ਗੁਰੂ ਦਾ ਭਉ ਕਿਸ ਨੂੰ ?

0
315

ਗੁਰੂ ਦਾ ਭਉ ਕਿਸ ਨੂੰ  ? 

     -ਗੁਰਪ੍ਰੀਤ ਸਿੰਘ ( U.S.A.)

 ਗੁਰਸੁੱਖ ਸਿੰਘ ਨੂੰ ਬੜੇ ਚਿਰ ਦੀ ਕੋਸ਼ਿਸ਼ ਤੋਂ ਬਾਅਦ ਸਰਕਾਰੀ ਦਫਤਰ ’ਚ ਚੰਗੀ ਨੌਕਰੀ ਮਿਲੀ ਸੀ। ਅੱਜ ਉਸ ਦਾ ਕੰਮ ’ਤੇ ਜਾਣ ਦਾ ਪਹਿਲਾ ਦਿਨ ਸੀ ਤੇ ਅੰਮ੍ਰਿਤ ਵੇਲੇ ਤੋਂ ਹੀ ਉਸ ਦੇ ਮਨ ਵਿੱਚ ਗੁਰੂ ਦੇ ਦਰਸ਼ਨ ਦੀ ਤਾਂਘ ਸੀ।

ਗੁਰੂ ਘਰ ਪਹੁੰਚਣ ’ਤੇ ਪਹਿਲਾਂ ਉਸ ਨੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਫਿਰ ਸਤਿਗੁਰੂ ਦੀ ਅਸੀਸ ਲੈਣ ਲਈ ਤਾਬਿਆ ਸੱਜ ਕੇ ਬੈਠ ਗਿਆ। ਐਨੇ ਨੂੰ ਗੁਰੂ ਦੇ ਮੁੱਖ ਵਜ਼ੀਰ ਵੀ ਦਰਬਾਰ ਹਾਲ ਵਿੱਚ ਆ ਹਾਜ਼ਰ ਹੋਏ ਤੇ ਬੜੀ ਟੇਢੀ ਜਿਹੀ ਅੱਖ ਨਾਲ ਤਾਬਿਆ ਸਜੇ ਸਿੰਘ ਵੱਲ ਵੇਖਿਆ। ਗੁਰਸੁੱਖ ਸਿੰਘ ਨੇ ਗੁਰੂ ਦੀ ਉਸਤਤਿ ’ਚ ਹਾਲੇ ਇੱਕ ਸਲੋਕ ਹੀ ਪੜ੍ਹਿਆ ਸੀ ਕਿ ਅਚਾਨਕ ਉਸ ਦਾ ਫ਼ੋਨ ਵੱਜਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁੱਝ ਕਰ ਪਾਉਂਦਾ, ‘‘ਉਏ, ਆਹ ਮਾਸੜ ਨੂੰ ਤਾਂ ਬੰਦ ਕਰ ਲੈਣਾ ਸੀ ਪਹਿਲਾਂ ?’’ ਮੁੱਖ ਵਜ਼ੀਰ ਸਾਹਿਬ ਨੇ ਬੜੀ ਰੁੱਖੀ ਆਵਾਜ਼ ਵਿੱਚ ਉਸ ਨੂੰ ਤਾੜ ਲਗਾਈ।  ਗੁਰੂ ਦੇ ਵਜ਼ੀਰ ਨੇ ਤਾਂ ਲੱਗਦਾ ਸੀ ਕਿ ਜਿਵੇਂ ਉਸ ਦੇ ਚੰਡ ਹੀ ਜੜ ਦੇਣੀ ਹੋਵੇ।

ਗੁਰਸੁੱਖ ਸਿੰਘ ਨੇ ਸ਼ਰਮਿੰਦਗੀ ਦੇ ਅਹਿਸਾਸ ਵਿੱਚ ਹੀ ਹੁਕਮਨਾਮਾ ਲੈਣ ਉਪਰੰਤ ਵਜ਼ੀਰ ਸਾਹਿਬ ਨੂੰ ਨਿਮਰਤਾ ਨਾਲ ਬੇਨਤੀ ਕੀਤੀ, ‘‘ਖਿਮਾ ਕਰਨਾ ਭਾਈ ਸਾਹਿਬ ਜੀ  !  ਅਸਲ ਵਿੱਚ :

ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ, ਬੁਧਿ ਕੀ ਨ ਬੁਧਿ ਰਹੀ……..

