ਜਿਊਂਦੇ ਨਹੀਂ, ਸਿਰਫ਼ ਡੰਗ ਟਪਾ ਰਹੇ ਹਨ ਲੋਕ

0
326

ਜਿਊਂਦੇ ਨਹੀਂ, ਸਿਰਫ਼ ਡੰਗ ਟਪਾ ਰਹੇ ਹਨ ਲੋਕ 

– ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ) – 98146-99446

ਜਦ ਵੀ ਕਿਸੇ ਦਾ ਹਾਲ ਪੁੱਛਦਾ ਹਾਂ ਤਾਂ ਅੱਗਿਓਂ ਜਵਾਬ ਮਿਲਦਾ ਹੈ, ਬੱਸ ਠੀਕ ਆ, ਦਿਨ ਕਟੀ ਵਧੀਆ ਹੋਈ ਜਾਂਦੀ ਆ, ਡੰਗ ਟਪਾ ਛੱਡੀਦਾ ਜਾਂ ਤੋਰੀ ਫੁਲਕਾ ਵਧੀਆ ਚੱਲੀ ਜਾਂਦਾ ਹੈ, ਗੱਡੀ ਰੁੜ੍ਹੀ ਜਾਂਦੀ ਆ। ਜਦ ਕਿਸੇ ਨਾਲ ਫੋਨ ’ਤੇ ਗੱਲ ਕਰਦੇ ਹਾਂ, ‘‘ਭਾਈ ਕੀ ਹਾਲ-ਚਾਲ ਹੈ ?’’ ਤਾਂ ਅਗਲਾ ਕਹਿੰਦਾ ਹੈ, ‘ਹਾਲ ਚਾਲ ਤਾਂ ਠੀਕ ਆ ਪਰ ਤੇਰੇ ਵਰਗੇ ਨਹੀਂ।’ ਮਤਲਬ ਕਿ ਕੋਈ ਵੀ ਜਵਾਬ ਚੜ੍ਹਦੀ ਕਲਾ ਵਿਚ ਨਹੀਂ ਮਿਲਦਾ। ਕਦੇ-ਕਦੇ ਦਿਲ ’ਚ ਖ਼ਿਆਲ ਆਉਦਾ ਹੈ ਕਿ ਕੀ ਇਹ ਹਾਲ-ਚਾਲ ਸਿਰਫ਼ ਪੈਸੇ ਨਾਲ ਹੀ ਜੁੜਿਆ ਹੋਇਆ ਹੈ, ਪਰ ਨਹੀਂ, ਕਈ ਬਹੁਤ ਵੱਡੇ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਵੀ ਅੱਗਿਓਂ ਘੁਟਵੀਂ ਜਿਹੀ ਆਵਾਜ਼ ’ਚ ਇਹੀਓ ਜਵਾਬ ਮਿਲਦਾ ਹੈ, ‘ਠੀਕ ਆਂ….ਆਪਣਾ ਸੁਣਾਓ, ਸਾਡੇ ਕਾਹਦੇ ਹਾਲ !’

ਕੀ ਸਾਡੇ ਲੋਕਾਂ ਦਾ ਜਿਉਣਾ ਪਸ਼ੂਆਂ ਤੋਂ ਵੀ ਭੈੜਾ ਹੋ ਗਿਆ ਹੈ ?  ਡੰਗ ਤਾਂ ਉਹ ਵੀ ਟਪਾ ਲੈਂਦੇ ਨੇ। ਚੋਗਾ ਤਾਂ ਜਾਨਵਰ ਵੀ ਆਪਣੇ ਬੱਚਿਆਂ ਲਈ ਇਕੱਠਾ ਕਰ ਲੈਂਦੇ ਹਨ, ਪਰ ਮਨੁੱਖ ਲਈ ਇਹ ਕਿਹੋ ਜਿਹੀ ਆਫ਼ਤ ਆ ਗਈ ਕਿ ਘੋਰ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਇਆ ਕਹਿੰਦਾ ਹੈ ਕਿ ਸਮਾਂ ਲੰਘੀ ਜਾਂਦਾ ਹੈ।  ਕੀ ਅਸੀਂ ਇੱਥੇ ਸਿਰਫ਼ ਸਮਾਂ ਬਤੀਤ ਕਰਨ ਲਈ ਹੀ ਆਏ ਹਾਂ ?  ਕੀ ਕੁਦਰਤ ਨੇ ਸਾਨੂੰ ਸਿਰਫ਼ ਡੰਗ ਟਪਾਉਣ ਲਈ ਹੀ ਇਸ ਧਰਤੀ ’ਤੇ ਭੇਜਿਆ ਹੈ ? ਨਹੀਂ, ਸਾਡੇ ਹੋਰ ਵੀ ਕਈ ਕਰਮ ਹਨ। ਇਹ ਮਨੁੱਖਾ ਜਨਮ ਸਾਨੂੰ ਬੜੀ ਔਖ ਨਾਲ ਨਸੀਬ ਹੋਇਆ ਹੈ। ਇਸ ਜੂਨੇ ਆਉਣ ਲਈ ਤਾਂ ਦੇਵਤੇ ਵੀ ਤਰਸਦੇ ਨੇ। ਫਿਰ ਕੀ ਕਾਰਨ ਹੈ ਕਿ ਮਾਡਰਨ ਮਨੁੱਖ ਜਿਸ ਨੇ ਬਹੁਤ ਤਰੱਕੀ ਕਰ ਘਰ, ਕੋਠੀਆਂ ਕੱਚਿਆਂ ਨੂੰ ਢਾਹ ਕੇ ਪੱਕੇ ਤਾਂ ਬਣਾ ਲਏ ਪਰ ਆਪਣੇ ਇਰਾਦੇ ਕੱਚੇ ਹੀ ਰਹਿ ਗਏ।

