27.8 C
Jalandhar
Saturday, April 4, 2026
spot_img
Home Blog Page 101

ਨਵੇਂ ਕਿਸਮ ਦੇ ਨਸ਼ਿਆਂ ਵਿੱਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ (ਭਾਗ-2)

0

ਨਵੇਂ ਕਿਸਮ ਦੇ ਨਸ਼ਿਆਂ ਵਿੱਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ (ਭਾਗ-2)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਨੈਸ਼ਨਲ ਡਰੱਗ ਅਰਲੀ ਵਾਰਨਿੰਗ ਸਿਸਟਮ (ਐਨ. ਡੀ. ਈ. ਡਬਲਿਊ. ਐਸ) ਵੱਲੋਂ ਜਾਰੀ ਹੋਈਆਂ ਚੇਤਾਵਨੀਆਂ ਨਵੀਂ ਕਿਸਮਾਂ ਦੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੋਂ ਬਚਾਓ ਅਤੇ ਸਾਵਧਾਨ ਰਹਿਣ ਬਾਰੇ ਹਨ।

1. ਹੈਰੋਇਨ ਤੋਂ ਬਣੇ ਨਸ਼ੇ :-

ਚੌਵੀਂ ਘੰਟਿਆਂ ਵਿੱਚ 2 ਮੌਤਾਂ, ਤਿੰਨ ਦਿਨਾਂ ਵਿੱਚ ਤਿੰਨ ਤੇ 2 ਮਹੀਨਿਆਂ (ਮਈ, ਜੂਨ 2018) ਵਿੱਚ 106 ਮੌਤਾਂ ਡੈਲਾਵੇਅਰ ਵਿੱਚ ਹੋਈਆਂ। ਇਹ ਸਾਰੀਆਂ ਮੌਤਾਂ ਨੌਜਵਾਨ ਬੱਚਿਆਂ ਦੀਆਂ ਸਨ ਤੇ ਸਭ ਨੇ ਹੈਰੋਇਨ ਦਾ ਨਸ਼ਾ ਕੀਤਾ ਸੀ।

ਇਸ ਲਈ ਦੁਨੀਆ ਭਰ ਦੇ ਮੁਲਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜਿਹੜੇ ਬੱਚੇ ਹੈਰੋਇਨ ਦੀ ਵਰਤੋਂ ਕਰ ਰਹੇ ਹੋਣ, ਉਨ੍ਹਾਂ ਦੇ ਮਾਪੇ, ਸਾਥੀਆਂ ਜਾਂ ਰਾਹਗੀਰਾਂ ਨੂੰ ਕੁੱਝ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਜੇ ਇਹ ਲੱਛਣ ਦਿੱਸਣ ਤਾਂ ਉਸ ਬੱਚੇ ਜਾਂ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ। ਫੋਟੋਆਂ ਜਾਂ ਵੀਡੀਓ ਖਿੱਚਣ ਦੀ ਥਾਂ ’ਤੇ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ।

ਇਹ ਲੱਛਣ ਹਨ :-

* ਮੂੰਹ ਪੀਲਾ ਪੈ ਜਾਵੇ ਤੇ ਪਸੀਨੇ ਦਾ ਭਰਿਆ ਹੋਵੇ।

* ਸਾਹ ਬਹੁਤ ਹੌਲ਼ੀ ਤੇ ਘੱਟ ਆ ਰਿਹਾ ਹੋਵੇ ਜਾਂ ਰੁਕ ਰਿਹਾ ਹੋਵੇ।

* ਸਰੀਰ ਪੂਰਾ ਢਿੱਲਾ ਪੈ ਗਿਆ ਹੋਵੇ।

* ਉਂਗਲਾਂ ਦੇ ਨਹੂੰ ਅਤੇ ਬੁੱਲ ਨੀਲੇ ਪੈ ਰਹੇ ਹੋਣ।

* ਉਲਟੀਆਂ ਕਰ ਰਿਹਾ ਹੋਵੇ।

* ਗਲੇ ਵਿੱਚੋਂ ਗਰਾਰਿਆਂ ਵਰਗੀ ਆਵਾਜ਼ ਆ ਰਹੀ ਹੋਵੇ।

* ਬੋਲ ਨਾ ਸਕ ਰਿਹਾ ਹੋਵੇ ਤੇ ਬੈਠ ਨਾ ਸਕੇ।

* ਡੂੰਘੀ ਨੀਂਦਰ ਵਿੱਚ ਜਾਪੇ ਤੇ ਬੁਲਾਉਣ ਉੱਤੇ ਉੱਠੇ ਹੀ ਨਾ।

* ਦਿਲ ਦੀ ਧੜਕਨ ਘਟੀ ਹੋਵੇ ਜਾਂ ਬਲੱਡ ਪ੍ਰੈੱਸ਼ਰ ਘੱਟ ਚੁੱਕਿਆ ਹੋਵੇ।

2. ਭੰਗ ਤੋਂ ਬਣੇ ਨਸ਼ੇ :-

ਨਿਊਯਾਰਕ ਵਿੱਚ ਮਈ 2018 ਵਿੱਚ 49 ਨੌਜਵਾਨ ਭੰਗ/ਗਾਂਜੇ ਤੋਂ ਬਣੇ ਨਸ਼ੇ ਨਾਲ ਹਸਪਤਾਲ ਵਿੱਚ ਮਰਨ ਕਿਨਾਰੇ ਪਹੁੰਚੇ। ਇਹ ਵੇਖਣ ਵਿੱਚ ਆਇਆ ਕਿ ਦੁਨੀਆ ਭਰ ਵਿੱਚ ਵਰਤੀ ਜਾ ਰਹੀ ਭੰਗ ਦੀ ਨਵੀਂ ਕਿਸਮ ਦਾ ‘ਕੇ-2’ ਬੈਚ, ਜੋ ਹੁਣ ਬਜ਼ਾਰ ਵਿੱਚ ਪਹੁੰਚਿਆ ਹੈ, ਵਿੱਚ ਮਿਲਾਵਟ ਹੈ। ਇਸ ਨੂੰ ਸਿਗਰਟ ਰਾਹੀਂ ਪੀਣ ਜਾਂ ਸੁੰਘਣ ਵਾਲੇ ਤਰਲ ਦੀ ਸ਼ਕਲ ਵਿੱਚ ਵੇਚਿਆ ਜਾ ਰਿਹਾ ਹੈ ਅਤੇ ‘ਸਪਾਈਸ’ ਦੇ ਨਾਂ ਹੇਠ ਵਿਕ ਰਿਹਾ ਹੈ ਦੇ ਪੈਕਟ ਥੱਲੇ ਇੱਕ ਚੇਤਾਵਨੀ ਲਿਖੀ ਗਈ ਹੈ-‘‘ਇਸ ਦੀ ਇਨਸਾਨੀ ਵਰਤੋਂ ਖ਼ਤਰਨਾਕ ਹੈ।’’ ਇਸ ਬੈਚ ਵਿਚਲੀ ਮਿਲਾਵਟ ਇਸ ਨੂੰ ਖ਼ਤਰਨਾਕ ਸਾਬਤ ਕਰ ਚੁੱਕੀ ਹੈ।

ਇਸ ਦੀ ਵਰਤੋਂ ਨਾਲ ਦਿਸ ਰਹੇ ਮਾੜੇ ਅਸਰ ਹਨ :-

* ਦਿਲ ਦੀ ਧੜਕਨ ਵਧਣੀ।

* ਉਲਟੀਆਂ ਲੱਗਣੀਆਂ।

* ਹਿੰਸਕ ਵਿਹਾਰ।

* ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼।

3. ਓਕਸਿਸ ਨਸ਼ੇ ਵਿੱਚ ਮਿਲਾਈ ਜਾ ਰਹੀ ਫੈਂਟਾਨਿਲ :-

ਮਈ 2018 ਵਿੱਚ ਮਿਸੀਸਿੱਪੀ ਵਿੱਚ ਇਹ ਲੱਭਿਆ ਗਿਆ ਕਿ ਓਕਸੀਕੋਡੋਨ ਦੀਆਂ ਗੋਲੀਆਂ, ਜੋ ਬਿਲਕੁਲ ਓਕਸਿਸ ਨਾਲ ਮਿਲਦੀਆਂ ਹਨ, ਵਿੱਚ ਖ਼ਤਰਨਾਕ ਫੈਂਟਾਨਿਲ ਮਿਲਾ ਦਿੱਤਾ ਗਿਆ ਹੈ। ਡੀ. ਈ. ਏ. ਲੈਬਾਰਟਰੀ ਵਿੱਚ ਖੋਜ ਕਰ ਕੇ ਸਾਬਤ ਕਰ ਦਿੱਤਾ ਗਿਆ ਕਿ ਇਸ ਵਾਰ ਮਿਲ ਰਹੀਆਂ ਨਸ਼ੇ ਦੀਆਂ ਗੋਲੀਆਂ ਵਿੱਚ ਫੈਂਟਾਨਿਲ ਮਿਲਿਆ ਹੋਇਆ ਹੈ, ਜਿਸ ਨਾਲ ਧੜਾਧੜ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਰੇ ਵਿਸ਼ਵ ਪੱਧਰ ਉੱਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

4. ਈ-ਸਿਗਰਟ :-

‘ਜੁੱਲ’ ਦੇ ਨਾਂ ਹੇਠ ਵਿਕਦੀਆਂ ਈ-ਸਿਗਰਟਾਂ ਨੌਜਵਾਨਾਂ ਦੀ ਪਹਿਲੀ ਪਸੰਦ ਹਨ। ਐਫ. ਡੀ. ਏ. (ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ) ਨੇ ਪੂਰੀ ਦੁਨੀਆ ਵਾਸਤੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਵਾਰ ਦਾ ‘ਮਾਲ’ ਠੀਕ ਨਹੀਂ ਹੈ। ਇਸ ਵਾਸਤੇ 40 ਦੁਕਾਨਦਾਰਾਂ ਨੂੰ ਅਮਰੀਕਾ ਵਿੱਚ ਅਪਰੈਲ 2018 ਵਿੱਚ ‘ਵਾਰਨਿੰਗ ਲੈਟਰ’ ਜਾਰੀ ਕਰ ਦਿੱਤਾ ਗਿਆ। ‘ਜੁੱਲ’ ‘ਫਲੈਸ਼ ਡਰਾਈਵ’ ਨਾਲ ਮਿਲਦਾ ਜੁਲਦਾ ਅਸਰ ਵਿਖਾਉਂਦੀ ਹੈ। ਇਸੇ ਲਈ ਮਾਪਿਆਂ ਤੇ ਅਧਿਆਪਿਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚਾ ਨਸ਼ਾ ਕਰੀ ਬੈਠਾ ਹੈ। ਇਸ ਵਿੱਚ ਹੁਣ ਨਿਕੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਲੱਭੀ ਗਈ ਹੈ, ਜੋ ਦਿਮਾਗ਼ ਉੱਤੇ ਸਦੀਵੀ ਅਸਰ ਪਾ ਕੇ ਬੱਚੇ ਨੂੰ ਈ-ਸਿਗਰਟ ਨਸ਼ੇ ਦਾ ਆਦੀ ਬਣਾ ਦਿੰਦੀ ਹੈ।

ਜਨਵਰੀ 2012 ਤੋਂ ਅਪਰੈਲ 2017 ਤੱਕ 6 ਸਾਲ ਤੋਂ ਛੋਟੇ 8000 ਅਮਰੀਕਨ ਬੱਚਿਆਂ ਨੇ ਇਸ ਸਿਗਰਟ ਦਾ ਆਨੰਦ ਮਾਣਿਆ ਕਿਉਂਕਿ ਇਸ ਨੂੰ ਬੱਚਿਆਂ ਲਈ ਸੁਰੱਖਿਅਤ ਵਿਖਾਇਆ ਗਿਆ। ਹੁਣ ਇਨ੍ਹਾਂ ਬੱਚਿਆਂ ਵਿੱਚ ਤਕੜਾ ਨੁਕਸਾਨ ਤੇ ਮੌਤ ਤੱਕ ਹੁੰਦੀ ਵੇਖਦਿਆਂ ਇਸ ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਸਿਗਰਟ ਨੂੰ ਸਖ਼ਤੀ ਨਾਲ ਬੱਚਿਆਂ ਤੋਂ ਪਰ੍ਹਾਂ ਰੱਖਿਆ ਜਾਵੇ ਕਿਉਂਕਿ ਇਸ ਦੀ ਪਿਆਰੀ ਖ਼ਸ਼ਬੋ ਬੱਚਿਆਂ ਨੂੰ ਬਿਸਕੁਟ ਜਾਂ ਟਾਫ਼ੀ ਵਰਗੀ ਖਿੱਚ ਪਾਉਂਦੀ ਹੈ।

5. ਭੰਗ ਤੋਂ ਬਣੇ ਸਿੰਥੈਟਿਕ ਨਸ਼ੇ :-

ਇਲੀਨੋਆ ਦੇ ਪਬਲਿਕ ਹੈਲਥ ਦੇ ਵਿਭਾਗ ਨੇ ਭੰਗ ਤੋਂ ਬਣੇ ਵੱਖੋ-ਵੱਖ ਨਸ਼ਿਆਂ ਵਿੱਚ ਪੈਂਦੇ ਸਿੰਥੈਟਿਕ ਬਾਰੇ ਅਪਰੈਲ 2018 ਵਿੱਚ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਬਹੁਤ ਜ਼ਿਆਦਾ ਲਹੂ ਵਹਿਣ ਲੱਗ ਪਿਆ ਹੈ ਤੇ ਬੱਚੇ ਹਸਪਤਾਲਾਂ ਵਿੱਚ ਦਾਖ਼ਲ ਕਰਨੇ ਪੈ ਰਹੇ ਹਨ। ਵਰਤਣ ਵਾਲਿਆਂ ਦੇ ਥੁੱਕ ਵਿੱਚ, ਪਿਸ਼ਾਬ ਵਿੱਚ, ਨੱਕ ਰਾਹੀਂ, ਮੂੰਹ ਰਾਹੀਂ, ਮਸੂੜਿਆਂ ਰਾਹੀਂ ਲਹੂ ਵਹਿਣ ਲੱਗ ਪੈਂਦਾ ਹੈ ਤੇ ਮੌਤ ਵੀ ਹੋ ਜਾਂਦੀ ਹੈ। ਟੈਸਟ ਕਰਨ ’ਤੇ ਪਤਾ ਲੱਗਿਆ ਕਿ ਭੰਗ ਵਿੱਚ ਚੂਹੇਮਾਰ ਦਵਾਈ ‘ਬਰੌਡੀਫੇਕੌਮ’ ਪਾਈ ਹੋਈ ਸੀ, ਜਿਸ ਨਾਲ ਲਹੂ ਵਗਣ ਤੋਂ ਰੁਕਦਾ ਨਹੀਂ।

ਸਿੰਥੈਟਿਕ ਨਸ਼ਾ ਬਣਾਉਣ ਦਾ ਮਕਸਦ ਹੁੰਦਾ ਹੈ, ਮੈਰੀਯੂਆਨਾ ਵਰਗਾ ਅਸਰ ਵਿਖਾਉਣਾ ਪਰ ਜ਼ਹਿਰ ਮਿਲਾ ਕੇ ਉਸ ਵਿੱਚੋਂ ਚਾਰ ਗੁਣਾ ਮੁਨਾਫ਼ਾ ਵੀ ਕਮਾਉਣਾ। ਅਜਿਹੇ ਨਸ਼ੇ ‘ਹਰਬਲ’ ਜਾਂ ‘ਤਰਲ ਖ਼ੁਸ਼ਬੋ’ ਦੇ ਨਾਂ ਹੇਠ ਵਿਕ ਰਹੇ ਹਨ। ਇਨ੍ਹਾਂ ਨੂੰ ‘ਈ-ਸਿਗਰਟ’ ਰਾਹੀਂ ਜਾਂ ਸੁੰਘ ਕੇ ਵਰਤਿਆ ਜਾ ਰਿਹਾ ਹੈ। ਨਸ਼ੇ ਦੀ ਇਹ ਕਿਸਮ ਦੁਨੀਆ ਦੇ ਹਰ ਹਿੱਸੇ ਵਿੱਚ ਪਹੁੰਚਾਈ ਜਾ ਰਹੀ ਹੈ।

5 ਅਪਰੈਲ 2018 ਨੂੰ ਮੇਰੀਲੈਂਡ ਹੈਲਥ ਡਿਪਾਰਟਮੈਂਟ ਨੇ ਮਤਾ ਪਾਸ ਕਰ ਕੇ ਪੂਰੀ ਦੁਨੀਆ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਭੰਗ ਤੋਂ ਬਣੇ ਸਿੰਥੈਟਿਕ ਨਸ਼ੇ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਢੇਰਾਂ ਦੇ ਢੇਰ ਸੱਥਰ ਵਿਛ ਜਾਣੇ ਹਨ।

6. ਕਰੈਟੋਮ :-

ਦੱਖਣੀ ਏਸ਼ੀਆ ਵਿੱਚ ਉੱਗਦੇ ਦਰਖ਼ਤ ਕਰੈਟੋਮ ਦੇ ਪੱਤਿਆਂ ਵਿੱਚ ‘ਮਿਟਰਾਗਾਇਨੀਨ’ ਹੁੰਦੀ ਹੈ, ਜੋ ਅਫੀਮ ਵਰਗਾ ਨਸ਼ਾ ਕਰ ਦਿੰਦੀ ਹੈ। ਇਸ ਦੇ ਪੱਤਿਆਂ ਨੂੰ ਗੋਲੀਆਂ, ਕੈਪਸੂਲ, ਪਾਊਡਰ ਤੇ ਚਾਹ ਦੀ ਸ਼ਕਲ ਵਿੱਚ ਵੇਚਿਆ ਜਾਂਦਾ ਹੈ।

ਅਮਰੀਕਾ ਦੇ ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਪੂਰੀ ਦੁਨੀਆ ਵਿੱਚ ਚੇਤਾਵਨੀ ਘੱਲੀ ਗਈ ਹੈ ਕਿ ਇਸ ਵਾਰ ਦੇ ਕਰੈਟੋਮ ਦੇ ਪੱਤਿਆਂ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੇ ਬਗ਼ੈਰ ਇਸ ਵਿੱਚੋਂ ਘੱਟ ਖ਼ਰਚੇ ਨਾਲ ਤਿੰਨ ਗੁਣਾਂ ਕਮਾਈ ਕਰਨ ਦੇ ਚੱਕਰ ਵਿੱਚ ਜਿਹੜੇ ਪੱਤੇ ਨਸ਼ੇੜੀਆਂ ਕੋਲ ਪਹੁੰਚਾਏ ਜਾ ਰਹੇ ਹਨ, ਉਨ੍ਹਾਂ ਵਿੱਚ ਸਾਲਮੋਨੈਲਾ ਕੀਟਾਣੂ ਭਰੇ ਪਏ ਹਨ, ਜਿਨ੍ਹਾਂ ਨਾਲ 21 ਤੋਂ 67 ਸਾਲਾਂ ਦੇ ਮਰੀਜ਼ 20 ਸੂਬਿਆਂ ਤੋਂ ਸੀਰੀਅਸ ਹਾਲਤ ਵਿੱਚ ਦਾਖ਼ਲ ਹੋ ਚੁੱਕੇ ਹਨ। ਉਲਟੀਆਂ, ਟੱਟੀਆਂ, ਬੁਖ਼ਾਰ, ਢਿੱਡ ਪੀੜ ਨਾਲ ਦਾਖ਼ਲ ਹੋ ਰਹੇ ਮਰੀਜ਼ ਜੇ ਵੇਲੇ ਸਿਰ ਹਸਪਤਾਲ ਨਾ ਦਾਖ਼ਲ ਕਰਵਾਏ ਜਾਣ ਤਾਂ ਮੌਤ ਤੱਕ ਹੋ ਸਕਦੀ ਹੈ।

7. ਓਕਸੀਕੋਡੋਨ :-

ਆਇਓਵਾ ਦੇ ਸਿਹਤ ਵਿਭਾਗ ਨੇ ਆਪਣੇ ਮੁਲਕ ਵਿੱਚ ਦਾਖ਼ਲ ਹੋਏ ਨਸ਼ੇੜੀਆਂ ਕੋਲੋਂ ਬਰਾਮਦ ਹੋਈਆਂ ਓਕਸੀਕੋਡੋਨ ਦੀਆਂ ਗੋਲੀਆਂ ਦੀ ਲੈਬਾਰਟਰੀ ਵਿੱਚ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਪੀੜ ਦੀਆਂ ਗੋਲੀਆਂ ਓਕਸੀਕੋਡੋਨ ਦੀ ਹੂ-ਬਹੂ ਸ਼ਕਲ ਸੂਰਤ ਵਿੱਚ ਫੈਂਟਾਨਿਲ ਤੇ ਯੂ-47700 ਪਾਇਆ ਹੋਇਆ ਸੀ, ਜੋ ਤੇਜ਼ ਨਸ਼ਾ ਹੈ। ਇਸੇ ਲਈ ਉਸ ਦੀ ਓਵਰਡੋਜ਼ ਨਾਲ ਅਨੇਕ ਮੌਤਾਂ ਹੋਣ ਦਾ ਖਦਸ਼ਾ ਹੈ। ਇਸ ਬਾਰੇ ਪਹਿਲਾਂ 18 ਜੁਲਾਈ 2017 ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਤੇ ਹੁਣ 2018 ਵਿੱਚ ਦੁਬਾਰਾ ਪੂਰੀ ਦੁਨੀਆ ਨੂੰ ਇਸ ਬਾਰੇ ਚੇਤੰਨ ਕੀਤਾ ਗਿਆ ਹੈ ਕਿ ਜੇ ਕੋਈ ਨੌਜਵਾਨ ਜਾਂ ਬੱਚਾ ਨਸ਼ੇ ਵਿੱਚ ਧੁੱਤ ਵੇਖਿਆ ਜਾਵੇ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ, ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਹੈ।

ਪੂਰੀ ਦੁਨੀਆ ਵਿੱਚ ਇਨ੍ਹਾਂ ਹਦਾਇਤਾਂ ਦਾ ਪਾਲਣ ਕੀਤਾ ਜਾਣ ਲੱਗ ਪਿਆ ਹੈ ਪਰ ਭਾਰਤ ਵਿੱਚ ਤੇ ਖ਼ਾਸ ਕਰ ਪੰਜਾਬ ਵਿੱਚ ਅਜਿਹੇ ਨਸ਼ੇੜੀਆਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ, ਵੀਡੀਓ ਖਿੱਚ ਕੇ ਸਿਰਫ਼ ਤਮਾਸ਼ਾ ਬਣਾਉਣ ਤੱਕ ਸੀਮਤ ਕਰ ਦਿੱਤਾ ਗਿਆ ਹੈ ਤੇ ਨਤੀਜਾ ਹੈ ਧੜਾਧੜ ਹੋ ਰਹੀਆਂ ਮੌਤਾਂ !

8. ਪੀਲੀਆਂ ਪੀੜ ਦੀਆਂ ਗੋਲੀਆਂ :-

ਅਫ਼ੀਮ ਤੋਂ ਬਣਾਈਆਂ ਪੀੜ ਘਟਾਉਣ ਦੀਆਂ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਜੂਨ 2017 ਵਿੱਚ ਜੌਰਜੀਆ ਵਿੱਚ ਅਨੇਕ ਨਸ਼ੇੜੀ ਹਸਪਤਾਲ ਦਾਖ਼ਲ ਹੋਏ ਤਾਂ ਪਤਾ ਲੱਗਿਆ ਕਿ ਇਨ੍ਹਾਂ ਗੋਲੀਆਂ ਵਿੱਚ ਦੋ ਨਵੇਂ ਤਰ੍ਹਾਂ ਦੇ ਨਸ਼ੇ ਮਿਲਾ ਦਿੱਤੇ ਗਏ ਹਨ-ਐਕਰਿਲ ਫੈਂਟਾਨਿਲ, ਟੈਟਰਾਹਾਈਡਰੋ ਫਿਊਰਨ ਫੈਂਟਾਨਿਲ। ਇਹ ਦੋਵੇਂ ਚਮੜੀ ਰਾਹੀਂ ਵੀ ਜਜ਼ਬ ਹੋ ਜਾਂਦੇ ਹਨ ਤੇ ਬਹੁਤ ਖ਼ਤਰਨਾਕ ਹਨ। ਇਹ ਇਨਸਾਨੀ ਵਰਤੋਂ ਲਈ ਅਤਿ ਦੇ ਜ਼ਹਿਰੀਲੇ ਤੇ ਜਾਨਲੇਵਾ ਮੰਨੇ ਗਏ ਹਨ। ਇਸ ਦੀ ਲੋੜੋਂ ਵੱਧ ਵਰਤੋਂ ਤੋਂ ਬਚਾਉਣ ਲਈ ਐਂਟੀਡੋਜ਼ ‘ਨੈਲੋਕਸੋਨ’ ਦਵਾਈ ਅਸਰਦਾਰ ਨਹੀਂ ਹੈ। ਇਸੇ ਲਈ ਇਹ ਜਾਨਲੇਵਾ ਸਾਬਤ ਹੋ ਰਹੀ ਹੈ। ਐਲਬੈਨੀ ਤੇ ਸੈਂਟਰਵਿਲੇ ਸਮੇਤ ਕਈ ਸੂਬਿਆਂ ਵਿੱਚ ਢੇਰਾਂ ਦੇ ਢੇਰ ਨਸ਼ੇੜੀ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਦਾਖ਼ਲ ਕੀਤੇ ਗਏ ਤੇ ਜਿਹੜੇ ਵੇਲੇ ਸਿਰ ਹਸਪਤਾਲ ਨਾ ਪੁੱਜ ਸਕੇ, ਉਨ੍ਹਾਂ ਵਿੱਚੋਂ ਬਥੇਰਿਆਂ ਦੀ ਮੌਤ ਵੀ ਹੋ ਗਈ।

ਹੁਣ ਸੰਨ 2018 ਵਿੱਚ ਪੂਰੀ ਦੁਨੀਆ ਵਿੱਚ ‘ਐਲਰਟ’ ਜਾਰੀ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਦੀ ਵਰਤੋਂ ਜਾਨਲੇਵਾ ਹੈ। ਗ਼ਲਤੀ ਨਾਲ ਜਿਹੜੇ ਨਸ਼ੇੜੀ ਇਨ੍ਹਾਂ ਦੀ ਵਰਤੋਂ ਕਰ ਚੁੱਕੇ ਹਨ, ਉਨ੍ਹਾਂ ਨੂੰ ਬਚਾਉਣਾ ਸਾਡਾ ਫ਼ਰਜ਼ ਹੈ ਤੇ ਅਜਿਹੀਆਂ ਗੋਲੀਆਂ ਉੱਤੇ ‘ਸੰਪੂਰਨ ਬੈਨ’ ਲੱਗ ਜਾਣਾ ਚਾਹੀਦਾ ਹੈ।       

ਇਹ ਵੀ ਕਿਹਾ ਗਿਆ ਕਿ ਜੇ ਪੀਲੀਆਂ ਗੋਲੀਆਂ ਨਹੀਂ ਰੋਕੀਆਂ ਗਈਆਂ ਤਾਂ ਕਈ ਮੁਲਕਾਂ ਵਿੱਚ ਸੱਥਰ ਵਿਛ ਜਾਣਗੇ। ਕੁੱਝ ਸੰਸਥਾਵਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਅਫ਼ੀਮ ਦੀ ਖੇਤੀ ਉੱਤੇ ਹੀ ਸੰਪੂਰਨ ਰੋਕ ਲੱਗ ਜਾਣੀ ਚਾਹੀਦੀ ਹੈ।

9. ਕੋਕੀਨ ਵਿੱਚ ਫੈਂਟਾਨਿਲ :-

ਨਿਊਯਾਰਕ ਸਿਹਤ ਵਿਭਾਗ ਲਗਾਤਾਰ ਜੂਨ 2017 ਤੋਂ ‘ਵਾਰਨਿੰਗ’ ਤੇ ‘ਐਲਰਟ’ ਜਾਰੀ ਕਰ ਚੁੱਕਿਆ ਹੈ ਕਿ ਹੁਣ ਕੋਕੀਨ ਦੇ ਵਿੱਚ ਫੈਂਟਾਨਿਲ ਮਿਲਿਆ ਨਸ਼ਾ ਦੁਨੀਆ ਭਰ ਵਿੱਚ ਵੇਚਿਆ ਜਾ ਰਿਹਾ ਹੈ। ਪਹਿਲਾਂ ਫੈਂਟਾਨਿਲ ਹੈਰੋਇਨ ਵਿੱਚ ਪਾ ਕੇ ਵੇਚੀ ਜਾ ਰਹੀ ਸੀ, ਜਿਸ ਨਾਲ ਅਣਗਿਣਤ ਮੌਤਾਂ ਹੋ ਗਈਆਂ ਤੇ ਬਣਾਉਣ ਵਾਲਿਆਂ ਲਈ ਸਖ਼ਤ ਸਜ਼ਾਵਾਂ ਵੀ ਨਿਰਧਾਰਤ ਕਰ ਦਿੱਤੀਆਂ ਗਈਆਂ। ਸਖ਼ਤੀ ਕਾਰਨ ਨਸ਼ਾ ਬਣਾਉਣ ਤੇ ਵੇਚਣ ਵਾਲਿਆਂ ਨੇ ਹੈਰੋਇਨ ਦੀ ਥਾਂ ਕੋਕੀਨ ਵਿੱਚ ਫੈਂਟਾਨਿਲ ਮਿਲਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ।  ਸੰਨ 2016 ਵਿਚਲੀਆਂ 37 ਫੀਸਦੀ ਮੌਤਾਂ ਫੈਂਟਾਨਿਲ ਸਦਕਾ ਹੋਈਆਂ ਸਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਉਮਰ ਕੈਦ ਵੀ ਦਿੱਤੀ ਗਈ ਸੀ।  ਸੰਨ 2015 ਨਾਲੋਂ 2016 ਦਾ ਇਹ ਵਾਧਾ 11 ਫੀਸਦੀ ਹੋਇਆ ਸੀ ਜਦਕਿ ਹੁਣ 52 ਫੀਸਦੀ ਹੋ ਚੁੱਕਿਆ ਹੈ। ਨਿਊਯਾਰਕ ਵਿੱਚ 2017 ਵਿੱਚ 1300 ਮੌਤਾਂ ਫੈਂਟਾਨਿਲ ਵਾਲੀ ਕੋਕੀਨ ਨਾਲ ਹੋਈਆਂ, ਜੋ ਗਿਣਤੀ 44 ਫੀਸਦੀ ਤੱਕ ਪਹੁੰਚ ਗਈ ਦੱਸੀ ਸੀ। ਉੱਥੇ ਸਖ਼ਤਾਈ ਹੋਣ ਬਾਅਦ ਹੁਣ ਇਹ ਨਸ਼ਾ ਦੁਨੀਆ ਦੇ ਬਾਕੀ ਹਿੱਸਿਆਂ ਵੱਲ ਧੱਕ ਦਿੱਤਾ ਗਿਆ ਹੈ।

