32 C
Jalandhar
Tuesday, May 19, 2026
spot_img
Home Blog Page 118

ਦਸਤਾਰ ਦੀ ਦਾਸਤਾਨ

0

ਦਸਤਾਰ ਦੀ ਦਾਸਤਾਨ

ਅੱਜ ਕਿੱਸਾ ਇੱਕ ਸੁਣਾਉਣ ਲੱਗਾ, ਨਵਾਂ ਨਹੀਂ, ਪੁਰਾਣਾ ਛੂਹਣ ਲੱਗਾ।

ਲੱਗਦੀ ਸਿਰ ’ਤੇ ਭਾਰੀ ਜੋ, ਮੋੜ ਓਥੇ ਹੀ ਗੱਲ ਲਿਆਉਣ ਲੱਗਾ।

ਸਫ਼ਰ ਲੰਬਾ ਹੈ ਇਸ ਦੀ ਦਾਸਤਾਨ ਦਾ, ਬੜੀਆ ਔਕੁੜਾਂ ਤੇ ਸਿਖਰ ਹੈ ਕਸ਼ਟਾਂ ਦੀ।

ਪਰ ਪੂਰੀ ਦੁਨੀਆ ਵਿੱਚ ਸਨਮਾਨਿਤ ਹੈ, ਸਿਰ ਸੋਂਹਦੀ ਦਸਤਾਰ ਜੋ ਸਿੱਖਾਂ ਦੀ।

ਗੱਲ ਮੁੱਕੀ ਨਹੀਂ ਹਾਲੇ ਸ਼ੁਰੂ ਕੀਤੀ, ਉਹ ਸਭ ਸੁਣਾਉਂ ਜੋ ਇਸ ਨਾਲ ਸੀ ਬੀਤੀ।

ਬਾਬਰ ਨੂੰ ਜਾਬਰ ਕਹਿਣ ਦੀ, ਹਿੰਮਤ ਭਰੀ ਹੈ ਇਸ ਅੰਦਰ।

ਸੇਕ ਤਪਦੀ ਤਵੀ ਦਾ ਸਹਾਰ ਕੇ, ਸੀਸ ਚਾਂਦਨੀ ਚੌਂਕ ’ਚ ਇਹ ਵਾਰਦੀ ਏ।

ਉਬਲ਼ਦੀਆਂ ਦੇਗਾਂ ’ਚ ਇਹ ਖਾਵੇ ਉਬਾਲ਼ੇ, ਜੈਕਾਰੇ ਲਾਉਂਦੀ ਏ ਸਰਹਿੰਦ ਦੀ ਦੀਵਾਰ ਅੰਦਰ।

ਖੋਪਰ ਲੁਹਾ ਕੇ ਚਰਖੜੀਆਂ ’ਤੇ ਚੱਕਰ ਲਾਵੇ, ਬੰਦ-ਬੰਦ ਕਟਵਾ ਕੇ ਜਪੁ ਜੀ ਪਈ ਉਚਾਰਦੀ ਏ।

ਮਸੂਮ ਜਿੰਦਾਂ ਦੇ ਚਿਣ, ਗਲ਼ ਮਾਂਵਾਂ ਦੇ ਹਾਰ ਦਿੱਤੇ, ਕਿੰਞ ਨੇਜ਼ਾ ਧਸਿਆ ਦੇਖ ਲੋ, ਮਸੂਮ ਜਿੰਦ ਜਾਨ ਅੰਦਰ।

ਇੱਕ ਝਾਤ ਪਾਵਾਂ ਇਸ ਦੇ ਰੂਹਾਨੀ ਗੁਣਾਂ ਵੱਲ, ਇਮਾਨਦਾਰੀ, ਸਚਾਈ ਤੇ ਹੱਕ-ਸੱਚ ਦਾ ਇਹ ਪਹਿਰਾ ਦੇਵੇ।

ਰਾਹ ਦਇਆ ਦੇ ਤੁਰਦੀ ਇਹ, ਨਿਆਸਰਿਆਂ ਦੇ ਬਣ ਆਸਰੇ, ਮਹਿਫ਼ੂਜ਼ ਹੈ ਪੱਤ ਔਰਤ ਦੀ, ਨਿਰਭਉ ਦੇ ਇਸ ਸੰਕੇਤ ਅੰਦਰ।

ਡੰਗੋਰੀ ਵੀ ਹੈ ਇਹ ਬਿਰਧ ਮਾਪਿਆਂ ਦੀ, ਇੱਕ ਔਰਤ ਦਾ ਸੁਹਾਗ ਇਹ।

ਧੀ ਲਈ ਇਹ ਮੱਕਾ ਬਣਦੀ, ਇੱਕ ਧੀ ਦੇ ਬਾਪ ਹੋਣ ਦਾ ਫ਼ਰਜ਼ ਛੁਪਿਆ ਹੈ ਇਸ ਅੰਦਰ। 

ਫ਼ਖ਼ਰ ਨਾਲ ਹੈ ਇਹ ਆਜ਼ਾਦ ਰਹਿੰਦੀ, ਪੈਣ ਦੇਵੇ ਨ ਜ਼ੰਜੀਰ ਗ਼ੁਲਾਮੀਆਂ ਦੀ।

ਹਿੰਦੂ-ਮੁਸਲਿਮ ਭਾਈਆਂ ਵਿੱਚ ਮੁਹਿੰਮ ਛੇੜੋ, ਦੱਸੋ, ਭਾਈਚਾਰਕ ਸਾਂਝ ਹੈ ਇਸ ਦਸਤਾਰ ਅੰਦਰ।

ਗੁਰਜੀਤ ਸਿੰਘ ਗੀਤੂ 94653-10052

ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ

0

ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ

ਡਾ: (ਕਰਨਲ) ਦਲਵਿੰਦਰ ਸਿੰਘ ਗਰੇਵਾਲ, 1925 ਬਸੰਤ ਐਵੇਨਿਊ, ਲੁਧਿਆਣਾ 9815366726

ਸਰਦਾਰ ਬਘੇਲ ਸਿੰਘ ਸਿੱਖੀ ਦਾ ਉਹ ਥੰਮ੍ਹ ਹੈ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਰਿਹਾ। ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ 1783 ਨੂੰ ਲਾਲ ਕਿਲ੍ਹੇ ’ਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਉੱਤੇ ਰਾਜ ਕਰਨ ਦਾ ਸਿੱਖਾਂ ਦਾ ਸੁਪਨਾ ਜਦ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਆਪਸੀ ਖਿੱਚ-ਧੂਹ ਕਰ ਕੇ ਅਧੂਰਾ ਰਹਿ ਗਿਆ ਤੇ ਧਿਰਾਂ ਵਿੱਚ ਰੰਜਸ਼ ਪੈਦਾ ਹੋ ਗਈ ਤਾਂ ਇਹ ਸ੍ਰ: ਬਘੇਲ ਸਿੰਘ ਹੀ ਸੀ, ਜਿਸ ਨੇ ਸਾਰਾ ਮਾਮਲਾ ਸੰਭਾਲਿਆ ਤੇ ਫਿਰ ਸਿੱਖਾਂ ਦਾ ਪ੍ਰਭਾਵ ਦਿੱਲੀ ਉੱਤੇ ਰਾਖਵਾਂ ਰੱਖਿਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਇਲਾਕਿਆਂ ਉੱਤੇ ਹਮਲੇ ਕਰ ਕੇ ਰਾਖੀ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵੱਲੋਂ ਰਾਜ ਦਰਬਾਰ ’ਤੇ ਮਰਾਠਿਆਂ ਨਾਲ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿੱਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਲ ਸੀ। ਇਸ ਇਲਾਕੇ ਦੇ ਪ੍ਰਬੰਧ ਉਦੋਂ ਤੋਂ ਲੈ ਕੇ ਅੰਗ੍ਰੇਜ਼ੀ ਰਾਜ ਕਾਇਮ ਹੋਣ ਤੱਕ ਬਘੇਲ ਸਿੰਘ ਅਤੇ ਉਸ ਦੇ ਪਰਿਵਾਰ ਕੋਲ ਰਿਹਾ। ਦਿੱਲੀ ਰਾਜ ਵਿੱਚ ਉਸ ਦਾ ਸਦਾ ਪ੍ਰਭਾਵ ਰਿਹਾ।

ਦਿੱਲੀ ਰਾਜ ਦੇ ਪ੍ਰਭਾਵ ਵੇਲੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ। ਸਿੱਖੀ ਖ਼ਾਤਰ ਜਨਰਲ ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ।  ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਬਾਲ ਵਿਖੇ ਧਾਲੀਵਾਲ ਪਰਿਵਾਰ ਵਿੱਚ ਹੋਇਆ। ਹੋਸ਼ ਸੰਭਾਲੀ ਤੇ ਮਸਫੁਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕ੍ਰੋੜਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਸਰਕਰਦਾ (ਮੋਢੀ) ਜਥੇਦਾਰ ਕ੍ਰੋੜ ਸਿੰਘ ਸੀ।

ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ ਤੇ ਭੂਰੀਆਂ ਅੱਖਾਂ ਵਾਲਾ ਬਹਾਦਰ, ਹੌਂਸਲੇ ਵਾਲਾ, ਖੁੱਲ੍ਹੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਹੁੰਦਾ ਸੀ। ਘੋੜ ਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਤੇ ਜੱਥੇਦਾਰ ਦੀ ਵਾਹ-ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ਼, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇੱਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉੱਤੇ ਹਰ ਕੋਈ ਭਰੋਸਾ ਕਰਦਾ ਸੀ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ।

ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਜਦ ਬੇਗਮ ਸਮਰੋ ਉੱਪਰ ਅਵਧ ਦੇ ਨਵਾਬ ਨੇ ਹਮਲਾ ਕੀਤਾ ਤਾਂ ਇਸ ਨੂੰ ਬਘੇਲ ਸਿੰਘ ਨੇ ਹੀ ਬਚਾਇਆ। ਇਸ ਦਾ ਸਿੱਕਾ ਮੰਨ ਕੇ ਬੇਗਮ ਸਮਰੋ ਨੇ ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉੱਪਰ ਹਮਲਾ ਕਰ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ ਜਿਸ ਦੀ ਬਘੇਲ ਸਿੰਘ ਨੇ ਮਦਦ ਕਰ ਕੇ ਜਿੱਤ ਦਿਵਾਈ।

ਸੰਨ 1761 ਵਿੱਚ ਜਦ ਕ੍ਰੋੜ ਸਿੰਘ ਸਵਰਗਵਾਸ ਹੋਇਆ ਤਾਂ ਜੱਥੇਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ। ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਲਗਾਤਾਰ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ।

ਜਦ ਰਾਜਾ ਭਰਤਪੁਰ ਦੇ ਰਾਜੇ ਨੇ ਸ੍ਰ: ਕ੍ਰੋੜ ਸਿੰਘ ਅੱਗੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਘੋੜ ਸਵਾਰ ਲੈ ਕੇ ਪਹੁੰਚਿਆ। ਰਾਹ ਵਿੱਚ ਇੱਕ ਛੋਟੇ ਯੁੱਧ ਵਿੱਚ ਕ੍ਰੋੜਾ ਸਿੰਘ ਦੇ ਗੋਲੀ ਲੱਗੀ ਤਾਂ ਉਸ ਦੇ ਸ਼ਹੀਦ ਹੋਣ ਪਿੱਛੋਂ ਬਘੇਲ ਸਿੰਘ ਨੇ ਜੱਥੇ ਦੀ ਕਮਾਨ ਸੰਭਾਲ ਲਈ।  ਬਘੇਲ ਸਿੰਘ ਦਾ ਭਰਵਾਂ ਜੁੱਸਾ (ਸਰੀਰ), ਉੱਚਾ ਕੱਦ-ਕਾਠ, ਡੀਲ-ਡੌਲ ਵੇਖ ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਸ ਲੈ ਜਾਣ ਲਈ ਬਿਨੈ ਕਰਨ ਲੱਗਾ। ਬਘੇਲ ਸਿੰਘ ਨੇ ਮੁਆਵਜ਼ਾ ਮੰਗਿਆ ਤਾਂ ਮਿੰਨਤਾਂ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਮੁਆਵਜ਼ੇ ਦਾ ਕੁੱਝ ਕੁ ਹੀ ਹਿੱਸਾ ਵਸੂਲ ਕਰ ਉਸ ਦੀ ਆਉ-ਭਗਤ ਪ੍ਰਵਾਨ ਕਰ ਵਾਪਸ ਪਰਤਿਆ।

ਮੁੜਦੇ ਵਕਤ ਉਸ ਨੇ ਜਲੰਧਰ ਵਿਚਲੇ ਇਲਾਕੇ ਤੋਂ ਤੈਵਾਨ ਵਸੂਲਣਾ ਸ਼ੁਰੂ ਕੀਤਾ ਤਾਂ ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖ਼ਾਨ ਰਾਜਪੁਰ ਨੇ ਉਸ ਨੂੰ ਵਧੀਆ ਘੋੜਾ ਪੇਸ਼ ਕੀਤਾ ਜਿਸ ਦੀ ਸਵਾਰੀ ਬਘੇਲ ਸਿੰਘ ਲਈ ਮਨ ਭਾਉਂਦੀ ਹੋ ਗਈ। ਉਧਰੋਂ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਜਦ ਮੀਆਂ ਮਹਿਮੂਦ ਖ਼ਾਨ ਨੂੰ ਧਮਕੀ ਮਿਲੀ ਤਾਂ ਬਘੇਲ ਸਿੰਘ ਦੀ ਸਲਾਹ ’ਤੇ ਇੱਥੇ ਸਿੱਖਾਂ ਦਾ ਇੱਕ ਮਜ਼ਬੂਤ ਕਿਲ੍ਹਾ ਤੇ ਚੌਕੀ ਸਥਾਪਿਤ ਕਰ ਦਿੱਤੀ ਗਈ ਜਿਸ ਨਾਲ ਇਸ ਇਲਾਕੇ ਉੱਪਰ ਬਘੇਲ ਸਿੰਘ ਦਾ ਪੱਕਾ ਪ੍ਰਭਾਵ ਕਾਇਮ ਹੋ ਗਿਆ ਤੇ ਬਘੇਲ ਸਿੰਘ ਨੂੰ ਇਸ ਦੇ ਇਲਾਕੇ ਤੋਂ ਮੁਆਮਲਾ (ਮਾਮਲਾ, ਮਸੂਲ) ਵੀ ਮਿਲਣ ਲੱਗ ਪਿਆ।

ਜਲੰਧਰ ਦੁਆਬਾ ਤਾਂ ਕ੍ਰੋੜ-ਸਿੰਘੀਆ ਮਿਸਲ ਥੱਲੇ ਪਹਿਲਾਂ ਹੀ ਸੀ, ਜਿੱਥੋਂ ਇੱਕ ਲੱਖ ਸਾਲਾਨਾ ਤੈਵਾਨ ਮਿਲਦਾ ਸੀ ਜਿਸ ਕਰ ਕੇ ਬਘੇਲ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਨੂੰ ਆਪਣਾ ਹੈਡਕੁਆਰਟਰ ਬਣਾ ਲਿਆ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ।

ਸੰਨ 1761 ਵਿੱਚ ਹੀ ਉਹ ਕਰਨਾਲ ਵੱਲ ਪਰਤਿਆ ਤੇ ਖੁਰਦੀਨ, ਖਨੌਰੀ, ਛਲੌਦੀ, ਜਮੈਤਗੜ੍ਹ ਆਦਿ ਦੇ ਇਲਾਕੇ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ, ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਛਲੌਦੀ ਆਪਣੀ ਰਿਹਾਇਸ਼ ਰੱਖ ਲਈ। ਇਸ ਵੇਲੇ ਤੱਕ ਉਸ ਕੋਲ 12, 000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫ਼ੌਜ ਸੀ। ਇਹ ਸਾਰਾ ਇਲਾਕਾ ਉਸ ਨੇ ਆਪਣੀ ਦੂਸਰੀ ਪਤਨੀ ਰਾਮ ਕੌਰ ਦੀ ਜ਼ਿੰਮੇਵਾਰੀ ਵਿੱਚ ਦੇ ਦਿੱਤਾ। ਤੀਸਰੀ ਪਤਨੀ ਰਤਨ ਕੌਰ ਨੂੰ ਕਲਾਨੌਰ ਦਾ ਇਲਾਕਾ ਸੰਭਾਲ਼ ਦਿੱਤਾ ਤੇ ਆਪਣੇ ਆਪ ਨੂੰ ਸਾਰੇ ਇਲਾਕਿਆਂ ਨੂੰ ਬਾਹਰੀ ਹਮਲਿਆਂ ਤੋਂ ਰੋਕਣ ਅਤੇ ਇਲਾਕੇ ਨੂੰ ਹੋਰ ਵਧਾਉਣ ਲਈ ਵਿਹਲਾ ਰੱਖਿਆ।

ਮਹਾਰਾਜਾ ਅਮਰ ਸਿੰਘ ਪਟਿਆਲੇ ਨੇ ਜਦ ਉਸ ਦੇ ਇਲਾਕੇ ਨੂੰ ਹਥਿਆਇਆ ਤਾਂ ਸ੍ਰ: ਬਘੇਲ ਸਿੰਘ ਭਾਰੀ ਫ਼ੌਜ ਲੈ ਕੇ ਉਸ ਉੱਪਰ ਚੜ੍ਹ ਪਿਆ। ਜੱਸਾ ਸਿੰਘ ਆਹਲੂਵਾਲੀਆ ਤੇ ਚੈਨ ਸਿੰਘ ਵਕੀਲ ਦੀ ਵਿਚੋਲਗੀ ਸਦਕਾ ਮਹਾਰਾਜਾ ਅਮਰ ਸਿੰਘ ਨੇ ਇਲਾਕੇ ਵੀ ਮੋੜ ਦਿੱਤੇ ਤੇ ਆਪਣੇ ਵਕੀਲ ਨੂੰ ਭੇਜਿਆ ਜਿਸ ਨੇ, ‘ਸਿੰਘ ਜੀ  !  ਰੁਕੋ, ਅਗਿਉਂ ਵੀ ਪੰਥ ਦੇ ਸੇਵਕ ਹਨ, ਜੋ ਹੁਕਮ ਹੋਵੇ’  ਕਿਹਾ।  ਇਸ ਪਿੱਛੋਂ ਰਾਜਾ ਅਮਰ ਸਿੰਘ ਨੇ ਆਪਣੇ ਸਪੁੱਤਰ ਸਾਹਿਬ ਸਿੰਘ ਨੂੰ ਸ੍ਰ: ਬਘੇਲ ਸਿੰਘ ਕੋਲੋਂ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਵਾ ਦਿੱਤਾ। ਦੋਵਾਂ ਵਿੱਚ ਸਦੀਵੀ ਸਾਂਝ ਹੋ ਗਈ।

ਸਰਹਿੰਦ ਉੱਤੇ ਹਮਲੇ ਕਰ ਕੇ, ਸਰਹਿੰਦ ਦਾ ਸਾਰਾ ਹਿੱਸਾ ਸਿੱਖ ਮਿਸਲਾਂ ਨੇ ਵੰਡ ਲਿਆ ਤੇ ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ 40, 000 ਦੀ ਫ਼ੌਜ ਲੈ ਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫ਼ਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰ ਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉੱਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿੱਛੋਂ ਪਰਤੇ।  ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ।

ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਤਬਾਹੀ ਤੋਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਸਿੱਖਾਂ ਤੋਂ ਆਪਣੀ ਜਾਨ ਬਖਸ਼ੀ ਕਰਵਾਈ। ਸੰਨ 1773 ਵਿੱਚ ਜ਼ਾਬਿਤਾ ਖ਼ਾਨ ਰੋਹਿਲਾ ਤੋਂ ਨਨੌਤਾ ਤੇ ਜਲਾਲਾਬਾਦ ਲੁੱਟੇ।

ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ ’ਤੇ ਫ਼ਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖ਼ਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤੇ ਮੁਸਲਮਾਨ ਬਣਨ ਲਈ ਦੁੱਖੀ ਕਰ ਰਿਹਾ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖ਼ਾਨ ’ਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿੱਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜੱਸਮਾ (ਮੂਰਤੀ) ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ। ਪੰਥ ਪ੍ਰਕਾਸ਼ ਅਨੁਸਾਰ ਹਸਨ ਖ਼ਾਨ ਭੱਜ ਕੇ ਛੁਪ ਗਿਆ ਤੇ ਉਸ ਦੀ ਛਿਪਣ ਵਾਲੀ ਥਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਉਹ ਵਿੱਚੇ ਹੀ ਸੜ ਗਿਆ। ਇਸ ਇਲਾਕੇ ਦੇ ਪ੍ਰਭਾਵੀ ਵਿਅਕਤੀ ਦਾ ਸਮੁੱਚਾ ਪ੍ਰਭਾਵ ਉਦੋਂ ਤੋਂ ਸਿੱਖਾਂ ਹੱਥ ਆ ਗਿਆ।

ਸਿੱਖਾਂ ਦਾ ਦਿੱਲੀ ਉੱਪਰ ਹਮਲਾ 18 ਜਨਵਰੀ 1774 ਨੂੰ ਸੀ, ਜੋ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮਨਜ਼ੂਰ ਕਰ ਦਿੱਤਾ ਤੇ ਖ਼ਿਲਅਤ (ਸਨਮਾਨ ਵਜੋਂ ਮਿਲ਼ੀ ਪੁਸ਼ਾਕ) ਤੇ ਹੋਰ ਤੋਹਫ਼ੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ, ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਨੂੰ ਲੁੱਟ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ।

ਸੰਨ 1775 ਵਿੱਚ ਜਮਨਾ ਪਾਰ ਵੱਲ ਸਿੱਖ ਵਧੇ।  22 ਅਪ੍ਰੈਲ 1775 ਨੂੰ ਕੁੰਜਪੁਰਾ ਤੋਂ ਜਮੁਨਾ ਲੰਘ, ਲਖਨੌਤੀ, ਗੌਂਸਗੜ੍ਹ, ਦਿਉਬੰਦ ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਜ਼ਾਬਿਤਾ ਖ਼ਾਨ ਰੋਹਿਲੇ ਨੇ ਗੋਰਗੜ੍ਹ ਬਚਾਉਣ ਲਈ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ, ਫਿਰ ਸ਼ਾਮਲੀ, ਕਾਂਧਲਾ ਤੇ ਮੇਰਠ ਹੁੰਦੇ ਹੋਏ ਅਲੀਗੜ੍ਹ ਕੋਲ ਖੁਰਜਾ ਤੱਕ ਆਪਣਾ ਪ੍ਰਭਾਵ ਜਮਾਇਆ ਤੇ ਆਉਂਦਿਆਂ ਹੋਇਆਂ ਦਿੱਲੀ ਦੇ ਪਹਾੜ ਗੰਜ ਤੇ ਜੈ ਸਿੰਘਪੁਰ ਨੂੰ ਲਤਾੜਿਆ।  24 ਜੁਲਾਈ 1775 ਨੂੰ ਜਮਨਾ ਪਾਰ ਕਰ ਕੇ ਵਾਪਸ ਮੁੜੇ।

ਅਬਦੁਲ ਕਾਸਿਮ ਨੇ ਜਦ ਜ਼ਾਬਿਤਾ ਖ਼ਾਨ ’ਤੇ ਹਮਲਾ ਕਰ ਕੇ ਉਸ ਤੋਂ ਮੇਰਠ ਖੋਹ ਲਿਆ ਤੇ ਉਸ ਨੇ ਬਘੇਲ ਸਿੰਘ ਕੋਲ ਮਦਦ ਲਈ ਬੇਨਤੀ ਕੀਤੀ। ਅਬਦੁਲ ਕਾਸਿਮ ’ਤੇ ਹਮਲਾ 11 ਮਾਰਚ 1776 ਨੂੰ ਕੀਤਾ। ਮੇਰਠ ਛੁਡਵਾਇਆ ਤੇ ਅਬਦੁਲ ਕਾਸਿਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਾਬਿਤਾ ਖਾਨ ਨਾਲ ਦੋਸਤੀ ਕਰਨ ਤੇ ਸਿੱਖਾਂ ਦਾ ਪ੍ਰਭਾਵ ਅਵਧ ਤੱਕ ਵੱਧ ਗਿਆ, ਮਰਾਠਿਆਂ ਨੂੰ ਇਹ ਰਾਸ ਨਹੀਂ ਸੀ।

ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਸ਼ਾਹਬਖ਼ਤ ਨੂੰ ਸਿੱਖਾਂ ਉੱਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਵੱਡੀ ਫ਼ੌਜ ਵਧਦੀ ਦੇਖ ਕੇ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਬਖ਼ਤ ਨੂੰ ਨਜ਼ਰਾਨਾ ਭੇਟ ਕੀਤਾ ਤੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਜਦ ਸ਼ਾਹ ਪਟਿਆਲੇ ਵੱਲ ਵੱਧਿਆ ਤਾਂ ਸਾਰੇ ਸਿੱਖਾਂ ਨੇ ਸਲਾਹ ਕਰ ਕੇ ਸ਼ਾਹ ਬਖ਼ਤ ’ਤੇ ਹੱਲਾ ਬੋਲ ਦਿੱਤਾ। ਪਿੱਛੋਂ ਬਘੇਲ ਸਿੰਘ ਨੇ ਸ਼ਾਹੀ ਫ਼ੌਜਾਂ ਦਾ ਰਾਹ ਰੋਕ ਕੇ ਕਟਾ ਵੱਢੀ ਸ਼ੁਰੂ ਕਰ ਦਿੱਤੀ। ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ ਤਾਂ ਅਬਦੁੱਲ ਅਹਿਦ, ਨਜ਼ਫ ਖ਼ਾਨ ਆਦਿ ਨੂੰ ਦਿੱਲੀ ਬੁਲਾ ਲਿਆ ਗਿਆ।

ਨਵੰਬਰ 1779 ਨੂੰ ਨਜ਼ਫ ਖ਼ਾਨ ਨੇ ਆਪਣੇ ਪੋਤਰੇ ਮਿਰਜ਼ਾ ਸ਼ਫੀ ਨੂੰ ਦਸ ਹਜ਼ਾਰ ਸੈਨਾ ਤੇ ਸੈਂਕੜੇ ਤੋਪਾਂ ਨਾਲ ਸਿੱਖਾਂ ਨੂੰ ਕੁਚਲਣ ਲਈ ਭੇਜਿਆ। ਮਿਰਜ਼ਾ ਸ਼ਫੀ ਨੇ ਚਲਾਕੀ ਨਾਲ ਕਈ ਸਿੱਖ ਸਰਦਾਰ ਵੀ ਨਾਲ ਮਿਲਾ ਲਏ। ਇਸ ਹਾਲਤ ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ ’ਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਦਿੱਲੀ ਦੇ ਜਰਨੈਲ ਦੇ ਪੋਤੇ ਮਿਰਜ਼ਾ ਸ਼ਫੀ ਨੇ ਸਿੱਖਾਂ ਵਿਰੁੱਧ ਸਿੱਖਾਂ ਵਾਲਾ ਗੁਰੀਲਾ ਯੁੱਧ ਹੀ ਅਪਨਾਉਣਾ ਠੀਕ ਸਮਝਿਆ। ਮਹਾਰਾਜਾ ਪਟਿਆਲਾ ਤੇ ਮਹਾਰਾਜਾ ਜੀਂਦ ਦੀ ਸਿੱਖਾਂ ਨਾਲ ਅਣਬਣ ਦਾ ਵੀ ਉਸ ਨੇ ਫ਼ਾਇਦਾ ਉਠਾਇਆ। ਜ਼ਾਬਿਤਾ ਖਾਨ ਨੇ ਦੀਵਾਨ ਸਿੰਘ ਨਾਲ ਮਿਲ ਕੇ ਬਘੇਲ ਸਿੰਘ ਵਿਰੁੱਧ ਯੁੱਧ ਛੇੜ ਦਿੱਤਾ। ਬਘੇਲ ਸਿੰਘ ਨਾਲ ਉਸ ਵੇਲੇ ਸਦਾ ਸਿੰਘ, ਦੂਲਾ ਸਿੰਘ, ਕਰਮ ਸਿੰਘ ਸ਼ਹੀਦ, ਗੁਰਬਖਸ਼ ਸਿੰਘ, ਲਾਲ ਸਿੰਘ ਤੇ ਕਰਨ ਸਿੰਘ ਆ ਜੁੜੇ।  6800 ਘੋੜ ਸਵਾਰਾਂ ਨਾਲ ਉਨ੍ਹਾਂ ਨੇ ਜਮਨਾ ਪਾਰ ਹਮਲੇ ਦੀ ਠਾਣੀ ਤਾਂ ਕਿ ਮਿਰਜ਼ਾ ਸ਼ਫੀ ਨੂੰ ਪਿੱਛੋਂ ਘੇਰਿਆ ਜਾ ਸਕੇ।  25 ਫ਼ਰਵਰੀ 1781 ਨੂੰ ਰਡੌਰ ਦੇ ਕੈਂਪ ’ਤੇ ਫਿਰ 28 ਫ਼ਰਵਰੀ ਨੂੰ ਸਿਕੰਦਰਾ ਦੇ ਕੈਂਪ ’ਤੇ ਹਮਲਾ ਕੀਤਾ ਜਿਸ ਨਾਲ ਮਿਰਜ਼ਾ ਸ਼ਫੀ ਹਿੱਲ ਗਿਆ। ਸਿੱਖਾਂ ਨੇ 11 ਮਾਰਚ ਨੂੰ ਹਮਲੇ ਵਿੱਚ 3000 ਘੋੜੇ ਹਥਿਆ ਲਏ। ਮਿਰਜ਼ਾ ਸ਼ਫੀ ਦੇ ਮਦਦਗਾਰਾਂ ਮਹਾਰਾਜਾ ਪਟਿਆਲਾ ਅਮਰ ਸਿੰਘ ਸਪੁੱਤਰ ਸਾਹਿਬ ਸਿੰਘ, ਭਾਗ ਸਿੰਘ, ਭੰਗਾ ਸਿੰਘ ਨੂੰ ਵੱਖ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤਾਂ ਉਹ ਪਿੱਛੇ ਹੱਟ ਗਏ। ਮੁਗਲ ਜਰਨੈਲ ਮਿਰਜ਼ਾ ਸ਼ਫੀ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ।

