25.6 C
Jalandhar
Tuesday, April 7, 2026
spot_img
Home Blog Page 119

ਕਬਿੱਤ ਨੰਬਰ 16 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 16 (ਭਾਈ ਗੁਰਦਾਸ ਜੀ)

ਉਲਟਿ ਪਵਨ ਮਨ ਮੀਨ ਕੀ ਚਪਲ ਗਤਿ; ਸਤਿਗੁਰ ਪਰਚੇ ਪਰਮਪਦ ਪਾਏ ਹੈ।

ਸੂਰ ਸਰ ਸੋਖਿ ਪੋਖਿ ਸੋਮ ਸਰ ਪੂਰਨ ਕੈ; ਬੰਧਨ ਦੇ ਮ੍ਰਿਤ ਸਰ ਅਪੀਅ ਪਿਆਏ ਹੈ।

ਅਜਰਹਿ ਜਾਰਿ ਮਾਰਿ ਅਮਰਹਿ ਭ੍ਰਾਤਿ ਛਾਡਿ; ਅਸਥਿਰ ਕੰਧ ਹੰਸ ਅਨਤ ਨ ਧਾਏ ਹੈ।

ਆਦੈ ਆਦ, ਨਾਦੈ ਨਾਦ, ਸਲਲੈ ਸਲਿਲ ਮਿਲਿ; ਬ੍ਰਹਮੈ ਬ੍ਰਹਮ ਮਿਲਿ, ਸਹਜ ਸਮਾਏ ਹੈ ॥੧੬॥

ਸ਼ਬਦ ਅਰਥ: ਚਪਲ ਗਤਿ=ਚੰਚਲ ਰੀਤ।, ਸੂਰਸਰ=ਤਮੋ ਗੁਣਾਂ ਦਾ ਭਰਿਆ।, ਸੋਖਿ=ਨਾਸ ਕਰਨਾ।, ਪੋਖਿ=ਪਾਉਣਾ, ਪਾਲਣਾ।, ਸੋਮ ਸਰ=ਸਤੋਗੁਣ ਦਾ ਭਰਿਆ।, ਮ੍ਰਿਤ ਸਰ=ਮਰਨਾ।, ਅਪੀਅ=ਨਾ ਪੀਤਾ ਜਾ ਸਕਣ ਵਾਲਾ।, ਅਜਰਹਿ=ਨਾ ਜਰਿਆ ਜਾ ਸਕਣ ਵਾਲਾ।, ਅਮਰਹਿ=ਨਾ ਮਾਰਿਆ ਜਾ ਸਕਣ ਵਾਲਾ।, ਕੰਧ=ਦੇਹ।, ਹੰਸ=ਜੀਵਾਤਮਾ।, ਸਲਿਲ=ਪਾਣੀ।

ਅਰਥ: ਮਨੁੱਖ ਦਾ ਮਨ, ਜੋ ਹਵਾ ਤੇ ਮੱਛੀ ਦੀ ਤਰ੍ਹਾਂ ਚੰਚਲ ਤੇ ਨਾ ਕਾਬੂ ਆਉਣ ਵਾਲਾ ਹੈ, ਸਤਿਗੁਰ ਦੇ ਪਰਚੇ (ਸ਼ਬਦ) ਰਾਹੀਂ ਕਾਬੂ ਵਿੱਚ ਆ ਕੇ ਪਰਮ ਪਦ ਪਾ ਲੈਂਦਾ ਹੈ। ਫਿਰ ਸਤਿਗੁਰ ਉਸ ਮਨੁੱਖ ਦੇ ਤਮੋ ਗੁਣੀ ਸੁਭਾਵ ਨੂੰ ਪੂਰੀ ਤਰ੍ਹਾਂ ਨਾਸ ਕਰ ਕੇ ਸਤੋ ਗੁਣੀ ਬਣਾ ਕੇ ਉਸ ਨੂੰ ਨਾਮ ਅੰਮ੍ਰਿਤ, ਜੋ ਤਮੋ ਗੁਣ ਵਿੱਚ ਰਹਿ ਕੇ ਨਹੀਂ ਸੀ ਪੀ ਸਕਦਾ, ਪਿਲਾ ਦੇਂਦਾ ਹੈ। ਮਨੁੱਖ ਦੀ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ ਕਿ ਉਹ ਨਾ ਜਰੇ ਜਾ ਸਕਣ ਵਾਲੇ ਕਾਮ ਨੂੰ ਵਸ ਵਿੱਚ ਕਰ ਕੇ, ਨਾ ਮਾਰੇ ਜਾ ਸਕਣ ਵਾਲਾ ਮਨ ਨੂੰ ਮਾਰ ਲੈਂਦਾ ਹੈ ਅਤੇ ਨਾਮ ਅੰਮ੍ਰਿਤ ਪੀ ਕੇ ਉਸ ਦਾ ਮਨ ਕਿਤੇ ਹੋਰ ਨਹੀਂ ਭਟਕਦਾ ਤੇ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ।  ਉਸ ਦੇ ਸਰੀਰ ਵਿਚ ਜੋ ਆਤਮਾ ਹੈ, ਉਸ ਦਾ ਭੇਤ ਪਾ ਲੈਂਦਾ ਹੈ। ਸਰੀਰ ਦੇ ਨਾਸ ਹੋਣ ’ਤੇ ਜਿਸ ਤਰ੍ਹਾਂ ਆਕਾਸ਼, ਪਾਣੀ, ਹਵਾ ਆਦਿਕ ਤੱਤ ਆਪਣੇ ਤੱਤਾਂ ਵਿਚ ਮਿਲ ਜਾਂਦੇ ਹਨ, ਉਸ ਤਰ੍ਹਾਂ ਹੀ ਉਹ ਜੀਵਨ ਬਤੀਤ ਕਰਦਿਆਂ ਹੀ ਬ੍ਰਹਮ, ਜਿਸ ਦਾ ਕਿ ਉਹ ਅੰਸ਼ ਹੈ, ਵਿੱਚ ਮਿਲਿਆ ਰਹਿੰਦਾ ਹੈ ਤੇ ਉਸ ਦੀ ਸਮਾਈ ਸਹਿਜ ਅਵਸਥਾ ਵਿੱਚ ਹੋਈ ਰਹਿੰਦੀ ਹੈ।

ਗੁਰੂ ਨਾਨਕ ਦੇਵ ਜੀ ਇਕ ਜੋਗੀ ਨੂੰ ਸੰਬੋਧਨ ਕਰਦੇ ਹੋਏ ਸਮਝਾਉਂਦੇ ਹਨ ਕਿ ਹੇ ਜੋਗੀ  ! ਤੂੰ ਆਪਣੇ ਤਾਮਸੀ ਸੁਭਾਅ ਨੂੰ ਦੂਰ ਕਰ, ਸ਼ਾਂਤੀ ਸੁਭਾਵ ਨੂੰ ਤਕੜਾ ਕਰ ।  ਸੁਆਸ ਸੁਆਸ ਨਾਮ ਜਪਣ ਨੂੰ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ। ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵੱਲ ਨਹੀਂ ਦੌੜਦਾ, ਨਾ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖੁਆਰ ਹੁੰਦਾ ਹੈ। ਫਿਰ ਆਖਦੇ ਹਨ ਕਿ ਹੇ ਮੂਰਖ  ! ਤੂੰ ਕਿੱਥੇ ਭੁਲਿਆ ਫਿਰਦਾ ਹੈਂ। ਤੂੰ ਮਾਇਆ ਵੱਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਮਾਤਮਾ ਨੂੰ ਅਜੇ ਤੱਕ ਪਛਾਣ ਹੀ ਨਾ ਸਕਿਆ।  ਹੇ ਜੋਗੀ !  ਤੂੰ ਨਾ ਜਰੇ ਜਾਣ ਵਾਲੇ ਕਾਮ ਨੂੰ ਸਾੜ ਦੇ, ਭਾਵ ਕਾਬੂ ਕਰ ਲੈ।  ਭਰਮ ਨੂੰ ਤਿਆਗ ਦੇ ਇਸ ਚੰਚਲ ਮਨ ਨੂੰ ਆਪਣੇ ਵੱਸ ਵਿਚ ਰੱਖ। ਤਦੋਂ ਹੀ ਅਤਮਕ ਜੀਵਨ ਦੇਣ ਵਾਲਾ ਨਾਮ ਰਸ ਪੀ ਸਕੇਂਗਾ। ਗੁਰੂ ਵਚਨ ਹਨ, ‘‘ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ; ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥  ਮੀਨ ਕੀ ਚਪਲ ਸਿਉ, ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ, ਨਹ ਕੰਧੁ ਛੀਜੈ ॥੧॥  ਮੂੜੇ  !  ਕਾਇਚੇ ਭਰਮਿ ਭੁਲਾ ॥  ਨਹ ਚੀਨਿਆ, ਪਰਮਾਨੰਦੁ ਬੈਰਾਗੀ ॥੧॥ ਰਹਾਉ ॥  ਅਜਰ ਗਹੁ ਜਾਰਿ ਲੈ, ਅਮਰ ਗਹੁ ਮਾਰਿ ਲੈ; ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥’’ (ਮ: ੧/੯੯੨)

ਇੰਜ ਲਗਦਾ ਹੈ, ਜਿਵੇਂ ਗੁਰੂ ਸਾਹਿਬ ਕਿਸੇ ਜਗਿਆਸੂ ਦੇ ਪ੍ਰਸ਼ਨ ਦਾ ਉੱਤਰ ਦੇ ਰਹੇ ਹੋਣ, ਜਿਵੇਂ ਸੂਰਜ ਨੂੰ ਕਾਬੂ ਕਰਨਾ ਕਠਿਨ ਹੈ, ਤਿਵੇਂ ਕਾਮ ਨੂੰ ਵਸ ਵਿਚ ਕਰਨਾ ਵੀ ਅਤੀ ਕਠਿਨ ਹੈ। ਪਵਣ ਸਮਾਨ ਉੱਡਣ ਵਾਲੇ ਮਨ ਨੂੰ ਟਿਕਾ ਕੇ ਰੱਖਣਾ ਕੋਈ ਸੌਖੀ ਗੱਲ ਨਹੀਂ। ਜੀਵ ਮਾਇਆ ਮੋਹ ਦੇ ਭਰਮ ਵਿਚ ਪੈਣ ਕਰ ਕੇ ਪਰਮੇਸ਼ਰ ਨੂੰ ਭੁਲਿਆ ਹੋਇਆ ਹੈ, ਜਿਸ ਕਰ ਕੇ ਜੰਮਦਾ ਮਰਦਾ ਰਹਿੰਦਾ ਹੈ। ਜੇ ਇਹ ਸਾਰੇ ਵਿਕਾਰ ਤਿਆਗ ਕੇ ਨਾਮ ਅੰਮ੍ਰਿਤ ਪੀ ਲਵੇ ਤਾਂ ਇਸ ਦਾ ਆਵਾਗਉਣ ਕੱਟਿਆ ਜਾ ਸਕਦਾ ਹੈ।  ਇਹੀ ਭਾਵ ਭਾਈ ਗੁਰਦਾਸ ਜੀ ਆਪਣੇ ਇਸ ਵਿਚਾਰ ਅਧੀਨ ਕਬਿੱਤ ਵਿਚ ਦਰਸਾਂਦੇ ਹਨ।

ਗੁਰਮਤਿ ਸੇਵਾ ਲਹਿਰ (ਭਾਈ ਬਖ਼ਤੌਰ) ਵੱਲੋਂ ਤਿਮਾਹੀ ਮਾਸਕ ਪੱਤਰ “ਗੁਰਮਤਿ ਬਿਬੇਕ” ਕੱਢਣ ਦੀ ਤਿਆਰੀ

0

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।।

ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਗੁਰਮਤਿ ਸੇਵਾ ਲਹਿਰ (ਭਾਈ ਬਖ਼ਤੌਰ) ਵੱਲੋਂ ਗੁਰਮਤਿ ਦੇ ਪ੍ਰਚਾਰ ਪਾਸਾਰ ਲਈ ਤ੍ਰੈਮਾਸਕ ਪੱਤਰ “ਗੁਰਮਤਿ ਬਿਬੇਕ” ਕੱਢਿਆ ਜਾ ਰਿਹਾ ਹੈ ਜਿਸ ਦਾ ਪਹਿਲਾ ਅੰਕ ਜਨਵਰੀ, ਫਰਵਰੀ, ਮਾਰਚ-੨੦੧੮ ਅੰਕ ਫਰਵਰੀ ਮਹੀਨੇ ਦੇ ਅਖੀਰ ‘ਤੇ ਕੱਢਿਆ ਜਾਵੇਗਾ।  ਇਸ ਮੈਗਜ਼ੀਨ ਦੀ ਸਫਲਤਾ ਲਈ ਲੇਖਕ ਵਜੋਂ ਆਪ ਜੀ ਦੇ ਸਹਿਯੋਗ ਦੀ ਅਤਿਅੰਤ ਲੋੜ ਹੈ। ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਅੰਕ ਲਈ ਗੁਰਮਤਿ ਸਬੰਧੀ ਖੋਜ ਭਰਪੂਰ ਘੱਟੋ ਘੱਟ ਇੱਕ ਲੇਖ ਭੇਜਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। ਹਰ ਲੇਖ ਲਿਖਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਤੁਹਾਡੀ ਲੇਖਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ, ਗੁਰਮਤਿ ਸਿਧਾਂਤਾਂ ਪ੍ਰਤੀ ਸਪਸ਼ਟਤਾ, ਨਾਨਕਸ਼ਾਹੀ ਕੈਲੰਡਰ ਨੂੰ ਤਰਜੀਹ ਪ੍ਰਤੱਖ ਤੌਰ ’ਤੇ ਝਲਕਦੀ ਹੋਵੇ ਅਤੇ ਵਿਵਾਦਤ ਮੁੱਦਿਆਂ ’ਤੇ ਸਿੱਧੇ ਤੌਰ ‘ਤੇ ਹਿੱਟ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਕਿਸੇ ਵਿਅਕਤੀ ਅਤੇ ਸੰਸਥਾ ਦਾ ਸਿੱਧੇ ਤੌਰ ’ਤੇ ਨਾਮ ਲੈ ਕੇ ਟਿੱਪਣੀਆਂ ਕਰਨ ਦੀ ਬਜ਼ਾਏ ਕੇਵਲ ਗੁਰਬਾਣੀ ਅਨੁਸਾਰ ਸਿਧਾਂਤ ਦੀ ਪ੍ਰੋੜਤਾ ਅਤੇ ਮਨਮਤਿ ਦਾ ਖੰਡਨ ਕਰਨਾ ਹੀ ਮੁੱਖ ਟੀਚਾ ਹੋਵੇ।  ਪਹਿਲੇ ਅੰਕ ਲਈ ਆਪ ਜੀ ਵੱਲੋਂ ਲੇਖ ਇੱਕ ਹੇਠ ਲਿਖੀ ਈ-ਮੇਲ ’ਤੇ ਹਫਤੇ ਤੱਕ ਪਹੁੰਚ ਜਾਣ ਤਾਂ ਆਪ ਜੀ ਦਾ ਧੰਨਵਾਦ ਹੋਵੇਗਾ।

1. ਸਤਿਨਾਮ ਸਿੰਘ ਚੰਦੜ, ਸੰਪਾਦਕ  94178-42078, 98766-1319

2. ਕਿਰਪਾਲ ਸਿੰਘ ਬਠਿੰਡਾ, ਸਹਿ ਸੰਪਾਦਕ 98554-80797

E-mail ID  gurmatbibekmudki@gmail.com

ਅਰਦਾਸ ਤੇ ਯਕੀਨ ਨਹੀਂ !

0

ਅਰਦਾਸ ਤੇ ਯਕੀਨ ਨਹੀਂ  ! 

