20.5 C
Jalandhar
Saturday, April 4, 2026
spot_img
Home Blog Page 102

ਬਿਮਾਰੀਆਂ ਤੋਂ ਬਚਣ ਲਈ ਜੀਵਨ ਢੰਗ ਨੂੰ ਜ਼ਰੂਰ ਬਦਲਣਾ ਪਵੇਗਾ

0

ਬਿਮਾਰੀਆਂ ਤੋਂ ਬਚਣ ਲਈ ਜੀਵਨ ਢੰਗ ਨੂੰ ਜ਼ਰੂਰ ਬਦਲਣਾ ਪਵੇਗਾ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ 98146-99446

ਅੱਜ ਦਾ ਮਨੁੱਖ ਇੱਕ ‘ਮਸ਼ੀਨ’ ਬਣ ਕੇ ਰਹਿ ਗਿਆ ਹੈ। ਸਵੇਰ ਤੋਂ ਸ਼ਾਮ ਤੱਕ ਕੰਮ ਹੀ ਕੰਮ, ਪਰ ਇਸ ਦੇ ਬਾਵਜੂਦ ਸਮੱਸਿਆਵਾਂ ਅਤੇ ਸਿਰਦਰਦੀਆਂ ਦੁੱਗਣੀਆਂ-ਚੌਗੁਣੀਆਂ ਹੋ ਗਈਆਂ ਹਨ। ਇੱਕ ਸਮਾਂ ਸੀ, ਜਦੋਂ ਥੋੜ੍ਹਾ ਕਰ ਕੇ ਬਹੁਤਾ ਬਚ ਜਾਂਦਾ ਸੀ ਪਰ ਹੁਣ ਦਾ ਮਨੁੱਖ ਸਾਰਾ-ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਦਾ ਹੈ ਪਰ ਉਸ ਦੇ ਪੱਲੇ ਫਿਰ ਵੀ ਕੁਝ ਨਹੀਂ ਪੈਂਦਾ। ਜਿਹੜੇ ਤਾਂ ਵਿਹਲੇ ਹਨ, ਉਹ ਬਿਲਕੁਲ ਹੀ ਵਿਹਲੇ ਹਨ ਪਰ ਜਿਹੜੇ ਕੰਮ ਵਾਲੇ ਹਨ, ਉਨ੍ਹਾਂ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ। ਅਜਿਹੀ ਭੱਜ-ਨੱਠ ਕਰ ਕੇ ਹੀ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਸੀਂ ਜਿਸ ਰੋਟੀ ਖ਼ਾਤਰ ਭੱਜੇ ਫਿਰਦੇ ਹਾਂ, ਉਸ ਨੂੰ ਖਾਣ ਦੀ ਵਿਹਲ ਤੱਕ ਵੀ ਸਾਨੂੰ ਨਸੀਬ ਨਹੀਂ ਹੁੰਦੀ। ਅਸੀਂ ਪੈਸੇ ਕਮਾਉਣ ਦੇ ਲਾਲਚ ਵਿੱਚ ਇਸ ਕਦਰ ਖੁਭ ਜਾਂਦੇ ਹਾਂ ਕਿ ਸਾਡਾ ਖਾਣ-ਪੀਣ ਬੇ-ਟਾਈਮ ਹੋ ਜਾਂਦਾ ਹੈ। ਵੇਖਣ ਵਿੱਚ ਆਇਆ ਹੈ ਕਿ ਨੌਕਰੀਪੇਸ਼ਾ ਲੋਕ, ਜੋ ਬਿਨਾਂ ਕੁਝ ਖਾਧੇ-ਪੀਤੇ ਘਰੋਂ ਨਿਕਲ ਜਾਂਦੇ ਹਨ, ਦੁਪਹਿਰ ਲੰਚ ਤੱਕ ਕਈ-ਕਈ ਕੱਪ ਚਾਹ ਦੇ ਡਕਾਰ ਜਾਂਦੇ ਹਨ। ਜਦੋਂ ਭੁੱਖ ਲਗਦੀ ਹੈ ਤਾਂ ਉਨ੍ਹਾਂ ਲਈ ਚਾਹ ਹੀ ਭੁੱਖ ਮਿਟਾਉਣ ਦਾ ਸਭ ਤੋਂ ਸਸਤਾ ਸਾਧਨ ਹੈ ਜਾਂ ਫਿਰ ਦਫ਼ਤਰਾਂ ਵਿੱਚ ਆਏ-ਗਏ ਮਹਿਮਾਨਾਂ ਦਾ ਮਾਣ-ਤਾਣ ਕਰਨ ਲਈ ਚਾਹ ਹੀ ਤਾਂ ਰਹਿ ਜਾਂਦੀ ਏ। ਨਹੀਂ ਤਾਂ ਆਉਣ ਵਾਲਾ ਇਹੀ ਮਿਹਣਾ ਮਾਰ ਦਿੰਦਾ ਹੈ ਕਿ ‘ਫਲਾਣੇ ਨੇ ਤਾਂ ਚਾਹ ਹੀ ਨਹੀਂ ਪੁੱਛੀ ਸਾਨੂੰ।’ ਜਾਂ ਫਿਰ ਚਾਹ ਦੇ ਬਦਲ ਵਿੱਚ ਠੰਢੇ ਰਹਿ ਜਾਂਦੇ ਹਨ, ਜੋ ਸਿਹਤ ਲਈ ਜ਼ਿਆਦਾ ਨੁਕਸਾਨ ਦਾਇਕ ਹੁੰਦੇ ਹਨ। ਚਾਹ ਜਾਂ ਠੰਢੇ ਪੀ ਕੇ ਭੁੱਖ ਮਰ ਜਾਂਦੀ ਹੈ। ਕਈ ਲੋਕ ਤਾਂ ਸਵੇਰ ਤੋਂ ਸ਼ਾਮ ਤੱਕ ਕੁਝ ਵੀ ਨਹੀਂ ਖਾਂਦੇ। ਜਦ ਆਥਣ ਵੇਲਾ ਹੋ ਜਾਂਦੈ ਤਾਂ ਪੈੱਗ ਦਾ ਸਮਾਂ ਆ ਜਾਂਦੈ। ਖਾਲੀ ਪੇਟ ਜਦੋਂ ਸ਼ਰਾਬ ਅੰਦਰ ਜਾਂਦੀ ਹੈ ਤਾਂ ਆਂਦਰਾਂ ਬਦਅਸੀਸ ਦਿੰਦੀਆਂ ਹਨ ਤੇ ਰੌਸ਼ਨ ਦਿਮਾਗ ਵਾਲੇ ਮਨੁੱਖ ਨੂੰ ਲਾਹਨਤਾਂ ਪਾਉਦੀਆਂ ਹਨ। ਇੱਥੋਂ ਹੀ ਬਿਮਾਰੀਆਂ ਦਾ ਮੁੱਢ ਬੱਝਦਾ ਹੈ।

ਜਿਹੜੇ ਮੀਆਂ-ਬੀਵੀ ਦੋਵੇਂ ਮੁਲਾਜ਼ਮ ਹੁੰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤਾਂ ਰੱਬ ਹੀ ਰਾਖਾ। ਬੀਵੀ ਵਿਚਾਰੀ ਅੱਕ-ਥੱਕ ਕੇ ਸਵੇਰੇ ਉੱਠਦੀ ਹੈ। ਚਾਹ-ਪਾਣੀ ਧਰਦੀ ਜਲਦੀ-ਜਲਦੀ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੁੰਦੀ ਹੈ। ਇਸੇ ਕਾਹਲੀ-ਕਾਹਲੀ ਵਿੱਚ ਕਈਆਂ ਨੇ ਸੱਟਾਂ ਵੀ ਖਾਂਧੀਆਂ ਨੇ, ਜਿਵੇਂ ਬਾਥਰੂਮ ਵਿੱਚ ਪੈਰ ਤਿਲ੍ਹਕਣਾ ਜਾਂ ਜਲਦੀ ਵਿੱਚ ਪੌੜੀਆਂ ’ਚ ਅੜ੍ਹਕਣਾ ਆਮ ਗੱਲਾਂ ਹਨ। ਜਿਸ ਕਰ ਕੇ ਕਈਆਂ ਦੀਆਂ ਡਿਸਕਾਂ ਹਿੱਲੀਆਂ ਅਜੇ ਤੱਕ ਰਾਸ ਨਹੀਂ ਆਈਆਂ। ਗੱਲ ਕੀ ਅੱਧਾ ਜਾਂ ਪੌਣਾ ਘੰਟਾ ਪਹਿਲਾਂ ਉੱਠਣ ਨਾਲ ਹੀ ਅਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਕੁਰਸੀ ’ਤੇ ਬੈਠਣ ਵਾਲੇ ਮੁਲਾਜ਼ਮਾਂ ਲਈ ਸੈਰ ਦਾ ਸਮਾਂ ਕੱਢਣਾ ਔਖਾ ਹੋ ਜਾਂਦਾ ਹੈ। ਬੈਠਕ ਮਨੁੱਖ ਨੂੰ ਖਾ ਜਾਂਦੀ ਹੈ। ਜਦ ਅਸੀਂ ਸਮੇਂ ਸਿਰ ਖਾ-ਪੀ ਨਹੀਂ ਸਕਦੇ ਤਾਂ ਪੇਟ ਦੇ ਰੋਗ ਸਾਨੂੰ ਚਿੰਬੜ ਕੇ ਹੀ ਰਹਿਣਗੇ। ਕਬਜ਼, ਬਵਾਸੀਰ, ਪੇਟ ਦੇ ਰੋਗ, ਜੋੜਾਂ ਦੇ ਦਰਦ, ਯੂਰਿਕ ਏਸਿਡ, ਬਲੱਡ ਪ੍ਰੈਸ਼ਰ ਇਹ ਸਭ ਮਾਡਰਨ ਮਨੁੱਖ ਦੇ ਸਹੇੜੇ ਹੋਏ ਰੋਗ ਹਨ।

ਪੜ੍ਹਨ ਵਾਲੇ ਬੱਚਿਆਂ ਵਿੱਚ ਵੀ ਬਿਮਾਰੀਆਂ ਦਾ ਚੋਖਾ ਵਾਧਾ ਹੋ ਰਿਹਾ ਹੈ। ਇੱਕ ਵੇਲਾ ਸੀ, ਜਦੋਂ ਵਿਦਿਆਰਥੀ ਰਾਤ ਨੂੰ ਜਲਦੀ ਸੌਂ ਜਾਂਦੇ ਸਨ ਅਤੇ ਸਵੇਰੇ ਜਲਦੀ ਉੱਠਦੇ ਸਨ। ਅੰਮ੍ਰਿਤ ਵੇਲੇ ਪੜ੍ਹਾਈ ਕਰਨ ਨਾਲ ਦਿਮਾਗ ਵਿੱਚ ਗੱਲ ਆਸਾਨੀ ਨਾਲ ਪੈ ਜਾਂਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਵਿਦਿਆਰਥੀ ਸਾਰੀ-ਸਾਰੀ ਰਾਤ ਪੜ੍ਹਦੇ ਹਨ ਅਤੇ ਦਿਨ ਵੇਲੇ ਸੁੱਤੇ ਰਹਿੰਦੇ ਹਨ। ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਤਾਂ ਚੰਗਾ ਖਾਣ-ਪੀਣ ਵੀ ਨਸੀਬ ਨਹੀਂ ਹੁੰਦਾ। ਜਿਸ ਕਾਰਨ ਉਹ ਪੜ੍ਹਦੇ-ਪੜ੍ਹਦੇ ਹੀ ਰੋਗੀ ਹੋ ਜਾਂਦੇ ਹਨ। ਤੁਰਨਾ-ਫਿਰਨਾ, ਖੇਡਣਾ ਤਾਂ ਅੱਜ ਕੱਲ੍ਹ ਵਿਦਿਆਰਥੀ ਵਰਗ ’ਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਅੱਜ ਕੱਲ੍ਹ ਤਾਂ ਬੱਚੇ, ਵੱਡੇ ਪਿੱਛੋਂ ਹੁੰਦੇ ਹਨ, ਪਹਿਲਾਂ ਸਕੂਟਰ ਜਾਂ ਮੋਟਰਸਾਈਕਲ ਦੀ ਮੰਗ ਕਰ ਲੈਂਦੇ ਹਨ।

‘ਤੰਦਰੁਸਤੀ ਸਭ ਤੋਂ ਵੱਡੀ ਦੌਲਤ’ ਦਾ ਨਾਅਰਾ ਤਾਂ ਸਿਰਫ਼ ਪੜ੍ਹਨ ਅਤੇ ਸੁਣਨ ਨੂੰ ਹੀ ਰਹਿ ਗਿਆ ਹੈ। ਅੱਜ ਕੱਲ੍ਹ ਕੋਈ ਵੀ ਮਨੁੱਖ (ਬੱਚੇ ਤੋਂ ਬੁੱਢੇ ਤੱਕ) ਸੌ ਪ੍ਰਤੀਸ਼ਤ ਠੀਕ ਨਹੀਂ ਹੈ। ਪੰਜਾਬ ਦੇ ਬਾਂਕੇ ਗੱਭਰੂ ਜਿਹੜੇ ਬੂਰੀਆਂ ਚੁੰਘ ਜਾਂਦੇ ਸੀ, ਹੁਣ ਦੁੱਧ ਦਾ ਗਲਾਸ ਪੀਣ ਲੱਗੇ ਹੀ ਵੱਤ ਲੈਣ ਲੱਗ ਪੈਂਦੇ ਨੇ। ਅਖੇ ਮਿਹਦਾ ਝਲਦਾ ਨਹੀਂ। ਸ਼ਰਾਬ ਭਾਵੇਂ ਜਿੰਨੀ ਮਰਜ਼ੀ ਪਿਲਾ ਦਿਓ। ਪੰਜਾਬਣ ਮੁਟਿਆਰਾਂ ਜਿਨ੍ਹਾਂ ਦੇ ਰੂਪ ਦੀ ਦੁਹਾਈ ਦੁਨੀਆਂ ’ਚ ਸੀ, ਅੱਜ ਕੱਲ੍ਹ ਛਾਹੀਆਂ ਅਤੇ ਝੁਰੜੀਆਂ ਨਾਲ ਭਰੇ ਚਿਹਰੇ ਲੈ ਕੇ ਘੁੰਮ ਰਹੀਆਂ ਹਨ ਕਿਉਕਿ ਨੌਜਵਾਨ ਵਰਗ ਖ਼ੁਰਾਕੀ ਚੀਜ਼ਾਂ ਦੀ ਥਾਂ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਖਾਣੀਆਂ ਜ਼ਿਆਦਾ ਪਸੰਦ ਕਰਦਾ ਹੈ, ਜੋ ਉਨ੍ਹਾਂ ਦੀ ਸਿਹਤ ਦਾ ਸੱਤਿਆਨਾਸ਼ ਕਰਦਾ ਹੈ।

ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਵੀ ਹੁਣ ਸਚਿਆਰੀਆਂ ਨਹੀਂ ਰਹੀਆਂ, ਸਗੋਂ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਦੀ ਥਾਂ ਫਾਹਾ ਵੱਢਣ ਲੱਗ ਪਈਆਂ ਹਨ। ਗੋਹਾ ਕੂੜਾ ਕਰਨ ਲੱਗੀਆਂ ਭਾਰੇ-ਭਾਰੇ ਬੱਠਲ ਜਾਂ ਟੋਕਰੇ ਸਿਰ ’ਤੇ ਚੁਕਦੀਆਂ ਹਨ। ਓਨਾ ਆਪਣੇ ’ਚ ਜ਼ੋਰ ਨਹੀਂ ਹੁੰਦਾ, ਜਿੰਨਾ ਸਿਰ ’ਤੇ ਟੋਕਰਾ ਚੁੱਕ ਲੈਂਦੀਆਂ ਹਨ। ਕਾਰਨ ਇਹ ਹੈ ਕਿ ਕਿਤੇ ਦੋ ਗੇੜੇ ਨਾ ਲਾਉਣੇ ਪੈਣ। ਇਹੀ ਕਾਰਨ ਹੈ ਕਿ ਪਿੰਡਾਂ ਦੀਆਂ ਜ਼ਿਆਦਾਤਰ ਔਰਤਾਂ ਜਾਂ ਭਾਰ-ਬੋਝ ਦਾ ਕੰਮ ਕਰਨ ਵਾਲੇ ਮਰਦ ਆਪਣਾ ਢਿੱਡ ਫੜੀ ਨਜ਼ਰ ਆਉਦੇ ਹਨ। ‘ਮਰਦ ਕੇ ਕਭੀ ਦਰਦ ਨਹੀਂ ਹੋਤਾ’ ਵਾਲਾ ਨਾਅਰਾ ਹੁਣ ਵਾਜਬ ਨਹੀਂ ਰਿਹਾ। ਮਰਦ ਤਾਂ ਸਗੋਂ ਦਰਦਾਂ ਤੋਂ ਜ਼ਿਆਦਾ ਪੀੜਤ ਹੋ ਗਏ ਹਨ ਕਿਉਕਿ ਅੱਜ ਕੱਲ੍ਹ ਦੇ ਮਰਦਾਂ ਦੀਆਂ ਜਾਨਾਂ ਤਾਂ ਨਸ਼ਿਆਂ ਨੇ ਕੱਢ ਲਈਆਂ ਹਨ। ਮਣ ਕੁ ਵਜ਼ਨ ਚੁੱਕਣ ਨਾਲ ਗੱਭਰੂਆਂ ਦੇ ਧਰਨ ਪੈ ਜਾਂਦੀ ਹੈ ਜਾਂ ਡਿਸਕਾਂ ਹਿੱਲ ਜਾਂਦੀਆਂ ਹਨ। ਇੱਕ ਸਮਾਂ ਸੀ, ਲੋਕ ਸਿਰ ’ਤੇ ਇੰਜਣ ਚੁੱਕ ਕੇ ਮੀਲ-ਮੀਲ ਵਾਟ ਤੁਰ ਕੇ ਜਾਇਆ ਕਰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਸਮੇਂ ਦੇ ਬਦਲਣ ਨਾਲ ਖ਼ੁਰਾਕਾਂ ਵੀ ਬਦਲ ਗਈਆਂ। ਜਿਹੜੇ ਪਸ਼ੂਆਂ ਦਾ ਅਸੀਂ ਦੁੱਧ ਪੀਂਦੇ ਹਾਂ, ਉਨ੍ਹਾਂ ਨੂੰ ਨਾ ਤਾਂ ਕੋਈ ਵੜੇਵੇਂ ਪਾਉਦਾ ਏ, ਨਾ ਸਰ੍ਹੋਂ ਦੀ ਖਲ਼ ਜਾਂ ਛੋਲੇ। ਬੱਸ ਸੁੱਕੀ ਤੂੜੀ ਜਾਂ ਸਪਰੇਅ ਵਾਲੀ ਬਰਸੀਮ ਜਾਂ ਟੀਕੇ ਲਾ ਕੇ ਚੋਇਆ ਦੁੱਧ ਪੀਣ ਨਾਲ ਸਿਹਤਾਂ ਕਿਵੇਂ ਬਣਨਗੀਆਂ ?

ਸੋ ਆਓ, ਆਪਣੀਆਂ ਜ਼ਿੰਦਗੀਆਂ ਦੀ ਸੰਭਾਲ਼ ਕਰੀਏ ਅਤੇ ਜੀਵਨ ਢੰਗ ਨੂੰ ਬਦਲ ਕੇ ਬਿਮਾਰੀਆਂ ਤੋਂ ਬਚੀਏ।

ਸੂਰਮਗਤੀ ਅਤੇ ਕੁਰਬਾਨੀ ਦੀ ਅਦੁੱਤੀ ਗਾਥਾ ਸਾਰਾਗੜ੍ਹੀ ਦੀ ਲੜਾਈ

0

ਸੂਰਮਗਤੀ ਅਤੇ ਕੁਰਬਾਨੀ ਦੀ ਅਦੁੱਤੀ ਗਾਥਾ ਸਾਰਾਗੜ੍ਹੀ ਦੀ ਲੜਾਈ

                                                ਸ. ਹਰਸ਼ਰਨ ਸਿੰਘ

ਸਾਰਾਗੜ੍ਹੀ ਦੀ ਲੜਾਈ ੧੨ ਸਤੰਬਰ ਸੰਨ ੧੮੯੭ ਵਾਲੇ ਦਿਨ ਹੋਈ ਸੀ, ਜੋ ਭਾਰਤੀ ਫ਼ੌਜ ਦੇ ਕਾਰਨਾਮਿਆਂ ਵਿੱਚੋਂ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਕਾਰਨਾਮਾ ਹੈ। ਇਹੀ ਕਾਰਨ ਹੈ ਕਿ ਇਸ ਲੜਾਈ ਦੀ ਕਹਾਣੀ ਯੁਨੈਸਕੋ ਦੁਆਰਾ ਪ੍ਰਕਾਸ਼ਿਤ ਉਸ ਪੁਸਤਕ ਵਿੱਚ ਸ਼ਾਮਲ ਹੈ, ਜਿਸ ਵਿੱਚ ਸੰਸਾਰ ਦੀਆਂ ਅੱਠ ਅਦੁੱਤੀ ਬਹਾਦਰੀ ਵਿਖਾਉਣ ਵਾਲੀਆਂ ਲੜਾਈਆਂ ਦਾ ਜ਼ਿਕਰ ਹੈ। ਫਰਾਂਸ ਵਿੱਚ ਅੱਜ ਵੀ ਸਕੂਲੀ ਬੱਚਿਆਂ ਨੂੰ ਸਾਰਾਗੜ੍ਹੀ ਲੜਾਈ ਦੀ ਕਹਾਣੀ ਪੜ੍ਹਾਈ ਜਾਂਦੀ ਹੈ। ਫ਼ੌਜੀ ਇਤਿਹਾਸ ਦੀ ਕੋਈ ਵੀ ਪੁਸਤਕ ਉਦੋਂ ਤੱਕ ਪੂਰੀ ਨਹੀਂ ਸਮਝੀ ਜਾਂਦੀ ਜਦ ਤੱਕ ਉਸ ਵਿੱਚ ਸਾਰਾਗੜ੍ਹੀ ਲੜਾਈ ਦੀ ਬਹਾਦਰੀ ਦਾ ਕਾਰਨਾਮਾ ਦਰਜ ਨਾ ਹੋਵੇ।

