ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ

0
326

ਆਪਣੇ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ

ਹਰਲਾਜ ਸਿੰਘ ਬਹਾਦਰਪੁਰ-94170-23911

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਮੇਰੇ ਪਰਿਵਾਰ ਨੂੰ ਮੇਰੇ ਵੱਲੋਂ ਹਦਾਇਤ/ਬੇਨਤੀ ਹੈ ਕਿ ਮ੍ਰਿਤਕ ਸੰਸਕਾਰ ਸਬੰਧੀ ਮੇਰੇ ਨਿੱਜੀ ਵਿਚਾਰ ਮੇਰੇ ਆਪਣੇ ਲਈ ਇਹ ਹਨ ਕਿ ਮੇਰੀ ਮੌਤ ਤੋਂ ਬਾਅਦ ਜੇ ਕੰਮ ਦੀਆਂ ਹੋਣ ਤਾਂ ਮੇਰੀਆਂ ਅੱਖਾਂ ਜਾਂ ਸਰੀਰ ਦਾ ਕੋਈ ਵੀ ਅੰਗ, ਜੋ ਕੰਮ ਆ ਸਕਦਾ ਹੋਵੇ ਉਹ ਕਿਸੇ ਲੋੜਬੰਦ ਜਾਂ ਹਸਪਤਾਲ ਨੂੰ ਦੇ ਦਿੱਤਾ ਜਾਵੇ, ਪੂਰੀ ਬਾਡੀ (ਲਾਸ਼) ਵੀ ਦਿੱਤੀ ਜਾ ਸਕਦੀ ਹੈ। ਮੇਰੀ ਮੌਤ ਤੋਂ ਬਾਅਦ ਘੱਟ ਤੋਂ ਘੱਟ ਲੋਕਾਂ (ਦੋਸਤਾਂ, ਰਿਸ਼ਤੇਦਾਰਾਂ) ਨੂੰ ਮੇਰੀ ਮੌਤ ਬਾਰੇ ਦੱਸਿਆ ਜਾਵੇ। ਸਿਰਫ ਖਾਸ ਦੋਸਤ ਜਾਂ ਰਿਸ਼ਤੇਦਾਰਾਂ, ਜਿੰਨ੍ਹਾ ਨੂੰ ਦੱਸਣਾ ਜ਼ਰੂਰੀ ਹੋਵੇ, ਨੂੰ ਹੀ ਦੱਸਿਆ ਜਾਵੇ, ਨਾਲ ਉਹਨਾਂ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ। ਦਾਹ ਸੰਸਕਾਰ ਸਮੇਂ ਘੱਟ ਤੋਂ ਘੱਟ ਲੋਕ ਪਹੁੰਚਣ। ਦਾਹ ਸੰਸਕਾਰ ਸਮੇਂ ਕਿਸੇ ਵੀ ਕਿਸਮ ਦਾ ਕੋਈ ਕਰਮਕਾਂਢ ਨਹੀਂ ਕਰਨਾ, ਜੇ ਮ੍ਰਿਤਕ ਸਰੀਰ ਸਾਫ਼ ਹੋਵੇ ਤਾਂ ਇਸ਼ਨਾਨ ਕਰਵਾਉਣ ਦੀ ਵੀ ਕੋਈ ਲੋੜ ਨਹੀਂ, ਨਾ ਹੀ ਕੱਪੜੇ ਬਦਲਣ ਦੀ ਕੋਈ ਲੋੜ ਹੈ। ਹਾਂ ਜੇ ਕਿਸੇ ਕਾਰਨ ਮ੍ਰਿਤਕ ਸਰੀਰ ਸਾਫ਼ ਨਾ ਹੋਵੇ ਤਾਂ ਬੇਸੱਕ ਇਸ਼ਨਾਨ ਕਰਵਾ ਦਿਓ, ਨਵੇਂ ਕੱਪੜੇ ਪਾਉਣ ਦੀ ਕੋਈ ਜ਼ਰੂਰਤ ਨਹੀਂ। ਮ੍ਰਿਤਕ ਦੇ ਪੈਰ ਪੂਜਣੇ, ਰਸਤੇ (ਅੱਧ ਮਾਰਗ) ਵਿੱਚ ਲਾਸ਼ ਰੱਖ ਕੇ ਕਾਨੀਏਂ ਬਦਲਣੇ, (ਆਪਣੀ ਸੁਵਿਧਾ ਜਾਂ ਸਮੇ ਅਨੁਸਾਰ ਲਾਸ਼ ਨੂੰ ਕਿਸੇ ਹੋਰ ਸਾਧਨ ’ਤੇ ਵੀ ਲਿਜਾਇਆ ਜਾ ਸਕਦਾ ਹੈ) ਲਾਸ਼ ਨੂੰ ਰੱਖ ਕੇ ਦੁਆਲੇ ਪਾਣੀ ਦੀ ਕਾਰ ਕਰਨੀ, ਘੜਾ ਭੰਨਣਾ, ਆਟੇ ਦੀਆਂ ਪਿੰਨੀਆਂ ਵੱਟ ਕੇ ਲਾਸ਼ ਦੇ ਸਿਰ੍ਹਾਣੇ ਰੱਖਣੀਆਂ, ਚਿਖਾ ਨੂੰ ਅੱਗ ਲਾਉਣ ਸਮੇਂ ਦੀਵਾ ਬਾਲਣਾ, ਕਪਾਲ ਕਿਰਿਆ ਕਰਨੀ, ਚਿਖਾ ਦੇ ਦੁਆਲੇ ਅੱਗ ਲਾਉਣ ਲਈ ਗੇੜਾ ਦੇਣਾ, ਸ਼ਮਸ਼ਾਨ ਘਾਟ ਵਿੱਚ ਜਾ ਕੇ ਸੋਹਿਲੇ ਦਾ ਪਾਠ ਕਰਨਾ ਜਾਂ ਅਰਦਾਸ ਕਰਨੀ ਜਾਂ ਫਿਰ ਸ਼ਮਸ਼ਾਨ ਘਾਟ ਵਿੱਚੋਂ ਗੁਰਦੁਆਰੇ ਆ ਕੇ ਅਲਾਹਣੀਆਂ ਦਾ ਪਾਠ ਕਰਨਾ ਤੇ ਅਰਦਾਸ ਕਰਨੀ, ਆਦਿ ਅਜਿਹਾ ਕੁੱਝ ਵੀ ਨਾ ਕੀਤਾ ਜਾਵੇ। ਹਾਂ ਜੇ ਚਾਹੋਂ ਤਾਂ (ਕੋਈ ਜ਼ਰੂਰੀ ਵੀ ਨਹੀਂ ਅਤੇ) ਜੇ ਸਮਾਂ ਹੋਵੇ ਤਾਂ ਸੰਸਕਾਰ ਤੋਂ ਬਾਅਦ ਘਰ ਗੁਰਬਾਣੀ ਦਾ ਸਹਿਜ ਪਾਠ ਰੱਖ ਲੈਣਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਆਉਣਾ ਠੀਕ ਸਮਝੋਂ ਤਾਂ ਲੈ ਆਉਣਾ, ਨਹੀਂ ਪੋਥੀਆਂ ਤੋਂ ਹੀ ਰਲ਼ ਮਿਲ਼ ਕੇ ਪਾਠ ਕਰ ਲੈਣਾ, ਜਿਵੇਂ ਕਿ ਘਰ ਵਿੱਚ ਹੋਈ ਮੌਤ ਤੋਂ ਬਾਅਦ ਕੁੱਝ ਦਿਨ ਕੁੱਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਹੁੰਦਾ, ਤਾਂ ਤੁਸੀਂ 8-10 ਦਿਨ (ਇਹ ਦਿਨ ਵੱਧ ਘੱਟ ਵੀ ਹੋ ਸਕਦੇ ਹਨ) ਘਰ ਰਲ਼ ਮਿਲ਼ ਕੇ ਗੁਰਬਾਣੀ ਦਾ ਪਾਠ ਵਿਚਾਰ ਕੇ ਕਰ ਲੈਣਾ, ਗੁਰਬਾਣੀ ਸੱਚ ਹੈ ਇਹ ਤੁਹਾਨੂੰ ਚੰਗੀ ਸੇਧ ਦੇਵੇਗੀ। ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਇਹ ਪਾਠ ਮੇਰੇ ਲਈ ਨਹੀਂ ਹੋਵੇਗਾ, ਇਹ ਤਾਂ ਤੁਹਾਡੇ ਸਮਝਣ ਲਈ ਹੀ ਹੋਵੇਗਾ, ਜਿਹੜਾ ਦਿਨ ਠੀਕ ਲੱਗੇ ਰਿਸ਼ਤੇਦਾਰਾਂ ਨੂੰ ਉਸ ਦਿਨ ਦੀ ਸੂਚਨਾ ਦੇ ਦੇਣੀ ਕਿ ਇਸ ਦਿਨ ਦਾ ਭੋਗ ਹੈ, ਸਵੇਰੇ ਨੌ ਵਜੇ ਤੋਂ ਲੈ ਕੇ ਸ਼ਾਮ ਦੇ ਤਿੰਨ ਵਜੇ ਤੱਕ ਕਿਸੇ ਵੀ ਸਮੇਂ ਸਾਡੇ ਘਰ ਪਹੁੰਚ ਜਾਣਾ। ਇਹ ਭੋਗ ਦਾ ਦਿਨ ਅਤੇ ਭੋਗ ਸ਼ਬਦ ਤਾਂ ਸਿਰਫ ਇੱਕ ਦਿਨ ਇਕੱਠੇ ਹੋਣ ਦੇ ਸਾਧਨ ਵਜੋਂ ਹੀ ਵਰਤਣਾ ਹੈ।

