ਗੁਰਬਾਣੀ ਵਿੱਚ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਸਰੂਪ ਤੇ ਉਚਾਰਨ (ਭਾਗ ੧੧)

0
2833

ਗੁਰਬਾਣੀ ਵਿੱਚ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਸਰੂਪ ਤੇ ਉਚਾਰਨ

—- ਭਾਗ ੧੧—-

ਕਿਰਪਾਲ ਸਿੰਘ (ਬਠਿੰਡਾ) ਸੰਪਰਕ ੯੮੫੫੪-੮੦੭੯੭

ਪਿਛਲੇ ਭਾਗ ਵਿੱਚ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ, ਪੜਨਾਂਵ, ਕ੍ਰਿਆ ਸ਼ਬਦਾਂ ਦੇ ਅੱਖਰਾਂ ਦੇ ਪੈਰ ਵਿੱਚ ਲੱਗੇ ਅੱਧਾ ਹ  ੍ਹ ਅਤੇ ਹਲੰਤ ਚਿੰਨ੍ਹ  ੍ ਦੇ ਉਚਾਰਨ ਬਾਰੇ ਵੀਚਾਰ ਕਰ ਆਏ ਹਾਂ।  ਗੁਰਬਾਣੀ ਵਿੱਚ ਅੱਧਾ ਹ  ੍ਹ ਅਤੇ ਹਲੰਤ ਚਿੰਨ੍ਹ ੍ ਦੀ ਮੌਜੂਦਗੀ ਵੀ ਹੈ ਅਤੇ ਸਬੰਧਿਤ ਅਰਥਾਂ ਵਾਲ਼ੇ ਸ਼ਬਦਾਂ ਨਾਲ ਇਨ੍ਹਾਂ ਦਾ ਅਭਾਵ (ਅਣਹੋਂਦ) ਵੀ ਹੈ, ਇਸ ਘਾਟ ਨੂੰ ਇੱਕ ਜਗ੍ਹਾ ਤੋਂ ਸੇਧ ਲੈ ਕੇ ਦੂਸਰੀ ਜਗ੍ਹਾ ਉਚਾਰਨ ਕਰ ਲੈਣ ਨਾਲ਼ ਪੂਰਾ ਕਰ ਲਿਆ ਜਾਂਦਾ ਹੈ, ਪਰ ਵਿਚਾਰ ਅਧੀਨ ਅੱਧੇ ਅੱਖਰਾਂ ‘ਚ, ਟ, ਤ, ਧ, ਨ, ਬ, ਭ, ਮ, ਯ, ਰ, ਵ’ ਦੀ ਪੂਰਤੀ ਇੱਕ ਜਗ੍ਹਾ ਤੋਂ ਸੇਧ ਲੈ ਕੇ ਦੂਸਰੀ ਜਗ੍ਹਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਸਭ ਵਿਅੰਜਨ ਅੱਖਰ ਹਨ ਜਦਕਿ ਹ, ਯ, ਵ, ਅਰਧ ਸ੍ਵਰ ਵੀ ਹੁੰਦੇ  ਹਨ। ਇਸ ਲਈ ਵਿਚਾਰ ਅਧੀਨ ਸਾਰੇ ਅੱਖਰ, ਜਿਸ ਸ਼ਬਦ ਨਾਲ ਦਰਜ ਹੋਣ ਕੇਵਲ ਉੱਥੇ ਹੀ ਉਚਾਰਨ ਹੋਣਗੇ, ਨਾ ਕਿ ਇੱਕ ਜਗ੍ਹਾ ਤੋਂ ਸੇਧ ਲੈ ਕੇ ਸਬੰਧਿਤ ਸ਼ਬਦਾਰਥਾਂ ਵਾਲੇ ਬਾਕੀ ਸ਼ਬਦਾਂ ਨਾਲ ਵੀ ਇਨ੍ਹਾਂ ਦੀ ਵਰਤੋਂ ਕਰਨਾ ਦਰੁਸਤ ਹੋਵੇਗਾ।

ਭਾਸ਼ਾਈ ਨਿਯਮਾਂ ਮੁਤਾਬਕ ਅਗਰ ਕਿਸੇ ਸ਼ਬਦ ’ਚ ਅੱਧਾ ਅੱਖਰ ਹੋਵੇ ਅਤੇ ਜਿਸ ਦੇ ਪੈਰ ’ਚ ਉਹ ਅੱਧਾ ਅੱਖਰ ਹੈ, ਉਸ ਨੂੰ ਅਗਰ ਕੋਈ ਲਗ ਵੀ ਲੱਗੀ ਹੋਵੇ ਤਾਂ ਉਹ ਪੈਰ ’ਚ ਵਿਖਾਈ ਦੇ ਰਹੇ ਅੱਧੇ ਅੱਖਰ ਨਾਲ ਉਚਾਰਨ ਹੁੰਦੀ ਹੈ, ਨਾ ਕਿ ਜਿਸ ਦੇ ਪੈਰ ’ਚ ਅੱਧਾ ਅੱਖਰ ਹੈ ਉਸ ਪੂਰੇ ਵਿਖਾਈ ਦੇਣ ਵਾਲੇ ਅੱਖਰ ਨਾਲ।  ਧਿਆਨ ਰਹੇ ਕਿ ਵਿਚਾਰ ਅਧੀਨ ਅੱਖਰਾਂ ’ਚੋਂ ‘ਯ’ ਅੱਖਰ ਦਾ ਉਚਾਰਨ ਬਹੁ ਭਾਂਤੀ ਹੈ ਭਾਵ ਸ਼ਬਦ ਦੇ ਅਗੇਤਰ, ਵਿਚਕਾਰ ਤੇ ਪਿਛੇਤਰ ’ਚ ਇਸ ਦੀ ਉਚਾਰਨ ਧੁਨੀ ਬਦਲਦੀ ਰਹਿੰਦੀ ਹੈ।  ਸੋ ਆਓ ਪਹਿਲਾਂ ‘ਯ’ ਦਾ ਉਚਾਰਨ ਹੀ ਵਿਚਾਰ ਲਈਏ:

