ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਮ ਇਕ ਖ਼ੱਤ (ਚਿੱਠੀ ਨੰਬਰ 42)

0
389

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਮ ਇਕ ਖ਼ੱਤ

ਸ. ਗੋਬਿੰਦ ਸਿੰਘ ਲੋਂਗੋਵਾਲ ਜੀ,

ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।

ਵਿਸ਼ਾ:-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਜਥਾ ਨਾ ਭੇਜਣ ਬਾਰੇ।

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, 8 ਜੂਨ ਦੀਆਂ ਅਖ਼ਬਾਰਾਂ ਵਿਚ ਛਪਿਆ, ਆਪ ਜੀ ਦਾ ਬਿਆਨ ਪੜ੍ਹ ਕੇ ਹੈਰਾਨੀ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਾਲ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਭੇਜੇ ਜਾਣ ਵਾਲੇ ਜਥੇ ਨੂੰ ਨਾ ਭੇਜਣ ਦਾ ਐਲਾਨ ਕੀਤਾ ਹੈ। ਪ੍ਰਧਾਨ ਜੀ, ਜਦੋਂ ਤੁਹਾਡੇ ਜਥੇ ਨੂੰ ਵੀਜ਼ਾ ਹੀ ਨਹੀਂ ਮਿਲਿਆ, ਤੁਸੀਂ ਜਥਾ ਭੇਜ ਕਿਵੇਂ ਸਕਦੇ ਸੀ? ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਤੁਸੀਂ ਇਸ ਲਈ ਪਾਕਿਸਤਾਨ ਦੀ ਅੰਬੈਸੀ ਨੂੰ ਜਿੰਮੇਵਾਰ ਦੱਸਿਆ ਹੈ ਜੋ ਕਿ ਸਹੀ ਨਹੀਂ ਹੈ। ਪਾਕਿਸਤਾਨ ਦੀ ਅੰਬੈਸੀ ਵੱਲੋਂ ਸਿੱਖ ਸੰਗਤਾਂ ਨੂੰ  ਲਾਹੌਰ ਜਾਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਜੇ ਦਿੱਤੇ ਗਏ ਹਨ ਅਤੇ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਲਾਹੌਰ ਪੁੱਜੀਆਂ ਹਨ। ਜੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਇਸ ਲਈ ਪਾਕਿਸਤਾਨ ਦੀ ਅੰਬੈਸੀ ਨਹੀਂ, ਸ਼੍ਰੋਮਣੀ ਕਮੇਟੀ ਖ਼ੁਦ ਜਿੰਮੇਵਾਰ ਹੈ।

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਤੁਹਾਡੇ ਵੱਲੋਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਾਕਿਸਤਾਨ ਦੀ ਅੰਬੈਸੀ ਨੂੰ ਉਲਾਂਭਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਜਦੋਂ ਕਿ ਸੱਚ ਇਹ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ, ਸਿਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ। ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਮੰਨਾਏ ਜਾਂਦੇ ਹਨ ਅਤੇ ਇਸੇ ਮੁਤਾਬਕ ਹੀ ਪਾਕਿਸਤਾਨ ਦੀ ਅੰਬੈਸੀ ਵੱਲੋਂ ਹਰ ਸਾਲ ਸਿੱਖ ਸ਼ਰਧਾਲੂਆਂ ਨੂੰ ਵੀਜੇ ਜਾਰੀ ਕੀਤੇ ਜਾਂਦੇ ਹਨ ? ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 2 ਹਾੜ (16 ਜੂਨ) ਨੂੰ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਪਾਕਿਸਤਾਨ ਦੀ ਅੰਬੈਸੀ ਵੱਲੋਂ ਜਥਿਆਂ ਨੂੰ ਵੀਜੇ ਜਾਰੀ ਕੀਤੇ ਜਾਂਦੇ ਹਨ। ਜਦੋਂ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਅੰਬੈਸੀ ਨੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਵੀਜੇ ਨਹੀਂ ਦੇਣੇ ਤਾਂ ਕਿਉਂ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਸ਼ਰਧਾਲੂਆਂ ਨੂੰ ਖੱਜਲ ਖੁਆਰ ਕਰਦੇ ਹਨ ? ਹਰ ਸਾਲ ਸ਼੍ਰੋਮਣੀ ਕਮੇਟੀ, ਸੰਗਤਾਂ ਨੂੰ ਪਾਸਪੋਰਟ ਜਮਾਂ ਕਰਵਾਉਣ ਲਈ ਸੱਦਾ ਦਿੰਦੀ ਹੈ। ਜਦੋਂ ਸ਼ਰਧਾਲੂ ਆਪਣੇ ਕਾਗਜ-ਪੱਤਰ ਪੂਰੇ ਕਰ ਕੇ, ਜਮਾ ਕਰਵਾਉਂਦੇ ਹਨ ਤਾਂ ਅੱਗੋਂ ਕਮੇਟੀ ਇਹ ਕਹਿ ਕੇ ਸਾਰ ਦਿੰਦੀ ਹੈ ਕਿ “ਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਵੀਜੇ ਨਾ ਦੇ ਕੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ”। 

