20.5 C
Jalandhar
Saturday, April 4, 2026
spot_img
Home Blog Page 9

ਸਿੱਖ ਵਿਦਿਅਕ ਬੋਰਡ ਦੀ ਸਥਾਪਨਾ ਕਿਉਂ ਲੋੜੀਂਦੀ  ? 

0

ਸਿੱਖ ਵਿਦਿਅਕ ਬੋਰਡ ਦੀ ਸਥਾਪਨਾ ਕਿਉਂ ਲੋੜੀਂਦੀ  ? 

ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

ਜੀਉਂਦੀਆਂ ਕੌਮਾਂ ਆਪਣਾ ਧਿਆਨ ਵਰਤਮਾਨ ਵਿਚ ਖਲੋ ਕੇ ਚਾਰ ਚੁਫ਼ੇਰੇ ਘੁੰਮ ਕੇ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿਚ ਰਹਿੰਦੀਆਂ ਹਨ। ਸਿੱਖ ਕੌਮ ਤਾਂ ਸਾਡੇ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੌਜ ਵਿਚ ਪ੍ਰਗਟ ਕੀਤੀ ਹੈ ਤੇ ਅਗਵਾਈ ਲਈ ਗਿਆਨ ਰੂਪ (ਸਬਦੁ ਗੁਰੂ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਸ਼ ਕੀਤੀ ਹੈ। ਸਾਡੇ ਗੁਰੂ ਸਾਹਿਬਾਨ ਜੀ ਨੇ ਆਪਣੇ ਦਸਾਂ ਜਾਮਿਆਂ ਵਿਚ ਸਮਾਜ ਨੂੰ ਅਗਿਆਨਤਾ ਵਿਚੋਂ ਕੱਢਣ ਵਾਸਤੇ ‘ਸਬਦੁ’ ਰੂਪ ਸ਼ਕਤੀ ਨੂੰ ਹੀ ਜਗਤ ਸਾਮ੍ਹਣੇ ਮਹੱਤਵ ਪੂਰਨ ਢੰਗ ਨਾਲ ਵਰਤ ਕੇ ਉਜਾਗਰ ਕੀਤਾ ਹੈ। ਸਮੇਂ ਦੇ ਓਹ ਟਿਕਾਣੇ, ਜਿਨ੍ਹਾਂ ਦੇ ਮੋਢਿਆਂ ’ਤੇ ਸਮਾਜ ਨੂੰ ਗਿਆਨ ਵੰਡਣ ਦੀ ਵੱਡੀ ਜ਼ਿੰਮੇਵਾਰੀ ਸੀ ਤੇ ਉਹ ਆਪਣੀ ਪੂਜਾ ਪ੍ਰਤਿਸ਼ਟਤਾ ਕਰਕੇ ਗ਼ੈਰ ਜ਼ਿੰਮੇਵਾਰ ਹੋ ਗਏ ਸਨ, ਓਨਾ ਟਿਕਾਣਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਗਿਆਨ ਨਾ ਵੰਡਣ ਵਾਲੀ ਕੁਤਾਹੀ ਦਾ ਅਹਿਸਾਸ ਕਰਵਾ ਕੇ ਸਮਝਾਇਆ ਕਿ ਅੱਜ ਦੀ ਸਮਾਜਿਕ ਜਾਂ ਹੋਰ ਕਈ ਪ੍ਰਕਾਰ ਦੀ ਅਧੋਗਤੀ ਦੇ ਦੋਸ਼ੀ ਤੁਸੀਂ ਹੋ। ਤੁਸੀਂ ਖੁਦ ਨੂੰ ਤਾਂ ਗਿਆਨ ਵੰਤੇ ਬਣਾਉਣ ਦਾ ਮਨਹਠੀ ਕਰਮ ਕੀਤਾ, ਪਰ ਸਮਾਜ ਨੂੰ ਗਿਆਨ ਦੇਣ ਵਾਲੇ ਖੁਦਾਈ ਕਰਮ ਨੂੰ ਪਿੱਠ ਦਿੱਤੀ ਹੈ।

21 ਵੀਂ ਸਦੀ ਆ ਗਈ ਹੈ। ਗੁਰੂ ਨਾਨਕ ਸਾਹਿਬ ਜੀ ਤਥਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰਾ ਸੰਸਾਰ ਵਡਮੁੱਲੀ ਅਗਵਾਈ ਲੈ ਰਿਹਾ ਹੈ। ਇਹ ਸੰਸਾਰ ਦੇ ਸਾਮ੍ਹਣੇ ਆਟੇ ਵਿਚ ਲੂਣ ਜਿੰਨੀ ਕੌਮ ਵਿੱਦਿਆ ਕਰਕੇ ਵੱਡੀਆਂ ਕੌਮਾਂ ਦੇ ਮੁਕਾਬਲੇ ਵਿਚ ਖਲੋਤੀ ਆਪਣੇ ਗੁਰੂ ਜੀ ਦੀ ਗਿਆਨ ਰਹਿਮਤ ਦਾ ਵੱਡਾ ਪੈਗਾਮ ਦੇ ਰਹੀ ਹੈ।

150 ਸਾਲ ਪਿੱਛੇ ਜਾ ਕੇ ਆਪਣੇ ਪੁਰਖਿਆਂ ਦੀ ਘਾਲਣਾ ਨੂੰ ਵਿੱਦਿਆ ਪੱਖੋਂ ਵੇਖੀਏ ਤਾਂ ਵਰਤਮਾਨ ਦੇ ਸਾਡੇ ਵਰਗੇ ਬੌਣੇ ਵਾਰਸਾਂ ਦੀਆਂ ਧੌਣਾਂ ਸ਼ਰਮਿੰਦਗੀ ਨਾਲ ਝੁਕ ਜਾਂਦੀਆਂ ਹਨ। ਸਿੰਘ ਸਭਾ ਲਹਿਰ ਦੇ ਉਨ੍ਹਾ ਮਹਾਨ ਸੂਰਬੀਰਾਂ ਨੂੰ ਹਮੇਸ਼ਾਂ ਆਪਣੀ ਸੁਰਤਿ ਸੋਚ ਵਿਚ ਵਸਾ ਕੇ ਰੱਖਣ ਦੀ ਲੋੜ ਹੈ। ਸਾਡੇ ਗਵਾਂਢ ਵਿਚ ਸਮਕਾਲੀਆਂ ਨੇ ਆਪਣੇ ਵੱਡ ਵੱਡੇਰਿਆਂ ਦੀ ਘਾਲ ਨੂੰ ਸਾਡੇ ਨਾਲੋਂ ਕਈ ਗੁਣਾਂ ਬਿਹਤਰ ਸਾਂਭਿਆ ਹੈ। ਬਾਹਰੋਂ ਇੱਥੇ ਅੱਗ ਲੈਣ ਆਇਆਂ ਨੇ ਵੀ ਵਿੱਦਿਅਕ ਖੇਤਰ ਵਿਚ ਉੱਚੇ ਝੰਡੇ ਗੱਡ ਕੇ ਆਲੇ ਦੁਆਲੇ ਦੇ ਸਮਾਜ ਨੂੰ ਪ੍ਰਭਾਵਤ ਕਰਨ ਲਈ ਲਗਾਤਾਰਤਾ ਬਣਾਈ ਹੋਈ ਹੈ।

ਸਾਡੀਆਂ ਕੌਮੀ ਸੰਸਥਾਵਾਂ ਵਿਚੋਂ ਕਈ ਵਿੱਦਿਅਕ ਸੰਸਥਾਵਾਂ, ਕਈ ਕਈ ਵਿੱਦਿਅਕ ਸੰਸਥਾਵਾਂ ਨੂੰ ਚਲਾਉਣ ਦਾ ਜ਼ਿੰਮਾ ਨਿਭਾ ਰਹੀਆਂ ਹਨ। ਸਭ ਦੀਆਂ ਸਭ, ਸ਼ੋਭਦੀਆਂ ਹਨ। ਮੋਤੀ ਹਨ ਛੋਟੇ ਵੱਡੇ ! ਢੇਰ ਸਾਰੇ। ਕਈ ਥੋੜ੍ਹੇ ਥੋੜ੍ਹੇ ਛੋਟੇ ਧਾਗਿਆਂ ਵਿਚ ਪਰੋ ਕੇ ਆਪਣੀਆਂ ਆਪਣੀਆਂ ਉਂਗਲਾਂ ਦੁਆਲੇ ਸਜਾਏ ਹੋਏ ਹਨ। ਕੌਮ ਦੇ ਚੰਗੇ ਭਵਿੱਖ ਲਈ ਤੇ ਵਰਤਮਾਨ ਦੀ ਖ਼ੂਬਸੂਰਤੀ ਲਈ ਸਿੱਖ ਕੌਮ ਨੂੰ ਵਿੱਦਿਅਕ ਖੇਤਰ ਵਿਚ ਵੱਡੇ ਮਾਣਮੱਤੇ ਕਦਮ ਪੁੱਟਣ ਦਾ ਖ਼ਿਆਲ ਵੀ ਬੀਤੇ ਵਿਚ ਆਉਂਦਾ ਰਿਹਾ ਹੈ।

ਦੱਸਦੇ ਹਨ ਕਿ 1950-55 ਵਿਚ ਕੌਮ ਦਾ ਆਪਣਾ ਸਿੱਖ ਵਿਦਿਅਕ ਬੋਰਡ ਬਣਾਉਣ ਲਈ ਕੁਝ ਕੁ ਪਹਿਲ ਕਦਮੀਆਂ ਨੇ ਜਨਮ ਲਿਆ ਸੀ। ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਦੇ 500 ਸਾਲਾ ਆਗਮਨ ਦਿਹਾੜੇ ਮੌਕੇ ਸੰਸਾਰ ਭਰ ਵਿਚ ਵਿੱਦਿਅਕ ਸੰਸਥਾਵਾਂ ਦਾ ਮਾਣਮੱਤਾ ਜਾਲ਼ ਫੈਲਾਇਆ ਗਿਆ।

ਫਿਰ ਸਿੰਘ ਸਭਾ ਲਹਿਰ ਦੇ 100 ਸਾਲਾ ਮੌਕੇ ਵੀ ਕੌਮੀ ਤੌਰ ’ਤੇ ਵਿੱਦਿਆ ਦੀ ਮਹੱਤਤਾ ਵੱਲ ਧਿਆਨ ਦਿੱਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਿਰੰਤਰ ਵਿਦਿਅਕ ਕਾਨਫ਼ਰੰਸਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਇਨ੍ਹਾਂ ਵਿਦਿਅਕ ਕਾਨਫ਼ਰੰਸਾਂ ਵਿਚ ਕੌਮ ਦੇ ਮੁਦੱਬਰ ਗੁਰਸਿੱਖ ਪਿਆਰਿਆਂ ਨੇ ਵੀ ਵਿਦਿਅਕ ਪੱਖੋਂ ਮਜ਼ਬੂਤੀ ਤੇ ਵਿਦਿਅਕ ਪ੍ਰਬੰਧਨ ਦੀ ਜੱਥੇਬੰਧਤਾ ਨੂੰ ਵਿਚਾਰਕ ਕੇਂਦਰ ਕਰਨ ਦੀ ਗੱਲ ਵੀ ਸਮੇਂ ਸਮੇਂ ਖ਼ੂਬਸੂਰਤ ਢੰਗ ਨਾਲ ਆਖੀ।

ਸੰਨ 2000 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਨੂੰ ਗੁਰੂ ਵਰਦਾਨ ‘ਗੁਰੂ ਕੀ ਕਾਂਸ਼ੀ’ ਵਿਖੇ 21-22 ਅਕਤੂਬਰ ਨੂੰ ਦੋ ਰੋਜ਼ਾ ਸਿੱਖ ਵਿਦਿਅਕ ਸੰਮੇਲਨ ਕੀਤਾ ਗਿਆ। ਜਿਸ ਵਿਚ ਯੂਨੀਵਰਸਿਟੀਆਂ ਦੇ ਵਰਤਮਾਨ ਤੇ ਸਾਬਕਾ ਵੀ. ਸੀ., ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਰਤਮਾਨ ਤੇ ਸਾਬਕਾ ਚੇਅਰਮੈਨ, ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ, ਚੀਫ਼ ਖ਼ਾਲਸਾ ਦੀਵਾਨ, ਸਿੱਖ ਵਿਦਿਅਕ ਸੁਸਾਇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਧਵਾਂ, ਸੁਧਾਰ, ਗੁਰਜ ਖਾਨ ਤੇ ਗੁਜਰਾਂਵਾਲਾ, ਲੁਧਿਆਣਾ ਵਿਦਿਅਕ ਸੰਸਥਾਵਾਂ, ਜਲੰਧਰ ਦੀਆਂ ਲਾਇਲਪੁਰ ਤੇ ਮਿੰਟ ਗੁੰਮਰੀ ਸੰਸਥਾਵਾਂ, ਪਟਿਆਲਾ ਦੀਆਂ ਸਿੱਖ ਵਿਦਿਅਕ ਸੰਸਥਾਵਾਂ, ਗੋਨਿਆਣਾ ਮੰਡੀ ਦੀਆਂ ਵਿਦਿਅਕ ਸੰਸਥਾਵਾਂ, ਹਰਿਆਣਾ ਦੀਆਂ ਸਿੱਖ ਵਿਦਿਅਕ ਸੰਸਥਾਵਾਂ, ਪੰਜਾਬੋਂ ਬਾਹਰ ਦੀਆਂ ਸਿੱਖ ਵਿਦਿਅਕ ਸੰਸਥਾਵਾਂ ਸ਼ਾਮਲ ਹੋਈਆਂ ਸਨ। 735-40 ਸਿੱਖ ਵਿਦਿਅਕ ਸੰਸਥਾਵਾਂ ਮਾਣਮੱਤੀਆਂ ਸੰਸਥਾਵਾਂ ਦੇ ਮੋਹਤਬਰ ਪ੍ਰਬੰਧਕ ਤੇ ਵਿੱਦਿਅਕ ਮੁਖੀ ਸ਼ਾਮਲ ਹੋਏ। ਉਸ ਮੌਕੇ ਗੁਰੂ ਕਾਂਸ਼ੀ ਦੀ ਧਰਤੀ ’ਤੇ ਸਿੱਖ ਕੌਮ ਦਾ ਪਹਿਲਾ ਸਿੱਖ ਵਿਦਿਅਕ ਮਾਰਚ ਗੁਰਦੁਆਰਾ ਮਹੱਲ ਸਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਤੱਕ ਕੱਢਿਆ ਗਿਆ। ਕਲਮਾਂ ਦਾ ਵਿਸੇਸ਼ ਦਰਵਾਜ਼ਾ ਰਚਿਆ ਗਿਆ ਸੀ। ਯਾਦਗਾਰੀ ਗ੍ਰੰਥ ਤਿਆਰ ਕੀਤਾ ਗਿਆ। ਇਸ ਮਹਾਨ ਸਿੱਖ ਵਿੱਦਿਅਕ ਕਾਨਫ਼ਰੰਸ ਵਿਚ ਸਿੱਖ ਵਿੱਦਿਅਕ ਲਹਿਰ ਦੀ ਦੇਣ, ਵਰਤਮਾਨ ਸਮੇਂ ਸਿੱਖ ਵਿੱਦਿਅਕ ਅਦਾਰਿਆਂ ਦੀ ਦਸ਼ਾ ਤੇ ਦਿਸ਼ਾ ’ਤੇ ਭਰਪੂਰ ਵਿਚਾਰਾਂ ਹੋਈਆਂ।

ਡਾਕਟਰ ਜਸਵੰਤ ਸਿੰਘ ਜੀ ਨੇਕੀ, ਡਾਕਟਰ ਮਹਿੰਦਰ ਸਿੰਘ ਜੀ ਜੈਸੀਆਂ ਸ਼ਖ਼ਸੀਅਤਾਂ ਦਿੱਲੀ ਤੋਂ ਆਈਆਂ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਅਤੇ ਖ਼ਾਸ ਕਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ (ਜਥੇਦਾਰ ਸਾਹਿਬਾਨ) ਦੀ ਮੌਜੂਦਗੀ ਮਹੱਤਵ ਪੂਰਨ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਇਹ ਪਹਿਲੀ ਨਿਵੇਕਲੀ ਕੇਵਲ ਸਿੱਖ ਵਿੱਦਿਅਕ ਸੰਸਥਾਵਾਂ ਦੀ ਮਹੱਤਤਾ ਤੇ ਸੰਭਾਲ ਨੂੰ ਮੱਦੇ-ਨਜ਼ਰ ਰੱਖ ਕੇ ਕੀਤੀ ਗਈ ਸਿੱਖ ਵਿੱਦਿਅਕ ਕਾਨਫ਼ਰੰਸ ਸੀ।

ਇਸ ਕਾਨਫ਼ਰੰਸ ਵਿਚ ਸਿੱਖ ਵਿਦਿਅਕ ਸੰਸਥਾਵਾਂ ਦੇ ਤਾਲਮੇਲ ਸਾਂਝ ਸਹਿਯੋਗ ਲਈ ਸਿੱਖ ਵਿਦਿਅਕ ਫਾਉਂਡੇਸ਼ਨ ਦੀ ਸਥਾਪਨਾ ਦਾ ਐਲਾਨ ਹੋਇਆ। ਪੇਂਡੂ ਖੇਤਰ ਅੰਦਰ ਸਮੇਂ ਦੇ ਹਾਣ ਦੀਆਂ ਨਵੀਆਂ ਨਵੀਆਂ ਸਿੱਖ ਵਿੱਦਿਅਕ ਸੰਸਥਾਵਾਂ ਅਰੰਭਨ ਦਾ ਮਤਾ ਪਾਇਆ ਗਿਆ।

ਇਸ ਮੌਕੇ ’ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸੰਤ ਸਿੰਘ, ਸੁੱਖਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਕਰਤਾ ਧਰਤਾ ਡਾਇਰੈਕਟਰ ਪ੍ਰਿੰਸੀਪਲ ਜਗਦੀਸ਼ ਸਿੰਘ ਜੀ ਦੀ ਭੂਮਿਕਾ ਬਹੁਤ ਹੀ ਉਤਸ਼ਾਹ ਭਰਪੂਰ ਸੀ। ਸ਼ਿਵਾਲਕ ਪਬਲਿਕ ਸਕੂਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸਰਦਾਰ ਦਵਿੰਦਰ ਸਿੰਘ ਜੀ ਬੇਦੀ ਦਾ ਭਰਪੂਰ ਸਹਿਯੋਗ ਸੀ।  ਸਿੱਖ ਵਿੱਦਿਅਕ ਬੋਰਡ ਦੀ ਨਵੀਂ ਆਧਾਰਸ਼ਿਲਾ ਇਹ ਵਿੱਦਿਅਕ ਕਾਨਫ਼ਰੰਸ ਰਹੀ ਹੈ।

ਸਿੱਖ ਵਿਦਿਅਕ ਬੋਰਡ ਦੀਆਂ ਸੰਭਾਵਨਾ ਨੂੰ ਉਜਾਗਰ ਕਰਨ ਲਈ ਅਕਾਲ ਪੁਰਖ ਕੀ ਫੌਜ ਜੱਥੇਬੰਦੀ ਰਾਹੀਂ ਸਰਦਾਰ ਜਸਵਿੰਦਰ ਸਿੰਘ ਜੀ ਤੇ ਸਹਿਯੋਗੀਆਂ ਰਾਹੀਂ ਤੇ ਹੋਰ ਸਿੱਖ ਸੰਸਥਾਵਾਂ ਦੇ ਮਿਲਵਰਤਨ ਨਾਲ ਸਿੱਖ ਵਿਦਿਅਕ ਪ੍ਰਬੰਧ ਦੀ ਬਿਹਤਰੀ ਤੇ ਆਪਸੀ ਤਾਲਮੇਲ ਦੀ ਮਜ਼ਬੂਤੀ ਬਹੁਤ ਸਾਰੇ ਉਪਰਾਲੇ ਨਿਰੰਤਰਤਾ ਵਿਚ ਕੀਤੇ ਗਏ। ਚੰਡੀਗੜ੍ਹ ਤੇ ਦਿੱਲੀ ਵੱਡੀਆਂ ਇਕੱਤਰਤਾਵਾਂ ਕੀਤੀਆਂ ਗਈਆਂ। ਬੰਗਲੌਰ, ਬੰਬਈ ਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਸਿੱਖ ਵਿਦਿਅਕ ਪ੍ਰਬੰਧ ਲਈ ਸਿੱਖ ਵਿਦਿਅਕ ਬੋਰਡ ਲਈ ਚੇਤਨਾ ਨੂੰ ਸਾਂਝ ਦਾ ਹਿੱਸਾ ਬਣਾ ਕੇ ਸਿੱਖ ਕੌਮੀ ਚੇਤਨਾ ਨੂੰ ਪ੍ਰਫੁਲਿਤ ਰੱਖਿਆ ਗਿਆ।

ਜਦੋਂ ਅਕਾਲ ਪੁਰਖ ਕੀ ਫ਼ੌਜ ਜੱਥੇਬੰਦੀ ਨੇ ਆਪਣਾ ਪੰਦਰਵਾਂ ਸਥਾਪਨਾ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਤਾਂ ਇਸ ਕੌਮੀ ਪੀੜਾ ਰੱਖਣ ਵਾਲੀ ਸੰਸਥਾ ਵੱਲੋਂ ਸਿੱਖ ਵਿਦਿਅਕ ਬੋਰਡ ਦੀਆਂ ਵੱਡੀਆਂ ਸੰਭਾਵਨਾ ਤਲਾਸ਼ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾ ਕੇ ਵਰਤਮਾਨ ਤੇ ਭਵਿੱਖ ਦੀ ਪਹਿਰੇਦਾਰੀ ਕੀਤੀ ਗਈ।

ਫਿਰ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਸੰਸਥਾਵਾਂ ਦੇ ਮੰਚ; ਪੰਥਕ ਤਾਲਮੇਲ ਸੰਗਠਨ ਨੇ ਇਹ ਜ਼ਿੰਮੇਵਾਰੀ ਆਪ ਕਬੂਲ ਕੇ ਅੱਗੇ ਕਦਮ ਰੱਖੇ। ਦੋ ਸਾਲ ਪਹਿਲਾਂ ਹੀ ਸਿੱਖ ਵਿੱਦਿਅਕ ਬੋਰਡ ਦੀ ਰੂਪ ਰੇਖਾ ਤਥਾ ਪ੍ਰਬੰਧਕੀ ਜੁਗਤਿ ਸਿਰਜ ਕੇ ਕੰਮ ਕਰਨਾ ਆਰੰਭਿਆ ਹੋਇਆ ਹੈ। ਸਿੰਘ ਸਭਾ ਲਹਿਰ ਦੇ 150 ਸਾਲਾ ਸਮਾਗਮਾਂ ਮੌਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿਚ ਸਿੱਖ ਵਿੱਦਿਅਕ ਬੋਰਡ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਜੀ (ਮੁਲਤਾਨੀ) ਤੇ ਅਹੁਦੇਦਾਰ ਨਾਮਜ਼ਦ ਕਰਕੇ ਜ਼ਿੰਮੇਵਾਰੀਆਂ ਲਾਈਆਂ ਹਨ। ਇਕ ਸਿੱਖ ਵਿਦਿਅਕ ਕਮਿਸ਼ਨ ਵੀ ਡਾਕਟਰ ਪੁਸ਼ਪ੍ਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਸਥਾਪਿਤ ਕੀਤਾ ਹੈ। ਸਿੱਖ ਵਿਦਿਅਕ ਬੋਰਡ ਦੇ ਸਕੱਤਰ ਜਨਰਲ ਦੀ ਪਲੇਠੀ ਔਖੀ ਜ਼ਿੰਮੇਵਾਰੀ ਸਰਦਾਰ ਜਸਵਿੰਦਰ ਸਿੰਘ ਜੀ ਵਕੀਲ ਪ੍ਰਮੁੱਖ ਅਕਾਲ ਪੁਰਖ਼ ਕੀ ਫ਼ੌਜ ਜੱਥੇਬੰਦੀ ਤੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ।

ਸਿੱਖ ਵਿਦਿਅਕ ਬੋਰਡ ਦਾ ਮੁੱਖ ਦਫ਼ਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਏ ਵਿਖੇ ਕੰਮ ਕਰ ਰਿਹਾ ਹੈ। ਇਸ ਦੇ ਖ਼ੇਤਰੀ ਦਫ਼ਤਰ ਸ੍ਰੀ ਅੰਮ੍ਰਿਤਸਰ, ਬਠਿੰਡਾ ਤੇ ਲੁਧਿਆਣਾ ਵਿਖੇ ਕੰਮ ਕਰਨਗੇ। ਇਕ ਦਫ਼ਤਰ ਦਿੱਲੀ ਵਿਖੇ ਵੀ ਸਥਾਪਿਤ ਕੀਤਾ ਜਾਵੇ, ਵਿਓਂਤ ਅਧੀਨ ਹੈ। ਵਿਦੇਸ਼ੀ ਧਰਤੀ ਆਕਸਫ਼ੋਰਡ ਯੂਨੀਅਨ ਖੇਤਰ ਵਿਚ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਸਿੱਖ ਵਿਦਿਅਕ ਬੋਰਡ ਕਿਵੇਂ ਕੰਮ ਕਰੇਗਾ ਤੇ ਕੀ ਕੀ ਕਰੇਗਾ ਥੋੜ੍ਹੇ ਸਮੇਂ ਵਿਚ ਸਿੱਖ ਸੰਗਤਾਂ ਤੱਕ ਭੇਜ ਦਿੱਤਾ ਜਾਵੇਗਾ।

ਇਸ ਸਿੱਖ ਵਿੱਦਿਅਕ ਬੋਰਡ ਰਾਹੀਂ ਕੌਮਾਂਤਰੀ ਪੱਧਰ ’ਤੇ ਕੰਮ ਦੀ ਵਿਓਂਤ ਹੈ। ਪੂਰੇ ਸਿੱਖ ਜਗਤ ਦੀਆਂ ਸਿੱਖ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ, ਵਿੱਦਿਅਕ ਮਾਹਰਾਂ ਤੇ ਸੰਗਤਾਂ ਪਾਸੋਂ ਸਹਿਯੋਗ ਲਿਆ ਜਾ ਰਿਹਾ ਹੈ।

ਸਰਲ ਗੁਰਬਾਣੀ ਵਿਆਕਰਣ – ਭਾਗ 6

0

ਸਰਲ ਗੁਰਬਾਣੀ ਵਿਆਕਰਣਭਾਗ 6

(ਪਰਗਟ ਸਬੰਧਕ ਅਤੇ ਸਬੰਧਕਾਂ ਦੇ 20 ਪ੍ਰਕਾਰ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਚੋਰੀ ਚੋਰੀ ਚੋਰੀ। ਜਿਧਰ ਦੇਖੋ ਚੋਰੀ। ਕਦੀ ਗੁਰੂ ਸਾਹਿਬ ਦੀ ਚੋਰੀ, ਕਦੇ ਰੱਬ ਦੀ ਚੋਰੀ। ਚੋਰ ਨੇ ਤਾਂ ਅੱਜ ਗਿਆਨੀ ਜੀ ਦੀ ਵੀ ਚੋਰੀ ਕਰ ਲਈ।’ ਮਿਹਰ ਸਿੰਘ ਨੇ ਬੜੀ ਮਾਸੂਮੀਅਤ ਨਾਲ ਘਰ ਵਿਚ ਦਾਖਲ ਹੋ ਕੇ ਮੱਥੇ ’ਤੇ ਹੱਥ ਮਾਰਦਿਆਂ ਰੌਲਾ ਪਾ ਦਿੱਤਾ।

‘ਕੀ ਹੋਇਆ ਪੁੱਤਰ ? ਕਿਵੇਂ ਚੋਰੀ ਹੋ ਗਈ ਗਿਆਨੀ ਜੀ ਦੀ ?’ ਮਾਂ ਨੇ ਪੁੱਛਿਆ ਤੇ ਨਾਲ ਹੀ ਸੁਖਦੀਪ ਸਿੰਘ ਬੋਲ ਪਿਆ।

‘ਉਹ ਮੈਨੂੰ ਪਤਾ ਹੈ। ਅਸਲ ਵਿਚ ਗਿਆਨੀ ਜੀ ਰੇਲਵੇ ਟਿਕਟ ਕਾਉਂਟਰ ’ਤੇ ਖੜੇ ਸੀ। ਕਾਉਂਟਰ ਦੇ ਪਹਿਲੇ ਨੰਬਰ ’ਤੇ ਖੜਾ ਬੰਦਾ ਤਾਂ ਟਿਕਟ ਲੈ ਰਿਹਾ ਸੀ। ਦੂਜੇ ਨੰਬਰ ’ਤੇ ਇਕ ਹੋਰ ਬੰਦਾ ਖੜਾ ਸੀ। ਤੀਜੇ ਨੰਬਰ ’ਤੇ ਗਿਆਨੀ ਜੀ ਖੜੇ ਸਨ। ਬਾਕੀ ਲੋਕ ਚੌਥੇ, ਪੰਜਵੇਂ, ਛੇਵੇਂ ਨੰਬਰ ’ਤੇ, ਬਹੁਤ ਲੰਮੀ ਲਾਈਨ ਸੀ। ਗਿਆਨੀ ਜੀ ਨੇ ਪੈਂਟ ਦੀ ਪਿਛਲੀ ਜੇਬ ’ਚੋਂ ਆਪਣਾ ਵਾਲੇਟ (ਬਟੂਆ) ਕੱਢਿਆ ਤੇ ਟਿਕਟ ਲੈਣ ਲਈ ਪੈਸੇ ਕੱਢੇ। ਵਾਪਸ ਵਾਲੇਟ ਪੈਂਟ ਦੀ ਪਿਛਲੀ ਜੇਬ ਵਿਚ ਪਾ ਲਿਆ। ਜਦੋਂ ਟਿਕਟ ਲੈ ਕੇ ਲਾਈਨ ਤੋਂ ਬਾਹਰ ਆਏ ਤਾਂ ਜੇਬ ਵਿਚੋਂ ਵਾਲੇਟ ਗਾਇਬ ਸੀ।’ ਸੁਖਦੀਪ ਸਿੰਘ ਨੇ ਸਾਰੀ ਗੱਲ ਦੱਸੀ।

‘ਮੈਨੂੰ ਪਤੈ ਕਿਸ ਨੇ ਚੋਰੀ ਕੀਤੀ ਐ।’ ਮਿਹਰ ਸਿੰਘ ਨੇ ਰਹੱਸਮਈ ਅੰਦਾਜ਼ ਵਿਚ ਕਿਹਾ।

‘ਕਿਸ ਨੇ ਕੀਤੀ ?’ ਮਾਂ ਤੇ ਸੁਖਦੀਪ ਸਿੰਘ ਇਕੋ ਦਮ ਇਕੱਠੇ ਬੋਲੇ।

ਮਿਹਰ ਸਿੰਘ ਨੇ ਨੇੜੇ ਆ ਕੇ ਹੌਲੀ ਜਿਹੀ ਅਵਾਜ਼ ਵਿਚ ਕਿਹਾ, ‘ਮੈਨੂੰ ਇਹ ਕਿਸੇ ਚੋਰ ਦਾ ਕੰਮ ਲਗਦਾ ਆ।’ ਮਿਹਰ ਸਿੰਘ ਦੀ ਭੋਲੀ ਜਿਹੀ ਗੱਲ ਸੁਣ ਕੇ ਸਾਰੇ ਹੱਸ ਪਏ। ਇਸ ਤੋਂ ਬਾਅਦ ਮਾਂ ਰਸੋਈ ਵਿਚੋਂ ਚਾਹ ਲੈਣ ਚਲੀ ਗਈ ਤੇ ਬੱਚਿਆਂ ਦੀ ਗੱਲ ਜਾਰੀ ਰਹੀ।

‘ਵੀਰ ਜੀ, ਤੁਸੀਂ ਹੱਸਦੇ ਹੋ ? ਮੈਨੂੰ ਪਤਾ ਹੈ ਕਿ ਦੂਜੇ ਨੰਬਰ ’ਤੇ ਖੜੇ ਬੰਦੇ ਨੇ ਪੱਕਾ ਵਾਲੇਟ ਦੇਖ ਲਿਆ ਹੋਏਗਾ ਤੇ ਉਹਨੇ ਪੈਂਟ ਦੀ ਪਿਛਲੀ ਜੇਬ ਵਿਚੋਂ ਕੱਢ ਲਿਆ ਹੋਏਗਾ।’ ਮਿਹਰ ਸਿੰਘ ਨੇ ਦਿਮਾਗ ਲਗਾਇਆ।

‘ਓਹ ਮੇਰੇ ਭੋਲੂਆ ਜਿਹਾ ! ਜਦੋਂ ਦੂਜੇ ਨੰਬਰ ’ਤੇ ਅੱਖਾਂ ਦੇ ਸਾਹਮਣੇ ਖੜਾ ਬੰਦਾਚੋਰੀ ਕਰਨ ਲੱਗੇਗਾ ਤਾਂ ਪਤਾ ਨਹੀਂ ਲੱਗ ਜਾਏਗਾ ? ਦਰਅਸਲ ਜਿਹੜਾ ਬੰਦਾ ਪਿੱਛੇ ਚੌਥੇ ਨੰਬਰ ’ਤੇ ਖੜਾ ਸੀ, ਉਸ ਨੇ ਚੋਰੀ ਕੀਤੀ ਸੀ। ਗਿਆਨੀ ਜੀ ਨੇ ਉਹਨੂੰ ਲਾਈਨ ਛੱਡ ਕੇ ਜਾਂਦਿਆਂ ਵੀ ਵੇਖਿਆ ਸੀ। ਬਾਅਦ ਵਿਚ ਪਤਾ ਲੱਗਿਆ ਕਿ ਉਹ ਵਾਲੇਟ ਚੋਰੀ ਕਰਕੇ ਲਾਈਨ ਵਿਚੋਂ ਨਿਕਲ ਗਿਆ ਸੀ।’ ਸੁਖਦੀਪ ਸਿੰਘ ਨੇ ਚੋਰੀ ਦਾ ਅਸਲ ਕਿੱਸਾ ਸੁਣਾਇਆ।

‘ਹਮਮਮ ਲਾਈਨ ਵਿਚ ਅੱਗੇ ਖੜਾ ਬੰਦਾ ਆਪਣੇ ਤੋਂ ਪਿਛਲੇ ਬੰਦੇ ਦੀ ਚੋਰੀ ਨਹੀਂ ਕਰ ਸਕਦਾ, ਪਿੱਛੇ ਖੜਾ ਬੰਦਾ ਹੀ ਅਗਲੇ ਬੰਦੇ ਦੀ ਚੋਰੀ ਕਰ ਸਕਦਾ ਹੈ।’ ਮਿਹਰ ਸਿੰਘ ਨੇ ਆਪਣੀ ਪੁੜਪੁੜੀ ’ਤੇ ਉਂਗਲ ਵਜਾਉਂਦਿਆਂ ਕਿਹਾ। ਇਹ ਗੱਲ ਸੁਣਦਿਆਂ ਮਾਂ ਵੀ ਚਾਹ ਲੈ ਕੇ ਮੇਜ ਦੁਆਲੇ ਪਹੁੰਚ ਗਈ।

‘ਕਈ ਤਾਂ ਬੜੇ ਚਲਾਕ ਚੋਰ ਹੁੰਦੇ ਨੇ, ਜਿਹੜੇ ਪੈਸੇ ਤਾਂ ਲੈ ਜਾਂਦੇ, ਪਰ ਵਾਲੇਟ ਜੇਬ ਵਿਚ ਹੀ ਛੱਡ ਜਾਂਦੇ ਨੇ। ਚਲਾਕ ਚੋਰ ਬੈਗ ਨਹੀਂ ਚੁੱਕਦੇ, ਬੈਗ ਵਿਚਲਾ ਸਮਾਨ ਗਾਇਬ ਕਰ ਦਿੰਦੇ ਨੇ ? ਮੌਤ ਵੀ ਬੜੀ ਚਲਾਕ ਚੋਰ ਹੈ, ਜਿਹੜੀ ਸਰੀਰ ਨੂੰ ਨਾਲ ਨਹੀਂ ਲਿਜਾਂਦੀ, ਸਰੀਰ ਵਿਚੋਂ ਜਾਨ ਚੋਰੀ ਕਰ ਲੈਂਦੀ ਹੈ। ਭਗਤ ਕਬੀਰ ਜੀ ਐਸਾ ਹੀ ਫ਼ੁਰਮਾ ਰਹੇ ਹਨ, ‘‘ਆਇਓ ਚੋਰੁ, ਤੁਰੰਤਹ ਲੇ ਗਇਓ; ਮੇਰੀ ਰਾਖਤ ਮੁਗਧੁ ਫਿਰੈ ’’ (ਭਗਤ ਕਬੀਰ/੪੭੯)

ਪਰ ਮਿਹਰ ਤੂੰ ਕਿਵੇਂ ਕਿਹਾ ਸੀ ਕਿ ਚੋਰ ਨੇ ਗੁਰੂ ਸਾਹਿਬ ਦੀ ਤੇ ਰੱਬ ਦੀ ਵੀ ਚੋਰੀ ਕੀਤੀ ਹੈ ?’ ਮਾਂ ਨੇ ਕੇਤਲੀ ਤੋਂ ਕੱਪਾਂ ਵਿਚ ਚਾਹ ਪਾਉਂਦਿਆਂ ਹੈਰਾਨੀ ਨਾਲ ਪੁੱਛਿਆ।

‘ਮੰਮੀ ਜੀ, ਸੰਬੰਧਕ (Preposition) ਵੀ ਤਾਂ ਚੋਰ ਹੀ ਹੁੰਦੇ ਨੇ ?’ ਮਿਹਰ ਸਿੰਘ ਮੁਸਕੜੀਂ ਹੱਸਦਿਆਂ ਕਿਹਾ।

‘ਮਿਹਰ, ਤੈਨੂੰ ਪਤਾ ਹੈ ਕਿ ਸੰਬੰਧਕ ਕੀ ਹੁੰਦਾ ਹੈ ?’ ਮਾਂ ਨੇ ਹੋਰ ਵੀ ਹੈਰਾਨੀ ਨਾਲ ਪੁੱਛਿਆ।

‘ਹਾਂ ਜੀ ਮੰਮੀ ਜੀ, ਜਿਹੜਾ ਸ਼ਬਦ ਦੋ ਸ਼ਬਦਾਂ ਦਾ ਆਪਸ ਵਿਚ ਸੰਬੰਧ ਬਣਾ ਦੇਵੇ, ਉਹਨੂੰ ਸੰਬੰਧਕ ਕਹਿੰਦੇ ਨੇ। ਜਿਵੇਂ ਅੰਮ੍ਰਿਤ ਕਿਤਾਬ, ਦੋ ਸ਼ਬਦ ਹਨ ਪਰ ਕੋਈ ਗੱਲ ਬਣੀ ਨਹੀਂ। ਅੰਮ੍ਰਿਤ ਦੀ ਕਿਤਾਬ, ਹੁਣ ਗੱਲ ਬਣ ਗਈ। ਇੱਥੇ ‘ਦੀ’ ਸੰਬੰਧਕ ਨੇ ਅੰਮ੍ਰਿਤ ਤੇ ਕਿਤਾਬ ਦਾ ਆਪਸ ਵਿਚ ਸੰਬੰਧ ਬਣਾ ਦਿੱਤਾ। (ਚਾਹ ਵਾਲੀ ਕੇਤਲੀ ਵੱਲ ਇਸ਼ਾਰਾ ਕਰਦਿਆਂ) ਜਿਵੇਂ ਆਹ ਦੇਖੋ : ਕੇਤਲੀ ਚਾਹ, ਗੱਲ ਬਣੀ ਨਹੀਂ’, ਮਿਹਰ ਦੀ ਗੱਲ ਵਿਚੇ ਕੱਟ ਕੇ ਮਾਂ ਨੇ ਝੱਟ ਪੱਟ ਅਗਲਾ ਫਿਕਰਾ ਪੂਰਾ ਕਰ ਦਿੱਤਾ।

‘ਕੇਤਲੀ ਵਿਚ ਚਾਹ। ਗੱਲ ਬਣ ਗਈ। ‘ਵਿਚ’ ਸੰਬੰਧਕ ਨੇ ਕੇਤਲੀ ਤੇ ਚਾਹ ਦਾ ਸੰਬੰਧ ਬਣਾ ਦਿੱਤਾ। ਛੱਤ ਮੋਰ, ਗੱਲ ਬਣੀ ਨਹੀਂ। ਛੱਤ ਉੱਤੇ ਮੋਰ। ‘ਉੱਤੇ’ ਸੰਬੰਧਕ ਨੇ ਛੱਤ ਤੇ ਮੋਰ ਦਾ ਸੰਬੰਧ ਬਣਾ ਦਿੱਤਾ। ਇਸ ਤਰ੍ਹਾਂ ਦੇ ਸੰਬੰਧਕ ਤਾਂ ਬਹੁਤ ਹਨ, ਜਿਵੇ ਦਾ, ਦੇ, ਦੀ, ਨੂੰ, ਕੋਲ, ਉੱਤੇ, ਨਾਲ ਵਗੈਰਾ। ਇਹ ਤਾਂ ਪਤਾ ਹੀ ਹੈ ਕਿ ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਦਾ ਸਬੰਧ, ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਪਰਗਟ ਕਰਨ, ਉਹਨਾਂ ਨੂੰ ਸੰਬੰਧਕ ਕਹਿੰਦੇ ਹਨ। ਇਸ ਵਿਚ ਗੁਰੂ ਸਾਹਿਬ ਦੀ ਜਾਂ ਰੱਬ ਦੀ ਚੋਰੀ ਦੀ ਗੱਲ ਸਮਝ ਨਹੀਂ ਆਈ।’ ਮਾਂ ਨੇ ਕੱਪਾਂ ਵਿਚ ਚਾਹ ਪਾਉਂਦਿਆਂ ਫਿਰ ਹੈਰਾਨੀ ਪ੍ਰਗਟਾਈ।

‘ਮੰਮੀ ਜੀ, ਗੁਰਬਾਣੀ ਵਿਚ ਵੀ ਬਹੁਤ ਸਾਰੇ ਸੰਬੰਧਕ ਆਉਂਦੇ ਹਨ, ਜਿਵੇਂ ਦਾ, ਦੇ, ਦੀ, ਨੋ, ਨਉ, ਕਾ, ਕੇ, ਕੀ, ਕਉ, ਪਾਸਿ, ਪਾਰਿ, ਹੇਠਿ, ਊਪਰਿ, ਨਾਲਿ, ਵਿਚਿ, ਵਲਿ, ਮਹਿ, ਮਾਹਿ, ਨਿਕਟਿ, ਮੰਝਾਰਿ, ਬਰਾਬਰਿ, ਸਾਥਿ, ਤੁਲਿ, ਭੀਤਰਿ, ਬੀਚਿ, ਅੰਤਿ, ਸੰਗਿ, ਅੰਦਰਿ, ਬਾਹਰਿ, ਨਜੀਕਿ ਆਦਿਕ।’ ਸੁਖਦੀਪ ਸਿੰਘ ਨੇ ਚਾਹ ਦੀ ਚੁਸਕੀ ਲੈਂਦਿਆਂ ਗੱਲਬਾਤ ਵਿਚ ਆਪਣਾ ਹਿੱਸਾ ਪਾਇਆ।

‘ਹੁਣ ਅੱਗੋਂ ਮੈਂ ਦੱਸਾਂਗਾ। ਚਲੋ ਮੰਮੀ ਜੀ, ਤੁਸੀਂ ਪਹਿਲਾਂ ਇਹ ਦੱਸੋ ਕਿ ਪੁਲਿੰਗ ਇਕ ਵਚਨ ਗੁਰਬਾਣੀ ਵਿਚ ਕਿਵੇਂ ਆਉਂਦਾ ਹੈ ?’ ਮਿਹਰ ਸਿੰਘ ਨੇ ਉਤਸ਼ਾਹ ਦਿਖਾਉਂਦਿਆਂ ਕਿਹਾ।

‘ਇਹ ਤਾਂ ਸੌਖਾ ਹੈ ਨਾ ? ਪੁਲਿੰਗ ਇਕ ਵਚਨ ਉਕਾਰਾਂਤ (ਆਖਰੀ ਅੱਖਰ ਔਂਕੜ ਸਹਿਤ, ਦੇਖੋ ਭਾਗ 3) ਹੁੰਦਾ ਹੈ।’ ਮਾਂ ਨੇ ਸਹਿਜੇ ਹੀ ਜਵਾਬ ਦੇ ਦਿੱਤਾ।

‘ਇਹ ਜਿਹੜਾ ਸੰਬੰਧਕ ਹੈ ਨਾ, ਇਹ ਅਸਲ ਵਿਚ ਭੁੱਖਾ ਚੋਰ ਹੈ। ਇਹਨੂੰ ਲਗਦੀ ਹੈ ‘ਔਂਕੜ ਖਾਣ ਦੀ ਭੁੱਖ’। ਆਪਣੇ ਤੋਂ ਪਿਛਲੇ ਸ਼ਬਦ ਦੀ ਚੋਰੀ ਤਾਂ ਕਰ ਨਹੀਂ ਸਕਦਾ। ਇਹ ਆਪਣੇ ਤੋਂ ਅਗਲੇ ਸ਼ਬਦ ਪੁਲਿੰਗ ਇਕ ਵਚਨ ਦੀ ਔਂਕੜ ਚੋਰੀ ਕਰਕੇ ਖਾ ਲੈਂਦਾ ਹੈ।’ ਮਿਹਰ ਸਿੰਘ ਨੇ ਹੱਸਦਿਆਂ ਜਵਾਬ ਦਿੱਤਾ।

‘ਪਰ ਉਹ ਕਿਵੇਂ ?’ ਮਾਂ ਨੇ ਫਿਰ ਸਵਾਲ ਕਰ ਦਿੱਤਾ।

‘ਦੇਖੋ ਮੰਮੀ ਜੀ, ਜਿਵੇਂ ਗੁਰਬਾਣੀ ਵਿਚ ਆਇਆ ਹੈ, ‘‘ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ’’

ਇਸ ਤੁੱਕ ਵਿਚ ‘ਗੁਰ’ ਆਖਰੀ ਅੱਖਰ ਔਂਕੜ ਸਹਿਤ ਆਉਣਾ ਚਾਹੀਦਾ ਸੀ ਕਿਉਂਕਿ ਸਾਡਾ ਗੁਰੂ ਤਾਂ ਇਕ ਹੀ ਹੈ ਨਾ ? ਤਿਵੇਂ ਹੀ ਗੁਰੂ ਦਾ ‘ਦਰਸਨੁ’ ਵੀ ਇਕ ਹੀ ਹੈ ਤੇ ਉਸ ਦੇ ਆਖਰੀ ਅੱਖਰ ਨੂੰ ਔਂਕੜ ਵੀ ਆਈ ਹੈ ‘ਦਰਸਨੁ’। ਸੰਬੰਧਕ ਚੋਰ ਨੂੰ ਭੁੱਖ ਲੱਗ ਗਈ। ਉਹ ਆਪਣੇ ਤੋਂ ਪਿਛਲੇ ਸ਼ਬਦ ‘ਦਰਸਨੁ’ ਦੀ ਚੋਰੀ ਤਾਂ ਕਰ ਨਹੀਂ ਸੀ ਸਕਦਾ। ਉਸ ਨੇ ਅਗਲੇ ਸ਼ਬਦ ‘ਗੁਰੁ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ ਤੇ ਤੁੱਕ ਬਣ ਗਈ : ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ

ਦੇਖਿਆ ? ਕਰ ਲਈ ਨਾ ਸੰਬੰਧਕ ਚੋਰ ਨੇ ‘ਗੁਰੁ’ ਦੇ ਆਖਰੀ ਅੱਖਰ ਦੀ ਔਂਕੜ ਦੀ ਚੋਰੀ ?’ ਇਹ ਗੱਲ ਸਮਝਾਉਂਦਿਆਂ ਮਿਹਰ ਸਿੰਘ ਦੇ ਚਿਹਰੇ ਦੀ ਖੁਸ਼ੀ ਦੁੱਗਣੀ-ਚੌਗੁਣੀ ਹੋ ਗਈ ਸੀ।

‘ਇਹ ਨੇਮ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਜਿਵੇਂ ‘‘ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ’’

ਇਸ ਤੁੱਕ ਵਿਚ ‘ਪ੍ਰਭੁ’ ਤਾਂ ਇਕ ਵਚਨ ਪੁਲਿੰਗ ਸ਼ਬਦ ਹੈ, ਪਰ ‘ਤੇ’ ਸੰਬੰਧਕ ਨੂੰ ਭੁੱਖ ਲੱਗੀ ਤੇ ਉਹਨੇ ਪ੍ਰਭ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰਕੇ ਖਾ ਲਈ। ਉਸ ਦੇ ਪਿੱਛੇ ‘ਜਨੁ’ ਵੀ ਸੀ, ਪਰ ‘ਤੇ’ ਸੰਬੰਧਕ; ‘ਜਨੁ’ ਦੀ (ਆਖਰੀ ਅੱਖਰ ‘ਨੁ’ ਔਂਕੜ) ਚੋਰੀ ਨਹੀਂ ਕਰ ਸਕਿਆ। ਉਸ ਤੋਂ ਅਗਲੇ ‘ਜਨੁ’ ਦੇ ਆਖਰੀ ਅੱਖਰ ਦੀ ਔਂਕੜ ਉਸ ਤੋਂ ਬਾਅਦ ਆਉਣ ਵਾਲੇ ਸੰਬੰਧਕ ‘ਤੇ’ ਨੇ ਚੋਰੀ ਕਰ ਲਈ। ਹੁਣ ਸਮਝ ਆਈ ਗਿਆਨੀ ਜੀ ਦੇ ਵਾਲੇਟ ਚੋਰੀ ਹੋਣ ਦੀ ਸਟੋਰੀ। ਲਾਈਨ ਵਿਚ ਅੱਗੇ ਖੜਾ ਬੰਦਾ ਆਪਣੇ ਤੋਂ ਪਿਛਲੇ ਬੰਦੇ ਦੀ ਚੋਰੀ ਨਹੀਂ ਕਰ ਸਕਦਾ, ਪਿੱਛੇ ਖੜਾ ਬੰਦਾ ਹੀ ਅਗਲੇ ਬੰਦੇ ਦੀ ਚੋਰੀ ਕਰ ਸਕਦਾ ਹੈ। ਇਸੇ ਤਰ੍ਹਾਂ ਸੰਬੰਧਕ ਆਪਣੇ ਤੋਂ ਬਾਅਦ ਵਿਚ ਆਉਣ ਵਾਲੇ ਪੁਲਿੰਗ ਇਕ ਵਚਨ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਤਾਂ ਨਹੀਂ ਕਰ ਸਕਦਾ, ਪਰ ਆਪਣੇ ਤੋਂ ਪਹਿਲਾਂ ਆਉਣ ਵਾਲੇ ਪੁਲਿੰਗ ਇਕ ਵਚਨ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਸਕਦਾ ਹੈ।’ ਮਾਂ ਨੇ ਹੱਸਦਿਆਂ ਜਵਾਬ ਦਿੱਤਾ ਤੇ ਉੱਠ ਕੇ ਰਸੋਈ ਵੱਲ ਚਲੀ ਗਈ। ਮਾਂ ਦੇ ਰਸੋਈ ਵਿਚ ਜਾਣ ਦੀ ਦੇਰ ਹੀ ਸੀ ਕਿ ਮਿਹਰ ਸਿੰਘ ਦਾ ਹੱਥ ਲੱਗ ਕੇ ਮੇਜ ’ਤੇ ਰੱਖੀ ਮਾਂ ਦੀ ਚਾਹ ਦਾ ਕੱਪ ਡੁੱਲ੍ਹ ਗਿਆ।

‘ਉਹੋ ! ਦੇਖੋ ਵੀਰੇ ਧਿਆਨ ਨਾਲ ਸੁਣਿਓ : ‘ਮੌਮ ਦੀ ਚਾਹ ਡੁੱਲ੍ਹ ਗਈ’ ਇਸ ਤੁੱਕ ਵਿਚ ‘ਦੀ’ ਸੰਬੰਧਕ ਚੋਰ ਨੇ ‘ਮੌਮ’ ਸ਼ਬਦ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰਕੇ ਖਾ ਲਈ।

‘ਮੰਮੀ ਜੀ ਦੀ ਚਾਹ ਡੋਲ੍ਹ ਕੇ, ਨੁਕਸਾਨ ਕਰਕੇ ਵੀ ਤੈਨੂੰ ਗਿਆਨ ਸੁੱਝਦਾ ਆ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਦੇ ਸਿਰ ’ਤੇ ਹਲਕੀ ਜਿਹੀ ਪਟੋਕੀ ਮਾਰਦਿਆਂ ਕਿਹਾ। ਨਾਲ ਹੀ ਮੇਜ ਸਾਫ ਕਰਕੇ ਕੇਤਲੀ ਵਿਚੋਂ ਹੋਰ ਚਾਹ ਕੱਪ ਵਿਚ ਪਾ ਦਿੱਤੀ।

‘ਪਰ ਮੈਂ ਠੀਕ ਹੀ ਕਿਹਾ ਹੈ ਨਾ ?’ ਮਿਹਰ ਸਿੰਘ ਨੇ ਮਾਸੂਮ ਜਿਹਾ ਮੂੰਹ ਬਣਾਉਂਦਿਆ ਇਸ ਤਰ੍ਹਾਂ ਕਿਹਾ ਕਿ ਸੁਖਦੀਪ ਸਿੰਘ ਦਾ ਵੀ ਹਾਸਾ ਨਿਕਲ ਗਿਆ।

‘ਓਹ ਬੁੱਧੂ ! ਜਦੋਂ ਰੱਬ ਅਕਲ ਵੰਡ ਰਿਹਾ ਸੀ ਤੇ ਤੂੰ ਕਿੱਥੇ ਸੀ ?’

