ਪੂਜਾ, ਪੁਜਾਰੀ ਤੇ ਪੁਜਾਰੀਵਾਦ

0
450

ਪੂਜਾ, ਪੁਜਾਰੀ ਤੇ ਪੁਜਾਰੀਵਾਦ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

‘ਪੂਜਾ’ ਪਦ (ਲਫ਼ਜ਼) ਸੰਸਕ੍ਰਿਤ ਨਾਂਵ ‘ਪੂਜਵ’ ਦਾ ਦੇਵਨਾਗਰੀ ਤੇ ਪੰਜਾਬੀ ਰੂਪ ਹੈ ।  ਅਰਥ ਹੈ : ਪੂਜਣ ਦੀ ਕ੍ਰਿਆ । ‘ਪੁਜਾਰੀ’ ਆਖਿਆ ਜਾਂਦਾ ਹੈ ‘ਪੂਜਾ ਕਰਨ ਵਾਲੇ ਨੂੰ ਅਤੇ ਪੂਜਾ ਦੇ ਇਵਜ਼ ਵਜੋਂ ਇਸ਼ਟ-ਦੇਵ ਦੀ ਚੜ੍ਹਤ ਦੇ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ । ‘ਪੁਜਾਰੀਵਾਦ’ ਨਾਂ ਹੈ ਵੱਖ-ਵੱਖ ਮਜ਼ਹਬੀ ਪੁਜਾਰੀਆਂ ਦੇ ਉਸ ਸਾਰੇ ਕਰਮਕਾਂਡੀ ਤੇ ਗੁੰਮਰਾਹਕੁੰਨ ਲੋਟੂ ਪਸਾਰੇ ਦਾ, ਜਿਹੜਾ ਰੱਬੀ-ਪ੍ਰੇਮ ਤੋਂ ਰਹਿਤ ਉਨ੍ਹਾਂ ਪੂਜਾ-ਵਿਧੀਆਂ ਦੇ ਰੂਪ ਵਿੱਚ ਨਿੱਜੀ ਸੁਆਰਥਾਂ ਅਧੀਨ ਪਸਾਰਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਵਿੱਚ ਪੌਰਾਣਿਕ ਦ੍ਰਿਸ਼ਟੀ ਤੋਂ ਦੇਵ ‘ਪੂਜਾ’ ਦੀ ਪ੍ਰੀਭਾਸ਼ਤ ਵਿਆਖਿਆ ਕਰਦਿਆਂ ਲਿਖਿਆ ਹੈ :- ‘‘ਇਸ਼ਟ ਪ੍ਰਤਿ ਭਗਤੀ ਅਤੇ ਸ਼ਰਧਾਪੂਰਵਕ ਸੇਵਾ ਹੀ ‘ਪੂਜਾ’ ਹੈ । ਇਸ ਨੂੰ ਕਾਮਵਯ (ਕਾਮਨਾ-ਯੁਕਤ) ਯੱਗ ਦੇ ਅੰਤਰਗਤਿ ਮੰਨਿਆ ਜਾਂਦਾ ਹੈ । ਪੂਜਾ ਲਈ ਇਸ਼ਟ ਦੇਵ ਦੇ ਪ੍ਰਤੀਕ ਜਾਂ ਮੂਰਤੀ ਦੀ ਮੌਜੂਦਗੀ ਜ਼ਰੂਰੀ ਸਮਝੀ ਜਾਂਦੀ ਹੈ।’ (ਪੰਨਾ ੨੨੫)

