ਬੱਚੇ ਦੇ ਪਹਿਲੇ ਦੋ ਸਾਲ

0
359

ਬੱਚੇ ਦੇ ਪਹਿਲੇ ਦੋ ਸਾਲ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਬੱਚੇ ਦੀ ਉਮਰ ਦੇ ਪਹਿਲੇ ਦੋ ਸਾਲ ਬਹੁਤ ਮਜ਼ੇਦਾਰ ਹੁੰਦੇ ਹਨ। ਸੋਚਣਾ, ਸਮਝਣਾ, ਜ਼ਬਾਨ ਦਾ ਆਧਾਰ, ਮਾਪਿਆਂ ਦੇ ਹਾਵ ਭਾਵ, ਰੋਣਾ, ਹੱਸਣਾ, ਡੁਸਕਣਾ ਤੇ ਫਿਰ ਆਪਣੇ ਮਨ ਅੰਦਰ ਚਲ ਰਹੀ ਹਲਚਲ ਨੂੰ ਜ਼ਾਹਰ ਕਰਨਾ।

ਕੁਦਰਤ ਦਾ ਕਮਾਲ ਤਾਂ ਇਹ ਹੈ ਕਿ ਇਸ ਉਮਰ ਵਿੱਚ ਬੱਚਾ ਨਾ ਸਿਰਫ਼ ਆਪਣੀ ਸੋਚ ਬਾਰੇ ਸਮਝਾਉਂਦਾ ਹੈ ਬਲਕਿ ਮਾਪਿਆਂ ਦੀ ਸੋਚ ਨੂੰ ਅਤੇ ਉਨ੍ਹਾਂ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਸੇ ਕਰ ਕੇ ਪਹਿਲੇ ਸਾਲ ਦੀ ਉਮਰ ਤੋਂ ਹੀ ਬੱਚੇ ਦਾ ਭਾਵਨਾਤਮਕ ਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਜੋ ਉਮਰ ਭਰ ਅਸਰ ਛੱਡਦਾ ਹੈ।

ਖੋਜਾਂ ਰਾਹੀਂ ਇਹ ਸਾਬਤ ਹੋਇਆ ਹੈ ਕਿ ਕੁੱਝ ਵਿਕਾਸ ਮਾਂ ਦੇ ਢਿੱਡ ਅੰਦਰ ਹੀ ਹੋ ਜਾਂਦਾ ਹੈ, ਜਿਸ ਉੱਤੇ ਆਲਾ-ਦੁਆਲਾ, ਮਾਪੇ ਜਾਂ ਦੋਸਤ ਅਸਰ ਨਹੀਂ ਪਾ ਸਕਦੇ। ਇਸੇ ਲਈ ਇੱਕੋ ਘਰ ਵਿਚਲੇ ਦੋ ਬੱਚਿਆਂ ਦਾ ਸੁਭਾਅ ਤੇ ਵਿਹਾਰ ਵੱਖ-ਵੱਖ ਹੋ ਸਕਦਾ ਹੈ। ਬਚਪਨ ਵਿੱਚ ਪੈਂਦੀਆਂ ਝਿੜਕਾਂ, ਮਾੜਾ ਮਾਹੌਲ, ਮਾਰ ਕੁਟਾਈ ਵੀ ਡੂੰਘਾ ਅਸਰ ਛੱਡਦੇ ਹਨ।

