ਅੰਧਵਿਸ਼ਵਾਸੀ ਬਥੇਰੇ ਅੰਧ-ਬਾਬੇ ਤੇ ਜਹਾਲਤ ਵੰਡ ਰਹੇ ਹਨ। ਗੈਬੀ ਆਤਮਾਵਾਂ ਵਾਲੇ ਬਾਬੇ, ਧਾਗੇ ਤਵੀਤਾਂ ਵਾਲੇ ਬਾਬੇ, ਰੁੱਖਾਂ, ਮੱਠਾਂ, ਸਮਾਧਾਂ, ਪੱਕੀਆਂ ਥਾਵਾਂ ਵਾਲੇ ਬਾਬੇ, ਅਖਾੜੇ, ਭੰਡਾਰੇ, ਕੁੰਭਾਂ, ਸਤਿਸੰਗਾਂ, ਸੰਸਥਾਵਾਂ, ਆਸ਼ਰਮਾਂ ਵਾਲੇ ਬਾਬੇ, ਦੇਹਧਾਰੀ, ਦੁੱਧਾਧਾਰੀ, ਮੌਨਧਾਰੀ, ਜਟਾਜੂਟ ਬਾਬੇ, ਮਿੱਥਾਂ, ਮਨੌਤਾਂ, ਤਾਂਤਰਿਕ ਬਾਬੇ, ਸੁੱਚਾਂ-ਭਿੱਟਾਂ ਵਾਲੇ ਬਾਬੇ, ਨਾਂਗੇ ਬਾਬੇ, ਆਸਾ ਰਾਮ, ਨਰਾਇਣ ਸਾਈਂ, ਰਾਧੇ ਮਾਂ, ਸ੍ਰੀ ਸ੍ਰੀ, ਰਾਮਪਾਲ, ਸਾਈਂ ਬਾਬਾ, ਬਰਫ ਬਾਬਾ, ਜੋਤੀ ਬਾਬਾ, ਰਾਮ ਪ੍ਰਸ਼ਾਦ ਯਾਦਵ, ਬਾਬਾ ਭਨਿਆਰਾ ਵਾਲਾ, ਪ੍ਰਮਾਨੰਦ, ਭੀਮਾ ਨੰਦ, ਨਤਿਆ ਨੰਦ, ਬੱਲਾਂ ਵਾਲੇ, ਮਹਿਲਾਂ ਵਾਲੇ ਬਾਬੇ, ਕੂਕਾਂ ਵਾਲੇ, ਬੰਦੂਕਾਂ ਬਾਬੇ, ਸੱਪਾਂ ਵਾਲੇ ਬਾਬੇ, ਚੂਹਿਆਂ ਵਾਲੇ ਬਾਬੇ, ਰਾਮ ਰਹੀਮ ਆਦਿ ਬਾਬਿਆਂ ਦੀ ਲੰਮੀ ਹੇੜ ਹੈ। ਪੂਰਾ ਵੱਗ ਹੈ। ਟਿੱਡੀ ਦਲ ਹੈ।

ਇਨ੍ਹਾਂ ਦੁਨੀਆਵੀ ਬਾਬਿਆਂ ’ਚ ਇੱਕ ਨਿਰਾਕਾਰੀ ਬਾਬਾ ਗੁਰੂ ਨਾਨਕ ਸਾਹਿਬ ਜੀ ਸਨ, ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਬੜਾ ਵਾਜਬ ਲਿਖਦੇ ਹਨ-

ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ, ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)

ਹਜ਼ਾਰਾ ਡੇਰਿਆਂ ਵਿੱਚੋਂ ਬਹੁਤੇ ਡੇਰਿਆਂ ਵਿੱਚ ਕਪਟੀ ਤੇ ਢੌਂਗੀ ਬਾਬਿਆਂ ਨੇ ਕੁਫਰ ਤੇ ਅਨੈਤਿਕਤਾ ਦੀਆਂ ਦੁਕਾਨਾਂ ਚਲਾ ਰੱਖੀਆਂ ਹਨ। ਜਿੱਥੇ ਹਰ ਤਰ੍ਹਾਂ ਦਾ ਵਿਭਚਾਰ ਅਤੇ ਦੁਰਾਚਾਰੀ ਹੁੰਦੀ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਅਫਸਰਾਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ-ਇਹ ਬਾਬੇ। ਇਨ੍ਹਾਂ ਕਰੋੜਪਤੀ ਬਾਬਿਆਂ ਨੂੰ ਸਰਕਾਰੀ ਕਮਾਂਡੋਜ਼ ਤੇ ਜ਼ੈਡ ਸੁਰੱਖਿਆ ਛੱਤਰੀ ਮਿਲੀ ਹੋਈ ਹੁੰਦੀ ਹੈ। ਇਨ੍ਹਾਂ ਨੂੰ ਸਰਕਾਰ ਵੱਲੋਂ ਬੁਲਟ ਪਰੂਫ ਤੇ ਸਾਊਂਡ ਪਰੂਫ ਗੱਡੀਆਂ ਮਿਲੀਆਂ ਹੁੰਦੀਆਂ ਹਨ। ਸਿਆਸੀ ਆਗੂ ਇੱਥੇ ਆ ਕੇ ਮੱਥੇ ਰਗੜਦੇ ਹਨ, ਵੋਟਾਂ ਦੀ ਭੀਖ ਮੰਗਦੇ ਹਨ।

ਡੇਰਿਆਂ ਵਿੱਚ ਲੱਖਾਂ ਦੀਆਂ ਅੰਨੀਆਂ ਬੇਵੱਸ ਭੀੜਾਂ ਦੇ ਹਜ਼ੂਮ ਦਾ ਵੱਡਾ ਕਾਰਨ ਹੈ- ਅਨਪੜ੍ਹਤਾ, ਤਰਕਹੀਣਤਾ, ਸ਼ਬਦ ਗੁਰੂ ਤੋਂ ਦੂਰੀ, ਕਿਤਾਬ ਨਾਲੋਂ ਸ਼ਰਾਬ, ਬੁੱਕ ਨਾਲੋਂ ਬੋਤਲ ਦੀ ਪ੍ਰਧਾਨਵਤਾ, ਖੁਦਗਰਜ ਮੁਨਾਫਾਖੋਰ, ਪਰਿਵਾਰ ਪ੍ਰਸਤ ਧਾਰਮਿਕ ਤੇ ਸਿਆਸੀ ਲੀਡਰਸ਼ਿਪ, ਜਿੱਥੇ ਰਾਜ ਦੀ ਸਿੱਖਿਆ ਮੰਤਰੀ ਹਿੰਦੀ ਵਿੱਚ ਸਹੁੰ ਚੁੱਕਦੀ ਹੈ, ਕਹਿੰਦੀ ਹੈ ਕਿ ਪੰਜਾਬੀ ਉਸ ਨੂੰ ਆਉਂਦੀ ਨਹੀਂ, ਰਾਜ ਦਾ ਮੁੱਖ ਮੰਤਰੀ ਅੰਗਰੇਜ਼ੀ ਵਿੱਚ ਬਜਟ ਭਾਸ਼ਣ ਦਿੰਦਾ ਹੈ, ਭਾਸ਼ਾ ਵਿਭਾਗ ਮੰਗਵੇਂ ਸਾਹਾਂ ’ਤੇ ਜਿਉਂਦਾ ਹੈ। ਬੱਚਿਆਂ ਪਾਸੋਂ ਬਚਪਨ ਖੋਹ ਲਿਆ ਗਿਆ ਹੈ, ਕੰਜਕਾਂ ਦਾ ਨਿੱਤ ਬਲਾਤਕਾਰ ਹੁੰਦਾ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਕਿਸੇ ਦੇ ਧਿਆਨ ਵਿੱਚ ਹੀ ਨਹੀਂ। ਬਿਮਾਰ ਪ੍ਰਾਂਤ ਦੇ ਲੋਕ ਬਿਮਾਰ ਲੋਕ ਡੇਰਿਆਂ ਦੀਆਂ ਸਵਾਹ ਦੀਆਂ ਪੂੜੀਆਂ ਵਿੱਚ ਰਾਹਤ ਭਾਲਣਗੇ ਹੀ ।

ਗੁਫਾ ਨੁਮਾਂ ਨੀਵੀਂ ਜਿਹੀ ਬੈਠਕ ਵਿੱਚ ਬੈਠਾ ਡਾ. ਬਲ ਟੇਬਲ ਉੱਤੇ ਪਈ ਅੰਗੇ੍ਰਜ਼ੀ ਦੀ ਕਿਤਾਬ ‘ਮਹਾਰਾਜਾ’ ਪੜ੍ਹ ਰਿਹਾ ਸੀ। ਸਾਹਮਣੇ ਵੱਗਦੇ ਸੂਏ ਦੀ ਪੱਟੜੀ, ਉੱਚੀ ਕਰ ਦਿੱਤੀ ਗਈ। ਕਮਰਿਆਂ ਦੀਆਂ ਫਰਸ਼ਾਂ ਨੀਵੀਆਂ ਹੋ ਗਈਆਂ ਸਨ। ਦਸਤਾਰ ਸਜਾਉਂਦਿਆਂ ਤੇ ਕੱਪੜੇ ਬਦਲਦਿਆਂ ਮੈਨੂੰ ਕੁਝ ਜ਼ਿਆਦਾ ਹੀ ਸਮਾਂ ਲੱਗ ਗਿਆ ਸੀ।

– ਨੌਸ਼ਹਿਰਵੀ ਸਾਹਿਬ ਹਾਲੀ ਤੱਕ ਆਏ ਹੀ ਨਹੀਂ।

– ਮੈਂ ਹਾਜ਼ਰ ਹਾਂ।

– ਤੁਸੀਂ ਹੀ ਹੋ ਪ੍ਰੋ. ਨੌਸ਼ਹਿਰਵੀ ?

– ਹਾਂ ਜੀ।

– ਤੇ ਤਿਲਕਧਾਰੀ ਬਾਬਾ ਜੀ ?

– ਉਹ ਵੀ ਮੈਂ ਹੀਂ ਹਾਂ।

– ਤੇ ਸੋਸ਼ਲ ਮੀਡੀਆ ਵਿੱਚ ਆ ਰਹੇ ਗੁਰਦੀਪ ਓਮ ਅਲੀ ਸਿੰਘ ਡੇਰਾ ਸੂਏ ਵਾਲੇ ?

– ਉਹ ਮੈਂ ਨਹੀਂ ਹਾਂ, ਜੀ।

ਮੇਥੀ ਦੇ ਫਾਇਦੇ

0

ਮੇਥੀ ਦੇ ਫਾਇਦੇ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਇਕ ਮੈਡੀਕਲ ਕਾਨਫਰੰਸ ਵਿਚ ਇਕ ਨਵੀਂ ਦਵਾਈ ਬਾਰੇ ਸਾਨੂੰ ਦੱਸਿਆ ਗਿਆ ਕਿ ਇਹ ਸ਼ੱਕਰ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਉਸ ਦਵਾਈ ਦਾ ਨਾਂ ਸੀ ‘ਫੈਨਫਿਊਰੋ’ ! ਕਾਨਫਰੰਸ ਦੇ ਅੰਤ ਵਿਚ ਇਹ ਦੱਸਿਆ ਗਿਆ ਕਿ ਇਹ ਦਵਾਈ ਮੇਥੀ ਤੋਂ ਬਣਾਈ ਗਈ ਹੈ। ਸਾਡੇ ਵਿੱਚੋਂ ਅੱਧਿਆਂ ਦਾ ਮੂੰਹ ਇਹ ਸੱਚਾਈ ਸੁਣ ਕੇ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਇਹ ਨਿੱਕੀਆਂ ਜਿਹੀਆਂ ਹਰੀਆਂ ਪੱਤੀਆਂ ਏਨੀਆਂ ਲਾਹੇਵੰਦ  ?

ਕੁਦਰਤ ਦੀ ਕਾਰੀਗਰੀ ਉੱਤੇ ਵਾਰੇ-ਵਾਰੇ ਨਾ ਜਾਈਏ ਤਾਂ ਕੀ ਕਰੀਏ ! ਉਸੇ ਕਾਨਫਰੰਸ ਵਿਚ ਕਈ ਡਾਕਟਰਾਂ ਲਈ ਇਹ ਸੱਚਾਈ ਹਜ਼ਮ ਕਰਨੀ ਔਖੀ ਹੋਈ ਪਈ ਸੀ ਕਿ ਮੇਥੀ ਵਰਗੀਆਂ ਪੱਤੀਆਂ ਵਿਚ ਭਲਾ ਏਨਾ ਕੁੱਝ ਕਿਵੇਂ ਹੋ ਸਕਦਾ ਹੈ ?

