ਜਥੇਦਾਰਾਂ ਦੁਆਰਾ ਸਹੀ ਫ਼ੈਸਲੇ ਲੈਣ ਉਪਰੰਤ ਬਾਦਲ ਦਲ ਦੇ ਥਿੜਕਦੇ ਬੋਲ ਤੇ ਕਿਰਦਾਰ
ਸ਼ਹੀਦਾਂ ਦੀ ਸ਼ਾਨਾਮੱਤੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦੇ ਨਿਘਾਰ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਨੇ; (ਖਾਸ ਕਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ) ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਦੀ ਆਪਣੇ ਸਿਆਸੀ ਮਨੋਰਥਾਂ ਲਈ ਰੱਜ ਕੇ ਦੁਰਵਰਤੋਂ ਕੀਤੀ। ਦੂਸਰਾ ਕਾਰਨ ਹੈ ਕਿ ਪੰਥਕ ਸਰੋਕਾਰਾਂ ਅਤੇ ਪੰਜਾਬ ਦੀਆਂ ਮੁੱਖ ਮੰਗਾਂ, ਜਿਨ੍ਹਾਂ ਲਈ ਪਿਛਲੇ ਸਮਿਆਂ ’ਚ ਸ੍ਰੋਮਣੀ ਅਕਾਲੀ ਦਲ ਆਪ ਮੋਰਚੇ ਲਾਉਂਦਾ ਰਿਹਾ, ਉਨ੍ਹਾਂ ਨੂੰ ਮੂਲੋਂ ਹੀ ਤਿਆਗ ਦਿੱਤਾ ਅਤੇ ਸੀਨੀਅਰ ਅਕਾਲੀ ਆਗੂਆਂ ਨੂੰ ਪਿਛਾਂਹ ਕਰਕੇ ਕੇਵਲ ਆਪਣੇ ਪਰਵਾਰਕ ਜੂਨੀਅਰ ਮੈਂਬਰਾਂ ਲਈ ਉੱਚ ਸਿਆਸੀ ਪਦਵੀਆਂ ਹਾਸਲ ਕਰਨ ਤੱਕ ਹੀ ਸੀਮਤ ਕਰ ਲਿਆ। ਇਸ ਤਰ੍ਹਾਂ ‘ਸ੍ਰੋਮਣੀ ਅਕਾਲੀ ਦਲ’ ਤੋਂ ਕੇਵਲ ‘ਬਾਦਲ ਦਲ’ ਬਣ ਕੇ ਰਹਿ ਗਿਆ। ਜਿਸ ਦਾ ਸਭ ਤੋਂ ਵੱਧ ਨੁਕਸਾਨ, ਇਨ੍ਹਾਂ ਵੱਲੋਂ ਵੋਟ ਰਾਜਨੀਤੀ ਅਧੀਨ ਉਨ੍ਹਾਂ ਦੇਹਧਾਰੀ ਗੁਰੂਡੰਮੀ ਡੇਰੇਦਾਰਾਂ; ਜੋ ਸਿੱਖ ਧਰਮ ਦੇ ਮੂਲ ਸਿਧਾਂਤ (ਸ਼ਬਦ ਗੁਰੂ) ਦੇ ਵਿਰੋਧੀ ਹਨ; ਦੀ ਪੁਸ਼ਤਪਨਾਹੀ ਕੀਤੇ ਜਾਣ ਨੇ, ਕੀਤਾ ਹੈ। ਇਸ ਦੀ ਪ੍ਰਤੱਖ ਮਿਸਾਲ ਹੈ ਕਿ 2007 ’ਚ ਸੌਦਾ ਸਾਧ (ਗੁਰਮੀਤ ਰਾਮ ਰਹੀਮ) ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰੇ ਜਾਣ ਵਿਰੁੱਧ ਪੁਲਿਸ ਕੇਸ; ਸ਼੍ਰੋਮਣੀ ਕਮੇਟੀ ਦੀ ਬਜਾਇ ਆਪਣੇ ਇੱਕ ਵਰਕਰ ਬਠਿੰਡਾ ਦੇ ਅਕਾਲੀ ਐੱਮ.ਸੀ. ਅਤੇ ਖਾਲਸਾ ਦੀਵਾਨ ਗੁਰਦੁਆਰਾ (ਸ੍ਰੀ ਗੁਰੂ ਸਿੰਘ ਸਭਾ) ਬਠਿੰਡਾ ਦੇ ਪ੍ਰਧਾਨ ‘ਰਜਿੰਦਰ ਸਿੰਘ ਸਿੱਧੂ’ ਪਾਸੋਂ ਦਰਜ ਕਰਵਾਇਆ ਸੀ। ਬਾਦਲ ਸਰਕਾਰ ਦੇ ਹੁਕਮ ਨਾਲ਼ ਪੁਲਿਸ ਨੇ 7 ਸਾਲ ਤੱਕ ਇਸ ਕੇਸ ਦਾ ਚਲਾਨ ਹੀ ਅਦਾਲਤ ’ਚ ਪੇਸ਼ ਨਾ ਹੋਣ ਦਿੱਤਾ। ਸੰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੀ ਸੀ ਤੇ ਸੌਦਾ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਹੋਏ ਸਮਝੌਤੇ ਕਾਰਨ ‘ਰਜਿੰਦਰ ਸਿੰਘ ਸਿੱਧੂ’ ਰਾਹੀਂ ਇਹ ਕੇਸ ਵਾਪਸ ਲੈ ਲਿਆ ਗਿਆ ਭਾਵੇਂ ਕਿ ਬਾਅਦ ’ਚ ਸਿੱਧੂ ਨੇ ਅਦਾਲਤ ’ਚ ਇਹ ਬਿਆਨ ਭੀ ਦਿੱਤਾ ਕਿ ਕੇਸ ਵਾਪਸ ਲੈਣ ਵਾਲ਼ਾ ਹਲਫ਼ਨਾਮਾ ਮੇਰੇ ਵੱਲੋਂ ਨਹੀਂ ਦਿੱਤਾ ਗਿਆ। ਇੱਥੇ ਇਹ ਭੀ ਸਵਾਲ ਉੱਠਦਾ ਹੈ ਕਿ ਜੇਕਰ ਅਲਫ਼ਨਾਮਾ; ਅਪੀਲ ਕਰਤਾ ਨੇ ਨਹੀਂ ਦਿੱਤਾ ਸੀ ਤਾਂ ਕਿਸ ਨੇ ਦਿੱਤਾ ? ਅਦਾਲਤ ਦੁਆਰਾ ਗਲਤ ਹਲਫ਼ਨਾਮਾ ਦੇਣ ਵਾਲੇ ਨੂੰ ਸਜ਼ਾ ਦੇਣ ਦੀ ਬਜਾਇ ਹਲਫ਼ਨਾਮਾ ਮਨਜੂਰ ਕਿਉਂ ਕੀਤਾ ਗਿਆ ? ਰਜਿੰਦਰ ਸਿੰਘ ਸਿੱਧੂ ਵੱਲੋਂ ਦਰਜ ਕੇਸ ਰੱਦ ਹੁੰਦਿਆਂ ਤੁਰੰਤ ਹੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਇਹ ਕੇਸ ਚੱਲਦਾ ਰੱਖਣ ਲਈ ਪਟੀਸ਼ਨ ਦਾਖ਼ਲ ਕਰਵਾ ਦਿੱਤੀ। ਸਹੀ ਮੌਕਾ ਖੁੰਝਾ ਕੇ ਹੁਣ 10 ਸਾਲਾਂ ਦੀ ਨੀਂਦ ਤੋਂ ਬਾਅਦ ਸ੍ਰੋਮਣੀ ਕਮੇਟੀ ਉਸ ਕੇਸ ’ਚ ਪਾਰਟੀ ਬਣ ਕੇ ਦੁੱਧ ਧੋਤੀ ਬਣਨਾ ਚਾਹੁੰਦੀ ਹੈ, ਜਿਸ ਨੂੰ ਸਿੱਖ ਕਦੀ ਵੀ ਪ੍ਰਵਾਨ ਨਹੀਂ ਕਰਨਗੇ।
ਇੱਥੇ ਹੀ ਬੱਸ ਨਹੀਂ, ਸੰਨ 2015 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਿਹਾਇਸ਼ (ਚੰਡੀਗੜ੍ਹ) ਵਿਖੇ ਬੁਲਾਇਆ, ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਹਿੰਦੀ ’ਚ ਲਿਖੀ ਸੌਦਾ ਸਾਧ ਦੀ ਇੱਕ ਪੁਰਾਣੀ ਚਿੱਠੀ ਫੜਾ ਕੇ ਹਿਦਾਇਤ ਕੀਤੀ ਕਿ ਸੌਦਾ ਸਾਧ ਨੂੰ ਮਾਫ ਕੀਤਾ ਜਾਵੇ। ਸਿੰਘ ਸਾਹਿਬਾਨ ਜਾਣਦੇ ਸਨ ਕਿ ਜੇ ਮਾਫ਼ੀ ਮੰਗਣ ਵਾਲਾ ਬੰਦਾ ਖੁਦ ਸ੍ਰੀ ਅਕਾਲ ਤਖ਼ਤ ’ਤੇ ਹਾਜਰ ਨਾ ਹੋਵੇ ਤੇ ਉਸ ਵੱਲੋਂ ਭੇਜੀ ਚਿੱਠੀ ਜਿਸ ’ਤੇ ਮਾਫੀ ਸ਼ਬਦ ਵੀ ਨਾ ਲਿਖਿਆ ਹੋਵੇ; ਉਸ ਦੇ ਆਧਾਰ ’ਤੇ ਮਾਫ਼ੀ ਦੇਣੀ ਸਹੀ ਨਹੀਂ, ਜਿਸ ਨੂੰ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਕਰਨਾ, ਪਰ ਤਾਕਤ ਦੇ ਨਸ਼ੇ ’ਚ ਸੁਖਬੀਰ ਬਾਦਲ ਤੇ ਦਲਜੀਤ ਚੀਮਾ ਨੇ ਪ੍ਰਵਾਹ ਨਾ ਕੀਤੀ ਤੇ ਕੰਪਿਊਟਰ ਨਾਲ ਐਡਿਟ ਕਰ ‘ਮਾਫ਼ੀ’ ਸ਼ਬਦ ਆਪਣੇ ਵੱਲੋਂ ਜੋੜ ਕੇ ਉਸ ਨੂੰ ਪੰਜਾਬੀ ’ਚ ਟਾਈਪ ਕਰਵਾ ਕਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁਜਦਾ ਕਰ ਦਿੱਤਾ। ਇਸ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਾਂ ਇਹ ਆਪਣੇ ਮੁਲਾਜਮ ਸਮਝਦੇ ਹਨ। ਮੁਲਾਜਮਾਂ ਵਾਙ ਦਬਕੇ ਮਾਰ ਕੇ ਮਨਮਰਜੀ ਦੇ ਹੁਕਮਨਾਮੇ ਕਰਵਾਉਣਾ ਆਪਣਾ ਹੱਕ ਸਮਝਦੇ ਸਨ/ਹਨ, ਇਸ ਲਈ ਬਿਨਾਂ ਮਾਫ਼ੀ ਮੰਗਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਮਾਫ਼ ਕਰ ਦਿੱਤਾ ਤੇ ਇਹ ਅਣਉਚਿਤ ਹੁਕਮਨਾਮਾ ਸੰਗਤਾਂ ਤੋਂ ਮੰਨਵਾਉਣ ਲਈ ਗੁਰੂ ਕੀ ਗੋਲਕ ’ਚੋਂ 92 ਲੱਖ ਦੇ ਇਸ਼ਤਿਹਾਰ ਦਿੱਤੇ ਗਏ।
