ਪੰਜਾਬ ਦੇ ਪਾਣੀ ਦਾ ਅਸਲ ਸੱਚ

0
281

ਦਿਲ ਦਹਿਲਾਉਣ ਵਾਲੀ ਸ. ਬਲਰਾਜ ਸਿੰਘ ਸਿੱਧੂ ਐਸ. ਪੀ. ਦੀ ਪਾਣੀ ਬਾਰੇ ਲਿਖਤ

ਬਿਆਸ ਤੇ ਸਤਲੁਜ ਦੋਵੇਂ ਹੀ ਹਿਮਾਚਲ ਤੋਂ ਪੰਜਾਬ ਵਿੱਚ ਪ੍ਰਵੇਸ਼ ਕਰਦੇ ਹਨ ਤੇ ਹਰੀਕੇ ਹੈੱਡਵਰਕਸ ਤੋਂ ਇਕੱਠੇ ਹੋ ਕੇ ਨਹਿਰਾਂ ਦੇ ਰੂਪ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਖੇਤਾਂ ਨੂੰ ਸਿੰਜਦੇ ਹੋਏ ਧਰਤੀ ਤੋਂ ਗਾਇਬ ਹੋ ਜਾਂਦੇ ਹਨ।

ਇੱਥੋਂ ਇਹਨਾਂ ਦੋਵੇਂ ਦਰਿਆਵਾਂ ਦਾ ਪਾਣੀ ਪੰਜਾਬ ਦੇ ਹਜ਼ਾਰਾਂ ਖੇਤਾਂ ਦੀ ਸਿੰਜਾਈ ਕਰਦਾ ਹੈ ਤੇ ਲੱਖਾਂ ਲੋਕਾਂ ਦੀ ਪਿਆਸ ਬੁਝਾਉਂਦਾ ਹੈ।

ਪੰਜਾਬ ਦੇ ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਬਹੁਤ ਹੀ ਖਰਾਬ ਹੈ। ਮਾਲਵੇ ਦਾ ਪਾਣੀ ਨਾ ਤਾਂ ਪੀਤਾ ਜਾ ਸਕਦਾ ਹੈ ਅਤੇ ਨਾ ਹੀ ਫਸਲਾਂ ਲਈ ਵਰਤਿਆ ਜਾ ਸਕਦਾ ਹੈ। ਇਸ ਇਲਾਕੇ ਦੇ ਲੋਕਾਂ ਦੀ ਇੱਕੋ ਇੱਕ ਆਸ ਇਹਨਾਂ ਦਰਿਆਵਾਂ ਦਾ ਪਾਣੀ ਹੀ ਹੈ।

ਸਤਲੁਜ ਵਿੱਚੋਂ ਨੰਗਲ ਤੋਂ ਭਾਖੜਾ ਤੇ ਰੋਪੜ ਤੋਂ ਸਰਹਿੰਦ ਨਹਿਰ ਨਿਕਲਦੀ ਹੈ। ਰੋਪੜ ਤੋਂ ਸਤਲੁਜ ਦਰਿਆ ਅਸਲੀਅਤ ਵਿੱਚ ਬੰਦ ਹੋ ਜਾਂਦਾ ਹੈ। ਗੇਟ ਬੰਦ ਕਰ ਕੇ ਸਾਰੇ ਦਾ ਸਾਰਾ ਪਾਣੀ ਸਰਹਿੰਦ ਨਹਿਰ ਵਿੱਚ ਪਾ ਦਿੱਤਾ ਜਾਂਦਾ ਹੈ। ਸਿਰਫ ਬਰਸਾਤ ਦੇ ਦਿਨਾਂ ਵਿੱਚ ਹੀ ਗੇਟ ਖੋਲ੍ਹ ਕੇ ਵਾਧੂ ਪਾਣੀ ਅੱਗੇ ਛੱਡਿਆ ਜਾਂਦਾ ਹੈ।

