ਪੰਜਾਬ ਦੇ ਭਵਿੱਖ ਦੀ ਧੁੰਦਲਾਂਦੀ ਤਸਵੀਰ

0
249

ਪੰਜਾਬ ਦੇ ਭਵਿੱਖ ਦੀ ਧੁੰਦਲਾਂਦੀ ਤਸਵੀਰ

ਗੁਰਜੀਤ ਸਿੰਘ ਗੀਤੂ, ਪਿੰਡ/ਡਾਕ. ਕੋਲਿਆਂ ਵਾਲੀ, ਤਹਿ. ਮਲੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ-(152107) ਮੋਬਾ. 94653-10052

ਬਜ਼ੁਰਗ ਪੁਰਾਣੇ ਖੁੰਢ ਦੀ ਤਰ੍ਹਾਂ ਹੁੰਦੇ ਹਨ ਪਰ ਪੁੰਗਰਦੀਆਂ ਸਾਖਾਂ ਦੀ ਤਰ੍ਹਾਂ ਨੌਜਵਾਨਾਂ ਨੂੰ ਵੀ ਕਿਸੇ ਸੰਘਣੇ ਰੁੱਖ ਤੋਂ ਘੱਟ ਨਹੀਂ ਸਮਝਣਾ ਚਾਹੀਦਾ। ਕਿਸੇ ਦੇਸ਼, ਕੌਮ ਦੀਆਂ ਮਜ਼ਬੂਤ ਜੜ੍ਹਾਂ ਦੀ ਬੁਨਿਆਦ ਦੇਖਣ ਲਈ ਉਸ ਦੀ ਨੌਜਵਾਨੀ ਦੇ ਦ੍ਰਿੜ੍ਹ ਇਰਾਦੇ ਨੂੰ ਦੇਖ ਲੈਣਾ ਜ਼ਰੂਰੀ ਹੈ ਕਿ ਉਹ ਭਵਿੱਖ ਨੂੰ ਲੈ ਕੇ ਕੀ ਸੋਚਦੇ ਹਨ ? ਜਿਸ ਦੇਸ਼ ਦੇ ਨੌਜਵਾਨ ਆਪਣੇ ਸਮਾਜ, ਦੇਸ਼ ਜਾਂ ਕੌਮ ਲਈ ਚਿੰਤਤ ਹੋਣ ਤਾਂ ਦੇਸ਼ ਦੇ ਬਜ਼ੁਰਗਾਂ ਦੀਆ ਅੱਧੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ, ਲੇਕਿਨ ਜਿਸ ਦੇਸ਼ ਵਿੱਚ ਨੌਜਵਾਨੀ ਇਸ ਗੱਲ ਲਈ ਚਿੰਤਤ ਹੁੰਦੀ ਆਪਣੇ ਰਸਤੇ ਤੋਂ ਭਟਕ ਜਾਂਦੀ ਹੈ ਕਿ ਸਾਨੂੰ ਰੋਟੀ ਕਿੱਥੋਂ ਤੇ ਕਿਵੇਂ ਮਿਲੂ ?  ਉਸ ਦੇਸ਼ ਦਾ ਭਵਿੱਖ ਕੋਈ ਬਹੁਤਾ ਉੱਜਲ ਨਹੀਂ ਹੋਵੇਗਾ।