ਇਸੇ ਲਈ ਉਸ ਤੋਂ ਬਾਅਦ ਅਮਰੀਕਾ ਵਿਚ ਵਰਤੇ ਜਾ ਰਹੇ ‘ਫੇਸ ਪੈਕ’ ਵਿਖਾਏ ਗਏ, ਜੋ ਮੂੰਹ ਉੱਤੇ ਬਣ ਰਹੇ ਬਲੈਕ ਹੈਡਜ਼, ਫ਼ਿਨਸੀਆਂ, ਕਿੱਲ, ਝੁਰੜੀਆਂ ਆਦਿ ਲਈ ਕਮਾਲ ਦਾ ਅਸਰ ਵਿਖਾ ਰਹੇ ਸਨ ਤੇ ਅਮਰੀਕਨ ਔਰਤਾਂ ਦੀ ਪਹਿਲੀ ਪਸੰਦ ਬਣ ਚੁੱਕੇ ਸਨ। ਉਨ੍ਹਾਂ ‘ਫੇਸ ਪੈਕਸ’ ਦੇ ਵਿਚ ਭਰੇ ਅੰਸ਼ਾਂ ਉੱਤੇ ਸਾਨੂੰ ਅੱਖਰ ਵੱਡੇ ਕਰ ਕੇ ਵਿਖਾਇਆ ਗਿਆ ਤਾਂ ਬਥੇਰੇ ਜਣੇ ਦੰਗ ਰਹਿ ਗਏ। ਉਨ੍ਹਾਂ ਵਿਚ ਅਸਲ ਚੀਜ਼ ‘ਮੇਥੀ’ ਸੀ ! ਉੱਥੋਂ ਦੇ ਕਈ ਬਿਊਟੀ ਕਲਿਨਿਕ ਮੇਥੀ ਦੇ ਬੀਜ (ਮੇਥਰੇ) ਪਾਣੀ ਵਿਚ ਉਬਾਲ ਕੇ, ਉਸ ਨਾਲ ਆਪਣੀਆਂ ਗਾਹਕ ਔਰਤਾਂ ਦਾ ਮੂੰਹ ਚੰਗੀ ਤਰ੍ਹਾਂ ਧੋ ਕੇ, ਤਾਜ਼ੀ ਮੇਥੀ ਦਾ ਲੇਪ ਵੀਹ ਮਿੰਟ ਲਈ ਮੂੰਹ ਉੱਤੇ ਲਾ ਦਿੰਦੇ ਹਨ। ਇਹ ਝੁਰੜੀਆਂ ਤੇ ਕਿੱਲ ਮੁਹਾਸੇ ਲਈ ਤੇ ਨਾਲੋ ਨਾਲ ਛਿੰਭਾਂ (ਚਿਹਰੇ ਦੇ ਦਾਗ਼) ਵਾਸਤੇ ਕਮਾਲ ਦਾ ਅਸਰ ਵਿਖਾਉਂਦੀ ਹੈ।

ਚਮੜੀ ਤਾਂ ਛੱਡੋ ! ਵਾਲਾਂ ਲਈ ਵੀ ਮੇਥੀ ਤੋਂ ਬਣੇ ਸ਼ੈਂਪੂ ਸਭ ਤੋਂ ਮਹਿੰਗੇ ਵਿਕਦੇ ਹਨ। ਸਿੱਕਰੀ ਤੇ ਵਾਲ ਝੜਨ ਤੋਂ ਰੋਕਣ ਲਈ ਮੇਥੀ ਦੀ ਵਰਤੋਂ ਜ਼ੋਰਾਂ ਉੱਤੇ ਹੈ ਭਾਵੇਂ ਰੋਜ਼ ਖਾਧੀ ਜਾਏ ਤੇ ਭਾਵੇਂ ਵਾਲਾਂ ਉੱਤੇ ਪੇਸਟ ਬਣਾ ਕੇ ਲਾ ਲਈ ਜਾਏ, ਇਸ ਨਾਲ ਹੌਲ਼ੀ ਹੌਲ਼ੀ ਵਾਲ ਲਿਸ਼ਕਵੇਂ ਤੇ ਕਾਲੇ ਹੋਣ ਲੱਗ ਪੈਂਦੇ ਹਨ।

ਵਾਲਾਂ ਤੇ ਚਮੜੀ ਵਿਚ ਮੇਥੀ ਦੀ ਏਨੀ ਜ਼ਿਆਦਾ ਵਰਤੋਂ ਕਈ ਵਾਰ ਤਾਂ ਸ਼ੱਕ ਹੀ ਪਾ ਦਿੰਦੀ ਹੈ ਕਿ ਇਹ ਖਾਣ ਦੀ ਚੀਜ਼ ਹੈ ਵੀ ਕਿ ਸਿਰਫ਼ ਲਾਉਣ ਵਾਲੀ ਹੀ ਹੈ।

ਹੁਣ ਇਕ ਹੋਰ ਅਸਰਦਾਰ ਵਰਤੋਂ ਬਾਰੇ ਵੀ ਸੁਣੋ। ਮੇਥੀ ਦੇ ਬੀਜ, ਪਾਣੀ ਵਿਚ ਉਬਾਲ ਕੇ, ਫੇਰ ਰਾਤ ਭਰ ਖੋਪੇ ਦੇ ਤੇਲ ਵਿਚ ਭਿਉਂ ਕੇ ਰੱਖੋ ਤੇ ਉਸ ਨਾਲ ਰੋਜ਼ ਹਲਕੀ ਹਲਕੀ ਸਿਰ ਦੀ ਮਾਲਸ਼ ਕਰੋ। ਇਸ ਨਾਲ ਵਾਲ ਝੜਨੇ ਵੀ ਰੁਕਦੇ ਹਨ ਤੇ ਸਿੱਕਰੀ ਵੀ ਠੀਕ ਹੋ ਜਾਂਦੀ ਹੈ।

ਬਤੌਰ ਡਾਕਟਰ ਇਹ ਗੱਲਾਂ ਮੈਂ ਇਸ ਲਈ ਦੱਸ ਰਹੀ ਹਾਂ ਤਾਂ ਜੋ ਇਸ ਆਮ ਜਿਹੇ ਨੁਸਖ਼ੇ ਪਿੱਛੇ ਕੁੜੀਆਂ ਤੇ ਔਰਤਾਂ ਜਿਹੜੇ ਲੱਖਾਂ ਰੁਪਏ ਜ਼ਾਇਆ ਕਰਦੀਆਂ ਪਈਆਂ ਹਨ, ਉਨ੍ਹਾਂ ਦੀ ਥਾਂ ਉਹ ਕੁਦਰਤੀ ਸੋਗਾਤਾਂ ਰਾਹੀਂ ਖੂਬਸੂਰਤ ਹੋਣ ਬਾਰੇ ਲੋਚਣ ਤਾਂ ਮਹਿੰਗੀਆਂ ਕਰੀਮਾਂ ਤੋਂ ਛੁਟਕਾਰਾ ਪਾ ਲੈਣਗੀਆਂ।

ਇਹ ਤਾਂ ਹੋਈ ਖ਼ੂਬਸੂਰਤੀ ਦੀ ਗੱਲ ! ਪਰ ਮੇਥੀ ਤਾਂ ਜਿਸਮਾਨੀ ਨਜ਼ਦੀਕੀਆਂ ਵਧਾਉਣ ਵਿਚ ਵੀ ਬੇਹਦ ਕਮਾਲ ਦਾ ਅਸਰ ਵਿਖਾਉਂਦੀ ਹੈ। ਇਨਸਾਨੀ ਚਿਤ, ਜੋ ਪੂਰਾ ਠੰਡਾ ਪਿਆ ਹੋਵੇ, ਮੇਥੀ ਲਗਾਤਾਰ ਖਾਣ ਸਦਕਾ ਨਿੱਘ ਵਿਚ ਆ ਜਾਂਦਾ ਹੈ।

ਜਿਹੜੇ ਜਣੇ ਭਾਰ ਘਟਾਉਣ ਬਾਰੇ ਸੋਚ ਰਹੇ ਹੋਣ, ਉਹ ਤਾਂ ਅੱਜ ਤੋਂ ਹੀ ਮੇਥੀ ਖਾਣੀ ਸ਼ੁਰੂ ਕਰ ਦੇਣ ਕਿਉਂਕਿ ਮੇਥੀ ਤੋਂ ਵਧੀਆ ਕੁਦਰਤੀ ਦਵਾਈ ਮਿਲਣੀ ਔਖੀ ਹੀ ਹੈ। ਮੇਥੀ ਦੇ ਬੀਜ ਰਾਤ ਭਰ ਭਿਉਂ ਕੇ ਸਵੇਰੇ ਨਿਰਣੇ ਪੇਟ ਚੱਬ ਕੇ ਖਾਣ ਨਾਲ ਢਿਡ ਭਰਿਆ ਜਾਪਣ ਲੱਗ ਪੈਂਦਾ ਹੈ ਤੇ ਭੁੱਖ ਲੱਗਦੀ ਹੀ ਨਹੀਂ ! ਇਹ ਇਸ ਲਈ ਹੁੰਦਾ ਹੈ ਕਿਉਂਕਿ ਮੇਥੀ ਵਿਚਲਾ ਫਾਈਬਰ ਪਾਣੀ ਵਿਚ ਫੁੱਲ ਜਾਣ ਕਾਰਨ ਢਿੱਡ ਵਿਚ ਹੋਰ ਖਾਣ ਨੂੰ ਥਾਂ ਹੀ ਨਹੀਂ ਛੱਡਦਾ।

ਜੇ ਕਿਸੇ ਦੀ ਚਮੜੀ ਉੱਤੇ ਦਾਗ਼ ਹਨ ਜਾਂ ਸੜਨ ਦੇ ਤਾਜ਼ੇ ਦਾਗ਼, ਛਾਲੇ, ਐਗਜ਼ੀਮਾ (ਚੰਬਲ) ਆਦਿ ਹੈ, ਤਾਂ ਵੀ ਮੇਥੀ ਦੇ ਬੀਜਾਂ ਨੂੰ ਰਗੜ ਕੇ ਪਤਲਾ ਪੇਸਟ ਬਣਾ ਕੇ ਚਮੜੀ ਉੱਤੇ ਲੇਪ ਵਾਂਗ ਲਾ ਕੇ ਉੱਤੇ ਸਾਫ਼ ਕੱਪੜੇ ਨਾਲ ਢੱਕ ਕੇ ਰੱਖਣ ਨਾਲ ਹੌਲ਼ੀ ਹੌਲ਼ੀ ਕੁੱਝ ਆਰਾਮ ਪੈ ਜਾਂਦਾ ਹੈ।

ਅੰਤੜੀਆਂ ਦੇ ਕੈਂਸਰ (ਕੋਲਨ ਕੈਂਸਰ) ਵਿਚ ਵੀ ਮੇਥੀ ਵਿਚਲੇ ਭਰਵੇਂ ਫਾਈਬਰ ਦੇ ਸਦਕਾ ਫ਼ਾਇਦਾ ਲਿਆ ਜਾ ਸਕਦਾ ਹੈ ਕਿਉਂਕਿ ਇਹ ਖਾਣੇ ਵਿਚਲੇ ਮਾੜੇ ਤੱਤਾਂ ਨੂੰ ਅੰਤੜੀਆਂ ਦੀ ਨਰਮ ਪਰਤ ਉੱਤੇ ਵਾਰ ਨਹੀਂ ਕਰਨ ਦਿੰਦੀ ਤੇ ਕੈਂਸਰ ਹੋਣ ਤੋਂ ਬਚਾਓ ਕਰ ਸਕਦੀ ਹੈ।

ਦਰਅਸਲ ਮੇਥੀ ਸਿਰਫ਼ ਫਾਈਬਰ ਸਦਕਾ ਹੀ ਗੁਣਕਾਰੀ ਨਹੀਂ ਬਲਕਿ ਇਸ ਵਿਚਲੇ ਪ੍ਰੋਟੀਨ, ਵਿਟਾਮਿਨ ਸੀ, ਨਾਇਆਸਿਨ, ਪੋਟਾਸ਼ੀਅਮ, ਲੋਹ ਕਣ, ਐਲਕਾਲੌਇਡ ਤੇ ਡਾਇਓਸਜੈਨਿਨ ਵੀ ਰਲ ਮਿਲ ਕੇ ਸਰੀਰ ਵਿਚ ਕਮਾਲ ਦਾ ਅਸਰ ਵਿਖਾਉਂਦੇ ਹਨ।

