ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 6)

0
469

ਗੁਰਬਾਣੀ ਵਿੱਚ ਸਾਹਿਤਕਾਰੀ ਅਨੁਸਾਰ ਬਿੰਦੀ ਦੁਆਰਾ ਸ਼ੁੱਧ ਉਚਾਰਨ (ਭਾਗ 6)

ਕਿਰਪਾਲ ਸਿੰਘ (ਬਠਿੰਡਾ)-98554-80797

ਸਤਿਗੁਰਾਂ ਨੇ ਸਾਨੂੰ ਸੇਧ ਦੇਣ ਲਈ ਗੁਰਬਾਣੀ ਦੀ ਲਿਖਾਈ ਅੰਦਰ ਇਹ ਨਿਯਮ ਵਰਤਿਆ ਹੈ ਕਿ ਕੁਝ ਸ਼ਬਦਾਂ ਨੂੰ ਇੱਕ ਥਾਂ ’ਤੇ ਬਿੰਦੀ ਲਾ ਕੇ ਸਾਹਿਤਕਾਰੀ ਅਨੁਸਾਰ ਬਿਲਕੁਲ ਸਹੀ ਲਿਖ ਦਿੱਤਾ ਗਿਆ ਹੈ ਪਰ ਜਦੋਂ ਉਹੀ ਸ਼ਬਦ ਦੁਬਾਰਾ ਹੋਰ ਥਾਂ ਵਰਤੇ ਗਏ ਹਨ ਤਾਂ ਉਨ੍ਹਾਂ ’ਚ ਬਿੰਦੀ ਦੀ ਵਰਤੋਂ ਨਹੀਂ ਕੀਤੀ ਗਈ।  ਅਜੇਹੇ ਹੀ ਸ਼ਬਦਾਂ ਦੀਆਂ ਕੁਝ ਕੁ ਉਦਾਹਰਨਾਂ ਹੇਠਾਂ ਲਿਖੀਆਂ ਜਾ ਰਹੀਆਂ ਹਨ :-

ਕਾਂਯਾਂ, ਕਾਯਾ, ਕਾਂਇਆ, ਕਾਇਆਂ, ਕਾਇਆ

(੧). ‘ਕਾਂਯਾਂ’ ਲਾਹਣਿ, ਆਪੁ ਮਦੁ ; ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ; ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬਿਕਾਰ ॥ (ਬਿਹਾਗੜੇ ਕੀ ਵਾਰ /ਮ: ੧ – ਮਰਦਾਨਾ/ ੫੫੩)  ਕਾਂਯਾਂ= ਸਰੀਰ, ਦੇਹ।, ਲਾਹਣਿ= ਉਹ ਭਾਂਡਾ ਜਿਸ ਵਿੱਚ ਲਾਹਣ ਪਾ ਕੇ ਸ਼ਰਾਬ ਕੱਢੀ ਜਾਂਦੀ ਹੈ, ਮੱਟੀ। ਅਰਥ :-(ਜੇ) ਸਰੀਰ ਸ਼ਰਾਬ ਕੱਢਣ ਵਾਲੀ ਮੱਟੀ ਹੋਵੇ, ਆਪਣੇ ਆਪ ਦੀ ਪਛਾਣ ਕਰਨੀ ਸ਼ਰਾਬ ਬਣੇ ਤੇ ਉਸ ਦੀ ਧਾਰ ਅਮਰ ਕਰਨ ਵਾਲੀ (ਅੰਮ੍ਰਿਤਬੂੰਦ) ਹੋਵੇ, ਸਤਸੰਗਤ ਨਾਲ ਮੇਲ਼ ਹੋਵੇ, ਨਾਮ ਰੂਪੀ ਅੰਮ੍ਰਿਤ ਦੀ ਭਰੀ ਹੋਈ ਲਿਵ ਰੂਪੀ ਕਟੋਰੀ ਹੋਵੇ (ਤਾਂ ਮਨੁੱਖ, ਇਸ ਕਟੋਰੀ ’ਚੋਂ ਸ਼ਰਾਬ ਰੂਪੀ ਅੰਮ੍ਰਿਤ) ਪੀ ਪੀ ਕੇ ਸਾਰੇ ਵਿਕਾਰ-ਪਾਪ ਦੂਰ ਕਰ ਸਕਦੇ ਹਨ।

(੨). ਸਿਰ ਮਸ੍ਤਕ ਰਖੵਾ ਪਾਰਬ੍ਰਹਮੰ; ਹਸ੍ਤ ‘ਕਾਯਾ’ ਰਖੵਾ ਪਰਮੇਸ੍ਵਰਹ॥ (ਸਲੋਕ ਸਹਸ/ਮ: ੫/੧੩੫੮) ਅਰਥ :- ਸਿਰ, ਮੱਥਾ, ਹੱਥ, ਸਰੀਰ ਆਦਿਕ ਹਰ ਤਰ੍ਹਾਂ ਦੀ ਰੱਖਿਆ ਕਰਨ ਵਾਲਾ ਪਾਰਬ੍ਰਹਮ ਪਰਮੇਸਰ ਆਪ ਹੈ।

