ਗੁਰਬਾਣੀ ਇੱਕ-ਸਾਰਤਾ ਸਰੂਪ ਹੈ

0
22

ਗੁਰਬਾਣੀ ਇੱਕਸਾਰਤਾ ਸਰੂਪ ਹੈ

ਪ੍ਰਿੰਸੀਪਲ. ਹਰਭਜਨ ਸਿੰਘ, ਚੰਡੀਗੜ੍ਹ    

ਪ੍ਰਿੰਸੀਪਲ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਜੀ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਸਿੱਖ ਕੌਮ ਨੂੰ ਸੁਚੱਜੀ ਅਗਵਾਈ ਦੇਂਦੇ ਆਏ ਸਨ। ਉਨ੍ਹਾਂ ਦਾ ਲੇਖ ਪ੍ਰਚਾਰਕਾਂ, ਕਥਾਵਾਚਕਾਂ ਅਤੇ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਦੀ ਭਰਪੂਰ ਜਾਣਕਾਰੀ ਤਥਾ ਤਿਆਰੀ ਲਈ ਪਾਠਕਾਂ ਅੱਗੇ ਰੱਖ ਰਹੇ ਹਾਂ ਤਾਂ ਜੋ ਕੁਝ ਲਾਭ ਉਠਾਇਆ ਜਾ ਸਕੇ।

ਓਪਰੀ ਨਜ਼ਰ ਨਾਲ, ਸਤਹੀ ਤੌਰ ’ਤੇ ਵੇਖਿਆ ਜਾਵੇ ਤਾਂ ਸਾਧਾਰਨ ਪਾਠਕਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਗੁਰਬਾਣੀ ਵਿੱਚ ਕਈ ਥਾਈਂ ਸਵੈ-ਵਿਰੋਧੀ ਲਿਖਤਾਂ ਹਨ;  ਜਿਵੇਂ ਅੰਕਿਤ ਹੈ :

  1. (). ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋਅ; ਸਚੇ ਆਕਾਰ (ਮਹਲਾ /ਅੰਗ ੪੬੩) ਜਾਂ

(). ਕੂੜੁ ਰਾਜਾ ਕੂੜੁ ਪਰਜਾ; ਕੂੜੁ ਸਭੁ ਸੰਸਾਰੁ   (ਮਹਲਾ /ਅੰਗ ੪੬੮)

  1. (). ਕਾਹੇ ਰੇ ਮਨ ! ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ (ਮਹਲਾ /ਅੰਗ ੧੦) ਜਾਂ

(). ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ (ਮਹਲਾ /ਅੰਗ ੫੨੨)  

  1. (). ਆਪਿ ਸਤਿ; ਕੀਆ ਸਭੁ ਸਤਿ (ਮਹਲਾ /ਅੰਗ ੨੮੪) ਅਤੇ

(). ਜੋ ਦੀਸੈ; ਸੋ ਤੇਰਾ ਰੂਪੁ (ਮਹਲਾ /ਅੰਗ ੭੨੪)

(). ਜੋ ਦੀਸੈ ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਈ (ਮਹਲਾ /ਅੰਗ ੨੧੯)    

  1. (). ਜਿਵ ਤੂ ਚਲਾਇਹਿ ਤਿਵੈ ਚਲਹ; ਜਿਨਾ ਮਾਰਗਿ ਪਾਵਹੇ (ਮਹਲਾ /ਅੰਗ ੯੧੯) ਜਾਂ

ਕਰਨ ਕਰਾਵਨ ਕਰਨੈ ਜੋਗੁ ਜੋ ਤਿਸੁ ਭਾਵੈ; ਸੋਈ ਹੋਗੁ  ਅਤੇ

ਜੋ ਭਾਵੈ; ਸੋ ਕਾਰ ਕਰਾਵੈ (ਮਹਲਾ /ਅੰਗ ੨੭੭)

ਕਹੁ ਮਾਨੁਖ ਤੇ ਕਿਆ ਹੋਇ ਆਵੈ  ? (ਮਹਲਾ /ਅੰਗ ੨੭੭)

ਜੋ ਤਿਸੁ ਭਾਵੈ; ਸੋਈ ਹੋਇ (ਮਹਲਾ /ਅੰਗ ੨੭੮) ਜਾਂ

(). ਕਤਿਕਿ ਕਰਮ ਕਮਾਵਣੇ, ਦੋਸੁ ਕਾਹੂ ਜੋਗੁ  ਅਤੇ  

ਜੇਹਾ ਬੀਜੈ ਸੋ ਲੁਣੈ; ਕਰਮਾ ਸੰਦੜਾ ਖੇਤੁ (ਮਹਲਾ /ਅੰਗ ੧੩੪)

  1. (). ਹਮ ਸਰਿ ਦੀਨੁ, ਦਇਆਲੁ ਤੁਮ ਸਰਿ, ਅਬ ਪਤੀਆਰੁ ਕਿਆ ਕੀਜੈ (ਭਗਤ ਰਵਿਦਾਸ/ਅੰਗ ੬੯੪) ਅਤੇ

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ਮੇਰਾ ਕਰਮੁ ਕੁਟਿਲਤਾ; ਜਨਮੁ ਕੁਭਾਂਤੀ (ਭਗਤ ਰਵਿਦਾਸ/ਅੰਗ ੩੪੫) ਜਾਂ

(). ਤੋਹੀ ਮੋਹੀ ਮੋਹੀ ਤੋਹੀ; ਅੰਤਰੁ ਕੈਸਾ ? ਕਨਕ ਕਟਿਕ; ਜਲ ਤਰੰਗ ਜੈਸਾ (ਭਗਤ ਰਵਿਦਾਸ/ ਅੰਗ ੯੩)

  ਵਿਚਾਰ ਅਧੀਨ ਨੁਕਤੇ ਨੂੰ ਸਪਸ਼ਟ ਕਰਨ ਲਈ ਇਹ ਬੁੱਧ ਕਥਾ ਬੜੀ ਸਹਾਇਕ ਹੋ ਸਕਦੀ ਹੈ:- ‘ਮਹਾਤਮਾ ਬੁੱਧ ਇੱਕ ਦਿਨ ਇੱਕ ਪ੍ਰਿੰਡ ਗਏ। ਸਵੇਰ ਦਾ ਸਮਾ ਸੀ। ਇੱਕ ਆਦਮੀ ਉਨ੍ਹਾਂ ਦੇ ਦਰਸ਼ਨਾ ਲਈ ਆਇਆ ਤੇ ਕਹਿਣ ਲੱਗਾ-ਮੈ ਨਾਸਤਕ ਹਾਂ, ਆਪ ਇਸ ਬਾਰੇ ਕੀ ਖ਼ਿਆਲ ਰਖਦੇ ਹੋ ? ਕੀ ਈਸ਼ਵਰ ਹੈ ? ਬੁੱਧ ਨੇ ਕਿਹਾ-ਈਸ਼ਵਰ ? ਸਿਰਫ਼ ਈਸ਼ਵਰ ਹੀ ਤੋਂ ਹੈ। ਉਸ ਦੇ ਸਿਵਾ ਔਰ ਕੁਝ ਵੀ ਨਹੀਂ। ਉਸ ਆਦਮੀ ਨੇ ਕਿਹਾ ਕਿ ਮੈ ਤਾਂ ਸੁਣਿਆ ਹੈ ਕਿ ਆਪ ਨਾਸਤਕ ਹੋ ? ਬੁਧ ਨੇ ਕਿਹਾ ਆਪ ਜੀ ਨੇ ਗ਼ਲਤ ਸੁਣਿਆ ਹੈ। ਮੈ ਤਾਂ ਮਹਾਂ ਆਸਤਕ ਹਾਂ। ਉਹ ਆਦਮੀ ਹੈਰਾਨੀ ਭਰੀ ਨਿਰਾਸ਼ਤਾ ਲੈ ਕੇ ਵਾਪਸ ਮੁੜ ਗਿਆ। ਮਹਾਤਮਾ ਬੁੱਧ ਅੱਗੇ ਤੁਰਦੇ ਗਏ।