‘ਯ’ ਅੱਖਰ ਵਿਅੰਜਨ ਹੈ ਪਰ ਗੁਰਬਾਣੀ ਅਤੇ ਪੁਰਾਣੀ ਪੰਜਾਬੀ ਵਿੱਚ ਇਸ ਦੀ ਸ੍ਵਰ ਵਜੋਂ ਵਰਤੋਂ ਕੀਤੀ ਵੀ ਮਿਲਦੀ ਹੈ ਤੇ ਆਧੁਨਿਕ ਪੰਜਾਬੀ ’ਚ ‘ਯ’ ਦੀ ਜਗ੍ਹਾ ‘ਜ’ ਦੀ ਵਰਤੋਂ ਵੀ ਕਰ ਲਈਦੀ ਹੈ, ਜਿਵੇਂ ਕਿ

ਸੰਸਕ੍ਰਿਤ ਸ਼ਬਦ   ਪੰਜਾਬੀ ਰੂਪ         

 ਸੂਰਯ            ਸੂਰਜ              

 ਯਾਚਕ           ਜਾਚਕ   

ਯੁਕਤਿ           ਜੁਗਤਿ

 ਯਤਨ            ਜਤਨ              

 ਯੁੱਧ              ਜੁੱਧ                

 ਵਿਯੋਗ           ਵਿਜੋਗ,  ਆਦਿ।

ਜਦੋਂ ਵਿਅੰਜਨ ‘ਯ’ ਸ਼ਬਦ ਦੇ ਅਰੰਭ ਵਿੱਚ ਆਉਂਦਾ ਹੈ ਤਾਂ ਇਸ ਦਾ ਉਚਾਰਨ ਆਪਣੀ ਨਿਸ਼ਚਿਤ ਅਵਾਜ਼ ਵਿੱਚ ਹੁੰਦਾ ਹੈ, ਜਿਵੇਂ :

ਖਾਣਾ ਪੀਣਾ ਹਸਣਾ, ਬਾਦਿ (ਵਿਅਰਥ) ॥ ਜਬ ਲਗੁ, ਰਿਦੈ ਨ ਆਵਹਿ ‘ਯਾਦਿ’॥ (ਮ: ੧/੩੫੧) ਅਰਥ:  ਜਦ ਤੱਕ, ਹੇ ਸਿਰਜਣਹਾਰ ! ਤੂੰ ਮੇਰੇ ਹਿਰਦੇ ਵਿੱਚ ਚੇਤੇ ਨਾ ਆਵੇਂ, ਤਦ ਤੱਕ ਮੇਰਾ ਖਾਣਾ, ਪੀਣਾ, ਹੱਸਣਾ, ਆਦਿ ਸਭ ਵਿਅਰਥ ਹੈ।

ਸੁਣਿ ‘ਯਾਰ’  !  ਹਮਾਰੇ ਸਜਣ  ! ਇਕ ਕਰਉ ਬੇਨੰਤੀਆ ॥  (ਮ: ੫/੭੦੩) ਅਰਥ:  ਹੇ ਮੇਰੇ ਸਤਸੰਗੀ ਮਿੱਤਰ  ! ਹੇ ਮੇਰੇ ਸੱਜਣ  ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ !

ਕਾਇਆ ਕਿਰਦਾਰ, ‘ਅਉਰਤ ਯਕੀਨਾ’ ॥  (ਮ: ੫/੧੦੮੪) ਅਰਥ:  ਹੇ ਖ਼ੁਦਾ ਦੇ ਬੰਦੇ ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ।

ਜਦੋਂ ਸ੍ਵਰ ‘ਯ’ ਮੁਕਤਾ ਸ਼ਬਦ ਦੇ ਅਖੀਰ ਵਿੱਚ ਆਉਂਦਾ ਹੈ ਤਾਂ ਇਸ ਤੋਂ ਪਹਿਲੇ ਅੱਖਰ ਨੂੰ ਲੱਗੀ ‘ਲਗ’ ਦੀ ਅਵਾਜ਼ ਜਰਾ ਲਮਕਾਅ ਕੇ ਭਾਵ ਲੰਬੇਰੀ ਕਰ ਕੇ ਬੋਲੀ ਜਾਂਦੀ ਹੈ, ਜਿਵੇਂ ਕਿ

ਨੀਚ ਕੁਲਾ ਜੋਲਾਹਰਾ ; ਭਇਓ ‘ਗੁਨੀਯ’ ਗਹੀਰਾ ॥ (ਮ: ੫/੪੮੭) ਅਰਥ:  ਨੀਵੀਂ ਜਾਤਿ ਦਾ ਗ਼ਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ।

ਕੰਠ ‘ਰਮਣੀਯ’ (ਸੁੰਦਰ), ਰਾਮ ਰਾਮ ਮਾਲਾ ; ਹਸਤ ਊਚ, ਪ੍ਰੇਮ ਧਾਰਣੀ ॥ ਜੀਹ ਭਣਿ, ਜੋ ਉਤਮ ਸਲੋਕ ; ਉਧਰਣੰ, ਨੈਨ ਨੰਦਨੀ ॥ (ਸਲੋਕ ਸਹਸਕ੍ਰਿਤੀ ਮ: ੫/੧੩੫੬) ਅਰਥ:  ਜੋ ਰੱਬੀ ਨਾਮ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ’ਚ ਰੱਬੀ) ਪ੍ਰੇਮ ਵਸਾਉਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ, ਜੀਭ ਨਾਲ ਰੱਬੀ ਸਿਫ਼ਤ ਵਾਲੀ ਬਾਣੀ ਉਚਾਰਦਾ ਹੈ, ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ।

ਤ ਧਰਿਓ ਮਸਤਕਿ ਹਥੁ, ਸਹਜਿ; ਅਮਿਉ ਵੁਠਉ ਛਜਿ, ਸੁਰਿ ਨਰ ਗਣ ਮੁਨਿ, ‘ਬੋਹਿਯ’ ਅਗਾਜਿ ॥ (੧੩੯੧) ਅਰਥ:  ਤਦੋਂ ਸਹਿਜੇ ਹੀ (ਗੁਰੂ ਨਾਨਕ ਨੇ ਤੇਰੇ) ਮੱਥੇ ਉੱਤੇ ਹੱਥ ਰੱਖਿਆ (ਤੇਰੇ ਹਿਰਦੇ ’ਚ) ਨਾਮ-ਅੰਮ੍ਰਿਤ ਛਹਬਰ ਲਾ ਕੇ ਵਸ ਪਿਆ, ਜਿਸ ਦੀ ਬਰਕਤਿ ਨਾਲ ਦੇਵਤੇ, ਮਨੁੱਖ, ਗਣ ਤੇ ਰਿਸ਼ੀ ਮੁਨੀ ਭਾਵ ਤ੍ਰਿਲੋਕੀ ਪ੍ਰਤੱਖ ਤੌਰ ’ਤੇ ਭਿੱਜ ਗਏ, ਪ੍ਰਤੀਤ ਹੁੰਦਾ ਹੈ।

