ਖੁਸ਼ਹਾਲ ਤੇ ਸੋਹਣੇ ਪੰਜਾਬ ਤੂੰ ਮੁੜ ਆ

0
317

ਖੁਸ਼ਹਾਲ ਤੇ ਸੋਹਣੇ ਪੰਜਾਬ ਤੂੰ ਮੁੜ ਆ

ਪ੍ਰੋ: ਹਮਦਰਦਵੀਰ ਨੌਸ਼ਹਿਰਵੀ

ਵਿਸ਼ਾਲ ਅਨੁਭਵੀ ਪੰਜਾਬੀ ਕਵੀ ਪ੍ਰੋ: ਪੂਰਨ ਸਿੰਘ 1940 ਵਿਚ ਆਪਣੀ ਪੁਸਤਕ ‘ਖੁੱਲ੍ਹੇ ਮੈਦਾਨ’ ਵਿੱਚ ਪੁਰਾਣੇ ਪੰਜਾਬ ਨੂੰ ‘ਵਾਜਾਂ’ ਮਾਰਦਾ ਹੈ-

                         ਆ ਪੰਜਾਬ ਪਿਆਰ ਤੂੰ ਮੁੜ ਆ, ਆ ਸਿੱਖ ਪੰਜਾਬ ਤੂੰ ਘਰ ਆ।

ਪ੍ਰੋ: ਪੂਰਨ ਸਿੰਘ ਕਰੀਬ 80 ਸਾਲ ਪਹਿਲਾਂ ਪੁਰਾਣੇ ਖੁਲ੍ਹੇ ਡੁੱਲ੍ਹੇ ਪੰਜਾਬ ਨੂੰ ਮੁੜ ਆਉਂਣ ਲਈ ਅਰਜ਼ੋਈ ਕਰਦਾ ਹੈ-

         ਮੁੜ ਆ ਪੰਜਾਬ, ਗੁਰੂਆਂ ਦਾ ਪੰਜਾਬ ਆ, ਇਕ ਬਾਰ ਆ, ਹਜ਼ਾਰ ਬਾਰ ਆ।

ਅੱਜ ਦਾ ਪੰਜਾਬ ਤਾਂ 1940 ਵਾਲਾ ਪੰਜਾਬ ਰਿਹਾ ਹੀ ਨਹੀਂ। ਉਸ ਤੋਂ ਕਿਤੇ ਹੇਠਾਂ ਨਿਘਰ ਗਿਆ ਹੈ। ਇਹ ਗੁਰੂਆਂ ਦਾ ਪੰਜਾਬ ਨਹੀਂ, ਗੁਰੂਆਂ ਨੂੰ ਬੇਦਾਵੇ ਵਾਲਾ ਪੰਜਾਬ ਹੈ। ਸ਼ਾਹ ਮੁਹੰਮਦ ਪੁਸਤਕ ‘ਵਾਰ ਸ਼ਾਹ ਮੁਹੰਮਦ’ ਵਿੱਚ  ਪੰਜਾਬ ਦੇ ਵਿਸ਼ਾਲ ਖੇਤਰ ਬਾਰੇ ਲਿਖਦਾ ਹੈ।

                         ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾ ਗਿਆ।

                         ਮੁਲਤਾਨ, ਕਸ਼ਮੀਰ, ਪਛੌਰ, ਚੰਬਾ, ਜੰਮੂ, ਕਾਂਗੜਾ ਕੋਟ ਨਿਵਾ ਗਿਆ।

                         ਹੋਰ ਦੇਸ਼ ਲਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾ ਗਿਆ।

ਕਦੀ ਪੰਜਾਬ ਦਰਿਆ ਸਤਲੁਜ ਤੋਂ ਲੈ ਕੇ ਅਫਗਾਨਿਸਤਾਨ ਤੇ ਚੀਨ ਦੀਆਂ ਹੱਦਾਂ ਨੂੰ ਲੱਗਦਾ ਸੀ।  ਸੰਨ 1947 ਦੀ ਲਹੂਲੀਕ ਨੇ ਪੰਜਾਬ ਨੂੰ ਚੀਰ ਕੇ ਦੋ ਹਿੱਸਿਆਂ ਵਿਚ ਵੰਡ ਦਿੱਤਾ।  1966 ਵਿਚ ਚੜਦੇ ਪੰਜਾਬ ਨੂੰ ਪੰਜਾਬੀ ਸੂਬੇ ਦੇ ਨਾਮ ਉੱਤੇ ਬੌਣਾ, ਹੀਣਾ ਤੇ ਲੰਗੜਾ ਕਰ ਦਿੱਤਾ।  1966 ਤੋਂ ਬਾਅਦ ਪੰਜਾਬ ਵਿੱਚ ਦੋ ਫਿਰਕੂ ਤਾਕਤਾਂ ਦੀ ਸੰਧੀ ਹੋ ਗਈ। ਪਰਿਵਾਰਵਾਦੀ ਕੁਰਸੀ ਸਥਾਪਤ ਹੋ ਗਈ – ਪਰ ਪੰਜਾਬ ਬਰਬਾਦ ਹੋ ਗਿਆ।

