ਸਰਲ ਗੁਰਬਾਣੀ ਵਿਆਕਰਣ – ਭਾਗ 6

0
34

ਸਰਲ ਗੁਰਬਾਣੀ ਵਿਆਕਰਣਭਾਗ 6

(ਪਰਗਟ ਸਬੰਧਕ ਅਤੇ ਸਬੰਧਕਾਂ ਦੇ 20 ਪ੍ਰਕਾਰ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਚੋਰੀ ਚੋਰੀ ਚੋਰੀ। ਜਿਧਰ ਦੇਖੋ ਚੋਰੀ। ਕਦੀ ਗੁਰੂ ਸਾਹਿਬ ਦੀ ਚੋਰੀ, ਕਦੇ ਰੱਬ ਦੀ ਚੋਰੀ। ਚੋਰ ਨੇ ਤਾਂ ਅੱਜ ਗਿਆਨੀ ਜੀ ਦੀ ਵੀ ਚੋਰੀ ਕਰ ਲਈ।’ ਮਿਹਰ ਸਿੰਘ ਨੇ ਬੜੀ ਮਾਸੂਮੀਅਤ ਨਾਲ ਘਰ ਵਿਚ ਦਾਖਲ ਹੋ ਕੇ ਮੱਥੇ ’ਤੇ ਹੱਥ ਮਾਰਦਿਆਂ ਰੌਲਾ ਪਾ ਦਿੱਤਾ।

‘ਕੀ ਹੋਇਆ ਪੁੱਤਰ ? ਕਿਵੇਂ ਚੋਰੀ ਹੋ ਗਈ ਗਿਆਨੀ ਜੀ ਦੀ ?’ ਮਾਂ ਨੇ ਪੁੱਛਿਆ ਤੇ ਨਾਲ ਹੀ ਸੁਖਦੀਪ ਸਿੰਘ ਬੋਲ ਪਿਆ।

‘ਉਹ ਮੈਨੂੰ ਪਤਾ ਹੈ। ਅਸਲ ਵਿਚ ਗਿਆਨੀ ਜੀ ਰੇਲਵੇ ਟਿਕਟ ਕਾਉਂਟਰ ’ਤੇ ਖੜੇ ਸੀ। ਕਾਉਂਟਰ ਦੇ ਪਹਿਲੇ ਨੰਬਰ ’ਤੇ ਖੜਾ ਬੰਦਾ ਤਾਂ ਟਿਕਟ ਲੈ ਰਿਹਾ ਸੀ। ਦੂਜੇ ਨੰਬਰ ’ਤੇ ਇਕ ਹੋਰ ਬੰਦਾ ਖੜਾ ਸੀ। ਤੀਜੇ ਨੰਬਰ ’ਤੇ ਗਿਆਨੀ ਜੀ ਖੜੇ ਸਨ। ਬਾਕੀ ਲੋਕ ਚੌਥੇ, ਪੰਜਵੇਂ, ਛੇਵੇਂ ਨੰਬਰ ’ਤੇ, ਬਹੁਤ ਲੰਮੀ ਲਾਈਨ ਸੀ। ਗਿਆਨੀ ਜੀ ਨੇ ਪੈਂਟ ਦੀ ਪਿਛਲੀ ਜੇਬ ’ਚੋਂ ਆਪਣਾ ਵਾਲੇਟ (ਬਟੂਆ) ਕੱਢਿਆ ਤੇ ਟਿਕਟ ਲੈਣ ਲਈ ਪੈਸੇ ਕੱਢੇ। ਵਾਪਸ ਵਾਲੇਟ ਪੈਂਟ ਦੀ ਪਿਛਲੀ ਜੇਬ ਵਿਚ ਪਾ ਲਿਆ। ਜਦੋਂ ਟਿਕਟ ਲੈ ਕੇ ਲਾਈਨ ਤੋਂ ਬਾਹਰ ਆਏ ਤਾਂ ਜੇਬ ਵਿਚੋਂ ਵਾਲੇਟ ਗਾਇਬ ਸੀ।’ ਸੁਖਦੀਪ ਸਿੰਘ ਨੇ ਸਾਰੀ ਗੱਲ ਦੱਸੀ।

‘ਮੈਨੂੰ ਪਤੈ ਕਿਸ ਨੇ ਚੋਰੀ ਕੀਤੀ ਐ।’ ਮਿਹਰ ਸਿੰਘ ਨੇ ਰਹੱਸਮਈ ਅੰਦਾਜ਼ ਵਿਚ ਕਿਹਾ।

‘ਕਿਸ ਨੇ ਕੀਤੀ ?’ ਮਾਂ ਤੇ ਸੁਖਦੀਪ ਸਿੰਘ ਇਕੋ ਦਮ ਇਕੱਠੇ ਬੋਲੇ।

ਮਿਹਰ ਸਿੰਘ ਨੇ ਨੇੜੇ ਆ ਕੇ ਹੌਲੀ ਜਿਹੀ ਅਵਾਜ਼ ਵਿਚ ਕਿਹਾ, ‘ਮੈਨੂੰ ਇਹ ਕਿਸੇ ਚੋਰ ਦਾ ਕੰਮ ਲਗਦਾ ਆ।’ ਮਿਹਰ ਸਿੰਘ ਦੀ ਭੋਲੀ ਜਿਹੀ ਗੱਲ ਸੁਣ ਕੇ ਸਾਰੇ ਹੱਸ ਪਏ। ਇਸ ਤੋਂ ਬਾਅਦ ਮਾਂ ਰਸੋਈ ਵਿਚੋਂ ਚਾਹ ਲੈਣ ਚਲੀ ਗਈ ਤੇ ਬੱਚਿਆਂ ਦੀ ਗੱਲ ਜਾਰੀ ਰਹੀ।

‘ਵੀਰ ਜੀ, ਤੁਸੀਂ ਹੱਸਦੇ ਹੋ ? ਮੈਨੂੰ ਪਤਾ ਹੈ ਕਿ ਦੂਜੇ ਨੰਬਰ ’ਤੇ ਖੜੇ ਬੰਦੇ ਨੇ ਪੱਕਾ ਵਾਲੇਟ ਦੇਖ ਲਿਆ ਹੋਏਗਾ ਤੇ ਉਹਨੇ ਪੈਂਟ ਦੀ ਪਿਛਲੀ ਜੇਬ ਵਿਚੋਂ ਕੱਢ ਲਿਆ ਹੋਏਗਾ।’ ਮਿਹਰ ਸਿੰਘ ਨੇ ਦਿਮਾਗ ਲਗਾਇਆ।

