17.9 C
Jalandhar
Sunday, April 5, 2026
spot_img
Home Blog Page 103

ਸਰੀਰਕ ਤੰਦਰੁਸਤੀ ਲਈ ਵਰਦਾਨ ਸੂਰਜਮੁਖੀ ਬੀਜ

0

ਸਰੀਰਕ ਤੰਦਰੁਸਤੀ ਲਈ ਵਰਦਾਨ ਸੂਰਜਮੁਖੀ ਬੀਜ

ਡਾ. ਬਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ ਨੈਚਰੋਪੈਥੀ ਕਲਿਨਿਕ ੯੯੧੪੦-੮੪੭੨੪

ਕਿਸੇ ਵੀ ਕਿਸਮ ਦਾ ਨਸ਼ਾ ਖਾਣ ਵਾਲੇ ਵਿਅਕਤੀ ਨੂੰ ਜੇ ਦਸ ਕੁ ਗ੍ਰਾਮ ਸੂਰਜਮੁਖੀ ਬੀਜ ਰੋਜ਼ਾਨਾ ਦੋ ਟਾਈਮ ਖਾਣੇ ਬਾਅਦ ਦਿੱਤੇ ਜਾਣ ਤਾਂ ਹਰ ਤਰ੍ਹਾਂ ਦਾ ਨਸ਼ਾ ਖਾਣ ਦੀ ਤਲਬ ਹਟਦੀ ਹੈ ਭਾਵ ਉਸ ਦਾ ਆਪਣੇ ਆਪ ਹੀ ਨਸ਼ਾ ਖਾਣੋਂ ਦਿਲ ਹਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸੂਰਜਮੁਖੀ ਬੀਜਾਂ ਵਿੱਚ ਬੇਹੱਦ ਲਾਭਦਾਇਕ, ਸਿਹਤਵਰਧਕ ਤੇ ਪੌਸ਼ਟਿਕ ਤੱਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ। ਇਹਨਾਂ ਵਿੱਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ ਵੱਖ ਹਾਰਮੋਨ, ਐਂਜਾਇਮਜ਼ ਬਣਾਉਣ ’ਚ ਵਰਤੇ ਜਾਂਦੇ ਹਨ ਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ’ਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਨਿਉਰੋਲੇਜੀਕਲ ਫੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ’ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ।  ਡਰੱਗ ਐਡਿਕਸ਼ਨ ਵੀ ਇੱਕ ਤਰ੍ਹਾਂ ਦੀ ਕੰਪਲੈਕਸ ਨਿਉਰੋਲੇਜੀਕਲ ਡਿਸੀਜ਼ ਹੀ ਹੁੰਦੀ ਹੈ । ਵਿਅਕਤੀ ਨੂੰ ਆਪਣੇ ਆਪ ’ਤੇ ਕੰਟਰੋਲ ਨਹੀਂ ਰਹਿੰਦਾ। ਜਦ ਤੱਕ ਉਹ ਨਸ਼ਾ ਲੈ ਨਹੀਂ ਲੈਂਦਾ ਉਹਦਾ ਸਰੀਰ ਅਤੇ ਦਿਮਾਗ਼ ਕਿਸੇ ਵੀ ਕਿਸਮ ਦੇ ਨੌਰਮਲ ਫੰਕਸ਼ਨ ਨਹੀਂ ਕਰਦਾ। ਅਜਿਹੇ ਨਸ਼ੇੜੀ, ਅਮਲੀ ਜਾਂ ਸ਼ਰਾਬ ਦੇ ਡੇਅਲੀ ਡਰਿੰਕਰ ਦੇ ਮਨ ਅਤੇ ਲੇਕਿਨ ਜੇ ਇੱਕ ਗਲਾਸ ਮੱਝ ਦੇ ਫਿੱਕੇ ਠੰਢੇ ਦੁੱਧ ਵਿੱਚ ਚਾਰ ਕੁ ਚਮਚ ਯੌਗਰਟ ਜਾਂ ਦਹੀਂ ਮਿਲਾ ਕੇ ਸਵੇਰੇ ਉੱਠਦਿਆਂ ਸਾਰ ਪੰਦਰਾਂ ਵੀਹ ਸੂਰਜਮੁਖੀ ਬੀਜ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ। ਵਾਲ ਝੜਨੋਂ ਹਟ ਜਾਂਦੇ ਹਨ। ਪੁਰਾਣਾ ਥਕਾਵਟ ਤੇ ਸਰੀਰਕ ਦਰਦ ਰੋਗ ਹਟ ਜਾਂਦਾ ਹੈ ਤੇ ਵਿਅਕਤੀ ਸਾਰਾ ਦਿਨ ਚੁਸਤ-ਦਰੁਸਤ ਰਹਿਣ ਲਗਦਾ ਹੈ। ਕੁੱਝ ਹੀ ਹਫ਼ਤਿਆਂ ’ਚ ਯਾਦਾਸ਼ਤ ਵਧਣ ਲੱਗ ਪੈਂਦੀ ਹੈ। ਜੋੜਾਂ ਹੱਡੀਆਂ ’ਚੋਂ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ। ਔਰਤਾਂ ਦਾ ਹਾਰਮੋਨਲ ਇੰਬੈਲੰਸ ਵੀ ਠੀਕ ਹੋਣ ਲੱਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਤੇ ਚਮਕੀਲੀ ਹੋਣ ਲਗਦੀ ਹੈ। ਫਿਗਰ ਐਟਰੈਕਟਿਵ ਹੋਣ ਲਗਦੀ ਹੈ। ਚਮੜੀ ਦੀ ਖ਼ੁਸ਼ਕੀ ਤੇ ਖੁਰਦਰਾਪਣ ਠੀਕ ਹੋ ਕੇ ਚਮੜੀ ਚਿਕਨੀ ਤੇ ਤਰ ਰਹਿਣ ਲਗਦੀ ਹੈ। ਬਿਨਾਂ ਵਜ੍ਹਾ ਚਿੜਚਿੜਾਪਣ ਠੀਕ ਹੋਣ ਲਗਦਾ ਹੈ। ਭੁੱਖ, ਖੁੱਲ੍ਹ ਕੇ ਲਗਦੀ ਹੈ। ਕਬਜ਼, ਪੇਟ ਭਾਰੀਪਣ, ਸਿਰ ਭਾਰਾ ਰਹਿਣਾ, ਧੁੰਨੀ ਤੋਂ ਥੱਲੇ ਪੇਟ ਦਰਦ ਰਹਿਣਾ, ਵਾਰ-ਵਾਰ ਲਿਕੋਰੀਆ ਹੋਣਾ, ਸਰਦੀ ਗ਼ਰਮੀ ਜ਼ਿਆਦਾ ਲੱਗਣੀ ਆਦਿ ਤਕਲੀਫ਼ਾਂ ਵੀ ਠੀਕ ਹੋਣ ਲਗਦੀਆਂ ਹਨ। ਇਵੇਂ ਹੀ ਸੂਰਜਮੁਖੀ ਬੀਜ ਨਵੇਂ ਵਿਆਹੇ ਮਰਦਾਂ ਲਈ ਬਹੁਤ ਲਾਹੇਵੰਦ ਹਨ। ਇਸੇ ਤਰ੍ਹਾਂ ਗਰਭਵਤੀ ਔਰਤ ਜਾਂ ਦੁੱਧ ਚੁੰਘਾਉਣ ਵਾਲੀ ਔਰਤ ਲਈ ਵੀ ਬੇਹੱਦ ਲਾਭਦਾਇਕ ਹਨ। ਵੱਡੀ ਉਮਰ ਦੇ ਮਰਦਾਂ ਔਰਤਾਂ ਨੂੰ ਵੀ ਦਸ ਵੀਹ ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਇਉਂ ਉਹਨਾਂ ਦੇ ਵਾਰ-ਵਾਰ ਇਨਫੈਕਸ਼ਨਜ਼ ਹੋਣੋ ਹਟ ਜਾਂਦੇ ਹਨ। ਨੀਂਦ ਠੀਕ ਆਉਣ ਲਗਦੀ ਹੈ। ਬੀ ਪੀ ਕੰਟਰੋਲ ’ਚ ਰਹਿਣ ਲੱਗਦਾ ਹੈ। ਸ਼ੂਗਰ ਨੂੰ ਵੀ ਵਧਣੋ ਰੋਕਦੇ ਹਨ। ਮੂਡ ਠੀਕ ਰਹਿਣ ਲਗਦਾ ਹੈ, ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਲਾਭਦਾਇਕ ਹਨ। ਸਰੀਰਕ ਵਾਧੇ ਵਿਕਾਸ ਅਤੇ ਮਾਨਸਿਕ ਵਿਕਾਸ ਲਈ ਇਹ ਬਹੁਤ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਬੱਚਿਆਂ ਨੂੰ ਦਿੰਦੇ ਹਨ। ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖ਼ੁਸ਼, ਵਧੇਰੇ ਐਕਟਿਵ ਤੇ ਵਧੇਰੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਜੇ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਕੁੱਝ ਕੁ ਬੀਜ ਦੁੱਧ ਜਾਂ ਦਹੀਂ ਨਾਲ ਖੁਆ ਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁੱਝ ਹੀ ਹਫ਼ਤਿਆਂ ’ਚ ਬੱਚੇ ਦੀ ਕਲਾਸ ਦੀ ਕਾਰਗੁਜ਼ਾਰੀ ’ਚ ਕਾਫ਼ੀ ਸੁਧਾਰ ਹੋ ਜਾਂਦਾ ਹੈ। ਅਸਲ ਵਿੱਚ ਸੂਰਜਮੁਖੀ ਬੀਜਾਂ ਵਿੱਚ ਵਿਟਾਮਿਨ ਈ, ਉਮੇਗਾ ਥਰੀ ਫੈਟੀ ਐਸਿਡਜ਼, ਪ੍ਰੋਟੀਨਜ਼, ਡਾਇਟਰੀ ਫਾਇਬਰ, ਥਾਇਆਮਿਨ, ਰਾਇਬੋਫਲੇਵਿਨ, ਨਾਇਸਿਨ, ਵਿਟਾਮਿਨ ਬੀ ਸਿਕਸ, ਫੋਲੇਟ, ਪੈਂਟੋਥੈਨਿਕ ਐਸਿਡ, ਕੈਲਸ਼ੀਅਮ, ਵਿਟਾਮਿਨ ਬੀ ਸਿਕਸ, ਆਇਰਨ, ਸਿਲੇਨੀਅਮ, ਮੈਂਗਨੀਜ਼, ਕਾਪਰ, ਪੁਟਾਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੇਸ਼ੀਅਮ ਆਦਿ ਅਨੇਕਾਂ ਪੌਸ਼ਟਿਕ ਤੱਤ ਹੁੰਦੇ ਹਨ। ਭਾਵੇਂ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਤੇ ਖਾਣ ’ਚ ਵੀ ਐਨੇ ਸੁਆਦੀ ਨਹੀਂ ਹੁੰਦੇ ਪ੍ਰੰਤੂ ਇਹਨਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ, ਨਿਉਜੇ ਆਦਿ ਫਿੱਕੇ ਪੈ ਜਾਂਦੇ ਹਨ। ਅਸੀਂ ਸਾਰਾ ਸਾਲ ਹੀ ਹਫ਼ਤੇ ’ਚ ਦੋ ਤਿੰਨ ਵਾਰ ਸੂਰਜਮੁਖੀ ਬੀਜ ਸਾਰਾ ਪਰਿਵਾਰ ਹੀ ਖਾਂਦੇ ਰਹਿੰਦੇ ਹਾਂ। ਅਸੀਂ ਚਟਣੀ, ਸੂਪ, ਸਬਜ਼ੀ, ਦਾਲ, ਰਾਇਤਾ ਵਿੱਚ ਵੀ ਸੂਰਜਮੁਖੀ ਬੀਜ ਦੀ ਗਿਰੀ ਪਾ ਲੈਂਦੇ ਹਾਂ। ਉਂਜ ਅਸੀਂ ਮੈਡੀਕਲ ਪ੍ਰੈਕਟਿਸ ਦੌਰਾਨ ਅਨੇਕ ਤਰ੍ਹਾਂ ਦੇ ਰੋਗੀਆਂ ਅਤੇ ਨਸ਼ੇੜੀਆਂ ’ਤੇ ਵੀ ਇਹਨਾਂ ਦਾ ਸਫਲ ਪ੍ਰੀਖਣ ਕੀਤਾ ਹੈ।

ਬਿਮਾਰੀਆਂ ਨੂੰ ਸਮਝਣ ਲਈ ਜੱਦੀ-ਪੁਸ਼ਤ ਬਾਰੇ ਜਾਣਨਾ ਜ਼ਰੂਰੀ

0

ਬਿਮਾਰੀਆਂ ਨੂੰ ਸਮਝਣ ਲਈ ਜੱਦੀ-ਪੁਸ਼ਤ ਬਾਰੇ ਜਾਣਨਾ ਜ਼ਰੂਰੀ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਜਦੋਂ ਵੀ ਕੋਈ ਮਨੁੱਖ ਬਿਮਾਰ ਹੁੰਦਾ ਹੈ ਤਾਂ ਉਹ ਆਪਣੀ ਬਿਮਾਰੀ ਦੇ ਕਾਰਨ ਲੱਭਦਾ ਹੈ ਜਾਂ ਜਦੋਂ ਬਿਮਾਰ ਮਨੁੱਖ ਕਿਸੇ ਡਾਕਟਰ ਕੋਲ ਆਪਣੀ ਬਿਮਾਰੀ ਲੈ ਕੇ ਜਾਂਦਾ ਹੈ ਤਾਂ ਡਾਕਟਰ ਜਿੱਥੇ ਹੋਰ ਸੁਆਲ ਪੁੱਛਦਾ ਹੈ, ਉੱਥੇ ਇਹ ਵੀ ਪੁੱਛਦਾ ਹੈ ਕਿ ਕੀ ਇਹ ਰੋਗ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਹੈ ਜਾਂ ਇਹ ਬਿਮਾਰੀ ਤੁਹਾਡੇ ਨਾਨਕਿਆਂ-ਦਾਦਕਿਆਂ ’ਚੋਂ ਕਿਸੇ ਇਕ ਨੂੰ ਵੀ ਹੋਵੇ।

