ਹੋਲੀ ਤੇ ਹੋਲਾ ਮਹੱਲਾ ਦਾ ਗੁਰਮਤ ਵਿੱਚ ਸਥਾਨ

0
1251

ਹੋਲੀ ਤੇ ਹੋਲਾ ਮਹੱਲਾ ਦਾ ਗੁਰਮਤ ਵਿੱਚ ਸਥਾਨ

ਗਿਆਨੀ ਸੁਰਜੀਤ ਸਿੰਘ (ਦਿੱਲੀ) ਮੋਬਾ: 098112-92808

ਹੋਲੀ ਭਾਰਤ ਦਾ ਇਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ ਅਤੇ ਇਸ ਦਾ ਮੂਲ ਸਬੰਧ ਬ੍ਰਾਹਮਣ ਮੱਤ ਰਾਹੀਂ ਪ੍ਰਚਲਿਤ ਵਰਣ ਵੰਡ ਨਾਲ ਹੈ, ਜਦ ਕਿ ਹੋਲੇ ਮਹੱਲੇ ਦਾ ਆਰੰਭ ਸੰਨ 1680 ਵਿੱਚ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਸਥਾਨ ’ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਕੀਤਾ। ਇਨ੍ਹਾਂ ਦੋਹਾਂ ਤਿਉਹਾਰਾਂ ਦੀ ਵਿਚਾਰਧਾਰਾ ਪੱਖੋਂ ਆਪਸ ਵਿੱਚ ਬਹੁਤ ਭਿੰਨਤਾ ਹੈ। ਗੁਰੂ-ਘਰ ਵਿੱਚ ਗੁਰੂ ਦੀਆਂ ਸੰਗਤਾਂ ਵਾਸਤੇ ਜਿੱਥੇ ਹੋਲੀ ਨੂੰ ਇਸ ਦੇ ਪ੍ਰਚਲਿਤ ਢੰਗ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਮਨ੍ਹਾਂ ਕੀਤਾ ਗਿਆ ਹੈ, ਉੱਥੇ ਹੋਲੇ ਮਹੱਲੇ ਦਾ ਸਿਧਾਂਤ ਪੇਸ਼ ਕਰਦੇ ਹੋਏ, ਹੋਲੀ ਨੂੰ ਵੀ ਨਵੇਂ ਅਤੇ ਸੁਲਝੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।

ਹੋਲਾ ਮਹੱਲਾ ਸਬੰਧੀ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਸ ਨੂੰ ਇਸ ਤਰ੍ਹਾਂ ਲਿਖਿਆ ਹੈ : ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਦੀ ੧ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇੱਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਦੀ ਸ਼ੁੱਭ ਸਿਖਿਆ ਦਿਆ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ ਪਰ ਅਸੀਂ ਸਾਲ ਪਿੱਛੋਂ ਇਹ ਰਸਮ ਨਾਂ ਮਾਤਰ ਕਰ ਛੱਡਦੇ ਹਾਂ, ਲਾਭ ਕੁਝ ਨਹੀਂ ਉਠਾਉਂਦੇ, ਹਾਲਾਂ ਕਿ ਸ਼ਸਤਰ ਵਿਦਿਆ ਤੋਂ ਅੰਞਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।

ਇਸ ਵਿਸ਼ੇ ’ਤੇ ਭਾਈ ਸਾਹਿਬ ਹੋਰ ਲਿਖਦੇ ਹਨ : ‘‘ਸ਼ੱਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ਼ ਫ਼ੌਜੀਆਂ ਦਾ ਕਰਤਬ ਮੰਨ ਲਿਆ ਹੈ, ਜਦੋਂ ਕਿ ਦਸਮੇਸ਼ ਜੀ ਦਾ ਹੁਕਮ ਹੈ ਕਿ ਹਰ ਸਿੱਖ ਪੂਰਾ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ।’’

ਇਸ ਵਿਆਖਿਆ ਤੋਂ ਇਹ ਗੱਲ ਭਲੀ ਭਾਂਤ ਸਪੱਸ਼ਟ ਹੋ ਜਾਂਦੀ ਹੈ ਕਿ ਭਾਵੇਂ ਕਿੰਨੀ ਵੀ ਜੰਗਜੂ ਕੌਮ ਜਾਂ ਜਥੇਬੰਦੀ ਹੋਵੇ, ਹਰ ਸਮੇਂ ਜਾਂ ਹਰ ਵਕਤ ਤਾਂ ਜੰਗਾਂ ਯੁੱਧਾਂ ਵਿੱਚ ਨਹੀਂ ਰਹਿੰਦੀ। ਸਰਕਾਰੀ ਫ਼ੌਜਾਂ ਵੀ ਸ਼ਸਤਰਾਂ ਦੀ ਵਰਤੋਂ ਕਿਸੇ ਦੁਸ਼ਮਣ ਦੇ ਜਾਂ ਉਸ ’ਤੇ ਹਮਲੇ ਸਮੇਂ ਹੀ ਕਰਦੀਆਂ ਹਨ, ਹਰ ਸਮੇਂ ਨਹੀਂ, ਪਰ ਉਨ੍ਹਾਂ ਦੇ ਯੁੱਧ ਅਤੇ ਸ਼ਸਤਰ ਅਭਿਆਸ ਤਾਂ ਕਦੇ ਵੀ ਬੰਦ ਨਹੀਂ ਕੀਤੇ ਜਾਂਦੇ। ਛੇਵੇਂ ਪਾਤਸ਼ਾਹ ਨੇ ਪੰਥ ਨੂੰ ਬਕਾਇਦਾ ਸ਼ਸਤਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਚੋਹਾਂ ਵਿੱਚ ਹੀ ਆਪ ਜੀ ਨੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰਾਂ ਦੀ ਫ਼ੌਜ ਦੀ ਸਪੁਰਦਗੀ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਕਾਇਦਾ ਕਾਇਮ ਰੱਖਣਾ ਹੈ। ਸਪੱਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਰਹਿਣੇ ਚਾਹੀਦੇ ਹਨ।