ਡਾਇਓਸਜੈਨਿਨ ਦਾ ਅਸਰ ਬਿਲਕੁਲ ਔਰਤਾਂ ਦੇ ਸਰੀਰ ਅੰਦਰਲੇ ਈਸਟਰੋਜਨ ਹਾਰਮੋਨ ਵਰਗਾ ਹੁੰਦਾ ਹੈ ਤੇ ਸਟੀਰਾਇਡ ਸੈਪੋਨਿਨ ਵਾਂਗ ਵੀ ! ਇਹੀ ਸੈਪੋਨਿਨ ਖ਼ੂਬਸੂਰਤੀ ਵਧਾਉਣ ਵਾਲੀਆਂ ਚੀਜ਼ਾਂ ਵਿਚ ਵਰਤਿਆ ਜਾ ਰਿਹਾ ਹੈ।

ਡਾਇਓਸਜੈਨਿਨ ਦਾ ਈਸਟਰੋਜਨ ਵਾਂਗ ਅਸਰ ਹੋਣ ਸਦਕਾ ਇਹ ਮਾਂ ਦਾ ਦੁੱਧ ਵਧਾਉਣ ਵਿਚ ਕਾਫ਼ੀ ਮਦਦ ਕਰਦਾ ਹੈ, ਜੋ ਨਵਜੰਮੇ ਬੱਚੇ ਲਈ ਲਾਹੇਵੰਦ ਹੈ।

ਮੇਥੀ ਵਿਚਲੇ ਤੱਤਾਂ ਸਦਕਾ ਜੱਚਾ ਵਿਚ ਬੱਚਾ ਜੰਮਣ ਦੌਰਾਨ ਬੱਚੇਦਾਨੀ ਦਾ ਸੁੰਗੜਨਾ ਤੇਜ਼ ਹੋ ਸਕਦਾ ਹੈ ਤੇ ਬੱਚਾ ਘਟ ਦਰਦਾਂ ਨਾਲ ਸੌਖਿਆਂ, ਛੇਤੀ ਪੈਦਾ ਹੋ ਸਕਦਾ ਹੈ।

ਧਿਆਨ ਰਹੇ ਕਿ ਇਸ ਅਸਰ ਵਾਸਤੇ ਰੋਜ਼ ਕੌਲੇ ਭਰ ਭਰ ਕੇ ਤਿੰਨੋਂ ਵੇਲੇ ਜੱਚਾ ਨੂੰ ਮੇਥੀ ਦੇਣ ਦੀ ਲੋੜ ਨਹੀਂ ਕਿ ਕਿਤੇ ਵਕਤ ਤੋਂ ਪਹਿਲਾਂ ਹੀ ਸਤਮਾਹਿਆ ਬੱਚਾ ਜੰਮ ਪਵੇ।

ਸਿਰਫ ਜੱਚਾ ਵਾਸਤੇ ਹੀ ਨਹੀਂ, ਮੇਥੀ ਵਿਚਲੇ ਆਈਸੋਫ਼ਲੇਵੋਨ ਤੇ ਡਾਇਓਸਜੈਨਿਨ ਕੁੜੀਆਂ ਤੇ ਔਰਤਾਂ ਵਿਚ ਮਾਹਵਾਰੀ ਦੌਰਾਨ ਹੋ ਰਹੀ ਦਰਦ ਵੀ ਘਟਾ ਦਿੰਦੇ ਹਨ।

ਜਦੋਂ ਮਾਹਵਾਰੀ ਆਉਣੀ ਬੰਦ ਹੋ ਚੁੱਕੀ ਹੋਵੇ ਜਾਂ ਉਮਰ ਪੰਜਾਹ ਦੇ ਨੇੜੇ ਢੁਕ ਚੁੱਕੀ ਹੋਵੇ, ਉਨ੍ਹਾਂ ਔਰਤਾਂ ਵਿਚ ਵੀ ‘ਪੋਸਟਮੀਨੋਪੌਜ਼ਲ ਸਿੰਡਰੋਮ’ ਵਿਚਲੇ ਲੱਛਣ ਜਿਵੇਂ ਇਕਦਮ ਗਰਮੀ ਲੱਗਣੀ, ਤੌਣੀ ਆਉਣੀ, ਇਕਦਮ ਗੁੱਸਾ ਆਉਣਾ, ਢਹਿੰਦੀ ਕਲਾ, ਆਦਿ ਵਿਚ ਵੀ ਮੇਥੀ ਖਾਂਦੇ ਰਹਿਣ ਨਾਲ ਫ਼ਾਇਦਾ ਮਿਲਦਾ ਹੈ।

ਮੇਥੀ ਵਿਚਲੇ ਲੋਹ ਕਣ ਲਹੂ ਦੀ ਕਮੀ ਵੀ ਕੁੱਝ ਹੱਦ ਤਕ ਦੂਰ ਕਰ ਦਿੰਦੇ ਹਨ। ਜੇ ਮੇਥੀ ਵਿਚ ਟਮਾਟਰ ਤੇ ਆਲੂ ਵੀ ਪਾ ਲਏ ਜਾਣ ਤਾਂ ਅਜਿਹੀ ਸਬਜ਼ੀ ਲਗਾਤਾਰ ਖਾਣ ਨਾਲ ਸਬਜ਼ੀ ਵਿਚਲੇ ਲੋਹ ਕਣ ਛੇਤੀ ਹਜ਼ਮ ਹੋ ਜਾਂਦੇ ਹਨ।

ਭਾਵੇਂ ਸਾਬਤ ਨਹੀਂ ਹੋ ਸਕਿਆ, ਪਰ ਅਮਰੀਕਾ ਵਿਚ ਕੁੱਝ ਔਰਤਾਂ ਛਾਤੀ ਉੱਤੇ ਮੇਥੀ ਦਾ ਲੇਪ ਲਾ ਕੇ ਰੱਖਦੀਆਂ ਹਨ ਕਿ ਇਸ ਨਾਲ ਛਾਤੀ ਦਾ ਆਕਾਰ ਵੱਧ ਜਾਂਦਾ ਹੈ। ਮੇਥੀ ਵਿਚਲੇ ਈਸਟਰੋਜਨ ਵਰਗੇ ਅਸਰ ਸਦਕਾ, ਇਸ ਨੂੰ ਖਾਣ ਨਾਲ ਛਾਤੀ ਜ਼ਰੂਰ ਕੁੱਝ ਭਾਰੀ ਹੋ ਸਕਦੀ ਹੈ।

ਸਰੀਰ ਅੰਦਰਲਾ ਕੋਲੈਸਟਰੋਲ ਖ਼ਾਸ ਕਰ ‘ਲੋ ਡੈਨਸਿਟੀ ਲਾਈਪੋਪਰੋਟੀਨ’ (ਮਾੜਾ ਕੋਲੈਸਟਰੋਲ) ਘਟਾਉਣ ਵਿਚ ਵੀ ਮੇਥੀ ਦਾ ਕੁੱਝ ਹੱਥ ਜ਼ਰੂਰ ਹੈ।

ਮੇਥੀ ਵਿਚਲੇ ਗਲੈਕਟੋਮੈਨਨ, ਦਿਲ ਨੂੰ ਵੀ ਸਿਹਤਮੰਦ ਰੱਖਦੇ ਹਨ ਤੇ ਹਾਰਟ ਅਟੈਕ ਦਾ ਖ਼ਤਰਾ ਘਟਾਉਂਦੇ ਹਨ। ਮੇਥੀ ਵਿਚ ਪੋਟਾਸ਼ੀਅਮ ਵੱਧ ਹੋਣ ਸਦਕਾ ਸਰੀਰ ਅੰਦਰਲੇ ਲੂਣ ਨੂੰ ਇਹ ਕੁੱਝ ਹੱਦ ਤੱਕ ਕਾਬੂ ਕਰ ਕੇ ਹਾਰਟ ਅਟੈਕ ਤੇ ਬਲੱਡ ਪ੍ਰੈੱਸ਼ਰ ਦੀ ਬੀਮਾਰੀ ਵਿਚ ਵੀ ਫ਼ਾਇਦਾ ਦੇ ਦਿੰਦੀ ਹੈ।

ਮੇਥੀ ਵਿਚਲੇ ਗਲੈਕਟੋਮੈਨਨ ਜੋ ਕੁਦਰਤੀ ਫਾਈਬਰ ਹਨ, ਸਰੀਰ ਵਿਚ ਸ਼ੱਕਰ ਨੂੰ ਹਜ਼ਮ ਘੱਟ ਹੋਣ ਦਿੰਦੇ ਹਨ ਤੇ ਸ਼ੱਕਰ ਰੋਗੀਆਂ ਲਈ ਵੀ ਫ਼ਾਇਦੇਮੰਦ ਸਾਬਤ ਹੋ ਰਹੇ ਹਨ। ਮੇਥੀ ਵਿਚਲੇ ਅਮਾਈਨੋ ਏਸਿਡ ਸਰੀਰ ਅੰਦਰ ਇਨਸੂਲਿਨ ਦੀ ਮਾਤਰਾ ਵਧਾ ਦਿੰਦੇ ਹਨ।

ਜਿਨ੍ਹਾਂ ਨੂੰ ਕਬਜ਼ ਹੋਵੇ, ਉਹ ਵੀ ਮੇਥੀ ਵਿਚਲੇ ਫਾਈਬਰ ਸਦਕਾ ਹਾਜ਼ਮਾ ਠੀਕ ਕਰ ਕੇ ਕਬਜ਼ ਤੋਂ ਰਾਹਤ ਪਾ ਸਕਦੇ ਹਨ। ਸਿਰਫ ਇਹ ਹੀ ਨਹੀਂ, ਜਿਨ੍ਹਾਂ ਦੇ ਸਰੀਰ ਅੰਦਰ ਤੇਜ਼ਾਬ ਵੱਧ ਬਣਦਾ ਹੋਵੇ, ਉਹ ਵੀ ਮੇਥੀ ਦੇ ਬੀਜਾਂ ਵਿਚਲੇ ਲੇਸਨੁਮਾ (ਮਿਊਸੀਲੇਜ) ਰੇਸ਼ੇ ਸਦਕਾ ਮੇਥੀ ਖਾਣ ਨਾਲ ਇਸ ਤੋਂ ਫ਼ਾਇਦਾ ਲੈ ਸਕਦੇ ਹਨ। ਇਹ ਲੇਸ ਅੰਤੜੀਆਂ ਦੇ ਅੰਦਰਲੀ ਪਰਤ ਉੱਤੇ ਫੈਲ ਕੇ ਜਲ਼ਨ ਨੂੰ ਵੀ ਰਾਹਤ ਦਿੰਦੀ ਹੈ। ਇਸ ਬੀਮਾਰੀ ਲਈ ਮੇਥੀ ਦੇ ਬੀਜ ਭਿਉਂ ਕੇ ਜ਼ਿਆਦਾ ਲੇਸਦਾਰ ਬਣਾਏ ਜਾ ਸਕਦੇ ਹਨ ਤੇ ਇੰਜ ਖਾਣ ਨਾਲ ਜ਼ਿਆਦਾ ਫ਼ਾਇਦਾ ਦਿੰਦੇ ਹਨ।

ਜੇ ਹਲਕਾ ਖੰਘ ਜ਼ੁਕਾਮ ਹੋਵੇ ਤਾਂ ਉਬਾਲੀ ਹੋਈ ਮੇਥੀ ਦੇ ਪਾਣੀ ਵਿਚ ਨਿੰਬੂ ਤੇ ਸ਼ਹਿਦ ਪਾ ਕੇ ਲੈਣ ਨਾਲ ਗਲੇ ਵਿਚਲੀ ਪੀੜ ਨੂੰ ਅਰਾਮ ਮਿਲ ਜਾਂਦਾ ਹੈ ਤੇ ਖੰਘ ਵੀ ਘੱਟ ਜਾਂਦੀ ਹੈ।

ਏਨਾ ਕੁੱਝ ਮੇਥੀ ਬਾਰੇ ਜਾਣ ਲੈਣ ਬਾਅਦ ਮੈਂ ਇਹ ਸਪਸ਼ਟ ਕਰ ਦਿਆਂ ਕਿ ਮੇਥੀ ਤੋਂ ਜੇ ਫ਼ਾਇਦੇ ਲੈਣੇ ਹੋਣ ਤਾਂ ਮਹੀਨੇ ਵਿਚ ਇਕ ਵਾਰ ਖਾਣ ਨਾਲ ਨਹੀਂ ਲਏ ਜਾ ਸਕਦੇ ਬਲਕਿ ਇੱਕ ਅੱਧ ਦਿਨ ਛੱਡ ਕੇ ਖਾਂਦੇ ਰਹਿਣ ਨਾਲ ਹੀ ਲਏ ਜਾ ਸਕਦੇ ਹਨ। ਸਿਰਫ਼ ਮੇਥੀ ਹੀ ਕਿਉਂ ਵੱਖੋ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਬਦਲ-ਬਦਲ ਕੇ ਰੈਗੂਲਰ ਤੌਰ ਉੱਤੇ ਲਈਆਂ ਜਾਣ ਅਤੇ ਨਸ਼ੇ ਜਾਂ ਹੋਰ ਗੰਦ ਬਲਾ ਖਾਣ ਤੋਂ ਪਰਹੇਜ਼ ਹੀ ਰੱਖਿਆ ਜਾਵੇ, ਖ਼ਾਸ ਕਰ ਫਾਸਟ ਫੂਡਜ਼, ਆਦਿ ਤਾਂ ਸਰੀਰ ਜਿੱਥੇ ਨਰੋਆ ਤੇ ਰੋਗ ਮੁਕਤ ਰੱਖਿਆ ਜਾ ਸਕਦਾ ਹੈ, ਉੱਥੇ ਕੁਦਰਤੀ ਚੀਜ਼ਾਂ ਖਾ ਕੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਵੀ ਜੀਅ ਸਕਦੇ ਹਾਂ।

ਮੇਰਾ ਮਕਸਦ ਇਹ ਸੀ ਕਿ ਜੇ ਕਿਸੇ ਦੇ ਬੱਚੇ, ਸਬਜ਼ੀ ਦੇ ਨਾਂ ਨੂੰ ਮੂੰਹ ਨੱਕ ਚੜ੍ਹਾ ਰਹੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਫ਼ਾਇਦੇ ਪੜ੍ਹਾ ਕੇ ਕਿਸੇ ਨਾ ਕਿਸੇ ਬਹਾਨੇ ਭਾਵੇਂ ਆਟੇ ਵਿਚ ਗੁੰਨ ਕੇ ਸੁਆਦਲੇ ਪਰਾਉਂਠੇ ਬਣਾ ਕੇ ਹੀ ਸਹੀ, ਪਰ ਮੇਥੀ ਦਿਓ ਜ਼ਰੂਰ !