            – ਗੁਰਪ੍ਰੀਤ ਸਿੰਘ ( U.S.A )

‘‘ਵੀਰ ਜੀ  ! ਤੁਹਾਨੂੰ ਅੱਜ ਕੀ ਹੋ ਗਿਆ ਸੀ ? ਤੁਸੀਂ ਅਰਦਾਸ ਵਿੱਚ ਖੜ੍ਹੇ ਹੀ ਹੱਸ ਪਏ ? ਬਾਕੀ ਸੰਗਤ ਕੀ ਸੋਚਦੀ ਹੋਵੇਗੀ ? ਤੁਸੀਂ ਠੀਕ ਤਾਂ ਹੋ ?’’

ਆਓ, ਸੱਥ ਵਿੱਚ ਚੱਲਦੇ ਹਾਂ ਛੋਟੇ ਵੀਰ  !  ਫਿਰ ਜੋ ਮਰਜ਼ੀ ਪੁੱਛ ਲੈਣਾ।

‘‘ਹੈਂ ! …. ਸੱਥ ਤਾਂ ਪਿੰਡ ਵਿੱਚ ਹੁੰਦੀ ਸੀ, ਇਹ ਤਾਂ ਗੁਰਦੁਆਰਾ ਹੈ ?’’

ਮੇਰੀ ਮੁਰਾਦ ਲੰਗਰ ਹਾਲ ਤੋਂ ਹੈ।  ਅਜੋਕੇ ਲੰਗਰ ਹਾਲ, ਸੱਥ ਦਾ ਰੂਪ ਹੀ ਤਾਂ ਧਾਰਨ ਕਰ ਚੁੱਕੇ ਹਨ।

‘‘ਵੀਰ ਜੀ  !  ਮੈਨੂੰ ਲੱਗਦਾ ਹੈ ਕਿ ਤੁਸੀਂ ਗੁਸਤਾਖ਼ੀ ਕਰ ਰਹੇ ਹੋ । ਤੁਹਾਨੂੰ ਲੰਗਰ ਬਾਰੇ ਸਤਿਕਾਰ ਨਾਲ ਬੋਲਣਾ ਚਾਹੀਦਾ ਹੈ।’’

ਓਹ ਨਹੀਂ ਨਿੱਕੇ ਵੀਰ  !  ਤੂੰ ਸ਼ਾਇਦ ਗ਼ਲਤ ਸਮਝ ਗਿਆ। ਲੰਗਰ ਦੀ ਰਵਾਇਤ ਤਾਂ ਸਾਡੇ ਧਰਮ ਦੀ ਇੱਕ ਨਿਵੇਕਲੀ ਸ਼ਾਨ ਹੈ। ਇਸ ਸੰਕਲਪ ਦਾ ਉਦੇਸ਼ ਨਾ ਕੇਵਲ ਸੰਗਤ ਦੀ ਭੋਜਨ ਕਰਨ ਦੀ ਬੁਨਿਆਦੀ ਲੋੜ ਨੂੰ ਪੂਰਾ ਕਰਨਾ ਸੀ ਬਲਕਿ ਮਨੁੱਖ ਮਾਤਰ ਨੂੰ ਊਚ ਨੀਚ ਅਥਵਾ ਜਾਤ – ਪਾਤ ਅਤੇ ਜਾਤ-ਗੋਤ ਦੇ ਕੋਹੜ ਤੋਂ ਮੁਕਤ ਹੋਣ ਦੀ ਪ੍ਰੇਰਣਾ ਦੇਣਾ ਵੀ ਸੀ।  ਗੁਰੂ ਅਮਰਦਾਸ ਜੀ ਵੇਲ਼ੇ ਜਾਤ ਅਭਿਮਾਨੀਆਂ ਨੇ ਬੜਾ ਜੋਰ ਲਾਇਆ ਸੀ ਕਿ ਜੇ ਹੋਰ ਨਹੀਂ ਤਾਂ ਲੰਗਰ ਵਿੱਚ ਵੱਖੋ – ਵੱਖਰੀਆਂ ਪੰਗਤਾਂ ਹੀ ਲਵਾ ਲਈਆਂ ਜਾਣ ਪਰ ਗੁਰੂ ਪਾਤਸ਼ਾਹ ਜੀ ਦੀ ਦ੍ਰਿੜ੍ਹਤਾ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਗਈ।  ਅੱਜ ਵੀ ਜਾਤ ਅਭਿਮਾਨੀ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਨ ਪਰ ਗੁਰੂ ਸਾਹਿਬ ਜੀ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਕੇ ਆਪਣੇ ਨਾਮ ਮਗਰ ਲੱਗੀਆਂ ਪੂਛਾਂ ਲਾਹੁਣ ਲਈ ਰਾਜ਼ੀ ਨਹੀਂ ਹੁੰਦੇ। ਗੁਰੂ ਸਾਹਿਬ ਜੀ ਅਜਿਹੇ ਦੋਗਲਿਆਂ ਨੂੰ ਤਾੜਨਾ ਕਰਦੇ ਵਚਨ ਕਰਦੇ ਹਨ :

ਜਾਤਿ ਕਾ ਗਰਬੁ; ਨ ਕਰਿ ਮੂਰਖ ਗਵਾਰਾ ॥  ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥ (ਮਹਲਾ ੩/੧੧੨੮)

ਜੇ ਅੰਦਰੋਂ ਖੋਟੇ ਹੀ ਰਹਿਣਾ ਹੈ ਤਾਂ ਨਿਰਾ ਸਿਰ ਨਿਵਾਉਣਾ ਇੱਕ ਪਾਖੰਡ ਤੋਂ ਵੱਧ ਕੁਝ ਵੀ ਨਹੀਂ:

ਸੀਸਿ ਨਿਵਾਇਐ, ਕਿਆ ਥੀਐ  ?  ਜਾ ਰਿਦੈ ਕੁਸੁਧੇ ਜਾਹਿ ॥ (ਮਹਲਾ ੧/੪੭੦)

ਗੁਰੂ ਨਾਨਕ ਜੀ ਨੇ ਤਾਂ ਬਿਖੜੇ ਪੈਂਡੇ ਗਾਹੇ, ਦੂਰ-ਦੁਰਾਡੇ ਉਦਾਸੀਆਂ ਕਰ ਕੇ ਗੁਰ ਸ਼ਬਦ ਰਾਹੀਂ ਸੱਚ ਪ੍ਰਗਟ ਕੀਤਾ ਪਰ ਸਾਨੂੰ ਤਾਂ ਬੈਠੇ- ਬਿਠਾਇਆਂ ਨੂੰ ਅਨਮੋਲਕ ਖ਼ਜ਼ਾਨਾ ਮਿਲ ਰਿਹਾ ਹੈ, ਇਸ ਦੇ ਬਾਵਜੂਦ ਸਕੱਤਰ ਵੀਰ ਹੋਰਾਂ ਨੂੰ ਵਾਰ-ਵਾਰ ਕੂਕਣਾ ਪੈਂਦਾ ਹੈ ਕਿ ਕ੍ਰਿਪਾ ਕਰੋ- ਲੰਗਰ ਛੱਕ ਲਿਆ ਹੈ ਤਾਂ ਦੀਵਾਨ ਹਾਲ ਵਿੱਚ ਪਧਾਰੋ ਜੀ  !

ਤੂੰ ਆਪ ਹੀ ਦੇਖ ਲਿਆ ਨਾ ਕਿ ਦੀਵਾਨ ਹਾਲ ਅੰਦਰ ਉਹੀ ਗਿਣੇ- ਚੁਣੇ ਢਾਈ ਟੋਟਰੂ ਸਨ ਤੇ ਹੁਣ ਵੇਖ !  ਉਹ ਸਾਹਮਣੇ ਲੰਗਰ ਹਾਲ ਵੱਲ, ਲੰਗਰ ਛਕ ਕੇ ਵੀ ਕਿੰਨੀ ਮਸਤੀ ’ਚ ਇੱਥੇ ਹੀ ਡਟੇ ਹੋਏ ਨੇ ਅਤੇ ਹਾਸਾ ਠੱਠਾ ਕਰ ਕੇ ਚਿਹਰੇ ਕਿਵੇਂ ਦਮਕਾ (ਚਮਕ) ਰਹੇ ਹਨ। ਫਿਰ ਹੁਣ ਦੱਸ, ਅਜਿਹੇ ਲੰਗਰ ਹਾਲ ਵੇਖ ਕੇ ਸੱਥ ਦਾ ਭੁਲੇਖਾ ਪੈਂਦਾ ਕਿ ਨਹੀਂ  ?

‘‘ਹੂੰ……..ਵੀਰ ਜੀ  ! ਤੁਹਾਡੀ ਗੱਲ ਸਹੀ ਜਾਪਦੀ ਹੈ, ਪਰ ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਕਿ ਤੁਹਾਨੂੰ ਅਰਦਾਸ ਵਿੱਚ ਕਿਹੜੀ ਗੱਲ ਤੋਂ ਹਾਸਾ ਆਇਆ ਸੀ ?’’

ਤਾਂ ਧਿਆਨ ਨਾਲ ਮੁੱਖ ਵਜ਼ੀਰ ਦੁਆਰਾ ਕੀਤੀ ਅਰਦਾਸ ਦੇ ਬੋਲ ਦੁਬਾਰਾ ਸੁਣੋ (ਅੱਜ ਤੋਂ ਪੰਜ ਸਾਲ ਪਹਿਲਾਂ ਫਲਾਣੇ ਪਰਿਵਾਰ ਦੇ ਬਜ਼ੁਰਗ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਾ ਨੂੰ ਸ਼ਾਂਤੀ, ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਅਤੇ ਪਰਿਵਾਰ ਨੂੰ ਇਸੇ ਤਰ੍ਹਾਂ ਆਪਣੇ ਬਜ਼ੁਰਗਾਂ ਦੇ ਦਿਹਾੜੇ ਮਨਾਉਣ ਦਾ ਉਤਸ਼ਾਹ ਬਖ਼ਸ਼ਦੇ ਰਹਿਣਾ, ਜੀ  !)

‘‘ਵੀਰ ਜੀ  !  ਸਾਰੇ ਅਜਿਹੀ ਅਰਦਾਸ ਹੀ ਤਾਂ ਕਰਦੇ ਹਨ, ਇਸ ਵਿੱਚ ਭਲਾ ਹੱਸਣ ਵਾਲੀ ਕਿਹੜੀ ਗੱਲ ਹੋਈ ?’’

ਹੱਸਣ ਵਾਲੀ ਭਾਵੇਂ ਕੋਈ ਗੱਲ ਨਾ ਹੋਵੇ ਪਰ ਵਿਚਾਰਨ ਵਾਲੀ ਜ਼ਰੂਰ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਬਰਸੀਆਂ ਮਨਾਉਣਾ ਗੁਰਮਤਿ ਅਨੁਸਾਰੀ ਨਹੀਂ ਹੈ। ਦੂਜੀ ਗੱਲ, ਅਰਦਾਸ ਵਿੱਚ ਗੁਰੂ ਦੇ ਇਹ ਵਜ਼ੀਰ, ਭਵਿੱਖ ’ਚ ਵੀ ਆਪਣੇ ਵਪਾਰ ਨੂੰ ਪੱਕਾ ਕਰਨ ਦਾ ਉਪਰਾਲਾ ਕਰਦੇ ਨਜ਼ਰ ਆਉਦੇ ਹਨ, ਪਰ ਸਭ ਤੋਂ ਅਹਿਮ ਤੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਪੰਜਾਂ ਸਾਲਾਂ ਤੋਂ ਹਰ ਸਾਲ ਹੀ, ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਤੇ ਸ਼ਾਂਤੀ ਬਖ਼ਸ਼ਣ ਦੀ ਅਰਦਾਸ ਕੀਤੀ ਜਾਂਦੀ ਹੈ।

ਕੀ ਵਾਕਿਆ ਹੀ ਉਹ ਆਤਮਾ ਹਾਲੇ ਵੀ ਭਟਕੀ ਹੋਈ ਹੈ ? ਫਿਰ ਤਾਂ ਵਿਛੜੀ ਆਤਮਾ ਨਮਿਤ ਕਰਾਏ ਅਖੰਡ ਪਾਠ ਦਾ ਵੀ ਕੋਈ ਫ਼ਾਇਦਾ ਨਾ ਹੋਇਆ ਜਾਪਦਾ ਜਾਂ ਇਸ ਦਾ ਸਿੱਧਾ ਮਤਲਬ ਤਾਂ ਇਹ ਨਿਕਲਦਾ ਹੈ ਕਿ ਸਾਨੂੰ ਆਪਣੀ ਕੀਤੀ ਹੋਈ ਅਰਦਾਸ ’ਤੇ ਯਕੀਨ ਨਹੀਂ ਰਿਹਾ ਹੈ !

ਗੁਰੂ ਦੇ ਚਰਨਾਂ ’ਚ ਨਿਵਾਸ ਭਾਵ ਸ਼ਬਦ ਗੁਰੂ ਦੀ ਟੇਕ ਅਤੇ ਪ੍ਰਭੂ ਦੀ ਸਿਫ਼ਤ – ਸਲਾਹ, ਇਸ ਤਨ ਦੇ ਭਸਮ ਦੀ ਢੇਰੀ ਹੋਣ ਤੋਂ ਬਾਅਦ ਸੰਭਵ ਹੀ ਨਹੀਂ ਹੈ। ਗੁਰੂ ਦੇ ਚਰਨਾਂ ’ਚ ਨਿਵਾਸ ਕਰਨ ਦਾ ਆਚਰਨ (ਸੁਭਾਅ) ਸਵਾਸਾਂ ਦੀ ਪੂੰਜੀ ਰਹਿੰਦੇ ਹੀ ਵਿਕਸਿਤ ਕਰਨਾ ਹੁੰਦਾ ਹੈ।

ਸਾਸ ਸਾਸ ਤੇਰੇ ਗੁਣ ਗਾਵਾ; ਓਟ ਨਾਨਕ  ! ਗੁਰ ਚਰਣਾ ਜੀਉ ॥ (ਮਹਲਾ ੫/੧੦੦)

ਜਿਉ ਜਿਉ ਭਗਤਿ ਕਬੀਰ ਕੀ; ਤਿਉ ਤਿਉ ਰਾਮ ਨਿਵਾਸ ॥ (ਭਗਤ ਕਬੀਰ/੧੩੭੨)

ਛੋਟੇ ਵੀਰ ਦੇ ਚਿਹਰੇ ’ਤੇ ਵੀ ਹੁਣ ਮੁਸਕਾਨ ਦਿੱਖ ਰਹੀ ਸੀ, ਸ਼ਾਇਦ ਗੱਲ ਉਸ ਦੀ ਪਕੜ ਵਿੱਚ ਆ ਚੁੱਕੀ ਸੀ।

ਮੁਖਿ ਆਵਤ ਤਾ ਕੈ ਦੁਰਗੰਧ ॥

0

ਮੁਖਿ ਆਵਤ ਤਾ ਕੈ ਦੁਰਗੰਧ ॥

ਗੁਰਦੇਵ ਸਿੰਘ ਸੱਧੇਵਾਲੀਆ

ਕਿਉਕਿ ਵਿਚਾਰਾਂ ਵਿਚ ਦੁਰਗੰਧ ਹੈ। ਜੋ ਅੰਦਰ ਹੋਊ, ਉਹੀ ਬਾਹਰ ਨਿਕਲੂ। ਮੂੰਹ ਯਾਣੀ ਜ਼ਬਾਨ ਤਾਂ ਕੇਵਲ ਜਰੀਆ ਅਸਲ ਵਿਚ ਦੁਰਗੰਧ ਤਾਂ ਵਿਚਾਰਾਂ ਵਿਚੋਂ ਆ ਰਹੀ ਹੈ। ਦੁਰਗੰਧ ਹੁੰਦੀ ਹੀ ਵਿਚਾਰਾਂ ਵਿਚ ਹੈ। ਆਸਾ ਕੀ ਵਾਰ ਵਿਚ ਬਾਬਾ ਜੀ ਆਪਣੇ ਕਹਿੰਦੇ,