(੩). ‘ਕਾਂਇਆ’ ਸਾਧੈ, ਉਰਧ ਤਪੁ ਕਰੈ ; ਵਿਚਹੁ ਹਉਮੈ ਨ ਜਾਇ ॥ (ਮ: ੩/੩੩) ਅਰਥ :-  ਸਰੀਰ ਨੂੰ (ਭਾਵ ਗਿਆਨ-ਇੰਦ੍ਰਿਆਂ ਨੂੰ ਮਨੁੱਖ) ਆਪਣੇ ਵੱਸ ਵਿਚ ਰੱਖਣ ਦੇ ਯਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ (ਪਰ ਇਸ ਤਰ੍ਹਾਂ) ਅੰਦਰੋਂ ਹਉਮੈ ਦੂਰ ਨਹੀਂ ਹੁੰਦੀ।

(੪). ਪਵਣੈ ਪਾਣੀ ਜਾਣੈ ਜਾਤਿ ॥ ‘ਕਾਇਆਂ’ ਅਗਨਿ ਕਰੇ ਨਿਭਰਾਂਤਿ ॥ ਜੰਮਹਿ ਜੀਅ; ਜਾਣੈ ਜੇ ਥਾਉ ॥ ਸੁਰਤਾ ਪੰਡਿਤੁ ਤਾ ਕਾ ਨਾਉ ॥ (ਮ : ੧/ ੧੨੫੬) ਅਰਥ:- ਜੋ ਮਨੁੱਖ ਹਵਾ, ਪਾਣੀ ਆਦਿਕ ਤੱਤਾਂ ਦੇ ਮੂਲ (ਹਰੀ) ਨੂੰ ਜਾਣ ਲਏ (ਭਾਵ ਜੋ ਇਹ ਸਮਝੇ ਕਿ ਸਾਰੇ ਤੱਤਾਂ ਨੂੰ ਬਣਾਉਣ ਵਾਲਾ ਪਰਮਾਤਮਾ ਆਪ ਹੈ), ਜੋ ਆਪਣੇ ਸਰੀਰ ਦੀ ਤ੍ਰਿਸ਼ਨਾ-ਅੱਗ ਨੂੰ ਸ਼ਾਂਤ ਕਰ ਲਏ, ਜੋ ਉਸ ਅਸਲੇ ਨਾਲ ਜਾਣ-ਪਛਾਣ ਪਾਏ ਜਿਸ ਤੋਂ ਸਾਰੇ ਜੀਅ ਜੰਤ ਪੈਦਾ ਹੁੰਦੇ ਹਨ, ਉਸ ਮਨੁੱਖ ਦਾ ਨਾਮ ਸਿਆਣਾ ਪੰਡਿਤ (ਰੱਖਿਆ ਜਾ ਸਕਦਾ) ਹੈ,

(੫). ਖਿੰਥਾ ਕਾਲੁ, ਕੁਆਰੀ ‘ਕਾਇਆ’ ਜੁਗਤਿ, ਡੰਡਾ ਪਰਤੀਤਿ॥  (ਜਪੁ) ਅਰਥ :  ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।

(ਨੋਟ : ਉਕਤ ਤੁਕ ਨੰ: (੧) ਵਿੱਚ ‘ਕਾਂਯਾਂ’ ਦੇ ਦੋਵੇਂ ਹੀ ਅੱਖਰਾਂ ਨੂੰ ਲੱਗੇ ਕੰਨਿਆਂ ’ਤੇ ਬਿੰਦੀ ਲੱਗੀ ਹੋਈ ਹੈ।  ਅਰਥ ਹੈ ‘ਸਰੀਰ’।, ਤੁਕ ਨੰ: (੩) ਵਿੱਚ ‘ਕ’ ਕੰਨਾਂ ਬਿੰਦੀ ਸਹਿਤ ਅਤੇ ਤੁਕ ਨੰ: (੪) ਵਿੱਚ ‘ਅ’ ਕੰਨਾਂ ਬਿੰਦੀ ਸਹਿਤ ਆਇਆ ਹੈ ਜਦੋਂ ਕਿ ਤੁਕ ਨੰ: (੨) ਅਤੇ (੫) ਵਿੱਚ ਦੋਵੇਂ ਸ਼ਬਦ (ਕਾਯਾ, ਕਾਇਆ) ਬਿੰਦੀ ਰਹਿਤ ਆਏ ਹਨ ਪਰ ਅਰਥ ਸਾਰੀਆਂ ਹੀ ਤੁਕਾਂ ਵਿੱਚ ‘ਸਰੀਰ’ ਹੈ, ਇਸ ਲਈ ਤੁਕ ਨੰ: (੧) ਤੋਂ ਸੇਧ ਲੈ ਕੇ ਗੁਰਬਾਣੀ ਵਿੱਚ ਜਿੱਥੇ ਵੀ ਸ਼ਬਦ ‘ਕਾਯਾ, ਕਾਂਇਆ, ਕਾਇਆਂ ਜਾਂ ਕਾਇਆ’, ‘ਸਰੀਰ’ ਦੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ ਉੱਥੇ ਦੋਵੇਂ ਅੱਖਰਾਂ ਨੂੰ ਲੱਗੇ ਕੰਨਿਆਂ ’ਤੇ ਬਿੰਦੀ ਲਾ ਕੇ ਉਚਾਰਨ ਕੀਤੇ ਜਾਣਾ ਯੋਗ ਹੈ ਭਾਵੇਂ ਕਿ ਅੱਜ ਕੱਲ੍ਹ ਦੀ ਪੰਜਾਬੀ ਵਿੱਚ ‘ਕਾਇਆ’ ਬਿਨਾਂ ਬਿੰਦੀ ਤੋਂ ਹੀ ਲਿਖਿਆ ਅਤੇ ਉਚਾਰਿਆ ਜਾਂਦਾ ਹੈ।)