2018 ਵਿੱਚ ਹੁਣ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਫੈਂਟਾਨਿਲ ਨੂੰ ਹੈਰੋਇਨ, ਕੈਟਾਮੀਨ ਤੇ ਮੀਥਾਈਲ ਐਮਫੈਟਾਮੀਨ ਵਿੱਚ ਵੀ ਮਿਲਾ ਦਿੱਤਾ ਗਿਆ ਹੈ। ਇਸੇ ਲਈ ਜੇ ਤੁਰੰਤ ਨਸ਼ੇ ਦੇ ਵਪਾਰੀਆਂ ਨੂੰ ਨੱਥ ਨਾ ਪਾਈ ਗਈ ਤਾਂ ਨੌਜਵਾਨ ਮੌਤਾਂ ਦੇ ਢੇਰ ਲੱਗ ਜਾਣੇ ਹਨ।

10. ਸਿੰਥੈਟਿਕ ਅਫੀਮ :-

‘ਗਰੇ ਡੈੱਥ’ ਨਾਂ ਹੇਠ ਵਿਕ ਰਹੀ ਸਿੰਥੈਟਿਕ ਅਫ਼ੀਮ ਛੋਟੇ ਜਿਹੇ ਪੱਥਰ ਜਾਂ ਪਾਊਡਰ ਦੀ ਸ਼ਕਲ ਵਿੱਚ ਮਿਲਦੀ ਹੈ। ਇਹ ਹੈਰੋਇਨ ਤੋਂ ਕਈ ਗੁਣਾਂ ਜ਼ਿਆਦਾ ਅਸਰ ਵਿਖਾਉਂਦੀ ਹੈ।

ਅਫ਼ਗਾਨਿਸਤਾਨ ’ਚ ਇਸ ਵਿੱਚ ਕਈ ਤਰ੍ਹਾਂ ਦੇ ਰਲੇਵੇਂ ਕੀਤੇ ਜਾਂਦੇ ਹਨ। ਵੱਖੋ-ਵੱਖ ਵਪਾਰੀ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਰਲ਼ਾ ਦਿੰਦੇ ਹਨ ਜਿਸ ਨਾਲ ਅਲੱਗ ਤਰ੍ਹਾਂ ਦਾ ਨਸ਼ਾ ਚੜ੍ਹੇ। ਇਹ ਟੀਕਿਆਂ ਰਾਹੀਂ, ਗੋਲੀ, ਸੁੰਘਣ ਵਾਲਾ ਪਾਊਡਰ ਜਾਂ ਸਿਗਰਟ ਵਿੱਚ ਪਾ ਕੇ ਲਿਆ ਜਾਂਦਾ ਹੈ। ਹੁਣ ਤੱਕ ਲੈਬਾਰਟਰੀਆਂ ਵਿੱਚ ਤਿੰਨ ਕਿਸਮ ਦੇ ਰਲੇਵੇਂ ਲੱਭੇ ਜਾ ਚੁੱਕੇ ਹਨ-ਯੂ 47700, ਹੈਰੋਇਨ ਤੇ ਫੈਂਟਾਨਿਲ। ਇਸ ਦੀ ਵਰਤੋਂ ਨਾਲ ਹੋਈਆਂ ਮੌਤਾਂ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ ਹੈ।

11. ਗੁਲਾਬੋ :-

ਗੁਲਾਬੀ ਜਾਂ ਗੁਲਾਬੋ ਦੇ ਨਾਂ ਨਾਲ ਮਸ਼ਹੂਰ ਨਸ਼ੇ ਨਾਲ ਸੰਨ 2016 ਵਿੱਚ ਅਮਰੀਕਾ ਵਿੱਚ 50 ਮੌਤਾਂ ਹੋਈਆਂ। ਬੈਨ ਲੱਗ ਜਾਣ ਬਾਅਦ ਇਹ ਨਸ਼ਾ ਹੁਣ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਵੇਚਿਆ ਜਾਣ ਲੱਗ ਪਿਆ ਹੈ। ਸੰਨ 2017 ਵਿੱਚ ਨਿਊਯਾਰਕ ਵਿੱਚ 31 ਤੇ ਨਾਰਥ ਕੈਰੋਲੀਨਾ ਵਿੱਚ 10 ਨੌਜਵਾਨ ਮੌਤਾਂ ਇਸੇ ਨਸ਼ੇ ਕਰ ਕੇ ਹੋਈਆਂ। ਪਾਊਡਰ ਤੇ ਗੋਲੀਆਂ ਦੀ ਸ਼ਕਲ ਵਿੱਚ ਵੇਚਿਆ ਜਾ ਰਿਹਾ ਇਹ ਨਸ਼ਾ ਬਿਲਕੁਲ ਸਿਰ ਪੀੜ ਦੀ ਦਵਾਈ ਨਾਲ ਮਿਲਦਾ ਜੁਲਦਾ ਹੈ। ਦਵਾਈ ਦੇ ਤੌਰ ’ਤੇ ਵਰਤੀ ਜਾਂਦੀ ਅਫ਼ੀਮ ਦੀ ਸ਼ਕਲ ਬਣਾ ਕੇ ਹੁਣ ਇਹ ਬਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ। ਓਕਸੀਕੋਡੋਨ ਵਰਗੀ ਸ਼ਕਲ ਬਣਾ ਕੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਵੀ ਰਖਵਾ ਦਿੱਤਾ ਗਿਆ ਹੈ। ਗੁਲਾਬੋ; ਮੌਰਫ਼ੀਨ ਤੋਂ ਪੰਜਾਹ ਗੁਣਾਂ ਵੱਧ ਨਸ਼ਾ ਕਰਦੀ ਹੈ। ਚੀਨ ਵਿੱਚੋਂ ਅਮਰੀਕਾ ਵਿੱਚ ਪਹੁੰਚਾਇਆ ਜਾ ਰਿਹਾ ਨਸ਼ਾ ਹੁਣ ਹੈਰੋਇਨ ਤੇ ਫੈਂਟਾਨਿਲ ਮਿਲਾ ਕੇ ਵੇਚਿਆ ਜਾਣ ਲੱਗ ਪਿਆ ਹੈ, ਜਿਸ ਸਦਕਾ ਮੌਤਾਂ ਵਿੱਚ ਵਾਧਾ ਹੋ ਗਿਆ ਹੈ। ਇਸ ਦਾ ਨਾਂ ਪਾਊਡਰ ਦੇ ਗੁਲਾਬੀ ਰੰਗ ਸਦਕਾ ਪੈ ਚੁੱਕਿਆ ਹੈ। ਇੰਟਰਨੈੱਟ ਉੱਤੇ ਇਸ ਨੂੰ ‘‘ਖੋਜ ਆਧਾਰਤ ਕੈਮੀਕਲ’’ ਨਾਂ ਹੇਠ ਵੀ ਵੇਚਿਆ ਜਾ ਰਿਹਾ ਹੈ।

12. ਕਾਰਫੈਂਟਾਨਿਲ :-

ਡਰੱਗ ਐਨਫੋਰਸਮੈਂਟ ਐਡਮਿਨਿਸਟਰੇਸ਼ਨ ਵੱਲੋਂ ਜਾਰੀ ਕੀਤੀ ਚੇਤਾਵਨੀ ਸਪਸ਼ਟ ਕਰਦੀ ਹੈ ਕਿ ਇਹ ਨਸ਼ਾ ਮਨੁੱਖੀ ਵਰਤੋਂ ਲਈ ਨਹੀਂ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ ਖ਼ਤਰਨਾਕ ਨਸ਼ਾ ਸਾਬਤ ਹੋ ਚੁੱਕਿਆ ਹੈ। ਮੌਰਫੀਨ ਨਾਲੋਂ 10,000 ਗੁਣਾ ਵੱਧ ਤੇਜ਼ ਇਸ ਨਸ਼ੇ ਦੀ ਵਰਤੋਂ ਨਾਲ ਦੁਨੀਆ ਭਰ ਵਿੱਚ ਅਨੇਕ ਮੌਤਾਂ ਹੋ ਚੁੱਕੀਆਂ ਹਨ। ਕਾਰਫੈਂਟਾਨਿਲ ਸਿਰਫ਼ ਜਾਨਵਰਾਂ, ਖ਼ਾਸ ਕਰ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤਿਆ ਜਾਂਦਾ ਹੈ। ਫਲੋਰੀਡਾ ਦੇ ਮੈਡੀਕਲ ਰੀਸਰਚ ਲੈਬਾਰਟਰੀ ਨੇ ‘ਵਾਰਨਿੰਗ’ ਜਾਰੀ ਕਰਦਿਆਂ ਦੱਸਿਆ ਹੈ ਕਿ ਨਸ਼ੇ ਦੇ ਵਪਾਰੀਆਂ ਨੇ ਕਾਰਫੈਂਟਾਨਿਲ ਵਿੱਚ ਹੈਰੋਇਨ ਤੇ ਅਫ਼ੀਮ ਮਿਲਾ ਕੇ ਨਸ਼ੇੜੀਆਂ ਨੂੰ ਸੜਕਾਂ ਉੱਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ।

13. ਫੈਂਟਾਨਿਲ ਵਿਚਲੀ ਮਿਲਾਵਟ :-

ਹੈਲਥ ਐਲਰਟ ਨੈੱਟਵਰਕ ਰਾਹੀਂ ਇਹ ਜਾਣਕਾਰੀ ਦੁਨੀਆ ਭਰ ਵਿੱਚ ਪਹੁੰਚਾਈ ਗਈ ਹੈ ਕਿ ਫੈਂਟਾਨਿਲ, ਜੋ ਬੇਹੋਸ਼ੀ ਦੀ ਦਵਾਈ ਹੈ ਅਤੇ ਹੈਰੋਇਨ ਤੋਂ 50 ਗੁਣਾ ਤੇਜ਼ ਹੈ, ਵਿੱਚ ਹੈਰੋਇਨ ਮਿਲਾ ਕੇ ਇੰਡੀਆਨਾ, ਓਹੀਓ ਤੇ ਭਾਰਤ ਵਿੱਚ ਵੇਚੀ ਜਾ ਰਹੀ ਹੈ। ਓਕਸੀਕੌਨਟਿਨ, ਜ਼ੈਨੇਕਸ, ਨੌਰਕੋ ਦੇ ਨਾਂ ਹੇਠ ਇਹ ਗੋਲੀਆਂ ਧੜਾਧੜ ਵਿਕ ਰਹੀਆਂ ਹਨ ਤੇ ਅਨੇਕ ਮੌਤਾਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।

ਫੈਂਟਾਨਿਲ ਨਾਲ ਖ਼ੁਰਕ, ਜੀਅ ਕੱਚਾ, ਉਲਟੀ, ਸਾਹ ਦਾ ਰੁਕਣਾ, ਮੌਤ ਹੋਣੀ ਵੇਖੇ ਗਏ ਹਨ। ਜੇ ਇਸ ਵਿੱਚ ਹੋਰ ਨਸ਼ਿਆਂ ਦੀ ਮਿਲਾਵਟ ਹੋ ਜਾਏ ਤਾਂ ਓਵਰਡੋਜ਼ ਨਾਲ ਮੌਤ ਲਗਭਗ ਯਕੀਨੀ ਹੋ ਜਾਂਦੀ ਹੈ। ਇਸ ਨਾਲ ਮੂੰਹ ਵਿੱਚੋਂ ਝੱਗ ਨਿਕਲਣੀ ਤੇ ਦੌਰੇ ਪੈਂਦੇ ਵੀ ਵੇਖੇ ਗਏ ਹਨ। ਆਮ ਦਵਾਈਆਂ ਦੀਆਂ ਦੁਕਾਨਾਂ ਉੱਤੇ ਫੈਂਟਾਨਿਲ ਨੂੰ ਪੀੜ ਘਟਾਉਣ ਦੀ ਦਵਾਈ ਕਹਿ ਕੇ ਜਾਂ ਸੌਣ ਦੀ ਦਵਾਈ ਕਹਿ ਕੇ ਵੇਚਿਆ ਜਾ ਰਿਹਾ ਹੈ।

ਭੰਗ ਤੇ ਅਫ਼ੀਮ ਵਿੱਚ ਅੱਜ ਕੱਲ੍ਹ ਏਨੀ ਮਿਲਾਵਟ ਵੇਖਣ ਨੂੰ ਮਿਲ ਰਹੀ ਹੈ, ਜੋ ਪੋਸਟ ਮਾਰਟਮ ਰਿਪੋਰਟਾਂ ਰਾਹੀਂ ਸਾਹਮਣੇ ਆ ਰਹੀ ਹੈ। ਮੈਰੀਯੂਆਨਾ ਨੂੰ ਵੇਚਣ ਲਈ ਵਰਤੇ ਜਾਂਦੇ ਨਾਂ ਹਨ-ਏ. ਕੇ. 47, ਗੀਕਡ ਅੱਪ, ਰੈੱਡ ਜਾਇੰਟ, ਬੈਡ ਗਾਏ, ਟਰਿੱਪੀ, ਆਈਸ ਡਰੈਗਨ, ਕਿੱਕ, ਫੇਕ ਵੀਡ, ਹਰਬਲ ਖ਼ੁਸ਼ਬੋ, ਆਦਿ।

14. ਲੋਪੈਰਾਮਾਈਡ :-

ਟੱਟੀਆਂ ਰੋਕਣ ਲਈ ਵਰਤੀ ਜਾਂਦੀ ਇਹ ਦਵਾਈ ਆਈਮੋਡੀਅਮ, ਮਾਲੋਕਸ, ਕੇਓਪੈਕਟੇਟ ਨਾਂ ਹੇਠ ਦਵਾਈਆਂ ਦੀਆਂ ਦੁਕਾਨਾਂ ਤੋਂ ਆਮ ਹੀ ਖ਼ਰੀਦ ਕੇ ਵਰਤੀ ਜਾਂਦੀ ਹੈ। ਨੀਮ ਹਕੀਮ ਤੇ ਪਿੰਡਾਂ ਵਿੱਚ ਬੈਠੇ ਝੋਲਾਛਾਪ ਡਾਕਟਰ ਇਸ ਦਵਾਈ ਦੀ ਵਰਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਹਰ ਮਹੀਨੇ ਧੜਾਧੜ ਕਰ ਰਹੇ ਹਨ। ਗੋਲੀ, ਕੈਪਸੂਲ ਤੇ ਪੀਣ ਦੀ ਦਵਾਈ ਦੀ ਸ਼ਕਲ ਵਿੱਚ ਇਹ ਮਿਲਦੀ ਹੈ। ਨਸ਼ਾ ਕਰਨ ਵਾਲੇ ਇਸ ਦੀ ਚਾਰ ਗੁਣਾ ਮਾਤਰਾ ਵਰਤ ਕੇ ‘ਹਾਈ’ ਮਹਿਸੂਸ ਕਰ ਲੈਂਦੇ ਹਨ। ਇਸੇ ਲਈ ਇਸ ਦਾ ਨਾਂ ਆਮ ਤੌਰ ਉੱਤੇ ‘ਹਵਾ ਹਵਾਈ’ ਹੀ ਕਹਿ ਕੇ ਹੋਸਟਲਾਂ ਦੇ ਬੱਚੇ ਵਰਤ ਰਹੇ ਹਨ। ਵਾਧੂ ਮਾਤਰਾ ਵਿੱਚ ਵਰਤਣ ਨਾਲ ਬੇਹੋਸ਼ੀ, ਕਬਜ਼, ਢਿੱਡ ਪੀੜ, ਧੜਕਣ ਵਧਣੀ, ਦਿਲ ਦੀ ਧੜਕਣਾ ਰੁਕ ਜਾਣਾ, ਪੁਤਲੀ ਦਾ ਫੈਲਣਾ, ਗੁਰਦੇ ਫੇਲ੍ਹ ਹੋਣੇ, ਪਿਸ਼ਾਬ ਬੰਦ ਹੋ ਜਾਣਾ, ਘਬਰਾਹਟ, ਉਲਟੀਆਂ, ਆਦਿ ਵੇਖਣ ਵਿੱਚ ਆਉਂਦੇ ਹਨ। ਇਸ ਦਾ ਨਸ਼ਾ ਕਰਨ ਵਾਲੇ ਨੂੰ ਜੇ ਦਵਾਈ ਨਾ ਮਿਲੇ ਤਾਂ ਬਹੁਤ ਜ਼ਿਆਦਾ ਟੱਟੀਆਂ ਲੱਗ ਸਕਦੀਆਂ ਹਨ ਤੇ ਘਬਰਾਹਟ ਨਾਲ ਤ੍ਰੇਲੀਆਂ ਵੀ ਆ ਸਕਦੀਆਂ ਹਨ ਅਤੇ ਜਾਨ ਨੂੰ ਖ਼ਤਰਾ ਵੀ ਹੋ ਜਾਂਦਾ ਹੈ।

15. ਓਪਾਨਾ ਅਤੇ ਏਡਜ਼ :-

ਇੰਡੀਆਨਾ ਵਿੱਚ ਏਡਜ਼ ਦੇ ਮਰੀਜ਼ਾਂ ਵਿੱਚ ਸਾਲ 2015 ਵਿੱਚ ਇਕਦਮ ਹੋਏ ਵਾਧੇ ਸਦਕਾ ਖੋਜ ਕਰਦਿਆਂ ਇਹ ਪਤਾ ਲੱਗਿਆ ਕਿ ਪੀੜ ਘਟਾਉਣ ਵਾਲੀ ਤੇਜ਼ ਦਵਾਈ ‘ਓਪਾਨਾ’ ਨੂੰ ਨਸਾਂ ਵਿੱਚ ਲਾਉਣ ਲਈ ਸਾਂਝੀ ਵਰਤੀ ਸੂਈ ਸਦਕਾ ਹੋਇਆ ਸੀ।

16. ਮੋਜੋ, ਕਲਾਊਡ 9, ਭੰਗ ਮਿਸ਼ਰਣ :-

ਇਨ੍ਹਾਂ ਨੂੰ ‘ਡੀਜ਼ਾਈਨਰ ਡਰੱਗਸ’ ਨਾਂ ਦਿੱਤਾ ਗਿਆ ਹੈ। ‘ਸਿੰਥੈਟਿਕ ਪੌਟ’ ਜਾਂ ‘ਸਿੰਥੈਟਿਕ ਮੈਰੀਯੂਆਨਾ’ ਦੇ ਨਾਂ ਹੇਠ ਵਿਕਣ ਵਾਲੇ ਨਸ਼ੇ ਕਈ ਵਾਰ ‘ਸਕੂਬੀ ਸਨੈਕਸ’, ‘ਕਰਾਊਨ’, ‘ਰਿਲੈਕਸ’ ਕਹਿ ਕੇ ਹੁੱਕਾ ਪੈੱਨ, ਈ-ਸਿਗਰਟ ਜਾਂ ਅੱਖਾਂ ਵਿੱਚ ਪਾਉਣ ਵਾਲੇ ਆਈ ਡਰਾਪਸ ਦੀ ਸ਼ਕਲ ਵਿੱਚ ਵੇਚੇ ਜਾਂਦੇ ਹਨ। ਇਹ ਨਸ਼ਾ ਇਸ ਲਈ ‘ਬੈਨ’ ਕੀਤਾ ਗਿਆ ਕਿਉਂਕਿ ਇਸ ਨਾਲ ਬਹੁਤ ਜ਼ਿਆਦਾ ਘਬਰਾਹਟ, ਲੜਾਈ, ਮਾਰ ਕੁਟਾਈ, ਕਤਲ ਕਰਨਾ, ਧੜਕਨ ਦਾ ਵਧਣਾ, ਬਲੱਡ ਪ੍ਰੈੱਸ਼ਰ ਵਧਣਾ, ਉਲਟੀਆਂ, ਪੱਠਿਆਂ ਵਿੱਚ ਖਿੱਚ, ਦੌਰੇ ਪੈਣੇ, ਖ਼ੁਦਕੁਸ਼ੀ ਕਰਨੀ, ਮਨੋ-ਭਰਮ ਪਾਲਣਾ, ਹਮਲਾ ਕਰਨਾ, ਮਨੋਰੋਗੀ ਹੋਣਾ, ਮਾੜੇ ਸੁਫ਼ਨੇ ਆਉਣੇ, ਆਦਿ ਅਨੇਕ ਮਾੜੇ ਲੱਛਣ ਦਿਸਣ ਲੱਗ ਪਏ ਸਨ ਤੇ ਜੁਰਮ ਵਿੱਚ ਕਈ ਗੁਣਾਂ ਵਾਧਾ ਹੋ ਗਿਆ ਸੀ। ਨਸ਼ੇ ਦੀ ਲਤ ਚਾਲੂ ਰੱਖਣ ਲਈ ਲੁੱਟਾਂ-ਖੋਹਾਂ, ਕਤਲ ਤੇ ਆਪਸੀ ਤਅੱਲਕਾਤ ਬਹੁਤ ਜ਼ਿਆਦਾ ਵਿਗੜਨ ਦੇ ਕੇਸ ਸਾਹਮਣੇ ਆਉਣ ਲੱਗ ਪਏ ਸਨ। ਵਿਆਹੁਤਾ ਰਿਸ਼ਤੇ ਤਿੜਕ ਰਹੇ ਸਨ ਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਸੀ। ਇਸੇ ਲਈ ਸੰਨ 2018 ਵਿੱਚ ਇਨ੍ਹਾਂ ਨਸ਼ਿਆਂ ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

ਇਹ ਸਭ ਚੇਤਾਵਨੀਆਂ ਇਸ ਲਈ ਵਿਸ਼ਵ ਪੱਧਰ ਉੱਤੇ ਜਾਰੀ ਕਰਨੀਆਂ ਪਈਆਂ ਕਿਉਂਕਿ ਕਈ ਹਜ਼ਾਰਾਂ-ਖਰਬਾਂ ਦਾ ਨਸ਼ਿਆਂ ਦਾ ਕਾਰੋਬਾਰ ਪੂਰੀ ਦੁਨੀਆ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਸਿਰਫ਼ ਨੌਜਵਾਨ ਹੀ ਨਹੀਂ, ਉਨ੍ਹਾਂ ਦੇ ਟੱਬਰਾਂ ਦੇ ਜੀਅ ਅਤੇ ਆਲੇ-ਦੁਆਲੇ ਵਸਦੇ ਆਮ ਬੇਦੋਸੇ ਲੋਕ, ਜੋ ਸਿਰਫ਼ ਪੈਸੇ ਦੀ ਲੋੜ ਸਦਕਾ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਰਹੇ ਹਨ। ਨਾਬਾਲਗ ਬੱਚੀਆਂ ਇਨ੍ਹਾਂ ਸਦਕਾ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਇਕੱਲੇ ਰਹਿੰਦੇ ਬਜ਼ੁਰਗ ਪੈਸੇ ਕਰ ਕੇ ਕਤਲ ਕੀਤੇ ਜਾ ਰਹੇ ਹਨ ਤੇ ਪੂਰਾ ਸਮਾਜ ਗੰਧਲਾ ਹੋਣ ਦੇ ਡਰੋਂ ਹੀ ਇਹ ਜਾਣਕਾਰੀ ਦੇਣ ਦੀ ਲੋੜ ਪਈ ਹੈ।

ਇਸ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਦੇ ਉੱਚ ਪੱਧਰੀ ਤਅੱਲਕ ਹੀ ਇਸ ਕਾਰੋਬਾਰ ਨੂੰ ਕਿਸੇ ਪਾਸਿਓਂ ਘੱਟਣ ਨਹੀਂ ਦੇ ਰਹੇ ਤੇ ਨੌਜਵਾਨਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾਈ ਜਾ ਰਹੇ ਹਨ। ਇਹ ਖਦਸ਼ਾ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤਾ ਜਾ ਰਿਹਾ ਹੈ ਕਿ ਜੇ ਭੰਗ ਦੀ ਖੇਤੀ ਆਮ ਹੋ ਗਈ ਤਾਂ ਮਿਲਾਵਟ ਕਰਨ ਵਾਲਿਆਂ ਦੀ ਪੌਂ ਬਾਰਾਂ ਹੋ ਜਾਣੀ ਹੈ ਤੇ ਨੌਜਵਾਨਾਂ ਦੀਆਂ ਲਾਸ਼ਾਂ ਦੀ ਗਿਣਤੀ ਕਰਨੀ ਔਖੀ ਹੋ ਜਾਣੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਹਟਾਉਣਾ ਫਿਰ ਮੁੜ ਅਹੁਦੇ ਉਤੇ ਬਹਾਲ ਕਰਨ ਦੇ ਕਾਰਨ ਦੱਸੇ ਜਾਣ :

0

ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਅਹੁੱਦੇ ਤੋਂ ਹਟਾਏ ਜਾਣ ਅਤੇ ਹੁਣ ਮੁੜ ਬਹਾਲ ਕੀਤੇ ਜਾਣ ਦੇ ਕਾਰਨ ਦੱਸੇ ਜਾਣ:

ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਸਿਆਸਤ ਤੋਂ ਮੁਕਤ ਬਣਾਉਣਾ ਯਕੀਨੀ ਬਣਾਇਆ ਜਾਵੇ: ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ

ਬਠਿੰਡਾ, 26 ਅਗਸਤ (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਰਮ ਪ੍ਰਚਾਰ ਦੇ ਕਾਰਜ ਵਿੱਚ ਜੁਟੀਆਂ ਸਿੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਅੱਜ ਸਥਾਨਿਕ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਸਾਂਝੀ ਇਕੱਤਰਤਾ ਵਿੱਚ ਸਰਬ ਸਾਂਝੇ ਫ਼ੈਸਲੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਗਿਆ ਕਿ ਉਹ ਗਿਆਨੀ ਗੁਰਮੁਖ ਸਿੰਘ ਨੂੰ ਅਹੁੱਦੇ ਤੋਂ ਪਹਿਲਾਂ ਹਟਾਏ ਜਾਣ ਅਤੇ ਹੁਣ ਦੁਬਾਰਾ ਲਾਏ ਜਾਣ ਦੇ ਕਾਰਨ ਸਿੱਖ ਕੌਮ ਅੱਗੇ ਸਪਸ਼ਟ ਕਰੇ। ਪ੍ਰੈੱਸ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਤੀ ਇਹ ਧਾਰਨਾ ਬਣੀ ਹੋਈ ਹੈ ਕਿ ਬਾਦਲ ਦਲ ਦੀਆਂ ਖਾਹਸ਼ਾਂ ’ਤੇ ਪੂਰਾ ਨਾ ਉਤਰਨ ਵਾਲੇ ਜਥੇਦਾਰ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਆਪਣੇ ਕਠਪੁਤਲੀ ਬਣਨ ਵਾਲੇ ਨੂੰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਅਕਾਲ ਤਖ਼ਤ ’ਤੇ ਬਾਦਲ ਦਲ ਵੱਲੋਂ ਮਨਮਾਨੇ ਢੰਗ ਨਾਲ ਨਿਯੁਕਤ ਕੀਤੇ ਜਾਂਦੇ ਜਥੇਦਾਰਾਂ ਅਤੇ ਉਨ੍ਹਾਂ ਦੇ ਇੱਕ ਪਾਸੜ ਫ਼ੈਸਲਿਆਂ ਕਾਰਨ ਸਿੱਖ ਕੌਮ ਦਾ ਅਕਾਲ ਤਖ਼ਤ ਤੋਂ ਵਿਸ਼ਵਾਸ ਉੱਠ ਜਾਣ ਅਤੇ ਬਾਗੀ ਹੋ ਜਾਣ ਦੇ ਵਧ ਰਹੇ ਰੁਝਾਨ ਲਈ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਚੰਦ ਵੋਟਾਂ ਕਾਰਨ ਸਿਰਸਾ ਡੇਰਾ ਮੁਖੀ ਨੂੰ ਮੁਆਫ਼ ਕਰਨ ਵਾਲਾ ਹੁਕਮਨਾਮਾ ਜਾਰੀ ਕਰਵਾਉਣਾ; ਗਿਆਨੀ ਗੁਰਮੁਖ ਸਿੰਘ ਵੱਲੋਂ ਮੁਆਫ਼ੀ ਵਾਲਾ ਹੁਕਮਨਾਮਾ ਜਾਰੀ ਕਰਨ ਪਿੱਛੇ ਬਾਦਲ ਪਿਉ ਪੁੱਤਰ ਵੱਲੋਂ ਪਾਏ ਗਏ ਦਬਾਅ ਦਾ ਪਰਦਾ ਫਾਸ਼ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਤੁਰੰਤ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਦੋਵਾਂ ਅਹੁਦਿਆਂ ਤੋਂ ਹਟਾ ਦੇਣਾ; ਹੁਣ ਚੁੱਪ ਚੁਪੀਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਪਦ ’ਤੇ ਮੁੜ ਬਹਾਲ ਕਰ ਦੇਣਾ ਅਤੇ ਇਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਦੇ ਛੋਟੇ ਭਰਾ ਤੇ ਸਾਬਕਾ ਗ੍ਰੰਥੀ/ਪੀ. ਏ. ਭਾਈ ਹਿੰਮਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੇ ਜਸਟਿਸ ਰਣਜੀਤ ਸਿੰਘ ਅੱਗੇ ਆਪਣੇ ਪਹਿਲੇ ਦਿੱਤੇ ਬਿਆਨ ਤੋਂ ਮੁੱਕਰ ਜਾਣ ਦੀਆਂ ਘਟਨਾਵਾਂ ਨੂੰ ਜੇ ਕਰ ਲੜੀਵਾਰ ਤਰਤੀਬ ਦੇ ਕੇ ਵੇਖਿਆ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਜਥੇਦਾਰਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰ ਕੇ ਸਾਰੇ ਹੁਕਮਨਾਮੇ ਬਾਦਲ ਪਰਿਵਾਰ ਦੀਆਂ ਸਿਆਸੀ ਲਾਲਸਾਵਾਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਜਾਂਦੇ ਹਨ। ਇਸ ਲਈ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜ ਵਿਧੀ ’ਚ ਸਿੱਖਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਅਹੁਦੇ ਤੋਂ ਹਟਾਏ ਜਾਣ ਅਤੇ ਹੁਣ ਮੁੜ ਬਹਾਲ ਕੀਤੇ ਜਾਣ ਦੇ ਕਾਰਨ ਕੌਮ ਅੱਗੇ ਸਪਸ਼ਟ ਕਰੇ ਅਤੇ ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਸਿਆਸਤ ਤੋਂ ਮੁਕਤ ਕਰਨਾ ਯਕੀਨੀ ਬਣਾਵੇ।