ਕਦੀ ਪੰਜਾਬੀ ਭਾਸ਼ਾ ਲੱਦਾਖ, ਕਸ਼ਮੀਰ, ਸ਼ਿਮਲਾ, ਫਰੀਦਾਵਾਦ, ਗੁੜਗਾਉਂ ਤੱਕ ਪੜ੍ਹਾਈ ਜਾਂਦੀ ਸੀ -ਲਿਖੀ ਤੇ ਬੋਲੀ ਜਾਂਦੀ ਸੀ। ਹੁਣ ਪੰਜਾਬੀ ਭਾਸ਼ਾ ਪੰਜਾਬੀ ਸੂਬੇ ਦੀਆਂ ਸੌੜੀਆਂ ਹੱਦਾਂ ਅੰਦਰ ਵੀ ਲਾਗੂ ਨਹੀਂ ਹੋ ਰਹੀ। ਪੰਜਾਬੀ ਵਿਰੋਧੀ ਮਾਲਦਾਰ ਨਿੱਜੀ ਸਕੂਲ ਦੀ ਚੌਧਰ ਕਾਇਮ ਹੈ।  ਪੰਜਾਬ ਸਿਰੋਂ ਨੰਗਾ ਹੈ।  ਨਾ ਪੰਜਾਬ ਪਾਸ ਆਪਣੀ ਰਾਜਧਾਨੀ ਹੈ ਤੇ ਨਾ ਹੀ ਆਪਣੀ ਵੱਖਰੀ ਹਾਈ ਕੋਰਟ।

ਮਈ 2015 ਦਿੱਲੀ ਦੇ ਜੰਤਰ ਮੰਤਰ ਮੈਦਾਨ ਵਿਚ ਰਾਜਸਥਾਨ ਦੇ ਦੌਸਾ ਪਿੰਡ ਦੇ ਕਿਸਾਨ ਗਜੇਂਦਰ ਸਿੰਘ ਆਪਣੀ ਪਗੜੀ ਦਾ ਫਾਹਾ ਬਣਾ ਕੇ ਇੱਕ ਬਿਰਖ ਨਾਲ ਲਟਕ ਗਿਆ। ਦਿੱਲੀ ਦਾ ਵੱਡਾ ਤਖਤ ਪਲ ਕੰਬਿਆ, ਪਰ ਪੰਜਾਬ ਵਿਚ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਇੱਕ ਦੋ ਕਰਜ਼ੇ ਹੇਠ ਦਬੇ, ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਨਹੀਂ ਹੁੰਦੇ। ਭਾਰਤ ਦੇ ਪ੍ਰਤੀ ਕਿਸਾਨ ਪਰਿਵਾਰ ਦੇ ਸਿਰ ਬੈਂਕਾਂ ਦਾ 1.10 ਲੱਖ ਰੁਪਏ ਦਾ ਕਰਜ਼ਾ ਹੈ। ਪੰਜਾਬ ਦੇ ਵਿੱਤ ਵਿਭਾਗ ਦੇ ਅਨੁਸਾਰ ਕਿਸਾਨਾਂ ਦੇ ਸਿਰ 31 ਮਾਰਚ 2015 ਤੱਕ ਬੈਂਕਾਂ ਦਾ 69, 449 ਕਰੋੜ ਰੁਪਏ ਦਾ ਕਰਜ਼ਾ ਸੀ। ਪੰਜਾਬ ਦੇ ਪ੍ਰਤੀ ਕਿਸਾਨ ਪਰਿਵਾਰ ਦੇ ਸਿਰ 2006 ਵਿਚ 1.78 ਲੱਖ ਰੁਪਏ ਦਾ ਕਰਜ਼ਾ ਸੀ, ਜੋ ਵਧ ਕੇ 2.18 ਲੱਖ ਰੁਪਏ ਹੋ ਗਿਆ। ਪੰਜਾਬ ਦੇ 88% ਕਿਸਾਨ ਕਰਜ਼ਾਈ ਹਨ। ਪੰਜਾਬ ਦੇ ਕਰੀਬ 20, 237 ਆੜ੍ਹਤੀ ਸਰਕਾਰ ਪਾਸੋਂ ਕਿਸਾਨਾਂ ਦੀ ਜਿਨਸ ਦੇ ਪੈਸੇ ਲੈ ਕੇ 2½ ਪ੍ਰਤੀਸ਼ਤ ਕਮਿਸ਼ਨ ਹਾਸਲ ਕਰ ਕੇ, ਬੈਠੇ ਬਿਠਾਏ ਹੀ 2500 ਕਰੋੜ ਆਪਣੀ ਜੇਬ ਵਿਚ ਪਾ ਲੈਂਦੇ ਹਨ। ਕਿਸਾਨਾਂ ਦੇ ਸਿਰ ਆੜ੍ਹਤੀਆਂ ਦਾ 35,000 ਕਰੋੜ ਰੁਪਏ ਦਾ ਕਰਜ਼ਾ ਹੈ। ਬੈਂਕਾਂ ਦਾ ਕਰਜ਼ਾ 43000 ਕਰੋੜ ਰੁਪਏ ਦਾ ਹੈ। ਕਿਸਾਨ ਵਿਚਾਰਾ ਕੀ ਕਰੇ ?  ਕੇਂਦਰੀ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ 1995-2011 ਤੱਕ 2, 90, 740 ਕਿਸਾਨ ਖੁਦਕਸ਼ੀ ਕਰਨ ਲਈ ਮਜਬੂਰ ਹੋਏ। ਇਹਨਾਂ ਖੁਦਕੁਸ਼ੀਆਂ ਵਿਚ ਵੱਡਾ ਹਿੱਸਾ, ਪੰਜਾਬ ਦੇ ਕਿਸਾਨਾਂ ਦਾ ਹੈ। ਆਉ ਪੰਜਾਬ ਦੇ ਕਿਸਾਨਾ ਨੂੰ ਬਚਾਉਂਣ ਲਈ ਕੁਝ ਹੰਭਲਾ ਮਾਰੀਏ।

