ਬੌਧਿਕ ਤੌਰ ਤੇ ਵਿਗਾੜ ਪੈਦਾ ਕਰ ਰਿਹਾ ਅਜੋਕਾ ਪੰਜਾਬੀ ਗੀਤ/ਸੰਗੀਤ

0
482

ਬੌਧਿਕ ਤੌਰ ਤੇ ਵਿਗਾੜ ਪੈਦਾ ਕਰ ਰਿਹਾ ਅਜੋਕਾ ਪੰਜਾਬੀ ਗੀਤ/ਸੰਗੀਤ

 ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ) -98150-24920

ਸੰਗੀਤ ਇੱਕ ਕਲਾ ਹੈ। ਇਹ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਇਸ ਦਾ ਸਤਿਕਾਰ ਕਰਦਾ ਹੈ, ਘਾਲਣਾ ਘਾਲਦਾ ਹੈ, ਉਸਤਾਦੀ ਸ਼ਾਗਿਰਦੀ ਦੀ ਪ੍ਰੰਪਰਾ ਵਿੱਚੋਂ ਲੰਘਦਿਆਂ ਹੋਇਆਂ ਕਠਨ ਰਿਆਜ਼, ਮਿਹਨਤ ਅਤੇ ਲਗਨ ਨਾਲ ਇਸ ਦੀਆਂ ਬਾਰੀਕੀਆਂ ਨੂੰ ਸਮਝ ਕੇ, ਸੰਗੀਤ ਨੂੰ ਆਪਣੇ ਅੰਤਰ ਆਤਮੇ ਵਿੱਚ ਸਮਾ ਲੈਂਦਾ ਹੈ ਕਿ ਸੰਗੀਤ ਉਸ ਦੇ ਅੰਦਰੋਂ ਪੈਦਾ ਹੋਣ ਲੱਗ ਪੈਂਦਾ ਹੈ। ਸੰਗੀਤਕਾਰ ਸੁਰ, ਤਾਲ, ਲੈਅ ਵਿੱਚ ਇਕਮਿਕਤਾ ਪੈਦਾ ਕਰ ਕੇ ਐਸਾ ਸੰਗੀਤ ਸਿਰਜਦਾ ਹੈ, ਜੋ ਮਨੁੱਖ ਮਾਤਰ ਹੀ ਨਹੀਂ ਬਲਕਿ ਕੁਦਰਤ ਦੀ ਹਰ ਸ਼ੈਅ ’ਤੇ ਕਾਬੂ ਪਾਉਣ ਦੇ ਸਮਰੱਥ ਹੋ ਸਕਦਾ ਹੈ।