ਜਦ ‘ਯ’ ਅੱਖਰ ਵਿਅੰਜਨ ਹੋਵੇ ਤਾਂ ਮੁਕੰਮਲ ਰੂਪ ਵਿੱਚ ਪੂਰਾ ਹੀ ਆਉਂਦਾ ਹੈ ਪਰ ਸ੍ਵਰ ਵਜੋਂ ਪੂਰਾ ਤੇ ਅੱਧਾ (ਦੋਵੇਂ) ਰੂਪਾਂ ’ਚ ਮਿਲਦਾ ਹੈ। ਸ੍ਵਰ ਵਰਤੋਂ ਸਮੇਂ ਇਸ ਦਾ ਉਚਾਰਨ ਵਿਅੰਜਨ (ਯ) ਵਾਲਾ ਨਹੀਂ ਹੁੰਦਾ, ਸਗੋਂ ਪੰਜਾਬੀ ਦੇ ਸ੍ਵਰ ਅੱਖਰ ‘ੳ, ਅ, ੲ’ ਦੀ ਸਮੇਤ ‘ਲਗ’ ਵਾਲੀ ਧੁਨੀ ਦੇ ਆਸ-ਪਾਸ  ਹੁੰਦਾ ਹੈ; ਜਿਵੇਂ ਕਿ

ਸ੍ਵਰ ‘ਯ’ ਮੁਕਤਾ/ ਪੈਰ ਅੱਧਾ ਯ   ੵ = ਅ 

ਗੁਰ ਗਮ ਪ੍ਰਮਾਣਿ, ਅਜਰੁ ਜਰਿਓ; ਸਰਿ ਸੰਤੋਖ ਸਮਾਇਯਉ (ਸਮਾਇਅਉ/ਸਮਾਇਔ)॥ (੧੪੦੮) ਅਰਥ:  ਗੁਰੂ ਪਦਵੀ ਪਰਾਪਤ ਕਰ ਲੈਣ ਕਾਰਨ ਆਪ (ਗੁਰੂ ਅਰਜਨ ਜੀ) ਨੇ ਅਜਰ ਅਵਸਥਾ ਨੂੰ ਜਰਿਆ ਹੈ ਤੇ ਆਪ ਜੀ ਸੰਤੋਖ ਦੇ ਸਰੋਵਰ ਵਿੱਚ ਲੀਨ ਹੋ ਗਏ ਹਨ।

ਨਾਨਕ ਕੁਲਿ ਨਿੰਮਲੁ ਅਵਤਰਿੵਉ (ਅਵਤਰਿਅਉ/ਅਵਤਰਿਔ), ਅੰਗਦ ਲਹਣੇ ਸੰਗਿ ਹੁਅ ॥  (੧੩੯੫) ਅਰਥ:  ਲਹਣੇ (ਗੁਰੂ) ਅੰਗਦ ਜੀ ਦੇ ਨਾਲ ਮਿਲ ਕੇ (ਗੁਰੂ ਅਮਰਦਾਸ), ਗੁਰੂ ਨਾਨਕ ਦੇਵ ਜੀ ਦੀ ਕੁਲ ਵਿੱਚ ਉਜਲ (ਪ੍ਰਤੱਖ) ਅਵਤਾਰ ਹੋਇਆ ਹੈ।

‘ਯ’ ਮੁਕਤਾ/ ਪੈਰ ਅੱਧਾ ਯ   ੵ  =  ਿ+ ਅ

ਜਦੋਂ ‘ਯ’ ਅੱਖਰ ਪੂਰਾ ਅਤੇ ਮੁਕਤਾ ਹੋਵੇ ਤਾਂ ਇਸ ਤੋਂ ਅਗੇਤਰ ਅੱਖਰ ਨੂੰ ਸਿਹਾਰੀ ਸਮੇਤ ‘ਯ’ ਦੀ ਥਾਂ ‘ਅ’ ਵਰਤੋਂ ਹੁੰਦੀ ਹੈ, ਜਿਵੇਂ ਕਿ

ਅਨੇਕ ਪਾਤਿਕ ਹਰਣੰ ; ਨਾਨਕ  ! ਸਾਧ ਸੰਗਮ ਨ ‘ਸੰਸਯਹ’ (ਸੰਸਿਅਹ= ਸ਼ੱਕ) ॥ (ਮ: ੫/੧੩੬੦) ਅਰਥ:  ਹੇ ਨਾਨਕ  ! ਇਸ ’ਚ (ਰੱਤਾ) ਸ਼ੱਕ ਨਹੀਂ ਕਿ ਗੁਰਮੁਖਾਂ ਦੀ ਸੰਗਤ ਅਨੇਕਾਂ ਪਾਪ ਦੂਰ ਕਰਨਯੋਗ ਹੈ।  

ਜਦ ਪੈਰ ਅੱਧਾ ਯ  ੵ ਵਰਤਿਆ ਹੋਵੇ ਤਦ ਜਿਸ ਪੈਰ ’ਚ ਅੱਧਾ ਯ  ੵ ਹੋਵੇ ਉਸ ਨੂੰ ਸਿਹਾਰੀ ਅਤੇ ਪਿਛੇਤਰ ‘ਅ’ ਦੀ ਵਰਤੋਂ ਹੁੰਦੀ ਹੈ, ਜਿਵੇਂ

ਬ੍ਰਹਮ ਗਿਆਨੀ ਕਾ, ਕਥਿਆ ਨ ਜਾਇ ‘ਅਧਾਖੵਰੁ’ (ਅੱਧਾਖਿਅਰ)॥ (ਮ: ੫/ ੨੭੩) ਅਰਥ:  ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ। 

