ਮੇਥੀ ਦੇ ਫਾਇਦੇ

0
820

ਮੇਥੀ ਦੇ ਫਾਇਦੇ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਇਕ ਮੈਡੀਕਲ ਕਾਨਫਰੰਸ ਵਿਚ ਇਕ ਨਵੀਂ ਦਵਾਈ ਬਾਰੇ ਸਾਨੂੰ ਦੱਸਿਆ ਗਿਆ ਕਿ ਇਹ ਸ਼ੱਕਰ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਰਹੀ ਹੈ। ਉਸ ਦਵਾਈ ਦਾ ਨਾਂ ਸੀ ‘ਫੈਨਫਿਊਰੋ’ ! ਕਾਨਫਰੰਸ ਦੇ ਅੰਤ ਵਿਚ ਇਹ ਦੱਸਿਆ ਗਿਆ ਕਿ ਇਹ ਦਵਾਈ ਮੇਥੀ ਤੋਂ ਬਣਾਈ ਗਈ ਹੈ। ਸਾਡੇ ਵਿੱਚੋਂ ਅੱਧਿਆਂ ਦਾ ਮੂੰਹ ਇਹ ਸੱਚਾਈ ਸੁਣ ਕੇ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਇਹ ਨਿੱਕੀਆਂ ਜਿਹੀਆਂ ਹਰੀਆਂ ਪੱਤੀਆਂ ਏਨੀਆਂ ਲਾਹੇਵੰਦ  ?

ਕੁਦਰਤ ਦੀ ਕਾਰੀਗਰੀ ਉੱਤੇ ਵਾਰੇ-ਵਾਰੇ ਨਾ ਜਾਈਏ ਤਾਂ ਕੀ ਕਰੀਏ ! ਉਸੇ ਕਾਨਫਰੰਸ ਵਿਚ ਕਈ ਡਾਕਟਰਾਂ ਲਈ ਇਹ ਸੱਚਾਈ ਹਜ਼ਮ ਕਰਨੀ ਔਖੀ ਹੋਈ ਪਈ ਸੀ ਕਿ ਮੇਥੀ ਵਰਗੀਆਂ ਪੱਤੀਆਂ ਵਿਚ ਭਲਾ ਏਨਾ ਕੁੱਝ ਕਿਵੇਂ ਹੋ ਸਕਦਾ ਹੈ ?

ਇਸੇ ਲਈ ਉਸ ਤੋਂ ਬਾਅਦ ਅਮਰੀਕਾ ਵਿਚ ਵਰਤੇ ਜਾ ਰਹੇ ‘ਫੇਸ ਪੈਕ’ ਵਿਖਾਏ ਗਏ, ਜੋ ਮੂੰਹ ਉੱਤੇ ਬਣ ਰਹੇ ਬਲੈਕ ਹੈਡਜ਼, ਫ਼ਿਨਸੀਆਂ, ਕਿੱਲ, ਝੁਰੜੀਆਂ ਆਦਿ ਲਈ ਕਮਾਲ ਦਾ ਅਸਰ ਵਿਖਾ ਰਹੇ ਸਨ ਤੇ ਅਮਰੀਕਨ ਔਰਤਾਂ ਦੀ ਪਹਿਲੀ ਪਸੰਦ ਬਣ ਚੁੱਕੇ ਸਨ। ਉਨ੍ਹਾਂ ‘ਫੇਸ ਪੈਕਸ’ ਦੇ ਵਿਚ ਭਰੇ ਅੰਸ਼ਾਂ ਉੱਤੇ ਸਾਨੂੰ ਅੱਖਰ ਵੱਡੇ ਕਰ ਕੇ ਵਿਖਾਇਆ ਗਿਆ ਤਾਂ ਬਥੇਰੇ ਜਣੇ ਦੰਗ ਰਹਿ ਗਏ। ਉਨ੍ਹਾਂ ਵਿਚ ਅਸਲ ਚੀਜ਼ ‘ਮੇਥੀ’ ਸੀ ! ਉੱਥੋਂ ਦੇ ਕਈ ਬਿਊਟੀ ਕਲਿਨਿਕ ਮੇਥੀ ਦੇ ਬੀਜ (ਮੇਥਰੇ) ਪਾਣੀ ਵਿਚ ਉਬਾਲ ਕੇ, ਉਸ ਨਾਲ ਆਪਣੀਆਂ ਗਾਹਕ ਔਰਤਾਂ ਦਾ ਮੂੰਹ ਚੰਗੀ ਤਰ੍ਹਾਂ ਧੋ ਕੇ, ਤਾਜ਼ੀ ਮੇਥੀ ਦਾ ਲੇਪ ਵੀਹ ਮਿੰਟ ਲਈ ਮੂੰਹ ਉੱਤੇ ਲਾ ਦਿੰਦੇ ਹਨ। ਇਹ ਝੁਰੜੀਆਂ ਤੇ ਕਿੱਲ ਮੁਹਾਸੇ ਲਈ ਤੇ ਨਾਲੋ ਨਾਲ ਛਿੰਭਾਂ (ਚਿਹਰੇ ਦੇ ਦਾਗ਼) ਵਾਸਤੇ ਕਮਾਲ ਦਾ ਅਸਰ ਵਿਖਾਉਂਦੀ ਹੈ।

