ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਆਦਰਸ਼ਕ ਜੀਵਨ

0
742

ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਆਦਰਸ਼ਕ ਜੀਵਨ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੁਕੇਸ਼ਨ)

ਜਿਵੇਂ ਹਵਾ, ਪਾਣੀ, ਧਰਤੀ ਆਦਿ ਸਾਰੀ ਮਾਨਵਤਾ ਲਈ ਸਾਂਝੇ ਅਤੇ ਸਰਬ ਲਈ ਸੁਖਦਾਈ ਹਨ, ਤਿਵੇਂ ਹੀ ਮਨੁੱਖਤਾ ਨੂੰ ਪਾਪ ਕਰਮ ਤੋਂ ਬਚਾ ਕੇ ਸਦਾਚਾਰੀ ਜੀਵਨ ਜੀਊਣ ਦਾ ਰਾਹ ਕੇਵਲ ਸਚਿਆਰ ਜੀਵਨ ਹੈ, ‘‘ਸਚੁ ਸਭਨਾ ਹੋਇ ਦਾਰੂ; ਪਾਪ ਕਢੈ ਧੋਇ॥ (ਪੰਨਾ ੪੬੮) ਦੇ ਨਿਯਮ ਹੀ ਸਭ ’ਤੇ ਲਾਗੂ ਹੁੰਦਾ ਹਨ। ਸਾਰੀ ਮਾਨਵਤਾ ਲਈ ‘‘ਕਿਵ ਸਚਿਆਰਾ ਹੋਈਐ॥’’ ਸਾਂਝਾ ਮਸਲਾ ਜਾਂ ਪ੍ਰਸ਼ਨ ਹੈ, ‘‘ਹੁਕਮਿ ਰਜਾਈ ਚਲਣਾ’’ ਹੀ ਇਸ ਦਾ ਸਰਬ ਸਾਂਝਾ ਹੱਲ ਹੈ, ‘ਘਰ ਘਰ ਅੰਦਰ ਧਰਮਸਾਲ’ ਰਾਹੀਂ ਜੀਵਨ ਨੂੰ ਸਿਰਜਣ ਦਾ ਨਰੋਆ ਢੰਗ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਰਾਹੀਂ ਇਸੇ ਸਿਧਾਂਤ ਦਾ ਪ੍ਰਚਾਰ ਕੀਤਾ। ਮਨੁੱਖਤਾ ਨੂੰ ਸਚਿਆਰ ਜੀਵਨ ਦਾ ਅਮਲੀ ਜਾਮਾ ਪਹਿਣਾਉਣ ਲਈ ਕਰਤਾਰਪੁਰ ਵਿੱਚ ਬੈਠ ਕੇ ‘‘ਗਿਆਨ ਗੋਸਟਿ ਚਰਚਾ ਸਦਾ; ਅਨਹਦਿ ਸਬਦ ਉਠੇ ਧੁਨਕਾਰਾ॥ ਸੋ ਦਰੁ ਆਰਤੀ ਗਾਈਐ; ਅੰਮ੍ਰਿਤ ਵੇਲੇ ਜਾਪ ਉਚਾਰਾ॥’’ (ਵਾਰ ਭਾਈ ਗੁਰਦਾਸ ਜੀ) ਰਾਹੀਂ ‘‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥’’ (ਮ: ੧, ਪੰਨਾ ੬੨) ਦੀ ਜੀਵਨ ਜਾਚ ਸਮਝਾਈ।  ਸਭ ਗੁਰੂ ਸਾਹਿਬਾਨ ਨੇ ਇਸ ਆਦਰਸ਼ ਨੂੰ ਕਾਰਜ-ਖੇਤਰ ਮੰਨਿਆ, ਪਰ ਇਸ ਸਦਾਚਾਰ ਜੀਵਨ ਜਾਚ ਪਿੱਛੇ ਬੜੀ ਮਹੱਤਵ ਪੂਰਨ ਗੱਲ ਇਹ ਹੈ ਕਿ ਇਹ ਜੀਵਨ ਜਾਚ ਕਿਸੇ ਦੇਹਧਾਰੀ ਰੂਪ ਵਿੱਚ ਨਹੀਂ ਬਲਕਿ ਸਬਦੁ ਗੁਰੂ ਦੇ ਰਾਹੀਂ ਦ੍ਰਿੜ੍ਹ ਕਰਵਾਈ ਗਈ, ‘‘ਜਿਨ ਸਬਦਿ ਗੁਰੂ ਸੁਣਿ ਮੰਨਿਆ; ਤਿਨ ਮਨਿ ਧਿਆਇਆ ਹਰਿ ਸੋਇ ॥’’ (ਮ: ੩/੨੭) ਦੇ ਸਿਧਾਂਤ ਨੂੰ ਪਰਪੱਕ ਕਰ ਦਿੱਤਾ।  ‘ਸਬਦੁ ਗੁਰੂ’ ਨੂੰ ਪੋਥੀ ਸਾਹਿਬ ਦਾ ਰੂਪ ਪਾਤਸ਼ਾਹੀ ਪਹਿਲੀ ਨੇ ਹੀ ਦੇ ਦਿੱਤਾ ਸੀ, ਫਿਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਨੇ ‘‘ਸਬਦੁ ਗੁਰੂ ਪਰਕਾਸਿਓ.. ॥’’ (ਭਟ ਕਲੵ /੧੪੦੭) ਦਾ ਪਰਉਪਕਾਰ ਕਰ ਦਿੱਤਾ ਤਾਂ ਕਿ ਸਦੀਵ ਕਾਲ ਹੀ ਮਾਨਵਤਾ; ਸਬਦੁ ਗੁਰੂ ਤੋਂ ਸਦਾਚਾਰੀ ਆਦਰਸ਼ਕ ਜੀਵਨ ਦੀ ਅਗਵਾਈ ਪ੍ਰਾਪਤ ਕਰਦੀ ਰਹੇ।

