ਮੂਲ ਮੰਤਰ ਦਾ ਗੁਰਬਾਣੀ ’ਚ ਸਥਾਨ ਤੇ ਬਣਤਰ

0
118

ਮੂਲ ਮੰਤਰ ਦਾ ਗੁਰਬਾਣੀ ’ਚ ਸਥਾਨ ਤੇ ਬਣਤਰ

ਗਿਆਨੀ ਅਵਤਾਰ ਸਿੰਘ-98140-35202

ਸੰਨ 1603-4 ’ਚ ‘ਆਦਿ ਗ੍ਰੰਥ’ ਸਾਹਿਬ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ-ਸਿਧਾਂਤ ਨੂੰ ਸਮਝਣ ਤੇ ਉਚਾਰਨ ਬਾਰੇ ਕੁੱਝ ਖ਼ਾਸ ਨਿਯਮ ਨਿਰਧਾਰਿਤ ਕੀਤੇ; ਜਿਵੇਂ ਕਿ ਭਗਤ ਬਾਣੀ ਨੂੰ ਭਿੰਨ-ਭਿੰਨ ਰਾਗਾਂ ’ਚ ਵੰਡਣਾ, ਵਾਰਾਂ ਦੀਆਂ ਪਉੜੀਆਂ ਨਾਲ਼ ਸਲੋਕ ਦਰਜ ਕਰਨਾ, ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਇੱਕ-ਇੱਕ ਵਾਰ ’ਚ ਆਪਣੀਆਂ 1-5 ਪਉੜੀਆਂ ਸ਼ਾਮਲ ਕਰਨਾ, ਬਾਬਾ ਫ਼ਰੀਦ ਜੀ ਤੇ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਸ਼ੇ-ਕੜੀ ’ਚ ਕੁੱਝ ਸਲੋਕ ਗੁਰੂ ਸਾਹਿਬਾਨ ਦੇ ਦਰਜ ਕਰਨਾ, ਭਗਤਾਂ ਦੁਆਰਾ ਹਰੀ ਦੀ ਕੀਤੀ ਬੰਦਗੀ ਨੂੰ ਆਪਣੇ ਸ਼ਬਦ ਨਾਲ਼ ਪ੍ਰਮਾਣਿਕਤਾ ਦੇਣਾ, ਭੱਟ ਬਾਣੀ ਦੀ ਸਮੁੱਚੇ ਗੁਰਬਾਣੀ-ਫ਼ਲਸਫ਼ੇ ਨਾਲ਼ ਕੜੀ ਜੋੜਨ ਲਈ ਆਪਣੇ ਵੱਲੋਂ 20 ਸਵੀਈਏ ਰਚਨਾ, ਮੂਲ ਮੰਤਰ (ਸੰਖੇਪ ਜਾਂ ਸੰਪੂਰਨ) ਨੂੰ ਬਾਣੀਕਾਰਾਂ ਦੇ ਸ਼ਬਦਾਂ ਦੇ ਸਿਰਲੇਖ ’ਚ ਖ਼ਾਸ ਤਰਤੀਬ ਨਾਲ਼ ਦਰਜ ਕਰਨਾ, ਆਦਿ।

ਮੂਲ ਮੰਤਰ ਨੂੰ ਸਿਰਲੇਖਾਂ ’ਚ ਦਰਜ ਕਰਨ ਸਮੇਂ ਇਹ ਤਰਤੀਬ ਰੱਖੀ ਕਿ ਹਰ ਬਾਣੀਕਾਰ ਦੇ ਪਹਿਲੇ ਸ਼ਬਦ ਦੇ ਵਿਸ਼ੇ ਤੇ ਉਸ ਦੇ ਸਿਰਲੇਖ; ਦੋਵਾਂ ਵਿਚਕਾਰ ਮੂਲ ਮੰਤਰ (ਸੰਖੇਪ ਜਾਂ ਸੰਪੂਰਨ) ਨਾ ਆ ਸਕੇ ਕਿਉਂਕਿ ਸਿਰਲੇਖ ਦੇ ਵੇਰਵੇ ਤੋਂ ਸ਼ਬਦ ਦਾ ਵਿਸ਼ਾ, ਬਾਣੀਕਾਰ, ਉਸ ਨੂੰ ਗਾਈਨ ਕਰਨ ਲਈ ਨਿਰਧਾਰਿਤ ਕੀਤਾ ਰਾਗੁ ਤੇ ਘਰੁ, ਆਦਿ ਸਮਝੀਦਾ ਹੈ ਜਦਕਿ ਮੂਲ ਮੰਤਰ; ਇੱਕ ਸੁਤੰਤਰ ਮੰਗਲਾਚਰਨ ਹੈ। ਜਿਸ ਵਿੱਚ ਆਪਣੇ ਈਸ਼ਟ ਦੇ ਸੰਖੇਪ ’ਚ ਖ਼ਾਸ-ਖ਼ਾਸ ਗੁਣਾਂ ਨੂੰ ਦਰਸਾਇਆ ਹੈ। ਵੈਸੇ ਭੀ ਮੰਗਲਾਚਰਨ ਸੰਨ 1507 ਤੋਂ ਪਹਿਲਾਂ ਯਾਨੀ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਦੁਆਰਾ ਆਪਣੀਆਂ ਉਦਾਸੀਆਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਸੁਲਤਾਨਪੁਰ ਲੋਧੀ ਵਿਖੇ ਉਚਾਰਿਆ ਜਾ ਚੁੱਕਾ ਸੀ, ਇਸ ਲਈ ਇਸ ਦਾ ਸਥਾਨ; ਹਰ ਬਾਣੀਕਾਰ ਦੇ ਸ਼ਬਦ ਦੇ ਸਿਰਲੇਖ ’ਚ ਜਾਂ ਰਾਗ ਦੀ ਅਰੰਭਤਾ ’ਚ ਸਭ ਤੋਂ ਉੱਪਰ ਯਾਨੀ ਪਹਿਲਾਂ ਰੱਖਿਆ ਗਿਆ।