10 ਜੂਨ 1781 ਦੇ ਖ਼ਤ ਅਨੁਸਾਰ ‘ਨਜਫ ਖਾਨ ਨੇ ਅੰਬਰ ਸ਼ਾਹ ਨੂੰ ਦਿੱਲੀ ਤੋਂ ਮਿਰਜ਼ਾ ਸ਼ਫੀ ਕੋਲ 40, 000 ਸਿਪਾਹੀ ਤੇ ਤੋਪਾਂ ਦੇ ਕੇ ਘੱਲਿਆ। ਸਿੱਖਾਂ ਨਾਲ ਭਰਵਾਂ ਯੁੱਧ ਹੋਇਆ ਜਿਸ ਵਿੱਚ 10 ਤੋਂ 15 ਹਜ਼ਾਰ ਸ਼ਾਹੀ ਫੌਜ ਮਾਰੀ ਗਈ ਤੇ ਤੋਪਾਂ ਵੀ ਹੱਥੋਂ ਗਈਆਂ। ਸਿੱਖਾਂ ਕੋਲੋਂ ਬੁਰੀ ਹਾਰ ਖਾਣ ਪਿੱਛੋਂ ਮੁਗਲ ਫੌਜਾਂ ਪਾਣੀਪਤ ਮੁੜ ਆਈਆਂ।  6 ਅਪ੍ਰੈਲ 1782 ਨੂੰ ਨਜ਼ਫ ਖਾਂ ਦੀ ਮੌਤ ਹੋ ਗਈ। ਫ਼ਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ ’ਤੇ ਜਾ ਚੜ੍ਹੇ।  ਸਭ ਨੇ ਜੋ ਖੋਹਿਆ ਉਸ ਦਾ ਦਸਵੰਧ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਗਿਆ, ਜੋ ਇੱਕ ਲੱਖ ਸੀ। ਫਿਰ ਇਨ੍ਹਾਂ ਨੇ ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ, ਜੋ ਉਸ ਸਮੇਂ 33, 000 ਰੁਪਏ ਦੀ ਸੀ।  ਮੁੜਦਿਆਂ ਨੇ ਆਗਰਾ ਲੁੱਟਿਆ। ਸਿੱਖ ਹੁਣ ਦਿੱਲੀ ਉੱਤੇ ਭਾਰੂ ਹੋ ਗਏ ਸਨ।

8 ਮਾਰਚ 1783 ਨੂੰ ਬਘੇਲ ਸਿੰਘ ਨੇ 40, 000 ਫੌਜ ਨਾਲ ਜਮੁਨਾ ਕੰਢੇ ਬਗਗਾੜੀ ਘਾਟ ’ਤੇ ਕਬਜ਼ਾ ਕਰ ਲਿਆ। ਫਿਰ ਮਲਕ ਗੰਜ ਤੇ ਸਬਜ਼ੀ ਮੰਡੀ ਜਾ ਲੁੱਟੇ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ ਤੇ ਹੌਜ਼ ਕਾਜ਼ੀ ਜਾ ਲੁੱਟਿਆ। ਬਾਦਸ਼ਾਹ ਨੇ ਸਮਰੋ ਬੇਗਮ ਨੂੰ ਬੁਲਾ ਭੇਜਿਆ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵੱਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿੱਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ, ਉਹ ਹੁਣ ਤੀਸ ਹਜ਼ਾਰੀ (ਦਿੱਲੀ) ਨਾਮ ਨਾਲ ਪ੍ਰਸਿੱਧ ਹੈ।

17 ਮਾਰਚ 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ ’ਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ’ਤੇ ਬਿਠਾਇਆ ਗਿਆ ਤੇ ਮੋਰ ਪੰਖ ਝੁਲਾਏ ਗਏ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਨੂੰ ਨਾਪਸੰਦ ਕੀਤਾ ਤਾਂ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ। ਇਸ ਤਰ੍ਹਾਂ ਆਪਸੀ ਈਰਖਾ ਨੇ ਸਿੱਖਾਂ ਹੱਥ ਆਇਆ ਦਿੱਲੀ ਦਾ ਰਾਜ ਗੁਆ ਦਿੱਤਾ।

ਦੀਵਾਨੇ-ਖਾਸ ਤੇ ਦੀਵਾਨੇ-ਆਮ ਲੁੱਟ ਕੇ ਹਟੇ ਸਨ ਕਿ 12 ਮਾਰਚ ਨੂੰ ਸਮਰੋ ਬੇਗਮ ਦਿੱਲੀ ਆ ਗਈ ਤੇ ਉਸ ਨੇ ਸ਼ਾਹ ਆਲਮ ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਤੇ ਬਘੇਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮੰਨਵਾਈਆਂ।

(ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ।

(ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ।

(ੲ) ਬਘੇਲ ਸਿੰਘ ਨੂੰ ਸੱਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ, ਜੋ ਜਲਦੀ ਹੀ ਪੂਰਨ ਕਰਨ ’ਤੇ ਬਘੇਲ ਸਿੰਘ ਵਾਪਸ ਜਾਵੇਗਾ।

(ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ।

(ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ।

ਸਮਝੌਤੇ ਪਿੱਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸੱਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ ’ਤੇ ਉਸਾਰੇ। ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ ’ਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ’ਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ ’ਤੇ ਖ਼ੁਸ਼ ਹੋਇਆ ਤੇ ਤੋਹਫ਼ੇ ਦਿੱਤੇ।  ਸੰਨ 1784 ਤੇ ਫਿਰ 1789 ਵਿੱਚ ਜਮਨਾ ਪਾਰੋਂ ਉਗਰਾਹੀਆਂ ਚੱਲਦੀਆਂ ਰਹੀਆਂ। ਬਘੇਲ ਸਿੰਘ ਦੀ ਮੌਤ 1800 ਈਸਵੀ ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।

ਹੋਲੀ ਤੇ ਹੋਲਾ ਮਹੱਲਾ ਦਾ ਗੁਰਮਤ ਵਿੱਚ ਸਥਾਨ

0

ਹੋਲੀ ਤੇ ਹੋਲਾ ਮਹੱਲਾ ਦਾ ਗੁਰਮਤ ਵਿੱਚ ਸਥਾਨ

ਗਿਆਨੀ ਸੁਰਜੀਤ ਸਿੰਘ (ਦਿੱਲੀ) ਮੋਬਾ: 098112-92808

ਹੋਲੀ ਭਾਰਤ ਦਾ ਇਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ ਅਤੇ ਇਸ ਦਾ ਮੂਲ ਸਬੰਧ ਬ੍ਰਾਹਮਣ ਮੱਤ ਰਾਹੀਂ ਪ੍ਰਚਲਿਤ ਵਰਣ ਵੰਡ ਨਾਲ ਹੈ, ਜਦ ਕਿ ਹੋਲੇ ਮਹੱਲੇ ਦਾ ਆਰੰਭ ਸੰਨ 1680 ਵਿੱਚ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਸਥਾਨ ’ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਕੀਤਾ। ਇਨ੍ਹਾਂ ਦੋਹਾਂ ਤਿਉਹਾਰਾਂ ਦੀ ਵਿਚਾਰਧਾਰਾ ਪੱਖੋਂ ਆਪਸ ਵਿੱਚ ਬਹੁਤ ਭਿੰਨਤਾ ਹੈ। ਗੁਰੂ-ਘਰ ਵਿੱਚ ਗੁਰੂ ਦੀਆਂ ਸੰਗਤਾਂ ਵਾਸਤੇ ਜਿੱਥੇ ਹੋਲੀ ਨੂੰ ਇਸ ਦੇ ਪ੍ਰਚਲਿਤ ਢੰਗ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਮਨ੍ਹਾਂ ਕੀਤਾ ਗਿਆ ਹੈ, ਉੱਥੇ ਹੋਲੇ ਮਹੱਲੇ ਦਾ ਸਿਧਾਂਤ ਪੇਸ਼ ਕਰਦੇ ਹੋਏ, ਹੋਲੀ ਨੂੰ ਵੀ ਨਵੇਂ ਅਤੇ ਸੁਲਝੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਹੋਲਾ ਮਹੱਲਾ ਸਬੰਧੀ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਸ ਨੂੰ ਇਸ ਤਰ੍ਹਾਂ ਲਿਖਿਆ ਹੈ : ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਦੀ ੧ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇੱਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਦੀ ਸ਼ੁੱਭ ਸਿਖਿਆ ਦਿਆ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ ਪਰ ਅਸੀਂ ਸਾਲ ਪਿੱਛੋਂ ਇਹ ਰਸਮ ਨਾਂ ਮਾਤਰ ਕਰ ਛੱਡਦੇ ਹਾਂ, ਲਾਭ ਕੁਝ ਨਹੀਂ ਉਠਾਉਂਦੇ, ਹਾਲਾਂ ਕਿ ਸ਼ਸਤਰ ਵਿਦਿਆ ਤੋਂ ਅੰਞਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।

ਇਸ ਵਿਸ਼ੇ ’ਤੇ ਭਾਈ ਸਾਹਿਬ ਹੋਰ ਲਿਖਦੇ ਹਨ : ‘‘ਸ਼ੱਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦਾ ਕਰਤਬ ਮੰਨ ਲਿਆ ਹੈ, ਜਦੋਂ ਕਿ ਦਸਮੇਸ਼ ਜੀ ਦਾ ਹੁਕਮ ਹੈ ਕਿ ਹਰ ਸਿੱਖ ਪੂਰਾ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ।’’

ਇਸ ਵਿਆਖਿਆ ਤੋਂ ਇਹ ਗੱਲ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਭਾਵੇਂ ਕਿੰਨੀ ਵੀ ਜੰਗਜੂ ਕੌਮ ਜਾਂ ਜਥੇਬੰਦੀ ਹੋਵੇ, ਹਰ ਸਮੇਂ ਜਾਂ ਹਰ ਵਕਤ ਤਾਂ ਜੰਗਾਂ ਯੁੱਧਾਂ ਵਿੱਚ ਨਹੀਂ ਰਹਿੰਦੀ। ਸਰਕਾਰੀ ਫ਼ੌਜਾਂ ਵੀ ਸ਼ਸਤਰਾਂ ਦੀ ਵਰਤੋਂ ਕਿਸੇ ਦੁਸ਼ਮਣ ਦੇ ਜਾਂ ਉਸ ’ਤੇ ਹਮਲੇ ਸਮੇਂ ਹੀ ਕਰਦੀਆਂ ਹਨ, ਹਰ ਸਮੇਂ ਨਹੀਂ, ਪਰ ਉਨ੍ਹਾਂ ਦੇ ਯੁੱਧ ਅਤੇ ਸ਼ਸਤਰ ਅਭਿਆਸ ਤਾਂ ਕਦੇ ਵੀ ਬੰਦ ਨਹੀਂ ਕੀਤੇ ਜਾਂਦੇ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਕਾਇਦਾ ਸ਼ਸਤਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਚੋਹਾਂ ਵਿੱਚ ਹੀ ਆਪ ਜੀ ਨੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰਾਂ ਦੀ ਫ਼ੌਜ ਦੀ ਸਪੁਰਦਗੀ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਕਾਇਦਾ ਕਾਇਮ ਰੱਖਣਾ ਹੈ। ਸਪੱਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਰਹਿਣੇ ਚਾਹੀਦੇ ਹਨ।

ਅੰਤ ਦਸਵੇਂ ਪਾਤਸ਼ਾਹ ਨੇ ਕੌਮ ਦੇ ਬਕਾਇਦਾ ਜੁਝਾਰੂ ਹੋਣ ਦਾ ਐਲਾਨ ਕਰ ਦਿੱਤਾ ਅਤੇ ਕ੍ਰਿਪਾਨ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰ ਕੇ ਸਿੱਖੀ ਪਹਿਰਾਵੇ ਦਾ ਸਦਾ ਵਾਸਤੇ ਅੰਗ ਬਣਾ ਦਿੱਤਾ। ਫਿਰ ਇਹ ਨਿਯਮ ਵੀ ਪੱਕਾ ਕਰ ਦਿੱਤਾ ਕਿ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਰਹਿਣ। ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਕਿ ਅੰਮ੍ਰਿਤ ਦਾ ਢੰਗ ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ ਵਿੱਚ ਤਾਂ ਬਦਲਿਆ 1699 ਨੂੰ, ਪਰ ਹੋਲਾ ਮਹੱਲਾ ਆਰੰਭ ਕੀਤਾ 1680 ਵਿੱਚ ਅਰਥਾਤ ਉਸ ਤੋਂ 19 ਸਾਲ ਪਹਿਲਾਂ।

ਹੋਲਾ ਅਤੇ ਮਹੱਲਾ ਤਰਤੀਬਵਾਰ ਅਰਬੀ ਅਤੇ ਫ਼ਾਰਸੀ ਦੇ ਸ਼ਬਦ ਹਨ, ਜਿਨ੍ਹਾਂ ਦੇ ਕ੍ਰਮਵਾਰ ਅਰਥ ਹਮਲਾ ਅਤੇ ਹਮਲੇ ਦੀ ਥਾਂ ਹਨ। ਇਹ ਵੀ ਠੀਕ ਹੈ ਕਿ ਭਾਵੇਂ ਕ੍ਰਿਪਾਨ ਨੂੰ ਪਾਤਸ਼ਾਹ ਨੇ ਕਕਾਰਾਂ ਦੀ ਗਿਣਤੀ ਵਿੱਚ ਸਿੱਖੀ ਪਹਿਰਾਵੇ ਦਾ ਇੱਕ ਪੱਕਾ ਅੰਗ ਬਣਾ ਦਿੱਤਾ, ਪਰ ਜੰਗਾਂ, ਯੁੱਧਾਂ ਵਿੱਚ ਜੋ ਵੀ ਉਸ ਸਮੇਂ ਦੇ ਹਥਿਆਰ ਸਨ, ਉਨ੍ਹਾਂ ਦੀ ਵਰਤੋਂ ਵਾਸਤੇ ਸਭ ਤੋਂ ਅੱਗੇ ਰਹੇ। ਸਾਨੂੰ ਆਧੁਨਿਕ ਹਥਿਆਰਾਂ ਦੀ ਵਰਤੋਂ ਅਤੇ ਅਨੁਸ਼ਾਸਿਤ ਬਾਣੇ ਦੇ ਤੌਰ ’ਤੇ ਕ੍ਰਿਪਾਨ ਦੇ ਆਪਸੀ ਸਬੰਧ ਨੂੰ ਸਮਝਣਾ ਚਾਹੀਦਾ ਹੈ। ਉਂਝ ਵੀ ਕ੍ਰਿਪਾਨ ਇੱਕ ਅਜਿਹਾ ਸ਼ਸਤਰ ਹੈ, ਜੋ ਸ਼ੌਚ ਸਨਾਨ ਦੇ ਨਾਲ ਰਹਿ ਸਕਦਾ ਹੈ ਜਦੋਂ ਕਿ ਬਾਕੀ ਕਿਸੇ ਸ਼ਸਤਰ ’ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਕ੍ਰਿਪਾਨ ਦੀ ਇਕ ਹੋਰ ਵਿਲੱਖਣਤਾ ਵੀ ਗੁਰੂ ਸਾਹਿਬ ਨੇ ਪੈਦਾ ਕੀਤੀ ਹੈ।

ਕ੍ਰਿਪਾਨ ਵਾਸਤੇ ਤਲਵਾਰ ਅਤੇ ਖੜਗ ਆਦਿ ਅਨੇਕਾਂ ਨਾਂ ਪਹਿਲਾਂ ਤੋਂ ਪ੍ਰਚਲਿਤ ਸਨ। ਸੋਚਣ ਦਾ ਵਿਸ਼ਾ ਇਹ ਹੈ ਕਿ ਪਾਤਸ਼ਾਹ ਨੂੰ ਇਹ ਨਵਾਂ ਨਾਂ ਇਸ ਸ਼ਸਤਰ ਵਾਸਤੇ ਦੇਣ ਦੀ ਕੀ ਲੋੜ ਪਈ ? ਇਸ ਸਬੰਧ ਵਿੱਚ ਇਹ ਯਾਦ ਰਹੇ ਕਿ ਕ੍ਰਿਪਾਨ ਧਾਰਨ ਕਰਨ ਵਾਲੇ ਨੂੰ ਦੋ ਪੱਖੋਂ ਹਰ ਵਕਤ ਚੇਤਾਵਨੀ ਮਿਲਦੀ ਹੈ ਕਿ ਉਸ ਨੇ ਜੋ ਸ਼ਸਤਰਧਾਰੀ ਹੋਣਾ ਹੈ ਤਾਂ ਕਾਹਦੇ ਵਾਸਤੇ ? ਕ੍ਰਿਪਾਨ ਦਾ ਨਵਾਂ ਸ਼ਬਦ ਪਾਤਸ਼ਾਹ ਨੇ ਦੋ ਸ਼ਬਦਾਂ ਕ੍ਰਿਪਾ+ਆਨ, ਦੀ ਸੰਧੀ ਤੋਂ ਬਖ਼ਸ਼ਿਆ ਹੈ। ਭਾਵ ਗੁਰੂ ਜੀ ਦੇ ਸਿੱਖ ਨੇ ਜਦੋਂ ਕ੍ਰਿਪਾਨ ਅਤੇ ਆਪਣੇ ਸ਼ਸਤਰਾਂ ਨੂੰ ਹੱਥ ਪਾਉਣਾ ਹੈ ਤਾਂ ਉਸ ਦੇ ਸਾਹਮਣੇ ਦੋ ਗੱਲਾਂ ਵਿੱਚੋਂ ਇਕ ਕਾਰਨ ਲਾਜ਼ਮੀ ਹੋਣਾ ਚਾਹੀਦਾ ਹੈ_ਜਾਂ ਤਾਂ ਕ੍ਰਿਪਾ ਭਾਵ ਮਜ਼ਲੂਮ ਦੀ ਰਾਖੀ ਅਤੇ ਦੁਸ਼ਟ ਦੀ ਸੁਧਾਈ ਵਾਸਤੇ ਜਾਂ ਫਿਰ ਆਪਣੀ ਪੰਥ ਲੋਕਾਈ ਦੀ ਆਨ ਅਤੇ ਸ਼ਾਨ ਵਾਸਤੇ।

ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ ਤੇਗ਼ ਫ਼ਤਿਹ’ ਵਾਲੇ ਸ਼ਬਦਾਂ ਬਾਰੇ ਸੋਚਦੇ ਹਾਂ। ਗੁਰੂ ਦੀਆਂ ਸੰਗਤਾਂ ਨੂੰ ਜਿੱਥੇ ਕੜਾਹ ਪ੍ਰਸ਼ਾਦ, ਗੁਰੂ ਕਾ ਲੰਗਰ ਆਦਿ ਨੂੰ ਦੇਗ ਜਾਂ ਦੇਗਾਂ ਕਿਹਾ ਹੈ, ਉੱਥੇ ਨਾਲ ਹੀ ਨਿਯਮ ਹੈ ਕਿ ਬਿਨਾਂ ਕ੍ਰਿਪਾਨ ਭੇਂਟ ਕਰਨ ਦੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ ਅਤੇ ਨਾ ਹੀ ਛੱਕਣੀ ਹੈ।

ਖਿਮਾ ਚਾਹੁੰਦਾ ਹਾਂ, ਜੇ ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕ੍ਰਿਪਾਨ ਭੇਂਟ ਕਰਨ ਨੂੰ ਭੋਗ ਲੁਆਉਣਾ ਸਮਝ ਲੈਂਦੇ ਹਨ। ਗੁਰੂ ਘਰ ਵਿੱਚ ਭੋਗ ਲੁਆਉਣ ਦਾ ਕੋਈ ਵਿਧਾਨ ਹੀ ਨਹੀਂ ਹੈ। ਭੋਗ ਲਵਾਉਣ ਦੀ ਪ੍ਰਥਾ ਤਾਂ ਦੇਵੀ ਦੇਵਤੀਆਂ ਤੇ ਮੂਰਤੀਆਂ ਦੇ ਪੁਜਾਰੀਆਂ ਦੀ ਹੈ। ਗੁਰੂ ਘਰ ਵਿੱਚ ਤਾਂ ਸਿੱਖ ਧਰਮ ਦੇ ਮੂਲ ਸਿਧਾਂਤ ਦੇਗ ਤੇਗ਼ ਫ਼ਤਹਿ ਦੇ ਆਧਾਰ ’ਤੇ ਕ੍ਰਿਪਾਨ ਭੇਂਟ ਦਾ ਨਿਯਮ ਹੈ ਤਾਂ ਜੋ ਗੁਰਸਿੱਖ ਸ਼ਸਤਰਾਂ ਨੂੰ ਭੁੱਲ ਕੇ ਦੇਗਾਂ ਵਾਸਤੇ ਹੀ ਨਾ ਰਹਿ ਜਾਣ।  ਤੇਗ਼ ਭਾਵ ਸ਼ਸਤਰਾਂ ਨੂੰ ਭੁਲਾ ਕੇ ਗੁਰੂ ਘਰ ਦੀਆਂ ਸੰਗਤਾਂ ਨੂੰ ਦੇਗ ਛੱਕਣ ਦਾ ਵੀ ਹੱਕ ਨਹੀਂ।

ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ ੨੩ ਵਿੱਚ ਸਿੱਖਾਂ ਵਾਸਤੇ ਇਸ ਵਿਸ਼ੇ ਦੇ ਪ੍ਰਥਾਇ ਦਸਵੇਂ ਪਾਤਸ਼ਾਹ ਵੱਲੋਂ ਹੁਕਮ ਇਸ ਪ੍ਰਕਾਰ ਹੈ :

ਪੁਨੰ ਸੰਗ ਸਾਰੇ ਪ੍ਰਭ ਜੀ ਸੁਨਾਈ। ਬਿਨਾ ਤੇਗ ਤੀਰੰ ਰਹੋ ਨਾਹ ਭਾਈ।

ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੇ। ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ੯੮।

ਇਹੈ ਮੋਰ ਆਗਿਆ ਸੁਨੋ ਲੈ ਪਿਆਰੇ। ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ।

ਇਹੈ ਮੋਹ ਬੈਨਾ, ਮੰਨੇਗਾ ਸੁ ਜੋਈ। ਤਿਸੇ ਇਛ ਪੂਰੰ, ਸਭੈ ਜਾਨ ਸੋਈ। ੯੯।

ਰਹਿਤਨਾਮਾ, ਭਾਈ ਦੇਸਾ ਸਿੰਘ ਜੀ ਵਿੱਚ ਹੁਕਮ ਹੈ :

ਸ਼ਸਤ੍ਰਹੀਨ ਇਹ ਕਬਹੂ ਨਹਿ ਕੋਈ। ਰਹਿਤਵੰਤ ਖਾਲਸਾ ਸੋਈ।

ਕਛ ਕ੍ਰਿਪਾਨ ਨ ਕਬਹੂੰ ਤਿਆਗੈ। ਸਨਮੁਖ ਲਰੈ, ਨ ਰਣ ਤੇ ਭਾਗੈ। ੧੫।

ਹੋਰ ਲਵੋ : ਗੁਰ ਪ੍ਰਤਾਪ ਸੂਰਯ, ਰੁਤ ੩, ਅਧਿਆਯ ੨੩ – ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ :-

ਸ਼ਸਤ੍ਰਨਿ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ। ੬।

ਯਾਂ ਤੇ ਸਰਬ ਖਾਲਸਾ ਸੁਨੀਅਹਿ। ਆਯੁਧ ਧਰਿਬੇ ਉੱਤਮ ਗੁਨੀਅਹਿ।

ਜਬਿ ਹਮਰੇ ਦਰਸ਼ਨ ਕੋ ਆਵਹੁ। ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ। ੭।

ਕਮਰ ਕਸਾ ਕਰਿ ਦੇਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਿਕਾਈ।…। ੮।

ਇਹ ਸਭ ਜਾਣਕਾਰੀ ਦੇਣ ਦਾ ਮਤਲਬ ਸਾਡਾ ਇਹ ਸਾਬਤ ਕਰਨਾ ਹੈ ਕਿ ਹੋਲੇ ਮਹੱਲੇ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ; ਜਿਵੇਂ ਕਿ ਸਮਕਾਲੀ ਲਿਖਾਰੀ ਅਤੇ ਸਾਰੇ ਸਿੱਖ ਇਤਿਹਾਸਕਾਰ ਇਸ ਬਾਰੇ ਇਕ ਮੱਤ ਹਨ ਕਿ ਪਾਤਸ਼ਾਹ ਵੱਲੋਂ ਸਿੱਖਾਂ ਵਾਸਤੇ ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣਾ ਸਭ ਤੋਂ ਜ਼ਰੂਰੀ ਅੰਗ, ਸਪੱਸ਼ਟ ਹੈ ਅਤੇ ਇਸੇ ਤਰ੍ਹਾਂ ਇਹ ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਉਨ੍ਹਾਂ ਨੇ ਹੋਲੇ ਮਹੱਲੇ ਦਾ ਤਿਉਹਾਰ ਆਪ ਆਰੰਭ ਕੀਤਾ। ਜਿੱਥੇ ਕਿ ਗੁਰਸਿੱਖ ਨੂੰ ਕੜਾਹ ਪ੍ਰਸ਼ਾਦ ਸਮੇਂ ਨਿਤਾਪ੍ਰਤੀ ਕ੍ਰਿਪਾਨ ਭੇਂਟ, ਦੇਗ ਦੀ ਸਾਂਝ ਦੇ ਨਾਲ ਉਸ ਨੂੰ ਉਸ ਦੀ ਸ਼ਸਤਰਾਂ ਨਾਲ ਸਾਂਝ ਪ੍ਰਗਟ ਕਰਦੀ ਹੈ, ਉੱਥੇ ਸਾਲ ਦੇ ਸਾਲ ਹੋਲਾ ਮੁਹੱਲਾ ਉਸ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਦੀ ਵੀ ਚੇਤਾਵਨੀ ਦਿੰਦਾ ਹੈ। ਸ਼ਸਤਰਧਾਰੀ ਫ਼ੌਜਾਂ ਦਾ ਵੀ ਇਹੀ ਨਿਯਮ ਹੁੰਦਾ ਹੈ। ਕਿਸੇ ਵੀ ਦੇਸ਼ ਦੀਆਂ ਫ਼ੌਜਾਂ ਹਮੇਸ਼ਾਂ ਜੰਗਾਂ ਯੁੱਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਸ਼ਸਤਰ ਅਭਿਆਸ ਉਨ੍ਹਾਂ ਦੇ ਨਿੱਤ ਹੀ ਚੱਲਦੇ ਰਹਿੰਦੇ ਹਨ। ਯੁੱਧ ਸਮੇਂ ਇਹ ਅਭਿਆਸ-ਰੂਪ-ਤਿਆਰੀ ਹੀ ਅਸਲੀ ਯੁੱਧ ਦਾ ਆਧਾਰ ਹੁੰਦੀ ਹੈ। ਹੋਲੇ ਮਹੱਲੇ ਦਾ ਵੀ ਇਹੀ ਮਤਲਬ ਹੈ।

ਨਿਰਾ ਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ, ਪਰ ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਗੁਰਬਾਣੀ ਦੀ ਹੋਵੇ, ਸਾਰੇ ਸ਼ਸਤਰਾਂ ਦੀ ਪਹਿਚਾਣ ਉਸ ਨੂੰ ਕ੍ਰਿਪਾਨ ਤੋਂ ਆਰੰਭ ਕਰਵਾਈ ਹੋਵੇ, ਜਿਸ ਦਾ ਮਤਲਬ ਹੀ ਉਸ ਲਈ ਮਜ਼ਲੂਮ ਦੀ ਰਾਖੀ ਅਤੇ ਅਣਖ ਨਾਲ ਜੀਣਾ ਹੋਵੇ, ਤਾਂ ਜ਼ਾਲਮ ਹੋਣ ਦੀ ਗੱਲ ਹੀ ਮੁੱਕ ਜਾਂਦੀ ਹੈ। ਫਿਰ ਉਸ ਨੂੰ ਇਸ ਬਾਰੇ ਦਸਵੇਂ ਪਾਤਸ਼ਾਹ ਦੀ ਬਾਕਾਇਦਾ ਹਦਾਇਤ ਵੀ ਹੈ :-

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ੨੨।  (ਜ਼ਫ਼ਰਨਾਮਾ)

ਭਾਵ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।

ਕਾਫ਼ੀ ਸਮੇਂ ਤੋਂ ਢਿੱਲੇ ਅਧਿਕਾਰੀ ਪ੍ਰਚਾਰਕਾਂ ਦੇ ਕਾਰਨ ਹੌਲ਼ੀ-ਹੌਲ਼ੀ ਪੰਥ ਦਾ ਵੱਡਾ ਹਿੱਸਾ ਅੰਮ੍ਰਿਤ ਤੋਂ ਟੁੱਟਦਾ ਗਿਆ ਹੈ, ਹਾਲਾਂਕਿ ਅੰਮ੍ਰਿਤ ਤਾਂ ਸਿੱਖੀ ਦਾ ਆਰੰਭ ਅਤੇ ਸਿੱਖ ਧਰਮ ਵਿੱਚ ਪ੍ਰਵੇਸ਼ ਹੈ। ਅੰਮ੍ਰਿਤ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ ਹੈ ਕਿਉਂਕਿ ਨਿਗੁਰਾ ਤਾਂ ਸਿੱਖ ਹੀ ਨਹੀਂ ਹੁੰਦਾ। ਅੰਮ੍ਰਿਤ ਤੋਂ ਟੁੱਟੇ ਅਸੀਂ ਕ੍ਰਿਪਾਨ ਤੋਂ ਵੀ ਲਾਪ੍ਰਵਾਹ ਹੁੰਦੇ ਗਏ ਅਤੇ ਹੌਲ਼ੀ-ਹੌਲ਼ੀ ਇਹ ਸਮਝਣਾ ਅਤੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਕ੍ਰਿਪਾਨ ਨੂੰ ਤਾਂ ਕੇਵਲ ਅੰਮ੍ਰਿਤਧਾਰੀ ਨੇ ਪਾਉਣਾ ਹੈ ਹਾਲਾਂਕਿ ਅੰਮ੍ਰਿਤਧਾਰੀ ਹੋਣ ਤੋਂ ਪਹਿਲਾਂ ਸਾਡਾ ਪੰਜ ਕਕਾਰੀ ਹੋਣਾ ਜ਼ਰੂਰੀ ਹੈ ਅਤੇ ਪੰਜਾਂ ਕਕਾਰਾਂ ਵਿੱਚ ਕੇਸ, ਕ੍ਰਿਪਾਨ ਪ੍ਰਧਾਨ ਕਕਾਰ ਹਨ।

ਅਸੀਂ ਸ਼ਸਤਰਧਾਰੀ ਹੋਣ ਤੋਂ ਹੀ ਲਾਪ੍ਰਵਾਹ ਹੋ ਗਏ ਤਾਂ ਹੋਲੇ ਮਹੱਲੇ ਦੀ ਸਮਝ ਹੀ ਕਿਵੇਂ ਆਉਂਦੀ ? ਜਿੱਥੇ ਗੁਰਸਿੱਖ ਹੈ, ਉੱਥੇ ਹੀ ਹੋਲੇ ਮਹੱਲੇ ਦਾ ਤਿਉਹਾਰ ਜ਼ਰੂਰੀ ਹੈ ਭਾਵੇਂ ਪਾਤਸ਼ਾਹ ਨੇ ਇਸ ਨੂੰ ਲੋਹਗੜ੍ਹ ਸਾਹਿਬ ਤੋਂ ਹੀ ਆਰੰਭ ਕੀਤਾ ਸੀ, ਪਰ ਇਸ ਦਾ ਮਹੱਤਵ ਸਮਝਣਾ ਸਾਡੇ ਵਾਸਤੇ ਅਤਿ ਜ਼ਰੂਰੀ ਹੈ।