ਨਿੱਕੇ ਬੱਚੇ ਆਪਣਾ ਗੁੱਸਾ, ਘਬਰਾਹਟ, ਖਿੱਝ ਜਾਂ ਪਿਆਰ ਆਪਣੇ ਚਿਹਰੇ ਦੇ ਹਾਵ-ਭਾਵ ਤੇ ਸਰੀਰਕ ਹਿਲਜੁਲ ਰਾਹੀਂ ਜ਼ਾਹਰ ਕਰਦੇ ਹਨ।  ਕੁੱਝ ਬੱਚੇ ਤਿਊੜੀਆਂ ਪਾ ਕੇ, ਕੁੱਝ ਮੂੰਹ ਫੇਰ ਕੇ ਜਾਂ ਅੱਖਾਂ ਘੁਮਾ ਕੇ ਜਾਂ ਲੱਤਾਂ ਬਾਹਵਾਂ ਨਾਲ ਪਰਾਂ ਧੱਕ ਕੇ ਆਪਣਾ ਗੁੱਸਾ ਦਿਖਾ ਦਿੰਦੇ ਹਨ ਤੇ ਕੁੱਝ ਹਲਕੀ ਮੁਸਕਾਨ ਨਾਲ ਸਵਾਗਤ ਕਰਦੇ ਹਨ। ਇਹ ਸਭ ਪਹਿਲੇ 2 ਜਾਂ ਤਿੰਨ ਮਹੀਨੇ ਦੇ ਬੱਚੇ ਵਿੱਚ ਵੇਖਿਆ ਜਾ ਸਕਦਾ ਹੈ। ਚੌਥੇ ਮਹੀਨੇ ’ਤੇ ਬੱਚਾ ਕਦੇ ਕਦਾਈ ਹੱਸ ਵੀ ਪੈਂਦਾ ਹੈ। ਚਾਰ ਤੋਂ ਛੇ ਮਹੀਨੇ ਦਾ ਬੱਚਾ ਗੁੱਸਾ, ਉਦਾਸੀ, ਹੈਰਾਨੀ ਤੇ ਡਰ ਬਾਰੇ ਜਾਣੂੰ ਹੋ ਜਾਂਦਾ ਹੈ ਤੇ ਆਪਣੇ ਹਾਵ-ਭਾਵਾਂ ਨਾਲ ਇਨ੍ਹਾਂ ਚਾਰਾਂ ਨੂੰ ਜ਼ਾਹਰ ਕਰਨ ਜੋਗਾ ਵੀ ਹੁੰਦਾ ਹੈ। ਸਿਰਫ਼ ਗੱਲ ਹੁੰਦੀ ਹੈ ਲਾਇਕ ਮਾਂ ਦੀ, ਕਿ ਉਹ ਬੱਚੇ ਦੇ ਇਨ੍ਹਾਂ ਪ੍ਰਤੱਖ ਦਿਸਦੇ ਲੱਛਣਾਂ ਨੂੰ ਪਛਾਣ ਸਕਦੀ ਹੈ ਜਾਂ ਨਹੀਂ। ਜੇ ਮਾਂ ਬੱਚੇ ਦੇ ਸੁਭਾਅ ਨੂੰ ਸਮਝ ਲਵੇ ਤੇ ਉਸੇ ਅਨੁਸਾਰ ਬੱਚੇ ਨੂੰ ਸਹਿਜ ਕਰ ਸਕੇ ਤਾਂ ਬੱਚਾ ਆਗਿਆਕਾਰੀ, ਸਹਿਯੋਗੀ ਅਤੇ ਲਾਡ ਜਤਾਉਣ ਵਾਲਾ ਬਣ ਜਾਂਦਾ ਹੈ ਪਰ ਜੇ ਬੱਚੇ ਤੋਂ ਅਣਜਾਣ ਬਣੀ ਰਹੇ ਤੇ ਆਪਣੇ ਕੰਮਾਂ ਵਿੱਚ ਉਲਝੀ ਰਹੇ ਤਾਂ ਬੱਚਾ ਵੀ ਆਪਣਿਆਂ ਖ਼ਾਸ ਕਰ, ਮਾਂ ਤੋਂ ਹਲਕੀ ਦੂਰੀ ਬਣਾ ਲੈਂਦਾ ਹੈ ਕਿ ਜੇ ਇਨ੍ਹਾਂ ਨੂੰ ਮੇਰੀ ਪਰਵਾਹ ਨਹੀਂ ਤਾਂ ਫੇਰ ਮੈਂ ਵੀ ਕਿਉਂ ਇਨ੍ਹਾਂ ਨਾਲ ਸਾਂਝ ਗੰਢਾਂ !

ਪੰਜਵੇਂ ਮਹੀਨੇ ਤੋਂ ਬਾਅਦ ਬੱਚੇ ਦਾ ਦਿਮਾਗ਼ ਆਪਣੇ ਪਰਾਏ ਵਿੱਚ ਫ਼ਰਕ ਸਮਝਣ ਲੱਗ ਪੈਂਦਾ ਹੈ ਤੇ ਕਿਸੇ ਓਪਰੇ ਵੱਲੋਂ ਚੁੱਕੇ ਜਾਣ ਉੱਤੇ ਰੋਂਦਾ ਵੀ ਹੈ ਜਾਂ ਪਾਸਾ ਮੋੜ ਕੇ ਨਰਾਜ਼ਗੀ ਜ਼ਾਹਰ ਕਰ ਦਿੰਦਾ ਹੈ। ਜੇ ਪਿਆਰ ਨਾਲ ਗੱਲ੍ਹਾਂ ਉੱਤੇ ਪੋਲੀ ਜਿਹੀ ਚੂੰਡੀ ਮਾਰੀ ਜਾਵੇ ਤਾਂ ਓਪਰੇ ਬੰਦੇ ਨਾਲ ਗੁੱਸਾ ਜ਼ਾਹਰ ਕਰਦਿਆਂ ਬੱਚਾ ਚੀਕ ਚੰਘਾੜਾ ਮਚਾ ਸਕਦਾ ਹੈ। ਜੇ ਕਿਤੇ ਜ਼ਬਰਦਸਤੀ ਦੂਜਾ ਜਣਾ ਚੁੱਕ ਲਵੇ, ਫੇਰ ਤਾਂ ਰੱਬ ਹੀ ਰਾਖਾ !

