ਗੁਰਬਾਣੀ ਪਰਿਪੇਖ ਵਿੱਚ ਗਾਇਤ੍ਰੀ ਮੰਤ੍ਰ

0
447

ਗੁਰਬਾਣੀ ਪਰਿਪੇਖ ਵਿੱਚ ਗਾਇਤ੍ਰੀ ਮੰਤ੍ਰ

ਜਗਤਾਰ ਸਿੰਘ ਜਾਚਕ

‘ਗਾਇਤ੍ਰੀ’ ਹਿੰਦੂਆਂ ਦਾ ਮਹਾਂਮੰਤ੍ਰ ਹੈ ਅਤੇ ਇਸ ਨੂੰ ਵੇਦਾਂ ਦੀ ਮਾਤਾ ਵੀ ਮੰਨਿਆ ਜਾਂਦਾ ਹੈ । ਬ੍ਰਾਹਮਣੀ ਵਿਧਾਨ ਮੁਤਾਬਕ ਇਸ ਦੇ ਜਾਪ ਦਾ ਅਧਿਕਾਰ ਕੇਵਲ ਬ੍ਰਾਹਮਣ, ਖੱਤਰੀ ਤੇ ਵੈਸ਼ ਨੂੰ ਹੈ, ਸ਼ੂਦਰ ਨੂੰ ਨਹੀਂ । ਉਸ ਵਿਚਾਰੇ ਲਈ ਮੰਤ੍ਰ ਜਾਪ ਤਾਂ ਦੂਰ ਦੀ ਗੱਲ,  ਸੁਣਨਾ ਵੀ ਵੱਡਾ ਅਪਰਾਧ ਹੈ । ਮਹਾਨਕੋਸ਼ ਵਿੱਚ ‘ਗਾਇਤ੍ਰੀ’ ਲਫ਼ਜ਼ ਨੂੰ ਸੰਸਕ੍ਰਿਤ ਦੀ ਸੰਗਿਆ ਮੰਨਦਿਆਂ ਅਰਥ ਹੈ – ਜੋ ਗਾਉਣ ਵਾਲੇ ਦੀ ਰੱਖਿਆ ਕਰੇ । ਨਿਰੁਕਤ ਵਿੱਚ ਇੱਕ ਤਾਂ ਲਿਖਿਆ ਹੈ ਕਿ ‘ਉਸਤਤੀ ਕਰਦਿਆਂ ਬ੍ਰਹਮਾ ਜੀ ਦੇ ਮੁੱਖ ਤੋਂ ਨਿਕਲਣ ਕਾਰਨ ਇਸ ਦਾ ਨਾਂ ਗਾਇਤ੍ਰੀ ਹੈ ਅਤੇ ਦੂਜੇ, ‘ਤ੍ਰਿ-ਗਾਯ’ ਦਾ ਉਲਟ ਹੈ ‘ਗਾਇਤ੍ਰੀ’ । ਅ੍ਰਥਾਤ ਤ੍ਰੈ ਪੈਰਾਂ ਵਾਲੀ, ਤ੍ਰਿਪਦਾ । ਗਾਇਤ੍ਰੀ ਮੰਤਰ ਮੂਲਿਕ ਤੌਰ ’ਤੇ ਭਾਵੇਂ ਰਿਗ ਵੇਦ ਵਿੱਚ ਇੱਕ ਵਾਰੀ ਅੰਕਿਤ ਹੈ ਅਤੇ ਇਸ ਨੂੰ ਰਿਸ਼ੀ ਵਿਸ਼ਵਾਮਿਤ੍ਰ ਦੀ ਰਚਨਾ ਮੰਨਿਆ ਜਾਂਦਾ ਹੈ, ਪਰ ਪੰਡਿਤ ਪ੍ਰਮੋਦ ਸ਼ਰਮਾ (ਗੌੜ) ਅਨੁਸਾਰ ਚਾਰ ਵਾਰੀ ਯਜੁਰਵੇਦ ਵਿੱਚ ਅਤੇ ਇੱਕ ਵਾਰੀ ਸਾਮਵੇਦ ਵਿੱਚ ਵੀ ਮਿਲਦਾ ਹੈ । ਇਸ ਮੰਤ੍ਰ ਦੇ ਦੋ ਪਾਠ-ਭੇਦ ਵੀ ਹਨ, ਪਰ ਇਸ ਦੇ ਪ੍ਰਚਲਿਤ ਸੰਸਕ੍ਰਿਤ ਪਾਠ ਦਾ ਪਦ-ਛੇਦ ਪੰਜਾਬੀ ਰੂਪ ਹੈ :