ਗੁਸਾਂਈਂ, ਗੁਸਾਂਈ, ਗੁਸਾਈਂ, ਗੁਸਾਈ

(੧). ਸੁਧ ਰਸ ਨਾਮੁ ਮਹਾ ਰਸੁ ਮੀਠਾ ; ਨਿਜ ਘਰਿ ਤਤੁ ‘ਗੁਸਾਂਈਂ’॥ ਤਹ ਹੀ ਮਨੁ, ਜਹ ਹੀ ਤੈ ਰਾਖਿਆ ; ਐਸੀ ਗੁਰਮਤਿ ਪਾਈ ॥  (ਮ : ੧/੧੨੩੨)  ਅਰਥ:-ਹੇ ਧਰਤੀ ਦੇ ਮਾਲਕ ਪ੍ਰਭੂ ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਮਿੱਠਾ ਲੱਗ ਰਿਹਾ ਹੈ, ਤੂੰ ਜਗਤ ਦਾ ਮੂਲ, ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।

(੨). ‘ਗੁਸਾਂਈ’ ਗਰਿਸ੍ਟ ਰੂਪੇਣ; ਸਿਮਰਣੰ ਸਰਬਤ੍ਰ ਜੀਵਣਹ ॥ (ਸਲੋਕ ਸਹਸ/ਮ: ੫/੧੩੫੯) ਅਰਥ :-  ਧਰਤੀ ਦਾ ਮਾਲਕ ਪਰਮਾਤਮਾ ਸਭ ਤੋਂ ਵੱਡੀ ਹਸਤੀ ਵਾਲਾ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਸਹਾਰਾ) ਹੈ।

(੩). ‘ਗੁਸਾੲਂੀ’  ! ਪਰਤਾਪੁ ਤੁਹਾਰੋ ਡੀਠਾ ॥ ਕਰਨ ਕਰਾਵਨ, ਉਪਾਇ ਸਮਾਵਨ ; ਸਗਲ ਛਤ੍ਰਪਤਿ ਬੀਠਾ ॥ (ਮ : ੫/੧੨੩੫) ਅਰਥ :- ਹੇ ਜਗਤ ਦੇ ਖਸਮ ! (ਮੈਂ) ਤੇਰੀ (ਅਜਬ) ਤਾਕਤ-ਸਮਰੱਥਾ ਵੇਖੀ ਹੈ। ਤੂੰ ਸਭ ਕੁਝ ਕਰਨ-ਜੋਗਾ ਹੈਂ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈਂ, ਤੂੰ (ਜਗਤ) ਪੈਦਾ ਕਰ ਕੇ ਫਿਰ ਇਸ ਨੂੰ ਆਪਣੇ ਆਪ ਵਿਚ ਲੀਨ ਕਰ ਲੈਣ ਵਾਲਾ ਹੈਂ।  ਤੂੰ ਸਭ ਜੀਵਾਂ ਉੱਤੇ ਪਾਤਿਸ਼ਾਹ (ਬਣ ਕੇ) ਬੈਠਾ ਹੋਇਆ ਹੈਂ ।

(੪). ਸੋ ਮੂਰਤੁ ਭਲਾ ਸੰਜੋਗੁ ਹੈ ; ਜਿਤੁ, ਮਿਲੈ ‘ਗੁਸਾਈ’ ॥  (ਮ : ੫/੭੦੯)  ਅਰਥ:- ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈਂ ਮਿਲਦਾ ਹੈ।

(ਨੋਟ : ਤੁਕ ਨੰ: (੧) ਵਿੱਚ ‘ਗੁਸਾਂਈਂ’ ਸ਼ਬਦ ‘ਸਾ’ ਅਤੇ ‘ਈ’ ਦੋਵੇਂ ਹੀ ਬਿੰਦੀ ਸਹਿਤ ਲਿਖੇ ਹੋਏ ਹਨ ਜਦੋਂ ਕਿ ਤੁਕ ਨੰ: (੨) ਵਿੱਚ ‘ਸਾ’ ਬਿੰਦੀ ਸਹਿਤ ਅਤੇ ‘ਈ’ ਬਿੰਦੀ ਰਹਿਤ ਲਿਖਿਆ ਹੈ; ਤੁਕ ਨੰ: (੩) ਵਿੱਚ ‘ਸਾ’ ਬਿੰਦੀ ਰਹਿਤ ਅਤੇ ‘ਈ’ ਬਿੰਦੀ ਸਹਿਤ ਲਿਖਿਆ ਹੈ ਅਤੇ ਤੁਕ ਨੰ: (੪) ਵਿੱਚ ‘ਸ’ ਕੰਨਾਂ ਅਤੇ ‘ਈ’ ਦੋਵੇਂ ਹੀ ਬਿੰਦੀ ਰਹਿਤ ਲਿਖੇ ਹੋਏ ਹਨ ਪਰ ਅਰਥ ਇੱਕੋ ਜਿਹੇ ਹਨ= ਧਰਤੀ ਦਾ ਮਾਲਕ ਪ੍ਰਭੂ ; ਇਸ ਲਈ ਸਭ ਥਾਂਈਂ ਉਚਾਰਨ ਵੀ ਇੱਕੋ ਜਿਹਾ ਹੀ ਹੋਵੇਗਾ= ਗੁਸਾਂਈਂ।)

