ਗੁਰਬਾਣੀ ’ਚ ਵਿਅੰਜਨ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਉਚਾਰਨ (ਭਾਗ ੧੨)

0
1867

ਗੁਰਬਾਣੀ ’ਚ ਵਿਅੰਜਨ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਉਚਾਰਨ (ਭਾਗ ੧੨)

ਕਿਰਪਾਲ ਸਿੰਘ (ਬਠਿੰਡਾ)-੯੮੫੫੪-੮੦੭੯੭

ਪਿਛਲੇ ਭਾਗਾਂ ਵਿੱਚ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ, ਪੜਨਾਂਵ, ਕ੍ਰਿਆ ਸ਼ਬਦਾਂ ਦੇ ਅੱਖਰਾਂ ਦੇ ਪੈਰ ਵਿੱਚ ਲੱਗੇ ਅੱਧਾ ਹ  ੍ਹ , ਹਲੰਤ ਚਿੰਨ੍ਹ  ੍ ,  ਅਤੇ ਅੱਧਾ ਯ  ੍ਹ ਦੇ ਉਚਾਰਨ ਦੀ ਵੀਚਾਰ ਕਰ ਆਏ ਹਾਂ ਇਸ ਭਾਗ ਵਿੱਚ ਅੱਧਾ ‘ਚ     , ਟ      , ਤ      ,  ਨ ,   ਰ    ੍ਰ  ,  ਵ   ੍ਵ  , ’  ਦੀ ਵਰਤੋਂ ਸਬੰਧੀ ਵੀਚਾਰ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਪੈਰ ਵਿੱਚ ਅੱਧਾ ਹ   ੍ਹ  ਅਤੇ ਹਲੰਤ ਚਿੰਨ੍ਹ   ੍  ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਸ਼ਬਦਾਂ ਨਾਲ ਵੀ ਉਚਾਰ ਲਏ ਜਾਂਦੇ ਹਨ, ਜਿਨ੍ਹਾਂ ਦੇ ਪੈਰ ਵਿੱਚ ਇਹ ਚਿੰਨ੍ਹ ਲੱਗੇ ਹੋਏ ਨਹੀਂ ਹੁੰਦੇ ਪਰ ਇਨ੍ਹਾਂ ਦੋ ਚਿਨ੍ਹਾਂ ਤੋਂ ਇਲਾਵਾ ਬਾਕੀ ਦੇ ਅੱਧੇ ਅੱਖਰਾਂ ਦਾ ਉਚਾਰਨ ਸਿਰਫ਼ ਉੱਥੇ ਹੀ ਕੀਤਾ ਜਾਂਦਾ ਹੈ, ਜਿੱਥੇ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੋਵੇ ਅਤੇ ਜਿੱਥੇ ਨਾ ਲੱਗੇ ਹੋਣ ਉੱਥੇ ਆਪਣੇ ਕੋਲੋਂ ਨਹੀਂ ਲਗਾਏ ਜਾ ਸਕਦੇ। ਅੱਖਰਾਂ ਦੇ ਪੈਰ ਵਿੱਚ ਲਿਖੇ ਅੱਧੇ ਅੱਖਰਾਂ ਵਾਲੇ ਸ਼ਬਦਾਂ ਨੂੰ ਲੱਗੀਆਂ ਲਗਾਂ ਮਾਤਰਾਂ ਲਈ ਪੰਜਾਬੀ ਵਿਆਕਰਨ ਦਾ ਖ਼ਾਸ ਨਿਯਮ ਇਹ ਹੈ ਕਿ ਜਿਸ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਲੱਗਿਆ ਹੋਵੇ ਤੇ ਉਸੇ ਅੱਖਰ ਨੂੰ ਜੇ ਕੋਈ ਲਗ ਵੀ ਲੱਗੀ ਹੋਵੇ ਤਾਂ ਉਚਾਰਨ ਕਰਦੇ ਸਮੇਂ ਲਗ ਧੁਨੀ ਮੂਲ ਅੱਖਰ ਨਾਲ ਨਹੀਂ ਬਲਕਿ ਪੈਰ ਵਿੱਚ ਲੱਗੇ ਅੱਧੇ ਅੱਖਰ ਨੂੰ ਲੱਗੀ ਸਮਝ ਕੇ ਉਸ ਦਾ ਉਚਾਰਨ ਕਰਨਾ ਹੁੰਦਾ ਹੈ। ਅੱਧੇ ਅੱਖਰਾਂ ਦਾ ਉਚਾਰਨ ਸਮਝਣ ਲਈ ਉਨ੍ਹਾਂ ਤੁਕਾਂ ਜਾਂ ਪਦਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦੀ ਲਿਖਤ ਵਿੱਚ ਇੱਕ ਤੋਂ ਵੱਧ ਵੱਖ-ਵੱਖ ਸ਼ਬਦਾਂ ਦੇ ਪੈਰਾਂ ਵਿੱਚ ਵੱਖ-ਵੱਖ ਅੱਧੇ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਪਿਛਲੇ ਲੇਖਾਂ ਦੀ ਤਰ੍ਹਾਂ ਸਬ ਸਿਰਲੇਖ ਦੇਣ ਦੀ ਬਜਾਏ ਹਰ ਸ਼ਬਦ ਦਾ ਉਚਾਰਨ ਉਸ ਦੇ ਬਿਲਕੁਲ ਨਾਲ ਹੀ ਬਰੈਕਟ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਪੂਰੇ ਅਰਥ ਸਬੰਧਿਤ ਤੁਕਾਂ ਦੀ ਸਮਾਪਤੀ ਤੋਂ ਬਾਅਦ ਦਿੱਤੇ ਗਏ ਹਨ ਤਾਂ ਜੋ ਪਾਠਕਾਂ ਦੇ ਸਮਝਣ ਵਿੱਚ ਸਰਲਤਾ ਬਣੀ ਰਹੇ।

