ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ

0
649

ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ

ਡਾ: (ਕਰਨਲ) ਦਲਵਿੰਦਰ ਸਿੰਘ ਗਰੇਵਾਲ, 1925 ਬਸੰਤ ਐਵੇਨਿਊ, ਲੁਧਿਆਣਾ 9815366726

ਸਰਦਾਰ ਬਘੇਲ ਸਿੰਘ ਸਿੱਖੀ ਦਾ ਉਹ ਥੰਮ੍ਹ ਹੈ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਰਿਹਾ। ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ 1783 ਨੂੰ ਲਾਲ ਕਿਲ੍ਹੇ ’ਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਉੱਤੇ ਰਾਜ ਕਰਨ ਦਾ ਸਿੱਖਾਂ ਦਾ ਸੁਪਨਾ ਜਦ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਆਪਸੀ ਖਿੱਚ-ਧੂਹ ਕਰ ਕੇ ਅਧੂਰਾ ਰਹਿ ਗਿਆ ਤੇ ਧਿਰਾਂ ਵਿੱਚ ਰੰਜਸ਼ ਪੈਦਾ ਹੋ ਗਈ ਤਾਂ ਇਹ ਸ੍ਰ: ਬਘੇਲ ਸਿੰਘ ਹੀ ਸੀ, ਜਿਸ ਨੇ ਸਾਰਾ ਮਾਮਲਾ ਸੰਭਾਲਿਆ ਤੇ ਫਿਰ ਸਿੱਖਾਂ ਦਾ ਪ੍ਰਭਾਵ ਦਿੱਲੀ ਉੱਤੇ ਰਾਖਵਾਂ ਰੱਖਿਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਇਲਾਕਿਆਂ ਉੱਤੇ ਹਮਲੇ ਕਰ ਕੇ ਰਾਖੀ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵੱਲੋਂ ਰਾਜ ਦਰਬਾਰ ’ਤੇ ਮਰਾਠਿਆਂ ਨਾਲ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿੱਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਲ ਸੀ। ਇਸ ਇਲਾਕੇ ਦੇ ਪ੍ਰਬੰਧ ਉਦੋਂ ਤੋਂ ਲੈ ਕੇ ਅੰਗ੍ਰੇਜ਼ੀ ਰਾਜ ਕਾਇਮ ਹੋਣ ਤੱਕ ਬਘੇਲ ਸਿੰਘ ਅਤੇ ਉਸ ਦੇ ਪਰਿਵਾਰ ਕੋਲ ਰਿਹਾ। ਦਿੱਲੀ ਰਾਜ ਵਿੱਚ ਉਸ ਦਾ ਸਦਾ ਪ੍ਰਭਾਵ ਰਿਹਾ।

ਦਿੱਲੀ ਰਾਜ ਦੇ ਪ੍ਰਭਾਵ ਵੇਲੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ। ਸਿੱਖੀ ਖ਼ਾਤਰ ਜਨਰਲ ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ।  ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝਬਾਲ ਵਿਖੇ ਧਾਲੀਵਾਲ ਪਰਿਵਾਰ ਵਿੱਚ ਹੋਇਆ। ਹੋਸ਼ ਸੰਭਾਲੀ ਤੇ ਮਸਫੁਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕ੍ਰੋੜਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਸਰਕਰਦਾ (ਮੋਢੀ) ਜਥੇਦਾਰ ਕ੍ਰੋੜ ਸਿੰਘ ਸੀ।

ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ ਤੇ ਭੂਰੀਆਂ ਅੱਖਾਂ ਵਾਲਾ ਬਹਾਦਰ, ਹੌਂਸਲੇ ਵਾਲਾ, ਖੁੱਲ੍ਹੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਹੁੰਦਾ ਸੀ। ਘੋੜ ਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਤੇ ਜੱਥੇਦਾਰ ਦੀ ਵਾਹ-ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ਼, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇੱਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉੱਤੇ ਹਰ ਕੋਈ ਭਰੋਸਾ ਕਰਦਾ ਸੀ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ।

ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਜਦ ਬੇਗਮ ਸਮਰੋ ਉੱਪਰ ਅਵਧ ਦੇ ਨਵਾਬ ਨੇ ਹਮਲਾ ਕੀਤਾ ਤਾਂ ਇਸ ਨੂੰ ਬਘੇਲ ਸਿੰਘ ਨੇ ਹੀ ਬਚਾਇਆ। ਇਸ ਦਾ ਸਿੱਕਾ ਮੰਨ ਕੇ ਬੇਗਮ ਸਮਰੋ ਨੇ ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉੱਪਰ ਹਮਲਾ ਕਰ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ ਜਿਸ ਦੀ ਬਘੇਲ ਸਿੰਘ ਨੇ ਮਦਦ ਕਰ ਕੇ ਜਿੱਤ ਦਿਵਾਈ।

ਸੰਨ 1761 ਵਿੱਚ ਜਦ ਕ੍ਰੋੜ ਸਿੰਘ ਸਵਰਗਵਾਸ ਹੋਇਆ ਤਾਂ ਜੱਥੇਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ। ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਲਗਾਤਾਰ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ।

ਜਦ ਰਾਜਾ ਭਰਤਪੁਰ ਦੇ ਰਾਜੇ ਨੇ ਸ੍ਰ: ਕ੍ਰੋੜ ਸਿੰਘ ਅੱਗੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਘੋੜ ਸਵਾਰ ਲੈ ਕੇ ਪਹੁੰਚਿਆ। ਰਾਹ ਵਿੱਚ ਇੱਕ ਛੋਟੇ ਯੁੱਧ ਵਿੱਚ ਕ੍ਰੋੜਾ ਸਿੰਘ ਦੇ ਗੋਲੀ ਲੱਗੀ ਤਾਂ ਉਸ ਦੇ ਸ਼ਹੀਦ ਹੋਣ ਪਿੱਛੋਂ ਬਘੇਲ ਸਿੰਘ ਨੇ ਜੱਥੇ ਦੀ ਕਮਾਨ ਸੰਭਾਲ ਲਈ।  ਬਘੇਲ ਸਿੰਘ ਦਾ ਭਰਵਾਂ ਜੁੱਸਾ (ਸਰੀਰ), ਉੱਚਾ ਕੱਦ-ਕਾਠ, ਡੀਲ-ਡੌਲ ਵੇਖ ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਸ ਲੈ ਜਾਣ ਲਈ ਬਿਨੈ ਕਰਨ ਲੱਗਾ। ਬਘੇਲ ਸਿੰਘ ਨੇ ਮੁਆਵਜ਼ਾ ਮੰਗਿਆ ਤਾਂ ਮਿੰਨਤਾਂ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਮੁਆਵਜ਼ੇ ਦਾ ਕੁੱਝ ਕੁ ਹੀ ਹਿੱਸਾ ਵਸੂਲ ਕਰ ਉਸ ਦੀ ਆਉ-ਭਗਤ ਪ੍ਰਵਾਨ ਕਰ ਵਾਪਸ ਪਰਤਿਆ।