‘ਬਿਦੵ ਮਾਨ’ (ਬਿਦਿਅਮਾਨ/ਪ੍ਰਤੱਖ) ਗੁਰਿ ਆਪਿ ‘ਥਪੵਉ’ (ਥਪਿਅਉ) ਥਿਰੁ ; ਸਾਚਉ ਤਖਤੁ ਗੁਰੂ ਰਾਮਦਾਸੈ ॥ (੧੪੦੪) ਅਰਥ: ਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ।

ਜਦ ਕਿਸੇ ਅੱਖਰ ਦੇ ਪੈਰ ’ਚ ਅੱਧਾ ਯ  ੵ  ਹੋਵੇ ਤੇ ਉਸ ਨੂੰ ਕੋਈ ਲਗ ਵੀ ਹੋਵੇ ਤਾਂ ਉਸ ਨੂੰ ਸਿਹਾਰੀ ਸਮੇਤ ‘ਅ’ ਦਾ ਆ’ ਬਣ ਜਾਂਦਾ ਹੈ, ਜਿਵੇਂ

ਅਲਖ ਰੂਪ ਜੀਅ, ‘ਲਖੵਾ’ (ਲਖਿਆ) ਨ ਜਾਈ ॥  (੧੪੦੧) ਅਰਥ:  ਕਿਸੇ ਜੀਵ ਤੋਂ ਅਲੱਖ ਪ੍ਰਭੂ ਦਾ ਪੂਰਨ ਸਰੂਪ ਬਿਆਨ ਨਹੀਂ ਹੋ ਸਕਦਾ।

‘ਯ’ ਮੁਕਤਾ/ ਪੈਰ ਅੱਧਾ ਯ   ੵ = ਇ + ਅ  ਜਾਂ  ਇ+ਓ

ਆਪੁਨ ਆਪੁ, ਆਪ ਹੀ ‘ਉਪਾਯਉ’ (ਉਪਾਇਅਉ) ॥  (੧੪੦੫) ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ।

ਪੂਰਾ ਗੁਰੁ, ‘ਅਖੵਓ’ (ਅਖਿਓ= ਨਾਸ ਰਹਿਤ) ਜਾ ਕਾ ਮੰਤ੍ਰ ॥  (ਮ: ੫/੨੮੭)  ਅਰਥ:  ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਅਮਿੱਟ ਹੈ।

‘ਯ’ ਮੁਕਤਾ  = ਇ

ਨਾਮੁ ਨਾਵਣੁ (ਨ੍ਹਾਵਣ), ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ, ਸਦਾ ‘ਚਾਯ’, ਮੁਖਿ ਮਿਸਮ (ਮਿਸ਼ਟ/ਮਿੱਠੀ) ਬਾਣੀ ॥ (੧੩੯੩)  ਅਰਥ:  (ਗੁਰੂ ਅਮਰਦਾਸ ਜੀ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿੱਚ ਮਿੱਠੇ ਬਚਨ ਹਨ।

 ‘ਯ’ ਮੁਕਤਾ  = ਇ = ਦੁਲਾਵਾਂ   ੈ

ਤਿ ਨਰ ਸੇਵ ਨਹੁ ਕਰਹਿ ; ਤਿ ਨਰ, ‘ਸਯ’ (ਸਇ= ਸੈ/ਸੈਂਕੜੇ) ਸਹਸ ਸਮਪਹਿ (ਸਮੱਪਹਿ= ਅਰਪ ਦਿੰਦੇ ਹਨ) ॥  (੧੩੯੪)

ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਸਗੋਂ ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਾਂ ਨੂੰ) ਦੇਣ ਦੇ ਸਮਰੱਥ ਹੁੰਦੇ ਹਨ।

ਸ੍ਰੀ ਗੁਰ ਰਾਮਦਾਸ ਜਯੋ ‘ਜਯ’ ਜਗ ਮਹਿ ; ਤੈ ਹਰਿ ਪਰਮ ਪਦੁ ਪਾਇਯਉ ॥ (੧੪੦੫) ਅਰਥ: ਹੇ ਗੁਰੂ ਰਾਮਦਾਸ ਜੀ ! ਆਪ ਜੀ ਦੀ ਜੈ-ਜੈਕਾਰ ਜਗਤ ’ਚ ਹੋ ਰਹੀ ਹੈ ਕਿਉਂਕਿ ਆਪ ਨੇ ਹਰੀ (ਮਿਲਾਪ ਰੂਪ) ਪਰਮ ਪਦਵੀ ਪਾਈ ਹੈ।

ਗੁਰ ਰਾਮਦਾਸ ਦਰਸਨੁ ਪਰਸਿ ; ਕਹਿ ਮਥੁਰਾ, ਅੰਮ੍ਰਿਤ ‘ਬਯਣ’ (ਬੈਣ/ਬਚਨ) ॥  (੧੪੦੮) ਹੇ ਮਥੁਰਾ ਜੀ ! ਆਖ ਕਿ ‘ਗੁਰੂ ਰਾਮਦਾਸ ਜੀ ਦਾ ਦਰਸਨ ਕਰ (ਗੁਰੂ ਅਰਜਨ ਜੀ ਦੇ) ਬਚਨ ਵੀ ਅੰਮ੍ਰਿਤਮਈ ਹੋ ਗਏ ਹਨ।  

‘ਯਾ’ ਕੰਨੇ ਸਹਿਤ  = ਇਆ

ਅੰਤਰਿ ਮੈਲੁ, ਜੇ ਤੀਰਥ ਨਾਵੈ ; ਤਿਸੁ, ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ; ਨਾਹੀ ਰਾਮੁ ‘ਅਯਾਨਾ’ (ਅਇਆਨਾ= ਅੰਝਾਣਾ) ॥ (੪੮੪) ਅਰਥ: ਅਗਰ ਮਨ ’ਚ ਵਿਕਾਰ ਮੈਲ (ਹੋਵੇ ਤੇ) ਕੋਈ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਉਂ ਉਸ ਨੇ ਸੁਰਗ ’ਚ ਨਹੀਂ ਚਲੇ ਜਾਣਾ; (ਤੀਰਥ ਨ੍ਹਾਤਿਆਂ ਲੋਕ ਤਾਂ ਧਰਮੀ ਕਹਿ ਦੇਣਗੇ ਪਰ) ਲੋਕਾਂ ਨੂੰ ਤਸੱਲੀ ਕਰਾਉਣ ਦਾ ਲਾਭ ਕੋਈ ਨਹੀਂ ਕਿਉਂਕਿ ਸਰਵ ਵਿਆਪਕ ਅੰਤਰਜਾਮੀ ਰੱਬ ਬੱਚਾ ਨਹੀਂ ਤਾਂ ਜੋ ਥੋੜ੍ਹੇ ਜਿਹੇ ਵਿਖਾਵੇ (ਕੰਮ) ਨਾਲ ਖ਼ੁਸ਼ ਕਰ ਲਈਏ।