ਅਗਲੀ ਵਾਰ ਜਦੋਂ ਮੱਕੀ ਮੇਥੀ ਦੇ ਮਜ਼ੇਦਾਰ ਪਰਾਉਂਠੇ ਬਣਾਓ ਤਾਂ ਇਸ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਮੈਨੂੰ ਵੀ ਜ਼ਰੂਰ ਯਾਦ ਕਰ ਲਇਓ !

ਸਿਰ ਪੀੜ

0

ਸਿਰ ਪੀੜ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਕੋਈ ਵਿਰਲਾ ਹੀ ਹੋਵੇਗਾ ਜਿਸ ਨੂੰ ਕਦੇ ਸਿਰ ਪੀੜ ਨਾ ਹੋਈ ਹੋਵੇ। ਥਕਾਵਟ ਤੋਂ ਲੈ ਕੇ ਸਿਰ ਦੇ ਕੈਂਸਰ ਤੱਕ ਅਨੇਕ ਕਾਰਨ ਹਨ, ਜਿਨ੍ਹਾਂ ਨਾਲ ਸਿਰ ਪੀੜ ਹੋ ਸਕਦੀ ਹੈ।

ਬਥੇਰੀ ਵਾਰ ਸਿਰਫ਼ ਤਣਾਓ ਸਦਕਾ ਹੀ ਸਿਰ ਪਾਟਦਾ ਮਹਿਸੂਸ ਹੁੰਦਾ ਹੈ। ਕਿਸੇ ਨੂੰ ਆਪਣੀ ਸੱਸ ਜਾਂ ਧਰਮ ਪਤਨੀ ਨੂੰ ਵੇਖਦੇ ਸਾਰ ਸਿਰ ਪੀੜ ਮਹਿਸੂਸ ਹੋਣ ਲੱਗ ਪੈਂਦੀ ਹੈ।

ਕਈ ਚਲਾਕ ਬੱਚੇ ਤਾਂ ਬਿਨਾਂ ਕਿਸੇ ਤਕਲੀਫ਼ ਦੇ ਸਿਰਫ਼ ਸਕੂਲੋਂ ਛੁੱਟੀ ਮਾਰਨ ਲਈ ਹੀ ਸਿਰ ਪੀੜ ਦਾ ਬਹਾਨਾ ਘੜ ਲੈਂਦੇ ਹਨ।

ਕਈ ਵਾਰ ਬੀਮਾਰੀ ਕਿਸੇ ਹੋਰ ਥਾਂ ਹੁੰਦੀ ਹੈ ਪਰ ਲੱਛਣ ਸਿਰ ਪੀੜ ਦਾ ਸਾਹਮਣੇ ਆਉਂਦਾ ਹੈ। ਕਿਸੇ ਦਾ ਅੱਧਾ ਸਿਰ ਦੁੱਖਦਾ ਹੈ ਤੇ ਕਿਸੇ ਦਾ ਸਿਰਫ਼ ਮੱਥਾ ! ਕੁੱਝ ਤਿੱਖੀ ਚੁੱਭਵੀਂ ਸਿਰ ਪੀੜ ਮਹਿਸੂਸ ਕਰਦੇ ਹਨ ਤੇ ਕੁੱਝ ਮੱਠੀ ਪੀੜ ਮਹਿਸੂਸ ਕਰਦੇ ਹਨ।

ਇਹ ਜ਼ਰੂਰੀ ਨਹੀਂ ਹੁੰਦਾ ਕਿ ਤਿੱਖੀ ਸਿਰ ਪੀੜ ਦਾ ਮਤਲਬ ਸੀਰੀਅਸ ਬੀਮਾਰੀ ਹੀ ਹੋਵੇ ! ਕਈ ਵਾਰ ਫੈਲੇ ਹੋਏ ਸਿਰ ਅੰਦਰਲੇ ਕੈਂਸਰ ਨਾਲ ਵੀ ਸਿਰਫ਼ ਹਲਕੀ ਸਿਰ ਪੀੜ ਹੀ ਮਹਿਸੂਸ ਹੁੰਦੀ ਹੈ। ਇਸ ਦੇ ਉਲਟ, ਤਣਾਓ ਨਾਲ ਸਿਰ ਇੰਜ ਫਟਦਾ ਲੱਗਦਾ ਹੈ ਜਿਵੇਂ ਹੁਣੇ ਸਾਰੀਆਂ ਨਸਾਂ ਖੁੱਲਣ ਲੱਗੀਆਂ ਹਨ। ਉਮਰ, ਸੱਭਿਆਚਾਰ, ਮਾਹੌਲ ਤੇ ਸਮਾਜਿਕ ਬੰਦਸ਼ਾਂ ਅਨੁਸਾਰ ਕਈ ਬੱਚੇ ਜਾਂ ਵੱਡੇ ਆਪਣੀ ਪੀੜ ਨੂੰ ਓਨਾ ਜ਼ਾਹਰ ਵੀ ਨਹੀਂ ਕਰਦੇ।

ਥੰਡਰਕਲੈਪ ਸਿਰ ਪੀੜ : ਇਹ ਸਭ ਤੋਂ ਭਿਆਨਕ ਤਰੀਕੇ ਦੀ ਸਿਰ ਪੀੜ ਹੈ ਜਿਸ ਵਿਚ ਪਲਾਂ ਵਿਚ ਹੀ ਏਨੀ ਤਿੱਖੀ ਸਿਰ ਪੀੜ ਹੋਣ ਲੱਗ ਪੈਂਦੀ ਹੈ ਜਿਵੇਂ ਸਿਰ ਅੰਦਰ ਬੰਬ ਫਟਣ ਲੱਗਿਆ ਹੋਵੇ। ਇਸ ਦੇ ਕਾਰਨ ਹਨ :-

  1. ਸਿਰ ਅੰਦਰ ਲਹੂ ਦਾ ਚੱਲਣਾ
  2. ਸਿਰ ਅੰਦਰਲੀ ਨਸ ਵਿਚ ਰੋਕਾ
  3. ਸਿਰ ਅੰਦਰਲੀਆਂ ਨਸਾਂ ਵਿਚਲੇ ਪ੍ਰੈੱਸ਼ਰ ਦਾ ਘਟਣਾ

    3d rendered illustration – hippocampus
  4. ਆਰਟਰੀ ਨਸ ਦਾ ਫਟਣਾ (ਡਾਈਸੈਕਸ਼ਨ)
  5. ਐਨੂਰਿਜ਼ਮ (ਨਸ ਦੇ ਇਕ ਹਿੱਸੇ ਦਾ ਫੈਲ ਕੇ ਚੌੜਾ ਹੋ ਜਾਣਾ)
  6. ਸਿਰ ਅੰਦਰਲੇ ਬਲੱਡ ਪ੍ਰੈੱਸ਼ਰ ਦਾ ਵਾਧਾ
  7. ਸਿਰ ਅੰਦਰਲੀ ਕਿਸੇ ਨਸ ਦਾ ਇਕਦਮ ਸੁੰਗੜਨਾ
  8. ਆਕਸੀਪਿਟਲ ਨਿਊਰੈਲਜੀਆ
  9. ਸਿਰ ਅੰਦਰ ਇਕ ਪਾਸੇ ਪਾਣੀ ਇਕੱਠਾ ਹੋਣਾ
  10. ਸਿਰ ਅੰਦਰ ਕੀਟਾਣੂਆਂ ਦਾ ਹਮਲਾ
  11. ਮਿਗਰੇਨ
  12. ਬਹੁਤ ਜ਼ਿਆਦਾ ਕਸਰਤ ਬਾਅਦ
  13. ਲਗਾਤਾਰ ਖੰਘ ਹੋਣ ਬਾਅਦ
  14. ਕਲਸਟਰ ਸਿਰ ਪੀੜ
  15. ਤਣਾਓ ਕਰ ਕੇ

ਬੱਚਿਆਂ ਵਿਚ ਸਿਰ ਪੀੜ ਦੀਆਂ ਕਿਸਮਾਂ :-

  1. ਇਕਦਮ ਤਿੱਖੀ ਪੀੜ ਹੋਣੀ :-

ਅਜਿਹੀ ਪੀੜ ਪਹਿਲਾਂ ਕਦੇ ਨਹੀਂ ਹੋਈ ਹੁੰਦੀ। ਅਜਿਹੀ ਪੀੜ ਦਾ ਕਾਰਨ ਵੱਡਿਆਂ ਵਿਚ ਆਮ ਤੌਰ ਉੱਤੇ ਸਿਰ ਦੀ ਨਸ ਫਟਣ ਤੇ ਸਿਰ ਵਿਚ ਲਹੂ ਚੱਲਣ (ਸਬ ਐਰਕਨਾਇਡ) ਨਾਲ ਹੁੰਦੀ ਹੈ। ਬੱਚਿਆਂ ਵਿਚ ਅਜਿਹੀ ਤਿੱਖੀ ਪੀੜ ਸਿਰਫ਼ ਗਲੇ ਖ਼ਰਾਬ ਹੋਣ ਨਾਲ ਵੀ ਹੋ ਸਕਦੀ ਹੈ, ਪਰ ਫਿਰ ਵੀ ਸਿਰ ਅੰਦਰ ਲਹੂ ਚੱਲਣਾ, ਸਿਰ ਵਿਚ ਕੀਟਾਣੂਆਂ ਦਾ ਹਮਲਾ, ਰਸੌਲੀ ਆਦਿ ਲਈ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ।

  1. ਤਿੱਖੀ ਪਰ ਬਾਰ-ਬਾਰ ਹੋਣ ਵਾਲੀ ਪੀੜ :-

ਇਸ ਵਿਚ ਬੱਚੇ ਨੂੰ ਕਦੇ-ਕਦੇ ਤਿੱਖੀ ਪੀੜ ਹੁੰਦੀ ਰਹਿੰਦੀ ਹੈ ਪਰ ਦੋ ਵਾਰੀਆਂ ਦੀ ਸਿਰ ਪੀੜ ਦੇ ਵਿਚਕਾਰਲੇ ਸਮੇਂ ਵਿਚ ਬੱਚਾ ਬਿਲਕੁਲ ਠੀਕ ਰਹਿੰਦਾ ਹੈ। ਇਸ ਦੇ ਕਾਰਨ ਹਨ :- ਮਿਗਰੇਨ, ਤਣਾਓ ਨਾਲ ਹੋ ਰਹੀ ਸਿਰ ਪੀੜ, ਇਕ ਕਿਸਮ ਦੀ ਮ੍ਰਿਗੀ, ਵਾਰ-ਵਾਰ ਲੱਗਦੀ ਸੱਟ (ਨਸ਼ੇ ਕਾਰਨ), ਆਦਿ।

