ਨਸ਼ਿਆਂ ਦਾ ਕਾਰੋਬਾਰ
ਨਸ਼ਿਆਂ ਦਾ ਕਾਰੋਬਾਰ
ਫੜੇ ਗਏ ਲੱਖਾਂ ਦੇ ਨਸ਼ੇ ਸੂਬੇ ਵਿੱਚੋਂ,
ਖ਼ਬਰਾਂ ਪੜ੍ਹ ਕੇ ਕਿਉਂ ਹੋਈ ਜਾਂਦੇ ਸ਼ਰਮਸਾਰ ਲੋਕੋ !
ਹੁੰਦੀਆਂ ਗ੍ਰਿਫਤਾਰੀਆਂ ਪਰ ਸਜ਼ਾ ਕਿਸੇ ਨੂੰ ਨਹੀਂ,
ਅਮਰਵੇਲ ਵਾਂਗ ਵਧ ਰਿਹੈ ਕਾਰੋਬਾਰ ਲੋਕੋ !
ਸਰਕਾਰਾਂ ਖ਼ੁਸ਼ ਨੇ ਨਸ਼ੇ ਦੀ ਲਤ ਲਾ ਕੇ,
ਨੌਜ਼ਵਾਨ ਮੰਗਣ ਆ ਕੇ ਰੁਜ਼ਗਾਰ ਲੋਕੋ !
ਪੰਜਾਬ ਪੈ ਗਿਐ ਤਰੱਕੀ ਦੀ ਲੀਹ ਉੱਤੇ,
ਛੇਤੀ ਖੁਲ੍ਹ ਜਾਣੇ ਨਸ਼ਿਆਂ ਦੇ ਬਿੱਗ ਬਾਜ਼ਾਰ ਲੋਕੋ !
ਮੰਤਰੀ-ਸੰਤਰੀ ਖੜ੍ਹਕਾਉਣ ਬਹਿ ਕੇ ਪੈੱਗ ਸ਼ਾਮੀ,
ਮੁਨਾਫ਼ਾ ਅਰਬਾਂ ਨੂੰ ਕਰ ਗਿਐ ਪਾਰ ਲੋਕੋ !
‘ਕਰਨਜੀਤ’ ਜੇ ਪਿਉ ਦੀ ਬੁੱਕਲ ’ਚ ਮਰੇ ਪੁੱਤਰ,
ਤਾਂ ਇਹ ਜਿੱਤ ਨਹੀਂ, ਸਗੋਂ ਸਾਡੀ ਹਾਰ ਲੋਕੋ !
ਕਰਨਜੀਤ ਸਿੰਘ (ਰੋਪੜ)-97794-70245
ਭਲਾ ਪੰਥ ਦਾ ਚਾਹੁੰਦੇ, ਮੰਨ ਲਓ ਸਿੱਖ ਰਹਿਤ ਮਰਯਾਦਾ।
ਭਲਾ ਪੰਥ ਦਾ ਚਾਹੁੰਦੇ, ਮੰਨ ਲਓ ਸਿੱਖ ਰਹਿਤ ਮਰਯਾਦਾ।
ਸੁਖਵਿੰਦਰ ਸਿੰਘ ਰਟੌਲ
‘ਹਿੰਦੂ ਅੰਨ੍ਹਾ ਤੁਰਕੂ ਕਾਣਾ॥’ ਨਾਮਦੇਵ ਜੀ ਦੀ ਬਾਣੀ।
ਇਹਦੇ ਨਾਲੋਂ ਅੱਗੇ ਲੰਘ ਗਈ, ਸਾਡੇ ਘਰੇ ਕਹਾਣੀ।
ਨਾ ਟਕਸਾਲੀ ਚੰਗੇ ਸਾਰੇ, ਨਾ ਮਿਸ਼ਨਰੀ ਮਾੜੇ।
ਇਹ ਤਾਂ ਵੈਰੀਆਂ ਵੇਸ ਵਟਾ, ਵਿੱਚ ਟੋਡੀ ਬੰਦੇ ਵਾੜੇ।