‘‘ਓਮ ਭੂਰ ਭਵਯ ਸਵਹ ਤਸਵੀ ਤਰੁਵਾਰਿਣਿਯੰ ॥ ਭਾਰਗੋ ਦੇਵਸਯ ਧੀਮਹੀ ਧੀਯੋ  ਯੋਨਹ ਤਨੋਪ੍ਰਚਯੋਦਯਾਤਵ ॥” ਮਹਾਨਕੋਸ਼ ਤੇ ਸੰਸਕ੍ਰਿਤ ਕੋਸ਼ਾਂ ਮੁਤਾਬਕ ਅਰਥ ਹੈ : ਜੋ ਸੂਰਜ ਦੇਵਤਾ ਸਭ ਨੂੰ ਜਿਵਾਉਂਦਾ ਹੈ, ਜੋ ਦੁੱਖਾਂ ਤੋਂ ਛੁਡਾਉਂਦਾ ਹੈ, ਪ੍ਰਕਾਸ਼ ਰੂਪ ਹੈ, ਬੇਨਤੀ ਕਰਨਯੋਗ ਹੈ, ਪਾਪ ਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧਿਆਨ ਕਰਦੇ ਹਾਂ ।

ਪਦਮ ਪੁਰਾਣ ਵਿੱਚ ਇਹ ਵੀ ਕਥਾ ਹੈ ਕਿ ਇੱਕ ਵਾਰ ਬ੍ਰਹਮਾ ਜੱਗ ਕਰਨ ਲੱਗਾ ਤਾਂ ਉਸ ਨੇ ਇੰਦ੍ਰ ਨੂੰ ਆਪਣੀ ਇਸਤ੍ਰੀ ਸਾਵਿਤ੍ਰੀ ਨੂੰ ਬੁਲਾਉਣ ਲਈ ਭੇਜਿਆ ਕਿਉਂਕਿ ਅਰਧਾਂਗਨੀ ਤੋਂ ਬਗੈਰ ਜੱਗ ਨਹੀਂ ਸੀ ਹੋ ਸਕਦਾ । ਸਾਵਿਤ੍ਰੀ ਨੇ ਉੱਤਰ ਦਿੱਤਾ ਕਿ ਉਹ ਲੱਛਮੀ ਆਦਿਕ ਆਪਣੀਆਂ ਸਹੇਲੀਆਂ ਤੋਂ ਬਗੈਰ ਨਹੀਂ ਜਾ ਸਕਦੀ । ਜਦੋਂ ਇੰਦਰ ਖ਼ਾਲੀ ਵਾਪਸ ਮੁੜਿਆ ਤਾਂ ਬ੍ਰਹਮਾ ਨੇ ਆਖਿਆ ਤੂੰ ਮੇਰੇ ਲਈ ਕੋਈ ਹੋਰ ਇਸਤ੍ਰੀ ਲੈ ਆ। ਉਹ ਮਾਤ ਲੋਕ ਤੋਂ ਇੱਕ ਗੋਪੀ (ਗਵਾਲਣ) ਨੂੰ ਫੜ ਲਿਆਇਆ, ਜਿਸ ਦਾ ਨਾਂ ‘ਗਾਇਤ੍ਰੀ’ ਸੀ ।  ਵੇਦਾਂ ਦੇ ਰਚਾਇਤਾ ਬ੍ਰਹਮਾ ਨੇ ਉਸ ਨਾਲ ਗੰਧਰਵ ਵਿਆਹ ਰਚ ਕੇ ਜੱਗ ਸੰਪੂਰਨ ਕੀਤਾ । ਇਹੀ ਕਾਰਨ ਹੈ ਕਿ ਗਾਇਤ੍ਰੀ ਨੂੰ ਵੇਦਾਂ ਦੀ ਮਾਂ ਆਖਿਆ ਜਾਂਦਾ ਹੈ । ਇਸ ਦਾ ਰੂਪ ਇਉਂ ਦੱਸਿਆ ਹੈ – ਇੱਕ ਹੱਥ ਵਿੱਚ ਮ੍ਰਿਗ ਦਾ ਸਿੰਗ, ਦੂਜੇ ਹੱਥ ਵਿੱਚ ਕਮਲ, ਲਾਲ ਬਸਤ੍ਰ, ਗਲ ਵਿੱਚ ਮੋਤੀਆਂ ਦੀ ਮਾਲਾ ਤੇ ਸਿਰ ਤੇ ਮੁਕਟ।