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਗੁਰ ਵਾਕ ‘‘ਕੋਟਿ ਪੂਜਾਰੀ ਕਰਤੇ ਪੂਜਾ ॥’’ (ਮ: ੫/੧੧੫੬) ਦੀ ਸਚਾਈ ਦੇ ਗਵਾਹ ਤਾਂ ਭਾਵੇਂ ਹੁਣ ਸੰਸਾਰਭਰ ਦੇ ਧਰਮ ਮੰਦਰ ਮੰਨੇ ਜਾ ਸਕਦੇ ਹਨ, ਪਰ ਅਜੇ ਵੀ ਉਪਰੋਕਤ ਪੂਜਾ ਵਿਧੀਆਂ ਵਾਲੇ ਕਰਮਕਾਂਡਾਂ ਦੀ ਭਰਮਾਰ ਵੇਖਣੀ ਹੋਵੇ ਤਾਂ ਉਹ ਹਨ ਹਿੰਦੂ ਮੰਦਰ ਤੇ ਹਿੰਦੂ ਘਰਾਣੇ, ਜਿੱਥੇ ਨਾ ਤਾਂ ਇਸ਼ਟਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਪੂਜਾ ਵਿਧੀਆਂ ਦੀ , ਕਿਉਂਕਿ ਜਿੰਨੇ ਇਸ਼ਟ-ਦੇਵ ਹਨ, ਉਨ੍ਹਾਂ ਦੀ ਪੂਜਾ ਦੇ ਢੰਗ ਵੀ ਵੱਖ ਵੱਖ ਹਨ, ਜਿਵੇਂ ੨੬ ਜਨਵਰੀ ਸੰਨ ੨੦੦੧ ਨੂੰ  ਭੁੱਜ (ਗੁਜਰਾਤ) ਵਿਖੇ ਸਵੇਰੇ ਦੋ ਮਿੰਟ ਲਈ ਬੜਾ ਭਿਆਨਕ ਭੂਚਾਲ (Earth Quake) ਆਇਆ । ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ । ਸੰਸਾਰਭਰ ਦੇ ਲੋਕਾਂ ਨੇ ਦੁੱਖ ਮਨਾਇਆ।  ਗੁਜਰਾਤ ਸਰਕਾਰ ਨੇ ੨੮ ਜਨਵਰੀ ੨੦੦੨ ਨੂੰ ‘ਧਰਤੀ-ਮਾਤਾ ਪੂਜਾ’ ਦੇ ਨਾਮ ਹੇਠ ਭੂਚਾਲ ਦੀ ਪਹਿਲੀ ਸਲਾਨਾ-ਯਾਦ ਮਨਾਈ। ਸਰਕਾਰੀ ਹੁਕਮ ਅਧੀਨ ਸਾਰੇ ਮੁਲਾਜ਼ਮ ਤੇ ਸਕੂਲੀ ਵਿਦਿਆਰਥੀ ਸਮਾਗਮ ਵਿੱਚ ਸ਼ਾਮਲ ਹੋਏ । ਦੋ ਵੈਦਿਕ ਸਕਾਲਰਾਂ ਨੇ ਧਰਤੀ-ਮਾਤਾ ਪੂਜਨ ਦੇ ਵੇਦ ਮੰਤਰਾਂ ਦਾ ਉਚਾਰਨ ਕੀਤਾ । ਸੂਰਜ ਛਿਪਣ ਵੇਲੇ ੧੦੧ ਦੇਸੀ ਘਿਉ ਦੀਆਂ ਜੋਤਾਂ ਜਗਾ ਕੇ ਵਿਸ਼ੇਸ਼ ਪੂਜਾ ਕੀਤੀ ਗਈ। ਭਾਰਤ-ਮਾਤਾ (ਧਰਤੀ ਦੇਵੀ) ਦੀ ਵੱਡੀ ਫੋਟੋ ਰੱਖ ਕੇ ਆਰਤੀ ਉਤਾਰੀ ਗਈ; ਨਾਗਾਂ ਨੂੰ ਦੁੱਧ ਪਿਲਾਇਆ ਗਇਆ, ਤਾਂ ਕਿ ਧਰਤੀ-ਮਾਤਾ ਅਤੇ ਨਾਗ-ਦੇਵਤਾ ਪ੍ਰਸੰਨ ਰਹਿਣ ਤੇ ਮੁੜ ਕੇ ਭੂਚਾਲ ਕਾਰਨ ਗੁਜਰਾਤ ਵਾਸੀਆਂ ਦਾ ਨੁਕਸਾਨ ਨਾ ਹੋਵੇ।

ਜਨਤਾ ਦੇ ਲੱਖਾਂ ਰੁਪਏ ਖਰਚੇ ਗਏ, ਪਰ ਪੂਜਾ ਦਾ ਕੋਈ ਲਾਭ ਨਾ ਹੋਇਆ । ਗੁਜਰਾਤ ਵਾਸੀਆਂ ਨੂੰ ੪ ਜਨਵਰੀ ੨੦੧੬ ਨੂੰ ਤੜਕੇ ਅਚਾਨਕ ਹੀ ਦੁਬਾਰਾ ਫਿਰ ਉਸੇ ਸੰਕਟ ਦਾ ਸਾਹਮਣਾ ਕਰਨਾ ਪਿਆ । ਦੇਸ਼ ਵਿਦੇਸ਼ ਦੇ ਮਾਨਵ-ਹਿਤਕਾਰੀ ਚਿੰਤਕਾਂ ਦਾ ਪ੍ਰਤੀਕਰਮ ਸੀ ਕਿ ਭੁੱਜ ਦੇ ਦੁਖਾਂਤ ਉਪਰੰਤ ਰਾਜ-ਸਰਕਾਰ ਦਾ ਲੋਕ-ਭਲਾਈ ਪ੍ਰਤੀ ਜੋ ਮੁੱਖ ਫ਼ਰਜ਼ ਸੀ, ਉਹ ਨਹੀਂ ਨਿਭਾਇਆ ਗਿਆ । ਚਾਹੀਦਾ ਤਾਂ ਇਹ ਸੀ ਕਿ ਸੱਤਾਧਾਰੀ ਹਾਕਮ ਭੂਚਾਲ-ਵਿਦਿਆ (Siesmology) ਦੇ ਵਿਦਵਾਨਾਂ ਨੂੰ ਬੁਲਾਉਂਦੇ ਅਤੇ ‘Seismograph’ ਵਰਗੇ ਭੂਚਾਲ-ਸੂਚਕ ਯੰਤਰਾਂ ਨੂੰ ਹੋਰ ਵਧੀਆ ਤੇ ਸ਼ਕਤੀਸ਼ਾਲੀ ਬਣਾਉਣ ਵਾਲੇ ਪਾਸੇ ਖੋਜ ਵਿੱਚ ਲਗਾਉਂਦੇ, ਤਾਂ ਕਿ ਭੂਚਾਲ ਵਰਗੀ ਆਫ਼ਤ ਆਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਅਜਿਹੇ ਟਿਕਾਣੇ ਪਹੁੰਚਾਇਆ ਜਾ ਸਕੇ, ਜਿੱਥੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚ ਸਕਣ, ਪਰ ਹਿੰਦੂਤਵ ਦੇ ਪ੍ਰਚਾਰ ਤੇ ਵੋਟ-ਨੀਤੀ ਤਹਿਤ ਉਪਰੋਕਤ ਕਿਸਮ ਦੀ ਲੋਕ ਭਲਾਈ ਦੀ ਸੰਭਾਵਨਾ ਦੇ ਹੋਇਆ ਬਿਲਕੁਲ ਉਲਟ, ਕਿਉਂਕਿ ਉਨ੍ਹਾਂ ਦੇ ਵਿਸ਼ਨੂ-ਪੁਰਾਣ (ਅੰਸ਼ ੧,ਅਚ ੫) ਵਿੱਚ ਲਿਖਿਆ ਹੈ ਕਿ ਧਰਤੀ ਹੇਠਲਾ ਸ਼ੇਸ਼ਨਾਗ ਜਦੋਂ ਉਬਾਸੀ ਲੈਂਦਾ ਹੈ, ਤਾਂ ਧਰਤੀ ਹਿੱਲਣ ਕਰ ਕੇ ਭੂਚਾਲ ਆਉਂਦਾ ਹੈ । ਵਾਲਮੀਕੀ ਰਮਾਇਣ (ਅਚ ੧. ਕਾਂਡ ੪੦) ਵਿੱਚ ਲਿਖਿਆ ਹੈ ਕਿ ਧਰਤੀ ਦੇ ਭਾਰ ਨਾਲ ਥੱਕ ਕੇ ਸ਼ੇਸ਼ਨਾਗ ਜਦੋਂ ਸਿਰ ਹਿਲਾਉਂਦਾ ਹੈ ਤਾਂ ਭੂਕੰਪ ਹੁੰਦਾ ਹੈ ।