ਬਹੁਤ ਸਾਰੇ ਲੋਕ ਸਾਨੂੰ-ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ, ਜੋ ਕਹਿਣਗੇ ਕਿ ਯਾਰ ਵਧੀਆ ਗੱਲ ਹੋਵੇ, ਜੇਕਰ ਕੋਈ ਹੜ੍ਹ ਜਾਂ ਭੂਚਾਲ ਆ ਜਾਵੇ ਜਾਂ ਕੋਈ ਐਟਮ ਬੰਬ ਫਟ ਜਾਵੇ, ਆਪਾਂ ਸਾਰੇ ਮਰ ਜਾਈਏ। ਅਜਿਹੀ ਨਿਰਾਸ਼ਾਵਾਦੀ ਸੋਚ ਵਾਲੇ ਮਨੁੱਖ ਆਪ ਤਾਂ ਡੁਬਦੇ ਹੀ ਨੇ, ਹੋਰਾਂ ਨੂੰ ਵੀ ਨਾਲ ਲੈ ਡੁਬਦੇ ਹਨ। ਨਿਰਾਸ਼ਾ ਤਾਂ ਇਕੱਲੇ-ਇਕਹਿਰੇ ਨੂੰ ਹੁੰਦੀ ਹੈ ਪਰ ਉਹ ਮਾਰਦੀ ਸਾਰੀ ਦੁਨੀਆਂ ਨੂੰ ਵੇਖਣਾ ਚਾਹੁੰਦਾ ਹੈ ਕਿਉਕਿ ਉਸ ਵਿਚ ਇਕੱਲਿਆਂ ਮਰਨ ਦੀ ਵੀ ਹਿੰਮਤ ਨਹੀਂ ਹੁੰਦੀ।  ਅਜਿਹੇ ਮਨੁੱਖ ਜ਼ਿੰਦਗੀ ਵਿਚ ਸਫਲ ਨਹੀਂ ਹੁੰਦੇ। ਅਜਿਹੇ ਨਿਰਾਸ਼ਾਵਾਦੀ ਮਨੁੱਖ ਮਿਹਨਤ ਨਾਲੋਂ ਕਿਸਮਤ ’ਤੇ ਜ਼ਿਆਦਾ ਭਰੋਸਾ ਰੱਖਦੇ ਹਨ। ਜੋ ਹੋਵੇਗਾ ਵੇਖ ਲਵਾਂਗੇ। ਹੱਥਾਂ ’ਤੇ ਹੱਥ ਧਰ ਕੇ ਬੈਠੇ ਅਜਿਹੇ ਲੋਕ ਸਿਰਫ਼ ਤੇ ਸਿਰਫ਼ ਇਸ ਧਰਤੀ ’ਤੇ ਬੋਝ ਹੀ ਹਨ, ਜੋ ਸਵੇਰੇ ਉੱਠਦੇ ਹਨ, ਖਾ-ਪੀ ਕੇ ਫਿਰ ਸੌਂ ਜਾਂਦੇ ਹਨ ਜਾਂ ਚਾਰ ਇੱਧਰ ਦੀਆਂ, ਚਾਰ ਉੱਧਰ ਦੀਆਂ ਮਾਰ ਕੇ, ਦੋ-ਚਾਰ ਦੀਆਂ ਚੁਗ਼ਲੀਆਂ ਕਰ ਕੇ ਆਪਣਾ ਟਾਈਮ ਪਾਸ ਕਰ ਲੈਂਦੇ ਹਨ।