ਮੁੜਦੇ ਵਕਤ ਉਸ ਨੇ ਜਲੰਧਰ ਵਿਚਲੇ ਇਲਾਕੇ ਤੋਂ ਤੈਵਾਨ ਵਸੂਲਣਾ ਸ਼ੁਰੂ ਕੀਤਾ ਤਾਂ ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖ਼ਾਨ ਰਾਜਪੁਰ ਨੇ ਉਸ ਨੂੰ ਵਧੀਆ ਘੋੜਾ ਪੇਸ਼ ਕੀਤਾ ਜਿਸ ਦੀ ਸਵਾਰੀ ਬਘੇਲ ਸਿੰਘ ਲਈ ਮਨ ਭਾਉਂਦੀ ਹੋ ਗਈ। ਉਧਰੋਂ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਜਦ ਮੀਆਂ ਮਹਿਮੂਦ ਖ਼ਾਨ ਨੂੰ ਧਮਕੀ ਮਿਲੀ ਤਾਂ ਬਘੇਲ ਸਿੰਘ ਦੀ ਸਲਾਹ ’ਤੇ ਇੱਥੇ ਸਿੱਖਾਂ ਦਾ ਇੱਕ ਮਜ਼ਬੂਤ ਕਿਲ੍ਹਾ ਤੇ ਚੌਕੀ ਸਥਾਪਿਤ ਕਰ ਦਿੱਤੀ ਗਈ ਜਿਸ ਨਾਲ ਇਸ ਇਲਾਕੇ ਉੱਪਰ ਬਘੇਲ ਸਿੰਘ ਦਾ ਪੱਕਾ ਪ੍ਰਭਾਵ ਕਾਇਮ ਹੋ ਗਿਆ ਤੇ ਬਘੇਲ ਸਿੰਘ ਨੂੰ ਇਸ ਦੇ ਇਲਾਕੇ ਤੋਂ ਮੁਆਮਲਾ (ਮਾਮਲਾ, ਮਸੂਲ) ਵੀ ਮਿਲਣ ਲੱਗ ਪਿਆ।

ਜਲੰਧਰ ਦੁਆਬਾ ਤਾਂ ਕ੍ਰੋੜ-ਸਿੰਘੀਆ ਮਿਸਲ ਥੱਲੇ ਪਹਿਲਾਂ ਹੀ ਸੀ, ਜਿੱਥੋਂ ਇੱਕ ਲੱਖ ਸਾਲਾਨਾ ਤੈਵਾਨ ਮਿਲਦਾ ਸੀ ਜਿਸ ਕਰ ਕੇ ਬਘੇਲ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਨੂੰ ਆਪਣਾ ਹੈਡਕੁਆਰਟਰ ਬਣਾ ਲਿਆ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ।

ਸੰਨ 1761 ਵਿੱਚ ਹੀ ਉਹ ਕਰਨਾਲ ਵੱਲ ਪਰਤਿਆ ਤੇ ਖੁਰਦੀਨ, ਖਨੌਰੀ, ਛਲੌਦੀ, ਜਮੈਤਗੜ੍ਹ ਆਦਿ ਦੇ ਇਲਾਕੇ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ, ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਛਲੌਦੀ ਆਪਣੀ ਰਿਹਾਇਸ਼ ਰੱਖ ਲਈ। ਇਸ ਵੇਲੇ ਤੱਕ ਉਸ ਕੋਲ 12, 000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫ਼ੌਜ ਸੀ। ਇਹ ਸਾਰਾ ਇਲਾਕਾ ਉਸ ਨੇ ਆਪਣੀ ਦੂਸਰੀ ਪਤਨੀ ਰਾਮ ਕੌਰ ਦੀ ਜ਼ਿੰਮੇਵਾਰੀ ਵਿੱਚ ਦੇ ਦਿੱਤਾ। ਤੀਸਰੀ ਪਤਨੀ ਰਤਨ ਕੌਰ ਨੂੰ ਕਲਾਨੌਰ ਦਾ ਇਲਾਕਾ ਸੰਭਾਲ਼ ਦਿੱਤਾ ਤੇ ਆਪਣੇ ਆਪ ਨੂੰ ਸਾਰੇ ਇਲਾਕਿਆਂ ਨੂੰ ਬਾਹਰੀ ਹਮਲਿਆਂ ਤੋਂ ਰੋਕਣ ਅਤੇ ਇਲਾਕੇ ਨੂੰ ਹੋਰ ਵਧਾਉਣ ਲਈ ਵਿਹਲਾ ਰੱਖਿਆ।

ਮਹਾਰਾਜਾ ਅਮਰ ਸਿੰਘ ਪਟਿਆਲੇ ਨੇ ਜਦ ਉਸ ਦੇ ਇਲਾਕੇ ਨੂੰ ਹਥਿਆਇਆ ਤਾਂ ਸ੍ਰ: ਬਘੇਲ ਸਿੰਘ ਭਾਰੀ ਫ਼ੌਜ ਲੈ ਕੇ ਉਸ ਉੱਪਰ ਚੜ੍ਹ ਪਿਆ। ਜੱਸਾ ਸਿੰਘ ਆਹਲੂਵਾਲੀਆ ਤੇ ਚੈਨ ਸਿੰਘ ਵਕੀਲ ਦੀ ਵਿਚੋਲਗੀ ਸਦਕਾ ਮਹਾਰਾਜਾ ਅਮਰ ਸਿੰਘ ਨੇ ਇਲਾਕੇ ਵੀ ਮੋੜ ਦਿੱਤੇ ਤੇ ਆਪਣੇ ਵਕੀਲ ਨੂੰ ਭੇਜਿਆ ਜਿਸ ਨੇ, ‘ਸਿੰਘ ਜੀ  !  ਰੁਕੋ, ਅਗਿਉਂ ਵੀ ਪੰਥ ਦੇ ਸੇਵਕ ਹਨ, ਜੋ ਹੁਕਮ ਹੋਵੇ’  ਕਿਹਾ।  ਇਸ ਪਿੱਛੋਂ ਰਾਜਾ ਅਮਰ ਸਿੰਘ ਨੇ ਆਪਣੇ ਸਪੁੱਤਰ ਸਾਹਿਬ ਸਿੰਘ ਨੂੰ ਸ੍ਰ: ਬਘੇਲ ਸਿੰਘ ਕੋਲੋਂ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਵਾ ਦਿੱਤਾ। ਦੋਵਾਂ ਵਿੱਚ ਸਦੀਵੀ ਸਾਂਝ ਹੋ ਗਈ।

ਸਰਹਿੰਦ ਉੱਤੇ ਹਮਲੇ ਕਰ ਕੇ, ਸਰਹਿੰਦ ਦਾ ਸਾਰਾ ਹਿੱਸਾ ਸਿੱਖ ਮਿਸਲਾਂ ਨੇ ਵੰਡ ਲਿਆ ਤੇ ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲ ਕੇ 40, 000 ਦੀ ਫ਼ੌਜ ਲੈ ਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫ਼ਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰ ਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉੱਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿੱਛੋਂ ਪਰਤੇ।  ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ।

ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਤਬਾਹੀ ਤੋਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਸਿੱਖਾਂ ਤੋਂ ਆਪਣੀ ਜਾਨ ਬਖਸ਼ੀ ਕਰਵਾਈ। ਸੰਨ 1773 ਵਿੱਚ ਜ਼ਾਬਿਤਾ ਖ਼ਾਨ ਰੋਹਿਲਾ ਤੋਂ ਨਨੌਤਾ ਤੇ ਜਲਾਲਾਬਾਦ ਲੁੱਟੇ।

ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ ’ਤੇ ਫ਼ਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖ਼ਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤੇ ਮੁਸਲਮਾਨ ਬਣਨ ਲਈ ਦੁੱਖੀ ਕਰ ਰਿਹਾ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖ਼ਾਨ ’ਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿੱਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜੱਸਮਾ (ਮੂਰਤੀ) ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ। ਪੰਥ ਪ੍ਰਕਾਸ਼ ਅਨੁਸਾਰ ਹਸਨ ਖ਼ਾਨ ਭੱਜ ਕੇ ਛੁਪ ਗਿਆ ਤੇ ਉਸ ਦੀ ਛਿਪਣ ਵਾਲੀ ਥਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਉਹ ਵਿੱਚੇ ਹੀ ਸੜ ਗਿਆ। ਇਸ ਇਲਾਕੇ ਦੇ ਪ੍ਰਭਾਵੀ ਵਿਅਕਤੀ ਦਾ ਸਮੁੱਚਾ ਪ੍ਰਭਾਵ ਉਦੋਂ ਤੋਂ ਸਿੱਖਾਂ ਹੱਥ ਆ ਗਿਆ।