ਹੋਲੀ (ਫੱਗਣ ਸੁਦੀ 11 ਤੋਂ 14 ਤੀਕ) ਇਕ ਮਿਥਿਹਾਸਕ ਪੌਰਾਣਕ ਤਿਉਹਾਰ ਹੈ। ਬ੍ਰਾਹਮਣ ਮੱਤ ਅਨੁਸਾਰ ਵਰਣ-ਵੰਡ ਵਿੱਚੋਂ ਦ੍ਰਿੜ੍ਹਤਾ ਲਿਆਉਣ ਵਾਸਤੇ ਜਿੱਥੇ ਹਰ ਇਕ ਵਰਣ ਵਾਸਤੇ ਜੰਞੂ, ਜੰਞੂ ਪਾਉਣ ਦੇ ਢੰਗ ਅਤੇ ਸਮੇਂ, ਸਭ ਵੱਖਰੇ-ਵੱਖਰੇ, ਫਿਰ ਵਰਣਾਂ ਅਨੁਸਾਰ ਨਾਵਾਂ ਦੀ ਵੰਡ ਅਤੇ ਹੋਰ ਨਿਯਮ ਬਣਾਏ, ਉਸੇ ਤਰ੍ਹਾਂ ਬ੍ਰਾਹਮਣ ਵਰਗ ਨੇ ਆਪਣੇ ਵਾਸਤੇ ਵੈਸਾਖੀ, ਵੈਸ਼ਾਂ ਵਾਸਤੇ ਦਿਵਾਲੀ, ਖੱਤਰੀਆਂ ਵਾਸਤੇ ਦੁਸਹਿਰਾ ਅਤੇ ਸ਼ੂਦਰਾਂ ਵਾਸਤੇ ਹੋਲੀ ਦਾ ਤਿਉਹਾਰ ਪ੍ਰਚਲਿਤ ਕੀਤਾ। ਮੂਲ ਰੂਪ ਵਿੱਚ ਇਹ ਬ੍ਰਾਹਮਣੀ ਤਿਉਹਾਰ ਹੈ।

ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਰਾਜੇ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ।  ਅਜਿਹਾ ਵਰ ਪ੍ਰਾਪਤ ਕਰ ਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਉਸ ਨੇ ਐਲਾਨ ਕਰ ਦਿੱਤਾ ਕਿ ਕੋਈ ਪ੍ਰਮਾਤਮਾ ਨੂੰ ਨਾ ਜਪੇ ਅਤੇ ਸਾਰੇ ਉਸ ਦਾ ਹੀ ਜਾਪ ਕਰਨ। ਕਰਤੇ ਦੀ ਕਰਨੀ ਕਿ ਘਰ ਵਿੱਚੋਂ ਹੀ, ਹਰਨਾਖਸ਼ ਦਾ ਸਪੁੱਤਰ ਪ੍ਰਹਿਲਾਦ ਇਸ ਗੱਲ ਦਾ ਵਿਰੋਧੀ ਹੋ ਗਿਆ ਅਤੇ ਉਹ ਰਾਮ-ਰਾਮ ਜਪਣ ਅਤੇ ਪ੍ਰਚਾਰਨ ਲੱਗਾ। ਰਾਜੇ ਨੇ ਉਸ ਨੂੰ ਪਹਾੜ ਤੋਂ ਧੱਕ ਕੇ ਦਰਿਆ ਵਿੱਚ ਸੁੱਟ ਦਿੱਤਾ, ਹਰ ਢੰਗ ਨਾਲ ਮਾਰਨ ਦਾ ਯਤਨ ਕੀਤਾ ਪਰ ਪ੍ਰਭੂ ਨੇ ਉਸ ਦੀ ਰਖਿਆ ਕੀਤੀ।

ਅੰਤ ਹਰਨਾਖ਼ਸ਼ ਦੀ ਭੈਣ ਢੂੰਡਾ (ਹੋਲਿਕਾ) ਜਿਸ ਨੇ ਤਪ ਕਰ ਕੇ ਸ਼ਿਵ ਤੋਂ ਇਕ ਦੁਪੱਟਾ ਪ੍ਰਾਪਤ ਕਰ ਰਖਿਆ ਸੀ, ਜਿਸ ਨੂੰ ਉੱਪਰ ਲੈਣ ਤੋਂ ਬਾਅਦ ਅੱਗ ਉਸ ਉੱਪਰ ਅਸਰ ਨਹੀਂ ਕਰਦੀ ਸੀ। ਹਰਨਾਖਸ਼ ਦੇ ਕਹਿਣ ’ਤੇ ਹੋਲਿਕਾ ਆਪਣੇ ਭਣੇਵੇਂ (ਪ੍ਰਹਿਲਾਦ) ਨੂੰ ਗੋਦੀ ਵਿੱਚ ਲੈ ਕੇ ਚਿਖਾ ਵਿੱਚ ਬੈਠ ਗਈ। ਕਰਤੇ ਦੀ ਕਰਨੀ ਕਿ ਵਰ ਵਾਲਾ ਦੁਪੱਟਾ ਹੋਲਿਕਾ ਤੋਂ ਉੱਡ ਕੇ ਪ੍ਰਹਿਲਾਦ ’ਤੇ ਜਾ ਪਿਆ।  ਹੋਲਿਕਾ ਸੜ੍ਹ ਕੇ ਰਾਖ ਹੋ ਗਈ ਅਤੇ ਪ੍ਰਹਿਲਾਦ ਫਿਰ ਵੀ ਬਚ ਗਿਆ। ਅੰਤ ਅੱਗ ਨਾਲ ਲਾਲ ਕੀਤੇ ਫੌਲਾਦ ਦੇ ਥੰਮ੍ਹ ਨਾਲ ਪ੍ਰਹਿਲਾਦ ਦੇ ਜੱਫਾ ਮਾਰਨ ਸਮੇਂ, ਪ੍ਰਭੂ ਨੇ ਨਰਸਿੰਘ ਰੂਪ ਧਾਰ ਕੇ ਦਹਿਲੀਜ਼ ਵਿੱਚ ਹਰਨਾਖਸ਼ ਨੂੰ ਦੋ ਫਾੜ੍ਹ ਕਰ ਦਿੱਤਾ।

ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਇਸ ਘਟਨਾ ਦਾ ਜ਼ਿਕਰ 16 ਵਾਰ (ਗੁਰੂ ਨਾਨਕ ਜੀ 2 ਵਾਰ, ਭਗਤ ਕਬੀਰ ਜੀ 2 ਵਾਰ, ਭਗਤ ਨਾਮਦੇਵ ਜੀ 2 ਵਾਰ, ਗੁਰੂ ਅਮਰਦਾਸ ਜੀ 4 ਵਾਰ, ਗੁਰੂ ਰਾਮਦਾਸ ਜੀ 3 ਵਾਰ, ਗੁਰੂ ਅਰਜਨ ਜੀ 1 ਵਾਰ, ਭੱਟ ਨਲੵ ਜੀ 1 ਵਾਰ ਤੇ ਭਟ ਗਯੰਦ ਜੀ 1 ਵਾਰ) ਆਇਆ ਹੈ; ਜਿਵੇਂ ਕਿ ਸੰਖੇਪ ਮਾਤਰ:

ਦੁਰਮਤਿ ਹਰਣਾਖਸੁ ਦੁਰਾਚਾਰੀ ॥ 

ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥  ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥ (ਮ: ੧/੨੨੪)

ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ  !  ਹਰਣਾਖਸੁ ਮਾਰਿ ਪਚਾਇਆ ॥ (ਮ: ੩/੬੩੭)

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ; ਹਰਨਾਖਸ ਜਿਉ ਪਚਿ ਜਾਵੈਗੋ ॥ (ਮ: ੪/੧੩੦੯)

ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ ॥ (ਮ: ੫/੯੯੯)

ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ; ਹਰਨਾਖਸੁ ਨਖ ਬਿਦਰਿਓ ॥ (ਭਗਤ ਕਬੀਰ/੮੫੬)

ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥ (ਭਗਤ ਨਾਮਦੇਵ/੧੧੦੫), ਆਦਿ।

ਇਹ ਘਟਨਾ ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਾਫ਼ੀ ਹੈ ਕਿ ਮਨੁੱਖ ਭਾਵੇਂ ਕਿੰਨਾ ਵੀ ਜ਼ਾਲਮ ਜਾਂ ਹੰਕਾਰੀ ਹੋ ਜਾਵੇ, ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ। ਹੋਲੀ ਦੇ ਤਿਉਹਾਰ ਲਈ ਇਸ ਘਟਨਾ ਨੂੰ ਆਧਾਰ ਬਣਾ ਕੇ, ਰਾਤ ਨੂੰ ਹੌਲੀ ਜਲਾਈ ਜਾਂਦੀ ਹੈ ਅਤੇ ਰਾਖ ਨੂੰ ਹੋਲਿਕਾ ਦੀ ਰਾਖ ਮੰਨ ਕੇ ਸਵੇਰੇ ਉਸ ਨੂੰ ਉਡਾਇਆ ਜਾਂਦਾ ਹੈ।

ਲੋਕੀ ਇਕ ਦੂਜੇ ’ਤੇ ਕੇਵਲ ਰੰਗ ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ, ਗੰਦਗੀ, ਮਿੱਟੀ ਦਾ ਤੇਲ ਆਦਿ ਸੁੱਟ ਕੇ ਇਸ ਤਿਉਹਾਰ ਨੂੰ ਬਹੁਤ ਝਗੜੇ ਫਸਾਦ ਨਾਲ ਮਨਾ ਰਹੇ ਹਨ। ਸ਼ਰਾਬਾਂ ਉੱਡਦੀਆਂ ਹਨ ਅਤੇ ਕਈ ਝਗੜੇ ਫਸਾਦ, ਲੜਾਈਆਂ ਤੇ ਕਤਲ ਤੱਕ ਹੁੰਦੇ ਹਨ ਕਿਉਂਕਿ ਸ਼ਰਾਬ ਦੇ ਨਸ਼ੇ ਵਿੱਚ ਕਈ ਵਾਰੀ ਭੂਤਰੇ ਲੋਕ, ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਪੂਰਾ ਲਾਭ ਉਠਾਉਂਦੇ ਹਨ।  ਜਵਾਨ ਬੱਚੀਆਂ ਅਤੇ ਇਸਤ੍ਰੀਆਂ ਨਾਲ ਭੱਦੇ ਮਜ਼ਾਕ ਵੀ ਕੀਤੇ ਜਾਂਦੇ ਹਨ। 

ਭਾਰਤ ਵਿੱਚ ਸਭ ਤੋਂ ਵੱਧ ਹੋਲੀ ਬ੍ਰਿਜ, ਮਥੁਰਾ, ਗੋਕੁਲ ਵਿੱਚ ਖੇਡੀ ਜਾਂਦੀ ਹੈ ਅਤੇ ਧਾਰਮਿਕ ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ, ਅਸ਼ਲੀਲ, ਲੱਜਾਹੀਣ ਖੇਡਾਂ ਖੇਡੀਆਂ ਜਾਂਦੀਆਂ ਹਨ।

ਗੁਰੂ-ਘਰ ਵਿੱਚ ਹੋਲੀ ਦਾ ਤਿਉਹਾਰ ਰੰਗਾਂ-ਗੁਲਾਲਾਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ। ਹੋਲੀ ਦੇ ਇਸ ਢੰਗ ਨਾਲ ਗੁਰੂ ਘਰ ਬਿਲਕੁਲ ਸਹਿਮਤ ਨਹੀਂ ਹੋ ਸਕਦਾ।

ਉਚੇਚੇ ਤੌਰ ’ਤੇ ਹੋਲੀ ਦੇ ਦਿਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਥੁਰਾ ਵਿੱਚ, ਜੋ ਹੋਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪੁੱਜੇ। ਉੱਥੇ ਆਪ ਨੇ ਧਰਮ ਤਿਉਹਾਰ ਦੇ ਪੱਜ, ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਯ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਅਤੇ ਸਮਝਾਇਆ ਪਰ ਪਾਂਡਿਆਂ ਨੇ ਇਸ ਨੂੰ ਕਲਜੁੱਗ ਦਾ ਪ੍ਰਭਾਵ ਦੱਸਿਆ। ਉੱਥੇ ਪਾਤਸ਼ਾਹ ਨੇ ‘ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ॥’ ਵਾਲੇ ਸ਼ਬਦ ਰਾਹੀਂ ਸਮਝਾਇਆ ਕਿ ਸਤਿਯੁੱਗ, ਤ੍ਰੇਤਾ, ਕਲਯੁੱਗ ਆਦਿ ਕੋਈ ਸਮੇਂ ਦੀ ਵੰਡ ਨਹੀਂ। ਇਸ ਤਰ੍ਹਾਂ ਅਖੌਤੀ ਕਲਯੁੱਗ ਦਾ ਪਰਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੋਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ‘ਨਾਨਕ ਨਾਮੁ ਮਿਲੈ ਵਡਿਆਈ, ਏਦੂ ਉਪਰਿ ਕਰਮੁ ਨਹੀ॥’ ਤਾਂ ਤੇ ਲੋੜ ਹੈ ਕਿ ਮਨੁੱਖ ਇੱਕ ਨੇਕ ਪਰਉਪਕਾਰੀ ਮਨੁੱਖ ਬਣੇ ਅਤੇ ਆਪਣੇ ਜੀਵਨ ਨੂੰ ਸਫਲਾ ਕਰੇ। ਹਰ ਇਕ ਗੁਰਸਿੱਖ ਨੂੰ ਇਹ ਸ਼ਬਦ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ।

ਪੰਜਵੇਂ ਪਾਤਸ਼ਾਹ ਨੇ ਹੋਲੀ ਦੌਰਾਨ ਆਪਣੇ ਮੂੰਹ ਸਿਰ ਲਾਲ, ਨੀਲੇ, ਪੀਲੇ ਕਰਨ ਵਾਲੇ ਲੋਕਾਂ ਨੂੰ ਉਪਦੇਸ਼ ਕਰਦਿਆਂ ਫ਼ੁਰਮਾਇਆ :

ਗੁਰੁ ਸੇਵਉ ਕਰਿ ਨਮਸਕਾਰ ॥  ਆਜੁ ਹਮਾਰੈ ਮੰਗਲਚਾਰ ॥

ਆਜੁ ਹਮਾਰੈ ਮਹਾ ਅਨੰਦ ॥  ਚਿੰਤ ਲਥੀ ਭੇਟੇ ਗੋਬਿੰਦ ॥੧॥

ਆਜੁ ਹਮਾਰੈ ਗ੍ਰਿਹਿ ਬਸੰਤ ॥  ਗੁਨ ਗਾਏ ਪ੍ਰਭ  ! ਤੁਮ੍ ਬੇਅੰਤ ॥੧॥ ਰਹਾਉ ॥

ਆਜੁ ਹਮਾਰੈ ਬਨੇ ਫਾਗ ॥  ਪ੍ਰਭ ਸੰਗੀ ਮਿਲਿ; ਖੇਲਨ ਲਾਗ ॥

ਹੋਲੀ ਕੀਨੀ ਸੰਤ ਸੇਵ ॥  ਰੰਗੁ ਲਾਗਾ ਅਤਿ ਲਾਲ ਦੇਵ ॥੨॥ (ਬਸੰਤੁ/ਮ: ੫/੧੧੮੦)

ਭਾਵ ਜਦੋਂ ਜੀਵ ਪ੍ਰਭੂ ਪਿਆਰ ਵਿੱਚ ਰੰਗਿਆ ਜਾਂਦਾ ਹੈ ਤਾਂ ਮਾਨੋਂ ਉਸ ਦੇ ਘਰ ਸਦਾ ਹੀ ਖੇੜਾ ਤੇ ਬਸੰਤ ਰੁੱਤ ਹੁੰਦੀ ਹੈ। ਇਸ ਵਾਸਤੇ ਦੁਨੀਆਂ ਦੇ ਲੋਕੋ !  ਜੇਕਰ ਤੁਸੀਂ ਇਸ ਫੱਗਣ ਦੇ ਮਹੀਨੇ ਵਿੱਚ ਹੋਲੀ ਦਾ ਅਨੰਦ ਮਾਣਨਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਆਓ ਅਤੇ ਰੱਬੀ ਨਾਮ ਮਸਤੀ ਵਾਲਾ ਪੱਕਾ ਲਾਲ ਰੰਗ ਤੁਹਾਡੇ ਮਨ ’ਤੇ ਚੜ੍ਹੇਗਾ। ਇਹੀ ਸਾਡੇ ਵਾਸਤੇ ਹੋਲੀ ਹੋਣੀ ਚਾਹੀਦੀ ਹੈ।

ਗੁਰੂ ਪਾਤਸ਼ਾਹ ਨੇ ਹੋਲੀ ਦੇ ਨਾਂ ਨਾਲ ਵਿਰੋਧ ਨਹੀਂ ਕੀਤਾ ਬਲਕਿ ਉਸ ਦੇ ਅਰਥ ਹੀ ਨਿਰੋਏ ਕਰ ਦਿੱਤੇ ਹਨ ਜਾਂ ਦੂਜੇ ਸ਼ਬਦਾਂ ਵਿੱਚ ਗੁਰੂ-ਆਸ਼ੇ ਅਨੁਸਾਰ ਚੱਲਣ ਵਾਲਿਆਂ ਨੂੰ ਰੰਗ, ਗੁਲਾਲਾਂ, ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਰੱਬੀ ਨਾਮ ਬਾਣੀ ਦੇ ਅਭਿਆਸ ਵੱਲ ਹੋਰ ਦ੍ਰਿੜ੍ਹ ਕੀਤਾ ਹੈ। ਦਸਵੇਂ ਪਾਤਸ਼ਾਹ ਨੇ ਵੀ ਹੋਲੀਆਂ ਦੇ ਸਮੇਂ ’ਤੇ ਗੁਰਸਿੱਖਾਂ ਵਿੱਚ ਸ਼ਸਤਰ ਅਭਿਆਸ ਆਰੰਭ ਕਰ ਕੇ ਹੋਲੇ ਮਹੱਲੇ ਦਾ ਨਵਾਂ ਤਿਉਹਾਰ ਬਖ਼ਸ਼ਿਆ।  ਅੱਜ ਇਸ ਮੌਕੇ ’ਤੇ ਅਨੰਦਪੁਰ ਸਾਹਿਬ ਵਿਖੇ ਜੋ ਰੰਗ ਗੁਲਾਲ ਉਡਾਏ ਜਾਂਦੇ ਹਨ, ਸਾਨੂੰ ਇਸ ਪੱਖੋਂ ਸੰਭਲਣ ਦੀ ਲੋੜ ਹੈ।

ਗੁਰੂ ਨਾਨਕ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਗੁਰੂ ਸਾਹਿਬਾਨ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ 239 ਵਰ੍ਹਿਆਂ ਵਿੱਚ ਕੋਈ ਹੋਲੀ ਖੇਡੀ ਹੋਵੇ।  ਜਿਹੜੇ ਗੁਰੂ ਕੇ ਲਾਲ, ਆਪਣੀ ਹੂੜ ਮੱਤ ਜਾਂ ਅਗਿਆਨਤਾ ਕਾਰਨ ਹੋਲੀਆਂ ਵਿੱਚ ਸ਼ਾਮਲ ਹੋ ਕੇ ਪਾਤਸ਼ਾਹ ਦੇ ਬਖ਼ਸ਼ੇ ਸੁੰਦਰ ਸ਼ੇਰਾਂ ਵਾਲੇ ਸਰੂਪ ਦੀ ਬੇਅਦਬੀ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕਰਨੀ ਵੱਲ ਧਿਆਨ ਦੇਣਾ ਚਾਹੀਦਾ ਹੈ ਬਲਕਿ ਇਸ ਤੋਂ ਅੱਗੇ ਜਾਂਦਿਆਂ ਲੋਕਾਈ ਨੂੰ ਕੱਚੀਆਂ ਹੋਲੀਆਂ ਵਿੱਚੋਂ ਕੱਢ ਕੇ ਗੁਰਬਾਣੀ ਦੀ ਨਿਰਲੇਪ ਰੰਗਤ ਵਿੱਚ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ।

ਦਿਲ ਬਾਰੇ ਵਡਮੁੱਲੀ ਜਾਣਕਾਰੀ

0

ਦਿਲ ਬਾਰੇ ਵਡਮੁੱਲੀ ਜਾਣਕਾਰੀ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਸਵਾਲ :- ਐਨਜਾਈਨਾ ਕੀ ਹੈ ?

ਜਵਾਬ :-ਜਦੋਂ ਦਿਲ ਦੇ ਪੱਠਿਆਂ ਵੱਲ ਜਾਂਦਾ ਲਹੂ ਘੱਟ ਹੋ ਜਾਏ ਤਾਂ ਛਾਤੀ ਵਿਚ ਪੀੜ ਹੋਣ ਲੱਗ ਪੈਂਦੀ ਹੈ, ਜਿਸ ਨੂੰ ਐਨਜਾਈਨਾ ਕਹਿੰਦੇ ਹਨ।

ਸਵਾਲ :-ਐਨਜਾਈਨਾ ਦੀ ਪੀੜ ਛਾਤੀ ਦੇ ਕਿਹੜੇ ਹਿੱਸੇ ’ਚ ਹੁੰਦੀ ਹੈ ?

ਜਵਾਬ :-ਛਾਤੀ ਦੀ ਵਿਚਕਾਰਲੀ ਹੱਡੀ ਦੇ ਪਿੱਛੇ, ਐਨ ਵਿਚਕਾਰ ਜਾਂ ਰਤਾ ਕੁ ਖੱਬੇ ਪਾਸੇ। ਕਈ ਵਾਰ ਪੀੜ ਛਾਤੀ ਦੀ ਵਿਚਕਾਰਲੀ ਹੱਡੀ ਦੇ ਹੇਠਲੇ ਸਿਰੇ ਉੱਤੇ ਵੀ ਹੋ ਸਕਦੀ ਹੈ।

ਸਵਾਲ :-ਇਹ ਪੀੜ ਕਿਵੇਂ ਪਛਾਣੀ ਜਾ ਸਕਦੀ ਹੈ ?

ਜਵਾਬ :- ਜਿਨ੍ਹਾਂ ਦੀਆਂ ਦਿਲ ਦੀਆਂ ਨਾੜੀਆਂ ਭੀੜੀਆਂ ਹੋ ਚੁੱਕੀਆਂ ਹੋਣ, ਉਨ੍ਹਾਂ ਵਿਚ ਐਨਜਾਈਨਾ ਦੀ ਪੀੜ ਆਮ ਤੌਰ ਉੱਤੇ ਤੇਜ਼ ਤੁਰਨ ਨਾਲ, ਖ਼ਾਸ ਕਰ ਖਾਣਾ ਖਾਣ ਬਾਅਦ, ਪੌੜੀਆਂ ਚੜ੍ਹਨ ਉੱਤੇ, ਤਣਾਓ, ਇਕਦਮ ਲੱਗਿਆ ਮਾਨਸਿਕ ਝਟਕਾ, ਆਦਿ ਨਾਲ ਹੋ ਸਕਦੀ ਹੈ। ਇਹ ਪੀੜ ਛਾਤੀ ਦੇ ਵਿਚਕਾਰੋਂ ਸ਼ੁਰੂ ਹੋ ਕੇ ਗਲ਼ੇ ਵਿਚ, ਖੱਬੀ ਬਾਂਹ ਵਿਚ, ਦੋਵਾਂ ਬਾਹਾਂ ਵਿਚ, ਕਦੇ-ਕਦੇ ਜਾੜ੍ਹ ਜਾਂ ਢਿੱਡ ਦੇ ਉੱਪਰਲੇ ਹਿੱਸੇ ਤੱਕ ਜਾ ਸਕਦੀ ਹੈ।

ਜੇ ਬੈਠਣ ਜਾਂ ਆਰਾਮ ਕਰਨ ਨਾਲ ਪੀੜ ਨੂੰ ਆਰਾਮ ਦਿਸੇ ਤਾਂ ਇਹ ਐਨਜਾਈਨਾ ਦਾ ਹੀ ਲੱਛਣ ਹੈ। ਜੇ ਜੀਭ ਹੇਠਾਂ ਨਾਈਟਰੇਟ ਦੀ ਗੋਲੀ ਰੱਖ ਕੇ ਚੂਸਣ ਨਾਲ ਵੀ ਆਰਾਮ ਦਿਸੇ ਤਾਂ ਇਹ ਐਨਜਾਈਨਾ ਦੀ ਹੀ ਪੀੜ ਹੈ।

ਪੀੜ ਦੇ ਨਾਲ ਹੀ ਘਬਰਾਹਟ, ਧੜਕਨ ਵਧਣੀ, ਠੰਡੇ ਪਸੀਨੇ ਆਉਣੇ, ਉਲਟੀ ਆਉਣੀ ਵੀ ਆਮ ਹੀ ਹੋਣ ਲੱਗ ਪੈਂਦੇ ਹਨ।

ਸਵਾਲ :-ਕਾਰਨ ਕੀ ਹੈ ?

ਜਵਾਬ :-ਜਦੋਂ ਲਹੂ ਦੀਆਂ ਨਾੜੀਆਂ ਵਿਚ ਥਿੰਦੇ ਦੀਆਂ ਢੇਲੀਆਂ ਜੰਮ ਜਾਣ ਤਾਂ ਨਾੜੀ ਭੀੜੀ ਹੋ ਜਾਂਦੀ ਹੈ। ਜਦੋਂ ਇਹ ਰੋਕਾ ਦਿਲ ਦੀ ਨਾੜੀ ਦਾ 70 ਫੀਸਦੀ ਰਾਹ ਬੰਦ ਕਰ ਦੇਵੇ ਤਾਂ ਪੀੜ ਹੋਣ ਲੱਗ ਪੈਂਦੀ ਹੈ।

ਸਵਾਲ :-ਲਹੂ ਦੀਆਂ ਨਾੜੀਆਂ ਵਿਚ ਇਹ ਢੇਲੀਆਂ ਜੰਮਦੀਆਂ ਕਿਉਂ ਹਨ ?

ਜਵਾਬ :-ਇਸ ਨੂੰ ਐਥਰੋਸਕਲਿਰੋਸਿਸ ਕਿਹਾ ਜਾਂਦਾ ਹੈ। ਜਦੋਂ ਦੋ ਸਾਲ ਦੀ ਉਮਰ ਹੁੰਦੀ ਹੈ, ਉਦੋਂ ਤੋਂ ਹੀ ਸਰੀਰ ਅੰਦਰ ਐਥਰੋਸਕਲਿਰੋਸਿਸ ਸ਼ੁਰੂ ਹੋ ਜਾਂਦਾ ਹੈ। ਕੁੱਝ ਕਾਰਨਾਂ ਕਰ ਕੇ ਵੱਡੀ ਉਮਰ ਵਿਚ ਇਹ ਵੱਧ ਹੋ ਜਾਂਦਾ ਹੈ; ਜਿਵੇਂ ਕਿ

  1. ਤੰਬਾਕੂ ਸੇਵਨ
  2. ਸ਼ੱਕਰ ਰੋਗ
  3. ਬਲੱਡ ਪ੍ਰੈੱਸ਼ਰ ਦਾ ਰੋਗ
  4. ਸਰੀਰ ਅੰਦਰ ਕੋਲੈਸਟਰੋਲ ਦਾ ਵਾਧਾ
  5. ਮੋਟਾਪਾ
  6. ਬਹੁਤੀ ਦੇਰ ਬੈਠੇ ਰਹਿਣਾ, ਆਦਿ।

ਸਵਾਲ :- ਕੋਲਸਟਰੋਲ ਦਾ ਵਾਧਾ ਕਿਵੇਂ ਹੁੰਦਾ ਹੈ ?

ਜਵਾਬ :- ਖ਼ੁਰਾਕ ਰਾਹੀਂ ਸਿਰਫ਼ ਅੰਦਰ ਦਾ 20 ਫੀਸਦੀ ਕੋਲੈਸਟਰੋਲ ਦਾ ਹਿੱਸਾ ਬਣਦਾ ਹੈ। ਬਾਕੀ 80 ਫੀਸਦੀ ਸਰੀਰ ਆਪ ਬਣਾਉਂਦਾ ਹੈ। ਸਰੀਰ ਦੇ ਵਿਚ ਕੋਲੈਸਟਰੋਲ ਦੇ ਵਾਧੂ ਬਣਨ ਦੇ ਕਾਰਨ ਹਨ-ਤੰਬਾਕੂ, ਸ਼ੱਕਰ ਰੋਗ, ਬਲੱਡ ਪ੍ਰੈੱਸ਼ਰ, ਮੋਟਾਪਾ, ਜੀਨ ਆਧਾਰਿਤ, ਆਦਿ।

ਸਵਾਲ :- ਚੰਗਾ, ਮਾੜਾ ਕੋਲੈਸਟਰੋਲ ਕੀ ਹੈ ?

ਜਵਾਬ :-ਸਰੀਰ ਅੰਦਰ ਕੋਲੈਸਟਰੋਲ ਦੇ ਐਲ. ਡੀ. ਐਲ. ਤੇ ਐਚ. ਡੀ. ਐਲ. ਅੰਸ਼ ਹੁੰਦੇ ਹਨ। ਐਚ. ਡੀ. ਐਲ. ਵਧੀਆ ਕੋਲੈਸਟਰੋਲ ਗਿਣਿਆ ਜਾਂਦਾ ਹੈ। ਐਲ. ਡੀ. ਐਲ. ਅਤੇ ਨੋਨ ਐਚ. ਡੀ. ਐਲ. ਕੋਲੈਸਟਰੋਲ ਮਾੜੇ ਗਿਣੇ ਜਾਂਦੇ ਹਨ।

ਇਹ ਮਾੜੇ ਇਸ ਲਈ ਗਿਣੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਵਾਧੇ ਨਾਲ ਦਿਲ ਦੇ ਰੋਗ ਹੋਣ ਦੇ ਆਸਾਰ ਕਾਫ਼ੀ ਵਧ ਜਾਂਦੇ ਹਨ। ਦਿਲ ਦੇ ਰੋਗਾਂ ਵਾਲੇ ਮਰੀਜ਼ਾਂ ਦੇ ਟੈਸਟਾਂ ਦੇ ਆਧਾਰ ਉੱਤੇ ਇਹ ਤੱਥ ਸਾਹਮਣੇ ਆਏ ਹਨ।

ਸਵਾਲ :-ਐਚ. ਡੀ. ਐਲ. ਕੋਲੈਸਟਰੋਲ ਕਿਵੇਂ ਵਧਾਇਆ ਜਾ ਸਕਦਾ ਹੈ ?

