ਗੁਰਬਾਣੀ ’ਚ ਕਿਰਿਆ ਸ਼ਬਦਾਂ ਦਾ ਭਿੰਨ-ਭਿੰਨ ਸਰੂਪ (ਭਾਗ ੧੩)

0
564

ਗੁਰਬਾਣੀ ’ਚ ਕਿਰਿਆ ਸ਼ਬਦਾਂ ਦਾ ਭਿੰਨ-ਭਿੰਨ ਸਰੂਪ (ਭਾਗ ੧੩)

ਕਿਰਪਾਲ ਸਿੰਘ ਬਠਿੰਡਾ। ਸੰਪਰਕ ੯੮੫੫੪-੮੦੭੯੭

ਹੁਣ ਤੱਕ ਪਿਛਲੇ ਭਾਗਾਂ ਵਿੱਚ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਜ਼ਿਆਦਾਤਰ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਦੇ ਅੱਖਰਾਂ ਦੇ ਉਚਾਰਨ ਦੀ ਵੀਚਾਰ ਕਰ ਆਏ ਹਾਂ ਇਸ ਭਾਗ ਵਿੱਚ ਕਿਰਿਆਵਾਚੀ ਸ਼ਬਦਾਂ ਦੇ ਉਚਾਰਨ ਸਬੰਧੀ ਵੀਚਾਰ ਕੀਤੀ ਜਾਣੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਕਿਰਿਆ ਸਬਦਾਂ ਦੀ ਪਛਾਣ ਹੋਣੀ ਜ਼ਰੂਰੀ ਹੈ। ਕਿਸੇ ਵੀ ਤੁਕ ਵਿੱਚ ਜੋ ਸ਼ਬਦ ਕਿਸੇ ਕੰਮ ਕਰਨ ਦੀ ਕਿਰਿਆ ਨੂੰ ਕਾਲ ਸਹਿਤ ਸਮਝਾਵੇ ਉਸ ਨੂੰ ਕਿਰਿਆਵਾਚੀ ਸ਼ਬਦ ਕਿਹਾ ਜਾਂਦਾ ਹੈ। ਕੰਮ ਕਰਨ ਵਾਲਾ ਕੌਣ ਹੈ ਇਸ ਦੇ ਆਧਾਰ ’ਤੇ ਕਿਰਿਆਵਾਚੀ ਸ਼ਬਦਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਿਸੇ ਕਾਰਜ ਦੇ ਕਰਤਾ ਲਈ ਜੇਕਰ ਪੜਨਾਂਵ ਮੈਂ, ਹਉਂ, ਅਸੀਂ, ਹਮ ਸ਼ਬਦ ਵਰਤੇ ਗਏ ਹੋਣ ਤਾਂ ਉਹ ਪੜਨਾਂਵ ਉੱਤਮ ਪੁਰਖ (ਪਹਿਲਾ ਪੁਰਖ) ਦੇ ਲਖਾਇਕ ਹੁੰਦੇ ਹਨ ਅਤੇ ਉੱਤਮ ਪੁਰਖ ਲਈ ਵਰਤੇ ਜਾਣ ਵਾਲੇ ਕਿਰਿਆਵਾਚੀ ਸ਼ਬਦਾਂ ਨੂੰ ਉੱਤਮ ਪੁਰਖ (ਪਹਿਲਾ ਪੁਰਖ) ਦੀ ਕਿਰਿਆ ਕਿਹਾ ਜਾਂਦਾ ਹੈ। ਜਦ ਤੁਕ ਵਿੱਚ ‘ਕਰਤਾ’ ਨਾਂਵ ਨੂੰ ਸੰਬੋਧਨ ਕਰ ਕੇ ਗੱਲ ਕੀਤੀ ਜਾ ਰਹੀ ਹੋਵੇ ਉਥੇ ਮੱਧਮ ਪੁਰਖ (ਦੂਜਾ ਪੁਰਖ) ਕਿਰਿਆ ਹੁੰਦੀ ਹੈ ਜਾਂ ‘ਕਰਤਾ’ ਦੇ ਪੜਨਾਂਵ ਨੂੰ ਤੂੰ, ਤੁਮ, ਤੁਧ, ਤੁਧ ਨੋ, ਤੁਹ ਨੋ ਕਿਹਾ ਗਿਆ ਹੋਵੇ ਤਾਂ ਵਾਕ ’ਚ ਮੱਧਮ ਪੁਰਖ ਕਿਰਿਆ ਹੋਏਗੀ। ਜੇਕਰ ‘ਕਰਤਾ’ ਨਾਲ ਗੱਲਬਾਤ ਕਰਨ ਦੀ ਬਜਾਇ ‘ਕਰਤੇ’ ਬਾਰੇ ਗੱਲਬਾਤ ਕੀਤੀ ਜਾਏ ਤਾਂ ਉੱਥੇ ਅਨਯ ਪੁਰਖ ਕਿਰਿਆ ਦਾ ਸਰੂਪ ਦਰਜ ਹੁੰਦਾ ਹੈ, ਜੋ ਕਿ ਉੱਤਮ ਪੁਰਖ ਅਤੇ ਮੱਧਮ ਪੁਰਖ ਕਿਰਿਆਵਾਚੀ ਸ਼ਬਦਾਂ ਤੋਂ ਆਪਣਾ ਭਿੰਨ ਸਰੂਪ ਦਰਸਾਉਂਦਾ ਹੈ। ਅਨਯ ਪੁਰਖ ਦਾ ਪੜਨਾਂਵ ਉਹ, ਉਸ, ਉਨ੍ਹਾਂ, ਇਨ੍ਹਾਂ ਆਦਿ ਹੁੰਦਾ ਹੈ।