ਚਮੜੀ ਤਾਂ ਛੱਡੋ ! ਵਾਲਾਂ ਲਈ ਵੀ ਮੇਥੀ ਤੋਂ ਬਣੇ ਸ਼ੈਂਪੂ ਸਭ ਤੋਂ ਮਹਿੰਗੇ ਵਿਕਦੇ ਹਨ। ਸਿੱਕਰੀ ਤੇ ਵਾਲ ਝੜਨ ਤੋਂ ਰੋਕਣ ਲਈ ਮੇਥੀ ਦੀ ਵਰਤੋਂ ਜ਼ੋਰਾਂ ਉੱਤੇ ਹੈ ਭਾਵੇਂ ਰੋਜ਼ ਖਾਧੀ ਜਾਏ ਤੇ ਭਾਵੇਂ ਵਾਲਾਂ ਉੱਤੇ ਪੇਸਟ ਬਣਾ ਕੇ ਲਾ ਲਈ ਜਾਏ, ਇਸ ਨਾਲ ਹੌਲ਼ੀ ਹੌਲ਼ੀ ਵਾਲ ਲਿਸ਼ਕਵੇਂ ਤੇ ਕਾਲੇ ਹੋਣ ਲੱਗ ਪੈਂਦੇ ਹਨ।

ਵਾਲਾਂ ਤੇ ਚਮੜੀ ਵਿਚ ਮੇਥੀ ਦੀ ਏਨੀ ਜ਼ਿਆਦਾ ਵਰਤੋਂ ਕਈ ਵਾਰ ਤਾਂ ਸ਼ੱਕ ਹੀ ਪਾ ਦਿੰਦੀ ਹੈ ਕਿ ਇਹ ਖਾਣ ਦੀ ਚੀਜ਼ ਹੈ ਵੀ ਕਿ ਸਿਰਫ਼ ਲਾਉਣ ਵਾਲੀ ਹੀ ਹੈ।

ਹੁਣ ਇਕ ਹੋਰ ਅਸਰਦਾਰ ਵਰਤੋਂ ਬਾਰੇ ਵੀ ਸੁਣੋ। ਮੇਥੀ ਦੇ ਬੀਜ, ਪਾਣੀ ਵਿਚ ਉਬਾਲ ਕੇ, ਫੇਰ ਰਾਤ ਭਰ ਖੋਪੇ ਦੇ ਤੇਲ ਵਿਚ ਭਿਉਂ ਕੇ ਰੱਖੋ ਤੇ ਉਸ ਨਾਲ ਰੋਜ਼ ਹਲਕੀ ਹਲਕੀ ਸਿਰ ਦੀ ਮਾਲਸ਼ ਕਰੋ। ਇਸ ਨਾਲ ਵਾਲ ਝੜਨੇ ਵੀ ਰੁਕਦੇ ਹਨ ਤੇ ਸਿੱਕਰੀ ਵੀ ਠੀਕ ਹੋ ਜਾਂਦੀ ਹੈ।