ਧਰਮ ਅਤੇ ਸਦਾਚਾਰੀ ਦੇ ਉਦੇਸ਼ਾਂ ਵਿੱਚ ਇੱਕ ਬੁਨਿਆਦੀ ਸਾਂਝ ਹੈ ‘ਮਨੁੱਖੀ ਉੱਤਮਤਾ ਦੇ ਮਨੋਰਥ ਦੀ ਸਾਂਝ’।  ਧਰਮ ਦਾ ਅਧਿਆਤਮਕ ਸੰਦੇਸ਼, ਸਰਬ ਕਲਿਆਣ ਹਿੱਤ ਦਾ ਮਾਰਗ ਦਰਸਾਂਦਾ ਹੈ, ਜੋ ਮਨੁੱਖ ਅੰਦਰੋਂ ਹਉਮੈ, ਤੰਗਦਿਲੀ ਨੂੰ ਖ਼ਤਮ ਕਰਦਾ ਹੈ। ਮਨੁੱਖ ਅੰਦਰ ਦੈਵੀ ਦ੍ਰਿਸ਼ਟੀ ਅਤੇ ਵਿਸ਼ਵਾਸ ਵਿਕਸਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਦਾਚਾਰ ਦਾ ਮਾਰਗ ਸੁਚੇਤ ਕਰਮ ਅਤੇ ਸਵੈ-ਭਰੋਸੇ ਦਾ ਮਾਰਗ ਹੈ। ਇਹ ਵਿਅਕਤੀ ਨੂੰ ਮਨੁੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਬਾਰੇ ਸੇਧ ਦਿੰਦਾ ਹੈ ਅਤੇ ਇਸ ਨੂੰ ਸੁਆਰਥੀ ਹਿੱਤਾਂ ਤੋਂ ਉੱਪਰ ਉੱਠ ਕੇ ਯਤਨਸ਼ੀਲ ਹੋਣ ਲਈ ਪ੍ਰੇਰਦਾ ਹੈ। ਧਰਮ ਉਪਦੇਸ਼ ਅਤੇ ਨੈਤਿਕ ਸਿੱਖਿਆ; ਦੋਵੇਂ ਮਨੁੱਖ ਦੇ ਵਿਅਕਤੀਗਤ ਤੇ ਸਮੂਹਿਕ ਜੀਵਨ ਨੂੰ ਵਧੇਰੇ ਸੁਚੱਜਾ, ਉੱਤਮ ਅਤੇ ਸਾਰਥਕ ਬਣਾਉਣ ਦਾ ਉਪਰਾਲਾ ਕਰਦੇ ਹਨ।

ਗੁਰਬਾਣੀ; ਆਦਰਸ਼ਕ ਵਿਅਕਤੀ ਨੂੰ ਬ੍ਰਹਮ ਗਿਆਨੀ, ਗੁਰਮੁਖ, ਸਾਧ, ਸੰਤ ਜਾਂ ਪੰਚ ਕਹਿ ਕੇ ਵਡਿਆਉਂਦੀ ਹੈ।  ਅਜਿਹੇ ਆਦਰਸ਼ਕ ਜੀਵਨ ਵਾਲੇ ਵਿਅਕਤੀ ਦਾ ਅਤਿ ਸ੍ਰੇਸ਼ਟ ਲੱਛਣ; ਜੀਵਨ ਮੁਕਤ ਅਵਸਥਾ ਹੈ। ਉਸ ਨੇ ਅਜਿਹੀ ਜੀਵਨ ਜਾਚ ਕਬੂਲੀ ਹੈ, ਜੋ ਇੱਕ ਪਾਸੇ ਅੰਦਰਲੇ ਸੁਰਤੀ ਦੁਆਰ ਨੂੰ ਖੋਲ੍ਹਦੀ ਹੈ ਅਤੇ ਦੂਜੇ ਪਾਸੇ ਸ਼ੁੱਭ ਕਰਮਾਂ ਲਈ ਉਤਸ਼ਾਹਿਤ ਕਰਦੀ ਹੈ। ਇਸ ਜੀਵਨ ਜੁਗਤੀ ਵਿੱਚ ਮੋਢਾ ਪਿੱਛੇ ਮੋੜਨ ਦੀ ਫ਼ੁਰਸਤ ਹੀ ਨਹੀਂ ਰਹਿੰਦੀ, ‘‘ਆਗਾਹਾ ਕੂ ਤ੍ਰਾਘਿ..॥ (ਮ: ੫, ਪੰਨਾ ੧੦੯੬) ਹੀ ਪ੍ਰਬਲ ਹੁੰਦੀ ਹੈ। ਉਹ ਆਤਮਕ ਬਲ ਰਾਹੀਂ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥ (ਮ: ੩, ਪੰਨਾ ੧੪੧੮) ਦਾ ਜੀਵਨ ਜਿਊਂਦੇ ਹੋਏ ‘ਸਾਈ ਭਲੀ ਕਾਰ’ ਦੀ ਕਮਾਈ ਕਰਦੇ ਹਨ, ਉਨ੍ਹਾਂ ਪਾਸ ‘‘ਸਚੁ ਵਰਤੁ ਸੰਤੋਖੁ ਤੀਰਥੁ; ਗਿਆਨੁ ਧਿਆਨੁ ਇਸਨਾਨੁ ॥  ਦਇਆ ਦੇਵਤਾ ਖਿਮਾ ਜਪਮਾਲੀ; ਤੇ ਮਾਣਸ ਪਰਧਾਨ ॥’’ (ਮ: ੧, ਪੰਨਾ ੧੨੪੫) ਨੈਤਿਕ ਗੁਣਾਂ ਦਾ ਖ਼ਜ਼ਾਨਾ ਹੁੰਦਾ ਹੈ।