ਉਕਤ ਕੀਤੀ ਗਈ ਵਿਚਾਰ ਉਪਰੰਤ ਕਿਰਿਆ ਦੇ ਤਿੰਨ ਰੂਪ (ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ) ਸਾਹਮਣੇ ਆ ਚੁੱਕੇ ਹਨ। ‘ਪੁਰਖ’ ਅਤੇ ‘ਕਾਲ’ ਦੇ ਮੁਤਾਬਕ ਕਿਰਿਆਵਾਚੀ ਸ਼ਬਦਾਂ ਦਾ ਰੂਪ ਵਿਆਕਰਣਿਕ ਨਿਯਮਾਂ ਅਨੁਸਾਰ ਬਦਲਦਾ ਰਹਿੰਦਾ ਹੈ, ਜਿਨ੍ਹਾਂ ਨੂੰ ਹੇਠ ਦਿੱਤੀਆਂ ਉਦਾਹਰਨਾਂ ਰਾਹੀਂ ਵਧੇਰੇ ਸਮਝਿਆ ਜਾ ਸਕਦਾ ਹੈ :

ਹੈ, ਹੈਂ

ਜੇ ਕਰ ਕਿਸੇ ਤੁਕ ਵਿੱਚ ‘ਹੈ’ ਸ਼ਬਦ ਕਿਰਿਆ ਜਾਂ ਸਹਾਇਕ ਕਿਰਿਆ ਦੇ ਤੌਰ ’ਤੇ ਵਰਤਿਆ ਗਿਆ ਹੋਵੇ ਤਾਂ ਅਨ ਪੁਰਖ ਇੱਕ ਵਚਨ ਵਾਲੀਆਂ ਤੁਕਾਂ ਵਿੱਚ ‘ਹੈ’ ਬਿਨਾਂ ਬਿੰਦੀ ਤੋਂ ਉਚਾਰਿਆ ਜਾਂਦਾ ਹੈ ਪਰ ਮੱਧਮ ਪੁਰਖ ਇੱਕ ਵਚਨ ਅਤੇ ਅਨ ਪੁਰਖ ਬਹੁ ਵਚਨ ਵਾਲੀਆਂ ਤੁਕਾਂ ਵਿੱਚ ‘ਹੈ’ ਬਿੰਦੀ ਸਹਿਤ ‘ਹੈਂ’ ਉਚਾਰਿਆ ਜਾਣਾ ਠੀਕ ਰਹੇਗਾ; ਜਿਵੇਂ ਕਿ

