ਜੰਮਣੁ ਮਰਣਾ ਹੈ ਸੰਸਾਰੁ ॥

0
568

ਜੰਮਣੁ ਮਰਣਾ ਹੈ ਸੰਸਾਰੁ ॥ (ਮ: ੩/੩੬੪)

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436

ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕਰੋੜਾਂ ਹੀ ਜੀਵ ਪੈਦਾ ਹੁੰਦੇ ਹਨ। ਬਹੁਤੇ ਧਾਰਮਿਕ ਗ੍ਰੰਥਾਂ ਵਿੱਚ ਇਹਨਾਂ ਦੀ ਗਿਣਤੀ ਭਾਵੇਂ 84 ਲੱਖ ਲਿਖੀ ਹੋਈ ਹੈ ਪਰ ਕੁਦਰਤ ਦਾ ਅੰਤ ਪਾਉਣਾ ਜਾਂ ਉਸ ਦੀ ਵਿਸ਼ਾਲਤਾ ਨੂੰ ਕਲਮਬੰਦ ਕਰਨਾ ਮਨੁੱਖ ਦੇ ਵਸ ਦੀ ਗੱਲ ਨਹੀਂ। ਪਰੰਤੂ ਸਾਰੇ ਜੀਵਾਂ ਵਿੱਚੋਂ ਕੇਵਲ ਤੇ ਕੇਵਲ ਮਨੁੱਖ ਨੂੰ ਹੀ ਪ੍ਰਮਾਤਮਾ ਨੇ ਇੱਕ ਖ਼ਾਸ ਮਕਸਦ ਲਈ ਸੰਸਾਰ ਵਿੱਚ ਭੇਜਿਆ ਹੈ। ਉਹ ਮਨੋਰਥ ਹੈ :

ਭਈ ਪਰਾਪਤਿ; ਮਾਨੁਖ ਦੇਹੁਰੀਆ ॥  ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥ (ਮ: ੫/੧੨)

ਬਾਕੀ ਸਾਰੇ ਜੀਵ ਜੰਤੂ, ਪਸ਼ੂ, ਪੰਛੀ ਤੇ ਬਨਸਪਤੀ ਆਦਿ ਪ੍ਰਮਾਤਮਾ ਨੇ ਮਨੁੱਖ ਦਾ ਰਹਿਣ ਸਹਿਣ ਸੌਖਾ ਕਰਨ ਲਈ ਅਤੇ ਉਸ ਦੀ ਸੇਵਾ ਲਈ ਪੈਦਾ ਕੀਤੇ ਹਨ। ਇੱਥੇ ਹੀ ਬਸ ਨਹੀਂ ਸਗੋਂ ਪ੍ਰਮਾਤਮਾ ਨੇ ਕੇਵਲ ਤੇ ਕੇਵਲ ਮਨੁੱਖ ਨੂੰ ਹੀ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ ਬਖ਼ਸ਼ਸ਼ ਕੀਤਾ ਹੈ, ਜਿਸ ਦੇ ਕਾਰਨ ਇਸ ਦੀ ਇਹ ਧਰਤੀ ’ਤੇ ਸਰਦਾਰੀ ਕਾਇਮ ਹੈ।

ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥ (ਮ: ੫/੩੭੪)

ਅਨੇਕਾਂ ਹੀ ਜੀਵ ਹਰ ਰੋਜ਼ ਆਉਂਦੇ ਅਤੇ ਜਾਂਦੇ ਹਨ ਭਾਵ ਜੰਮਦੇ ਤੇ ਮਰਦੇ ਹਨ, ਜਿਸ ਨਾਲ ਸੰਸਾਰ ਚੱਲ ਰਿਹਾ ਹੈ। ਕੁਦਰਤ ਦਾ ਇੱਕ ਅਟੱਲ ਨਿਯਮ ਹੈ ਕਿ ਜੋ ਕੁੱਝ ਵੀ ਸਾਨੂੰ ਦਿਸਦਾ ਹੈ, ਉਹ ਨਾਸ਼ਵਾਨ ਹੈ :

ਜੋ ਉਪਜਿਓ, ਸੋ ਬਿਨਸਿ ਹੈ; ਪਰੋ ਆਜੁ ਕੈ ਕਾਲਿ ॥  (ਮ: ੯/੧੪੨੯)

ਜੰਮਣਾ ਤੇ ਮਰਨਾ ਇਹ ਅਕਾਲ ਪੁਰਖ ਦੇ ਆਪਣੇ ਹੀ ਵੱਸ ਵਿੱਚ ਹੈ।

ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥ (ਮ: ੧/੪੭੨)

ਮਨੁੱਖ ਦੇ ਮਨ ਵਿੱਚ ਸਭ ਤੋਂ ਵੱਡਾ ਡਰ ਹੈ ਮੌਤ ਦਾ, ਪ੍ਰੰਤੂ ਜਿਹਨਾਂ ਗੁਰਮੁਖ ਪਿਆਰਿਆਂ ਨੇ ਆਪਣੀ ਲਿਵ ਅਕਾਲ ਪੁਰਖ ਨਾਲ ਜੋੜੀ ਹੋਈ ਹੈ ਉਹਨਾਂ ਨੂੰ ਮੌਤ ਦਾ ਡਰ ਨਹੀਂ ਸਤਾਉਂਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਕਥੂ ਨੰਗਲ ਪਹੁੰਚੇ ਤਾਂ ਇੱਕ ਦਸ ਸਾਲ ਦਾ ਬਾਲਕ, ਜੋ ਬੱਕਰੀਆਂ ਚਾਰਦਾ ਸੀ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ।  ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਉਸ ਦੇ ਮਨ ’ਤੇ ਡੂੰਘਾ ਅਸਰ ਹੋਇਆ ਤੇ ਹਰ ਰੋਜ਼ ਉਹਨਾਂ ਲਈ ਦੁੱਧ ਲੈ ਕੇ ਆਉਂਦਾ ਅਤੇ ਆਤਮਕ ਗਿਆਨ ਦੀਆਂ ਗੱਲਾਂ ਕਰਦਾ। ਇੱਕ ਦਿਨ ਗੁਰੂ ਸਾਹਿਬ ਨੂੰ ਪੁੱਛਣ ਲੱਗਾ ਕਿ ਪਾਤਸ਼ਾਹ  ! ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਇਸ ਦਾ ਕੋਈ ਉਪਾਅ ਦੱਸੋ। ਗੁਰੂ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਮੌਤ ਤੋਂ ਕਿਤੇ ਵੱਧ ਤਾਕਤਵਾਰ ਹੈ ਅਤੇ ਜੀਵਨ ਤੇ ਮੌਤ ਉਸ ਦੇ ਹੱਥ ਵਿੱਚ ਹੈ, ਤੂੰ ਪ੍ਰਮਾਤਮਾ ਨਾਲ ਸਾਂਝ ਪਾ ਲੈ ਤੇ ਤੇਰਾ ਮੌਤ ਦਾ ਡਰ ਚੁੱਕਿਆ ਜਾਵੇਗਾ। ਫਿਰ ਬਾਲਕ ਨੇ ਪ੍ਰਸ਼ਨ ਕੀਤਾ ਕਿ ਰੱਬ ਨਾਲ ਸਾਂਝ ਕਿਵੇਂ ਪੈਂਦੀ ਹੈ ਤਾਂ ਗੁਰੂ ਸਾਹਿਬ ਨੇ ਸਮਝਾਇਆ ਕਿ ਉਸ ਦਾ ਸਿਮਰਨ ਕਰਨ ਨਾਲ ਤੇ ਮਨੁੱਖਤਾ ਦੀ ਸੇਵਾ ਕਰਨ ਨਾਲ ਸਾਂਝ ਬਣਦੀ ਹੈ। ਗੁਰੂ ਸਾਹਿਬ ਨੇ ਨਾਲ ਹੀ ਇਹ ਕਹਿ ਦਿੱਤਾ ਕਿ ਬੂੜਿਆ  ! ਤੇਰੀ ਉਮਰ ਤਾਂ ਅਜੇ ਛੋਟੀ ਹੈ ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਭਾਵ ਸਿਆਣੀ ਉਮਰ ਵਾਲੀਆਂ ਕਰਦਾ ਹੈਂ। ਤੂੰ ਅਸਲ ਵਿੱਚ ਬੂੜਾ ਨਹੀਂ, ਬੁੱਢਾ ਹੈਂ। ਇਹੀ ਬਾਲਕ ਬਾਬਾ ਬੁੱਢਾ ਜੀ ਕਰ ਕੇ ਪ੍ਰਸਿੱਧ ਹੋਇਆ ਅਤੇ ਆਤਮਿਕ ਗਿਆਨ ਪ੍ਰਾਪਤ ਕਰ ਕੇ ਪਹਿਲੇ ਛੇ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਜੁੱਟੇ ਰਹੇ ਅਤੇ ਗੁਰਗੱਦੀ ਦੀ ਰਸਮ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ।  ਸੋ, ਆਮ ਮਨੁੱਖ ਦੇ ਮਨ ਵਿੱਚ ਸਭ ਤੋਂ ਵੱਧ ਡਰ ਮੌਤ ਦਾ ਹੀ ਹੁੰਦਾ ਹੈ। ਇਹ ਡਰ, ਅਕਾਲ ਪੁਰਖ ਨਾਲ ਇਕ ਮਿਕ ਹੋ ਕੇ ਹੀ ਖ਼ਤਮ ਹੁੰਦਾ ਹੈ।