ਜੀਅ ਜੰਤ ਹੋਏ ਮਿਹਰਵਾਨਾ ; ‘ਦਯਾ’ (ਦਇਆ) ਧਾਰੀ ਹਰਿ ਨਾਥ ॥  (ਮ: ੫/੭੧੪) ਅਰਥ:  ਹੇ ਭਾਈ ! ਪਰਮਾਤਮਾ ਸਾਰੇ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ, ਉਹ ਖਸਮ ਪ੍ਰਭੂ ਸਭਨਾਂ ਉੱਤੇ ਮਿਹਰ ਕਰਦਾ ਹੈ। 

‘ਯਾ’ ਕੰਨੇ ਸਹਿਤ  =  ਿ+ ਆ

ਦੂਖ ਸੂਖ ਮਾਨ ਅਪਮਾਨ ॥  ਅਨਿਕ ਪ੍ਰਕਾਰ, ਕੀਓ ‘ਬਖੵਾਨ’ (ਬਖਿਆਨ) ॥  (ਮ: ੫/੨੯) ਅਰਥ: ਕਈ ਕਿਸਮਾਂ ਨਾਲ ਦੁੱਖ, ਸੁੱਖ, ਮਾਨ-ਅਪਮਾਨ ਵਰਣਨ ਹੋਣ ਲੱਗਾ।

ਤਤੁ ਤੇਲੁ, ਨਾਮੁ ਕੀਆ ਬਾਤੀ ; ਦੀਪਕੁ ਦੇਹ (ਸਰੀਰ ’ਚ) ‘ਉਜੵਾਰਾ’ (ਉਜਿਆਰਾ/ਪ੍ਰਕਾਸ਼) ॥  (ਕਬੀਰ ਜੀਉ/੧੩੫੦) ਅਰਥ: (ਜਦ ਆਰਤੀ ਦਾ ਇਹ ਭੇਤ ਸਮਝਿਆ) ਗਿਆਨ ਰੂਪ ਤੇਲ, ਨਾਮ (ਦੀਵੇ ਦੀ) ਵੱਟੀ ਬਣਾਇਆ ਤਾਂ ਸਰੀਰ ’ਚ (ਰੱਬੀ) ਪ੍ਰਕਾਸ਼ ਰੂਪ ਦੀਵਾ ਜਗ ਪਿਆ।

ਹਰਿ ਹਰਿ  ! ਚਰਣ ਸਰੇਵਹ ਤਿਨ ਕੇ ; ਜਿਨ, ਸਤਿਗੁਰੁ ਪੁਰਖੁ ਪ੍ਰਭੁ ‘ਧੵਾਇਆ’ (ਧਿਆਇਆ) ॥  (ਮ: ੪/੫੭੩) ਅਰਥ:  ਹੇ ਹਰੀ  ! ਜਿਨ੍ਹਾਂ ਨੇ ਰੱਬ ਰੂਪ ਗੁਰੂ (ਸ਼ਬਦ) ਨੂੰ ਆਪਣੇ ਹਿਰਦੇ ’ਚ ਵਸਾਇਆ, ਅਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ।

‘ਯਾ’ ਕੰਨੇ ਸਹਿਤ = ਈਆ

ਹਉ, ਗੁਰ ਮਿਲਿ ਇਕੁ ਪਛਾਣਦਾ ॥ ‘ਦੁਯਾ’ (ਦੁਈਆ= ਦੂਜਾ) ਕਾਗਲੁ, ਚਿਤਿ ਨ ਜਾਣਦਾ ॥ (ਮ: ੫/੭੩) ਮੈਂ, ਗੁਰੂ ਸੰਗਤ ’ਚ ਮਿਲ ਕੇ ਇੱਕ (ਰੱਬ) ਨੂੰ ਸਮਝ ਲਿਆ ਹੁਣ ਹੋਰ ਦੀ ਸਿਫ਼ਤ ਕਰਨਾ ਮਨ ’ਚ ਜ਼ਰੂਰੀ ਨਹੀਂ ਸਮਝਦਾ।

ਉਕਤ ਕੀਤੀ ਗਈ ਵਿਚਾਰ ਕਿ ਸ੍ਵਰ ਕੰਨੇ ਸਹਿਤ ‘ਯਾ’ ਦਾ ਉਚਾਰਨ ‘ਇਆ’  ਤੇ ‘ਈਆ’ ਹੈ, ਇਸ ਲਈ ‘ਭਯਾ’ ਦਾ ਉਚਾਰਨ ‘ਭਇਆ’ ਜਾਂ ‘ਭਈਆ’ (ਦੋਵਾਂ ’ਚੋਂ ਇੱਕ) ਹੋ ਸਕਦਾ ਹੈ।

ਬ੍ਰਹਮਾ ਬਿਸਨੁ ਸਿਰੇ (ਸਿਰਜੇ/ਬਣਾਏ) ਤੈ ਅਗਨਤ ; ਤਿਨ ਕਉ, ਮੋਹੁ ‘ਭਯਾ’ (ਭਇਆ= ਹੋ ਗਿਆ) ਮਨ ਮਦ ਕਾ ॥  (੧੪੦੩) ਅਰਥ:  (ਹੇ ਨਿਰਾਕਾਰ ਰੂਪ ਗੁਰੂ ਜੀਓ !) ਤੈਂ ਅਗਿਣਤ ਬ੍ਰਹਮਾ, ਵਿਸ਼ਨੂੰ ਪੈਦਾ ਕੀਤੇ ਤੇ ਉਹਨਾਂ ਨੂੰ ਆਪਣੇ ਅਹੰਕਾਰੀ ਮਨ ਦਾ ਮੋਹ ਹੋ ਗਿਆ।