ਉੱਤਰ-ਪੱਛਮੀ ਸਰਹੱਦੀ ਪ੍ਰਾਂਤ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੇਸ਼ ਦੀ ਵੰਡ ਤੋਂ ਪਹਿਲਾਂ ਭਾਰਤ ਦਾ ਹੀ ਇੱਕ ਹਿੱਸਾ ਸੀ। ਇਹ ਇਲਾਕਾ ਅਫ਼ਗਾਨਿਸਤਾਨ ਨਾਲ ਲੱਗਦਾ ਹੈ। ਕੋਹਾਟ ਜ਼ਿਲ੍ਹੇ ਦੇ ਸਮਾਣਾ ਰਿਜ ’ਤੇ ਇੱਕ ਲਾਕਹਾਰਟ ਅਤੇ ਦੂਜਾ ਗੁਲਿਸਤਾਨ ਕਿਲ੍ਹਾ ਸਥਿਤ ਹਨ। ਇਨ੍ਹਾਂ ਦੋਹਾਂ ਕਿਲ੍ਹਿਆਂ ਵਿਚਕਾਰ ਲੱਗਭਗ ਛੇ ਕਿਲੋਮੀਟਰ ਦਾ ਫ਼ਾਸਲਾ ਹੈ। ਇਹ ਦੋਵੇਂ ਕਿਲ੍ਹੇ ਫ਼ੌਜੀ ਪੱਖ ਤੋਂ ਬਹੁਤ ਹੀ ਮਹੱਤਵ ਪੂਰਨ ਹਨ। ਇਨ੍ਹਾਂ ਦੋਹਾਂ ਕਿਲ੍ਹਿਆਂ ਵਿਚਕਾਰ ਤਾਲਮੇਲ ਰੱਖਣ ਲਈ ਇੱਕ ਸਾਰਾਗੜ੍ਹੀ ਚੌਂਕੀ ਕਾਇਮ ਕੀਤੀ ਗਈ ਸੀ। ਇਹ ਸਾਰਾ ਇਲਾਕਾ ਪਹਾੜੀ ਇਲਾਕਾ ਹੈ। ਸੰਨ ੧੮੯੭ ਵਿੱਚ ਸਾਰਾਗੜ੍ਹੀ ਚੌਂਕੀ ਦੀ ਰਖਵਾਲੀ ਲਈ ੩੬ ਸਿੱਖ ਬਟਾਲੀਅਨ ਦੇ ੨੧ ਫ਼ੌਜੀ ਤਾਇਨਾਤ ਸਨ। ਉਸ ਸਮੇਂ ਲਾਕਹਾਰਟ ਕਿਲ੍ਹੇ ਦੀ ਕਮਾਂਡ ਸਿੱਧੇ ਤੌਰ ‘ਤੇ ਲੈਫਟੀਨੈਂਟ ਕਰਨਲ ਜਾਹਨ-ਹਾਟਨ ਦੇ ਅਧੀਨ ਸੀ। ਗੁਲਿਸਤਾਨ ਕਿਲ੍ਹੇ ਦੀ ਕਮਾਂਡ ਮੇਜਰ ਡੇਸ-ਵੌਕਸ ਦੇ ਅਧੀਨ ਸੀ। ਸਾਰਾਗੜ੍ਹੀ ਚੌਂਕੀ ਦੀ ਕਮਾਂਡ ਹਵਾਲਦਾਰ ਸ. ਈਸ਼ਰ ਸਿੰਘ ਦੇ ਅਧੀਨ ਸੀ। ਚੌਂਕੀ ਦੇ ਸਿਗਨਲ ਟਾਵਰ ‘ਤੇ ਸਿਪਾਹੀ ਸ. ਗੁਰਮੁਖ ਸਿੰਘ ਦੀ ਡਿਊਟੀ ਸੀ।

ਸੰਨ ੧੮੯੭ ਦੇ ਸਮਿਆਂ ਵੇਲੇ ਇਸ ਇਲਾਕੇ ਵਿੱਚ ਬੜਾ ਅਸ਼ਾਂਤ ਮਾਹੌਲ ਬਣਿਆ ਹੋਇਆ ਸੀ। ਇਲਾਕੇ ਦੇ ਕਬਾਇਲੀ ਲੋਕ ਅਕਸਰ ਫ਼ੌਜ ਲਈ ਆਂਦਾ-ਜਾਂਦਾ ਸਾਮਾਨ ਲੁੱਟ ਲੈਂਦੇ ਸਨ। ਗ਼ੈਰ-ਕਬਾਇਲੀ ਇਲਾਕੇ ਦੇ ਲੋਕਾਂ ਨੂੰ ਵੀ ਲੁੱਟ ਲਿਆ ਜਾਂਦਾ ਸੀ। ਸਾਰਾਗੜ੍ਹੀ ਚੌਂਕੀ ਕਬਾਇਲੀ ਲੋਕਾਂ ਦੀਆਂ ਅੱਖਾਂ ਵਿੱਚ ਰੜਕ ਰਹੀ ਸੀ। ਉਹ ਇਸ ਨੂੰ ਹਰ ਹੀਲੇ ਤਬਾਹ ਕਰਨਾ ਚਾਹੁੰਦੇ ਸਨ। ਇਸ ਮੰਤਵ ਦੀ ਪੂਰਤੀ ਲਈ ਦਸ ਹਜ਼ਾਰ ਤੋਂ ਵੀ ਵੱਧ ਕਬਾਇਲੀ ਲੋਕਾਂ ਨੇ, ੧੨ ਸਤੰਬਰ ਸੰਨ ੧੮੯੭ ਵਾਲੇ ਦਿਨ ਸਵੇਰ ਵੇਲੇ ਚੌਂਕੀ ਨੂੰ ਘੇਰਾ ਪਾ ਲਿਆ। ਕਬਾਇਲੀ ਲੋਕ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਲੋਕਾਂ ਨੇ ਕਿਲ੍ਹਾ ਲਾਕਹਾਰਟ ਅਤੇ ਕਿਲ੍ਹਾ ਗੁਲਿਸਤਾਨ ਨੂੰ ਵੀ ਘੇਰ ਲਿਆ ਤਾਂ ਜੋ ਸਾਰਾਗੜ੍ਹੀ ਦੀ ਚੌਂਕੀ ਨੂੰ ਬਾਹਰੋਂ ਫ਼ੌਜੀ ਸਹਾਇਤਾ ਨਾ ਮਿਲ ਸਕੇ। ਕਬੀਲੇ ਦੇ ਨੇਤਾ ਨੇ ਸਾਰਾਗੜ੍ਹੀ ਦੇ ਫ਼ੌਜੀਆਂ ਨੂੰ ਹਥਿਆਰ ਸੁੱਟ ਕੇ ਚੌਂਕੀ ਤੋਂ ਬਾਹਰ ਆਉਣ ਲਈ ਆਖਿਆ। ਉਨ੍ਹਾਂ ਨੇ ਗੜ੍ਹੀ ਦੇ ਫ਼ੌਜੀਆਂ ਨੂੰ ਇਹ ਵੀ ਯਕੀਨ ਦੁਆਇਆ ਕਿ ਉਨ੍ਹਾਂ ਨੂੰ ਸਹੀ-ਸਲਾਮਤ ਰਿਹਾਅ ਕਰ ਦਿੱਤਾ ਜਾਵੇਗਾ। ਕਬਾਇਲੀ ਨੇਤਾ ਨੂੰ ਆਸ ਸੀ ਕਿ ਗੜ੍ਹੀ ਦੇ ਫ਼ੌਜੀ ਕਬਾਇਲੀ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ਵੇਖ ਕੇ ਘਬਰਾ ਜਾਣਗੇ ਅਤੇ ਹਥਿਆਰ ਸੁੱਟ ਦੇਣਗੇ। ਇਸ ਤਰ੍ਹਾਂ ਬਿਨਾਂ ਕਿਸੇ ਲੜਾਈ ਦੇ ਚੌਂਕੀ ’ਤੇ ਉਨ੍ਹਾਂ ਦਾ ਕਬਜ਼ਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਸਾਰਾਗੜ੍ਹੀ ਚੌਂਕੀ ਦੇ ਕਮਾਂਡਰ ਹਵਾਲਦਾਰ ਸ. ਈਸ਼ਰ ਸਿੰਘ ਨੇ ਕਬਾਇਲੀ ਲੋਕਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਕਬਾਇਲੀ ਲੋਕਾਂ ਨੇ ਲੜਾਈ ਦਾ ਨਗਾਰਾ ਵਜਾ ਦਿੱਤਾ ਅਤੇ ਚੌਂਕੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਰਾਗੜ੍ਹੀ ਚੌਂਕੀ ਦੇ ਫ਼ੌਜੀਆਂ ਨੇ ਵੀ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਕੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਕਬਾਇਲੀ ਹਮਲੇ ਨੂੰ ਨਾਕਾਮ ਕਰ ਦਿੱਤਾ।  ਫਲਸਰੂਪ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਥੌੜ੍ਹੇ ਸਮੇਂ ਪਿੱਛੋਂ ਕਬਾਇਲੀਆਂ ਨੇ ਮੁੜ ਚੌਂਕੀ ’ਤੇ ਹਮਲਾ ਕਰ ਦਿੱਤਾ, ਪਰ ਚੌਂਕੀ ਦੇ ਰਖਵਾਲਿਆਂ ਨੇ ਹਮਲਾ ਫਿਰ ਨਾਕਾਮ ਕਰ ਦਿੱਤਾ। ਇਸ ਤਰ੍ਹਾਂ ਇਹ ਇਕ ਨਾ ਖ਼ਤਮ ਹੋਣ ਵਾਲੀ ਲੜਾਈ ਛਿੜ ਪਈ। ਕਬਾਇਲੀ ਲੋਕ ਚੌਂਕੀ ਨੂੰ ਹਰ ਹੀਲੇ ਬਚਾਉਣ ਲਈ ਆਪਣੇ ਖ਼ੂਨ ਦੀ ਆਖਰੀ ਬੂੰਦ ਤੱਕ ਡੋਲ੍ਹਣ ਲਈ ਤਿਆਰ ਸਨ। ਇਸ ਤਰ੍ਹਾਂ ਇਹ ਇੱਕ ਅਸਾਵੀਂ ਲੜਾਈ ਚੱਲ ਰਹੀ ਸੀ। ਇੱਕ ਪਾਸੇ ਇਲਾਕੇ ਦੇ ਹਜ਼ਾਰਾਂ ਕਬਾਇਲੀ ਲੋਕ ਅਤੇ ਦੂਜੇ ਪਾਸੇ ਚੌਂਕੀ ਵਿੱਚ ਤਾਇਨਾਤ ਕੇਵਲ ੨੧ ਸਿੱਖ ਫ਼ੌਜੀ  ਜਵਾਨ ਸਨ। ਚੌਂਕੀ ਦੇ ਜਵਾਨ ਹਰ ਹਮਲੇ ਦਾ ਮੁਕਾਬਲਾ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਕੇ ਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਦੇ ਰਹੇ ਸਨ। ਇਸ ਲੜਾਈ ਵਿੱਚ ਕਬਾਇਲੀਆਂ ਦਾ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਰਿਹਾ ਸੀ। ਹਰ ਕਬਾਇਲੀ ਹਮਲੇ ਨਾਲ, ਚੌਂਕੀ ਦੀ ਰਾਖੀ ਕਰ ਰਹੇ ਜਵਾਨਾਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਸੀ, ਪਰ ਫ਼ੌਜੀਆਂ ਦੀ ਘਟ ਰਹੀ ਗਿਣਤੀ ਦਾ ਬਾਕੀ ਦੇ ਫ਼ੌਜੀਆਂ ਦੀ ਦ੍ਰਿੜ੍ਹਤਾ ਅਤੇ ਬਹਾਦਰੀ ’ਤੇ ਕੋਈ ਅਸਰ ਨਹੀਂ ਹੋ ਰਿਹਾ ਸੀ।

ਸਾਰਾਗੜ੍ਹੀ ਦੀ ਚੌਂਕੀ ਪਹਾੜੀ ਇਲਾਕੇ ਵਿੱਚ ਇਕ ਵੀਰਾਨ ਥਾਂ ’ਤੇ ਸਥਿਤ ਸੀ। ਗੜ੍ਹੀ ਦੇ ਇੱਕ ਪਾਸੇ ਸਿੱਧੀ ਢਲਾਨ ਸੀ, ਪਰ ਬਾਕੀ ਤਿੰਨ ਪਾਸਿਆਂ ਵੱਲ ਢਲਾਨਾਂ ਘੱਟ ਹੋਣ ਕਾਰਨ, ਕਬਾਇਲੀ ਇਨ੍ਹਾਂ ਤਿੰਨਾਂ ਪਾਸਿਆਂ ਤੋਂ ਹਮਲਾ ਕਰ ਰਹੇ ਹਨ। ਸਿਗਨਲ ਟਾਵਰ ’ਤੇ ਤਾਇਨਾਤ ਫ਼ੌਜੀ ਜਵਾਨ ਸ. ਗੁਰਮੁਖ ਸਿੰਘ ਸਾਰੀ ਸਥਿਤੀ ਦੀ ਖ਼ਬਰ ਕਿਲ੍ਹਾ ਲਾਕਹਾਰਟ ਦੇ ਕਮਾਂਡਰ ਕਰਨਲ ਹਾਟਨ ਨੂੰ ਲਗਾਤਾਰ ਭੇਜ ਰਿਹਾ ਸੀ। ਲੜਾਈ ਚਲਦਿਆਂ ਛੇ ਘੰਟੇ ਬੀਤ ਚੁੱਕੇ ਸਨ। ਇਸ ਸਮੇਂ ਦੌਰਾਨ ੬੦੦ ਦੇ ਲਗਭਗ ਕਬਾਇਲੀ ਲੋਕ ਮਾਰੇ ਜਾ ਚੁੱਕੇ ਸਨ। ਗੜ੍ਹੀ ਦੇ ਅੰਦਰੋਂ ਮੁਕਾਬਲਾ ਕਰ ਰਹੇ 12 ਸਿੱਖ ਫ਼ੌਜੀ ਸ਼ਹੀਦ ਹੋ ਚੁੱਕੇ ਸਨ। ਇਸ ਤਰ੍ਹਾਂ ਹੁਣ ਗੜ੍ਹੀ ਵਿੱਚ ਕੇਵਲ ਨੌਂ ਸਿੱਖ ਫ਼ੌਜੀ ਜ਼ਿੰਦਾ ਰਹਿ ਗਏ ਸਨ। ਗੜ੍ਹੀ ਵਿੱਚ ਜਮ੍ਹਾਂ ਗੋਲੀ-ਸਿੱਕਾ ਵੀ ਲਗਭਗ ਖ਼ਤਮ ਹੋਣ ਦੇ ਕੰਢੇ ਸੀ, ਪਰ ਇਸ ਸਥਿਤੀ ਦੇ ਬਾਵਜੂਦ ਗੜ੍ਹੀ ਵਿੱਚ ਬਾਕੀ ਰਹਿ ਗਏ ਫ਼ੌਜੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਸਨ। ਕਬਾਇਲੀਆਂ ਨੇ ਚੌਂਕੀ ਦੀ ਇੱਕ ਪਾਸੇ ਦੀ ਦੀਵਾਰ ਵਿੱਚ ਪਾੜ ਪਾ ਦਿੱਤਾ, ਪਰ ਸਿੱਖ ਫ਼ੌਜੀਆਂ ਨੇ ਉਨ੍ਹਾਂ ਨੂੰ ਗੜ੍ਹੀ ਦੇ ਅੰਦਰ ਨਹੀਂ ਵੜਨ ਦਿੱਤਾ। ਕਬਾਇਲੀਆਂ ਨੇ ਨੇੜੇ-ਤੇੜੇ ਤੋਂ ਸੁੱਕੀਆਂ ਲੱਕੜਾਂ ਅਤੇ ਘਾਹ-ਫੂਸ ਇੱਕਠਾ ਕਰ ਕੇ ਚੌਂਕੀ ਦੇ ਅੰਦਰ ਸੁੱਟ ਕੇ ਅੱਗ ਲਗਾ ਦਿੱਤੀ। ਹੁਣ ਫ਼ੌਜੀ  ਬੰਦੂਕ ਦੀ ਬੋਨਟ ਨਾਲ ਹੀ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਸਨ। ਅੰਤ ਇੱਕ ਸਮਾਂ ਐਸਾ ਆ ਗਿਆ ਜਦੋਂ ਗੜ੍ਹੀ ਦੇ ੨੦ ਫ਼ੌਜੀ ਸ਼ਹੀਦੀ ਦਾ ਜਾਮ ਪੀ ਚੁੱਕੇ ਸਨ। ਇੱਕ ਫ਼ੌਜੀ ਸ. ਗੁਰਮੁਖ ਸਿੰਘ ਹੀ ਜ਼ਿੰਦਾ ਰਹਿ ਗਿਆ ਸੀ, ਜੋ ਸਿਗਨਲ ਟਾਵਰ ’ਤੇ ਬੈਠ ਸੂਚਨਾ ਭੇਜਣ ਦੀ ਡਿਊਟੀ ਨਿਭਾਅ ਰਿਹਾ ਸੀ। ਅੰਤ ਸ. ਗੁਰਮੁਖ ਸਿੰਘ ਨੇ ਕਿਲ੍ਹਾ ਲਾਕਹਾਰਟ ਵਿੱਚ ਕਰਨਲ ਹਾਟਨ ਨੂੰ ਸੂਚਨਾ ਭੇਜੀ ਕਿ ਇਸੇ ਸਮੇਂ ਗੜ੍ਹੀ ਵਿੱਚ ਉਹ ਕੇਵਲ ਇਕੱਲਾ ਹੀ ਰਹਿ ਗਿਆ ਹੈ ਅਤੇ ਨਾਲ ਹੀ ਦੱਸਿਆ ਕਿ ਉਹ ਸਿਗਨਲ ਅਪ੍ਰੇਟਸ ਨੂੰ ਬੰਦ ਕਰ ਰਿਹਾ ਹੈ ਤਾਂ ਜੋ ਉਹ ਵੀ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਦਾ ਜਾਮ ਪੀ ਕੇ ਆਪਣੇ ਸਾਥੀਆਂ ਨਾਲ ਜਾ ਰਲੇ। ਉਸ ਨੇ ਸਿਗਨਲ ਅਪ੍ਰੇਟਸ ਬੰਦ ਕਰ ਕੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਗਾਉਂਦੇ ਹੋਏ, ਆਪਣੀ ਬੰਦੂਕ ਚੁੱਕ ਕੇ ਬੋਨਟ ਦੇ ਨਾਲ ਹੀ ੨੦ ਤੋਂ ਵੀ ਵੱਧ ਕਬਾਇਲੀਆਂ ਨੂੰ ਮਾਰ ਮੁਕਾਇਆ। ਅੰਤ ਸ. ਗੁਰਮੁਖ ਸਿੰਘ ਸ਼ਹੀਦ ਹੋ ਗਿਆ। ਕਬਾਇਲੀਆਂ ਨੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਗੜ੍ਹੀ ਵਿੱਚੋਂ ਬਾਹਰ ਕੱਢ ਕੇ ਸਾਰਾਗੜ੍ਹੀ ਦੀ ਚੌਂਕੀ ਨੂੰ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ਵਿੱਚ ਸੁਲਗ ਰਹੇ ਸਾਰਾਗੜ੍ਹੀ ਦੇ ਖੰਡਰ ਹੀ ਇਨ੍ਹਾਂ ਬਹਾਦਰ ਸਿੱਖ ਫ਼ੌਜੀਆਂ ਲਈ ਇੱਕ ਸਮੂਹਿਕ ਚਿਤਾ ਦਾ ਕੰਮ ਕਰ ਰਹੇ ਸਨ ਅਤੇ ਇਹ ਸੁਨੇਹਾ ਵੀ ਦੇ ਰਹੇ ਸਨ ਕਿ ਸਾਰਾਗੜ੍ਹੀ ਦੇ ਰਖਵਾਲਿਆਂ ਨੇ ਆਪਣੇ ਆਖਰੀ ਸਾਹਾਂ ਤੱਕ ਸਾਰਾਗੜ੍ਹੀ ਦੀ ਇੱਕ ਇੰਚ ਧਰਤੀ ਵੀ ਦੁਸ਼ਮਣ ਦੇ ਕਬਜ਼ੇ ਵਿੱਚ ਨਹੀਂ ਜਾਣ ਦਿੱਤੀ ਸੀ। ਇਸ ਤਰ੍ਹਾਂ ਉਨ੍ਹਾਂ ੨੧ ਸਿੱਖ ਫ਼ੌਜੀਆਂ ਦੀ ਖ਼ਾਕ ਗੜ੍ਹੀ ਦੀ ਖਾਕ ਵਿੱਚ ਹੀ ਰਲ਼-ਮਿਲ ਗਈ। ਫਲਸਰੂਪ ਸਿੱਖ ਫ਼ੌਜੀ ਪੱਕੇ ਤੌਰ ’ਤੇ ਹੀ ਗੜ੍ਹੀ ਦਾ ਇੱਕ ਹਿੱਸਾ ਬਣ ਗਏ। ਇਹ ਸੀ ਉਨ੍ਹਾਂ ਬਹਾਦਰ ਸਿੱਖ ਫ਼ੌਜੀਆਂ ਦੀ ਸੂਰਮਗਤੀ ਅਤੇ ਕੁਰਬਾਨੀ ਦੀ ਅਦੁੱਤੀ ਗਾਥਾ।

ਸਾਰਾਗੜ੍ਹੀ ਦੀ ਲੜਾਈ ਵਿੱਚ ੬੦੦ ਤੋਂ ਵੀ ਵੱਧ ਕਬਾਇਲੀ ਮਾਰੇ ਗਏ ਸਨ ਅਤੇ ਇਸ ਤੋਂ ਵੀ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਕਬਾਇਲੀ ਨੇਤਾਵਾਂ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਗੜ੍ਹੀ ਦੇ ਕੇਵਲ ੨੧ ਸਿੱਖ ਫ਼ੌਜੀਆਂ ਨਾਲ ਉਨ੍ਹਾਂ ਦੀ ਸਾਰਾ ਦਿਨ ਲੜਾਈ ਹੋਵੇਗੀ ਅਤੇ ਉਨ੍ਹਾਂ ਦਾ ਇਤਨਾ ਭਾਰੀ ਜਾਨੀ ਨੁਕਸਾਨ ਹੋ ਜਾਵੇਗਾ।