‘ਵੀਰੇ ਮੈਂ ਤੁਹਾਡੇ ਕੋਲੋਂ ਗੁਰਬਾਣੀ ਵਿਆਕਰਣ ਸਿੱਖ ਰਿਹਾ ਸੀ।’ ਮਿਹਰ ਸਿੰਘ ਨੇ ਮੁਸਕੜੀਂ ਹੱਸਦਿਆਂ ਕਿਹਾ।

‘ਵਿਆਕਰਣ ਤੈਨੂੰ ਫਿਰ ਵੀ ਨੀਂ ਆਈ। ਓ ਮੇਰੇ ਮੱਖਣ ਦਿਆ ਡੂਨਿਆਂ ! ‘ਮੌਮ’ ਸ਼ਬਦ ਦੇ ਆਖਰੀ ਅੱਖਰ ਨੂੰ ਕਦੀ ਔਂਕੜ ਲੱਗੀ ਦੇਖੀ ਹੈ, ਜੋ ਲੱਥ ਜਾਏਗੀ ? ਸੰਬੰਧਕ ਚੋਰ ਸਿਰਫ ਪੁਲਿੰਗ ਇਕ ਵਚਨ ਦੇ ਆਖਰੀ ਅੱਖਰ ਦੀ ਹੀ ਔਂਕੜ ਚੋਰੀ ਕਰਦਾ ਹੈ, ਇਸਤਰੀ ਲਿੰਗ ਸ਼ਬਦ ਦੀ ਨਹੀਂ। ਜਿਵੇਂ ਕਿ

ਘਰ ਮਹਿ ਠਾਕੁਰੁ ਨਦਰਿ ਆਵੈ

ਗਲ ਮਹਿ ਪਾਹਣੁ ਲੈ ਲਟਕਾਵੈ

ਇਹਨਾਂ ਤੁੱਕਾਂ ਵਿਚ ‘ਘਰੁ’ ਤੇ ‘ਗਲੁ’ ਪੁਲਿੰਗ ਇਕ ਵਚਨ ਹਨ, ਪਰ ਸੰਬੰਧਕ ਚੋਰ ‘ਮਹਿ’ ਨੇ ਦੋਵੇਂ ਸ਼ਬਦਾਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰਕੇ ਇਹਨਾਂ ਨੂੰ ‘ਘਰ’ ਤੇ ‘ਗਲ’ ਬਣਾ ਦਿੱਤਾ ਹੈ। ਸਮਝੇ ਕਿ ਨਹੀਂ ਬੁੱਧੂ ?’ ਸੁਖਦੀਪ ਸਿੰਘ ਨੇ ਆਪਣੀ ਸਮਝ ਦਾ ਮਾਣ ਜਤਾਉਂਦਿਆਂ ਸਮਝਾਇਆ। ਇੰਨੇ ਨੂੰ ਮਾਂ ਵੀ ਰਸੋਈ ਤੋਂ ਬਾਹਰ ਆ ਕੇ ਇਹਨਾਂ ਨਿੱਕੜੇ ਤੇ ਪਿਆਰੇ ਬੱਚਿਆਂ ਦੀ ਗੁਰਮਤਿ ਨਾਲ ਭਿੱਜੀ ਹੋਈ ਵਿਚਾਰ ਪੂਰੀ ਦਿਲਚਸਪੀ ਨਾਲ ਸੁਣਨ ਲੱਗ ਪਈ।

‘ਓ ਯਾਦ ਆ ਗਿਆ ਵੀਰ ਜੀ, ਇਸਤਰੀ ਲਿੰਗ ਸ਼ਬਦਾਂ ’ਤੇ ਇਹ ਨੇਮ ਲਾਗੂ ਨਹੀਂ ਹੁੰਦਾ। ਜਦੋਂ ਮੈਂ ਸਹਿਜ ਪਾਠ ਕਰਦਾ ਹਾਂ ਤਾਂ ਪ੍ਰੋ: ਸਾਹਿਬ ਸਿੰਘ ਜੀ ਦੇ ‘ਦਰਪਣ’ ਸਟੀਕ ਤੋਂ ਪਦ-ਅਰਥ ਅਤੇ ਪੂਰੇ ਅਰਥ ਜ਼ਰੂਰ ਪੜ੍ਹਦਾ ਹਾਂ। ਪਾਠ ਕਰਦਿਆਂ ਕੁੱਝ ਪ੍ਰਮਾਣਾਂ (ਗੁਰਬਾਣੀ ਦੀਆਂ ਤੁੱਕਾਂ) ਵਿਚ ਇਸਤਰੀ ਲਿੰਗ ਸ਼ਬਦਾਂ ਨਾਲ ਸੰਬੰਧਕ ਆਏ ਸਨ, ਪਰ ਇਸਤਰੀ ਲਿੰਗ ਦੇ ਸ਼ਬਦਾਂ ਦੇ ਆਖਰੀ ਅੱਖਰ ਦੀ ਔਂਕੜ ਨਹੀਂ ਲੱਥੀ ਸੀ, ਜਿਵੇਂ ਕਿ

ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ

ਬਿਖੁ ਕਾ ਕੀੜਾ ਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ

ਇਹਨਾਂ ਤੁੱਕਾਂ ਵਿਚ ‘ਸਾਸੁ’ ਤੇ ‘ਬਿਖੁ’ ਇਸਤਰੀ ਲਿੰਗ (ਤਤਸਮ) ਸ਼ਬਦ ਹਨ। ਇਹਨਾਂ ਤੋਂ ਬਾਅਦ ‘ਕੀ’, ‘ਕਾ’ ਅਤੇ ‘ਮਹਿ’ ਸੰਬੰਧਕ ਆਏ ਹਨ, ਪਰ ਇਸਤਰੀ ਲਿੰਗ ਨਾਵਾਂ ਦੇ ਆਖਰੀ ਅੱਖਰ ਦੀ ਔਂਕੜ ਨਹੀਂ ਲੱਥੀ, ਸਗੋਂ ਪੁਲਿੰਗ ਇਕ ਵਚਨ ‘ਸਸੁਰ’ ਤੇ ‘ਜੇਠ’ ਤੋਂ ਬਾਅਦ ਆਏ ‘ਕੀ’ ਤੇ ‘ਕੇ’ ਸੰਬੰਧਕਾਂ ਨੇ ਇਹਨਾਂ ਸ਼ਬਦਾਂ ਦੇ ਆਖਰੀ ਅੱਖਰ ਦੀ ਔਂਕੜ ਹਟਾ ਦਿੱਤੀ ਹੈ। ਪੁਲਿੰਗ ਇਕ ਵਚਨ ਸੰਬੰਧਕੀ ਕੁੱਝ ਹੋਰ ਪ੍ਰਮਾਣ ਵੀ ਮੈਨੂੰ ਯਾਦ ਹਨ, ਜਿਵੇਂ ਕਿ

ਪੂਰੇ ਗੁਰ ਕਾ ਸੁਨਿ ਉਪਦੇਸੁ

ਬੋਲਾਇਆ ਬੋਲੀ ਖਸਮ ਦਾ

ਸਾਚੇ ਨਾਮ ਕੀ ਤਿਲੁ ਵਡਿਆਈ

ਕਹੁ ਕਬੀਰ ਇਹੁ ਰਾਮ ਕੀ ਅੰਸੁ

ਗੁਰ ਕੀ ਰੇਣੁ ਨਿਤ ਮਜਨੁ ਕਰਉ

ਇਹਨਾਂ ਸਾਰੇ ਗੁਰਬਾਣੀ ਦੇ ਪ੍ਰਮਾਣਾਂ ਵਿਚ ਸੰਬੰਧਕਾਂ ਤੋਂ ਪਹਿਲਾਂ ਆਉਣ ਵਾਲੇ ਪੁਲਿੰਗ ਨਾਵਾਂ ਦੇ ਆਖਰੀ ਅੱਖਰਾਂ ਦੀ ਔਂਕੜ ਸੰਬੰਧਕਾਂ ਨੇ ਖਤਮ ਕਰ ਦਿੱਤੀ।’ ਮਿਹਰ ਸਿੰਘ ਨੇ ਖੁਸ਼ ਹੋ ਕੇ ਕਿਹਾ।

‘ਬਿਲਕੁਲ ਠੀਕ ਮਿਹਰ ! ਕਈ ਵਾਰ ਕਿਸੇ ਔਖੇ ਨੇਮ ਨੂੰ ਸਮਝਣ ਲਈ ਕੋਈ ਉਦਾਹਰਣ ਲੈਣੀ ਪੈਂਦੀ ਹੈ, ਜਿਵੇਂ ਗੁਰਬਾਣੀ ਵਿਆਕਰਣ ਦੇ ਇਸ ਨੇਮ ਨੂੰ ਸਮਝਣ ਲਈ ਤੂੰ ਸੰਬੰਧਕ ਨੂੰ ਚੋਰ ਕਿਹਾ ਸੀ, ਪਰ ਹੁਣ ਜਦੋਂ ਨੇਮ ਸਮਝ ਆ ਗਿਆ ਤਾਂ ਸੰਬੰਧਕ ਨੂੰ ਚੋਰ ਕਹਿਣ ਦੀ ਵੀ ਲੋੜ ਨਹੀਂ ਹੈ। ਗੱਲ ਸਮਝ ਆ ਗਈ, ਇੰਨਾ ਹੀ ਬਹੁਤ ਹੈ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਆਪਣੀ ਜੱਫੀ ਵਿਚ ਲੈ ਕੇ ਬੜੇ ਪਿਆਰ ਨਾਲ ਸਮਝਾਇਆ।

‘ਠੀਕ ਹੈ ਵੀਰੇ ! ਹੁਣ ਮੈਂ ਸੰਬੰਧਕ ਹੀ ਕਿਹਾ ਕਰਾਂਗਾ।’ ਭੋਲਾ ਮਿਹਰ ਸਿੰਘ ਜਲਦੀ ਹੀ ਇਸ ਗੱਲ ਨਾਲ ਸਹਿਮਤ ਹੋ ਗਿਆ।

‘ਤੈਨੂੰ ਪਤਾ ਹੈ ਕਿ ਗੁਰਬਾਣੀ ਵਿਚ 20 ਕਿਸਮਾਂ ਦੀਆਂ ਵੱਖ-ਵੱਖ ਬੋਲੀਆਂ ਦੇ ਬਹੁਤ ਸਾਰੇ ਸਮਾਨ-ਅਰਥਕ ਸੰਬੰਧਕ ਉਚਾਰੇ ਗਏ ਹਨ, ਜਿਹੜੇ ਪੁਲਿੰਗ ਇਕ ਵਚਨ ਨਾਵਾਂ ਤੋਂ ਬਾਅਦ ਆ ਕੇ ਉਹਨਾਂ ਦੇ ਆਖਰੀ ਅੱਖਰ ਦੀ ਔਂਕੜ ਖਤਮ ਕਰ ਦਿੰਦੇ ਹਨ, ਜਿਵੇਂ ਕਿ

  1. ਉਪਕੰਠਿ, ਸਮੀਪਿ, ਕੋਲੀ, ਥੈ, ਨਿਕਟਿ, ਨੇੜਿ, ਨੇੜਾ, ਨੇੜੇ, ਨੇੜੈ, ਨੇਰ, ਨੇਰਿ, ਨੇਰਉ, ਨੇਰਹੂ, ਨੇਰਿਆ, ਨੇਰਾ, ਨੇਰੀ, ਨੇਰੇ, ਨੇਰੈ, ਨੇਰੋ, ਨਜੀਕਿ, ਪਾਸਿ, ਪਾਸੀ, ਪਾਸੇ, ਪਾਹਿ, ਪਾਹੀ, ਪਾਹਾ, ਪਹਿ।
  2. ਸੰਦਾ, ਸੰਦੀ, ਸੰਦੜਾ, ਸੰਦੜੀ, ਸੰਦੀਆ, ਸੰਦੇ, ਸੰਦੜੇ, ਹੰਦਾ, ਹੰਦੀ, ਕਾ, ਕੀ, ਕੀਆ, ਕੀਆਹ, ਕੇ, ਕੈ, ਕੇਰਾ, ਕੇਰੀ, ਕੇਰੇ, ਕੇਰੀਆ, ਕੋ, ਖੇ, ਚ, ਚੀ, ਚੇ, ਚੈ, ਚੋ, ਦਾ, ਦੀ, ਦੀਆ, ਦੇ, ਦੈ, ਰੋ, ਰੀ।
  3. ਬਿਨੁ, ਬਿਨਾ, ਬਿਹੂਨ, ਬਿਹੂਨਾ, ਬਿਹੂਨੀ, ਬਿਹੂਨੇ, ਬਿਹੂਣ, ਬਿਹੂਣਾ, ਬਿਹੂਣੇ, ਬਿਹੂਣੈ, ਬਿਹੂਣੀ, ਬਾਹਰਾ, ਬਾਹਰੀ, ਬਾਹਰੇ, ਬਾਹਰਹੁ, ਬਾਝਹੁ, ਬਾਝੁ, ਵਿਹੂਣ, ਵਿਹੂਣਾ, ਵਿਹੂਣੀ, ਵਿਣੁ, ਵਿਹੂਣੇ, ਵਿਹੂਣਿਆ, ਵਿਹੂਣੀਆ, ਰਹਤ।
  4. ਸਉ, ਸਿਉ, ਸੌ, ਸੰਗਿ, ਸੇਤੀ, ਸਾਥਿ, ਨਾਲੇ, ਨਾਲਿ, ਪ੍ਰਤਿ, ਲਉ।
  5. ਸਹਿਤ, ਸਣੁ, ਸਣੈ, ਸਮੇਤਿ।
  6. ਨਿਆਈ, ਸਾ, ਸਾਣੁ, ਸਮਾਨਿ, ਜਿਉ, ਜਸ, ਜੈਸਾ, ਜੈਸੀ, ਜੈਸੇ, ਜੇਹਾ, ਜੇਹੀ, ਜੇਹਿਆ, ਜੇਹੀਆ, ਜੇਹੇ, ਜੇਹੈ, ਜੇਵ, ਜਿਵੈ, ਜੇਵਿਹਾ, ਜੇਵੇਹੀ, ਜੇਵੇਹੇ, ਵਾਗਿ, ਵਾਂਗੀ, ਵਾਂਗੂ।
  7. ਅੰਤਰਿ, ਅੰਤਰੇ, ਅੰਦਰਿ, ਅੰਦਰੇ, ਅੰਦਰਹਿ, ਅੰਦਰਹੁ, ਥੈ, ਨਿਰੰਤਰਿ, ਪੈ, ਬੀਚੇ, ਬੀਚੋ, ਬਿਚਿ, ਬੀਚਿ, ਬੀਚਹਿ, ਮੈ, ਮੋ, ਮਿਆਨੇ, ਮਹਿ, ਮਾਹਿ, ਮਾਹੀ, ਮਾਝ, ਮਝਾਰ, ਮਝਾਰਿ, ਮਝੂਰਿ, ਮਝਿਆ, ਮਝਾਹੂ, ਮੰਝਿ, ਮੰਝਾਰਿ, ਮੰਝਾਹੂ, ਮਧਿ, ਮਧੇ, ਮੰਧੇ, ਮੰਧਾਹੀ, ਵਿਚਿ, ਵਿਚੇ।
  8. ਸਿਉ, ਕਉ, ਕੂ, ਖੇ (ਸਿੰਧੀ ਬੋਲੀ), ਕੋ, ਕੌ, ਕੂੰ, ਜੋਗੁ, ਕਹੁ, ਨਉ, ਨੋ।
  9. ਅਰਥਾ, ਅਰਥਿ, ਹੇਤਿ, ਕਾਰਣਿ, ਕੀਐ, ਕੂ, ਕੈ, ਜੋਗੁ, ਤਾਈ, ਨੋ, ਨਵਿਤ।
  10. ਸਿਉ, ਸੈ, ਹੂੰ, ਕਿਅਹੁ, ਕ੍ਹਿਹੁ, ਕੰਨਹੁ, ਜਿਦੂ, ਡੂੰ, ਤੇ, ਥੇ, ਥਾਵਹੁ, ਦੂ, ਨਾਲੋ, ਨਾਲਹੁ, ਪੈ, ਪਾਸਹੁ, ਪਾਹਾ, ਪਹਿ, ਪਹੁ।
  11. ਉਤੈ, ਉਪਰਿ, ਊਪਰਿ, ਉਪਰੇ, ਊਪਰੇ, ਹੇਠਿ, ਜੇਰ (ਫ਼ਾਰਸੀ ਵਾਲਾ ਜ਼ੇਰ), ਤਲਿ, ਤਲੇ, ਤਲੈ, ਤੈ (ਸਭਤੈ), ਪਰ, ਪਰਿ।
  12. ਅਗੈ, ਆਗੇ, ਆਗੈ, ਪਾਛੇ, ਪਾਛੈ, ਪਿਛੈ, ਪੀਛੈ।
  13. ਸਮਸਰਿ, ਸਮਸਰੇ, ਸਮਾਨ, ਸਾਰ, ਸਰਿ, ਸਾਰਖੇ, ਜੇਡੁ, ਜੇਵਡੁ, ਤੁਲਿ, ਬਰਾਬਰਿ, ਭਰਿ, ਮਿਕਦਾਰਾ।
  14. ਸਟੈ, ਬਾਦਰੈ, ਬਦਲਹਾ, ਬਦਲਾਹੁ, ਬਦਲੇ, ਬਦਲੈ, ਬਦਲਾਵਨਿ।
  15. ਤਾਈ, ਲਉ, ਲਗੁ, ਪੈ।
  16. ਵਿਚਦੋ, ਵਿਚੁਦੇ (ਨੋਟ: ਛਾਪੇ ਵਾਲੀਆਂ ਬੀੜਾਂ ਵਿਚ ‘ਵਿਚੁ ਦੇ’ ਪਦ-ਛੇਦ ਪਾਠ ਕਰਨ ਵਾਲੇ ਵਿਦਵਾਨਾਂ ਵੱਲੋਂ ਉਕਾਈ ਹੈ, ਇਕੱਠਾ ਪਾਠ ‘ਵਿਚੁਦੇ’ ਸੰਬੰਧਕ ਹੈ)।
  17. ਵਿਚਹੁ।
  18. ਕਰਿ (by means of), ਪਰਣੈ।
  19. ਕਉ, ਕੈ, ਨੋ, ਵਿਟਹੁ, ਵਿਟੜਿਅਹੁ।
  20. ਓਰ, ਕਨਿ, ਧਿਰਿ, ਵਲਿ।

ਮੈਂ ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਇੰਨੇ ਸੰਬੰਧਕ ਇਕੱਠੇ ਕੀਤੇ ਹਨ ਕਿ ਸ਼ਾਇਦ ਹੀ ਕੋਈ ਹੋਰ ਬਚਿਆ ਹੋਵੇ। ਜੇ ਤੈਨੂੰ ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਇਹਨਾਂ ਤੋਂ ਇਲਾਵਾ ਕੋਈ ਹੋਰ ਸੰਬੰਧਕ ਮਿਲ ਜਾਏ ਤਾਂ ਮੈਨੂੰ ਜ਼ਰੂਰ ਨੋਟ ਕਰਾ ਦੇਈਂ। ਯਾਦ ਨਾਲ। ਸਮਝੇ ?’ ਸੁਖਦੀਪ ਸਿੰਘ ਨੇ ਜ਼ੋਰ ਦੇ ਕੇ ਮਿਹਰ ਸਿੰਘ ਨੂੰ ਹੁਕਮ ਸੁਣਾਇਆ ਤੇ ਮਿਹਰ ਸਿੰਘ ਸਹਿਮਤੀ ਦੇ ਲਹਿਜ਼ੇ ਨਾਲ ਹੱਸ ਪਿਆ।

‘ਸੁਖਦੀਪ, ਮਿਹਰ, ਤੁਹਾਨੂੰ ਪਤਾ ਹੈ ਕਿ ਇਹਨਾਂ ਵਿਚ ਕੁੱਝ ਐਸੇ ਸ਼ਬਦ ਵੀ ਹਨ, ਜਿਹੜੇ ਸੰਬੰਧਕਾਂ ਦਾ ਅਰਥ ਤਾਂ ਦਿੰਦੇ ਹੀ ਹਨ, ਪਰ ਇਹ ਸ਼ਬਦ ਗੁਰਬਾਣੀ ਵਿਚ ਹੋਰ ਅਰਥਾਂ ਵਿਚ ਵੀ ਆ ਜਾਂਦੇ ਹਨ। ਇਸ ਲਈ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਵਿਚਾਰਨਾ ਚਾਹੀਦਾ ਹੈ ਕਿ ਇਹ ਸੰਬੰਧਕ ਦੇ ਅਰਥ ਦਿੰਦੇ ਹਨ ਜਾਂ ਕੋਈ ਹੋਰ ਅਰਥ ਦਿੰਦੇ ਹਨ, ਜਿਵੇ ਕਿ

ਸਉ, ਸੌ, ਸਰਿ, ਸਾਰ, ਕਹੁ, ਕਰਿ, ਜੋਗੁ, ਤਾਈ, ਤੁਲਿ, ਥਾਵਹੁ, ਥੇ, ਥੈ, ਪਰ, ਪੈ, ਭਰਿ, ਰਹਤ, ਰੀ, ਲਉ, ਲਵੈ ਆਦਿਕ।

ਅੱਜ ਤੁਹਾਡਾ ਇਹ ਹੋਮਵਰਕ ਹੈ ਕਿ ਇਹਨਾਂ ਸੰਬੰਧਕਾਂ ਦੇ ਗੁਰਬਾਣੀ ਵਿਚੋਂ ਪ੍ਰਮਾਣ ਲੱਭੋ ਤੇ ਨਾਲ ਹੀ ਇਹ ਸ਼ਬਦ, ਜਿਹੜੇ ਹੋਰ ਅਰਥਾਂ ਵਿਚ ਵੀ ਗੁਰਬਾਣੀ ਵਿਚ ਆਏ ਹਨ, ਉਹਨਾਂ ਦੇ ਪ੍ਰਮਾਣ ਵੀ ਲਿਖ ਕੇ ਦਿਖਾਉ। ਨਾਲ ਹੀ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖੀ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿਚੋਂ ਸਾਰੇ ਪ੍ਰਮਾਣਾਂ ਦੇ ਅਰਥ ਵੀ ਲਿਖ ਕੇ ਮੈਨੂੰ ਚੈੱਕ ਕਰਾਉ।

ਇਹ ਵੀ ਯਾਦ ਰੱਖਿਓ ਮੇਰੇ ਬੱਚਿਓ ! ਜਿਹੜੇ ਸੰਬੰਧਕ ਦੋ ਜਾਂ ਤਿੰਨ ਵਾਰ ਵੱਖ-ਵੱਖ ਕਿਸਮਾਂ ਵਿਚ ਆਏ ਹਨ, ਉਹਨਾਂ ਦੇ ਅਰਥ ਉਹਨਾਂ ਦੀਆਂ ਕਿਸਮਾਂ ਅਨੁਸਾਰ ਵੱਖ-ਵੱਖ ਹੀ ਬਣਨਗੇ, ਜਿਵੇਂ ਕਿ ‘ਸਿਉ’ ਸੰਬੰਧਕ; ‘ਨਾਲ’, ‘ਨਾਲੋਂ’ ਤੇ ‘ਨੂੰ’ ਤਿੰਨਾਂ ਅਰਥਾਂ ਵਿਚ ਆਇਆ ਹੈ। ਇਸੇ ਤਰ੍ਹਾਂ ‘ਪਹਿ’ ਸੰਬੰਧਕ; ‘ਕੋਲ’ ਤੇ ‘ਨਾਲੋਂ’ ਦੇ ਅਰਥਾਂ ਵਿਚ ਆਇਆ ਹੈ।’ ਮਾਂ ਨੇ ਆਪਣੇ ਗੁਰਸਿੱਖ ਬੱਚਿਆਂ ਨੂੰ ਬੜੇ ਪਿਆਰ ਨਾਲ ਕਿਸੇ ਗੁਰਬਾਣੀ ਵਿਆਕਰਣ ਦੇ ਮਾਹਰ ਪ੍ਰੋਫ਼ੈਸਰ ਦੀ ਤਰ੍ਹਾਂ ਸਮਝਾਇਆ।

ਇੰਨੇ ਨੂੰ ਦਰਵਾਜ਼ਾ ਖੜਕਿਆ ਤੇ ਮਾਂ ਨੇ ਦਰਵਾਜ਼ਾ ਖੋਲ੍ਹਿਆ।

‘ਆਉ ਗਿਆਨੀ ਜੀ ! ਧੰਨਭਾਗ ਸਾਡੇ, ਦਰਸ਼ਨ ਹੋਏ ਤੁਹਾਡੇ।’ ਮਾਂ ਪਰਮਜੀਤ ਕੌਰ ਨੇ ਬੜੇ ਸਤਿਕਾਰ ਨਾਲ ਸਵਾਗਤ ਕੀਤਾ। ਅਸਲ ਵਿਚ ਹੁਣ ਮੈਂ ਆ ਗਿਆ ਸਾਂ।

‘ਭੈਣ ਜੀ ! ਮੈਂ ਸੋਚਿਆ ਕਿ ਅੱਜ ਛੁੱਟੀ ਹੋਣ ਕਰਕੇ ਬੱਚੇ ਘਰ ਹੀ ਹੋਣਗੇ ਤੇ ਗੁਰਬਾਣੀ ਨਾਲ ਜੁੜ ਕੇ ਛੁੱਟੀ ਦਾ ਲਾਹਾ ਲੈ ਲਿਆ ਜਾਏ।’ ਮੈਂ ਆਪਣੇ ਵੱਲੋਂ ਗੁਰਮਤਿ ਪ੍ਰਚਾਰ ਦੀ ਸੇਵਾ-ਭਾਵਨਾ ਨਾਲ ਤੇ ਨਾਲ ਹੀ ਬੜੇ ਮਾਣ ਨਾਲ ਇੱਕੋ-ਸਾਹੇ ਤੇਜ਼ੀ ਨਾਲ ਕਹਿ ਦਿੱਤਾ।

‘ਬਹੁਤ ਵਧੀਆ ਕੀਤਾ ਗਿਆਨੀ ਜੀ। ਇਹਨਾਂ ਬੱਚਿਆਂ ਵਿਚ ਗੁਰਬਾਣੀ ਵਿਆਕਰਣ ਨੂੰ ਸਮਝ ਕੇ ਆਪ ਹੀ ਸ਼ੁੱਧ ਅਰਥ ਕਰਨ ਦੀ ਬਹੁਤ ਇੱਛਾ ਹੈ। ਅੱਜ ਆਪ ਜੀ ਇਹਨਾਂ ਨੂੰ ਗੁਰਬਾਣੀ ਵਿਆਕਰਣ ਦਾ ਕਿਹੜਾ ਨੇਮ ਕਰਾਉਗੇ ?’ ਬੀਬੀ ਪਰਮਜੀਤ ਕੌਰ ਨੇ ਬੜੀ ਉਤਸੁੱਕਤਾ ਨਾਲ ਪੁੱਛਿਆ।

‘ਗਿਆਨੀ ਜੀ, ਅੱਜ ਸਾਨੂੰ ਗੁਰਬਾਣੀ ਵਿਆਕਰਣ ਦਾ ਕੋਈ ਨਵਾਂ ਨੇਮ ਸਿਖਾਉ।’ ਦੋਵੇਂ ਬੱਚੇ ਇਕੱਠੇ ਬੋਲੇ।

‘ਆਉ ਬੱਚਿਓ ! ਅੱਜ ਮੈਂ ਤੁਹਾਨੂੰ ਗੁਰਬਾਣੀ ਵਿਚ ਆਉਣ ਵਾਲੇ ਸੰਬੰਧਕਾਂ ਦੀ ਇਕ ਬੜੀ ਰੌਚਕ ਕਹਾਣੀ ਸੁਣਾਵਾਂ।’ ਮੇਰੀ ਇੰਨੀ ਗੱਲ ਸੁਣਦਿਆਂ-ਸਾਰ ਸਾਰੇ ਹੱਸਣ ਲੱਗ ਪਏ ਤੇ ਕਿੰਨਾ ਚਿਰ ਹੱਸਦੇ ਹੀ ਰਹੇ, ਹੱਸਦੇ ਹੀ ਰਹੇ। ਮੈਂ ਵੀ ਕਿੰਨਾ ਚਿਰ ਸਿਰ ਖੁਜਲਾਂਦਿਆਂ ਸੋਚਦਾ ਰਿਹਾ ਕਿ ਇਹ ਸਾਰੇ ਮੇਰੀ ਇਸ ਗੱਲ ’ਤੇ ਕਿਉਂ ਹੱਸ ਰਹੇ ਹਨ ? ਕੀ ਮੈਂ ਕੁੱਝ ਗਲਤ ਕਿਹਾ ? ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਪਲੀਜ਼।

ਸਰਲ ਗੁਰਬਾਣੀ ਵਿਆਕਰਣ – ਭਾਗ 5

0

ਸਰਲ ਗੁਰਬਾਣੀ ਵਿਆਕਰਣਭਾਗ 5

(ਨਾਉਂਪੁਲਿੰਗਵਿਸ਼ੇਸ਼ਣਪੜਨਾਂਵਆਦਰਵਾਚੀ ਵਾਕ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

ਦੋਵੇਂ ਇਕੋ-ਦਮ ਚੀਕ ਉਠੇ, ‘ਮੈਨੂੰ ਪਤਾ ਹੈ, ਮੈਂ ਦੱਸਾਂਗਾ। ਨਹੀਂ ਨਹੀਂ ਮੈਂ ਦੱਸਾਂਗਾ। ਮੈਂ ਮੈਂ ਮੈਂ। ਨਹੀਂ ਮੈਂ ਮੈਂ ਮੈਂ’।

ਬੀਬੀ ਪਰਮਜੀਤ ਕੌਰ ਨੇ ਉਨ੍ਹਾਂ ਨੂੰ ਚੁੱਪ ਕਰਾਉਂਦਿਆਂ ਕਿਹਾ, ‘ਤੁਸੀਂ ਤਾਂ ਦੋਵੇਂ ਬੱਕਰੀਆਂ ਦੀ ਤਰ੍ਹਾਂ ਮੈਂ-ਮੈਂ ਕਰਨ ਲੱਗ ਪਏ ਓ। ਜਿਸ ਨੂੰ ਗਿਆਨੀ ਜੀ ਪੁੱਛਣਗੇ, ਉਹ ਹੀ ਜਵਾਬ ਦੇਵੇਗਾ’।

‘ਪੁੱਤਰ ਮਿਹਰ ਸਿੰਘ ! ਤੁਸੀਂ ਦੱਸੋ : ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ

ਇਸ ਤੁੱਕ ਵਿਚ ‘ਪੰਡਿਤ’ ਦੇ ਆਖਰੀ ਅੱਖਰ ਤੱਤੇ ਨੂੰ ਔਂਕੜ ਕਿਉਂ ਨਹੀਂ ਆਈ ?’ ਮੈਂ ਮਿਹਰ ਸਿੰਘ ਨੂੰ ਸਵਾਲ ਕੀਤਾ।

‘ਕਿਉਂਕਿ ਪੰਡਿਤ ਸੰਬੋਧਨ ਹੈ। ਇਸ ਦਾ ਅਰਥ ਬਣੇਗਾ : ਹੇ ਪੰਡਿਤ !’ ਮਿਹਰ ਸਿੰਘ ਨੇ ਜਵਾਬ ਦਿੱਤਾ।

‘ਬਿਲਕੁੱਲ ਠੀਕ ਜਵਾਬ। ਪੁੱਤਰ ਸੁਖਦੀਪ ਸਿੰਘ ! ਹੁਣ ਤੁਸੀਂ ਦੱਸੋ ਕਿ ‘ਬਾਮਨ’ ਦੇ ਆਖਰੀ ਅੱਖਰ ਨੰਨੇ ਨੂੰ ਔਂਕੜ ਕਿਉਂ ਨਹੀਂ ਆਈ ?’ ਮੇਰੀ ਗੱਲ ਸੁਣਦਿਆਂ ਹੀ ਮਿਹਰ ਸਿੰਘ ਤਾੜੀਆਂ ਮਾਰਦਾ ਖੁਸ਼ ਹੋ ਗਿਆ। ਹੁਣ ਜਵਾਬ ਦੇਣ ਦੀ ਵਾਰੀ ਸੁਖਦੀਪ ਸਿੰਘ ਦੀ ਸੀ।

‘ਗਿਆਨੀ ਜੀ ! ਇਸ ਤੁੱਕ ਵਿਚ ‘ਬਾਮਨ’ ਬਹੁ ਵਚਨ ਹੈ, ਭਾਵ : ਬਹੁਤੇ ਬਾਮਨ। ਬਹੁ ਵਚਨ ਹੋਣ ਕਰਕੇ ਅਕਾਰਾਂਤ (ਆਖਰੀ ਅੱਖਰ ਮੁਕਤਾ) ਆਇਆ ਹੈ। ਪੂਰੀ ਤੁੱਕ ਦਾ ਅਰਥ ਇਸ ਤਰ੍ਹਾਂ ਬਣੇਗਾ : ਹੇ ਪੰਡਿਤ ! ਦੱਸੋ, ਬ੍ਰਾਹਮਣ ਕਦੋਂ ਤੋਂ ਹੋਏ ਹਨ ?’

‘ਪਰ ਗਿਆਨੀ ਜੀ ! ਵੈਸੇ ਤਾਂ ‘ਪੰਡਿਤ’ ਸ਼ਬਦ ਬ੍ਰਾਹਮਣ ਦਾ ਵਿਸ਼ੇਸ਼ਣ ਹੈ ਨਾ ?’ ਸੁਖਦੀਪ ਸਿੰਘ ਨੇ ਸਵਾਲ ਕੀਤਾ।

‘ਪੁੱਤਰ, ਤੈਨੂੰ ਪਤਾ ਹੈ ਕਿ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਹਨ ?’ ਮੈਂ ਪੁੱਛਿਆ।

‘ਹਾਂ ਜੀ ਗਿਆਨੀ ਜੀ, ਜਿਹੜੇ ਸ਼ਬਦ ਨਾਉਂ ਜਾਂ ਪੜਨਾਉਂ ਨਾਲ ਲੱਗ ਕੇ ਉਹਨਾਂ ਦੀ ਵਿਸ਼ੇਸ਼ਤਾ ਦੱਸਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ਣ (AdjecÒive) ਕਿਹਾ ਜਾਂਦਾ ਹੈ, ਜਿਵੇਂ : ਚਿੱਟਾ, ਪਤਲਾ, ਸਿਆਣਾ, ਭੋਲਾ, ਤੇਜ, ਮੋਟਾ, ਮੈਲਾ, ਸੋਹਣਾ ਆਦਿ।’ ਸੁਖਦੀਪ ਸਿੰਘ ਨੇ ਸਮਝਾਇਆ।

‘ਵਿਸ਼ੇਸ਼ਣ ਦਾ ਮਤਲਬ ਕੀ ਹੁੰਦਾ ਹੈ ?’ ਮੈਂ ਫਿਰ ਸਵਾਲ ਕੀਤਾ।

‘ਵਿਸ਼ੇਸ਼ਣ ਦਾ ਮਤਲਬ ਹੈ ਕਿਸੇ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ। ਹਰ ਕਿਸੇ ਦੀ ਕੋਈ ਨਾ ਕੋਈ ਖੂਬੀ ਹੁੰਦੀ ਹੈ। ਉਸ ਨੂੰ ਖੂਬੀ ਕਹਿ ਲੋ, ਖਾਸੀਅਤ ਕਹਿ ਲੋ ਜਾਂ ਵਿਸ਼ੇਸ਼ਤਾ, ਗੱਲ ਤਾਂ ਇਕੋ ਹੀ ਹੈ। ਜਿਵੇਂ : ਇਹ ਬੱਚਾ ਸੋਹਣਾ ਹੈ। ਇੱਥੇ ਬੱਚੇ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸੋਹਣਾ ਹੈ। ਜਿਵੇਂ : ਮਿਹਰ ਬਹੁਤ ਮਾਸੂਮ ਹੈ। ਮਿਹਰ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਮਾਸੂਮ ਹੈ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਵੱਲ ਵੇਖ ਕੇ ਹੱਸਦਿਆਂ ਕਿਹਾ।

‘ਮੇਰਾ ਸੁਖਦੀਪ ਵੀਰਾ ਬਹੁਤ ਸਿਆਣਾ ਹੈ। ਇਹ ਮੇਰੇ ਵੀਰੇ ਦੀ ਵਿਸ਼ੇਸ਼ਤਾ ਹੈ ਕਿ ਉਹ ਸਿਆਣਾ ਹੈ।’ ਮਿਹਰ ਸਿੰਘ ਨੇ ਵੀ ਫਟਾਫੱਟ ਹੱਸਦਿਆਂ ਜਵਾਬ ਦਿਤਾ।

‘ਵਾਹ ਜੀ ਵਾਹ ! ਮੇਰੇ ਮਿਹਰ ਪੁੱਤਰ ਨੂੰ ਵੀ ਪਤਾ ਹੈ ਵਿਸ਼ੇਸ਼ਣਾਂ ਦਾ ? ਮੇਰੇ ਨਿੱਕੇ ਜਿਹੇ, ਪਿਆਰੇ ਜਿਹੇ ਬੱਚੇ ! ਮੈਂ ਹੁਣੇ ਦੋ ਵਿਸ਼ੇਸ਼ਣ ਵਰਤੇ ਨੇ, ਦੱਸੋ ਉਹ ਕਿਹੜੇ ਨੇ ?’ ਮੈਂ ਮਿਹਰ ਨੂੰ ਪੁੱਛਿਆ।

‘ਗਿਆਨੀ ਜੀ, ਨਿੱਕੇ ਤੇ ਪਿਆਰੇ।’ ਮਿਹਰ ਸਿੰਘ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ।

‘ਗਿਆਨੀ ਜੀ ‘ਨਿੱਕੇ’ ਤੇ ‘ਪਿਆਰੇ’ ਹਨ ?’ ਬੀਬੀ ਪਰਮਜੀਤ ਕੌਰ ਨੇ ਮਜ਼ਾਕ ਕਰਦਿਆਂ ਕਿਹਾ।

‘ਨਹੀਂ ! ਨਹੀਂ ! ਮੈਂ ‘ਨਿੱਕਾ ਜਿਹਾ’ ਤੇ ‘ਪਿਆਰਾ ਜਿਹਾ’ ਬੱਚਾ ਹਾਂ। ਗਿਆਨੀ ਜੀ ਨੇ ਮੈਨੂੰ ਕਿਹਾ ਹੈ।’ ਮਿਹਰ ਸਿੰਘ ਨੇ ਮੂੰਹ ’ਤੇ ਹੱਥ ਰੱਖ ਕੇ ਸ਼ਰਮਾਉਦਿਆਂ ਕਿਹਾ।

          ‘ਹੁਣ ਤੂੰ ਨਿੱਕਾ ਨਹੀਂ, ਵੱਡਾ ਹੋ ਗਿਆ ਹੈਂ। ਤੈਨੂੰ ਤਾਂ ਮੇਰੇ ਨਾਲੋਂ ਜ਼ਿਆਦਾ ਗੁਰਬਾਣੀ ਦੀ ਵਿਆਕਰਣ ਆਉਂਦੀ ਐ।

          ਅਮੁਲੁ ਧਰਮੁ ਅਮੁਲੁ ਦੀਬਾਣੁ

‘ਚੱਲ ਦੱਸ ਇਸ ਤੁੱਕ ਵਿਚ ਪੁਲਿੰਗ ਇਕ ਵਚਨ ਦਾ ਵਿਸ਼ੇਸ਼ਣ ਕਿਹੜਾ ਹੈ ?’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕੀਤਾ।

‘ਇਸ ਤੁੱਕ ਵਿਚ ‘ਧਰਮੁ’ ਤੇ ‘ਦੀਬਾਣੁ’ ਪੁਲਿੰਗ ਇਕ ਵਚਨ ਹਨ ਅਤੇ ਉਹਨਾਂ ਦਾ ਵਿਸ਼ੇਸ਼ਣ ਹੈ : ‘ਅਮੁਲੁ’। ਜਿਵੇਂ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ, ਉਸੇ ਤਰ੍ਹਾਂ ਪੁਲਿੰਗ ਇਕ ਵਚਨ ਵਿਸ਼ੇਸ਼ਣ ਦੇ ਆਖਰੀ ਅੱਖਰ ਨੂੰ ਵੀ ਔਂਕੜ ਆ ਜਾਂਦੀ ਹੈ, ਇਸੇ ਲਈ ‘ਅਮੁਲੁ’ ਦੇ ਵੀ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ।’ ਮਿਹਰ ਸਿੰਘ ਨੇ ਬਹੁਤ ਖੂਬਸੂਰਤੀ ਨਾਲ ਜਵਾਬ ਦਿੱਤਾ।

‘ਇਸ ਦੁਨੀਆਂ ਵਿਚ ਧਰਮ ਤਾਂ ਬਹੁਤ ਸਾਰੇ ਮੰਨੇ ਗਏ ਹਨ ਪਰ ਇਸ ਤੁੱਕ ਵਿਚ ‘ਧਰਮੁ’ ਇਕ ਵਚਨ ਕਿਉਂ ਆਇਆ ਹੈ ?’ ਮੈਂ ਸਵਾਲ ਕੀਤਾ।

ਮਿਹਰ ਸਿੰਘ ਤੋਂ ਪਹਿਲਾਂ ਹੀ ਸੁਖਦੀਪ ਸਿੰਘ ਬੋਲ ਉਠਿਆ, ‘ਕਿਉਂਕਿ ਗੁਰਬਾਣੀ ਨੇ ਇਕ ਹੀ ‘ਧਰਮ’ ਮੰਨਿਆ ਹੈ। ਕੋਈ ਮਨੁੱਖ ਸੱਚ ਨੂੰ ਆਪਣੀ ਜ਼ਿੰਦਗੀ ਵਿਚ ਦ੍ਰਿੜ੍ਹ ਕਰ ਲਵੇ, ਇਹੋ ਹੀ ਸਮੁੱਚੀ ਮਨੁੱਖਤਾ ਦਾ ਇਕ ਸਾਂਝਾ ਧਰਮ ਹੈ।

ਏਕੋ ਧਰਮੁ ਦ੍ਰਿੜੈ ਸਚੁ ਕੋਈ

ਭਾਵ : ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫ਼ਰਜ਼ਾਂ ਨੂੰ ਪੂਰਾ ਕਰਨ ਦਾ ਨਾਮ ਹੀ ਧਰਮ ਹੈ।

‘ਵਾਹ ! ਵਾਹ ! !’ ਸੁਖਦੀਪ ਸਿੰਘ ਦੇ ਮੂੰਹੋਂ ਧਰਮ ਦੀ ਇੰਨੀ ਸੌਖੀ ਵਿਆਖਿਆ ਸੁਣ ਕੇ ਮੈਂ ‘ਵਾਹ-ਵਾਹ’ ਕਰ ਕੇ ਹੀ ਅਵਾਕ ਰਹਿ ਗਿਆ।

‘ਗਿਆਨੀ ਜੀ ! ਜੇ ਰੱਬ ਇਕ ਹੈ ਤਾਂ ਇਕ ਰੱਬ ਦੇ ਬਹੁਤ ਸਾਰੇ ‘ਧਰਮ’ ਕਿਵੇਂ ਹੋ ਸਕਦੇ ਹਨ ? ਝੂਠ ਬਹੁਤ ਹੋ ਸਕਦੇ ਹਨ, ਪਰ ਸੱਚ ਤਾਂ ਇਕ ਹੀ ਹੁੰਦਾ ਹੈ।’ ਮਿਹਰ ਸਿੰਘ ਦੇ ਮੂੰਹੋਂ ਹੋਰ ਗੂੜ੍ਹ-ਗਿਆਨ ਦੀ ਗੱਲ ਸੁਣ ਕੇ ਮੈਂ ਫਿਰ ਸੋਚਾਂ ਵਿਚ ਪੈ ਗਿਆ।

ਇਸ ਬੱਚੇ ਦੀ ਗੱਲ ਤਾਂ ਸੱਚ ਹੀ ਸੀ ਕਿ ਅਸੀਂ ਇਕ ਰੱਬ ਦੇ ਨਾਮ ’ਤੇ ਕਿੰਨੇ ਹੀ ਮਜ਼੍ਹਬ ਤੇ ਕਿੰਨੀਆਂ ਹੀ ਸੰਪਰਦਾਵਾਂ ਬਣਾ ਬੈਠੇ ਹਾਂ। ਮਨੁੱਖਤਾ ਨੂੰ ਅਨੇਕਾਂ ਮੱਤਾਂ ਵਿਚ ਵੰਡ ਕੇ ਟੁੱਕੜੇ-ਟੁੱਕੜੇ ਕਰ ਦਿੱਤਾ ਗਿਆ ਹੈ। ਇਕ ਰੱਬ ਦੇ ਨਾਂ ’ਤੇ ਇਕ ਇਨਸਾਨ ਦੂਜੇ ਇਨਸਾਨ ਦੇ ਖ਼ੂਨ ਦਾ ਪਿਆਸਾ ਹੋ ਗਿਆ ਹੈ। ਜੰਮਣ, ਮਰਣ, ਵਿਆਹ ਆਦਿ ਵੇਲੇ ਲੋਕ ਮਜ਼੍ਹਬਾਂ ਦੇ ਵਿਤਕਰੇ ਕੀਤੇ ਬਿਨਾਂ ਇਕ-ਦੂਜੇ ਦੇ ਸੁੱਖ-ਦੁੱਖ ਵਿਚ ਸ਼ਰੀਕ ਹੁੰਦੇ ਹਨ। ਬੱਸ, ਟਰੇਨ ਜਾਂ ਪਲੇਨ ਵਿਚ ਹੱਸਦੇ-ਖੇਡਦੇ, ਰਲ-ਮਿਲ ਕੇ ਸਫ਼ਰ ਕਰਦੇ ਹਨ। ਨੌਕਰੀ ਜਾਂ ਵਪਾਰ ਕਰਦਿਆਂ ਇਕ-ਦੂਜੇ ਨਾਲ ਵਧੀਆ ਵਿਹਾਰ ਕਰਦੇ ਹਨ, ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਤਾਂ ਇਕ ਰੱਬ ਨੂੰ ਮੰਨਣ ਵਾਲੇ ਦੋ ਵੱਖ-ਵੱਖ ਮਜ਼੍ਹਬਾਂ ਦੇ ਲੋਕ ਇਕ ਛੱਤ ਥੱਲੇ ਬੈਠ ਕੇ ਇਕ ਰੱਬ ਦੀ ਸਿਫਤ-ਸਲਾਹ ਨਹੀਂ ਕਰ ਸਕਦੇ ਤੇ ਉਨ੍ਹਾਂ ਵਿਚ ਦੰਗੇ-ਫਸਾਦ ਹੋ ਜਾਂਦੇ ਹਨ। ਜੇ ਰੱਬ ਇਕ ਹੈ ਤਾਂ ਸੱਚ ਨੂੰ ਦ੍ਰਿੜ੍ਹ ਕਰਨਾ ਹੀ ਸਾਰੀ ਮਨੁੱਖਤਾ ਦਾ ਸਾਂਝਾ ਧਰਮ ਹੋਣਾ ਚਾਹੀਦਾ ਹੈ।

‘ਮਿਹਰ ਪੁੱਤਰ ਜੀ, ਤੁਹਾਨੂੰ ‘ਅਮੁਲੁ’ ਤੋਂ ਇਲਾਵਾ ਹੋਰ ਵੀ ਪੁਲਿੰਗ ਇਕ ਵਚਨ ਦੇ ਅਰਥਾਂ ਵਾਲੇ ਵਿਸ਼ੇਸ਼ਣਾਂ ਦੀ ਪਛਾਣ ਹੈ ?’ ਬੀਬੀ ਪਰਮਜੀਤ ਕੌਰ ਦੇ ਮਿਹਰ ਸਿੰਘ ਨੂੰ ਕੀਤੇ ਸਵਾਲ ਨੇ ਮੇਰੀ ਸੋਚਾਂ ਦੀ ਲੜੀ ਤੋੜ ਦਿੱਤੀ।