ਦਿਮਾਗ਼ ਦੇ ਵਿਕਾਸ ਦੀ ਗੱਲ ਵੇਖੋ, ਕਿ ਚੌਥੇ ਮਹੀਨੇ ਦੀ ਉਮਰ ਉੱਤੇ ਦੂਜਿਆਂ ਵੱਲੋਂ ਜਤਾਏ ਜਾਂਦੇ ਵਿਹਾਰ ਨੂੰ ਦਿਮਾਗ਼ ਵਿੱਚ ਵਸਾ ਕੇ, ਸਮਝ ਕੇ, ਛੇਵੇਂ ਮਹੀਨੇ ਦੀ ਉਮਰ ਤੱਕ ਬੱਚੇ ਉਸੇ ਤਰ੍ਹਾਂ ਨਕਲ ਲਾਹੁਣ ਯੋਗ ਬਣ ਜਾਂਦੇ ਹਨ।

ਇਸ ਤੋਂ ਬਾਅਦ ਹੌਲ਼ੀ-ਹੌਲ਼ੀ ਬੱਚਾ ਆਪਣਿਆਂ ਨਾਲ ਖ਼ਾਸ ਕਰ ਉਨ੍ਹਾਂ ਨਾਲ, ਜੋ ਉਸ ਨਾਲ ਪਿਆਰ ਜਤਾਉਂਦੇ ਹੋਣ, ਡੂੰਘੀ ਸਾਂਝ ਗੰਢ ਲੈਂਦਾ ਹੈ। ਇਨਸਾਨੀ ਦਿਮਾਗ਼ ਦਾ ਕਮਾਲ ਵੇਖੋ ਕਿ ਇੱਕ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਅਧੂਰਾ ਬਣਦਾ ਦਿਮਾਗ਼ ਵੀ ਪਿਆਰ ਤੇ ਨਫ਼ਰਤ ਵਿਚਲੀਆਂ ਤਰੰਗਾਂ ਨੂੰ ਪਛਾਣ ਕੇ ਉਸ ਦਾ ਵਾਪਸ ਜਵਾਬੀ ਹੁੰਗਾਰਾ ਭਰਨ ਯੋਗ ਬਣ ਜਾਂਦਾ ਹੈ। ਸੋਚ ਕੇ ਵੇਖੀਏ ਕਿ ਪੂਰਾ ਬਣਿਆ ਦਿਮਾਗ਼ ਪਿਆਰ ਨਾਲ ਕਿੰਨਾ ਤਬਦੀਲ ਕੀਤਾ ਜਾ ਸਕਦਾ ਹੋਵੇਗਾ  !

ਅੱਠਵੇਂ ਤੋਂ ਦੱਸਵੇਂ ਮਹੀਨੇ ਦਾ ਬੱਚਾ ਆਪਣੇ ਮਾਂ ਜਾਂ ਪਿਓ ਦਾ ਨੇੜੇ ਨਾ ਹੋਣਾ ਮਹਿਸੂਸ ਕਰ ਕੇ ਘਬਰਾਹਟ ਜ਼ਾਹਰ ਕਰਦਿਆਂ ਡਰ ਦਾ ਇਹਸਾਸ ਪਾਲ ਲੈਂਦਾ ਹੈ।

ਇਹ ਡਰ ਜਾਂ ਘਬਰਾਹਟ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਬੱਚਾ ਡਰਪੋਕ ਹੈ ਜਾਂ ਹਿੰਮਤ ਵਾਲਾ ਤੇ ਉਸ ਨੂੰ ਆਪਣਿਆਂ ਕੋਲੋਂ ਪਿਆਰ ਮਿਲ ਰਿਹਾ ਹੈ ਕਿ ਝਿੜਕਾਂ। ਸੋ ਬੱਚਾ ਬਹੁਤ ਜ਼ੋਰ ਦੀ ਚੀਕਾਂ ਮਾਰ ਕੇ ਰੋ ਸਕਦਾ ਹੈ, ਹਲਕਾ ਸੁਬਕ ਸਕਦਾ ਹੈ ਜਾਂ ਬਿਲਕੁਲ ਚੁੱਪ ਹੋ ਕੇ ਸਹਿਮ ਕੇ ਦੁਬਕ ਸਕਦਾ ਹੈ।