ਗੁਰਬਾਣੀ ਦੁਆਰਾ ਸਿਰਜਿਆ ਜਾਂਦਾ ‘ਬ੍ਰਹਮ ਗਿਆਨੀ, ਸੰਤ, ਮਹਾਂਪੁਰਖ ਜਾਂ ਗੁਰਮੁਖ’; ਅਧਿਆਤਮਕ ਤੇ ਨੈਤਿਕ ਭਾਵਨਾ ਵਾਲਾ ਆਦਰਸ਼ਕ ਵਿਅਕਤੀ ਹੁੰਦਾ ਹੈ ਪਰ ਨਾਲ ਹੀ ਉਹ ਪ੍ਰਭੂ-ਭਗਤੀ ਦੇ ਪ੍ਰੇਮ ਵਿੱਚ ਰੱਤਾ ਉਸ ਦਾ ਰਹੱਸ ਮਾਨਣ ਵਾਲਾ ਰਸੀਆ ਵੀ ਹੁੰਦਾ ਹੈ। ਗੁਰਬਾਣੀ ਦਾ ਆਦਰਸ਼ਕ ਵਿਅਕਤੀ ਗਿਆਨਵਾਨ ਵੀ ਹੈ, ਸਦਾਚਾਰੀ ਵੀ ਅਤੇ ਪ੍ਰਭੂ ਦਾਤ ਭੋਗਣਹਾਰ ਵੀ ਹੈ। ਦੁਨੀਆਂ ਅੰਦਰ ਵਿੱਦਿਆ ਦੇ ਚਾਨਣ ਦੀ ਪ੍ਰਭੂਸੱਤਾ ਦੀ ਕੀਮਤ ਹੈ, ਜਿਸ ਦੀ ਕਮਾਈ ਸਧਾਰਨ ਵਿਅਕਤੀ ਦੇ ਜੀਵਨ ਵਿੱਚ ਗਿਆਨ ਦਾ ਉਜਾਲਾ ਕਰਦੀ ਹੈ। ਕਬੀਰ ਜੀ ਨੇ ਇਸ ਕੀਮਤ ਵੱਲ ਇੰਜ ਸੰਕੇਤ ਕੀਤਾ, ‘‘ਮਨ ਸਮਝਾਵਨ ਕਾਰਨੇ; ਕਛੂਅਕ ਪੜੀਐ ਗਿਆਨ॥’’ (ਪੰਨਾ ੩੪੦) ਪਰ ਨਾਲ ਹੀ ਸੁਚੇਤ ਕੀਤਾ ਕਿ ਘੱਟ ਵੱਧ ਗਿਆਨ ਦਾ ਮਾਣ ਨਾ ਕਰਨਾ ਬੈਠਣਾ, ‘‘ਜੋ ਪ੍ਰਾਣੀ ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ; ਪਰਮਗਤਿ ਪਾਵੈ॥’’ (ਪੰਨਾ ੧੯੭) ਆਦਰਸ਼ਕ ਜੀਵਨ ਜਾਚ ਸਾਨੂੰ ਸਮਝਾਉਂਦੀ ਹੈ ਕਿ ਜੇਕਰ ਵਿੱਦਿਆ ਨੇ ਹਉਮੈ ਦੀ ਝੱਖਣਾ ਝਾਖ ਦੂਰ ਨਹੀਂ ਕੀਤੀ ਤਾਂ ਪੜ੍ਹ-ਪੜ੍ਹ ਕੇ ਕਿਤਾਬਾਂ ਦੇ ਢੇਰ ਲਗਾਉਣ ਦਾ ਵੀ ਕੀ ਅਰਥ ? 