ਸਾਰਾਗੜ੍ਹੀ ਦੇ ਅਮਰ ਸ਼ਹੀਦ ਯੋਧਿਆਂ ਦੇ ਕਾਰਨਾਮਿਆਂ ਦੀ ਖ਼ਬਰ ਜਦੋਂ ਇੰਗਲੈਂਡ ਪਹੁੰਚੀ ਤਾਂ ਬ੍ਰਿਟਿਸ਼ ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਸ਼ਹੀਦ ਯੋਧਿਆਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਅਤੇ ਨਾਲ ਹੀ ਕਿਹਾ ਕਿ ਇਨ੍ਹਾਂ ਸ਼ਹੀਦਾਂ ਉੱਤੇ ਉਨ੍ਹਾਂ ਨੂੰ ਬਹੁਤ ਮਾਣ ਹੈ। ਉਸ ਸਮੇਂ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਅਖ਼ਬਾਰਾਂ ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਕਾਰਨਾਮਿਆਂ ਬਾਰੇ ਵੱਡੀਆਂ-ਵੱਡੀਆਂ ਸੁਰਖੀਆਂ ਵਿੱਚ ਖ਼ਬਰਾਂ ਛਪੀਆਂ ਸਨ। ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਸਾਰਾਗੜ੍ਹੀ ਦੇ ਰਖਵਾਲਿਆਂ ਦੀ ਸ਼ਹਾਦਤ ਦੀ ਖ਼ਬਰ ਨੇ ਧੁੰਮਾਂ ਪਾ ਦਿੱਤੀਆਂ ਸਨ। ਉਦੋਂ ਸਿੱਖ ਕੌਮ ਆਪਣੀ ਬਹਾਦਰੀ ਸਦਕਾ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਗਈ ਸੀ।

ਬ੍ਰਿਟਿਸ਼ ਸਰਕਾਰ ਵੱਲੋਂ ਸਾਰਾਗੜ੍ਹੀ ਦੇ ੨੧ ਬਹਾਦਰਾਂ ਨੂੰ, ਮਰਨ ਉਪਰੰਤ ਸਭ ਤੋਂ ਵੱਡਾ ਫ਼ੌਜੀ ਸਨਮਾਨ ‘ਇੰਡੀਅਨ ਆਰਡਰ ਆਫ਼ ਮੈਰਿਟ’ ਨਾਲ ਸਨਮਾਨਿਤ ਕੀਤਾ।  ਹਰੇਕ ਸ਼ਹੀਦ ਦੇ ਪਰਵਾਰ ਨੂੰ ੫੦੦ ਰੁਪਏ ਨਕਦ ਅਤੇ ਹਰੇਕ ਪਰਵਾਰ ਨੂੰ ਦੋ-ਦੋ ਮੁਰੱਬੇ (੫੦ ਏਕੜ) ਜ਼ਮੀਨ ਵੀ ਦਿੱਤੀ ਗਈ। ਇੱਥੇ ਇਹ ਵੀ ਦੱਸਣ ਯੋਗ ਹੋਵੇਗਾ ਕਿ ਸੰਨ ੧੮੯੭ ਦੇ ਸਮਿਆਂ ਵਿੱਚ ੫੦੦ ਰੁਪਏ ਦੀ ਰਕਮ ਇੱਕ ਭਾਰੀ ਰਕਮ ਮੰਨੀ ਜਾਂਦੀ ਸੀ ਅਤੇ ਵੱਡੇ-ਵੱਡੇ ਅਮੀਰ ਵਿਅਕਤੀਆਂ ਕੋਲ ਹੀ ਹੁੰਦੀ ਸੀ। ‘ਇੰਡੀਅਨ ਆਰਡਰ ਆਫ਼ ਮੈਰਿਟ’ ਦਾ ਸਨਮਾਨ ਬ੍ਰਿਟਿਸ਼ ਫ਼ੌਜ ਦੇ ‘ਵਿਕਟੋਰੀਆ ਕਰਾਸ’ ਤੇ ਵਰਤਮਾਨ ਭਾਰਤ ਵਿੱਚ ‘ਪਰਮ ਵੀਰ ਚੱਕਰ’ ਦੇ ਬਰਾਬਰ ਮੰਨਿਆ ਜਾਂਦਾ ਹੈ।

ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਕਹਾਣੀਆਂ ਇੰਗਲੈਂਡ, ਫਰਾਂਸ ਅਤੇ ਹੋਰ ਕਈ ਦੇਸ਼ਾਂ ਦੇ ਸਕੂਲੀ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਰਹੀਆਂ ਹਨ। ਫਰਾਂਸ ਵਿੱਚ ਤਾਂ ਅੱਜ ਤੱਕ ਸਕੂਲ ਦੇ ਸਿਲੇਬਸ ਵਿੱਚ ਸਾਰਾਗੜ੍ਹੀ ਵਿੱਖੇ ਇਕ ਬੁਰਜ, ਕਿਲ੍ਹਾ ਲਾਕਹਾਰਟ ਵਿੱਚ ਇੱਕ ਮੀਨਾਰ, ਸ੍ਰੀ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਖੇ ਇੱਕ-ਇੱਕ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ।

ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਸਮੂਹਿਕ ਬਹਾਦਰੀ ਅਤੇ ਕੁਰਬਾਨੀ ਦਾ ਇੱਕ ਸ਼ਾਨਦਾਰ ਕਾਰਨਾਮਾ ਹੈ। ਇਸ ਵਰਗੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਸਾਰਾਗੜ੍ਹੀ ਦੀ ਲੜਾਈ ਦੁਨੀਆਂ ਦੇ ਫ਼ੌਜੀ ਇਤਿਹਾਸ ਵਿੱਚ ਇੱਕ ਵਿਲੱਖਣ ਘਟਨਾ ਹੈ, ਜਿੱਥੇ ਇੱਕ ਦਿਨ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਦੇ ਸਾਰੇ ੨੧ ਸਿੱਖ ਫੋਜੀਆਂ ਨੂੰ ਦੇਸ਼ ਦਾ ਸਭ ਤੋਂ ਉੱਚਾ ਫ਼ੌਜੀ  ਸਨਮਾਨ ਪ੍ਰਦਾਨ ਕੀਤਾ ਗਿਆ ਸੀ।

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪ੍ਰਚਲਿਤ ਕਾਵਿ-ਰੂਪਾਂ ਅਤੇ ਲੋਕ-ਸੰਗੀਤ ਦੀ ਸੰਖੇਪ ਰੂਪ ਵਿੱਚ ਜਾਣਕਾਰੀ

0

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਪ੍ਰਚਲਿਤ ਕਾਵਿ-ਰੂਪਾਂ ਅਤੇ ਲੋਕ-ਸੰਗੀਤ ਦੀ ਸੰਖੇਪ ਰੂਪ ਵਿੱਚ ਜਾਣਕਾਰੀ

ਪ੍ਰੋਫੈਸਰ ਪਿਆਰਾ ਸਿੰਘ ਪਦਮ

ਪ੍ਰਚਲਿਤ ਕਾਵਿ-ਰੂਪ ਅਤੇ ਲੋਕ-ਸੰਗੀਤ

ਆਦਿ ਗ੍ਰੰਥ ਵਿੱਚ ਲੋਕ-ਸੰਗੀਤ ਜਾਂ ਦੇਸੀ ਧਾਰਨਾ ਦੇ ਆਧਾਰ ’ਤੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਗਈ ਹੈ। ਇਹ ਲੋਕ-ਧਾਰਨਾਵਾਂ, ਉਸ ਸਮੇਂ ਆਮ ਪ੍ਰਚਲਿਤ ਸਨ ਤੇ ਲੋਕਾਂ ਵਿੱਚ ਹਰਮਨ ਪਿਆਰੀਆਂ ਸਨ, ਇਸ ਕਰ ਕੇ ਸੰਤਾਂ-ਭਗਤਾਂ ਅਤੇ ਗੁਰੂ ਸਾਹਿਬਾਨ ਨੇ ਲੋਕ-ਧਾਰਨਾ ਦੇ ਆਦਰਸ਼ ’ਤੇ ਵੰਨ-ਸੁਵੰਨੇ ਰੂਹਾਨੀ ਗੀਤਾਂ ਦੀ ਰਚਨਾ ਕੀਤੀ। ਲੋਕ-ਕਾਵਿ ਦੇ ਜੋ ਰੂਪ ਅਪਣਾਏ ਗਏ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :-

੧. ਅਲਾਹਣੀ:- ਇਹ ਸ਼ੋਕ ਮਈ ਢੰਗ ਨਾਲ ਚੜ੍ਹਾਈ ਕਰ ਚੁੱਕੇ (ਮਰ ਚੁੱਕੇ) ਪ੍ਰਾਣੀ ਦੀ ਯਾਦ ਵਿੱਚ ਸ਼ਲਾਘਾ ਦਾ ਗੀਤ ਹੈ। ਵਿਛੜੇ ਸਨੇਹੀ ਦੀ ਯਾਦ ਵਿੱਚ ਪਾਏ ਵੈਣ ਇਸ ਦਾ ਕਲੇਵਰ ਭਾਵ ਰੂਪ ਬਣਾਉਂਦੇ ਹਨ। ਗੁਰੂ ਨਾਨਕ ਸਾਹਿਬ ਨੇ ਵਡਹੰਸ ਰਾਗ ਵਿੱਚ ਇਸ ਲੋਕ ਧਾਰਨਾ ਦੇ ਆਧਾਰ ’ਤੇ ਸੰਸਾਰ ਦੀ ਨਾਸ਼ਵਾਨਤਾ ਦਰਸਾਉਂਦਿਆਂ ਬੜੇ ਹੀ ਦਰਦਨਾਕ ਜਜ਼ਬਿਆਂ ਦਾ ਜ਼ਿਕਰ ‘ਅਲਾਹਣੀਆਂ’ ਦੇ ਸ਼ਬਦਾਂ ਰਾਹੀਂ ਅੰਕਿਤ ਕੀਤਾ ਹੈ।

੨. ਆਰਤੀ:- ਇਸ਼ਟ ਦੇਵ ਦੀ ਮਹਿਮਾ ਅਤੇ ਪੂਜਾ ਲਈ ਇਹ ਲੈਅ ਵਰਤੀ ਜਾਂਦੀ ਹੈ। ਇਸ ਵਿੱਚ ਪੂਜਨੀਕ ਇਸ਼ਟ ਤੋਂ ਵਾਰਨੇ ਜਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਆਰਤੀ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਹੈ, ਭਗਤ ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਆਦਿ ਭਗਤਾਂ ਨੇ ਵੀ ਇਸੇ ਲੈਅ ਵਿੱਚ ਕੁਝ ਸ਼ਬਦ ਉਚਾਰਨ ਕੀਤੇ ਹਨ।

੩. ਅੰਜੁਲੀ:- ਬੇਨਤੀ ਦੇ ਬੋਲਾਂ ਦਾ ਗੀਤ (ਸ਼ਬਦ) ਅੰਜੁਲੀ ਕਹਾਉਂਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਰੂ ਰਾਗ ਵਿੱਚ ਦਰਜ ਹੈ।

੪. ਸਦੁ:- ਇਹ ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਪੇਂਡੂ ਲੋਕਾਂ ਦਾ ਪਿਆਰਾ ਗੀਤ ਹੈ। ਬਾਬਾ ਸੁੰਦਰ ਜੀ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਉਨ੍ਹਾਂ ਦੇ ਵਿਛੋੜੇ ’ਤੇ ਸਿੱਖਿਆ ਨੂੰ ਰਾਮਕਲੀ ਰਾਗ ਵਿੱਚ ਕਲਮਬੰਦ ਕੀਤਾ ਹੈ।

੫. ਸੋਹਿਲਾ:- ਖੁਸ਼ੀ ਦੇ ਗੀਤ ਨੂੰ ਸੋਹਿਲਾ ਕਹਿੰਦੇ ਹਨ। ਹਿੰਦੀ ਵਿੱਚ ਇਸ ਦਾ ਨਾਮ ‘ਸੋਹਰ’ ਪ੍ਰਸਿੱਧ ਹੈ, ਜੋ ਜਨਮ-ਉਤਸਵ ਤੇ ਗਾਇਆ ਜਾਂਦਾ ਹੈ। ਗਉੜੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇਸ ਸਿਰਲੇਖ ਹੇਠ ਇੱਕ ਸ਼ਬਦ ਸੁਭਾਇਮਾਨ ਹੈ।

੬. ਕਰਹਲੇ:- ‘ਕਰਹਾ’ ਜਾਂ ‘ਕਰਹਲ’ ਊਠ ਦਾ ਵਾਚਕ ਹੈ। ਊਠਵਾਨਾਂ ਦੀ ਇੱਕ ਗੀਤ ਗਾਉਣ ਦੀ ਧਾਰਨਾ ‘ਕਰਹਲਾ’ ਕਹੀ ਜਾਂਦੀ ਹੈ। ਪੁਰਾਣੇ ਜ਼ਮਾਨੇ ਵਿੱਚ ਵਪਾਰ ਲਈ ਊਠਾਂ ਉੱਤੇ ਸਮਾਨ ਆਦਿ ਲੱਦ ਕੇ ਵੱਖ-ਵੱਖ ਦੇਸ਼ਾਂ ਦਾ ਰਟਨ ਕੀਤਾ ਜਾਂਦਾ ਸੀ, ਇਸੇ ਭਾਵ ਨੂੰ ਲੈ ਕੇ ਮਾਇਆ ਵਿੱਚ ਭਟਕ ਰਹੇ ਜੀਵ ਨੂੰ ਗੁਰਬਾਣੀ ਵਿੱਚ ਊਠ ਕਿਹਾ ਗਿਆ ਹੈ। ਗੁਰੂ ਰਾਮਦਾਸ ਜੀ ਨੇ ਗਉੜੀ ਰਾਗ ਵਿੱਚ ਇਸ ਧਾਰਨਾ ਦੇ ਆਧਾਰ ’ਤੇ ਦੋ ਸ਼ਬਦ ਉਚਾਰਨ ਕੀਤੇ ਹਨ।

੭. ਕਾਫ਼ੀ:- ਇਹ ਸੂਫ਼ੀਆਂ ਦਾ ਪ੍ਰੇਮ-ਗੀਤ ਹੈ। ਕਵਾਲ ਗਾਇਕ ਇਸ ਨੂੰ ਮਹਿਫਲਾਂ ਵਿੱਚ ਗਾਉਂਦੇ ਰਹੇ ਹਨ ਤੇ ਪੰਜਾਬ ਵਿੱਚ ਇਹ ਧੁਨ ਕਾਫ਼ੀ ਪ੍ਰਸਿੱਧ ਰਹੀ ਹੈ। ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਸਾ, ਤਿਲੰਗ, ਸੂਹੀ ਤੇ ਮਾਰੂ ਰਾਗ ਵਿੱਚ ਇਸ ਦੀ ਵਰਤੋਂ ਕੀਤੀ ਹੈ।

੮. ਘੋੜੀਆਂ:- ਵਿਆਹ ਸਮੇਂ ਜਦੋਂ ਲਾੜ੍ਹਾ, ਘੋੜੀ ਉੱਤੇ ਚੜ੍ਹ ਕੇ ਜਾਂਦਾ ਹੈ ਤਾਂ ਭੈਣਾਂ, ਜੋ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਉਸ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਵਡਹੰਸ ਰਾਗ ਵਿੱਚ ਇਸ ਧਾਰਨਾ ਦੇ ਆਧਾਰ ’ਤੇ ਦੋ ਸ਼ਬਦ ਉਚਾਰਨ ਕੀਤੇ ਹਨ।

੯. ਚਉਬੋਲੇ:-  ਚਉਬੋਲੇ ਭਾਵੇਂ ਇੱਕ-ਮਾਤ੍ਰਿਕ ਛੰਦ ਦਾ ਵੀ ਨਾਂ ਹੈ ਲੇਕਿਨ ਉਸ ਦਾ ਵਜ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅੰਕ ੧੩੫੩ ਉੱਪਰ ਪੰਚਮ ਪਾਤਸ਼ਾਹ ਦੇ ਉਨ੍ਹਾਂ ੧੧ ਸਲੋਕਾਂ ਉੱਤੇ ਨਹੀਂ ਢੁੱਕਦਾ, ਜਿਨ੍ਹਾਂ ਦਾ ਸਿਰਲੇਖ ‘ਚਉਬੋਲੇ’ ਦਿੱਤਾ ਗਿਆ ਹੈ। ਕੁਝ ਸਿੱਖ ਵਿਦਵਾਨ ਇਹ ਵੀ ਵਿਆਖਿਆ ਕਰਦੇ ਹਨ ਕਿ ਇਹ ਚਾਰ ਸਿੱਖਾਂ ਪ੍ਰਤੀ (ਸੰਮਨ, ਮੂਸਨ, ਜਮਾਲ, ਪਤੰਗ) ਬੋਲੇ ਜਾਣ ਕਰ ਕੇ ਚਉਬੋਲੇ ਕਹਿਲਾਉਂਦਾ ਹੈ, ਇਹ ਠੀਕ ਨਹੀਂ।  ਚਉਬੋਲੇ, ਕਾਵਿ-ਰੂਪ ਵਿੱਚ ਚਾਰ ਕਿਸਮ ਦੀਆਂ ਭਾਸ਼ਾਵਾਂ ਦਾ ਮੇਲ ਵੀ ਦੇਖਣ ਵਿੱਚ ਆਉਂਦਾ ਹੈ, ਪਰ ਇੱਥੇ ਅਜਿਹਾ ਵੀ ਨਹੀਂ, ਚਉ ਦਾ ਅਰਥ ਹੈ ਚਾਓ, ਉਮੰਗ, ਉਤਸ਼ਾਹ ਅਤੇ ਬੋਲੇ ਦਾ ਅਰਥ ਹੈ ਬਚਨ, ਇਸ ਕਰ ਕੇ ਚਉਬੋਲੇ ਇੱਕ ਤਰ੍ਹਾਂ ਦੇ ਪ੍ਰੇਮ-ਗੀਤ ਰੂਪੀ ਸ਼ਬਦ ਕਹੇ ਜਾ ਸਕਦੇ ਹਨ।

੧੦. ਛੰਤ:-ਇਸਤ੍ਰੀਆਂ ਦੇ ਵਿਸ਼ੇਸ਼ ਪ੍ਰੇਮ-ਗੀਤ ਜਾਂ ਵਡਿਆਈ ਅਤੇ ਗੁਣਾਂ ਦੇ ਗੀਤ, ‘ਛੰਤ’ ਕਹਿਲਾਉਂਦੇ ਹਨ।  ਛੰਤ; ਛੰਦ ਤੋਂ ਭਿੰਨ ਹੈ। ‘ਛੰਦ’ ਉਹ ਹੈ, ਜਿਸ ਵਿੱਚ ਮਾਤ੍ਰਾ, ਅੱਖਰ ਜਾਂ ਗੁਣਾਂ ਦੀ ਕੋਈ ਪਾਬੰਦੀ ਹੋਵੇ। ‘ਛੰਤ’ ਕਾਵਿ-ਰੂਪ ਹੈ, ਜਿਸ ਦੇ ਆਮ ਤੌਰ ’ਤੇ ਚਾਰ ਬੰਦ ਹੁੰਦੇ ਹਨ ਤੇ ਇਸ ਵਿੱਚ ਪਹਿਲੇ ਵਿਛੋੜੇ ਦਾ ਬਿਆਨ ਕਰ ਕੇ ਫਿਰ ਮਿਲਾਪ ਦੀ ਅਵਸਥਾ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵਿਸ਼ੇ ਵੀ ਅਪਣਾਏ ਗਏ ਹਨ। ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਨੇ ਕਈ ਰਾਗਾਂ ਵਿੱਚ ਅਨੇਕਾਂ ਛੰਤਾਂ ਦੀ ਰਚਨਾ ਕੀਤੀ ਹੈ।

੧੧. ਡਖਣੇ:-ਲਹਿੰਦੀ ਬੋਲੀ ਭਾਵ ਮੁਲਤਾਨ, ਸਾਹੀਵਾਲ ਦੇ ਇਲਾਕੇ ਦੀ ਬੋਲੀ ਵਿੱਚ ਲਿਖਿਆ ਸਲੋਕ ‘ਡੱਖਣਾ’ ਕਹਾਉਂਦਾ ਹੈ। ਇਸ ਵਿੱਚ ਵਧੇਰੇ ਕਰ ਕੇ ‘ਦ’ ਦੀ ਥਾਂ ‘ਡ’ ਵਰਤਿਆ ਜਾਂਦਾ ਹੈ। ਗੁਰੂ ਅਰਜਨ ਸਾਹਿਬ ਨੇ ਮਾਰੂ ਰਾਗ ਵਿੱਚ ‘ਡਖਣੇ’ ਸਿਰਲੇਖ ਹੇਠ ਉਚਾਰਨ ਕੀਤੇ ਜੋ ਕਿ ਇਸੇ ਰਾਗ ਦੀ ਵਾਰ ਨਾਲ ਜੋੜ ਦਿੱਤੇ ਗਏ ਹਨ। ਸਿਰੀ ਰਾਗ ਦੇ ਛੰਤਾਂ ਨਾਲ ਵੀ ਪੰਜ ਸ਼ਬਦ ‘ਡਖਣੇ’ ਸਲੋਕਾਂ ਦੇ ਰੂਪ ਵਿੱਚ ਅੰਕਿਤ ਕੀਤੇ ਹੋਏ ਮਿਲਦੇ ਹਨ।

੧੨. ਥਿਤੀ:- ੧੫ ਥਿਤੀਆਂ ਰਾਹੀਂ ਕੋਈ ਖ਼ਾਸ ਵੀਚਾਰ ਦੇਣ ਵਾਲਾ ਕਾਵਿ-ਰੂਪ ‘ਥਿਤੀ’ ਕਹਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸਿਰਲੇਖ ਹੇਠ ‘ਬਿਲਾਵਲ’ ਰਾਗ ਵਿੱਚ ਤੇ ਭਗਤ ਕਬੀਰ ਜੀ ਨੇ ‘ਗਉੜੀ’ ਰਾਗ ਵਿੱਚ ‘ਥਿਤੀ’ ਬਾਣੀ ਦੀ ਰਚਨਾ ਕੀਤੀ ਹੈ।

੧੩. ਦਿਨ ਰੈਣਿ:- ਇਸ ਕਾਵਿ-ਰੂਪ ਰਾਹੀਂ ਹਰ ਸਮੇਂ ਸ਼ੁਭ ਸਿੱਖਿਆ ਆਦਿ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਨੇ ਇਸ ਸਿਰਲੇਖ ਹੇਠ ਕਾਵਿ ਰਚਨਾ ਕੀਤੀ ਹੈ, ਜਿਸ ਵਿੱਚ ਜੀਵ ਨੂੰ ਹਰ ਸਮੇਂ ਰੱਬੀ ਯਾਦ ਵਿੱਚ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ।