ਪਹਿਲੈ; ਪਿਆਰਿ ਲਗਾ ਥਣ ਦੁਧਿ ॥ ਦੂਜੈ; ਮਾਇ ਬਾਪ ਕੀ ਸੁਧਿ ॥ ਤੀਜੈ, ‘ਭਯਾ’ (ਭਈਆ= ਭਰਾ) ਭਾਭੀ ਬੇਬ ॥  (ਮ: ੧/੧੩੭) ਅਰਥ:  ਜੀਵਨ ਦੇ ਪਹਿਲੇ ਪੜਾਅ ’ਚ ਮਾਤਾ ਦੇ ਥਣ ਦੁੱਧ ਚੰਗਾ ਲੱਗਾ, ਦੂਜੇ ’ਚ ਮਾਤਾ-ਪਿਤਾ ਬਾਰੇ ਸਮਝ ਆਈ ਤੇ ਤੀਜੇ ਪੜਾਅ ’ਚ ਭੈਣ, ਭਰਜਾਈ, ਭਰਾ ਦੀ ਪਛਾਣ ਹੋਈ।

ਨੋਟ: ਧਿਆਨ ਰਹੇ ਕਿ ਉਕਤ ਦੋਵੇਂ ਤੁਕਾਂ ’ਚ ‘ਭਯਾ’ ਸ਼ਬਦ ਹੈ, ਪਰ ਇੱਕ ਨੰਬਰ ’ਚ ਅਰਥ ਹੈ ‘ਹੋਇਆ’ (ਭਾਵ ਕਿਰਿਆ) ਤੇ ਦੋ ਨੰਬਰ ’ਚ ਅਰਥ ਹਨ ‘ਭਰਾ’ (ਭਾਵ ਨਾਂਵ), ਇਸ ਲਈ ਉਚਾਰਨ ’ਚ ਵੀ ਅੰਤਰ ਆ ਗਿਆ ਭਾਵ ਜਿੱਥੇ ਕਿਰਿਆ ਦਾ ਉਚਾਰਨ ‘ਭਇਆ’ ਹੈ, ਉੱਥੇ ਨਾਂਵ ਦਾ ਉਚਾਰਨ ‘ਭਈਆ’ (ਭਰਾ)

‘ਯੁ’ ਔਂਕੜ ਸਹਿਤ  =ਉਚਾਰਨ   ਿ+ ਉ (ਨੋਟ : ਇੱਥੇ   ਿ+ ਅ  ਉਚਾਰਨ ਇਸ ਲਈ ਨਹੀਂ ਹੋ ਸਕਿਆ ਕਿਉਂਕਿ ਔਂਕੜ ‘ਅ’ ਨੂੰ ਨਹੀਂ ਲੱਗਦਾ)

‘ਮ੍ਰਿਤੵੁ’ (ਮ੍ਰਿਤਿਉ) ਜਨਮ, ਭ੍ਰਮੰਤਿ ਨਰਕਹ ; ਅਨਿਕ ਉਪਾਵੰ ਨ ਸਿਧੵ ਤੇ (ਸਿਧਿਅਤੇ)॥  (ਮ: ੫/੧੩੫੭) ਅਰਥ: (ਗੁਰੂ ਤੇ ਸੰਗਤ ਬਿਹੂਣੇ) ਜਨਮ ਮਰਨ ’ਚ ਭਟਕਦੇ ਹਨ, ਨਰਕ ਭੋਗਦੇ ਰਹਿੰਦੇ ਹਨ। ਅਨੇਕਾਂ ਉਪਾਵ ਕਰਨ ਉਪਰੰਤ ਵੀ ਕਾਮਯਾਬ ਨਹੀਂ ਹੋ ਸਕਦੇ।

ਗੁਰ ਰਾਮਦਾਸ  ! ‘ਕਲੵੁਚਰੈ’ (ਕਲ+ਉਚਰੈ) ਤੈਂ ਅਟਲ ਅਮਰ ਪਦੁ ਪਾਇਓ ॥ (੧੩੯੭) ਅਰਥ:  ਕਵੀ ਕਲੵਸਹਾਰ ਆਖਦਾ ਹੈ (ਕਿ) ਹੇ ਗੁਰੂ ਰਾਮਦਾਸ ਜੀ ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ।

‘ਯੂ’ ਦੁਲੈਂਕੜ ਸਹਿਤ = ਉਚਾਰਨ- ਊ

‘ਪਿਯੂ’ (ਪਿਊ) ਦਾਦੇ ਜੇਵਿਹਾ ਪੋਤਾ ਪਰਵਾਣੁ ॥  (ਵਾਰ ਬਲਵੰਡ ਸਤਾ/੯੬੮) ਅਰਥ:  ਦਾਦੇ (ਗੁਰੂ ਨਾਨਕ) ਅਤੇ ਪਿਊ (ਗੁਰੂ ਅੰਗਦ ਜੀ) ਵਰਗਾ ਪੋਤਰਾ (ਗੁਰੂ ਅਮਰਦਾਸ ਜੀ) ਵੀ ਜਗਤ ਨੂੰ ਪ੍ਰਵਾਨ ਹੈ।

 ‘ਯੇ’ ਲਾਂ ਸਮੇਤ = ਉਚਾਰਨ ਹੈ ‘ਈਏ’।

ਰਸਨਾ  ! ਹਰਿ ਰਸੁ ਚਾਖੁ, ‘ਮੁਯੇ’ (ਮੁਈਏ= ਮਰ ਜਾਣੀਏ) ਜੀਉ  ! ਅਨ ਰਸ ਸਾਦ ਗਵਾਏ ॥ (ਮ: ੩/੨੪੬) ਅਰਥ: ਹੇ ਮੇਰੀ ਅਭਾਗੀ ਜੀਭ !  ਰੱਬੀ ਨਾਮ ਦਾ ਸੁਆਦ ਮਾਣ ਤੇ ਬਾਕੀ ਸਭ ਰਸਾਂ ਦੇ ਸੁਆਦ ਛੱਡ ਦੇ। 