ਕਈ ਸਿਆਣੇ ਮਰੀਜ਼ ਤਾਂ ਇਹਨਾਂ ਗੱਲਾਂ ਨੂੰ ਸਮਝ ਲੈਂਦੇ ਹਨ ਪਰ ਕਈ ਵਿਚਾਰੇ ਭੋਲੇ ਜਾਂ ਅਨਪੜ੍ਹ ਇਹੀ ਕਹਿ ਕੇ ਟਾਲਾ ਵੱਟ ਲੈਂਦੇ ਹਨ ਕਿ ਮੈਂ ਕਿਹੜਾ ਉਹਨਾਂ ਕੋਲ ਰਹਿੰਦਾ ਹਾਂ । ਮੇਰੇ ਨਾਨਾ-ਨਾਨੀ, ਦਾਦਾ-ਦਾਦੀ ਕਦੋਂ ਦੇ ਮਰ ਗਏ, ਉਹਨਾਂ ਬਾਰੇ ਤਾਂ ਕੋਈ ਬਹੁਤਾ ਪਤਾ ਨਹੀਂ। ਇਹ ਵੀ ਸਚਾਈ ਹੈ ਕਿ ਦਾਦੇ-ਦਾਦੀ ਤੋਂ ਪਿੱਛੇ ਪੜਦਾਦੇ ਜਾਂ ਪੜਦਾਦੇ ਦੇ ਪਿਓ ਬਾਰੇ ਤਾਂ ਕੀ, ਸਾਨੂੰ ਤਾਂ ਉਹਨਾਂ ਵਿਚਾਰਿਆਂ ਦੇ ਨਾਂ ਤੱਕ ਵੀ ਯਾਦ ਨਹੀਂ ਹਨ, ਜੋ ਕਿ ਇਕ ‘ਮਤਲਬੀ’ ਇਨਸਾਨ ਦੀ ਜਿਉਂਦੀ-ਜਾਗਦੀ ਤਸਵੀਰ ਬਿਆਨ ਕਰਦੇ ਹੁੰਦੇ ਹਨ ਕਿਉਂਕਿ ਵੱਡ-ਵਡੇਰੇ, ਜਿਨ੍ਹਾਂ ਕਰ ਕੇ ਅਸੀਂ ਧਰਤੀ ’ਤੇ ਆਏ, ਸਾਨੂੰ ਉਹਨਾਂ ਬਾਰੇ ਜਾਣਨ ਦਾ ਮੌਕਾ ਹੀ ਨਹੀਂ ਜਾਂ ਕਹਿ ਲਵੋ ਕਿ ਕੋਈ ਲੋੜ ਹੀ ਨਹੀਂ ਸਮਝੀ। ਬਹੁਤ ਥੋੜ੍ਹੇ ਲੋਕ ਮਿਲਦੇ ਹਨ, ਜਿਨ੍ਹਾਂ ਨੂੰ ਤਿੰਨ ਪੀੜ੍ਹੀਆਂ ਤੋਂ ਬਾਅਦ ਚੌਥੀ ਪੀੜ੍ਹੀ ਬਾਰੇ ਪਤਾ ਹੋਵੇ ਪਰ ਸਾਇੰਸ ਤਾਂ ਇਹ ਕਹਿੰਦੀ ਹੈ ਕਿ ਸੱਤ-ਸੱਤ ਪੀੜ੍ਹੀਆਂ ਦੇ ‘ਜੀਨਜ਼’ ਅੱਗੇ ਦੀ ਅੱਗੇ ਤੁਰੇ ਜਾਂਦੇ ਹਨ। ਸੱਤ ਪੀੜ੍ਹੀਆਂ ਬੜੀ ਦੂਰ ਦੀ ਗੱਲ ਹੈ। ਅੱਜ ਕੱਲ੍ਹ ਦੇ ਤਾਂ ਮਾਂ-ਪਿਓ ਨੂੰ ਵੀ ਘਰੋਂ ਕੱਢਣਾ ਲੋਚਦੇ ਹਨ। ਇਹ ਦਾਦੇ-ਦਾਦੀਆਂ ਤਾਂ ਕੀਹਣੇ ਪੁੱਛਣੇ ਹਨ।

ਮਨੁੱਖ ਜਦੋਂ ਵੀ ਬਿਮਾਰ ਹੁੰਦਾ ਹੈ, ਉਸ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ, ਮਾਨਸਿਕ ਜਾਂ ਸਰੀਰਕ। ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਅਸਲ ਕਾਰਨਾਂ ਬਾਰੇ ਅਜੇ ਵੀ ਬਹਿਸ ਜਾਰੀ ਹੈ ਜਾਂ ਮੈਡੀਕਲ ਦੀਆਂ ਕਿਤਾਬਾਂ ਵਿਚ ‘ਇਮਊਨ ਸਿਸਟਮ’ (ਰੱਖਿਆ ਪ੍ਰਣਾਲੀ) ਨੂੰ ਆਧਾਰ ਬਣਾ ਕੇ ਗੱਲ ਇੱਥੇ ਮੁਕਾ ਦਿੱਤੀ ਜਾਂਦੀ ਹੈ ਕਿ ਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਕਰ ਕੇ ਹੀ ਮਨੁੱਖ ਬਿਮਾਰ ਹੁੰਦਾ ਹੈ ਪਰ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੇ ਵੀ ਕਈ ਕਾਰਨ ਹਨ, ਜਿਨ੍ਹਾਂ ਬਾਰੇ ਖੋਜ ਚੱਲਦੀ ਰਹੇਗੀ। ਹਰ ਬਿਮਾਰੀ ਮਨੁੱਖ ਦੇ ਅੰਦਰ ਪਈ ਹੋਈ ਹੈ। ਬਿਮਾਰੀ ਕੋਈ ਉਪਰੋਂ ਨਹੀਂ ਡਿੱਗਦੀ, ਬਸ ਜਦੋਂ ਮੌਕਾ-ਮੇਲ ਹੁੰਦਾ ਹੈ, ਤਦ ਬਿਮਾਰੀ ਆਪਣੇ ਲੱਛਣਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰ ਲੈਂਦੀ ਹੈ।

ਇਸੇ ਕੜੀ ਤਹਿਤ ਬਿਮਾਰੀਆਂ ਨੂੰ ਜਾਣਨ ਲਈ ਜੱਦ-ਪੁਸ਼ਤ ਦਾ ਅਹਿਮ ਯੋਗਦਾਨ ਹੁੰਦਾ ਹੈ, ਜਿਵੇਂ ਕਿ ਅੱਜ ਦੇ ਯੁੱਗ ਵਿੱਚ ਸ਼ੂਗਰ, ਥਾਇਰਾਇਡ, ਗਠੀਆ, ਬਲੱਡ ਪ੍ਰੈਸ਼ਰ, ਕੈਂਸਰ ਆਦਿ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਰੱਖਿਆ ਹੈ। ਜਦੋਂ ਵੀ ਕੋਈ ਮਰੀਜ਼ ਭਾਵੇਂ ਉਹ ਕਿਸੇ ਵੀ ਮਰਜ਼ ਤੋਂ ਪੀੜਤ ਹੋਵੇ ਤਾਂ ਡਾਕਟਰ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਪੀੜਤ ਦੇ ਜੱਦ-ਪੁਸ਼ਤ ਤੱਕ ਜ਼ਰੂਰ ਪੁੱਛ-ਗਿੱਛ ਕਰੇ। ਬੇਸ਼ੱਕ ਜੱਦ-ਪੁਸ਼ਤ ਨੂੰ ਸਮਝ ਕੇ ਬਿਮਾਰੀ ਦਾ ਹੱਲ ਤਾਂ ਬਹੁਤਾ ਨਹੀਂ ਹੋ ਸਕਦਾ ਪਰ ਅਗਾਊਂ ਚੇਤਾਵਨੀ ਜ਼ਰੂਰ ਮਿਲ ਸਕਦੀ ਹੈ। ਮੰਨ ਲਵੋ ਕਿਸੇ ਤੰਦਰੁਸਤ ਮਨੁੱਖ ਦੇ ਪਰਿਵਾਰ ਵਿੱਚ ਪਿੱਛੇ ਕਿਸੇ ਖ਼ੂਨ ਦੇ ਰਿਸ਼ਤੇ ਵਿੱਚ ਸ਼ੂਗਰ ਹੈ ਤਾਂ ਉਸ ਤੰਦਰੁਸਤ ਮਨੁੱਖ ਨੂੰ ਪਹਿਲਾਂ ਹੀ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਉਸ ਨੂੰ ਵੀ ਸ਼ੂਗਰ ਹੋ ਸਕਦੀ ਹੈ। ਸ਼ੂਗਰ ਤੋਂ ਬਚਣ ਲਈ ਅਗਾਊਂ ਪ੍ਰਹੇਜ਼ ਕਰਨਾ ਜ਼ਰੂਰੀ ਹੈ। ਜੱਦ-ਪੁਸ਼ਤ ਵਿੱਚ ਗਿਣੇ ਜਾਂਦੇ ਮੁੱਖ ਰਿਸ਼ਤੇ, ਮਾਂ-ਪਿਓ, ਭੈਣ-ਭਰਾ, ਚਾਚਾ-ਤਾਇਆ, ਭੂਆ, ਮਾਸੀਆਂ, ਮਾਮੇ, ਨਾਨਾ-ਨਾਨੀ ਜਾਂ ਉਨ੍ਹਾਂ ਦੇ ਵੱਡੇ-ਵਡੇਰੇ ਹੁੰਦੇ ਹਨ। ਤਾਈ, ਚਾਚੀ, ਫੁੱਫੜ, ਮਾਸੜ, ਮਾਮੀ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ। ਹਾਂ, ਕਈ ਲਾਗ ਦੀਆਂ ਬਿਮਾਰੀਆਂ ਖ਼ੂਨ ਦੇ ਰਿਸ਼ਤੇ ਤੋਂ ਬਿਨਾਂ ਹੋ ਸਕਦੀਆਂ ਹਨ, ਜਿਵੇਂ ਕਿ ਸਕੈਬੀਜ਼ (ਖੁਰਕ), ਟੀ. ਬੀ. ਜਾਂ ਵਾਇਰਲ ਰੋਗ ਆਦਿ ਪਰ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਚਲਦੀਆਂ ਹੀ ਹਨ।

ਮੈਡੀਕਲ ਸਾਇੰਸ ਕੋਲ ਅਜੇ ਤੱਕ ਅਜਿਹਾ ਹੱਲ ਨਹੀਂ ਕਿ ਅਜਿਹੇ ‘ਜੀਨਜ਼’ ਜੋ ਬਿਮਾਰੀ ਨੂੰ ਅੱਗੇ ਲੈ ਕੇ ਜਾਂਦੇ ਹਨ, ਨੂੰ ਸਮਝ ਕੇ ਰੋਕ ਲਿਆ ਜਾਵੇ। ਉਦਾਹਰਨ ਦੇ ਤੌਰ ’ਤੇ ਹੀਮੋਫੀਲੀਆ, ਪੌਲੀ ਸਿਸਟਕ ਓਵਰੀਜ਼, ਪੌਲਸਿਸਟਕ ਕਿਡਨੀ, ਏਡਜ਼, ਹੈਪਾਟਾਈਟਸ-ਸੀ ਵਗੈਰਾ, ਜਿਨ੍ਹਾਂ ਵਿੱਚੋਂ ਹੀਮੋਫਿਲੀਆ ਨੂੰ ਤਾਂ ਆਮ ਲੋਕ ਮਾਮੇ-ਭਾਣਜੇ ਦੀ ਬਿਮਾਰੀ ਵੀ ਆਖ ਦਿੰਦੇ ਹਨ ਕਿਉਂਕਿ ਇਹ ਜੀਨਜ਼ ਮੁੰਡਿਆਂ ਵਿੱਚ ਹੀ ਪਾਇਆ ਜਾਂਦਾ ਹੈ। ਪੌਲੀਸਿਸਟਕ ਕਿਡਨੀ ਜ਼ਰੂਰੀ ਨਹੀਂ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹੀ ਹੋਵੇ ਪਰ ਇਹ ਦੇਖਿਆ ਗਿਆ ਹੈ ਕਿ ਜੇਕਰ ਮਾਂ ਜਾਂ ਪਿਓ ’ਚੋਂ ਕਿਸੇ ਇੱਕ ਨੂੰ ਇਹ ਬਿਮਾਰੀ ਹੈ ਤਾਂ ਉਹ ਅੱਗੇ ਜ਼ਰੂਰ ਜਾਂਦੀ ਹੈ, ਜਿਸ ਦਾ ਅੰਤ ਗੁਰਦੇ ਫੇਲ੍ਹ ਹੋ ਕੇ ਹੁੰਦਾ ਹੈ।

ਇਸੇ ਤਰ੍ਹਾਂ ਏਡਜ਼ ਅਤੇ ਹੈਪਾਟਾਇਟਸ-ਸੀ ਬਾਰੇ ਤਾਂ ਸਭ ਜਾਣਦੇ ਹੀ ਹਨ। ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਜੇਕਰ ਮਾਂ ਜਾਂ ਪਿਓ ਨੂੰ ਏਡਜ਼ ਜਾਂ ਹੈਪਾਟਾਇਟਸ ਬੱਚਿਆਂ ਦੇ ਜਨਮ ਤੋਂ ਬਾਅਦ ਹੋਈ ਤਾਂ ਬੱਚਿਆਂ ਨੂੰ ਇਸ ਦਾ ਨੁਕਸਾਨ ਹੋਵੇਗਾ ਪਰ ਜੇਕਰ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਜਾਂ ਬਾਪ ਏਡਜ਼ ਦਾ ਸ਼ਿਕਾਰ ਹੋ ਗਿਆ ਤਾਂ ਬੱਚਿਆਂ ਵਿੱਚ ਇਹ ਜੀਨਜ਼ ਚਲੇ ਜਾਣਗੇ। ਇਹ ਤਾਂ ਹਨ ਜਾਨਲੇਵਾ ਬਿਮਾਰੀਆਂ।