ਪੂਜਾਰੀ ਵਰਗ ’ਚੋਂ ਬ੍ਰਾਹਮਣ ‘ਗਾਇਤ੍ਰੀ’ ਬਾਰੇ ਇਹ ਕਥਾ ਵੀ ਸਣਾਉਂਦੇ ਹਨ ਕਿ ਇੱਕ ਸਮੇਂ ਗਾਇਤ੍ਰੀ ਆਪਣੇ ਰੂਪ ਅਤੇ ਮਾਨਤਾ ਪੱਖੋਂ ਬੜੀ ਅਹੰਕਾਰਨ ਹੋ ਗਈ ਤਾਂ ਬ੍ਰਹਮਾ ਜੀ ਨੇ ਸਰਾਪ ਦੇ ਕੇ ਉਸ ਨੂੰ ਗਊ ਦੇ ਰੂਪ ਵਿੱਚ ਬਦਲ ਦਿੱਤਾ । ਉਹ ਲੋਧਾ ਜਾਤੀ ਦੇ ਕਿਸੇ ਕਿਸਾਨ ਦੇ ਖੇਤ ਵਿੱਚ ਜਾ ਵੜੀ, ਜਿਸ ਨੇ ਸੋਟਾ ਮਾਰ ਕੇ ਇਸ ਦੀ ਇੱਕ ਟੰਗ ਤੋੜ ਦਿੱਤੀ । ਕਈ ਵਿਆਖਿਆਕਾਰ ਉਪਰੋਕਤ ਕਥਾ ਦਾ ਇੱਕ ਪਰਦਾ ਪਾਊ ਭਾਵਾਰਥ ਵੀ ਕੱਢਦੇ ਹਨ ਕਿ ਲੋਧਾ ਨਾਂ ਹੈ ਪਾਪ ਦੇ ਖੇਤ ਦਾ । ਜਿਹੜੀ ਗਾਇਤ੍ਰੀ ਪਾਪ ਦੀ ਫਸਲ ਖਾਂਦੀ ਸੀ, ਵਿਸਿਸ਼ਟ ਨੇ ਸਰਾਪ ਦਾ ਸੋਟਾ ਮਾਰ ਕੇ ਉਸ ਨੂੰ ਲੰਗੜੀ (ਅਸਮਰਥ) ਕਰ ਦਿੱਤਾ । ਇਸ ਤਰ੍ਹਾਂ ਇਹ ਚਉਪਦਾਂ ਦੇ ਸੰਪੂਰਨ ਸਲੋਕ ਦੀ ਥਾਂ ਕੇਵਲ ਤਿੰਨ ਪਦਾਂ ਦਾ ਤ੍ਰਿਪਦਾ ਬਣ ਕੇ ਰਹਿ ਗਿਆ । ਪਿਛੋਕੜੀ ਭਾਵ ਇਹ ਕਿ ਰਿਸ਼ੀ ਵਿਸ਼ਵਾਮਿਤ੍ਰ ਰਿਖੀ ਵਿਸਿਸ਼ਟ ਦੇ ਪੁੱਤ੍ਰਾਂ ਨੂੰ ਮਾਰ ਕੇ ਜਦੋਂ ਗਾਇਤ੍ਰੀ ਦੇ ਜਾਪ ਦੁਆਰਾ ਪਾਪਾਂ ਤੋਂ ਮੁਕਤ ਹੋ ਰਿਹਾ ਸੀ ਤਾਂ ਰਿਖੀ ਵਿਸਿਸ਼ਟ ਨੇ ਕ੍ਰੋਧਿਤ ਹੋ ਕੇ ਸਰਾਪ ਰਾਹੀਂ ਉਸ ਦੇ ਪਾਪ ਦੂਰ ਕਰਨ ਵਾਲੀ ਸ਼ਕਤੀ ਦਾ ਨਾਸ ਕਰ ਦਿੱਤਾ । ਇਸ ਕਰ ਕੇ ਹੀ ਭਗਤ ਨਾਮਦੇਵ ਜੀ ਨੇ ਕਿਸੇ ਪੂਜਾਰੀ ਪਾਂਡੇ ਨੂੰ ਸਮਝਾਇਆ ਸੀ ਕਿ ਤੁਹਾਡੇ ਵਿਸ਼ਵਾਸ ਦੇ ਕਥਨ ਮੁਤਾਬਕ ਜਿਹੜੀ ਗਾਇਤ੍ਰੀ ਲੋਧੇ ਜੱਟ ਤੋਂ ਆਪਣੀ ਟੰਗ ਤੁੜਾ ਕੇ ਲੰਗੜੀ ਹੋਈ ਫਿਰਦੀ ਹੈ, ਦੱਸ ਉਹ ਤੇਰੀ ਰੱਖਿਆ ਕੀ ਕਰੇਗੀ  ? ਹੰਕਾਰ ਕਰ ਕੇ ਸਰਾਪ ਦੀ ਮਾਰ ਨਾਲ ਸ਼ਕਤੀਹੀਣ ਹੋਈ ਤੈਨੂੰ ਪਾਪ (ਮੂਲ) ਵਿਕਾਰਾਂ ਤੋਂ ਮੁਕਤ ਕਿਵੇਂ ਕਰੇਗੀ  ?  ਭਗਤ ਜੀ ਦੇ ਉਹ ਤਰਕਮਈ ਅੰਮ੍ਰਿਤ ਬੋਲ ਹਨ :