ਅਕਾਲ ਤਖ਼ਤ ਦੀ ਦੁਰਵਰਤੋਂ ਦੀ ਦੂਸਰੀ ਉਘੜਵੀਂ ਮਿਸਾਲ ਇਹ ਹੈ ਕਿ ਬੇਅਦਬੀ ਕਾਂਡ ਦੀ ਸਚਾਈ ਸਾਹਮਣੇ ਲਿਆਉਣ ਵਾਲੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਕਾਂਗਰਸੀ ਸਰਕਾਰ ਦੀ ਰਿਪੋਰਟ ਸਿੱਧ ਕਰਨ ਦੇ ਨਿਸਫਲ ਯਤਨ ਕਰਦਿਆਂ ਬਾਦਲ ਦਲ ਵੱਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਦੀ ਤਿਆਰੀ ਵਿੱਚ ਉਸ ਵਿਰੁਧ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਸ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਅਕਾਲ ਤਖ਼ਤ ’ਤੇ ਹਮਲਾ ਕਰਨ ਸਮੇਂ ਇੰਦਰਾ ਗਾਂਧੀ ਦੀ ਸ਼ਾਲਾਘਾ ਕੀਤੀ ਸੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਮੁਥਾਜ ਲਈ ਗੁਰਬਾਣੀ ਦੀ ਤ੍ਰੋੜ ਮ੍ਰੋੜ ਕੇ ਵਰਤਿਆ ਇਸ ਲਈ ਉਸ ਵਿਰੁਧ ਕਾਰਵਾਈ ਕੀਤੀ ਜਾਵੇ। ਜਥੇਦਾਰ ਨੇ ਵੀ ਝੱਟ ਬਿਆਨ ਦੇ ਦਿੱਤਾ ਕਿ ਗੁਰਬਾਣੀ ਦੀ ਗ਼ਲਤ ਵਰਤੋਂ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਐਸੀਆਂ ਸ਼ਿਕਾਇਤਾਂ ਕਰਨ ਵਾਲੇ ਅਤੇ ਫ਼ੈਸਲੇ ਕਰਨ ਦੇ ਅਧਿਕਾਰੀ ਬਣੇ ਜਥੇਦਾਰ ਦੋਵੇਂ ਹੀ ਇਹ ਭੁੱਲ ਜਾਂਦੇ ਹਨ ਕਿ 1984 ਦੇ ਹਮਲੇ ਨੂੰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਸਿਰਫ਼ ਜਾਇਜ਼ ਹੀ ਨਹੀਂ ਕਿਹਾ ਸੀ ਬਲਕਿ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਕਿ ਉਸ ਨੇ ਇੰਦਰਾ ਗਾਂਧੀ ਨੂੰ ਖੁਦ ਮਿਲ ਕੇ ਇਹ ਕਾਰਵਾਈ ਕਰਨ ਲਈ ਤਿਆਰ ਕੀਤਾ ਸੀ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਸਥਾਪਨਾ ਦਿਵਸ ਮੌਕੇ ਉੱਥੇ ਸੱਦੇ ਗਏ ਸ਼੍ਰੀ ਸ਼੍ਰੀ ਰਵੀ ਸ਼ੰਕਰ (ਇੱਕ ਹਿੰਦੂ ਸੰਤ) ਮਹਿਮਾਨ ਨੇ ਗੁਰਬਾਣੀ ਵਿੱਚ ‘‘ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ, ਟੇਕ ਏਕ ਰਘੁਨਾਥ ॥’’ (ਮ: ੯/੧੪੨੯) ’ਚ ਦਰਜ ਸ਼ਬਦ ‘ਰਘੁਨਾਥ’ ਦੇ ਗ਼ਲਤ ਅਰਥ (ਅਕਾਲ ਪੁਰਖ ਦੀ ਬਜਾਇ) ਸ਼੍ਰੀ ਰਾਮ ਚੰਦਰ ਜੀ ਕਰ ਕੇ ਗੁਰਬਾਣੀ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਉਸ ਸਮੇਂ ਇਨ੍ਹਾਂ ਦੋਵੇਂ ਹਸਤੀਆਂ (ਅਡਵਾਨੀ ਤੇ ਸ਼੍ਰੀ ਸਰੀ ਰਵੀ ਸ਼ੰਕਰ) ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ? ਅਡਵਾਨੀ ਵੱਲੋਂ ਕਿਤਾਬ ਲਿਖੇ ਜਾਣ ਉਪਰੰਤ ਤਾਂ ਸਗੋਂ ਉਸ ਨੂੰ ਅਕਾਲੀ ਭਾਜਪਾ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਗੱਦੀ ’ਤੇ ਨਿਯੁਕਤੀ ਲਈ ਉਸ ਦੀ ਪੂਰ ਜੋਰ ਹਿਮਾਇਤ ਕੀਤੀ ਸੀ।  ਕੀ ਐਸੇ ਬੇਤੁਕੇ ਬਿਆਨ ਇਹ ਸਿੱਧ ਨਹੀਂ ਕਰ ਰਹੇ ਕਿ ਸਿੱਖਾਂ ਦੇ ਜਜ਼ਬਾਤਾਂ ਅਤੇ ਅਕਾਲ ਤਖ਼ਤ ਦੇ ਰੁਤਬੇ ਦੀ ਬਾਦਲ ਦਲ ਵਾਲੇ ਆਪਣੇ ਨਿੱਜੀ ਤੇ ਰਾਜਸੀ ਹਿਤਾਂ ਦੀ ਪੂਰਤੀ ਲਈ ਦੁਰਵਰਤੋਂ ਕਰ ਰਹੇ ਹਨ। ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਤੇ ਕੌਮ ਜਾਗ ਪਈ ਹੈ ਇਸ ਲਈ ਬਾਦਲ ਦਲ ਤੇ ਇਨ੍ਹਾਂ ਦੁਆਰਾ ਥਾਪੇ ਜਥੇਦਾਰਾਂ ਤੋਂ ਮੰਗ ਕਰਦੀ ਹੈ ਕਿ ਉਹ ਕੌਮ ਨੂੰ ਦੱਸੇ ਕਿ ਇਸ ਤਰ੍ਹਾਂ ਦੀਆਂ ਮਨਮਾਨੀਆਂ ਉਹ ਕਦੋਂ ਤੱਕ ਕਰਦੇ ਰਹਿਣਗੇ?

ਸਾਂਝੇ ਪ੍ਰੈੱਸ ਨੋਟ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਬਠਿੰਡਾ ਸ਼ਹਿਰ ਦੇ ਹੇਠ ਲਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਸਨ :

  1. ਗੁਰਮੀਤ ਸਿੰਘ ਪ੍ਰਧਾਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ
  2. ਕਿਰਪਾਲ ਸਿੰਘ ਗੁਰਮਤਿ ਪ੍ਰਚਾਰ ਸਭਾ
  3. ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਥਰਮਲ ਕਲੋਨੀ
  4. ਜਸਪਾਲ ਸਿੰਘ ਗ੍ਰੰਥੀ ਗੁਰਦੁਆਰਾ ਕੋਠੇ ਅਮਰਪੁਰਾ
  5. ਹਰਮੇਲ ਸਿੰਘ ਉਪ ਪ੍ਰਧਾਨ ਗੁਰਦੁਆਰਾ ਨੈਸ਼ਨਲ ਕਲੋਨੀ
  6. ਹਰਮਿੰਦਰ ਸਿੰਘ ਖਜਾਨਚੀ ਗੁਰਦੁਆਰਾ ਗੁਰੂ ਨਾਨਕਵਾੜੀ
  7. ਹਰਪਾਲ ਸਿਘ ਪ੍ਰਧਾਨ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ: 13
  8. ਪਰਮਜੀਤ ਸਿੰਘ ਸੇਖੋਂ ਪ੍ਰਧਾਨ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ
  9. ਡਾ: ਖੁਸ਼ਵਿੰਦਰ ਸਿੰਘ ਖਜਾਨਚੀ ਗੁਰਦੁਆਰਾ ਗੁਰੂ ਅਰਜੁਨ ਦੇਵ ਜੀ ਕੈਂਟ ਰੋਡ ਧੋਬੀਆਨਾ ਰੋਡ
  10. ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ 10ਵੀਂ ਧੋਬੀਆਨਾ ਨਗਰ
  11. ਅਮੋਲਕ ਸਿੰਘ ਸੈਕਟਰੀ, ਹਾਕਮ ਸਿੰਘ ਭੋਗਲ ਆਡੀਟਰ, ਸੁਰਿੰਦਰਪਾਲ ਸਿੰਘ ਬਰਾੜ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1
  12. ਗੁਰਤੇਜ ਸਿੰਘ ਗੁਰਦੁਆਰਾ ਗੁਰੂ ਕੀ ਨਗਰੀ
  13. ਕੈਪਟਨ ਮੱਲ ਸਿੰਘ ਪ੍ਰਧਾਨ ਗੁਰਦੁਆਰਾ ਭਾਈ ਮਤੀ ਦਾਸ ਨਗਰ
  14. ਜਗਰੂਪ ਸਿੰਘ ਮੈਂਬਰ ਗੁਰਦੁਆਰਾ ਸ਼੍ਰੀ ਕਲਗੀਧਰ ਮੁਲਤਾਨੀਆਂ ਰੋਡ
  15. ਰਾਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕਪੁਰਾ ਮਹੱਲਾ ਨੇੜੇ ਮੁਲਤਾਨੀਆ ਪੁਲ
  16. ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਗੋਬਿੰਦਪੁਰਾ ਹਾਜੀ ਰਤਨ ਮਹੱਲਾ
  17. ਮਹੇਸ਼ਇੰਦਰ ਸਿੰਘ ਵਾਈਸ ਪ੍ਰਧਾਨ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਨੇੜੇ ਸਟੇਡੀਅਮ
  18. ਮੇਜਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਬਾਬ ਨਾਮਦੇਵ ਭਵਨ ਨਾਮਦੇਵ ਮਾਰਗ
  19. ਪਰਵੀਨ ਸਿੰਘ ਪਰਵੀਨ ਸਿੰਘ ਗੁਰਦੁਆਰਾ ਭਾਈ ਮੱਖਨਸ਼ਾਹ ਲੁਬਾਣਾ
  20. ਗੁਰਦੀਪ ਸਿੰਘ ਪ੍ਰਧਾਨ, ਗੁਰਦਰਸ਼ਨ ਸਿੰਘ ਮਾਖਾ ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਜੋਗੀ ਨਗਰ
  21. ਹਰਵਿੰਦਰ ਸਿੰਘ ਐੱਮ. ਸੀ. ਅਤੇ ਪ੍ਰਧਾਨ ਗੁਰਦੁਆਰਾ ਗੋਪਾਲ ਨਗਰ
  22. ਅਵਤਾਰ ਸਿੰਘ ਪ੍ਰਧਾਨ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰ ਕਾਲਜ ਸਰਕਲ ਬਠਿੰਡਾ
  23. ਸੁਰਜੀਤ ਸਿੰਘ ਟੀਨਾ, ਮਲਕੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸਰਕਲ ਬਠਿੰਡਾ
  24. ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਕੇਸ਼ ਸਿੰਘ
  25. ਗੁਰਵਿੰਦਰ ਸਿੰਘ ਦਲ ਖ਼ਾਲਸਾ ਬਠਿੰਡਾ ਇਕਾਈ

ਕੌਣ ਕਹਿੰਦਾ ਅਸੀਂ ਧੂਤੇ ਹਾਂ ?

0

ਕੌਣ ਕਹਿੰਦਾ ਅਸੀਂ ਧੂਤੇ ਹਾਂ  ?

ਬਾਬਾ ਨਾਨਕ ਜਾਹ  !  ਅਸੀਂ ਨਹੀਂ ਸੁਣਨੀ ਤੇਰੀ ਮਿੱਠੀ ਬਾਣੀ।

ਸਾਨੂੰ ਤਾਂ ਬੱਸ ਚੰਗੀ ਲਗਦੀ, ਮਨ-ਘੜਤ ਗੱਪ ਕਹਾਣੀ।।

ਸੱਚ ਸੁਣਾ ਕੇ ਗੁਰੂ ਗ੍ਰੰਥ, ਬੰਦੇ ਨੂੰ ਅਕਾਲ ਦੇ ਲੜ ਲਾਉਂਦੇ ਨੇ।

ਸਾਨੂੰ ਚੰਗੇ ਲੱਗਦੇ ਗ੍ਰੰਥ, ਜਿਹੜੇ ਬੰਦੇ ਨੂੰ ਹੈਵਾਨ ਬਣਾਉਂਦੇ ਨੇ।।

ਗੁਰੂ ਡੰਮ੍ਹ ਨੂੰ ਵਧਾਏ ਜਿਹੜਾ, ਮੰਨਦੇ ਉਸ ਨੂੰ ਸਹੀ ਪ੍ਰਚਾਰ ਹਾਂ ।

ਜੋ ਪ੍ਰਚਾਰੇ ਬਾਣੀ ਗੁਰੂ ਗ੍ਰੰਥ ਦੀ, ਲਾਹੁੰਦੇ ਉਸ ਦੀ ਦਸਤਾਰ ਹਾਂ ।।

ਦੇਖਣ ਨੂੰ ਕਛਹਿਰਾ ਲੱਗੇ ਪਰ ਸਾਡੇ ਚੋਲ਼ੇ ਥੱਲੇ ਧੋਤੀ ਹੈ।

ਗੋਲ ਦੁਮਾਲੇ ਵਿੱਚ ਆਸਾਨੀ ਨਾਲ, ਲੁਕ ਜਾਂਦੀ ਸਾਡੀ ਬੋਦੀ ਹੈ।।

ਗੁਰ ਪੁਰਬ ਛੱਡ; ਮਨਾਈਏ ਅਸ਼ਟਮੀਆਂ, ਨਾਲੇ ਖੇਲੀਏ ਹੋਲੀ ਜੀ।

ਕਾਲ ਦੇ ਪੁਜਾਰੀ ਹਾਂ; ਦੁਰਗਾ, ਚੰਡੀ, ਭਗੌਤੀ ਸਾਡੇ ਬੇਲੀ ਜੀ।

ਵੱਖਰੀ ਮਰਯਾਦਾ ਚਲਾ ਕੇ, ਅਕਾਲ ਤਖ਼ਤ ਦੀ ਪ੍ਰਭੂਸੱਤਾ ਕਰਦੇ ਹਾਂ ਲੀਰੋ-ਲੀਰ।

ਬਿਪਰ ਦੇ ਦੱਸੇ ਕਰਮਕਾਂਡ ਨਿੱਤ ਕਰਦੇ,  ਬਿਪਰ ਹੀ ਸਾਡਾ ਗੁਰੂ ਪੀਰ ।।

ਸਾਡੀ ਗੁੰਡਾ-ਗਰਦੀ ਕਾਰਨ, ਹੁਣ ਕਿਸ ਨੇ ਦੀਵਾਨਾਂ ’ਚ ਹਾਜ਼ਰੀ ਭਰਨੀ ਹੈ ?

ਬੁੱਕਲ ਦੇ ਸੱਪ ਬਣ ਕੇ, ਗੁਰੂ ਗ੍ਰੰਥ ਦੀ ਬਾਣੀ ਦੂਜੇ ਨੰਬਰ ’ਤੇ ਕਰਨੀ ਹੈ।।

ਅੱਗੇ ਤਾਂ ਸਨ ਬਹੁਤ ਮੋਜਾਂ, ਗੋਲਕ ’ਤੇ ਹੁਣ ਚੜ੍ਹਾਵਾ ਘੱਟ ਚੜ੍ਹਨਾ ਹੈ।

ਸਿੱਖੀ ਦਾ ਬੇੜਾ ਗਰਕ ਕਰ ਕੇ, ਆਰ. ਐਸ. ਐਸ ਤੋਂ ਨਾਵਾਂ ਮੋਟਾ ਫੜਨਾ ਹੈ।।

ਵੀਚਾਰ ਤੋਂ ਡਰਦੇ ਤੇ ਬੱਕੜਵਾਹ ਕਰਕੇ, ਭਾਵੇਂ ਫਸ ਜਾਂਦੇ ਕਸੂਤੇ ਹਾਂ ।

ਅਸੀਂ ਹਾਂ ਗੁਰੂ ਦੇ ਅਸਲੀ ਸਿੱਖ, ਕੌਣ ਕਹਿੰਦਾ ਅਸੀਂ ਧੂਤੇ ਹਾਂ  ?

                   -ਗੁਰਪ੍ਰੀਤ ਸਿੰਘ, (USA)

ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ

0

ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ

ਜਸਵੰਤ ਸਿੰਘ ਕਾਲਾ ਅਫ਼ਗਾਨਾ

ਕੀ ਗੁਰਦੁਆਰੇ ਵਾਕਿਆ ਹੀ ਦੁਕਾਨਦਾਰੀਆਂ ਬਣ ਚੁੱਕੇ ਹਨ ? ਜੇਕਰ ਇਹ ਗੱਲ ਸਹੀ ਹੈ ਤਾਂ ਫਿਰ ਇਸ ਦੇ ਜ਼ਿੰਮੇਵਾਰ ਕੌਣ ਹਨ ?

ਮਨੁੱਖਾ ਜੂਨੀ ਦਾ ਮੁੱਖ ਮਕਸਦ ਹੈ ਮੁਕਤੀ ਪ੍ਰਾਪਤ ਕਰਨਾ ਭਾਵ ਕਿ ਜਨਮ ਮਰਨ ਤੋਂ ਮੁਕਤ ਹੋ ਜਾਣਾ। ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਕੇਵਲ ਇੱਕ ਹੀ ਰਸਤਾ ਦਸਿਆ ਹੈ ਕਿ ਇਮਾਨਦਾਰੀ ਦੀ ਕਿਰਤ ਕਰਨੀ ਅਤੇ ਉਸ ਆਮਦਨ ਦੇ ਨਾਲ ਹੀ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਹਨ ਅਤੇ ਉਸ ਆਮਦਨ ਦੇ ਵਿੱਚੋਂ ਕੁਝ ਹਿਸਾ ਬਚਾ ਕੇ ਜ਼ਰੂਰਤ ਮੰਦ ਲੋਕਾਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਕੁਝ ਹੱਥੋ ਦੇਣਾ। ਬੇਈਮਾਨੀ ਨਹੀਂ ਕਰਨੀ, ਮੰਗ ਕੇ ਨਹੀਂ ਖਾਣਾ, ਠੱਗ ਕੇ ਨਹੀਂ ਖਾਣਾ, ਕਿਸੇ ਨੂੰ ਧੋਖਾ ਨਹੀਂ ਦੇਣਾ, ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ । ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥  ਨਾਨਕ  ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫) ਭਾਈ ਗੁਰਦਾਸ ਜੀ ਲਿਖਦੇ ਹਨ ਕਿ ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇਕੈ ਭਲਾ ਮਨਾਵੈ।’’ (ਵਾਰ ੬ ਪਉੜੀ ੧੨) ਜ਼ਰੂਰਤ ਹੈ ਮਨੁੱਖ ਨੂੰ ਨੇਕ ਇਨਸਾਨ ਬਣਨ ਦੀ ਇਸ ਵਾਸਤੇ ਮਨੁੱਖ ਨੂੰ ਸੋਝੀ ਮਿਲਦੀ ਹੈ ਗੁਰਦੁਆਰਾ ਸਾਹਿਬ  ਤੋਂ ‘‘ਗੁਰੂ ਦੁਆਰੈ ਹੋਇ, ਸੋਝੀ ਪਾਇਸੀ ॥’’ (ਮ: ੧/੭੩੦) ਗੁਰਦੁਆਰਿਆਂ ਵਿੱਚੋਂ ਇੱਕ ਇਹ ਵੀ ਸਿਧਾਂਤ ਮਿਲਦਾ ਹੈ ਕਿ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵ ਕਿ ਆਪਣੀ ਨੇਕ ਕਮਾਈ ਵਿੱਚੋਂ ਕਿਸੇ ਗ਼ਰੀਬ ਦੀ ਮਦਦ ਕਰ ਦੇਣੀ, ਮਾਇਆ ਨੂੰ ਗੁਰੂ ਲੇਖੇ ਲਾਉਣਾ ਹੈ, ਪਰ ਇਹ ਸਭ ਕੁਝ ਵੇਖਣ ਨੂੰ ਘੱਟ ਹੀ ਮਿਲਦਾ ਹੈ । ਇਸ ਦੇ ਕੀ ਕਾਰਨ ਹਨ ? ਗੁਰੂ ਸਾਹਿਬਾਨਾਂ ਨੇ ਇਸ ਪ੍ਰਬੰਧ ਨੂੰ ਚਲਾਉਣ ਵਾਸਤੇ ਕੁਝ ਸਿਧਾਂਤ ਬਖ਼ਸ਼ਸ਼ ਕੀਤੇ ਸਨ ਜਿਨ੍ਹਾਂ ਉੱਪਰ ਪਹਿਰਾ ਦੇਣਾ ਹਰ ਗੁਰਸਿੱਖ ਲਈ ਬਹੁਤ ਜ਼ਰੂਰੀ ਹੈ ।

ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੁਜਾਰੀਆਂ ਵੱਲੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਸੀ ਕਿ ਪੁਜਾਰੀ ਨੂੰ ਦਿੱਤਾ ਦਾਨ ਅਗਲੀ ਦਰਗਾਹ ਵਿੱਚ ਦਸ ਗੁਣਾਂ ਵਧ ਮਿਲਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਪੁਜਾਰੀਆਂ ਨੂੰ ਦਿੱਤਾ ਦਾਨ ਅਗਲੀ ਦਰਗਾਹ ਵਿੱਚ ਦਸ ਗੁਣਾਂ ਵਧ ਕੇ ਨਹੀਂ ਮਿਲਦਾ, ਇਸ ਲਈ ਕਿਸੇ ਵੀ ਪੁਜਾਰੀ ਨੂੰ ਦਾਨ ਨਾ ਦਿਓ ਸਗੋਂ ਇਸ ਦੀ ਜਗ੍ਹਾ ਕਿਸੇ ਜ਼ਰੂਰਤਮੰਦ ਗ਼ਰੀਬ ਦੀ ਮਦਦ ਕਰ ਦੇਣਾ ਲਖ ਗੁਣਾਂ ਚੰਗਾ ਹੈ, ਇਸ ਲਈ ਪੁਜਾਰੀ ਦੀ ਥਾਂ ਹੀ ‘ਗ਼ਰੀਬ ਦਾ ਮੂੰਹ, ਗੁਰੂ ਦੀ ਗੋਲਕ’ ਵਚਨ ਕੀਤੇ ਗਏ।

ਜਦੋਂ ਤੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੋਂਦ ਵਿੱਚ ਆਈ ਹੈਂ ਪੁਜਾਰੀ ਵਰਗ ਉਸ ਸਮੇਂ ਦਾ ਹੀ ਪਰੇਸ਼ਾਨ ਹੋ ਰਿਹਾ ਹੈ, ਹੋਵੇ ਵੀ ਕਿਉਂ ਨਾ ? ਆਮਦਨ ਜੁ ਘਟਦੀ ਗਈ, ਇਸ ਲਈ ਇਸ ਨੇ ਉਸ ਸਮੇਂ ਤੋਂ ਹੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਖ਼ਤਮ ਹੋ ਜਾਵੇ । ਯਾਦ ਰਹੇ ਕਿ ਪੁਜਾਰੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਕੋਈ ਖ਼ਤਰਾ ਨਹੀਂ ਹੈ, ਕੋਈ ਘਾਟਾਂ ਨਹੀਂ ਹੈ, ਬਸ ਫ਼ਾਇਦਾ ਹੀ ਫ਼ਾਇਦਾ ਹੈ ।

ਗੁਰੂ ਸਾਹਿਬਾਨ ਨੇ ਮੀਰੀ ਪੀਰੀ ਦਾ ਸਿਧਾਂਤ ਲਾਗੂ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਤਿਆਰ ਕਰਵਾਇਆ, ਜੋ ਉਚਾਈ ਵਿੱਚ ਦਰਬਾਰ ਸਾਹਿਬ ਨਾਲੋਂ ਉੱਚਾ ਹੈ। ਇੱਥੇ ਕੁਝ ਇਸ਼ਾਰੇ ਸਮਝਣ ਦੀ ਲੋੜ ਹੈ । ਦਰਬਾਰ ਸਾਹਿਬ ਪੀਰੀ ਅਤੇ ਅਕਾਲ ਤਖਤ ਸਾਹਿਬ ਮੀਰੀ (ਰਾਜਨੀਤੀ) ਦਾ ਪ੍ਰਤੀਕ ਹੈ। ਦਰਬਾਰ ਸਾਹਿਬ ਦਾ ਨੀਵਾਂ ਹੋਣਾ ਇਹ ਦਰਸਾਉਂਦਾ ਹੈ ਕਿ ਮਨ ਦਾ ਨੀਵਾਂ ਹੋਣਾ ਜ਼ਰੂਰੀ ਹੈ । ਅਕਾਲ ਤਖ਼ਤ ਸਾਹਿਬ ਦੇ ਨਜਦੀਕ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਇੱਕ ਉੱਚਾ ਤੇ ਇੱਕ ਨੀਵਾਂ, ਜੋ ਇਸ ਗੱਲ ਦਾ ਪਰਤੀਕ ਹਨ ਕਿ ਧਰਮ, ਰਾਜਨੀਤੀ ਨਾਲੋਂ ਉੱਚਾ ਹੀ ਚੰਗਾ ਹੁੰਦਾ ਹੈ। ਦਰਬਾਰ ਸਾਹਿਬ ਵਿੱਚੋਂ ਅਕਾਲ ਤਖ਼ਤ ਸਾਹਿਬ ਦਿਖਾਈ ਨਹੀਂ ਦੇਂਦਾ ਪਰ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਦਿਖਾਈ ਦੇਂਦਾ ਹੈ ਇਹ ਇਸ ਗੱਲ ਦਾ ਪਰਤੀਕ ਹੈ ਕਿ ਧਰਮ ’ਤੇ ਚਲਦੇ ਸਮੇਂ ਕਦੇ ਵੀ ਤਖ਼ਤਾਂ ਦੀ ਲਾਲਸਾ ਨਹੀਂ ਰੱਖਣੀ ਭਾਵ ਕਿ ਤੇਰੀ ਮੰਜਲ ਤਖ਼ਤ ’ਤੇ ਬੈਠਣਾ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕਿਤੇ ਤੈਨੂੰ ਤਖ਼ਤ ਨਸੀਬ ਹੋ ਵੀ ਜਾਵੇ ਤਾਂ ਤੈਨੂੰ ਕਦੇ ਆਪਣਾ ਗੁਰੂ ਨਹੀਂ ਭੁੱਲਣਾ ਚਾਹੀਦਾ ।

ਗੁਰੂ ਪਿਆਰਿਓ ! ਗੁਰਦੁਆਰਿਆਂ ਦੇ ਪਰਬੰਧ ਵਿੱਚ ਵਿਗਾੜ ਕਿਵੇਂ ਆਇਆ ? ਗੁਰੂ ਸਾਹਿਬਾਨ ਨੇ ਹਰੇਕ ਸਿੱਖ ਨੂੰ ਕਿਰਤ ਕਰਨ ਤੇ ਜੋਰ ਦਿੱਤਾ ਹੈ। ਯਾਦ ਰਹੇ ਕਿ ਸਿੱਖ ਇਤਿਹਾਸ ਮੁਤਾਬਕ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਘਰ ਦੇ ਚੜ੍ਹਾਵੇ ਨੂੰ ਤੰਦਰੁਸਤ ਵਿਅਕਤੀਆਂ ਲਈ ਜ਼ਹਿਰ ਆਖਿਆ ਹੈ ਇਸ ਲਈ ਹਰੇਕ ਸਿੱਖ ਗ੍ਰੰਥੀ ਵੀ ਗੁਰੂ ਘਰ ਦੇ ਚੜ੍ਹਾਵੇ ਨੂੰ ਉਹ ਜ਼ਹਿਰ ਹੀ ਸਮਝਦੇ ਹਨ ਪਰ ਅਨਧਰਮੀਏ ਭਾਵ ਕਿ ਦੂਜੇ ਧਰਮਾਂ ਦੇ ਪੁਜਾਰੀ ਚੜ੍ਹਾਵੇ ਨੂੰ ਜਾਇਜ਼ ਮੰਨਦੇ ਹਨ ।

ਸਤਿਗੁਰ ਨੇ ਮੀਰੀ ਪੀਰੀ ਦਾ ਸਿਧਾਂਤ ਲਾਗੂ ਕਰਨ ਵੇਲੇ ਇਹ ਆਖਿਆ ਸੀ ਕਿ ਧਰਮ ਰਾਜਨੀਤੀ ਨਾਲੋਂ ਉੱਪਰ ਹੈ ਭਾਵ ਕਿ ਰਾਜਨੀਤੀ ਕਦੇ ਵੀ ਧਰਮ ਦੇ ਉੱਪਰ ਨਹੀਂ ਹੋਣੀ ਚਾਹੀਦੀ ।