ਬਾਕੀ ਸਾਰੀਆਂ ਬਿਮਾਰੀਆਂ ਜਿਵੇਂ ਕਿ ਫੁਲਵਹਿਰੀ, ਪਾਗਲਪਣ, ਡਿਪਰੈਸ਼ਨ, ਪਿੱਤੇ ਜਾਂ ਗੁਰਦੇ ਦੀ ਪੱਥਰੀ, ਰਸੌਲੀਆਂ, ਮੋਟਾਪਾ, ਸੋਕੜਾ, ਸਾਰੀਆਂ ਐਲਰਜ਼ੀਆਂ, ਆਦਿ ਬਿਮਾਰੀਆਂ ਜਾਂ ਆਦਤਾਂ ਜਿਵੇਂ ਕਿ ਸ਼ਰਾਬ ਪੀਣਾ, ਝੂਠ ਬੋਲਣਾ, ਆਦਿ ਆਦਤਾਂ ਮਨੁੱਖ ਨੂੰ ਜੱਦ ਵਿੱਚੋਂ ਹੀ ਮਿਲਦੀਆਂ ਹਨ। ਸੋ ਆਪਣੀਆਂ ਨਸਲਾਂ ਨੂੰ ਸੁਧਾਰਨ ਲਈ ਚੰਗੇ ਬਣੀਏ, ਸਾਡੀਆਂ ਰਗਾਂ ਵਿੱਚ ਸ਼ਹੀਦਾਂ ਦਾ ਖ਼ੂਨ ਦੌੜ ਰਿਹਾ ਹੈ ਪਰ ਪਤਾ ਨਹੀਂ ਕਿਉਂ ਅਸੀਂ ਪੈਸੇ ਦੇ ਪੁੱਤ ਬਣ ਕੇ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ ਵਿੱਚ ਗ੍ਰਸਤ ਹੋਏ ਪਏ ਹਾਂ। ਆਓ, ਆਪਣੇ ਆਪ ਨੂੰ ਬਦਲੀਏ ਤਾਂ ਕਿ ਚੰਗਾ ਅਤੇ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ।

ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿੱਥੇ ਜੱਦ-ਪੁਸ਼ਤ ਦਾ ਪਤਾ ਨਹੀਂ ਲੱਗਦਾ ਕਿਉਂਕਿ ਸਾਡੇ ਸਮਾਜ ਵਿੱਚ ਵਧ ਰਹੇ ਨਾਜਾਇਜ਼ ਸੰਬੰਧ ਜਿੱਥੇ ਇੱਜ਼ਤ ਲਈ ਖ਼ਤਰਾ ਬਣ ਰਹੇ ਹਨ, ਉੱਥੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਵੀ ਦੇ ਰਹੇ ਹਨ। ਮੈਂ ਆਪਣੇ ਅਤੇ ਆਪਣੇ ਮਿੱਤਰ ਸਾਥੀਆਂ ਦੀ ਸਹਾਇਤਾ ਨਾਲ ਇਹ ਸਮਝਿਆ ਹਾਂ ਕਿ ਪਿਛਲੇ ਸੱਤ ਸਾਲਾਂ ਦੌਰਾਨ 150-200 ਕੇਸ ਅਜਿਹੇ ਮਿਲੇ ਹਨ, ਜੋ ਆਪਣੇ ਪਿਓ ਦੀ ਔਲਾਦ ਹੀ ਨਹੀਂ, ਸਗੋਂ ਨਾਜਾਇਜ਼ ਸੰਬੰਧਾਂ ਨਾਲ ਪੈਦਾ ਹੋਏ ਹਨ। ਜਦੋਂ ਉਨ੍ਹਾਂ ਦੀ ਜੱਦ-ਪੁਸ਼ਤ ਬਾਰੇ ਪੁੱਛੀਦਾ ਹੈ ਤਾਂ ਮਰੀਜ਼ ਚੁੱਪ ਹੋ ਜਾਂਦਾ ਹੈ ਅਤੇ ਦੱਸਣਾ ਤਾਂ ਪੈਂਦਾ ਹੈ, ਡਾਕਟਰ ਤੋਂ ਕਾਹਦਾ ਓਹਲਾ, ਕਹਿੰਦੇ-ਕਹਿੰਦੇ ਮਰੀਜ਼ ਆਪਣੀ ਗੱਲ ਦੱਸਦਾ ਹੈ।

ਬਹੁਤੇ ਕੇਸਾਂ ਵਿੱਚ ਇਹ ਪਾਇਆ ਗਿਆ ਕਿ ਘਰਵਾਲਾ ਨਾਮਰਦ ਸੀ ਜਾਂ ਉਸ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਮਾਤਰਾ ਘੱਟ ਸੀ ਪਰ ਨੁਕਸ ਕੁੜੀ ਵਿੱਚ ਕੱਢਿਆ ਜਾ ਰਿਹਾ ਸੀ। ਇਸੇ ਕਰ ਕੇ ਕਈਆਂ ਨੇ ‘ਅੱਕ ਚੱਬਿਆ’ ਜਾਂ ਦੂਸਰਾ ਕਾਰਨ ਜਿਹੜਾ ਪਾਇਆ ਗਿਆ, ਉਹ ਵਿਆਹ ਤੋਂ ਪਹਿਲਾਂ ਬਣੇ ਸੰਬੰਧ ਸਨ, ਜਿਨ੍ਹਾਂ ਵਿੱਚ ਆਪਣੇ ਮਹਿਬੂਬ ਨੂੰ ਵਿਆਹ ਤੋਂ ਬਾਅਦ ਸਰੀਰਕ ਸੰਬੰਧ ਸਥਾਪਿਤ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਮਾਨਤਾ ਪ੍ਰਾਪਤ ਤਕਨੀਕ ਜੋ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਹੁੰਦੀ ਹੈ, ਉਸ ਨੂੰ ਨਾਜਾਇਜ਼ ਔਲਾਦ ਤਾਂ ਨਹੀਂ ਕਿਹਾ ਜਾ ਸਕਦਾ ਪਰ ਕਿਸੇ ਹੋਰ ਆਦਮੀ ਦਾ ਵੀਰਜ ਲੈ ਕੇ ਔਰਤ ਦੀ ਬੱਚੇਦਾਨੀ ਵਿੱਚ ਧਰਿਆ ਜਾਂਦਾ ਹੈ। ਬੇਸ਼ੱਕ ਉਸ ਬਾਰੇ ਪੂਰਾ ਓਹਲਾ ਰੱਖਿਆ ਜਾਂਦਾ ਹੈ ਪਰ ਇਸ ਤਕਨੀਕ ਨੂੰ ਕਰਨ ਵਾਲੇ ਡਾਕਟਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਆਦਮੀ ਦਾ ਵੀਰਜ, ਔਰਤ ਨੂੰ ਦਿੱਤਾ ਜਾ ਰਿਹਾ ਹੈ, ਉਸ ਦੀ ਜੱਦ-ਪੁਸ਼ਤ ਬਾਰੇ ਜ਼ਰੂਰ ਜਾਣ ਲਿਆ ਜਾਵੇ, ਇਹ ਨਾ ਹੋਵੇ ਕਿ ਇੰਨੀ ਮਾਨਸਿਕ ਪੀੜਾ ਸਹਿ ਕੇ ਲਿਆ ਬੱਚਾ ਵੀ ਬਿਮਾਰ ਹੀ ਪੈਦਾ ਹੋਵੇ।

ਨਸ਼ਿਆਂ ਦਾ ਕਾਰੋਬਾਰ

0

ਨਸ਼ਿਆਂ ਦਾ ਕਾਰੋਬਾਰ

ਫੜੇ ਗਏ ਲੱਖਾਂ ਦੇ ਨਸ਼ੇ ਸੂਬੇ ਵਿੱਚੋਂ,

ਖ਼ਬਰਾਂ ਪੜ੍ਹ ਕੇ ਕਿਉਂ ਹੋਈ ਜਾਂਦੇ ਸ਼ਰਮਸਾਰ ਲੋਕੋ !

ਹੁੰਦੀਆਂ ਗ੍ਰਿਫਤਾਰੀਆਂ ਪਰ ਸਜ਼ਾ ਕਿਸੇ ਨੂੰ ਨਹੀਂ,

ਅਮਰਵੇਲ ਵਾਂਗ ਵਧ ਰਿਹੈ ਕਾਰੋਬਾਰ ਲੋਕੋ !

ਸਰਕਾਰਾਂ ਖ਼ੁਸ਼ ਨੇ ਨਸ਼ੇ ਦੀ ਲਤ ਲਾ ਕੇ,

ਨੌਜ਼ਵਾਨ ਮੰਗਣ ਆ ਕੇ ਰੁਜ਼ਗਾਰ ਲੋਕੋ !

ਪੰਜਾਬ ਪੈ ਗਿਐ ਤਰੱਕੀ ਦੀ ਲੀਹ ਉੱਤੇ,

ਛੇਤੀ ਖੁਲ੍ਹ ਜਾਣੇ ਨਸ਼ਿਆਂ ਦੇ ਬਿੱਗ ਬਾਜ਼ਾਰ ਲੋਕੋ !

ਮੰਤਰੀ-ਸੰਤਰੀ ਖੜ੍ਹਕਾਉਣ ਬਹਿ ਕੇ ਪੈੱਗ ਸ਼ਾਮੀ,

ਮੁਨਾਫ਼ਾ ਅਰਬਾਂ ਨੂੰ ਕਰ ਗਿਐ ਪਾਰ ਲੋਕੋ !

‘ਕਰਨਜੀਤ’ ਜੇ ਪਿਉ ਦੀ ਬੁੱਕਲ ’ਚ ਮਰੇ ਪੁੱਤਰ,

ਤਾਂ ਇਹ ਜਿੱਤ ਨਹੀਂ, ਸਗੋਂ ਸਾਡੀ ਹਾਰ ਲੋਕੋ !