‘ਹਾਂ ਜੀ ਮੰਮੀ ਜੀ, ਮੈਂ ਗੁਰਬਾਣੀ ਦਾ ਪਾਠ ਕਰਦਿਆਂ ਵਿਸ਼ੇਸ਼ਣ ਆਪਣੀ ਡਾਇਰੀ ਵਿਚ ਲਿਖਦਾ ਰਹਿੰਦਾ ਹਾਂ। ਪੁਲਿੰਗ ਇਕ ਵਚਨ ਦੇ ਵਿਸ਼ੇਸ਼ਣਾਂ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੁੰਦੀ ਹੈ, ਜਿਵੇਂ: ਅਖੁਟੁ, ਅਨੂਪੁ, ਸੁੰਦਰੁ, ਸੁਘਰੁ, ਨਿਰਵੈਰੁ, ਬੇਅੰਤੁ, ਸੁਜਾਣੁ, ਸੁਘੜੁ, ਮੋਹਨੁ, ਦੁਤਰੁ, ਗਹਿਰੁ, ਗੰਭੀਰੁ, ਅਘਖੰਡੁ, ਅਗੰਮੁ, ਅਗੋਚਰੁ, ਅਤੁਲੁ, ਪੁਰਖੁ, ਅਮੋਲਕੁ, ਸਮਰਥੁ, ਬਖਸਣਹਾਰੁ, ਅਭੁਲੁ, ਨਿਰਮਲੁ, ਅਪਾਰੁ, ਉਤਮੁ, ਵੇਪਰਵਾਹੁ, ਪਾਵਨੁ, ਇਕੁ, ਏਕੁ, ਇਹੁ, ਏਹੁ, ਅਮੁਲੁ, ਅਮੋਲੁ, ਅਮਰੁ, ਅਟਲੁ, ਅਤੋਲੁ, ਅਥਾਹੁ, ਬਿਖਮੁ, ਅਸਗਾਹੁ, ਨਿਰੰਜਨੁ, ਸੁਆਲਿਹੁ, ਦਇਆਲੁ, ਰਸਾਲੁ, ਅਤੀਤੁ, ਰਤਨੁ, ਦੁਲੰਭੁ, ਚੰਚਲੁ, ਅਚਲੁ, ਮੀਤੁ, ਨਿਹਚਲੁ, ਗੁਣਤਾਸੁ, ਦੁਸਟੁ, ਚੋਰੁ, ਨਿਰਮੋਲੁ, ਅਤੁਟੁ, ਸਾਜਨੁ, ਬੇਸੁਮਾਰੁ, ਊਜਲੁ, ਅਸਥਿਰੁ, ਸਾਇਰੁ ਆਦਿ ਬਹੁਤ ਸਾਰੇ ਹਨ।’ ਮਿਹਰ ਸਿੰਘ ਨੇ ਤਾਂ ਪੁਲਿੰਗ ਇਕ ਵਚਨ ਦੇ ਵਿਸ਼ੇਸ਼ਣਾਂ ਦੀ ਲੰਬੀ ਸਾਰੀ ਲਿਸਟ ਹੀ ਸੁਣਾ ਦਿੱਤੀ।

‘ਵਾਹ ਮਿਹਰ ਪੁੱਤਰ ! ਵਿਸ਼ੇਸ਼ਣਾਂ ਦੀ ਤਾਂ ਤੁਹਾਨੂੰ ਬੜੀ ਪਛਾਣ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਸ਼ਬਦ ਦਾ ਇਹ ਵਿਸ਼ੇਸ਼ਣ ਹੈ। ਮੇਰੇ ਨਿੱਕੇ ਜਿਹੇ ਗੁਣਵਾਨ ਪੁੱਤਰ ! ਮੈਂ ਤੁਹਾਡਾ ਇਕ ਛੋਟਾ ਜਿਹਾ ਟੈਸਟ ਲੈਂਦੀ ਹਾਂ :

ਮਨੁ ਚੰਚਲੁ ਬਹੁ ਚੋਟਾ ਖਾਇ

ਨਾਮੁ ਰਤਨੁ ਲੈ ਗੁਝਾ ਰਖਿਆ

ਤਿਨਿ ਕਰਤੈ ਇਕੁ ਖੇਲੁ ਰਚਾਇਆ

ਇਹੁ ਵਾਪਾਰੁ ਵਿਰਲਾ ਵਾਪਾਰੈ

ਗੋਵਿੰਦੁ ਊਜਲੁ ਊਜਲ ਹੰਸਾ

ਇਹਨਾਂ ਤੁੱਕਾਂ ਵਿਚ ਵਿਸ਼ੇਸ਼ਣ ਕਿਹੜੇ ਹਨ ਤੇ ਕਿਹੜੇ ਪੁਲਿੰਗ ਇਕ ਵਚਨ ਨਾਉਂ ਦੀ ਵਿਸ਼ੇਸ਼ਤਾ ਦੱਸਦੇ ਹਨ ?’ ਬੀਬੀ ਪਰਮਜੀਤ ਕੌਰ ਨੇ ਸਵਾਲ ਕੀਤਾ।

‘ਮੰਮੀ ਜੀ, ਇਹਨਾਂ ਤੁੱਕਾਂ ਵਿਚ ਵਿਸ਼ੇਸ਼ਣ ਉਕਾਰਾਂਤ (ਆਖਰੀ ਅੱਖਰ ਔਂਕੜ-ਅੰਤ) ਹਨ। ਪੁਲਿੰਗ ਇਕ ਵਚਨ ਨਾਉਂ ਮਨੁ ਦਾ ਵਿਸ਼ੇਸ਼ਣ ਹੈ ‘ਚੰਚਲੁ’, ਨਾਮੁ ਦਾ ਵਿਸ਼ੇਸ਼ਣ ‘ਰਤਨੁ’, ਖੇਲੁ ਦਾ ਸੰਖਿਅਕ ਵਿਸ਼ੇਸ਼ਣ ਆ ਗਿਆ ‘ਇਕੁ’, ਵਾਪਾਰੁ ਦਾ ਪੜਨਾਵੀਂ ਵਿਸ਼ੇਸ਼ਣ ‘ਇਹੁ’ ਤੇ ਗੋਵਿੰਦੁ ਦਾ ਵਿਸ਼ੇਸ਼ਣ ਹੈ ‘ਊਜਲੁ’।’ ਮਿਹਰ ਸਿੰਘ ਨੇ ਸਹਿਜੇ ਹੀ ਜਵਾਬ ਦੇ ਦਿੱਤਾ।

‘ਵਾਹ ਭਈ ਵਾਹ ! ਇਹ ਤਾਂ ਬਿਲਕੁੱਲ ਠੀਕ ਦੱਸੇ ਹਨ ਪਰ ਇਕ ਕਨਫਿਊਜ਼ਨ ਹੈ। ਗੋਵਿੰਦੁ ਦਾ ਵਿਸ਼ੇਸ਼ਣ ਤਾਂ ‘ਊਜਲੁ’ ਆਖਰੀ ਅੱਖਰ ਔਂਕੜ ਨਾਲ ਆ ਗਿਆ, ਪਰ ਦੂਜੇ ‘ਊਜਲ’ ਨੂੰ ਔਂਕੜ ਕਿਉਂ ਨਹੀਂ ਆਈ ?’ ਮਾਂ ਨੇ ਇਕ ਹੋਰ ਸਵਾਲ ਕੀਤਾ।

‘ਮੰਮੀ ਜੀ ! ਵੈਰੀ ਸਿੰਪਲ ! ਜਿਵੇਂ ਨਾਉਂ ਪੁਲਿੰਗ ਬਹੁ ਵਚਨ ਹੋਵੇ ਤਾਂ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਪੁਲਿੰਗ ਬਹੁ ਵਚਨ ਦਾ ਵਿਸ਼ੇਸ਼ਣ ਹੋਵੇ ਤਾਂ ਉਸ ਦੇ ਵੀ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ। ਅਗਲਾ ਵਿਸ਼ੇਸ਼ਣ ‘ਊਜਲ’; ਹੰਸਾ ਦਾ ਬਹੁ ਵਚਨ ਹੈ। ਭਾਵ : ਬਹੁਤੇ ਊਜਲ ਹੰਸ।’ ਮਿਹਰ ਸਿੰਘ ਨੇ ਸਪਸ਼ਟ ਕੀਤਾ।

‘ਮਿਹਰ ! ਮੈਂ ਤੈਨੂੰ ਤੁੱਕਾਂ ਦਸਦਾ ਹਾਂ :

ਅਮੁਲ ਗੁਣ ਅਮੁਲ ਵਾਪਾਰ

ਅਸੰਖ ਨਾਵ ਅਸੰਖ ਥਾਵ

ਪਾਰਬ੍ਰਹਮ ਕੇ ਭਗਤ ਨਿਰਵੈਰ

ਤੋਟਿ ਆਵੈ ਅਖੁਟ ਭੰਡਾਰ

ਸੇਈ ਸੁੰਦਰ ਸੋਹਣੇ

ਇਹਨਾਂ ਤੁੱਕਾਂ ਵਿਚ ਪੁਲਿੰਗ ਬਹੁ ਵਚਨ ਨਾਉਂ ਦੇ ਵਿਸ਼ੇਸ਼ਣ ਕਿਹੜੇ ਹਨ।’ ਹੁਣ ਸੁਖਦੀਪ ਸਿੰਘ ਨੇ ਸਵਾਲ ਕਰ ਦਿੱਤਾ।

ਮਿਹਰ ਸਿੰਘ ਨੇ ਬੜੇ ਵਿਸ਼ਵਾਸ ਨਾਲ ਜਵਾਬ ਦਿੱਤਾ, ‘ਵੀਰ ਜੀ, ਇਹ ਤਾਂ ਬਹੁਤ ਸੌਖਾ ਸਵਾਲ ਹੈ। ਜਿਵੇਂ ਨਾਉਂ ਪੁਲਿੰਗ ਬਹੁ ਵਚਨ ਅਕਾਰਾਂਤ (ਆਖਰੀ ਅੱਖਰ ਮੁਕਤਾ-ਅੰਤ) ਹੁੰਦਾ ਹੈ, ਇਸੇ ਤਰ੍ਹਾਂ ਹੀ ਪੁਲਿੰਗ ਬਹੁ ਵਚਨ ਦਾ ਵਿਸ਼ੇਸ਼ਣ ਵੀ ਅਕਾਰਾਂਤ ਹੁੰਦਾ ਹੈ। ‘ਗੁਣ’ ਤੇ ‘ਵਾਪਾਰ’ ਦਾ ਬਹੁ ਵਚਨ ਵਿਸ਼ੇਸ਼ਣ ‘ਅਮੁਲ’, ‘ਨਾਵ’ ਤੇ ‘ਥਾਵ’ ਦਾ ਵਿਸ਼ੇਸ਼ਣ ‘ਅਸੰਖ’, ‘ਭਗਤ’ ਦਾ ਵਿਸ਼ੇਸ਼ਣ ‘ਨਿਰਵੈਰ’, ‘ਭੰਡਾਰ’ ਦਾ ਵਿਸ਼ੇਸ਼ਣ ‘ਅਖੁਟ’ ਅਤੇ ‘ਸੇਈ’ (ਬਹੁ ਵਚਨ) ਪੜਨਾਉਂ ਦਾ ਬਹੁ ਵਚਨ ਵਿਸ਼ੇਸ਼ਣ ‘ਸੁੰਦਰ’ ਹੈ। ਵੀਰ ਜੀ ! ਇਕ ਗੱਲ ਪੁੱਛਾਂ ? ‘ਸੇਈ’ ਦਾ ਇਕ ਵਚਨ ਪੜਨਾਉਂ ਕਿਵੇਂ ਆਉਂਦਾ ਹੈ ?’

‘ਪੁਲਿੰਗ ਇਕ ਵਚਨ ਪੜਨਾਉਂ ਲਈ ‘ਸੁ, ਸੁਇ, ਸੁਈ, ਸੋ, ਸੋਇ, ਸੋਈ, ਸੁੋਈ, ਸੋਊ, ਸੋਆ’ ਵਰਤਿਆ ਜਾਂਦਾ ਹੈ, ਜਿਵੇਂ :

ਧੰਨੁ ਸੁ ਤੇਰਾ ਥਾਨੁ

ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ

ਕਲਾ ਧਰੈ ਹਿਰੈ ਸੁਈ

ਸੋ ਸੇਵਕੁ ਜਿਸੁ ਕਿਰਪਾ ਕਰੀ

ਆਪੇ ਆਪਿ ਨਿਰੰਜਨੁ ਸੋਇ

ਜੋ ਲੋੜੀਦਾ ਸੋਈ ਪਾਇਆ

ਸੁੋਈ ਨਾਨਕ ਸਖਾ ਜੀਅ ਸੰਗਿ ਕਿਤੋ

ਸੋਊ ਗਨੀਐ ਸਭ ਤੇ ਊਚਾ

ਸਿਮਰਹਿ ਪਾਤਾਲ ਪੁਰੀਆ ਸਚੁ ਸੋਆ

ਇਸਤਰੀ ਲਿੰਗ ਇਕ ਵਚਨ ਪੜਨਾਉਂ ਲਈ ‘ਸਾ, ਸਾਇ, ਸਾਈ’ ਵਰਤਿਆ ਜਾਂਦਾ ਹੈ, ਜਿਵੇਂ :

ਸਾ ਸੋਭਾ ਭਜੁ ਹਰਿ ਕੀ ਸਰਨੀ

ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ

ਜੋ ਤੁਧੁ ਭਾਵੈ ਸਾਈ ਭਲੀ ਕਾਰ

ਪੁਲਿੰਗ ਤੇ ਇਸਤਰੀ ਲਿੰਗ; ਦੋਵਾਂ ਦੇ ਬਹੁ ਵਚਨ ਪੜਨਾਉਂ ਲਈ ‘ਸਿ, ਸੇ, ਸੇਇ, ਸੇਈ’ ਵਰਤਿਆ ਜਾਂਦਾ ਹੈ, ਜਿਵੇਂ:

ਪ੍ਰਭ ਕਉ ਸਿਮਰਹਿ ਸੇ ਧਨਵੰਤੇ

ਬਡਭਾਗੀ ਨਾਨਕ ਜਨ ਸੇਇ

ਧੰਨੁ ਿ ਸੇਈ ਨਾਨਕਾ ਪੂਰਨੁ ਸੋਈ ਸੰਤੁ

ਜਿਵੇਂ ਆਖਰੀ ਤੁੱਕ ਵਿਚ ‘ਸਿ’ ਤੇ ‘ਸੇਈ’ ਬਹੁ ਵਚਨ ਲਈ ਅਤੇ ‘ਸੋਈ’ ਇਕ ਵਚਨ ਲਈ ਆਇਆ ਹੈ, ਭਾਵ : ਜਿਹਨਾਂ ਨੂੰ ਸਵਾਸ-ਗਿਰਾਸ ਪ੍ਰਭੂ ਦਾ ਨਾਮ ਨਹੀਂ ਭੁੱਲਦਾ, ਉਹ (‘ਸਿ’ ਤੇ ‘ਸੇਈ’) ਬਹੁਤੇ ਭਗਤ ਧੰਨਤਾਯੋਗ ਹਨ, ਪਰ ਪੂਰਨ ਤਾਂ ਉਹ (ਸੋਈ) ਇਕ ਪ੍ਰਭੂ (ਸੰਤ) ਹੀ ਹੈ।’ ਸੁਖਦੀਪ ਨੇ ਔਖੇ ਨੇਮ ਨੂੰ ਸੌਖਿਆਂ ਹੀ ਸਮਝਾ ਦਿੱਤਾ।

‘ਗਿਆਨੀ ਜੀ, ਪ੍ਰਭੂ ਇਕ ਹੈ, ਇਸ ਲਈ ਪ੍ਰਭੂ ਲਈ ‘ਸੋਈ’ ਪੜਨਾਉਂ ਆਇਆ ਹੈ। ਕਈ ਵਾਰੀ ਜਦੋਂ ਮੈਂ ਗੁਰਬਾਣੀ ਦਾ ਪਾਠ ਕਰਦਾ ਹਾਂ ਤਾਂ ਪ੍ਰਭੂ ਬਹੁ ਵਚਨ ਵੀ ਆ ਜਾਂਦਾ ਹੈ। ਕੀ ਰੱਬ ਵੀ ਬਹੁਤੇ ਹੁੰਦੇ ਹਨ ?’ ਮਿਹਰ ਸਿੰਘ ਨੇ ਅਜੀਬ ਸਵਾਲ ਕੀਤਾ।

‘ਪੁੱਤਰ, ਉਹ ਕਿਹੜੀ ਤੁੱਕ ਹੈ ? ਮੈਂ ਸਮਝਿਆ ਨਹੀਂ।’ ਮੈਂ ਹੈਰਾਨੀ ਨਾਲ ਪੁੱਛਿਆ।

‘ਮੈਂ ਇਕ ਤੁੱਕ ਆਪਣੀ ਸਹਿਜ ਪਾਠ ਵਾਲੀ ਡਾਇਰੀ ’ਤੇ ਨੋਟ ਵੀ ਕੀਤੀ ਹੈ :

ਪ੍ਰਭ ਜੀ ਬਸਹਿ ਸਾਧ ਕੀ ਰਸਨਾ

ਇਸ ਤੁੱਕ ਵਿਚ ‘ਪ੍ਰਭ’ ਅਕਾਰਾਂਤ (ਮੁਕਤਾ-ਅੰਤ) ਹੋਣ ਕਰਕੇ ਬਹੁ ਵਚਨ ਹੋ ਗਿਆ ਹੈ, ਭਾਵ : ਬਹੁਤੇ ਪ੍ਰਭੂ। ਇਸੇ ਤਰ੍ਹਾਂ ‘ਬਸਹਿ’ ਕਿਰਿਆ ‘ਹਿ’-ਅੰਤ ਹੋਣ ਕਾਰਨ ਬਹੁ ਵਚਨ ਹੋ ਗਈ ਹੈ, ਭਾਵ : ਵੱਸਦੇ ਹਨ। ਇਸ ਤੁੱਕ ਵਿਚ ਬਹੁਤੇ ਰੱਬ ਹੋ ਗਏ ਨਾ ?’ ਮਿਹਰ ਸਿੰਘ ਇਸ ਤਰ੍ਹਾਂ ਜੇਤੂ ਅੰਦਾਜ਼ ਵਿਚ ਬੋਲਿਆ ਕਿ ਮਾਨੋ ਉਸ ਨੇ ਵਿਆਕਰਣ ਦੀ ਕੋਈ ਗਲਤੀ ਫੜ ਲਈ ਹੋਵੇ।

ਮੇਰੇ ਬੋਲਣ ਤੋਂ ਪਹਿਲਾਂ ਹੀ ਬੀਬੀ ਪਰਮਜੀਤ ਕੌਰ ਜੀ ਬੋਲ ਪਏ, ‘ਮਿਹਰ ਪੁੱਤਰ ਜੀ ! ਕਿਸੇ ਮਹਾਨ ਮਨੁੱਖ ਜਾਂ ਆਪਣੇ ਤੋਂ ਵੱਡੇ ਇਨਸਾਨ ਨੂੰ ਆਦਰ (ਸਤਿਕਾਰ) ਦੇਣ ਲਈ ਨਾਉਂ, ਪੜਨਾਉਂ ਜਾਂ ਕਿਰਿਆ ਵੀ ਬਹੁ ਵਚਨ ਰੂਪ ਵਿਚ ਵਰਤ ਲਈ ਜਾਂਦੀ ਹੈ, ਜਿਵੇਂ :

ਪ੍ਰੋ: ਸਾਹਿਬ ਸਿੰਘ ਜੀ ਗੁਰਬਾਣੀ ਵਿਆਕਰਣ ਦੇ ਮਹਾਨ ਵਿਦਵਾਨ ਹੋਏ ਹਨ ਉਹਨਾਂ ਨੇ ਕਈ ਗ੍ਰੰਥ ਰਚੇ ਹਨ

ਇਸ ਵਾਕ ਵਿਚ ਉਹਨਾਂ ਨੂੰ ਆਦਰ ਦੇਣ ਲਈ ਇਕ ਵਚਨੀ ਸ਼ਬਦ ‘ਦਾ, ਹੋਇਆ ਹੈ, ਉਸ ਨੇ, ਰਚਿਆ ਹੈ’ ਨਹੀਂ ਵਰਤੇ ਗਏ, ਸਗੋਂ ਬਹੁ ਵਚਨੀ ਸ਼ਬਦ ‘ਦੇ, ਹੋਏ ਹਨ, ਉਹਨਾਂ ਨੇ, ਰਚੇ ਹਨ’ ਵਰਤੇ ਗਏ ਹਨ। ਇਸੇ ਤਰ੍ਹਾਂ ਗੁਰਬਾਣੀ ਵਿਚ ਵੀ ਕਿਸੇ ਨੂੰ ਆਦਰ ਦੇਣ ਲਈ ਨਾਉਂ, ਪੜਨਾਉਂ, ਵਿਸ਼ੇਸ਼ਣ ਜਾਂ ਕਿਰਿਆ ਆਦਿ ਬਹੁ ਵਚਨ ਰੂਪ ਵਿਚ ਵਰਤੇ ਗਏ ਹਨ। ਅਜਿਹੀਆਂ ਤੁੱਕਾਂ ਨੂੰ ਦੇਖ ਕੇ ਬਹੁ ਵਚਨ ਵਾਕ ਹੋਣ ਦਾ ਭੁਲੇਖਾ ਨਹੀਂ ਲੱਗਣਾ ਚਾਹੀਦਾ। ਅਜਿਹੇ ਬਹੁ ਵਚਨ ਰੂਪ ਨੂੰ ‘ਆਦਰਵਾਚੀ ਵਾਕ’ ਕਿਹਾ ਜਾਂਦਾ ਹੈ, ਜਿਵੇਂ ਤੁਸੀਂ ਇਹ ਤੁੱਕ ਸੁਣਾਈ ਹੈ :

ਪ੍ਰਭ ਜੀ ਬਸਹਿ ਸਾਧ ਕੀ ਰਸਨਾ

ਭਾਵ : ਪ੍ਰਭੂ ਜੀ, ਗੁਰਮੁਖ ਜਨਾਂ ਦੀ ਰਸਨਾ ’ਤੇ ਵੱਸਦੇ ਹਨ। ਪ੍ਰਭੂ ਤਾਂ ਇਕ ਹੀ ਹੈ, ਪਰ ‘ਪ੍ਰਭੂ ਜੀ’ ਨੂੰ ਆਦਰ ਦੇਣ ਲਈ ਸਤਿਗੁਰੂ ਜੀ ਨੇ ਬਹੁ ਵਚਨ ਰੂਪ ਵਿਚ ਗੁਰਬਾਣੀ ਉਚਾਰਣ ਕੀਤੀ ਹੈ।’

ਇੰਨੀ ਗੱਲ ਸੁਣਦਿਆਂ ਹੀ ਸੁਖਦੀਪ ਸਿੰਘ ਨੇ ਵੀ ਪ੍ਰੋੜਤਾ ਕਰਦਿਆਂ ਕੁੱਝ ਹੋਰ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ, ‘ਮਿਹਰ ਸਿੰਘ, ਬਿਲਕੁੱਲ ਠੀਕ ਗੱਲ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਪ੍ਰਮਾਣ ਗੁਰਬਾਣੀ ਵਿਚ ਆਉਂਦੇ ਹਨ, ਜਿਵੇਂ :

ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ

ਇਸ ਤੁੱਕ ਵਿਚ ‘ਸੁਪ੍ਰਸੰਨ ਭਏ ਪ੍ਰਭ ਮੇਰੇ’ ਬਹੁ ਵਚਨ ਰੂਪ ਵਿਚ ਤਾਂ ਹੈ, ਪਰ ਇਸ ਦਾ ਅਰਥ ਸਿਰਫ਼ ਆਦਰਵਾਚੀ ਹੀ ਹੋਵੇਗਾ। ਇਸ ਤੁੱਕ ਦਾ ਭਾਵ ਹੈ : ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਪ੍ਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਉਂਦਾ ਹੈ।

ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ

ਸਤਿਗੁਰ ਭਏ ਦਇਆਲ ਪੂਰਾ ਪਾਈਐ

ਕਹੁ ਨਾਨਕ ਗੁਰ ਭਏ ਹੈ ਦਇਆਲ

ਇਹਨਾਂ ਤੁੱਕਾਂ ਵਿਚ ‘ਪ੍ਰਭ, ਸਤਿਗੁਰ ਤੇ ਗੁਰ’ ਸ਼ਬਦ ਆਦਰਵਾਚੀ ਹੋਣ ਕਰਕੇ ਬਹੁ ਵਚਨ ਰੂਪ ਵਿਚ ਹਨ।’

ਗੁਰਬਾਣੀ ਵਿਆਕਰਣ ਦੇ ਇਸ ਨੇਮ ਨੂੰ ਸਮਝਦਿਆਂ ਹੀ ਮਿਹਰ ਸਿੰਘ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਉਹ ਇਕੋ-ਦਮ ਬੋਲ ਉਠਿਆ, ‘ਮੈਂ ਸਮਝ ਗਿਆ ਵੀਰ ਜੀ ! ਮੈਂ ਵੀ ਪ੍ਰਮਾਣ ਦਿੰਦਾ ਹਾਂ :

ਪ੍ਰਹਲਾਦ ਪਠਾਏ ਪੜਨ ਸਾਲ

ਪ੍ਰਹਲਾਦ ਬੁਲਾਏ ਬੇਗਿ ਧਾਇ

ਇਹਨਾਂ ਤੁੱਕਾਂ ਵਿਚ ‘ਪ੍ਰਹਲਾਦ’ ਇਕ ਵਚਨ, ਪੁਲਿੰਗ ਨਾਉਂ ਹੈ, ਪਰ ਆਦਰਵਾਚੀ ਹੋਣ ਕਰਕੇ ਬਹੁ ਵਚਨ ਰੂਪ ਵਿਚ ਅਕਾਰਾਂਤ (ਮੁਕਤਾ-ਅੰਤ) ਆਇਆ ਹੈ। ਇਸ ਤੋਂ ਇਲਾਵਾ ‘ਪਠਾਏ’ ਅਤੇ ‘ਬੁਲਾਏ’ ਕਿਰਿਆਵਾਂ ਵੀ ਆਦਰਵਾਚੀ ਹੋਣ ਕਰਕੇ ਬਹੁ ਵਚਨੀ ਰੂਪ ਵਿਚ ਆਈਆਂ ਹਨ।’

‘ਵਾਹ ਮੇਰੇ ਗਿਆਨਵਾਨ ਪੁੱਤਰੋ ! ਮੈਨੂੰ ਤਾਂ ਅੱਜ ਵੀ ਕੁੱਝ ਸਮਝਾਉਣ ਦੀ ਲੋੜ ਨਹੀਂ ਪਈ। ਤੁਸੀਂ ਆਪ ਹੀ ਸਾਰਾ ਕੁੱਝ ਦੱਸ ਦਿੱਤਾ ਹੈ। ਮੈਂ ਤਾਂ ਸੋਚਿਆ ਸੀ ਕਿ ਅੱਜ ਤੁਹਾਨੂੰ ਗੁਰਬਾਣੀ ਵਿਆਕਰਣ ਵਿਚ ਪੁਲਿੰਗ ਦੇ ਵਿਸ਼ੇਸ਼ਣਾਂ ਸਬੰਧੀ ਕੁੱਝ ਨੇਮ ਦੱਸ ਕੇ ਜਾਵਾਂਗਾ, ਪਰ ਤੁਸੀਂ ਤਾਂ ਪਹਿਲਾਂ ਹੀ ਸਭ ਕੁੱਝ ਜਾਣਦੇ ਹੋ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸੇ ਤਰ੍ਹਾਂ ਗੁਰਬਾਣੀ ਵਿਆਕਰਣ ਦਾ ਅਭਿਆਸ ਕਰਦੇ ਰਹੋਗੇ। ਉਹ ਦਿਨ ਦੂਰ ਨਹੀਂ ਹੈ, ਜਦੋਂ ਗੁਰਬਾਣੀ ਦੇ ਅਰਥ ਦੇਖਣ ਲਈ ਸਟੀਕ ਨਹੀਂ ਚੁੱਕਣੀ ਪਵੇਗੀ, ਤੁਹਾਨੂੰ ਸਹਿਜੇ ਹੀ ਗੁਰੂ ਜੀ ਦੀ ਬੋਲੀ ਸਮਝ ਆ ਜਾਇਆ ਕਰੇਗੀ।’ ਇੰਨਾ ਕਹਿੰਦਿਆਂ ਹੀ ਮੈਂ ਉਹਨਾਂ ਦੋਵਾਂ ਬੱਚਿਆਂ ਨੂੰ ਘੁੱਟ ਕੇ ਗਲੇ ਨਾਲ ਲਗਾ ਲਿਆ।

ਗੁਰਮੁਖ ਪਿਆਰਿਓ ! ਹੁਣ ਤੁਸੀਂ ਵੀ ਚੁੱਕ ਲਉ ਆਪਣੀ ਡਾਇਰੀ ਤੇ ਗੁਰਬਾਣੀ ਵਿਚੋਂ 10 ਐਸੇ ਪ੍ਰਮਾਣ (ਤੁੱਕਾਂ) ਲਿਖੋ, ਜਿਨ੍ਹਾਂ ਵਿਚ ਪੁਲਿੰਗ ਨਾਉਂ ਇਕ ਵਚਨ ਅਤੇ ਬਹੁ ਵਚਨ ਦੇ ਵਿਸ਼ੇਸ਼ਣ ਹੋਣ। ਆਦਰਵਾਚੀ ਵਾਕਾਂ ਦੇ ਵੀ 5 ਪ੍ਰਮਾਣ ਲਿਖੋ ਅਤੇ ਨਾਲ ਹੀ ਪ੍ਰੋ: ਸਾਹਿਬ ਸਿੰਘ ਜੀ ਦੀ ਲਿਖੀ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿਚੋਂ ਸਾਰੇ ਪ੍ਰਮਾਣਾਂ ਦੇ ਅਰਥ ਵੀ ਲਿਖੋ।

ਸਰਲ ਗੁਰਬਾਣੀ ਵਿਆਕਰਣ – ਭਾਗ 4

0

ਸਰਲ ਗੁਰਬਾਣੀ ਵਿਆਕਰਣਭਾਗ 4

(ਨਾਉਂਪੁਲਿੰਗਸੰਬੋਧਨਅਕਾਰਾਂਤ ਅਤੇ ਆਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

ਗੁਰਬਾਣੀ ਦਾ ਸਹਿਜ ਪਾਠ ਸੰਪੂਰਨ ਕਰਕੇ ਸੁਖਦੀਪ ਸਿੰਘ ਬੋਲਿਆ, ‘ਮੰਮੀ ਜੀ ! ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਣ ਨਾਲ ਪੁਲਿੰਗ ਬਹੁ ਵਚਨ ਬਣ ਜਾਂਦਾ ਹੈ; ਜਿਵੇਂ ‘ਜਨ’ ਦਾ ਅਰਥ ਹੈ : ਬਹੁਤੇ ਭਗਤ। ਇਸੇ ਤਰ੍ਹਾਂ ਗਿਆਨੀ ਜੀ ਕਹਿੰਦੇ ਹਨ ਕਿ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਣ ਦੇ ਤਿੰਨ ਨੇਮਾਂ ਵਿਚੋਂ ਇਹ ਦੂਜਾ ਨੇਮ ਹੈ : ‘ਸੰਬੋਧਨ’; ਜਿਵੇਂ ਕਿ

ਸਤਿਗੁਰ ਆਇਓ ਸਰਣਿ ਤੁਹਾਰੀ (ਮਹਲਾ /੭੧੩) ਇਸ ਤੁਕ ਵਿਚ ‘ਸਤਿਗੁਰ’ ਸ਼ਬਦ ਦਾ ਆਖਰੀ ਅੱਖਰ ਔਂਕੜ ਤੋਂ ਬਿਨਾਂ ਆਇਆ ਹੈ। ਹੁਣ ਸਾਡੇ ਬਹੁਤੇ ਸਤਿਗੁਰੂ ਤਾਂ ਨਹੀਂ ਹਨ, ਸਤਿਗੁਰੂ ਤਾਂ ਇਕ ਹੀ ਹੈ। ਇਸ ਲਈ ਇਥੇ ਨਾਉਂ ਬਹੁ ਵਚਨ ਨਹੀਂ, ਬਲਕਿ ਨਾਉਂ ਸੰਬੋਧਨ ਬਣ ਗਿਆ ਹੈ। ਇਸ ਦਾ ਅਰਥ ਬਣ ਗਿਆ : ਹੇ ਸਤਿਗੁਰ ! ਫਿਰ ਥੋੜ੍ਹਾ ਜਿਹਾ ਰੁਕ ਕੇ ਬਾਕੀ ਤੁੱਕ ਦਾ ਪਾਠ ਕਰਨਾ ਹੈ : ‘‘ਆਇਓ ਸਰਣਿ ਤੁਹਾਰੀ’’ ਮਤਲਬ ਇਹ ਕਿ ਜੇ ਨਾਉਂ ਪੁਲਿੰਗ ਦੇ ਆਖਰੀ ਅੱਖਰ ਨੂੰ ਔਂਕੜ ਲੱਥ ਜਾਵੇ ਤਾਂ ਪਹਿਲਾ ਨੇਮ; ਉਹ ‘ਬਹੁ ਵਚਨ’ ਹੋ ਸਕਦਾ ਹੈ। ਦੂਜਾ ਨੇਮ: ਉਹ ‘ਸੰਬੋਧਨ’ ਹੋ ਸਕਦਾ ਹੈ। ਤੀਜਾ ਨੇਮ; ਗਿਆਨੀ ਜੀ ਅਗਲੀ ਕਲਾਸ ਵਿਚ ਦੱਸਣਗੇ।’

‘ਜੇ ਮੈਂ ਕੁੱਝ ਪ੍ਰਮਾਣ ਬੋਲਾਂ ਤਾਂ ਤੂੰ ਪਛਾਣ ਕਰ ਲਵੇਂਗਾ ਕਿ ਉਹ ਬਹੁ ਵਚਨ ਨਾਉਂ ਹਨ ਕਿ ਸੰਬੋਧਨ ਹਨ ?’ ਮਾਂ ਨੇ ਪੁੱਛਿਆ।

‘ਪੁੱਛੋ ਮੰਮੀ ਜੀ ?’ ਸੁਖਦੀਪ ਸਿੰਘ ਨੇ ਬੜੇ ਉਤਸ਼ਾਹ ਨਾਲ ਕਿਹਾ।

ਠਾਕੁਰ ਤੁਮ੍ ਸਰਣਾਈ ਆਇਆ (ਮਹਲਾ /੧੨੧੮)

ਦਇਆਲ ਤੇਰੈ ਨਾਮਿ ਤਰਾ (ਮਹਲਾ /੬੬੦)

ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ (ਮਹਲਾ /੧੨੬੮) ਮਾਂ ਨੇ ਗੁਰਬਾਣੀ ਵਿਚੋਂ ਕੁੱਝ ਪ੍ਰਮਾਣ ਦਿੱਤੇ।

ਸੁਖਦੀਪ ਸਿੰਘ ਝੱਟ ਬੋਲਿਆ, ‘ਮੰਮੀ ਜੀ ! ‘ਠਾਕੁਰ, ਦਇਆਲ, ਪ੍ਰਭ, ਪ੍ਰੀਤਮ’ ਤਾਂ ਇਕ ਰੱਬ ਦੇ ਨਾਮ ਹਨ। ਰੱਬ ਤਾਂ ਬਹੁਤੇ ਨਹੀਂ ਹੋ ਸਕਦੇ। ਇਸ ਲਈ ਇਹ ਸਾਰੇ ਸੰਬੋਧਨ ਹੋਣਗੇ। ਹੇ ਠਾਕੁਰ ! ਹੇ ਦਇਆਲ ! ਹੇ ਪ੍ਰਭ ! ਹੇ ਪ੍ਰੀਤਮ ! ਭਾਵੇਂ ਇਹ ਇਕ ਵਚਨ ਹਨ, ਪਰ ਸੰਬੋਧਨ ਹੋਣ ਕਰਕੇ ਇਨ੍ਹਾਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਗਈ ਹੈ।’

‘ਵਾਹ ਜੀ ਵਾਹ ! ਬੜੀ ਜਲਦੀ ਦੱਸ ਦਿੱਤਾ। ਚੱਲ ਇਕ ਹੋਰ ਦੱਸ : ‘‘ਨਾਨਕ ਕਾਢਿ ਲੇਹੁ ਪ੍ਰਭ ਦਇਆਲ ’’ (ਸੁਖਮਨੀ/ਮਹਲਾ /੨੬੭) ਮਾਂ ਨੇ ਇਕ ਹੋਰ ਪ੍ਰਮਾਣ ਦਿੱਤਾ।

‘ਇਹ ਤਾਂ ਬੜਾ ਸੌਖਾ ਹੈ : ‘ਹੇ ਪ੍ਰਭ !’ ਅਤੇ ‘ਹੇ ਦਇਆਲ !’ ਸੁਖਦੀਪ ਸਿੰਘ ਨੇ ਝੱਟਪੱਟ ਜਵਾਬ ਦਿੱਤਾ।

‘ਕੀ ਗੁਰੂ ਨਾਨਕ ਸਾਹਿਬ ਜ਼ਿਆਦਾ ਹਨ ? ਉੱਥੇ ਹੇ ਨਾਨਕ ! ਸੰਬੋਧਨ ਕਿਉਂ ਨਹੀਂ ਕਿਹਾ ?’ ਮਾਂ ਨੇ ਗਲਤੀ ਫੜਦਿਆਂ ਕਿਹਾ।

‘ਪਰ ਗੁਰਬਾਣੀ ਵਿਚ ‘ਨਾਨਕ’ ਕਾਵਿ-ਛਾਪ (ਮੋਹਰ) ਤਾਂ ਬਾਰ-ਬਾਰ ਆਉਂਦੀ ਹੈ। ਫਿਰ ਜਿੱਥੇ ਵੀ ਸੰਬੋਧਨ ‘ਨਾਨਕ’ ਸ਼ਬਦ ਆਵੇ ਤਾਂ ਬਾਰ-ਬਾਰ ਰੁਕਣ ਨਾਲ ਜ਼ਿਆਦਾ ਟਾਈਮ ਨਹੀਂ ਲੱਗ ਜਾਏਗਾ ?’ ਸੁਖਦੀਪ ਸਿੰਘ ਨੇ ਸ਼ੰਕਾ ਜਤਾਈ।

‘ਪਰ ਜੇ ਨਾ ਰੁਕਿਆ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬੇਅਦਬੀ ਨਹੀਂ ਹੋ ਜਾਏਗੀ ?’ ਮਾਂ ਨੇ ਉਲਟਾ ਸਵਾਲ ਕੀਤਾ।

‘ਉਹ ਕਿਵੇਂ ?’ ਸੁਖਦੀਪ ਨੇ ਹੈਰਾਨਗੀ ਨਾਲ ਪੁੱਛਿਆ।

ਨਾਨਕ ਕੂੜੁ ਰਹਿਆ ਭਰਪੂਰਿ (ਮਹਲਾ /੪੭੧) ਇਸ ਤੁੱਕ ਵਿਚ ਜੇ ਅਸੀਂ ‘ਨਾਨਕ ਕੂੜਿ’ ਇਕੱਠਾ ਬੋਲਾਂਗੇ ਤਾਂ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਨਹੀਂ ਹੋ ਜਾਏਗੀ ? ਸੱਚ ਤੋਂ ਬਿਨਾਂ ਕੂੜਾ ਤਾਂ ਸੰਸਾਰ ਹੈ। ਇਸ ਲਈ ‘ਨਾਨਕ’ ਸੰਬੋਧਨ ਕਰਕੇ ਰੁਕਣਾ ਪਵੇਗਾ : ਨਾਨਕ (ਭਾਵ : ਹੇ ਨਾਨਕ !) ਕੂੜਿ ਰਹਿਆ ਭਰਪੂਰਿ ਹਰ ਥਾਂ ਝੂਠ ਫੈਲਿਆ ਪਿਆ ਹੈ।’ ਮਾਂ ਨੇ ਸਮਝਾਇਆ।

‘ਮੈਂ ਸਮਝ ਗਿਆ ਮੰਮੀ ਜੀ ! ਜਿਵੇਂ : ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ (ਮਹਲਾ /੯੫੪) ਜੇ ‘ਨਾਨਕ ਅੰਧਾ’ ਇਕੱਠਾ ਪੜ੍ਹਾਂਗੇ ਤਾਂ ਅਣਜਾਣੇ ਵਿਚ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਾਂਗੇ। ਇੱਥੇ ਵੀਚਾਰ ਤਾਂ ਇਹ ਚੱਲ ਰਹੀ ਹੈ ਕਿ ਬੰਦਾ ਆਪ ਤਾਂ ਹੋਵੇ ਅੰਨਾ, ਪਰ ਉਹ ਰਤਨਾਂ ਦੀ ਪਰਖ ਕਰਨ ਤੁਰ ਪਵੇ। ਰਤਨਾਂ ਦੀ ਕਦਰ ਤਾਂ ਨਾ ਜਾਣੇ, ਪਰ ਆਪਣੇ ਆਪ ਨੂੰ ਜ਼ਾਹਰ ਕਰਾ ਆਵੇ ਕਿ ਉਹ ਤਾਂ ਆਪ ਅੰਨਾ ਹੈ। ਇਸ ਲਈ ਇੱਥੇ ‘ਨਾਨਕ’ ਸੰਬੋਧਨ ਤੋਂ ਬਾਅਦ ਰੁਕਣਾ ਪਵੇਗਾ : ਨਾਨਕ (ਭਾਵ : ਹੇ ਨਾਨਕ !) ਅੰਧਾ ਹੋਇ ਕੈ ਰਤਨਾ ਪਰਖਣ ਜਾਇ ਰਤਨਾ ਸਾਰ ਜਾਣਈ ਆਵੈ ਆਪੁ ਲਖਾਇ

ਮਤਲਬ ਇਹ ਕਿ ਜੇ ਪੁਲਿੰਗ ਨਾਉਂ ਅਕਾਰਾਂਤ (ਮੁਕਤਾ-ਅੰਤ, ਦੇਖੋ ਭਾਗ-3) ਹੋਵੇ ਤਾਂ ਉਸ ਦੇ ਤਿੰਨ ਅਰਥ ਹੋ ਸਕਦੇ ਹਨ। ਪਹਿਲਾ ਅਰਥ ਬਹੁ ਵਚਨ, ਦੂਜਾ ਅਰਥ ਸੰਬੋਧਨ ਤੇ ਤੀਜਾ ਗਿਆਨੀ ਜੀ ਨੇ ਅਜੇ ਦੱਸਿਆ ਨਹੀਂ।’ ਸੁਖਦੀਪ ਨੇ ਸੰਬੋਧਨ ਨੇਮ ਨੂੰ ਸਪਸ਼ਟ ਕੀਤਾ।

ਉਨ੍ਹਾਂ ਦੀਆਂ ਇਨ੍ਹਾਂ ਵੀਚਾਰਾਂ ਦੌਰਾਨ ਮੈਂ ਵੀ ਉਨ੍ਹਾਂ ਦੇ ਦਰਵਾਜ਼ੇ ਦੀ ਬੈੱਲ ਵਜਾ ਕੇ ਅਵਾਜ਼ ਦਿੱਤੀ, ‘ਭੈਣ ਜੀ ! ਘਰ ਹੀ ਹੋ ?’

‘ਹਾਂ ਜੀ ਬਿਨਾਂ ਔਂਕੜ ਤੋਂ ਭਾਈ ਸਾਹਿਬ ਜੀ ! ਆ ਜਾਉ, ਜੀ ਆਇਆਂ ਨੂੰ।’ ਸੁਖਦੀਪ ਸਿੰਘ ਦੀ ਮਾਂ ਬੀਬੀ ਪਰਮਜੀਤ ਕੌਰ ਜੀ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ।

‘ਬਿਨਾਂ ਔਂਕੜ ਤੋਂ ਭਾਈ ਸਾਹਿਬ ? ਮੈਂ ਸਮਝਿਆ ਨਹੀਂ ?’ ਮੈਂ ਅੰਦਰ ਆਉਂਦਿਆਂ ਪੁੱਛਿਆ।

‘ਅਸਲ ਵਿਚ ਸੰਬੋਧਨੀ ਇਕ ਵਚਨ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਥ ਜਾਂਦੀ ਹੈ। ਇਸ ਲਈ ‘ਭਾਈ ਸਾਹਿਬ’ ਸੰਬੋਧਨ ਵਿਚ ‘ਸਾਹਿਬ’ ਦਾ ਬੱਬਾ ਬਿਨਾਂ ਔਂਕੜ ਤੋਂ ਹੋਵੇਗਾ ਨਾ ? ਜਿਵੇਂ ਕਿ

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ (ਮਹਲਾ /੭੪੯) ਹੁਣ ‘ਸਾਹਿਬੁ’ ਪ੍ਰਭੂ ਤਾਂ ਇਕ ਹੀ ਹੈ, ਪਰ ਇਸ ਤੱੁਕ ਵਿਚ ਸੰਬੋਧਨ ਹੈ ਕਿ ਹੇ ਮੇਰੇ ਸਾਹਿਬ ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ। ਇਸ ਲਈ ਸੰਬੋਧਨ ਹੋਣ ਕਰਕੇ ‘ਸਾਹਿਬ’ ਦੇ ਬੱਬੇ ਦੀ ਆਖਰੀ ਔਂਕੜ ਲੱਥ ਗਈ।’ ਸੁਖਦੀਪ ਸਿੰਘ ਨੇ ਗੱਲ ਸਪਸ਼ਟ ਕੀਤੀ।

‘ਪਰ ਤੈਨੂੰ ਪਤਾ ਹੈ ਕਿ ਸੰਬੋਧਨ ਦਾ ਇਕ ਨੇਮ ਹੋਰ ਵੀ ਹੈ ?’ ਮੈਂ ਸੁਖਦੀਪ ਸਿੰਘ ਨੂੰ ਪੁੱਛਿਆ।

‘ਹਾਂ ਜੀ ਪਤਾ ਹੈ। ਜੇ ਨਾਉਂ ਦੇ ਆਖਰੀ ਅੱਖਰ ਨੂੰ ਕੰਨਾ ਲੱਗ ਜਾਏ ਤਾਂ ਵੀ ਸੰਬੋਧਨ ਬਣ ਜਾਂਦਾ ਹੈ; ਜਿਵੇਂ ਕਿ

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ (ਮਹਲਾ /੯੧੭)

ਇਸ ਤੁੱਕ ਵਿਚ ‘ਸਾਹਿਬ’ ਦੀ ਥਾਂ ‘ਸਾਹਿਬਾ’ ਆਖਰੀ ਅੱਖਰ ਬੱਬਾ ਕੰਨੇ ਨਾਲ ਆ ਗਿਆ। ਹੁਣ ਸਾਨੂੰ ‘ਸਾਹਿਬਾ’ ਸੰਬੋਧਨ ਕਰਕੇ ਥੋੜ੍ਹਾ ਰੁਕ ਕੇ ਅਗਲੀ ਤੁੱਕ ਦਾ ਪਾਠ ਕਰਨਾ ਪਵੇਗਾ।’ ਸੁਖਦੀਪ ਸਿੰਘ ਝੱਟਪੱਟ ਬੋਲਿਆ।

‘ਬੱਲੇ ਸ਼ੇਰਾ ! ਤੈਨੂੰ ਹੋਰ ਵੀ ਇਸ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ ?’ ਮੈਂ ਪੁੱਛਿਆ।

‘ਹਾਂ ਜੀ ਗਿਆਨੀ ਜੀ ! ਗੁਰਬਾਣੀ ਵਿਚ ਐਸੇ ਬਹੁਤ ਸੰਬੋਧਨ ਹਨ, ਜਿਨ੍ਹਾਂ ਦੇ ਆਖਰੀ ਅੱਖਰ ਨੂੰ ਕੰਨਾ ਲੱਗਿਆ ਹੋਇਆ ਹੈ; ਜਿਵੇਂ ਕਿ

ਪੂਤਾ ਮਾਤਾ ਕੀ ਆਸੀਸ (ਮਹਲਾ /੪੯੬)

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ (ਬਲਵੰਡ ਸਤਾ/੯੬੬)

ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ (ਮਹਲਾ /੯੨੪)

ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ (ਮਹਲਾ /੪੦)

ਇਨ੍ਹਾਂ ਸਾਰੀਆਂ ਤੁਕਾਂ ਵਿਚ ‘ਪੂਤਾ, ਨਾਨਕਾ, ਗੋਬਿੰਦਾ, ਪ੍ਰਾਣ ਅਧਾਰਾ, ਪ੍ਰੀਤਮਾ’ ਸੰਬੋਧਨ ਸ਼ਬਦ ਹਨ। ਇਨ੍ਹਾਂ ਸੰਬੋਧਨਾਂ ਦਾ ਉਚਾਰਨ ਨਾਸਕੀ ਰਹਿਤ (ਬਿੰਦੀ ਤੋਂ ਬਿਨਾਂ) ਕਰਨਾ ਚਾਹੀਦਾ ਹੈ। ਇਨ੍ਹਾਂ ਸੰਬੋਧਨ ਨਾਂਵਾਂ ’ਤੇ ਥੋੜ੍ਹਾ ਰੁਕ ਕੇ ਹੀ ਅਗਲਾ ਪਾਠ ਕਰਨਾ ਚਾਹੀਦਾ ਹੈ।’ ਸੁਖਦੀਪ ਸਿੰਘ ਨੇ ਜੇਤੂ ਮੁਸਕਾਨ ਨਾਲ ਕਿੰਨੇ ਹੀ ਪ੍ਰਮਾਣ ਦੇ ਦਿੱਤੇ।

‘ਕਮਾਲ ਹੈ ! ਜਦੋਂ ਅਸੀਂ ਤੁਹਾਡੀ ਉਮਰ ਵਿਚ ਸੀ ਤਾਂ ਸਾਡੇ ਸਕੂਲ ਬੈਗ ਹੀ ਬੜੇ ਭਾਰੇ ਹੁੰਦੇ ਸਨ।’ ਮੈਂ ਗੋਲ ਜਿਹੀ ਗੱਲ ਕੀਤੀ।

‘ਭਾਰੇ ਕਿਉਂ ਗਿਆਨੀ ਜੀ ?’ ਸੁਖਦੀਪ ਸਿੰਘ ਨੇ ਹੈਰਾਨੀ ਨਾਲ ਪੁੱਛਿਆ।

‘ਪੁੱਤਰ ਜੀ ! ਨਾਲਾਇਕ ਵਿਦਿਆਰਥੀਆਂ ਦੇ ਸਕੂਲ ਦੇ ਬਸਤੇ ਭਾਰੇ ਹੀ ਹੁੰਦੇ ਨੇ। ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਜ ਕਲਾਸ ਵਿਚ ਕੀ ਪੜਾਉਣਾ ਹੈ ਤੇ ਕਿਹੜੀ ਕਿਤਾਬ ਖੋਲ੍ਹਣੀ ਪੈਣੀ ਹੈ। ਉਹ ਸਾਰੀਆਂ ਹੀ ਕਿਤਾਬਾਂ ਚੁੱਕ ਕੇ ਲੈ ਜਾਂਦੇ ਨੇ। ਅਸੀਂ ਵੀ ਕਿਤਾਬਾਂ ਦਾ ਭਾਰ ਹੀ ਢੋਂਦੇ ਰਹੇ ਹਾਂ। ਪੜਾਈ ਤਾਂ ਤੁਸੀਂ ਕਰ ਰਹੇ ਹੋ।’ ਮੈਂ ਗੱਲ ਖੋਲ੍ਹ ਕੇ ਸਮਝਾਈ ਤੇ ਸਾਰੇ ਹੱਸ ਪਏ।

‘ਪਰ ਸੰਬੋਧਨ ਸ਼ਬਦਾਂ ਉੱਤੇ ਬਾਰ-ਬਾਰ ਰੁਕਣ ਨਾਲ ਪਾਠ ਕਰਨ ’ਤੇ ਟਾਈਮ ਬਹੁਤ ਲੱਗਦਾ ਹੈ। ਕੀ ਇੰਨਾ ਜ਼ਿਆਦਾ ਰੁਕਣਾ ਜ਼ਰੂਰੀ ਹੈ ?

ਮੇਰੇ ਤੋਂ ਪਹਿਲਾਂ ਹੀ ਬੀਬੀ ਪਰਮਜੀਤ ਕੌਰ ਜੀ ਬੋਲ ਪਏ, ‘ਪੁੱਤਰ ਜੀ ! ਗੁਰਬਾਣੀ ਦਾ ਪਾਠ ਕਰਨ ਸਮੇਂ 3 ਹਾਜ਼ਰੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ। ਪਹਿਲੀ ਹਾਜ਼ਰੀ ਸਤਿਗੁਰੂ ਜੀ ਦੀ। ਜੇ ਅਸੀਂ ਗੁਰੂ ਜੀ ਨੂੰ ਹਾਜ਼ਰ ਸਮਝਾਂਗੇ ਤਾਂ ਹੀ ਗੁਰੂ ਜੀ ਨਾਲ ਬਚਨ ਕਰਾਂਗੇ ਨਾ ?’