ਗੀਤ/ਸੰਗੀਤ ਦੀ ਹਰ ਧਰਮ, ਦੇਸ਼, ਕਸਬੇ, ਕਬੀਲੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਾਨਤਾ ਰਹੀ ਹੈ। ਸੰਗੀਤ ਨੂੰ ਰੂਹ ਦੀ ਖ਼ੁਰਾਕ ਮੰਨਿਆ ਜਾਂਦਾ ਹੈ। ਇਹ ਕਈ ਕਿਸਮਾਂ ਦਾ ਹੋ ਸਕਦਾ ਹੈ ਧਾਰਮਿਕ ਸੰਗੀਤ, ਲੋਕ ਸੰਗੀਤ, ਸ਼ਾਸਤਰੀ ਸੰਗੀਤ, ਗੁਰਮਤਿ ਸੰਗੀਤ, ਇੱਲੈਕਟ੍ਰਾਨਿਕ ਸੰਗੀਤ, ਰਾਕ ਸੰਗੀਤ ਵਗੈਰਾ।  ਹਰ ਕੋਈ ਆਪਣੇ ਸੁਆਦ ਅਨੁਸਾਰ ਆਪਣੀ ਮਨ ਮਰਜ਼ੀ ਦਾ ਸੰਗੀਤ ਸੁਣਨਾ ਚਾਹੁੰਦਾ ਹੈ ਤਾਂ ਕਿ ਉਹ ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਕੁੱਝ ਪਲ ਆਪਣੇ ਲਈ ਕੱਢ ਕੇ ਸੰਗੀਤ ਨਾਲ ਆਪਣੇ ਮਨ ਨੂੰ ਸ਼ਾਂਤ ਕਰ ਸਕੇ, ਪਰ ਜੇਕਰ ਸੰਗੀਤ ਮਨ ਨੂੰ ਸ਼ਾਂਤ ਕਰਨ ਦੀ ਥਾਂ ਉਤੇਜਿਤ ਕਰੇ, ਭੜਕਾਹਟ ਪੈਦਾ ਕਰੇ, ਕੰਨ ਰਸ ਦੀ ਥਾਂ ਕੰਨਾਂ ਨੂੰ ਹੀ ਖਾਣ ਲੱਗ ਪਵੇ, ਸੰਗੀਤ ਰਾਹੀਂ ਸੁਣਾਏ ਜਾ ਰਹੇ ਗੀਤ ਦੇ ਸ਼ਬਦ ਅਸੱਭਿਅਕ ਜਿਹੇ ਹੋਣ, ਹਥਿਆਰਾਂ, ਨਾਰਾਂ, ਸ਼ਰਾਬ ਦੀਆਂ ਬੋਤਲਾਂ, ਫੁਕਰੇਬਾਜ਼ੀ, ਹਵਾਬਾਜ਼ੀ, ਕਥਿਤ ਬ੍ਰਾਂਡਿੰਗ ਜਾਂ ਹੋਰ ਅਜਿਹੀ ਸਮੱਗਰੀ ਜੋ ਸੰਗੀਤ ਵਿੱਚ ਜ਼ਹਿਰ ਪੈਦਾ ਕਰ ਰਹੀ ਹੋਵੇ ਅਤੇ ਇਹ ਜ਼ਹਿਰ ਸਾਡੇ ਕੰਨਾਂ ਰਾਹੀਂ ਅਤੇ ਉਕਤ ਗੀਤਾਂ ਦੇ ਫਿਲਮਾਂਕਣ ਤੋਂ ਸਾਡੀਆਂ ਅੱਖਾਂ ਰਾਹੀਂ ਸਾਡੀ ਨੌਜਵਾਨ ਪੀੜ੍ਹੀ ਦੇ ਜਿਸਮਾਂ ਵਿੱਚ ਜਾ ਕੇ, ਬੌਧਿਕ ਤੌਰ ’ਤੇ ਵਿਗਾੜ ਪੈਦਾ ਕਰ ਰਿਹਾ ਹੋਵੇ ਤਾਂ ਉਹ ਕਦਾਚਿਤ ਲੋਕ ਗੀਤ/ਸੰਗੀਤ ਕਹਾਉਣ ਦਾ ਹੱਕਦਾਰ ਨਹੀਂ ਰਹਿ ਜਾਂਦਾ।