ਕਰਨਜੀਤ ਸਿੰਘ (ਰੋਪੜ)-97794-70245

ਭਲਾ ਪੰਥ ਦਾ ਚਾਹੁੰਦੇ, ਮੰਨ ਲਓ ਸਿੱਖ ਰਹਿਤ ਮਰਯਾਦਾ।

0

ਭਲਾ ਪੰਥ ਦਾ ਚਾਹੁੰਦੇ, ਮੰਨ ਲਓ ਸਿੱਖ ਰਹਿਤ ਮਰਯਾਦਾ।

ਸੁਖਵਿੰਦਰ ਸਿੰਘ ਰਟੌਲ

‘ਹਿੰਦੂ ਅੰਨ੍ਹਾ ਤੁਰਕੂ ਕਾਣਾ॥’  ਨਾਮਦੇਵ ਜੀ ਦੀ ਬਾਣੀ।

ਇਹਦੇ ਨਾਲੋਂ ਅੱਗੇ ਲੰਘ ਗਈ, ਸਾਡੇ ਘਰੇ ਕਹਾਣੀ।

ਨਾ ਟਕਸਾਲੀ ਚੰਗੇ ਸਾਰੇ, ਨਾ ਮਿਸ਼ਨਰੀ ਮਾੜੇ।

ਇਹ ਤਾਂ ਵੈਰੀਆਂ ਵੇਸ ਵਟਾ, ਵਿੱਚ ਟੋਡੀ ਬੰਦੇ ਵਾੜੇ।

ਬੰਦੇ ਵਾੜੇ ਫੁੱਟ ਪਾਉਣ ਨੂੰ, ਫਿੱਟੀਆਂ ਨੀਤਾਂ ਵਾਲੇ।

ਬਾਹਰੋਂ ਸੋਹਣੇ ਚਿੱਟੇ ਕੱਪੜੇ, ਕੰਮ ਕਰੇਂਦੇ ਕਾਲੇ।

ਦੁੱਧ ਧੋਤੇ ਉਹ ਬਣ ਬਣ ਬਹਿੰਦੇ, ਦਿਲ ’ਚ ਰੱਖਣ ਸਾੜੇ।

ਸਿੱਖਾਂ ਵਾਲਾ ਰੂਪ ਬਣਾ ਕੇ, ਹਰ ਥਾਂ ਪਾਉਣ ਪਵਾੜੇ ।

ਅੱਧਿਆਂ ਬੰਨ੍ਹ ਲਏ ਗੋਲ ਦੁਮਾਲੇ, ਗਲ਼ ਵਿੱਚ ਮਾਲਾ ਪਾ ’ਲੀ

ਅੱਧਿਆਂ ਬੰਨ੍ਹ ਲਈ ਸ਼ਾਹੀ ਪਗੜੀ, ਪੜ੍ਹਿਆ ਲਿਖਿਆ ਵਾਲੀ।

ਤੁਰ ਪਏ ਦੋਵੇਂ ਭੇਖੀ ਟੋਲੇ, ਲੈ ਸਰਕਾਰੀ ਥਾਪੀ।

ਵੜ ਗਏ ਸੰਸਥਾਂਵਾਂ ਅੰਦਰ, ਢਿੱਡੋਂ ਕਾਣੇ ਪਾਪੀ।

ਕੋਈ ਬਹਿ ਗਿਆ  ਰੇਡੀਓ ਲਾ ਕੇ, ਕਿਸੇ ਪਾ ਲਿਆ ਡੇਰਾ।

ਟੀਵੀ ਚੈਨਲ ਤੇ ਅਖਬਾਰਾਂ ਲਿਖ ਲਿਖ ਪਾਇਆ ਘੇਰਾ।

ਇੱਕ ਧਰਮ ਦੀ ਕਰਨ ਨਿਲਾਮੀ, ਦੂਜੇ ਲਾਉਂਦੇ ਬੋਲੀ।

ਸਿੱਖ ਕੌਮ ਦਾ ਖ਼ੂਨ ਡੋਲ ਕੇ ਲੱਗੇ ਖੇਡਣ ਹੋਲੀ।

ਤਰਕਾਂ ਵਿੱਚ ਕੁਤਰਕ ਵਾੜ ’ਤੇ, ਸ਼ਰਧਾ ਵਿੱਚ ਸ਼ਰਾਰਤ।

ਸਿੱਖ ਵਿਚਾਰਾ ਕਿੱਦਾਂ ਬੁੱਝੇ ਸਿੱਖੀ ਬਣੀ ਬੁਝਾਰਤ।

ਐਸਾ ਤਲਖ ਮਹੌਲ ਬਣਾਤਾ, ਦੁਸ਼ਮਣ ਦਿੱਸਦੇ  ਭਾਈ।

ਲੁਕ ਕੇ ਬੈਠੇ ਦੁਸ਼ਮਣ ਦੀ ਨਾ, ਸਮਝ ਕਿਸੇ ਨੂੰ ਆਈ ।

ਵਾਦ ਵਿਵਾਦ ਉਛਾਲਣ ਲੱਗੇ, ਬੋਲ ਬੋਲਦੇ ਮੰਦੇ।

ਗਾਲੋ ਗਾਲੀ ਹੋਣ ਰੋਜ਼ਾਨਾ,  ਗੰਦ ਬਕਦੇ ਨੇ ਗੰਦੇ।

ਪੁੱਠੇ ਸਿੱਧੇ ਨਾਮ ਰੱਖ ਕੇ, ਨਿੱਤ ਕਲੇਸ਼ ਵਧਾਉਂਦੇ ।

ਫੇਸ ਬੁੱਕ ’ਤੇ ਖੌਰੂ ਪਾ ਕੇ, ਫੁੱਟ ਕੌਮ ਵਿੱਚ ਪਾਉਂਦੇ।

ਸਿੱਖਾਂ ਦੇ ਵਿੱਚ ਰਲ਼ ਕੇ ਦੁਸ਼ਟਾਂ, ਐਸੀ ਐਕਟਿੰਗ ਕੀਤੀ।

ਪਿੱਛਲੇ ਜ਼ਖਮ ਭੁਲਾ ਲਏ ਸਿੱਖਾਂ, ਅੱਧੀ ਸਦੀ ਨ੍ਹੀਂ ਬੀਤੀ।

ਸਾਂਝ ਭਿਆਲੀ ਪਾ ਕੇ ਲੜਦੇ ਹਾਕਮ ਦੇ ਬਲਬੂਤੇ।

ਪ੍ਰੇਮ ਪਿਆਰ ’ਤਫ਼ਾਕ ਮਿਟਾ ਕੇ, ਖਾ ਲਏ ਸਿੱਖ ਸਬੂਤੇ।

ਇੱਕ ਆਖਦੇ ਨਿੰਦਕ ਨਿੰਦਕ, ਦੂਜੇ ਕਹਿਣ ਬਚਿੱਤਰੀ।

ਗੁਰੂ ਪਿਆਰੀ ਸਾਧ ਸੰਗਤ, ਕਰਵਾਤੀ ਛਿੱਤਰੋ ਛਿੱਤਰੀ।

ਚੁੱਕ ਚੁੱਕਾ ਕੇ ਸਿੱਖ ਪੰਥ ਦੇ, ਸੇਵਕ ਜੱਥੇ ਹਿਲਾ ’ਤੇ।

ਕੀ ਟਕਸਾਲੀ ਕੀ ਮਿਸ਼ਨਰੀ ? ਦੋਵੇਂ ਈ ਖੂੰਜੇ ਲਾ ’ਤੇ।

ਦੋਂਹ ਪਾਸੇ ਕੁਰਬਾਨੀ ਵਾਲੇ, ਗੁਰਮੁਖ ਤੇ ਵਡਭਾਗੀ।

ਲਾ ਲਾ ਦੋਸ਼ ਫਜ਼ੂਲ ਟੋਡੀਆਂ, ਸਾਰੇ ਕਰਤੇ ਦਾਗ਼ੀ।

ਲਾ ਕੇ ਅੱਗ ਸਰਕਾਰੀ ਕੁੱਤੇ, ਬਹਿ ’ਗੇ ਕੰਧ ’ਤੇ ਜਾ ਕੇ।

ਮੂਰਖ ਸਿੱਖਾਂ ਸਿੱਖ ਈ ਕੁੱਟ ’ਤੇ, ਚੁੱਕਣਾ ਦੇ ਵਿੱਚ ਆ ਕੇ।

ਬੂਟਾਂ ਸਣੇ ਗੁਰੂ ਘਰ ਵੜਦੀ, ਵੇਖ ਪੁਲਸ ਦਾ ਮੰਜਰ।

ਗੁਰੂ ਦੁਆਰੇ ਗਾਹਲਾਂ ਚੱਲਣ, ਪੱਗਾਂ ਰੋਲਣ ਕੰਜਰ।

ਦੁਰ ਫਿੱਟੇ ਮੂੰਹ,  ਉਨ੍ਹਾਂ ਦਾ ਵੀ, ਜੋ ਨਾ ਸੋਚ ਵਿਚਾਰਨ।

ਨਾ ਧਰਮ ਨੂੰ ਸਮਝਣ ਤੇ ਨਾ ਹੱਥ ਸ਼ਰਮ ਨੂੰ ਮਾਰਨ।

ਸਿੱਖ ਕੌਮ ਦਾ ਲਹੂ ਪੀਣ ਨੂੰ, ਆਣ ਚੰਬੜੀਆਂ ਜੋਕਾਂ।

ਜੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਣਾ, ਲੜ ਲੜ ਮਰਨਾਂ ਲੋਕਾਂ।

ਏਧਰ ਟੋਡੀ ਓਧਰ ਟੋਡੀ, ਦੋਹਾਂ ਫੜ੍ਹਿਆ ਆਰਾ।

ਅੱਧਾ ਅੱਧਾ ਵੰਡਿਆ ਚੱਲਿਆ ਥੱਲੇ ਸਿੱਖ ਵਿਚਾਰਾ।

ਦੋਵੇਂ ਪਾਸੇ ਸਿੱਖੀ ਬਾਣਾ, ਸੰਗਤ ਫਸੀ ਵਿਚਾਲੇ।

ਕਿਸ ਦੀ ਮੰਨੇ, ਕਿਸ ਨੂੰ ਛੱਡੇ, ਕਿਵੇਂ ਬਲਾਵਾਂ ਟਾਲੇ।

ਕਿੱਧਰ ਜਾਵੇ, ਹੋਂਦ ਬਚਾਵੇ, ਕਿਸ ਨੂੰ ਆਖੇ ਝੂਠਾ।

ਖੈਰ ਖ਼ੂਨ ਦੀ ਕਿਸ ਨੂੰ ਪਾਵੇ ? ਦੋਵਾਂ ਫੜ੍ਹਿਆ ਠੂਠਾ।

ਵਿਦਵਾਨਾਂ ਦੀ ਮਿਹਨਤ ਸਾਰੀ, ਮਿੱਟੀ ਵਿੱਚ ਮਿਲਾਈ।

ਅਨਪੜ੍ਹ ਲੋਕ ਸਿਆਣੇ ਹੋਗੇ, ਮੱਤਾਂ ਦੇਣ ਕਸਾਈ।

ਗੱਲ ਗੁਰੂ ਕਿੰਝ ਕਰਨ, ਪਰਚਾਰਕ ’ਕੱਲੇ ਕਹਿਰੇ ।

ਸਤਿਗੁਰ ਦੇ ਦਰਬਾਰ ਦੁਆਲੇ, ਔਰੰਗਜ਼ੇਬੀ ਪਹਿਰੇ ।

ਕੀ ਕੌਮ ਦੀ ਸੇਵਾ ਕਰਨੀ, ਨਾਮ ਗੁਰੂ ਦਾ ਲੈਣਾ।

ਜਣੇ ਖਣੇ ਦੀ ਲੱਤ ਥੱਲਿਓਂ, ਜੇ ਕਰ ਲੰਘਣਾ ਪੈਣਾ।

ਬਿਪਰ ਬੜਾ ਚਲਾਕ ਭਰਾਵੋ ! ਵਰਤ ਰਿਹਾ ਹਰ ਹਰਬਾ (ਚਾਲ)

ਤੁਸੀਂ ਜੰਮੇ ਓ ਕੱਲ੍ਹ ਤੇ ਉਹਦਾ, ਹਜ਼ਾਰਾਂ ਸਾਲ ਤਜ਼ਰਬਾ।

ਆਪੋ ਵਿੱਚ ਲੜਾ ਕੇ ਮਾਰੂ, ਆਪ ਨਹੀਂ ਉਹਨੇ ਆਉਣਾ।

ਪਾਣੀ ਵਿੱਚ ਮਧਾਣੀ ਸਿੰਘੋ  !  ਕੀ ਕੱਢਣਾ ਕੀ ਪਾਉਣਾ ?

ਮੁੱਕਦੀ ਗੱਲ ‘ਰਟੌਲ’ ਮੁਕਾਓ, ਹਠ ਨਾ ਕਰੋ ਜ਼ਿਆਦਾ।

ਭਲਾ ਪੰਥ ਦਾ ਚਾਹੁੰਦੇ, ਮੰਨ ਲਓ ‘ਸਿੱਖ ਰਹਿਤ ਮਰਯਾਦਾ’।

ਪੇਪਰ ਮੈਥ ਦਾ

0

(ਕਾਵਿ-ਵਿਅੰਗ)