ਬੰਦੇ ਵਾੜੇ ਫੁੱਟ ਪਾਉਣ ਨੂੰ, ਫਿੱਟੀਆਂ ਨੀਤਾਂ ਵਾਲੇ।
ਬਾਹਰੋਂ ਸੋਹਣੇ ਚਿੱਟੇ ਕੱਪੜੇ, ਕੰਮ ਕਰੇਂਦੇ ਕਾਲੇ।
ਦੁੱਧ ਧੋਤੇ ਉਹ ਬਣ ਬਣ ਬਹਿੰਦੇ, ਦਿਲ ’ਚ ਰੱਖਣ ਸਾੜੇ।
ਸਿੱਖਾਂ ਵਾਲਾ ਰੂਪ ਬਣਾ ਕੇ, ਹਰ ਥਾਂ ਪਾਉਣ ਪਵਾੜੇ ।
ਅੱਧਿਆਂ ਬੰਨ੍ਹ ਲਏ ਗੋਲ ਦੁਮਾਲੇ, ਗਲ਼ ਵਿੱਚ ਮਾਲਾ ਪਾ ’ਲੀ
ਅੱਧਿਆਂ ਬੰਨ੍ਹ ਲਈ ਸ਼ਾਹੀ ਪਗੜੀ, ਪੜ੍ਹਿਆ ਲਿਖਿਆ ਵਾਲੀ।
ਤੁਰ ਪਏ ਦੋਵੇਂ ਭੇਖੀ ਟੋਲੇ, ਲੈ ਸਰਕਾਰੀ ਥਾਪੀ।
ਵੜ ਗਏ ਸੰਸਥਾਂਵਾਂ ਅੰਦਰ, ਢਿੱਡੋਂ ਕਾਣੇ ਪਾਪੀ।
ਕੋਈ ਬਹਿ ਗਿਆ ਰੇਡੀਓ ਲਾ ਕੇ, ਕਿਸੇ ਪਾ ਲਿਆ ਡੇਰਾ।
ਟੀਵੀ ਚੈਨਲ ਤੇ ਅਖਬਾਰਾਂ ਲਿਖ ਲਿਖ ਪਾਇਆ ਘੇਰਾ।
ਇੱਕ ਧਰਮ ਦੀ ਕਰਨ ਨਿਲਾਮੀ, ਦੂਜੇ ਲਾਉਂਦੇ ਬੋਲੀ।
ਸਿੱਖ ਕੌਮ ਦਾ ਖ਼ੂਨ ਡੋਲ ਕੇ ਲੱਗੇ ਖੇਡਣ ਹੋਲੀ।
ਤਰਕਾਂ ਵਿੱਚ ਕੁਤਰਕ ਵਾੜ ’ਤੇ, ਸ਼ਰਧਾ ਵਿੱਚ ਸ਼ਰਾਰਤ।
ਸਿੱਖ ਵਿਚਾਰਾ ਕਿੱਦਾਂ ਬੁੱਝੇ ਸਿੱਖੀ ਬਣੀ ਬੁਝਾਰਤ।
ਐਸਾ ਤਲਖ ਮਹੌਲ ਬਣਾਤਾ, ਦੁਸ਼ਮਣ ਦਿੱਸਦੇ ਭਾਈ।
ਲੁਕ ਕੇ ਬੈਠੇ ਦੁਸ਼ਮਣ ਦੀ ਨਾ, ਸਮਝ ਕਿਸੇ ਨੂੰ ਆਈ ।
ਵਾਦ ਵਿਵਾਦ ਉਛਾਲਣ ਲੱਗੇ, ਬੋਲ ਬੋਲਦੇ ਮੰਦੇ।
ਗਾਲੋ ਗਾਲੀ ਹੋਣ ਰੋਜ਼ਾਨਾ, ਗੰਦ ਬਕਦੇ ਨੇ ਗੰਦੇ।