ਬਤੌਰ ਡਾਕਟਰ ਇਹ ਗੱਲਾਂ ਮੈਂ ਇਸ ਲਈ ਦੱਸ ਰਹੀ ਹਾਂ ਤਾਂ ਜੋ ਇਸ ਆਮ ਜਿਹੇ ਨੁਸਖ਼ੇ ਪਿੱਛੇ ਕੁੜੀਆਂ ਤੇ ਔਰਤਾਂ ਜਿਹੜੇ ਲੱਖਾਂ ਰੁਪਏ ਜ਼ਾਇਆ ਕਰਦੀਆਂ ਪਈਆਂ ਹਨ, ਉਨ੍ਹਾਂ ਦੀ ਥਾਂ ਉਹ ਕੁਦਰਤੀ ਸੋਗਾਤਾਂ ਰਾਹੀਂ ਖੂਬਸੂਰਤ ਹੋਣ ਬਾਰੇ ਲੋਚਣ ਤਾਂ ਮਹਿੰਗੀਆਂ ਕਰੀਮਾਂ ਤੋਂ ਛੁਟਕਾਰਾ ਪਾ ਲੈਣਗੀਆਂ।

ਇਹ ਤਾਂ ਹੋਈ ਖ਼ੂਬਸੂਰਤੀ ਦੀ ਗੱਲ ! ਪਰ ਮੇਥੀ ਤਾਂ ਜਿਸਮਾਨੀ ਨਜ਼ਦੀਕੀਆਂ ਵਧਾਉਣ ਵਿਚ ਵੀ ਬੇਹਦ ਕਮਾਲ ਦਾ ਅਸਰ ਵਿਖਾਉਂਦੀ ਹੈ। ਇਨਸਾਨੀ ਚਿਤ, ਜੋ ਪੂਰਾ ਠੰਡਾ ਪਿਆ ਹੋਵੇ, ਮੇਥੀ ਲਗਾਤਾਰ ਖਾਣ ਸਦਕਾ ਨਿੱਘ ਵਿਚ ਆ ਜਾਂਦਾ ਹੈ।

ਜਿਹੜੇ ਜਣੇ ਭਾਰ ਘਟਾਉਣ ਬਾਰੇ ਸੋਚ ਰਹੇ ਹੋਣ, ਉਹ ਤਾਂ ਅੱਜ ਤੋਂ ਹੀ ਮੇਥੀ ਖਾਣੀ ਸ਼ੁਰੂ ਕਰ ਦੇਣ ਕਿਉਂਕਿ ਮੇਥੀ ਤੋਂ ਵਧੀਆ ਕੁਦਰਤੀ ਦਵਾਈ ਮਿਲਣੀ ਔਖੀ ਹੀ ਹੈ। ਮੇਥੀ ਦੇ ਬੀਜ ਰਾਤ ਭਰ ਭਿਉਂ ਕੇ ਸਵੇਰੇ ਨਿਰਣੇ ਪੇਟ ਚੱਬ ਕੇ ਖਾਣ ਨਾਲ ਢਿਡ ਭਰਿਆ ਜਾਪਣ ਲੱਗ ਪੈਂਦਾ ਹੈ ਤੇ ਭੁੱਖ ਲੱਗਦੀ ਹੀ ਨਹੀਂ ! ਇਹ ਇਸ ਲਈ ਹੁੰਦਾ ਹੈ ਕਿਉਂਕਿ ਮੇਥੀ ਵਿਚਲਾ ਫਾਈਬਰ ਪਾਣੀ ਵਿਚ ਫੁੱਲ ਜਾਣ ਕਾਰਨ ਢਿੱਡ ਵਿਚ ਹੋਰ ਖਾਣ ਨੂੰ ਥਾਂ ਹੀ ਨਹੀਂ ਛੱਡਦਾ।

ਜੇ ਕਿਸੇ ਦੀ ਚਮੜੀ ਉੱਤੇ ਦਾਗ਼ ਹਨ ਜਾਂ ਸੜਨ ਦੇ ਤਾਜ਼ੇ ਦਾਗ਼, ਛਾਲੇ, ਐਗਜ਼ੀਮਾ (ਚੰਬਲ) ਆਦਿ ਹੈ, ਤਾਂ ਵੀ ਮੇਥੀ ਦੇ ਬੀਜਾਂ ਨੂੰ ਰਗੜ ਕੇ ਪਤਲਾ ਪੇਸਟ ਬਣਾ ਕੇ ਚਮੜੀ ਉੱਤੇ ਲੇਪ ਵਾਂਗ ਲਾ ਕੇ ਉੱਤੇ ਸਾਫ਼ ਕੱਪੜੇ ਨਾਲ ਢੱਕ ਕੇ ਰੱਖਣ ਨਾਲ ਹੌਲ਼ੀ ਹੌਲ਼ੀ ਕੁੱਝ ਆਰਾਮ ਪੈ ਜਾਂਦਾ ਹੈ।