ਜੋ ਗੀਤ/ਸੰਗੀਤ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਟਿੱਚ ਜਾਣਦਿਆਂ, ਸਮਾਜ ਵਿੱਚ ਅਪਰਾਧ ਨੂੰ ਜਨਮ ਦੇਣ ਵਾਲੀ ਮਾਂ ਦੇ ਰੂਪ ਵਿੱਚ ਉੱਭਰ ਰਿਹਾ ਹੋਵੇ ਤਾਂ ਜਿੱਥੇ ਅਜਿਹੇ ਗੀਤ ਸੰਗੀਤ ਵਿਰੁਧ ਸਮਾਜਿਕ ਸੰਸਥਾਵਾਂ, ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਬਿਨ੍ਹਾਂ ਦੇਰੀ ਹੰਭਲਾ ਮਾਰ ਕੇ ਕਾਨੂੰਨੀ ਢੰਗ ਨਾਲ ਕਾਰਵਾਈ ਕਰਨੀ ਬਣਦੀ ਹੈ ਉੱਥੇ ਨਾਲ ਹੀ ਆਪਣੀ ਨੌਜਵਾਨੀ ਪੀੜ੍ਹੀ ਸਮੇਤ ਬਾਲ ਮਨਾਂ ਅੰਦਰ ਸੱਚੇ-ਸੁੱਚੇ ਸੰਗੀਤ ਪ੍ਰਤੀ ਚੇਟਕ ਪੈਦਾ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਬੱਚੇ ਗੀਤਾਂ ਦੇ ਫਿਲਮਾਂਕਣ ਵਿੱਚ ਵਿਖਾਈਆਂ ਜਾ ਰਹੀਆਂ ਸਮਾਜ/ਸੱਭਿਆਚਾਰ ਅਤੇ ਰਿਸ਼ਤਿਆਂ ਵਿਰੋਧੀ ਕਾਰਵਾਈਆਂ ਦਾ ਹਿੱਸਾ ਨਾ ਬਣ ਜਾਣ ਕਿਉਂਕਿ ਮੌਜੂਦਾ ਦੌਰ ਵਿੱਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਡੀ ਸੱਭਿਆਚਾਰਕ ਗਾਇਕੀ ਜਿਸ ’ਤੇ ਪੰਜਾਬੀਆਂ ਨੂੰ ਅਤੇ ਹਰੇਕ ਛੋਟੀ-ਵੱਡੀ ਉਮਰ ਵਾਲੇ ਨੂੰ ਮਾਣ ਹੁੰਦਾ ਸੀ, ਜਿਸ ਵਿੱਚ ਸ਼ੁੱਧ ਪੰਜਾਬੀ ਅਲਫਾਜ਼ ਹੁੰਦੇ ਸਨ, ਅੱਜ ਮਿਲਗੋਭਾ ਹੋ ਕੇ ਰਹਿ ਗਈ ਹੈ। ਅੱਜ ਗੀਤਾਂ ਨੂੰ ਸੁਣਨ ਦੀ ਥਾਂ ਦੇਖਣ ਵਾਲੀ ਚੀਜ਼ ਬਣਾ ਦਿੱਤਾ ਗਿਆ ਹੈ।  ਮੌਜੂਦਾ ਦੌਰ ਵਿੱਚ ਪ੍ਰਚਲਿਤ ਹੋ ਰਹੀ ਗੀਤਕਾਰੀ ਅਤੇ ਗਾਇਕੀ ਇੰਨ੍ਹੀ ਜ਼ਿਆਦਾ ਥੱਲੇ ਡਿੱਗ ਚੁਕੀ ਹੈ ਕਿ ਅੱਜ 95% ਪ੍ਰਤੀਸ਼ਤ ਗੀਤ ਪਰਿਵਾਰ ਵਿੱਚ ਸੁਣਨ/ਵੇਖਣ ਵਾਲੇ ਨਹੀਂ ਰਹੇ। ਅਧਨੰਗੀਆਂ ਮਾਡਲਾਂ ਦੇ ਨੰਗੇਜਪੁਣੇ ਨੂੰ ਕੈਮਰਿਆਂ ਰਾਹੀਂ ਸਾਡੇ ਘਰਾਂ ਦੀਆਂ ਦਹਿਲੀਜਾਂ ਪਾਰ ਕਰਵਾ ਦਿੱਤੀਆਂ ਗਈਆਂ ਹਨ। ਔਰਤ ਨੂੰ ਵਸਤੂ ਦੀ ਤਰ੍ਹਾਂ ਪੇਸ਼ ਕਰਦੇ ਹੋਏ ਅਖੌਤੀ ਮਾਡਲਾਂ, ਗਾਇਕਾਂ, ਮੀਡੀਆ ਕੰਪਨੀਆਂ ਨੇ ਔਰਤ ਨੂੰ ਪੂਰੀ ਤਰ੍ਹਾਂ ਬੇਪਰਦਾ ਕਰ ਦਿੱਤਾ ਹੈ।

ਘਟੀਆ ਸ਼ਬਦਾਵਲੀ ਅਤੇ ਦਿਸ਼ਾਹੀਣ ਗਾਇਕੀ ਅਤੇ ਗੀਤਕਾਰਾਂ ਵੱਲੋਂ ਸਮਾਜ ਵਿੱਚ ਸ਼ਰ੍ਹੇਆਮ ਗੰਦ ਪਰੋਸਿਆ ਜਾ ਰਿਹਾ ਹੈ ਪਰ ਅਸੀਂ ਪੰਜਾਬੀ ਜੋ ਕਦੇ ਔਰਤ ਦੀ ਪੱਤ ਦੀ ਰਾਖੀ ਕਰਨ ਲਈ ਮਸ਼ਹੂਰ ਸੀ, ਇਸ ਗੰਦ ਬਾਰੇ ਅਜੇ ਤੱਕ ਕੋਈ ਵੀ ਸਖ਼ਤ ਸਟੈਂਡ ਲੈਣ ਲਈ ਤਿਆਰ ਨਹੀਂ ਤਾਂ ਹੀ ਕਿਸੇ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ :

ਕੋਈ ਕੰਮ ਨਹੀਂ ਮਿਲਦਾ ਤਾਂ ਫੇਰ ਕੀ ਆ  ?

ਨਹੀਂ ਆਉਂਦਾ ਤਾਂ ਫੇਰ ਵੀ ਗਾਉਣ ਲੱਗ ਜਾ  !

ਨਹੀਂ ਸੁਰ ਦੀ ਸਮਝ ਤਾਂ ਫੇਰ ਕੀ ਆ  ?

ਕੋਈ ਨਹੀਂ ਸੁਣਦਾ ਤਾਂ ਵੀ ਸੁਨਾਉਣ ਲੱਗ ਜਾ  !

ਪੱਲਿਓਂ ਖਰਚ ਪੈਸੇ ਆਪੇ ਕਲਾਕਾਰ ਬਣ ਜਾ,

ਸ਼ੋਰ ਸ਼ਰਾਬੇ ਦਾ ਪ੍ਰਦੂਸ਼ਣ ਫੇਲਾਉਣ ਲੱਗ ਜਾ  !

