ਦੀਜੈ ਬੁਧਿ ਬਿਬੇਕਾ ॥

0
817

ਦੀਜੈ ਬੁਧਿ ਬਿਬੇਕਾ ॥

ਗਿਆਨੀ ਬਲਜੀਤ ਸਿੰਘ (ਰੋਪੜ)

ਗੁਰੂ ਨਾਨਕ ਸਾਹਿਬ ਜੀ ਨੇ ‘‘ਕੂੜੁ ਅਮਾਵਸ’’ ਵਿੱਚ ਫਸੇ ਹੋਏ ਜਗਤ ਨੂੰ ‘‘ਸਚੁ ਚੰਦ੍ਰਮਾ’’ ਦਾ ਪ੍ਰਕਾਸ਼ ਦੇਣ ਲਈ ਤੇ ਮਨੁੱਖਾ ਦੇਹੀ ਨੂੰ ਪਵਿਤ੍ਰਤਾ ਨਾਲ ਜੀਉਣ ਲਈ ‘ਸਬਦੁ ਗੁਰੂ’ ਦੀ ਬਖ਼ਸ਼ਸ਼ ਕੀਤੀ, ‘‘ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥’’ (ਮ: ੧/੬੮੭), ਨਾਲ ਖ਼ਾਸ ਕਰ ਸਿੱਖ ਜਗਤ ਨੂੰ ਬਿਪਰਨ ਰੀਤਾਂ ਤੋਂ ਮੁਕਤ ਕੀਤਾ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥  ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ) ਦਾ ਸਰਲ-ਸੁਹੇਲਾ ਮਾਰਗ ਪ੍ਰਦਾਨ ਕੀਤਾ, ਜਿਸ ਨਾਲ ਮਨੁੱਖ ਮਾਨਸਿਕ ਆਜ਼ਾਦੀ ਮਾਣਦਾ ਹੋਇਆ, ਆਤਮਿਕ ਅਨੰਦ ਦੇ ਹੁਲਾਰੇ ਲੈਂਦਾ ਹੋਇਆ, ਨਾਮ ਰਸ ਵਿਚ ਭਿੱਜੀ ਰਸਨਾ ਨਾਲ, ਝੂਮ-ਝੂਮ ਕੇ ਨਿਡਰਤਾ ਸਹਿਤ ਗਾ ਉੱਠੇ ‘‘ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਨ ਆਵੈ ॥’’ (ਮ: ੪/੫੫੫)  ਜਾਂ ‘‘ਧਰਮ ਰਾਇ ਕੀ ਕਾਣਿ ਚੁਕਾਈ; ਸਭਿ ਚੂਕੇ ਜਮ ਕੇ ਛੰਦੇ ॥’’ (ਮ: ੪/੮੦੦)

ਗੁਰੂ ਜੀ ਨੇ ਦਸ ਸਰੀਰਾਂ ਰਾਹੀਂ ‘‘ਜੋਤਿ ਓਹਾ ਜੁਗਤਿ ਸਾਇ.. ॥’’ (ਬਲਵੰਡ ਸਤਾ/੯੬੬) ਦੀ ਪਰਪੱਕਤਾ ਅਤੇ ਘਾਲਣਾ ਘਾਲ ਕੇ ਉਹ ਮਨੁੱਖ ਪੈਦਾ ਕੀਤਾ, ਜੋ ਮੌਤ ਦੇ ਡਰ ਤੋਂ ਮੁਕਤ ਹੋ ਕੇ ਚੜ੍ਹਦੀ ਕਲਾ ਨਾਲ ਇਹ ਕਹਿ ਸਕੇ, ਮੰਨ ਸਕੇ, ‘‘ਜਿਹ ਮਰਨੈ; ਸਭੁ ਜਗਤੁ ਤਰਾਸਿਆ ॥  ਸੋ ਮਰਨਾ; ਗੁਰ ਸਬਦਿ ਪ੍ਰਗਾਸਿਆ ॥੧॥  ਅਬ ਕੈਸੇ ਮਰਉ   ?  ਮਰਨਿ ਮਨੁ ਮਾਨਿਆ ॥  ਮਰਿ ਮਰਿ ਜਾਤੇ; ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥’’ (ਭਗਤ ਕਬੀਰ/੩੨੭)

ਗੁਰੂ ਨਾਨਕ ਸਾਹਿਬ ਜੀ ਨੇ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਦਾ ਸਿਧਾਂਤ ਮਾਨਵਤਾ ਨੂੰ ਦਿੱਤਾ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ‘‘ਸਾਚੀ ਲਿਵੈ; ਬਿਨੁ ਦੇਹ ਨਿਮਾਣੀ ॥’’ (ਮ: ੩/੯੧੭) ਦਰਸਾਉਂਦਿਆਂ ਹੋਇਆਂ ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥ (ਮ: ੩/੯੧੭)  ਦਾ ਹੀ ਨਿਰਣਾ ਸਿੱਖ ਜਗਤ ਨੂੰ (ਮਨੁੱਖਤਾ ਨੂੰ) ਦਿੱਤਾ।

ਚਲਦੀ ਪਰੰਪਰਾ ਅਨੁਸਾਰ ਹਿੰਦੂ ਘਰਾਣਿਆਂ ਵਿੱਚ ਪ੍ਰੋਹਿਤ, ਸਮੇਂ-ਸਮੇਂ ਧਾਰਮਿਕ ਰੀਤਾਂ-ਰਸਮਾਂ ਨਿਭਾਉਣ ਲਈ ਸ਼ਰਧਾਲੂਆਂ (ਜਜਮਾਨਾਂ) ਦੇ ਘਰੀਂ ਪਧਾਰਦਾ ਰਹਿੰਦਾ ਹੈ; ਜਿਵੇਂ ਕਿ ਜਨਮ, ਜਨੇਊ ਧਾਰਨ, ਵਿਆਹ ਤੇ ਮ੍ਰਿਤਕ ਸੰਸਕਾਰ ਆਦਿ ਸਮੇਂ, ਪਰ ਗੁਰਮਤ ਨੇ ਮਨੁੱਖਤਾ ਨੂੰ ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥  ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥ (ਮ: ੧/੪੭੨), ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ ॥ (ਮ: ੧/੪੭੧), ਆਦਿ ਦੈਵੀ ਗੁਣਾਂ ਦਾ ਧਾਰਨੀ ਬਣਾ ਕੇ ਪਹਿਲੇ ਜਾਮੇ ਵਿੱਚ ਹੀ ਪ੍ਰੋਹਿਤਵਾਦ ਦਾ ਜੂਲ਼ਾ ਸਿੱਖ ਸਮਾਜ, ਸਿੱਖ ਸਿਧਾਂਤ ਤੋਂ ਲਾਹ ਦਿੱਤਾ ਸੀ।