ਅੰਤੜੀਆਂ ਦੇ ਕੈਂਸਰ (ਕੋਲਨ ਕੈਂਸਰ) ਵਿਚ ਵੀ ਮੇਥੀ ਵਿਚਲੇ ਭਰਵੇਂ ਫਾਈਬਰ ਦੇ ਸਦਕਾ ਫ਼ਾਇਦਾ ਲਿਆ ਜਾ ਸਕਦਾ ਹੈ ਕਿਉਂਕਿ ਇਹ ਖਾਣੇ ਵਿਚਲੇ ਮਾੜੇ ਤੱਤਾਂ ਨੂੰ ਅੰਤੜੀਆਂ ਦੀ ਨਰਮ ਪਰਤ ਉੱਤੇ ਵਾਰ ਨਹੀਂ ਕਰਨ ਦਿੰਦੀ ਤੇ ਕੈਂਸਰ ਹੋਣ ਤੋਂ ਬਚਾਓ ਕਰ ਸਕਦੀ ਹੈ।

ਦਰਅਸਲ ਮੇਥੀ ਸਿਰਫ਼ ਫਾਈਬਰ ਸਦਕਾ ਹੀ ਗੁਣਕਾਰੀ ਨਹੀਂ ਬਲਕਿ ਇਸ ਵਿਚਲੇ ਪ੍ਰੋਟੀਨ, ਵਿਟਾਮਿਨ ਸੀ, ਨਾਇਆਸਿਨ, ਪੋਟਾਸ਼ੀਅਮ, ਲੋਹ ਕਣ, ਐਲਕਾਲੌਇਡ ਤੇ ਡਾਇਓਸਜੈਨਿਨ ਵੀ ਰਲ ਮਿਲ ਕੇ ਸਰੀਰ ਵਿਚ ਕਮਾਲ ਦਾ ਅਸਰ ਵਿਖਾਉਂਦੇ ਹਨ।

ਡਾਇਓਸਜੈਨਿਨ ਦਾ ਅਸਰ ਬਿਲਕੁਲ ਔਰਤਾਂ ਦੇ ਸਰੀਰ ਅੰਦਰਲੇ ਈਸਟਰੋਜਨ ਹਾਰਮੋਨ ਵਰਗਾ ਹੁੰਦਾ ਹੈ ਤੇ ਸਟੀਰਾਇਡ ਸੈਪੋਨਿਨ ਵਾਂਗ ਵੀ ! ਇਹੀ ਸੈਪੋਨਿਨ ਖ਼ੂਬਸੂਰਤੀ ਵਧਾਉਣ ਵਾਲੀਆਂ ਚੀਜ਼ਾਂ ਵਿਚ ਵਰਤਿਆ ਜਾ ਰਿਹਾ ਹੈ।

ਡਾਇਓਸਜੈਨਿਨ ਦਾ ਈਸਟਰੋਜਨ ਵਾਂਗ ਅਸਰ ਹੋਣ ਸਦਕਾ ਇਹ ਮਾਂ ਦਾ ਦੁੱਧ ਵਧਾਉਣ ਵਿਚ ਕਾਫ਼ੀ ਮਦਦ ਕਰਦਾ ਹੈ, ਜੋ ਨਵਜੰਮੇ ਬੱਚੇ ਲਈ ਲਾਹੇਵੰਦ ਹੈ।

ਮੇਥੀ ਵਿਚਲੇ ਤੱਤਾਂ ਸਦਕਾ ਜੱਚਾ ਵਿਚ ਬੱਚਾ ਜੰਮਣ ਦੌਰਾਨ ਬੱਚੇਦਾਨੀ ਦਾ ਸੁੰਗੜਨਾ ਤੇਜ਼ ਹੋ ਸਕਦਾ ਹੈ ਤੇ ਬੱਚਾ ਘਟ ਦਰਦਾਂ ਨਾਲ ਸੌਖਿਆਂ, ਛੇਤੀ ਪੈਦਾ ਹੋ ਸਕਦਾ ਹੈ।

ਧਿਆਨ ਰਹੇ ਕਿ ਇਸ ਅਸਰ ਵਾਸਤੇ ਰੋਜ਼ ਕੌਲੇ ਭਰ ਭਰ ਕੇ ਤਿੰਨੋਂ ਵੇਲੇ ਜੱਚਾ ਨੂੰ ਮੇਥੀ ਦੇਣ ਦੀ ਲੋੜ ਨਹੀਂ ਕਿ ਕਿਤੇ ਵਕਤ ਤੋਂ ਪਹਿਲਾਂ ਹੀ ਸਤਮਾਹਿਆ ਬੱਚਾ ਜੰਮ ਪਵੇ।