ਕਿਸਾਨ, ਮਜ਼ਦੂਰ, ਕਿਰਤੀ ਦੀ ਜੇਬ ਖਾਲੀ ਹੈ। ਮਾੜੀ ਮੋਟੀ ਰੋਜ਼ਗਾਰ ਵੀ ਖੋਹੀ ਜਾ ਰਹੀ ਹੈ। ਟੈਕਸ, ਪੁਲਿਸੀ ਦਹਿਸ਼ਤ, ਮਾਫੀਆ ਧਮਕੀਆਂ ਤੇ ਉਗਰਾਹੀਆਂ ਕਾਰਨ ਕੰਮਾਂ ਦੇ ਕੇਂਦਰ ਬੰਦ ਹੋ ਰਹੇ ਹਨ।  2011-12 ਵਿਚ ਖੰਨਾ ਤੇ ਮੰਡੀ ਗੋਬਿੰਦਗੜ੍ਹ ਵਿਖੇ 688 ਸਨਅਤੀ ਇਕਾਈਆਂ ਬੰਦ ਹੋ ਗਈਆ। ਪੰਜਾਬ ਵਿਚ 17,777 ਉਦਯੋਗਿਕ ਇਕਾਈਆਂ ਬੰਦ ਹੋ ਗਈਆਂ। ਇਕੱਲੇ ਅੰਮ੍ਰਿਤਸਰ ਵਿਚ ਹੀ 8000 ਸਨਮਾਤੀ ਅਦਾਰਿਆਂ ਨੇ ਕੰਮ ਠੱਪ ਕਰ ਦਿੱਤਾ ਭਾਵੇਂ ਅਖ਼ਬਾਰਾਂ ਵਿਚ ਲੱਖਾਂ ਰੁਪਈਆਂ ਦੇ ਵੱਡੇ ਵੱਡੇ ਇਸ਼ਤਿਹਾਰ ਛਪਵਾਏ ਗਏ ਹਨ।  ਵਧੀਆ ਬੁਨਿਆਦੀ ਢਾਂਚੇ ਵਿਚ ਭਾਰਤੀ ਪ੍ਰਾਂਤਾ ਵਿਚੋਂ ਪੰਜਾਬ ਨੰਬਰ ਵਨ ਉੱਤੇ ਹੈ, ਪਰ ਅਸਲੀਅਤ ਇਹ ਹੈ ਕਿ ਐਸੋਸੀਏਸ਼ਨ ਆਫ ਕੌਮਰਸ ਤੇ ਇੰਡਸਟਰੀ ਦੇ ਸਰਵੇਖਣ ਅਨੁਸਾਰ ਪੰਜਾਬ ਵਿਚ, ਪਿੱਛਲੇ ਅੱਠ ਸਾਲਾਂ ਵਿਚ ਪੂੰਜੀ ਨਿਵੇਸ਼ ਵਿਚ 93% ਕਮੀ ਆਈ ਹੈ। ਏਸੇ ਸਮੇਂ ਕੌਮੀ ਪੱਧਰ ਉੱਤੇ ਨਿਵੇਸ਼ 44% ਵਧਿਆ ਹੈ ਪਰ ਪੰਜਾਬ ਵਿਚ 93% ਨਿਵੇਸ਼ ਘਟਿਆ ਹੈ, ਭਾਵੇਂ ਸਨਅਤਕਾਰਾਂ ਨੂੰ ਖਿੱਚਣ ਲਈ, ਪੰਜਾਬ ਵਿਚ ਕਈ ਮਹਿੰਗੇ ਸਨਅਤੀ ਸਮੇਲਨ, ਪਰਵਾਸੀ ਭਾਰਤੀ ਸਮੇਲਨ ਹੋਏ ਹਨ। ਕਰੋੜਾਂ ਰੁਪਏ ਖਰਚੇ ਗਏ ਹਨ। ਵਿਦੇਸ਼ਾਂ ਵਿਚ ਮੰਤਰੀ ਨਿਵੇਸ਼ ਲਈ ਪਰਚਾਰ ਕਰਨ ਗਏ ਹਨ। ਪੈਰ ਪੈਰ ਉੱਤੇ ਖੱਜਲ ਖੁਆਰੀ। ਹਰ ਪ੍ਰਜੈਕਟ ਵਿਚੋਂ ਵੱਡੇ ਬੰਦਿਆ ਦੀ ਕਥਿਤ ਹਿੱਸਾਪਤੀ ਤੇ ਕਮਿਸ਼ਨ। ਪੰਜਾਬ ਦੀ ਧਰਤੀ, ਪਾਣੀ, ਹਵਾ, ਰਾਜਸੀ-ਆਰਥਕ ਢਾਂਚਾ, ਸਾਰੇ ਦੂਸ਼ਿਤ ਹੋ ਚੁੱਕੇ ਹਨ, ਭ੍ਰਿਸ਼ਟ ਹੋ ਚੁੱਕੇ ਹਨ। ਨਿਵੇਸ਼ ਕਿਵੇਂ ਹੋਵੇ। ਨਵੀਆਂ ਨੌਕਰੀਆਂ ਕਿਵੇਂ ਪੈਦਾ ਹੋਣ। ਬੇਰੋਜ਼ਗਾਰੀ ਕਿਵੇਂ ਘਟੇ। ਜਿਸ ਦੇਸ਼ ਦਾ ਰਾਜਾ ਤੇ ਉੱਚ ਅਹਿਲਕਾਰ ਹੋਣ ਵਪਾਰੀ। ਉਸ ਦੇਸ਼ ਦੇ ਬਹੁਤੇ ਲੋਕਾਂ ਦੀ ਨਹੀਂ ਆਉਂਦੀ ਵਾਰੀ। ਟਰਾਂਸਪੋਰਟ, ਮੀਡੀਆ, ਕਾਰਖਾਨਿਆਂ, ਮਿੱਲਾਂ ਉੱਤੇ ਸਰਕਾਰੀ ਪਰਿਵਾਰਾਂ ਦਾ ਕਬਜ਼ਾ ਹੋਏ। ਉਹ ਆਪਣੇ ਵਪਾਰਕ ਹਿੱਤ ਪਾਲਣਗੇ, ਨਾ ਕੇ ਜਨਸਾਧਾਰਨ ਦੇ ਹਿੱਤ। ਵੱਡੇ ਉਦਯੋਗਪਤੀਆਂ, ਅਮੀਰ ਘਰਾਣਿਆ ਨੇ ਕੌਮੀ ਬੈਂਕਾਂ ਪਾਸੋਂ ਲਿਆ ਅਰਬਾਂ ਰੁਪਇਆ ਦਾ ਕਰਜ਼ਾ ਮੋੜਿਆ ਨਹੀਂ।  ਐਨ. ਪੀ. ਏ., ਵੱਟੇ ਖਾਤੇ ਪਾ ਕੇ ਖਤਮ ਕਰਵਾ ਲਿਆ ਹੈ। ਇਹ ਅਮਲ ਜਾਰੀ ਹੈ। ਪਰ ਗਰੀਬ ਕਿਸਾਨ, ਖੇਤ ਮਜ਼ਦੂਰਾਂ ਵੱਲੋਂ ਲਿਆ ਥੋੜ੍ਹਾ ਜਿਹਾ ਕਰਜ਼ਾ, ਕੁਰਕੀਆਂ ਗਰਿਫ਼ਤਾਰੀਆਂ ਤੇ ਖੁਦਕੁਸ਼ੀਆਂ ਦਾ ਕਾਰਨ ਬਣਦਾ ਹੈ। ਇਹ ਸਪਤ ਸਿੰਧੂ ਸਾਡਾ ਹੈ। ਆਓ ਪੰਜ-ਆਬ ਦੀ ਆਬਰੂ ਬਚਾਈਏ। ਸਿੰਘਾਸਨ ਉਲਟਾਈਏ। ਖੁਸ਼ਹਾਲ ਤੇ ਸੋਹਣੇ ਪੰਜਾਬ ਨੂੰ ਮੋੜ ਲਿਆਈਏ।