ਗੁਰਬਾਣੀ ਦੀ ਲਿਖਤ ’ਚ ਅਪਣਾਏ ਉਕਤ ਢੰਗ ਵੇਲ਼ੇ ਹੁਣ ਵਾਙ ਪ੍ਰਿੰਟਿੰਗ ਪ੍ਰੈਸ ਵਾਲ਼ੀ ਸੁਵਿਧਾ ਨਹੀਂ ਸੀ। ਉਸ ਸਮੇਂ ਗੁਟਕੇ ਅਤੇ ਬੀੜਾਂ ਦੇ ਉਤਾਰੇ ਹੱਥ ਲਿਖਤ ਨਾਲ਼ ਕੀਤੇ ਜਾਂਦੇ ਸਨ। ਬਾਅਦ ’ਚ ਸਿੱਖਾਂ ਨੂੰ ਲੰਬਾ ਸਮਾਂ ਜੰਗਾਂ-ਯੁੱਧਾਂ ’ਚ ਰਹਿਣਾ ਪਿਆ, ਜਿਸ ਕਾਰਨ ਇਹ ਕੰਮ; ਜ਼ਿਆਦਾਤਰ ਗ਼ੈਰ ਸਿੱਖ ਲਿਖਾਰੀਆਂ ਨੇ ਸੰਭਾਲ਼ਿਆ। ਉਨ੍ਹਾਂ ਨੂੰ ਮੁਗ਼ਲ ਹਕੂਮਤ ਭੀ ਆਪਣੇ ਲਈ ਖ਼ਤਰਾ ਨਹੀਂ ਮੰਨਦੀ ਸੀ। ਬਹੁਤਾਤ ਲਿਖਾਰੀਆਂ ਲਈ ਇਹ ਕੰਮ; ਰੋਜ਼ੀ-ਰੋਟੀ ਦਾ ਸਾਧਨ ਬਣ ਗਿਆ। ਜਗ੍ਹਾ ਜਗ੍ਹਾ ਗੁਰਬਾਣੀ ਦੇ ਗੁਟਕੇ ਅਤੇ ਬੀੜਾਂ ਦੇ ਉਤਾਰੇ ਹੋਣ ਲੱਗੇ, ਜਿਸ ਕਾਰਨ ਇਕਸਾਰਤਾ ਨਾ ਰਹੀ ਅਤੇ ਗੁਰਬਾਣੀ ਲਿਖਣ ਦੇ ਢੰਗ ’ਚ ਅੰਤਰ ਪੈਣਾ ਸ਼ੁਰੂ ਹੋ ਗਿਆ। ਮਿਸਾਲ ਵਜੋਂ ਕੁੱਝ ਕੁ ਸ਼ਬਦ ਹਨ :

(ੳ). ਉਹ ਰਾਗ, ਜਿਨ੍ਹਾਂ ਦੀ ਅਰੰਭਤਾ ਸੰਪੂਰਨ ਮੂਲ ਮੰਤਰ ਨਾਲ਼ ਹੈ ਤੇ ਸਿਰਲੇਖ ਦਾ ਵੇਰਵਾ (ਰਾਗੁ, ਬਾਣੀਕਾਰ, ਘਰੁ) ਬਾਅਦ ’ਚ ਹੈ :

(1). ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥ ਤੂ ਸੁਲਤਾਨੁ ਕਹਾ ਹਉ ਮੀਆ; ਤੇਰੀ ਕਵਨ ਵਡਾਈ ? ॥ (ਬਿਲਾਵਲੁ/ਮਹਲਾ ੧/੭੯੫)

(2). ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਜੈਜਾਵੰਤੀ ਮਹਲਾ ੯ ॥ ਰਾਮੁ ਸਿਮਰਿ ਰਾਮੁ ਸਿਮਰਿ; ਇਹੈ ਤੇਰੈ ਕਾਜਿ ਹੈ ॥ (ਜੈਜਾਵੰਤੀ/ਮਹਲਾ ੯/੧੩੫੨)

(3). ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥ ਨਾਇ ਤੇਰੈ ਤਰਣਾ; ਨਾਇ ਪਤਿ ਪੂਜ ॥ ਨਾਉ ਤੇਰਾ ਗਹਣਾ; ਮਤਿ ਮਕਸੂਦੁ ॥ (ਪ੍ਰਭਾਤੀ/ਮਹਲਾ ੧/੧੩੨੭)

(ਅ). ਹੁਣ ਉਹ ਰਾਗ, ਜਿਨ੍ਹਾਂ ’ਚ ਪਹਿਲਾਂ ਸਿਰਲੇਖ ਦਾ ਵੇਰਵਾ (ਰਾਗੁ, ਬਾਣੀਕਾਰ, ਘਰੁ) ਹੈ ਤੇ ਬਾਅਦ ’ਚ ਸੰਪੂਰਨ ਮੂਲ ਮੰਤਰ ਹੈ :

(1). ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਭਉ ਮੁਚੁ ਭਾਰਾ ਵਡਾ ਤੋਲੁ ॥ ਮਨ ਮਤਿ ਹਉਲੀ ਬੋਲੇ ਬੋਲੁ ॥ (ਗਉੜੀ/ਮਹਲਾ ੧/੧੫੧)

(2). ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਤੁਝ ਤੇ ਬਾਹਰਿ ਕਿਛੂ ਨ ਹੋਇ ॥ ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥ (ਭੈਰਉ/ਮਹਲਾ ੧/੧੧੨੫)

(3). ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥ (ਕਾਨੜਾ/ਮਹਲਾ ੪/੧੨੯੪)

(ੲ). ਉਹ ਰਾਗ, ਜਿਸ ਦੀ ਅਰੰਭਤਾ; ਸੰਪੂਰਨ ਮੂਲ ਮੰਤਰ ਦੀ ਥਾਂ ਸੰਖੇਪ ਮੂਲ ਮੰਤਰ ਨਾਲ਼ ਹੈ। ਬਾਅਦ ’ਚ ਸਿਰਲੇਖ ਦਾ ਵੇਰਵਾ ਹੈ :

ੴ ਸਤਿਗੁਰ ਪ੍ਰਸਾਦਿ ॥ ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ (ਸਿਰੀਰਾਗੁ/ਮਹਲਾ ੧/੧੪)

(4). ਹੁਣ ਉਹ ਰਾਗ, ਜਿਨ੍ਹਾਂ ’ਚ ਸੰਖੇਪ ਮੂਲ ਮੰਤਰ ਭੀ ਬਾਅਦ ’ਚ ਹੈ। ਪਹਿਲਾਂ ਸਿਰਲੇਖ ਦਾ ਵੇਰਵਾ ਉੱਪਰ ਹੈ :

(ਉ). ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸੁਨਿ ਮਨ ! ਅਕਥ ਕਥਾ ਹਰਿ ਨਾਮ ॥ (ਬੈਰਾੜੀ/ਮਹਲਾ ੪/੭੧੯)

(ਅ). ਕੇਦਾਰਾ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ (ਕੇਦਾਰਾ/ਮਹਲਾ ੪/੧੧੧੮)

ਸੋ ਇਹ ਬੇਤਰਤੀਬ ਕੇਵਲ 31 ਰਾਗਾਂ ਦੀ ਆਰੰਭਤਾ ’ਚ ਹੀ ਨਹੀਂ ਬਲਕਿ ਬਾਕੀ ਸ਼ਬਦਾਂ ’ਚ ਭੀ ਵੇਖਣ ਨੂੰ ਮਿਲਦੀ ਹੈ; ਜਿਵੇਂ ਕਿ

(1). ਉਹ ਸ਼ਬਦ, ਜਿਨ੍ਹਾਂ ਦੇ ਅਰੰਭ ’ਚ ਉੱਪਰ ਸੰਖੇਪ ਮੂਲ ਮੰਤਰ ਹੈ ਤੇ ਬਾਅਦ ’ਚ ਸਿਰਲੇਖ ਦਾ ਵੇਰਵਾ ਹੈ :

(ੳ). ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਥਿਤੰੀ ਕਬੀਰ ਜੀ ਕੰੀ ॥ ਸਲੋਕੁ ॥ ਪੰਦ੍ਰਹ ਥਿਤੰੀ ਸਾਤ ਵਾਰ ॥ ਕਹਿ ਕਬੀਰ ਉਰਵਾਰ ਨ ਪਾਰ ॥ (ਗਉੜੀ ਥਿਤੀ/ਭਗਤ ਕਬੀਰ/੩੪੩)