ਅੰਤ ਦਸਵੇਂ ਪਾਤਸ਼ਾਹ ਨੇ ਕੌਮ ਦੇ ਬਕਾਇਦਾ ਜੁਝਾਰੂ ਹੋਣ ਦਾ ਐਲਾਨ ਕਰ ਦਿੱਤਾ ਅਤੇ ਕ੍ਰਿਪਾਨ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰ ਕੇ ਸਿੱਖੀ ਪਹਿਰਾਵੇ ਦਾ ਸਦਾ ਵਾਸਤੇ ਅੰਗ ਬਣਾ ਦਿੱਤਾ। ਫਿਰ ਇਹ ਨਿਯਮ ਵੀ ਪੱਕਾ ਕਰ ਦਿੱਤਾ ਕਿ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਰਹਿਣ। ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਕਿ ਅੰਮ੍ਰਿਤ ਦਾ ਢੰਗ ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ ਵਿੱਚ ਤਾਂ ਬਦਲਿਆ 1699 ਨੂੰ, ਪਰ ਹੋਲਾ ਮਹੱਲਾ ਆਰੰਭ ਕੀਤਾ 1680 ਵਿੱਚ ਅਰਥਾਤ ਉਸ ਤੋਂ 19 ਸਾਲ ਪਹਿਲਾਂ।

ਹੋਲਾ ਅਤੇ ਮਹੱਲਾ ਤਰਤੀਬਵਾਰ ਅਰਬੀ ਅਤੇ ਫ਼ਾਰਸੀ ਦੇ ਸ਼ਬਦ ਹਨ, ਜਿਨ੍ਹਾਂ ਦੇ ਕ੍ਰਮਵਾਰ ਅਰਥ ਹਮਲਾ ਅਤੇ ਹਮਲੇ ਦੀ ਥਾਂ ਹਨ। ਇਹ ਵੀ ਠੀਕ ਹੈ ਕਿ ਭਾਵੇਂ ਕ੍ਰਿਪਾਨ ਨੂੰ ਪਾਤਸ਼ਾਹ ਨੇ ਕਕਾਰਾਂ ਦੀ ਗਿਣਤੀ ਵਿੱਚ ਸਿੱਖੀ ਪਹਿਰਾਵੇ ਦਾ ਇੱਕ ਪੱਕਾ ਅੰਗ ਬਣਾ ਦਿੱਤਾ, ਪਰ ਜੰਗਾਂ, ਯੁੱਧਾਂ ਵਿੱਚ ਜੋ ਵੀ ਉਸ ਸਮੇਂ ਦੇ ਹਥਿਆਰ ਸਨ, ਉਨ੍ਹਾਂ ਦੀ ਵਰਤੋਂ ਵਾਸਤੇ ਸਭ ਤੋਂ ਅੱਗੇ ਰਹੇ। ਸਾਨੂੰ ਆਧੁਨਿਕ ਹਥਿਆਰਾਂ ਦੀ ਵਰਤੋਂ ਅਤੇ ਅਨੁਸ਼ਾਸਿਤ ਬਾਣੇ ਦੇ ਤੌਰ ’ਤੇ ਕ੍ਰਿਪਾਨ ਦੇ ਆਪਸੀ ਸਬੰਧ ਨੂੰ ਸਮਝਣਾ ਚਾਹੀਦਾ ਹੈ। ਉਂਝ ਵੀ ਕ੍ਰਿਪਾਨ ਇੱਕ ਅਜਿਹਾ ਸ਼ਸਤਰ ਹੈ, ਜੋ ਸ਼ੌਚ ਸਨਾਨ ਦੇ ਨਾਲ ਰਹਿ ਸਕਦਾ ਹੈ ਜਦੋਂ ਕਿ ਬਾਕੀ ਕਿਸੇ ਸ਼ਸਤਰ ’ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਕ੍ਰਿਪਾਨ ਦੀ ਇਕ ਹੋਰ ਵਿਲੱਖਣਤਾ ਵੀ ਗੁਰੂ ਸਾਹਿਬ ਨੇ ਪੈਦਾ ਕੀਤੀ ਹੈ।

ਕ੍ਰਿਪਾਨ ਵਾਸਤੇ ਤਲਵਾਰ ਅਤੇ ਖੜਗ ਆਦਿ ਅਨੇਕਾਂ ਨਾਂ ਪਹਿਲਾਂ ਤੋਂ ਪ੍ਰਚਲਿਤ ਸਨ। ਸੋਚਣ ਦਾ ਵਿਸ਼ਾ ਇਹ ਹੈ ਕਿ ਪਾਤਸ਼ਾਹ ਨੂੰ ਇਹ ਨਵਾਂ ਨਾਂ ਇਸ ਸ਼ਸਤਰ ਵਾਸਤੇ ਦੇਣ ਦੀ ਕੀ ਲੋੜ ਪਈ ? ਇਸ ਸਬੰਧ ਵਿੱਚ ਇਹ ਯਾਦ ਰਹੇ ਕਿ ਕ੍ਰਿਪਾਨ ਧਾਰਨ ਕਰਨ ਵਾਲੇ ਨੂੰ ਦੋ ਪੱਖੋਂ ਹਰ ਵਕਤ ਚੇਤਾਵਨੀ ਮਿਲਦੀ ਹੈ ਕਿ ਉਸ ਨੇ ਜੋ ਸ਼ਸਤਰਧਾਰੀ ਹੋਣਾ ਹੈ ਤਾਂ ਕਾਹਦੇ ਵਾਸਤੇ ? ਕ੍ਰਿਪਾਨ ਦਾ ਨਵਾਂ ਸ਼ਬਦ ਪਾਤਸ਼ਾਹ ਨੇ ਦੋ ਸ਼ਬਦਾਂ ਕ੍ਰਿਪਾ+ਆਨ, ਦੀ ਸੰਧੀ ਤੋਂ ਬਖ਼ਸ਼ਿਆ ਹੈ। ਭਾਵ ਗੁਰੂ ਜੀ ਦੇ ਸਿੱਖ ਨੇ ਜਦੋਂ ਕ੍ਰਿਪਾਨ ਅਤੇ ਆਪਣੇ ਸ਼ਸਤਰਾਂ ਨੂੰ ਹੱਥ ਪਾਉਣਾ ਹੈ ਤਾਂ ਉਸ ਦੇ ਸਾਹਮਣੇ ਦੋ ਗੱਲਾਂ ਵਿੱਚੋਂ ਇਕ ਕਾਰਨ ਲਾਜ਼ਮੀ ਹੋਣਾ ਚਾਹੀਦਾ ਹੈ_ਜਾਂ ਤਾਂ ਕ੍ਰਿਪਾ ਭਾਵ ਮਜ਼ਲੂਮ ਦੀ ਰਾਖੀ ਅਤੇ ਦੁਸ਼ਟ ਦੀ ਸੁਧਾਈ ਵਾਸਤੇ ਜਾਂ ਫਿਰ ਆਪਣੀ ਪੰਥ ਲੋਕਾਈ ਦੀ ਆਨ ਅਤੇ ਸ਼ਾਨ ਵਾਸਤੇ।

ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ ਤੇਗ਼ ਫ਼ਤਿਹ’ ਵਾਲੇ ਸ਼ਬਦਾਂ ਬਾਰੇ ਸੋਚਦੇ ਹਾਂ। ਗੁਰੂ ਦੀਆਂ ਸੰਗਤਾਂ ਨੂੰ ਜਿੱਥੇ ਕੜਾਹ ਪ੍ਰਸ਼ਾਦ, ਗੁਰੂ ਕਾ ਲੰਗਰ ਆਦਿ ਨੂੰ ਦੇਗ ਜਾਂ ਦੇਗਾਂ ਕਿਹਾ ਹੈ, ਉੱਥੇ ਨਾਲ ਹੀ ਨਿਯਮ ਹੈ ਕਿ ਬਿਨਾਂ ਕ੍ਰਿਪਾਨ ਭੇਂਟ ਕਰਨ ਦੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ ਅਤੇ ਨਾ ਹੀ ਛੱਕਣੀ ਹੈ।

ਖਿਮਾ ਚਾਹੁੰਦਾ ਹਾਂ, ਜੇ ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਕ੍ਰਿਪਾਨ ਭੇਂਟ ਕਰਨ ਨੂੰ ਭੋਗ ਲੁਆਉਣਾ ਸਮਝ ਲੈਂਦੇ ਹਨ। ਗੁਰੂ ਘਰ ਵਿੱਚ ਭੋਗ ਲੁਆਉਣ ਦਾ ਕੋਈ ਵਿਧਾਨ ਹੀ ਨਹੀਂ ਹੈ। ਭੋਗ ਲਵਾਉਣ ਦੀ ਪ੍ਰਥਾ ਤਾਂ ਦੇਵੀ ਦੇਵਤੀਆਂ ਤੇ ਮੂਰਤੀਆਂ ਦੇ ਪੁਜਾਰੀਆਂ ਦੀ ਹੈ। ਗੁਰੂ ਘਰ ਵਿੱਚ ਤਾਂ ਸਿੱਖ ਧਰਮ ਦੇ ਮੂਲ ਸਿਧਾਂਤ ਦੇਗ ਤੇਗ਼ ਫ਼ਤਹਿ ਦੇ ਆਧਾਰ ’ਤੇ ਕ੍ਰਿਪਾਨ ਭੇਂਟ ਦਾ ਨਿਯਮ ਹੈ ਤਾਂ ਜੋ ਗੁਰਸਿੱਖ ਸ਼ਸਤਰਾਂ ਨੂੰ ਭੁੱਲ ਕੇ ਦੇਗਾਂ ਵਾਸਤੇ ਹੀ ਨਾ ਰਹਿ ਜਾਣ।  ਤੇਗ਼ ਭਾਵ ਸ਼ਸਤਰਾਂ ਨੂੰ ਭੁਲਾ ਕੇ ਗੁਰੂ ਘਰ ਦੀਆਂ ਸੰਗਤਾਂ ਨੂੰ ਦੇਗ ਛੱਕਣ ਦਾ ਵੀ ਹੱਕ ਨਹੀਂ।

ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ ੨੩ ਵਿੱਚ ਸਿੱਖਾਂ ਵਾਸਤੇ ਇਸ ਵਿਸ਼ੇ ਦੇ ਪ੍ਰਥਾਇ ਦਸਵੇਂ ਪਾਤਸ਼ਾਹ ਵੱਲੋਂ ਹੁਕਮ ਇਸ ਪ੍ਰਕਾਰ ਹੈ :

ਪੁਨੰ ਸੰਗ ਸਾਰੇ ਪ੍ਰਭ ਜੀ ਸੁਨਾਈ। ਬਿਨਾ ਤੇਗ ਤੀਰੰ ਰਹੋ ਨਾਹ ਭਾਈ।

ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੇ। ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ੯੮।

ਇਹੈ ਮੋਰ ਆਗਿਆ ਸੁਨੋ ਲੈ ਪਿਆਰੇ। ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ।

ਇਹੈ ਮੋਹ ਬੈਨਾ, ਮੰਨੇਗਾ ਸੁ ਜੋਈ। ਤਿਸੇ ਇਛ ਪੂਰੰ, ਸਭੈ ਜਾਨ ਸੋਈ। ੯੯।

ਰਹਿਤਨਾਮਾ, ਭਾਈ ਦੇਸਾ ਸਿੰਘ ਜੀ ਵਿੱਚ ਹੁਕਮ ਹੈ :

ਸ਼ਸਤ੍ਰਹੀਨ ਇਹ ਕਬਹੂ ਨਹਿ ਕੋਈ। ਰਹਿਤਵੰਤ ਖਾਲਸਾ ਸੋਈ।

ਕਛ ਕ੍ਰਿਪਾਨ ਨ ਕਬਹੂੰ ਤਿਆਗੈ। ਸਨਮੁਖ ਲਰੈ, ਨ ਰਣ ਤੇ ਭਾਗੈ। ੧੫।

ਹੋਰ ਲਵੋ : ਗੁਰ ਪ੍ਰਤਾਪ ਸੂਰਯ, ਰੁਤ ੩, ਅਧਿਆਯ ੨੩ – ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ :-