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਪਿਛਲੇ ਕਈ ਸਾਲਾਂ ਤੋਂ, ਜਦੋਂ ਸ਼੍ਰੋਮਣੀ ਕਮੇਟੀ ਵੱਲੋਂ, ਸਿੱਖ ਸ਼ਰਧਾਲੂਆਂ ਨੂੰ ਆਪਣੇ ਪਾਸਪੋਰਟ ਜਮਾ ਕਰਵਾਉਣ ਦਾ ਸੱਦਾ ਦਿੱਤਾ ਜਾਂਦਾ ਹੈ, ਮੈਂ ਉਸੇ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਕੱਤਰ ਜਾਂ ਸਕੱਤਰ ਧਰਮ ਪ੍ਰਚਾਰਕਮੇਟੀ (ਤਿੰਨ ਲੱਖੀਏ ਸਕੱਤਰ ਸਮੇਤ) ਨੂੰ ਪੱਤਰ ਲਿਖ ਕੇ ਜਾਣੂ ਕਰਵਾਉਂਦਾ ਰਿਹਾ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀਂ ਮਿਲਣਾ, ਸੰਗਤਾਂ ਨੂੰ ਖੱਜਲ ਖੁਆਰ ਨਾ ਕਰੋ। ਇਹ ਜਾਣਦੇ ਹੋਏ ਵੀ ਕਿ ਪਾਕਿਸਤਾਨ ਦੀ ਅੰਬੈਸੀ ਨੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਵੀਜ਼ਾ ਨਹੀਂ ਦੇਣਾ,ਹਰ ਸਾਲ ਇਸ ਅਮਲ ਨੂੰ ਦੁਹਰਾਈ ਜਾਣਾ, ਅਣਜਾਣੇ ਵਿੱਚ ਹੋਈ ਭੁੱਲ ਤਾਂ ਨਹੀਂ ਮੰਨੀ ਜਾ ਸਕਦੀ।

ਪ੍ਰਧਾਨ ਜੀ, ਮੈਂ ਅੱਜ ਫੇਰ ਆਪਣੀ ਜਿੰਮੇਵਾਰੀ ਸਮਝਦਾ ਹੋਇਆ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਜੇ ਸ਼੍ਰੋਮਣੀ ਕਮੇਟੀ ਨੇ ਧੁਮੱਕਸ਼ਾਹੀ ਕੈਲੰਡਰ ਦਾ ਖਹਿੜਾ ਨਾ ਛੱਡਿਆ ਤਾਂ ਆਉਣ ਵਾਲੇ 10 ਸਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਪਾਸਪੋਰਟਾਂ ਉਪਰ ਪਾਕਿਸਤਾਨ ਦੀ ਅੰਬੈਸੀ ਨੇ ਵੀਜ਼ਾ ਨਹੀਂ ਦੇਣਾ। ਸੰਮਤ 553 ਨਾਨਕਸ਼ਾਹੀ (ਜੂਨ 2021) ਨੂੰ ਜਥਾ ਭੇਜ ਤਾਂ ਸਕਦੇ ਹੋ ਪਰ ਉਸ ਜਥੇ ਨੂੰ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਸਮਾਗਮਾਂ ਵਿਚ ਸ਼ਾਮਲ ਹੋਏ ਬਿਨਾਂ ਹੀ ਵਾਪਸ ਪਰਤਣਾ ਪਵੇਗਾ। ਯਾਦ ਰਹੇ ਸੰਮਤ 543 ਨਾਨਕਸ਼ਾਹੀ (ਜੂਨ 2013 ਈ:) ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਗਿਆ ਜਥਾ ਵੀ 8 ਜੂਨ ਨੂੰ ਗਿਆ ਸੀ ਅਤੇ 13 ਜੂਨ ਨੂੰ, ਉਥੇ ਉਲੀਕੇ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਬਿਨਾਂ ਹੀ ਵਾਪਸ ਆ ਗਿਆ ਸੀ। ਸ਼੍ਰੋਮਣੀ ਕਮੇਟੀ ਸੰਮਤ 561 ਨਾਨਕਸ਼ਾਹੀ (ਜੂਨ 2029 ਈ:) ਵਿੱਚ ਹੀ ਜਥਾ ਭੇਜ ਸਕੇਗੀ।