ਬਿਆਸ ਦਾ ਪਾਣੀ ਜੋ ਹਰੀਕੇ ਪਹੁੰਚਦਾ ਹੈ, ਉਹ ਫਿਰ ਵੀ ਕੁਝ ਵਰਤਣ ਯੋਗ ਹੈ ਕਿਉਂਕਿ ਬਿਆਸ ਦੇ ਕੰਢਿਆਂ ’ਤੇ ਕੁਦਰਤੀ ਹੀ ਕੋਈ ਵੱਡਾ ਸ਼ਹਿਰ ਨਹੀਂ ਵਸਿਆ ਹੋਇਆ ਪਰ ਸਤਲੁਜ ਵਿੱਚ ਗੰਦਗੀ ਪੈਣੀ ਹਿਮਾਚਲ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਛੋਟੇ ਮੋਟੇ ਸ਼ਹਿਰਾਂ ਦੇ ਸੀਵਰ ਦੇ ਪਾਣੀ ਤੋਂ ਇਲਾਵਾ ਨਾਲਾਗੜ੍ਹ, ਬੱਦੀ ਅਤੇ ਬਰੋਟੀਵਾਲਾ ਦੇ ਭਾਰੀ ਉਦਯੋਗਾਂ ਦਾ ਸਾਰਾ ਜ਼ਹਿਰ ਛੋਟੇ ਮੋਟੇ ਨਦੀ ਨਾਲਿਆਂ ਤੇ ਸਰਸਾ ਨਦੀ ਰਾਹੀਂ ਵੱਖ ਵੱਖ ਥਾਵਾਂ ਜਿਵੇਂ ਕਿ ਅਵਾਨਕੋਟ ਲਾਗੋਂ ਸਤਲੁਜ ਦਰਿਆ ਵਿੱਚ ਪੈਂਦਾ ਹੈ।

 ਜੇ ਰੋਪੜ ਤੋਂ ਸਤਲੁਜ ਬੰਦ ਹੋ ਜਾਂਦਾ ਹੈ ਤਾਂ ਫਿਰ ਹਰੀਕੇ ਇਸ ਦਾ ਪਾਣੀ ਕਿਵੇਂ ਪਹੁੰਚਦਾ ਹੈ? ਇਹ ਗੱਲ ਵਿਚਾਰਨ ਯੋਗ ਹੈ।

ਹੁਣ ਉਸ ਪਾਣੀ ਦੀ ਪੂਰਤੀ ਲੁਧਿਆਣੇ ਤੇ ਜਲੰਧਰ ਦੇ ਸੀਵਰ ਤੋਂ ਹੁੰਦੀ ਹੈ। ਲੁਧਿਆਣੇ ਤੇ ਜਲੰਧਰ ਦੇ ਸੀਵਰ ਦਾ ਸਾਰਾ ਪਾਣੀਂ ਬਿਨਾਂ ਕਿਸੇ ਟਰੀਟਮੈਂਟ ਦੇ ਗੰਦੇ ਨਾਲਿਆਂ ਰਾਹੀਂ ਸਤਲੁਜ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਵਿੱਚ ਹਜ਼ਾਰਾਂ ਟਨ ਕੈਮੀਕਲ, ਭਾਰੇ ਤੱਤ, ਚਮੜਾ ਤੇ ਕੱਪੜਾ ਰੰਗਣ ਵਾਲੀਆਂ ਫੈਕਟਰੀਆਂ ਦਾ ਗੰਦ ਆਦਿ ਸ਼ਾਮਲ ਹੈ।

2011 ਦੀ ਜਨ ਗਣਨਾ ਮੁਤਾਬਕ ਲੁਧਿਆਣੇ ਦੀ ਆਬਾਦੀ ਤਕਰੀਬਨ 16,50,000 ਸੀ। ਐਨੀ ਆਬਾਦੀ ਦਾ ਰੋਜ਼ ਦਾ ਮਲ ਮੂਤਰ ਹੀ ਹਜ਼ਾਰਾਂ ਟਨ ਹੁੰਦਾ ਹੈ। ਉਹ ਵੀ ਸਤਲੁਜ ਦਰਿਆ ਵਿੱਚ ਹੀ ਪੈਂਦਾ ਹੈ। ਹੁਣ ਜੋ ਹਰੀਕੇ ਪਹੁੰਚਦਾ ਹੈ, ਉਸ ਨੂੰ ਦਰਿਆ ਸਮਝ ਲਉ ਜਾਂ ਗੰਦਾ ਨਾਲਾ ਸਮਝ ਲਉ, ਤੁਹਾਡੀ ਮਰਜ਼ੀ।