ਦੁਪਹਿਰ ਨੂੰ ਇੱਕ ਹੋਰ ਆਦਮੀ ਆਇਆ ਤੇ ਕਹਿਣ ਲੱਗਾ ਕਿ ਮੈ ਆਸਤਕ ਹਾਂ ਤੇ ਨਾਸਤਕਾਂ ਦਾ ਦੁਸ਼ਮਨ। ਮੈ ਆਪ ਜੀ ਨੂੰ ਇਹ ਪੁੱਛਣ ਆਇਆ ਹਾਂ ਕਿ ਈਸ਼ਵਰ ਦੇ ਸਬੰਧ ਵਿੱਚ ਆਪ ਜੀ ਦੇ ਕੀ ਵਿਚਾਰ ਹਨ ? ਬੁੱਧ ਨੇ ਕਿਹਾ-ਈਸ਼ਵਰ ਜੈਸੀ ਚੀਜ਼ ਨਾ ਹੈ ਤੇ ਨਾ ਹੋ ਸਕਦੀ ਹੈ। ਈਸ਼ਵਰ ਹੈ ਹੀ ਨਹੀਂ। ਉਸ ਆਦਮੀ ਨੇ ਹੈਰਾਨੀ ਨਾਲ ਪੁੱਛਿਆ- ਇਹ ਤੁਸੀਂ ਕੀ ਆਖ ਰਹੇ ਹੋ ? ਮੈ ਤਾਂ ਸੁਣਿਆਂ ਸੀ ਕਿ ਇੱਕ ਧਾਰਮਿਕ ਆਦਮੀ ਪ੍ਰਿੰਡ ’ਚ ਆਇਆ ਹੈ। ਬੁੱਧ ਨੇ ਕਿਹਾ-ਧਾਰਮਿਕ ? ਮੈ ਤਾਂ ਮਹਾਂ ਨਾਸਤਕ ਹਾਂ। ਉਹ ਆਦਮੀ ਬੇਚੈਨ ਤੇ ਅਵਾਕ ਦਸ਼ਾ ਵਿੱਚ ਗੁੰਮ-ਸੁੰਮ ਖਲੋਤਾ ਰਹਿ ਗਿਆ।

 ਸ਼ਾਮ ਹੋ ਗਈ। ਇੱਕ ਹੋਰ ਤੀਜਾ ਆਦਮੀ Agnostic  (ਅਗੇਯਵਾਦੀ, ਇਹ ਮਤ ਕਿ ਰੱਬ ਜਾਂ ਪ੍ਰਲੋਕ ਬਾਰੇ ਕੁਝ ਵੀ ਨਹੀਂ ਜਾਣਿਆ ਜਾ ਸਕਦਾ, ਇਹ ਨਾਸਤਿਕਤਾ ਤੋਂ ਭਿਨ ਵਿਚਾਰ ਹੈ) ਬੁੱਧ ਜੀ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਸਮਝ ਨਹੀਂ ਕਿ ਈਸ਼ਵਰ ਹੈ ਜਾਂ ਨਹੀਂ ? ਇਸ ਨੂੰ ਜਾਣ ਸਕਣਾ ਆਦਮੀ ਦੇ ਵੱਸ ਦਾ ਰੋਗ ਨਹੀਂ। ਆਪ ਜੀ ਦਾ ਇਸ ਬਾਰੇ ਕੀ ਖ਼ਿਆਲ ਹੈ ? ਬੁੱਧ ਨੇ ਕਿਹਾ ਕਿ ਹੁਣ ਜਦ ਤੈਨੂੰ ਵੀ ਪਤਾ ਨਹੀਂ ਤੇ ਮੈਨੂੰ ਵੀ ਪਤਾ ਨਹੀਂ, ਤਾਂ ਇਹੀ ਠੀਕ ਹੈ ਕਿ ਈਸ਼ਵਰ ਦੀ ਹੋਂਦ ਜਾਂ ਅਣਹੋਂਦ ਬਾਰੇ ਅਸੀਂ ਚੁੱਪ ਰਹੀਏ। ਉਹ ਆਦਮੀ ਵੀ ਇਸ ਉੱਤਰ ਨੂੰ ਸੁਣ ਕੇ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿ ਮੈ ਤਾਂ ਸੁਣਿਆ ਸੀ ਕਿ ਆਪ ਜੀ ਨੂੰ ਗਿਆਨ ਹੋ ਗਿਆ ਹੈ, ਇਸ ਲਈ ਆਪ ਜੀ ਨੂੰ ਪਤਾ ਹੋ ਗਿਆ ਹੋਵੇਗਾ ਕਿ ਈਸ਼ਵਰ ਹੈ ਜਾਂ ਨਹੀਂ। ਬੁੱਧ ਜੀ ਨੇ ਕਿਹਾ ਤੁਸੀਂ ਗ਼ਲਤ ਸੁਣਿਆ ਹੈ। ਮੈ ਤਾਂ ਪਰਮ ਅਗਿਆਨੀ ਹਾਂ। ਮੈਨੂੰ ਗਿਆਨ ਕੈਸਾ ?

 ਮਹਾਤਮਾ ਬੁੱਧ ਜੀ ਦੇ ਪਰਮ ਸ਼ਿਸ਼ ਅਨੰਦ ਨੇ ਇਹ ਤਿੰਨੇ ਪ੍ਰਕਾਰ ਦੀ ਵਿਚਾਰ ਸੁਣੀ ਅਤੇ ਵੇਖੀ। ਬੜਾ ਹੈਰਾਨ ਹੋਇਆ। ਡਾਹਢੀ ਦੁਬਿਧਾ ’ਚ ਫਸ ਗਿਆ। ਜਦ ਰਾਤ ਹੋਈ ਤੇ ਸਭ ਲੋਕੀਂ ਚਲੇ ਗਏ ਤਾਂ ਅਨੰਦ ਜੀ ਨੇ ਬੁੱਧ ਜੀ ਦੇ ਚਰਨ ਫੜ ਲਏ ਤੇ ਘਿਘਿਆ ਕੇ ਕਹਿਣ ਲੱਗਾ ਕਿ ਇਸ ਤਰ੍ਹਾਂ ਤਾਂ ਆਪ ਮੈਨੂੰ ਮਾਰ ਸੁਟੋਗੇ। ਇਹ ਕੀ ਕਰ ਰਹੇ ਹੋ ਆਪ ? ਅੱਜ ਸਾਰਾ ਦਿਨ ਮੈ ਕਿੰਨਾ ਬੇਚੈਨ ਰਿਹਾ ਹਾਂ ਕਿ ਜੀਵਨ ਵਿੱਚ ਪਹਿਲੇ ਕਦੀਂ ਅਜਿਹਾ ਨਹੀਂ ਹੋਇਆ ? ਆਪ ਕੀ ਕਹਿ ਰਹੇ ਹੋ ? ਆਪ ਹੋਸ਼ ਵਿੱਚ ਤਾਂ ਹੋ ? ਸਵੇਰੇ ਕੁਝ ਕਿਹਾ, ਦੁਪਹਿਰ ਨੂੰ ਕੁਝ ਹੋਰ ਅਤੇ ਸ਼ਾਮੀਂ ਹੋਰ ? ਆਪ ਜੀ ਨੇ ਤਿੰਨ ਵੱਖ-ਵੱਖ ਵਿਰੋਧੀ ਉੱਤਰ ਕਿਉਂ ਦਿੱਤੇ ?