ਜੋ ਜੀਇ ਹੋਇ ਸੁ ਉਗਵੈ.. ॥ (ਮ: ੨/੪੭੪)

ਮੂੰਹ ਦੀ ਨਿਕਲੀ ਤਾਂ ਹਵਾ ਹੈ, ਜਿਸ ਨੂੰ ਜ਼ਬਾਨ ਅਤੇ ਦੰਦਾ ਨੇ ਰਲ ਕੇ ਲਫਜਾਂ ਵਿਚ ਘੜਿਆ। ਹਵਾ ਖੁਦ ਹੀ ਲਫਜ ਥੋੜੋਂ ਘੜਦੀ, ਜ਼ਬਾਨ ਤੇ ਦੰਦ ਹਵਾ ਨੂੰ ਆਪੇ ਥੋੜੋਂ ਚਿੱਥ ਕੇ ਲਫਜ ਦਿੰਦੇ। ਪੋਟੇ ਆਪੇ ਥੋੜੋਂ ਚੱਲ ਪੈਂਦੇ ਅੱਖਰਾਂ ’ਤੇ। ਪੋਟਿਆਂ ਨੂੰ ਕੋਈ ਚਲਾ ਰਿਹਾ, ਪੋਟਿਆਂ ਨਾਲ ਕੋਈ ਖੇਡ ਰਿਹੈ ਤੇ ਉਹ ਖੇਡਣ ਵਾਲੇ ਨੇ ਵਿਚਾਰ। ਅੱਖਰ ਹਵਾ ਵਿਚੋਂ ਨਹੀ ਆਉਂਦੇ ਬੰਦੇ ਦੇ ਧੁਰ ਅੰਦਰੋਂ ਆਉਂਦੇ। ਸਕਰੀਨ ਤਾਂ ਇੱਕ ਜਰੀਆ ਹੈ ਮੂਰਤ ਦੇਖਣ ਦਾ, ਵਿੰਡੋ ਤਾਂ ਘੜੀ ਹੋਈ ਮੂਰਤ ਨੂੰ ਦੇਖਣ ਲਈ ਸਾਧਨ ਹੈ, ਅਸਲ ਮੂਰਤਾਂ ਤਾਂ ਪਿੱਛੇ ਪਈਆਂ !

ਵਿਚਾਰਾਂ ਵਿਚਲੀ ਦੁਰਗੰਧ ਜਦ ਅੱਖਰ ਬਣ ਕੇ ਬਾਹਰ ਆਉਂਦੀ ਤਾਂ ਵਾਤਾਵਰਣ ਪ੍ਰਦੂਸ਼ਿਤ ਤਾਂ ਹੋਏਗਾ ਹੀ ਨਾ।

ਦੁਰਗੰਧ ਵਾਲੇ ਬਚਨਾਂ ਤੋਂ ਪਹਿਲਾਂ ਬਾਬਾ ਜੀ ਆਪਣੇ ਇਸ ਪਹਿਰੇ ਵਿਚ ਸਾਕਤ ਤੋਂ ਗੱਲ ਸ਼ੁਰੂ ਕਰਦੇ ਹਨ, ਜਿਵੇਂ

ਬਿਰਥੀ ਸਾਕਤ ਕੀ ਆਰਜਾ ॥ (ਮ: ੫/੨੬੯)

ਸਾਕਤ ਕੇਵਲ ਰੱਬ ਨੂੰ ਨਾ ਮੰਨਣ ਕਾਰਨ ਹੀ ਨਹੀਂ ਹੁੰਦਾ, ਦੁਨੀਆਂ ਉੱਪਰ ‘ਧਾਰਮਿਕ’ ਸਾਕਤਾਂ ਜਿਹੜਾ ਧਮਾਲ ਪਾਇਆ ਹੋਇਆ ਕਿਤੇ ? ਦੂਜਿਆਂ ਸਾਕਤਾਂ ਦੀ ਦੁਰਗੰਧ ਤਾਂ ਜਿਹੜੀ ਹੈ, ਸੋ ਹੈ ਹੀ, ਪਰ ਜਿਹੜੀ ਆਪਣੇ ਵਾਲਿਆਂ ਖਲਾਰੀ ਪਈ !  ਪਹਿਲਾਂ ਤਾਂ ਦੋਸ਼ ਡੇਰਿਆਂ ਉੱਪਰ ਸੀ, ਕਿ ਅਗਿਆਨਤਾ ਦੀ ਦੁਰਗੰਧ ਖਿਲਾਰ ਰਹੇ ਨੇ ਪਰ ਗਿਆਨੀ ਹੋ ਚੁੱਕੇ ? ਜਾਗ ਚੁੱਕੇ ? ਜਾਗਣ ਦਾ ਹੋਕਾ ਦੇਣ ਵਾਲੇ ?

ਨਾ ਸਵਾਲ ਕਦੇ ਮੁੱਕੇ ਨਾ ਜਵਾਬ। ਮੁੱਕ ਸਕਦੇ ਹੀ ਨਹੀ। ਹਜ਼ਾਰਾਂ, ਲੱਖਾਂ, ਕ੍ਰੋੜਾਂ ਸਵਾਲ ਤੇ ਜਵਾਬ ਮਰਦੇ ਤੇ ਜੰਮਦੇ ਬੰਦੇ ਅੰਦਰ ! ਤੁਹਾਡੀ ਦੇਹ ਦੇ ਸੈੱਲਾਂ ਦੀ ਤਰ੍ਹਾਂ। ਮਰਨ ਵਾਲੇ ਹਾਲੇ ਮਰ ਹੀ ਰਹੇ ਹੁੰਦੇ ਹਨ ਕਿ ਨਵੇਂ ਜੰਮ ਵੀ ਪੈਂਦੇ। ਇਵੇਂ ਹੀ ਸਵਾਲ ਨੇ ਤੇ ਉਨ੍ਹਾਂ ਦੇ ਜਵਾਬ। ਇਹ ਜੰਮਣ ਤੇ ਮਰਨ ਦਾ ਗੇੜ ਚੱਲਦਾ ਰਹਿੰਦਾ। ਪਹਿਲਾਂ ਸਵਾਲ ਜੰਮਦੇ ਸਨ ਉਨ੍ਹਾਂ ਦੇ ਦੂਜੇ ਤੱਕ ਪਹੁੰਚਣ ਤੱਕ ਉਈਂ ਮਰ ਜਾਂਦੇ ਸਨ ਪਰ ਹੁਣ ਸਵਾਲ ਉੱਠਿਆ ਨਹੀਂ ਕਿ ਤੁਸੀਂ ਚਾਰ ਉਗਲਾਂ ਮਾਰੀਆਂ ਚੱਲ ਪੂਰੀ ਦੁਨੀਆਂ ਵਿਚ ਤੇ ਅਗਲੇ ਕੋਲੇ ਵੀ ਉਹੀ ਹਥਿਆਰ ਤਿਆਰ। ਬਾਹਾਂ ਟੰਗੀ ਖੜ੍ਹਾ ਅਗਲਾ, ਅਗਲੇ ਜਵਾਬ ਲਈ। ਤੁਹਾਡੇ ਹਾਲੇ ਦੂਜੇ ਸਵਾਲ ਲਈ ਪੋਟਿਆਂ ਵਿਚ ਖੁਰਕ ਹੋ ਹੀ ਰਹੀ ਹੁੰਦੀ ਕਿ ਅਗਲਾ ਜਵਾਬ ਇੱਟ ਦੀ ਤਰ੍ਹਾਂ ਤੁਹਾਡੇ ਮੱਥੇ ਵਿਚ ਮਾਰਦਾ।  ਇਹ ਸਿਲਸਲਾ ਜਿਉਂ ਜਾਰੀ ਹੁੰਦਾ ਕਿ ਫੇਸ ਬੁੱਕਾਂ ਉੱਪਰ ਬਹਿਸਣ ਵਾਲਿਆਂ ਦੀ ਰਾਤਾਂ ਦੀ ਨੀਂਦ ਗਾਇਬ।

ਵਿਚਾਰਾਂ ਦੇ ਇਸ ਅਥਾਹ ਸਾਗਰ ਵਿਚ ਬੜਾ ਕੁਝ ਚੰਗਾ ਵੀ ਪਿਆ ਪਰ ਮੈਂ ਕਿਹੜਾ ਹੇਠਾਂ ਜਾਣਾ। ਹੇਠਾਂ ਜਾਣ ਲਈ ਸਮਾਂ ਲੱਗਣਾ ਮੈਂ ਉੱਪਰੋਂ ਉੱਪਰੋਂ ਜੋ ਹੱਥ ਆਉਂਦਾ ਚੁੱਕ ਚੁੱਕ ਸੁੱਟੀ ਜਾਨਾ ਇੱਕ ਦੂਏ ਵੰਨੀ। ਕਈ ਵਾਰ ਤਾਂ ਇੱਟ ਰੋੜਾ ਵੀ ਜਦ ਹੱਥ ਨਹੀਂ ਲੱਗਦਾ ਤਾਂ ਚਿੱਕੜ ਹੀ ਸਹੀ। ਰੇਤੇ ਦਾ ਬੁੱਕ ਹੀ ਸਹੀ। ਕੁਝ ਤਾਂ ਜਾਣਾ ਚਾਹੀਦਾ ਅਗਲੇ ਵੰਨੀ। ਹਾਰਨ ਲਈ ਪੈਦਾ ਹੋਇਆਂ ਮੈਂ ? ਇੰਨੀ ਵੱਡੀ ਜੰਗ ਚੱਲ ਰਹੀ ਹੋਵੇ ਤਾਂ ਤੁਸੀਂ ਅਗਲੇ ਨੂੰ ਜਵਾਬ ਹੀ ਨਾ ਦੋਵੋ ? ਫਿਰ ਜੋ ਕੁੱਤਾ, ਕੰਜਰਾ, ਹਰਾਮਜ਼ਾਦਾ, ਹਰਾਮਜ਼ਾਦੇ, ਬੂਝੜ, ਬੂਥਲ ਆਉਂਣ ਦਿਉ, ਜੋ ਆਉਂਦੈ ! ਪਿੰਡ ਦੀਆਂ, ਵਿਹੜੇ ਵਾਲੀਆਂ ਵੀ ਸ਼ਰਮਿੰਦੀਆਂ ਹੋ ਜਾਣ।

ਵਿਚਾਰ ਵਿਚ ਹਾਲੇ ਕੋਈ ਸਾਰਥਿਕਤਾ ਨਹੀਂ ਸੀ ਆਈ। ਛੋਟੀ ਜਿਹੀ ਉੱਬੀ ਵੱਜੀ ਸੀ ਸਾਗਰ ਵਿਚ। ਅੰਦਰ ਉਤਰਦਿਆਂ ਹੀ ਮੈਂ ਬੌਂਦਲ ਗਿਆ।  ਮੈਂ ਸੋਚਿਆ ਹੀ ਨਾ ਕਿ ਕਮਲਿਆ  ! ਹੇਠਾਂ ਤਾਂ ਜਾ ਲੈਂਦਾ। ਥੋੜਾ ਉਤਰ ਤਾਂ ਲੈਂਦਾ। ਥੋੜਾ ਗੋਤਾ ਤਾਂ ਖਾ ਲੈਂਦਾ। ਥੋੜਾ ਭਿੱਜ ਤਾਂ ਲੈਂਦਾ। ਪੈਰ ਵੀ ਨਾ ਭਿੱਜੇ ਹਾਲੇ ਤੇ ਤੂੰ ਗਿਆਨ ਦੇ ਅਥਾਹ ਸਾਗਰ ਗੁਰੂ ਨੂੰ ਵੀ ਮਿਣਨ ਲੱਗ ਗਿਆ ? ਹੱਥ ਫੀਤਾ ਫੜ ਲਿਆ ਕਿ ਬੱਸ ਇੰਨਾ ਕੁ ਹੀ ਹੈ। ਆਮ ਜਿਹਾ ਹੀ। ਮੇਰੇ ਕੁ ਵਰਗਾ ਹੀ ਬੱਸ ? ਆਉ ਇਸ ਨੂੰ ਇਥੇ ਖੜ੍ਹ ਕੇ ਸਮਝੀਏ ਜੇ ਸਮਝਣਾ। ਮੇਰੀ ਵਾਲੀ ਥਾਂ ਤੇ ? ਐਵੇਂ ਭੁਲੇਖਾ ਹੀ ਸੀ ਕਿ ਬਹੁਤ ਡੂੰਘਾ ਆਹ ਦੇਖੋ, ਮੈਂ ਮਿਣ ਲਿਆ ਜੇ !

ਇਸ ਹੰਕਾਰ ਨੇ ਕੀ ਕੀਤਾ ਕਿ ਵਿਚਾਰਾਂ ਵਿਚ ਦੁਰਗੰਧ ਭਰ ਗਈ। ਉਹ ਦੁਰਗੰਧ ਲਫ਼ਜ਼ਾਤ ਬਣ ਕੇ ਜਦ ਮੂੰਹ ਉੱਪਰ ਆਈ ਤਾਂ ਵਾਤਾਵਰਣ ਪ੍ਰਦੂਸ਼ਿਤ ਹੋ ਗਿਆ ਵਾਤਾਵਰਣ ਵਿਚ ਬਦਬੂ ਫੈਲ ਗਈ। ਅੱਖਰਾਂ ਦੀ ਬਦਬੂ, ਲਫ਼ਜ਼ਾਂ ਦੀ, ਲਲਕਾਰਿਆਂ ਦੀ ਬਦਬੂ, ਕੰਜਰਾ ਕੁੱਤਿਆ ਦੀ ਬਦਬੂ !

ਉਹ ਵੀ ਛੱਡੋ ਉਧਰ ਦੇਖ, ਦੂਜੇ ਗਿਆਨੀਆਂ ਵੀ ਮੌਜੇ ਲਾਹ ਲਏ ਕਿ ਧੂਹੋ ਇਸ ਨੂੰ। ਹੁਣ ਇੱਕ ਸਾਗਰ ਨੂੰ ਮਿਣਨ ਲਈ ਫੀਤਾ ਫੜੀ ਖੜ੍ਹਾ ਜੀਵ ਕਿੱਡਾ ਕੁ ਹੋ ਸਕਦਾ ਜਿਸ ਨੂੰ ਤੁਸੀਂ ਧੂਣ ਤੁਰ ਪਏ। ਕੋਈ ਘੁੱਗੀ ਨੂੰ ਮਾਰਨ ਲਈ ਤੋਪ ਬੀੜੀ ਖੜ੍ਹਾ ਹੋਵੇ ਉਹ ਕਿੰਨਾ ਕੁ ਸਿਆਣਾ ਹੋਵੇਗਾ ਤੇ ਦੁਰਗੰਧ ਦਾ ਜਵਾਬ ਦੁਰਗੰਧ ਕਿਵੇਂ ਹੋਈ ?