੧੪. ਪਹਿਰੇ:- ਰਾਤ ਦੇ ਚਾਰ ਪਹਿਰਾਂ ਦੇ ਆਧਾਰ ’ਤੇ ਰਚੀ ਬਾਣੀ ਭਾਵ ਰਾਤ ਦੇ ਹਰੇਕ ਪਹਿਰ ਰਾਹੀਂ ਕੋਈ ਖ਼ਾਸ ਵੀਚਾਰ ਦੇਣ ਵਾਲੇ ਕਾਵਿ-ਰੂਪ ਨੂੰ ‘ਪਹਿਰੇ’ ਕਿਹਾ ਜਾਂਦਾ ਹੈ। ਇਸ ਵਿੱਚ ਜੀਵਨ ਦੀਆਂ ਚਾਰ ਅਵਸਥਾਵਾਂ (ਮਾਤ-ਗਰਭ, ਬਚਪਨ, ਜੁਆਨੀ, ਬੁਢੇਪਾ ਜਾਂ ਮੌਤ) ਦੱਸ ਕੇ ਜੀਵਨ ਨੂੰ ਸਫਲ ਕਰਨ ਸਬੰਧੀ ਸਿੱਖਿਆ ਦਿੱਤੀ ਗਈ ਹੈ। ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ ਨੇ ‘ਪਹਰੇ’ ਬਾਣੀ ਦੀ ਰਚਨਾ ਕੀਤੀ ਹੈ।

੧੫. ਪੱਟੀ:- ਵਰਣਮਾਲਾ (ਅੱਖਰ-ਕ੍ਰਮ) ਦੇ ਹਰੇਕ ਅੱਖਰ ਰਾਹੀਂ ਸ਼ੁਭ ਉਪਦੇਸ਼ ਦੇਣ ਲਈ ਰਚੀ ਬਾਣੀ ‘ਪੱਟੀ’ ਅਖਵਾਉਂਦੀ ਹੈ। ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਦੀ ਵਰਤੋਂ ਕੀਤੀ ਹੈ।

੧੬. ਬਾਰਹ ਮਾਹਾ:- ਬਾਰ੍ਹਾਂ ਮਹੀਨਿਆਂ ਵਿੱਚੋਂ ਹਰੇਕ ਮਹੀਨੇ ਅਤੇ ਉਸ ਦੇ ਮੌਸਮੀ ਪ੍ਰਭਾਵ ਨੂੰ ਆਧਾਰ ਬਣਾ ਕੇ ਸਬੰਧਿਤ ਵਿਸ਼ੇ ਨੂੰ, ਬਾਖ਼ੂਬੀ ਉਜਾਗਰ ਕਰਨ ਵਾਲਾ ਕਾਵਿ-ਰੂਪ ‘ਬਾਰਹ ਮਾਹਾ’ ਕਹਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ਵਿੱਚ ‘ਬਾਰਹ ਮਾਹਾ’ ਦੀ ਰਚਨਾ ਕੀਤੀ ਹੈ, ਜਿਸ ਵਿੱਚ ਰੱਬੀ ਮਿਲਾਪ ਜਾਂ ਰੱਬੀ ਵਿਛੋੜੇ ਕਾਰਨ ਹੋਣ ਵਾਲੀ ਜੀਵ ਇਸਤ੍ਰੀ ਦੀ ਆਤਮਕ ਦਸ਼ਾ ਦਾ ਵਰਣਨ ਕੀਤਾ ਗਿਆ ਹੈ।

੧੭. ਬਾਵਨ ਅੱਖਰੀ:- ਸੰਸਕ੍ਰਿਤ ਦੇ ਬਵੰਜਾ ਅੱਖਰਾਂ ਦੇ ਆਧਾਰ ’ਤੇ ਸ਼ੁਭ ਉਪਦੇਸ਼ ਦੇਣ ਲਈ ਰਚੀ ਗਈ ਰਚਨਾ ‘ਬਾਵਨ ਅਖਰੀ’ ਦੇ ਨਾਮ ਨਾਲ ਜਾਣੀ ਜਾਂਦੀ ਹੈ। ਭਗਤ ਕਬੀਰ ਜੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿੱਚ ਇਸ ਦੀ ਵਰਤੋਂ ਕੀਤੀ ਹੈ।

੧੮. ਬਿਰਹੜੇ:- ਵਿਯੋਗ ਦਾ ਵਿਸ਼ਾ ਲੈ ਕੇ ਰਚੀ ਗਈ ਰਚਨਾ ਦਾ ਨਾਂ ‘ਬਿਰਹੜੇ’ ਹੈ। ਆਸਾ ਰਾਗ ਵਿੱਚ ਪੰਚਮ ਸਤਿਗੁਰੂ ਨੇ ਤਿੰਨ ਛੰਦਾਂ ਦੀ ਰਚਨਾ ਕੀਤੀ ਹੈ, ਪਰ ਇਨ੍ਹਾਂ ਨੂੰ ‘ਛੰਤਾਂ ਕੀ ਜਤਿ’ ’ਤੇ ਗਾਉਣ ਦਾ ਆਦੇਸ਼ ਹੈ।

੧੯. ਮੰਗਲ:- ਖੁਸ਼ੀ ਦੇ ਗੀਤ ਨੂੰ ‘ਮੰਗਲ’ ਦੇ ਨਾਮ ਨਾਲ ਨਿਰੂਪਣ ਕੀਤਾ ਗਿਆ ਹੈ। ਇਹ ਵਧੇਰੇ ਵਿਆਹ-ਸ਼ਾਦੀ ਆਦਿਕ ਖੁਸ਼ੀ ਦੇ ਮੌਕੇ ਸਮੇਂ ਗਾਇਆ ਜਾਂਦਾ ਹੈ। ਹਿੰਦੀ ਕਵੀ ਤੁਲਸੀਦਾਸ ਨੇ ਜਾਨਕੀ ਮੰਗਲ, ਪਾਰਬਤੀ ਮੰਗਲ ਲਿਖੇ ਹਨ। ਹਿੰਦੀ ਸਾਹਿਤ ਵਿੱਚ ‘ਰੁਕਮਣੀ ਮੰਗਲ’ ਪ੍ਰਸਿੱਧ ਹਨ। ਬਿਲਾਵਲ ਵਿੱਚ ਗੁਰੂ ਰਾਮਦਾਸ ਜੀ ਨੇ ਮਿਲਾਪ ਦਾ ਅਨੰਦ ਪ੍ਰਗਟਾਉਂਦਿਆਂ ਦੋ ‘ਮੰਗਲ’ ਲਿਖੇ ਹਨ। ਇਹ ਛੰਤਾਂ ਦੀ ਤਰਜ਼ ’ਤੇ ਹਨ।

੨੦. ਰੁਤੀ:- ਭਾਰਤੀ ਮਹਾਂਦੀਪ ਵਿੱਚ ਸਾਲ ਦੀਆਂ ਛੇ ਰੁੱਤਾਂ ਹੁੰਦੀਆਂ ਹਨ, ਹਰੇਕ ਰੁੱਤ ਦੇ ਮੌਸਮੀ ਪ੍ਰਭਾਵ ਨੂੰ ਆਧਾਰ ਬਣਾ ਕੇ ਆਪਣੇ ਵਿਸ਼ੇ ਨੂੰ ਪ੍ਰਗਟਾਉਣ ਵਾਲੀ ਕਾਵਿ ਰਚਨਾ ‘ਰੁਤੀ’ ਕਹਾਉਂਦੀ ਹੈ। ਰਾਮਕਲੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਇਸ ਦੀ ਵਰਤੋਂ ਕੀਤੀ ਹੈ।

੨੧. ਵਣਜਾਰਾ:- ਪੁਰਾਣੇ ਜ਼ਮਾਨੇ ਵਿੱਚ ਜਦ ਵਾਪਾਰੀ, ਵਣਜਾਰੇ ਸੌਦਾ ਲੱਦ ਕੇ, ਵੇਚਣ ਲਈ ਇੱਕ ਤੋਂ ਦੂਜੇ ਥਾਂ ਜਾਂਦੇ ਸਨ ਤਾਂ ਰਾਹ ਵਿੱਚ ਗੀਤ ਗਾਉਂਦੇ ਹੋਏ ਸਫਰ ਵਿੱਚ ਤੁਰਦੇ ਸਨ। ਇਸੇ ਤਰਜ਼ ਨੂੰ ਲੈ ਕੇ ਸਿਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ ਹੈ ਤੇ ਇਸ ਵਿੱਚ ‘ਵਣਜਾਰਿਆ ਮਿਤ੍ਰਾ’ ਨੂੰ ਥਾਂ-ਥਾਂ ’ਤੇ ਸੰਬੋਧਨ ਕੀਤਾ ਗਿਆ ਹੈ, ਇਸ ਰਾਹੀਂ ਜੀਵ ਨੂੰ ਪ੍ਰਭੂ ਦੇ ਨਾਮ ਰੂਪੀ ਸੌਦੇ ਨੂੰ ਵਿਹਾਜਣ ਦੀ ਪ੍ਰੇਰਨਾ ਕੀਤੀ ਗਈ ਹੈ।

੨੨. ਵਾਰ:- ਯੁੱਧ-ਕਥਾ ਨੂੰ ਪਉੜੀ ਵਿੱਚ ਗਾਇਨ ਕਰਨ ਦੀ ਪੇਸ਼ਕਾਰੀ ਨੂੰ ‘ਵਾਰ’ ਕਿਹਾ ਜਾਂਦਾ ਹੈ। ਇਸ ਵਿੱਚ ਕਿਸੇ ਚੰਗੇ ਜੀਵਨ ਵਾਲੇ ਮਨੁੱਖ ਦੀ ਸੂਰਬੀਰਤਾ ਦਾ ਵਰਣਨ ਕੀਤਾ ਗਿਆ ਹੁੰਦਾ ਹੈ। ਗੁਰੂ ਸਾਹਿਬ ਦੇ ਜ਼ਮਾਨੇ ਇਹ ਕਾਵਿ-ਰੂਪ ਬਹੁਤ ਪ੍ਰਸਿੱਧੀ ਰੱਖਦਾ ਸੀ। ਇਸੇ ਕਰ ਕੇ ਆਦਿ ਗ੍ਰੰਥ ਵਿੱਚ ੨੨ ਵਾਰਾਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ੨੨ ਵਾਰਾਂ ਵਿੱਚੋਂ ਨੌਂ ਵਾਰਾਂ ਉੱਪਰ, ਨੌਂ ਪ੍ਰਾਚੀਨ ਵਾਰਾਂ ਦੀਆਂ ਧੁਨਾਂ ਅਨੁਸਾਰ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ; ਜਿਸ ਦਾ ਵੇਰਵਾ ਹੇਠ ਲਿਖੇ ਮੁਤਾਬਕ ਹੈ:-

੧. ਵਾਰ ਮਾਝ-ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨਿ

੨. ਵਾਰ ਗਉੜੀ-ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ

੩. ਵਾਰ ਆਸਾ-ਟੁੰਡੇ ਅਸਰਾਜੈ ਕੀ ਧੁਨਿ

੪. ਵਾਰ ਗੂਜਰੀ-ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨਿ

੫. ਵਾਰ ਵਡਹੰਸ-ਲਲਾਂ ਬਹਿਲੀਮਾ ਕੀ ਧੁਨਿ

੬. ਵਾਰ ਰਾਮਕਲੀ-ਜੋਧੈ ਵੀਰੈ ਪੂਰਬਾਣੀ ਕੀ ਧੁਨਿ

੭. ਵਾਰ ਸਾਰੰਗ-ਰਾਇ ਮਹਮੇ ਹਸਨੇ ਕੀ ਧੁਨਿ

੮. ਵਾਰ ਮਲਾਰ-ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ

੯. ਵਾਰ ਕਾਨੜਾ-ਮੂਸੇ ਕੀ ਵਾਰ ਕੀ ਧੁਨਿ

ਇਹ ਸੂਚਨਾਵਾਂ ਦੱਸਦੀਆਂ ਹਨ ਕਿ ਗੁਰੂ ਸਾਹਿਬ ਉਸ ਸਮੇਂ ਦੇ ਪ੍ਰਚਲਿਤ ਲੋਕ-ਸੰਗੀਤ ਵਿੱਚ ਕਿੰਨੀ ਦਿਲਚਸਪੀ ਰੱਖਦੇ ਸਨ ਤੇ ਉਨ੍ਹਾਂ ਅਧਿਆਤਮਕ ਵਾਰਾਂ ਨੂੰ ਇਨ੍ਹਾਂ ਦੀ ਤਰਜ਼ ’ਤੇ ਗਾਉਣ ਦੀ ਸੂਚਨਾ ਦਿੱਤੀ, ਪਰ ਸਮੇਂ ਦੇ ਗੁਜ਼ਰ ਜਾਣ ਨਾਲ ਹੁਣ ਇਹ ਦੱਸਣਾ ਔਖਾ ਹੈ ਕਿ ਉਹ ਤਰਜ਼ ਕਿਸ-ਕਿਸ ਭਾਂਤ ਦੀ ਸੀ, ਪਰੰਤੂ ਪਉੜੀਆਂ ਦੀਆਂ ਤੁਕਾਂ ਦੇ ਵਜ਼ਨ ਦੱਸਦੇ ਹਨ ਕਿ ਉਨ੍ਹਾਂ ਵਿੱਚ ਕਾਫ਼ੀ ਵੰਨ-ਸੁਵੰਨਤਾ ਸੀ ਅਤੇ ਪ੍ਰਾਚੀਨ ਰਬਾਬੀਆਂ ਦੀਆਂ ਗਾਉਣ-ਵਿਧੀਆਂ ਤੋਂ ਉਨ੍ਹਾਂ ਨੂੰ ਲੱਭਿਆ-ਭਾਲਿਆ ਵੀ ਜਾ ਸਕਦਾ ਹੈ। ਗੁਰੂ ਸਾਹਿਬ ਨੇ ਇਨ੍ਹਾਂ ਦੀ ਲੋਕ-ਪ੍ਰਿਯਤਾ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਵਾਰਾਂ ਨੂੰ ਇਨ੍ਹਾਂ ਤਰਜ਼ਾਂ ਉੱਪਰ ਗਾਉਣ ਦੀ ਹਿਦਾਇਤ ਕੀਤੀ ਤਾਂ ਕਿ ਜੋ ਪਰਮਾਰਥਕ ਸੁਨੇਹੇ ਉਹ ਆਮ ਲੋਕਾਂ ਦੇ ਦਿਲਾਂ ਦੀ ਡੂੰਘਾਈ ਤੱਕ ਲੈ ਜਾਣਾ ਚਾਹੁੰਦੇ ਸਨ, ਉਹ ਸੁਨੇਹੇ ਉਨ੍ਹਾਂ ਦੇ ਮਨਪਸੰਦ ਪਿਆਰੇ ਗਾਉਣ-ਢੰਗ ਰਾਹੀਂ ਸੌਖਿਆਂ ਹੀ ਆਮ ਲੋਕਾਂ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਸਕਣ।

੨੩.  ਵਾਰ ਸਤ:- ਸੱਤ ਦਿਨਾਂ ਦੇ ਆਧਾਰ ’ਤੇ ਸ਼ੁਭ ਉਪਦੇਸ਼ ਪ੍ਰਗਟ ਕਰਨ ਲਈ ਕੀਤੀ ਰਚਨਾ ‘ਵਾਰ ਸਤ’ ਜਾਂ ‘ਸਤਵਾਰ’ ਹੈ, ਇਸ ਵਿੱਚ ਆਮ ਤੌਰ ’ਤੇ ਹਰੇਕ ਵਾਰ ਦੇ ਨਾਂ ਦੇ ਪਹਿਲੇ ਅੱਖਰ ਤੋਂ ਕੋਈ ਸ਼ਬਦ ਵਰਤ ਕੇ ਸਿੱਖਿਆ ਦੇਣੀ ਆਰੰਭ ਕੀਤੀ ਜਾਂਦੀ ਹੈ। ਗਉੜੀ ਰਾਗ ਵਿੱਚ ਕਬੀਰ ਜੀ ਨੇ ‘ਵਾਰ’ ਤੇ ਬਿਲਾਵਲ ਰਾਗ ਵਿੱਚ ਗੁਰੂ ਅਮਰਦਾਸ ਜੀ ਨੇ ‘ਵਾਰ ਸਤ’ ਦੀ ਰਚਨਾ ਕੀਤੀ ਹੈ।

ਗੁਰਬਾਣੀ ’ਚ ਕਿਰਿਆ ਸ਼ਬਦਾਂ ਦਾ ਭਿੰਨ-ਭਿੰਨ ਸਰੂਪ (ਭਾਗ ੧੩)

0

ਗੁਰਬਾਣੀ ’ਚ ਕਿਰਿਆ ਸ਼ਬਦਾਂ ਦਾ ਭਿੰਨ-ਭਿੰਨ ਸਰੂਪ (ਭਾਗ ੧੩)

ਕਿਰਪਾਲ ਸਿੰਘ ਬਠਿੰਡਾ। ਸੰਪਰਕ ੯੮੫੫੪-੮੦੭੯੭

ਹੁਣ ਤੱਕ ਪਿਛਲੇ ਭਾਗਾਂ ਵਿੱਚ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਜ਼ਿਆਦਾਤਰ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਦੇ ਅੱਖਰਾਂ ਦੇ ਉਚਾਰਨ ਦੀ ਵੀਚਾਰ ਕਰ ਆਏ ਹਾਂ ਇਸ ਭਾਗ ਵਿੱਚ ਕਿਰਿਆਵਾਚੀ ਸ਼ਬਦਾਂ ਦੇ ਉਚਾਰਨ ਸਬੰਧੀ ਵੀਚਾਰ ਕੀਤੀ ਜਾਣੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਕਿਰਿਆ ਸਬਦਾਂ ਦੀ ਪਛਾਣ ਹੋਣੀ ਜ਼ਰੂਰੀ ਹੈ। ਕਿਸੇ ਵੀ ਤੁਕ ਵਿੱਚ ਜੋ ਸ਼ਬਦ ਕਿਸੇ ਕੰਮ ਕਰਨ ਦੀ ਕਿਰਿਆ ਨੂੰ ਕਾਲ ਸਹਿਤ ਸਮਝਾਵੇ ਉਸ ਨੂੰ ਕਿਰਿਆਵਾਚੀ ਸ਼ਬਦ ਕਿਹਾ ਜਾਂਦਾ ਹੈ। ਕੰਮ ਕਰਨ ਵਾਲਾ ਕੌਣ ਹੈ ਇਸ ਦੇ ਆਧਾਰ ’ਤੇ ਕਿਰਿਆਵਾਚੀ ਸ਼ਬਦਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਸੇ ਕਾਰਜ ਦੇ ਕਰਤਾ ਲਈ ਜੇਕਰ ਪੜਨਾਂਵ ਮੈਂ, ਹਉਂ, ਅਸੀਂ, ਹਮ ਸ਼ਬਦ ਵਰਤੇ ਗਏ ਹੋਣ ਤਾਂ ਉਹ ਪੜਨਾਂਵ ਉੱਤਮ ਪੁਰਖ (ਪਹਿਲਾ ਪੁਰਖ) ਦੇ ਲਖਾਇਕ ਹੁੰਦੇ ਹਨ ਅਤੇ ਉੱਤਮ ਪੁਰਖ ਲਈ ਵਰਤੇ ਜਾਣ ਵਾਲੇ ਕਿਰਿਆਵਾਚੀ ਸ਼ਬਦਾਂ ਨੂੰ ਉੱਤਮ ਪੁਰਖ (ਪਹਿਲਾ ਪੁਰਖ) ਦੀ ਕਿਰਿਆ ਕਿਹਾ ਜਾਂਦਾ ਹੈ। ਜਦ ਤੁਕ ਵਿੱਚ ‘ਕਰਤਾ’ ਨਾਂਵ ਨੂੰ ਸੰਬੋਧਨ ਕਰ ਕੇ ਗੱਲ ਕੀਤੀ ਜਾ ਰਹੀ ਹੋਵੇ ਉਥੇ ਮੱਧਮ ਪੁਰਖ (ਦੂਜਾ ਪੁਰਖ) ਕਿਰਿਆ ਹੁੰਦੀ ਹੈ ਜਾਂ ‘ਕਰਤਾ’ ਦੇ ਪੜਨਾਂਵ ਨੂੰ ਤੂੰ, ਤੁਮ, ਤੁਧ, ਤੁਧ ਨੋ, ਤੁਹ ਨੋ ਕਿਹਾ ਗਿਆ ਹੋਵੇ ਤਾਂ ਵਾਕ ’ਚ ਮੱਧਮ ਪੁਰਖ ਕਿਰਿਆ ਹੋਏਗੀ। ਜੇਕਰ ‘ਕਰਤਾ’ ਨਾਲ ਗੱਲਬਾਤ ਕਰਨ ਦੀ ਬਜਾਇ ‘ਕਰਤੇ’ ਬਾਰੇ ਗੱਲਬਾਤ ਕੀਤੀ ਜਾਏ ਤਾਂ ਉੱਥੇ ਅਨਯ ਪੁਰਖ ਕਿਰਿਆ ਦਾ ਸਰੂਪ ਦਰਜ ਹੁੰਦਾ ਹੈ, ਜੋ ਕਿ ਉੱਤਮ ਪੁਰਖ ਅਤੇ ਮੱਧਮ ਪੁਰਖ ਕਿਰਿਆਵਾਚੀ ਸ਼ਬਦਾਂ ਤੋਂ ਆਪਣਾ ਭਿੰਨ ਸਰੂਪ ਦਰਸਾਉਂਦਾ ਹੈ। ਅਨਯ ਪੁਰਖ ਦਾ ਪੜਨਾਂਵ ਉਹ, ਉਸ, ਉਨ੍ਹਾਂ, ਇਨ੍ਹਾਂ ਆਦਿ ਹੁੰਦਾ ਹੈ।

ਉਕਤ ਕੀਤੀ ਗਈ ਵਿਚਾਰ ਉਪਰੰਤ ਕਿਰਿਆ ਦੇ ਤਿੰਨ ਰੂਪ (ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ) ਸਾਹਮਣੇ ਆ ਚੁੱਕੇ ਹਨ। ‘ਪੁਰਖ’ ਅਤੇ ‘ਕਾਲ’ ਦੇ ਮੁਤਾਬਕ ਕਿਰਿਆਵਾਚੀ ਸ਼ਬਦਾਂ ਦਾ ਰੂਪ ਵਿਆਕਰਣਿਕ ਨਿਯਮਾਂ ਅਨੁਸਾਰ ਬਦਲਦਾ ਰਹਿੰਦਾ ਹੈ, ਜਿਨ੍ਹਾਂ ਨੂੰ ਹੇਠ ਦਿੱਤੀਆਂ ਉਦਾਹਰਨਾਂ ਰਾਹੀਂ ਵਧੇਰੇ ਸਮਝਿਆ ਜਾ ਸਕਦਾ ਹੈ :