ਪੇਪਰ ਮੈਥ ਦਾ

ਰੌਲਾ ਪੈ ਗਿਆ ਵਟਸ ਦੇ ਐਪ ਉੱਪਰ,

ਗੱਲ ਗਈ ਅਖ਼ਬਾਰਾਂ ਦੇ ਤੀਕ ਮੀਆਂ।

ਪੇਪਰ ਮੈਥ ਦਾ ਮਿੱਥੀ ਮਿਆਦ ਨਾਲੋਂ,

ਪੈਕਟਾਂ ਵਿੱਚੋਂ ਹੈ ਹੋ ਗਿਆ ਲੀਕ ਮੀਆਂ।

ਕੰਮ ਹੈ ਨਹੀਂ ਨਿਰੋਲ ਬਿਗਾਨਿਆਂ ਦਾ,

ਹੋਣਗੇ ਆਪਣੇ ਵੀ ਕੁੱਝ ਸ਼ਰੀਕ ਮੀਆਂ।

ਬੋਰਡ ਕਰਦਾ ਸਖ਼ਤ ਪ੍ਰਬੰਧ ‘ਚੋਹਲਾ’,

ਕਰਨ ਵਾਲੇ ਕਰ ਦਿੰਦੇ ਨੇ ਵੀਕ ਮੀਆਂ।

-ਰਮੇਸ਼ ਬੱਗਾ ਚੋਹਲਾ (ਲੁਧਿਆਣਾ) -9463132719

ਕਰਨੀ ਤੇ ਕਥਨੀ

0

ਮਿੰਨੀ ਕਹਾਣੀ

ਕਰਨੀ ਤੇ ਕਥਨੀ

ਉਂਝ ਤਾਂ ਸਕੂਲ ਦੀ ਛੁੱਟੀ ਦਾ ਸਮਾਂ 3:20 ਦਾ ਸੀ ਪਰ ਸਕੂਲ ਵਿੱਚ ਕਰਵਾਏ ਗਏ ਨਸ਼ਾ ਵਿਰੋਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣ ਵਾਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦੇਰ ਆਉਣ ਕਾਰਨ ਸਮਾਗਮ ਲੇਟ ਹੋ ਗਿਆ ਸੀ। ਸਮਾਗਮ ਦੀ ਸਮਾਪਤੀ ਤੋਂ ਬਾਅਦ ਖਿਲਾਰੇ ਨੂੰ ਸਮੇਟਦਿਆਂ ਤਕਰੀਬਨ ਪੰਜ ਵੱਜ ਗਏ ਸਨ। ਲੇਡੀਜ਼ ਸਟਾਫ਼ ਅਤੇ ਦੂਰ ਦੇ ਅਧਿਆਪਕ ਜਾ ਚੱਕੇ ਸਨ।  ਮੁੱਖ ਅਧਿਆਪਕ ਜੀਤ ਰਾਮ, ਕੁਲਵੰਤ ਸਿੰਘ ਡੀ. ਪੀ, ਦਰਸ਼ਨ ਸਿੰਘ ਡਰਾਇੰਗ ਮਾਸਟਰ ਅਤੇ ਹਰਪਾਲ ਸਿੰਘ ਪੀਆਨ ਟੈਂਟ ਵਾਲੇ ਦਾ ਹਿਸਾਬ ਕਰਨ ਲਈ ਸਕੂਲ ਦੇ ਦਫ਼ਤਰ ਵਿੱਚ ਹੀ ਬੈਠੇ ਸਨ। ਟੈਂਟ ਵਾਲੇ ਦੇ ਸਮਾਨ ਦਾ ਅਜੇ ਇੱਕ ਗੇੜਾ ਬਾਕੀ ਸੀ, ਜਿਹੜਾ ਉਸ ਨੇ ਸ਼ਹਿਰ ਤੋਂ ਲੈਣ ਆਉਣ ਸੀ। ਉਸ ਦੀ ਉਡੀਕ ਕਰਦੇ-ਕਰਦੇ ਛੇ ਵੱਜ ਚੁੱਕੇ ਸਨ। ਦਸੰਬਰ ਦਾ ਮਹੀਨਾ ਹੋਣ ਕਰ ਕੇ ਹਨ੍ਹੇਰੇ ਦੇ ਨਾਲ-ਨਾਲ ਠੰਢ ਵੀ ਆਪਣਾ ਜੋਰ ਦਿਖਾਉਣ ਲੱਗ ਪਈ ਸੀ। ਇਹ ਠੰਢ ਡੀ. ਪੀ ਮਾਸਟਰ ਕੁਲਵੰਤ ਸਿੰਘ ਅਤੇ ਡਰਾਇੰਗ ਮਾਸਟਰ ਦਰਸ਼ਨ ਸਿੰਘ ਨੂੰ ਵੀ ਮਹਿਸੂਸ ਹੋਣ ਲੱਗ ਪਈ ਸੀ ਕਿਉਂਕਿ ਨਸ਼ਾ ਵਿਰੋਧੀ ਸਮਾਗਮ ਵਿੱਚ ਹੋਈ ਭੱਜ-ਨੱਸ ਕਾਰਨ ਉਹ ਪਹਿਲਾਂ ਹੀ ਥਕਾਵਟ ਜਿਹੀ ਮੰਨ ਰਹੇ ਸਨ। ਦੋਵਾਂ ਮਾਸਟਰਾਂ ਨੇ ਥਕਾਵਟ ਤੇ ਠੰਢ ਦੂਰ ਕਰਨ ਲਈ ਵੱਡੇ ਮਾਸਟਰ ਜੀਤ ਰਾਮ ਨਾਲ ਰਮਜ਼ ਮਿਲਾਈ। ਰਮਜ਼ ਨੂੰ ਸਮਝ ਕੇ ਜੀਤ ਰਾਮ ਨੇ ਪੰਜ ਸੌ ਰੁਪਏ ਦਾ ਇੱਕ ਨਵਾਂ ਨੋਟ ਜੇਬ੍ਹ ਵਿੱਚੋਂ ਕੱਢਿਆ ਅਤੇ ਹਰਪਾਲ ਸਿੰਘ ਨੂੰ ‘ਸਿਗਨੇਚਰ’ ਦਾ ਇੱਕ ਅੱਧੀਆ ਲਿਆਉਣ ਦਾ ਪਿਆਰ ਭਰਿਆ ਹੁਕਮ ਜਾਰੀ ਕਰ ਦਿੱਤਾ।

ਅਸੀਂ ਕਦੇ ਨਾ ਸੋਚ-ਵਿਚਾਰ ਕੀਤੀ

0

ਅਸੀਂ ਕਦੇ ਨਾ ਸੋਚ-ਵਿਚਾਰ ਕੀਤੀ

ਭਾਵੇਂ ਪੰਜੇ ਉਗਲਾਂ ਨਾ ਇਕਸਾਰ ਹੋਵਣ,

ਫਿਰ ਵੀ ਬਹੁਤੇ ਨੇ ਪਖੰਡੀ ਸਾਧ ਓਏ ਲੋਕੋ !

ਪਹਿਨਣ-ਖਾਣ ਲਈ ਇਹਨਾਂ ਨੂੰ ਦੇਂਦੇ ਹੋ ਤੁਸੀਂ,

ਮੰਨਤ ਪੂਰੀ ਹੋਣ ਦਾ ਲੈ ਕੇ ਖ਼ੁਆਬ ਓਏ ਲੋਕੋ !

ਤੁਹਾਡੇ ਸਹਾਰੇ ’ਤੇ ਆਪ ਪਲ਼ਨ ਜਿਹੜੇ,

ਕਿਵੇਂ ਕਰਨਗੇ ਪੂਰੀ ਫ਼ਰਿਆਦ ਓਏ ਲੋਕੋ ?

ਤੁਸੀਂ ਕਦੇ ਨਾ ਇਹ ਸੋਚ-ਵਿਚਾਰ ਕੀਤੀ,

ਲਾਇਆ ਇਸ ਪਾਸੇ ਨਾ ਕੁਝ ਦਿਮਾਗ਼ ਓਏ ਲੋਕੋ !

ਇੱਜ਼ਤ ਰੋਲ਼ੀ ਜਦੋਂ ਕੌਮ ਦੀ ਹਮਲਾਵਰਾਂ ਨੇ,

ਇਹਨਾਂ ਕੀਹਦੀ ਰੱਖੀ ਦੱਸੋ ਲਾਜ਼ ਓਏ ਲੋਕੋ ?

‘ਮੇਜਰ’ ਹੁਣ ਤਾਂ ਅਕਲ ਤੋਂ ਕੰਮ ਲੈ ਲਓ,

ਵੇਖ ਕਿਵੇਂ ਖੁੱਲ੍ਹੀ ਜਾਂਦੇ ਇਹਨਾਂ ਦੇ ਪਾਜ ਓਏ ਲੋਕੋ !

          ਮੇਜਰ ਸਿੰਘ ‘ਬੁਢਲਾਡਾ’ 94176-42327

ਸਭ ਤੇਰੀ ਕੁਦਰਤਿ

0

ਸਭ ਤੇਰੀ ਕੁਦਰਤਿ            

ਵਾਹ !  ਸ਼ਹਿਦ ਕਿੰਨਾ ਮਿਠਾਸ ਭਰਿਆ ਹੈ !

ਮੱਖੀ ਗਾਵੇ, ਸਭ ਮੈਂ ਹੀ ਤਾਂ ਕਰਿਆ ਹੈ।

ਫੁੱਲ ਹੱਸਿਆ, ਸਾਰਾ ਮੇਰੇ ਵਿੱਚ ਹੀ ਭਰਿਆ ਹੈ।

ਬੂਟਾ ਕਹਿੰਦਾ, ਪਰ ਤੂੰ ਮੇਰੇ ’ਤੇ ਹੀ ਧਰਿਆ ਹੈ !

ਮਿੱਟੀ ਗਰਜੀ, ਚੁੱਪ ਕਰੋ; ਮੈਂ ਹੀ ਤੁਹਾਨੂੰ ਜਣਿਆ ਹੈ।

ਪਾਣੀ ਝੂਮੇ, ਮੇਰੇ ਬਗ਼ੈਰ ਕੁਝ ਵੀ ਨਹੀਂ ਹਰਿਆ ਹੈ।

ਸੂਰਜ ਚਮਕੇ, ਮੇਰੇ ਬਿਨਾਂ ਤਾਂ ਸਭ ਕੁਝ ਹੀ ਗਲ਼ਿਆ ਹੈ।

ਸ਼ਹਿਦਾ  !  ਤੂੰ ਕਿਉਂ ਚੁੱਪ ਹੈਂ ? ਕੁਝ ਬੋਲ ਅੜਿਆ !

ਕਰੇ ਕੌਣ ਯਕੀਨ ‘ਪ੍ਰੀਤ’ ਮੈਨੂੰ ਕਿਸੇ ਹੋਰ ਹੈ ਘੜਿਆ।

—————————————————————–

ਸਭ ਵਿੱਚ ਵਰਤੇ ਤੇਰੀ ਹੀ ਕੁਦਰਤ,

ਕਰਤੇ ਹੈ ਇੱਕ ਖੇਲ ਰਚਾਇਆ।

ਸਿੱਧ, ਸਾਧਿਕ, ਜੋਗੀ ਭਿੱੜ ਥੱਕੇ,

ਤਿਲ ਭਰ ਵੀ ਅੰਤ ਨਾ ਪਾਇਆ।

ਕੁਦਰਤ ਰਾਹੀਂ, ਕਾਦਰ ਨੂੰ;

ਜੀ ਸਦਕੇ ਜਾਣੋ !

ਕੁਦਰਤ ਹੀ ਰੱਬ ਨਹੀਂ ਹੈ, ਸਾਧ ਜੀ  !

ਗੁਰਬਾਣੀ ਦੇ ਤੁਸੀਂ ਬੋਲ ਪਛਾਣੋ।

-ਗੁਰਪ੍ਰੀਤ ਸਿੰਘ (USA)

ਵਾਜਪਾਈ ਦੀ ਮੌਤ, ਕੀ ਸਿੱਖਾਂ ਲਈ ਅਫ਼ਸੋਸ !

0

ਵਾਜਪਾਈ ਦੀ ਮੌਤ, ਕੀ ਸਿੱਖਾਂ ਲਈ ਅਫ਼ਸੋਸ !

ਹਰਚਰਨ ਸਿੰਘ ਸਰਨਾ—95551-73737, 96548-99073

ਅਕਾਲ ਤਖਤ ’ਤੇ ਹਮਲਾ ਕਰਨ ਵਾਸਤੇ ਇੰਦਰਾ ਉੱਤੇ ਦੋ ਬੰਦਿਆਂ ਨੇ ਸਭ ਤੋ ਜਿਆਦਾ ਦਬਾਅ ਬਣਾਇਆ ਸੀ ਇਕ ਅਟਲ ਬਿਹਾਰੀ ਵਾਜਪਾਈ ਤੇ ਦੂਸਰਾ ਲਾਲ ਕਿਸ਼ਨ ਅਡਵਾਨੀ।  ਵਾਜਪਾਈ ਅਤੇ ਲਕਸ਼ਮੀ ਕਾਂਤਾ ਚਵਲਾ ਨੇ ਇੰਦਰਾ ਨੂੰ ਇਸ ਹਮਲੇ ਬਦਲੇ ਦੁਰਗਾ ਦਾ ਖ਼ਿਤਾਬ ਦਿੱਤਾ ਸੀ । ਅਫ਼ਸੋਸ ਸਾਡੇ ਸਿੱਖ ਹੀ ਵਾਜਪਾਈ ਦੀ ਮੌਤ ’ਤੇ ਇਸ ਤਰ੍ਹਾਂ ਦੇ ਸਟੇਟਸ ਪਾ ਰਹੇ ਨੇ ਜਿਵੇਂ ਓਹਨਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਹੋਵੇ ।

ਕਿਸੇ ਦੀ ਮੌਤ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇਹ ਗੱਲ ਸਹੀ ਹੈ ਪਰ ਜਿਸ ਨੇ 1984 ਵਿਚ ਸਿੱਖਾਂ ਤੇ ਹਮਲੇ ਦੀ ਵਧਾਈ ਦਿੱਤੀ ਹੋਵੇ ਉਸ ਦੀ ਮੌਤ ਤੇ ਮੈਨੂੰ ਕੋਈ ਅਫਸੋਸ ਨਹੀਂ….

ਸਿੱਖਾਂ ਤੇ ਮੁਸਲਮਾਨਾਂ ਨਾਲ ਨਫਰਤ ਦੀ ਰਾਜਨੀਤੀ ਕਰਨ ਵਾਲਾ ਦਸ ਸਾਲ ਮੰਜ਼ੇ ਤੇ ਅੱਡੀਆਂ ਰਗੜ ਰਗੜ ਆਖਰ ਮਰ ਗਿਆ । ਸਿੱਖ ਗੁਰਧਾਮਾਂ ਨੂੰ ਢਹਾਉਣ ਵਾਸਤੇ ਪੰਜਾਬ ’ਚ ਫੌਜ ਭੇਜਣ ਲਈ ਅਡਵਾਨੀ ਨਾਲ ਰਲ਼ ਕੇ ਮਾਰਚ ਕੱਢਣ ਵਾਲਾ, ਇੰਦਰਾ ਗਾਂਧੀ ਦੇ ਹਾੜੇ ਕੱਢਣ ਵਾਲਾ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨਹੀਂ ਰਿਹਾ।

ਇਸ ਦੇ ਰਾਜ ’ਚ ਇੱਕ ਸਾਜਸ਼ ਤਹਿਤ ਛੱਤੀ ਸਿੰਘਪੁਰਾ (ਕਸ਼ਮੀਰ) ਵਿਖੇ ਨਿਰਦੋਸ਼ ਸਿੱਖ ਕਤਲ ਕੀਤੇ ਗਏ ਤਾਂ ਕਿ ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਫੇਰੀ ਨੂੰ ਪ੍ਰਭਾਵਤ ਕੀਤਾ ਜਾ ਸਕੇ। ਉਸ ਕਤਲੇਆਮ ’ਤੇ ਪਰਦਾ ਪਾਉਣ ਲਈ ਪਥਰੀਬਲ ਦੇ ਪਿੰਡਾਂ ’ਚੋਂ ਚੁੱਕ ਕੇ ਕੁਝ ਕਸ਼ਮੀਰੀ ਮਾਰ ਦਿੱਤੇ ਕਿ ਇਨ੍ਹਾਂ ਨੇ ਸਿੱਖ ਮਾਰੇ ਸਨ ਪਰ ਬਾਅਦ ’ਚ ਨਿਆਇਕ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਵੀ ਨਿਰਦੋਸ਼ ਕਸ਼ਮੀਰੀ ਨੌਜਵਾਨ ਸਨ, ਉਨ੍ਹਾਂ ਦੇ ਸਿਰ ਇਹ ਕਤਲੇਆਮ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। 

ਬਾਬਰੀ ਮਸਜਿਦ ਢਹਾਉਣ ਵੇਲੇ ਇਹ ਮੂਹਰੇ ਸੀ ਤੇ ਨਾਅਰੇ ਲਾ ਰਿਹਾ ਸੀ- ਏਕ ਧੱਕਾ ਔਰ ਦੋ। 

“ਦੁਸ਼ਮਣ ਮਰੇ ਦੀ ਖ਼ੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ।” ……………..ਸੱਜਣ ਤਾਂ ਬਹੁਤ ਮਾਰੇ ਇਨ੍ਹਾਂ ਨੇ, ਹੁਣ ਦੁਸ਼ਮਣ ਕੂਚ ਕਰ ਰਹੇ ਨੇ। ਖ਼ੁਸ਼ੀ ਕੋਈ ਨੀ, ਬੱਸ ਧਰਤੀ ਤੋਂ ਗੰਦ ਚੁੱਕਿਆ ਗਿਆ, ਇਸ ਲਈ ਅਫਸੋਸ ਵੀ ਕੋਈ ਨੀ।