ਨਿਮਰਤਾ ਅਧੀਨ ਰਹਿ ਕੇ ਪ੍ਰਾਪਤ ਕੀਤੀ ਵਿੱਦਿਆ ਅਤੇ ਰੌਸ਼ਨ ਬੁੱਧੀ ਨੂੰ ਗੁਰਬਾਣੀ ਵਿੱਚ ਉੱਚ-ਸਥਾਨ ਮਿਲਿਆ ਹੋਇਆ ਹੈ, ਜਿਨ੍ਹਾਂ ਨੂੰ ਜਗਤ ਅਤੇ ਜੀਵਨ ਦੀ ਸਚਾਈ ਬਾਰੇ ਕੋਈ ਸੁੱਧ-ਬੁੱਧ ਨਹੀਂ, ਜੋ ਸਿਰਿਓਂ ਹੀ ਅਕਲ ਤੋਂ ਕੋਰੇ ਹਨ, ਜੋ ਅੱਖਰ ਦਾ ਭੇਦ ਨਹੀਂ ਜਾਣਦੇ; ਉਹ ਮਨੁੱਖ, ਗੁਰੂ ਨਾਨਕ ਸਾਹਿਬ ਭਾਵ ਗੁਰਬਾਣੀ ਦੀਆਂ ਨਜ਼ਰਾਂ ਵਿੱਚ ਖੋਤੇ ਤੋਂ ਵੱਧ ਨਹੀਂ।  ਪ੍ਰਭੂ ਸੇਵਾ ਅਤੇ ਸਿਮਰਨ ਲਈ ਵੀ ਅਕਲ ਦੀ ਲੋੜ ਹੈ। ਗੁਰਬਾਣੀ ਦਾ ਅਟੱਲ ਫ਼ੁਰਮਾਨ ਹੈ : ‘‘ਇਕਨਾ ਸਿਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ ਨ ਲਹੰਤਿ ॥  ਨਾਨਕ  ! ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ॥’’ (ਮ: ੧, ਪੰਨਾ ੧੪੧੧), ਇਸ ਲਈ ਅੰਮ੍ਰਿਤਮਈ ਬਚਨ ਕੀਤੇ ਗਏ ‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥’’ (ਮ: ੧, ਪੰਨਾ ੧੨੪੫) ਗੁਰਬਾਣੀ ਦਾ ਆਦਰਸ਼ ਦਰਸਾਉਂਦਾ ਹੈ, ‘‘ਜਬ ਲਗੁ ਦੁਨੀਆ ਰਹੀਐ; ਨਾਨਕ  ! ਕਿਛੁ ਸੁਣੀਐ ਕਿਛੁ ਕਹੀਐ ॥’’ (ਮ: ੧, ਪੰਨਾ ੬੬੧), ਪਰ ਨਾਲ ਹੀ ਇਹ ਸੂਝ ਹੋਵੇ, ‘‘ਸੰਤੁ ਮਿਲੈ; ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ; ਮਸਟਿ ਕਰਿ ਰਹੀਐ ॥’’ (ਭਗਤ ਕਬੀਰ, ਪੰਨਾ ੮੭੦), ਬ੍ਰਹਿਮੰਡ ਦੇ ਪਸਾਰੇ ਦੀ ਥਾਹ ਜਾਣਨ ਲਈ ਅੱਖਰੀ ਗਿਆਨ ਲਾਜ਼ਮੀ ਹੈ। ਭਾਸ਼ਾ ਦੀ ਸੋਝੀ ਤੋਂ ਬਿਨਾਂ ਧਰਮ ਗ੍ਰੰਥਾਂ ਦਾ ਅਧਿਐਨ ਕਿਵੇਂ ਕੀਤਾ ਤੇ ਸਮਝਿਆ ਜਾ ਸਕਦਾ ਹੈ। ਇਸ ਤੋਂ ਬਿਨਾਂ ਪਾਪਾਂ ਨਾਲ ਭਰੀ ਮੱਤ ਦੀ ਸਫ਼ਾਈ ਕਿੰਝ ਹੋ ਸਕਦੀ ਹੈ, ਇਸੇ ਲਈ ਫ਼ੁਰਮਾਨ ਹੈ : ‘‘ਦੀਵਾ ਬਲੈ; ਅੰਧੇਰਾ ਜਾਇ ॥  ਬੇਦ ਪਾਠ ਮਤਿ ਪਾਪਾ ਖਾਇ ॥  ਉਗਵੈ ਸੂਰੁ; ਨ ਜਾਪੈ ਚੰਦੁ ॥  ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ॥’’ (ਮ: ੧, ਪੰਨਾ ੭੯੧), ਦੇਖੌ ਭਾਈ  !  ਗੵਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥’’ (ਭਗਤ ਕਬੀਰ ਜੀ, ਪੰਨਾ ੩੩੧), ਇਸ ਲਈ ‘‘ਗਿਆਨੀਆ ਨੋ ਸਭੁ ਸਚੁ ਹੈ; ਸਚੁ ਸੋਝੀ ਹੋਈ ॥’’ (ਮ: ੩, ਪੰਨਾ ੪੨੫) ਹਕੀਕਤ ਦੀ ਟੋਹ ਆਪਣੇ ਅੰਦਰੋਂ ਲਾਉਣ ਵਾਲਾ ਹੀ ਗਿਆਨਵਾਨ ਹੈ, ‘‘ਆਪੁ ਬੀਚਾਰੇ; ਸੁ ਗਿਆਨੀ ਹੋਈ ॥੧॥ ਰਹਾਉ ॥’’ (ਮ: ੧, ਪੰਨਾ ੧੫੨) ਫਿਰ ‘‘ਜਹਾ ਗਿਆਨੁ ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥ (ਪੰਨਾ ੧੩੭੨) ਵੀ ਅਟੱਲ ਸਚਾਈ ਹੈ। ਪਰਉਪਕਾਰੀ ਤੇ ਆਦਰਸ਼ਕ ਜੀਵਨ ਦੀ ਇਸ ਤੋਂ ਸੰਖੇਪ ਅਤੇ ਭਰਪੂਰ ਪਰਿਭਾਸ਼ਾ ਕੀ ਹੋ ਸਕਦੀ ਹੈ ਕਿ ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥’’ (ਮ: ੧, ਪੰਨਾ ੩੫੬) ਅੱਖਰ ਦਾ ਭੇਦ ਪਾ ਕੇ ਵੀ ਜੇ ਆਚਰਨ ਨਾ ਸੁਧਰੇ ਤਾਂ ਵਿੱਦਿਆ ਵਿਅਰਥ ਹੈ, ‘‘ਮੰਦਾ ਕਿਸੈ ਨ ਆਖੀਐ; ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥’’ (ਮ: ੧, ਪੰਨਾ ੪੭੩) ਆਦਰਸ਼ਕ ਜੀਵਨ ਜਾਚ ਹੈ।