ਹੈ, ਹੈਂ

ਜੇ ਕਰ ਕਿਸੇ ਤੁਕ ਵਿੱਚ ‘ਹੈ’ ਸ਼ਬਦ ਕਿਰਿਆ ਜਾਂ ਸਹਾਇਕ ਕਿਰਿਆ ਦੇ ਤੌਰ ’ਤੇ ਵਰਤਿਆ ਗਿਆ ਹੋਵੇ ਤਾਂ ਅਨ ਪੁਰਖ ਇੱਕ ਵਚਨ ਵਾਲੀਆਂ ਤੁਕਾਂ ਵਿੱਚ ‘ਹੈ’ ਬਿਨਾਂ ਬਿੰਦੀ ਤੋਂ ਉਚਾਰਿਆ ਜਾਂਦਾ ਹੈ ਪਰ ਮੱਧਮ ਪੁਰਖ ਇੱਕ ਵਚਨ ਅਤੇ ਅਨ ਪੁਰਖ ਬਹੁ ਵਚਨ ਵਾਲੀਆਂ ਤੁਕਾਂ ਵਿੱਚ ‘ਹੈ’ ਬਿੰਦੀ ਸਹਿਤ ‘ਹੈਂ’ ਉਚਾਰਿਆ ਜਾਣਾ ਠੀਕ ਰਹੇਗਾ; ਜਿਵੇਂ ਕਿ

੧.  ਵਣਜੁ ਕਰਹੁ ਵਣਜਾਰਿਹੋ  ! ਵਖਰੁ (ਸੌਦਾ) ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ; ਜੈਸੀ ਨਿਬਹੈ ਨਾਲਿ ॥ ਅਗੈ, ਸਾਹੁ ਸੁਜਾਣੁ ‘ਹੈ’ ; ਲੈਸੀ ਵਸਤੁ ਸਮਾਲਿ ॥ (ਮ: ੧/੨੨) ਇਸ ਤੁਕ ’ਚ ‘ਹੈ’ ਅਨ ਪੁਰਖ ਇੱਕ ਵਚਨ ਹੈ ਕਿਉਂਕਿ ਕਰਤੇ ਨਾਲ ਗੱਲ ਨਹੀਂ ਕੀਤੀ ਬਲਕਿ ਕਰਤੇ (ਸਾਹੁ ਸੁਜਾਣੁ) ਬਾਰੇ ਗੱਲਬਾਤ ਕੀਤੀ ਗਈ ਹੈ, ਇਸ ਲਈ ਉਚਾਰਨ ਬਿਨਾਂ ਬਿੰਦੀ ਤੋਂ = ‘ਹੈ’ ਹੋਏਗਾ।  ਅਰਥ ਹਨ, ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ ! (ਨਾਮ ਦਾ) ਵਾਪਾਰ ਕਰੋ, ਨਾਮ ਰੂਪ ਸੌਦਾ ਸੰਭਾਲ਼ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜਿਹੜਾ ਸਦਾ ਲਈ ਸਾਥ ਨਿਭਾਏ । ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ‘ਹੈ’ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ-ਕਰ ਕੇ ਕਬੂਲ ਕਰੇਗਾ ।

੨.  ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ‘ਹੈਂ’ ; ਅਤਿਭੁਜ (ਵੱਡੀਆਂ ਭੁਜਾਂ ਵਾਲਾ, ਬਹੁਤ ਬਲੀ) ਭਇਓ ਅਪਾਰਲਾ (ਬੇਅੰਤ)॥ ਫੇਰਿ ਦੀਆ ਦੇਹੁਰਾ ਨਾਮੇ ਕਉ ; ਪੰਡੀਅਨ ਕਉ ਪਿਛਵਾਰਲਾ॥ (ਨਾਮਦੇਵ ਜੀ/੧੨੯੨) ਇਸ ਤੁਕ ’ਚ ‘ਹੈ’ ਮੱਧਮ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਸਹਿਤ ਲਿਖਿਆ ਹੋਇਆ ਹੈ= ‘ਹੈਂ’ । ਅਰਥ ਹਨ (ਹੇ ਸੋਹਣੇ ਰਾਮ !) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਜਾਂ ਉੱਚੀ ਕੁਲ ਦਾ) ਦਇਆ ਕਰਨ ਵਾਲਾ ‘ਹੈਂ’, ਤੂੰ ਮਿਹਰ ਦਾ ਘਰ ‘ਹੈਂ’, (ਫਿਰ ਤੂੰ) ‘ਹੈਂ’ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾਂ ਧੱਕਾ ਕਰ ਸਕਦਾ ਹੈ ? ਮੇਰੀ ਨਾਮਦੇਵ ਦੀ ਅਜਿਹੀ ਬੇਨਤੀ ਸੁਣਨ ਉਪਰੰਤ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵੱਲ ਫੇਰ ਦਿੱਤਾ ਤੇ ਪਾਂਡਿਆਂ ਵੱਲ ਪਿੱਠ ਹੋ ਗਈ ।

੩.  ਤੂ ਦਰੀਆਉ ਦਾਨਾ ਬੀਨਾ, ਮੈ ਮਛੁਲੀ ਕੈਸੇ ਅੰਤੁ ਲਹਾ॥ ਜਹ ਜਹ ਦੇਖਾ, ਤਹ ਤਹ ਤੂ ‘ਹੈ’, ਤੁਝ ਤੇ ਨਿਕਸੀ (ਨਿਕਲੀ ਹੋਈ) ਫੂਟਿ ਮਰਾ (ਮੈਂ ਤੜਫ ਤੜਫ ਕੇ ਮਰ ਜਾਂਦੀ ਹਾਂ)॥ (ਮ: ੧/੨੫)। ਨੋਟ: ਇਸ ਤੁਕ ਵਿੱਚ ਕਿਰਿਆਵਾਚੀ ਸ਼ਬਦ ‘ਹੈ’ ਬਿਨਾਂ ਬਿੰਦੀ ਤੋਂ ਛਪਿਆ ਹੋਇਆ ਹੈ ਪਰ ਹੈ ਇਸ ਤੁਕ ਵਿੱਚ ਵੀ ਮੱਧਮ ਪੁਰਖ ਇੱਕ ਵਚਨ; ਜਿਵੇਂ ਕਿ ਪਿਛਲੇ ਨੰਬਰ ੨ ਦੀ ਵਿਚਾਰ ਕੀਤੀ ਗਈ ਸੀ। ਇਸ ਲਈ ਉਕਤ ਤੁਕ ਨੰ: ੨ ਤੋਂ ਸੇਧ ਲੈ ਕੇ ਇੱਥੇ ਵੀ ਉਚਾਰਨ ਬਿੰਦੀ ਸਹਿਤ = ‘ਹੈਂ’ ਕਰਨਾ ਦਰੁਸਤ ਹੈ । ਅਰਥ ਹਨ : ਹੇ ਪ੍ਰਭੂ ! ਤੂੰ (ਇਕ) ਦਰਿਆ-ਸਮੁੰਦਰ (ਸਮਾਨ ਹੈਂ), ਮੈਂ (ਤੇਰੇ ਵਿੱਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਕਿਨਾਰਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿੱਤ) ਦੇਖਦਾ ਹੈਂ। ਮੈਂ (ਮੱਛੀ ਤੈਂ ਭਾਵ ਤੇਰੇ ਦਰਿਆ ਰੂਪ ਵਿੱਚ) ਜਿੱਧਰ ਵੇਖਦੀ ਹਾਂ ਉੱਧਰ-ਉੱਧਰ ਤੂੰ (ਦਰਿਆ ਹੀ ਦਰਿਆ ਵਿਖਾਈ ਦਿੰਦਾ) ‘ਹੈਂ’। ਜੇ ਮੈਂ, ਤੈਂ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ-ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ।

੪.  ਏਕਲ ਮਾਟੀ (ਇੱਕੋ ਮਿੱਟੀ ਤੋਂ), ਕੁੰਜਰ (ਕੁੰਚਰ, ਹਾਥੀ) ਚੀਟੀ; ਭਾਜਨ (ਭਾਂਡੇ) ‘ਹੈਂ’ ਬਹੁ ਨਾਨਾ (ਕਈ ਕਿਸਮਾਂ ਦੇ), ਰੇ  !॥ (ਨਾਮਦੇਵ ਜੀ/੯੮੮) ਇਸ ਤੁਕ ’ਚ ‘ਹੈ’ ਅਨ ਪੁਰਖ ਬਹੁ ਵਚਨ ਕਿਰਿਆ ਹੈ, ਜਿਸ ਕਾਰਨ ਬਿੰਦੀ ਸਹਿਤ ਛਪਿਆ ਹੋਇਆ ਹੈ = ‘ਹੈਂ’। ਅਰਥ ਹਨ: ਹੇ ਭਾਈ ! ਜਿਵੇਂ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹੈਂ ਭਾਵ ਹਨ (ਇਵੇਂ ਹੀ ਤਰ੍ਹਾਂ ਤਰ੍ਹਾਂ ਦੇ ਜੀਵ ਇੱਕ ਅਕਾਲ ਪੁਰਖ ਤੋਂ ਬਣੇ ਹਨ) ।

੫.  ਏਕਾ ਸੁਰਤਿ ; ਜੇਤੇ ‘ਹੈ’ ਜੀਅ (‘ਜੀਉ’ ਦਾ ਬਹੁ ਵਚਨ ‘ਜੀਵ’)॥ ਸੁਰਤਿ ਵਿਹੂਣਾ ਕੋਇ ਨ ਕੀਅ ॥ (ਮ: ੧/੨੫) ਇੱਥੇ ‘ਹੈ’ ਸ਼ਬਦ ਬਿਨਾਂ ਬਿੰਦੀ ਤੋਂ ਛਪਿਆ ਹੈ ਪਰ ਹੈ ਇਹ ਤੁਕ ਵੀ ਅਨ ਪੁਰਖ ਬਹੁ ਵਚਨ ਹੀ। ਇਸ ਲਈ ਤੁਕ ਨੰ: ੪ ਤੋਂ ਸੇਧ ਲੈ ਕੇ ਇੱਥੇ ਵੀ ਉਚਾਰਨ ਬਿੰਦੀ ਸਹਿਤ = ‘ਹੈਂ’ ਕਰਨਾ ਯੋਗ ਹੈ। ਅਰਥ ਹਨ: ਜਿਤਨੇ ਭੀ ਜੀਵ ਹੈਂ ਭਾਵ ਹਨ (ਇਨ੍ਹਾਂ ਸਭਨਾਂ ਅੰਦਰ) ਇੱਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕਾਰਜਸ਼ੀਲ ਹੈ (ਰੱਬ ਨੇ) ਕੋਈ ਭੀ ਜੀਵ ਅਕਲ ਤੋਂ ਬਿਨਾਂ ਪੈਦਾ ਨਹੀਂ ਕੀਤਾ ।

ਉੱਤਮ ਪੁਰਖ ਇੱਕ ਵਚਨ ਅੰਤ ਕੰਨਾ ਸ਼ਬਦਾਂ ਦੇ ਸਰੂਪ

ਗੁਰਬਾਣੀ ਨਿਯਮ ਮੁਤਾਬਕ ਜਦੋਂ ਕਿਰਿਆ ਸ਼ਬਦ ਪਹਿਲਾ ਪੁਰਖ ਇੱਕ ਵਚਨ ਦੇ ਰੂਪ ’ਚ ਹੋਵੇ ਤਾਂ ਕੁਝ ਸਥਾਨਾਂ ’ਤੇ ਅੰਤ ਕੰਨਾਂ ਜਾਂ ਅੰਤ ਬਿਹਾਰੀ, ਦੋਵੇਂ ਬਿੰਦੀ ਸਹਿਤ ਲਿਖੇ ਹੋਏ ਮਿਲਦੇ ਹਨ ਅਤੇ ਕਈ ਥਾਈਂ ਉਨ੍ਹਾਂ ਹੀ ਅਰਥਾਂ ਵਿੱਚ ਸਮਾਨ ਸ਼ਬਦ ਬਿਨਾਂ ਬਿੰਦੀ ਵੀ ਦਰਜ ਹਨ। ਅਜਿਹੇ ਬਿੰਦੀ ਰਹਿਤ ਸ਼ਬਦਾਂ ਨੂੰ ਦੂਸਰੇ ਬਿੰਦੀ ਸਹਿਤ ਸ਼ਬਦਾਂ ਤੋਂ ਸੇਧ ਲੈ ਕੇ ਬਿੰਦੀ ਸਮੇਤ ਉਚਾਰਨ ਦਰੁਸਤ ਹੁੰਦਾ ਹੈ; ਜਿਵੇਂ ਕਿ

੧. ਬਲਿ ‘ਜਾਵਾਂ’ ਗੁਰ ਅਪਨੇ ਪ੍ਰੀਤਮ; ਜਿਨਿ, ਹਰਿ ਪ੍ਰਭੁ ਆਣਿ ਮਿਲਾਇਆ ॥ (ਮ: ੧/੧੨੫੫) ਇਸ ਤੁਕ ’ਚ ‘ਜਾਵਾਂ’ ਕਿਰਿਆ ਬਿੰਦੀ ਸਹਿਤ ਹੋਣ ਕਾਰਨ ਉੱਤਮ ਪੁਰਖ ਹੈ, ਇਸ ਲਈ ਅਰਥ ਹਨ: ਮੈਂ ਆਪਣੇ ਪਿਆਰੇ ਗੁਰੂ ਤੋਂ ਬਲਿਹਾਰ ‘ਜਾਂਦਾ ਹਾਂ’, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ, ਪਰ

੨.  ਵਾਰਿਆ ਨ ‘ਜਾਵਾ’ ਏਕ ਵਾਰ ॥ (ਮ: ੧/੩)  ਤੁਕ ਵਿੱਚ ‘ਜਾਵਾ’ ਬਿਨਾਂ ਰਹਿਤ ਹੈ ਪਰ ਅਰਥ ਇੱਥੇ ਵੀ ਤੁਕ ਨੰ: ੧ ਵਾਙ ਪਹਿਲਾ (ਉੱਤਮ) ਪੁਰਖ ਇੱਕ ਵਚਨ ਵਾਲੇ ਹੀ ਹਨ ਤਾਂ ਤੇ ਇੱਥੇ ਵੀ ਤੁਕ ਨੰ: ੧ ਤੋਂ ਸੇਧ ਲੈ ਕੇ ‘ਜਾਵਾਂ’ ਉਚਾਰਨ ਦਰੁਸਤ ਹੋਏਗਾ। ਅਰਥ ਹਨ :- (ਹੇ ਅਕਾਲ ਪੁਰਖ !) ਮੈਂ ਤਾਂ ਤੇਰੇ ਤੋਂ ਇਕ ਵਾਰੀ ਵੀ ਬਲਿਹਾਰ ਨਹੀਂ ਜਾ ਸਕਦਾ ਹਾਂ (ਭਾਵ ਤੇਰੀ ਸ਼ਕਤੀ ਦੇ ਮੁਕਾਬਲੇ ਮੇਰੀ ਹਸਤੀ ਬਹੁਤ ਹੀ ਤੁੱਛ ਹੈ।)

੩.  ਆਪੁ ਤਿਆਗਿ ਸਰਣੀ ‘ਪਵਾਂ’ ਮੁਖਿ ‘ਬੋਲੀ’ ਮਿਠੜੇ ਵੈਣ ॥ (ਮ: ੫/੧੩੬) ਇਸ ਤੁਕ ’ਚ ‘ਪਵਾਂ’ ਬਿੰਦੀ ਸਹਿਤ ਹੈ ਭਾਵ ਵਾਕ ਉੱਤਮ ਪੁਰਖ ਇੱਕ ਵਚਨ ਨਾਲ ਸਬੰਧਿਤ ਹੈ, ਇਸ ਲਈ ਅਰਥ ਹਨ :- ਆਪਾ-ਭਾਵ ਤਿਆਗ ਕੇ (ਭਾਵ ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸ਼ਰਨ ਵਿੱਚ ‘ਪਵਾਂ’ ਪੈਂਦਾ ਹਾਂ ਅਤੇ ਆਪਣੇ ਮੂੰਹ ਨਾਲ (ਉਸ ਬਾਬਤ) ਮਿੱਠੇ ਬੋਲ ਵੀ ‘ਬੋਲਾਂ’ ਬੋਲਦਾ ਹਾਂ।

ਇਸ ਤੁਕ ’ਚ ‘ਪਵਾਂ’ (ਕਿਰਿਆ) ਪਹਿਲਾ ਪੁਰਖ ਇੱਕ ਵਚਨ ਹੋਣ ਕਾਰਨ ‘ਬੋਲੀ’ (ਕਿਰਿਆ) ਵੀ ਪਹਿਲਾ ਪੁਰਖ ਇੱਕ ਵਚਨ ਹੀ ਹੈ, ਜਿਸ ਕਾਰਨ ਇਸ ਦਾ ਉਚਾਰਨ ਵੀ ‘ਪਵਾਂ’ ਵਾਙ ਬਿੰਦੀ ਸਹਿਤ ਹੀ ਹੋਏਗਾ ਭਾਵੇਂ ਕਿ ਇੱਥੇ ਬਿੰਦੀ ਦਰਜ ਨਹੀਂ।  (ਪਰ)

੪.  ਹਉ, ਗੁਰ ਸਰਣਾਈ ਢਹਿ ‘ਪਵਾ’; ਕਰਿ ਦਇਆ, ਮੇਲੇ ਪ੍ਰਭੁ ਸੋਇ ॥ (ਮ: ੪/੩੯) ਇਸ ਤੁਕ ਵਿੱਚ ‘ਪਵਾ’ ਬਿੰਦੀ ਰਹਿਤ ਹੈ ਪਰ ਅਰਥ ਇੱਥੇ ਵੀ ਤੁਕ ਨੰ: ੩ ਵਾਙ ਪਹਿਲਾ ਪੁਰਖ ਇੱਕ ਵਚਨ ਵਾਲੇ ਹੀ ਹਨ ਇਸ ਲਈ ਇੱਥੇ ਤੁਕ ਨੰ: ੩ ਤੋਂ ਸੇਧ ਲੈ ਕੇ ‘ਪਵਾਂ’ ਉਚਾਰਨਾ ਠੀਕ ਹੈ। ਅਰਥ ਹਨ:- (ਮੇਰੀ ਇਹੀ ਤਾਂਘ ਹੈ ਕਿ) ਆਪਾ-ਭਾਵ ਮਿਟਾ ਕੇ ਮੈਂ ਗੁਰੂ ਦੀ ਸ਼ਰਨ ਜਾ ‘ਪਵਾਂ’ (ਗੁਰੂ ਦੀ ਸ਼ਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।

੫.  ਹਰਿ ਹਰਿ ਨਾਮੁ, ਮੇਰਾ ਪ੍ਰਾਨ ਸਖਾਈ ; ਤਿਸੁ ਬਿਨੁ, ਘੜੀ ਨਿਮਖ ਨਹੀ ‘ਜੀਵਾਂ’ ॥ ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ; ਗੁਰਮੁਖਿ, ਅੰਮ੍ਰਿਤੁ ‘ਪੀਵਾਂ’ ॥ (ਮ: ੪/੫੭੩) ਅਰਥ : ਪਰਮਾਤਮਾ ਦਾ ਨਾਮ ਮੇਰੀ ਜਿੰਦ ਦਾ ਸਾਥੀ ਹੈ, ਉਸ (ਨਾਮ) ਤੋਂ ਬਿਨਾਂ ਮੈਂ ਇੱਕ ਘੜੀ ਭਰ (ਅੱਖ ਦੇ ਝਮਕਣ ਜਿਤਨੇ ਸਮੇਂ ਲਈ) ਭੀ (ਆਤਮਿਕ ਪੱਖੋਂ) ਜਿਉਂਦਾ ਨਹੀਂ ਰਹਿ ਸਕਦਾ। ਇਸ ਤੁਕ ’ਚ ‘ਜੀਵਾਂ’ ਉੱਤਮ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਸਹਿਤ ਹੈ ਪਰ

੬.  ਮੇਰੇ ਪ੍ਰੀਤਮਾ  ! ਹਉ ‘ਜੀਵਾ’ ਨਾਮੁ ਧਿਆਇ ॥ (ਮ: ੪/੪੦) ਅਰਥ ਹਨ : ਹੇ ਮੇਰੇ ਪ੍ਰੀਤਮ-ਪ੍ਰਭੂ ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਹਾਸਲ ਕਰ ਸਕਦਾ ਹਾਂ।

ਇਸ ਤੁਕ ਵਿੱਚ ‘ਜੀਵਾ’ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਅਰਥ ਇੱਥੇ ਵੀ ਤੁਕ ਨੰ: ੫ ਵਾਙ ਪਹਿਲਾ ਪੁਰਖ ਇੱਕ ਵਚਨ ਦੀ ਰੂਪ ਸਾਧਨਾ ਵਾਲੇ ਹੀ ਹਨ ਇਸ ਲਈ ਉਚਾਰਨ ਇੱਥੇ ਵੀ ਤੁਕ ਨੰ: ੫ ਤੋਂ ਸੇਧ ਲੈ ਕੇ ‘ਜੀਵਾਂ’ ਕਰਨਾ ਠੀਕ ਹੈ।

੭.  ਗੁਰ ਸਤਿਗੁਰ ਪਾਸਹੁ, ਹਰਿ ਗੋਸਟਿ (ਰੱਬੀ ਮਿਲਾਪ ਬਾਰੇ) ‘ਪੂਛਾਂ’ ; ਕਰਿ ਸਾਂਝੀ (ਸੰਗਤ), ਹਰਿ ਗੁਣ ਗਾਵਾਂ ॥ (ਮ: ੪/੫੬੨) ਅਰਥ ਹਨ :- ਗੁਰੂ ਪਾਸੋਂ ਮੈਂ ਹਰਿ-ਮਿਲਾਪ (ਬਾਰੇ ਜਾਣਕਾਰੀ) ਪੁੱਛਦਾ ਹਾਂ ਤੇ ਗੁਰੂ ਸੰਗਤ ਕਰ ਕੇ ਮੈਂ ਹਰਿ-ਗੁਣ ਗਾਉਂਦਾ ਰਹਾਂ।

ਇਸ ਤੁਕ ’ਚ ‘ਪੂਛਾਂ’ ਉੱਤਮ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਸਹਿਤ ਹੈ ਪਰ

੮. ਜਾਇ ‘ਪੁਛਾ’ (ਪੁੱਛਾਂ) ਤਿਨ ਸਜਣਾ; ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ  ?॥ (ਮ: ੪/੩੯) ਅਰਥ : (ਜਿਨਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ।

ਇਸ ਤੁਕ ਵਿੱਚ ‘ਪੁਛਾ’ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਅਰਥ ਇੱਥੇ ਵੀ ਤੁਕ ਨੰ: ੭ ਵਾਙ ਪਹਿਲਾ ਪੁਰਖ ਇੱਕ ਵਚਨ ਵਾਲੇ ਹੀ ਹਨ ਇਸ ਲਈ ਉਚਾਰਨ ਇੱਥੇ ਵੀ ਤੁਕ ਨੰ: ੭ ਤੋਂ ਸੇਧ ਲੈ ਕੇ ‘ਪੁੱਛਾਂ’ ਕਰਨਾ ਠੀਕ ਹੈ।