‘ਓਹ ਮੇਰੇ ਭੋਲੂਆ ਜਿਹਾ ! ਜਦੋਂ ਦੂਜੇ ਨੰਬਰ ’ਤੇ ਅੱਖਾਂ ਦੇ ਸਾਹਮਣੇ ਖੜਾ ਬੰਦਾਚੋਰੀ ਕਰਨ ਲੱਗੇਗਾ ਤਾਂ ਪਤਾ ਨਹੀਂ ਲੱਗ ਜਾਏਗਾ ? ਦਰਅਸਲ ਜਿਹੜਾ ਬੰਦਾ ਪਿੱਛੇ ਚੌਥੇ ਨੰਬਰ ’ਤੇ ਖੜਾ ਸੀ, ਉਸ ਨੇ ਚੋਰੀ ਕੀਤੀ ਸੀ। ਗਿਆਨੀ ਜੀ ਨੇ ਉਹਨੂੰ ਲਾਈਨ ਛੱਡ ਕੇ ਜਾਂਦਿਆਂ ਵੀ ਵੇਖਿਆ ਸੀ। ਬਾਅਦ ਵਿਚ ਪਤਾ ਲੱਗਿਆ ਕਿ ਉਹ ਵਾਲੇਟ ਚੋਰੀ ਕਰਕੇ ਲਾਈਨ ਵਿਚੋਂ ਨਿਕਲ ਗਿਆ ਸੀ।’ ਸੁਖਦੀਪ ਸਿੰਘ ਨੇ ਚੋਰੀ ਦਾ ਅਸਲ ਕਿੱਸਾ ਸੁਣਾਇਆ।

‘ਹਮਮਮ ਲਾਈਨ ਵਿਚ ਅੱਗੇ ਖੜਾ ਬੰਦਾ ਆਪਣੇ ਤੋਂ ਪਿਛਲੇ ਬੰਦੇ ਦੀ ਚੋਰੀ ਨਹੀਂ ਕਰ ਸਕਦਾ, ਪਿੱਛੇ ਖੜਾ ਬੰਦਾ ਹੀ ਅਗਲੇ ਬੰਦੇ ਦੀ ਚੋਰੀ ਕਰ ਸਕਦਾ ਹੈ।’ ਮਿਹਰ ਸਿੰਘ ਨੇ ਆਪਣੀ ਪੁੜਪੁੜੀ ’ਤੇ ਉਂਗਲ ਵਜਾਉਂਦਿਆਂ ਕਿਹਾ। ਇਹ ਗੱਲ ਸੁਣਦਿਆਂ ਮਾਂ ਵੀ ਚਾਹ ਲੈ ਕੇ ਮੇਜ ਦੁਆਲੇ ਪਹੁੰਚ ਗਈ।

‘ਕਈ ਤਾਂ ਬੜੇ ਚਲਾਕ ਚੋਰ ਹੁੰਦੇ ਨੇ, ਜਿਹੜੇ ਪੈਸੇ ਤਾਂ ਲੈ ਜਾਂਦੇ, ਪਰ ਵਾਲੇਟ ਜੇਬ ਵਿਚ ਹੀ ਛੱਡ ਜਾਂਦੇ ਨੇ। ਚਲਾਕ ਚੋਰ ਬੈਗ ਨਹੀਂ ਚੁੱਕਦੇ, ਬੈਗ ਵਿਚਲਾ ਸਮਾਨ ਗਾਇਬ ਕਰ ਦਿੰਦੇ ਨੇ ? ਮੌਤ ਵੀ ਬੜੀ ਚਲਾਕ ਚੋਰ ਹੈ, ਜਿਹੜੀ ਸਰੀਰ ਨੂੰ ਨਾਲ ਨਹੀਂ ਲਿਜਾਂਦੀ, ਸਰੀਰ ਵਿਚੋਂ ਜਾਨ ਚੋਰੀ ਕਰ ਲੈਂਦੀ ਹੈ। ਭਗਤ ਕਬੀਰ ਜੀ ਐਸਾ ਹੀ ਫ਼ੁਰਮਾ ਰਹੇ ਹਨ, ‘‘ਆਇਓ ਚੋਰੁ, ਤੁਰੰਤਹ ਲੇ ਗਇਓ; ਮੇਰੀ ਰਾਖਤ ਮੁਗਧੁ ਫਿਰੈ ’’ (ਭਗਤ ਕਬੀਰ/੪੭੯)

ਪਰ ਮਿਹਰ ਤੂੰ ਕਿਵੇਂ ਕਿਹਾ ਸੀ ਕਿ ਚੋਰ ਨੇ ਗੁਰੂ ਸਾਹਿਬ ਦੀ ਤੇ ਰੱਬ ਦੀ ਵੀ ਚੋਰੀ ਕੀਤੀ ਹੈ ?’ ਮਾਂ ਨੇ ਕੇਤਲੀ ਤੋਂ ਕੱਪਾਂ ਵਿਚ ਚਾਹ ਪਾਉਂਦਿਆਂ ਹੈਰਾਨੀ ਨਾਲ ਪੁੱਛਿਆ।

‘ਮੰਮੀ ਜੀ, ਸੰਬੰਧਕ (Preposition) ਵੀ ਤਾਂ ਚੋਰ ਹੀ ਹੁੰਦੇ ਨੇ ?’ ਮਿਹਰ ਸਿੰਘ ਮੁਸਕੜੀਂ ਹੱਸਦਿਆਂ ਕਿਹਾ।

‘ਮਿਹਰ, ਤੈਨੂੰ ਪਤਾ ਹੈ ਕਿ ਸੰਬੰਧਕ ਕੀ ਹੁੰਦਾ ਹੈ ?’ ਮਾਂ ਨੇ ਹੋਰ ਵੀ ਹੈਰਾਨੀ ਨਾਲ ਪੁੱਛਿਆ।

‘ਹਾਂ ਜੀ ਮੰਮੀ ਜੀ, ਜਿਹੜਾ ਸ਼ਬਦ ਦੋ ਸ਼ਬਦਾਂ ਦਾ ਆਪਸ ਵਿਚ ਸੰਬੰਧ ਬਣਾ ਦੇਵੇ, ਉਹਨੂੰ ਸੰਬੰਧਕ ਕਹਿੰਦੇ ਨੇ। ਜਿਵੇਂ ਅੰਮ੍ਰਿਤ ਕਿਤਾਬ, ਦੋ ਸ਼ਬਦ ਹਨ ਪਰ ਕੋਈ ਗੱਲ ਬਣੀ ਨਹੀਂ। ਅੰਮ੍ਰਿਤ ਦੀ ਕਿਤਾਬ, ਹੁਣ ਗੱਲ ਬਣ ਗਈ। ਇੱਥੇ ‘ਦੀ’ ਸੰਬੰਧਕ ਨੇ ਅੰਮ੍ਰਿਤ ਤੇ ਕਿਤਾਬ ਦਾ ਆਪਸ ਵਿਚ ਸੰਬੰਧ ਬਣਾ ਦਿੱਤਾ। (ਚਾਹ ਵਾਲੀ ਕੇਤਲੀ ਵੱਲ ਇਸ਼ਾਰਾ ਕਰਦਿਆਂ) ਜਿਵੇਂ ਆਹ ਦੇਖੋ : ਕੇਤਲੀ ਚਾਹ, ਗੱਲ ਬਣੀ ਨਹੀਂ’, ਮਿਹਰ ਦੀ ਗੱਲ ਵਿਚੇ ਕੱਟ ਕੇ ਮਾਂ ਨੇ ਝੱਟ ਪੱਟ ਅਗਲਾ ਫਿਕਰਾ ਪੂਰਾ ਕਰ ਦਿੱਤਾ।