ਅਸਲ ਵਿੱਚ ਮਨੁੱਖ ਨੂੰ ਆਪਣੇ ਪੂਰੇ ਜੀਵਨ ਵਿੱਚ ਸਭ ਤੋਂ ਵੱਧ ਡਰ ਮੌਤ ਦਾ ਹੀ ਸਤਾਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਭੋਗ ਵਿਲਾਸਾਂ ਵਿੱਚ ਸੁਰਤ ਦਾ ਖਚਿਤ ਹੋਣਾ, ਮਰਨ ਵਾਲੇ ਮਨੁੱਖ ਦੀ ਅੰਤਮ ਦਰਦਨਾਕ ਹਾਲਤ ਅਤੇ ਪੁੱਤਰਾਂ, ਧੀਆਂ ਤੇ ਸਾਕ ਸਬੰਧੀਆਂ ਨਾਲੋਂ ਸਦੀਵੀ ਵਿਛੋੜਾ।

ਜੇਕਰ ਜੀਵਨ ਅਤੇ ਮੌਤ ਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਰੀਰ ਅਤੇ ਆਤਮਾ ਦੇ ਵਿਛੋੜੇ ਦਾ ਨਾਂ ‘ਮੌਤ’ ਹੈ ਅਤੇ ਇਹਨਾਂ ਦੇ ਮਿਲਾਪ ਦਾ ਨਾਂ ‘ਜੀਵਨ’ ਹੈ। ਜਦ ਤੱਕ ਆਤਮਾ ਸਰੀਰ ਵਿੱਚ ਨਿਵਾਸ ਕਰਦੀ ਹੈ ਉਦੋਂ ਤੱਕ ਸਰੀਰ ਜੀਉਂਦਾ ਹੈ। ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਪਰ ਆਤਮਾ ਇਹਨਾਂ ਤੱਤਾਂ ਤੋਂ ਉੱਪਰ ਹੈ ਅਤੇ ਅਮਰ ਹੈ। ਅੰਗਰੇਜ਼ਾਂ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ Soul is im-mortal.

ਮੌਤ ਵੀ ਕਿੰਨੀ ਅਜੀਬ ਹੈ; ਜਿਉਂ ਹੀ ਆਤਮਾ ਸਰੀਰ ਵਿੱਚੋਂ ਨਿੱਕਲਦੀ ਹੈ ਉਸੇ ਵੇਲੇ ਸਾਰੇ ਸਾਕ ਸਬੰਧੀਆਂ ਨਾਲੋਂ ਇਸ ਦਾ ਸਬੰਧ ਟੁੱਟ ਜਾਂਦਾ ਹੈ। ਅੱਤ ਦੇ ਪਿਆਰੇ ਪੁੱਤਰ ਧੀਆਂ, ਜੀਵਨ ਸਾਥੀ ਅਤੇ ਨੇੜਲੇ ਸਾਕ ਸਬੰਧੀ ਆਪਣੇ ਹੱਥੀ ਹੀ ਉਸ ਸਰੀਰ ਨੂੰ ਫੂਕ ਦਿੰਦੇ ਹਨ। ਗੁਰੂ ਤੇਗ ਬਹਾਦਰ ਜੀ ਦਾ ਫ਼ੁਰਮਾਨ ਹੈ :

ਘਰ ਕੀ ਨਾਰਿ, ਬਹੁਤੁ ਹਿਤੁ ਜਾ ਸਿਉ; ਸਦਾ ਰਹਤ ਸੰਗ ਲਾਗੀ ॥ 

ਜਬ ਹੀ ਹੰਸ, ਤਜੀ ਇਹ ਕਾਂਇਆ; ਪ੍ਰੇਤ ਪ੍ਰੇਤ ਕਰਿ ਭਾਗੀ ॥ (ਮ: ੯/੬੩੪)

ਮੌਤ ਦਾ ਕਿਸੇ ਗ਼ਰੀਬ, ਅਮੀਰ, ਉੱਚ ਪਦਵੀ, ਬਾਦਸ਼ਾਹ, ਕੰਗਾਲ, ਮੂਰਖ ਤੇ ਪੰਡਿਤ, ਪਾਪੀ ਤੇ ਧਰਮੀ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਕਿੰਨਾ ਵੱਡਾ ਹੀ ਮਨੁੱਖ ਕਿਉਂ ਨਾ ਹੋਵੇ, ਮੌਤ ਤੋਂ ਬਾਅਦ ਇਸ ਤਰ੍ਹਾਂ ਮਲੂਮ ਹੁੰਦਾ ਹੈ ਕਿ ਜਿਵੇਂ ਕਦੀ ਦੁਨੀਆਂ ਵਿੱਚ ਆਇਆ ਹੀ ਨਹੀਂ।  ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹਰ ਰੋਜ਼ ਮਨੁੱਖ ਜੰਮਦੇ ਤੇ ਮਰਦੇ ਹਨ। ਅਰਬਾਂ ਮਨੁੱਖਾਂ ਵਿੱਚੋਂ ਕੁਝ ਕੁ ਹਸਤੀਆਂ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਇਤਿਹਾਸ ਸੰਭਾਲ਼ ਕੇ ਰੱਖਦਾ ਹੈ।

