ਪਾਪਾ ਬਾਝਹੁ ਹੋਵੈ ਨਾਹੀ

0
1345

ਪਾਪਾ ਬਾਝਹੁ ਹੋਵੈ ਨਾਹੀ

ਸ. ਰਣਜੀਤ ਸਿੰਘ (ਲੁਧਿਆਣਾ)-99155-15436                       

ਮਨੁੱਖ ਦੇ ਜੀਉਂਦੇ ਰਹਿਣ ਲਈ ਰੋਟੀ, ਕੱਪੜਾ ਤੇ ਮਕਾਨ ਮੁੱਢਲੀਆਂ ਲੋੜਾਂ ਹਨ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਧਨ ਦੀ ਲੋੜ ਹੈ। ਪਰਵਾਰ ਦਾ ਪਾਲਣ ਪੋਸ਼ਣ ਕਰਨ ਲਈ ਧਨ ਕਮਾਉਣਾ ਵਡੀ ਜ਼ਰੂਰਤ ਹੈ। ਇਸ ਲਈ ਮਨੁੱਖ ਨੂੰ ਕੋਈ ਨਾ ਕੋਈ ਕਿਰਤ ਕਰਨੀ ਪੈਂਦੀ ਹੈ। ਇਹ ਨਿਯਮ ਕਿਸੇ ਇੱਕ ਵਿਅਕਤੀ ਉੱਤੇ ਜਾਂ ਕਿਸੇ ਖ਼ਾਸ ਖਿੱਤੇ ਵਿੱਚ ਲਾਗੂ ਨਹੀਂ ਹੁੰਦਾ ਸਗੋਂ ਸਮੁੱਚੀ ਮਨੁੱਖਤਾ ’ਤੇ ਇਹ ਨਿਯਮ ਲਾਗੂ ਹੁੰਦਾ ਹੈ। ਧਨ ਦੀ ਪ੍ਰਾਪਤੀ ਲਈ ਕਈ ਵਾਰ ਲੰਮੀ ਦੌੜ ਲੱਗ ਜਾਂਦੀ ਹੈ। ਹਰ ਵਿਅਕਤੀ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ। ਇਸ ਦੌੜ ਵਿੱਚ ਮਨੁੱਖ ਕਈ ਵਾਰ ਪਾਪ ਵੀ ਕਰਦਾ ਹੈ ਤੇ ਅਪਰਾਧੀ ਵੀ ਬਣ ਜਾਂਦਾ ਹੈ। ਇਸ ਤੋਂ ਅੱਗੇ ਚੱਲੀਏ ਤਾਂ ਬਹੁਤੇ ਧਨ ਵਾਲੇ ਲੋਕ ਘਟ ਧਨ ਵਾਲਿਆਂ ਨੂੰ ਦਬਾਅ ਕੇ ਰੱਖਣ ਵਿੱਚ ਆਪਣੀ ਖੁਸ਼ੀ ਮਹਿਸੂਸ ਕਰਦੇ ਹਨ। ਵਿਸ਼ਵ ਪੱਧਰ ’ਤੇ ਵੀ ਅਮੀਰ ਦੇਸ਼ ਗਰੀਬ ਦੇਸ਼ਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਅਜਿਹੇ ਹਾਲਾਤ ਵਿੱਚ ਜੀਵਨ ਨੂੰ ਸਾਂਵਾਂ (ਖੁਸ਼ਹਾਲ) ਪੱਧਰਾ ਰੱਖਣ ਲਈ ਗੁਰਮਤਿ ਨੇ ਜੋ ਅਗਵਾਈ ਦਿੱਤੀ ਹੈ, ਉਹ ਇਹ ਹੈ ਕਿ ਮਨੁੱਖ ‘ਧਰਮ ਦੀ ਕਿਰਤ ਕਰੇ’।

‘ਧਰਮ ਦੀ ਕਿਰਤ’ ਦਾ ਸਤਿਕਾਰ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ ਪਕਵਾਨਾਂ ਨੂੰ ਠੁਕਰਾਅ ਕੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪਰਵਾਨ ਕੀਤਾ ਅਤੇ ਮਨੁੱਖਤਾ ਨੂੰ ਸਮਝਾਇਆ ਕਿ ਬੇਈਮਾਨੀ ਦੀ ਕਮਾਈ ਨਾਲ ਤਿਆਰ ਕੀਤੇ ਪਦਾਰਥ ਖਾਣ ਨੂੰ ਭਾਵੇਂ ਬਹੁਤ ਸੁਆਦਲੇ ਲੱਗਦੇ ਹਨ ਪਰ ਧਰਮੀ ਮਨੁੱਖਾਂ ਦੇ ਹਿਰਦੇ ’ਤੇ ਭੈੜਾ ਪ੍ਰਭਾਵ ਪਾਉਂਦੇ ਹਨ; ਜਿਵੇਂ ਕਿੱਕਰ ਦਾ ਬੀਜ ਬਹੁਤ ਨਰਮ ਹੁੰਦਾ ਹੈ ਪਰ ਜਦੋਂ ਦਰੱਖ਼ਤ ਦਾ ਰੂਪ ਧਾਰਨ ਕਰਦਾ ਹੈ ਤਾਂ ਕੰਡੇ ਤੇ ਸੂਲ਼ਾਂ ਆਪਣੇ ਆਪ ਨਿਕਲ ਆਉਂਦੇ ਹਨ। ਜੀਵਨ ਨਿਰਬਾਹ ਕਰਨ ਲਈ ਜਿਹੜੇ ਮਨੁੱਖ ਮਿਹਨਤ ਤੇ ਹੱਕ ਹਲਾਲ ਦੀ ਕਮਾਈ ਕਰਕੇ ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕਰਦੇ ਹਨ, ਉਹ ਜੀਵਨ ਦੇ ਸਹੀ ਰਸਤੇ ਨੂੰ ਪਛਾਣਦੇ ਹਨ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਘਾਲਿ ਖਾਇ, ਕਿਛੁ ਹਥਹੁ ਦੇਇ ਨਾਨਕ  ! ਰਾਹੁ ਪਛਾਣਹਿ ਸੇਇ ’’ (ਸਾਰੰਗ ਕੀ ਵਾਰ/: /੧੨੪੫) ਗੁਰੂ ਅਰਜਨ ਦੇਵ ਜੀ ਵੀ ਸਭ ਨੂੰ ਉਦਮ ਤੇ ਮਿਹਨਤ ਕਰਨ ਦੀ ਪ੍ਰੇਰਣਾ ਦੇ ਨਾਲ-ਨਾਲ  ਉਸ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਉਂਦੇ ਹਨ : ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ  ! ਉਤਰੀ ਚਿੰਤ ’’ (ਗੂਜਰੀ ਕੀ ਵਾਰ/: /੫੨੨)

ਗੁਰਮਤਿ ਅਨੁਸਾਰ ਮਨੁੱਖ; ਸੱਚੀ ਤੇ ਸੁੱਚੀ ਕਿਰਤ ਕਰੇ ਤੇ ਕਿਸੇ ਦਾ ਹੱਕ ਨਾ ਮਾਰੇ। ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕਿਰਤੀ ਨੂੰ ਉਸ ਦਾ ਮਾਲਕ ਉਚਿਤ ਫਲ਼ ਦੇਵੇ ਭਾਵ ਉਸ ਦਾ ਹੱਕ ਨਾ ਮਾਰੇ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ’’ (ਆਸਾ ਕੀ ਵਾਰ/: /੪੭੪), ਕਿਰਤੀ ਵੀ ਸ਼ੁੱਧ ਹਿਰਦੇ ਨਾਲ ਕਿਰਤ ਕਰੇ, ਫਿਰ ਹੀ ਦੋਹਾਂ (ਮਾਲਕ ਤੇ ਨੌਕਰ) ਦੀ ਵਿਚਾਰਕ ਪੱਖੋਂ ਸਾਂਝ ਬਣਦੀ ਹੈ। ਕਿਸੇ ਦਾ ਹੱਕ ਮਾਰਨਾ ਇਸ ਤਰ੍ਹਾਂ ਹੈ; ਜਿਵੇਂ ਹਿੰਦੂ ਲਈ ਗਊ ਦਾ ਮਾਸ ਖਾਣਾ ਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣਾ।  ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਹਕੁ ਪਰਾਇਆ ਨਾਨਕਾ  ! ਉਸੁ ਸੂਅਰ ਉਸੁ ਗਾਇ ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਖਾਇ ’’  (ਮਾਝ ਕੀ ਵਾਰ/: /੧੪੧), ਜ਼ੋਰ ਅਤੇ ਧੱਕੇ ਨਾਲ ਕਿਸੇ ਦਾ ਹੱਕ ਮਾਰਨ ਦੀ ਗੁਰੂ ਸਾਹਿਬਾਨ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਿਰਤੀ ਨੂੰ ਘੱਟ ਉਜਰ ਦੇਣਾ, ਉਸ ਦਾ ਖ਼ੂਨ ਨਿਚੋੜਣ ਦੇ ਬਰਾਬਰ ਹੈ, ਜਿਸ ਨਾਲ ਮਨ ਤੇ ਤਨ ਦੋਵੇਂ ਅਪਵਿੱਤਰ ਹੁੰਦੇ ਹਨ।  