ਭਲਾਂ ਵਾਜਪਾਈ ਕਦੇ ਸਿੱਖ ਹਿਤੈਸ਼ੀ ਜਾਂ ਹਮਦਰਦ ਰਹੇ ਹਨ ? ਅੰਕੜੇ ਕੁੱਝ ਇਸ ਤਰਾਂ ਬੋਲ ਰਹੇ ਹਨ…

  • ਕਲਿੰਟਨ ਦੀ ਭਾਰਤ ਫੇਰੀ ਸਮੇਂ ਛੱਤੀ ਸਿੰਘਪੁਰਾ ’ਚ ਮਾਰੇ ਗਏ ਨਿਰਦੋਸ਼ੇ ਸਿੱਖਾਂ ਵਾਲ਼ੀ ਵਿਓਂਤਬੰਦੀ ਵਾਜਪਾਈ ਸਰਕਾਰ ਨੇ ਹੀ ਘੜੀ ਸੀ I
  • ਵਾਜਪਾਈ ਨੇ ਪੰਜਾਬੀ ਸੂਬੇ ਦੇ ਹੱਕ ’ਚ ਰਿਪੋਰਟ ਦੇਣ ਵਾਲੀ ਕਮੇਟੀ ਦਾ ਮੈਂਬਰ ਹੁੰਦਿਆਂ ਪੰਜਾਬੀ ਸੂਬੇ ਦੇ ਵਿਰੋਧ ’ਚ ਆਪਣਾ ਵੱਖਰਾ ਨੋਟ ਦਰਜ ਕਰਵਾਇਆ ਸੀ ਅਤੇ ਵਾਜਪਾਈ ਹੀ ਉਸ ਕਮੇਟੀ ’ਚ ਇੱਕੋ ਇੱਕ ਮੈਂਬਰ ਸੀ ਜਿਸ ਨੇ ਪੰਜਾਬੀ ਸੂਬੇ ਦੇ ਵਿਰੁੱਧ ਜ਼ਹਿਰੀਲੀ ਭਾਸ਼ਾ ’ਚ ਆਪਣੀ ਭੜਾਸ ਕੱਢੀ ਸੀ।
  • ਵਾਜਪਾਈ ਨੇ ਧਰਮਯੁੱਧ ਮੋਰਚੇ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦੇ ਸੰਘਰਸ਼ ਨੂੰ ਕੁਚਲਣ ਲਈ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਲਈ ਲਗਾਤਾਰ ਉਕਸਾਇਆ ਅਤੇ ਚੋਧਰੀ ਚਰਨ ਸਿੰਘ ਨਾਲ ਮਿਲ ਕੇ ਫੌਜੀ ਹਮਲਾ ਕਰਵਾਉਣ ਦੇ ਹੱਕ ’ਚ ਹਿੰਦੂਆਂ ਨੂੰ ਲਾਮਬੰਦ ਕਰਨ ਲਈ ਐਲ. ਕੇ ਅਡਵਾਨੀ ਨਾਲ ਮਿਲ ਕੇ ਦੇਸ਼ ’ਚ ਮੁਜ਼ਾਹਰੇ ਕਰਵਾਏ।
  • 9 ਅਗਸਤ 1984 ਨੂੰ ਵਾਜਪਾਈ ਅਤੇ ਅਡਵਾਨੀ ਨੇ ਅੰਮਿ੍ਰਤਸਰ ਪਹੁੰਚ ਕੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਆਖਿਆ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਨੂੰ ਟਾਲਿਆ ਨਹੀਂ ਸੀ ਜਾ ਸਕਦਾ ਸਗੋਂ ਇਹ ਛੇ ਮਹੀਨੇ ਦੇਰ ਨਾਲ ਹੋਈ।
  • ਕਾਂਗਰਸ ਦੇ ਇੱਕ ਐਮ. ਪੀ ਵੱਲੋਂ ਪਾਰਲੀਮੈਂਟ ’ਚ ਪ੍ਰਾਈਵੇਟ ਬਿੱਲ ਪੇਸ਼ ਕੀਤਾ ਹੋਇਆ ਸੀ ਜਿਸ ਵਿੱਚ ਅਕਾਲੀ ਦਲ ਨੂੰ ਫਿਰਕੂ ਪਾਰਟੀਆਂ ’ਚ ਸ਼ਾਮਲ ਕਰ ਕੇ ਚੋਣ ਲੜਨ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੋਈ ਸੀ। ਇਸ ਬਿੱਲ ਬਾਰੇ ਅਡਵਾਨੀ ਅਤੇ ਵਾਜਪਾਈ ਦਾ ਜਵਾਬ ਸੀ,‘‘ ਸਾਡੀ ਪਾਰਟੀ ਇਸ ਬਿੱਲ ਦੀ ਹਮਾਇਤ ਕਰੇਗੀ।
  • ਦਰਬਾਰ ਸਾਹਿਬ ’ਤੇ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਨੇ ਮੰਗ ਕੀਤੀ ਕਿ ਦਰਬਾਰ ਸਾਹਿਬ ਅੰਦਰੋਂ ਫੌਜ ਨੂੰ ਫੌਰੀ ਬਾਹਰ ਕੱਢ ਕੇ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਜਾਵੇ ਤਾਂ ਵਾਜਪਾਈ ਨੇ ਇਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀ ਮੰਗ ਕਰ ਕੇ ਦਰਬਾਰ ਸਾਹਿਬ ਦਾ ਪ੍ਰਬੰਧ ਸਰਕਾਰ ਪ੍ਰਸਤ ਸਿੱਖਾਂ ਹਵਾਲੇ ਕਰਨ ਦੀ ਸਿਫ਼ਾਰਿਸ਼ ਕੀਤੀ। ਇਹ ਖ਼ਬਰ 2 ਅਗਸਤ 1984 ਦੇ ਟਾਈਮਜ਼ ਆਫ਼ ਇੰਡੀਆ, ਅਖ਼ਬਾਰ ’ਚ ਪ੍ਰਮੁੱਖਤਾ ਨਾਲ ਛਪੀ ਸੀ ।
  • ਵਾਜਪਾਈ ਦੇ ਰਾਜਕਾਲ ਸਮੇਂ ਦਰਬਾਰ ’ਤੇ ਫੌਜੀ ਹਮਲੇ ਦੀ ਨਿਖੇਧੀ ਕਰਨ ਦਾ ਮਤਾ ਪਾਰਲੀਮੈਂਟ ਤੋਂ ਪਾਸ ਕਰਵਾਉਣ ਦੀ ਮੰਗ ਨੂੰ ਵਾਜਪਾਈ ਸਰਕਾਰ ਨੇ ਕੌਰਾ ਜਵਾਬ ਦੇ ਦਿੱਤਾ ਸੀ। ਵਾਜਪਾਈ ਦੇ ਛੇ ਸਾਲ ਦੇ ਰਾਜਕਾਲ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੋਈ ਸਿਰਫ਼ ਨਾਨਾਵਤੀ ਕਮਿਸ਼ਨ ਬਣਾ ਕੇ ਕੰਮ ਚਲਾ ਦਿੱਤਾ ਗਿਆ ਸੀ।
  • ਵਾਜਪਾਈ ਸਰਕਾਰ ਸਮੇਂ ਸਿੱਖਾਂ ਦੀ ਅਜ਼ਾਦ ਹਸਤੀ ਦੀ ਹੋਂਦ ਪ੍ਰਗਟਾਉਣ ਲਈ ਸੰਵਿਧਾਨ ਦੀ ਧਾਰਾ 25ਬੀ ’ਚ ਸੋਧ ਕਰਨ ਦਾ ਮਾਮਲਾ ਉੱਠਿਆ ਤਾਂ ਵਾਜਪਾਈ ਸਰਕਾਰ ਨੇ ਇਸ ਸੋਧ ਦਾ ਜਾਇਜ਼ਾ ਲੈਣ ਲਈ ਬਣਾਏ ਗਏ ਕਮਿਸ਼ਨ ਦੀ ਉਸ ਸਿਫ਼ਾਰਿਸ਼ ਨੂੰ, ਜਿਸ ’ਚ ਉਸ ਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਜਾਂ ਕਿਸੇ ਵੀ ਹੋਰ ਧਰਮ ਨਾਲ ਰਲਗਢ ਕਰਨ ਵਾਲੇ ਸ਼ਬਦ ਸੰਵਿਧਾਨ ’ਚੋਂ ਕੱਢ ਦਿੱਤੇ ਜਾਣੇ ਚਾਹੀਦੇ ਹਨ ਤਾਂ ਵਾਜਪਾਈ ਸਰਕਾਰ ਨੇ ਇਸ ਸਿਫ਼ਾਰਿਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
  • ਵਾਜਪਾਈ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਥਾਂ ਪੰਜਾਬ ਤੋਂ ਉਸ ਦੇ ਦਰਿਆ ਖੋਹਣ ਲਈ ਦੇਸ਼ ਭਰ ਦੇ ਦਰਿਆਵਾਂ ਨੂੰ ਜੋੜਨ ਦਾ ਮਨਸੂਬਾ ਤਿਆਰ ਕੀਤਾ ਸੀ। ਜਿਸ ਨਾਲ ਰਾਜਾਂ ਦਾ ਦਰਿਆਵਾਂ ਦੇ ਪਾਣੀਆਂ ’ਤੇ ਉਹਨਾਂ ਦੀ ਮਾਲਕੀ ਖ਼ਤਮ ਹੋ ਜਾਵੇਗੀ।
  • ਵਾਜਪਾਈ ਸਰਕਾਰ ਵੱਲੋਂ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਕਾਨੂੰਨ ਪੋਟਾ, ਜਿਹੜਾ ਕਿ ਮਨੁੱਖੀ ਅਧਿਕਾਰਾਂ ਦਾ ਨੰਗਾ ਚਿੱਟਾ ਕਤਲ ਕਰਦਾ ਸੀ, ਉਸ ਨੂੰ ਲਾਗੂ ਕੀਤਾ ਗਿਆ।

ਹੱਸਣ ਬਾਰੇ ਕੁੱਝ ਤੱਥ

0

ਹੱਸਣ ਬਾਰੇ ਕੁੱਝ ਤੱਥ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) 0175-2216783

ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ। ਉੱਚੀ ਹੱਸਣ ਵਾਲਾ ਉਜੱਡ (ਬੇਵਕੂਫ਼) ਮੰਨਿਆ ਜਾਂਦਾ ਹੈ। ਹੱਸਣਾ ਤਾਂ ਪਰ੍ਹੇ ਦੀ ਗੱਲ ਹੈ, ਹੁਣ ਤਾਂ ਮੁਸਕਰਾਉਣਾ ਵੀ ਵੇਖ ਕੇ ਪੈਂਦਾ ਹੈ ਕਿ ਕਿਸ ਥਾਂ ਉੱਤੇ ਮੁਸਕਾਨ ਦਾ ਕੀ ਅਸਰ ਪੈ ਜਾਣਾ ਹੈ ਤੇ ਉਸ ਮੁਸਕਾਨ ਦੇ ਕੀ ਮਾਇਨੇ ਕੱਢੇ ਜਾਣਗੇ !

ਸਾਇੰਸ ਦੀ ਤਰੱਕੀ ਨੇ ਹਾਸੇ ਦੇ ਦਿਮਾਗ਼ ਉੱਤੇ ਪਏ ਅਸਰਾਂ ਨੂੰ ਲੱਭਣ ਵਿੱਚ ਮਦਦ ਕਰ ਕੇ ਇਨਸਾਨਾਂ ਦੀ ਉਮਰ ਲੰਮੀ ਕਰਨ ਦਾ ਢੰਗ ਲੱਭ ਦਿੱਤਾ ਹੈ।

ਦਿਮਾਗ਼ ਵਿਚਲਾ ਬਰੇਨ ਸਟੈੱਮ ਹਿੱਸਾ ਸਾਡੇ ਹਾਸੇ ਦੀਆਂ ਵਾਗਾਂ ਬੰਨ੍ਹ ਕੇ ਰੱਖਦਾ ਹੈ। ਜਦੋਂ ਕਿਸੇ ਮਰੀਜ਼ ਦਾ ਸਟਰੋਕ ਨਾਲ ਇਸ ਹਿੱਸੇ ਵਿੱਚ ਰੱਤਾ ਕੁ ਨੁਕਸਾਨ ਹੋ ਜਾਏ ਤਾਂ ਕਈ ਮਰੀਜ਼ ਘੰਟਿਆਂ ਬੱਧੀ ਹੱਸਦੇ ਵੇਖੇ ਗਏ ਹਨ। ਕੁੱਝ ਨਿੱਕੇ ਬੱਚੇ, ਜਿਨ੍ਹਾਂ ਦਾ ਜਮਾਂਦਰੂ ਦਿਮਾਗ਼ ਬਹੁਤ ਛੋਟਾ ਹੋਵੇ ਜਾਂ ਅੱਧਾ ਦਿਮਾਗ਼ ਬਣਿਆ ਨਾ ਹੋਵੇ, ਉਹ ਵੀ ਬਹੁਤ ਹੱਸਦੇ ਵੇਖੇ ਗਏ ਹਨ।