ਪੁਜਾਰੀਆਂ ਨੇ RSS ਦੇ ਰੂਪ ਵਿੱਚ ਐਸੀ ਸ਼ਤਰੰਜ ਦੀ ਖੇਡ ਖੇਡੀ ਕਿ ਹਰੇਕ ਜਥੇਬੰਦੀਆਂ ਵਿੱਚ ਅਤੇ ਹਰੇਕ ਸਿਆਸੀ ਪਾਰਟੀਆਂ ਦੇ ਵਿੱਚ ਇਸ ਨੇ ਆਪਣੇ ਪ੍ਰਚਾਰਕ ਸੈਟ ਕਰ ਲਏ ਹਨ । ਹੁਣ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੇ ਪੁਜਾਰੀਆਂ ਦੇ ਵਿੱਚ ਚੜ੍ਹਾਵੇ ਦੀ ਸੋਚ ਵੱਲੋਂ ਕੋਈ ਫ਼ਰਕ ਨਹੀਂ ਰਿਹਾ । ਇਹਨਾਂ ਦੇ ਕੇਵਲ ਪਹਿਰਾਵੇ ਹੀ ਅਲੱਗ-ਅਲੱਗ ਲੱਗਦੇ ਹਨ ਇਕ ਨੇ ਧੋਤੀ ਟੋਪੀ ਪਹਿਨੀ ਹੁੰਦੀ ਹੈ ਤੇ ਦੂਜੇ ਨੇ ਕੁੜਤਾ ਪਜਾਮਾ ਪਰ ਚੜ੍ਹਾਵੇ ਵੱਲੋਂ ਸੋਚ ਦੋਵਾਂ ਦੀ ਇੱਕ ਹੀ ਹੈ, ਇਹਨਾਂ ਵਿੱਚੋਂ ਕੋਈ ਵੀ ਚੜ੍ਹਾਵੇ ਨੂੰ ਜ਼ਹਿਰ ਸਮਝਣ ਲਈ ਤਿਆਰ ਨਹੀਂ ਹੈ ਸਗੋਂ ਦੋਨੋਂ ਹੀ ਚੜ੍ਹਾਵੇ ਨੂੰ ਖਾਣਾ ਜਾਇਜ਼ ਸਮਝਦੇ ਹਨ। ਰਾਜਨੀਤਕ ਲੋਕਾਂ ਨੇ ਵੀ ਧਰਮ ਦੇ ਉੱਪਰ ਆਪਣਾ ਪੂਰਾ ਕਬਜ਼ਾ ਜਮਾਇਆ ਹੋਇਆ ਹੈ ਰਾਜਨੀਤਕ ਲੋਕਾਂ ਨੇ ਧਰਮ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਗੋਲਕਾਂ ਦੀ ਦੁਰਵਰਤੋਂ ਸਿਆਸੀ ਪਾਰਟੀਆਂ ਦੇ ਕਹਿਣ ’ਤੇ ਧਰਮ ਪ੍ਰਚਾਰ ’ਤੇ ਘੱਟ, ਸਿਆਸੀ ਪਰਚਾਰ ’ਤੇ ਜ਼ਿਆਦਾ ਹੁੰਦੀ ਹੈ । ਸਿੱਖੀ ਦੇ ਉਪਰੋਕਤ ਦੋਵੇਂ ਸਿਧਾਂਤ ਹੀ ਗੁਰਦੁਆਰਿਆਂ ਵਿੱਚੋਂ ਅਲੋਪ ਹੋ ਗਏ ਹਨ । ਇਹਨਾਂ ਦਾ ਸੁਧਾਰ ਕੇਵਲ ਇੱਕ ਹੀ ਹੈ ਕਿ ਸੰਗਤਾਂ ਜਾਗਰੂਕ ਹੋਣ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਵਿਦਿਆਲਿਆ ’ਚੋਂ ਪੜ੍ਹੇ ਹੋਏ ਪ੍ਰਚਾਰਕਾਂ ਨੂੰ ਹਰੇਕ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਨਿਯੁਕਤ ਕਰਨ ਤਾਂ ਜੋ ਇਨ੍ਹਾਂ ਰਾਹੀਂ ਸਿੱਖ ਕੌਮ ’ਚ ਜਾਗਰੂਤਾ ਆ ਸਕੇ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਦੀ ਪੜ੍ਹਾਈ ਸੁਚੱਜੇ ਢੰਗ ਨਾਲ ਕਰਵਾਈ ਜਾ ਸਕੇ।

ਗੁਰ ਕੀ ਸੇਵਾ; ਸਬਦੁ ਵੀਚਾਰੁ ॥ ਹਉਮੈ ਮਾਰੇ; ਕਰਣੀ ਸਾਰੁ ॥

0

ਗੁਰ ਕੀ ਸੇਵਾ; ਸਬਦੁ ਵੀਚਾਰੁ ॥  ਹਉਮੈ ਮਾਰੇ; ਕਰਣੀ ਸਾਰੁ ॥

ਅਮਨਪ੍ਰੀਤ ਸਿੰਘ-ਡਾਇਰੈਕਟਰ (ਗੁਰਸਿੱਖ ਫ਼ੈਮਲੀ ਕਲੱਬ, ਲੁਧਿਆਣਾ)

‘ਸੇਵਾ’ ਸਿੱਖ ਕੌਮ ਦਾ ਅਤੁੱਟ ਅੰਗ ਹੈ । ਸਾਨੂੰ ਭਾਈ ਮਰਦਾਨਾ ਜੀ ਤੋਂ ਭਾਈ ਘਨ੍ਹਈਆ ਜੀ ਤੱਕ ਅਤੇ ਭਾਈ ਘਨ੍ਹਈਆ ਜੀ ਤੋਂ ਵਰਤਮਾਨ ਸਮੇਂ ਤੱਕ ਸੇਵਾ ਦੀਆਂ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ ।

ਜਦੋਂ ਵੀ ਸਾਡੀ ਜ਼ਬਾਨ ਤੇ ‘ਸੇਵਾ’ ਲਫ਼ਜ਼ ਦਾ ਜ਼ਿਕਰ ਆਉਂਦਾ ਹੈ ਤਾਂ ਸਾਡੀਆਂ ਅੱਖਾਂ ਸਾਹਮਣੇ ਭਾਈ ਘਨ੍ਹਈਆ ਜੀ ਦੀ ਜੰਗ ਦੇ ਮੈਦਾਨ ਵਾਲੀ ਸੇਵਾ ਦਾ ਦ੍ਰਿਸ਼ ਤੇ ਭਗਤ ਪੂਰਨ ਸਿੰਘ ਜੀ ਦੀ ਸੇਵਾ ਦਾ ਦ੍ਰਿਸ਼ ਸਹਿਜ-ਸੁਭਾਏ ਹੀ ਨਜ਼ਰੀ ਆ ਜਾਂਦਾ ਹੈ ਜੋ ਕਿ ਸਾਡੇ ਪ੍ਰੇਰਨਾ ਸਰੋਤ ਹਨ, ਪਰ ਇੱਕ ਸੁਆਲ ਹੋਰ ਖੜ੍ਹਾ ਹੁੰਦਾ ਹੈ ਕਿ ਕੀ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਵਿਚਰਨ ਵਾਲੇ ਵਿਦਵਾਨਾਂ ਦੀਆਂ ਸੇਵਾਵਾਂ ਘੱਟ ਹਨ ਜਾਂ ਜ਼ਰੂਰੀ ਨਹੀਂ ਹਨ ? ਪਰ ਨਹੀਂ ਕਿੱਧਰੇ ਨਾ ਕਿੱਧਰੇ ਸਾਡੇ ਮਨ ਵਿੱਚ ਸੁਤੇ-ਸਿਧ ਇਹ ਧਾਰਨਾ ਬਣ ਚੁੱਕੀ ਹੈ ਕਿ ਬੀਮਾਰਾਂ ਨੂੰ ਦਵਾਈ ਦੇਣਾ, ਲੰਗਰ ਪਕਾਉਣਾ, ਜਲ ਦੀ ਸੇਵਾ ਕਰਨਾ, ਜੋੜੇ ਝਾੜਨਾ ਹੀ ਅਸਲ ਸੇਵਾ ਹੈ । ਇਹ ਸੇਵਾ ਵੀ ਮੁਬਾਰਕ ਹੈ । ਜ਼ਰੂਰੀ ਵੀ ਹੈ ਅਤੇ ਹਰ ਇੱਕ ਸਿੱਖ ਨੂੰ ਹਰ ਹੀਲੇ ਕਰਨੀ ਵੀ ਚਾਹੀਦੀ ਹੈ , ਪਰ ਇੱਕ ਹੋਰ ਸੇਵਾ, ਜਿਸ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦੇਂਦੇ ਜਾਂ ਜਾਣ ਬੁੱਝ ਕੇ ਅਵੇਸਲੇ ਬਣੇ ਬੈਠੇ ਹਾਂ । ਉਸ ਸੇਵਾ ਦਾ ਨਾਂ ਹੈ ‘ਸ਼ਬਦ ਵੀਚਾਰ’ ਦੀ ਸੇਵਾ । ਜਿੱਥੇ ਬਾਕੀ ਸੇਵਾਵਾਂ ਜ਼ਰੂਰੀ ਹਨ ਉੱਥੇ ਇਸ ਸੇਵਾ ਦਾ ਵੀ ਸਿੱਖ ਕੌਮ ਵਿੱਚ ਅਹਿਮ ਸਥਾਨ ਹੈ । ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ‘‘ਗੁਰ ਕੀ ਸੇਵਾ, ਸਬਦੁ ਵੀਚਾਰੁ ॥’’ (ਮ: ੧/੨੨੩) ਭਾਵ ਗੁਰੂ ਦੀ ਸੇਵਾ ਹੈ ਗਿਆਨ ਲੈਣਾ ਅਤੇ ਇਸ ਨੂੰ ਵੰਡਣਾ । ਫਿਰ ਕੀ ਗੁਰੂ ਦੀ ਸੇਵਾ ਪਾਲਕੀ ਦੇ ਪੀੜ੍ਹੇ ਘੁੱਟਣਾ ਨਹੀਂ  ? ਸੁੰਦਰ ਰੁਮਾਲੇ ਅਤੇ ਚੰਦੋਏ ਚੜ੍ਹਾਉਣਾ ਵੀ ਨਹੀਂ  ? ਮਹਿੰਗੇ ਅਤਰ ਛਿੜਕਣਾ, ਲੰਗਰ ਲਗਾਉਣਾ, ਆਦਿ ਵੀ ਸੇਵਾ ਨਹੀਂ  ? ਜੇ ਇਮਾਰਤਾਂ ਨੂੰ ਸੋਨਾ ਤੇ ਪੱਥਰ ਲਗਾਉਣਾ ਵੀ ਸੇਵਾ ਨਹੀਂ ਤਾਂ ਫੇਰ ਕਿਹੜੀ ਸੇਵਾ ਕਰੀਏ  ? ਸਤਿਗੁਰ ਜੀ ਫ਼ੁਰਮਾਨ ਕਰਦੇ ਹਨ ਕਿ ‘‘ਸੇਵਕ ਕਉ ਸੇਵਾ ਬਨਿ ਆਈ ॥  ਹੁਕਮੁ ਬੂਝਿ, ਪਰਮ ਪਦੁ ਪਾਈ ॥’’ (ਮ: ੫/੨੯੩) ਭਾਵ ਕਿ ਗੁਰੂ ਦਾ ਹੁਕਮ ਬੁੱਝਣਾ ਜਾਂ ਸਮਝਣਾ/ਕਮਾਉਣਾ ਹੀ ਸੇਵਕ ਲਈ ਸੇਵਾ ਹੈ ।

ਅਸੀਂ ਬਾਕੀ ਸੇਵਾਵਾਂ ਨਾਲੋਂ ਇਸ ਸੇਵਾ ਨੂੰ ਪਿੱਛੇ ਛੱਡ ਦਿੱਤਾ ਹੈ । ਜੇਕਰ ਅਸੀਂ ਗੁਰਬਾਣੀ ਦੀ ਵੀਚਾਰ ਕਰਨ ਦੀ ਸੇਵਾ ਸ਼ੁਰੂ ਕਰ ਦੇਵਾਂਗੇ ਤਾਂ ਜਿੱਥੇ ਸਾਡੇ ਮਾਨਸਿਕ ਰੋਗ ਦੂਰ ਹੋ ਜਾਣਗੇ ਉੱਥੇ ਸਾਡੇ ਜੀਵਨ ਵਿੱਚ ਵੀ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਏਗੀ ਅਤੇ ਅਸੀਂ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੁਝ ਸਰੀਰਕ ਰੋਗਾਂ ਤੋਂ ਵੀ ਬਚ ਸਕਾਂਗੇ ਜੋ ਕਿ ਕਾਫ਼ੀ ਹੱਦ ਤੱਕ ਅਸੀਂ ਆਪ ਮੁਹਾਰੇ ਸਹੇੜ ਲਏ ਹਨ ।

ਮਨੁੱਖੀ ਸੁਭਾਅ ਹੈ ਕਿ ਸੇਵਾ ਵੀ ਕਰਨੀ ਤੇ ਓਹ ਵੀ ਮਨਮਰਜ਼ੀ ਦੀ ਭਾਵ ਕਿ ਸਾਨੂੰ ਆਪਣੇ ਆਲੇ ਦੁਆਲੇ ਅਖੰਡ ਪਾਠ ਕਰਵਾਉਣ ਵਾਲੇ, ਸੋਨਾ ਚੜ੍ਹਾਉਣ ਵਾਲੇ, ਏ. ਸੀ. ਲਗਵਾਉਣ ਦੀ ਸੇਵਾ ਕਰਨ ਵਾਲੇ, ਗਲੀਚੇ-ਦਰੀਆਂ ਆਦਿ ਦੇਣ ਵਾਲੇ ਤਾਂ ਅਨੇਕਾਂ ਸੱਜਣ ਮਿਲ ਜਾਣਗੇ ਪਰ ਗੁਰਬਾਣੀ ਸੁਣਨ ਜਾਂ ਕਮਾਉਣ ਵਾਲੇ ਵਿਰਲੇ ਹੀ ਮਿਲਣਗੇ । ਸਾਡੇ ਆਲ੍ਹੇ-ਦੁਆਲੇ ਗੁਰਦੁਆਰਿਆਂ ਵਿੱਚ ਏ. ਸੀ. ਹਾਲ ਤਾਂ ਬਣ ਗਏ, ਸੁੰਦਰ ਇਮਾਰਤਾਂ ਵੀ ਬਣ ਗਈਆਂ, ਰਾਗੀ ਅਤੇ ਪ੍ਰਚਾਰਕ ਵੀ ਆ ਗਏ ਪਰ ਰੋਜ਼ਾਨਾ ਸੰਗਤ ਵਿੱਚ ਮੇਰੇ ਵਰਗੇ ਘੱਟ ਹੀ ਬੈਠੇ ਮਿਲਣਗੇ । ਹਾਲ ਖ਼ਾਲੀ ਹਨ । ਗੁਰਦੁਆਰਾ ਕਮੇਟੀਆਂ ਨੂੰ ਸੰਗਤ ਦਾ ਇਕੱਠ ਕਰਨ ਲਈ ਸੁਆਦਿਸ਼ਟ ਲੰਗਰ ਅਤੇ ਮਹਿੰਗੇ ਰਾਗੀ ਬੁਲਾਉਣੇ ਪੈਂਦੇ ਹਨ ।

ਸ਼ਾਇਦ ਇਸ ਵਿਅੰਗਮਈ ਕਹਾਣੀ ਤੋਂ ਸਾਨੂੰ ਕੁਝ ਸੇਧ ਮਿਲੇ। ਇੱਕ ਵਾਰ ਕਲਾਸ ਵਿੱਚ ਟੀਚਰ ਸਾਰੇ ਬੱਚਿਆਂ ਨੂੰ ਸੇਵਾ ਕਰਨ ਦੀ ਪ੍ਰੇਰਨਾ ਕਰਦਾ ਹੈ ਤੇ ਕਹਿੰਦਾ ਹੈ ਸਾਨੂੰ ਹਰ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਸੇ ਵੀ ਸੇਵਾ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਇੱਕ ਬੱਚੇ ਨੇ ਉਦਾਹਰਨ ਪੁੱਛੀ । ਟੀਚਰ ਨੇ ਕਿਹਾ ਅੰਨ੍ਹੇ ਨੂੰ ਸੜਕ ਪਾਰ ਕਰਾਉਣਾ ਵੀ ਸੇਵਾ ਹੈ । ਅਗਲੇ ਦਿਨ ਜਦੋਂ ਟੀਚਰ ਨੇ ਵਿਦਿਆਰਥੀਆਂ ਤੋਂ ਸੇਵਾ ਬਾਰੇ ਪੁੱਛਿਆ ਤਾਂ ਹਰੇਕ ਬੱਚੇ ਨੇ ਕਿਹਾ ਕਿ ਮੈਂ ਅੰਨ੍ਹੇ ਨੂੰ ਸੜਕ ਪਾਰ ਕਰਵਾਈ ਹੈ । ਟੀਚਰ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਐਨੇ ਤਾਂ ਅੰਨ੍ਹੇ ਹੀ ਨਹੀਂ । ਤਾਂ ਬੱਚਿਆਂ ਨੇ ਕਿਹਾ ਕਿ ਅੰਨ੍ਹਾ ਤਾਂ ਇੱਕ ਹੀ ਸੀ, ਪਰ ਅਸੀਂ ਉਸ ਨੂੰ ਵਾਰੀ-ਵਾਰੀ ਸੜਕ ਦੇ ਇੱਧਰ-ਉੱਧਰ ਘੁੰਮਾਉਂਦੇ ਰਹੇ । ਸਾਡਾ ਹਾਲ ਵੀ ਕੁਝ ਅਜਿਹਾ ਹੀ ਹੈ । ਗੁਰੂ ਘਰਾਂ ਵਿੱਚ ਰੁਮਾਲੇ ਰੱਖਣ ਦੀ ਥਾਂ ਨਹੀਂ ਪਰ ਅਸੀਂ ਹਰੇਕ ਖੁਸ਼ੀ-ਗਮੀ ਦੇ ਮੌਕੇ ਰੁਮਾਲੇ ਚੜ੍ਹਾਉਣ ਤੋਂ ਬਿਨ੍ਹਾਂ ਆਪਣੀ ਸੇਵਾ ਦਾ ਕਾਰਜ ਅਧੂਰਾ ਸਮਝਦੇ ਹਾਂ।

ਸਤਿਗੁਰੂ ਜੀ ਦਾ ਫ਼ੁਰਮਾਨ ਹੈ ‘‘ਦੇਖੌ ਭਾਈ  ! ਗ੍ਹਾਨ ਕੀ ਆਈ ਆਂਧੀ ॥  ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥’’ (ਭਗਤ ਕਬੀਰ ਜੀ/੩੩੧) ਭਾਵ ਜਿਸ ਦਿਨ ਸਾਡੇ ਜੀਵਨ ਵਿੱਚ ਗਿਆਨ ਦੀ ਅੰਧੇਰੀ ਆ ਗਈ, ਉਦੋਂ ਅਗਿਆਨਤਾ ਤੇ ਪਾਖੰਡਵਾਦ ਵਾਲੇ ਕਰਮ, ਖੰਭ ਲਾ ਕੇ ਉੱਡ ਜਾਣਗੇ । ਅਸੀਂ ਕੇਵਲ ਨਾਹਰੇ ਹੀ ਨਹੀਂ ਮਾਰਾਂਗੇ ਸਗੋਂ ਗੁਰੂ ਦੇ ਸ਼ਬਦ ਵੀਚਾਰ ਦੀ ਸੇਵਾ ਕਰ ਕੇ ਆਪਣਾ ਜੀਵਨ ਖੁਸ਼ਹਾਲ ਬਣਾਉਣ ਦਾ ਯਤਨ ਕਰਾਂਗੇ। ਗੁਰੂ ਜੀ ਦਾ ਫੁਰਮਾਨ ਹੈ, ‘‘ਸਾ ਸੇਵਾ ਕੀਤੀ ਸਫਲ ਹੈ; ਜਿਤੁ ਸਤਿਗੁਰ ਕਾ ਮਨੁ ਮੰਨੇ ॥  ਜਾ ਸਤਿਗੁਰ ਕਾ ਮਨੁ ਮੰਨਿਆ; ਤਾ ਪਾਪ ਕਸੰਮਲ ਭੰਨੇ ॥’’ (ਮ: ੪/੩੧੪)

ਜਿਸ ਡਿਠੈ ਸਭਿ ਦੁਖਿ ਜਾਇ

0

ਜਿਸ ਡਿਠੈ ਸਭਿ ਦੁਖਿ ਜਾਇ

-ਰਮੇਸ਼  ਬੱਗਾ  ਚੋਹਲਾ  ੦੯੪੬੩੧-੩੨੭੧੯

ਸਿੱਖ ਧਰਮ ਮਾਨਵੀ ਕਦਰਾਂ-ਕੀਮਤਾਂ ਦੀ ਪਹਿਰੇਦਾਰੀ ਕਰਨ ਦੇ ਨਾਲ-ਨਾਲ ਆਪਸੀ ਪਿਆਰ, ਭਾਈਚਾਰੇ ਅਤੇ ਬਰਾਬਰੀ ਦੀ ਹਮਾਇਤ ਕਰਦਾ ਆ ਰਿਹਾ ਹੈ। ਦਸਾਂ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੇ ਨਿਕਟਵਰਤੀਆਂ ਦਾ ਜੀਵਨ ਸਿੱਖੀ ਦੇ ਤਿੰਨ ਸੁਨਿਹਰੀ ਸਿਧਾਂਤਾਂ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਨੂੰ ਪਰਨਾਇਆ ਰਿਹਾ ਹੈ।  ਇਨ੍ਹਾਂ ਸਿਧਾਂਤਾ ਦੀ ਤਰਜ਼ਮਾਨੀ ਕਰਨ ਵਾਲੀ ਜੀਵਨ-ਜਾਚ ਹੀ ਬਾਬੇਕਿਆਂ ਵੱਲੋਂ ਵਡਿਆਈ ਅਤੇ ਸਲਾਹੀ ਜਾਂਦੀ ਰਹੀ ਹੈ। ਸਿੱਖ ਵਿਚਾਰਧਾਰਾ ਇਨ੍ਹਾਂ ਸਿਧਾਂਤਾ ਤੋਂ ਸੱਖਣੇ ਵਿਹਾਰ ਨੂੰ ਨਾ ਸਿਰਫ਼ ਰੱਦ ਹੀ ਕਰਦੀ ਹੈ, ਸਗੋਂ ਸਜ਼ਾ ਦਾ ਭਾਗੀ ਵੀ ਸਮਝਦੀ ਹੈ; ਜਿਵੇਂ ਕਿ ਗੁਰੂ ਸਾਹਿਬ ਦਾ ਫ਼ੁਰਮਾਨ ਹੈ:

ਸੋ ਸਿਖੁ, ਸਖਾ ਬੰਧਪੁ ਹੈ ਭਾਈ  !

ਜਿ ਗੁਰ ਕੇ ਭਾਣੇ ਵਿਚਿ ਆਵੈ ॥ 

ਆਪਣੈ ਭਾਣੈ, ਜੋ ਚਲੈ ਭਾਈ  !

ਵਿਛੁੜਿ ਚੋਟਾ ਖਾਵੈ ॥ (ਮ: ੩/੬੦੧)

ਭਾਵ ਜਿਹੜਾ ਵਿਅਕਤੀ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਦਾ ਧਾਰਨੀ ਬਣ ਜਾਂਦਾ ਹੈ, ਉਸ ਦੇ ਲੋਕ ਤੇ ਪ੍ਰਲੋਕ ਦੋਵੇਂ ਲੇਖੇ ਲੱਗ ਜਾਂਦੇ ਹਨ, ਪਰ ਜਿਹੜਾ ਵਿਅਕਤੀ ਗੁਰੂ ਦੀ ਗੱਲ ਨੂੰ ਅਣਸੁਣੀ ਕਰ ਕੇ ਕੇਵਲ ਆਪਣੀ ਸਮਝ ਹੀ ਵਰਤੋਂ ਵਿੱਚ ਲਿਆਉਂਦਾ ਹੈ (ਉਸ ਨੂੰ ਪਰਮਾਤਮਾ ਤੋਂ) ਵਿਛੋੜੇ ਦੀਆਂ ਸੱਟਾਂ ਹੀ ਖਾਣੀਆਂ ਪੈਂਦੀਆਂ ਹਨ। ਇਨ੍ਹਾਂ ਸੱਟਾਂ ਤੋਂ ਬਚਣ ਲਈ ਗੁਰੂ ਸਾਹਿਬ ਮਨੁੱਖ ਨੂੰ ਜਿੱਥੇ ਸਦਾਚਾਰੀ ਜੀਵਨ ਜਿਉਣ ਲਈ ਪ੍ਰੇਰਦੇ ਹਨ, ਉੱਥੇ ਪਰਮ ਪ੍ਰੇਮ ਦੀ ਹਾਮੀ ਵੀ ਭਰਦੇ ਹਨ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਾਗ ਗਾਉੜੀ, ਸੁਖਮਨੀ, ਪੰਨਾ ੨੬੬ ਉੱਪਰ ਤਸਦੀਕ ਕਰਦੇ ਹਨ, ‘‘ਸਰਬ ਧਰਮ ਮਹਿ; ਸ੍ਰੇਸਟ ਧਰਮੁ ॥  ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਮ: ੫/੨੬੬) ਜਿਹੜੇ ਮਨੁੱਖਾਂ ਦੀ ਜੀਵਨ-ਸ਼ੈਲੀ ਇਨ੍ਹਾਂ ਪਾਵਨ ਪੰਕਤੀਆਂ ਦੀ ਅਨੁਸਾਰੀ ਹੋ ਜਾਂਦੀ ਹੈ ਉਹ ਨਾ ਸਿਰਫ਼ ਆਮ ਤੋਂ ਖ਼ਾਸ ਹੋ ਜਾਂਦੇ ਹਨ ਸਗੋਂ ਲੁਕਾਈ ਵੱਲੋਂ ਰੱਜ ਕੇ ਸਤਿਕਾਰੇ ਅਤੇ ਪਿਆਰੇ ਵੀ ਜਾਂਦੇ ਹਨ। ਇਨ੍ਹਾਂ ਰਾਹਾਂ ਦੇ ਪਾਂਧੀਆਂ ਦਾ ਜੀਵਨ ਪੰਧ ਬੇਸ਼ੱਕ ਛੁਟੇਰਾ ਹੁੰਦਾ ਹੈ। ਪਰ ਸੇਵਾ, ਸਿਮਰਨ ਤੇ ਸ਼ਰਧਾ ਉਨ੍ਹਾਂ ਨੂੰ ਮੂਹਰਲੀਆਂ ਸਫ਼ਾਂ ਵਿੱਚ ਲੈ ਆਉਂਦੀ ਹੈ। ਆਪਣੇ ਗੁਣਾ ਸਦਕਾ, ਉਹ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਅਤੇ ਪਾਤਸ਼ਾਹੀਆਂ ਦੇ ਪਾਤਰ ਬਣਦੇ ਆ ਰਹੇ ਹਨ। ਇਨ੍ਹਾਂ ਪਾਤਰਾਂ ਵਿੱਚ ਹੀ ਇਕ ਨਾਮ ਹੈ ਗੁਰੂ ਨਾਨਕ ਪਾਤਸ਼ਾਹ ਦੀ ਅੱਠਵੀਂ ਜੋਤ ‘ਸ੍ਰੀ ਗੁਰੂ ਹਰਿਕ੍ਰਿਸ਼ਨ ਜੀ’ ਦਾ।

ਦੁਨਿਆਵੀ ਤੌਰ ਤੇ (ਗੁਰੂ) ਹਰਿਕ੍ਰਿਸ਼ਨ ਜੀ ਭਾਵੇਂ ਬਚਪਨ ਦੀਆਂ ਬਰੂਹਾਂ ਤੇ (ਸਵਾ ਕੁ ਪੰਜ ਸਾਲ) ਹੀ ਵਿਚਰਦੇ ਰਹੇ ਸਨ ਪਰ ਕੁੱਝ ਵਿਸ਼ੇਸ਼ ਗੁਣਾਂ ਅਤੇ ਸਿੱਖੀ ਦੀ ਸਮਝ ਸਦਕਾ ਗੁਰੂ ਪਿਤਾ ਸ੍ਰੀ ਹਰਿਰਾਇ ਸਾਹਿਬ ਨੇ ਉਨ੍ਹਾਂ ਨੂੰ ਗੁਰੂ ਘਰ ਦੀ ਵਡੇਰੀ ਅਤੇ ਉਚੇਰੀ ਜ਼ਿੰਮੇਵਾਰੀ ਸੰਭਾਲਣ ਲਈ ਦਿੱਤੀ। ਆਪ ਜੀ ਵੱਲੋਂ ਜਿੱਥੇ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ ਉੱਥੇ ਆਪਣੇ ਗੁਰੂ-ਕਾਲ (ਢਾਈ ਕੁ ਸਾਲ) ਵਿੱਚ ਕੁੱਝ ਅਜਿਹੀਆਂ ਪਿਰਤਾਂ ਵੀ ਪਾਈਆਂ ਜਿਨ੍ਹਾਂ ਸਦਕਾ ਰੋਜ਼ਾਨਾ ਸਰਬਤ ਦੇ ਭਲੇ ਲਈ ਕੀਤੀ ਜਾਣ ਵਾਲੀ ਅਰਦਾਸ ਵਿੱਚ ਆਪ ਦੇ ਨਾਮ ਦਾ ਜ਼ਿਕਰ ‘ਜਿਸ ਡਿਠੈ ਸਭਿ ਦੁਖਿ ਜਾਇ’ ਕਰ ਕੇ ਕੀਤਾ ਜਾਂਦਾ ਹੈ।