੧.  ਵਣਜੁ ਕਰਹੁ ਵਣਜਾਰਿਹੋ  ! ਵਖਰੁ (ਸੌਦਾ) ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ; ਜੈਸੀ ਨਿਬਹੈ ਨਾਲਿ ॥ ਅਗੈ, ਸਾਹੁ ਸੁਜਾਣੁ ‘ਹੈ’ ; ਲੈਸੀ ਵਸਤੁ ਸਮਾਲਿ ॥ (ਮ: ੧/੨੨) ਇਸ ਤੁਕ ’ਚ ‘ਹੈ’ ਅਨ ਪੁਰਖ ਇੱਕ ਵਚਨ ਹੈ ਕਿਉਂਕਿ ਕਰਤੇ ਨਾਲ ਗੱਲ ਨਹੀਂ ਕੀਤੀ ਬਲਕਿ ਕਰਤੇ (ਸਾਹੁ ਸੁਜਾਣੁ) ਬਾਰੇ ਗੱਲਬਾਤ ਕੀਤੀ ਗਈ ਹੈ, ਇਸ ਲਈ ਉਚਾਰਨ ਬਿਨਾਂ ਬਿੰਦੀ ਤੋਂ = ‘ਹੈ’ ਹੋਏਗਾ।  ਅਰਥ ਹਨ, ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ ! (ਨਾਮ ਦਾ) ਵਾਪਾਰ ਕਰੋ, ਨਾਮ ਰੂਪ ਸੌਦਾ ਸੰਭਾਲ਼ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜਿਹੜਾ ਸਦਾ ਲਈ ਸਾਥ ਨਿਭਾਏ । ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ‘ਹੈ’ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ-ਕਰ ਕੇ ਕਬੂਲ ਕਰੇਗਾ ।

੨.  ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ‘ਹੈਂ’ ; ਅਤਿਭੁਜ (ਵੱਡੀਆਂ ਭੁਜਾਂ ਵਾਲਾ, ਬਹੁਤ ਬਲੀ) ਭਇਓ ਅਪਾਰਲਾ (ਬੇਅੰਤ)॥ ਫੇਰਿ ਦੀਆ ਦੇਹੁਰਾ ਨਾਮੇ ਕਉ ; ਪੰਡੀਅਨ ਕਉ ਪਿਛਵਾਰਲਾ॥ (ਨਾਮਦੇਵ ਜੀ/੧੨੯੨) ਇਸ ਤੁਕ ’ਚ ‘ਹੈ’ ਮੱਧਮ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਸਹਿਤ ਲਿਖਿਆ ਹੋਇਆ ਹੈ= ‘ਹੈਂ’ । ਅਰਥ ਹਨ (ਹੇ ਸੋਹਣੇ ਰਾਮ !) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਜਾਂ ਉੱਚੀ ਕੁਲ ਦਾ) ਦਇਆ ਕਰਨ ਵਾਲਾ ‘ਹੈਂ’, ਤੂੰ ਮਿਹਰ ਦਾ ਘਰ ‘ਹੈਂ’, (ਫਿਰ ਤੂੰ) ‘ਹੈਂ’ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾਂ ਧੱਕਾ ਕਰ ਸਕਦਾ ਹੈ ? ਮੇਰੀ ਨਾਮਦੇਵ ਦੀ ਅਜਿਹੀ ਬੇਨਤੀ ਸੁਣਨ ਉਪਰੰਤ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵੱਲ ਫੇਰ ਦਿੱਤਾ ਤੇ ਪਾਂਡਿਆਂ ਵੱਲ ਪਿੱਠ ਹੋ ਗਈ ।

