32 C
Jalandhar
Monday, April 6, 2026
spot_img
Home Blog Page 57

ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ

0

ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ

ਅਵਤਾਰ ਸਿੰਘ ਮਿਸ਼ਨਰੀ (5104325827)

ਹੋਲੀ ਸੰਸਕ੍ਰਿਤ, ਹੋਲਾ ਫਾਰਸੀ ਅਤੇ ਮਹੱਲਾ ਅਰਬੀ ਦਾ ਸ਼ਬਦ ਹੈ। ਹੋਲੀ ਹਰਨਾਕਸ਼ ਦੀ ਭੈਣ ਹੋਲਿਕਾ ਤੋਂ ਬਣਿਆ ਮੰਨਿਆ ਜਾਂਦਾ ਹੈ। ਹੋਲੇ ਦਾ ਅਰਥ ਹੱਲਾ ਬੋਲਣਾ ਅਤੇ ਮਹੱਲਾ ਜਿਸ ਥਾਂ ਨੂੰ ਫ਼ਤਿਹ ਕਰ ਪੜਾਅ ਕੀਤਾ ਜਾਵੇ। ਹੋਲੀ ਭਾਰਤ ਦਾ ਇੱਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ। ਜਿਸ ਦਾ ਮੂਲ ਸੰਬੰਧ ਪ੍ਰਚਲਿਤ ਬ੍ਰਾਹਮਣੀ ਵਰਣਵੰਡ ਨਾਲ ਹੈ, ਪਰ ਇਸ ਦੇ ਉਲਟ ਹੋਲੇ ਮਹੱਲੇ ਦਾ ਸੰਬੰਧ ਸ਼ਸਤਰ ਵਿਦਿਆ ਅਭਿਆਸ ਨਾਲ ਹੈ। ਜਿਸ ਦਾ ਆਰੰਭ ਸੰਨ 1700 (ਸੰਮਤ ੧੭੫੭ ਚੇਤ ਵਦੀ ਪਹਿਲੀ) ਨੂੰ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ’ਤੇ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਇਨ੍ਹਾਂ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ। ਕਈ ਵਾਰ ਹੋਲੀ ਖ਼ੂਨ ਦੀ ਵੀ ਖੇਡੀ ਜਾਂਦੀ ਤੇ ਹੋਲਾ ਮਹੱਲਾ ਸ਼ਸਤਰ ਵਿਦਿਆ ਦੇ ਤੇਜਸਵੀ ਦਾਅ ਪੇਚਾਂ ਨਾਲ ਘੋੜੇ ਭਜਾ ਅਤੇ ਗਤਕੇ ਦੇ ਜੌਹਰ ਦਿਖਾ ਖੇਡਿਆ ਜਾਂਦਾ ਹੈ। ਪੱਕੇ ਰੰਗਾਂ ਅਤੇ ਗੰਦ-ਪਿੱਲ ਸੁੱਟਣ ਦੇ ਥਾਂ ’ਤੇ ਮਹਿਕਦਾਰ ਗੁਲਾਲ ਹੀ ਬਖੇਰੇ ਜਾਂਦੇ ਹਨ। ਹੋਲਾ-ਮਹੱਲਾ ਘੋੜ ਸਵਾਰੀ, ਗਤਕੇ ਬਾਜ਼ੀ ਆਦਿਕ ਮਰਦਾਵੀਂ ਖੇਡਾਂ ਹਨ, ਜੋ ਦੋ ਦਲ ਬਣਾ ਕੇ ਖੇਡੀਆਂ ਜਾਂਦੀਆਂ ਹਨ। ਇਸ ਕਰਕੇ ਹੋਲਾ-ਮਹੱਲਾ ਫ਼ੌਜੀ-ਟ੍ਰੇਨਿੰਗ ਦਾ ਵੀ ਪ੍ਰਤੀਕ ਹੈ, ਜਿਸ ਤੋਂ ਸੰਤ ਸਿਪਾਹੀ ਬਿਰਤੀ ਉਤਪੰਨ ਹੁੰਦੀ ਹੈ। ਨਸ਼ੇ ਧਤੂਰੇ ਪੀ ਕੇ ਸ਼ਿਵਜੀ; ਹੋਲਕਾਂ ਅਤੇ ਹਰਨਾਕਸ਼ ਵਰਗਿਆਂ ਨੂੰ ਪ੍ਰਸੰਨ ਹੋ ਕੇ ਵਰ ਦਿੰਦਾ ਸੀ, ਪਰ ਇੱਧਰ ਕਲਗੀਧਰ ਪਾਤਿਸ਼ਾਹ ਨੇ ਦਬਲੇ-ਕੁਚਲੇ ਤੇ ਉੱਚ-ਜਾਤੀਆਂ ਵੱਲੋਂ ਦੁਰਕਾਰੇ ਹੋਏ ਲੋਕਾਂ ਨੂੰ ਗਲ ਨਾਲ ਲਾਇਆ ਤੇ ਹੌਸਲਾ ਦਿੱਤਾ ‘‘ਇਨ ਗਰੀਬ ਸਿਖਨ ਕਉ ਦੇਹੂੰ ਪਾਤਸ਼ਾਹੀ’ ਆਦਿਕ ਬਖ਼ਸ਼ਸ਼ਾਂ ਹੀ ਕੀਤੀਆਂ।

ਦੇਖੋ ! ਬ੍ਰਾਹਮਣ ਨੇ ਜਿੱਥੇ ਮਨੁੱਖਤਾ ਨੂੰ ਜਾਤਾਂ-ਪਾਤਾਂ ਦੇ ਆਧਾਰ ’ਤੇ ਚਾਰ ਵਰਨਾਂ (ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦ) ਵਿੱਚ ਵੰਡਿਆ ਓਥੇ ਤਿਉਹਾਰ ਵੀ ਵੱਖਰੇ-ਵੱਖਰੇ ਵੰਡ ਦਿੱਤੇ; ਜਿਵੇਂ ਵੈਸਾਖੀ ਉੱਤਮ ਹੋਣ ਕਰਕੇ ਬ੍ਰਾਹਮਣ, ਦੀਵਾਲੀ ਖਤਰੀ, ਦਸਹਿਰਾ ਵੈਸ਼ ਅਤੇ ਹੋਲੀ ਸ਼ੂਦਰਾਂ ਲਈ ਨਿਯਤ ਕੀਤੀ ਗਈ। ਰੱਬੀ-ਭਗਤਾਂ ਅਤੇ ਸਿੱਖ-ਗੁਰੂ ਸਾਹਿਬਾਨ ਨੇ ਬ੍ਰਾਹਮਣ ਦਾ ਇਹ ਪਾਖੰਡ ਤੋੜਦੇ ਹੋਏ ਜਨਤਾ ਨੂੰ ਦਰਸਾਇਆ ਕਿ ਹਰੇਕ ਇਨਸਾਨ ਜੋ ਅਸਲ ਬ੍ਰਹਮ ਨੂੰ ਜਾਣਦਾ ਭਾਵ ਪ੍ਰਭੂ ਨੂੰ ਯਾਦ ਕਰਦਾ ਹੋਇਆ ਵਿਦਿਆ ਵਿਚਾਰਦਾ ਹੈ, ਉਹ ਬ੍ਰਾਹਮਣ ਹੈ। ਜੋ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਜੂਝਦੇ ਹਨ ਉਹ ਖੱਤ੍ਰੀ ਹਨ। ਜੋ ਧਰਮ ਦੀ ਕਿਰਤ ਕਰਕੇ ਆਪਣਾ ਅਤੇ ਦੂਜਿਆਂ ਦਾ ਪੇਟ ਪਾਲਦੇ ਹਨ ਉਹ ਵੈਸ਼ ਅਤੇ ਮਨੁੱਖਤਾ ਦੀ ਸੇਵਾ ਕਰਦੇ ਹਨ ਤਾਂ ਉਹ ਸ਼ੂਦਰ ਭਾਵ ਇਹ ਚਾਰੇ ਗੁਣ ਹਰੇਕ ਵਿਅਕਤੀ ਅੰਦਰ ਹੋਣੇ ਜ਼ਰੂਰੀ ਹਨ। ਉਸ ਨੂੰ ਬ੍ਰਾਹਮਣ ਜਾਂ ਕਿਸੇ ਧਾਰਮਕ ਕਾਜ਼ੀ-ਮੁੱਲਾਂ, ਪੰਡਿਤ-ਪਾਦਰੀ ਆਦਿਕ ਦੀ ਮੁਥਾਜੀ ਦੀ ਲੋੜ ਨਹੀਂ ਰਹਿੰਦੀ।

ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਅਤੇ ‘ਹੋਲੀ’ ਬਾਰੇ ਇਸ ਤਰ੍ਹਾਂ ਲਿਖਿਆ ਹੈ ‘‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ੧ ਨੂੰ ਸਿੱਖਾਂ ਵਿੱਚ ਹੋਲਾ-ਮਹੱਲਾ ਹੁੰਦੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਅਭਿਆਸ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖ਼ਸ਼ਦੇ ਸਨ।

ਅਸੀਂ ਸਾਲ ਪਿੱਛੋਂ ਇਹ ਰਸਮ ਨਾਮ ਮਾਤਰ ਪੂਰੀ ਕਰ ਛੱਡਦੇ ਹਾਂ, ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂਕਿ ਸ਼ਸਤਰ-ਵਿਦਿਆ ਤੋਂ ਅਣਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ। ਇਸੇ ਵਿਸ਼ੇ ’ਤੇ ਭਾਈ ਸਾਹਿਬ ਹੋਰ ਲਿਖਦੇ ਹਨ ‘‘ਸ਼ੋਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਇਸ ਤਰ੍ਹਾਂ ਹੋਲਾ-ਮਹੱਲਾ  ਸ਼ਸਤਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਵਿਲੱਖਣ ਤਿਉਹਾਰ ਹੈ ਜਦ ਕਿ ਹੋਲੀ ਨੂੰ ਸਦੀਆਂ ਤੋਂ ਰੰਗ ਰਲੀਆਂ ਵਜੋਂ ਮਨਾਉਂਦੇ ਆ ਰਹੇ ਲੋਕ, ਆਪਣੀ ਅਣਖ-ਗੈਰਤ ਗਵਾ ਨਿਹੱਥੇ ਹੋ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ। ਸਿਰ ’ਤੇ ਪੱਗ ਨਹੀਂ ਸੀ ਬੰਨ੍ਹ ਸਕਦਾ। ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾ ਬਣ ਚੁੱਕੀ ਸੀ ਕਿ ‘ਕਾਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ।’ ਅਜਿਹੇ ਸਹਿਮੇ ਹੋਏ ਲੋਕਾਂ ਅੰਦਰ ਸ਼ਸਤਰਧਾਰੀ ਹੋ ਕੇ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ ਗੁਰੂ ਕਲਗੀਧਰ ਪਾਤਿਸ਼ਾਹ ਨੇ ਸ਼ਸਤਰ-ਵਿਦਿਆ, ਘੋੜ-ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ ਹੋਲੇ-ਮਹੱਲੇ ਦੇ ਜੰਗੀ ਕਰਤਬ ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਮੱਛੀ-ਮੱਛਰ ਮਾਰਨ ਤੋਂ ਡਰਨ ਵਾਲੇ ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸਤਰਧਾਰੀ ਹੋ ਕੇ ਜ਼ਾਲਮ ਮੁਗਲ ਹਕੂਮਤ ਦੀਆਂ ਜੜ੍ਹਾਂ ਭਾਰਤ ਵਿੱਚੋਂ ਉਖੇੜ ਕੇ ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫ਼ੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਅੱਜ ਵੀ ਹਰ ਅਜ਼ਾਦ ਦੇਸ਼ ਭਾਵੇਂ ਉਸ ਦੀ ਕਿਸੇ ਦੂਜੇ ਦੇਸ਼ ਨਾਲ ਜੰਗ ਨਹੀਂ ਵੀ ਲੱਗੀ ਹੋਈ ਫਿਰ ਵੀ ਆਪਣੀ ਫ਼ੌਜ ਨੂੰ ਨਿਤਾਪ੍ਰਤੀ ਜੰਗੀ ਅਭਿਆਸ ਕਰਵਾਉਂਦਾ ਰਹਿੰਦਾ ਹੈ।

ਸੋ ਹੋਲਾ-ਮਹੱਲਾ ਫ਼ਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਾਂ ਦਾ ਜ਼ਿਕਰ ਕਰਦੇ ਹੋਏ ਹੋਲੇ ਦੀ ਵਿਲੱਖਣਤਾ ਇਉਂ ਦਰਸਾਈ ਹੈ ‘ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ। ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।

ਸਤਿਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਤੋਂ ਹੀ ਮੌਜੂਦ ਹੈ ‘‘ਆਜੁ ਹਮਾਰੈ ਬਨੇ ਫਾਗ ॥  ਪ੍ਰਭ ਸੰਗੀ ਮਿਲਿ ਖੇਲਨ ਲਾਗ ॥  ਹੋਲੀ ਕੀਨੀ ਸੰਤ ਸੇਵ ॥  ਰੰਗੁ ਲਾਗਾ ਅਤਿ ਲਾਲ ਦੇਵ ॥’’ (ਮਹਲਾ ੫/੧੧੮੦) ਭਾਵ ਜਦ ਸਤਸੰਗੀ ਸੇਵਾ ਸਿਮਰਨ ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕੱਪੜੇ ਉੱਤੇ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਲੱਗ ਜਾਂਦਾ ਹੈ। ਛੇਵੇਂ ਪਾਤਿਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਚੌਹਾਂ ਵਿੱਚ ਹੀ ਆਪ ਜੀ ਨੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰ ਫ਼ੌਜ ਵੀ ਸਪੁਰਦ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਾਕਾਇਦਾ ਕਾਇਮ ਰੱਖਣਾ ਹੈ। ਸਪਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਹੀ ਰਹਿਣੇ ਹਨ। ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੇ ਬਾਕਾਇਦਾ ਜੁਝਾਰੂ ਹੋਣ ਦਾ ਐਲਾਨ ਵੀ ਕਰ ਦਿੱਤਾ। ਕ੍ਰਿਪਾਨ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰਕੇ ਸਿੱਖੀ ਪਹਿਰਾਵੇ ਦਾ ਸਦਾ ਵਾਸਤੇ ਅੰਗ ਬਣਾ ਦਿੱਤਾ ਗਿਆ। ਫਿਰ ਹੋਲੇ-ਮਹੱਲੇ ਰਾਹੀਂ ਸ਼ਸਤਰ ਵਿਦਿਆ ਦੇ ਅਭਿਆਸ ਵਾਲਾ ਇਹ ਨੇਮ ਵੀ ਪੱਕਾ ਕਰ ਦਿੱਤਾ। ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਕਿ ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਆਪ ਹੀ ਇਹ ਹਿਦਾਇਤ ਵੀ ਕੀਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।

ਹੋਲੀ ਬਾਰੇ ਵਿਚਾਰ ਹੋਲੀ ਇੱਕ ਮਿਥਿਹਾਸਕ ਪੌਰਾਣਕ ਤਿਉਹਾਰ ਹੈ। ਬ੍ਰਾਹਮਣ ਮੱਤ ਅਨੁਸਾਰ ਵਰਣ-ਵੰਡ ਵਿੱਚ ਦ੍ਰਿੜ੍ਹਤਾ ਲਿਆਉਣ ਵਾਸਤੇ ਜਿੱਥੇ ਹਰੇਕ ਵਰਣ ਵਾਸਤੇ ਜੰਝੂ ਤੇ ਇਸ ਨੂੰ ਪਾਉਣ ਦੇ ਢੰਗ ਅਤੇ ਸਮੇਂ ਵੱਖਰੇ-ਵੱਖਰੇ ਹਨ। ਫਿਰ ਵਰਣਾਂ ਅਨੁਸਾਰ ਨਾਵਾਂ ਦੀ ਵੰਡ ਅਤੇ ਹੋਰ ਨੇਮ ਬਣਾਏ ਗਏ ਹਨ। ਇਸ ਤਰ੍ਹਾਂ ਬ੍ਰਾਹਮਣ ਵਰਗ ਨੇ ਆਪਣੇ ਵਾਸਤੇ ਵਿਸਾਖੀ, ਵੈਸ਼ਾਂ ਵਾਸਤੇ ਦਿਵਾਲੀ, ਖੱਤਰੀਆਂ ਵਾਸਤੇ ਦਸਹਿਰਾ ਅਤੇ ਸ਼ੂਦਰਾਂ ਵਾਸਤੇ ਹੋਲੀ ਦਾ ਤਿਉਹਾਰ ਪ੍ਰਚਲਿਤ ਕੀਤਾ। ਮੂਲ ਰੂਪ ਵਿੱਚ ਇਹ ਬ੍ਰਾਹਮਣੀ ਤਿਉਹਾਰ ਹਨ; ਜਿਵੇਂ ਕਿ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’ ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿੱਤਾ ਕਿ ਕੋਈ ਰਾਮ ਨੂੰ ਨਾ ਜਪੇ ਅਤੇ ਸਾਰੇ ਮੇਰਾ ਹੀ ਜਾਪ ਕਰਨ। ਕਰਤਾਰ ਦੀ ਕਰਨੀ, ਘਰ ਵਿੱਚੋਂ ਹੀ, ਹਰਨਾਖਸ਼ ਦਾ ਪੁੱਤਰ ਪ੍ਰਹਿਲਾਦ ਇਸ ਗਲੋਂ ਵਿਰੋਧੀ ਹੋ ਗਿਆ ਅਤੇ ਖਲਕਤ ਵਿੱਚ ਰਮੇ ਹੋਏ ‘ਰਾਮ’ ਨੂੰ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਕਸ਼ ਨੇ ਉਸ ਨੂੰ ਪਹਾੜ ਤੋਂ ਦਰਿਆ ਵਿੱਚ ਸੁੱਟ ਕੇ ਭਾਵ ਹਰ ਢੰਗ ਨਾਲ ਮਰਵਾਉਣ ਦਾ ਜਤਨ ਕੀਤਾ, ਪਰ ਪ੍ਰਭੂ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ। ਪ੍ਰਚਲਿਤ ਕਹਾਣੀ ਅਨੁਸਾਰ ਅੰਤ ਹਰਨਾਖਸ਼ ਦੀ ਭੈਣ ਹੋਲਕਾ ਨੇ ਤਪ ਕਰਕੇ ਸ਼ਿਵ ਪਾਸੋਂ ਇੱਕ ਦੁਪੱਟਾ ਪ੍ਰਾਪਤ ਕੀਤਾ, ਜਿਸ ਨੂੰ ਉੱਪਰ ਲੈਣ ਤੋਂ ਬਾਅਦ ਅੱਗ ਉਸ ਉੱਪਰ ਕੋਈ ਅਸਰ ਨਹੀਂ ਕਰ ਸਕਦੀ ਸੀ। ਹਰਨਾਖਸ਼ ਦੇ ਕਹੇ ’ਤੇ, ਹੋਲਿਕਾ ਆਪਣੇ ਭਣੇਵੇਂ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਬਲਦੀ ਅੱਗ ਦੀ ਚਿਖਾ ’ਤੇ ਬੈਠ ਗਈ। ਕਰਤਾਰ ਦੀ ਕਰਨੀ, ਉਹ ਦੁਪੱਟਾ ਹੋਲਿਕਾ ਤੋਂ ਉੱਡ ਕੇ, ਪ੍ਰਹਿਲਾਦ ਉੱਤੇ ਜਾ ਪਿਆ। ਹੋਲਿਕਾਂ ਸੜ ਕੇ ਸਵਾਹ ਹੋ ਗਈ ਅਤੇ ਪ੍ਰਹਿਲਾਦ ਬਚ ਗਿਆ। ਅੰਤ ਅੱਗ ਨਾਲ ਤਪਾ ਕੇ ਲਾਲ ਕੀਤੇ ਲੋਹੇ ਦੇ ਥੰਮ੍ਹ ਨਾਲ ਪ੍ਰਹਿਲਾਦ ਨੂੰ ਜੱਫਾ ਮਾਰਨ ਦਾ ਹੁਕਮ ਹੋਇਆ। ਮਨੌਤ ਹੈ ਕਿ ਠੀਕ ਉਸ ਸਮੇਂ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ, ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਦਹਿਲੀਜ ’ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ। ਇਸ ਪੌਰਾਣਿਕ ਸਾਖੀ ਦਾ ਜ਼ਿਕਰ ਗੁਰਬਾਣੀ ’ਚ ਕਈ ਵਾਰ, ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਕੀਤਾ ਹੈ; ਜਿਵੇਂ ਕਿ ‘‘ਹਰਣਾਖਸੁ ਲੇ ਨਖਹੁ ਬਿਧਾਸਾ (ਮਹਲਾ /੨੨੪), ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ (ਮਹਲਾ /੪੫੧), ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ (ਮਹਲਾ /੬੩੭), ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ (ਮਹਲਾ /੯੯੯), ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ (ਭਗਤ ਨਾਮਦੇਵ/੧੧੦੫), ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ; ਹਰਨਾਖਸੁ ਨਖ ਬਿਦਰਿਓ (ਭਗਤ ਕਬੀਰ/੮੫੬), ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ’’ (ਭਟ ਨਲੵ/੧੪੦੦) ਆਦਿ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਿ ਮਨੁੱਖ ਭਾਵੇਂ ਕਿਨ੍ਹਾਂ ਵੀ ਜ਼ਾਲਮ ਜਾਂ ਹੰਕਾਰੀ ਹੋਵੇ, ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧)

ਚੇਤੇ ਰਹੇ ਕਿ ਪ੍ਰਚਲਿਤ ਕਥਾ ਅਨੁਸਾਰ ਇਹ ਕਹਾਣੀ ਕਹੇ ਜਾਂਦੇ ਉਸ ਸਤਜੁਗ ਦੀ ਹੈ ਜਦੋਂ ‘ਦਸ਼ਰਥ-ਪੁੱਤ੍ਰ ਰਾਮ’ ਅਜੇ ਪੈਦਾ ਵੀ ਨਹੀਂ ਹੋਇਆ ਸੀ। ਇਸ ਲਈ ਇੱਥੇ ‘ਸਰਬ ਵਿਆਪਕ ਰਾਮ’ ਦੀ ਗੱਲ ਹੈ, ਨਾ ਕਿ ‘ਦਸ਼ਰਥ-ਪੁੱਤਰ ਰਾਮ ਚੰਦਰ’ ਦੀ। ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ ਰਾਤ ਨੂੰ ਹੋਲੀ ਜਲਾਉਂਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਿਕਾ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖੂਬ ਹੋਲੀ ਖੇਡੀ, ਉੱਥੇ ਇਸ ਕਥਾ ਨੂੰ ਬੜਾ ਕਾਮੁਕ ਬਣਾ ਕੇ ਪੇਸ਼ ਕੀਤਾ ਗਿਆ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕੁਲ, ਮਥੁਰਾ, ਬ੍ਰਿੰਦਾਬਨ ਦੀ ਹੋਲੀ ਵਿੱਚ ਅਜਿਹੀਆਂ ਕਾਮ-ਖੇਡਾਂ ਆਮ ਪ੍ਰਚਲਿਤ ਹਨ। ਇਸ ਤਿਉਹਾਰ ਸਮੇਂ ਲੋਕੀਂ ਇੱਕ ਦੂਜੇ ’ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ, ਤੇਲ ਅਤੇ ਗੰਦਗੀ ਆਦਿ ਵੀ ਸੁੱਟਦੇ ਹਨ। ਹੋਲੀ ਦੇ ਤਿਉਹਾਰ ਨੂੰ ਸ਼ਰਾਬਾਂ ਉੱਡਦੀਆਂ ਅਤੇ ਕਈ ਝਗੜੇ, ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੀਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ ਅਤੇ ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਇਨ੍ਹੀਂ ਦਿਨੀਂ ਹਸਪਤਾਲਾਂ ਵਿੱਚ ਜਾ ਕੇ ਅਜਿਹੇ ਨਜ਼ਾਰੇ, ਆਮ ਦੇਖੇ ਜਾ ਸਕਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਭੱਦੇ ਮਜ਼ਾਕ ਹੁੰਦੇ ਹਨ।

ਗੁਰੂ ਦਰ ’ਤੇ ਹੋਲੀ ਦਾ ਤਿਉਹਾਰ ਕੱਚੇ ਰੰਗਾਂ, ਨਸ਼ਿਆਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ ਪੁਰਖ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।

ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪਸ਼ਟ ਹੋ ਜਾਂਦਾ ਹੈ, ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ ਤੇਗ ਫ਼ਤਹਿ’ ਵਾਲੇ ਸ਼ਬਦਾਂ ਵੱਲ ਧਿਆਨ ਕਰੀਏ । ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ ‘ਦੇਗ ਅਥਵਾ ਦੇਗਾਂ’ ਕਹਿ ਕੇ ਬਖ਼ਸ਼ਿਆ ਹੈ, ਉੱਥੇ ਨਾਲ ਹੀ ਨਿਯਮ ਹੈ ਕਿ ਬਿਨਾਂ ‘ਕ੍ਰਿਪਾਨ ਭੇਟ’ ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ ਦੇ ਕ੍ਰਿਪਾਨ ਭੇਟ ਕਰਨ ਨੂੰ ‘ਭੋਗ ਲੁਆਉਣਾ’ ਸਮਝਦੇ ਹਨ ਭਾਵੇਂ ਕਿ ਗੁਰੂ ਦਰਬਾਰ ਵਿੱਚ ਭੋਗ ਲਵਾਉਣ ਦਾ ਕੋਈ ਵਿਧਾਨ ਨਹੀਂ। ਭੋਗ ਲਵਾਉਣ ਦੀ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀਆਂ ਲਈ ਪੰਡਿਤਾਂ ਨੇ ਨਿਰਧਾਰਿਤ ਕੀਤੀ ਹੈ। ਗੁਰੂ ਦਰ ’ਤੇ ਤਾਂ ਸਿੱਖ ਧਰਮ ਦੇ ਮੂਲ ਸਿਧਾਂਤ ਦੇਗ ਤੇਗ ਫ਼ਤਹਿ ਮੁਤਾਬਕ ਕ੍ਰਿਪਾਨ ਭੇਟ ਦਾ ਨਿਯਮ ਹੈ। ਇਸ ਦਾ ਸਿੱਧਾ ਅਰਥ ਹੈ ਕਿ ਗੁਰਸਿੱਖ ਨੇ ਸ਼ਸਤਰਾਂ ਨੂੰ ਦਰਕਿਨਾਰ ਕਰ ਕੇਵਲ ਦੇਗ ਛੱਕਣ ਤੱਕ ਹੀ ਨਹੀਂ ਰਹਿ ਜਾਣਾ। ਤੇਗ (ਸ਼ਸਤਰ) ਨੂੰ ਭੁਲਾ ਕੇ ਕੇਵਲ ਦੇਗ ਛੱਕਣ ਦਾ ਵੀ ਹੱਕ ਨਹੀਂ।

ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ ੨੩ ਵਿੱਚ ਸਿੱਖਾਂ ਵਾਸਤੇ ਦਸਵੇਂ ਪਾਤਿਸ਼ਾਹ ਜੀ ਦਾ ਇਹ ਹੁਕਮ ਹੈ ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ ਬਿਨਾ ਤੇਗ ਤੀਰੋ ਰਹੋ ਨਾਹ ਭਾਈ ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ ਬਿਨਾ ਕੇਸ, ਤੇਗੰ ਦਿਉ ਦੀਦਾਰੇ ਇਹੋ ਮੋਰ ਬੈਨਾ, ਮਨੇਗਾ ਸੁ ਜੋਈ ਤਿਸੇ ਇੱਛ ਪੂਰੀ, ਸਭੇ ਜਾਨ ਸੋਈ ਇਸ ਤਰ੍ਹਾਂ ਹੀ ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ ’ਚ ਦਰਜ ਹੈ ਸ਼ਸਤ੍ਰਹੀਨ ਇਹ ਕਬਹੁ ਹੋਈ ਰਹਤਵੰਤ ਖਾਲਿਸ ਹੈ ਸੋਈ ਰਹਿਤਨਾਮਾ ਭਾਈ ਦੇਸਾ ਸਿੰਘ ਜੀ ’ਚ ਇਉਂ ਦਰਜ ਹੈ ਕਛੁ ਕ੍ਰਿਪਾਨ ਕਬਹੂੰ ਤਿਆਗੈ ਸਨਮੁਖ ਲਰੈ ਰਣ ਤੇ ਭਾਗੈ  ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ ਸ਼ਸਤ੍ਰਨ ਕੇ ਅਧੀਨ ਹੈ ਰਾਜ ਜੋ ਧਰਹਿ, ਤਿਸ ਬਿਗਰਹਿ ਕਾਜ ਯਾਂ ਤੇ ਸਰਬ ਖਾਲਸਾ ਸੁਨੀਅਹਿ ਅਯੁਧ ਸਰਬੇ ਉਤਮ ਗੁਨੀਅਹਿ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ, ਤਨ ਸ਼ਸਤ੍ਰ ਸਜਾਵਹੁ ਕਮਰਕਸਾ ਕਰ ਦੇਹੁ ਦਿਖਾਈ ਹਮਰੀ ਖੁਸ਼ੀ ਹੋਇ ਅਧਿਕਾਈ