ਬਾਦਲ ਦਲ ਦੀਆਂ ਇਨ੍ਹਾਂ ਗ਼ੈਰਸਿਧਾਂਤਕ, ਗ਼ੈਰਸੰਵਿਧਾਨਕ ਅਤੇ ਗ਼ੈਰਪੰਥਕ ਕਾਰਵਾਈਆਂ ਕਾਰਨ ਗ਼ੈਰਤਮੰਦ ਸਿੱਖਾਂ ਦੇ ਮਨਾਂ ਅੰਦਰ ਗੁੱਸਾ ਸਿੱਖਰਾਂ ’ਤੇ ਸੀ/ਹੈ, ਜਿਸ ਕਾਰਨ 2015 ਦੀਆਂ ਮੰਗਭਾਗੀ ਘਟਨਾਵਾਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਸਮੇਂ ਕੱਢਿਆ ਗਿਆ। ਸੰਨ 2024 ’ਚ ਜਦੋਂ ਲੋਕ ਸਭਾ ਚੋਣਾਂ ’ਚ 13 ’ਚੋਂ ਕੇਵਲ ਇੱਕ ਉਮੀਦਵਾਰ ਚੋਣ ਜਿੱਤ ਸਕਿਆ, ਦੋ ਉਮੀਦਵਾਰ ਆਪਣੀਆਂ ਜ਼ਮਾਨਤਾਂ ਬਚਾ ਸਕੇ ਤੇ ਬਾਕੀ 10 ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕੀ ਪਾਰਟੀ ਤਾਂ ਦੋ ਧੜਿਆਂ ’ਚ ਵੰਡੀ ਗਈ। ਇਸ ਨੂੰ ਮੁੜ ਸਥਾਪਿਤ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲਿਆ ਤੇ ਦੋਵੇਂ ਧੜਿਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ’ਚ ਮੰਨ ਲਿਆ ਕਿ ਸਾਥੋਂ ਗੁਨਾਹ ਹੋਏ ਹਨ, ਜੋ ਅਸੀਂ ਆਪਣੀ ਝੋਲ਼ੀ ’ਚ ਪਵਾਉਂਦੇ ਹਾਂ, ਇਸ ਲਈ ਸਾਨੂੰ ਤਨਖ਼ਾਹ ਲਾਈ ਜਾਵੇ। ਸੁਖਬੀਰ ਬਾਦਲ ਦੇ ਸਮਰਥਕ ਇਸੇ ਕਾਰਵਾਈ ਨੂੰ ਉਨ੍ਹਾਂ ਦੇ ਨਿਮਾਣੇਪਣ ਵਜੋਂ ਪੇਸ਼ ਕਰਕੇ ਮੰਗ ਕਰ ਰਹੇ ਹਨ ਕਿ ਵੇਖੋ ਜੀ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਾਰੇ ਗੁਨਾਹ ਆਪਣੀ ਝੋਲ਼ੀ ’ਚ ਪਵਾ ਲਏ ਹਨ ਤਾਂ ਹੁਣ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ, ਪਰ ਦੂਜੇ ਪਾਸੇ ਪੰਥਕ ਭਾਵਨਾਵਾਂ ਹਨ ਕਿ ਇਹ ਨਿਮਾਣਾਪਣ ਨਹੀ ਸਗੋਂ ਨਿਮਾਣੇਪਣ ਦਾ ਢਕਵੰਜ ਰਚ ਕੇ ਆਪਣੇ ਆਪ ਨੂੰ ਗੁਨਾਹ ਮੁਕਤ ਕਰਵਾਉਣ ਦੀ ਚਾਲ ਹੈ ਕਿਉਂਕਿ ਉਨ੍ਹਾਂ ਨੇ ਗੁਨਾਹ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੀਤੇ ਹਨ, ਇਸ ਲਈ ਕੇਵਲ ਧਾਰਮਿਕ ਨਹੀਂ, ਰਾਜਨੀਤਕ ਤੌਰ ’ਤੇ ਭੀ ਘੱਟੋ ਘੱਟ ਪੰਜ ਸਾਲ ਲਈ ਰਾਜਨੀਤੀ ਤੋਂ ਲਾਂਭੇ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਪੰਥ ਦਾ ਕੁਝ ਹਿੱਸਾ ਤਾਂ ਸੁਖਬੀਰ ਬਾਦਲ ਨੂੰ ਸਦਾ ਲਈ ਰਾਜਨੀਤੀ ਤੋਂ ਬਾਹਰ ਰੱਖੇ ਜਾਣ ਦੀ ਮੰਗ ਕਰ ਰਿਹਾ ਹੈ। ਸਿੰਘ ਸਾਹਿਬ ਵੱਲੋਂ ਇੱਕ ਸਾਂਝੀ ਰਾਇ ਬਣਾਉਣ ਲਈ ਸਿੱਖ ਬੁਧੀਜੀਵੀਆਂ ਦੀ ਇਕੱਤਰਤਾ ਸੱਦ ਲਈ ਗਈ, ਜਿਸ ’ਚ ਕੁਝ ਵਿਦਵਾਨਾਂ ਨੇ ਨਿੱਜੀ ਰੂਪ ’ਚ ਅਤੇ ਕੁਝ ਨੇ ਲਿਖਤੀ ਰੂਪ ’ਚ ਆਪਣੇ ਵੀਚਾਰ ਪ੍ਰਗਟ ਕੀਤੇ ਹਨ।
ਜਿਸ ਢੰਗ ਨਾਲ ਵਿਦਵਾਨਾਂ ਅਤੇ ਪੰਥਕ ਹਲਕਿਆਂ ਵੱਲੋਂ ਵੀਚਾਰ ਪ੍ਰਗਟ ਕੀਤੇ ਜਾ ਰਹੇ ਸਨ ਤੇ ਸਿੰਘ ਸਾਹਿਬ ਸਭਨਾਂ ਵੀਚਾਰਾਂ ਵੱਲ ਧਿਆਨ ਦੇ ਰਹੇ ਸਨ; ਸੁਖਬੀਰ ਬਾਦਲ ਦੇ ਸਮਰਥਕ ਸਮਝ ਗਏ ਹਨ ਕਿ ਉਨ੍ਹਾਂ ਨੂੰ ਰਾਜਨੀਤਕ ਸਜਾ ਅਵੱਸ਼ ਮਿਲਣ ਵਾਲੀ ਹੈ, ਇਸ ਲਈ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜਨੀਤਕ ਨਹੀਂ ਕੇਵਲ ਧਾਰਮਿਕ ਸਜ਼ਾ ਹੀ ਦਿੱਤੀ ਜਾ ਸਕਦੀ ਹੈ। ਸੁਖਬੀਰ ਬਾਦਲ ਦੇ ਵੱਡੇ ਹਿਤੈਸ਼ੀ ਅਖਵਾਉਣ ਵਾਲੇ ਵਿਰਸਾ ਸਿੰਘ ਵਲਟੋਹਾ ਤਾਂ ਇੱਥੋਂ ਤੱਕ ਚਲੇ ਗਏ ਹਨ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਬਿਮਾਰੀ ਪਿੱਛੋਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਦੇ ਬਹਾਨੇ ਉਨ੍ਹਾਂ ਦੇ ਘਰ ਚਲੇ ਗਏ ਤੇ ਉਨ੍ਹਾਂ ਨੂੰ ਧਮਕੀ ਦੇ ਦਿੱਤੀ ਕਿ ਜੇ ਰਾਜਨੀਤਕ ਸਜ਼ਾ ਦਿੱਤੀ ਗਈ ਤਾਂ ਹੋਰ ਕੋਈ ਬੋਲੇ ਜਾਂ ਨਾ ਬੋਲੇ, ਪਰ ਉਹ (ਵਲਟੋਹਾ) ਜ਼ਰੂਰ ਖੰਡਾ ਖੜਕਾਉਣਗੇ। ਸਿੰਘ ਸਾਹਿਬ ਦਾ ਰੁੱਖ ਵੇਖ ਕੇ ਉਹ ਸਮਝ ਗਏ ਕਿ ਕੁਝ ਰਾਜਨੀਤਕ ਸਜ਼ਾ ਵੀ ਜ਼ਰੂਰ ਮਿਲਣ ਵਾਲੀ ਹੈ, ਇਸ ਲਈ ਉਨ੍ਹਾਂ ਨੇ ਮੀਡੀਏ ’ਚ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਪੰਜ ਸਿੰਘ ਸਾਹਿਬਾਨ; ਵਿਸ਼ੇਸ਼ ਤੌਰ ’ਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਭਾਜਪਾ ਨਾਲ ਮਿਲੇ ਹੋਏ ਹਨ, ਜੋ ਪੰਥ ਅਤੇ ਸ੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਹਨ।