ਸ਼ਸਤ੍ਰਨਿ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ। ੬।

ਯਾਂ ਤੇ ਸਰਬ ਖਾਲਸਾ ਸੁਨੀਅਹਿ। ਆਯੁਧ ਧਰਿਬੇ ਉੱਤਮ ਗੁਨੀਅਹਿ।

ਜਬਿ ਹਮਰੇ ਦਰਸ਼ਨ ਕੋ ਆਵਹੁ। ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ। ੭।

ਕਮਰ ਕਸਾ ਕਰਿ ਦੇਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਿਕਾਈ।…। ੮।

ਇਹ ਸਭ ਜਾਣਕਾਰੀ ਦੇਣ ਦਾ ਮਤਲਬ ਸਾਡਾ ਇਹ ਸਾਬਤ ਕਰਨਾ ਹੈ ਕਿ ਹੋਲੇ ਮਹੱਲੇ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ; ਜਿਵੇਂ ਕਿ ਸਮਕਾਲੀ ਲਿਖਾਰੀ ਅਤੇ ਸਾਰੇ ਸਿੱਖ ਇਤਿਹਾਸਕਾਰ ਇਸ ਬਾਰੇ ਇਕ ਮੱਤ ਹਨ ਕਿ ਪਾਤਸ਼ਾਹ ਵੱਲੋਂ ਸਿੱਖਾਂ ਵਾਸਤੇ ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣਾ ਸਭ ਤੋਂ ਜ਼ਰੂਰੀ ਅੰਗ, ਸਪੱਸ਼ਟ ਹੈ ਅਤੇ ਇਸੇ ਤਰ੍ਹਾਂ ਇਹ ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਉਨ੍ਹਾਂ ਨੇ ਹੋਲੇ ਮਹੱਲੇ ਦਾ ਤਿਉਹਾਰ ਆਪ ਆਰੰਭ ਕੀਤਾ। ਜਿੱਥੇ ਕਿ ਗੁਰਸਿੱਖ ਨੂੰ ਕੜਾਹ ਪ੍ਰਸ਼ਾਦ ਸਮੇਂ ਨਿਤਾਪ੍ਰਤੀ ਕ੍ਰਿਪਾਨ ਭੇਂਟ, ਦੇਗ ਦੀ ਸਾਂਝ ਦੇ ਨਾਲ ਉਸ ਨੂੰ ਉਸ ਦੀ ਸ਼ਸਤਰਾਂ ਨਾਲ ਸਾਂਝ ਪ੍ਰਗਟ ਕਰਦੀ ਹੈ, ਉੱਥੇ ਸਾਲ ਦੇ ਸਾਲ ਹੋਲਾ ਮੁਹੱਲਾ ਉਸ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਦੀ ਵੀ ਚੇਤਾਵਨੀ ਦਿੰਦਾ ਹੈ। ਸ਼ਸਤਰਧਾਰੀ ਫ਼ੌਜਾਂ ਦਾ ਵੀ ਇਹੀ ਨਿਯਮ ਹੁੰਦਾ ਹੈ। ਕਿਸੇ ਵੀ ਦੇਸ਼ ਦੀਆਂ ਫ਼ੌਜਾਂ ਹਮੇਸ਼ਾਂ ਜੰਗਾਂ ਯੁੱਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਸ਼ਸਤਰ ਅਭਿਆਸ ਉਨ੍ਹਾਂ ਦੇ ਨਿੱਤ ਹੀ ਚੱਲਦੇ ਰਹਿੰਦੇ ਹਨ। ਯੁੱਧ ਸਮੇਂ ਇਹ ਅਭਿਆਸ-ਰੂਪ-ਤਿਆਰੀ ਹੀ ਅਸਲੀ ਯੁੱਧ ਦਾ ਆਧਾਰ ਹੁੰਦੀ ਹੈ। ਹੋਲੇ ਮਹੱਲੇ ਦਾ ਵੀ ਇਹੀ ਮਤਲਬ ਹੈ।

ਨਿਰਾ ਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ, ਪਰ ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਗੁਰਬਾਣੀ ਦੀ ਹੋਵੇ, ਸਾਰੇ ਸ਼ਸਤਰਾਂ ਦੀ ਪਹਿਚਾਣ ਉਸ ਨੂੰ ਕ੍ਰਿਪਾਨ ਤੋਂ ਆਰੰਭ ਕਰਵਾਈ ਹੋਵੇ, ਜਿਸ ਦਾ ਮਤਲਬ ਹੀ ਉਸ ਲਈ ਮਜ਼ਲੂਮ ਦੀ ਰਾਖੀ ਅਤੇ ਅਣਖ ਨਾਲ ਜੀਣਾ ਹੋਵੇ, ਤਾਂ ਜ਼ਾਲਮ ਹੋਣ ਦੀ ਗੱਲ ਹੀ ਮੁੱਕ ਜਾਂਦੀ ਹੈ। ਫਿਰ ਉਸ ਨੂੰ ਇਸ ਬਾਰੇ ਦਸਵੇਂ ਪਾਤਸ਼ਾਹ ਦੀ ਬਾਕਾਇਦਾ ਹਦਾਇਤ ਵੀ ਹੈ :-

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।

ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ੨੨।  (ਜ਼ਫ਼ਰਨਾਮਾ)