ਸਾਹਨਿ ਸਤੁ ਕਰੈ, ਜੀਅ ਅਪਨੈ ॥ ਸੋ, ‘ਰਮਯੇ’ (ਰਮਈਏ= ਰਾਮ) ਕਉ, ਮਿਲੈ ਨ ਸੁਪਨੈ ॥ (ਕਬੀਰ ਜੀਉ/੩੨੮) ਅਰਥ:  ਜੋ ਕੇਵਲ ਮਾਇਆ ਨੂੰ ਹੀ ਆਪਣੇ ਹਿਰਚਚ ’ਚ ਸਭ ਕੁਝ ਸਮਝਦਾ ਹੈ, ਉਹ ਮਨੁੱਖ ਪ੍ਰਭੂ ਨੂੰ ਸੁਪਨੇ ਵਿੱਚ ਭੀ (ਭਾਵ ਕਦੇ) ਨਹੀਂ ਮਿਲ ਸਕਦਾ ।

‘ਯੈ’ ਦੁਲਾਂਵਾਂ ਸਹਿਤ = ਉਚਾਰਨ- ਈਐ

ਮੈ, ਜੁਗਿ ਜੁਗਿ ‘ਦਯੈ’ (ਦਈਐ) ਸੇਵੜੀ ॥ ਗੁਰਿ, ਕਟੀ ਮਿਹਡੀ ਜੇਵੜੀ ॥ (ਮ: ੫/੭੪) ਅਰਥ: ਗੁਰੂ ਨੇ ਮੇਰੀ (ਮਾਇਆ ਮੋਹ ਦੀ) ਫਾਹੀ ਕੱਟ ਦਿੱਤੀ ਤੇ ਹੁਣ ਮੈਂ ਸਦਾ ਹੀ ਉਸ ਮਿਹਰਵਾਨ ਨੂੰ ਯਾਦ ਕਰਦੀ ਰਹਿੰਦੀ ਹਾਂ।

‘ਯੋ’ ਹੋੜੇ ਸਹਿਤ = ਉਚਾਰਨ- ਈਓ/ਇਓ

‘ਅਯੋ’ (ਅਈਓ) ਅੰਙੈ, ਸਭੁ ਜਗੁ ਆਇਆ; ਕਾਖੈ ਘੰਙੈ ਕਾਲੁ ਭਇਆ ॥ (ਆਸਾ ਪਟੀ, ਮ: ੩/੪੩੪)

ਪਦ ਅਰਥ : ਅਯੋ= ਅਈਓ= ਅ+ੲ+ੳ। ਅੰਙੈ = ਅੰ, ਅ:।, ਕਾਖੈ ਘੰਙੈ = ਕ, ਖ, ਗ, ਘ, ਙ।

ਭਾਵ ਸਾਰਾ ਜਗਤ (ਜੋ) ਹੋਂਦ ’ਚ ਆਇਆ ਹੈ, ਇਸ ਨੂੰ ਮੌਤ ਵੀ ਆਉਣੀ ਹੈ।

ਪ੍ਰਥਮੇ ਨਾਨਕ ਚੰਦੁ, ਜਗਤ ਭਯੋ (ਭਇਓ) ਆਨੰਦੁ ; ਤਾਰਨਿ ਮਨੁਖੵ  ਜਨ, ਕੀਅਉ ਪ੍ਰਗਾਸ ॥ (੧੩੯੯) ਅਰਥ:  ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ ਬਣ ਪ੍ਰਗਟ ਹੋਏ, ਜਿਨ੍ਹਾਂ ਰਾਹੀਂ ਪ੍ਰਗਟ ਕੀਤੇ ਆਤਮ ਗਿਆਨ ਨਾਲ ਮਨੁੱਖ ਤਰਦੇ ਹਨ।

‘ਯੌ’ ਕਨੌੜੇ ਸਹਿਤ, ਉਚਾਰਨ- ਯਉ = ਇ+ਔ/ਇਅਉ

ਹਰਿ ਪਰਸਿਓ, ਕਲੁ ਸਮੁਲਵੈ; ਜਨ, ਦਰਸਨੁ ਲਹਣੇ ‘ਭਯੌ’ (ਭਇਔ/ਭਇਅਉ) ॥ (੧੩੯੨) ਅਰਥ: ਕਲੵਸਹਾਰ (ਭੱਟ) ਉੱਚੀ ਪੁਕਾਰਦਾ ਹੈ ਕਿ ਜਿਨ੍ਹਾਂ ਭਗਤਾਂ ਨੂੰ ਲਹਣੇ ਜੀ ਦਾ ਦਰਸ਼ਨ ਹੋ ਗਿਆ, ਉਹਨਾਂ ਨੇ ਅਕਾਲ ਪੁਰਖ ਨੂੰ ਵੇਖ ਲਿਆ, ਛੂਹ ਲਿਆ ਹੈ।

ਧੰਨਿ ਧੰਨਿ, ਤੇ ਧੰਨਿ ਜਨ ; ਜਿਹ, ਕ੍ਰਿਪਾਲੁ ਹਰਿ ਹਰਿ ‘ਭਯਉ’ (ਭਇਅਉ= ਭਇਔ) ॥  (੧੩੮੬) ਅਰਥ:  ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ।

‘ਯੰ’ ਟਿੱਪੀ ਸਹਿਤ = ਉਚਾਰਨ-  ਿ+ ਅੰ/ਇ + ਅੰ   

‘ਅਤੵੰਤ’ (ਅਤਿਅੰਤ) ਆਸਾ ; ਆਥਿਤੵ (ਅਥਿਤਿਅ) ਭਵਨੰ ॥  (ਮ: ੫/੧੩੫੪) ਅਰਥ:  (ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਰਹਿੰਦੀ ਹੈ (ਭਾਵੇਂ ਇੱਥੇ ਹਰ ਜੀਵ) ਘਰ ਆਏ ਮਹਿਮਾਨ (ਪਰਾਹੁਣੇ) ਵਾਙ ਥੋੜ੍ਹੇ ਚਿਰ ਲਈ ਹੀ ਹੈ।

ਕਾਚ ਕੋਟੰ, ਰਚੰਤਿ ‘ਤੋਯੰ’ (ਤੋਇਅੰ= ਪਾਣੀ); ਲੇਪਨੰ ਰਕਤ ਚਰਮਣਹ (ਮ: ੫/੧੩੫੪) ਅਰਥ:  (ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਵੀਰਜ) ਨਾਲ ਬਣਿਆ ਹੈ, ਲਹੂ ਤੇ ਮਾਸ ਨਾਲ ਬਾਹਰੋਂ ਢੱਕਿਆ ਹੋਇਆ ਹੈ।

