ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਅਹੁੱਦੇ ਤੋਂ ਹਟਾਏ ਜਾਣ ਅਤੇ ਹੁਣ ਮੁੜ ਬਹਾਲ ਕੀਤੇ ਜਾਣ ਦੇ ਕਾਰਨ ਦੱਸੇ ਜਾਣ:
ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਸਿਆਸਤ ਤੋਂ ਮੁਕਤ ਬਣਾਉਣਾ ਯਕੀਨੀ ਬਣਾਇਆ ਜਾਵੇ: ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ
ਬਠਿੰਡਾ, 26 ਅਗਸਤ (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਰਮ ਪ੍ਰਚਾਰ ਦੇ ਕਾਰਜ ਵਿੱਚ ਜੁਟੀਆਂ ਸਿੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਅੱਜ ਸਥਾਨਿਕ ਖ਼ਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਸਾਂਝੀ ਇਕੱਤਰਤਾ ਵਿੱਚ ਸਰਬ ਸਾਂਝੇ ਫ਼ੈਸਲੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਗਿਆ ਕਿ ਉਹ ਗਿਆਨੀ ਗੁਰਮੁਖ ਸਿੰਘ ਨੂੰ ਅਹੁੱਦੇ ਤੋਂ ਪਹਿਲਾਂ ਹਟਾਏ ਜਾਣ ਅਤੇ ਹੁਣ ਦੁਬਾਰਾ ਲਾਏ ਜਾਣ ਦੇ ਕਾਰਨ ਸਿੱਖ ਕੌਮ ਅੱਗੇ ਸਪਸ਼ਟ ਕਰੇ। ਪ੍ਰੈੱਸ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਤੀ ਇਹ ਧਾਰਨਾ ਬਣੀ ਹੋਈ ਹੈ ਕਿ ਬਾਦਲ ਦਲ ਦੀਆਂ ਖਾਹਸ਼ਾਂ ’ਤੇ ਪੂਰਾ ਨਾ ਉਤਰਨ ਵਾਲੇ ਜਥੇਦਾਰ ਨੂੰ ਤੁਰੰਤ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਆਪਣੇ ਕਠਪੁਤਲੀ ਬਣਨ ਵਾਲੇ ਨੂੰ ਨਿਯੁਕਤ ਕਰ ਦਿੱਤਾ ਜਾਂਦਾ ਹੈ। ਅਕਾਲ ਤਖ਼ਤ ’ਤੇ ਬਾਦਲ ਦਲ ਵੱਲੋਂ ਮਨਮਾਨੇ ਢੰਗ ਨਾਲ ਨਿਯੁਕਤ ਕੀਤੇ ਜਾਂਦੇ ਜਥੇਦਾਰਾਂ ਅਤੇ ਉਨ੍ਹਾਂ ਦੇ ਇੱਕ ਪਾਸੜ ਫ਼ੈਸਲਿਆਂ ਕਾਰਨ ਸਿੱਖ ਕੌਮ ਦਾ ਅਕਾਲ ਤਖ਼ਤ ਤੋਂ ਵਿਸ਼ਵਾਸ ਉੱਠ ਜਾਣ ਅਤੇ ਬਾਗੀ ਹੋ ਜਾਣ ਦੇ ਵਧ ਰਹੇ ਰੁਝਾਨ ਲਈ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਚੰਦ ਵੋਟਾਂ ਕਾਰਨ ਸਿਰਸਾ ਡੇਰਾ ਮੁਖੀ ਨੂੰ ਮੁਆਫ਼ ਕਰਨ ਵਾਲਾ ਹੁਕਮਨਾਮਾ ਜਾਰੀ ਕਰਵਾਉਣਾ; ਗਿਆਨੀ ਗੁਰਮੁਖ ਸਿੰਘ ਵੱਲੋਂ ਮੁਆਫ਼ੀ ਵਾਲਾ ਹੁਕਮਨਾਮਾ ਜਾਰੀ ਕਰਨ ਪਿੱਛੇ ਬਾਦਲ ਪਿਉ ਪੁੱਤਰ ਵੱਲੋਂ ਪਾਏ ਗਏ ਦਬਾਅ ਦਾ ਪਰਦਾ ਫਾਸ਼ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਤੁਰੰਤ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਦੋਵਾਂ ਅਹੁਦਿਆਂ ਤੋਂ ਹਟਾ ਦੇਣਾ; ਹੁਣ ਚੁੱਪ ਚੁਪੀਤੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਪਦ ’ਤੇ ਮੁੜ ਬਹਾਲ ਕਰ ਦੇਣਾ ਅਤੇ ਇਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਦੇ ਛੋਟੇ ਭਰਾ ਤੇ ਸਾਬਕਾ ਗ੍ਰੰਥੀ/ਪੀ. ਏ. ਭਾਈ ਹਿੰਮਤ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਕਰ ਰਹੇ ਜਸਟਿਸ ਰਣਜੀਤ ਸਿੰਘ ਅੱਗੇ ਆਪਣੇ ਪਹਿਲੇ ਦਿੱਤੇ ਬਿਆਨ ਤੋਂ ਮੁੱਕਰ ਜਾਣ ਦੀਆਂ ਘਟਨਾਵਾਂ ਨੂੰ ਜੇ ਕਰ ਲੜੀਵਾਰ ਤਰਤੀਬ ਦੇ ਕੇ ਵੇਖਿਆ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਜਥੇਦਾਰਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰ ਕੇ ਸਾਰੇ ਹੁਕਮਨਾਮੇ ਬਾਦਲ ਪਰਿਵਾਰ ਦੀਆਂ ਸਿਆਸੀ ਲਾਲਸਾਵਾਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਜਾਂਦੇ ਹਨ। ਇਸ ਲਈ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜ ਵਿਧੀ ’ਚ ਸਿੱਖਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਗੁਰਮੁਖ ਸਿੰਘ ਨੂੰ ਪਹਿਲਾਂ ਅਹੁਦੇ ਤੋਂ ਹਟਾਏ ਜਾਣ ਅਤੇ ਹੁਣ ਮੁੜ ਬਹਾਲ ਕੀਤੇ ਜਾਣ ਦੇ ਕਾਰਨ ਕੌਮ ਅੱਗੇ ਸਪਸ਼ਟ ਕਰੇ ਅਤੇ ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਸਿਆਸਤ ਤੋਂ ਮੁਕਤ ਕਰਨਾ ਯਕੀਨੀ ਬਣਾਵੇ।
ਅਕਾਲ ਤਖ਼ਤ ਦੀ ਦੁਰਵਰਤੋਂ ਦੀ ਦੂਸਰੀ ਉਘੜਵੀਂ ਮਿਸਾਲ ਇਹ ਹੈ ਕਿ ਬੇਅਦਬੀ ਕਾਂਡ ਦੀ ਸਚਾਈ ਸਾਹਮਣੇ ਲਿਆਉਣ ਵਾਲੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਕਾਂਗਰਸੀ ਸਰਕਾਰ ਦੀ ਰਿਪੋਰਟ ਸਿੱਧ ਕਰਨ ਦੇ ਨਿਸਫਲ ਯਤਨ ਕਰਦਿਆਂ ਬਾਦਲ ਦਲ ਵੱਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਨ ਦੀ ਤਿਆਰੀ ਵਿੱਚ ਉਸ ਵਿਰੁਧ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਸ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਅਕਾਲ ਤਖ਼ਤ ’ਤੇ ਹਮਲਾ ਕਰਨ ਸਮੇਂ ਇੰਦਰਾ ਗਾਂਧੀ ਦੀ ਸ਼ਾਲਾਘਾ ਕੀਤੀ ਸੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਮੁਥਾਜ ਲਈ ਗੁਰਬਾਣੀ ਦੀ ਤ੍ਰੋੜ ਮ੍ਰੋੜ ਕੇ ਵਰਤਿਆ ਇਸ ਲਈ ਉਸ ਵਿਰੁਧ ਕਾਰਵਾਈ ਕੀਤੀ ਜਾਵੇ। ਜਥੇਦਾਰ ਨੇ ਵੀ ਝੱਟ ਬਿਆਨ ਦੇ ਦਿੱਤਾ ਕਿ ਗੁਰਬਾਣੀ ਦੀ ਗ਼ਲਤ ਵਰਤੋਂ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਐਸੀਆਂ ਸ਼ਿਕਾਇਤਾਂ ਕਰਨ ਵਾਲੇ ਅਤੇ ਫ਼ੈਸਲੇ ਕਰਨ ਦੇ ਅਧਿਕਾਰੀ ਬਣੇ ਜਥੇਦਾਰ ਦੋਵੇਂ ਹੀ ਇਹ ਭੁੱਲ ਜਾਂਦੇ ਹਨ ਕਿ 1984 ਦੇ ਹਮਲੇ ਨੂੰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਸਿਰਫ਼ ਜਾਇਜ਼ ਹੀ ਨਹੀਂ ਕਿਹਾ ਸੀ ਬਲਕਿ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਕਿ ਉਸ ਨੇ ਇੰਦਰਾ ਗਾਂਧੀ ਨੂੰ ਖੁਦ ਮਿਲ ਕੇ ਇਹ ਕਾਰਵਾਈ ਕਰਨ ਲਈ ਤਿਆਰ ਕੀਤਾ ਸੀ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਸਥਾਪਨਾ ਦਿਵਸ ਮੌਕੇ ਉੱਥੇ ਸੱਦੇ ਗਏ ਸ਼੍ਰੀ ਸ਼੍ਰੀ ਰਵੀ ਸ਼ੰਕਰ (ਇੱਕ ਹਿੰਦੂ ਸੰਤ) ਮਹਿਮਾਨ ਨੇ ਗੁਰਬਾਣੀ ਵਿੱਚ ‘‘ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ, ਟੇਕ ਏਕ ਰਘੁਨਾਥ ॥’’ (ਮ: ੯/੧੪੨੯) ’ਚ ਦਰਜ ਸ਼ਬਦ ‘ਰਘੁਨਾਥ’ ਦੇ ਗ਼ਲਤ ਅਰਥ (ਅਕਾਲ ਪੁਰਖ ਦੀ ਬਜਾਇ) ਸ਼੍ਰੀ ਰਾਮ ਚੰਦਰ ਜੀ ਕਰ ਕੇ ਗੁਰਬਾਣੀ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਉਸ ਸਮੇਂ ਇਨ੍ਹਾਂ ਦੋਵੇਂ ਹਸਤੀਆਂ (ਅਡਵਾਨੀ ਤੇ ਸ਼੍ਰੀ ਸਰੀ ਰਵੀ ਸ਼ੰਕਰ) ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ? ਅਡਵਾਨੀ ਵੱਲੋਂ ਕਿਤਾਬ ਲਿਖੇ ਜਾਣ ਉਪਰੰਤ ਤਾਂ ਸਗੋਂ ਉਸ ਨੂੰ ਅਕਾਲੀ ਭਾਜਪਾ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਗੱਦੀ ’ਤੇ ਨਿਯੁਕਤੀ ਲਈ ਉਸ ਦੀ ਪੂਰ ਜੋਰ ਹਿਮਾਇਤ ਕੀਤੀ ਸੀ। ਕੀ ਐਸੇ ਬੇਤੁਕੇ ਬਿਆਨ ਇਹ ਸਿੱਧ ਨਹੀਂ ਕਰ ਰਹੇ ਕਿ ਸਿੱਖਾਂ ਦੇ ਜਜ਼ਬਾਤਾਂ ਅਤੇ ਅਕਾਲ ਤਖ਼ਤ ਦੇ ਰੁਤਬੇ ਦੀ ਬਾਦਲ ਦਲ ਵਾਲੇ ਆਪਣੇ ਨਿੱਜੀ ਤੇ ਰਾਜਸੀ ਹਿਤਾਂ ਦੀ ਪੂਰਤੀ ਲਈ ਦੁਰਵਰਤੋਂ ਕਰ ਰਹੇ ਹਨ। ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਤੇ ਕੌਮ ਜਾਗ ਪਈ ਹੈ ਇਸ ਲਈ ਬਾਦਲ ਦਲ ਤੇ ਇਨ੍ਹਾਂ ਦੁਆਰਾ ਥਾਪੇ ਜਥੇਦਾਰਾਂ ਤੋਂ ਮੰਗ ਕਰਦੀ ਹੈ ਕਿ ਉਹ ਕੌਮ ਨੂੰ ਦੱਸੇ ਕਿ ਇਸ ਤਰ੍ਹਾਂ ਦੀਆਂ ਮਨਮਾਨੀਆਂ ਉਹ ਕਦੋਂ ਤੱਕ ਕਰਦੇ ਰਹਿਣਗੇ?