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ੨੦ ਜੁਲਾਈ ੧੬੫੨ ਈ: ਨੂੰ ਪਿਤਾ ਗੁਰੂ ਹਰਿਰਾਇ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ।  ਕੁਝ ਇਤਿਹਾਸਕਾਰਾਂ ਨੇ ੭ ਜੁਲਾਈ ੧੬੫੬ ਈ. ਅਤੇ ਮਾਤਾ ਦਾ ਨਾਂ ਬੀਬੀ ਕ੍ਰਿਸ਼ਨ ਕੌਰ ਜੀ ਲਿਖਿਆ ਹੈ ਪਰ ਸੰਨ ੧੬੫੬ ’ਚ ਕਿਸੇ ਬੀਬੀ ਦੇ ਨਾਂ ਨਾਲ਼ ‘ਕੌਰ’ ਸ਼ਬਦ ਨਹੀਂ ਲਿਖਿਆ ਜਾਂਦਾ ਸੀ।

ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਦੇ ਮੁੱਖੜੇ ਦੀ ਦਿੱਖ ਮਨਾਂ ਨੂੰ ਮੋਹਣਵਾਲੀ ਸੀ, ਉੱਥੇ ਉਨ੍ਹਾਂ ਦਾ ਹਿਰਦਾ ਵੀ ਅਤਿ ਕੋਮਲ ਸੀ। ਆਪ ਜੀ ਦੇ ਬਚਪਨ ਦਾ ਵਧੇਰੇ ਸਮਾਂ ਗੁਰੂ ਹਰਿਰਾਇ ਜੀ ਦੀ ਛਤਰ-ਛਾਂਇਆ ਹੇਠ ਬਤੀਤ ਹੋਣ ਕਰ ਕੇ ਆਪ ਜੀ ਦੇ ਸੁਭਾਅ ਅਤੇ ਨਿਭਾਅ ਉੱਪਰ ਗੁਰੂ ਪਿਤਾ ਦਾ ਕਾਫ਼ੀ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵ ਸਦਕਾ ਹੀ (ਗੁਰੂ) ਹਰਿਕ੍ਰਿਸ਼ਨ ਜੀ ਆਈਆਂ ਸੰਗਤਾਂ ਨੂੰ ਲੰਗਰ-ਪਾਣੀ ਛਕਾਉਣ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ।

ਰਾਜਸੀ ਲਾਹਾ ਲੈਣ ਦੀ ਤਾਕ ਵਿਚ ਧੀਰਮੱਲ ਨੇ ਗੁਰੂ ਘਰ ਦੇ ਖਿਲਾਫ਼ ਉਸ ਵਕਤ ਦੇ ਹਾਕਮ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਔਰੰਗਜ਼ੇਬ ਵੀ ਧੀਰਮੱਲ ਦੀਆਂ ਕਈ ਸ਼ਿਕਾਇਤਾਂ ਨੂੰ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦਾ ਰਿਹਾ ਸੀ ਪਰ ਜਦੋਂ ਉਸ ਨੂੰ ਇਸ ਗੱਲ ਦਾ ਇਲਮ ਹੋਇਆ ਕਿ ਸੱਤਵੇ ਪਾਤਸ਼ਾਹ ਸ੍ਰੀ ਹਰਿਰਾਇ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ ਤਾਂ ਉਸ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੰਮਨ ਭੇਜ ਦਿੱਤੇ। ਸੰਗਤਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਗੁਰੂ ਸਾਹਿਬ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ਼ ਇਨਕਾਰੀ ਹੋ ਗਏ। ਰਾਜਪੂਤ ਰਾਜਿਆਂ ਦੀ ਸਲਾਹ ਨਾਲ ਬਾਦਸ਼ਾਹ ਨੇ ਗੁਰੂ ਜੀ ਨੂੰ ਦੁਬਾਰਾ ਚਿੱਠੀ ਭੇਜ ਦਿੱਤੀ। ਚਿੱਠੀ ਦੀ ਭਾਸ਼ਾ ਕੁੱਝ ਨਿਮਰ ਅਤੇ ਆਦਰਮਈ ਹੋਣ ਕਰ ਕੇ ਸਤਵੇਂ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮਰਾਇ ਨੂੰ ਦਿੱਲੀ ਭੇਜਣ ਦਾ ਨਿਰਣਾ ਲੈ ਲਿਆ ਕਿਉਂਕਿ ਗੁਰਮਤਿ ਦੇ ਜਾਣਕਾਰ ਹੋਣ ਦੇ ਨਾਲ-ਨਾਲ ਬਾਬਾ ਰਾਮਰਾਇ ਹਾਜ਼ਰ-ਜਵਾਬ ਵੀ ਸਨ।

ਜਦੋਂ ਬਾਬਾ ਰਾਮਰਾਇ ਜੀ ਨੇ ਦਿੱਲੀ ਜਾ ਕੇ ਔਰੰਗਜ਼ੇਬ ਨਾਲ ਸੰਵਾਦ ਰਚਾਇਆ ਤਾਂ ਉਸ ਦੀ ਦਿਮਾਗ਼ਦਾਰੀ ਦਾ ਬਾਦਸ਼ਾਹ ’ਤੇ ਚੰਗਾ ਪ੍ਰਭਾਵ ਪਿਆ, ਪਰ ਜਦੋਂ ਬਾਦਸ਼ਾਹ ਦੀਆਂ ਖ਼ੁਸ਼ੀਆਂ ਹਾਸਲ ਕਰਨ ਖ਼ਾਤਰ ਰਾਮਰਾਇ ਨੇ ਬਾਬੇ ਦੀ ਬਾਣੀ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ॥’’ (ਮ: ੧/੪੬੬) ਤੋਂ ਬਦਲ ਕੇ ‘ਮਿੱਟੀ ਬੇਈਮਾਨ ਕੀ ……।’’ ਤਬਦੀਲ ਕਰ ਦਿੱਤੀ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਦੇ ਘਰ ’ਚੋਂ ਦੁਰਕਾਰਿਆ ਗਿਆ। ਉਸ ਦੇ ਇਸ ਨਾਬਖ਼ਸ਼ਣਯੋਗ ਗੁਨਾਹ ਬਦਲੇ ਗੁਰੂ ਪਿਤਾ ਨੇ ਉਸ ਦੇ ਮੱਥੇ ਲੱਗਣ ਤੋਂ ਹੀ ਨਾਂਹ ਕਰ ਦਿੱਤੀ।

ਰਾਮਰਾਇ ਦੀ ਇਸ ਨਾਲਾਇਕੀ ਕਾਰਨ ਗੁਰੂ ਹਰਿਰਾਇ ਸਾਹਿਬ ਨੇ ੬ ਅਕਤੂਬਰ ੧੬੬੧ ਈ. ਨੂੰ ਆਪਣੇ ਛੋਟੇ ਸਾਹਿਬਜ਼ਾਦੇ (ਗੁਰੂ) ਹਰਿਕ੍ਰਿਸ਼ਨ ਜੀ ਨੂੰ ਸਿੱਖ ਕੌਮ ਦੀ ਰਹਿਨੁਮਾਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਸਮੇਂ ਆਪ ਜੀ ਦੀ ਉਮਰ 9 ਸਾਲ ਢਾਈ ਕੁ ਮਹੀਨੇ ਬਣਦੀ ਸੀ।  ਦੁਨਿਆਵੀ ਤੌਰ ’ਤੇ ਇਹ ਸਮਾਂ ਹਾਣੀਆਂ ਨਾਲ ਖੇਡਣ-ਮੱਲਣ ਦਾ ਸਮਝਿਆ ਜਾਂਦਾ ਹੈ। ਇਸ ਕਰ ਕੇ ਇਹ ਵਕਤ ਸਿੱਖਾਂ ਦੀ ਸਿਦਕਦਿਲੀ ਅਤੇ ਸ਼ਰਧਾ ਨੂੰ ਪਰਖਣ ਦਾ ਵੀ ਸੀ ਕਿਉਂਕਿ ਗੁਰੂ ਘਰ ਦੇ ਦੋਖੀ (ਧੀਰਮੱਲੀਏ ਅਤੇ ਰਾਮ ਰਾਈਏ) ਗੁਰੂ ਘਰ ਨੂੰ ਢਾਹ ਲਗਾਉਣ ਲਈ ਸੰਗਤਾਂ ਵਿੱਚ ਭਰਮ-ਭੁਲੇਖੇ ਪੈਦਾ ਕਰਨ ਦੇ ਕੋਝੇ ਜਤਨ ਕਰ ਰਹੇ ਸਨ, ਪਰ ਇਨ੍ਹਾ ਭਰਮ-ਭੁਲੇਖਿਆਂ ਦੇ ਬਾਵਜੂਦ ਵੀ ਗੁਰੂ ਹਰਿਕ੍ਰਿਸ਼ਨ ਜੀ ਨੇ ਉਮਰ ਛੁਟੇਰੀ ਪਰ ਅਕਲ ਵਡੇਰੀ ਦਾ ਸਬੂਤ ਦਿੰਦਿਆਂ ਗੁਰਿਅਈ ਦੀ ਜ਼ਿੰਮੇਵਾਰੀ (੬-੧੦-੧੬੬੧ ਤੋਂ ੩੦-੩-੧੬੬੪ ਕੁੱਲ ੨ ਸਾਲ ੫ ਮਹੀਨੇ ੨੪ ਦਿਨ) ਸਾਬਤ ਕਦਮਾਂ ਨਾਲ ਨਿਭਾਈ।

ਗੁਰੂ ਹਰਿਕ੍ਰਿਸ਼ਨ ਜੀ ਸੇਵਾ ਅਤੇ ਸਿਮਰਨ ਦਾ ਸੁਮੇਲ ਹੋਣ ਦੇ ਨਾਲ-ਨਾਲ ਪਰਉਪਕਾਰੀ ਸੁਭਾਅ ਦੇ ਮਾਲਕ ਵੀ ਸਨ। ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਦਰਸ਼ਨ ਕਰ ਲੈਂਦਾ ਸੀ ਉਸ ਦਾ ਜੀਵਨ ਹੀ ਬਦਲ ਜਾਂਦਾ ਸੀ।  ਪੇਸ਼ਾਵਰ ਦੀਆਂ ਸੰਗਤਾਂ ਵਿੱਚ ਇਕ ਜਸਵੰਤ ਰਾਇ ਨਾਮਕ ਚੋਰ ਸੰਗਤਾਂ ਦੀਆਂ ਜੇਬਾਂ ਕੱਟਣ ਦੀ ਨੀਅਤ ਨਾਲ ਘੁਸ ਗਿਆ। ਜਦੋਂ ਗੁਰੂ ਹਰਿਕ੍ਰਿਸ਼ਨ ਦੇ ਸਨਮੁਖ ਹੋਇਆ ਤਾਂ ਗੁਰੂ ਸਾਹਿਬ ਦੇ ਮੁਖਾਰਬਿੰਦ ’ਚੋਂ ਸੁਭਾਵਕ ਹੀ ਨਿਕਲ ਗਿਆ, ‘‘ਚੋਰ ਕੀ ਹਾਮਾ; ਭਰੇ ਨ ਕੋਇ ॥  ਚੋਰੁ ਕੀਆ; ਚੰਗਾ ਕਿਉ ਹੋਇ  ?॥’’ (ਮ: ੧/੬੬੨)

ਇਸ ਮਹਾਂਵਾਕ ਨੂੰ ਸੁਣਦਿਆਂ ਹੀ ਜਸਵੰਤ ਰਾਇ ਦੇ ਨੇਤਰਾਂ ਵਿੱਚੋਂ ਪਾਣੀ ਆ ਗਿਆ ਅਤੇ ਉਸ ਨੇ ਚੋਰੀ ਤੋਂ ਤੋਬਾ ਕਰ ਲਈ। ਇਸ ਤਰ੍ਹਾਂ ਇੱਕ ਗੇਂਦਾ ਮੱਲ ਨਾਂ ਦੇ ਜੁਆਰੀਏ ਨੇ ਦਰਬਾਰ ਵਿੱਚ ਆ ਕੇ ਗੁਰੂ ਸਾਹਿਬ ਦੇ ਚਰਨ ਫੜ ਲਏ ਅਤੇ ਛੱਡੇ ਹੀ ਨਾ। ਗੁਰਦੇਵ ਨੇ ਕਿਹਾ, ‘‘ਸੀਸਿ ਨਿਵਾਇਐ ਕਿਆ ਥੀਐ  ? ਜਾ ਰਿਦੈ ਕੁਸੁਧੇ ਜਾਹਿ ॥’’ (ਮ: ੧/੪੭੦) ਗੇਂਦਾ ਮੱਲ ਦਾ ਅੰਦਰਲਾ (ਮਨ) ਹਿੱਲ ਗਿਆ ਅਤੇ ਉਸ ਨੇ ਹੱਥ ਜੋੜ ਕੇ ਗੁਰੂ ਜੀ ਕੋਲੋਂ ਮੁਆਫ਼ੀ ਮੰਗੀ ਅਤੇ ਅੱਗੇ ਤੋਂ ਬੁਰੀਆਂ ਆਦਤਾਂ ਨੂੰ ਤਿਆਗਣ ਦਾ ਵਾਅਦਾ ਕੀਤਾ।

ਰਾਮ ਰਾਇ ਦੀਆਂ ਸ਼ਿਕਾਇਤਾਂ ਦੇ ਅਸਰ ਕਾਰਨ ਅਤੇ ਕੁੱਝ ਆਪਣੇ ਮਨ ਦੇ ਤੌਖਲੇ ਨੂੰ ਮਿਟਾਉਣ ਖਾਤਰ ਉਸ ਵਕਤ ਦੇ ਹਾਕਮ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਲਿਆ। ਇਸ ਕੰਮ ਲਈ ਉਸ ਨੇ ਇਕ ਖਾਸ ਅਫ਼ਸਰ ਮਿਰਜ਼ਾ ਜੈ ਸਿੰਘ ਦੀ ਡਿਊਟੀ ਲਗਾਈ, ਜੋ ਗੁਰੂ ਘਰ ਪ੍ਰਤੀ ਕੁੱਝ ਸਤਿਕਾਰਤ ਭਾਵਨਾ ਰੱਖਦਾ ਸੀ।

ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਵਕਤ ਦੇ ਕੁੱਝ ਮੁੱਖੀ ਸਿੱਖਾਂ (ਭਾਈ ਦਰਗਾਹ ਮੱਲ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਅਤੇ ਕੁੱਝ ਹੋਰ ਸਲਾਹਕਾਰਾਂ) ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਦਿੱਲੀ ਜਾਣ ਦੀ ਹਾਮੀ ਭਰ ਦਿੱਤੀ। ਇਸ ਹਾਮੀ ਵਜੋਂ ਗੁਰੂ ਸਾਹਿਬ ਦਿੱਲੀ ਜਾਣ ਲਈ ਰਜ਼ਾਮੰਦ ਤਾਂ ਹੋ ਗਏ ਪਰ ਉਨ੍ਹਾਂ ਨੇ ਦੁਸ਼ਟ ਔਰੰਗਜ਼ੇਬ ਦੇ ਮੱਥੇ ਨਾ ਲੱਗਣ ਦਾ ਫ਼ੈਸਲਾ ਵੀ ਸੁਣਾ ਦਿੱਤਾ। ਸੰਗਤਾਂ ਨੇ ਗੁਰੂ ਸਾਹਿਬ ਦੇ ਫ਼ੈਸਲੇ ’ਤੇ ਆਪਣੀ ਮੋਹਰ ਲਗਾ ਦਿੱਤੀ।

ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਸੇਵਾ-ਸੰਭਾਲ਼ ਦਾ ਕੰਮ ਭਾਈ ਭਗਤਾ ਜੀ ਅਤੇ ਸ਼ਰਧਾਵਾਨ ਸਿੱਖਾਂ ਨੂੰ ਸੌਂਪ ਕੇ ਭਾਈ ਗੁਰਬਖ਼ਸ਼ ਸਿੰਘ, ਭਾਈ ਮਨੀ ਸਿੰਘ, ਪੰਜਾਬਾ ਮਸੰਦ, ਭਾਈ ਦਿਆਲਾ ਜੀ, ਮੁਨਸ਼ੀ ਸੰਗਤੀਆਂ, ਦੀਵਾਨ ਸਤੀ ਰਾਮ ਅਤੇ ਹੋਰ ਸੰਗਤਾਂ ਸਮੇਤ ਦਿੱਲੀ ਵੱਲ ਨੂੰ ਚੱਲ ਪਏ।  ਰਸਤੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਜਿੱਥੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ-ਦੀਦਾਰੇ ਦੇ ਕੇ ਨਿਹਾਲ ਕਰਦੇ ਜਾ ਰਹੇ ਸਨ, ਉੱਥੇ ਗੁਰੂ ਨਾਨਕ ਦੇ ਘਰ ਦਾ (ਸਾਂਝੀਵਾਲਤਾ ਵਾਲ਼ਾ) ਸੰਦੇਸ਼ ਵੀ ਦੇਈ ਜਾ ਰਹੇ ਸਨ।

ਦਿੱਲੀ ਦਾ ਸਫ਼ਰ ਤਹਿ ਕਰਦਿਆਂ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਪੰਜੋਖੜੇ ਪਹੁੰਚੇ ਤਾਂ ਇੱਥੋਂ ਦਾ ਇਕ ਹੰਕਾਰੀ ਪੰਡਿਤ ਲਾਲ ਚੰਦ ਸੰਗਤਾਂ ’ਚ ਚੁੱਪ-ਚਪੀਤੇ ਹੀ ਆ ਕੇ ਬਹਿ ਗਿਆ ਤੇ ਸਮਾਂ ਮਿਲਦਿਆਂ ਹੌਲ਼ੀ ਦੇਣੇ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਗੀਤਾ ਦੇ ਅਰਥ ਆਉਂਦੇ ਹਨ  ? ਗੁਰੂ ਜੀ ਨੇ ਜਵਾਬ ਦਿੱਤਾ ਕਿ ਕੇਵਲ ਮੈਨੂੰ ਹੀ ਨਹੀਂ ਸਗੋਂ ਮੇਰੇ ਹਰ ਗੁਰਸਿੱਖ ਨੂੰ ਗੀਤਾ ਸਮੇਤ ਤੁਹਾਡੇ ਸਾਰੇ ਧਾਰਮਿਕ ਗ੍ਰੰਥਾਂ ਦੇ ਅਰਥ ਆਉਂਦੇ ਹਨ।  ਤੁਸੀਂ ਆਪਣੀ ਤਸੱਲੀ ਲਈ ਕਿਸੇ ਤੋਂ ਪੁੱਛ ਸਕਦੇ ਹੋ ਤਾਂ ਪੰਡਿਤ ਨੇ ਇੱਕ ਸਾਧਾਰਨ ਜਿਹੇ ਵਿਚਰਦੇ ਸਿੱਖ ਛੱਜੂ ਰਾਮ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਇਹ ਵੀ ਮੈਨੂੰ ਨਿਰੁਤਰ ਕਰ ਸਕਦਾ ਹੈ ਤਾਂ ਗੁਰੂ ਜੀ ਨੇ ਕਿਹਾ ਕਿਉਂ ਨਹੀਂ, ਤੁਸੀਂ ਬੁਲਾ ਲਓ ਤੇ ਆਪਣੀ ਤਲੱਸੀ ਕਰ ਲਓ।  ਛੱਜੂ ਰਾਮ ਨੇ ਪੰਡਿਤ ਲਾਲ ਚੰਦ ਦੁਆਰਾ ਚੁਣੇ ਗਏ ਗੀਤਾ ਦੇ ਕਠਿਨ ਸਲੋਕ ਦੇ ਨਿਵੇਕਲੇ ਤਰੀਕੇ ਨਾਲ ਅਰਥ ਕਰ ਕੇ ਪੰਡਿਤ ਨੂੰ ਅਚੰਭੇ ’ਚ ਪਾ ਦਿੱਤਾ ਤੇ ਉਹ ਗੁਰੂ ਜੀ ਦੇ ਚਰਨਾਂ ’ਤੇ ਢਹਿ ਕੇ ਮੁਆਫ਼ੀ ਮੰਗਣ ਲੱਗਾ।

ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਪਹੁੰਚੇ ਤਾਂ ਰਾਜਾ ਜੈ ਸਿੰਘ ਸਮੇਤ ਦਿੱਲੀ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਉਸ ਨੇ ਗੁਰੂ ਸਾਹਿਬ ਦਾ ਪੜਾਅ ਵੀ ਆਪਣੇ ਮਹੱਲ ਵਿੱਚ ਹੀ ਕਰਵਾਇਆ।  ਰਾਜਾ ਜੈ ਸਿੰਘ ਭਾਵੇਂ ਗੁਰੂ ਘਰ ਦਾ ਪ੍ਰੀਤਵਾਨ ਸੀ ਪਰ ਉਸ ਦੀ ਰਾਣੀ ਨੇ ਗੁਰੂ ਨਾਨਕ ਜੋਤ ਨੂੰ ਪਰਖਣ ਦੀ ਠਾਣ ਲਈ।  ਉਸ (ਰਾਣੀ) ਨੇ ਅਮੀਰ ਘਰਾਣਿਆਂ ਦੀਆਂ ਕੁੱਝ ਤ੍ਰੀਮਤਾਂ ਨੂੰ ਇਕੱਠਿਆਂ ਕਰ ਲਿਆ ਅਤੇ ਕਹਿਣ ਲੱਗੀ ਕਿ ਜੇਕਰ ਗੁਰੂ ਅੰਤਰਜ਼ਾਮੀ ਹੋਵੇਗਾ ਤਾਂ ਉਹ ਸਿਰਫ਼ ਮੇਰੀ ਹੀ ਗੋਦ ਵਿੱਚ ਬੈਠੇਗਾ। ਗੁਰੂ ਸਾਹਿਬਾਨ, ਬਾਕੀ ਸਾਰੀਆਂ ਔਰਤਾਂ ਕੋਲੋਂ ਲੰਘ ਕੇ ਰਾਣੀ ਦੀ ਗੋਦ ਵਿੱਚ ਜਾ ਬੈਠੇ।  ਰਾਣੀ ਨੇ ਗੁਰੂ ਜੀ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਸ਼ਰਧਾ ਦੇ ਹੰਝੂ ਵਹਿਣ ਲੱਗ ਪਏ।

ਆਪਣੇ ਪਿਤਾ ਗੁਰੂ ਹਰਿਰਾਇ ਜੀ ਵਾਂਗ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਪ ਜੀ ਦਾ ਵਿਚਾਰ ਸੀ ਕਿ ਔਰੰਗਜ਼ੇਬ ਇਕ ਜ਼ਾਲਮ ਕਿਸਮ ਦਾ ਬਾਦਸ਼ਾਹ ਹੈ ਅਤੇ ਗੁਰੂ ਨਾਨਕ ਦਾ ਘਰ ਕੇਵਲ ਤੇ ਕੇਵਲ ਧਰਮੀ ਬੰਦਿਆਂ ਦੀ ਹੀ ਤਰਫ਼ਦਾਰੀ ਕਰਦਾ ਹੈ। ਇਸ ਲਈ ਸਾਡਾ ਅਤੇ ਬਾਦਸ਼ਾਹ ਦਾ ਮਿਲਾਪ ਉਚਿਤ ਨਹੀਂ ਹੈ। ਇੱਥੋਂ ਤੱਕ ਕਿ ਬਾਦਸ਼ਾਹ ਨੇ ਗੁਰੂ ਸਾਹਿਬ ਦਾ ਮਨ ਬਦਲਣ ਹਿੱਤ ਕਈ ਬੇਸ਼ਕੀਮਤੀ ਤੋਹਫ਼ੇ ਵੀ ਭੇਜੇ ਪਰ ਸਾਧ ਬਚਨ ਅਟੱਲ ਹੀ ਰਹੇ।  ਗੁਰੂ ਜੀ ਨੇ ਫ਼ਾਰਸੀ ਲਿਪੀ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਮਾਝ ਕੀ ਵਾਰ ਦਾ ਇਹ ਸਲੋਕ ਵੀ ਔਰੰਗਜ਼ੇਬ ਨੂੰ ਭੇਜਿਆ, ‘‘ਕਿਆ ਖਾਧੈ  ? ਕਿਆ ਪੈਧੈ ਹੋਇ  ?॥  ਜਾ ਮਨਿ ਨਾਹੀ; ਸਚਾ ਸੋਇ ॥  ਕਿਆ ਮੇਵਾ  ? ਕਿਆ ਘਿਉ ਗੁੜੁ ਮਿਠਾ  ? ਕਿਆ ਮੈਦਾ ਕਿਆ ਮਾਸੁ  ?॥  ਕਿਆ ਕਪੜੁ  ? ਕਿਆ ਸੇਜ ਸੁਖਾਲੀ  ? ਕੀਜਹਿ ਭੋਗ ਬਿਲਾਸ ॥’’ (ਮ: ੧/੧੪੨) 

ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਗੁਰੂ ਜੀ ਦੁਆਰਾ ਨਿਭਾਈ ਗਈ ਦਿੱਲੀ ਦੀ ਜਨਤਾ ਪ੍ਰਤੀ ਸੇਵਾ ਨੂੰ ਵੇਖਦਿਆਂ ਰਾਜਾ ਜੈ ਸਿੰਘ ਰਾਹੀਂ ਵਾਰ-ਵਾਰ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਉਣ ਉਪਰੰਤ ਗੁਰੂ ਜੀ 25 ਮਾਰਚ 1664 (ਭਾਵ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ) ਨੂੰ ਔਰੰਗਜ਼ੇਬ ਨੂੰ ਮਿਲੇ ਤੇ ਉਸ ਨੇ ਗੁਰੂ ਜੀ ਨਾਲ ਸਿਧਾਂਤਕ ਵਿਚਾਰਾਂ ਕਰਨ ਉਪਰੰਤ ਆਰਾਮ ਕਰਨ ਨੂੰ ਕਿਹਾ ਕਿਉਂਕਿ ਗੁਰੂ ਜੀ ’ਤੇ ਤਦ ਚੇਚਕ ਦੀ ਬਿਮਾਰੀ ਆਪਣਾ ਪ੍ਰਭਾਵ ਪਾ ਚੁੱਕੀ ਸੀ।

ਗੁਰੂ ਹਰਿਕ੍ਰਿਸ਼ਨ ਜੀ ਜਦੋਂ ਦਿੱਲੀ ਪਹੁੰਚੇ ਤਦ ਉਸ ਸਮੇਂ ਉੱਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਅਤੇ ਮਹਾਂਮਾਰੀ ਦੀ ਸ਼ਕਲ ਧਾਰਨ ਕਰ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਬੀਮਾਰੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਸਵੰਧ ਦੀ ਮਾਇਆ ਖੁੱਲ੍ਹ ਕੇ ਵਰਤੀ। ਉਨ੍ਹਾਂ ਦੀ ਆਪਣੀ ਆਯੂ ਵੀ ਅਜੇ ਲਗਭਗ 11 ਕੁ ਸਾਲ ਦੀ ਹੀ ਸੀ। ਇਸ ਆਯੂ ਵਿੱਚ ਚੇਚਕ ਦੀ ਮਾਰ ਬਹੁਤ ਜਲਦੀ ਪੈਂਦੀ ਹੈ। ਲੋਕ-ਸੇਵਾ ਦੀ ਪ੍ਰਬਲ ਭਾਵਨਾ ਸਦਕਾ ਗੁਰੂ ਜੀ ਨੇ ਆਪਣੀ ਸਿਹਤ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ। ਸਿੱਟੇ ਵਜੋਂ ਆਪ ਜੀ ਦੀ ਸਿਹਤ ਨੂੰ ਵੀ ਚੇਚਕ ਦੀ ਨਾਮੁਰਾਦ ਬੀਮਾਰੀ ਨੇ ਆਪਣੀ ਜਕੜ ਵਿੱਚ ਲੈ ਲਿਆ। ਤੇਜ਼ ਬੁਖਾਰ ਹੋਣ ਕਰ ਕੇ ਆਪ ਜੀ ਨੂੰ ਆਪਣਾ ਅੰਤਲਾ ਸਮਾਂ ਨਜ਼ਦੀਕ ਆਉਂਦਾ ਦਿਖਾਈ ਦੇਣ ਲੱਗਾ।

ਰਾਜਾ ਜੈ ਸਿੰਘ ਦਾ ਮਹੱਲ ਛੱਡ ਕੇ ਗੁਰੂ ਹਰਿਕ੍ਰਿਸ਼ਨ ਜੀ ਨੇ ਜਮਨਾ ਨਦੀ ਕਿਨਾਰੇ ਇੱਕ ਖੁੱਲ੍ਹੀ ਥਾਂ ’ਤੇ ਡੇਰਾ ਜਾ ਲਾਇਆ। ਇੱਧਰ ਜਦੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਗੁਰੂ ਸਾਹਿਬ ਦੇ ਬੀਮਾਰ ਹੋਣ ਦਾ ਪਤਾ ਲੱਗਾ ਤਾਂ ਉਹ ਭਾਰੀ ਗਿਣਤੀ ਵਿੱਚ ਜਮਨਾ ਨਦੀ ਕਿਨਾਰੇ ਆਉਣ ਲੱਗੀਆਂ।

ਸੰਗਤਾਂ ਨੂੰ ਸੰਬੋਧਨ ਕਰ ਕੇ ਆਪ ਜੀ ਨੇ ਕਿਹਾ ਕਿ ਸਰੀਰਾਂ ਦੇ ਮਿਲਾਪ ਥੋੜ੍ਹ-ਚਿਰੇ ਹੁੰਦੇ ਹਨ, ਪਰ ਗੁਰ ਉਪਦੇਸ਼ ਸਦੀਵੀ ਹੁੰਦਾ ਹੈ। ਸੋ ਲੋੜ ਹੈ ਕਿ ਧਰਮ ਦੀ ਕਿਰਤ ਕਰਦਿਆਂ ਗੁਰ ਉਪਦੇਸ਼ ਨੂੰ ਅਪਣਾਉਣ ਅਤੇ ਕਮਾਉਣ ਦੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਸੰਗਤਾਂ ਨੂੰ ਇਹ ਇਸ਼ਾਰਾ ਕਰ ਦਿੱਤਾ ਕਿ ਗੁਰੂ ਨਾਨਕ ਦੇ ਘਰ ਦੀ ਅਗਲੀ ਜ਼ਿੰਮੇਵਾਰੀ ਸੰਭਾਲਣ ਵਾਲ਼ੇ (ਗੁਰੂ) ਬਾਬੇ ਬਕਾਲੇ ਵਿੱਚ ਰਹਿੰਦੇ ਹਨ। ਅਖੀਰ ੩੦ ਮਾਰਚ ੧੬੬੪ ਈ. ਨੂੰ ਗੁਰੂ ਜੀ ਜਮਨਾ ਦੇ ਕੰਢੇ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ।