ਬਾਦਲ ਦਲ ਦਾ ਦੋਗਲਾਪਣ ਇਹ ਹੈ ਕਿ ਇੱਕ ਪਾਸੇ ਤਾਂ ਇਹ ਪ੍ਰਚਾਰ ਕਰਦਾ ਨਹੀਂ ਥਕਦਾ ਕਿ ਅਕਾਲ ਤਖ਼ਤ ਮਹਾਨ ਹੈ। ਸਾਡਾ ਸਿਰ ਪੰਜ ਸਿੰਘ ਸਾਹਿਬਨਾਂ ਦੇ ਹਰ ਹੁਕਮ ਅੱਗੇ ਝੁਕਦਾ ਹੈ। ਦੂਜੇ ਪਾਸੇ ਜਿਹੜਾ ਜਥੇਦਾਰ ਪੰਥਕ ਭਾਵਨਾ ਵਾਲਾ ਫੈਸਲਾ ਕਰਨ ਦੀ ਸੋਚਦਾ ਹੈ, ਉਸ ਨੂੰ ਇਸ ਤਰ੍ਹਾਂ ਜਲੀਲ ਕਰ ਕੱਢ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਦਿਹਾੜੀਦਾਰ ਮਜਦੂਰ ਨੂੰ। ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਇਸੇ ਤਰ੍ਹਾਂ ਕਰਨ ਲੱਗੇ ਤਾਂ ਮਾਮਲਾ ਉਲਟਾ ਪੈ ਗਿਆ। ਬਾਦਲ ਦਲ ਦੀ ਮੁਸੀਬਤ ਇਹ ਹੈ ਕਿ ਇਨ੍ਹਾਂ ਨੂੰ ਮਨਮਾਨੀਆਂ ਕਰਨ ਦੀਆਂ ਆਦਤਾਂ ਉਸ ਵੇਲੇ ਤੋਂ ਹੈ, ਜਿਸ ਸਮੇਂ ਪੰਜਾਬ ’ਚ ਬਾਦਲ ਸਰਕਾਰ ਸੀ, ਕੇਂਦਰ ’ਚ ਭਾਜਪਾ ਨਾਲ ਭਾਈਵਾਲੀ ਸਰਕਾਰ ਸੀ ਤੇ ਗਿਆਨੀ ਗੁਰਬਚਨ ਸਿੰਘ ਵਰਗੇ; ਜੀ ਹਜੂਰੀਏ ਜਥੇਦਾਰ ਸਨ, ਜਿਨ੍ਹਾਂ ਤੋਂ ਮਨਮਰਜ਼ੀ ਦੇ ਹੁਕਮ ਕਰਵਾ ਉਨ੍ਹਾਂ ਨੂੰ ਸਰਬਉੱਚ ਕਹਿ ਕੇ ਪ੍ਰਚਾਰਿਆ ਜਾਂਦਾ ਰਿਹਾ, ਜਿਸ ਨਾਲ ਭੋਲੀ ਭਾਲੀ ਸੰਗਤ ਹਰ ਜਾਇਜ਼ ਨਜ਼ਾਇਜ਼ ਹੁਕਮਨਾਮੇ ਨੂੰ ਗੁਰੂ ਦਾ ਹੁਕਮ ਸਮਝ ਸਿਰ ਨੀਂਵਾ ਕਰਨ ਦੀ ਸਥਿਤੀ ’ਚ ਸੀ, ਪਰ ਹੁਣ ਸਥਿਤੀ ਬਿਲਕੁਲ ਬਦਲੀ ਹੋਈ ਹੈ; ਸਰਕਾਰ ਤਾਂ ਇੱਕ ਪਾਸੇ ਰਹੀ 2022 ਦੀਆਂ ਚੋਣਾਂ ’ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੋਵੇਂ ਹੀ ਚੋਣ ਹਾਰ ਗਏ; ਕੇਵਲ ਤਿੰਨ ਵਿਧਾਇਕ ਜਿੱਤ ਸਕੇ, ਜਿਨ੍ਹਾਂ ’ਚੋਂ ਇੱਕ ਦਲਬਦਲੀ ਕਰ ‘ਆਪ’ ’ਚ ਚਲਾ ਗਿਆ; ਇੱਕ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਲੈ ਕੇ ਘਰ ਬੈਠਾ ਹੈ। ਮਿਉਂਸਪਲ ਕਾਰਪੋਰੇਸ਼ਨ/ਕਮੇਟੀ ਚੋਣਾਂ ’ਚ ਹੋਰ ਵੀ ਬੁਰਾ ਹਾਲ ਹੋਇਆ ਯਾਨੀ ਲੋਕਾਂ ਨੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਸੌਦਾ ਸਾਧ ਦੇ ਮਾਫ਼ੀ ਕੇਸ ਨਾਲ, ਜਿਨ੍ਹਾਂ ਵਿਰੋਧ ਗਿਆਨੀ ਗੁਰਬਚਨ ਸਿੰਘ ਤੇ ਉਸ ਸਮੇਂ ਦੇ ਜਥੇਦਾਰਾਂ ਨੂੰ ਝੱਲਣਾ ਪਿਆ, ਉਸ ਨੂੰ ਵੇਖ ਕੇ ਹੁਣ ਕੋਈ ਵੀ ਜਥੇਦਾਰ ਆਪਣੀ ਹਾਲਤ ਸਾਬਕਾ ਜਥੇਦਾਰਾਂ ਵਾਲੀ ਨਹੀਂ ਕਰਵਾਉਣਾ ਚਾਹੁੰਦਾ। ਸੋ 2 ਦਸੰਬਰ ਦਾ ਫੈਸਲਾ ਭਾਵੇਂ ਬਹੁਤ ਹੀ ਸੰਤੁਲਤ ਸੀ, ਪਰ ਜਿਹੜੇ ਆਗੂ ਸਮਝਦੇ ਸਨ ਕਿ ਜਥੇਦਾਰ ਤਾਂ ਉਨ੍ਹਾਂ ਦੇ ਮੁਲਾਜਮ ਹਨ, ਸਾਡੇ ਵਿਰੁੱਧ ਇਹ ਫੈਸਲਾ ਕਰਨ ਦੀ ਹਿੰਮਤ ਕਿਵੇਂ ਕਰ ਬੈਠੇ; ਉਨ੍ਹਾਂ ਨੂੰ ਇਹ ਫੈਸਲਾ ਖਾਸ ਕਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ‘ਫ਼ਕਰ-ਏ-ਕੌਮ ਪੰਥ ਰਤਨ ਅਵਾਰਡ’ ਵਾਪਸ ਲੈਣਾ; ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜੂਰ ਕਰਨ ਲਈ ਕਹਿਣਾ ਅਤੇ 7 ਮੈਂਬਰੀ ਸਾਂਝੀ ਕਮੇਟੀ ਰਾਹੀਂ ਡੈਲੀਗੇਟਾਂ ਦੀ ਨਵੀਂ ਭਰਤੀ ਕਰਕੇ ਪ੍ਰਧਾਨ ਚੁਣਨ ਦਾ ਹੁਕਮ ਦੇਣਾ, ਆਦਿਕ ਹੁਕਮ ਹਜ਼ਮ ਨਹੀਂ ਹੋ ਰਹੇ; ਮੌਜੂਦਾ ਵਿਵਾਦ ਦਾ ਸਿਰਫ ਇਹੋ ਕਾਰਨ ਹੈ।
ਵਿਰਸਾ ਸਿੰਘ ਬਨਾਮ ਗਿਆਨੀ ਹਰਪ੍ਰੀਤ ਵਿਵਾਦ ਦਾ ਮੁੱਢ, ਉਸ ਸਮੇਂ ਬੱਝਾ ਜਦੋਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ ਤੇ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੇ ਪਿਤਾ ਦੇ ਭੋਗ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਾਜ਼ਰੀ ’ਚ ਪਿਛਲੀਆਂ ਗਲਤੀਆਂ ਦੀ ਮਾਫ਼ੀ ਮੰਗ ਲਈ ਹੈ, ਇਸ ਕਾਰਨ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦ ਕੇ ਮਾਮੂਲੀ ਤਨਖ਼ਾਹ ਲਾ ਮਾਫ਼ ਕਰ ਦਿੱਤਾ ਜਾਵੇ। ਉਸ ਸਮੇਂ ਉਨ੍ਹਾਂ ਵਿਚਕਾਰ ਕੀ ਗੱਲ ਹੋਈ, ਇਹ ਤਾਂ ਖੁਦ ਸਿੰਘ ਸਾਹਿਬ ਹੀ ਦੱਸ ਸਕਦੇ ਹਨ, ਪਰ ਜੋ ਉਸ ਸਮੇਂ ਅਖ਼ਬਾਰਾਂ ’ਚ ਖ਼ਬਰਾਂ ਛਪੀਆਂ ਸਨ, ਉਹ ਇਸ ਤਰ੍ਹਾਂ ਸਨ : ‘ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਮਾਫ਼ੀ ਦਿੱਤੇ ਜਾਣ ਨਾਲ ਤੁਹਾਡਾ ਲਾਭ ਕੁਝ ਨਹੀਂ ਹੋਣਾ, ਪਰ ਮੇਰਾ; ਗਿਆਨੀ ਗੁਰਬਚਨ ਸਿੰਘ ਵਾਙ ਰਹਿਣਾ ਕੱਖ ਨਹੀਂ। ਸ: ਬਾਦਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਜਿਹੜੇ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਦੇ ਹਨ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਿਯੁਕਤ ਕਰਦੇ ਹਨ, ਇਸ ਲਈ ਮੈਂ ਆਪਣੇ ਨਿਯੁਕਤੀਕਾਰ ਦੇ ਨਿਯੁਕਤੀਕਾਰ ਨੂੰ ਕਿਸ ਤਰ੍ਹਾਂ ਤਲਬ ਕਰ ਅਤੇ ਤਨਖ਼ਾਹ ਲਾ ਸਕਦਾ ਹਾਂ। ਜੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਰੁਤਬਾ ਤੇ ਸਤਿਕਾਰ ਬਹਾਲ ਕਰਨਾ ਹੈ ਅਤੇ ਅਕਾਲੀ ਦਲ ਦੀ ਮੁੜ ਸੁਰਜੀਤੀ ਚਾਹੁੰਦੇ ਹੋ ਤਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਜਾਵੇ ਕਿ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਦੇ ਕੇ ਪੇਸ਼ ਹੋਣ।’
ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਹ ਖਰਾ ਜਵਾਬ ਹੀ ਵਲਟੋਹਾ ਵੱਲੋਂ ਉਨ੍ਹਾਂ ’ਤੇ ਹਮਲਿਆਂ ਦਾ ਮੁੱਖ ਕਾਰਨ ਹੈ। ਜੇ ਇਹ ਖ਼ਬਰਾਂ ਸਹੀ ਹਨ ਤਾਂ ਸਿੰਘ ਸਾਹਿਬ ਦੀ ਸਲਾਹ ਬਿਲਕੁਲ ਦਰੁਸਤ ਸੀ, ਪਰ ਵਲਟੋਹਾ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਸ ਸਮੇਂ ਮੌਕਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ’ਤੇ ਭਾਜਪਾ ਅਤੇ ਸੁਖਦੇਵ ਸਿੰਘ ਢੀਂਢਸਾ ਦਾ ਬਹੁਤ ਦਬਾਅ ਹੈ। ਵਲਟੋਹਾ ਦੇ ਕਥਨ ਦੀ ਤਾਂ ਉਨ੍ਹਾਂ ਦੇ ਉਸ ਸਮੇਂ ਦੇ ਦੋਵੇਂ ਸੀਨੀਅਰ ਸਾਥੀ ਵੀ ਤਸਦੀਕ ਨਹੀਂ ਕਰਦੇ। ਦੋਵਾਂ ਦਾ ਕਹਿਣਾ ਹੈ ਕਿ ਸਮਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਕੁਝ ਯਾਦ ਨਹੀਂ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਵਲਟੋਹੇ ਦਾ ਕਥਨ ਝੂਠਾ ਹੈ ਤੇ ਸਿੰਘ ਸਾਹਿਬ ਨੂੰ ਬਦਨਾਮ ਕਰਕੇ ਉਨ੍ਹਾਂ ’ਤੇ ਦਬਾਅ ਪਾਉਣ ਦੀ ਨੀਤੀ ਵਾਲ਼ਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਵੀ ਐਸਾ ਮਾਲੂਮ ਨਹੀਂ ਹੁੰਦਾ ਕਿ ਉਹ ਭਾਜਪਾ ਨੂੰ ਲਾਭ ਪਹੁੰਚਾਉਣ ਵਾਲੇ ਹੋਣ; ਜਿਵੇਂ ਕਿ ਇੱਕ ਸਮੇਂ ਉਨ੍ਹਾਂ ਮੋਦੀ ਸਰਕਾਰ ਨੂੰ ਈਵੀਐੱਮ ਦੀ ਸਰਕਾਰ ਕਿਹਾ; ਹਰਿਆਣਾ ’ਚ ਇੱਕ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਪਹਿਲਾਂ ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲ ਦਿੰਦੀ ਰਹੀ ਹੈ ਤੇ ਹੁਣ ਭਾਜਪਾ ਦਖਲ ਦੇ ਰਹੀ ਹੈ। ਜਿਹੜੀ ਪਾਰਟੀ ਸਾਡੀਆਂ ਧਾਰਮਕਿ ਸੰਸਥਾਵਾਂ ’ਚ ਦਖ਼ਲ ਦੇਵੇਗੀ, ਉਸ ਨੂੰ ਵੋਟ ਵੀ ਨਹੀਂ ਅਤੇ ਨੋਟ ਵੀ ਨਹੀਂ। ਇਸ ਤਰ੍ਹਾਂ ਦੇ ਬਿਆਨ ਤਾਂ ਵਲਟੋਹੇ ਸਮੇਤ ਬਾਦਲ ਦਲ ਦਲ, ਜਿਹੜੇ ਆਪਣੇ ਵਿਰੋਧੀਆਂ ਨੂੰ ਭਾਜਪਾ ਦੇ ਏਜੰਟ ਦੱਸਦੇ ਹਨ, ਉਨ੍ਹਾਂ ਦੇ ਮੂੰਹੋਂ ਵੀ ਕਦੀ ਨਹੀਂ ਸੁਣੇ ਗਏ।
ਇਸ ਉਪਰੰਤ ਵਲਟੋਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਬਹਾਨੇ ਲੱਭਦਾ ਰਿਹਾ ਤੇ ਆਖ਼ਿਰ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਅਤੇ ਆਪ ਆਗੂ ਰਾਘਵ ਚੱਢੇ ਦੀ ਮੰਗਣੀ ’ਤੇ ਜਾਣ ਦਾ ਬਹਾਨਾ ਲੱਭ ਲਿਆ। ਵਾਰ ਵਾਰ ਕੀਤੀਆਂ ਜਾ ਰਹੀਆਂ ਅਜਿਹੀਆਂ ਟਿੱਪਣੀਆਂ ਤੋਂ ਦੁਖੀ ਹੋ ਕੇ ਸਿੰਘ ਸਾਹਿਬ ਨੇ ਲਿਖ ਕੇ ਦੇ ਦਿੱਤਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇ। ਸ੍ਰੋਮਣੀ ਕਮੇਟੀ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿਤਾ। ਗਿਆਨੀ ਰਘਬੀਰ ਸਿੰਘ ਵੀ ਮਸਲੇ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਸਾਬਕਾ ਜਥੇਦਾਰਾਂ ਦਾ ਹਸ਼ਰ ਉਹ ਚੰਗੀ ਤਰ੍ਹਾਂ ਵੇਖ ਚੁੱਕੇ ਹਨ, ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਹਲਕੇ ’ਚ ਮਾਫ਼ੀ ਦੇਣ ਲਈ ਤਿਆਰ ਨਹੀਂ ਸਨ। ਗਿਆਨੀ ਰਘਬੀਰ ਸਿੰਘ ਦਾ ਰੁੱਖ ਵੇਖ ਕੇ ਵਲਟੋਹੇ ਸਮੇਤ ਬਾਦਲ ਦਲ ਦੇ ਆਗੂਆਂ ਨੇ ਅੰਦਾਜ਼ਾ ਲਾ ਲਿਆ ਕਿ ਬਾਕੀ ਸਿੰਘ ਸਾਹਿਬਾਨ ਵੱਲੋਂ ਸਖ਼ਤ ਰਵੱਈਆ ਧਾਰਨ ਪਿੱਛੇ ਮੁੱਖ ਤੌਰ ’ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਦਲੀਲਾਂ ਹਨ, ਇਸ ਲਈ ਪਹਿਲਾਂ ਤਾਂ ਉਸ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਦੋਵਾਂ ਨੂੰ ਭਾਜਪਾ ਦੇ ਏਜੰਟ ਦੱਸਣਾ ਸ਼ੁਰੂ ਕੀਤਾ, ਪਰ ਜਦੋਂ ਉਨ੍ਹਾਂ ’ਤੇ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਕਾਲੀ ਦਲ ’ਚੋਂ 10 ਸਾਲ ਲਈ ਕੱਢੇ ਜਾਣ ਦੇ ਆਦੇਸ਼ ਸੁਣਾਏ ਤੇ 2 ਦਸੰਬਰ ਨੂੰ ਜਿਸ ਤਰ੍ਹਾਂ ਦੋਸ਼ੀ ਆਗੂਆਂ ਨੂੰ ਕਟਹਿਰੇ ’ਚ ਖੜ੍ਹੇ ਕਰਕੇ ਇਕੱਲੇ ਇਕੱਲੇ ਆਗੂਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਵਾਲ ਕੀਤੇ ਅਤੇ ਉਨ੍ਹਾਂ ਵੱਲੋਂ ਅਤੀਤ ’ਚ ਕੀਤੇ ਇਕੱਲੇ ਇਕੱਲੇ ਗੁਨਾਹਾਂ ਦਾ ਇਕਬਾਲ ਕਰਵਾ ਕੇ ਉਨ੍ਹਾਂ ਨੂੰ ਤਨਖ਼ਾਹ ਲਾਈ, ਇਸ ’ਤੇ ਭਾਵੇਂ ਪੰਥ ਦਾ ਕੁਝ ਹਿੱਸਾ ਤਾਂ ਸਤੁਸ਼ਟ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਗੁਨਾਹ ਬਹੁਤ ਵੱਡੇ ਹਨ, ਜਿਨ੍ਹਾਂ ਨੂੰ ਕਬੂਲ ਕਰਨ ਤੋਂ ਬਾਅਦ ਵੀ ਤਨਖ਼ਾਹ ਬਹੁਤ ਮਾਮੂਲੀ ਲਾਈ ਹੈ, ਪਰ ਵੱਡੇ ਹਿੱਸੇ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਸਿੰਘ ਸਾਹਿਬਾਨ ਨੇ ਬਹੁਤ ਲੰਬੇ ਸਮੇਂ ਬਾਅਦ ਸੰਤੁਲਤ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਤੇ ਸਤਿਕਾਰ ਬਹਾਲ ਕੀਤਾ ਹੈ।