ਗੁਰਬਾਣੀ ਵਿੱਚ ਮਾਨਵਵਾਦ ਦਾ ਅਤੇ ਈਸ਼ਵਰਵਾਦ ਦਾ ਸੁਮੇਲ ਹੈ। ਈਸ਼ਵਰ ਦਾ ਪ੍ਰੇਮ; ਫਿਰ ਉਹ ਵੀ ਮਨੁੱਖਤਾ ਵਿੱਚ, ਇਸ ਲਈ ਈਸ਼ਵਰ ਨੂੰ ਦੇਖਣ ਦਾ ਵਸੀਲਾ; ਮਨੁੱਖ ਨੂੰ ਪਿਆਰਨ ਦਾ ਵਸੀਲਾ ਹੀ ਹੈ। ਮਨੁੱਖਤਾ ਦਾ ਪ੍ਰੇਮ; ਮਨੁੱਖੀ ਹਿਰਦਿਆਂ ਵਿੱਚ ਵਿਆਪਕ ਪ੍ਰਭੂ ਦੇ ਪ੍ਰੇਮ ਦਾ ਸਾਧਨ ਹੈ, ਫਿਰ ਸੋਝੀ ਹੁੰਦੀ ਹੈ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਮ: ੧, ਪੰਨਾ ੧੩), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥’’ (ਭਗਤ ਕਬੀਰ, ਪੰਨਾ ੧੩੪੯) ਜਾਂ ‘‘ਸਭੇ ਸਾਂਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’ (ਮ: ੫/੯੭)

ਗੁਰਬਾਣੀ ਦੀ ਵਿਸਮਾਦਤਾ ‘‘ਮਹਾ ਅਨੰਦੁ, ਗੁਰ ਸਬਦੁ ਵੀਚਾਰਿ ॥ (ਮ: ੫, ਪੰਨਾ ੩੭੦) ਹੀ ਹੈ। ਬ੍ਰਹਮ ਗਿਆਨ ਦਾ ਆਦਰਸ਼ ਹੈ ‘‘ਮਨਿ ਸਾਚਾ; ਮੁਖਿ ਸਾਚਾ ਸੋਇ ॥ ਅਵਰੁ ਨ ਪੇਖੈ; ਏਕਸੁ ਬਿਨੁ ਕੋਇ ॥  ਨਾਨਕ  ! ਇਹ ਲਛਣ; ਬ੍ਰਹਮ ਗਿਆਨੀ ਹੋਇ ॥ (ਮ: ੫, ਪੰਨਾ ੨੭੨), ਸਾਗਰ ਮਹਿ ਬੂੰਦ; ਬੂੰਦ ਮਹਿ ਸਾਗਰੁ.. ॥’’ (ਮ: ੧/੮੭੮) ਜਾਂ ‘‘ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ; ਬੂਝਹੁ ਬ੍ਰਹਮ ਗਿਆਨੀ ॥’’ (ਮ: ੧, ਪੰਨਾ ੮੭੯) ਦੇ ਆਦਰਸ਼ਕ ਭੇਦ ਨੂੰ ਖੋਲ੍ਹਦਾ ਹੈ, ‘‘ਬ੍ਰਹਮ ਗਿਆਨੀ; ਪਰਉਪਕਾਰ ਉਮਾਹਾ ॥’’ (ਮ: ੫, ਪੰਨਾ ੨੭੩) ਦੀ ਜੀਵਨ-ਜਾਚ ਸਿਖਾਉਂਦਾ ਹੈ। ਅਜਿਹਾ ਆਦਰਸ਼ਕ ਜੀਵਨ ਸੰਤੁਲਨ, ਸਮਦਰਸ਼ੀ  ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: ੫, ਪੰਨਾ ੧੨੯੯) ਦਾ ਧਾਰਨੀ ਹੁੰਦਾ ਹੈ। ਉਹ ਸਦਾ ਨਿਰਲੇਪ ਅਤੇ ਨਿਰਦੋਖ ਹੁੰਦਾ ਹੈ, ਨਿਰਭੈਤਾ ਉਸ ਦਾ ਅਨਿੱਖੜਵਾਂ ਲੱਛਣ ਹੈ।