ਹੋਲੇ ਮਹੱਲੇ ਦੇ ਤਿਉਹਾਰ ਦਾ ਇੱਕ ਆਪਣਾ ਹੀ ਵਿਸ਼ੇਸ਼ ਮਹੱਤਵ ਹੈ; ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਇੱਕ ਮੱਤ ਹਨ ਕਿ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਵਾਸਤੇ ‘ਕੇਸਾਧਾਰੀ ਅਤੇ ਸ਼ਸਤ੍ਰਧਾਰੀ’ ਹੋਣਾ ਸਭ ਤੋਂ ਜ਼ਰੂਰੀ ਦੱਸਿਆ ਹੈ; ਉਸੇ ਤਰ੍ਹਾਂ ਸਿੱਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਪਾਤਿਸ਼ਾਹ ਨੇ ‘ਹੋਲੇ-ਮਹੱਲੇ’ ਦਾ ਤਿਉਹਾਰ ਵੀ ਆਪ ਸਿਰਜਿਆ ਹੈ। ਜਿਸ ਤਰ੍ਹਾਂ ਗੁਰਸਿਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਉਸੇ ਤਰ੍ਹਾਂ ਹੀ ਸ਼ਸਤਰਾਂ ਨਾਲ ਨਿਤਾਪ੍ਰਤੀ ਸਾਂਝ ਬਣਾਉਣੀ ਹੈ। ਹੋਲਾ-ਮਹੱਲਾ ਨਿਰਾ ਪੁਰਾ ਇੱਕ ਸਿੱਖ ਤਿਉਹਾਰ ਹੀ ਨਹੀਂ ਬਲਕਿ ਸਿੱਖ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਲਈ ਇੱਕ ਚੇਤਾਵਨੀ ਵੀ ਹੈ। ਅਸਲ ਵਿੱਚ ਸ਼ਸਤਰਧਾਰੀ ਫ਼ੌਜਾਂ ਦਾ ਵੀ ਇਹੀ ਨੇਮ ਹੁੰਦਾ ਹੈ। ਹਰ ਦੇਸ਼ ਦੀਆਂ ਫ਼ੌਜਾਂ ਹਮੇਸ਼ਾ ਜੰਗਾਂ ਜੁਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤਰ-ਅਭਿਆਸ ਰੁਜ਼ਾਨਾ ਚੱਲਦੇ ਰਹਿੰਦੇ ਹਨ। ਜੁੱਧਾਂ ਸਮੇਂ ਇਹੀ ਨਕਲੀ ਲੜਾਈ ਦੀ ਤਿਆਰੀ; ਅਸਲੀ ਜੁੱਧ ਦਾ ਆਧਾਰ ਬਣਦੀ ਹੈ।

ਨਿਰਾ-ਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ। ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ।  ਸ਼ਸਤਰ ਵਰਤੋਂ ਦਾ ਮਤਲਬ ਮਜ਼ਲੂਮ ਦੀ ਰਾਖੀ, ਅਣਖ ਅਤੇ ਗੈਰਤ ਵਾਲਾ ਜੀਵਨ ਹੋਵੇ ਤਾਂ ਹੀ ਮਨੁੱਖ ਦੇ ਜ਼ਾਲਮ ਬਣਨ ਦੀ ਕਹਾਣੀ ਮੁੱਕਦੀ ਹੈ। ਗੁਰਮਤਿ ਅਨੁਸਾਰ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।

ਗੁਰ ਇਤਿਹਾਸ ਮੁਤਾਬਕ ਗੁਰੂ ਨਾਨਕ ਸਾਹਿਬ ਉਚੇਚੇ ਤੌਰ ’ਤੇ ਹੋਲੀ ਦੇ ਦਿਨ ਮਥੁਰਾ ਪੁੱਜੇ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਗੁਰੂ ਪਾਤਿਸ਼ਾਹ ਨੇ ਉੱਥੇ ਧਰਮ-ਤਿਉਹਾਰ ਸਮੇਂ ਪਹੁੰਚ ਕੇ ਲੁਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਅਕ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਅਤੇ ਸਮਝਾਇਆ ਜਦ ਕਿ ਪਾਂਡਿਆਂ ਨੇ ਇਸ ਨੂੰ ਕਲਿਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ ‘‘ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ, ਥਾਵ ਕੈਸੇ  ?’’ (ਮਹਲਾ /੯੦੨) ਸ਼ਬਦ ਰਾਹੀਂ ਸਮਝਾਇਆ ਕਿ ਸਤਿਜੁਗ, ਤ੍ਰੇਤਾ, ਕਲਜੁਗ ਆਦਿ ਸਮੇਂ ਦੀ ਵੰਡ ਨਹੀਂ ਹੈ।  ਇਸ ਤਰ੍ਹਾਂ ਅਖੌਤੀ ਕਲਿਜੁਗ ਦਾ ਪੜ੍ਹਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੁਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ ‘‘ਨਾਨਕ  ! ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ’’ (ਮਹਲਾ /੯੦੩) ਤਾਂ ਤੇ ਲੋੜ ਹੈ ਮਨੁੱਖ ਇੱਕ ਨੇਕ-ਪਰਉਪਕਾਰੀ ਮਨੁੱਖ ਬਣੇ ਅਤੇ ਆਪਣੇ ਜੀਵਨ ਨੂੰ ਸਫਲ ਕਰੇ। ਹਰੇਕ ਗੁਰਸਿੱਖ ਵਾਸਤੇ ਇਸ ਪੱਖੋਂ ਸਮਝਣਾ ਜ਼ਰੂਰੀ ਹੈ। ਪੰਜਵੇਂ ਪਾਤਿਸ਼ਾਹ ਨੇ ਹੋਲੀ ਨੂੰ ਆਧਾਰ ਬਣਾ ਕੇ ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਕਰਨ ਵਾਲੇ ਲੋਕਾਂ ਨੂੰ ਉਪਦੇਸ਼ ਦਿਤਾ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ; ਭੇਟੇ ਗੋਬਿੰਦ   ਆਜੁ ਹਮਾਰੈ; ਗ੍ਰਿਹਿ ਬਸੰਤ   ਗੁਨ ਗਾਏ ਪ੍ਰਭ; ਤੁਮ੍ ਬੇਅੰਤ ਰਹਾਉ   ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ; ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ; ਅਤਿ ਲਾਲ ਦੇਵ   ਮਨੁ ਤਨੁ ਮਉਲਿਓ; ਅਤਿ ਅਨੂਪ   ਸੂਕੈ ਨਾਹੀ ਛਾਵ ਧੂਪ   ਸਗਲੀ ਰੂਤੀ; ਹਰਿਆ ਹੋਇ   ਸਦ ਬਸੰਤ; ਗੁਰ ਮਿਲੇ ਦੇਵ ’’ (ਮਹਲਾ /੧੧੮੦) ਭਾਵ ਇਹ ਮਨੁਖਾ ਜੀਵਨ ਪ੍ਰਭੁ ਪਿਆਰਿਆਂ ਨਾਲ ਮਿਲ ਕੇ, ਪ੍ਰਭੁ ਰੰਗ ਵਿੱਚ ਰੰਗੇ ਜਾਨ ਵਾਸਤੇ ਹੈ।  ਪ੍ਰਭ ਪਿਆਰਿਆਂ ਦੇ ਹਿਰਦੇ ਵਿੱਚ, ਸਦਾ ਖੇੜਾ ਤੇ ਬਸੰਤ ਬਣੀ ਰਹਿੰਦੀ ਹੈ। ਇਸ ਵਾਸਤੇ ਹੇ ਦੁਨੀਆਂ ਦੇ ਲੋਕੋ ! ਜੇਕਰ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਨਣਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਨਾਮ ਮਸਤੀ ਵਾਲਾ ਪੱਕਾ ਲਾਲ ਰੰਗ ਮਨ ਤੇ ਚੜਾਉਣਾ ਪਵੇਗਾ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ।

ਗੁਰੂ ਪਾਤਿਸ਼ਾਹ ਨੇ ਹੋਲੀ ਦੇ ਨਾਮ ਦਾ ਵਿਰੋਧ ਨਹੀਂ ਕੀਤਾ ਬਲਕਿ ਉਸ ਦੇ ਅਰਥ ਹੀ ਬਦਲ ਦਿੱਤੇ। ਦੂਜੇ ਸ਼ਬਦਾਂ ਵਿੱਚ ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਨਾਮ ਬਾਣੀ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਕੀਤੀ। ਵਿਗੜੇ ਵਾਤਾਵਰਨ ’ਚ ਗੁਰਸਿਖਾਂ ਵਿੱਚ ਸ਼ਸਤਰ ਅਭਿਆਸ ਅਰੰਭ ਕਰ ‘ਹੋਲਾ-ਮਹੱਲਾ’ ਨਵਾਂ ਤਿਉਹਾਰ ਬਖ਼ਸ਼ਿਆ।

ਭਾਈ ਨੰਦ ਲਾਲ ਸਿੰਘ ਜੀ ਨੇ ਪੰਜਵੇਂ ਪਾਤਿਸ਼ਾਹ ਦੇ ਉਪਰੋਕਤ ਵਚਨਾਂ ਨੂੰ ਆਧਾਰ ਬਣਾ ਇੱਕ ਗਜ਼ਲ ਲਿਖੀ। ਇਸ ਗਜ਼ਲ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ ਦਸਮੇਸ਼ ਜੀ ਦੇ ਦਰਬਾਰ ਵਿੱਚ ਉਸ ਸਮੇਂ ਦੀਆਂ ਸੰਗਤਾਂ ਦਾ ਨਜ਼ਾਰਾ ਪੇਸ਼ ਕੀਤਾ ਹੈ ‘‘ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ ਲਬਿ ਚੂੰ ਗੁੰਚਹ ਰਾ, ਫ਼ਰਖ਼ੰਦਾ ਖ਼ੂ ਕਰਦ1 ….  ਜ਼ਹੇ ਪਚਕਾਰੀਏ ਪੁਰ ਜ਼ਾਫ਼ਰਾਨੀ  ਕਿ: ਹਰ ਬੇਰੰਗ ਰਾ, ਖ਼ੁਸ਼ਰੰਗੋ ਬੂ ਕਰਦ 3’’  ਭਾਵ ਭਾਈ ਸਾਹਿਬ ਕਹਿ ਰਹੇ ਹਨ ਕਿ ਦਸਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਨੂੰ (ਭਾਵ ਪ੍ਰਭੂ ਤੋਂ ਟੁਟੀ ਹੋਈ ਲੁਕਾਈ ਨੂੰ) ਨਾਮ ਰੰਗ ਦੇ ਕੇਸਰ ਨਾਲ ਭਰੀਆਂ ਹੋਈਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਵਿੱਚ ਰੰਗ ਕੇ ਖੁਸ਼ੀਆਂ ਭਰਿਆ ਬਣਾਇਆ ਜਾ ਰਿਹਾ ਹੈ।

ਅਫ਼ਸੋਸ ਕਿ ਅੱਜ ਕਈ ਸਿੱਖ; ਸੰਗਤਾਂ ਉੱਪਰ ਕੱਚੇ ਰੰਗ ਉਡਾਉਂਦੇ ਵੇਖੇ ਜਾ ਸਕਦੇ ਹਨ। ‘ਹੋਲੇ-ਮਹੱਲੇ’ ਵਾਲੇ ਸ਼ਸਤਰ ਅਭਿਆਸ ਵਾਲੇ ਪਵਿਤਰ ਤਿਉਹਾਰ ਸਮੇਂ ਅਨੰਦਪੁਰ ਵਿਖੇ ਹੀ ਸੁੱਖਾ ਆਦਿਕ ਨਸ਼ੇ ਪੀਤੇ ਜਾਂਦੇ ਹਨ, ਜਿਸ ਨੂੰ ਟੀ. ਵੀ. ਆਦਿ ਰਾਹੀਂ ਸੰਸਾਰਭਰ ਵਿੱਚ ਵੇਖਿਆ ਜਾਂਦਾ ਹੈ। ਗੁਰਬਾਣੀ ਨੂੰ ਅਮਲ ’ਚ ਲਿਆਉਣ ਤੋਂ ਬਿਨਾਂ ਇਤਿਹਾਸਿਕ ਗੁਰੂ ਘਰਾਂ ’ਚ ਵੀ ਗੁਰਮਤਿ ਵਿਰੁਧ ਕਾਰਜ ਹੁੰਦਾ ਹੈ। ਫਿਰ ਵੀ ਇਹ ਉਮੀਦ ਰੱਖਦੇ ਹਾਂ ਕਿ ਸਾਡੇ ਬੱਚੇ ਪਤਿਤਪੁਣੇ ਵੱਲ ਨਾਂ ਵਧਣ ਭਾਵ ਗੁਰਬਾਣੀ ਆਸ਼ੇ ’ਤੇ ਚਲਣ। ਕਾਸ਼ ! ਅਸੀਂ ਕਦੇ ਆਪਣੇ ਅੰਦਰ ਵੀ ਝਾਤੀ ਮਾਰ ਸਕੀਏ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।

ਸੋ ਕੱਚੀਆਂ ਰਸਮਾਂ ਵਿੱਚੋਂ ਨਿਕਲ ਕੇ ਗੁਰਬਾਣੀ ਅਨੁਸਾਰ ਜੀਵਨ ਨੂੰ ਸਵੱਛ ਰੰਗਤ ਦੇਣ ਦੀ ਲੋੜ ਹੈ। ਖਾਲਸਾਈ ਖੇਡ ਗਤਕਾ ਆਦਿਕ ਸ਼ਸਤਰ ਵਿੱਦਿਆ ਦਾ ਅਧੁਨਿਕ ਢੰਗ ਨਾਲ ਅਭਿਆਸ ਕਰਨਾ ਚਾਹੀਦਾ ਹੈ। ਜੋ ਅਣਖ ਅਤੇ ਸਵੈਮਾਨਤਾ ਜਗਾਉਣ ਦੇ ਪ੍ਰਤੀਕ ਹਨ, ਨਾ ਕਿ ਕਿਸੇ ਨੂੰ ਡਰਾਉਣ ਲਈ। ਤੇਗ਼ ਦੇ ਧਨੀ ਗੁਰੂ ਤੇਗ਼ ਬਹਾਦਰ ਜੀ ਦੇ ਵੀ ਵਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)

ਗੁਰਬਾਣੀ ਪਰਿਪੇਖ ’ਚ ਕਿਰਸਾਨ ਅਤੇ ਕਿਰਸਾਨੀ ਦਾ ਸਮਾਧਾਨ

0

ਗੁਰਬਾਣੀ ਪਰਿਪੇਖ ’ਚ ਕਿਰਸਾਨ ਅਤੇ ਕਿਰਸਾਨੀ ਦਾ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ) 001-631-455-5164

ਸੰਸਾਰਭਰ ਦੇ ਧਰਮ ਗ੍ਰੰਥਾਂ ਅਤੇ ਖੇਤੀ ਭੂ-ਵਿਗਿਆਨੀਆਂ ਦੀਆਂ ਲਿਖਤਾਂ ਮੁਤਾਬਕ ਮਨੁੱਖੀ ਸਭਿਅਤਾ ਦਾ ਵਿਕਾਸ ਅਤੇ ਕਿਰਸਾਨੀ (ਖੇਤੀਬਾੜੀ) ਦਾ ਇਤਿਹਾਸ; ਲਗਭਗ ਸਮਾਨੰਤਰ ਚੱਲਦੇ ਆ ਰਹੇ ਹਨ ਕਿਉਂਕਿ ਮੁੱਢ ਤੋਂ ਹੀ ਧਰਤੀ ’ਚੋਂ ਪੈਦਾ ਹੋਣ ਵਾਲੀਆਂ ਵਸਤੂਆਂ ਪ੍ਰਾਣੀਆਂ ਦਾ ਭੋਜਨ ਬਣ ਕੇ ਉਨ੍ਹਾਂ ਨੂੰ ਜੀਵਨ ਪ੍ਰਦਾਨ ਕਰਦੀਆਂ ਆ ਰਹੀਆਂ ਹਨ। ਅਮਰੀਕਨ ਸਟੇਸਮੈਨ ‘ਡੇਨੀਅਲ ਵੈਬਸਟਰ’ (1782-1852) ਵੀ ਮੰਨਦਾ ਸੀ ਕਿ ‘ਮਨੁੱਖੀ ਸਭਿਅਤਾ ਦੀ ਸਥਾਪਤੀ ’ਚ ਕਿਸਾਨ ਦਾ ਯੋਗਦਾਨ ਸਭ ਤੋਂ ਅਹਿਮ ਹੈ’। ਆਧੁਨਿਕ ਖੇਤੀ ਵਿਗਿਆਨ ‘ਖੇਤੀਬਾੜੀ’ ਨੂੰ ਪੌਦੇ ਅਤੇ ਜਾਨਵਰਾਂ ਦੀ ਕਾਸ਼ਤ ਕਰਨ ਦਾ ਵਿਗਿਆਨ ਤੇ ਕਲਾ ਮੰਨਦਾ ਹੈ ਅਤੇ ਉਸ ਦਾ ਅੰਦਾਜ਼ਾ ਹੈ ਕਿ ਇਹ ਕਿੱਤਾ ਹਜ਼ਾਰਾਂ ਸਾਲ ਪੁਰਾਣਾ ਹੈ। ਸੰਸਾਰ ਦੇ 2 ਅਰਬ ਲੋਕ ਹੁਣ ਵੀ ਖੇਤੀਬਾੜੀ ਦੇ ਧੰਦੇ ਵਿੱਚ ਰੁੱਝੇ ਹੋਏ ਹਨ। ਜੋ ਕਈ ਕਿਸਮ ਦੇ ਖ਼ਤਰਿਆਂ ਨਾਲ ਜੂਝਦੇ ਹੋਏ ਈਮਾਨਦਾਰੀ ਨਾਲ ਆਪਣੇ ਪਰਵਾਰ ਵੀ ਪਾਲ਼ ਰਹੇ ਹਨ ਅਤੇ ਉਨ੍ਹਾਂ ਦੀ ਬਦੌਲਤ ਬਾਕੀ ਦੇ ਮਨੁੱਖੀ ਭਾਈਚਾਰੇ ਤੇ ਪਸ਼ੂ ਪੰਛੀਆਂ ਨੂੰ ਵੀ ਕਈ ਕਿਸਮ ਦਾ ਭੋਜਨ ਉਪਲਬਧ ਹੋ ਰਿਹਾ ਹੈ। ਇਸੇ ਲਈ ਖੇਤੀਬਾੜੀ ਨੂੰ ਸੱਚਾ-ਸੁੱਚਾ ਤੇ ਉੱਤਮ ਕਿੱਤਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੀਵਨ ਰੇਖਾ ਹੈ, ਨਾ ਕਿ ਬਜ਼ਾਰੀ ਮੁਨਾਫ਼ਾ ਕਮਾਉਣ ਵਾਲਾ ਕੋਈ ਧੰਦਾ।

ਕਿਰਸਾਨੀ ਦੇ ਸਾਧਨਾ ਤੇ ਸੰਦਾਂ, ਪਾਣੀ ਦੇ ਸੋਮਿਆਂ ਅਤੇ ਫ਼ਸਲਾਂ ਤੇ ਫਲ਼ਦਾਰ ਪੌਦਿਆਂ ਆਦਿਕ ਦਾ ਸੰਕੇਤਕ, ਅਲੰਕਾਰਕ ਤੇ ਹਵਾਲਾ-ਜਨਕ ਅਤਿ ਸੰਖੇਪ ਵਰਣਨ ਤਾਂ ਰਿਗ-ਵੇਦ, ਬਾਈਬਲ, ਕੁਰਾਣ ਆਦਿਕ ਧਰਮ-ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਵੈਦਿਕ ਕਾਲ ਵਿੱਚ ਵੀ ਭਾਰਤ ਖੇਤੀ ਪ੍ਰਧਾਨ ਦੇਸ਼ ਸੀ ਅਤੇ ਇਸ ਪੱਖੋਂ ਪੰਜਾਬ ਦਾ ਇਲਾਕਾ ਸਭ ਤੋਂ ਸਿਰਮੌਰ ਸੀ । ਸੰਸਾਰ ਦੇ ਸਭ ਤੋਂ ਪ੍ਰਾਚੀਨ ਮੰਨੇ ਜਾਂਦੇ ਗ੍ਰੰਥ ਰਿਗ ਵੇਦ ਦਾ ਖੇਤੀ ਲਈ ਪ੍ਰੇਰਨਾਦਾਇਕ ਮੰਤਰ ਹੈ : अक्षैर्मा दीव्यः कृषिमित् कृषस्व वित्ते रमस्व बहुमन्यमानः (ऋग्वेद-३४-१३) ਅਰਥ : ਜੂਆ ਮਤ ਖੇਲੋ, ਕ੍ਰਿਸ਼ੀ (ਖੇਤੀ) ਕਰੋ ਤੇ ਸਨਮਾਨ ਸਹਿਤ ਧਨ ਪ੍ਰਾਪਤ ਕਰੋ, ਪਰ ਧਰਮਾਂ ਦੇ ਤੁਲਨਾਤਮਿਕ ਅਧਿਐਨ (ਕੰਪੈਰੇਟਿਵ ਥਿਆਲੋਜੀ) ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਗੁਰਮਤਿ ਦੇ ਵਿਸ਼ਵ-ਵਿਆਪੀ ਤੇ ਸਰਬਸਾਂਝੇ ਦਰਸ਼ਨ ਦੀ ਸਰਬੋਤਮਤਾ ਵਾਂਗ ਉਪਰੋਕਤ ਪੱਖੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਿਰਮੌਰ ਹਨ। ਇਸ ਵਿੱਚ ਕਿਰਸਾਨ ਤੇ ਕਿਰਸਾਨੀ ਨਾਲ ਸੰਬੰਧਿਤ ਸਰਬਪੱਖੀ ਵਰਣਨ ਸਭ ਤੋਂ ਵਧੇਰੇ, ਸਪਸ਼ਟ ਅਤੇ ਰੂਹਾਨੀਅਤ ਪੱਖੋਂ ਕਿਸਾਨ ਲਈ ਅਤਿਅੰਤ ਸਿਖਿਆਦਾਇਕ ਹੈ। ਸੰਸਾਰ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ (1469-1539) ਪਹਿਲੇ ਤੇ ਇੱਕੋ-ਇੱਕ ਪੈਗ਼ੰਬਰ ਹਨ, ਜਿਨ੍ਹਾਂ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਉਪਰੰਤ ਸ੍ਰੀ ਕਰਤਾਰਪੁਰ (ਪਾਕਿਸਤਾਨ) ਵਿਖੇ ਜ਼ਿੰਦਗੀ ਦੇ 20 ਸਾਲ ਆਪ ਖੇਤੀਬਾੜੀ ਕੀਤੀ । ਉਹ ਜਦੋਂ ਵੀ ਪ੍ਰਚਾਰ ਦੌਰੇ (ਉਦਾਸੀ) ਤੋਂ ਵਾਪਸ ਸ੍ਰੀ ਕਰਤਾਰਪੁਰ ਪਹੁੰਚਦੇ, ਉਦੋਂ ਹੀ ਹਲ਼ ਪੰਜਾਲੀ ਚੁੱਕ ਲੈਂਦੇ। ਉਨ੍ਹਾਂ ਨੇ ਆਪਣੇ ਪਰਮ ਸੇਵਕ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਮੁੰਜੀ (ਝੋਨੇ) ਦੇ ਖੇਤਾਂ ਵਿੱਚੋਂ ਪੁੱਟੇ ਨਦੀਨ ਘਾਹ ਦੀ ਪੰਡ ਹੀ ਸਿਰ ’ਤੇ ਚੁਕਵਾਈ ਸੀ। ਉਨ੍ਹਾਂ ਦੀਆਂ ਅਜਿਹੀਆਂ ਸਿਖਿਆਵਾਂ ਦਾ ਹੀ ਸਿੱਟਾ ਹੈ ਕਿ ਸਾਰੇ ਗੁਰੂ ਸਾਹਿਬਾਨ ਔਖੇ ਵੇਲੇ ਕਿਸਾਨ ਦੀ ਬਾਂਹ ਫੜਦੇ ਰਹੇ।