ਵਿਆਹ ਸੰਸਕਾਰ ਲਈ ਚੌਥੇ ਜਾਮੇ ਗੁਰੂ ਰਾਮਦਾਸ ਜੀ ਨੇ ‘‘ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ॥  ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ॥ (ਮ: ੪/੯੧) ਦਾ ਉਪਦੇਸ਼ ਕਰ ਕੇ ਪੁਜਾਰੀ ਸ਼੍ਰੇਣੀ ਨੂੰ ਆਪਣੇ ਕਿਸੇ ਕਾਰਜ ਵਿੱਚ ਸ਼ਾਮਲ ਕਰਨ ਤੋਂ ਵਰਜਿਤ ਕਰ ਦਿੱਤਾ।  ਗੁਰੂ ਬਚਨ ਹਨ ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ ॥, ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥, ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ, ਬਲਿ ਰਾਮ ਜੀਉ ॥, ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ ਹਰਿ ਪਾਇਆ, ਬਲਿ ਰਾਮ ਜੀਉ ॥’’ (ਮ: ੪/੭੭੪), ਆਦਿ ਗੁਰਮਤਿ ਪੜਾਵਾਂ ਵਿੱਚੋਂ ਲੰਘਦਿਆਂ ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ॥  ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮ: ੩/੭੮੮) ਦਾ ਸੰਕਲਪ ਬਖ਼ਸ਼ਿਆ।

ਇਸ ਲੇਖ ਵਿਚ ਅਸੀਂ ਮ੍ਰਿਤਕ ਸੰਸਕਾਰ ਸਬੰਧੀ ਵਿਚਾਰਾਂ ਦੀ ਸਾਂਝ ਕਰਨ ਦਾ ਯਤਨ ਕਰਾਂਗੇ। ਤੀਜੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਸਮੇਂ ‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥’’ (ਬਾਬਾ ਸੁੰਦਰ/੯੨੩)  ਭਾਵ ਸਮੂਹ ਪਰਿਵਾਰ, ਸਬੰਧੀ ਤੇ ਸਿੱਖਾਂ ਨੂੰ ਸੰਗਤੀ ਰੂਪ ਵਿੱਚ ਇਕੱਤਰ ਕਰ ਕੇ, ਜੋ ਉਪਦੇਸ਼ ਦਿੱਤਾ ਉਸ ਨੂੰ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ‘ਸਦੁ’ ਬਾਣੀ ਅਧੀਨ ਕਲਮਬੰਦ ਕੀਤਾ ਜੋ ਰਾਮਕਲੀ ਰਾਗ ਅੰਦਰ ਪੰਨਾ ਨੰ: ੯੨੩-੯੨੪ ’ਤੇ ਦਰਜ ਹੈ, ਇਸ ਬਾਣੀ ਦੇ ਕੁਲ ਛੇ ਬੰਦ ਹਨ ਭਾਵੇਂ ਸਿੱਖ ਰਹਿਤ ਮਰਯਾਦਾ ਦੇ ਵਿਧਾਨ ਅੰਦਰ ਮ੍ਰਿਤਕ ਸੰਸਕਾਰ ਸਮੇਂ ਇਸ ਬਾਣੀ ਨੂੰ ਪੜ੍ਹਨ ਦੀ ਕੋਈ ਵਿਸ਼ੇਸ਼ ਤਾਗੀਦ (ਤਾਕੀਦ, ਜ਼ਰੂਰੀ) ਨਹੀਂ ਕੀਤੀ ਪਰ ਫਿਰ ਵੀ ਸਿੱਖ ਜਗਤ ਵਿੱਚ ਅਲਾਹਣੀਆਂ ਅਤੇ ‘ਸਦੁ’ ਬਾਣੀ ਦਾ ਪਾਠ ਕਰਨ ਦੀ ਪਰੰਪਰਾ ਪ੍ਰਚਲਿਤ ਹੈ।  ਇਸ ‘ਸਦੁ’ ਬਾਣੀ ਦਾ ਪੰਜਵਾਂ ਬੰਦ ਵਿਚਾਰ ਕਰਨ ਲਈ ਖਾਸ ਧਿਆਨ ਮੰਗਦਾ ਹੈ ਕਿਉਂਕਿ ‘ਸਦੁ’ ਬਾਣੀ ਨੇ ਜਿਨ੍ਹਾਂ ਫੋਕਟ ਕਰਮਕਾਡਾਂ ਤੋਂ ਸਾਨੂੰ ਰੋਕਿਆ ਹੈ, ਲਗਭਗ ਓਹੀ ਕਰਮਕਾਂਡ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ  ਵਿੱਚ ਕਰੀ ਜਾਂਦੇ ਹੁੰਦੇ ਹਾਂ।

 ਕਰਤਾਰ (ਪ੍ਰਭੂ) ਦੇ ਬਣੇ ਨਿਯਮ ਅਧੀਨ ਕੋਈ ਪ੍ਰਾਣੀ (ਜੀਵ ਜੰਤੂ) ਮੌਤ ਦੇ ਚੁੰਗਲ ਤੋਂ ਬਚ ਨਹੀਂ ਸਕਦਾ, ਇਸ ਲਈ ਹਰ ਪ੍ਰਾਣੀ, ਗਰੀਬ ਅਮੀਰ, ਰਾਣਾ ਰੰਕ, ਪੜ੍ਹਿਆ ਅਣਪੜ੍ਹਿਆ ਮੌਤ ਤੋਂ ਡਰਦਾ ਹੈ, ਇਸ ਮੌਤ ਦੇ ਭੈ ਤੋਂ ਮੁਕਤ ਹੋਣ ਲਈ ਅਨੇਕਾਂ ਤਰ੍ਹਾਂ ਦੇ ਕਰਮਕਾਂਡ, ਯਤਨ  ਮਨੁੱਖ ਆਦਿ ਕਾਲ ਤੋਂ ਕਰਦਾ ਆ ਰਿਹਾ ਹੈ ਤਾਂ ਕਿ ਮੌਤ ਤੋਂ ਲੁਕ-ਛਿਪ ਕੇ ਆਪਣੀ ਜਾਨ ਬਚਾਈ ਜਾ ਸਕੇ।  ਸੰਸਾਰ ਦੀ ਇਹ ਦਸ਼ਾ ਵੇਖਦਿਆਂ ਹੀ ਸਾਹਿਬ ਜੀ ਨੇ ਬਚਨ ਕੀਤਾ, ‘‘ਜਗਿ ਮਰਣੁ ਨ ਭਾਇਆ, ਨਿਤ ਆਪੁ ਲੁਕਾਇਆ; ਮਤ ਜਮੁ ਪਕਰੈ ਲੈ ਜਾਇ ਜੀਉ ॥’’ (ਮ: ੪/੪੪੭)