ਸਿਰਫ ਜੱਚਾ ਵਾਸਤੇ ਹੀ ਨਹੀਂ, ਮੇਥੀ ਵਿਚਲੇ ਆਈਸੋਫ਼ਲੇਵੋਨ ਤੇ ਡਾਇਓਸਜੈਨਿਨ ਕੁੜੀਆਂ ਤੇ ਔਰਤਾਂ ਵਿਚ ਮਾਹਵਾਰੀ ਦੌਰਾਨ ਹੋ ਰਹੀ ਦਰਦ ਵੀ ਘਟਾ ਦਿੰਦੇ ਹਨ।

ਜਦੋਂ ਮਾਹਵਾਰੀ ਆਉਣੀ ਬੰਦ ਹੋ ਚੁੱਕੀ ਹੋਵੇ ਜਾਂ ਉਮਰ ਪੰਜਾਹ ਦੇ ਨੇੜੇ ਢੁਕ ਚੁੱਕੀ ਹੋਵੇ, ਉਨ੍ਹਾਂ ਔਰਤਾਂ ਵਿਚ ਵੀ ‘ਪੋਸਟਮੀਨੋਪੌਜ਼ਲ ਸਿੰਡਰੋਮ’ ਵਿਚਲੇ ਲੱਛਣ ਜਿਵੇਂ ਇਕਦਮ ਗਰਮੀ ਲੱਗਣੀ, ਤੌਣੀ ਆਉਣੀ, ਇਕਦਮ ਗੁੱਸਾ ਆਉਣਾ, ਢਹਿੰਦੀ ਕਲਾ, ਆਦਿ ਵਿਚ ਵੀ ਮੇਥੀ ਖਾਂਦੇ ਰਹਿਣ ਨਾਲ ਫ਼ਾਇਦਾ ਮਿਲਦਾ ਹੈ।

ਮੇਥੀ ਵਿਚਲੇ ਲੋਹ ਕਣ ਲਹੂ ਦੀ ਕਮੀ ਵੀ ਕੁੱਝ ਹੱਦ ਤਕ ਦੂਰ ਕਰ ਦਿੰਦੇ ਹਨ। ਜੇ ਮੇਥੀ ਵਿਚ ਟਮਾਟਰ ਤੇ ਆਲੂ ਵੀ ਪਾ ਲਏ ਜਾਣ ਤਾਂ ਅਜਿਹੀ ਸਬਜ਼ੀ ਲਗਾਤਾਰ ਖਾਣ ਨਾਲ ਸਬਜ਼ੀ ਵਿਚਲੇ ਲੋਹ ਕਣ ਛੇਤੀ ਹਜ਼ਮ ਹੋ ਜਾਂਦੇ ਹਨ।

ਭਾਵੇਂ ਸਾਬਤ ਨਹੀਂ ਹੋ ਸਕਿਆ, ਪਰ ਅਮਰੀਕਾ ਵਿਚ ਕੁੱਝ ਔਰਤਾਂ ਛਾਤੀ ਉੱਤੇ ਮੇਥੀ ਦਾ ਲੇਪ ਲਾ ਕੇ ਰੱਖਦੀਆਂ ਹਨ ਕਿ ਇਸ ਨਾਲ ਛਾਤੀ ਦਾ ਆਕਾਰ ਵੱਧ ਜਾਂਦਾ ਹੈ। ਮੇਥੀ ਵਿਚਲੇ ਈਸਟਰੋਜਨ ਵਰਗੇ ਅਸਰ ਸਦਕਾ, ਇਸ ਨੂੰ ਖਾਣ ਨਾਲ ਛਾਤੀ ਜ਼ਰੂਰ ਕੁੱਝ ਭਾਰੀ ਹੋ ਸਕਦੀ ਹੈ।

ਸਰੀਰ ਅੰਦਰਲਾ ਕੋਲੈਸਟਰੋਲ ਖ਼ਾਸ ਕਰ ‘ਲੋ ਡੈਨਸਿਟੀ ਲਾਈਪੋਪਰੋਟੀਨ’ (ਮਾੜਾ ਕੋਲੈਸਟਰੋਲ) ਘਟਾਉਣ ਵਿਚ ਵੀ ਮੇਥੀ ਦਾ ਕੁੱਝ ਹੱਥ ਜ਼ਰੂਰ ਹੈ।