ਅਜਿਹੇ ਮਨੁੱਖਾਂ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ।  ਗੁਰੂ ਨਾਨਕ ਦੇਵ ਜੀ ਅਜਿਹੇ ਮਨੁੱਖਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ : ‘‘ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ  ?’’ (ਮਾਝ ਕੀ ਵਾਰ/: /੧੪੦) ਭਗਤ ਕਬੀਰ ਜੀ ਭਰਿਸ਼ਟ ਤਰੀਕੇ ਨਾਲ ਕੀਤੀ ਹੋਈ ਕਮਾਈ ਦੀ ਸਖ਼ਤ ਤਾੜਨਾ ਕਰਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਧੀਆਂ ਪੁੱਤਰਾਂ ਤੇ ਪਤਨੀ ਦੇ ਉੱਪਰ ਤੂੰ ਪਾਪ ਦੀ ਕਮਾਈ ਕਰਕੇ ਧਨ ਲੁਟਾਉਂਦਾ ਹੈਂ, ਅਕਾਲ ਪੁਰਖ ਦੇ ਦਰ ’ਤੇ ਇਸ ਦਾ ਹਿਸਾਬ ਕਿਤਾਬ, ਉਹਨਾਂ ਕੋਲੋਂ ਨਹੀਂ ਸਗੋਂ ਤੇਰੀ ਆਤਮਾ ਕੋਲੋਂ ਹੀ ਲਿਆ ਜਾਣਾ ਹੈ : ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ਸੁਤ ਦਾਰਾ ਪਹਿ, ਆਨਿ ਲੁਟਾਵੈ ਮਨ ਮੇਰੇ ਭੂਲੇਕਪਟੁ ਕੀਜੈ ਅੰਤਿ ਨਿਬੇਰਾ; ਤੇਰੇ ਜੀਅ ਪਹਿ ਲੀਜੈ ਰਹਾਉ (ਸੋਰਠਿ/ਭਗਤ ਕਬੀਰ/੬੫੬), ਇਸ ਤੋਂ ਵੀ ਅੱਗੇ ਹੋਰ ਤਾੜਨਾ ਕਰਦੇ ਹੋਏ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਜਦੋਂ ਤੇਰੇ ’ਤੇ ਬੁਢੇਪਾ ਆ ਜਾਵੇਗਾ ਤਾਂ ਜਿਨ੍ਹਾਂ ਬੱਚਿਆਂ ਦੀ ਖਾਤਰ ਤੂੰ ਬੇਈਮਾਨੀ ਨਾਲ ਧਨ ਕਮਾਇਆ ਸੀ, ਉਹਨਾਂ ਨੇ ਤੇਰੀ ਬੁੱਕ ਵਿੱਚ ਪਾਣੀ ਦਾ ਘੁੱਟ ਵੀ ਨਹੀਂ ਪਾਉਣਾ: ‘‘ਛਿਨੁ ਛਿਨੁ ਤਨੁ ਛੀਜੈ; ਜਰਾ ਜਨਾਵੈ ਤਬ ਤੇਰੀ ਓਕ; ਕੋਈ ਪਾਨੀਓ ਪਾਵੈ ’’ (ਸੋਰਠਿ/ਭਗਤ ਕਬੀਰ/੬੫੬)