ਗੁਰੂ ਗ੍ਰੰਥ ਸਾਹਿਬ ਵਿੱਚ ਸਦਾਚਾਰੀ ਜੀਵਨ

0

ਗੁਰੂ ਗ੍ਰੰਥ ਸਾਹਿਬ ਵਿੱਚ ਸਦਾਚਾਰੀ ਜੀਵਨ

ਗਿਆਨੀ ਬਲਜੀਤ ਸਿੰਘ (ਰੋਪੜ) 94170-18531

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਵਿਆਪੀ ਸਾਹਿਤਕ ਰਚਨਾਵਾਂ ਵਿੱਚੋਂ ਸਰਬ ਉੱਚ ਰਚਨਾ ਹੈ, ਗੁਰਬਾਣੀ ਦੀ ਮੁੱਢਲੀ ਵੀਚਾਰਧਾਰਾ ਮਨੁੱਖੀ ਜੀਵਨ ਦੀ ਰਹੱਸਵਾਦੀ ਜਾਂ ਆਦਰਸ਼ਕ ਉਸਾਰੀ ਕਰਨ ਲਈ ਹੀ ਹੈ ਪਰ ਨਾਲ ਹੀ ਸੰਗੀਤ ਕਾਵਿ ਅਤੇ ਦਰਸ਼ਨ ਦੇ ਸੁਮੇਲ ਰਾਹੀਂ ਜੋ ਵਿਗਿਆਨਕ ਤੇ ਮਨੋਵਿਗਿਆਨਕ ਪ੍ਰਗਟਾ ਇਸ ਗ੍ਰੰਥ ਵਿੱਚ ਕੀਤਾ ਗਿਆ ਹੈ ਉਹ ਸ਼ਾਇਦ ਹੀ ਭਾਰਤੀ ਜਾਂ ਵਿਦੇਸ਼ੀ ਕਿਸੇ ਸਾਹਿਤਕ ਗ੍ਰੰਥ ਵਿੱਚ ਲੱਭਣਾ ਸੰਭਵ ਹੋਵੇ। ਧਾਰਮਿਕ ਸਾਹਿਤ ਤੇ ਦਰਸ਼ਨ ਦਾ ਸੁਮਿਲਵਾਂ ਰੂਪ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮੂਰਤੀਮਾਨ ਹੁੰਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ, ਅਮੁੱਕ ਭੰਡਾਰ ਹਨ। ਇਹ ਅਨੁਭਵ ਬ੍ਰਹਮ ਮਿਲਾਪ ਉਪਰੰਤ ਅਨੁਭਵੀ ਆਤਮਾਵਾਂ ਵਿੱਚ ਸਫੁੱਟ ਹੋਇਆ ਅਮੁੱਕ ਤੇ ਅਮੁੱਲ ਕਾਵਿ ਪ੍ਰਕਾਸ਼ ਹੈ। ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਪ੍ਰਤੱਖ ਤੌਰ ’ਤੇ ‘‘ਨਾਨਕੁ ਸਾਇਰੁ ਏਵ ਕਹਤੁ ਹੈ; ਸਚੇ ਪਰਵਦਗਾਰਾ ॥’’ (ਮ: ੧/੬੬੦) ਰਾਹੀਂ ਕਵੀ ਮੰਨਦੇ ਹੋਏ ਆਪਣੇ ਆਪ ਨੂੰ ‘‘ਹਉ ਢਾਢੀਕਾ ਨੀਚ ਜਾਤਿ .. .॥’’ (ਮ: ੧/੪੬੮) ਫ਼ੁਰਮਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀ, ਲੋਕ ਕਵੀ ਹਨ ਭਾਵ ਲੋਕਾਂ ਵਿੱਚ ਰਹਿਣਾ, ਬਹਿਣਾ, ਖਲੋਣਾ, ਹੱਸਣਾ, ਖੇਡਣਾ, ਕੁਝ ਲੈਣਾ ਤੇ ਕੁਝ ਦੇਣਾ, ‘‘ਜਬ ਲਗੁ ਦੁਨੀਆ ਰਹੀਐ, ਨਾਨਕ  ! ਕਿਛੁ ਸੁਣੀਐ ਕਿਛੁ ਕਹੀਐ ॥’’ (ਮ: ੧/੬੬੧) ਦੀ ਵਿਚਾਰਕ ਤੇ ਸੁਹਿਰਦ ਜ਼ਿੰਦਗੀ ਦੇ ਧਾਰਨੀ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਲੋਕ ਜਜ਼ਬਿਆਂ ਦਾ ਕਾਵਿ ਪ੍ਰਕਾਸ਼ ਹੈ, ਲੋਕ ਜ਼ਿੰਦਗੀ ਦਾ ਕਾਵਿਕ ਇਤਿਹਾਸ ਹੈ।

‘‘ਗੁਰ ਮਹਿ ਆਪੁ ਸਮੋਇ ..॥’’ (ਮ: ੧/੧੨੭੯) ਬਚਨਾ ਅਨੁਸਾਰ ਪ੍ਰਮਾਤਮਾ ਨੇ ਗੁਰੂ ਰਾਹੀਂ ਪ੍ਰਗਟ ਕੀਤੀ ‘ਧੁਰ ਕੀ ਬਾਣੀ’ ਹੈ। ਗੁਰੂ, ਭੱਟ, ਸਿੱਖ, ਭਗਤ ਸਾਹਿਬਾਨ ਸਭ ਪਿਆਰ ਵਾਲੇ ਕਵੀ ਸਨ। ਜਿੱਥੇ ਕਿੱਥੇ ਵੀ ਜ਼ਿੰਦਗੀ ਹੈ ਉੱਥੇ ਪਿਆਰ ਦੀ ਹੋਂਦ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਮਾਨਵ ਪਿਆਰ ਤੇ ਲੋਕਾਂ ਦੀ ਭਾਵਕ ਸਾਂਝ ਪਾਈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਪਿਆਰ ਪੱਧਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਵਿਸ਼ਵ ਵਿਆਪੀ ਗ੍ਰੰਥ ਬਣ ਜਾਂਦੇ ਹਨ ਹਰ ਮਨੁੱਖ ਮਾਤਰ ਨੂੰ ਇਸ ਰਚਨਾ ਤੋਂ ‘‘ਸਤਿ ਸੁਹਾਣੁ, ਸਦਾ ਮਨਿ ਚਾਉ ॥’’ (ਜਪੁ) ਦਾ ਅਨੰਦ ਮਿਲ ਸਕਦਾ ਹੈ।  ਇਸ ਦੇ ਰਚਨਹਾਰੇ ਕਵੀ ਇੱਕ ਧਾਰਾ ਵੱਲ ਉਲਾਰ ਨਹੀਂ ਸਨ। ਇਹ ‘ਧੁਰ ਕੀ ਬਾਣੀ’ ਮਨੁੱਖ ਮਾਤਰ ਨੂੰ ਬੌਧਿਕ ਤੇ ਭਾਵਕ ਦੋਹੀਂ ਪਾਸੀ ਟੁੰਬਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਨ ਸਮੇਂ ਇੱਕ ਵਿਸ਼ੇਸ਼ ਸ਼ੈਲੀ ਕੰਮ ਕਰ ਰਹੀ ਹੈ। ਸੰਗੀਤ, ਕਾਵਿ ਰੂਪ ਰਸ, ਛੰਦ, ਅਲੰਕਾਰ, ਬੋਲੀ ਤੇ ਵਿਆਕਰਨ ਨਿਯਮ ਇਸ ਸ਼ੈਲੀ ਦੇ ਮੁੱਖ ਤੱਤ ਹਨ :

(ੳ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ- ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ ਨਿਰੋਲ ਮੌਲਿਕ ਹੈ ਇਸ ਨੂੰ ਕੇਵਲ ਗੁਰਮਤਿ ਸੰਗੀਤ ਪ੍ਰਣਾਲੀ ਹੀ ਕਹਿਣਾ ਬਣਦਾ ਹੈ।  ਇਹ ਪ੍ਰਣਾਲੀ ਕੇਵਲ ਰਾਗ, ਸੁਰ, ਲੈਅ, ਤਾਲ ਤੱਕ ਹੀ ਸੀਮਿਤ ਨਹੀਂ ਸਗੋਂ ਵਿਸ਼ਵ ਲਈ ਪਸਰੀ ਇਕਾਗਰਤਾ ਭਰਪੂਰ ਗਤੀ ਹੈ ਜਿਸ ਦੀ ਤਾਲ ਤੇ ਲੈਅ ਵਿੱਚ ਸਾਰਾ ਵਿਸ਼ਵ ਵਿਚਰ ਰਿਹਾ ਹੈ, ਉਸ ਸਮੇਂ ਦੀ ਹਕੂਮਤ ਤੇ ਧਾਰਮਿਕ ਦ੍ਰਿਸ਼ਟੀ ਜਿੱਥੇ ਰਾਗ ਨੂੰ ਹਰਾਮ ਕਹਿੰਦੀ ਹੈ ਪਰ ਗੁਰੂ ਸਾਹਿਬਾਨ, ਭਗਤ, ਭੱਟਾਂ ਨੇ ਇਸ ਨੂੰ ਰੱਬੀ ਤਾਲ ਨੂੰ ਸਮਝਣ ਲਈ ਸਰਬੋਤਮ ਸਾਧਨ ਮੰਨਿਆ ਹੈ।

ਸੰਗੀਤ ਰਾਗ;  ਰੁੱਤ, ਸਮਾਂ ਤੇ ਸਥਾਨ ਦੀ ਸੀਮਾਂ ਵਿੱਚ ਬੱਧਾ ਹੁੰਦਾ ਹੈ ਜਿਸ ਦੇ ਆਧਾਰ ’ਤੇ ਰਾਗਾਂ ਵਿੱਚ ਭਾਵਾਂ, ਸਮਿਆਂ, ਰੁੱਤਾਂ ਤੇ ਸਥਾਨਾਂ ਦਾ ਅੰਤਰ ਪ੍ਰਤੀਤ ਹੁੰਦਾ ਹੈ।  ਮਿਸਾਲ ਵੱਜੋਂ ‘ਸੂਹੀ ਰਾਗ’ ਮੰਗਲਚਾਰੀ, ਖ਼ੁਸ਼ੀਆਂ ਦਾ ਰਾਗ ਹੈ।, ‘ਬਸੰਤ ਤੇ ਮਲਾਰ’ ਰਾਗ ਰੁੱਤਾਂ ਨਾਲ ਸੰਬੰਧਿਤ ਹਨ।  ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੁੱਖ ਤੌਰ ’ਤੇ 31 ਰਾਗ ਹਨ। ਗੁਰੂ ਨਾਨਕ ਦੇਵ ਜੀ ਗੁਰਮਤਿ ਸੰਗੀਤ ਪ੍ਰਣਾਲੀ ਦੇ ਮੋਢੀ ਹਨ।  ਗੁਰਬਾਣੀ ਦੀਆਂ ਇਹ ਪਾਵਨ ਪੰਕਤੀਆਂ ਹਰ ਗੁਰੂ ਦੇ ਰਾਗ ਪ੍ਰਤੀ ਸੰਕਲਪ ਨੂੰ ਉਜਾਗਰ ਕਰਦੀਆਂ ਹਨ, ‘‘ਰਾਗਾ ਵਿਚਿ ਸ੍ਰੀ ਰਾਗੁ ਹੈ; ਜੇ ਸਚਿ ਧਰੇ ਪਿਆਰੁ ॥ (ਮ: ੩/੮੩), ਗਉੜੀ ਰਾਗਿ ਸੁਲਖਣੀ; ਜੇ ਖਸਮੈ ਚਿਤਿ ਕਰੇਇ ॥’’ (ਮ: ੩/੩੧੧) ਜਾਂ ਇੰਜ ਆਖ ਲਈਏ ਕਿ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈ  !  ਜਿਤੁ ਵਸਿਆ ਮਨਿ ਆਇ ॥’’ (ਮ: ੪/੧੪੨੩) ਹੀ ਗੁਰਮਤਿ ਸੰਗੀਤ ਪ੍ਰਣਾਲੀ ਦਾ ਸੰਕਲਪ ਹੈ। ਪੰਜਵੇਂ ਪਾਤਸ਼ਾਹ ਜੀ ਨੇ ਸ਼ਪਸ਼ਟ ਰੂਪ ਵਿੱਚ ਸੰਗੀਤ ਦਾ ਗੁਰਮਤਿ ਆਸ਼ਾ ਉਲੀਕ ਦਿੱਤਾ ਹੈ, ‘‘ਭਲੋ ਭਲੋ ਰੇ ਕੀਰਤਨੀਆ  ! ॥  ਰਾਮ ਰਮਾ, ਰਾਮਾ ਗੁਨ ਗਾਉ ॥  ਛੋਡਿ ਮਾਇਆ ਕੇ ਧੰਧ ਸੁਆਉ ॥ (ਮ: ੫/੮੮੫), ਜੇ ਕੋ, ਅਪਨੇ ਠਾਕੁਰ ਭਾਵੈ ॥  ਕੋਟਿ ਮਧਿ, ਏਹੁ ਕੀਰਤਨੁ ਗਾਵੈ ॥’’ (ਮ: ੫/੮੮੫)

ਗੁਰੂ, ਭਗਤ, ਭੱਟ; ਜਿਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ, ਭਗਤੀ ਮੰਡਲ ਦੇ ਵਾਸੀ ਸਨ, ਜਿਨ੍ਹਾਂ ਦਾ ਨਿਵਾਸ ਸਥਾਨ ‘‘ਬੇਗਮਪੁਰਾ, ਸਹਰ ਕੋ ਨਾਉ ॥’’ (ਭਗਤ ਰਵਿਦਾਸ/੩੪੫) ਜਾਂ ‘‘ਨਾਨਕ  ! ਬਧਾ ਘਰੁ ਤਹਾਂ, ਜਿਥੈ ਮਿਰਤੁ ਨ ਜਨਮੁ ਜਰਾ ॥’’ (ਮ: ੫/੪੪) ਰਿਹਾ ਹੈ। ਭਗਤੀ ਭਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰਾਗ ਦੀ ਵਰਤੋਂ ਜ਼ਰੂਰੀ ਸੀ, ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ, ਨਾ ਕਿਸੇ ਪ੍ਰਣਾਲੀ ਦੀ ਨਕਲ ਹੈ, ਨਾ ਹੀ ਇਹ ਭਾਰਤੀ ਹਣਵੰਤ ਜਾਂ ਕ੍ਰਿਸ਼ਨ ਮਾਲਾ ਦੀ ਸੰਗੀਤ ਪ੍ਰਣਾਲੀ ਨਾਲ ਮੇਲ ਖਾਂਦੀ ਹੈ, ਇਹ ਨਿਰੋਲ ਮੌਲਿਕ ਹੈ, ਇਸ ਨੂੰ ਗੁਰਮਤਿ ਸੰਗੀਤ ਪ੍ਰਣਾਲੀ ਹੀ ਕਹਿਣਾ ਵਧੇਰੇ ਢੁੱਕਦਾ ਹੈ।

(ਅ). ਕਾਵਿ ਰੂਪ- ਸਤਿਗੁਰੂ ਜੀ ਲੋਕ ਜੀਵਨ ਨੂੰ ਉਤਸ਼ਾਹ-ਜਨਕ ਤੇ ਗੌਰਵਮਈ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਪ੍ਰਚਲਿਤ ਕਾਵਿ ਰੂਪਾਂ ਤੇ ਭਾਵ ਭੇਦਾਂ ਵਿੱਚ ਹੀ ਰਚਨਾ ਕੀਤੀ, ‘ਬਾਰਹ ਮਾਹਾ, ਪੱਟੀ, ਵਾਰ, ਥਿਤੀ, ਅਲਾਹਣੀਆ, ਗੋਸਟਿ’ ਆਦਿ ਉਸ ਸਮੇਂ ਦੇ ਪ੍ਰਚਲਿਤ ਕਾਵਿ ਰੂਪ ਹਨ। ਸਤਿਗੁਰੂ ਜੀ ਦੀ ਸਾਹਿਤਕ ਪ੍ਰੰਪਰਾ ਵੀ ਜੀਵਨ ਨੂੰ ਉੱਤਮ ਤੇ ਸ੍ਰੇਸ਼ਟ ਬਣਾਉਣ ਲਈ ਹੀ ਹੈ। ਇਸ ਲਈ ਉਨ੍ਹਾਂ ਸਾਰਿਆਂ ਨੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਮੂਰਤੀਮਾਨ ਕਰਨ ਲਈ ਉਹੀ ਕਾਵਿ ਰੂਪ ਵਰਤੇ, ਜੋ ਲੋਕਾਂ ਵਿੱਚ ਹਰਮਨ ਪਿਆਰੇ ਸਨ, ਲੋਕ ਜ਼ਿੰਦਗੀ ਦਾ ਹਿੱਸਾ ਸਨ, ਸੋ ਗੁਰੂ ਗ੍ਰੰਥ ਸਾਹਿਬ ਜੀ ਭਾਰਤੀ ਤੇ ਪੰਜਾਬੀ ਕਾਵਿ ਰੂਪ ਦੀ ਪ੍ਰੰਪਰਾ ਨੂੰ ਵੀ ਆਪਣੇ ਵਿੱਚ ਸਾਂਭੀ ਬੈਠੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਵਿਸ਼ੇਸ਼ਤਾ ਹੀ ਹੈ।

(ੲ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਛੰਦ ਰੂਪ’-ਇਹ ਰਚਨਾ ਛੰਦ ਬੱਧ ਰਚਨਾ ਹੈ।  ਕਵਿਤਾ ਲਈ ਛੰਦ ਇੱਕ ਅਤਿ ਜ਼ਰੂਰੀ ਬੰਧਨ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ‘ਦੁਤੁਕੀਏ ਸਲੋਕ’ ਵੀ ਹਨ ਤੇ 20-20 ਤੁਕਾਂ ਵਾਲੇ ਸਲੋਕ ਵੀ ਲਿਖੇ ਗਏ ਹਨ, ਜਿਨ੍ਹਾਂ ਦੇ ਰਚੇਤਾ, ਛੰਦ, ਸ਼ਾਸਤ੍ਰ ਦੇ ਪੂਰਨ ਗਿਆਨੀ ਸਨ। ਉਦਾਹਰਨ ਵਜੋਂ ‘ਝੋਲਨਾ, ਤਾਟੰਕ, ਤੋਮਰ, ਦੇਵੱਯਾ, ਦੋਹਰਾ, ਪ੍ਰਮਾਣਕਾ, ਪਉੜੀ, ਰਾਧਿਕਾ, ਨਿਸ਼ਾਨੀ, ਰਡ, ਹੰਸਗਤਿ, ਕਜਲ ਗੀਤਾ, ਗੀਤਿਕਾ, ਘਨਾਛਰੀ, ਚੌਪਈ, ਛਪੈ, ਸਿਰਖੰਡੀ, ਸੋਰਠਾ, ਅਸਟਪਦੀ’ ਆਦਿ ਛੰਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਹੋਏ ਮੌਜੂਦ ਹਨ।  ਉਦਾਹਰਨ ਵਜੋਂ, ‘‘ਸੁਭ ਬਚਨ ਬੋਲਿ, ਗੁਨ ਅਮੋਲ ॥  ਕਿੰਕਰੀ ਬਿਕਾਰ ॥  ਦੇਖੁ ਰੀ ਬੀਚਾਰ ॥  ਗੁਰ ਸਬਦੁ ਧਿਆਇ, ਮਹਲੁ ਪਾਇ ॥  ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥’’ (ਮ: ੫/੧੨੨੯)  ਅਸਲ ਵਿੱਚ ਗੁਰਬਾਣੀ ਦੀ ਇਹ ਛੰਦਾ ਬੰਦੀ, ਕਵੀਆਂ ਤੇ ਵਿਦਵਾਨਾਂ ਲਈ ਛੰਦ ਦਿਵਾਕਰ (ਸੂਰਜ) ਦਾ ਰੂਪ ਹੈ।

(ਸ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਲੰਕਾਰ ਰੂਪ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਅਲੰਕਾਰਾਂ ਨਾਲ ਜੜੀ ਤੇ ਸਿੰਗਾਰੀ ਹੋਈ ਹੈ ਗੁਰਬਾਣੀ ਵਿੱਚ ਵਰਤੇ ਅਲੰਕਾਰ ਵਿਸ਼ਾਲ ਅਨੁਭਵ ਨਾਲ ਸੰਬੰਧ ਰੱਖਦੇ ਹਨ। ਸਾਹਿਬ ਜੀ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ (ਆਕਾਰ) ’ਤੇ ਝਾਤ ਮਾਰਦੀ ਸੀ, ਉਨ੍ਹਾਂ ਨੇ ਆਪਣੇ ਭਾਵਾਂ (ਵੀਚਾਰਾਂ) ਨੂੰ ਸਪਸ਼ਟ, ਸੁਹਜਮਈ ਤੇ ਸੰਕੇਤਮਈ ਬਣਾਉਣ ਹਿਤ ਦ੍ਰਿਸਮਾਨ ਵਿੱਚੋਂ ਅਲੰਕਾਰਾਂ ਦੀ ਚੌਣ ਕੀਤੀ, ਵਿਸ਼ੇਸ ਤੌਰ ’ਤੇ ਸਮਾਜਕ ਤੇ ਘਰੋਗੀ ਜ਼ਿੰਦਗੀ ਵਿੱਚੋਂ ਜਿਹੜੇ ਅਲੰਕਾਰ, ਸੰਕੇਤ ਬਿੰਬ ਉਨ੍ਹਾਂ ਚੁਣੇ ਹਨ, ਉਹ ਸਤਿਗੁਰੂ ਜੀ ਦੀ ਸਮਾਜ ਪ੍ਰਤੀ ਵਿਸ਼ਾਲ ਸੂਝ ਦੇ ਲਖਾਇਕ ਹਨ।  ਉਦਾਹਰਨ ਵਜੋਂ ਮਨੁੱਖੀ ਹਿਰਦਾ ਜਦੋਂ ਪ੍ਰਭੂ ਪਤੀ ਨੂੰ ਆਪਣੇ ‘ਘਰਿ ਆਇਆ’ ਅਨੁਭਵ ਕਰੇ ਤਾਂ ਉਸ ਅਵਸਥਾ ਨੂੰ ਸਾਹਿਬ ਜੀ ਨੇ ਇਵੇਂ ਸ਼ਿੰਗਾਰਿਆ ਹੈ, ‘‘ਆਂਗਨਿ ਮੇਰੈ, ਸੋਭਾ ਚੰਦ ॥  ਨਿਸਿ ਬਾਸੁਰ, ਪ੍ਰਿਅ ਸੰਗਿ ਅਨੰਦ ॥੨॥  ਬਸਤ੍ਰ ਹਮਾਰੇ ਰੰਗਿ ਚਲੂਲ ॥  ਸਗਲ ਆਭਰਣ ਸੋਭਾ ਕੰਠਿ ਫੂਲ ॥’’ (ਮ: ੫/੩੭੨) ਜਾਂ ‘‘ਲਬੁ ਅਧੇਰਾ ਬੰਦੀਖਾਨਾ, ਅਉਗਣ ਪੈਰਿ ਲੁਹਾਰੀ ॥੩॥  ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪੁ ਕਰੇ ਕੁੋਟਵਾਰੀ ॥’’ (ਮ: ੧/੧੧੯੧) ਦੇ ਸੰਕੇਤ ਰਾਹੀਂ ਸਾਡੀ ਹਾਲਤ ਨੂੰ ਅਲੰਕ੍ਰਿਤ ਕੀਤਾ ਹੈ। ਉਪਮਾ ਅਲੰਕਾਰ ਲਈ ਸਾਹਿਬ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਵੱਲ ਤੱਕਦੀ ਹੈ।  ਕ੍ਰਿਸਾਨੀ ਜ਼ਿੰਦਗੀ ਵਿੱਚੋਂ ਕਿਵੇਂ ਜੀਵਨ ਜਾਚ ਬਖ਼ਸ਼ਦੇ ਹਨ, ‘‘ਕਰ ਹਰਿਹਟ ਮਾਲ ਟਿੰਡ ਪਰੋਵਹੁ, ਤਿਸੁ ਭੀਤਰਿ ਮਨੁ ਜੋਵਹੁ ॥  ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ, ਤਉ ਮਾਲੀ ਕੇ ਹੋਵਹੁ ॥’’ (ਮ: ੧/੧੧੭੧) ਅਕਾਸ਼ੀ ਅਲੰਕਾਰ ਦੀ ਸਮੱਗਰੀ ਰਾਹੀਂ ਫ਼ੁਰਮਾਇਆ, ‘‘ਨਾਨਕ  ! ਬਿਜੁਲੀਆ ਚਮਕੰਨਿ, ਘੁਰਨਿ੍ ਘਟਾ ਅਤਿ ਕਾਲੀਆ ॥  ਬਰਸਨਿ ਮੇਘ ਅਪਾਰ, ਨਾਨਕ  !  ਸੰਗਮਿ ਪਿਰੀ ਸੁਹੰਦੀਆ ॥’’ (ਮ: ੫/੧੧੦੨)

ਸਤਿਗੁਰੂ ਜੀ ਦੀ ਪ੍ਰਕ੍ਰਿਤੀ ਪ੍ਰਤੀ ਵਿਸ਼ਾਲ ਦ੍ਰਿਸ਼ਟੀ ਦਾ ਅੰਦਾਜ਼ਾ ਲਗਾਓ, ‘‘ਊਨਵਿ ਘਨਹਰੁ ਗਰਜੈ ਬਰਸੈ, ਕੋਕਿਲ ਮੋਰ ਬੈਰਾਗੈ ॥  ਤਰਵਰ ਬਿਰਖ ਬਿਹੰਗ ਭੁਇਅੰਗਮ, ਘਰਿ ਪਿਰੁ ਧਨ ਸੋਹਾਗੈ ॥’’ (ਮ: ੧/੧੧੯੭) ਰੂਪਕ ਅਲੰਕਾਰ ਰਾਹੀਂ ਦ੍ਰਿਸ਼ਮਾਨ ਵਿੱਚੋਂ ਆਪਣੇ ਪਿਆਰੇ ਦੀ ਰਚਨਾ ਦਾ ਕਮਾਲ ਇੰਜ ਰੂਪਮਾਨ ਕੀਤਾ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ, ਜਨਕ ਮੋਤੀ ॥’’ (ਮ: ੧/੧੩) ਇਸ ਤਰ੍ਹਾਂ ਡਾ. ਗੋਪਾਲ ਸਿੰਘ ਜੀ ਦੇ ਸ਼ਬਦਾਂ ਵਿੱਚ ਇਹ ਇੱਕ ਪਰਮ ਸੱਚ ਹੈ ਕਿ ਗੁਰੂ ਜੀ ਨੇ ਰੂਪਕ ਅਲੰਕਾਰ ਵਰਤਿਆ ਹੈ ਤਾਂ ਨਿਰਾ ਉਪਮਾਨ ਤੇ ਉਪਮੇਯ ਨੂੰ ਅਭੇਦ ਕਰਨ ਲਈ ਹੀ ਨਹੀਂ ਸਗੋਂ ਕਿਸੇ ਆਤਮਕ ਤਜਰਬੇ ਦਾ ਚਿੱਤਰ ਖਿੱਚਣ ਲਈ ਵਰਤਿਆ ਹੈ, ਅਜਿਹੀ ਅਲੰਕਾਰੀ ਵਿਸ਼ੇਸ਼ਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵਿੱਚੋਂ ਹੀ ਢੂੰਢੀ ਜਾ ਸਕਦੀ ਹੈ।