‘ਕੇਤਲੀ ਵਿਚ ਚਾਹ। ਗੱਲ ਬਣ ਗਈ। ‘ਵਿਚ’ ਸੰਬੰਧਕ ਨੇ ਕੇਤਲੀ ਤੇ ਚਾਹ ਦਾ ਸੰਬੰਧ ਬਣਾ ਦਿੱਤਾ। ਛੱਤ ਮੋਰ, ਗੱਲ ਬਣੀ ਨਹੀਂ। ਛੱਤ ਉੱਤੇ ਮੋਰ। ‘ਉੱਤੇ’ ਸੰਬੰਧਕ ਨੇ ਛੱਤ ਤੇ ਮੋਰ ਦਾ ਸੰਬੰਧ ਬਣਾ ਦਿੱਤਾ। ਇਸ ਤਰ੍ਹਾਂ ਦੇ ਸੰਬੰਧਕ ਤਾਂ ਬਹੁਤ ਹਨ, ਜਿਵੇ ਦਾ, ਦੇ, ਦੀ, ਨੂੰ, ਕੋਲ, ਉੱਤੇ, ਨਾਲ ਵਗੈਰਾ। ਇਹ ਤਾਂ ਪਤਾ ਹੀ ਹੈ ਕਿ ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਦਾ ਸਬੰਧ, ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪਰਗਟ ਕਰਨ, ਉਹਨਾਂ ਨੂੰ ਸੰਬੰਧਕ ਕਹਿੰਦੇ ਹਨ। ਇਸ ਵਿਚ ਗੁਰੂ ਸਾਹਿਬ ਦੀ ਜਾਂ ਰੱਬ ਦੀ ਚੋਰੀ ਦੀ ਗੱਲ ਸਮਝ ਨਹੀਂ ਆਈ।’ ਮਾਂ ਨੇ ਕੱਪਾਂ ਵਿਚ ਚਾਹ ਪਾਉਂਦਿਆਂ ਫਿਰ ਹੈਰਾਨੀ ਪ੍ਰਗਟਾਈ।

‘ਮੰਮੀ ਜੀ, ਗੁਰਬਾਣੀ ਵਿਚ ਵੀ ਬਹੁਤ ਸਾਰੇ ਸੰਬੰਧਕ ਆਉਂਦੇ ਹਨ, ਜਿਵੇਂ ਦਾ, ਦੇ, ਦੀ, ਨੋ, ਨਉ, ਕਾ, ਕੇ, ਕੀ, ਕਉ, ਪਾਸਿ, ਪਾਰਿ, ਹੇਠਿ, ਊਪਰਿ, ਨਾਲਿ, ਵਿਚਿ, ਵਲਿ, ਮਹਿ, ਮਾਹਿ, ਨਿਕਟਿ, ਮੰਝਾਰਿ, ਬਰਾਬਰਿ, ਸਾਥਿ, ਤੁਲਿ, ਭੀਤਰਿ, ਬੀਚਿ, ਅੰਤਿ, ਸੰਗਿ, ਅੰਦਰਿ, ਬਾਹਰਿ, ਨਜੀਕਿ ਆਦਿਕ।’ ਸੁਖਦੀਪ ਸਿੰਘ ਨੇ ਚਾਹ ਦੀ ਚੁਸਕੀ ਲੈਂਦਿਆਂ ਗੱਲਬਾਤ ਵਿਚ ਆਪਣਾ ਹਿੱਸਾ ਪਾਇਆ।

‘ਹੁਣ ਅੱਗੋਂ ਮੈਂ ਦੱਸਾਂਗਾ। ਚਲੋ ਮੰਮੀ ਜੀ, ਤੁਸੀਂ ਪਹਿਲਾਂ ਇਹ ਦੱਸੋ ਕਿ ਪੁਲਿੰਗ ਇਕ ਵਚਨ ਗੁਰਬਾਣੀ ਵਿਚ ਕਿਵੇਂ ਆਉਂਦਾ ਹੈ ?’ ਮਿਹਰ ਸਿੰਘ ਨੇ ਉਤਸ਼ਾਹ ਦਿਖਾਉਂਦਿਆਂ ਕਿਹਾ।

‘ਇਹ ਤਾਂ ਸੌਖਾ ਹੈ ਨਾ ? ਪੁਲਿੰਗ ਇਕ ਵਚਨ ਉਕਾਰਾਂਤ (ਆਖਰੀ ਅੱਖਰ ਔਂਕੜ ਸਹਿਤ, ਦੇਖੋ ਭਾਗ 3) ਹੁੰਦਾ ਹੈ।’ ਮਾਂ ਨੇ ਸਹਿਜੇ ਹੀ ਜਵਾਬ ਦੇ ਦਿੱਤਾ।

‘ਇਹ ਜਿਹੜਾ ਸੰਬੰਧਕ ਹੈ ਨਾ, ਇਹ ਅਸਲ ਵਿਚ ਭੁੱਖਾ ਚੋਰ ਹੈ। ਇਹਨੂੰ ਲਗਦੀ ਹੈ ‘ਔਂਕੜ ਖਾਣ ਦੀ ਭੁੱਖ’। ਆਪਣੇ ਤੋਂ ਪਿਛਲੇ ਸ਼ਬਦ ਦੀ ਚੋਰੀ ਤਾਂ ਕਰ ਨਹੀਂ ਸਕਦਾ। ਇਹ ਆਪਣੇ ਤੋਂ ਅਗਲੇ ਸ਼ਬਦ ਪੁਲਿੰਗ ਇਕ ਵਚਨ ਦੀ ਔਂਕੜ ਚੋਰੀ ਕਰਕੇ ਖਾ ਲੈਂਦਾ ਹੈ।’ ਮਿਹਰ ਸਿੰਘ ਨੇ ਹੱਸਦਿਆਂ ਜਵਾਬ ਦਿੱਤਾ।

‘ਪਰ ਉਹ ਕਿਵੇਂ ?’ ਮਾਂ ਨੇ ਫਿਰ ਸਵਾਲ ਕਰ ਦਿੱਤਾ।

‘ਦੇਖੋ ਮੰਮੀ ਜੀ, ਜਿਵੇਂ ਗੁਰਬਾਣੀ ਵਿਚ ਆਇਆ ਹੈ, ‘‘ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ’’

ਇਸ ਤੁੱਕ ਵਿਚ ‘ਗੁਰ’ ਆਖਰੀ ਅੱਖਰ ਔਂਕੜ ਸਹਿਤ ਆਉਣਾ ਚਾਹੀਦਾ ਸੀ ਕਿਉਂਕਿ ਸਾਡਾ ਗੁਰੂ ਤਾਂ ਇਕ ਹੀ ਹੈ ਨਾ ? ਤਿਵੇਂ ਹੀ ਗੁਰੂ ਦਾ ‘ਦਰਸਨੁ’ ਵੀ ਇਕ ਹੀ ਹੈ ਤੇ ਉਸ ਦੇ ਆਖਰੀ ਅੱਖਰ ਨੂੰ ਔਂਕੜ ਵੀ ਆਈ ਹੈ ‘ਦਰਸਨੁ’। ਸੰਬੰਧਕ ਚੋਰ ਨੂੰ ਭੁੱਖ ਲੱਗ ਗਈ। ਉਹ ਆਪਣੇ ਤੋਂ ਪਿਛਲੇ ਸ਼ਬਦ ‘ਦਰਸਨੁ’ ਦੀ ਚੋਰੀ ਤਾਂ ਕਰ ਨਹੀਂ ਸੀ ਸਕਦਾ। ਉਸ ਨੇ ਅਗਲੇ ਸ਼ਬਦ ‘ਗੁਰੁ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ ਤੇ ਤੁੱਕ ਬਣ ਗਈ : ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ

ਦੇਖਿਆ ? ਕਰ ਲਈ ਨਾ ਸੰਬੰਧਕ ਚੋਰ ਨੇ ‘ਗੁਰੁ’ ਦੇ ਆਖਰੀ ਅੱਖਰ ਦੀ ਔਂਕੜ ਦੀ ਚੋਰੀ ?’ ਇਹ ਗੱਲ ਸਮਝਾਉਂਦਿਆਂ ਮਿਹਰ ਸਿੰਘ ਦੇ ਚਿਹਰੇ ਦੀ ਖੁਸ਼ੀ ਦੁੱਗਣੀ-ਚੌਗੁਣੀ ਹੋ ਗਈ ਸੀ।

‘ਇਹ ਨੇਮ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਜਿਵੇਂ ‘‘ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ’’

ਇਸ ਤੁੱਕ ਵਿਚ ‘ਪ੍ਰਭੁ’ ਤਾਂ ਇਕ ਵਚਨ ਪੁਲਿੰਗ ਸ਼ਬਦ ਹੈ, ਪਰ ‘ਤੇ’ ਸੰਬੰਧਕ ਨੂੰ ਭੁੱਖ ਲੱਗੀ ਤੇ ਉਹਨੇ ਪ੍ਰਭ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰਕੇ ਖਾ ਲਈ। ਉਸ ਦੇ ਪਿੱਛੇ ‘ਜਨੁ’ ਵੀ ਸੀ, ਪਰ ‘ਤੇ’ ਸੰਬੰਧਕ; ‘ਜਨੁ’ ਦੀ (ਆਖਰੀ ਅੱਖਰ ‘ਨੁ’ ਔਂਕੜ) ਚੋਰੀ ਨਹੀਂ ਕਰ ਸਕਿਆ। ਉਸ ਤੋਂ ਅਗਲੇ ‘ਜਨੁ’ ਦੇ ਆਖਰੀ ਅੱਖਰ ਦੀ ਔਂਕੜ ਉਸ ਤੋਂ ਬਾਅਦ ਆਉਣ ਵਾਲੇ ਸੰਬੰਧਕ ‘ਤੇ’ ਨੇ ਚੋਰੀ ਕਰ ਲਈ। ਹੁਣ ਸਮਝ ਆਈ ਗਿਆਨੀ ਜੀ ਦੇ ਵਾਲੇਟ ਚੋਰੀ ਹੋਣ ਦੀ ਸਟੋਰੀ। ਲਾਈਨ ਵਿਚ ਅੱਗੇ ਖੜਾ ਬੰਦਾ ਆਪਣੇ ਤੋਂ ਪਿਛਲੇ ਬੰਦੇ ਦੀ ਚੋਰੀ ਨਹੀਂ ਕਰ ਸਕਦਾ, ਪਿੱਛੇ ਖੜਾ ਬੰਦਾ ਹੀ ਅਗਲੇ ਬੰਦੇ ਦੀ ਚੋਰੀ ਕਰ ਸਕਦਾ ਹੈ। ਇਸੇ ਤਰ੍ਹਾਂ ਸੰਬੰਧਕ ਆਪਣੇ ਤੋਂ ਬਾਅਦ ਵਿਚ ਆਉਣ ਵਾਲੇ ਪੁਲਿੰਗ ਇਕ ਵਚਨ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਤਾਂ ਨਹੀਂ ਕਰ ਸਕਦਾ, ਪਰ ਆਪਣੇ ਤੋਂ ਪਹਿਲਾਂ ਆਉਣ ਵਾਲੇ ਪੁਲਿੰਗ ਇਕ ਵਚਨ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਸਕਦਾ ਹੈ।’ ਮਾਂ ਨੇ ਹੱਸਦਿਆਂ ਜਵਾਬ ਦਿੱਤਾ ਤੇ ਉੱਠ ਕੇ ਰਸੋਈ ਵੱਲ ਚਲੀ ਗਈ। ਮਾਂ ਦੇ ਰਸੋਈ ਵਿਚ ਜਾਣ ਦੀ ਦੇਰ ਹੀ ਸੀ ਕਿ ਮਿਹਰ ਸਿੰਘ ਦਾ ਹੱਥ ਲੱਗ ਕੇ ਮੇਜ ’ਤੇ ਰੱਖੀ ਮਾਂ ਦੀ ਚਾਹ ਦਾ ਕੱਪ ਡੁੱਲ੍ਹ ਗਿਆ।

‘ਉਹੋ ! ਦੇਖੋ ਵੀਰੇ ਧਿਆਨ ਨਾਲ ਸੁਣਿਓ : ‘ਮੌਮ ਦੀ ਚਾਹ ਡੁੱਲ੍ਹ ਗਈ’ ਇਸ ਤੁੱਕ ਵਿਚ ‘ਦੀ’ ਸੰਬੰਧਕ ਚੋਰ ਨੇ ‘ਮੌਮ’ ਸ਼ਬਦ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰਕੇ ਖਾ ਲਈ।

‘ਮੰਮੀ ਜੀ ਦੀ ਚਾਹ ਡੋਲ੍ਹ ਕੇ, ਨੁਕਸਾਨ ਕਰਕੇ ਵੀ ਤੈਨੂੰ ਗਿਆਨ ਸੁੱਝਦਾ ਆ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਦੇ ਸਿਰ ’ਤੇ ਹਲਕੀ ਜਿਹੀ ਪਟੋਕੀ ਮਾਰਦਿਆਂ ਕਿਹਾ। ਨਾਲ ਹੀ ਮੇਜ ਸਾਫ ਕਰਕੇ ਕੇਤਲੀ ਵਿਚੋਂ ਹੋਰ ਚਾਹ ਕੱਪ ਵਿਚ ਪਾ ਦਿੱਤੀ।

‘ਪਰ ਮੈਂ ਠੀਕ ਹੀ ਕਿਹਾ ਹੈ ਨਾ ?’ ਮਿਹਰ ਸਿੰਘ ਨੇ ਮਾਸੂਮ ਜਿਹਾ ਮੂੰਹ ਬਣਾਉਂਦਿਆ ਇਸ ਤਰ੍ਹਾਂ ਕਿਹਾ ਕਿ ਸੁਖਦੀਪ ਸਿੰਘ ਦਾ ਵੀ ਹਾਸਾ ਨਿਕਲ ਗਿਆ।

‘ਓਹ ਬੁੱਧੂ ! ਜਦੋਂ ਰੱਬ ਅਕਲ ਵੰਡ ਰਿਹਾ ਸੀ ਤੇ ਤੂੰ ਕਿੱਥੇ ਸੀ ?’