ਸ੍ਵਸਤਿ ਬਿਵਸਥਾ, ਹਰਿ ਕੀ ਸੇਵਾ; ‘ਮਧ੍ਹੰਤ’ (ਮਧਿਅੰਤ= ਮੱਧ ਤੋਂ ਅੰਤ ਤੱਕ ਭਾਵ ਸਦਾ ਹੀ) ਪ੍ਰਭ ਜਾਪਣ ॥ (ਮ: ੫/੬੮੨) ਅਰਥ: ਸਦਾ ਪ੍ਰਭੂ ਦਾ ਨਾਮ ਜਪਣ ਨਾਲ, ਹਰੀ ਦੀ ਸੇਵਾ-ਭਗਤੀ ਕਰਨ ਨਾਲ (ਮਨ ’ਚ) ਸ਼ਾਂਤੀ ਦੀ ਹਾਲਤ ਬਣੀ ਰਹਿੰਦੀ ਹੈ। 

ਨੋਟ: ਕਈ ਵਾਰ ਇੱਕ ਸਮਾਨ ਸਰੂਪ ਵਾਲੇ ਸ਼ਬਦਾਂ ਦਾ ਉਚਾਰਨ ਵੱਖ ਵੱਖ ਥਾਵਾਂ ’ਤੇ ਭਾਵਾਰਥਾਂ ਅਨੁਸਾਰ ਭਿੰਨ ਭਿੰਨ ਹੋ ਜਾਂਦਾ ਹੈ, ਜਿਵੇਂ

ਭਯਾ= ਭਇਆ (ਹੋ ਗਿਆ)                   ਭਯਾ= ਭਈਆ (ਭਰਾ)

ਰਯਨਿ= ਰੈਨਿ (ਰਾਤ)                       ਰਯਤਿ= ਰਈਅਤ (ਪਰਜਾ)

ਦਯ= ਦਈ (ਪ੍ਰਭੂ)                            ਭਯ= ਭੈ (ਡਰ)

ਅਯੋ= ਅਈਓ                       ਭਯੋ= ਭਇਓ (ਹੋ ਗਿਆ)

ਦਯੁ, ਦਯ, ਦਯਿ,

 (੧) ਸਭ ਹੋਈ ਛਿੰਝ ਇਕਠੀਆ; ‘ਦਯੁ’ (‘ਦਈ’) ਬੈਠਾ ਵੇਖੈ ਆਪਿ ਜੀਉ ॥ (ਮ: ੫/੭੪) ਅਰਥ:  ਜਗਤ-ਅਖਾੜੇ ’ਚ ਸਾਰੇ ਜੀਵ ਆ ਇਕੱਠੇ ਹੋਏ ਹਨ, (ਜਿਸ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ।

(੨) ਦਯ (ਦਈ) ਗੁਸਾਈ ਮੀਤੁਲਾ  ! ਤੂੰ ਸੰਗਿ ਹਮਾਰੈ, ਬਾਸੁ ਜੀਉ ॥ (ਮ: ੫/੨੦੩) ਅਰਥ:  ਹੇ ਤਰਸ ਕਰਨ ਵਾਲੇ ! ਹੇ ਸ੍ਰਿਸ਼ਟੀ ਦੇ ਖਸਮ ! ਤੂੰ ਮੇਰਾ ਪਿਆਰਾ ਮਿੱਤਰ ਹੈਂ, ਸਦਾ ਮੇਰੇ ਨਾਲ ਵੱਸਦਾ ਰਹੁ।

(੩) ਜਿਨਾ ਅੰਦਰਿ ਨਾਮੁ ਨਿਧਾਨੁ ਹਰਿ; ਤਿਨ ਕੇ ਕਾਜ, ਦਯਿ (ਦਈ ਨੇ) ਆਦੇ ਰਾਸਿ ॥  (ਮ: ੪/੩੦੫) ਅਰਥ:  ਜਿਨ੍ਹਾਂ ਹਿਰਦਿਆਂ ’ਚ ਪ੍ਰਭੂ ਦਾ ਨਾਮ ਖ਼ਜ਼ਾਨਾ ਟਿਕਿਆ ਹੈ, ਖਸਮ-ਪ੍ਰਭੂ ਨੇ ਉਹਨਾਂ ਦੇ ਕੰਮ ਆਪ ਸਿਰੇ ਚਾੜ੍ਹੇ ਹਨ।

ਨੋਟ: ਉਕਤ ਤਿੰਨੇ ਹੀ ਤੁਕਾਂ ਵਿੱਚ ਦਰਜ ‘ਦਯੁ, ਦਯ, ਦਯਿ’; ਦਾ ਅਰਥ ਹੈ ‘ਦਇਆ ਕਰਨ ਵਾਲਾ ਪ੍ਰਭੂ’ ਅਤੇ ਉਚਾਰਨ ਹੈ ‘ਦਈ’।  ਅੰਤ ਔਂਕੜ ਤੇ ਅੰਤ ਸਿਹਾਰੀ ਕੇਵਲ ਕਾਰਕੀ ਅਰਥ ਦੇਣ ਵਾਸਤੇ ਹਨ, ਜਿਨ੍ਹਾਂ ਦਾ ਉਚਾਰਨ ਨਾਲ ਕੋਈ ਸਬੰਧ ਨਹੀਂ ਹੈ। 

‘ਯ’ ਵਿਅੰਜਨ ਅਤੇ ਸ੍ਵਰ ਦੀ ਉਕਤ ਕੀਤੀ ਗਈ ਵਿਚਾਰ ਸਮਾਪਤ ਹੋ ਚੁੱਕੀ ਹੈ, ਹੁਣ ਅਗਾਂਹ ਬਾਕੀ ਦੇ ਅੱਧੇ ਅੱਖਰਾਂ ਦੀ ਵੀਚਾਰ ਅਗਲੇ ਮਹੀਨੇ ਛਪਣ ਵਾਲੀ ਲੇਖਲੜੀ ਵਿੱਚ ਵਿਚਾਰੀ ਜਾਵੇਗੀ ।

— ਚਲਦਾ —