‘ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ’ ਇਹ ਅਖਾਣ ਹੁਣ ਝੂਠਲਾਉਂਦਾ ਪ੍ਰਤੀਤ ਹੁੰਦਾ ਹੈ ਤੇ ਮਹਾਨ ਕੁਰਬਾਨੀਆਂ ਨਾਲ ਭਰੇ ਪੰਜਾਬ ਦੀ ਨੌਜਵਾਨੀ ਅੱਜ ਸਿਰਫ਼ ਰੋਟੀ ਦੀ ਤਲਾਸ਼ ਲਈ ਹੀ ਜਿਉਂ ਰਹੀ ਨਜ਼ਰ ਆਉਂਦੀ ਹੈ। ਅੱਜ ਕਿੰਨੇ ਕੁ ਨੌਜਵਾਨ ਹਨ, ਜੋ ਪੰਜਾਬ ’ਚ ਰਹਿ ਕੇ ਜ਼ਿੰਦਗੀ ਗੁਜ਼ਾਰਨਾ ਠੀਕ ਸਮਝਦੇ ਹਨ, ਸਿਰਫ਼ ਉਹੀ, ਜਿੰਨਾ ਦਾ ਸਬੱਬ ਆਰਥਿਕਤਾ ਕਾਰਨ ਪੱਛਮੀ ਦੇਸ਼ਾਂ ਦਾ ਜਹਾਜ਼ ਚੜ੍ਹਣ ਦਾ ਨਹੀਂ ਬਣਦਾ ਜਾਂ ਹਰ ਕੋਸ਼ਿਸ਼ ਕਰ ਕੇ ਹਿੰਮਤ ਹਾਰ ਚੁੱਕੇ ਮੁੰਡੇ-ਕੁੜੀਆ ਹੀ ਹੋਣਗੇ, ਨਹੀਂ ਤਾਂ ਅੱਜ ਦਾ ਬਾਰਵੀਂ ਪਾਸ ਹਰ ਮੁੰਡਾ-ਕੁੜੀ ਪੱਛਮੀ ਦੇਸ਼ਾਂ ਦਾ ਜਹਾਜ਼ ਚੜ੍ਹਨ ਲਈ ਆਈਲਟਸ ਦੇ ਸੈਂਟਰਾਂ ਦੀਆ ਕਤਾਰਾਂ ਵਿੱਚ ਲੱਗਣ ਲਈ ਕਾਹਲਾ ਹੈ। ਜਿੱਥੇ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੈ ਤੇ ਹਰ ਕੀਤੇ ਕੰਮ ਦੀ ਕਦਰ ਹੋਣ ਦੇ ਨਾਲ-ਨਾਲ ਉਸ ਦੀ ਮਿਹਨਤ ਦਾ ਮੁੱਲ ਵੀ ਦਿੱਤਾ ਜਾਂਦਾ ਹੈ। ਪੰਜਾਬ ਦਾ ਸਰਕਾਰੀ ਢਾਂਚਾ ਅੱਜ ਇਸ ਤਰ੍ਹਾਂ ਦਾ ਹੋ ਗਿਆ ਹੈ, ਜਿੱਥੇ ਉਸ ਦੀਆਂ ਸਰਕਾਰਾਂ ਨੂੰ ਵੀ ਯਕੀਨ ਨਹੀਂ ਕਿ ਉਸ ਦੇ ਬਣਾਏ ਵਿੱਦਿਅਕ-ਅਦਾਰਿਆਂ ਦੇ ਬੱਚੇ ਕੁਝ ਕਰਨ ਦੇ ਕਾਬਿਲ ਵੀ ਹਨ ? ਅਗਰ ਸਰਕਾਰਾਂ ਉਹਨਾਂ ਬੱਚਿਆ ਦੀ ਕਾਬਲੀਅਤ ਤੇ ਰੱਤਾ ਭਰ ਵੀ ਭਰੋਸਾ ਕਰਦੀਆਂ ਤਾਂ ਸ਼ਾਇਦ ਅੱਜ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਖਿਤਾਬ ਨਾ ਦਿੱਤਾ ਜਾਂਦਾ।

ਢਿੱਡ (ਪੇਟ) ਦੀ ਪੀੜਾ ਦਾ ਸਤਾਇਆ ਨੌਜਵਾਨ ਮਰਦਾ ਕੀ ਨਾ ਕਰਦਾ ? ਸਰਕਾਰਾਂ ਦੀ ਖ਼ੁਦਗ਼ਰਜ਼ੀ ਤੋਂ ਅੱਕੇ ਨੌਜਵਾਨਾਂ ਕੋਲ ਸਿਰਫ ਦੋ ਹੀ ਰਸਤੇ ਬਚਦੇ ਹਨ। ਪਹਿਲਾ ਇਸ ਦੇਸ਼ ਨੂੰ ਛੱਡ ਕੇ ਪੱਛਮੀ ਦੇਸ਼ਾਂ ਦੇ ਜਹਾਜ਼ ਚੜ੍ਹ ਜਾਣ ਦਾ, ਜਿੱਥੇ ਉਹਨਾਂ ਦੀ ਮਿਹਨਤ ਨਾਲ ਕੀਤੇ ਕੰਮਾਂ ਦੇ ਮੁੱਲ ਪੈਂਦੇ ਹਨ ਤੇ ਦੂਸਰਾ ਆਪਣੀਆਂ ਡਿਗਰੀਆਂ ਨੂੰ ਸਾੜ-ਫੂਕ ਕੇ ਸ਼ਾਹੀ ਅਫਸਰਾਂ ਦੀ ਨਜਾਇਜ਼ ਕੀਤੀ ਕਮਾਈ ਦੀਆਂ ਲੁੱਟਾਂ-ਖੋਹਾਂ ਕਰ ਕੇ ਢਿੱਡ ਭਰਨ ਲੱਗ ਜਾਣ ਦਾ, ਜੋ ਸਰਕਾਰਾਂ ਦੀ ਨਿਗਾਹ ’ਚ ਅੱਤਵਾਦੀ ਜਾਂ ਗੈਗਸਟਰ ਹਨ ਤੇ ਬਾਅਦ ’ਚ ਕਿਸੇ ਪੁਲਿਸ ਇੰਨਕੌਂਟਰ ਦੇ ਨਾਂਅ ਹੇਠ ਝੂਠੇ ਕੇਸਾਂ ਦਾ ਸ਼ਿਕਾਰ ਹੋ ਕੇ ਆਪਣੀ ਜਿੰਦ, ਭੰਗ ਦੇ ਭਾਣੇ ਗੁਆ ਦੇਣ ਦਾ।  ਸਿਆਸੀ ਕੂੜ-ਰਾਜਨੀਤੀ ਕਾਰਨ ਕਦੇ 47 ਦੀ ਵੰਡ ਹੁੰਦੀ ਹੈ ਤੇ ਕਦੇ 84 ਵਿੱਚ ਨੌਜਵਾਨਾਂ ਨੂੰ ਅੱਤਵਾਦੀ ਐਲਾਨ ਕੇ ਝੂਠੇ ਕੇਸ ਬਣਾ ਦਿੱਤੇ ਜਾਂਦੇ ਹਨ ਤੇ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆ ’ਚ ਮਾਰ ਦਿੱਤੇ ਜਾਂਦੇ ਹਨ। ਅੱਜ ਵੀ ਉਹੀ ਗਰਮ ਖੂਨ ਆਪਣੇ ਹੱਕ ਮੰਗਦਾ ਹੈ ਤਾਂ ਉਹ ਗੈਂਗਸਟਰ ਕਹਿਲਾਉਂਦਾ ਹੈ।

ਪੰਜਾਬ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਜਿੱਥੇ ਬੇਰੁਜ਼ਗਾਰੀ ਆਪਣੀ ਭੂਮਿਕਾ ਅਦਾ ਕਰ ਰਹੀ ਹੈ ਤਾਂ ਉੱਥੇ ਪੰਜਾਬ ਦੀਆਂ ਸਰਕਾਰਾਂ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਪੰਜਾਬ ਨੂੰ ਵਿਸ਼ਵ ਪ੍ਰਸਿੱਧ ਬਣਾਉਣ ਲਈ ਸਰਕਾਰਾਂ ਨੂੰ ਅਹਿਮ ਜ਼ਿੰਮੇਵਾਰੀ ਤੋਂ ਜਾਣੂ ਹੋਣਾ ਲਾਜ਼ਮੀ ਹੈ ਤੇ ਪੁਲਿਸ ਇੰਨਕੌਂਟਰ ਕਰ ਕੇ ਨੌਜਵਾਨਾਂ ਨੂੰ ਅੱਤਵਾਦ ਜਾਂ ਗੈਂਗਸਟਰ ਦੇ ਨਾਂਅ ’ਤੇ ਮਾਰਨਾ, ਬੰਦ ਕਰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਕਿਸੇ ਮਾਂ ਦੇ ਪੁੱਤ ਦਾ ਦਿਲ ਨਹੀਂ ਕਰਦਾ ਕਿ ਉਹ ਪੜ੍ਹ-ਲਿਖ ਕੇ ਆਪਣੇ ਮਾਪਿਆ ਦੀਆ ਆਸਾਂ ’ਤੇ ਪਾਣੀ ਫੇਰੇ ਜਾਂ ਪੱਛਮੀ ਮੁਲਕਾਂ ਦੇ ਜਹਾਜ਼ ਚੜ੍ਹ ਕੇ ਪਿੱਛੋਂ ਮਰੇ ਮਾਂ-ਬਾਪ ਦੇ ਸਿਵੇ ਨੂੰ ਅਗਨੀ ਦੇਣ ਵੀ ਨਾ ਪਹੁੰਚੇ। ਹਜੇ ਵੀ ਕੋਈ ਦੇਰ ਨਹੀਂ ਹੋਈ ਜੇ ਸੁੱਤੀਆਂ ਸਰਕਾਰਾਂ ਦੀ ਨੀਂਦ ਖੁੱਲ੍ਹ ਜਾਵੇ ਤੇ ਚੰਦ ਕੁ ਸਾਲਾਂ ’ਚ ਨੌਂਜਵਾਨੀ ਤੋਂ ਸੱਖਣੇ ਹੋਣ ਜਾ ਰਹੇ ਪੰਜਾਬ ਨੂੰ ਅਪੰਗਤਾ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਜਾਵੇ ਤੇ ਮੁੜ ਪੰਜਾਬ ਦੀ ਨੌਂਜਵਾਨੀ ਨੂੰ ਰੁਜ਼ਗਾਰ ਦੇ ਕੇ ਗੈਂਗਸਟਰ ਤੇ ਅੱਤਵਾਦੀ ਬਣਨ ਤੋਂ ਰੋਕਣ ਲਈ ਜ਼ਿੰਮੇਵਾਰੀ ਦੀ ਪਹਿਚਾਣ ਕੀਤੀ ਜਾਵੇ ਤੇ ਪੱਛਮੀਂ ਮੁਲਕਾਂ ਵੱਲ ਜਾ ਰਹੇ ਅਣਗਿਣਤ ਨੌਂਜਵਾਨ ਮੁੰਡੇ-ਕੁੜੀਆ ਦੀ ਕਾਬਲੀਅਤ ਨੂੰ ਪਹਿਚਾਣ ਕੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਸੋਹਣੇ ਪੰਜਾਬ ਦੇ ਬਗ਼ੀਚੇ ਨੂੰ ਖੁਸ਼ਹਾਲ ਕਰ ਕੇ ਇੱਕ ਵਾਰ ਮੁੜ ਤੋਂ ‘ਪੰਜਾਬ ਮੇਰਾ ਸੋਨੇ ਦੀ ਚਿੱੜੀ’ ਬਣਾਇਆਂ ਜਾਵੇ।