ਇਹੀ ਮੁੱਖ ਕਾਰਨ ਸਨ, ਜਿਨ੍ਹਾਂ ਕਰ ਕੇ ਮਨੁੱਖਤਾ ਦੇ ਹਮਦਰਦ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਪਿਆ ਕਿ ਨਾਰਦ ਮੁਨੀ ਦੇ ਪਿਛਲੱਗ ਬਣ ਕੇ ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ । ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁੱਪ ਬਣਿਆ ਪਿਆ ਹੈ (ਭਾਵ ਨਾ ਇਹ ਸਹੀ ਰਸਤਾ ਵੇਖ ਰਹੇ ਹਨ ਤੇ ਨਾ ਹੀ ਮੂੰਹੋਂ ਨਿਰੰਕਾਰ ਪ੍ਰਭੂ ਦੇ ਗੁਣ ਗਾਉਂਦੇ ਹਨ), ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ । ਅਜਿਹੇ ਭੁੱਲੜਾਂ ਨੂੰ ਸਮਝਾਉਂਦਿਆਂ ਉਨ੍ਹਾਂ ਇਹ ਕਹਿਣ ਦੀ ਵੀ ਜੁਰਅਤ ਕੀਤੀ ਕਿ ਭਾਈ  ! ਜਿਨ੍ਹਾਂ ਪੱਥਰਾਂ ਨੂੰ ਤੁਸੀਂ ਪੂਜਦੇ ਹੋ, ਜਦੋਂ ਉਹ ਆਪ ਪਾਣੀ ਵਿੱਚ ਡੁੱਬ ਜਾਂਦੇ ਹਨ, ਤਾਂ ਉਹਨਾਂ ਨੂੰ ਪੂਜ ਕੇ ਤੁਸੀ ਸੰਸਾਰ-ਸਮੁੰਦਰ ਤੋਂ ਕਿਵੇਂ ਤਰ ਸਕਦੇ ਹੋ, ‘‘ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ ॥  ਨਾਰਦਿ ਕਹਿਆ, ਸਿ ਪੂਜ ਕਰਾਂਹੀ ॥  ਅੰਧੇ ਗੁੰਗੇ ਅੰਧ ਅੰਧਾਰੁ ॥  ਪਾਥਰੁ ਲੇ ਪੂਜਹਿ, ਮੁਗਧ ਗਵਾਰ ॥  ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ  ?॥’’ (ਮ: ੧/੫੫੬)

ਪੰਜਾਬੀ ਯੂਨਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਮੁਤਾਬਕ ਗੁਰੂ ਨਾਨਕ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਪੌਰਾਣਿਕ-ਮਤੀ ਪੂਜਾ ਪਧਤੀ ਦੀ ਕੋਈ ਥਾਂ ਨਹੀਂ ਹੈ । ਲਿਖਤ ਹੈ : ‘‘ਗੁਰਬਾਣੀ ਵਿੱਚ ਪੂਜਾ ਦਾ ਅਧਿਕਾਰੀ ਕਿਸੇ ਦੇਵੀ-ਦੇਵਤਾ ਨੂੰ ਨਾ ਮੰਨ ਕੇ ਕੇਵਲ ਨਿਰਾਕਾਰ ਸਰੂਪ ਨੂੰ ਦੱਸਿਆ ਗਿਆ ਹੈ, ‘‘ਅਚੁਤ ਪੂਜਾ ਜੋਗ ਗੋਪਾਲ ॥  ਮਨੁ ਤਨੁ ਅਰਪਿ ਰਖਉ ਹਰਿ ਆਗੈ, ਸਰਬ ਜੀਆ ਕਾ ਹੈ ਪ੍ਰਤਿਪਾਲ ॥’’ (ਮ: ੫/੮੨੪)