ਇੰਨੇ ਨੂੰ ਬਾਹਰੋਂ ਮਿਹਰ ਸਿੰਘ ਦੀ ਲਗਾਤਾਰ ਅਵਾਜ਼ ਆਉਣੀ ਸ਼ੁਰੂ ਹੋ ਗਈ, ‘ਮਾਂ ! ਮਾਂ  ! ਮਾਂ  ! ! ਮੰਮੀ ਜੀ  ! !’

‘ਹਾਂ ਮਿਹਰ ਪੁੱਤਰ ? ਦੱਸ ਵੀ ਗੱਲ ਕੀ ਹੈ ?’ ਮਾਂ ਨੇ ਪੁੱਛਿਆ।

‘ਮੈਂ ਆਈਸ ਕਰੀਮ ਵਾਲੇ ਭਾਈ ਨੂੰ ਰੋਕ ਕੇ ਖੜਾ ਹਾਂ, ਮੈਨੂੰ ਆਈਸ ਕਰੀਮ ਲੈ ਦਿਉ ਪਲੀਜ਼ ?’ ਮਿਹਰ ਸਿੰਘ ਨੇ ਬਾਹਰੋਂ ਹੀ ਅਵਾਜ਼ ਦਿੱਤੀ।

ਮਾਂ ਨੇ ਬਾਹਰ ਜਾ ਕੇ ਮਿਹਰ ਸਿੰਘ ਨੂੰ ਆਈਸ ਕਰੀਮ ਲੈ ਕੇ ਦਿੱਤੀ। ਮਿਹਰ ਸਿੰਘ ਸਮੇਤ ਮਾਂ ਨੇ ਅੰਦਰ ਆਉਂਦਿਆਂ ਹੀ ਸੁਖਦੀਪ ਸਿੰਘ ਨੂੰ ਕਿਹਾ, ‘ਦੇਖਿਆ ਸੁਖਦੀਪ ਪੁੱਤਰ ? ਜਿੰਨਾ ਚਿਰ ਮੈਂ ਮਿਹਰ ਨੂੰ ਜਵਾਬ ਨਹੀਂ ਦਿੱਤਾ, ਉਨ੍ਹਾਂ ਚਿਰ ਇਹ ਮਾਂ-ਮਾਂ ਕਰਦਾ ਰਿਹਾ। ਮੈਂ ਜਵਾਬ ਦਿੱਤਾ ਤਾਂ ਉਹਨੇ ਆਪਣੀ ਗੱਲ ਕਹੀ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਗੁਰੂ ਜੀ ਨੂੰ ਹਾਜ਼ਰ ਸਮਝ ਕੇ ਸੰਬੋਧਨ ਨਹੀਂ ਕਰਾਂਗੇੇ, ਓਨਾ ਚਿਰ ਆਪਣੀ ਬੇਨਤੀ ਕਿਵੇਂ ਕਰਾਂਗੇ ? ਸੰਬੋਧਨ ਸ਼ਬਦਾਂ ’ਤੇ ਰੁਕਣ ਦਾ ਮਤਲਬ ਹੁੰਦਾ ਹੈ ‘ਗੁਰੂ ਜੀ’ ਨੂੰ ਅਵਾਜ਼ ਦੇਣੀ।

ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਹੀ ਆਪਣੇ ਸਤਿਗੁਰੂ ਜੀ ਨੂੰ ਉਚੀ ਅਵਾਜ਼ ਵਿਚ ਸੰਬੋਧਨ ਕਰਕੇ 4 ਵਾਰ ਰੁਕ-ਰੁਕ ਕੇ ਅਵਾਜ਼ ਦਿੱਤੀ ਹੋਵੇਗੀ : ਹਰਿ ਕੇ ਜਨ ! ਸਤਿਗੁਰ ! ਸਤ ਪੁਰਖਾ ! ਬਿਨਉ ਕਰਉ ਗੁਰ ਪਾਸਿ ਹਮ ਕੀਰੇ ਕਿਰਮ, ਸਤਿਗੁਰ ! ਸਰਣਾਈ.., ਫਿਰ ਸਤਿਗੁਰੂ ਜੀ ਦਾ ਧਿਆਨ ਆਪਣੇ ਵੱਲ ਖਿੱਚ ਕੇ ਹੀ ਬੇਨਤੀ ਕੀਤੀ ਹੋਵੇਗੀ : ‘‘ਕਰਿ ਦਇਆ ਨਾਮੁ ਪਰਗਾਸਿ’’

‘ਜਿਵੇਂ ਮੈਂ ਸਵੇਰੇ ਜਪੁ ਜੀ ਸਾਹਿਬ ਦਾ ਪਾਠ ਕਰਦਿਆਂ ਗੁਰੂ ਜੀ ਨੂੰ ਸੰਬੋਧਨ ਕਰਦਾ ਹਾਂ ‘ਗੁਰਾ  !’ ਫਿਰ ਥੋੜ੍ਹਾ ਰੁਕ ਕੇ ਤੁੱਕ ਪੜਦਾ ਹਾਂ: ‘‘ਇਕ ਦੇਹਿ ਬੁਝਾਈ’’ ਭਾਵ ਹੇ ਗੁਰੂ ਜੀ ! ਮੈਨੂੰ ਇਕ ਸਮਝ ਦੇ ਦਿਉ। ਮੰਮੀ ਜੀ ! ਦੂਜੀ ਹਾਜ਼ਰੀ ਕਿਸ ਦੀ ਹੋਣੀ ਚਾਹੀਦੀ ਹੈ ?

ਆਈਸ ਕਰੀਮ ਖਾਂਦਿਆਂ ਮਿਹਰ ਸਿੰਘ ਬੋਲ ਪਿਆ, ‘ਵੀਰੇ ਤੈਨੂੰ ਇੰਨਾ ਵੀ ਨਹੀਂ ਪਤਾ ? ਮੰਮੀ ਜੀ ਨੇ ਦੱਸਿਆ ਤਾਂ ਸੀ। ਦੂਜੀ ਹਾਜ਼ਰੀ ਉਸ ਅਕਾਲ ਪੁਰਖ ਦੀ, ਜਿਸ ਨੂੰ ਅਸੀਂ ਮਿਲਣਾ ਹੈ। ਉਸ ਨੂੰ ਵੀ ਸੰਬੋਧਨ ਕਰਨਾ ਪਵੇਗਾ :

ਸਾਚੇਸਾਹਿਬਾ ! ਕਿਆ ਨਾਹੀ ਘਰਿ ਤੇਰੈ

ਅਗਮ ਅਗੋਚਰਾ ! ਤੇਰਾ ਅੰਤ ਪਾਇਆ

ਰੱਬ ਨੂੰ ਮਿਲਣਾ ਹੈ ਤਾਂ ਅਵਾਜ਼ ਤਾਂ ਲਗਾਣੀ ਪਵੇਗੀ ਨਾ ?’ ਮਿਹਰ ਸਿੰਘ ਨੇ ਇੰਨਾ ਮਾਸੂਮ ਮੂੰਹ ਬਣਾ ਕੇ ਕਿਹਾ ਕਿ ਸਾਰੇ ਹੱਸ ਪਏ।

‘ਤੇ ਤੀਜੀ ਹਾਜ਼ਰੀ ?’ ਸੁਖਦੀਪ ਸਿੰਘ ਨੇ ਸਵਾਲ ਕੀਤਾ।

‘ਪੁੱਤਰ ! ਗੁਰੂ ਤੇ ਰੱਬ ਤਾਂ ਹਰ ਵੇਲੇ ਹਾਜ਼ਰ ਹਨ, ਪਰ ਅਸੀਂ ਹੀ ਹਾਜ਼ਰ ਨਹੀਂ ਹੁੰਦੇ। ਸੁਲਤਾਨਪੁਰ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਗੱਲ ਕਾਜ਼ੀ ਤੇ ਨਵਾਬ ਨੂੰ ਸਮਝਾਈ ਸੀ ਕਿ ਤੁਹਾਡੀ ਜ਼ਬਾਨ ਨੇ ਨਮਾਜ਼ ਪੜੀ ਹੈ, ਪਰ ਤੁਹਾਡਾ ਮਨ ਤਾਂ ਹੋਰ-ਹੋਰ ਕੰਮਾਂ ਵਿਚ ਰੁੱਝਿਆ ਹੋਇਆ ਸੀ। ਇਸ ਲਈ ਗੁਰਬਾਣੀ ਪੜਦਿਆਂ ਸਾਡਾ ਸਰੀਰ, ਅੱਖਾਂ, ਕੰਨ, ਮਨ ਸਾਰਾ ਕੁੱਝ ਹਾਜ਼ਰ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਆਪ ਨੂੰ ਵੀ ਸੰਬੋਧਨ ਕਰਕੇ ਹਾਜ਼ਰ ਕਰੋ :

ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ

ਸਰੀਰਾ ਮੇਰਿਆ ! ਨੇਤ੍ਰਹੁ ਮੇਰਿਹੋ ! ਸ੍ਰਵਣਹੁ ਮੇਰਿਹੋ ! ਕਹਿ ਕੇ ਆਪਣੇ ਸਾਰੇ ਗਿਆਨ ਇੰਦ੍ਰਿਆਂ ਨੂੰ ਹਾਜ਼ਰ ਕਰੋ। ਤਾਂ ਹੀ ਅਸੀਂ ਸਤਿਗੁਰੂ ਜੀ ਨਾਲ ਬਚਨ ਕਰ ਸਕਾਂਗੇ।’ ਮਾਂ ਨੇ ਬੜੇ ਪਿਆਰ ਨਾਲ ਸਮਝਾਇਆ।

‘ਪੁੱਤਰੋ ! ਤੁਸੀਂ ਨਾਉਂ ਪੁਲਿੰਗ ਇਕ ਵਚਨ ਅਕਾਰਾਂਤ (ਮੁਕਤਾ-ਅੰਤ, ਦੇਖੋ ਭਾਗ-3) ਦੇ ਦੋ ਨੇਮ ਜਾਣਦੇ ਹੋ ਕਿ ਆਖਰੀ ਅੱਖਰ ਦੀ ਔਂਕੜ ਲੱਥ ਜਾਏ ਤਾਂ ਇਕ ਅਰਥ ‘ਬਹੁ ਵਚਨ’ ਬਣ ਸਕਦਾ ਹੈ ਅਤੇ ਦੂਜਾ ਅਰਥ ‘ਸੰਬੋਧਨ’ ਬਣ ਸਕਦਾ ਹੈ। ਹੁਣ ਮੇਰੇ ਵੱਲੋਂ ਤੁਹਾਨੂੰ ਇਕ ਛੋਟਾ ਜਿਹਾ ਸਵਾਲ :

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ (ਭਗਤ ਕਬੀਰ/੩੨੪)

ਇਸ ਤੁੱਕ ਵਿਚ ‘ਪੰਡਿਤ’ ਅਤੇ ‘ਬਾਮਨ’ ਦੇ ਆਖਰੀ ਅੱਖਰ ਨੂੰ ਔਂਕੜ ਕਿਉਂ ਨਹੀਂ ਆਈ ?’ ਮੈਂ ਸਵਾਲ ਤਾਂ ਕਰ ਦਿੱਤਾ, ਪਰ ਮੈਨੂੰ ਪਤਾ ਹੈ ਕਿ ਦੋਵਾਂ ਬੱਚਿਆਂ ਨੇ ਇਸ ਦਾ ਜਵਾਬ ਫਟਾ-ਫੱਟ ਦੇ ਦੇਣਾ ਹੈ, ਪਰ ਕੀ ਤੁਹਾਨੂੰ ਵੀ ਇਸ ਦਾ ਜਵਾਬ ਪਤਾ ਹੈ ? ਮੈਂ ਅੱਜ ਇਨ੍ਹਾਂ ਬੱਚਿਆਂ ਨੂੰ ਸੰਬੋਧਨ ਬਾਰੇ ਸਮਝਾਉਣਾ ਸੀ, ਪਰ ਉਹ ਇਹ ਨੇਮ ਪਹਿਲਾਂ ਤੋਂ ਹੀ ਜਾਣਦੇ ਹਨ। ਹੁਣ ਤੁਸੀਂ ਵੀ ਚੁੱਕ ਲਉ ਆਪਣੀ ਡਾਇਰੀ ਤੇ ਗੁਰਬਾਣੀ ਵਿਚੋਂ 10 ਐਸੇ ਪ੍ਰਮਾਣ (ਤੁੱਕਾਂ) ਲਿਖੋ, ਜਿਨ੍ਹਾਂ ਵਿਚ ਪੁਲਿੰਗ ਨਾਉਂ ਅਕਾਰਾਂਤ (ਮੁਕਤਾ-ਅੰਤ) ਅਤੇ ਆਕਾਰਾਂਤ (ਕੰਨਾ-ਅੰਤ) ਸੰਬੋਧਨ ਦੇ ਅਰਥਾਂ ਵਿਚ ਹੋਵੇ।

ਕੁਦਰਤਿ ਵਿੱਚੋਂ ਕਾਦਿਰ ਦੀ ਵਿਸਾਲਤਾ ਦੀ ਵਿਚਾਰ

0

ਕੁਦਰਤਿ ਵਿੱਚੋਂ ਕਾਦਿਰ ਦੀ ਵਿਸਾਲਤਾ ਦੀ ਵਿਚਾਰ

ਲੈਕਚਰਾਰ ਭਾਈ ਲਵਪ੍ਰੀਤ ਸਿੰਘ ਖਮਾਣੋਂ (ਭਗਤ ਪੂਰਨ ਸਿੰਘ ਗੁਰਮਤਿ ਕਾਲਜ,

ਰੋਹਣੋਂ ਖੁਰਦ, ਖੰਨਾ)-82888-04854

ਕਾਦਿਰ ਦੀ ਰਚੀ ਹੋਈ ਕੁਦਰਤਿ ਦੀ ਪੜਚੋਲ ਕਰਦਿਆਂ ਕਰਤਾ ਪੁਰਖੁ ਦੇ ਦੀਦਾਰ ਹੋਣੇ ਚਾਹੀਦੇ ਹਨ ਕਿਉਂਕਿ ਜਿਹੜਾ ਕਾਦਰ ਹੈ, ਉਹ ਕੁਦਰਤਿ ਵਿੱਚ ਹੀ ਵਸਿਆ ਹੋਇਆ ਹੈ, ‘‘ਕੁਦਰਤਿ ਕਰਿ ਕੈ ਵਸਿਆ ਸੋਇ   ਵਖਤੁ ਵੀਚਾਰੇ; ਸੁ ਬੰਦਾ ਹੋਇ ’’ (ਮਹਲਾ /੮੪), ਸਿ੍ਸ਼ਟੀ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ ਇਸ ਵਿੱਚ ਵਸ ਰਿਹਾ ਹੈ, ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ   ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ’’ (ਮਹਲਾ /੪੬੩) ਗੁਰਬਾਣੀ ਅੰਦਰ ‘ਕੁਦਰਤਿ’ ਸ਼ਬਦ ਬਹੁਤ ਵਾਰ ਪੜ੍ਹਨ ਨੂੰ ਮਿਲਦਾ ਹੈ। ‘ਕੁਦਰਤਿ’ ਦਾ ਅਰਥ ਹੈ ‘ਪ੍ਰਭੂ ਦੀ ਸ਼ਕਤੀ, ਕਲਾ, ਸੰਸਾਰ, ਤਾਕਤ’।

ਉਸ ਅਕਾਲ ਪੁਰਖ ਜੀ ਦੀ ਸ਼ਕਤੀ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਪਰਮਾਤਮਾ ਜੀ ਆਪਣੀ ਰਚੀ ਹੋਈ ਰਚਨਾ ਵਿੱਚ ਵਿਆਪਕ ਹਨ। ਉਸ ਦਾ ਮੁੱਲ ਨਹੀਂ ਪੈ ਸਕਦਾ। ਜੇ ਕੋਈ ਮੁੱਲ ਪਾਉਣ ਦਾ ਯਤਨ ਵੀ ਕਰੇ ਤਾਂ ਵੀ ਮੁੱਲ ਨਹੀਂ ਪਾਇਆ ਜਾ ਸਕਦਾ, ‘‘ਕੁਦਰਤਿ ਹੈ; ਕੀਮਤਿ ਨਹੀ ਪਾਇ   ਜਾ ਕੀਮਤਿ ਪਾਇ; ਕਹੀ ਜਾਇ ’’ (ਮਹਲਾ /੮੪) ਗੁਰੂ ਨਾਨਕ ਸਾਹਿਬ ਜੀ; ਸਿੱਖ ਨੂੰ ਕੁਦਰਤਿ ਦੇ ਦਰਸ਼ਨ ਆਸਾ ਕੀ ਵਾਰ ਰਾਹੀਂ ਕਰਵਾਉਂਦੇ ਹਨ, ‘‘ਕੁਦਰਤਿ ਦਿਸੈ ਕੁਦਰਤਿ ਸੁਣੀਐ; ਕੁਦਰਤਿ ਭਉ ਸੁਖ ਸਾਰੁ   ਕੁਦਰਤਿ ਪਾਤਾਲੀ ਆਕਾਸੀ; ਕੁਦਰਤਿ ਸਰਬ ਆਕਾਰੁ ’’  (ਮਹਲਾ /੪੬੪) ਜੋ ਕੁਝ ਦਿਸ ਰਿਹਾ ਹੈ। ਜੋ ਕੁਝ ਸੁਣ ਰਿਹਾ ਹੈ। ਇਹ ਸਭ ਤੇਰੀ ਖੇਡ ਹੈ। ਇਹ ਸੰਸਾਰ ਜੋ ਦਿਖ ਰਿਹਾ ਹੈ, ਇਹ ਸੁੱਖਾਂ-ਦੁੱਖਾਂ ਦਾ ਮੂਲ ਹੈ। ਇਹੀ ਤੇਰੀ ਕੁਦਰਤ ਹੈ। ਪਾਤਾਲਾਂ ਵਿਚ, ਅਕਾਸ਼ਾਂ ਵਿੱਚ ਵੀ ਤੇਰੀ ਕੁਦਰਤ ਹੈ। ਇਹ ਸਾਰਾ ਜਗਤ ਜੋ ਦਿੱਖ ਰਿਹਾ ਸਾਰੀ ਤੇਰੀ ਹੀ ਖੇਡ ਹੈ, ‘‘ਕੁਦਰਤਿ ਵੇਦ ਪੁਰਾਣ ਕਤੇਬਾ; ਕੁਦਰਤਿ ਸਰਬ ਵੀਚਾਰੁ   ਕੁਦਰਤਿ ਖਾਣਾ ਪੀਣਾ ਪੈਨ੍ਣੁ; ਕੁਦਰਤਿ ਸਰਬ ਪਿਆਰੁ ’’ (ਮਹਲਾ /੪੬੪) ਚਾਰ ਵੇਦ, ਪੁਰਾਣ ਤੇ ਕਤੇਬਾਂ ਵੀ ਤੇਰੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਨ੍ਹਾਂ ਨੂੰ ਲਿਖਣਾ, ਪੜ੍ਹਨਾ, ਤੇਰੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਸਾਰੇ ਜੀਵਾਂ ਦਾ ਖਾਣਾ, ਪੀਣਾ ਤੇ ਪੈਨਣਾ ਵੀ ਕੁਦਰਤਿ ਰੂਪ ਸ਼ਕਤੀ ਦਾ ਪ੍ਰਗਟਾਵਾ ਹੈ, ‘‘ਕੁਦਰਤਿ ਖਾਣਾ ਪੀਣਾ ਪੈਨ੍ਣੁ; ਕੁਦਰਤਿ ਸਰਬ ਪਿਆਰੁ ’’ (ਮਹਲਾ /੪੬੪) ਜੇ ਕੋਈ ਬੀਮਾਰ ਹੋਵੇ, ਉਹ ਕਿਵੇਂ ਖਾ, ਪੀ ਸਕਦਾ ਹੈ। ਸਾਰਿਆਂ ਵਿੱਚ ਪਿਆਰ ਦੀ ਭਾਵਨਾ ਪੈਦਾ ਕੀਤੀ ਹੈ; ਇਹ ਭੀ ਸਭ ਕੁਦਰਤਿ ਹੈ, ‘‘ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ .. ’’ (ਮਹਲਾ /੫੫੫),  ਕੁਦਰਤਿ ਜਾਤੀ ਜਿਨਸੀ ਰੰਗੀ; ਕੁਦਰਤਿ ਜੀਅ ਜਹਾਨ   ਕੁਦਰਤਿ ਨੇਕੀਆ ਕੁਦਰਤਿ ਬਦੀਆ; ਕੁਦਰਤਿ ਮਾਨੁ ਅਭਿਮਾਨੁ ’’ (ਮਹਲਾ /੪੬੪) ਭਾਵ ਸੰਸਾਰ ਅੰਦਰ ਅਨੇਕਾਂ ਜਾਤਾਂ ਦੇ, ਕਿਸਮਾਂ ਦੇ, ਜਿਨਸਾਂ ਦੇ, ਅਨੇਕਾਂ ਰੰਗਾਂ ਦੇ ਜੀਵ ਪੈਦਾ ਕਰਨੇ, ਸੰਸਾਰ ਪੈਦਾ ਕਰਨਾ, ਤੇਰੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਕਿਤੇ ਨੇਕੀ ਕਰਨ ਵਾਲੇ ਲੋਕ ਬੈਠੇ ਹਨ। ਚੰਗੇ ਕੰਮ ਕਰਨ ਵਾਲੇ ਹਨ। ਕਿਤੇ ਪੁੰਨ ਕਰਮ ਕਰਨ ਵਾਲੇ ਹਨ। ਤੇਰੀ ਰਚਨਾ ਵਿੱਚ ਹੀ ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ   ਅਸੰਖ, ਅਮਰ ਕਰਿ ਜਾਹਿ ਜੋਰ   ਅਸੰਖ ਗਲਵਢ ਹਤਿਆ ਕਮਾਹਿ   ਅਸੰਖ ਪਾਪੀ; ਪਾਪੁ ਕਰਿ ਜਾਹਿ   ਅਸੰਖ ਕੂੜਿਆਰ; ਕੂੜੇ ਫਿਰਾਹਿ   ਅਸੰਖ ਮਲੇਛ; ਮਲੁ ਭਖਿ ਖਾਹਿ ..੧੮’’ (ਜਪੁ) ਇਹ ਵੀ ਤੇਰੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਕਿਤੇ ਆਦਰ ਸਤਿਕਾਰ ਹੋ ਰਿਹਾ ਹੈ। ਕਿਤੇ ਅਹੰਕਾਰ ਪੈਦਾ ਕਰ ਦੇਣਾ, ਇਹ ਸਾਰੀ ਸ਼ਕਤੀ ਤੇਰੇ ਅੰਦਰ ਹੀ ਹੈ, ‘‘ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ   ਸਭ ਤੇਰੀ ਕੁਦਰਤਿ, ਤੂੰ ਕਾਦਿਰੁ; ਕਰਤਾ ਪਾਕੀ ਨਾਈ ਪਾਕੁ ’’  (ਮਹਲਾ /੪੬੪) ਹਵਾ ਦਾ ਪੈਦਾ ਹੋਣਾ, ਪਾਣੀ ਦਾ ਪੈਦਾ ਹੋਣਾ, ਅੱਗ ਦਾ ਪੈਦਾ ਹੋਣਾ, ਇਹ ਸਾਰੇ ਤੱਤ ਤੂੰ ਆਪ ਹੀ ਪੈਦਾ ਕੀਤੇ ਹਨ। ਇਹ ਤੇਰੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਖਾਕ ਰੂਪ ਧਰਤੀ ਵੀ ਪੈਦਾ ਕੀਤੀ। ਖੇਤੀਬਾੜੀ, ਫੁੱਲ, ਬੂਟੇ ਆਦਿ ਭੀ ਪੈਦਾ ਕੀਤੇ। ਘਾਹ ਦਾ ਕਿਨਕਾ ਵੀ ਤੇ ਇੱਕ ਬੋਹੜ ਵਰਗਾ ਵੱਡਾ ਦਰੱਖਤ ਵੀ ਪੈਦਾ ਕੀਤਾ। ਇਹ ਸਾਰੀ ਤੇਰੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਸਮੁੰਦਰ ਨੂੰ ਰੇਤਲੇ ਇਲਾਕੇ ’ਚ ਬਦਲ ਦਿੰਦਾ ਹੈ ਤੇ ਰੇਤਲੇ ਟਿੱਬਿਆਂ ਵਿੱਚ ਗਹਿਰਾ ਸਮੁੰਦਰ ਚਲਾ ਦਿੰਦਾ ਹੈ। ਖੂਹ ਵਰਗੇ ਡੂੰਘੇ ਤਟ ਉੱਤੇ ਪਹਾੜ ਖੜ੍ਹੇ ਕਰ ਦਿੰਦਾ ਹੈ, ‘‘ਜਲ ਤੇ ਥਲ ਕਰਿ, ਥਲ ਤੇ ਕੂਆ; ਕੂਪ ਤੇ ਮੇਰੁ ਕਰਾਵੈ ’’ (ਭਗਤ ਕਬੀਰ/੧੨੫੨) ਤੇਰੀ ਵਡਿਆਈ ਅਪਾਰ ਹੈ। ਸਭ ਨੂੰ ਤੂੰ ਆਪਣੇ ਹੁਕਮ ਵਿੱਚ ਰੱਖ ਕੇ ਵੇਖਦਾ ਰਹਿੰਦਾ ਹੈਂ, ‘‘ਨਾਨਕ  ! ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ’’ (ਮਹਲਾ /੪੬੪) ਅਕਾਲ ਪੁਰਖ ਵਾਹਿਗੁਰੂ ਇਹ ਸਾਰੀ ਬਿਸਮਾਦ ਭਰੀ ਰਚਨਾ, ਕੁਦਰਤ ਸਾਜ ਕੇ ਆਪਣੇ ਹੁਕਮ ਦੇ ਅਧੀਨ ਇਸ ਦੀ ਸੰਭਾਲ ਕਰਦਾ ਹੈ, ‘‘ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ’’ (ਮਹਲਾ /੯੫੫) ਸਾਰੇ ਜੀਵਾਂ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਸਭ ਦੀ ਸੰਭਾਲ ਕਰ ਰਿਹਾ ਹੈ। ਪਾਣੀ ਵਿੱਚ ਵੀ ਜੀਵਾਂ ਨੂੰ ਸੰਭਾਲ ਰਿਹਾ ਹੈ। ਇੱਕ ਪੱਥਰ ਵਿੱਚ ਵੀ ਕੀੜੇ ਨੂੰ ਸੰਭਾਲ ਰਿਹਾ ਹੈ, ‘‘ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ ’’ (ਮਹਲਾ /੧੦) ਇਹ ਸਭ ਉਸ ਦੀ ਵਡਿਆਈ ਹੈ ਕਿ ਨਾਸਤਿਕਾਂ ਨੂੰ ਭੀ ਰਿਜ਼ਕ ਦਿੰਦਾ ਹੈ। ਰੱਬ ਦੇ ਪਿਆਰਿਆਂ ਦਾ ਭੀ ਦੋਸਤ ਬਣ ਵੈਰੀਆਂ ਨੂੰ ਮਾਰਦਾ ਹੈ, ‘‘ਦੀਨਿਨ ਕੀ ਪ੍ਰਤਿਪਾਲ ਕਰੈ; ਨਿਤ ਸੰਤ ਉਬਾਰਿ ਗਨੀਮਨ ਗਾਰੈ ’’ (ਅਕਾਲ ਉਸਤਤਿ) ਉਹ ਹਰ ਥਾਂ ਭਰਪੂਰ ਹੋ ਕੇ ਪਸਰਿਆ ਹੋਇਆ ਹੈ। ਇੱਦਾਂ ਦੀ ਸੰਭਾਲ ਕਰਨ ਵਾਲਾ ਵਾਹਿਗੁਰੂ ਹਰ ਥਾਂ ਵਰਤ ਰਿਹਾ ਹੈ। ਉਸ ਦੀ ਵਿਸਮਾਦਤਾ, ਜਿੱਥੇ ਵੀ ਦੇਖਦੇ ਹਾਂ ਤਾਂ ਇਹੋ ਵੇਦਨਾ ਹਿਰਦੇ ਵਿੱਚੋਂ ਪ੍ਰਗਟ ਹੁੰਦੀ ਹੈ, ‘‘ਜਹ ਜਹ ਪੇਖਉ, ਤਹ ਹਜੂਰਿ; ਦੂਰਿ ਕਤਹੁ ਜਾਈ   ਰਵਿ ਰਹਿਆ ਸਰਬਤ੍ਰ ਮੈ; ਮਨ  ! ਸਦਾ ਧਿਆਈ ’’ (ਮਹਲਾ /੬੭੭) ਕਿਉਂਕਿ ਸਤਿਗੁਰੂ ਜੀ ਨੇ ਇਹ ਉਪਦੇਸ਼ ਸਭ ਨੂੰ ਦਿੱਤਾ ਹੈ, ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ’’ (ਮਹਲਾ /੧੪੨੭) ਸੋ ਕੁਦਰਤਿ ਰਾਹੀਂ ਕਾਦਿਰ ਨੂੰ ਪਹਿਚਾਣ ਲੈਣ ਵਾਲੇ ਫਿਰ ਸਭ ਰੰਗ-ਕੌਤਕ ਉਸ ਦੇ ਹੀ ਮੰਨਦੇ ਹਨ।

ਚਾਰ ਗੁਰ ਪੁਰਬ ਇਕੱਠੇ ਆਉਣ ਦੇ ਕਾਰਨ

0

ਚਾਰ ਗੁਰ ਪੁਰਬ ਇਕੱਠੇ ਆਉਣ ਦੇ ਕਾਰਨ

ਕਿਰਪਾਲ ਸਿੰਘ ਬਠਿੰਡਾ

ਕਰਤਾਰਪੁਰੀ ਬੀੜ ’ਚ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਭਾਦੋਂ ਸੁਦੀ ੧੫ ਬਿ: ੧੬੩੧ ਦਰਜ ਹੈ। ਇਸ ਤਿੱਥ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਨ ’ਤੇ ਬਣਦਾ ਹੈ ‘੨ ਅੱਸੂ  ਬਿ: ੧੬੩੧/1 ਸਤੰਬਰ 1574 ਈ:’। ਇਸ ਤਰੀਖ਼ ਸਬੰਧੀ ਪੰਥ ’ਚ ਕੋਈ ਵੀ ਵਿਵਾਦ ਨਹੀਂ ਹੈ। ਪੁਰਾਤਨ ਅਤੇ ਨਵੀਨ ਲਿਖਾਰੀ ਤਕਰੀਬਨ ਸਾਰੇ ਹੀ ਇਨ੍ਹਾਂ ਤਾਰੀਖ਼ਾਂ ਨਾਲ ਸਹਿਮਤ ਹਨ। ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ਰਾਮਕਲੀ ਸਦੁ  ਇਹ ਗਵਾਹੀ ਭਰਦੀ ਹੈ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ ਉਸੇ ਦਿਨ ਪਹਿਲਾਂ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਜੈਸਾ ਕਿ ਬਚਨ ਹਨ :

ਰਾਮਕਲੀ ਸਦੁ ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ ਜੀਉ ਗੁਰ ਸਬਦਿ ਸਮਾਵਏ; ਅਵਰੁ ਜਾਣੈ ਕੋਇ ਜੀਉ ਅਵਰੋ ਜਾਣਹਿ ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ਜਗਿ, ਅਮਰੁ ਅਟਲੁ ਅਤੋਲੁ ਠਾਕੁਰੁ; ਭਗਤਿ ਤੇ ਹਰਿ ਪਾਇਆ ਅਰਥ :  ਜੋ ਅਕਾਲ ਪੁਰਖ ਜਗਤ ਵਿਚ ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ ਜੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਰਹੇ ਹਨ, ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ ਰਹੇ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਆਪ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ।

ਹਰਿ ਭਾਣਾ, ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ  ! ਅਰਦਾਸਿ ਜੀਉ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ਅੰਤਿ ਚਲਦਿਆ ਹੋਇ ਬੇਲੀ, ਜਮਦੂਤ ਕਾਲੁ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ਹਰਿ ਧਾਰਿ ਕਿਰਪਾ, ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ਅਰਥ : ਅਕਾਲ ਪੁਰਖ ਦੀ ਰਜ਼ਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹਨ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ‘ਹੇ ਹਰੀ  ! ਮੇਰੀ ਅਰਦਾਸ ਹੈ ਕਿ ਮੇਰੀ ਲਾਜ ਰੱਖੋ। ਹੇ ਹਰੀ ! ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।’ ਸਤਿਗੁਰੂ ਦੁਆਰਾ ਕੀਤੀ ਇਹ ਬੇਨਤੀ, ਇਹ ਅਰਦਾਸ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ ! ਤੂੰ ਧੰਨ ਹੈਂ, ਤੂੰ ਧੰਨ ਹੈਂ।

ਮੇਰੇ ਸਿਖ ਸੁਣਹੁ ਪੁਤ ਭਾਈਹੋ  ! ਮੇਰੈ ਹਰਿ ਭਾਣਾ, ਆਉ ਮੈ ਪਾਸਿ ਜੀਉ ਹਰਿ ਭਾਣਾ ਗੁਰ ਭਾਇਆ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ਭਗਤੁ ਸਤਿਗੁਰੁ ਪੁਰਖੁ ਸੋਈ; ਜਿਸੁ ਹਰਿ ਪ੍ਰਭ ਭਾਣਾ ਭਾਵਏ ਆਨੰਦ ਅਨਹਦ ਵਜਹਿ ਵਾਜੇ; ਹਰਿ ਆਪਿ ਗਲਿ ਮੇਲਾਵਏ ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ਅਰਥ : ਹੇ ਮੇਰੇ ਸਿੱਖੋ ! ਹੇ ਮੇਰੇ ਪੁੱਤ੍ਰੋ ! ਹੇ ਮੇਰੇ ਭਰਾਵੋ ! ਸੁਣੋ, ਮੇਰੇ ਅਕਾਲ ਪੁਰਖ ਨੂੰ ਇਹੀ ਚੰਗਾ ਲੱਗਾ ਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ  ਮੇਰੇ ਕੋਲ ਆਓ। ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ (ਭੀ) ਪਸੰਦ ਹੈ, ਮੇਰਾ ਪ੍ਰਭੂ (ਮੈਨੂੰ ਭਾਵ ਗੁਰੂ ਅਮਰ ਦਾਸ ਜੀ ਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ ਮਨੁੱਖ ਭਗਤ ਹੈ ਤੇ ਪੂਰਾ ਗੁਰੂ ਹੈ, ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; ਉਸ ਦੇ ਅੰਦਰ ਅਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ਼ ਨਾਲ ਲਾਉਂਦਾ ਹੈ। ਗੁਰੂ ਜੀ ਪਰਵਾਰ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਨਿਰਣਾ ਧਾਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਮੌਤ ਦਾ ਸੁਨੇਹਾ); ਕਦੇ ਟਲ ਨਹੀਂ ਸਕਦਾ। ਸੋ ਹੁਣ ਗੁਰੂ; ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ।

 ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਭਾਇਆ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ਅਰਥ : ਗੁਰੂ ਅਮਰਦਾਸ ਜੀ ਨੇ ਅੰਤਮ ਸਮੇਂ ਆਪਣੀ ਇੱਛਾ ਅਨੁਸਾਰ ਸਾਰੇ ਪਰਵਾਰ ਨੂੰ ਬੁਲਾਇਆ ਅਤੇ ਸਮਝਾਇਆ ਕਿ ਜਦੋਂ ਕਿਸੇ ਪਿਆਰੇ-ਸਨੇਹੀ ਨੂੰ ਆਦਰ ਮਿਲਦਾ ਹੈ ਤਾਂ ਖੁਸ਼ ਹੋਈਦਾ ਹੈ। ਇਸ ਲਈ ਹੇ ਮੇਰੇ ਪੁੱਤਰੋ ਤੇ ਭਰਾਵੋ ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ (ਗੁਰੂ ਅਮਰਦਾਸ ਜੀ) ਨੂੰ ਆਪਣੀ ਦਰਗਾਹ ’ਚ ਆਦਰ ਦੇ ਰਿਹਾ ਹੈ, ਤੁਸੀਂ ਭੀ ਖ਼ੁਸ਼ ਰਹਿਣਾ; ਮਤਾਂ ਮੇਰੇ ਪਿਛੋਂ ਕੋਈ ਰੋਵੇ, ਐਸੀ ਖ਼ੁਸ਼ੀ ਸਮੇਂ ਰੋਣ ਵਾਲਾ ਵਿਅਕਤੀ ਮੈਨੂੰ ਉੱਕਾ ਹੀ ਪਸੰਦ ਨਹੀਂ। ਇਸ ਉਪਦੇਸ਼ ਉਪਰੰਤ ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ (ਗੁਰੂ) ਰਾਮਦਾਸ ਜੀ ਨੂੰ ਆਪ ਗੁਰਿਆਈ ਬਖ਼ਸ਼ ਦਿੱਤੀ ਅਤੇ ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਭਰਾਵਾਂ ਆਦਿ ਨੂੰ (ਗੁਰੂ) ਰਾਮਦਾਸ ਜੀ ਦੇ ਚਰਨੀਂ ਲਗਾ ਦਿੱਤਾ।

ਅੰਤੇ, ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ   ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ   ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ   ਪ੍ਰਿੰਡੁ ਪਤਲਿ ਕਿਰਿਆ ਦੀਵਾ ਫੁਲ; ਹਰਿ ਸਰਿ ਪਾਵਏ   ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ   ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ਅਰਥ : ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਭੀ ਸਮਝਾਇਆ ਕਿ ਮੇਰੇ ਪਿੱਛੋਂ ਨਿਰੋਲ ਕੀਰਤਨ ਕੀਤਾ ਜਾਵੇ। [ਗੁਰਬਾਣੀ ਵਿਆਕਰਨ ਦੀ ਸੋਝੀ ਨਾ ਹੋਣ ਕਾਰਨ ਅਗਲੀ ਤੁੱਕ ਦੇ ਅਰਥ ਕਰਨ ਸਮੇਂ ਬਹੁਤ ਸਾਰੇ ਸਿੱਖ ਟਪਲਾ ਖਾ ਜਾਂਦੇ ਹਨ ਅਤੇ ਸਮਝ ਬੈਠਦੇ ਹਨ ਕਿ ਜੋਤੀ-ਜੋਤ ਸਮਾਉਣ ਸਮੇਂ ਗੁਰੂ ਜੀ ਦੀ ਉਮਰ 95 ਸਾਲ ਸੀ। ਬ੍ਰਾਹਮਣੀ ਰੀਤੀ ਰਿਵਾਜ਼ ਅਨੁਸਾਰ ਇਸ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਚੜ੍ਹਾਈ ਕਰਨ ਪਿੱਛੋਂ ਉਨ੍ਹਾਂ ਨੂੰ ਵੱਡਾ ਕੀਤਾ ਜਾਂਦਾ ਹੈ ਭਾਵ ਬੇਬਾਣ ਕੱਢਿਆ ਜਾਂਦਾ ਸੀ। ਅੱਗੇ ਸ਼ਿਵ ਪੁਰੀ ’ਚ ਪਹੁੰਚਣ ਦਾ ਰਸਤਾ ਬੜਾ ਘੁੱਪ ਹਨ੍ਹੇਰ ਵਾਲਾ ਹੁੰਦਾ ਹੈ; ਰਸਤੇ ’ਚ ਚਾਨਣ ਲਈ ਮਿਰਤਕ ਪ੍ਰਾਣੀ ਦੇ ਹੱਥਾਂ ’ਚ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ। ਉਸ ਦੇ ਫੁੱਲ (ਸਸਕਾਰ ਪਿੱਛੋਂ ਬਚੀਆਂ ਕੁਝ ਹੱਡੀਆਂ) ਚੁਗ ਕੇ ਹਰਦੁਆਰ (ਉਤਰਾਖੰਡ) ਵਿਖੇ ਗੰਗਾ ਨਦੀ ’ਚ ਪਾਏ ਜਾਂਦੇ ਸਨ। ਅੰਤਮ ਕਿਰਿਆ ਕਿਸੇ ਪੰਡਿਤ ਤੋਂ ਕਰਵਾਈ ਜਾਂਦੀ ਹੈ, ਜੋ ਆ ਕੇ ਗਰੁੜ ਪੁਰਾਣ ਦੀ ਕਥਾ ਪੜ੍ਹਦਾ ਸੀ। ਇਸ ਪਦੇ ’ਚ ਕੇਸੋ ਗੁਪਾਲ, ਪੰਡਿਤ, ਪੁਰਾਣ, ਪ੍ਰਿੰਡ, ਪਤਲ, ਕਿਰਿਆ, ਦੀਵਾ, ਫੁਲ ਆਦਿਕ ਰਵਾਇਤੀ ਸ਼ਬਦਾਂ ਦੀ ਵਰਤੋਂ ਕੀਤੀ ਹੋਣ ਕਾਰਨ ਆਮ ਬੰਦੇ ਨੂੰ ਭੁਲੇਖਾ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਫੁੱਲ ਹਰਦੁਆਰ ਪਾਏ ਜਾਣ ਅਤੇ ਕੇਸੋ ਗੁਪਾਲ ਨਾਮੀ ਪੰਡਿਤ ਨੂੰ ਬੁਲਾਉਣ ਲਈ ਪ੍ਰੇਰਿਆ ਹੈ; ਜੋ ਆ ਕੇ ਗਰੁੜ ਪੁਰਾਣ ਦੀ ਕਥਾ ਕਰੇਗਾ।]

‘ਗੋਪਾਲ’ ਅਤੇ ‘ਪੰਡਿਤ’ ਸ਼ਬਦ ਅੰਤ ਮੁਕਤੇ ਹੋਣ ਕਾਰਨ ਗੁਰਬਾਣੀ ਵਿਆਕਰਨ ਅਨੁਸਾਰ ਜਦੋਂ ਕਿਸੇ ਨਾਂਵ ਪੁਲਿੰਗ ਸ਼ਬਦ ਦਾ ਅੰਤਮ ਅੱਖਰ ਔਂਕੜ ਸਮੇਤ ਹੋਵੇ ਤਾਂ ਉਹ ਇੱਕ ਬਚਨ ਹੁੰਦਾ ਹੈ ਅਤੇ ਜਦ ਅੰਤਲਾ ਅੱਖਰ ਔਂਕੜ ਰਹਿਤ ਭਾਵ ਮੁਕਤਾ ਹੋਵੇ ਤਾਂ ਉਹ ਬਹੁ ਵਚਨ ਹੁੰਦਾ ਹੈ ਜਾਂ ਉਸ ਨਾਲ ਕੋਈ ਸਬੰਧਕੀ ਚਿੰਨ੍ਹ ‘ਦਾ, ਦੇ, ਦੀ’ ਆਦਿ ਹੁੰਦਾ ਹੈ ਜਾਂ ਉਹ ਸ਼ਬਦ ਸਬੋਧਨ ਰੂਪ ’ਚ ‘ਹੇ ਗੁਰ !, ਹੇ ਨਾਨਕ !, ਹੇ ਗੋਪਾਲ !’ ਆਦਿ ਹੁੰਦਾ ਹੈ। ਚਲਦੇ ਵਿਸ਼ੇ-ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਪੰਡਿਤ’ (ਅੰਤ ਮੁਕਤਾ) ਬਹੁ ਵਚਨ ਅਰਥਾਂ ਲਈ ਹੈ। ਬ੍ਰਾਹਮਣੀ ਰਵਾਇਤ ਅਨੁਸਾਰ ਮ੍ਰਿਤਕ ਪ੍ਰਾਣੀ ਦੇ ਘਰ ਬਹੁਤੇ ਪੰਡਿਤ ਇੱਕ ਸਾਥ ਨਹੀਂ ਆਉਂਦੇ ਬਲਕਿ ਇੱਕ ਪੰਡਿਤ ਨੂੰ ਹੀ ਸੱਦਿਆ ਜਾਂਦਾ ਹੈ ਜਦੋਂ ਕਿ ਸਿੱਖਾਂ ਦੀ ਅੰਤਮ ਅਰਦਾਸ ਸਮੇਂ ਗ੍ਰੰਥੀ ਸਿੰਘ, ਕਥਾ ਵਾਚਕ, ਰਾਗੀ ਜਥਾ ਅਤੇ ਅਰਦਾਸੀਆ ਸਿੰਘ ਬੁਲਾਇਆ ਜਾਂਦਾ ਹੈ। ‘ਕੇਸੋ’ ਅਤੇ ‘ਗੁਪਾਲ’ ਸ਼ਬਦ ਭੀ ਪ੍ਰਮਾਤਮਾ ਦੇ ਸੂਚਕ ਹਨ; ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਦੇ ਭੀ ਬਚਨ ਹਨ, ‘‘ਕਬੀਰ  ! ਕੇਸੋ ਕੇਸੋ ਕੂਕੀਐ; ਸੋਈਐ ਅਸਾਰ ਰਾਤਿ ਦਿਵਸ ਕੇ ਕੂਕਨੇ; ਕਬਹੂ ਕੇ ਸੁਨੈ ਪੁਕਾਰ ੨੨੩’’ (ਭਗਤ ਕਬੀਰ ਜੀ/੧੩੭੬) ਅਰਥ : ਹੇ ਕਬੀਰ ! ਹਰ ਵੇਲ਼ੇ ਵਿਕਾਰਾਂ ਵੱਲੋਂ ਸਾਵਧਾਨ ਰਹੀਏ ਭਾਵ ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹਿਣਾ ਚਾਹੀਦਾ ਹੈ। ਦਿਨ ਰਾਤ ਭਾਵ ਹਰ ਵੇਲੇ ਪਰਮਾਤਮਾ ਨੂੰ ਸਿਮਰਨ ਨਾਲ਼ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ; ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ।

‘ਗੁਪਾਲ’ ਸ਼ਬਦ ਦੀ ਟੇਕ ਲੈ ਕੇ ਭਗਤ ਧੰਨਾ ਜੀ ਸਮਝਾ ਰਹੇ ਹਨ, ‘‘ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ (ਭਗਤ ਧੰਨਾ ਜੀ/੬੯੫) ਅਰਥ : ਹੇ ਪ੍ਰਿਥਵੀ ਦੇ ਪਾਲਣਹਾਰ ਪ੍ਰਭੂ ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੈ ਸੁਣਿਆ ਹੈ ਕਿ) ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ; ਤੂੰ ਉਨ੍ਹਾਂ ਦੇ ਕੰਮ ਨੇਪਰੇ ਚਾੜ੍ਹ ਦਿੰਦਾ ਹੈਂ, ਇਸ ਲਈ ਮੇਰੀ ਭੀ ਬਾਂਹ ਫੜ।

ਵਿਚਾਰ : ਉਕਤ ਵਾਕ ’ਚ ‘ਗੋਪਾਲ’ ਸ਼ਬਦ ਅੰਤ ਮੁਕਤਾ ਹੋਣ ਕਾਰਨ ਸੰਬੋਧਨ ਰੂਪ ’ਚ ਵਰਤਿਆ ਹੈ ‘ਹੇ ਧਰਤੀ ਦੇ ਪਾਲਣਹਾਰ ਪ੍ਰਭੂ !’ ਜਦਕਿ ‘ਸਦੁ’ ਬਾਣੀ ਦੇ 5ਵੇਂ ਪਦੇ ’ਚ ‘ਗੋਪਾਲ’ ਨਾਲ਼ ਲੁਪਤ ਸੰਬੰਧਕੀ ਚਿੰਨ੍ਹ ‘ਦੇ’ ਹੈ; ਜਿਵੇਂ ਕਿ ‘ਗੁਰ ਪ੍ਰਸਾਦਿ’ ’ਚ ਲੁਪਤ ‘ਦੇ’ ਹੋਣ ਕਾਰਨ ਅਰਥ ਬਣਦਾ ਹੈ ‘ਗੁਰ ਦੀ ਕਿਰਪਾ ਨਾਲ’। ਇਸੇ ਤਰ੍ਹਾਂ ‘ਕੇਸੋ ਗੁਪਾਲ ਪੰਡਿਤ’ ਦਾ ਅਰਥ ਹੈ ‘ਪਾਲਣਹਾਰ-ਪ੍ਰਭੂ ਦੇ ਭਗਤ-ਪਿਆਰੇ’ ਭਾਵ ਸਤਸੰਗੀ ਜਨਾਂ ਨੂੰ ਬੁਲਾਉਣਾ ਹੈ, ਨਾ ਕਿ ਕਿਸੇ ਪੰਡਿਤ ਨੂੰ ਸੱਦ ਦੇ ਉਸ ਤੋਂ ਕਰਮਕਾਂਡ ਕਰਵਾਉਣਾ ਹੈ।

ਸੋ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਹਨ ਕਿ ਮੇਰੇ ਅਕਾਲ ਚਲਾਣਾ ਕਰਨ ਤੋਂ ਬਾਅਦ (ਅਕਾਲ ਪੁਰਖ) ਦੇ ਵਿਦਵਾਨ ਗੁਰਸਿੱਖਾਂ ਨੂੰ ਸੱਦਣਾ ਹੈ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਇਹੀ ਅਸਲ ’ਚ ਸਿੱਖਾਂ ਲਈ ‘ਪੁਰਾਣ-ਕਥਾ’ ਹੈ। ਜੇ ‘ਪੁਰਾਣ ਦੀ ਕਥਾ’ ਕਰਨ ਦਾ ਆਦੇਸ਼ ਹੁੰਦਾ ਤਾਂ ਸਬੰਧਕੀ ‘ਦੀ’ ਚਿਨ੍ਹ’ ਲੈਣ ਲਈ ‘ਪੁਰਾਣੁ’ (ਅੰਤ ਔਂਕੜ) ਨਾ ਹੁੰਦਾ ਯਾਨੀ ‘ਪੁਰਾਣ’ ਭੀ ‘ਗੁਰ (ਪ੍ਰਸਾਦਿ) ਵਾਙ ਅੰਤ ਮੁਕਤ ਹੁੰਦਾ। ਆਪਣੇ ਵਾਕ ’ਚ ਅਗਾਂਹ ਭੀ ਸਮਝਾਉਂਦੇ ਹਨ ਕਿ (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਹੈ। ਇਹੀ ਹੈ ‘ਪੁਰਾਣੁ’। ਆਖਰੀ ਗੱਲ ਹੈ ਕਿ ਕਰਮਕਾਂਡੀ ਲੋਕ ਹਰਦੁਆਰ ਵਿਖੇ ਕੇਵਲ ਫੁੱਲ ਪਾਉਂਦੇ ਹਨ; ਪਤਲਾਂ ’ਤੇ ਪ੍ਰਿੰਡ ਭਰਾਉਣੇ, ਦੀਵੇ ਜਗਾਉਣੇ ਕੇਵਲ ਮ੍ਰਿਤਕ ਪ੍ਰਾਣੀ ਦੇ ਘਰ ਜਾਂ ਮੰਦਿਰ ’ਚ ਰਸਮ-ਕਿਰਿਆ ਨਿਭਾਈ ਜਾਂਦੀ ਹੈ, ਨਾ ਕਿ ਹਰਦੁਆਰ ਵਿਖੇ ਪਾਏ ਜਾਂਦੇ ਹਨ ਜਦਕਿ ਉਕਤ ਵਾਕ ’ਚ ਇਨ੍ਹਾਂ ਸਾਰੀਆਂ ਵਸਤੂਆਂ ਨੂੰ ‘ਹਰਿ ਸਰਿ’ ਪਾਉਣ ਦੀ ਗੱਲ ਹੈ। ਕੋਸ਼ਾਂ ’ਚ ‘ਹਰਿ ਸਰਿ’ ਦਾ ਅਰਥ ‘ਹਰਦੁਆਰ’ ਕੀਤਾ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਮੁੱਚੇ ਰੂਪ ’ਚ ਅਰਥ ਭਾਵ ਸਮਝਿਆਂ ਵਾਕ ਦੇ ਅਰਥ ਬਣਦੇ ਹਨ ‘ਹਰੀ ਦੇ ਸਰੋਵਰ ਵਿੱਚ’ ਭਾਵ ਉਸ ਸਤ ਸੰਗਤ ਵਿੱਚ, ਜਿੱਥੇ ਹਰੀ ਦਾ ਜਸ ਕੀਰਤਨ ਕੀਤਾ ਜਾਂਦਾ ਹੈ। ਇਸ ਵਾਕ ’ਚ ‘ਪਾਵਏ’ (ਵਰਤਮਾਨ ਕਾਲ, ਇੱਕ ਵਚਨ ਕ੍ਰਿਆ) ਦਾ ਅਰਥ ਹੈ ‘ਪ੍ਰਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਆਦਿ’ ਰਸਮਾਂ ਨੂੰ ਗੁਰੂ ਸਤਸੰਗ ਤੋਂ ਸਦਕੇ ਕੁਰਬਾਨ ਕਰਨਾ ਹੈ। ਜੇ ਇਹ ਸਭ ਚੀਜ਼ਾਂ ਹਰਦੁਆਰ ਪਾਉਣ ਦੀ ਗੱਲ ਹੁੰਦੀ ਤਾਂ ‘ਪਾਵਏ’ ਦੀ ਥਾਂ ਭਵਿਖਤ ਸੂਚਕ ਕਿਰਿਆ ‘ਪਾਇਓ ਜਾਂ ਪਾਇਹੁ’ ਹੁੰਦਾ।