‘ਗੁਰ ਇਤਿਹਾਸ ਪਾਤਸ਼ਾਹੀ 2 ਤੋਂ 9’ ਵਿੱਚ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਸੰਨ 1598 ਦੇ ਭਿਆਨਕ ਕਾਲ ਵੇਲੇ ਸ੍ਰੀ ਗੋਇੰਦਵਾਲ ਵਿਖੇ ‘ਗੁਰੂ ਅਰਜਨ ਸਾਹਿਬ ਨੇ ਪਿੰਡਾਂ ਦੇ ਜੱਟ-ਕਿਸਾਨਾਂ ਦੇ ਦੁਖੜੇ ਅਕਬਰ ਨੂੰ ਦੱਸੇ । ਸਤਿਗੁਰੂ ਜੀ ਦੀ ਪ੍ਰੇਰਨਾ ਨਾਲ ਅਕਬਰ ਨੇ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ (ਮਸੂਲ) ਮਾਫ਼ ਕਰ ਦਿੱਤਾ।’ ਪੰ. 156 ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਪਿੰਡ ਝੁਬਾਲ ਨੇੜੇ ‘ਗੁਰਦੁਆਰਾ ਬੀੜ ਸਾਹਿਬ’ ਨਾਂ ਦਾ ਗੁਰ ਸਥਾਨ, ਅਜੋਕੇ ਮੁਹਾਵਰੇ ਵਿੱਚ ਗੁਰੂ-ਕਾਲ ਵੇਲੇ ਕੁਦਰਤੀ ਖੇਤੀ ਦਾ ਇੱਕ ਅਜਿਹਾ ਵਿਸ਼ੇਸ਼ ‘ਫਾਰਮ-ਹਾਊਸ’ ਸੀ, ਜਿਸ ਦਾ ਵੱਡਾ ਹਿੱਸਾ ਜੰਗਲ਼ ਦੇ ਰੂਪ ਵਿੱਚ ਪਸ਼ੂਆਂ ਦੇ ਚਰਣ ਲਈ ਘਾਹ ਆਦਿਕ ਦੀ ਖੁੱਲ੍ਹੀ ਚੀਰਾਂਦ (ਬੀੜ) ਵੀ ਸੀ । ਬਾਬਾ ਬੁੱਢਾ ਜੀ (1506-1631) ਦੀ ਅਗਵਾਈ ਵਿੱਚ ਇੱਥੇ ਖੇਤੀਬਾੜੀ ਤੇ ਪਸ਼ੂ-ਪਾਲਣ ਦਾ ਕੰਮ ਧੰਦਾ ਹੁੰਦਾ ਸੀ, ਜਿਸ ਦੁਆਰਾ ਲੋੜਵੰਦ ਗ਼ਰੀਬਾਂ ਲਈ ਚਲਾਏ ਜਾਂਦੇ ਸਰਬਸਾਂਝੇ ਗੁਰੂ ਕੇ ਲੰਗਰਾਂ ਲਈ ਅੰਨ, ਦਾਲ਼ਾਂ ਅਤੇ ਦੁੱਧ ਘਿਉ ਆਦਿਕ ਦੀਆਂ ਪਦਾਰਥਕ ਲੋੜਾਂ ਪੂਰੀਆਂ ਹੁੰਦੀਆਂ ਸਨ। ਉਸ ਵੇਲੇ ਦੀ ਖੇਤੀ ਵਿੱਚ ਪਸ਼ੂਆਂ ਦਾ ਵੱਡਾ ਯੋਗਦਾਨ ਸੀ ਕਿਉਂਕਿ ਬੈਲ ਹਲ਼ ਜੋਤੀਦੇ ਸਨ ਅਤੇ ਗੋਬਰ ਤੋਂ ਫ਼ਸਲਾਂ ਲਈ ਖਾਦ (ਰੂੜੀ) ਬਣਦੀ ਸੀ। ਇਸੇ ਲਈ ਪੰਜਾਬ ਦੇ ਕੁਝ ਕਿਰਸਾਨ ਹੁਣ ਜੈਵਿਕ ਖੇਤੀ ਨੂੰ ‘ਨਾਨਕੀ ਖੇਤੀ’ ਕਹਿਣ ਵਿੱਚ ਫ਼ਖ਼ਰ ਮਹਿਸੂਸ ਕਰ ਰਹੇ ਹਨ ਕਿਉਂਕਿ ਅਜਿਹੀ ਖੇਤੀ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਚਾਣ ਬਣ ਚੁੱਕੀ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਜੋਤਿ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਪਹਿਲਾ ਤੇ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਸਥਾਪਿਤ ਹੋ ਸਕਿਆ, ਜਿਸ ਵਿੱਚ ਕਿਸਾਨ ਦੁਆਰਾ ਫ਼ਸਲ ਦੇ ਬੀਜ (ਦਾਣੇ) ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਸੋਧਣ ਵਰਗੀ ਉਸ ਦੀ ਅਭੁੱਲ ਸਿਆਣਪ ਅਤੇ ਮਾਪਿਆਂ ਵਾਂਗ ਖੇਤ ਦੀ ਸਰਬਪੱਖੀ ਸਾਂਭ-ਸੰਭਾਲ਼ ਦੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਰੱਬ ਨੂੰ ‘ਸਚਾ ਵਡ ਕਿਰਸਾਣੁ’ ਕਹਿ ਕੇ ਵਡਿਆਇਆ ਗਿਆ ਹੈ ਭਾਵ ਕਿਰਸਾਨ ਦੀ ਤੁਲਨਾ ਸਦਾ-ਥਿਰ ਰੱਬ ਨਾਲ ਕੀਤੀ ਗਈ ਹੈ। ਕਿਰਤ ਤੇ ਕੀਰਤੀ ਸੁਮੇਲ ਕਰਦਿਆਂ ਸੰਸਾਰ ਨੂੰ ਹਰੀ ਪ੍ਰਭੂ ਦਾ ਖੇਤ ਅਤੇ ਨਾਮ ਜਪਣ ਦੀ ਧਰਮ-ਸਾਧਨਾ ਨੂੰ ਮਨੁੱਖਾਂ ਲਈ ਵਾਹੀ ਦੀ ਕਾਰ ਦੱਸਿਆ ਹੈ। ਸਪਸ਼ਟ ਹੈ ਕਿ ਕਿਰਸਾਨ ਨੂੰ ਉਪਰੋਕਤ ਕਿਸਮ ਦੀ ਰੂਹਾਨੀਅਤ ਵਡਿਆਈ ਤੇ ਸਨਮਾਨ ਹੋਰ ਕਿਸੇ ਵੀ ਮਜ਼੍ਹਬ ਵਿੱਚ ਪ੍ਰਾਪਤ ਨਹੀਂ ਹੋ ਸਕਿਆ। ਪ੍ਰਮਾਣ ਸਰੂਪ ਇਲਾਹੀ ਗੁਰਵਾਕ ਹਨ ‘‘ਆਪਿ ਸੁਜਾਣੁ, ਭੁਲਈ; ਸਚਾ ਵਡ ਕਿਰਸਾਣੁ   ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ਦੇ ਦਾਣੁ (ਮਹਲਾ /੧੯), ਹਰਿ ਪ੍ਰਭ ਕਾ ਸਭੁ ਖੇਤੁ ਹੈ; ਹਰਿ ਆਪਿ ਕਿਰਸਾਣੀ ਲਾਇਆ   ਗੁਰਮੁਖਿ ਬਖਸਿ ਜਮਾਈਅਨੁ; ਮਨਮੁਖੀ ਮੂਲੁ ਗਵਾਇਆ ’’ (ਮਹਲਾ /੩੦੪) ਧਨ ਦੌਲਤ ਕਮਾਉਣ ਦੇ ਕਿੱਤਿਆਂ (ਖੇਤੀ, ਦੁਕਾਨਦਾਰੀ, ਵਪਾਰ ਤੇ ਨੌਕਰੀ) ਨੂੰ ਰੱਬੀ ਪ੍ਰਾਪਤੀ ਦੇ ਰੂਪ ਵਿੱਚ ਗੁਣਾਤਮਕ ਨਾਮ-ਧਨ ਕਮਾਉਣ ਲਈ ਵਰਤਣ ਦੀ ਜਾਚ ਸਿਖਾਉਣ ਹਿੱਤ ਗੁਰੂ ਨਾਨਕ ਸਾਹਿਬ ਜਦੋਂ ਅਲੰਕਾਰਕ ਬਾਣੀ ਉਚਾਰਦੇ ਹਨ ਤਾਂ ਵੀ ਉਹ ਖੇਤੀਬਾੜੀ ਦਾ ਸਭ ਤੋਂ ਪਹਿਲਾਂ ਵਰਣਨ ਕਰਦੇ ਹਨ ਕਿਉਂਕਿ ਹਜ਼ੂਰ ਦੀ ਨਜ਼ਰ ਵਿੱਚ ਰੱਬੀ ਭਰੋਸੇ ਤੇ ਈਮਾਨ ਜਮਾਉਣ ਵਾਲੀ ਇਹ ਉਪਕਾਰੀ ਘਾਲ ਸਰਬੋਤਮ ਕਾਰ ਸੀ । ਹਜ਼ੂਰ ਦਾ ਫ਼ੁਰਮਾਨ ਹੈ ‘‘ਮਨੁ ਹਾਲੀ ਕਿਰਸਾਣੀ ਕਰਣੀ; ਸਰਮੁ ਪਾਣੀ ਤਨੁ ਖੇਤੁ   ਨਾਮੁ ਬੀਜੁ ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ’’ (ਮਹਲਾ /੫੯੫) ਭਗਤੀ ਲਹਿਰ ਤੇ ਗੁਰੂ-ਕਾਲ ਵੇਲੇ ਵੱਡੇ ਵੱਡੇ ਚੌਧਰੀ ਜ਼ਿਮੀਦਾਰ ਸਨ ਅਤੇ ਕਿਸਾਨ ਉਨ੍ਹਾਂ ਦੇ ਮੁਜ਼ਾਰੇ, ਜਿਨ੍ਹਾਂ ਤੋਂ ਉਹ ਆਪਣੀ ਮਨਮਰਜ਼ੀ ਦੇ ਫ਼ਸਲੀ ਹਿੱਸੇ ਤੋਂ ਇਲਾਵਾ ਪਟਵਾਰੀਆਂ ਰਾਹੀਂ ਖੇਤੀ ਦਾ ਮਾਮਲਾ ਵਸੂਲ ਕੇ ਹਕੂਮਤ ਨੂੰ ਭੇਜਦੇ ਸਨ। ਜ਼ਿਮੀਦਾਰਾਂ ਦੀ ਧੱਕੇਸ਼ਾਹੀ ਤੇ ਪਟਵਾਰੀਆਂ ਦੇ ਵੱਢੀ-ਖੋਰੀ (ਬਿਸਟਾਲਾ) ਵਾਲੇ ਵਿਹਾਰ ਤੋਂ ਕਿਸਾਨ ਬਹੁਤ ਦੁੱਖੀ ਸਨ। ਲੋਕ ਇਉਂ ਮਹਿਸੂਸ ਕਰਦੇ ਸਨ; ਜਿਵੇਂ ਸੱਪ ਵੱਲੋਂ ਡੰਗੇ ਜਾ ਰਹੇ ਹੋਣ । ਭਗਤ ਕਬੀਰ ਸਾਹਿਬ (1398-1518) ਵੱਲੋਂ ‘‘ਏਕੁ ਕੋਟੁ ਪੰਚ ਸਿਕਦਾਰਾ; ਪੰਚੇ ਮਾਗਹਿ ਹਾਲਾ   ਜਿਮੀ ਨਾਹੀ ਮੈ ਕਿਸੀ ਕੀ ਬੋਈ; ਐਸਾ ਦੇਨੁ ਦੁਖਾਲਾ   ਹਰਿ ਕੇ ਲੋਗਾ ! ਮੋ ਕਉ ਨੀਤਿ ਡਸੈ ਪਟਵਾਰੀ   ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ; ਤਿਨਿ ਹਉ ਲੀਆ ਉਬਾਰੀ ਰਹਾਉ   ਨਉ ਡਾਡੀ ਦਸ ਮੁੰਸਫ ਧਾਵਹਿ; ਰਈਅਤਿ ਬਸਨ ਦੇਹੀ   ਡੋਰੀ ਪੂਰੀ ਮਾਪਹਿ ਨਾਹੀ; ਬਹੁ ਬਿਸਟਾਲਾ ਲੇਹੀ ’’ (ਭਗਤ ਕਬੀਰ/੭੯੩) ਅਤੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰੇ ਸ਼ਬਦ ‘‘ਪੰਜਿ ਕਿਰਸਾਣ ਮੁਜੇਰੇ ਮਿਹਡਿਆ   ਕੰਨੁ ਕੋਈ ਕਢਿ ਹੰਘਈ..’’ (ਮਹਲਾ /੭੩) ਆਦਿਕ ਗੁਰਵਾਕਾਂ ਤੋਂ ਉਪਰੋਕਤ ਕਿਸਾਨੀ ਪੱਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਪ੍ਰੰਤੂ ਅਜਿਹੇ ਗ਼ੁਲਾਮੀ-ਜਨਕ ਸਰਕਾਰੀ ਪ੍ਰਬੰਧ ਦੇ ਬਾਵਜੂਦ ਵੀ ਭਗਤ ਕਬੀਰ ਸਾਹਿਬ ਜੀ ਦੇ ਉਪਰੋਕਤ ਵਾਕ ‘‘ਜਿਮੀ ਨਾਹੀ ਮੈ ਕਿਸੀ ਕੀ ਬੋਈ ..’’ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਪਦੇ ‘‘ਜੈਸੇ ਕਿਰਸਾਣੁ ਬੋਵੈ ਕਿਰਸਾਨੀ   ਕਾਚੀ ਪਾਕੀ ਬਾਢਿ ਪਰਾਨੀ ’’ (ਮਹਲਾ /੩੭੫) ਤੋਂ ਇਹ ਨਿਸ਼ਚੇ ਹੁੰਦਾ ਹੈ ਕਿ ਗੁਰੂ ਸਾਹਿਬਾਨ ਅਤੇ ਭਗਤ-ਜਨ ਕਿਰਸਾਨ ਨੂੰ ਖੇਤ ਦੇ ਐਸੇ ਮਾਲਕ ਵਜੋਂ ਵੇਖਣਾ ਚਾਹੁੰਦੇ ਹਨ, ਜਿਸ ਨੂੰ ਆਪਣੀ ਕੱਚੀ ਪੱਕੀ ਫ਼ਸਲ ਵੱਢਣ ਦਾ ਪੂਰਨ ਅਧਿਕਾਰ ਹੋਵੇ। ਉਨ੍ਹਾਂ ਨੂੰ ਕਿਸੇ ਜ਼ਿਮੀਦਾਰ ਦੇ ਮੁਜ਼ਾਰੇ ਤੇ ਸੇਪੀ ਬਣ ਕੇ ਗ਼ੁਲਾਮਾਂ ਵਾਂਗ ਜਿਊਣਾ ਪਸੰਦ ਨਹੀਂ ਸੀ। ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਨ 1708 ਵਿੱਚ ਜੋਤੀ-ਜੋਤਿ ਸਮਾਉਣ ਦੇ ਦੋ ਸਾਲਾਂ ਦੇ ਅੰਦਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਖੇ ਛੋਟੇ ਜਿਹੇ ਸਿੱਖ ਰਾਜ ਦੀ ਸਥਾਪਨਾ ਕੀਤੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲਾਂ ਦੇ ਜ਼ਿਮੀਦਾਰਾ ਨਿਜ਼ਾਮ ਨੂੰ ਮੁੱਢੋਂ ਰੱਦ ਕੀਤਾ। ਮੁਜ਼ਾਰਿਆ ਵਜੋਂ ਕਿਰਸਾਨੀ ਕਰਦੇ ਸਿੱਖਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।

ਡਾ. ਗੰਡਾ ਸਿੰਘ ‘ਬੰਦਾ ਸਿੰਘ ਬਹਾਦਰ’ ਨਾਂ ਦੀ ਪੁਸਤਕ ਵਿੱਚ ਲਿਖਦੇ ਹਨ ‘ਅਸਲੀ ਹਲਵਾਹਕ ਭੁਇੰ ਦੇ ਮਾਲਕ ਬਣ ਗਏ ਅਤੇ ਉਨ੍ਹਾਂ ਦੇ ਇਲਾਕੇ ਵਿੱਚੋਂ ਇਹ ਸਦਾ ਵਗਦਾ ਮੋਗਲੀ ਫੋੜਾ ਹਟ ਗਿਆ। ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਸੁਧਾਰ ਆਖ਼ਰੀ ਅਤੇ ਪੂਰੀ ਹੱਦ ਤਕ ਪਹੁੰਚਾ ਦਿੱਤਾ ਗਿਆ।’ (ਪੰ. 45), ਪਰ ਅਫ਼ਸੋਸ ਕਿ ਅਜੋਕੇ ਦੌਰ ਦੀ ਮੋਦੀ ਹਕੂਮਤ ਨੇ ਪੰਜਾਬ ਸਮੇਤ ਭਾਰਤੀ ਕਿਸਾਨਾਂ ਨੂੰ ਅਡਾਨੀ ਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਮੁਜ਼ਾਰੇ ਬਣਾਉਣ ਦੀ ਠਾਣ ਲਈ ਹੈ ਕਿਉਂਕਿ ਉਨ੍ਹਾਂ ਦੀ ਆਰਥਿਕ ਸਹਾਇਤਾ ਦੇ ਬਲ ਬੋਤੇ ਬੀ. ਜੇ. ਪੀ ਦਿੱਲੀ ਦੇ ਤਖ਼ਤ ਦੀ ਮਾਲਕ ਬਣੀ ਹੈ। ਆਰਥਕ ਮਾਹਰਾਂ ਦਾ ਮੰਨਣਾ ਹੈ ਕਿ ਕੇਂਦਰ ਨੇ ਕਰੋਨਾ ਮਹਾਂਮਾਰੀ ਦੀ ਆੜ ਹੇਠ ਜੋ ਤਿੰਨ ਬਜ਼ਾਰਵਾਦੀ ਕਾਨੂੰਨ (1) ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਕਾਨੂੰਨ 2020, (2) ਕਿਸਾਨ (ਸ਼ਕਤੀਕਰਨ ਤੇ ਸੁਰਖਿਆ) ਕੀਮਤ ਭਰੋਸੇ ਅਤੇ ਖੇਤੀ ਸੇਵਾਵਾਂ ਬਾਰੇ ਸਮਝੌਤਾ ਕਾਨੂੰਨ 2020, (3) ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਬਣਾਏ ਹਨ, ਉਹ ਪਹਿਲਾਂ ਹੀ ਮੁਸੀਬਤਾਂ ਵਿੱਚ ਘਿਰੇ ਪੇਂਡੂ ਭਾਈਚਾਰੇ ਨੂੰ ਹੋਰ ਵੀ ਮੁਸ਼ਕਲਾਂ ਵਿੱਚ ਧੱਕ ਦੇਣਗੇ ।

ਭਾਰਤ ਵਿੱਚ ਤਾਂ ਪਹਿਲਾਂ ਹੀ ਹਰੇਕ 32 ਮਿੰਟ ਪਿੱਛੋਂ ਇੱਕ ਕਿਸਾਨ ਖ਼ੁਦਕਸ਼ੀ ਕਰ ਰਿਹਾ ਹੈ ਪ੍ਰੰਤੂ ਉਪਰੋਕਤ ਕਾਨੂੰਨਾਂ ਦੀ ਨੀਤੀ ਮੁਤਾਬਕ ਜੇ ਕਿਰਤ ਸ਼ਕਤੀ ਹੋਰ ਘਟਾ ਦਿੱਤੀ ਗਈ ਤਾਂ ਕਿਸਾਨਾਂ ਦੀ ਅਜਿਹੀ ਬੇਦਖ਼ਲੀ ਤੇ ਬੇਰੁਜ਼ਗਾਰੀ ਕਾਰਨ ਕਿਰਸਾਨੀ ਖ਼ੁਦਕਸ਼ੀਆਂ ਦੀ ਦਰ ਵਿੱਚ ਹੋਰ ਵਾਧਾ ਹੋ ਜਾਵੇਗਾ । ਪੰਜਾਬ ਦੇ ਕਿਸਾਨ ਤਾਂ ਅਜਿਹੇ ਕੇਂਦਰੀ ਕਾਨੂੰਨਾਂ ਨੂੰ ਆਪਣੀ ਮੌਤ ਦੇ ਵਾਰੰਟ ਵਜੋਂ ਵੇਖ ਰਹੇ ਹਨ। ਇਹੀ ਕਾਰਨ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜ਼ੋਰਦਾਰ ਅੰਦੋਲਨ ਕਰ ਰਹੀਆਂ ਹਨ। ਪੰਜਾਬ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਰਾਜਨੀਤਕ ਜਥੇਬੰਦੀਆਂ ਕਿਸਾਨਾਂ ਦੀ ਹਮਾਇਤ ਵਿੱਚ ਆ ਖੜ੍ਹੀਆਂ ਹਨ। ਪੰਜਾਬ ਦੀ ਵਿਧਾਨ ਸਭਾ ਨੇ ਵੀ ਸਾਂਝੇ ਤੌਰ ’ਤੇ ਕੇਂਦਰੀ ਕਾਨੂੰਨਾਂ ਦੀ ਰੋਕ-ਥਾਮ ਲਈ ਨਵੇਂ ਕਾਨੂੰਨ ਘੜ ਕੇ ਰਾਸ਼ਟਰਪਤੀ ਵੱਲ ਤੋਰੇ ਹਨ, ਪਰ ਉਪਰੋਕਤ ਕਿਸਮ ਦੇ ਸਾਰੇ ਪੱਖਾਂ ਨੂੰ ਪੜਚੋਲਣ ਉਪਰੰਤ ਗੁਰਬਾਣੀ ਪਰਿਪੇਖ ਵਿੱਚ ਮੈਨੂੰ ਤਾਂ ਕਿਰਸਾਨੀ ਦੇ ਸਮਾਧਾਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਤੂਬਰ 1973 ਵਿੱਚ ਪਾਸ ਕੀਤਾ ‘ਅਨੰਦਪੁਰ ਸਾਹਿਬ ਦਾ ਮਤਾ’ ਹੀ ਪੰਜਾਬ ਦੇ ਸਰਬਪੱਖੀ ਦੁੱਖਾਂ ਦਾ ਦਾਰੂ ਤੇ ਮਜ਼ਬੂਤ ਆਧਾਰ ਜਾਪਦਾ ਹੈ ਕਿਉਂਕਿ ਉਹ ਗੁਰਬਾਣੀ ਅੰਦਰਲੀ ਸਰਬਤ ਦੇ ਭਲੇ ਵਾਲੀ ਸੋਚ ਦੇ ਸਿਧਾਂਤਕ ਸਾਰ ‘ਕਿਰਤ ਕਰੋ ਨਾਮ ਜਪ ਅਤੇ ਵੰਡ ਕੇ ਛਕੋ’ ਦੇ ਅਸੂਲਾਂ ’ਤੇ ਆਧਾਰਿਤ ਹੈ। ਉਹ ਇੱਕ ਪਾਸੇ ਤਾਂ ਸਮੁੱਚੇ ਦੇਸ਼ ਵਿੱਚ ਅਮਰੀਕਾ ਵਰਗੇ ਸੰਘੀ ਢਾਂਚੇ ਦੀ ਵਕਾਲਤ ਕਰਦਾ ਹੈ ਅਤੇ ਦੂਜੇ ਪਾਸੇ ਸਮੁੱਚੇ ਪੰਜਾਬੀਆਂ ਦੀ ਬਾਂਹ ਫੜ ਕੇ ਕਿਸਾਨਾਂ ਲਈ ਵੱਡਾ ਸਹਾਰਾ ਬਣਦਾ ਹੈ। ਉਹ ਯਤਨ ਕਰਦਾ ਹੈ ਕਿ ਖੇਤੀਬਾੜੀ ਉਪਜ ਦੀਆਂ ਕੀਮਤਾਂ ਮੱਧ ਦਰਜ਼ੇ ਦੇ ਕਿਸਾਨਾਂ ਦੀ ਪੈਦਾਵਾਰ ਦੇ ਖ਼ਰਚੇ ਦੀ ਬੁਨਿਆਦ ਤੇ ਨੀਯਤ ਹੋ ਜਾਣ। ਉਹ ਚਾਹੁੰਦਾ ਹੈ ਕਿ ਖੇਤੀ ਕੀਮਤਾਂ ਨੀਯਤ ਕਰਨ ਦਾ ਅਧਿਕਾਰ ਰਾਜ-ਸਰਕਾਰਾਂ ਪਾਸ ਹੋਵੇ। ਉਹ ਅੰਨ ਵਪਾਰ ਦੇ ਸੰਪੂਰਨ ਕੌਮੀਕਰਨ ਦੀ ਹਮਾਇਤ ਕਰਦਾ ਹੋਇਆ ਰਾਜ-ਸਰਕਾਰ ਤੇ ਸਰਕਾਰੀ ਏਜੰਸੀਆਂ ਰਾਹੀਂ ਅੰਨ ਅਤੇ ਦੂਜੀਆਂ ਹੋਰ ਫ਼ਸਲਾਂ ਦੀ ਥੋਕ ਦੇ ਵਪਾਰ ਦਾ ਵੀ ਪੂਰਨ ਸਰਕਾਰੀ-ਕਰਨ ਲਈ ਉਪਰਾਲੇ ਕਰਦਾ ਹੈ।

ਅਫ਼ਸੋਸ ਕਿ ਅਜੋਕੇ ਅਕਾਲੀ ਆਗੂ ਤਾਂ ਇਸ ਮਤੇ ਵੱਲ ਅਜੇ ਵੀ ਪਿੱਠ ਕਰੀ ਖੜ੍ਹੇ ਹਨ। ਹਕੀਕਤ ਇਹ ਹੈ ਕਿ ਅਨੰਦਪੁਰੀ ਮਤੇ ਨੂੰ ਰਾਜਸੀ ਏਜੰਡਾ ਬਣਾਏ ਬਗ਼ੈਰ ਹੁਣ ਅਕਾਲੀ ਦਲ ਸਮੇਤ ਕੋਈ ਵੀ ਖੇਤਰੀ ਪਾਰਟੀ ਆਪਣੀ ਹੋਂਦ ਸਥਾਪਤ ਨਹੀਂ ਕਰ ਸਕੇਗੀ । ਇਹੀ ਕਾਰਨ ਹੈ ਕਿ ਅਖੌਤੀ ਅਕਾਲੀ ਤਾਂ ਇਸ ਪੱਖੋਂ ਦੜ ਵੱਟੀ ਬੈਠੇ ਹਨ, ਪਰ ਆਮ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ ਆਗੂ ਐਮ. ਪੀ. ਗਾਂਧੀ ਉਪਰੋਕਤ ਮਤੇ ਦਾ ਝੰਡਾ-ਬਰਦਾਰ ਬਣਿਆ ਫਿਰਦਾ ਹੈ ਕਿਉਂਕਿ ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਕਾਰੀ ਨਿਜ਼ਾਮ ਸਥਾਪਤ ਕਰਨਾ, ਦੌਲਤ ਤੇ ਉਪਜ ਨੂੰ ਵਧਾਉਣਾ ਅਤੇ ਪੰਜਾਬ ਦੇ ਪਾਣੀਆਂ ਦੀ ਮੌਜੂਦਾ ਲੁੱਟ-ਘਸੁੱਟ ਨੂੰ ਮਿਟਾਉਣਾ ਤੇ ਜਾਤ-ਪਾਤ ਦੇ ਵਿਤਕਰੇ ਦਾ ਫਸਤਾ (ਰੱਫੜ) ਵੱਢਣਾ; ਉਸ ਅਕਾਲੀ ਮਤੇ ਦੇ ਮਾਨਵ-ਹਿਤਕਾਰੀ ਉੱਚੇ ਮਨੋਰਥ ਹਨ। ਭੁੱਲ-ਚੁੱਕ ਮੁਆਫ਼।

ਗੁਰੂ ਗ੍ਰੰਥ ਤੇ ਪੰਥ ਦਾ ਸੇਵਾਦਾਰ ਜਗਤਾਰ ਸਿੰਘ ਜਾਚਕ

ਤਾਂ ਵਸਿ ਆਵੀ ਕੰਤੁ 

0

ਤਾਂ ਵਸਿ ਆਵੀ ਕੰਤੁ 

ਰਣਜੀਤ ਸਿੰਘ B.Sc., M.A., M.Ed. (ਲੁਧਿਆਣਾ)- 99155-15436

 ੴ ਸਤਿ ਗੁਰ ਪ੍ਰਸਾਦਿ

ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕੇਵਲ ਤੇ ਕੇਵਲ ਮਨੁੱਖ ਹੀ ਇੱਕ ਸਮਝਦਾਰ ਜੀਵ ਹੈ, ਜਿਸ ਨੂੰ ਆਪਣੀ ਮੰਜ਼ਲ ਸਰ ਕਰਨ ਲਈ ਅਕਾਲ ਪੁਰਖ ਨੇ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ਼ ਬਖ਼ਸ਼ਸ਼ ਕੀਤਾ ਹੈ। ਗੁਰੂ ਅਮਰਦਾਸ ਜੀ ‘ਅਨੰਦ’ ਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਮਨੁੱਖ ਦੀ ਪ੍ਰਮਾਤਮਾ ਨਾਲ ਲਿਵ ਜੁੜੀ ਹੋਈ ਸੀ। ਜਿਉਂ ਹੀ ਉਸ ਦਾ ਜਨਮ ਹੋਇਆ ਲਿਵ ਟੁਟ ਗਈ ਤੇ ਸੰਸਾਰਿਕ ਮੋਹ ਵਿੱਚ ਫਸ ਗਿਆ। ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਲਿਵ ਛੁੜਕੀ ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਮਹਲਾ /੯੨੧) ਇਹ ਟੁੱਟੀ ਹੋਈ ਲਿਵ ਪ੍ਰਮਾਤਮਾ ਨਾਲ ਕਿਵੇਂ ਜੁੜੇ ? ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਬਾਣੀ ਮਨੁੱਖ ਨੂੰ ਇਸ ਪ੍ਰਤੀ ਅਗਵਾਈ ਦਿੰਦੀ ਹੈ। ਦੁਨਿਆਵੀ ਤੌਰ ’ਤੇ ਵੀ ਦੇਖਿਆ ਜਾਏ ਕਿ ਕਿਸੇ ਇੱਕ ਵਿਅਕਤੀ ਦੀ ਪ੍ਰੀਤ ਕਿਸੇ ਦੂਜੇ ਨਾਲ ਕਿਵੇਂ ਬਣ ਸਕਦੀ ਹੈ ਜਾਂ ਇਹ ਕਹਿ ਲਈਏ ਕਿ ਧਨ ਅਤੇ ਪਿਰ ਜਾਂ ਪਤੀ ਅਤੇ ਪਤਨੀ ਦੀ ਪ੍ਰੀਤ ਕਿਵੇਂ ਨਿਭ ਸਕਦੀ ਹੈ ? ਬਾਬਾ ਫ਼ਰੀਦ ਜੀ ਪ੍ਰਸ਼ਨ ਕਰਦੇ ਹਨ ‘‘ਕਵਣੁ ਸੁ ਅਖਰੁ ? ਕਵਣੁ ਗੁਣੁ  ? ਕਵਣੁ ਸੁ ਮਣੀਆ ਮੰਤੁ ?   ਕਵਣੁ ਸੁ ਵੇਸੋ ਹਉ ਕਰੀ ? ਜਿਤੁ ਵਸਿ ਆਵੈ ਕੰਤੁ ੧੨੬’’ (ਬਾਬਾ ਫ਼ਰੀਦ ਜੀ/੧੩੮੪) ਭਾਵ ਮੈਂ ਕਿਹੜੇ ਬੋਲ ਬੋਲਾਂ, ਕਿਹੜੇ ਗੁਣ ਧਾਰਨ ਕਰਾਂ ਅਤੇ ਕਿਹੜਾ ਵੇਸ ਧਾਰਨ ਕਰਾਂ ਤਾਂ ਜੋ ਮੈਂ ਪਿਰ (ਪਤੀ) ਨੂੰ ਰਿਝਾ ਸਕਾਂ। ਇਸ ਦੇ ਜਵਾਬ ਵਿੱਚ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਸਮਝਾਉਂਦੇ ਹਨ ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ   ਤ੍ਰੈ ਭੈਣੇ  ! ਵੇਸ ਕਰਿ; ਤਾਂ ਵਸਿ ਆਵੀ ਕੰਤੁ ੧੨੭’’ (ਬਾਬਾ ਫ਼ਰੀਦ ਜੀ/੧੩੮੪) ਭਾਵ ਨਿਮਰਤਾ ਵਿੱਚ ਰਹਿਣਾ, ਖਿਮਾ ਧਾਰਨ ਕਰਨੀ, ਮੁੱਖ ਤੋਂ ਮਿਠੇ ਬਚਨ ਬੋਲਣੇ ਆਦਿ ਗੁਣ ਧਾਰਨ ਕਰਨ ਨਾਲ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਸਕਦੀ ਹੈ।

ਸੰਸਾਰ ਵਿੱਚ ਰਹਿੰਦੇ ਹੋਏ ਗ੍ਰਹਿਸਤ ਜੀਵਨ ਦੀ ਗੱਡੀ ਚਲਾਉਣ ਲਈ ਵੀ ਇਨ੍ਹਾਂ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਪਤੀ ਪਤਨੀ ਦੋਵੇਂ ਇਨ੍ਹਾਂ ਗੁਣਾਂ ਦੇ ਧਾਰਨੀ ਹੋ ਕੇ, ਪ੍ਰਭੂ ਪਤੀ ਨਾਲ ਪਿਆਰ ਪਾ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਨ ਪ੍ਰੰਤੂ ਜੇ ਅਸੀਂ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਸਾਡਾ ਸਮਾਜ ਮੁੱਢ ਕਦੀਮ ਤੋਂ ਹੀ ਮਰਦ ਪ੍ਰਧਾਨ ਸਮਾਜ ਰਿਹਾ ਹੈ। ਜਿਸ ਵਿੱਚ ਔਰਤ ਦਾ ਦਰਜਾ; ਮਰਦ ਨਾਲੋਂ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਰਿਹਾ ਹੈ।

ਮਨੁੱਖ ਦੇ ਉੱਤੇ ਔਰਤ ਜਾਤੀ ਦਾ ਵੱਡਾ ਪਰਉਪਕਾਰ ਰਿਹਾ ਹੈ। ਕਦੀ ਮਾਂ ਦੇ ਰੂਪ ਵਿੱਚ, ਕਦੀ ਭੈਣ ਦੇ ਰੂਪ ਵਿੱਚ, ਕਦੀ ਧੀ ਬਣ ਕੇ ਤੇ ਕਦੀ ਪਤਨੀ ਬਣ ਕੇ ਇਸ ਨੇ ਮਰਦ ਦੀ ਹਰ ਤਰ੍ਹਾਂ ਸੇਵਾ ਕੀਤੀ ਪਰ ਫਿਰ ਉਸ ਨੂੰ ਵੀ ਕਦੀ ਧੀ ਬਣ ਕੇ ਤੇ ਕਦੀ ਨੂੰਹ ਬਣ ਕੇ ਬਣਦਾ ਸਤਿਕਾਰ ਨਾ ਮਿਲਿਆ ਸਗੋਂ ਤ੍ਰਿਸ਼ਕਾਰਿਆ ਹੀ ਗਿਆ। ਔਰਤ ਨਾਲ ਇਸ ਤਰ੍ਹਾਂ ਦੀ ਬੇਇਨਸਾਫੀ ਤੇ ਧੱਕਾ ਜਿੱਥੇ ਸਮਾਜ ਵੱਲੋਂ ਕੀਤਾ ਗਿਆ ਉੱਥੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਅਤੇ ਧਰਮ ਦਾ ਚੋਲ਼ਾ ਪਹਿਨਣ ਵਾਲੇ ਪੀਰਾਂ ਫ਼ਕੀਰਾਂ ਨੇ ਵੀ ਔਰਤ ਨੂੰ ਦੁਰਕਾਰਿਆ।