ਭਾਵੇਂ ਮਨੁੱਖ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚੋਂ ਤਾਕਤਵਾਰ ਮੰਨਿਆ ਗਿਆ ਹੈ ਪਰ ਪ੍ਰਮਾਤਮਾ ਦੀ ਹਸਤੀ ਦੇ ਸਾਹਮਣੇ ਉਸ ਦੀ ਕੋਈ ਪਾਇਆ ਨਹੀਂ । ਗੁਰਬਾਣੀ ਦਾ ਫ਼ੁਰਮਾਨ ਹੈ :

ਜੋ ਤਿਸੁ ਭਾਵੈ, ਸੋ ਥੀਐ; ਨਾਨਕ  ! ਕਿਆ ਮਾਨੁਖ  ?॥ (ਮ: ੧/੪੧੭)

ਮਨੁੱਖ ਦੀ ਹਸਤੀ ਉਸ ਅਕਾਲ ਪੁਰਖ ਦੇ ਸਾਹਮਣੇ ਇਸ ਤਰ੍ਹਾਂ ਹੈ, ਜਿਵੇਂ ਸਮੁੰਦਰ ਦੇ ਮੁਕਾਬਲੇ ਪਾਣੀ ਦੀ ਬੂੰਦ ਦੀ।  ਸਮੁੰਦਰ ਅਤੇ ਪਾਣੀ ਦੀ ਬੂੰਦ ਦਾ ਮੂਲ ਇੱਕੋ ਹੀ ਹੈ ਪਰ ਸ਼ਕਤੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।  ਸਮੰਦਰ ਅਥਾਹ ਸ਼ਕਤੀ ਦਾ ਮਾਲਕ ਹੈ ਜਿਸ ਦੇ ਤਲ ਉੱਪਰ ਵੱਡੇ-ਵੱਡੇ ਸਮੁੰਦਰੀ ਜਹਾਜ਼ ਚੱਲਦੇ ਹਨ, ਉਸ ਦੀ ਕੁੱਖ ਵਿੱਚ ਬੜੇ-ਬੜੇ ਕੀਮਤੀ ਹੀਰੇ ਜਵਾਹਰਾਤ ਤੇ ਪੈਟਰੋਲੀਅਮ ਵਰਗੇ ਪਦਾਰਥ ਮਿਲਦੇ ਹਨ। ਪ੍ਰੰਤੂ ਪਾਣੀ ਦੀ ਬੂੰਦ, ਜੋ ਉਸੇ ਸਮੁੰਦਰ ਦੀ ਹੀ ਅੰਸ਼ ਹੈ, ਵਿੱਚ ਕੋਈ ਤਾਕਤ ਨਹੀਂ। ਜੇ ਉਸ ਬੂੰਦ ਨੇ ਵੀ ਸਮੁੰਦਰ ਵਰਗੀ ਅਥਾਹ ਸ਼ਕਤੀ ਹਾਸਲ ਕਰਨੀ ਹੋਵੇ ਤਾਂ ਉਸ ਨੂੰ ਆਪਣੀ ਹੋਂਦ ਖ਼ਤਮ ਕਰ ਕੇ ਸਮੁੰਦਰ ਵਿੱਚ ਜਜ਼ਬ ਹੋਣਾ ਪਵੇਗਾ। ਇਹੀ ਹਾਲ ਜੀਵਾਤਮਾ ਦਾ ਹੈ। ਜੇ ਮਨੁੱਖ ਆਪਣੀ ਹਉਮੈ ਤਿਆਗ ਕੇ, ਆਪਣਾ ਆਪ ਮਿਟਾ ਕੇ, ਆਪਣੀ ਸੁਰਤ ਨੂੰ ਪ੍ਰਭੂ ਵਿੱਚ ਲੀਨ ਕਰ ਲਵੇ ਤਾਂ ਉਸ ਵਿੱਚ ਵੀ ਪ੍ਰਭੂ ਵਾਲੇ ਸਾਰੇ ਗੁਣ ਪੈਦਾ ਹੋ ਜਾਣਗੇ ਅਤੇ ਉਹ ਹਮੇਸ਼ਾਂ ਲਈ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਉਸ ਦੀ ਅਵਸਥਾ ਇਹ ਹੋ ਜਾਵੇਗੀ :

ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥ (ਮ: ੫/੭੪੯)

ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਮੌਤ ਨੂੰ ਇੱਕ ਮਮੂਲੀ ਜਿਹੀ ਤਬਦੀਲੀ ਹੀ ਸਮਝਦਾ ਹੈ। ਉਹ ਮਨੁੱਖਾ ਜਨਮ ਨੂੰ ਵਾਹਿਗੁਰੂ ਦੀ ਬਖ਼ਸ਼ਸ਼ ਅਤੇ ਮੌਤ ਨੂੰ ਉਸ ਦਾ ਭਾਣਾ ਸਮਝਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ :

ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥ (ਮ: ੧/੪੭੨)

ਸਚਾਈ ਇਹ ਹੈ ਕਿ ਜੀਵਨ ਹੈ ਹੀ, ਮਿਲਣਾ ਤੇ ਵਿਛੜਣਾ, ਸੰਜੋਗ ਤੇ ਵਿਜੋਗ, ਇਸ ਨਾਲ ਹੀ ਜੀਵਨ ਦੀ ਕਾਰ ਵਿਹਾਰ ਚੱਲਦੀ ਹੈ।

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥ (ਜਪੁ)

‘ਮਿਲਾਪ’ ਖੁਸ਼ੀ ਦਾ ਪ੍ਰਤੀਕ ਹੈ ਅਤੇ ‘ਵਿਛੋੜਾ’ ਦਰਦ ਦਾ। ਦਰਦ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ। ਇਹ ਜਿਸ ਨੂੰ ਪਹੁੰਚਦਾ ਹੈ, ਉਹੀ ਮਨੁੱਖ ਮਹਿਸੂਸ ਕਰਦਾ ਹੈ। ਕਿਸੇ ਪਿਆਰੇ ਦੇ ਜਾਣ ਨਾਲ ਵਿਛੋੜਾ, ਦਰਦ ਪੈਦਾ ਕਰਦਾ ਹੈ ਅਤੇ ਮਨ ਉਦਾਸੀ ਨਾਲ ਭਰ ਜਾਂਦਾ ਹੈ। ਉਸ ਨਾਲ ਬਿਤਾਏ ਹਰ ਪਲ ਦੀ ਯਾਦ ਕਿਸੇ ਅਨੋਖੀ ਪੀੜ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ, ਪਰ ਇਹ ਉਦਾਸੀ ਕਦੇ ਮਿਲਾਪ ਤੱਕ ਨਹੀਂ ਪਹੁੰਚਾ ਸਕਦੀ।  ਬਸ ਫਿਰ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਜੀਵਨ ਦਾ ਤੱਤ ਹੈ। ਗੁਰਬਾਣੀ ਹੀ ਡਿਗਦੇ ਤੇ ਡੋਲਦੇ ਮਨ ਨੂੰ ਸਹਾਰਾ ਦਿੰਦੀ ਹੈ। ਜਿਸ ਤਰ੍ਹਾਂ ਕਿਸੇ ਮਕਾਨ ਦੀ ਛੱਤ, ਥੰਮ੍ਹਾਂ ਦੇ ਸਹਾਰੇ ਖੜ੍ਹੀ ਰਹਿੰਦੀ ਹੈ, ਉਸੇ ਤਰ੍ਹਾਂ ਡੋਲਦੇ ਮਨ ਲਈ ਸਾਡੇ ਵਾਸਤੇ ਗੁਰਬਾਣੀ ਹੀ ਥੰਮ੍ਹੀ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ :

ਜਿਉ ਮੰਦਰ ਕਉ ਥਾਮੈ ਥੰਮਨੁ ॥  ਤਿਉ, ਗੁਰ ਕਾ ਸਬਦੁ; ਮਨਹਿ ਅਸਥੰਮਨੁ ॥ (ਮ: ੫/੨੮)

ਜਦੋਂ ਮਨੁੱਖ ਗੁਰਬਾਣੀ ਦੇ ਆਸਰੇ ਅਨੁਸਾਰ ਜੀਵਨ ਜੀਉਂਦਾ ਹੈ ਤਾਂ ਉਸ ਨੂੰ ਜੀਵਨ ਅਤੇ ਮੌਤ ਵਿੱਚ ਫ਼ਰਕ ਨਹੀਂ ਲੱਗਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਛੋਟੇ ਪੁੱਤਰ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਸਾਂਢੂ ਭਾਈ ਸਾਈਂ ਦਾਸ ਜੀ ਹਮਦਰਦੀ ਕਰਨ ਲਈ ਪਿੰਡ ਡਰੋਲੀ ਤੋਂ ਪਹੁੰਚੇ। ਗੁਰੂ ਸਾਹਿਬ ਨੂੰ ਆਮ ਦੀ ਤਰ੍ਹਾਂ ਸ਼ਾਤ ਚਿੱਤ ਵੇਖ ਕੇ ਹੈਰਾਨ ਹੋ ਗਏ ਅਤੇ ਹੱਥ ਜੋੜ ਪੁੱਛਣ ਲੱਗੇ ਕਿ ਸੱਚੇ ਪਾਤਸ਼ਾਹ  !  ਆਪ ਦਾ 9 ਸਾਲ ਦਾ ਬੇਟਾ ਚੜ੍ਹਾਈ ਕਰ ਗਿਆ ਹੈ ਫਿਰ ਵੀ ਆਪ ਦੇ ਚਿਹਰੇ ’ਤੇ ਕੋਈ ਉਦਾਸੀ ਨਹੀਂ। ਇਸ ਦਾ ਕੀ ਕਾਰਨ ਹੈ ?