ਦੂਜੇ ਪਾਸੇ ਮਿਹਨਤ ਮੁਸ਼ੱਕਤ ਕਰਨ ਵਾਲੇ ਇਨਸਾਨ ਵੀ ਹਨ, ਜੋ ਆਪਣੇ ਹੱਥਾਂ ਦੀਆਂ ਲਕੀਰਾਂ ਅਤੇ ਮੱਥੇ ਦੀਆਂ ਤਕਦੀਰਾਂ ਨੂੰ ਆਪ ਘੜਦੇ ਹਨ। ਉਹ ਕਿਸੇ ਪਾਂਡੇ ਨੂੰ ਹੱਥ ਨਹੀਂ ਦਿਖਾਉਦੇ ਕਿ ਤੂੰ ਦੱਸ, ਮੇਰੀ ਜ਼ਿੰਦਗੀ ਵਿੱਚ ਕੀ-ਕੀ ਵਾਪਰੇਗਾ। ਹੱਥ ਦਿਖਾਉਣੇ ਜਾਂ ਕੁੰਡਲੀਆਂ ਬਣਵਾਉਣੀਆਂ ਵੀ ਨਿਰਾਸ਼ਤਾ ਦਾ ਪ੍ਰਤੀਕ ਹੀ ਹੁੰਦਾ ਹੈ। ਤੁਸੀਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਲੀਹ ’ਤੇ ਚਾੜ੍ਹੋ, ਫਿਰ ਦੇਖੋ ਹੌਲ਼ੀ-ਹੌਲ਼ੀ ਇਹ ਗੱਡੀ ਆਪੇ ਭੱਜਣ ਲੱਗ ਪਵੇਗੀ।  ਜਦ ਕੁਦਰਤ ਨੇ ਹਰੇਕ ਮਨੁੱਖ ਨੂੰ ਦੋ ਹੱਥ, ਦੋ ਪੈਰ ਦਿੱਤੇ ਹਨ ਤਾਂ ਸਾਨੂੰ ਬਿਗਾਨੇ ਹੱਥਾਂ ਵੱਲ ਨਹੀਂ ਤੱਕਣਾ ਚਾਹੀਦਾ।  ਇੱਥੋਂ ਤੱਕ ਕਿ ਅਪੰਗ ਵਿਅਕਤੀ ਵੀ ਆਪਣਾ ਕਰ ਕੇ ਖਾਣ ਦੀ ਸਮਰੱਥਾ ਰੱਖਦਾ ਹੈ।

ਜ਼ਿੰਦਗੀ ਇਕ ਸੰਘਰਸ਼ ਹੈ, ਜੋ ਇਸ ਨਾਲ ਤਨਦੇਹੀ ਨਾਲ ਲੜਦਾ ਹੈ, ਉਹੀ ਜਿੱਤ ਪ੍ਰਾਪਤ ਕਰਦਾ ਹੈ। ਬਾਕੀ ਦੁੱਖ-ਸੁੱਖ ਤਾਂ ਹਰੇਕ ਦੀ ਜ਼ਿੰਦਗੀ ਵਿੱਚ ਆਉਦੇ ਜਾਂਦੇ ਹਨ। ਦੁੱਖਾਂ ਤੋਂ ਘਬਰਾ ਕੇ ਆਤਮ ਹੱਤਿਆ ਕਰ ਲੈਣੀ ਜਾਂ ਨਿਰਾਸ਼ਾ ਦੇ ਆਲਮ ਵਿੱਚ ਡੁੱਬ ਮਰਨਾ ਕੋਈ ਬਹਾਦਰੀ ਨਹੀਂ ਹੁੰਦੀ। ਬਹਾਦਰੀ ਤਾਂ ਇਸ ਗੱਲ ਵਿੱਚ ਹੈ ਕਿ ਅਸੀਂ ਜ਼ਿੰਦਗੀ ਦੀ ਲੜਾਈ ਦਲੇਰੀ ਨਾਲ ਕਿਵੇਂ ਲੜਨੀ ਹੈ ਅਤੇ ਹਰ ਔਕੁੜ ਨੂੰ ਖਿੜੇ ਮੱਥੇ ਕਿਵੇਂ ਬਰਦਾਸ਼ਤ ਕਰਨਾ ਹੈ। ਫਿਰ ਇਹ ਜ਼ਿੰਦਗੀ ਸਾਨੂੰ ਬੋਝ ਨਹੀਂ, ਸਗੋਂ ਸੁਖਦਾਈ ਲੱਗੇਗੀ। ਜ਼ਿੰਦਗੀ ਸਿਰਫ਼ ਡੰਗ ਟਪਾਉਣ ਲਈ ਨਹੀਂ, ਸਗੋਂ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਜ਼ਿੰਦਗੀ ਦੀ ਇਸ ਖ਼ੂਬਸੂਰਤੀ ਨੂੰ ਮਾਣਦੇ ਹੋਏ ਆਓ, ਜਿਊਣਾ ਸਿੱਖੀਏ।