  1. ਲਗਾਤਾਰ ਰਹਿਣ ਵਾਲੀ, ਪਰ ਹੌਲੀ-ਹੌਲੀ ਵਧਣ ਵਾਲੀ :-

ਇਹ ਆਮ ਤੌਰ ਉੱਤੇ ਸਿਰ ਦੇ ਪਾਸਿਆਂ ਵੱਲ ਹੁੰਦੀ ਹੈ। ਇਸ ਦਾ ਕਾਰਨ ਹੁੰਦਾ ਹੈ-ਲਗਾਤਾਰ ਸਿਰ ਅੰਦਰ ਪਾਣੀ ਦੇ ਦਬਾਓ ਦਾ ਵਧਣਾ ! ਇਹ ਵਾਧਾ ਸਿਰ ਦੀ ਟੀ. ਬੀ, ਉੱਲੀ, ਸਿਰ ਅੰਦਰ ਪੀਕ ਦਾ ਇਕੱਠਾ ਹੋਣਾ, ਕੈਂਸਰ, ਕੀੜੇ ਫਸ ਜਾਣ ਨਾਲ ਸੋਜਾ ਹੋਣਾ (ਨਿਊਰੋਸਿਸਟੀਸਰਕੋਸਿਸ), ਸਿਰ ਵਿਚਲੇ ਪਾਣੀ ਦੀਆਂ ਨਸਾਂ ਵਿਚ ਰੋਕਾ, ਦਿਮਾਗ਼ ਦੀਆਂ ਬਾਹਰੀ ਪਰਤਾਂ ਵਿਚ ਲਹੂ ਦਾ ਇਕੱਠਾ ਹੋਣਾ, ਆਦਿ।

  1. ਲਗਾਤਾਰ ਰਹਿਣ ਵਾਲੀ, ਪਰ ਵਧ ਨਾ ਰਹੀ ਹੋਵੇ :-

ਇਸ ਵਿਚ ਸਿਰ ਪੀੜ ਹੁੰਦੀ ਨੂੰ ਜਦੋਂ ਘੱਟੋ-ਘੱਟ 4 ਮਹੀਨੇ ਹੋ ਚੁੱਕੇ ਹੋਣ ਅਤੇ ਇਕ ਮਹੀਨੇ ਵਿਚ ਘੱਟੋ-ਘੱਟ 15 ਵਾਰ ਬੱਚੇ ਨੇ ਸਿਰ ਪੀੜ ਦੀ ਸ਼ਿਕਾਇਤ ਕੀਤੀ ਹੋਵੇ, ਜਿਹੜੀ 4 ਘੰਟਿਆਂ ਤੋਂ ਵੱਧ ਲਗਾਤਾਰ ਰਹੀ ਹੋਵੇ ਤਾਂ ਬੀਮਾਰੀ ਗਿਣੀ ਜਾਂਦੀ ਹੈ।

ਸਿਰ ਵਿਚਲੀ ਥਾਂ ਅਨੁਸਾਰ ਪੀੜ ਦੇ ਕਾਰਨ :-

  1. ਸਿਰ ਦੇ ਇਕ ਪਾਸੇ ਅੱਖ ਦੇ ਆਸ-ਪਾਸ ਜਾਂ ਕੰਨ ਦੇ ਪਿੱਛੇ :-

ਮਿਗਰੇਨ, ਸਾਈਨੂਸਾਈਟਿਸ, ਕਲਸਟਰ ਸਿਰ ਪੀੜ, ਅੱਖ ਦੁਆਲੇ ਸੋਜਾ, ਟੈਂਪੋਰੋ ਮੈਂਡੀਬੁਲਰ ਸਿੰਡਰੋਮ

  1. ਸਿਰ ਚੁਫੇਰਿਓਂ ਜਕੜਿਆ ਮਹਿਸੂਸ ਹੋਣਾ :-

ਤਣਾਓ, ਮਿਗਰੇਨ

  1. ਅੱਧੇ ਸਿਰ ਵਿਚ ਪੀੜ :-

-ਮਿਗਰੇਨ

  1. ਗਲੇ ਤੇ ਸਿਰ ਦੇ ਹੇਠਲੇ ਪਿਛਲੇ ਪਾਸੇ ਪੀੜ:-

-ਤਣਾਓ

  1. ਇਕ ਪਾਸੇ ਦੀ ਅੱਖ, ਗੱਲ ਤੇ ਬੁੱਲਾਂ ਤਕ ਦੀ ਪੀੜ :-

ਸਾਈਨੂਸਾਈਟਿਸ, ਨੱਕ ਵਿਚਲਾ ਕੈਂਸਰ, ਟਰਾਈਜੈਮੀਨਲ ਨਿਊਰਾਲਜੀਆ, ਮਿਗਰੇਨ, ਕਲਸਟਰ ਸਿਰ ਪੀੜ, ਦੰਦਾਂ ਵਿਚਲੀਆਂ ਖੋੜਾਂ, ਮਸੂੜਿਆਂ ਵਿਚਲੀ ਪੀਕ, ਐਲਰਜਿਕ ਰਾਈਨਾਈਟਿਸ, ਆਦਿ।

ਕਲਸਟਰ ਸਿਰ ਪੀੜ ਕੀ ਹੁੰਦੀ ਹੈ ?

ਜਦੋਂ ਸਿਰ ਪੀੜ ਬਹੁਤ ਤਿੱਖੀ ਹੋਵੇ, ਸਿਰ ਫਟਦਾ ਮਹਿਸੂਸ ਹੋਵੇ, ਲਗਾਤਾਰ ਸਿਰ ਪੀੜ ਹੋ ਰਹੀ ਹੋਵੇ, ਅੱਖਾਂ ਲਾਲ ਹੋ ਜਾਣ, ਇਕ ਪਾਸੇ ਹੰਝੂ ਵਗਣ ਲੱਗ ਪੈਣ, ਨੱਕ ਬੰਦ ਮਹਿਸੂਸ ਹੋਵੇ, ਨੱਕ ਵਗਣ ਲੱਗ ਪਵੇ, ਪਸੀਨਾ ਆ ਜਾਵੇ, ਰੰਗ ਪੀਲਾ ਪੈ ਜਾਵੇ, ਕੰਨ ਬੰਦ ਮਹਿਸੂਸ ਹੋਣ ਤੇ ਅੱਖਾਂ ਖੁੱਲਣ ਤੋਂ ਇਨਕਾਰੀ ਹੋ ਜਾਣ ਤਾਂ ਅਜਿਹੀ ਸਿਰ ਪੀੜ ਨੂੰ ਕਲਸਟਰ ਸਿਰ ਪੀੜ ਕਿਹਾ ਜਾਂਦਾ ਹੈ।

ਸਿਰ ਪੀੜ ਦੀ ਡਾਇਰੀ :-

ਜਦੋਂ ਬੱਚੇ ਨੂੰ ਸਿਰ ਪੀੜ ਵਾਰ-ਵਾਰ ਹੁੰਦੀ ਰਹਿੰਦੀ ਹੋਵੇ ਤਾਂ ਡਾਇਰੀ ਲਾਉਣੀ ਜ਼ਰੂਰੀ ਹੁੰਦੀ ਹੈ। ਇਸ ਡਾਇਰੀ ਵਿਚ ਕੁੱਝ ਚੀਜ਼ਾਂ ਦਾ ਰਿਕਾਰਡ ਰੱਖਣਾ ਹੁੰਦਾ ਹੈ।

* ਤਰੀਕ

* ਸ਼ੁਰੂ ਹੋਣ ਦਾ ਸਮਾਂ

* ਠੀਕ ਹੋਣ ਦਾ ਸਮਾਂ

* ਦਰਦ ਕਿੰਨੀ ਕੁ ਤਿੱਖੀ ਜਾਂ ਹਲਕੀ ਸੀ

* ਕਿਨ੍ਹਾਂ ਗੱਲਾਂ ਨਾਲ ਵਧੀ (ਨੀਂਦਰ, ਖ਼ੁਰਾਕ, ਕਸਰਤ, ਦਵਾਈਆਂ, ਆਦਿ)

* ਪਾਸਾ ਬਦਲਣ ਜਾਂ ਥਾਂ ਬਦਲਣ ਨਾਲ ਘਟੀ ਜਾਂ ਨਹੀਂ ?

* ਕਿਸੇ ਦਵਾਈ ਦੀ ਲੋੜ ਪਈ  ?

* ਟੀ. ਵੀ. ਜਾਂ ਮੋਬਾਈਲ ਨਾਲ ਸੰਬੰਧ

* ਸਕੂਲ ਜਾਣ ਸਮੇਂ ਹੁੰਦੀ ਹੈ ਜਾਂ ਨਹੀਂ ?

* ਛੁੱਟੀਆਂ ਦੌਰਾਨ ਹੁੰਦੀ ਹੈ ਜਾਂ ਨਹੀਂ  ?

ਇੰਜ ਦਾ ਰਿਕਾਰਡ ਝਟਪਟ ਦਸ ਦਿੰਦਾ ਹੈ ਕਿ ਬੱਚਾ ਸਕੂਲੋਂ ਜਾਣ ਤੋਂ ਘਬਰਾ ਰਿਹਾ ਹੈ ਜਾਂ ਕੋਈ ਹੋਰ ਰੋਗ ਹੈ ਜਿਵੇਂ ਸਿੱਕਲ ਸੈੱਲ ਬੀਮਾਰੀ, ਥਾਇਰਾਈਡ ਦੀ ਬੀਮਾਰੀ, ਪੈਰਾਥਾਇਰਾਈਡ ਦੇ ਰੋਗ, ਕੈਂਸਰ, ਬਲੱਡ ਪ੍ਰੈੱਸ਼ਰ ਦਾ ਰੋਗ, ਦਿਲ ਦੀਆਂ ਬੀਮਾਰੀਆਂ, ਮਾਹਵਾਰੀ ’ਚ ਨੁਕਸ, ਜਮਾਂਦਰੂ ਨਸਾਂ ਦੇ ਨੁਕਸ (ਆਰਟੀਰੀਓ ਵੀਨਸ ਨੁਕਸ), ਆਦਿ।