ਗੁਰੂ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ ਸਾਂਈ ਦਾਸ ਜੀ  !  ਜ਼ਮੀਨ ਉੱਤੇ ਇੱਕ ਲਕੀਰ ਖਿੱਚੋ। ਉਹਨਾਂ ਨੇ ਹੁਕਮ ਮੰਨ ਕੇ ਲਕੀਰ ਖਿੱਚੀ। ਫਿਰ ਕਹਿਣ ਲੱਗੇ ਹੁਣ ਇਸ ਲਕੀਰ ਨੂੰ ਮਿਟਾ ਦਿਓ।  ਸਾਂਈ ਦਾਸ ਜੀ ਨੇ ਉਸੇ ਕੱਚੀ ਜ਼ਮੀਨ ਤੇ ਹੱਥ ਫੇਰ ਕੇ ਲਕੀਰ ਮਿਟਾ ਦਿੱਤੀ। ਫਿਰ ਗੁਰੂ ਸਾਹਿਬ ਨੇ ਸਾਂਈ ਦਾਸ ਜੀ ਨੂੰ ਪੁੱਛਿਆ ਕਿ ਦੱਸੋ ਕਿ ਲਕੀਰ ਖਿੱਚਣ ਵੇਲੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਸੀ ?  ਸਾਂਈ ਦਾਸ ਜੀ ਕਹਿਣ ਲੱਗੇ ਪਾਤਸ਼ਾਹ  ! ਖੁਸ਼ੀ ਕਾਹਦੀ ਤੁਹਾਡਾ ਹੁਕਮ ਮੰਨ ਕੇ ਹੀ ਲਕੀਰ ਖਿੱਚੀ ਸੀ। ਫਿਰ ਪਾਤਸ਼ਾਹ ਨੇ ਕਿਹਾ ਕਿ ਸਾਂਈ ਦਾਸ ਜੀ  !  ਇਹ ਦੱਸੋ ਕਿ ਲਕੀਰ ਮਿਟਾਉਣ ਵੇਲੇ ਆਪ ਨੂੰ ਕੋਈ ਉਦਾਸੀ ਹੋਈ ?  ਸਾਂਈ ਦਾਸ ਜੀ ਨੇ ਫਿਰ ਉਹੀ ਜਵਾਬ ਦਿੱਤਾ ਕਿ ਇਸ ਵਿੱਚ ਉਦਾਸੀ ਵਾਲੀ ਕੋਈ ਗੱਲ ਨਹੀਂ ਸੀ।

ਇਹ ਸੁਣ ਕੇ ਗੁਰੂ ਸਾਹਿਬ ਨੇ ਸਮਝਾਉਂਦੇ ਹੋਏ ਕਿਹਾ ਕਿ ਸਾਂਈ ਦਾਸ ਜੀ  !  ਬਾਬਾ ਅਟਲ ਰਾਏ ਵੀ ਇਸ ਧਰਤੀ ’ਤੇ ਇੱਕ ਲਕੀਰ ਦੀ ਨਿਆਈਂ ਆਏ ਸਨ। ਅਕਾਲ ਪੁਰਖ ਦੇ ਹੁਕਮ ਵਿੱਚ ਹੀ ਲਕੀਰ ਖਿੱਚੀ ਗਈ ਸੀ ਤੇ ਉਸ ਦੇ ਹੁਕਮ ਵਿੱਚ ਹੀ ਲਕੀਰ ਮਿਟ ਗਈ ਸੀ। ਫਿਰ ਖੁਸ਼ੀ ਤੇ ਗ਼ਮੀ ਕਾਹਦੀ ਹੋਣੀ ਸੀ ?  ਸੋ, ਇਹ ਅਵਸਥਾ ਉਸ ਵਕਤ ਬਣਦੀ ਹੈ ਜਦੋਂ ਮਨੁੱਖ ਆਪਣਾ ਜੀਵਨ ਗੁਰਬਾਣੀ ਅਨੁਸਾਰ ਜੀਊਂਣਾ ਸ਼ੁਰੂ ਕਰ ਦੇਵੇ।

ਹਰ ਮਨੁੱਖ ਪ੍ਰਾਣੀ, ਜੀਵਨ ਨੂੰ ਲੋਚਦਾ ਹੈ। ਕੋਈ ਵੀ ਮਰਣਾ ਨਹੀਂ ਚਾਹੁੰਦਾ। ਗੁਰਬਾਣੀ ਦਾ ਫ਼ੁਰਮਾਨ ਹੈ :

ਮਰਣੈ ਤੇ ਜਗਤੁ ਡਰੈ; ਜੀਵਿਆ ਲੋੜੈ ਸਭੁ ਕੋਇ ॥ (ਮ: ੩/੫੫੫)

ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਸਰੀਰ ਅਤੇ ਆਤਮਾ ਦੀ ਅੰਤਰੀਵ ਦਸ਼ਾ ਬਿਆਨ ਕਰਦੇ ਹੋਏ ਬੜੇ ਸੁੰਦਰ ਤਰੀਕੇ ਨਾਲ ਇਹਨਾਂ ਦੀ ਆਪੋ ਵਿੱਚ ਹੋਈ ਵਾਰਤਾਲਾਪ ਦਾ ਨਕਸ਼ਾ ਖਿੱਚਦੇ ਹਨ। ਸਰੀਰ ਲਈ ‘ਧਨ’ (ਇਸਤਰੀ) ਸ਼ਬਦ ਵਰਤਿਆ ਹੈ ਅਤੇ ਆਤਮਾ ਲਈ ‘ਪਿਰ’ (ਪਤੀ);  ਸਰੀਰ ਹਮੇਸ਼ਾਂ ਆਤਮਾ (ਪਤੀ) ਦਾ ਸਾਥ ਚਾਹੁੰਦਾ ਹੈ ਪਰ ਆਤਮਾ ਕਹਿੰਦਾ ਹੈ ਕਿ ਮੈਂ ਪ੍ਰਮਾਤਮਾ ਦੇ ਹੁਕਮ ਵਿੱਚ ਬੱਧਾ ਹੋਇਆ ਹਾਂ। ਉਸ ਦੇ ਹੁਕਮ ਵਿੱਚ ਹੀ ਮੇਰਾ ਅਤੇ ਤੇਰਾ ਸਬੰਧ ਹੈ।

ਪਹਿਲਾਂ ਇਸਤਰੀ (ਧਨ), ਆਪਣੇ ਪਤੀ (ਪਿਰ) ਨੂੰ ਹਮੇਸ਼ਾਂ ਲਈ ਸਾਥ ਦੇਣ ਵਾਸਤੇ ਅਰਜੋਈ ਕਰਦੀ ਹੈ :

ਧਨ ਕਹੈ; ਤੂ ਵਸੁ, ਮੈ ਨਾਲੇ ॥  ਪ੍ਰਿਅ ਸੁਖਵਾਸੀ; ਬਾਲ ਗੁਪਾਲੇ ॥ 

ਤੁਝੈ ਬਿਨਾ, ਹਉ ਕਿਤ ਹੀ ਨ ਲੇਖੈ; ਵਚਨੁ ਦੇਹਿ, ਛੋਡਿ ਨ ਜਾਸਾ ਹੇ ॥੭॥ (ਮ: ੫/੧੦੭੩)

ਅਗੋਂ ਪਿਰ (ਪਤੀ, ਆਤਮਾ) ਜਵਾਬ ਦੇਂਦਾ ਹੈ ਕਿ ਮੈਂ ਤਾਂ ਪ੍ਰਮਾਤਮਾ ਦਾ ਹੁਕਮੀ ਬੰਦਾ ਹਾਂ, ਜਿਸ ਨੂੰ ਕਿਸੇ ਦੀ ਕਾਣ ਨਹੀਂ।

ਪਿਰਿ (ਨੇ) ਕਹਿਆ; ਹਉ ਹੁਕਮੀ ਬੰਦਾ ॥ ਓਹੁ ਭਾਰੋ ਠਾਕੁਰੁ; ਜਿਸੁ ਕਾਣਿ ਨ ਛੰਦਾ ॥

ਜਿਚਰੁ ਰਾਖੈ, ਤਿਚਰੁ ਤੁਮ ਸੰਗਿ ਰਹਣਾ; ਜਾ ਸਦੇ, ਤ ਊਠਿ ਸਿਧਾਸਾ ਹੇ ॥੮॥ (ਮ: ੫/੧੦੭੩)

ਜਦੋਂ ਇਹ ਸੱਚੀਆਂ ਗੱਲਾਂ ਆਤਮਾ ਨੇ ਸਰੀਰ (ਧਨ) ਨੂੰ ਦੱਸੀਆਂ ਤਾਂ ਉਹ ਕੁੱਝ ਨਾ ਸਮਝੀ ਤੇ ਬਾਰ-ਬਾਰ ਆਪਣੀ ਚੰਚਲਤਾਈ ਵਿੱਚ ਉਸ ਦਾ ਸਾਥ ਮੰਗਣ ਦੀ ਗੱਲ ਕਰਦੀ ਰਹੀ :

ਜਉ ਪ੍ਰਿਅ ਬਚਨ; ਕਹੇ ਧਨ ਸਾਚੇ ॥  ਧਨ ਕਛੂ ਨ ਸਮਝੈ; ਚੰਚਲਿ ਕਾਚੇ ॥ 

ਬਹੁਰਿ ਬਹੁਰਿ, ਪਿਰ ਹੀ ਸੰਗੁ ਮਾਗੈ; ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ (ਮ: ੫/੧੦੭੩)