ਇੱਕ ਅਟੱਲ ਸਚਾਈ ਹੈ ਕਿ ਭਰਿਸ਼ਟ ਸਾਧਨ ਅਪਨਾਏ ਤੋਂ ਬਿਨਾਂ ਤਜੌਰੀਆਂ ਵੀ ਨਹੀਂ ਭਰੀਆਂ ਜਾ ਸਕਦੀਆਂ। ਜੀਵਨ ਨੂੰ ਸਾਂਵਾਂ ਪੱਧਰ ਚਲਾਉਣ ਲਈ ‘ਧਰਮ ਦੀ ਕਿਰਤ’ ਹੀ ਇੱਕੋ ਸਾਧਨ ਹੈ, ਜੋ ਗੁਰਮਤਿ ਨੇ ਸਮਝਾਇਆ ਹੈ। ਬੇਓੜਕ ਤੇ ਅਣਗਿਣਤ ਧਨ, ਹੇਰਾ ਫੇਰੀਆਂ ਨਾਲ, ਰਿਸ਼ਵਤ ਨਾਲ ਅਤੇ ਦੂਜਿਆਂ ਦਾ ਹੱਕ ਮਾਰ ਕੇ ਹੀ ਇਕੱਠਾ ਕੀਤਾ ਜਾ ਸਕਦਾ ਹੈ।  ਗੁਰਮਤਿ ਦਾ ਇਹ ਸਿਧਾਂਤ ਅਟੱਲ ਹੈ ਕਿ ਪਾਪਾਂ ਤੋਂ ਬਿਨਾਂ ਧਨ ਦੇ ਅੰਬਾਰ ਨਹੀਂ ਲੱਗ ਸਕਦੇ ਤੇ ਇਹ ਵੀ ਸਚਾਈ ਹੈ ਕਿ ਮਰਨ ਤੋਂ ਬਾਅਦ ਇਹ ਧਨ ਨਾਲ ਵੀ ਨਹੀਂ ਜਾਂਦਾ। ਧਨ ਜੋੜਨ ਦੀ ਦੌੜ ਵਿੱਚ ਲੱਗਾ ਹੋਇਆ ਮਨੁੱਖ ਇਸ ਸੰਸਾਰ ਤੋਂ ਖ਼ਾਲੀ ਹੱਥ ਹੀ ਜਾਂਦਾ ਹੈ : ‘‘ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਜਾਈ ’’ (ਆਸਾ/: /੪੧੭)

ਗੁਰਬਾਣੀ; ਮਨੁੱਖ ਨੂੰ ਬਾਰ-ਬਾਰ ਧਨ ਪਦਾਰਥਾਂ ਦੇ ਮੋਹ ਨੂੰ ਤਿਆਗਣ ਲਈ ਪ੍ਰੇਰਣਾ ਕਰਦੀ ਹੈ। ਨਾਜਾਇਜ਼ ਤਰੀਕੇ ਨਾਲ ਕਮਾਏ ਹੋਏ ਧਨ ਕਾਰਨ ਮਨੁੱਖ ਐਸ਼ਪ੍ਰਸਤੀ ਵਿੱਚ ਫਸ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ; ਉਸ ਉੱਤੇ ਆਪਣਾ ਗ਼ਲਬਾ (ਦਾਬਾ) ਪਾ ਲੈਂਦੇ ਹਨ ਤੇ ਮਨੁੱਖ ਦਾ ਜੀਵਨ ਵਿਕਾਰੀ ਬਣ ਜਾਂਦਾ ਹੈ। ਦੂਜਿਆਂ ਦੇ ਧਨ ਪਦਾਰਥ ਨੂੰ ਹੜੱਪਣ ਲਈ ਕਈ ਤਰ੍ਹਾਂ ਦੇ ਪਾਪ ਕਰਦਾ ਹੈ। ਅਸਲ ਵਿੱਚ ਸਾਰੀਆਂ ਬੁਰਿਆਈਆਂ ਦੀ ਜੜ੍ਹ ਗ਼ਲਤ ਤਰੀਕੇ ਨਾਲ ਕਮਾਇਆ ਹੋਇਆ ਧਨ ਹੈ। ਹਜ਼ਾਰਾਂ ਰੁਪਏ ਕਮਾ ਕੇ ਲੱਖਾਂ ਵੱਲ ਦੌੜਦਾ ਹੈ, ਪਰ ਮ੍ਰਿਗਤ੍ਰਿਸ਼ਨਾ ਵਾਂਗ ਉਸ ਦੀ ਪਿਆਸ ਕਦੇ ਨਹੀਂ ਮਿਟਦੀ।  ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਸਹਸ ਖਟੇ, ਲਖ ਕਉ ਉਠਿ ਧਾਵੈ   ਤ੍ਰਿਪਤਿ ਆਵੈ; ਮਾਇਆ ਪਾਛੈ ਪਾਵੈ ’’ (ਗਉੜੀ ਸੁਖਮਨੀ/: /੨੭੯), ਇਉਂ ਤ੍ਰਿਸ਼ਨਾ ਕਦੀ ਵੀ ਸ਼ਾਂਤ ਨਹੀਂ ਹੁੰਦੀ। ਮਨ; ਹਮੇਸ਼ਾਂ ਭਟਕਣਾ ਵਿੱਚ ਰਹਿੰਦਾ ਹੈ। ਅਜਿਹਾ ਮਨੁੱਖ ਪ੍ਰਮਾਤਮਾ ਦੇ ਡਰ ਨੂੰ ਮਨੋਂ ਵਿਸਾਰ ਦਿੰਦਾ ਹੈ। ਅਜਿਹੀ ਤ੍ਰਿਸ਼ਨਾ ਦੀ ਅਵਸਥਾ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਗਉੜੀ ਰਾਗ ਵਿੱਚ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਤ੍ਰਿਸਨਾ; ਬਿਰਲੇ ਹੀ ਕੀ ਬੁਝੀ ਹੇ ਰਹਾਉ ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਹੋਰੇ ਪਰੈ ਪਰੈ ਹੀ ਕਉ ਲੁਝੀ ਹੇ ’’ (ਗਉੜੀ/: /੨੧੩), ਪਾਪ ਕਰਕੇ ਕਮਾਈ ਹੋਈ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਆਮ ਸਧਾਰਨ ਮਨੁੱਖ ਤੋਂ ਲੈ ਕੇ ਵੱਡੇ ਵੱਡੇ ਰਾਜੇ ਵੀ ਸੜ ਰਹੇ ਹਨ। ਜਿਨ੍ਹਾਂ ਸੁੱਖਾਂ ਦੇ ਪਿੱਛੇ ਮਨੁੱਖ ਪਾਪ ਕਰਕੇ ਦੌੜਦਾ ਫਿਰਦਾ ਹੈ, ਉਹ ਸੁੱਖ ਦੀ ਥਾਂ ਸਰੀਰਕ ਤੇ ਮਾਨਸਿਕ ਦੁੱਖ ਸਹੇੜ ਲੈਂਦਾ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ : ‘‘ਤ੍ਰਿਸਨਾ ਅਗਨਿ ਜਲੈ ਸੰਸਾਰਾ ਜਲਿ ਜਲਿ ਖਪੈ; ਬਹੁਤੁ ਵਿਕਾਰਾ ’’ (ਮਾਰੂ ਸੋਲਹੇ/: /੧੦੪੪), ਧਨ ਪਦਾਰਥਾਂ ਵਿੱਚ ਚਿੱਤ ਜੋੜੀ ਰੱਖਣ ਵਾਲੇ ਮਨੁੱਖ ਨੂੰ ਅੰਨ੍ਹਾ ਤੇ ਬੋਲਾ ਕਿਹਾ ਗਿਆ ਹੈ। ਇਸ ਦਾ ਭਾਵ ਹੈ ਕਿ ਉਹ ਜੀਵਨ ਦੀ ਸਚਾਈ ਵੱਲੋਂ ਅਗਿਆਨੀ ਹੈ। ਉਸ ਨੂੰ ਇਸ ਗੱਲ ਦੀ ਸੋਝੀ ਹੀ ਨਹੀਂ ਕਿ ਜਿਹੜੇ ਪਾਪ ਕਰਕੇ ਉਹ ਧਨ ਪਦਾਰਥ ਇਕੱਠੇ ਕਰ ਰਿਹਾ ਹੈ, ਉਹਨਾਂ ਨੇ ਨਾਲ ਨਹੀਂ ਨਿਭਣਾ। ਅਜਿਹਾ ਵਿਅਕਤੀ ਗੁਰੂ ਉਪਦੇਸ਼ ਨੂੰ ਸੁਣਦਾ ਹੀ ਨਹੀਂ ਸਗੋਂ ਮਾਇਆ ਦੇ ਰੌਲੇ ਗੌਲੇ ਵਿੱਚ ਆਪਣੇ ਮਨ ਨੂੰ ਪ੍ਰਚਾਉਂਦਾ ਰਹਿੰਦਾ ਹੈ। ਗੁਰੂ ਅਮਰਦਾਸ ਜੀ ਅਜਿਹੇ ਲੋਕਾਂ ਬਾਰੇ ਫ਼ੁਰਮਾਉਂਦੇ ਹਨ : ‘‘ਮਾਇਆਧਾਰੀ; ਅਤਿ ਅੰਨਾ ਬੋਲਾ   ਸਬਦੁ ਸੁਣਈ; ਬਹੁ ਰੋਲ ਘਚੋਲਾ ’’ (ਗਉੜੀ ਕੀ ਵਾਰ/: /੩੧੩), ਕੋਈ ਮਨੁੱਖ ਇਸ ਭੁਲੇਖੇ ਵਿੱਚ ਨਾ ਰਹੇ ਕਿ ਹੱਦੋਂ ਵੱਧ ਧਨ ਆ ਜਾਣ ਨਾਲ ਉਸ ਦਾ ਜੀਵਨ ਸੁਖੀ ਹੋ ਜਾਵੇਗਾ। ਇਸ ਸਿਧਾਂਤ ਨੂੰ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਸਮਝਾਉਂਦੇ ਹਨ : ‘‘ਸੁਖੁ ਨਾਹੀ; ਬਹੁਤੈ ਧਨਿ ਖਾਟੇ ਸੁਖੁ ਨਾਹੀ; ਪੇਖੇ ਨਿਰਤਿ ਨਾਟੇ ਸੁਖੁ ਨਾਹੀ; ਬਹੁ ਦੇਸ ਕਮਾਏ ਸਰਬ ਸੁਖਾ; ਹਰਿ ਹਰਿ ਗੁਣ ਗਾਏ (ਭੈਰਉ/: /੧੧੪੭)