ਪੰਜਾਬ ਦੇ ਭਵਿੱਖ ਦੀ ਧੁੰਦਲਾਂਦੀ ਤਸਵੀਰ

0

ਪੰਜਾਬ ਦੇ ਭਵਿੱਖ ਦੀ ਧੁੰਦਲਾਂਦੀ ਤਸਵੀਰ

ਗੁਰਜੀਤ ਸਿੰਘ ਗੀਤੂ, ਪਿੰਡ/ਡਾਕ. ਕੋਲਿਆਂ ਵਾਲੀ, ਤਹਿ. ਮਲੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ-(152107) ਮੋਬਾ. 94653-10052

ਬਜ਼ੁਰਗ ਪੁਰਾਣੇ ਖੁੰਢ ਦੀ ਤਰ੍ਹਾਂ ਹੁੰਦੇ ਹਨ ਪਰ ਪੁੰਗਰਦੀਆਂ ਸਾਖਾਂ ਦੀ ਤਰ੍ਹਾਂ ਨੌਜਵਾਨਾਂ ਨੂੰ ਵੀ ਕਿਸੇ ਸੰਘਣੇ ਰੁੱਖ ਤੋਂ ਘੱਟ ਨਹੀਂ ਸਮਝਣਾ ਚਾਹੀਦਾ। ਕਿਸੇ ਦੇਸ਼, ਕੌਮ ਦੀਆਂ ਮਜ਼ਬੂਤ ਜੜ੍ਹਾਂ ਦੀ ਬੁਨਿਆਦ ਦੇਖਣ ਲਈ ਉਸ ਦੀ ਨੌਜਵਾਨੀ ਦੇ ਦ੍ਰਿੜ੍ਹ ਇਰਾਦੇ ਨੂੰ ਦੇਖ ਲੈਣਾ ਜ਼ਰੂਰੀ ਹੈ ਕਿ ਉਹ ਭਵਿੱਖ ਨੂੰ ਲੈ ਕੇ ਕੀ ਸੋਚਦੇ ਹਨ ? ਜਿਸ ਦੇਸ਼ ਦੇ ਨੌਜਵਾਨ ਆਪਣੇ ਸਮਾਜ, ਦੇਸ਼ ਜਾਂ ਕੌਮ ਲਈ ਚਿੰਤਤ ਹੋਣ ਤਾਂ ਦੇਸ਼ ਦੇ ਬਜ਼ੁਰਗਾਂ ਦੀਆ ਅੱਧੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ, ਲੇਕਿਨ ਜਿਸ ਦੇਸ਼ ਵਿੱਚ ਨੌਜਵਾਨੀ ਇਸ ਗੱਲ ਲਈ ਚਿੰਤਤ ਹੁੰਦੀ ਆਪਣੇ ਰਸਤੇ ਤੋਂ ਭਟਕ ਜਾਂਦੀ ਹੈ ਕਿ ਸਾਨੂੰ ਰੋਟੀ ਕਿੱਥੋਂ ਤੇ ਕਿਵੇਂ ਮਿਲੂ ?  ਉਸ ਦੇਸ਼ ਦਾ ਭਵਿੱਖ ਕੋਈ ਬਹੁਤਾ ਉੱਜਲ ਨਹੀਂ ਹੋਵੇਗਾ।

‘ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ’ ਇਹ ਅਖਾਣ ਹੁਣ ਝੂਠਲਾਉਂਦਾ ਪ੍ਰਤੀਤ ਹੁੰਦਾ ਹੈ ਤੇ ਮਹਾਨ ਕੁਰਬਾਨੀਆਂ ਨਾਲ ਭਰੇ ਪੰਜਾਬ ਦੀ ਨੌਜਵਾਨੀ ਅੱਜ ਸਿਰਫ਼ ਰੋਟੀ ਦੀ ਤਲਾਸ਼ ਲਈ ਹੀ ਜਿਉਂ ਰਹੀ ਨਜ਼ਰ ਆਉਂਦੀ ਹੈ। ਅੱਜ ਕਿੰਨੇ ਕੁ ਨੌਜਵਾਨ ਹਨ, ਜੋ ਪੰਜਾਬ ’ਚ ਰਹਿ ਕੇ ਜ਼ਿੰਦਗੀ ਗੁਜ਼ਾਰਨਾ ਠੀਕ ਸਮਝਦੇ ਹਨ, ਸਿਰਫ਼ ਉਹੀ, ਜਿੰਨਾ ਦਾ ਸਬੱਬ ਆਰਥਿਕਤਾ ਕਾਰਨ ਪੱਛਮੀ ਦੇਸ਼ਾਂ ਦਾ ਜਹਾਜ਼ ਚੜ੍ਹਣ ਦਾ ਨਹੀਂ ਬਣਦਾ ਜਾਂ ਹਰ ਕੋਸ਼ਿਸ਼ ਕਰ ਕੇ ਹਿੰਮਤ ਹਾਰ ਚੁੱਕੇ ਮੁੰਡੇ-ਕੁੜੀਆ ਹੀ ਹੋਣਗੇ, ਨਹੀਂ ਤਾਂ ਅੱਜ ਦਾ ਬਾਰਵੀਂ ਪਾਸ ਹਰ ਮੁੰਡਾ-ਕੁੜੀ ਪੱਛਮੀ ਦੇਸ਼ਾਂ ਦਾ ਜਹਾਜ਼ ਚੜ੍ਹਨ ਲਈ ਆਈਲਟਸ ਦੇ ਸੈਂਟਰਾਂ ਦੀਆ ਕਤਾਰਾਂ ਵਿੱਚ ਲੱਗਣ ਲਈ ਕਾਹਲਾ ਹੈ। ਜਿੱਥੇ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੈ ਤੇ ਹਰ ਕੀਤੇ ਕੰਮ ਦੀ ਕਦਰ ਹੋਣ ਦੇ ਨਾਲ-ਨਾਲ ਉਸ ਦੀ ਮਿਹਨਤ ਦਾ ਮੁੱਲ ਵੀ ਦਿੱਤਾ ਜਾਂਦਾ ਹੈ। ਪੰਜਾਬ ਦਾ ਸਰਕਾਰੀ ਢਾਂਚਾ ਅੱਜ ਇਸ ਤਰ੍ਹਾਂ ਦਾ ਹੋ ਗਿਆ ਹੈ, ਜਿੱਥੇ ਉਸ ਦੀਆਂ ਸਰਕਾਰਾਂ ਨੂੰ ਵੀ ਯਕੀਨ ਨਹੀਂ ਕਿ ਉਸ ਦੇ ਬਣਾਏ ਵਿੱਦਿਅਕ-ਅਦਾਰਿਆਂ ਦੇ ਬੱਚੇ ਕੁਝ ਕਰਨ ਦੇ ਕਾਬਿਲ ਵੀ ਹਨ ? ਅਗਰ ਸਰਕਾਰਾਂ ਉਹਨਾਂ ਬੱਚਿਆ ਦੀ ਕਾਬਲੀਅਤ ਤੇ ਰੱਤਾ ਭਰ ਵੀ ਭਰੋਸਾ ਕਰਦੀਆਂ ਤਾਂ ਸ਼ਾਇਦ ਅੱਜ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਖਿਤਾਬ ਨਾ ਦਿੱਤਾ ਜਾਂਦਾ।

ਢਿੱਡ (ਪੇਟ) ਦੀ ਪੀੜਾ ਦਾ ਸਤਾਇਆ ਨੌਜਵਾਨ ਮਰਦਾ ਕੀ ਨਾ ਕਰਦਾ ? ਸਰਕਾਰਾਂ ਦੀ ਖ਼ੁਦਗ਼ਰਜ਼ੀ ਤੋਂ ਅੱਕੇ ਨੌਜਵਾਨਾਂ ਕੋਲ ਸਿਰਫ ਦੋ ਹੀ ਰਸਤੇ ਬਚਦੇ ਹਨ। ਪਹਿਲਾ ਇਸ ਦੇਸ਼ ਨੂੰ ਛੱਡ ਕੇ ਪੱਛਮੀ ਦੇਸ਼ਾਂ ਦੇ ਜਹਾਜ਼ ਚੜ੍ਹ ਜਾਣ ਦਾ, ਜਿੱਥੇ ਉਹਨਾਂ ਦੀ ਮਿਹਨਤ ਨਾਲ ਕੀਤੇ ਕੰਮਾਂ ਦੇ ਮੁੱਲ ਪੈਂਦੇ ਹਨ ਤੇ ਦੂਸਰਾ ਆਪਣੀਆਂ ਡਿਗਰੀਆਂ ਨੂੰ ਸਾੜ-ਫੂਕ ਕੇ ਸ਼ਾਹੀ ਅਫਸਰਾਂ ਦੀ ਨਜਾਇਜ਼ ਕੀਤੀ ਕਮਾਈ ਦੀਆਂ ਲੁੱਟਾਂ-ਖੋਹਾਂ ਕਰ ਕੇ ਢਿੱਡ ਭਰਨ ਲੱਗ ਜਾਣ ਦਾ, ਜੋ ਸਰਕਾਰਾਂ ਦੀ ਨਿਗਾਹ ’ਚ ਅੱਤਵਾਦੀ ਜਾਂ ਗੈਗਸਟਰ ਹਨ ਤੇ ਬਾਅਦ ’ਚ ਕਿਸੇ ਪੁਲਿਸ ਇੰਨਕੌਂਟਰ ਦੇ ਨਾਂਅ ਹੇਠ ਝੂਠੇ ਕੇਸਾਂ ਦਾ ਸ਼ਿਕਾਰ ਹੋ ਕੇ ਆਪਣੀ ਜਿੰਦ, ਭੰਗ ਦੇ ਭਾਣੇ ਗੁਆ ਦੇਣ ਦਾ।  ਸਿਆਸੀ ਕੂੜ-ਰਾਜਨੀਤੀ ਕਾਰਨ ਕਦੇ 47 ਦੀ ਵੰਡ ਹੁੰਦੀ ਹੈ ਤੇ ਕਦੇ 84 ਵਿੱਚ ਨੌਜਵਾਨਾਂ ਨੂੰ ਅੱਤਵਾਦੀ ਐਲਾਨ ਕੇ ਝੂਠੇ ਕੇਸ ਬਣਾ ਦਿੱਤੇ ਜਾਂਦੇ ਹਨ ਤੇ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆ ’ਚ ਮਾਰ ਦਿੱਤੇ ਜਾਂਦੇ ਹਨ। ਅੱਜ ਵੀ ਉਹੀ ਗਰਮ ਖੂਨ ਆਪਣੇ ਹੱਕ ਮੰਗਦਾ ਹੈ ਤਾਂ ਉਹ ਗੈਂਗਸਟਰ ਕਹਿਲਾਉਂਦਾ ਹੈ।

ਪੰਜਾਬ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਜਿੱਥੇ ਬੇਰੁਜ਼ਗਾਰੀ ਆਪਣੀ ਭੂਮਿਕਾ ਅਦਾ ਕਰ ਰਹੀ ਹੈ ਤਾਂ ਉੱਥੇ ਪੰਜਾਬ ਦੀਆਂ ਸਰਕਾਰਾਂ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਪੰਜਾਬ ਨੂੰ ਵਿਸ਼ਵ ਪ੍ਰਸਿੱਧ ਬਣਾਉਣ ਲਈ ਸਰਕਾਰਾਂ ਨੂੰ ਅਹਿਮ ਜ਼ਿੰਮੇਵਾਰੀ ਤੋਂ ਜਾਣੂ ਹੋਣਾ ਲਾਜ਼ਮੀ ਹੈ ਤੇ ਪੁਲਿਸ ਇੰਨਕੌਂਟਰ ਕਰ ਕੇ ਨੌਜਵਾਨਾਂ ਨੂੰ ਅੱਤਵਾਦ ਜਾਂ ਗੈਂਗਸਟਰ ਦੇ ਨਾਂਅ ’ਤੇ ਮਾਰਨਾ, ਬੰਦ ਕਰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਕਿਸੇ ਮਾਂ ਦੇ ਪੁੱਤ ਦਾ ਦਿਲ ਨਹੀਂ ਕਰਦਾ ਕਿ ਉਹ ਪੜ੍ਹ-ਲਿਖ ਕੇ ਆਪਣੇ ਮਾਪਿਆ ਦੀਆ ਆਸਾਂ ’ਤੇ ਪਾਣੀ ਫੇਰੇ ਜਾਂ ਪੱਛਮੀ ਮੁਲਕਾਂ ਦੇ ਜਹਾਜ਼ ਚੜ੍ਹ ਕੇ ਪਿੱਛੋਂ ਮਰੇ ਮਾਂ-ਬਾਪ ਦੇ ਸਿਵੇ ਨੂੰ ਅਗਨੀ ਦੇਣ ਵੀ ਨਾ ਪਹੁੰਚੇ। ਹਜੇ ਵੀ ਕੋਈ ਦੇਰ ਨਹੀਂ ਹੋਈ ਜੇ ਸੁੱਤੀਆਂ ਸਰਕਾਰਾਂ ਦੀ ਨੀਂਦ ਖੁੱਲ੍ਹ ਜਾਵੇ ਤੇ ਚੰਦ ਕੁ ਸਾਲਾਂ ’ਚ ਨੌਂਜਵਾਨੀ ਤੋਂ ਸੱਖਣੇ ਹੋਣ ਜਾ ਰਹੇ ਪੰਜਾਬ ਨੂੰ ਅਪੰਗਤਾ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਜਾਵੇ ਤੇ ਮੁੜ ਪੰਜਾਬ ਦੀ ਨੌਂਜਵਾਨੀ ਨੂੰ ਰੁਜ਼ਗਾਰ ਦੇ ਕੇ ਗੈਂਗਸਟਰ ਤੇ ਅੱਤਵਾਦੀ ਬਣਨ ਤੋਂ ਰੋਕਣ ਲਈ ਜ਼ਿੰਮੇਵਾਰੀ ਦੀ ਪਹਿਚਾਣ ਕੀਤੀ ਜਾਵੇ ਤੇ ਪੱਛਮੀਂ ਮੁਲਕਾਂ ਵੱਲ ਜਾ ਰਹੇ ਅਣਗਿਣਤ ਨੌਂਜਵਾਨ ਮੁੰਡੇ-ਕੁੜੀਆ ਦੀ ਕਾਬਲੀਅਤ ਨੂੰ ਪਹਿਚਾਣ ਕੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਸੋਹਣੇ ਪੰਜਾਬ ਦੇ ਬਗ਼ੀਚੇ ਨੂੰ ਖੁਸ਼ਹਾਲ ਕਰ ਕੇ ਇੱਕ ਵਾਰ ਮੁੜ ਤੋਂ ‘ਪੰਜਾਬ ਮੇਰਾ ਸੋਨੇ ਦੀ ਚਿੱੜੀ’ ਬਣਾਇਆਂ ਜਾਵੇ।