– ਚਲਦਾ –

ਗੁਰਬਾਣੀ ’ਚ ਵਿਅੰਜਨ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਉਚਾਰਨ (ਭਾਗ ੧੨)

0

ਗੁਰਬਾਣੀ ’ਚ ਵਿਅੰਜਨ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਉਚਾਰਨ (ਭਾਗ ੧੨)

ਕਿਰਪਾਲ ਸਿੰਘ (ਬਠਿੰਡਾ)-੯੮੫੫੪-੮੦੭੯੭

ਪਿਛਲੇ ਭਾਗਾਂ ਵਿੱਚ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ, ਪੜਨਾਂਵ, ਕ੍ਰਿਆ ਸ਼ਬਦਾਂ ਦੇ ਅੱਖਰਾਂ ਦੇ ਪੈਰ ਵਿੱਚ ਲੱਗੇ ਅੱਧਾ ਹ  ੍ਹ , ਹਲੰਤ ਚਿੰਨ੍ਹ  ੍ ,  ਅਤੇ ਅੱਧਾ ਯ  ੍ਹ ਦੇ ਉਚਾਰਨ ਦੀ ਵੀਚਾਰ ਕਰ ਆਏ ਹਾਂ ਇਸ ਭਾਗ ਵਿੱਚ ਅੱਧਾ ‘ਚ     , ਟ      , ਤ      ,  ਨ ,   ਰ    ੍ਰ  ,  ਵ   ੍ਵ  , ’  ਦੀ ਵਰਤੋਂ ਸਬੰਧੀ ਵੀਚਾਰ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਪੈਰ ਵਿੱਚ ਅੱਧਾ ਹ   ੍ਹ  ਅਤੇ ਹਲੰਤ ਚਿੰਨ੍ਹ   ੍  ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਸ਼ਬਦਾਂ ਨਾਲ ਵੀ ਉਚਾਰ ਲਏ ਜਾਂਦੇ ਹਨ, ਜਿਨ੍ਹਾਂ ਦੇ ਪੈਰ ਵਿੱਚ ਇਹ ਚਿੰਨ੍ਹ ਲੱਗੇ ਹੋਏ ਨਹੀਂ ਹੁੰਦੇ ਪਰ ਇਨ੍ਹਾਂ ਦੋ ਚਿਨ੍ਹਾਂ ਤੋਂ ਇਲਾਵਾ ਬਾਕੀ ਦੇ ਅੱਧੇ ਅੱਖਰਾਂ ਦਾ ਉਚਾਰਨ ਸਿਰਫ਼ ਉੱਥੇ ਹੀ ਕੀਤਾ ਜਾਂਦਾ ਹੈ, ਜਿੱਥੇ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੋਵੇ ਅਤੇ ਜਿੱਥੇ ਨਾ ਲੱਗੇ ਹੋਣ ਉੱਥੇ ਆਪਣੇ ਕੋਲੋਂ ਨਹੀਂ ਲਗਾਏ ਜਾ ਸਕਦੇ। ਅੱਖਰਾਂ ਦੇ ਪੈਰ ਵਿੱਚ ਲਿਖੇ ਅੱਧੇ ਅੱਖਰਾਂ ਵਾਲੇ ਸ਼ਬਦਾਂ ਨੂੰ ਲੱਗੀਆਂ ਲਗਾਂ ਮਾਤਰਾਂ ਲਈ ਪੰਜਾਬੀ ਵਿਆਕਰਨ ਦਾ ਖ਼ਾਸ ਨਿਯਮ ਇਹ ਹੈ ਕਿ ਜਿਸ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਲੱਗਿਆ ਹੋਵੇ ਤੇ ਉਸੇ ਅੱਖਰ ਨੂੰ ਜੇ ਕੋਈ ਲਗ ਵੀ ਲੱਗੀ ਹੋਵੇ ਤਾਂ ਉਚਾਰਨ ਕਰਦੇ ਸਮੇਂ ਲਗ ਧੁਨੀ ਮੂਲ ਅੱਖਰ ਨਾਲ ਨਹੀਂ ਬਲਕਿ ਪੈਰ ਵਿੱਚ ਲੱਗੇ ਅੱਧੇ ਅੱਖਰ ਨੂੰ ਲੱਗੀ ਸਮਝ ਕੇ ਉਸ ਦਾ ਉਚਾਰਨ ਕਰਨਾ ਹੁੰਦਾ ਹੈ। ਅੱਧੇ ਅੱਖਰਾਂ ਦਾ ਉਚਾਰਨ ਸਮਝਣ ਲਈ ਉਨ੍ਹਾਂ ਤੁਕਾਂ ਜਾਂ ਪਦਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦੀ ਲਿਖਤ ਵਿੱਚ ਇੱਕ ਤੋਂ ਵੱਧ ਵੱਖ-ਵੱਖ ਸ਼ਬਦਾਂ ਦੇ ਪੈਰਾਂ ਵਿੱਚ ਵੱਖ-ਵੱਖ ਅੱਧੇ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਪਿਛਲੇ ਲੇਖਾਂ ਦੀ ਤਰ੍ਹਾਂ ਸਬ ਸਿਰਲੇਖ ਦੇਣ ਦੀ ਬਜਾਏ ਹਰ ਸ਼ਬਦ ਦਾ ਉਚਾਰਨ ਉਸ ਦੇ ਬਿਲਕੁਲ ਨਾਲ ਹੀ ਬਰੈਕਟ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਪੂਰੇ ਅਰਥ ਸਬੰਧਿਤ ਤੁਕਾਂ ਦੀ ਸਮਾਪਤੀ ਤੋਂ ਬਾਅਦ ਦਿੱਤੇ ਗਏ ਹਨ ਤਾਂ ਜੋ ਪਾਠਕਾਂ ਦੇ ਸਮਝਣ ਵਿੱਚ ਸਰਲਤਾ ਬਣੀ ਰਹੇ।

੧.  ‘ਪੜਿ੍’  (ਪੜ੍ਹ) ‘ਪੁਸਕ’ (ਪੁਸਤਕ) ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠੁ ਬਿਭੂਖਨ ਸਾਰੰ ॥ ‘ਤ੍ਰੈਪਾਲ’ (ਤਰੈ+ਪਾਲ) ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ‘ਬਸਤ੍ਰ’ (ਬਸਤਰ) ਕਪਾਟੰ ॥ ਜੋ ਜਾਨਸਿ ‘ਬ੍ਰਹਮੰ’ (ਬਰੱਹਮੰ) ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥ ਕਹੁ ਨਾਨਕ ਨਿਸਚੌ ‘ਧ੍ਹਿਾਵੈ’ (ਧਿਆਵੈ)॥ ਬਿਨੁ ਸਤਿਗੁਰ ਬਾਟ ਨ ਪਾਵੈ ॥ (ਸਲੋਕ ਸਹਸਕ੍ਰਿਤੀ ਮ: ੧/੧੩੫੩)

ਅਰਥ:  ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ ਧਰਮ) ਚਰਚਾ ਵੀ ਕਰਦਾ ਹੈ, ਮੂਰਤੀ ਪੂਜਦਾ ਬਗਲੇ ਵਾਂਗ ਸਮਾਧੀ ਲਾਂਦਾ ਹੈ, ਮੁੱਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਸੁੰਦਰ ਗਹਣਿਆਂ ਦੇ ਪ੍ਰਭਾਵ ਵਾਂਗ ਸੋਹਣਾ ਕਰ-ਕਰ ਕੇ ਪੇਸ਼ ਕਰਦਾ ਹੈ, (ਰੋਜ਼ਾਨਾ) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਪੜ੍ਹਦਾ, ਵਿਚਾਰਦਾ ਹੈ, ਗਲ ’ਚ ਮਾਲਾ ਪਾ ਕੇ ਰੱਖਦਾ ਹੈ, ਮੱਥੇ ਉੱਤੇ ਤਿਲਕ ਲਾਂਦਾ ਹੈ, ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇੱਕ ਬਸਤਰ (ਕੱਪੜਾ) ਧਰ ਲੈਂਦਾ ਹੈ, ਪਰ ਜੋ ਮਨੁੱਖ (ਕਾਲਪਨਿਕ ਦੇਵਤਿਆਂ ਦੀ ਬਜਾਇ) ਸੱਚੇ ਰੱਬ ਦੀ ਭਗਤੀ ਵਾਲ਼ਾ ਕੰਮ ਕਰਨਾ ਜਾਣਦਾ ਹੋਵੇ ਉਹ ਨਿਸ਼ਚਾ ਕਰ ਕੇ ਜਾਣ ਲਵੇ ਕਿ ਇਹ ਸਾਰੇ ਵਿਖਾਵੇ ਮਾਤਰ ਧਾਰਮਿਕ ਕਰਮ ਹੀ ਹਨ (ਮਾਨਸਿਕ ਤਬਦੀਲੀ ਨਹੀਂ ਆਉਂਦੀ) ਨਾਨਕ ਆਖਦਾ ਹੈ ਕਿ (ਮਨੁੱਖ ਨੂੰ) ਸ਼ਰਧਾ ਧਾਰ ਕੇ ਸੱਚਾ ਰੱਬ ਸਿਮਰਨਾ ਚਾਹੀਦਾ ਹੈ (ਇਹੋ ਤਰੀਕਾ ਮਨੁੱਖ ਜੂਨੀ ਲਈ ਲਾਭਦਾਇਕ ਹੈ, ਪਰ ਇਹ ਵੀ ਸੱਚ ਹੈ ਕਿ) ਇਹ ਰਸਤਾ ਸਤਿਗੁਰੂ ਤੋਂ ਬਿਨਾਂ ਨਹੀਂ ਵਿਖਾਈ ਦਿੰਦਾ।

੨.  ਏਕ ‘ਕ੍ਰਿਸ੍ਨੰ’ (ਕਰਿਸ਼ਨੰ) ਤ ਸਰਬ ਦੇਵਾ, ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ‘ਬਾਸ੍ਵਦੇਵਸ੍ਹ’ (ਬਾਸੁਅਦੇਵਸਿਅ), ਜੇ ਕੋਈ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥ (ਮ: ੧/ ੧੩੫੩)

ਅਰਥ:  ਇਕ ਰੱਬ ਹੀ ਮੰਨੇ ਜਾਂਦੇ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ (ਭਾਵ ਦੇਵਤਿਆਂ ’ਚੋਂ ਸ੍ਰੇਸ਼ਟ ਦੇਵਤਿਆਂ ਬ੍ਰਹਮਾ, ਵਿਸ਼ਨੂੰ, ਮਹੇਸ਼) ਦਾ ਭੀ ਆਤਮਾ ਹੈ। ਜੋ ਮਨੁੱਖ ਅਜਿਹੇ ਪ੍ਰਭੂ ਦੇ ਆਤਮਾ (ਸਰਵ ਵਿਆਪਕਤਾ ਰੂਪ ਸ਼ਕਤੀ) ਦਾ ਭੇਤ ਜਾਣ ਲੈਂਦਾ ਹੈ, ਨਾਨਕ ਉਸ ਦਾ ਦਾਸ ਹੈ, ਮਾਨੋ ਉਹ ਪਰਮਾਤਮਾ ਦਾ ਰੂਪ ਹੀ ਹੈ।

੩.  ‘ਮਿਥ੍ਹਿੰਤ’ (ਮਿਥਿਅੰਤ) ਦੇਹੰ ਖੀਣੰਤ ਬਲਨੰ ॥ ਬਰਧੰਤਿ ਜਰੂਆ ‘ਹਿਤ੍ਹਿੰਤ’ (ਹਿਤਿਅੰਤ) ਮਾਇਆ ॥ ‘ਅਤ੍ਹਿੰਤ’ (ਅਤਿਅੰਤ) ਆਸਾ ‘ਆਥਿਤ੍ਹ’ (ਆਥਿਤਿਅ) ਭਵਨੰ ॥ ਗਨੰਤ ‘ਸ੍ਵਾਸਾ’ (ਸੁਆਸਾ) ਭੈਯਾਨ ਧਰਮੰ ॥ ਪਤੰਤਿ ਮੋਹ ਕੂਪ ‘ਦੁਰਲਭ੍ਹ (ਦੁਰਲਭਿਅ) ਦੇਹੰ ਤਤ ‘ਆਸ੍ਰਯੰ’ (ਆਸਰਿਅੰ) ਨਾਨਕ ॥ ਗੋਬਿੰਦ ਗੋਬਿੰਦ, ਗੋਬਿੰਦ ਗੋਪਾਲ ‘ਕ੍ਰਿਪਾ’ (ਕਰਿਪਾ)॥ (ਮ: ੫/ ੧੩੫੪)

ਅਰਥ: ਸਰੀਰ ਨਾਸਵੰਤ ਹੈ (ਜਿਸ ਕਾਰਨ ਸਰੀਰਕ) ਬਲ ਘਟਦਾ ਰਹਿੰਦਾ ਹੈ (ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦੀ ਪਕੜ (ਤਮੰਨਾ ਵੀ ਵਧਦੀ ਰਹਿੰਦੀ ਹੈ ਭਾਵ ਪਦਾਰਥਿਕ) ਇੱਛਾ ਤੀਬਰ ਹੁੰਦੀ ਜਾਂਦੀ ਹੈ (ਭਾਵੇਂ ਕਿ ਮਨੁੱਖ ਇੱਥੇ) ਘਰ ਦੇ ਪਰਾਹੁਣੇ (ਵਾਂਗ ਥੋੜ੍ਹੇ ਚਿਰ ਲਈ ਹੀ) ਹੈ। ਵਿਕਰਾਲ ਧਰਮ ਰਾਜ (ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ (ਦੂਜੇ ਪਾਸੇ) ਅਮੋਲਕ ਮਨੁੱਖਾ ਜਨਮ ਮੋਹ ਦੇ ਖੂਹ ’ਚ ਡਿੱਗਾ (ਬਾਹਰ ਨਹੀਂ ਵੇਖਦਾ) ਹੈ ।  ਹੇ ਨਾਨਕ ! (ਅਜਿਹੀ ਤਰਸਯੋਗ ਹਾਲਤ ’ਚੋਂ) ਇੱਕ ਗੋਬਿੰਦ ਗੋਪਾਲ ਦੀ ਮਿਹਰ ਹੀ ਸਹਾਰਾ ਹੋ ਸਕਦੀ ਹੈ (ਇਸ ਲਈ) ਉਸ ਦਾ ਆਸਰਾ ਲੈ।

੪.  ਗੁਸਾਂਈ ‘ਗਰਿਸ’ (ਗਰਿਸਟ) ਰੂਪੇਣ ; ਸਿਮਰਣੰ, ਸਰਬਤ੍ਰ (ਸਰਬੱਤਰ) ਜੀਵਣਹ ॥  ‘ਲਬਧ੍ਹੰ’  (ਲਬਧਿਅੰ) ਸੰਤ ਸੰਗੇਣ, ਨਾਨਕ  ! ‘ਸ੍ਵਛ’ (ਸਵੱਛ= ਸੁਅੱਛ) ਮਾਰਗ ਹਰਿ ਭਗਤਣਹ ॥ (ਮ: ੫/੧੩੫੯)

ਅਰਥ: ਹੇ ਨਾਨਕ !  ਜਗਤ ਦਾ ਮਾਲਕ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਆਸਰਾ) ਹੈ।  ਰੱਬੀ ਭਗਤੀ ਹੀ (ਇਨਸਾਨੀ ਜੀਵਨ ਸਫ਼ਰ ਲਈ) ਉੱਜਲ ਪ੍ਰਕਾਸ਼ਮਈ ਰਸਤਾ ਹੈ (ਪਰ ਅਜਿਹਾ ਰਸਤਾ ਵੇਖ ਚੁੱਕੀ) ਸਾਧ ਸੰਗਤ ਰਾਹੀਂ ਲੱਭਦਾ ਹੈ।

੫.  ਨ ਸੰਖੰ, ਨ ‘ਚਕ੍ਰੰ’ (ਚੱਕਰੰ), ਨ ਗਦਾ, ਨ ਸਿਆਮੰ ॥  ‘ਅਸਰਜ’ (ਅਸਚਰਜ) ਰੂਪੰ, ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ (ਰਿਦਿਅੰ) ਅਚੁਤ ; ਬੁਝੰਤਿ, ਨਾਨਕ  ! ਬਡਭਾਗੀਅਹ ॥ (ਮ: ੫/ ੧੩੫੯)।

ਅਰਥ:  ਹੇ ਨਾਨਕ  ! ਗੋਬਿੰਦ ਬੇਅੰਤ ਹੈ (ਮਾਯਾ ਦੀ ਪਕੜ ਤੋਂ) ਉੱਚਾ ਹੈ, ਵਿਸ਼ਾਲ ਹੈ, ਬੇਦਾ (ਗਿਆਨਵਾਨ) ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ, ਉਹ ਅਜਨਮਾ ਹੈ, ਉਸ ਦਾ ਰੂਪ ਅਸਚਰਜ ਹੈ, ਉਸ ਦੇ ਹੱਥ ’ਚ (ਦੇਵਤਿਆਂ ਵਾਙ) ਨਾ ਸੰਖ ਹੈ, ਨਾ ਚੱਕ੍ਰ ਹੈ, ਨਾ ਗਦਾ ਹੈ, ਨਾ ਹੀ ਉਹ ਕਾਲੇ ਰੰਗ ਵਾਲਾ (ਕ੍ਰਿਸ਼ਨ) ਹੈ ਭਾਵੇਂ ਉਹ ਅਵਿਨਾਸ਼ੀ ਪ੍ਰਭੂ ਗੁਰਮੁਖਾਂ ਦੇ ਹਿਰਦੇ ’ਚ ਵੱਸਦਾ ਹੈ (ਪਰ ਇਹ ਗੱਲ) ਵੱਡੇ ਭਾਗਾਂ ਵਾਲੇ ਹੀ ਸਮਝਦੇ ਹਨ।

ਵਿਚਾਰ ਅਧੀਨ ਉੱਪਰ ਦਿੱਤੀਆਂ ਗਈਆਂ ਪੰਕਤੀਆਂ ’ਚ ਦਰਜ ਉਹ ਸ਼ਬਦ, ਜਿਨ੍ਹਾਂ ਦੇ ਕਿਸੇ ਇੱਕ ਅੱਖਰ ਦੇ ਪੈਰ ’ਚ ਅੱਧਾ ਵਿਅੰਜਨ ਅੱਖਰ ਹੈ, ਦੇ ਉਚਾਰਨ ਨਿਯਮ ਦੀ ਸੰਖੇਪ ’ਚ ਸਬੰਧਿਤ ਤੁਕ ’ਚ ਨਾਲ਼ ਹੀ ਉਚਾਰਨ ਸੇਧ ਦੇ ਕੇ ਵਿਚਾਰਿਆ ਗਿਆ ਹੈ ਪਰ ਤੁਕ ਨੰ: ੨, ੩ ਤੇ ੪  ਖ਼ਾਸ ਧਿਆਨ ਮੰਗਦੀ ਹੈ ਕਿਉਂਕਿ ਪੈਰ ਵਿੱਚ ਵਰਤੇ ਗਏ ਅੱਧੇ ਵ   ੍ਵ   ਦੀ ਧੁਨੀ ਜਿੱਥੇ ਪੂਰਾ ‘ਵ’ ਹੈ, ਓਥੇ ‘ਉ+ਅ’ ਵੀ ਹੈ ਭਾਵ ਜਿਸ ਅੱਖਰ ਦੇ ਪੈਰ ਵਿੱਚ ਅੱਧਾ   ੍ਵ  ਹੋਵੇ ਉਸ ਦੇ ਹੇਠ ਔਂਕੜ ਅਤੇ ਉਸ ਦੇ ਪਿਛੇਤਰ ‘ਅ’ ਦੀ ਆਵਾਜ਼ ਵੀ ਮਿਲਦੀ ਹੈ; ਜਿਵੇ ਕਿ ‘ਬਾਸ੍ਵਦੇਵਸ੍ਹ’ =ਬਾਸੁਅਦੇਵਸਿਅ,  ‘ਸ੍ਵਾਸਾ’ = ਸੁਆਸਾ ਤੇ ‘ਸ੍ਵਛ’= ਸਵੱਛ ਜਾਂ ਸੁਅੱਛ। ਅੱਧੇ ਵ  ੍ਵ ਦੀ ਇਹ (ਉ+ਅ/ਵ) ਉਚਾਰਨ ਧੁਨੀ ਮਿਲਣ ਦੀ ਪੁਸ਼ਟੀ ਗੁਰਬਾਣੀ ਵਿੱਚੋਂ ਵੀ ਮਿਲਦੀ ਹੈ; ਜਿਵੇਂ ਕਿ

ਜਿਨਿ ਦੀਏ; ਤਿਸਹਿ ਨ ਜਾਨਹਿ ‘ਸੁਆਨ’ (ਸ੍ਵਾਨ)॥  (ਮ: ੫/੧੯੫) ਅਰਥ : ਜਿਸ ਪਰਮਾਤਮਾ ਨੇ (ਮਨੁੱਖ ਨੂੰ ਪਦਾਰਥ) ਦਿੱਤੇ ਕੁੱਤੇ (ਲੋਭੀ ਸੁਭਾਅ ਮਨੁੱਖ) ਉਸ ਨੂੰ ਵੀ ਨਹੀਂ ਜਾਣਦੇ ।

ਉਦਿਆਨ ਬਸਨੰ ਸੰਸਾਰੰ ਸਨਬੰਧੀ; ‘ਸ੍ਵਾਨ’ (ਸੁਆਨ) ਸਿਆਲ ਖਰਹ ॥  (ਮ: ੫/੧੩੫੯)  ਅਰਥ :  ਜੀਵ ਦਾ ਵਾਸਾ ਇੱਕ ਐਸੇ ਸੰਸਾਰ-ਜੰਗਲ ’ਚ ਹੈ ਜਿੱਥੇ ਕੁੱਤੇ, ਗਿੱਦੜ, ਖੋਤੇ (ਸੁਭਾਅ ਕਾਮਾਦਿਕ) ਇਸ ਦੇ ਸੰਬੰਧੀ ਹਨ।

ਨਿਹਤੇ ਪੰਜਿ ‘ਜੁਆਨ’ (ਜ੍ਵਾਨ) ਮੈ; ਗੁਰ ਥਾਪੀ ਦਿਤੀ ਕੰਡਿ ਜੀਉ ॥ (ਮ: ੫/੭੪) ਅਰਥ : ਮੇਰੇ ਕੰਧੇ (ਮੋਢੇ) ’ਤੇ ਗੁਰੂ ਨੇ ਥਾਪੀ ਦਿੱਤੀ ਅਤੇ ਮੈਂ ਪੰਜੇ (ਕਾਮਾਦਿਕ) ਬਲਵਾਨ ਵੀ ਕਾਬੂ ਕਰ ਲਏ ।

ਨੋਟ: ਹੇਠਲੀਆਂ ਤੁਕਾਂ ’ਚ ‘ਪਵਣੁ’ ਅਤੇ ‘ਪਉਣੁ’ ’ਚ ਦਰਜ ‘ਵ’ ਧੁਨੀ ਵੀ ‘ਉ’ ਧੁਨੀ ’ਚ ਬਦਲ ਜਾਂਦੀ ਹੈ, ਇਸੇ ਤਰ੍ਹਾਂ ਗੁਰਬਾਣੀ ’ਚ ਕਈ ਵਾਰ ‘ਪਉੜੀ’ ਅਤੇ ਕਈ ਵਾਰ ‘ਪਵੜੀ’ ਵੀ ਦਰਜ ਹੋ ਜਾਂਦਾ ਹੈ।

ਗਾਵਨਿ ਤੁਧ ਨੋ, ‘ਪਵਣੁ’ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ (ਸੋ ਦਰੁ, ਆਸਾ/ਮ: ੧/੮)

ਗਾਵਨਿ੍ ਤੁਧ ਨੋ, ‘ਪਉਣੁ’ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ (ਆਸਾ, ਸੋ ਦਰੁ /ਮ: ੩੪੭)

ਸੋ, ਉਕਤ ਦੋਵੇਂ ਪੰਕਤੀਆਂ ’ਚ ‘ਪਵਣੁ/ਪਉਣੁ’ ਦਾ ਅਰਥ ਇੱਕ ਹੈ, ਪਰ ਉਚਾਰਨ ਧੁਨੀ ’ਚ ਥੋੜ੍ਹੀ ਬਹੁਤ ਭਿੰਨਤਾ ਹੈ, ਇਸ ਲਈ ਉਚਾਰਨ ਸਮੇਂ ਇਨ੍ਹਾਂ ਦੀ ਧੁਨੀ ਨੂੰ ਸਮਾਨੰਤਰ ਨਹੀਂ ਕਰ ਸਕਦੇ ਭਾਵੇਂ ਕਿ ਇਨ੍ਹਾਂ ਤੁਕਾਂ ’ਚ ਹੀ ਦਰਜ ‘ਗਾਵਨਿ/ਗਾਵਨਿ੍’ ਨੂੰ ਇੱਕ ਤੋਂ ਸੇਧ ਲੈ ਕੇ ਦੂਸਰੇ ਥਾਂ ‘ਗਾਵਨਿ੍’ ਪੜ੍ਹਨਾ ਦਰੁਸਤ ਹੈ।

– ਚਲਦਾ —

ਨਾਨਕ ਤੇਰੇ ਦੇਸ਼ ਅੰਦਰ..