ਈਸਾਈ ਧਰਮ ਅਨੁਸਾਰ ਸਾਰੇ ਗੁਨਾਹਾਂ ਤੇ ਪਾਪਾਂ ਦੀ ਅਸਲ ਜੜ੍ਹ ਇਸਤਰੀ ਹੈ, ਜੋ ਮਨੁੱਖ ਨੂੰ ਕੁਰਾਹੇ ਪਾਉਂਦੀ ਹੈ। ਉਹ ਇਸਤਰੀ ਨੂੰ ਰੱਬ ਦੀ ਗਲਤੀ ਵਜੋਂ ਮੰਨਦੇ ਹਨ। ਹਿੰਦੂ ਧਰਮ ਵਿੱਚ ਮੰਨੂ ਸਿਮਰਤੀ ਦਾ ਸਥਾਨ ਬੜਾ ਉੱਚਾ ਮੰਨਿਆ ਜਾਂਦਾ ਹੈ। ਇਸ ਵਿੱਚ ਮੰਨੂ ਜੀ ਕਹਿੰਦੇ ਹਨ ਕਿ ਇਸਤਰੀ ਸਭ ਦੁੱਖਾਂ ਦਾ ਮੂਲ ਕਾਰਨ ਹੈ, ਇਸ ਲਈ ਇਸਤਰੀ ਤੋਂ ਦੂਰ ਰਹਿਣਾ ਚਾਹੀਦਾ ਹੈ। ਪੁਰਾਣਾ ਵਿੱਚ ਇਸਤਰੀ ਨੂੰ ਨਸ਼ੀਲੀ ਸ਼ਰਾਬ ਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਲਿਖਿਆ ਗਿਆ ਹੈ। ਜੈਨ ਮੱਤ ਨੇ ਵੀ ਇਸਤਰੀ ਨਾਲ ਇਨਸਾਫ਼ ਨਹੀਂ ਕੀਤਾ। ਸ਼੍ਰੀ ਦਿਗੰਬਰ ਜੈਨ ਲਿਖਦੇ ਹਨ ਕਿ ਔਰਤ ਓਨਾ ਚਿਰ ਤੱਕ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਜਦ ਤੱਕ ਦੁਬਾਰਾ ਮਨੁੱਖਾ ਜਨਮ ਧਾਰਨ ਨਹੀਂ ਕਰਦੀ। ਮਹਾਤਮਾ ਬੁੱਧ ਵੀ ਕਹਿੰਦੇ ਹਨ ਕਿ ਔਰਤ ਨੂੰ ਬੋਧੀ ਭਿਕਸ਼ੂਆਂ ਵਿੱਚ ਦਾਖਲ ਕਰਨ ਨਾਲ ਧਰਮ ਦੀ ਆਯੂ ਘਟ ਜਾਵੇਗੀ। ਇਸਲਾਮ ਧਰਮ ਵਿੱਚ ਤਾਂ ਔਰਤ ਮਸਜਿਦ ਵਿੱਚ ਜਾ ਕੇ ਨਮਾਜ ਵੀ ਨਹੀਂ ਪੜ੍ਹ ਸਕਦੀ ਅਤੇ ਔਰਤ ਨੂੰ ਘਟੀਆ ਦੱਸਣ ਲਈ ਦੋ ਔਰਤਾਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਮੰਨੀ ਜਾਂਦੀ ਹੈ। ਸੁਕਰਾਤ ਵੀ ਲਿਖਦਾ ਹੈ ਕਿ ਮਰਦ ਦੀ ਖੁਸ਼ੀ ਹੁਕਮ ਕਰਨ ਵਿੱਚ ਅਤੇ ਔਰਤ ਦੀ ਖੁਸ਼ੀ ਹੁਕਮ ਮੰਨਣ ਵਿੱਚ ਹੈ।

ਜੋ ਮਾਨ ਸਨਮਾਨ ਅਤੇ ਸਤਿਕਾਰਯੋਗ ਅਸਥਾਨ ਸਿੱਖ ਧਰਮ ਨੇ ਔਰਤ ਨੂੰ ਦਿੱਤਾ ਹੈ, ਉਹ ਹੋਰ ਕਿਸੇ ਧਰਮ ਦੇ ਹਿੱਸੇ ਨਹੀਂ ਆਇਆ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸਮਾਜ ਵਿੱਚ ਆਪਣੇ ਨਵੀਨ ਤੇ ਨਰੋਏ ਵਿਚਾਰਾਂ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਆਰਥਿਕ ਕ੍ਰਾਂਤੀ ਲਿਆਂਦੀ ਉੱਥੇ ਔਰਤ ਦੇ ਹੱਕ ਵਿੱਚ ਵੀ ਆਪਣੀ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਪੁਰਸ਼ ਜਾਂ ਇਸਤਰੀ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਚੰਗੇ ਕਰਮਾਂ ਦਾ ਹੀ ਮੁੱਲ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬੁਲੰਦ ਅਵਾਜ਼ ਕਰਦਿਆਂ ਕਿਹਾ ਕਿ ਵੱਡੇ ਵੱਡੇ ਰਾਜਿਆਂ, ਮਹਾਂ ਰਾਜਿਆਂ, ਯੋਧਿਆਂ, ਸਾਇੰਸਦਾਨਾਂ, ਵਿਦਵਾਨਾਂ, ਗੁਰੂਆਂ, ਪੀਰਾਂ ਨੂੰ ਜਨਮ ਇਸਤਰੀ ਹੀ ਦਿੰਦੀ ਹੈ। ਜੇ ਇਹ ਸਾਰੇ ਲੋਕ ਚੰਗੇ ਤੇ ਵਡਿਆਈ ਦੇ ਪਾਤਰ ਹਨ ਤਾਂ ਉਨ੍ਹਾਂ ਦੀ ਜਣਨੀ ਇਸਤਰੀ ਕਿਵੇਂ ਮੰਦੀ ਹੋ ਸਕਦੀ ਹੈ ? ਆਸਾ ਕੀ ਵਾਰ ਵਿੱਚ ਆਪ ਫ਼ੁਰਮਾਉਂਦੇ ਹਨ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩)

ਇਸਤਰੀ ਤੇ ਪੁਰਸ਼ ਦੀ ਬਰਾਬਰੀ ਨੂੰ ਸਪਸ਼ਟ ਕਰਦਿਆਂ ਹੋਇਆਂ ਆਪ ਨੇ ਫ਼ੁਰਮਾਇਆ ਕਿ ਸਾਰਿਆਂ ਅੰਦਰ ਜੀਵ ਆਤਮਾ ਇਸਤਰੀ ਰੂਪ ਹੀ ਹੈ ਤੇ ਉਨ੍ਹਾਂ ਦਾ ਮਾਲਕ ਜਾਂ ਖਸਮ ਪ੍ਰਮਾਤਮਾ ਆਪ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧)

ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਉਮਰ ਆਪਣੇ ਮਾਤਾ, ਭੈਣ ਤੇ ਪਤਨੀ ਦਾ ਸਤਿਕਾਰ ਕੀਤਾ ਤੇ ਸਾਡੇ ਲਈ ਪੂਰਨੇ ਪਾਏ। ਅਜਿਹੀਆਂ ਇਸਤਰੀਆਂ ਨੂੰ ਗੁਰਮਤਿ ਵਿੱਚ ਸੁਹਾਗਣ ਕਹਿ ਕੇ ਵਡਿਆਇਆ ਗਿਆ ਹੈ।

ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਬੀਬੀ ਖੀਵੀ ਜੀ, ਜੋ ਸੇਵਾ ਦੀ ਮੂਰਤ ਸਨ ਅਤੇ ਲੰਗਰ ਵਿੱਚ ਘਿਓ ਵਾਲੀ ਖੀਰ ਤਿਆਰ ਕਰਕੇ ਵਰਤਾਉਂਦੇ ਰਹੇ ਸਨ, ਦਾ ਨਾਂ ਭਾਈ ਸੱਤੇ ਤੇ ਬਲਵੰਡ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ   ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ’’ (ਬਲਵੰਡ ਸਤਾ/੯੬੭)

ਗੁਰੂ ਅਰਜਨ ਦੇਵ ਜੀ ਨੇ ਤਾਂ ਇਸਤਰੀ ਜਾਤੀ ਨੂੰ ਬੱਤੀ ਸੁਲੱਖਣੀ ਭਾਵ ਸਦ ਗੁਣਾਂ ਨਾਲ ਭਰਪੂਰ ਆਖ ਕੇ ਸਨਮਾਨ ਦਿੱਤਾ ਹੈ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਸਦਗੁਣਾਂ ਨਾਲ ਭਰਪੂਰ ਇਸਤਰੀ ਜਿਸ ਘਰ ਵਿੱਚ ਆਵੇਗੀ ਉੱਥੇ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਖੇੜਾ ਬਣਿਆ ਰਹੇਗਾ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਬਤੀਹ ਸੁਲਖਣੀ; ਸਚੁ ਸੰਤਤਿ ਪੂਤ   ਆਗਿਆਕਾਰੀ ਸੁਘੜ ਸਰੂਪ   ਇਛ ਪੂਰੇ ਮਨ ਕੰਤ ਸੁਆਮੀ   ਸਗਲ ਸੰਤੋਖੀ ਦੇਰ ਜੇਠਾਨੀ   ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ   ਜਨ ਨਾਨਕ ! ਸੁਖੇ ਸੁਖਿ ਵਿਹਾਇ ’’ (ਮਹਲਾ /੩੭੧)

ਭਾਈ ਕਾਨ੍ਹ ਸਿੰਘ ਨਾਭਾ ਕਰਤਾ ਮਹਾਨ ਕੋਸ਼ ਨੇ ਇਸਤਰੀ ਦੇ 32 ਗੁਣ ਇਹ ਦਰਸਾਏ ਹਨ – ਸੁੰਦਰਤਾ, ਸਵੱਛਤਾ, ਲੱਜਾ, ਚਤੁਰਾਈ, ਵਿੱਦਿਆ, ਸੇਵਾ, ਪਤੀ-ਭਗਤੀ, ਦਇਆ, ਸਤਯ, ਪ੍ਰਿਯਬਾਣੀ, ਪ੍ਰਸੰਨਤਾ, ਨਿਮਰਤਾ, ਨਿਸ਼ਕਪਟਤਾ, ਏਕਤਾ, ਧੀਰਜ, ਧਰਮਨਿਸ਼ਠਾ, ਸੰਜਮ, ਉਦਾਰਤਾ, ਗੰਭੀਰਤਾ, ਉਦਮ, ਸੂਰਵੀਰਤਾ, ਰਾਗ ਕਾਵਯ, ਚਿਤ੍ਰ, ਔਸ਼ਧੀ, ਰਸੋਈ, ਸਿਊਣ-ਪਰੋਣ ਦੀ ਵਿੱਦਿਆ, ਘਰ ਦੀਆਂ ਵਸਤਾਂ ਦਾ ਯਥਾ-ਯੋਗ ਸ਼ਿੰਗਾਰਣਾ, ਬਜੁਰਗਾਂ ਦਾ ਮਾਨ, ਘਰ ਆਏ ਪ੍ਰਹੁਣਿਆਂ ਦਾ ਸਨਮਾਨ ਅਤੇ ਸੰਤਾਨ ਦਾ ਪਾਲਣਾ ਆਦਿ।

ਅਜਿਹੇ ਗੁਣਾਂ ਦੀ ਮਾਲਕਣ ਇਸਤਰੀ, ਸੱਚ ਦੀ ਧਾਰਨੀ ਬਣੇਗੀ ਭਾਵ ‘ਸਚੁ ਸੰਤਤਿ ਪੂਤ’ ਅਤੇ ‘ਸਭ ਪਰਵਾਰੈ ਮਾਹਿ ਸਰੇਸਟ’ ਹੋਵੇਗੀ ਜੋ ਗਲਤ ਰਾਹ ’ਤੇ ਚੱਲ ਰਹੇ ਦੇਵਰ ਤੇ ਜੇਠ ਨੂੰ ਵੀ ਮੱਤ ਦੇ ਕੇ ਸਿੱਧੇ ਰਾਹ ਪਾਉਣ ਦੇ ਯੋਗ ਹੋਵੇਗੀ। ਅਜਿਹੇ ਗੁਣਾਂ ਭਰਪੂਰ ਇਸਤਰੀ ਜਿੱਥੇ ਵੀ ਰਹੇਗੀ ਉੱਥੇ ‘ਸੁਖੇ ਸੁਖਿ ਵਿਹਾਇ’ ਬਣਾਏਗੀ।

ਅਜਿਹੇ ਗੁਣਾਂ ਭਰਪੂਰ ਇਸਤਰੀ ਆਪਣੇ ਪਰਵਾਰ ਤੇ ਸਮਾਜ ਲਈ ਚਾਨਣ ਮੁਨਾਰਾ ਬਣਦੀ ਹੈ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ, ਜੋ ਅਜਿਹੇ ਗੁਣਾਂ ਭਰਪੂਰ ਸੀ, ਆਪਣੇ ਸਹੁਰੇ ਘਰ ਜਾ ਕੇ ਐਸੀ ਖੁਸ਼ਬੋ ਫੈਲਾਈ, ਜਿਸ ਦੇ ਮੁਖਾਰਬਿੰਦ ਤੋਂ ਬਾਣੀ ਸੁਣ ਕੇ ਚਾਚਾ ਸਹੁਰਾ ਬਾਬਾ ਅਮਰਦਾਸ ਜੀ ਗੁਰੂ ਨਾਨਕ ਜੀ ਦੀ ਗੱਦੀ ਦੇ ਤੀਜੇ ਵਾਰਸ਼ ਗੁਰੂ ਅਮਰਦਾਸ ਜੀ ਬਣੇ। ਇਸ ਤੋਂ ਇਲਾਵਾ ਬੀਬੀ ਭਾਨੀ ਜੀ ਅਤੇ ਮਾਤਾ ਗੁਜਰੀ ਜੀ ਦਾ ਧਰਮੀ ਜੀਵਨ; ਸਾਡੇ ਲਈ ਚਾਨਣ ਮੁਨਾਰੇ ਹਨ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਹੀ ਇਸਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਵੱਡੀ ਤੋਂ ਵੱਡੀ ਰਾਜਸੀ ਤਾਕਤ ਦੇ ਸਾਹਮਣੇ ਆਪਣੇ ਧਰਮ ਖਾਤਰ ਈਨ ਨਹੀਂ ਮੰਨੀ।

ਅਜਿਹੇ ਗੁਣਾਂ ਭਰਪੂਰ ਔਰਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ‘ਸੁਚੱਜੀ’ ਕਹਿ ਕੇ ਸਤਿਕਾਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਸੁਚਜੀ ਸਿਰਲੇਖ ਹੇਠ ਫ਼ੁਰਮਾਉਂਦੇ ਹਨ ‘‘ਜਾ ਤੂ ਤਾ ਮੈ ਸਭੁ ਕੋ; ਤੂ ਸਾਹਿਬੁ ਮੇਰੀ ਰਾਸਿ ਜੀਉ ਤੁਧੁ ਅੰਤਰਿ ਹਉ ਸੁਖਿ ਵਸਾ; ਤੂੰ ਅੰਤਰਿ ਸਾਬਾਸਿ ਜੀਉ ’’ (ਮਹਲਾ /੭੬੨)

ਵੇਖਣ ਵਿੱਚ ਕਈ ਵਾਰ ਇਹ ਵੀ ਆਉਂਦਾ ਹੈ ਕਿ ਸ਼ੁਭ ਗੁਣਾਂ ਦੀ ਮਾਲਕਣ ਤੇ ਸੁਚੱਜੀ ਹੋਣ ਦੇ ਬਾਵਜੂਦ ਵੀ ਇਸਤਰੀ ਨੂੰ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਪਰ ਉਹ ਹੌਂਸਲਾ ਨਹੀਂ ਛੱਡਦੀ। ਉਹ ਉਸ ਦਾ ਕਾਰਨ ਤੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੀ ਸੁਚੱਜੀ ਔਰਤ ਨੂੰ ‘ਗੁਣਵੰਤੀ’ ਕਹਿ ਕੇ ਸਲਾਹਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਗੁਣਵੰਤੀ ਸਿਰਲੇਖ ਹੇਠ ਫ਼ੁਰਮਾਉਂਦੇ ਹਨ ‘‘ਮੈ ਬਹੁੜਿ ਤ੍ਰਿਸਨਾ ਭੁਖੜੀ; ਹਉ ਰਜਾ ਤ੍ਰਿਪਤਿ ਅਘਾਇ ਜੀਉ   ਜੋ ਗੁਰ ਦੀਸੈ ਸਿਖੜਾ; ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ’’  (ਸੁਚਜੀ/ਮਹਲਾ /੭੬੩)

ਅਜਿਹੀ ਇਸਤਰੀ ਦੀ ਬੇਕਦਰੀ ਅਤੇ ਉਸ ਨਾਲ ਦਰਿੰਦਗੀ ਦੀ ਸਭ ਤੋਂ ਵੱਡੀ ਮਿਸਾਲ ਸਤੀ ਪ੍ਰਥਾ ਅਤੇ ਵਿਧਵਾ ਨੂੰ ਪੁਨਰ ਵਿਆਹ ਦੀ ਮਨਾਹੀ ਸੀ। ਇਹ ਪ੍ਰਥਾ ਹਿੰਦੂ ਸਮਾਜ ਵਿੱਚ ਪੁਰਾਤਨ ਸਮੇਂ ਤੋਂ ਪ੍ਰਚਲਿਤ ਸੀ। ਇਸ ਤੋਂ ਵੱਡਾ ਤਸੀਹਾ ਤੇ ਜੁਲਮ ਹੋਰ ਕੀ ਹੋ ਸਕਦਾ ਹੈ ?

ਗੁਰੂ ਅਮਰਦਾਸ ਜੀ ਨੇ ਇਸ ਘੋਰ ਅਨਿਆ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ। ਗੁਰੂ ਸਾਹਿਬ ਨੇ ਪਤੀ ਦੀ ਚਿਖਾ ਵਿੱਚ ਸੜ ਕੇ ਮਰਨ ਵਾਲੀਆਂ ਔਰਤਾਂ ਨੂੰ ਸਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਸਗੋਂ ਲੋਕਾਂ ਨੂੰ ਉਪਦੇਸ਼ ਕੀਤਾ ਕਿ ਅਸਲ ਸਤੀ ਤਾਂ ਉਹ ਹੈ, ਜੋ ਰੱਬ ਤੋਂ ਪਏ ਵਿਛੋੜੇ ਦੀ ਪੀੜਾ ਵਿੱਚ ਜੀਵਨ ਬਸਰ ਕਰਦੀ ਹੈ ਅਤੇ ਸੀਲ ਸੰਤੋਖ ਨਾਲ ਆਪਣਾ ਜੀਵਨ ਬਸਰ ਕਰਦੀ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍   ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍   ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍   ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ ’’ (ਮਹਲਾ /੭੮੭)

ਜੋ ਉੱਚਾ ਰੁਤਬਾ ਗੁਰੂ ਸਾਹਿਬ ਨੇ ਇਸਤਰੀ ਜਾਤੀ ਨੂੰ ਬਖਸ਼ਿਆ, ਉਹ ਹੋਰ ਕਿਸੇ ਪੀਰ ਪੈਗ਼ੰਬਰ, ਫ਼ਿਲਾਸਫ਼ਰ ਜਾਂ ਵਿਦਵਾਨ ਦੇ ਹਿੱਸੇ ਨਹੀਂ ਆਇਆ। ਵਿਆਹ ਸਮੇਂ ਲੜਕੀ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਵਿਰੋਧ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ   ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ’’ (ਮਹਲਾ /੭੯)

ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਸੰਤ ਸਮਰਥ ਰਾਮਦਾਸ ਦੇ ਇਕ ਸੁਆਲ ਦੇ ਜਵਾਬ ਵਿੱਚ ਫ਼ੁਰਮਾਇਆ ਸੀ ਔਰਤ ਈਮਾਨ ਦੌਲਤ ਗੁਜ਼ਰਾਨ ਪੁੱਤਰ ਨਿਸ਼ਾਨ

ਗੁਰਮਤਿ ਸਿਧਾਂਤ ਮਨੁੱਖ ਦੇ ਸੰਸਾਰਕ ਅਤੇ ਅਧਿਆਤਮਕ ਜੀਵਨ ਸੰਗਰਾਮ ਲਈ ਪ੍ਰੇਰਣਾ ਸਰੋਤ ਹੈ। ਜਿੱਥੇ ਗੁਰੂ ਸਾਹਿਬਾਨ ਨੇ ਸੁਚੱਜੀ, ਸੁਹਾਗਣ ਤੇ ਗੁਣਵੰਤੀ ਇਸਤਰੀ ਦਾ ਨਕਸ਼ਾ ਖਿੱਚਿਆ ਹੈ ਉੱਥੇ ਜੇ ਜੀਵ ਇਸਤਰੀ; ਜੀਵਨ ਪੱਧਰ ਤੋਂ ਡਿੱਗ ਪਵੇ ਅਤੇ ਉਸ ’ਤੇ ਔਗਣ ਹਾਵੀ ਹੋ ਜਾਣ ਤਾਂ ਉਸ ਨੂੰ ਸਖਤ ਸ਼ਬਦ ਵਿੱਚ ਤਾੜਨਾ ਵੀ ਕਰਦੇ ਹਨ। ਉਸ ਦੇ ਲਈ ਦੋਹਾਗਣੀ ਤੇ ਕੁਚੱਜੀ ਸ਼ਬਦ ਵੀ ਵਰਤਿਆ ਹੈ। ਜਦੋਂ ਉਸ ਨੂੰ ਦੋਹਾਗਣ ਦੇ ਰੂਪ ਵਿੱਚ ਦੇਖਦੇ ਹਨ ਤਾਂ ਉਸ ਦੇ ਅਵਗੁਣਾਂ ਬਾਰੇ ਇਸ ਤਰ੍ਹਾਂ ਫ਼ੁਰਮਾਉਂਦੇ ਹਨ ‘‘ਦੋਹਾਗਣੀ ਕਿਆ ਨੀਸਾਣੀਆ  ?  ਖਸਮਹੁ ਘੁਥੀਆ; ਫਿਰਹਿ ਨਿਮਾਣੀਆ   ਮੈਲੇ ਵੇਸ ਤਿਨਾ ਕਾਮਣੀ; ਦੁਖੀ ਰੈਣਿ ਵਿਹਾਇ ਜੀਉ ’’ (ਮਹਲਾ /੭੨)

ਜੋ ਜੀਵ ਇਸਤਰੀਆਂ ਪ੍ਰਭੂ ਨੂੰ ਵਿਸਾਰ ਦਿੰਦੀਆਂ ਹਨ ਉਨ੍ਹਾਂ ਬਾਰੇ ਗੁਰੂ ਨਾਨਕ ਜੀ ਦਾ ਫ਼ੁਰਮਾਨ ਹੈ ‘‘ਸਭਿ ਅਵਗਣ ਮੈ; ਗੁਣੁ ਨਹੀ ਕੋਈ   ਕਿਉ ਕਰਿ ਕੰਤ ਮਿਲਾਵਾ ਹੋਈ  ?’’ (ਮਹਲਾ /੭੫੦)

ਅਜਿਹੀ ਇਸਤਰੀ ਨੂੰ ਕੁਚੱਜੀ ਕਹਿ ਕੇ ਵੀ ਸੰਬੋਧਨ ਕੀਤਾ ਹੈ ਅਤੇ ਉਸ ਦੇ ਅਵਗੁਣ ਵੀ ਉਸ ਨੂੰ ਦੱਸੇ ਹਨ ਕਿ ਉਸ ਦਾ ਪਿਆਰ ਕੇਵਲ ਮਾਇਕ ਪਦਾਰਥਾਂ ਤੱਕ ਹੀ ਸੀਮਤਿ ਹੈ। ਗੁਰੂ ਨਾਨਕ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੁਇਨਾ ਰੁਪਾ ਰੰਗੁਲਾ; ਮੋਤੀ ਤੈ ਮਾਣਿਕੁ ਜੀਉ   ਸੇ ਵਸਤੂ ਸਹਿ ਦਿਤੀਆ; ਮੈ ਤਿਨ੍ ਸਿਉ ਲਾਇਆ ਚਿਤੁ ਜੀਉ   ਮੰਦਰ ਮਿਟੀ ਸੰਦੜੇ; ਪਥਰ ਕੀਤੇ ਰਾਸਿ ਜੀਉ   ਹਉ ਏਨੀ ਟੋਲੀ ਭੁਲੀਅਸੁ; ਤਿਸੁ ਕੰਤ ਬੈਠੀ ਪਾਸਿ ਜੀਉ ’’ (ਕੁਚਜੀ/ਮਹਲਾ /੭੬੨)

ਸੋ ਸੁਚੱਜੀ, ਸੁਹਾਗਣ ਤੇ ਗੁਣਵੰਤੀ ਇਸਤਰੀ ਜਿੱਥੇ ਗ੍ਰਹਿਸਤ ਜੀਵਨ ਬਤੀਤ ਕਰਦਿਆਂ ਆਪਣੇ ਗੁਣਾਂ ਨਾਲ ਪਤੀ ਨੂੰ ਰਿਝਾ ਲੈਂਦੀ ਹੈ ਉੱਥੇ ਉਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੀ ਹੋਈ ਪ੍ਰਭੂ ਪਤੀ ਵਾਲੇ ਗੁਣ ਗ੍ਰਹਿਣ ਕਰਕੇ ਉਸ ਨਾਲ ਸਾਂਝ ਪਾ ਲੈਂਦੀ ਹੈ।

ਗੁਰਬਾਣੀ ਦੀ ਅਗਵਾਈ ਵਿੱਚ ਰਹਿ ਕੇ ਪ੍ਰਾਪਤ ਕੀਤਾ ਗਿਆਨ ਜਿੱਥੇ ਬਰਾਬਰੀ ਦੀ ਭਾਵਨਾ ਪੈਦਾ ਕਰਦਾ ਹੈ ਉੱਥੇ ਜੀਵਨ ਪੰਧ ਨੂੰ ਸੁਖਾਲਾ ਤੇ ਸਹਿਜ ਵੀ ਬਣਾਉਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੇ ਘਰ ਜਦੋਂ ਪਹਿਲੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਕਿਹਾ ਕਿ ਪੁੱਤਰਾਂ ਦੀ ਜੋੜੀ ਰਲੇ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਾਤਾ ਜੀ ਸਪੁੱਤਰੀ ਹੋਣ ਦੀ ਅਸੀਸ ਬਖ਼ਸ਼ੋ ਤਾਂ ਜੋ ਗ੍ਰਹਿਸਤ ਪੂਰਾ ਹੋਵੇ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਗੁਰੂ ਸਾਹਿਬ ਦੇ ਵਾਕ ਇਸ ਪ੍ਰਕਾਰ ਦਰਜ ਹਨ ਸੀਲ ਖਾਨ ਕੰਨਿਆ ਇਕ ਹੋਵੇ; ਨਹੀਂ ਤੋ ਮਾਂ ਗ੍ਰਹਿਸਤ ਵਿਗੋਵੈ

ਬਾਬੁਲ ਦੇ ਘਰ ਪਿਆਰ ਭਰਿਆ ਜੀਵਨ ਜੀਉਣ ਵਾਲੀ ਬੇਟੀ ਨੂੰ ਉਪਦੇਸ਼ ਦਿੰਦੇ ਹੋਏ ‘ਓਅੰਕਾਰ’ ਬਾਣੀ ਵਿੱਚ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ‘‘ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ   ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ’’ (ਓਅੰਕਾਰ (ਮਹਲਾ /੯੩੫)

ਮਾਦਾ ਗੁਣ ਅਧਿਆਤਮਿਕ, ਸਮਾਜਕ ਤੇ ਗ੍ਰਿਹਸਤ ਜੀਵਨ ਨੂੰ ਉਸਾਰੂ ਬਣਾਉਂਦੇ ਹਨ ਅਤੇ ਨਰ ਗੁਣ ਸਭ ਤਰ੍ਹਾਂ ਦੇ ਸਮਾਜਕ, ਆਰਥਿਕ ਤੇ ਰਾਜਨੀਤਿਕ ਅਨਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ ਜੀਵਨ ਨੂੰ ਸੰਪੂਰਨਤਾ ਪ੍ਰਦਾਨ ਕਰਦੇ ਹਨ। ਇਸਤ੍ਰੀ ਦਾ ‘ਨਿਵਣੁ ਸੁ ਅਖਰੁ’ ਅਤੇ ‘ਖਵਣੁ ਗੁਣੁ’; ਉਸ ਦੇ ‘ਸਰਬ ਸਰੇਸਟ’ ਹੋਣ ਦੀ ਨਿਸ਼ਾਨੀ ਹੈ।

ਜਿਵੇਂ ਸੁਹਾਗਣ ਇਸਤ੍ਰੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ, ਇਸੇ ਤਰ੍ਹਾਂ ਅਸੀਂ ਵੀ ਸਾਰੀਆਂ ਜੀਵ ਇਸਤ੍ਰੀਆਂ ਨੇ ਇਸ ਸੰਸਾਰ ਰੂਪੀ ਪੇਕਾ ਘਰ ਛੱਡ ਕੇ ਅਕਾਲ ਪੁਰਖ ਰੂਪੀ ਸਹੁਰੇ ਘਰ ਵਿੱਚ ਜਾਣਾ ਹੀ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸਭਨਾ ਸਾਹੁਰੈ ਵੰਞਣਾ; ਸਭਿ ਮੁਕਲਾਵਣਹਾਰ   ਨਾਨਕ  ! ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ’’ (ਮਹਲਾ /੫੧)