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਸਿੱਖ

0

ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਸਿੱਖ

‘ਸ੍ਰੀ ਗੁਰੂ ਗਰੰਥ ਜੀ’ ਨੂੰ ਤਨੋ-ਮਨੋ ਪੂਜਦੇ ਹਾਂ, ਸਤਿਕਾਰ ਕਰਦੇ ਹਾਂ ਪੂਰਾ ਤਾਨ ਲਾ ਕੇ।

ਸੇਵਾ ਲੰਗਰ ਦੀ ਹੋਵੇ ਭਾਵੇਂ ਫਿਰ ਜੋੜਿਆਂ ਦੀ, ਅਸੀਂ ਕਰਦੇ ਹਾਂ ਜਿੰਦ ਤੇ ਜਾਨ ਲਾ ਕੇ।

ਸਿਰ ਢੱਕ ਕੇ ਜਾਈਏ ਸਦਾ ਹੀ ਗੁਰੂ ਦੁਆਰੇ, ਮੱਥਾ ਟੇਕਦੇ ਹਾਂ ਗੋਲਕ ਵਿਚ ਦਾਨ ਪਾ ਕੇ।

ਕਾਰ-ਸੇਵਾ ਚੱਲਦੀ ਹੋਵੇ ਕਿਸੇ ਗੁਰੂ ਦੁਆਰੇ, ਮਾਇਆ ਦਿੰਦੇ ਹਾਂ ਵਿਚ ਅਭਿਮਾਨ ਆ ਕੇ।

ਸਟੇਜ ਤੋਂ ਜਦੋਂ ਹੀ ਸਾਡਾ ਨਾਮ ਬੋਲਦਾ ਏ, ਫੁੱਲ ਜਾਂਦੇ ਹਾਂ ਥੋੜ੍ਹਾ ਜਿਹਾ ਸਨਮਾਨ ਪਾ ਕੇ।

ਗੁਰਦੁਆਰੇ ਬਣਾ ਲਏ ਕਈ ਮੰਜ਼ਿਲੇ, ਪ੍ਰਕਾਸ਼ ਕਰ ਲੀਤਾ ਗੁਰੂ ਦਾ ਨਵਾਂ ਸਰੂਪ ਲਿਆ ਕੇ।

ਰੁਮਾਲਾ ਚੁੱਕ ਕੇ ਖੁੱਦ ਕਦੇ ਵੀ ਪੜ੍ਹਿਆ ਨਾ, ‘ਗੁਰਬਾਣੀ’ ਸੁਣੀ ਨਾ ਕਦੇ ‘ਧਿਆਨ’ ਲਾ ਕੇ।

ਕਰਵਾਉਂਦੇ ਹਾਂ ਤਰ੍ਹਾਂ ਤਰ੍ਹਾਂ ਦੇ ਪਾਠ ਅਸੀਂ, ਕੰਮ ਸਾਡੇ ਸੰਵਾਰੇ ਸਤਿਗੁਰੂ ਜੀ ਆਪ ਆ ਕੇ।

ਰੀਤਾਂ ਨਿਭਾਉਣ ਲਈ ਗੁਰੂ ਜੀ ਨੇ, ਜਨਮ ਮਰਨ ਜਾਂ ਅਨੰਦ ਕਰਾਈਏ ਗ੍ਰੰਥ ਘਰ ਮੰਗਾ ਕੇ।

ਮੰਨਣ ਦੀ ਗੱਲ ਤਾਂ ਅਜੇ ਬੜੀ ਦੂਰ ਦੀ ਏ, ਵੀਚਾਰ ਕੀਤੀ ਨਾ ਸੰਗਤ ਵਿਚਕਾਰ ਆ ਕੇ।

ਗਿਆਨ ਦੇ ਸਾਗਰ ਗੁਰੂ ਜੀ ਹਨ, ਲੋਕਾਂ ਨੂੰ ਦੱਸਣਾ ਕੀ?  ਸਮਝੇ ਨਾ ਖੁਦ ਅਜੇ ਤੱਕ ਆ ਕੇ।

‘ਸੁਰਿੰਦਰ ਸਿੰਘਾ’ ਉਂਝ ਅਸੀਂ ਹਾਂ ਸਿੱਖ ਪੱਕੇ, ਸਿੱਖੀ ਨੇੜੇ ਨਾ ਦੇਖੀ ਜਦੋਂ ਪਰਖ ਪਾ ਕੇ।

ਪੂਜਣ ਦੀ ਥਾਂ ਜੇ ਗੁਰੂ ਦੀ ਮੰਨ ਲੈਂਦੇ, ਦੱਸ ਤੇਰੀ ਚਾਹ ਕੀ, ਪੁੱਛਦੇ ਖੁਦ ਭਗਵਾਨ ਆ ਕੇ।

ਸ਼. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ ਫੋਨ=94662-66708, 97287-43287,

E -MAIL= sskhalsa223@yahoo.com sskhalsa1957@gmail.com

ਗੁਰੂ ਗ੍ਰੰਥ ਜੀ/ ਸਿੱਖ ਨੂੰ ਸੰਦੇਸ਼

0

      ਗੁਰੂ ਗ੍ਰੰਥ ਜੀ/ ਸਿੱਖ ਨੂੰ ਸੰਦੇਸ਼

ਸਿੱਖਾਂ ਦੇ ਗੁਰ ‘ਸ੍ਰੀ ਗੁਰੂ ਗ੍ਰੰਥ ਜੀ’ ਹਨ, ਫਿਰ ਕਿਉਂ ਦੌੜਦੈਂ ਸਿੱਖਾ ! ਤੂੰ ਐਵੇਂ ਐਰੇ ਗੈਰੇ ਦੇ ਵੱਲ।

ਕਦੇ ਕਿਸੇ ਡੇਰੇ ਤੇ ਕਦੇ ਕਿਸੇ ਸਮਾਧ ਤੇ, ਕਦੇ ਪੁੱਛਾਂ ਦੇਣ ਵਾਲਿਆਂ ਦੇ ਜਾ ਕੇ ਖਿਲਾਰਦੈਂ ਝੱਲ।

ਤੇਰੇ ਕਰਨੀ ’ਚੋਂ ਜੇ ਸਤਿਗੁਰਾਂ ਦਾ ਉਪਦੇਸ਼ ਦਿਸੇ, ਸਾਰਾ ਹੀ ਸੰਸਾਰ ਫਿਰ ਦੇਖੇਗਾ ਤੇਰੇ ਹੀ ਵੱਲ।

ਪਰ! ਤੂੰ ਤਾਂ ਖੁਦ ਹੀ ਹੋਇਐ ਡਾਵਾਂ ਡੋਲ ਫਿਰਦੈਂ, ਬੇੜੀ ਕਿਵੇਂ ਲੱਗੇ, ਫਿਰ ਤੇਰੀ ਕਿਨਾਰੇ ਦੇ ਵੱਲ।

ਸ਼ਰਧਾ ਤੇ ਵੀਚਾਰ ਦੇ ਨਾਲ ਪੜ੍ਹ ਗੁਰਬਾਣੀ, ਮਿਲੇਗਾ ਬਾਣੀ ਵਿਚੋਂ ਹੀ ਬਿਬੇਕ ਗਿਆਨ ਦਾ ਫਲ਼।

ਸਤ, ਸੰਤੋਖ ਤੇ ਸਹਿਜ ਤੇਰੇ ਪਾਸ ਆਉਣਗੇ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ’ ਨੂੰ ਪੈ ਜਾਵੇਗੀ ਠੱਲ।

ਸਿੱਖੀ ਦਾ ਧੁਰਾ ਹਨ ‘ਸ੍ਰੀ ਗੁਰੂ ਗਰੰਥ ਜੀ’, ਇਨ੍ਹਾਂ ਦੁਆਲੇ ਹੀ ਘੁੰਮਦੀ ਏ ਸਿੱਖ ਤੇ ਸਿੱਖੀ ਦੀ ਗੱਲ।

ਬਾਣੀ ਅਤੇ ਬਾਣੇ ਦਾ ਧਾਰਨੀ ਬਣ ਕੇ ਰਹਿ, ਸੰਵਰ ਜਾਵੇਗਾ ਤੇਰਾ ਅੱਜ ਅਤੇ ਆਉਣ ਵਾਲਾ ਕੱਲ੍ਹ।

‘ਸ੍ਰੀ ਗੁਰੂ ਗ੍ਰੰਥ ਜੀ’ ਨੂੰ ਸਮਰਪਣ ਕਰ ਕੇ ਤਾਂ ਵੇਖ, ਏਥੋਂ ਹੀ ਮਿਲੇਗਾ ਤੇਰੀ ਹਰ ਉਲਝਣ ਦਾ ਹੱਲ।

ਸ਼. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ ਫੋਨ= 94662-66708, 97287-43287

E -MAIL= sskhalsa223@yahoo.com sskhalsa1957@gmail.com

ਪੰਜਾਬੀ ਬੋਲੀ

0

  ਪੰਜਾਬੀ ਬੋਲੀ

ਰਾਜ ਬੋਲੀ ਪੰਜਾਬ ਦੀ ਭਾਵੇਂ ‘ਪੰਜਾਬੀ’ ਹੀ ਹੈ ਅਤੇ ਹੁਕਮ ਵੀ ਚਲਦੈ ਹੈ ਏਥੇ ਇਕ ਪੰਜਾਬੀ ਦਾ।

ਪਰ! ਵਿਹਾਰ ’ਚ ਤਾਂ ਰਾਜ-ਰਾਣੀ ਧੱਕੇ ਖਾਂਦੀ ਐ, ਦਰਦੀ ਦਿਖਦਾ ਨਾ ਕੋਈ ਏਥੇ ਅੱਜ ਪੰਜਾਬੀ ਦਾ।

 ਕਚੈਹਰੀਆਂ ’ਚ ਕੋਈ ਪੁੱਛ ਪ੍ਰਤੀਤ ਨਹੀਂ, ਦਫਤਰਾਂ ਕਨਵੈਂਟ ਸਕੂਲਾਂ ’ਚ ਵੀ ਦਾਖ਼ਲਾ ਬੰਦ ਪੰਜਾਬੀ ਦਾ।

ਸੜਕਾਂ ਦੇ ਮੀਲ ਪੱਥਰਾਂ ਤੋਂ ਪੰਜਾਬੀ ਗਾਇਬ ਹੈ, ਦੁਕਾਨਾਂ ਦੇ ਬੋਰਡ ਵੀ ਵਿਰਲਾ ਹੀ ਲਾਉਂਦਾ ਪੰਜਾਬੀ ਦਾ।

ਈਰਖਾਵਾਦੀ ਤਬਕਾ ਇਸ ਦਾ ਦੁਸ਼ਮਣ ਬਣਿਆ, ਗਵਾਰਾਂ ਦੀ ਬੋਲੀ ਕਹਿ ਅਨਾਦਰ ਕਰਦੈ ਹਰ ਪੰਜਾਬੀ ਦਾ।

ਉੱਪਰ ਥੁੱਕਣ ਵਾਲੇ ਦੇ ਥੁੱਕ ਵਾਪਸ ਮੁੰਹ ’ਤੇ ਆਉਂਦੈ, ਉਹ ਰੱਖਣ ਯਾਦ ਹਮੇਸ਼ਾ ਮੁਹਾਵਰਾ ਇਹ ਪੰਜਾਬੀ ਦਾ।

ਮਾਂ ਬੋਲੀ ਛੱਡ ਜੋ ‘ਬੋਲੀ ਅਵਰ ਤੁਮ੍ਹਾਰੀ’ ਕਰਦਾ ਏ, ਹੁੰਦਾ ਉਹ ਹਰਾਮੀ ਮਾਂ ਪਿਉ ਛੱਡ ਪੁੱਤ ਬਣੇ ਗਵਾਂਢੀ ਦਾ।

ਇਹ ਮਾਖਿਉ ਮਿੱਠੀ ਬੋਲੀ ਆਪਣੇ ਆਪ ’ਚ ਪੂਰੀ ਐ, ਸਭ ਨੂੰ ਪਿਆਰ ਵੰਡਦੀ, ਹੈ ਭਰਪੂਰ ਖ਼ਜ਼ਾਨਾ ਪੰਜਾਬੀ ਦਾ।

ਗੁਰੂਆਂ, ਭਗਤਾਂ, ਉਪਦੇਸ਼ ਉਚਾਰੇ ਬੋਲੀ ਏਸੇ ’ਚ, ਵਾਰਿਸ, ਬੁੱਲਾ, ਸ਼ਾਹ-ਮੁਹੰਮਦ ਵੀ ਗੁਲਦਸਤਾ ਪੰਜਾਬੀ ਦਾ।

ਬੋਲੀਆਂ ਕਿੰਨੀਆਂ ਹੀ ਸਿਖਿਓ, ਮਾਂ ਬੋਲੀ ਭੁਲਿਓ ਨਾ, ‘ਸੁਰਿੰਦਰ ਸਿੰਘਾ’ ਨਾ ਭੁੱਲੀਂ ਕਰਨਾ ਸਤਿਕਾਰ ਪੰਜਾਬੀ ਦਾ।

ਸ਼. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ ਫਤਿਹਾਬਾਦ ਫੋਨ=94662-66708, 97287-43287

E -MAIL= sskhalsa223@yahoo.com sskhalsa1957@gmail.com

ਜੰਮਣੁ ਮਰਣਾ ਹੈ ਸੰਸਾਰੁ ॥

0

ਜੰਮਣੁ ਮਰਣਾ ਹੈ ਸੰਸਾਰੁ ॥ (ਮ: ੩/੩੬੪)

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436

ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕਰੋੜਾਂ ਹੀ ਜੀਵ ਪੈਦਾ ਹੁੰਦੇ ਹਨ। ਬਹੁਤੇ ਧਾਰਮਿਕ ਗ੍ਰੰਥਾਂ ਵਿੱਚ ਇਹਨਾਂ ਦੀ ਗਿਣਤੀ ਭਾਵੇਂ 84 ਲੱਖ ਲਿਖੀ ਹੋਈ ਹੈ ਪਰ ਕੁਦਰਤ ਦਾ ਅੰਤ ਪਾਉਣਾ ਜਾਂ ਉਸ ਦੀ ਵਿਸ਼ਾਲਤਾ ਨੂੰ ਕਲਮਬੰਦ ਕਰਨਾ ਮਨੁੱਖ ਦੇ ਵਸ ਦੀ ਗੱਲ ਨਹੀਂ। ਪਰੰਤੂ ਸਾਰੇ ਜੀਵਾਂ ਵਿੱਚੋਂ ਕੇਵਲ ਤੇ ਕੇਵਲ ਮਨੁੱਖ ਨੂੰ ਹੀ ਪ੍ਰਮਾਤਮਾ ਨੇ ਇੱਕ ਖ਼ਾਸ ਮਕਸਦ ਲਈ ਸੰਸਾਰ ਵਿੱਚ ਭੇਜਿਆ ਹੈ। ਉਹ ਮਨੋਰਥ ਹੈ :

ਭਈ ਪਰਾਪਤਿ; ਮਾਨੁਖ ਦੇਹੁਰੀਆ ॥  ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ (ਮ: ੫/੧੨)

ਬਾਕੀ ਸਾਰੇ ਜੀਵ ਜੰਤੂ, ਪਸ਼ੂ, ਪੰਛੀ ਤੇ ਬਨਸਪਤੀ ਆਦਿ ਪ੍ਰਮਾਤਮਾ ਨੇ ਮਨੁੱਖ ਦਾ ਰਹਿਣ ਸਹਿਣ ਸੌਖਾ ਕਰਨ ਲਈ ਅਤੇ ਉਸ ਦੀ ਸੇਵਾ ਲਈ ਪੈਦਾ ਕੀਤੇ ਹਨ। ਇੱਥੇ ਹੀ ਬਸ ਨਹੀਂ ਸਗੋਂ ਪ੍ਰਮਾਤਮਾ ਨੇ ਕੇਵਲ ਤੇ ਕੇਵਲ ਮਨੁੱਖ ਨੂੰ ਹੀ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ ਬਖ਼ਸ਼ਸ਼ ਕੀਤਾ ਹੈ, ਜਿਸ ਦੇ ਕਾਰਨ ਇਸ ਦੀ ਇਹ ਧਰਤੀ ’ਤੇ ਸਰਦਾਰੀ ਕਾਇਮ ਹੈ।

ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥ (ਮ: ੫/੩੭੪)

ਅਨੇਕਾਂ ਹੀ ਜੀਵ ਹਰ ਰੋਜ਼ ਆਉਂਦੇ ਅਤੇ ਜਾਂਦੇ ਹਨ ਭਾਵ ਜੰਮਦੇ ਤੇ ਮਰਦੇ ਹਨ, ਜਿਸ ਨਾਲ ਸੰਸਾਰ ਚੱਲ ਰਿਹਾ ਹੈ। ਕੁਦਰਤ ਦਾ ਇੱਕ ਅਟੱਲ ਨਿਯਮ ਹੈ ਕਿ ਜੋ ਕੁੱਝ ਵੀ ਸਾਨੂੰ ਦਿਸਦਾ ਹੈ, ਉਹ ਨਾਸ਼ਵਾਨ ਹੈ :