(ਅ). ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੨ ਮਹਲਾ ੪ ॥ ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥ (ਆਸਾ/ਮਹਲਾ ੪/੩੬੬)

(ੲ). ੴ ਸਤਿਗੁਰ ਪ੍ਰਸਾਦਿ ॥ ਆਸਾ ਘਰੁ ੧੦ ਮਹਲਾ ੫ ॥ ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ; ਤੇ ਪਾਹੁਨ ਦੋ ਦਾਹਾ ॥ (ਆਸਾ/ਮਹਲਾ ੫/੪੦੨)

(ਸ). ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ (ਧਨਾਸਰੀ/ਮਹਲਾ ੯/੬੮੪)

(ਹ). ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੯ ॥ ਬਿਰਥਾ ਕਹਉ ਕਉਨ ਸਿਉ ਮਨ ਕੀ ॥ ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ; ਆਸਾ ਲਾਗਿਓ ਧਨ ਕੀ ॥੧॥ ਰਹਾਉ ॥ (ਆਸਾ/ਮਹਲਾ ੯/੪੧੧)

ਨੋਟ : ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ‘ਆਦਿ ਗ੍ਰੰਥ’ ਸਾਹਿਬ ’ਚ ਦਰਜ ਕੀਤੀ ਹੈ। ਇਸ ਬਾਣੀ ’ਚ ਅਕਸਰ ਮੂਲ ਮੰਤਰ ਉੱਪਰ ਹੈ ਤੇ ਸਿਰਲੇਖ ਦਾ ਵੇਰਵਾ ਬਾਅਦ ’ਚ ਹੇਠਾਂ ਹੈ।

(2). ਹੁਣ ਉਹ ਸ਼ਬਦ, ਜਿਨ੍ਹਾਂ ਦੇ ਅਰੰਭ ’ਚ ਪਹਿਲਾਂ ਸਿਰਲੇਖ ਦਾ ਵੇਰਵਾ ਹੈ ਤੇ ਬਾਅਦ ’ਚ ਹੇਠਾਂ ਸੰਖੇਪ ਮੂਲ ਮੰਤਰ ਹੈ :

(ੳ). ਗਉੜੀ ਸੁਖਮਨੀ ਮਹਲਾ ੫ ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥  (ਗਉੜੀ ਸੁਖਮਨੀ (ਮਹਲਾ ੫/੨੬੩)

ਨੋਟ : ਇਸ ਸਿਰਲੇਖ ਨੂੰ ਵੇਖੀਏ ਤਾਂ ‘॥ ਸਲੋਕੁ॥’ ਤੋਂ ਬਾਅਦ ‘‘ਆਦਿ ਗੁਰਏ ਨਮਹ ਜੁਗਾਦਿ ਗੁਰਏ ਨਮਹ ’’ ਹੋਣਾ ਚਾਹੀਦਾ ਸੀ, ਨਾ ਕਿ ‘‘ੴ ਸਤਿਗੁਰ ਪ੍ਰਸਾਦਿ ’’ ਕਿਉਂਕਿ ਸੰਖੇਪ ਮੂਲ ਮੰਤਰ; ਸਲੋਕ ਦਾ ਹਿੱਸਾ ਨਹੀਂ ਹੈ।

24 ਸਲੋਕਾਂ ਸਮੇਤ 24 ਅਸ਼ਪਦੀਆਂ ਵਾਲ਼ੀ ਸੁਖਮਨੀ ਸਾਹਿਬ ਬਾਣੀ; ਪੰਜਵੇਂ ਪਾਤਿਸ਼ਾਹ ਜੀ ਦੀ ਰਚਨਾ ਹੈ ਜਦਕਿ ਮੂਲ ਮੰਤਰ; ਗੁਰੂ ਅਰਜਨ ਸਾਹਿਬ ਜੀ ਦੇ ਜਨਮ (15 ਅਪ੍ਰੈਲ 1563) ਤੋਂ ਭੀ ਤਕਰੀਬਨ 55-60 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਿਆ ਹੋਇਆ ਹੈ।

 (ਅ). ਰਾਗੁ ਆਸਾ ਮਹਲਾ ੧ ਪਟੀ ਲਿਖੀ ੴ ਸਤਿਗੁਰ ਪ੍ਰਸਾਦਿ ॥ ਸਸੈ ਸੋਇ ਸ੍ਰਿਸਟਿ ਜਿਨਿ ਸਾਜੀ; ਸਭਨਾ ਸਾਹਿਬੁ ਏਕੁ ਭਇਆ ॥ (ਆਸਾ ਪਟੀ/ਮਹਲਾ ੧/੪੩੨)

(ੲ). ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਅਨੰਦੁ ਭਇਆ ਮੇਰੀ ਮਾਏ! ਸਤਿਗੁਰੂ ਮੈ ਪਾਇਆ ॥ (ਰਾਮਕਲੀ ਅਨੰਦ/ਮਹਲਾ ੩/੯੧੭)