ਜਵਾਬ :- ਰੈਗੂਲਰ ਕਸਰਤ, ਸਟੈਟਿਨ ਦਵਾਈਆਂ ਦੀ ਵਰਤੋਂ, ਕੌਫ਼ੀ ਦਾ ਸੇਵਨ।

ਸਵਾਲ :- ਐਲ. ਡੀ. ਐਲ. ਕੋਲੈਸਟਰੋਲ ਕਿਵੇਂ ਘਟਾਇਆ ਜਾ ਸਕਦਾ ਹੈ ?

ਜਵਾਬ :- ਸੈਚੂਰੇਟਿਡ ਘਿਓ ਦੀ ਵਰਤੋਂ ਘਟਾ ਕੇ ਅਤੇ ਸਟੈਟਿਨ ਦਵਾਈਆਂ ਦੀ ਵਰਤੋਂ ਨਾਲ ਇਹ ਹੋ ਸਕਦਾ ਹੈ।

ਸਵਾਲ :- ਕੀ ਐਨਜਾਈਨਾ ਔਰਤਾਂ ਵਿਚ ਵੀ ਹੁੰਦਾ ਹੈ ?

ਜਵਾਬ :-ਜਦੋਂ ਤੱਕ ਮਾਹਵਾਰੀ ਆ ਰਹੀ ਹੋਵੇ, ਉਦੋਂ ਤਕ ਈਸਟਰੋਜਨ ਹਾਰਮੋਨ ਐਨਜਾਈਨਾ ਹੋਣ ਤੋਂ ਕਾਫ਼ੀ ਹੱਦ ਤੱਕ ਬਚਾਉਂਦਾ ਹੈ। ਮਾਹਵਾਰੀ ਬੰਦ ਹੋਣ ਤੋਂ ਬਾਅਦ ਔਰਤਾਂ ਤੇ ਮਰਦਾਂ ਵਿਚ ਐਨਜਾਈਨਾ ਹੋਣ ਦਾ ਖ਼ਤਰਾ ਇੱਕੋ ਜਿੰਨਾ ਹੁੰਦਾ ਹੈ।

ਸਵਾਲ :- ਐਨਜਾਈਨਾ ਲੱਭਣ ਲਈ ਕਿਹੜੇ ਟੈਸਟਾਂ ਦੀ ਲੋੜ ਹੁੰਦੀ ਹੈ ?

ਜਵਾਬ :-(1) ਈ. ਸੀ. ਜੀ. :- ਦਰਦ ਦੇ ਦੌਰਾਨ ਈ. ਸੀ. ਜੀ. ਵਿਚ ਨੁਕਸ ਹੋ ਸਕਦਾ ਹੈ ਪਰ ਦਰਦ ਦੇ ਬਗ਼ੈਰ ਕਈ ਵਾਰ ਇਹ ਉੱਕਾ ਹੀ ਨਾਰਮਲ ਹੁੰਦੀ ਹੈ।

(2) ਸਟਰੈੱਸ ਟੈਸਟ :- ਮਰੀਜ਼ ਨੂੰ ਮਸ਼ੀਨ ਦੇ ਪਟੇ ਉੱਤੇ ਤੁਰਾਉਂਦੇ ਹੋਏ ਈ. ਸੀ. ਜੀ. ਕੀਤੀ ਜਾਂਦੀ ਹੈ।

(3) ਈਕੋ/ਕਲਰ ਡਾਪਲਰ

(4) ਥੇਲੀਅਮ ਸਕੈਨ

(5) ਲਹੂ ਦੇ ਟੈਸਟ

ਸਵਾਲ :- ਖ਼ਤਰੇ ਦੇ ਨਿਸ਼ਾਨ ਕਿਹੜੇ ਹਨ ?

ਜਵਾਬ :- (1) ਬੈਠੇ ਹੋਏ, ਬਿਨਾਂ ਕਿਸੇ ਵਰਜਿਸ਼ ਦੇ, ਛਾਤੀ ਵਿਚ ਪੀੜ ਹੋਣੀ।

(2) ਪਹਿਲਾਂ ਤੋਂ ਹੀ ਐਨਜਾਈਨਾ ਹੋਵੇ, ਪਰ ਹੁਣ ਲੱਛਣ ਥੋੜ੍ਹਾ ਤੁਰਨ ਉੱਤੇ ਹੀ ਹੋਣ ਲੱਗ ਪੈਣ ਜਾਂ ਛੇਤੀ-ਛੇਤੀ ਪੀੜ ਹੋਣ ਲੱਗ ਪਵੇ। ਇਸ ਨੂੰ ‘ਕਰਿਸੈਂਡੋ ਐਨਜਾਈਨਾ’ ਕਿਹਾ ਜਾਂਦਾ ਹੈ।

(3) ਹਾਰਟ ਅਟੈਕ ਹੋਣ ਤੋਂ ਬਾਅਦ ਦੁਬਾਰਾ ਪੀੜ ਹੋਣੀ ਸ਼ੁਰੂ ਹੋ ਜਾਣੀ। ਇਸ ਨੂੰ ‘ਪੋਸਟ ਇਨਫਾਰਕਸ਼ਨ ਐਨਜਾਈਨਾ’ ਕਿਹਾ ਜਾਂਦਾ ਹੈ।

(4) ਪਹਿਲੀ ਵਾਰ ਹੋਇਆ ਐਨਜਾਈਨਾ ਦਾ ਦਰਦ।

(5) ਐਂਜੀਓਪਲਾਸਟੀ ਜਾਂ ਬਾਈਪਾਸ ਤੋਂ ਬਾਅਦ ਦੁਬਾਰਾ ਪੀੜ ਹੋਣੀ ਸ਼ੁਰੂ ਹੋ ਜਾਣੀ।

ਸਵਾਲ :- ਕੀ ਐਨਜਾਈਨਾ ਵਿਚ ਜਾਨ ਨੂੰ ਖ਼ਤਰਾ ਹੁੰਦਾ ਹੈ ?

ਜਵਾਬ :- ਜਿਸ ਨੂੰ ਪਹਿਲਾਂ ਤੋਂ ਹੀ ਐਨਜਾਈਨਾ ਹੋਵੇ ਤੇ ਪਿਛਲੇ ਛੇ ਹਫ਼ਤਿਆਂ ਤੋਂ ਦਵਾਈ ਖਾਣ ਨਾਲ ਪੀੜ ਨਾ ਮਹਿਸੂਸ ਹੁੰਦੀ ਹੋਵੇ, ਯਾਨੀ ਬੀਮਾਰੀ ਕਾਬੂ ਵਿਚ ਹੋਵੇ ਤਾਂ ਜਾਨ ਨੂੰ ਖ਼ਤਰਾ ਘੱਟ ਹੁੰਦਾ ਹੈ।

ਪਹਿਲਾਂ ਦੱਸ ਚੁੱਕੇ ਖ਼ਤਰੇ ਦੇ ਲੱਛਣਾਂ ਵਿਚ ਜਾਨ ਨੂੰ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ।

ਸਵਾਲ :- ਅਨਸਟੇਬਲ ਐਨਜਾਈਨ ਕੀ ਹੈ ?

ਜਵਾਬ :-ਜਿਹੜੇ ਖ਼ਤਰੇ ਦੇ ਨਿਸ਼ਾਨ ਪਹਿਲਾਂ ਦੱਸੇ ਜਾ ਚੁੱਕੇ ਹਨ, ਇਨ੍ਹਾਂ ਨੂੰ ਅਨਸਟੇਬਲ ਐਨਜਾਈਨਾ ਕਿਹਾ ਜਾਂਦਾ ਹੈ।

ਸਵਾਲ :- ਅਨਸਟੇਬਲ ਐਨਜਾਈਨਾ ਦੌਰਾਨ ਕੀ ਕਰਨਾ ਚਾਹੀਦਾ ਹੈ ?

ਜਵਾਬ :-ਅਨਸਟੇਬਲ ਐਨਜਾਈਨਾ ਕੁਦਰਤ ਵੱਲੋਂ ਵਜਾਈ ਖ਼ਤਰੇ ਦੀ ਘੰਟੀ ਹੁੰਦੀ ਹੈ। ਬਹੁਤ ਜ਼ਿਆਦਾ ਜਵਾਨ ਮੌਤਾਂ ਇਸ ਖ਼ਤਰੇ ਦੀ ਘੰਟੇ ਨੂੰ ਨਜ਼ਰਅੰਦਾਜ਼ ਕਰਨ ਨਾਲ ਹੀ ਹੁੰਦੀਆਂ ਹਨ। ਇਸ ਘੰਟੀ ਵਾਲੇ ਲੱਛਣਾਂ ਦਾ ਮਤਲਬ ਹੈ ਕਿ ਇਕਦਮ ਆਰਾਮ ਕਰ ਕੇ, ਹਥਲਾ ਕੰਮ ਛੱਡ ਕੇ ਐਂਬੂਲੈਂਸ ਰਾਹੀਂ ਤੁਰੰਤ ਸਪੈਸ਼ਲਿਸਟ ਡਾਕਟਰ ਕੋਲ ਪਹੁੰਚ ਜਾਣਾ ਚਾਹੀਦਾ ਹੈ।

ਸਵਾਲ :- ਅਨਸਟੇਬਲ ਐਨਜਾਈਨਾ ਦੌਰਾਨ ਸਰੀਰ ਅੰਦਰ ਕੀ ਵਾਪਰਦਾ ਹੈ ?

ਜਵਾਬ :-ਇਸ ਮੌਕੇ ਬਾਰੇ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ। ਐਨਜਾੲਨ ਦੀ ਪੀੜ ਉਦੋਂ ਹੁੰਦੀ ਹੈ ਜਦੋਂ ਨਸਾਂ ਵਿਚ 70 ਫੀਸਦੀ ਤੋਂ ਵੱਧ ਰੋਕਾ ਹੋ ਚੁੱਕਿਆ ਹੁੰਦਾ ਹੈ। ਅਨਸਟੇਬਲ ਐਨਜਾਈਨਾ ਇਸ ਲਈ ਖ਼ਤਰਨਾਕ ਹੈ ਕਿਉਂਕਿ ਇਸ ਵਿਚ ਨਸਾਂ ਵਿਚ ਰੋਕਾ 40 ਫੀਸਦੀ ਤੋਂ ਵੀ ਘੱਟ ਹੁੰਦਾ ਹੈ, ਪਰ ਉਸ ਪੀੜ ਦੇ ਸਮੇਂ ਕਿਸੇ ਇਕ ਛੋਟੀ ਜਿਹੀ ਢੇਲੀ ਵਿਚ ਤ੍ਰੇੜ ਆ ਜਾਂਦੀ ਹੈ, ਜਿਸ ਦੇ ਦੁਆਲੇ ਲਹੂ ਦੇ ਸੈਲ ਜੰਮਣ ਲੱਗ ਪੈਂਦੇ ਹਨ। ਇੰਜ ਮਰੀਜ਼ ਨੂੰ ਜਾਪਦਾ ਹੈ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਧੱਕੋ ਜ਼ੋਰੀ ਹਥਲਾ ਕੰਮ ਕਰੀ ਜਾਂਦਾ ਹੈ ਭਾਵੇਂ ਕਾਰ ਹੀ ਕਿਉਂ ਨਾ ਚਲਾ ਰਿਹਾ ਹੋਵੇ। ਏਨੇ ਨੂੰ ਸਕਿੰਟਾਂ ਵਿਚ ਲਹੂ ਦੇ ਸੈੱਲਾਂ ਦੇ ਝਟਪਟ ਇੱਕ ਦੂਜੇ ਨਾਲ ਚਿੰਬੜਦੇ ਹੋਏ ਨਸ ਲਗਭਗ ਪੂਰਨ ਰੂਪ ਵਿਚ ਹੀ ਬੰਦ ਹੋ ਜਾਂਦੀ ਹੈ ਤੇ ਸਕਿੰਟਾਂ ਵਿਚ ਖੜ੍ਹੇ ਖਲੋਤੇ ਜਾਂ ਬੈਠੇ ਜਾਂ ਕਾਰ ਚਲਾਉਂਦੇ ਹੀ ਬੰਦਾ ਸਵਾਸ ਤਿਆਗ਼ ਜਾਂਦਾ ਹੈ।

ਇਹ ਜਾਣਕਾਰੀ ਦੇਣ ਦਾ ਇੱਕੋ ਮਕਸਦ ਸੀ ਕਿ ਅਨੇਕ ਜਵਾਨ ਜ਼ਿੰਦਗੀਆਂ ਰੋਜ਼ ਅਜਾਈਂ ਜਾ ਰਹੀਆਂ ਹਨ। ਸਾਰੇ ਦੇ ਸਾਰੇ ਅਜਿਹੇ ਮਰੀਜ਼ ਸਿਰਫ਼ ਇਹ ਲੱਛਣਾਂ ਦੀ ਬੇਗ਼ੌਰੀ ਕਰਨ ਸਦਕਾ ਹੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਛਾਤੀ ਵਿਚ ਹੁੰਦੀ ਪੀੜ ਬਾਰੇ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਭਾਵੇਂ ਟੈਸਟਾਂ ਤੋਂ ਬਾਅਦ ਇਹ ਕਾਰਨ ਨਾ ਲੱਭੇ ਤਾਂ ਕੋਈ ਡਰ ਨਹੀਂ ਪਰ ਜਿਉਂ ਹੀ ਇਹ ਲੱਛਣ ਹੋਵੇ, ਤਾਂ ਤੁਰੰਤ ਸਪੈਸ਼ਲਿਸਟ ਕੋਲ ਪਹੁੰਚ ਕੇ ਸਟੈਂਟ ਪੁਆਉਣ ਦੀ ਲੋੜ ਹੁੰਦੀ ਹੈ ਤਾਂ ਜੋ ਰੋਕੇ ਵਾਲੀ ਥਾਂ ਝਟਪਟ ਖੋਲ੍ਹੀ ਜਾ ਸਕੇ। ਇਹ ਜਾਨ ਬਚਾਉਣ ਦਾ ਇੱਕੋ ਇੱਕ ਐਮਰਜੈਂਸੀ ਤਰੀਕਾ ਹੈ। ਜੇ ਰਤਾ ਵੀ ਲੇਟ ਹੋ ਗਏ ਤਾਂ ਸਕਿੰਟਾਂ ਵਿਚ ਮੌਤ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਝਟਪਟ ਜੁੜਦੇ ਜਾਂਦੇ ਸੈੱਲਾਂ ਨੂੰ ਇਕਦਮ ਰੋਕਣ ਦਾ ਕੋਈ ਹੋਰ ਤਰੀਕਾ ਨਹੀਂ ਹੁੰਦਾ।

ਇਸ ਐਮਰਜੈਂਸੀ ਨਿੱਕੇ ਅਪਰੇਸ਼ਨ ਨਾਲ ਮਰੀਜ਼ ਦੀ ਜਾਨ ਬਚ ਜਾਣ ਬਾਅਦ ਫੇਰ ਬਾਈਪਾਸ ਅਪਰੇਸ਼ਨ ਲਈ ਡਾਕਟਰ ਦੀ ਸਲਾਹ ਨਾਲ ਸੋਚਿਆ ਜਾ ਸਕਦਾ ਹੈ।

ਸਵਾਲ :- ਕੀ ਸਟੈਂਟ ਤੋਂ ਬਾਅਦ ਬਾਈਪਾਸ ਅਪਰੇਸ਼ਨ ਦੀ ਲੋੜ ਹੁੰਦੀ ਹੈ ?

ਜਵਾਬ :- ਜੇ ਲੱਛਣ ਨਾ ਹੋਣ ਤਾਂ ਬਾਈਪਾਸ ਅਪਰੇਸ਼ਨ ਦੀ ਲੋੜ ਨਹੀਂ ਰਹਿੰਦੀ।

ਸਵਾਲ :- ਅਨਸਟੇਬਲ ਐਨਜਾਈਨਾ ਕਿਉਂ ਸ਼ੁਰੂ ਹੁੰਦਾ ਹੈ ?

ਜਵਾਬ :- ਸਵਖਤੇ ਵੇਲੇ ਸਰੀਰ ਅੰਦਰ ਨਿਕਲਦੇ ਹਾਰਮੋਨ, ਸਵੇਰ ਦੇ ਕੰਮ ਦਾ ਤਣਾਓ ਅਤੇ ਸਵੇਰ ਵੇਲੇ ਪਲੇਟਲੈਟ ਸੈੱਲਾਂ ਦੇ ਵੱਧ ਚਿਪਕਣ ਵਾਲੀ ਸਮਰਥਾ ਸਦਕਾ ਸਵੇਰੇ ਇਹ ਪੀੜ ਜ਼ਿਆਦਾ ਮਹਿਸੂਸ ਹੁੰਦੀ ਹੈ।

ਇਸ ਦੇ ਨਾਲ-ਨਾਲ ਸਵੇਰੇ ਪਖ਼ਾਨੇ ਲਈ ਲਾਇਆ ਜ਼ੋਰ ਤੇ ਬੁਰਸ਼ ਕਰਨ ਲੱਗਿਆਂ ਸੰਘ ਅੰਦਰ ਬੁਰਸ਼ ਮਾਰ ਕੇ ਖੰਘਾਰ ਕੱਢਣ ਨਾਲ ਲੱਗੇ ਜ਼ੋਰ ਦੌਰਾਨ ਹਾਰਟ ਅਟੈਕ ਵੀ ਹੋ ਸਕਦਾ ਹੈ, ਜੋ ਮੌਤ ਦਾ ਕਾਰਨ ਬਣ ਜਾਂਦਾ ਹੈ।

ਸਵਾਲ :- ਕੀ ਇਕ ਵਾਰ ਪਿਆ ਸਟੈਂਟ ਹਮੇਸ਼ਾ ਲਈ ਬੰਦੇ ਨੂੰ ਨਿਰੋਗ ਕਰ ਸਕਦਾ ਹੈ ?

ਜਵਾਬ :- ਸਟੈਂਟ ਪਾਉਣ ਨਾਲ ਸਰੀਰ ਅੰਦਰਲੀ ਬੀਮਾਰੀ, ਜਿਸ ਨੂੰ ਐਥਿਰੋ ਥਰੋਂਮਬੋਸਿਸ ਕਹਿੰਦੇ ਹਨ, ਖ਼ਤਮ ਨਹੀਂ ਹੁੰਦੀ। ਉਹ ਨਿਰੰਤਰ ਵਧਦੀ ਰਹਿੰਦੀ ਹੈ। ਸਟੈਂਟ ਪਾਉਣ ਨਾਲ ਸਿਰਫ਼ ਇਕ ਥਾਂ ਦਾ ਰੋਕਾ ਹੀ ਠੀਕ ਕੀਤਾ ਜਾ ਸਕਦਾ ਹੈ।

ਇੱਕੋ ਨਾੜੀ ਵਿਚ, ਜਿਸ ਵਿਚ ਸਟੈਂਟ ਪਾਇਆ ਗਿਆ ਹੋਵੇ, ਉਸ ਵਿਚ ਵੀ ਕਿਸੇ ਦੂਜੀ ਥਾਂ ਜਾਂ ਦੂਜੀਆਂ ਨਾੜੀਆਂ ਵਿਚ ਵੀ ਕਿਸੇ ਸਮੇਂ ਦੁਬਾਰਾ ਇਹੋ ਜਿਹਾ ਰੋਕਾ ਪੈ ਸਕਦਾ ਹੈ।

ਇਸ ਲਈ ਸਟੈਂਟ ਪਾਉਣਾ ਮਰੀਜ਼ ਨੂੰ ਅੰਦਰ ਨਿਰੰਤਰ ਵਧਦੀ ਜਾਂਦੀ ਬੀਮਾਰੀ ਤੋਂ ਛੁਟਕਾਰਾ ਨਹੀਂ ਦੁਆ ਸਕਦਾ।

ਸਵਾਲ :- ਕੀ ਇਹ ਸਟੈਂਟ ਸਦੀਵੀ ਹਨ ?

ਜਵਾਬ :- ਸਟੈਂਟ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਕੁੱਝ ਸਟੈਂਟ ਸਿਰਫ਼ ਜਾਲ਼ੀ ਦੇ ਬਣੇ ਹੁੰਦੇ ਹਨ (ਬੇਅਰ ਮੈਟਲ ਸਟੈਂਟ) ਅਤੇ ਕੁੱਝ ਦਵਾਈ ਨਾਲ ਬਣੇ ਹੁੰਦੇ ਹਨ (ਡਰੱਗ ਇਲਿਊਟਿੰਗ ਸਟੈਂਟ)।

ਹੁਣੇ ਜਿਹੇ ਨਵੀਂ ਤਰ੍ਹਾਂ ਦੇ ਸਟੈਂਟ ਈਜਾਦ (ਪੈਦਾ) ਹੋਏ ਹਨ, ਜੋ ਕੁੱਝ ਸਾਲਾਂ ਬਾਅਦ ਆਪਣੇ ਆਪ ਖੁਰ ਜਾਂਦੇ ਹਨ। ਇਨ੍ਹਾਂ ਨੂੰ ‘ਬਾਇਓ ਐਬਜ਼ਾਰਬੇਬਲ’ ਸਟੈਂਟ ਕਿਹਾ ਜਾਂਦਾ ਹੈ।

ਇਕ ਵਾਰ ਸਟੈਂਟ ਪਾ ਦੇਣ ਤੋਂ ਬਾਅਦ ਉਸ ਉੱਤੇ ਕੁੱਝ ਸਮੇਂ ਬਾਅਦ ਪਲੇਟਲੈੱਟ ਸੈੱਲਾਂ ਦਾ ਜੰਮਣਾ ਸ਼ੁਰੂ ਹੋ ਸਕਦਾ ਹੈ ਜਿਸ ਨਾਲ ਸਟੈਂਟ ਬੰਦ ਹੋ ਸਕਦਾ ਹੈ, ਜੋ ਇਕਦਮ ਜਾਨਲੇਵਾ ਸਾਬਤ ਹੋ ਜਾਂਦਾ ਹੈ।

ਇਸ ਲਈ ਸਟੈਂਟ ਦੁਬਾਰਾ ਵੀ ਪਾਉਣਾ ਪੈ ਸਕਦਾ ਹੈ ਜਾਂ ਖੋਲ੍ਹਣਾ ਪੈ ਸਕਦਾ ਹੈ। ਜੇ ਸੰਭਵ ਨਾ ਹੋਵੇ ਤਾਂ ਬਾਈਪਾਸ ਸਰਜਰੀ ਵੀ ਕਰਨੀ ਪੈ ਸਕਦੀ ਹੈ।

ਸਵਾਲ :- ਸਟੈਂਟ ਪਾਉਣ ਲਈ ਕਿੰਨਾ ਕੁ ਵੱਡਾ ਅਪਰੇਸ਼ਨ ਕਰਨਾ ਪੈਂਦਾ ਹੈ।

ਜਵਾਬ :- ਸਟੈਂਟ ਪਾਉਣ ਲਈ ਮਰੀਜ਼ ਨੂੰ ਬੇਹੋਸ਼ ਕਰਨ ਦੀ ਲੋੜ ਨਹੀਂ ਹੁੰਦੀ। ਬਾਂਹ ਜਾਂ ਲੱਤ ਦੀ ਨਾੜੀ ਰਾਹੀਂ ਤਾਰ ਪਾ ਕੇ ਦਿਲ ਦੀਆਂ ਨਾੜੀਆਂ ਵਿਚ ਸਟੈਂਟ ਟਿਕਾ ਦਿੱਤਾ ਜਾਂਦਾ ਹੈ। ਸਿਰਫ਼ ਇਕ ਜਾਂ ਦੋ ਟਾਂਕੇ ਲਾਉਣ ਦੀ ਲੋੜ ਪੈਂਦੀ ਹੈ।

ਸਵਾਲ :- ਬਾਈਪਾਸ ਸਰਜਰੀ ਦੀ ਲੋੜ ਕਦੋਂ ਪੈਂਦੀ ਹੈ ?

ਜਵਾਬ :- ਅਨਸਟੇਬਲ ਐਨਜਾਈਨਾ ਵਿਚ ਬਾਈਪਾਸ ਸਰਜਰੀ ਨਹੀਂ ਕੀਤੀ ਜਾਂਦੀ। ਸਰਜਰੀ ਸਿਰਫ਼ ਉਦੋਂ ਕੀਤੀ ਜਾਂਦੀ ਹੈ, ਜਦੋਂ :-

  1. ਸਥਿਰ ਐਨਜਾਈਨਾ ਦੌਰਾਨ
  2. ਸ਼ੱਕਰ ਰੋਗੀਆਂ ਵਿਚ, ਜੇ ਤਿੰਨੋਂ ਨਾੜੀਆਂ ਦਾ ਰੋਕਾ ਹੋਵੇ
  3. ਐਂਜੀਓਗ੍ਰਾਫ਼ੀ ਵਿਚਲਾ ਕੋਈ ਐਸਾ ਨੁਕਸ, ਜੋ ਡਾਕਟਰੀ ਸਲਾਹ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ।

ਸਵਾਲ :- ਕੀ ਸਟੈਂਟ ਪਾਉਣ ਨਾਲ ਜ਼ਿੰਦਗੀ ਲੰਮੀ ਹੋ ਸਕਦੀ ਹੈ ?

ਜਵਾਬ :- ਜੇ ਹਾਰਟ ਅਟੈਕ ਜਾਂ ਅਨਸਟੇਬਲ ਐਨਜਾਈਨਾ ਵਿਚ ਪਾਇਆ ਜਾਵੇ ਤਾਂ ਜਾਨ ਬਚ ਸਕਦੀ ਹੈ, ਪਰ ਜੇ ਸਟੇਬਲ ਐਨਜਾਈਨਾ ਵਿਚ ਪਾਇਆ ਜਾਵੇ ਤਾਂ ਜ਼ਿੰਦਗੀ ਲੰਮੀ ਨਹੀਂ ਹੁੰਦੀ। ਸਿਰਫ਼ ਜ਼ਿੰਦਗੀ ਰਤਾ ਸੁਖਾਲੀ ਹੋ ਜਾਂਦੀ ਹੈ ਜਿਸ ਵਿਚ ਤੁਰਨ ਫਿਰਨ ਲੱਗਿਆਂ ਓਨੀ ਤਕਲੀਫ਼ ਨਹੀਂ ਹੁੰਦੀ।

ਸਵਾਲ :- ਕੀ ਐਨਜਾਈਨਾ ਕਰਨ ਵਾਲੀ ਨਸਾਂ ਦੀ ਬੀਮਾਰੀ, ਠੀਕ ਕੀਤੀ ਜਾ ਸਕਦੀ ਹੈ ?