ਗੰਦੇ ਗੀਤਾਂ ਦਾ ਕੰਨ-ਰਸ ਬਥੇਰਿਆਂ ਨੂੰ,

ਮਾਤ ਭਾਸ਼ਾ ਦੀ ਚੁੰਨੀ ਸਿਰੋਂ ਲਾਹੁਣ ਲੱਗ ਜਾ  !

ਮਹਿੰਗੀਆਂ ਕਾਰਾਂ, ਸ਼ਰਾਬਾਂ, ਅਫੀਮ ਆਦਿ ਨਸ਼ਿਆਂ ਵੱਲ ਪ੍ਰੇਰਦੇ ਗੀਤ, ਨੌਜਵਾਨ ਕੁੜੀਆਂ ਨੂੰ ਲਾਲ ਪਰੀ, ਸ਼ਰਾਬ ਦੀ ਬੋਤਲ ਆਦਿ ਦਾ ਨਾਮ ਦੇਣ ਵਾਲੇ ਗੀਤਾਂ ’ਤੇ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ। ਕੁੜੀਆਂ ਨੂੰ ਜ਼ਬਰਦਸਤੀ ਘਰੋਂ ਭਜਾਉਣਾ, ਸਕੂਲਾਂ-ਕਾਲਜਾਂ ਵਿੱਚ ਸ਼ੂਟਿੰਗਾਂ ਦੌਰਾਨ ਪੜ੍ਹਾਈ ਦੀਆਂ ਕਿਤਾਬਾਂ ਨੂੰ ਹੱਥਾਂ ਵਿੱਚੋਂ ਉਤਾਂਹ ਨੂੰ ਸੁੱਟਣਾ, ਪੀਰੀਅਡ ਮਿਸ ਕਰਨ ਦੀਆਂ ਗੱਲਾਂ; ਲੜਾਈਆਂ, ਰੁਮਾਂਸ ਆਦਿਕ ਸੀਨ ਫਿਲਮਾਉਣੇ ਕਿਹੜੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਉਤਾਂਹ ਚੁਕਣਗੇ  ?

ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡਾ ਫਰਜ਼ ਹੈ ਕਿ ਅਸੀਂ ਇੱਕ ਇਸਤਰੀ ਜੋ ਕਿ ਮਾਂ, ਭੈਣ, ਪਤਨੀ, ਧੀ, ਨੂੰਹ ਦੇ ਰੂਪ ਵਿੱਚ ਸਿਹਤਮੰਦ ਸਮਾਜ ਸਿਰਜਣ ਵਿੱਚ ਅਹਿਮ ਭੁਮਿਕਾ ਅਦਾ ਕਰਦੀ ਹੈ ਉਸ ਦਾ ਬਣਦਾ ਮਾਣ-ਸਨਮਾਨ ਉਸ ਨੂੰ ਦਿੱਤਾ ਜਾਵੇ, ਨਾ ਕਿ ਇਸ ਨੂੰ ਇੱਕ ਅਸਲੀਲ਼ ਅਤੇ ਕਾਮੁਕ ਵਸਤੂ ਵਜੋਂ ਪੇਸ਼ ਕੀਤਾ ਜਾਵੇ ਅਤੇ ਸੱਭਿਆਚਾਰ ਨੂੰ ਕਲੰਕਿਤ ਕਰ ਰਹੀ ਅਸੱਭਿਅਕ ਗਾਇਕੀ ਨੂੰ ਠੱਲ੍ਹ ਪਾਈ ਜਾਵੇ।

ਅੱਜ ਪੰਜਾਬੀ ਗੀਤ/ਸੰਗੀਤ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ ਰੂਹ ਦੀ ਖ਼ੁਰਾਕ ਬਣਾਉਣ ਲਈ ਇਸ ਦੇ ਗੀਤਾਂ ਵਿੱਚ ਪੰਜਾਬੀ ਮਾਂ ਬੋਲੀ ਦੀ ਮਿਠਾਸ, ਪੰਜਾਬੀ ਸੱਭਿਆਚਾਰ ਦੀ ਲੈਅ, ਪੰਜਾਬੀ ਕਦਰਾਂ ਕੀਮਤਾਂ ਦੀ ਤਾਲ, ਲੋਕ ਗੀਤਾਂ ਅਤੇ ਸੱਭਿਅਕ ਰੀਤਾਂ ਦਾ ਘੋਲ ਮਿਲਾ ਕੇ ਇਸ ਨੂੰ ਅਮਰ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਿਆ ਜਾ ਸਕੇ।  ਰੱਬ ਰਾਖਾ !