(ਸ). ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ ॥ ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ (ਰਾਮਕਲੀ ਓਅੰਕਾਰ/ਮਹਲਾ ੧/੯੩੦)

ਇਹੀ ਬੇਤਰਤੀਬੀ ਗੁਰਬਾਣੀ ਦੀਆਂ ਵਾਰਾਂ ਦੇ ਸਿਰਲੇਖਾਂ ’ਚ ਭੀ ਵੇਖਣ ਨੂੰ ਮਿਲਦੀ ਹੈ; ਜਿਵੇਂ ਕਿ

(1). ਉਹ ਵਾਰਾਂ, ਜਿਨ੍ਹਾਂ ਦੇ ਸਿਰਲੇਖ ’ਚ ਪਹਿਲਾਂ ਮੂਲ ਮੰਤਰ ਹੈ, ਬਾਅਦ ’ਚ ਸਿਰਲੇਖ ਦਾ ਵੇਰਵਾ (ਰਾਗੁ, ਬਾਣੀਕਾਰ, ਆਦਿ)।

(ੳ). ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ ਸਲੋਕ ਮ: ੩ ॥ ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ (ਸਿਰੀਰਾਗੁ ਕੀ ਵਾਰ/ਮਹਲਾ ੪/੮੩)

(ਅ). ੴ ਸਤਿਗੁਰ ਪ੍ਰਸਾਦਿ ॥ ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ ਸਲੋਕੁ ਮ: ੩ ॥ ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ (ਸੂਹੀ ਕੀ ਵਾਰ/ਮਹਲਾ ੩/੭੮੫)

(ੲ). ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਕੀ ਵਾਰ ਮਹਲਾ ੩ ॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥ ਸਲੋਕੁ ਮ: ੩ ॥ ਸਤਿਗੁਰੁ ਸਹਜੈ ਦਾ ਖੇਤੁ ਹੈ; ਜਿਸ ਨੋ ਲਾਏ ਭਾਉ ॥ (ਰਾਮਕਲੀ ਕੀ ਵਾਰ/ਮਹਲਾ ੩/੯੪੭)

(ਸ). ਰਾਮਕਲੀ ਕੀ ਵਾਰ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੫ ॥ ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ ॥ (ਰਾਮਕਲੀ ਕੀ ਵਾਰ/ਮਹਲਾ ੫/੯੫੭)

(2). ਹੁਣ ਉਹ ਵਾਰਾਂ, ਜਿੱਥੇ ਪਹਿਲਾਂ ਸਿਰਲੇਖ ਦਾ ਵੇਰਵਾ (ਰਾਗੁ, ਬਾਣੀਕਾਰ, ਆਦਿ) ਹੈ ਤੇ ਬਾਅਦ ’ਚ ਮੂਲ ਮੰਤਰ ਹੈ :

(ੳ). ਗਉੜੀ ਕੀ ਵਾਰ ਮਹਲਾ ੪ ॥ ੴ ਸਤਿਗੁਰ ਪ੍ਰਸਾਦਿ ॥ ਸਲੋਕ ਮ: ੪ ॥ ਸਤਿਗੁਰੁ ਪੁਰਖੁ ਦਇਆਲੁ ਹੈ; ਜਿਸ ਨੋ ਸਮਤੁ ਸਭੁ ਕੋਇ ॥ (ਗਉੜੀ ਕੀ ਵਾਰ/ਮਹਲਾ ੪/੩੦੧)

(ਅ). ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮ: ੩ ॥ ਇਹੁ ਜਗਤੁ ਮਮਤਾ ਮੁਆ; ਜੀਵਣ ਕੀ ਬਿਧਿ ਨਾਹਿ ॥ (ਗੂਜਰੀ ਕੀ ਵਾਰ/ਮਹਲਾ ੩/੫੦੯)

(ੲ). ਮਾਰੂ ਵਾਰ ਮਹਲਾ ੩ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮ: ੧ ॥ ਵਿਣੁ ਗਾਹਕ ਗੁਣੁ ਵੇਚੀਐ; ਤਉ ਗੁਣੁ ਸਹਘੋ ਜਾਇ ॥ (ਮਾਰੂ ਵਾਰ/ਮਹਲਾ ੩/੧੦੮੭)

ਨੋਟ : ਆਸਾ ਕੀ ਵਾਰ ਦੇ ਸਿਰਲੇਖ ’ਚ ਤਾਂ ਪਹਿਲਾਂ ਸੰਪੂਰਨ ਮੂਲ ਮੰਤਰ ਹੈ, ਜੋ ਕਿ ਹੋਰ ਕਿਸੇ ਵਾਰ ’ਚ ਨਹੀਂ; ਜਿਵੇਂ ਕਿ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ ਸਲੋਕੁ ਮ: ੧ ॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ; ਕਰਤ ਨ ਲਾਗੀ ਵਾਰ ॥੧॥ (ਆਸਾ ਕੀ ਵਾਰ/ਮਹਲਾ ੧/੪੬੩)