 ਮਹਾਤਮਾ ਬੁੱਧ ਜੀ ਹੱਸ ਪਏ ਤੇ ਪਿਆਰ ਨਾਲ ਅਨੰਦ ਜੀ ਨੂੰ ਕਿਹਾ ਕਿ ਉੱਤਰ ਤਾਂ ਮੈ ਉਨ੍ਹਾਂ ਤਿੰਨ ਆਦਮੀਆਂ ਨੂੰ ਵੱਖ-ਵੱਖ ਤੌਰ ’ਤੇ ਦਿੱਤੇ ਸਨ, ਤੂੰ ਉਹ ਸੁਣੇ ਹੀ ਕਿਉਂ ? ਕੀ ਦੂਜੇ ਦੀ ਗੱਲ ਸੁਣਨੀ ਮੁਨਾਸਬ ਹੈ ? ਉਚਿਤ ਹੈ ? ਅਨੰਦ ਨੇ ਉੱਤਰ ਦਿੱਤਾ ਕਿ ਮੈ ਉਸ ਸਮੇ ਉੱਥੇ ਮੌਜ਼ੂਦ ਸੀ, ਕੀ ਕਰਦਾ ? ਕੰਨ ਤਾਂ ਬੰਦ ਨਹੀਂ ਕੀਤੇ ਜਾ ਸਕਦੇ ? ਸੋ ਮੈਨੂੰ ਸੁਤੇ ਸਿਧ ਸੁਣੇ ਗਏ। ਬੁੱਧ ਜੀ ਨੇ ਕਿਹਾ ਕਿ ਤੈਨੂੰ ਮੈ ਕੋਈ ਉੱਤਰ ਨਹੀਂ ਦਿੱਤਾ ਸੀ। ਅਨੰਦ ਜੀ ਨੇ ਕਿਹਾ ਮੈਨੂੰ ਤਾਂ ਦਿੱਤੇ ਨਾ ਸਹੀ, ਪਰ ਮੈ ਉਨ੍ਹਾਂ ਨੂੰ ਸੁਣ ਕੇ ਡਾਢੀ ਮੁਸ਼ਕਲ ਵਿੱਚ ਪੈ ਗਿਆ ਹਾਂ। ਮੈਨੂੰ ਤੁਰੰਤ ਉੱਤਰ ਦਿਉ ਕਿ ਸੱਚ ਕੀ ਹੈ ? ਆਪ ਨੇ ਇਹ ਤਿੰਨ ਵੱਖ ਵੱਖ ਸਵੈ ਵਿਰੋਧੀ ਗੱਲਾਂ ਕਿਉਂ ਆਖੀਆਂ ?

ਬੁੱਧ ਜੀ ਨੇ ਆਪਣੇ ਪਿਆਰੇ ਸ਼ਿਸ਼ ਦੀ ਤਸੱਲੀ ਲਈ ਜੋ ਉੱਤਰ ਦਿੱਤਾ ਉਹ ਬੜਾ ਵਚਿਤਰ, ਦੂਰ ਰਸ ਤੇ ਭਾਵ ਪੂਰਤ ਹੈ। ਆਪ ਨੇ ਫ਼ੁਰਮਾਇਆ ਕਿ ਉਹਨਾਂ ਤਿੰਨਾਂ ਆਦਮੀਆਂ ਨੂੰ ਜੋ, ਸੋਚ ਸਮਝ ਤੇ ਮੰਨਣ ਦੀ ਵੱਖਰੀ ਵੱਖਰੀ ਵਿਚਾਰਧਾਰਾ ਵਿੱਚ ਰੁੜ ਗਏ ਸਨ, ਸੰਤੁਲਨ ਅਥਵਾ ਸਹਿਜ (Balanced) ਦੀ ਅਵਸਥਾ ਵਿੱਚ ਲਿਆਉਣਾ ਜ਼ਰੂਰੀ ਸੀ। ਸਵੇਰੇ ਜੋ ਆਦਮੀ ਆਇਆ ਸੀ, ਉਹ ਨਾਸਤਕ, ਘੋਰ ਨਾਸਤਕ ਸੀ ਅਤੇ ਇਕੱਲਾ ਨਾਸਤਕ ਅਧੂਰਾ ਹੈ ਕਿਉਂਕਿ ਜ਼ਿੰਦਗੀ ਵਿਰੋਧਾਂ ਨਾਲ ਮਿਲ ਕੇ ਬਣੀ ਹੈ, ਇਹ ਸਮਝ ਲਵੋ ਕਿ ਜੋ ਸੱਚ-ਮੁੱਚ ਧਾਰਮਿਕ ਵਿਆਕਤੀ ਹੈ, ਉਸ ਵਿੱਚ ਦੋਵੇਂ ਗੱਲਾਂ ਹੁੰਦੀਆਂ ਹਨ। ਇਨ੍ਹਾਂ ਦੋਵਾਂ ਦੇ ਮੇਲ ਵਿੱਚ ਧਰਮ ਹੈ। ਕੇਵਲ ਧਾਰਮਿਕ ਆਦਮੀ ਵੀ ਅਧੂਰਾ ਹੀ ਹੈ ਕਿਉਂਕਿ ਅਜੇ ਉਸ ਵਿੱਚ ਸੰਤੁਲਨ (ਬੈਲੰਸ) ਨਹੀਂ ਆਇਆ। ਪਹਿਲਾ ਆਦਮੀ ਨਾਸਤਕ ਸੀ। ਉਸ ਦਾ ਹਉਂ ਆਸ਼੍ਰਿਤ (Dependent) ਹੋ ਕੇ ਇੱਕ ਪਲੜਾ ਬੜਾ ਭਾਰੀ ਹੋ ਗਿਆ ਸੀ, ਉਸ ਨੂੰ ਸਹਿਜ ’ਚ ਲਿਆਉਣ ਲਈ ਮੈਨੂੰ ਦੂਸਰੇ ਪਲੜੇ ’ਚ ਪੱਥਰ ਰੱਖਣੇ ਪਏ। ਫਿਰ ਮੈ ਬੇਚੈਨ ਵੀ ਕਰ ਦੇਣਾ ਚਾਹੁੰਦਾ ਸਾਂ ਕਿਉਂਕਿ ਉਹ ਇਸੇ ਗੱਲ ਉੱਤੇ ਟਿਕ ਗਿਆ ਸੀ ਕਿ ਈਸ਼ਵਰ ਨਹੀਂ ਹੈ। ਉਸ ਦੇ ਨਿਸ਼ਚੇ ਨੂੰ ਹਿਲਾ ਦੇਣਾ ਜ਼ਰੂਰੀ ਸੀ। ਜੋ ਇੱਕ ਥਾਂ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ, ਉਹ ਮਰ ਜਾਂਦਾ ਹੈ। ਯਗਿਆਸੂ ਦੀ ਯਾਤਰਾ ਜਾਰੀ ਰਹਿਣੀ ਚਾਹੀਦੀ ਹੈ। ਉਸ ਦੇ ਨਿਸ਼ਚੇ ਨੂੰ ਦਿਸ਼ਾ ਦੇਣੀ ਜ਼ਰੂਰੀ ਸੀ। ਦੁਪਹਿਰ ਨੂੰ ਜੋ ਆਦਮੀ ਆਇਆ, ਉਸ ਨੂੰ ਘਮੰਡ ਸੀ ਕਿ ਉਹ ਬੜਾ ਆਸਤਕ ਹੈ। ਉਸ ਲਈ ਕਹਿਣਾ ਪਿਆ ਕਿ ਮੈ ਨਾਸਤਕ ਹਾਂ ਕਿਉਂਕਿ ਉਸ ਦਾ ਵੀ ਇੱਕ ਪਲੜਾ ਬਹੁਤ ਭਾਰੀ ਸੀ, ਅਸੰਤੁਲਤ ਸੀ। ਜ਼ਿੰਦਗੀ ਹੈ ਸੰਤੁਲਨ। ਜੋ ਸੰਤੁਲਨ (ਸਹਿਜ) ਨੂੰ ਪਾ ਲੈਂਦਾ ਹੈ, ਉਹ ‘ਸਤਿ’ ਨੂੰ ਪਾ ਲੈਂਦਾ ਹੈ।