ਸਿਰ ਪੀੜ ਵਿਚਲੇ ਖ਼ਤਰਨਾਕ ਲੱਛਣ :-

* ਥੰਡਰਕਲੈਪ ਸਿਰ ਪੀੜ

* ਕੁੱਝ ਚਿਰ ਤੋਂ ਪਹਿਲਾਂ ਨਾਲੋਂ ਹੋਰ ਤਿੱਖੀ ਸਿਰ ਪੀੜ ਹੋਣ ਲੱਗ ਪਈ ਹੋਵੇ

* ਕਲਸਟਰ ਸਿਰ ਪੀੜ

* ਪਹਿਲਾਂ ਰਾਤ ਨੂੰ ਤੇ ਹੁਣ ਦਿਨੇ ਵੀ ਹੋਣ ਲੱਗ ਪਵੇ

* ਇੱਕੋ ਪਾਸੇ ਲਗਾਤਾਰ ਤਿੱਖੀ ਪੀੜ ਹੁੰਦੀ ਰਹੇ

* ਸਿਰ ਦੇ ਪਿਛਲੇ ਹਿੱਸੇ ਵਿਚ ਲੰਮੇ ਸਮੇਂ ਤੋਂ ਪੀੜ ਰਹੇ

* ਰਾਤ ਨੂੰ ਨੀਂਦਰ ਵਿੱਚੋਂ ਜਾਗਣਾ ਪਵੇ

* ਸਵਖ਼ਤੇ ਸਿਰ ਪੀੜ ਦੇ ਨਾਲ ਉਲਟੀ ਵੀ ਆ ਜਾਏ

* ਲਗਾਤਾਰ ਰਹਿਣ ਵਾਲੀ ਪਰ ਹੌਲੀ-ਹੌਲੀ ਵਧਣ ਵਾਲੀ

* ਅੱਗੇ ਝੁਕਣ ਨਾਲ ਬਹੁਤ ਜ਼ਿਆਦਾ ਵਧ ਜਾਏ

* ਖੰਘ ਕਰਨ ਨਾਲ ਸਿਰ ਪੀੜ ਹੋਣ ਲੱਗ ਪਵੇ

* ਸਿਰ ਪੀੜ ਦੌਰਾਨ ਬੇਹੋਸ਼ੀ ਹੋ ਜਾਵੇ

* ਸਿਰ ਪੀੜ ਦੌਰਾਨ ਨਜ਼ਰ ਘਟੇ ਜਾਂ ਤੁਰਨ ਵਿਚ ਦਿੱਕਤ ਆਵੇ

* ਸਿਰ ਪੀੜ ਨਾਲ ਚੱਕਰ ਆਉਣ

* ਸਿਰ ਪੀੜ ਨਾਲ ਪਾਸਾ ਕਮਜ਼ੋਰ ਹੁੰਦਾ ਜਾਪੇ

* ਦੌਰੇ ਪੈ ਜਾਣ

* ਆਲੇ-ਦੁਆਲੇ ਦੀ ਸਮਝ ਘੱਟ ਹੋ ਜਾਵੇ

* ਵਕਤ ਤੇ ਥਾਂ ਕੁੱਝ ਚਿਰ ਲਈ ਭੁਲ ਜਾਏ

* ਹੱਥ ਕੰਬਣ ਲੱਗ ਪੈਣ

* ਲਿਖਾਈ ਵਿਚ ਵਿਗਾੜ

* ਸਕੂਲ ਵਿਚ ਨੰਬਰ ਘੱਟ ਆਉਣ ਲੱਗ ਪੈਣ

* ਗੁੱਸਾ ਵੱਧ ਆਉਣ ਲੱਗ ਪਵੇ

* ਉਲਟੀ ਆ ਜਾਵੇ

* ਪਿਸ਼ਾਬ ਵੱਧ ਆਉਣ ਲੱਗ ਪਵੇ

* ਭੁੱਖ ਲੋੜੋਂ ਵੱਧ ਜਾਏ

* ਪੰਜ ਸਾਲ ਤੋਂ ਛੋਟੀ ਉਮਰ ਹੋਵੇ

* ਸਿਰ ਉੱਤੇ ਸੱਟ ਵੱਜੀ ਹੋਵੇ

* ਗੁਰਦੇ ਜਾਂ ਜਿਗਰ ਜਾਂ ਦਿਲ ਦਾ ਰੋਗ ਪਹਿਲਾਂ ਤੋਂ ਹੋਵੇ

* ਟੱਬਰ ਵਿਚ ਕਿਸੇ ਹੋਰ ਨੂੰ ਸਿਰ ਪੀੜ ਨਾ ਹੁੰਦੀ ਹੋਵੇ

* ਬਲੱਡ ਪ੍ਰੈੱਸ਼ਰ ਵਧਿਆ ਹੋਵੇ

* ਬੱਚਾ ਵਧਣਾ ਫੁਲਣਾ ਰੁਕ ਜਾਵੇ

* ਸਿਰ ਵੱਡਾ ਹੋਣ ਲੱਗ ਪਵੇ

* ਗਰਦਨ ਵਿਚ ਪਿਛਾਂਹ ਵੱਲ ਅਕੜਾਓ

* ਸਿਰ ਦੇ ਕਿਸੇ ਹਿੱਸੇ ਨੂੰ ਹੱਥ ਲਾਉਣ ਉੱਤੇ ਬੱਚਾ ਪੀੜ ਮਹਿਸੂਸ ਕਰੇ।

* ਦੋ-ਦੋ ਦਿਸ ਰਹੇ ਹੋਣ

* ਟੀਰ ਵੱਜਣ ਲੱਗ ਪਵੇ

* ਕਾਲੇ ਡੇਲੇ ਦਾ ਘੁੰਮ ਜਾਣਾ

* ਦਿਸਣ ਦਾ ਘੇਰਾ ਘੱਟ ਹੋ ਜਾਣਾ

* ਲਕਵਾ ਮਾਰਿਆ ਜਾਣਾ

* ਮੂੰਹ ਟੇਢਾ ਹੋ ਜਾਣਾ

* ਅੱਧਾ ਪਾਸਾ ਸੁੰਨ ਹੋ ਜਾਣਾ

* ਅੱਧਾ ਪਾਸਾ ਕਮਜ਼ੋਰ ਹੋ ਜਾਣਾ

* ਜਵਾਨੀ ਦੇ ਲੱਛਣ ਨਾ ਦਿਸਣੇ (ਅੰਗਾਂ ਦਾ ਨਾ ਵਧਣਾ)

* ਵਕਤ ਤੋਂ ਪਹਿਲਾਂ ਮਾਹਵਾਰੀ ਆਉਣੀ

* ਮੂੰਹ ਉੱਤੇ ਨਸਾਂ ਫੁੱਲੀਆਂ ਦਿਸਣੀਆਂ

* ਨੱਕ ਤੇ ਗੱਲਾਂ ਉੱਤੇ ਲੋੜੋਂ ਵੱਧ ਲਾਲੀ ਦਿਸਣੀ

* ਬੁਖ਼ਾਰ ਰਹਿਣਾ

* ਜਬਾੜੇ ਦਾ ਜੋੜ ਸੁੱਜ ਜਾਣਾ

* ਲੰਮੇ ਸਮੇਂ ਤਕ ਖੰਘ ਰਹਿਣੀ

* ਲੋੜੋਂ ਵੱਧ ਦਵਾਈਆਂ ਦੀ ਵਰਤੋਂ

ਟੈਸਟ ਕਦੋਂ ਕਰਨ ਦੀ ਲੋੜ ਹੈ  ?

ਉੱਪਰ ਦੱਸੇ ਸਾਰੇ ਖ਼ਤਰਨਾਕ ਲੱਛਣਾਂ ਲਈ ਹਰ ਹਾਲ ਐਮ. ਆਰ. ਆਈ. ਤੁਰੰਤ ਕਰਵਾਉਣ ਦੀ ਲੋੜ ਹੈ।

ਜੇ ਲੇਟ ਹੋ ਗਏ ਤਾਂ ਸਮਝੋ ਕੈਂਸਰ ਜਾਂ ਫਟੀ ਨਸ ਬੱਚੇ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ !

ਐਮ. ਆਰ. ਆਈ. ਤੋਂ ਇਲਾਵਾ ਹੋਰ ਟੈਸਟ ਹਨ :-

* ਈ. ਈ. ਜੀ.

* ਜੈਨੇਟਿਕ ਟੈਸਟ

* ਲਹੂ ਦੇ ਟੈਸਟ

* ਰੀੜ੍ਹ ਦੀ ਹੱਡੀ ’ਚੋਂ ਪਾਣੀ ਦਾ ਟੈਸਟ

* ਨਸ਼ੇ ਵਾਲੀਆਂ ਦਵਾਈਆਂ ਦੇ ਟੈਸਟ

* ਲਹੂ ਦੇ ਜੰਮਣ ਦੇ ਟੈਸਟ

* ਈ. ਐਸ. ਆਰ.

* ਈ. ਸੀ. ਜੀ.

* ਲਹੂ ਵਿਚ ਸ਼ੱਕਰ ਤੇ ਕੈਲਸ਼ੀਅਮ ਦੀ ਮਾਤਰਾ

* ਬੁਖ਼ਾਰ ਦੇ ਟੈਸਟ

* ਡਾਕਟਰ ਵੱਲੋਂ ਚੈੱਕਅਪ ਦੌਰਾਨ ਲੱਭੇ ਨੁਕਸਾਂ ਦੇ ਹਿਸਾਬ ਨਾਲ ਹੋਰ ਟੈਸਟ

ਬੱਚੇ ਵਿਚ ਸਿਰ ਪੀੜ ਦੇ ਕਾਰਨ ਕੀ ਹਨ  ?

  1. ਸਿਰ ਉੱਤੇ ਸੱਟ ਵੱਜਣ ਬਾਅਦ ਲਹੂ ਦਾ ਜੰਮਣਾ ਜਾਂ ਨਸ ਦਾ ਫਟਣਾ
  2. ਗਲੇ ਵਿਚ ਲੱਗੀ ਸੱਟ
  3. ਮਿਗਰੇਨ
  4. ਕੈਂਸਰ
  5. ਨਿਊਰੋਸਿਸਟੀਸਰਕੋਸਿਸ ਕੀੜਾ
  6. ਸਿਰ ਦੀਆਂ ਲਹੂ ਦੀਆਂ ਨਾੜੀਆਂ ਵਿਚਲੇ ਨੁਕਸ
  7. ਸਿਰ ਦੀਆਂ ਲਹੂ ਦੀਆਂ ਨਾੜੀਆਂ ਵਿਚ ਰੋਕਾ
  8. ਅੱਖ ਵਿਚਲੀ ਨਸ ਦਾ ਸੋਜਾ
  9. ਸਿਰ ਅੰਦਰ ਪਾਣੀ ਦਾ ਦਬਾਓ ਘੱਟਣਾ
  10. ਜਮਾਂਦਰੂ ਲਹੂ ਦੀਆਂ ਨਾੜੀਆਂ ਵਿਚ ਨੁਕਸ
  11. ਸਿਰ ਅੰਦਰ ਕੀਟਾਣੂਆਂ ਦਾ ਹਮਲਾ
  12. ਸਾਈਨੂਸਾਈਟਿਸ
  13. ਸਿਰ ਅੰਦਰ ਪੀਕ ਇਕੱਠੀ ਹੋਣੀੋ
  14. ਟੌਂਸਿਲ ਦਾ ਸੁੱਜਣਾ ਤੇ ਉਸ ਵਿਚ ਪੀਕ ਪੈਣੀ
  15. ਜਬਾੜੇ ਦੀ ਹੱਡੀ ਦੀ ਸੋਜ਼ਿਸ਼
  16. ਹੱਡੀਆਂ ਦਾ ਨੁਕਸ
  17. ਕੰਨ ਵਿਚ ਪੀਕ
  18. ਤਣਾਓ
  19. ਕਲਸਟਰ ਸਿਰ ਪੀੜ
  20. ਲੋੜੋਂ ਵੱਧ ਕਸਰਤ
  21. ਇਕਦਮ ਠੰਡ ਲੱਗਣ ਨਾਲ
  22. ਨਸ਼ੇ, ਖ਼ਾਸ ਕਰ ਕੋਕੀਨ
  23. ਜ਼ਿਆਦਾ ਕੌਫ਼ੀ ਪੀਣ ਨਾਲ
  24. ਆਕਸੀਜਨ ਦੀ ਘਾਟ
  25. ਆਈਸਕ੍ਰੀਮ ਖਾਣ ਨਾਲ
  26. ਬਲੱਡ ਪ੍ਰੈੱਸ਼ਰ ਦਾ ਵਾਧਾ
  27. ਬੱਚਿਆਂ ਵਿਚ ਪੀਰੀਓਡਿਕ ਸਿੰਡਰੋਮ
  28. ਇਮਤਿਹਾਨਾਂ ਦਾ ਡਰ
  29. ਘਰ ਵਿਚਲੀ ਲੜਾਈ
  30. ਡੱਬਾ ਬੰਦ ਚੀਜ਼ਾਂ ਦੀ ਵਾਧੂ ਵਰਤੋਂ
  31. ਫਾਸਟ ਫੂਡਜ਼ ਵਿਚਲੇ ਤੇਜ਼ ਮਸਾਲੇ
  32. ਖਾਣ-ਪੀਣ ਵਾਲੀਆਂ ਚੀਜ਼ਾਂ ਵਿਚਲੇ ਰੰਗ
  33. ਗੱਲਾਂ ਜਾਂ ਅੱਖਾਂ ਦੁਆਲੇ ਪਈ ਪੀਕ
  34. ਨਿਗਾਹ ਦਾ ਕਮਜ਼ੋਰ ਹੋਣਾ
  35. ਪਹਾੜਾਂ ਵਿਚ ਚਲਦਿਆਂ ਆਕਸੀਜਨ ਦੀ ਕਮੀ ਸਦਕਾ
  36. ਦੌਰੇ ਤੋਂ ਬਾਅਦ
  37. ਦੌਰੇ ਦੀ ਕਿਸਮ
  38. ਆਕਸੀਪਿਟਲ ਨਿਊਰਾਲਜੀਆ
  39. ਲੋੜੋਂ ਵੱਧ ਕੌਫ਼ੀ ਚਾਹ ਪੀਂਦਿਆਂ, ਇਕਦਮ ਛੱਡ ਦੇਣ ਉੱਤੇ
  40. ਬੰਦ ਕਮਰੇ ਵਿਚ ਅੰਗੀਠੀ ਬਾਲਣ ਨਾਲ
  41. ਜਬਾੜੇ ਦੇ ਜੋੜ ਵਿਚ ਸੋਜ਼ਿਸ਼
  42. ਕੈਂਸਰ
  43. ਸਿਰ ਉੱਪਰਲੀ ਚਮੜੀ ਦੇ ਰੋਗ
  44. ਜਮਾਂਦਰੂ ਗਿਲਟੀ
  45. ਡਰਮਾਇਡ ਸਿਸਟ, ਐਰਕਨਾਇਡ ਸਿਸਟ
  46. ਵਿਟਾਮਿਨ ਏ ਦਾ ਵਾਧਾ
  47. ਵਿਟਾਮਿਨ ਏ ਦਾ ਘਾਟਾ
  48. ਦਵਾਈਆਂ ਜਿਵੇਂ ਟੈਟਰਾਸਾਈਕਲਿਨ, ਇੰਡੋਮੈਥਾਸਿਨ, ਪੈਨਿਸੀਲਿਨ, ਸੱਪ ਦੇ ਜ਼ਹਿਰ ਨੂੰ ਕਾਟ ਕਰਨ ਵਾਲਾ ਟੀਕਾ, ਨੈਲਿਡਿਕਸਿਕ ਏਸਿਡ, ਆਦਿ।
  49. ਗੈਲੈਕਟੋਸੀਮੀਆ
  50. ਸਾਰਕਾਇਡੋਸਿਸ
  51. ਟਰਨਰ ਸਿੰਡਰੋਮ
  52. ਪੌਲੀਸਾਈਥੀਮੀਆ
  53. ਗਰਭ ਠਹਿਰਨਾ
  54. ਮਾਹਵਾਰੀ ਦਾ ਸ਼ੁਰੂ ਹੋਣਾ
  55. ਮਾਹਵਾਰੀ ਰੈਗੂਲਰ ਨਾ ਹੋਣੀ
  56. ਮੋਟਾਪਾ
  57. ਗਰਭ ਰੋਕੂ ਗੋਲੀਆਂ ਦੀ ਵਰਤੋਂ
  58. ਸਟੀਰਾਇਡ ਇਕਦਮ ਬੰਦ ਕਰਨ ਉੱਤੇ
  59. ਪੈਰਾਥਾਇਰਾਇਡ ਹਾਰਮੋਨਾਂ ਦੀ ਗੜਬੜੀ
  60. ਥਾਇਰਾਇਡ ਹਾਰਮੋਨਾਂ ਦੀ ਗੜਬੜੀ
  61. ਸਿਸਟਕ ਫਾਈਬਰੋਸਿਸ
  62. ਦਿਲ ਦੇ ਜਮਾਂਦਰੂ ਨੁਕਸ ਦੇ ਅਪਰੇਸ਼ਨ ਤੋਂ ਬਾਅਦ
  63. ਐਡਰੀਨਲ ਗਲੈਂਡ ਦੇ ਨੁਕਸ
  64. ਇਕਦਮ ਹੋਈ ਲੋਹ ਕਣਾਂ ਦੀ ਕਮੀ
  65. ਮਨੋਰੋਗ
  66. ਬਹੁਤ ਜ਼ਿਆਦਾ ਅੱਖਾਂ ਦੀ ਵਰਤੋਂ, ਜਿਵੇਂ ਅੱਧੇ ਘੰਟੇ ਤੋਂ ਵੱਧ ਰੋਜ਼ ਲਗਾਤਾਰ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ।
  67. ਅੱਖਾਂ ਦੇ ਬਹੁਤ ਨੇੜੇ ਰੱਖ ਕੇ ਕਿਤਾਬ ਪੜਨੀ
  68. ਘੱਟ ਲਾਈਟ ਵਿਚ ਪੜਨ ਨਾਲ
  69. ਸਿਰ ਨੂੰ ਠੰਡ ਲੱਗਣ ਨਾਲ (ਸਰਦੀਆਂ ਵਿਚ ਜਾਂ ਏ. ਸੀ. ਕਮਰੇ ਵਿਚ) ਅਤੇ ਇਹੋ ਜਿਹੇ ਅਨੇਕ ਹੋਰ ਕਾਰਨ !

