ਨਾਨਕ ਤੇਰੇ ਦੇਸ਼ ਅੰਦਰ..

0
377

ਨਾਨਕ ਤੇਰੇ ਦੇਸ਼ ਅੰਦਰ..

 ਜਸਵੰਤ ਸਿੰਘ ਲਖਣਪੁਰੀ, ਪਿੰਡ ਲਖਣਪੁਰ (ਖਮਾਣੋਂ) ਫਤਿਹਗੜ ਸਾਹਿਬ- ੮੮੭੨੪-੮੮੭੬੯

ਬੜੇ ਇਨਸਾਨ ਮਿਲਦੇ ਨੇ, ਬੰਦੇ ਬੇਈਮਾਨ ਮਿਲਦੇ ਨੇ।

ਛੱਡ ਕੇ ਯਾਰੀਆਂ ਸੱਚੀਆਂ, ਜਿਸਮ ’ਤੇ ਧਿਆਨ ਮਿਲਦੇ ਨੇ।

ਬੜੇ ਭਗਵਾਨ ਮਿਲਦੇ ਨੇ, ਕਰੇ ਅਹਿਸਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਗੱਲਾਂ ਗੀਤਾਂ ਵਿੱਚ ਬੜਕ ਦੀਆਂ, ਜਾਂ ਵੈਰੀ ਨਾਲ ਰੜਕ ਦੀਆਂ।

ਨਸ਼ੇ ’ਤੇ ਗੱਭਰੂ ਨੂੰ ਲਾਉਂਦੇ, ਗਾਇਕ ਸ਼ੈਤਾਨ ਮਿਲਦੇ ਨੇ।

ਭੁੱਖਾ ਮਰ ਰਿਹਾ ਹੈ ਕੋਈ, ਧੁੱਪੇ ਸੜ ਰਿਹਾ ਹੈ ਕੋਈ।

ਰੋਟੀ ਮਿਲੂ ਦੋ ਰੁਪਈਏ ਨੂੰ, ਕੈਸੇ ਫ਼ੁਰਮਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਮਜਬੂਰੀ ਜਿਸਮ ਓਹ ਵੇਚੇ, ਜੋ ਦਿਨ ਮਜਬੂਰੀ ਦੇ ਵੇਖੇ।

ਉਹਦਾ ਕੋਈ ਤਨ ਨਹੀਂ ਢੱਕਦਾ, ਰੱਬ ਨੂੰ ਥਾਨ ਮਿਲਦੇ ਨੇ।

ਕਹਿਣਾ ਫੇਰ ਵੰਡੀਆਂ ਪਾਉਂਦੇ, ਵੱਖੋ ਵੱਖ ਝੰਡੀਆਂ ਚਾਹੁੰਦੇ।

ਕਿਉਂ ਇਨਸਾਫ਼ ਨਹੀਂ ਮਿਲਦਾ, ਗੀਤਾ, ਕੁਰਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਸੱਚ ਹੁਣ ਮਹਿੰਗੇ ਮੁੱਲ ਦਾ ਹੈ, ਝੂਠ ਦੇ ਪੈਰੀਂ ਰੁਲਦਾ ਹੈ।

ਨਿਰਮਲ ਜਿਹੇ ਸਾਧ ਪਾਖੰਡੀ ਤੋਂ, ਛੇਤੀ ਸਮਾਧਾਨ ਮਿਲਦੇ ਨੇ।

ਤਰੱਕੀ ਵੀ ਲੁੱਟਣ ’ਤੇ ਹੋ ਗਈ, ਗਲਾ ਕਿਉਂ ਘੁੱਟਣ ’ਤੇ ਹੋ ਗਈ।

ਜੋ ਧੀ ਕੁੱਖ ਵਿੱਚ ਹੈ ਦੱਸਦਾ, ਡਾਕਟਰ ਭਗਵਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਪੈਸੇ ਲਈ ਰਿਸ਼ਤੇ ਨੇ ਟੁੱਟਦੇ, ਪਿਉ ਨੂੰ ਪੁੱਤ ਪਏ ਲੁਟਦੇ।

ਲਾਣੇ ਵੀ ਖੁਰਦ ਬੁਰਦ ਹੋਏ, ਲੈ ਫੋਕੀ ਸ਼ਾਨ ਮਿਲਦੇ ਨੇ।

ਇਹ ਦੁੱਖੜੇ ਕੋਲ ਸਭ ਦੇ ਨੇ ਜਾਂ ਭਾਣੇ ਸੱਚੇ ਰੱਬ ਦੇ ਨੇ।

‘ਲਖਣਪੁਰੀ’ ਭੱਜ ਲਾ ਉਏ ਪੁੱਤਰ, ਸੱਚੇ ਤੇਰੇ ਗਾਣ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਰੋਵਣ ਕਿਉਂ ਘੱਟ ਗਿਣਤੀ ਵਾਲੇ, ਕਿਉਂ ਲਗਦੇ ਸਾਰੇ ਹੀ ਕਾਲੇ।

ਬਹੁ ਗਿਣਤੀ ਦੁਸ਼ਮਣ ਕਿਉਂ ਬਣਗੀ, ਸਿੰਘ ਤੇ ਖ਼ਾਨ ਮਿਲਦੇ ਨੇ।

ਜਿਨ੍ਹਾਂ ਕੋਲ ਸੱਚ ਹੈ ਨਹੀਂ ਭੋਰਾ, ਰੱਖਦੇ ਨੇ ਧਰਮਾਂ ਲਈ ਖੋਰਾ।

ਸਿੱਖ ਹੋ ਕੇ ਵੀ ਸਿੱਖ ਨਹੀਂ, ਐਸੇ ਪਰਧਾਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।

ਨਸ਼ਾ ਹੱਦ ਪਾਰ ਤੋ ਆਉਂਦਾ, ਹਰ ਕੋਈ ਹੋਕਾ ਹੈ ਲਾਉਂਦਾ।

ਪੁੱਛੋ ਉਨ੍ਹਾਂ ਉਜੜੇ ਘਰ ਜਾ ਕੇ, ਮਰੇ ਹੋਏ ਜੁਆਨ ਮਿਲਦੇ ਨੇ।

ਨਾਨਕ ਤੇਰੇ ਦੇਸ਼ ਅੰਦਰ, ਵੱਖਰੇ ਸ਼ਮਸ਼ਾਨ ਮਿਲਦੇ ਨੇ।