ਪੁੱਠੇ ਸਿੱਧੇ ਨਾਮ ਰੱਖ ਕੇ, ਨਿੱਤ ਕਲੇਸ਼ ਵਧਾਉਂਦੇ ।
ਫੇਸ ਬੁੱਕ ’ਤੇ ਖੌਰੂ ਪਾ ਕੇ, ਫੁੱਟ ਕੌਮ ਵਿੱਚ ਪਾਉਂਦੇ।
ਸਿੱਖਾਂ ਦੇ ਵਿੱਚ ਰਲ਼ ਕੇ ਦੁਸ਼ਟਾਂ, ਐਸੀ ਐਕਟਿੰਗ ਕੀਤੀ।
ਪਿੱਛਲੇ ਜ਼ਖਮ ਭੁਲਾ ਲਏ ਸਿੱਖਾਂ, ਅੱਧੀ ਸਦੀ ਨ੍ਹੀਂ ਬੀਤੀ।
ਸਾਂਝ ਭਿਆਲੀ ਪਾ ਕੇ ਲੜਦੇ ਹਾਕਮ ਦੇ ਬਲਬੂਤੇ।
ਪ੍ਰੇਮ ਪਿਆਰ ’ਤਫ਼ਾਕ ਮਿਟਾ ਕੇ, ਖਾ ਲਏ ਸਿੱਖ ਸਬੂਤੇ।
ਇੱਕ ਆਖਦੇ ਨਿੰਦਕ ਨਿੰਦਕ, ਦੂਜੇ ਕਹਿਣ ਬਚਿੱਤਰੀ।
ਗੁਰੂ ਪਿਆਰੀ ਸਾਧ ਸੰਗਤ, ਕਰਵਾਤੀ ਛਿੱਤਰੋ ਛਿੱਤਰੀ।
ਚੁੱਕ ਚੁੱਕਾ ਕੇ ਸਿੱਖ ਪੰਥ ਦੇ, ਸੇਵਕ ਜੱਥੇ ਹਿਲਾ ’ਤੇ।
ਕੀ ਟਕਸਾਲੀ ਕੀ ਮਿਸ਼ਨਰੀ ? ਦੋਵੇਂ ਈ ਖੂੰਜੇ ਲਾ ’ਤੇ।
ਦੋਂਹ ਪਾਸੇ ਕੁਰਬਾਨੀ ਵਾਲੇ, ਗੁਰਮੁਖ ਤੇ ਵਡਭਾਗੀ।
ਲਾ ਲਾ ਦੋਸ਼ ਫਜ਼ੂਲ ਟੋਡੀਆਂ, ਸਾਰੇ ਕਰਤੇ ਦਾਗ਼ੀ।
ਲਾ ਕੇ ਅੱਗ ਸਰਕਾਰੀ ਕੁੱਤੇ, ਬਹਿ ’ਗੇ ਕੰਧ ’ਤੇ ਜਾ ਕੇ।
ਮੂਰਖ ਸਿੱਖਾਂ ਸਿੱਖ ਈ ਕੁੱਟ ’ਤੇ, ਚੁੱਕਣਾ ਦੇ ਵਿੱਚ ਆ ਕੇ।
ਬੂਟਾਂ ਸਣੇ ਗੁਰੂ ਘਰ ਵੜਦੀ, ਵੇਖ ਪੁਲਸ ਦਾ ਮੰਜਰ।
ਗੁਰੂ ਦੁਆਰੇ ਗਾਹਲਾਂ ਚੱਲਣ, ਪੱਗਾਂ ਰੋਲਣ ਕੰਜਰ।
ਦੁਰ ਫਿੱਟੇ ਮੂੰਹ, ਉਨ੍ਹਾਂ ਦਾ ਵੀ, ਜੋ ਨਾ ਸੋਚ ਵਿਚਾਰਨ।
ਨਾ ਧਰਮ ਨੂੰ ਸਮਝਣ ਤੇ ਨਾ ਹੱਥ ਸ਼ਰਮ ਨੂੰ ਮਾਰਨ।