ਤੀਸਰਾ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ, ਜੋ ਇਸ ਗੱਲੋਂ ਦੁਖੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਫ਼ਕਰ-ਏ-ਕੌਮ, ਪੰਥ ਰਤਨ’ ਦਾ ਦਿੱਤਾ ਅਵਾਰਡ, ਉਨ੍ਹਾਂ ਦੀ ਮੌਤ ਪਿੱਛੋਂ ਵਾਪਸ ਲੈਣਾ ਉਚਿਤ ਨਹੀਂ ਹੈ। ਉਨ੍ਹਾਂ ਦੀ ਇਹ ਦਲੀਲ ਬਿਲਕੁਲ ਵਾਜ਼ਬ ਨਹੀਂ ਕਿਉਂਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਵੱਲੋਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਥ ’ਚੋਂ ਛੇਕੇ ਜਾਣ ਵਾਲਾ ਹੁਕਮਨਾਮਾ ਰੱਦ ਕਰਕੇ ਮਰਨ ਉਪਰੰਤ ਉਨ੍ਹਾਂ ਨੂੰ ਮੁੜ ਪੰਥ ’ਚ ਸ਼ਾਮਲ ਕੀਤਾ ਜਾ ਸਕਦਾ ਹੈ; ਜੇ ਕੁਝ ਸ਼ਖ਼ਸੀਅਤਾਂ ਨੂੰ ਮਰਨ ਉਪਰੰਤ ਸਨਮਾਨ ਦਿੱਤੇ ਗਏ ਹਨ ਤਾਂ ਮਰਨ ਉਪਰੰਤ ਕਿਸੇ ਨੂੰ ਗਲਤ ਤੌਰ ’ਤੇ ਦਿੱਤੇ ਅਵਾਰਡ ਵਾਪਸ ਵੀ ਲਏ ਜਾ ਸਕਦੇ ਹਨ।
ਦੂਸਰਾ ਇਤਰਾਜ਼ ਹੈ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜੂਰ ਕਰਨ ਦੇ ਦਿੱਤੇ ਹੁਕਮ ਨਾਲ ਚੋਣ ਕਮਿਸ਼ਨ ਸ੍ਰੋਮਣੀ ਅਕਾਲੀ ਦਲ ਦੀ ਮਾਣਤਾ ਰੱਦ ਕਰਨ ਅਤੇ ਚੋਣ ਨਿਸ਼ਾਨ ਜ਼ਬਤ ਕਰ ਸਕਦਾ ਹੈ। ਜੇ ਬਾਦਲ ਦਲ ਨੂੰ ਚੋਣ ਕਮਿਸ਼ਨ ਦੇ ਕਾਨੂੰਨ ਦੀ ਜਾਣਕਾਰੀ ਅਤੇ ਚਿੰਤਾ ਹੈ ਤਾਂ ਇਹੀ ਕਾਨੂੰਨ ਉਸ ਸਮੇਂ ਚੇਤੇ ਕਿਉਂ ਨਹੀਂ ਆਉਂਦਾ, ਜਿਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਆਦਿਕ ਧਾਰਮਿਕ ਸੰਸਥਾਵਾਂ ਦੀ ਆਪਣੀ ਰਾਜਨੀਤੀ ਲਈ ਦੁਰਵਰਤੋਂ ਕਰਦਾ ਹੈ। ਕਿਉਂ ਐਸੇ ਬਿਆਨ ਦਿੰਦੇ ਹਨ ਕਿ ਜਿਸ ਪਾਸ ਸ੍ਰੋਮਣੀ ਕਮੇਟੀ ਹੈ ਉਹੀ ਅਸਲੀ ਅਕਾਲੀ ਦਲ ਹੈ। ਕਿਉਂ ਦੋ ਦੋ ਸੰਵਿਧਾਨ ਬਣਾ ਕੇ ਕਾਨੂੰਨ ਦੀਆਂ ਅੱਖਾਂ ’ਚ ਘੱਟਾ ਪਾਉਂਦੇ ਹਨ। ਕੀ ਇਹ ਸਭ ਕੁਝ ਕਾਨੂੰਨ ਦੀਆਂ ਨਜ਼ਰਾਂ ’ਚ ਜਾਇਜ਼ ਹੈ ? ਕੀ ਭਾਰਤੀ ਕਾਨੂੰਨ ਇਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਆਪਣੇ ਰਾਜਨੀਤਕ ਹਿਤਾਂ ਲਈ ਵਰਤਣ ਦੀ ਖੁੱਲ੍ਹ ਦਿੰਦਾ ਹੈ ? ਧਰਮ ਦਾ ਕੁੰਡਾ ਰਾਜਨੀਤਕਾਂ ’ਤੇ ਲਾਗੂ ਹੋਣ ਤੋਂ ਰੋਕਦਾ ਹੈ ? ਸਿੱਖਾਂ ਦਾ ਧਰਮ ਅਤੇ ਰਾਜਨੀਤੀ ਇਕੱਠੀ ਹੋਣ ਦਾ ਹੋਕਾ ਦੇਣ ਵਾਲੇ ਅਕਾਲੀਓ ਧਰਮ ਨੂੰ ਆਪਣੀ ਰਖੇਲ ਨਾ ਸਮਝੋ ਸਗੋਂ ਰਾਜਨੀਤੀ ’ਤੇ ਧਰਮ ਦੇ ਕੁੰਡੇ ਦੇ ਤੌਰ ’ਤੇ ਵੇਖੋ। ਕਾਨੂੰਨ ਦੀ ਆੜ ’ਚ ਫੈਸਲਾ ਬਦਲਾਉਣ ਦੀ ਜ਼ਿੱਦ ਉਸੇ ਤਰ੍ਹਾਂ ਦੀ ਗਲਤੀ ਹੋਵੇਗੀ, ਜਿਸ ਤਰ੍ਹਾਂ 2015 ’ਚ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮਾਫ਼ੀ ਦਿਵਾ ਕੇ ਕੀਤੀ ਸੀ।
2 ਦਸੰਬਰ ਦੇ ਫੈਸਲੇ ਤੋਂ ਬਾਅਦ ਵਲਟੋਹੇ ਸਮੇਤ ਬਾਦਲ ਦਲ ਦੇ ਆਗੂਆਂ ਨੇ ਸਮਝਿਆ ਕਿ ਦੋਵਾਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਉਣਾ ਉਨ੍ਹਾਂ ਨੂੰ ਮਹਿੰਗਾ ਪਿਆ ਹੈ, ਇਸ ਲਈ ਉਨ੍ਹਾਂ ਨੇ ਆਪਣੀ ਨੀਤੀ ਬਦਲ ਲਈ ਅਤੇ ਹੁਣ ਜਥੇਦਾਰਾਂ ’ਚ ਫੁੱਟ ਪਾਉਣ ਦੇ ਮਕਸਿਦ ਨਾਲ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਨੀਤੀ ਨਾਲ ਉਨ੍ਹਾਂ ਦੇ ਸਾਬਕਾ ਸਾਢੂ ਗੁਰਪ੍ਰੀਤ ਸਿੰਘ (ਮੁਕਤਸਰ) ਨੂੰ ਲੱਭ ਕੇ ਉਸ ਦੀਆਂ ਵੱਖ ਵੱਖ ਚੈਨਲਾਂ ’ਤੇ ਇੰਟਰਵਿਊ ਕਰਵਾ ਰਹੇ ਹਨ, ਜੋ ਗਿਆਨੀ ਹਰਪ੍ਰੀਤ ਸਿੰਘ ’ਤੇ ਗੰਭੀਰ ਦੋਸ਼ ਲਾ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਇੱਕ ਦਰਖਾਸਤ ਸ੍ਰੋਮਣੀ ਕਮੇਟੀ ਨੂੰ ਵੀ ਦੇ ਦਿੱਤੀ, ਜਿਸ ’ਤੇ ਝੱਟ ਕਾਰਵਾਈ ਕਰਦਿਆਂ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਬਣਾ ਦਿੱਤੀ, ਜੋ 15 ਦਿਨਾਂ ’ਚ ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਦੇ ਨਾਲ ਹੀ 15 ਦਿਨਾਂ ਤੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਮੁਕਤ ਕਰਕੇ ਚਾਰਜ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੌਂਪ ਦਿਤਾ। ਸ੍ਰੋਮਣੀ ਕਮੇਟੀ ਦੀ ਇਸ ਹੋਛੀ ਕਾਰਵਾਈ ’ਤੇ ਹੇਠਾਂ ਕੀਤੀ ਵਿਚਾਰ ਕਰਨੀ ਬਣਦੀ ਹੈ :-