(ਨਾਲ ਉਹਨਾ ਨੂੰ ਇਹ ਵੀ ਕਿਹਾ ਜਾਵੇ ਕਿ ਉਹ ਆਪਣੇ ਨਾਲ ਹੋਰ ਗੁਆਢੀਆਂ ਨੂੰ ਲੈ ਕੇ ਨਾ ਆਉਣ ਕਿਉਂਕਿ ਲੋਕ ਆਪਣੀ ਵਡਿਆਈ ਲਈ ਆਂਢ ਗੁਆਂਢ ਨੂੰ ਇਕੱਠਾ ਕਰ ਕੇ ਲੈ ਆਉਂਦੇ ਹਨ ਕਿ ਕੋਈ ਇਹ ਨਾ ਕਹੇ ਕਿ ਇਹਨਾਂ ਨਾਲ ਬੰਦੇ ਘੱਟ ਆਏ ਹਨ, ਅਜਿਹੇ ਨਾਲ ਆਏ ਬੰਦਿਆਂ ਦਾ ਮ੍ਰਿਤਕ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੁੰਦਾ, ਉਹ ਪਰੇਸ਼ਾਨੀ ਦਾ ਕਾਰਨ ਹੀ ਬਣਦੇ ਹੁੰਦੇ ਹਨ, ਇਹ ਲੋਕ ਬਾਰ੍ਹਾਂ, ਸਵਾ ਬਾਰ੍ਹਾਂ ਵਜੇ ਮ੍ਰਿਤਕ ਪ੍ਰਾਣੀ ਦੇ ਘਰ ਪਹੁੰਚਦੇ ਹਨ, ਉਸ ਸਮੇਂ ਕਥਾ ਕੀਰਤਨ ਸ਼ੁਰੂ ਹੋ ਰਿਹਾ ਹੁੰਦਾ ਹੈ ਅਤੇ ਲੰਗਰ ਵੀ ਤਿਆਰ ਹੁੰਦਾ ਹੈ, ਇਸ ਸਮੇਂ ਦੋ ਹੀ ਗੱਲਾਂ ਹੁੰਦੀਆਂ ਹਨ (ਜੋ ਨਹੀਂ ਹੋਣੀਆਂ ਚਾਹੀਂਦੀਆਂ) ਲੰਗਰ ਛੱਕੋ ਜੀ ਤੇ ਕਥਾ/ਕੀਰਤਨ ਸੁਣੋ ਜੀ ਜਾਂ ਰੋਣਾ ਨਹੀਂ ਜੀ, ਗੱਲਾਂ ਨਹੀਂ ਕਰਨੀਆਂ ਜੀ, ਜਦੋਂ ਕਿ ਮ੍ਰਿਤਕ ਨਾਲ ਸਾਂਝ ਰੱਖਣ ਵਾਲੇ ਰੋਣ ਜਾਂ ਦੁਖ ਸੁਖ ਦੀਆਂ ਗੱਲਾਂ ਕਰਨ ਹੀ ਆਉਂਦੇ ਹੁੰਦੇ ਹਨ, ਉਹ ਲੰਗਰ ਛੱਕਣ ਜਾਂ ਕਥਾ/ਕੀਰਤਨ ਸੁਣਨ ਨਹੀਂ ਆਏ ਹੁੰਦੇ। ਇੱਕ, ਸਵਾ ਇੱਕ ਵਜੇ ਭੋਗ ਪੈ ਜਾਂਦਾ ਹੈ ਫਿਰ ਨਾਲ ਆਏ ਗੁਆਂਢੀ ਵਾਪਸ ਮੁੜਨ ਦੀ ਕਾਹਲ ਕਰਨ ਲੱਗ ਜਾਂਦੇ ਹਨ ਕਿ ਛੇਤੀ ਚਲੋ ਜੀ ਕੁਵੇਲਾ ਨਾ ਹੋ ਜਾਵੇ। ਇਸ ਕਾਰਨ ਖ਼ਾਸ ਰਿਸ਼ਤੇਦਾਰ ਵੀ ਮ੍ਰਿਤਕ ਦੇ ਪਰਿਵਾਰ ਨਾਲ ਕੋਈ ਦੁੱਖ ਸੁੱਖ ਦੀ ਗੱਲ ਨਹੀਂ ਕਰ ਸਕਦੇ ਹੁੰਦੇ।)