 ਗੁਰਮਤਿ ਅਨੁਸਾਰ ਪੂਜਾ ਦਾ ਇਹ ਸਰੂਪ ਵੀ ਪਰੰਪਰਾਗਤ ਭਾਰਤੀ ਧਰਮਾਂ ਦੀ ਪੂਜਾ ਤੋਂ ਭਿੰਨ ਅਤੇ ਕੇਵਲ (ਮਾਨਸਿਕ ਤਲ ਦੀ) ਨਾਮ-ਸਾਧਨਾ ਤੱਕ ਸੀਮਿਤ ਰੱਖਿਆ ਗਿਆ ਹੈ।  ਇਸ ਤੋਂ ਭਿੰਨ ਹੋਰ ਕੋਈ ਪੂਜਾ-ਵਿਧੀ ਜਾਂ ਪੂਜਾ-ਸਮੱਗ੍ਰੀ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ -‘‘ਤੇਰਾ ਨਾਮੁ ਕਰੀ ਚਨਣਾਠੀਆ; ਜੇ ਮਨੁ ਉਰਸਾ ਹੋਇ ॥  ਕਰਣੀ ਕੁੰਗੂ ਜੇ ਰਲੈ; ਘਟ ਅੰਤਰਿ ਪੂਜਾ ਹੋਇ ॥’’ (ਮ: ੧/੪੮੯)  ਆਪਣੇ ਮਨ ਨੂੰ (ਵਿਕਾਰਾਂ ਵੱਲੋਂ) ਮਾਰਨਾ ਅਤੇ ਨਿਰਮਲ ਮਨ ਰਾਹੀਂ ਸ਼ਬਦ-ਸਾਧਨਾ ਕਰਨਾ (ਭਾਵ ਗੁਰੂ ਤੇ ਰੱਬੀ-ਰਜ਼ਾ ਵਿੱਚ ਰਾਜ਼ੀ ਹੋ ਕੇ ਜਿਊਣਾ) ਇਸ ਪ੍ਰਕਾਰ ਦੀ ਪੂਜਾ ਹੀ ਪ੍ਰਵਾਨ ਹੁੰਦੀ ਹੈ- ‘‘ਸਬਦਿ ਮਰੈ, ਮਨੁ ਨਿਰਮਲੁ ਸੰਤਹੁ  ! ਏਹ ਪੂਜਾ ਥਾਇ ਪਾਈ ॥੫॥… ਗੁਰਮੁਖਿ ਹੋਵੈ, ਸੁ ਪੂਜਾ ਜਾਣੈ, ਭਾਣਾ ਮਨਿ ਵਸਾਈ ॥੧੧॥’’ (ਮ: ੩/੯੧੦)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ‘ਗੁਰਮਤ ਮਾਰਤੰਡ’ ਵਿੱਚ ‘ਪੂਜਾ’ ਦੇ ਸਿਰਲੇਖ ਹੇਠ ਲਿਖਿਆ ਹੈ : ‘‘ਕਿਸੇ ਖ਼ਾਸ ਸਥਾਨ ’ਤੇ ਖ਼ਾਸ ਸਮੱਗਰੀ ਨਾਲ ਸਰਬ-ਵਿਆਪੀ ਕਰਤਾਰ ਦਾ ਪੂਜਨ ਸਿੱਖ ਧਰਮ ਵਿੱਚ ਨਿਸ਼ੇਧ ਕੀਤਾ ਗਿਆ ਹੈ।’’ ‘ਸਿੱਖ ਰਹਿਤ ਮਰਯਾਦਾ’ ਦੇ ਕਿਤਾਬਚੇ ਵਿੱਚ ਵੀ ਪੰਨਾ ੫ ’ਤੇ ਬੜੇ ਸਪਸ਼ਟ ਆਦੇਸ਼ ਹਨ ਕਿ ਗੁਰਦੁਆਰੇ ਵਿੱਚ-

(ਸ) ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਕਰਮ ਗੁਰਮਤਿ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ।

(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਿਤ ਦੇ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ ।  ਹਾਂ, ਕਿਸੇ ਮੌਕੇ ਜਾਂ ਇਕੱਤ੍ਰਤਾ ਨੂੰ ਗੁਰਮਿਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।

(ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ ’ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ।