ਸਿੱਖ ਕੌਮ ਦਾ ਲਹੂ ਪੀਣ ਨੂੰ, ਆਣ ਚੰਬੜੀਆਂ ਜੋਕਾਂ।
ਜੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਣਾ, ਲੜ ਲੜ ਮਰਨਾਂ ਲੋਕਾਂ।
ਏਧਰ ਟੋਡੀ ਓਧਰ ਟੋਡੀ, ਦੋਹਾਂ ਫੜ੍ਹਿਆ ਆਰਾ।
ਅੱਧਾ ਅੱਧਾ ਵੰਡਿਆ ਚੱਲਿਆ ਥੱਲੇ ਸਿੱਖ ਵਿਚਾਰਾ।
ਦੋਵੇਂ ਪਾਸੇ ਸਿੱਖੀ ਬਾਣਾ, ਸੰਗਤ ਫਸੀ ਵਿਚਾਲੇ।
ਕਿਸ ਦੀ ਮੰਨੇ, ਕਿਸ ਨੂੰ ਛੱਡੇ, ਕਿਵੇਂ ਬਲਾਵਾਂ ਟਾਲੇ।
ਕਿੱਧਰ ਜਾਵੇ, ਹੋਂਦ ਬਚਾਵੇ, ਕਿਸ ਨੂੰ ਆਖੇ ਝੂਠਾ।
ਖੈਰ ਖ਼ੂਨ ਦੀ ਕਿਸ ਨੂੰ ਪਾਵੇ ? ਦੋਵਾਂ ਫੜ੍ਹਿਆ ਠੂਠਾ।
ਵਿਦਵਾਨਾਂ ਦੀ ਮਿਹਨਤ ਸਾਰੀ, ਮਿੱਟੀ ਵਿੱਚ ਮਿਲਾਈ।
ਅਨਪੜ੍ਹ ਲੋਕ ਸਿਆਣੇ ਹੋਗੇ, ਮੱਤਾਂ ਦੇਣ ਕਸਾਈ।
ਗੱਲ ਗੁਰੂ ਕਿੰਝ ਕਰਨ, ਪਰਚਾਰਕ ’ਕੱਲੇ ਕਹਿਰੇ ।
ਸਤਿਗੁਰ ਦੇ ਦਰਬਾਰ ਦੁਆਲੇ, ਔਰੰਗਜ਼ੇਬੀ ਪਹਿਰੇ ।
ਕੀ ਕੌਮ ਦੀ ਸੇਵਾ ਕਰਨੀ, ਨਾਮ ਗੁਰੂ ਦਾ ਲੈਣਾ।
ਜਣੇ ਖਣੇ ਦੀ ਲੱਤ ਥੱਲਿਓਂ, ਜੇ ਕਰ ਲੰਘਣਾ ਪੈਣਾ।
ਬਿਪਰ ਬੜਾ ਚਲਾਕ ਭਰਾਵੋ ! ਵਰਤ ਰਿਹਾ ਹਰ ਹਰਬਾ (ਚਾਲ)
ਤੁਸੀਂ ਜੰਮੇ ਓ ਕੱਲ੍ਹ ਤੇ ਉਹਦਾ, ਹਜ਼ਾਰਾਂ ਸਾਲ ਤਜ਼ਰਬਾ।
ਆਪੋ ਵਿੱਚ ਲੜਾ ਕੇ ਮਾਰੂ, ਆਪ ਨਹੀਂ ਉਹਨੇ ਆਉਣਾ।
ਪਾਣੀ ਵਿੱਚ ਮਧਾਣੀ ਸਿੰਘੋ ! ਕੀ ਕੱਢਣਾ ਕੀ ਪਾਉਣਾ ?