ਇਸ ਵਾਰ ਦਾ ਕੀਰਤਨ ਗੁਰੂ ਨਾਨਕ ਸਾਹਿਬ ਜੀ ਦੇ ਵੇਲ਼ੇ ਤੋਂ ਹੁੰਦਾ ਰਿਹਾ ਹੈ। ਸ਼ਾਇਦ ਇਸ ਦੇ ਗੁਟਕਿਆਂ ’ਚ ‘ਜਪੁ’ ਜੀ ਸਾਹਿਬ ਵਾਙ ਸੰਪੂਰਨ ਮੂਲ ਮੰਤਰ; ਪਹਿਲਾਂ ਉੱਪਰ ਲਿਖਿਆ ਜਾਂਦਾ ਰਿਹਾ ਸੀ। ਬਾਅਦ ’ਚ ਲਿਖਾਰੀਆਂ ਨੇ ‘ਆਦਿ ਗ੍ਰੰਥ’ ਸਾਹਿਬ ਦਾ ਉਤਾਰਾ ਕਰਦਿਆਂ ਇਹ ਸੰਪੂਰਨ ਮੂਲ ਮੰਤਰ; ਗੁਟਕਾ ਸਾਹਿਬ ਤੋਂ ਵੇਖ ਕੇ ਹੀ ਦਰਜ ਕਰ ਦਿੱਤਾ ਜਾਪਦਾ ਹੈ।

ਕੁੱਝ ਹੱਥ ਲਿਖਤ ਬੀੜਾਂ ’ਚੋਂ ਇਹ ਸਪਸ਼ਟ ਹੁੰਦਾ ਹੈ ਕਿ ਲਿਖਾਰੀ; ਉਤਾਰਾ ਕਰਨ ਵੇਲ਼ੇ ਗ੍ਰੰਥ-ਪੇਪਰਾਂ ਦਾ ਆਕਾਰ ਵੱਧ ਚੌੜਾ ਵੇਖ ਕੇ ਮੂਲ ਮੰਤਰ ਦੀ ਜਗ੍ਹਾ ਸ਼ਬਦ ਦੇ ਉੱਪਰ ਕੇਵਲ ਸੱਜੇ ਪਾਸੇ ਰੱਖਦਾ ਸੀ ਭਾਵੇਂ ਸੰਪੂਰਨ ਮੂਲ ਮੰਤਰ; ਦੋ ਤੁਕਾਂ ’ਚ ਆਉਂਦਾ। ਮਿਸਾਲ ਵਜੋਂ ਸੁਖਮਨੀ ਸਾਹਿਬ ਦਾ ਸਿਰਲੇਖ ਇਉਂ ਬਣ ਜਾਂਦਾ ਹੈ :

     ਗਉੜੀ ਸੁਖਮਨੀ ਮਹਲਾ ੫ ਸਲੋਕੁ                                       ੴ ਸਤਿਗੁਰ ਪ੍ਰਸਾਦਿ

    ਆਦਿ ਗੁਰਏ ਨਮਹ ਜੁਗਾਦਿ ਗੁਰਏ ਨਮਹ

ਸੁਖਮਨੀ ਸਾਹਿਬ ਦਾ ਪਾਠ ਕਰਨ ਸਮੇਂ ਸਿੱਖ, ਪਹਿਲਾਂ ਸੱਜੇ ਪਾਸੇ ਲਿਖਿਆ ਮੂਲ ਮੰਤਰ ਪੜ੍ਹਦਾ ਸੀ, ਫਿਰ ਖੱਬੇ ਪਾਸਿਓਂ ਬਾਣੀ ਦੇ ਸਿਰਲੇਖ (ਗਉੜੀ ਸੁਖਮਨੀ ਮਹਲਾ ੫ ॥ ਸਲੋਕੁ ॥) ਉਪਰੰਤ ਸਲੋਕ (ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥) ਸ਼ੁਰੂ ਕਰਦਾ ਸੀ, ਪਰ ਹੁਣ ਪ੍ਰੈਸ ਦੀ ਛਪਾਈ ’ਚ ਇਸ ਭੇਦ ਨੂੰ ਸਮਝ ਕੇ ਮੂਲ ਮੰਤਰ ਉੱਪਰ ਨਾ ਲਿਖਿਆ ਗਿਆ।