ਸਾਂਈਂ, ਸਾਂਈ, ਸਾਈਂ, ਸਾਈ

(੧). ਕਿਝੁ ਨ ਬੁਝੈ, ਕਿਝੁ ਨ ਸੁਝੈ; ਦੁਨੀਆ ਗੁਝੀ ਭਾਹਿ ॥ ‘ਸਾਂਈਂ’ ਮੇਰੈ ਚੰਗਾ ਕੀਤਾ ; ਨਾਹੀ ਤ, ਹੰ ਭੀ ਦਝਾਂ ਆਹਿ ॥ (ਸਲੋਕ ਫਰੀਦ ਜੀ/੧੩੭੮) ਅਰਥ :- ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ/ਫੁਲਵਾੜੀ ਹੈ, ਪਰ ਇਸ ਦਾ ਮੋਹ, ਅਸਲ ’ਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿੱਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ। ਮੇਰੇ ਸਾਂਈਂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮਿਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ ‘ਪੋਟਲੀ’ ਸਿਰੋਂ ਲਾਹ ਕੇ ਸੁੱਟ ਦੇਈਏ)।

(੨). ਜੋ ਸਿਰੁ, ‘ਸਾਂਈ’ ਨਾ ਨਿਵੈ ; ਸੋ ਸਿਰੁ ਦੀਜੈ ਡਾਰਿ ॥  (ਮ : ੨/ ੮੯) ਅਰਥ:- ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ ਉਸ ’ਚ ਕੋਈ ਗੁਣ ਨਹੀਂ)।

(੩). ਜੇ ਭੁਲੀ, ਜੇ ਚੁਕੀ, ‘ਸਾੲਂੀ’  ! ਭੀ ਤਹਿੰਜੀ ਕਾਢੀਆ ॥ (ਮ : ੫/ ੭੬੧) ਅਰਥ :- ਹੇ ਮੇਰੇ ਖਸਮ-ਪ੍ਰਭੂ !  ਜੇ ਮੈਂ ਭੁੱਲਾਂ ਕਰਦੀ ਹਾਂ, ਜੇ ਮੈਂ ਉਕਾਈਆਂ ਕਰਦੀ ਹਾਂ ਤਾਂ ਭੀ ਮੈਂ ਤੇਰੀ ਹੀ ਅਖਵਾਂਦੀ ਹਾਂ (ਇਸ ਲਈ ਮੈਂ ਤੇਰਾ ਦਰ ਛੱਡ ਕੇ ਹੋਰ ਕਿਧਰੇ ਭੀ ਜਾਣ ਨੂੰ ਤਿਆਰ ਨਹੀਂ ਹਾਂ)

(੪). ‘ਸਾਈ’ ਨਾਮੁ ਅਮੋਲੁ ; ਕੀਮ ਨ ਕੋਈ ਜਾਣਦੋ ॥ ਜਿਨਾ ਭਾਗ ਮਥਾਹਿ ; ਸੇ, ਨਾਨਕ  ! ਹਰਿ ਰੰਗੁ ਮਾਣਦੋ ॥  (ਮ : ੫/ ੮੧) ਅਰਥ:- ਖਸਮ-ਪ੍ਰਭੂ ਦਾ ਨਾਮ ਮੁੱਲ ਤੋਂ ਪਰੇ ਹੈ, ਕੋਈ ਜੀਵ, ਉਸ ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਦੱਸ ਸਕਦਾ।  ਹੇ ਨਾਨਕ  !  ਜਿਨ੍ਹਾਂ ਮਨੁੱਖਾਂ ਦੇ ਮੱਥੇ ’ਤੇ ਭਾਗ (ਜਾਗਣ), ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ।

(੫). ਜੋ ਤੁਧੁ ਭਾਵੈ ; ‘ਸਾਈ’ ਭਲੀ ਕਾਰ ॥ ਤੂ ਸਦਾ ਸਲਾਮਤਿ, ਨਿਰੰਕਾਰ  ! ॥ (ਜਪੁ)  ਅਰਥ :- ਹੇ ਨਿਰੰਕਾਰ  !  ਤੂੰ ਸਦਾ ਅਟੱਲ ਰਹਿਣ ਵਾਲਾ ਹੈਂ।  ਜੋ ਤੈਨੂੰ ਚੰਗਾ ਲੱਗਦਾ ਹੈ (ਮਿਹਰ ਕਰ ਮੈਨੂੰ ਵੀ) ਉਹ ਕੰਮ ਭਲਾ ਲੱਗੇ (ਭਾਵ ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।

(ਨੋਟ : ਉਕਤ ਤੁਕ ਨੰ: (੧) ਵਿੱਚ ‘ਸਾਂਈਂ’ ਸ਼ਬਦ ‘ਸਾ’ ਅਤੇ ‘ਈ’ ਦੋਵੇਂ ਹੀ ਬਿੰਦੀ ਸਹਿਤ ਲਿਖੇ ਹੋਏ ਹਨ ਜਦੋਂ ਕਿ ਤੁਕ ਨੰ: (੨) ਵਿੱਚ ‘ਸਾ’ ਬਿੰਦੀ ਸਹਿਤ ਅਤੇ ‘ਈ’ ਬਿੰਦੀ ਰਹਿਤ ਹੈ।, ਤੁਕ ਨੰ: (੩) ਵਿੱਚ ‘ਸਾ’ ਬਿੰਦੀ ਰਹਿਤ ਅਤੇ ‘ਈ’ ਬਿੰਦੀ ਸਹਿਤ ਹੈ ਅਤੇ ਤੁਕ ਨੰ: (੪) ਵਿੱਚ ‘ਸਾ’ ਅਤੇ ‘ਈ’ ਦੋਵੇਂ ਹੀ ਬਿੰਦੀ ਰਹਿਤ ਲਿਖੇ ਹੋਏ ਹਨ ਪਰ ਅਰਥ ਇੱਕੋ ਜਿਹੇ ਹਨ= ਮਾਲਕ ਪ੍ਰਭੂ।  ਇਸ ਲਈ ਸਭ ਥਾਂਈਂ ਉਚਾਰਨ ਵੀ ਇੱਕੋ ਜਿਹਾ ਹੀ ਹੋਵੇਗਾ= ਸਾਂਈਂ ਪਰ ਤੁਕ ਨੰ: ੫ ਵਿੱਚ ‘ਸਾਈ’ ਦਾ ਅਰਥ ਹੈ= ਉਹ ਹੀ (ਪੜਨਾਵੀ ਵਿਸ਼ੇਸ਼ਣ), ਇਸ ਲਈ ਇਸ ਦਾ ਉਚਾਰਨ ਬਿੰਦੀ ਸਹਿਤ ‘ਸਾਂਈਂ’ ਨਹੀਂ ਬਲਕਿ ਬਿਨਾਂ ਬਿੰਦੀ ਤੋਂ ਹੋਵੇਗਾ= ਸਾਈ ।)