ਨੌਂ ਤੋਂ ਦਸ ਮਹੀਨੇ ਦਾ ਬੱਚਾ ਉਦਾਸੀ, ਖੁਸ਼ੀ, ਗੁੱਸਾ, ਨਫ਼ਰਤ ਆਦਿ ਨੂੰ ਸਮਝ ਕੇ 11 ਮਹੀਨੇ ਦੀ ਉਮਰ ਉੱਤੇ ਵਾਪਸ ਉਂਜ ਦਾ ਹੀ ਵਿਹਾਰ ਅਪਣਾਅ ਲੈਂਦਾ ਹੈ। ਇੱਕ ਸਾਲ ਦੀ ਉਮਰ ਉੱਤੇ ਈਰਖਾ ਦਾ ਪਹਿਲਾ ਬੀਜ ਦਿਮਾਗ਼ ਅੰਦਰ ਉਪਜਦਾ ਹੈ। ਇਸ ਤੋਂ ਪਹਿਲਾਂ ਬੱਚੇ ਨੂੰ ਈਰਖਾ ਬਾਰੇ ਸਮਝ ਨਹੀਂ ਹੁੰਦੀ। ਇਸ ਈਰਖਾ ਨੇ ਕਿੰਨਾ ਘਣਾ ਦਰਖ਼ਤ ਬਣਨਾ ਹੈ, ਇਸ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਮਾਪਿਆਂ ਨੇ ਕਿਹੋ ਜਿਹਾ ਮਾਹੌਲ ਬਖ਼ਸ਼ਿਆ ਹੈ।

13 ਮਹੀਨੇ ਤੋਂ 18 ਮਹੀਨੇ ਤੱਕ ਬੱਚੇ ਦਾ ਮਾਪਿਆਂ ਨਾਲ ਸੰਬੰਧ ਹੋਰ ਡੂੰਘਾ ਹੋ ਜਾਂਦਾ ਹੈ। ਹੁਣ ਤੱਕ ਉਸ ਨੂੰ ਏਨੀ ਕੁ ਸਮਝ ਆਉਣ ਲੱਗ ਪੈਂਦੀ ਹੈ ਕਿ ਜੇ ਮਾਪੇ ਆਲੇ-ਦੁਆਲੇ ਨਹੀਂ ਹਨ ਤਾਂ ਵੀ ਗੁੰਮ ਨਹੀਂ ਹੋਏ, ਕਿਤੇ ਨਾਲ ਵਾਲੇ ਕਮਰੇ ਵਿੱਚ ਹੀ ਹੋਣਗੇ ! ਇਸੇ ਉਮਰ ਵਿੱਚ ਬੱਚਾ ਆਪਣੇ ਮਾਪਿਆਂ ਦੀ ਗ਼ੈਰਹਾਜ਼ਰੀ ਵਿੱਚ ਰੋਣ ਪਿੱਟਣ ਦੀ ਥਾਂ ਕਿਸੇ ਟੈਡੀ, ਕੰਬਲ, ਗੁੱਡੀ, ਆਦਿ ਵਿੱਚ ਆਪਣਾ ਸਾਥੀ ਲੱਭ ਲੈਂਦਾ ਹੈ। ਉਸੇ ਨਾਲ ਆਪਣੇ ਆਪ ਨੂੰ ਡੂੰਘੇ ਰਿਸ਼ਤੇ ਨਾਲ ਬੰਨ੍ਹ ਕੇ ਬੱਚਾ ਸਹਿਜ ਮਹਿਸੂਸ ਕਰਨ ਲੱਗ ਪੈਂਦਾ ਹੈ ਪਰ ਜਦੋਂ ਬੱਚੇ ਦੇ ਅਜਿਹੇ ਟੈਡੀ ਜਾਂ ਗੁੱਡੀ ਜਾਂ ਕੰਬਲ ਆਦਿ ਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਬੱਚਾ ਹਾਲ ਪਾਹਰਿਆ ਮਚਾ ਦਿੰਦਾ ਹੈ, ਜਿਵੇਂ ਉਸ ਕੋਲੋਂ ਉਸ ਦੀ ਪੂਰੀ ਜਾਇਦਾਦ ਹੀ ਖੋਹੀ ਜਾ ਰਹੀ ਹੋਵੇ। ਇਸੇ ਸਮੇਂ ਬੱਚੇ ਨੂੰ ਝੂਠੀ ਮੂਠੀ ਰੋ ਕੇ ਸਾਰਿਆਂ ਵੱਲੋਂ ਪੁਚਕਾਰਿਆ ਜਾਣਾ ਚੰਗਾ ਲੱਗਣ ਲੱਗ ਪੈਂਦਾ ਹੈ ਤੇ ਉਹ ਆਪਣੀ ‘ਮੈਂ’ ਨੂੰ ਪੱਠੇ ਪਾਉਣਾ ਸਿਖ ਜਾਂਦਾ ਹੈ।