ਹੋਰ ਵਧੇਰੇ ਸਪੱਸ਼ਟ ਤੌਰ ’ਤੇ ਸਮਝਣ ਲਈ ਵਿਚਾਰ ਅਧੀਨ ਵਿਸ਼ੇ ਨੂੰ ਸੂਰਜ ਪ੍ਰਕਾਸ਼ ਦੇ ਪੰਨਾ 2170 ਰਾਸ 3 ਅੰਸੂ 56 ’ਤੇ ਅੰਕਿਤ ਇਹ ਵਾਰਤਾ ਦੀ ਹਦ ਸਹਾਇਕ ਹੈ।

 ਗੁਰੂ ਅਰਜੁਨ ਸਾਹਿਬ ਦੀ ਸੇਵਾ ਵਿੱਚ ਜਟੂ, ਭਾਨੂੰ, ਨਿਹਾਲੂ ਤੇ ਤੀਰਥਾਂ; ਚੱਢਾ ਜਾਤੀ ਦੇ ਸਿੱਖ ਆਏ ਤੇ ਹੱਥ ਜੋੜ ਕੇ ਪ੍ਰਸ਼ਨ ਕੀਤਾ :-

 ਸ੍ਰੀ ਸਤਿਗੁਰ ਸੁਭ ਬਚਨ ਤੁਮਾਰੇ ਬਹੁ ਬਿਧਿ ਕੇ ਹਮ ਅਰਥ ਵਿਚਾਰੇ ਕਰੇ ਕਰਾਵੈ ਆਪੇ ਆਪ ਮਾਨੁਖ ਕੇ ਕਿਸ ਨਾਹੀਂ ਹਾਥ   (ਜਾਂ) ‘‘ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ ਅਕਿਰਤਘਣਾ ਹਰਿ ਵਿਸਰਿਆ, ਜੋਨੀ ਭਰਮੇਤੁ’’ (ਮਹਲਾ /ਅੰਗ ੭੦੬) ਉਪਰੋਕਤ ਵਾਕ ਬ-ਜ਼ਾਹਰ ਸਵੈ ਵਿਰੋਧੀ ਪ੍ਰਤੀਤ ਹੁੰਦੇ ਹਨ, ਪਰ ਪੰਚਮ ਪਾਤਿਸ਼ਾਹ ਜੀ ਨੇ ਇਸ ਦਾ ਜੋ ਉੱਤਰ ਦਿੱਤਾ ਉਸ ਦਾ ਸਾਰ ਇਸ ਪ੍ਰਕਾਰ ਹੈ:- ਸਭਿ ਅਧਿਕਾਰਨਿ ਕੇ ਗੁਰਸਿਖ ਹੈਂ ਗ੍ਰਹਣ ਕਹੈਂ ਜਿਮ ਨਿਜ ਮਤਿ ਪਿਖਿ ਹੈਂ 38  ਜੋ ਲੋਕ ਗ੍ਰਿਹਸਤ ਵਿੱਚ ਪਾਪ ਪੁੰਨ ਕਮਾਉਂਦੇ ਹਨ, ਉਨ੍ਹਾਂ ਲਈ ਇਹ ਵਾਕ:- ‘‘ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ ’’ ਅਤੇ ਜੋ ਪ੍ਰੇਮਾ ਭਗਤੀ ’ਚ ਰੰਗੇ, ਹਰ ਸਮੇਂ ਸਤਿਨਾਮੁ ਦਾ ਸਿਮਰਨ ਕਰਦੇ ਹਨ ਅਤੇ ਸਭ ਪ੍ਰਾਣੀਆਂ ’ਚ ਬ੍ਰਹਮ ਵੇਖਦੇ ਹਨ ਉਨ੍ਹਾਂ ਲਈ ਇਹ ਵਾਕ ਹੈ:- ਕਰੇ ਕਰਾਵੈ ਆਪੇ ਆਪ ਮਾਨੁਖ ਕੇ ਕਿਸ ਨਾਹੀਂ ਹਾਥ (ਅਤੇ) ਕਰੇ ਕਰਾਏ ਆਪਿ ਪ੍ਰਭੁ, ਸਭੁ ਕਿਛੁ ਤਿਸ ਹੀ ਹਾਥਿ (ਮਹਲਾ /ਅੰਗ ੪੮) (ਜਾਂ) ਮਾਰੈ ਰਾਖੈ ਏਕੋ ਆਪਿ ਮਾਨੁਖ ਕੈ ਕਿਛੁ ਨਾਹੀ ਹਾਥਿ (ਮਹਲਾ /ਅੰਗ ੨੮੧)

    ਤੀਸਰੇ ਉਹ ਲੋਕ ਹਨ ਜੋ ਹਰ ਪਾਸੇ ਬ੍ਰਹਮ ਹੀ ਬ੍ਰਹਮ ਨੂੰ ਵਸਦਾ ਵੇਖਦੇ ਹਨ; ਜਿਵੇਂ:-ਤ੍ਰਿਤੀਏ ਸੱਤਾਸੱਤਿ ਬਿਚਾਰਹਿ ਸਦਾ ਬ੍ਰਹਮ ਕੋ ਨਿਰਨੈ ਧਾਰਹਿ ਇਨ ਸਮ ਤੁਕ ਕੇ ਸੋ ਅਧਿਕਾਰੀ ਸੁਨਿ ਮਾਨਹਿ ਸਮਝਹਿ ਉਰ ਧਾਰੀ 42 ਜਾਂ  ‘‘ਬ੍ਰਹਮੁ ਦੀਸੈ ਬ੍ਰਹਮੁ ਸੁਣੀਐ, ਏਕੁ ਏਕੁ ਵਖਾਣੀਐ’’ (ਮਹਲਾ /ਅੰਗ ੮੪੬)