‘ਵੀਰੇ ਮੈਂ ਤੁਹਾਡੇ ਕੋਲੋਂ ਗੁਰਬਾਣੀ ਵਿਆਕਰਣ ਸਿੱਖ ਰਿਹਾ ਸੀ।’ ਮਿਹਰ ਸਿੰਘ ਨੇ ਮੁਸਕੜੀਂ ਹੱਸਦਿਆਂ ਕਿਹਾ।

‘ਵਿਆਕਰਣ ਤੈਨੂੰ ਫਿਰ ਵੀ ਨੀਂ ਆਈ। ਓ ਮੇਰੇ ਮੱਖਣ ਦਿਆ ਡੂਨਿਆਂ ! ‘ਮੌਮ’ ਸ਼ਬਦ ਦੇ ਆਖਰੀ ਅੱਖਰ ਨੂੰ ਕਦੀ ਔਂਕੜ ਲੱਗੀ ਦੇਖੀ ਹੈ, ਜੋ ਲੱਥ ਜਾਏਗੀ ? ਸੰਬੰਧਕ ਚੋਰ ਸਿਰਫ ਪੁਲਿੰਗ ਇਕ ਵਚਨ ਦੇ ਆਖਰੀ ਅੱਖਰ ਦੀ ਹੀ ਔਂਕੜ ਚੋਰੀ ਕਰਦਾ ਹੈ, ਇਸਤਰੀ ਲਿੰਗ ਸ਼ਬਦ ਦੀ ਨਹੀਂ। ਜਿਵੇਂ ਕਿ

ਘਰ ਮਹਿ ਠਾਕੁਰੁ ਨਦਰਿ ਆਵੈ

ਗਲ ਮਹਿ ਪਾਹਣੁ ਲੈ ਲਟਕਾਵੈ

ਇਹਨਾਂ ਤੁੱਕਾਂ ਵਿਚ ‘ਘਰੁ’ ਤੇ ‘ਗਲੁ’ ਪੁਲਿੰਗ ਇਕ ਵਚਨ ਹਨ, ਪਰ ਸੰਬੰਧਕ ਚੋਰ ‘ਮਹਿ’ ਨੇ ਦੋਵੇਂ ਸ਼ਬਦਾਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰਕੇ ਇਹਨਾਂ ਨੂੰ ‘ਘਰ’ ਤੇ ‘ਗਲ’ ਬਣਾ ਦਿੱਤਾ ਹੈ। ਸਮਝੇ ਕਿ ਨਹੀਂ ਬੁੱਧੂ ?’ ਸੁਖਦੀਪ ਸਿੰਘ ਨੇ ਆਪਣੀ ਸਮਝ ਦਾ ਮਾਣ ਜਤਾਉਂਦਿਆਂ ਸਮਝਾਇਆ। ਇੰਨੇ ਨੂੰ ਮਾਂ ਵੀ ਰਸੋਈ ਤੋਂ ਬਾਹਰ ਆ ਕੇ ਇਹਨਾਂ ਨਿੱਕੜੇ ਤੇ ਪਿਆਰੇ ਬੱਚਿਆਂ ਦੀ ਗੁਰਮਤਿ ਨਾਲ ਭਿੱਜੀ ਹੋਈ ਵਿਚਾਰ ਪੂਰੀ ਦਿਲਚਸਪੀ ਨਾਲ ਸੁਣਨ ਲੱਗ ਪਈ।

‘ਓ ਯਾਦ ਆ ਗਿਆ ਵੀਰ ਜੀ, ਇਸਤਰੀ ਲਿੰਗ ਸ਼ਬਦਾਂ ’ਤੇ ਇਹ ਨੇਮ ਲਾਗੂ ਨਹੀਂ ਹੁੰਦਾ। ਜਦੋਂ ਮੈਂ ਸਹਿਜ ਪਾਠ ਕਰਦਾ ਹਾਂ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ‘ਦਰਪਣ’ ਸਟੀਕ ਤੋਂ ਪਦ-ਅਰਥ ਅਤੇ ਪੂਰੇ ਅਰਥ ਜ਼ਰੂਰ ਪੜ੍ਹਦਾ ਹਾਂ। ਪਾਠ ਕਰਦਿਆਂ ਕੁੱਝ ਪ੍ਰਮਾਣਾਂ (ਗੁਰਬਾਣੀ ਦੀਆਂ ਤੁੱਕਾਂ) ਵਿਚ ਇਸਤਰੀ ਲਿੰਗ ਸ਼ਬਦਾਂ ਨਾਲ ਸੰਬੰਧਕ ਆਏ ਸਨ, ਪਰ ਇਸਤਰੀ ਲਿੰਗ ਦੇ ਸ਼ਬਦਾਂ ਦੇ ਆਖਰੀ ਅੱਖਰ ਦੀ ਔਂਕੜ ਨਹੀਂ ਲੱਥੀ ਸੀ, ਜਿਵੇਂ ਕਿ

ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ

ਬਿਖੁ ਕਾ ਕੀੜਾ ਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ

ਇਹਨਾਂ ਤੁੱਕਾਂ ਵਿਚ ‘ਸਾਸੁ’ ਤੇ ‘ਬਿਖੁ’ ਇਸਤਰੀ ਲਿੰਗ (ਤਤਸਮ) ਸ਼ਬਦ ਹਨ। ਇਹਨਾਂ ਤੋਂ ਬਾਅਦ ‘ਕੀ’, ‘ਕਾ’ ਅਤੇ ‘ਮਹਿ’ ਸੰਬੰਧਕ ਆਏ ਹਨ, ਪਰ ਇਸਤਰੀ ਲਿੰਗ ਨਾਵਾਂ ਦੇ ਆਖਰੀ ਅੱਖਰ ਦੀ ਔਂਕੜ ਨਹੀਂ ਲੱਥੀ, ਸਗੋਂ ਪੁਲਿੰਗ ਇਕ ਵਚਨ ‘ਸਸੁਰ’ ਤੇ ‘ਜੇਠ’ ਤੋਂ ਬਾਅਦ ਆਏ ‘ਕੀ’ ਤੇ ‘ਕੇ’ ਸੰਬੰਧਕਾਂ ਨੇ ਇਹਨਾਂ ਸ਼ਬਦਾਂ ਦੇ ਆਖਰੀ ਅੱਖਰ ਦੀ ਔਂਕੜ ਹਟਾ ਦਿੱਤੀ ਹੈ। ਪੁਲਿੰਗ ਇਕ ਵਚਨ ਸੰਬੰਧਕੀ ਕੁੱਝ ਹੋਰ ਪ੍ਰਮਾਣ ਵੀ ਮੈਨੂੰ ਯਾਦ ਹਨ, ਜਿਵੇਂ ਕਿ

ਪੂਰੇ ਗੁਰ ਕਾ ਸੁਨਿ ਉਪਦੇਸੁ

ਬੋਲਾਇਆ ਬੋਲੀ ਖਸਮ ਦਾ

ਸਾਚੇ ਨਾਮ ਕੀ ਤਿਲੁ ਵਡਿਆਈ

ਕਹੁ ਕਬੀਰ ਇਹੁ ਰਾਮ ਕੀ ਅੰਸੁ

ਗੁਰ ਕੀ ਰੇਣੁ ਨਿਤ ਮਜਨੁ ਕਰਉ

ਇਹਨਾਂ ਸਾਰੇ ਗੁਰਬਾਣੀ ਦੇ ਪ੍ਰਮਾਣਾਂ ਵਿਚ ਸੰਬੰਧਕਾਂ ਤੋਂ ਪਹਿਲਾਂ ਆਉਣ ਵਾਲੇ ਪੁਲਿੰਗ ਨਾਵਾਂ ਦੇ ਆਖਰੀ ਅੱਖਰਾਂ ਦੀ ਔਂਕੜ ਸੰਬੰਧਕਾਂ ਨੇ ਖਤਮ ਕਰ ਦਿੱਤੀ।’ ਮਿਹਰ ਸਿੰਘ ਨੇ ਖੁਸ਼ ਹੋ ਕੇ ਕਿਹਾ।