ਇਸੇ ਦੌਰਾਨ ਝੂਠ ਬੋਲਣ ਦਾ ਬੀਜ ਅਚਨਚੇਤ ਹੀ ਬੱਚੇ ਦੇ ਮਨ ਅੰਦਰ ਪਨਪ ਪੈਂਦਾ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਜੇ ਝੂਠ ਮੂਠ ਦਾ ਰੋਣਾ ਵੀ ਰੋਇਆ ਜਾਏ ਤਾਂ ਮਾਪੇ ਝਟਪਟ ਭੱਜ ਕੇ ਚੁੱਕ ਕੇ ਪਿਆਰ ਕਰਦੇ ਹਨ।  ਬਸ, ਫਿਰ ਕੀ ਹੈ ! ਬੱਚਾ ਅਨੇਕ ਵਾਰ ਅਜ਼ਮਾਉਂਦਾ ਹੈ ਤੇ ਹਰ ਵਾਰ ਇਹ ਗੱਲ ਪਕਿਆਈ ਫੜਦੀ ਜਾਂਦੀ ਹੈ।

ਲਗਭਗ 21 ਮਹੀਨਿਆਂ ਦੀ ਉਮਰ ਉੱਤੇ ਪਹੁੰਚ ਕੇ ਅਜਿਹੀਆਂ ਕੁੱਝ ਜ਼ਿੱਦਾਂ ਬੱਚਾ ਛੱਡ ਦਿੰਦਾ ਹੈ ਬਸ਼ਰਤੇ ਕਿ ਮਾਪੇ ਉਸ ਨੂੰ ਲੋੜੋਂ ਵੱਧ ਲਾਡ ਕਰਦਿਆਂ ਉਸ ਦੇ ਮਨ ਵਿੱਚ ਹੋਰ ਜ਼ਿੱਦ ਕਰਨ ਅਤੇ ਝੂਠ ਮੂਠ ਦੇ ਰੋਣ ਦੀ ਆਦਤ ਨਾ ਪਾ ਦੇਣ ਤਾਂ  !

ਜੇ ਉਸ ਨੂੰ ਰੱਤਾ ਕੁ ਖੁੱਲ੍ਹਾ ਛੱਡਿਆ ਜਾਏ ਤੇ ਆਪਣੀ ਛਤਰ ਛਾਂ ਤੋਂ ਪਰ੍ਹਾਂ ਰੱਖਿਆ ਜਾਏ ਤਾਂ ਬੱਚਾ ਛੇਤੀ ਆਪਣੇ ਆਪ ਜੋਗਾ ਬਣ ਜਾਂਦਾ ਹੈ।

ਲਗਭਗ ਦੋ ਸਾਲ ਦਾ ਹੁੰਦਿਆਂ ਬੱਚਾ ਆਪਣੀਆਂ ਲੋੜਾਂ ਸਮਝ ਲੈਂਦਾ ਹੈ ਤੇ ਉਨ੍ਹਾਂ ਨੂੰ ਹਾਸਲ ਕਰਨ ਦਾ ਢੰਗ ਵੀ। ਇਹ ਉਮਰ ਬਹੁਤ ਨਾਜ਼ਕ ਹੁੰਦੀ ਹੈ ਕਿਉਂਕਿ ਜੇ ਬੱਚੇ ਦੀ ਹਰ ਜ਼ਿੱਦ ਅੱਗੇ ਗੋਡੇ ਟੇਕ ਦਿੱਤੇ ਜਾਣ ਜਾਂ ਲਾਡ ਲਡਾਉਂਦਿਆਂ ਬੇਲੋੜੀਆਂ ਮੰਗਾਂ ਮੰਨ ਲਈਆਂ ਜਾਣ ਤਾਂ ਬੱਚਾ ਪੂਰਾ ਜ਼ਿੱਦੀ ਤੇ ਅੜਬ ਬਣ ਜਾਂਦਾ ਹੈ।