ਭਾਵ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।

ਕਾਫ਼ੀ ਸਮੇਂ ਤੋਂ ਢਿੱਲੇ ਅਧਿਕਾਰੀ ਪ੍ਰਚਾਰਕਾਂ ਦੇ ਕਾਰਨ ਹੌਲ਼ੀ-ਹੌਲ਼ੀ ਪੰਥ ਦਾ ਵੱਡਾ ਹਿੱਸਾ ਅੰਮ੍ਰਿਤ ਤੋਂ ਟੁੱਟਦਾ ਗਿਆ ਹੈ, ਹਾਲਾਂਕਿ ਅੰਮ੍ਰਿਤ ਤਾਂ ਸਿੱਖੀ ਦਾ ਆਰੰਭ ਅਤੇ ਸਿੱਖ ਧਰਮ ਵਿੱਚ ਪ੍ਰਵੇਸ਼ ਹੈ। ਅੰਮ੍ਰਿਤ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਨਾ ਹੈ ਕਿਉਂਕਿ ਨਿਗੁਰਾ ਤਾਂ ਸਿੱਖ ਹੀ ਨਹੀਂ ਹੁੰਦਾ। ਅੰਮ੍ਰਿਤ ਤੋਂ ਟੁੱਟੇ ਅਸੀਂ ਕ੍ਰਿਪਾਨ ਤੋਂ ਵੀ ਲਾਪ੍ਰਵਾਹ ਹੁੰਦੇ ਗਏ ਅਤੇ ਹੌਲ਼ੀ-ਹੌਲ਼ੀ ਇਹ ਸਮਝਣਾ ਅਤੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਕ੍ਰਿਪਾਨ ਨੂੰ ਤਾਂ ਕੇਵਲ ਅੰਮ੍ਰਿਤਧਾਰੀ ਨੇ ਪਾਉਣਾ ਹੈ ਹਾਲਾਂਕਿ ਅੰਮ੍ਰਿਤਧਾਰੀ ਹੋਣ ਤੋਂ ਪਹਿਲਾਂ ਸਾਡਾ ਪੰਜ ਕਕਾਰੀ ਹੋਣਾ ਜ਼ਰੂਰੀ ਹੈ ਅਤੇ ਪੰਜਾਂ ਕਕਾਰਾਂ ਵਿੱਚ ਕੇਸ, ਕ੍ਰਿਪਾਨ ਪ੍ਰਧਾਨ ਕਕਾਰ ਹਨ।

ਅਸੀਂ ਸ਼ਸਤਰਧਾਰੀ ਹੋਣ ਤੋਂ ਹੀ ਲਾਪ੍ਰਵਾਹ ਹੋ ਗਏ ਤਾਂ ਹੋਲੇ ਮਹੱਲੇ ਦੀ ਸਮਝ ਹੀ ਕਿਵੇਂ ਆਉਂਦੀ ? ਜਿੱਥੇ ਗੁਰਸਿੱਖ ਹੈ, ਉੱਥੇ ਹੀ ਹੋਲੇ ਮਹੱਲੇ ਦਾ ਤਿਉਹਾਰ ਜ਼ਰੂਰੀ ਹੈ ਭਾਵੇਂ ਪਾਤਸ਼ਾਹ ਨੇ ਇਸ ਨੂੰ ਲੋਹਗੜ੍ਹ ਸਾਹਿਬ ਤੋਂ ਹੀ ਆਰੰਭ ਕੀਤਾ ਸੀ, ਪਰ ਇਸ ਦਾ ਮਹੱਤਵ ਸਮਝਣਾ ਸਾਡੇ ਵਾਸਤੇ ਅਤਿ ਜ਼ਰੂਰੀ ਹੈ।

ਹੋਲੀ (ਫੱਗਣ ਸੁਦੀ 11 ਤੋਂ 14 ਤੀਕ) ਇਕ ਮਿਥਿਹਾਸਕ ਪੌਰਾਣਕ ਤਿਉਹਾਰ ਹੈ। ਬ੍ਰਾਹਮਣ ਮੱਤ ਅਨੁਸਾਰ ਵਰਣ-ਵੰਡ ਵਿੱਚੋਂ ਦ੍ਰਿੜ੍ਹਤਾ ਲਿਆਉਣ ਵਾਸਤੇ ਜਿੱਥੇ ਹਰ ਇਕ ਵਰਣ ਵਾਸਤੇ ਜੰਞੂ, ਜੰਞੂ ਪਾਉਣ ਦੇ ਢੰਗ ਅਤੇ ਸਮੇਂ, ਸਭ ਵੱਖਰੇ-ਵੱਖਰੇ, ਫਿਰ ਵਰਣਾਂ ਅਨੁਸਾਰ ਨਾਵਾਂ ਦੀ ਵੰਡ ਅਤੇ ਹੋਰ ਨਿਯਮ ਬਣਾਏ, ਉਸੇ ਤਰ੍ਹਾਂ ਬ੍ਰਾਹਮਣ ਵਰਗ ਨੇ ਆਪਣੇ ਵਾਸਤੇ ਵੈਸਾਖੀ, ਵੈਸ਼ਾਂ ਵਾਸਤੇ ਦਿਵਾਲੀ, ਖੱਤਰੀਆਂ ਵਾਸਤੇ ਦੁਸਹਿਰਾ ਅਤੇ ਸ਼ੂਦਰਾਂ ਵਾਸਤੇ ਹੋਲੀ ਦਾ ਤਿਉਹਾਰ ਪ੍ਰਚਲਿਤ ਕੀਤਾ। ਮੂਲ ਰੂਪ ਵਿੱਚ ਇਹ ਬ੍ਰਾਹਮਣੀ ਤਿਉਹਾਰ ਹੈ।

ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਰਾਜੇ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ।  ਅਜਿਹਾ ਵਰ ਪ੍ਰਾਪਤ ਕਰ ਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਉਸ ਨੇ ਐਲਾਨ ਕਰ ਦਿੱਤਾ ਕਿ ਕੋਈ ਪ੍ਰਮਾਤਮਾ ਨੂੰ ਨਾ ਜਪੇ ਅਤੇ ਸਾਰੇ ਉਸ ਦਾ ਹੀ ਜਾਪ ਕਰਨ। ਕਰਤੇ ਦੀ ਕਰਨੀ ਕਿ ਘਰ ਵਿੱਚੋਂ ਹੀ, ਹਰਨਾਖਸ਼ ਦਾ ਸਪੁੱਤਰ ਪ੍ਰਹਿਲਾਦ ਇਸ ਗੱਲ ਦਾ ਵਿਰੋਧੀ ਹੋ ਗਿਆ ਅਤੇ ਉਹ ਰਾਮ-ਰਾਮ ਜਪਣ ਅਤੇ ਪ੍ਰਚਾਰਨ ਲੱਗਾ। ਰਾਜੇ ਨੇ ਉਸ ਨੂੰ ਪਹਾੜ ਤੋਂ ਧੱਕ ਕੇ ਦਰਿਆ ਵਿੱਚ ਸੁੱਟ ਦਿੱਤਾ, ਹਰ ਢੰਗ ਨਾਲ ਮਾਰਨ ਦਾ ਯਤਨ ਕੀਤਾ ਪਰ ਪ੍ਰਭੂ ਨੇ ਉਸ ਦੀ ਰਖਿਆ ਕੀਤੀ।