‘ਬਿਲਕੁਲ ਠੀਕ ਮਿਹਰ ! ਕਈ ਵਾਰ ਕਿਸੇ ਔਖੇ ਨੇਮ ਨੂੰ ਸਮਝਣ ਲਈ ਕੋਈ ਉਦਾਹਰਣ ਲੈਣੀ ਪੈਂਦੀ ਹੈ, ਜਿਵੇਂ ਗੁਰਬਾਣੀ ਵਿਆਕਰਣ ਦੇ ਇਸ ਨੇਮ ਨੂੰ ਸਮਝਣ ਲਈ ਤੂੰ ਸੰਬੰਧਕ ਨੂੰ ਚੋਰ ਕਿਹਾ ਸੀ, ਪਰ ਹੁਣ ਜਦੋਂ ਨੇਮ ਸਮਝ ਆ ਗਿਆ ਤਾਂ ਸੰਬੰਧਕ ਨੂੰ ਚੋਰ ਕਹਿਣ ਦੀ ਵੀ ਲੋੜ ਨਹੀਂ ਹੈ। ਗੱਲ ਸਮਝ ਆ ਗਈ, ਇੰਨਾ ਹੀ ਬਹੁਤ ਹੈ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਆਪਣੀ ਜੱਫੀ ਵਿਚ ਲੈ ਕੇ ਬੜੇ ਪਿਆਰ ਨਾਲ ਸਮਝਾਇਆ।

‘ਠੀਕ ਹੈ ਵੀਰੇ ! ਹੁਣ ਮੈਂ ਸੰਬੰਧਕ ਹੀ ਕਿਹਾ ਕਰਾਂਗਾ।’ ਭੋਲਾ ਮਿਹਰ ਸਿੰਘ ਜਲਦੀ ਹੀ ਇਸ ਗੱਲ ਨਾਲ ਸਹਿਮਤ ਹੋ ਗਿਆ।

‘ਤੈਨੂੰ ਪਤਾ ਹੈ ਕਿ ਗੁਰਬਾਣੀ ਵਿਚ 20 ਕਿਸਮਾਂ ਦੀਆਂ ਵੱਖ-ਵੱਖ ਬੋਲੀਆਂ ਦੇ ਬਹੁਤ ਸਾਰੇ ਸਮਾਨ-ਅਰਥਕ ਸੰਬੰਧਕ ਉਚਾਰੇ ਗਏ ਹਨ, ਜਿਹੜੇ ਪੁਲਿੰਗ ਇਕ ਵਚਨ ਨਾਵਾਂ ਤੋਂ ਬਾਅਦ ਆ ਕੇ ਉਹਨਾਂ ਦੇ ਆਖਰੀ ਅੱਖਰ ਦੀ ਔਂਕੜ ਖਤਮ ਕਰ ਦਿੰਦੇ ਹਨ, ਜਿਵੇਂ ਕਿ

  1. ਉਪਕੰਠਿ, ਸਮੀਪਿ, ਕੋਲੀ, ਥੈ, ਨਿਕਟਿ, ਨੇੜਿ, ਨੇੜਾ, ਨੇੜੇ, ਨੇੜੈ, ਨੇਰ, ਨੇਰਿ, ਨੇਰਉ, ਨੇਰਹੂ, ਨੇਰਿਆ, ਨੇਰਾ, ਨੇਰੀ, ਨੇਰੇ, ਨੇਰੈ, ਨੇਰੋ, ਨਜੀਕਿ, ਪਾਸਿ, ਪਾਸੀ, ਪਾਸੇ, ਪਾਹਿ, ਪਾਹੀ, ਪਾਹਾ, ਪਹਿ।
  2. ਸੰਦਾ, ਸੰਦੀ, ਸੰਦੜਾ, ਸੰਦੜੀ, ਸੰਦੀਆ, ਸੰਦੇ, ਸੰਦੜੇ, ਹੰਦਾ, ਹੰਦੀ, ਕਾ, ਕੀ, ਕੀਆ, ਕੀਆਹ, ਕੇ, ਕੈ, ਕੇਰਾ, ਕੇਰੀ, ਕੇਰੇ, ਕੇਰੀਆ, ਕੋ, ਖੇ, ਚ, ਚੀ, ਚੇ, ਚੈ, ਚੋ, ਦਾ, ਦੀ, ਦੀਆ, ਦੇ, ਦੈ, ਰੋ, ਰੀ।
  3. ਬਿਨੁ, ਬਿਨਾ, ਬਿਹੂਨ, ਬਿਹੂਨਾ, ਬਿਹੂਨੀ, ਬਿਹੂਨੇ, ਬਿਹੂਣ, ਬਿਹੂਣਾ, ਬਿਹੂਣੇ, ਬਿਹੂਣੈ, ਬਿਹੂਣੀ, ਬਾਹਰਾ, ਬਾਹਰੀ, ਬਾਹਰੇ, ਬਾਹਰਹੁ, ਬਾਝਹੁ, ਬਾਝੁ, ਵਿਹੂਣ, ਵਿਹੂਣਾ, ਵਿਹੂਣੀ, ਵਿਣੁ, ਵਿਹੂਣੇ, ਵਿਹੂਣਿਆ, ਵਿਹੂਣੀਆ, ਰਹਤ।
  4. ਸਉ, ਸਿਉ, ਸੌ, ਸੰਗਿ, ਸੇਤੀ, ਸਾਥਿ, ਨਾਲੇ, ਨਾਲਿ, ਪ੍ਰਤਿ, ਲਉ।
  5. ਸਹਿਤ, ਸਣੁ, ਸਣੈ, ਸਮੇਤਿ।
  6. ਨਿਆਈ, ਸਾ, ਸਾਣੁ, ਸਮਾਨਿ, ਜਿਉ, ਜਸ, ਜੈਸਾ, ਜੈਸੀ, ਜੈਸੇ, ਜੇਹਾ, ਜੇਹੀ, ਜੇਹਿਆ, ਜੇਹੀਆ, ਜੇਹੇ, ਜੇਹੈ, ਜੇਵ, ਜਿਵੈ, ਜੇਵਿਹਾ, ਜੇਵੇਹੀ, ਜੇਵੇਹੇ, ਵਾਗਿ, ਵਾਂਗੀ, ਵਾਂਗੂ।
  7. ਅੰਤਰਿ, ਅੰਤਰੇ, ਅੰਦਰਿ, ਅੰਦਰੇ, ਅੰਦਰਹਿ, ਅੰਦਰਹੁ, ਥੈ, ਨਿਰੰਤਰਿ, ਪੈ, ਬੀਚੇ, ਬੀਚੋ, ਬਿਚਿ, ਬੀਚਿ, ਬੀਚਹਿ, ਮੈ, ਮੋ, ਮਿਆਨੇ, ਮਹਿ, ਮਾਹਿ, ਮਾਹੀ, ਮਾਝ, ਮਝਾਰ, ਮਝਾਰਿ, ਮਝੂਰਿ, ਮਝਿਆ, ਮਝਾਹੂ, ਮੰਝਿ, ਮੰਝਾਰਿ, ਮੰਝਾਹੂ, ਮਧਿ, ਮਧੇ, ਮੰਧੇ, ਮੰਧਾਹੀ, ਵਿਚਿ, ਵਿਚੇ।
  8. ਸਿਉ, ਕਉ, ਕੂ, ਖੇ (ਸਿੰਧੀ ਬੋਲੀ), ਕੋ, ਕੌ, ਕੂੰ, ਜੋਗੁ, ਕਹੁ, ਨਉ, ਨੋ।
  9. ਅਰਥਾ, ਅਰਥਿ, ਹੇਤਿ, ਕਾਰਣਿ, ਕੀਐ, ਕੂ, ਕੈ, ਜੋਗੁ, ਤਾਈ, ਨੋ, ਨਵਿਤ।
  10. ਸਿਉ, ਸੈ, ਹੂੰ, ਕਿਅਹੁ, ਕ੍ਹਿਹੁ, ਕੰਨਹੁ, ਜਿਦੂ, ਡੂੰ, ਤੇ, ਥੇ, ਥਾਵਹੁ, ਦੂ, ਨਾਲੋ, ਨਾਲਹੁ, ਪੈ, ਪਾਸਹੁ, ਪਾਹਾ, ਪਹਿ, ਪਹੁ।
  11. ਉਤੈ, ਉਪਰਿ, ਊਪਰਿ, ਉਪਰੇ, ਊਪਰੇ, ਹੇਠਿ, ਜੇਰ (ਫ਼ਾਰਸੀ ਵਾਲਾ ਜ਼ੇਰ), ਤਲਿ, ਤਲੇ, ਤਲੈ, ਤੈ (ਸਭਤੈ), ਪਰ, ਪਰਿ।
  12. ਅਗੈ, ਆਗੇ, ਆਗੈ, ਪਾਛੇ, ਪਾਛੈ, ਪਿਛੈ, ਪੀਛੈ।
  13. ਸਮਸਰਿ, ਸਮਸਰੇ, ਸਮਾਨ, ਸਾਰ, ਸਰਿ, ਸਾਰਖੇ, ਜੇਡੁ, ਜੇਵਡੁ, ਤੁਲਿ, ਬਰਾਬਰਿ, ਭਰਿ, ਮਿਕਦਾਰਾ।
  14. ਸਟੈ, ਬਾਦਰੈ, ਬਦਲਹਾ, ਬਦਲਾਹੁ, ਬਦਲੇ, ਬਦਲੈ, ਬਦਲਾਵਨਿ।
  15. ਤਾਈ, ਲਉ, ਲਗੁ, ਪੈ।
  16. ਵਿਚਦੋ, ਵਿਚੁਦੇ (ਨੋਟ: ਛਾਪੇ ਵਾਲੀਆਂ ਬੀੜਾਂ ਵਿਚ ‘ਵਿਚੁ ਦੇ’ ਪਦ-ਛੇਦ ਪਾਠ ਕਰਨ ਵਾਲੇ ਵਿਦਵਾਨਾਂ ਵੱਲੋਂ ਉਕਾਈ ਹੈ, ਇਕੱਠਾ ਪਾਠ ‘ਵਿਚੁਦੇ’ ਸੰਬੰਧਕ ਹੈ)।
  17. ਵਿਚਹੁ।
  18. ਕਰਿ (by means of), ਪਰਣੈ।
  19. ਕਉ, ਕੈ, ਨੋ, ਵਿਟਹੁ, ਵਿਟੜਿਅਹੁ।
  20. ਓਰ, ਕਨਿ, ਧਿਰਿ, ਵਲਿ।