ਜਵਾਬ :- ਠੀਕ ਤਾਂ ਨਹੀਂ, ਪਰ ਕਾਬੂ ਵਿਚ ਕੀਤੀ ਜਾ ਸਕਦੀ ਹੈ। ਸਰੀਰ ਦੀਆਂ ਸਾਰੀਆਂ ਨਸਾਂ ਵਿਚ ਥਿੰਦੇ ਦੇ ਢੇਲੇ ਜੰਮ ਜਾਂਦੇ ਹਨ ਕਿਉਂਕਿ ਇਹ ਖਾਣ ਪੀਣ ਤੇ ਜੀਊਣ ਦੇ ਢੰਗ ਉੱਤੇ ਨਿਰਭਰ ਕਰਦੇ ਹਨ।

ਇਸੇ ਲਈ ਜਦੋਂ ਤੱਕ ਆਪਣੇ ਜੀਊਣ ਦੇ ਤੌਰ ਤਰੀਕੇ ਨਹੀਂ ਬਦਲੇ ਜਾਂਦੇ, ਜ਼ਿੰਦਗੀ ਲੰਮੀ ਨਹੀਂ ਹੁੰਦੀ। ਜਿਹੜੇ ਜਣੇ ਆਪਣੀ ਵਧੀ ਹੋਈ ਬੀਮਾਰੀ ਦੇ ਕਾਰਨਾਂ ਨੂੰ ਕਾਬੂ ਕਰਨਾ ਚਾਹੁੰਦੇ ਹੋਣ, ਉਨ੍ਹਾਂ ਲਈ :-

  1. ਸਿਗਰਟਨੋਸ਼ੀ ਉੱਤੇ ਸੰਪੂਰਨ ਰੋਕ
  2. ਬਲੱਡ ਪ੍ਰੈੱਸ਼ਰ ਨੂੰ ਦਵਾਈਆਂ ਨਾਲ ਵਧਣ ਨਾ ਦੇਣਾ
  3. ਲਹੂ ਵਿਚ ਸ਼ੱਕਰ ਦੀ ਮਾਤਰਾ ਸਹੀ ਰੱਖਣੀ
  4. ਸਬਜ਼ੀ ਫਲ਼ ਵੱਧ ਖਾਣੇ
  5. ਅੰਡੇ, ਮੱਖਣ, ਘਿਓ, ਤੇਲ, ਮਲਾਈ, ਮਾਸਾਹਾਰੀ ਖਾਣੇ, ਲੂਣ ਤੇ ਖੰਡ ਘੱਟ ਖਾਣੇ (ਇਸ ਬਾਰੇ ਕੁੱਝ ਖੋਜੀ ਮੰਨਦੇ ਹਨ ਕਿ ਕਦੇ ਕਦਾਈਂ ਖਾਂਦੇ ਰਹਿਣ ਨਾਲ ਕੋਈ ਵਾਧੂ ਨੁਕਸਾਨ ਨਹੀਂ ਹੁੰਦਾ)
  6. ਤਣਾਓ ਨੂੰ ਨੇੜੇ-ਤੇੜੇ ਨਾ ਫਟਕਣ ਦੇਣਾ
  7. ਸਟੈਂਟ ਪਾਉਣ ਬਾਅਦ ਐਸਪਿਰਿਨ/ਕਲੋਪੀਡੋਗਰਿਲ ਦਵਾਈਆਂ ਰੈਗੂਲਰ ਖਾਣੀਆਂ, ਜਿਨ੍ਹਾਂ ਨਾਲ ਪਲੇਟਲੈੱਟ ਸੈੱਲ ਜੰਮਦੇ ਨਹੀਂ।
  8. ਸਟੈਟਿਨ ਦਵਾਈ ਰੈਗੂਲਰ ਖਾਣੀ
  9. ਰੋਜ਼ ਕਸਰਤ ਕਰਨੀ। ਹਰ ਹਫ਼ਤੇ 150 ਮਿੰਟ ਕਸਰਤ ਕਰਨੀ ਜ਼ਰੂਰੀ ਹੈ। ਇਸ ਤੋਂ ਘੱਟ ਕਸਰਤ ਦਾ ਫ਼ਾਇਦਾ ਨਹੀਂ।
  10. ਸੈਰ ਕਰਨੀ, ਸਾਈਕਲ ਚਲਾਉਣੀ, ਤੈਰਨਾ, ਭੱਜਣਾ, ਆਦਿ ਸਭ ਠੀਕ ਹਨ।
  11. ਸਭ ਤੋਂ ਜ਼ਰੂਰੀ ਹੈ, ਆਪਣੇ ਆਪ ਨੂੰ ਸਹਿਜ ਰੱਖਣਾ ਤੇ ਹਰ ਗੱਲ ਭਾਜੜ ਪਾ ਕੇ ਨਾ ਕਰਨੀ। ਸੁਭਾਅ ਵਿਚ ਠਹਿਰਾਓ ਜ਼ਿੰਦਗੀ ਲੰਮੀ ਕਰਨ ਵਿਚ ਮਦਦਗਾਰ ਸਾਬਤ ਹੋ ਚੁੱਕਿਆ ਹੈ। ਕਾਹਲ, ਮੌਤ ਨੂੰ ਸੱਦਾ ਦਿੰਦੀ ਹੈ। ਸਾਰੇ ਕੰਮ ਇੱਕੋ ਦਿਨ ਵਿਚ ਮੁਕਾਉਣ ਦੀ ਕੋਸ਼ਿਸ਼ ਕਰਦਿਆਂ ਲੋੜੋਂ ਵੱਧ ਤਣਾਓ ਸਹੇੜ ਕੇ ਮਰਨ ਨਾਲੋਂ ਚੰਗਾ ਹੈ, ਦਸ ਸਾਲ ਹੋਰ ਖੁਸ਼ ਰਹਿ ਕੇ ਜੀਅ ਲਈਏ।

ਖਿੱਝ ਕੇ, ਲੜ ਕੇ, ਇਕਦਮ ਤੈਸ਼ ਵਿਚ ਆ ਕੇ ਹਾਰਟ ਅਟੈਕ ਕਰਵਾ ਕੇ ਮਰ ਜਾਣਾ ਨਹੀਂ ਚਾਹੰੁਦੇ ਤਾਂ ਕੰਮ ਕਾਰ ਦੇ ਬੋਝ ਵਿੱਚੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਜਾਂ ਦੋਸਤਾਂ ਲਈ ਸਮਾਂ ਜ਼ਰੂਰ ਕੱਢਣਾ ਪੈਣਾ ਹੈ।

ਨਿਚੋੜ :-

  1. ਛਾਤੀ ਵਿਚਲੀ ਪੀੜ ਜਾਨਲੇਵਾ ਹੋ ਸਕਦੀ ਹੈ। ਇਸ ਲਈ ਤੁਰੰਤ ਐਮਰਜੈਂਸੀ ਵਿਚ ਐਂਬੂਲੈਂਸ ਰਾਹੀਂ ਪਹੁੰਚ ਜਾਣਾ ਚਾਹੀਦਾ ਹੈ।
  2. ਸਟੈਂਟ ਅਨਸਟੇਬਲ ਐਨਜਾਈਨਾ ਵਿਚ ਜਾਨ ਬਚਾ ਦਿੰਦੇ ਹਨ। ਅਜਿਹੇ ਸਮੇਂ ਪੈਸੇ ਦੀ ਕਿਰਸ ਜਾਨ ਲੈ ਸਕਦੀ ਹੈ। ਬਹੁਤ ਸਾਰੀਆਂ ਜਵਾਨ ਮੌਤਾਂ ਹਰ ਰੋਜ਼ ਸਿਰਫ਼ ਇਸ ਗੱਲ ਉੱਤੇ-‘‘ਕੋਈ ਨਾ ਰਤਾ ਕੁ ਗੈਸ ਜਿਹੀ ਹੈ, ਆਪੇ ਠੀਕ ਹੋ ਜਾਏਗੀ।, ਸ਼ਾਮ ਤਾਈਂ ਵੇਖ ਲੈਂਦੇ ਹਾਂ’’-ਨਾਲ ਹੀ ਹੋ ਜਾਂਦੀਆਂ ਹਨ। ਜਾਨ ਤੋਂ ਵੱਧ ਕੀਮਤੀ ਹੋਰ ਕੋਈ ਚੀਜ਼ ਨਹੀਂ ਹੁੰਦੀ।
  3. ਛਾਤੀ ਦੀ ਪੀੜ ਦੌਰਾਨ ਇਕਦਮ ਹਥਲਾ ਕੰਮ ਛੱਡ ਦੇਣਾ ਚਾਹੀਦਾ ਹੈ। ਆਪ ਕਾਰ ਚਲਾ ਕੇ ਕਦੇ ਵੀ ਨਹੀਂ ਜਾਣਾ ਚਾਹੀਦਾ।
  4. ਜੀਊਣ ਦਾ ਢੰਗ ਤਬਦੀਲ ਕਰ ਕੇ ਸਹਿਜ ਭਾਵ ਨਾਲ ਹਰ ਮੁਸ਼ਕਲ ਨੂੰ ਨਜਿੱਠਣਾ ਚਾਹੀਦਾ ਹੈ।
  5. ਆਪਣੇ ਨਿੰਦਕ ਤੋਂ ਕੁੱਝ ਫ਼ਾਸਲਾ ਬਣਾ ਕੇ ਰੱਖਣਾ ਚਾਹੀਦਾ ਹੈ। ਨਿੰਦਿਆ ਕਰਨ ਜਾਂ ਸੁਣਨ ਨਾਲ ਤਣਾਓ ਕਈ ਗੁਣਾ ਵਧ ਜਾਂਦਾ ਹੈ, ਜੋ ਨੁਕਸਾਨਦੇਹ ਹੈ।
  6. ਇਹ ਕਰਨੇ ਜ਼ਰੂਰੀ ਹਨ :-

* ਬਲੱਡ ਪ੍ਰੈੱਸ਼ਰ 120/80 ਤੋਂ ਹੇਠਾਂ

* ਨਿਰਣੇ ਪੇਟ ਸ਼ੂਗਰ 100 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਹੇਠਾਂ

* ਢਿੱਡ ਦਾ ਨਾਪ ਕੁਲ੍ਹਿਆਂ ਤੋਂ ਘੱਟ

* ਲਹੂ ਵਿਚਲੀ ਟਰਾਈਗਲਿਸਟਰਾਈਡ 150 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਘੱਟ

* ਐਚ. ਡੀ. ਐਲ. ਕੋਲੈਸਟਰੋਲ ਮਰਦਾਂ ਵਿਚ 50 ਤੋਂ ਵੱਧ ਤੇ ਔਰਤਾਂ ਵਿਚ 40 ਤੋਂ ਵੱਧ

ਉੱਪਰ ਦੱਸੇ ਲਹੂ ਤੇ ਸਰੀਰ ਵਿਚਲੇ ਇਹ ਪੰਜ ਅੰਕੜੇ ਠੀਕ ਰੱਖ ਲਏ ਜਾਣ ਤਾਂ ਹਾਲੇ ਤੱਕ ਦੀਆਂ ਹੋਈਆਂ ਖੋਜਾਂ ਅਨੁਸਾਰ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।

ਲਓ ਜੀ, ਅਜ਼ਮਾਓ ਤੇ ਲੰਮੀ ਜ਼ਿੰਦਗੀ ਭੋਗੋ। ਮੇਰੇ ਵੱਲੋਂ ਇਹ ਨਵੇਂ ਸਾਲ ਦਾ ਤੋਹਫ਼ਾ ਕਬੂਲ ਕਰੋ।

ਗੁਲਕੰਦ

0

 

                        ਗੁਲਕੰਦ

(ਗੁਲਾਬ ਦਾ ਫੁੱਲ ਅਤੇ ਚੀਨੀ ਦੇ ਮਿਸ਼ਰਨ ਤੋਂ ਬਣਿਆ ਮਿੱਠਾ ਖਾਧ ਪਦਾਰਥ)

ਵਿਰਲਾ ਟਾਵਾਂ ਕੋਈ ਬੋਲਦਾ ਸੱਚ ਉੱਥੇ, ਜਿੱਥੇ ਝੂਠ ਦਾ ਝੰਡਾ ਬੁਲੰਦ ਹੋਵੇ।

ਉਸ ਦੀ ਆਖ਼ਰੀ ਗੱਡੀ ਵੀ ਲੰਘ ਜਾਂਦੀ, ਜਿਹੜਾ ਸਮੇਂ ਦਾ ਨਾ ਪਾਬੰਦ ਹੋਵੇ।

ਗੁਣ ਗੁੜ੍ਹ ਦੇ, ਕੋਈ ਨਾ ਗਾਏ ਉੱਥੇ, ਮਿਲਦੀ ਖਾਣ ਨੂੰ ਜਿੱਥੇ ਗੁਲਕੰਦ ਹੋਵੇ।

ਛੇਤੀ ਕੀਤੇ ਨਾ ਮਿਲੇ ਬਾਜ਼ਾਰ ਵਿਚੋਂ, ਜਿਹੜੀ ‘ਬੱਗੇ’ ਨੂੰ ਚੀਜ਼ ਪਸੰਦ ਹੋਵੇ।

                —–0—-         

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਹੱਕ

0

(ਕਾਵਿ-ਵਿਅੰਗ)              

ਹੱਕ

ਤੁਰੇ ਜਾਂਦੇ ਨੂੰ ਲਾਉਂਦੇ ਨੇ ਲੋਕ ਠਿੱਬੀ, ਪੈਰ ਸੋਚ ਕੇ ਧਰੀਂ ਭਗਵਾਨ ਸਿੰਘਾ !

ਜਿੰਨੇ ਮੂੰਹ ਨੇ ਓਨੀਆਂ ਹੋਣ ਗੱਲਾਂ, ਨਾਲ ਹੌਂਸਲੇ ਜਰੀਂ ਭਗਵਾਨ ਸਿੰਘਾ !

ਸੁਣੀ ਸਭ ਦੀ ਨਾਲ ਧਿਆਨ ਦੇ ਤੂੰ, ਮਰਜ਼ੀ ਆਪਣੀ ਕਰੀਂ ਭਗਵਾਨ ਸਿੰਘਾ !

ਮਾਰਨ ਲੱਗਿਆਂ ਕਿਸੇ ਦੇ ਹੱਕ ਤਾਈਂ, ਉਸ ਰੱਬ ਤੋਂ ਡਰੀਂ ਭਗਵਾਨ ਸਿੰਘਾ !

            —0—-

                -ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਸਰਕਾਰੀ ਭਾਰਤੀ ਸੂਚੀ

0

ਸਰਕਾਰੀ ਸੂਚੀ

ਇੱਕ ਸਰਕਾਰੀ ਫਾਰਮ ਭਰਦੇ ਸਮੇਂ, ਜਦੋਂ ਮੈਂ ਧਰਮ ਵਾਲੇ ਕਾਲਮ ਵਿਚ ਆਇਆ, ਤਾਂ ਸ਼ਸ਼ੋਪੰਜ (ਦੁਚਿੱਤੀ) ਵਿਚ ਪੈ ਗਿਆ,

ਸ਼ਸ਼ੋਪੰਜ ਵਿਚੋਂ ਬਾਹਰ ਆ ਕੇ ਜਦੋਂ ਮੈਂ ਉਸ ਕਾਲਮ ਵਿਚ, ਇਨਸਾਨੀਅਤ ਭਰ ਦਿੱਤਾ ਤਾਂ ਮੇਰਾ ਫਾਰਮ ਅਪ੍ਰਵਾਨ ਕਰ ਦਿੱਤਾ ਗਿਆ

ਕਿਉਂਕਿ ਇਹ ਧਰਮ ਉਨ੍ਹਾਂ ਦੀ ਸਰਕਾਰੀ ਧਾਰਮਿਕ ਸੂਚੀ ਵਿਚ ਦਰਜ ਨਹੀਂ ਸੀ।

              ——0—–        

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719           

ਸਿਮਰੌ ਸ੍ਰੀ ਹਰਿਰਾਇ

0

ਸਿਮਰੌ ਸ੍ਰੀ ਹਰਿਰਾਇ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ,  ਸਿਵਲ ਲਾਈਨਜ਼ (ਲੁਧਿਆਣਾ)- 99155-15436

ਗੁਰੂ ਹਰਿਰਾਇ ਸਾਹਿਬ ਜੀ ਦੇ ਸਮੁੱਚੇ ਜੀਵਨ ਨੂੰ ਜੇ ਦੋ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਉਹਨਾਂ ਨੂੰ ‘ਨਿਰਭਉ ਤੇ ਨਿਰਵੈਰ’ ਹੀ ਕਿਹਾ ਜਾ ਸਕਦਾ ਹੈ। ਸਾਰੀ ਉਮਰ ਉਹਨਾਂ ਨੇ ਕਿਸੇ ਦਾ ਡਰ ਨਹੀਂ ਮੰਨਿਆ, ਕਿਸੇ ਨਾਲ ਵੈਰ ਨਹੀਂ ਕਮਾਇਆ, ਕਿਸੇ ਪ੍ਰਤੀ ਮਾੜਾ ਸ਼ਬਦ ਨਹੀਂ ਬੋਲਿਆ।  ਵੱਡੇ ਭਰਾ ਧੀਰਮਲ ਨੇ ਡਰਾਵੇ ਵੀ ਦਿੱਤੇ, ਉਸ ਨੇ ਸਮੇਂ ਦੀ ਸਰਕਾਰ ਦਾ ਹੱਥ ਵੀ ਫੜਿਆ ਪਰ ਆਪ ਸ਼ਾਂਤ ਚਿੱਤ ਹੋ ਕੇ ਵਿਚਰਦੇ ਰਹੇ।

ਅਜਿਹੇ ਗੁਣਾਂ ਨਾਲ ਭਰਪੂਰ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਕੀਰਤਪੁਰ ਵਿਖੇ 16 ਜਨਵਰੀ ਸੰਨ 1630 ਨੂੰ ਪਿਤਾ ਗੁਰਦਿਤਾ ਜੀ ਅਤੇ ਮਾਤਾ ਰਾਜ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਕੀਰਤਪੁਰ ਨਗਰ ਵੀ ਬਾਬਾ ਗੁਰਦਿਤਾ ਜੀ ਨੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਵਸਾਇਆ ਸੀ। ਇਸੇ ਅਸਥਾਨ ’ਤੇ ਹੀ ਗੁਰੂ ਨਾਨਕ ਦੇਵ ਜੀ ਸਾਂਈ ਬੁੱਢਣ ਸ਼ਾਹ ਨੂੰ ਮਿਲੇ ਸਨ। ਜਨਮ ਸਮੇਂ ਆਪ ਦੇ ਦਾਦਾ ਗੁਰੂ ਹਰਿ ਗੋਬਿੰਦ ਜੀ ਅੰਮ੍ਰਿਤਸਰ ਵਿਖੇ ਸਨ। ਆਪ ਨੇ ਉਸ ਸਮੇਂ ਬਚਨ ਕੀਤਾ ਕਿ ‘ਵੱਡੀ ਚੀਜ ਦਾ ਗਾਹਕ ਆਇਆ ਹੈ।’ ਖਬਰ ਮਿਲਦਿਆਂ ਹੀ ਗੁਰੂ ਹਰਿ ਗੋਬਿੰਦ ਸਾਹਿਬ ਕੀਰਤਪੁਰ ਵੱਲ ਚੱਲ ਪਏ। ਬਾਲਕ ਨੂੰ ਗੋਦ ਵਿੱਚ ਲੈ ਕੇ ਅਸੀਸਾਂ ਦਿੱਤੀਆਂ ਤੇ ਨਾਮ ਹਰਿਰਾਇ ਰੱਖਿਆ ਅਤੇ ਫ਼ੁਰਮਾਇਆ ਕਿ ਇਹ ਧਰਤੀ ਦਾ ਭਾਰ ਹੌਲ਼ਾ ਕਰਨ ਲਈ ਹੀ ਸੰਸਾਰ ’ਤੇ ਆਏ ਹਨ। ਦੋ ਮਹੀਨੇ ਗੁਰੂ ਹਰਿ ਗੋਬਿੰਦ ਜੀ ਕੀਰਤਪੁਰ ਹੀ ਰਹੇ।

ਗੁਰੂ ਹਰਿ ਗੋਬਿੰਦ ਜੀ ਨੇ ਸਿੱਖ ਮੱਤ ਦੇ ਪ੍ਰਚਾਰ ਲਈ ਚਾਰ ਕੇਂਦਰ ਬਣਾਏ ਸਨ। ਇਹ ਚਾਰੇ ਕੇਂਦਰ ਬਾਬਾ ਗੁਰਦਿਤਾ ਜੀ ਦੀ ਰਹਿਨੁਮਾਈ ਹੇਠਾਂ ਪ੍ਰਚਾਰ ਕਰਦੇ ਰਹੇ ਸਨ। ਇਹਨਾਂ ਨੇ ਪਹਾੜੀ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਿੱਖ ਮੱਤ ਦਾ ਪ੍ਰਚਾਰ ਕੀਤਾ। ਇਸ ਪ੍ਰਚਾਰ ਸਦਕਾ ਲੋਕਾਂ ਵਿੱਚ ਐਸੀ ਜੁਰਅਤ (ਹਿੰਮਤ) ਪੈਦਾ ਹੋਈ ਕਿ ਸਭ ਨੇ ਦਿੱਲੀ ਵੱਲ ਵੇਖਣਾ ਹੀ ਛੱਡ ਦਿੱਤਾ। ਇੱਥੋਂ ਤੱਕ ਕਿ ਰਾਜੇ ਵੀ ਗੁਰੂ ਜੀ ਪਾਸ ਹੀ ਆਪਣੇ ਸਫ਼ੀਰ (ਏਲਚੀ) ਤੇ ਦੂਤ ਭੇਜਦੇ ਸਨ।  ਬਾਬਾ ਗੁਰਦਿਤਾ ਜੀ ਨੇ ਪ੍ਰਚਾਰ ਦੇ ਕਾਰਜਾਂ ਨੂੰ ਇਤਨਾ ਸੰਗਠਿਤ ਕਰ ਦਿੱਤਾ ਸੀ ਕਿ ਪ੍ਰਚਾਰਕ ਵੀ ਜੁਰਅਤ ਦੀ ਮੂਰਤ ਤੇ ਸ਼ਰਧਾ ਵਿੱਚ ਭਿੱਜੇ ਹੋਏ ਰਹਿੰਦੇ ਸਨ।

ਗੁਰੂ ਹਰਿ ਗੋਬਿੰਦ ਸਾਹਿਬ; ਹਰਿ ਰਾਇ ਜੀ ਨੂੰ ਹਰ ਵਕਤ ਆਪਦੇ ਨਾਲ ਰੱਖਦੇ ਤੇ ਆਪ ਹੀ ਉਹਨਾਂ ਨੂੰ ਪੜ੍ਹਾਈ ਲਿਖਾਈ, ਸ਼ਸਤਰ ਵਿੱਦਿਆ, ਘੋੜ ਸਵਾਰੀ ਆਦਿ ਦੀ ਸਿਖਲਾਈ ਦਿੰਦੇ। ਜਦੋਂ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ ਜਾਂ ਕਥਾ ਵਿਚਾਰਾਂ ਹੁੰਦੀਆਂ ਤਾਂ ਉਹਨਾਂ ਨੂੰ ਕੋਲ ਹੀ ਬਿਠਾਉਂਦੇ। ਹਰਿ ਰਾਇ ਜੀ ਹਰ ਵਕਤ ਸੇਵਾ ਲਈ ਤੱਤਪਰ ਰਹਿੰਦੇ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਨਿਮਰਤਾ, ਦਲੇਰੀ, ਸਿੱਖਾਂ ਨਾਲ ਪਿਆਰ ਤੇ ਸੰਜਮ ਦੀ ਛਾਪ ਹਰ ਸਮੇਂ (ਗੁਰੂ) ਹਰਿ ਰਾਇ ਜੀ ’ਤੇ ਪੈ ਰਹੀ ਸੀ। ਆਪ ਗੁਰੂ ਜੀ ਦੇ ਹਰ ਬਚਨ ਉੱਤੇ ਪਹਿਰਾ ਦਿੰਦੇ। ਇੱਕ ਸਮੇਂ ਆਪ ਗੁਰੂ ਜੀ ਨਾਲ ਬਾਗਾਂ ਦੀ ਸੈਰ ਨੂੰ ਜਾ ਰਹੇ ਸਨ, ਇੱਕ ਖਿੜਿਆ ਹੋਇਆ ਖ਼ੂਬਸੂਰਤ ਫੁੱਲ ਆਪ ਜੀ ਦੇ ਦਾਮਨ ਨਾਲ ਅੜ ਕੇ ਡਿੱਗ ਪਿਆ। ਦਾਦਾ ਗੁਰੂ ਹਰਿ ਗੋਬਿੰਦ ਜੀ ਨੇ ਸਮਝਾਇਆ ‘ਦਾਮਨ ਸੰਕੋਚ ਕੇ ਚੱਲੋ ।  ਜੇ ਜਾਮਾ ਵੱਡਾ ਪਹਿਨਿਆ ਹੋਵੇ ਤਾਂ ਸੰਭਲ ਕੇ ਚੱਲੋ’ ਭਾਵ ਇਹ ਵੀ ਸੀ ਕਿ ਜੋ ਕੁੱਝ ਪ੍ਰਾਪਤ ਹੋ ਜਾਵੇ ਤਾਂ ਉਸ ਨੂੰ ਜਰਨਾ ਸਿੱਖੋ। ਇਹ ਬਚਨ ਆਪ ਨੇ ਸਾਰੀ ਉਮਰ ਪੱਲੇ ਬੰਨ੍ਹ ਲਿਆ ਅਤੇ ਸੰਜਮੀ ਜੀਵਨ ਧਾਰੀ ਰੱਖਿਆ।

ਗੁਰੂ ਹਰਿ ਗੋਬਿੰਦ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਉਣ ’ਤੇ ਸੰਗਤਾਂ ਦੇ ਦੀਵਾਨ ਵਿੱਚ ਹੀ ਜੋਤੀ ਜੋਤ ਸਮਾਉਣ ਦੀ ਗੱਲ ਕਹੀ ਤੇ ਨਾਲ ਹੀ ਹੁਕਮ ਕੀਤਾ – ‘ਧਰਹੁ ਅਨੰਦ, ਨ ਕੀਜਹਿ ਸ਼ੋਕ’। ਗੁਰਿਆਈ ਦੀ ਜੁੰਮੇਵਾਰੀ ਆਪਣੇ ਛੋਟੇ ਪੋਤਰੇ ਗੁਰੂ ਹਰਿਰਾਇ ਜੀ ਨੂੰ 3 ਮਾਰਚ 1644 ਨੂੰ ਦਿੱਤੀ ਗਈ।  ਉਸ ਵਕਤ ਆਪ ਦੀ ਉਮਰ 14 ਵਰ੍ਹੇ 2 ਮਹੀਨੇ ਤੇ 13 ਦਿਨ ਸੀ ਭਾਵੇਂ ਕਿ ਆਪ ਅੰਦਰ ਖ਼ੂਬੀਆਂ ਵੇਖ ਕੇ ਜ਼ਿੰਮੇਵਾਰੀ ਦੇਣ ਦਾ ਇਹ ਫ਼ੈਸਲਾ ਗੁਰੂ ਹਰਿਗੋਬਿੰਦ ਸਾਹਿਬ ਜੀ ਤਿੰਨ ਸਾਲ ਪਹਿਲਾਂ 27 ਫ਼ਰਵਰੀ 1641 ਨੂੰ ਹੀ ਕਰ ਚੁੱਕੇ ਸਨ।

ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਆਪ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਯਕੀਨ ਦੇ ਘਰ ਰਹੋ। ਸਤਿਨਾਮ ਜੱਪੋ। ਕਾਮ ਕ੍ਰੋਧ ਲੋਭ ਨੂੰ ਨੇੜੇ ਨਾ ਆਉਣ ਦਿਉ। ਸ਼ੁਭ ਕਰਮ ਕਰੋ ਤੇ ਮਾੜੇ ਕਰਮਾਂ ਨੂੰ ਨੇੜੇ ਨਾ ਆਉਣ ਦਿਉ। ਸੱਚੀ ਤੇ ਸੁੱਚੀ ਕਿਰਤ ਕਰੋ।, ਨਿੱਕੀ ਨਿੱਕੀ ਗੱਲ ’ਤੇ ਝਗੜੇ ਨਾ ਕਰੋ।, ਮਾਂ ਬਾਪ ਦੀ ਸੇਵਾ ਵੀ ਭਗਤੀ ਦਾ ਰੂਪ ਹੈ।, ਘਰ ਵਿੱਚ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ।, ਮਨੁੱਖਾ ਦੇਹੀ ਦੁਰਲੱਭ ਹੈ।, ਵਿਸ਼ੇ ਵਿਕਾਰਾਂ ਵਿੱਚ ਪੈ ਕੇ ਜੀਵਨ ਦੀ ਬਾਜ਼ੀ ਨਾ ਹਾਰੋ।, ਨਾਮ ਜਪਣਾ ਤੇ ਗਿਆਨ ਪ੍ਰਾਪਤ ਕਰਨਾ; ਧਰਮ ਦੇ ਮੁੱਖ ਅੰਗ ਹਨ।, ਕ੍ਰਿਤ ਵਿੱਚੋਂ ਦਸਵੰਧ ਜ਼ਰੂਰ ਕੱਢੋ। ਇਸ ਤਰ੍ਹਾਂ ਜੀਵਨ ਸੁਖੀ ਬਤੀਤ ਹੋਵੇਗਾ ਅਤੇ ਸਫਲ ਹੋਵੇਗਾ।

ਗੁਰੂ ਹਰਿਰਾਇ ਸਾਹਿਬ ਦਾ ਨਿਤ ਕਰਮ ਹੀ ਸਾਰਿਆਂ ਲਈ ਪ੍ਰੇਰਣਾ ਸਰੋਤ ਸੀ। ਆਪ ਪਹਿਰ ਰਹਿੰਦੀ ਰਾਤ ਉੱਠਦੇ, ਇਸ਼ਨਾਨ ਕਰਦੇ ਤੇ ਫਿਰ ਨਿਤਨੇਮ ਤੇ ਸਿਮਰਨ ਵਿੱਚ ਮਨ ਜੋੜਦੇ। ਫਿਰ ਸੰਗਤ ਵਿੱਚ ਆ ਕੇ ਰਬਾਬੀਆਂ ਪਾਸੋਂ ਕੀਰਤਨ ਸਰਵਣ ਕਰਦੇ, ਅਰਦਾਸ ਹੁੰਦੀ ਤੇ ਫਿਰ ਲੰਗਰ ਵਿੱਚ ਪੁੱਜਦੇ। ਪਹਿਲਾਂ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਉਂਦੇ ਤੇ ਫਿਰ ਆਪ ਛਕਦੇ। ਕੁੱਝ ਸਮਾਂ ਅਰਾਮ ਕਰਦੇ ਤੇ ਫਿਰ ਸ਼ਿਕਾਰ ਲਈ ਜਾਂਦੇ। ਸ਼ਿਕਾਰ ਜਿਉਂਦਾ ਹੀ ਫੜ ਕੇ ਲਿਆਉਂਦੇ, ਜੇ ਕੋਈ ਜਖ਼ਮੀ ਵੀ ਹੋ ਜਾਂਦਾ ਤਾਂ ਉਸ ਦਾ ਇਲਾਜ ਵੀ ਕਰਦੇ। ਫਿਰ ਸ਼ਾਮ ਨੂੰ ਕਥਾ ਵਿਚਾਰਾਂ ਹੁੰਦੀਆਂ।  ਵੱਡੇ-ਵੱਡੇ ਵਿਦਵਾਨ ਵੀ ਆਪ ਦੇ ਦਰਬਾਰ ਵਿੱਚ ਆਉਂਦੇ। ਗਿਆਨ ਅੰਮ੍ਰਿਤ ਦੀ ਵਰਖਾ ਹੁੰਦੀ। ਫਿਰ ਬਾਗਾਂ ਵਿੱਚ ਸੈਰ ਕਰਨ ਜਾਂਦੇ। ਬੱਚਿਆਂ ਨੂੰ ਇਕੱਠਿਆਂ ਕਰ ਕੇ ਉਪਦੇਸ਼ ਦਿੰਦੇ। ਰੱਖ (ਜੰਗਲ) ਵਿੱਚ ਜਾ ਕੇ ਪੰਛੀਆਂ ਨੂੰ ਚੋਗਾ ਆਦਿ ਪਾਉਂਦੇ ਤੇ ਸਾਂਭ ਸੰਭਾਲ਼ ਕਰਦੇ। ਉਪਰੰਤ ਸ਼ਫ਼ਾਖਾਨੇ (ਹਸਪਤਾਲ) ਵਿੱਚ ਜਾਂਦੇ ਤੇ ਰੋਗੀਆਂ ਨੂੰ ਦਵਾਦਾਰੂ ਦਿੰਦੇ।

ਗੁਰੂ ਹਰਿਰਾਇ ਸਾਹਿਬ ਦੇ ਦਵਾਖ਼ਾਨੇ ਵਿੱਚ ਬਹੁਤ ਕੀਮਤੀ ਤੇ ਦੁਰਲੱਭ ਦਵਾਈਆਂ ਮੌਜੂਦ ਸਨ। ਜਦੋਂ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਕਿਸੇ ਨੇ ਖਾਣੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖੁਆ ਦਿੱਤਾ ਤਾਂ ਉਹ ਬਹੁਤ ਤੜਫਨ ਲੱਗਾ। ਜੋ ਕੀਮਤੀ ਦਵਾਈਆਂ ਸ਼ਾਹੀ ਹਕੀਮਾਂ ਨੇ ਲਿਖ ਕੇ ਦਿੱਤੀਆਂ ਉਹ ਕਿਤੋਂ ਨਾ ਮਿਲੀਆਂ। ਸ਼ਾਹ ਜਹਾਨ ਨੇ ਆਪਣੇ ਏਲਚੀ ਗੁਰੂ ਹਰਿਰਾਇ ਸਾਹਿਬ ਕੋਲ ਭੇਜੇ। ਗੁਰੂ ਸਾਹਿਬ ਨੇ ਉਹ ਸਾਰੀਆਂ ਦਵਾਈਆਂ ਜੋ ਸ਼ਾਹੀ ਹਕੀਮਾਂ ਨੇ ਲਿਖ ਕੇ ਦਿੱਤੀਆਂ, ਭੇਜ ਦਿੱਤੀਆਂ। ਦਾਰਾ ਸ਼ਿਕੋਹ ਨੇ ਉਹ ਦਵਾਈਆਂ ਲਈਆਂ ਤੇ ਨੌ ਬਰ ਨੌ ਹੋ ਗਿਆ। ਉਸ ਦੇ ਮਨ ਵਿੱਚ ਗੁਰੂ ਸਾਹਿਬ ਲਈ ਸਤਿਕਾਰ ਪਹਿਲਾਂ ਨਾਲੋਂ ਵੀ ਵਧ ਗਿਆ।