ਇਸ ਉਮਰ ਵਿੱਚ ਝਿੜਕਣ ਨਾਲੋਂ ਪਿਆਰ ਤੇ ਤਰਕ ਨਾਲ ਗੱਲ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਬੱਚਾ ਸਿਆਣਾ ਤੇ ਆਖੇ ਲੱਗਣ ਵਾਲਾ ਬਣ ਜਾਂਦਾ ਹੈ। ਮਿਸਾਲ ਵਜੋਂ, ਜੇ ਬੱਚਾ ਪੌੜੀਆਂ ਚੜ੍ਹਨ ਦੀ ਜ਼ਿੱਦ ਕਰ ਰਿਹਾ ਹੋਵੇ ਤਾਂ ਸਿਰਫ਼ ਝਿੜਕ ਕੇ ਜਾਂ ਉਸ ਦੀ ਜ਼ਿੱਦ ਅੱਗੇ ਝੁੱਕਣ ਨਾਲੋਂ ਵਧੀਆ ਤਰੀਕਾ ਹੈ-ਚੱਲ ਸ਼ਾਬਾਸ਼, ਪਰ ਮੈਨੂੰ ਵੀ ਚੜ੍ਹਨਾ ਸਿਖਾ, ਮੇਰਾ ਹੱਥ ਫੜ ਕੇ ਮੈਨੂੰ ਨਾਲ ਲੈ ਜਾ  !  ਬੱਚੇ ਨੂੰ ਲੱਗੇਗਾ ਮੈਂ ਜ਼ਿਆਦਾ ਸਿਆਣਾ ਤੇ ਵੱਡਾ ਹੋ ਗਿਆ ਹਾਂ ਤੇ ਕਿਸੇ ਦਾ ਜ਼ਿੰਮਾ ਵੀ ਚੁੱਕ ਸਕਦਾ ਹਾਂ ਜਦ ਕਿ ਬਹਾਨੇ ਸਿਰ ਬੱਚੇ ਦੇ ਹੱਥ ਵਿੱਚ ਆਪਣਾ ਹੱਥ ਫੜਾ ਕੇ ਉਸ ਨੂੰ ਸੁਰੱਖਿਅਤ ਕਰ ਲਿਆ ਗਿਆ।

ਇਸੇ ਉਮਰ ਵਿੱਚ ਬੱਚਾ ਆਪਣੀ ਗ਼ਲਤੀ ਉੱਤੇ ਮੁਆਫ਼ੀ ਮੰਗਣ ਯੋਗ ਵੀ ਬਣ ਜਾਂਦਾ ਹੈ। ਆਪਣੀ ਗ਼ਲਤੀ ਉੱਤੇ ਸ਼ਰਮਿੰਦਾ ਵੀ ਹੁੰਦਾ ਹੈ। ਇਹ ਦੋਵੇਂ ਗ਼ੱਲਾਂ ਦਿਮਾਗ਼ ਦੇ ਵਿਕਾਸ ਵਿੱਚ ਬਹੁਤ ਮਹੱਤਵ ਰੱਖਦੀਆਂ ਹਨ। ਜੇ ਮਾਪੇ ਇਸ ਇਹਸਾਸ ਨੂੰ ਪੂਰਾ ਪਨਪ ਲੈਣ ਦੇਣ ਤੇ ਉਸ ਨੂੰ ਆਪਣੀ ਕੀਤੀ ਗ਼ਲਤੀ ਉੱਤੇ ਪਰਦਾ ਪਾ ਦੇਣ ਨਾਲੋਂ ਮੁਆਫ਼ੀ ਮੰਗਣ ਲਈ ਤਿਆਰ ਕਰ ਦੇਣ ਤਾਂ ਬੱਚਾ ਬਹੁਤ ਵਧੀਆ ਸ਼ਖ਼ਸੀਅਤ ਵਾਲਾ ਇਨਸਾਨ ਬਣ ਸਕਦਾ ਹੈ।

ਗੱਲ ਬਚੀ ਜ਼ਬਾਨ ਦੇ ਵਿਕਾਸ ਦੀ ! ਦੋ ਸਾਲ ਦਾ ਬੱਚਾ ਮਾਂ ਤੇ ਪਿਓ ਵੱਲੋਂ ਬੋਲੇ ਜਾ ਰਹੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮੋ ਕੇ ਆਪਣੇ ਨਵੇਂ ਸ਼ਬਦ ਘੜਨ ਲੱਗ ਪੈਂਦਾ ਹੈ।  ਮਸਲਨ ਕੰਬਲ ਨੂੰ ‘ਮੇਰਾ ਤੰਬਾ’ ਜਾਂ ‘ਮੇਰਾ ਬੂਬਾ’ ਕਹਿ ਕੇ ਸੰਬੋਧਨ ਕਰ ਸਕਦਾ ਹੈ। ਇੰਜ ਹੀ ਆਪਣੇ ਟੈਡੀ ਜਾਂ ਗੁੱਡੀ ਨੂੰ ‘ਮੰਨਾ’ ਜਾਂ ‘ਗੁੱਗਾ’ ਆਦਿ ਸ਼ਬਦ ਵਰਤਣ ਨਾਲ ਉਹ ਮਾਂ ਬੋਲੀ ਨਾਲ ਆਪਣੀ ਸਾਂਝ ਡੂੰਘੀ ਕਰ ਰਿਹਾ ਹੁੰਦਾ ਹੈ।