੩.  ਤੂ ਦਰੀਆਉ ਦਾਨਾ ਬੀਨਾ, ਮੈ ਮਛੁਲੀ ਕੈਸੇ ਅੰਤੁ ਲਹਾ॥ ਜਹ ਜਹ ਦੇਖਾ, ਤਹ ਤਹ ਤੂ ‘ਹੈ’, ਤੁਝ ਤੇ ਨਿਕਸੀ (ਨਿਕਲੀ ਹੋਈ) ਫੂਟਿ ਮਰਾ (ਮੈਂ ਤੜਫ ਤੜਫ ਕੇ ਮਰ ਜਾਂਦੀ ਹਾਂ)॥ (ਮ: ੧/੨੫)। ਨੋਟ: ਇਸ ਤੁਕ ਵਿੱਚ ਕਿਰਿਆਵਾਚੀ ਸ਼ਬਦ ‘ਹੈ’ ਬਿਨਾਂ ਬਿੰਦੀ ਤੋਂ ਛਪਿਆ ਹੋਇਆ ਹੈ ਪਰ ਹੈ ਇਸ ਤੁਕ ਵਿੱਚ ਵੀ ਮੱਧਮ ਪੁਰਖ ਇੱਕ ਵਚਨ; ਜਿਵੇਂ ਕਿ ਪਿਛਲੇ ਨੰਬਰ ੨ ਦੀ ਵਿਚਾਰ ਕੀਤੀ ਗਈ ਸੀ। ਇਸ ਲਈ ਉਕਤ ਤੁਕ ਨੰ: ੨ ਤੋਂ ਸੇਧ ਲੈ ਕੇ ਇੱਥੇ ਵੀ ਉਚਾਰਨ ਬਿੰਦੀ ਸਹਿਤ = ‘ਹੈਂ’ ਕਰਨਾ ਦਰੁਸਤ ਹੈ । ਅਰਥ ਹਨ : ਹੇ ਪ੍ਰਭੂ ! ਤੂੰ (ਇਕ) ਦਰਿਆ-ਸਮੁੰਦਰ (ਸਮਾਨ ਹੈਂ), ਮੈਂ (ਤੇਰੇ ਵਿੱਚ ਰਹਿਣ ਵਾਲੀ) ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖ਼ੀਰਲਾ ਕਿਨਾਰਾ ਨਹੀਂ ਲੱਭ ਸਕਦੀ। (ਮੇਰੀ ਹਾਲਤ) ਤੂੰ ਹੀ ਜਾਣਦਾ ਹੈਂ, ਤੂੰ ਹੀ (ਨਿੱਤ) ਦੇਖਦਾ ਹੈਂ। ਮੈਂ (ਮੱਛੀ ਤੈਂ ਭਾਵ ਤੇਰੇ ਦਰਿਆ ਰੂਪ ਵਿੱਚ) ਜਿੱਧਰ ਵੇਖਦੀ ਹਾਂ ਉੱਧਰ-ਉੱਧਰ ਤੂੰ (ਦਰਿਆ ਹੀ ਦਰਿਆ ਵਿਖਾਈ ਦਿੰਦਾ) ‘ਹੈਂ’। ਜੇ ਮੈਂ, ਤੈਂ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ, ਤਾਂ ਉਸੇ ਵੇਲੇ ਤੜਫ-ਤੜਫ ਮਰਦੀ ਹਾਂ (ਮੇਰਾ ਜੀਵਨ ਤੇਰੇ ਹੀ ਆਸਰੇ ਹੈ) ।