ਪੁਜਾਰੀ ਸ਼੍ਰੇਣੀ ਨੇ ਮੁਕਤੀ ਲਈ ਇਹ ਸਾਧਨ ਪ੍ਰਚਲਿਤ ਕੀਤੇ ਹਨ ਕਿ ਮਰਨ ਲੱਗੇ ਪ੍ਰਾਣੀ ਨੂੰ ਮੰਜੇ ਜਾਂ ਬਿਸਤਰੇ ਤੋਂ ਭੁੰਜੇ ਲਾਹ ਦਿਉ। ਹੱਥ ਦੀ ਤਲੀ ’ਤੇ ਆਟੇ ਦਾ ਦੀਵਾ ਬਾਲ ਕੇ ਰੱਖ ਦਿਉ, ਜਿਸ ਵਿਚ ਕਿਰਿਆ ਕਰਨ ਵਾਲੇ ਪ੍ਰੋਹਿਤ ਜੀ ਹਿਤ ਯਥਾ ਸ਼ਕਤਿ ਸੋਨੇ, ਚਾਂਦੀ ਜਾਂ  ਮਾਇਆ ਦੇ ਰੂਪ ਵਿਚ ਕੋਈ ਸਿੱਕਾ ਪਾ ਦਿਉ, ਇਹ ਦੀਵਾ ਪ੍ਰਾਣੀ ਨੂੰ ਹਨ੍ਹੇਰੇ ਪੈਂਡਿਆਂ ’ਚੋਂ ਲੰਘਣ ਸਮੇਂ ਚਾਨਣ ਦਿੰਦਾ ਹੈ। ਸਸਕਾਰ ਤੋਂ ਪਹਿਲਾਂ ਜੌਂ ਦੇ ਆਟੇ ਦੇ ਪੇੜੇ, ਪੱਤਲਾਂ ’ਤੇ ਰੱਖ ਕੇ ਮਣਸੇ ਜਾਂਦੇ ਹਨ, ਸੂਰਜ ਵੱਲ ਮੂੰਹ ਕਰ ਕੇ ਪਾਣੀ ਦੀਆਂ ਚੂਲੀਆਂ ਕੀਤੀਆਂ ਜਾਂਦੀਆਂ ਹਨ।  ਇਹ ਵਿਛੜੀ ਹੋਈ ਆਤਮਾ ਨੂੰ ਖ਼ੁਰਾਕ ਭੇਜੀ ਜਾਂਦੀ ਹੈ। ਸਸਕਾਰ ਨੂੰ ਜਾਂਦੇ ਸਮੇਂ ਅਧਵਾਟਾ ਕੀਤਾ ਜਾਂਦਾ ਹੈ।  ਦਾਹ ਸਸਕਾਰ ਪਿੱਛੋਂ ਅਸਥੀਆਂ (ਹੱਡੀਆਂ) ਹਰਿਦੁਆਰ ਗੰਗਾ (ਨਦੀ) ਵਿੱਚ ਪਾਈਆਂ ਜਾਂਦੀਆਂ ਹਨ।  ਮਰਨ ਪਿੱਛੋਂ 13 ਦਿਨਾਂ ਤੱਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ, ਇਸ ਲਈ 13 ਦਿਨ ਲਗਾਤਾਰ ਸਵੇਰੇ ਉੱਠਦੇ ਹੀ ਭਿਆਨਕ ਡਰਾਉਣੀਆਂ ਧਾਹਾਂ ਮਾਰੀਆਂ ਜਾਂਦੀਆਂ ਹਨ, ਫਿਰ ਤੇਰ੍ਹਵੇਂ ਦਿਨ ਮ੍ਰਿਤਕ ਸੰਬੰਧੀ ਕਿਰਿਆ ਕੀਤੀ ਜਾਂਦੀ ਹੈ, ਕਿਰਿਆ ਦੀ ਰਸਮ ਵਿਸ਼ੇਸ਼ ਪੰਡਿਤ ਆ ਕੇ ਕਰਦਾ ਹੈ, ਗਰੁੜ ਪੁਰਾਣ ਦੀ ਕਥਾ ਸੁਣਾਈ ਜਾਂਦੀ ਹੈ ਕਿ ਪ੍ਰਾਣੀ ਨੂੰ ਪ੍ਰਲੋਕ ਤੱਕ ਪੁੱਜਣ ਲਈ 360 ਦਿਨ ਲਗਦੇ ਹਨ ਕਿਉਂਕਿ ਉਸ ਨੇ (88000 ਯੋਜਨ, ਗੁਣਾਂ 4=352000 ਮੀਲ ਜਾਂ 8,80,000 ਕਿਲੋਮੀਟਰ) ਲੰਬਾ ਰਸਤਾ, ਸਮੇਤ ਵੈਤਰਣੀ ਨਦੀ (ਜੋ ਗੰਦਗੀ ਮਿਝ ਨਾਲ ਭਰੀ, ਗਊ ਦੀ ਮਦਦ ਨਾਲ ਪਾਰ ਹੁੰਦੀ ਹੈ) ਨੂੰ ਪਾਰ ਕਰ ਕੇ ਪ੍ਰਲੋਕ ਪੁੱਜਣਾ ਹੈ, ਇਸ ਲਈ 360 ਦੀਵੇ ਬਾਲੇ ਜਾਂਦੇ ਹਨ।  ਇਸ ਤੋਂ ਇਲਾਵਾ ਸ਼ਨੀ ਦੇਵਤੇ ਦੇ ਮੰਦਰ ਵਿੱਚ ਸਾਲਾਂ ਬੱਧੀ ਰੋਜ਼ ਦੀਵੇ  ਜਗਾਉਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆਂ ਵਾਲੇ ਦਿਨ ਵੀ ਪਿੰਡ ਭਰਾਏ ਜਾਂਦੇ ਹਨ।  ਪ੍ਰੋਹਿਤ ਨੂੰ ਛਤਰੀ, ਕੱਪੜੇ, ਭਾਂਡੇ ਆਦਿ ਦਾਨ ਕੀਤੇ ਜਾਂਦੇ ਹਨ।  ਫਿਰ ਸਾਲ ਪਿੱਛੋਂ ਮ੍ਰਿਤਕ ਸੰਬੰਧੀ ਵਰ੍ਹੀਣਾ (ਬਰਸੀ) ਕੀਤਾ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਫੋਕਟ ਧਰਮ ਦਾ ਭਾਰ ਲਾਉਂਦਿਆਂ, ‘‘ਆਇਆ ਗਇਆ, ਮੁਇਆ ਨਾਉ ॥  ਪਿਛੈ ਪਤਲਿ ਸਦਿਹੁ ਕਾਵ ॥  ਨਾਨਕ  !  ਮਨਮੁਖਿ ਅੰਧੁ ਪਿਆਰੁ ॥  ਬਾਝੁ ਗੁਰੂ; ਡੁਬਾ ਸੰਸਾਰੁ ॥’’ (ਮ: ੧/੧੩੮)  ਦਾ ਉਪਦੇਸ਼ ਦੇ ਕੇ ਕਰਮਕਾਂਡੀ ਫੋਕਟ ਲੋਟੂ ਬ੍ਰਾਹਮਣੀ ਮਰਯਾਦਾ ਨੂੰ ਅਪ੍ਰਵਾਨ ਕਰ ਦਿੱਤਾ।