ਫ਼ੋਨ ਬੰਦ ਕਰਨ ਦਾ ਖਿਆਲ ਮੈਨੂੰ ਉੱਕਾ ਹੀ ਵਿਸਰ ਗਿਆ। ਮੈਂ ਅਗਾਂਹ ਤੋਂ ਪੂਰਾ ਖਿਆਲ ਰੱਖਾਂਗਾ।’’

ਉਹ ਤਾਂ ਠੀਕ ਹੈ, ਪਰ ਕੋਈ ਅਰਦਾਸ ਕਰਾਉਣੀ ਜਾਂ ਹੁਕਮਨਾਮਾ ਲੈਣਾ ਹੋਵੇ ਤਾਂ ਸਾਨੂੰ ਦੱਸੋ, ਗ੍ਰੰਥੀ ਸਿੰਘ ਕਾਹਦੇ ਲਈ ਆ ਗੁਰੂ ਘਰਾਂ ’ਚ ? ਆਮ ਸੰਗਤ ਕੋਲੋਂ ਤਾਂ ਵੈਸੇ ਹੀ ਬਹੁਤ ਬੇਅਦਬੀ ਹੋ ਜਾਂਦੀ ਹੈ।

ਗੁਰਸੁੱਖ ਸਿੰਘ ਨੇ ਫ਼ਤਿਹ ਬੁਲਾਈ ਤੇ ਕੰਮ ’ਤੇ ਜਾਣ ਲਈ ਰਵਾਨਾ ਹੋ ਗਿਆ। ਕੰਮ ’ਤੇ ਪਹਿਲਾ ਦਿਨ ਹੋਣ ਦੇ ਬਾਵਜੂਦ ਵੀ ਸਾਰਾ ਦਿਨ ਉਸ ਦੇ ਮਨ ਵਿੱਚ ਇੱਕ ਪਸ਼ਚਾਤਾਪ ਚੱਲਦਾ ਰਿਹਾ ਕਿ ਸ਼ਾਇਦ ਅੱਜ ਉਸ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ! ਭਾਈ ਸਾਹਿਬ ਦੇ ਇਹ ਬੋਲ ਕਿ ਆਮ ਸੰਗਤ ਕੋਲੋਂ ਤਾਂ ਗੁਰੂ ਦੀ ਬਹੁਤ ਬੇਅਦਬੀ ਹੋ ਜਾਂਦੀ ਹੈ, ਵਾਰ- ਵਾਰ ਉਸ ਦੇ ਦਿਮਾਗ ਵਿੱਚ ਹਥੌੜੇ ਦੀ ਤਰ੍ਹਾਂ ਵੱਜ ਰਹੇ ਸਨ। ਉਸ ਨੇ ਸੋਚਿਆ ਕਿ ਸ਼ਾਮ ਨੂੰ ਘਰ ਵਾਪਸ ਜਾਣ ਤੋਂ ਪਹਿਲਾਂ, ਉਹ ਫਿਰ ਗੁਰਦਵਾਰੇ ਜਾਵੇਗਾ ਤੇ ਸੰਗਤ ਦੀ ਸੇਵਾ ਕਰ ਕੇ ਮਨ ਦਾ ਭਾਰ ਹੌਲਾ ਕਰੇਗਾ।

ਗੁਰਸੁੱਖ ਸਿੰਘ ਜਦ ਗੁਰਦੁਆਰੇ ਪੁੱਜਾ ਤਾਂ ‘ਸੋ ਦਰੁ’ ਦਾ ਪਾਠ ਸੰਪੂਰਨ ਹੋਣ ਉਪਰੰਤ, ਗੁਰੂ ਘਰ ਦਾ ਕੀਰਤਨੀ ਜੱਥਾ ਕੀਰਤਨ ਦੀ ਆਰੰਭਤਾ ਕਰ ਚੁੱਕਾ ਸੀ।  ਉਹ ਜੋੜਾ ਘਰ ਵਿੱਚ ਹਾਲੇ ਦਾਖਲ ਹੀ ਹੋਇਆ ਸੀ ਕਿ ਉਸ ਦੀ ਕੰਨੀ ਧੁਰ ਕੀ ਬਾਣੀ ਦੇ ਇਹ ਬੋਲ ਪਏ :

ਠਾਕੁਰ  ! ਤੁਮ੍ ਸਰਣਾਈ ਆਇਆ ॥  ਉਤਰਿ ਗਇਓ ਮੇਰੇ ਮਨ ਕਾ ਸੰਸਾ; ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥ (ਮ: ੫/੧੨੧੮)