ਮੈਂ ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਇੰਨੇ ਸੰਬੰਧਕ ਇਕੱਠੇ ਕੀਤੇ ਹਨ ਕਿ ਸ਼ਾਇਦ ਹੀ ਕੋਈ ਹੋਰ ਬਚਿਆ ਹੋਵੇ। ਜੇ ਤੈਨੂੰ ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਇਹਨਾਂ ਤੋਂ ਇਲਾਵਾ ਕੋਈ ਹੋਰ ਸੰਬੰਧਕ ਮਿਲ ਜਾਏ ਤਾਂ ਮੈਨੂੰ ਜ਼ਰੂਰ ਨੋਟ ਕਰਾ ਦੇਈਂ। ਯਾਦ ਨਾਲ। ਸਮਝੇ ?’ ਸੁਖਦੀਪ ਸਿੰਘ ਨੇ ਜ਼ੋਰ ਦੇ ਕੇ ਮਿਹਰ ਸਿੰਘ ਨੂੰ ਹੁਕਮ ਸੁਣਾਇਆ ਤੇ ਮਿਹਰ ਸਿੰਘ ਸਹਿਮਤੀ ਦੇ ਲਹਿਜ਼ੇ ਨਾਲ ਹੱਸ ਪਿਆ।

‘ਸੁਖਦੀਪ, ਮਿਹਰ, ਤੁਹਾਨੂੰ ਪਤਾ ਹੈ ਕਿ ਇਹਨਾਂ ਵਿਚ ਕੁੱਝ ਐਸੇ ਸ਼ਬਦ ਵੀ ਹਨ, ਜਿਹੜੇ ਸੰਬੰਧਕਾਂ ਦਾ ਅਰਥ ਤਾਂ ਦਿੰਦੇ ਹੀ ਹਨ, ਪਰ ਇਹ ਸ਼ਬਦ ਗੁਰਬਾਣੀ ਵਿਚ ਹੋਰ ਅਰਥਾਂ ਵਿਚ ਵੀ ਆ ਜਾਂਦੇ ਹਨ। ਇਸ ਲਈ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਵਿਚਾਰਨਾ ਚਾਹੀਦਾ ਹੈ ਕਿ ਇਹ ਸੰਬੰਧਕ ਦੇ ਅਰਥ ਦਿੰਦੇ ਹਨ ਜਾਂ ਕੋਈ ਹੋਰ ਅਰਥ ਦਿੰਦੇ ਹਨ, ਜਿਵੇ ਕਿ

ਸਉ, ਸੌ, ਸਰਿ, ਸਾਰ, ਕਹੁ, ਕਰਿ, ਜੋਗੁ, ਤਾਈ, ਤੁਲਿ, ਥਾਵਹੁ, ਥੇ, ਥੈ, ਪਰ, ਪੈ, ਭਰਿ, ਰਹਤ, ਰੀ, ਲਉ, ਲਵੈ ਆਦਿਕ।