ਪੂਰੇ ਦਿਮਾਗ਼ ਨਾਲ ਜੰਮੇ ਨਿੱਕੇ ਬੱਚੇ, ਜਿਨ੍ਹਾਂ ਨੂੰ ਹਾਲੇ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ, ਉਹ ਵੀ ਕਿਸੇ ਨੂੰ ਹਲਕਾ ਮੁਸਕਰਾਉਂਦੇ ਹੋਏ ਵੇਖ ਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਜੇ ਕਿਤੇ ਕੁਤਕੁਤਾੜੀ ਕਰ ਦਿੱਤੀ ਜਾਵੇ, ਫੇਰ ਤਾਂ ਪੁੱਛੋ ਹੀ ਨਾ ! ਇਹ ਸਪਸ਼ਟ ਹੋ ਗਿਆ ਕਿ ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿੱਚ ਪੱਕੀ ਤੌਰ ਉੱਤੇ ਫਿੱਟ ਕਰ ਕੇ ਭੇਜਿਆ ਹੁੰਦਾ ਹੈ।

ਹੁਣ ਰੱਤਾ ਵੱਡੇ ਬੰਦੇ ਵੱਲ ਝਾਕੀਏ, ਜਿਸ ਨੂੰ ਫ਼ਰੇਬ ਕਰਨਾ ਆਉਂਦਾ ਹੈ। ਉਸ ਨੂੰ ਚੰਗੇ ਮਾੜੀ ਦੀ ਸਮਝ ਹੈ। ਉਹ, ਕਿਸੇ ਦਾ ਬੁਰਾ ਲੋਚ ਸਕਦਾ ਹੈ ਤੇ ਉਸ ਅੰਦਰ ਹਉਮੈ ਭਰੀ ਪਈ ਹੁੰਦੀ ਹੈ। ਅਜਿਹਾ ਬੰਦਾ ਵੀ ਬਹੁਤ ਮਜ਼ਾਕੀਆ ਗੱਲ ਉੱਤੇ ਬਦੋਬਦੀ ਕੁੱਝ ਪਲਾਂ ਲਈ ਹੱਸ ਪੈਂਦਾ ਹੈ।

ਇੱਕ ਖੋਜ ਵਿੱਚ ਦਿਮਾਗ਼ ਵਿਚਲੀਆਂ ਤਰੰਗਾਂ ਮਾਪਣ ਬਾਅਦ ਪਤਾ ਲੱਗਿਆ ਕਿ ਬਿਜਲੀ ਨਾਲੋਂ ਵੀ ਤੇਜ਼ ਤਰੰਗਾਂ ਦਿਮਾਗ਼ ਦੇ ਕੌਰਟੈਕਸ ਹਿੱਸੇ ਵੱਲ ਜਾਣ ਬਾਅਦ ਹੀ ਕਿਸੇ ਬਹੁਤ ਹਾਸੋਹੀਣੀ ਗੱਲ ਉੱਤੇ ਬੰਦਾ ਖਿੜਖਿੜਾ ਕੇ ਹੱਸ ਪੈਂਦਾ ਹੈ। ਪੀਟਰ ਡਰਕਸ, ਜੋ ਵਿਲੀਅਮ ਐਂਡ ਮੈਰੀ ਕਾਲਜ ਵਿੱਚ ਸਾਈਕੌਲੋਜੀ ਦਾ ਪ੍ਰੋਫੈੱਸਰ ਹੈ, ਉਸ ਨੇ ਕਈ ਜਣਿਆਂ ਨੂੰ ਮਜ਼ੇਦਾਰ ਚੁਟਕਲੇ ਸੁਣਾਏ ਤੇ ਵੇਖਿਆ ਕਿ ਚੁਟਕਲੇ ਦੀ ਆਖਰੀ ਹੱਸਣ ਵਾਲੀ ਲਾਈਨ ਸੁਣਨ ਦੇ ਇੱਕ ਸਕਿੰਟ ਦੇ ਦੱਸਵੇਂ ਹਿੱਸੇ ਵਿੱਚ ਹੀ ਪੂਰੇ ਸੈਰੇਬਰਲ ਕੌਰਟੈਕਸ ਵਿੱਚ ਤਰੰਗ ਫਿਰ ਜਾਂਦੀ ਹੈ। ਇਸੇ ਦੌਰਾਨ ਦਿਮਾਗ਼ ਦਾ ਖੱਬਾ ਪਾਸਾ ਚੁਟਕਲੇ ਵਿਚਲੀ ਪੂਰੀ ਗੱਲਬਾਤ ਸਮੇਟਦਾ ਹੈ ਤੇ ਸੱਜਾ ਪਾਸਾ ਉਸ ਵਿਚਲੇ ਹਾਸੇ ਦੇ ਨੁਕਤੇ ਦਾ ਨਿਚੋੜ ਕੱਢ ਕੇ ਫ਼ੈਸਲਾ ਲੈਂਦਾ ਹੈ ਕਿ ਗੱਲ ਹੱਸਣਯੋਗ ਹੈ ਜਾਂ ਨਹੀਂ।

ਇਸ ਤੋਂ ਬਾਅਦ ਪੂਰੇ ਦਿਮਾਗ਼ ਦੇ ਕੋਨੇ ਤੋਂ ਕੋਨੇ ਤੱਕ ਘੁੰਮ ਕੇ ਵਾਪਸ ਆਈਆ ਤਰੰਗਾਂ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਇਹ ਫ਼ੈਸਲਾ ਦੇ ਦਿੰਦੀਆਂ ਹਨ ਕਿ ਹਲਕਾ ਮੁਸਕਰਾਉਣਾ ਹੈ ਜਾਂ ਖਿੜਖਿੜਾ ਕੇ ਹੱਸਣਾ ਹੈ।

ਜੇ ਸੁਣੇਹਾ ਖਿੜਖਿੜਾ ਕੇ ਹੱਸਣ ਵਾਲਾ ਨਹੀਂ ਪਹੁੰਚਿਆ ਤੇ ਪੂਰਾ ਖੁੱਲ੍ਹ ਕੇ ਹੱਸੇ ਵੀ ਨਹੀਂ, ਪਰ ਆਲੇ ਦੁਆਲੇ ਸਾਰੇ ਜਣੇ ਇੱਕ ਦੂਜੇ ਨੂੰ ਵੇਖ ਕੇ ਹੱਸ-ਹੱਸ ਕੇ ਲੋਟਪੋਟ ਹੋ ਰਹੇ ਹੋਣ ਤਾਂ ਦਿਮਾਗ਼ ਵਿੱਚ ਪਹਿਲਾਂ ਹੀ ਤੇਜ਼ੀ ਨਾਲ ਫਿਰ ਚੁੱਕੀਆਂ ਤਰੰਗਾਂ, ਜਿਨ੍ਹਾਂ ਨੇ ਦਿਮਾਗ਼ ਰਵਾਂ ਕਰ ਦਿੱਤਾ ਹੁੰਦਾ ਹੈ, ਦੁਬਾਰਾ ਇਹ ਟੁਣਕਦੇ ਹਾਸੇ ਦੀਆਂ ਢੇਰ ਸਾਰੀਆਂ ਤਰੰਗਾਂ ਫੜ ਕੇ ਲਾਗ ਦੀ ਬੀਮਾਰੀ ਵਾਂਗ ਬਦੋਬਦੀ ਖਿੜਖਿੜਾ ਦੇ ਹੱਸਣ ਉੱਤੇ ਮਜਬੂਰ ਕਰ ਦਿੰਦੀਆਂ ਹਨ।

ਪੂਰੇ ਦਿਮਾਗ਼ ਦੀ ਹਿਲਜੁਲ ਹੋ ਜਾਣ ਉੱਤੇ ਨਾ ਸਿਰਫ਼ ਸਾਰਾ ਕੌਰਟੈਕਸ ਹਿੱਸਾ ਤੇ ਉਸ ਵਿਚਲੇ ਜੋੜ ਹੀ ਰਵਾਂ ਹੋ ਜਾਂਦੇ ਹਨ ਬਲਕਿ ਇਕਦਮ ਹਾਰਮੋਨਾਂ ਦਾ ਫੁਹਾਰਾ ਛੁਟ ਜਾਣ ਉੱਤੇ ਚੜ੍ਹਦੀਕਲਾ ਦਾ ਇਹਸਾਸ, ਮੂਡ ਠੀਕ ਹੋਣਾ, ਢਹਿੰਦੀ ਕਲਾ ਕਾਫ਼ਰ (ਅਲੋਪ) ਹੋਣਾ, ਫੇਫੜਿਆਂ ਦੀ ਤਕੜੀ ਕਸਰਤ, ਸਰੀਰ ਦੇ ਸਾਰੇ ਪੱਠਿਆਂ ਵੱਲ ਲਹੂ ਦਾ ਦਬਾਅ ਵੱਧ ਜਾਣਾ, ਦਿਲ ਦੇ ਪੱਠਿਆਂ ਦੀ ਕਸਰਤ, ਦਿਮਾਗ਼ ਵੱਲ ਲਹੂ ਦਾ ਵੱਧ ਜਾਣਾ, ਆਦਿ ਕੁੱਝ ਸਕਿੰਟਾਂ ਤੋਂ ਮਿੰਟਾਂ ਵਿੱਚ ਹੀ ਹੋ ਜਾਂਦਾ ਹੈ, ਪਰ ਇਹ ਅਸਰ ਕੁੱਝ ਘੰਟਿਆਂ ਤੱਕ ਵੀ ਰਹਿ ਜਾਂਦਾ ਹੈ। ਅਜਿਹੇ ਮੌਕੇ ਮਾੜੀ ਖ਼ਬਰ ਸੁਣਾਏ ਜਾਣ ਉੱਤੇ ਵੀ ਸਰੀਰ ਅਤੇ ਦਿਮਾਗ਼; ਓਨੇ ਮਾੜੇ ਅਸਰਾਂ ਹੇਠ ਨਹੀਂ ਜਾਂਦੇ, ਜਿੰਨਾ ਕਿ ਆਮ ਬੈਠਿਆਂ ਉੱਤੇ ਮਹਿਸੂਸ ਹੁੰਦਾ ਹੈ।

ਵਾਟਰਲੂ ਯੂਨੀਵਰਸਿਟੀ ਦੇ ਪ੍ਰੋ. ਰੌਡ ਮਾਰਟਿਨ (ਸਾਈਕੋਲੋਜਿਸਟ) ਨੇ ਪੈਨੀਸਿਲਵੇਨੀਆ ਯੂਨੀਵਰਸਿਟੀ ਨਾਲ ਰਲ਼ ਕੇ ਜੋ ਖੋਜ ਕਾਰਜ ਕੀਤਾ, ਉਸ ਦੇ ਸਿੱਟੇ ਇਸ ਤਰ੍ਹਾਂ ਹਨ :-

1. ਜ਼ਿਆਦਾ ਹੱਸਣ ਵਾਲੇ ਦੁੱਖ ਸੌਖ ਜਰ ਜਾਂਦੇ ਹਨ। ਇਹ ਨਹੀਂ ਹੈ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਨਹੀਂ ਜਾਂ ਉਨ੍ਹਾਂ ਉੱਤੇ ਮਾੜਾ ਸਮਾਂ ਆਉਂਦਾ ਨਹੀਂ, ਪਰ ਇਹ ਲੋਕ ਛੇਤੀ ਢਹਿੰਦੀ ਕਲਾ ਵਿੱਚ ਨਹੀਂ ਜਾਂਦੇ।

2. ਜਿੰਨੇ ਬਜ਼ੁਰਗ ਢਹਿੰਦੀ ਕਲਾ ਵਿੱਚ ਜਾ ਕੇ ਖ਼ੁਦਕੁਸ਼ੀ ਕਰਨ ਦਾ ਵਿਚਾਰ ਪਾਲ ਕੇ ਬੈਠੇ ਸਨ, ਉਨ੍ਹਾਂ ਨੂੰ ਰੋਜ਼ ਦਿਨ ਵਿੱਚ ਇੱਕ ਵਾਰ ਹਾਸੇ ਦਾ ਪ੍ਰੋਗਰਾਮ ਵਿਖਾਏ ਜਾਣ ਬਾਅਦ ਉਨ੍ਹਾਂ ਦੀ ਢਹਿੰਦੀ ਕਲਾ ਕਾਫ਼ਰ (ਖ਼ਤਮ) ਹੋਈ ਲੱਭੀ।

ਨਿਊਯਾਰਕ ਦੇ ਐਲਬਰਟ ਆਈਨਸਟੀਨ ਮੈਡੀਕਲ ਸੈਂਟਰ ਦੇ ਜੋਜ਼ਫ ਰਿਚਮੈਨ ਨੇ ਵੀ ਸਾਬਤ ਕੀਤਾ ਕਿ ਨਾ ਸਿਰਫ਼ ਬਜ਼ੁਰਗਾਂ ਵਿੱਚ ਬਲਕਿ ਨੌਜਵਾਨਾਂ (18-45 ਸਾਲ ਤੱਕ) ਵਿੱਚ ਵੀ ਇਹੋ ਜਿਹੇ ਹੀ ਲੱਛਣ ਮਿਲੇ।

3. ਹੱਸਣ ਨਾਲ ਦਿਲ ਦੀ ਧੜਕਣ ਘੱਟ ਜਾਂਦੀ ਹੈ ਤੇ ਐਂਡੋਰਫਿਨ ਨਿਕਲ ਪੈਂਦੇ ਹਨ, ਜੋ ਪੀੜ ਮਹਿਸੂਸ ਨਹੀਂ ਹੋਣ ਦਿੰਦੇ ਤੇ ਤਿੱਖੀ ਪੀੜ ਵੀ ਘੱਟ ਲੱਗਣ ਲੱਗ ਪੈਂਦੀ ਹੈ।

4. ਕੁੱਝ ਦੇਰ ਹੱਸਣ ਨਾਲ ਕਿਸੇ ਦੇ ਨਾਲ ਹੋਣ ਦਾ ਇਹਸਾਸ ਜਾਗਦਾ ਹੈ ਤੇ ਇਕੱਲਾਪਣ ਘੱਟ ਮਹਿਸੂਸ ਹੁੰਦਾ ਹੈ। ਆਪਣਾਪਨ, ਸੰਬੰਧਿਤ ਹੋਣਾ, ਆਦਿ ਵਰਗੇ ਵਿਚਾਰ ਚੜ੍ਹਦੀਕਲਾ ਦਾ ਇਹਸਾਸ ਜਗਾਉਂਦੇ ਹਨ।