ਕੁੱਝ ਬੱਚੇ ਡੇਢ ਕੁ ਸਾਲ ਉੱਤੇ ਇੱਕੋ ਸ਼ਬਦ ਨਾਲ ਆਪਣੀਆਂ ਦੋ ਜਾਂ ਤਿੰਨ ਪਿਆਰੀਆਂ ਚੀਜ਼ਾਂ ਨੂੰ ਸੰਬੋਧਨ ਕਰਨ ਲੱਗ ਪੈਂਦੇ ਹਨ। ਮਸਲਨ ਕੰਬਲ, ਟੈਡੀ, ਪਾਣੀ, ਬੌਲ, ਆਦਿ ਸਾਰਿਆਂ ਨੂੰ ਹੀ ‘ਬੂਬਾ’ ਜਾਂ ‘ਪੱਪਾ’ ਜਾਂ ‘ਤੀਤੀ’, ‘ਤੰਬਾ’ ਆਦਿ।

ਇਸ ਤੋਂ ਬਾਅਦ ਦੋ ਜਾਂ ਤਿੰਨ ਸ਼ਬਦ ਹੋਰ ਦੋ ਕੁ ਸਾਲ ਤੱਕ ਪਹੁੰਚਦਿਆਂ ਬੱਚਾ ਆਪਣੇ ਆਪ ਹੀ ਜੋੜ ਲੈਂਦਾ ਹੈ। ਮਿਸਾਲ ਵਜੋਂ-ਤੰਬਾ ਨੈਨੈ (ਕੰਬਲ ਲੈਣੈ), ਤੀਤੀ ਪੀ (ਪਾਣੀ ਪੀਣੈ), ਆਦਿ। ਵਿਗਿਆਨਿਕ ਪੱਖੋਂ ਸਾਬਤ ਹੋਇਆ ਪੱਖ ਹੈ ਕਿ ਆਪਣੀ ਬਣਾਈ ਸ਼ਬਦਾਵਲੀ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਬੋਲਣਾ ਦਿਮਾਗ਼ ਦੇ ਵਧੀਆ ਤਰੀਕੇ ਵਿਕਸਿਤ ਹੋਣ ਦੀ ਪਹਿਲੀ ਪੌੜੀ ਹੈ। ਇਸ ਤੋਂ ਬਾਅਦ ਤੰਦਾਂ ਹੋਰ ਪੀਡੀਆਂ ਹੋਣ ਲੱਗ ਪੈਂਦੀਆਂ ਹਨ। ਬੱਚਾ ਆਪਣੇ ਆਪ ਨੂੰ ਇਕ ਸੁਰੱਖਿਅਤ ਮਾਹੌਲ ਵਿੱਚ ਸਮਝਣ ਲੱਗ ਪੈਂਦਾ ਹੈ ਜੋ ਉਸ ਦੀਆਂ ਲੋੜਾਂ ਸਮਝਦੇ ਹਨ। ਅਜਿਹਾ ਮਹਿਸੂਸ ਹੁੰਦੇ ਸਾਰ ਉਸ ਦੇ ਦਿਮਾਗ਼ ਅੰਦਰ ਚੰਗੇ ਹਾਰਮੋਨ ਨਿਕਲਣ ਲੱਗ ਪੈਂਦੇ ਹਨ, ਜਿਸ ਨਾਲ ਬੱਚਾ ਡੂੰਘੀ ਨੀਂਦਰ ਵੀ ਲੈਂਦਾ ਹੈ, ਖਾਣਾ ਵੀ ਠੀਕ ਖਾਂਦਾ ਹੈ ਤੇ ਜ਼ਿੱਦੀ ਵੀ ਘੱਟ ਬਣਦਾ ਹੈ।

ਹੁਣ ਕੋਈ ਸੋਚ ਕੇ ਵੇਖੇ ਕਿ ਅਜਿਹੀ ਸਾਂਝ ਇੱਕ ਜਰਮਨ ਬੱਚਾ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਗੰਢ ਰਿਹਾ ਹੋਵੇ ਤਾਂ ਉਸੇ ਦਾ ਇੱਕ ਰਿਸ਼ਤੇਦਾਰ ਉਸ ਨੂੰ ਹਿੰਦੀ ਜ਼ਬਾਨ ਪੜ੍ਹਾਉਣ ਦੀ ਜ਼ਿੱਦ ਫੜ ਲਵੇ ਤਾਂ ਕੀ ਹਸ਼ਰ ਹੋਵੇਗਾ ?

ਦਿਮਾਗ਼ ਵਿੱਚੋਂ ਪੁੰਗਰਦੀਆਂ ਨਿੱਕੀਆਂ ਤਰੰਗਾਂ ਨੂੰ ਅੱਧ ਵਿਚਾਲੇ ਰੋਕਣ ਦਾ ਨਤੀਜਾ ਹੋਵੇਗਾ ਕਿ ਨਾ ਤਾਂ ਬੱਚਾ ਪਹਿਲੀ ਜ਼ਬਾਨ ਨਾਲ ਪੀਡੀ ਸਾਂਝ ਗੰਢ ਸਕੇਗਾ ਤੇ ਨਾ ਹੀ ਨਵੀਂ ਜ਼ਬਾਨ ਨਾਲ, ਜੋ ਉਸ ਨੇ ਮਾਂ ਦੇ ਢਿੱਡ ਅੰਦਰ ਸੁਣੀ ਹੀ ਨਹੀਂ  !