੧.  ‘ਪੜਿ੍’  (ਪੜ੍ਹ) ‘ਪੁਸਕ’ (ਪੁਸਤਕ) ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠੁ ਬਿਭੂਖਨ ਸਾਰੰ ॥ ‘ਤ੍ਰੈਪਾਲ’ (ਤਰੈ+ਪਾਲ) ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕ ਲਿਲਾਟੰ ॥ ਦੁਇ ਧੋਤੀ ‘ਬਸਤ੍ਰ’ (ਬਸਤਰ) ਕਪਾਟੰ ॥ ਜੋ ਜਾਨਸਿ ‘ਬ੍ਰਹਮੰ’ (ਬਰੱਹਮੰ) ਕਰਮੰ ॥ ਸਭ ਫੋਕਟ ਨਿਸਚੈ ਕਰਮੰ ॥ ਕਹੁ ਨਾਨਕ ਨਿਸਚੌ ‘ਧ੍ਹਿਾਵੈ’ (ਧਿਆਵੈ)॥ ਬਿਨੁ ਸਤਿਗੁਰ ਬਾਟ ਨ ਪਾਵੈ ॥ (ਸਲੋਕ ਸਹਸਕ੍ਰਿਤੀ ਮ: ੧/੧੩੫੩)

ਅਰਥ:  ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ ਧਰਮ) ਚਰਚਾ ਵੀ ਕਰਦਾ ਹੈ, ਮੂਰਤੀ ਪੂਜਦਾ ਬਗਲੇ ਵਾਂਗ ਸਮਾਧੀ ਲਾਂਦਾ ਹੈ, ਮੁੱਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਸੁੰਦਰ ਗਹਣਿਆਂ ਦੇ ਪ੍ਰਭਾਵ ਵਾਂਗ ਸੋਹਣਾ ਕਰ-ਕਰ ਕੇ ਪੇਸ਼ ਕਰਦਾ ਹੈ, (ਰੋਜ਼ਾਨਾ) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਪੜ੍ਹਦਾ, ਵਿਚਾਰਦਾ ਹੈ, ਗਲ ’ਚ ਮਾਲਾ ਪਾ ਕੇ ਰੱਖਦਾ ਹੈ, ਮੱਥੇ ਉੱਤੇ ਤਿਲਕ ਲਾਂਦਾ ਹੈ, ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇੱਕ ਬਸਤਰ (ਕੱਪੜਾ) ਧਰ ਲੈਂਦਾ ਹੈ, ਪਰ ਜੋ ਮਨੁੱਖ (ਕਾਲਪਨਿਕ ਦੇਵਤਿਆਂ ਦੀ ਬਜਾਇ) ਸੱਚੇ ਰੱਬ ਦੀ ਭਗਤੀ ਵਾਲ਼ਾ ਕੰਮ ਕਰਨਾ ਜਾਣਦਾ ਹੋਵੇ ਉਹ ਨਿਸ਼ਚਾ ਕਰ ਕੇ ਜਾਣ ਲਵੇ ਕਿ ਇਹ ਸਾਰੇ ਵਿਖਾਵੇ ਮਾਤਰ ਧਾਰਮਿਕ ਕਰਮ ਹੀ ਹਨ (ਮਾਨਸਿਕ ਤਬਦੀਲੀ ਨਹੀਂ ਆਉਂਦੀ) ਨਾਨਕ ਆਖਦਾ ਹੈ ਕਿ (ਮਨੁੱਖ ਨੂੰ) ਸ਼ਰਧਾ ਧਾਰ ਕੇ ਸੱਚਾ ਰੱਬ ਸਿਮਰਨਾ ਚਾਹੀਦਾ ਹੈ (ਇਹੋ ਤਰੀਕਾ ਮਨੁੱਖ ਜੂਨੀ ਲਈ ਲਾਭਦਾਇਕ ਹੈ, ਪਰ ਇਹ ਵੀ ਸੱਚ ਹੈ ਕਿ) ਇਹ ਰਸਤਾ ਸਤਿਗੁਰੂ ਤੋਂ ਬਿਨਾਂ ਨਹੀਂ ਵਿਖਾਈ ਦਿੰਦਾ।

੨.  ਏਕ ‘ਕ੍ਰਿਸ੍ਨੰ’ (ਕਰਿਸ਼ਨੰ) ਤ ਸਰਬ ਦੇਵਾ, ਦੇਵ ਦੇਵਾ ਤ ਆਤਮਹ ॥ ਆਤਮੰ ਸ੍ਰੀ ‘ਬਾਸ੍ਵਦੇਵਸ੍ਹ’ (ਬਾਸੁਅਦੇਵਸਿਅ), ਜੇ ਕੋਈ ਜਾਨਸਿ ਭੇਵ ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥ (ਮ: ੧/ ੧੩੫੩)

ਅਰਥ:  ਇਕ ਰੱਬ ਹੀ ਮੰਨੇ ਜਾਂਦੇ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ (ਭਾਵ ਦੇਵਤਿਆਂ ’ਚੋਂ ਸ੍ਰੇਸ਼ਟ ਦੇਵਤਿਆਂ ਬ੍ਰਹਮਾ, ਵਿਸ਼ਨੂੰ, ਮਹੇਸ਼) ਦਾ ਭੀ ਆਤਮਾ ਹੈ। ਜੋ ਮਨੁੱਖ ਅਜਿਹੇ ਪ੍ਰਭੂ ਦੇ ਆਤਮਾ (ਸਰਵ ਵਿਆਪਕਤਾ ਰੂਪ ਸ਼ਕਤੀ) ਦਾ ਭੇਤ ਜਾਣ ਲੈਂਦਾ ਹੈ, ਨਾਨਕ ਉਸ ਦਾ ਦਾਸ ਹੈ, ਮਾਨੋ ਉਹ ਪਰਮਾਤਮਾ ਦਾ ਰੂਪ ਹੀ ਹੈ।