ਗੁਰਬਾਣੀ ਦੀ ਵਿਚਾਰਧਾਰਾ ਵਿੱਚ ਜੀਵਨ ਮੁਕਤੀ ‘‘ਜੋ ਨਰੁ; ਦੁਖ ਮੈ, ਦੁਖੁ ਨਹੀ ਮਾਨੈ ॥’’ (ਮ: ੯, ਪੰਨਾ ੬੩੩) ਮਨੁੱਖੀ ਜ਼ਿੰਦਗੀ ਦੀ ਸਰਵੋਤਮ ਅਵਸਥਾ ਹੈ। ਮਰਨ ਤੋਂ ਬਾਅਦ ਮੁਕਤੀ ਦੀ ਲਾਲਸਾ ਪੂਰੀ ਨਹੀਂ ਹੋ ਸਕਦੀ।  ਜਿਊਂਦੇ ਜੀਅ ਜੀਵਨ ਮੁਕਤ ਵਿਅਕਤੀ; ਆਪਣੇ ਨਿੱਜੀ ਲਾਭ ਲਈ ਕੁਝ ਨਹੀਂ ਮੰਗਦਾ ‘‘ਮੁਕਤਿ ਬਪੁੜੀ ਭੀ; ਗਿਆਨੀ ਤਿਆਗੇ ॥’’ (ਮ: ੫, ਪੰਨਾ ੧੦੭੮) ਭਾਵ ਮੁਕਤੀ ਵੀ ਨਹੀਂ ਮੰਗਦਾ, ਕੇਵਲ ਪ੍ਰਭੂ ਪ੍ਰੀਤ ਦਾ ਪਾਤਰ ਬਣਨਾ ਲੋਚਦਾ ਹੈ ‘‘ਰਾਜੁ ਨ ਚਾਹਉ, ਮੁਕਤਿ ਨ ਚਾਹਉ; ਮਨਿ ਪ੍ਰੀਤਿ ਚਰਨ ਕਮਲਾਰੇ ॥’’ (ਮ: ੫/੫੩੪), ਉਸ ਨੇ ਆਪਣੇ ਹਿਰਦੇ ’ਚੋਂ ਹਉਮੈ ਨਾਸ਼ ਕਰ ਲਈ ਹੈ ‘‘ਜੀਵਨ ਮੁਕਤੁ ਸੋ ਆਖੀਐ; ਜਿਸੁ ਵਿਚਹੁ ਹਉਮੈ ਜਾਇ ॥ (ਮ: ੧, ਪੰਨਾ ੧੦੦੯),

ਹਰਖੁ ਸੋਗੁ ਜਾ ਕੈ ਨਹੀ; ਬੈਰੀ ਮੀਤ ਸਮਾਨਿ ॥ ਕਹੁ ਨਾਨਕ ਸੁਨਿ ਰੇ ਮਨਾ  ! ਮੁਕਤਿ ਤਾਹਿ ਤੈ ਜਾਨਿ ॥’’ (ਮ: ੯, ਪੰਨਾ ੧੪੨੭) ਹੀ ਉਸ ਦੀ ਜੀਵਨ ਮੁਕਤੀ ਹੈ, ਜੁਗਤੀ ਹੈ। ਉਸ ਨੇ ਅਜਿਹੀ ਜੀਵਨ ਜੁਗਤੀ ਲੱਭ ਲਈ ਹੈ, ਜਿਸ ਦੁਆਰਾ ‘‘ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥ (ਮ: ੫, ਪੰਨਾ ੫੨੨) ਹੀ ਉੱਚਤਮ ਜੀਵਨ ਜਾਚ ਹੈ, ‘‘ਬਿਨੁ ਕਰਤੂਤੀ; ਮੁਕਤਿ ਨ ਪਾਈਐ ॥ (ਮ: ੫, ਪੰਨਾ ੨੦੧) ਵਾਲੀ ਭਾਵਨਾ ਦਿੱਤੀ ਹੈ, ‘‘ਜੇਹੇ ਕਰਮ ਕਮਾਇ, ਤੇਹਾ ਹੋਇਸੀ ॥’’ (ਮ: ੧, ਪੰਨਾ ੭੩੦) ਉਪਦੇਸ਼ ਰਾਹੀਂ ਸੁਚੇਤ ਕੀਤਾ ਗਿਆ ਹੈ।

ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ॥ (ਬਾਬਾ ਫਰੀਦ ਜੀ, ਪੰਨਾ ੪੮੮) ਹੀ ਉਨ੍ਹਾਂ ਦੀ ਨਿਵੇਕਲੀ ਪਹਿਚਾਣ ਹੈ। ਅਜਿਹੇ ਮਨੁੱਖ ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥’’ (ਮ: ੫, ਪੰਨਾ ੫੨੨) ਮੁਤਾਬਕ ਮਹਾਨ ਉੱਦਮੀ ਮਨੁੱਖ ਬਣਦੇ ਹਨ,  ‘‘ਫਿਟੁ ਇਵੇਹਾ ਜੀਵਿਆ; ਜਿਤੁ ਖਾਇ ਵਧਾਇਆ ਪੇਟੁ ॥’’ (ਮ: ੧, ਪੰਨਾ ੭੯੦) ਵੱਲੋਂ ਸੁਚੇਤ ਰਹਿ ਕੇ ‘‘ਜੇ ਜੀਵੈ, ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥’’  (ਮ: ੧, ਪੰਨਾ ੧੪੨) ਨੂੰ ਸਮਝ ਕੇ ਸੰਤੋਖੀ ਰਹਿੰਦਾ ਹੈ, ‘‘ਮਨਿ ਸੰਤੋਖੁ; ਸਰਬ ਜੀਅ ਦਇਆ ॥ ਇਨ ਬਿਧਿ; ਬਰਤੁ ਸੰਪੂਰਨ ਭਇਆ ॥’’ (ਮ: ੫, ਪੰਨਾ ੨੯੯) ਵਾਲਾ ਜੀਵਨ ਹੀ ਖਿਮਾ ਤੇ ਦਇਆ ਦਾ ਪੁੰਜ ਹੈ, ਪਰ ‘‘ਸੋ ਜਾਗੈ; ਜੋ ਤਤੁ ਬੀਚਾਰੈ ॥’’ (ਮ: ੩, ਪੰਨਾ ੧੧੨੮) ਦਾ ਗਿਆਨ ਰੱਖਦਾ ਹੋਇਆ ਹੀ ਆਦਰਸ਼ਕ ਦਾਸ ਪੁਰਸ਼ ਅਖਵਾਉਂਦਾ ਹੈ।