ਈਹਾਂ, ਊਹਾਂ ; ਈਹਾਂ, ਊਹਾ ; ਈਹਾ, ਊਹਾਂ ; ਈਹਾ, ਊਹਾ

(੧). ਜਹਾ ਜਾਈਐ, ਤਹ ਜਲ ਪਖਾਨ ॥ ਤੂ, ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ‘ਊਹਾਂ’ ਤਉ ਜਾਈਐ ; ਜਉ ‘ਈਹਾਂ’ ਨ ਹੋਇ ॥  (ਭਗਤ ਰਾਮਾਨੰਦ/੧੧੯੫)  ਅਰਥ:- (ਤੀਰਥਾਂ ਉੱਤੇ ਜਾਈਏ, ਚਾਹੇ ਮੰਦਿਰਾਂ ਵਿਚ ਜਾਈਏ) ਜਿੱਥੇ ਭੀ ਜਾਈਏ ਉੱਥੇ ਪਾਣੀ ਹੈ ਜਾਂ ਮੂਰਤੀ-ਪੱਥਰ ਹਨ, ਪਰ ਹੇ ਪ੍ਰਭੂ ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ, ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।  ਸੋ ਤਰੀਥਾਂ ਅਤੇ ਮੰਦਿਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇੱਥੇ (ਮੇਰੇ ਮਨ ਵਿਚ) ਨਾ ਵੱਸਦਾ ਹੋਵੇ।

(੨). ਆਗਿਆ ਮਾਨਿ, ਜਾਨਿ, ਸੁਖੁ ਪਾਇਆ ; ਸੁਨਿ ਸੁਨਿ ਨਾਮੁ ਤੁਹਾਰੋ, ਜੀਓ ॥ ‘ਈਹਾਂ ਊਹਾ’ ਹਰਿ ਤੁਮ ਹੀ, ਤੁਮ ਹੀ ; ਇਹੁ, ਗੁਰ ਤੇ ਮੰਤ੍ਰੁ ਦ੍ਰਿੜੀਓ ॥ (ਮ: ੫/੯੭੮) ਅਰਥ:- ਹੇ ਪ੍ਰਭੂ ! ਤੇਰੀ ਰਜ਼ਾ ਨੂੰ (ਮਿੱਠੀ) ਮੰਨ ਕੇ, ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸੁਖ ਹਾਸਲ ਕਰ ਲਿਆ ਹੈ, ਤੇਰਾ ਨਾਮ ਸੁਣ ਸੁਣ ਕੇ ਮੈਂ ਉੱਚਾ ਆਤਮਕ ਜੀਵਨ ਹਾਸਲ ਕਰ ਲਿਆ ਹੈ। ਮੈਂ ਗੁਰੂ ਪਾਸੋਂ ਇਹ ਉਪਦੇਸ਼ (ਲੈ ਕੇ ਆਪਣੇ ਮਨ ਵਿਚ) ਪੱਕਾ ਕਰ ਲਿਆ ਹੈ ਕਿ ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਹੀ ਸਿਰਫ਼ ਤੂੰ ਹੀ (ਮੇਰਾ ਸਹਾਈ ਹੈਂ)।

(੩). ਜੀਅ ਪ੍ਰਾਨ ਧਨੁ, ਹਰਿ ਕੋ ਨਾਮੁ ॥ ‘ਈਹਾ ਊਹਾਂ’, ਉਨ ਸੰਗਿ ਕਾਮੁ ॥ (ਮ: ੫/੩੭੬) ਅਰਥ:- (ਹੇ ਭਾਈ !) ਜਿੰਦ ਵਾਸਤੇ, ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ, (ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਆਉਂਦਾ ਹੈ)।

(੪). ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ ‘ਈਹਾ ਊਹਾ’ ਸਰਬ ਸੁਖਦਾਤਾ ; ਸਗਲ ਘਟਾ ਪ੍ਰਤਿਪਾਰੇ ॥ (ਮ: ੫/੨੧੦) ਅਰਥ : (ਹੇ ਭਾਈ !) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ। ਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ ਸਭ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ।