ਗੁਰੂ ਗ੍ਰੰਥ ਸਾਹਿਬ ਅੰਦਰ ਸੰਪੂਰਨ ਮੂਲ ਮੰਤਰ (ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥) 33 ਵਾਰ ਹੈ ਅਤੇ ਸੰਖੇਪ ਮੂਲ ਮੰਤਰ (ੴ ਸਤਿਗੁਰ ਪ੍ਰਸਾਦਿ ॥) 524 ਵਾਰ ਹੈ। ਸੰਪੂਰਨ ਮੂਲ ਮੰਤਰ; ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ (ਜਪੁ ਬਾਣੀ ਤੋਂ ਪਹਿਲਾਂ) ਅਤੇ 31 ਰਾਗਾਂ ਦੀ ਅਰੰਭਤਾ ’ਚ ਉੱਪਰ; ਸਿਰਲੇਖ ਦੇ ਵੇਰਵੇ ਤੋਂ ਪਹਿਲਾਂ ਦਰਜ ਹੋਣਾ ਚਾਹੀਦਾ ਹੈ ਤੇ 31 ਰਾਗ-ਤਰਤੀਬ ਸਮਾਪਤ ਹੋਣ ’ਤੇ ਸ਼ੁਰੂ ਹੋਏ ਸਹਸਕ੍ਰਿਤੀ ਸਲੋਕਾਂ ਦੇ ਅਰੰਭ ’ਚ ਭੀ ਦਰਜ ਹੋਣਾ ਚਾਹੀਦਾ ਹੈ ਅਤੇ ਸੰਖੇਪ ਮੂਲ ਮੰਤਰ; ਹਰ ਰਾਗ ’ਚ ਬਾਣੀਕਾਰ ਦਾ ਨਾਂ (ਸ਼ਬਦ, ਚਉਪਦੇ, ਅਸਟਪਦੀਆਂ, ਆਦਿ ’ਚ) ਬਦਲਣ ’ਤੇ ਜਾਂ ਘਰੁ ਬਦਲਣ ’ਤੇ ਦਰਜ ਹੋਣ ਦਾ ਵਿਧਾਨ ਹੈ। ਇਸ ਤਰਤੀਬ ਦੀ ਅਜੋਕੀ ਛਪਾਈ ’ਚ ਇਕਸਾਰਤਾ ਭੰਗ ਹੋਈ ਜਾਪਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰਦਿਆਂ ਲਿਖਾਰੀ ਇਹ ਨਿਰਣਾ ਕਰਨ ’ਚ ਭੀ ਕਿਤੇ ਕਿਤੇ ਦੁਬਿਧਾ ’ਚ ਰਹੇ ਹਨ ਕਿ ਕਿੱਥੇ ਸੰਪੂਰਨ ਮੂਲ ਮੰਤਰ ਲਿਖਣਾ ਹੈ ਤੇ ਕਿੱਥੇ ਸੰਖੇਪ ਮੂਲ ਮੰਤਰ। ਇਸੇ ਕਾਰਨ ਮੂਲ ਮੰਤਰ ਦੇ 2 ਹੋਰ ਸਰੂਪ ਭੀ ਸਾਮ੍ਹਣੇ ਆ ਰਹੇ ਹਨ; ਜਿਵੇਂ ਕਿ