ਅੰਤ ਹਰਨਾਖ਼ਸ਼ ਦੀ ਭੈਣ ਢੂੰਡਾ (ਹੋਲਿਕਾ) ਜਿਸ ਨੇ ਤਪ ਕਰ ਕੇ ਸ਼ਿਵ ਤੋਂ ਇਕ ਦੁਪੱਟਾ ਪ੍ਰਾਪਤ ਕਰ ਰਖਿਆ ਸੀ, ਜਿਸ ਨੂੰ ਉੱਪਰ ਲੈਣ ਤੋਂ ਬਾਅਦ ਅੱਗ ਉਸ ਉੱਪਰ ਅਸਰ ਨਹੀਂ ਕਰਦੀ ਸੀ। ਹਰਨਾਖਸ਼ ਦੇ ਕਹਿਣ ’ਤੇ ਹੋਲਿਕਾ ਆਪਣੇ ਭਣੇਵੇਂ (ਪ੍ਰਹਿਲਾਦ) ਨੂੰ ਗੋਦੀ ਵਿੱਚ ਲੈ ਕੇ ਚਿਖਾ ਵਿੱਚ ਬੈਠ ਗਈ। ਕਰਤੇ ਦੀ ਕਰਨੀ ਕਿ ਵਰ ਵਾਲਾ ਦੁਪੱਟਾ ਹੋਲਿਕਾ ਤੋਂ ਉੱਡ ਕੇ ਪ੍ਰਹਿਲਾਦ ’ਤੇ ਜਾ ਪਿਆ।  ਹੋਲਿਕਾ ਸੜ੍ਹ ਕੇ ਰਾਖ ਹੋ ਗਈ ਅਤੇ ਪ੍ਰਹਿਲਾਦ ਫਿਰ ਵੀ ਬਚ ਗਿਆ। ਅੰਤ ਅੱਗ ਨਾਲ ਲਾਲ ਕੀਤੇ ਫੌਲਾਦ ਦੇ ਥੰਮ੍ਹ ਨਾਲ ਪ੍ਰਹਿਲਾਦ ਦੇ ਜੱਫਾ ਮਾਰਨ ਸਮੇਂ, ਪ੍ਰਭੂ ਨੇ ਨਰਸਿੰਘ ਰੂਪ ਧਾਰ ਕੇ ਦਹਿਲੀਜ਼ ਵਿੱਚ ਹਰਨਾਖਸ਼ ਨੂੰ ਦੋ ਫਾੜ੍ਹ ਕਰ ਦਿੱਤਾ।

ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਇਸ ਘਟਨਾ ਦਾ ਜ਼ਿਕਰ 16 ਵਾਰ (ਗੁਰੂ ਨਾਨਕ ਜੀ 2 ਵਾਰ, ਭਗਤ ਕਬੀਰ ਜੀ 2 ਵਾਰ, ਭਗਤ ਨਾਮਦੇਵ ਜੀ 2 ਵਾਰ, ਗੁਰੂ ਅਮਰਦਾਸ ਜੀ 4 ਵਾਰ, ਗੁਰੂ ਰਾਮਦਾਸ ਜੀ 3 ਵਾਰ, ਗੁਰੂ ਅਰਜਨ ਜੀ 1 ਵਾਰ, ਭੱਟ ਨਲੵ ਜੀ 1 ਵਾਰ ਤੇ ਭਟ ਗਯੰਦ ਜੀ 1 ਵਾਰ) ਆਇਆ ਹੈ; ਜਿਵੇਂ ਕਿ ਸੰਖੇਪ ਮਾਤਰ:

ਦੁਰਮਤਿ ਹਰਣਾਖਸੁ ਦੁਰਾਚਾਰੀ ॥ 

ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥  ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥ (ਮ: ੧/੨੨੪)

ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ  !  ਹਰਣਾਖਸੁ ਮਾਰਿ ਪਚਾਇਆ ॥ (ਮ: ੩/੬੩੭)

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ; ਹਰਨਾਖਸ ਜਿਉ ਪਚਿ ਜਾਵੈਗੋ ॥ (ਮ: ੪/੧੩੦੯)

ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ ॥ (ਮ: ੫/੯੯੯)

ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ; ਹਰਨਾਖਸੁ ਨਖ ਬਿਦਰਿਓ ॥ (ਭਗਤ ਕਬੀਰ/੮੫੬)

ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥ (ਭਗਤ ਨਾਮਦੇਵ/੧੧੦੫), ਆਦਿ।

ਇਹ ਘਟਨਾ ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਾਫ਼ੀ ਹੈ ਕਿ ਮਨੁੱਖ ਭਾਵੇਂ ਕਿੰਨਾ ਵੀ ਜ਼ਾਲਮ ਜਾਂ ਹੰਕਾਰੀ ਹੋ ਜਾਵੇ, ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ। ਹੋਲੀ ਦੇ ਤਿਉਹਾਰ ਲਈ ਇਸ ਘਟਨਾ ਨੂੰ ਆਧਾਰ ਬਣਾ ਕੇ, ਰਾਤ ਨੂੰ ਹੌਲੀ ਜਲਾਈ ਜਾਂਦੀ ਹੈ ਅਤੇ ਰਾਖ ਨੂੰ ਹੋਲਿਕਾ ਦੀ ਰਾਖ ਮੰਨ ਕੇ ਸਵੇਰੇ ਉਸ ਨੂੰ ਉਡਾਇਆ ਜਾਂਦਾ ਹੈ।