ਮੇਥੀ ਵਿਚਲੇ ਗਲੈਕਟੋਮੈਨਨ, ਦਿਲ ਨੂੰ ਵੀ ਸਿਹਤਮੰਦ ਰੱਖਦੇ ਹਨ ਤੇ ਹਾਰਟ ਅਟੈਕ ਦਾ ਖ਼ਤਰਾ ਘਟਾਉਂਦੇ ਹਨ। ਮੇਥੀ ਵਿਚ ਪੋਟਾਸ਼ੀਅਮ ਵੱਧ ਹੋਣ ਸਦਕਾ ਸਰੀਰ ਅੰਦਰਲੇ ਲੂਣ ਨੂੰ ਇਹ ਕੁੱਝ ਹੱਦ ਤੱਕ ਕਾਬੂ ਕਰ ਕੇ ਹਾਰਟ ਅਟੈਕ ਤੇ ਬਲੱਡ ਪ੍ਰੈੱਸ਼ਰ ਦੀ ਬੀਮਾਰੀ ਵਿਚ ਵੀ ਫ਼ਾਇਦਾ ਦੇ ਦਿੰਦੀ ਹੈ।

ਮੇਥੀ ਵਿਚਲੇ ਗਲੈਕਟੋਮੈਨਨ ਜੋ ਕੁਦਰਤੀ ਫਾਈਬਰ ਹਨ, ਸਰੀਰ ਵਿਚ ਸ਼ੱਕਰ ਨੂੰ ਹਜ਼ਮ ਘੱਟ ਹੋਣ ਦਿੰਦੇ ਹਨ ਤੇ ਸ਼ੱਕਰ ਰੋਗੀਆਂ ਲਈ ਵੀ ਫ਼ਾਇਦੇਮੰਦ ਸਾਬਤ ਹੋ ਰਹੇ ਹਨ। ਮੇਥੀ ਵਿਚਲੇ ਅਮਾਈਨੋ ਏਸਿਡ ਸਰੀਰ ਅੰਦਰ ਇਨਸੂਲਿਨ ਦੀ ਮਾਤਰਾ ਵਧਾ ਦਿੰਦੇ ਹਨ।

ਜਿਨ੍ਹਾਂ ਨੂੰ ਕਬਜ਼ ਹੋਵੇ, ਉਹ ਵੀ ਮੇਥੀ ਵਿਚਲੇ ਫਾਈਬਰ ਸਦਕਾ ਹਾਜ਼ਮਾ ਠੀਕ ਕਰ ਕੇ ਕਬਜ਼ ਤੋਂ ਰਾਹਤ ਪਾ ਸਕਦੇ ਹਨ। ਸਿਰਫ ਇਹ ਹੀ ਨਹੀਂ, ਜਿਨ੍ਹਾਂ ਦੇ ਸਰੀਰ ਅੰਦਰ ਤੇਜ਼ਾਬ ਵੱਧ ਬਣਦਾ ਹੋਵੇ, ਉਹ ਵੀ ਮੇਥੀ ਦੇ ਬੀਜਾਂ ਵਿਚਲੇ ਲੇਸਨੁਮਾ (ਮਿਊਸੀਲੇਜ) ਰੇਸ਼ੇ ਸਦਕਾ ਮੇਥੀ ਖਾਣ ਨਾਲ ਇਸ ਤੋਂ ਫ਼ਾਇਦਾ ਲੈ ਸਕਦੇ ਹਨ। ਇਹ ਲੇਸ ਅੰਤੜੀਆਂ ਦੇ ਅੰਦਰਲੀ ਪਰਤ ਉੱਤੇ ਫੈਲ ਕੇ ਜਲ਼ਨ ਨੂੰ ਵੀ ਰਾਹਤ ਦਿੰਦੀ ਹੈ। ਇਸ ਬੀਮਾਰੀ ਲਈ ਮੇਥੀ ਦੇ ਬੀਜ ਭਿਉਂ ਕੇ ਜ਼ਿਆਦਾ ਲੇਸਦਾਰ ਬਣਾਏ ਜਾ ਸਕਦੇ ਹਨ ਤੇ ਇੰਜ ਖਾਣ ਨਾਲ ਜ਼ਿਆਦਾ ਫ਼ਾਇਦਾ ਦਿੰਦੇ ਹਨ।