੪.  ਏਕਲ ਮਾਟੀ (ਇੱਕੋ ਮਿੱਟੀ ਤੋਂ), ਕੁੰਜਰ (ਕੁੰਚਰ, ਹਾਥੀ) ਚੀਟੀ; ਭਾਜਨ (ਭਾਂਡੇ) ‘ਹੈਂ’ ਬਹੁ ਨਾਨਾ (ਕਈ ਕਿਸਮਾਂ ਦੇ), ਰੇ  !॥ (ਨਾਮਦੇਵ ਜੀ/੯੮੮) ਇਸ ਤੁਕ ’ਚ ‘ਹੈ’ ਅਨ ਪੁਰਖ ਬਹੁ ਵਚਨ ਕਿਰਿਆ ਹੈ, ਜਿਸ ਕਾਰਨ ਬਿੰਦੀ ਸਹਿਤ ਛਪਿਆ ਹੋਇਆ ਹੈ = ‘ਹੈਂ’। ਅਰਥ ਹਨ: ਹੇ ਭਾਈ ! ਜਿਵੇਂ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹੈਂ ਭਾਵ ਹਨ (ਇਵੇਂ ਹੀ ਤਰ੍ਹਾਂ ਤਰ੍ਹਾਂ ਦੇ ਜੀਵ ਇੱਕ ਅਕਾਲ ਪੁਰਖ ਤੋਂ ਬਣੇ ਹਨ) ।

੫.  ਏਕਾ ਸੁਰਤਿ ; ਜੇਤੇ ‘ਹੈ’ ਜੀਅ (‘ਜੀਉ’ ਦਾ ਬਹੁ ਵਚਨ ‘ਜੀਵ’)॥ ਸੁਰਤਿ ਵਿਹੂਣਾ ਕੋਇ ਨ ਕੀਅ ॥ (ਮ: ੧/੨੫) ਇੱਥੇ ‘ਹੈ’ ਸ਼ਬਦ ਬਿਨਾਂ ਬਿੰਦੀ ਤੋਂ ਛਪਿਆ ਹੈ ਪਰ ਹੈ ਇਹ ਤੁਕ ਵੀ ਅਨ ਪੁਰਖ ਬਹੁ ਵਚਨ ਹੀ। ਇਸ ਲਈ ਤੁਕ ਨੰ: ੪ ਤੋਂ ਸੇਧ ਲੈ ਕੇ ਇੱਥੇ ਵੀ ਉਚਾਰਨ ਬਿੰਦੀ ਸਹਿਤ = ‘ਹੈਂ’ ਕਰਨਾ ਯੋਗ ਹੈ। ਅਰਥ ਹਨ: ਜਿਤਨੇ ਭੀ ਜੀਵ ਹੈਂ ਭਾਵ ਹਨ (ਇਨ੍ਹਾਂ ਸਭਨਾਂ ਅੰਦਰ) ਇੱਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕਾਰਜਸ਼ੀਲ ਹੈ (ਰੱਬ ਨੇ) ਕੋਈ ਭੀ ਜੀਵ ਅਕਲ ਤੋਂ ਬਿਨਾਂ ਪੈਦਾ ਨਹੀਂ ਕੀਤਾ ।

ਉੱਤਮ ਪੁਰਖ ਇੱਕ ਵਚਨ ਅੰਤ ਕੰਨਾ ਸ਼ਬਦਾਂ ਦੇ ਸਰੂਪ

ਗੁਰਬਾਣੀ ਨਿਯਮ ਮੁਤਾਬਕ ਜਦੋਂ ਕਿਰਿਆ ਸ਼ਬਦ ਪਹਿਲਾ ਪੁਰਖ ਇੱਕ ਵਚਨ ਦੇ ਰੂਪ ’ਚ ਹੋਵੇ ਤਾਂ ਕੁਝ ਸਥਾਨਾਂ ’ਤੇ ਅੰਤ ਕੰਨਾਂ ਜਾਂ ਅੰਤ ਬਿਹਾਰੀ, ਦੋਵੇਂ ਬਿੰਦੀ ਸਹਿਤ ਲਿਖੇ ਹੋਏ ਮਿਲਦੇ ਹਨ ਅਤੇ ਕਈ ਥਾਈਂ ਉਨ੍ਹਾਂ ਹੀ ਅਰਥਾਂ ਵਿੱਚ ਸਮਾਨ ਸ਼ਬਦ ਬਿਨਾਂ ਬਿੰਦੀ ਵੀ ਦਰਜ ਹਨ। ਅਜਿਹੇ ਬਿੰਦੀ ਰਹਿਤ ਸ਼ਬਦਾਂ ਨੂੰ ਦੂਸਰੇ ਬਿੰਦੀ ਸਹਿਤ ਸ਼ਬਦਾਂ ਤੋਂ ਸੇਧ ਲੈ ਕੇ ਬਿੰਦੀ ਸਮੇਤ ਉਚਾਰਨ ਦਰੁਸਤ ਹੁੰਦਾ ਹੈ; ਜਿਵੇਂ ਕਿ