ਸੇਵਾ ਕਰਨ ਦੀ ਇੱਛਾ ਭੁੱਲ ਕੇ, ਮੰਤਰ-ਮੁਗਧ ਹੋਇਆ ਸਿੱਧਾ ਦਰਬਾਰ ਹਾਲ ਅੰਦਰ ਚਲਾ ਗਿਆ। ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ, ਪਰਕਰਮਾ ਕਰਦਿਆਂ ਜਦ ਤਾਬਿਆ ਬੈਠੇ ਸਿੰਘ ਕੋਲੋਂ ਲੰਘਣ ਲੱਗਾ, ਤਾਂ ਹੱਕਾ-ਬੱਕਾ ਹੀ ਰਹਿ ਗਿਆ। ਉਸ ਨੂੰ ਆਪਣੀਆਂ ਅੱਖਾਂ ਤੱਕ ’ਤੇ ਯਕੀਨ ਨਹੀਂ ਹੋ ਰਿਹਾ ਸੀ। ਉਸ ਨੂੰ ਮਾਨੋ ਜਿਵੇਂ ਇੱਕ ਝਟਕਾ ਜਿਹਾ ਲੱਗਾ ਹੋਵੇ। ਗੁਰੂ ਦੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਸੁਣਨ ਦੀ ਬਜਾਏ, ਹੋਰ ਕੋਈ ਨਹੀਂ ਬਲਕਿ ਸਵੇਰੇ ਉਸ ਨੂੰ ਬੇਅਦਬੀ ਦੀ ਤਾੜਨਾ ਕਰਨ ਵਾਲੇ ਗੁਰੂ ਦੇ ਮੁੱਖ ਵਜ਼ੀਰ ਤਾਬਿਆ ਬੈਠੇ ਆਪਣੇ ਫ਼ੋਨ ’ਤੇ ਪੂਰੇ ਮਗਨ ਹੋ ਕੇ ਕਿਸੇ ਖੇਡ ਦਾ ਆਨੰਦ ਮਾਣ ਰਹੇ ਸਨ।  ਗੁਰਸੁੱਖ ਸਿੰਘ ਨੇ ਸੋਚਿਆ, ‘ਕੀ ਹੁਣ, ਇਹ ਗੁਰੂ ਦੀ ਬੇਅਦਬੀ ਨਹੀਂ ?’

ਗੁਰਸੁੱਖ ਸਿੰਘ ਪਰਕਰਮਾ ਪੂਰੀ ਕਰ, ਮੱਥਾ ਟੇਕ ਕੇ ਸੰਗਤ ਵਿੱਚ ਸਜ ਗਿਆ ਪਰ ਉਸ ਦੇ ਦਿਮਾਗ ਵਿੱਚ ਸਵਾਲਾਂ ਦਾ ਤੂਫ਼ਾਨ ਉੱਠ ਖਲ੍ਹੋਤਾ ਸੀ।

ਕੀ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਇਹ ਵਜ਼ੀਰ ਕਿਸੇ ਖ਼ਾਸ ਸੰਗਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ ?

ਕੀ ਕੋਈ ਆਮ ਸੰਗਤ ਹੁੰਦੀ ਹੈ ਤੇ ਕੋਈ ਖ਼ਾਸ ਸੰਗਤ ?

ਜੇ ਹਾਂ, ਤਾਂ ਆਮ ਸੰਗਤ ਨੂੰ ਮਰਯਾਦਾ ਸਿਖਾਉਣਾ, ਕੀ ਇਹਨਾਂ ਗੁਰੂ ਦੇ ਵਜ਼ੀਰਾਂ ਦਾ ਫ਼ਰਜ਼ ਨਹੀਂ ?

ਕੀ ਇਹ ਨਹੀਂ ਚਾਹੁੰਦੇ ਕਿ ਸੰਗਤ ਦੀ ਗੁਰੂ ਨਾਲ ਨੇੜ੍ਹਤਾ ਵਧੇ ?

ਗੁਰੂ ਦਾ ਭਉ ਅਸਲ ਵਿੱਚ ਕਿਸ ਨੂੰ ਹੈ, ਗੁਰੂ ਦੇ ਹਜ਼ੂਰ ਹਰ ਦਮ ਵਿਚਰਨ ਵਾਲ਼ਿਆਂ ਨੂੰ ਜਾਂ ਆਮ ਸੰਗਤ ਨੂੰ ?, ਆਦਿ।