ਪ੍ਰੰਤੂ ਜਦੋਂ ਪ੍ਰਭੂ ਵੱਲੋਂ ਸੱਦਾ ਆ ਗਿਆ ਤਾਂ ਨਾ ਉਸ ਨੇ ਸਰੀਰ ਨੂੰ ਪੁੱਛਿਆ ਤੇ ਨਾ ਹੀ ਕੋਈ ਮਤਾ ਪਾਸ ਕੀਤਾ। ਆਤਮਾ, ਸਰੀਰ ਨੂੰ ਸਦਾ ਲਈ ਛੱਡ ਚਲੀ ਗਈ :

ਆਈ ਆਗਿਆ; ਪਿਰਹੁ ਬੁਲਾਇਆ ॥ ਨਾ ਧਨ ਪੁਛੀ; ਨ ਮਤਾ ਪਕਾਇਆ ॥

ਊਠਿ ਸਿਧਾਇਓ, ਛੂਟਰਿ ਮਾਟੀ; ਦੇਖੁ ਨਾਨਕ  ! ਮਿਥਨ ਮੋਹਾਸਾ ਹੇ ॥੧੦॥ (ਮ: ੫/੧੦੭੩)

ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਜੋ ਵੀ ਦਿਸਦਾ ਹੈ, ਉਹ ਨਾਸ਼ਵੰਤ ਹੈ।

ਜੋ ਦੀਸੈ; ਸੋ ਚਾਲਨਹਾਰੁ ॥  ਲਪਟਿ ਰਹਿਓ; ਤਹ ਅੰਧ ਅੰਧਾਰੁ ॥ (ਗਉੜੀ ਸੁਖਮਨੀ/ਮ: ੫/੨੬੮)

ਸੋ, ਇਹ ਸੰਸਾਰ ਕੀ ਹੈ ? ਇਹ ਇੱਕ ਖੇਲ ਦੀ ਨਿਆਈਂ ਹੈ, ਜਿਸ ਵਿੱਚ ਜੀਵ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਆਵਨ ਜਾਨੁ; ਇਕੁ ਖੇਲੁ ਬਨਾਇਆ ॥ (ਗਉੜੀ ਸੁਖਮਨੀ/ਮ: ੫/੨੯੪)

ਇਸ ਸੰਸਾਰ ਵਿੱਚ ਜੀਵਨ ਬਸਰ ਕਰਦਿਆਂ ਪਰਿਵਾਰ ਦੇ ਕਿਸੇ ਜੀਵ ਦੇ ਜਾਣ ਤੋਂ ਬਾਅਦ ਉਦਾਸ ਹੋਏ ਮਨ ਲਈ ਕੇਵਲ ਤੇ ਕੇਵਲ ਗੁਰਬਾਣੀ ਦਾ ਹੀ ਓਟ ਆਸਰਾ ਮਨੁੱਖ ਦੇ ਡਿੱਗਦੇ ਮਨ ਨੂੰ ਢਾਰਸ ਦੇਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਮੂਲੇ ਦੇ ਰਾਹੀਂ ਇਹ ਉਪਦੇਸ਼ ਦ੍ਰਿੜ੍ਹ ਕਰਵਾਇਆ ਸੀ ਕਿ ਮਰਣਾ ਸੱਚ ਹੈ ਤੇ ਜੀਊਣਾ ਝੂਠ।

ਜੇ ਮਨੁੱਖ ਇਸ ਸਿੱਖਿਆ ਨੂੰ ਮਨ ਵਿੱਚ ਵਸਾ ਲਵੇ ਤਾਂ ਉਹ ਇਸ ਸੰਸਾਰ ਵਿੱਚ ਵਿਚਰਦਾ ਹੋਇਆ ਅਕਾਲ ਪੁਰਖ ਦੀ ਭੈ-ਭਾਵਨੀ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਹੋਇਆ ਸਦੀਵੀ ਅਨੰਦ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਵਿੱਚ ਇਸ ਅਵਸਥਾ ਤੱਕ ਪਹੁੰਚਣ ਲਈ ਪੰਜ ਪੜਾਅ ਬਿਆਨ ਕੀਤੇ ਹਨ, ਜਿਨ੍ਹਾਂ ਨੂੰ ਪੰਜ ਖੰਡ ਕਿਹਾ ਜਾਂਦਾ ਹੈ। ਇਹ ਪੰਜ ਖੰਡ ਹਨ : ‘ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡ’, ਇਹਨਾਂ ਪੜਾਵਾਂ ਰਾਹੀਂ ਹੀ ਮਨੁੱਖ ਪਰਮ ਅਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਸੰਸਾਰ ਵਿੱਚ ਆਉਣ ਦਾ ਆਪਣਾ ਮਕਸਦ ਹਾਸਲ ਕਰ ਲੈਂਦਾ ਹੈ।