ਅਜਿਹੇ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਹਲਕਾ ਵਿਗਾੜ ਹੋਣਾ ਲਾਜ਼ਮੀ ਹੈ। ਕੁੱਝ ਇਹੋ ਜਿਹਾ ਹੀ ਹਾਲ ਪੰਜਾਬ ਅੰਦਰਲੇ ਨਿੱਕੇ ਅਣਭੋਲ ਬੱਚਿਆਂ ਦੇ ਦਿਮਾਗ਼ਾਂ ਨਾਲ ਹੋਣ ਵਾਲਾ ਹੈ ਜਿਨ੍ਹਾਂ ਨੂੰ ਜਬਰੀ ਪੰਜਾਬੀ ਜ਼ਬਾਨ ਦੀਆਂ ਤਰੰਗਾਂ ਨਾਲ ਮੋਹ ਤੋੜਨ ਬਾਅਦ ਅੰਗਰੇਜ਼ੀ ਜ਼ਬਾਨ ਨਾਲ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਖ਼ਤਰਨਾਕ ਇਹ ਰੁਝਾਨ ਇਸ ਲਈ ਵੀ ਹੈ ਕਿ ਇਸ ਸਭ ਜਾਣਕਾਰੀ ਤੋਂ ਅਣਭਿੱਜ ਜਿਹੜੇ ਅਜਿਹੇ ਕਾਨੂੰਨ ਬਣਾ ਰਹੇ ਹਨ, ਉਹ ਪੰਜਾਬੀ ਸੱਭਿਆਚਾਰ ਤੇ ਜ਼ਬਾਨ ਨਾਲ ਤਾਂ ਧ੍ਰੋਹ ਕਮਾ ਹੀ ਰਹੇ ਹਨ ਤੇ ਇਸ ਭੁਲੇਖੇ ਵਿੱਚ ਵੀ ਬੈਠੇ ਹਨ ਕਿ ਕੋਈ ਚੀਨ ਜਾਂ ਫਰਾਂਸ ਜਾਂ ਜਰਮਨੀ ਦਾ ਸਕੂਲ ਆਪਣੀ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਏਗਾ।

ਇਸ ਖ਼ਤਰੇ ਤੋਂ ਅਣਭਿੱਜ ਜਿਹੜਾ ਗੱਦੀਧਾਰੀ ਇਹ ਸੋਚ ਕੇ ਬੱਠਾ ਹੈ ਕਿ ਸਾਰੇ ਪੰਜਾਬੀਆਂ ਨੂੰ ਕਨੇਡਾ, ਅਮਰੀਕਾ ਧੱਕਣ ਲਈ ਅੰਗਰੇਜ਼ੀ ਜ਼ਬਾਨ ਰਟਾਉਣੀ ਜ਼ਰੂਰੀ ਹੈ, ਉਸ ਨੂੰ ਇਹ ਖਿਆਲ ਕਿਉਂ ਨਹੀਂ ਆਉਂਦਾ ਕਿ ਉਸ ਦੀਆਂ ਪੁਸ਼ਤਾਂ ਨੇ ਪੰਜਾਬੀਆਂ ’ਤੇ ਹੀ ਰਾਜ ਕਰਨਾ ਹੈ। ਜੇ ਪੰਜਾਬੀ ਰਹੇ ਹੀ ਨਾ, ਤਾਂ ਬਿਹਾਰ ਤੋਂ ਆ ਕੇ ਵਸੇ ਲੋਕਾਂ ਨੇ ਬਿਹਾਰੀ ਰਾਜੇ ਲਿਆਉਣੇ ਹਨ।  ਜੇ ਏਨੀ ਕੁ ਗੱਲ ਸਭ ਨੂੰ ਸਮਝ ਆ ਜਾਵੇ ਤਾਂ ਨਾ ਨਿਕੜੇ ਬਾਲਾਂ ਨਾਲ ਕੋਈ ਧ੍ਰੋਹ ਕਮਾਏਗਾ, ਨਾ ਪੰਜਾਬੀ ਬੋਲੀ ਤੇ ਸੱਭਿਆਚਾਰ ਦੀਆਂ ਜੜ੍ਹਾਂ ’ਚ ਕੋਈ ਤੇਲ ਪਾਏਗਾ ਤੇ ਨਾ ਹੀ ਰਾਜ ਕਰਨ ਵਾਲਿਆਂ ਨੂੰ ਆਪਣਾ ਰਾਜ ਪਾਟ ਕਿਸੇ ਹੋਰ ਹੱਥ ਦੇਣਾ ਪਵੇਗਾ।