ਪਾਂਡੇ  ! ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ ॥  

ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ ॥ (੮੭੪)

ਇਹ ਤਾਂ ਰੱਬ ਜਾਣੇ ਜਾਂ ਪੌਰਾਣਿਕ ਲੇਖਕ ਜਾਣਨ ਕਿ ਗਾਇਤ੍ਰੀ ਨਾਂ ਦੀ ਇੱਕ ਗਵਾਲਣ ਵੇਦ-ਮੰਤ੍ਰ ਦੇ ਰੂਪ ਵਿੱਚ ਕਿਵੇਂ ਬਦਲ ਗਈ ਤੇ ਫਿਰ ਗਊ ਬਣ ਕੇ ਲੰਗੜੀ ਕਿਵੇਂ ਹੋ ਗਈ  ? ਚਉਪਦਾਂ ਦਾ ਪਾਪ ਹਰਤਾ ਤੇ ਰਖਿਅਕ ਵੇਦ-ਮੰਤ੍ਰ ਤ੍ਰਿਪਦਾ ਬਣ ਕੇ ਲੰਗੜਾ (ਅਸਮਰਥ) ਕਿਵੇਂ ਹੋ ਗਿਆ  ? ਕਿਉਂਕਿ ਅਜਿਹੀਆਂ ਮਨਘੜਤ ਕਹਾਣੀਆਂ ਕੁਦਰਤੀ ਨਿਯਮਾਂ ਮੁਤਾਬਕ ਘਟ ਸਕਣੀਆਂ ਅਸੰਭਵ ਹਨ । ਪ੍ਰ੍ਰੰਤੂ ਮੰਤ੍ਰ ਦੇ ਅਰਥਾਂ ਤੇ ਉਪਰੋਕਤ ਕਥਾਵਾਂ ਦੇ ਮੱਦੇ ਨਜ਼ਰ ਇਹ ਪੱਖ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਗਾਇਤ੍ਰੀ ਮੰਤ੍ਰ ਸੂਰਜ ਨੂੰ ਦੇਵਤਾ ਰੂਪ ਭਗਵਾਨ ਮੰਨ ਕੇ ਉਪਾਸ਼ਨਾ ਕਰਨ ਦਾ ਪ੍ਰੇਰਕ ਵੀ ਤੇ ਸਾਧਨ ਵੀ ਹੈ ਕਿਉਂਕਿ ਇਸ ਉਸਤਤੀ ਸਮੇਤ ਧਿਆਨ ਕਰਨ ਦਾ ਉਪਦੇਸ਼ ਹੈ । ਬ੍ਰਾਹਮਣੀ-ਮਤ ਦੀ ਮਨੌਤ ਹੈ ਕਿ ਮੰਤਰ ਜਾਪ ਕਰਦਿਆਂ ਦੇਵਤਿਆਂ ਤੇ ਪਿਤਰਾਂ ਨੂੰ ਹੱਥ ਜਾਂ ਅਰਘ (ਗਊ ਦੇ ਕੰਨ ਵਰਗਾ ਜਲ ਦਾਨ ਕਰਨ ਦਾ ਪਾਤ੍ਰ) ਨਾਲ ਤਰਪਣ ਅਰਪਨ ਕਰ ਕੇ ਤ੍ਰਿਪਤ ਤੇ ਪ੍ਰਸੰਨ ਕੀਤਾ ਜਾ ਸਕਦਾ ਹੈ । ਇਸੇ ਲਈ ਹਿੰਦੂ ਪ੍ਰਵਾਰ ਤੇ ਖ਼ਾਸ ਕਰ ਕੇ ਬ੍ਰਾਹਮਣ ਵਰਗ ਦੇ ਲੋਕ ਸਵੇਰ ਵੇਲੇ ਗਾਇਤ੍ਰੀ ਮੰਤ੍ਰ ਦਾ ਪਾਠ ਕਰਦੇ ਹੋਏ ਸੂਰਜ ਨੂੰ ਹੱਥ ਜਾਂ ਅਰਘ ਨਾਲ ਜਲ ਦਾਨ ਕਰਦੇ ਹਨ ।