ਮੁੰਬਈ ਵਿਖੇ ਮੁਕੇਸ਼ ਅੰਬਾਨੀ ਦਾ ਚਾਰ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ, 24 ਮੰਜ਼ਲਾ ਅਨਤੀਲੀਆ ਮਹਿਲ। ਹੈਲੀਪੈਡ ਹੋਵੇਗਾ, ਬਾਗ ਹੋਵੇਗਾ, ਤੈਰਾਨੀ ਤਲਾਬ ਹੋਵੇਗਾ ਤੇ ਸਿਨਮਾ ਥੀਏਟਰ ਵੀ। ਮੁਹਾਲੀ ਜਿਲ੍ਹੇ ਦੇ ਪਿੰਡ ਪਲਣਪੁਰ ਵਿਚ ਸਤ ਤਾਰਾ ਸ਼ਾਹੀ ਮੈਟਰੋ ਈਕੋ ਗਰੀਨ ਰਿਜ਼ੋਰਟਸ ਬਣ ਰਿਹਾ ਹੈ। ਪੰਜਾਬ ਦੀਆਂ ਭਾਵੇ ਸਾਰੀਆਂ ਪੇਂਡੂ ਸੜਕਾਂ ਟੋਏ ਤੇ ਰੋੜੇ ਹਨ- ਪਰ ਪਲਣਪੁਰ ਹੋਟਲ ਨੂੰ ਜਾਂਦੀ 13 ਕਿਲੋਮੀਟਰ 100 ਫੁੱਟ ਚੌੜੀ ਸੜਕ ਤੇਜ਼ੀ ਨਾਲ ਉਸਰ ਰਹੀ ਹੈ। ਸੜਕਾਂ ਤੇ ਪੁਲ ਕਾਗਜ਼ਾਂ ਉੱਤੇ ਬਣਦੇ ਹਨ- ਪਹਿਲੀ ਬਾਰਸ਼ ਨਾਲ ਕਾਗਜ਼ ਦੀਆਂ ਕਿਸ਼ਤੀਆਂ ਬਣ ਕੇ ਚੱਪਾ ਚੱਪਾ ਪਾਣੀ ਵਿਚ ਰੁੜ ਜਾਂਦੀਆਂ ਹਨ। ਵੱਡੀ ਸੜਕ ਹਾਲੀ ਬਣ ਹੀ ਰਹੀ ਹੁੰਦੀ ਹੈ। ਸੜਕ ਹਾਲੀ ਅੱਧੀ ਵੀ ਨਹੀਂ ਬਣੀ ਹੁੰਦੀ ਕਿ ਕਰੋੜਪਤੀ ਕੰਪਨੀ ਟਾੱਲ ਪਲਾਜ਼ਾ ਲਗਾ ਦਿੰਦੀ ਹੈ- ਮਹੀਨੇ ਦੀ ਕਮਾਈ ਕਰੋੜਾਂ ਰੁਪਈਆਂ ਵਿਚ ਹੁੰਦੀ ਹੈ। ਲੋਕਾਂ ਨੂੰ ਦੂਹਰੀ ਮਾਰ ਪੈਦੀ ਹੈ। ਟਾੱਲ ਪਲਾਜ਼ਾ ਫੀਸ ਵੀ ਅਤੇ ਰੋਡ ਟੈਕਸ ਵੀ- ਸੜਕਾਂ ਹੱਡ ਤੋੜਦੀਆਂ ਤੇ ਟਾਇਰ ਪਾੜ ਹੁੰਦੀਆਂ ਹਨ। ਜੇ ਸੜਕਾਂ ਵਿਚ ਨਿਰੇ ਟੋਏ ਤੇ ਖਿਲਰੇ ਪੱਥਰ ਹਨ ਤਾਂ ਵੱਡੇ ਬੰਦਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਨਾ ਹੀ ਕੋਈ ਅਹਿਸਾਸ।  ਉਹ ਤਾਂ ਸਰਕਾਰੀ ਹੈਲੀਕਾਪਟਰ ਉੱਤੋਂ ਘੱਟ ਹੀ ਪੈਰ ਥੱਲੇ ਲਾਹੁੰਦੇ ਹਨ।  ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ, ਅਫ਼ਸਰਾਂ ਨੂੰ ਟੁੱਟੀਆਂ ਸੜਕਾਂ ਦਿਸਦੀਆਂ ਹੀ ਨਹੀਂ, ਕਿਉਂਕਿ ਉਹਨਾਂ ਪਾਸ ਸ਼ਾਕ-ਪਰੂਫ ਸਰਕਾਰੀ ਲਗਜ਼ਰੀ ਗੱਡੀਆਂ ਹੁੰਦੀਆਂ ਹਨ। ਸਦਰ, ਉਪ ਸਦਰ, ਮੰਤਰੀਆਂ ਦੇ ਵਾਹਨਾਂ ਦਾ ਰੋਜ਼ਾਨਾ ਔਸਤਨ 2.43 ਲੱਖ ਰੁਪਏ ਹੁੰਦਾ ਹੈ।  ਸੀ. ਐਮ. ਦੇ ਸਰਕਾਰੀ ਹੈਲੀਕਾਪਟਰ ਦਾ ਰੋਜ਼ਗਾਰ ਖਰਚ ਤਿੰਨ ਲੱਖ ਰੁਪਏ ਹੈ। 

ਉਪ ਮੁੱਖ ਮੰਤਰੀ ਦਾ ਬਿਆਨ ਸੀ ਕਿ ਪੰਜਾਬ ਵਿਚ ਡੇਢ ਲੱਖ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਕੁੱਝ ਦਿਨ ਬਾਅਦ ਫੇਰ ਬਿਆਨ ਆਇਆ ਕਿ ਨਿੱਜੀ ਕੰਪਨੀਆਂ ਦੀ ਸਾਂਝ ਪਿਆਲੀ ਨਾਲ ਇੱਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਪੜ੍ਹੇ ਲਿਖੇ ਕਾਬਲ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਕਿਸੇ ਵੀ ਅਫ਼ਸਰ, ਅਧਿਕਾਰੀ, ਅਧਿਆਪਕ ਨੂੰ ਐਕਸਟੈਸ਼ਨ ਨਾ ਦਿੱਤੀ ਜਾਵੇ। ਹਰ ਅਫ਼ਸਰ, ਅਧਿਕਾਰੀ, ਅਧਿਆਪਕ ਨਿਸ਼ਚਿਤ ਮਿਤੀ ਉੱਤੇ ਸੇਵਾ ਮੁਕਤ ਕਰਨਾ ਲਾਜ਼ਮੀ ਹੋਵੇ। ਵਾਧੂ ਪੁਲਿਸ ਜਿਲ੍ਹੇ ਖਤਮ ਕਰਦੇ, ਪੁਲਿਸ ਤੇ ਸਿਵਲ ਅਫ਼ਸਰਾਂ ਅਧਿਕਾਰੀਆਂ ਦੀ ਗਿਣਤੀ ਅੱਧੀ ਕਰ ਦਿੱਤੀ ਜਾਵੇ। ਵਾਧੂ ਮੰਤਰੀ, ਗੈਰ ਸੰਵਿਧਾਨਕ ਤੌਰ ਉੱਤੇ ਰੱਖੇ ਸਾਰੇ 21 ਮੁੱਖ ਸੰਸਦੀ ਸਕੱਤਰ ਤੇ ਉਹਨਾਂ ਦਾ ਸਾਰਾ ਅਮਲਾ ਹਟਾਇਆ ਜਾਵੇ, ਘਾਟੇ ਵਿਚ ਜਾ ਰਹੇ ਕਮਿਸ਼ਨਾਂ, ਨਿਗਮਾਂ ਦੇ ਚੇਅਰਮੈਨ, ਉਪ ਚੇਅਰਮੈਨ ਤੇ ਇਹਨਾਂ ਦਾ ਸਾਰਾ ਅਮਲਾ ਹਟਾਇਆ ਜਾਵੇ। ਸਰਕਾਰੀ ਸਮਾਗਮਾਂ, ਉਦਘਾਟਨਾਂ, ਸਮੇਂ ਬੇਤਹਾਸ਼ਾ ਖਰਚ ਘੱਟ ਕੀਤਾ ਜਾਵੇ। ਸਲਾਹਕਾਰ, ਪ੍ਰੈਸ ਸਲਾਹਕਾਰ, ਨਿੱਜੀ ਤੇ ਸਿਆਸੀ ਸਲਾਹਕਾਰ ਹਟਾਏ ਜਾਣ, ਸਰਕਾਰੀ ਖਜ਼ਾਨੇ ਵਿਚੋਂ ਮੋਟੀ ਤਨਖਾਹ ਲੈ ਰਹੇ ਡੇਢ ਸੌ ਦੇ ਕਰੀਬ ਲਾਅ ਅਫ਼ਸਰ ਹਟਾ ਕੇ ਦਸ ਲਾਅ ਅਫ਼ਸਰ ਹੀ ਰੱਖੇ ਜਾਣ, ਪੰਜਾਬ ਪਬਲਿਕ  ਸਰਵਿਸ ਕਮਿਸ਼ਨ ਲਈ ਦੇਣ ਲਈ ਨੌਕਰੀਆਂ ਤਾਂ ਹਨ ਨਹੀਂ, ਫੇਰ ਕਮਿਸ਼ਨ ਦੇ ਬਾਰ੍ਹਾਂ ਮੈਂਬਰ ਕੀ ਕਰਦੇ ਹਨ  ?  ਕਮਿਸ਼ਨ ਦੇ ਸਿਰਫ ਤਿੰਨ ਮੈਂਬਰ ਹੋਣੇ ਚਾਹੀਦੇ ਹਨ। ਕਰਿਕਟ ਵਰਗੀ ਕਰੋੜਪਤੀਆਂ ਦੀ ਵਪਾਰਕ ਖੇਡ ਲਈ ਮਨੋਰੰਜਨ ਟੈਕਸ ਮਾਫ਼ ਨਹੀਂ ਹੋਣਾ ਚਾਹੀਦਾ, ਗਊਸ਼ਾਲਾਵਾਂ, ਡੇਰਿਆਂ ਹੋਰ ਐਸੇ ਸਥਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨਹੀਂ ਹੋਣੀ ਚਾਹੀਦੀ। ਇਹਨਾਂ ਸਾਰਿਆਂ ਨਜਾਇਜ਼ ਖਰਚਿਆਂ ਤੋਂ ਬਚਿਆ ਕਰੋੜਾਂ ਰੁਪਇਆ, ਨਵੇਂ ਉਦਯੋਗ ਪੈਂਦਾ ਕਰਨ ਤੇ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਖਰਚਿਆ ਜਾਣਾ ਚਾਹੀਦਾ ਹੈ। ਬੇਰੋਜ਼ਗਾਰੀ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਹੇ ਨੌਜਵਾਨ ਤੇ ਕਿਸਾਨਾਂ ਨੂੰ ਬਚਾਇਆ ਜਾਣਾ ਚਾਹੀਦਾ ਹੈ। ਵਰਨਾ ਨੌਜਵਾਨ ਨੂੰ ਇਨਕਲਾਬੀ ਰਾਹ ਅਪਨਾਉਣ ਤੋਂ ਰੋਕਣਾ ਮੁਸ਼ਕਲ ਹੋਵੇਗਾ। ਇਹ ਬੇਪ੍ਰਵਾਹ ਪੰਜਾਬ ਦੇ ਮੌਤ ਨੂੰ ਮਖੌਲ ਕਰਨ, ਮਰਨ ਥੀਂ ਨਹੀਂ ਡਰਦੇ।