 ਏਸ ਨੁਕਤੇ ਦੀ ਹੋਰ ਵਜ਼ਾਹਤ ਕਰਦੇ ਹੋਏ ਗੁਰੂ ਅਰਜੁਨ ਸਾਹਿਬ ਜੀ ਅੱਗੇ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਹੋਰ ਕਈ ਅਧਿਕਾਰੀ ਹਨ, ਪਰ ਇੱਥੇ ਮੁਖ ਤੌਰ ’ਤੇ ਕੇਵਲ ਤਿੰਨ ਪ੍ਰਕਾਰ ਦੇ ਹੀ ਧਿਆਨ ਕੀਤਾ ਗਿਆ ਹੈ। ਅਗੇ ਪ੍ਰਸੰਗ ਹੈ :- ਦੋਹਰਾ  ਇਤਯਾਦਿਕ ਬਹੁਤੇ ਅਧਿਕਾਰ ਮੁੱਖਯ ਤੀਨ ਹਮ ਕਰੇ ਉਚਾਰ ਜੈਸ ਬੈਦ ਮਹਾਂ ਬੁਧਿਵਾਨ ਰੋਗੀ ਆਇ ਬਿਨੈ ਬਹੁ ਠਾਨਿ 43 ਨਾੜੀ, ਮੂਤ੍ਰ ਹੇਰਿ ਰੁਜ ਜਾਨੈ ਤਿਸ ਪਰ ਬਹੁਤ ਔਸ਼ਧੀ ਠਾਨੈ ਤੈਸੇ ਗੁਰ ਢਿਗ ਸਿਖ ਚਲਿ ਆਵੈ ਬਚਨ ਕ੍ਰਿਆ ਤੇ ਤਿਹ ਲਖਿ ਪਾਵੈ 44 ਜਥਾ ਪਿਖਹਿ ਅਧਿਕਾਰ ਬਿਸ਼ੇਸ਼ ਤਥਾ ਕਰਹਿ ਸਤਿਗੁਰ ਉਪਦੇਸ਼ ਜੇ ਹਕੀਮ ਲਘੁ ਬਿਦਯਾ ਮਤਿ ਮੈ ਪਰਖਯੋ ਗਯੋ ਰੁਜ ਕੁਛੁ ਚਿਤ ਮੈ 45 ਰੋਗ ਆਨ, ਔਖਧਿ ਦੇ ਆਨ ਰੁਜ ਜਾਏ, ਪ੍ਰਾਨ ਹਵੈ ਹਾਨ ਤੈਸੇ ਗੁਰ ਕਾਚੋ ਅਨਜਾਨਾ ਸਿਖ ਅਧਿਕਾਰ ਨਾ ਕਰਹਿ ਪਛਾਨਾ 46 ਤਿਸ (ਸਿਖ ਨੂੰ) ਉਪਦੇਸ਼ ਅਯੋਗ ਬਤਾਵੈ ਰਹੀ ਸ੍ਰੇਯ (ਮੁਕਤ) ਮਰਿ ਨਰਕ ਸਿਧਾਵੈ  ਭਾਵ-ਵੈਦ ਹਕੀਮ ਦੀ ਉਦਾਹਰਣ ਦੇਂਦੇ ਹੋਏ ਦੱਸਦੇ ਹਨ ਕਿ ਜੋ ਮਹਾਨ ਤੇ ਬੁੱਧੀਵਾਨ ਵੈਦ ਹੁੰਦਾ ਹੈ ਉਹ ਰੋਗੀ ਦੀ ਨਾੜੀ ਤੇ ਹੋਰ ਪ੍ਰਕਾਰ ਦੀ ਤਸ਼ਖੀਸ ਕਰਕੇ ਰੋਗੀ ਲਈ ਦਵਾਈ ਤਜ਼ਵੀਜ ਕਰਦਾ ਹੈ, ਤਿਵੈਂ ਹੀ ਸਤਿਗੁਰੂ ਪਾਸ ਜੋ ਸਿੱਖ ਆਉਂਦਾ ਹੈ, ਗੁਰੂ ਜੀ ਉਸ ਦੀਆਂ ਗੱਲਾਂ ਅਤੇ ਹਰਕਤਾਂ ਤੋਂ ਜਾਣ ਲੈਂਦੇ ਹਨ ਕਿ ਉਹ ਕਿਸ ਪ੍ਰਕਾਰ ਦੇ ਉਪਦੇਸ਼ਾਂ ਦਾ ਅਧਿਕਾਰੀ ਹੈ। ਉਸ ਅਨੁਸਾਰ ਹੀ ਉਸ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜੋ ਨੀਮ ਹਕੀਮ ਹੈ ਉਹ ਰੋਗ ਦੀ ਬਿਮਾਰੀ ਨੂੰ ਜਾਣੇ ਬਗੈਰ ਹੋਰ ਦੀ ਹੋਰ ਦਵਾਈ ਦੇ ਦੇਂਦਾ ਹੈ, ਉਸ ਨਾਲ ਰੋਗੀ ਦੀ ਬਿਮਾਰੀ ਵਧੀਕ ਵਧ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਕੱਚਾ ਅਤੇ ਅਗਿਆਨੀ ਹੈ, ਉਹ ਇਹ ਨਹੀਂ ਪਛਾਣਦਾ ਕਿ ਸ਼ਰਨ ਆਏ ਸਿੱਖ ਦੀ ਮਨੋਬ੍ਰਿਤੀ ਕੈਸੀ ਹੈ ? ਉਹ ਉਸ ਨੂੰ ਅਯੋਗ ਉਪਦੇਸ਼ ਦੇ ਦੇਂਦਾ ਹੈ, ਜਿਸ ਨਾਲ ਉਸ ਨੇ ਮੁਕਤੀ ਤਾਂ ਕੀ ਪਾਉਣੀ ਹੈ, ਸਗੋਂ ਨਰਕਾਂ ਦਾ ਅਧਿਕਾਰੀ ਬਣ ਜਾਂਦਾ ਹੈ।

 ਇਹ ਲੰਬੇ ਚੌੜੇ ਹਵਾਲੇ ਅਸੀਂ ਇੱਥੇ ਇਸ ਲਈ ਅੰਕਿਤ ਕਰਨੇ ਮੁਨਾਸਬ ਸਮਝੇ ਹਨ ਕਿ ਜਿਸ ਨੁਕਤੇ ਨੂੰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ, ਉਸ ਵਿੱਚ ਇਹ ਡਾਢੇ ਸਹਾਇਕ ਹਨ। ਗੁਰਮਤਿ ਇਸ ਗੱਲ ਦੀ ਦਾਅਵੇਦਾਰ ਹੈ ਕਿ ਸਹਜ ਤੇ ਸੰਤੁਲਨ ਦਾ ਜੀਵਨ ਹੀ ਸਹੀ, ਸਫਲ ਅਤੇ ਸਾਰਥਕ ਜੀਵਨ ਹੈ। ਏਥੇ ਗ੍ਰਿਹਸਤ ਤੇ ਸਨਿਆਸ, ਲੇਪਤਾ ਅਤੇ ਅਲੇਪਤਾ, ਸੂਖਮ ਤੇ ਅਸਥੂਲ, ਮਿਲਾਪ ਤੇ ਵਿਛੋੜਾ, ਜੀਵਨ ਤੇ ਮੌਤ, ਭਗਤ ਤੇ ਭਗਤੀ ਆਦਿ ਵਿੱਚ ਇੱਕ ਸੁਮੇਲ ਹੈ, ਇੱਕ ਸੰਤੁਲਨ ਹੈ, ਇੱਕ ਸਹਜ ਹੈ।

ਇਸ ਤਰ੍ਹਾਂ ਹੀ ਜਦ ਗੁਰਬਾਣੀ ਵਿੱਚ ਕਾਦਰ ਅਥਵਾ ਸੰਸਾਰ ਨੂੰ ਸਚੇ ਦੀ ਕੋਠੜੀ ਕਰਕੇ ਬਿਆਨਿਆ ਹੈ ਤਾਂ ਇਹ ਗੱਲ ਉਸ ਮਨੁੱਖ ਨੂੰ ਝੰਝੋੜਨ ਲਈ ਹੈ, ਜੋ ਸੰਸਾਰ ਨੂੰ ਤਰੈ ਕਾਲ ਮਿਥਿਆ ਮੰਨਦਾ ਹੈ। ਸੰਸਾਰ ਸੱਚਾ ਇਸ ਲਈ ਹੈ ਕਿ ਸਚਾ ਆਪਿ ਇਸ ਵਿੱਚ ਰਮ ਰਿਹਾ ਹੈ, ਵਿਆਪਕ ਹੈ। ਜਦ ਇਸ ਨੂੰ ਕੂੜ ਕਰਕੇ ਕਿਹਾ ਗਿਆ ਹੈ ਤਾਂ ਉਸ ਵਿਅਕਤੀ ਨੂੰ ਸੰਬੋਧਨ ਕਰਨਾ ਮਕਸੂਦ (ਇੱਛਾ ਜਤਾਉਣੀ) ਹੈ, ਜੋ ਪ੍ਰਭੂ ਨੂੰ ਵਿਸਾਰ ਕੇ, ਵਿਆਪਕ ਨਾ ਵੇਖ ਕੇ ਅਸਾਰ ਸੰਸਾਰ ਨੂੰ ਹੀ ਸਤਿ ਕਰਕੇ ਮੰਨ ਬੈਠਾ ਹੈ।