ਮੁੱਕਦੀ ਗੱਲ ‘ਰਟੌਲ’ ਮੁਕਾਓ, ਹਠ ਨਾ ਕਰੋ ਜ਼ਿਆਦਾ।
ਭਲਾ ਪੰਥ ਦਾ ਚਾਹੁੰਦੇ, ਮੰਨ ਲਓ ‘ਸਿੱਖ ਰਹਿਤ ਮਰਯਾਦਾ’।
ਪੇਪਰ ਮੈਥ ਦਾ
(ਕਾਵਿ-ਵਿਅੰਗ)
ਪੇਪਰ ਮੈਥ ਦਾ
ਰੌਲਾ ਪੈ ਗਿਆ ਵਟਸ ਦੇ ਐਪ ਉੱਪਰ,
ਗੱਲ ਗਈ ਅਖ਼ਬਾਰਾਂ ਦੇ ਤੀਕ ਮੀਆਂ।
ਪੇਪਰ ਮੈਥ ਦਾ ਮਿੱਥੀ ਮਿਆਦ ਨਾਲੋਂ,
ਪੈਕਟਾਂ ਵਿੱਚੋਂ ਹੈ ਹੋ ਗਿਆ ਲੀਕ ਮੀਆਂ।
ਕੰਮ ਹੈ ਨਹੀਂ ਨਿਰੋਲ ਬਿਗਾਨਿਆਂ ਦਾ,
ਹੋਣਗੇ ਆਪਣੇ ਵੀ ਕੁੱਝ ਸ਼ਰੀਕ ਮੀਆਂ।
ਬੋਰਡ ਕਰਦਾ ਸਖ਼ਤ ਪ੍ਰਬੰਧ ‘ਚੋਹਲਾ’,
ਕਰਨ ਵਾਲੇ ਕਰ ਦਿੰਦੇ ਨੇ ਵੀਕ ਮੀਆਂ।
-ਰਮੇਸ਼ ਬੱਗਾ ਚੋਹਲਾ (ਲੁਧਿਆਣਾ) -9463132719
ਕਰਨੀ ਤੇ ਕਥਨੀ
ਮਿੰਨੀ ਕਹਾਣੀ
ਕਰਨੀ ਤੇ ਕਥਨੀ
ਉਂਝ ਤਾਂ ਸਕੂਲ ਦੀ ਛੁੱਟੀ ਦਾ ਸਮਾਂ 3:20 ਦਾ ਸੀ ਪਰ ਸਕੂਲ ਵਿੱਚ ਕਰਵਾਏ ਗਏ ਨਸ਼ਾ ਵਿਰੋਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣ ਵਾਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦੇਰ ਆਉਣ ਕਾਰਨ ਸਮਾਗਮ ਲੇਟ ਹੋ ਗਿਆ ਸੀ। ਸਮਾਗਮ ਦੀ ਸਮਾਪਤੀ ਤੋਂ ਬਾਅਦ ਖਿਲਾਰੇ ਨੂੰ ਸਮੇਟਦਿਆਂ ਤਕਰੀਬਨ ਪੰਜ ਵੱਜ ਗਏ ਸਨ। ਲੇਡੀਜ਼ ਸਟਾਫ਼ ਅਤੇ ਦੂਰ ਦੇ ਅਧਿਆਪਕ ਜਾ ਚੱਕੇ ਸਨ। ਮੁੱਖ ਅਧਿਆਪਕ ਜੀਤ ਰਾਮ, ਕੁਲਵੰਤ ਸਿੰਘ ਡੀ. ਪੀ, ਦਰਸ਼ਨ ਸਿੰਘ ਡਰਾਇੰਗ ਮਾਸਟਰ ਅਤੇ ਹਰਪਾਲ ਸਿੰਘ ਪੀਆਨ ਟੈਂਟ ਵਾਲੇ ਦਾ ਹਿਸਾਬ ਕਰਨ ਲਈ ਸਕੂਲ ਦੇ ਦਫ਼ਤਰ ਵਿੱਚ ਹੀ ਬੈਠੇ ਸਨ। ਟੈਂਟ ਵਾਲੇ ਦੇ ਸਮਾਨ ਦਾ ਅਜੇ ਇੱਕ ਗੇੜਾ ਬਾਕੀ ਸੀ, ਜਿਹੜਾ ਉਸ ਨੇ ਸ਼ਹਿਰ ਤੋਂ ਲੈਣ ਆਉਣ ਸੀ। ਉਸ ਦੀ ਉਡੀਕ ਕਰਦੇ-ਕਰਦੇ ਛੇ ਵੱਜ ਚੁੱਕੇ ਸਨ। ਦਸੰਬਰ ਦਾ ਮਹੀਨਾ ਹੋਣ ਕਰ ਕੇ ਹਨ੍ਹੇਰੇ ਦੇ ਨਾਲ-ਨਾਲ ਠੰਢ ਵੀ ਆਪਣਾ ਜੋਰ ਦਿਖਾਉਣ ਲੱਗ ਪਈ ਸੀ। ਇਹ ਠੰਢ ਡੀ. ਪੀ ਮਾਸਟਰ ਕੁਲਵੰਤ ਸਿੰਘ ਅਤੇ ਡਰਾਇੰਗ ਮਾਸਟਰ ਦਰਸ਼ਨ ਸਿੰਘ ਨੂੰ ਵੀ ਮਹਿਸੂਸ ਹੋਣ ਲੱਗ ਪਈ ਸੀ ਕਿਉਂਕਿ ਨਸ਼ਾ ਵਿਰੋਧੀ ਸਮਾਗਮ ਵਿੱਚ ਹੋਈ ਭੱਜ-ਨੱਸ ਕਾਰਨ ਉਹ ਪਹਿਲਾਂ ਹੀ ਥਕਾਵਟ ਜਿਹੀ ਮੰਨ ਰਹੇ ਸਨ। ਦੋਵਾਂ ਮਾਸਟਰਾਂ ਨੇ ਥਕਾਵਟ ਤੇ ਠੰਢ ਦੂਰ ਕਰਨ ਲਈ ਵੱਡੇ ਮਾਸਟਰ ਜੀਤ ਰਾਮ ਨਾਲ ਰਮਜ਼ ਮਿਲਾਈ। ਰਮਜ਼ ਨੂੰ ਸਮਝ ਕੇ ਜੀਤ ਰਾਮ ਨੇ ਪੰਜ ਸੌ ਰੁਪਏ ਦਾ ਇੱਕ ਨਵਾਂ ਨੋਟ ਜੇਬ੍ਹ ਵਿੱਚੋਂ ਕੱਢਿਆ ਅਤੇ ਹਰਪਾਲ ਸਿੰਘ ਨੂੰ ‘ਸਿਗਨੇਚਰ’ ਦਾ ਇੱਕ ਅੱਧੀਆ ਲਿਆਉਣ ਦਾ ਪਿਆਰ ਭਰਿਆ ਹੁਕਮ ਜਾਰੀ ਕਰ ਦਿੱਤਾ।
ਅਸੀਂ ਕਦੇ ਨਾ ਸੋਚ-ਵਿਚਾਰ ਕੀਤੀ
ਅਸੀਂ ਕਦੇ ਨਾ ਸੋਚ-ਵਿਚਾਰ ਕੀਤੀ
ਭਾਵੇਂ ਪੰਜੇ ਉਗਲਾਂ ਨਾ ਇਕਸਾਰ ਹੋਵਣ,
ਫਿਰ ਵੀ ਬਹੁਤੇ ਨੇ ਪਖੰਡੀ ਸਾਧ ਓਏ ਲੋਕੋ !
ਪਹਿਨਣ-ਖਾਣ ਲਈ ਇਹਨਾਂ ਨੂੰ ਦੇਂਦੇ ਹੋ ਤੁਸੀਂ,
ਮੰਨਤ ਪੂਰੀ ਹੋਣ ਦਾ ਲੈ ਕੇ ਖ਼ੁਆਬ ਓਏ ਲੋਕੋ !
ਤੁਹਾਡੇ ਸਹਾਰੇ ’ਤੇ ਆਪ ਪਲ਼ਨ ਜਿਹੜੇ,
ਕਿਵੇਂ ਕਰਨਗੇ ਪੂਰੀ ਫ਼ਰਿਆਦ ਓਏ ਲੋਕੋ ?
ਤੁਸੀਂ ਕਦੇ ਨਾ ਇਹ ਸੋਚ-ਵਿਚਾਰ ਕੀਤੀ,
ਲਾਇਆ ਇਸ ਪਾਸੇ ਨਾ ਕੁਝ ਦਿਮਾਗ਼ ਓਏ ਲੋਕੋ !