ਇਹੀ ਕਾਰਨ ਹੈ ਕਿ ਗੁਰੂ ਨਾਨਕ-ਜੋਤਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਪਰੋਕਤ ਕਿਸਮ ਦੇ ਬਿਪਰਵਾਦੀ ਭਰਮਾਂ ਵਿੱਚ ਫਸੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਹੇਠ ਗੁਰਮਤਿ ਗਿਆਨ ਤੋਂ ਖੁੰਝ ਕੇ ਦੇਵ-ਪੂਜਾ, ਮੰਤ੍ਰ-ਜਾਪ ਤੇ ਸੂਰਜ ਆਦਿਕ ਕੁਦਰਤੀ ਸ਼ਕਤੀਆਂ ਨੂੰ ਦੇਵਤੇ ਕਲਪ ਕੇ ਅਰਘ ਦੇਣ ਨਾਲ ਕੋਈ ਆਤਮਕ ਤੌਰ ’ਤੇ ਸੁਖੀ ਨਹੀਂ ਹੋ ਸਕਦਾ ਕਿਉਂਕਿ ਦੂਜੇ ਭਾਵ ਹੋਣ ਕਰ ਕੇ ਉਸ ਦੀ ਸੁਰਤ ਨਾਮ ਰਸ ਤੋਂ ਵਾਝੀ ਰਹਿ ਜਾਂਦੀ ਹੈ । ਗੁਰਵਾਕ ਹੈ :

ਤ੍ਰੈਗੁਣ ਧਾਤੁ ਬਹੁ ਕਰਮ ਕਮਾਵਹਿ, ਹਰਿ ਰਸ ਸਾਦੁ ਨ ਆਇਆ ॥      

ਸੰਧਿਆ ਤਰਪਣੁ ਕਰਹਿ ਗਾਇਤ੍ਰੀ, ਬਿਨੁ ਬੂਝੇ ਦੁਖੁ ਪਾਇਆ ॥ (੬੦੩)

ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਕਰਤਾ ਪੁਰਖ ਦੀ ਅਟੱਲ ਕੁਦਰਤੀ ਮਰਯਾਦਾ ਦੇ ਭੈ ਅਧੀਨ ਸੂਰਜ ਤੇ ਚੰਦ੍ਰਮਾ ਆਦਿਕ ਗ੍ਰਹਿ ਦਿਨ ਰਾਤ ਕਰੋੜਾਂ ਕੋਹ ਦਾ ਸਫਰ ਕਰ ਰਹੇ ਹਨ । ਚੰਦਰਮਾ ਧਰਤੀ ਦੁਆਲੇ ਤੇ ਧਰਤੀ ਸੂਰਜ ਦੁਆਰੇ ਚੱਕਰ ਕੱਟੀ ਜਾ ਰਹੀ ਹੈ ਅਤੇ  ਸੂਰਜ ਵੀ ਆਪਣੇ ਕੇਂਦਰ ਬਿੰਦੂ ਦੁਆਲੇ ਘੁੰਮ ਰਿਹਾ ਹੈ, ਸਥਿਰ ਉਹ ਵੀ ਨਹੀਂ । ਗੁਰਵਾਕ ਹੈ ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥’’ (੪੬੪)