ਜਿਵੇਂ ਸੁਹਾਗਣੀ ਆਪਣਾ ਆਪ ਤਬਦੀਲ ਕਰਦੀ ਹੈ, ਉਸੇ ਤਰ੍ਹਾਂ ਅਸੀਂ ਆਪਣਾ ਆਪ ਸੰਵਾਰ ਕੇ ਪ੍ਰਭੂ ਪਤੀ ਦੇ ਦਰ ’ਤੇ ਪਰਵਾਣ ਹੋਣਾ ਹੈ। ਜਿਵੇਂ ਇੱਕ ਸੁਹਾਗਣ ਇਸਤ੍ਰੀ ਆਪਣੇ ਪਤੀ ਨੂੰ ਭਾਅ ਜਾਣ ਕਰਕੇ ਸਾਰੇ ਸੁੱਖ ਪ੍ਰਾਪਤ ਕਰਦੀ ਹੈ ਉਸ ਤਰ੍ਹਾਂ ਜੇ ਅਸੀਂ ਵੀ ਪ੍ਰਭੂ ਪਤੀ ਨੂੰ ਭਾਅ ਗਏ ਤਾਂ ਜੀਵਨ ਦੇ ਸਾਰੇ ਸੁੱਖ ਤੇ ਅਨੰਦ ਪ੍ਰਾਪਤ ਹੋ ਜਾਣਗੇ। ਗੁਰੂ ਨਾਨਕ ਸਾਹਿਬ ਦਾ ਫ਼ੁਰਮਾਨ ਹੈ ‘‘ਨਾਨਕ  ! ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ’’ (ਮਹਲਾ /੧੯)

ਇੱਕ ਸੁਹਾਗਣੀ ਦੀ ਉਦਾਹਰਨ ਦੇ ਕੇ ਸਤਿਗੁਰੂ ਜੀ ਨੇ ਸਭ ਨੂੰ ਰੱਬ ਦੀ ਰਜ਼ਾ ਵਿੱਚ ਰਹਿ ਕੇ ਨਿਜ ਘਰ ਮਹਿਲ ਦਾ ਸਹਜ ਸੁਖ ਮਾਣਨ ਦਾ ਤਰੀਕਾ ਦੱਸਿਆ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਸਾਹੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ   ਨਾਨਕ  ! ਸੋ ਸੋਹਾਗਣੀ; ਜੁ ਭਾਵੈ ਬੇਪਰਵਾਹ ੩੨’’ (੧੩੭੯)

ਸੁਹਾਗਣ ਔਰਤ ਦੀ ਕੀ ਨਿਸ਼ਾਨੀ ਹੈ ? ਇਸ ਬਾਰੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਨਾਨਕ  ! ਸੋਹਾਗਣਿ ਕਾ ਕਿਆ ਚਿਹਨੁ ਹੈ ? ਅੰਦਰਿ ਸਚੁ, ਮੁਖੁ ਉਜਲਾ; ਖਸਮੈ ਮਾਹਿ ਸਮਾਇ ’’ (ਮਹਲਾ /੭੮੫)

ਜ਼ਿੰਦਗੀ ਅੰਦਰ ਰਿਸ਼ਤੇ ਤਾਂ ਅਨੇਕਾਂ ਹਨ ਪਰ ਪਤੀ-ਪਤਨੀ ਦੇ ਰਿਸ਼ਤੇ ਨੂੰ ਜੀਵਨ ਸਾਥੀ ਵੀ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪ੍ਰਮਾਤਮਾ ਨਾਲ ਸਾਂਝ ਪਾਉਣ ਲਈ ਇਸ ਰਿਸ਼ਤੇ ਦੇ ਦ੍ਰਿਸ਼ਟਾਂਤ ਦਿੱਤੇ ਗਏ ਹਨ। ਦੁਨਿਆਵੀ ਪ੍ਰੇਮ ਵਿੱਚ ਰਤੀ ਹੋਈ ਸੁਹਾਗਣ ਦਾ ਜੀਵਨ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ, ਜਿਸ ਕਰਕੇ ਉਸ ਨੂੰ ਸਮਝਣਾ ਸੌਖਾ ਹੁੰਦਾ ਹੈ। ਉਸੇ ਤਰ੍ਹਾਂ ਜੀਵ ਰੂਪ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਰਿਸ਼ਤਾ ਸਮਝਾਇਆ ਗਿਆ ਹੈ ਕਿ ਸੱਚੀ ਸੁਹਾਗਣ ਜੀਵ ਇਸਤ੍ਰੀ ਪ੍ਰਭੂ ਪਤੀ ਦੇ ਘਰ ਕਬੂਲ ਹੋ ਜਾਂਦੀ ਹੈ।

ਗੁਰਬਾਣੀ ਦੀ ਅਗਵਾਈ ਹੇਠ ਉੱਚਾ, ਸੁੱਚਾ ਤੇ ਅਧਿਆਤਮਕ ਜੀਵਨ ਜਿਊਣ ਵਾਲੀਆਂ ਬੀਬੀਆਂ ਇਸ ਸੰਸਾਰ ਵਿੱਚ ਕਿੰਨੀਆਂ ਕੁ ਹੋਈਆਂ ਹਨ ਤੇ ਉਨ੍ਹਾਂ ਦੇ ਜੀਵਨ ਤੋਂ ਕਿਵੇਂ ਸੇਧ ਲੈਣੀ ਹੈ, ਜਾਣਨ ਲਈ ਸਾਨੂੰ ਸਿੱਖ ਇਤਿਹਾਸ ਦੇ ਪੰਨਿਆਂ ’ਚ ਦਰਜ ਉਨ੍ਹਾਂ ਦੇ ਜੀਵਨ ’ਤੇ ਇੱਕ ਪੰਛੀ ਝਾਤ ਮਾਰਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਧਾਰਨ ਕਰਨ ਵਾਲੀ ਪਹਿਲੀ ਔਰਤ ਬੇਬੇ ਨਾਨਕੀ ਸੀ। ਸੇਵਾ ਦੀ ਪੁੰਜ ਪਹਿਲੀ ਇਸਤ੍ਰੀ ਮਾਤਾ ਖੀਵੀ ਜੀ ਸਨ, ਜਿਨ੍ਹਾਂ ਨੂੰ ਨੇਕ ਜ਼ਨ ਕਹਿ ਕੇ ਸਤਕਾਰਿਆ ਗਿਆ ਹੈ। ਬੇਬੇ ਅਮਰੋ ਜੀ, ਜਿਸ ਨੇ ਆਪਣੇ ਸਹੁਰੇ ਘਰ ਜਾ ਕੇ ਗੁਰਬਾਣੀ ਦੀ ਐਸੀ ਜਾਗ ਲਾਈ, ਜਿਸ ਨਾਲ ਬਾਬਾ ਅਮਰਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਸਥਾਪਿਤ ਹੋਏ। ਬੀਬੀ ਭਾਨੀ ਜੀ ਨੇ ਆਪਣੇ ਪੁੱਤਰ ਨੂੰ ਜੋ ਅਸੀਸ ਦਿੱਤੀ ਇਸ ਦਾ ਵਰਣਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਹੈ ‘‘ਪੂਤਾ  ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’ (ਮਹਲਾ /੪੯੬)

ਬੀਬੀ ਰੂਪ ਕੌਰ ਪਹਿਲੀ ਸਿੱਖ ਇਤਿਹਾਸਕਾਰ ਇਸਤਰੀ ਹੋ ਨਿੱਬੜੀ, ਜਿਸ ਨੇ ਛੇਵੇਂ ਗੁਰੂ ਪਾਤਸ਼ਾਹ ਦੇ ਮੁਖਾਰਬਿੰਦ ’ਚੋਂ ਉਚਾਰੇ ਬਚਨਾਂ ਨੂੰ ਲਿਖਤੀ ਰੂਪ ਦਿੱਤਾ। ਮਾਤਾ ਗੁਜਰੀ ਜੀ, ਜਿਸ ਨੇ ਆਪਣੇ ਪਤੀ ਅਤੇ ਪੋਤਰਿਆਂ ਦੇ ਸ਼ਹੀਦ ਹੋਣ ਉਪਰੰਤ ਆਪ ਵੀ ਸ਼ਹਾਦਤ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ, ਪਹਿਲੀ ਸੂਝਵਾਨ ਇਸਤਰੀ ਹੋਈ ਹੈ, ਜਿਸ ਨੇ ਬੰਦਈ ਤੇ ਤੱਤ ਖਾਲਸੇ ਵਿੱਚ ਭੇਦ ਮਿਟਾ ਕੇ ਪੰਥ ਨੂੰ ਏਕੇ ਵਿੱਚ ਪਰੋਇਆ। ਮਾਤਾ ਸਾਹਿਬ ਕੌਰ ਜੀ ਨੇ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੁਕਮਨਾਮੇ ਜਾਰੀ ਕਰ ਪੰਥ ਦੀ ਅਗਵਾਈ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੀਬੀ ਹਰਸ਼ਰਨ ਕੌਰ; ਰਾਤ ਨੂੰ ਭੇਸ ਬਦਲ ਕੇ ਦੁਸ਼ਮਣ ਦੀਆਂ ਫ਼ੌਜਾਂ ਦੀਆਂ ਖ਼ੁਫ਼ੀਆ ਖ਼ਬਰਾਂ ਖ਼ਾਲਸਾ ਦਰਬਾਰ ਵਿੱਚ ਪਹੁੰਚਾਉਂਦੀ ਸੀ। ਮਾਈ ਭਾਗ ਕੌਰ, ਪਹਿਲੀ ਸਿੱਖ ਜਰਨੈਲ ਹੋਈ, ਜਿਸ ਨੇ ਗੁਰੂ ਤੋਂ ਵਿਛੜੇ ਸਿੱਖਾਂ ਨੂੰ ਖਿਦਰਾਣੇ ਦੀ ਢਾਬ ’ਤੇ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਨਾਲ ਮਿਲਾਇਆ। ਰਾਣੀ ਜ਼ਿੰਦਾ, ਓਨਾ ਚਿਰ ਤੱਕ ਚੈਨ ਨਾਲ ਨਹੀਂ ਬੈਠੀ, ਜਿੰਨਾ ਚਿਰ ਉਸ ਨੇ ਪਤਿਤ ਹੋਏ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਦਾਇਰੇ ਵਿੱਚ ਵਾਪਸ ਨਹੀਂ ਲੈ ਆਂਦਾ। ਰਾਣੀ ਸਦਾ ਕੌਰ ਵਿੱਚ ਰਾਜਨੀਤਿਕ ਤੇ ਪ੍ਰਬੰਧਕੀ ਸੂਝ-ਬੂਝ ਮਰਦਾਂ ਨਾਲੋਂ ਵੀ ਵਧੇਰੇ ਸੀ। ਇਸ ਤੋਂ ਇਲਾਵਾ ਅਨੇਕਾਂ ਹੋਰ ਸੂਰਬੀਰ ਤੇ ਧਰਮੀ ਇਸਤ੍ਰੀਆਂ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੀਆਂ ਹਨ ਜਿਨ੍ਹਾਂ ਆਪਣੇ ਬੱਚਿਆਂ ਦੇ ਟੁਕੜਿਆਂ ਨੂੰ ਗਲਾਂ ਵਿੱਚ ਪੁਆਇਆ, ਪਰ ਆਪਣੇ ਧਰਮ ਅਤੇ ਪਤੀ ਬ੍ਰਤਾ ਜੀਵਨ ਨੂੰ ਆਂਚ ਨਹੀਂ ਆਉਣ ਦਿੱਤੀ।

ਅਜਿਹੀਆਂ ਸੂਝਵਾਨ ਅਤੇ ਉੱਚੇ ਸੁੱਚੇ ਧਾਰਮਿਕ ਕਿਰਦਾਰ ਵਾਲੀਆਂ ਸਦਾ ਸੁਹਾਗਣ ਔਰਤਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਹੀ‘‘ਤਾਂ ਵਸਿ ਆਵੀ ਕੰਤੁ’’  ਵਾਲਾ ਜੀਵਨ ਮਨੋਰਥ ਪੂਰਾ ਹੁੰਦਾ ਹੈ।

ਪਗੜੀ ਸੰਭਾਲ ਜੱਟਾ ਬਨਾਮ ਕਿਸਾਨ ਅੰਦੋਲਨ !

0

ਪਗੜੀ ਸੰਭਾਲ ਜੱਟਾ ਬਨਾਮ ਕਿਸਾਨ ਅੰਦੋਲਨ !

                        ਡਾ. ਪਰਗਟ ਸਿੰਘ ਬੱਗਾ (ਕੈਨੇਡਾ) ਫੋਨ: 905-531-8901

ਲੋਕਤੰਤਰੀ-ਰਾਜਨੀਤੀ ’ਚ ਇੱਕੀਵੀਂ ਸਦੀ ਦੇ ਇਤਿਹਾਸ ਅੰਦਰ ਇੰਨਾ ਵਿਸ਼ਾਲ ਤੇ ਲਾਮਿਸਾਲ ਅੰਦੋਲਨ, ਆਜ਼ਾਦ ਭਾਰਤ ਦੀ ਧਰਾਤਲ ’ਤੇ ਪਹਿਲੀ ਵਾਰ ਹੋਇਆ ਹੈ, ਜਦੋਂ ਦੇਸ਼ ਦੇ ਕਿਸਾਨਾਂ ਨੂੰ ਆਪਣੇ ਅਧਿਆਰਾਂ ਦੀ ਰਾਖੀ ਲਈ ਸਿਰ-ਧੜ ਦੀ ਬਾਜ਼ੀ ਲਾਉਣ ਦਾ ਜੋਖ਼ਮ ਉਠਾਉਣਾ ਪਿਆ ਹੈ। ਸੰਨ 2014 ਵਿੱਚ ਵੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਰਾਜਸੱਤਾ ’ਤੇ ਕਾਬਜ਼ ਹੁੰਦਿਆਂ ਹੀ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਦਾ ਛੜ-ਜੰਤਰ ਰਚਿਆ ਸੀ। ਕਾਰਪੋਰੇਟਰਾਂ ਦੀ ਵਰਤੋਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਾਉਣ ਦੇ ਚੱਕਰ ’ਚ ਉੱਪਰੋ-ਥਲੀ ਇੱਕ ਤੋਂ ਬਾਅਦ ਇੱਕ, ਇਕੱਠੇ ਤਿੰਨ ਆਰਡੀਨੈਸ ਸੰਸਦ ਵਿੱਚ ਪਾਸ ਕਰਵਾਉਣ ਦੇ ਮਕਸਦ ਨਾਲ ਲਿਆਂਦੇ ਸਨ, ਪਰ ਮੋਦੀ ਦੀ ਮਾੜੀ ਕਿਸਮਤ ਹੀ ਸਮਝੋ ਕਿ ਉਸ ਵੇਲੇ ਇਨ੍ਹਾਂ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣਯੋਗ ਸੱਤਾਧਾਰੀ ਭਾਜਪਾਈਆਂ ਕੋਲ ਸੰਸਦ ਦੇ ਦੋਵਾਂ ਸਦਨਾਂ ’ਚ ਬਹੁਮਤ ਹਾਸਲ ਨਹੀਂ ਸੀ। ਨਤੀਜਨ, ਵਿਰੋਧੀ ਪਾਰਟੀਆਂ ਡਟ ਕੇ ਖੜ੍ਹੋ ਗਈਆਂ ਅਤੇ ਮੋਦੀ ਨੂੰ ਆਪਣਾ ਪੈਰ ਪਿਛਾਂਹ ਖਿੱਚਣਾ ਪਿਆ। ਉਸ ਵੇਲੇ ਇੰਝ ਲੱਗਿਆ ਕਿ ਮੋਦੀ ਕਿਸਾਨਾਂ ਅੱਗੇ ਝੁਕ ਗਿਆ ਹੈ, ਪਰ ਸਚਾਈ ਇਹ ਹੈ ਕਿ ਜੇਕਰ ਉਸ ਵੇਲੇ ਮੋਦੀ ਕੋਲ ਅੱਜ ਵਾਂਗ ਸੰਸਦ ’ਚ ਭਾਰੀ ਬਹੁਮਤ ਹੁੰਦਾ ਤਾਂ ਉਸ ਨੇ ਤਿੰਨਾਂ ਆਰਡੀਨੈਂਸਾਂ ਨੂੰ ‘ਖੇਤੀ-ਕਾਨੂੰਨ’ ਬਣਾ ਕੇ ਸਾਹ ਲੈਣਾ ਸੀ। ਅੱਜ ਮੰਨਣਾ ਪਵੇਗਾ 2014 ਵਿੱਚ ਦੇਸ਼ ਦੀ ਜਨਤਾ ਸ਼ਾਇਦ ਪ੍ਰਧਾਨ ਮੰਤਰੀ ਦੇ ਅੜੀਅਲ ਸੁਭਾਅ ਦਾ ਸਹੀ ਮੁਲੰਕਣ ਨਹੀਂ ਸੀ ਕਰ ਸਕੀ। ਪਰ ਅੱਜ ਸੱਤਾਧਾਰੀ ਪਾਰਟੀ ਭਾਜਪਾ ਕੋਲ ਭਾਰੀ ਬਹੁਮਤ ਹੈ ਅਤੇ ਪੂਰੇ ਦੇਸ਼ ’ਚ ਲੰਮੇ ਸਮੇਂ ਤੋਂ ਕਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਦੌਰ ਦੇ ਨਾਲ-ਨਾਲ ਬੀਜੇਪੀ ਦੇ ਪ੍ਰਚਾਰ ਤੰਤਰ ਭਾਰਤੀ-ਮੀਡੀਏ ’ਚ ਰਾਜਨੀਤਕ ਗਤੀਵਿਧੀਆ ਬਾਰੇ ਖ਼ਾਮੋਸ਼ੀ ਦਾ ਪੂਰਾ ਲਾਭ ਲੈਂਦਿਆਂ, ਸਾਡੇ ਦੇਸ਼ ਦੇ ਮਹਾਂ-ਮੁਸ਼ਤੈਦ ਪ੍ਰਧਾਨ ਮੰਤਰੀ ਨੇ 5 ਜੂਨ 2020 ਨੂੰ ਫਿਰ ਉਹੀ ਤਿੰਨ ਆਰਡੀਨੈਂਸ ਸੰਸਦ ਦੇ ਦੋਵਾਂ ਸਦਨਾਂ ’ਚ ਪੇਸ਼ ਕਰਕੇ, ਨਵੇਂ ‘ਖੇਤੀ ਕਾਨੂੰਨਾਂ’ ਨੂੰ ਦਰਜਾ ਦਿਵਾ ਦਿੱਤਾ ਹੈ। ਨਤੀਜਨ, ਇਨ੍ਹਾਂ ਕਾਨੂੰਨਾਂ ਪਿੱਛੇ ਛੁਪੀਆਂ ਮੋਦੀ ਦੀਆਂ ਸ਼ਾਤਰ-ਚਾਲਾਂ ਨੂੰ ਭਾਂਪਦਿਆਂ, 25 ਨਵੰਬਰ 2020 ਤੋਂ ਪੰਜਾਬ ਦੇ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਆਣ ਬੈਠੇ ਹਨ ਜਦਕਿ ਬਾਅਦ ’ਚ ਹਰਿਆਣਾ, ਉੱਤਰ-ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮੱਧ-ਪ੍ਰਦੇਸ਼, ਗੁਜਰਾਤ, ਕਰਨਾਟਕ, ਮਹਾਂਰਾਸ਼ਟਰ, ਤਾਮਿਲਨਾਡੂ, ਬਿਹਾਰ, ਬੰਗਾਲ, ਹਿਮਾਚਲ-ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਿਸਾਨ ਵੀ ਇਸ ਅੰਦੋਲਨ ’ਚ ਸ਼ਾਮਲ ਹੋ ਕੇ, ਮੋਦੀ ਸਰਕਾਰ ਨੂੰ ਲਲਕਾਰ ਰਹੇ ਹਨ।

ਇਤਿਹਾਸ ਗਵਾਹ ਹੈ ਕਿ ਐਸਾ ਪ੍ਰਚੰਡ ਅੰਦੋਲਨ ਭਾਰਤ ਦੀ ਧਰਤੀ ’ਤੇ ਪਹਿਲੀ ਵਾਰ ਨਹੀਂ ਹੋਇਆ ਬਲਕਿ ਪਿਛਲੇ ਸੌ ਸਾਲਾਂ ਤੋਂ ਦੇਸ਼ ਦੇ ਕਿਸਾਨਾਂ ਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਵਾਰ-ਵਾਰ ਸੰਘਰਸ਼ਾਂ ਦੇ ਰਾਹ ਪੈਣ ਲਈ ਮਜ਼ਬੂਰ ਹੋਣਾ ਪਿਆ ਹੈ। ਸੰਨ 1906 ’ਚ ਅੰਗਰੇਜ਼ ਸਰਕਾਰ ਨੇ ਵੀ ਮੋਦੀ ਸਰਕਾਰ ਵਾਂਗ ਭਾਰਤੀ ਕਿਸਾਨਾਂ ਤੋਂ ਜ਼ਮੀਨਾਂ ਦੀ ਮਾਲਕੀ ਦੇ ਹੱਕ-ਹਕੂਕ ਹੜੱਪਣ ਲਈ ਤਿੰਨ ‘ਖੇਤੀ-ਕਾਨੂੰਨ’ ਪਾਸ ਕਰਕੇ, ਕਿਸਾਨਾਂ ਸਿਰ ਜ਼ਬਰੀ ਥੋਪ ਦਿੱਤੇ ਸਨ। ਇਹ ਕਾਨੂੰਨ ਸਨ: 1. ਪੰਜਾਬ ਲੈਂਡ ਕਲੋਨਾਈਜ਼ੇਸ਼ਨ ਐਕਟ, 2. ਪੰਜਾਬ ਲੈਂਡ ਅਲਾਈਨੇਸ਼ਨ ਐਕਟ ਅਤੇ 3. ਬਾਰੀ-ਦੁਆਬ ਐਕਟ। ਇਨ੍ਹਾਂ ਕਾਨੂੰਨਾਂ ਦਾ ਮਕਸਦ ਸੀ : ‘ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਵੇਚਣ ਅਤੇ ਵਸੀਅਤ ਕਰਨ ਦੇ ਅਧਿਕਾਰ ਮੂਲੋਂ ਖ਼ਤਮ ਕਰਨਾ, ਕਾਂਟੈਕਟ ਫਾਰਮਰਜ਼ ਐਕਟ ਦੁਆਰਾ ਜ਼ਿਮੀਦਾਰਾਂ ਨੂੰ ਆਪਣੀਆਂ ਹੀ ਜ਼ਮੀਨਾਂ ’ਤੇ ਮੁਜ਼ਾਰੇ ਬਣਨ ਦਾ ਰਾਹ ਪੱਧਰਾ ਕਰਨਾ, ਆਪਣੇ ਹੀ ਖੇਤਾਂ ’ਚੋਂ ਲੱਕੜ ਕੱਟਣ ’ਤੇ ਪੂਰਨ ਪਾਬੰਦੀ, ਬਲਕਿ ਆਪਣੇ ਖੇਤੀ-ਸੰਦਾਂ ਲਈ ਲੱਕੜੀ ਕੱਟਣਾ ਵੀ ਕਾਨੂੰਨੀ ਜੁਰਮ ਅਤੇ ਬਾਰੀ-ਦੁਆਬ ਐਕਟ ਅਧੀਨ ਰਾਵੀ ਅਤੇ ਬਿਆਸ ਵਿਚਕਾਰ ਪੈਂਦੇ ਨਹਿਰੀ-ਇਲਾਕਿਆਂ ਦੇ ਸਰਕਾਰੀ-ਮਾਮਲੇ ਦੀ ਰਕਮ ’ਚ ਇਸ ਕਦਰ ਅਥਾਹ ਵਾਧਾ ਕਰ ਦਿੱਤਾ ਗਿਆ ਕਿ ਮਾਮਲਾ ਭਰਨ ਤੋਂ ਅਸਮਰਥ ਕਿਸਾਨ ਨੂੰ ਆਪਣੇ-ਆਪ ਹੀ ਆਪਣੀ ਜ਼ਮੀਨ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ।

ਅਸਲ ਕਹਾਣੀ ਇਹ ਹੈ ਕਿ ਬ੍ਰਿਟਿਸ਼ ਸਰਕਾਰ ਨੇ ਬੇਕਾਰ ਪਈ ਜੰਗਲ਼ੀ-ਜਮੀਨ, ਪੰਜਾਬ ਦੇ ਕਿਸਾਨਾਂ ਨੂੰ ਸੌਂਪ ਦਿੱਤੀ ਅਤੇ ਉਨ੍ਹਾਂ ਨੇ ਸਾਲਾਂ-ਬੱਧੀ ਮਿਹਨਤ-ਮੁਸ਼ੱਕਤ ਕਰਕੇ, ਬੰਜਰ ਪਈ ਜ਼ਮੀਨ ਨੂੰ ਖੇਤੀਯੋਗ ਉਪਜਾਊ ਬਣਾ ਲਿਆ ਸੀ। ਫਿਰ ਗੋਰੀ ਸਰਕਾਰ ਇਨ੍ਹਾਂ ਤਿੰਨੇ ਖੇਤੀ-ਕਾਨੂੰਨਾਂ ਦਾ ਸਹਾਰਾ ਲੈ ਕੇ, ਕਿਸਾਨਾਂ ਦਾ ਜ਼ਮੀਨਾਂ ਤੋਂ ਮਾਲਕਾਨਾ ਹੱਕ ਸਿੱਧੇ ਤੌਰ ’ਤੇ ਹੜੱਪਣ ਦੀ ਗੱਲ ਕਰਨ ਲੱਗੀ। ਇਨ੍ਹਾਂ ਕਾਲੇ-ਕਾਨੂੰਨਾਂ ਦਾ ਸਭ ਤੋਂ ਵੱਧ ਮਾਰੂ-ਪ੍ਰਭਾਵ; ਨਵ-ਆਬਾਦ ਇਲਾਕਿਆਂ (ਬਾਰਾਂ ਦੇ ਕਿਸਾਨਾਂ) ’ਤੇ ਪੈਂਦਾ ਸੀ। ਬਾਰਾਂ ਤੋਂ ਭਾਵ ਉਹ ਇਲਾਕੇ ਜਿੱਥੇ ਕਿਸਾਨ ਆਪਣੀਆਂ ਜ਼ਮੀਨਾਂ ਆਬਾਦ  ਕਰਨ ਲਈ ਨਹਿਰਾਂ ਦੇ ਪਾਣੀ ਦੀ ਵਰਤੋਂ ਕਰ ਰਹੇ ਸਨ। ਉੱਪਰੋਂ ਸਿਤਮਜ਼ਰੀਫ਼ੀ ਇਹ ਕਿ ਅੰਗਰੇਜ਼ ਸਰਕਾਰ ਨਵੀਆਂ ਕੱਢੀਆਂ ਨਹਿਰਾਂ ਦੇ ਪਾਣੀ ਦਾ ਲਾਭ ਵੀ ਛੋਟੇ ਕਿਸਾਨਾਂ ਨੂੰ ਦੇਣ ਦੀ ਬਜਾਇ ਵੱਡੇ ਜ਼ਿਮੀਦਾਰ-ਘਰਾਣਿਆਂ ਨੂੰ ਦੇਣਾ ਚਾਹੁੰਦੀ ਸੀ। ਇਨ੍ਹਾਂ ਖੇਤੀ-ਕਾਨੂੰਨਾਂ ਦਾ ਸਭ ਤੋਂ ਖ਼ਤਰਨਾਕ ਪਹਿਲੂ ਇਹ ਸੀ ਕਿ ਜੇਕਰ ਕਿਸਾਨ ਦਾ ਵੱਡਾ ਪੁੱਤਰ ਕਿਸੇ ਕਾਰਨ 18 ਸਾਲ ਤੱਕ ਜ਼ਿੰਦਾ ਨਹੀਂ ਰਹੇਗਾ ਤਾਂ ਉਸ ਦੀ ਜ਼ਮੀਨ ਉਸ ਦੇ ਛੋਟੇ ਪੁੱਤਰ ਨੂੰ ਜਾਣ ਦੀ ਬਜਾਇ ਸਰਕਾਰ ਕੋਲ ਆਪਣੇ-ਆਪ ਵਾਪਸ ਚਲੀ ਜਾਵੇਗੀ। ਇਨ੍ਹਾਂ ਘਾਤਕ ਖੇਤੀ-ਕਾਨੂੰਨਾਂ ਵਿਰੁੱਧ ਕਿਸਾਨਾਂ ’ਚ ਰੋਹ ਪ੍ਰਚੰਡ ਹੋ ਗਿਆ। ਫਲਸਰੂਪ ਇਨ੍ਹਾਂ ਕਾਲੇ-ਕਾਨੂੰਨਾਂ ਨੂੰ ਰੱਦ ਕਰਵਾਉਣ ਲਈ, ਪੰਜਾਬ ਦੇ ਕਿਸਾਨਾਂ  ਵੱਲੋਂ ਜ਼ਬਰਦਸਤ ਅੰਦੋਲਨ ਵਿੱਢਿਆ ਗਿਆ ਅਤੇ ਇਸ ‘ਕਿਸਾਨ-ਅੰਦੋਲਨ’ ’ਚੋਂ ਹੀ ‘ਪਗੜੀ ਸੰਭਾਲ ਜੱਟਾ’ ਗਾਣੇ ਦਾ ਜਨਮ ਹੋਇਆ ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਾਚਾ ਸ. ਅਜੀਤ ਸਿੰਘ ਨੇ ਇਸ ਕ੍ਰਾਂਤੀਕਾਰੀ ਅੰਦੋਲਨ ਦੀ ਕਮਾਂਡ ਸੰਭਾਲੀ ਹੋਈ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਸ. ਕਿਸ਼ਨ ਸਿੰਘ ਅਤੇ ਸ. ਸਵਰਨ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਅਤੇ ਇਨ੍ਹਾਂ ਕਾਲੇ-ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਬੀੜਾ ਚੁੱਕਿਆ। ਸ. ਅਜੀਤ ਸਿੰਘ ਅਤੇ ਅੰਬਾ ਪ੍ਰਸਾਦ ਸੂਫ਼ੀ ਵੱਲੋਂ ਬਣਾਈ ਗਈ ‘ਭਾਰਤ ਮਾਤਾ ਸੁਸਾਇਟੀ’ ਨਾਂ ਦੀ ਇਕ ਗੁਪਤ ਸੰਸਥਾ ਪਹਿਲਾਂ ਹੀ ਕਾਰਜਸ਼ੀਲ ਸੀ, ਪਰ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਨ ਲਈ ‘ਅੰਜੁਮਨ-ਏ-ਮੋਹਿਬਾਨ-ਏ-ਵਤਨ’ ਨਾਂ ਹੇਠ ਦੇਸ਼-ਭਗਤ ਜਥੇਬੰਦੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸੀਤਾ ਰਾਮ, ਲਾਲਾ ਪਿੰਡੀ ਦਾਸ, ਘਸੀਟਾ ਰਾਮ ਅਤੇ ਲਾਲ ਚੰਦ ਫਲਕ ਸ਼ਾਮਲ ਸਨ। ਇਸ ਅੰਦੋਲਨ ਨੂੰ ਲਾਲਾ ਲਾਜਪਤ ਰਾਏ ਵਰਗੇ ਪ੍ਰਮੁੱਖ ਆਗੂਆਂ ਦਾ ਸਮਰਥਨ ਹਾਸਲ ਸੀ। ਇਸ ਜਾਗ੍ਰਿਤੀ-ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਜਨਵਰੀ 1907 ’ਚ ‘ਪੇਸ਼ਵਾਂ’ ਨਾਂ ਦਾ ਇੱਕ ਅਖ਼ਬਾਰ ਪ੍ਰਕਾਸ਼ਤ ਕਰ ਕੇ, ਬ੍ਰਿਟਿਸ਼-ਸਰਕਾਰ ਖ਼ਿਲਾਫ਼ ਅੰਦੋਲਨ ਦਾ ਬਿਗਲ ਬਜਾ ਦਿੱਤਾ ਗਿਆ। ਇਹ ਅੰਦੋਲਨ 22 ਮਾਰਚ 1907 ਨੂੰ ਵਿਢਿਆ ਗਿਆ, ਜੋ ਨਵੰਬਰ 1907 ਤੱਕ ਲਗਭਗ 9 ਮਹੀਨੇ ਤੱਕ ਨਿਰੰਤਰ ਚੱਲਿਆ ਸੀ।