ਜੇ ਹਲਕਾ ਖੰਘ ਜ਼ੁਕਾਮ ਹੋਵੇ ਤਾਂ ਉਬਾਲੀ ਹੋਈ ਮੇਥੀ ਦੇ ਪਾਣੀ ਵਿਚ ਨਿੰਬੂ ਤੇ ਸ਼ਹਿਦ ਪਾ ਕੇ ਲੈਣ ਨਾਲ ਗਲੇ ਵਿਚਲੀ ਪੀੜ ਨੂੰ ਅਰਾਮ ਮਿਲ ਜਾਂਦਾ ਹੈ ਤੇ ਖੰਘ ਵੀ ਘੱਟ ਜਾਂਦੀ ਹੈ।

ਏਨਾ ਕੁੱਝ ਮੇਥੀ ਬਾਰੇ ਜਾਣ ਲੈਣ ਬਾਅਦ ਮੈਂ ਇਹ ਸਪਸ਼ਟ ਕਰ ਦਿਆਂ ਕਿ ਮੇਥੀ ਤੋਂ ਜੇ ਫ਼ਾਇਦੇ ਲੈਣੇ ਹੋਣ ਤਾਂ ਮਹੀਨੇ ਵਿਚ ਇਕ ਵਾਰ ਖਾਣ ਨਾਲ ਨਹੀਂ ਲਏ ਜਾ ਸਕਦੇ ਬਲਕਿ ਇੱਕ ਅੱਧ ਦਿਨ ਛੱਡ ਕੇ ਖਾਂਦੇ ਰਹਿਣ ਨਾਲ ਹੀ ਲਏ ਜਾ ਸਕਦੇ ਹਨ। ਸਿਰਫ਼ ਮੇਥੀ ਹੀ ਕਿਉਂ ਵੱਖੋ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾਲਾਂ ਬਦਲ-ਬਦਲ ਕੇ ਰੈਗੂਲਰ ਤੌਰ ਉੱਤੇ ਲਈਆਂ ਜਾਣ ਅਤੇ ਨਸ਼ੇ ਜਾਂ ਹੋਰ ਗੰਦ ਬਲਾ ਖਾਣ ਤੋਂ ਪਰਹੇਜ਼ ਹੀ ਰੱਖਿਆ ਜਾਵੇ, ਖ਼ਾਸ ਕਰ ਫਾਸਟ ਫੂਡਜ਼, ਆਦਿ ਤਾਂ ਸਰੀਰ ਜਿੱਥੇ ਨਰੋਆ ਤੇ ਰੋਗ ਮੁਕਤ ਰੱਖਿਆ ਜਾ ਸਕਦਾ ਹੈ, ਉੱਥੇ ਕੁਦਰਤੀ ਚੀਜ਼ਾਂ ਖਾ ਕੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਵੀ ਜੀਅ ਸਕਦੇ ਹਾਂ।

ਮੇਰਾ ਮਕਸਦ ਇਹ ਸੀ ਕਿ ਜੇ ਕਿਸੇ ਦੇ ਬੱਚੇ, ਸਬਜ਼ੀ ਦੇ ਨਾਂ ਨੂੰ ਮੂੰਹ ਨੱਕ ਚੜ੍ਹਾ ਰਹੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਫ਼ਾਇਦੇ ਪੜ੍ਹਾ ਕੇ ਕਿਸੇ ਨਾ ਕਿਸੇ ਬਹਾਨੇ ਭਾਵੇਂ ਆਟੇ ਵਿਚ ਗੁੰਨ ਕੇ ਸੁਆਦਲੇ ਪਰਾਉਂਠੇ ਬਣਾ ਕੇ ਹੀ ਸਹੀ, ਪਰ ਮੇਥੀ ਦਿਓ ਜ਼ਰੂਰ !

ਅਗਲੀ ਵਾਰ ਜਦੋਂ ਮੱਕੀ ਮੇਥੀ ਦੇ ਮਜ਼ੇਦਾਰ ਪਰਾਉਂਠੇ ਬਣਾਓ ਤਾਂ ਇਸ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਮੈਨੂੰ ਵੀ ਜ਼ਰੂਰ ਯਾਦ ਕਰ ਲਇਓ !