0

ਨਾਨਕ ਤੇਰੇ ਦੇਸ਼ ਅੰਦਰ..

 ਜਸਵੰਤ ਸਿੰਘ ਲਖਣਪੁਰੀ, ਪਿੰਡ ਲਖਣਪੁਰ (ਖਮਾਣੋਂ) ਫਤਿਹਗੜ ਸਾਹਿਬ- ੮੮੭੨੪-੮੮੭੬੯

ਬੜੇ ਇਨਸਾਨ ਮਿਲਦੇ ਨੇ, ਬੰਦੇ ਬੇਈਮਾਨ ਮਿਲਦੇ ਨੇ।

ਛੱਡ ਕੇ ਯਾਰੀਆਂ ਸੱਚੀਆਂ, ਜਿਸਮ ’ਤੇ ਧਿਆਨ ਮਿਲਦੇ ਨੇ।

ਬੜੇ ਭਗਵਾਨ ਮਿਲਦੇ ਨੇ, ਕਰੇ ਅਹਿਸਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਗੱਲਾਂ ਗੀਤਾਂ ਵਿੱਚ ਬੜਕ ਦੀਆਂ, ਜਾਂ ਵੈਰੀ ਨਾਲ ਰੜਕ ਦੀਆਂ।

ਨਸ਼ੇ ’ਤੇ ਗੱਭਰੂ ਨੂੰ ਲਾਉਂਦੇ, ਗਾਇਕ ਸ਼ੈਤਾਨ ਮਿਲਦੇ ਨੇ।

ਭੁੱਖਾ ਮਰ ਰਿਹਾ ਹੈ ਕੋਈ, ਧੁੱਪੇ ਸੜ ਰਿਹਾ ਹੈ ਕੋਈ।

ਰੋਟੀ ਮਿਲੂ ਦੋ ਰੁਪਈਏ ਨੂੰ, ਕੈਸੇ ਫ਼ੁਰਮਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਮਜਬੂਰੀ ਜਿਸਮ ਓਹ ਵੇਚੇ, ਜੋ ਦਿਨ ਮਜਬੂਰੀ ਦੇ ਵੇਖੇ।

ਉਹਦਾ ਕੋਈ ਤਨ ਨਹੀਂ ਢੱਕਦਾ, ਰੱਬ ਨੂੰ ਥਾਨ ਮਿਲਦੇ ਨੇ।

ਕਹਿਣਾ ਫੇਰ ਵੰਡੀਆਂ ਪਾਉਂਦੇ, ਵੱਖੋ ਵੱਖ ਝੰਡੀਆਂ ਚਾਹੁੰਦੇ।

ਕਿਉਂ ਇਨਸਾਫ਼ ਨਹੀਂ ਮਿਲਦਾ, ਗੀਤਾ, ਕੁਰਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਸੱਚ ਹੁਣ ਮਹਿੰਗੇ ਮੁੱਲ ਦਾ ਹੈ, ਝੂਠ ਦੇ ਪੈਰੀਂ ਰੁਲਦਾ ਹੈ।

ਨਿਰਮਲ ਜਿਹੇ ਸਾਧ ਪਾਖੰਡੀ ਤੋਂ, ਛੇਤੀ ਸਮਾਧਾਨ ਮਿਲਦੇ ਨੇ।

ਤਰੱਕੀ ਵੀ ਲੁੱਟਣ ’ਤੇ ਹੋ ਗਈ, ਗਲਾ ਕਿਉਂ ਘੁੱਟਣ ’ਤੇ ਹੋ ਗਈ।

ਜੋ ਧੀ ਕੁੱਖ ਵਿੱਚ ਹੈ ਦੱਸਦਾ, ਡਾਕਟਰ ਭਗਵਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਪੈਸੇ ਲਈ ਰਿਸ਼ਤੇ ਨੇ ਟੁੱਟਦੇ, ਪਿਉ ਨੂੰ ਪੁੱਤ ਪਏ ਲੁਟਦੇ।

ਲਾਣੇ ਵੀ ਖੁਰਦ ਬੁਰਦ ਹੋਏ, ਲੈ ਫੋਕੀ ਸ਼ਾਨ ਮਿਲਦੇ ਨੇ।

ਇਹ ਦੁੱਖੜੇ ਕੋਲ ਸਭ ਦੇ ਨੇ ਜਾਂ ਭਾਣੇ ਸੱਚੇ ਰੱਬ ਦੇ ਨੇ।

‘ਲਖਣਪੁਰੀ’ ਭੱਜ ਲਾ ਉਏ ਪੁੱਤਰ, ਸੱਚੇ ਤੇਰੇ ਗਾਣ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਰੋਵਣ ਕਿਉਂ ਘੱਟ ਗਿਣਤੀ ਵਾਲੇ, ਕਿਉਂ ਲਗਦੇ ਸਾਰੇ ਹੀ ਕਾਲੇ।

ਬਹੁ ਗਿਣਤੀ ਦੁਸ਼ਮਣ ਕਿਉਂ ਬਣਗੀ, ਸਿੰਘ ਤੇ ਖ਼ਾਨ ਮਿਲਦੇ ਨੇ।

ਜਿਨ੍ਹਾਂ ਕੋਲ ਸੱਚ ਹੈ ਨਹੀਂ ਭੋਰਾ, ਰੱਖਦੇ ਨੇ ਧਰਮਾਂ ਲਈ ਖੋਰਾ।

ਸਿੱਖ ਹੋ ਕੇ ਵੀ ਸਿੱਖ ਨਹੀਂ, ਐਸੇ ਪਰਧਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਨਸ਼ਾ ਹੱਦ ਪਾਰ ਤੋ ਆਉਂਦਾ, ਹਰ ਕੋਈ ਹੋਕਾ ਹੈ ਲਾਉਂਦਾ।

ਪੁੱਛੋ ਉਨ੍ਹਾਂ ਉਜੜੇ ਘਰ ਜਾ ਕੇ, ਮਰੇ ਹੋਏ ਜੁਆਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਅਰਦਾਸ ਕਿਸੇ ਵੀ ਕੰਮ ਤੋਂ ਪਹਿਲਾਂ, ਵਾਹਿਗੁਰੂ ਅੱਗੇ ਕਰਿਓ।

0

ਅਰਦਾਸ ਕਿਸੇ ਵੀ ਕੰਮ ਤੋਂ ਪਹਿਲਾਂ, ਵਾਹਿਗੁਰੂ ਅੱਗੇ ਕਰਿਓ।

ਸਤਿਕਾਰ ਗੁਰੂ ਦਾ ਪੂਰਾ ਜੇਹੜਾ, ਮੰਨ ਕੇ ਬਚਨ ਕਮਾਉਂਦੈ ।

ਕਰਮਕਾਂਡ ਹੀ ਕਰ ਕਰ ਬੰਦਾ,  ਕੀਮਤੀ  ਵਕਤ ਗੁਆਉਂਦੈ ।

ਵਾਹਿਗੁਰੂ ਜੀ ਕਾ ਖਾਲਸਾ ਆਖੇ, ਅਗਿਓਂ ਸਿੱਖ ਜੋ ਮਿਲਦੈ ।

ਵਾਹਿਗੁਰੂ ਜੀ ਕੀ ਫ਼ਤਿਹ ਬੁਲਾਇਆਂ, ਪਿਆਰ ਗੁਰਾਂ ਦਾ ਮਿਲਦੈ ।

ਸ਼ਰਾਬ ਬੀੜੀਆਂ ਚਰਸ ਤੰਬਾਕੂ, ਨਸ਼ੇ ਕੋਈ ਨਹੀਂ ਲੈਣੇ ।

ਦਾਨ ਇਸ਼ਨਾਨ ਕਰੇ ਸਭ ‘ਬਿੰਜਲਾ’, ਖੂਹ ਖਾਤੇ ਵਿੱਚ ਪੈਣੇ ।

ਕਰਮਜੀਤ  ਸਿੰਘ  ਬਿੰਜਲ-੯੮੭੬੫-੭੪੯੬੦, ੯੬੪੬੦ ੭੪੯੬੦

ਸੇਵਾਦਾਰ  :-

ਸਿੱਖ ਮਿਸ਼ਨਰੀ ਕਾਲਜ ਸਰਕਲ  (ਜਗਰਾਉਂ)

ਕੁਦਰਤ ਵਿੱਚ ਰੰਗ ਜਿਸ ਦਾ ਮਾਣੇ ਤੂੰ…….

0

ਕੁਦਰਤ ਵਿੱਚ ਰੰਗ ਜਿਸ ਦਾ ਮਾਣੇ ਤੂੰ…….

               -ਗੁਰਪ੍ਰੀਤ ਸਿੰਘ, (USA)

ਚਾਬੀ ਤੂੰ, ਦਰ ਵੀ ਤੂੰ, ਦਰਬਾਨ ਵੀ ਤੂੰ।

ਕਿਵੇਂ ਖੋਲ੍ਹਣਾ ਜਿੰਦਰੇ ਨੂੰ, ਦਿੰਦਾ ਗਿਆਨ ਵੀ ਤੂੰ।

ਨੇਤਰਾਂ ‘ਚ ਜੋਤ, ਦਿਲਾਂ ‘ਚ ਹਨੇਰਾ, ਖੇਲ ਤੇਰਾ ਜਾਣੇ ਤੂੰ।

ਜੀਵ ਉਤਪੰਨ ਕਰੇ ਬਾਅਦ ਵਿੱਚ, ਪਹਿਲਾਂ ਦਿੰਦਾ ਦਾਣੇ ਤੂੰ।

ਕੰਢਿਆਂ ‘ਚ ਫੁੱਲ ਮਹਿਕਣ, ਹਰਿਆ ਜੰਗਲ, ਕਰੇ ਖਾਕ ਤੂੰ।

ਘਾੜਾ, ਮਿੱਟੀ, ਭਾਂਡਾ ਹੈ ਆਪੇ, ਆਪੇ ਹੀ ਬਣੇ ਗਾਹਕ ਤੂੰ।

ਖਲਕਤ ਨੂੰ ਕਿਵੇਂ ਪਿਆਰਨਾ, ਕਿਸੇ ਨੂੰ ਝੱਟ ਸਮਝਾਏ ਤੂੰ।

ਕਿਧਰੇ ਉਮਰ ਗਲ ਜਾਵੇ, ਕਿਣਕਾ ਵੀ ਨਾ ਮਨ ਵਸਾਏ ਤੂੰ।

ਆਪਣੀ ਕੁਦਰਤ ਆਪੇ ਸਾਜੇ, ਆਪੇ ਹੀ ਕਰਦਾ ਨਾਸ ਤੂੰ।

ਸਭ ਦੀਆਂ ਆਸਾਂ ਕਰੇ ਪੂਰੀਆਂ, ਸਭਨਾ ਵਿੱਚ ਕਰੇ ਵਾਸ ਤੂੰ।

ਤੇਰੇ ਗੁਣਾਂ ਦਾ ਅੰਤ ਨਾ ਕੋਈ, ਆਪਣਾ; ਆਪ ਹੀ ਜਾਣੇ ਤੂੰ ।

ਚੇਤੇ ਰੱਖ “ਪ੍ਰੀਤ” ਉਸ ਨੂੰ, ਕੁਦਰਤ ‘ਚ ਰੰਗ ਜਿਸ ਦਾ; ਮਾਣੇ ਤੂੰ ।

ਗਿਆਨੀ  ਗੁਰਮੁਖ ਸਿੰਘ ਨੂੰ ਪਹਿਲਾਂ ਸਜਾ ਦੇ ਤੌਰ ’ਤੇ ਅਹੁਦੇ ਤੋਂ ਹਟਾਇਆ ਜਾਣਾ ਤੇ ਹੁਣ ਬਹਾਲ ਕੀਤੇ ਜਾਣ ਪਿੱਛੇ ਛੁਪਿਆ ਸੱਚ ਆਇਆ ਸਾਹਮਣੇ

0

ਗਿਆਨੀ  ਗੁਰਮੁਖ ਸਿੰਘ ਨੂੰ ਪਹਿਲਾਂ ਸਜਾ ਦੇ ਤੌਰ ’ਤੇ ਅਹੁਦੇ ਤੋਂ ਹਟਾਇਆ ਜਾਣਾ ਤੇ ਹੁਣ ਬਹਾਲ ਕੀਤੇ ਜਾਣ ਪਿੱਛੇ ਛੁਪਿਆ ਸੱਚ ਆਇਆ ਸਾਹਮਣੇ

ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਵੱਲੋਂ ਗਵਾਹੀ ਤੋਂ ਮੁੱਕਰ ਜਾਣ ਨਾਲ ਆਈ ਬਿੱਲੀ ਥੈਲੇ ਤੋਂ ਬਾਹਰ

ਕਿਰਪਾਲ ਸਿੰਘ ਬਠਿੰਡਾ 9855480797

ਸੌਧਾ ਸਾਧ ਨੂੰ ਅਖੌਤੀ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਦੋਸ਼ ਮੁਕਤ ਕਰਾਰ ਦੇਣ ਪਿੱਛੋਂ ਇਨ੍ਹਾਂ ਸਰਬਉੱਚ ਕਹਾਉਣ ਵਾਲੇ ਜਥੇਦਾਰਾਂ ਨੂੰ ਸੋਸ਼ਿਲ ਮੀਡੀਏ ਅਤੇ ਸੰਗਤ ਵਿੱਚ ਇਤਨੀਆਂ ਲਾਹਨਤਾਂ ਪੈ ਰਹੀਆਂ ਸਨ ਕਿ ਇਨ੍ਹਾਂ ਲਈ ਪਬਲਿਕ ਵਿੱਚ ਵਿਚਰਨਾ ਇਤਨਾ ਮੁਸ਼ਕਲ ਹੋ ਗਿਆ ਸੀ ਕਿ ਤਿੰਨ ਹਫਤੇ ਪਿੱਛੋਂ ਹੀ 15 ਅਕਤੂਬਰ ਨੂੰ ਇਨ੍ਹਾਂ ਨੂੰ ਮੁਆਫੀ ਵਾਲਾ ਉਹ ਹੁਕਮਨਾਮਾਂ ਵਾਪਸ ਲੈਣਾ ਪਿਆ। ਉਸ ਸਮੇਂ ਸਭ ਤੋਂ ਵੱਧ ਲਾਹਨਤਾਂ ਗਿਆਨੀ ਗੁਰਮੁਖ ਸਿੰਘ ਨੂੰ ਪੈ ਰਹੀਆਂ ਸਨ ਕਿਉਂਕਿ ਇਹ ਗੱਲ ਲੀਕ ਹੋ ਚੁੱਕੀ ਸੀ ਕਿ ਸੁਖਬੀਰ ਬਾਦਲ ਦੇ ਕਹਿਣ ’ਤੇ ਇਹ ਖ਼ੁਦ ਸੌਧਾ ਸਾਧ ਨੂੰ ਮਿਲਿਆ ਤੇ ਸਮਝੌਤੇ ਲਈ ਰਾਹ ਲੱਭਣ ਦੀ ਤਰਤੀਬ ਦਸਦਿਆਂ ਉਸ ਤੋਂ ਗੋਲਮੋਲ ਸ਼ਬਦਾਂ ਵਿੱਚ ਚਿੱਠੀ ਲਿਖਵਾ ਕੇ ਦਸਤਖਤ ਕਰਵਾ ਕੇ ਲਿਆਇਆ ਜਿਸ ਦੇ ਆਧਾਰ ’ਤੇ ਉਸ ਵਿਰੁੱਧ ਜਾਰੀ ਹੁਕਨਾਮਾ ਵਾਪਸ ਲੈ ਲਿਆ ਗਿਆ ਸੀ। ਜਦੋਂ ਮੁਆਫੀ ਵਾਲਾ ਹੁਕਮਨਾਮਾ ਵਾਪਸ ਲੈਣ ਉਪ੍ਰੰਤ ਵੀ ਜਥੇਦਾਰਾਂ ਖਾਸ ਕਰਕੇ ਗੁਰਮੁਖ ਸਿੰਘ ਪ੍ਰਤੀ ਸੰਗਤਾਂ ਦਾ ਗੁੱਸਾ ਠੰਡਾ ਨਾ ਹੋਇਆ ਤਾਂ ਉਸ ਨੇ ਸੁਖਬੀਰ ਬਾਦਲ ਅੱਗੇ ਫਰਿਆਦ ਕੀਤੀ ਕਿ ਮੈਨੂੰ ਸੰਗਤਾਂ ਦੇ ਰੋਹ ਤੋਂ ਬਚਾਉਣ ਦਾ ਕੋਈ ਉਪਾਅ ਕੀਤਾ ਜਾਵੇ।  ‘ਕੁਝ ਹੀ ਸਮੇਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ’ ਦਾ ਭਰੋਸਾ ਦੇਣ ਤੋਂ ਇਲਾਵਾ ਸੁਖਬੀਰ ਬਾਦਲ ਵੀ ਕੁਝ ਨਹੀਂ ਸੀ ਕਰ ਸਕਦਾ। ਇਕ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਯੂਦ ਵੀ ਜਦੋਂ ਹਾਲਾਤਾਂ ਵਿੱਚ ਬਹੁਤਾ ਅੰਤਰ ਨਾ ਆਇਆ ਤਾਂ ਆਖਰ 17 ਅਪ੍ਰੈਲ 2016 ਨੂੰ ਗਿਆਨੀ ਗੁਰਮੁਖ ਸਿੰਘ ਨੇ ਸਾਰੀ ਕਹਾਣੀ ਦਾ ਅੱਧਾ ਕੁ ਸੱਚ ਪੱਤਰਕਾਰਾਂ ਕੋਲ ਜ਼ਾਹਰ ਕਰ ਦਿੱਤਾ। ਬਾਦਲ ਇਸ ਸੱਚ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਇਸ ਲਈ ਸ਼੍ਰੋਮਣੀ ਕਮੇਟੀ ਨੇ ਤੁਰੰਤ 20 ਅਪ੍ਰੈਲ 2016 ਨੂੰ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੋਵੇਂ ਅਹੁੱਦਿਆਂ ਤੋਂ ਹਟਾ ਕੇ ਹਰਿਆਣਾ ਦੇ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਹੈੱਡ ਗ੍ਰੰਥੀ ਦੇ ਤੌਰ ’ਤੇ ਭੇਜ ਦਿੱਤਾ। ਉਸ ਸਮੇਂ ਬਾਦਲਾਂ ’ਤੇ ਦਬਾਅ ਪਾਉਣ ਲਈ ਗੁਰਮੁਖ ਸਿੰਘ ਨੇ ਕਈ ਟੀਵੀ ਚੈੱਨਲਾਂ, ਰੇਡੀਓ ਅਤੇ ਅਖਬਾਰਾਂ ਨੂੰ 17 ਅਪ੍ਰੈਲ ਨੂੰ ਦਿੱਤੇ ਆਪਣੇ ਬਿਆਨ ਦੁਹਰਾਏ ਜਿਨ੍ਹਾਂ ਦੀਆਂ ਰੀਕਾਰਡਿੰਗਜ਼ ਅੱਜ ਵੀ ਯੂਟਿਊਬ ’ਤੇ ਮੌਜੂਦ ਹਨ।  ਗੁਰਮੁਖ ਸਿੰਘ ਦੇ ਉਹ ਬਿਆਨ ਹਿੰਮਤ ਸਿੰਘ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਰੀਕਾਰਡ ਕਰਵਾਏ ਬਿਆਨ ਨਾਲ ਮਿਲਦੇ ਜੁਲਦੇ ਹਨ।

ਜਿਹੜਾ ਹਿੰਮਤ ਸਿੰਘ ਅੱਜ ਕਹਿੰਦਾ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ ਰਣਜੀਤ ਸਿੰਘ ਨੇ ਡਰਾ ਧਮਕਾ ਕੇ ਪਹਿਲਾਂ ਤੋਂ ਲਿਖਤੀ ਬਿਆਨਾਂ ’ਤੇ ਉਸ ਤੋਂ ਦਸਤਖਤ ਕਰਵਾਏ ਸਨ, ਜਿਸ ਦੀ ਉਸ ਨੂੰ ਪੜ੍ਹਨ ਦੀ ਇਜਾਜਤ ਵੀ ਨਹੀਂ ਦਿੱਤੀ ਗਈ ਸੀ, ਜਿਸ ਦਾ ਪਤਾ ਉਸ ਨੂੰ ਅਖਬਾਰਾਂ ਵਿੱਚ ਖ਼ਬਰਾਂ ਛਪ ਜਾਣ ਦੇ ਬਾਅਦ ਹੀ ਲੱਗਾ; ਉਸ ਹਿੰਮਤ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਅਪ੍ਰੈਲ 2016 ’ਚ ਨਾ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਹੀ ਬਣੀ ਸੀ ਅਤੇ ਨਾਂ ਹੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਹੋਂਦ ਵਿੱਚ ਆਇਆ ਸੀ। ਉਸ ਵੇਲੇ ਤਾਂ ਬਾਦਲਾਂ ਦਾ ਰਾਜ ਸੀ ਤਾਂ ਕਿਸ ਦੇ ਦਬਾਅ ਹੇਠ ਤੁਹਾਡੇ ਸਮੇਤ ਤੁਹਾਡਾ ਭਰਾ ਗੁਰਮੁਖ ਸਿੰਘ ਤੋਤੇ ਵਾਙ ਹਰ ਚੈੱਨਲ ਅਤੇ ਰੇਡੀਓ ’ਤੇ ਬੋਲਣਾਂ ਸ਼ੁਰੂ ਕਰ ਦਿੰਦੇ ਸੀ?