(ਹ) ਗੁਰੂ ਗ੍ਰੰਥ ਸਾਹਿਬ ਅੰਦਰ ਅਖਾਣ ਜਾਂ ਮੁਹਾਬਰਾ ਭੰਡਾਰ- ਕਿਸੇ ਵੀ ਸਾਹਿਤ ਵਿੱਚ ਅਖਾਣ ਤੇ ਮੁਹਾਵਰੇ ਇੱਕ ਵਿਸ਼ੇਸ਼ ਥਾਂ ਰੱਖਦੇ ਹਨ ਅਖਾਣਾਂ, ਮੁਹਾਵਰਿਆਂ ਵਿੱਚ ਕਿਸੇ ਭਾਸ਼ਾ ਜਾਂ ਰਚਨਾ ਦਾ ਪੂਰਾ ਵਿਕਸਿਤ ਰੂਪ ਦਰਸ਼ਨ ਦਿੰਦਾ ਹੈ। ਅਖਾਣਾਂ ਦੀ ਸੰਖੇਪਤਾ ਤੇ ਸੁਚੱਜੀ ਸ਼ਬਦ ਚੋਣ ਅਤਿ ਕਲਾਤਮਿਕ ਹੁੰਦੀ ਹੈ। ਇੱਕ ਜਾਂ ਦੋ ਵਾਕਾਂ ਰਾਹੀਂ ਜੀਵਨ ਦੇ ਕਿਸੇ ਸਾਰ ਤੱਤ ਨੂੰ ਕੁੱਜੇ ਵਿੱਚ ਸਮੁੰਦਰ ਵਾਂਗ ਬੰਦ ਕੀਤਾ ਹੁੰਦਾ ਹੈ। ਪੜ੍ਹਨ, ਸੁਣਨ ਵਾਲਾ ਵੀ ਅਖਾਣ ਅੱਗੇ ਨਿਰੁਤਰ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਵਿਸ਼ਾਲ ਜੀਵਨ, ਤਜਰਬੇ, ਸਿਆਣਪ ਅਤੇ ਦੂਰ ਦ੍ਰਿਸ਼ਟੀ ’ਤੇ ਆਧਾਰਿਤ ਅਨਮੋਲ ਸਚਾਈਆਂ ਭਰੀਆਂ ਹੁੰਦੀਆਂ ਹਨ, ਜੋ ਮਨੁੱਖਤਾ ਨੂੰ ਕਦਮ-ਕਦਮ ’ਤੇ ਸੇਧ ਪ੍ਰਦਾਨ ਕਰਦੀਆਂ ਹਨ। ਅਖਾਣ ਤੇ ਮੁਹਾਵਰੇ; ਭਾਸ਼ਾ ਤੇ ਵੀਚਾਰ ਨੂੰ ਸ਼ਿੰਗਾਰਨ ਤੇ ਉਸ ਦੇ ਪ੍ਰਭਾਵ ਨੂੰ ਤੇਜ਼ ਕਰਨ ਵਿੱਚ ਸਹਾਈ ਹੁੰਦੇ ਹਨ। ਗੁਰਬਾਣੀ ਵਿੱਚੋਂ ਕੁਝ ਉਦਾਹਰਨਾਂ ਰੱਖਣ ਦਾ ਯਤਨ ਹੈ, ‘‘ਕਥਨਾ ਕਥੀ, ਨ ਆਵੈ ਤੋਟਿ ॥ (ਜਪੁ), ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ ॥ (ਮ: ੫/੧੩੬), ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ ॥ (ਮ: ੫/੧੩੫), ਮੂਰਖ ਗੰਢੁ ਪਵੈ, ਮੁਹਿ ਮਾਰ ॥ (ਮ: ੧/੧੪੩), ਮੂਰਖੈ ਨਾਲਿ ਨ ਲੁਝੀਐ ॥ (ਮ: ੧/੪੭੩), ਮਿਠਤੁ ਨੀਵੀ ਨਾਨਕਾ  !  ਗੁਣ ਚੰਗਿਆਈਆ ਤਤੁ ॥ (ਮ: ੧/੪੭੦), ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ ॥ (ਮ: ੨/੪੭੪), ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥ (ਮ: ੧/੩੫੬), ਭਗਤਾ ਕੀ ਚਾਲ ਨਿਰਾਲੀ ॥ (ਮ: ੩/੯੧੮), ਬਹੁਤਾ ਬੋਲਣੁ, ਝਖਣੁ ਹੋਇ ॥ (ਮ: ੧/੬੬੧), ਆਦਿ ਹਜ਼ਾਰਾਂ ਅਨਮੋਲ ਬਚਨ ਇਸ ਰੂਪ ਵਿੱਚ ਸੁਭਾਇਮਾਨ ਹਨ, ਜੋ ‘‘ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ ॥’’ (ਮ: ੧/੧੪੯) ਜਾਂ ‘‘ਨਾਨਕ  ! ਦੁਖੀਆ ਸਭੁ ਸੰਸਾਰੁ ॥’’ (ਮ: ੧/੯੫੪) ਦੇ ਰੂਪ ਵਿੱਚ ਲੋਕ ਬੋਲੀ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਗੁਰਬਾਣੀ ਵਿੱਚ ਆਏ ਅਖਾਣਾ ਜਾਂ ਮੁਹਾਵਰਿਆਂ ਦੀ ਸਿੱਖਿਆ ਵਿਸ਼ਵ ਪੱਧਰੀ ਹੈ, ਇਹ ਮਨੁੱਖਤਾ ਨੂੰ ਸੰਕੀਰਨ ਦ੍ਰਿਸ਼ਟੀ ਕੋਣ ਬਦਲ ਕੇ ਵਿਸ਼ਵ ਦ੍ਰਿਸ਼ਟੀਕੋਣ ਬਣਾ ਕੇ ‘‘ਕੁਦਰਤਿ ਕੇ ਸਭ ਬੰਦੇ ॥ (ਭਗਤ ਕਬੀਰ/੧੩੪੯) ਦੇ ਅਮੋਲ ਸਿਧਾਂਤ ਨੂੰ ਸਮਝਣ ਲਈ ਪ੍ਰੇਰਦੀ ਹੈ।

(ਕ). ਗੁਰਬਾਣੀ ਵਿੱਚ ਰਸ ਰੂਪ- ਬੇ-ਰਸੀ ਕੋਈ ਵਸਤੂ ਮਨੁੱਖਤਾ ਵਿੱਚ ਪਸੰਦ ਨਹੀਂ। ਵਿਦਿਆ ਦੇ ਖੇਤਰ ਵਿੱਚ ਵੀ ਰਚੇਤਾਰਸ ਭਰਨ ਲਈ ਤਤਪਰ ਰਹਿੰਦਾ ਹੈ।  ਖ਼ਾਸ ਕਰ ਕੇ ਕਾਵਿ ਰਚਨਾ ਲਈ ਨੌ ਰਸ ਮੰਨੇ ਜਾਂਦੇ ਹਨ; ਜਿਵੇਂ ‘ਸਾਂਤ, ਸ਼ਿੰਗਾਰ, ਕਰੁਣਾ, ਭਯਾਨਕ, ਰੌਦ੍ਰ, ਬੀਰ, ਅਦਭੁਤ, ਹਾਸ ਤੇ ਬੀਭਤਸ ਰਸ।  ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਰੇ ਰਸ ਮੌਜੂਦ ਹਨ; ਜਿਵੇ ‘‘ਹਰਿ ਅੰਮ੍ਰਿਤ ਭਿੰਨੇ ਲੋਇਣਾ.. ॥’’

(ਮ: ੪/੪੪੮) ਸ਼ਾਤ ਰਸ ਹੈ।, ‘‘ਮਨੁ ਮੋਤੀ ਜੇ ਗਹਣਾ ਹੋਵੈ.. ॥’’ (ਮ: ੧/੩੫੯) ਸ਼ਿੰਗਾਰ ਰਸ ਹੈ।, ‘‘ਨੈਣੀ ਮੇਰੇ ਪਿਆਰਿਆ !  ਨੈਣੀ ਮੇਰੇ ਗੋਵਿਦਾ  !  ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥  ਮੇਰਾ ਮਨੁ ਤਨੁ ਬਹੁਤੁ ਬੈਰਾਗਿਆ, ਮੇਰੇ ਗੋਵਿੰਦਾ  !  ਹਰਿ ਬਾਝਹੁ ਧਨ ਕੁਮਲੈਣੀ ਜੀਉ ॥’’ (ਮ: ੪/੧੭੪), ਉਡੀਨੀ ਉਡੀਨੀ ਉਡੀਨੀ ॥  ਕਬ ਘਰਿ ਆਵੈ ਰੀ ॥’’ (ਮ: ੫/੮੩੦) ਕਰੁਣਾ ਰਸ ਦੇ ਪ੍ਰਤੀਕ ਹਨ।, ‘‘ਪਾਪ ਕਮਾਵਦਿਆ, ਤੇਰਾ ਕੋਇ ਨ ਬੇਲੀ ਰਾਮ ॥’’ (ਮ: ੫/੫੪੬) ਭਯਾਨਕ ਰਸ ਹੈ।, ਰੌਦ੍ਰ ਰਸ ਨੂੰ ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ॥’’ (ਮ: ੧/੩੬੦) ਰਾਹੀਂ ਰੂਪਮਾਨ ਕਰਦੇ ਹਨ।,  ‘‘ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਕਹਿ ਕੇ ਮਨੁੱਖੀ ਜੀਵਨ ਵਿੱਚ ਬੀਰ ਰਸ ਭਰਦੇ ਹਨ।, ‘‘ਹਉ ਬਿਸਮੁ ਭਈ ਜੀ  !  ਹਰਿ ਦਰਸਨੁ ਦੇਖਿ ਅਪਾਰਾ ॥  ਮੇਰਾ ਸੁੰਦਰੁ ਸੁਆਮੀ ਜੀ  ! ਹਉ ਚਰਨ ਕਮਲ ਪਗ ਛਾਰਾ ॥’’ (ਮ: ੫/੭੮੪) ਬਿਸਮਾਦੀ ਬਚਨ ਹਨ।, ‘‘ਧੋਤੀ ਖੋਲਿ, ਵਿਛਾਏ ਹੇਠਿ ॥  ਗਰਧਪ ਵਾਂਗੂ, ਲਾਹੇ ਪੇਟਿ ॥’’ (ਮ: ੫/੨੦੧) ਹਾਸ ਰਸ ਹੈ।, ‘‘ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ, ਪਾਣੀ ਦੇਖਿ ਸਗਾਹੀ ॥’’ (ਮ: ੧/੧੪੯) ਜਾਂ ‘‘ਹਰਿ ਕੇ ਨਾਮ ਬਿਨਾ, ਸੁੰਦਰਿ ਹੈ ਨਕਟੀ ॥’’ (ਮ: ੪/੫੨੮), ਆਦਿ ਬੀਭਤਸ ਜਾਂ ਘ੍ਰਿਣਾਤਮਿਕ ਵੀਚਾਰ ਹਨ।

(ਖ). ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ ਸਰੂਪ- ਭਾਸ਼ਾ ਵਿਗਿਆਨ ਦੇ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਸ਼ਾਈ ਦ੍ਰਿਸ਼ਟੀ ਕੋਣ ਬੜਾ ਮਹੱਤਵ ਪੂਰਨ ਹੈ। ਵਿਸ਼ਵ ਭਰ ਵਿੱਚ ਕੋਈ ਵੀ ਅਜਿਹਾ ਗ੍ਰੰਥ ਨਹੀਂ ਜਿਸ ਵਿੱਚ ਵੱਖ-ਵੱਖ ਪ੍ਰਾਂਤਕ ਬੋਲੀਆਂ ਨੂੰ ਸਥਾਨ ਪ੍ਰਾਪਤ ਹੋਵੇ। ਟਰੰਪ ਦਾ ਕਥਨ ਠੀਕ ਹੈ The Chief Importance of the Sikh Granth (Adigranth) Lies in the Linguistic line as being the treasury of old hindu idialeets. (Introduction to the Adi Granth by Dr. Trump.) ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਭਾਸ਼ਾਈ ਖੇਤਰ ਵਿੱਚ ਹੈ।  ਪ੍ਰਾਚੀਨ ਹਿੰਦਵੀ ਉਪ ਭਾਸ਼ਾਵਾਂ ਦਾ ਖ਼ਜ਼ਾਨਾ ਹੋਣ ਕਰ ਕੇ ਇਹ ਰਚਨਾ ਮੱਧ ਕਾਲੀਨ ਦੀਆਂ ਪੰਜਾਬ ਭਾਰਤੀ ਭਾਸ਼ਾਵਾਂ ਦਾ ਇੱਕ ਸਾਂਝਾ ਗ੍ਰੰਥ ਹੈ। ਗੁਰੂ ਸਾਹਿਬਾਨ, ਭਗਤ, ਭੱਟ, ਬਲਵੰਡ, ਸੱਤਾ ਅਤੇ ਸੁੰਦਰ ਜੀ ਪੰਜਾਬ ਅਤੇ ਵੱਖ-ਵੱਖ ਪ੍ਰਾਂਤਾ ਦੇ ਵਾਸੀ ਹਨ।  ਆਮ ਧਾਰਨਾ ਹੈ ਕਿ ਬਾਰ੍ਹਾਂ ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਵਿਦਵਾਨਾਂ ਦੀ ਰਾਏ ਅਨੁਸਾਰ ਅੱਜ ਤੱਕ ਬਾਰ੍ਹਾਂ ਬੋਲੀਆਂ ਗੁਰਬਾਣੀ ਵਿੱਚੋਂ ਲੱਭੀਆਂ ਜਾ ਚੁੱਕੀਆਂ ਹਨ।  ਭਾਸ਼ਾ, ਆਪਣੇ ਆਲੇ ਦੁਆਲੇ ਦੀ ਬੋਲ ਚਾਲ ਤੋਂ ਜਨਮ ਲੈਂਦੀ ਹੈ। ਭੱਟ ਆਪਣੀ ਬ੍ਰਾਹਮਣੀ ਪੱਧਰ ’ਤੇ ਸੰਸਕ੍ਰਿਤ, ਅਪਭਰੰਸ਼ਾਂ, ਪੰਜਾਬੀ, ਹਿੰਦੀ, ਮਰਾਠੀ, ਸਿੰਧੀ ਤੇ ਬ੍ਰਿਜ ਦੀ ਸ਼ਬਦਾਵਲੀ ਇਸ ਰਚਨਾ ਵਿੱਚ ਮੌਜੂਦ ਹੈ, ਇਸ ਲਈ ਹਰ ਭਾਸ਼ਾ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦਾ ਲਾਭ ਲੈ ਸਕਦਾ ਹੈ। ਪੰਜਾਬੀ ਰਚੇਤਾ ਨਿਰੋਲ ਪੰਜਾਬੀ ਭਾਸ਼ਾ ਰਾਹੀਂ ਵੀ ਬਖ਼ਸ਼ਸ਼ ਕਰਦੇ ਹਨ, ਉਨ੍ਹਾਂ ਦੀ ਰਚਨਾ ਵਿੱਚ ਪ੍ਰਧਾਨ ਰੰਗ ਪੰਜਾਬੀ ਹੀ ਹੈ।  ਉਦਾਹਰਨ ਵਜੋਂ, ‘‘ਬਿਰਖੈ ਹੇਠਿ ਸਭਿ ਜੰਤ ਇਕਠੇ ॥  ਇਕਿ ਤਤੇ, ਇਕਿ ਬੋਲਨਿ ਮਿਠੇ ॥  ਅਸਤੁ ਉਦੋਤੁ ਭਇਆ, ਉਠਿ ਚਲੇ, ਜਿਉ ਜਿਉ ਅਉਧ ਵਿਹਾਣੀਆ ॥’’ (ਮ: ੫/੧੦੧੯)

ਇਸ ਲਈ ਵੱਖੋ-ਵੱਖ ਭਾਸ਼ਾਵਾਂ ਦੇ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭੇ ਜਾ ਸਕਦੇ ਹਨ। ਭਾਸ਼ਾ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਡੱਪਣਤਾ ਹੈ ਕਿ ਇੱਕ ਇੱਕ ਸ਼ਬਦ ਬੜਾ ਸੋਚ-ਸਮਝ ਕੇ ਤੋਲ ਅਤੇ ਤੁਕਾਂਤ ਮਿਲਾ ਕੇ ਬੀੜਿਆ ਹੋਇਆ ਹੈ। ਮਿਸਾਲ ਲਈ ਵੇਖੋ ‘‘ਖੰਭ ਵਿਕਾਂਦੜੇ ਜੇ ਲਹਾਂ, ਘਿੰਨਾ ਸਾਵੀ ਤੋਲਿ ॥  ਤੰਨਿ ਜੜਾਂਈ ਆਪਣੈ, ਲਹਾਂ ਸੁ ਸਜਣੁ ਟੋਲਿ ॥’’ (ਮ: ੫/੧੪੨੬)

ਭਾਸ਼ਾ ਵਿੱਚ ਭਾਰਤੀ ਵਿਆਕਰਨ ਕਦੇ ਵੀ ਇੱਕ ਨਹੀਂ ਹੋ ਸਕਿਆ।  ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਨਕ ਏਕਤਾ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਸਤਾਦੀ ਹੱਥ ਲੱਗਾ ਹੋਇਆ ਹੈ। ਸਾਰੰਸ਼ ਰੂਪ ਵਿੱਚ ਇਹ ਕਹਿਣਾ ਠੀਕ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਭਾਰਤ ਦੀਆਂ ‘ਰਾਗ, ਕਾਵਿ, ਛੰਦ ਅਲੰਕਾਰ, ਰਸ ਤੇ ਭਾਸ਼ਾ’ ਦੀਆਂ ਅਨੇਕਾਂ ਪ੍ਰੰਪਰਾਵਾਂ ਨੂੰ ਆਪਣੇ ਆਪ ਵਿੱਚ ਸਾਂਭੀ ਬੈਠੇ ਹਨ।  ਡੰਕਨ ਗ੍ਰੀਨ ਲੀਜ ਦੇ ਕਹਿਣ ਵਿੱਚ ਸਿਖਰਾਂ ਦਾ ਸੱਚ ਹੈ- Among the World’s Scriptures few if any attain So high a Literary Level or so Constant a hight of in Spiration. (The Gospel of the Guru Granth Sahib by Duncan Green lees.) ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ ਅਮੁਕ ਭੰਡਾਰ ਹਨ। ਸਾਹਿਤਕ ਖ਼ੁਬਸੂਰਤੀ ਵਿਸ਼ਵ ਦੀਆਂ ਗ੍ਰੰਥ ਰਚਨਾਵਾਂ ਵਿੱਚੋਂ ਸਭ ਤੋਂ ਵੱਧ ਤੇ ਵਿਸ਼ੇਸ਼ ਹੈ, ਜੋ ਪੂਰੇ ਵਿਸ਼ਵ ਪੱਧਰ ’ਤੇ ਅਟੱਲ ਸੱਚਾਈ ਹੈ।

ਪੂਜਾ, ਪੁਜਾਰੀ ਤੇ ਪੁਜਾਰੀਵਾਦ

0

ਪੂਜਾ, ਪੁਜਾਰੀ ਤੇ ਪੁਜਾਰੀਵਾਦ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

‘ਪੂਜਾ’ ਪਦ (ਲਫ਼ਜ਼) ਸੰਸਕ੍ਰਿਤ ਨਾਂਵ ‘ਪੂਜਵ’ ਦਾ ਦੇਵਨਾਗਰੀ ਤੇ ਪੰਜਾਬੀ ਰੂਪ ਹੈ ।  ਅਰਥ ਹੈ : ਪੂਜਣ ਦੀ ਕ੍ਰਿਆ । ‘ਪੁਜਾਰੀ’ ਆਖਿਆ ਜਾਂਦਾ ਹੈ ‘ਪੂਜਾ ਕਰਨ ਵਾਲੇ ਨੂੰ ਅਤੇ ਪੂਜਾ ਦੇ ਇਵਜ਼ ਵਜੋਂ ਇਸ਼ਟ-ਦੇਵ ਦੀ ਚੜ੍ਹਤ ਦੇ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ । ‘ਪੁਜਾਰੀਵਾਦ’ ਨਾਂ ਹੈ ਵੱਖ-ਵੱਖ ਮਜ਼ਹਬੀ ਪੁਜਾਰੀਆਂ ਦੇ ਉਸ ਸਾਰੇ ਕਰਮਕਾਂਡੀ ਤੇ ਗੁੰਮਰਾਹਕੁੰਨ ਲੋਟੂ ਪਸਾਰੇ ਦਾ, ਜਿਹੜਾ ਰੱਬੀ-ਪ੍ਰੇਮ ਤੋਂ ਰਹਿਤ ਉਨ੍ਹਾਂ ਪੂਜਾ-ਵਿਧੀਆਂ ਦੇ ਰੂਪ ਵਿੱਚ ਨਿੱਜੀ ਸੁਆਰਥਾਂ ਅਧੀਨ ਪਸਾਰਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਵਿੱਚ ਪੌਰਾਣਿਕ ਦ੍ਰਿਸ਼ਟੀ ਤੋਂ ਦੇਵ ‘ਪੂਜਾ’ ਦੀ ਪ੍ਰੀਭਾਸ਼ਤ ਵਿਆਖਿਆ ਕਰਦਿਆਂ ਲਿਖਿਆ ਹੈ :- ‘‘ਇਸ਼ਟ ਪ੍ਰਤਿ ਭਗਤੀ ਅਤੇ ਸ਼ਰਧਾਪੂਰਵਕ ਸੇਵਾ ਹੀ ‘ਪੂਜਾ’ ਹੈ । ਇਸ ਨੂੰ ਕਾਮਵਯ (ਕਾਮਨਾ-ਯੁਕਤ) ਯੱਗ ਦੇ ਅੰਤਰਗਤਿ ਮੰਨਿਆ ਜਾਂਦਾ ਹੈ । ਪੂਜਾ ਲਈ ਇਸ਼ਟ ਦੇਵ ਦੇ ਪ੍ਰਤੀਕ ਜਾਂ ਮੂਰਤੀ ਦੀ ਮੌਜੂਦਗੀ ਜ਼ਰੂਰੀ ਸਮਝੀ ਜਾਂਦੀ ਹੈ।’ (ਪੰਨਾ ੨੨੫)

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਗੁਰ ਵਾਕ ‘‘ਕੋਟਿ ਪੂਜਾਰੀ ਕਰਤੇ ਪੂਜਾ ॥’’ (ਮ: ੫/੧੧੫੬) ਦੀ ਸਚਾਈ ਦੇ ਗਵਾਹ ਤਾਂ ਭਾਵੇਂ ਹੁਣ ਸੰਸਾਰਭਰ ਦੇ ਧਰਮ ਮੰਦਰ ਮੰਨੇ ਜਾ ਸਕਦੇ ਹਨ, ਪਰ ਅਜੇ ਵੀ ਉਪਰੋਕਤ ਪੂਜਾ ਵਿਧੀਆਂ ਵਾਲੇ ਕਰਮਕਾਂਡਾਂ ਦੀ ਭਰਮਾਰ ਵੇਖਣੀ ਹੋਵੇ ਤਾਂ ਉਹ ਹਨ ਹਿੰਦੂ ਮੰਦਰ ਤੇ ਹਿੰਦੂ ਘਰਾਣੇ, ਜਿੱਥੇ ਨਾ ਤਾਂ ਇਸ਼ਟਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਪੂਜਾ ਵਿਧੀਆਂ ਦੀ , ਕਿਉਂਕਿ ਜਿੰਨੇ ਇਸ਼ਟ-ਦੇਵ ਹਨ, ਉਨ੍ਹਾਂ ਦੀ ਪੂਜਾ ਦੇ ਢੰਗ ਵੀ ਵੱਖ ਵੱਖ ਹਨ, ਜਿਵੇਂ ੨੬ ਜਨਵਰੀ ਸੰਨ ੨੦੦੧ ਨੂੰ  ਭੁੱਜ (ਗੁਜਰਾਤ) ਵਿਖੇ ਸਵੇਰੇ ਦੋ ਮਿੰਟ ਲਈ ਬੜਾ ਭਿਆਨਕ ਭੂਚਾਲ (Earth Quake) ਆਇਆ । ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ । ਸੰਸਾਰਭਰ ਦੇ ਲੋਕਾਂ ਨੇ ਦੁੱਖ ਮਨਾਇਆ।  ਗੁਜਰਾਤ ਸਰਕਾਰ ਨੇ ੨੮ ਜਨਵਰੀ ੨੦੦੨ ਨੂੰ ‘ਧਰਤੀ-ਮਾਤਾ ਪੂਜਾ’ ਦੇ ਨਾਮ ਹੇਠ ਭੂਚਾਲ ਦੀ ਪਹਿਲੀ ਸਲਾਨਾ-ਯਾਦ ਮਨਾਈ। ਸਰਕਾਰੀ ਹੁਕਮ ਅਧੀਨ ਸਾਰੇ ਮੁਲਾਜ਼ਮ ਤੇ ਸਕੂਲੀ ਵਿਦਿਆਰਥੀ ਸਮਾਗਮ ਵਿੱਚ ਸ਼ਾਮਲ ਹੋਏ । ਦੋ ਵੈਦਿਕ ਸਕਾਲਰਾਂ ਨੇ ਧਰਤੀ-ਮਾਤਾ ਪੂਜਨ ਦੇ ਵੇਦ ਮੰਤਰਾਂ ਦਾ ਉਚਾਰਨ ਕੀਤਾ । ਸੂਰਜ ਛਿਪਣ ਵੇਲੇ ੧੦੧ ਦੇਸੀ ਘਿਉ ਦੀਆਂ ਜੋਤਾਂ ਜਗਾ ਕੇ ਵਿਸ਼ੇਸ਼ ਪੂਜਾ ਕੀਤੀ ਗਈ। ਭਾਰਤ-ਮਾਤਾ (ਧਰਤੀ ਦੇਵੀ) ਦੀ ਵੱਡੀ ਫੋਟੋ ਰੱਖ ਕੇ ਆਰਤੀ ਉਤਾਰੀ ਗਈ; ਨਾਗਾਂ ਨੂੰ ਦੁੱਧ ਪਿਲਾਇਆ ਗਇਆ, ਤਾਂ ਕਿ ਧਰਤੀ-ਮਾਤਾ ਅਤੇ ਨਾਗ-ਦੇਵਤਾ ਪ੍ਰਸੰਨ ਰਹਿਣ ਤੇ ਮੁੜ ਕੇ ਭੂਚਾਲ ਕਾਰਨ ਗੁਜਰਾਤ ਵਾਸੀਆਂ ਦਾ ਨੁਕਸਾਨ ਨਾ ਹੋਵੇ।

ਜਨਤਾ ਦੇ ਲੱਖਾਂ ਰੁਪਏ ਖਰਚੇ ਗਏ, ਪਰ ਪੂਜਾ ਦਾ ਕੋਈ ਲਾਭ ਨਾ ਹੋਇਆ । ਗੁਜਰਾਤ ਵਾਸੀਆਂ ਨੂੰ ੪ ਜਨਵਰੀ ੨੦੧੬ ਨੂੰ ਤੜਕੇ ਅਚਾਨਕ ਹੀ ਦੁਬਾਰਾ ਫਿਰ ਉਸੇ ਸੰਕਟ ਦਾ ਸਾਹਮਣਾ ਕਰਨਾ ਪਿਆ । ਦੇਸ਼ ਵਿਦੇਸ਼ ਦੇ ਮਾਨਵ-ਹਿਤਕਾਰੀ ਚਿੰਤਕਾਂ ਦਾ ਪ੍ਰਤੀਕਰਮ ਸੀ ਕਿ ਭੁੱਜ ਦੇ ਦੁਖਾਂਤ ਉਪਰੰਤ ਰਾਜ-ਸਰਕਾਰ ਦਾ ਲੋਕ-ਭਲਾਈ ਪ੍ਰਤੀ ਜੋ ਮੁੱਖ ਫ਼ਰਜ਼ ਸੀ, ਉਹ ਨਹੀਂ ਨਿਭਾਇਆ ਗਿਆ । ਚਾਹੀਦਾ ਤਾਂ ਇਹ ਸੀ ਕਿ ਸੱਤਾਧਾਰੀ ਹਾਕਮ ਭੂਚਾਲ-ਵਿਦਿਆ (Siesmology) ਦੇ ਵਿਦਵਾਨਾਂ ਨੂੰ ਬੁਲਾਉਂਦੇ ਅਤੇ ‘Seismograph’ ਵਰਗੇ ਭੂਚਾਲ-ਸੂਚਕ ਯੰਤਰਾਂ ਨੂੰ ਹੋਰ ਵਧੀਆ ਤੇ ਸ਼ਕਤੀਸ਼ਾਲੀ ਬਣਾਉਣ ਵਾਲੇ ਪਾਸੇ ਖੋਜ ਵਿੱਚ ਲਗਾਉਂਦੇ, ਤਾਂ ਕਿ ਭੂਚਾਲ ਵਰਗੀ ਆਫ਼ਤ ਆਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਅਜਿਹੇ ਟਿਕਾਣੇ ਪਹੁੰਚਾਇਆ ਜਾ ਸਕੇ, ਜਿੱਥੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚ ਸਕਣ, ਪਰ ਹਿੰਦੂਤਵ ਦੇ ਪ੍ਰਚਾਰ ਤੇ ਵੋਟ-ਨੀਤੀ ਤਹਿਤ ਉਪਰੋਕਤ ਕਿਸਮ ਦੀ ਲੋਕ ਭਲਾਈ ਦੀ ਸੰਭਾਵਨਾ ਦੇ ਹੋਇਆ ਬਿਲਕੁਲ ਉਲਟ, ਕਿਉਂਕਿ ਉਨ੍ਹਾਂ ਦੇ ਵਿਸ਼ਨੂ-ਪੁਰਾਣ (ਅੰਸ਼ ੧,ਅਚ ੫) ਵਿੱਚ ਲਿਖਿਆ ਹੈ ਕਿ ਧਰਤੀ ਹੇਠਲਾ ਸ਼ੇਸ਼ਨਾਗ ਜਦੋਂ ਉਬਾਸੀ ਲੈਂਦਾ ਹੈ, ਤਾਂ ਧਰਤੀ ਹਿੱਲਣ ਕਰ ਕੇ ਭੂਚਾਲ ਆਉਂਦਾ ਹੈ । ਵਾਲਮੀਕੀ ਰਮਾਇਣ (ਅਚ ੧. ਕਾਂਡ ੪੦) ਵਿੱਚ ਲਿਖਿਆ ਹੈ ਕਿ ਧਰਤੀ ਦੇ ਭਾਰ ਨਾਲ ਥੱਕ ਕੇ ਸ਼ੇਸ਼ਨਾਗ ਜਦੋਂ ਸਿਰ ਹਿਲਾਉਂਦਾ ਹੈ ਤਾਂ ਭੂਕੰਪ ਹੁੰਦਾ ਹੈ ।

ਇਹੀ ਮੁੱਖ ਕਾਰਨ ਸਨ, ਜਿਨ੍ਹਾਂ ਕਰ ਕੇ ਮਨੁੱਖਤਾ ਦੇ ਹਮਦਰਦ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਪਿਆ ਕਿ ਨਾਰਦ ਮੁਨੀ ਦੇ ਪਿਛਲੱਗ ਬਣ ਕੇ ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ । ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁੱਪ ਬਣਿਆ ਪਿਆ ਹੈ (ਭਾਵ ਨਾ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾ ਹੀ ਮੂੰਹੋਂ ਨਿਰੰਕਾਰ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ । ਅਜਿਹੇ ਭੁੱਲੜਾਂ ਨੂੰ ਸਮਝਾਉਂਦਿਆਂ ਉਨ੍ਹਾਂ ਇਹ ਕਹਿਣ ਦੀ ਵੀ ਜੁਰਅਤ ਕੀਤੀ ਕਿ ਭਾਈ  ! ਜਿਨ੍ਹਾਂ ਪੱਥਰਾਂ ਨੂੰ ਤੁਸੀਂ ਪੂਜਦੇ ਹੋ, ਜਦੋਂ ਉਹ ਆਪ ਪਾਣੀ ਵਿੱਚ ਡੁੱਬ ਜਾਂਦੇ ਹਨ, ਤਾਂ ਉਹਨਾਂ ਨੂੰ ਪੂਜ ਕੇ ਤੁਸੀ ਸੰਸਾਰ-ਸਮੁੰਦਰ ਤੋਂ ਕਿਵੇਂ ਤਰ ਸਕਦੇ ਹੋ, ‘‘ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ ॥  ਨਾਰਦਿ ਕਹਿਆ, ਸਿ ਪੂਜ ਕਰਾਂਹੀ ॥  ਅੰਧੇ ਗੁੰਗੇ ਅੰਧ ਅੰਧਾਰੁ ॥  ਪਾਥਰੁ ਲੇ ਪੂਜਹਿ, ਮੁਗਧ ਗਵਾਰ ॥  ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ  ?॥’’ (ਮ: ੧/੫੫੬)