5. ਜਿਵੇਂ ਵੱਧ ਕੱਸੇ ਹੋਏ ਤੇ ਜੰਗਾਲ ਖਾਧੇ ਹੋਏ ਪੇਚ ਘੁਮਾਉਣੇ ਔਖੇ ਹੁੰਦੇ ਹਨ ਪਰ ਤੇਲ ਲਾ ਕੇ ਨਰਮ ਕਰਨ ਉੱਤੇ ਸੌਖੇ ਖੁੱਲ੍ਹ ਜਾਂਦੇ ਹਨ, ਉਸੇ ਤਰ੍ਹਾਂ ਦਿਮਾਗ਼ ਵਿਚਲੀਆਂ ਕੱਸੀਆਂ ਹੋਈਆਂ ਨਸਾਂ ਤੇ ਤਣਾਓ ਨਾਲ ਨਪੀੜੇ ਜੋੜ ਹਾਸੇ ਦੇ ਟੁਣਕਾਰੇ ਨਾਲ ਨਰਮ ਪੈ ਜਾਂਦੇ ਹਨ ਤੇ ਮਾੜੇ ਵਿਚਾਰ ਛੰਡੇ (ਵੱਖ ਕੀਤੇ) ਜਾਂਦੇ ਹਨ। ਇਹ ਵੇਖਣ ਵਿੱਚ ਆਇਆ ਹੈ ਕਿ ਕਤਲ ਤੱਕ ਕਰਨ ਦਾ ਵਿਚਾਰ ਲੈ ਕੇ ਤੁਰੇ ਬੰਦੇ ਦਾ ਮਨ ਵੀ ਅੱਧਾ ਘੰਟਾ ਖੁੱਲ੍ਹ ਕੇ ਹੱਸਣ ਉਪਰੰਤ ਬਦਲ ਗਿਆ ਤੇ ਮਾੜੇ ਵਿਚਾਰ ਛੰਡੇ ਗਏ।

6. ਹੱਸਦੇ ਰਹਿੰਦੇ ਬੰਦੇ ਦਾ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਬਣ ਜਾਂਦਾ ਹੈ।

7. ਸਟੈਨਫੋਰਡ ਯੂਨੀਵਰਸਿਟੀ ਨੇ ਅਨੇਕ ਜੋੜਿਆਂ ਦਾ ਅਧਿਐਨ ਕਰ ਕੇ ਲੱਭਿਆ ਕਿ ਜਿਹੜੇ ਜਣੇ ਰੋਜ਼ ਦਿਨ ਵਿੱਚ ਘੱਟੋ ਘੱਟ ਦੋ ਵਾਰ ਇਕੱਠੇ ਬਹਿ ਕੇ ਖਿੜਖਿੜਾ ਕੇ ਹੱਸਦੇ ਹੋਣ, ਉਨ੍ਹਾਂ ਦੇ ਸੰਬੰਧ ਗੂੜ੍ਹੇ ਹੁੰਦੇ ਹਨ ਤੇ ਤਲਾਕ ਵੀ ਬਹੁਤ ਘੱਟ ਹੁੰਦੇ ਹਨ।

8. ਇਹ ਵੇਖਣ ਵਿੱਚ ਆਇਆ ਕਿ ਜਿਹੜੇ ਜਣੇ ਆਪਣੇ ਮਰਨ ਬਾਅਦ ਅੰਗ ਦਾਨ ਦੇ ਫਾਰਮ ਭਰਨ ਲਈ ਅੱਗੇ ਆਉਂਦੇ ਹਨ, ਉਨ੍ਹਾਂ ਵਿੱਚੋਂ ਬਹੁਗਿਣਤੀ ਦਿਨ ਵਿੱਚ ਇੱਕ ਜਾਂ ਵੱਧ ਵਾਰ ਹੱਸਦੇ ਰਹਿੰਦੇ ਸਨ। ਏਸੇ ਲਈ ਮੌਤ ਦਾ ਭੈਅ ਉਨ੍ਹਾਂ ਦੇ ਮਨਾਂ ਵਿੱਚੋਂ ਘੱਟ ਹੋ ਚੁੱਕਿਆ ਸੀ।

9. ਹੱਸਦੇ ਰਹਿਣ ਵਾਲਿਆਂ ਨੂੰ ਘੱਟ ਰੋਗ ਜਕੜਦੇ ਹਨ। ਜੇ ਰੋਗ ਹੋਣ ਵੀ, ਤਾਂ ਉਨ੍ਹਾਂ ਦੀ ਚੜ੍ਹਦੀਕਲਾ ਸਦਕਾ ਰੋਗ ਬਹੁਤ ਡੂੰਘੀ ਪਕੜ ਕਰ ਹੀ ਨਹੀਂ ਸਕਦਾ।

10. ਹੱਸਣ ਨਾਲ ‘ਟੀ ਲਿੰਫੋਸਾਈਟ’ ਤੇ ਸਰੀਰ ਵਿਚਲੀ ਬੀਮਾਰੀ ਨਾਲ ਲੜਨ ਵਾਲੇ ਸੈੱਲ ਵੱਧ ਜਾਂਦੇ ਹਨ, ਜੋ ਆਮ ਖੰਘ ਜ਼ੁਕਾਮ ਛੇਤੀ ਹੋਣ ਨਹੀਂ ਦਿੰਦੇ।

11. ਹੱਸਣ ਨਾਲ ‘ਗਾਮਾ ਇੰਟਰਫਿਰੋਨ’ ਵੱਧ ਜਾਂਦੇ ਹਨ, ਜੋ ਸਰੀਰ ਅੰਦਰ ਕੀਟਾਣੂਆਂ ਨੂੰ ਮਾਰਨ ਵਿੱਚ ਮਦਦ ਕਰਦੇ ਹਨ।

12. ਕੋਰਟੀਸੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ, ਜਿਸ ਨਾਲ ਤਣਾਓ ਘੱਟ ਹੋ ਜਾਂਦਾ ਹੈ।

13. ਥੁੱਕ ਵਿੱਚ ‘ਇਮਿਊਨੋਗਲੋਬੂਲਿਨ ਏ’ ਵੱਧ ਜਾਂਦਾ ਹੈ, ਜਿਸ ਨਾਲ ਛਾਤੀ ਵਿੱਚ ਕੀਟਾਣੂਆਂ ਦਾ ਹਮਲਾ ਘੱਟਦਾ ਹੈ।

14. ਕੁੱਝ ਉੱਤੇ ਘੱਟ ਤੇ ਕੁੱਝ ਜਣਿਆਂ ਉੱਤੇ ਹਾਸੇ ਦੇ ਅਸਰ ਵੱਧ ਦਿਸਦੇ ਹਨ।

15. ਪੁਰਾਣੀ ਖੋਜ, ਜੋ 1528 ਗਿਆਰਾਂ ਸਾਲ ਦੇ ਬੱਚਿਆਂ ਉੱਤੇ ਸੰਨ 1921 ਵਿੱਚ ਕੀਤੀ ਗਈ ਸੀ, ਉਸ ਦਾ ਸਾਰ ਵੀ ਇਹੋ ਸੀ ਕਿ ਹੱਸਮੁਖ ਬੱਚਿਆਂ ਨੂੰ ਘੱਟ ਬੀਮਾਰੀਆਂ ਲੱਗੀਆਂ ਤੇ ਲੰਮੇ ਸਮੇਂ ਤੱਕ ਫੋਲੋਅਪ ਕਰਨ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਉਮਰ ਵੀ ਲੰਮੀ ਭੋਗੀ।

ਜਿੱਥੇ ਨਿੱਕੇ ਬੱਚੇ ਦਿਨ ਵਿੱਚ 300 ਵਾਰ ਖੁੱਲ੍ਹ ਕੇ ਹੱਸ ਜਾਂ ਮੁਸਕਰਾ ਲੈਂਦੇ ਹਨ, ਉੱਥੇ ਵੱਡੇ ਵੱਧੋ ਵੱਧ 17 ਵਾਰ ਹੀ ਮੁਸਕਰਾਉਂਦੇ ਜਾਂ ਹੱਸਦੇ ਹਨ। ਇਨ੍ਹਾਂ ਵੱਡਿਆਂ ਵਿੱਚੋਂ ਬਥੇਰੇ ਸਿਰਫ਼ ਕੰਮਾਂ ਦੇ ਬੋਝ ਹੇਠਾਂ ਦਬੇ ਬਿਨਾਂ ਮੁਸਕਰਾਇਆਂ, ਕਿਸਮਤ ਨੂੰ ਕੋਸਦਿਆਂ ਹੀ ਦਮ ਤੋੜ ਦਿੰਦੇ ਹਨ।

ਹਾਸੇ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਲਈ ਸੁਝਾਏ ਨੁਕਤੇ :-

1. ਹਾਸੇ ਦੀ ਲਾਇਬਰੇਰੀ :-ਘਰ ਵਿੱਚ ਤੇ ਦਫਤਰ ਵਿੱਚ ਜਾਂ ਕੰਮ ਕਾਰ ਵਾਲੀ ਥਾਂ ਉੱਤੇ ਇੱਕ ਕੋਨੇ ਵਿੱਚ ਚੁਟਕਲਿਆਂ ਦੀਆਂ ਕਿਤਾਬਾਂ ਜਾਂ ਹਸਾਉਣ ਵਾਲੀਆਂ ਵੀਡੀਓ, ਮੈਗਜ਼ੀਨ ਆਦਿ ਰੱਖ ਲੈਣੇ ਚਾਹੀਦੇ ਹਨ।

2. ਹਾਸੇ ਦੀ ਪਰੋਫਾਈਲ :- ਰੋਜ਼ ਦਾ ਇੱਕ ਚਾਰਟ ਬਣਾ ਕੇ ਉਸ ਉੱਤੇ ਸੌਣ ਤੋਂ ਪਹਿਲਾਂ ਨਿਸ਼ਾਨੀ ਲਾਓ ਕਿ ਦਿਨ ਵਿੱਚ ਕਿੰਨੀ ਵਾਰ ਖੁੱਲ੍ਹ ਕੇ ਹੱਸੇ !

3. ਮੁਸਕਾਨ ਦਾ ਚਾਰਟ :- ਇੱਕ ਹਫ਼ਤਾ ਰੈਗੂਲਰ ਨੋਟ ਕਰਨ ਦੀ ਲੋੜ ਹੈ ਕਿ ਅਸੀਂ ਮੁਸਕਰਾ ਵੀ ਰਹੇ ਹਾਂ ਜਾਂ ਨਹੀਂ।

4. ਹੱਸਣ ਵਾਲੇ ਕਲੱਬ :- ਇੱਕ ਹਫ਼ਤੇ ਵਿੱਚ ਇੱਕ ਵਾਰ ਰਲ਼ ਕੇ ਹੱਸਣਾ (ਦਿਖਾਵਾ ਨਹੀਂ) ਵੀ ਚੰਗੀ ਕਸਰਤ ਹੈ।

ਸਾਰ

ਮਾਰਟਿਨ ਲੂਥਰ ਨੇ ਕਿਹਾ ਸੀ ਕਿ ਜੇ ਸਵਰਗ ਵਿੱਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।

ਜਿਵੇਂ ਬੂਟਿਆਂ ਲਈ ਧੁੱਪ ਦੀ ਲੋੜ ਹੈ, ਉਂਜ ਹੀ ਮਨੁੱਖ ਲਈ ਹਾਸਾ ਜ਼ਰੂਰੀ ਟਾਨਿਕ ਵਾਂਗ ਹੈ। ਅਬਰਾਹਮ ਲਿੰਕਨ ਨੇ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿੱਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ।

ਚਾਰਲੀ ਚੈਪਲਿਨ, ਜੋ ਦੂਜਿਆਂ ਨੂੰ ਹਸਾਉਣ ਵਿੱਚ ਮਾਹਰ ਸੀ, ਨੇ ਵੀ ਕਿਹਾ ਕਿ ਹਸਾਉਣ ਵਾਲੇ ਆਪਣੇ ਅੰਦਰਲੀ ਪੀੜਾ ਨੂੰ ਬਾਖ਼ੂਬੀ ਲੁਕਾਉਣਾ ਜਾਣਦੇ ਹਨ, ਪਰ ਹਕੀਕਤ ਇਹ ਹੈ ਕਿ ਜੇ ਨਾ ਹੱਸਣ ਤਾਂ ਅਜਿਹੇ ਮਨੁੱਖ ਆਪਣੇ ਮਨ ਅੰਦਰਲੀ ਦੁੱਖਾਂ ਦੀ ਦਲਦਲ ਵਿੱਚ ਹੀ ਧਸ ਜਾਣਗੇ।

ਏਸੇ ਲਈ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਚੁੰਬਕੀ ਸ਼ਖ਼ਸੀਅਤ ਬਣਨ ਲਈ, ਰੋਜ਼ ਦਾ 10 ਵਾਰ ਮੁਸਕਰਾਉਣਾ ਤੇ 7 ਵਾਰ ਖੁੱਲ੍ਹ ਕੇ ਹੱਸਣਾ ਨਾ ਭੁੱਲਿਓ ! ਜੇ ਵੱਧ ਵਾਰ ਕਰ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ। ਤੁਸੀਂ ਦੁਨੀਆ ਦੇ ਚੋਟੀ ਦੇ 2 ਫੀਸਦੀ ਹੱਸਮੁਖ ਲੋਕਾਂ ਵਿੱਚ ਸ਼ਾਮਲ ਹੋ ਚੁੱਕੇ ਹੋ !  ਮੁਬਾਰਕ ਹੋਵੇ !

Most Viewed Posts