੩.  ‘ਮਿਥ੍ਹਿੰਤ’ (ਮਿਥਿਅੰਤ) ਦੇਹੰ ਖੀਣੰਤ ਬਲਨੰ ॥ ਬਰਧੰਤਿ ਜਰੂਆ ‘ਹਿਤ੍ਹਿੰਤ’ (ਹਿਤਿਅੰਤ) ਮਾਇਆ ॥ ‘ਅਤ੍ਹਿੰਤ’ (ਅਤਿਅੰਤ) ਆਸਾ ‘ਆਥਿਤ੍ਹ’ (ਆਥਿਤਿਅ) ਭਵਨੰ ॥ ਗਨੰਤ ‘ਸ੍ਵਾਸਾ’ (ਸੁਆਸਾ) ਭੈਯਾਨ ਧਰਮੰ ॥ ਪਤੰਤਿ ਮੋਹ ਕੂਪ ‘ਦੁਰਲਭ੍ਹ (ਦੁਰਲਭਿਅ) ਦੇਹੰ ਤਤ ‘ਆਸ੍ਰਯੰ’ (ਆਸਰਿਅੰ) ਨਾਨਕ ॥ ਗੋਬਿੰਦ ਗੋਬਿੰਦ, ਗੋਬਿੰਦ ਗੋਪਾਲ ‘ਕ੍ਰਿਪਾ’ (ਕਰਿਪਾ)॥ (ਮ: ੫/ ੧੩੫੪)

ਅਰਥ: ਸਰੀਰ ਨਾਸਵੰਤ ਹੈ (ਜਿਸ ਕਾਰਨ ਸਰੀਰਕ) ਬਲ ਘਟਦਾ ਰਹਿੰਦਾ ਹੈ (ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦੀ ਪਕੜ (ਤਮੰਨਾ ਵੀ ਵਧਦੀ ਰਹਿੰਦੀ ਹੈ ਭਾਵ ਪਦਾਰਥਿਕ) ਇੱਛਾ ਤੀਬਰ ਹੁੰਦੀ ਜਾਂਦੀ ਹੈ (ਭਾਵੇਂ ਕਿ ਮਨੁੱਖ ਇੱਥੇ) ਘਰ ਦੇ ਪਰਾਹੁਣੇ (ਵਾਂਗ ਥੋੜ੍ਹੇ ਚਿਰ ਲਈ ਹੀ) ਹੈ। ਵਿਕਰਾਲ ਧਰਮ ਰਾਜ (ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ (ਦੂਜੇ ਪਾਸੇ) ਅਮੋਲਕ ਮਨੁੱਖਾ ਜਨਮ ਮੋਹ ਦੇ ਖੂਹ ’ਚ ਡਿੱਗਾ (ਬਾਹਰ ਨਹੀਂ ਵੇਖਦਾ) ਹੈ ।  ਹੇ ਨਾਨਕ ! (ਅਜਿਹੀ ਤਰਸਯੋਗ ਹਾਲਤ ’ਚੋਂ) ਇੱਕ ਗੋਬਿੰਦ ਗੋਪਾਲ ਦੀ ਮਿਹਰ ਹੀ ਸਹਾਰਾ ਹੋ ਸਕਦੀ ਹੈ (ਇਸ ਲਈ) ਉਸ ਦਾ ਆਸਰਾ ਲੈ।