ਗਇਆ ਤੀਰਥ ’ਤੇ ਪਾਂਡਿਆਂ ਨਾਲ ਜੋ ਵੀਚਾਰ ਚਰਚਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ, ਉਸ ਰਾਹੀਂ ਗੁਰਮਤਿ ਸੰਬੰਧੀ ਪੱਖ ਨੂੰ ਇੰਝ ਉਜਾਗਰ ਕੀਤਾ, ‘‘ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥  ਉਨਿ ਚਾਨਣਿ, ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥੧॥  ਲੋਕਾ  ! ਮਤ ਕੋ ਫਕੜਿ ਪਾਇ ॥  ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥  ਪਿੰਡੁ, ਪਤਲਿ, ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥  ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ ॥੨॥  ਗੰਗ ਬਨਾਰਸਿ ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥  ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥੩॥  ਇਕ ਲੋਕੀ, ਹੋਰੁ ਛਮਿਛਰੀ; ਬ੍ਰਾਹਮਣੁ ਵਟਿ, ਪਿੰਡੁ ਖਾਇ ॥  ਨਾਨਕ  ! ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥੪॥’’ (ਮ: ੧/੩੫੮)

ਗੁਰੂ ਅਮਰਦਾਸ ਜੀ ਦੁਆਰਾ ਦਰਸਾਇਆ ਗਿਆ ਮਾਰਗ ‘‘ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ, ਜੀਉ ॥  ਗੁਰ ਸਬਦਿ ਸਮਾਵਏ; ਅਵਰੁ ਨ ਜਾਣੈ ਕੋਇ, ਜੀਉ ॥  ਅਵਰੋ ਨ ਜਾਣਹਿ, ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ॥  ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ॥’’ (ਰਾਮਕਲੀ ਸਦ/ਬਾਬਾ ਸੁੰਦਰ/੯੨੩) ਅਪਨਾਇਆ ਤੇ ਪ੍ਰਭੂ ਦੇ ਦਰ ’ਤੇ ਬੇਨਤੀ ਕਰ ਕੇ ‘‘ਪੈਜ ਰਾਖਹੁ, ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ॥ ਅੰਤਿ ਚਲਦਿਆ, ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ ॥’’ (ਰਾਮਕਲੀ ਸਦ/ਬਾਬਾ ਸੁੰਦਰ/੯੨੩) ਦੀ ਮੰਗ ਕੀਤੀ, ‘‘ਆਇਆ ਹਕਾਰਾ, ਚਲਣਵਾਰਾ.. .॥’’ (ਬਾਬਾ ਸੁੰਦਰ)  ਭਾਵ ਹੇ ਪੁਤਰੋ ! ਹੇ ਗੁਰਮੁਖ ਪਿਆਰਿਓ  !  ਇਸ ਗੱਲ ਨੂੰ ਸਮਝੋ ਤੇ ਚੇਤੇ ਰੱਖੋ ਕਿ ‘‘ਧੁਰਿ ਲਿਖਿਆ ਪਰਵਾਣਾ, ਫਿਰੈ ਨਾਹੀ; ਗੁਰੁ ਜਾਇ, ਹਰਿ ਪ੍ਰਭ ਪਾਸਿ ਜੀਉ ॥’’ (ਬਾਬਾ ਸੁੰਦਰ/੯੨੩) ਦਾ ਨਿਯਮ ਅਟੱਲ ਹੈ।  ਫਿਰ ‘‘ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ॥  ਮਤ, ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ ॥’’ (ਬਾਬਾ ਸੁੰਦਰ/੯੨੩) ਕਿਉਂਕਿ ਸੰਸਾਰ ਕੇਵਲ ਸੁਆਰਥੀ ਮਤਲਬ ਕਾਰਨ ਹੀ ਰੋ ਰਿਹਾ ਹੈ, ਜੋ ‘‘ਝੂਠਾ ਰੁਦਨੁ ਹੋਆ ਦੁੋਆਲੈ; ਖਿਨ ਮਹਿ ਭਇਆ ਪਰਾਇਆ ॥’’ (ਮ: ੧/੭੫) ਵਾਲਾ ਝੂਠਾ ਵਿਖਾਵਾ ਕਰਦਾ ਹੈ, ‘‘ਵਾਲੇਵੇ ਕਾਰਣਿ ਬਾਬਾ ਰੋਈਐ; ਰੋਵਣੁ ਸਗਲ ਬਿਕਾਰੋ ॥  ਰੋਵਣੁ ਸਗਲ ਬਿਕਾਰੋ, ਗਾਫਲੁ ਸੰਸਾਰੋ; ਮਾਇਆ ਕਾਰਣਿ ਰੋਵੈ ॥’’ (ਅਲਾਹਣੀਆ/ਮ: ੧/੫੭੯) ਜਾਂ ‘‘ਬਾਲਕੁ ਮਰੈ; ਬਾਲਕ ਕੀ ਲੀਲਾ ॥  ਕਹਿ ਕਹਿ ਰੋਵਹਿ; ਬਾਲੁ ਰੰਗੀਲਾ ॥ ਜਿਸ ਕਾ ਸਾ, ਸੋ ਤਿਨ ਹੀ ਲੀਆ; ਭੂਲਾ ਰੋਵਣਹਾਰਾ ਹੇ ॥ (ਮ: ੧/੧੦੨੭), ਤੁਮ ਰੋਵਹੁਗੇ ਓਸ ਨੋ; ਤੁਮ੍ ਕਉ ਕਉਣੁ ਰੋਈ  ? ॥’’ (ਮ: ੧/੪੧੮) ਇਸ ਲਈ ਗੁਰੂ ਅਮਰਦਾਸ ਜੀ ਨੇ ਲੋਕ ਪ੍ਰਲੋਕ ਸੁਹੇਲਾ ਕਰਨ ਲਈ ਇਹ ਅੰਮ੍ਰਿਤ ਬਚਨ ਕਹੇ, ‘‘ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ ਕੀਰਤਨੁ ਕਰਿਅਹੁ, ਨਿਰਬਾਣੁ ਜੀਉ ॥  ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥ ਹਰਿ ਕਥਾ ਪੜੀਐ; ਹਰਿ ਨਾਮੁ ਸੁਣੀਐ; ਬੇਬਾਣੁ ਹਰਿ ਰੰਗੁ; ਗੁਰ ਭਾਵਏ ॥  ਪਿੰਡੁ, ਪਤਲਿ, ਕਿਰਿਆ, ਦੀਵਾ; ਫੁਲ ਹਰਿ ਸਰਿ ਪਾਵਏ ॥’’ (ਰਾਮਕਲੀ ਸਦ/ਬਾਬਾ ਸੁੰਦਰ/੯੨੩)