ਸਿੱਖਾਂ ਦਾ ਦਿੱਲੀ ਉੱਪਰ ਹਮਲਾ 18 ਜਨਵਰੀ 1774 ਨੂੰ ਸੀ, ਜੋ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮਨਜ਼ੂਰ ਕਰ ਦਿੱਤਾ ਤੇ ਖ਼ਿਲਅਤ (ਸਨਮਾਨ ਵਜੋਂ ਮਿਲ਼ੀ ਪੁਸ਼ਾਕ) ਤੇ ਹੋਰ ਤੋਹਫ਼ੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ, ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਨੂੰ ਲੁੱਟ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ।

ਸੰਨ 1775 ਵਿੱਚ ਜਮਨਾ ਪਾਰ ਵੱਲ ਸਿੱਖ ਵਧੇ।  22 ਅਪ੍ਰੈਲ 1775 ਨੂੰ ਕੁੰਜਪੁਰਾ ਤੋਂ ਜਮੁਨਾ ਲੰਘ, ਲਖਨੌਤੀ, ਗੌਂਸਗੜ੍ਹ, ਦਿਉਬੰਦ ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਜ਼ਾਬਿਤਾ ਖ਼ਾਨ ਰੋਹਿਲੇ ਨੇ ਗੋਰਗੜ੍ਹ ਬਚਾਉਣ ਲਈ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ, ਫਿਰ ਸ਼ਾਮਲੀ, ਕਾਂਧਲਾ ਤੇ ਮੇਰਠ ਹੁੰਦੇ ਹੋਏ ਅਲੀਗੜ੍ਹ ਕੋਲ ਖੁਰਜਾ ਤੱਕ ਆਪਣਾ ਪ੍ਰਭਾਵ ਜਮਾਇਆ ਤੇ ਆਉਂਦਿਆਂ ਹੋਇਆਂ ਦਿੱਲੀ ਦੇ ਪਹਾੜ ਗੰਜ ਤੇ ਜੈ ਸਿੰਘਪੁਰ ਨੂੰ ਲਤਾੜਿਆ।  24 ਜੁਲਾਈ 1775 ਨੂੰ ਜਮਨਾ ਪਾਰ ਕਰ ਕੇ ਵਾਪਸ ਮੁੜੇ।

ਅਬਦੁਲ ਕਾਸਿਮ ਨੇ ਜਦ ਜ਼ਾਬਿਤਾ ਖ਼ਾਨ ’ਤੇ ਹਮਲਾ ਕਰ ਕੇ ਉਸ ਤੋਂ ਮੇਰਠ ਖੋਹ ਲਿਆ ਤੇ ਉਸ ਨੇ ਬਘੇਲ ਸਿੰਘ ਕੋਲ ਮਦਦ ਲਈ ਬੇਨਤੀ ਕੀਤੀ। ਅਬਦੁਲ ਕਾਸਿਮ ’ਤੇ ਹਮਲਾ 11 ਮਾਰਚ 1776 ਨੂੰ ਕੀਤਾ। ਮੇਰਠ ਛੁਡਵਾਇਆ ਤੇ ਅਬਦੁਲ ਕਾਸਿਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਾਬਿਤਾ ਖਾਨ ਨਾਲ ਦੋਸਤੀ ਕਰਨ ਤੇ ਸਿੱਖਾਂ ਦਾ ਪ੍ਰਭਾਵ ਅਵਧ ਤੱਕ ਵੱਧ ਗਿਆ, ਮਰਾਠਿਆਂ ਨੂੰ ਇਹ ਰਾਸ ਨਹੀਂ ਸੀ।

ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਸ਼ਾਹਬਖ਼ਤ ਨੂੰ ਸਿੱਖਾਂ ਉੱਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਵੱਡੀ ਫ਼ੌਜ ਵਧਦੀ ਦੇਖ ਕੇ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਬਖ਼ਤ ਨੂੰ ਨਜ਼ਰਾਨਾ ਭੇਟ ਕੀਤਾ ਤੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਜਦ ਸ਼ਾਹ ਪਟਿਆਲੇ ਵੱਲ ਵੱਧਿਆ ਤਾਂ ਸਾਰੇ ਸਿੱਖਾਂ ਨੇ ਸਲਾਹ ਕਰ ਕੇ ਸ਼ਾਹ ਬਖ਼ਤ ’ਤੇ ਹੱਲਾ ਬੋਲ ਦਿੱਤਾ। ਪਿੱਛੋਂ ਬਘੇਲ ਸਿੰਘ ਨੇ ਸ਼ਾਹੀ ਫ਼ੌਜਾਂ ਦਾ ਰਾਹ ਰੋਕ ਕੇ ਕਟਾ ਵੱਢੀ ਸ਼ੁਰੂ ਕਰ ਦਿੱਤੀ। ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ ਤਾਂ ਅਬਦੁੱਲ ਅਹਿਦ, ਨਜ਼ਫ ਖ਼ਾਨ ਆਦਿ ਨੂੰ ਦਿੱਲੀ ਬੁਲਾ ਲਿਆ ਗਿਆ।

ਨਵੰਬਰ 1779 ਨੂੰ ਨਜ਼ਫ ਖ਼ਾਨ ਨੇ ਆਪਣੇ ਪੋਤਰੇ ਮਿਰਜ਼ਾ ਸ਼ਫੀ ਨੂੰ ਦਸ ਹਜ਼ਾਰ ਸੈਨਾ ਤੇ ਸੈਂਕੜੇ ਤੋਪਾਂ ਨਾਲ ਸਿੱਖਾਂ ਨੂੰ ਕੁਚਲਣ ਲਈ ਭੇਜਿਆ। ਮਿਰਜ਼ਾ ਸ਼ਫੀ ਨੇ ਚਲਾਕੀ ਨਾਲ ਕਈ ਸਿੱਖ ਸਰਦਾਰ ਵੀ ਨਾਲ ਮਿਲਾ ਲਏ। ਇਸ ਹਾਲਤ ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ ’ਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਦਿੱਲੀ ਦੇ ਜਰਨੈਲ ਦੇ ਪੋਤੇ ਮਿਰਜ਼ਾ ਸ਼ਫੀ ਨੇ ਸਿੱਖਾਂ ਵਿਰੁੱਧ ਸਿੱਖਾਂ ਵਾਲਾ ਗੁਰੀਲਾ ਯੁੱਧ ਹੀ ਅਪਨਾਉਣਾ ਠੀਕ ਸਮਝਿਆ। ਮਹਾਰਾਜਾ ਪਟਿਆਲਾ ਤੇ ਮਹਾਰਾਜਾ ਜੀਂਦ ਦੀ ਸਿੱਖਾਂ ਨਾਲ ਅਣਬਣ ਦਾ ਵੀ ਉਸ ਨੇ ਫ਼ਾਇਦਾ ਉਠਾਇਆ। ਜ਼ਾਬਿਤਾ ਖਾਨ ਨੇ ਦੀਵਾਨ ਸਿੰਘ ਨਾਲ ਮਿਲ ਕੇ ਬਘੇਲ ਸਿੰਘ ਵਿਰੁੱਧ ਯੁੱਧ ਛੇੜ ਦਿੱਤਾ। ਬਘੇਲ ਸਿੰਘ ਨਾਲ ਉਸ ਵੇਲੇ ਸਦਾ ਸਿੰਘ, ਦੂਲਾ ਸਿੰਘ, ਕਰਮ ਸਿੰਘ ਸ਼ਹੀਦ, ਗੁਰਬਖਸ਼ ਸਿੰਘ, ਲਾਲ ਸਿੰਘ ਤੇ ਕਰਨ ਸਿੰਘ ਆ ਜੁੜੇ।  6800 ਘੋੜ ਸਵਾਰਾਂ ਨਾਲ ਉਨ੍ਹਾਂ ਨੇ ਜਮਨਾ ਪਾਰ ਹਮਲੇ ਦੀ ਠਾਣੀ ਤਾਂ ਕਿ ਮਿਰਜ਼ਾ ਸ਼ਫੀ ਨੂੰ ਪਿੱਛੋਂ ਘੇਰਿਆ ਜਾ ਸਕੇ।  25 ਫ਼ਰਵਰੀ 1781 ਨੂੰ ਰਡੌਰ ਦੇ ਕੈਂਪ ’ਤੇ ਫਿਰ 28 ਫ਼ਰਵਰੀ ਨੂੰ ਸਿਕੰਦਰਾ ਦੇ ਕੈਂਪ ’ਤੇ ਹਮਲਾ ਕੀਤਾ ਜਿਸ ਨਾਲ ਮਿਰਜ਼ਾ ਸ਼ਫੀ ਹਿੱਲ ਗਿਆ। ਸਿੱਖਾਂ ਨੇ 11 ਮਾਰਚ ਨੂੰ ਹਮਲੇ ਵਿੱਚ 3000 ਘੋੜੇ ਹਥਿਆ ਲਏ। ਮਿਰਜ਼ਾ ਸ਼ਫੀ ਦੇ ਮਦਦਗਾਰਾਂ ਮਹਾਰਾਜਾ ਪਟਿਆਲਾ ਅਮਰ ਸਿੰਘ ਸਪੁੱਤਰ ਸਾਹਿਬ ਸਿੰਘ, ਭਾਗ ਸਿੰਘ, ਭੰਗਾ ਸਿੰਘ ਨੂੰ ਵੱਖ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਤਾਂ ਉਹ ਪਿੱਛੇ ਹੱਟ ਗਏ। ਮੁਗਲ ਜਰਨੈਲ ਮਿਰਜ਼ਾ ਸ਼ਫੀ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ।