ਥਾਂ-ਥਾਂ ਫਿਰਦੀਆਂ ਲੋਕਾਂ ਨੂੰ ਵੱਢਦੀਆਂ ਆਵਾਰਾ ਕੁੱਤਿਆਂ ਦੀਆਂ ਢਾਣੀਆਂ, ਮਨੁੱਖਾਂ ਨੂੰ ਢੁੱਡਾਂ ਨਾਲ ਜਾਨੋ ਮਾਰਨ ਵਾਲੇ ਅਵਾਰਾ ਸਾਨ੍ਹਾਂ ਨੂੰ ਮਾਰਨਾ ਮਨ੍ਹਾ ਹੈ।  ਕੁੱਤਿਆਂ ਤੇ ਸਾਨ੍ਹਾਂ ਦੀ ਜਾਨ ਪਿਆਰੀ ਹੈ। ਫਿਰਕੂ ਜ਼ਹਿਰ ਦੇ ਅਤਿਵਾਦ ਦੇ ਵਿਰੋਧੀ ਲੋਕ ਪੱਖੀ ਡਾ. ਨਰਿੰਦਰ ਡਾਭੋਲਕਰ, ਗੋਬਿੰਦ ਪਨਸਾਰੇ, ਸਾਧੂ ਸਿੰਘ ਤਖਤੂਪੁਰ, ਪ੍ਰੋ: ਐਮ. ਐਮ. ਕੁਲਬਰਗੀ ਨੂੰ ਨਿਗਲ ਲਿਆ।