੧. ਬਲਿ ‘ਜਾਵਾਂ’ ਗੁਰ ਅਪਨੇ ਪ੍ਰੀਤਮ; ਜਿਨਿ, ਹਰਿ ਪ੍ਰਭੁ ਆਣਿ ਮਿਲਾਇਆ ॥ (ਮ: ੧/੧੨੫੫) ਇਸ ਤੁਕ ’ਚ ‘ਜਾਵਾਂ’ ਕਿਰਿਆ ਬਿੰਦੀ ਸਹਿਤ ਹੋਣ ਕਾਰਨ ਉੱਤਮ ਪੁਰਖ ਹੈ, ਇਸ ਲਈ ਅਰਥ ਹਨ: ਮੈਂ ਆਪਣੇ ਪਿਆਰੇ ਗੁਰੂ ਤੋਂ ਬਲਿਹਾਰ ‘ਜਾਂਦਾ ਹਾਂ’, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ, ਪਰ

੨.  ਵਾਰਿਆ ਨ ‘ਜਾਵਾ’ ਏਕ ਵਾਰ ॥ (ਮ: ੧/੩)  ਤੁਕ ਵਿੱਚ ‘ਜਾਵਾ’ ਬਿਨਾਂ ਰਹਿਤ ਹੈ ਪਰ ਅਰਥ ਇੱਥੇ ਵੀ ਤੁਕ ਨੰ: ੧ ਵਾਙ ਪਹਿਲਾ (ਉੱਤਮ) ਪੁਰਖ ਇੱਕ ਵਚਨ ਵਾਲੇ ਹੀ ਹਨ ਤਾਂ ਤੇ ਇੱਥੇ ਵੀ ਤੁਕ ਨੰ: ੧ ਤੋਂ ਸੇਧ ਲੈ ਕੇ ‘ਜਾਵਾਂ’ ਉਚਾਰਨ ਦਰੁਸਤ ਹੋਏਗਾ। ਅਰਥ ਹਨ :- (ਹੇ ਅਕਾਲ ਪੁਰਖ !) ਮੈਂ ਤਾਂ ਤੇਰੇ ਤੋਂ ਇਕ ਵਾਰੀ ਵੀ ਬਲਿਹਾਰ ਨਹੀਂ ਜਾ ਸਕਦਾ ਹਾਂ (ਭਾਵ ਤੇਰੀ ਸ਼ਕਤੀ ਦੇ ਮੁਕਾਬਲੇ ਮੇਰੀ ਹਸਤੀ ਬਹੁਤ ਹੀ ਤੁੱਛ ਹੈ।)

੩.  ਆਪੁ ਤਿਆਗਿ ਸਰਣੀ ‘ਪਵਾਂ’ ਮੁਖਿ ‘ਬੋਲੀ’ ਮਿਠੜੇ ਵੈਣ ॥ (ਮ: ੫/੧੩੬) ਇਸ ਤੁਕ ’ਚ ‘ਪਵਾਂ’ ਬਿੰਦੀ ਸਹਿਤ ਹੈ ਭਾਵ ਵਾਕ ਉੱਤਮ ਪੁਰਖ ਇੱਕ ਵਚਨ ਨਾਲ ਸਬੰਧਿਤ ਹੈ, ਇਸ ਲਈ ਅਰਥ ਹਨ :- ਆਪਾ-ਭਾਵ ਤਿਆਗ ਕੇ (ਭਾਵ ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸ਼ਰਨ ਵਿੱਚ ‘ਪਵਾਂ’ ਪੈਂਦਾ ਹਾਂ ਅਤੇ ਆਪਣੇ ਮੂੰਹ ਨਾਲ (ਉਸ ਬਾਬਤ) ਮਿੱਠੇ ਬੋਲ ਵੀ ‘ਬੋਲਾਂ’ ਬੋਲਦਾ ਹਾਂ।

ਇਸ ਤੁਕ ’ਚ ‘ਪਵਾਂ’ (ਕਿਰਿਆ) ਪਹਿਲਾ ਪੁਰਖ ਇੱਕ ਵਚਨ ਹੋਣ ਕਾਰਨ ‘ਬੋਲੀ’ (ਕਿਰਿਆ) ਵੀ ਪਹਿਲਾ ਪੁਰਖ ਇੱਕ ਵਚਨ ਹੀ ਹੈ, ਜਿਸ ਕਾਰਨ ਇਸ ਦਾ ਉਚਾਰਨ ਵੀ ‘ਪਵਾਂ’ ਵਾਙ ਬਿੰਦੀ ਸਹਿਤ ਹੀ ਹੋਏਗਾ ਭਾਵੇਂ ਕਿ ਇੱਥੇ ਬਿੰਦੀ ਦਰਜ ਨਹੀਂ।  (ਪਰ)

੪.  ਹਉ, ਗੁਰ ਸਰਣਾਈ ਢਹਿ ‘ਪਵਾ’; ਕਰਿ ਦਇਆ, ਮੇਲੇ ਪ੍ਰਭੁ ਸੋਇ ॥ (ਮ: ੪/੩੯) ਇਸ ਤੁਕ ਵਿੱਚ ‘ਪਵਾ’ ਬਿੰਦੀ ਰਹਿਤ ਹੈ ਪਰ ਅਰਥ ਇੱਥੇ ਵੀ ਤੁਕ ਨੰ: ੩ ਵਾਙ ਪਹਿਲਾ ਪੁਰਖ ਇੱਕ ਵਚਨ ਵਾਲੇ ਹੀ ਹਨ ਇਸ ਲਈ ਇੱਥੇ ਤੁਕ ਨੰ: ੩ ਤੋਂ ਸੇਧ ਲੈ ਕੇ ‘ਪਵਾਂ’ ਉਚਾਰਨਾ ਠੀਕ ਹੈ। ਅਰਥ ਹਨ:- (ਮੇਰੀ ਇਹੀ ਤਾਂਘ ਹੈ ਕਿ) ਆਪਾ-ਭਾਵ ਮਿਟਾ ਕੇ ਮੈਂ ਗੁਰੂ ਦੀ ਸ਼ਰਨ ਜਾ ‘ਪਵਾਂ’ (ਗੁਰੂ ਦੀ ਸ਼ਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ।

੫.  ਹਰਿ ਹਰਿ ਨਾਮੁ, ਮੇਰਾ ਪ੍ਰਾਨ ਸਖਾਈ ; ਤਿਸੁ ਬਿਨੁ, ਘੜੀ ਨਿਮਖ ਨਹੀ ‘ਜੀਵਾਂ’ ॥ ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ; ਗੁਰਮੁਖਿ, ਅੰਮ੍ਰਿਤੁ ‘ਪੀਵਾਂ’ ॥ (ਮ: ੪/੫੭੩) ਅਰਥ : ਪਰਮਾਤਮਾ ਦਾ ਨਾਮ ਮੇਰੀ ਜਿੰਦ ਦਾ ਸਾਥੀ ਹੈ, ਉਸ (ਨਾਮ) ਤੋਂ ਬਿਨਾਂ ਮੈਂ ਇੱਕ ਘੜੀ ਭਰ (ਅੱਖ ਦੇ ਝਮਕਣ ਜਿਤਨੇ ਸਮੇਂ ਲਈ) ਭੀ (ਆਤਮਿਕ ਪੱਖੋਂ) ਜਿਉਂਦਾ ਨਹੀਂ ਰਹਿ ਸਕਦਾ। ਇਸ ਤੁਕ ’ਚ ‘ਜੀਵਾਂ’ ਉੱਤਮ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਸਹਿਤ ਹੈ ਪਰ