ਲੋਕੀ ਇਕ ਦੂਜੇ ’ਤੇ ਕੇਵਲ ਰੰਗ ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ, ਗੰਦਗੀ, ਮਿੱਟੀ ਦਾ ਤੇਲ ਆਦਿ ਸੁੱਟ ਕੇ ਇਸ ਤਿਉਹਾਰ ਨੂੰ ਬਹੁਤ ਝਗੜੇ ਫਸਾਦ ਨਾਲ ਮਨਾ ਰਹੇ ਹਨ। ਸ਼ਰਾਬਾਂ ਉੱਡਦੀਆਂ ਹਨ ਅਤੇ ਕਈ ਝਗੜੇ ਫਸਾਦ, ਲੜਾਈਆਂ ਤੇ ਕਤਲ ਤੱਕ ਹੁੰਦੇ ਹਨ ਕਿਉਂਕਿ ਸ਼ਰਾਬ ਦੇ ਨਸ਼ੇ ਵਿੱਚ ਕਈ ਵਾਰੀ ਭੂਤਰੇ ਲੋਕ, ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਪੂਰਾ ਲਾਭ ਉਠਾਉਂਦੇ ਹਨ।  ਜਵਾਨ ਬੱਚੀਆਂ ਅਤੇ ਇਸਤ੍ਰੀਆਂ ਨਾਲ ਭੱਦੇ ਮਜ਼ਾਕ ਵੀ ਕੀਤੇ ਜਾਂਦੇ ਹਨ। 

ਭਾਰਤ ਵਿੱਚ ਸਭ ਤੋਂ ਵੱਧ ਹੋਲੀ ਬ੍ਰਿਜ, ਮਥੁਰਾ, ਗੋਕੁਲ ਵਿੱਚ ਖੇਡੀ ਜਾਂਦੀ ਹੈ ਅਤੇ ਧਾਰਮਿਕ ਤਿਉਹਾਰ ਦੇ ਬਹਾਨੇ ਅਨੇਕਾਂ ਕਾਮ-ਉਕਸਾਊ, ਅਸ਼ਲੀਲ, ਲੱਜਾਹੀਣ ਖੇਡਾਂ ਖੇਡੀਆਂ ਜਾਂਦੀਆਂ ਹਨ।

ਗੁਰੂ-ਘਰ ਵਿੱਚ ਹੋਲੀ ਦਾ ਤਿਉਹਾਰ ਰੰਗਾਂ-ਗੁਲਾਲਾਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ। ਹੋਲੀ ਦੇ ਇਸ ਢੰਗ ਨਾਲ ਗੁਰੂ ਘਰ ਬਿਲਕੁਲ ਸਹਿਮਤ ਨਹੀਂ ਹੋ ਸਕਦਾ।

ਉਚੇਚੇ ਤੌਰ ’ਤੇ ਹੋਲੀ ਦੇ ਦਿਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਥੁਰਾ ਵਿੱਚ, ਜੋ ਹੋਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪੁੱਜੇ। ਉੱਥੇ ਆਪ ਨੇ ਧਰਮ ਤਿਉਹਾਰ ਦੇ ਪੱਜ, ਲੋਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਯ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਅਤੇ ਸਮਝਾਇਆ ਪਰ ਪਾਂਡਿਆਂ ਨੇ ਇਸ ਨੂੰ ਕਲਜੁੱਗ ਦਾ ਪ੍ਰਭਾਵ ਦੱਸਿਆ। ਉੱਥੇ ਪਾਤਸ਼ਾਹ ਨੇ ‘ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ॥’ ਵਾਲੇ ਸ਼ਬਦ ਰਾਹੀਂ ਸਮਝਾਇਆ ਕਿ ਸਤਿਯੁੱਗ, ਤ੍ਰੇਤਾ, ਕਲਯੁੱਗ ਆਦਿ ਕੋਈ ਸਮੇਂ ਦੀ ਵੰਡ ਨਹੀਂ। ਇਸ ਤਰ੍ਹਾਂ ਅਖੌਤੀ ਕਲਯੁੱਗ ਦਾ ਪਰਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੋਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ‘ਨਾਨਕ ਨਾਮੁ ਮਿਲੈ ਵਡਿਆਈ, ਏਦੂ ਉਪਰਿ ਕਰਮੁ ਨਹੀ॥’ ਤਾਂ ਤੇ ਲੋੜ ਹੈ ਕਿ ਮਨੁੱਖ ਇੱਕ ਨੇਕ ਪਰਉਪਕਾਰੀ ਮਨੁੱਖ ਬਣੇ ਅਤੇ ਆਪਣੇ ਜੀਵਨ ਨੂੰ ਸਫਲਾ ਕਰੇ। ਹਰ ਇਕ ਗੁਰਸਿੱਖ ਨੂੰ ਇਹ ਸ਼ਬਦ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ।

ਪੰਜਵੇਂ ਪਾਤਸ਼ਾਹ ਨੇ ਹੋਲੀ ਦੌਰਾਨ ਆਪਣੇ ਮੂੰਹ ਸਿਰ ਲਾਲ, ਨੀਲੇ, ਪੀਲੇ ਕਰਨ ਵਾਲੇ ਲੋਕਾਂ ਨੂੰ ਉਪਦੇਸ਼ ਕਰਦਿਆਂ ਫ਼ੁਰਮਾਇਆ :