ਜੋ ਉਪਜਿਓ, ਸੋ ਬਿਨਸਿ ਹੈ; ਪਰੋ ਆਜੁ ਕੈ ਕਾਲਿ ॥  (ਮ: ੯/੧੪੨੯)

ਜੰਮਣਾ ਤੇ ਮਰਨਾ ਇਹ ਅਕਾਲ ਪੁਰਖ ਦੇ ਆਪਣੇ ਹੀ ਵੱਸ ਵਿੱਚ ਹੈ।

ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥ (ਮ: ੧/੪੭੨)

ਮਨੁੱਖ ਦੇ ਮਨ ਵਿੱਚ ਸਭ ਤੋਂ ਵੱਡਾ ਡਰ ਹੈ ਮੌਤ ਦਾ, ਪ੍ਰੰਤੂ ਜਿਹਨਾਂ ਗੁਰਮੁਖ ਪਿਆਰਿਆਂ ਨੇ ਆਪਣੀ ਲਿਵ ਅਕਾਲ ਪੁਰਖ ਨਾਲ ਜੋੜੀ ਹੋਈ ਹੈ ਉਹਨਾਂ ਨੂੰ ਮੌਤ ਦਾ ਡਰ ਨਹੀਂ ਸਤਾਉਂਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਕਥੂ ਨੰਗਲ ਪਹੁੰਚੇ ਤਾਂ ਇੱਕ ਦਸ ਸਾਲ ਦਾ ਬਾਲਕ, ਜੋ ਬੱਕਰੀਆਂ ਚਾਰਦਾ ਸੀ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ।  ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਉਸ ਦੇ ਮਨ ’ਤੇ ਡੂੰਘਾ ਅਸਰ ਹੋਇਆ ਤੇ ਹਰ ਰੋਜ਼ ਉਹਨਾਂ ਲਈ ਦੁੱਧ ਲੈ ਕੇ ਆਉਂਦਾ ਅਤੇ ਆਤਮਕ ਗਿਆਨ ਦੀਆਂ ਗੱਲਾਂ ਕਰਦਾ। ਇੱਕ ਦਿਨ ਗੁਰੂ ਸਾਹਿਬ ਨੂੰ ਪੁੱਛਣ ਲੱਗਾ ਕਿ ਪਾਤਸ਼ਾਹ  ! ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਇਸ ਦਾ ਕੋਈ ਉਪਾਅ ਦੱਸੋ। ਗੁਰੂ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਮੌਤ ਤੋਂ ਕਿਤੇ ਵੱਧ ਤਾਕਤਵਾਰ ਹੈ ਅਤੇ ਜੀਵਨ ਤੇ ਮੌਤ ਉਸ ਦੇ ਹੱਥ ਵਿੱਚ ਹੈ, ਤੂੰ ਪ੍ਰਮਾਤਮਾ ਨਾਲ ਸਾਂਝ ਪਾ ਲੈ ਤੇ ਤੇਰਾ ਮੌਤ ਦਾ ਡਰ ਚੁੱਕਿਆ ਜਾਵੇਗਾ। ਫਿਰ ਬਾਲਕ ਨੇ ਪ੍ਰਸ਼ਨ ਕੀਤਾ ਕਿ ਰੱਬ ਨਾਲ ਸਾਂਝ ਕਿਵੇਂ ਪੈਂਦੀ ਹੈ ਤਾਂ ਗੁਰੂ ਸਾਹਿਬ ਨੇ ਸਮਝਾਇਆ ਕਿ ਉਸ ਦਾ ਸਿਮਰਨ ਕਰਨ ਨਾਲ ਤੇ ਮਨੁੱਖਤਾ ਦੀ ਸੇਵਾ ਕਰਨ ਨਾਲ ਸਾਂਝ ਬਣਦੀ ਹੈ। ਗੁਰੂ ਸਾਹਿਬ ਨੇ ਨਾਲ ਹੀ ਇਹ ਕਹਿ ਦਿੱਤਾ ਕਿ ਬੂੜਿਆ  ! ਤੇਰੀ ਉਮਰ ਤਾਂ ਅਜੇ ਛੋਟੀ ਹੈ ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਭਾਵ ਸਿਆਣੀ ਉਮਰ ਵਾਲੀਆਂ ਕਰਦਾ ਹੈਂ। ਤੂੰ ਅਸਲ ਵਿੱਚ ਬੂੜਾ ਨਹੀਂ, ਬੁੱਢਾ ਹੈਂ। ਇਹੀ ਬਾਲਕ ਬਾਬਾ ਬੁੱਢਾ ਜੀ ਕਰ ਕੇ ਪ੍ਰਸਿੱਧ ਹੋਇਆ ਅਤੇ ਆਤਮਿਕ ਗਿਆਨ ਪ੍ਰਾਪਤ ਕਰ ਕੇ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਜੁੱਟੇ ਰਹੇ ਅਤੇ ਗੁਰਗੱਦੀ ਦੀ ਰਸਮ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ।  ਸੋ, ਆਮ ਮਨੁੱਖ ਦੇ ਮਨ ਵਿੱਚ ਸਭ ਤੋਂ ਵੱਧ ਡਰ ਮੌਤ ਦਾ ਹੀ ਹੁੰਦਾ ਹੈ। ਇਹ ਡਰ, ਅਕਾਲ ਪੁਰਖ ਨਾਲ ਇਕ ਮਿਕ ਹੋ ਕੇ ਹੀ ਖ਼ਤਮ ਹੁੰਦਾ ਹੈ।

ਅਸਲ ਵਿੱਚ ਮਨੁੱਖ ਨੂੰ ਆਪਣੇ ਪੂਰੇ ਜੀਵਨ ਵਿੱਚ ਸਭ ਤੋਂ ਵੱਧ ਡਰ ਮੌਤ ਦਾ ਹੀ ਸਤਾਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਭੋਗ ਵਿਲਾਸਾਂ ਵਿੱਚ ਸੁਰਤ ਦਾ ਖਚਿਤ ਹੋਣਾ, ਮਰਨ ਵਾਲੇ ਮਨੁੱਖ ਦੀ ਅੰਤਮ ਦਰਦਨਾਕ ਹਾਲਤ ਅਤੇ ਪੁੱਤਰਾਂ, ਧੀਆਂ ਤੇ ਸਾਕ ਸਬੰਧੀਆਂ ਨਾਲੋਂ ਸਦੀਵੀ ਵਿਛੋੜਾ।

ਜੇਕਰ ਜੀਵਨ ਅਤੇ ਮੌਤ ਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਰੀਰ ਅਤੇ ਆਤਮਾ ਦੇ ਵਿਛੋੜੇ ਦਾ ਨਾਂ ‘ਮੌਤ’ ਹੈ ਅਤੇ ਇਹਨਾਂ ਦੇ ਮਿਲਾਪ ਦਾ ਨਾਂ ‘ਜੀਵਨ’ ਹੈ। ਜਦ ਤੱਕ ਆਤਮਾ ਸਰੀਰ ਵਿੱਚ ਨਿਵਾਸ ਕਰਦੀ ਹੈ ਉਦੋਂ ਤੱਕ ਸਰੀਰ ਜੀਉਂਦਾ ਹੈ। ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਪਰ ਆਤਮਾ ਇਹਨਾਂ ਤੱਤਾਂ ਤੋਂ ਉੱਪਰ ਹੈ ਅਤੇ ਅਮਰ ਹੈ। ਅੰਗਰੇਜ਼ਾਂ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ Soul is im-mortal.

ਮੌਤ ਵੀ ਕਿੰਨੀ ਅਜੀਬ ਹੈ; ਜਿਉਂ ਹੀ ਆਤਮਾ ਸਰੀਰ ਵਿੱਚੋਂ ਨਿੱਕਲਦੀ ਹੈ ਉਸੇ ਵੇਲੇ ਸਾਰੇ ਸਾਕ ਸਬੰਧੀਆਂ ਨਾਲੋਂ ਇਸ ਦਾ ਸਬੰਧ ਟੁੱਟ ਜਾਂਦਾ ਹੈ। ਅੱਤ ਦੇ ਪਿਆਰੇ ਪੁੱਤਰ ਧੀਆਂ, ਜੀਵਨ ਸਾਥੀ ਅਤੇ ਨੇੜਲੇ ਸਾਕ ਸਬੰਧੀ ਆਪਣੇ ਹੱਥੀ ਹੀ ਉਸ ਸਰੀਰ ਨੂੰ ਫੂਕ ਦਿੰਦੇ ਹਨ। ਗੁਰੂ ਤੇਗ ਬਹਾਦਰ ਜੀ ਦਾ ਫ਼ੁਰਮਾਨ ਹੈ :

ਘਰ ਕੀ ਨਾਰਿ, ਬਹੁਤੁ ਹਿਤੁ ਜਾ ਸਿਉ; ਸਦਾ ਰਹਤ ਸੰਗ ਲਾਗੀ ॥ 

ਜਬ ਹੀ ਹੰਸ, ਤਜੀ ਇਹ ਕਾਂਇਆ; ਪ੍ਰੇਤ ਪ੍ਰੇਤ ਕਰਿ ਭਾਗੀ ॥ (ਮ: ੯/੬੩੪)

ਮੌਤ ਦਾ ਕਿਸੇ ਗ਼ਰੀਬ, ਅਮੀਰ, ਉੱਚ ਪਦਵੀ, ਬਾਦਸ਼ਾਹ, ਕੰਗਾਲ, ਮੂਰਖ ਤੇ ਪੰਡਿਤ, ਪਾਪੀ ਤੇ ਧਰਮੀ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਕਿੰਨਾ ਵੱਡਾ ਹੀ ਮਨੁੱਖ ਕਿਉਂ ਨਾ ਹੋਵੇ, ਮੌਤ ਤੋਂ ਬਾਅਦ ਇਸ ਤਰ੍ਹਾਂ ਮਲੂਮ ਹੁੰਦਾ ਹੈ ਕਿ ਜਿਵੇਂ ਕਦੀ ਦੁਨੀਆਂ ਵਿੱਚ ਆਇਆ ਹੀ ਨਹੀਂ।  ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹਰ ਰੋਜ਼ ਮਨੁੱਖ ਜੰਮਦੇ ਤੇ ਮਰਦੇ ਹਨ। ਅਰਬਾਂ ਮਨੁੱਖਾਂ ਵਿੱਚੋਂ ਕੁਝ ਕੁ ਹਸਤੀਆਂ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਇਤਿਹਾਸ ਸੰਭਾਲ਼ ਕੇ ਰੱਖਦਾ ਹੈ।

ਭਾਵੇਂ ਮਨੁੱਖ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚੋਂ ਤਾਕਤਵਾਰ ਮੰਨਿਆ ਗਿਆ ਹੈ ਪਰ ਪ੍ਰਮਾਤਮਾ ਦੀ ਹਸਤੀ ਦੇ ਸਾਹਮਣੇ ਉਸ ਦੀ ਕੋਈ ਪਾਇਆ ਨਹੀਂ । ਗੁਰਬਾਣੀ ਦਾ ਫ਼ੁਰਮਾਨ ਹੈ :

ਜੋ ਤਿਸੁ ਭਾਵੈ, ਸੋ ਥੀਐ; ਨਾਨਕ  ! ਕਿਆ ਮਾਨੁਖ  ?॥ (ਮ: ੧/੪੧੭)

ਮਨੁੱਖ ਦੀ ਹਸਤੀ ਉਸ ਅਕਾਲ ਪੁਰਖ ਦੇ ਸਾਹਮਣੇ ਇਸ ਤਰ੍ਹਾਂ ਹੈ, ਜਿਵੇਂ ਸਮੁੰਦਰ ਦੇ ਮੁਕਾਬਲੇ ਪਾਣੀ ਦੀ ਬੂੰਦ ਦੀ।  ਸਮੁੰਦਰ ਅਤੇ ਪਾਣੀ ਦੀ ਬੂੰਦ ਦਾ ਮੂਲ ਇੱਕੋ ਹੀ ਹੈ ਪਰ ਸ਼ਕਤੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।  ਸਮੰਦਰ ਅਥਾਹ ਸ਼ਕਤੀ ਦਾ ਮਾਲਕ ਹੈ ਜਿਸ ਦੇ ਤਲ ਉੱਪਰ ਵੱਡੇ-ਵੱਡੇ ਸਮੁੰਦਰੀ ਜਹਾਜ਼ ਚੱਲਦੇ ਹਨ, ਉਸ ਦੀ ਕੁੱਖ ਵਿੱਚ ਬੜੇ-ਬੜੇ ਕੀਮਤੀ ਹੀਰੇ ਜਵਾਹਰਾਤ ਤੇ ਪੈਟਰੋਲੀਅਮ ਵਰਗੇ ਪਦਾਰਥ ਮਿਲਦੇ ਹਨ। ਪ੍ਰੰਤੂ ਪਾਣੀ ਦੀ ਬੂੰਦ, ਜੋ ਉਸੇ ਸਮੁੰਦਰ ਦੀ ਹੀ ਅੰਸ਼ ਹੈ, ਵਿੱਚ ਕੋਈ ਤਾਕਤ ਨਹੀਂ। ਜੇ ਉਸ ਬੂੰਦ ਨੇ ਵੀ ਸਮੁੰਦਰ ਵਰਗੀ ਅਥਾਹ ਸ਼ਕਤੀ ਹਾਸਲ ਕਰਨੀ ਹੋਵੇ ਤਾਂ ਉਸ ਨੂੰ ਆਪਣੀ ਹੋਂਦ ਖ਼ਤਮ ਕਰ ਕੇ ਸਮੁੰਦਰ ਵਿੱਚ ਜਜ਼ਬ ਹੋਣਾ ਪਵੇਗਾ। ਇਹੀ ਹਾਲ ਜੀਵਾਤਮਾ ਦਾ ਹੈ। ਜੇ ਮਨੁੱਖ ਆਪਣੀ ਹਉਮੈ ਤਿਆਗ ਕੇ, ਆਪਣਾ ਆਪ ਮਿਟਾ ਕੇ, ਆਪਣੀ ਸੁਰਤ ਨੂੰ ਪ੍ਰਭੂ ਵਿੱਚ ਲੀਨ ਕਰ ਲਵੇ ਤਾਂ ਉਸ ਵਿੱਚ ਵੀ ਪ੍ਰਭੂ ਵਾਲੇ ਸਾਰੇ ਗੁਣ ਪੈਦਾ ਹੋ ਜਾਣਗੇ ਅਤੇ ਉਹ ਹਮੇਸ਼ਾਂ ਲਈ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਉਸ ਦੀ ਅਵਸਥਾ ਇਹ ਹੋ ਜਾਵੇਗੀ :

ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ (ਮ: ੫/੭੪੯)

ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਮੌਤ ਨੂੰ ਇੱਕ ਮਮੂਲੀ ਜਿਹੀ ਤਬਦੀਲੀ ਹੀ ਸਮਝਦਾ ਹੈ। ਉਹ ਮਨੁੱਖਾ ਜਨਮ ਨੂੰ ਵਾਹਿਗੁਰੂ ਦੀ ਬਖ਼ਸ਼ਸ਼ ਅਤੇ ਮੌਤ ਨੂੰ ਉਸ ਦਾ ਭਾਣਾ ਸਮਝਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ :

ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥ (ਮ: ੧/੪੭੨)

ਸਚਾਈ ਇਹ ਹੈ ਕਿ ਜੀਵਨ ਹੈ ਹੀ, ਮਿਲਣਾ ਤੇ ਵਿਛੜਣਾ, ਸੰਜੋਗ ਤੇ ਵਿਜੋਗ, ਇਸ ਨਾਲ ਹੀ ਜੀਵਨ ਦੀ ਕਾਰ ਵਿਹਾਰ ਚੱਲਦੀ ਹੈ।