ਸੰਨ 1646 ਵਿੱਚ ਪੰਜਾਬ ਦੇ ਵਿੱਚ ਅਜਿਹਾ ਕਾਲ ਪਿਆ ਕਿ ਲੋਕ ਇੱਕ ਇੱਕ ਬੁਰਕੀ ਤੋਂ ਆਤਰ (ਦੁਖੀ) ਹੋਣ ਲੱਗੇ। ਗੁਰੂ ਹਰਿ ਰਾਇ ਸਾਹਿਬ ਨੇ ਸੰਗਤਾਂ ਨੂੰ ਹੁਕਮ ਭੇਜੇ ਕਿ ਘਰ ਘਰ ਲੰਗਰ ਲਗਾ ਦਿਉ। ਜਿੱਥੇ ਵੀ ਧਰਮਸ਼ਾਲਾ ਕਾਇਮ ਸੀ, ਲੰਗਰ ਲਗਾਉਣ ਦਾ ਹੁਕਮ ਦੇ ਦਿੱਤਾ ਗਿਆ। ਲੰਗਰ ਸਬੰਧੀ ਆਪ ਦਾ ਉਚੇਚਾ ਹੁਕਮ ਸੀ ਕਿ ਕੇਵਲ ਸਮੇਂ ਸਿਰ ਜਾਂ ਦੋ ਵਕਤ ਹੀ ਪ੍ਰਸ਼ਾਦਾ ਨਹੀਂ ਦੇਣਾ ਸਗੋਂ ਜਦੋਂ ਵੀ ਕੋਈ ਆ ਜਾਵੇ ਉਸ ਨੂੰ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਜਾਵੇ। ਆਪ ਜੀ ਨੇ ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਮਰਯਾਦਾ ਵੀ ਚਲਾਈ ਤਾਂ ਜੋ ਦੂਰ ਬੈਠੇ ਲੋਕ ਵੀ ਨਗਾਰਾ ਸੁਣ ਕੇ ਲੰਗਰ ਛਕਣ ਆ ਸਕਣ। ਆਪ ਜੀ ਨੇ ਇਹ ਵੀ ਹੁਕਮ ਕੀਤਾ ਕਿ ਹਰ ਸਿੱਖ ਆਪਣੇ ਵਿੱਤ ਅਨੁਸਾਰ ਲੰਗਰ ਵਿੱਚ ਅੰਨ, ਧਨ ਜਾਂ ਕੋਈ ਵੀ ਰਸਦ ਜ਼ਰੂਰ ਪਾਵੇ। ਆਪ ਨੇ ਇਹ ਵੀ ਹੁਕਮ ਦੇ ਰੱਖਿਆ ਸੀ ਕਿ ਜੇਕਰ ਕੋਈ ਮਸੰਦ ਦਸਵੰਧ ਦੀ ਪੂਰੀ ਰਕਮ ਹੀ ਲੰਗਰ ’ਤੇ ਜਾਂ ਲੋੜਵੰਦਾਂ ’ਤੇ ਖਰਚ ਕਰ ਦੇਵੇਗਾ ਤਾਂ ਉਹ ਦਸਵੰਧ ਵੀ ਸਿੱਧਾ ਸਾਨੂੰ ਪਹੁੰਚਿਆ ਹੀ ਸਮਝਿਆ ਜਾਵੇਗਾ। ਆਪ ਨੇ ਦਸਵੰਧ ਦੀ ਰਕਮ ਵਿੱਚੋਂ ਹੀ ਕਈ ਖੂਹ, ਸਰੋਵਰ ਤੇ ਤਲਾਬ ਲਗਵਾਏ ਤਾਂ ਜੋ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।

ਸਮੇਂ ਦੇ ਨਾਲ ਨਾਲ ਦੇਸ਼ ਦੇ ਰਾਜਸੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਔਰੰਗਜ਼ੇਬ ਨੇ ਆਪਣੇ ਬਾਪ ਨੂੰ ਤੇ ਭਰਾਵਾਂ ਨੂੰ ਮਾਰ ਮੁਕਾਉਣ ਮਗਰੋਂ ਤਖ਼ਤ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ। ਉਸ ਨੇ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਅਤੇ ਹਿੰਦੋਸਤਾਨ ਨੂੰ ਇਸਲਾਮੀ ਸ਼ਰਹ ਦਾ ਘਰ ਬਣਾਉਣ ਦਾ ਐਲਾਨ ਕੀਤਾ। ਔਰੰਗਜ਼ੇਬ ਨੇ ਅਜੇ ਤਖ਼ਤ ਸੰਭਾਲਿਆ ਹੀ ਸੀ ਕਿ ਗੁਰੂ ਹਰਿਰਾਇ ਸਾਹਿਬ ਦੇ ਵੱਡੇ ਭਰਾ ਧੀਰਮਲ ਨੇ ਸ਼ਿਕਾਇਤ ਕੀਤੀ ਕਿ ਮੈਂ ਵੱਡਾ ਭਰਾ ਹਾਂ, ਗੁਰਗੱਦੀ ਤੇ ਮੇਰਾ ਹੱਕ ਬਣਦਾ ਹੈ ਤੇ ਮੈਨੂੰ ਮੇਰਾ ਹੱਕ ਦਿਵਾਇਆ ਜਾਵੇ। ਫਿਰ ਦਾਰਾ ਸ਼ਿਕੋਹ ਦੀ ਮਦਦ ਦਾ ਇਲਜਾਮ ਲਾ ਕੇ ਗੁਰੂ ਪ੍ਰਤੀ ਸ਼ਿਕਾਇਤ ਵੀ ਕੀਤੀ। ਔਰੰਗਜ਼ੇਬ ਨੇ ਆਪਣੇ ਏਲਚੀ ਰਾਹੀਂ ਪੱਤਰ ਭੇਜ ਕੇ ਗੁਰੂ ਸਾਹਿਬ ਨੂੰ ਦਿੱਲੀ ਦਰਬਾਰ ਵਿਖੇ ਪੇਸ਼ ਹੋਣ ਦਾ ਹੁਕਮ ਕੀਤਾ। ਸੰਗਤ ਵਿੱਚ ਇਸ ਪੱਤਰ ’ਤੇ ਵਿਚਾਰ ਕਰਨ ਉਪਰੰਤ ਆਏ ਹੋਏ ਏਲਚੀ ਨੂੰ ਦਿੱਲੀ ਨਾ ਜਾਣ ਦਾ ਫ਼ੈਸਲਾ ਸੁਣਾ ਦਿੱਤਾ। ਇਸ ਨਾਲ ਬਾਦਸ਼ਾਹ ਬੜਾ ਕ੍ਰੋਧਿਤ ਹੋਇਆ। ਅਖੀਰ ਰਾਜਾ ਜੈ ਸਿੰਘ ਦੀ ਸਲਾਹ ਨਾਲ ਨਿਮ੍ਰਤਾ ਭਰਿਆ ਪੱਤਰ ਲਿਖਿਆ। ਗੁਰੂ ਸਾਹਿਬ ਨੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਇ ਨੂੰ ਦਿੱਲੀ ਭੇਜਣ ਦਾ ਫ਼ੈਸਲਾ ਕੀਤਾ। ਕੁੱਝ ਵਿਦਵਾਨ ਮਸੰਦ ਅਤੇ 25 ਕੁ ਘੋੜ ਸਵਾਰ ਵੀ ਨਾਲ ਭੇਜੇ ਗਏ ਅਤੇ ਤਾਕੀਦ ਕੀਤੀ ਕਿ ਉੱਥੇ ਜਾ ਕੇ ਕੇਵਲ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਨਾਂ ਹੀ ਰੌਸ਼ਨ ਕਰਨਾ। ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਦਾ ਓਟ ਆਸਰਾ ਨਹੀਂ ਲੈਣਾ।

ਬਾਬਾ ਰਾਮ ਰਾਇ ਜੀ ਦੇ ਦਿੱਲੀ ਪਹੁੰਚਣ ’ਤੇ ਬਾਦਸ਼ਾਹ ਨੇ ਆਦਰ ਮਾਨ ਕੀਤਾ। ਬਾਦਸ਼ਾਹ ਦੇ ਸਾਰੇ ਸ਼ੰਕਿਆਂ ਦਾ ਉਤਰ ਬਾਬਾ ਰਾਮ ਰਾਇ ਨੇ ਬਾਖ਼ੂਬੀ ਦਿੱਤਾ। ਬਾਦਸ਼ਾਹ ਉੱਤੇ ਰਾਮ ਰਾਇ ਦੀ ਵਿਦਵਤਾ ਦਾ ਬੜਾ ਡੂੰਘਾ ਅਸਰ ਪਿਆ। ਬਹੁਤ ਸਾਰੇ ਵਿਦਵਾਨ ਕਾਜ਼ੀ ਤੇ ਮੁੱਲਾਂ ਮੌਲਾਨੇ ਵੀ ਹਾਜ਼ਰ ਸਨ। ਬਾਦਸ਼ਾਹ ਨੇ ਕਰਾਮਾਤਾਂ ਦਿਖਾਉਣ ਲਈ ਕਿਹਾ ਤਾਂ ਬਾਬਾ ਰਾਮ ਰਾਇ ਜੀ ਗੁਰੂ ਆਸ਼ੇ ਤੋਂ ਥਿੜਕ ਗਏ ਅਤੇ ਕਰਾਮਾਤਾਂ ਦਿਖਾ ਕੇ ਬਾਦਸ਼ਾਹ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ। ਸਿੱਖ ਇਤਿਹਾਸ ਨੇ 72 ਕਰਾਮਾਤਾਂ ਦਾ ਜ਼ਿਕਰ ਕੀਤਾ ਹੈ। ਅਖੀਰ ਔਰੰਗਜ਼ੇਬ ਨੇ ਗੁਰੂ ਨਾਨਕ ਦੇਵ ਜੀ ਦੀ ਆਸਾ ਕੀ ਵਾਰ ਦੀ ਬਾਣੀ ਦੇ ਇੱਕ ਸਲੋਕ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥’’ (ਮ: ੧/੪੬੬) ਦੇ ਅਰਥ ਪੁੱਛੇ। ਬਾਬਾ ਰਾਮ ਰਾਇ ਵਰਗੇ ਵਿਦਵਾਨ ਲਈ ਅਰਥ ਸਮਝਾਉਣੇ ਕੋਈ ਮੁਸ਼ਕਲ ਕੰਮ ਨਹੀਂ ਸੀ ਪਰ ਬਾਦਸ਼ਾਹ ਨਾਲ ਬਣਿਆ ਆਪਣਾ ਅਸਰ ਰਸੂਖ਼ ਕਾਇਮ ਰੱਖਣ ਲਈ ਆਪ ਨੇ ਇਹ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਤਾਂ ‘ਮਿਟੀ ਬੇਈਮਾਨ ਕੀ ……।’  ਲਿਖਿਆ ਹੈ ਪਰ ਲਿਖਾਰੀ ਦੀ ਗ਼ਲਤੀ ਨਾਲ ਮੁਸਲਮਾਨ ਲਿਖਿਆ ਗਿਆ ਹੈ। ਇਹ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ। ਜਦੋਂ ਗੁਰੂ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਹੁਕਮ ਭੇਜ ਦਿੱਤਾ ਕਿ ਅੱਜ ਤੋਂ ਬਾਅਦ ਰਾਮ ਰਾਇ ਸਾਡੇ ਮੱਥੇ ਨਾ ਲੱਗੇ ਜਿੱਧਰ ਮੂੰਹ ਹੈ ਉਧਰ ਹੀ ਚਲਾ ਜਾਵੇ। ਇਹ ਸੁਣ ਕੇ ਔਰੰਗਜ਼ੇਬ ਖੁਸ਼ ਹੋਇਆ ਕਿ ਘਰ ਵਿੱਚ ਫੁੱਟ ਪੈ ਗਈ ਹੈ ਤੇ ਇਸ ਫੁੱਟ ਨੂੰ ਹੋਰ ਪੱਕਾ ਕਰਨ ਲਈ ਉਸ ਨੇ ਰਾਮ ਰਾਇ ਨੂੰ ਦੂਨ ਦੇ ਇਲਾਕੇ ਵਿੱਚ ਇੱਕ ਵੱਡੀ ਜਗੀਰ ਦੇ ਦਿੱਤੀ ਤੇ ਆਪਣਾ ਵੱਖਰਾ ਡੇਰਾ ਬਣਾਉਣ ਲਈ ਕਿਹਾ। ਜਿਸ ਨੂੰ ਅੱਜ ਕੱਲ ‘ਡੇਹਰਾਦੂਨ’ ਆਖਦੇ ਹਨ।

ਰਾਮ ਰਾਇ ਹੁਣ ਇਸ ਕੋਸ਼ਿਸ਼ ਵਿੱਚ ਸੀ ਕਿ ਕਿਸੇ ਤਰ੍ਹਾਂ ਸ਼ਾਹੀ ਰੋਹਬ ਦੀ ਮਦਦ ਨਾਲ ਮੈਂ ਗੁਰਿਆਈ ਦੀ ਗੱਦੀ ਸੰਭਾਲ਼ ਲਵਾਂਗਾ। ਔਰੰਗਜ਼ੇਬ ਵੀ ਇਸ ਤਾਕ ਵਿੱਚ ਸੀ ਕਿ ਮੈਂ ਰਾਮ ਰਾਇ ਨੂੰ ਗੱਦੀ ’ਤੇ ਬਿਠਾ ਕੇ ਆਪਣਾ ਹੱਥ ਠੋਕਾ ਬਣਾ ਲਵਾਂਗਾ ਅਤੇ ਇਸ ਤਰੀਕੇ ਨਾਲ ਪੰਜਾਬ ਦੇ ਹਿੰਦੂ ਤੇ ਸਿੱਖਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਵਾਂਗਾ। ਇਹਨਾਂ ਸਾਰੇ ਹਾਲਾਤਾਂ ਨੂੰ ਧਿਆਨ ’ਚ ਰੱਖ ਕੇ ਗੁਰੂ ਹਰਿ ਰਾਇ ਸਾਹਿਬ ਨੇ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰ ਦਿੱਤਾ ਤਾਂ ਜੋ ਸੰਗਤਾਂ ਨੂੰ ਔਰੰਗਜ਼ੇਬ ਦੀਆਂ ਸਾਜ਼ਸ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ। ਆਪ ਨੇ ਕੀਰਤਪੁਰ ਤੋਂ ਦੁਆਬੇ ਰਾਹੀਂ ਹੋ ਕੇ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ ਤੇ ਸ਼੍ਰੀ ਗੋਬਿੰਦਪੁਰ ਆਦਿ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਕਰ ਕੇ ਸਿੱਖਾਂ ਵਿੱਚ ਉਤਸ਼ਾਹ ਪੈਦਾ ਕੀਤਾ। ਭਾਈ ਫੇਰੂ ਜੀ ਨੇ ਵੀ ਇਹਨਾਂ ਇਲਾਕਿਆਂ ਵਿੱਚ ਡੱਟ ਕੇ ਪ੍ਰਚਾਰ ਕੀਤਾ।

ਇਸ ਤੋਂ ਬਾਅਦ ਆਪ ਨੇ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰਕ ਦੌਰੇ ਸ਼ੁਰੂ ਕੀਤੇ। ਇੱਥੇ ਭਾਈ ਬਹਿਲੋ, ਭਾਈ ਭਗਤੂ, ਭਾਈ ਪੰਜਾਬਾ ਤੇ ਭਾਈ ਭੂੰਦੜ ਆਦਿ ਮੁੱਖੀ ਸਿੱਖਾਂ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ। ਇਸ ਇਲਾਕੇ ਵਿੱਚ ਫੂਲ ਤੇ ਸੰਦਲੀ, ਜੋ ਚੌਧਰੀ ਕਾਲੇ ਦੇ ਭਤੀਜੇ ਸਨ, ਨੂੰ ਪ੍ਰਚਾਰ ਵਿੱਚ ਲਾਇਆ ਗਿਆ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਫੁੱਲ ਵਾਂਗ ਟਹਿਕਣ ਤੇ ਸੰਦਲ ਵਾਂਗ ਮਹਿਕਣ ਲਈ ਕਿਹਾ। ਬਾਅਦ ਵਿੱਚ ਗੁਰੂ ਸਾਹਿਬ ਦੀ ਬਖ਼ਸ਼ਸ਼ ਨਾਲ ਇਹਨਾਂ ਦੀ ਸੰਤਾਨ ਨੇ ਵੀ ਰਾਜ ਕੀਤਾ। ਇਸੇ ਤਰ੍ਹਾਂ ਭਾਈ ਭਗਤੂ ਦੇ ਪੁੱਤਰ ਜੀਵਨ ਤੇ ਗੌਰਾ ਨੇ ਬਠਿੰਡੇ ਦੇ ਇਲਾਕੇ ਵਿੱਚ ਸਿੱਖੀ ਦੀ ਮਹਿਕ ਨੂੰ ਫੈਲਾਇਆ।

ਪੋਠਾਹਾਰ ਵੱਲ ਕਾਬਲ ਤੋਂ ਘੋੜਿਆਂ ’ਤੇ ਮੇਵਿਆਂ ਦਾ ਵਾਪਾਰ ਕਰਨ ਵਾਲੇ ਸਿੱਖ ਵੀ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਵੀ ਭਗਤ ਭਗਵਾਨ ਤੇ ਸੁਥਰੇ ਸ਼ਾਹ ਵਰਗੇ ਮਸੰਦ ਸਿੱਖ ਜੱਥੇਬੰਦੀ ਨੂੰ ਮਜਬੂਤ ਕਰ ਰਹੇ ਸਨ। ਇਸ ਤਰ੍ਹਾਂ ਸਿੱਖੀ ਦੀ ਲਹਿਰ ਪੂਰੇ ਹਿੰਦੋਸਤਾਨ ਵਿੱਚ ਫੈਲਦੀ ਜਾ ਰਹੀ ਸੀ, ਜਿਸ ਦਾ ਕੇਂਦਰ ਪੰਜਾਬ ਰਿਹਾ ਸੀ।

ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪ ਨੇ ਤਿੰਨ ਬਖ਼ਸ਼ਸ਼ਾਂ ਭਾਵ ਪ੍ਰਚਾਰਕ ਕੇਂਦਰ ਕਾਇਮ ਕੀਤੇ। ਹਰ ਇੱਕ ਬਖ਼ਸ਼ਸ਼ ਇੱਕ ਪ੍ਰਸਿੱਧ ਉਦਾਸੀ ਸਿੱਖ ਦੀ ਨਿਗਰਾਨੀ ਹੇਠ ਸੀ। ਇਹ ਗੁਰਸਿੱਖ ਸਨ ‘ਭਾਈ ਸੁਥਰੇ ਸ਼ਾਹ, ਭਾਈ ਭਗਤ ਭਗਵਾਨ ਤੇ ਭਾਈ ਫੇਰੂ ਜੀ’।

ਗੁਰੂ ਹਰਿਰਾਏ ਸਾਹਿਬ ਨੇ ਆਪਣਾ ਅੰਤਮ ਸਮਾਂ ਨੇੜੇ ਵੇਖ ਕੇ ਆਪਣੀ ਥਾਂ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿ ਕ੍ਰਿਸ਼ਨ ਸਾਹਿਬ ਨੂੰ ਸਾਰੀ ਸੰਗਤ ਦੇ ਸਾਹਮਣੇ 6 ਅਕਤੂਬਰ 1661 ਨੂੰ ਗੁਰਿਆਈ ਬਖ਼ਸ਼ਸ਼ ਕਰ ਦਿੱਤੀ।  ਉਸ ਸਮੇਂ ਆਪ ਦੀ ਉਮਰ ਸਵਾ ਪੰਜ ਕੁ ਸਾਲ ਦੀ ਸੀ।

ਗੁਰੂ ਹਰਿਰਾਏ ਸਾਹਿਬ ਨੇ ਭਾਵੇਂ ਆਪ ਬਾਣੀ ਦੀ ਰਚਨਾ ਨਹੀਂ ਕੀਤੀ ਪਰ ਆਪਣੇ ਜੀਵਨ ਕਾਲ ਵਿੱਚ ਉਹਨਾਂ ਨੇ ਜੋ ਉਪਦੇਸ਼ ਦਿੱਤੇ ਜਾਂ ਜੋ ਸਾਖੀਆਂ ਮਿਲਦੀਆਂ ਹਨ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ ਨੂੰ ਪਰਫੁਲਿਤ ਕਰਨ ਲਈ ਉਹਨਾਂ ਨੇ ਕੀ ਕੁੱਝ ਕੀਤਾ। ਗੁਰੂ ਪਾਤਸ਼ਾਹ ਨੇ ਜੋ ਉਪਦੇਸ਼ ਉਸ ਸਮੇਂ ਦੇ ਰਾਜਿਆਂ ਨੂੰ ਦਿੱਤਾ ਉਸ ਦਾ ਵਰਣਨ ਕਰਦਾ ਹੋਇਆ ਮੈਕਾਲਫ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਸਮਝਾਇਆ ਕਿ ਰਾਜਾ ਹੋ ਕੇ ਕਿਸੇ ਨੂੰ ਰੋਹਬ ਨਾ ਦਿਖਾਉ। ਰਾਜੇ ਦਾ ਵਿਲਾਸੀ (ਭੋਗ-ਵਿਲਾਸ ਕਰਨ ਵਾਲ਼ਾ) ਹੋਣਾ ਰਾਜ ਦੀ ਤਬਾਹੀ ਦਾ ਕਾਰਨ ਬਣਦਾ ਹੈ।  ਰਾਜ ਦੀ ਆਮਦਨ ਲੋਕ ਭਲਾਈ ਦੇ ਕਾਰਜਾਂ ਲਈ ਵਰਤੀ ਜਾਵੇ। ਰਾਜਿਆਂ ਨੇ ਗੁਰੂ ਪਾਤਸ਼ਾਹ ਅੱਗੇ ਸੀਸ ਨਿਵਾਇਆ। ਇਹਨਾਂ ਰਾਜਿਆਂ ਵਿੱਚ ਰਾਜਾ ਤਾਰਾ ਚੰਦ ਅਤੇ ਰਾਜਾ ਦੀਪ ਚੰਦ ਵੀ ਸ਼ਾਮਲ ਸਨ।

ਭਾਈ ਪੂੰਗਰ, ਜੋ ਗ਼ਰੀਬ ਸਿੱਖ ਸੀ ਪਰ ਆਏ ਗਏ ਦੀ ਆਪਣੇ ਵਿੱਤ ਅਨੁਸਾਰ ਫਿਰ ਵੀ ਸੇਵਾ ਕਰਦਾ ਸੀ, ਉਨ੍ਹਾਂ ਕੋਲ ਇੱਕ ਵਾਰ ਇੱਕ ਸਾਧੂਆਂ ਦੀ ਟੋਲੀ ਆਈ ਤੇ ਭਾਈ ਪੂੰਗਰ ਦੀ ਸੇਵਾ ਤੋਂ ਬਹੁਤ ਪ੍ਰਭਾਵਤ ਹੋਈ। ਉਹਨਾਂ ਦੇ ਕੋਲ ਇੱਕ ਰਸਾਇਣ ਦੀ ਡੱਬੀ ਸੀ, ਜਿਸ ਨਾਲ ਸੋਨਾ ਬਣਾਇਆ ਜਾ ਸਕਦਾ ਸੀ। ਉਹਨਾਂ ਨੇ ਇਹ ਡੱਬੀ ਭਾਈ ਪੂੰਗਰ ਜੀ ਨੂੰ ਦੇ ਦਿੱਤੀ ਤੇ ਕਿਹਾ ਕਿ ਤੇਰਾ ਜੀਵਨ ਸੌਖਾ ਹੋ ਜਾਵੇਗਾ ਪਰ ਭਾਈ ਪੂੰਗਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਸੱਚੀ ਤੇ ਸੁੱਚੀ ਕਿਰਤ ਨਾਲ ਹੀ ਗੁਜਾਰਾ ਕਰਨਾ ਹੈ।

ਜਦੋਂ ਸੰਗਤਾਂ ਦਾ ਦੀਵਾਨ ਲੱਗਦਾ ਤਾਂ ਗੁਰੂ ਸਾਹਿਬ ਉਹਨਾਂ ਦੇ ਸ਼ੰਕਿਆਂ (ਵਹਿਮ-ਭਰਮ) ਦੀ ਨਵਿਰਤ ਵੀ ਕਰਦੇ। ਸਿੱਖਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਸੋਹਣਾ ਕੌਣ ਹੈ ਤੇ ਕਸੋਹਣਾ ਕੌਣ ਹੈ ? ਗੁਰੂ ਜੀ ਕਹਿਣ ਲੱਗੇ ਜਿਸ ਪਾਸ ਸ਼ੀਤਲਤਾ ਹੈ, ਹਿਰਦੇ ਦੀ ਠੰਡਕ ਹੈ ਤੇ ਸ਼ਾਂਤ ਚਿਤ ਹੈ ਉਹ ਸੋਹਣਾ ਹੈ ਅਤੇ ਜੋ ਸਦਾ ਉਤੇਜਿਤ (ਭੜਕਿਆ) ਰਹਿੰਦਾ ਹੈ ਤੇ ਸਾਜ਼ਸ਼ਾਂ ਘੜਦਾ ਹੈ ਉਹ ਕਸੋਹਣਾ ਹੈ।

ਮੁਕਤਾ ਕੌਣ ਹੈ ? ਪੁੱਛਣ ਤੇ ਮਹਾਰਾਜ ਨੇ ਕਿਹਾ ਜਿਸ ਨੂੰ ਦੁੱਖ ਸੁੱਖ ਵਿੱਚ ਪ੍ਰਮਾਤਮਾ ਯਾਦ ਰਹੇ, ਉਹ ਮੁਕਤਾ ਹੈ। ਜਦੋਂ ਸਿੱਖਾਂ ਨੇ ਪੁੱਛਿਆ ਕਿ ਪਾਪਾਂ ਦਾ ਮੂਲ ਕੀ ਹੈ  ? ਤਾਂ ਆਪ ਨੇ ਫ਼ੁਰਮਾਇਆ ਕਿ ਲੋਭ ਹੀ ਪਾਪਾਂ ਦਾ ਮੂਲ ਹੈ। ਸਿੱਖਾਂ ਨੇ ਪੁੱਛਿਆ ਕਿ ਕਿਹੜੀ ਅਰਦਾਸ ਕਬੂਲ ਹੁੰਦੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੋ ਅਰਦਾਸ ਸ਼ੁੱਧ ਹਿਰਦੇ ਨਾਲ ਕੀਤੀ ਜਾਵੇ ਤੇ ਸਭ ਦੇ ਭਲੇ ਲਈ ਹੋਵੇ, ਉਹੀ ਥਾਈਂ ਪੈਂਦੀ ਹੈ। ਯਾਤਰਾ ਦੇ ਅਸੂਲ ਦ੍ਰਿੜ੍ਹਾਉਂਦੇ ਹੋਏ ਆਪ ਨੇ ਸੰਗਤਾਂ ਨੂੰ ਫ਼ੁਰਮਾਇਆ ਕਿ ਸਫ਼ਰ ’ਤੇ ਚਲਦਿਆਂ ਕੀਰਤਨ ਕਰਦੇ ਜਾਓ, ਗੁਰੂ ਜਸ ਗਾਓ। ਹਾਸਾ ਠੱਠਾ ਨਾ ਕਰੋ, ਪੜਾਅ ਕਰਦਿਆਂ ਦੀਵਾਨ ਸਜਾਓ ਅਤੇ ਗੁਰੂ ਉਪਦੇਸ਼ ਤੇ ਬਾਣੀ ਨੂੰ ਸੁਣੋ।

ਗੁਰਬਾਣੀ ਦੇ ਸਤਿਕਾਰ ਪ੍ਰਤੀ ਆਪ ਕਿੰਨੇ ਤਤਪਰ ਸਨ ਇਸ ਗੱਲ ਦਾ ਪਤਾ ਇਸ ਘਟਨਾ ਤੋਂ ਲੱਗਦਾ ਹੈ ਕਿ ਇੱਕ ਦਿਨ ਲੌਢੇ ਪਹਿਰ (ਦੁਪਹਿਰ ਤੋਂ ਬਾਅਦ ਤੇ ਸ਼ਾਮ ਤੋਂ ਪਹਿਲਾਂ) ਮੰਜੇ ’ਤੇ ਅਰਾਮ ਕਰ ਰਹੇ ਸਨ ਕਿ ਇੱਕ ਜੱਥਾ ਸ਼ਬਦ ਕੀਰਤਨ ਕਰਦਾ ਹੋਇਆ ਗੁਰੂ ਦਰਸ਼ਨਾਂ ਲਈ ਆ ਰਿਹਾ ਸੀ। ਜਿਸ ਵੇਲੇ ਆਪ ਦੇ ਕੰਨਾਂ ਵਿੱਚ ਸ਼ਬਦ ਦੀ ਆਵਾਜ਼ ਪਈ ਤਾਂ ਆਪ ਕਾਹਲੀ ਨਾਲ ਉੱਠੇ ਤੇ ਮੰਜੇ ਤੋਂ ਉੱਤਰਨ ਵੇਲੇ ਗੋਡੇ ’ਤੇ ਸੱਟ ਲੱਗ ਗਈ ਅਤੇ ਅੱਗੇ ਤੋਂ ਦਿਨ ਵੇਲੇ ਆਰਾਮ ਕਰਨਾ ਹੀ ਬੰਦ ਕਰ ਦਿੱਤਾ ਤੇ ਕਿਹਾ ਕਿ ਇਸ ਤਰ੍ਹਾਂ ਸ਼ਬਦ ਦੀ ਨਿਰਾਦਰੀ ਹੁੰਦੀ ਹੈ।