ਜੇ ਸਿੱਖੀ ਵਿੱਚ ਉਪਰੋਕਤ ਕਿਸਮ ਦੀ ਬਿਪਰਵਾਦੀ ਪੂਜਾ-ਪਧਤੀ ਪ੍ਰਵਾਨ ਨਹੀਂ ਤਾਂ ਗੁਰਦੁਆਰਿਆਂ ਵਿੱਚ ਅਜਿਹੀ ਮਨਮਤੀ ਪੂਜਾ ਕਰਨ ਤੇ ਕਰਾਉਣ ਵਾਲੇ ਪੁਜਾਰੀ ਕਿਸਮ ਦੇ ਗ੍ਰੰਥੀਆਂ ਲਈ ਵੀ ਕੋਈ ਵਿਸ਼ੇਸ਼ ਥਾਂ ਨਹੀਂ ਹੈ । ਭਾਵੇਂ ਕਿ ‘‘ਠਾਕੁਰ ਕਾ ਸੇਵਕੁ ਆਗਿਆਕਾਰੀ ॥  ਠਾਕੁਰ ਕਾ ਸੇਵਕੁ, ਸਦਾ ਪੂਜਾਰੀ ॥’’ (ਮ: ੫/੨੮੬)  ਗੁਰਵਾਕ ਦੀ ਰੌਸ਼ਨੀ ਵਿੱਚ ਉਹ ਸਾਰੇ ਭਗਤ-ਜਨ ਅਕਾਲ ਪੁਰਖ ਦੇ ਪੁਜਾਰੀ ਹੀ ਮੰਨੇ ਗਏ ਹਨ, ਜਿਹੜੇ ਰੱਬੀ ਰਜ਼ਾ ਨੂੰ ਪਰਵਾਨ ਕਰ ਕੇ ਜਿਊਂਦੇ ਹਨ । ਸਚਾਈ ਤਾਂ ਇਹ ਹੈ ਕਿ ਗੁਰਦੁਆਰੇ ਦਾ ਗ੍ਰੰਥੀ ਪ੍ਰਚਾਰਕ ਹੁੰਦਾ ਹੈ, ਪੁਜਾਰੀ ਨਹੀਂ। ਪੁਜਾਰੀ ਤਾਂ ਗੁਰਦੁਆਰਿਆਂ ਦੇ ਅਜੋਕੇ ਪ੍ਰਬੰਧਕ ਹਨ, ਜਿਹੜੇ ਗੁਰਮਤ ਪ੍ਰਚਾਰ ਦੀ ਥਾਂ ਗੋਲਕ ਵਧਾਉਣ ਨੂੰ ਪਹਿਲ ਦਿੰਦੇ ਹਨ ।  ਪੂਜਾ ਦਾ ਸਾਰਾ ਧਨ ਮਾਲ ਸੰਭਾਲਦੇ ਤੇ ਉਸ ਦੁਆਰਾ ਪੁਜਾਰੀ ਮਹੰਤਾਂ ਵਾਗ ਐਸ਼ ਮਾਣਦੇ ਹਨ । ਗ੍ਰੰਥੀ ਸੇਵਾਦਾਰ ਤਾਂ ਮੁਲਾਜ਼ਮ ਹਨ, ਜਿਹੜੇ ਵਿਦਿਅਕ ਯੋਗਤਾ ਤੇ ਤਨਖਾਹ ਦੀ ਘਾਟ ਕਾਰਨ ਪ੍ਰਬੰਧਕਾਂ ਦੇ ਭਾਈਵਾਲ ਬਣ ਕੇ ਪੁਜਾਰੀਪੁਣਾ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ । ਗੁਰਦੁਆਰਾ ਕਮੇਟੀਆਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਗੁਰਦੁਆਰਿਆਂ ਦੇ ਗ੍ਰੰਥੀ ਸੇਵਾਦਾਰ ਹੀ ਪੂਜਾ ਦੇ ਧਨ-ਪਦਾਰਥਾਂ ਨੂੰ ਖਾਂਦੇ, ਖਰਚਦੇ ਤੇ ਸੰਭਾਲਦੇ ਰਹੇ ਸਨ । ਇਸ ਲਈ ਬਿਪਰਵਾਦੀ ਪ੍ਰਭਾਵ ਹੇਠ ਉਨ੍ਹਾਂ ਨੂੰ ਮਹੰਤ ਜਾਂ ਪੁਜਾਰੀ ਸੱਦਿਆ ਜਾਂਦਾ ਸੀ । ਇਸੇ ਲਈ ਦਸਮ ਗੁਰਦੇਵ ਦੇ ਸਮਕਾਲੀ ਮੰਨੇ ਜਾਂਦੇ ਭਾਈ ਦੇਸਾ ਸਿੰਘ ਨੇ ਰਹਿਤਨਾਮੇ ਵਿੱਚ ਹਦਾਇਤ ਲਿਖੀ :

ਜੇ ਕੋ ਸਿੱਖ ਪੁਜਾਰੀ ਅਹੈ । ਸੋ ਭੀ ਪੂਜਾ ਬਹੁਤ ਨਾ ਗਹੈ ।੭੨।

ਤਨ ਨਿਰਬਾਹ ਮਾਤ੍ਰ ਸੋ ਲੇਵੈ । ਅਧਿਕ ਹੋਇ, ਤਾਂ ਜਹਿਂ ਤਹਿਂ ਦੇਵੈ ।੭੩।

‘ਵਿੱਕੀਪੀਡੀਆ’ ਇੰਟਰਨੈਟ ’ਤੇ ਸੰਸਾਰਭਰ ਵਿੱਚ ਫ਼ਰੀ ਪੜਿਆ ਜਾਣ ਵਾਲਾ ਇਨਸਾਈਕਲੋਪੀਡੀਆ ਹੈ, ਪਰ ਸਿੱਖ ਜਗਤ ਲਈ ਇਹ ਵੱਡੀ ਸ਼ਰਮ ਦਾ ਮੁਕਾਮ ਹੈ ਕਿ ਉਸ ਵਿੱਚ ਮੂਰਤੀ-ਪੂਜਕ ਬ੍ਰਾਹਮਣੀ-ਮੱਤ ਦੇ ਪਿਛਲੱਗ ਬਣੇ ਬੋਧੀ ਤੇ ਜੈਨੀਆਂ ਵਾਂਗ ਸਿੱਖਾਂ ਨੂੰ ਵੀ  ਕਰਮਕਾਂਡੀ ਪੂਜਾ ਵਾਲੀ ਉਸ ਭੀੜ ਦਾ ਹੀ ਇੱਕ ਅੰਗ ਮੰਨਿਆ ਗਿਆ ਹੈ; ਜਿਸ ਨੂੰ ਭਾਂਪਦਿਆਂ ਗੁਰੂ ਨਾਨਕ ਸਾਹਿਬ ਜੀ ਨੇ ‘‘ਅੰਧੇ ਗੁੰਗੇ ਅੰਧ ਅੰਧਾਰੁ ॥  ਪਾਥਰੁ ਲੇ ਪੂਜਹਿ, ਮੁਗਧ ਗਵਾਰ ॥’’ ਅਤੇ ਬੇਬਾਕ ਭਗਤ ਕਬੀਰ ਜੀ ਨੇ ਆਖਿਆ ਸੀ ਜਿਹੜੇ ਲੋਕ ਪੱਥਰਾਂ ਨੂੰ ਭਗਵਾਨ ਸਮਝ ਕੇ ਪੂਜ ਰਹੇ ਹਨ, ਉਨ੍ਹਾਂ ਨੂੰ ਡੂੰਘੇ ਪਾਣੀਆਂ ਵਿੱਚ ਡੁੱਬੇ ਸਮਝੋ, ‘‘ਕਬੀਰ  ! ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ ॥  ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ ॥’’ (ਭਗਤ ਕਬੀਰ/੧੩੭੧)

‘ਪੂਜਾ’ ਲਫ਼ਜ਼ ਨੂੰ ਪ੍ਰੀਭਾਸ਼ਤ ਕਰਦੀ ਵਿੱਕੀਪੀਡੀਏ ਦੀ ਹੂ-ਬਹੂ ਲਿਖਤ ਹੈ : Puja or Poojan is a prayer ritual performed by Hindus to host, honour and worship one or more deities, or to spiritually celebrate an event. Sometimes spelt phonetically as pooja or poojah, it may honour or celebrate the presence of special guest(s), or their memories after they pass away. The word Puja (Devanagari:  पूजा) comes from Sanskrit, and means reverence, honour, homage, adoration, and worship. Puja rituals are also held by Buddhists, Jains and Sikhs.