ਸਾਰ :-

ਬੱਚਿਆਂ ਦੀ ਸਿਰ ਪੀੜ ਨੂੰ ਕਦੇ ਵੀ ਐਵੇਂ ਨਹੀਂ ਮੰਨ ਲੈਣਾ ਚਾਹੀਦਾ। ਜੇ ਕੋਈ ਨੁਕਸ ਹੈ ਤਾਂ ਵੀ ਤੁਰੰਤ ਇਲਾਜ ਦੀ ਲੋੜ ਹੈ। ਜੇ ਕੋਈ ਨੁਕਸ ਨਹੀਂ ਹੈ ਤੇ ਬੱਚਾ ਜਾਣ ਬੁੱਝ ਕੇ ਕਰ ਰਿਹਾ ਹੈ ਤਾਂ ਆਪਣੇ ਅੰਦਰ ਝਾਕਣ ਦੀ ਲੋੜ ਹੈ ਕਿ ਮਾਪੇ ਕਿਤੇ ਲੋੜੋਂ ਵੱਧ ਬੱਚੇ ਉੱਤੇ ਬੋਝ ਤਾਂ ਨਹੀਂ ਪਾ ਰਹੇ ! ਜਾਂ ਫੇਰ ਸਕੂਲ ਵਿਚ ਬੱਚੇ ਨਾਲ ਕੋਈ ਜਿਸਮਾਨੀ ਵਧੀਕੀ ਤਾਂ ਨਹੀਂ ਹੋ ਰਹੀ !

ਇਹ ਸਭ ਗੱਲਾਂ ਧਿਆਨ ਵਿਚ ਰੱਖਦਿਆਂ ਇਕ ਗੱਲ ਤਾਂ ਪੱਕੀ ਹੈ ਕਿ ਬੱਚੇ ਦੀ ਸਿਰ ਪੀੜ ਲਈ ਸਿਰ ਦਾ ਸਕੈਨ ਤਾਂ ਹਰ ਹਾਲ ਕਰਵਾਉਣਾ ਹੀ ਚਾਹੀਦਾ ਹੈ। ਦੇਖਿਓ ਕਿਤੇ ਟੈਸਟਾਂ ਤੋਂ ਬਚਦੇ, ਦੇਰ ਨਾ ਹੋ ਜਾਏ ਤੇ ਤੁਹਾਡਾ ਲਾਡਲਾ ਉਹੜ-ਪੁਹੜ ਸਦਕਾ ਗੰਭੀਰ ਬੀਮਾਰੀ ਨਾਲ ਜਾਨ ਤੋਂ ਹੱਥ ਨਾ ਧੋ ਲਵੇ !

ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ

0

ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ

ਹਰਲਾਜ ਸਿੰਘ ਬਹਾਦਰਪੁਰ-94170-23911

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਮੇਰੇ ਪਰਿਵਾਰ ਨੂੰ ਮੇਰੇ ਵੱਲੋਂ ਹਦਾਇਤ/ਬੇਨਤੀ ਹੈ ਕਿ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ ਮੇਰੇ ਆਪਣੇ ਲਈ ਇਹ ਹਨ ਕਿ ਮੇਰੀ ਮੌਤ ਤੋਂ ਬਾਅਦ ਜੇ ਕੰਮ ਦੀਆਂ ਹੋਣ ਤਾਂ ਮੇਰੀਆਂ ਅੱਖਾਂ ਜਾਂ ਸਰੀਰ ਦਾ ਕੋਈ ਵੀ ਅੰਗ, ਜੋ ਕੰਮ ਆ ਸਕਦਾ ਹੋਵੇ ਉਹ ਕਿਸੇ ਲੋੜਬੰਦ ਜਾਂ ਹਸਪਤਾਲ ਨੂੰ ਦੇ ਦਿੱਤਾ ਜਾਵੇ, ਪੂਰੀ ਬਾਡੀ (ਲਾਸ਼) ਵੀ ਦਿੱਤੀ ਜਾ ਸਕਦੀ ਹੈ। ਮੇਰੀ ਮੌਤ ਤੋਂ ਬਾਅਦ ਘੱਟ ਤੋਂ ਘੱਟ ਲੋਕਾਂ (ਦੋਸਤਾਂ, ਰਿਸ਼ਤੇਦਾਰਾਂ) ਨੂੰ ਮੇਰੀ ਮੌਤ ਬਾਰੇ ਦੱਸਿਆ ਜਾਵੇ। ਸਿਰਫ ਖਾਸ ਦੋਸਤ ਜਾਂ ਰਿਸ਼ਤੇਦਾਰਾਂ, ਜਿੰਨ੍ਹਾ ਨੂੰ ਦੱਸਣਾ ਜ਼ਰੂਰੀ ਹੋਵੇ, ਨੂੰ ਹੀ ਦੱਸਿਆ ਜਾਵੇ, ਨਾਲ ਉਹਨਾਂ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ। ਦਾਹ ਸੰਸਕਾਰ ਸਮੇਂ ਘੱਟ ਤੋਂ ਘੱਟ ਲੋਕ ਪਹੁੰਚਣ। ਦਾਹ ਸੰਸਕਾਰ ਸਮੇਂ ਕਿਸੇ ਵੀ ਕਿਸਮ ਦਾ ਕੋਈ ਕਰਮਕਾਂਢ ਨਹੀਂ ਕਰਨਾ, ਜੇ ਮ੍ਰਿਤਕ ਸਰੀਰ ਸਾਫ਼ ਹੋਵੇ ਤਾਂ ਇਸ਼ਨਾਨ ਕਰਵਾਉਣ ਦੀ ਵੀ ਕੋਈ ਲੋੜ ਨਹੀਂ, ਨਾ ਹੀ ਕੱਪੜੇ ਬਦਲਣ ਦੀ ਕੋਈ ਲੋੜ ਹੈ। ਹਾਂ ਜੇ ਕਿਸੇ ਕਾਰਨ ਮ੍ਰਿਤਕ ਸਰੀਰ ਸਾਫ਼ ਨਾ ਹੋਵੇ ਤਾਂ ਬੇਸੱਕ ਇਸ਼ਨਾਨ ਕਰਵਾ ਦਿਓ, ਨਵੇਂ ਕੱਪੜੇ ਪਾਉਣ ਦੀ ਕੋਈ ਜ਼ਰੂਰਤ ਨਹੀਂ। ਮ੍ਰਿਤਕ ਦੇ ਪੈਰ ਪੂਜਣੇ, ਰਸਤੇ (ਅੱਧ ਮਾਰਗ) ਵਿੱਚ ਲਾਸ਼ ਰੱਖ ਕੇ ਕਾਨੀਏਂ ਬਦਲਣੇ, (ਆਪਣੀ ਸੁਵਿਧਾ ਜਾਂ ਸਮੇ ਅਨੁਸਾਰ ਲਾਸ਼ ਨੂੰ ਕਿਸੇ ਹੋਰ ਸਾਧਨ ’ਤੇ ਵੀ ਲਿਜਾਇਆ ਜਾ ਸਕਦਾ ਹੈ) ਲਾਸ਼ ਨੂੰ ਰੱਖ ਕੇ ਦੁਆਲੇ ਪਾਣੀ ਦੀ ਕਾਰ ਕਰਨੀ, ਘੜਾ ਭੰਨਣਾ, ਆਟੇ ਦੀਆਂ ਪਿੰਨੀਆਂ ਵੱਟ ਕੇ ਲਾਸ਼ ਦੇ ਸਿਰ੍ਹਾਣੇ ਰੱਖਣੀਆਂ, ਚਿਖਾ ਨੂੰ ਅੱਗ ਲਾਉਣ ਸਮੇਂ ਦੀਵਾ ਬਾਲਣਾ, ਕਪਾਲ ਕਿਰਿਆ ਕਰਨੀ, ਚਿਖਾ ਦੇ ਦੁਆਲੇ ਅੱਗ ਲਾਉਣ ਲਈ ਗੇੜਾ ਦੇਣਾ, ਸ਼ਮਸ਼ਾਨ ਘਾਟ ਵਿੱਚ ਜਾ ਕੇ ਸੋਹਿਲੇ ਦਾ ਪਾਠ ਕਰਨਾ ਜਾਂ ਅਰਦਾਸ ਕਰਨੀ ਜਾਂ ਫਿਰ ਸ਼ਮਸ਼ਾਨ ਘਾਟ ਵਿੱਚੋਂ ਗੁਰਦੁਆਰੇ ਆ ਕੇ ਅਲਾਹਣੀਆਂ ਦਾ ਪਾਠ ਕਰਨਾ ਤੇ ਅਰਦਾਸ ਕਰਨੀ, ਆਦਿ ਅਜਿਹਾ ਕੁੱਝ ਵੀ ਨਾ ਕੀਤਾ ਜਾਵੇ। ਹਾਂ ਜੇ ਚਾਹੋਂ ਤਾਂ (ਕੋਈ ਜ਼ਰੂਰੀ ਵੀ ਨਹੀਂ ਅਤੇ) ਜੇ ਸਮਾਂ ਹੋਵੇ ਤਾਂ ਸੰਸਕਾਰ ਤੋਂ ਬਾਅਦ ਘਰ ਗੁਰਬਾਣੀ ਦਾ ਸਹਿਜ ਪਾਠ ਰੱਖ ਲੈਣਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਆਉਣਾ ਠੀਕ ਸਮਝੋਂ ਤਾਂ ਲੈ ਆਉਣਾ, ਨਹੀਂ ਪੋਥੀਆਂ ਤੋਂ ਹੀ ਰਲ਼ ਮਿਲ਼ ਕੇ ਪਾਠ ਕਰ ਲੈਣਾ, ਜਿਵੇਂ ਕਿ ਘਰ ਵਿੱਚ ਹੋਈ ਮੌਤ ਤੋਂ ਬਾਅਦ ਕੁੱਝ ਦਿਨ ਕੁੱਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਹੁੰਦਾ, ਤਾਂ ਤੁਸੀਂ 8-10 ਦਿਨ (ਇਹ ਦਿਨ ਵੱਧ ਘੱਟ ਵੀ ਹੋ ਸਕਦੇ ਹਨ) ਘਰ ਰਲ਼ ਮਿਲ਼ ਕੇ ਗੁਰਬਾਣੀ ਦਾ ਪਾਠ ਵਿਚਾਰ ਕੇ ਕਰ ਲੈਣਾ, ਗੁਰਬਾਣੀ ਸੱਚ ਹੈ ਇਹ ਤੁਹਾਨੂੰ ਚੰਗੀ ਸੇਧ ਦੇਵੇਗੀ। ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਹ ਪਾਠ ਮੇਰੇ ਲਈ ਨਹੀਂ ਹੋਵੇਗਾ, ਇਹ ਤਾਂ ਤੁਹਾਡੇ ਸਮਝਣ ਲਈ ਹੀ ਹੋਵੇਗਾ, ਜਿਹੜਾ ਦਿਨ ਠੀਕ ਲੱਗੇ ਰਿਸ਼ਤੇਦਾਰਾਂ ਨੂੰ ਉਸ ਦਿਨ ਦੀ ਸੂਚਨਾ ਦੇ ਦੇਣੀ ਕਿ ਇਸ ਦਿਨ ਦਾ ਭੋਗ ਹੈ, ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਤਿੰਨ ਵਜੇ ਤੱਕ ਕਿਸੇ ਵੀ ਸਮੇਂ ਸਾਡੇ ਘਰ ਪਹੁੰਚ ਜਾਣਾ। ਇਹ ਭੋਗ ਦਾ ਦਿਨ ਅਤੇ ਭੋਗ ਸ਼ਬਦ ਤਾਂ ਸਿਰਫ ਇੱਕ ਦਿਨ ਇਕੱਠੇ ਹੋਣ ਦੇ ਸਾਧਨ ਵਜੋਂ ਹੀ ਵਰਤਣਾ ਹੈ।

(ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ ਕਿਉਂਕਿ ਲੋਕ ਆਪਣੀ ਵਡਿਆਈ ਲਈ ਆਂਢ ਗੁਆਂਢ ਨੂੰ ਇਕੱਠਾ ਕਰ ਕੇ ਲੈ ਆਉਂਦੇ ਹਨ ਕਿ ਕੋਈ ਇਹ ਨਾ ਕਹੇ ਕਿ ਇਹਨਾਂ ਨਾਲ ਬੰਦੇ ਘੱਟ ਆਏ ਹਨ, ਅਜਿਹੇ ਨਾਲ ਆਏ ਬੰਦਿਆਂ ਦਾ ਮ੍ਰਿਤਕ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੁੰਦਾ, ਉਹ ਪਰੇਸ਼ਾਨੀ ਦਾ ਕਾਰਨ ਹੀ ਬਣਦੇ ਹੁੰਦੇ ਹਨ, ਇਹ ਲੋਕ ਬਾਰ੍ਹਾਂ, ਸਵਾ ਬਾਰ੍ਹਾਂ ਵਜੇ ਮ੍ਰਿਤਕ ਪ੍ਰਾਣੀ ਦੇ ਘਰ ਪਹੁੰਚਦੇ ਹਨ, ਉਸ ਸਮੇਂ ਕਥਾ ਕੀਰਤਨ ਸ਼ੁਰੂ ਹੋ ਰਿਹਾ ਹੁੰਦਾ ਹੈ ਅਤੇ ਲੰਗਰ ਵੀ ਤਿਆਰ ਹੁੰਦਾ ਹੈ, ਇਸ ਸਮੇਂ ਦੋ ਹੀ ਗੱਲਾਂ ਹੁੰਦੀਆਂ ਹਨ (ਜੋ ਨਹੀਂ ਹੋਣੀਆਂ ਚਾਹੀਂਦੀਆਂ) ਲੰਗਰ ਛੱਕੋ ਜੀ ਤੇ ਕਥਾ/ਕੀਰਤਨ ਸੁਣੋ ਜੀ ਜਾਂ ਰੋਣਾ ਨਹੀਂ ਜੀ, ਗੱਲਾਂ ਨਹੀਂ ਕਰਨੀਆਂ ਜੀ, ਜਦੋਂ ਕਿ ਮ੍ਰਿਤਕ ਨਾਲ ਸਾਂਝ ਰੱਖਣ ਵਾਲੇ ਰੋਣ ਜਾਂ ਦੁਖ ਸੁਖ ਦੀਆਂ ਗੱਲਾਂ ਕਰਨ ਹੀ ਆਉਂਦੇ ਹੁੰਦੇ ਹਨ, ਉਹ ਲੰਗਰ ਛੱਕਣ ਜਾਂ ਕਥਾ/ਕੀਰਤਨ ਸੁਣਨ ਨਹੀਂ ਆਏ ਹੁੰਦੇ। ਇੱਕ, ਸਵਾ ਇੱਕ ਵਜੇ ਭੋਗ ਪੈ ਜਾਂਦਾ ਹੈ ਫਿਰ ਨਾਲ ਆਏ ਗੁਆਂਢੀ ਵਾਪਸ ਮੁੜਨ ਦੀ ਕਾਹਲ ਕਰਨ ਲੱਗ ਜਾਂਦੇ ਹਨ ਕਿ ਛੇਤੀ ਚਲੋ ਜੀ ਕੁਵੇਲਾ ਨਾ ਹੋ ਜਾਵੇ। ਇਸ ਕਾਰਨ ਖ਼ਾਸ ਰਿਸ਼ਤੇਦਾਰ ਵੀ ਮ੍ਰਿਤਕ ਦੇ ਪਰਿਵਾਰ ਨਾਲ ਕੋਈ ਦੁੱਖ ਸੁੱਖ ਦੀ ਗੱਲ ਨਹੀਂ ਕਰ ਸਕਦੇ ਹੁੰਦੇ।)

ਪਰ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੋਈ ਪਾਠ, ਕਥਾ, ਕੀਰਤਨ ਜਾਂ ਅਰਦਾਸ ਵਗੈਰਾ ਕਰਨ ਦੀ ਕੋਈ ਲੋੜ ਨਹੀਂ। ਜੇ ਭੋਗ ਵਾਲੇ ਦਿਨ ਤੋਂ ਪਹਿਲਾਂ ਪਾਠ ਪੂਰਾ ਹੋ ਗਿਆ ਤਾਂ ਪਹਿਲਾਂ ਹੀ ਗੁਰੂ ਦਾ ਸ਼ੁਕਰਾਨਾ ਕਰ ਦੇਣਾ ਜੇ ਪਾਠ ਪੂਰਾ ਨਾ ਹੋਇਆ ਤਾਂ ਉਸ ਦਿਨ ਤੋਂ ਬਾਅਦ ਜਦੋਂ ਪਾਠ ਸੰਪੂਰਨ ਹੋ ਜਾਵੇ ਉਦੋਂ ਗੁਰੂ ਦਾ ਸ਼ੁਕਰਾਨਾ ਕਰ ਦੇਣਾ। ਕਈ ਦੂਰ ਨੇੜੇ ਦੇ ਰਿਸ਼ਤੇਦਾਰ ਆਏ ਹੁੰਦੇ ਹਨ, ਉਹ ਪਾਠ ਜਾਂ ਕਥਾ ਕੀਰਤਨ ਸੁਣਨ ਨਹੀਂ ਆਉਂਦੇ ਹੁੰਦੇ, ਉਹ ਤਾਂ ਬੱਸ ਆਪਣੇ ਵੱਲੋਂ ਦੁੱਖ ਸੁੱਖ ਸਾਂਝਾ ਕਰਨ ਹੀ ਆਉਂਦੇ ਹਨ, ਉਹਨਾਂ ਨਾਲ ਉਸ (ਭੋਗ ਵਾਲੇ) ਦਿਨ ਗੱਲਾਂ ਬਾਤਾਂ ਹੀ ਕਰਨੀਆਂ। ਮੇਰੀ ਮੌਤ ਛੋਟੀ ਉਮਰ ਵਿੱਚ ਹੋਵੇ ਜਾਂ ਵੱਡੀ ਉਮਰ ਵਿੱਚ, ਰੱਬ ਦਾ ਭਾਣਾ ਮੰਨਣਾ, ਗੁਰਵਾਕ ਹੈ ਕਿ, ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ; ਨਾਨਕ ! ਥਿਰੁ ਨਹੀ ਕੋਇ ॥’’ (ਮ: ੯/੧੪੨੯)

ਦੁੱਖ ਸੁੱਖ ਸਾਂਝਾ ਕਰਨ ਆਏ ਦੋਸਤਾਂ ਰਿਸ਼ਤੇਦਾਰਾਂ ਲਈ ਮਿਠਾਈ, ਖੀਰ, ਕੜਾਹ ਜਾਂ ਵੱਖ-ਵੱਖ ਦਾਲਾਂ-ਸਬਜ਼ੀਆਂ ਨਹੀਂ ਬਣਾਉਣੀਆਂ, ਸਿਰਫ਼ ਇੱਕ ਹੀ ਦਾਲ ਜਾਂ ਸਬਜ਼ੀ ਹੋਵੇ, ਦਾਲ/ਸਬਜ਼ੀ ਅਤੇ ਰੋਟੀਆਂ ਵਧੀਆ ਬਣਾਈਆਂ ਹੋਣ, ਜੋ ਆਏ ਲੋਕਾਂ ਨੂੰ ਖਾਣ ਨੂੰ ਚੰਗੀਆਂ ਲੱਗਣ, ਕਿਸੇ ਵੀ ਕਿਸਮ ਦਾ ਕੋਈ ਵਿਖਾਵਾ ਨਹੀਂ ਕਰਨਾ।

ਬੱਸ ਉਸ ਦਿਨ ਤੋਂ ਬਾਅਦ ਮੇਰੇ ਨਾਮ ’ਤੇ ਕੋਈ ਪੁੰਨ ਦਾਨ ਜਾਂ ਧਾਰਮਿਕ ਕਰਮਕਾਂਢ ਨਹੀਂ ਕਰਨਾ, ਨਾ ਕਦੇ ਬਰਸੀ ਮਨਾਉਣੀ ਕਿਉਂਕਿ ਮੈਂ ਕਿਸੇ ਵੀ ਧਰਮ (ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਆਦਿ) ਜਾਂ ਬੰਦਿਆਂ ਦੁਆਰਾ ਬਣਾਈ ਕਿਸੇ ਵੀ ਕਹੇ ਜਾਂਦੇ ਧਰਮ ਦੀ ਧਾਰਮਿਕ ਮਰਯਾਦਾ ਨੂੰ ਨਹੀਂ ਮੰਨਦਾ ਕਿਉਂਕਿ ਮੇਰੀ ਸੋਚ ਅਨੁਸਾਰ ਇਹ ਸੱਭ ਰੱਬ ਦੇ ਨਾਮ ’ਤੇ ਧਰਮ ਦੇ ਠੇਕੇਦਾਰਾਂ (ਪੁਜਾਰੀਆਂ) ਵੱਲੋਂ ਖੋਲ੍ਹੀਆਂ ਗਈਆਂ ਦੁਕਾਨਾ ਹੀ ਹਨ। ਮੈਂ ਆਪਣੇ ਅਤੇ ਇੰਸਾਨੀਅਤ ਲਈ ਚੰਗੇ ਕੰਮ ਕਰਨ ਨੂੰ ਹੀ ਸੱਚਾ ਧਰਮ ਮੰਨਦਾ ਹਾਂ, ਮੇਰੇ ਲਈ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ, ਵਿੱਚ ਦਰਜ ਗੁਰੂਆਂ/ਭਗਤਾਂ ਦੀ ਬਾਣੀ ਹੀ ਸਰਬੋਤਮ ਹੈ।

ਤਾਰੀਖ – 07-11-2017

ਹਰਲਾਜ ਸਿੰਘ ਪੁੱਤਰ ਸ੍ਰ: ਜੱਗਰ ਸਿੰਘ, ਪਿੰਡ ਤੇ ਡਾਕਖਾਨਾ ਬਹਾਦਰਪੁਰ,

ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ (ਪੰਜਾਬ) ਪਿੰਨ ਕੋਡ :-151501, ਫੋਨ ਨੰਬਰ :- 94170-23911

Most Viewed Posts