ਲਾਇਲਪੁਰ (ਪਾਕਿਸਤਾਨ) ਵਿੱਚ 3 ਮਾਰਚ 1907 ਨੂੰ  ਕਿਸਾਨਾਂ ਦੇ ਵਿਸ਼ਾਲ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਸੀ। ਇਸੇ ਸਟੇਜ ਤੋਂ ਪਹਿਲੀ ਵਾਰ ‘ਪਗੜੀ ਸੰਭਾਲ ਜੱਟਾ’ ਗਾਣਾ ਗਾਇਆ ਗਿਆ। ਲੋਕਾਂ ਦੇ ਭਾਰੀ ਇਕੱਠ ’ਚ ਅਖ਼ਬਾਰ ‘ਝੰਗ ਸਿਆਲ’ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ਇਹ ਗਾਣਾ ਬੜੇ ਜੋਸ਼-ਓ-ਖ਼ਰੋਸ਼ ਨਾਲ ਗਾਇਆ ਸੀ। ਜਿਉਂ ਜਿਉਂ ਅੰਦੋਲਨ ਭਖਦਾ ਜਾ ਰਿਹਾ ਸੀ; ਤਿਉਂ ਤਿਉਂ ਇਸ ਇਨਕਲਾਬੀ ਗਾਣੇ ਨੇ ਨਾ ਸਿਰਫ਼ ਅੰਦੋਲਨਕਾਰੀਆਂ ਦੇ ਦਿਲਾਂ ’ਤੇ ਗਹਿਰੀ ਛਾਪ ਛੱਡੀ ਬਲਕਿ ਪੂਰੇ ਪੰਜਾਬ ਦੇ ਲੋਕ-ਮਨਾਂ ’ਤੇ ਐਸਾ ਮਕਬੂਲ ਹੋਇਆ ਕਿ ‘ਪਗੜੀ ਸੰਭਾਲ ਜੱਟਾ’ ਗਾਣਾ ਪੰਜਾਬੀਆਂ ਦੀ ਆਨ, ਬਾਣ ਤੇ ਸ਼ਾਨ ਬਣ ਗਿਆ। ਅੱਜ ਵੀ 1907 ਦੇ ਅੰਦੋਲਨ ਨੂੰ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਸ. ਅਜੀਤ ਸਿੰਘ ਨੇ ਆਪਣੀ ਪੁਸਤਕ ਆਤਮ-ਕਥਾ ’ਚ 1907 ਦੇ ਅੰਦੋਲਨ ਬਾਰੇ ਜ਼ਿਕਰ ਕਰਦਿਆਂ ਜੋ ਕੁੱਝ ਲਿਖਿਆ ਹੈ, ਉਸ ਨੂੰ ਪੜ੍ਹ ਕੇ ਸਪਸ਼ਟ ਹੁੰਦਾ ਹੈ ਕਿ ਅੱਜ ਤੋਂ ਇੱਕ ਸਦੀ ਪਹਿਲਾਂ ਸੰਨ 1907 ’ਚ ਵਾਪਰੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦਾ….ਮੌਜੂਦਾ 2020 ਦੇ ਕਿਸਾਨ-ਅੰਦੋਲਨ ਨਾਲ ਬਹੁਤ ਕੁੱਛ ਮੇਲ ਖਾਂਦਾ ਹੈ। ਫ਼ਰਕ ਸਿਰਫ਼ ਇੰਨਾ ਹੀ ਹੈ ਕਿ 1907 ਦਾ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਅੰਗਰੇਜ਼-ਸਰਕਾਰ ਦੇ ਖ਼ਿਲਾਫ਼ ਸ਼ੁਰੂ ਕੀਤਾ ਸੀ ਜਦਕਿ ਮੌਜੂਦਾ ਕਿਸਾਨ ਅੰਦੋਲਨ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੀ ਦੇਸ਼ ਦੀ ਭਾਰਤ-ਸਰਕਾਰ ਵਿਰੁੱਧ ਵਿੱਢਣਾ ਪਿਆ ਹੈ। ਇਹ ਇਤਫ਼ਾਕ ਹੀ ਸਮਝੋ ਕਿ 1907 ਦਾ ਕਿਸਾਨ-ਅੰਦੋਲਨ ਪਰਾਏ ਦੇਸ਼ ਦੀ ਅੰਗਰੇਜ਼-ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਕਾਰਨ ਸ਼ੁਰੂ ਹੋਇਆ ਸੀ ਜਦਕਿ ਵਰਤਮਾਨ 2020 ਦਾ ਕਿਸਾਨ-ਅੰਦੋਲਨ ਆਪਣੇ ਹੀ ਦੇਸ਼ ਦੇ ਗੋਰੇ ਬਣੇ ਬੈਠੇ ਭਾਰਤ-ਸਰਕਾਰ ਦੇ ਹੁਕਮਰਾਨਾਂ ਵੱਲੋਂ ਆਪਣੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਜ਼ੋਰ-ਅਜ਼ਮਾਈ ਕਾਰਨ ਵਿੱਢਿਆ ਗਿਆ ਹੈ।

ਸੰਨ 1907 ’ਚ ਗੋਰੀ-ਸਰਕਾਰ ਪੰਜਾਬ ਦੇ ਗੁਲਾਮ-ਕਿਸਾਨਾਂ ਖ਼ਿਲਾਫ਼ ਕਾਲੇ ਖੇਤੀ-ਕਾਨੂੰਨ ਨੂੰ ਲੈ ਕੇ ਆਈ ਸੀ ਅਤੇ ਅੱਜ ਸਾਡੀ ਆਪਣੀ ਹੀ ਆਜ਼ਾਦ ਭਾਰਤ-ਸਰਕਾਰ, ਆਪਣੇ ਹੀ ਕਿਸਾਨਾਂ ਲਈ ਕਾਲੇ ਖੇਤੀ-ਕਾਨੂੰਨ ਲੈ ਕੇ ਆਈ ਹੈ। ਸੰਨ 1907 ’ਚ ਗੋਰੀ-ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਮਕਸਦ, ਗੁਲਾਮ-ਪੰਜਾਬ ਦੇ ਕਿਸਾਨਾਂ ਦਾ ਆਪਣੀਆਂ ਜ਼ਮੀਨਾਂ ’ਤੇ ਮਾਲਕਾਨਾ ਹੱਕ ਹੜੱਪਣਾ ਸੀ ਅਤੇ  ਅੱਜ ਮੋਦੀ-ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਮਕਸਦ, ਆਪਣੇ ਹੀ ਆਜ਼ਾਦ ਦੇਸ਼ ਦੇ ਕਿਸਾਨਾਂ ਤੋਂ ਜ਼ਮੀਨਾਂ ’ਤੇ ਮਾਲਕਾਨਾ ਹੱਕ ਖੋਹ ਕੇ, ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨਾ ਹੈ। ਸੰਨ 1907 ਵਿੱਚ ਗੋਰੀ-ਸਰਕਾਰ ਇਹ ਘਾਤਕ ਖੇਤੀ-ਕਾਨੂੰਨ ਜ਼ਬਰੀ ਕਿਸਾਨਾਂ ’ਤੇ ਲਾਗੂ ਕਰਨਾ ਚਾਹੁੰਦੀ ਸੀ ਅਤੇ ਅੱਜ ਮੋਦੀ-ਸਰਕਾਰ ਵੀ ਇਹ ਘਾਤਕ ਖੇਤੀ-ਕਾਨੂੰਨ ਕਿਸਾਨਾਂ ਦੀ ਇੱਛਾ ਤੋਂ ਉਲਟ, ਜ਼ਬਰੀ ਉਨ੍ਹਾਂ ਸਿਰ ਮੜ੍ਹਨਾ ਚਾਹੁੰਦੀ ਹੈ। ਸੰਨ 1907 ’ਚ ਗੋਰੀ-ਸਰਕਾਰ ਇਨ੍ਹਾਂ ਖੇਤੀ-ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਕਮਜ਼ੋਰ ਬਣਾ ਕੇ, ਉਨ੍ਹਾਂ ਨੂੰ ਆਪਣੇ-ਆਪ ਹੀ ਆਪਣੀਆਂ ਜ਼ਮੀਨਾਂ ਛੱਡ ਕੇ ਭੱਜਣ ਲਈ ਮਜ਼ਬੂਰ ਕਰਨਾ ਚਾਹੁੰਦੀ ਸੀ ਅਤੇ ਅੱਜ ਮੋਦੀ-ਸਰਕਾਰ ਵੀ ਇਨ੍ਹਾਂ ਖੇਤੀ-ਕਾਨੂੰਨਾਂ ਪਿੱਛੇ ਛੁਪੀਆਂ ਸ਼ਾਤਰ-ਚਾਲਾਂ ਰਾਹੀਂ ਕਿਸਾਨਾਂ ਨੂੰ ਨਿਰਧਨ ਬਣਾ ਕੇ ਕਾਰਪੋਰੇਟਰਾਂ ਦੇ ਮੁਜਾਰੇ ਬਣਨ ਲਈ ਮਜ਼ਬੂਰ ਕਰਨਾ ਚਾਹੁੰਦੀ ਹੈ। ਸੰਨ 1907 ਦੇ ਕਿਸਾਨ-ਅੰਦੋਲਨ ਦੀਆਂ ਖ਼ਬਰਾਂ ਆਮ ਜਨਤਾ ਤੱਕ ਪਹੁੰਚਾਉਣ ਲਈ ਉਸ ਵੇਲੇ ਕਿਸਾਨਾਂ ਵੱਲੋਂ ‘ਪੇਸ਼ਵਾ’ ਨਾਮੀ ਅਖ਼ਬਾਰ ਕੱਢਿਆ ਗਿਆ ਸੀ ਅਤੇ ਅੱਜ 2020 ਦੇ ਕਿਸਾਨ-ਅੰਦੋਲਨ ਦੀ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਲਈ ਵੀ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਵੱਲੋਂ ‘ਟਰਾਲੀ ਟਾਈਮਜ਼’ ਨਾਮੀ ਅਖ਼ਬਾਰ ਕੱਢਿਆ ਗਿਆ ਹੈ।

ਸ. ਭਗਤ ਸਿੰਘ ਨੇ 1931 ਵਿੱਚ People ਨਾਂ ਦੀ ਅਖ਼ਬਾਰ ਦੇ ਆਰਟੀਕਲ ’ਚ ਲਿਖ਼ਿਆ ਸੀ ਕਿ ਸੰਨ 1907 ਵਿੱਚ ਲਾਇਲਪੁਰ ਦੀ ਜਨ-ਸਭਾ ਦੌਰਾਨ ਲਾਲਾ ਲਾਜਪਤ ਰਾਏ ਨੇ ਮੇਰੇ ਚਾਚਾ ਸ. ਅਜੀਤ ਸਿੰਘ ਨੂੰ ਦੱਸਿਆ ਸੀ ਕਿ ਭਾਵੇਂ ਅੰਗਰੇਜ਼ ਸਰਕਾਰ ਤਿੰਨੇ-ਕਾਨੂੰਨਾਂ ’ਚ ਥੋੜ੍ਹਾ-ਬਹੁਤ ਬਦਲਾਅ ਕਰਨ ਲਈ ਰਜ਼ਾਮੰਦ ਹੋ ਗਈ ਹੈ ਪਰ ਸਾਡਾ ਸੰਘਰਸ਼ ਇਨ੍ਹਾਂ ਕਾਨੂੰਨਾਂ ਨੂੰ ਰੱਦ ਹੋਣ ਤੱਕ ਨਿਰੰਤਰ ਜਾਰੀ ਰਹੇਗਾ ਅਤੇ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ-ਅੰਦੋਲਨ ਦਾ ਪ੍ਰਚੰਡ ਰੂਪ ਵੇਖ ਕੇ ਮੋਦੀ-ਸਰਕਾਰ ਵੀ ਤਿੰਨੇ-ਕਾਨੂੰਨਾਂ ’ਚ ਥੋੜ੍ਹਾ-ਬਹੁਤ ਸੰਸ਼ੋਧਨ ਕਰਨ ਲਈ ਸਹਿਮਤ ਹੋ ਗਈ ਹੈ, ਪਰ ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਸੰਘਰਸ਼ ਇਨ੍ਹਾਂ ਕਾਨੂੰਨਾਂ ਨੂੰ ਰੱਦ ਹੋਣ ਤੱਕ ਜਾਰੀ ਰਹੇਗਾ। ਉਪਰੋਕਤ ਤੱਥ ਦੱਸਦੇ ਹਨ ਕਿ ਅੱਜ ਤੋਂ ਇੱਕ ਸਦੀ ਪਹਿਲਾਂ ਸੰਨ 1907 ’ਚ ਵਾਪਰੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦਾ ਅਤੇ ਮੌਜੂਦਾ 2020 ਦੇ ‘ਕਿਸਾਨ-ਅੰਦੋਲਨ’ ਦਾ ਆਪਸ ’ਚ ਬਹੁਤ ਕੁੱਛ ਮਿਲਦਾ-ਜੁਲਦਾ ਹੀ ਹੈ।

‘ਪਗੜੀ ਸੰਭਾਲ ਜੱਟਾ’ ਅੰਦੋਲਨ ਜਿਉਂ ਜਿਉਂ ਲੰਮੇਰਾ ਹੁੰਦਾ ਗਿਆ; ਤਿਉਂ-ਤਿਉਂ ਕਿਸਾਨਾਂ ਅਤੇ ਅੰਗਰੇਜ਼ਾਂ ਵਿਚਕਾਰ ਕਾਫ਼ੀ ਹੱਦ ਤੱਕ ਤਲਖ਼ੀ ਵੱਧਦੀ ਜਾ ਰਹੀ ਸੀ। ਰਾਵਲਪਿੰਡੀ ਵਿਖੇ 2 ਅਪੈਲ 1907 ਨੂੰ ਕਿਸਾਨਾਂ ਦੇ ਵਿਸ਼ਾਲ ਪ੍ਰਦਰਸ਼ਨ ਦੌਰਾਨ ਲੋਕਾਂ ਦੇ ਭਾਰੀ-ਇਕੱਠ ਨੂੰ ਖਦੇੜਨ ਲਈ, ਗੋਰੀ ਸਰਕਾਰ ਵੱਲੋਂ ਮਿਲਟਰੀ ਬੁਲਾਈ ਗਈ। ਮਾਹੌਲ ਤਣਾਅ ਪੂਰਨ ਉਸ ਵੇਲੇ ਬਣ ਗਿਆ, ਜਦੋਂ ਗੋਰੇ ਫ਼ੌਜੀ-ਕਮਾਂਡਰ ਵੱਲੋਂ ਫੌਜ ਨੂੰ ਜਨਤਾ ਦੀ ਭੀੜ ’ਤੇ ਗੋਲ਼ੀ ਚਲਾਉਣ ਦੇ ਹੁਕਮ ਦੇ ਦਿੱਤੇ ਗਏ। ਬਦਲੇ ’ਚ ਭਾਰਤੀ ਸਿਪਾਹੀਆਂ ਨੇ ਬੰਦੂਕਾਂ ਦੇ ਮੂੰਹ ਕਿਸਾਨਾਂ ਵੱਲ ਕਰਨ ਦੀ ਬਜਾਏ ਗੋਰੇ-ਕਮਾਂਡਰ ਵੱਲ ਮੋੜ ਦਿੱਤੇ। ਫ਼ੌਜ ਦੇ ਕਮਾਂਡਰ ਨੂੰ ਫ਼ੌਜੀ ਟੁਕੜੀ ਵਾਪਸ ਲੈ ਜਾਣ ਲਈ ਮਜ਼ਬੂਰ ਹੋਣਾ ਪਿਆ। ਅੰਗਰੇਜ਼-ਕਮਾਂਡਰ ਦੀ ਐਸੀ ਕਮੀਨੀ ਹਰਕਤ ਵੇਖ ਕੇ ਪੰਜਾਬੀਆਂ ਦੇ ਖ਼ੂਨ ਨੇ ਉਬਾਲਾ ਖਾਧਾ। ਭੜਕੀ ਹੋਈ ਭੀੜ ਨੇ ਗੋਰਿਆਂ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ, ਸਰਕਾਰੀ ਇਮਾਰਤਾਂ ਤੇ ਦਫ਼ਤਰਾਂ ਨੂੰ ਅੱਗਾਂ ਲਾਈਆਂ ਗਈਆਂ, ਗਿਰਜਾ-ਘਰਾਂ ਦੀ ਭੰਨ-ਤੋੜ ਅਤੇ ਅੰਗਰੇਜ਼ ਹੁਕਮਰਾਨਾਂ ਨਾਲ ਬਦਸਲੂਕੀ ਕਰਨ ’ਤੇ ਉੱਤਰ ਆਈ। ਜਨਤਾ-ਜਨਾਰਧਨ ਵਿੱਚ ਰੋਹ ਦੀ ਪ੍ਰਚੰਡ ਲਹਿਰ ਵੇਖ, ਖ਼ੌਫਜ਼ਦਾ ਅੰਗਰੇਜ਼-ਹੁਕਮਰਾਨਾਂ ਨੇ ਆਪਣੇ ਟੱਬਰਾਂ ਨੂੰ ਬਿਨਾਂ ਦੇਰੀ ਕੀਤਿਆਂ ਵਾਪਸ ਇੰਗਲੈਂਡ ਭੇਜਣਾ ਸ਼ੁਰੂ ਕਰ ਦਿੱਤਾ। ਸ. ਅਜੀਤ ਸਿੰਘ ਨੇ ਆਪਣੀ ਕਿਤਾਬ ’ਚ ਵੀ ਲਿਖਿਆ ਹੈ ਕਿ ਆਖ਼ਰ 1907 ਦਾ ਅੰਦੋਲਨ ਗੋਰਿਆਂ ’ਤੇ ਇਸ ਕਦਰ ਭਾਰੂ ਹੋ ਗਿਆ ਸੀ ਕਿ ਅੰਗਰੇਜ਼-ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਤਿੰਨੇ ਖੇਤੀ-ਕਾਨੂੰਨ ਵਾਪਸ ਲੈ ਕੇ ਰੱਦ ਕਰਨੇ ਪਏ ਸਨ। ਬਿਨਾਂ ਸ਼ੱਕ, ਗੁਲਾਮ ਭਾਰਤ  ਦੇ ਕਿਸਾਨਾਂ ਦੀ ਇਹ ਇਤਿਹਾਸਕ ਜਿੱਤ ਸਿੱਧ ਹੋਈ ਸੀ।

ਸਿਆਣਿਆਂ ਦਾ ਕਥਨ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਿਰਫ਼ ਦੁਹਰਾਉਂਦਾ ਹੀ ਨਹੀਂ ਬਲਕਿ ਸਬਕ ਵੀ ਸਿਖਾਉਂਦਾ ਹੈ। ਐਸਾ ਲੱਗਦਾ ਹੈ ਕਿ ਅੱਜ ਫਿਰ ਇਤਿਹਾਸ ਨੇ ਆਪਣੇ ਪੰਨੇ ਪਰਤੇ ਹਨ। ਮੋਦੀ ਜੀ ! ਬਰਾਏ ਮਿਹਰਬਾਨੀ ਅਤੀਤ ਤੋਂ ਸਬਕ ਲੈਣ ਦੇ ਯਤਨ ਕਰੋ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ ਦੇਸ਼ ਦੇ ਕਿਸਾਨਾਂ ਵੱਲੋਂ ਵਿੱਢਿਆ ਅੰਦੋਲਨ, ਇਕ ਸਦੀ ਪਹਿਲਾਂ ਵਾਲੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੀ ਯਾਦ ਦਿਵਾਉਂਦਾ ਹੈ। ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨਾਲ ਲੜਾਈ ਕਰਕੇ ਨਾ ਕੋਈ ਜਿੱਤਿਆ ਹੈ, ਨਾ ਜਿੱਤੇਗਾ। ਵਕਤ ਨੂੰ ਪਹਿਚਾਣੋ ਇਹ ਅਰਥਹੀਣ ਖੇਤੀ ਕਾਨੂੰਨ ਵਾਪਸ ਲੈਣ ਲਈ ਤੁਸੀਂ ਖ਼ੁਦ ਐਲਾਨ ਕਰੋ ਤਾਂ ਜ਼ਿਆਦਾ ਚੰਗਾ ਲਗੇਗਾ। ਸਮਾਂ ਬਰਬਾਦ ਕਰੋਗੇ, ਸਿੱਟੇ ਭਿਆਨਕ ਨਿਕਲਣਗੇ। ਕਿਸਾਨ-ਅੰਦੋਲਨ ਭੁਗੋਲਿਕ-ਖੇਤਰ ਅਤੇ ਜਨ-ਮਾਨਸ ਤੌਰ ’ਤੇ ਦਿਨ-ਬ-ਦਿਨ ਵਿਸ਼ਾਲ ਅਤੇ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ। ਤੁਹਾਡੇ ਅੜੀਅਲ ਰਵਈਏ ਦੇ ਬਾਵਜੂਦ ਦੇਸ਼ ਦਾ ਅੰਨਦਾਤਾ ਸ਼ਾਂਤੀ-ਪੂਰਵਕ ਦਿੱਲੀ ਦੀਆਂ ਸੜਕਾਂ ’ਤੇ ਬੈਠਾ ਸਬਰ, ਸੰਤੋਖ ਅਤੇ ਕੁਰਬਾਨੀਆਂ ਨਾਲ ਇਤਿਹਾਸ ਸਿਰਜ ਰਿਹਾ ਹੈ। ਯਾਦ ਰੱਖੋ ! ਇਕ ਸਦੀ ਪਹਿਲਾਂ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੌਰਾਨ 9 ਮਹੀਨਿਆਂ ਦੇ ਲੰਮੇ ਅਰਸੇ ਬਾਅਦ ਆਖ਼ਿਰ ! ਅੰਗਰੇਜ਼ਾਂ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਸੀ ਤੇ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਕਿਸਾਨਾਂ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋਣਾ ਪਵੇਗਾ।

ਮੇਰਾ ਮੁਰਸ਼ਦ / ਚਿੰਤਾ ਨਾ ਕਰ ਬੰਦਿਆ  !

0

ਮੇਰਾ ਮੁਰਸ਼ਦ 

ਮੇਰਾ ਮੁਰਸ਼ਦ ਹੈ ਨੇਕ ਕੁੜੇ, ਜਿਹਨੇ ਸਭ ’ਚੋਂ ਦਿਖਾਇਆ ਏਕ ਕੁੜੇ ।

ਉਹਦੇ ਨਾਲ ਲੱਗ ਤਰ ਗਿਆ ਮੈਂ, ਜਿਵੇਂ ਲੱਕੜ ਵਿੱਚ ਲੱਗ ਮੇਖ ਕੁੜੇ ।

ਦੋਨੋਂ ਰੁੱਖ ਮੈਂ ਸਮ ਕਰ ਜਾਣੇ, ਹੋਵੇ ਚੰਦਨ ਭਾਵੇਂ ਧਰੇਕ ਕੁੜੇ ।

ਛੱਡ ਕੇ ਦੂਜਾ ਭਾਉ ਤੂੰ ਵੀ, ਇੱਕ ਦੀ ਰੱਖ ਲੈ ਟੇਕ ਕੁੜੇ ।

ਪ੍ਰੀਤ ਕਰੇ ਸਿਫ਼ਤ ਮੁਰਸ਼ਦ ਤਾਈਂ, ਕਈ ਲਿਖ ਬੈਠਾ ਏ ਲੇਖ ਕੁੜੇ ।

ਮੇਰਾ ਮੁਰਸ਼ਦ ਹੈ ਨੇਕ ਕੁੜੇ, ਜਿਹਨੇ ਸਭ ’ਚੋਂ ਦਿਖਾਇਆ ਏਕ ਕੁੜੇ ।

————————————————————————————————

ਚਿੰਤਾ ਨਾ ਕਰ ਬੰਦਿਆ  !

ਮਹਲਾਂ ਵਿੱਚ ਤੇ ਝੁੱਗੀਆਂ ਵਿੱਚ, ਰਹਿਣ ਵਾਲੇ ਲੋਕਾਂ ਨੂੰ

ਸਾਰੇ ਪਸ਼ੂ ਪੰਛੀਆਂ, ਘੁੱਗੀਆਂ ਤੇ ਜੋਕਾਂ ਨੂੰ

ਰਹਿਣ ਲਈ ਆਪੋ ਆਪਣੇ, ਦਿੰਦਾ ਏ ਘਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਵੇਂ ਨਾ ਚਿੰਤਾ ਕਰ ਬੰਦਿਆ !

ਦੇਖ ਇਸ ਦੁਨੀਆਂ ਵਿੱਚ, ਕਿੰਨੇ ਛੋਟੇ ਵੱਡੇ ਕੀੜੇ ਨੇ।

ਬੰਦੇ ਮਾੜੇ ਭਾਵੇਂ ਚੰਗੇ, ਪਰ ਸਭ ਦੇ ਤਨ ਤੇ ਲੀੜੇ ਨੇ।

ਦੁਨੀਆਂ ਦੇ ਵਿੱਚ ਫ਼ਸਲ ਕਿੰਨੀ, ਦੇਖ ਪਸ਼ੂ ਰਹੇ ਨੇ ਚਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਂਵੇ ਨਾ ਚਿੰਤਾ ਕਰ ਬੰਦਿਆ !

ਮਨੁੱਖਾ ਜਨਮ ਅਨਮੋਲ ਹੈ, ਕਰ ਲੈ ਥੋੜ੍ਹਾ ਧਿਆਨ ਵੇ !

ਗੁਰੂ ਦੀ ਬਾਣੀ ਕੋਲ ਬਹਿ ਕੇ, ਲੈ ਲਾ ਤੂੰ ਗਿਆਨ ਵੇ !

ਪ੍ਰੀਤ ਆਖੇ ਜ਼ਿੰਦਗੀ ਦੀ ਬਾਜ਼ੀ, ਨਾ ਜਾਵੀਂ ਤੂੰ ਹਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਂਵੇ ਨਾ ਚਿੰਤਾ ਕਰ ਬੰਦਿਆ !