ਸੋ ਜੇਕਰ ਥੋੜ੍ਹਾ ਜਿਹੀ ਭੀ ਗੁਰਬਾਣੀ ਲਿਖਤ ਦੀ ਸੋਝੀ ਹੋਵੇ ਤਾਂ ਗੁਰਮਤਿ ਦੇ ਗਹਿਰੇ ਰਾਜ਼ ਸਮਝਣ ’ਚ ਭੁਲੇਖਾ ਨਹੀਂ ਲੱਗਦਾ। ਗੁਰਬਾਣੀ ਸਿਧਾਂਤਾਂ ਬਾਰੇ ਨਾਸਮਝੀ ਹੀ ਸਿੱਖਾਂ ਨੂੰ ਬ੍ਰਾਹਮਣੀ ਕਰਮਕਾਂਡ ਕਰਨ ਵੱਲ ਲੈ ਜਾਂਦੀ ਹੈ। ਆਪਣੇ ਅੰਤਮ ਬੰਦ ’ਚ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਸਤਿਗੁਰੂ (ਅਮਰਦਾਸ ਜੀ) ਨੇ ਜੀਵਦਿਆਂ ਹੀ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਭੰਡਾਰ ਖ਼ਜ਼ਾਨਾ ਬਖ਼ਸ਼ਿਆ ਹੈ :

ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ, ਗੁਰੂ ਆਪੁ ਰਖਿਆ ਕੋਈ ਕਰਿ ਬਖੀਲੀ ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ਹਰਿ ਗੁਰਹਿ ਭਾਣਾ ਦੀਈ ਵਡਿਆਈ; ਧੁਰਿ ਲਿਖਿਆ ਲੇਖੁ ਰਜਾਇ ਜੀਉ ਕਹੈ ਸੁੰਦਰੁ ਸੁਣਹੁ ਸੰਤਹੁ  ! ਸਭੁ ਜਗਤੁ ਪੈਰੀ ਪਾਇ ਜੀਉ (ਰਾਮਕਲੀ ਸਦ/ਬਾਬਾ ਸੁੰਦਰ ਜੀ/੯੨੪) ਅਰਥ : ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ) ਤਾਂ ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ; ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਝੁਕ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤੇ। ਗੁਰੂ ਰਾਮਦਾਸ ਜੀ ਅੰਦਰ ਗੁਰੂ (ਅਮਰਦਾਸ ਜੀ) ਨੇ ਆਪਣੀ ਜੋਤਿ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਅਸਹਿਮਤੀ ਕਾਰਨ (ਪਹਿਲਾਂ) ਨਿਵਿਆ ਨਹੀਂ ਸੀ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਸਮਝਾ ਕੇ ਪੈਰੀਂ ਪਾ ਦਿੱਤਾ। ਬਾਬਾ ਸੁੰਦਰ ਜੀ ਆਖਦੇ ਹਨ-ਹੇ ਸੰਤਹੁ ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਪਸੰਦ ਹੈ (ਕਿ ਮੌਤ ਨਿਸ਼ਚਿਤ ਹੈ, ਇਸ ਲਈ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਰੂਪ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਨਿਰਧਾਰਿਤ ਕੀਤਾ ਸੀ ਕਿ ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪੈਣਾ ਹੈ।

‘ਸਦੁ’ ਬਾਣੀ ਵਿਚਾਰਨ ਨਾਲ਼ ਕੋਈ ਸ਼ੱਕ ਨਹੀ ਰਹਿ ਜਾਂਦਾ ਕਿ ਗੁਰੂ ਰਾਮਦਾਸ ਜੀ ਨੂੰ ਉਸੇ ਦਿਨ ਗੁਰਿਆਈ ਬਖ਼ਸ਼ੀ ਗਈ, ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ ਸਨ। ਇਸ ਲਈ ਗੁਰੂ ਰਾਮਦਾਸ ਜੀ ਦੀ ਗੱਦੀ ਨਸ਼ੀਨੀ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਆਪ ਭਾਦੋਂ ਸੁਦੀ ੧੫, ੨ ਅੱਸੂ  ਬਿਕ੍ਰਮੀ ੧੬੩੧/1 ਸਤੰਬਰ 1574 ਈ: ਨੂੰ ਕੀਤੀ, ਜਿਸ ਦਿਨ ਗੁਰੂ ਅਮਰਦਾਸ ਜੀ ਨੇ ਅਕਾਲ ਚਲਾਣਾ ਕੀਤਾ ਸੀ।

ਕਰਤਾਰਪੁਰ ਵਾਲੀ ਬੀੜ ’ਚ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਦੀ ਮਿਤੀ ਭਾਦੋਂ ਸੁਦੀ ੩, ਬਿਕ੍ਰਮੀ ੧੬੩੮ ਦਰਜ ਹੈ। ਇਸ ਲਈ ਸਮੁੱਚਾ ਪੰਥ ਸਹਿਮਤ ਹੈ। ਕੋਈ ਵੀ ਮਤਭੇਦ ਨਹੀਂ ਹਨ। ਇਸ ਤਿੱਥ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਨ ’ਤੇ ‘੨ ਅੱਸੂ ਬਿਕ੍ਰਮੀ ੧੬੩੮/1 ਸਤੰਬਰ 1581 ਜੂਲੀਅਨ’ ਬਣਦਾ ਹੈ।

ਸ਼ੁੱਧ ਗੁਰ ਪ੍ਰਣਾਲੀ (ਸ੍ਰੋ. ਗੁ. ਪ੍ਰ. ਕਮੇਟੀ), ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੀ 1991, ਸਿੱਖ ਇਤਿਹਾਸ ਲੇਖਕ ਪ੍ਰੋ: ਕਰਤਾਰ ਸਿੰਘ ਛਾਪਕ ਸ੍ਰੋ. ਗੁ. ਪ੍ਰ. ਕਮੇਟੀ, ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਅਤੇ ਡਾ: ਹਰੀ ਰਾਮ ਗੁਪਤਾ ਆਦਿ ਸਭ ਨੇ ਗੁਰੂ ਅਰਜਨ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਭਾਦੋਂ ਸੁਦੀ ੩, ਅੱਸੂ ੨ ਬਿਕ੍ਰਮੀ ੧੬੩੮/1 ਸਤੰਬਰ 1581 ਜੂਲੀਅਨ ਲਿਖੀ ਹੈ, ਜੋ ਗੁਰੂ ਰਾਮਦਾਸ ਜੀ ਦੇ ਜੋਤੀ ਸਮਾਉਣ ਦੀ ਤਿੱਥ, ਤਾਰੀਖ਼ ਹੀ ਬਣਦੀ ਹੈ। ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਗੁਰ ਪੁਰਬਾਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ ਹੈ। ਸੋ ਚਾਰੇ ਗੁਰ ਪੁਰਬਾਂ ਲਈ ੨ ਅੱਸੂ ਨਿਰਧਾਰਿਤ ਕੀਤੀ ਗਈ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 16 ਸਤੰਬਰ ਬਣਦੀ ਹੈ।

ਜਿਹੜੇ ਲੋਕ ਇਤਰਾਜ਼ ਕਰਦੇ ਹਨ ਕਿ ਪਹਿਲਾਂ ਕਦੀ ਵੀ ਚਾਰ ਗੁਰ ਪੁਰਬ ਇਕੱਠੇ ਨਹੀਂ ਆਏ, ਪਰ ਨਾਨਕਸ਼ਾਹੀ ਕੈਲੰਡਰ ’ਚ ਚਾਰ ਚਾਰ ਗੁਰ ਪੁਰਬ ਇਕੱਠੇ ਦਰਜ ਕਰਕੇ ਗ਼ਲਤੀ ਕੀਤੀ ਗਈ ਹੈ; ਉਨ੍ਹਾਂ ਦੇ ਸਮਝਣ ’ਚ ਸੌਖ ਨੂੰ ਮੁੱਖ ਰੱਖਦਿਆਂ ਉਕਤ ਇਨ੍ਹਾਂ ਚਾਰ ਗੁਰ ਪੁਰਬਾਂ ਦੀ ਪੜਤਾਲ ਕਰਨ ਲਈ ਸਾਰਣੀ ਬਣਾਈ ਗਈ ਹੈ, ਜਿਸ ਨਾਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਚਾਰੇ ਗੁਰ ਪੁਰਬ ਦੀ ਮਿਤੀ ੨ ਅੱਸੂ /16 ਸਤੰਬਰ ਹੀ ਬਣਦੀ ਹੈ।

ਜੇ ਗੁਰ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਨਾਲ ਮਨਾਏ ਜਾਣ ਤਾਂ 12 ਦਿਨਾਂ ਦੇ ਅੰਤਰ ਨਾਲ ਦੋ ਗੁਰ ਪੁਰਬ; ਭਾਦੋਂ ਸੁਦੀ ੧੫ ਅਤੇ ਦੋ ਗੁਰ ਪੁਰਬ; ਭਾਦੋਂ ਸੁਦੀ ੩ ਨੂੰ ਹੋਣਗੇ, ਪਰ ਜੇ ਪ੍ਰਵਿਸ਼ਟਿਆਂ ਮੁਤਾਬਕ ਮਨਾਏ ਜਾਣ ਤਾਂ ਚਾਰੇ ਹੀ ਗੁਰ ਪੁਰਬ; ੨ ਅੱਸੂ ਨੂੰ ਆਉਂਦੇ ਹਨ, ਜੋ ਕਿ ਕਿਸੇ ਭੀ ਪੱਖੋਂ ਗ਼ਲਤੀ ਨਹੀਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ੨ ਅੱਸੂ; ਹਰ ਸਾਲ 16 ਸਤੰਬਰ (ਗ੍ਰੈਗੋਰੀਅਨ) ਨੂੰ ਆਉਂਦਾ ਹੈ। ਈਸਵੀ ਕੈਲੰਡਰ ਅਨੁਸਾਰ ਮਨਾਉਣ ਨਾਲ ਵੀ ਚਾਰੇ ਗੁਰ ਪੁਰਬ ਇਕੱਠੇ 1 ਸਤੰਬਰ ਨੂੰ ਆਉਣੇ ਹਨ, ਪਰ ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਪ੍ਰਵਿਸ਼ਟਿਆਂ (੨ ਅੱਸੂ) ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿਸਥਾਰਤ ਕਾਰਨ ਅੱਗੇ ਦਿੱਤੇ ਜਾ ਰਹੇ ਹਨ।

ਉਕਤ ਵਾਙ ਇਤਿਹਾਸਕ ਤੱਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ’ਤੇ 4 ਹੋਰ ਗੁਰ ਪੁਰਬਾਂ ਦੀ ਸਾਰਣੀ ਹੇਠਾਂ ਬਣਾਈ ਗਈ ਹੈ। ਇਹ ਚਾਰ ਗੁਰ ਪੁਰਬ ਇਕੱਠੇ ੩  ਵੈਸਾਖ ਨੂੰ ਆਉਣ ’ਚ ਭੀ ਕੋਈ ਗਲਤੀ ਨਹੀਂ ਹੈ।

ਜੇ ਉਕਤ ਗੁਰ ਪੁਰਬ ਚੰਦਰਮਾਂ ਦੀਆਂ ਤਿਥਾਂ ਅਨੁਸਾਰ ਮਨਾਏ ਜਾਣ ਤਾਂ 10 ਦਿਨਾਂ ਦੇ ਅੰਤਰ ਨਾਲ ਚੇਤ ਸੁਦੀ ੪ ਅਤੇ ਚੇਤ ਸੁਦੀ ੧੪; ਦੋ ਦਿਨਾਂ ’ਚ ਦੋ-ਦੋ ਗੁਰ ਪੁਰਬ ਇਕੱਠੇ ਆਉਣਗੇ। ਜੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਤਾਂ 1 ਦਿਨ ਦੇ ਫਰਕ ਨਾਲ 29 ਮਾਰਚ ਅਤੇ 30 ਮਾਰਚ ਨੂੰ ਆਉਣਗੇ ਅਤੇ ਜੇ ਪ੍ਰਵਿਸ਼ਟੇ ੩ ਵੈਸਾਖ ਦੀ ਚੋਣ ਕੀਤੀ ਜਾਵੇ ਤਾਂ ਚਾਰੇ ਗੁਰ ਪੁਰਬ ਇੱਕੋ ਤਾਰੀਖ਼ ੩ ਵੈਸਾਖ ਨੂੰ ਆਉਣਗੇ। ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਗੁਰ ਪੁਰਬਾਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ। ਇਸ ਲਈ ਚਾਰੇ ਗੁਰ ਪੁਰਬ ੩ ਵੈਸਾਖ ਨੂੰ ਨਿਸ਼ਚਿਤ ਕੀਤੇ ਗਏ, ਜੋ ਕਿ ਇਤਿਹਾਸ ਨਾਲ ਮੇਲ ਖਾਂਦਾ ਸਹੀ ਫ਼ੈਸਲਾ ਹੈ। ਇਹ ੩ ਵੈਸਾਖ; ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 16 ਅਪ੍ਰੈਲ (ਗ੍ਰੈਗੋਰੀਅਨ) ਆਉਂਦਾ ਹੈ।

ਨਵੰਬਰ 2002 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਬੇਨਤੀ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਅੰਤਮ ਨਿਰਣਾ ਲੈਣ ਲਈ ਕਦਮ ਚੁੱਕੇ ਜਾਣ। ਫਲਸਰੂਪ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਨੇ 8 ਜਨਵਰੀ 2003 ਨੂੰ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਤੇ ਕੈਲੰਡਰ ਮਾਹਰਾਂ ਦੀ 11 ਮੈਂਬਰੀ ਕਮੇਟੀ ਨਿਯੁਕਤ ਕੀਤੀ। ਇਸ ਕਮੇਟੀ ਦੇ ਮੈਂਬਰ ਹੇਠ ਲਿਖੇ ਸਨ :

  1. ਪ੍ਰੋ. ਕਿਰਪਾਲ ਸਿੰਘ ਚੰਡੀਗੜ੍ਹ।
  2. ਪ੍ਰੋ. ਦਰਸ਼ਨ ਸਿੰਘ ਚੰਡੀਗੜ੍ਹ।
  3. ਪ੍ਰੋ. ਗੁਰਨਾਮ ਕੌਰ (ਪੰਜਾਬੀ ਯੂਨੀਵਰਸਿਟੀ) ਪਟਿਆਲਾ।
  4. ਪ੍ਰੋ. ਜੋਧ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ।
  5. ਡਾ. ਬਲਵੰਤ ਸਿੰਘ ਢਿੱਲੋਂ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ।
  6. ਡਾ. ਕੁਲਵਿੰਦਰ ਸਿੰਘ ਬਾਜਵਾ (ਖਾਲਸਾ ਕਾਲਜ) ਅੰਮ੍ਰਿਤਸਰ।
  7. ਪ੍ਰਿੰ. ਸਵਰਨ ਸਿੰਘ ਚੂਸਲੇਵੜ, ਪੱਟੀ, ਅੰਮ੍ਰਿਤਸਰ।
  8. ਸ: ਅਜੀਤ ਸਿੰਘ ਪੁਰੇਵਾਲ, ਸ਼ਰੀਫਪੁਰਾ ਅੰਮ੍ਰਿਤਸਰ।
  9. ਪ੍ਰਿੰ. ਅਮਰਜੀਤ ਸਿੰਘ ਦਮਦਮਾ ਸਾਹਿਬ (ਤਲਵੰਡੀ ਸਾਬੋ) ਬਠਿੰਡਾ।
  10. ਬੀਬੀ ਕਿਰਨਜੀਤ ਕੌਰ ਅੰਮ੍ਰਿਤਸਰ।
  11. ਸ: ਪਾਲ ਸਿੰਘ ਪੁਰੇਵਾਲ ਕੈਨੇਡਾ।

ਹੋਰ ਫੈਸਲਿਆਂ ਤੋਂ ਇਲਾਵਾ ਇਸ ਕਮੇਟੀ ਨੇ ਫੈਸਲਾ ਕੀਤਾ ਕਿ ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜ਼ੀ ਤਾਰੀਖ ਨੂੰ ਨਹੀਂ ਬਲਕਿ ਪ੍ਰਵਿਸ਼ਿਟਿਆਂ ਨੂੰ ਮੁੱਖ ਰੱਖਿਆ ਜਾਵੇਗਾ

28 ਮਾਰਚ 2003 ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ, ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇੱਕ ਹੋਰ ਵੱਡਾ ਇਕੱਠ ਕੀਤਾ, ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਇਸ ਖਰੜੇ ਨੂੰ ਸਰਬਸੰਮਤੀ ਨਾਲ ਸਵੀਕਾਰ ਕਰਨ ਦਾ ਐਲਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਕੀਤਾ ਤਾਂ ਜੈਕਾਰਿਆਂ ਦੀ ਗੂੰਜ ਵਿਚ ਇਸ ਦਾ ਸਵਾਗਤ ਕੀਤਾ ਗਿਆ। ਸਿੰਘ ਸਾਹਿਬ ਦੁਆਰਾ ਪ੍ਰਵਾਨ ਕੀਤੇ ਇਸ ਖਰੜੇ ਨੂੰ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 698 (ਮਿਤੀ 10/12/1997), ਅੰਤ੍ਰਿੰਗ ਕਮੇਟੀ ਦੇ ਮਤਾ ਨੰਬਰ 178 (ਮਿਤੀ 15/ 09/98), ਜਨਰਲ ਹਾਊਸ ਦੇ ਮਤਾ ਨੰਬਰ 100 (ਮਿਤੀ 18/03/98) ਰਾਹੀਂ ਪ੍ਰਵਾਨ ਹੋ ਕੇ ਲਾਗੂ ਕਰਨ ਦਾ ਫੈਸਲਾ ਹੋਇਆ ਸੀ।

ਐਨੀ ਲੰਬੀ ਪ੍ਰਕਿਰਿਆ ਤੋਂ ਬਾਅਦ ਹਰ ਸਟੇਜ਼ ’ਤੇ ਸਰਬ ਸੰਮਤੀ ਨਾਲ ਪਾਸ ਹੋਇਆ ਕੈਲੰਡਰ; ਮਹੱਤਵ ਪੂਰਨ ਕੌਮੀ ਦਸਤਾਵੇਜ਼ ਹੈ। ਇਸ ਲਈ ਕੁਝ ਬੰਦਿਆਂ ’ਤੇ (ਜਿਵੇਂ ਕਿ ਸ. ਪਾਲ ਸਿੰਘ ਪੁਰੇਵਾਲ ਆਦਿ) ’ਤੇ ਦੋਸ਼ ਲਾਉਣੇ ਕਿ ਉਨ੍ਹਾਂ ਨੇ ਗੁਰ ਪੁਰਬਾਂ ਦੀਆਂ ਗਲਤ ਤਾਰੀਖ਼ਾਂ ਨਿਸ਼ਚਿਤ ਕਰਕੇ ਇਤਿਹਾਸ ਵਿਗਾੜ ਦਿੱਤਾ; ਬਿਲਕੁਲ ਝੂਠੇ ਅਤੇ ਨਿਰਮੂਲ ਦੋਸ਼ ਹਨ।

ਗੁਰ ਪੁਰਬਾਂ ਲਈ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਦੀ ਚੋਣ ਕਿਉਂ ਕੀਤੀ, ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ :

(1). ਜੂਲੀਅਨ (ਜਾਂ ਗ੍ਰੈਗੋਰੀਅਨ) ਕੈਲੰਡਰ; ਗੁਰੂ ਕਾਲ ’ਚ ਲਾਗੂ ਨਹੀਂ ਸੀ। ਇਸ ਨੂੰ ਅੰਗਰੇਜਾਂ ਵੱਲੋਂ 1849 ਈ: ’ਚ ਪੰਜਾਬ ’ਤੇ ਕਬਜ਼ਾ ਕਰਨ ਪਿੱਛੋਂ ਲਾਗੂ ਕੀਤਾ ਗਿਆ। ਇਸ ਲਈ ਜਿਹੜਾ ਕੈਲੰਡਰ ਗੁਰੂ ਕਾਲ ਤੋਂ ਲੈ ਕੇ ਸਿੱਖ ਰਾਜ ਦੇ ਅੰਤ ਤੱਕ ਲਾਗੂ ਨਾ ਹੋਣ ਕਾਰਨ ਕਿਸੇ ਵੀ ਮੁੱਢਲੇ ਸੋਮੇ ’ਚ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਰਜ ਨਹੀਂ ਹਨ ਤਾਂ ਉਸ ਕੈਲੰਡਰ ਦੀਆਂ ਤਾਰੀਖ਼ਾਂ; ਗੁਰ ਪੁਰਬਾਂ ਲਈ ਨਿਸ਼ਚਿਤ ਕਿਵੇਂ ਕੀਤੀਆਂ ਜਾ ਸਕਦੀਆਂ ਹਨ ?

(2). ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਸਾਰੇ ਇਤਿਹਾਸਕ ਦਿਹਾੜੇ ਹਮੇਸ਼ਾਂ ਅੱਗੇ ਪਿੱਛੇ ਹੁੰਦੇ ਹਨ, ਜਿਸ ਕਾਰਨ ਕਿਸੇ ਸਾਲ ’ਚ ਦੋ ਵਾਰ ਅਤੇ ਕਿਸੇ ਸਾਲ ਆਉਂਦੇ ਹੀ ਨਹੀਂ। ਜਿਵੇਂ ਕਿ ਸ੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਨੂੰ ਸੂਰਜੀ ਸਾਲ ਦੇ ਹਿਸਾਬ ਨਾਲ ੧ ਚੇਤ ਤੋਂ ਫੱਗਣ ਮਹੀਨੇ ਦੀ ਆਖਰੀ ਤਾਰੀਖ਼ ਤੱਕ ਛਾਪਦੀ ਹੈ, ਪਰ ਹੋਲਾ ਮਹੱਲਾ; ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਨਾਲ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ, ਜੋ ਸੂਰਜੀ ਮਹੀਨਿਆਂ ’ਚ ਕਦੀ ਫੱਗਣ ਮਹੀਨੇ ਅਤੇ ਕਦੀ ਚੇਤ ’ਚ ਆਉਂਦਾ ਹੈ। ਇਸੇ ਲਈ ਹੋਲਾ ਮਹੱਲਾ; ਕਿਸੇ ਸਾਲ ’ਚ ਦੋ ਵਾਰ ਆ ਜਾਂਦਾ ਹੈ ਤੇ ਕਿਸੇ ਸਾਲ ਆਉਂਦਾ ਹੀ ਨਹੀਂ।

ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਪੁਰਬ; ਚੰਦ੍ਰਮਾ ਦੀ ਚੇਤ ਵਦੀ ੧੩ ਮੁਤਾਬਕ ਨਾਨਕਸ਼ਾਹੀ ਸੰਮਤ ੫੬੦ ’ਚ ਦੋ ਵਾਰ (੧੦ ਚੇਤ/23 ਮਾਰਚ 2028) ਤੇ ੨੯ ਫੱਗਣ/12 ਮਾਰਚ 2029) ਨੂੰ ਆਵੇਗਾ, ਪਰ ਸੰਮਤ ਨਾਨਕਸ਼ਾਹੀ ਸੰਮਤ ੫੬੧ ’ਚ ਚੇਤ ਮਹੀਨਾ ਮਲਮਾਸ ਹੋਣ ਕਾਰਨ ਅਗਲਾ ਗੁਰ ਪੁਰਬ 19 ਦਿਨ ਲੇਟ ਹੋਣ ਕਾਰਨ ਸੰਮਤ ੫੬੨ ’ਚ ੧੮ ਚੇਤ (31 ਮਾਰਚ 2030) ਨੂੰ ਆਵੇਗਾ ਯਾਨੀ ਸੰਮਤ ੫੬੧ (ਸੰਨ 2029-30) ’ਚ ਆਵੇਗਾ ਹੀ ਨਹੀਂ।

(3). ਸਾਰੇ ਸਰਕਾਰੀ/ਗ਼ੈਰ ਸਰਕਾਰੀ ਕੈਲੰਡਰ ਈਸਵੀ ਕੈਲੰਡਰ ਮੁਤਾਬਕ 1 ਜਨਵਰੀ ਤੋਂ 31 ਦਸੰਬਰ ਤੱਕ ਛਪਦੇ ਹਨ। ਸਰਕਾਰੀ ਮੁਲਾਜਮਾਂ ਨੂੰ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ (ਤਾਰੀਖ਼ਾਂ) ਅਤੇ ਨਵੇਂ ਸਾਲ ਦੀ ਅਰੰਭਤਾ ਤੇ ਸਮਾਪਤੀ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ; ਉਨ੍ਹਾਂ ਦਾ ਸਬੰਧ ਕੇਵਲ ਛੁੱਟੀ ਨਾਲ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ੭ ਮੁਤਾਬਕ ਕਦੇ ਦਸੰਬਰ ਅਤੇ ਕਦੇ ਜਨਵਰੀ ਮਹੀਨੇ ’ਚ ਆਉਣ ਸਦਕਾ ਸਰਕਾਰੀ ਕੈਲੰਡਰਾਂ ’ਚ ਕਦੇ ਸਾਲ ’ਚ ਦੋ ਵਾਰ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ।

(4). ਸ੍ਰੋ. ਗੁ. ਪ੍ਰ. ਕਮੇਟੀ ਆਪਣੇ ਕੈਲੰਡਰਾਂ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਜੇਠ ਵਦੀ ੮ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; 10/11 ਦਿਨ ਦੇ ਅੰਤਰ ਨਾਲ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ  ਜੇਠ ਸੁਦੀ ੪, ਨਿਸ਼ਚਿਤ ਕਰਦੀ ਹੈ। ਸੰਮਤ ੨੦੭੫/ਸੰਨ 2018 ’ਚ ਜੇਠ ਮਹੀਨੇ ਦੋ ਸਨ। ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਜੇਠ ਵਦੀ ੮ ਮੁਤਾਬਕ ੨੫ ਵੈਸਾਖ/8 ਮਈ ਨੂੰ ਲਿਖਿਆ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੀ ਤਿੱਥ (ਜੇਠ ਸੁਦੀ ੪); ਮਲਮਾਸ ’ਚ ਆ ਗਈ, ਇਸ ਲਈ ਸ਼ਹੀਦੀ ਪੁਰਬ ਇੱਕ ਮਹੀਨਾ ਲੇਟ ਕਰ ਸ਼ੁੱਧ ਜੇਠ ਸੁਦੀ ੪ (੩ ਹਾੜ/17 ਜੂਨ) ਨਿਸ਼ਚਿਤ ਕਰਨਾ ਪਿਆ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 10/11 ਦਿਨ ਪਿੱਛੋਂ ਆਉਣ ਦੀ ਬਜਾਏ 40 ਦਿਨ ਪਿੱਛੋਂ ਆਇਆ।

ਸ੍ਰੋਮਣੀ ਕਮੇਟੀ ਕੋਲ ਇਸ ਉਥਲ-ਪੁਥਲ ਬਾਰੇ ਕੋਈ ਜਵਾਬ ਨਹੀਂ ਹੁੰਦਾ। ਇੱਕ ਗ਼ਲਤੀ ਨੂੰ ਠੀਕ ਕਰਨ ਦੇ ਚੱਕਰ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਇੱਕ ਮਹੀਨਾ ਲੇਟ ਕਰ ਦਿੱਤਾ। ਇਸ ਬਦਲਾਅ ਨਾਲ ਦੂਜੀ ਗਲਤੀ ਇਹ ਹੋ ਗਈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਮਲਮਾਸ ’ਚ ਚਲਾ ਗਿਆ।

(5). ਜਦ ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਤੇ ਕੁਝ ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਤਾਂ ਇੱਕ ਹੋਰ ਨੁਕਸ ਪੈਂਦਾ ਹੈ ਕਿ ਇੱਕੋ ਦਿਹਾੜਾ ਸਦਾ ਅੱਗੇ ਪਿੱਛੇ ਆਉਂਦਾ ਹੈ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਿੱਛੋਂ, ਕਦੇ ਪਹਿਲਾਂ ਤੇ ਕਦੇ ਦੋਵੇਂ ਇਕੱਠੇ ਇੱਕੇ ਦਿਨ ਆ ਜਾਂਦੇ ਹਨ। ਜੇ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਦੀ ਹੀ ਚੋਣ ਕੀਤੀ ਜਾਵੇ ਤਾਂ ਸਾਰੇ ਦਿਹਾੜਿਆਂ ਦੀ ਤਰਤੀਬ ਇਤਿਹਾਸ ਤੱਥਾਂ ਨਾਲ ਮਿਲ ਜਾਂਦੀ ਹੈ; ਜਿਵੇਂ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਮੇਸ਼ਾਂ ਲਈ ੮ ਪੋਹ/21 ਦਸੰਬਰ ਨੂੰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ/26 ਦਸੰਬਰ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਹੀ ਆਏਗਾ। ਕੋਈ ਦਿਹਾੜਾ ਨਾ ਸਾਲ ’ਚ ਦੋ ਵਾਰ ਆਏਗਾ ਤੇ ਨਾ ਹੀ ਕੋਈ ਐਸਾ ਸਾਲ ਹੋਵੇਗਾ, ਜਿਸ ਵਿੱਚ ਕੋਈ ਦਿਹਾੜਾ ਨਹੀਂ ਹੋਵੇਗਾ।

ਸੋ ਐਸੇ ਕਾਰਨਾਂ ਕਰਕੇ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਨੂੰ ਪ੍ਰਮੁੱਖ ਰੱਖਿਆ, ਜਿਸ ਮੁਤਾਬਕ ਨਾਨਕਸ਼ਾਹੀ ਕੈਲੰਡਰ ’ਚ ਉਕਤ ਚਾਰ ਗੁਰ ਪੁਰਬ; ੩ ਵੈਸਾਖ ਅਤੇ ਚਾਰ ਗੁਰ ਪੁਰਬ; ੨ ਅੱਸੂ ਨੂੰ ਨਿਸ਼ਚਿਤ ਕੀਤੇ ਗਏ ਹਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਨਾਲ ਮਿਲਦੀ ਹੋਣ ਕਾਰਨ ੩ ਵੈਸਾਖ; ਸਦਾ ਹੀ ਵੈਸਾਖੀ ਤੋਂ ਦੋ ਦਿਨ ਪਿਛੋਂ 16 ਅਪ੍ਰੈਲ ਨੂੰ ਅਤੇ ੨ ਅੱਸੂ; ਸਦਾ ਹੀ ਅੱਸੂ ਦੀ ਨਾਨਕਸ਼ਾਹੀ ਸੰਗਰਾਂਦ ਤੋਂ ਇੱਕ ਦਿਨ ਪਿੱਛੋਂ 16 ਸਤੰਬਰ ਨੂੰ ਆਵੇਗਾ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ; ਰੁੱਤੀ ਸਾਲ ਨਾਲੋਂ ਗੁਰੂ ਕਾਲ ਤੋਂ ਲੈ ਕੇ 1964 ਤੱਕ ਤਕਰੀਬਨ 24 ਮਿੰਟ ਵੱਧ ਸੀ। ਜਿਸ ਵਿੱਚ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਨਾਲ ਹੁਣ ਭੀ ਤਕਰੀਬਨ ਸਾਢੇ ਵੀਹ ਮਿੰਟ ਵੱਧ ਹੈ ਤਾਹੀਓਂ ਇਹ ੩ ਵੈਸਾਖ; 1552 ਸੀ.ਈ. ’ਚ 29 ਮਾਰਚ ਨੂੰ; 1664 ਸੀ.ਈ. ’ਚ 30 ਮਾਰਚ ਨੂੰ ਅਤੇ ਅੱਜ ਕੱਲ 15/16 ਅਪ੍ਰੈਲ ਨੂੰ ਆ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਲ 3000 ਸੀ.ਈ. ’ਚ 29 ਅਪ੍ਰੈਲ ਨੂੰ ਆਵੇਗੀ ਭਾਵ ਅਸਲ ਤਾਰੀਖ਼ ਨਾਲੋਂ ਪੂਰਾ ਇੱਕ ਮਹੀਨਾ ਬਾਅਦ। ਇਸ ਵੈਸਾਖ ਮਹੀਨੇ ਦੀ ਤਰ੍ਹਾਂ ਸਾਲ ਦੀਆਂ ਬਾਕੀ ਸਾਰੀਆਂ ਤਾਰੀਖ਼ਾਂ ਭੀ 3000 ਸੀਈ ਤੱਕ ਲਗਭਗ 1 ਮਹੀਨਾ ਲੇਟ ਹੋ ਜਾਣਗੀਆਂ। ਨਾਨਕਸ਼ਾਹੀ ਕੈਲੰਡਰ ’ਚ ਜਿਹੜਾ ਫ਼ਰਕ ਸੰਨ 1999 ਤੱਕ ਪੈਣਾ ਸੀ, ਉਹ ਪੈ ਗਿਆ; ਹੁਣ ਅੱਗੇ ਤੋਂ ਸਾਰੀਆਂ ਤਾਰੀਖ਼ਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ। ਐਸਾ ਉਦਮੀ ਕਾਰਜ ਕਰਨ ਵਾਲੇ ਸ. ਪਾਲ ਸਿੰਘ ਜੀ ਪੁਰੇਵਾਲ; ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ, ਇਸ ਲਈ ਸਿੱਖਾਂ ਨੇ ਹੁਣ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਲਈ ਕਿਹੜਾ ਕੈਲੰਡਰ ਵੱਧ ਲਾਹੇਵੰਦ ਹੋਵੇਗਾ।

ਸਾਰਾਗੜ੍ਹੀ ਜੰਗ ਦਾ ਵਿਸਥਾਰ ਸਹਿਤ ਵੇਰਵਾ

0

ਸਾਰਾਗੜ੍ਹੀ ਜੰਗ ਦਾ ਵਿਸਥਾਰ ਸਹਿਤ ਵੇਰਵਾ

ਗਿਆਨੀ ਅਵਤਾਰ ਸਿੰਘ

12 ਸਤੰਬਰ 1897 (੨੯ ਭਾਦੋਂ ਸੰਮਤ ੧੯੫੪) ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਚੌਂਕੀ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਵੱਲ ਵਧ ਰਿਹਾ ਹੈ। ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਤੱਕ ਹੈ।

ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ ’ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਉਨ੍ਹਾਂ ਲਈ ਕੀ ਹੁਕਮ ਹੈ ?

ਲੋਕਹਾਰਟ ਕਿਲ੍ਹੇ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਹਾਫਟਨ ਨੇ ਹੁਕਮ ਦਿੱਤਾ, ‘ਹੋਲਡ ਯੂਅਰ ਪੋਜ਼ੀਸ਼ਨ’ ਯਾਨਿ ਆਪਣੀ ਥਾਂ ’ਤੇ ਡਟੇ ਰਹੋ। ਇੱਕ ਘੰਟੇ ਅੰਦਰ ਕਿਲ੍ਹੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਅਰਾਕਜ਼ਾਈਆਂ ਦਾ ਇੱਕ ਸੈਨਿਕ ਹੱਥ ’ਚ ਚਿੱਟਾ ਝੰਡਾ ਲਈ ਕਿਲ੍ਹੇ ਵੱਲ ਵਧਿਆ। ਉਸ ਨੇ ਚੀਕ ਕੇ ਕਿਹਾ, ‘ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ। ਸਾਡੀ ਜੰਗ ਅੰਗਰੇਜ਼ਾਂ ਨਾਲ ਹੈ। ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ, ਮਾਰੇ ਜਾਓਗੇ। ਸਾਡੇ ਸਾਹਮਣੇ ਹਥਿਆਰ ਸੁੱਟ ਦਿਓ। ਅਸੀਂ ਤੁਹਾਡਾ ਖ਼ਿਆਲ ਰੱਖਾਂਗੇ ਅਤੇ ਤੁਹਾਨੂੰ ਇੱਥੋਂ ਸੁਰੱਖਿਅਤ ਨਿਕਲਣ ਦਾ ਰਸਤਾ ਦੇਵਾਂਗੇ’।

ਬਾਅਦ ’ਚ ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਇਸ ਜੰਗ ਬਾਰੇ ਦੱਸਦੇ ਹੋਏ ਲਿਖਿਆ, ‘ਈਸ਼ਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਅਰਾਕਜ਼ਾਈਆਂ ਦੀ ਹੀ ਭਾਸ਼ਾ ਪਸ਼ਤੋ ਵਿੱਚ ਦਿੱਤਾ। ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਸਖ਼ਤ ਸੀ ਬਲਕਿ ਗਾਲ੍ਹਾਂ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ’।

ਸਾਰਾਗੜ੍ਹੀ ਦੀ ਜੰਗ ਹੋਣ ਦਾ ਕਾਰਨ : ਸਾਰਾਗੜ੍ਹੀ ਚੌਂਕੀ; ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜ਼ਿਲ੍ਹੇ ’ਚ ਸਮੁੰਦਰੀ ਤਲ ਤੋਂ ਕਰੀਬ 6 ਹਜ਼ਾਰ ਫੁੱਟ ਦੀ ਉਚਾਈ ’ਤੇ ਹੈ। ਇਹ ਉਹ ਇਲਾਕਾ ਹੈ, ਜਿੱਥੇ ਰਹਿਣ ਵਾਲੇ ਲੋਕਾਂ ’ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਕਾਇਮ ਨਾ ਹੋ ਸਕਿਆ।

ਸੰਨ 1880 ਦੇ ਦਹਾਕੇ ’ਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਅਰਾਕਜ਼ਾਈ ਪਠਾਣਾਂ ਨੇ ਵਿਰੋਧ ਕੀਤਾ, ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ। ਸੰਨ 1891 ’ਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ, ਰਬੀਆ ਖੇਡ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਤੇ ਉਨ੍ਹਾਂ ਨੂੰ ਲੋਕਹਾਰਟ ਕਿਲ੍ਹਾ ਅਤੇ ਗੁਲਿਸਤਾਨ ਤੇ ਸਾਰਾਗੜ੍ਹੀ ਚੌਂਕੀਆਂ ਬਣਾਉਣ ਦੀ ਮਨਜ਼ੂਰੀ ਮਿਲ ਗਈ, ਪਰ ਸਥਾਨਕ ਅਰਾਕਜ਼ਾਈ ਪਠਾਣਾਂ ਨੇ ਇਸ ਨੂੰ ਪਸੰਦ ਨਾ ਕੀਤਾ। ਉਹ ਇਨ੍ਹਾਂ ਟਿਕਾਣਿਆਂ ’ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ। ਗੁਲਿਸਤਾਨ ਚੌਂਕੀ ਅਤੇ ਲੋਕਹਾਰਟ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦੂਰੀ ਸੀ। ਇਨ੍ਹਾਂ ਵਿਚਕਾਰ ਇੱਕ ਨੀਵੀਂ ਜਗ੍ਹਾ ’ਚ ਕਾਲੇ ਪੱਥਰ ਉੱਤੇ ਬਣਿਆ ਘਰ ਨੁਮਾ ਢਾਂਚਾ ਸਾਰਾਗੜ੍ਹੀ ਚੌਂਕੀ ਸੀ। ਇਹ ਸਾਰਾ ਹੀ ਪਹਾੜੀ ਇਲਾਕਾ ਹੈ। ਇਹ ਸਥਾਨ; ਜ਼ਿਲ੍ਹਾ ਕੁਹਾਟ ਤੋਂ 35 ਮੀਲ ਅਤੇ ਪਿਸ਼ਾਵਰ ਤੋਂ 50 ਮੀਲ ਦੂਰ ਹੈ।

ਸ਼ੇਰੇ ਪੰਜਾਬ (ਮਹਾਰਾਜਾ ਰਣਜੀਤ ਸਿੰਘ) ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ’ਚ ਅੰਗਰੇਜ਼ਾਂ ਨੇ ਇਹ ਇਲਾਕਾ ਆਪਣੇ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਨਾ ਕੀਤਾ। ਇਹ ਲੋਕ; ਅੰਗਰੇਜ਼ਾਂ ਖਿਲਾਫ 1896 ’ਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲੱਗਦਾ ਪਠਾਣ; ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ।

3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨੇ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਫਿਰ 12 ਸਤੰਬਰ ਨੂੰ ਅਰਾਕਜ਼ਾਈਆਂ ਨੇ ਗੁਲਿਸਤਾਨ, ਲੋਕਹਾਰਟ ਅਤੇ ਸਾਰਾਗੜ੍ਹੀ; ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ। ਲੋਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦਾ ਸੰਪਰਕ ਸਾਰਾਗੜ੍ਹੀ ਕਿਲ੍ਹੇ ਤੋਂ ਤੋੜ ਦਿੱਤਾ। ਇਸ ਚੌਂਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ।

ਅਰਾਕਜ਼ਾਈ ਪਠਾਣਾਂ ਅਤੇ ਅਫਰੀਦੀ ਕਬੀਲਿਆਂ ਵੱਲੋਂ ਪਹਿਲਾ ਫਾਇਰ ਸੁਬ੍ਹਾ 9 ਵਜੇ ਆਇਆ। ਸਾਰਾਗੜ੍ਹੀ ਜੰਗ ’ਤੇ ਪ੍ਰਸਿੱਧ ਕਿਤਾਬ ‘ਦਿ ਆਈਕਨ ਬੈਟਲ ਆਫ ਸਾਰਾਗੜ੍ਹੀ’ ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਬਾਬਾ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ। ਉਨ੍ਹਾਂ ’ਤੇ ਉਦੋਂ ਗੋਲੀਬਾਰੀ ਸ਼ੁਰੂ ਕੀਤੀ ਜਾਏ ਜਦੋਂ ਉਹ 1000 ਗਜ਼ ਯਾਨਿ ਉਨ੍ਹਾਂ ਦੀ ‘ਫਾਇਰਿੰਗ ਰੇਂਜ’ ’ਚ ਆ ਜਾਣ। ਸਿੱਖ ਜਵਾਨਾਂ ਕੋਲ ਸਿੰਗਲ ਸ਼ੌਟ ‘ਮਾਰਟਿਨੀ ਹੇਨਰੀ .303’ ਰਾਈਫਲਾਂ ਸਨ, ਜੋ ਇੱਕ ਮਿੰਟ ’ਚ ਕੇਵਲ 10 ਰਾਊਂਡ ਫਾਇਰ ਕਰ ਸਕਦੀ ਸੀ। ਹਰੇਕ ਸੈਨਿਕ ਕੋਲ 400 ਗੋਲੀਆਂ ਸਨ, 100 ਉਨ੍ਹਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਵਿੱਚ’।

ਉਨ੍ਹਾਂ ਨੇ ਪਠਾਣਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ ’ਚ ਆਉਣ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਰਿਹਾ। ਪਹਿਲੇ ਇੱਕ ਘੰਟੇ ’ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।

ਸਾਰਾਗੜ੍ਹੀ ਦੀ ਜੰਗ ਕਰੀਬ 7 ਘੰਟੇ ਚੱਲੀ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ, ਪਰ ਉਨ੍ਹਾਂ ਨੇ ਸਿੱਖਾਂ ’ਤੇ ਗੋਲੀ ਚਲਾਉਣੀ ਬੰਦ ਨਾ ਕੀਤੀ। ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਭਾਵੇਂ ਕਿ ਹਜ਼ਾਰਾਂ ਫਾਇਰ ਕਰਦਿਆਂ ਪਠਾਨਾਂ ਦੇ ਸਾਹਮਣੇ ਇਨ੍ਹਾਂ ਦੀਆਂ 21 ਰਾਇਫਲਾਂ ਦੀ ਕੀ ਪੇਸ਼ ਸੀ ? ਅਤੇ ਫਿਰ ਕਿੰਨੇ ਸਮੇਂ ਤੱਕ ?

ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਣਾਂ ਨੂੰ ਬਹੁਤ ਮਦਦ ਮਿਲ ਰਹੀ ਸੀ। ਉਨ੍ਹਾਂ ਨੇ ਘਾਹ ਨੂੰ ਅੱਗ ਲਗਾ ਦਿੱਤੀ, ਜਿਸ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵਧਣ ਲਗੀਆਂ। ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ। ਸਿੱਖਾਂ ਦੁਆਰਾ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਸਿੱਖ ਖੇਮੇ ’ਚ ਵੀ ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।

ਸਿਗਨਲ ਮੈਨ ਗੁਰਮੁਖ ਸਿੰਘ; ਲੈਫਟੀਨੈਂਟ ਕਰਨਲ ਹਾਫਟਨ ਨੂੰ ਸੰਕੇਤਕ ਭਾਸ਼ਾ ’ਚ (ਹਿਲੋਗ੍ਰਾਫ ਰਾਹੀਂ) ਲਗਾਤਾਰ ਦੱਸ ਰਹੇ ਸਨ ਕਿ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀਆਂ ਗੋਲੀਆਂ ਖ਼ਤਮ ਹੋ ਰਹੀਆਂ ਹਨ।

ਕਰਨਲ ਨੇ ਜਵਾਬ ਦਿੱਤਾ, ‘ਅੰਨ੍ਹੇਵਾਹ ਗੋਲੀਆਂ ਨਾ ਚਲਾਈਆਂ ਜਾਣ। ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ, ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ’।

ਕੈਪਟਨ ਅਮਰਿੰਦਰ ਸਿੰਘ ਆਪਣੀ ਕਿਤਾਬ (Saragarhi And The Defence Of The Samana Forts) ’ਚ ਲਿਖਦੇ ਹਨ, ‘ਲੋਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ ’ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ, ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਭੀ ਪਠਾਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜੇਕਰ ਉਹ ਹੋਰ ਨੇੜੇ ਗਏ ਤਾਂ ਪਠਾਣਾਂ ਦੀਆਂ ਲੰਬੀਆਂ ਨਾਲਾਂ ਵਾਲੀਆਂ ‘ਜਿਜ਼ੇਲ’ ਅਤੇ ਚੋਰੀ ਕੀਤੀਆਂ ਲੀ ਮੈਟਫੋਰਡ ਰਾਇਫਲਾਂ, ਉਨ੍ਹਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ। ਉਹ ਵਾਪਸ ਆਪਣੇ ਕਿਲ੍ਹੇ ਵਿੱਚ ਪਰਤ ਆਏ’।

ਪਠਾਣਾਂ ਨੇ ਕਿਲ੍ਹੇ ਦੀ ਕੰਧ ’ਚ ਮੋਰੀ ਕਰਕੇ ਦੋ ਪਠਾਣ; ਮੁੱਖ ਕਿਲ੍ਹੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੇਠਾਂ ਪਹੁੰਚਣ ’ਚ ਸਫ਼ਲ ਹੋ ਗਏ। ਆਪਣੀਆਂ ਤੇਜ਼ ਛੁਰੀਆਂ ਨਾਲ ਉਨ੍ਹਾਂ ਨੇ ਕੰਧ ਦੀ ਨੀਂਹ ਅਤੇ ਹੇਠਾਂ ਦੇ ਪੱਥਰਾਂ ਦੇ ਪਲਾਸਟਰ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਾਲੇ ਬਾਬਾ ਈਸ਼ਰ ਸਿੰਘ ਆਪਣੇ ਚਾਰ ਸਿੱਖਾਂ ਨੂੰ ਕਿਲ੍ਹੇ ਦੇ ਮੁੱਖ ਹਾਲ ’ਚ ਲੈ ਆਏ ਕਿਉਂਕਿ ਪਠਾਣ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ ’ਚ 7 ਫੁੱਟ ਵੱਡੀ ਮੋਰੀ ਕਰਨ ’ਚ ਸਫ਼ਲ ਹੋ ਚੁੱਕੇ ਸਨ। ਆਪ ਉਪਰੋਂ ਫਾਇਰਿੰਗ ਭੀ ਕਰਦੇ ਰਹੇ।

ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਪਠਾਣਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ ’ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ। ਉਹ ਕਿਲ੍ਹੇ ਦੇ ਇੱਕ ਅਜਿਹੇ ਕੋਣ ’ਤੇ ਪਹੁੰਚ ਗਏ ਜਿੱਥੇ ਕਿਲ੍ਹੇ ਉਪਰੋਂ ਉਨ੍ਹਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ। ਗੁਲਿਸਤਾਨ ਚੌਂਕੀ ਦੇ ਕਮਾਂਡਰ ਮੇਜਰ ‘ਦੇ ਵੋਏ’; ਆਪਣੇ ਟਿਕਾਣੇ ਤੋਂ ਇਹ ਸਭ ਹੁੰਦਿਆਂ ਦੇਖ ਰਹੇ ਸਨ। ਸਾਰਾਗੜ੍ਹੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ, ਪਰ ਸਿਗਨਲ ਮੈਨ ਗੁਰਮੁਖ ਸਿੰਘ ਲੋਕਹਾਰਟ ਕਿਲ੍ਹੇ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਣ ’ਚ ਮਸ਼ਰੂਫ ਸਨ, ਇਸ ਲਈ ਇਨ੍ਹਾਂ ਸਿਗਨਲਾਂ ਵੱਲ ਉਨ੍ਹਾਂ ਦਾ ਧਿਆਨ ਨਾ ਗਿਆ’।

ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਮੁੱਖ ਬਲਾਕ ’ਚ ਤਾਇਨਾਤ ਤਿੰਨ ਜਵਾਨ (ਸਾਹਿਬ ਸਿੰਘ, ਜੀਵਨ ਸਿੰਘ ਅਤੇ ਦਯਾ ਸਿੰਘ) ਭੀ ਮਾਰੇ ਗਏ। ਜਦੋਂ ਚੰਦਾ ਸਿੰਘ ਇਕੱਲੇ ਰਹਿ ਗਏ ਤਾਂ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀ ਆਪਣੀ ਰੱਖਿਆ (ਪੋਜੀਸ਼ਨ) ਨੂੰ ਛੱਡ ਕੇ ਉਨ੍ਹਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ।

ਹਵਲਦਾਰ ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ ’ਚ ਸੰਗੀਨ ਲਗਾ ਲੈਣ। ਜੋ ਵੀ ਪਠਾਣ ਉਸ ਮੋਰੀ ਵਿਚੋਂ ਅੰਦਰ ਆਇਆ, ਉਸ ’ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਜਾਏ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਜਾਏ, ਪਰ ਬਾਹਰ ਕੌਨਿਆਂ ’ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਕਿਲ੍ਹੇ ਉੱਪਰ ਚੜ੍ਹ ਗਏ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, ‘ਉਸ ਇਲਾਕੇ ’ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਫਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ ’ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕੀਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ। ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਫਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ’।

ਇਸ ਸਮੇਂ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ। ਉਨ੍ਹਾਂ ਨੇ ਕਰਨਲ ਹਾਫਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।

ਸ. ਗੁਰਮੁਖ ਸਿੰਘ ਨੇ ਆਪਣੇ ਹਿਲੋਗ੍ਰਾਫ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ’ਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ। ਉਦੋਂ ਤੱਕ ਕਮਾਂਡਰ ਈਸ਼ਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਵਾਨ ਮਾਰੇ ਗਏ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿੱਲਰੀਆਂ ਪਈਆਂ ਸਨ। ਉਨ੍ਹਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ੍ਹ ਚੁੱਕਿਆ ਮੁੱਖ ਗੇਟ ਪਠਾਣਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਆਖ਼ਿਰ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਸਿੰਘ ਬਚੇ ਹੋਏ ਸਨ। ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ, ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਣਾਂ ਉੱਤੇ ਗੋਲੀਆਂ ਚਲਾ ਰਹੇ ਸਨ।

ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ। ਦਾਦ ਦਾ ਕੰਮ ਜਖ਼ਮੀ ਹੋਏ ਫ਼ੌਜੀਆਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ ਸੀ। ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਸਿੱਖਾਂ ਦੀ ਸ਼ਹਾਦਤ ਤੇ ਦਲੇਰੀ ਤੋਂ ਪ੍ਰਭਾਵਤ ਹੋ ਕੇ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਸ ਨੇ ਭੀ 5 ਪਠਾਣਾਂ ਨੂੰ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ ’ਚ ਸੰਗੀਨ ਮਾਰ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, ‘ਆਖ਼ਿਰ ’ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ ਪੋਜੀਸ਼ਨ ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ। ਗੁਰਮੁਖ ਸਿੰਘ ਨੇ ਇਕੱਲੇ ਗੋਲੀ ਚਲਾਉਂਦਿਆਂ ਘੱਟੋ-ਘੱਟ 20 ਪਠਾਣਾਂ ਨੂੰ ਮਾਰਿਆ। ਕਿਲ੍ਹੇ ’ਤੇ ਕਬਜ਼ਾ ਨਾ ਹੁੰਦਾ ਵੇਖ ਆਖ਼ਿਰ ਪਠਾਣਾਂ ਨੇ ਪੂਰੇ ਕਿਲ੍ਹੇ ਨੂੰ ਹੀ ਅੱਗ ਲਗਾ ਦਿੱਤੀ [ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਸਿੱਖ ਫੌਜੀਆਂ ਨੇ ਪਠਾਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸਨ ਕਿ ਐਨੀ ਘੱਟ-ਗਿਣਤੀ ਫੌਜ ਨੇ ਭੀ ਉਨ੍ਹਾਂ ਦੇ ਨੱਕ ’ਚ ਦਮ ਕਰ ਰੱਖਿਆ]। ਇਸ ਜੰਗ ’ਚ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਜਵਾਨਾਂ ਨੇ ਹਥਿਆਰ ਸੁੱਟਣ ਨਾਲੋਂ ਆਪਣੀ ਜਾਨ ਗੁਆਉਣਾ ਸਹੀ ਸਮਝਿਆ’।

ਸਾਰਾਗੜ੍ਹੀ ਦੀ ਇਸ ਜੰਗ ਵਿੱਚ ਬ੍ਰਿਟੇਨ ਸਿਪਾਹੀਆੰ ਨੇ .303 ਲੀ ਮੈਟਫੋਰਡ ਰਾਇਫਲਾਂ ਦਾ ਇਸਤੇਮਾਲ ਕੀਤਾ ਸੀ।  7 ਘੰਟੇ ਤੱਕ ਚੱਲੀ ਇਸ ਗ਼ੈਰ-ਬਰਾਬਰੀ ਦੀ ਜੰਗ ਵਿੱਚ ਸਿੱਖਾਂ ਵੱਲੋਂ 22 ( 21 ਸਿੱਖ ਤੇ 1 ਦਾਦ) ਅਤੇ 180 ਤੋਂ 200 ਪਠਾਣ ਮਾਰੇ ਗਏ। ਕਰੀਬ 600 ਤੋਂ ਵੱਧ ਪਠਾਣ ਜਖ਼ਮੀ ਹੋ ਗਏ ਸਨ।

ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ ਡਿਜ਼ਾਇਨ’ ’ਚ ਇੱਕ ਹੋਰ ਖਾਮੀ ਮਿਲੀ। ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ। ਉਹ ਪਠਾਣਾਂ ਦੀ ‘ਜਿਜ਼ੇਲ’ ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਾ ਝੱਲ ਸਕਿਆ ਅਤੇ ਟੁੱਟ ਗਿਆ। ਤਿੰਨ ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਣਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ। ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਭੀ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ’।

14 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ ’ਚ ਮੌਜੂਦ ਸਨ। ਉਨ੍ਹਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਕਿਲ੍ਹੇ ’ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।

ਜਦੋਂ ਅੰਗਰੇਜ਼ ਸੈਨਿਕ ਅੰਦਰ ਗਏ ਤਾਂ ਉਨ੍ਹਾਂ ਨੂੰ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਬਾਕੀ ਸਿੱਖ ਸੈਨਿਕਾਂ ਅਤੇ ਦਾਦ ਸਿੰਘ ਦੀਆਂ ਲਾਸ਼ਾਂ ਭੀ ਪਈਆਂ ਹੋਈਆਂ ਸਨ।

ਲੈਫਟੀਨੈਂਟ ਕਰਨਲ ਹਾਫਟਨ ਪਹਿਲੇ ਸ਼ਖ਼ਸ ਸੀ, ਜਿਸ ਨੇ ਇਨ੍ਹਾਂ ਫੌਜੀਆਂ ਨੂੰ ਬਹਾਦਰੀ ਨਾਲ਼ ਸੰਘਰਸ਼ ਕਰਦਿਆਂ ਵੇਖਿਆ, ਪਛਾਣਿਆ। ਉਨ੍ਹਾਂ ਨੇ ਆਪਣੇ ਇਨ੍ਹਾਂ ਸਾਥੀਆਂ ਨੂੰ ਸਲੂਟ ਕੀਤਾ।

ਸਿੱਖ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ’ਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ। ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਾਰੇ 21 ਸੈਨਿਕਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ’ ਦੇਣ ਦਾ ਐਲਾਨ ਕੀਤਾ। ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ, ਜੋ ਉਦੋਂ ਦੇ ਵਿਕਟੋਰੀਆ ਕਰਾਸ ਅਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ। ਉਦੋਂ ਤੱਕ ਵਿਕਟੋਰੀਆ ਕਰਾਸ; ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲਦਾ ਸੀ ਅਤੇ ਉਹ ਵੀ ਸਿਰਫ਼ ਜ਼ਿੰਦਾ ਸੈਨਿਕਾਂ ਨੂੰ। ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਸੈਨਿਕਾਂ ਨੂੰ ‘ਸਟੈਂਡਿੰਗ ਓਵੇਸ਼ਨ’ ਦਿੱਤਾ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ।

‘ਲੰਡਨ ਗਜ਼ਟ’ ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ 863 ’ਤੇ ਸੰਸਦ ਦੀ ਟਿੱਪਣੀ ਛਪੀ, ‘ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਸੈਨਿਕਾਂ ’ਤੇ ਮਾਣ ਹੈ। ਇਹ ਕਹਿਣ ’ਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ ’ਚ ਸਿੱਖ ਸਿਪਾਹੀ ਲੜ ਰਹੇ ਹੋਣ, ਉਨ੍ਹਾਂ ਨੂੰ ਨਹੀਂ ਹਰਾਇਆ ਜਾ ਸਕਦਾ’। ਇਹ 36 ਸਿੱਖ ਰੈਜੀਮੈਂਟ ਹੀ ਹੁਣ ਅਜ਼ਾਦ ਭਾਰਤ ’ਚ ‘ਸਿੱਖ ਰੈਜੀਮੈਂਟ’ ਦੀ ਚੌਥੀ ਬਟਾਲੀਅਨ ਹੈ।

ਸੰਨ 1911 ਵਿੱਚ ਜਾ ਕੇ ਅੰਗਰੇਜ਼ ਜਾਰਜ ਫਿਫਥ ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤੀ ਸੈਨਿਕ ਵੀ ਵਿਕਟੋਰੀਆ ਕਰਾਸ ਜਿੱਤਣ ਦੇ ਹੱਕਦਾਰ ਹੋਣਗੇ। ਇਨ੍ਹਾਂ ਸੈਨਿਕਾਂ ਦੇ ਪਰਵਾਰ ਵਾਲਿਆਂ ਨੂੰ 500-500 ਰੁਪਏ ਅਤੇ ਦੋ ਮੁਰੱਬਾ ਜ਼ਮੀਨ, ਜੋ ਅੱਜ ਕੱਲ੍ਹ 50 ਏਕੜ ਦੇ ਬਰਾਬਰ ਹੈ, ਸਰਕਾਰ ਵੱਲੋਂ ਦਿੱਤੀ ਗਈ। ਇੱਕ ਅਸੈਨਿਕ ਦਾਦ ਨੂੰ ਕੁਝ ਨਾ ਦਿੱਤਾ ਕਿਉਂਕਿ ਉਹ ਐੱਨ.ਸੀ.ਈ. (Non combatant enlisted/ਗ਼ੈਰ ਲੜਾਕੂ ਭਰਤੀ) ਸੀ, ਜਿਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ। ਬ੍ਰਿਟਿਸ਼ ਸਰਕਾਰ ਦੀ ਇਹ ਬਹੁਤ ਵੱਡੀ ਨਾ-ਇਨਸਾਫ਼ੀ ਸੀ ਭਾਵੇਂ ਕਿ ਦਾਦ ਨੇ ਭੀ ਰਾਇਫਲ ਤੇ ਸੰਗੀਨ ਨਾਲ ਘੱਟੋ-ਘੱਟ 5 ਪਠਾਣਾਂ ਨੂੰ ਮਾਰਿਆ ਸੀ।

ਇਸ ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਨੇ ਕਿਹਾ, ‘21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ ’ਚ ਹਮੇਸ਼ਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ’।

ਇਨ੍ਹਾਂ ਸ਼ਹੀਦਾਂ ਦੀ ਬਣਾਈ ਗਈ ਯਾਦਗਾਰ ’ਤੇ ਹੇਠ ਲਿਖੇ ਸ਼ਬਦ ਅੰਕਿਤ ਹਨ :

ਭਾਰਤ ਸਰਕਾਰ ਨਾਨ-ਕਮਿਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ, ਜੋ ਬੰਗਾਲ ਇਨਫੈਂਟਰੀ ਦੀ 36 ਸਿੱਖ ਰੈਜਮੈਂਟ ਵਿੱਚ ਭਰਤੀ ਸਨ, ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਹਨ, ਜੋ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਇਫਾਜਤ ਕਰਦੇ ਹੋਏ ਸ਼ਹੀਦ ਹੋ ਗਏ। ਵੁਲਵਹੈਂਪਟਨ (ਯੂ.ਕੇ.) ਵਿਖੇ 6 ਫੁੱਟ ਉੱਚੇ ਥੜ੍ਹੇ ’ਤੇ ਹੌਲਦਾਰ ਈਸ਼ਰ ਸਿੰਘ ਦਾ 10 ਫੁੱਟ ਉੱਚਾ ਬੁੱਤ ਬਣਾਇਆ ਹੋਇਆ ਹੈ, ਜਿਸ ਨੂੰ ਵੇਖਣ ਤੇ ਉਨ੍ਹਾਂ ਨਾਲ਼ ਸੈਲਫੀ ਲੈਣ ਹਜ਼ਾਰਾਂ ਸੈਲਾਨੀ ਆਉਂਦੇ ਹਨ।

ਇਸ ਬਹਾਦਰੀ ਦੀ ਦਾਸਤਾਨ; ਫਰਾਂਸ ਦੇ ਸਕੂਲਾਂ ਦੇ ਸਿਲੇਬਸ ’ਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿੱਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਇਨ੍ਹਾਂ ਸ਼ਹੀਦਾਂ ਦੇ ਨਾਂ ਉੱਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿੱਥੇ ਹਰ ਸਾਲ 12 ਸਤੰਬਰ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ, ਪਰ ਅਫਸੋਸ ਕਿ ਭਾਰਤ ਦੀਆ ਸਰਕਾਰਾਂ ਨੇ ਇਸ ਇਤਿਹਾਸ ਨੂੰ ਅਣਗੌਲਿਆ ਹੀ ਕਰ ਰੱਖਿਆ ਹੈ। ਕਿਸੀ ਭੀ ਸਕੂਲ ’ਚ ਇਹ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ ਤਾਹੀਓਂ ਨਵੀਂ ਪੀੜ੍ਹੀ ਇਸ ਮਾਣਮੱਤੇ ਇਤਿਹਾਸ ਨੂੰ ਭੁਲਾ ਚੁੱਕੀ ਹੈ। ਇਨ੍ਹਾਂ ਸ਼ਹੀਦਾਂ ਦੇ ਨਾਂ ਹਨ :

  1. ਕਮਾਂਡਰ ਹਵਲਦਾਰ ਸ. ਈਸ਼ਰ ਸਿੰਘ (ਸੰਨ 1858-1897/ਉਮਰ 39 ਸਾਲ) ਸਪੁੱਤਰ ਸ. ਦੌਲਾ ਸਿੰਘ ਗਿੱਲ, ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ (ਭਾਰਤੀ ਰੈਂਕ ਨੰਬਰ 165)
  2. ਨਾਇਕ ਸ. ਲਾਲ ਸਿੰਘ (ਸੰਨ 1857-1897/ਉਮਰ 40 ਸਾਲ) ਸਪੁੱਤਰ ਸ. ਹਰੀ ਸਿੰਘ (ਭਾਰਤੀ ਰੈਂਕ ਨੰਬਰ 332)
  3. ਲਾਂਸ ਨਾਇਕ ਸ. ਚੰਦਾ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਰਤਨ ਸਿੰਘ (ਭਾਰਤੀ ਰੈਂਕ ਨੰਬਰ 546)
  4. ਸਿਪਾਹੀ ਸ. ਸਾਹਿਬ ਸਿੰਘ (ਸੰਨ 1860-1897/ਉਮਰ 37 ਸਾਲ, ਭਾਰਤੀ ਰੈਂਕ ਨੰਬਰ 182)
  5. ਸਿਪਾਹੀ ਸ. ਹੀਰਾ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਬਾਰਾ ਸਿੰਘ (ਭਾਰਤੀ ਰੈਂਕ ਨੰਬਰ 359)
  6. ਸਿਪਾਹੀ ਸ. ਦਿਆ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਸੰਗਤ ਸਿੰਘ (ਭਾਰਤੀ ਰੈਂਕ ਨੰਬਰ 687)
  7. ਸਿਪਾਹੀ ਸ. ਜੀਵਨ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਹੀਰਾ ਸਿੰਘ (ਭਾਰਤੀ ਰੈਂਕ ਨੰਬਰ 760)
  8. ਸਿਪਾਹੀ ਸ. ਉੱਤਮ ਸਿੰਘ (ਸੰਨ 1868-1897/ਉਮਰ 29 ਸਾਲ) ਸਪੁੱਤਰ ਸ. ਲਹਿਣਾ ਸਿੰਘ (ਭਾਰਤੀ ਰੈਂਕ ਨੰਬਰ 492)
  9. ਸਿਪਾਹੀ ਸ. ਸੁੰਦਰ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਸੁੱਧ ਸਿੰਘ (ਭਾਰਤੀ ਰੈਂਕ ਨੰਬਰ 1321)
  10. ਸਿਪਾਹੀ ਸ. ਜੀਵਨ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ. ਕਿਰਪਾ ਸਿੰਘ (ਭਾਰਤੀ ਰੈਂਕ ਨੰਬਰ 1651)
  11. ਸਿਪਾਹੀ ਸ. ਭੋਲਾ ਸਿੰਘ (ਸੰਨ 1865-1897/ਉਮਰ 32 ਸਾਲ, ਭਾਰਤੀ ਰੈਂਕ ਨੰਬਰ 791)
  12. ਸਿਗਨਲ ਮੈਨ ਸ. ਗੁਰਮੁਖ ਸਿੰਘ (ਸੰਨ 1874-1897/ਉਮਰ 23 ਸਾਲ) ਸਪੁੱਤਰ ਸ. ਗਰਜਾ ਸਿੰਘ (ਭਾਰਤੀ ਰੈਂਕ ਨੰਬਰ 1733)
  13. ਸਿਪਾਹੀ ਸ. ਰਾਮ ਸਿੰਘ (ਸੰਨ 1862-1897/ਉਮਰ 35 ਸਾਲ) ਸਪੁੱਤਰ ਸ. ਸੋਹਣ ਸਿੰਘ (ਭਾਰਤੀ ਰੈਂਕ ਨੰਬਰ 163)
  14. ਸਿਪਾਹੀ ਸ. ਰਾਮ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਭਗਵਾਨ ਸਿੰਘ (ਭਾਰਤੀ ਰੈਂਕ ਨੰਬਰ 287)
  15. ਸਿਪਾਹੀ ਸ. ਭਗਵਾਨ ਸਿੰਘ (ਸੰਨ 1872-1897/ਉਮਰ 25 ਸਾਲ) ਸਪੁੱਤਰ ਸ. ਹੀਰਾ ਸਿੰਘ (ਭਾਰਤੀ ਰੈਂਕ ਨੰਬਰ 1257)
  16. ਸਿਪਾਹੀ ਸ. ਨਰਾਇਣ ਸਿੰਘ ਧਾਲੀਵਾਲ, ਪਿੰਡ ਠੁੱਲੀਵਾਲ, ਜ਼ਿਲ੍ਹਾ ਬਰਨਾਲਾ (ਭਾਰਤੀ ਰੈਂਕ ਨੰਬਰ 834)
  17. ਸਿਪਾਹੀ ਸ. ਭਗਵਾਨ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ. ਬੀਰ ਸਿੰਘ (ਭਾਰਤੀ ਰੈਂਕ ਨੰਬਰ 1265)
  18. ਸਿਪਾਹੀ ਸ. ਗੁਰਮੁਖ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਰਣ ਸਿੰਘ (ਭਾਰਤੀ ਰੈਂਕ ਨੰਬਰ 814)
  19. ਸਿਪਾਹੀ ਸ. ਬੂਟਾ ਸਿੰਘ (ਸੰਨ 1868-1897/ਉਮਰ 29 ਸਾਲ) ਸਪੁੱਤਰ ਸ. ਚੜ੍ਹਤ ਸਿੰਘ (ਭਾਰਤੀ ਰੈਂਕ ਨੰਬਰ 1556)
  20. ਸਿਪਾਹੀ ਸ. ਜੀਵਨ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਨੁਪਾ ਸਿੰਘ (ਭਾਰਤੀ ਰੈਂਕ ਨੰਬਰ 871)
  21. ਸਿਪਾਹੀ ਸ. ਨੰਦ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ੍ਰੀ ਦੇਵੀ ਦੱਤਾ (ਭਾਰਤੀ ਰੈਂਕ ਨੰਬਰ 1221)
  22. ਐੱਨ. ਸੀ. ਈ. (ਕੈਂਪਰ/ਸਫ਼ਾਈ ਸੇਵਕ) ਦਾਦ/ਖੁਦਾ ਦਾਦ (ਸੰਨ 1857-1897/ਉਮਰ 40 ਸਾਲ) ਨੌਸ਼ਿਹਰਾ (ਐੱਨ. ਡਬਲਯੂ. ਐੱਫ਼. ਪੀ.), ਪਾਕਿਸਤਾਨ।

ਏਕਾ ਮਾਈ, ਜੁਗਤਿ ਵਿਆਈ

0

ਏਕਾ ਮਾਈ, ਜੁਗਤਿ ਵਿਆਈ

ਗਿਆਨੀ ਜਗਤਾਰ ਸਿੰਘ ਜਾਚਕ

ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਪਹਿਲੇ ਕੁਝ ਪਦਿਆਂ ’ਚ ਅਨਮਤੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅੰਤ ’ਚ ਗੁਰਮਤਿ ਵਿਚਾਰਧਾਰਾ ਦਾ ਨਿਰਣੈ ਜਨਕ ਵਰਣਨ ਕੀਤਾ ਹੈ; ਜਿਵੇਂ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਆਸਾ ਦੀ ਵਾਰ ਵਿਖੇ 6ਵੀਂ ਪਉੜੀ ਨਾਲ ਲਗਦੇ 14 ਤੁਕਾਂ ਵਾਲੇ ਪਹਿਲੇ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਹਨ, ‘‘ਮੁਸਲਮਾਨਾ ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ਬੰਦੇ ਸੇ ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ’’ (ਮਹਲਾ /੪੬੬) ਇਨ੍ਹਾਂ ’ਚ ਇਸਲਾਮ ਦੀ ਵਿਚਾਰਧਾਰਾ ਦਾ ਵੇਰਵਾ ਹੈ। ਦੱਸਿਆ ਹੈ ਕਿ ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ ਸਭ ਤੋਂ ਵਧੀਕ ਚੰਗੀ ਲੱਗਦੀ ਹੈ। ਇਸ ਲਈ ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ ਇਹ ਵਿਚਾਰ ਦੱਸਦੇ ਹਨ ਕਿ ਰੱਬ ਦਾ ਦੀਦਾਰ ਦੇਖਣ ਲਈ, ਜੋ ਮਨੁੱਖ ਸ਼ਰਹ ਦੀ ਬੰਦਸ਼ ’ਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।

ਇਨ੍ਹਾਂ ਤੋਂ ਅਗਲੀਆਂ ਦੋ ਤੁਕਾਂ ਹਨ, ‘‘ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ਤੀਰਥਿ ਨਾਵਹਿ ਅਰਚਾ ਪੂਜਾ; ਅਗਰ ਵਾਸੁ ਬਹਕਾਰੁ ’’ (ਮਹਲਾ /੪੬੬) ਜਿਨ੍ਹਾਂ ’ਚ ਮੂਰਤੀ-ਪੂਜਕ ਹਿੰਦੂਆਂ ਦੇ ਮਤ ਨੂੰ ਪੇਸ਼ ਕੀਤਾ ਹੈ। ਦੱਸਿਆ ਹੈ ਕਿ ਹਿੰਦੂ; ਸ਼ਾਸਤਰ ਰਾਹੀਂ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ’ਤੇ ਨ੍ਹਾਉਂਦੇ ਹਨ, ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਇਸ ਸਲੋਕ ਦੀ ਅਗਾਂਹ 5ਵੀਂ ਤੇ 6ਵੀਂ ਤੁਕ ਹੈ, ‘‘ਜੋਗੀ ਸੁੰਨਿ ਧਿਆਵਨਿ੍ ਜੇਤੇ; ਅਲਖ ਨਾਮੁ ਕਰਤਾਰੁ ਸੂਖਮ ਮੂਰਤਿ ਨਾਮੁ ਨਿਰੰਜਨ; ਕਾਇਆ ਕਾ ਆਕਾਰੁ ’’ (ਮਹਲਾ /੪੬੬) ਇਸ ਵਿੱਚ ਨਾਥ-ਜੋਗੀਆਂ ਦੇ ਮਤ ਦਾ ਵਰਣਨ ਹੈ। ਦੱਸਿਆ ਹੈ ਕਿ ਜੋਗੀ ਲੋਕ ਸੁੰਨਿ-ਸਮਾਧੀ (ਫੁਰਨੇ ਰਹਿਤ) ਲਾ ਕੇ ਆਪਣੇ ਮਿੱਥੇ ਕਰਤਾਰ (ਸ਼ਿਵ ਜੀ) ਨੂੰ ਧਿਆਉਂਦੇ ਹਨ ਤੇ ‘ਅਲਖ, ਅਲਖ’; ਉਸ ਦਾ ਨਾਮ ਉਚਾਰਦੇ ਹਨ। (ਉਨ੍ਹਾਂ ਅਨੁਸਾਰ ਜਿਸ ਦਾ ਸਮਾਧੀ ’ਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ। ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਅਤੇ ਇਹ ਸਾਰਾ ਜਗਤ ਰੂਪ ਆਕਾਰ; ਉਸੇ ਦੀ ਹੀ ਕਾਇਆਂ (ਸਰੀਰ) ਦਾ ਵਿਸਥਾਰ ਹੈ।

ਇਸ ਤਰ੍ਹਾਂ ਸਲੋਕ ਦੀਆਂ ਅਗਲੀਆਂ ਦੋ ਤੁਕਾਂ ’ਚ ਵੈਦਿਕ ਦਰਸ਼ਨ ਦੇ ਜੁਗਾਂ ਦੀ ਵੰਡ ਮੁਤਾਬਕ ਸਤਜੁਗ ਦੇ ਮੰਨੇ ਧਰਮ ਦਾਨ-ਪੰੁਨ ਦੇ ਪ੍ਰਭਾਵ ਹੇਠ ਜਿਹੜੇ ਲੋਕ ਦਾਨੀ ਬਣੇ ਹੁੰਦੇ ਹਨ, ਉਨ੍ਹਾਂ ਦੀ ਚਰਚਾ ਕਰਨ ਉਪਰੰਤ, ਤੁਕ ਨੰਬਰ 9 ਤੇ 10 ਵਿੱਚ ਉਸ ਦੇ ਬਿਲਕੁਲ ਉਲ਼ਟ ਵਰਤਾਰੇ ਵਾਲੇ ਵਿਕਾਰੀਆਂ ਦੀ ਹਾਲਤ ਬਿਆਨ ਕੀਤੀ ਹੈ। ਅਗਾਂਹ 11ਵੀਂ ਤੇ 12ਵੀਂ ਤੁੱਕ ਵਿੱਚ ਜਲ ਥਲ ਆਦਿਕ ਸਥਾਨਾਂ ’ਤੇ ਵੱਸਦੇ ਅਨੇਕਾਂ ਜੀਅ-ਜੰਤਾਂ ਦਾ ਵਰਣਨ ਹੈ। ਸ਼ਬਦ ਦੀਆਂ ਅੰਤਲੀਆਂ 13 ਤੇ 14 ਨੰਬਰ ਤੁਕਾਂ ’ਚ ਗੁਰਦੇਵ ਜੀ ਨੇ ਗੁਰਮਤਿ ਦੇ ਉਸ ਸਿਧਾਂਤਿਕ ਪੱਖ ਨੂੰ ਉਜਾਗਰ ਕੀਤਾ ਹੈ, ਜੋ ਕਿ ਸਬੰਧਿਤ ਪਉੜੀ ਦੇ ਵਾਕ ‘‘ਉਤਮੁ ਏਹੁ ਬੀਚਾਰੁ ਹੈ; ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ ’’ (ਮਹਲਾ /੪੬੬) ਨਾਲ ਮੇਲ ਖਾਂਦਾ ਹੈ। ਇਸੇ ਲਈ ਮੰਨਿਆ ਜਾਂਦਾ ਹੈ ਕਿ ਵਾਰਾਂ ਦੀਆਂ ਪਉੜੀਆਂ ਨਾਲ ਭਾਵਾਰਥ ਪੱਖੋਂ ਮੇਲ ਖਾਂਦੇ ਸਲੋਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਰੂਪ ‘ਪੋਥੀ ਸਾਹਿਬ’ ਦੀ ਸੰਪਾਦਨਾ ਸਮੇਂ ਅੰਕਿਤ ਕੀਤੇ ਹਨ। ਇਹ ਤੱਥ ਉਦੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ, ਜਦੋਂ ਰਾਗ-ਬੱਧ ਬਾਣੀ ਤੋਂ ਪਿੱਛੋਂ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਪੜ੍ਹਦੇ ਹਾਂ।

ਆਸਾ ਦੀ ਵਾਰ ਦੇ ਉਦਾਹਰਨ ਰੂਪ ਉਪਰੋਕਤ ਸਲੋਕ ਦੀਆਂ ਉਹ ਪਾਵਨ ਤੁਕਾਂ ਹਨ, ‘‘ਨਾਨਕ  ! ਭਗਤਾ ਭੁਖ ਸਾਲਾਹਣੁ; ਸਚੁ ਨਾਮੁ ਆਧਾਰੁ ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣਵੰਤਿਆ ਪਾ ਛਾਰੁ ’’ (ਮਹਲਾ /੪੬੬), ਇਨ੍ਹਾਂ ਰਾਹੀਂ ਸਮਝਾਇਆ ਹੈ ਕਿ ਗੁਰਮਤਿ ਮਾਰਗ ਦੇ ਪਾਂਧੀ ਭਗਤ-ਜਨ; ਨਾ ਤਾਂ ਮੁਸਲਮਾਨਾਂ ਵਾਂਗ ਸ਼ਰਈ ਕੱਟੜਤਾ ’ਚ ਬੱਝਦੇ ਹਨ, ਨਾ ਹਿੰਦੂਆਂ ਵਾਂਗ ਭਗਵਾਨ ਦੀਆਂ ਅਨੇਕਾਂ ਵੱਖ-ਵੱਖ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾ ਹੀ ਜੋਗੀਆਂ ਵਾਂਗ ਸਮਾਧੀਆਂ ਲਗਾਉਂਦੇ ਹਨ ਤੇ ਨਾ ਹੀ ਦਾਨੀਆਂ ਵਾਂਗ ਦਾਤੇ ਬਣ ਬੈਠਦੇ ਹਨ। ਉਨ੍ਹਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਹੀ ਤਾਂਘ ਲੱਗੀ ਰਹਿੰਦੀ ਹੈ। ਹਰੀ-ਪ੍ਰਭੂ ਦੇ ਸਦਾ ਅਟੱਲ ਰਹਿਣ ਵਾਲਾ ਨਾਮ ਨੂੰ ਹੀ ਆਪਣਾ ਵੱਡਾ ਆਸਰਾ ਸਮਝਦੇ ਹਨ। ਉਹ ਸਦਾ ਦਿਨ ਰਾਤ ਅਨੰਦ ’ਚ ਰਹਿੰਦੇ ਹਨ, ਫਿਰ ਭੀ ਆਪਣੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ।

ਇਸੇ ਤਰ੍ਹਾਂ ਜਪੁ ਜੀ ਦੇ ਵਿਚਾਰਧੀਨ 30ਵੇਂ ਬੰਦ ’ਚ ਕੁੱਲ 6 ਤੁਕਾਂ ਹਨ, ਜਿਨ੍ਹਾਂ ’ਚੋਂ ਪਹਿਲੀਆਂ ਦੋ ਵੈਦਿਕ ਦਰਸ਼ਨ ਦੇ ਉਸ ਪ੍ਰਚਲਿਤ ਖ਼ਿਆਲ ਨੂੰ ਪ੍ਰਗਟਾਉਂਦੀਆਂ ਹਨ, ਜਿਸ ਅਧੀਨ ਸਿੱਧ-ਜੋਗੀਆਂ ਸਮੇਤ ਵੇਦਾਂਤੀ ਤੇ ਪੌਰਾਣਿਕ-ਮਤੀ ਲੋਕ ਵਿਸਵਾਸ਼ ਰੱਖਦੇ ਹਨ ਕਿ ਇਕੱਲੀ ਮਾਇਆ (ਜੋ ਪੁਰਸ਼-ਪਤੀ ਤੋਂ ਬਗ਼ੈਰ) ਕਿਸੇ ਜੁਗਤੀ ਨਾਲ ਪ੍ਰਸੂਤ (ਵਿਆਈ) ਹੋਈ ਅਰਥਾਤ ਸੂਈ ਅਤੇ ਪ੍ਰਤੱਖ ਤੌਰ ’ਤੇ ਉਸ ਨੇ ਤਿੰਨ ਪੁੱਤਰ ਜੰਮੇ। ਜਿਨ੍ਹਾਂ ਵਿੱਚੋਂ ਇਕ ਘਰਬਾਰੀ (ਸੰਸਾਰੀ) ਬਣ ਗਿਆ ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ, ਜਿਸ ਨੂੰ ‘ਬ੍ਰਹਮਾ’ ਨਾਂ ਦਿੱਤਾ ਗਿਆ। ਦੂਜਾ, ਭੰਡਾਰੇ ਦਾ ਮਾਲਕ (ਭੰਡਾਰੀ) ਬਣ ਗਿਆ ਭਾਵ ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ, ਜਿਸ ਨੂੰ ‘ਵਿਸ਼ਨੂੰ’ ਦੇ ਨਾਂ ਤੋਂ ਜਾਣਿਆ ਜਾਣ ਲੱਗਾ ਅਤੇ ਤੀਜਾ, ਜੀਵਾਂ ਦੀ ਮੌਤ ਦਾ ਹੁਕਮ ਚਾੜ੍ਹਣ ਲਈ ਕਚਹਿਰੀ (ਦੀਬਾਣੁ) ਲਾਉਣ ਲੱਗ ਪਿਆ ਭਾਵ ਉਸ ਨੇ ਜੀਅ-ਜੰਤਾਂ ਦੇ ਅੰਤਮ ਫ਼ੈਸਲੇ ਵਜੋਂ ਮਾਰਨ ਦੀ ਜ਼ਿੰਮੇਵਾਰੀ ਚੁੱਕ ਲਈ, ਜਿਸ ਨੂੰ ‘ਸ਼ਿਵ’ ਆਖਿਆ ਗਿਆ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਾਂ ਉਪਰੋਕਤ ਵਾਰਤਾ ਨੂੰ ਭਾਵੇਂ ਅਤਿ ਸੰਖੇਪ ਕਾਵਿ-ਰੂਪ ਦਿੰਦਿਆਂ ਹੇਠ ਲਿਖੀਆਂ ਦੋ ਤੁਕਾਂ ਵਿੱਚ ਹੀ ਵਰਣਨ ਕੀਤਾ ਹੈ ਪ੍ਰੰਤੂ ਇਹ ਮਾਇਆ ਰੂਪ ਔਰਤ ਕਿਸ ਜੁਗਤ ਨਾਲ ਪ੍ਰਸੂਤ ਹੋਈ, ਕਿਵੇਂ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਤੇ ਕਿਵੇਂ ਇਹ ਮਾਈ; ਪਾਰਬਤੀ ਦੇ ਰੂਪ ’ਚ ਸ਼ਿਵ ਜੀ ਦੀ ਪਤਨੀ ਬਣੀ; ਅਜਿਹਾ ਵਿਸਥਾਰ ਪੂਰਵਕ ਵੇਰਵਾ ਪੜ੍ਹਨਾ ਹੋਵੇ ਜਾਂ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਪੁਰਾਣ (ਬ੍ਰਹਮਵੈਰਤ ਪੁਰਾਣ, ‘ਵਿਸ਼ਨੂੰ ਪੁਰਾਣ’, ‘ਸ਼ਿਵ ਪੁਰਾਣ’ ਤੇ ‘ਭਾਗਵਤ ਪੁਰਾਣ’) ਪੜ੍ਹੇ ਜਾ ਸਕਦੇ ਹਨ। ਵੈਸੇ ਗੁਰਮੁਖੀ ਸਾਧਨਾ ਪੱਖੋਂ ਗੁਰਸਿੱਖਾਂ ਨੂੰ ਇਨ੍ਹਾਂ ਪੁਰਾਣਾਂ ਦੇ ਪਾਠ ਦੀ ਲੋੜ ਨਹੀਂ, ਕਿਉਂਕਿ ਰਾਮਕਲੀ ਸੱਦ ਵਿਚਲੇ ‘‘ਹਰਿ ਹਰਿ ਕਥਾ ਪੜਹਿ; ਪੁਰਾਣੁ ਜੀਉ ’’ (ਭਗਤ ਸੁੰਦਰ/੯੨੩) ਵਾਕ ਮੁਤਾਬਕ ਗੁਰਮਤਿ ਦ੍ਰਿਸ਼ਟੀਕੋਨ ਸਪਸ਼ਟ ਹੈ ਕਿ ਹਰੀ ਅਕਾਲ-ਪੁਰਖ ਦੀ ਸਿਫ਼ਤ-ਸਲਾਹ ਕਰਨੀ ਹੀ ਮੇਰੇ ਲਈ ਬਿਪਰਵਾਦੀ ‘ਪੁਰਾਣੁ’ ਹੈ। ਜਪੁ ਜੀ ਦੇ ਵਿਚਾਰਧੀਨ 30ਵੇਂ ਬੰਦ ਦੀਆਂ ਉਹ ਪਾਵਨ ਤੁਕਾਂ ਹਨ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’

‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਮੁਤਾਬਕ ਇਸ ਤੁਕ ਦੇ ਅਰਥ ਹਨ, ‘ਇਹ ਮੰਨਿਆ ਜਾਂਦਾ ਹੈ ਕਿ ਇਕ ਮਾਇਆ ਕਿਸੇ ਵਿਉਂਤ ਨਾਲ ਸੂਈ ਅਤੇ ਉਸ ਤੋਂ ਤਿੰਨ ਚੇਲੇ ਜਾਂ ਪੁੱਤਰ ਪੈਦਾ ਹੋਏ, ਇਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ, ਇਕ ਪਾਲਣ ਦੇ ਸਮਿਆਨ ਰੱਖਣ ਵਾਲਾ ਵਿਸ਼ਨੂੰ ਅਤੇ ਇਕ ਮੌਤ ਦੇ ਹੁਕਮ ਚੜ੍ਹਾਣ ਲਈ ਕਚਹਿਰੀ ਲਾਣ ਵਾਲਾ ਸ਼ਿਵ’।

ਸੋ ਉਪਰੋਕਤ ਸਾਰੀ ਵਿਚਾਰ ਦਾ ਸਾਰੰਸ਼ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਕੇਵਲ ਗੁਰਮਤਿ ਹੀ ਨਹੀਂ, ਉਦਾਰਹਨਾਂ ਵਜੋਂ ਅਨਮਤੀ ਸਾਧਨਾ-ਪੱਧਤੀਆਂ ਤੇ ਕਥਾ-ਕਹਾਣੀਆਂ ਦਾ ਵਰਣਨ ਭੀ ਹੈ। ਗੁਰਵਾਕ ‘‘ਰਖਿ ਰਖਿ ਚਰਨ ਧਰੇ ਵੀਚਾਰੀ ’’ (ਮਹਲਾ /੬੮੫) ਰਾਹੀਂ ਬਚਨ ਹਨ ਹੈ ਕਿ ਗੁਰਸਿੱਖ ਆਪਣੇ ਜੀਵਨ ਸਫਰ ’ਚ ਬੜਾ ਸੁਚੇਤ ਰਹਿ ਕੇ ਸਿੱਦਕ ਨਾਲ ਅਗਲਾ ਕਦਮ ਪੁੱਟਦਾ ਹੈ। ਇਸ ਲਈ ਗੁਰਬਾਣੀ ਪੜ੍ਹਦਿਆਂ, ਗਾਉਂਦਿਆਂ ਤੇ ਸੁਣਦਿਆਂ ਭੀ ਸੁਚੇਤਤਾ ਅਤਿਅੰਤ ਲਾਜ਼ਮੀ ਹੈ। ਸਾਰੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਤੇ ਵਿਸ਼ਵ ਵਿਦਿਆਲੇ ਇਸ ਪੱਖੋਂ ਬੜੇ ਸੁਚੇਤ ਹਨ, ਪਰ ਪਰੰਪਰਾਵਾਦੀ ਤੇ ਸੰਪਰਦਾਈ ਪ੍ਰਚਾਰਕ; ਲਕੀਰ ਦੇ ਫ਼ਕੀਰ ਹੋ ਕੇ ਵਿਚਰਦੇ ਹਨ। ਦਾਸਰੇ ਅਨੁਸਾਰ ਇਹੀ ਵੱਡਾ ਪਾੜਾ ਹੈ, ਜਿਹੜਾ ਇਨ੍ਹਾਂ ਨੂੰ ਦੋ ਧੜਿਆਂ ਵਿੱਚ ਵੰਡਦਾ ਹੈ।

ਪੌਰਾਣਿਕ-ਮਤੀ ਪ੍ਰਚਾਰਕਾਂ ਦੁਆਰਾ ਜਪੁ ਜੀ ਦੇ ਇਸ 30ਵੇਂ ਬੰਦ ਨੂੰ ਆਪਣੇ ਹੱਕ ’ਚ ਭਗਤਾਉਣਾ ਤਾਂ ਸਮਝ ਪੈਂਦਾ ਹੈ, ਪਰ ਵਧੇਰੇ ਦੁੱਖ ਉਦੋਂ ਹੁੰਦਾ ਹੈ, ਜਦੋਂ ਗੁਰਸਿੱਖੀ ਪਹਿਰਾਵੇ ’ਚ ਕਈ ਸੰਪਰਦਾਈ ਮਾਈ-ਭਾਈ ਵੀ ਉਸੇ ਢੰਗ ਨਾਲ ਵਿਚਾਰਨ ਲੱਗਦੇ ਹਨ। ਕੁਝ ਬਚਿਤਰ ਨਾਟਕੀ ਪ੍ਰਚਾਰਕ ‘ਏਕਾ ਮਾਈ’ ਨੂੰ ਰੱਬੀ ਸ਼ਕਤੀ ਦੱਸ ਕੇ ‘ਦੁਰਗਾ’ (ਮਹਾਂ ਮਾਈ, ਮਹਾਂਕਾਲੀ, ਜਗ-ਮਾਤਾ, ਭਗਉਤੀ ਤੇ ਪਾਰਬਤੀ ਆਦਿ) ਨਾਲ ਜੋੜਨ ਦਾ ਯਤਨ ਕਰਦੇ ਹਨ। ਤਾਂਤ੍ਰਿਕ ਜੋਗੀਆਂ ਦੇ ਦਿਸ਼੍ਰਟੀਕੋਨ ਤੋਂ ਭਾਵੇਂ ਇਹ ਸਹੀ ਹੈ ਕਿਉਂਕਿ ‘ਸ਼ੈਵ’ ਹੋਣ ਕਰਕੇ ਉਹ ਆਪਣੀ ਮਾਈ; ਪਾਰਬਤੀ ਨੂੰ ਹੀ ਮੰਨਦੇ ਹਨ। ਜੋਗੀਆਂ ਦੀ ਸਭ ਤੋਂ ਸ੍ਰੇਸ਼ਟ ਮੰਨੀ ਜਾਂਦੀ ‘ਆਈ ਪੰਥੀ’ ਸੰਪ੍ਰਦਾ ਤਾਂ ਸਿੱਧੇ ਰੂਪ ਹੀ ‘ਦੁਰਗਾ’ ਦੀ ਉਪਾਸ਼ਕ ਹੈ। ਇਸ ਸੰਪ੍ਰਦਾ ਦਾ ਹਿੰਦੀ ਵਿਚ ਹੇਠ ਲਿਖਿਆ ਮੰਤ੍ਰ ਉਪਰੋਕਤ ਹਕੀਕਤ ਦਾ ਅਕੱਟ ਗਵਾਹ ਹੈ :

ਕਾਲੀ ਕਾਲੀ ਮਹਾਕਾਲੀ। ਬ੍ਰਹਮਾ ਕੀ ਬੇਟੀ, ਇੰਦ੍ਰ ਕੀ ਸਾਲੀ।

ਉਡ ਬੈਠੀ ਪੀਪਲ ਕੀ ਡਾਲੀ । ਦੋਨੋ ਹਾਥ ਬਜਾਇਂ ਤਾਲੀ।

ਸ਼ਿਵ ਭੋਲੇ ਔਰ ਸ਼ਿਵ ਕੀ ਦੁਹਾਈ। ਸਰਵ ਕਾਰਜ ਸਿੱਧ ਕਰ ਮਾਂ ਮੇਰੀਯੇ  ! !॥    

ਨਿਊ ਮੈਕਸੀਕੋ ਦੇ ਸ਼ਹਰ ਐਸਪਾਨੋਲਾ (Espanola, US) ਦੇ ਨਿਵਾਸੀ ਜੋਗੀ ਹਰਿਭਜਨ ਸਿੰਘ ਨੇ ਇਸ ਸੰਪ੍ਰਦਾ ਦੇ ‘ਕੰੁਡਲਨੀ ਯੋਗਾ’ ਨੂੰ ਗੁਰਮਤੀ ਰੰਗ ਦੇ ਕੇ ਅਮਰੀਕਨ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਉਸ ਦੇ ਚੇਲੇ ਉਪਰੋਕਤ ਮੰਤ੍ਰ ਦੀ ਥਾਂ ਜਪੁ ਜੀ ਦੇ ‘‘ਏਕਾ ਮਾਈ ਜੁਗਤਿ ਵਿਆਈ’’ ਤੁਕਾਂਸ਼ ਵਾਲੇ 30ਵੇਂ ਬੰਦ ਨੂੰ ਮੰਤ੍ਰ ਰੂਪ ਵਿੱਚ ਗਾਉਂਦੇ ਹਨ। ਅਜਿਹੇ ਇੱਕ ਪ੍ਰਚਾਰਕ ਦੇ ਮੂੰਹੋਂ ਮੈਂ ਬਚਿਤ੍ਰ-ਨਾਟਕੀ ‘ਚੰਡੀ ਚਰਿਤ੍ਰ’ ਦਾ ਛੰਦ ਨਮੋ ਜੋਗ ਜ੍ਵਾਲੰ; ਧਰੀਯੰ ਜੁਆਲੰ ਨਮੋ ਸੁੰਭ ਹੰਤੀ; ਨਮੋ ਕਰੂਰ ਕਾਲੰ ..੨੨੩’’ (ਚੰਡੀ ਚਰਿਤ੍ਰ) ਵੀ ਸੁਣਿਆ; ਕਿਉਂਕਿ ਉਹ ਆਦਿ ਨਾਥ ਜੋਗੀ ਸ਼ਿਵ ਜੀ ਦੀ ਪਤਨੀ ਪਾਰਬਤੀ (ਦੁਰਗਾ, ਭਗਉਤੀ) ਮਾਈ ਨੂੰ ਜੋਗ-ਅਗਨ ਦੀ ਅਗਨੀ ਧਾਰਨ ਕਰਨ ਵਾਲੀ ਦੇਵੀ ਵਜੋਂ ਨਮਸ਼ਕਾਰ ਕਰਦੇ ਹਨ। ‘ਕੁੰਡਲਨੀ ਯੋਗਾ’ ਦੀ ਟ੍ਰੇਨਿੰਗ ਲਈ ਦੁਬਈ ਤੇ ਸਪੇਨ ਆਦਿਕ ਵੱਖ ਵੱਖ ਦੇਸ਼ਾਂ ’ਚ ਜੋ ਉਨ੍ਹਾਂ ਨੇ ਸੈਂਟਰ ਖੋਲ੍ਹੇ ਹਨ, ਉਨ੍ਹਾਂ ਦਾ ਨਾਂ ਹੀ ‘ਏਕਾ ਮਾਈ ਸਟੂਡੀਓ’ ਰੱਖਿਆ ਗਿਆ ਹੈ।

ਇਸ ਨੁਕਤੇ ’ਤੇ ਲਗਭਗ ਸਾਰੇ ਵਿਦਵਾਨ ਸਹਿਮਤ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਸ਼ਬਦ ਦੇ ਸਿਧਾਂਤਕ ਤੇ ਵਿਆਕਰਣਿਕ ਪੱਖ ਨੂੰ ਸਮਝਣ ਲਈ ‘ਰਹਾਉ’ ਦੇ ਪਦੇ ਨੂੰ ਆਧਾਰ ਮੰਨਣਾ ਪੈਂਦਾ ਹੈ। ਵਾਰਾਂ ਦੇ ਸਲੋਕਾਂ ਨੂੰ ਸਮਝਣ ਲਈ ਸਬੰਧਿਤ ‘ਪਉੜੀ’ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੁੰਦਾ ਹੈ; ਤਿਵੇਂ ਹੀ ਜਪੁ ਜੀ ਦੇ ਬੰਦਾਂ ਨੂੰ ਗੁਰਮਤਿ ਦ੍ਰਿਸ਼ਟੀਕੋਨ ਤੋਂ ਸਮਝਣ ਲਈ ਬੰਦ ਦੀਆਂ ਸਾਰੰਸ਼ ਰੂਪ ਅੰਤਲੀਆਂ ਤੁਕਾਂ ਨੂੰ ਵਿਸ਼ੇਸ਼ਤਾ ਦੇਣੀ ਬਣਦੀ ਹੈ। ਜੋਗ-ਮੱਤ ਨਾਲ ਸਬੰਧਿਤ ‘ਜਪੁ ਜੀ’ ਦੇ 28 ਤੋਂ 31 ਤਕ ਦੇ ਬੰਦਾਂ ਦੇ ਅਰਥ-ਭਾਵ ਵਿਚਾਰਨ ਲਈ ਚਾਰੋਂ ਵਾਕ ਅੰਤ ’ਚ ਦਰਜ ‘‘ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’ ਵਾਕ ਨੂੰ ਚਾਰੋਂ ਪਉੜੀਆਂ ’ਚ ‘ਰਹਾਉ’ ਸਮਝਣਾ ਹੈ, ਪਰ ਗੁਰਮਤਿ ਦੇ ਪ੍ਰਚਾਰਕਾਂ ਨੂੰ 30ਵੇਂ ਬੰਦ ਦੀ ਹੇਠਲੀ ਤੁਕ ਵਿਚਲੇ ਤਿਸੁ (ਪੜਨਾਂਵ) ਤੋਂ ਭੁਲੇਖਾ ਲੱਗਿਆ ਜਾਪਦਾ ਹੈ। ‘ਤਿਸੁ’ ਦਾ ਵਿਸ਼ੇ-ਪ੍ਰਸੰਗ ਅਨੁਸਾਰ ਅਰਥ ਹੈ ‘ਉਸ ਸ੍ਰਿਸ਼ਟੀ ਦੇ ਮੁੱਢ (ਆਦਿ) ਨੂੰ, ਜਿਸ ਦਾ ਆਪਣਾ ਕੋਈ ਮੁੱਢ ਨਹੀਂ (ਅਨਾਦਿ), ਜੋ ਨਾਸ ਰਹਿਤ ਹੈ (ਅਨਾਹਤਿ) ਤੇ ਸਦਾ ਨਿਰਲੇਪ (ਅਨੀਲ) ਰਹਿੰਦਾ ਹੈ; ਉਸ ਨੂੰ ਹੀ ਆਦੇਸ ਕਰਨਾ ਹੈ, ਨਮਸਕਾਰ ਕਰਨੀ ਹੈ, ਪਰ ਇਨ੍ਹਾਂ ਨੇ ‘ਤਿਸੁ’ ਦਾ ਅਰਥ ਉਹ ‘ਏਕਾ ਮਾਈ’ ਸਮਝ ਲਿਆ, ਜੋ ਕਿ ਗੁਰਮਤਿ-ਸਿਧਾਂਤ ਵਿਰੁੱਧ ਹੈ।