(ਨੋਟ : ਤੁਕ ਨੰ: (੧) ਵਿੱਚ ‘ਈਹਾਂ, ਊਹਾਂ’ ਦੋਵੇਂ ਹੀ ਸ਼ਬਦ ਬਿੰਦੀ ਸਹਿਤ ਹਨ ਜਦੋਂ ਕਿ ਤੁਕ ਨੰ: (੨) ਵਿੱਚ ‘ਈਹਾਂ’ ਬਿੰਦੀ ਸਹਿਤ ਅਤੇ ‘ਊਹਾ’ ਬਿੰਦੀ ਰਹਿਤ ਹੈ; ਤੁਕ ਨੰ: (੩) ਵਿੱਚ ‘ਈਹਾ’ ਬਿੰਦੀ ਰਹਿਤ ਅਤੇ ‘ਊਹਾਂ’ ਬਿੰਦੀ ਸਹਿਤ ਲਿਖਿਆ ਹੈ ਅਤੇ ਤੁਕ ਨੰ: (੪) ਵਿੱਚ ‘ਈਹਾ’ ਅਤੇ ‘ਊਹਾ’ ਦੋਵੇਂ ਹੀ ਸ਼ਬਦ ਬਿੰਦੀ ਰਹਿਤ ਹਨ ਪਰ ਅਰਥ ਇੱਕੋ ਜਿਹੇ ਹਨ= ਇੱਥੇ, ਉੱਥੇ (ਸਥਾਨ ਵਾਚਕ ਪੜਨਾਵ), ਇਸ ਲਈ ਸਭ ਥਾਂਈਂ ਉਚਾਰਨ ਵੀ ਬਿੰਦੀ ਸਹਿਤ ਇੱਕੋ ਜਿਹਾ ਹੀ ਹੋਵੇਗਾ= ‘ਈਹਾਂ, ਊਹਾਂ’।)

ਊਂਘ, ਊਂਘੈ, ਊਘੈ, ਉਘਾ

(੧). ਗੁਰਮੁਖਿ ਅੰਤਰਿ ਸਹਜੁ ਹੈ ; ਮਨੁ ਚੜਿਆ ਦਸਵੈ ਆਕਾਸਿ ॥ ਤਿਥੈ, ‘ਊਂਘ’ ਨ ਭੁਖ ਹੈ ; ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਨਾਨਕ  ! ਦੁਖੁ ਸੁਖੁ ਵਿਆਪਤ ਨਹੀ ; ਜਿਥੈ, ਆਤਮ ਰਾਮ ਪ੍ਰਗਾਸੁ ॥ (ਮ: ੩/੧੪੧੪) ਪਦ ਅਰਥ: ਤਿਥੈ = ਉਸ ਅਵਸਥਾ ਵਿਚ। ਊਂਘ = ਨੀਂਦ। ਅਰਥ:- ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਦਾ ਮਨ (ਉਸ) ਦਸਵੇਂ ਦਵਾਰ ਵਿਚ ਟਿਕਿਆ ਰਹਿੰਦਾ ਹੈ (ਜਿੱਥੇ ਸਰੀਰ ਉੱਤੇ ਨੌ ਗੋਲਕਾਂ ਦਾ ਪ੍ਰਭਾਵ ਨਹੀਂ ਪੈ ਸਕਦਾ) ਉਸ ਅਵਸਥਾ ਵਿਚ (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ, ਮਾਇਆ ਦੀ ਭੁੱਖ ਨਹੀਂ (ਸਤਾਂਦੀ)। (ਉਸ ਅਵਸਥਾ ਵਿਚ ਗੁਰਮੁਖ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਟਿਕਿਆ ਰਹਿੰਦਾ ਹੈ।, ਆਤਮਕ ਆਨੰਦ ਬਣਿਆ ਰਹਿੰਦਾ ਹੈ।

(੨). ਰੂਪੈ, ਕਾਮੈ ਦੋਸਤੀ ; ਭੁਖੈ, ਸਾਦੈ ਗੰਢੁ ॥ ਲਬੈ, ਮਾਲੈ ਘੁਲਿ ਮਿਲਿ ਮਿਚਲਿ ; ‘ਊਂਘੈ’, ਸਉੜਿ ਪਲੰਘੁ ॥ (ਮ:੧/੧੨੮੮) ਅਰਥ :-ਰੂਪ ਦੀ ਕਾਮ (-ਵਾਸ਼ਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ।, ਲੋਭ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ, (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ (ਤੰਗ) ਥਾਂ ਹੀ ਪਲੰਘ ਵਰਗੀ ਹੈ।

(੩). ਸਾਰਾ ਦਿਨੁ ਲਾਲਚਿ ਅਟਿਆ ; ਮਨਮੁਖਿ, ਹੋਰੇ ਗਲਾ ॥ ਰਾਤੀ, ‘ਊਘੈ’ ਦਬਿਆ ; ਨਵੇ ਸੋਤ ਸਭਿ ਢਿਲਾ ॥ (ਮ: ੪/੩੦੪) ਪਦ ਅਰਥ:- ਊਘੈ = ਊਂਘੈ= ਨੀਂਦਰ ਵਿਚ।, ਸੋਤ = ਇੰਦਰੇ।

ਅਰਥ:- ਮਨਮੁਖ ਬੰਦਾ ਸਾਰਾ ਦਿਨ ਲਾਲਚ ਵਿਚ ਭਰਿਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ। (ਮੋਹ-ਮਾਯਾ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਦੱਬ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ ਭਾਵ ਚੰਗਾ ਕੰਮ ਕਰਨ ਵੱਲੋਂ ਜਵਾਬ ਦੇ ਜਾਂਦੇ ਹਨ।