ਜੋਤੀ ਜੋਤੀ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਹੇ ਭਾਈ  !  ਮੇਰੇ ਪਿੱਛੋਂ ਨਿਰੋਲ ਕੀਰਤਨ ਕਰਨਾ ਕਿਉਂਕਿ, ‘‘ਜੋ ਜਨੁ ਕਰੈ; ਕੀਰਤਨੁ ਗੋਪਾਲ ॥ ਤਿਸ ਕਉ ਪੋਹਿ ਨ ਸਕੈ; ਜਮਕਾਲੁ ॥’’ (ਮ: ੫/੮੬੭) ਜਾਂ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥  ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਮ: ੫/੭੪੭) ਫਿਰ ਪਰਮਾਤਮਾ ਦੇ ਸਤਸੰਗੀ ਗੁਰਮੁਖਾਂ, ‘‘ਕੇਸੋ ਗੋਪਾਲ ਪੰਡਿਤ ਸਦਿਅਹੁ…॥’’ (ਬਾਬਾ ਸੁੰਦਰ/੯੨੩) ਨੂੰ ਸੱਦਣਾ ਹੈ, ਜੋ ਪ੍ਰਭੂ ਭਗਤੀ ਦੀ ਕਥਾ ਵੀਚਾਰ ਕਰਨ, ‘‘ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥’’ (ਬਾਬਾ ਸੁੰਦਰ/੯੨੩) ਭਾਵ ਹਰਿ ਨਾਮ ਰੂਪ ‘ਪੁਰਾਣੁ’ ਨੂੰ ਵੀਚਾਰਨਾ ਹੈ। (ਵਿਸਥਾਰ ਸਮਝਣ ਲਈ ‘ਸਦੁ’ ਬਾਣੀ ਟੀਕਾ ਪ੍ਰੋ: ਸਾਹਿਬ ਸਿੰਘ ਜੀ ਪੜ੍ਹੋ, ਜੀ।)

ਹਰੀ ਨਾਮ ਨੂੰ ਜਪਣਾ, ਸੁਣਨਾ ਤੇ ਹਰੀ ਪਿਆਰ ਨੂੰ ਹਿਰਦੇ ਵਿੱਚ ਪੈਦਾ ਕਰਨਾ ਹੀ ‘ਬੇਬਾਣ’ (ਵਿਮਾਨ ਦੀ ਨਕਲ ਕਰ ਲੰਬੀ ਉਮਰ ਭੋਗ ਕੇ ਗੁਜਰੇ ਬਜ਼ੁਰਗ-ਮੁਰਦੇ ਲਈ ਬਣਾਈ ਅਰਥੀ) ਹੈ ਭਾਵ ਪਰਮਾਤਮਾ ਦਾ ਪਿਆਰ ਰੂਪ ‘ਬੇਬਾਣ’ ਹੀ ਚੰਗਾ ਲਗਦਾ ਹੈ। ਗੁਰਮਤਿ ਨੇ ਜਿੱਥੇ ਸਾਨੂੰ ਧਾਰਮਿਕ, ਅਧਿਆਤਮਿਕ ਗਿਆਨ ਬਖ਼ਸ਼ਿਆ ਹੈ, ਉੱਥੇ ਸਮਾਜ ਪ੍ਰਤੀ ਆਪਣੇ ਮਾਤਾ ਪਿਤਾ (ਬਜ਼ੁਰਗਾਂ) ਪ੍ਰਤੀ ਫ਼ਰਜ਼ ਲਈ ਵੀ ਬੜਾ ਸੁਚੇਤ ਕੀਤਾ ਹੈ; ਜਿਵੇਂ ਕਿ ਭਗਤ ਕਬੀਰ ਜੀ ਨੇ ਫ਼ੁਰਮਾਣ ਕੀਤਾ, ‘‘ਜੀਵਤ ਪਿਤਰ ਨ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ  ?   ਕਊਆ ਕੂਕਰ ਖਾਹੀ ॥’’ (ਭਗਤ ਕਬੀਰ/੩੩੨)

ਭਾਈ ਗੁਰਦਾਸ ਜੀ ਨੇ ਮਾਤਾ ਪਿਤਾ ਦੀ ਸੇਵਾ ਦੇ ਮਹਾਨ ਫ਼ਰਜ਼ ਨੂੰ ਸਮਝਣ ਲਈ ਇੰਜ ਬਿਆਨ ਕੀਤਾ :

ਮਾਂ ਪਿਉ ਪਰਹਰਿ, ਸੁਣੈ ਵੇਦੁ; ਭੇਦੁ ਨ ਜਾਣੈ, ਕਥਾ ਕਹਾਣੀ।

ਮਾਂ ਪਿਉ ਪਰਹਰਿ, ਕਰੈ ਤਪੁ; ਵਣਖੰਡਿ ਭੁਲਾ, ਫਿਰੈ ਬਿਬਾਣੀ।

ਮਾਂ ਪਿਉ ਪਰਹਰਿ, ਕਰੈ ਪੂਜੁ; ਦੇਵੀ ਦੇਵ ਨ ਸੇਵ ਕਮਾਣੀ।

ਮਾਂ ਪਿਉ ਪਰਹਰਿ, ਨ੍ਹਾਵਣਾ; ਅਠਸਠਿ ਤੀਰਥ ਘੁੰਮਣ ਵਾਣੀ।

ਮਾਂ ਪਿਉ ਪਰਹਰਿ, ਕਰੈ ਦਾਨ; ਬੇਈਮਾਨ ਅਗਿਆਨ ਪਰਾਣੀ।

ਮਾਂ ਪਿਉ ਪਰਹਰਿ, ਵਰਤ ਕਰਿ; ਮਰਿ ਮਰਿ ਜੰਮੈ ਭਰਮਿ ਭੁਲਾਣੀ।

ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥ (ਭਾਈ ਗੁਰਦਾਸ ਜੀ/ਵਾਰ ੩੭ ਪਉੜੀ ੧੩)

ਇਸ ਲਈ ‘ਬੇਬਾਣ’, ਆਦਿ ਵਿਖਾਵੇ ਦੇ ਕਰਮ ਫੋਕਟ ਕਰਮ ਹਨ, ਗੁਰਮਤਿ ਨਹੀਂ, ਸਗੋਂ ਗੁਰੂ ਦਾ ਹੁਕਮ ਤਾਂ ਇਹ ਹੈ, ‘‘ਜੇ ਮਿਰਤਕ ਕਉ; ਚੰਦਨੁ ਚੜਾਵੈ ॥  ਉਸ ਤੇ ਕਹਹੁ   ?  ਕਵਨ ਫਲ ਪਾਵੈ ॥  ਜੇ ਮਿਰਤਕ ਕਉ; ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ; ਕਿਆ ਘਟਿ ਜਾਈ  ? ॥’’ (ਮ: ੫/੧੧੬੦)

‘‘ਪਿੰਡੁ, ਪਤਲਿ, ਕਿਰਿਆ, ਦੀਵਾ; ਫੁਲ ਹਰਿ ਸਰਿ ਪਾਵਏ ॥’’ (ਭਗਤ ਸੁੰਦਰ/੯੨੩) ਦਾ ਅਰਥ ਇਹ ਕਦਾਚਿਤ ਨਹੀਂ ਕਿ ਅਸਥੀਆਂ ਇਕੱਤਰ ਕਰ ਹਰਿਦੁਆਰ, ਕੀਰਤਪੁਰ ਸਾਹਿਬ ਜਾਂ ਗੋਦਾਵਰੀ ਕੰਢੇ ਪਾਈਆਂ ਜਾਣ, ਕਿਉਂਕਿ ਮਨੁੱਖ ਦੀ ਨੇੜਤਾ ਪਰਮਾਤਮਾ ਨਾਲ ਸ਼ੁੱਭ  ਅਮਲਾਂ ਕਰ ਕੇ ਹੋਣੀ ਹੈ, ‘‘ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ॥ (ਜਪੁ), ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ॥’’ (ਮ: ੧/੪੬੪) ਦਾ ਨਿਯਮ ਹਰ ਪ੍ਰਾਣੀ ਮਾਤਰ (ਅਮੀਰ ਗ਼ਰੀਬ ਸਭ) ਲਈ ਸਪੱਸ਼ਟ ਰੂਪ ਵਿਚ ਦਰਸਾਇਆ ਗਿਆ ਹੈ। ਫਿਰ ਗੁਰਬਾਣੀ ਨੇ ਇਹ ਵੀ ਸਮਝਾਇਆ ਹੈ ਕਿ ਆਪਣੇ ਆਪਣੇ ਤਰੀਕੇ ਨਾਲ ਸਸਕਾਰ ਕੀਤੇ ਜਾਣ।  ਦੇਹੀ ਨੂੰ ਸੰਭਾਲ਼ਦਿਆਂ ਕੋਈ ਵਿਤਕਰਾ ਕਰਨਾ, ਇਸ ਦਾ ਮਨੁੱਖੀ ਮੌਤ ਨਾਲ ਜਾਂ ਆਤਮਾ ਨਾਲ ਕੋਈ ਸੰਬੰਧ ਨਹੀਂ।  ਕਿਸੇ ਨੂੰ ਕੋਈ ਪਤਾ ਨਹੀਂ ਕਿ ਦਫ਼ਨਾਇਆ, ਸਾੜਿਆ, ਜਲ ਪ੍ਰਵਾਹ ਕੀਤਾ ਜਾਂ ਸ਼ਾਂਤੀ ਦੇ ਖੂਹ ਵਿੱਚ ਸੰਭਾਲ਼ਿਆ ਪ੍ਰਾਣੀ, ਆਤਮਾ ਰੂਪ ਵਿੱਚ ਨਰਕਾਂ ਵਿੱਚ ਗਿਆ ਜਾਂ ਸਵਰਗਾਂ ਵਿੱਚ  ?   ਸਭ ਮਨੋਕਲਪਿਤ ਭਰਮ ਭੁਲੇਖੇ ਹਨ।  ਗੁਰੂ ਫ਼ੁਰਮਾਨ ਹੈ, ‘‘ਇਕ ਦਝਹਿ, ਇਕ ਦਬੀਅਹਿ; ਇਕਨਾ ਕੁਤੇ ਖਾਹਿ ॥  ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ ਫਿਰਿ ਹਸਣਿ ਪਾਹਿ ॥  ਨਾਨਕ  ! ਏਵ ਨ ਜਾਪਈ; ਕਿਥੈ ਜਾਇ ਸਮਾਹਿ  ? ॥’’ (ਮ: ੧/੬੪੮)