ਗੁਰੂ ਸਾਹਿਬ ਦੇ ਸਮੇਂ ਹੀ ਕੀਰਤਪੁਰ ਨਿਆਸਰਿਆਂ ਦਾ ਆਸਰਾ ਬਣ ਗਿਆ ਸੀ। ਸਿੱਖ ਜੀਵਨ ਦਾਨ ਦੇ ਕੇ ਜਵਾਨੀਆਂ ਭੇਟ ਕਰਦੇ ਤੇ ਆਪਣੇ ਬੱਚਿਆਂ ਨੂੰ ਗੁਰੂ ਦਰ ’ਤੇ ਸੇਵਾ ਲਈ ਅਰਪਣ ਕਰ ਜਾਂਦੇ। ਇਹਨਾਂ ਵਿੱਚੋਂ ਹੀ ਇੱਕ ਬੱਚੀ ‘ਰੂਪ ਕੌਰ’ ਸੀ, ਜਿਸ ਨੂੰ ਗੁਰ ਹਰਿਰਾਇ ਜੀ ਨੇ ਆਪਣੇ ਹੱਥੀਂ ਪਾਲਿਆ।  ਉਸ ਨੇ ਸਤਿਗੁਰੂ ਜੀ ਦੇ ਮੂੰਹੋਂ ਨਿੱਕਲੇ ਬਚਨਾਂ ਅਤੇ ਸਾਖੀਆਂ ਨੂੰ ਲਿਖਤੀ ਰੂਪ ਦਿੱਤਾ। ਅਸਲ ਵਿੱਚ ਸਿੱਖ ਧਰਮ ਦੀ ਪਹਿਲੀ ਇਤਿਹਾਸਕਾਰ ਬੀਬੀ ਰੂਪ ਕੌਰ ਹੀ ਹੋ ਨਿੱਬੜੀ। ਇਹ ਬਚਨ ਇਤਨੇ ਬਹੁਮੁੱਲੇ ਹਨ ਕਿ ਇਹਨਾਂ ’ਤੇ ਚੱਲ ਕੇ ਜੀਵਨ ਉੱਚਾ ਤੇ ਸੁੱਚਾ ਹੋ ਜਾਂਦਾ ਹੈ।

ਭਾਈ ਗੁਰਦਾਸ ਜੀ ਦੂਜੇ ਨੇ ਆਪ ਦੀ ਮਹਿਮਾ ਕਰਦਿਆਂ ਲਿਖਿਆ ਹੈ ਕਿ ਉਹਨਾਂ ਨੇ ਐਸੀ ਕਮਾਈ ਕਰ ਲਈ ਸੀ ਕਿ ਸਦਾ ਹੀ ਨਾਮ ਬਾਣੀ ਨਾਲ ਜੁੜੇ ਰਹਿੰਦੇ ਤੇ ਸੇਵਾ ਲਈ ਤਤਪਰ ਰਹਿੰਦੇ। ਏਨੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਵੀ ਕਦੀ ਆਪਾ ਨਾ ਜਤਾਉਂਦੇ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ ਕਿ ਜਿਹੜੀ ਗੱਲ ਉਹਨਾਂ ਦੀ ਅੰਤਰ ਆਤਮਾ ਮੰਨਦੀ ਸੀ ਅਤੇ ਦੂਜਿਆ ਨੂੰ ਕਹਿਣੀ ਜ਼ਰੂਰੀ ਹੁੰਦੀ ਸੀ, ਪਹਿਲਾਂ ਉਸ ਨੂੰ ਆਪਣੇ ’ਤੇ ਫ਼ੌਜੀ ਜ਼ਾਬਤੇ (ਦਸਤੂਰ) ਵਾਂਗੂ ਲਾਗੂ ਕਰਦੇ। ਉਹ ਕਰਤਾ ਸਨ। ਉਹਨਾਂ ਨੇ ਸਾਰੀ ਜਿੰਦਗੀ ਕੋਈ ਫੁੱਲ ਨਹੀਂ ਪੁੱਟਿਆ ਸਗੋਂ ਫੁੱਲ ਲਗਾਉਂਦੇ ਹੀ ਰਹੇ।  ਭਾਈ ਨੰਦ  ਲਾਲ ਜੀ ਲਿਖਦੇ ਹਨ ਕਿ ਗੁਰੂ ਹਰਿਰਾਇ ਜੀ ਸੱਚ ਦੇ ਪਾਲਣਹਾਰ ਵੀ ਹਨ ਤੇ ਸੱਚ ਦੇ ਧਾਰਨੀ ਵੀ ਹਨ।  ਉਹ ਲੋਕ ਤੇ ਪਰਲੋਕ (ਦੋਹਾਂ) ਜਹਾਨਾਂ ਦੇ ਮਾਲਕ ਹਨ।

ਖੁਸ਼ਹਾਲ ਤੇ ਸੋਹਣੇ ਪੰਜਾਬ ਤੂੰ ਮੁੜ ਆ

0

ਖੁਸ਼ਹਾਲ ਤੇ ਸੋਹਣੇ ਪੰਜਾਬ ਤੂੰ ਮੁੜ ਆ

ਪ੍ਰੋ: ਹਮਦਰਦਵੀਰ ਨੌਸ਼ਹਿਰਵੀ

ਵਿਸ਼ਾਲ ਅਨੁਭਵੀ ਪੰਜਾਬੀ ਕਵੀ ਪ੍ਰੋ: ਪੂਰਨ ਸਿੰਘ 1940 ਵਿਚ ਆਪਣੀ ਪੁਸਤਕ ‘ਖੁੱਲ੍ਹੇ ਮੈਦਾਨ’ ਵਿੱਚ ਪੁਰਾਣੇ ਪੰਜਾਬ ਨੂੰ ‘ਵਾਜਾਂ’ ਮਾਰਦਾ ਹੈ-

                         ਆ ਪੰਜਾਬ ਪਿਆਰ ਤੂੰ ਮੁੜ ਆ, ਆ ਸਿੱਖ ਪੰਜਾਬ ਤੂੰ ਘਰ ਆ।

ਪ੍ਰੋ: ਪੂਰਨ ਸਿੰਘ ਕਰੀਬ 80 ਸਾਲ ਪਹਿਲਾਂ ਪੁਰਾਣੇ ਖੁਲ੍ਹੇ ਡੁੱਲ੍ਹੇ ਪੰਜਾਬ ਨੂੰ ਮੁੜ ਆਉਂਣ ਲਈ ਅਰਜ਼ੋਈ ਕਰਦਾ ਹੈ-

         ਮੁੜ ਆ ਪੰਜਾਬ, ਗੁਰੂਆਂ ਦਾ ਪੰਜਾਬ ਆ, ਇਕ ਬਾਰ ਆ, ਹਜ਼ਾਰ ਬਾਰ ਆ।

ਅੱਜ ਦਾ ਪੰਜਾਬ ਤਾਂ 1940 ਵਾਲਾ ਪੰਜਾਬ ਰਿਹਾ ਹੀ ਨਹੀਂ। ਉਸ ਤੋਂ ਕਿਤੇ ਹੇਠਾਂ ਨਿਘਰ ਗਿਆ ਹੈ। ਇਹ ਗੁਰੂਆਂ ਦਾ ਪੰਜਾਬ ਨਹੀਂ, ਗੁਰੂਆਂ ਨੂੰ ਬੇਦਾਵੇ ਵਾਲਾ ਪੰਜਾਬ ਹੈ। ਸ਼ਾਹ ਮੁਹੰਮਦ ਪੁਸਤਕ ‘ਵਾਰ ਸ਼ਾਹ ਮੁਹੰਮਦ’ ਵਿੱਚ  ਪੰਜਾਬ ਦੇ ਵਿਸ਼ਾਲ ਖੇਤਰ ਬਾਰੇ ਲਿਖਦਾ ਹੈ।

                         ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾ ਗਿਆ।

                         ਮੁਲਤਾਨ, ਕਸ਼ਮੀਰ, ਪਛੌਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾ ਗਿਆ।

                         ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾ ਗਿਆ।

ਕਦੀ ਪੰਜਾਬ ਦਰਿਆ ਸਤਲੁਜ ਤੋਂ ਲੈ ਕੇ ਅਫਗਾਨਿਸਤਾਨ ਤੇ ਚੀਨ ਦੀਆਂ ਹੱਦਾਂ ਨੂੰ ਲੱਗਦਾ ਸੀ।  ਸੰਨ 1947 ਦੀ ਲਹੂਲੀਕ ਨੇ ਪੰਜਾਬ ਨੂੰ ਚੀਰ ਕੇ ਦੋ ਹਿੱਸਿਆਂ ਵਿਚ ਵੰਡ ਦਿੱਤਾ।  1966 ਵਿਚ ਚੜਦੇ ਪੰਜਾਬ ਨੂੰ ਪੰਜਾਬੀ ਸੂਬੇ ਦੇ ਨਾਮ ਉੱਤੇ ਬੌਣਾ, ਹੀਣਾ ਤੇ ਲੰਗੜਾ ਕਰ ਦਿੱਤਾ।  1966 ਤੋਂ ਬਾਅਦ ਪੰਜਾਬ ਵਿੱਚ ਦੋ ਫਿਰਕੂ ਤਾਕਤਾਂ ਦੀ ਸੰਧੀ ਹੋ ਗਈ। ਪਰਿਵਾਰਵਾਦੀ ਕੁਰਸੀ ਸਥਾਪਤ ਹੋ ਗਈ – ਪਰ ਪੰਜਾਬ ਬਰਬਾਦ ਹੋ ਗਿਆ।

ਕਦੀ ਪੰਜਾਬੀ ਭਾਸ਼ਾ ਲੱਦਾਖ, ਕਸ਼ਮੀਰ, ਸ਼ਿਮਲਾ, ਫਰੀਦਾਵਾਦ, ਗੁੜਗਾਉਂ ਤੱਕ ਪੜ੍ਹਾਈ ਜਾਂਦੀ ਸੀ -ਲਿਖੀ ਤੇ ਬੋਲੀ ਜਾਂਦੀ ਸੀ। ਹੁਣ ਪੰਜਾਬੀ ਭਾਸ਼ਾ ਪੰਜਾਬੀ ਸੂਬੇ ਦੀਆਂ ਸੌੜੀਆਂ ਹੱਦਾਂ ਅੰਦਰ ਵੀ ਲਾਗੂ ਨਹੀਂ ਹੋ ਰਹੀ। ਪੰਜਾਬੀ ਵਿਰੋਧੀ ਮਾਲਦਾਰ ਨਿੱਜੀ ਸਕੂਲ ਦੀ ਚੌਧਰ ਕਾਇਮ ਹੈ।  ਪੰਜਾਬ ਸਿਰੋਂ ਨੰਗਾ ਹੈ।  ਨਾ ਪੰਜਾਬ ਪਾਸ ਆਪਣੀ ਰਾਜਧਾਨੀ ਹੈ ਤੇ ਨਾ ਹੀ ਆਪਣੀ ਵੱਖਰੀ ਹਾਈ ਕੋਰਟ।

ਮਈ 2015 ਦਿੱਲੀ ਦੇ ਜੰਤਰ ਮੰਤਰ ਮੈਦਾਨ ਵਿਚ ਰਾਜਸਥਾਨ ਦੇ ਦੌਸਾ ਪਿੰਡ ਦੇ ਕਿਸਾਨ ਗਜੇਂਦਰ ਸਿੰਘ ਆਪਣੀ ਪਗੜੀ ਦਾ ਫਾਹਾ ਬਣਾ ਕੇ ਇੱਕ ਬਿਰਖ ਨਾਲ ਲਟਕ ਗਿਆ। ਦਿੱਲੀ ਦਾ ਵੱਡਾ ਤਖਤ ਪਲ ਕੰਬਿਆ, ਪਰ ਪੰਜਾਬ ਵਿਚ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਇੱਕ ਦੋ ਕਰਜ਼ੇ ਹੇਠ ਦਬੇ, ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਨਹੀਂ ਹੁੰਦੇ। ਭਾਰਤ ਦੇ ਪ੍ਰਤੀ ਕਿਸਾਨ ਪਰਿਵਾਰ ਦੇ ਸਿਰ ਬੈਂਕਾਂ ਦਾ 1.10 ਲੱਖ ਰੁਪਏ ਦਾ ਕਰਜ਼ਾ ਹੈ। ਪੰਜਾਬ ਦੇ ਵਿੱਤ ਵਿਭਾਗ ਦੇ ਅਨੁਸਾਰ ਕਿਸਾਨਾਂ ਦੇ ਸਿਰ 31 ਮਾਰਚ 2015 ਤੱਕ ਬੈਂਕਾਂ ਦਾ 69, 449 ਕਰੋੜ ਰੁਪਏ ਦਾ ਕਰਜ਼ਾ ਸੀ। ਪੰਜਾਬ ਦੇ ਪ੍ਰਤੀ ਕਿਸਾਨ ਪਰਿਵਾਰ ਦੇ ਸਿਰ 2006 ਵਿਚ 1.78 ਲੱਖ ਰੁਪਏ ਦਾ ਕਰਜ਼ਾ ਸੀ, ਜੋ ਵਧ ਕੇ 2.18 ਲੱਖ ਰੁਪਏ ਹੋ ਗਿਆ। ਪੰਜਾਬ ਦੇ 88% ਕਿਸਾਨ ਕਰਜ਼ਾਈ ਹਨ। ਪੰਜਾਬ ਦੇ ਕਰੀਬ 20, 237 ਆੜ੍ਹਤੀ ਸਰਕਾਰ ਪਾਸੋਂ ਕਿਸਾਨਾਂ ਦੀ ਜਿਨਸ ਦੇ ਪੈਸੇ ਲੈ ਕੇ 2½ ਪ੍ਰਤੀਸ਼ਤ ਕਮਿਸ਼ਨ ਹਾਸਲ ਕਰ ਕੇ, ਬੈਠੇ ਬਿਠਾਏ ਹੀ 2500 ਕਰੋੜ ਆਪਣੀ ਜੇਬ ਵਿਚ ਪਾ ਲੈਂਦੇ ਹਨ। ਕਿਸਾਨਾਂ ਦੇ ਸਿਰ ਆੜ੍ਹਤੀਆਂ ਦਾ 35,000 ਕਰੋੜ ਰੁਪਏ ਦਾ ਕਰਜ਼ਾ ਹੈ। ਬੈਂਕਾਂ ਦਾ ਕਰਜ਼ਾ 43000 ਕਰੋੜ ਰੁਪਏ ਦਾ ਹੈ। ਕਿਸਾਨ ਵਿਚਾਰਾ ਕੀ ਕਰੇ ?  ਕੇਂਦਰੀ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ 1995-2011 ਤੱਕ 2, 90, 740 ਕਿਸਾਨ ਖੁਦਕਸ਼ੀ ਕਰਨ ਲਈ ਮਜਬੂਰ ਹੋਏ। ਇਹਨਾਂ ਖੁਦਕੁਸ਼ੀਆਂ ਵਿਚ ਵੱਡਾ ਹਿੱਸਾ, ਪੰਜਾਬ ਦੇ ਕਿਸਾਨਾਂ ਦਾ ਹੈ। ਆਉ ਪੰਜਾਬ ਦੇ ਕਿਸਾਨਾ ਨੂੰ ਬਚਾਉਂਣ ਲਈ ਕੁਝ ਹੰਭਲਾ ਮਾਰੀਏ।

ਕਿਸਾਨ, ਮਜ਼ਦੂਰ, ਕਿਰਤੀ ਦੀ ਜੇਬ ਖਾਲੀ ਹੈ। ਮਾੜੀ ਮੋਟੀ ਰੋਜ਼ਗਾਰ ਵੀ ਖੋਹੀ ਜਾ ਰਹੀ ਹੈ। ਟੈਕਸ, ਪੁਲਿਸੀ ਦਹਿਸ਼ਤ, ਮਾਫੀਆ ਧਮਕੀਆਂ ਤੇ ਉਗਰਾਹੀਆਂ ਕਾਰਨ ਕੰਮਾਂ ਦੇ ਕੇਂਦਰ ਬੰਦ ਹੋ ਰਹੇ ਹਨ।  2011-12 ਵਿਚ ਖੰਨਾ ਤੇ ਮੰਡੀ ਗੋਬਿੰਦਗੜ੍ਹ ਵਿਖੇ 688 ਸਨਅਤੀ ਇਕਾਈਆਂ ਬੰਦ ਹੋ ਗਈਆ। ਪੰਜਾਬ ਵਿਚ 17,777 ਉਦਯੋਗਿਕ ਇਕਾਈਆਂ ਬੰਦ ਹੋ ਗਈਆਂ। ਇਕੱਲੇ ਅੰਮ੍ਰਿਤਸਰ ਵਿਚ ਹੀ 8000 ਸਨਮਾਤੀ ਅਦਾਰਿਆਂ ਨੇ ਕੰਮ ਠੱਪ ਕਰ ਦਿੱਤਾ ਭਾਵੇਂ ਅਖ਼ਬਾਰਾਂ ਵਿਚ ਲੱਖਾਂ ਰੁਪਈਆਂ ਦੇ ਵੱਡੇ ਵੱਡੇ ਇਸ਼ਤਿਹਾਰ ਛਪਵਾਏ ਗਏ ਹਨ।  ਵਧੀਆ ਬੁਨਿਆਦੀ ਢਾਂਚੇ ਵਿਚ ਭਾਰਤੀ ਪ੍ਰਾਂਤਾ ਵਿਚੋਂ ਪੰਜਾਬ ਨੰਬਰ ਵਨ ਉੱਤੇ ਹੈ, ਪਰ ਅਸਲੀਅਤ ਇਹ ਹੈ ਕਿ ਐਸੋਸੀਏਸ਼ਨ ਆਫ ਕੌਮਰਸ ਤੇ ਇੰਡਸਟਰੀ ਦੇ ਸਰਵੇਖਣ ਅਨੁਸਾਰ ਪੰਜਾਬ ਵਿਚ, ਪਿੱਛਲੇ ਅੱਠ ਸਾਲਾਂ ਵਿਚ ਪੂੰਜੀ ਨਿਵੇਸ਼ ਵਿਚ 93% ਕਮੀ ਆਈ ਹੈ। ਏਸੇ ਸਮੇਂ ਕੌਮੀ ਪੱਧਰ ਉੱਤੇ ਨਿਵੇਸ਼ 44% ਵਧਿਆ ਹੈ ਪਰ ਪੰਜਾਬ ਵਿਚ 93% ਨਿਵੇਸ਼ ਘਟਿਆ ਹੈ, ਭਾਵੇਂ ਸਨਅਤਕਾਰਾਂ ਨੂੰ ਖਿੱਚਣ ਲਈ, ਪੰਜਾਬ ਵਿਚ ਕਈ ਮਹਿੰਗੇ ਸਨਅਤੀ ਸਮੇਲਨ, ਪਰਵਾਸੀ ਭਾਰਤੀ ਸਮੇਲਨ ਹੋਏ ਹਨ। ਕਰੋੜਾਂ ਰੁਪਏ ਖਰਚੇ ਗਏ ਹਨ। ਵਿਦੇਸ਼ਾਂ ਵਿਚ ਮੰਤਰੀ ਨਿਵੇਸ਼ ਲਈ ਪਰਚਾਰ ਕਰਨ ਗਏ ਹਨ। ਪੈਰ ਪੈਰ ਉੱਤੇ ਖੱਜਲ ਖੁਆਰੀ। ਹਰ ਪ੍ਰਜੈਕਟ ਵਿਚੋਂ ਵੱਡੇ ਬੰਦਿਆ ਦੀ ਕਥਿਤ ਹਿੱਸਾਪਤੀ ਤੇ ਕਮਿਸ਼ਨ। ਪੰਜਾਬ ਦੀ ਧਰਤੀ, ਪਾਣੀ, ਹਵਾ, ਰਾਜਸੀ-ਆਰਥਕ ਢਾਂਚਾ, ਸਾਰੇ ਦੂਸ਼ਿਤ ਹੋ ਚੁੱਕੇ ਹਨ, ਭ੍ਰਿਸ਼ਟ ਹੋ ਚੁੱਕੇ ਹਨ। ਨਿਵੇਸ਼ ਕਿਵੇਂ ਹੋਵੇ। ਨਵੀਆਂ ਨੌਕਰੀਆਂ ਕਿਵੇਂ ਪੈਦਾ ਹੋਣ। ਬੇਰੋਜ਼ਗਾਰੀ ਕਿਵੇਂ ਘਟੇ। ਜਿਸ ਦੇਸ਼ ਦਾ ਰਾਜਾ ਤੇ ਉੱਚ ਅਹਿਲਕਾਰ ਹੋਣ ਵਪਾਰੀ। ਉਸ ਦੇਸ਼ ਦੇ ਬਹੁਤੇ ਲੋਕਾਂ ਦੀ ਨਹੀਂ ਆਉਂਦੀ ਵਾਰੀ। ਟਰਾਂਸਪੋਰਟ, ਮੀਡੀਆ, ਕਾਰਖਾਨਿਆਂ, ਮਿੱਲਾਂ ਉੱਤੇ ਸਰਕਾਰੀ ਪਰਿਵਾਰਾਂ ਦਾ ਕਬਜ਼ਾ ਹੋਏ। ਉਹ ਆਪਣੇ ਵਪਾਰਕ ਹਿੱਤ ਪਾਲਣਗੇ, ਨਾ ਕੇ ਜਨਸਾਧਾਰਨ ਦੇ ਹਿੱਤ। ਵੱਡੇ ਉਦਯੋਗਪਤੀਆਂ, ਅਮੀਰ ਘਰਾਣਿਆ ਨੇ ਕੌਮੀ ਬੈਂਕਾਂ ਪਾਸੋਂ ਲਿਆ ਅਰਬਾਂ ਰੁਪਇਆ ਦਾ ਕਰਜ਼ਾ ਮੋੜਿਆ ਨਹੀਂ।  ਐਨ. ਪੀ. ਏ., ਵੱਟੇ ਖਾਤੇ ਪਾ ਕੇ ਖਤਮ ਕਰਵਾ ਲਿਆ ਹੈ। ਇਹ ਅਮਲ ਜਾਰੀ ਹੈ। ਪਰ ਗਰੀਬ ਕਿਸਾਨ, ਖੇਤ ਮਜ਼ਦੂਰਾਂ ਵੱਲੋਂ ਲਿਆ ਥੋੜ੍ਹਾ ਜਿਹਾ ਕਰਜ਼ਾ, ਕੁਰਕੀਆਂ ਗਰਿਫ਼ਤਾਰੀਆਂ ਤੇ ਖੁਦਕੁਸ਼ੀਆਂ ਦਾ ਕਾਰਨ ਬਣਦਾ ਹੈ। ਇਹ ਸਪਤ ਸਿੰਧੂ ਸਾਡਾ ਹੈ। ਆਓ ਪੰਜ-ਆਬ ਦੀ ਆਬਰੂ ਬਚਾਈਏ। ਸਿੰਘਾਸਨ ਉਲਟਾਈਏ। ਖੁਸ਼ਹਾਲ ਤੇ ਸੋਹਣੇ ਪੰਜਾਬ ਨੂੰ ਮੋੜ ਲਿਆਈਏ।

ਮੁੰਬਈ ਵਿਖੇ ਮੁਕੇਸ਼ ਅੰਬਾਨੀ ਦਾ ਚਾਰ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ, 24 ਮੰਜ਼ਲਾ ਅਨਤੀਲੀਆ ਮਹਿਲ। ਹੈਲੀਪੈਡ ਹੋਵੇਗਾ, ਬਾਗ ਹੋਵੇਗਾ, ਤੈਰਾਨੀ ਤਲਾਬ ਹੋਵੇਗਾ ਤੇ ਸਿਨਮਾ ਥੀਏਟਰ ਵੀ। ਮੁਹਾਲੀ ਜਿਲ੍ਹੇ ਦੇ ਪਿੰਡ ਪਲਣਪੁਰ ਵਿਚ ਸਤ ਤਾਰਾ ਸ਼ਾਹੀ ਮੈਟਰੋ ਈਕੋ ਗਰੀਨ ਰਿਜ਼ੋਰਟਸ ਬਣ ਰਿਹਾ ਹੈ। ਪੰਜਾਬ ਦੀਆਂ ਭਾਵੇ ਸਾਰੀਆਂ ਪੇਂਡੂ ਸੜਕਾਂ ਟੋਏ ਤੇ ਰੋੜੇ ਹਨ- ਪਰ ਪਲਣਪੁਰ ਹੋਟਲ ਨੂੰ ਜਾਂਦੀ 13 ਕਿਲੋਮੀਟਰ 100 ਫੁੱਟ ਚੌੜੀ ਸੜਕ ਤੇਜ਼ੀ ਨਾਲ ਉਸਰ ਰਹੀ ਹੈ। ਸੜਕਾਂ ਤੇ ਪੁਲ ਕਾਗਜ਼ਾਂ ਉੱਤੇ ਬਣਦੇ ਹਨ- ਪਹਿਲੀ ਬਾਰਸ਼ ਨਾਲ ਕਾਗਜ਼ ਦੀਆਂ ਕਿਸ਼ਤੀਆਂ ਬਣ ਕੇ ਚੱਪਾ ਚੱਪਾ ਪਾਣੀ ਵਿਚ ਰੁੜ ਜਾਂਦੀਆਂ ਹਨ। ਵੱਡੀ ਸੜਕ ਹਾਲੀ ਬਣ ਹੀ ਰਹੀ ਹੁੰਦੀ ਹੈ। ਸੜਕ ਹਾਲੀ ਅੱਧੀ ਵੀ ਨਹੀਂ ਬਣੀ ਹੁੰਦੀ ਕਿ ਕਰੋੜਪਤੀ ਕੰਪਨੀ ਟਾੱਲ ਪਲਾਜ਼ਾ ਲਗਾ ਦਿੰਦੀ ਹੈ- ਮਹੀਨੇ ਦੀ ਕਮਾਈ ਕਰੋੜਾਂ ਰੁਪਈਆਂ ਵਿਚ ਹੁੰਦੀ ਹੈ। ਲੋਕਾਂ ਨੂੰ ਦੂਹਰੀ ਮਾਰ ਪੈਦੀ ਹੈ। ਟਾੱਲ ਪਲਾਜ਼ਾ ਫੀਸ ਵੀ ਅਤੇ ਰੋਡ ਟੈਕਸ ਵੀ- ਸੜਕਾਂ ਹੱਡ ਤੋੜਦੀਆਂ ਤੇ ਟਾਇਰ ਪਾੜ ਹੁੰਦੀਆਂ ਹਨ। ਜੇ ਸੜਕਾਂ ਵਿਚ ਨਿਰੇ ਟੋਏ ਤੇ ਖਿਲਰੇ ਪੱਥਰ ਹਨ ਤਾਂ ਵੱਡੇ ਬੰਦਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਨਾ ਹੀ ਕੋਈ ਅਹਿਸਾਸ।  ਉਹ ਤਾਂ ਸਰਕਾਰੀ ਹੈਲੀਕਾਪਟਰ ਉੱਤੋਂ ਘੱਟ ਹੀ ਪੈਰ ਥੱਲੇ ਲਾਹੁੰਦੇ ਹਨ।  ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ, ਅਫ਼ਸਰਾਂ ਨੂੰ ਟੁੱਟੀਆਂ ਸੜਕਾਂ ਦਿਸਦੀਆਂ ਹੀ ਨਹੀਂ, ਕਿਉਂਕਿ ਉਹਨਾਂ ਪਾਸ ਸ਼ਾਕ-ਪਰੂਫ ਸਰਕਾਰੀ ਲਗਜ਼ਰੀ ਗੱਡੀਆਂ ਹੁੰਦੀਆਂ ਹਨ। ਸਦਰ, ਉਪ ਸਦਰ, ਮੰਤਰੀਆਂ ਦੇ ਵਾਹਨਾਂ ਦਾ ਰੋਜ਼ਾਨਾ ਔਸਤਨ 2.43 ਲੱਖ ਰੁਪਏ ਹੁੰਦਾ ਹੈ।  ਸੀ. ਐਮ. ਦੇ ਸਰਕਾਰੀ ਹੈਲੀਕਾਪਟਰ ਦਾ ਰੋਜ਼ਗਾਰ ਖਰਚ ਤਿੰਨ ਲੱਖ ਰੁਪਏ ਹੈ। 

ਉਪ ਮੁੱਖ ਮੰਤਰੀ ਦਾ ਬਿਆਨ ਸੀ ਕਿ ਪੰਜਾਬ ਵਿਚ ਡੇਢ ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਕੁੱਝ ਦਿਨ ਬਾਅਦ ਫੇਰ ਬਿਆਨ ਆਇਆ ਕਿ ਨਿੱਜੀ ਕੰਪਨੀਆਂ ਦੀ ਸਾਂਝ ਪਿਆਲੀ ਨਾਲ ਇੱਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਪੜ੍ਹੇ ਲਿਖੇ ਕਾਬਲ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਕਿਸੇ ਵੀ ਅਫ਼ਸਰ, ਅਧਿਕਾਰੀ, ਅਧਿਆਪਕ ਨੂੰ ਐਕਸਟੈਸ਼ਨ ਨਾ ਦਿੱਤੀ ਜਾਵੇ। ਹਰ ਅਫ਼ਸਰ, ਅਧਿਕਾਰੀ, ਅਧਿਆਪਕ ਨਿਸ਼ਚਿਤ ਮਿਤੀ ਉੱਤੇ ਸੇਵਾ ਮੁਕਤ ਕਰਨਾ ਲਾਜ਼ਮੀ ਹੋਵੇ। ਵਾਧੂ ਪੁਲਿਸ ਜਿਲ੍ਹੇ ਖਤਮ ਕਰਦੇ, ਪੁਲਿਸ ਤੇ ਸਿਵਲ ਅਫ਼ਸਰਾਂ ਅਧਿਕਾਰੀਆਂ ਦੀ ਗਿਣਤੀ ਅੱਧੀ ਕਰ ਦਿੱਤੀ ਜਾਵੇ। ਵਾਧੂ ਮੰਤਰੀ, ਗੈਰ ਸੰਵਿਧਾਨਕ ਤੌਰ ਉੱਤੇ ਰੱਖੇ ਸਾਰੇ 21 ਮੁੱਖ ਸੰਸਦੀ ਸਕੱਤਰ ਤੇ ਉਹਨਾਂ ਦਾ ਸਾਰਾ ਅਮਲਾ ਹਟਾਇਆ ਜਾਵੇ, ਘਾਟੇ ਵਿਚ ਜਾ ਰਹੇ ਕਮਿਸ਼ਨਾਂ, ਨਿਗਮਾਂ ਦੇ ਚੇਅਰਮੈਨ, ਉਪ ਚੇਅਰਮੈਨ ਤੇ ਇਹਨਾਂ ਦਾ ਸਾਰਾ ਅਮਲਾ ਹਟਾਇਆ ਜਾਵੇ। ਸਰਕਾਰੀ ਸਮਾਗਮਾਂ, ਉਦਘਾਟਨਾਂ, ਸਮੇਂ ਬੇਤਹਾਸ਼ਾ ਖਰਚ ਘੱਟ ਕੀਤਾ ਜਾਵੇ। ਸਲਾਹਕਾਰ, ਪ੍ਰੈਸ ਸਲਾਹਕਾਰ, ਨਿੱਜੀ ਤੇ ਸਿਆਸੀ ਸਲਾਹਕਾਰ ਹਟਾਏ ਜਾਣ, ਸਰਕਾਰੀ ਖਜ਼ਾਨੇ ਵਿਚੋਂ ਮੋਟੀ ਤਨਖਾਹ ਲੈ ਰਹੇ ਡੇਢ ਸੌ ਦੇ ਕਰੀਬ ਲਾਅ ਅਫ਼ਸਰ ਹਟਾ ਕੇ ਦਸ ਲਾਅ ਅਫ਼ਸਰ ਹੀ ਰੱਖੇ ਜਾਣ, ਪੰਜਾਬ ਪਬਲਿਕ  ਸਰਵਿਸ ਕਮਿਸ਼ਨ ਲਈ ਦੇਣ ਲਈ ਨੌਕਰੀਆਂ ਤਾਂ ਹਨ ਨਹੀਂ, ਫੇਰ ਕਮਿਸ਼ਨ ਦੇ ਬਾਰ੍ਹਾਂ ਮੈਂਬਰ ਕੀ ਕਰਦੇ ਹਨ  ?  ਕਮਿਸ਼ਨ ਦੇ ਸਿਰਫ ਤਿੰਨ ਮੈਂਬਰ ਹੋਣੇ ਚਾਹੀਦੇ ਹਨ। ਕਰਿਕਟ ਵਰਗੀ ਕਰੋੜਪਤੀਆਂ ਦੀ ਵਪਾਰਕ ਖੇਡ ਲਈ ਮਨੋਰੰਜਨ ਟੈਕਸ ਮਾਫ਼ ਨਹੀਂ ਹੋਣਾ ਚਾਹੀਦਾ, ਗਊਸ਼ਾਲਾਵਾਂ, ਡੇਰਿਆਂ ਹੋਰ ਐਸੇ ਸਥਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨਹੀਂ ਹੋਣੀ ਚਾਹੀਦੀ। ਇਹਨਾਂ ਸਾਰਿਆਂ ਨਜਾਇਜ਼ ਖਰਚਿਆਂ ਤੋਂ ਬਚਿਆ ਕਰੋੜਾਂ ਰੁਪਇਆ, ਨਵੇਂ ਉਦਯੋਗ ਪੈਂਦਾ ਕਰਨ ਤੇ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਖਰਚਿਆ ਜਾਣਾ ਚਾਹੀਦਾ ਹੈ। ਬੇਰੋਜ਼ਗਾਰੀ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਹੇ ਨੌਜਵਾਨ ਤੇ ਕਿਸਾਨਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ। ਵਰਨਾ ਨੌਜਵਾਨ ਨੂੰ ਇਨਕਲਾਬੀ ਰਾਹ ਅਪਨਾਉਣ ਤੋਂ ਰੋਕਣਾ ਮੁਸ਼ਕਲ ਹੋਵੇਗਾ। ਇਹ ਬੇਪ੍ਰਵਾਹ ਪੰਜਾਬ ਦੇ ਮੌਤ ਨੂੰ ਮਖੌਲ ਕਰਨ, ਮਰਨ ਥੀਂ ਨਹੀਂ ਡਰਦੇ।