ਵੱਧ ਰਿਹਾ ਹੈ- ਅੰਧ ਵਿਸ਼ਵਾਸ, ਕਰਮਕਾਂਡ, ਸੰਸਥਾਵਾਂ ਦਾ ਪੀਲਾਕਰਨ, ਉਪਭੋਗਤਾਵਾਦ, ਬੁਨਿਆਦਵਾਦ, ਸੰਪਰਦਾਇਕਤਾ, ਪੁਨਰ ਸੁਰਜੀਤੀਵਾਦ, ਪਾਖੰਡੀ ਸਾਧਾਂ, ਬਾਬਿਆਂ, ਸਵਾਮੀਆਂ, ਯੋਗੀਆਂ, ਭੋਗੀਆਂ ਨੂੰ ਮਿਲੀਆਂ ਹੋਈਆਂ ਹਨ – ਲਾਲ ਬੱਤੀ ਵਾਲੀਆਂ ਸਰਕਾਰੀ ਕਾਰਾਂ ਤੇ ਜ਼ੈਡ ਪਲੱਸ ਸਕਿਉਰਿਟੀ। ਮਨੁੱਖ ਚੌਰਾਹਿਆਂ ਉੱਤੇ ਭੀਖ ਮੰਗਦਾ, ਲੇਬਰ ਚੌਕਾਂ ਉੱਤੇ ਦਿਹਾੜੀ ਲਈ ਭੱਜਦਾ ਹੈ, ਬਚਪਨ ਰੂੜੀਆਂ ਫੋਲਦਾ ਹੈ।  ਕਾਲਾ ਡੇਂਗੂ ਕਦੀ ਗਿਆ ਹੀ ਨਹੀਂ, ਚਿੱਟੀ ਮੱਖੀ ਹਾਜ਼ਰ ਹੈ, ਮਾਰੂ ਕਾਂਗਰਸ ਘਾਹ ਹੈ, ਜ਼ਹਿਰੀਲੀ ਅਮਰੀਕਨ ਸੁੰਡੀ ਹੈ, ਫੈਲ ਰਿਹਾ ਹੈ ਕੈਂਸਰ, ਨਿੱਤ ਹੋ ਰਿਹਾ ਕੰਜਕਾਂ ਦਾ ਬਲਾਤਕਾਰ ਹੈ, ਰਿਸ਼ਵਤਖੋਰੀ, ਮਾਲਦਾਰਾਂ ਦੀ ਟੈਕਸ -ਬਿਜਲੀ ਚੋਰੀ, ਮੁਨਾਫਾਖੋਰੀ, ਝੂਠੇ ਪੁਲਿਸ ਮੁਕਾਬਲੇ, ਝੂਠੇ ਗਵਾਹ, ਅਦਾਲਤਾਂ, ਵਕੀਲਾਂ ਦੇ ਕੈਬਨਾਂ ਵਿਚ ਮਹਿੰਗਾ ਵਿਕਦਾ ਨਿਆਂ, ਥਾਣੇ, ਜਿਹਲਾਂ, ਮਾਲਖਾਨੇ ਕਹਿਰ ਦੇ ਘਰ, ਟੈਕਸ ਹੋਰ ਟੈਕਸ, ਗਰੀਬੀ, ਭੁੱਖਮਰੀ, ਝੂਠ, ਫਰੇਬ, ਮੱਦਕਾਰੀ ਦੀ ਹਨੇਰੀ, ਬੇਘਰਤਾ, ਬੇਚੈਨੀ-ਮਾਨਸਿਕ ਰੋਗ, ਭੂਮੀਮਾਫੀਆ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਡਰੱਗ, ਸ਼ਰਾਬ ਮਾਫੀਆ ਦਾ ਰਾਜ, ਅਨਪੜ੍ਹਤਾ, ਵਹਿਮਪ੍ਰਸਤੀ, ਪੁਜਾਰੀਆਂ ਤੇ ਵਿਹਲੇ ਚੇਲਿਆਂ ਦੀ ਲੱਖਾਂ ਦੀ ਗਿਣਤੀ, ਪ੍ਰਸਾਸ਼ਨ ਦੀ ਨਸ ਨਸ ਵਿੱਚ ਫੈਲਿਆ ਭ੍ਰਿਸ਼ਟਾਚਾਰ, ਵਡਿਆਂ ਦਾ ਵਹਿਲੜਪੁਣਾ, ਵੋਟਾਂ ਦੀ ਵਿਕਰੀ, ਅਧੀਨਤਾ, ਲੁੱਟਾਂ, ਖੋਹਾਂ, ਝਪਟਮਾਰਾਂ, ਅਗਵਾਹ, ਜਿਸਮਫਰੋਸ਼ੀ, ਨੰਗੇਜ, ਈਮਾਨਫਰੋਸ਼ੀ, ਜ਼ਹਿਰੀਲਾ ਪਾਣੀ, ਮਿਲਾਵਟ, ਕਾਕਿਆਂ ਦਾ ਖਰੂਦ, ਅਪਰਾਧੀਕਰਨ, ਟੁੱਟੀਆਂ ਸੜਕਾਂ, ਖਾਲੀ ਸਰਕਾਰੀ ਡਿਸਪੈਂਸਰੀਆਂ, ਮੀਡੀਆ ਉੱਤੇ ਚੱਲਦੇ ਅਸ਼ਲੀਲ ਡਾਂਸ, ਸ਼ਰਾਬ, ਬੰਦੂਕ ਦੇ ਗੀਤ, ਕੁਪੋਸ਼ਨ, ਕਾਲਾ ਧਨ, ਜੰਗਲਾਤਹੀਣਤਾ, ਦਰਜਨਾ ਮਜ਼ਹਬੀ ਜਨੰੂਨ ਦੇ ਚੈਨਲ, ਖੁਸ ਰਹੀਆਂ ਪੈਲੀਆਂ, ਫੈਲ ਰਹੇ ਸੋਨੇ ਲੱਦੇ ਧਾਰਮਿਕ ਅਸਥਾਨ, ਮਿਲਾਵਟੀ ਦਵਾਈਆਂ ਤੇ ਠੰਡਿਆਂ ਦੀ ਅਰਬਾਂ ਦੀ ਸਨਅਤ, ਸਾਰੇ ਵਪਾਰ, ਸਾਰੀਆਂ ਪਦਵੀਆਂ ਸਰਕਾਰੀ ਰਿਸ਼ਤੇਦਾਰਾਂ ਦੇ ਕਬਜ਼ੇ ਹੇਠ, ਗਰੀਬਾਂ ਲਈ ਕੱਚੀਆਂ ਤੇ ਠੇਕੇ ਉੱਤੇ ਆਰਜ਼ੀ ਭਰਤੀਆਂ, ਫਰਜ਼ੀ ਸਕੀਮਾਂ, ਜਾਹਲੀ ਯੂਨੀਵਰਸਿਟੀਆਂ, ਵਿਕਦੀਆਂ ਜਾਹਲੀ ਡਿਗਰੀਆਂ, ਕਿਰਾਏ ਦੀਆਂ ਰੈਲੀਆਂ, ਆਦਿ।