ਗੁਰੁ ਸੇਵਉ ਕਰਿ ਨਮਸਕਾਰ ॥  ਆਜੁ ਹਮਾਰੈ ਮੰਗਲਚਾਰ ॥

ਆਜੁ ਹਮਾਰੈ ਮਹਾ ਅਨੰਦ ॥  ਚਿੰਤ ਲਥੀ ਭੇਟੇ ਗੋਬਿੰਦ ॥੧॥

ਆਜੁ ਹਮਾਰੈ ਗ੍ਰਿਹਿ ਬਸੰਤ ॥  ਗੁਨ ਗਾਏ ਪ੍ਰਭ  ! ਤੁਮ੍ ਬੇਅੰਤ ॥੧॥ ਰਹਾਉ ॥

ਆਜੁ ਹਮਾਰੈ ਬਨੇ ਫਾਗ ॥  ਪ੍ਰਭ ਸੰਗੀ ਮਿਲਿ; ਖੇਲਨ ਲਾਗ ॥

ਹੋਲੀ ਕੀਨੀ ਸੰਤ ਸੇਵ ॥  ਰੰਗੁ ਲਾਗਾ ਅਤਿ ਲਾਲ ਦੇਵ ॥੨॥ (ਬਸੰਤੁ/ਮ: ੫/੧੧੮੦)

ਭਾਵ ਜਦੋਂ ਜੀਵ ਪ੍ਰਭੂ ਪਿਆਰ ਵਿੱਚ ਰੰਗਿਆ ਜਾਂਦਾ ਹੈ ਤਾਂ ਮਾਨੋਂ ਉਸ ਦੇ ਘਰ ਸਦਾ ਹੀ ਖੇੜਾ ਤੇ ਬਸੰਤ ਰੁੱਤ ਹੁੰਦੀ ਹੈ। ਇਸ ਵਾਸਤੇ ਦੁਨੀਆਂ ਦੇ ਲੋਕੋ !  ਜੇਕਰ ਤੁਸੀਂ ਇਸ ਫੱਗਣ ਦੇ ਮਹੀਨੇ ਵਿੱਚ ਹੋਲੀ ਦਾ ਅਨੰਦ ਮਾਣਨਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਆਓ ਅਤੇ ਰੱਬੀ ਨਾਮ ਮਸਤੀ ਵਾਲਾ ਪੱਕਾ ਲਾਲ ਰੰਗ ਤੁਹਾਡੇ ਮਨ ’ਤੇ ਚੜ੍ਹੇਗਾ। ਇਹੀ ਸਾਡੇ ਵਾਸਤੇ ਹੋਲੀ ਹੋਣੀ ਚਾਹੀਦੀ ਹੈ।

ਗੁਰੂ ਪਾਤਸ਼ਾਹ ਨੇ ਹੋਲੀ ਦੇ ਨਾਂ ਨਾਲ ਵਿਰੋਧ ਨਹੀਂ ਕੀਤਾ ਬਲਕਿ ਉਸ ਦੇ ਅਰਥ ਹੀ ਨਿਰੋਏ ਕਰ ਦਿੱਤੇ ਹਨ ਜਾਂ ਦੂਜੇ ਸ਼ਬਦਾਂ ਵਿੱਚ ਗੁਰੂ-ਆਸ਼ੇ ਅਨੁਸਾਰ ਚੱਲਣ ਵਾਲਿਆਂ ਨੂੰ ਰੰਗ, ਗੁਲਾਲਾਂ, ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਰੱਬੀ ਨਾਮ ਬਾਣੀ ਦੇ ਅਭਿਆਸ ਵੱਲ ਹੋਰ ਦ੍ਰਿੜ੍ਹ ਕੀਤਾ ਹੈ। ਦਸਵੇਂ ਪਾਤਸ਼ਾਹ ਨੇ ਵੀ ਹੋਲੀਆਂ ਦੇ ਸਮੇਂ ’ਤੇ ਗੁਰਸਿੱਖਾਂ ਵਿੱਚ ਸ਼ਸਤਰ ਅਭਿਆਸ ਆਰੰਭ ਕਰ ਕੇ ਹੋਲੇ ਮਹੱਲੇ ਦਾ ਨਵਾਂ ਤਿਉਹਾਰ ਬਖ਼ਸ਼ਿਆ।  ਅੱਜ ਇਸ ਮੌਕੇ ’ਤੇ ਅਨੰਦਪੁਰ ਸਾਹਿਬ ਵਿਖੇ ਜੋ ਰੰਗ ਗੁਲਾਲ ਉਡਾਏ ਜਾਂਦੇ ਹਨ, ਸਾਨੂੰ ਇਸ ਪੱਖੋਂ ਸੰਭਲਣ ਦੀ ਲੋੜ ਹੈ।

ਗੁਰੂ ਨਾਨਕ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਗੁਰੂ ਸਾਹਿਬਾਨ ਨੇ ਆਪ ਜਾਂ ਉਨ੍ਹਾਂ ਦੇ ਸਿੱਖਾਂ ਨੇ 239 ਵਰ੍ਹਿਆਂ ਵਿੱਚ ਕੋਈ ਹੋਲੀ ਖੇਡੀ ਹੋਵੇ।  ਜਿਹੜੇ ਗੁਰੂ ਕੇ ਲਾਲ, ਆਪਣੀ ਹੂੜ ਮੱਤ ਜਾਂ ਅਗਿਆਨਤਾ ਕਾਰਨ ਹੋਲੀਆਂ ਵਿੱਚ ਸ਼ਾਮਲ ਹੋ ਕੇ ਪਾਤਸ਼ਾਹ ਦੇ ਬਖ਼ਸ਼ੇ ਸੁੰਦਰ ਸ਼ੇਰਾਂ ਵਾਲੇ ਸਰੂਪ ਦੀ ਬੇਅਦਬੀ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕਰਨੀ ਵੱਲ ਧਿਆਨ ਦੇਣਾ ਚਾਹੀਦਾ ਹੈ ਬਲਕਿ ਇਸ ਤੋਂ ਅੱਗੇ ਜਾਂਦਿਆਂ ਲੋਕਾਈ ਨੂੰ ਕੱਚੀਆਂ ਹੋਲੀਆਂ ਵਿੱਚੋਂ ਕੱਢ ਕੇ ਗੁਰਬਾਣੀ ਦੀ ਨਿਰਲੇਪ ਰੰਗਤ ਵਿੱਚ ਲਿਆਉਣ ਦਾ ਯਤਨ ਕਰਨਾ ਚਾਹੀਦਾ ਹੈ।