ਇੱਜ਼ਤ ਰੋਲ਼ੀ ਜਦੋਂ ਕੌਮ ਦੀ ਹਮਲਾਵਰਾਂ ਨੇ,
ਇਹਨਾਂ ਕੀਹਦੀ ਰੱਖੀ ਦੱਸੋ ਲਾਜ਼ ਓਏ ਲੋਕੋ ?
‘ਮੇਜਰ’ ਹੁਣ ਤਾਂ ਅਕਲ ਤੋਂ ਕੰਮ ਲੈ ਲਓ,
ਵੇਖ ਕਿਵੇਂ ਖੁੱਲ੍ਹੀ ਜਾਂਦੇ ਇਹਨਾਂ ਦੇ ਪਾਜ ਓਏ ਲੋਕੋ !
ਮੇਜਰ ਸਿੰਘ ‘ਬੁਢਲਾਡਾ’ 94176-42327
ਸਭ ਤੇਰੀ ਕੁਦਰਤਿ
ਸਭ ਤੇਰੀ ਕੁਦਰਤਿ
ਵਾਹ ! ਸ਼ਹਿਦ ਕਿੰਨਾ ਮਿਠਾਸ ਭਰਿਆ ਹੈ !
ਮੱਖੀ ਗਾਵੇ, ਸਭ ਮੈਂ ਹੀ ਤਾਂ ਕਰਿਆ ਹੈ।
ਫੁੱਲ ਹੱਸਿਆ, ਸਾਰਾ ਮੇਰੇ ਵਿੱਚ ਹੀ ਭਰਿਆ ਹੈ।
ਬੂਟਾ ਕਹਿੰਦਾ, ਪਰ ਤੂੰ ਮੇਰੇ ’ਤੇ ਹੀ ਧਰਿਆ ਹੈ !
ਮਿੱਟੀ ਗਰਜੀ, ਚੁੱਪ ਕਰੋ; ਮੈਂ ਹੀ ਤੁਹਾਨੂੰ ਜਣਿਆ ਹੈ।
ਪਾਣੀ ਝੂਮੇ, ਮੇਰੇ ਬਗ਼ੈਰ ਕੁਝ ਵੀ ਨਹੀਂ ਹਰਿਆ ਹੈ।
ਸੂਰਜ ਚਮਕੇ, ਮੇਰੇ ਬਿਨਾਂ ਤਾਂ ਸਭ ਕੁਝ ਹੀ ਗਲ਼ਿਆ ਹੈ।
ਸ਼ਹਿਦਾ ! ਤੂੰ ਕਿਉਂ ਚੁੱਪ ਹੈਂ ? ਕੁਝ ਬੋਲ ਅੜਿਆ !
ਕਰੇ ਕੌਣ ਯਕੀਨ ‘ਪ੍ਰੀਤ’ ਮੈਨੂੰ ਕਿਸੇ ਹੋਰ ਹੈ ਘੜਿਆ।
—————————————————————–
ਸਭ ਵਿੱਚ ਵਰਤੇ ਤੇਰੀ ਹੀ ਕੁਦਰਤ,
ਕਰਤੇ ਹੈ ਇੱਕ ਖੇਲ ਰਚਾਇਆ।
ਸਿੱਧ, ਸਾਧਿਕ, ਜੋਗੀ ਭਿੱੜ ਥੱਕੇ,
ਤਿਲ ਭਰ ਵੀ ਅੰਤ ਨਾ ਪਾਇਆ।
ਕੁਦਰਤ ਰਾਹੀਂ, ਕਾਦਰ ਨੂੰ;
ਜੀ ਸਦਕੇ ਜਾਣੋ !
ਕੁਦਰਤ ਹੀ ਰੱਬ ਨਹੀਂ ਹੈ, ਸਾਧ ਜੀ !
ਗੁਰਬਾਣੀ ਦੇ ਤੁਸੀਂ ਬੋਲ ਪਛਾਣੋ।
-ਗੁਰਪ੍ਰੀਤ ਸਿੰਘ (USA)