ਅਸਲ ਵਿੱਚ ਮਾਇਆ ਮਾੜੀ ਨਹੀਂ, ਜੋ ਸਾਡੇ ਰੁਕੇ ਹੋਏ ਸਾਰੇ ਕਾਰਜ ਸਵਾਰਦੀ ਹੈ। ਅਸਲ ਮਾੜਾਪਨ ਮਨੁੱਖ ਦੇ ਮਨ ਵਿੱਚ ਹੈ ਜੋ ਪ੍ਰਭੂ ਨੂੰ ਵਿਸਾਰ ਕੇ ਗ਼ਲਤ ਤਰੀਕੇ ਨਾਲ ਧਨ ਪਦਾਰਥ ਇਕੱਠੇ ਕਰਨ ਲਈ ਪ੍ਰੇਰਦਾ ਹੈ। ਜਿਹੜੇ ਮਨੁੱਖ ਧਨ ਦੌਲਤ ਦੀ ਖਾਤਰ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਨ, ਉਹ ਹਮੇਸ਼ਾਂ ਹੀ ਖ਼ੁਆਰ  ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਅਜਿਹੇ ਮਨੁੱਖਾਂ ਨੂੰ ਸਾਵਧਾਨ ਕਰਦੇ ਹੋਏ ਸਮਝਾਉਂਦੇ ਹਨ : ‘‘ਦੁਖੀ ਦੁਨੀ ਸਹੇੜੀਐ; ਜਾਇ ਲਗਹਿ ਦੁਖ ਨਾਨਕ  ! ਸਚੇ ਨਾਮ ਬਿਨੁ; ਕਿਸੈ ਲਥੀ ਭੁਖ ’’ (ਮਲਾਰ ਕੀ ਵਾਰ/: /੧੨੮੭)

ਮਨੁੱਖ; ਧਨ ਪਦਾਰਥ ਇਕੱਠੇ ਕਰਨ ਲਈ ਅਨੇਕਾਂ ਠੱਗੀਆਂ ਕਰਦਾ ਹੈ। ਪੈਸਾ ਕਮਾਉਣ ਦੀ ਖਾਤਰ ਆਪਣੇ ਸਿਰ ਉੱਤੇ ਬਦਨਾਮੀ ਦੀ ਸੁਆਹ ਪਾਉਂਦਾ ਫਿਰਦਾ ਹੈ। ਜਿਸ ਪ੍ਰਭੂ ਨੇ ਸਭ ਕੁੱਝ ਦਿੱਤਾ ਹੈ ਉਸ ਨੂੰ ਬਿਲਕੁਲ ਯਾਦ ਨਹੀਂ ਕਰਦਾ। ਗੁਰੂ ਅਰਜਨ ਦੇਵ ਜੀ ਅਜਿਹੇ ਮਨੁੱਖ ਨੂੰ ਸਮਝਾਉਂਦੇ ਹੋਏ ਫ਼ੁਰਮਾਉਂਦੇ ਹਨ : ‘‘ਧਰਤ ਧੋਹ ਅਨਿਕ ਛਲ ਜਾਨੈ ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ਜਿਨਿ ਦੀਆ; ਤਿਸੈ ਚੇਤੈ ਮੂਲਿ ਮਿਥਿਆ ਲੋਭੁ; ਉਤਰੈ ਸੂਲੁ ’’ (ਰਾਮਕਲੀ/: /੮੯੯)

ਅਸਲ ਵਿੱਚ ਮੋਹ ਮਾਇਆ ਵਿੱਚ ਭਰਿਸ਼ਟ ਹੋ ਚੁੱਕੀ ਬੁੱਧੀ ਵਾਲੇ ਮਨੁੱਖ ਦੇ ਮਨ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ ਕਿ ਇਸ ਠਗਨੀ ਮਾਇਆ ਦਾ ਡੰਗਿਆ ਹੋਇਆ ਜੀਵ ਉਹੀ ਕੰਮ ਕਰਦਾ ਹੈ ਜਿਸ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਜਦੋ ਕੋਈ ਮਨੁੱਖ ਛਲ-ਕਪਟ ਕਰਕੇ ਝੂਠਾ ਬੋਲ ਕੇ ਕੁਝ ਧਨ ਪਦਾਰਥ ਘਰ ਲੈ ਕੇ ਆਉਂਦਾ ਹੈ ਤਾਂ ਉਹ ਇਹ ਸਮਝ ਲੈਂਦਾ ਹੈ ਕਿ ਮੈਂ ਅੱਜ ਕੋਈ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ : ‘‘ਨਿਤ ਨਿਹਫਲ ਕਰਮ ਕਮਾਇ; ਬਫਾਵੈ ਦੁਰਮਤੀਆ ਜਬ ਆਣੈ, ਵਲਵੰਚ ਕਰਿ ਝੂਠੁ; ਤਬ ਜਾਣੈ, ਜਗੁ ਜਿਤੀਆ ’’ (ਤਿਲੰਗ/: /੭੨੩)