ਮਿਠਤੁ ਨੀਵੀ ਨਾਨਕਾ !  ਗੁਣ ਚੰਗਿਆਈਆ ਤਤੁ ॥ (ਮ: ੧, ਪੰਨਾ ੪੭੦) ਵਾਲਾ ਪੁਰਸ਼ ਹੀ ਅਤੇ ‘‘ਜਿਥੈ ਜਾਇ ਬਹੀਐ, ਭਲਾ ਕਹੀਐ .. ॥’’ (ਮ: ੧, ਪੰਨਾ ੭੬੬) ਉਸ ਦੀ ਨਿਮਰਤਾ ਹੀ ਆਦਰਸ਼ ਹੈ, ‘‘ਮਨ ਰੇ  ! ਸਚੁ ਮਿਲੈ, ਭਉ ਜਾਇ ॥’’ (ਮ: ੧, ਪੰਨਾ ੧੮) ਹੀ ਉਸ ਦੀ ਨਿਰਭੈਤਾ ਹੈ, ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥’’ (ਮ: ੧, ਪੰਨਾ ੯੩੮) ਹੀ ਉਸ ਦੀ ਨਿਰਲੇਪਤਾ ਹੈ।

ਉਹ ਥੋਥੇ ਨਸ਼ਿਆਂ ‘‘ਜਿਤੁ ਪੀਤੈ ਖਸਮੁ ਵਿਸਰੈ.. ॥ (ਮ: ੩, ਪੰਨਾ ੫੫੪), ਆਪਣਾ ਪਰਾਇਆ ਨ ਪਛਾਣਈ.. ॥’’ (ਮ: ੩, ਪੰਨਾ ੫੫੪) ਤੋਂ ਨਿਰਲੇਪ ਰਹਿ ਕੇ ‘‘ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥  ਆਨ ਰਸਾ ਸਭਿ; ਹੋਛੇ ਰੇ ॥੧॥ ਰਹਾਉ ॥’’ (ਮ: ੫, ਪੰਨਾ ੩੭੭) ਜਾਂ ‘‘ਹਰਿ ਰਸ ਬਿਨੁ; ਸਭਿ ਸੁਆਦ ਫਿਕਰੀਆ ॥’’ (ਮ: ੫, ਪੰਨਾ ੩੮੫)  ਮੰਨਦਾ ਹੈ।  ਉਸ ਦੇ ਜੀਵਨ ਦੀ ਅਰੋਗਤਾ ‘‘ਖੁਦੀ ਮਿਟੀ ਤਬ ਸੁਖ ਭਏ; ਮਨ ਤਨ ਭਏ ਅਰੋਗ ॥’’ (ਮ: ੫, ਪੰਨਾ ੨੬੦) ਹੀ ਹੈ।  ਗੁਰਬਾਣੀ ਦੀ ਆਦਰਸ਼ਕ ਜੀਵਨ ਜੁਗਤੀ ਬਾਰੇ ਮਨੁੱਖ ਨੂੰ ‘‘ਪਾਖੰਡਿ, ਮੈਲੁ ਨ ਚੂਕਈ ਭਾਈ ! ਅੰਤਰਿ ਮੈਲੁ ਵਿਕਾਰੀ ॥’’ (ਮ: ੧, ਪੰਨਾ ੬੩੫) ਵਾਲਾ ਪਵਿੱਤਰ ਮਾਰਗ ਦਰਸਾਇਆ ਗਿਆ।  ਗੱਲ ਕੀ ਅਨੇਕਾਂ ਆਦਰਸ਼; ਮਨੁੱਖਤਾ ਸਾਹਮਣੇ ਰੱਖੇ ਗਏ ਹਨ। ਕੁਝ ਕੁ ਹੋਰ ਸੰਖੇਪ ਮਾਤਰ ਇਹ ਹਨ :