ਪੰਜਾਬ ਦੇ ਭ੍ਰਿਸ਼ਟ ਇਕ ਸਾਬਕਾ ਮੰਤਰੀ ਨੂੰ ਤਿੰਨ ਸਾਲ ਦੀ ਕੈਦ, ਇਕ ਕਰੋੜ ਰੁਪਏ ਜੁਰਮਾਨਾ, 11 ਸੰਪਤੀਆਂ ਜ਼ਬਤ, ਕੋਰਟ ਵੱਲੋਂ ਜਮਾਨਤ ਉੱਤੇ ਰਿਹਾਅ ਹੋਣ ਉੱਤੇ ਪੱਤਲਚੱਟਾਂ ਦੀ ਭੀੜ ਨੇ ਬੈਂਡ-ਵਾਜੇ ਨਾਲ ਉਸ ਦਾ ਸਵਾਗਤ ਕੀਤਾ। ਸਿਖਰ ਉੱਤੇ ਹੈ ਚਾਪਲੂਸੀ, ਜੀ ਹਜ਼ੂਰੀ ਕਲਚਰ, ਵੱਡੇ ਮੁਨਾਫੇ ਉੱਤੇ ਚੱਲ ਰਹੀ ਹੈ ਟਰਾਂਸਫਰ ਤੇ ਪਰਮੋਸ਼ਨ ਟਰੇਡ, ਗੁਦਾਮਾਂ ਵਿੱਚ ਅਨਾਜ ਸਟੋਰ ਕਰਨ ਲਈ ਥਾਂ ਨਹੀਂ ਹੈ। ਲੱਖਾਂ ਟਨ ਅਨਾਜ, ਨੰਗੇ ਅਸਮਾਨ ਹੇਠ ਪਿਆ ਰੁਲਦਾ ਹੈ, ਚੂਹੇ ਤੇ ਕਬੂਤਰ ਰੱਜਦੇ ਹਨ, ਮਨੁੱਖ ਭੁੱਖਾ ਮਰਦਾ ਹੈ। ਸਰਕਾਰੀ ਸਿਆਸੀ ਆਗੂ ਤੇ ਚੜ੍ਹਾਵੇ ਦੀ ਮਾਇਆ ਖਾਣੇ ਪੁਜਾਰੀ, ਚੰਦ ਉੱਤੇ ਪਲਾਟ ਖਰੀਦ ਰਹੇ ਹਨ, ਕਿਰਤੀ ਕਾਮਾ, ਵਾਹੀਕਾਰ ਹਨੇਰੀਆਂ ਗੁਫਾਵਾਂ ਵਿਚ ਹੇਠਾਂ ਲਹਿੰਦਾ ਜਾ ਰਿਹਾ ਹੈ। ਮਿਹਨਤ ਨੂੰ ਲੁਟੇਰੇ ਮੰਤਰੀਆਂ, ਅਫਸਰਾਂ ਦੇ ਕੁੱਤੇ ਵਿਦੇਸ਼ੀ ਚਿਕਨ ਵਾਂਗ ਖਾਂਦੇ, ਵਿਦੇਸ਼ੀ ਏ. ਸੀ. ਕਾਰਾਂ ਵਿਚ ਘੁੰਮਦੇ ਹਨ, ਮਿਹਨਤਕਸ਼ ਟੁੱਟੀਆਂ ਸੜਕਾਂ ਉੱਤੇ ਨੰਗੇ ਪੈਰ ਲੁੱਕ ਪਾਉਂਦੇ ਹਨ। ਕਰੋੜਾਂ ਦਿਹਾੜੀਦਾਰ ਔਰਤਾਂ ਪਾਸ ਇੱਕ ਹੀ ਸਾੜ੍ਹੀ ਹੈ, ਜੈ ਲਲਿਤਾ ਪਾਸ ਪੰਜ ਹਜ਼ਾਰ ਸਾਹੜੀਆਂ ਸਨ। ਝੁੱਗੀਆਂ ਝੌਪੜੀਆਂ ਵਿਚ ਰਹਿੰਦੇ ਲੱਖਾਂ ਬੱਚੇ ਨੰਗੇ ਪੈਰੀਂ ਤੁਰਦੇ ਰੱਦੀ ਵਸਤਾਂ ਇਕੱਠੀਆਂ ਕਰਦੇ ਹਨ, ਨਵ- ਮਾਲਦਾ -ਮਾਰਕੋਜ਼- ਮਾਇਆ ਦੇ ਮਹਿਲਾਂ ਦੇ ਤਿੰਨ ਕਮਰੇ, ਸਿਰਫ ਸੈਂਕੜੇ ਮੈਚਿੰਗ ਜੁੱਤੀਆਂ ਰੱਖਣ ਲਈ ਹੀ ਹਨ। ਢੱਠੇ ਘਰਾਂ, ਖੋਲਿਆਂ ਦੀਆਂ ਉਜਤਾੜ ਛੱਤ ਹੀਣੀਆਂ ਕੰਧਾਂ ਉੱਤੇ ਹੁਣ ਗਿਰਝਾਂ ਨਹੀਂ ਬੈਠੀਆਂ, ਆਵਾਰਾ, ਨਸ਼ੇੜੀ ਮੁੰਡੇ ਬੈਠਦੇ ਹਨ- ਸੂਟਾ ਲਾਉਂਦੇ ਹਨ, ਜ਼ਰਦਾ ਮਲਦੇ ਹਨ।

ਆਓ, ਇਹਨਾਂ ਉਦੇਸ਼ਹੀਣੇ ਮੁੰਡਿਆਂ ਨੂੰ ਸੰਘਰਸ਼ ਦਾ ਮੰਤਵ ਦੇਈਏ। ਇਹਨਾਂ ਦੇ ਡੌਲਿਆਂ ਉੱਤੇ ਉਕਰੇ ਸ਼ੇਰਾਂ ਦੇ ਟੈਟੂਆਂ ਵਿੱਚ ਜਾਨ ਪਾਈਏ, ਗਿਦੜੋਂ ਸ਼ੇਰ ਬਣਾਈਏ।  ਜ਼ੁਲਮ ਜਬਰ ਨਾਲ ਲੜਨਾ ਸਿਖਾਈਏ।  ਪੰਜਾਬ ਆਵਾਜ਼ਾਂ ਮਾਰਦਾ ਹੈ।

ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ-141114, ਮੋਬਾਇਲ 94638-08697