ਜਿਸ ਮਨੁੱਖ ਨੇ ਪਾਪਾਂ ਨਾਲ ਬਹੁਤ ਜ਼ਿਆਦਾ ਧਨ ਕਮਾਇਆ ਉਹ ਵੀ ਦੁਖੀ ਹੈ ਅਤੇ ਜਿਸ ਮਨੁੱਖ ਕੋਲ ਸੀਮਤ ਧਨ ਹੈ ਉਹ ਵੀ ਦੁਖੀ ਹੈ। ਘੱਟ ਧਨ ਵਾਲਾ ਆਪਣਾ ਮਕਾਨ ਵੀ ਨਹੀਂ ਬਣਾ ਸਕਦਾ। ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਪੂਰਾ ਕਰਨਾ ਉਸ ਲਈ ਮੁਸ਼ਕਿਲ ਹੁੰਦਾ ਹੈ। ਹੋਰ ਤਾਂ ਹੋਰ ਜੇਕਰ ਘਰ ਵਿੱਚ ਕੋਈ ਬੀਮਾਰੀ ਆ ਪਈ ਤਾਂ ਉਸ ਦਾ ਇਲਾਜ ਕਰਾਉਣਾ ਵੀ ਉਸ ਲਈ ਸੰਭਵ ਨਹੀਂ ਹੁੰਦਾ। ਇਹਨਾਂ ਚਿੰਤਾ ਝੋਰਿਆਂ ਵਿੱਚ ਉਹ ਪ੍ਰਭੂ ਦਾ ਨਾਮ ਕਿਵੇਂ ਜਪੇ, ਉਸ ਵਿੱਚ ਆਪਣਾ ਮਨ ਕਿਵੇਂ ਜੋੜੇ ? ਇਸ ਸੰਬੰਧੀ ਗੁਰੂ ਅਰਜਨ ਦੇਵ ਜੀ; ਮਨੁੱਖ ਨੂੰ ਸਮਝਾਉਂਦੇ ਹਨ ਕਿ ਜੇ ਕੋਈ ਦਿਨ ਰਾਤ ਖਾਣ ਦੇ ਫਿਕਰ ਵਿੱਚ ਹੀ ਗੁਜਾਰੇ ਤੇ ਉਸ ਦੇ ਚਿੱਤ ਵਿੱਚ ਰੱਬ ਦੀ ਯਾਦ ਨਾ ਹੋਵੇ ਤਾਂ ਉਹ ਨਰਕਾਂ ਵਿੱਚ ਪੈਣੋਂ ਕਿਵੇਂ ਬਚ ਸਕਦਾ ਹੈ। ਆਪ ਦਾ ਫ਼ੁਰਮਾਨ ਹੈ : ‘‘ਅਠੇ ਪਹਰ ਭਉਦਾ ਫਿਰੈ; ਖਾਵਣ ਸੰਦੜੈ ਸੂਲਿ ਦੋਜਕਿ ਪਉਦਾ ਕਿਉ ਰਹੈ ? ਜਾ ਚਿਤਿ ਹੋਇ ਰਸੂਲਿ ’’ (ਗਉੜੀ ਕੀ ਵਾਰ/: /੩੧੯), ਇਸ ਵਿਚਾਰ ਨੂੰ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਸੁੰਦਰ ਤੇ ਸੰਖੇਪ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ : ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ’’ (ਮਾਰੂ/: /੧੦੧੯)

ਇਤਿਹਾਸ ਵਿੱਚ ਭਾਈ ਸ਼ੀਆਂ ਨਾਂ ਦੇ ਵਿਅਕਤੀ ਦਾ ਜ਼ਿਕਰ ਆਉਂਦਾ ਹੈ। ਇਹ ਮਜਦੂਰੀ ਕਰਨ ਵਾਲਾ ਅਤਿ ਦਾ ਗ਼ਰੀਬ ਸਿੱਖ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ। ਇੱਕ ਦਿਨ ਬਾਬਾ ਲਹਿਣਾ ਜੀ ਦੀ ਦੁਕਾਨ ਤੋਂ, ਸਾਰੇ ਦਿਨ ਦੀ ਦੋ ਪੈਸੇ ਦੀ ਕਮਾਈ ਦਾ ਘਰ ਲਈ ਸੌਦਾ ਲੈਣ ਗਿਆ। ਬਾਬਾ ਲਹਿਣਾ ਜੀ ਨੇ ਗ਼ਰੀਬ ਜਾਣ ਦੇ ਦੋ ਪੈਸੇ ਤੋਂ ਵੱਧ ਦਾ ਰਾਸ਼ਨ ਪਾ ਦਿੱਤਾ ਜਿਸ ਨੂੰ ਭਾਈ ਸ਼ੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਧਰਮ ਦੀ ਕਿਰਤ ਨਾਲ ਹੀ ਗੁਜਾਰਾ ਕਰਨਾ ਹੈ। ਬਾਬਾ ਲਹਿਣਾ ਜੀ ਬਹੁਤ ਹੈਰਾਨ ਹੋਏ ਤੇ ਫਿਰ ਉਸ ਦਾ ਸਬਰ ਸੰਤੋਖ ਵਾਲਾ ਗ੍ਰਹਿਸਤ ਜੀਵਨ ਵੇਖ ਕੇ ਅਤੇ ਉਸ ਦੇ ਗੁਰੂ ਦੀ ਦਿੱਤੀ ਸਿੱਖਿਆ ਅਨੁਸਾਰ ਚੱਲ ਰਹੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ। ਅਜਿਹਾ ਗ਼ਰੀਬ ਸਿੱਖ ਅਮੀਰੀ ਤੇ ਗ਼ਰੀਬੀ ਤੋਂ ਉੱਪਰ ਉਠ ਕੇ ਸੁਖੀ ਜੀਵਨ ਬਤੀਤ ਕਰ ਸਕਦਾ ਹੈ ਭਾਵਂ ਕਿ ਇਸ ਤਰ੍ਹਾਂ ਦਾ ਸੱਚਾ ਸੁੱਚਾ ਮਨੁੱਖ ਕੋਈ ਵਿਰਲਾ ਹੀ ਹੁੰਦਾ ਹੈ, ਜੋ ਤ੍ਰਿਸ਼ਨਾ ਦੀ ਅਗਨੀ ਤੋਂ ਨਿਰਲੇਪ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ, ਕੋਈ ਹਰਿਆ ਬੂਟੁ ਰਹਿਓ ਰੀ ’’ (ਆਸਾ/: /੩੮੪)

ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੀਵਨ ਦੀਆਂ ਮੁੱਢਲੀਆਂ ਲੋੜਾਂ ਨੂੰ ਸੌਖੇ ਤਰੀਕੇ ਨਾਲ ਪੂਰਾ ਕਰਨ ਲਈ ਅਤੇ ਸੁਖੀ ਜੀਵਨ ਬਤੀਤ ਕਰਨ ਲਈ ਗੁਰਮਤਿ ਨੇ ‘ਧਰਮ ਦੀ ਕਿਰਤ’ ਦਾ ਸਿਧਾਂਤ ਦਿੱਤਾ ਹੈ। ਇਸ ਦੇ ਨਾਲ ਹੀ ‘ਨਾਮ ਜਪਣ’ ਤੇ ‘ਵੰਡ ਛਕਣ’ ਦਾ ਉਪਦੇਸ਼ ਵੀ ਦਿੱਤਾ ਹੈ। ਨਾਮ ਉਹੀ ਮਨੁੱਖ ਜਪ ਸਕੇਗਾ ਜੋ ਧਰਮ ਦੀ ਕਿਰਤ ਕਰੇਗਾ ਕਿਉਂਕਿ ਨਾਮ ਜਪ ਕੇ ਉਸ ਨੂੰ ਇਹ ਸੋਝੀ ਆ ਜਾਵੇਗੀ ਕਿ ਉਹ ਕੇਵਲ ਆਪਣੇ ਲਈ ਹੀ ਨਹੀਂ ਜੀਉਂਦਾ ਸਗੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਵੀ ਧਰਮ ਹੈ। ਜਿਹੜੇ ਮਨੁੱਖ ਪਾਪਾਂ ਨਾਲ ਧਨ ਕਮਾਉਂਦੇ ਹਨ ? ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਭਉ ਤੇ ਭਾਉ ਨਹੀਂ ਰਹਿੰਦਾ। ਆਪਣੀ ਮਲੀਨ ਬੁੱਧੀ ਕਾਰਨ ਮਾਇਆ ਵਿੱਚ ਖਚਿਤ ਰਹਿੰਦੇ ਹਨ ਤੇ ਅੰਤ ਸਮੇਂ ਸਾਰੇ ਧਨ ਪਦਾਰਥ ਇੱਥੇ ਹੀ ਛੱਡ ਕੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਅਟੱਲ ਸਚਾਈ ਬਿਆਨ ਕਰਦੇ ਹਨ, ‘‘ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਜਾਈ ’’ (ਆਸਾ/: /੪੧੭)