ਪੁਰਾਤਨ ਗੁਰਸਿੱਖਾਂ ਦੇ ਜੀਵਨ ਤੋਂ (ਭਾਵ ਗੁਰੂ ਕਾਲ ਤੋਂ) ਅਜਿਹਾ ਕੋਈ ਪ੍ਰਮਾਣ ਮੌਜੂਦ ਨਹੀਂ, ਜਿੱਥੇ ਪੁਜਾਰੀਵਾਦ ਦਾ ਕਰਮਕਾਂਡ ਜਾਂ  ਫੋਕਟ ਕਿਰਿਆ ਦਾ ਵਿਖਾਵਾ ਹੁੰਦਾ ਹੋਵੇ, ਓਥੇ ਸਿੱਖਾਂ ਬਾਰੇ ਜਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਇਵੇਂ ਜਾਣਕਾਰੀ ਦਿੱਤੀ ਮਿਲਦੀ ਹੈ, ‘ਕਿਰਿਆ ਕਰਮ ਕਰਾਵਤ ਨਾਹੀ॥ ਹਡੀ ਪਾਏ ਨਾ ਗੰਗਾ ਮਾਹੀ॥’ (ਪ੍ਰਾਚੀਨ ਪੰਥ ਪ੍ਰਕਾਸ਼)

ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਪੇਜ ਨੰਬਰ 25-26 ’ਤੇ ਮਿਰਤਕ ਸਸਕਾਰ ਸੰਬੰਧੀ ‘ੳ’ ਤੋਂ ‘ਖ’ ਤੱਕ ਲਿਖਿਆ ਹੈ, ਜਿਨ੍ਹਾਂ ਵਿੱਚੋਂ ਭਾਵ ‘ਕ’ ਤੇ ‘ਖ’ ’ਚ ਜੋ ਹੂ-ਬਹੂ ਦਰਜ ਹੈ, ਉਹ ਇੱਥੇ ਲਿਖਿਆ ਜਾ ਰਿਹਾ ਹੈ ਤਾਂ ਜੋ ਉਪਰੋਕਤ ਵੀਚਾਰ ਦੀ ਵਧੀਕ ਪੁਸ਼ਟੀ ਹੋ ਸਕੇ।

(ਕ) ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਢਾ ਹੋਣ ’ਤੇ ਸਾਰੀ ਦੇਹ ਦੀ ਭਸਮ, ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿਤੀ ਜਾਵੇ।  ਸਸਕਾਰ ਅਸਥਾਨ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ।

(ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋਂ  ਫੁੱਲ ਚੁਗ ਕੇ ਗੰਗਾ, ਪਾਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿਚ ਜਾ ਕੇ ਪਾਉਣੇ ਮਨਮਤ ਹੈ।

ਇਸ ਲਈ ਗੁਰੂ ਅਮਰਦਾਸ ਜੀ ਦੁਆਰਾ ਬਖ਼ਸ਼ੇ ਉਪਦੇਸ਼ ਨੂੰ ਮੰਨਣਾ, ਗੁਰਮਤਿ ਰਹਿਣੀ ਦੀ ਪਾਲਣਾ ਕਰਨਾ, ਸਾਡਾ ਨੈਤਿਕ ਫ਼ਰਜ਼ ਹੋਣਾ ਚਾਹੀਦਾ ਹੈ, ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ  ! ਜਿ, ਗੁਰ ਕੇ ਭਾਣੇ ਵਿਚਿ ਆਵੈ ॥  ਆਪਣੈ ਭਾਣੈ, ਜੋ ਚਲੈ ਭਾਈ  ! ਵਿਛੁੜਿ, ਚੋਟਾ ਖਾਵੈ ॥’’  (ਮ: ੩/੬੦੧)

ਜੇ ਅਸੀਂ ਗੁਰਮਤਿ ਰਹਿਣੀ ਦੀ ਪਾਲਣਾ ਕਰਾਂਗੇ ਤਾਂ ਸਾਡੇ ’ਤੇ ਕਿਰਪਾ (ਬਖ਼ਸ਼ਸ਼) ਹੋਵੇਗੀ ਫਿਰ ਅਸੀਂ ਸੁਖੈਨ ਤਰੀਕੇ ਨਾਲ ਸੰਸਾਰ ਸਾਗਰ ਤੋਂ ਪਾਰ ਹੋਣ ਦੇ ਸਮਰੱਥ ਹੋਵਾਂਗੇ, ਜਿੱਥੇ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥’’ (ਮ: ੫/੭੪੭) ਓਥੇ, ‘‘ਗੁਰ ਕੇ ਚਰਨ; ਜੀਅ ਕਾ ਨਿਸਤਾਰਾ ॥ ਸਮੁੰਦੁ ਸਾਗਰੁ; ਜਿਨਿ ਖਿਨ ਮਹਿ ਤਾਰਾ ॥’’ (ਮ: ੫/੬੮੪) ਸੁਖੈਨ ਮਾਰਗ ਹੈ, ‘‘.. ਨਿਮਖ ਸਿਮਰਤ ਜਿਤੁ ਛੂਟੈ ॥’’ (ਮ: ੫/੭੪੭) ਗੁਰੂ ਬਖ਼ਸ਼ਸ਼ ਦੀ ਬਰਕਤ ਹੈ। ਸਿੱਖ ਆਪਣੇ ਸ਼ਬਦ ਗੁਰੂ ’ਤੇ ਵਿਸ਼ਵਾਸ ਕਰਦਾ ਹੈ, ਜਿਸ ਨੇ ਇਹ ਉਪਦੇਸ਼ ਬਖ਼ਸ਼ਿਆ, ‘‘ਸਤਿਗੁਰ ਪੂਰੈ; ਸਾਚੁ ਕਹਿਆ ॥  ਨਾਮ ਤੇਰੇ ਕੀ ਮੁਕਤੇ ਬੀਥੀ; ਜਮ ਕਾ ਮਾਰਗੁ ਦੂਰਿ ਰਹਿਆ ॥’’ (ਮ: ੫/੩੯੩)