ਸਾਂਝੇ ਪ੍ਰੈੱਸ ਨੋਟ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਬਠਿੰਡਾ ਸ਼ਹਿਰ ਦੇ ਹੇਠ ਲਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਸਨ :
- ਗੁਰਮੀਤ ਸਿੰਘ ਪ੍ਰਧਾਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ
- ਕਿਰਪਾਲ ਸਿੰਘ ਗੁਰਮਤਿ ਪ੍ਰਚਾਰ ਸਭਾ
- ਹਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਥਰਮਲ ਕਲੋਨੀ
- ਜਸਪਾਲ ਸਿੰਘ ਗ੍ਰੰਥੀ ਗੁਰਦੁਆਰਾ ਕੋਠੇ ਅਮਰਪੁਰਾ
- ਹਰਮੇਲ ਸਿੰਘ ਉਪ ਪ੍ਰਧਾਨ ਗੁਰਦੁਆਰਾ ਨੈਸ਼ਨਲ ਕਲੋਨੀ
- ਹਰਮਿੰਦਰ ਸਿੰਘ ਖਜਾਨਚੀ ਗੁਰਦੁਆਰਾ ਗੁਰੂ ਨਾਨਕਵਾੜੀ
- ਹਰਪਾਲ ਸਿਘ ਪ੍ਰਧਾਨ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ: 13
- ਪਰਮਜੀਤ ਸਿੰਘ ਸੇਖੋਂ ਪ੍ਰਧਾਨ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ
- ਡਾ: ਖੁਸ਼ਵਿੰਦਰ ਸਿੰਘ ਖਜਾਨਚੀ ਗੁਰਦੁਆਰਾ ਗੁਰੂ ਅਰਜੁਨ ਦੇਵ ਜੀ ਕੈਂਟ ਰੋਡ ਧੋਬੀਆਨਾ ਰੋਡ
- ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ 10ਵੀਂ ਧੋਬੀਆਨਾ ਨਗਰ
- ਅਮੋਲਕ ਸਿੰਘ ਸੈਕਟਰੀ, ਹਾਕਮ ਸਿੰਘ ਭੋਗਲ ਆਡੀਟਰ, ਸੁਰਿੰਦਰਪਾਲ ਸਿੰਘ ਬਰਾੜ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1
- ਗੁਰਤੇਜ ਸਿੰਘ ਗੁਰਦੁਆਰਾ ਗੁਰੂ ਕੀ ਨਗਰੀ
- ਕੈਪਟਨ ਮੱਲ ਸਿੰਘ ਪ੍ਰਧਾਨ ਗੁਰਦੁਆਰਾ ਭਾਈ ਮਤੀ ਦਾਸ ਨਗਰ
- ਜਗਰੂਪ ਸਿੰਘ ਮੈਂਬਰ ਗੁਰਦੁਆਰਾ ਸ਼੍ਰੀ ਕਲਗੀਧਰ ਮੁਲਤਾਨੀਆਂ ਰੋਡ
- ਰਾਮ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕਪੁਰਾ ਮਹੱਲਾ ਨੇੜੇ ਮੁਲਤਾਨੀਆ ਪੁਲ
- ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਗੋਬਿੰਦਪੁਰਾ ਹਾਜੀ ਰਤਨ ਮਹੱਲਾ
- ਮਹੇਸ਼ਇੰਦਰ ਸਿੰਘ ਵਾਈਸ ਪ੍ਰਧਾਨ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਨੇੜੇ ਸਟੇਡੀਅਮ
- ਮੇਜਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਬਾਬ ਨਾਮਦੇਵ ਭਵਨ ਨਾਮਦੇਵ ਮਾਰਗ
- ਪਰਵੀਨ ਸਿੰਘ ਪਰਵੀਨ ਸਿੰਘ ਗੁਰਦੁਆਰਾ ਭਾਈ ਮੱਖਨਸ਼ਾਹ ਲੁਬਾਣਾ
- ਗੁਰਦੀਪ ਸਿੰਘ ਪ੍ਰਧਾਨ, ਗੁਰਦਰਸ਼ਨ ਸਿੰਘ ਮਾਖਾ ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਜੋਗੀ ਨਗਰ
- ਹਰਵਿੰਦਰ ਸਿੰਘ ਐੱਮ. ਸੀ. ਅਤੇ ਪ੍ਰਧਾਨ ਗੁਰਦੁਆਰਾ ਗੋਪਾਲ ਨਗਰ
- ਅਵਤਾਰ ਸਿੰਘ ਪ੍ਰਧਾਨ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰ ਕਾਲਜ ਸਰਕਲ ਬਠਿੰਡਾ
- ਸੁਰਜੀਤ ਸਿੰਘ ਟੀਨਾ, ਮਲਕੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸਰਕਲ ਬਠਿੰਡਾ
- ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਕੇਸ਼ ਸਿੰਘ
- ਗੁਰਵਿੰਦਰ ਸਿੰਘ ਦਲ ਖ਼ਾਲਸਾ ਬਠਿੰਡਾ ਇਕਾਈ