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥ (ਜਪੁ)

‘ਮਿਲਾਪ’ ਖੁਸ਼ੀ ਦਾ ਪ੍ਰਤੀਕ ਹੈ ਅਤੇ ‘ਵਿਛੋੜਾ’ ਦਰਦ ਦਾ। ਦਰਦ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ। ਇਹ ਜਿਸ ਨੂੰ ਪਹੁੰਚਦਾ ਹੈ, ਉਹੀ ਮਨੁੱਖ ਮਹਿਸੂਸ ਕਰਦਾ ਹੈ। ਕਿਸੇ ਪਿਆਰੇ ਦੇ ਜਾਣ ਨਾਲ ਵਿਛੋੜਾ, ਦਰਦ ਪੈਦਾ ਕਰਦਾ ਹੈ ਅਤੇ ਮਨ ਉਦਾਸੀ ਨਾਲ ਭਰ ਜਾਂਦਾ ਹੈ। ਉਸ ਨਾਲ ਬਿਤਾਏ ਹਰ ਪਲ ਦੀ ਯਾਦ ਕਿਸੇ ਅਨੋਖੀ ਪੀੜ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ, ਪਰ ਇਹ ਉਦਾਸੀ ਕਦੇ ਮਿਲਾਪ ਤੱਕ ਨਹੀਂ ਪਹੁੰਚਾ ਸਕਦੀ।  ਬਸ ਫਿਰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਜੀਵਨ ਦਾ ਤੱਤ ਹੈ। ਗੁਰਬਾਣੀ ਹੀ ਡਿਗਦੇ ਤੇ ਡੋਲਦੇ ਮਨ ਨੂੰ ਸਹਾਰਾ ਦਿੰਦੀ ਹੈ। ਜਿਸ ਤਰ੍ਹਾਂ ਕਿਸੇ ਮਕਾਨ ਦੀ ਛੱਤ, ਥੰਮ੍ਹਾਂ ਦੇ ਸਹਾਰੇ ਖੜ੍ਹੀ ਰਹਿੰਦੀ ਹੈ, ਉਸੇ ਤਰ੍ਹਾਂ ਡੋਲਦੇ ਮਨ ਲਈ ਸਾਡੇ ਵਾਸਤੇ ਗੁਰਬਾਣੀ ਹੀ ਥੰਮ੍ਹੀ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ :

ਜਿਉ ਮੰਦਰ ਕਉ ਥਾਮੈ ਥੰਮਨੁ ॥  ਤਿਉ, ਗੁਰ ਕਾ ਸਬਦੁ; ਮਨਹਿ ਅਸਥੰਮਨੁ ॥ (ਮ: ੫/੨੮)

ਜਦੋਂ ਮਨੁੱਖ ਗੁਰਬਾਣੀ ਦੇ ਆਸਰੇ ਅਨੁਸਾਰ ਜੀਵਨ ਜੀਉਂਦਾ ਹੈ ਤਾਂ ਉਸ ਨੂੰ ਜੀਵਨ ਅਤੇ ਮੌਤ ਵਿੱਚ ਫ਼ਰਕ ਨਹੀਂ ਲੱਗਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਸਾਂਢੂ ਭਾਈ ਸਾਈਂ ਦਾਸ ਜੀ ਹਮਦਰਦੀ ਕਰਨ ਲਈ ਪਿੰਡ ਡਰੋਲੀ ਤੋਂ ਪਹੁੰਚੇ। ਗੁਰੂ ਸਾਹਿਬ ਨੂੰ ਆਮ ਦੀ ਤਰ੍ਹਾਂ ਸ਼ਾਤ ਚਿੱਤ ਵੇਖ ਕੇ ਹੈਰਾਨ ਹੋ ਗਏ ਅਤੇ ਹੱਥ ਜੋੜ ਪੁੱਛਣ ਲੱਗੇ ਕਿ ਸੱਚੇ ਪਾਤਸ਼ਾਹ  !  ਆਪ ਦਾ 9 ਸਾਲ ਦਾ ਬੇਟਾ ਚੜ੍ਹਾਈ ਕਰ ਗਿਆ ਹੈ ਫਿਰ ਵੀ ਆਪ ਦੇ ਚਿਹਰੇ ’ਤੇ ਕੋਈ ਉਦਾਸੀ ਨਹੀਂ। ਇਸ ਦਾ ਕੀ ਕਾਰਨ ਹੈ ?

ਗੁਰੂ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ ਸਾਂਈ ਦਾਸ ਜੀ  !  ਜ਼ਮੀਨ ਉੱਤੇ ਇੱਕ ਲਕੀਰ ਖਿੱਚੋ। ਉਹਨਾਂ ਨੇ ਹੁਕਮ ਮੰਨ ਕੇ ਲਕੀਰ ਖਿੱਚੀ। ਫਿਰ ਕਹਿਣ ਲੱਗੇ ਹੁਣ ਇਸ ਲਕੀਰ ਨੂੰ ਮਿਟਾ ਦਿਓ।  ਸਾਂਈ ਦਾਸ ਜੀ ਨੇ ਉਸੇ ਕੱਚੀ ਜ਼ਮੀਨ ਤੇ ਹੱਥ ਫੇਰ ਕੇ ਲਕੀਰ ਮਿਟਾ ਦਿੱਤੀ। ਫਿਰ ਗੁਰੂ ਸਾਹਿਬ ਨੇ ਸਾਂਈ ਦਾਸ ਜੀ ਨੂੰ ਪੁੱਛਿਆ ਕਿ ਦੱਸੋ ਕਿ ਲਕੀਰ ਖਿੱਚਣ ਵੇਲੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਸੀ ?  ਸਾਂਈ ਦਾਸ ਜੀ ਕਹਿਣ ਲੱਗੇ ਪਾਤਸ਼ਾਹ  ! ਖੁਸ਼ੀ ਕਾਹਦੀ ਤੁਹਾਡਾ ਹੁਕਮ ਮੰਨ ਕੇ ਹੀ ਲਕੀਰ ਖਿੱਚੀ ਸੀ। ਫਿਰ ਪਾਤਸ਼ਾਹ ਨੇ ਕਿਹਾ ਕਿ ਸਾਂਈ ਦਾਸ ਜੀ  !  ਇਹ ਦੱਸੋ ਕਿ ਲਕੀਰ ਮਿਟਾਉਣ ਵੇਲੇ ਆਪ ਨੂੰ ਕੋਈ ਉਦਾਸੀ ਹੋਈ ?  ਸਾਂਈ ਦਾਸ ਜੀ ਨੇ ਫਿਰ ਉਹੀ ਜਵਾਬ ਦਿੱਤਾ ਕਿ ਇਸ ਵਿੱਚ ਉਦਾਸੀ ਵਾਲੀ ਕੋਈ ਗੱਲ ਨਹੀਂ ਸੀ।

ਇਹ ਸੁਣ ਕੇ ਗੁਰੂ ਸਾਹਿਬ ਨੇ ਸਮਝਾਉਂਦੇ ਹੋਏ ਕਿਹਾ ਕਿ ਸਾਂਈ ਦਾਸ ਜੀ  !  ਬਾਬਾ ਅਟਲ ਰਾਏ ਵੀ ਇਸ ਧਰਤੀ ’ਤੇ ਇੱਕ ਲਕੀਰ ਦੀ ਨਿਆਈਂ ਆਏ ਸਨ। ਅਕਾਲ ਪੁਰਖ ਦੇ ਹੁਕਮ ਵਿੱਚ ਹੀ ਲਕੀਰ ਖਿੱਚੀ ਗਈ ਸੀ ਤੇ ਉਸ ਦੇ ਹੁਕਮ ਵਿੱਚ ਹੀ ਲਕੀਰ ਮਿਟ ਗਈ ਸੀ। ਫਿਰ ਖੁਸ਼ੀ ਤੇ ਗ਼ਮੀ ਕਾਹਦੀ ਹੋਣੀ ਸੀ ?  ਸੋ, ਇਹ ਅਵਸਥਾ ਉਸ ਵਕਤ ਬਣਦੀ ਹੈ ਜਦੋਂ ਮਨੁੱਖ ਆਪਣਾ ਜੀਵਨ ਗੁਰਬਾਣੀ ਅਨੁਸਾਰ ਜੀਊਂਣਾ ਸ਼ੁਰੂ ਕਰ ਦੇਵੇ।

ਹਰ ਮਨੁੱਖ ਪ੍ਰਾਣੀ, ਜੀਵਨ ਨੂੰ ਲੋਚਦਾ ਹੈ। ਕੋਈ ਵੀ ਮਰਣਾ ਨਹੀਂ ਚਾਹੁੰਦਾ। ਗੁਰਬਾਣੀ ਦਾ ਫ਼ੁਰਮਾਨ ਹੈ :

ਮਰਣੈ ਤੇ ਜਗਤੁ ਡਰੈ; ਜੀਵਿਆ ਲੋੜੈ ਸਭੁ ਕੋਇ ॥ (ਮ: ੩/੫੫੫)

ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਸਰੀਰ ਅਤੇ ਆਤਮਾ ਦੀ ਅੰਤਰੀਵ ਦਸ਼ਾ ਬਿਆਨ ਕਰਦੇ ਹੋਏ ਬੜੇ ਸੁੰਦਰ ਤਰੀਕੇ ਨਾਲ ਇਹਨਾਂ ਦੀ ਆਪੋ ਵਿੱਚ ਹੋਈ ਵਾਰਤਾਲਾਪ ਦਾ ਨਕਸ਼ਾ ਖਿੱਚਦੇ ਹਨ। ਸਰੀਰ ਲਈ ‘ਧਨ’ (ਇਸਤਰੀ) ਸ਼ਬਦ ਵਰਤਿਆ ਹੈ ਅਤੇ ਆਤਮਾ ਲਈ ‘ਪਿਰ’ (ਪਤੀ);  ਸਰੀਰ ਹਮੇਸ਼ਾਂ ਆਤਮਾ (ਪਤੀ) ਦਾ ਸਾਥ ਚਾਹੁੰਦਾ ਹੈ ਪਰ ਆਤਮਾ ਕਹਿੰਦਾ ਹੈ ਕਿ ਮੈਂ ਪ੍ਰਮਾਤਮਾ ਦੇ ਹੁਕਮ ਵਿੱਚ ਬੱਧਾ ਹੋਇਆ ਹਾਂ। ਉਸ ਦੇ ਹੁਕਮ ਵਿੱਚ ਹੀ ਮੇਰਾ ਅਤੇ ਤੇਰਾ ਸਬੰਧ ਹੈ।

ਪਹਿਲਾਂ ਇਸਤਰੀ (ਧਨ), ਆਪਣੇ ਪਤੀ (ਪਿਰ) ਨੂੰ ਹਮੇਸ਼ਾਂ ਲਈ ਸਾਥ ਦੇਣ ਵਾਸਤੇ ਅਰਜੋਈ ਕਰਦੀ ਹੈ :

ਧਨ ਕਹੈ; ਤੂ ਵਸੁ, ਮੈ ਨਾਲੇ ॥  ਪ੍ਰਿਅ ਸੁਖਵਾਸੀ; ਬਾਲ ਗੁਪਾਲੇ ॥ 

ਤੁਝੈ ਬਿਨਾ, ਹਉ ਕਿਤ ਹੀ ਨ ਲੇਖੈ; ਵਚਨੁ ਦੇਹਿ, ਛੋਡਿ ਨ ਜਾਸਾ ਹੇ ॥੭॥ (ਮ: ੫/੧੦੭੩)

ਅਗੋਂ ਪਿਰ (ਪਤੀ, ਆਤਮਾ) ਜਵਾਬ ਦੇਂਦਾ ਹੈ ਕਿ ਮੈਂ ਤਾਂ ਪ੍ਰਮਾਤਮਾ ਦਾ ਹੁਕਮੀ ਬੰਦਾ ਹਾਂ, ਜਿਸ ਨੂੰ ਕਿਸੇ ਦੀ ਕਾਣ ਨਹੀਂ।

ਪਿਰਿ (ਨੇ) ਕਹਿਆ; ਹਉ ਹੁਕਮੀ ਬੰਦਾ ॥ ਓਹੁ ਭਾਰੋ ਠਾਕੁਰੁ; ਜਿਸੁ ਕਾਣਿ ਨ ਛੰਦਾ ॥

ਜਿਚਰੁ ਰਾਖੈ, ਤਿਚਰੁ ਤੁਮ ਸੰਗਿ ਰਹਣਾ; ਜਾ ਸਦੇ, ਤ ਊਠਿ ਸਿਧਾਸਾ ਹੇ ॥੮॥ (ਮ: ੫/੧੦੭੩)

ਜਦੋਂ ਇਹ ਸੱਚੀਆਂ ਗੱਲਾਂ ਆਤਮਾ ਨੇ ਸਰੀਰ (ਧਨ) ਨੂੰ ਦੱਸੀਆਂ ਤਾਂ ਉਹ ਕੁੱਝ ਨਾ ਸਮਝੀ ਤੇ ਬਾਰ-ਬਾਰ ਆਪਣੀ ਚੰਚਲਤਾਈ ਵਿੱਚ ਉਸ ਦਾ ਸਾਥ ਮੰਗਣ ਦੀ ਗੱਲ ਕਰਦੀ ਰਹੀ :

ਜਉ ਪ੍ਰਿਅ ਬਚਨ; ਕਹੇ ਧਨ ਸਾਚੇ ॥  ਧਨ ਕਛੂ ਨ ਸਮਝੈ; ਚੰਚਲਿ ਕਾਚੇ ॥ 

ਬਹੁਰਿ ਬਹੁਰਿ, ਪਿਰ ਹੀ ਸੰਗੁ ਮਾਗੈ; ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ (ਮ: ੫/੧੦੭੩)

ਪ੍ਰੰਤੂ ਜਦੋਂ ਪ੍ਰਭੂ ਵੱਲੋਂ ਸੱਦਾ ਆ ਗਿਆ ਤਾਂ ਨਾ ਉਸ ਨੇ ਸਰੀਰ ਨੂੰ ਪੁੱਛਿਆ ਤੇ ਨਾ ਹੀ ਕੋਈ ਮਤਾ ਪਾਸ ਕੀਤਾ। ਆਤਮਾ, ਸਰੀਰ ਨੂੰ ਸਦਾ ਲਈ ਛੱਡ ਚਲੀ ਗਈ :

ਆਈ ਆਗਿਆ; ਪਿਰਹੁ ਬੁਲਾਇਆ ॥ ਨਾ ਧਨ ਪੁਛੀ; ਨ ਮਤਾ ਪਕਾਇਆ ॥

ਊਠਿ ਸਿਧਾਇਓ, ਛੂਟਰਿ ਮਾਟੀ; ਦੇਖੁ ਨਾਨਕ  ! ਮਿਥਨ ਮੋਹਾਸਾ ਹੇ ॥੧੦॥ (ਮ: ੫/੧੦੭੩)

ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਜੋ ਵੀ ਦਿਸਦਾ ਹੈ, ਉਹ ਨਾਸ਼ਵੰਤ ਹੈ।

ਜੋ ਦੀਸੈ; ਸੋ ਚਾਲਨਹਾਰੁ ॥  ਲਪਟਿ ਰਹਿਓ; ਤਹ ਅੰਧ ਅੰਧਾਰੁ ॥ (ਗਉੜੀ ਸੁਖਮਨੀ/ਮ: ੫/੨੬੮)

ਸੋ, ਇਹ ਸੰਸਾਰ ਕੀ ਹੈ ? ਇਹ ਇੱਕ ਖੇਲ ਦੀ ਨਿਆਈਂ ਹੈ, ਜਿਸ ਵਿੱਚ ਜੀਵ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਆਵਨ ਜਾਨੁ; ਇਕੁ ਖੇਲੁ ਬਨਾਇਆ ॥ (ਗਉੜੀ ਸੁਖਮਨੀ/ਮ: ੫/੨੯੪)