ਪਰ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕੋਈ ਪਾਠ, ਕਥਾ, ਕੀਰਤਨ ਜਾਂ ਅਰਦਾਸ ਵਗੈਰਾ ਕਰਨ ਦੀ ਕੋਈ ਲੋੜ ਨਹੀਂ। ਜੇ ਭੋਗ ਵਾਲੇ ਦਿਨ ਤੋਂ ਪਹਿਲਾਂ ਪਾਠ ਪੂਰਾ ਹੋ ਗਿਆ ਤਾਂ ਪਹਿਲਾਂ ਹੀ ਗੁਰੂ ਦਾ ਸ਼ੁਕਰਾਨਾ ਕਰ ਦੇਣਾ ਜੇ ਪਾਠ ਪੂਰਾ ਨਾ ਹੋਇਆ ਤਾਂ ਉਸ ਦਿਨ ਤੋਂ ਬਾਅਦ ਜਦੋਂ ਪਾਠ ਸੰਪੂਰਨ ਹੋ ਜਾਵੇ ਉਦੋਂ ਗੁਰੂ ਦਾ ਸ਼ੁਕਰਾਨਾ ਕਰ ਦੇਣਾ। ਕਈ ਦੂਰ ਨੇੜੇ ਦੇ ਰਿਸ਼ਤੇਦਾਰ ਆਏ ਹੁੰਦੇ ਹਨ, ਉਹ ਪਾਠ ਜਾਂ ਕਥਾ ਕੀਰਤਨ ਸੁਣਨ ਨਹੀਂ ਆਉਂਦੇ ਹੁੰਦੇ, ਉਹ ਤਾਂ ਬੱਸ ਆਪਣੇ ਵੱਲੋਂ ਦੁੱਖ ਸੁੱਖ ਸਾਂਝਾ ਕਰਨ ਹੀ ਆਉਂਦੇ ਹਨ, ਉਹਨਾਂ ਨਾਲ ਉਸ (ਭੋਗ ਵਾਲੇ) ਦਿਨ ਗੱਲਾਂ ਬਾਤਾਂ ਹੀ ਕਰਨੀਆਂ। ਮੇਰੀ ਮੌਤ ਛੋਟੀ ਉਮਰ ਵਿੱਚ ਹੋਵੇ ਜਾਂ ਵੱਡੀ ਉਮਰ ਵਿੱਚ, ਰੱਬ ਦਾ ਭਾਣਾ ਮੰਨਣਾ, ਗੁਰਵਾਕ ਹੈ ਕਿ, ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ; ਨਾਨਕ ! ਥਿਰੁ ਨਹੀ ਕੋਇ ॥’’ (ਮ: ੯/੧੪੨੯)