(੪). ਮੈ ਨਾਹੀ, ਪ੍ਰਭ  ! ਸਭੁ ਕਿਛੁ ਤੇਰਾ ॥ ਈਘੈ ਨਿਰਗੁਨ,  ‘ਊਘੈ’ ਸਰਗੁਨ ; ਕੇਲ ਕਰਤ, ਬਿਚਿ, ਸੁਆਮੀ ਮੇਰਾ ॥  (ਮ: ੫/੮੨੭) ਪਦ ਅਰਥ:- ਈਘੈ = ਇਕ ਪਾਸੇ।, ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ।, ਊਘੈ = ਦੂਜੇ ਪਾਸੇ।, ਸਰਗੁਨ = ਮਾਇਆ ਦੇ ਤਿੰਨ ਗੁਣਾਂ ’ਚ। ਕੇਲ = ਜਗਤ-ਤਮਾਸ਼ਾ। ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ।

ਅਰਥ:- ਹੇ ਪ੍ਰਭੂ  ! ਮੇਰੀ (ਆਪਣੇ ਆਪ ਵਿਚ) ਕੋਈ ਪਾਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ। ਹੇ ਭਾਈ  ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰ੍ਹੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ’ਚ (ਜੀਵ ਰੂਪ ਬਣ ਕੇ) ਹੈ। ਇਨ੍ਹਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ।

(੫). ਬਾਹਰਿ ਬਹੈ, ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ, ਤਪਾ ਪਾਪ ਕਮਾਏ ॥ ਹਰਿ, ਅੰਦਰਲਾ ਪਾਪੁ, ਪੰਚਾ ਨੋ ‘ਉਘਾ’ ਕਰਿ ਵੇਖਾਲਿਆ ॥ (ਮ : ੪/੩੧੬)  ਅਰਥ:- ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ (ਉੱਚੇ ਕਿਰਦਾਰ ਵਾਲਾ) ਅਖਵਾਉਂਦਾ ਹੈ ਅਤੇ ਅੰਦਰ ਬਹਿ ਕੇ (ਭਾਵ ਲੁਕ ਕੇ) ਤਪਾ ਮੰਦੇ ਕਰਮ ਕਰਦਾ ਹੈ, ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ, (ਬਾਹਰ) ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।

(ਨੋਟ: ਉਕਤ ਤੁਕ ਨੰ: (੧) ਵਿੱਚ ‘ਊਂਘ’ ਸ਼ਬਦ ਬਿੰਦੀ ਸਹਿਤ ਆਇਆ ਹੈ, ਜਿਸ ਦਾ ਅਰਥ ਹੈ = ਨੀਂਦ।, ਤੁਕ ਨੰ: (੨) ਵਿੱਚ ‘ਊਂਘੈ’ ਵੀ ਬਿੰਦੀ ਸਹਿਤ ਹੈ, ਜਿਸ ਦਾ ਅਰਥ ਹੈ= ਨੀਂਦ ਵਿਚ ਜਾਂ ਨੀਂਦਰ ਨਾਲ।, ਤੁਕ ਨੰ: (੩) ਵਿੱਚ ‘ਊਘੈ’ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਅਰਥ ਇੱਥੇ ਵੀ ਹੈ: ਊਂਘੈ= ਨੀਂਦਰ ਵਿਚ। ਇਸ ਲਈ ਸਾਰੀਆਂ ਤੁਕਾਂ ’ਚ ਪਾਠ ਹੋਵੇਗਾ ਬਿੰਦੀ ਸਹਿਤ ‘ਊਂਘੈ’, ਪਰ ਤੁਕ ਨੰ: (੪) ‘ਊਘੈ’ ਬਿਨਾਂ ਬਿੰਦੀ ਤੋਂ ਆਇਆ ਹੈ, ਜਿਸ ਦਾ ਅਰਥ ‘ਨੀਂਦਰ ਵਿਚ’ ਨਹੀਂ, ਸਗੋਂ ਅਰਥ ਹੈ= ਦੂਜੇ ਪਾਸੇ (ਸਥਾਨ ਵਾਚਕ, ਨਾ ਕਿ ‘ਨੀਂਦਰ’ ਭਾਵ ‘ਨਾਂਵ’), ਇਸ ਲਈ ਇਸ ਤੁਕ ’ਚ ਬਿੰਦੀ ਸਹਿਤ ਪਾਠ ਕਰਨਾ ਗਲਤ ਹੋਵੇਗਾ। ਸਹੀ ਪਾਠ ਹੈ ਬਿਨਾਂ ਬਿੰਦੀ ਤੋਂ ‘ਊਘੈ’ ਅਤੇ ਤੁਕ ਨੰਬਰ (੫) ਵਿੱਚ ‘ਉਘਾ’ ਦਾ ਅਰਥ ਹੈ ‘ਪਰਗਟ ; ਮਸ਼ਹੂਰ’ ਇਸ ਲਈ ਇੱਥੇ ਸਹੀ ਉਚਾਰਨ ਹੋਵੇਗਾ ਬਿਨਾਂ ਬਿੰਦੀ ਤੋਂ ਪਰ ਅਧਕ ਸਹਿਤ, ‘ਉੱਘਾ’।)

ਸਉ,  ਸਉਦੇ (ਬਹੁ ਅਰਥਾਂ ਵਿੱਚ)

(੧). ਮਲੁ ਹਉਮੈ, ਧੋਤੀ ਕਿਵੈ ਨ ਉਤਰੈ ; ਜੇ, ‘ਸਉ’ ਤੀਰਥ ਨਾਇ ॥ (ਮ: ੩/੩੯) ਅਰਥ:- ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।