ਜੋ ਪੁਰਸ਼ਾਰਥ ਨਹੀਂ ਕਰਦਾ ਉਸ ਨੂੰ ਉੱਦਮ ਕਰਨ ਦੀ ਸਿੱਖਿਆ ਹੈ, ਪਰ ਜੋ ਹਰ ਵੇਲੇ ਫਿਕਰਮੰਦ ਹੋ ਕੇ ਭੱਜ ਦੌੜ ਕਰਦਾ ਹੈ, ਚਿੰਤਤ ਰਹਿੰਦਾ ਹੈ ਤੇ ਆਪਣੇ ਉੱਦਮ ਨੂੰ ਹਰ ਕਾਰਜ ਦਾ ਕਾਰਨ ਮਿਥ ਲੈਂਦਾ ਹੈ, ਉਸ ਨੂੰ ਐਸੀ ਰਵਸ਼ (ਜੁਕਤੀ) ਤੋਂ ਹੋੜਿਆ ਤੇ ਦੱਸਿਆ ਹੈ ਕਿ The right & trust in GOD ਵਾਲੀ ਸਮਤੁਲ ਅਥਵਾ ਮਧ ਦੀ ਅਵਸਥਾ ਹੀ ਸੁਖਦਾਈ ਅਵਸਥਾ ਹੈ।

ਜੇ ਸਭ ਕੁਝ ਪ੍ਰਭੂ ਕਰਵਾਉਂਦਾ ਹੈ ਤਾਂ ਫੇਰ ਮਨੁੱਖ ਨੂੰ ਕਰਮਾਂ ਦਾ ਫਲ ਕਿਉਂ ? ਇਹ ਇੱਕ ਅਹਿਮ ਸਵਾਲ ਹੈ। ਦਰੁਸਤ ਹੈ ਕਿ ਮਨੁੱਖ ਕਰਮਾਂ ਦਾ ਫਲ, ਸਚਿਤ ਕਰਮਾਂ ਤੇ ਅਚੇਤ ਮਨ ਵਿੱਚ ਡੂੰਘੇ ਪੱਕੇ ਬਣ ਚੁੱਕੇ ਸੰਸਕਾਰਾਂ ਅਥਵਾ ਕਿਰਤ ਕਰਮ ਰਾਹੀਂ ਭੋਗਦਾ ਹੈ। ਜੋ ਉਹ ਬੀਜਦਾ ਹੈ, ਅਵੱਸ਼ ਉਹੀ ਵੱਢਦਾ ਹੈ (ਹਰ ਕਰਮ ਦਾ ਪ੍ਰਤੀਕਰਮ ਜ਼ਰੂਰੀ ਹੈ) ਪ੍ਰੰਤੂ, ਜੋ ਸਹੀ ਤੌਰ ’ਤੇ ਅਕਰਤਾ ਤੇ ਅ+ਮਨ (No -Mind) ਹੋ ਜਾਂਦਾ ਹੈ। ਉਸ ਦੀ ‘ਮੈ’; ‘ਤੂੰ’ ਵਿੱਚ ਬਦਲ ਜਾਂਦੀ ਹੈ। ਜੋ ਹੁਕਮੀ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਤੇ ਰਬੀ ਰਜ਼ਾ ’ਚ ਚੱਲਦਾ ਹੋਇਆ ਮਨ, ਬਚ, ਕਰਮ ਕਰਕੇ ਪ੍ਰਮਾਤਮਾ ਨੂੰ ਹੀ ਕਰਨ ਕਰਾਵਨ ਮੰਨਦਾ ਹੈ, ਉਸ ਦੇ ਕਿਸੇ ਅਖੌਤੀ ਆਪੋਂ ਕੀਤੇ ਕਰਮ-ਫਲ ਦੇ ਜ਼ਿੰਮੇਵਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਇਸ ਸਬੰਧ ਵਿੱਚ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਆਪਣੀ ਮੈ ਜਾਂ ਵੱਖਰੀ ਹਸਤੀ ਦੇ ਆਸਰੇ ਉਹ ਐਸਾ ਕੋਈ ਅਨੁਚਿਤ ਕੰਮ ਕਰਦਾ ਹੀ ਨਹੀਂ ਅਥਵਾ ਉਸ ਤੋਂ ਹੁੰਦਾ ਹੀ ਨਹੀਂ, ਜਿਸ ਦਾ ਦੰਡ ਵਜੋਂ ਫਲ ਭੋਗਣ ਦਾ ਸਵਾਲ ਪੈਦਾ ਹੁੰਦਾ ਹੋਵੇ। ਸਹੀ ਗੱਲ ਤਾਂ ਇਹ ਹੈ ਕਿ ਉਸ ਕੋਲੋਂ ਪ੍ਰਭੂ-ਰਜ਼ਾ ਦੇ ਉਲਟ ਕੁਝ ਵੀ ਕਰ ਸਕਣਾ ਸੰਭਵ ਹੀ ਨਹੀਂ ਹੁੰਦਾ:- ਮੇਰਾ ਕੀਆ ਕਛੂ ਹੋਇ ਕਰਿ ਹੈ ਰਾਮੁ; ਹੋਇ ਹੈ ਸੋਇ (ਭਗਤ ਨਾਮਦੇਵ/ਅੰਗ ੧੧੬੫) ਵਾਲੀ ਅਵਸਥਾ ਹੁੰਦੀ ਹੈ ਅਤੇ ‘‘ਸੰਤ ਗੋਬਿੰਦ ਕੈ; ਏਕੈ ਕਾਮ ਰਹਾਉ ’’ (ਮਹਲਾ /ਅੰਗ ੮੬੭) ਵਾਲੀ ਖੇਡ ਵਾਪਰ ਜਾਂਦੀ ਹੈ। ਉੱਥੇ ਕਿਸੇ ਸਮੇਂ ‘‘ਕੁਚਿਲ ਕਠੋਰ ਕਪਟ ਕਾਮੀ’’ (ਮਹਲਾ /ਅੰਗ ੧੩੦੧) ਵਾਲੀ ਅਵਸਥਾ, ਜੋ ਬਦਲ ਕੇ ‘‘ਨਾਨਕੁ ਨੀਚੁ ਕਹੈ ਵੀਚਾਰੁ’’ (ਜਾਂ) ‘‘ਮੈ ਮੂਰਖ ਕੀ ਕੇਤਕ ਬਾਤ ਹੈ; ਕੋਟਿ ਪਰਾਧੀ ਤਰਿਆ ਰੇ’’ (ਮਹਲਾ /੬੧੨) ਬਣ ਜਾਂਦੀ ਹੈ।