ਕਿਉਂਕਿ ਅਜੋਕੇ ਦੌਰ ਦੇ ਟੀ. ਵੀ. ਵਰਗੇ ਇਲੈਕਟ੍ਰੌਨਿਕ ਮੀਡੀਏ ਰਾਹੀਂ ਸੰਸਾਰ ਭਰ ਦੇ ਲੋਕ ਹੁਣ ਹਿੰਦੂ ਮੰਦਰਾਂ ਸਮੇਤ ਉਨ੍ਹਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਵੀ ਕਰਦੇ ਹਨ, ਜਿਨ੍ਹਾਂ ਨੂੰ ਖ਼ਾਲਸਾਈ ਤਖ਼ਤ ਅਤੇ ‘ਸੱਚਖੰਡ’ ਕਹਿ ਕੇ ਸਤਿਕਾਰਿਆ ਜਾਂਦਾ ਹੈ। ਐਸੇ ਗੁਰ ਸਥਾਨਾਂ ਵਿਚਲੀ ਪੂਜਾ-ਪਧਤੀ ਵੇਖ ਕੇ ਉਨ੍ਹਾਂ ਨੂੰ ਹੁਣ ਮੰਦਰਾਂ, ਮੱਠਾਂ ਤੇ ਸਿੱਖ ਗੁਰਦੁਆਰਿਆਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਜਾਪਦਾ । ਉਹ ਵੇਖਦੇ ਹਨ ਕਿ ਮੰਦਰਾਂ ਦੇ ਬੁੱਤਾਂ ਵਾਂਗ ਹੀ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਹੈ। ਕਾਲੀ ਮਾਤਾ ਦੀ ਮੂਰਤੀ ਅੱਗੇ ਰੱਖੀ ਤਲਵਾਰ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਤੀਰਾਂ, ਤਲਵਾਰਾਂ ਅਤੇ ਐਸੇ ਹੋਰ ਹਥਿਆਰਾਂ ਨੂੰ ਸਜਾਇਆ ਜਾਂਦਾ ਹੈ । ਫੁੱਲਾਂ ਦੇ ਹਾਰ ਅਰਪਣ ਕੀਤੇ ਜਾਂਦੇ ਹਨ । ਦੀਵੇ ਤੇ ਜੋਤਾਂ ਆਦਿਕ ਜਗਾ ਕੇ ਗੁਰਬਾਣੀ ਗਾਉਂਦਿਆਂ ਆਰਤੀਆਂ ਉਤਾਰੀਆਂ ਜਾ ਰਹੀਆਂ ਹਨ । ਮਿਸ਼ਟਾਨ ਪਦਾਰਥਾਂ ਦੇ ਭੋਗ ਲਗਵਾਏ ਜਾ ਰਹੇ ਹਨ । ਪਾਵਨ ਬੀੜਾਂ ਦੀ ਸੇਵਾ-ਸੰਭਾਲ ਲਈ ਬਣਾਏ ਸੁਖਾਸਣ ਸਥਾਨਾਂ ਲਈ ਸ਼ਰਦੀਆਂ ਗਰਮੀਆਂ ਲਈ ਵੱਖ-ਵੱਖ ਕੱਪੜੇ ਵਰਤੇ ਜਾ ਰਹੇ ਹਨ। ਏ. ਸੀ., ਕੂਲਰ ਤੇ ਹੀਟਰ ਲਗਾਏ ਜਾ ਰਹੇ ਹਨ, ਭਾਵੇਂ ਕਿ ਉਨ੍ਹਾਂ ਦੇ ਕਾਰਨ ਕਈ ਵਾਰ ਅੱਗ ਵੀ ਲੱਗ ਜਾਂਦੀ ਹੈ ਅਤੇ ਸਲ੍ਹਾਬ ਨਾਲ ਬੀੜਾਂ ਦੀਆਂ ਜਿਲਦਾਂ ਵੀ ਖ਼ਰਾਬ ਹੋ ਜਾਂਦੀਆਂ ਹਨ ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚਲੀ ਦੁੱਖਭੰਜਨੀ ਬੇਰੀ ਵਾਂਗ ਥਾਂ-ਥਾਂ ਰੁੱਖਾਂ ਦੀ ਪੂਜਾ ਹੋ ਰਹੀ ਹੈ । ਗੁਰੂ ਕਾ ਘੋੜਾ ਤੇ ਗੁਰੂ ਕਾ ਬਾਜ਼ ਮੰਨ ਕੇ ਪਸ਼ੂ ਪੰਛੀਆਂ ਨੂੰ ਵੀ ਪੂਜਿਆ ਜਾ ਰਿਹਾ ਹੈ । ਸ਼ਰਧਾਲੂ ਜਨ ਪ੍ਰਕਾਸ਼-ਸਥਾਨ ਲਈ ਵਰਤੇ ਜਾਂਦੇ ਥੜਿਆਂ, ਪੀੜ੍ਹਿਆਂ, ਚੌਰਾਂ ਅਤੇ ਖ਼ਾਲਸਾਈ ਨਿਸ਼ਾਨਾਂ ਨੂੰ ਮੱਥੇ ਟੇਕ ਰਹੇ ਹਨ । ਹਰ ਥਾਂ ਗੋਲਕਾਂ ਰੱਖੀਆਂ ਹੋਈਆਂ ਹਨ । ਬਉਲੀਆਂ, ਸਰੋਵਰਾਂ ਅਤੇ ਚੁਬੱਚਿਆਂ ਦੇ ਜਲ ਨੂੰ ਅੰਮ੍ਰਿਤ ਕਹਿ ਕੇ ਵੰਡਿਆ ਤੇ ਪਿਲਾਇਆ ਜਾ ਰਿਹਾ ਹੈ । ਗੁਰਸਿੱਖ ਅਖਵਾਉਣ ਵਾਲਿਆਂ ਦੇ ਘਰਾਂ, ਦੁਕਾਨਾਂ ਤੇ ਗੱਡੀਆਂ ਵਿੱਚ ਬੁੱਤ-ਨੁਮਾ ਛੋਟੀਆਂ-ਛੋਟੀਆਂ ਗੁਰੂ ਮੂਰਤੀਆਂ ਅੱਗੇ ਫੁੱਲ-ਪੱਤਰ ਤੇ ਧੂਪ, ਧੁਖਾ ਕੇ ਪੂਜਾ ਕੀਤੀ ਜਾਂਦੀ ਹੈ । ਗੁਰਦੁਆਰਿਆਂ ਦੇ ਮੁੱਖ ਦੁਆਰਾਂ ਉੱਤੇ ਗੁਰੂ ਸਾਹਿਬਾਨ ਦੇ ਬੁੱਤ ਟਿਕਾਏ ਹੋਏ ਹਨ । ਮੰਦਰਾਂ ਦੇ ਪੁਜਾਰੀਆਂ ਵਾਂਗ ਹੁਣ ਗੁਰਦੁਆਰਿਆਂ ਵਿੱਚ ‘ਨਿਊ ਕਾਰ ਪੂਜਾ’ ਵੀ ਸ਼ੁਰੂ ਹੋ ਚੁੱਕੀ ਹੈ । ਗ੍ਰੰਥੀ ਸਿੰਘ ਅਰਦਾਸ ਭੇਟਾ ਲੈ ਕੇ ਫੁੱਲਾਂ ਦਾ ਹਾਰ ਬਖਸ਼ਦੇ ਤੇ ਅਮੀਰ ਸ਼ਰਧਾਲੂ ਉਸ ਹਾਰ ਨੂੰ ਕਾਰ ਮੂਹਰੇ ਲਟਕਾ ਕੇ ਉਹਨੂੰ ਸੁਹੰਡਣੀ ਬਨਾਉਣ ਦਾ ਭਰਮ ਪਾਲਦੇ ਗੁਰਦੁਆਰਾ ਪਾਰਕਾਂ ਵਿੱਚ ਆਮ ਹੀ ਵੇਖੇ ਜਾ ਸਕਦੇ ਹਨ । ਅਸਲ ਵਿੱਚ ਇਹੀ ਹੈ ਪੁਜਾਰੀਵਾਦ, ਜਿਹੜਾ ਗ੍ਰੰਥੀਆਂ ਤੇ ਪ੍ਰਬੰਧਕਾਂ ਦੀ ਮਿਲੀ ਭੁਗਤ ਨਾਲ ਦਿਨ-ਬਦਿਨ ਫੈਲ ਰਿਹਾ ਹੈ ।