ਸੰਮਤ 535 ਤੋਂ ਸੰਮਤ 541 ਨਾਨਕਸ਼ਾਹੀ (2003-4 ਤੋਂ 2009-10 ਈ:) ਦੇ ਸਮੇਂ ਦੌਰਾਨ, ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੇ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਏ ਜਾਂਦੇ ਰਹੇ ਹਨ ਤਾਂ ਅਜੇਹੀ ਕੋਈ ਸਮੱਸਿਆ ਨਹੀਂ ਸੀ ਆਈ। ਹੁਣ ਪਿਛਲੇ 8 ਸਾਲਾਂ ਤੋਂ,  ਹਰ ਸਾਲ ਇਹ ਸਮੱਸਿਆ ਆ ਰਹੀ ਹੈ ਅਤੇ ਭਵਿੱਖ ਵਿਚ ਵੀ ਹਰ ਸਾਲ ਆਵੇਗੀ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਭੇਜੇ ਜਾਣ ਵਾਲੇ ਜਥੇ ਨੂੰ ਕਦੇ ਕੋਈ ਸਮੱਸਿਆ ਨਹੀਂ ਆਈ। ਇਸ ਸਾਲ ਵੀ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਜਥਾ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਮੁਤਾਬਕ (15 ਹਾੜ) ਹੀ ਭੇਜਿਆ ਜਾਣਾ ਹੈ। ਜੇ ਵਿਰੋਧ ਕਰਨਾ ਹੀ ਹੈ ਤਾਂ ਜਿਸ ਜਥੇ ਨੂੰ ਵੀਜੇ ਮਿਲ ਚੁੱਕੇ ਹਨ, ਉਸ ਨੂੰ ਨਾ ਭੇਜਣ ਦਾ ਐਲਾਨ ਕਰੋ।

ਪ੍ਰਧਾਨ ਜੀ, ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਜਾਂਦਾ ਕੈਲੰਡਰ ਸੂਰਜੀ ਕੈਲੰਡਰ ਹੈ। ਜਿਸ ਦੇ ਸਾਲ ਦੇ 365 ਦਿਨ (1 ਚੇਤ ਤੋਂ 30 ਫੱਗਣ) ਹੁੰਦੇ ਹਨ। ਇਸ ਕੈਲੰਡਰ ਮੁਤਾਬਕ ਤਾਂ ਹਰ ਸਾਲ, ਹਰ ਦਿਹਾੜਾ ਮੁੜ ਉਸੇ ਤਾਰੀਖ ਨੂੰ ਆਉਂਦਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹਰ ਸਾਲ 15 ਹਾੜ ਨੂੰ ਮਨਾਈ ਜਾ ਸਕਦੀ ਹੈ, ਜੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾ ਸਕਦਾ ਹੈ, ਜੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਮਨਾਈ ਜਾ ਸਕਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ,ਹਰ ਸਾਲ 2 ਹਾੜ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ? ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਸ ਦਿਹਾੜੇ ਦੀ ਤਾਰੀਖ, ਹਰ ਸਾਲ ਬਦਲ ਕਿਉਂ ਜਾਂਦੀ ਹੈ ? ਕੀ ਇਹ ਸੱਚ ਨਹੀਂ ਹੈ ਕਿ ਜਿਸ ਦਿਨ ਗੁਰੂ ਜੀ ਦੀ ਸ਼ਹੀਦੀ ਹੋਈ ਸੀ ਉਸ ਦਿਨ 2 ਹਾੜ ਸੀ ? ਇਹ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦੇਸ਼-ਵਿਦੇਸ਼ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਜੋ ਹਰ ਸਾਲ, ਇਹ ਦਿਹਾੜਾ 2 ਹਾੜ ਨੂੰ ਮਨਾਉਂਦੀਆਂ ਹਨ ਉਹ ਗੁਰਮਤਿ ਦੇ ਕਿਸ ਸਿਧਾਂਤ ਦੀ ਅਵੱਗਿਆ ਕਰਦੀਆਂ ਹਨ ? ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 2 ਹਾੜ/16ਜੂਨ, ਜੇ ਸਿੱਖ ਸੰਗਤਾਂ ਨੂੰ ਯਾਦ ਹੋ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਕੀ ਇਤਰਾਜ਼ ਹੈ ?