ਗਿਆਨੀ ਮਨਪ੍ਰੀਤ ਸਿੰਘ ਲੁਧਿਆਣਾ-84275-60570

ਪਾਖੰਡਵਾਦ, ਧੰਨਾ ਭਗਤ ਅਤੇ ਪ੍ਰੇਮਾ ਭਗਤੀ

0

ਪਾਖੰਡਵਾਦ, ਧੰਨਾ ਭਗਤ ਅਤੇ ਪ੍ਰੇਮਾ ਭਗਤੀ

ਰਮੇਸ਼ ਚੋਹਲਾ  (ਲੁਧਿਆਣਾ)-94631-32719

ਮੱਧ ਕਾਲ ਵਿੱਚ ਉੱਭਰੀ ਭਗਤੀ ਲਹਿਰ ਨੇ ਮਨੁੱਖ ਦੇ ਅਧਿਆਤਮਕ ਵਿਕਾਸ ਵਿੱਚ ਇੱਕ ਅਹਿਮ ਯੋਗਦਾਨ ਪਾਇਆ ਹੈ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਬਣੇ ਰਹੇ ਸਨ। ਇਲਾਕਾਈ ਅਤੇ ਭਾਸ਼ਾਈ ਹੱਦਬਸਤ ਤੋਂ ਉੱਪਰ ਉੱਠ ਕੇ ਵਿਚਰਨ ਵਾਲੇ ਇਹ ਮਹਾਂ ਪੁਰਖ ਆਪਣੀ ਸਰਬ ਕਲਿਆਣੀ ਸੋਚ ਸਦਕਾ ਆਪਸੀ ਭਾਈਚਾਰੇ ਅਤੇ ਬਰਾਬਰਤਾ ਦੇ ਹਾਮੀ ਰਹੇ ਹਨ। ਅਥਾਹ ਸ਼ਰਧਾ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਇਨ੍ਹਾਂ ਭਗਤਾਂ ਨੇ ਆਪਣੀ ਰੂਹ ਨੂੰ ਰੱਬੀ ਰੰਗ ਵਿੱਚ ਰੰਗ ਕੇ ਅਜਿਹੇ ਵਡਮੁੱਲੇ ਅਤੇ ਪਵਿੱਤਰ ਬਚਨ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਕੋਈ ਵੀ ਵਿਅਕਤੀ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਬਣਾ ਸਕਦਾ ਹੈ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ ਹੈ। ਇਸ ਟੇਕ ਸਦਕਾ ਹੀ ਇਹ ਭਗਤ ਪਰਮ ਪਿਤਾ (ਅਕਾਲ ਪੁਰਖ) ਨਾਲ ਇਕਸੁਰ ਹੁੰਦੇ ਰਹੇ ਹਨ। ਸੋਚ ਪੱਖੋਂ ਉੱਚੇ ਅਤੇ ਵਿਵਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ ਹੈ। ਇਸ ਚਾਲ ਦੀ ਗਵਾਹੀ ਤੀਸਰੇ ਪਾਤਿਸਾਹ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਪਾਵਨ ਬਾਣੀ ਆਨੰਦ ਸਾਹਿਬ ਦੀ 14ਵੀਂ ਪਾਉੜੀ ਵਿੱਚ ਇਸ ਤਰ੍ਹਾਂ ਕਰਦੇ ਹਨ ‘‘ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ਲਬੁ ਲੋਭੁ ਅੰਹਕਾਰ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ’’ (ਮਹਲਾ /੯੧੮)

ਇਸ ਨਿਰਾਲੀ ਚਾਲ ਕਾਰਨ ਭਗਤਾਂ ਅਤੇ ਸੰਸਾਰੀਆਂ ਦਾ ਜੋੜ, ਘੱਟ ਹੀ ਬਣਦਾ ਰਿਹਾ ਹੈ। ਇਨ੍ਹਾਂ ਬਿਖਮ ਮਾਰਗ ਦੇ ਪਾਂਧੀ ਭਗਤਾਂ ਨੂੰ ਜਦੋਂ ਕਦੇ ਸੰਸਾਰੀ ਲੋਕਾਂ ਨੇ ਸਤਾਉਣ ਜਾਂ ਅਜਮਾਉਣ ਦਾ ਕੋਈ ਕੋਝਾ ਯਤਨ ਕੀਤਾ ਹੈ ਤਾਂ ਆਪਣੇ ਪਿਆਰੇ ਭਗਤਾਂ ਦੀ ਬਾਂਹ ਪ੍ਰਭੂ ਨੇ ਅੱਗੇ ਹੋ ਕੇ ਆਪ ਫੜੀ ਹੈ। ਇਸ ਗੱਲ ਨੂੰ ਤਸਦੀਕ ਕਰਦੇ ਹੋਏ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇੰਝ ਫ਼ੁਰਮਾਉਂਦੇ ਹਨ ‘‘ਹਰਿ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ’’  ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖਰ ਛੋਹ ਜਾਂਦੀ ਹੈ ਤਾਂ ਉਸ ਵਕਤ ਰੱਬ ਨੂੰ ਵੀ ਆਪਣੇ ਭਗਤਾਂ ਦੀ ਗੱਲ ਸੁਣਨੀ ਪੈਂਦੀ ਹੈ। ਅਜਿਹੀ ਹੀ ਭਗਤ ਤੇ ਰੱਬ ਦੇ ਮਿਲਾਪ ਵਾਲੀ ਵਾਰਤਾਲਾਪ ਦਾ ਜ਼ਿਕਰ ਧੰਨੇ ਭਗਤ ਜੀ ਨੂੰ ਵੀ ਕਰਨਾ ਪਿਆ ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ।

ਜੱਟਕੀ ਜ਼ਿੱਦ ਤੇ ਅਟੱਲ ਭਰੋਸਤਾ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਅਤੇ ਇਸ ਬਖ਼ਸ਼ਿਸ ਦੀ ਬਾਦੌਲਤ ਆਪਣੇ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਜੀ ਦਾ ਜਨਮ 20 ਅਪ੍ਰੈਲ ਸੰਨ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਭਾਈ ਭੋਲਾ ਅਤੇ ਮਾਤਾ ਦਾ ਨਾਮ ਧੰਨੋ ਸੀ। ਆਪ ਦਾ ਸ਼ੁਮਾਰ ਉਨ੍ਹਾਂ ਸਿੱਦਕਵਾਨਾਂ ਵਿੱਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਪਿਆਰੇ (ਪ੍ਰਭੂ) ਵੱਲ ਲਗਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾ ਸਿਰਫ਼ ਦਰਸ਼ਨ ਹੀ ਅਨੁਭਵ ਕੀਤੇ ਸਗੋਂ ਉਸ ਦੀ ਯਾਦ ਨੂੰ ਆਪਣੇ ਕੰਮ-ਕਾਜ ਦਾ ਨਿਰੰਤਰ ਹਿੱਸਾ ਵੀ ਬਣਾ ਲਿਆ।

ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਦੇ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਬੜੇ ਧਿਆਨ ਨਾਲ ਦੇਖਿਆ। ਦੇਖਣ ਉੁਪਰੰਤ ਭਗਤ ਜੀ ਦੇ ਮਨ ਵਿੱਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਪ੍ਰਚੰਡਿਤ ਇੱਛਾ ਕਾਰਨ ਉਨ੍ਹਾਂ ਨੇ ਪੰਡਿਤ ਜੀ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿੱਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿੱਚ ਦੇਣ ਲਈ ਕਿਹਾ। ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਤੋਂ ਬਾਅਦ ਉਸ ਚੁਸਤ-ਲਾਲਚ ਪੰਡਿਤ ਨੇ ਇਕ ਸਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਧਾਰਨ ਪੱਥਰ ਨੂੰ (ਭਗਵਾਨ ਸਮਝ ਕੇ) ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਆਦਿ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ 10ਵੀਂ ਵਾਰ ਦੀ 13ਵੀਂ ਪਾਉੜੀ ’ਚ ਇਸ ਤਰ੍ਹਾਂ ਭਰੀ ਹੈ ‘‘ਠਾਕੁਰ ਨੋ ਨ੍ਹਾਵਾਲਿ ਕੈ; ਛਾਹਿ ਰੋਟੀ ਲੈ ਭੋਗੁ ਚੜ੍ਹਾਵੈ ਹਥਿ ਜੋੜਿ ਮਿਨਤਿ ਕਰੈ; ਪੈਰੀ ਪੈ ਪੈ ਬਹੁਤੁ ਮਨਾਵੈ ਹਉ ਭੀ ਮੁਹੁ ਜਠਾਲਾਸਾਂ; ਤੂ ਰੁਠਾ ਮੈ ਕਿਹੁ ਨਾ ਸੁਖਾਵੇ ਗੋਸਾਈ ਪਰਤਖਿ ਹੋਇ; ਰੋਟੀ ਖਾਹਿ, ਛਾਹਿ ਮੁਹਿ ਲਾਵੈ ਭੋਲਾ ਭਾਉ ਗੋਬਿੰਦੁ ਮਿਲਾਵੈ’’

ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਸੁਚੱਜੀ ਕਮਾਈ ਦਾ ਜ਼ਿਕਰ ਕਰਦੇ ਹਨ, ਉੱਥੇ ਭਗਤ ਧੰਨਾ ਜੀ ਨੂੰ ‘‘ਧੰਨੈ ਸੇਵਿਆ ਬਾਲ ਬੁਧਿ’’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਦਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਦੇ ਅੰਗ ੪੮੮ ਉੱਪਰ ਸ਼ੁਸੋਭਿਤ ਆਪਣੇ ਇਕ ਹੋਰ ਪਾਵਨ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਪੰਜਵੇਂ ਨਾਨਕ ਫ਼ੁਰਮਾਉਂਦੇ ਹਨ ‘‘ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ   ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ’’ (ਮਹਲਾ /੪੮੮) ਗੁਰੂ ਅਰਜਨ ਸਾਹਿਬ ਇਨ੍ਹਾਂ ਪਾਵਨ ਪੰਕਤੀਆਂ ਰਾਹੀਂ ਇਹ ਸਪਸ਼ਟ ਕਰਦੇ ਹਨ ਕਿ ਭਗਤ ਧੰਨਾ ਜੀ ਨੇ ਇਸ ਗੱਲ ਨੂੰ ਭਲੀਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣ ਨਾਲ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵੀਦਾਸ ਅਤੇ ਸੈਣ ਆਦਿਕ) ਨੇ ਰੱਬੀ ਪਿਆਰ ਨੂੰ ਭਗਤੀ ਨਾਲ ਹਾਸਲ ਕੀਤਾ ਹੈ ਤਾਂ ਇਹ ਯੁਕਤੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਾਖਿਆਤ (ਅਨੁਭਵ) ਰੂਪ ਵਿੱਚ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਦਿੱਤੇ ਸਨ। ਗੱਲ ਸਿਰਫ਼ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਸਾਰੇ ਕਾਰਜ ਵੀ ਭਰੋਸੇ ਰੱਖਣ ਬਦਲੇ ਆਪਣੇ ਜ਼ਿੰਮੇ ਲੈ ਲਏ ਸਨ।

ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਫ਼ੁਰਮਾਉਂਦੇ ਹਨ ‘‘ਗੋਪਾਲ ! ਤੇਰਾ ਆਰਤਾ   ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ ’’ (ਭਗਤ ਧੰਨਾ/੬੯੫) ਭਗਤ ਧੰਨਾ ਜੀ ਦੀ ਵਡਿਆਈ ਇਸ ਪੱਖੋਂ ਵੀ ਹੈ ਕਿ ਜਿੱਥੇ ਕੁੱਝ ਧਾਰਮਿਕ ਰਹਿਬਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮੰਨਦੇ ਰਹੇ ਉੱਥੇ ਉਨ੍ਹਾਂ ਨੇ ਬੁਲੰਦ ਆਵਾਜ਼ ’ਚ ਕਿਹਾ ‘‘ਘਰ ਕੀ ਗੀਹਨਿ ਚੰਗੀ ਜਨੁ ਧੰਨਾ ਲੇਵੈ ਮੰਗੀ ’’ (ਭਗਤ ਧੰਨਾ/੬੯੫) ਔਰਤ ਜਾਤੀ ਅਤੇ ਕਿਰਤ ਦੇ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਪੂਰਨ ਅਤੇ ਬਣਦਾ ਸਤਿਕਾਰ ਕਰਦਿਆਂ ਹੀ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਨ ਕਰਨ ਵਾਲੇ 6 ਗੁਰੂ ਸਾਹਿਬਾਨਾਂ, 11 ਭੱਟਾਂ, 3 ਗੁਰੂ ਦੇ ਨਿਕਟਵਰਤੀਆਂ ਅਤੇ 15 ਭਗਤਾਂ ਦੀ ਬਾਣੀ ਨੂੰ ਇਕ (ਆਦਿ ਗ੍ਰੰਥ ਸਾਹਿਬ ਦੇ ਰੂਪ) ਲੜੀ ’ਚ ਪਰੋਇਆ ਤਾਂ ਭਗਤ ਧੰਨਾ ਜੀ ਦੇ 3 ਪਵਿੱਤਰ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵਿੱਚ ਸ਼ਾਮਲ ਕਰ ਲਏ ਹਨ।

ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਈਸਵੀ ਨੂੰ ਪਰਲੋਕ ਸਿਧਾਰ ਗਏ। ਉਨ੍ਹਾਂ ਦੀ ਭਗਤੀ-ਭਾਵਨਾ ਜਿੱਥੇ ਪਾਖੰਡਵਾਦ ਤੋਂ ਨਿਰਲੇਪ ਹੈ, ਉੱਥੇ ਸੱਚੀ ਸੁੱਚੀ ਕਿਰਤ ਕਰਦਿਆਂ ਕਰਤਾਰ ਨਾਲ ਜੁੜਨ ਦੀ ਇੱਕ ਅਤਿ ਉੱਤਮ ਮਿਸਾਲ ਵੀ ਹੈ।

‘ਅੰਮ੍ਰਿਤ’ ਦੀ ਮਨੁੱਖਾ ਜੂਨੀ ਲਈ ਮਹੱਤਤਾ

0

‘ਅੰਮ੍ਰਿਤ’ ਦੀ ਮਨੁੱਖਾ ਜੂਨੀ ਲਈ ਮਹੱਤਤਾ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਕੁਦਰਤਿ ਦੀ ਗੋਦ ’ਚ ਆ ਕੇ ਜਦੋਂ ਮਨੁੱਖ ਨੇ ਅੱਖ ਖੋਲ੍ਹੀ ਤਾਂ ਸੁਹੱਪਣ ਨੇ ਇਸ ਨੂੰ ਮੋਹਿਆ ਅਤੇ ‘‘ਹੁਕਮਿ ਰਜਾਈ ਚਲਣਾ.. ’’ (ਜਪੁ) ਨੂੰ ਭੁੱਲ ਕੇ ‘‘ਆਕੀ ਮਰਹਿ ਅਫਾਰੀ ’’ (ਮਹਲਾ /੯੯੨) ਦੇ ਮਾਰਗ ’ਤੇ ਚੱਲ ਪਿਆ। ਹੁਕਮ ਤੋਂ ਬਾਗੀ ਹੋ ਗਿਆ ‘‘ਪਹਿਲਾ ਮਰਣੁ ਕਬੂਲਿ.. ’’  ਕਰ ਕੇ ਆਇਆ ਮਾਨਵ ‘‘ਮਰਣੁ ਮਨਹੁ ਵਿਸਾਰਿਆ ’’ (ਮਹਲਾ /੯੧੯) ਹੋ ਗਿਆ।  ਇਸ ਦਾ ਜੀਵਨ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ’’ (ਮਹਲਾ /੧੨੫੪) ਵਾਲਾ ਹੋ ਗਿਆ। ਮਨੁੱਖ ਇਸੇ ਕੋਸ਼ਿਸ਼ ਵਿੱਚ ਲੱਗ ਗਿਆ ਕਿ ਮੈਂ ਦੁਨੀਆਂ ਤੋਂ ਨਾ ਜਾਵਾਂ, ਕਦੇ ਨਾ ਮਰਾਂ, ਜ਼ਿੰਦਗੀ ਅੰਦਰ ਮ੍ਰਿਤੂ ਜਾਂ ਮੌਤ ਇਸ ਨੂੰ ਸਭ ਤੋਂ ਵੱਡੀ ਦੁਸ਼ਮਣ ਜਾਪਣ ਲੱਗ ਪਈ। ਮ੍ਰਿਤੂ ਦੀ ਯਾਦ ਕਰਵਾਣ ਵਾਲੇ ਜਾਂ ਮ੍ਰਿਤੂ ਦੇ ਕਾਰਨ ਹਰ ਦੁੱਖ-ਦਰਦ, ਹਥਿਆਰ ਸਭ ਦੁਸ਼ਮਣ ਜਾਪਣ ਲੱਗੇ। ਜੀਵਨ ਇਸੇ ਖੋਜ ਵਿੱਚ ਲਗਾ ਦਿੱਤਾ ਕਿ ਕਿਸੇ ਵਸਤੂ ਦੀ ਭਾਲ ਕਰਾਂ ਜੋ ਮ੍ਰਿਤੂ ਤੋਂ ਮੇਰੀ ਰਾਖੀ ਕਰੇ, ਮੈਨੂੰ ਜੀਵਨ ਦੇਣ ਵਾਲੀ ਬਣ ਜਾਵੇ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਉਪਰਾਲੇ ਕੀਤੇ। ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਅਜਿਹੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲ੍ਹਿਆਂ ਦੀ ਉਸਾਰੀ। ਕਦੇ ਅਮਰ ਔਸ਼ਧੀਆਂ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਮੌਤ ਜਿੱਤਦੀ ਰਹੀ ਤੇ ਲੰਮੀ ਲੜਾਈ ਲੜਦਿਆਂ ਲੜਦਿਆਂ ਮਾਨਵੀ ਜ਼ਿੰਦਗੀ ਹਾਰਦੀ ਰਹੀ। ਇਹ ਲੜਾਈ ਅੱਜ ਵੀ ਜਾਰੀ ਹੈ। ਇਸ ਵਿੱਚੋਂ ਜੀਵਨ ਜਿਊਣ ਦੀ ਭਾਵਨਾ ਦੀ ਵਿਆਖਿਆ ਕਰਦਾ ਅਜੋਕੀ ਭਾਸ਼ਾ ਦਾ ‘ਅੰਮ੍ਰਿਤ’ ਸ਼ਬਦ ਪੁੰਗਰਿਆ। ਅੰਮ੍ਰਿਤ ਦਾ ਅਰਥ ‘ਅ’ ਅਗੇਤਰ ਹੋਣ ਕਰਕੇ ਮ੍ਰਿਤੂ ਨੂੰ ਨਾਹ ਵਾਚਕ ਸ਼ਬਦ ਵਿੱਚ ਬਦਲ ਦਿੰਦਾ ਹੈ ਭਾਵ ਜਿੱਥੇ ਮੌਤ ਨਹੀਂ ਹੈ, ਜਿੱਥੇ ਮ੍ਰਿਤੂ ਨਹੀਂ ਹੈ; ਇਸ ਦੀ ਹੋਂਦ ਦਾ ਪ੍ਰਗਟਾਵਾ ਮਹਾਂਭਾਰਤ, ਰਿਗ ਵੇਦ ਅਤੇ ਪੁਰਾਣਾ ਵਿੱਚ ਵੀ ਹੈ।  ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਜੋੜੀਆਂ ਗਈਆਂ।  ਭਾਈ ਗੁਰਦਾਸ ਜੀ ਨੇ ਵਾਰ ਨੰਬਰ 26 ਦੀ ਪਉੜੀ ਨੰਬਰ 23 ਵਿੱਚ ਅੰਮ੍ਰਿਤ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ ‘‘ਖੀਰ ਸਮੁੰਦੁ ਵਿਰੋਲਿ ਕੈ; ਕਢਿ ਰਤਨ ਚਉਦਹ ਵੰਡਿ ਲੀਤੇ ਮਣਿ ਲਖਮੀ ਪਾਰਜਾਤ ਸੰਖੁ; ਸਾਰੰਗ ਧਣਖੁ ਬਿਸਨੁ ਵਸਿ ਕੀਤੇ ਕਾਮਧੇਣੁ ਤੇ ਅਪਛਰਾਂ; ਐਰਾਪਤਿ ਇੰਦ੍ਰਾਸਣਿ ਸੀਤੇ ਕਾਲਕੂਟ ਤੇ ਅਰਧ ਚੰਦੁ; ਮਹਾਂਦੇਵ ਮਸਤਕਿ ਧਰਿ ਪੀਤੇ ਘੋੜਾ ਮਿਲਿਆ ਸੂਰਜੈ; ਮਦੁ ਅੰਮਿਤ੍ਰੁ ਦੇਵ ਦਾਨਵ ਰੀਤੇ ਕਰੇ ਧਨੰਤਰੁ ਵੈਦਗੀ; ਡਸਿਆ ਤੱਛਕਿ ਮਤਿ ਬਿਪਰੀਤੇ ਗੁਰ ਉਪਦੇਸੁ ਅਮੋਲਕਾ; ਰਤਨ ਪਦਾਰਥ ਨਿਧਿ ਅਗਣੀਤੇ ਸਤਿਗੁਰ ਸਿਖਾ, ਸਚੁ ਪਰੀਤੇ ੨੩’’ (ਭਾਈ ਗੁਰਦਾਸ ਜੀ/ ਵਾਰ ੨੬ ਪਉੜੀ ੨੩)

ਪੁਰਾਤਨ ਬੰਦਗੀ ਦਾ ਮਕਸਦ ਵੀ ਹਰਨਾਕਸ਼, ਰਾਵਣ ਜਾਂ ਦੇਵ ਦੈਂਤਾਂ ਆਦਿਕ ਬਾਰੇ ਪੜ੍ਹ ਕੇ ਇਹ ਹੀ ਸਮਝ ਆਉਂਦੀ ਹੈ ਕਿ ਹਰੇਕ ਦੀ ਚਾਹਨਾ ਸੀ ਕਿ ‘ਮੈਂ ਕਦੇ ਮਰਾਂ ਹੀ ਨਾ’ ਪਰ ਹਰ ਵਾਰੀ ਮੌਤ ਹਰ ਇੱਕ ਨੂੰ ਆਪਣੀ ਗੋਦ ਵਿੱਚ ਸਦਾ ਦੀ ਨੀਂਦ ਸੁਆ ਹੀ ਦੇਂਦੀ ਹੈ।  ਧਾਰਮਿਕ ਦੁਨੀਆਂ ਵਿੱਚ ਆਪੋ ਆਪਣੇ ਅਕੀਦੇ ਅਨੁਸਾਰ (ਉਨ੍ਹਾਂ ਦੇ ਨਾਂ ਭਲੇ ਵੱਖੋ ਵੱਖਰੇ ਹਨ) ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਆਖੇ ਭਾਵੇਂ ਕੋਈ ਅੰਮ੍ਰਿਤ ਆਖਦਾ ਹੈ ਪਰ ਸਾਰਿਆਂ ਪਿੱਛੇ ਇੱਕੋ ਵਿਚਾਰ ਕੰਮ ਕਰਦੀ ਹੈ ਕਿ ਮੌਤ ਤੋਂ ਬਚਾਅ ਕਿਵੇਂ ਹੋਵੇ ?

ਗੁਰਮਤਿ ਦੀ ਰੌਸ਼ਨੀ ਅੰਦਰ ਜਿੱਥੇ ਹਰ ਅਸੂਲ ਰੱਬੀ ਰਜ਼ਾ ਨੂੰ ਮੁੱਖ ਰੱਖ ਕੇ ਘੜਿਆ ਗਿਆ ਹੋਵੇ, ਉੱਥੇ ਅੰਮ੍ਰਿਤ ਦੀ ਵਿਚਾਰਧਾਰਾ ਵੀ ਵਖਰੀ ਕਿਸਮ ਦੀ ਹੈ। ਜਦੋਂ ਸਿੱਖ ਅੰਮ੍ਰਿਤ ਦੀ ਦਾਤ ਲੈਣ ਲਈ ਗੁਰੂ ਚਰਨਾਂ ਵਿੱਚ ਪੁਜਦਾ ਹੈ ਤਾਂ ਇਸ ਨੂੰ ਪਹਿਲਾ ਵਾਕ ਹੀ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ   ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ’’  (ਮਹਲਾ /੧੧੦੨)  ਦ੍ਰਿੜ੍ਹ ਕਰਵਾਇਆ ਜਾਂਦਾ ਹੈ ਭਾਵ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ (ਆਵਾਗਮਣ) ਮੁਕ ਜਾਏ, ਇਸ ਨੂੰ ਮੌਤ ਨਹੀਂ ਸਗੋਂ ਸਿੱਖੀ ਜਾਂ ਗੁਰਮਤਿ ਭਾਸ਼ਾ ਵਿੱਚ ‘ਨਿਜ ਘਰ’ ਜਾਣਾ ਕਿਹਾ ਗਿਆ ਹੈ।  ਜੁਗਾਂ ਜੁਗਾਂ ਤੋਂ ਅੰਮ੍ਰਿਤ ਦੀ ਖੋਜ ਹੋ ਰਹੀ ਹੈ। ਮਨੁੱਖ ਹੀ ਨਹੀਂ ਬਲਕਿ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ.. ’’ ਫਿਰਦੇ ਹਨ, ਪਰ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ ’’ (ਮਹਲਾ /੯੧੮) ਅਨੁਸਾਰ ਜੀਵਨ ਵਿੱਚੋਂ ਮੌਤ ਨੂੰ ਦੂਰ ਕਰਨ ਦਾ ਸੰਕਲਪ ਰੂਪੀ ਅੰਮ੍ਰਿਤ ਗੁਰੂ ਕੋਲੋਂ ਹੀ ਪ੍ਰਾਪਤ ਹੁੰਦਾ ਹੈ। ਪਾਤਸ਼ਾਹੀ ਪਹਿਲੀ ਦੇ ਬਚਨ ਹਨ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ’’ (ਮਹਲਾ /੫੯੮) ਇਸ ਦੀ ਪ੍ਰਾਪਤੀ ਲਈ ਗੁਰੂ ਦਾ ਪਾਵਨ ਸੰਦੇਸ਼ ਹੈ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ’’ (ਮਹਲਾ /੫੯੮)  ਚੇਤੇ ਰੱਖਣਯੋਗ ਹੈ ਕਿ ਹਜ਼ੂਰ ਨੇ ਅੰਮ੍ਰਿਤ ਖੋਜੀਆਂ ਲਈ ਅੰਮ੍ਰਿਤ ਦੇ ਟਿਕਾਣੇ ਦੱਸਣ ਦੀ ਵੀ ਬਖ਼ਸ਼ਸ਼ ਕੀਤੀ ਹੈ ਅਤੇ ਉਸ ਟਿਕਾਣੇ ਤੋਂ ਅੰਮ੍ਰਿਤ ਕਿਵੇਂ ਹਾਸਲ ਕਰੀਦਾ ਹੈ, ਬਾਰੇ ਗਿਆਨ ਪ੍ਰਦਾਨ ਕੀਤਾ ਹੈ; ਜਿਵੇਂ ਕਿ ‘‘ਨਉ ਨਿਧਿ ਅੰਮ੍ਰਿਤੁ; ਪ੍ਰਭ ਕਾ ਨਾਮੁ   ਦੇਹੀ ਮਹਿ, ਇਸ ਕਾ ਬਿਸ੍ਰਾਮੁ (ਮਹਲਾ /੨੯੩), ਕਾਇਆ ਨਗਰ ਮਹਿ, ਰਾਮ ਰਸੁ ਊਤਮੁ; ਕਿਉ ਪਾਈਐ ਉਪਦੇਸੁ ਜਨ ਕਰਹੁ  ? (ਮਹਲਾ /੮੦੦), ਸਤਿਗੁਰੁ ਸੇਵਿ ਸਫਲ ਹਰਿ ਦਰਸਨੁ; ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ’’ (ਮਹਲਾ /੮੦੦)  ਭਾਵ ਸਾਡੇ ਸਰੀਰ ਵਿੱਚ ਹੀ ਪ੍ਰਭੂ ਨਾਮ ਦਾ ਅੰਮ੍ਰਿਤ ਮੌਜੂਦ ਹੈ ਪਰ ਸਤਿਗੁਰੂ ਅਨੁਸਾਰੀ ਹੋ ਕੇ ਹੀ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

‘‘ਅੰਮ੍ਰਿਤ ਬਾਣੀ ਤਤੁ ਵਖਾਣੀ’’ (ਮਹਲਾ /੧੨੪੩) ਅਨੁਸਾਰ ਗੁਰਬਾਣੀ; ਅੰਮ੍ਰਿਤ ਜੀਵਨ ਦੇਣ ਵਾਲੀ ਹੈ ਕਿਉਂਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ’’ (ਮਹਲਾ /੯੮੨) ਦਾ ਹੁਕਮ ਹੈ। ਗੁਰੂ ਦੀ ਬਾਣੀ ਜੀਵਨ ਦੇਣ ਵਾਲਾ ਅੰਮ੍ਰਿਤ ਹੈ, ਜੋ ਵੀ ਗੁਰਬਾਣੀ ਨੂੰ ਜਪਦਾ ਹੈ ਉਹ ‘‘ਅੰਮ੍ਰਿਤ ਬਚਨ; ਸਾਧ ਕੀ ਬਾਣੀ   ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ’’ (ਮਹਲਾ /੭੪੪) ਅਨੁਸਾਰ ਪਰਮ ਅਵਸਥਾ ਪ੍ਰਾਪਤ ਕਰ ਕੇ ਸਦਾ ਰੱਬੀ ਨਾਮ ਦਾ ਵਖਿਆਨ ਕਰਦਾ ਰਹਿੰਦਾ ਹੈ।

ਯਾਦ ਰਹੇ ਨਾਮ, ਗੁਰੂ ਤੋਂ ਬਿਨਾਂ ਨਹੀਂ ਮਿਲਦਾ ਤੇ ਗੁਰੂ ਵਾਲੇ ਬਣਨ ਦਾ ਕੋਈ ਵਿਧੀ-ਵਿਧਾਨ ਹੁੰਦਾ ਹੈ।  ਸਿੱਖ ਇਤਿਹਾਸ ਵਿੱਚ ਗੁਰੂ ਧਾਰਨ ਕਰਨ ਦੀ ਮਰਯਾਦਾ ਦੋ ਤਰ੍ਹਾਂ ਦੀ ਰਹੀ ਹੈ ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ’’ (ਭਾਈ ਗੁਰਦਾਸ ਜੀ /ਵਾਰ ਪਉੜੀ ੨੩) ਅਨੁਸਾਰ ਇਸ ਨੂੰ ਚਰਨ ਪਾਹੁਲ ਆਖਿਆ ਜਾਂਦਾ ਸੀ।  ਸਾਹਿਬ ਜੀ ਨੇ ਗੁਰੂ ਚਰਨਾਂ ਬਾਰੇ ਸਪਸ਼ਟ ਕੀਤਾ ਹੈ ‘‘ਹਿਰਦੈ ਚਰਣ ਸਬਦੁ ਸਤਿਗੁਰ ਕੋ; ਨਾਨਕ  !  ਬਾਂਧਿਓ ਪਾਲ ’’ (ਮਹਲਾ /੬੮੦) ਜਿਹੜਾ ਵੀ ਗੁਰੂ ਦਾ ਸ਼ਿਸ਼ ਬਣਦਾ ਸੀ, ਉਸ ਲਈ ਜ਼ਰੂਰੀ ਹੁੰਦੀ ਸੀ ਕਿ ਉਹ ਚਰਨ ਪਾਹੁਲ ਦਾ ਧਾਰਨੀ ਹੋਵੈ।  ਐਸਾ ਜਨਮ ਸਾਖੀਆਂ ਅਤੇ ਭਾਈ ਗੁਰਦਾਸ ਜੀ ਦੇ ਹਵਾਲੇ ਦਰਸਾਉਂਦੇ ਹਨ। ਮਗਰੋਂ ਦਸਵੇਂ ਜਾਮੇ ਵਿੱਚ ਸੰਨ 1699 ਦੀ ਵਿਸਾਖੀ ਨੂੰ ਸਾਹਿਬ ਜੀ ਨੇ ਚਰਨ ਪਾਹੁਲ ਨੂੰ ਖੰਡੇ ਬਾਟੇ ਦੀ ਪਾਹੁਲ ਵਿੱਚ ਤਬਦੀਲ ਕਰ ਦਿੱਤਾ ਤਾਂ ਕਿ ਸਮੁੱਚੀ ਕੌਮ ਅੰਦਰ ਇੱਕ ਮਰਯਾਦਾ ਰਹੇ।