ਗੁਰਬਾਣੀ ਤੇ ਗੁਰ ਇਤਿਹਾਸ ਦੀ ਵੀਚਾਰ ਤੋਂ ਤਾਂ ਬਿਨਾਂ-ਸ਼ੱਕ ਨਿਸ਼ਚੇ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੁਜਾਰੀ ਵਰਗ ਦੀ ਚਲਾਈ ਕਰਮਕਾਂਡੀ ਪੂਜਾ ਨੂੰ ਮੂਲੋਂ ਹੀ ਖ਼ਤਮ ਕਰਨਾ ਚਾਹੁੰਦੇ ਸਨ । ਉਹ ਸਮਝਦੇ ਸਨ ਕਿ ਚੜ੍ਹਾਵੇ ਦੇ ਲਾਲਚ ਵਿੱਚ ਕਾਇਮ ਹੋਈ ਇਹ ਪੂਜਾ-ਪਧਤੀ ਮਨੁੱਖ ਅਤੇ ਰੱਬ ਦੇ ਵਿਚਕਾਰ ਖੜੀ ਇੱਕ ਐਸੀ ਕੂੜ ਦੀ ਦੀਵਾਰ ਹੈ, ਜਿਹੜੀ ਉਸ ਦੇ ਰੱਬ-ਰੂਪ ਸਚਿਆਰ ਹੋਣ ਵਿੱਚ ਬੁਹਤ ਵੱਡੀ ਰੁਕਾਵਟ ਹੈ । ਇਸੇ ਲਈ ਸੰਸਾਰਭਰ ਵਿੱਚ ਉਨ੍ਹਾਂ ‘‘ਮੰਨੇ ਨਾਮੁ, ਸਚੀ ਪਤਿ ਪੂਜਾ ॥’’ (ਮ: ੧/੮੩੧) ਦਾ ਜ਼ੋਰਦਾਰ ਹੋਕਾ ਦਿੱਤਾ । ਸਮਝਾਇਆ ਕਿ ਰੱਬੀ ਰਜ਼ਾ ਅਨੁਸਾਰ ਜਿਊਣਾ (ਹੁਕਮਿ ਰਜਾਈ ਚਲਣਾ) ਹੀ ਸਭ ਤੋਂ ਉੱਤਮ ‘ਜਪ, ਤਪ ਤੇ ਪੂਜਾ’ ਹੈ, ਜਿਸ ਦੀ ਬਦੌਲਤ ਮਨੁੱਖ ਰੱਬ ਰੂਪ ਸਚਿਆਰ ਹੋ ਕੇ ਉਸ ਦੀ ਦਰਗਾਹ ਰੂਪ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਸਕਦਾ ਹੈ ।  ਗੁਰਵਾਕ ਹੈ : ‘‘ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ  !  ਕਿਆ ਹਉ ਪੂਜ ਚੜਾਈ  ? ॥੨॥  ਹਰਿ ਸਾਚੇ ਭਾਵੈ, ਸਾ ਪੂਜਾ ਹੋਵੈ, ਭਾਣਾ ਮਨਿ ਵਸਾਈ ॥੩॥’’ (ਮ: ੩/੯੧੦)