ਸ. ਗੋਬਿੰਦ ਸਿੰਘ ਲੋਂਗੋਵਾਲ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਤੁਹਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ ਤਾਂ ਘੱਟੋ ਘੱਟ ਅਜੇਹਾ ਪੱਕਾ ਪ੍ਰਬੰਧ ਕਰ ਦਿਓ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ, ਜਦੋਂ ਇਹ ਪਹਿਲਾਂ ਹੀ ਪਤਾ ਹੋਵੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇ ਨੂੰ ਵੀਜ਼ਾ ਨਹੀਂ ਮਿਲਣਾ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਸ਼ਹੀਦੀ ਦਿਹਾੜੇ ’ਤੇ ਜਥਾ ਭੇਜਣ ਦੇ ਨਾਮ ’ਤੇ ਸੰਗਤਾਂ ਨੂੰ ਖੱਜਲ-ਖੁਆਰ ਨਾ ਕਰ ਸਕਣ।

ਪ੍ਰਧਾਨ ਜੀ, ਜੇ ਆਪ ਜੀ ਨੂੰ ਯਾਦ ਹੋਵੇ ਤਾਂ ਪਿਛਲੇ ਮਹੀਨੇ  ( 3 ਮਈ ) ਆਪਣੀ ਫੂਨ ’ਤੇ ਹੋਈ ਗੱਲ ਬਾਤ ਦੌਰਾਨ, ਮੇਰੀ ਸ਼ਿਕਾਇਤ ਰੂਪੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਆਪ ਜੀ ਨੇ ਵਾਇਦਾ ਕੀਤਾ ਸੀ ਕਿ, ਅੱਗੋਂ ਤੋਂ ਆਉਣ ਵਾਲੇ ਹਰ ਪੱਤਰ ਜਾਂ ਈ ਮੇਲ ਦਾ ਜਵਾਬ ਦੇਣ ਦਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇਗਾ ਪਰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਆਪ ਜੀ ਦਾ ਉਹ ਵਾਇਦਾ ਵਫ਼ਾ ਨਹੀਂ ਹੋਇਆ। ਖਿਆਲ ਰੱਖੋ, ਹੁਣ ਆਪ ਜੀ ਸਿਆਸੀ ਲੀਡਰ ਨਹੀਂ ਸਗੋਂ ਧਾਰਮਿਕ ਸੰਸਥਾ ਦੇ ਮੁਖੀ ਹੋ। ਧਾਰਮਿਕ ਵਿਅਕਤੀਆਂ ਨੂੰ ਸਿਆਸੀ ਲੀਡਰਾਂ ਵਾਂਗ ਫੋਕੇ ਲਾਰੇ ਲਾਉਣੇ ਸ਼ੋਭਾ ਨਹੀਂ ਦਿੰਦੇ। ਆਸ ਕਰਦੇ ਹਾਂ ਕਿ ਆਪ ਜੀ ਇਸ ਪਾਸੇ ਜ਼ਰੂਰ ਧਿਆਨ ਦਿਓਗੇ।

ਧੰਨਵਾਦ

ਸਤਿਕਾਰ ਸਹਿਤ ਸਰਵਜੀਤ ਸਿੰਘ ਸੈਕਰਾਮੈਂਟੋ

sarbjits@gmail.com

ਮਿਤੀ:- 26 ਜੇਠ, 550 ਨਾਨਕਸ਼ਾਹੀ  (9 ਜੂਨ 2018 ਈ:)