(੨). ਝਗਰਾ ਏਕੁ ਨਿਬੇਰਹੁ, ਰਾਮ  !॥ ਜਉ, ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥ ਇਹੁ ਮਨੁ ਬਡਾ ਕਿ ਜਾ ‘ਸਉ’ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥ (ਭਗਤ ਕਬੀਰ ਜੀਉ/੩੩੧) ਅਰਥ:- ਹੇ ਪ੍ਰਭੂ ! ਜੇ ਤੈਨੂੰ ਆਪਣੇ ਸੇਵਕ ਨਾਲ ਵਾਸਤਾ ਹੈ (ਭਾਵ ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ ਤਾਂ) ਇਹ ਇਕ (ਵੱਡਾ) ਸ਼ੰਕਾ ਦੂਰ ਕਰ (ਕਿ) ਕੀ ਇਹ ਮਨ ਸ਼ਕਤੀਸ਼ਾਲੀ ਹੈ ਜਾਂ (ਇਸ ਤੋਂ ਵਧੀਕ ਉਹ ਪ੍ਰਭੂ ਤਾਕਤਵਰ ਹੈ) ਜਿਸ ਨਾਲ ਮਨ ਸੰਤੁਸ਼ਟ ਹੋ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)  ?  ਕੀ ਦਸਰਥ ਦਾ ਪੁੱਤਰ ਰਾਮ ਵੱਡਾ ਹੈ ਜਾਂ ਜਿਸ ਨੇ ਕਣ -ਕਣ ਵਿੱਚ ਵਿਆਪਕ ਰਾਮ (ਪਰਮਾਤਮਾ) ਨੂੰ ਪਛਾਣ ਲਿਆ, ਉਹ ਵੱਡਾ ਹੈ ?

(੩). ਹਰਿ, ਭਗਤਾ ਕਾ ਮੇਲੀ ਸਰਬਤ; ‘ਸਉ’ ਨਿਸੁਲ ਜਨ ਟੰਗ ਧਰਿ ॥ (ਮ: ੪/੮੪੯) ਅਰਥ:- ਹੇ ਭਾਈ !  ਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉੱਤੇ ਲੱਤ ਰੱਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ।

(੪). ‘ਸਉਦੇ’, ਵਾਹੁ ਵਾਹੁ ਉਚਰਹਿ ; ਉਠਦੇ ਭੀ, ਵਾਹੁ ਕਰੇਨਿ ॥  (ਮ: ੪/੩੧੩) ਅਰਥ:- (ਭਗਤ-ਜਨ) ਸੌਣ ਲੱਗੇ ਭੀ ਸਿਫ਼ਤ-ਸਾਲਾਹ ਕਰਦੇ ਹਨ ਤੇ ਉੱਠਣ ਵੇਲੇ ਭੀ।

(੫). ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ‘ਸਉਦੇ’ ਕਉ ਧਾਵੈ ਬਿਨੁ ਪੂੰਜੀ ॥ (ਮ: ੫/੧੯੮) ਅਰਥ:- (ਹੇ ਭਾਈ !) ਹਰੀ ਦੇ ਭਗਤ ਤੇ ਸਾਕਤ ਦਾ ਕਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਨੂੰ ਲੈ ਕੇ ਉਸ ਨੂੰ ਕਾਮਧੇਨ (ਗਾਂ) ਮਿਥ ਕੇ ਪੂਜਣ ਲੱਗ ਪਏ ਅਤੇ ਜਿਵੇਂ ਕੋਈ ਮਨੁੱਖ ਰੁਪਏ ਤੋਂ ਬਿਨਾਂ ਹੀ ਸੌਦਾ ਖ਼ਰੀਦਣ ਉੱਠ ਦੌੜੇ।

(ਨੋਟ : ਉਕਤ ਤੁਕ ਨੰ: (੧) ਵਿੱਚ ‘ਸਉ’ ਦਾ ਅਰਥ ਹੈ,  ਸੌ, ਸੈਂਕੜਾ ਇਸ ਲਈ ਉਚਾਰਨ ਹੈ, ਬਿਨਾਂ ਬਿੰਦੀ ਤੋਂ= ਸਉ, ਸੌ।,  ਤੁਕ ਨੰ: (੨) ਵਿੱਚ ‘ਜਾ ਸਉ’ ਦਾ ਅਰਥ ਹੈ= ਜਾ ਸਿਉਂ, ਜਿਸ ਨਾਲ। ਉਚਾਰਨ ਹੈ= ਜਾ ਸਉਂ,  ਜਾ ਸੌਂ।,  ਤੁਕ ਨੰ: (੩,੪) ਵਿੱਚ ‘ਸਉ/ਸਉਦੇ’ ਦਾ ਅਰਥ ਹੈ= ਸੌਂ। ਉਚਾਰਨ ਹੈ= ਸਉਂ, ਸੌਂ/ਸਉਂਣਾ, ਸੌਂਣਾ (ਸੌਂ ਜਾਣਾ)।, ਪਰ ਤੁਕ ਨੰ: (੫) ਵਿੱਚ ‘ਸਉਦੇ’ ਦਾ ਅਰਥ ਹੈ= ਲੈਣ ਦੇਣ, ਖ੍ਰੀਦਣ ਯੋਗ ਵਸਤੂ। ਉਚਾਰਨ ਬਿਨਾਂ ਬਿੰਦੀ ਤੋਂ ਹੈ = ਸਉਦੇ, ਸੌਦੇ।

—–ਚਲਦਾ—