ਗੁਰਮਤਿ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ, ਸਿੱਖ ਜਗਤ ਨੂੰ ਗੁਰੂ ਚਰਨਾਂ ਦੀ ਸ਼ਕਤੀ (ਸਮਰੱਥਾ), ਗੁਰੂ ਦਾ ਪਿਆਰ ਇਨ੍ਹਾਂ ਸ਼ਬਦਾਂ  ਨਾਲ ਦ੍ਰਿੜ੍ਹ ਕਰਵਾਂਦੇ ਹਨ ਕਿ ਜਿਵੇਂ ਕੀੜੀ ਦਰਖ਼ਤ ’ਤੇ ਚੜ੍ਹਨ ਦਾ ਯਤਨ ਕਰਦੀ ਹੈ ਪਰ ਨਹੀਂ ਚੜ੍ਹ ਸਕਦੀ ਜਦਕਿ ਪੰਛੀ ਉੱਡ ਕੇ ਸਿੱਧਾ ਫਲ਼ ਤੱਕ ਪੁੱਜ ਜਾਂਦਾ ਹੈ।  ਸਿੱਖ ਦੀ ਆਤਮਿਕ ਉਡਾਰੀ ਚੀਟੀ ਵਰਗੀ ਨਹੀਂ, ਪੰਛੀ ਵਾਂਗਰ ਹੈ। ਬੈਲ ਗੱਡੀ ਕੇਵਲ ਘੁੰਮਦੀ-ਘੁੰਮਾਉਦੀ ਧੀਰੇ ਧੀਰੇ ਚੱਲ ਕੇ ਮੰਜ਼ਲ ’ਤੇ ਪੁੱਜਦੀ ਹੈ ਪਰ ਘੋੜ ਸਵਾਰ ਸੱਜਿਓ, ਖੱਬਿਓ ਨਿਕਲ ਕੇ ਮੰਜ਼ਲ ਜਲਦੀ ਸਰ ਕਰ ਲੈਂਦੇ ਹਨ।  ਮਨੁੱਖ ਪੈਦਲ ਤੁਰਦਿਆਂ ਜਲਦੀ ਥੱਕ ਜਾਂਦਾ ਹੈ ਪਰ ਆਤਮਾ (ਮਨ) ਛਿਨ ਭਰ ਵਿੱਚ ਹੀ ਚਤੁਰ ਕੁੰਟ ਦੀ ਯਾਤਰਾ ਕਰਨ ਦੇ ਸਮਰੱਥ ਹੈ; ਇਵੇਂ ਹੀ ਕਰਮਕਾਂਡ (ਵਿਖਾਵੇ ਦੇ ਧਾਰਮਿਕ ਰਿਵਾਜ) ਕੇਵਲ ਚੀਟੀ, ਬੈਲ ਗੱਡੀ ਜਾਂ ਪੈਦਲ ਤੁਰਨ ਵਾਂਗ ਹਨ ਪਰ ਸਤਿਗੁਰੂ ਦੀ ਸ਼ਰਨ ‘‘ਖਿਨ ਮਹਿ ਤਾਰਾ’’ ਵਾਲੀ ਜੁਗਤੀ ਹੈ। ਬਚਨ ਹਨ:

ਜੈਸੇ ਚੀਟੀ ਕ੍ਰਮ ਕ੍ਰਮ ਕੈ ਬਿਰਖ ਚੜੈ; ਪੰਛੀ ਉਡਿ ਜਾਇ, ਬੈਸੇ ਨਿਕਟਿ ਹੀ ਫਲ ਕੈ।

ਜੈਸੇ ਗਾਡੀ ਚਲੀ ਜਾਤਿ, ਲੀਕਨ ਮਹਿ ਧੀਰਜ ਸੈ; ਘੋਰੋ ਦਉਰਿ ਜਾਇ, ਬਾਏ ਦਾਹਨੇ ਸਬਲ ਕੈ।

ਜੈਸੇ ਕੋਸ ਭਰਿ ਚਲਿ ਸਕੀਐ ਨ ਪਾਇਨ ਕੈ; ਆਤਮਾ ਚਤੁਰ ਕੁੰਟ, ਧਾਇ ਆਵੈ ਪਲ ਕੈ।

ਤੈਸੇ ਲੋਗ ਬੇਦ ਭੇਦ ਗਿਆਨ ਉਨਮਾਨ ਪਛ; ਗੰਮ ਗੁਰ ਚਰਨ ਸਰਨ ਅਸਥਲ ਕੈ ॥੪੦੪॥ (ਭਾਈ ਗੁਰਦਾਸ ਜੀ : ਕਬਿੱਤ ੪੦੪)

ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ‘‘ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ, ਸੁ ਕਾਰ ਕਮਾਇ ਜੀਉ ॥  ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ ॥  ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ ਤਤੀ ਵਾਉ ਜੀਉ ॥’’ (ਮ: ੧/੭੬੩)

ਜੇ ਅਸੀਂ ਸਿੱਖ ਕਹਾਉਣ ਵਾਲਿਆਂ ਨੇ ਹੀ ਅਨਮਤ ਜਾਂ ਬ੍ਰਾਹਮਣੀ (ਬਿਪਰਨ) ਰੀਤਾਂ ਵਿੱਚ ਗ੍ਰਸੇ ਰਹਿਣਾ ਹੈ ਤਾਂ ਫਿਰ ਕੌਮ ਦੀ ਰਾਖੀ ਕੌਣ ਕਰੇਗਾ।  ਕਬੀਰ ਜੀ ਦਾ ਬਚਨ ਬੜਾ ਭਾਵ ਅਰਥ ਰੱਖਦਾ ਹੈ ਕਿ ਜਿਸ ਬੱਚੇ ਦੀ ਮਾਤਾ ਹੀ ਉਸ ਨੂੰ ਜ਼ਹਿਰ ਦੇ ਕੇ ਮਾਰ ਦੇਵੇ ਉਸ ਨੂੰ ਕੌਣ ਬਚਾ ਸਕਦਾ ਹੈ, ‘‘ਕਹੁ ਕਬੀਰ  ! ਇਕ ਬੁਧਿ ਬੀਚਾਰੀ ॥’’  ਕਿਆ ਬਸੁ   ?  ਜਉ ਬਿਖੁ ਦੇ ਮਹਤਾਰੀ ॥’’ (ਭਗਤ ਕਬੀਰ/੩੨੮)

ਸੋ, ਆਓ ਪਰਮਾਤਮਾ ਅੱਗੇ ਬੇਨਤੀ ਕਰੀਏ ਕਿ ‘‘ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ॥ ਰਹਾਉ ॥’’ (ਮ: ੫/੬੪੧) ਤਾਂ ਕਿ ਆਪਣੇ ਨਿਆਰੇਪਣ, ਨਿਰਮਲਤਾ, ਸਰਬਤ ਦਾ ਭਲਾ, ਆਦਿ ਦੀ ਪਾਲਣਾ ਕਰਦਿਆਂ, ‘‘ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ॥’’ (ਮ: ੩/੯੧੯)  ਦੇ ਸਿਧਾਂਤ ’ਤੇ ਚੱਲਣ ਦੇ ਸਮਰੱਥ ਹੋ ਸਕੀਏ।