ਨਾਨਕ ! ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ (ਮਹਲਾ /ਅੰਗ ੧੩) ਆਦਿ ਵਾਕਾਂ ਰਾਹੀਂ ਭਗਤੀ ਨਿਮਰ ਭਾਵ, ਗ਼ਰੀਬੀ ਤੇ ਦੀਨਤਾ ਦਾ ਪ੍ਰਗਟਾਵਾ ਕਰਨਾ, ਕਿਤੇ ‘‘ਬ੍ਰਹਮ ਿਆਨੀ ਆਪਿ ਿਰੰਕਾਰੁ (ਮਹਲਾ /ਅੰਗ ੨੭੪), ਨਾਨਕ ! ਸਾਧ ਪ੍ਰਭ ਭੇਦੁ ਭਾਈ (ਮਹਲਾ /ਅੰਗ ੨੭੨), ਪਾਰਬ੍ਰਹਮ ਗੁਰ ਨਾਹੀ ਭੇਦ (ਮਹਲਾ /ਅੰਗ ੧੧੪੨), ਆਪੇ ਗੁਰੁ ਚੇਲਾ ਹੈ ਆਪੇ; ਆਪੇ ਗੁਣੀ ਿਧਾਨਾ (ਮਹਲਾ /ਅੰਗ ੭੯੭), ਕਹੁ ਕਬੀਰ ! ਇਹੁ ਰਾਮ ਕੀ ਅੰਸੁ ’’ (ਅੰਗ ੮੭੧) ਆਦਿ ਹਕੀਕਤ-ਅਫਰੋਜ਼ (ਉੱਜਲ) ਵਿਚਾਰਾਂ ਰਾਹੀਂ ਆਤਮਾ ਅਤੇ ਪ੍ਰਮਾਤਮਾ ਦੇ ਮੂਲ ਕਰਕੇ ਇੱਕ ਹੋਣ ਦਾ ਦਾਅਬਾ ਕਰਨਾ, ਪ੍ਰਬੀਨਤਾ ਨਾਲ ਵੇਖਿਆਂ ਕਿਸੇ ਪ੍ਰਕਾਰ ਦਾ ਸਵੈ ਵਿਰੋਧ ਨਹੀਂ ਰੱਖਦੇ। ਇਹ ਦੋਵੇਂ ਪ੍ਰਗਟਾਅ ਇੱਕ ਹੀ ਲਕਸ਼ ਦੀ ਪੂਰਤੀ ਵੱਲ ਸੇਧ ਬਖ਼ਸ਼ਦੇ ਹਨ।  ਕੇਵਲ ਵੇਖਣ ਤੇ ਜਾਣਨ ਵਾਲੀ ਅੱਖ ਤੇ ਬ੍ਰਿਤੀ ਦੀ ਲੋੜ ਹੈ।

ਸੋ ਗੁਰੂ ਸਾਹਿਬਾਨ, ਭਗਤਾਂ ਜਾਂ ਸਤਿ ਪੁਰਖਾਂ ਵੱਲੋਂ ਕਿਸੇ ਸਮੇਂ ਦਾਸ ਭਾਵ ਤੇ ਕਿਸੇ ਸਮੇਂ ਹਮ-ਜਿਨਸ ਤੇ ਸਮਾਨ-ਭਾਵੀ ਸਾਂਝ ਤੇ ਸਮਾਨਤਾ ਵਿੱਚ ਵਿਚਰਨਾ ਤੇ ਬਾਪ ਦੀ ਗੋਦ ’ਚ ਬੈਠਿਆਂ ਲਾਡ-ਪਿਆਰ ਨਾਲ ਐਸਾ ਕਹਿ ਲੈਣਾ ਨਾ ਗੁਸਤਾਖੀ ਹੈ ਤੇ ਨਾ ਹੀ ਸਵੈ ਵਿਰੋਧ ਦੀ ਗੱਲ। ਭਗਤੀ ਮਾਰਗ ਵਿੱਚ ਪਹਿਲੀ ਅਵਸਥਾ ਸਾਧਨ ਹੈ, ਦੂਜੀ ਤੱਕ ਰਸਾਈ ਹਾਸਲ ਕਰਨਾ। ਸੋ, ਪਉੜੀ ਰਾਹੀਂ ਉਪਰਲੀ ਜਿਸ ਮੰਜਲ ’ਤੇ ਪਹੁੰਚਣਾ ਹੈ, ਉਸ ਦੇ ਪਹਿਲੇ ਡੰਡਿਆਂ ਦੀ ਅਹਿਮੀਅਤ ਨੂੰ ਭੁਲਾਣਾ ਨਹੀਂ। ਇਹੀ ਕਾਰਨ ਹੈ ਕਿ ਭਗਤੀ ਮਾਰਗ ਦੇ ਰਾਹ ਤੁਰਨ ਵਾਲੇ ਸਤਿ ਪੁਰਖਾਂ ਨੇ ਪ੍ਰਭੂ ਨਾਲ ਇੱਕ ਸੁਰਤਾ ਤੇ ਅਭੇਦਤਾ ਪ੍ਰਾਪਤ ਕਰਕੇ ਵੀ ਰਸਮਈ ਪ੍ਰੇਮਾ-ਭਗਤੀ ਦੇ ਮਾਰਗ ਨੂੰ ਵੀ ਵਡਿਆਇਆ ਤੇ ਜਗਿਆਸੂ ਨੂੰ ਅਪਨਾਉਣ ਦੀ ਪ੍ਰੇਰਨਾ ਵੀ ਕੀਤੀ ਹੈ।

ਸਿੱਖੀ ਦੀ ਰਹੁ-ਰੀਤ ਅਤੇ ਰਮਜ਼ ਨੂੰ ਜਾਣਨ ਵਾਲੇ ਗੁਰੂ ਕਲਗੀਧਰ ਸਾਹਿਬ ਜੀ ਦੇ ਅਨਿਨ ਸਿੱਖ ਭਾਈ ਨੰਦ ਲਾਲ ਜੀ ‘ਗੋਇਆ’; ‘ਦੀਵਾਨ ਗੋਯਾ’ ਵਿੱਚ ਮਨਸੂਰ ਬਾਰੇ ਇੱਕ ਥਾਂ ’ਤੇ ਕਹਿਦੇ ਹਨ ਕਿ ਮਨਸੂਰ ਦੇ ਮੂਹੋਂ ‘ਅਨਲਹੱਕ’ (ਭਾਵ ਮੈ ਖ਼ੁਦਾ ਹਾਂ) ਦੇ ਵਾਕ ਕੁਦਰਤੀ ਇਉਂ ਨਿਕਲਦੇ ਸਨ ਜਿਵੇਂ ਸੁਰਾਹੀ ’ਚੋਂ ਸ਼ਰਾਬ ਜਾਂ ਪਾਣੀ ‘ਕੁਲ ਕੁਲ’ ਦੀ ਆਵਾਜ਼ ਪੈਦਾ ਕਰਦਾ ਨਿਕਲਦਾ ਹੈ:- ਅਨਲਹਕ ਅਜ਼ ਲਬ ਮਨਸੂਰ, ਹਮ ਚੂੰ ਸ਼ੀਸ਼ਾ ਕੁਲ ਕੁਲ ਕਰਦ  ਅਤੇ ਦੂਜੇ ਥਾਂ ਖਬਰਦਾਰ ਕਰਦੇ ਹਨ ਕਿ ਵੇਖੀਂ ਕਿਤੇ ਮਨਸੂਰ ਵਾਂਗ ਰੱਬੀ ਇਸ਼ਕ ਦੇ ਰਾਹ ਵਿੱਚ ਬੇ-ਅਦਬੀ ਨਾਲ ਪੈਰ ਨਾ ਰੱਖ ਬੈਠੀ- ਬੇ ਅਦਬ ਪਾ ਰਾ ਮਨਹਿ, ਮਨਸੂਰਵਸ਼ ਦਰ ਰਾਹ ਇਸ਼ਕ, ਰਾਹ ਰਵੇ ਈਂ ਰਾਹਿ ਰਾ, ਅਬਲ ਕਦਮ ਬਰਦਾਰ ਅਸਤ ਭਾਵ-ਵੇਖੀਂ, ਮਨਸੂਰ ਦੇ ਵਾਂਗ ਇਸ਼ਕ ਦੇ ਰਾਹ ਉੱਤੇ ਨਿਰਮਲ ਭਉ-ਅਦਬ ਅਤੇ ਸਤਿਕਾਰ ਤੋਂ ਰਹਿਤ ਹੋ ਕੇ ਪੈਰ ਨਾ ਰੱਖ ਬੈਠੀਂ ਕਿਉਂਕਿ ਇਸ ਰਸਤੇ ਤੁਰਨ ਵਾਲਿਆਂ ਦਾ ਪਹਿਲਾ ਕਦਮ ਸੂਲੀ ’ਤੇ ਟਿਕਦਾ ਹੈ।