ਦੁੱਖ ਦੀ ਗੱਲ ਹੈ ਕਿ ਸਿੱਖ ਜਥੇਬੰਦੀਆਂ ਇਸ ਪੱਖੋਂ ਅੱਖਾਂ ਮੀਟੀ ਗੁਰਦੁਆਰਿਆਂ ’ਤੇ ਕਾਬਜ਼ ਹੋਣ ਲਈ ਧੜੇ ਬੰਦਕ ਲੜਾਈਆਂ ਵਿੱਚ ਉਲਝ ਰਹੀਆਂ ਹਨ । ਜੇ ਕੋਈ ਸਿੱਖ ਵਿਦਵਾਨ ਉਪਰੋਕਤ ਕਿਸਮ ਦੇ ਕਰਮਕਾਂਡਾਂ ਤੇ ਪੁਜਾਰੀਵਾਦ ਵਿਰੁੱਧ ਲਿਖਦਾ ਜਾਂ ਬੋਲਦਾ ਹੈ ਤਾਂ ਭਾਰਤੀ ਹਕੂਮਤ ਦਾ ਥਾਪੜਾ ਪ੍ਰਾਪਤ ਬਿਪਰਵਾਦੀ ਡੇਰੇਦਾਰ ਤੇ ਸੱਤਾਧਾਰੀ ਰਾਜਨੀਤਕ ਆਗੂ ਉਸ ਦਾ ਸਮਰਥਨ ਕਰਨ ਦੀ ਬਜਾਇ ਆਪਣੇ ਨਿਜੀ ਤੇ ਧੜੇ ਬੰਧਕ ਸੁਆਰਥਾਂ ਅਧੀਨ ਉਸ ਨੂੰ ਪੰਥ-ਦੋਖੀ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਨ । ਗੋਲਕ ਘੱਟਣ ਦੇ ਡਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਉਸ ਨੂੰ ਸਟੇਜ ’ਤੇ ਬੁਲਾਉਣ ਤੋਂ ਸੰਕੋਚ ਕਰਦੀਆਂ ਹਨ । ਹੈਰਾਨੀ ਦੀ ਗੱਲ ਹੈ ਕਿ ‘ਖ਼ਾਲਿਸਤਾਨ ਜ਼ਿੰਦਬਾਦ’ ਦੇ ਨਾਰ੍ਹੇ ਲਗਾਉਣ ਵਾਲੇ ਇਸ ਪੱਖੋਂ ਡਾਂਗਾਂ ਚੁੱਕੀ ਸਭ ਤੋਂ ਮੂਹਰੇ ਹੁੰਦੇ ਹਨ । ਸਾਡੇ ਲਈ ਵਿਚਾਰਨ ਦਾ ਵਿਸ਼ਾ ਹੈ ਕਿ ਜੇ ਗੁਰਦੁਆਰਿਆਂ ਅਤੇ ਸੰਪਰਦਾਈ ਸਿੱਖ ਡੇਰਿਆਂ ਅੰਦਰਲ, ਉੱਪਰ ਵਰਣਨ ਕੀਤੀ ਪੂਜਾ-ਪਧਤੀ ਸਹੀ ਹੈ ਤਾਂ ਫਿਰ ਕਿਉਂ ਦੋਸ਼ੀ ਠਹਿਰਾਉਂਦੇ ਹੋ ਆਰ. ਐਸ. ਐਸ. ਆਦਿਕ ਹਿੰਦੂ ਜਥੇਬੰਦੀਆਂ ਨੂੰ । ਕਿਹੜੇ ਮੂੰਹ ਨਾਲ ਆਖਦੇ ਹੋ ਖ਼ਾਲਸਾ-ਪੰਥ ਨਿਰਮਲ ਤੇ ਨਿਆਰਾ ਹੈ । ਸਿੱਖ, ਇੱਕ ਵੱਖਰੀ ਕੌਮ ਹੈ ਤੇ ਹਮ ਹਿੰਦੂ ਨਹੀਂ ਭਾਵ ਕਾਰਜ ਤਾਂ ਹਰ ਪਾਸੇ ਹਿੰਦੂਆਂ ਵਾਲੇ ਹੀ ਕਰ ਰਹੇ ਹਾਂ, ਕਿਉਂ ?  ਭੁੱਲ-ਚੁੱਕ ਮੁਆਫ਼ ।

ਗੁਰੂ ਤੇ ਪੰਥ ਦਾ ਸੇਵਦਾਰ ਜਗਤਾਰ ਸਿੰਘ ਜਾਚਕ