ਅੱਜ ਤੁਹਾਡਾ ਇਹ ਹੋਮਵਰਕ ਹੈ ਕਿ ਇਹਨਾਂ ਸੰਬੰਧਕਾਂ ਦੇ ਗੁਰਬਾਣੀ ਵਿਚੋਂ ਪ੍ਰਮਾਣ ਲੱਭੋ ਤੇ ਨਾਲ ਹੀ ਇਹ ਸ਼ਬਦ, ਜਿਹੜੇ ਹੋਰ ਅਰਥਾਂ ਵਿਚ ਵੀ ਗੁਰਬਾਣੀ ਵਿਚ ਆਏ ਹਨ, ਉਹਨਾਂ ਦੇ ਪ੍ਰਮਾਣ ਵੀ ਲਿਖ ਕੇ ਦਿਖਾਉ। ਨਾਲ ਹੀ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖੀ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿਚੋਂ ਸਾਰੇ ਪ੍ਰਮਾਣਾਂ ਦੇ ਅਰਥ ਵੀ ਲਿਖ ਕੇ ਮੈਨੂੰ ਚੈੱਕ ਕਰਾਉ।

ਇਹ ਵੀ ਯਾਦ ਰੱਖਿਓ ਮੇਰੇ ਬੱਚਿਓ ! ਜਿਹੜੇ ਸੰਬੰਧਕ ਦੋ ਜਾਂ ਤਿੰਨ ਵਾਰ ਵੱਖ-ਵੱਖ ਕਿਸਮਾਂ ਵਿਚ ਆਏ ਹਨ, ਉਹਨਾਂ ਦੇ ਅਰਥ ਉਹਨਾਂ ਦੀਆਂ ਕਿਸਮਾਂ ਅਨੁਸਾਰ ਵੱਖ-ਵੱਖ ਹੀ ਬਣਨਗੇ, ਜਿਵੇਂ ਕਿ ‘ਸਿਉ’ ਸੰਬੰਧਕ; ‘ਨਾਲ’, ‘ਨਾਲੋਂ’ ਤੇ ‘ਨੂੰ’ ਤਿੰਨਾਂ ਅਰਥਾਂ ਵਿਚ ਆਇਆ ਹੈ। ਇਸੇ ਤਰ੍ਹਾਂ ‘ਪਹਿ’ ਸੰਬੰਧਕ; ‘ਕੋਲ’ ਤੇ ‘ਨਾਲੋਂ’ ਦੇ ਅਰਥਾਂ ਵਿਚ ਆਇਆ ਹੈ।’ ਮਾਂ ਨੇ ਆਪਣੇ ਗੁਰਸਿੱਖ ਬੱਚਿਆਂ ਨੂੰ ਬੜੇ ਪਿਆਰ ਨਾਲ ਕਿਸੇ ਗੁਰਬਾਣੀ ਵਿਆਕਰਣ ਦੇ ਮਾਹਰ ਪ੍ਰੋਫ਼ੈਸਰ ਦੀ ਤਰ੍ਹਾਂ ਸਮਝਾਇਆ।

ਇੰਨੇ ਨੂੰ ਦਰਵਾਜ਼ਾ ਖੜਕਿਆ ਤੇ ਮਾਂ ਨੇ ਦਰਵਾਜ਼ਾ ਖੋਲ੍ਹਿਆ।

‘ਆਉ ਗਿਆਨੀ ਜੀ ! ਧੰਨਭਾਗ ਸਾਡੇ, ਦਰਸ਼ਨ ਹੋਏ ਤੁਹਾਡੇ।’ ਮਾਂ ਪਰਮਜੀਤ ਕੌਰ ਨੇ ਬੜੇ ਸਤਿਕਾਰ ਨਾਲ ਸਵਾਗਤ ਕੀਤਾ। ਅਸਲ ਵਿਚ ਹੁਣ ਮੈਂ ਆ ਗਿਆ ਸਾਂ।

‘ਭੈਣ ਜੀ ! ਮੈਂ ਸੋਚਿਆ ਕਿ ਅੱਜ ਛੁੱਟੀ ਹੋਣ ਕਰਕੇ ਬੱਚੇ ਘਰ ਹੀ ਹੋਣਗੇ ਤੇ ਗੁਰਬਾਣੀ ਨਾਲ ਜੁੜ ਕੇ ਛੁੱਟੀ ਦਾ ਲਾਹਾ ਲੈ ਲਿਆ ਜਾਏ।’ ਮੈਂ ਆਪਣੇ ਵੱਲੋਂ ਗੁਰਮਤਿ ਪ੍ਰਚਾਰ ਦੀ ਸੇਵਾ-ਭਾਵਨਾ ਨਾਲ ਤੇ ਨਾਲ ਹੀ ਬੜੇ ਮਾਣ ਨਾਲ ਇੱਕੋ-ਸਾਹੇ ਤੇਜ਼ੀ ਨਾਲ ਕਹਿ ਦਿੱਤਾ।

‘ਬਹੁਤ ਵਧੀਆ ਕੀਤਾ ਗਿਆਨੀ ਜੀ। ਇਹਨਾਂ ਬੱਚਿਆਂ ਵਿਚ ਗੁਰਬਾਣੀ ਵਿਆਕਰਣ ਨੂੰ ਸਮਝ ਕੇ ਆਪ ਹੀ ਸ਼ੁੱਧ ਅਰਥ ਕਰਨ ਦੀ ਬਹੁਤ ਇੱਛਾ ਹੈ। ਅੱਜ ਆਪ ਜੀ ਇਹਨਾਂ ਨੂੰ ਗੁਰਬਾਣੀ ਵਿਆਕਰਣ ਦਾ ਕਿਹੜਾ ਨੇਮ ਕਰਾਉਗੇ ?’ ਬੀਬੀ ਪਰਮਜੀਤ ਕੌਰ ਨੇ ਬੜੀ ਉਤਸੁੱਕਤਾ ਨਾਲ ਪੁੱਛਿਆ।

‘ਗਿਆਨੀ ਜੀ, ਅੱਜ ਸਾਨੂੰ ਗੁਰਬਾਣੀ ਵਿਆਕਰਣ ਦਾ ਕੋਈ ਨਵਾਂ ਨੇਮ ਸਿਖਾਉ।’ ਦੋਵੇਂ ਬੱਚੇ ਇਕੱਠੇ ਬੋਲੇ।

‘ਆਉ ਬੱਚਿਓ ! ਅੱਜ ਮੈਂ ਤੁਹਾਨੂੰ ਗੁਰਬਾਣੀ ਵਿਚ ਆਉਣ ਵਾਲੇ ਸੰਬੰਧਕਾਂ ਦੀ ਇਕ ਬੜੀ ਰੌਚਕ ਕਹਾਣੀ ਸੁਣਾਵਾਂ।’ ਮੇਰੀ ਇੰਨੀ ਗੱਲ ਸੁਣਦਿਆਂ-ਸਾਰ ਸਾਰੇ ਹੱਸਣ ਲੱਗ ਪਏ ਤੇ ਕਿੰਨਾ ਚਿਰ ਹੱਸਦੇ ਹੀ ਰਹੇ, ਹੱਸਦੇ ਹੀ ਰਹੇ। ਮੈਂ ਵੀ ਕਿੰਨਾ ਚਿਰ ਸਿਰ ਖੁਜਲਾਂਦਿਆਂ ਸੋਚਦਾ ਰਿਹਾ ਕਿ ਇਹ ਸਾਰੇ ਮੇਰੀ ਇਸ ਗੱਲ ’ਤੇ ਕਿਉਂ ਹੱਸ ਰਹੇ ਹਨ ? ਕੀ ਮੈਂ ਕੁੱਝ ਗਲਤ ਕਿਹਾ ? ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਪਲੀਜ਼।