10 ਜੂਨ 1781 ਦੇ ਖ਼ਤ ਅਨੁਸਾਰ ‘ਨਜਫ ਖਾਨ ਨੇ ਅੰਬਰ ਸ਼ਾਹ ਨੂੰ ਦਿੱਲੀ ਤੋਂ ਮਿਰਜ਼ਾ ਸ਼ਫੀ ਕੋਲ 40, 000 ਸਿਪਾਹੀ ਤੇ ਤੋਪਾਂ ਦੇ ਕੇ ਘੱਲਿਆ। ਸਿੱਖਾਂ ਨਾਲ ਭਰਵਾਂ ਯੁੱਧ ਹੋਇਆ ਜਿਸ ਵਿੱਚ 10 ਤੋਂ 15 ਹਜ਼ਾਰ ਸ਼ਾਹੀ ਫੌਜ ਮਾਰੀ ਗਈ ਤੇ ਤੋਪਾਂ ਵੀ ਹੱਥੋਂ ਗਈਆਂ। ਸਿੱਖਾਂ ਕੋਲੋਂ ਬੁਰੀ ਹਾਰ ਖਾਣ ਪਿੱਛੋਂ ਮੁਗਲ ਫੌਜਾਂ ਪਾਣੀਪਤ ਮੁੜ ਆਈਆਂ।  6 ਅਪ੍ਰੈਲ 1782 ਨੂੰ ਨਜ਼ਫ ਖਾਂ ਦੀ ਮੌਤ ਹੋ ਗਈ। ਫ਼ਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ ’ਤੇ ਜਾ ਚੜ੍ਹੇ।  ਸਭ ਨੇ ਜੋ ਖੋਹਿਆ ਉਸ ਦਾ ਦਸਵੰਧ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਗਿਆ, ਜੋ ਇੱਕ ਲੱਖ ਸੀ। ਫਿਰ ਇਨ੍ਹਾਂ ਨੇ ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ, ਜੋ ਉਸ ਸਮੇਂ 33, 000 ਰੁਪਏ ਦੀ ਸੀ।  ਮੁੜਦਿਆਂ ਨੇ ਆਗਰਾ ਲੁੱਟਿਆ। ਸਿੱਖ ਹੁਣ ਦਿੱਲੀ ਉੱਤੇ ਭਾਰੂ ਹੋ ਗਏ ਸਨ।