  1. ਪਵਿੱਤਰਤਾ : ਸਾਚੀ ਬਾਣੀ ਸੂਚਾ ਹੋਇ ॥ ਗੁਣ ਤੇ; ਨਾਮੁ ਪਰਾਪਤਿ ਹੋਇ ॥ (ਮ: ੩, ਪੰਨਾ ੩੬੧), ਸੋ ਸੂਚਾ ਜਿ ਕਰੋਧੁ ਨਿਵਾਰੇ ॥ ਸਬਦੇ ਬੂਝੈ ਆਪੁ ਸਵਾਰੇ ॥ (ਮ: ੩, ਪੰਨਾ ੧੦੫੯)
  2. ਸੇਵਾ : ਸਗਲ ਸਿਆਨਪ ਛਾਡਿ ॥ ਕਰਿ ਸੇਵਾ ਸੇਵਕ ਸਾਜਿ ॥ (ਮ: ੫, ਪੰਨਾ ੮੯੫), ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ! ਵਿਚਹੁ ਆਪੁ ਗਵਾਇ ॥ (ਮ: ੩, ਪੰਨਾ ੬੩੮), ਧੰਨੁ ਧੰਨੁ ਸੋ ਗੁਰਸਿਖੁ ਕਹੀਐ; ਜਿਨਿ ਸਤਿਗੁਰ ਸੇਵਾ ਕਰਿ, ਹਰਿ ਨਾਮੁ ਲਇਆ ॥ (ਮ: ੪, ਪੰਨਾ ੫੯੩)
  3. ਦਇਆ : ਦੂਖੁ ਨ ਦੇਈ ਕਿਸੈ ਜੀਅ; ਪਤਿ ਸਿਉ ਘਰਿ ਜਾਵਉ ॥ (ਮ: ੫, ਪੰਨਾ ੩੨੨)
  4. ਸ੍ਰੇਸ਼ਟ ਵੀਚਾਰ : ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ! ਸੁ ਆਤਮ ਤਤੁ ਬੀਚਾਰੀ ॥ ਰਹਾਉ ॥ (ਮ: ੧, ਪੰਨਾ ੬੩੫)
  5. ਕਿਰਤ : ਘਾਲਿ ਖਾਇ; ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥ (ਮ: ੧, ਪੰਨਾ ੧੨੪੫)
  6. ਸਮਾਨਤਾ : ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ (ਮ: ੧, ਪੰਨਾ ੬੨)
  7. ਸੰਗਤ/ਕੁਸੰਗਤ : ਕਬੀਰ ! ਸੰਗਤਿ ਕਰੀਐ ਸਾਧ ਕੀ; ਅੰਤਿ ਕਰੈ ਨਿਰਬਾਹੁ ॥ ਸਾਕਤ ਸੰਗੁ ਨ ਕੀਜੀਐ; ਜਾ ਤੇ ਹੋਇ ਬਿਨਾਹੁ ॥ (੧੩੬੯), ਕਬੀਰ ! ਸਾਕਤ ਸੰਗੁ ਨ ਕੀਜੀਐ; ਦੂਰਹਿ ਜਾਈਐ ਭਾਗਿ ॥ (ਭਗਤ ਕਬੀਰ, ਪੰਨਾ ੧੩੭੧)
  8. ਅਭਿਮਾਨ : ਜਾ ਰਹਣਾ ਨਾਹੀ ਐਤੁ ਜਗਿ; ਤਾ ਕਾਇਤੁ ਗਾਰਬਿ ਹੰਢੀਐ ?॥ (ਮ: ੧, ਪੰਨਾ ੪੭੩)
  9. ਬੋਲ-ਚਾਲ : ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ ॥’’ (ਬਾਬਾ ਫਰੀਦ ਜੀ, ਪੰਨਾ ੪੮੮)

ਸੱਚ ਇਹ ਹੈ ਕਿ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦੀ ਨੈਤਿਕਤਾ; ਆਦਰਸ਼ਕ ਜੀਵਨ ਦੀਆਂ ਅੰਤ੍ਰੀਵ ਕੀਮਤਾਂ ਦੀ ਸੇਧ ਦਾ ਮਾਰਗ ਹੀ ਹੈ। ਇਹੀ ਸੱਚ ਨੂੰ ਜਾਣਨ ਦੀ ਜੁਗਤੀ ਹੈ। ਹਿਰਦੇ ਦੀ ਸਵੱਛਤਾ ਮਾਨਣ ਦੀ ਅਤੇ ਕੂੜ ਦੀ ਮੈਲ ਉਤਾਰਨ ਦੀ ਜੁਗਤੀ ਹੈ। ਸਰੀਰ ਰੂਪ ਧਰਤੀ ਨੂੰ ਸਾਧ ਕੇ ਇਸ ਵਿੱਚ ਨਾਮ ਰਸ ਦਾ ਬੀਜ ਬੀਜਣ ਦਾ ਵੱਤਰ ਵੇਲਾ ਹੈ। ਨਿਰੋਲ ਨੈਤਿਕ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਵਿਚਲੇ ਸਦਾਚਾਰਕ ਤੱਤ, ਗਿਆਨ ਪ੍ਰੀਤ, ਮਾਨਵਵਾਦੀ ਰੁਚੀ ਅਤੇ ਸਦਗੁਣਾਂ ਦੀ ਪ੍ਰੇਰਨਾ; ਮਨੁੱਖ ਦੀ ਵਿਅਕਤੀਗਤ ਅਤੇ ਭਾਈਚਾਰਕ (ਪੰਥਕ ਅਤੇ ਸਮਾਜਕ) ਜੀਵਨ ਦੀ ਉੱਤਮਤਾ ਦਾ ਨਿੱਗਰ ਆਧਾਰ ਹਨ। ਉਹ ਗੁਰਮੁਖ ਵਿਅਕਤੀ, ਜਿਨ੍ਹਾਂ ਨੇ ਆਪਾ ਸੋਧ ਲਿਆ, ਉਹ ਹੀ ਕਿਸੇ ਸੋਧੇ ਸਵਰੇ ਹੋਏ ਸਾਂਝੀਵਾਲ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਨੈਤਿਕਤਾ; ਕੇਵਲ ਅਧਿਆਤਮਕ ਕਲਿਆਣ ਦੀ ਕੁੰਜੀ ਹੀ ਨਹੀਂ ਸਗੋਂ ਸ਼ੁੱਭ ਕਰਮਾਂ ਦੀ ਮਰਯਾਦਾ ਅਤੇ ਸਰਬੱਤ ਦੇ ਭਲੇ ਦੀ ਦ੍ਰਿਸ਼ਟੀ ਨਾਲ ਓਤ-ਪੋਤ ਉਚੇਰੀ ਜੀਵਨ ਜਾਚ ਵੀ ਹੈ। ਬਸ, ਅਖੀਰ ਵਿੱਚ ਇਹ ਆਦਰਸ਼ ਸੰਖੇਪ ’ਚ ਇੰਞ ਬਿਆਨਿਆ ਜਾ ਸਕਦਾ ਹੈ, ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥  ਫਰੀਦਾ  ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥’’ (ਬਾਬਾ ਫਰੀਦ ਜੀ, ਪੰਨਾ ੧੩੮੨)