੪.  ਗੁਸਾਂਈ ‘ਗਰਿਸ’ (ਗਰਿਸਟ) ਰੂਪੇਣ ; ਸਿਮਰਣੰ, ਸਰਬਤ੍ਰ (ਸਰਬੱਤਰ) ਜੀਵਣਹ ॥  ‘ਲਬਧ੍ਹੰ’  (ਲਬਧਿਅੰ) ਸੰਤ ਸੰਗੇਣ, ਨਾਨਕ  ! ‘ਸ੍ਵਛ’ (ਸਵੱਛ= ਸੁਅੱਛ) ਮਾਰਗ ਹਰਿ ਭਗਤਣਹ ॥ (ਮ: ੫/੧੩੫੯)

ਅਰਥ: ਹੇ ਨਾਨਕ !  ਜਗਤ ਦਾ ਮਾਲਕ ਸਭ ਤੋਂ ਵੱਡੀ ਹਸਤੀ ਹੈ, ਉਸ ਦਾ ਸਿਮਰਨ ਸਭ ਜੀਵਾਂ ਦਾ ਜੀਵਨ (ਆਸਰਾ) ਹੈ।  ਰੱਬੀ ਭਗਤੀ ਹੀ (ਇਨਸਾਨੀ ਜੀਵਨ ਸਫ਼ਰ ਲਈ) ਉੱਜਲ ਪ੍ਰਕਾਸ਼ਮਈ ਰਸਤਾ ਹੈ (ਪਰ ਅਜਿਹਾ ਰਸਤਾ ਵੇਖ ਚੁੱਕੀ) ਸਾਧ ਸੰਗਤ ਰਾਹੀਂ ਲੱਭਦਾ ਹੈ।

੫.  ਨ ਸੰਖੰ, ਨ ‘ਚਕ੍ਰੰ’ (ਚੱਕਰੰ), ਨ ਗਦਾ, ਨ ਸਿਆਮੰ ॥  ‘ਅਸਰਜ’ (ਅਸਚਰਜ) ਰੂਪੰ, ਰਹੰਤ ਜਨਮੰ ॥ ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ਬਸੰਤਿ ਸਾਧ ਰਿਦਯੰ (ਰਿਦਿਅੰ) ਅਚੁਤ ; ਬੁਝੰਤਿ, ਨਾਨਕ  ! ਬਡਭਾਗੀਅਹ ॥ (ਮ: ੫/ ੧੩੫੯)।

ਅਰਥ:  ਹੇ ਨਾਨਕ  ! ਗੋਬਿੰਦ ਬੇਅੰਤ ਹੈ (ਮਾਯਾ ਦੀ ਪਕੜ ਤੋਂ) ਉੱਚਾ ਹੈ, ਵਿਸ਼ਾਲ ਹੈ, ਬੇਦਾ (ਗਿਆਨਵਾਨ) ਆਖਦੇ ਹਨ ਕਿ ਉਸ ਵਰਗਾ ਹੋਰ ਕੋਈ ਨਹੀਂ, ਉਹ ਅਜਨਮਾ ਹੈ, ਉਸ ਦਾ ਰੂਪ ਅਸਚਰਜ ਹੈ, ਉਸ ਦੇ ਹੱਥ ’ਚ (ਦੇਵਤਿਆਂ ਵਾਙ) ਨਾ ਸੰਖ ਹੈ, ਨਾ ਚੱਕ੍ਰ ਹੈ, ਨਾ ਗਦਾ ਹੈ, ਨਾ ਹੀ ਉਹ ਕਾਲੇ ਰੰਗ ਵਾਲਾ (ਕ੍ਰਿਸ਼ਨ) ਹੈ ਭਾਵੇਂ ਉਹ ਅਵਿਨਾਸ਼ੀ ਪ੍ਰਭੂ ਗੁਰਮੁਖਾਂ ਦੇ ਹਿਰਦੇ ’ਚ ਵੱਸਦਾ ਹੈ (ਪਰ ਇਹ ਗੱਲ) ਵੱਡੇ ਭਾਗਾਂ ਵਾਲੇ ਹੀ ਸਮਝਦੇ ਹਨ।