ਦੁੱਖ ਸੁੱਖ ਸਾਂਝਾ ਕਰਨ ਆਏ ਦੋਸਤਾਂ ਰਿਸ਼ਤੇਦਾਰਾਂ ਲਈ ਮਿਠਾਈ, ਖੀਰ, ਕੜਾਹ ਜਾਂ ਵੱਖ-ਵੱਖ ਦਾਲਾਂ-ਸਬਜ਼ੀਆਂ ਨਹੀਂ ਬਣਾਉਣੀਆਂ, ਸਿਰਫ਼ ਇੱਕ ਹੀ ਦਾਲ ਜਾਂ ਸਬਜ਼ੀ ਹੋਵੇ, ਦਾਲ/ਸਬਜ਼ੀ ਅਤੇ ਰੋਟੀਆਂ ਵਧੀਆ ਬਣਾਈਆਂ ਹੋਣ, ਜੋ ਆਏ ਲੋਕਾਂ ਨੂੰ ਖਾਣ ਨੂੰ ਚੰਗੀਆਂ ਲੱਗਣ, ਕਿਸੇ ਵੀ ਕਿਸਮ ਦਾ ਕੋਈ ਵਿਖਾਵਾ ਨਹੀਂ ਕਰਨਾ।

ਬੱਸ ਉਸ ਦਿਨ ਤੋਂ ਬਾਅਦ ਮੇਰੇ ਨਾਮ ’ਤੇ ਕੋਈ ਪੁੰਨ ਦਾਨ ਜਾਂ ਧਾਰਮਿਕ ਕਰਮਕਾਂਢ ਨਹੀਂ ਕਰਨਾ, ਨਾ ਕਦੇ ਬਰਸੀ ਮਨਾਉਣੀ ਕਿਉਂਕਿ ਮੈਂ ਕਿਸੇ ਵੀ ਧਰਮ (ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨੀ, ਬੋਧੀ ਆਦਿ) ਜਾਂ ਬੰਦਿਆਂ ਦੁਆਰਾ ਬਣਾਈ ਕਿਸੇ ਵੀ ਕਹੇ ਜਾਂਦੇ ਧਰਮ ਦੀ ਧਾਰਮਿਕ ਮਰਯਾਦਾ ਨੂੰ ਨਹੀਂ ਮੰਨਦਾ ਕਿਉਂਕਿ ਮੇਰੀ ਸੋਚ ਅਨੁਸਾਰ ਇਹ ਸੱਭ ਰੱਬ ਦੇ ਨਾਮ ’ਤੇ ਧਰਮ ਦੇ ਠੇਕੇਦਾਰਾਂ (ਪੁਜਾਰੀਆਂ) ਵੱਲੋਂ ਖੋਲ੍ਹੀਆਂ ਗਈਆਂ ਦੁਕਾਨਾ ਹੀ ਹਨ। ਮੈਂ ਆਪਣੇ ਅਤੇ ਇੰਸਾਨੀਅਤ ਲਈ ਚੰਗੇ ਕੰਮ ਕਰਨ ਨੂੰ ਹੀ ਸੱਚਾ ਧਰਮ ਮੰਨਦਾ ਹਾਂ, ਮੇਰੇ ਲਈ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ, ਵਿੱਚ ਦਰਜ ਗੁਰੂਆਂ/ਭਗਤਾਂ ਦੀ ਬਾਣੀ ਹੀ ਸਰਬੋਤਮ ਹੈ।

ਤਾਰੀਖ – 07-11-2017

ਹਰਲਾਜ ਸਿੰਘ ਪੁੱਤਰ ਸ੍ਰ: ਜੱਗਰ ਸਿੰਘ, ਪਿੰਡ ਤੇ ਡਾਕਖਾਨਾ ਬਹਾਦਰਪੁਰ,

ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ (ਪੰਜਾਬ) ਪਿੰਨ ਕੋਡ :-151501, ਫੋਨ ਨੰਬਰ :- 94170-23911