ਸਿੱਖੀ ਨਿਯਮਾਂ ਅਨੁਸਾਰ ਸਿੱਖੀ ਧਾਰਨ ਕਰਨ ਵਾਸਤੇ ਖੰਡੇ ਬਾਟੇ ਦੀ ਪਾਹੁਲ ਪੰਜਾਂ ਪਿਆਰਿਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈਣੀ ਹੈ। ਫਿਰ ਅੰਮ੍ਰਿਤਧਾਰੀ ਇਨ੍ਹਾਂ ਸਾਰੇ ਪੜਾਵਾਂ ਨੂੰ ਪਾਰ ਕਰ ‘‘ਅੰਮ੍ਰਿਤੁ ਪੀਵੈ, ਅਮਰੁ ਸੋ ਹੋਇ (ਮਹਲਾ /੨੮੭), ਪੀ ਅੰਮ੍ਰਿਤੁ ਆਘਾਨਿਆ; ਗੁਰਿ ਅਮਰੁ ਕਰਾਇਆ ’’ (ਮਹਲਾ /੮੦੮) ਦੀ ਪਦਵੀ ਹਾਸਲ ਕਰਦਾ ਹੈ।

ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਗੁਰਬਾਣੀ ਵਿਚਲੇ ਅੰਮ੍ਰਿਤ ਦੇ ਸੰਕਲਪ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾ ਕੋ ਸਿਰ ਧਰ ਛਕ ਪੁਨ ਲੇਵੈ ਪੁਨ ਮਿਲਿ ਪਾਂਚਹੁ ਰਹਿਤ ਜੋ ਭਾਖੈਂ, ਤਾ ਕੋ ਮਨ ਮਹਿ ਦ੍ਰਿੜ ਕਰਿ ਰਾਖੈ

ਦੇਹੀ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਨਾਮ ਅੰਮ੍ਰਿਤ ਦਾ ਅਭਿਆਸ ਜ਼ਰੂਰੀ ਹੈ। ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ ਹੈ। ਗੁਰੂ; ਗੁਰਬਾਣੀ ਹੀ ਹੈ, ਇਸ ਨੂੰ ਧਾਰਨ ਕਰਨ ਲਈ ਇਸ ਗੁਰਬਾਣੀ ਦੀ ਹਜ਼ੂਰੀ ਵਿੱਚ ਹੀ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪਾਹੁਲ ਛਕ ਕੇ ਅੰਮ੍ਰਿਤ ਤੇ ਅੰਮ੍ਰਿਤਮਈ ਜੀਵਨ ਦੀ ਪ੍ਰਾਪਤੀ ਕਰਨੀ ਹੈ। ਇਸ ਪੜਾਅ ’ਤੇ ਪੁੱਜ ਕੇ ਜਗਿਆਸੂ ਆਖਦਾ ਹੈ ‘‘ਅੰਮ੍ਰਿਤੁ ਪੀਆ ਸਤਿਗੁਰਿ ਦੀਆ   ਅਵਰੁ ਜਾਣਾ ਦੂਆ ਤੀਆ (ਮਹਲਾ /੧੦੩੪), ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ’’ (ਮਹਲਾ /੯੧੮)

ਸੋ ਕੀਮਤੀ ਮਨੁੱਖਾ ਜ਼ਿੰਦਗੀ ਨੂੰ ਸਫਲ ਕਰਨ ਲਈ ਅਮਰ ਹੋਣਾ ਪੈਣਾ ਹੈ। ਅਮਰ; ਮਨ ’ਚ ਪ੍ਰਭੂ ਪ੍ਰਾਪਤੀ ਦੇ ਟੀਚੇ ਨਾਲ ਹੋਈਦਾ ਹੈ। ਜਿਸ ਮਨ ਅੰਦਰ ਇਹ ਇੱਛਾ ਪੈਦਾ ਹੋ ਗਈ ਉਹ ਜ਼ਿੰਦਗੀਭਰ ਪਰਮ ਅਨੰਦ ਮਾਣਦਾ ਹੈ ਤਾਂ ਤੇ ਸਾਨੂੰ ਪੂਰਨ ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈਣੀ ਹੀ ਪੂਰਨ ਗੁਰੂ ਦੀ ਸ਼ਰਨ ਲੈਣਾ ਹੈ।

ਮਾਧਵੇ !.. ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥

0

ਮਾਧਵੇ !..ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥

ਗਿਆਨੀ ਹਰਭਜਨ ਸਿੰਘ (ਪ੍ਰਿੰਸੀਪਲ, ਰੋਪੜ)

ਜਉ ਤੁਮ ਗਿਰਿਵਰ; ਤਉ ਹਮ ਮੋਰਾ ॥  ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥  ਮਾਧਵੇ  !  ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥  ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ  ?॥੧॥ ਰਹਾਉ ॥  ਜਉ ਤੁਮ ਦੀਵਰਾ; ਤਉ ਹਮ ਬਾਤੀ ॥  ਜਉ ਤੁਮ ਤੀਰਥ; ਤਉ ਹਮ ਜਾਤੀ ॥੨॥  ਸਾਚੀ ਪ੍ਰੀਤਿ; ਹਮ ਤੁਮ ਸਿਉ ਜੋਰੀ ॥  ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥੩॥  ਜਹ ਜਹ ਜਾਉ; ਤਹਾ ਤੇਰੀ ਸੇਵਾ ॥  ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥  ਤੁਮਰੇ ਭਜਨ; ਕਟਹਿ ਜਮ ਫਾਂਸਾ ॥  ਭਗਤਿ ਹੇਤ; ਗਾਵੈ ਰਵਿਦਾਸਾ ॥੫॥ (ਭਗਤ ਰਵਿਦਾਸ/੬੫੯)

ਵਿਚਾਰ ਅਧੀਨ ਇਹ ਪਾਵਨ ਸ਼ਬਦ ਸੋਰਠਿ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ, ਪੰਜਵਾਂ ਸ਼ਬਦ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 658-659 ’ਤੇ ਸ਼ੋਭਨੀਕ ਹੈ। ਇਸ ਸ਼ਬਦ ਰਾਹੀਂ ਭਗਤ ਜੀ ਅਕਾਲ ਪੁਰਖ ਦੇ ਨਾਲ ਆਪਣੀ ਸੱਚੀ ਪ੍ਰੀਤ ਦਾ ਪ੍ਰਗਟਾਵਾ ਵੱਖ-ਵੱਖ ਦ੍ਰਿਸ਼ਟਾਂਤ ਦੇ ਕੇ ਕਰਦੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਕ ‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਨ ਆਇਆ ॥ (ਮਹਲਾ ੧/੧੪੫) ਤੇ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਵਚਨ ‘‘ਭਗਤਾ ਕੀ ਚਾਲ ਨਿਰਾਲੀ ॥’’ (ਮਹਲਾ ੩/੯੧੮), ਆਦਿ ਵਾਕਾਂ ਮੁਤਾਬਕ ਭਗਤਾਂ ਦੀ ਚਾਲ ਕਿਵੇਂ ਨਿਰਾਲੀ ਹੁੰਦੀ ਹੈ ?  ਜਾਂ ਭਗਤਾਂ ਅਤੇ ਆਮ ਸੰਸਾਰੀ ਮਨੁੱਖਾਂ ਦਾ ਜੋੜ ਕਿਉਂ ਨਹੀਂ ਬਣਦਾ ?  ਇਸ ਦਾ ਜਵਾਬ ਲੱਭਣ ਲਈ ਗੁਰਬਾਣੀ ਸਿਧਾਂਤ ਨੂੰ ਗਹੁ ਨਾਲ ਵਿਚਾਰਨ ਦੀ ਜ਼ਰੂਰਤ ਹੈ।

ਸੰਸਾਰੀ ਮਨੁੱਖ ਉਨ੍ਹਾਂ ਨੂੰ ਕਿਹਾ ਗਿਆ ਹੈ, ਜਿਨ੍ਹਾਂ ਦੀ ਪ੍ਰੀਤ ਕੇਵਲ ਸੰਸਾਰ ਨਾਲ ਹੀ ਹੋਵੇ, ਪਰ ਭਗਤ ਕਹਿਲਾਉਣ ਦੇ ਹੱਕਦਾਰ ਉਹੀ ਹੁੰਦੇ ਹਨ, ਜੋ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਆਪਣਾ ਪਰਿਵਾਰਕ ਤੇ ਸਮਾਜਕ ਫ਼ਰਜ਼ ਨਿਭਾਉਂਦਿਆਂ ਹੋਇਆਂ ਵੀ ਆਪਣੀ ਪ੍ਰੀਤ ਸੰਸਾਰ ਦੇ ਰਚਨਹਾਰ ਨਿਰੰਕਾਰ ਨਾਲ ਅੰਤ ਤੱਕ ਪਾਈ ਰੱਖਦੇ ਹਨ।  ਕਿਸੇ ਪ੍ਰਕਾਰ ਦੀ ਕੋਈ ਵੀ ਲਾਲਚ ਜਾਂ ਹੋਰ ਵਿਕਾਰ ਉਨ੍ਹਾਂ ਦੀ ਪ੍ਰੀਤ ਵਿੱਚ ਰੁਕਾਵਟ ਨਹੀਂ ਬਣਦੇ, ਸਗੋਂ ਉਹ ਤਾਂ ਹਰ ਵੇਲੇ ਗੁਰਬਾਣੀ ਦੀਆਂ ਇਨ੍ਹਾਂ ਪੰਕਤੀਆਂ ‘‘ਮੂ, ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥  ਤੋਰੀ ਨ ਤੂਟੈ, ਛੋਰੀ ਨ ਛੂਟੈ; ਐਸੀ ਮਾਧੋ ਖਿੰਚ ਤਨੀ ॥’’ (ਮਹਲਾ ੫/੮੨੭) ਨੂੰ ਗਾ- ਗਾ ਕੇ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹਨ।  ਜਿਨ੍ਹਾਂ ਦੇ ਜੀਵਨ ਦਾ ਆਧਾਰ ਪ੍ਰਮਾਤਮਾ ਦਾ ਪਿਆਰ ਤੇ ਉਸ ਦੀ ਹੋਂਦ ਨੂੰ ਸਵੀਕਾਰਨਾ ਬਣ ਗਿਆ, ਉਹ ਤਾਂ ਸਹਿਜ ਵਿੱਚ ਆ ਕੇ ਕਬੀਰ ਜੀ ਦੇ ਇਨ੍ਹਾਂ ਵਚਨਾਂ ‘‘ਤੂੰ ਮੇਰੋ ਮੇਰੁ ਪਰਬਤੁ ਸੁਆਮੀ  !  ਓਟ ਗਹੀ ਮੈ ਤੇਰੀ ॥  ਨਾ ਤੁਮ ਡੋਲਹੁ, ਨਾ ਹਮ ਗਿਰਤੇ; ਰਖਿ ਲੀਨੀ ਹਰਿ ਮੇਰੀ ॥ (ਭਗਤ ਕਬੀਰ/੯੬੯)  ਨੂੰ ਨਿਰੰਤਰ ਗਾਉਂਦੇ ਰਹਿੰਦੇ ਹਨ।

ਵਿਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਰਾਹੀਂ ਭਗਤ ਜੀ ਫ਼ੁਰਮਾ ਰਹੇ ਹਨ ਕਿ ਹੇ ਮਾਧੋ (ਮਾਇਆ ਦੇ ਪਤੀ) !  ਜੇ ਤੂੰ ਮੇਰੇ ਨਾਲੋਂ ਪਿਆਰ ਨਾ ਤੋੜੇਂ ਤਾਂ ਮੈ ਵੀ ਨਹੀਂ ਤੋੜਾਂਗਾ ਭਾਵ ਤੈਥੋਂ ਦੂਰ ਨਹੀਂ ਜਾ ਸਕਦਾ ਕਿਉਂਕਿ ਤੇਰੇ ਨਾਲੋਂ ਪਿਆਰ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ ?  ਹੋਰ ਕੋਈ ਤੇਰੇ ਵਰਗਾ ਸ਼ਕਤੀਸ਼ਾਲੀ ਹੈ ਹੀ ਨਹੀਂ: ‘‘ਮਾਧਵੇ  !  ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ?॥੧॥ ਰਹਾਉ ॥’’

ਪ੍ਰਭੂ ਜੀ ਦੀ ਰਹਿਮਤ ਨਾਲ ਹੀ ਉਸ ਦੇ ਚਰਨਾਂ ਵਿੱਚ ਪ੍ਰੀਤ ਟਿਕੀ ਰਹਿ ਸਕਦੀ ਹੈ ਤੇ ਇਹੀ ਪ੍ਰੀਤ ਉੱਚੇ ਦਰਜੇ ਦੀ ਕਹੀ ਜਾ ਸਕਦੀ ਹੈ। ਗੁਰਬਾਣੀ ’ਚ ਭਿੰਨ-ਭਿੰਨ ਪ੍ਰੀਤਾਂ ਪ੍ਰਤੀ ਕੁਝ ਵਚਨ ਦਰਜ ਹਨ; ਜਿਵੇਂ ਕਿ ਮੱਛੀ ਦੀ ਪ੍ਰੀਤ ਪਾਣੀ ਨਾਲ, ਭੰਵਰੇ ਦੀ ਕਮਲ-ਫੁੱਲ ਨਾਲ, ਮਿਰਗ ਦੀ ਘੰਡੇਹੇੜੇ ਦੀ ਆਵਾਜ਼ ਨਾਲ, ਚਕੋਰ ਦੀ ਚੰਦ ਨਾਲ ਪ੍ਰੀਤ, ਚਕਵੀ ਦੀ ਸੂਰਜ ਨਾਲ, ਪਪੀਹੇ ਦੀ ਬੱਦਲ (ਬਾਰਸ਼) ਨਾਲ, ਪਤਨੀ ਦੀ ਪਤੀ ਨਾਲ, ਮਾਤਾ ਦੀ ਪੁੱਤਰ ਨਾਲ ਪ੍ਰੀਤ, ਆਦਿ।  ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਨ੍ਹਾਂ ਦਾ ਜ਼ਿਕਰ ਮਿਸਾਲ ਵਜੋਂ ਆਪਣੀ ਰਚਨਾ ਵਿੱਚ ਕੀਤਾ ਹੈ ਤੇ ਅਖੀਰ ਵਿੱਚ ਇੱਕ ਗੁਰਸਿੱਖ ਦੀ ਪ੍ਰਤੀ, ਆਪਣੇ ਗੁਰੂ ਨਾਲ ਪਈ ਹੋਈ ਨੂੰ ਦਰਸਾਇਆ ਗਿਆ ਹੈ, ਜੋ ਇਸ ਤਰ੍ਹਾਂ ਹੈ:

ਚੰਦ ਚਕੋਰ ਪਰੀਤ ਹੈ; ਲਾਇ ਤਾਰ ਨਿਹਾਲੇ।ਚਕਵੀ ਸੂਰਜ ਹੇਤ ਹੈ; ਮਿਲਿ ਹੋਨਿ ਸੁਖਾਲੇ।

ਨੇਹੁ ਕਵਲ ਜਲ ਜਾਣੀਐ; ਖਿੜਿ ਮੁਹ ਵੇਖਾਲੇ।ਮੋਰ ਬਬੀਹੇ ਬੋਲਦੇ; ਵੇਖਿ ਬਦਲ ਕਾਲੇ।

ਨਾਰਿ ਭਤਾਰ ਪਿਆਰੁ ਹੈ; ਮਾਂ ਪੁਤ ਸਮ੍ਹਾਲੇ।ਪੀਰ ਮੁਰੀਦਾ ਪਿਰਹੜੀ; ਓਹੁ ਨਿਬਹੈ ਨਾਲੇ ॥੪॥

(ਭਾਈ ਗੁਰਦਾਸ ਜੀ/ਵਾਰ ੨੭ ਪਉੜੀ ੪)

ਭਗਤ ਰਵਿਦਾਸ ਜੀ ਦੇ ਧਨਾਸਰੀ ਰਾਗ ਵਿੱਚ ਦਰਜ ਕੀਤੇ ਗਏ ਸ਼ਬਦ ਰਾਹੀਂ ਪ੍ਰੀਤ ਨੂੰ ਹੋਰ ਵੀ ਪਰਪੱਕਤਾ ਮਿਲਦੀ ਹੈ, ਜਿਸ ਵਿੱਚ ਦਰਜ ਹੈ: ‘‘ਮੇਰੀ ਪ੍ਰੀਤਿ; ਗੋਬਿੰਦ ਸਿਉ ਜਿਨਿ (ਮਤਾਂ ਕਿਤੇ) ਘਟੈ ॥  ਮੈ ਤਉ ਮੋਲਿ ਮਹਗੀ ਲਈ; ਜੀਅ ਸਟੈ (ਜਿੰਦ ਬਦਲੇ)॥੧॥ ਰਹਾਉ ॥ (ਭਗਤ ਰਵਿਦਾਸ/੬੯੪)

ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ’ਚ ਭਗਤ ਜੀ ਵਚਨ ਕਰਦੇ ਹਨ ਕਿ ਹੇ ਮਾਧੋ !  ਜੇ ਤੂੰ ਸੋਹਣਾ ਜਿਹਾ ਬੱਦਲ ਬਣੇਂ ਤਾਂ ਮੈਂ ਤੇਰਾ ਮੋਰ ਬਣਾਂਗਾ (ਭਾਵ ਤੈਨੂੰ ਵੇਖ ਕੇ ਪੈਲਾਂ ਪਾਵਾਂਗਾ) ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਭਾਵ ਤੈਨੂੰ ਵੇਖ-ਵੇਖ ਖ਼ੁਸ ਹੋ-ਹੋ ਕੇ ਬੋਲਾਂਗੀ): ‘‘ਜਉ ਤੁਮ ਗਿਰਿਵਰ; ਤਉ ਹਮ ਮੋਰਾ ॥  ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥’’

ਜਿਸ ਪ੍ਰੀਤ ਦਾ ਜ਼ਿਕਰ ਭਗਤ ਜੀ ਕਰ ਰਹੇ ਹਨ ਇਹ ਪ੍ਰੀਤ, ਨਾ ਤਾਂ ਦੁਨਿਆਵੀ ਧਨ ਬਦਲੇ ਅਤੇ ਨਾ ਹੀ ਧਰਮ ਦੇ ਨਾਂ ’ਤੇ ਕੀਤੇ ਜਾਂਦੇ ਕਰਮਕਾਂਡਾਂ ਬਦਲੇ ਪ੍ਰਾਪਤ ਹੁੰਦੀ ਹੈ, ਸਗੋਂ ਇਹ ਪ੍ਰੀਤ ਤਾਂ ਸੀਸ ਭੇਟ ਕਰਨ ਭਾਵ ਆਪਣੀ ਮਤਿ ਤਿਆਗਣ ਨਾਲ ਹੀ ਮਿਲਦੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਹਵਾਲਾ ਦਿੰਦਿਆਂ ਸਮਝਾਇਆ ਕਿ ਦਿਲੀ ਪ੍ਰੀਤ ਅਤੇ ਧਨ ਸਮਰਪਤ ਕਰਨ ’ਚ ਫ਼ਰਕ ਹੁੰਦਾ ਹੈ; ਜਿਵੇਂ ਰਾਵਨ ਨੇ ਸ਼ਿਵਜੀ ਅੱਗੇ 11 ਵਾਰ ਆਪਣਾ ਸੀਸ ਭੇਟ ਕੀਤਾ, ਮੰਨਿਆ ਗਿਆ ਹੈ, ਪਰ ਅਗਰ ਧਨ ਭੇਟ ਕਰਨ ਨਾਲ ਇਹੀ ਪਿਆਰ ਮਿਲਦਾ ਤਾਂ ਰਾਵਨ ਦੇ ਪਾਸ ਕਿਹੜਾ ਧਨ ਦੀ ਕੋਈ ਕਮੀ ਸੀ: ‘‘ਸੰਮਨ ਜਉ ਇਸ ਪ੍ਰੇਮ ਕੀ; ਦਮ ਕਿੵਹੁ ਹੋਤੀ ਸਾਟ ॥  ਰਾਵਨ ਹੁਤੇ ਸੁ ਰੰਕ ਨਹਿ; ਜਿਨਿ ਸਿਰ ਦੀਨੇ ਕਾਟਿ ॥’’ (ਮਹਲਾ ੫/੧੩੬੩)

ਵਿਚਾਰ ਅਧੀਨ ਸ਼ਬਦ ਦੇ ਦੂਸਰੇ ਤੇ ਤੀਸਰੇ ਬੰਦ ’ਚ ਵੀ ਭਗਤ ਰਵਿਦਾਸ ਜੀ ਸਮਝਾਉਂਦੇ ਹਨ ਕਿ ਹੇ ਮਾਧੋ ਜੀ  !  ਅਗਰ ਤੁਸੀਂ ਸੋਹਣਾ ਦੀਵਾ ਹੋ ਤਾਂ ਮੈਂ ਉਸ ਦੀ ਬੱਤੀ ਬਣਾਂ।  ਜੇਕਰ ਤੁਸੀਂ ਕੋਈ ਤੀਰਥ ਬਣ ਜਾਓਂ ਤਾਂ ਮੈ (ਤੇਰੇ ਦੀਦਾਰ ਕਰਨ ਲਈ) ਉਸ ਤੀਰਥ ਉੱਤੇ ਆਉਣ ਵਾਲ਼ਾ ਯਾਤ੍ਰੀ ਬਣ ਜਾਵਾਂ ਕਿਉਂਕਿ ਮੈਂ ਤੇਰੇ ਨਾਲ ਪੱਕਾ ਪਿਆਰ ਪਾਉਣਾ ਚਾਹੁੰਦਾ ਹਾਂ ਜਿਸ ਬਦਲੇ ਹੋਰ ਸਾਰੇ ਪਿਆਰਾਂ ਨਾਲੋਂ ਮੈਂ ਆਪਣੇ ਸੰਬੰਧ ਤੋੜ ਲਏ ਹਨ: ‘‘ਜਉ ਤੁਮ ਦੀਵਰਾ; ਤਉ ਹਮ ਬਾਤੀ ॥  ਜਉ ਤੁਮ ਤੀਰਥ; ਤਉ ਹਮ ਜਾਤੀ ॥੨॥  ਸਾਚੀ ਪ੍ਰੀਤਿ; ਹਮ ਤੁਮ ਸਿਉ ਜੋਰੀ ॥  ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥੩॥’’

(ਨੋਟ: ਧਿਆਨ ਰਹੇ ਕਿ ਸਭਨਾਂ ਨਾਲੋਂ ਸੰਬੰਧ ਤੋੜਨ ਦਾ ਇਹ ਮਤਲਬ ਕਦਾਚਿਤ ਨਹੀਂ ਲੈਣਾ ਚਾਹੀਦਾ ਕਿ ਉਨ੍ਹਾਂ ਆਪਣੀ ਬਣਦੀ ਪਰਿਵਾਰਕ ਜਾਂ ਸਮਾਜਿਕ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਗ੍ਰਹਿਸਤੀ ਤਿਆਗ ਜੰਗਲਾਂ ’ਚ ਚਲੇ ਗਏ ਬਲਕਿ ਇਸ ਦਾ ਭਾਵ ਹੈ ਕਿ ਕੇਵਲ ਇਨ੍ਹਾਂ (ਪਰਿਵਾਰਕ ਜਾਂ ਸਮਾਜਿਕ) ਤੱਕ ਹੀ ਸੀਮਤ ਰਹਿਣਾ ਛੱਡ ਦਿੱਤਾ ਹੈ।  ਭਗਤ ਜੀ ਦੇ ਜੀਵਨ ’ਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਆਪ ਜੁੱਤੀਆਂ ਗੰਢਣ ਵਾਲੀ ਕਿਰਤ ਕਰਦੇ ਰਹੇ ਸਨ; ਜਿਵੇਂ ਕਿ ਉਨ੍ਹਾਂ ਦੇ ਹੀ ਵਚਨ ਹਨ: ‘‘ਚਮਰਟਾ ਗਾਂਠਿ ਨ ਜਨਈ ॥  ਲੋਗੁ ਗਠਾਵੈ ਪਨਹੀ (ਜੁੱਤੀ)॥’’ (ਭਗਤ ਰਵਿਦਾਸ/੬੫੯), ਪਰ ਭਗਤ ਜੀ ਇਸ ਕਿਰਤ ਨੂੰ ਕਰਦਿਆਂ ਇਉਂ ਨਿਰਮੋਹ ਰਹਿ ਕੇ ਅਕਾਲ ਪੁਰਖ ਨਾਲ ਆਪਣੀ ਸੁਰਤ ਜੋੜੀ ਰੱਖਦੇ ਸਨ, ਜਿਸ ਤਰ੍ਹਾਂ ਦੀ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਵਾਰਤਾਲਾਪ ਦਾ ਜ਼ਿਕਰ ਭਗਤ ਕਬੀਰ ਜੀ ਕਰਦੇ ਹਨ: ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ ਭਗਤ ਕਬੀਰ/੧੩੭੬)

ਵਿਚਾਰ ਅਧੀਨ ਸ਼ਬਦ ਦੇ ਚੌਥੇ ਤੇ ਪੰਜਵੇਂ ਪਦੇ ’ਚ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਹੇ ਮਾਧੋ ਜੀ  !  ਜਿੱਥੇ ਜਿੱਥੇ ਵੀ ਮੈਂ ਜਾਂਦਾ ਹਾਂ (ਮੈਨੂੰ ਹਰ ਥਾਂ ਤੁਹੀਂ ਤੁਹੀਂ ਦਿਸਦਾ ਹੈਂ ਤੇ ਹਰ ਥਾਂ) ਮੈਂ ਤੇਰੀ ਹੀ ਸੇਵਾ ਕਰ ਸਕਦਾ ਹਾਂ।  ਹੇ ਪ੍ਰਕਾਸ਼ ਰੂਪ ਦੇਵ !  ਤੇਰੀ ਹਸਤੀ ਵਰਗਾ ਮੈਨੂੰ ਹੋਰ ਕੋਈ ਮਾਲਕ ਨਜ਼ਰ ਨਹੀਂ ਆਇਆ।  ਤੇਰੀ ਬੰਦਗੀ ਕੀਤਿਆਂ ਆਤਮਕ ਵਿਕਾਰ ਰੂਪ ਜਮਰਾਜ ਦੇ ਦੂਤਾਂ ਦੇ ਬੰਧਨ ਟੁੱਟ ਜਾਂਦੇ ਹਨ, ਇਸੇ ਲਈ ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਦਿਆਂ ਤੇਰੇ ਗੁਣ ਗਾਉਂਦਾ ਹੈ: ‘‘ਜਹ ਜਹ ਜਾਉ; ਤਹਾ ਤੇਰੀ ਸੇਵਾ ॥  ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥  ਤੁਮਰੇ ਭਜਨ; ਕਟਹਿ ਜਮ ਫਾਂਸਾ ॥  ਭਗਤਿ ਹੇਤ; ਗਾਵੈ ਰਵਿਦਾਸਾ ॥੫॥’’

ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਦੀ ਵਿਚਾਰ ਨਾਲ ਸਮੁੱਚੀ ਲੁਕਾਈ ਨੂੰ ਇਹ ਸੇਧ ਮਿਲਦੀ ਹੈ ਕਿ ਦੁਨੀਆਵੀ ਕਰਮਕਾਂਡਾਂ ਨੂੰ ਤਿਆਗ ਕੇ ਸੱਚੇ ਦਿਲ ਨਾਲ ਅਕਾਲ ਪੁਰਖ (ਨਿਰਾਕਾਰ) ਦੀ ਬੰਦਗੀ ਕਰਦਿਆਂ ਉਸ ਨਾਲ ਸਦਾ ਪ੍ਰੀਤ ਪਾਉਣੀ ਚਾਹੀਦੀ ਹੈ, ਜੋ ਕਣ-ਕਣ ਵਿੱਚ ਵਿਆਪਕ ਹੈ।  ਇਸ ਲਈ ਕੋਈ ਸਮਾਜਿਕ ਵਿਤਕਰਾ ਜਾਂ ਔਰਤ-ਮਰਦ ਦਾ ਭੇਦ ਉਸ ਦੇ ਦਰਬਾਰ ਵਿੱਚ ਕੋਈ ਮਾਇਨਾ ਨਹੀਂ ਰੱਖਦਾ। ਭਗਤ ਜੀ ਆਪਣੀ ਤਮਾਮ ਰਚਨਾ ਰਾਹੀਂ ਆਕਾਰ ਪੂਜਾ ਨਾਲ ਆਪਣੀ ਅਸਹਿਮਤੀ ਜਤਾਉਂਦੇ ਹਨ ਇਸ ਲਈ ਉਨ੍ਹਾਂ ਦੀ ਮੂਰਤੀ ਬਣਾ ਕੇ ਆਕਾਰ ਪੂਜਾ ਕਰਨ ਨਾਲ ਭਗਤ ਜੀ ਦਾ ਕੋਈ ਸਰੋਕਾਰ ਨਹੀਂ ਹੋ ਸਕਦਾ ਕਿਉਂਕਿ ਇਹ ਧਾਰਨਾ (ਸ਼ਰਧਾ) ਉਨ੍ਹਾਂ ਦੀ ਸੋਚ ਦੇ ਵਿਪਰੀਤ ਹੈ।  ਭਗਤ ਕਬੀਰ ਜੀ ਵੀ ਭਗਤ ਰਵਿਦਾਸ ਜੀ ਦੇ ਹਵਾਲੇ ਨਾਲ ਇਹੀ ਸਮਝਾ ਰਹੇ ਹਨ ਕਿ: ‘‘ਹਰਿ ਸੋ ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭)

Most Viewed Posts