ਇਸ ਸੰਸਾਰ ਵਿੱਚ ਜੀਵਨ ਬਸਰ ਕਰਦਿਆਂ ਪਰਿਵਾਰ ਦੇ ਕਿਸੇ ਜੀਵ ਦੇ ਜਾਣ ਤੋਂ ਬਾਅਦ ਉਦਾਸ ਹੋਏ ਮਨ ਲਈ ਕੇਵਲ ਤੇ ਕੇਵਲ ਗੁਰਬਾਣੀ ਦਾ ਹੀ ਓਟ ਆਸਰਾ ਮਨੁੱਖ ਦੇ ਡਿੱਗਦੇ ਮਨ ਨੂੰ ਢਾਰਸ ਦੇਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਮੂਲੇ ਦੇ ਰਾਹੀਂ ਇਹ ਉਪਦੇਸ਼ ਦ੍ਰਿੜ੍ਹ ਕਰਵਾਇਆ ਸੀ ਕਿ ਮਰਣਾ ਸੱਚ ਹੈ ਤੇ ਜੀਊਣਾ ਝੂਠ।

ਜੇ ਮਨੁੱਖ ਇਸ ਸਿੱਖਿਆ ਨੂੰ ਮਨ ਵਿੱਚ ਵਸਾ ਲਵੇ ਤਾਂ ਉਹ ਇਸ ਸੰਸਾਰ ਵਿੱਚ ਵਿਚਰਦਾ ਹੋਇਆ ਅਕਾਲ ਪੁਰਖ ਦੀ ਭੈ-ਭਾਵਨੀ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਹੋਇਆ ਸਦੀਵੀ ਅਨੰਦ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਵਿੱਚ ਇਸ ਅਵਸਥਾ ਤੱਕ ਪਹੁੰਚਣ ਲਈ ਪੰਜ ਪੜਾਅ ਬਿਆਨ ਕੀਤੇ ਹਨ, ਜਿਨ੍ਹਾਂ ਨੂੰ ਪੰਜ ਖੰਡ ਕਿਹਾ ਜਾਂਦਾ ਹੈ। ਇਹ ਪੰਜ ਖੰਡ ਹਨ : ‘ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡ’, ਇਹਨਾਂ ਪੜਾਵਾਂ ਰਾਹੀਂ ਹੀ ਮਨੁੱਖ ਪਰਮ ਅਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਸੰਸਾਰ ਵਿੱਚ ਆਉਣ ਦਾ ਆਪਣਾ ਮਕਸਦ ਹਾਸਲ ਕਰ ਲੈਂਦਾ ਹੈ।

ਗੁਰੂ ਦਾ ਭਉ ਕਿਸ ਨੂੰ ?

0

ਗੁਰੂ ਦਾ ਭਉ ਕਿਸ ਨੂੰ  ? 

     -ਗੁਰਪ੍ਰੀਤ ਸਿੰਘ ( U.S.A.)

 ਗੁਰਸੁੱਖ ਸਿੰਘ ਨੂੰ ਬੜੇ ਚਿਰ ਦੀ ਕੋਸ਼ਿਸ਼ ਤੋਂ ਬਾਅਦ ਸਰਕਾਰੀ ਦਫਤਰ ’ਚ ਚੰਗੀ ਨੌਕਰੀ ਮਿਲੀ ਸੀ। ਅੱਜ ਉਸ ਦਾ ਕੰਮ ’ਤੇ ਜਾਣ ਦਾ ਪਹਿਲਾ ਦਿਨ ਸੀ ਤੇ ਅੰਮ੍ਰਿਤ ਵੇਲੇ ਤੋਂ ਹੀ ਉਸ ਦੇ ਮਨ ਵਿੱਚ ਗੁਰੂ ਦੇ ਦਰਸ਼ਨ ਦੀ ਤਾਂਘ ਸੀ।

ਗੁਰੂ ਘਰ ਪਹੁੰਚਣ ’ਤੇ ਪਹਿਲਾਂ ਉਸ ਨੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਫਿਰ ਸਤਿਗੁਰੂ ਦੀ ਅਸੀਸ ਲੈਣ ਲਈ ਤਾਬਿਆ ਸੱਜ ਕੇ ਬੈਠ ਗਿਆ। ਐਨੇ ਨੂੰ ਗੁਰੂ ਦੇ ਮੁੱਖ ਵਜ਼ੀਰ ਵੀ ਦਰਬਾਰ ਹਾਲ ਵਿੱਚ ਆ ਹਾਜ਼ਰ ਹੋਏ ਤੇ ਬੜੀ ਟੇਢੀ ਜਿਹੀ ਅੱਖ ਨਾਲ ਤਾਬਿਆ ਸਜੇ ਸਿੰਘ ਵੱਲ ਵੇਖਿਆ। ਗੁਰਸੁੱਖ ਸਿੰਘ ਨੇ ਗੁਰੂ ਦੀ ਉਸਤਤਿ ’ਚ ਹਾਲੇ ਇੱਕ ਸਲੋਕ ਹੀ ਪੜ੍ਹਿਆ ਸੀ ਕਿ ਅਚਾਨਕ ਉਸ ਦਾ ਫ਼ੋਨ ਵੱਜਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰ ਪਾਉਂਦਾ, ‘‘ਉਏ, ਆਹ ਮਾਸੜ ਨੂੰ ਤਾਂ ਬੰਦ ਕਰ ਲੈਣਾ ਸੀ ਪਹਿਲਾਂ ?’’ ਮੁੱਖ ਵਜ਼ੀਰ ਸਾਹਿਬ ਨੇ ਬੜੀ ਰੁੱਖੀ ਆਵਾਜ਼ ਵਿੱਚ ਉਸ ਨੂੰ ਤਾੜ ਲਗਾਈ।  ਗੁਰੂ ਦੇ ਵਜ਼ੀਰ ਨੇ ਤਾਂ ਲੱਗਦਾ ਸੀ ਕਿ ਜਿਵੇਂ ਉਸ ਦੇ ਚੰਡ ਹੀ ਜੜ ਦੇਣੀ ਹੋਵੇ।

ਗੁਰਸੁੱਖ ਸਿੰਘ ਨੇ ਸ਼ਰਮਿੰਦਗੀ ਦੇ ਅਹਿਸਾਸ ਵਿੱਚ ਹੀ ਹੁਕਮਨਾਮਾ ਲੈਣ ਉਪਰੰਤ ਵਜ਼ੀਰ ਸਾਹਿਬ ਨੂੰ ਨਿਮਰਤਾ ਨਾਲ ਬੇਨਤੀ ਕੀਤੀ, ‘‘ਖਿਮਾ ਕਰਨਾ ਭਾਈ ਸਾਹਿਬ ਜੀ  !  ਅਸਲ ਵਿੱਚ :

ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ, ਬੁਧਿ ਕੀ ਨ ਬੁਧਿ ਰਹੀ……..

ਫ਼ੋਨ ਬੰਦ ਕਰਨ ਦਾ ਖਿਆਲ ਮੈਨੂੰ ਉੱਕਾ ਹੀ ਵਿਸਰ ਗਿਆ। ਮੈਂ ਅਗਾਂਹ ਤੋਂ ਪੂਰਾ ਖਿਆਲ ਰੱਖਾਂਗਾ।’’

ਉਹ ਤਾਂ ਠੀਕ ਹੈ, ਪਰ ਕੋਈ ਅਰਦਾਸ ਕਰਾਉਣੀ ਜਾਂ ਹੁਕਮਨਾਮਾ ਲੈਣਾ ਹੋਵੇ ਤਾਂ ਸਾਨੂੰ ਦੱਸੋ, ਗ੍ਰੰਥੀ ਸਿੰਘ ਕਾਹਦੇ ਲਈ ਆ ਗੁਰੂ ਘਰਾਂ ’ਚ ? ਆਮ ਸੰਗਤ ਕੋਲੋਂ ਤਾਂ ਵੈਸੇ ਹੀ ਬਹੁਤ ਬੇਅਦਬੀ ਹੋ ਜਾਂਦੀ ਹੈ।

ਗੁਰਸੁੱਖ ਸਿੰਘ ਨੇ ਫ਼ਤਿਹ ਬੁਲਾਈ ਤੇ ਕੰਮ ’ਤੇ ਜਾਣ ਲਈ ਰਵਾਨਾ ਹੋ ਗਿਆ। ਕੰਮ ’ਤੇ ਪਹਿਲਾ ਦਿਨ ਹੋਣ ਦੇ ਬਾਵਜੂਦ ਵੀ ਸਾਰਾ ਦਿਨ ਉਸ ਦੇ ਮਨ ਵਿੱਚ ਇੱਕ ਪਸ਼ਚਾਤਾਪ ਚੱਲਦਾ ਰਿਹਾ ਕਿ ਸ਼ਾਇਦ ਅੱਜ ਉਸ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ! ਭਾਈ ਸਾਹਿਬ ਦੇ ਇਹ ਬੋਲ ਕਿ ਆਮ ਸੰਗਤ ਕੋਲੋਂ ਤਾਂ ਗੁਰੂ ਦੀ ਬਹੁਤ ਬੇਅਦਬੀ ਹੋ ਜਾਂਦੀ ਹੈ, ਵਾਰ- ਵਾਰ ਉਸ ਦੇ ਦਿਮਾਗ ਵਿੱਚ ਹਥੌੜੇ ਦੀ ਤਰ੍ਹਾਂ ਵੱਜ ਰਹੇ ਸਨ। ਉਸ ਨੇ ਸੋਚਿਆ ਕਿ ਸ਼ਾਮ ਨੂੰ ਘਰ ਵਾਪਸ ਜਾਣ ਤੋਂ ਪਹਿਲਾਂ, ਉਹ ਫਿਰ ਗੁਰਦਵਾਰੇ ਜਾਵੇਗਾ ਤੇ ਸੰਗਤ ਦੀ ਸੇਵਾ ਕਰ ਕੇ ਮਨ ਦਾ ਭਾਰ ਹੌਲਾ ਕਰੇਗਾ।

ਗੁਰਸੁੱਖ ਸਿੰਘ ਜਦ ਗੁਰਦੁਆਰੇ ਪੁੱਜਾ ਤਾਂ ‘ਸੋ ਦਰੁ’ ਦਾ ਪਾਠ ਸੰਪੂਰਨ ਹੋਣ ਉਪਰੰਤ, ਗੁਰੂ ਘਰ ਦਾ ਕੀਰਤਨੀ ਜੱਥਾ ਕੀਰਤਨ ਦੀ ਆਰੰਭਤਾ ਕਰ ਚੁੱਕਾ ਸੀ।  ਉਹ ਜੋੜਾ ਘਰ ਵਿੱਚ ਹਾਲੇ ਦਾਖਲ ਹੀ ਹੋਇਆ ਸੀ ਕਿ ਉਸ ਦੀ ਕੰਨੀ ਧੁਰ ਕੀ ਬਾਣੀ ਦੇ ਇਹ ਬੋਲ ਪਏ :

ਠਾਕੁਰ  ! ਤੁਮ੍ ਸਰਣਾਈ ਆਇਆ ॥  ਉਤਰਿ ਗਇਓ ਮੇਰੇ ਮਨ ਕਾ ਸੰਸਾ; ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥ (ਮ: ੫/੧੨੧੮)

ਸੇਵਾ ਕਰਨ ਦੀ ਇੱਛਾ ਭੁੱਲ ਕੇ, ਮੰਤਰ-ਮੁਗਧ ਹੋਇਆ ਸਿੱਧਾ ਦਰਬਾਰ ਹਾਲ ਅੰਦਰ ਚਲਾ ਗਿਆ। ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ, ਪਰਕਰਮਾ ਕਰਦਿਆਂ ਜਦ ਤਾਬਿਆ ਬੈਠੇ ਸਿੰਘ ਕੋਲੋਂ ਲੰਘਣ ਲੱਗਾ, ਤਾਂ ਹੱਕਾ-ਬੱਕਾ ਹੀ ਰਹਿ ਗਿਆ। ਉਸ ਨੂੰ ਆਪਣੀਆਂ ਅੱਖਾਂ ਤੱਕ ’ਤੇ ਯਕੀਨ ਨਹੀਂ ਹੋ ਰਿਹਾ ਸੀ। ਉਸ ਨੂੰ ਮਾਨੋ ਜਿਵੇਂ ਇੱਕ ਝਟਕਾ ਜਿਹਾ ਲੱਗਾ ਹੋਵੇ। ਗੁਰੂ ਦੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸੁਣਨ ਦੀ ਬਜਾਏ, ਹੋਰ ਕੋਈ ਨਹੀਂ ਬਲਕਿ ਸਵੇਰੇ ਉਸ ਨੂੰ ਬੇਅਦਬੀ ਦੀ ਤਾੜਨਾ ਕਰਨ ਵਾਲੇ ਗੁਰੂ ਦੇ ਮੁੱਖ ਵਜ਼ੀਰ ਤਾਬਿਆ ਬੈਠੇ ਆਪਣੇ ਫ਼ੋਨ ’ਤੇ ਪੂਰੇ ਮਗਨ ਹੋ ਕੇ ਕਿਸੇ ਖੇਡ ਦਾ ਆਨੰਦ ਮਾਣ ਰਹੇ ਸਨ।  ਗੁਰਸੁੱਖ ਸਿੰਘ ਨੇ ਸੋਚਿਆ, ‘ਕੀ ਹੁਣ, ਇਹ ਗੁਰੂ ਦੀ ਬੇਅਦਬੀ ਨਹੀਂ ?’

ਗੁਰਸੁੱਖ ਸਿੰਘ ਪਰਕਰਮਾ ਪੂਰੀ ਕਰ, ਮੱਥਾ ਟੇਕ ਕੇ ਸੰਗਤ ਵਿੱਚ ਸਜ ਗਿਆ ਪਰ ਉਸ ਦੇ ਦਿਮਾਗ ਵਿੱਚ ਸਵਾਲਾਂ ਦਾ ਤੂਫ਼ਾਨ ਉੱਠ ਖਲ੍ਹੋਤਾ ਸੀ।

ਕੀ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਇਹ ਵਜ਼ੀਰ ਕਿਸੇ ਖ਼ਾਸ ਸੰਗਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ ?

ਕੀ ਕੋਈ ਆਮ ਸੰਗਤ ਹੁੰਦੀ ਹੈ ਤੇ ਕੋਈ ਖ਼ਾਸ ਸੰਗਤ ?

ਜੇ ਹਾਂ, ਤਾਂ ਆਮ ਸੰਗਤ ਨੂੰ ਮਰਯਾਦਾ ਸਿਖਾਉਣਾ, ਕੀ ਇਹਨਾਂ ਗੁਰੂ ਦੇ ਵਜ਼ੀਰਾਂ ਦਾ ਫ਼ਰਜ਼ ਨਹੀਂ ?

ਕੀ ਇਹ ਨਹੀਂ ਚਾਹੁੰਦੇ ਕਿ ਸੰਗਤ ਦੀ ਗੁਰੂ ਨਾਲ ਨੇੜ੍ਹਤਾ ਵਧੇ ?

ਗੁਰੂ ਦਾ ਭਉ ਅਸਲ ਵਿੱਚ ਕਿਸ ਨੂੰ ਹੈ, ਗੁਰੂ ਦੇ ਹਜ਼ੂਰ ਹਰ ਦਮ ਵਿਚਰਨ ਵਾਲ਼ਿਆਂ ਨੂੰ ਜਾਂ ਆਮ ਸੰਗਤ ਨੂੰ ?, ਆਦਿ।

Most Viewed Posts