‘‘ੴ ਸਤਿ ਨਾਮੁ ਗੁਰ ਪ੍ਰਸਾਦਿ ॥’’ ਗੁਰਬਾਣੀ ’ਚ 2 ਵਾਰ ਹੈ ਅਤੇ ‘‘ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥’’ ਬਣਤਰ 9 ਵਾਰ ਹੈ। ਇੱਥੇ ਲਿਖਾਰੀ ਸੰਖੇਪ ਮੂਲ ਮੰਤਰ (ੴ ਸਤਿਗੁਰ ਪ੍ਰਸਾਦਿ ॥) ਲਿਖਣਾ ਚਾਹ ਰਹੇ ਸਨ, ਪਰ ਗ਼ਲਤੀ ਨਾਲ਼ ‘ਸਤਿ’ ਤੋਂ ਬਾਅਦ ‘ਗੁਰ’ ਲਿਖਣ ਦਾ ਥਾਂ ਸੰਪੂਰਨ ਮੂਲ ਮੰਤਰ ਵਾਲ਼ਾ ‘ਸਤਿ ਨਾਮੁ’ ਜਾਂ ‘ਸਤਿ ਨਾਮੁ ਕਰਤਾ ਪੁਰਖੁ’ ਲਿਖ ਬੈਠੇ। ਜਦ ਪਤਾ ਲੱਗਾ ਕਿ ਗ਼ਲਤੀ ਹੋ ਗਈ ਤਾਂ ਹੱਥ ਲਿਖਤ ’ਚ ਮਿਟਾਉਣਾ ਅਸੰਭਵ ਸੀ, ਇਸ ਲਈ ਲਿਖ ਚੁੱਕੇ ‘ਸਤਿ ਨਾਮੁ’ ਅਤੇ ‘ਸਤਿ ਨਾਮੁ ਕਰਤਾ ਪੁਰਖੁ’ ਤੋਂ ਬਾਅਦ ‘ਗੁਰ ਪ੍ਰਸਾਦਿ॥’ ਲਿਖ ਦਿੱਤਾ। ਇਹੀ ਤਰੁਟੀਆਂ ਹੁਣ ਜ਼ਾਹਰ ਹੋ ਰਹੀਆਂ ਹਨ। ਅੱਜ ਸਾਡੇ ਕੋਲ਼ ਡੇਢ-ਦੋ ਹਜ਼ਾਰ ਪੁਰਾਤਨ ਹੱਥ ਲਿਖਤ ਬੀੜਾਂ ਦੀਆਂ ਪੀਡੀਐੱਫ ਫਾਇਲਾਂ ਉਪਲਬਧ ਹਨ। ਜਿਨ੍ਹਾਂ ’ਚ ਕਈ ਬੀੜਾਂ ਇਨ੍ਹਾਂ ਤਰੁਟੀਆਂ ਨੂੰ ਦਰੁਸਤ ਕਰਨ ’ਚ ਬੜੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਐਸਾ ਭੀ ਨਹੀਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਦਰੁਸਤ ਨਹੀਂ ਕਰਨਾ ਚਾਹਿਆ। ਸੰਨ 1952 ’ਚ ਸ੍ਰੋਮਣੀ ਕਮੇਟੀ ਵਲੋਂ ਛਾਪੇ ਗਏ 4 ਭਾਗ (ਸ਼ਬਦਾਰਥ) ’ਚ ਇਨ੍ਹਾਂ ਨੂੰ ਕੁੱਝ ਹੱਦ ਤੱਕ ਦਰੁਸਤ ਕਰ ਭੀ ਲਿਆ ਸੀ; ਜਿਵੇਂ ਕਿ ਕਰਤਾਰ ਪੁਰ ਵਾਲ਼ੀ ਬੀੜ ’ਚ ਇੱਕ ਜਗ੍ਹਾ ਮੂਲ ਮੰਤਰ ਦਾ ਅਤਿ ਸੰਖੇਪ ਰੂਪ ‘ੴ’ ਹੀ ਹੈ, ਜਿਸ ਨੂੰ ਸ੍ਰੋਮਣੀ ਕਮੇਟੀ ਨੇ ਦਰੁਸਤ ਕਰਕੇ ਅਜੋਕੀ ਛਪਾਈ ’ਚ ‘‘ੴ ਸਤਿਗੁਰ ਪ੍ਰਸਾਦਿ ॥’’ ਛਾਪ ਰੱਖਿਆ ਹੈ, ਪਰ ਸਿਆਸੀ ਤੇ ਡੇਰੇਦਾਰਾਂ ਦੇ ਦਬਾਅ ਕਾਰਨ 1952 ਵਾਲ਼ੀ ਸੋਧ ਅਗਾਂਹ ਜਾਰੀ ਰੱਖਣ ’ਚ ਸ੍ਰੋਮਣੀ ਕਮੇਟੀ ਅਸਫਲ ਰਹੀ।

ਸੋ ਇਸ ਤਰ੍ਹਾਂ ਅਜੋਕੇ ‘ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ‘ਆਦਿ ਗ੍ਰੰਥ’ ਸਾਹਿਬ ਜੀ ਨੂੰ ਲਿਖਣ ਸਮੇਂ ਨਿਰਧਾਰਿਤ ਕੀਤੀ ਤਰਤੀਬ ’ਚ ਕੁੱਝ ਅਭਾਵ ਨਜ਼ਰ ਆਉਂਦਾ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੁੰਦੀਆਂ ਬੇਅਦਬੀਆਂ ਨੂੰ ਵੇਖਦਿਆਂ ਅੱਗ ਤੇ ਪਾਣੀ ਨਾਲ਼ ਖਰਾਬ ਨਾ ਹੋਣ ਵਾਲ਼ੇ ਪੇਪਰਾਂ ’ਚ ਆਧੁਨਿਕ ਪ੍ਰੈਸ ਪਿੰਟਿੰਗ ਰਾਹੀਂ ਬੀੜਾਂ ਛਾਪਣ ਦੇ ਸੁਝਾਅ; ਸੰਗਤਾਂ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਜਾ ਰਹੇ ਹਨ। ਬੜਾ ਜ਼ਰੂਰੀ ਹੈ ਕਿ ਜਾਣੇ ਅਣਜਾਣੇ ’ਚ ਹੋਈਆਂ ਉਕਤ ਤਰੁਟੀਆਂ ਨੂੰ ਪਹਿਲਾਂ ਪੰਥਕ ਵਿਦਵਾਨਾਂ ਨੂੰ ਇਕੱਤਰ ਕਰ ਸੋਧ ਲਿਆ ਜਾਵੇ ਤਾਂ ਕਿ ਨਵੀਂ ਛਪਾਈ ’ਚ ਇਹ ਤਰੁਟੀਆਂ ਸੰਗਤਾਂ ’ਚ ਹੋਰ ਦੁਬਿਧਾਵਾਂ ਪੈਦਾ ਨਾ ਕਰਨ।