ਵਿਚਾਰ ਅਧੀਨ ਉੱਪਰ ਦਿੱਤੀਆਂ ਗਈਆਂ ਪੰਕਤੀਆਂ ’ਚ ਦਰਜ ਉਹ ਸ਼ਬਦ, ਜਿਨ੍ਹਾਂ ਦੇ ਕਿਸੇ ਇੱਕ ਅੱਖਰ ਦੇ ਪੈਰ ’ਚ ਅੱਧਾ ਵਿਅੰਜਨ ਅੱਖਰ ਹੈ, ਦੇ ਉਚਾਰਨ ਨਿਯਮ ਦੀ ਸੰਖੇਪ ’ਚ ਸਬੰਧਿਤ ਤੁਕ ’ਚ ਨਾਲ਼ ਹੀ ਉਚਾਰਨ ਸੇਧ ਦੇ ਕੇ ਵਿਚਾਰਿਆ ਗਿਆ ਹੈ ਪਰ ਤੁਕ ਨੰ: ੨, ੩ ਤੇ ੪  ਖ਼ਾਸ ਧਿਆਨ ਮੰਗਦੀ ਹੈ ਕਿਉਂਕਿ ਪੈਰ ਵਿੱਚ ਵਰਤੇ ਗਏ ਅੱਧੇ ਵ   ੍ਵ   ਦੀ ਧੁਨੀ ਜਿੱਥੇ ਪੂਰਾ ‘ਵ’ ਹੈ, ਓਥੇ ‘ਉ+ਅ’ ਵੀ ਹੈ ਭਾਵ ਜਿਸ ਅੱਖਰ ਦੇ ਪੈਰ ਵਿੱਚ ਅੱਧਾ   ੍ਵ  ਹੋਵੇ ਉਸ ਦੇ ਹੇਠ ਔਂਕੜ ਅਤੇ ਉਸ ਦੇ ਪਿਛੇਤਰ ‘ਅ’ ਦੀ ਆਵਾਜ਼ ਵੀ ਮਿਲਦੀ ਹੈ; ਜਿਵੇ ਕਿ ‘ਬਾਸ੍ਵਦੇਵਸ੍ਹ’ =ਬਾਸੁਅਦੇਵਸਿਅ,  ‘ਸ੍ਵਾਸਾ’ = ਸੁਆਸਾ ਤੇ ‘ਸ੍ਵਛ’= ਸਵੱਛ ਜਾਂ ਸੁਅੱਛ। ਅੱਧੇ ਵ  ੍ਵ ਦੀ ਇਹ (ਉ+ਅ/ਵ) ਉਚਾਰਨ ਧੁਨੀ ਮਿਲਣ ਦੀ ਪੁਸ਼ਟੀ ਗੁਰਬਾਣੀ ਵਿੱਚੋਂ ਵੀ ਮਿਲਦੀ ਹੈ; ਜਿਵੇਂ ਕਿ

ਜਿਨਿ ਦੀਏ; ਤਿਸਹਿ ਨ ਜਾਨਹਿ ‘ਸੁਆਨ’ (ਸ੍ਵਾਨ)॥  (ਮ: ੫/੧੯੫) ਅਰਥ : ਜਿਸ ਪਰਮਾਤਮਾ ਨੇ (ਮਨੁੱਖ ਨੂੰ ਪਦਾਰਥ) ਦਿੱਤੇ ਕੁੱਤੇ (ਲੋਭੀ ਸੁਭਾਅ ਮਨੁੱਖ) ਉਸ ਨੂੰ ਵੀ ਨਹੀਂ ਜਾਣਦੇ ।