ਕੁੰਡਲਨੀ ਯੋਗਾ ਦੇ ਪ੍ਰਚਾਰਕ ਤਾਂ ‘ਤਿਸੁ’ ਪਦ ਨੂੰ ‘ਏਕਾ ਮਾਈ’ ਦਾ ਪੜਨਾਂਵ ਮੰਨਦੇ ਹਨ ਜਦ ਕਿ ਸੰਪਰਦਾਈ ਪ੍ਰਚਾਰਕ ਗੁਰਮਤੀ ਰੰਗ ਦੇਣ ਲਈ ਸੰਖਿਆ ਬੋਧਕ ਅੰਕ ‘ਏਕਾ’ ਨੂੰ ਇੱਕ-ਓਅੰਕਾਰੀ (ੴ ) ਏਕਾ (1) ਮੰਨ ਕੇ ਅਦੁੱਤੀ ਕਰਤਾਰ ਨਾਲ ਜੋੜਦੇ ਹਨ। ਉਹ ਰਾਮਕਲੀ ਸਿਧ ਗੋਸਟਿ ਦੇ ‘‘ਏਕੇ ਕਉ ਸਚੁ ਏਕਾ ਜਾਣੈ..’’ (ਗੋਸਟਿ (ਮਹਲਾ /੯੪੦) ਵਾਕ ਨੂੰ ਪ੍ਰਮਾਣ ਵਜੋਂ ਵਰਤਦੇ ਹਨ। ਇਸੇ ਕਾਰਨ ਫ਼ਰੀਦਕੋਟ ਵਾਲੇ ਸੰਪ੍ਰਦਾਈ ਟੀਕੇ ’ਚ ਇਸ ਦੇ ਇਉਂ ਅਰਥ ਕੀਤੇ ਗਏ ਹਨ, ‘ਹੇ ਸਿੱਧੋ  ! ਏਕ ਜੋ ਅਕਾਲਿ ਮੂਰਤਿ ਪਰਮਾਤਮਾ ਹੈ, ਵੁਹ ਜਬ (ਮਾਈ) ਮਾਇਆ ਸਾਥ (ਜੁਗਤਿ) ਮਿਲਤਾ ਭਇਆ ਤਬ ਮਾਇਆ (ਵਿਆਈ) ਪ੍ਰਸੂਤ ਹੋਤੀ ਭਈ’; ਪ੍ਰੰਤੂ ਜੇਕਰ ਇਨ੍ਹਾਂ ਵਾਕਾਂ ਦੇ ਸਾਰੰਸ਼ ਰੂਪ ‘‘ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ ’’ ਨੂੰ ਆਧਾਰ ਬਣਾਈਏ ਤਾਂ ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ.. ’’ ਵਾਕ ਵਿਚਲੇ ‘ਤਿਸੁ’ ਦਾ ਸਹਿਜੇ ਹੀ ਭਾਵ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’ ਵੱਲ ਉਲਥ ਕੇ ਉਸ ਨੂੰ ਜੋਗੀਆਂ ਦੀ ਸ਼ਬਦਾਵਲੀ ‘‘ਆਦੇਸੁ, ਤਿਸੈ ਆਦੇਸੁ ’’ ਉਚਾਰ ਕੇ ਜੋਗੀਆਂ ਵਾਂਗ ਕਿਸੇ ਮਹਾਂ ਮਾਈ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼ (ਸ਼ਿਵ) ਆਦਿਕ ਨੂੰ ਨਮਸ਼ਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਇਹੀ ਉਪਦੇਸ਼ ਇਨ੍ਹਾਂ ਬਚਨਾਂ ਰਾਹੀਂ ਮਿਲਦਾ ਹੈ, ‘‘ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ; ਇਹੈ ਅਘਾਵਨ ਪਾਂਨ ਕਉ ਅਕਾਲ ਮੂਰਤਿ ਹੈ ਸਾਧ ਸੰਤਨ ਕੀ; ਠਾਹਰ ਨੀਕੀ ਧਿਆਨ ਕਉ ’’ (ਮਹਲਾ /੧੨੦੮) ਭਾਵ ਸਾਧਕ ਸੰਤ-ਜਨ੍ਹਾਂ ਲਈ ਧਿਆਨ ਟਿਕਾਉਣ ਵਾਸਤੇ ‘ਅਕਾਲ-ਮੂਰਤਿ’ ਹੀ ਸਭ ਤੋਂ ਸੁੰਦਰ ਠਾਹਰ (ਵਧੀਆ ਟਿਕਾਣਾ) ਹੈ। ਇਸ ਲਈ ਸਭ ਤੋਂ ਉੱਤਮ ਢੰਗ ਹੈ ਕਿ ਗੁਰਬਾਣੀ ਦਾ ਵਿਚਾਰ-ਪੂਰਵਕ ਗਾਇਨ ਕੀਤਾ ਜਾਏ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰਤਾ ਤੇ ਗੁਰਮੁਖ ਸਿੱਖ ਪ੍ਰੋ. ਤੇਜਾ ਸਿੰਘ ਜੀ ਗੁਰਬਾਣੀ ਦੇ ਵਾਕ ‘‘ਧੁਨਿ ਮਹਿ ਧਿਆਨੁ; ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ’’ (ਮਹਲਾ /੮੭੯) ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਸ਼ਬਦ ਕੀਰਤਨ ਮੌਕੇ ‘ਗੁਰ ਸ਼ਬਦ ਦੀ ਧੁਨਿ ਉਠਾਂਦਿਆਂ ਹੀ ਧਿਆਨ ਲਗ ਜਾਂਦਾ ਹੈ ਅਤੇ ਧਿਆਨ ਲਗਦਿਆਂ ਹੀ ਹਰੀ ਦਾ ਗਿਆਨ ਹੋ ਜਾਂਦਾ ਹੈ ਭਾਵ ਹੋਰਨਾ ਸਾਧਨਾਂ ਵਿੱਚ ਉਚਾਰਨ, ਧਿਆਨ ਅਤੇ ਗਿਆਨ ਦੀਆਂ ਤਿੰਨ ਵੱਖੋ ਵੱਖਰੀਆਂ ਅਵਸਥਾ ਹਨ, ਜੋ ਵਰ੍ਹਿਆਂ ਬੱਧੀ ਮਿਹਨਤ ਨਾਲ ਪ੍ਰਾਪਤ ਹੁੰਦੀਆਂ ਹਨ, ਪਰ ਗੁਰ ਸ਼ਬਦ ਦੀ ਕਮਾਈ ਨਾਲ ਤਿੰਨੇ ਅਵਸਥਾ ਇੱਕ ਵਾਰ ਹੀ ਮਿਲ ਜਾਂਦੀਆਂ ਹਨ’।

ਫਰੀਦਕੋਟੀ ਟੀਕੇ ਵਾਲੇ ਅਰਥ ਕਿ ‘ਹੇ ਸਿੱਧੋ  ! ਏਕ ਜੋ ਅਕਾਲਿ ਮੂਰਤਿ ਪਰਮਾਤਮਾ ਹੈ, ਵੁਹ ਜਬ (ਮਾਈ) ਮਾਇਆ ਸਾਥ (ਜੁਗਤਿ) ਮਿਲਤਾ ਭਇਆ ਤਬ ਮਾਇਆ (ਵਿਆਈ) ਪ੍ਰਸੂਤ ਹੋਤੀ ਭਈ’, ਨਾਲ ਸਹਿਮਤੀ ਰੱਖਣ ਵਾਲੇ ਸੱਜਣਾਂ ਦਾ ਵਿਚਾਰ ਹੈ ਕਿ ਕੁਦਰਤੀ ਨਿਯਮਾਂ ਮੁਤਾਬਕ ਨਰ ਤੇ ਮਾਦਾ ਦਾ ਸਰੀਰਕ ਮਿਲਾਪ ਜ਼ਰੂਰੀ ਹੈ; ਜਿਵੇਂ ਕਿ ਗੁਰ ਵਾਕ ਹੈ, ‘‘ਜੈਸੇ ਮਾਤ ਪਿਤਾ ਬਿਨੁ; ਬਾਲੁ ਹੋਈ ’’ (ਭਗਤ ਕਬੀਰ/੮੭੨), ਪਰ ਇਹ ਪ੍ਰਮਾਣ ਦੇਣ ਵਾਲੇ ਸੱਜਣਾਂ ਨੂੰ ਖ਼ਿਆਲ ਰੱਖਣਾ ਬਣਦਾ ਹੈ ਕਿ ਉਪਰੋਕਤ ਕੁਦਰਤੀ ਨਿਯਮ ਕਾਲ ਅਧੀਨ ਆਉਣ ਵਾਲੇ ਅਕਾਰਮਈ ਜੀਵ-ਜੰਤਾਂ ਬਾਰੇ ਹੈ, ਨਿਰੰਕਾਰੀ ਹਸਤੀ ਲਈ ਨਹੀਂ। ਗੁਰਮਤਿ ਦ੍ਰਿਸ਼ਟੀਕੋਨ ਤੋਂ ਕਰਤਾ-ਪੁਰਖ ‘ਅਕਾਲਿ ਮੂਰਤਿ’ ਹੈ, ਕਿਉਂਕਿ ਉਹ ਨਿਰੰਕਾਰ ਹੈ। ਗੁਰੂ ਨਜ਼ਰੀਏ ਤੋਂ ਮਾਇਆ (ਮਾਈ); ਇੱਕ ਪੌਰਾਣਿਕ-ਮੱਤੀ ਦੇਵੀ (ਹਸਤੀ) ਨਹੀਂ; ਜਿਵੇਂ ਕਿ ਬਚਨ ਹਨ, ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ’’ (ਅਨੰਦ/ਮਹਲਾ /੯੨੧) ਯਾਨੀ ਇਹੀ ਕਿਹਾ ਜਾ ਸਕਦਾ ਹੈ ਕਿ ਮਾਇਆ; ਸੰਸਾਰਕ ਜੀਵਾਂ ਅੰਦਰਲੇ ਮੋਹ ’ਚੋਂ ਪੈਦਾ ਹੋਇਆ ਇੱਕ ਭ੍ਰਮਣੀਕ ਤੇ ਭਾਵਾਤਮਕ ਖ਼ਿਆਲ ਹੈ, ਜਿਸ ਅਧੀਨ ਰਿਹਾ ਮਨੁੱਖ ਅਕਾਲ-ਪੁਰਖ ਨੂੰ ਛੱਡ ਕੇ ਹੋਰ ਹੋਰ ਚੀਜ਼ਾਂ ਦੇ ਮੋਹ ’ਚ ਪਲਚ ਜਾਂਦਾ ਹੈ।

ਇਹੀ ਕਾਰਨ ਹੈ ਕਿ ਸੰਜੋਗ ਦੇ ਨਿਯਮ ਅਧੀਨ ਜਦੋਂ ਜੀਵਾਂ ਦਾ ਮਿਲਾਪ ਹੁੰਦਾ ਹੈ, ਕਿਸੇ ਕਿਸਮ ਦੀ ਕੋਈ ਪਰਵਾਰਕ ਤੇ ਪਦਾਰਥਕ ਪ੍ਰਾਪਤੀ ਹੁੰਦੀ ਹੈ ਤਾਂ ਉਹ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਵਿਜੋਗ ਦੇ ਨਿਯਮ ਅਧੀਨ ਜਦੋਂ ਉਹ ਕਿਸੇ ਤਰ੍ਹਾਂ ਬਿਨਸਦੇ ਜਾਂ ਵਿਛੜਦੇ ਹਨ ਤਾਂ ਜੀਵ ਦੁਖੀ ਹੁੰਦੇ ਹਨ, ਪਰ ਜਦੋਂ ਕੋਈ ਮਨੁੱਖ ਪਰਮਾਤਮਾ ਦਾ ਸਦਾ ਥਿਰ ਨਾਮ (-ਰੂਪ ਨੌ-ਨਿਧਿ ਖ਼ਜ਼ਾਨਾ) ਪ੍ਰਾਪਤ ਕਰ ਲੈਂਦਾ ਹੈ; ਤਾਂ ਫਿਰ ਉਸ ਦਾ ਮਨ ਨਾ ਤਾਂ ਮਾਇਆ (ਮਾਈ) ਦਾ ਪੁੱਤਰ ਬਣਦਾ ਹੈ ਅਤੇ ਨਾ ਹੀ ਉਸ ਖ਼ਾਤਰ ਰੋਂਦਾ ਕਲਪਦਾ ਹੈ, ‘‘ਸਚੁ ਨਾਮੁ ਜਾ ਨਵ ਨਿਧਿ ਪਾਈ ਰੋਵੈ ਪੂਤੁ ਕਲਪੈ ਮਾਈ ’’ (ਮਹਲਾ /੩੫੬)

ਉਪਰੋਕਤ ਕਿਸਮ ਦੇ ਅਰਥ ਕਰਨ ਮੌਕੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਦੂਜਾ ਨੁਕਤਾ ਇਹ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ ਕਿ ਜੇ ਅਸੀਂ ‘ਅਕਾਲ ਮੂਰਤਿ’ ਪਰਮਾਤਮਾ ਤੋਂ ਮਾਇਆ ਦੇ ਪ੍ਰਸੂਤ ਹੋਣ ਦੀ ਚਰਚਾ ਕਰਦੇ ਹਾਂ ਤਾਂ ਫਿਰ ਉਸ ਨਾਲ ‘ਨਿਰੰਜਨੁ’ ਤੇ ‘ਅਨੀਲੁ’ ਵਿਸ਼ੇਸ਼ਣ ਕਿਵੇਂ ਵਰਤੇ ਜਾ ਸਕਦੇ ਹਨ ? ਇਹ ਦੋਵੇਂ ਵਿਸ਼ੇਸ਼ਣ ਅਰਥਾਂ ਪੱਖੋਂ ਲਗਭਗ ਸਮਾਨਾਰਥਕ ਰੱਖਦੇ ਹਨ। ਗੁਰਬਾਣੀ ਕੋਸ਼ਾਂ ’ਚ ‘ਨਿਰੰਜਨ’ ਦਾ ਅਰਥ ਹੈ : ਅੰਜਨ (ਕੱਜਲ) ਰਹਿਤ, ਮੋਹ ਦੀ ਕਾਲਖ ਤੋਂ ਰਹਿਤ, ਮਾਇਆ ਤੋਂ ਨਿਰਲੇਪ ਅਤੇ ‘ਅਨੀਲੁ’ ਦਾ ਅਰਥ ਹੈ : ਰੰਗ ਰਹਿਤ, ਮੈਲ਼ ਰਹਿਤ, ਉੱਜਲ ਤੇ ਬੇਦਾਗ਼। ਜੇਕਰ ਅਸੀਂ ਮੰਨ ਲੈਂਦੇ ਹਾਂ ਕਿ ਮਾਇਆ ਦੇ ਸੰਜੋਗ ਨਾਲ ਅਕਾਲ-ਮੂਰਤਿ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ ਤਾਂ ਫਿਰ ਉਸ ਨੂੰ ‘ਸਰਬਕਲਾ ਸਮਰਥ’ ਕਰਤਾ ਕਿਵੇਂ ਮੰਨਿਆ ਜਾ ਸਕਦਾ ਹੈ ? ਜੇ ਅਜਿਹਾ ਸੰਪ੍ਰਦਾਈ ਦ੍ਰਿਸ਼ਟੀਕੋਨ ਸੱਚ ਹੈ ਤਾਂ ਫਿਰ ਗੁਰਦੇਵ ਜੀ ਹੇਠ ਲਿਖਿਆ ਉਪਦੇਸ਼ ਕਿਵੇਂ ਦੇ ਸਕਦੇ ਹਨ ਕਿ ਐ ਮਨੁੱਖ  ! ਜਿਹੜਾ ਦਾਤਾਰ-ਪ੍ਰਭੂ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਮਾਇਆ ਦੀ ਪਾਹ ਤੋਂ ਨਿਰਲੇਪ (ਆਪਾਹੇ) ਹੈ। ਜੋ ਇਕ ਛਿਨ ਵਿੱਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ; ਉਹ ਪਰਮਾਤਮਾ ਹਰ ਵੇਲੇ ਤੇਰਾ ਵੀ ਮਦਦਗਾਰ ਹੈ, ‘‘ਜੀਅ ਜੰਤ ਕਉ ਰਿਜਕੁ ਸੰਬਾਹੇ ਕਰਣ ਕਾਰਣ ਸਮਰਥ ਆਪਾਹੇ ਖਿਨ ਮਹਿ ਥਾਪਿ ਉਥਾਪਨਹਾਰਾ; ਸੋਈ ਤੇਰਾ ਸਹਾਈ ਹੇ ’’ (ਮਹਲਾ /੧੦੭੧)

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਗੁ ਗੂਜਰੀ ਦੀ ਵਾਰ ਵਿੱਚ ਸ੍ਰਿਸ਼ਟੀ ਰਚਨਾ ਸਬੰਧੀ ਗੁਰਮਤਿ-ਦ੍ਰਿਸ਼ਟੀਕੋਨ ਪ੍ਰਗਟਾਉਂਦਿਆਂ ‘ਮਾਇਆ’ ਨੂੰ ਸ੍ਰਿਸ਼ਟੀ ਦਾ ਮੂਲ ਨਹੀਂ ਮੰਨਿਆ। ਉਨ੍ਹਾਂ ਦਾ ਕਥਨ ਹੈ ਕਿ ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾ ਕੇ ਜਗਤ ਰਚਨਾ ਦਾ ਮੁੱਢ ਬੰਨ੍ਹ ਦਿੱਤਾ। ਉਸ ਨੇ ਆਪਣੇ ਹੁਕਮ ’ਚ ਸ੍ਰਿਸ਼ਟੀ ਸਾਜ ਕੇ ਜੀਵਾਂ ਦੀ ਆਤਮਾ ਵਿਚ ਆਪਣੀ ਜੋਤਿ ਰਲਾਈ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ। ਗੁਰਮਤਿ ਦਾ ਇਹ ਸਿਧਾਂਤਿਕ ਬਚਨ ਸਤਿਗੁਰੂ ਨੇ ਸੁਣਾਇਆ ਹੈ, ਜੋ ‘ਧਨਾਸਰੀ ਮਹਲਾ ੧’ ਦੇ ਸਿਰਲੇਖ ਹੇਠ ਦਰਜ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਮਹਲਾ /੧੩) ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਨ੍ਹਾਂ ਨੂੰ ਤਿੰਨੇ ਗੁਣਾਂ ਦੇ ਧੰਧੇ ’ਚ ਉਸ ਨੇ ਪਾ ਦਿੱਤਾ ਭਾਵ ਰਜੋ, ਸਤੋ ਤੇ ਤਮੋ ਗੁਣਾਂ ਵਾਲੇ ਸੰਸਾਰ ਦੀ ਰਚਨਾ ਕਰ ਦਿੱਤੀ। ਇਸ ਪ੍ਰਕਾਰ ਜੋਤਿ ਰੂਪ ਕਰਤਾ-ਪੁਰਖ ਨੇ ਸੰਜੋਗ ਵਿਜੋਗ-ਰੂਪ ਮਾਇਆ ਦਾ ਮੁੱਢ ਰਚਿਆ। (ਹੁਣ ਇਸ ਮਾਇਆ ’ਚ ਰਹਿੰਦਿਆਂ) ਸੁਖ ਉਸ ਨੇ ਲੱਭਾ, ਜੋ ਤੁਰੀਆ ਅਵਸਥਾ ਤੱਕ ਅੱਪੜਿਆ। ਹਜ਼ੂਰ ਦੀ ਰਚਿਤ ਪਾਵਨ ਪਉੜੀ ਹੈ, ‘‘ਸੰਜੋਗੁ ਵਿਜੋਗੁ ਉਪਾਇਓਨੁ; ਸ੍ਰਿਸਟੀ ਕਾ ਮੂਲੁ ਰਚਾਇਆ ਹੁਕਮੀ ਸ੍ਰਿਸਟਿ ਸਾਜੀਅਨੁ; ਜੋਤੀ ਜੋਤਿ ਮਿਲਾਇਆ ਜੋਤੀ ਹੂੰ ਸਭੁ ਚਾਨਣਾ; ਸਤਿਗੁਰਿ ਸਬਦੁ ਸੁਣਾਇਆ ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਸਿਰਿ ਧੰਧੈ ਲਾਇਆ ਮਾਇਆ ਕਾ ਮੂਲੁ ਰਚਾਇਓਨੁ; ਤੁਰੀਆ ਸੁਖੁ ਪਾਇਆ ’’ (ਮਹਲਾ /੫੦੯)

ਇਸ ਪਉੜੀ ਰਾਹੀਂ ਇਹ ਸੋਝੀ ਵੀ ਮਿਲਦੀ ਹੈ ਕਿ ਗੁਰਬਾਣੀ ਦੇ ਪਾਠਕਾਂ ਨੇ ‘ਬ੍ਰਹਮਾ, ਵਿਸ਼ਨੂ ਤੇ ਮਹੇਸ਼’ ਦੀ ਕੋਈ ਵਿਸ਼ੇਸ਼ ਹੋਂਦ ਅਥਵਾ ਹਸਤੀ ਨਹੀਂ ਮੰਨਣੀ। ਉਨ੍ਹਾਂ ਦੇ ਨਾਵਾਂ ਨੂੰ ਪ੍ਰਚਲਿਤ ਲੋਕ ਮੁਹਾਵਰਿਆਂ ਦੇ ਰੂਪ ’ਚ ਪੜ੍ਹਦਿਆਂ ਮਾਇਆ ਦੇ ਤ੍ਰੈਗੁਣੀ ਪ੍ਰਭਾਵ ਨੂੰ ਹੀ ਧਿਆਨ ’ਚ ਰੱਖਣਾ ਹੈ। ਇਹ ਤਿੰਨ ਗੁਣ ਸੰਸਾਰ ਦੇ ਹਰੇਕ ਜੀਅ-ਜੰਤ ਅੰਦਰ ਮੌਜੂਦ ਹਨ; ਜਿਵੇਂ ਹਰੇਕ ਜੀਵ ਬ੍ਰਹਮੇ ਵਾਂਗ ਆਪਣੇ ਬੱਚੇ ਪੈਦਾ ਵੀ ਕਰ ਰਿਹਾ ਹੈ। ਵਿਸ਼ਨੂੰ ਵਾਂਗ ਪਾਲ਼ ਵੀ ਰਿਹਾ ਹੈ ਤੇ ਸ਼ਿਵਜੀ ਵਾਂਗ ਸੰਘਾਰਣ ਦੀ ਕਿਰਿਆ ਵੀ ਨਿਭਾ ਰਿਹਾ ਹੈ। ਇਹੀ ਕਾਰਨ ਹੈ ਕਿ ਸਤਿਗੁਰੂ ਜੀ ਨੇ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’ (ਜਪੁ) ਦੇ ਪੌਰਾਣਿਕ ਖ਼ਿਆਲ ਮੁਤਾਬਕ ਆਪਣੇ ਦ੍ਰਿਸ਼ਟੀਕੋਨ ਤੋਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ’ਚੋਂ ਕਿਸੇ ਨੂੰ ਵੀ ਇੱਕ ਇਕਾਈ ਨਹੀਂ ਮੰਨਿਆ। ਸਤਿਗੁਰੂ ਜੀ ਦਾ ਕਥਨ ਹੈ ਕਿ ਸਾਡਾ ਮਾਲਕ ਪ੍ਰਭੂ ਐਸਾ ਬੇਅੰਤ ਹੈ ਕਿ ਮੈਂ ਉਸ ਦੇ ਪੂਰਨ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਕਾਰਨ ਹੈ ਕਿ ਜਿਸ ਨੇ ਜੀਵ ਰੂਪ ’ਚ ਕੋ੍ਰੜਾਂ ਹੀ ਵਿਸ਼ਨੂ-ਅਵਤਾਰ ਬਣਾਏ ਹੋਣ, ਜਿਹੜਾ ਕ੍ਰੋੜਾਂ ਹੀ ਸ਼ਿਵ ਪੈਦਾ ਕਰ ਕੇ ਫਿਰ ਉਨ੍ਹਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੋਵੇ, ਕ੍ਰੋੜਾਂ ਹੀ ਬ੍ਰਹਮੇ ਜਿਸ ਨੇ ਜਗਤ ਪੈਦਾ ਕਰਨ ਦੇ ਕੰਮੇ ਲਾਏ ਹੋਏ ਹੋਣ। ਕ੍ਰੋੜਾਂ ਹੀ ਬ੍ਰਹਮੰਡ, ਜਿਸ ਦੇ ਧਰਮ-ਅਸਥਾਨ ਹੋਣ, ਉਸ ਦੀ ਹਸਤੀ ਦੇ ਵਡੱਪਣ ਨੂੰ ਵਰਣਨ ਕਿਵੇਂ ਕੀਤਾ ਜਾ ਸਕਦਾ ਹੈ ਭਾਵ ਅਸੰਭਵ ਹੈ। ਪਾਵਨ ਗੁਰਵਾਕ ਹੈ, ‘‘ਕੋਟਿ ਬਿਸਨ ਕੀਨੇ ਅਵਤਾਰ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ਕੋਟਿ ਮਹੇਸ ਉਪਾਇ ਸਮਾਏ ਕੋਟਿ ਬ੍ਰਹਮੇ; ਜਗੁ ਸਾਜਣ ਲਾਏ ਐਸੋ ਧਣੀ ਗੁਵਿੰਦੁ ਹਮਾਰਾ ਬਰਨਿ ਸਾਕਉ; ਗੁਣ ਬਿਸਥਾਰਾ ਰਹਾਉ ’’ (ਮਹਲਾ /੧੧੫੬)

ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਜਦੋਂ ਵੀ ਮੰਗਦਾ ਹਾਂ, ਸਿਰਫ਼ ਉਸ ਨਾਥ-ਪ੍ਰਭੂ ਦੇ ਦਰ ਤੋਂ ਮੰਗਦਾ ਹਾਂ। ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ। ਉਸ ਦੇ ਦਰ ’ਤੇ ਕ੍ਰੋੜਾਂ ਹੀ ਸੂਰਜ ਚਾਨਣ ਕਰ ਰਹੇ ਹਨ। ਜਿਸ ਦੇ ਦਰ ’ਤੇ ਕ੍ਰੋੜਾਂ ਹੀ ਸ਼ਿਵ ਜੀ ਵਰਗੇ ਦੇਵਤੇ ਅਤੇ ਉਸ ਦਾ ਕਲਪਿਤ ਨਿਵਾਸ ਸਥਾਨ ਮੰਨੇ ਜਾਂਦੇ ਕੈਲਾਸ਼ ਵਰਗੇ ਪਰਬਤ ਹਨ। ਦੁਰਗਾ ਵਰਗੀਆਂ ਕ੍ਰੋੜਾਂ ਹੀ ਦੇਵੀਆਂ, ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ। ਕ੍ਰੋੜਾਂ ਹੀ ਬ੍ਰਹਮੇ, ਜਿਸ ਦੇ ਦਰ ’ਤੇ ਵੇਦਾਂ ਦਾ ਉਚਾਰਨ ਕਰ ਰਹੇ ਹਨ, ‘‘ਕੋਟਿ ਸੂਰ ਜਾ ਕੈ ਪਰਗਾਸ ਕੋਟਿ ਮਹਾਦੇਵ ਅਰੁ ਕਬਿਲਾਸ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ਬ੍ਰਹਮਾ ਕੋਟਿ ਬੇਦ ਉਚਰੈ ਜਉ ਜਾਚਉ ਤਉ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਉ ’’ (ਭਗਤ ਕਬੀਰ/੧੧੬੨)

ਇਸ ਲਈ ਜਪੁ ਜੀ ਦੇ 30ਵੇਂ ਬੰਦ ਦੀਆਂ ਹੇਠ ਲਿਖੀਆਂ ਤੁਕਾਂ ਦੇ ਅਰਥ ਇਸ ਪ੍ਰਕਾਰ ਕਰਨੇ ਯੋਗ ਜਾਪਦੇ ਹਨ ਕਿ (ਵੈਦਿਕ ਦਰਸ਼ਨ ਅਧੀਨ ਨਾਥ ਜੋਗੀਆਂ ਸਮੇਤ ਪੌਰਾਣਿਕ-ਮਤੀ ਵਿਚਾਰਧਾਰਾ ’ਚ ਇਕ ਖ਼ਿਆਲ ਅਜਿਹਾ ਵੀ ਪ੍ਰਚਲਿਤ ਹੈ ਕਿ ਇਕ ਮਾਇਆ ਕਿਸੇ ਵਿਉਂਤ ਨਾਲ ਸੂਈ ਅਤੇ ਉਸ ਤੋਂ ਤਿੰਨ ਚੇਲੇ ਜਾਂ ਪੁੱਤਰ ਪੈਦਾ ਹੋਏ, ਇਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ, ਇਕ ਜੀਵਾਂ ਨੂੰ ਪਾਲਣ ਦਾ ਪ੍ਰਬੰਧ ਕਰਨ ਵਾਲਾ ਵਿਸ਼ਨੂੰ ਅਤੇ ਇਕ ਮੌਤ ਦੇ ਹੁਕਮ ਚੜ੍ਹਾਣ ਲਈ ਕਚਹਿਰੀ ਲਾਣ ਵਾਲਾ ਸ਼ਿਵ ਮੰਨਿਆ ਗਿਆ, ਪਰ ਅਸਲ ਸਚਾਈ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ (ਭਾਵੈ) ਹੈ ਤੇ ਜਿਵੇਂ ਉਸ ਦਾ ਹੁਕਮ (ਫੁਰਮਾਣੁ) ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ-ਵਿਹਾਰ ਚਲਾ ਰਿਹਾ ਹੈ ਭਾਵ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਆਦਿਕ ਦੇਵਤਿਆਂ ਦੇ ਹੱਥ-ਵੱਸ ਕੁਝ ਨਹੀਂ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਵੇਖਦਾ ਰਹਿੰਦਾ ਹੈ, ਪਰ ਜੀਵਾਂ ਨੂੰ ਉਹ ਅਕਾਲ ਪੁਰਖ ਨਹੀਂ ਦਿੱਸਦਾ, ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ਓਹੁ ਵੇਖੈ; ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁ ’’

ਜਪੁ ਜੀ ਦੇ 28ਵੇਂ ਬੰਦ ਦੀ ਵਿਆਖਿਆ ਕਰਦਿਆਂ ਭੂਮਿਕਾ ਵਜੋਂ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਰਚਿਤ ‘ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ’ ਦਾ ਹਵਾਲਾ ਦਿੱਤਾ ਹੈ। ਉਸ ਵਿੱਚ ਭਾਈ ਸਾਹਿਬ ਲਿਖਦੇ ਹਨ ਕਿ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰੇਰਿਆ ਕਿ ਤੁਸੀਂ ਜੋਗ ਮਤ ਦੇ ਸੰਜੋਗੀ ਹੋ ਕੇ ਸੁਖ ਮਾਣਹੁ ਅਤੇ ਆਈ ਪੰਥੀ ਸੰਪ੍ਰਦਾ ਦਾ ਮੁਖੀ ਬਣ ਕੇ ਇਕ ਮਾਈ (ਪਾਰਬਤੀ) ਦੇ ਪੁਤਰ ਕਹਾਵੋ। ਸ੍ਰੀ ਨਾਨਕ ਪ੍ਰਕਾਸ਼ ਦੇ ਕਾਵਿਕ ਬੋਲ ਹਨ, ‘ਜੋਗ ਸੰਜੋਗੀ ਮਹਿ ਸੁਖ ਪਾਵਹੁ। ਇਕ ਮਾਈ ਕੇ ਪੂਤ ਕਹਾਵੋ’। ਹਜ਼ੂਰ ਨੇ ਉਨ੍ਹਾਂ ਦੇ ਉੱਤਰ ਵਿੱਚ ਕਿਹਾ ਕਿ ਜਦੋਂ ਇਹ ਸਾਰਾ ਜਗਤ ਉਸ ਪ੍ਰਭੂ ਰੂਪ ਮਾਂ ਦਾ ਪੁਤਰ ਹੈ, ਜੋ ਸਭ ਦਾ ਮੁੱਢ ਤੇ ਸਭ ਦਾ ਰਾਖਾ ਹੈ। ਜੋ ਸ੍ਰਿਸ਼ਟੀ ਦੇ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਵੀ ਹੈ ਤੇ ਅੱਗੋਂ ਲਈ ਵੀ ਸਦਾ ਮੌਜੂਦ ਰਹਿਣ ਵਾਲਾ ਹੈ। ਜੋ ਪਰੇ ਤੋਂ ਪਰੇ (ਅਪਰੰਪਰ) ਤੇ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੋਣ ਕਰਕੇ ਆਦੇਸ਼ (ਨਮਸਕਾਰ) ਕਰਨਜੋਗ ਹੈ, ਤਾਂ ਫਿਰ ਮੈਂ ਵਿਸ਼ੇਸ਼ ਤੌਰ ’ਤੇ ਤੁਹਾਡੇ ਵਿਸ਼ਵਾਸ ਮੁਤਾਬਕ ਉਸ ਦੀ ਪੈਦਾ ਕੀਤੀ ਹੋਈ ਕਿਸੇ ਦੁਰਗਾ ਜਾਂ ਪਾਰਬਤੀ ਆਦਿਕ ‘ਇੱਕ ਮਾਈ’ ਦਾ ਪੁੱਤਰ ਕਿਉਂ ਅਖਵਾਵਾਂ ? ਗੁਰ ਵਾਕ ਹੈ, ‘‘ਆਈ ਪੂਤਾ; ਇਹੁ ਜਗੁ ਸਾਰਾ ਪ੍ਰਭ ਆਦੇਸੁ ਆਦਿ ਰਖਵਾਰਾ ਆਦਿ ਜੁਗਾਦੀ; ਹੈ ਭੀ ਹੋਗੁ ਓਹੁ ਅਪਰੰਪਰੁ; ਕਰਣੈ ਜੋਗੁ ’’ (ਮਹਲਾ /੮੪੦)

ਸੋ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਜਦੋਂ ਅਸੀਂ ਸਾਰੇ ਇੱਕ ਹਰੀ-ਪਭੂ ਮਾਂ ਪਿਉ ਦੇ ਪੁੱਤਰ ਧੀਆਂ ਬਣ ਕੇ ਇੱਕ ਪਰਵਾਰ ਦੇ ਰੂਪ ਵਿੱਚ ਭੈਣ ਭਰਾਂ ਅਖਵਾਉਂਦੇ ਹਾਂ, ਤਾਂ ਫਿਰ ਮੈਂ ਉਸ ਵਿਸ਼ਾਲ ਪਰਵਾਰ ਤੋਂ ਵੱਖਰਾ ਕਿਉਂ ਹੋਵਾਂ ? ‘‘ਆਈ ਪੰਥੀ ਸਗਲ ਜਮਾਤੀ.. ’’ (ਜਪੁ) ਤੁਕਾਂਸ਼ ਦੁਆਰਾ ਭੀ ਇਹੀ ਦੱਸਿਆ ਹੈ ਕਿ ਸਾਰਿਆਂ ਨਾਲ ਮੈਤ੍ਰੀ-ਭਾਵ ਵਾਲੀ ਭਾਈਚਾਰਕ (Brotherhood) ਸਾਂਝ ਬਣ ਕੇ ਜਿਊਣਾ ਹੀ, ਸਾਡੇ ਲਈ ‘ਆਈ-ਪੰਥੀ’ ਬਣਨਾ ਹੈ। ਇਸੇ ਲਈ ਮੈਂ ਤਾਂ ਸਦਾ ਗਾਉਂਦਾ ਹਾਂ ਕਿ ਹੇ ਮੇਰੇ ਮਾਲਕ-ਪ੍ਰਭੂ  ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ। (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ, ਮੇਰੇ ਆਤਮਕ ਜੀਵਨ ਲਈ) ਜਦੋਂ ਤੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ, ‘‘ਮੇਰੇ ਸਾਹਿਬ ! ਹਉ ਕੀਤਾ ਤੇਰਾ ਜਾਂ ਤੂੰ ਦੇਹਿ; ਜਪੀ ਨਾਉ ਤੇਰਾ ਰਹਾਉ ’’ (ਮਹਲਾ /੩੫੭)

ਗੁਰਬਾਣੀ ’ਚੋਂ ਵਿਚਾਰਨਜੋਗ ਇੱਕ ਹੋਰ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਹਰੀ-ਪ੍ਰਭੂ ਨੂੰ ਮਾਂ ਪਿਉ ਅਥਵਾ ਮਾਈ-ਬਾਪ ਦੇ ਸੰਯੁਕਤ ਰੂਪ ’ਚ ਬਿਆਨਿਆ ਹੈ। ਕਿਧਰੇ ਵੀ ਐਸਾ ਨਹੀਂ ਕਿਹਾ ਕਿ ਸੰਸਾਰ ਦੀ ਪੈਦਾਇਸ਼ ਲਈ ਉਸ ਨੇ ਪਹਿਲਾਂ ਇੱਕ ਮਾਈ ਰੂਪ ਮਾਇਆ ਨੂੰ ਮਾਂ ਵਜੋਂ ਪੈਦਾ ਕਰ ਗਰਭਵਤੀ ਕੀਤਾ। ਜਿਸ ਨੇ ਪ੍ਰਤੱਖ ਤੌਰ ’ਤੇ ਪ੍ਰਸੂਤ ਹੁੰਦਿਆਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਰੂਪ ’ਚ ਤਿੰਨ ਪੁਤਰਾਂ ਨੂੰ ਜਨਮ ਦੇ ਦਿੱਤਾ। ਇਨ੍ਹਾਂ ’ਚੋਂ ਬ੍ਰਹਮਾ ਜੀਵਾਂ ਨੂੰ ਜਨਮ ਦਿੰਦਾ ਹੈ, ਵਿਸ਼ਨੂੰ ਪਾਲ਼ਦਾ ਹੈ ਤੇ ਸ਼ਿਵ ਸੰਘਾਰਦਾ ਹੈ। ਪ੍ਰਮਾਣ ਸਰੂਪ ਗੁਰ ਵਾਕ ਹਨ, ‘‘ਹਰਿ ਆਪੇ ਮਾਤਾ; ਆਪੇ ਪਿਤਾ; ਜਿਨਿ ਜੀਉ ਉਪਾਇ, ਜਗਤੁ ਦਿਖਾਇਆ (ਅਨੰਦ/ਮਹਲਾ /੯੨੧), ਨਾਨਕ  ! ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ (ਮਹਲਾ /੮੮੨), ਹਰਿ ਜੀ ਮਾਤਾ; ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ਹਰਿ ਜੀ ਮੇਰੀ ਸਾਰ ਕਰੇ; ਹਮ ਹਰਿ ਕੇ ਬਾਲਕ ’’ (ਮਹਲਾ /੧੧੦੨), ਆਦਿ। ਇਸ ਲਈ ‘‘ਓਹੁ ਵੇਖੈ; ਓਨਾ ਨਦਰਿ ਆਵੈ.. ’’ (ਜਪੁ) ਤੁਕਾਂਸ਼ ਵਿੱਚ ਧੁਨੀ ਇਹ ਵੀ ਜਾਪਦੀ ਹੈ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਵਾਂਗ ਤ੍ਰੈਗੁਣੀ ਮਾਇਆ ਦੇ ਪੁੱਤ (ਚੇਲੇ) ਬਣ ਕੇ ਕਿਸੇ ਵੀ ਮਨੁੱਖ ਲਈ ਰੱਬੀ ਦੀਦਾਰ ਕਰ ਸਕਣਾ ਅਸੰਭਵ ਹੈ। ਇਕ ਕਾਜ਼ੀ ਨੂੰ ਮੁਖ਼ਾਤਬ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਜੇ ਮਨੁੱਖੀ ਮਨ ਮਾਇਆ-ਮਾਈ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੋਵੇ ਤਾਂ ਸਾਰੇ ਮਜ਼੍ਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਣੇ ਬੇ-ਅਸਰ ਹੁੰਦੇ ਹਨ। ਉਹੀ ਬੰਦੇ ਮਾਲਕ-ਪ੍ਰਭੂ ਦੀ ਮਿਹਰ ਭਰੀ ਨਜ਼ਰ ਦੇ ਪਾਤ੍ਰ ਬਣਦੇ ਹਨ, ਉਹੀ ਬੰਦੇ ਉਸ ਦੇ ਦਿਲ ’ਚ ਪਸੰਦ ਆਉਂਦੇ ਹਨ, ਜਿਨ੍ਹਾਂ ਨੇ ਸ਼ਰਧਾ ਤੇ ਸਿੱਦਕ ਨਾਲ ਉਸ ਨੂੰ ਸਿਮਰਿਆ ਹੈ ਭਾਵ ਪਰਵਾਰਕ ਤੇ ਪਦਾਰਥਕ ਮੋਹ ਤੋਂ ਉਚੇਰੇ ਉੱਠ ਕੇ ਆਤਮ-ਰੰਗ ਨਾਲ਼ ਸਿਮਰਿਆ ਜਾਂਦਾ ਹੈ। ਗੁਰ ਵਾਕ ਹੈ, ‘‘ਆਖਣੁ ਸੁਨਣਾ ਪਉਣ ਕੀ ਬਾਣੀ; ਇਹੁ ਮਨੁ ਰਤਾ ਮਾਇਆ ਖਸਮ ਕੀ ਨਦਰਿ ਦਿਲਹਿ ਪਸਿੰਦੇ; ਜਿਨੀ ਕਰਿ ਏਕੁ ਧਿਆਇਆ ’’ (ਮਹਲਾ /੨੪) ਧਿਆਨ ਰਹੇ ਕਿ ਸਾਡੀ ਨਜ਼ਰ ’ਚ ਰਮਤ-ਰਾਮ ਦੇ ਸਿਮਰਨ ਵਾਲਾ ਉਸ ਨੂੰ ਹੀ ਸਮਝਿਆ ਜਾਂਦਾ ਹੈ, ਜੋ ਇੱਕ ਮਾਇਆ ਦਾ ਪੁੱਤਰ ਬਣ ਕੇ ਉਸ ਦੀ ਸੇਵਾ ਕਰਨ ਦੀ ਥਾਂ, ਉਸ ਦਾ ਭੋਗ ਕਰੇ ਭਾਵ ਜੋ ਮਾਇਆ ਨੂੰ ਖਾ ਕੇ ਉਹਦੇ ਪ੍ਰਭਾਵ ਤੋਂ ਮੁਕਤ ਹੋ ਜਾਵੇ। ਐਸੇ ਮਨੁੱਖ ਦੀਆਂ ਨਿਸ਼ਾਨੀਆਂ ਇਹ ਹਨ ਕਿ ਉਹ ਖ਼ਿਮਾ-ਧਨ ਇਕੱਠਾ ਕਰਦਾ ਹੈ, ‘‘ਰਾਮ ਰਵੰਤਾ ਜਾਣੀਐ; ਇਕ ਮਾਈ ਭੋਗੁ ਕਰੇਇ ਤਾ ਕੇ ਲਖਣ ਜਾਣੀਅਹਿ; ਖਿਮਾ ਧਨੁ ਸੰਗ੍ਰਹੇਇ ’’ (ਮਹਲਾ /੧੧੭੧)

ਇਸੇ ਰਾਗ ’ਚ ਆਪ ਨੇ ਆਪਣੇ ਤੀਜੇ ਜੋਤਿ-ਸਰੂਪ ’ਚ ਕਿਹਾ ਕਿ ਜਗਤ ਵਿਚ ਭਾਵੇਂ ਤ੍ਰੈਗੁਣੀ ਮਾਇਆ ਦਾ ਮੋਹ ਪਸਰ ਰਿਹਾ ਹੈ, ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਉਚਤਮ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ, ਜਿੱਥੇ ਮਾਇਆ ਦੇ ਤਿੰਨ ਗੁਣਾਂ (ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਵਾਲੇ ਰਜੋ, ਸਤੋ ਤੇ ਤਮੋ) ਦਾ ਪ੍ਰਭਾਵ ਹੀ ਨਹੀਂ ਰਹਿੰਦਾ। ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਨਾਲ਼ ਜੋੜਿਆ ਹੈ, ਉਹਨਾਂ ਦੇ ਮਨ ’ਚ ਹੀ ਪਰਮਾਤਮਾ ਦਾ ਨਾਮ ਵੱਸਦਾ ਹੈ, ‘‘ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ ਚਉਥਾ ਪਦੁ ਪਾਇ ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ () ਆਇ ਪੋਤੈ ਜਿਨ ਕੈ ਪੁੰਨੁ ਹੈ; ਤਿਨ ਸਤਸੰਗਤਿ ਮੇਲਾਇ ’’ (ਮਹਲਾ /੩੦)

ਸਤਿਗੁਰਾਂ ਅਨੁਸਾਰ ਅਸਲ ਸਚਾਈ ਇਹ ਹੈ ਕਿ ਜਪੁ ਜੀ ਦੇ ਵਿਚਾਰਧੀਨ ਬੰਦ ਅੰਦਰਲੇ ਪੌਰਾਣਿਕ-ਮਤੀ ਦੇਵੀ ਦੇਵਤੇ (ਏਕਾ ਮਾਈ ਤੇ ਉਸ ਦੇ ਤਿੰਨ ਚੇਲੇ) ਵੀ ਮਨੁੱਖੀ ਮਨ ਅੰਦਰਲੀ ਸੁਖਾਂ ਦੀ ਕਾਮਨਾ ਅਤੇ ਦੁਖਾਂ ਦੇ ਡਰ ਵਾਲੇ ਭਰਮ ’ਚੋਂ ਹੀ ਪੈਦਾ ਹੋਏ ਹਨ। ਵੈਸੇ ਉਨ੍ਹਾਂ ਦੀ ਕੋਈ ਸਰੀਰਕ ਹੋਂਦ ਨਹੀਂ। ਸੁੱਖਾਂ ਦੀ ਪ੍ਰਾਪਤੀ ਅਤੇ ਦੁੱਖਾਂ ਦੀ ਨਿਵਿਰਤੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤਰਾਂ ਵਰਗੇ ਮਜ਼੍ਹਬੀ ਗ੍ਰੰਥਾਂ ਦੀ ਰਾਹੀਂ ਕਰਮਕਾਂਡ ਰਚੇ ਗਏ ਹਨ। ਸਾਰੇ ਸੰਸਾਰ ’ਚ ਸੁਖਾਂ ਦੀ ਲਾਲਸਾ (ਕਾਮ) ਤੇ ਦੁਖਾਂ ਤੋਂ ਡਰ (ਕ੍ਰੋਧ) ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਰੂਪ ਭਟਕਣਾ ਤੇ ਭਰਮ ਵਿੱਚ ਪਏ ਦੁਖੀ ਹੋ ਰਹੇ ਹਨ, ‘‘ਦੇਵੀ ਦੇਵਾ ਮੂਲੁ ਹੈ ਮਾਇਆ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ਕਾਮੁ ਕ੍ਰੋਧੁ ਪਸਰਿਆ ਸੰਸਾਰੇ; ਆਇ ਜਾਇ ਦੁਖੁ ਪਾਵਣਿਆ ’’ (ਮਹਲਾ /੧੨੯)

ਸੋ ਹਜ਼ੂਰ ਨੇ ਜੋਗੀਆਂ ਰਾਹੀਂ ਸਾਰੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ ਕਿ ਮਹਾਂ ਮਾਈ (ਏਕਾ ਮਾਈ) ਦੇ ਨਾਸ਼ਵੰਤ ਚੇਲਿਆਂ (ਬ੍ਰਹਮਾ ਵਿਸ਼ਨੂੰ ਤੇ ਮਹੇਸ਼) ਦੀ ਥਾਂ ਉਸ ਅਕਾਲ-ਪੁਰਖ ਨੂੰ ਨਮਸਕਾਰ (ਆਦੇਸ਼) ਕਰੋ, ਜੋ ਸਾਰੇ ਸੰਸਾਰ ਦਾ ਮੁੱਢ (ਆਦਿ) ਹੈ। ਜੋ ਸ਼ੁੱਧ ਸਰੂਪ (ਅਨੀਲੁ) ਹੈ। ਜਿਸ ਦਾ ਕੋਈ ਆਪਣਾ ਮੁੱਢ ਨਹੀਂ (ਅਨਾਦਿ)। ਜੋ ਨਾਸ ਰਹਿਤ (ਅਨਾਹਤਿ) ਹੈ ਤੇ ਜਿਹੜਾ ਹਰੇਕ ਜੁਗ ’ਚ ਭਾਵ ਸਦਾ ਤੋਂ ਇਕੋ ਜਿਹਾ ਹੀ ਰਹਿੰਦਾ ਹੈ, ਜੰਮਦਾ ਮਰਦਾ ਨਹੀਂ। ਪ੍ਰਭੂ ਨਾਲੋਂ ਵਿੱਥ ਪੈਦਾ ਕਰਨ ਵਾਲੀ ਹਉਮੈ ਦੀ ਕੂੜੀ ਦੀਵਾਰ ਨੂੰ ਤੋੜਦਿਆਂ ਸਚਿਆਰ ਹੋ ਕੇ ਜੀਊਣ ਲਈ ‘‘ਬੰਦਨਾ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ਰਹਾਉ ’’ (ਮਹਲਾ /੬੮੩)  ਹੀ ਸਫਲ ਜੀਵਨ-ਯਾਤਰਾ ਲਈ ਇਕੋ-ਇੱਕ ਸਰਲ, ਸੁਖਾਲਾ ਤੇ ਸਰਬੋਤਮ ਸਾਧਨ ਹੈ, ‘‘ਆਦੇਸੁ; ਤਿਸੈ ਆਦੇਸੁ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦’’ (ਜਪੁ)

ਤਾਤੀ ਵਾਉ ਨ ਲਗਈ

0

ਤਾਤੀ ਵਾਉ ਲਗਈ

ਡਾਇਰੈਕਟਰ ਹਰਭਜਨ ਸਿੰਘ ਜੀ

ਬਿਲਾਵਲੁ ਮਹਲਾ   ਤਾਤੀ ਵਾਉ ਲਗਈ; ਪਾਰਬ੍ਰਹਮ ਸਰਣਾਈ   ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਭਾਈ   ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ   ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ਰਹਾਉ   ਰਾਖਿ ਲੀਏ ਤਿਨਿ ਰਖਨਹਾਰਿ; ਸਭ ਬਿਆਧਿ ਮਿਟਾਈ   ਕਹੁ ਨਾਨਕ  ! ਕਿਰਪਾ ਭਈ; ਪ੍ਰਭ ਭਏ ਸਹਾਈ (ਮਹਲਾ /੮੧੯)

ਇਹ ਅਨਮੋਲ, ਅਮਲੀਕ ਅੰਮ੍ਰਿਤਮਈ ਬਚਨ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 819 ’ਤੇ ਸੁਸ਼ੋਭਿਤ ਹਨ। ਇਸ ਸ਼ਬਦ ਰਾਹੀਂ ਸੱਚੇ ਅਤੇ ਪੂਰੇ ਗੁਰੂ ਦੀ ਮਹਿਮਾ ਕਰਦਿਆਂ ਗੁਰਦੇਵ ਪਿਤਾ ਜੀ ਸਮਝਾ ਰਹੇ ਹਨ ਕਿ ਪੂਰਨ ਸਤਿਗੁਰ ਦੇ ਮਿਲਾਪ ਨਾਲ਼ ਜੀਵਨ ਵਿਚ ਬਹੁਤ ਭਾਰੀ ਤਬਦੀਲੀ ਆ ਜਾਂਦੀ ਹੈ। ਤਬਦੀਲੀ ਤੋਂ ਭਾਵ ਉਸ ਦਾ ਪਹਿਲਾ ਸੁਭਾਅ, ਪਹਿਲੇ ਬਣੇ ਹੋਏ ਸੰਸਕਾਰ ਜਾਂ ਆਦਤਾਂ ਬਦਲ ਜਾਂਦੀਆ ਹਨ। ਜਿਵੇਂ ਕੋਈ ਸਿਆਣਾ, ਬੁੱਤ ਘੜਨਹਾਰ; ਕਿਸੇ ਬੇਢੱਬੇ ਜਿਹੇ ਪੱਥਰ ਨੂੰ ਤਰਾਸ਼ ਕੇ ਉਸ ਵਿਚੋਂ ਖੂਬਸੂਰਤ ਮੂਰਤੀ ਤਿਆਰ ਕਰ ਲੈਂਦਾ ਹੈ; ਤਿਵੇਂ ਹੀ ਸਤਿਗੁਰੂ ਜੀ ‘ਵੇਦ ਹਥਿਆਰ’ ਨਾਲ ਜੀਵ ਦੀ ਮਤਿ ਨੂੰ ਘੜ ਕੇ ਖੂਬਸੂਰਤ ਜੀਵਨਸ਼ੈਲੀ ਬਣਾ ਦੇਂਦੇ ਹਨ।