੬.  ਮੇਰੇ ਪ੍ਰੀਤਮਾ  ! ਹਉ ‘ਜੀਵਾ’ ਨਾਮੁ ਧਿਆਇ ॥ (ਮ: ੪/੪੦) ਅਰਥ ਹਨ : ਹੇ ਮੇਰੇ ਪ੍ਰੀਤਮ-ਪ੍ਰਭੂ ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਹਾਸਲ ਕਰ ਸਕਦਾ ਹਾਂ।

ਇਸ ਤੁਕ ਵਿੱਚ ‘ਜੀਵਾ’ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਅਰਥ ਇੱਥੇ ਵੀ ਤੁਕ ਨੰ: ੫ ਵਾਙ ਪਹਿਲਾ ਪੁਰਖ ਇੱਕ ਵਚਨ ਦੀ ਰੂਪ ਸਾਧਨਾ ਵਾਲੇ ਹੀ ਹਨ ਇਸ ਲਈ ਉਚਾਰਨ ਇੱਥੇ ਵੀ ਤੁਕ ਨੰ: ੫ ਤੋਂ ਸੇਧ ਲੈ ਕੇ ‘ਜੀਵਾਂ’ ਕਰਨਾ ਠੀਕ ਹੈ।

੭.  ਗੁਰ ਸਤਿਗੁਰ ਪਾਸਹੁ, ਹਰਿ ਗੋਸਟਿ (ਰੱਬੀ ਮਿਲਾਪ ਬਾਰੇ) ‘ਪੂਛਾਂ’ ; ਕਰਿ ਸਾਂਝੀ (ਸੰਗਤ), ਹਰਿ ਗੁਣ ਗਾਵਾਂ ॥ (ਮ: ੪/੫੬੨) ਅਰਥ ਹਨ :- ਗੁਰੂ ਪਾਸੋਂ ਮੈਂ ਹਰਿ-ਮਿਲਾਪ (ਬਾਰੇ ਜਾਣਕਾਰੀ) ਪੁੱਛਦਾ ਹਾਂ ਤੇ ਗੁਰੂ ਸੰਗਤ ਕਰ ਕੇ ਮੈਂ ਹਰਿ-ਗੁਣ ਗਾਉਂਦਾ ਰਹਾਂ।

ਇਸ ਤੁਕ ’ਚ ‘ਪੂਛਾਂ’ ਉੱਤਮ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਸਹਿਤ ਹੈ ਪਰ

੮. ਜਾਇ ‘ਪੁਛਾ’ (ਪੁੱਛਾਂ) ਤਿਨ ਸਜਣਾ; ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ  ?॥ (ਮ: ੪/੩੯) ਅਰਥ : (ਜਿਨਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ।

ਇਸ ਤੁਕ ਵਿੱਚ ‘ਪੁਛਾ’ ਬਿਨਾਂ ਬਿੰਦੀ ਤੋਂ ਆਇਆ ਹੈ ਪਰ ਅਰਥ ਇੱਥੇ ਵੀ ਤੁਕ ਨੰ: ੭ ਵਾਙ ਪਹਿਲਾ ਪੁਰਖ ਇੱਕ ਵਚਨ ਵਾਲੇ ਹੀ ਹਨ ਇਸ ਲਈ ਉਚਾਰਨ ਇੱਥੇ ਵੀ ਤੁਕ ਨੰ: ੭ ਤੋਂ ਸੇਧ ਲੈ ਕੇ ‘ਪੁੱਛਾਂ’ ਕਰਨਾ ਠੀਕ ਹੈ।

– ਚਲਦਾ –