2017 ਦੀਆਂ ਚੋਣਾਂ ਵਿੱਚ ਜਦੋਂ ਕਾਂਗਰਸ ਸਰਕਾਰ ਹੋਂਦ ਵਿੱਚ ਆਈ ’ਤੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਕਮਿਸ਼ਨ ਬਿਠਾ ਦਿੱਤਾ ਗਿਆ। ਬਾਦਲ ਦਲ ਨੂੰ ਕਿਉਂਕਿ ਆਪਣੇ ਪਾਪ ਡਰਾ ਰਹੇ ਸਨ ਇਸ ਲਈ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਨੇ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰ ਦਿੱਤਾ ਤੇ ਪੜਤਾਲ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰੀ ਹੋ ਗਏ। ਇਨ੍ਹਾਂ ਦੇ ਸਰਬਉੱਚ ਬਣਾਏ ਜਥੇਦਾਰਾਂ ਨੇ ਤਾਂ ਤੋਤੇ ਵਾਙ ਆਪਣੇ ਮਾਲਕਾਂ ਦੀ ਬੋਲੀ ਹੀ ਬੋਲਣੀ ਸੀ ਇਸ ਲਈ ਇਨ੍ਹਾਂ ਸਾਰਿਆਂ ਨੇ ਪੜਤਾਲ ਵਿੱਚ ਸ਼ਾਮਲ ਹੋਣ ਤੋਂ ਕੋਰੀ ਨਾਂਹ ਕਰ ਦਿੱਤੀ। ਬਾਦਲ ਪਰੀਵਾਰ ਨੂੰ ਖਤਰਾ ਭਾਂਪ ਰਿਹਾ ਸੀ ਕਿ ਨਰਾਜ਼ ਹੋਇਆ ਗੁਰਮੁਖ ਸਿੰਘ ਕਦੀ ਕਮਿਸ਼ਨ ਅੱਗੇ ਪੇਸ਼ ਹੋ ਕੇ ਬਿਆਨ ਦਰਜ ਨਾ ਕਰਵਾ ਦੇਵੇ ਇਸ ਲਈ ਉਨ੍ਹਾਂ ਨੇ ਗੁਰਮੁਖ ਸਿੰਘ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਅੰਦਰਖਾਤੇ ਚੱਲ ਰਹੀ ਇਸ ਡੀਲ ਦਾ ਹੀ ਕਾਰਣ ਹੈ ਕਿ ਗੁਰਮੁਖ ਸਿੰਘ ਆਪ ਤਾਂ ਗਵਾਹੀ ਦੇਣ ਨਾ ਗਿਆ ਪਰ ਆਪਣੇ ਭਰਾ ਹਿੰਮਤ ਸਿੰਘ ਨੂੰ ਭੇਜ ਦਿੱਤਾ ਜਿਸ ਨੇ ਖ਼ੁਦ ਗਵਾਹ ਦੇ ਤੌਰ ’ਤੇ ਪੇਸ਼ ਹੋਣ ਦੀ ਇੱਛਾ ਜ਼ਾਹਰ ਕੀਤੀ ਅਤੇ ਮਿਤੀ 11 ਦਸੰਬਰ 2017 ਨੂੰ ਆਪਣੀ ਮਰਜੀ ਨਾਲ ਬਿਆਨ ਰੀਕਾਰਡ ਕਰਵਾਏ। ਹਿੰਮਤ ਸਿੰਘ ਵੱਲੋਂ ਕਮਿਸ਼ਨ ਨੂੰ ਬਿਆਨ ਦੇਣ ਉਪ੍ਰੰਤ ਸ਼੍ਰੋਮਣੀ ਕਮੇਟੀ ਨੇ ਆਪਣੀ ਫ਼ਿਤਰਤ ਅਸਾਰ ਉਸ ਨੂੰ ਵੀ ਗ੍ਰੰਥੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ।

3 ਅਗਸਤ 2018 ਨੂੰ ਗਿਆਨੀ ਗੁਰਮੁਖ ਸਿੰਘ ਨੂੰ ਚੁੱਪ ਚੁਪੀਤੇ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਬਹਾਲ ਕੀਤੇ ਜਾਣ ਦੀ ਖ਼ਬਰ ਨਾਲ ਸਮਝਦਾਰ ਮਨੁੱਖ ਤਾਂ ਸਮਝ ਹੀ ਰਹੇ ਸਨ ਕਿ ਅਸਲ ਮਾਜਰਾ ਕੀ ਹੈ ਪਰ ਫਿਰ ਵੀ ਬਹੁਤ ਸਾਰੇ ਵੀਰ ਕਿਆਸ ਅਰਾਈਆਂ ਲਾ ਰਹੇ ਸਨ ਕਿ ਬਾਦਲਾਂ ਨੇ ਜਿਸ ਨੂੰ ਵੀ ਅੱਜ ਤੱਕ ਡੰਗਿਆ ਉਸ ਨੇ ਮੁੜ ਪਾਣੀ ਨਹੀਂ ਮੰਗਿਆ ਪਰ ਕੀ ਭਾਣਾ ਵਾਪਰਿਆ ਕਿ ਗਿਆਨੀ ਗੁਰਮੁਖ ਸਿੰਘ ਜਿਸ ਨੇ ਬਾਦਲਾਂ ਵੱਲੋਂ ਜਾਰੀ ਕਰਵਾਏ ਜਾ ਰਹੇ ਅਖੌਤੀ ਹੁਕਮਨਾਮਿਆਂ ਦੇ ਪਿਛੋਕੜ ਦਾ ਸੱਚ ਹੁਣ ਤੱਕ ਦੇ ਜਥੇਦਾਰਾਂ ਵਿੱਚੋਂ ਸਭ ਤੋਂ ਵੱਧ ਬਿਆਨ ਕੀਤਾ ਉਸ ਨੂੰ ਬਹਾਲ ਕੀਤੇ ਜਾਣ ਦੇ ਕੀ ਕਾਰਨ ਹੋ ਸਕਦੇ ਹਨ?

ਅੱਜ ਹਿੰਮਤ ਸਿੰਘ ਦੇ ਗਵਾਹੀ ਤੋਂ ਮੁਕਰ ਜਾਣ ਦੇ ਬਿਆਨ ਨਾਲ ਬਿੱਲੀ ਥੈੱਲੇ ਵਿੱਚੋਂ ਬਾਹਰ ਆ ਗਈ ਹੈ ਕਿ ਪੜਤਾਲੀਆ ਕਮਿਸ਼ਨ ਦੀ ਰੀਪੋਰਟ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਹੋਣ ਤੋਂ ਐਨ ਪਹਿਲਾਂ ਗਵਾਹੀ ਤੋਂ ਮੁਕਰਾਉਣ ਲਈ ਹੀ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਬਹਾਲ ਕੀਤਾ ਗਿਆ ਸੀ ਤੇ ਹੁਣ ਹਿੰਮਤ ਸਿੰਘ ਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਵੱਡਾ ਤੋਹਫਾ ਜਰੂਰ ਮਿਲੇਗਾ। ਇੱਕ ਅਖਬਾਰ ਨੇ ਤਾਂ ਫਰੰਟ ਪੇਜ਼ ’ਤੇ ਮੋਟੀ ਸੁਰਖੀ ਹੇਠ ਹਿੰਮਤ ਸਿੰਘ ਦਾ ਬਿਆਨ ਛਾਪਦਿਆਂ ਇੱਕ ਵਿਸ਼ੇਸ਼ ਲਾਲ ਡੱਬੀ ਵਿੱਚ ਲਿਖਿਆ ਹੈ : “ਜਾਂਚ ਕਮਿਸ਼ਨ ਦੀ ਖੁੱਲ੍ਹੀ ਪੋਲ” । ਅਸਲ ਵਿੱਚ ਇਸ ਖ਼ਬਰ ਦਾ ਇੱਕ ਇੱਕ ਸ਼ਬਦ ਧਿਆਨ ਸਹਿਤ ਪੜ੍ਹਦਿਆਂ ਹਿੰਮਤ ਸਿੰਘ ਵੱਲੋਂ ਗਵਾਹੀ ਤੋਂ ਮੁਕਰਨ ਵਾਲਾ ਬਿਆਨ ਝੂਠਾ ਹੋਣ ਅਤੇ ਬਾਦਲ ਦਲ ਦੇ ਕਰਤੇ ਧਰਤਿਆਂ ਤੇ ਇਨ੍ਹਾਂ ਦੇ ਕਠਪੁਤਲੀ ਜਥੇਦਾਰਾਂ ਦੇ ਘਟੀਆ ਕਿਰਦਾਰ ਦੀ ਪੋਲ ਖੋਲ੍ਹਦਾ ਨਜ਼ਰ ਆ ਰਿਹਾ ਸੀ। ਇਸ ਅਖ਼ਬਾਰ ਵਿੱਚ ਛਪੇ ਬਿਆਨ ਵਿੱਚ ਆਪਣੇ ਆਪ ਨੂੰ ਪੰਥਕ ਭਾਵਨਾਵਾਂ ਦਾ ਕਦਰਦਾਨ ਹੋਣ ਦਾ ਡਰਾਮਾ ਰਚਣ ਵਾਲੇ ਹਿੰਮਤ ਸਿੰਘ ਦੇ ਸ਼ਬਦ ਹਨ : “ਮੈਂ ਜਸਟਿਸ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਲੇ ਬਰਗਾੜੀ ਕਾਂਡ ਦੀ ਜਾਂਚ ਨਹੀਂ ਕਰਨੀ ਚਾਹੀਦੀ ਬਲਕਿ 1984 ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ਹੋਈ ਢਾਈ ਹਜਾਰ ਪਾਵਨ ਸਰੂਪਾਂ ਦੀ ਬੇਅਦਬੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੰਜਾਬ ਵਿੱਚ ਹੋਏ 36000 ਵਿਅਕਤੀਆਂ ਦੇ ਕਤਲਾਂ ਦੀ ਜਾਂਚ ਦੀ ਮੰਗ ਵੀ ਮੈਂ ਕਮਿਸ਼ਨ ਅੱਗੇ ਰੱਖੀ।” ਕੌਣ ਨਹੀਂ ਜਾਣਦਾ ਕਿ ਜਿਹੜੀਆਂ ਮੰਗਾਂ ਉਠਾਉਣ ਦੀ ਗੱਲ ਇਸ ਹਿੰਮਤ ਸਿੰਘ ਨੇ ਕੀਤੀ; ਕੀ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਹਨ?  ਜਿਹੜੀ ਪੜਤਾਲ ਰਣਜੀਤ ਸਿੰਘ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਉਸ ਦਾ ਭਰੋਸਾ ਉਨ੍ਹਾਂ ਨੇ ਹਿੰਮਤ ਸਿੰਘ ਨੂੰ ਕਿਵੇਂ ਦੇ ਦਿੱਤਾ? 1984 ਤੋਂ ਬਾਅਦ ਤਿੰਨ ਵਾਰ ਪੰਜਾਬ ਵਿੱਚ ਬਾਦਲ ਸਰਕਾਰ ਅਤੇ ਤਿੰਨ ਵਾਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਜਿਸ ਵਿੱਚ ਬਾਦਲ ਪਰੀਵਾਰ ਦੇ ਮੈਂਬਰ ਮੰਤਰੀ ਰਹੇ ਹਨ ਤੇ ਹੁਣ ਵੀ ਹੈ। ਕੀ ਉਨ੍ਹਾਂ ਨੇ ਇਸ ਦੀ ਪੜਤਾਲ ਲਈ ਕਦੀ ਵੀ ਵਿਧਾਨ ਸਭਾ, ਲੋਕ ਸਭਾ ਜਾਂ ਕੈਬਨਿਟ ਮੀਟਿੰਗ ਵਿੱਚ ਮੰਗ ਉਠਾਈ ਜਾਂ ਪੜਤਾਲੀਆ ਕਮਿਸ਼ਨ ਬਿਠਾਉਣ ਦੀ ਲੋੜ ਸਮਝੀ ਜਾਂ ਕਦੀ ਹਿੰਮਤ ਸਿੰਘ ਨੇ ਇਹ ਮੰਗ ਬਾਦਲ ਸਰਕਾਰ ਅੱਗੇ ਵੀ ਰੱਖੀ? ਜੇ ਨਹੀਂ ਤਾਂ ਕਿਉਂ ਨਹੀਂ ਰੱਖੀ? ਸਿੱਖਾਂ ਨੂੰ ਭਾਵਕ ਕਰਕੇ ਆਪਣੇ ਆਪ ਲਈ ਹਮਦਰਦੀ ਲੈਣਾ ਚਾਹ ਰਹੇ ਹਿੰਮਤ ਸਿੰਘ ਨੂੰ ਤਾਂ ਇਹ ਵੀ ਨਹੀਂ ਪਤਾ ਕਿ 1984 ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਕਾਂਡ ਵਾਙ ਬੇਅਦਬੀ ਨਹੀਂ ਹੋਈ ਸੀ ਸਗੋਂ ਹੋਰ ਬਹੁਤ ਸਾਰੇ ਵਡਮੁੱਲੇ ਹੱਥ ਲਿਖਤ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਸਮੇਤ ਸਮੁੱਚਾ ਰੀਕਾਰਡ ਫੌਜ ਚੁੱਕ ਕੇ ਲੈ ਗਈ ਸੀ ਜਿਸ ਨੂੰ ਵਾਜਪਾਈ ਸਰਕਾਰ ਆਸਾਨੀ ਨਾਲ ਵਾਪਸ ਕਰ ਸਕਦੀ ਸੀ ਪਰ ਬਾਦਲ ਦਲ ਨੇ ਸਰਕਾਰ ਵਿੱਚ ਹੋਣ ਦੇ ਬਾਵਜੂਦ ਕਦੀ ਵੀ ਉਹ ਕੀਮਤੀ ਖਜਾਨਾ ਵਾਪਸ ਲੈਣ ਦਾ ਗੰਭੀਰ ਯਤਨ ਹੀ ਨਹੀਂ ਕੀਤਾ ।

ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰਨ ਵਾਲਿਆਂ ਅਤੇ ਵੋਟਾਂ ਦੇ ਲਾਲਚ ਅਧੀਨ ਬਾਦਲ ਦਲ ਨੇ ਉਨ੍ਹਾਂ ਦੀ ਪੁਸ਼ਤਪਨਾਹੀ  ਕਰਕੇ ਮੂਰਖਤਾ ਭਰਿਆ ਕੰਮ ਤਾਂ ਕੀਤਾ ਹੀ ਹੈ ਪਰ ਗੁਰੂ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖਾਂ ਵੱਲੋਂ ਖੂਨ ਨਾਲ ਸਿੰਜੇ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਅਸਲ ਬੇਅਦਬੀ ਤਾਂ ਬਾਦਲ ਦਲ ਖਾਸ ਕਰਕੇ ਬਾਦਲ ਪ੍ਰੀਵਾਰ, ਹਿੰਮਤ ਸਿੰਘ ਵਰਗੇ ਗ੍ਰੰਥੀ ਅਤੇ ਬਾਦਲ ਦਲ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਕਠਪੁਤਲੀ ਜਥੇਦਾਰ ਕਰ ਰਹ ਹਨ ਜਿਹੜੇ ਆਪਣੇ ਲਈ ਸੁੱਖ ਸਹੂਲਤਾਂ ਤੇ ਉੱਚ ਤਨਖਾਹਾਂ ਵਾਲੇ ਅਹੁੱਦਿਆ ਦੇ ਲਾਲਚ ਤੇ ਆਪਣੇ ਹੋਰ ਸੁਆਰਥ ਪੂਰੇ ਕਰਨ ਦੇ ਲਾਲਚ ਅਧੀਨ ਆਪਣੇ ਬਿਆਨ ਬਦਲਦੇ ਗਿਰਗਟ ਦੇ ਰੰਗ ਬਦਲਣ ਨੂੰ ਵੀ ਮਾਤ ਪਾ ਰਹੇ ਹਨ। ਕਿੱਥੇ ਮਾਣ ਮਹਿਸੂਸ ਹੁੰਦਾ ਸੀ ਕਿ ਅਸੀਂ ਉਨ੍ਹਾਂ ਦੇ ਵਾਰਸ ਹਾਂ ਜਿਨ੍ਹਾਂ ਦੇ ਗੁਰੂ ਸਾਹਿਬਾਨਾਂ ਨੇ ਸੱਚ ਅਤੇ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਆਪਣਾ ਸਮੁੱਚਾ ਪਰੀਵਰ ਤੱਕ ਕੁਰਬਾਨ ਕਰ ਦਿੱਤਾ; ਤੱਤੀਆਂ ਤਵੀ ’ਤੇ ਬੈਠ ਕੇ ਵੀ “ਤੇਰਾ ਕੀਆ, ਮੀਠਾ ਲਾਗੈ ॥” ਦਾ ਜਾਪ ਉਚਾਰਨ ਕਰਦੇ ਰਹੇ; 6 ਤੇ 9 ਸਾਲ ਦੇ ਸਾਹਿਜ਼ਾਦਿਆਂ ਨੇ ਆਪਣੇ ਆਪ ਨੂੰ ਕੰਧਾਂ ਵਿੱਚ ਤਾਂ ਚਿਣਵਾ ਲਿਆ ਪਰ ਕਿਸੇ ਤਰ੍ਹਾਂ ਦੇ ਲਾਲਚ ਜਾਂ ਡਰ ਅਧੀਨ ਵੀ ਆਪਣੇ ਨਿਸਚੇ ਤੋਂ ਡੋਲੇ ਨਹੀਂ ਸਨ, ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਤਸੀਹੇ ਝੱਲੇ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਫਿਰ ਵੀ ‘ਚਾਰ ਪਹਿਰ ਸੁੱਖਾਂ ਦੀ ਬਤੀਤ ਹੋਈ ਹੈ’ ਦੀਆਂ ਅਰਦਾਸਾਂ ਕਰਦੇ ਰਹੇ। ਪਰ ਅੱਜ ਕੱਲ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਵਰਗਿਆਂ ਦੇ ਸਮਰਥਕ ਸੋਸ਼ਿਲ ਮੀਡੀਏ ਪੰਥ ਨੂੰ ਉਲਾਂਭੇ ਦਿੰਦੇ ਦਿੱਸ ਰਹੇ ਹਨ ਕਿ  “ਅੱਜ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਤੇ ਕਿੰਤੂ ਕਰਨ ਵਾਲਿਆਂ ਨੇ ਕੀ ਕਦੀ ਧਮਧਾਨ ਸਾਹਿਬ ਜਾ ਕੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਨ੍ਹਾਂ ਦੀ ਜਿੰਦਗੀ ਕਿਵੇਂ ਬਤੀਤ ਹੋ ਰਹੀ ਹੈ? ਪਿੱਛੇ ਪਰੀਵਾਰ ਦਾ ਗੁਜਾਰਾ ਕਿਵੇਂ ਚੱਲ ਰਿਹਾ ਹੈ?”  ਇਨ੍ਹਾਂ ਸਮਰਥਕਾਂ ਦੀਆਂ ਲਿਖਤਾਂ ਅਤੇ ਬਾਦਲ ਦਲ ਦੇ ਨੇਤਾਵਾਂ ਤੇ ਜਥੇਦਾਰਾਂ ਦੇ ਕਿਰਦਾਰ ਨੇ ਸਾਬਤ ਕਰ ਦਿੱਤਾ ਹੈ ਕਿ ਬੰਦ ਬੰਦ ਕਟਵਾਉਣ ਵਾਲੇ ਖ਼ਾਲਸੇ ਦੇ ਵਾਰਸ ਕਹਾਉਣ ਵਾਲੇ ਕਿਤਨਾ ਵਿਕਾਊ ਮਾਲ ਹੋ ਚੁੱਕੇ ਹਨ ਕਿ ਕੋਈ ਚੰਦ ਵੋਟਾਂ ਪਿੱਛੇ, ਕੋਈ ਗ੍ਰੰਥੀ/ਜਥੇਦਾਰ ਦਾ ਅਹੁੱਦਾ ਬਹਾਲ ਕਰਵਾਉਣ ਲਈ ਅਤੇ ਕੋਈ ਸ਼ਰਾਬ ਦੀਆਂ ਬੋਤਲਾਂ ਤੇ ਭੁੱਕੀ ਦੇ ਪੈਕਟਾਂ ਪਿੱਛੇ ਅਤੇ ਕੋਈ ਆਟੇ ਦਾਲ ਲਈ ਨੀਲੇ ਕਾਰਡ ਲੈਣ ਪਿੱਛੇ ਆਪਣੀ ਜ਼ਮੀਰ ਵੇਚ ਕੇ ਵੋਟਾਂ ਪਾ ਕੇ ਅਕ੍ਰਿਤਘਨ ਆਗੂਆਂ ਨੂੰ ਚੁਣ ਕੇ ਪੰਥ ਦੇ ਸਿਰ ’ਤੇ ਬਿਠਾ ਕੇ ਉਨ੍ਹਾਂ ਨੂੰ ਪੰਥਕ ਹੋਣ ਦੇ ਸਰਟੀਫਿਕੇਟ ਜਾਰੀ ਕਰ ਰਹੇ ਹਨ। ਜਦੋ ਸਾਡੇ ਪੁੱਤ ਪੋਤੇ ਅੱਜ ਦਾ ਇਤਿਹਾਸ ਪੜ੍ਹਨਗੇ ਤਾਂ ਉਹ ਸਿੱਖਾਂ ਵਾਰੇ ਕੀ ਸੋਚਣਗੇ?

Most Viewed Posts