8 ਮਾਰਚ 1783 ਨੂੰ ਬਘੇਲ ਸਿੰਘ ਨੇ 40, 000 ਫੌਜ ਨਾਲ ਜਮੁਨਾ ਕੰਢੇ ਬਗਗਾੜੀ ਘਾਟ ’ਤੇ ਕਬਜ਼ਾ ਕਰ ਲਿਆ। ਫਿਰ ਮਲਕ ਗੰਜ ਤੇ ਸਬਜ਼ੀ ਮੰਡੀ ਜਾ ਲੁੱਟੇ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ ਤੇ ਹੌਜ਼ ਕਾਜ਼ੀ ਜਾ ਲੁੱਟਿਆ। ਬਾਦਸ਼ਾਹ ਨੇ ਸਮਰੋ ਬੇਗਮ ਨੂੰ ਬੁਲਾ ਭੇਜਿਆ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵੱਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿੱਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ, ਉਹ ਹੁਣ ਤੀਸ ਹਜ਼ਾਰੀ (ਦਿੱਲੀ) ਨਾਮ ਨਾਲ ਪ੍ਰਸਿੱਧ ਹੈ।

17 ਮਾਰਚ 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ ’ਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ’ਤੇ ਬਿਠਾਇਆ ਗਿਆ ਤੇ ਮੋਰ ਪੰਖ ਝੁਲਾਏ ਗਏ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਨੂੰ ਨਾਪਸੰਦ ਕੀਤਾ ਤਾਂ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ। ਇਸ ਤਰ੍ਹਾਂ ਆਪਸੀ ਈਰਖਾ ਨੇ ਸਿੱਖਾਂ ਹੱਥ ਆਇਆ ਦਿੱਲੀ ਦਾ ਰਾਜ ਗੁਆ ਦਿੱਤਾ।

ਦੀਵਾਨੇ-ਖਾਸ ਤੇ ਦੀਵਾਨੇ-ਆਮ ਲੁੱਟ ਕੇ ਹਟੇ ਸਨ ਕਿ 12 ਮਾਰਚ ਨੂੰ ਸਮਰੋ ਬੇਗਮ ਦਿੱਲੀ ਆ ਗਈ ਤੇ ਉਸ ਨੇ ਸ਼ਾਹ ਆਲਮ ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਤੇ ਬਘੇਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮੰਨਵਾਈਆਂ।

(ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ।

(ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ।

(ੲ) ਬਘੇਲ ਸਿੰਘ ਨੂੰ ਸੱਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ, ਜੋ ਜਲਦੀ ਹੀ ਪੂਰਨ ਕਰਨ ’ਤੇ ਬਘੇਲ ਸਿੰਘ ਵਾਪਸ ਜਾਵੇਗਾ।

(ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ।

(ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ।

ਸਮਝੌਤੇ ਪਿੱਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸੱਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ ’ਤੇ ਉਸਾਰੇ। ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ ’ਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ’ਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ ’ਤੇ ਖ਼ੁਸ਼ ਹੋਇਆ ਤੇ ਤੋਹਫ਼ੇ ਦਿੱਤੇ।  ਸੰਨ 1784 ਤੇ ਫਿਰ 1789 ਵਿੱਚ ਜਮਨਾ ਪਾਰੋਂ ਉਗਰਾਹੀਆਂ ਚੱਲਦੀਆਂ ਰਹੀਆਂ। ਬਘੇਲ ਸਿੰਘ ਦੀ ਮੌਤ 1800 ਈਸਵੀ ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।