ਪ੍ਰੇਮਾ ਭਗਤੀ ਬੰਦਗੀ ਅਤੇ ਸਿੱਖੀ ਦੀ ਰਮਜ਼ ਤੋਂ ਵਾਕਫ ਭਾਈ ਸਾਹਿਬ ਨੇ ਏਥੇ ਸਿੱਖ ਨੂੰ ਉਸ ਉਕਾਈ ਤੇ ਟਪਲੇ ਤੋਂ ਖ਼ਬਰਦਾਰ ਕੀਤਾ ਹੈ, ਜੋ ਚੁੰਚ ਗਿਆਨੀ, ਸਾਧਾਰਨ ਤੇ ਸਰਲ ਸੁਭਾ ਜਗਿਆਸੂ ਨੂੰ ਭਾਇ ਭਗਤਿ, ਨਾਮ ਸਿਮਰਨ, ਸ਼ੁਭ ਕਰਮਾ ਅਤੇ ਨਿਸ਼ਕਾਮ ਸੇਵਾ ਤੋਂ ਉਚਾਟ ਕਰਕੇ ‘ਅਹੰ ਬ੍ਰਹਮ ਅਸਸੀ’ ਦੇ ਫੋਕਟ ਅਤੇ ਰਸਹੀਣ ਜਾਪ ਵਿੱਚ ਜਿਉਂ ਜਿਉਂ ਸੁਰਤ ਟਿਕਦੀ ਅਤੇ ਉੱਪਰ ਚੜ੍ਹਦੀ ਹੈ, ਤਿਉਂ ਤਿਉਂ ਜਗਿਆਸੂ ਦੇ ਅੰਦਰ ਨਿਮਰ ਭਾਵ ਵਧਦਾ ਤੇ ਸੇਵਾ, ਟਹਿਲ ਕਮਾਉਣ ਦਾ ਉਮਾਹ ਪੈਦਾ ਹੁੰਦਾ ਹੈ, ਦੂਜੇ ਤੇ ਪ੍ਰਾਏਪਣ ਦਾ ਅਭਾਵ ਹੋ ਜਾਂਦਾ ਹੈ। ਹਰ ਪਾਸੇ ਰੱਬ ਦੇ ਦੀਦਾਰ ਹੁੰਦੇ ਹਨ।

 ਸੋ ਗੁਰਮਤਿ ਤਾਂ ਅਸਲੀ ਮਾਅਨਿਆ ’ਚ ਮੱਧ ਦਾ ਮਾਰਗ ਹੈ ਅਤੇ ਮੱਧ-ਮਾਰਗ ਵਿੱਚ ਹੀ ਵਸਦੀਆਂ ਹਨ ਸਾਰੀਆਂ ਨੇਕੀਆਂ ਤੇ ਅਕਾਲ ਪੁਰਖ ਵਾਹਿਗੁਰੂ ਆਪ।

 ਗੁਰਬਾਣੀ ’ਚ ਵੱਖ ਵੱਖ ਰੁਚੀਆਂ, ਸੰਸਕਾਰਾਂ, ਮਨੌਤਾਂ, ਅਕੀਦਿਆਂ ਤੇ ਅਵਸਥਾਵਾਂ ਵਾਲੇ ਸਮੂਹ ਮਨੁੱਖਾਂ ਲਈ ਅਮਰ ਉਪਦੇਸ਼ ਹੈ। ਜਿਵੇਂ ਗਲਾਸ ਵਿੱਚ ਪਏ ਕੋਸੇ ਪਾਣੀ ਨੂੰ ਠੰਡਾ ਹੱਥ; ਤੱਤਾ ਤੇ ਗਰਮ ਹੱਥ; ਠੰਡਾ ਮਹਿਸੂਸ ਕਰਦਾ ਹੈ, ਤਿਵੇਂ ਗੁਰਬਾਣੀ ਵਿੱਚ ਪ੍ਰਗਟਾਈ ਸਚਾਈ ਨੂੰ ਕੁਝ ਲੋਕ ਆਪਣੀ ਬ੍ਰਿਤੀ, ਸੁਭਾਅ ਅਤੇ ਸੀਮਤ ਸੂਝ ਬੂਝ ਨਾਲ ਵੇਖਦੇ, ਜੋਪਦੇ ਤੇ ਟਪਲਾ ਖਾ ਜਾਂਦੇ ਹਨ।

ਸਤਿਵਾਦੀ ਸਤਿਗੁਰੂ ਬਰਮਿਲਾ ਆਖਦੇ ਹਨ ਕਿ ਰੱਬੀ-ਰੌਂ ਤੇ ਇੱਕ ਸੁਰਤਾ ਵਿੱਚ ਆਈ ਇਹ ਬਾਣੀ ਧੁਰ ਕੀ ਬਾਣੀ ਸਦਾ ਸਫਲ ਤੇ ਸੁਖਦਾਈ ਹੈ। ਇਸ ਲਈ ਐ ਗੁਰਸਿੱਖ ! ਇਸ ਨੂੰ ਸਦਾ ਸਤਿ ਸਤਿ ਕਰਕੇ ਮੰਨ।

ਸੋ, ਰੱਬ-ਰੂਪ ਮਨੁੱਖ ਵੱਲੋਂ ਮਨੁੱਖੀ ਕਲਿਆਣ ਅਥਵਾ ਸਰਬੱਤ ਦੇ ਭਲੇ ਲਈ ਉਚਾਰੇ ਸਿ ਅਰਸ਼ੀ ਕਲਾਮ ਨੂੰ ਵੱਡੇ ਅਦਬ, ਨਿਰਮਲ ਭਉ, ਸ਼ਰਧਾ ਤੇ ਅਪੂਰਵ ਪ੍ਰਬੀਨਤਾ ਨਾਲ ਘੋਖਣ ਦੀ ਲੋੜ ਹੈ। ਫੇਰ, ਤੇ ਕੇਵਲ ਫੇਰ ਹੀ ਸਾਡੇ ਉੱਤੇ ਇਹ ਹਕੀਕਤ ਸੂਰਜ ਵਤ ਪ੍ਰਗਟ ਹੋਵੇਗੀ ਕਿ ‘‘ ਸਤਿ ਨਾਮੁ’’ ਦੇ ਧੁਰੇ ਦੁਆਲੇ ਘੁੰਮਣ ਵਾਲਾ ਇਹ ਪਰਮ ਪਵਿੱਤਰ, ਪਾਕ ਤੇ ਅਮਰ ਕਲਾਮ ‘‘ਆਦਿ ਸਚੁ’’ ਹੈ, ‘‘ਜੁਗਾਦਿ ਸਚੁ’’ ਹੈ, ਇੱਕ ਦਮ ਸੱਚ ਹੈ, ਸੱਚ ਤੋਂ ਸਿਵਾ ਕੁਝ ਨਹੀਂ ਅਤੇ ਸੱਚ ਕਦੇ ਸਵੈ ਵਿਰੋਧੀ ਅਤੇ ਪੁਰਾਣਾ ਨਹੀਂ ਹੁੰਦਾ।