ਜਿਸ ਰਘੂਜੀਤ ਸਿੰਘ ਵਿਰਕ ਨੂੰ ਪੜਤਾਲੀਆ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ, ਉਸ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਹੇਠ ਦੋ ਵਾਰ ਤਨਖਾਹੀਆ ਕਰਾਰ ਦੇ ਕੇ ਤਨਖ਼ਾਹ ਲਾਈ ਜਾ ਚੁੱਕੀ ਹੈ। ਇੱਕ ਵਾਰ ਪੰਥ ’ਚੋਂ ਛੇਕੇ ਸੌਦਾ ਸਾਧ ਦੀ ਹਾਜ਼ਰੀ ਭਰਨ ਦੇ ਦੋਸ਼ ਹੇਠ ਅਤੇ ਦੂਸਰੀ ਵਾਰ ਗੁਰਦੁਆਰਾ ਰਾਮਸਾਰ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੀ ਗਿਣਤੀ ’ਚ ਸਰੂਪ ਅਗਨ ਭੇਟ ਹੋ ਜਾਣ ’ਤੇ ਪਸ਼ਚਾਤਾਪ ਸਮਾਗਮ ਨਾ ਕਰਨ ਅਤੇ ਇਸ ਮੰਦਭਾਗੀ ਘਟਨਾ ਨੂੰ ਦਬਾਉਣ ਦੇ ਦੋਸ਼ ਹੇਠ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ ਸਜ਼ਾ ਦੇਣ ਸਮੇਂ। ਤਾਂ ਐਸੇ ਰਘੂਜੀਤ ਸਿੰਘ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਖ਼ੁਦ ਨੂੰ ਸਜ਼ਾ ਦੇਣ ਵਾਲੇ ਜਥੇਦਾਰ ਵਿਰੁੱਧ ਨਿਰਪੱਖ ਜਾਂਚ ਕਰੇਗਾ।
ਜਿਸ ਸ਼ਿਕਾਇਤ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ, ਉਹ 17 ਸਾਲ ਪੁਰਾਣਾ ਇੱਕ ਪਰਵਾਰਕ ਝਗੜਾ ਹੈ। ਗੁਰਪ੍ਰੀਤ ਸਿੰਘ ਨੇ ਇਹੀ ਦੋਸ਼ 2015 ’ਚ ਲਾਏ ਸਨ, ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਮੁਕਤਸਰ ਵਿਖੇ ਗ੍ਰੰਥੀ ਸੀ। ਸ੍ਰੋਮਣੀ ਕਮੇਟੀ ਨੇ ਉਸ ਸਮੇਂ ਇਸ ਸ਼ਿਕਾਇਤ ਦੀ ਪੜਤਾਲ ਆਪਣੇ ਫਲਾਇੰਗ ਸਕੂਐਡ ਤੋਂ ਕਰਵਾ ਕੇ ਫਾਈਲ ਕਰ ਦਿੱਤੀ ਸੀ। ਫਿਰ 2015 ’ਚ ਗਿਆਨੀ ਹਰਪ੍ਰੀਤ ਸਿੰਘ ਨੂੰ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਇੰਟਰਵਿਊ ਲਈ ਬੁਲਾਇਆ ਗਿਆ, ਸੰਨ 2017 ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਤੇ 2018 ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਨਿਯੁਕਤ ਕੀਤਾ ਗਿਆ। ਇਨ੍ਹਾਂ ਸਭ ਨਿਯੁਕਤੀਆਂ ਸਮੇਂ ਕਰਮਚਾਰੀ ਦੀ ਸਮੁੱਚੀ ਫਾਈਲ ਦੀ ਘੋਖ ਪੜਤਾਲ ਕੀਤੀ ਜਾਂਦੀ ਹੈ। ਜੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਸੱਚੀ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨੇ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਕਿਉਂ ਕੀਤਾ ਗਿਆ ? ਇਸ ਤੋਂ ਸਾਬਤ ਹੁੰਦਾ ਹੈ ਕਿ 2 ਦਸੰਬਰ ਦੇ ਫੈਸਲੇ ਨੂੰ ਹਜ਼ਮ ਨਾ ਕਰ ਸਕਣ ਕਾਰਨ ਉਨ੍ਹਾਂ ’ਤੇ ਦਬਾਅ ਪਾਉਣ ਦੇ ਮਕਸਿਦ ਨਾਲ ਹੀ ਗੁਰਪ੍ਰੀਤ ਸਿੰਘ ਤੋਂ ਦੁਬਾਰਾ ਸ਼ਿਕਾਇਤ ਲਈ ਗਈ ਜਾਪਦੀ ਹੈ। ਸੋਸ਼ਲ ਮੀਡੀਏ ’ਤੇ ਮੁਕਤਸਰ ਦੇ ਕਈ ਮੋਹਤਵਰ ਵਿਅਕਤੀਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ, ਜੋ ਮੰਨਦੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਲਾਏ ਜਾ ਰਹੇ ਇਲਜ਼ਾਮ ਬਿਲਕੁਲ ਝੂਠੇ ਹਨ ਕਿਉਂਕਿ ਉਨ੍ਹਾਂ ਨੇ 17 ਸਾਲ ਮੁਕਤਸਰ ਵਿਖੇ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ, ਕਥਾਵਾਚਕ ਅਤੇ ਹੈੱਡ ਗ੍ਰੰਥੀ ਦੇ ਤੌਰ ’ਤੇ ਬਹੁਤ ਹੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਧਰਮ ਪ੍ਰਚਾਰ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਦੇ ਚਾਲ ਚੱਲਨ ’ਤੇ ਕਦੀ ਉਂਗਲੀ ਨਹੀਂ ਉੱਠੀ ਜਦੋਂ ਕਿ ਗੁਰਪ੍ਰੀਤ ਸਿੰਘ ਦੇ ਵਿਵਹਾਰ ਦੀ ਸਾਰੇ ਨਿੰਦਾ ਕਰਦੇ ਹਨ। ਮਨਿੰਦਰ ਸਿੰਘ ਖ਼ਾਲਸਾ ਮੁਕਤਸਾਰ ਇਹ ਕਹਿੰਦੇ ਵੀ ਸੁਣੇ ਗਏ ਕਿ ਉਸ ਦੇ ਗਲਤ ਵਿਵਹਾਰ ਕਾਰਨ ਉਸ ਦੇ ਆਪਣੇ ਮਾਤਾ ਪਿਤਾ ਨੇ ਵੀ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ, ਜਿਸ ਦੀ ਲਿਖਤ ਉਸ (ਮਨਿੰਦਰ ਸਿੰਘ) ਕੋਲ਼ ਹੈ।
ਸ੍ਰੋਮਣੀ ਕਮੇਟੀ ਦੇ ਫੈਸਲੇ ਤੋਂ ਇੱਕ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਇਸ ਸ਼ਿਕਾਇਤ ’ਤੇ ਸਪਸ਼ਟੀਕਰਨ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰਿਆਂ ਤੇ ਸੰਗਤ ਦੀ ਹਾਜ਼ਰੀ ’ਚ ਕਿਹਾ ਕਿ ‘ਮੈਂ ਜਥੇਦਾਰ ਰਹਾਂ ਜਾਂ ਨਾ ਰਹਾਂ, ਪਰ 2 ਦਸੰਬਰ ਦੇ ਫੈਸਲੇ ਨੂੰ ਬਦਲਣ ਲਈ ਜੇ ਕੋਈ ਮੀਟਿੰਗ ਹੁੰਦੀ ਹੈ ਤਾਂ ਉਹ, ਉਸ ’ਚ ਭਾਗ ਨਹੀਂ ਲੈਣਗੇ’; ਸਪਸ਼ਟ ਸੰਕੇਤ ਹੈ ਕਿ ਅਕਾਲੀ ਆਗੂ 2 ਦਸੰਬਰ ਦੇ ਫੈਸਲੇ ਤੋਂ ਨਾ ਖੁਸ਼ ਹਨ, ਜਿਸ ਕਾਰਨ ਦਬਾਅ ਦੀ ਨੀਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਹੇ ਹਨ, ਜਿਸ ਨਾਲ ਬਾਦਲ ਦਲ ਅਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਰਾਹ ’ਚ ਹੋਰ ਕੰਡੇ ਬੀਜ਼ ਰਹੇ ਹਨ। ਅੰਦਰੋਂ ਖ਼ਬਰਾਂ ਤਾਂ ਇਹ ਵੀ ਹਨ ਕਿ ਸ੍ਰੋਮਣੀ ਕਮੇਟੀ ਦੀ ਕਾਰਜਕਾਰੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਅਤੇ ਉਸ ਵਿਰੁੱਧ ਪੜਤਾਲੀਆ ਕਮੇਟੀ ਬਣਾਉਣ ਦੇ ਫੈਸਲੇ ਨਾਲ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਹਿਮਤ ਨਹੀਂ ਸਨ, ਉਨ੍ਹਾਂ ਨੂੰ ਪਾਰਟੀ ਦੇ ਦਬਾਅ ਹੇਠ ਫੈਸਲਾ ਲੈਣਾ ਪਿਆ। ਇਸੇ ਤਰ੍ਹਾਂ ਉਹ ਨਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਵਾਲੇ ਮਤੇ ਦੇ ਵੀ ਹੱਕ ਵਿੱਚ ਨਹੀਂ ਸਨ। ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਤੋਂ ਗਿਆਨੀ ਰਘਬੀਰ ਸਿੰਘ ਵੀ ਖੁਸ਼ ਨਹੀਂ ਹਨ, ਇਸ ਲਈ ਹਰਜਿੰਦਰ ਸਿੰਘ ਧਾਮੀ ਨੇ 23 ਦਸੰਬਰ ਨੂੰ ਕਾਰਜਕਾਰੀ ਦੀ ਮੀਟਿੰਗ ਸੱਦੀ ਸੀ; ਅੰਦਾਜ਼ਾ ਸੀ ਕਿ ਇਸ ਮੀਟਿੰਗ ’ਚ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਪਾਸ ਕੀਤਾ ਮਤਾ ਵਾਪਸ ਲਿਆ ਜਾ ਸਕਦਾ ਹੈ, ਪਰ 22 ਤਾਰੀਖ਼ ਨੂੰ ਉਹ ਮੀਟਿੰਗ ਵੀ ਪਾਰਟੀ ਦਬਾਅ ਹੇਠ ਰੱਦ ਕਰਵਾ ਦਿੱਤੀ। ਖ਼ਬਰਾਂ ਹਨ ਸ੍ਰੋਮਣੀ ਕਮੇਟੀ ਦੇ ਫੈਸਲਿਆਂ ’ਚ ਇਸ ਤਰ੍ਹਾਂ ਦੇ ਦਬਾਅ ਹੇਠ ਪ੍ਰਧਾਨ ਧਾਮੀ ਬੇਹੱਦ ਦੁਖੀ ਹਨ ਤੇ ਉਹ ਕਿਸੇ ਵੀ ਸਮੇਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਸਕਦੇ ਹਨ। ਹੋ ਸਕਦਾ ਹੈ ਧਾਮੀ ਨੂੰ ਅਸਤੀਫ਼ਾ ਨਾ ਦੇਣ ਲਈ ਮਨਾ ਲਿਆ ਗਿਆ ਹੈ, ਇਸ ਕਾਰਨ ਹੁਣ 30 ਦਸੰਬਰ ਨੂੰ ਕਾਰਜਕਾਰਨੀ ਦੀ ਮੀਟਿੰਗ ਬੁਲਾ ਲਈ ਗਈ ਹੈ। ਵੇਖਦੇ ਹਾਂ 30 ਦਸੰਬਰ ਨੂੰ ਕੀ ਹੁੰਦਾ ਹੈ। ਲੋਕ ਸਮਝਣ ਲੱਗ ਪਏ ਹਨ ਕਿ 2 ਦਸੰਬਰ ਦਾ ਪ੍ਰਭਾਵਸ਼ਾਲੀ ਫੈਸਲਾ, ਜਿਸ ਨੂੰ ਸੁਣ ਕੇ ਕੇਵਲ ਸਿੱਖ ਹੀ ਨਹੀਂ ਬਲਕਿ ਦੂਸਰੇ ਧਰਮਾਂ ਦੇ ਲੋਕ ਵੀ ਵਾਹ ਵਾਹ ਕਰ ਉੱਠੇ ਹਨ; ਉਸ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦੀ ਨਿਡਰਤਾ ਤੇ ਦਲੇਰੀ ਹੀ ਕੰਮ ਕਰਦੀ ਹੈ।
ਹੁਣ ਤੱਕ ਜੋ ਸਾਹਮਣੇ ਆ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਪੰਜੇ ਹੀ ਸਿੰਘ ਸਾਹਿਬਾਨ ‘‘ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ; ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥’’ (ਅੰਗ ੩੩੮) ਪਾਵਨ ਬਚਨ ਅਨੁਸਾਰ ਖ਼ੁਦ ਲਈ ਫੈਸਲਾ ਕਰਨਾ ਹੈ ਕਿ ਉਨ੍ਹਾਂ ਗਿਆਨੀ ਗੁਰਬਚਨ ਸਿੰਘ ਦੀ ਲਾਈਨ ’ਚ ਖੜ੍ਹਨਾ ਹੈ ਜਾਂ ਅਕਾਲੀ ਫੂਲਾ ਸਿੰਘ ਦੀ ਲਾਈਨ ’ਚ। ਗਿਆਨੀ ਹਰਪ੍ਰੀਤ ਸਿੰਘ ਦੀ ਕੇਵਲ ਇੱਕ ਘਾਟ ਮਹਿਸੂਸ ਹੁੰਦੀ ਹੈ ਕਿ 15 ਅਕਤੂਬਰ ਨੂੰ ਵਲਟੋਹਾ ਦੀ ਪੇਸ਼ੀ ਦੌਰਾਨ ਉਹ ਤਹਿਸ਼ ’ਚ ਆ ਗਏ ਜਿਹੜਾ ਕਿ ਉਨ੍ਹਾਂ ਦੇ ਉੱਚ ਅਹੁੱਦੇ ਲਈ ਸ਼ੋਭਦਾ ਨਹੀਂ ਹੈ, ਪਰ ਵਿਰਸਾ ਸਿੰਘ ਵਲਟੋਹਾ ਦੇ ਵਿਵਹਾਰ ਨੂੰ ਕੌਣ ਨਹੀਂ ਜਾਣਦਾ ? ਬਹੁਤ ਸਾਰੀਆਂ ਟੀਵੀ ਡੀਬੇਟ ਇੱਥੋਂ ਤੱਕ ਕਿ ਵਿਧਾਨ ਸਭਾ ’ਚ ਵੀ ਦੂਸਰੇ ਪੱਖ ਨੂੰ ਗਰਮ ਹੋਣ ਲਈ ਵਲਟੋਹਾ ਮਜਬੂਰ ਕਰ ਦਿੰਦਾ ਹੈ; ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਪੇਸ਼ੀ ਦੌਰਾਨ, ਜਿਸ ਤਰ੍ਹਾਂ ਉਸ ਦੇ ਹੱਥ ਦੀਆਂ ਹਰਕਤਾਂ (ਉਸ ਸਮੇਂ ਉਸ ਦੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ) ਵਿਖਾਈ ਦਿੰਦੀਆਂ ਹਨ, ਤੋਂ ਜਾਪਦਾ ਹੈ ਕਿ ਉਨ੍ਹਾਂ ਨੇ ਜ਼ਰੂਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਤੇਜਿਤ ਕੀਤਾ ਹੋਵੇਗਾ ਤਾਂ ਜੋ ਜਥੇਦਾਰ ਸਖ਼ਤ ਬੋਲਣ, ਜਿਸ ਨਾਲ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਖ਼ੈਰ ਕੁਝ ਵੀ ਹੋਵੇ ਸਿੰਘ ਸਾਹਿਬਾਨ ਨੂੰ ਭੀ ਆਪਣੀ ਬੋਲ ਚਾਲ ’ਤੇ ਸੰਜਮ ਰੱਖਣਾ ਅਤਿ ਜ਼ਰੂਰੀ ਹੈ।
ਅਖੌਤੀ ਅਕਾਲੀਆਂ ਦਾ ਦੋਗਲਾ ਚਿਹਰਾ ਨੰਗਾ ਹੋ ਚੁੱਕ ਹੈ, ਜੋ ਇੱਕ ਪਾਸੇ ਤਾਂ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬਗਲੇ ਵਾਙ ਅੱਖਾਂ ਮੀਚ ਕੇ ਆਪਣੇ ਗੁਨਾਹਾਂ ਦਾ ਇਕਬਾਲ ਕਰ ਉੱਥੋਂ ਸੁਣਾਈ ਹਰ ਤਨਖ਼ਾਹ ਪੂਰੀ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਸਰੇ ਪਾਸੇ ਉੱਥੋਂ ਸੁਣਾਇਆ ਬਹੁਤ ਹੀ ਸੰਤੁਲਤ ਫੈਸਲਾ, ਜਿਹੜਾ ਕਿ ਹੂ-ਬਹੂ ਮੰਨਣਾ ਇਨ੍ਹਾਂ ਲਈ ਸੰਜੀਵਨੀ ਬੂਟੀ ਸਿੱਧ ਹੋ ਸਕਦਾ ਸੀ, ਉਸ ਨੂੰ ਚੋਣ ਕਮਿਸ਼ਨ ਦੇ ਕਾਨੂੰਨ ਦਾ ਸਹਾਰਾ ਲੈ ਕੇ ਬਦਲਵਾਉਣ ’ਤੇ ਤੁਲੇ ਹੋਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉੱਚ ਦੱਸਣ ਵਾਲੇ ਇਨ੍ਹਾਂ ਅਕਾਲੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਲਈ ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਜਾਂ ਚੋਣ ਕਮਿਸ਼ਨ; ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਬਚਾਉਣ ਦੀ ਲੋੜ ਹੈ ਜਾਂ ਪੰਜਾਬੀ ਪਾਰਟੀ ਬਣ ਚੁੱਕਿਆ ਅਖੌਤੀ ਅਕਾਲੀ ਦਲ ਬਚਾਉਣਾ ਵੱਧ ਜ਼ਰੂਰੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉੱਚ ਦੱਸਣ ਵਾਲ਼ੇ ਇਨ੍ਹਾਂ ਅਕਾਲੀਆਂ ਨੇ ਖੁਦ ਕਦੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ/ਆਦੇਸ਼ ਨਹੀਂ ਮੰਨਿਆ; ਜਿਵੇਂ ਕਿ ਭਾਈ ਰਣਜੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਸੀ ਕਿ 15 ਅਪ੍ਰੈਲ 1999 ਤੱਕ ਸਾਰੇ ਅਕਾਲੀ ਮਿਲ-ਜੁਲ ਕੇ ਤਿੰਨ ਸੌ ਸਾਲਾ ਖ਼ਾਲਸਾ ਸਾਜਣਾ ਸ਼ਤਾਬਦੀ ਮਨਾਉਣ, ਪਰ ਬਾਦਲ ਧੜੇ ਨੇ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਤੋਂ ਹਟਾਉਣਾ ਸੀ, ਇਸ ਲਈ ਪਹਿਲਾਂ ਭਾਈ ਰਣਜੀਤ ਸਿੰਘ ਨੂੰ ਹੀ ਜਥੇਦਾਰੀ ਦੇ ਅਹੁੱਦੇ ਤੋਂ ਹਟਾ ਦਿੱਤਾ। ਮਿਤੀ 29-03-2000 ਨੂੰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੀ ਜਥੇਦਾਰੀ ਸਮੇਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਤਖ਼ਤਾਂ ਦੇ ਜਥੇਦਾਰਾਂ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਕਿ ਨਿਯੁਕਤੀ, ਯੋਗਤਾ, ਕਾਰਜਖੇਤਰ, ਕਾਰਜ ਵਿਧੀ, ਅਧਿਕਾਰ, ਜ਼ਿੰਮੇਵਾਰੀਆਂ, ਸੇਵਾਮੁਕਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਿਤ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ। ਬਾਅਦ ਵਾਲੇ ਜਥੇਦਾਰਾਂ ਵੱਲੋਂ ਵੀ ਇਸ ਹੁਕਮਨਾਮੇ ’ਤੇ ਕਾਰਵਾਈ ਕਰਨ ਲਈ ਯਾਦ ਪੱਤਰ ਲਿਖੇ ਗਏ, ਪਰ ਢਾਈ ਦਹਾਕੇ ਬੀਤ ਜਾਣ ’ਤੇ ਵੀ ਇਸ ਹੁਕਮਨਾਮੇ ਨੂੰ ਮੰਨਿਆ ਨਹੀਂ ਗਿਆ ਕਿਉਂਕਿ ਇਨ੍ਹਾਂ ਨੇ ਖ਼ੁਦ ਹੀ ਦੁਰਵਰਤੋਂ ਕਰਨੀ ਹੁੰਦੀ ਹੈ। ਜੇ ਇਸ ਹੁਕਮਨਾਮੇ ’ਤੇ ਸੁਹਿਰਦਤਾ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਬਾਦਲ ਦਲ ਨੂੰ ਅੱਜ ਵਾਲੇ ਹਾਲਤ ਨਾ ਵੇਖਣੇ ਪੈਂਦੇ।
ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਕਿ ਸ੍ਰੋਮਣੀ ਕਮੇਟੀ ਆਪਣਾ ਚੈੱਨਲ ਬਣਾਏ, ਪਰ ਅੱਜ ਤੱਕ ਇਹ ਹੁਕਮ ਨਾ ਮੰਨਿਆ। 2 ਦਸੰਬਰ ਵਾਲੇ ਤਾਜ਼ਾ ਹੁਕਮਨਾਮੇ ਦੀ ਮਿਸਾਲ ਤਾਂ ਸਭ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਨੂੰ ਜਥੇਦਾਰਾਂ ’ਤੇ ਦਬਾਅ ਪਾਉਣ ਲਈ ਵਰਤਿਆ ਜਾ ਰਿਹਾ ਹੈ। ਅਕਾਲੀ ਅਖਵਾਉਣ ਵਾਲਿਆਂ ਦਾ ਵਿਵਹਾਰ ’ਤੇ ਇਹ ਪਾਵਨ ਬਚਨ ‘‘ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ? ਜਾ ਰਿਦੈ ਕੁਸੁਧੇ ਜਾਹਿ ॥’’ (ਮਹਲਾ ੧/੪੭੦) ਪੂਰੀ ਤਰ੍ਹਾਂ ਢੁਕਦਾ ਹੈ। ਗੁਰੂ ਸਾਹਿਬ ਦਾ ਪੰਥ ਵੀ ਸਮਝ ਚੁੱਕਾ ਹੈ ਕਿ ਦੋਹਰਾ ਰੋਲ ਨਿਭਾਉਣ ਵਾਲਿਆਂ ਨੂੰ ਕਿਤੇ ਵੀ ਕੋਈ ਸਹਾਰਾ ਨਹੀਂ ਮਿਲਣਾ ‘‘ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ ॥ ਨਾਨਕ ! ਦੋਵੈ ਕੂੜੀਆ; ਥਾਇ ਨ ਕਾਈ ਪਾਇ ॥’’ (ਮਹਲਾ ੨/੪੭੪)
ਅੱਜ ਵਿਚਾਰਨਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਉਸ ਦਾ ਸਮਰਥਨ ਕਰਕੇ ਉਸ ਦੇ ਹੱਥ ਮਜਬੂਤ ਕਰਨ ਅਤੇ ਪੰਥ ਦਾ ਨੁਕਸਾਨ ਹੁੰਦਾ ਵੇਖਣ ਵਾਲੇ ਸਿੱਖਾਂ ਨੂੰ ਹੁਣ ਜੇ ਥੋੜ੍ਹਾ ਰੀਡ ਦੀ ਹੱਡੀ ਵਾਲੇ ਸਿੰਘ ਸਾਹਿਬਾਨ ਮਿਲੇ ਹਨ ਤਾਂ ਕੁਝ ਸਮੇਂ ਲਈ ਉਨ੍ਹਾਂ ਦੀ ਕੁਝ ਤਲਖ਼ ਕਲਾਮੀ ਨੂੰ ਨਜ਼ਰਅੰਦਾਜ਼ ਕਰ ਅਖੌਤੀ ਅਕਾਲੀਆਂ ਵੱਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜੇ ਸਿੰਘ ਸਾਹਿਬਾਨ ਦੇ ਸਮਰਥਨ ’ਚ ਡਟ ਕੇ ਖੜ੍ਹ ਜਾਣ ਤਾਂ ਕਿ ਸ੍ਰੀ ਅਕਾਲ ਸਾਹਿਬ ਦਾ ਰੁਤਬਾ ਕੁਝ ਬਹਾਲ ਹੋ ਸਕੇ ਤੇ ਪੰਜ ਸਿੰਘ ਸਾਹਿਬਾਨ ਪੰਥਕ ਭਾਵਨਾਂ ਅਤੇ ਗੁਰਮਤਿ ਅਨੁਸਾਰੀ ਫੈਸਲੇ ਕਰਨ ਦੇ ਸਮਰਥ ਹੋ ਸਕਣ। ਹੁਣ ਮੌਜੂਦਾ ਅਕਾਲੀਆਂ ਦਾ ਕਿਰਦਾਰ ਅਤੇ ਭਾਵਨਾ ਜੱਗ ਜ਼ਾਹਰ ਹਨ। ਇਹ ਇਖ਼ਲਾਕੀ ਤੌਰ ’ਤੇ ਬੇਹੱਦ ਕਮਜੋਰ ਹੋ ਚੁੱਕੇ ਹਨ, ਇਸ ਲਈ ਸਮਾਂ ਹੈ ਕਿ ਇਨ੍ਹਾਂ ਅਕਾਲੀਆਂ ਨੂੰ ਮੂਲੋਂ ਹੀ ਰੱਦ ਕਰਕੇ 1920 ਵਾਲਾ ਸ੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਨ ਦੇ ਯਤਨ ਅਰੰਭੇ ਜਾਣ।