ਮੇਰਾ ਮੁਰਸ਼ਦ / ਚਿੰਤਾ ਨਾ ਕਰ ਬੰਦਿਆ  !

0
368

ਮੇਰਾ ਮੁਰਸ਼ਦ 

ਮੇਰਾ ਮੁਰਸ਼ਦ ਹੈ ਨੇਕ ਕੁੜੇ, ਜਿਹਨੇ ਸਭ ’ਚੋਂ ਦਿਖਾਇਆ ਏਕ ਕੁੜੇ ।

ਉਹਦੇ ਨਾਲ ਲੱਗ ਤਰ ਗਿਆ ਮੈਂ, ਜਿਵੇਂ ਲੱਕੜ ਵਿੱਚ ਲੱਗ ਮੇਖ ਕੁੜੇ ।

ਦੋਨੋਂ ਰੁੱਖ ਮੈਂ ਸਮ ਕਰ ਜਾਣੇ, ਹੋਵੇ ਚੰਦਨ ਭਾਵੇਂ ਧਰੇਕ ਕੁੜੇ ।

ਛੱਡ ਕੇ ਦੂਜਾ ਭਾਉ ਤੂੰ ਵੀ, ਇੱਕ ਦੀ ਰੱਖ ਲੈ ਟੇਕ ਕੁੜੇ ।

ਪ੍ਰੀਤ ਕਰੇ ਸਿਫ਼ਤ ਮੁਰਸ਼ਦ ਤਾਈਂ, ਕਈ ਲਿਖ ਬੈਠਾ ਏ ਲੇਖ ਕੁੜੇ ।

ਮੇਰਾ ਮੁਰਸ਼ਦ ਹੈ ਨੇਕ ਕੁੜੇ, ਜਿਹਨੇ ਸਭ ’ਚੋਂ ਦਿਖਾਇਆ ਏਕ ਕੁੜੇ ।

————————————————————————————————

ਚਿੰਤਾ ਨਾ ਕਰ ਬੰਦਿਆ  !

ਮਹਲਾਂ ਵਿੱਚ ਤੇ ਝੁੱਗੀਆਂ ਵਿੱਚ, ਰਹਿਣ ਵਾਲੇ ਲੋਕਾਂ ਨੂੰ

ਸਾਰੇ ਪਸ਼ੂ ਪੰਛੀਆਂ, ਘੁੱਗੀਆਂ ਤੇ ਜੋਕਾਂ ਨੂੰ

ਰਹਿਣ ਲਈ ਆਪੋ ਆਪਣੇ, ਦਿੰਦਾ ਏ ਘਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਵੇਂ ਨਾ ਚਿੰਤਾ ਕਰ ਬੰਦਿਆ !

ਦੇਖ ਇਸ ਦੁਨੀਆਂ ਵਿੱਚ, ਕਿੰਨੇ ਛੋਟੇ ਵੱਡੇ ਕੀੜੇ ਨੇ।

ਬੰਦੇ ਮਾੜੇ ਭਾਵੇਂ ਚੰਗੇ, ਪਰ ਸਭ ਦੇ ਤਨ ਤੇ ਲੀੜੇ ਨੇ।

ਦੁਨੀਆਂ ਦੇ ਵਿੱਚ ਫ਼ਸਲ ਕਿੰਨੀ, ਦੇਖ ਪਸ਼ੂ ਰਹੇ ਨੇ ਚਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਂਵੇ ਨਾ ਚਿੰਤਾ ਕਰ ਬੰਦਿਆ !

ਮਨੁੱਖਾ ਜਨਮ ਅਨਮੋਲ ਹੈ, ਕਰ ਲੈ ਥੋੜ੍ਹਾ ਧਿਆਨ ਵੇ !

ਗੁਰੂ ਦੀ ਬਾਣੀ ਕੋਲ ਬਹਿ ਕੇ, ਲੈ ਲਾ ਤੂੰ ਗਿਆਨ ਵੇ !

ਪ੍ਰੀਤ ਆਖੇ ਜ਼ਿੰਦਗੀ ਦੀ ਬਾਜ਼ੀ, ਨਾ ਜਾਵੀਂ ਤੂੰ ਹਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਂਵੇ ਨਾ ਚਿੰਤਾ ਕਰ ਬੰਦਿਆ !

ਗਿਆਨੀ ਮਨਪ੍ਰੀਤ ਸਿੰਘ ਲੁਧਿਆਣਾ-84275-60570