‘‘ਸਤਿਗੁਰੁ ਮਿਲੈ; ਗੁਰਮਤਿ ਪਾਈਐ.. ’’ (ਮਹਲਾ /੫੯੮) ਵਾਕ ਅਨੁਸਾਰ ਗੁਰੂ ਦੀ ਮੱਤ ਧਾਰਨ ਕਰਕੇ ਜੀਵਨ ਜਿਊਣ ਨੂੰ ਹੀ ਅਸਲ ਗੁਰੂ ਮਿਲਾਪ ਕਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਪਉੜੀ ਅੰਦਰ ਗੁਰੂ ਦੇ ਮਿਲਾਪ ਤੋਂ ਪੈਦਾ ਹੋਈ ਅਵਸਥਾ ਨੂੰ ਇੰਝ ਬਿਆਨ ਕੀਤਾ ਹੈ :

ਸਤਿਗੁਰ ਪਾਰਸਿ ਪਰਸਿਐ; ਕੰਚਨੁ ਕਰੈ ਮਨੂਰ ਮਲੀਣਾ

ਸਤਿਗੁਰ ਬਾਵਨੁ ਚੰਦਨੋ; ਵਾਸੁ ਸੁਵਾਸੁ ਕਰੈ ਲਾਖੀਣਾ

ਸਤਿਗੁਰ ਪੂਰਾ ਪਾਰਿਜਾਤੁ; ਸਿੰਮਲੁ ਸਫਲੁ ਕਰੈ, ਸੰਗਿ ਲੀਣਾ

ਮਾਨ ਸਰੋਵਰੁ ਸਤਿਗੁਰੂ; ਕਾਗਹੁ ਹੰਸ ਜਲਹੁ ਦੁਧੁ ਪੀਣਾ

ਗੁਰ ਤੀਰਥੁ ਦਰੀਆਉ ਹੈ; ਪਸੂ ਪਰੇਤ ਕਰੈ ਪਰਬੀਣਾ

ਸਤਿਗੁਰੁ ਬੰਦੀਛੋੜੁ ਹੈ; ਜੀਵਣ ਮੁਕਤਿ ਕਰੈ ਓਡੀਣਾ

ਗੁਰਮੁਖਿ ਮਨ ਅਪਤੀਜੁ ਪਤੀਣਾ ੨੦ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੦)

ਵਿਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ   ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ਰਹਾਉ ’’ ਭਾਵ ਪੂਰਾ ਸਤਿਗੁਰੂ ਜਿਸ ਨੇ ਇਹ ਵਿਓਂਤ ਬਣਾਈ ਹੈ, ਉਹ ਸਾਨੂੰ ਮਿਲ ਪਿਆ ਹੈ। ਉਸ ਨੇ ਸਾਨੂੰ ਰਾਮ ਦੇ ਨਾਮ ਦੀ ਦਵਾਈ ਦਿੱਤੀ ਹੈ, ਜਿਸ ਦਾ ਸਦਕਾ ਇਕ ਪ੍ਰਭੂ ਵਿੱਚ ਲਿਵ ਜੋੜ ਰੱਖੀ ਹੈ।

ਪ੍ਰਭੂ ਨਾਲ ਲਿਵ ਜੁੜਨ ਵਾਲੀ ਵਿਓਂਤ ਜਾਂ ਜੀਵਨ ਦੀ ਚੰਗੀ ਬਣਤਰ ਗੁਰੂ ਦੁਅਰਾ ਹੀ ਬਣ ਸਕਦੀ ਹੈ। ਬਿਲਾਵਲ ਰਾਗ ਅੰਦਰ ਹੀ ਗੁਰੂ ਅਰਜਨ ਦੇਵ ਜੀ ਦੇ ਬਚਨ ਇਸ ਤਰ੍ਹਾਂ ਹਨ, ‘‘ਸਗਲ ਮਨੋਰਥ ਪ੍ਰਭਿ ਕੀਏ; ਭੇਟੇ ਗੁਰਦੇਵ   ਜੈ ਜੈ ਕਾਰੁ ਜਗਤ ਮਹਿ; ਸਫਲ ਜਾ ਕੀ ਸੇਵ ’’ (ਮਹਲਾ /੮੧੯) ਭਾਵ ਜਦੋਂ ਗੁਰਦੇਵ ਪਿਤਾ ਮਿਲ ਪਏ ਤਾਂ ਪ੍ਰਭੂ ਨੇ ਸਾਰੇ ਮਨੋਰਥ ਪੂਰੇ ਕਰ ਦਿੱਤੇ। ਜਿਸ ਗੁਰੂ ਦੀ ਸੇਵਾ ਸਰਬ ਫਲ ਦਾਤੀ ਹੈ, ਉਸ ਦੀ ਬਰਕਤ ਨਾਲ ਸਾਰੇ ਜਗਤ ਵਿੱਚ ਸਾਡੀ ਜੈ ਜੈਕਾਰ ਭਾਵ ਸ਼ੋਭਾ ਹੋ ਗਈ। ਸੰਸਾਰ ਵਿੱਚ ਸ਼ੋਭਾ ਉਨ੍ਹਾਂ ਦੀ ਹੁੰਦੀ ਹੈ, ਜਿਨ੍ਹਾਂ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ ਹੈ। ਇਹ ਨਿਰਮਲਤਾ ‘‘ਸਤਿਗੁਰ ਤੇ ਕਰਣੀ ਕਮਾਣੀ ’’ (ਮਹਲਾ /੯੧੯) ਕਰਕੇ ਹੋ ਸਕਦੀ ਹੈ। ਸਤਿਗੁਰੂ ਜੀ ਨੇ ਰਾਮ ਦੇ ਨਾਮ ਨੂੰ ਮਨ ’ਤੇ ਪ੍ਰਭਾਵ ਪਾਉਣ ਵਾਲੀ ਅਸਰ ਦਾਇਕ ਦਵਾਈ ਦੱਸਿਆ ਹੈ। ਜਿਵੇਂ ਕੋਈ ਸਿਆਣਾ ਵੈਦ ਰੋਗੀ ਦੀ ਨਬਜ਼ ਪਕੜ ਕੇ ਉਸ ਦੇ ਰੋਗ ਨੂੰ ਪਛਾਣ ਕੇ, ਚੰਗੀ ਦਵਾਈ ਦੇ ਕੇ, ਉਸ ਨੂੰ ਰੋਗਾਂ ਤੋਂ ਮੁਕਤ ਕਰ ਦੇਂਦਾ ਹੈ। ਤਿਵੇਂ ਸਤਿਗਰੂ ਵੈਦ ਆਪਣੀ ਸਰਨ ਆਏ ਹੋਏ ਆਤਮਕ ਰੋਗੀ ਨੂੰ ਆਤਮਕ ਰੋਗਾਂ ਤੋਂ ਖਲਾਸੀ ਦੁਆ ਦਿੰਦਾ ਹੈ। ਗੁਰ ਵਾਕ ਹੈ, ‘‘ਮੇਰਾ ਬੈਦੁ ਗੁਰੂ ਗੋਵਿੰਦਾ   ਹਰਿ ਹਰਿ ਨਾਮੁ ਅਉਖਧੁ ਮੁਖਿ () ਦੇਵੈ; ਕਾਟੈ ਜਮ ਕੀ ਫੰਧਾ ਰਹਾਉ ’’ (ਮਹਲਾ /੬੧੮)

ਇਸੇ ਰਾਮ ਨਾਮ ਅਉਖਧ ਦੀ ਬਰਕਤ ਨਾਲ ਆਤਮਕ ਰੋਗ ਭਾਵ ਵਿਕਾਰ ਦੁੱਖੀ ਨਹੀਂ ਕਰਦੇ। ਗੁਰੂ ਅਰਜਨ ਦੇਵ ਜੀ; ਆਪਣੇ ਸ਼ਬਦ ਦੇ ਪਹਿਲੇ ਪਦੇ ਵਿੱਚ ਇਸੇ ਵਿਚਾਰ ਨੂੰ ਦ੍ਰਿੜ੍ਹ ਕਰਵਾਉਂਦੇ ਹੋਏ ਕਿ ‘‘ਤਾਤੀ ਵਾਉ ਲਗਈ; ਪਾਰਬ੍ਰਹਮ ਸਰਣਾਈ   ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਭਾਈ ’’ ਭਾਵ ਹੇ ਭਾਈ ! ਪਾਰਬ੍ਰਹਮ ਪਰਮੇਸ਼ਰ ਦੀ ਸ਼ਰਨ ਪਿਆਂ ਤੱਤੀ ਹਵਾ ਵੀ ਨਹੀਂ ਲੱਗਦੀ ਭਾਵ ਦੁੱਖ ਨਹੀਂ ਲੱਗਦਾ ਕਿਉਂਕਿ ਭਗਤ ਦੇ ਆਲੇ ਦੁਆਲੇ ਚੌਂਹਾ ਪਾਸੇ ਰਾਮ ਨਾਮ ਦੀ ਲਕੀਰ ਖਿਚੀ ਜਾਂਦੀ ਹੈ। ਇਸ ਲਈ ਸਾਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ‘ਤਾਤੀ ਵਾਉ’ ਦੇ ਅਰਥ ਗਰਮ ਹਵਾਵਾਂ ਹਨ, ਪਰ ਇਹ ਮੁਹਾਵਰਾ ਹੈ, ਜਿਸ ਦਾ ਭਾਵ ਦੁੱਖ ਹੈ। ਗੁਰਬਾਣੀ ’ਚ ਹੋਰ ਥਾਂਵਾਂ ’ਤੇ ਵੀ ਇਹ ਮੁਹਾਵਰਾ ਦਿੱਤਾ ਮਿਲਦਾ ਹੈ; ਜਿਵੇਂ ‘‘ਤਤੀ ਵਾਉ ਲਗਈ; ਜਿਨ ਮਨਿ () ਵੁਠਾ ਆਇ ਜੀਉ (ਮਹਲਾ /੧੩੨), ਤਤੀ ਵਾਉ ਲਗਈ; ਸਤਿਗੁਰਿ (ਨੇ) ਰਖੇ ਆਪਿ (ਮਹਲਾ /੨੧੮), ਤਤੀ ਵਾਉ ਤਾ ਕਉ ਲਾਗੈ (ਜੋ) ਸਿਮਰਤ ਨਾਮੁ, ਅਨਦਿਨੁ ਜਾਗੈ ’’ (ਮਹਲਾ /੧੦੮੫)

ਸਤਿਗੁਰੂ ਜੀ ਨੇ ਪਹਿਲਾਂ ਰਾਮ ਦੇ ਨਾਮ ਨੂੰ ਅਉਖਧ ਅਤੇ ਫਿਰ ਰਾਮ ਨੂੰ ਕਾਰ ਭਾਵ ਲਕੀਰ ਕਿਹਾ। ਲਕੀਰ ਜਾਂ ਕਾਰ ਦਾ ਅਰਥ ਮਰਯਾਦਾ ਹੈ। ਸਤਿਗੁਰੂ ਜੀ ਨੇ ਮਰਯਾਦਾ ਗੁਰਬਾਣੀ ਅੰਦਰ ਅਤੇ ਗੁਰੂ ਪੰਥ ਨੇ ਜੋ ਮਰਿਆਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅੰਦਰ ਦ੍ਰਿੜ੍ਹ ਕਰਵਾਈ ਹੈ, ਉੁਸ ਅਨੁਸਾਰ ਹੀ ਜੀਵਨ ਢਾਲ ਕੇ ਵਿਕਾਰ, ਪਤਿਤਪੁਣੇ, ਫੈਸ਼ਨ ਪ੍ਰਸਤੀ ਅਤੇ ਨਸ਼ੇ ਜਿਹੀਆਂ ਸਰੀਰ ਨੂੰ ਦੁਖ ਦੇਣ ਵਾਲੀਆਂ, ਤਪਾਉਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲੋੜ ਹੈ ਅੱਜ ਸੰਸਾਰ ਦੇ ਹਰ ਵਿਅਕਤੀ ਨੂੰ, ਇਸ ਰਾਮ ਕਾਰ ਨੂੰ ਆਪਣੇ ਆਲੇ-ਦੁਆਲੇ ਖਿੱਚਣ ਦੀ ਤਾਂ ਕਿ ਈਰਖਾ, ਦਵੈਤ, ਸਾੜਾ ਆਪਸੀ ਖਿਚੋਤਾਣ ਧਰਮ ਦੇ ਨਾਂ ’ਤੇ ਹੋ ਰਹੀਆਂ ਬੇਲੋੜੀਆਂ ਲੜਾਈਆਂ ਤੋਂ ਬਚਿਆ ਜਾ ਸਕੇ। ਸਤਿਗੁਰੂ ਜੀ ਦੀ ਇਹੋ ਤਾਂ ਵਡਿਆਈ ਹੈ ਕਿ ‘‘ਨਾਨਕ  ! ਸਤਿਗੁਰੁ ਐਸਾ ਜਾਣੀਐ; ਜੋ ਸਭਸੈ ਲਏ ਮਿਲਾਇ ਜੀਉ ’’ (ਮਹਲਾ /੭੨)

ਸਤਿਗੁਰੂ ਜੀ ਸ਼ਬਦ ਦੇ ਅਖੀਰਲੇ ਅਤੇ ਦੂਜੇ ਪਦੇ ਵਿਚ ਫ਼ੁਰਮਾ ਰਹੇ ਹਨ, ‘‘ਰਾਖਿ ਲੀਏ ਤਿਨਿ ਰਖਨਹਾਰਿ (ਨੇ); ਸਭ ਬਿਆਧਿ ਮਿਟਾਈ   ਕਹੁ ਨਾਨਕ  ! ਕਿਰਪਾ ਭਈ; ਪ੍ਰਭ ਭਏ ਸਹਾਈ ’’ ਭਾਵ ਸਤਿਗੁਰੂ ਦੀ ਕਿਰਪਾ ਸਦਕਾ ਉਸ ਰਖਣਹਾਰ ਪ੍ਰਭੂ ਨੇ ਸਾਨੂੰ ਰੱਖ ਲਿਆ ਹੈ ਅਤੇ ਹਰ ਤਰ੍ਹਾਂ ਦੀ ਮਾਨਸਿਕ ਬਿਮਾਰੀ ਮਿਟਾ ਦਿੱਤੀ ਹੈ। ਹੇ ਨਾਨਕ  ! ਆਖ ਕਿ ਪ੍ਰਭੂ ਦੀ ਕਿਰਪਾ ਹੋਈ ਹੈ ਅਤੇ ਪ੍ਰਭੂ ਆਪ ਸਹਾਈ ਹੋਏ ਹਨ। ਗੁਰੂ ਰਾਮਦਾਸ ਜੀ ਦੇ ਧਨਾਸਰੀ ਰਾਗ ਅੰਦਰ ਬਚਨ ਹਨ, ‘‘ਜਹ ਹਰਿ ਸਿਮਰਨੁ ਭਇਆ; ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ   ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ; ਜਪਿ ਹਰਿ, ਭਵਜਲੁ ਤਰਨਾ ’’ (ਮਹਲਾ /੬੭੦), ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਵਿੱਚ ਵੀ ਦਰਜ ਹੈ, ‘‘ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ’’ (ਮਹਲਾ /੯੨੨)

ਸਵਾਲ ਜਵਾਬ (ਅਗਸਤ 2024)

0

ਸਵਾਲ ਜਵਾਬ

ਸਵਾਲ : ਗੁਰਮਤਿ ਵਿਚ ਨਾਮ ਅਤੇ ਨਾਮ ਜਪਣ ਤੋਂ ਕੀ ਭਾਵ ਹੈ ?

ਜਵਾਬ : ‘‘ਨਾਮੈ ਤੇ ਸਭਿ ਊਪਜੇ ਭਾਈ ! ਨਾਇ ਵਿਸਰਿਐ ਮਰਿ ਜਾਇ ’’ (ਮਹਲਾ /੬੦੩) ਇਸ ਤੁਕ ਮੁਤਾਬਕ ਨਾਮ ਅਤੇ ਅਕਾਲ ਪੁਰਖ ਸਮ ਅਰਥੀ ਸ਼ਬਦ ਹਨ ਕਿਉਂਕਿ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਿ ਸਭ ਦੀ ਉਤਪਤੀ ਇੱਕ ਅਕਾਲ ਪੁਰਖ ਤੋਂ ਹੁੰਦੀ ਹੈ, ‘‘ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ’’ (ਮਹਲਾ /੫੧) ਅਕਾਲ ਪੁਰਖ ਦੀ ਯਾਦ ਨੂੰ ਮਨ ਵਿਚ ਸਦਾ ਵਸਾਈ ਰੱਖਣਾ ਹੀ ‘ਨਾਮ’ ਜਪਣਾ ਹੈ। ਜੇ ਪ੍ਰਭੂ ਚਿਤ ’ਚ ਨਹੀਂ ਵਸਿਆ ਤਾਂ ਜੀਭ ਨਾਲ ਨਾਮ ਜਪਣ ਦਾ ਉਹ ਲਾਭ ਨਹੀਂ ਮਿਲਦਾ, ਜੋ ਹਰੀ ਨੂੰ ਹਿਰਦੇ ’ਚ ਵਸਾਉਣ ਨਾਲ ਮਿਲਣਾ ਹੈ। ਸਮਝ ਤੋਂ ਸੱਖਣੇ ਅਕਸਰ ਇਸ ਤਰ੍ਹਾਂ ਦੀ ਨਾਮ ਜਪਦੇ ਹਨ, ‘‘ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ (ਅਨੰਦ ਮਹਲਾ /੯੨੦), ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ; ਰਾਮੁ ਪਾਇਆ ਜਾਇ ’’ (ਮਹਲਾ /੫੫੫)

ਸਵਾਲ : ਅੰਮ੍ਰਿਤ ਜਾਂ ਖੰਡੇ ਕੀ ਪਾਹੁਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਓ ਜੀ।

ਜਵਾਬ: ‘ਖੰਡੇ ਕੀ ਪਹੁਲ’ ਨੇ ਸਿੱਖਾਂ ਦੀ ਵਿਚਾਰਧਾਰਾ ਅਤੇ ਬਾਹਰੀ ਦਿੱਖ ਨੂੰ ਇਕੋ ਜਿਹਾ ਕਰ ਕੇ ਸਮੂਹ ਸਿੱਖਾਂ ਨੂੰ ਏਕਤਾ ਦੇ ਬੰਧਨ ’ਚ ਬੰਨ੍ਹਣਾ ਹੁੰਦਾ ਹੈ। ਇਸ ਤਰ੍ਹਾਂ ਸੋਚ ਅਤੇ ਸਰੂਪ ਦੇ ਪੱਖੋਂ ਨਿਆਰਾਪਣ ਬਖ਼ਸ਼ਿਆ, ਜਿਸ ਨਾਲ਼ ‘ਖ਼ਾਲਸਾ ਪੰਥ’ ਇਕ ਵੱਡੇ ਪਰਵਾਰ ਦੇ ਰੂਪ ’ਚ ਪ੍ਰਸਿੱਧ ਹੋਇਆ। ਸਿੱਖਾਂ ਦੇ ਇਕੋ ਧਾਰਮਿਕ ਜਨਮ ਸਥਾਨ, ਵਸਣ ਦਾ ਇਕੋ ਸ਼ਹਰ, ਇਕੋ ਮਾਤਾ-ਪਿਤਾ ਆਦਿ ਹੋਣ ਕਰਕੇ ਉਨ੍ਹਾਂ ਦੇ ਸਾਰੇ ਭਿੰਨ ਭੇਦ ਮੁਕਾ ਦਿੱਤੇ। ਸਭ ਸਿੱਖ ਮਰਦਾਂ ਦੇ ਨਾਮ ਦੇ ਅੰਤ ’ਚ ‘ਸਿੰਘ’ ਅਤੇ ਬੀਬੀਆਂ ਦੇ ਨਾਂ ਦੇ ਅਖੀਰ ’ਚ ‘ਕੌਰ’ ਸ਼ਬਦ ਲਾਉਣ ਅਤੇ ਸਭ ਲਈ ਪੰਜ-ਕਕਾਰ (ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ) ਜ਼ਰੂਰੀ ਕਰਨ ਪਿੱਛੇ ਵੀ ਕੌਮੀ ਮਜ਼ਬੂਤੀ ਦੀ ਭਾਵਨਾ ਸੀ। ਇਸੇ ਕਰਕੇ ਸਿੱਖ ਇਕ ਅਜਿਹੀ ਸ਼ਕਤੀ ਦੇ ਧਾਰਨੀ ਬਣੇ, ਜਿਸ ਨੇ ਸੱਚ, ਇਨਸਾਫ਼ ਅਤੇ ਮਨੁੱਖੀ ਹਿੱਤਾਂ ਲਈ ਸੰਘਰਸ਼ ਕਰਨ, ਕੁਰਬਾਨੀਆਂ ਦੇਣ ਅਤੇ ਅੰਤ ’ਚ ਆਪਣਾ ਰਾਜ-ਭਾਗ ਕਾਇਮ ਕਰਨ ’ਚ ਯੋਗ ਪਾਇਆ।

ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਨਾਮ ਹੀ ‘ਅੰਮ੍ਰਿਤ’ ਹੈ, ‘‘ਅੰਮ੍ਰਿਤੁ ਹਰਿ ਕਾ ਨਾਮੁ ਹੈ; ਜਿਤੁ+ਪੀਤੈ (ਨਾਲ) ਤਿਖ ਜਾਇ ਨਾਨਕ  ! ਗੁਰਮੁਖਿ ਜਿਨ੍ਹ ਪੀਆ; ਤਿਨ੍ਹ ਬਹੁੜਿ ਲਾਗੀ ਆਇ ’’ (ਮਹਲਾ /੧੨੮੩)

ਸਵਾਲ : ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ ਤੇ ਪਾਠ ਦਾ ਭੋਗ ਵੀ ਸੈਂਚੀਆਂ ’ਤੇ ਪਾਇਆ ਜਾ ਸਕਦਾ ਹੈ ?

ਜਵਾਬ : ਪਾਠ ਤਾਂ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ, ਪਰ ਪਾਠ ਦਾ ਆਰੰਭ ਅਤੇ ਭੋਗ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਾਇਆ ਜਾਵੇ। ਇਸ ਸਬੰਧ ’ਚ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ਹੈ ਕਿ ‘ਸਹਿਜ ਪਾਠ ਦੇ ਅਰੰਭ ਵੇਲੇ ਪ੍ਰਸ਼ਾਦ ਲਿਆ ਕੇ ਅਨੰਦ ਸਾਹਿਬ ਦੀਆਂ ਪਹਿਲੀਆ ਪੰਜ ਪਉੜੀਆਂ ਅਤੇ ਇੱਕ ਆਖਰੀ ਪਉੜੀ ਦਾ ਪਾਠ ਕਰਕੇ, ਅਰਦਾਸ ਮਗਰੋਂ ਹੁਕਮ (ਵਾਕ) ਲਿਆ ਜਾਵੇ। ਇਸ ਦੇ ਮਗਰੋਂ ਪਾਠ ਅਰੰਭ ਕੀਤਾ ਜਾਵੇ’। ਇਸ ਤਰ੍ਹਾਂ ਹੀ ਭੋਗ ਦੀ ਮਰਯਾਦਾ ਹੈ। ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਯਾਦਾ ਪੜ੍ਹੀ ਜਾ ਸਕਦੀ ਹੈ, ਜੋ ਸ੍ਰੋ: ਕਮੇਟੀ ਦੇ ਲਿਟਰੇਚਰ ਹਾਊਸ ਤੋਂ ਜਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਵਾਲ : ‘‘ਸਜਣੁ ਸਚਾ ਪਾਤਿਸਾਹੁ, ਸਿਰਿ ਸਾਹਾਂ ਦੈ ਸਾਹੁ ਜਿਸ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ ’’ ਵਾਕ ਦਾ ਸ਼ੁੱਧ ਉਚਾਰਨ ਕਿਸ ਤਰ੍ਹਾਂ ਕਰਨਾ ਹੈ  ?

ਜਵਾਬ : ‘ਸਾਹੁ’ ਦਾ ਅਰਥ ਹੈ ‘ਸੁਆਸੁ’ ਜਦਕਿ ‘ਸ਼ਾਹ’ ਦਾ ਅਰਥ ਹੈ ‘ਸ਼ਾਹੂਕਾਰ, ਮਾਲਕ’। ‘ਪਾਤਿਸ਼ਾਹੁ’ ਦਾ ਅਰਥ ਹੈ ‘ਬਾਦਿਸ਼ਾਹ’। ਸੋ ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਸਜਣੁ’ ਦਾ ਉਚਾਰਨ ਸੱਜਣ, ‘ਸਾਹੁ’ ਦਾ ਉਚਾਰਨ ਸ਼ਾਹੁ, ‘ਪਾਤਿਸਾਹੁ’ ਦਾ ਉਚਾਰਨ ਪਾਤਿਸ਼ਾਹ ਅਤੇ ‘ਵੇਸਾਹੁ’ ਦਾ ਉਚਾਰਨ ‘ਵੇਸਾਹ’ (ਜਿਸ ਦਾ ਅਰਥ ਹੈ ‘ਭਰੋਸਾ’) ਕਰਨਾ ਵਧੇਰੇ ਸਹੀ ਜਾਪਦਾ ਹੈ।

ਗੁਰਬਾਣੀ ਵਿਆਕਰਨ ਅਨੁਸਾਰ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਦੇ ਅੰਤਮ ਅੱਖਰ ਨੂੰ ਲੱਗੀ ਔਂਕੜ; ਇਕ ਵਚਨ ਦੀ ਲਖਾਇਕ ਹੈ, ਜੋ ਅਰਥ ਕਰਨ ’ਚ ਸਹਾਇਕ ਹੁੰਦੀ ਹੈ। ਇਸ ਦਾ ਉਚਾਰਨ ਨਾਲ ਕੋਈ ਸਬੰਧ ਨਹੀਂ। ਇਸ ਲਈ ਸਜਣੁ, ਪਾਤਿਸਾਹੁ, ਸਾਹੁ, ਵੇਸਾਹੁ ਸ਼ਬਦਾਂ ਦੇ ਅੰਤਮ ਅੱਖਰਾਂ ਨੂੰ ਬਿਨਾਂ ਔਂਕੜ ਉਚਾਰਨਾ ਸਹੀ ਹੈ। ਗੁਰਬਾਣੀ ਵਿਆਕਰਨ ਦਾ ਦੂਸਰਾ ਨਿਯਮ ਹੈ ‘ਇੱਕ ਵਚਨ ਪੁਲਿੰਗ ਨਾਂਵ’ ਦੇ ਅੰਤਲੇ ਅੱਖਰ ਨੂੰ ਲੱਗੀ ਸਿਹਾਰੀ (ਸਜਣਿ, ਸਾਹਿ, ਪਾਤਿਸਾਹਿ, ਵੇਸਾਹਿ) ਕਾਰਕ ਦੇ ਰੂਪ ’ਚ ਵਰਤੀ ਜਾਂਦੀ ਹੈ।ਇਹ ਸਿਹਾਰੀ ਵੀ ਉਚਾਰੀ ਨਹੀਂ ਜਾਂਦੀ; ਜਿਵੇਂ ਕਿ ‘ਸਿਰਿ’ ਦਾ ਉਚਾਰਨ ਬਿਨਾਂ ਸਿਹਾਰੀ ‘ਸਿਰ’ ਉਚਾਰਨ ਹੋਵੇਗਾ। ਸੋ ਉਕਤ ਵਾਕ ਦਾ ਸਹੀ ਉਚਾਰਨ ਹੈ, ‘‘ਸਜਣ ਸਚਾ ਪਾਤਿਸ਼ਾਹ, ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹ ’’

ਸਵਾਲ : ਤ੍ਰੈ ਗੁਣ ਦਾ ਕੀ ਭਾਵ ਹੈ, ਜੀ  ?

ਜਵਾਬ : ਤ੍ਰੈ ਗੁਣ ਦਾ ਅਰਥ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ ਜਾਂ ਰਜ, ਤਮ, ਸਤ)। ਇਨ੍ਹਾਂ ਦੇ ਅਰਥ ਹਨ :

(). ਰਜ ਗੁਣ : ਮਾਇਆ ਦਾ ਉਹ ਗੁਣ, ਜੋ ਮਨ ’ਚ ਮੋਹ, ਹੰਕਾਰ ਆਦਿ ਪੈਦਾ ਕਰਦਾ ਹੈ।

(). ਤਮ ਗੁਣ : ਮਾਇਆ ਦਾ ਉਹ ਗੁਣ, ਜਿਸ ਕਾਰਨ ਆਤਮਕ ਜੀਵਨ ਦਾ ਸਾਹ ਘੁਟਿਆ ਜਾਵੇ, ਅਗਿਆਨਤਾ, ਹਨ੍ਹੇਰਾ।

(). ਸਤ ਗੁਣ : ਮਾਇਆ ਦਾ ਉਹ ਗੁਣ, ਜਿਸ ਤੋਂ ਦਇਆ, ਦਾਨ, ਖਿਮਾ, ਆਦਿ ਗੁਣ ਉਪਜਦੇ ਹਨ ਭਾਵ ਵਿਖਾਵੇ ਮਾਤਰ ਕੀਤੇ ਜਾਂਦੇ ਧਾਰਮਿਕ ਕਰਮ।

ਇਨ੍ਹਾਂ ਤਿੰਨੇ ਗੁਣਾਂ ਤੋਂ ਸ੍ਰੇਸ਼ਟ ਗੁਣ ਹੈ ‘ਨਾਮ ਜਪਣਾ’, ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ’’ (ਮਹਲਾ /੨੬੬) , ਇਸ ਨੂੰ ਅਣਡਿੱਠ ਕਰ ਕੀਤੇ ਜਾਂਦੇ ਉਕਤ ਕਰਮ; ਮਾਇਆ ਦਾ ਹੀ ਰੂਪ ਹਨ,‘‘ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚ ਪਤਿ ਖੋਈ ਗੁਰਮੁਖਿ ਹੋਵੈ, ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ’’ (ਮਹਲਾ /੬੦੪) ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ ਕਿ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ, ਜਿਨ੍ਹਾਂ ਦੇ ਅਸਰ ਹੇਠ ਮਨੁੱਖ ਹਉਮੈ ’ਚ ਫਸ ਕੇ ਇੱਜ਼ਤ ਗਵਾ ਬੈਠਦਾ ਹੈ, ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਚੌਥੇ ਪਦ ਨੂੰ ਪਛਾਣ ਲੈਂਦਾ ਹੈ, ਜਿੱਥੇ ਮਾਇਆ ਦੇ ਇਹ ਤਿੰਨ ਗੁਣ ਅਸਰ ਨਹੀਂ ਪਾ ਸਕਦੇ। ਪਰਮਾਤਮਾ ਦੇ ਨਾਮ ’ਚ ਟਿਕ ਕੇ ਉਹ ਆਤਮਕ ਅਨੰਦ ਮਾਣਦਾ ਹੈ।

ਸਵਾਲ : ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਦੀ ਵਿਆਖਿਆ ਕਰੋ, ਜੀ।

ਜਵਾਬ : ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਧਰਮ ’ਚ ਨਾਮ ਜਪਣ, ਧਰਮ ਦੀ ਕਿਰਤ ਕਰਨ ਤੇ ਵੰਡ ਛਕਣ ਦਾ ਮਨੁੱਖਤਾ ਪੱਖੀ ਸਿਧਾਂਤ ਹੈ। ਗੁਰੂ ਨਾਨਕ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਿਧਾਂਤ ਤਹਿਤ ਮਨੁੱਖ ਨੇ ਨਾਮ ਜਪ ਕੇ ਆਪਣਾ ਮਨ ਕਾਬੂ ਕਰਨਾ ਹੈ।  ਹੱਥੀਂ ਕਿਰਤ-ਕਾਰ ਕਰਨੀ ਹੈ ਤੇ ਇਸ ਕਿਰਤ ’ਚੋਂ ਕੁੱਝ ਹਿੱਸਾ ਲੋੜਵੰਦਾਂ ਲਈ ਵੰਡਣਾ ਹੈ। ਪਦਾਰਥਵਾਦ ਸਿਧਾਂਤ ਦੇ ਹਾਮੀ ਕਾਰਲ ਮਾਰਕਸ ਦੇ ਅਖੌਤੀ ਸਮਾਜਵਾਦ ਦੀ ਥਿਊਰੀ ਤੋਂ ਕਈ ਸਦੀਆਂ ਪਹਿਲਾਂ ਤੇ ਕਿਤੇ ਵਧੀਆ ਢੰਗ ਨਾਲ ਸਿੱਖ ਧਰਮ ਨੇ ਇਹ ਸਿਧਾਂਤ ਦਿੱਤਾ ਤੇ ਅਮਲੀ ਰੂਪ ਵਿਚ ਲਾਗੂ ਕੀਤਾ। ਸੰਸਾਰ ਪੱਧਰ ’ਤੇ ਅੱਜ ਵੀ ਸਿੱਖਾਂ ਦੀ ਕੌਮਾਂਤਰੀ ਸੰਸਥਾ ‘ਖਾਲਸਾ ਏਡ’ ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਸਿੱਖ ਧਰਮ ਵੱਲ ਖਿੱਚਿਆ ਹੈ। ਸੰਸਾਰ ਦੇ ਅਨੇਕਾਂ ਬੁੱਧੀਜੀਵੀ, ਚਿੰਤਕਾਂ ਦਾ ਮੰਨਣਾ ਹੈ ਕਿ ਜੰਗ ਏ ਮੈਦਾਨ, ਤੂਫ਼ਾਨਾਂ, ਆਦਿ ਸਮੇਂ ਸਿੱਖ ਮੁਫ਼ਤ ਦਵਾਈਆਂ, ਲੰਗਰ ਪਾਣੀ ਆਦਿ ਦੇ ਦ੍ਰਿੜ੍ਹਤਾ ਤੇ ਨਿਡਰਤਾ ਨਾਲ਼ ਪ੍ਰਬੰਧ ਕਰਦੇ ਹਨ ਕਿਉਂਕਿ ਭਾਈ ਘਨੱਈਆ ਜੀ ਦੇ ਵਾਰਸ ਹਨ।

ਸਵਾਲ : ‘ਸੌ ਸਾਖੀ’ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ, ਜੀ।

ਜਵਾਬ : ‘ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੌ ਸਾਖੀ ਬਾਰੇ ਕਈਆਂ ਦਾ ਖ਼ਿਆਲ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਸਾਧਾਰਨ ਵਿੱਦਿਆ ਵਾਲੇ ਸਿੱਖ ਦੀ ਕਲਮ ਤੋਂ ਲਿਖੀ ਗਈ ਹੈ। ਸਾਖੀ ਤੋਂ ਪ੍ਰਚਲਿਤ ਇਤਿਹਾਸ ਵਿਚ ਲਿਖੇ ਅਨੁਸਾਰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਥਾ ਪ੍ਰਸੰਗ ਭਾਈ ਗੁਰਬਖਸ਼ ਸਿੰਘ ਜੀ (ਰਾਮ ਕੁੰਵਰ) ਨੂੰ ਸੁਣਾਏ, ਉਹ ਉਨ੍ਹਾਂ ਨੇ ਲਿਖਾਰੀ ਸਾਹਿਬ ਸਿੰਘ ਤੋਂ ਲਿਖਵਾਏ। ਭਾਈ ਸੰਤੋਖ ਸਿੰਘ ਜੀ ਨੇ ਵੀ ‘ਗੁਰ ਪ੍ਰਤਾਪ ਸੂਰਯ’ (ਸੂਰਜ ਪ੍ਰਕਾਸ਼) ਦੀ ਕਥਾ ਇਸੇ ਆਧਾਰ ’ਤੇ ਲਿਖੀ ਅਤੇ ਭਾਈ ਸਾਹਿਬ ਨੇ ਸੌ ਸਾਖੀ ਦੇ ਅਨੇਕ ਪ੍ਰਸੰਗ ਆਪਣੀ ਕਵਿਤਾ ਵਿਚ ਕੁਝ ਬਦਲ ਕੇ ਜਿਉਂ ਦੇ ਤਿਉਂ ਲਿਖ ਦਿੱਤੇ।

ਕੂਕੇ ਸੌ ਸਾਖੀ ਨੂੰ ਉਹੀ ਦਰਜਾ ਦਿੰਦੇ ਹਨ, ਜੋ ਹਿੰਦੂ ਸਮਾਜ ਵਿਚ ਭਵਿੱਖਤ ਪੁਰਾਣ ਨੂੰ ਦਿੱਤਾ ਜਾਂਦਾ ਹੈ ਅਤੇ ਆਪਣੀ-ਆਪਣੀ ਬੁੱਧੀ ਅਨੁਸਾਰ ਪਹੇਲੀ (ਬੁਝਾਰਤ) ਵਾਂਗ ਕਹੇ ਗਏ ਵਾਕਾਂ ਦੇ ਅਨੇਕ ਅਰਥ ਕੱਢ ਕੇ ਦਿਲ ਪਰਚਾਇਆ ਕਰਦੇ ਹਨ।

ਸੌ ਸਾਖੀ ਪਿੰਗਲ ਦੇ ਨਿਯਮਾਂ ਤੋਂ ਬਾਹਰ ਹੈ; ਜਿਵੇਂ ਕਿ

‘ਗੁਰੂ ਹਰਿ ਰਾਇ ਸਹਾਇ ਹਰਿ ਕ੍ਰਿਸ਼ਨੈ, ਸੇਵੀਐ ਗੁਰ ਤੇਗ ਬਹਾਦਰ ਧੀਰ।’

ਇਸ ਪਿੰਗਲ ਦੇ ਸਮਤਾਂ ਤੋਂ ਹੀ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਪੰਕਤੀ ਗੁਰੂ ਸਾਹਿਬ ਵਲੋਂ ਗੁਰਮਤਿ ਸਿਧਾਂਤ ਦੀ ਪੁਸ਼ਟੀ ਲਈ ਲਿਖੀ ਜਾਂ ਲਿਖਵਾਈ ਨਹੀਂ, ਜਿਵੇਂ ਕਿ ‘ਸੰਮਤ ਬਿਕ੍ਰਮ ਭੂਪਤੀ ਸਤਰਾਂ ਸਤ ਨੌ ਏਕ (੧੭੯੧) ਮਾਹਿਣੇ ਸਾਖੀ ਵਾਰ ਗੁਰ ਮਲਕੀ ਦੁਚਿਤਾ ਭੇਟ ।’

ਫਿਰ ਲਿਖਿਆ ਹੈ ‘ਸਤਾਰਾਂ ਸੌ ਇਕਾਸੀ ਮੈਂ ਸਾਖੀਆਂ ਲਿਖੀਆਂ।’ ਇਸ ਵਿਚ ਇਤਿਹਾਸ ਦੇ ਵਿਰੁੱਧ ਬਹੁਤ ਗੱਲਾਂ ਹਨ, ਜੈਸੇ-

(ੳ). ਪਾਂਡਵਾਂ ਵੇਲੇ ਸੈਯਦਾਂ ਦੀ ਉਤਪਤੀ।

(ਅ). ਖੋਲ ਵਿਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ (ਸਾਖੀ ੧੩)

(ੲ). ਈਸਾ ਦੀ ਉਤਪਤੀ, ਮੂਸਾ ਤੋਂ ਪਹਿਲੇ ਹੋਈ। (ਸਾਖੀ ੧੪)

(ਸ). ਸਤਲੁਜ ਦਾ ਧਨ ਬਿਕ੍ਰਮੀ ਸੰਮਤ ੧੮੯੯ ਵਿਚ ਲਵਾਂਗੇ (ਸਾਖੀ ੨੭) ਇਤਿਆਦਿਕ। ਸਰਦਾਰ ਸਰ ਅਤਰ ਸਿੰਘ ਰਈਸ ਭਸੌੜ ਦੀ ਰਾਇ ਹੈ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਅੰਗਰੇਜ਼ ਸਰਕਾਰ ਨੇ ਧਨ ਬਦਲੇ ਦਿੱਤਾ, ਉਸ ਸਮੇਂ ਇਹ ਪੋਥੀ ਲਿਖੀ ਗਈ ਹੈ, ਇਸ ਲਈ ਉਸ ਵਿਚ ਇਹ ਵਾਕ ਹੈ –

‘ਦੇਸ ਬੇਚਕਰ ਜਾਹਿ ਫਿਰੰਗੀ। ਗਾਜੇਗਾ ਤਬ ਮੇਰ ਭੁਜੰਗੀ।’ (ਸਾਖੀ ੮੫)

ਸਵਾਲ : ਵਰ ਸਰਾਪ ਆਦਿ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰੋ, ਜੀ।

ਜਵਾਬ : ਗੁਰਮਤਿ ਕਿਸੇ ਤਰ੍ਹਾਂ ਦੇ ਵਰ ਸਰਾਪ ਵਾਲੇ ਅਨਮਤੀ ਸਿਧਾਂਤ ਨੂੰ ਮਾਨਤਾ ਨਹੀਂ ਦਿੰਦੀ। ਗੁਰਮਤਿ ਅਨੁਸਾਰ ਗੁਰੂ ਤੋਂ ਬੇਮੁਖ ਹੋ ਕੇ ਪਰਮਾਤਮਾ ਨੂੰ ਵਿਸਾਰ ਦੇਣਾ ਹੀ ਸਰਾਪੇ ਜਾਣਾ ਹੈ। ਗੁਰੂ ਤੋਂ ਬੇਮੁਖ ਹੋਣਾ ਏਸੇ ਤਰ੍ਹਾਂ ਹੈ ਜਿਵੇਂ ਕੋਈ ਰੁੱਖ ਮੂਲ (ਮੁੱਢ) ਤੋਂ ਹੀ ਪੁੱਟਿਆ ਗਿਆ ਹੋਵੇ ਸਿੱਖੀ ਦੀ ਜੜ੍ਹ ਗੁਰੂ ਦੀ ਮਤ ਹੀ ਹੈ, ਜੜ੍ਹ ਨਾਲੋਂ ਜੁਦਾ ਹੋ ਜਾਣ ਦਾ ਅਰਥ ਹੈ ‘ਮੌਤ ਹੋਣਾ’। ਅੱਜ ਜੇਕਰ ਅਸੀਂ ਗੁਰੂ ਦੇ ਗਿਆਨ ਨਾਲੋਂ ਟੁੱਟ ਚੁੱਕੇ ਹਾਂ ਤਾਂ ਗੁਰਮਤਿ ਅਨੁਸਾਰ ਨਾ ਤੁਰਨਾ ਹੀ ਸਰਾਪ ਹੋ ਜਾਣਾ ਹੈ, ‘‘ਮਨੁ ਮੁਗਧੌ ਦਾਦਰੁ ਭਗਤਿਹੀਨੁ ਦਰਿ ਭ੍ਰਸਟ ਸਰਾਪੀ ਨਾਮ ਬੀਨੁ ਤਾ ਕੈ ਜਾਤਿ ਪਾਤੀ ਨਾਮ ਲੀਨ ਸਭਿ ਦੂਖ ਸਖਾਈ ਗੁਣਹ ਬੀਨ (ਮਹਲਾ /੧੧੮੮) ਭਾਵ ਮੂਰਖ ਦਾ ਮਨ ਭਗਤੀ ਤੋਂ ਵਾਂਝਿਆ ਰਹਿੰਦਾ ਹੈ। ਮੂਰਖ ਮਨ ਮਾਨੋ ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕਮਲ ਦੇ ਫੁੱਲ ਦੀ ਕਦਰ ਨਹੀਂ ਕਰ ਰਿਹਾ), ਕੁਰਾਹੇ ਪਿਆ ਮਨ; ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, ਮਾਨੋ ਸਰਾਪਿਆ ਦੁਰਕਾਰਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।

ਸਰਾਪਾਂ ਦਾ ਜਿਸ ਤਰ੍ਹਾਂ ਦਾ ਡਰ-ਭਰਮ ਬ੍ਰਾਹਮਣ ਨੇ ਪਾਇਆ ਹੋਇਆ ਹੈ, ਸਤਿਗੁਰਾਂ ਨੇ ਅਜਿਹੇ ਕਿਸੇ ਸਰਾਪ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਗੁਰਦੇਵ ਜੀ ਦਾ ਫ਼ੁਰਮਾਨ ਹੈ ਕਿ ਅਜਿਹੀ ਸ਼ਕਤੀ ਕਿਸੇ ਵੀ ਮਨੁੱਖ ਕੋਲ ਨਹੀਂ, ਜਿਸ ਨਾਲ ਉਹ ਰੱਬੀ ਹੁਕਮ ਦੇ ਵਿਰੁੱਧ ਆਪਣੀ ਮਰਜ਼ੀ ਨਾਲ ਕੋਈ ਨੁਕਸਾਨ ਕਰ ਸਕਦਾ ਹੋਵੇ। ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ‘‘ਭਾਈ  ! ਮਤ ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ਜਰਾ ਮਰਾ ਤਾਪੁ ਸਿਰਤਿ ਸਾਪੁ, ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਸਕੈ, ਬਿਨੁ ਹਰਿ ਕਾ ਲਾਇਆ (ਮਹਲਾ ,੧੬੮) ਪਦ ਅਰਥ : ਹਾਥਿ-ਵੱਸ ਵਿਚ। ਜਰਾ-ਬੁਢੇਪਾ। ਗੁਰੂ ਮਰਾ-ਮੌਤ। ਤਾਪੁ ਸਾਪੁ-ਤਾਪ, ਸਾਪ। ਸਿਰਤਿ-ਸਿਰ ਪੀੜ।

ਸਵਾਲ : ਪੰਜ ਵਿਕਾਰ, ਮਨੁੱਖ ਲਈ ਕਿਵੇਂ ਹਾਨੀਕਾਰਕ ਹਨ ਅਤੇ ਇਨ੍ਹਾਂ ਦੇ ਮਾੜੇ ਅਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ  ?

ਜਵਾਬ : ਪੰਜ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਮਨੁੱਖ ਨੂੰ ਪ੍ਰਭੂ ਤੋਂ ਦੂਰ ਕਰਦੇ ਹਨ। ਇਨ੍ਹਾਂ ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖ ਦੁਨਿਆਵੀ ਰਸਾਂ-ਕਸਾਂ ’ਚ ਫਸ ਕੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਸਹੇੜਦਾ ਲੈਂਦਾ ਹੈ ਤੇ ਜਿਉਂਦਿਆਂ ਹੀ ਆਤਮਿਕ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਕਾਰਾਂ ਦੀ ਮਾਰ ਹੇਠ ਆ ਕੇ ਕੀਤੇ ਕੁਕਰਮਾਂ ਕਾਰਨ ਉਹ ਆਵਾਗਵਨ ਦੇ ਚੱਕਰ ’ਚ ਭਟਕਦਾ ਹੈ।

‘ਕਾਮ’ ਦੀ ਵਧੀ ਹੋਈ ਰੁਚੀ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਅਧੀਨ ਮਨੁੱਖ ਤੇ ਇਸਤਰੀਆਂ ਹੋਰਾਂ ਨਾਲ ਅਨੈਤਿਕ ਸਰੀਰਿਕ ਸਬੰਧ ਰੱਖਦੇ ਹਨ।

‘ਕ੍ਰੋਧ’, ਬੁਧੀ ਦੀ ਬਿਬੇਕਤਾ ਖ਼ਤਮ ਕਰ ਦਿੰਦਾ ਹੈ ਅਤੇ ਲੜਾਈਆਂ ਝਗੜਿਆਂ ਦੀ ਜੜ੍ਹ ਹੋ ਨਿਬੜਦਾ ਹੈ।

‘ਲੋਭ’ ਦੇ ਕਾਰਨ ਧਨ-ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਧਦੀ ਹੈ। ਇਸ ਅਧੀਨ ਮਨੁੱਖ ਦੂਜਿਆਂ ਦਾ ਹੱਕ ਮਾਰਨ, ਰਿਸ਼ਵਤ ਖਾਣ, ਧੱਕੇ ਨਾਲ ਪਰਾਏ ਧਨ-ਪਦਾਰਥਾਂ ਨੂੰ ਕਾਬੂ ਕਰਨ ਦੇ ਯਤਨ ਕਰਦਾ ਹੈ।

‘ਮੋਹ’, ਸਾਕ-ਸੰਬੰਧੀਆਂ ਨਾਲ ਵਧਿਆ ਪਿਆਰ ਹੈ। ਇਹ ਉਨ੍ਹਾਂ ਦੇ ਵਿਛੋੜੇ ਸਮੇਂ ਮਨੁੱਖ ਨੂੰ ਢਹਿੰਦੀਆਂ ਕਲਾ ਵਿਚ ਸੁੱਟ ਦਿੰਦਾ ਹੈ। ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ‘ਆਪਣਿਆਂ ਦੇ ਭਲੇ’ ਦੀ ਖਾਤਰ ‘ਦੂਜਿਆਂ’ ਨਾਲ ਠਗੀ-ਠੋਰੀ, ਧੱਕਾ, ਚੋਰੀ ਆਦਿ ਅਨੈਤਿਕ ਕੰਮ ਕਰਦਾ ਹੈ।

‘ਹੰਕਾਰ’, ਆਪਣੇ ਸਰੀਰਿਕ ਬਲ, ਵਿੱਦਿਆ, ਸੁੰਦਰਤਾ, ਰਾਜਨੀਤਿਕ ਤਾਕਤ ਅਤੇ ਧਨ ਸੰਪਤੀ ਆਦਿ ਕਾਰਨ ਪੈਦਾ ਹੋਏ ਅਭਿਮਾਨ ਦਾ ਨਾਂ ਅਹੰਕਾਰ ਹੈ। ਕਈ ਵਾਰ ਤਾਂ ਮਨੁੱਖ ਆਪਣੇ ਚੰਗੇ ਗੁਣਾਂ ਉੱਤੇ ਵੀ ਹੰਕਾਰ ਕਰਨ ਲੱਗ ਪੈਂਦਾ ਹੈ ਤੇ ਹੋਰਾਂ ਭਲੇ ਪੁਰਖਾਂ ਤੋਂ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ, ਜਿਸ ਕਾਰਨ ਈਰਖਾ, ਸਾੜਾ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਸਤਿਗੁਰ ਦੀ ਸ਼ਰਨ ’ਚ ਆ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ (ਨਾਮ ਜਪਣ) ਨਾਲ ਇਨ੍ਹਾਂ ਸਮੇਤ ਹੋਰ ਵਿਕਾਰਾਂ ਤੋਂ ਭੀ ਬਚ ਸਕੀਦਾ ਹੈ। ਗੁਰ ਫ਼ੁਰਮਾਨ ਹੈ, ‘‘ਰਾਖਿ ਲੀਏ ਅਪਨੀ ਕਿਰਪਾ ਧਾਰਿ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮੁ ਕਬਹੂ ਹਾਰਿ ਨਾਨਕ ਕਾ ਅੰਗ ਕੀਆ ਕਰਤਾਰਿ (ਨੇ) ’’ (ਮਹਲਾ /੮੬੬)

Most Viewed Posts