ਹਰੀਕੇ ਹੈੱਡਵਰਕਸ ਤੋਂ ਨਿਕਲਣ ਵਾਲੇ ਇੰਦਰਾ ਗਾਂਧੀ ਨਹਿਰੀ ਸਿਸਟਮ ਦਾ ਪਾਣੀ ਸਿੰਚਾਈ ਤੇ ਪੀਣ ਲਈ ਪੰਜਾਬ ਦੇ ਫਰੀਦਕੋਟ, ਫਿਰੋਜਪੁਰ, ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਵਰਤਿਆ ਜਾਂਦਾ ਹੈ। ਇਹੀ ਹਾਲ ਅੱਗੇ ਹਰਿਆਣੇ ਦੇ ਸਰਸਾ ਅਤੇ ਰਾਜਸਥਾਨ ਦੇ ਬਾੜਮੇਰ, ਬੀਕਾਨੇਰ, ਚੁਰੂ, ਹਨੂੰਮਾਨਗੜ੍ਹ, ਗੰਗਾਨਗਰ ਤੇ ਜੈਸਲਮੇਰ ਜ਼ਿਲ੍ਹਿਆਂ ਦਾ ਹੈ। ਇਹਨਾਂ ਜ਼ਿਲ੍ਹਿਆਂ ਦੇ ਲੋਕਾਂ ਦੀ ਤ੍ਰਾਸਦੀ ਵੇਖੋ, ਜੇ ਪਾਣੀ ਵਰਤਣ ਤਾਂ ਮਰੇ ਜੇ ਨਾ ਵਰਤਣ ਤਾਂ ਮਰੇ।

ਜੇ ਹਰੀਕੇ ਹੈੱਡਵਰਕਸ ਤੇ ਖੜੇ੍ਹ ਹੋ ਕੇ ਵੇਖੀਏ ਤਾਂ ਨਹਿਰਾਂ ਵਿੱਚ ਪ੍ਰਵੇਸ਼ ਕਰ ਰਹੇ ਪਾਣੀ ਨੂੰ ਵੇਖ ਕੇ ਦਿਲ ਖਰਾਬ ਹੋ ਜਾਂਦਾ ਹੈ। ਕਾਲਾ ਪਾਣੀ ਝੱਗ ਛੱਡਦਾ ਸਾਫ ਦਿੱਖਦਾ ਹੈ। ਜਦੋਂ ਕਦੇ ਨਹਿਰੀ ਬੰਦੀ ਵੇਲੇ ਨਹਿਰਾਂ ਵਿੱਚ ਪਾਣੀ ਘੱਟ ਜਾਂਦਾ ਹੈ ਤਾਂ ਸਿਰਫ ਗੰਦੇ ਨਾਲੇ ਦੇ ਪਾਣੀ ਵਰਗਾ ਕਾਲਾ ਮੁਸ਼ਕ ਮਾਰਦਾ ਪਾਣੀ ਹੀ ਵਗਦਾ ਦਿਸਦਾ ਹੈ। ਇਹੀ ਪਾਣੀ ਵਾਟਰ ਵਰਕਸ ਰਾਹੀਂ ਲੋਕਾਂ ਨੂੰ ਪੀਣ ਲਈ ਦਿੱਤਾ ਜਾਂਦਾ ਹੈ।

 ਇਸ ਪਾਣੀ ਨੇ ਮਾਲਵਾ ਖੇਤਰ ਦੇ ਲੋਕਾਂ ਦੀ ਸਿਹਤ ਦਾ ਸਤਿਆਨਾਸ ਕਰ ਦਿੱਤਾ ਹੈ। ਕੈਂਸਰ ਮਹਾਂਮਾਰੀ ਵਾਂਗ ਇਲਾਕੇ ਵਿੱਚ ਫੈਲ ਚੁੱਕਾ ਹੈ। ਬੀਕਾਨੇਰ ਨੂੰ ਜਾਣ ਵਾਲੀ ਗੱਡੀ ਦਾ ਨਾਂ ਹੀ ਕੈਂਸਰ ਐਕਸਪ੍ਰੈਸ ਪੈ ਗਿਆ ਹੈ। ਜਿਹੜਾ ਨਸ਼ਿਆਂ ਤੋਂ ਬਚ ਗਿਆ, ਉਹ ਕੈਂਸਰ ਦੀ ਲਪੇਟ ਵਿੱਚ ਆ ਗਿਆ ਹੈ।

Info from article  ਪੰਜਾਬ ਦਾ ਪਾਣੀ–ਬਲਰਾਜ ਸਿੰਘ ਸਿੱਧੂ , ਐਸ. ਪੀ.

By : Babushahi Bureau