ਉਦਿਆਨ ਬਸਨੰ ਸੰਸਾਰੰ ਸਨਬੰਧੀ; ‘ਸ੍ਵਾਨ’ (ਸੁਆਨ) ਸਿਆਲ ਖਰਹ ॥  (ਮ: ੫/੧੩੫੯)  ਅਰਥ :  ਜੀਵ ਦਾ ਵਾਸਾ ਇੱਕ ਐਸੇ ਸੰਸਾਰ-ਜੰਗਲ ’ਚ ਹੈ ਜਿੱਥੇ ਕੁੱਤੇ, ਗਿੱਦੜ, ਖੋਤੇ (ਸੁਭਾਅ ਕਾਮਾਦਿਕ) ਇਸ ਦੇ ਸੰਬੰਧੀ ਹਨ।

ਨਿਹਤੇ ਪੰਜਿ ‘ਜੁਆਨ’ (ਜ੍ਵਾਨ) ਮੈ; ਗੁਰ ਥਾਪੀ ਦਿਤੀ ਕੰਡਿ ਜੀਉ ॥ (ਮ: ੫/੭੪) ਅਰਥ : ਮੇਰੇ ਕੰਧੇ (ਮੋਢੇ) ’ਤੇ ਗੁਰੂ ਨੇ ਥਾਪੀ ਦਿੱਤੀ ਅਤੇ ਮੈਂ ਪੰਜੇ (ਕਾਮਾਦਿਕ) ਬਲਵਾਨ ਵੀ ਕਾਬੂ ਕਰ ਲਏ ।

ਨੋਟ: ਹੇਠਲੀਆਂ ਤੁਕਾਂ ’ਚ ‘ਪਵਣੁ’ ਅਤੇ ‘ਪਉਣੁ’ ’ਚ ਦਰਜ ‘ਵ’ ਧੁਨੀ ਵੀ ‘ਉ’ ਧੁਨੀ ’ਚ ਬਦਲ ਜਾਂਦੀ ਹੈ, ਇਸੇ ਤਰ੍ਹਾਂ ਗੁਰਬਾਣੀ ’ਚ ਕਈ ਵਾਰ ‘ਪਉੜੀ’ ਅਤੇ ਕਈ ਵਾਰ ‘ਪਵੜੀ’ ਵੀ ਦਰਜ ਹੋ ਜਾਂਦਾ ਹੈ।

ਗਾਵਨਿ ਤੁਧ ਨੋ, ‘ਪਵਣੁ’ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ (ਸੋ ਦਰੁ, ਆਸਾ/ਮ: ੧/੮)

ਗਾਵਨਿ੍ ਤੁਧ ਨੋ, ‘ਪਉਣੁ’ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥ (ਆਸਾ, ਸੋ ਦਰੁ /ਮ: ੩੪੭)

ਸੋ, ਉਕਤ ਦੋਵੇਂ ਪੰਕਤੀਆਂ ’ਚ ‘ਪਵਣੁ/ਪਉਣੁ’ ਦਾ ਅਰਥ ਇੱਕ ਹੈ, ਪਰ ਉਚਾਰਨ ਧੁਨੀ ’ਚ ਥੋੜ੍ਹੀ ਬਹੁਤ ਭਿੰਨਤਾ ਹੈ, ਇਸ ਲਈ ਉਚਾਰਨ ਸਮੇਂ ਇਨ੍ਹਾਂ ਦੀ ਧੁਨੀ ਨੂੰ ਸਮਾਨੰਤਰ ਨਹੀਂ ਕਰ ਸਕਦੇ ਭਾਵੇਂ ਕਿ ਇਨ੍ਹਾਂ ਤੁਕਾਂ ’ਚ ਹੀ ਦਰਜ ‘ਗਾਵਨਿ/ਗਾਵਨਿ੍’ ਨੂੰ ਇੱਕ ਤੋਂ ਸੇਧ ਲੈ ਕੇ ਦੂਸਰੇ ਥਾਂ ‘ਗਾਵਨਿ੍’ ਪੜ੍ਹਨਾ ਦਰੁਸਤ ਹੈ।

– ਚਲਦਾ —