ਭਗਤ ਕਬੀਰ ਜੀ ਦਾ ਕਥਨ ਹੈ ਕਿ ਸੂਰਜ ਤੇ ਚੰਦ ਕੁਦਰਤੀ ਚਾਨਣ ਦੇ ਦੋ ਮੁਖ ਸਾਧਨ ਹਨ ਤੇ ਅਜਿਹੇ ਸਾਰੇ ਕੁਦਰਤੀ ਸਾਧਨਾਂ ਵਿੱਚ ਰੱਬੀ ਜੋਤਿ ਦਾ ਨਿਵਾਸ ਹੈ, ਜਿਸ ਦੀ ਬਦੌਲਤ ਇਹ ਆਪਣਾ ਆਪਣਾ ਕਰਤੱਵ ਨਿਭਾ ਰਹੇ ਹਨ ‘‘ਸੂਰਜ ਚੰਦੁ ਕਰਹਿ ਉਜੀਆਰਾ ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥” (੩੨੯) ਅਜਿਹੇ ਵਿਗਿਆਨਕ ਦ੍ਰਿਸ਼ਟੀਕੋਨ ਕਰ ਕੇ ਹੀ ਭਗਤ ਕਬੀਰ ਜੀ ਨੇ ਕਿਸੇ ਜਨੇਊਧਾਰੀ ਤੇ ਗਾਇਤ੍ਰੀ ਦੇ ਜਾਪਕ ਪੰਡਿਤ ਨੂੰ ਕਿਹਾ ਕਿ ਤੁਸੀਂ ਵੇਦਾਂ ਦਾ ਪਾਠ ਤੇ ਗਾਇਤ੍ਰੀ ਦਾ ਜਾਪ ਕਰਦੇ ਹੋ, ਤਹਾਨੂੰ ਮੁਬਾਰਕ, ਪਰ ਹੁਣ ਅਸੀਂ ਤੁਹਾਡੇ ਵਾੜੇ ਦੀਆਂ ਗਊਆਂ ਨਹੀਂ ਰਹੇ। ਇਸ ਲਈ ਹੁਣ ਸਾਨੂੰ ਅਜਿਹੀ ਪ੍ਰੇਰਨਾ ਕਰਨ ਦੀ ਲੋੜ ਨਹੀਂ, ਕਿਉਂਕਿ ਸਾਡੇ ਹਿਰਦੇ ਵਿੱਚ ਇੱਕ ਅਕਾਲਪੁਰਖ (ਗੋਬਿੰਦ) ਦਾ ਨਿਵਾਸ ਹੈ:

ਹਮ ਘਰਿ ਸੂਤੁ ਤਨਹਿ ਨਿਤ ਤਾਨਾ, ਕੰਠਿ ਜਨੇਊ ਤੁਮਾਰੇ ॥   

ਤੁਮ੍ ਤਉ ਬੇਦ ਪੜਹੁ ਗਾਇਤ੍ਰੀ, ਗੋਬਿੰਦੁ ਰਿਦੈ ਹਮਾਰੇ ॥ (੪੮੨)

ਵਿਗਿਆਨਕ ਦ੍ਰਿਸ਼ਟੀਕੋਨ ਤੋਂ ਗਾਇਤ੍ਰੀ ਮੰਤ੍ਰ ਦਾ ਇਹ ਸੱਚ ਤਾਂ ਕਿਸੇ ਹੱਦ ਤੱਕ ਪ੍ਰਵਾਨ ਕੀਤਾ ਜਾ ਸਕਦਾ ਹੈ ਕਿ ‘ਸੂਰਜ ਪ੍ਰਕਾਸ਼ ਰੂਪ ਹੈ, ਸਾਨੂੰ ਜਿਵਾਉਂਦਾ ਹੈ, ਦੁੱਖ ਹਰਤਾ ਹੈ’ ਕਿਉਂਕਿ ਸੂਰਜ ਰਾਹੀਂ ਸਾਰੇ ਜੀਅ-ਜੰਤਾਂ ਤੇ ਬਨਾਸਪਤੀ ਆਦਿਕ ਨੂੰ ਜੀਵਨ ਦਾ ਨਿਘ ਮਿਲਦਾ ਹੈ । ਉਸ ਦੀਆਂ ਕਿਰਨਾਂ ਚਾਨਣ ਰੂਪ ਹਨ ਤੇ ਉਨ੍ਹਾਂ ਦੁਆਰਾ ਫਸਲਾਂ ਤੇ ਫਲ਼ ਪੱਕਦੇ ਹਨ ।  ਪ੍ਰਾਣਾਂਧਾਰੀ ਜੀਵਾਂ ਨੂੰ ਵਿਟਾਮਿਨ ਡੀ ਪ੍ਰਾਪਤ ਹੁੰਦਾ ਹੈ, ਜੋ ਜੀਵਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਉਨ੍ਹਾਂ ਅੰਦਰ ਅਰੋਗਤਾ ਤੇ ਚੇਤੰਨਤਾ ਵੀ ਵਧਾਉਂਦਾ ਹੈ । ਇਸੇ ਲਈ ਮਨੁੱਖ ਤੇ ਪਸ਼ੂ ਪੰਛੀਆਂ ਸਮੇਤ ਸਾਰੇ ਜੀਵ ਧੁੱਪ ਸੇਕਣ ਦਾ ਯਤਨ ਕਰਦੇ ਵੇਖੇ ਜਾ ਸਕਦੇ ਹਨ । ਇਸ ਤਰ੍ਹਾਂ ਦੁੱਖ ਹਰਤਾ ਬਣਨ ਦੇ ਨਾਲ ਇਹ ਦੁੱਖ ਦਾਤਾ ਵੀ ਬਣ ਜਾਂਦਾ  ਹੈ ਕਿਉਂਕਿ ਇਸ ਦੀਆਂ ਧੇਰੇ ਸਮੇਂ ਦੀਆਂ ਤੇਜ਼ ਕਿਰਨਾਂ ਜੀਵਾਂ ਦੀ ਚਮੜੀ ਵਿੱਚ ਕੈਂਸਰ ਦੇ ਰੋਗ ਦਾ ਕਾਰਨ ਵੀ ਬਣ ਜਾਂਦੀਆਂ ਹਨ ।