ਥਾਂ-ਥਾਂ ਫਿਰਦੀਆਂ ਲੋਕਾਂ ਨੂੰ ਵੱਢਦੀਆਂ ਆਵਾਰਾ ਕੁੱਤਿਆਂ ਦੀਆਂ ਢਾਣੀਆਂ, ਮਨੁੱਖਾਂ ਨੂੰ ਢੁੱਡਾਂ ਨਾਲ ਜਾਨੋ ਮਾਰਨ ਵਾਲੇ ਅਵਾਰਾ ਸਾਨ੍ਹਾਂ ਨੂੰ ਮਾਰਨਾ ਮਨ੍ਹਾ ਹੈ।  ਕੁੱਤਿਆਂ ਤੇ ਸਾਨ੍ਹਾਂ ਦੀ ਜਾਨ ਪਿਆਰੀ ਹੈ। ਫਿਰਕੂ ਜ਼ਹਿਰ ਦੇ ਅਤਿਵਾਦ ਦੇ ਵਿਰੋਧੀ ਲੋਕ ਪੱਖੀ ਡਾ. ਨਰਿੰਦਰ ਡਾਭੋਲਕਰ, ਗੋਬਿੰਦ ਪਨਸਾਰੇ, ਸਾਧੂ ਸਿੰਘ ਤਖਤੂਪੁਰ, ਪ੍ਰੋ: ਐਮ. ਐਮ. ਕੁਲਬਰਗੀ ਨੂੰ ਨਿਗਲ ਲਿਆ।

ਵੱਧ ਰਿਹਾ ਹੈ- ਅੰਧ ਵਿਸ਼ਵਾਸ, ਕਰਮਕਾਂਡ, ਸੰਸਥਾਵਾਂ ਦਾ ਪੀਲਾਕਰਨ, ਉਪਭੋਗਤਾਵਾਦ, ਬੁਨਿਆਦਵਾਦ, ਸੰਪਰਦਾਇਕਤਾ, ਪੁਨਰ ਸੁਰਜੀਤੀਵਾਦ, ਪਾਖੰਡੀ ਸਾਧਾਂ, ਬਾਬਿਆਂ, ਸਵਾਮੀਆਂ, ਯੋਗੀਆਂ, ਭੋਗੀਆਂ ਨੂੰ ਮਿਲੀਆਂ ਹੋਈਆਂ ਹਨ – ਲਾਲ ਬੱਤੀ ਵਾਲੀਆਂ ਸਰਕਾਰੀ ਕਾਰਾਂ ਤੇ ਜ਼ੈਡ ਪਲੱਸ ਸਕਿਉਰਿਟੀ। ਮਨੁੱਖ ਚੌਰਾਹਿਆਂ ਉੱਤੇ ਭੀਖ ਮੰਗਦਾ, ਲੇਬਰ ਚੌਕਾਂ ਉੱਤੇ ਦਿਹਾੜੀ ਲਈ ਭੱਜਦਾ ਹੈ, ਬਚਪਨ ਰੂੜੀਆਂ ਫੋਲਦਾ ਹੈ।  ਕਾਲਾ ਡੇਂਗੂ ਕਦੀ ਗਿਆ ਹੀ ਨਹੀਂ, ਚਿੱਟੀ ਮੱਖੀ ਹਾਜ਼ਰ ਹੈ, ਮਾਰੂ ਕਾਂਗਰਸ ਘਾਹ ਹੈ, ਜ਼ਹਿਰੀਲੀ ਅਮਰੀਕਨ ਸੁੰਡੀ ਹੈ, ਫੈਲ ਰਿਹਾ ਹੈ ਕੈਂਸਰ, ਨਿੱਤ ਹੋ ਰਿਹਾ ਕੰਜਕਾਂ ਦਾ ਬਲਾਤਕਾਰ ਹੈ, ਰਿਸ਼ਵਤਖੋਰੀ, ਮਾਲਦਾਰਾਂ ਦੀ ਟੈਕਸ -ਬਿਜਲੀ ਚੋਰੀ, ਮੁਨਾਫਾਖੋਰੀ, ਝੂਠੇ ਪੁਲਿਸ ਮੁਕਾਬਲੇ, ਝੂਠੇ ਗਵਾਹ, ਅਦਾਲਤਾਂ, ਵਕੀਲਾਂ ਦੇ ਕੈਬਨਾਂ ਵਿਚ ਮਹਿੰਗਾ ਵਿਕਦਾ ਨਿਆਂ, ਥਾਣੇ, ਜਿਹਲਾਂ, ਮਾਲਖਾਨੇ ਕਹਿਰ ਦੇ ਘਰ, ਟੈਕਸ ਹੋਰ ਟੈਕਸ, ਗਰੀਬੀ, ਭੁੱਖਮਰੀ, ਝੂਠ, ਫਰੇਬ, ਮੱਦਕਾਰੀ ਦੀ ਹਨੇਰੀ, ਬੇਘਰਤਾ, ਬੇਚੈਨੀ-ਮਾਨਸਿਕ ਰੋਗ, ਭੂਮੀਮਾਫੀਆ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਡਰੱਗ, ਸ਼ਰਾਬ ਮਾਫੀਆ ਦਾ ਰਾਜ, ਅਨਪੜ੍ਹਤਾ, ਵਹਿਮਪ੍ਰਸਤੀ, ਪੁਜਾਰੀਆਂ ਤੇ ਵਿਹਲੇ ਚੇਲਿਆਂ ਦੀ ਲੱਖਾਂ ਦੀ ਗਿਣਤੀ, ਪ੍ਰਸਾਸ਼ਨ ਦੀ ਨਸ ਨਸ ਵਿੱਚ ਫੈਲਿਆ ਭ੍ਰਿਸ਼ਟਾਚਾਰ, ਵਡਿਆਂ ਦਾ ਵਹਿਲੜਪੁਣਾ, ਵੋਟਾਂ ਦੀ ਵਿਕਰੀ, ਅਧੀਨਤਾ, ਲੁੱਟਾਂ, ਖੋਹਾਂ, ਝਪਟਮਾਰਾਂ, ਅਗਵਾਹ, ਜਿਸਮਫਰੋਸ਼ੀ, ਨੰਗੇਜ, ਈਮਾਨਫਰੋਸ਼ੀ, ਜ਼ਹਿਰੀਲਾ ਪਾਣੀ, ਮਿਲਾਵਟ, ਕਾਕਿਆਂ ਦਾ ਖਰੂਦ, ਅਪਰਾਧੀਕਰਨ, ਟੁੱਟੀਆਂ ਸੜਕਾਂ, ਖਾਲੀ ਸਰਕਾਰੀ ਡਿਸਪੈਂਸਰੀਆਂ, ਮੀਡੀਆ ਉੱਤੇ ਚੱਲਦੇ ਅਸ਼ਲੀਲ ਡਾਂਸ, ਸ਼ਰਾਬ, ਬੰਦੂਕ ਦੇ ਗੀਤ, ਕੁਪੋਸ਼ਨ, ਕਾਲਾ ਧਨ, ਜੰਗਲਾਤਹੀਣਤਾ, ਦਰਜਨਾ ਮਜ਼ਹਬੀ ਜਨੰੂਨ ਦੇ ਚੈਨਲ, ਖੁਸ ਰਹੀਆਂ ਪੈਲੀਆਂ, ਫੈਲ ਰਹੇ ਸੋਨੇ ਲੱਦੇ ਧਾਰਮਿਕ ਅਸਥਾਨ, ਮਿਲਾਵਟੀ ਦਵਾਈਆਂ ਤੇ ਠੰਡਿਆਂ ਦੀ ਅਰਬਾਂ ਦੀ ਸਨਅਤ, ਸਾਰੇ ਵਪਾਰ, ਸਾਰੀਆਂ ਪਦਵੀਆਂ ਸਰਕਾਰੀ ਰਿਸ਼ਤੇਦਾਰਾਂ ਦੇ ਕਬਜ਼ੇ ਹੇਠ, ਗਰੀਬਾਂ ਲਈ ਕੱਚੀਆਂ ਤੇ ਠੇਕੇ ਉੱਤੇ ਆਰਜ਼ੀ ਭਰਤੀਆਂ, ਫਰਜ਼ੀ ਸਕੀਮਾਂ, ਜਾਹਲੀ ਯੂਨੀਵਰਸਿਟੀਆਂ, ਵਿਕਦੀਆਂ ਜਾਹਲੀ ਡਿਗਰੀਆਂ, ਕਿਰਾਏ ਦੀਆਂ ਰੈਲੀਆਂ, ਆਦਿ।

ਪੰਜਾਬ ਦੇ ਭ੍ਰਿਸ਼ਟ ਇਕ ਸਾਬਕਾ ਮੰਤਰੀ ਨੂੰ ਤਿੰਨ ਸਾਲ ਦੀ ਕੈਦ, ਇਕ ਕਰੋੜ ਰੁਪਏ ਜੁਰਮਾਨਾ, 11 ਸੰਪਤੀਆਂ ਜ਼ਬਤ, ਕੋਰਟ ਵੱਲੋਂ ਜਮਾਨਤ ਉੱਤੇ ਰਿਹਾਅ ਹੋਣ ਉੱਤੇ ਪੱਤਲਚੱਟਾਂ ਦੀ ਭੀੜ ਨੇ ਬੈਂਡ-ਵਾਜੇ ਨਾਲ ਉਸ ਦਾ ਸਵਾਗਤ ਕੀਤਾ। ਸਿਖਰ ਉੱਤੇ ਹੈ ਚਾਪਲੂਸੀ, ਜੀ ਹਜ਼ੂਰੀ ਕਲਚਰ, ਵੱਡੇ ਮੁਨਾਫੇ ਉੱਤੇ ਚੱਲ ਰਹੀ ਹੈ ਟਰਾਂਸਫਰ ਤੇ ਪਰਮੋਸ਼ਨ ਟਰੇਡ, ਗੁਦਾਮਾਂ ਵਿੱਚ ਅਨਾਜ ਸਟੋਰ ਕਰਨ ਲਈ ਥਾਂ ਨਹੀਂ ਹੈ। ਲੱਖਾਂ ਟਨ ਅਨਾਜ, ਨੰਗੇ ਅਸਮਾਨ ਹੇਠ ਪਿਆ ਰੁਲਦਾ ਹੈ, ਚੂਹੇ ਤੇ ਕਬੂਤਰ ਰੱਜਦੇ ਹਨ, ਮਨੁੱਖ ਭੁੱਖਾ ਮਰਦਾ ਹੈ। ਸਰਕਾਰੀ ਸਿਆਸੀ ਆਗੂ ਤੇ ਚੜ੍ਹਾਵੇ ਦੀ ਮਾਇਆ ਖਾਣੇ ਪੁਜਾਰੀ, ਚੰਦ ਉੱਤੇ ਪਲਾਟ ਖਰੀਦ ਰਹੇ ਹਨ, ਕਿਰਤੀ ਕਾਮਾ, ਵਾਹੀਕਾਰ ਹਨੇਰੀਆਂ ਗੁਫਾਵਾਂ ਵਿਚ ਹੇਠਾਂ ਲਹਿੰਦਾ ਜਾ ਰਿਹਾ ਹੈ। ਮਿਹਨਤ ਨੂੰ ਲੁਟੇਰੇ ਮੰਤਰੀਆਂ, ਅਫਸਰਾਂ ਦੇ ਕੁੱਤੇ ਵਿਦੇਸ਼ੀ ਚਿਕਨ ਵਾਂਗ ਖਾਂਦੇ, ਵਿਦੇਸ਼ੀ ਏ. ਸੀ. ਕਾਰਾਂ ਵਿਚ ਘੁੰਮਦੇ ਹਨ, ਮਿਹਨਤਕਸ਼ ਟੁੱਟੀਆਂ ਸੜਕਾਂ ਉੱਤੇ ਨੰਗੇ ਪੈਰ ਲੁੱਕ ਪਾਉਂਦੇ ਹਨ। ਕਰੋੜਾਂ ਦਿਹਾੜੀਦਾਰ ਔਰਤਾਂ ਪਾਸ ਇੱਕ ਹੀ ਸਾੜ੍ਹੀ ਹੈ, ਜੈ ਲਲਿਤਾ ਪਾਸ ਪੰਜ ਹਜ਼ਾਰ ਸਾਹੜੀਆਂ ਸਨ। ਝੁੱਗੀਆਂ ਝੌਪੜੀਆਂ ਵਿਚ ਰਹਿੰਦੇ ਲੱਖਾਂ ਬੱਚੇ ਨੰਗੇ ਪੈਰੀਂ ਤੁਰਦੇ ਰੱਦੀ ਵਸਤਾਂ ਇਕੱਠੀਆਂ ਕਰਦੇ ਹਨ, ਨਵ- ਮਾਲਦਾ -ਮਾਰਕੋਜ਼- ਮਾਇਆ ਦੇ ਮਹਿਲਾਂ ਦੇ ਤਿੰਨ ਕਮਰੇ, ਸਿਰਫ ਸੈਂਕੜੇ ਮੈਚਿੰਗ ਜੁੱਤੀਆਂ ਰੱਖਣ ਲਈ ਹੀ ਹਨ। ਢੱਠੇ ਘਰਾਂ, ਖੋਲਿਆਂ ਦੀਆਂ ਉਜਤਾੜ ਛੱਤ ਹੀਣੀਆਂ ਕੰਧਾਂ ਉੱਤੇ ਹੁਣ ਗਿਰਝਾਂ ਨਹੀਂ ਬੈਠੀਆਂ, ਆਵਾਰਾ, ਨਸ਼ੇੜੀ ਮੁੰਡੇ ਬੈਠਦੇ ਹਨ- ਸੂਟਾ ਲਾਉਂਦੇ ਹਨ, ਜ਼ਰਦਾ ਮਲਦੇ ਹਨ।

ਆਓ, ਇਹਨਾਂ ਉਦੇਸ਼ਹੀਣੇ ਮੁੰਡਿਆਂ ਨੂੰ ਸੰਘਰਸ਼ ਦਾ ਮੰਤਵ ਦੇਈਏ। ਇਹਨਾਂ ਦੇ ਡੌਲਿਆਂ ਉੱਤੇ ਉਕਰੇ ਸ਼ੇਰਾਂ ਦੇ ਟੈਟੂਆਂ ਵਿੱਚ ਜਾਨ ਪਾਈਏ, ਗਿਦੜੋਂ ਸ਼ੇਰ ਬਣਾਈਏ।  ਜ਼ੁਲਮ ਜਬਰ ਨਾਲ ਲੜਨਾ ਸਿਖਾਈਏ।  ਪੰਜਾਬ ਆਵਾਜ਼ਾਂ ਮਾਰਦਾ ਹੈ।

ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ-141114, ਮੋਬਾਇਲ 94638-08697

ਜਿਊਂਦੇ ਨਹੀਂ, ਸਿਰਫ਼ ਡੰਗ ਟਪਾ ਰਹੇ ਹਨ ਲੋਕ

0

ਜਿਊਂਦੇ ਨਹੀਂ, ਸਿਰਫ਼ ਡੰਗ ਟਪਾ ਰਹੇ ਹਨ ਲੋਕ 

– ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ) – 98146-99446

ਜਦ ਵੀ ਕਿਸੇ ਦਾ ਹਾਲ ਪੁੱਛਦਾ ਹਾਂ ਤਾਂ ਅੱਗਿਓਂ ਜਵਾਬ ਮਿਲਦਾ ਹੈ, ਬੱਸ ਠੀਕ ਆ, ਦਿਨ ਕਟੀ ਵਧੀਆ ਹੋਈ ਜਾਂਦੀ ਆ, ਡੰਗ ਟਪਾ ਛੱਡੀਦਾ ਜਾਂ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ ਹੈ, ਗੱਡੀ ਰੁੜ੍ਹੀ ਜਾਂਦੀ ਆ। ਜਦ ਕਿਸੇ ਨਾਲ ਫੋਨ ’ਤੇ ਗੱਲ ਕਰਦੇ ਹਾਂ, ‘‘ਭਾਈ ਕੀ ਹਾਲ-ਚਾਲ ਹੈ ?’’ ਤਾਂ ਅਗਲਾ ਕਹਿੰਦਾ ਹੈ, ‘ਹਾਲ ਚਾਲ ਤਾਂ ਠੀਕ ਆ ਪਰ ਤੇਰੇ ਵਰਗੇ ਨਹੀਂ।’ ਮਤਲਬ ਕਿ ਕੋਈ ਵੀ ਜਵਾਬ ਚੜ੍ਹਦੀ ਕਲਾ ਵਿਚ ਨਹੀਂ ਮਿਲਦਾ। ਕਦੇ-ਕਦੇ ਦਿਲ ’ਚ ਖ਼ਿਆਲ ਆਉਦਾ ਹੈ ਕਿ ਕੀ ਇਹ ਹਾਲ-ਚਾਲ ਸਿਰਫ਼ ਪੈਸੇ ਨਾਲ ਹੀ ਜੁੜਿਆ ਹੋਇਆ ਹੈ, ਪਰ ਨਹੀਂ, ਕਈ ਬਹੁਤ ਵੱਡੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਵੀ ਅੱਗਿਓਂ ਘੁਟਵੀਂ ਜਿਹੀ ਆਵਾਜ਼ ’ਚ ਇਹੀਓ ਜਵਾਬ ਮਿਲਦਾ ਹੈ, ‘ਠੀਕ ਆਂ….ਆਪਣਾ ਸੁਣਾਓ, ਸਾਡੇ ਕਾਹਦੇ ਹਾਲ !’

ਕੀ ਸਾਡੇ ਲੋਕਾਂ ਦਾ ਜਿਉਣਾ ਪਸ਼ੂਆਂ ਤੋਂ ਵੀ ਭੈੜਾ ਹੋ ਗਿਆ ਹੈ ?  ਡੰਗ ਤਾਂ ਉਹ ਵੀ ਟਪਾ ਲੈਂਦੇ ਨੇ। ਚੋਗਾ ਤਾਂ ਜਾਨਵਰ ਵੀ ਆਪਣੇ ਬੱਚਿਆਂ ਲਈ ਇਕੱਠਾ ਕਰ ਲੈਂਦੇ ਹਨ, ਪਰ ਮਨੁੱਖ ਲਈ ਇਹ ਕਿਹੋ ਜਿਹੀ ਆਫ਼ਤ ਆ ਗਈ ਕਿ ਘੋਰ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਇਆ ਕਹਿੰਦਾ ਹੈ ਕਿ ਸਮਾਂ ਲੰਘੀ ਜਾਂਦਾ ਹੈ।  ਕੀ ਅਸੀਂ ਇੱਥੇ ਸਿਰਫ਼ ਸਮਾਂ ਬਤੀਤ ਕਰਨ ਲਈ ਹੀ ਆਏ ਹਾਂ ?  ਕੀ ਕੁਦਰਤ ਨੇ ਸਾਨੂੰ ਸਿਰਫ਼ ਡੰਗ ਟਪਾਉਣ ਲਈ ਹੀ ਇਸ ਧਰਤੀ ’ਤੇ ਭੇਜਿਆ ਹੈ ? ਨਹੀਂ, ਸਾਡੇ ਹੋਰ ਵੀ ਕਈ ਕਰਮ ਹਨ। ਇਹ ਮਨੁੱਖਾ ਜਨਮ ਸਾਨੂੰ ਬੜੀ ਔਖ ਨਾਲ ਨਸੀਬ ਹੋਇਆ ਹੈ। ਇਸ ਜੂਨੇ ਆਉਣ ਲਈ ਤਾਂ ਦੇਵਤੇ ਵੀ ਤਰਸਦੇ ਨੇ। ਫਿਰ ਕੀ ਕਾਰਨ ਹੈ ਕਿ ਮਾਡਰਨ ਮਨੁੱਖ ਜਿਸ ਨੇ ਬਹੁਤ ਤਰੱਕੀ ਕਰ ਘਰ, ਕੋਠੀਆਂ ਕੱਚਿਆਂ ਨੂੰ ਢਾਹ ਕੇ ਪੱਕੇ ਤਾਂ ਬਣਾ ਲਏ ਪਰ ਆਪਣੇ ਇਰਾਦੇ ਕੱਚੇ ਹੀ ਰਹਿ ਗਏ।

ਬਹੁਤ ਸਾਰੇ ਲੋਕ ਸਾਨੂੰ-ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ, ਜੋ ਕਹਿਣਗੇ ਕਿ ਯਾਰ ਵਧੀਆ ਗੱਲ ਹੋਵੇ, ਜੇਕਰ ਕੋਈ ਹੜ੍ਹ ਜਾਂ ਭੂਚਾਲ ਆ ਜਾਵੇ ਜਾਂ ਕੋਈ ਐਟਮ ਬੰਬ ਫਟ ਜਾਵੇ, ਆਪਾਂ ਸਾਰੇ ਮਰ ਜਾਈਏ। ਅਜਿਹੀ ਨਿਰਾਸ਼ਾਵਾਦੀ ਸੋਚ ਵਾਲੇ ਮਨੁੱਖ ਆਪ ਤਾਂ ਡੁਬਦੇ ਹੀ ਨੇ, ਹੋਰਾਂ ਨੂੰ ਵੀ ਨਾਲ ਲੈ ਡੁਬਦੇ ਹਨ। ਨਿਰਾਸ਼ਾ ਤਾਂ ਇਕੱਲੇ-ਇਕਹਿਰੇ ਨੂੰ ਹੁੰਦੀ ਹੈ ਪਰ ਉਹ ਮਾਰਦੀ ਸਾਰੀ ਦੁਨੀਆਂ ਨੂੰ ਵੇਖਣਾ ਚਾਹੁੰਦਾ ਹੈ ਕਿਉਕਿ ਉਸ ਵਿਚ ਇਕੱਲਿਆਂ ਮਰਨ ਦੀ ਵੀ ਹਿੰਮਤ ਨਹੀਂ ਹੁੰਦੀ।  ਅਜਿਹੇ ਮਨੁੱਖ ਜ਼ਿੰਦਗੀ ਵਿਚ ਸਫਲ ਨਹੀਂ ਹੁੰਦੇ। ਅਜਿਹੇ ਨਿਰਾਸ਼ਾਵਾਦੀ ਮਨੁੱਖ ਮਿਹਨਤ ਨਾਲੋਂ ਕਿਸਮਤ ’ਤੇ ਜ਼ਿਆਦਾ ਭਰੋਸਾ ਰੱਖਦੇ ਹਨ। ਜੋ ਹੋਵੇਗਾ ਵੇਖ ਲਵਾਂਗੇ। ਹੱਥਾਂ ’ਤੇ ਹੱਥ ਧਰ ਕੇ ਬੈਠੇ ਅਜਿਹੇ ਲੋਕ ਸਿਰਫ਼ ਤੇ ਸਿਰਫ਼ ਇਸ ਧਰਤੀ ’ਤੇ ਬੋਝ ਹੀ ਹਨ, ਜੋ ਸਵੇਰੇ ਉੱਠਦੇ ਹਨ, ਖਾ-ਪੀ ਕੇ ਫਿਰ ਸੌਂ ਜਾਂਦੇ ਹਨ ਜਾਂ ਚਾਰ ਇੱਧਰ ਦੀਆਂ, ਚਾਰ ਉੱਧਰ ਦੀਆਂ ਮਾਰ ਕੇ, ਦੋ-ਚਾਰ ਦੀਆਂ ਚੁਗ਼ਲੀਆਂ ਕਰ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਹਨ।

ਦੂਜੇ ਪਾਸੇ ਮਿਹਨਤ ਮੁਸ਼ੱਕਤ ਕਰਨ ਵਾਲੇ ਇਨਸਾਨ ਵੀ ਹਨ, ਜੋ ਆਪਣੇ ਹੱਥਾਂ ਦੀਆਂ ਲਕੀਰਾਂ ਅਤੇ ਮੱਥੇ ਦੀਆਂ ਤਕਦੀਰਾਂ ਨੂੰ ਆਪ ਘੜਦੇ ਹਨ। ਉਹ ਕਿਸੇ ਪਾਂਡੇ ਨੂੰ ਹੱਥ ਨਹੀਂ ਦਿਖਾਉਦੇ ਕਿ ਤੂੰ ਦੱਸ, ਮੇਰੀ ਜ਼ਿੰਦਗੀ ਵਿੱਚ ਕੀ-ਕੀ ਵਾਪਰੇਗਾ। ਹੱਥ ਦਿਖਾਉਣੇ ਜਾਂ ਕੁੰਡਲੀਆਂ ਬਣਵਾਉਣੀਆਂ ਵੀ ਨਿਰਾਸ਼ਤਾ ਦਾ ਪ੍ਰਤੀਕ ਹੀ ਹੁੰਦਾ ਹੈ। ਤੁਸੀਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਲੀਹ ’ਤੇ ਚਾੜ੍ਹੋ, ਫਿਰ ਦੇਖੋ ਹੌਲ਼ੀ-ਹੌਲ਼ੀ ਇਹ ਗੱਡੀ ਆਪੇ ਭੱਜਣ ਲੱਗ ਪਵੇਗੀ।  ਜਦ ਕੁਦਰਤ ਨੇ ਹਰੇਕ ਮਨੁੱਖ ਨੂੰ ਦੋ ਹੱਥ, ਦੋ ਪੈਰ ਦਿੱਤੇ ਹਨ ਤਾਂ ਸਾਨੂੰ ਬਿਗਾਨੇ ਹੱਥਾਂ ਵੱਲ ਨਹੀਂ ਤੱਕਣਾ ਚਾਹੀਦਾ।  ਇੱਥੋਂ ਤੱਕ ਕਿ ਅਪੰਗ ਵਿਅਕਤੀ ਵੀ ਆਪਣਾ ਕਰ ਕੇ ਖਾਣ ਦੀ ਸਮਰੱਥਾ ਰੱਖਦਾ ਹੈ।

ਜ਼ਿੰਦਗੀ ਇਕ ਸੰਘਰਸ਼ ਹੈ, ਜੋ ਇਸ ਨਾਲ ਤਨਦੇਹੀ ਨਾਲ ਲੜਦਾ ਹੈ, ਉਹੀ ਜਿੱਤ ਪ੍ਰਾਪਤ ਕਰਦਾ ਹੈ। ਬਾਕੀ ਦੁੱਖ-ਸੁੱਖ ਤਾਂ ਹਰੇਕ ਦੀ ਜ਼ਿੰਦਗੀ ਵਿੱਚ ਆਉਦੇ ਜਾਂਦੇ ਹਨ। ਦੁੱਖਾਂ ਤੋਂ ਘਬਰਾ ਕੇ ਆਤਮ ਹੱਤਿਆ ਕਰ ਲੈਣੀ ਜਾਂ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਮਰਨਾ ਕੋਈ ਬਹਾਦਰੀ ਨਹੀਂ ਹੁੰਦੀ। ਬਹਾਦਰੀ ਤਾਂ ਇਸ ਗੱਲ ਵਿੱਚ ਹੈ ਕਿ ਅਸੀਂ ਜ਼ਿੰਦਗੀ ਦੀ ਲੜਾਈ ਦਲੇਰੀ ਨਾਲ ਕਿਵੇਂ ਲੜਨੀ ਹੈ ਅਤੇ ਹਰ ਔਕੁੜ ਨੂੰ ਖਿੜੇ ਮੱਥੇ ਕਿਵੇਂ ਬਰਦਾਸ਼ਤ ਕਰਨਾ ਹੈ। ਫਿਰ ਇਹ ਜ਼ਿੰਦਗੀ ਸਾਨੂੰ ਬੋਝ ਨਹੀਂ, ਸਗੋਂ ਸੁਖਦਾਈ ਲੱਗੇਗੀ। ਜ਼ਿੰਦਗੀ ਸਿਰਫ਼ ਡੰਗ ਟਪਾਉਣ ਲਈ ਨਹੀਂ, ਸਗੋਂ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਜ਼ਿੰਦਗੀ ਦੀ ਇਸ ਖ਼ੂਬਸੂਰਤੀ ਨੂੰ ਮਾਣਦੇ ਹੋਏ ਆਓ, ਜਿਊਣਾ ਸਿੱਖੀਏ।

Most Viewed Posts