ਪੰਜਾਬੀ ਯੂਨਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਮੁਤਾਬਕ ਗੁਰੂ ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਪੌਰਾਣਿਕ-ਮਤੀ ਪੂਜਾ ਪਧਤੀ ਦੀ ਕੋਈ ਥਾਂ ਨਹੀਂ ਹੈ । ਲਿਖਤ ਹੈ : ‘‘ਗੁਰਬਾਣੀ ਵਿੱਚ ਪੂਜਾ ਦਾ ਅਧਿਕਾਰੀ ਕਿਸੇ ਦੇਵੀ-ਦੇਵਤਾ ਨੂੰ ਨਾ ਮੰਨ ਕੇ ਕੇਵਲ ਨਿਰਾਕਾਰ ਸਰੂਪ ਨੂੰ ਦੱਸਿਆ ਗਿਆ ਹੈ, ‘‘ਅਚੁਤ ਪੂਜਾ ਜੋਗ ਗੋਪਾਲ ॥  ਮਨੁ ਤਨੁ ਅਰਪਿ ਰਖਉ ਹਰਿ ਆਗੈ, ਸਰਬ ਜੀਆ ਕਾ ਹੈ ਪ੍ਰਤਿਪਾਲ ॥’’ (ਮ: ੫/੮੨੪)

 ਗੁਰਮਤਿ ਅਨੁਸਾਰ ਪੂਜਾ ਦਾ ਇਹ ਸਰੂਪ ਵੀ ਪਰੰਪਰਾਗਤ ਭਾਰਤੀ ਧਰਮਾਂ ਦੀ ਪੂਜਾ ਤੋਂ ਭਿੰਨ ਅਤੇ ਕੇਵਲ (ਮਾਨਸਿਕ ਤਲ ਦੀ) ਨਾਮ-ਸਾਧਨਾ ਤੱਕ ਸੀਮਿਤ ਰੱਖਿਆ ਗਿਆ ਹੈ।  ਇਸ ਤੋਂ ਭਿੰਨ ਹੋਰ ਕੋਈ ਪੂਜਾ-ਵਿਧੀ ਜਾਂ ਪੂਜਾ-ਸਮੱਗ੍ਰੀ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ -‘‘ਤੇਰਾ ਨਾਮੁ ਕਰੀ ਚਨਣਾਠੀਆ; ਜੇ ਮਨੁ ਉਰਸਾ ਹੋਇ ॥  ਕਰਣੀ ਕੁੰਗੂ ਜੇ ਰਲੈ; ਘਟ ਅੰਤਰਿ ਪੂਜਾ ਹੋਇ ॥’’ (ਮ: ੧/੪੮੯)  ਆਪਣੇ ਮਨ ਨੂੰ (ਵਿਕਾਰਾਂ ਵੱਲੋਂ) ਮਾਰਨਾ ਅਤੇ ਨਿਰਮਲ ਮਨ ਰਾਹੀਂ ਸ਼ਬਦ-ਸਾਧਨਾ ਕਰਨਾ (ਭਾਵ ਗੁਰੂ ਤੇ ਰੱਬੀ-ਰਜ਼ਾ ਵਿੱਚ ਰਾਜ਼ੀ ਹੋ ਕੇ ਜਿਊਣਾ) ਇਸ ਪ੍ਰਕਾਰ ਦੀ ਪੂਜਾ ਹੀ ਪ੍ਰਵਾਨ ਹੁੰਦੀ ਹੈ- ‘‘ਸਬਦਿ ਮਰੈ, ਮਨੁ ਨਿਰਮਲੁ ਸੰਤਹੁ  ! ਏਹ ਪੂਜਾ ਥਾਇ ਪਾਈ ॥੫॥… ਗੁਰਮੁਖਿ ਹੋਵੈ, ਸੁ ਪੂਜਾ ਜਾਣੈ, ਭਾਣਾ ਮਨਿ ਵਸਾਈ ॥੧੧॥’’ (ਮ: ੩/੯੧੦)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ‘ਗੁਰਮਤ ਮਾਰਤੰਡ’ ਵਿੱਚ ‘ਪੂਜਾ’ ਦੇ ਸਿਰਲੇਖ ਹੇਠ ਲਿਖਿਆ ਹੈ : ‘‘ਕਿਸੇ ਖ਼ਾਸ ਸਥਾਨ ’ਤੇ ਖ਼ਾਸ ਸਮੱਗਰੀ ਨਾਲ ਸਰਬ-ਵਿਆਪੀ ਕਰਤਾਰ ਦਾ ਪੂਜਨ ਸਿੱਖ ਧਰਮ ਵਿੱਚ ਨਿਸ਼ੇਧ ਕੀਤਾ ਗਿਆ ਹੈ।’’ ‘ਸਿੱਖ ਰਹਿਤ ਮਰਯਾਦਾ’ ਦੇ ਕਿਤਾਬਚੇ ਵਿੱਚ ਵੀ ਪੰਨਾ ੫ ’ਤੇ ਬੜੇ ਸਪਸ਼ਟ ਆਦੇਸ਼ ਹਨ ਕਿ ਗੁਰਦੁਆਰੇ ਵਿੱਚ-

(ਸ) ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।

(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ ।  ਹਾਂ, ਕਿਸੇ ਮੌਕੇ ਜਾਂ ਇਕੱਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।

(ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ ’ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।

ਜੇ ਸਿੱਖੀ ਵਿੱਚ ਉਪਰੋਕਤ ਕਿਸਮ ਦੀ ਬਿਪਰਵਾਦੀ ਪੂਜਾ-ਪਧਤੀ ਪ੍ਰਵਾਨ ਨਹੀਂ ਤਾਂ ਗੁਰਦੁਆਰਿਆਂ ਵਿੱਚ ਅਜਿਹੀ ਮਨਮਤੀ ਪੂਜਾ ਕਰਨ ਤੇ ਕਰਾਉਣ ਵਾਲੇ ਪੁਜਾਰੀ ਕਿਸਮ ਦੇ ਗ੍ਰੰਥੀਆਂ ਲਈ ਵੀ ਕੋਈ ਵਿਸ਼ੇਸ਼ ਥਾਂ ਨਹੀਂ ਹੈ । ਭਾਵੇਂ ਕਿ ‘‘ਠਾਕੁਰ ਕਾ ਸੇਵਕੁ ਆਗਿਆਕਾਰੀ ॥  ਠਾਕੁਰ ਕਾ ਸੇਵਕੁ, ਸਦਾ ਪੂਜਾਰੀ ॥’’ (ਮ: ੫/੨੮੬)  ਗੁਰਵਾਕ ਦੀ ਰੌਸ਼ਨੀ ਵਿੱਚ ਉਹ ਸਾਰੇ ਭਗਤ-ਜਨ ਅਕਾਲ ਪੁਰਖ ਦੇ ਪੁਜਾਰੀ ਹੀ ਮੰਨੇ ਗਏ ਹਨ, ਜਿਹੜੇ ਰੱਬੀ ਰਜ਼ਾ ਨੂੰ ਪਰਵਾਨ ਕਰ ਕੇ ਜਿਊਂਦੇ ਹਨ । ਸਚਾਈ ਤਾਂ ਇਹ ਹੈ ਕਿ ਗੁਰਦੁਆਰੇ ਦਾ ਗ੍ਰੰਥੀ ਪ੍ਰਚਾਰਕ ਹੁੰਦਾ ਹੈ, ਪੁਜਾਰੀ ਨਹੀਂ। ਪੁਜਾਰੀ ਤਾਂ ਗੁਰਦੁਆਰਿਆਂ ਦੇ ਅਜੋਕੇ ਪ੍ਰਬੰਧਕ ਹਨ, ਜਿਹੜੇ ਗੁਰਮਤ ਪ੍ਰਚਾਰ ਦੀ ਥਾਂ ਗੋਲਕ ਵਧਾਉਣ ਨੂੰ ਪਹਿਲ ਦਿੰਦੇ ਹਨ ।  ਪੂਜਾ ਦਾ ਸਾਰਾ ਧਨ ਮਾਲ ਸੰਭਾਲਦੇ ਤੇ ਉਸ ਦੁਆਰਾ ਪੁਜਾਰੀ ਮਹੰਤਾਂ ਵਾਗ ਐਸ਼ ਮਾਣਦੇ ਹਨ । ਗ੍ਰੰਥੀ ਸੇਵਾਦਾਰ ਤਾਂ ਮੁਲਾਜ਼ਮ ਹਨ, ਜਿਹੜੇ ਵਿਦਿਅਕ ਯੋਗਤਾ ਤੇ ਤਨਖਾਹ ਦੀ ਘਾਟ ਕਾਰਨ ਪ੍ਰਬੰਧਕਾਂ ਦੇ ਭਾਈਵਾਲ ਬਣ ਕੇ ਪੁਜਾਰੀਪੁਣਾ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ । ਗੁਰਦੁਆਰਾ ਕਮੇਟੀਆਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਗੁਰਦੁਆਰਿਆਂ ਦੇ ਗ੍ਰੰਥੀ ਸੇਵਾਦਾਰ ਹੀ ਪੂਜਾ ਦੇ ਧਨ-ਪਦਾਰਥਾਂ ਨੂੰ ਖਾਂਦੇ, ਖਰਚਦੇ ਤੇ ਸੰਭਾਲਦੇ ਰਹੇ ਸਨ । ਇਸ ਲਈ ਬਿਪਰਵਾਦੀ ਪ੍ਰਭਾਵ ਹੇਠ ਉਨ੍ਹਾਂ ਨੂੰ ਮਹੰਤ ਜਾਂ ਪੁਜਾਰੀ ਸੱਦਿਆ ਜਾਂਦਾ ਸੀ । ਇਸੇ ਲਈ ਦਸਮ ਗੁਰਦੇਵ ਦੇ ਸਮਕਾਲੀ ਮੰਨੇ ਜਾਂਦੇ ਭਾਈ ਦੇਸਾ ਸਿੰਘ ਨੇ ਰਹਿਤਨਾਮੇ ਵਿੱਚ ਹਦਾਇਤ ਲਿਖੀ :

ਜੇ ਕੋ ਸਿੱਖ ਪੁਜਾਰੀ ਅਹੈ । ਸੋ ਭੀ ਪੂਜਾ ਬਹੁਤ ਨਾ ਗਹੈ ।੭੨।

ਤਨ ਨਿਰਬਾਹ ਮਾਤ੍ਰ ਸੋ ਲੇਵੈ । ਅਧਿਕ ਹੋਇ, ਤਾਂ ਜਹਿਂ ਤਹਿਂ ਦੇਵੈ ।੭੩।

‘ਵਿੱਕੀਪੀਡੀਆ’ ਇੰਟਰਨੈਟ ’ਤੇ ਸੰਸਾਰਭਰ ਵਿੱਚ ਫ਼ਰੀ ਪੜਿਆ ਜਾਣ ਵਾਲਾ ਇਨਸਾਈਕਲੋਪੀਡੀਆ ਹੈ, ਪਰ ਸਿੱਖ ਜਗਤ ਲਈ ਇਹ ਵੱਡੀ ਸ਼ਰਮ ਦਾ ਮੁਕਾਮ ਹੈ ਕਿ ਉਸ ਵਿੱਚ ਮੂਰਤੀ-ਪੂਜਕ ਬ੍ਰਾਹਮਣੀ-ਮੱਤ ਦੇ ਪਿਛਲੱਗ ਬਣੇ ਬੋਧੀ ਤੇ ਜੈਨੀਆਂ ਵਾਂਗ ਸਿੱਖਾਂ ਨੂੰ ਵੀ  ਕਰਮਕਾਂਡੀ ਪੂਜਾ ਵਾਲੀ ਉਸ ਭੀੜ ਦਾ ਹੀ ਇੱਕ ਅੰਗ ਮੰਨਿਆ ਗਿਆ ਹੈ; ਜਿਸ ਨੂੰ ਭਾਂਪਦਿਆਂ ਗੁਰੂ ਨਾਨਕ ਸਾਹਿਬ ਜੀ ਨੇ ‘‘ਅੰਧੇ ਗੁੰਗੇ ਅੰਧ ਅੰਧਾਰੁ ॥  ਪਾਥਰੁ ਲੇ ਪੂਜਹਿ, ਮੁਗਧ ਗਵਾਰ ॥’’ ਅਤੇ ਬੇਬਾਕ ਭਗਤ ਕਬੀਰ ਜੀ ਨੇ ਆਖਿਆ ਸੀ ਜਿਹੜੇ ਲੋਕ ਪੱਥਰਾਂ ਨੂੰ ਭਗਵਾਨ ਸਮਝ ਕੇ ਪੂਜ ਰਹੇ ਹਨ, ਉਨ੍ਹਾਂ ਨੂੰ ਡੂੰਘੇ ਪਾਣੀਆਂ ਵਿੱਚ ਡੁੱਬੇ ਸਮਝੋ, ‘‘ਕਬੀਰ  ! ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ ॥  ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ ॥’’ (ਭਗਤ ਕਬੀਰ/੧੩੭੧)

‘ਪੂਜਾ’ ਲਫ਼ਜ਼ ਨੂੰ ਪ੍ਰੀਭਾਸ਼ਤ ਕਰਦੀ ਵਿੱਕੀਪੀਡੀਏ ਦੀ ਹੂ-ਬਹੂ ਲਿਖਤ ਹੈ : Puja or Poojan is a prayer ritual performed by Hindus to host, honour and worship one or more deities, or to spiritually celebrate an event. Sometimes spelt phonetically as pooja or poojah, it may honour or celebrate the presence of special guest(s), or their memories after they pass away. The word Puja (Devanagari:  पूजा) comes from Sanskrit, and means reverence, honour, homage, adoration, and worship. Puja rituals are also held by Buddhists, Jains and Sikhs.

ਕਿਉਂਕਿ ਅਜੋਕੇ ਦੌਰ ਦੇ ਟੀ. ਵੀ. ਵਰਗੇ ਇਲੈਕਟ੍ਰੌਨਿਕ ਮੀਡੀਏ ਰਾਹੀਂ ਸੰਸਾਰ ਭਰ ਦੇ ਲੋਕ ਹੁਣ ਹਿੰਦੂ ਮੰਦਰਾਂ ਸਮੇਤ ਉਨ੍ਹਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਵੀ ਕਰਦੇ ਹਨ, ਜਿਨ੍ਹਾਂ ਨੂੰ ਖ਼ਾਲਸਾਈ ਤਖ਼ਤ ਅਤੇ ‘ਸੱਚਖੰਡ’ ਕਹਿ ਕੇ ਸਤਿਕਾਰਿਆ ਜਾਂਦਾ ਹੈ। ਐਸੇ ਗੁਰ ਸਥਾਨਾਂ ਵਿਚਲੀ ਪੂਜਾ-ਪਧਤੀ ਵੇਖ ਕੇ ਉਨ੍ਹਾਂ ਨੂੰ ਹੁਣ ਮੰਦਰਾਂ, ਮੱਠਾਂ ਤੇ ਸਿੱਖ ਗੁਰਦੁਆਰਿਆਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਜਾਪਦਾ । ਉਹ ਵੇਖਦੇ ਹਨ ਕਿ ਮੰਦਰਾਂ ਦੇ ਬੁੱਤਾਂ ਵਾਂਗ ਹੀ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ। ਕਾਲੀ ਮਾਤਾ ਦੀ ਮੂਰਤੀ ਅੱਗੇ ਰੱਖੀ ਤਲਵਾਰ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਤੀਰਾਂ, ਤਲਵਾਰਾਂ ਅਤੇ ਐਸੇ ਹੋਰ ਹਥਿਆਰਾਂ ਨੂੰ ਸਜਾਇਆ ਜਾਂਦਾ ਹੈ । ਫੁੱਲਾਂ ਦੇ ਹਾਰ ਅਰਪਣ ਕੀਤੇ ਜਾਂਦੇ ਹਨ । ਦੀਵੇ ਤੇ ਜੋਤਾਂ ਆਦਿਕ ਜਗਾ ਕੇ ਗੁਰਬਾਣੀ ਗਾਉਂਦਿਆਂ ਆਰਤੀਆਂ ਉਤਾਰੀਆਂ ਜਾ ਰਹੀਆਂ ਹਨ । ਮਿਸ਼ਟਾਨ ਪਦਾਰਥਾਂ ਦੇ ਭੋਗ ਲਗਵਾਏ ਜਾ ਰਹੇ ਹਨ । ਪਾਵਨ ਬੀੜਾਂ ਦੀ ਸੇਵਾ-ਸੰਭਾਲ ਲਈ ਬਣਾਏ ਸੁਖਾਸਣ ਸਥਾਨਾਂ ਲਈ ਸ਼ਰਦੀਆਂ ਗਰਮੀਆਂ ਲਈ ਵੱਖ-ਵੱਖ ਕੱਪੜੇ ਵਰਤੇ ਜਾ ਰਹੇ ਹਨ। ਏ. ਸੀ., ਕੂਲਰ ਤੇ ਹੀਟਰ ਲਗਾਏ ਜਾ ਰਹੇ ਹਨ, ਭਾਵੇਂ ਕਿ ਉਨ੍ਹਾਂ ਦੇ ਕਾਰਨ ਕਈ ਵਾਰ ਅੱਗ ਵੀ ਲੱਗ ਜਾਂਦੀ ਹੈ ਅਤੇ ਸਲ੍ਹਾਬ ਨਾਲ ਬੀੜਾਂ ਦੀਆਂ ਜਿਲਦਾਂ ਵੀ ਖ਼ਰਾਬ ਹੋ ਜਾਂਦੀਆਂ ਹਨ ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚਲੀ ਦੁੱਖਭੰਜਨੀ ਬੇਰੀ ਵਾਂਗ ਥਾਂ-ਥਾਂ ਰੁੱਖਾਂ ਦੀ ਪੂਜਾ ਹੋ ਰਹੀ ਹੈ । ਗੁਰੂ ਕਾ ਘੋੜਾ ਤੇ ਗੁਰੂ ਕਾ ਬਾਜ਼ ਮੰਨ ਕੇ ਪਸ਼ੂ ਪੰਛੀਆਂ ਨੂੰ ਵੀ ਪੂਜਿਆ ਜਾ ਰਿਹਾ ਹੈ । ਸ਼ਰਧਾਲੂ ਜਨ ਪ੍ਰਕਾਸ਼-ਸਥਾਨ ਲਈ ਵਰਤੇ ਜਾਂਦੇ ਥੜਿਆਂ, ਪੀੜ੍ਹਿਆਂ, ਚੌਰਾਂ ਅਤੇ ਖ਼ਾਲਸਾਈ ਨਿਸ਼ਾਨਾਂ ਨੂੰ ਮੱਥੇ ਟੇਕ ਰਹੇ ਹਨ । ਹਰ ਥਾਂ ਗੋਲਕਾਂ ਰੱਖੀਆਂ ਹੋਈਆਂ ਹਨ । ਬਉਲੀਆਂ, ਸਰੋਵਰਾਂ ਅਤੇ ਚੁਬੱਚਿਆਂ ਦੇ ਜਲ ਨੂੰ ਅੰਮ੍ਰਿਤ ਕਹਿ ਕੇ ਵੰਡਿਆ ਤੇ ਪਿਲਾਇਆ ਜਾ ਰਿਹਾ ਹੈ । ਗੁਰਸਿੱਖ ਅਖਵਾਉਣ ਵਾਲਿਆਂ ਦੇ ਘਰਾਂ, ਦੁਕਾਨਾਂ ਤੇ ਗੱਡੀਆਂ ਵਿੱਚ ਬੁੱਤ-ਨੁਮਾ ਛੋਟੀਆਂ-ਛੋਟੀਆਂ ਗੁਰੂ ਮੂਰਤੀਆਂ ਅੱਗੇ ਫੁੱਲ-ਪੱਤਰ ਤੇ ਧੂਪ, ਧੁਖਾ ਕੇ ਪੂਜਾ ਕੀਤੀ ਜਾਂਦੀ ਹੈ । ਗੁਰਦੁਆਰਿਆਂ ਦੇ ਮੁੱਖ ਦੁਆਰਾਂ ਉੱਤੇ ਗੁਰੂ ਸਾਹਿਬਾਨ ਦੇ ਬੁੱਤ ਟਿਕਾਏ ਹੋਏ ਹਨ । ਮੰਦਰਾਂ ਦੇ ਪੁਜਾਰੀਆਂ ਵਾਂਗ ਹੁਣ ਗੁਰਦੁਆਰਿਆਂ ਵਿੱਚ ‘ਨਿਊ ਕਾਰ ਪੂਜਾ’ ਵੀ ਸ਼ੁਰੂ ਹੋ ਚੁੱਕੀ ਹੈ । ਗ੍ਰੰਥੀ ਸਿੰਘ ਅਰਦਾਸ ਭੇਟਾ ਲੈ ਕੇ ਫੁੱਲਾਂ ਦਾ ਹਾਰ ਬਖਸ਼ਦੇ ਤੇ ਅਮੀਰ ਸ਼ਰਧਾਲੂ ਉਸ ਹਾਰ ਨੂੰ ਕਾਰ ਮੂਹਰੇ ਲਟਕਾ ਕੇ ਉਹਨੂੰ ਸੁਹੰਡਣੀ ਬਨਾਉਣ ਦਾ ਭਰਮ ਪਾਲਦੇ ਗੁਰਦੁਆਰਾ ਪਾਰਕਾਂ ਵਿੱਚ ਆਮ ਹੀ ਵੇਖੇ ਜਾ ਸਕਦੇ ਹਨ । ਅਸਲ ਵਿੱਚ ਇਹੀ ਹੈ ਪੁਜਾਰੀਵਾਦ, ਜਿਹੜਾ ਗ੍ਰੰਥੀਆਂ ਤੇ ਪ੍ਰਬੰਧਕਾਂ ਦੀ ਮਿਲੀ ਭੁਗਤ ਨਾਲ ਦਿਨ-ਬਦਿਨ ਫੈਲ ਰਿਹਾ ਹੈ ।

ਗੁਰਬਾਣੀ ਤੇ ਗੁਰ ਇਤਿਹਾਸ ਦੀ ਵੀਚਾਰ ਤੋਂ ਤਾਂ ਬਿਨਾਂ-ਸ਼ੱਕ ਨਿਸ਼ਚੇ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੁਜਾਰੀ ਵਰਗ ਦੀ ਚਲਾਈ ਕਰਮਕਾਂਡੀ ਪੂਜਾ ਨੂੰ ਮੂਲੋਂ ਹੀ ਖ਼ਤਮ ਕਰਨਾ ਚਾਹੁੰਦੇ ਸਨ । ਉਹ ਸਮਝਦੇ ਸਨ ਕਿ ਚੜ੍ਹਾਵੇ ਦੇ ਲਾਲਚ ਵਿੱਚ ਕਾਇਮ ਹੋਈ ਇਹ ਪੂਜਾ-ਪਧਤੀ ਮਨੁੱਖ ਅਤੇ ਰੱਬ ਦੇ ਵਿਚਕਾਰ ਖੜੀ ਇੱਕ ਐਸੀ ਕੂੜ ਦੀ ਦੀਵਾਰ ਹੈ, ਜਿਹੜੀ ਉਸ ਦੇ ਰੱਬ-ਰੂਪ ਸਚਿਆਰ ਹੋਣ ਵਿੱਚ ਬੁਹਤ ਵੱਡੀ ਰੁਕਾਵਟ ਹੈ । ਇਸੇ ਲਈ ਸੰਸਾਰਭਰ ਵਿੱਚ ਉਨ੍ਹਾਂ ‘‘ਮੰਨੇ ਨਾਮੁ, ਸਚੀ ਪਤਿ ਪੂਜਾ ॥’’ (ਮ: ੧/੮੩੧) ਦਾ ਜ਼ੋਰਦਾਰ ਹੋਕਾ ਦਿੱਤਾ । ਸਮਝਾਇਆ ਕਿ ਰੱਬੀ ਰਜ਼ਾ ਅਨੁਸਾਰ ਜਿਊਣਾ (ਹੁਕਮਿ ਰਜਾਈ ਚਲਣਾ) ਹੀ ਸਭ ਤੋਂ ਉੱਤਮ ‘ਜਪ, ਤਪ ਤੇ ਪੂਜਾ’ ਹੈ, ਜਿਸ ਦੀ ਬਦੌਲਤ ਮਨੁੱਖ ਰੱਬ ਰੂਪ ਸਚਿਆਰ ਹੋ ਕੇ ਉਸ ਦੀ ਦਰਗਾਹ ਰੂਪ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਸਕਦਾ ਹੈ ।  ਗੁਰਵਾਕ ਹੈ : ‘‘ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ  !  ਕਿਆ ਹਉ ਪੂਜ ਚੜਾਈ  ? ॥੨॥  ਹਰਿ ਸਾਚੇ ਭਾਵੈ, ਸਾ ਪੂਜਾ ਹੋਵੈ, ਭਾਣਾ ਮਨਿ ਵਸਾਈ ॥੩॥’’ (ਮ: ੩/੯੧੦)

ਦੁੱਖ ਦੀ ਗੱਲ ਹੈ ਕਿ ਸਿੱਖ ਜਥੇਬੰਦੀਆਂ ਇਸ ਪੱਖੋਂ ਅੱਖਾਂ ਮੀਟੀ ਗੁਰਦੁਆਰਿਆਂ ’ਤੇ ਕਾਬਜ਼ ਹੋਣ ਲਈ ਧੜੇ ਬੰਦਕ ਲੜਾਈਆਂ ਵਿੱਚ ਉਲਝ ਰਹੀਆਂ ਹਨ । ਜੇ ਕੋਈ ਸਿੱਖ ਵਿਦਵਾਨ ਉਪਰੋਕਤ ਕਿਸਮ ਦੇ ਕਰਮਕਾਂਡਾਂ ਤੇ ਪੁਜਾਰੀਵਾਦ ਵਿਰੁੱਧ ਲਿਖਦਾ ਜਾਂ ਬੋਲਦਾ ਹੈ ਤਾਂ ਭਾਰਤੀ ਹਕੂਮਤ ਦਾ ਥਾਪੜਾ ਪ੍ਰਾਪਤ ਬਿਪਰਵਾਦੀ ਡੇਰੇਦਾਰ ਤੇ ਸੱਤਾਧਾਰੀ ਰਾਜਨੀਤਕ ਆਗੂ ਉਸ ਦਾ ਸਮਰਥਨ ਕਰਨ ਦੀ ਬਜਾਇ ਆਪਣੇ ਨਿਜੀ ਤੇ ਧੜੇ ਬੰਧਕ ਸੁਆਰਥਾਂ ਅਧੀਨ ਉਸ ਨੂੰ ਪੰਥ-ਦੋਖੀ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਨ । ਗੋਲਕ ਘੱਟਣ ਦੇ ਡਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਉਸ ਨੂੰ ਸਟੇਜ ’ਤੇ ਬੁਲਾਉਣ ਤੋਂ ਸੰਕੋਚ ਕਰਦੀਆਂ ਹਨ । ਹੈਰਾਨੀ ਦੀ ਗੱਲ ਹੈ ਕਿ ‘ਖ਼ਾਲਿਸਤਾਨ ਜ਼ਿੰਦਬਾਦ’ ਦੇ ਨਾਰ੍ਹੇ ਲਗਾਉਣ ਵਾਲੇ ਇਸ ਪੱਖੋਂ ਡਾਂਗਾਂ ਚੁੱਕੀ ਸਭ ਤੋਂ ਮੂਹਰੇ ਹੁੰਦੇ ਹਨ । ਸਾਡੇ ਲਈ ਵਿਚਾਰਨ ਦਾ ਵਿਸ਼ਾ ਹੈ ਕਿ ਜੇ ਗੁਰਦੁਆਰਿਆਂ ਅਤੇ ਸੰਪਰਦਾਈ ਸਿੱਖ ਡੇਰਿਆਂ ਅੰਦਰਲ, ਉੱਪਰ ਵਰਣਨ ਕੀਤੀ ਪੂਜਾ-ਪਧਤੀ ਸਹੀ ਹੈ ਤਾਂ ਫਿਰ ਕਿਉਂ ਦੋਸ਼ੀ ਠਹਿਰਾਉਂਦੇ ਹੋ ਆਰ. ਐਸ. ਐਸ. ਆਦਿਕ ਹਿੰਦੂ ਜਥੇਬੰਦੀਆਂ ਨੂੰ । ਕਿਹੜੇ ਮੂੰਹ ਨਾਲ ਆਖਦੇ ਹੋ ਖ਼ਾਲਸਾ-ਪੰਥ ਨਿਰਮਲ ਤੇ ਨਿਆਰਾ ਹੈ । ਸਿੱਖ, ਇੱਕ ਵੱਖਰੀ ਕੌਮ ਹੈ ਤੇ ਹਮ ਹਿੰਦੂ ਨਹੀਂ ਭਾਵ ਕਾਰਜ ਤਾਂ ਹਰ ਪਾਸੇ ਹਿੰਦੂਆਂ ਵਾਲੇ ਹੀ ਕਰ ਰਹੇ ਹਾਂ, ਕਿਉਂ ?  ਭੁੱਲ-ਚੁੱਕ ਮੁਆਫ਼ ।

ਗੁਰੂ ਤੇ ਪੰਥ ਦਾ ਸੇਵਦਾਰ ਜਗਤਾਰ ਸਿੰਘ ਜਾਚਕ

Most Viewed Posts