ਪ੍ਰੰਤੂ ਗਾਇਤ੍ਰੀ ਮੰਤ੍ਰ ਦੇ ਇਸ ਭਾਗ ਨੂੰ ਕਿਸੇ ਪੱਖੋਂ ਵੀ ਸੱਚ ਮੰਨਣਾ ਅਸੰਭਵ ਹੈ ਕਿ ਸੂਰਜ ਦੇਵਤਾ ਬੇਨਤੀ ਕਰਨ ਯੋਗ ਹੈ ਤੇ ਸਾਨੂੰ ਉਸ ਦੇ ਮਹਿਮਾ-ਜਨਕ ਮੰਤ੍ਰਾਂ ਦਾ ਜਾਪ ਕਰਦਿਆਂ ਉਹਦਾ ਧਿਆਨ ਧਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਉਹ ਸਾਡੀ ਰੱਖਿਆ ਕਰਦਾ ਹੈ ਕਿਉਂਕਿ ਵਿਗਿਆਨ ਨੇ ਤਾਂ ਹੁਣ ਮਨੁੱਖ ਨੂੰ ਅੱਖੀਂ ਵਿਖਾ ਕੇ ਸਿੱਧ ਕਰ ਦਿੱਤਾ ਹੈ ਕਿ ਅੱਗ ਦਾ ਗੋਲਾ ਸੂਰਜ ਤੇ ਚੰਦ੍ਰਮਾ ਵੀ ਸਾਡੀ ਧਰਤੀ ਵਾਂਗ ਜੜ੍ਹ ਵਸਤੂ ਹਨ ਤੇ ਉਨ੍ਹਾਂ ਵਿੱਚ ਕਿਸੇ ਦੇ ਦੁੱਖ ਦਰਦ ਨੂੰ ਅਨੁਭਵ ਕਰਨ ਜਾਂ ਕਿਸੇ ਦੀ ਅਰਦਾਸ ਆਦਿਕ ਸੁਣਨ ਦੀ ਚੇਤੰਨਤਾ ਨਹੀਂ ਹੈ । ਇਸੇ ਲਈ ਗਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵਾਰ-ਵਾਰ ਸਮਝਾਇਆ ਹੈ ਕਿ ਕੁਦਰਤੀ ਸ਼ਕਤੀਆਂ ਨੂੰ ਦੇਵੀ ਦੇਵਤਿਆਂ ਦੇ ਰੂਪ ਵਿੱਚ ਮੂਰਤੀਆਂ ਘੜ ਕੇ ਪੂਜਣਾ ਬਹੁਤ ਵੱਡੀ ਅਗਿਆਨਤਾ ਹੈ । ਐਸੀਆਂ ਜੜ੍ਹ ਵਸਤੂਆਂ ਕਿਸੇ ਨੂੰ ਕੁਝ ਦੇਣ ਲੈਣ ਦੀ ਸਮਰਥਾ ਨਹੀਂ ਰੱਖਦੀਆਂ । ਪੱਥਰ ਨੂੰ ਪਾਣੀ ਵਿੱਚ ਧੋਂਦੇ ਰਹੀਏ ਤਾਂ ਵੀ ਉਹ ਪੱਥਰ ਦੇ ਘੜੇ ਹੋਏ ਦੇਵੀ ਦੇਵਤਾ ਪਾਣੀ ਵਿੱਚ ਡੁੱਬ ਜਾਂਦੇ ਹਨ । ਫਿਰ ਦੱਸੋ ਕਿ ਉਹ ਆਪਣੇ ਪੂਜਾਰੀਆਂ ਨੂੰ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਲੰਘਾਉਣਗੇ ?

ਦੇਵੀ ਦੇਵਾ ਪੂਜੀਐ, ਭਾਈ  ! ਕਿਆ ਮਾਗਉ ਕਿਆ ਦੇਹਿ  ? ॥  

ਪਾਹਣੁ ਨੀਰਿ ਪਖਾਲੀਐ, ਭਾਈ  ! ਜਲ ਮਹਿ ਬੂਡਹਿ ਤੇਹਿ ॥ (੬੩੭)

ਹਰਿਆਣੇ ਦੇ ਮੁੱਖ ਮੰਤ੍ਰੀ ਸ੍ਰੀ ਖੱਟੜ ਜੀ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਸਵੇਰ ਦੀ ਅਰਦਾਸ ਦਾ ਆਰੰਭ ਗਾਇਤ੍ਰੀ ਮੰਤ੍ਰ ਦੇ ਪਾਠ ਨਾਲ ਕਰਨ ਕਿਉਂਕਿ ਇਹ ਸਾਡੇ ਸਾਰਿਆਂ ਦੀ ਰੱਖਿਆ ਕਰਦਾ ਹੈ । ਮੁਖ ਮੰਤ੍ਰੀ ਜੀ ਦਾ ਇਹ ਔਰੰਗਜ਼ੇਬੀ ਫ਼ੁਰਮਾਨ ਲੋਕਤੰਤ੍ਰੀ ਭਾਰਤੀ ਸੰਵਿਧਾਨ ਦੇ ਵਿਪਰੀਤ ਅਤੇ ਮਾਨਵੀ ਅਧਿਕਾਰਾਂ ਦੇ ਦ੍ਰਿਸ਼ਟੀਕੋਨ ਤੋਂ ਵੱਡਾ ਅਪਰਾਧਕ ਧੱਕਾ ਹੈ ਕਿਉਂਕਿ ਸੰਵਿਧਾਨ ਹਰੇਕ ਵਿਅਕਤੀ ਆਪਣੀ ਮਨਮਰਜ਼ੀ ਦੀ ਧਾਰਮਿਕ ਉਪਾਸ਼ਨਾ ਦਾ ਅਧਿਕਾਰ ਦਿੰਦਾ ਹੈ । ਇਸ ਲਈ ਆਰੀਆ ਸਮਾਜੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਹੋਣ ਦੇ ਨਾਤੇ ਖੱਟੜ ਜੀ ਹਿੰਦੂ ਸੰਸਥਾਵਾਂ ਦੇ ਪ੍ਰਬੰਧ ਹੇਠ ਚੱਲਣ ਵਾਲੇ ਸਕੂਲਾਂ ਕਾਲਜਾਂ ਨੂੰ ਤਾਂ ਅਜਿਹੀ ਸਲਾਹ ਦੇ ਸਕਦੇ ਹਨ,  ਪਰ ਮੁੱਖ ਮੰਤ੍ਰੀ ਵਜੋਂ ਸਾਰੇ ਸਰਕਾਰੀ ਸਕੂਲਾਂ ਲਈ ਅਜਿਹਾ ਹੁਕਮ ਜਾਰੀ ਕਰਨਾ ਰਾਜਾਸ਼ਾਹੀ ਹੈ । ਕਾਰਨ ਇਹ ਹੈ ਕਿ ਉਥੇ ਸਿੱਖ, ਮੁਸਲਮਾਨ ਤੇ ਈਸਾਈ ਬੱਚੇ ਵੀ ਪੜ੍ਹਦੇ ਹਨ ਜਿਹੜੇ ਸੂਰਜ ਨੂੰ ਭਗਵਾਨ ਨਹੀਂ ਮੰਨਦੇ । ਮੈਨੂੰ ਤਾਂ ਇਉਂ ਜਾਪਦਾ ਹੈ ਕਿ ਖੱਟੜ ਜੀ ਹਰਿਆਣੇ ਨੂੰ ‘ਹਿੰਦੂ ਰਾਸ਼ਟਰ’ ਦੇ ਮਾਡਲ ਵਜੋਂ ਪੇਸ਼ ਕਰਨਾ ਚਾਹੁੰਦੇ ਹਨ, ਜੋ ਭਾਜਪਾ ਸਰਕਾਰ ਦਾ ਅਸਲ ਏਜੰਡਾ ਹੈ । ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਮਾਨਵ-ਅਧਿਕਾਰੀ ਜਥੇਬੰਦੀਆਂ ਨੂੰ ਹਰਿਆਣਾ ਸਰਕਾਰ ਦੇ ਉਪਰੋਕਤ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ ।

ਗੁਰੂ ਗ੍ਰੰਥ ਤੇ ਪੰਥ ਦਾ ਚਾਕਰ : ਜਗਤਾਰ ਸਿੰਘ ਜਾਚਕ ਨਿਊਯਰਕ, ਇੰਡੀਆ ਸੰਪਰਕ ੮੩੬੦੦-੧੯੧੭੫